ਸੁੱਖਾਂ ਦਾ ਚੜ੍ਹਾਈਂ ਨਵਾਂ ਸਾਲ - ਕੁਲਦੀਪ ਚੁੰਬਰ ਕਨੇਡਾ

ਦੁੱਖ ਗਮ ਦੇਵੀਂ ਸਾਰੇ ਟਾਲ਼ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ ਸਾਲ ਮੇਰੇ ਮਾਲਕਾ

ਹਰ ਚਿਹਰੇ ਉੱਤੇ ਰੱਖੀ ਰੌਣਕਾਂ ਦੇ ਨੂਰ ਨੂੰ
ਸੱਧਰਾਂ ਉਮੰਗਾਂ ਦੇ ਤੂ ਲਾਈਂ ਰੱਖੀ ਬੂਰ ਨੂੰ
ਰਹਿਮਤਾਂ ਦਾ ਭਰੀ ਰੱਖੀਂ ਥਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

ਰੋਟੀ ਟੁੱਕ ਸਭਨਾਂ ਨੂੰ ਦੇਵੀਂ ਰੁਜ਼ਗਾਰ ਜੀ
ਤੰਦਰੁਸਤੀ 'ਚ ਰੱਖੀਂ ਸਾਰਾ ਸੰਸਾਰ ਜੀ
ਮੰਡਰਾਵੇ ਨਾ ਤਬਾਹੀਆਂ ਵਾਲਾ ਕਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

ਆਸਾਂ ਤੇ ਉਮੀਦਾਂ ਵਾਲੀ ਝੋਲੀ ਰੱਖੀਂ ਭਰਕੇ
ਰਹਿਮਤਾਂ ਦੀ ਛਾਂ ਰੱਖੀਂ ਸਿਰਾਂ ਉੱਤੇ ਕਰਕੇ
ਸੁਰ ਨਾ ਮਿਲਾਕੇ ਰੱਖੀਂ ਤਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

ਰੱਖੀਂ ਦਰ ਘਰ ਨਾਲ ਆਪਣੇ ਤੂੰ ਜੋੜ ਕੇ
ਬਦੀਆਂ ਬੁਰਾਈਆਂ ਵਲੋਂ ਰੱਖੀਂ ਸਾਨੂੰ ਮੋੜਕੇ
ਰੰਗ ਕੇ ਰੂਹ ਕਰੀਂ ਤੂੰ ਨਿਹਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

ਫੁੱਲ ਬੂਟੇ ਪਸ਼ੂ ਪੰਛੀ ਬਾਗ਼ ਤੇ ਬਗੀਚੇ ਜੋ
ਸਜੇ ਰਹਿਣ ਧਰਤ ਅੰਬਰ ਦੇ ਗਲੀਚੇ ਦੋ
ਭਟਕੇ ਨਾ ਮਨ ਰਹੀਂ ਨਾਲ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........

"ਚੁੰਬਰਾ" ਤੂੰ ਮੰਗ ਭਲਾ ਸਾਰੀ ਕਾਇਨਾਤ ਦਾ
ਸਭ ਨੂੰ ਨਿਵਾਜੀਂ ਸੁੱਖ ਦੇ ਕੇ ਨਾਮ ਦਾਤ ਦਾ
ਕੱਟਿਓ ਚੁਰਾਸੀਆਂ ਦੇ ਜਾਲ਼ ਮੇਰੇ ਮਾਲਕਾ
ਸੁੱਖਾਂ ਦਾ ਚੜ੍ਹਾਈਂ ਨਵਾਂ .........
ਪੇਸ਼ਕਸ਼ : ਕੁਲਦੀਪ ਚੁੰਬਰ ਕਨੇਡਾ