ਬਰਾਈਡਲ ਵੀਲ ਫਾਲ-ਬ੍ਰਿਟਿਸ਼ ਕੋਲੰਬੀਆ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਬੱਚਿਆਂ ਨੇ ਇੱਕ ਦਿਨ ਸਵੇਰੇ ਅਚਾਨਕ ਘੁੰਮਣ ਦੀ ਯੋਜਨਾ ਬਣਾ ਲਈ।ਅਸੀਂ ਇੱਕ ਘੰਟੇ ਦੇ ਅੰਦਰ ਅੰਦਰ ਤਿਆਰ ਹੋ ਗਏ।ਅਸੀਂ ਬੱਚਿਆਂ ਨੂੰ ਪੁੱਛਿਆ ਕਿ ਅੱਜ ਕਿੱਥੇ ਜਾਣਾ ਹੈ, ਕਿਸ ਪਾਸੇ ਚੱਲਣਾ, ਦੱਸੋ ਤਾਂ ਸਹੀ। ਉਹਨਾਂ ਕਿਹਾ ਕਿ ਅੱਜ ਦਾ ਘੁੰਮਣਾ ਗੁਪਤ ਹੈ। ਅਸੀਂ ਖਾਣਾ ਖਾ ਕੇ ਆਪਣੇ ਘਰ ਤੋਂ ਚੱਲ ਪਏ।ਸ਼ਹਿਰ ਤੋਂ ਬਾਹਰ ਨਿੱਕਲਦਿਆਂ ਬੱਚਿਆਂ ਨੇ ਗੁਗਲ ਮੈਪ ਲਗਾ ਲਿਆ ਜਦੋਂ ਮੈਂ ਨਿਗਾ ਮਾਰੀ ਤਾਂ ਪਤਾ ਚੱਲਿਆ ਕਿ ਅਸੀਂ ਕਰੀਬ 100 ਕਿਲੋਮੀਟਰ ਦੂਰ ਜਾਵਾਂਗੇ। ਅਸੀਂ ਹੁਣ ਟਰਾਂਸ ਕਨੇਡਾ ਹਾਈਵੇ ਤੇ ਪੁੱਜ ਗਏ ਤੇ ਇਹ ਹਾਈਵੇ ਫਰੇਜ਼ਰ ਨਲੀ ਦੇ ਨਦੀ ਦੇ ਸਮਾਨ ਅੰਤਰ ਨਾਲ ਨਾਲ ਚੱਲਦਾ ਸੀ ਇਥੇ ਗੱਡੀਆਂ ਦੀ ਰਫਤਾਰ 90 ਤੋ 100 ਤੱਕ ਸੀ ਜਿਨਾਂ ਨੇ ਤੇਜ ਜਾਣਾ, ਉਹ ਖੱਬੇ ਪਾਸੇ ਵੱਲ ਤੇ ਜਿਨਾਂ ਨੇ ਘੱਟ ਰਫਤਾਰ ਨਾਲ ਜਾਣਾ ਉਹ ਸੱਜੇ ਪਾਸੇ ਰਹਿੰਦੇ ਸਨ। ਇੱਥੇ ਕਿਤੇ ਕਿਤੇ ਐਚਓਵੀ ਲੇਨ ਹੁੰਦੀ ਸੀ ਜਿੱਥੇ ਉਹ ਗੱਡੀ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਰੀਆਂ ਹੋਣ, ਇਲੈਕਟਰਿਕ ਗੱਡੀ ਅਤੇ ਮੋਟਰਸਾਈਕਲ ਉਹ ਇਸ ਪਾਸੇ ਵੱਲ ਜਾਂਦੀ ਸਨ।ਸਾਰੇ ਆਪਣੀ ਆਪਣੀ ਲੇਨ ਵਿੱਚ ਚਲਦੇ ਸਨ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਸਨ ਜੇ ਕਿਸੇ ਨੇ ਸੱਜੇ ਤੋਂ ਖੱਬੇ ਜਾ ਖੱਬੇ ਤੋਂ ਸੱਜੇ ਜਾਣਾ ਹੈ ਤਾਂ ਉਹ ਇੰਡੀਕੇਟਰ ਦਿੰਦਾ ਸੀ ਤੇ ਉਹ ਉਦੋਂ ਹੀ ਜਾਂਦਾ ਸੀ ਜਦੋਂ ਲੇਨ ਦੇ ਨਾਲ ਨਾਲ ਲੱਗੀਆਂ ਲਾਈਨਾਂ ਦਾਣੇਦਾਰ ਹੋਣ ਤੇ ਰਾਹ ਲੈਣ ਉਪਰੰਤ ਡਰਾਈਵਰ ਉਹ ਆਪਣੇ ਰਸਤੇ ਤੇ ਜਾ ਕੇ ਹੱਥ ਹਿਲਾ ਕੇ ਰਾਹ ਦੇਣ ਵਾਲੇ ਦਾ ਧੰਨਵਾਦ ਕਰਦਾ ਸੀ। ਇਹ ਇਥੋਂ ਦੀ ਸਤਿਕਾਰ ਪਰੰਪਰਾ ਹੈ। ਇਹ ਸੜਕ ਬਹੁਤ ਹੀ ਚੌੜੀ ਸੀ ਇਕ ਪਾਸੇ ਹੀ ਚਾਰ ਲਾਈਨਾਂ ਸੀ ਤੇ ਇਸੇ ਤਰ੍ਹਾਂ ਦੂਜੇ ਪਾਸੇ ਚਾਰ ਲਾਈਨਾਂ ਸੀ। ਹਰ ਥਾਂ, ਹਰ ਮੋੜ, ਹਰ ਚੌਕ, ਹਰ ਲਾਈਟ ਤੇ ਚਿੰਨ ਬੋਰਡ ਲੱਗੇ ਹੋਏ ਸਨ ਜੋ ਅੱਗੇ ਜਾਣ ਬਾਰੇ ਬਿਆਨ ਕਰਦੇ ਸਨ। ਇਥੇ ਯੂ ਟਰਨ ਤਾਂ ਹੈ ਹੀ ਨਹੀਂ ਸੀ। ਜੇ ਕੋਈ ਕਿਸੇ ਚੌਕ ਵਿੱਚ ਗਲਤ ਲੇਨ ਵਿੱਚ ਚਲਾ ਜਾਵੇ ਤਾਂ ਫਿਰ ਉਸਨੂੰ ਕਾਫੀ ਘੁੰਮ ਕੇ ਆਉਣਾ ਪੈਂਦਾ ਹੈ। ਇਸ ਲਈ ਪਹਿਲਾਂ ਹੀ ਚਕੰਨੇ ਹੋ ਕੇ ਗੱਡੀ ਚਲਾਉਣੀ ਪੈਂਦੀ ਹੈ। ਨਾਗਰਿਕ ਬਹੁਤ ਹੀ ਸਮਝਦਾਰ ਹਨ, ਹਰੇਕ ਦੀ ਕਦਰ ਕਰਦੇ ਹਨ, ਹਰੇਕ ਨੂੰ ਸਮਝਦੇ ਹਨ। ਹਾਈਵੇ ਤੇ ਜਿੱਥੇ ਸੜਕਾਂ ਮਰਜ ਹੁੰਦੀਆਂ ਤਾਂ ਬਰਾਬਰ ਦੀ ਰਫਤਾਰ ਕਰਕੇ ਦੂਜਿਆਂ ਦਾ ਰਾਹ ਮੰਗ ਕੇ ਉਸ ਲੇਨ ਵਿੱਚ ਮਰਜ ਹੋਣਾ ਪੈਂਦਾ ਹੈ।ਅਸੀਂ  ਜਲਦੀ ਹੀ ਅੱਗੇ ਚਿਲੀਵਿੱਕ ਪੁੱਜ ਗਏ ਇਥੋਂ ਅੱਗੇ 18 ਕਿਲੋਮੀਟਰ ਦਾ ਸਫਰ ਰਹਿ ਗਿਆ ਸੀ। ਹਾਈਵੇ ਤੋਂ ਅੱਗੇ ਜਦੋਂ ਅਸੀਂ ਗਏ ਤਾਂ 15 ਕੁ ਮਿੰਟ ਬਾਅਦ ਸੱਜੇ ਪਾਸੇ ਬਰਾਈਡਲ ਵੀਲ ਫਾਲ ਦਾ ਬੋਰਡ ਦੇਖ ਕੇ ਅਸੀਂ ਉਸ ਪਾਸੇ ਵੱਲ ਮੁੜ ਪਏ। ਸਾਰਾ ਇਲਾਕਾ ਬਹੁਤ ਹੀ ਖੂਬਸੂਰਤ ਸੀ। ਸਾਫ ਸੁਥਰਾ ਹਰਿਆਲੀ ਭਰਿਆ ਸੀ। ਇਥੇ ਪਾਰਕਿੰਗ ਵਿੱਚ ਮੈਂ ਆਪਣੀ ਪਾਣੀ ਵਾਲੀ ਬੋਤਲ ਕੱਢੀ ਤੇ ਨਿੱਘਾ ਜਿਹਾ ਕੋਸਾ ਜਿਹਾ ਪਾਣੀ ਪੀ ਕੇ ਅੱਗੇ ਚੱਲਣ ਲਈ ਤਿਆਰੀ ਵੱਟ ਲਈ। ਇਥੇ ਪਾਰਕਿੰਗ ਕੋਲ ਚਾਰ ਪੰਜ ਟੇਬਲ ਬੈਠਣ ਲਈ ਪਏ ਸਨ ਅਤੇ ਆਲੇ ਦੁਆਲੇ ਬਹੁਤ ਹੀ ਸੁੰਦਰ ਨਜ਼ਾਰਾ ਸੀ। ਇਥੋਂ ਹੀ ਅਸੀਂ ਚੜਾਈ ਚੜਨੀ ਸ਼ੁਰੂ ਕਰ ਦਿੱਤੀ।ਇਥੇ ਤੁਰਨ ਵਾਲੇ ਪਹਾੜੀ ਰਸਤੇ ਤੇ ਬਰੀਕ ਬੱਜਰੀ ਪਾ ਕੇ ਰਗੜ ਵਧਾਈ ਹੋਈ ਸੀ।ਜਿਸ ਕਰਕੇ ਚੱਲਣ ਵਿੱਚ ਸੁਖਾਲਾ ਹੋ ਰਿਹਾ ਸੀ।ਜੇ ਬੱਜਰੀ ਨਾ ਹੁੰਦੀ ਤਾਂ ਪੈਰ ਤਿਲਕ ਜਾਣਾ ਸੀ। ਇੱਥੇ ਚਾਰੇ ਪਾਸੇ ਜੰਗਲ ਹੀ ਜੰਗਲ ਸੀ।ਹਰ ਪਾਸੇ ਹਰਿਆਲੀ ਤੇ ਕੁਦਰਤ ਨਾਲ ਪਿਆਰ ਝਲਕਦਾ ਸੀ।ਭਾਂਤ ਭਾਂਤ ਦੇ ਉੱਚੇ ਦਰਖਤ, ਸ਼ੁਧ ਹਵਾ, ਦਰਖਤਾਂ ਦੇ ਤਣਿਆਂ ਤੇ ਹਰੇਵਾਈ ਉੱਗੀ ਹੋਈ ਸੀ ਜਿਸ ਨੂੰ ਲਾਈਕਿੰਨ ਕਹਿੰਦੇ ਹਨ। ਇਹ ਉਦੋਂ ਹੀ ਉੱਗਦੀ ਹੈ ਜਦੋਂ ਹਵਾ ਸਾਫ ਸੁਥਰੀ ਹੋਵੇ, ਵਾਤਾਵਰਨ ਸ਼ੁੱਧ ਹੋਵੇ।ਇਥੋਂ ਹੇਠ ਤੋਂ ਝਰਨੇ ਤੱਕ ਚੜ੍ਹਾਈ ਸੀ ਇਸ ਲਈ ਥੋੜੇ ਸਮੇਂ ਬਾਅਦ ਦਮ ਲੈ ਲੈਂਦੇ ਸੀ। ਅੱਗੇ ਜਾ ਕੇ ਇਕ ਦਰਖਤ ਦਾ ਤਣਾ ਪਿਆ ਸੀ ਉਥੇ ਬੈਠ ਕੇ ਕੁਝ ਸਮਾਂ ਆਰਾਮ ਕੀਤਾ। ਫਿਰ ਅੱਗੇ ਚੱਲ ਪਏ।ਅੱਗੇ ਇੱਕ ਲੱਕੜ ਦਾ ਬਹੁਤ ਹੀ ਸੁੰਦਰ ਪੁੱਲ ਆਇਆ ਇੱਕ ਪਾਸੇ ਤੋਂ ਪਾਣੀ ਹੇਠਾਂ ਦੀ ਵਹਿ ਰਿਹਾ ਸੀ ਤੇ ਦੂਜੇ ਪਾਸੇ ਜਾ ਰਿਹਾ ਸੀ।ਬੜਾ ਸੁੰਦਰ ਮੰਜਰ ਸੀ। ਕੁੱਝ ਸਮੇਂ ਬਾਅਦ ਸਾਨੂੰ ਝਰਨਾ ਦਿਖਾਈ ਦੇਣ ਲੱਗਾ। ਫਿਰ ਅੱਗੇ ਜਾ ਕੇ 600 ਵਰਗ ਫੁੱਟ ਦੇ ਕਰੀਬ ਥਾਂ ਸੀ ਜਿਹੜੀ ਕੁੱਝ ਪੱਧਰੀ ਸੀ। ਉਹਦੇ ਆਲੇ ਦੁਆਲੇ ਬਨੇਰਾ ਕੀਤਾ ਹੋਇਆ ਸੀ।ਸਰਦੀਆਂ ਦੇ ਦਿਨਾਂ ਵਿੱਚ ਇਹ ਝਰਨਾ ਜਮ ਜਾਂਦਾ ਹੈ ਤੇ ਜੰਮੀ ਹੋਈ ਬਰਫ ਡਿੱਗਦੇ ਪਾਣੀ ਦੇ ਰੂਪ ਵਿੱਚ ਦਿਸਦੀ ਹੈ।ਸਰਦੀਆਂ ਵਿੱਚ ਇਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਅਸੀਂ ਇਸ ਪੱਧਰੀ ਜਗ੍ਹਾ ਤੇ ਖੜ੍ਹ ਕੇ ਆਨੰਦ ਮਾਣਿਆ। ਫੋਟੋਗ੍ਰਾਫੀ ਕੀਤੀ।ਜਦੋਂ ਅਸੀਂ ਉੱਪਰ ਝਰਨੇ ਵੱਲ ਨਿਗਾ ਮਾਰੀ ਤਾਂ ਉਥੇ ਝਰਨੇ ਦੇ ਕੋਲ ਬਹੁਤ ਸਾਰੇ ਲੋਕ ਗਏ ਹੋਏ ਸਨ। ਉਸ ਝਰਨੇ ਦੇ ਠੰਡੇ ਪਾਣੀ ਵਿੱਚ ਕਈ ਨਹਾ ਰਹੇ ਸਨ। ਇਥੋਂ ਝਰਨਾ ਬਹੁਤ ਉੱਚਾ ਚੌੜਾ ਤੇ ਹੇਠਾਂ ਨੂੰ ਆ ਰਿਹਾ ਸੀ। ਅਸੀਂ ਵੀ ਤਕੜਾ ਮਨ ਕਰਕੇ ਉਪਰ ਜਾਣ ਲੱਗੇ ਇਹ ਚੜਾਈ ਬੜੀ ਕਠਨ ਸੀ। ਇਹ ਉਚਾਣ ਉੱਚੀ ਨੀਵੀ, ਵੱਡੇ ਛੋਟੇ ਪੱਥਰ, ਜੜਾਂ ,ਤਣੇ, ਕਾਲਾ ਜਿਹਾ ਰਾਹ, ਸਲਾਬੀ ਮਿੱਟੀ ਸੀ।ਅਸੀਂ ਹੌਲੀ ਹੌਲੀ ਇਹਨਾਂ ਨੂੰ ਫੜ ਕੇ ਅੱਗੇ ਚੜ੍ਹ ਗਏ।ਅਸੀਂ ਉਪਰ ਝਰਨੇ ਕੋਲ ਪੁੱਜ ਗਏ। ਝਰਨੇ ਦੇ ਪਾਣੀ ਦੀਆਂ ਬੂੰਦਾਂ ਦੂਰ ਦੂਰ ਤੱਕ ਖਿੰਡ ਕੇ ਜਾ ਰਹੀਆਂ ਸਨ।ਸਿੱਧੀਆਂ ਮੂੰਹ ਤੇ ਪੈ ਰਹੀਆਂ ਸਨ। ਇਹ ਬਹੁਤ ਹੀ ਖੂਬਸੂਰਤ ਕੁਦਰਤੀ ਪਲ ਸੀ। ਇੱਥੇ ਹੀ ਅਸੀਂ ਉੱਪਰੋਂ ਝਰਨੇ ਦਾ ਸੁੰਦਰ ਨਜ਼ਾਰਾ ਦੇਖਿਆ।ਇਥੋਂ ਹੇਠਾਂ ਜਾਣ ਨੂੰ ਮਨ ਨਾ ਕਰੇ। ਕੁੱਝ ਸਮੇਂ ਬਾਅਦ ਅਸੀਂ ਵਾਪਸ ਹੇਠਾਂ ਨੂੰ ਜਾਣ ਲੱਗੇ। ਉਤਰਨਾ ਬੜਾ ਕਠਨ ਸੀ। ਅਸੀਂ ਨੀਵੇਂ ਹੋ ਕੇ ਝੁਕ ਝੁਕ ਕੇ, ਰੁਕ ਰੁਕ ਕੇ, ਕਦੇ ਪੱਥਰਾਂ ਨੂੰ ਫੜ ਕੇ, ਕਦੇ ਲੱਕੜ ਨੂੰ ਫੜ ਕੇ ਹੇਠਾਂ ਉਤਰ ਰਹੇ ਸੀ ਅਤੇ ਹੌਲੀ ਹੌਲੀ ਅਸੀਂ ਪੱਧਰੀ ਜਗ੍ਹਾ ਤੇ ਆ ਗਏ। ਅਸੀਂ ਪਾਰਕਿੰਗ ਦੇ ਨੇੜੇ ਲੱਗੇ ਟੇਬਲ ਬੈਂਚਾਂ ਤੇ ਬੈਠ ਗਏ। ਕੁੱਝ ਸਮਾਂ ਬੈਠ ਕੇ ਕੁਦਰਤ ਦਾ ਨਜ਼ਾਰਾ ਵੇਖਿਆ ਫਿਰ ਪਾਰਕਿੰਗ ਵਿੱਚ ਪਹੁੰਚ ਕੇ ਘਰ ਵਾਪਸੀ ਕਰ ਲਈ। ਅੱਜ ਫਰਾਈਡਲ ਵੀਲ ਫਾਲ ਦੇਖ ਕੇ ਖੂਬ ਮਜਾ ਆਇਆ।
ਪਤਾ: ਮਕਾਨ ਨੰਬਰ 166, ਗਲੀ ਹਜਾਰਾ ਸਿੰਘ ਮੋਗਾ- 142001 
ਵਟਸਐਪ: +91-97-810-40140