Kuldeep-Chumber

ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਸਿਜਦਾ - ਕੁਲਦੀਪ ਚੁੰਬਰ ਕਨੇਡਾ

ਸਾਈਕਲ ਉਤੇ ਚੜ੍ਹਕੇ ਸਾਹਬ ਨੇ ਕੋਨਾ ਕੋਨਾ ਗਾਹਿਆ
ਜੈ ਭੀਮ ਜੈ ਭਾਰਤ ਨਾਅਰਾ ਘਰ ਘਰ ਵਿੱਚ ਪਹੁੰਚਾਇਆ

ਛੱਡ ਦਿੱਤੀ ਸਰਕਾਰੀ ਨੌਕਰੀ ਮਿਥਿਆ ਮਿਸ਼ਨ ਦਾ ਟੀਚਾ
ਸੁੱਤੇ ਹੋਏ ਸਮਾਜ ਨੂੰ ਲਾਇਆ ਫਿਰ ਜਗਾਉਣ ਦਾ ਟੀਕਾ
ਇਕੱਠੇ ਕਰਕੇ ਮੂਲ ਨਿਵਾਸੀ ਬਸਪਾ ਮੰਚ ਬਣਾਇਆ
ਜੈ ਭੀਮ ਜੈ ਭਾਰਤ ਨਾਅਰਾ ........

ਬਲਿਹਾਰੇ ਜਾਵਾਂ ਇਸ ਸੋਚ ਦੇ ਬੰਬ ਵਾਂਗ ਜੋ ਚੱਲੀ
ਉਸਦਾ ਨਾਮ ਮਚਾ ਗਿਆ ਹਾਕਮ ਧਿਰਾਂ ਦੇ ਵਿੱਚ ਤਰਥੱਲੀ
ਡਰਿਆ ਡੋਲਿਆ ਮਕਸਦ  ਤੋਂ ਨਾਂ ਟੀਚੇ ਤੋਂ ਘਬਰਾਇਆ
ਜੈ ਭੀਮ ਜੈ ਭਾਰਤ ਨਾਅਰਾ ........

ਸੋਚ ਤੇ ਪਹਿਰਾ ਠੋਕ ਕੇ ਦਿੱਤਾ ਮੂਲ ਨਾ ਹੇਰਾਫੇਰੀ
ਸਾਹਿਬ ਕਾਂਸ਼ੀ ਰਾਮ ਦੇ ਵਰਗੀ ਕਿਹੜਾ ਕਰੂ ਦਲੇਰੀ
ਸਮਾਜ ਦੇ ਲੇਖੇ ਦੇ ਵਿੱਚ ਆਪਣਾ ਸਾਰਾ ਜੀਵਨ ਲਾਇਆ
ਜੈ ਭੀਮ ਜੈ ਭਾਰਤ ਨਾਅਰਾ ........

"ਚੁੰਬਰਾ" ਸਾਹਿਬ ਕਾਂਸ਼ੀ ਰਾਮ ਦਾ ਆਓ ਮਿਸ਼ਨ ਵਧਾਈਏ
ਆਪਣੇ ਹੱਕ ਹਕੂਕਾਂ ਉੱਤੇ ਰਲ ਮਿਲ ਪਹਿਰਾ ਲਾਈਏ
ਜਿਸ ਨੇ ਸਾਡੇ ਨੀਲਾ ਝੰਡਾ ਹੱਥਾਂ ਵਿੱਚ ਫੜਾਇਆ
ਜੈ ਭੀਮ ਜੈ ਭਾਰਤ ਨਾਅਰਾ ........

ਆਦਿ ਧਰਮ ਦਾ ਮੋਢੀ ਬਾਬੂ ਮੰਗੂ ਰਾਮ ਜੀ ਮੁੱਗੋਵਾਲੀਆ  - ਕੁਲਦੀਪ ਚੁੰਬਰ ਕਨੇਡਾ

ਆਦਿ ਧਰਮ ਦਾ ਮੁੱਢ ਬੰਨ੍ਹ ਗਿਆ ਮੰਗੂ ਰਾਮ ਦਲੇਰ
ਓਹ ਸੀ ਬੱਬਰ ਸ਼ੇਰ ਕੌਮ ਦਾ , ਓਹ ਸੀ ਬੱਬਰ ਸ਼ੇਰ

ਪੰਜਾ ਲਾ ਕੇ ਜ਼ਾਲਮ ਨੂੰ ਸੀ ਮਿੱਟੀ ਦੇ ਵਿਚ ਰੋਲ੍ਹ ਗਿਆ
ਵੱਡੇ ਵੱਡੇ ਧਾਕੜ ਮੂਹਰੇ ਲਾ , ਹੱਕਾਂ ਲਈ ਬੋਲ ਗਿਆ
ਮਨੂੰਵਾਦ ਦੇ ਥੰਮ ਉਚੇਰੇ , ਪਲਾਂ 'ਚ ਕਰ ਗਿਆ ਢੇਰ
ਆਦਿ ਧਰਮ ਦਾ ਮੁੱਢ ..............

ਡਰਿਆ ਨਾ ਹੀ ਡੋਲਿਆ ਬਾਬਾ
ਮਿਸ਼ਨ ਦਾ ਬੀੜਾ ਚੁੱਕਿਆ ਸੀ
ਗਿੱਦੜਾਂ ਵਾਲੀ ਡਾਰ ਤੇ ਬਣਕੇ
ਬੱਬਰ ਸ਼ੇਰ ਓਹ ਬੁੱਕਿਆ ਸੀ
ਹੱਥ ਵਿਚ ਫੜਕੇ ਅਣਖ਼ ਮਸ਼ਾਲਾਂ ਚੁੱਕਤਾ ਕੂੜ ਹਨ੍ਹੇਰ
ਆਦਿ ਧਰਮ ਦਾ ਮੁੱਢ ..............

ਤੀਲਾ ਤੀਲਾ ਜੋੜਕੇ ਆਦਿ
ਧਰਮ ਦਾ ਮਹਿਲ ਬਣਾਇਆ ਸੀ
ਜੈ ਗੁਰਦੇਵ ਦਾ ਨਾਹਰਾ ਦੇ ਕੇ
ਧਰਮ ਦਾ ਬਿਗਲ ਵਜਾਇਆ ਸੀ
ਕੌਮ ਤਰੱਕੀ ਦੇ ਰਾਹ ਪਾਕੇ , ਦੇ ਗਿਆ ਸੁੱਖ ਸਵੇਰ
ਆਦਿ ਧਰਮ ਦਾ ਮੁੱਢ ..............

ਜੂਨ ਮਹੀਨੇ ਸਨ ਛੱਬੀ ਵਿਚ , ਝੰਡਾ ਚੁੱਕ ਕੇ ਤੁਰਿਆ
'ਚੁੰਬਰਾ' ਐਸਾ ਪਾਇਆ ਚਾਲਾ ਫਿਰ ਨਾ ਪਿੱਛੇ ਮੁੜਿਆ
ਚੌਂਹ ਕੂੰਟਾਂ ਵਿਚ ਮਿਸ਼ਨ ਦੀ ਸੂਰਮੇ ਦਿੱਤੀ ਮਹਿਕ ਖਿਲੇਰ
ਆਦਿ ਧਰਮ ਦਾ ਮੁੱਢ ..............
ਵਲੋਂ - ਕੁਲਦੀਪ ਚੁੰਬਰ ਕਨੇਡਾ

ਮਿੱਟੀ ਦੇ ਮਾਧੋ ਜਦ ਮੇਰੇ...... - ਕੁਲਦੀਪ ਚੁੰਬਰ ਕਨੇਡਾ

ਮਿੱਟੀ ਦੇ ਮਾਧੋ ਜਦ ਮੇਰੇ ਮਿਸ਼ਨ ਤਾਈਂ ਠੁਕਰਾਉਂਦੇ ਨੇ
ਜਾਗੇ ਹੋਏ ਸਮਾਜ ਦੇ ਲੋਕੀਂ ਪੜ੍ਹਨੇ ਉਨ੍ਹਾਂ ਨੂੰ ਪਾਉਂਦੇ ਨੇ

ਕਾਂਸ਼ੀ ਰਾਮ ਸਾਹਿਬ ਦਾ ਕਹਿਣਾ ਮੈਂ ਤੇ ਬੂਟੇ ਲਾਉਂਦਾ ਹਾਂ
ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਉਨ੍ਹਾਂ ਵਿੱਚ ਦੁਹਰਾਉਂਦਾ ਹਾਂ
ਕਦੇ ਨਾ ਬਖਸ਼ੇ ਜਾਣਗੇ ਜਿਹੜੇ ਪੜ੍ਹਕੇ ਪਾਠ ਪੜ੍ਹਾਉਂਦੇ ਨੇ
ਮਿੱਟੀ ਦੇ ਮਾਧੋ ਜਦ ਮੇਰੇ......

ਕਾਫ਼ਲਾ ਮੇਰਾ ਚੱਲਦਾ ਰਹਿਣਾ ਫਰਕ ਰਤਾ ਵੀ ਪੈਣਾ ਨਹੀਂ
ਦੇਖਿਓ ਅੱਖੀਂ ਦਲ ਬਦਲੂਆਂ ਦੇ ਸਿਰੋਂ ਬੋਝ ਏਹ ਲਹਿਣਾ ਨਹੀਂ
ਰਾਹ ਵਿੱਚ ਧੋਖਾ ਦੇਣੇ ਵਾਲੇ ਕੱਫਣ ਕਿੱਲ ਠੁਕਾਉਂਦੇ ਨੇ
ਮਿੱਟੀ ਦੇ ਮਾਧੋ ਜਦ ਮੇਰੇ......

ਬੜੇ ਆਏ ਇਥੋਂ ਬੜੇ ਹੀ ਤੁਰ ਗਏ ਖੱਬੀ ਖਾਨ ਕਹਾਉਣ ਵਾਲੇ
ਇਹ ਨਾ ਮਹਿਲ ਕਿਸੇ ਤੋਂ ਢੱਠਾ ਬੜੇ ਆਏ ਇਹਨੂੰ ਢਾਹੁਣ ਵਾਲੇ
ਬਹੁਜਨ ਇਕ ਅੰਦੋਲਨ ਨੁਕਰੇ ਲੱਗ ਗਏ ਜੋ ਇਹਨੂੰ ਲਾਉਂਦੇ ਨੇ
ਮਿੱਟੀ ਦੇ ਮਾਧੋ ਜਦ ਮੇਰੇ......

'ਚੁੰਬਰਾਂ' ਨੇਤਾਗਿਰੀਆਂ ਦਿੱਤੀਆਂ ਮਿਸ਼ਨ ਨੇ ਸਭ ਪ੍ਰਧਾਨਗੀਆਂ
ਤਵਾਰੀਖਾਂ ਨੂੰ ਪੜ੍ਹ ਕੇ ਦੇਖੋ ਜੋ ਇਤਿਹਾਸ ਬਿਆਨ ਦੀਆਂ
ਝੰਡਾ ਡੰਡਾ ਛੱਡ ਕੇ ਆਪਣੀ ਹੋਂਦ ਕਈ ਆਪ ਮਿਟਾਉਂਦੇ ਨੇ
ਮਿੱਟੀ ਦੇ ਮਾਧੋ ਜਦ ਮੇਰੇ......
ਪੇਸ਼ਕਸ਼  : ਕੁਲਦੀਪ ਚੁੰਬਰ ਕਨੇਡਾ

ਸੁੱਖਾਂ ਦਾ ਚੜ੍ਹਾਈਂ ਨਵਾਂ ਸਾਲ - ਕੁਲਦੀਪ ਚੁੰਬਰ ਕਨੇਡਾ

ਦੁੱਖ ਗਮ ਦੇਵੀਂ ਸਾਰੇ ਟਾਲ਼ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ ਸਾਲ ਮੇਰੇ ਮਾਲਕਾ

ਹਰ ਚਿਹਰੇ ਉੱਤੇ ਰੱਖੀ ਰੌਣਕਾਂ ਦੇ ਨੂਰ ਨੂੰ
ਸੱਧਰਾਂ ਉਮੰਗਾਂ ਦੇ ਤੂ ਲਾਈਂ ਰੱਖੀ ਬੂਰ ਨੂੰ
ਰਹਿਮਤਾਂ ਦਾ ਭਰੀ ਰੱਖੀਂ ਥਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

ਰੋਟੀ ਟੁੱਕ ਸਭਨਾਂ ਨੂੰ ਦੇਵੀਂ ਰੁਜ਼ਗਾਰ ਜੀ
ਤੰਦਰੁਸਤੀ 'ਚ ਰੱਖੀਂ ਸਾਰਾ ਸੰਸਾਰ ਜੀ
ਮੰਡਰਾਵੇ ਨਾ ਤਬਾਹੀਆਂ ਵਾਲਾ ਕਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

ਆਸਾਂ ਤੇ ਉਮੀਦਾਂ ਵਾਲੀ ਝੋਲੀ ਰੱਖੀਂ ਭਰਕੇ
ਰਹਿਮਤਾਂ ਦੀ ਛਾਂ ਰੱਖੀਂ ਸਿਰਾਂ ਉੱਤੇ ਕਰਕੇ
ਸੁਰ ਨਾ ਮਿਲਾਕੇ ਰੱਖੀਂ ਤਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

ਰੱਖੀਂ ਦਰ ਘਰ ਨਾਲ ਆਪਣੇ ਤੂੰ ਜੋੜ ਕੇ
ਬਦੀਆਂ ਬੁਰਾਈਆਂ ਵਲੋਂ ਰੱਖੀਂ ਸਾਨੂੰ ਮੋੜਕੇ
ਰੰਗ ਕੇ ਰੂਹ ਕਰੀਂ ਤੂੰ ਨਿਹਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

ਫੁੱਲ ਬੂਟੇ ਪਸ਼ੂ ਪੰਛੀ ਬਾਗ਼ ਤੇ ਬਗੀਚੇ ਜੋ
ਸਜੇ ਰਹਿਣ ਧਰਤ ਅੰਬਰ ਦੇ ਗਲੀਚੇ ਦੋ
ਭਟਕੇ ਨਾ ਮਨ ਰਹੀਂ ਨਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

"ਚੁੰਬਰਾ" ਤੂੰ ਮੰਗ ਭਲਾ ਸਾਰੀ ਕਾਇਨਾਤ ਦਾ
ਸਭ ਨੂੰ ਨਿਵਾਜੀਂ ਸੁੱਖ ਦੇ ਕੇ ਨਾਮ ਦਾਤ ਦਾ
ਕੱਟਿਓ ਚੁਰਾਸੀਆਂ ਦੇ ਜਾਲ਼ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........
ਪੇਸ਼ਕਸ਼ : ਕੁਲਦੀਪ ਚੁੰਬਰ ਕਨੇਡਾ

ਚੇਤੇ ਰੱਖਿਓ ਹਾਕਮੋ - ਕੁਲਦੀਪ ਚੁੰਬਰ ਕਨੇਡਾ

ਜਦ ਜਦ ਵੀ ਬੁੱਤਾਂ ਨੂੰ ਭੰਨੀ ਤੋੜੀ ਜਾਵੋਗੇ
ਚੇਤੇ ਰੱਖਿਓ ਹਾਕਮੋ ਉਦੋਂ ਬੜਾ ਪਛਤਾਵੋਗੇ
ਜਦੋਂ ਜਦੋਂ ਵੀ ਮੂਰਤੀਆਂ ਨੂੰ ਤੋੜੀ ਜਾਵੋਗੇ
ਜਦੋਂ ਜਦੋਂ ਵੀ ਹੱਥ ਸਟੈਚੂਆਂ ਤਾਂਈਂ ਲਾਵੋਗੇ
ਚੇਤੇ ਰੱਖਿਓ ਹਾਕਮੋ............

ਲੱਗੇ ਹੋਏ ਸਟੈਚੂ ਆਪਣੀ ਹੋਂਦ ਨੂੰ ਦੱਸਦੇ ਨੇ
ਕੀਤੇ ਹੋਏ ਮਾਰਗ ਦਰਸ਼ਨ ਦਿਲ ਵਿੱਚ ਵਸਦੇ ਨੇ
ਕੋਝੀਆਂ ਹਰਕਤਾਂ ਵਾਲੇ ਗੁਣ ਕਿੰਨਾਂ ਚਿਰ ਗਾਵੋਗੇ
ਚੇਤੇ ਰੱਖਿਓ ਹਾਕਮੋ............

ਰੋਜ਼ ਹੀ ਸੁਰਖੀ ਹੁੰਦੀ ਇੱਥੇ ਵਿੱਚ ਅਖਬਾਰਾਂ ਦੇ
ਬਿਆਨਾਂ ਦੇ ਵਿੱਚ ਨਫ਼ਰਤ ਗੂੰਜੇ ਵਾਂਗ ਅੰਗਿਆਰਾਂ ਦੇ
ਲੱਖਾਂ ਅਤੇ ਕਰੋੜਾਂ ਨੂੰ ਕਿੱਦਾਂ ਹੱਥ ਪਾਵੋਗੇ
ਚੇਤੇ ਰੱਖਿਓ ਹਾਕਮੋ............


ਸਾਡੇ ਪਿਤਾ ਪੈਗੰਬਰ ਪੁਰਖੇ ਲਿਖਤਾਂ ਵਿੱਚ ਜਿਉਂਦੇ
ਜੋ ਰਹੇ ਆਪਣੀ ਕੌਮ ਦੇ ਜ਼ਖਮਾਂ ਫੱਟਾਂ ਨੂੰ ਜਿਉਂਦੇ
ਸੀਨਿਆਂ ਦੇ ਵਿੱਚ ਛਪੇ ਕਲੰਡਰ ਕਿੱਦਾਂ ਲਾਵੋਗੇ
ਚੇਤੇ ਰੱਖਿਓ ਹਾਕਮੋ............

ਸਾਡੇ ਰਹਿਬਰ ਸਾਡੇ ਲਈ ਜੋ ਕਰ ਗਏ ਜੱਗ ਉੱਤੇ
ਭੌਂਕਣ ਵਾਲੇ ਟਲ਼ ਨਹੀਂ ਸਕਦੇ ਭੌਂਕਣਗੇ ਕੁੱਤੇ
ਬੱਚ ਨਹੀਂ ਸਕਦੇ ਸੁੱਤੇ ਸ਼ੇਰ ਜੇ ਆਣ ਜਗਾਵੋਗੇ
ਚੇਤੇ ਰੱਖਿਓ ਹਾਕਮੋ............

"ਚੁੰਬਰਾ" ਰਹਿਬਰਾਂ ਦੇ ਬੁੱਤ ਤਾਂ ਸਾਡਾ ਸਰਮਾਇਆ ਏ
ਉਹ ਸਦੀਆਂ ਤੱਕ ਯਾਦ ਰੱਖੂ ਜਿਹਨੇ ਹੱਥ ਲਾਇਆ ਏ
ਖੇਡੀ ਜੇ ਸ਼ਤਰੰਜ ਚਾਲ ਤਾਂ ਮੂੰਹ ਤੇ ਖਾਵੋਗੇ
ਚੇਤੇ ਰੱਖਿਓ ਹਾਕਮੋ............
ਕੁਲਦੀਪ ਚੁੰਬਰ ਕਨੇਡਾ

ਛੇ ਦਸੰਬਰ -  ਕੁਲਦੀਪ ਚੁੰਬਰ ਕਨੇਡਾ

ਟੁੱਟੇ ਤਾਰੇ ਟਿਮਟਿਮਾਉਂਦੇ, ਫੱਟ ਗਿਆ ਨੀਲਾ ਅੰਬਰ
ਛੇ ਦਸੰਬਰੇ ਖੋਹ ਲਿਆ ਸਾਥੋਂ ਸਾਡਾ ਭੀਮ ਪੈਗੰਬਰ

ਦੁਖੀ ਲਤਾੜੇ ਅਤੇ ਪਛਾੜੇ ਲੋਕਾਂ ਦਾ ਦਿਲ ਜਾਨੀ
ਕਮਜ਼ੋਰ ਵਰਗ ਦੇ ਹੱਕਾਂ ਲਈ ਤਲਵਾਰ ਸੀ ਓਸਦੀ ਕਾਨੀ
ਵਿੱਚ ਮੈਦਾਨੇ ਅੜਕੇ ਖੜਿਆ, ਰਚਿਆ ਨਹੀਂ ਅਡੰਬਰ
ਛੇ ਦਸੰਬਰੇ ਖੋਹ ਲਿਆ ...........

ਰੋਣ ਕਰੋੜਾਂ ਅੱਖਾਂ ਉਸ ਨੂੰ ਜਿਉਂ ਅੰਬਰੋਂ ਬਰਸਾਤਾਂ
ਮਾਨਵਤਾ ਦੇ ਹੱਕਾਂ ਲਈ ਓਸ ਸੁੱਟੀਆਂ ਚੀਰਕੇ ਰਾਤਾਂ
ਮਹਿਲਾਂ ਵਿੱਚ ਤਬਦੀਲ ਕਰ ਗਿਆ ਕੁੱਲੀਆਂ ਢਾਰੇ ਖੰਡਰ
ਛੇ ਦਸੰਬਰੇ ਖੋਹ ਲਿਆ ...........

ਬਦਲ ਗਿਆ ਤਕਦੀਰ ਉਹ ਸਭਦੀ ਲਿਖ ਸੰਵਿਧਾਨ ਦੇ ਪੰਨੇ
ਉਹਦੀਆਂ ਲਿਖਤਾਂ ਨੂੰ ਜੱਗ ਜਾਣੇ ਕਲਮ ਨੂੰ ਖ਼ਲਕਤ ਮੰਨੇ
ਪੋਟਾ ਪੋਟਾ ਵਿੰਨ ਸੁੱਟਿਆ ਉਹਨੇ ਕਲਮ ਦੇ ਕਰਕੇ ਅੰਡਰ
ਛੇ ਦਸੰਬਰੇ ਖੋਹ ਲਿਆ ...........

"ਚੁੰਬਰਾ" ਓਸ ਮਸੀਹੇ ਨੂੰ ਅੱਜ ਚੇਤੇ ਦੁਨੀਆਂ ਕਰਦੀ
ਬਾਬਾ ਤੇਰੀ ਚਿਣਗ ਰੌਸ਼ਨੀ ਬਣ ਗਈ ਏ ਘਰ ਘਰ ਦੀ
ਸੰਨ ਉਨੀਂ ਸੌ ਕਹਿਣ ਛਪੰਜਾ ਨਹੀਂ ਭੁੱਲਣਾ ਛੇ ਦਸੰਬਰ
ਖੋਹ ਲਿਆ ਮੌਤ ਕਲੈਹਿਣੀਏ ਸਾਥੋਂ ਸਾਡਾ ਭੀਮ ਪੈਗੰਬਰ
ਹਾਏ ਸਾਡਾ ਭੀਮ ਪੈਗੰਬਰ ............
ਹਾਏ ਸਾਡਾ ਭੀਮ ਪੈਗੰਬਰ.............

ਭੀਮ -  ਜੈ ਭਾਰਤ - ਕੁਲਦੀਪ ਚੁੰਬਰ ਕਨੇਡਾ

ਜੇ ਤੂੰ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਦਾ ਬੰਦਾ
ਜੈ ਭੀਮ ਜੈ ਭਾਰਤ ਕਹਿ ਕੇ ਗੱਡ ਦੇ ਝੰਡਾ
ਦਲ ਬਦਲੂਆਂ ਦੋਗਲਿਆਂ ਦਾ ਮੂੰਹ ਨਾ ਦੇਖੀਂ
ਆਖਰੀ ਦਮ ਤੱਕ ਕਾਇਮ ਰਹੀਂ ਜ਼ਮੀਰ ਨਾ ਵੇਚੀਂ
ਬਹੁਜਨ ਇੱਕ ਅੰਦੋਲਨ ਹੈ ਨੀਤੀ ਦਾ ਫੰਡਾ
ਜੈ ਭੀਮ ਜੈ ਭਾਰਤ..........
ਜਿੱਤਾਂ ਹਾਰਾਂ ਹੁੰਦੀਆਂ ਨੇ ਇਹ ਗੱਲ ਨਾ ਵੱਡੀ
ਕਦੇ ਸਾਥੀਆ ਆਪਣਾ ਧਰਮ ਈਮਾਨ ਨਾ ਛੱਡੀਂ
ਇੱਕ ਦਿਨ ਐਸਾ ਆਊਗਾ ਜਾਊ ਨਿਕਲ ਇਹ ਕੰਡਾ
ਜੈ ਭੀਮ ਜੈ ਭਾਰਤ..........
ਪੁਰਖਿਆਂ ਦਾ ਇਤਿਹਾਸ ਪੜ੍ਹੀਂ ਕੀ ਕਹਿੰਦਾ ਸੱਜਣਾ
ਕਿੱਦਾਂ ਸਾਨੂੰ ਦੱਸਿਆ ਹੈ ਉਹਨਾਂ ਨੇ ਗੱਜਣਾ
ਵੋਟ ਬੈਂਕ ਹੀ ਰਾਜਨੀਤੀ ਦਾ ਅਸਲੀ ਡੰਡਾ
ਜੈ ਭੀਮ ਜੈ ਭਾਰਤ..........
ਨਫ਼ੇ ਅਤੇ ਨੁਕਸਾਨ ਦੇ ਲਈ ਜੋ ਮਿਸ਼ਨ 'ਚ ਵੜਦੇ
ਅਸਲ 'ਚ ਉਹ ਕੁਰਬਾਨੀਆਂ ਦਾ ਇਤਿਹਾਸ ਨਹੀਂ ਪੜ੍ਹਦੇ
"ਚੁੰਬਰਾ" ਨਿੱਗਰ ਸੋਚਾਂ ਨੂੰ ਲੱਗਦਾ ਨਹੀਂ ਹੰਧਾ
ਜੈ ਭੀਮ ਜੈ ਭਾਰਤ..........
ਕੁਲਦੀਪ ਚੁੰਬਰ ਕਨੇਡਾ 604-902-3237

ਬਾਬਾ ਨਾਨਕ - ਕੁਲਦੀਪ ਚੁੰਬਰ ਕਨੇਡਾ

ਕਲਯੁੱਗ ਕਾਲੀ ਬੱਦਲੀ ਅੰਦਰ ਕੀਤੇ ਦੂਰ ਹਨ੍ਹੇਰੇ
ਜਿੱਧਰ ਵੀ ਮੈਂ ਦੇਖਾਂ , ਬਾਬਾ  ਨਾਨਕ ਦਿੱਸੇ ਚੁਫ਼ੇਰੇ 
ਜ਼ੱਰੇ  ਜ਼ੱਰੇ  ਕਣ  ਕਣ ਤੱਕਿਆ , ਹਰ ਪੱਤੇ ਹਰ ਡਾਲੀ 
ਚਹੁੰ ਚੱਕਾਂ ਵਿਚ ਵੱਜਦੀ ਓਸਦੀ ਦੇਖੀ ਧੁੰਨ ਮਤਵਾਲੀ 
ਨੂਰੀ ਮੁੱਖ ਤੇ ਚਾਨਣ ਰਿਸ਼ਮਾਂ , ਡੁੱਲ੍ਹ ਡੁੱਲ੍ਹ ਪੈਣ ਸਵੇਰੇ 
ਜਿੱਧਰ ਵੀ ਮੈਂ ਦੇਖਾਂ  ..........
ਹੱਕ  ਸੱਚ  ਦਾ  ਹੋਕਾ  ਦੇਵੇ ,  ਓਸ  ਦੇ  ਘਰ  ਦੀ  ਬਾਣੀ 
ਧੁਰ ਦਰਗਾਹ ਦੀ ਰਮਜ ਮਾਰਦੀ ਓਸ‍ਦੀ ਅਜਬ ਕਹਾਣੀ 
ਰੱਬ ਨਾਨਕ ਦੇ ਰੂਪ'ਚ ਆਇਆ ਸੱਚਮੁੱਚ ਪਾਉਣ ਲਈ ਫੇਰੇ 
ਜਿੱਧਰ ਵੀ ਮੈਂ ਦੇਖਾਂ  ..........
ਸਿਫ਼ਤਾਂ  ਵਿੱਚ  ਨਾ  ਮਹਿਮਾ  ਆਵੇ , ਵੰਡਦਾ ਜਾਏ ਸੌਗਾਤਾਂ 
ਦਰ ਓਹਦੇ ਤੇ ਸਜਦਾ ਕਰਦੀਆਂ ਅਰਸ਼ ਫਰਸ਼ ਦੀਆਂ ਦਾਤਾਂ 
ਦੀਦ ਓਹਦੀ ਕਰ ਟੁੱਟ ਜਾਂਦੇ ਨੇ, ਜਮ੍ਹਾਂ  ਦੁੱਖਾਂ  ਦੇ  ਘੇਰੇ 
ਜਿੱਧਰ ਵੀ ਮੈਂ ਦੇਖਾਂ  ..........
ਨਿਰੰਕਾਰ ਦੀ  ਜੋਤ ਅਲਾਹੀ , ਚੁੰਬਰਾ ਸੀਸ ਨਿਭਾਈਏ 
ਨਾਨਕ ਨੂਰ ਅਕਾਲ ਪੁਰਖ ਦੇ,  ਤੋਂ  ਬਲਿਹਾਰੇ ਜਾਈਏ 
ਤੂੰ  ਹੀ  ਤੂੰ  ਹੀ  ਰਾਗ  ਅਲਾਪੇ ,  ਨਾ   ਤੇਰੇ   ਨਾ  ਮੇਰੇ 
ਜਿੱਧਰ ਵੀ ਮੈਂ ਦੇਖਾਂ

ਨਿੱਘੇ ਨਿਘਾਏ ਰਹਿਕੇ - ਕੁਲਦੀਪ ਚੁੰਬਰ ਕਨੇਡਾ

ਕਾਹਤੋਂ ਫੂੰ ਫੂੰ ਕਰਨੀ ਯਾਰੋ , ਖੁਸ਼ੀ ਨਾਮੇ ਹੀ ਵਕਤ ਗੁਜ਼ਾਰੋ
ਤਾਸ਼ ਦੇ ਪੱਤਿਆਂ ਵਾਂਗ ਇਹ ਭੈੜਾ, ਦਿੰਦਾ ਜੱਗ ਖਿਲਾਰ
ਨਿੱਘੇ ਨਿਘਾਏ ਰਹਿਕੇ ਕੱਟੀਏ, ਜ਼ਿੰਦਗੀ ਦੇ ਦਿਨ ਚਾਰ
ਕਿਹੜੀ ਗੱਲੋਂ ਆਪਣੇ ਸੱਜਣਾ ਜਲਵੇ ਕਰ ਕਰ ਦੱਸਣੇ
ਛੋਛੇਬਾਜ਼ੀਆਂ ਕਰ ਨਾ ਇਥੇ ਹਰ ਇਕ ਨੇ ਤੰਦ ਕੱਸਣੇ
ਸਿਧ ਪੱਧਰਾ ਜੀਵਨ ਅਪਣਾ ਲੈ , ਨਾ ਤੂੰ ਫੁਕਰੀਆਂ ਮਾਰ
ਨਿੱਘੇ ਨਿਘਾਏ ਰਹਿਕੇ ਕੱਟੀਏ ............
ਬੰਦਾ ਛੋਟਾ ਹੋਏ ਜਾਂ ਵੱਡਾ ਸਭ ਦੀਆਂ ਕਰੀਏ ਕਦਰਾਂ
ਬਿਨਾਂ ਗੱਲ ਤੋਂ ਰੱਖ ਨਾ ਐਵੇਂ ਕੁੱਲ ਆਲਮ ਦੀਆਂ ਖ਼ਬਰਾਂ
ਰੁੱਖੀ ਮਿੱਸੀ ਖਾ ਕੇ ਪੀ ਲੈ,  ਪਾਣੀ ਠੰਡਾ ਠਾਰ
ਨਿੱਘੇ ਨਿਘਾਏ ਰਹਿਕੇ ਕੱਟੀਏ .............
ਧੌਂਸਬਾਜੀਆਂ ਕਾਹਦੀਆਂ ਏਥੇ ਰੱਬ ਦੀ ਰਜ਼ਾ 'ਚ ਰਹੀਏ
ਉੱਚਾ ਨੀਵਾਂ ਬੋਲ ਕਦੇ ਨਾ ਕਿਸੇ ਨੂੰ ਭੁੱਲ ਕੇ ਕਹੀਏ
ਇਹ ਜ਼ਿੰਦਗੀ ਦੀ ਬਾਜੀ ਸੱਜਣਾ, ਇੱਕ ਦਿਨ ਜਾਣੀ ਹਾਰ
ਨਿੱਘੇ ਨਿਘਾਏ ਰਹਿਕੇ ਕੱਟੀਏ .............
'ਚੁੰਬਰਾ' ਅੱਖ ਵਿੱਚ ਰੜਕੇ ਜਿਹੜਾ ਓਸਦਾ ਜੱਗ ਹੈ ਵੈਰੀ
ਓਸਦੇ ਹਰ ਇੱਕ ਕੰਮ ਤੇ ਆਲਮ ਰੱਖਦਾ ਹੈ ਅੱਖ ਗਹਿਰੀ
ਇਹ ਰਸਤਾ ਹੈ ਕੰਡਿਆਂ ਭਰਿਆ, ਹੋ ਕੇ ਰਹਿ ਹੁਸ਼ਿਆਰ
ਨਿੱਘੇ ਨਿਘਾਏ ਰਹਿਕੇ ਕੱਟੀਏ .............
          ਪੇਸ਼ਕਸ਼ : ਕੁਲਦੀਪ ਚੁੰਬਰ ਕਨੇਡਾ

ਧਰਤੀ ਪਾਣੀ ਹਵਾ ਤੇ ਰੁੱਖ - ਕੁਲਦੀਪ ਚੁੰਬਰ ਕਨੇਡਾ

ਡੁੱਲ੍ਹੇ ਬੇਰਾਂ ਨੂੰ ਚੁੱਕ ਝੋਲੀ ਪਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ ਬਚਾ ਸੱਜਣਾ

ਹੱਥੋਂ ਲੰਘ ਗਿਆ ਵੇਲਾ ਮੁੜ ਹੱਥ ਆਉਣਾ ਨਹੀਂ
ਗੂੜ੍ਹੀ ਨੀਂਦ ਚੋਂ ਉੱਠ ਜਾਹ ਕਿਸੇ ਜਗਾਉਣਾ ਨਹੀਂ
ਵਾਤਾਵਰਣ ਬਚਾਉਣ ਲਈ ਕਦਮ ਉਠਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ...........

ਬਾਣੀ ਦਾ ਵੀ ਸੱਜਣਾ ਇਹੀਓ ਹੋਕਾ ਏ
ਆਪਣੇ ਆਪ ਦੇ ਨਾਲ  ਕਿਉਂ ਕਰਦਾ ਧੋਖਾ ਏ
ਕਾਬੂ ਆਪਣੀਆਂ ਲੋੜਾਂ ਉੱਤੇ ਪਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ...........

ਕੁਦਰਤ ਦੇ ਸਰੋਤ ਨੇ ਤੋਹਫ਼ੇ ਨਿਆਮਤਾਂ ਦੇ
ਦੇਖੀ ਦਿਨ ਨਾ ਆ ਜਾਣ ਕਹਿਰ ਕਿਆਮਤਾਂ ਦੇ
ਸੁੱਤੀ ਪਈ ਜਮੀਰ ਤੂੰ ਯਾਰ ਜਗਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ...........

ਇਹ ਹਨ ਰੱਬੀ ਦਾਤਾਂ ਕਦਰਾਂ ਕਰ ਲਈਏ
ਆਓ ਇਹਨਾਂ ਦੀ ਰੱਖਿਆ ਲਈ ਦਮ ਭਰ ਲਈਏ
ਰੁੱਖ ਮਨੁੱਖ ਦੀ ਸਾਂਝ ਨੂੰ ਗਲ਼ ਨਾਲ ਲਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ...........

ਧਰਤੀ ਹੇਠੋਂ ਪਾਣੀ ਮੁੱਕ ਜਾਊ ਖ਼ਬਰਾਂ ਨੇ
'ਚੁੰਬਰਾ' ਦੱਸ ਕਿਉਂ ਬੰਨ੍ਹ ਤੋੜੇ ਨੇ ਸਬਰਾਂ ਨੇ
ਕੁਦਰਤ ਸੰਗ ਨਾ ਲੈ ਤੂੰ ਆਹਢਾ ਫਾਹ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ...........
ਪੇਸ਼ਕਸ਼ - ਕੁਲਦੀਪ ਚੁੰਬਰ ਕਨੇਡਾ