ਚੇਤੇ ਰੱਖਿਓ ਹਾਕਮੋ - ਕੁਲਦੀਪ ਚੁੰਬਰ ਕਨੇਡਾ

ਜਦ ਜਦ ਵੀ ਬੁੱਤਾਂ ਨੂੰ ਭੰਨੀ ਤੋੜੀ ਜਾਵੋਗੇ
ਚੇਤੇ ਰੱਖਿਓ ਹਾਕਮੋ ਉਦੋਂ ਬੜਾ ਪਛਤਾਵੋਗੇ
ਜਦੋਂ ਜਦੋਂ ਵੀ ਮੂਰਤੀਆਂ ਨੂੰ ਤੋੜੀ ਜਾਵੋਗੇ
ਜਦੋਂ ਜਦੋਂ ਵੀ ਹੱਥ ਸਟੈਚੂਆਂ ਤਾਂਈਂ ਲਾਵੋਗੇ
ਚੇਤੇ ਰੱਖਿਓ ਹਾਕਮੋ............

ਲੱਗੇ ਹੋਏ ਸਟੈਚੂ ਆਪਣੀ ਹੋਂਦ ਨੂੰ ਦੱਸਦੇ ਨੇ
ਕੀਤੇ ਹੋਏ ਮਾਰਗ ਦਰਸ਼ਨ ਦਿਲ ਵਿੱਚ ਵਸਦੇ ਨੇ
ਕੋਝੀਆਂ ਹਰਕਤਾਂ ਵਾਲੇ ਗੁਣ ਕਿੰਨਾਂ ਚਿਰ ਗਾਵੋਗੇ
ਚੇਤੇ ਰੱਖਿਓ ਹਾਕਮੋ............

ਰੋਜ਼ ਹੀ ਸੁਰਖੀ ਹੁੰਦੀ ਇੱਥੇ ਵਿੱਚ ਅਖਬਾਰਾਂ ਦੇ
ਬਿਆਨਾਂ ਦੇ ਵਿੱਚ ਨਫ਼ਰਤ ਗੂੰਜੇ ਵਾਂਗ ਅੰਗਿਆਰਾਂ ਦੇ
ਲੱਖਾਂ ਅਤੇ ਕਰੋੜਾਂ ਨੂੰ ਕਿੱਦਾਂ ਹੱਥ ਪਾਵੋਗੇ
ਚੇਤੇ ਰੱਖਿਓ ਹਾਕਮੋ............


ਸਾਡੇ ਪਿਤਾ ਪੈਗੰਬਰ ਪੁਰਖੇ ਲਿਖਤਾਂ ਵਿੱਚ ਜਿਉਂਦੇ
ਜੋ ਰਹੇ ਆਪਣੀ ਕੌਮ ਦੇ ਜ਼ਖਮਾਂ ਫੱਟਾਂ ਨੂੰ ਜਿਉਂਦੇ
ਸੀਨਿਆਂ ਦੇ ਵਿੱਚ ਛਪੇ ਕਲੰਡਰ ਕਿੱਦਾਂ ਲਾਵੋਗੇ
ਚੇਤੇ ਰੱਖਿਓ ਹਾਕਮੋ............

ਸਾਡੇ ਰਹਿਬਰ ਸਾਡੇ ਲਈ ਜੋ ਕਰ ਗਏ ਜੱਗ ਉੱਤੇ
ਭੌਂਕਣ ਵਾਲੇ ਟਲ਼ ਨਹੀਂ ਸਕਦੇ ਭੌਂਕਣਗੇ ਕੁੱਤੇ
ਬੱਚ ਨਹੀਂ ਸਕਦੇ ਸੁੱਤੇ ਸ਼ੇਰ ਜੇ ਆਣ ਜਗਾਵੋਗੇ
ਚੇਤੇ ਰੱਖਿਓ ਹਾਕਮੋ............

"ਚੁੰਬਰਾ" ਰਹਿਬਰਾਂ ਦੇ ਬੁੱਤ ਤਾਂ ਸਾਡਾ ਸਰਮਾਇਆ ਏ
ਉਹ ਸਦੀਆਂ ਤੱਕ ਯਾਦ ਰੱਖੂ ਜਿਹਨੇ ਹੱਥ ਲਾਇਆ ਏ
ਖੇਡੀ ਜੇ ਸ਼ਤਰੰਜ ਚਾਲ ਤਾਂ ਮੂੰਹ ਤੇ ਖਾਵੋਗੇ
ਚੇਤੇ ਰੱਖਿਓ ਹਾਕਮੋ............
ਕੁਲਦੀਪ ਚੁੰਬਰ ਕਨੇਡਾ