Jaspal Loham

ਐਨ.ਸੀ.ਸੀ. ਇੰਚਾਰਜ ਮੰਗਤ ਰਾਮ ਜੀ ਦੀਆਂ ਯਾਦਾਂ - ਜਸਪਾਲ ਸਿੰਘ ਲੋਹਾਮ

ਪੰਜਾਬੀ ਸਾਡੀ ਮਾਂ ਬੋਲੀ ਹੈ ਇਹ ਸਭ ਤੋਂ ਪਿਆਰੀ ਬੋਲੀ ਹੈ। ਇਸ ਤੋਂ ਬਿਨ੍ਹਾਂ ਅਧੂਰੇ ਹਾਂ। ਅੰਗਰੇਜ਼ੀ ਵਿਸ਼ੇ ਦਾ ਵੀ ਬਹੁਤ ਮਹੱਤਵ ਹੈ ਇਸ ਵਿਚ ਪਰਪੱਕ ਹੋਣਾ ਬਹੁਤ ਜਰੂਰੀ ਹੈ। ਬਾਕੀ ਦੀਆਂ ਭਸ਼ਾਵਾਂ ਦੇ ਨਾਲ ਨਾਲ ਇਹ ਅੰਤਰਰਾਸ਼ਟਰੀ ਭਾਸ਼ਾ ਦਾ ਗਿਆਨ ਵੀ ਜਰੂਰੀ ਹੈ ਅਤੇ ਇਹ ਹੀ ਸਾਰੇ ਸੰਸਾਰ ਨੂੰ ਮਿਲਾਉਂਦੀ ਹੈ। ਗਿਆਨ ਜਿਸ ਭਾਸ਼ਾ ਵਿਚ ਮਿਲ ਜਾਵੇ ਉਹ ਚੰਗਾ ਹੀ ਹੈ। ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਸ੍ਰੀ ਮੰਗਤ ਰਾਮ ਜੀ ਸਾਡੀ ਛੇਵੀਂ ਕਲਾਸ ਦੇ ਇੰਚਾਰਜ਼ ਸਨ ਅਤੇ ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਹ ਕਲਾਸ ਵਿਚ ਬਹੁਤ ਸਖ਼ਤ ਸਨ ਅਤੇ ਕਿਸੇ ਨੂੰ ਵੀ ਕੁਸਕਣ ਨਹੀਂ ਸੀ। ਉਹ ਹਰੇਕ ਬੱਚੇ ਵੱਲ ਧਿਆਨ ਦਿੰਦੇ ਸਨ। ਇਸ ਲਈ ਸਾਰੇ ਬੱਚੇ ਚੁਸਤ ਹੋ ਕੇ ਰਹਿੰਦੇ ਸਨ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੇ ਸਨ। ਉਹ ਬੜੀ ਮਿਹਨਤ ਕਰਾਉਂਦੇ ਸਨ। ਉਹ ਐਨ.ਸੀ.ਸੀ. ਦੇ ਇੰਚਾਰਜ਼ ਸਨ ਅਤੇ ਇਸ ਕੰਮ ਲਈ ਉਨ੍ਹਾਂ ਕੋਲ ਐਨ.ਸੀ.ਸੀ. ਵਾਸਤੇ ਇੱਕ ਵੱਖਰਾ ਕਮਰਾ ਸੀ। ਸਾਡਾ ਐਨ.ਸੀ.ਸੀ. ਵਾਲਾ ਕਮਰਾ ਸਕੂਲ ਦੇ ਦਫ਼ਤਰ ਦੇ ਨਜਦੀਕ ਸੀ ਅਤੇ ਇਸ ਕਮਰੇ ਵਿਚ ਵੱਡੀਆਂ ਪੇਟੀਆਂ ਪਈਆਂ ਸਨ ਜਿੰਨਾਂ ਵਿਚ ਐਨ.ਸੀ.ਸੀ. ਦੀਆਂ ਵਰਦੀਆਂ ਪਈਆਂ ਸਨ। ਇਹ ਕਮਰਾ ਪੂਰੀ ਤਰ੍ਹਾਂ ਸ਼ਿੰਗਾਰ ਕੇ ਰੱਖਿਆ ਹੋਇਆ ਸੀ। ਮੈਂ ਵੀ ਉਨ੍ਹਾਂ ਕੋਲ ਗਿਆ ਤੇ ਐਨ.ਸੀ.ਸੀ. ਵਿਚ ਆਪਣਾ ਨਾਂਅ ਲਿਖਵਾਉਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਮੇਰੇ ਵੱਲ ਮੁਸਕਰਾ ਕੇ ਦੇਖਿਆ ਤੇ ਮੇਰਾ ਨਾਂਅ ਐਨ.ਸੀ.ਸੀ. ਰਜਿਸਟਰ ਵਿਚ ਦਰਜ ਕਰ ਦਿੱਤਾ। ਉਸ ਸਮੇਂ ਉਨ੍ਹਾਂ ਨੇ ਮੈਨੂੰ ਕਈ ਹਦਾਇਤਾਂ ਦਿੱਤੀਆਂ। ਕੁੱਝ ਦਿਨਾਂ ਬਾਅਦ ਸਾਨੂੰ ਐਨ.ਸੀ.ਸੀ. ਦੀਆਂ ਵਰਦੀਆਂ ਜਾਰੀ ਕਰ ਦਿੱਤੀਆਂ ਜਿਸ ਸ਼ਰਟ, ਪੈਂਟ, ਟਾਈ, ਬੈਜ, ਬਿਲਟ ਆਦਿ ਸਨ। ਮੈਨੂੰ ਤਾਂ ਵਰਦੀ ਦਾ ਚਾਅ ਚੜ੍ਹ ਗਿਆ ਕਿਉਂਕਿ ਫੌਜੀ ਦਿੱਖ ਮੈਨੂੰ ਪਹਿਲਾਂ ਤੋਂ ਹੀ ਚੰਗੀ ਲੱਗਦੀ ਹੈ। ਮੈਂ ਘਰ ਜਾ ਕੇ ਵਰਦੀ ਚੰਗੀ ਧੁਆ ਲਈ ਅਤੇ ਪ੍ਰੈਸ ਕਰਕੇ ਆਪਣੀ ਬਾਰੀ ਵਿਚ ਰੱਖ ਲਈ। ਬਿਲਟ ਤੇ ਪਾਊਡਰ ਮਲ ਕੇ ਬਿਲਟ ਚੰਗੀ ਤਰ੍ਹਾਂ ਚਮਕਾ ਲਈ। ਇੱਕ ਦਿਨ ਸਰ ਨੇ ਸਾਰਿਆਂ ਨੂੰ ਸ਼ਾਮ ਨੂੰ 4.00 ਵਜੇ ਬੁਲਾਇਆ। ਅਸੀਂ ਸਾਰੇ ਸਮੇਂ ਸਿਰ ਪਹੁੰਚ  ਗਏ। ਇਸ ਮੌਕੇ ਫ਼ੌਜੀ ਸਰ ਵੀ ਆਏ ਹੋਏ ਸਨ। ਉਨ੍ਹਾਂ ਨੇ ਸਾਰਿਆਂ ਨੂੰ ਤਿੰਨ ਲਾਇਨਾਂ ਵਿਚ ਖੜ੍ਹੇ ਕਰਵਾ ਲਿਆ। ਉਨ੍ਹਾਂ ਨੇ ਪਹਿਲਾਂ ਜਾਣਕਾਰੀ ਦਿੱਤੀ। ਫਿਰ ਦੱਬ ਕੇ ਪਰੇਡ ਕਰਵਾਈ। ਥੋੜੇ ਸਮੇਂ ਬਾਅਦ ਰਿਫਰੈਸ਼ਮੈਂਟ ਵੀ ਆ ਗਈ। ਸਾਰੇ ਵਿਦਿਆਰਥੀਆਂ ਨੂੰ ਪਲੇਟ ਵਿਚ ਇੱਕ ਇੱਕ ਸਮੋਸਾ ਅਤੇ ਇੱਕ ਇੱਕ ਬਰਫੀ ਦਾ ਪੀਸ ਦਿੱਤਾ ਗਿਆ। ਇਸ ਤਰ੍ਹਾਂ ਕਈ ਵਾਰ ਸ਼ਾਮ ਨੂੰ ਪਰੇਡ ਕਰਵਾਈ ਗਈ ਅਤੇ ਸਾਨੂੰ ਪਰੇਡ ਵਿਚ ਮਾਹਿਰ ਬਣਾ ਦਿੱਤਾ। ਇਸ ਤਰ੍ਹਾਂ ਅਸੀਂ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਪਰੇਡ ਕਰਨ ਲਈ ਜਾਂਦੇ ਸਨ। ਬੜੀ ਖੁਸ਼ੀ ਹੁੰਦੀ ਸੀ। ਇੱਕ ਦਿਨ ਸਰ ਸਾਨੂੰ ਡੀ.ਐਮ. ਕਾਲਜ ਦੀਆਂ ਬਾਹਰਲੀਆਂ ਗਰਾਂਊਡਾਂ ਵਿਚ ਲੈ ਕੇ ਗਏ। ਉੱਥੇ ਸਾਰਾ ਦਿਨ ਐਨ.ਸੀ.ਸੀ. ਦੀਆਂ ਗਤੀਧਿੀਆਂ ਚੱਲਣੀਆਂ ਸਨ। ਇਥੇ ਇੱਕ ਪਾਸੇ ਇੱਕ ਬਹੁਤ ਉੱਚੀ ਕੰਧ ਕੱਢੀ ਹੋਈ ਸੀ। ਕੰਧ ਦੇ ਅਧਾਰ ਦੇ ਆਲੇ ਦੁਆਲੇ ਉੱਚੀ ਕਰਕੇ ਮਿੱਟੀ ਚੜ੍ਹਾਈ ਹੋਈ ਸੀ। ਇਥੇ ਟਾਰਗੇਟ ਫਿੱਟ ਕੀਤੇ ਗਏ ਸਨ ਅਤੇ ਦੂਰ ਇੱਕ ਥਾਂ ਤੇ ਪੁਜੀਸ਼ਨ ਲੈਣ ਲਈ ਜਗ੍ਹਾ ਤੇ ਮਾਰਕ ਕੀਤਾ ਸੀ। ਦੂਰ ਦੂਰ ਤੱਕ ਫੌਜੀ ਖੜਾਏ ਹੋਏ ਸਨ ਜੋ ਲੰਘਣ ਵਾਲੇ ਲੋਕਾਂ ਨੂੰ ਦੂਰ ਦੀ ਜਾਣ ਲਈ ਕਹਿੰਦੇ ਸਨ। ਫੌਜੀ ਸਰ ਨੇ ਪਹਿਲਾਂ ਸਾਨੂੰ ਰਾਈਫ਼ਲ ਚਲਾਉਣੀ ਸਿਖਾਈ। ਕਿਵੇਂ ਰਾਈਫਲ ਫੜ੍ਹਨੀ ਹੈ, ਕਿਵੇਂ ਗੋਲੀ ਪਾਉਣੀ ਹੈ, ਕਿਵੇਂ ਸਾਹ ਰੋਕ ਨਿਸ਼ਾਨਾ ਸਾਧਣਾ ਹੈ। ਅਸੀਂ ਚੰਗੀ ਤਰ੍ਹਾਂ ਸਿੱਖ ਲਿਆ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਰਾਈਫਲ ਫੜੀ ਤੇ ਗੋਲੀ ਰਾਈਫਲ ਵਿਚ ਪਾ ਕੇ ਅੱਖ ਮੀਚ ਕੇ ਦੋਨੇ ਨਿਸ਼ਾਨਾਂ ਨੂੰ ਸੇਧ ਵਿਚ ਕਰਕੇ ਨਿਸ਼ਾਨਾਂ ਟਾਰਗੇਟ ਤੇ ਸਾਧਿਆ। ਗੋਲੀ ਸਿੱਧੀ ਕੇਂਦਰ ਵਿਚ ਜਾ ਵੱਜੀ। ਅੱਜ ਜਿੰਦਗੀ ਵਿਚ ਪਹਿਲੀ ਵਾਰ ਰਾਈਫਲ ਹੱਥ ਵਿਚ ਫੜੀ ਸੀ ਅਤੇ ਰਾਈਫਲ ਚਲਾ ਕੇ ਬਹੁਤ ਮਜ਼ਾ ਆਇਆ। ਬਾਕੀ ਦੇ ਸਮੇਂ ਵਿਚ ਪਰੇਡ ਕਰਵਾਈ ਗਈ। ਸਾਨੂੰ ਵੱਡੀ ਮਸ਼ੀਨਗੰਨ ਅਤੇ ਸਟੇਨਗੰਨ ਵੀ ਵਿਖਾਈ ਗਈ। ਸ਼ਾਮ ਹੋ ਗਈ ਸੀ ਤੇ ਸਾਨੂੰ ਘਰਾਂ ਨੂੰ ਵਾਪਸ ਭੇਜ ਦਿੱਤਾ। ਇਸੇ ਤਰ੍ਹਾਂ ਇੱਕ ਦਿਨ ਸਰ ਨੇ ਕਲਾਸਾਂ ਵਿਚ ਸੁਨੇਹਾ ਭਜਵਾਇਆ ਕਿ ਐਨ.ਸੀ.ਸੀ. ਦਾ ਕੈਂਪ ਪਾਲਮਪੁਰ ਵਿਖੇ ਲੱਗਣਾ ਹੈ ਅਤੇ ਆਪਣੀ ਤਿਆਰੀ ਖਿੱਚ ਲਓ ਅਤੇ ਘਰ ਜਾ ਕੇ ਦੱਸ ਦਿਓ। ਇਹ ਸੁਣ ਕੇ ਅਸੀਂ ਬਹੁਤ ਖੁਸ਼ ਹੋਏ ਕਿ ਕੈਂਪ ਲਾਉਣ ਲਈ ਬਾਹਰ ਜਾ ਰਹੇ ਹਾਂ। ਬੜਾ ਮਜ਼ਾ ਆਵੇਗਾ। ਮੈਂ ਘਰ ਜਾ ਕੇ ਭਾਪਾ ਜੀ ਨੂੰ ਦੱਸਿਆ ਤੇ ਉਨ੍ਹਾਂ ਨੇ ਮੈਨੂੰ ਐਨ.ਸੀ.ਸੀ. ਕੈਂਪ ਤੇ ਜਾਣ ਦੀ ਆਗਿਆ ਦੇ ਦਿੱਤੀ। ਘਰ ਵਿਚ ਇੱਕ ਲੋਹੇ ਦਾ ਟਰੰਕ ਪਿਆ ਸੀ ਉਸ ਵਿਚ ਮੈਂ ਆਪਣੇ ਕੱਪੜੇ, ਵਰਦੀ, ਚੀਨੀ ਦੇ ਭਾਂਡੇ ਆਦਿ ਪਾ ਲਏ ਅਤੇ ਸਕੂਲ ਚਲਾ ਗਿਆ। ਇਥੇ ਫੌਜੀ ਟਰੱਕ ਖੜਾ ਸੀ ਜਿਸਨੇ ਸਾਨੂੰ ਰੇਲਵੇ ਸਟੇਸ਼ਨ ਤੇ ਪਹੁੰਚਾ ਦਿੱਤਾ। ਅਸੀਂ ਆਪਣਾ ਸਮਾਨ ਰੇਲਗੱਡੀ ਵਿਚ ਰੱਖ ਦਿੱਤਾ। ਇਸ ਤਰ੍ਹਾਂ ਰੇਲਗੱਡੀ ਪਾਲਮਪੁਰ ਪਹੁੰਚ ਗਈ। ਅਸੀਂ ਸਟੇਸ਼ਨ ਤੇ ਉੱਤਰ ਗਏ ਅਤੇ ਸਮਾਨ ਬਾਹਰ ਕੱਢ ਲਿਆ। ਇਥੇ ਸਾਨੂੰ ਕੁੱਝ ਹਦਾਇਤਾਂ ਦੇ ਕੇ ਫੌਜੀ ਟਰੱਕ ਵਿਚ ਬਿਠਾ ਲਿਆ। ਕੁੱਝ ਸਮੇਂ ਬਾਅਦ ਅਸੀਂ ਆਪਣੇ ਕੈਂਪ ਵਿਚ ਪਹੁੰਚ ਗਏ ਇਹ ਥਾਂ ਸ਼ਹਿਰ ਤੋਂ ਦੂਰ ਸੀ। ਇਹ ਪੱਧਰੀ ਥਾਂ ਸੀ ਅਤੇ ਅਸੀਂ ਆਪਣਾ ਸਮਾਨ ਆਪਣੇ ਟੈਂਟ ਵਿਚ ਰੱਖ ਲਿਆ। ਸਾਡਾ ਇਹ ਕੈਂਪ ਦਸ ਦਿਨ ਦਾ ਸੀ। ਕੈਂਪ ਵਿਚ ਸਵੇਰ ਦੇ ਸਮੇਂ ਜਲਦੀ ਬੁਲਾ ਕੇ ਸੈਰ ਕਰਵਾਈ ਜਾਂਦੀ। ਫਿਰ ਨਾਸ਼ਤਾ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਵੱਖ ਵੱਖ ਸਮੇਂ ਤੇ ਗਤੀਵਿਧੀਆਂ ਚੱਲਦੀਆਂ ਸਨ। ਫਿਰ ਦੁਪਹਿਰ ਦਾ ਖਾਣਾ ਅਤੇ ਫਿਰ ਸ਼ਾਮ ਨੂੰ ਚਾਹ ਅਤੇ ਰਾਤ ਦਾ ਖਾਣਾ। ਵੈਸੇ ਤਾਂ ਨਹਾਉਣ ਲਈ ਟੈਂਕੀ ਟੂਟੀਆਂ ਸਨ ਪਰ ਕਈ ਵਾਰ ਨੇੜੇ ਛੋਟੀ ਜਿਹੀ ਨਦੀ ਵਿਚ ਨਹਾਉਣ ਲਈ ਚਲੇ ਜਾਂਦੇ ਸੀ। ਨਦੀ ਵਿਚ ਖੂਬ ਅਨੰਦ ਆਉਂਦਾ ਸੀ। ਕੈਂਪ ਵਿਚ ਇੱਕ ਦਿਨ ਨਿਸ਼ਾਨੇਬਾਜੀ ਮੁਕਾਬਲੇ ਸਨ। ਇਸ ਵਿਚ ਮੈਂ ਵੀ ਭਾਗ ਲਿਆ ਅਤੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਹੇਠਾਂ ਪੁਜੀਸ਼ਨ ਲੈ ਕੇ ਰਾਈਫ਼ਲ ਫੜ੍ਹ ਲਈ। ਮੈਂ ਆਪਣੇ ਟਾਰਗੇਟ ਤੇ ਸਾਰੀਆਂ ਗੋਲੀਆਂ ਕੇਂਦਰ ਵਿਚ ਲਗਾ ਦਿੱਤੀਆਂ। ਮੈਨੂੰ ਬਹੁਤ ਖੁਸ਼ੀ ਹੋਈ। ਸਾਡੇ ਮੰਗਤ ਰਾਮ ਸਰ ਜੀ ਨੇ ਮੈਨੂੰ ਸ਼ਬਾਸ਼ ਦਿੱਤੀ। ਇਥੇ ਫਿਰ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਗੰਨਾਂ ਦਿਖਾਈਆਂ ਗਈਆਂ ਜਿਹੜੀਆਂ ਗੋਲੀਆਂ ਇਸ ਵਿਚ ਪੈਂਦੀਆਂ ਉਹ ਵੀ ਦਿਖਾਈਆਂ ਗਈਆਂ। ਜੇਤੂਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਤਰ੍ਹਾਂ ਦਸ ਦਿਨ ਐਨ.ਸੀ.ਸੀ. ਕੈਂਪ ਵਿਚ ਬਤੀਤ ਕਰਕੇ ਘਰ ਵਾਪਸ ਆਏ। ਐਨ.ਸੀ.ਸੀ. ਦੇ ਕੈਂਪ ਵਿਚ ਲਿਜਾਣ ਦਾ ਸਾਰਾ ਸਿਹਰਾ ਮੰਗਤ ਰਾਮ ਸਰ ਜੀ ਨੂੰ ਜਾਂਦਾ ਹੈ ਜਿਹੜੇ ਸਾਨੂੰ ਚੁਣ ਕੇ ਨਾਲ ਲੈ ਕੇ ਗਏ। ਸਰ ਅਕਸਰ ਹੀ ਸ਼ਾਮ ਨੂੰ ਕਸ਼ਮੀਰੀ ਪਾਰਕ ਸੈਰ ਲਈ ਜਾਂਦਿਆਂ ਕਈ ਵਾਰ ਰਸਤੇ ਵਿਚ ਅਤੇ ਕਈ ਵਾਰ ਪਾਰਕ ਵਿਚ ਮਿਲਦੇ ਸਨ। ਉਨ੍ਹਾਂ ਦੇ ਚਰਨ ਸਪਰਸ਼ ਕਰਕੇ ਮਨ ਨੂੰ ਸਾਕੂਨ ਮਿਲਦਾ ਸੀ। ਮੈਂ ਸਰ ਦਾ ਹਾਲ ਚਾਲ ਪੁੱਛ ਕੇ ਫ਼ਿਰ ਅੱਗੇ ਸੈਰ ਨੂੰ ਨਿਕਲਦਾ ਸੀ। ਉਹ ਹੌਲੀ ਹੌਲੀ ਤੁਰਦੇ ਸਨ। ਬੇਸ਼ੱਕ ਉਹ ਅੱਜ ਨਹੀਂ ਹਨ ਫਿਰ ਵੀ ਉਨ੍ਹਾਂ ਦੀਆਂ ਯਾਦਾਂ ਮੇਰੇ ਮਨ ਵਿਚ ਵੱਸੀਆਂ ਹੋਈਆਂ ਹਨ।
ਪਤਾ: ਲੇਖਕ: ਜਸਪਾਲ ਸਿੰਘ ਲੋਹਾਮ
ਮਕਾਨ ਨੰਬਰ: AFF, ਗਲੀ ਹਜਾਰਾ ਸਿੰਘ ਮੋਗਾ-ADB@@A
ਮੋਬਾਇਲ: IGHA@-D@AD@
ਈਮੇਲ: jaspal.loham@gmail.com

ਵਾਲੀਬਾਲ ਖਿਡਾਰੀ ਸਵਰਨ ਮਹੇਸਰੀ - ਪ੍ਰਿੰ: ਜਸਪਾਲ ਸਿੰਘ ਲੋਹਾਮ

ਡੀ.ਐਮ.ਕਾਲਜ ਮੋਗਾ ਵਿਚ ਮੈਂ ਬੀ.ਐਸ.ਸੀ. ਕਰਦਿਆਂ ਕਦੇ ਵੀ ਕਿਸੇ ਖੇਡ ਵਿਚ ਭਾਗ ਨਹੀਂ ਲਿਆ ਸਿਰਫ਼ ਪੜ੍ਹਾਈ ਵੱਲ ਧਿਆਨ ਸੀ। ਕਾਲਜ ਵਿਚ ਪਹਿਲੇ ਪੀਰੀਅਡ ਥਿਊਰੀ ਦੇ ਲੱਗਦੇ ਸਨ ਅਤੇ ਬਾਅਦ ਵਿਚ ਪ੍ਰਯੋਗੀ ਹੁੰਦੇ ਸਨ। ਸਵੇਰ ਤੋਂ ਸ਼ਾਮ ਤੱਕ ਪੜ੍ਹਾਈ ਹੀ ਪੜ੍ਹਾਈ ਕਰਦੇ ਸੀ। ਕਦੇ ਪੀਰੀਅਡ ਛੱਡਣ ਦੀ ਹਿੰਮਤ ਹੀ ਨਹੀਂ ਸੀ। ਕਾਲਜ ਵਿਚ ਸ਼ਾਮ ਪੈ ਜਾਂਦੀ ਸੀ। ਫਿਰ ਘਰ ਜਾ ਕੇ ਸਾਰੀ ਪੜ੍ਹਾਈ ਕਰਨੀ, ਜਦੋਂ ਕੰਮ ਨਿੱਬੜਦਾ ਸੀ ਉਦੋਂ ਕੁੱਝ ਅਰਾਮ ਕਰੀ ਦਾ ਸੀ। ਬੀ.ਐਸ.ਸੀ.ਕਰਨ ਉਪਰੰਤ ਸ਼ੈਸ਼ਨ 1984-85 ਵਿਚ ਮੈਂ ਦਾਖਲਾ ਡੀ.ਐਮ.ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਖੇ ਲੈ ਲਿਆ। ਇਨ੍ਹਾਂ ਦੋਹਾਂ ਕਾਲਜਾਂ ਦੀ ਕੰਧ ਸਾਂਝੀ ਸੀ। ਘਰ ਤੋਂ ਕਾਲਜ ਪੈਦਲ ਪੰਜ ਮਿੰਟ ਵਿਚ ਪਹੁੰਚ ਜਾਈਦਾ ਸੀ। ਇਥੇ ਵੀ ਮੈਂ ਪੜ੍ਹਾਈ ਵਿਚ ਮਗਨ ਰਹਿੰਦਾ ਸੀ। ਮੈਂ ਸ਼ਹਿਰੀ ਹੋਣ ਕਰਕੇ ਮੇਰੇ ਸ਼ਹਿਰੀ ਹਮ ਜਮਾਤੀਆਂ ਨਾਲ ਨੇੜਤਾ ਸੀ ਪਰ ਮੇਰੀ ਪੇਂਡੂ ਸਾਥੀਆਂ ਨਾਲ ਵੀ ਨਜਦੀਕੀ ਸੀ। ਜਿੰਨੇ ਸ਼ਹਿਰੀ ਸਾਥੀ ਸਨ ਉਹ ਖਾਲੀ ਪੀਰੀਅਡ ਵਿਚ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ। ਹੌਲੀ ਹੌਲੀ ਮੇਰੀ ਨੇੜਤਾ ਸਭ ਨਾਲ ਹੋ ਗਈ। ਪੀਰੀਅਡ ਤੋਂ ਬਾਅਦ ਕੰਟੀਨ ਤੇ ਚਲੇ ਜਾਂਦੇ ਸੀ। ਇਥੇ ਬੈਠ ਕੇ ਚਾਹ ਪਾਣੀ ਪੀ ਲੈਂਦੇ ਸੀ ਫਿਰ ਜਮਾਤਾਂ ਵਿਚ ਵਾਪਸ ਚਲੇ ਜਾਂਦੇ ਸੀ ਇਹ ਰੋਜਾਨਾ ਰੁਟੀਨ ਸੀ। ਕਈ ਵਾਰ ਸਾਡੇ ਪੇਂਡੂ ਸਾਥੀ ਕਾਲਜ ਤੋਂ ਬਾਅਦ ਖਾਣ ਪੀਣ ਲਈ ਗਲੀ ਨੰਬਰ ਦੋ ਵਿਚ ਚਲੇ ਜਾਂਦੇ ਅਤੇ ਉੱਥੇ ਸਮੋਸੇ, ਟਿੱਕੀਆਂ, ਪਕੌੜੇ, ਬਰੈਡ ਪੀਸ ਆਦਿ ਰਲਮਿਲ ਕੇ ਖਾਂਦੇ। ਉਹ ਬੈਠਣੀ ਦਾ ਵੀ ਵੱਖਰਾ ਅਨੰਦ ਸੀ। ਇੱਕ ਹਮ ਜਮਾਤੀ ਸਾਥੀ ਸਵਰਨ ਸਿੰਘ ਸੀ ਉਹਦਾ ਪਿੰਡ ਮਹੇਸਰੀ ਸੀ। ਉਹ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ। ਉਹ ਬਹੁਤ ਹੀ ਨਰਮ, ਮਿਲਣਸਾਰ ਅਤੇ ਸਲੀਕੇ ਨਾਲ ਗੱਲ ਕਰਦਾ ਸੀ। ਉਹਨੇ ਇੱਕ ਦਿਨ ਕਿਹਾ ਕਿ ਆਪਾਂ ਕਾਲਜ ਵਿਚ ਵਾਲੀਬਾਲ ਖੇਡ ਲਿਆ ਕਰੀਏ ਨਾਲੇ ਸਮਾਂ ਚੰਗਾ ਲੰਘ ਜਿਆ ਕਰੂ। ਮੈਂ ਵੀ ਸਵਰਨ ਨੂੰ ਹਾਂ ਕਰ ਦਿੱਤੀ। ਹੋਰਾਂ ਨੇ ਵੀ ਹਾਂ ਕਰ ਦਿੱਤੀ। ਮੈਂ ਦੇਵ ਸਮਾਜ ਸਕੂਲ ਵਿਚ ਵਾਲੀਵਾਲ ਦੀ ਟੀਮ ਵਿਚ ਖੇਡਦਾ ਸੀ ਅਤੇ ਕਾਫੀ ਸਮਾਂ ਖੇਡਦਾ ਰਿਹਾ। ਇਸ ਤਰ੍ਹਾਂ ਕਾਲਜ ਵਿਚ ਇੱਕ ਪਾਸੇ ਖਾਲੀ ਥਾਂ ਸੀ ਕਾਲਜ ਪ੍ਰੋਫੈਸਰਾਂ ਤੋਂ ਪੁੱਛ ਕੇ ਵਾਲੀਬਾਲ ਦੀ ਗਰਾਊਂਡ ਤਿਆਰ ਕਰ ਲਈ। ਉਦੋਂ ਇਹ ਕਾਲਜ ਦੀ ਇਮਾਰਤ ਦੇ ਬਿਲਕੁੱਲ ਸਾਹਮਣੇ ਸੀ। ਵਾਲੀਬਾਲ ਦੀ ਖੇਡ ਵਿਚ ਕੁੱਲ ਛੇ ਖਿਡਾਰੀ ਖੇਡਦੇ ਹਨ। ਤਿੰਨ ਅਗਲੇ ਪਾਸੇ ਨੈਟ ਕੋਲ ਅਤੇ ਬਾਕੀ ਤਿੰਨ ਉਨ੍ਹਾਂ ਦੇ ਪਿਛਲੇ ਪਾਸੇ ਖਡਦੇ ਹਨ। ਇੱਕ ਖਿਡਾਰੀ ਬਾਲ ਨੂੰ ਦੋ ਵਾਰੀ ਛੂਹ ਨਹੀਂ ਸਕਦਾ ਸੀ। ਖੇਡਦੇ ਸਮੇਂ ਜਦੋਂ ਬਾਲ ਲਾਇਨ ਨੂੰ ਛੂਹ ਜਾਵੇ ਤਾਂ ਅੰਦਰ/ਇੰਨ ਗਿਣਿਆ ਜਾਂਦਾ ਹੈ। ਕੁੱਲ ਤਿੰਨ ਖੇਡਾਂ ਹੁੰਦੀਆਂ ਸੀ ਅਤੇ ਜਿਹੜੀਆਂ ਦੋ ਜਿੱਤ ਜਾਂਦਾ ਸੀ ਉਹ ਜੇਤੂ ਹੋ ਜਾਂਦਾ ਸੀ। ਇਥੇ ਨੈਟ ਲਗਾ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਹ ਵਾਲੀਬਾਲ ਦਾ ਬਹੁਤ ਤਕੜਾ ਖਿਡਾਰੀ ਸੀ। ਉਹਦੇ ਵਰਗਾ ਕੋਈ ਸਾਹਨੀ ਨਹੀਂ ਸੀ। ਉਹ ਸੁਪਰ ਸੀ। ਉਹਦੀ ਖੇਡ ਦੇਖ ਕੇ ਸਾਰੇ ਦੰਗ ਰਹਿ ਜਾਂਦੇ ਸਨ। ਅਸੀਂ ਕਾਲਜ ਵਿਚ ਇੱਕ ਦੋ ਪੀਰੀਅਡ ਜਰੂਰ ਖੇਡਦੇ ਸੀ। ਇਸ ਤਰ੍ਹਾਂ ਕਾਲਜ ਵਿਚ ਖੇਡਣ ਦਾ ਸਿਲਸਲਾ ਲਗਾਤਾਰ ਬਰਕਰਾਰ ਰੱਖਿਆ। ਇਸ ਤਰ੍ਹਾਂ ਸਾਡੀ ਕਾਲਜ ਦੀ ਇੱਕ ਟੀਮ ਤਿਆਰ ਹੋ ਗਈ। ਇੱਕ ਵਾਰ ਸਾਡਾ ਬੀ.ਐਡ. ਕਾਲਜ ਫਰੀਦਕੋਟ ਨਾਲ ਦੋਸਤਾਨਾ ਮੈਚ ਲਗਾਉਣ ਦਾ ਸਬੱਬ ਬਣਿਆ। ਅਸੀਂ ਮੈਚ ਵਾਲੇ ਦਿਨ ਬੱਸ ਅੱਡੇ ਇਕੱਠੇ ਹੋਏ ਤੇ ਫਰੀਦਕੋਟ ਲਈ ਬੱਸ ਲੈ ਲਈ। ਬੱਸ ਫਰੀਦਕੋਟ ਅੱਡੇ ਤੇ ਪਹੁੰਚ ਗਈ। ਇਥੋਂ ਬੀ.ਐਡ. ਕਾਲਜ ਨੇੜੇ ਹੀ ਸੀ। ਅਸੀਂ ਪੈਦਲ ਹੀ ਚਲੇ ਗਏ। ਉਦੋਂ ਦੋਵੇਂ ਕਾਲਜ ਡਿਗਰੀ ਅਤੇ ਬੀ.ਐਡ. ਆਹਮਣੇ ਸਾਹਮਣੇ ਸਨ। ਅਸੀਂ ਕਾਲਜ ਵਿਚ ਚਲੇ ਗਏ। ਇਹ ਕਾਲਜ ਵੀ ਸਾਡੇ ਕਾਲਜ ਵਾਂਗ ਬਣਿਆ ਸੀ। ਉਹਨਾਂ ਕੁ ਖੇਤਰ ਇਸ ਕਾਲਜ ਦਾ ਸੀ। ਕਾਲਜ ਦੇ ਖੱਬੇ ਪਾਸੇ ਵਾਲੀਵਾਲ ਦੀ ਗਰਾਊਂਡ ਸੀ। ਕਾਲਜ ਵਿਚ ਕਾਫੀ ਚਹਿਲ ਪਹਿਲ ਸੀ। ਸਾਰੇ ਮੈਚ ਦੇਖਣ ਲਈ ਉਤਾਵਲੇ ਸਨ। ਸਮਾਂ ਹੋ ਗਿਆ ਸੀ। ਰੈਫਰੀ ਨੇ ਵਿਸਲ ਮਾਰੀ। ਦੋਵੇਂ ਟੀਮਾਂ ਮੈਦਾਨ ਵਿਚ ਆ ਗਈਆਂ। ਖਿਡਾਰੀਆਂ ਨੇ ਇੱਕ ਦੂਜੇ ਨਾਲ ਮਿਲਣੀ ਕੀਤੀ। ਅਸੀਂ ਆਪਣੇ ਪਾਲੇ ਵਿਚ ਆ ਗਏ। ਮੈਂ ਤਾਂ ਨੈਟ ਦੇ ਕੋਲ ਖੱਬੇ ਪਾਸੇ ਸੀ। ਬਾਕੀ ਖਿਡਾਰੀ ਵੀ ਆਪਣੀਆਂ ਥਾਵਾਂ ਤੇ ਖੜ੍ਹੇ ਸਨ। ਸਾਡਾ ਯੋਧਾ ਸਵਰਨ ਕੇਂਦਰ ਵਿਚ ਸੀ। ਖੇਡ ਸ਼ੁਰੂ ਹੋ ਗਈ। ਉਹਦੀ ਸਰਵਿਸ ਬੜੀ ਕਮਾਲ ਦੀ ਸੀ। ਉਹ ਬਾਲ ਨੂੰ ਬਹੁਤ ਹੀ ਨੱਪ ਕੇ ਮਾਰਦਾ ਸੀ ਤੇ ਅਗਲੀ ਟੀਮ ਨੂੰ ਬਾਲ ਚੁੱਕਣ ਵਿਚ ਮੁਸ਼ਕਿਲ ਆਉਂਦੀ ਸੀ। ਇਸ ਮੈਚ ਵਿਚ ਸਵਰਨ ਦੂਜੀ ਟੀਮ ਦਾ ਧੂੰਆਂ ਕਢਾਈ ਜਾ ਰਿਹਾ ਸੀ। ਉਹਨੇ ਖੇਡ ਬਹੁਤ ਵਧੀਆ ਢੰਗ ਨਾਲ ਖੇਡੀ। ਹਰ ਪਾਸੇ ਸਵਰਨ ਸਿੰਘ ਮਹੇਸਰੀ ਦੀ ਬੱਲੇ ਬੱਲੇ ਹੋਈ ਪਈ ਸੀ। ਸਾਥੀ ਸਵਰਨ ਸਿੰਘ ਮਹੇਸਰੀ ਨੇ ਡੀ.ਐਮ.ਕਾਲਜ ਆਫ਼ ਐਜੂਕੇਸ਼ਨ ਮੋਗਾ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਚਮਕਾ ਦਿੱਤਾ। ਬੇਸ਼ੱਕ ਇਹ ਮੈਚ ਦੋਸਤਾਨਾ ਸੀ ਪਰ ਉਹਦੇ ਜੌਹਰ ਦੇਖਣ ਵਾਲੇ ਸਨ। ਉਹਨੇ ਕਮਾਲ ਦੀ ਖੇਡ ਖੇਡੀ, ਫੱਟੇ ਚੱਕ ਦਿੱਤੇ। ਅੱਜ ਬੜੇ ਲੰਬੇ ਸਮੇਂ ਬਾਅਦ ਯਾਦਾਂ ਦੀ ਪਟਾਰੀ ਵਿਚੋਂ ਸਵਰਨ ਸਿੰਘ ਯਾਦ ਆਏ ਅਤੇ ਬੀਤੇ ਪਲ ਸਾਂਝੇ ਕਰਨ ਦਾ ਮੌਕਾ ਮਿਲਿਆ। ਬੇਸ਼ੱਕ ਉਹ ਇਸ ਦੁਨੀਆ ਵਿਚ ਨਹੀਂ ਹਨ ਪਰ ਉਸਦੀਆਂ ਯਾਦਾਂ ਉਹਦੇ ਨਾਲ ਬਿਤਾਏ ਪਲ ਸਦਾ ਯਾਦ ਰਹਿਣਗੇ ਅਤੇ ਜਿੰਦਗੀ ਦੇ ਨਾਲ ਨਾਲ ਚੱਲਣਗੇ।
ਪਤਾ: ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ ਮੋਗਾ-142001
ਮੋਬਾਇਲ ਨੰਬਰ: 97-810-40140
ਈਮੇਲ: jaspal.loham@gmail.com

ਪ੍ਰਿੰਸੀਪਲ ਗਿਰਵਰ ਪ੍ਰਸਾਦ ਜੀ ਨੂੰ ਯਾਦ ਕਰਦਿਆਂ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਪੁਰਾਣੀ ਗੱਲ ਹੈ ਜਦੋਂ ਮੈਂ ਦੇਵ ਸਮਾਜ ਹਾਇਰ ਸੈਕੰਡਰੀ ਸਕੂਲ ਮੋਗਾ ਵਿਚ ਪੜ੍ਹਦਾ ਸੀ। ਉਦੋਂ ਦਸਵੀਂ ਤੋਂ ਬਅਦ ਗਿਆਰਵੀਂ ਜਮਾਤ ਹੁੰਦੀ ਸੀ। ਹੁਣ ਪਲੱਸ ਵਨ ਅਤੇ ਪਲੱਸ ਟੂ ਹੈ। ਦਸਵੀਂ ਜਮਾਤ ਪਾਸ ਕਰ ਲਈ ਅਤੇ ਹੁਣ ਅਗਲੀ ਜਮਾਤ ਵਿਚ ਦਾਖਲਾ ਲੈਣਾ ਸੀ। ਇਸ ਦਾਖਲੇ ਦੇ ਸਬੰਧ ਵਿਚ ਮੇਰੇ ਭਰਾ ਸ੍ਰ: ਇਕਬਾਲ ਸਿੰਘ ਜੀ ਨੇ ਮੈਨੂੰ ਗਾਇਡ ਕੀਤਾ ਤੇ ਕਿਹਾ ਕਿ ਤੂੰ ਗਿਆਵੀਂ ਵਿਚ ਆਰਟਸ ਗਰੁੱਪ ਨਹੀਂ ਰੱਖਣਾ ਸਾਇੰਸ ਗਰੁੱਪ ਨਾਨ ਮੈਡੀਕਲ ਲੈਣਾ ਹੈ। ਮੈਂ ਉਨ੍ਹਾਂ ਦਾ ਹੁਕਮ ਸਿਰ ਮੱਥੇ ਮੰਨ ਲਿਆ। ਮੈਂ ਦਾਖਲਾ ਲੈਣ ਲਈ ਆਪਣੇ ਸਕੂਲ ਚਲਾ ਗਿਆ ਅਤੇ ਜਮਾਤ ਦੇ ਇਚਾਰਜ ਅਧਿਆਪਕ ਨੂੰ ਮਿਲਿਆ ਤੇ ਸਾਇੰਸ ਗਰੁੱਪ ਨਾਨ ਮੈਡੀਕਲ ਵਿਚ ਦਾਖਲਾ ਲੈਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਮੈਨੂੰ ਦਾਖਲ ਕਰ ਲਿਆ। ਗਿਆਰਵੀਂ ਵਿਚ ਫ਼ਿਜਿਕਸ, ਮੈਥ, ਕਮਿਸਟਰੀ ਅਤੇ ਅੰਗਰੇਜੀ ਵਿਸ਼ੇ ਸਨ। ਮੇਰਾ ਸਕੂਲ ਮੇਰੇ ਘਰ ਤੋਂ ਦੋ ਮਿੰਟ ਦੀ ਦੂਰੀ ਤੇ ਸੀ। ਸਕੂਲ ਦੇ ਸਾਰੇ ਅਧਿਆਪਕ ਮਿਹਨਤੀ ਸਨ। ਪਰ ਇਥੇ ਮੈਂ ਸਿਰਫ਼ ਜਿਕਰ ਪ੍ਰਿੰਸੀਪਲ ਗਿਰਵਰ ਪ੍ਰਸਾਦ ਜੀ ਦਾ ਕਰਾਂਗਾ। ਉਹ ਬਾਹਰਲੇ ਸੂਬੇ ਤੋਂ ਆਏ ਸਨ ਅਤੇ ਪਤਲੇ ਜਿਹੇ ਲੰਬੇ ਕੱਦ ਦੇ ਸਨ। ਇਥੇ ਖੁਦ ਸਕੂਲ ਦੇ ਵਿਚ ਆਪ ਹੀ ਰਹਿੰਦੇ ਸਨ ਉਨ੍ਹਾਂ ਦਾ ਪ੍ਰਵਾਰ ਉਨ੍ਹਾਂ ਦੇ ਪਿੰਡ ਹੀ ਰਹਿੰਦਾ ਸੀ। ਉਹ ਸ਼ੁੱਧ ਸ਼ਾਕਾਹਾਰੀ ਸਨ। ਉਨ੍ਹਾਂ ਦੀ ਯੋਗਤਾ ਅਤੇ ਪੜ੍ਹਾਉਣ ਦੀ ਕਾਬਲੀਅਤ ਅਵਲ ਦਰਜੇ ਦੀ ਸੀ। ਉਨ੍ਹਾਂ ਦੀ ਰਹਿਣੀ ਸਹਿਣੀ ਸਧਾਰਨ ਸੀ ਅਕਸਰ ਹੀ ਉਹ ਚਿੱਟਾ ਕੁੜਤਾ, ਧੋਤੀ ਅਤੇ ਕੰਨਾਂ ਤੋਂ ਉੱਪਰ ਲੰਬੇ ਪੂੰਜੇ ਵਾਲੀ ਪੱਗ ਬੰਨਦੇ ਸਨ। ਉਹ ਹਿੰਦੀ ਵਿਚ ਗੱਲ ਕਰਦੇ ਸਨ। ਨੰਗੇ ਸਿਰ ਨਹੀਂ ਰਹਿੰਦੇ ਸਨ। ਪ੍ਰਿੰਸੀਪਲ ਸਰ ਦੇ ਦਫ਼ਤਰ ਦੇ ਨਜਦੀਕ ਹੀ ਸਾਡਾ ਕਲਾਸ ਰੂਮ ਸੀ। ਅਕਸਰ ਸਾਡੇ ਪੀਰੀਅਡ ਫ਼ਿਜਿਕਸ ਲੈਬ, ਕਮਿਸਟਰੀ ਲੈਬ, ਬੋਹੜ ਹੇਠਾਂ ਅਤੇ ਕਈ ਵਾਰ ਕਲਾਸ ਵਿਚ ਲੱਗਦੇ ਸਨ। ਅਸੀਂ ਜਮਾਤੀ ਚੱਕਵਾਂ ਬਲੈਕਬੋਰਡ ਚੱਕ ਕੇ ਲਿਆਉਂਦੇ ਸਨ ਅਤੇ ਬੋਹੜ ਥੱਲੇ ਰੱਖ ਦਿੰਦੇ ਸਨ। ਪ੍ਰਿੰਸੀਪਲ ਸਰ ਅਕਸਰ ਹੀ ਬੋਹੜ ਥੱਲੇ ਕਲਾਸ ਲਾਉਂਦੇ ਸਨ। ਇਥੋਂ ਉਨ੍ਹਾਂ ਦੀ ਨਜ਼ਰ ਸਾਰੇ ਸਕੂਲ ਤੱਕ ਜਾਂਦੀ ਸੀ। ਬਲੈਕ ਬੋਰਡ ਤੇ ਸਵਾਲ ਕਰਾਉਂਦੇ ਸਨ ਅਤੇ ਫ਼ਿਜਿਕਸ ਦੀ ਪੜ੍ਹਾਈ ਤਾਂ ਉਹ ਆਪਣੇ ਕਲਾਸ ਟੇਬਲ ਦੇ ਨਜਦੀਕ ਸਾਨੂੰ ਬੈਂਚਾਂ ਤੇ ਬਿਠਾ ਕੇ ਕਰਾਉਂਦੇ ਸਨ। ਇੱਕ ਬੱਚੇ ਦੀ ਕਾਪੀ ਲੈ ਕੇ ਉਸ ਉੱਪਰ ਸਮਝਾ ਦਿੰਦੇ ਸੀ ਉਹ ਆਪਣੇ ਵਿਸ਼ੇ ਦੇ ਬਹੁਤ ਜਿਆਦਾ ਮਾਹਰ ਸਨ। ਉਨ੍ਹਾਂ ਦੇ ਅੰਦਰ ਪੜ੍ਹਾਉਣ ਦਾ ਜਜਬਾ ਸੀ। ਉਹ ਕਦੇ ਵੀ ਕਲਾਸ ਨਹੀਂ ਛੱਡਦੇ ਸਨ। ਉਹ ਕਦੇ ਵੀ ਥੱਕਦੇ ਨਹੀਂ ਸਨ। ਜਿਹੋ ਜਿਹਾ ਗੁਰੂ ਉਹੇ ਜਿਹੇ ਚੇਲੇ ਸਨ। ਸਾਡੇ ਵਿਚ ਵੀ ਪੜ੍ਹਣ ਦੀ ਲਾਲਸਾ ਅਤੇ ਸਵਾਲ ਕਰਨ ਦੀ ਹਿੰਮਤ ਸੀ। ਉਹ ਸਵਾਲ ਕਰਾਉਂਦੇ ਸਨ ਅਸੀਂ ਨਾਲ ਦੀ ਨਾਲ ਬੋਲੀ ਜਾਂਦੇ ਸਨ। ਉਹ ਸਾਡੇ ਪ੍ਰਤੀਕਰਮ ਤੋਂ ਖੁਸ਼ ਸਨ। ਅਸੀਂ ਵੀ ਸਾਰਾ ਕੰਮ ਨਾਲ ਦੀ ਨਾਲ ਯਾਦ ਕਰ ਲੈਂਦੇ ਸੀ। ਉਹ ਬਹੁਤ ਹੀ ਪਿਆਰ ਨਾਲ ਸਮਝਾਉਂਦੇ ਸਨ। ਗੁੱਸੇ ਕਦੇ ਵੀ ਨਹੀਂ ਹੁੰਦੇ ਸਨ। ਉਨ੍ਹਾਂ ਨੇ ਫ਼ਿਜਿਕਸ ਪ੍ਰਯੋਗਸ਼ਲਾ ਲਈ ਸਮਾਨ ਖਰੀਦ ਕੇ ਲੈਬ ਭਰ ਦਿੱਤੀ ਸੀ  ਜਿਸ ਦਾ ਲਾਭ ਵਿਦਿਆਰਥੀਆਂ ਨੂੰ ਜਰੂਰ ਹੋਇਆ ਹੋਵੇਗਾ। ਕਈ ਵਾਰ ਫਿਜਿਕਸ ਦੇ ਪ੍ਰਯੋਗ ਕਰਨ ਲਈ ਲੈਬ ਵਿਚ ਬੁਲਾ ਲੈਂਦੇ ਸਨ। ਇਥੇ ਪਹਿਲਾਂ ਆਪ ਖੁਦ ਪ੍ਰਯੋਗ ਕਰਕੇ ਦਿਖਾਉਂਦੇ ਫਿਰ ਸਾਨੂੰ ਕਰਨ ਨੂੰ ਕਹਿ ਦਿੰਦੇ। ਇਸ ਤਰ੍ਹਾਂ ਉਨ੍ਹਾਂ ਨੇ ਸਕੂਲ ਵਿਚ ਦੱਬ ਕੇ ਪੜ੍ਹਾਈ ਕਰਵਾਈ। ਉਹ ਰੋਜਾਨਾ ਸਾਨੂੰ ਸ਼ਾਮ ਨੂੰ 5 ਵਜੇ ਸਕੂਲ ਦੀ ਪਾਰਕ ਵਿਚ ਬੁਲਾ ਕੇ ਕਲਾਸ ਲਗਾਉਂਦੇ ਸਨ ਇਹ ਇੱਕ ਸ਼ਾਮ ਦੀ ਕਲਾਸ ਸੀ ਟਿਊਸ਼ਨ ਨਹੀਂ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਅਸੀਂ ਇੱਕ ਕੁਰਸੀ ਲੈ ਆਉਂਦੇ ਅਤੇ ਅਸੀਂ ਘਾਹ ਤੇ ਅਰਾਮ ਨਾਲ ਬੈਠ ਜਾਂਦੇ। ਸ਼ਾਮ ਨੂੰ ਉਹ ਸਾਨੂੰ ਇੱਕ ਥਿਊਰਮ ਕਰਾਉਂਦੇ ਸਨ। ਜਿਹੜੀ ਥਿਊਰਮ ਕਰਨੀ ਹੁੰਦੀ ਸੀ ਪਹਿਲਾਂ ਅਸੀਂ ਥਿਊਰਮ ਬੋਲਦੇ ਫਿਰ ਉਹ ਜੁਬਾਨੀ ਸਮਝਾ ਦਿੰਦੇ ਸਨ। ਫਿਰ ਉਹ ਪਾਰਕ ਵਿਚੋਂ ਡੱਕੇ ਚੱਕ ਲੈਂਦੇ ਤੇ ਉਨ੍ਹਾਂ ਨੂੰ ਜ਼ਮੀਨ ਵਿਚ ਗੱਡ ਕੇ ਅਧਾਰ, ਲੰਬ ਅਤੇ ਕਰਨ ਬਣਾ ਕੇ ਸਵਾਲ ਕਰਾਉਂਦੇ ਸਨ। ਇਸ ਤਰ੍ਹਾਂ ਉਹ ਥੀ੍ਰ ਡਾਇਮੈਂਸ਼ਨ ਚਿੱਤਰ ਬਣਾ ਕੇ ਪੜ੍ਹਾਈ ਕਰਾਉਂਦੇ ਸਨ। ਇਸ ਤਰ੍ਹਾਂ ਸਾਨੂੰ ਵੀ ਜਲਦੀ ਸਮਝ ਆ ਜਾਂਦੀ ਸੀ। ਫਿਰ ਉਹ ਸਾਡੇ ਕੋਲੋਂ ਥਿਊਰਮ ਸੁਣਦੇ। ਅਸੀਂ ਵੀ ਉਨ੍ਹਾਂ ਵਾਗ ਥਿਊਰਮ ਸੁਣਾ ਦਿੰਦੇ।  ਉਹ ਵਾਰੀ ਵਾਰੀ ਸਾਡੇ ਤੋਂ ਪੁੱਛਦੇ ਰਹਿੰਦੇ। ਉਹ ਹਰ ਤਰ੍ਹਾਂ ਦੇ ਫਾਰਮੂਲੇ ਸਾਨੂੰ ਰਟਾ ਦਿੰਦੇ ਸਨ ਅਤੇ ਸੌਖੇ ਤਰੀਕੇ ਦੱਸ ਕੇ ਯਾਦ ਕਰਨ ਦਾ ਢੰਗ ਦੱਸਦੇ ਸਨ। ਵੱਡੀ ਗੱਲ ਇਹ ਸੀ ਕਿ ਉਹ ਮੁਫ਼ਤ ਪੜ੍ਹਾਉਂਦੇ ਸਨ। ਉਹ ਕਈ ਵਾਰ ਦੇਵ ਸਮਾਜ ਦੀ ਪਾਠਸ਼ਾਲਾ ਵਿਚ ਹਾਲ ਵਿਚ ਵੀ ਸਾਨੂੰ ਲੈ ਜਾਂਦੇ ਸੀ ਅਤੇ ਉਥੇ ਕਈ ਸ਼ਖਸੀਅਤਾਂ ਦੇ ਵਿਚਾਰ ਸੁਣਨ ਨੂੰ ਮਿਲਦੇ ਸਨ। ਮੈਂ ਉਨ੍ਹਾਂ ਦੇ ਜ਼ਜਬੇ ਨੂੰ ਸਲਾਮ ਕਰਦਾ ਹਾਂ। ਸਾਡੇ ਉਂਗਲਾਂ ਤੇ ਹਰ ਚੀਜ ਯਾਦ ਸੀ। ਬੇਸ਼ੱਕ ਅੱਜ ਦੇ ਜ਼ਮਾਨੇ ਵਿਚ ਕਈ ਅਧਿਆਪਕ ਦੱਬ ਕੇ ਮਿਹਨਤ ਕਰਕੇ ਟਿਊਸ਼ਨਾਂ ਕਰਦੇ ਹਨ ਜਿਸ ਨਾਲ ਆਰਥਿਕ ਤੌਰ ਤੇ ਤਕੜੇ ਹੋ ਜਾਂਦੇ ਹਨ। ਇੱਕ ਤਾਂ ਸਾਇੰਸ ਮੈਥ ਨਾਲ ਸਾਡਾ ਮੋਹ ਸੀ ਤੇ ਦੂਜੇ ਸਾਡੇ ਸਰ ਬਹੁਤ ਵਧੀਆ ਸਨ। ਅੱਜ ਵੀ ਉਨ੍ਹਾਂ ਦੀ ਪਿਆਰ ਭਰੀ ਨਿੱਘੀ ਯਾਦ ਆਉਂਦੀ ਹੈ। ਉਨ੍ਹਾਂ ਦੇ ਨਿਵੇਕਲੇ ਢੰਗਾਂ ਨਾਲ ਪੜਾਈ ਕਰਾਈ ਅਤੇ ਪੜ੍ਹਾਏ ਹੋਏ ਬਹੁਤ ਸਾਰੇ ਵਿਦਿਆਰਥੀ ਬੁਲੰਦੀਆਂ ਤੇ ਪੁੱਜੇ ਹੋਏ ਹੋਣਗੇ। ਮੈਂ ਉਨ੍ਹਾਂ ਦੀ ਬਦੋਲਤ ਸਾਇੰਸ ਵਿਸ਼ੇ ਦੀ ਪੜ੍ਹਾਈ ਕੀਤੀ ਤੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਪਹਿਲਾਂ ਸਾਇੰਸ ਮਾਸਟਰ, ਫਿਰ ਮੁੱਖਅਧਿਆਪਕ ਅਤੇ ਫਿਰ ਪ੍ਰਿੰਸੀਪਲ ਬਣ ਕੇ ਸੇਵਾਮੁਕਤ ਹੋ ਗਿਆ ਹਾਂ।
ਪਤਾ: ਮਕਾਨ ਨੰਬਰ: 166, ਗਲੀ ਹਜਾਰਾ ਸਿੰਘ ਮੋਗਾ-142001
ਮੋਬਾਇਲ: 97-810-40140
ਈਮੇਲ: jaspal.loham@gmail.com

ਮੇਰੇ ਪੰਜ ਵਿਦਿਆਰਥੀ ਪੜ੍ਹਨ ਵਿਚ ਬਰਾਬਰ ਦੀ ਦਿੰਦੇ ਸਨ ਟੱਕਰ - ਜਸਪਾਲ ਸਿੰਘ ਲੋਹਾਮ

ਕਈ ਸਾਲ ਹੋ ਗਏ ਇੱਕ ਗੱਲ ਯਾਦ ਆ ਗਈ ਜਿਹੜੀ ਸਾਂਝੀ ਕਰ ਰਿਹਾ ਹਾਂ। ਮੈਂ ਸਰਕਾਰੀ ਸਕੂਲ ਵਿਚ ਸਾਇੰਸ ਮਾਸਟਰ ਵਜੋਂ ਕੰਮ ਕਰ ਰਿਹਾ ਸੀ। ਉਦੋਂ ਮੇਰੇ ਕੋਲ ਦਸਵੀਂ ਜਮਾਤ ਸੀ ਅਤੇ ਸਾਇੰਸ ਦੀ ਪੜ੍ਹਾਈ ਕਰਾਉਂਦਾ ਸੀ। ਮੈਨੂੰ  ਛੁੱਟੀ ਲੈਣ ਦਾ ਚਾਅ ਹੀ ਨਹੀਂ ਹੁੰਦਾ ਸੀ ਅਤੇ ਫ਼ਾਲਤੂ ਦੀਆਂ ਡਿਊਟੀਆਂ ਤੋਂ ਦੂਰ ਰਹਿੰਦਾ ਸੀ। ਪਰ ਕਈ ਵਾਰ ਮਹਿਕਮੇ ਦਾ ਜਿੰਨ ਹੀ ਮਗਰ ਪੈ ਜਾਂਦਾ ਸੀ। ਮੇਰੀਆਂ ਹੋਰ ਸਕੂਲਾਂ ਵਿਚ ਸਾਲਾਨਾ ਪ੍ਰੀਖਿਆਵਾਂ ਵਿਚ ਡਿਊਟੀ ਬਤੌਰ ਡਿਪਟੀ ਸੁਪਰਡੈਂਟ ਲੱਗ ਜਾਂਦੀ ਸੀ ਹੋਰ ਭਾਵੇਂ ਕਿਸੇ ਦੀ ਲੱਗੇ ਨਾ ਲੱਗੇ ਮੇਰੀ ਜਰੂਰ ਲੱਗਦੀ ਸੀ। ਪਰ ਆਪਣੇ ਸਕੂਲ ਵਿਚ ਰਹਿ ਕੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਦੱਬ ਕੇ ਪੜ੍ਹਾ ਕੇ ਜੋ ਖੁਸ਼ੀ ਹੁੰਦੀ ਸੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੀ। ਵਿਭਾਗ ਦੇ ਕੰਮ ਤਾਂ ਸਾਰੇ ਕਰਨੇ ਪੈਂਦੇ ਹਨ। ਕਿਸੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ। ਮੇਰਾ ਨਾਂਅ ਤਾਂ ਵੱਟ ਤੇ ਪਿਆ ਹੁੰਦਾ ਸੀ। ਡਿਊਟੀਆਂ ਆ ਜਾਣ ਦੇ ਬਾਵਜੂਦ ਵੀ ਮੈਂ ਬੱਚਿਆਂ ਦੀ ਪੜ੍ਹਾਈ ਤੋਂ ਕਦੇ ਵੀ ਪਾਸੇ ਨਹੀਂ ਗਿਆ। ਇਸ ਲਈ ਮੈਂ ਆਪਣੇ ਕੇਂਦਰ ਸੁਪਰਡੈਂਟ ਨਾਲ ਗੱਲਬਾਤ ਕਰਕੇ ਮੈਂ ਖੁਦ ਡਿਊਟੀਆਂ ਘੱਟ ਕਰਵਾ ਲੈਂਦਾ ਅਤੇ ਹੋਰ ਚਾਹਵਾਨ ਅਧਿਆਪਕਾਂ ਦੀ ਡਿਊਟੀ ਵੱਧ ਕਰਵਾ ਲੈਂਦਾ। ਇਸ ਤਰ੍ਹਾਂ ਰਲਮਿਲ ਕੇ ਮਸਲਾ ਹੱਲ ਕਰ ਲਈਦਾ ਸੀ। ਇਸ ਲਈ ਬੱਚਿਆਂ ਨੂੰ ਪਤਾ ਉਦੋਂ ਹੀ ਲੱਗਦਾ ਸੀ ਕਿ ਸਾਡੇ ਮਾਸਟਰ ਸਕੂਲ ਆ ਗਏ ਹਨ। ਬੱਸ ਫਿਰ ਕਿ ਉਹ ਉਦੋਂ ਹੀ ਮੇਰੇ ਦਿੱਤੇ ਘਰ ਦੇ ਕੰਮ ਵਾਲੇ ਪ੍ਰਸ਼ਨਾਂ ਦੇ ਉੱਤਰ ਪੱਕੀ ਕਾਪੀ ਤੋਂ ਯਾਦ ਕਰਨ ਲੱਗ ਜਾਂਦੇ। ਉਨ੍ਹਾਂ ਨੂੰ ਵੀ ਤਾਅ ਚੜ ਜਾਂਦਾ। ਇਸ ਸਾਲ ਤਾਂ ਤਹੱਈਆ ਕਰ ਲਿਆ ਕਿ ਮੈਂ ਆਪਣੀ ਜਮਾਤ ਦਾ ਨਤੀਜਾ 100 ਫ਼ੀਸਦੀ ਦੇ ਨਾਲ ਨਾਲ ਬੱਚਿਆਂ ਦੇ ਵੱਧ ਨੰਬਰ ਲਿਆ ਕੇ ਦਿਖਾਵਾਂਗਾ। ਇਸ ਲਈ ਪਹਿਲਾਂ ਵਾਂਗ ਹੀ ਦੱਬ ਕੇ ਮਿਹਨਤ ਕਰਨ ਦਾ ਫੈਸਲਾ ਕੀਤਾ। ਸਲੇਬਸ ਸਮੇਂ ਸਿਰ ਖਤਮ ਕਰਨਾ, ਰੋਜ਼ਾਨਾ ਪ੍ਰਸ਼ਨ ਯਾਦ ਕਰਾਉਣੇ, ਸੁਣਨੇ, ਟੈਸਟ ਲੈਣੇ, ਪ੍ਰਯੋਗ ਨਾਲ ਦੀ ਨਾਲ ਕਰਾਉਣ ਦਾ ਸਿਲਸਲਾ ਜਾਰੀ ਕਰ ਦਿੱਤਾ। ਇਸ ਮਿਸ਼ਨ ਨੂੰ ਲੈ ਕੇ ਮੈਂ ਦੱਬ ਕੇ ਮਿਹਨਤ ਕਰਾਉਂਦਾ, ਰੋਜ਼ਾਨਾ ਹਾਜਰੀ ਦੇਖਦਾ, ਗੈਰਹਾਜਰਾਂ ਨੂੰ ਹਾਜਰ ਕਰਾਉਂਦਾ, ਬੱਚਿਆਂ ਦੇ ਘਰਾਂ ਵਿਚ ਸੁਨੇਹੇ ਭੇਜਦਾ। ਫਿਰ ਤਾਂ ਮਾਪੇ ਵੀ ਆਪਣੇ ਜੁਆਕਾਂ ਨੂੰ ਛੁੱਟੀ ਦਿਵਾਉਣ ਵੀ ਨਹੀਂ ਆਉਂਦੇ ਸੀ ਉਹ ਵੀ ਸੋਚਣ ਲੱਗ ਪਏ ਕਿ ਸਾਡੇ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਬੱਚਿਆਂ ਦੀ ਵੀ ਰੁਟੀਨ ਬਣ ਗਈ। ਕਲਾਸ ਟੈਸਟ ਲੈ ਕੇ, ਮੈਂ ਬੱਚਿਆਂ ਦੇ ਨੰਬਰ ਲਾਉਂਦਾ। ਕਲਾਸ ਵਿਚ ਪੰਜ ਬੱਚੇ ਬਹੁਤ ਹੁਸ਼ਿਆਰ ਸਨ। ਜਦੋਂ ਮੈਂ ਟੈਸਟ ਚੈਕ ਕਰਕੇ ਵੰਡਦਾ ਤਾਂ ਪੰਜਾਂ ਵਿਚੋਂ ਕਈ ਚੰਗੇ ਨੰਬਰ ਲੈ ਜਾਂਦੇ ਇੱਕ ਦੋ ਪਛੜ ਜਾਂਦੇ। ਜਿਸ ਬੱਚੇ ਦੇ ਨੰਬਰ ਘਟ ਜਾਂਦੇ ਸੀ ਉਹ ਕਲਾਸ ਵਿਚ ਹੀ ਆਪਣੇ ਹੰਝੂ ਭਰ ਆਉਂਦਾ। ਉਹਦੇ ਮਨ ਵਿਚ ਇਹ ਆਉਂਦਾ ਕਿ ਮੇਰੇ ਨੰਬਰ ਦੂਜਿਆਂ ਨਾਲੋਂ ਘਟ ਗਏ। ਉਹ ਉਦਾਸ ਹੋ ਜਾਂਦੇ। ਅਗਲੇ ਦਿਨ ਫਿਰ ਪੜ੍ਹਾਈ ਤੋਂ ਬਾਅਦ ਕਲਾਸ ਟੈਸਟ ਤੇ ਫਿਰ ਉਹੀ ਬੱਚੇ ਅੱਗੇ ਨਿੱਕਲ ਜਾਂਦੇ। ਸਿਲਸਲਾ ਇਸ ਤਰ੍ਹਾਂ ਚੱਲਦਾ ਰਿਹਾ। ਇੱਕ ਗੱਲ ਪੱਕੀ ਸੀ ਕਿ ਟੈਸਟ ਦੇ ਸਮੇਂ ਪੰਜੇ ਬੱਚੇ ਕਿਸੇ ਨੂੰ ਵੀ ਨਹੀਂ ਦੱਸਦੇ ਸੀ ਤੇ ਨਾ ਕਿਸੇ ਤੋਂ ਪੁੱਛਦੇ ਸੀ। ਇਹ ਉਨ੍ਹਾਂ ਦਾ ਪੱਕਾ ਨਿਯਮ ਸੀ। ਮੇਰੀ ਕਲਾਸ ਵਿਚ ਕੁੱਝ ਕੁ ਬੱਚੇ ਹੀ ਢਿੱਲੇ ਸਨ ਪਰ ਉਨ੍ਹਾਂ ਦੀ ਪੜ੍ਹਾਈ ਦੀ ਰਫਤਾਰ ਵੀ ਬਣਾ ਦਿੱਤੀ। ਕੁੱਝ ਬੱਚਿਆਂ ਦੇ ਗਰੁੱਪ ਬਣਾ ਦਿੱਤੇ। ਇੱਕ ਹੁਸ਼ਿਆਰ ਬੱਚੇ ਦੇ ਨਾਲ ਦੂਜੇ ਪੰਜ ਬੱਚੇ ਲਾ ਦਿੱਤੇ। ਇਨ੍ਹਾਂ ਨੂੰ ਗਰੁੱਪ ਦੇ ਕਮਾਂਡਰ ਬਣਾ ਦਿੱਤਾ। ਗਰੁੱਪ ਦੇ ਬੱਚੇ ਵੀ ਰਲਮਿਲ ਕੇ ਪੜ੍ਹਨ ਲੱਗ ਪਏ। ਇੱਕ ਦੂਸਰੇ ਤੋਂ ਪੁੱਛਣ ਦੱਸਣ ਲੱਗ ਪਏ। ਕਮਾਂਡਰ ਖੁਦ ਦੱਬ ਕੇ ਪੜ੍ਹਦੇ ਤੇ ਦੂਜੇ ਗਰੁੱਪ ਦੇ ਬੱਚਿਆਂ ਨੂੰ ਵੀ ਯਾਦ ਕਰਾਉਂਦੇ ਅਤੇ ਧਿਆਨ ਰੱਖਦੇ। ਜਦੋਂ ਮੇਰਾ ਸਾਰੀ ਕਲਾਸ ਵੱਲ ਇੱਕ ਇੱਕ ਬੱਚੇ ਵੱਲ ਧਿਆਨ ਜਾਂਦਾ ਤਾਂ ਦੇਖਦਾ ਹਾਂ ਕਿ ਸਾਰੇ ਬੱਚੇ ਪੜ੍ਹਾਈ ਵਿਚ ਮਗਨ ਹੁੰਦੇ ਸਨ। ਇਸ ਤਰ੍ਹਾਂ ਕਮਾਂਡਰ ਬੱਚੇ ਕਦੇ ਕੋਈ ਅੱਗੇ ਤੇ ਕਦੇ ਕੋਈ ਇਸ ਤਰ੍ਹਾਂ ਸਿਲਸਲਾ ਚੱਲਦਾ ਰਿਹਾ। ਸਾਰਾ ਸਾਲ ਬੱਚਿਆਂ ਨੇ ਵੀ ਸਖਤ ਮਿਹਨਤ ਕੀਤੀ। ਹੁਣ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਉਂਗਲਾਂ ਤੇ ਸਨ। ਸਾਲਾਨਾ ਪ੍ਰੀਖਿਆਵਾਂ ਸਿਰ ਤੇ ਆ ਗਈਆਂ। ਬੱਚਿਆਂ ਨੂੰ ਫਿਰ ਸਮਝਾ ਦਿੱਤਾ ਕਿ ਬੇਟਾ ਪ੍ਰੀਖਿਆਵਾਂ ਅਸੀਂ ਨਹੀਂ ਲੈਣੀਆਂ ਬਾਹਰਲੇ ਸਕੂਲਾਂ ਦੇ ਅਧਿਆਪਕ ਆ ਕੇ ਤੁਹਾਡੇ ਪੇਪਰ ਲੈਣਗੇ। ਉਹ ਵੀ ਸਾਡੇ ਵਰਗੇ ਹਨ ਪਰ ਤੁਸੀਂ ਘਬਰਾਉਣਾ ਨਹੀਂ, ਡਰਨਾ ਨਹੀਂ, ਝਿਜਕਣਾ ਨਹੀਂ, ਤੁਸੀਂ ਕਿਸੇ ਕਿਸਮ ਦੀ ਚਿੰਤਾ ਨਹੀਂ ਕਰਨੀ। ਤੁਸੀਂ ਸਾਰਾ ਸਾਲ ਤਿਆਰੀ ਕੀਤੀ ਹੈ ਸਾਰੇ ਪ੍ਰਸ਼ਨ ਤੁਹਾਨੂੰ ਆਉਂਦੇ ਹਨ। ਤੁਹਾਨੂੰ ਯਾਦ ਹਨ। ਪੇਪਰ ਵਿਚ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਡੇ ਯਾਦਾਂ ਦੇ ਸ੍ਰੋਤ ਵਿਚੋਂ ਪ੍ਰਸ਼ਨਾਂ ਦੇ ਉੱਤਰ ਭੱਜੇ ਆਉਣਗੇ ਤੇ ਤੁਸੀਂ ਵਧੀਆ ਪੇਪਰ ਕਰਕੇ ਆਉਗੇ। ਬੱਚਿਆਂ ਦੇ ਮਨ ਵਿਚ ਮੇਰੀਆਂ ਗੱਲਾਂ ਪੱਲੇ ਪੈ ਗਈਆਂ। ਪੇਪਰਾਂ ਦੇ ਦਿਨ ਆ ਗਏ ਤੇ ਬੱਚੇ ਪੇਪਰਾਂ ਵਿਚ ਵਿਅਸਥ ਹੋ ਗਏ। ਜਿਸ ਦਿਨ ਸਾਇੰਸ ਦਾ ਪੇਪਰ ਸੀ ਉਸ ਦਿਨ ਬੱਚੇ ਪੇਪਰ ਤੋਂ ਬਾਅਦ ਮੇਰੇ ਕੋਲ ਆਏ ਤੇ ਸਾਰੇ ਬੱਚਿਆਂ ਨੇ ਆਪਣੇ ਪ੍ਰਸ਼ਨ ਪੱਤਰ ਦਿਖਾ ਕੇ ਆਪਣੇ ਹੱਲ ਕੀਤੇ ਪੇਪਰਾਂ ਬਾਰੇ ਜਿਕਰ ਕੀਤਾ। ਮੈਂ ਇੱਕ ਇੱਕ ਬੱਚੇ ਨਾਲ ਗੱਲਬਾਤ ਕੀਤੀ। ਸਾਰੇ ਖੁਸ਼ ਸਨ। ਬਾਗੋਬਾਗ ਸਨ। ਸਰ! ਆਹ ਵੀ ਕੀਤਾ, ਸਰ ਆਹ ਵੀ ਕੀਤਾ, ਸਾਰੇ ਚੱਕਤੇ, ਸਾਰੇ ਕਰਤੇ। ਕਈ ਬੱਚਿਆਂ ਨੇ ਆਪਣੇ ਪੇਪਰ ਦੇ ਅੰਦਾਜਨ ਨੰਬਰ ਵੀ ਲਗਾ ਲਏ। ਉਨ੍ਹਾਂ ਕਮਾਲ ਕਰ ਦਿੱਤੀ। ਉਨ੍ਹਾਂ ਦੇ ਹਾਵ ਭਾਵ ਦੇਖਕੇ ਮੈਂ ਵੀ ਬਹੁਤ ਖੁਸ਼ ਹੋਇਆ। ਅੰਤ ਮੈਂ ਬੱਚਿਆਂ ਨੂੰ ਕਿਹਾ ਕਿ ਬੇਟਾ ਤੁਸੀਂ ਆਪਣੀ ਜਿੰਦਗੀ ਵਿਚ ਕਦੇ ਵੀ ਰੁਕਣਾ ਨਹੀਂ ਸਦਾ ਚੱਲਦੇ ਜਾਣਾ ਹੈ, ਲਹਿਰਾਂ ਦੇ ਵਾਂਗ ਸਦਾ ਅੱਗੇ ਵਧਦੇ ਜਾਣਾ ਹੈ ਤੇ ਇੱਕ ਦਿਨ ਤੁਸੀਂ ਆਪਣੇ ਨਿਸ਼ਾਨੇ ਤੇ ਜਰੂਰ ਪਹੁੰਚਣਾ। ਆਪਣੀ ਇਹ ਹਿੰਮਤ ਬਣਾਈ ਰੱਖਣੀ ਹੈ। ਇਸ ਤਰ੍ਹਾਂ ਬੱਚਿਆਂ ਦੇ ਲਿਖਤੀ ਪ੍ਰਯੋਗੀ ਪੇਪਰ ਹੋ ਗਏ। ਕਾਫੀ ਸਮੇਂ ਬਾਅਦ ਦਸਵੀਂ ਦਾ ਨਤੀਜਾ ਆਇਆ। ਸਾਰੇ ਬੱਚੇ ਪਾਸ ਹੋ ਗਏ ਅਤੇ ਪੰਜ ਬੱਚਿਆਂ ਨੇ ਸ਼ਾਨਦਾਰ ਨੰਬਰ ਹਾਸਿਲ ਕੀਤੇ। ਨਤੀਜੇ ਵਾਲੇ ਦਿਨ ਸਾਰੇ ਬੱਚੇ ਮੈਨੂੰ ਮਿਲ ਕੇ ਗਏ। ਮੈਂ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ। ਮੇਰੇ ਪੰਜ ਟਾਪਰ ਵਿਦਿਆਰਥੀ ਬੱਚਿਆਂ ਵਿਚ ਚਾਰ ਕੁੜੀਆਂ ਅਤੇ ਇੱਕ ਮੁੰਡਾ ਸੀ। ਇਹ ਮੁੰਡਾ ਹੁਣ ਲੇਖਕ ਵੀ ਹੈ ਅਤੇ ਪੰਜਾਬੀ ਅਖ਼ਬਾਰਾਂ ਵਿਚ ਬਹੁਤ ਵਧੀਆ ਲੇਖ ਵੀ ਲਿਖਦਾ ਹੈ। ਰੱਬ ਖੈਰ ਕਰੇ। ਮੇਰੇ ਇਹ ਬੱਚੇ ਤਰੱਕੀ ਦੀਆਂ ਮੰਜ਼ਲਾਂ ਸਰ ਕਰਨ।
ਪਤਾ: ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ, ਮੋਗਾ-142001
ਈਮੇਲ: jaspal.loham@gmail.com
ਮੋਬਾਇਲ: 97-810-40140

ਖੂਨ ਪਸੀਨੇ ਦੀ ਕਮਾਈ ਨੂੰ ਵੀ ਨਹੀਂ ਬਖਸ਼ਦੀ ਰਿਸ਼ਵਤ - ਜਸਪਾਲ ਸਿੰਘ ਲੋਹਾਮ

"ਭ੍ਰਿਸ਼ਟਾਚਾਰ" ਸ਼ਬਦ ਦੋ ਸ਼ਬਦਾਂ ਭ੍ਰਿਸ਼ਟਾ ਅਤੇ ਚਾਰ ਦਾ ਸੁਮੇਲ ਹੈ, ਪਹਿਲਾ ਹਿੱਸਾ ਭ੍ਰਿਸ਼ਟਾ ਦਾ ਮਤਲਬ ਬੁਰਾ ਅਤੇ ਦੂਜਾ ਹਿੱਸਾ ਚਾਰ ਦਾ ਮਤਲਬ ਆਚਰਨ, ਇਹ ਜੋੜ ਕੇ ਅਰਥ ਬੁਰਾ ਆਚਰਨ ਬਣ ਜਾਂਦਾ ਹੈ।  ਰਿਸ਼ਵਤਖੋਰ ਸਿਰੇ ਦੇ ਬੁਰੇ ਬੰਦੇ ਹੁੰਦੇ ਹਨ ਇਸ ਵਿਚ ਕੋਈ ਸ਼ੱਕ ਨਹੀਂ। ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਅਨਪੜ੍ਹਤਾ ਨੇ ਆਮ ਆਦਮੀ ਦੀਆਂ ਚੂਲਾਂ ਹਲਾ ਕੇ ਰੱਖ ਦਿੱਤੀਆਂ ਹਨ। ਜਿਸ ਕਰਕੇ ਘਰਾਂ ਦੀਆਂ ਜਰੂਰਤਾਂ ਹੀ ਪੂਰੀਆਂ ਨਹੀਂ ਹੁੰਦੀਆਂ। ਸਭ ਨੂੰ ਰੋਜੀ ਰੋਟੀ ਦੇ ਲਾਲੇ ਪਏ ਰਹਿੰਦੇ ਹਨ। ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋਇਆ ਪਿਆ ਹੈ। ਸੀਟਾਂ ਤੇ ਬੈਠੇ ਚੰਗੇ ਬੰਦੇ ਪ੍ਰਸੰਸਾ ਦੇ ਕਾਬਲ ਹਨ ਪਰ ਦੂਜੇ ਪਾਸੇ ਸੀਟਾਂ ਤੇ ਉਹ ਵੀ ਬੈਠੇ ਹਨ, ਜਿੰਨਾਂ ਦੀਆਂ ਤਨਖਾਹਾਂ ਵੀ ਬਹੁਤ ਹਨ ਫਿਰ ਵੀ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਨਹੀਂ ਚੱਲ ਰਿਹਾ, ਕਮਾਲ ਦੀ ਗੱਲ ਹੈ ਸੀਟਾਂ ਤੇ ਬੈਠੇ ਕਈ ਖੁਦਗਰਜ ਅਤੇ ਲਾਲਚੀ ਬਣਦੇ ਜਾ ਰਹੇ ਹਨ। ਰਿਸ਼ਵਤ ਲੈ ਕੇ ਕੰਮ ਕਰਦੇ ਹਨ। ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ। ਪਹਿਲਾਂ ਧਾੜਵੀ ਹਮਲਾਵਰ ਦੂਰੋਂ ਬਾਹਰੋਂ ਆਉਂਦੇ ਸੀ ਤੇ ਸਾਡੇ ਮੁਲਕ ਨੂੰ ਲੁੱਟਦੇ ਸੀ। ਹੁਣ ਤਾਂ ਇਥੇ ਹੀ ਆਪਣੇ ਹੀ ਧਾੜਵੀ ਬਣੇ ਫਿਰਦੇ ਹਨ ਅਤੇ ਰਿਸ਼ਵਤ ਦੀ ਮੰਗ ਕਰਦੇ ਹਨ। ਮੁਲਾਜ਼ਮ ਦਫਤਰ ਵਿਚ ਕੰਮ ਕਰਦੇ ਹਨ ਅਤੇ ਰਿਸ਼ਵਤ ਲੈਣ ਵੇਲੇ ਬਾਹਰ ਆ ਜਾਂਦੇ ਹਨ। ਕਈ ਰਕਮ ਸਿੱਧੇ ਨੀ ਫੜਦੇ, ਉਨ੍ਹਾਂ ਨੇ ਬੰਦੇ ਰੱਖੇ ਹੋਏ ਹਨ। ਇਹ ਜੋਕਾਂ ਆਮ ਲੋਕਾਂ ਦਾ ਰੱਜ ਕੇ ਖੂਨ ਚੂਸਦੀਆਂ ਹਨ। ਥਾਂ ਥਾਂ ਤੇ ਇਹ ਹਾਲ ਹੈ। ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਹੁਣ ਵੀ ਹੈ ਅਤੇ ਜੇ ਕਾਬੂ ਨਾ ਕੀਤਾ ਤਾਂ ਭਵਿੱਖ ਵਿਚ ਵੀ ਏਵੇਂ ਚੱਲੇਗਾ।
ਵਕੀਲ ਆਰਨੋ ਮੌਂਟਬੁਰ ਲਿਖਦੇ ਹਨ ਕਿ "ਭ੍ਰਿਸ਼ਟਾਚਾਰ ਬਹੁਤ ਜਿਆਦਾ ਫੈਲੇ ਪ੍ਰਦੂਸ਼ਣ ਵਾਂਗ ਹੈ ਜਿਸ ਵਿਚ ਲੋਕਾਂ ਦਾ ਦਮ ਘੁੱਟ ਰਿਹਾ ਹੈ।" ਅੱਤਿਆਚਾਰ ਦਾ ਇੱਕ ਰੂਪ ਹੈ ਭ੍ਰਿਸ਼ਟਾਚਾਰ। ਜਿੰਨਾਂ ਨੇ ਲੋਕਾਂ ਦੀ ਸੇਵਾ ਕਰਨੀ ਹੈ ਉਹ ਸੀਟਾਂ ਤੇ ਬੈਠ ਕੇ ਲੋਕਾਂ ਦੀ ਆਰਥਿਕ ਲੁੱਟ ਕਰ ਰਹੇ ਹਨ ਅਤੇ ਗਲਤ ਕੰਮ ਕਰਨ ਭੋਰਾ ਵੀ ਡਰਦੇ ਨਹੀਂ। ਕਹਾਵਤ ਹੈ ਸੋ ਦਿਨ ਚੋਰ ਦੇ ਤੇ ਇੱਕ ਦਿਨ ਸਾਧ ਦਾ ਹੁੰਦਾ ਹੈ, ਇਹ ਰਿਸ਼ਵਤ ਖੋਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਕਿਸੇ ਨੂੰ ਕੋਈ ਡਰ ਹੀ ਨਹੀਂ, ਧੜਾਧੜ ਰਿਸ਼ਵਤ ਲਈ ਜਾਂਦੇ ਹਨ। ਕਈ ਰਸੂਖਦਾਰ ਅਤੇ ਸਿਫਾਰਸ਼ੀ ਹੀ ਆਪਣੇ ਕੰਮ ਜਲਦੀ ਕਰਵਾ ਜਾਂਦੇ ਹਨ ਨਹੀਂ ਤਾਂ ਬਾਕੀਆਂ ਦੇ ਕੰਮ ਲੰਬਾ ਸਮਾਂ ਉਵੇਂ ਹੀ ਪਏ ਰਹਿੰਦੇ ਹਨ।  ਫਾਇਲਾਂ ਤੇ ਵਾਰ ਵਾਰ ਇਤਰਾਜ ਲਾਏ ਜਾਂਦੇ ਹਨ ਅਤੇ ਖੱਜਲ ਖੁਆਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਈ ਗੇੜੇ ਮਰਵਾਏ ਜਾਂਦੇ ਹਨ। ਜਦੋਂ ਕਾਗਜ ਪੂਰੇ ਕਰ ਦਿੱਤੇ ਜਾਂਦੇ ਹਨ ਫਿਰ ਵੀ ਫਾਇਲ ਅੱਗੇ ਨਹੀਂ ਰੁੜਦੀ। ਆਖਰਕਾਰ ਕਾਗਜ ਦੇ ਪਹੀਏ ਲਾ ਕੇ ਫਾਇਲ ਤੁਰਦੀ ਹੈ। ਰਿਸ਼ਵਤਖੋਰਾਂ ਦਾ ਮੋਟੀਆਂ ਤਨਖਾਹਾਂ ਨਾਲ ਵੀ ਢਿੱਡ ਨਹੀਂ ਭਰਦਾ। ਗਰੀਬ ਬੰਦਾ ਰਿਸ਼ਵਤ ਲਈ ਕਿੱਥੋਂ ਰਕਮ ਕੱਢ ਕੇ ਦੇਵੇ ਬੜਾ ਔਖਾ ਕੰਮ ਹੈ। ਲੋਕ ਅੰਦਰ ਹੀ ਅੰਦਰ ਦੁਖੀ ਹੋ ਕੇ ਬਦਅਸੀਸਾਂ ਜਰੂਰ ਦਿੰਦੇ ਹੋਣਗੇ। ਦਿਹਾੜੀਦਾਰ ਮਜਦੂਰਾਂ ਨੂੰ ਵੀ ਨਹੀਂ ਬਖਸ਼ਦੇ। ਜਾਣਕਾਰੀ ਅਨੁਸਾਰ ਸਾਲ 2005 ਵਿਚ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਇੱਕ ਸਰਵੇਖਣ ਵਿਚ ਦਰਜ਼ ਕੀਤਾ ਕਿ 62 ਫ਼ੀਸਦੀ ਤੋਂ ਵੱਧ ਲੋਕਾਂ ਨੇ ਕਿਸੇ ਨਾ ਕਿਸੇ ਸਮੇਂ, ਕਿਸੇ ਕੰਮ ਨੂੰ ਕਰਵਾਉਣ ਬਦਲੇ ਰਿਸ਼ਵਤ ਦਿੱਤੀ ਹੋਏਗੀ। ਸਾਲ 2023 ਵਿਚ ਭਾਰਤ ਦਾ ਸਕੋਰ 39 ਸੀ। ਇਥੇ ਸਕੇਲ 0 (ਵੱਧ ਤੋਂ ਵੱਧ ਭ੍ਰਿਸ਼ਟ) ਤੋਂ 100 (ਬਹੁਤ ਸਾਫ ਸੁਥਰਾ) ਹੈ। ਦੇਸ਼ ਵਿਚ ਰਿਸ਼ਵਤ ਕੋਹੜ ਵਾਂਗ ਫੈਲੀ ਪਈ ਹੈ ਪਰ ਇਹਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਹੰਬਲੇ ਮਾਰਨੇ ਪੈਣੇ ਹਨ ਨਹੀਂ ਤਾਂ ਇਹ ਅਮਰਵੇਲ ਵਾਂਗ ਹੋਰ ਵਧਦੀ ਜਾਵੇਗੀ।
ਇਸੇ ਤਰ੍ਹਾਂ ਏ.ਜੀ. ਪੰਜਾਬ ਦੇ ਅਕਾਊਂਟੈਂਟ ਨੂੰ 1500-00 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਅਤੇ ਦਸ ਹਜਾਰ ਰੁਪਏ ਜੁਰਮਾਨਾ ਵੀ ਕੀਤਾ। ਜਿਕਰਯੋਗ ਹੈ ਕਿ ਸੀ.ਬੀ.ਆਈ. ਨੇ ਅੱਠ ਸਾਲ ਪਹਿਲਾਂ ਏ.ਜੀ. ਪੰਜਾਬ ਦਫ਼ਤਰ ਵਿਚ ਮੁਲਜ਼ਮ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ਸੀ। ਅਦਾਲਤ ਨੇ ਦੋਸ਼ ਕਰਾਰ ਦੇ ਕੇ ਜੇਲ ਭੇਜ ਦਿੱਤਾ। ਸ਼ਿਕਾਇਤ ਕਰਤਾ ਵਾਰਡਨ ਨੇ ਸੀ.ਬੀ.ਆਈ. ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਘਰ ਬਣਾਉਣ ਲਈ ਤਿੰਨ ਲੱਖ ਰੁਪਏ ਦਾ ਕਰਜਾ ਲਿਆ ਸੀ ਜਿਹੜਾ ਉਹ ਮੋੜ ਚੁੱਕਾ ਸੀ। ਉਸਨੇ ਬੀਮਾਰੀ ਕਾਰਨ, ਸੇਵਾਮੁਕਤੀ ਪਹਿਲਾਂ ਲੈ ਲਈ ਸੀ। ਉਸਨੇ ਕਰਜੇ ਦਾ ਇਤਰਾਜਹੀਣਤਾ ਸਰਟੀਫਿਕੇਟ ਏ.ਜੀ. ਪੰਜਾਬ ਤੋਂ ਲੈਣਾ ਸੀ। ਉਸਨੇ ਅਕਾਉਟੈਂਟ ਨਾਲ ਸੰਪਰਕ ਕੀਤਾ। ਮੁਲਜ਼ਮ ਨੇ ਇਤਰਾਜਹੀਣਤਾ ਸਰਟੀਫਿਕੇਟ ਦੇਣ ਬਦਲੇ 1500-00 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਆਪਣਾ ਜਾਲ ਵਿਛਾਇਆ। ਜਦੋਂ ਮੁਲਜ਼ਮ, ਰਿਸ਼ਵਤ ਲੈਣ ਲਈ ਹੇਠਾਂ ਆਇਆ ਤਾਂ ਸੀ.ਬੀ.ਆਈ. ਨੇ ਉਸਨੂੰ ਕਾਬੂ ਕਰ ਲਿਆ।
ਪੰਜਾਬ ਵਿਜ਼ੀਲੈਂਸ ਬਿਊਰੋ ਨੇ ਪਿੰਡ ਕਰੂਰਾਂ ਵਿਖੇ ਜੰਗਲਾਤ ਵਿਭਾਗ ਦੀ ਜ਼ਮੀਨ ਦਾ ਗੈਰ ਕਾਨੂੰਨੀ ਤਬਾਦਲਾ ਇੰਤਕਾਲ ਕਰਨ ਦੇ ਦੋਸ਼ ਵਿਚ ਜ਼ਿਲ੍ਹਾ ਰੂਪਨਗਰ ਦੇ ਵਿਚ ਤਾਇਨਾਤ ਪਟਵਾਰੀ ਹੁਣ ਕਾਨੂੰਗੋ ਨੂੰ ਗ੍ਰਿਫਤਾਰ ਕੀਤਾ। ਸਾਲ 2020 ਵਿਚ ਰਾਜ ਦੇ ਮਾਲ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ 54 ਏਕੜ ਜ਼ਮੀਨ ਮਹਿੰਗੇ ਭਾਅ  ਤੇ ਜੰਗਲਾਤ ਵਿਭਾਗ ਦੇ ਨਾਮ ਤੇ ਰਜਿਸਟਰੀ ਕਰਵਾਈ ਸੀ, ਜਿਸ ਕਰਕੇ ਰਾਜ ਸਰਕਾਰ ਨੂੰ 5.35 ਕਰੋੜ ਦਾ ਨੁਕਸਾਨ ਹੋਇਆ। ਪਟਵਾਰੀ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਜ਼ਮੀਨ ਦਾ ਗੈਰ ਕਾਨੂੰਨੀ ਤਬਾਦਲਾ ਦਰਜ ਕਰਵਾਇਆ ਅਤੇ ਉਸ ਸਮੇਂ ਦੇ ਨਾਇਬ ਤਹਿਸੀਲਦਾਰ ਦੀ ਮਿਲੀ ਭੁਗਤ ਨਾਲ 73 ਫ਼ਰਜੀ ਇੰਤਕਾਲ ਅਤੇ ਤਬਾਦਲੇ ਮਨਜੂਰ ਕਰਵਾਏ। ਪੜਤਾਲ ਦੌਰਾਨ ਪਾਇਆ ਕਿ ਮੁਲਜ਼ਮ ਨੇ ਇਸ ਕੰਮ ਦੇ ਬਦਲੇ ਰਿਸ਼ਵਤ ਵਜੋਂ ਪੰਜ ਲੱਖ ਰੁਪਏ ਲਏ ਸੀ ਅਤੇ ਆਪਣੀ ਪਤਨੀ ਦੇ ਬੈਂਕ ਖਾਤੇ ਵਿਚ ਜਮਾ੍ਹ ਕਰਵਾ ਦਿੱਤੇ। ਅਜਿਹੀਆਂ ਖ਼ਬਰਾਂ ਅਕਸਰ ਹੀ ਸੁਰਖੀਆਂ ਬਣਦੀਆਂ ਹਨ।
ਰਿਸ਼ਵਤਖੋਰੀ ਐਕਟ 2010 ਅਧੀਨ ਦੋਸ਼ੀ ਨੂੰ 10 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਲਗਾਇਆ ਜਾਂਦਾ ਹੈ। ਕਿਸੇ ਤੋਂ ਵਾਧੂ ਤੋਹਫੇ, ਮਨੋਰੰਜਣ ਅਤੇ ਪ੍ਰਹੁਣਚਾਰੀ ਤੇ ਖਰਚੇ ਕਰਵਾਉਣੇ ਵੀ ਇੱਕ ਰਿਸ਼ਵਤ ਦਾ ਹੀ ਰੂਪ ਹੈ। ਰਿਸ਼ਵਤ ਖੋਰਾਂ ਲਈ ਕਈ ਸੁਰੱਖਿਆ ਛਤਰੀ ਬਣਦੇ ਹਨ ਜਿਹੜੀ ਕਿ ਬਹੁਤ ਮਾੜੀ ਗੱਲ ਹੈ। ਲੋਕਾਂ ਦਾ ਖੂਨ ਚੂਸਣ ਵਾਲਿਆਂ ਦਾ ਸਾਥ ਕਦੇ ਵੀ ਨਹੀਂ ਦੇਣਾ ਚਾਹੀਦਾ। ਦੇਸ਼ ਵਿਚ ਫੈਲੀ ਇਹ ਕੈਂਸਰ ਰੂਪੀ ਰਿਸ਼ਵਤ ਨੂੰ ਨੱਥ ਪਾਉਣ ਦੀ ਲੋੜ ਹੈ ਅਤੇ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਕੇ, ਸਖ਼ਤ ਸਜਾਵਾਂ ਦਿੱਤੀਆਂ ਜਾਣ। ਰਿਸ਼ਵਤ ਖੋਰਾਂ ਦੀ ਜਗ੍ਹਾਂ ਸਿਰਫ਼ ਜੇਲ ਹੈ। ਉਨ੍ਹਾਂ ਨੂੰ ਕਾਬੂ ਕਰਕੇ ਜੇਲਾਂ ਵਿਚ ਸੁੱਟ ਦੇਣਾ ਚਾਹੀਦਾ ਹੈ ਤੇ ਇਹ ਦੂਜਿਆਂ ਲਈ ਵੀ ਸਬਕ ਹੋਵੇਗਾ। ਸਾਰੇ ਲੋਕਾਂ, ਸਾਰੀਆਂ ਜੱਥੇਬੰਦੀਆਂ ਅਤੇ ਐਂਟੀ ਕਰੱਪਸ਼ਨ ਫਰੰਟ ਇਸ ਕਾਰਜ ਵਿਚ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਵਿਜ਼ੀਲੈਂਸ ਬਿਊਰੋ ਪੰਜਾਬ ਦਾ ਜਨਰਲ ਫੋਨ ਨੰਬਰ: 0172-2217100, ਵਟਸਐਪ ਨੰਬਰ: 95-012-00200 ਅਤੇ ਟੋਲ ਫਰੀ ਨੰਬਰ: 1800 1800 1000 ਹੈ ਅਤੇ ਲੋੜ ਪੈਣ ਵੇਲੇ ਇਹਦੀ ਵਰਤੋਂ ਕਰ ਸਕਦੇ ਹਾਂ।
ਪਤਾ: ਮਕਾਨ ਨੰਬਰ: 166, ਗਲੀ ਹਜਾਰਾ ਸਿੰਘ, ਮੋਗਾ-142001
ਈਮੇਲ: jaspal.loham@gmail.com
ਮੋਬਾਇਲ: 97-810-40140