ਪੁਰਾਣੇ ਸਮੇਂ ਦੀ ਸਿੱਖਿਆ ਪ੍ਰਣਾਲੀ ਤੋਂ ਨਵੀਂ ਸਿੱਖਿਆ ਪ੍ਰਣਾਲੀ ਦੇ ਬਦਲਦੇ ਰੂਪ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਕੋਈ ਸਮਾਂ ਸੀ ਜਦੋਂ ਸਕੂਲ ਵਿਚ ਸਾਰਾ ਕੰਟਰੋਲ ਅਧਿਆਪਕ ਕੋਲ ਸੀ। ਅਧਿਆਪਕ ਖੁਦ ਹੀ ਪਾਠਕ੍ਰਮ ਦੀ ਵੰਡ ਕਰਦਾ ਸੀ ਪਹਿਲੀ ਟਰਮ, ਦੂਸਰੀ ਟਰਮ ਅਤੇ ਸਾਲਾਨਾ ਪੇਪਰ ਤਿੰਨ ਹਿੱਸਿਆਂ ਵਿਚ ਵੰਡਿਆਂ ਜਾਂਦਾ ਸੀ। ਕਿਤਾਬ ਵਿੱਚੋਂ ਪਾਠਕ੍ਰਮ ਲੈ ਕੇ ਵੰਡ ਕਰ ਲਈ ਜਾਂਦੀ ਸੀ। ਇਸੇ ਤਰ੍ਹਾਂ ਪ੍ਰਸ਼ਨ ਪੱਤਰ ਵੀ ਖੁਦ ਆਪ ਤਿਆਰ ਕਰਦਾ। ਕਈ ਵਾਰ ਕਾਰਬਨ ਪੇਪਰ ਰੱਖ ਕੇ ਕਾਪੀਆਂ ਤਿਆਰ ਕੀਤੀਆਂ ਜਾਂਦੀਆਂ ਸੀ। ਆਪ ਹੀ ਪੇਪਰ ਲੈਦੇ ਅਤੇ ਫਿਰ ਆਪ ਹੀ ਪੇਪਰ ਚੈਕ ਕਰਨੇ ਹੁੰਦੇ ਸੀ। ਖੁਦ ਆਪਣੇ ਨਤੀਜੇ ਤਿਆਰ ਕਰਦੇ ਸੀ। ਉਸ ਸਮੇਂ ਫੰਡਾਂ ਦੀ ਘਾਟ ਸੀ। ਸਕੂਲ ਨੂੰ ਗ੍ਰਾਟਾਂ ਬਹੁਤ ਘੱਟ ਮਿਲਦੀਆਂ ਸੀ। ਪਿੰਡ ਵਾਸੀ ਰਲਮਿਲ ਕੇ ਪੈਸੇ ਇਕੱਠੇ ਕਰਕੇ ਸਕੂਲ ਤੇ ਲਗਾਉਂਦੇ ਸਨ। ਸਮਾਜ ਸੇਵੀਆਂ ਦਾ ਸਕੂਲ ਵਿਚ ਤਕੜਾ ਰੋਲ ਹੁੰਦਾ ਸੀ। ਇੱਕ ਇੱਕ ਕਰਕੇ ਕਮਰੇ ਉਸਾਰੇ ਜਾਂਦੇ ਸੀ। ਇਮਾਰਤ ਔਖੇ ਸੌਖੇ ਤਿਆਰ ਕਰ ਲੈਂਦੇ ਸੀ। ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਟੀਮ ਸਾਰੇ ਰਲਮਿਲ ਕੇ ਕੰਮ ਕਰਦੇ ਸੀ। ਸਾਰਾ ਖਰਚਾ ਪਿੰਡ ਵਾਸੀਆਂ ਦਾ ਹੁੰਦਾ ਸੀ। ਹਰ ਇੱਕ ਨੂੰ ਸਮੇਂ ਸਿਰ ਨਿਬੇੜ ਲੈਂਦੇ ਸੀ। ਬਿਜਲੀ ਦੇ ਚਲੇ ਜਾਣ ਤੇ ਕਲਾਸਾਂ ਦਰਖਤਤਾਂ ਥੱਲੇ ਆ ਜਾਂਦੀਆਂ ਸੀ ਚੱਕਵੇਂ ਤਿੰਨ ਲੱਤਾਂ ਵਾਲੇ ਬਲੈਕਬੋਰਡ ਵੀ ਦਰਖਤਾਂ ਥੱਲੇ ਆ ਜਾਂਦੇ ਸੀ। ਧੜਾਧੜ ਮੈਥ ਦੇ ਸਵਾਲ ਕਰਵਾਏ ਜਾਂਦੇ ਸੀ। ਪ੍ਰਯੋਗ ਵੀ ਦਰਖਤਾਂ ਹੇਠਾਂ ਲਿਜਾ ਕੇ ਬੱਚਿਆਂ ਨੂੰ ਕਰਾਏ ਜਾਂਦੇ ਸਨ। ਬਿਜਲੀ ਦੀ ਘਾਟ ਵਿਚ ਹਵਾ ਦੇ ਬੁੱਲਿਆਂ ਤੇ ਦਰਖਤਾਂ ਥੱਲੇ ਪੀਰੀਅਡ ਲਗਾਉਣ ਦਾ ਵੱਖਰਾ ਹੀ ਆਨੰਦ ਸੀ। ਕਲਾਸਾਂ ਤੋਂ ਵੱਧ ਦਰਖਤ ਹੁੰਦੇ ਸੀ। ਕਈ ਅਧਿਆਪਕਾਂ ਨੇ ਜਗ੍ਹਾ ਪੱਕੀ ਮੱਲੀ ਹੁੰਦੀ ਸੀ ਵਈ ਮੈਂ ਇਥੇ ਹੀ ਆਪਣੇ ਪੀਰਅਡ ਲਗਾਉਣੇ ਹਨ। ਮੈਂ ਤਾਂ ਮੈਥ ਦੇ ਤਿੰਨ ਤਿੰਨ ਪੀਰੀਅਡ ਇਕੱਠੇ ਹੀ ਲਗਾ ਲੈਂਦਾ ਸੀ। ਫਿਰ ਬੱਚਿਆਂ ਨੂੰ ਸਾਹ ਦਿਵਾਉਂਦਾ ਸੀ। ਡਾਕ ਦਾ ਕੰਮ ਬਹੁਤ ਘੱਟ ਸੀ ਨਾ ਮਾਤਰ ਸੀ ਕੋਈ ਜਰੂਰੀ ਡਾਕ ਆਉਂਦੀ ਸੀ ਤਾਂ ਰਲਕੇ ਬਣਾ ਕੇ ਭੇਜ ਦਿੰਦੇ ਸੀ। ਸਾਰਾ ਕੰਮ ਹੱਥੀਂ ਕਰਦੇ ਸੀ। ਕਾਰਬਨ ਪੇਪਰ ਨਾਲ ਇੱਕ ਨਕਲ ਹੋਰ ਬਣਾ ਲੈਂਦੇ ਸੀ। ਘਰੋਂ ਸਾਈਕਲ ਤੇ ਜਾਣਾ ਫਿਰ ਅੱਗੋਂ ਬੱਸ ਤੇ ਜਾਣਾ ਫਿਰ ਅੱਗੇ ਸਾਈਕਲ ਤੇ ਸਕੂਲ ਜਾਣਾ। ਇਸ ਤਰ੍ਹਾਂ ਸਰਦੀਆਂ ਵਿਚ ਸਾਰਾ ਦਿਨ ਲੰਘ ਜਾਂਦਾ ਸੀ। ਅੱਜ ਦੀ ਸਿੱਖਿਆ ਪ੍ਰਣਾਲੀ ਪੁਰਾਤਨ ਸਮੇਂ ਦੀ ਪ੍ਰਣਾਲੀ ਤੋਂ ਬਹੁਤ ਭਿੰਨ ਹੈ ਜ਼ਮੀਨ ਆਸਮਾਨ ਦਾ ਫਰਕ ਹੈ। ਹਰ ਸਮੇਂ ਪੱਖ ਚੰਗੇ ਮਾੜੇ ਹੁੰਦੇ ਹਨ। ਹੁਣ ਮੋਬਾਇਲ ਅਤੇ ਕੰਪਿਊਟਰ ਤੇ ਡਾਕ ਆਉਂਦੀ ਹੈ ਦਫਤਰਾਂ ਵਿਚ ਜਿੰਨੇ ਮੁਲਾਜ਼ਮ ਉਨ੍ਹੀਆਂ ਹੀ ਡਾਕਾਂ ਆਉਂਦੀਆਂ ਹਨ। ਹੁਣ ਆਈ ਤੇ ਹੁਣੇ ਹੀ ਜਵਾਬ ਦਿਓ। ਡਾਕ ਵਿਚ ਸਮਾਂ ਬੱਧ ਮਿਤੀ ਬੱਧ ਲਿਖ ਕੇ ਭੇਜਿਆ ਜਾਂਦਾ ਹੈ। ਸਾਰੇ ਕੰਮ ਛੱਡ ਕੇ ਡਾਕ ਭੇਜਣੇ ਪੈਂਦੀ ਹੈ। ਸਾਨੂੰ ਸਮੇਂ ਦੇ ਹਾਣੀ ਬਣਨਾ ਪੈਣਾ ਹੈ ਨਹੀਂ ਤਾਂ ਪਿੱਛੇ ਰਹਿ ਜਾਵਾਂਗੇ। ਮਹਿਕਮਾਂ ਏਹੋ ਜਿਹੇ ਲੇਟ ਲਤੀਫ ਤੇ ਢਿੱਲੇ ਕੰਮ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦਾ। ਸਕੂਲ ਦੇ ਕੰਮ ਪੋਰਟਲ ਤੇ ਹੁੰਦੇ ਹਨ ਅਤੇ ਸਾਰਾ ਰਿਕਾਰਡ ਦਰਜ ਕੀਤਾ ਜਾਂਦਾ ਹੈ ਤੇ ਇਹ ਕੰਮ ਅਧਿਆਪਕ ਖੁਦ ਕਰਦੇ ਹਨ। ਅਕਸਰ ਸਕੂਲਾਂ ਵਿਚ ਕਲਰਕਾਂ ਦੀ ਘਾਟ ਹੈ ਫਿਰ ਤਾਂ ਅਜਿਹੇ ਕੰਮ ਖੁਦ ਹੀ ਕਰਨੇ ਪੈਣੇ ਹਨ। ਕਈ ਸਕੂਲ ਅਜਿਹੇ ਹਨ ਜਿੱਥੇ ਕਲਰਕ ਦੀ ਪੋਸਟ ਹੀ ਨਹੀਂ ਦੱਸੋ ਉਥੇ ਕਲਰਕ ਕਿਵੇਂ ਆਵੇਗਾ। ਅਧਿਆਪਕ ਨੇ ਪੜ੍ਹਾਈ ਦੇ ਨਾਲ ਨਾਲ ਹਰ ਤਰ੍ਹਾ ਦੇ ਗੈਰ ਵਿਦਿਅਕ ਕੰਮ ਕਰਨੇ ਪੈਂਦੇ ਹਨ। ਭਾਵੇਂ ਉਹ ਮੋਬਾਇਲਾਂ ਤੇ ਕਰੇ ਭਾਵੇਂ ਕਰੇ ਕੰਪਿਊਟਰ ਤੇ ਭਾਵੇਂ ਹੱਥ ਲਿਖਤ ਹੋਵੇ। ਇਹ ਡਾਕਾਂ ਤੇਜ਼ੀ ਨਾਲ ਆਉਂਦੀਆਂ ਹਨ ਅਤੇ ਉਦੋਂ ਹੀ ਜਵਾਬ ਮੰਗਿਆ ਜਾਂਦਾ ਹੈ ਡਾਕ ਵਿਚ ਇੱਕ ਲਾਇਨ ਪੱਕੀ ਲਿਖੀ ਹੁੰਦੀ ਹੈ ਕਿ ਜੇ ਡਾਕ ਸਮੇਂ ਸਿਰ ਨਾ ਭੇਜੀ ਤਾਂ ਸਕੂਲ ਮੁਖੀ ਜੁੰਮੇਵਾਰ ਹੋਵੇਗਾ। ਕਈ ਵਾਰ ਕੰਮਾਂ ਦੀ ਬਹੁਤਾਦ ਕਰਕੇ ਡਾਕ ਭੇਜਣ ਤੋਂ ਰਹਿ ਜਾਂਦੀ ਹੈ। ਇਸ ਤਰ੍ਹਾਂ ਦੇ ਕੇਸਾਂ ਵਿਚ ਜ਼ਿਲ੍ਹਾ ਪੱਧਰ ਤੇ ਦਫ਼ਤਰਾਂ ਵਿਚ ਪੁੱਛ ਪੜਤਾਲ ਕੀਤੀ ਜਾਂਦੀ ਹੈ ਕਈ ਵਾਰ ਲਿਖ ਕੇ ਲੈਂਦੇ ਹਨ। ਅਫ਼ਸਰ ਵੀ ਰੱਜ ਕੇ ਬੇਇੱਜਤੀ ਕਰਦੇ ਹਨ। ਇੱਕ ਗੱਲ ਤਾਂ ਜਰੂਰ ਹੈ ਅੱਜ ਦੇ ਸਮੇਂ ਵਿਚ ਸਕੂਲਾਂ ਦੀ ਨੁਹਾਰ ਬਦਲ ਗਈ ਹੈ ਸੋਹਣੇ ਬਣ ਗਏ ਹਨ ਜਿਹੜੇ ਪਰਾਤਨ ਸਮੇਂ ਨਹੀਂ ਸਨ। ਹੁਣ ਧੜਾਧੜ ਗ੍ਰਾਂਟਾਂ ਆਉਂਦੀਆਂ ਹਨ ਅਤੇ ਸਮੇਂ ਅੰਦਰ ਕੰਮ ਪੂਰਾ ਕਰਕੇ ਵਰਤੋਂ ਸਰਟੀਫਿਕੇਟ ਦਿੱਤੇ ਜਾਂਦੇ ਹਨ। ਪਹਿਲਾਂ ਤਾਂ ਨਲਕੇ ਦੀ ਬੋਕੀ ਪਵਾਉਂਣੀ ਵੀ ਔਖੀ ਹੁੰਦੀ ਸੀ। ਨਵੇਂ ਤਜਰਬੇ ਨਵੀਆਂ ਸਕੀਮਾਂ ਉਹ ਚੰਗੀਆਂ ਮਾੜੀਆਂ ਹੋ ਸਕਦੀਆਂ ਹਨ। ਸਕੂਲ ਦਾ ਰਿਕਾਰਡ ਸਕੂਲ ਵਿਚ ਮੁਕੰਮਲ ਹੋਣਾ ਚਾਹੀਦਾ ਹੈ ਉਹਨੂੰ ਆਨਲਾਇਨ ਕਰਨ ਦੀ ਕੋਈ ਜਰੂਰਤ ਨਹੀਂ ਹੋਣੀ ਚਾਹੀਦੀ। ਇੱਕ ਗੱਲ ਸਮਝ ਨਹੀਂ ਆ ਰਹੀ ਨਾਲੇ ਤਾਂ ਰਜਿਸਟਰਾਂ ਵਿਚ ਰਿਕਾਰਡ ਦਰਜ਼ ਕਰੋ ਫਿਰ ਆਨਲਾਇਨ ਵੀ ਕਰੋ। ਇਹ ਦੁਕੱਮਣ ਕਿਉਂ ਕਰਾਇਆ ਜਾਂਦਾ ਹੈ। ਇਹ ਫਾਲਤੂ ਦੀਆਂ ਟੱਕਰਾਂ ਮਰਾਉਣ ਦੀ ਪ੍ਰਣਾਲੀ ਲੱਗਦੀ ਜਾਪਦੀ ਹੈ। ਅਧਿਆਪਕਾਂ ਦੀ ਫੌਜ ਸਕੂਲਾਂ ਤੋਂ ਬਾਹਰ ਭੇਜੀ ਹੋਈ ਹੈ। ਉਹ ਅਧਿਆਪਕ, ਸਕੂਲ ਅਧਿਆਪਕਾਂ ਤੇ ਅਫਸਰ ਲਗਾਏ ਹੋਏ ਹਨ। ਉਹ ਆਪਣੇ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਛੱਡ ਕੇ ਤੁਰੇ ਫਿਰਦੇ ਹਨ। ਅਧਿਆਪਕ, ਅਧਿਆਪਕਾਂ ਨੂੰ ਚੈਕ ਕਰਦੇ ਹਨ, ਗਾਈਡ ਕਰਦੇ ਹਨ। ਬਹੁਤੇ ਅਧਿਆਪਕ ਆਪਣੇ ਕੰਮ ਸਮੇਂ ਸਿਰ ਕਰ ਰਹੇ ਹਨ। ਦਾਲ ਵਿਚ ਕੋੜਕੂ ਤਾਂ ਹੁੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ। ਅੱਜ ਦਾ ਅਧਿਆਪਕ ਸਿੱਖਿਆ ਪ੍ਰਣਾਲੀ ਦੇ ਕਾਰਜਾਂ ਵਿਚ ਉਲਝ ਜਾਂਦਾ ਹੈ। ਦਿਮਾਗੀ ਬੋਝ ਪਾ ਲੈਂਦਾ ਹੈ। ਪੁਰਾਤਨ ਸਮੇਂ ਆਪਣੇ ਆਪ ਸਮੇਂ ਸਿਰ ਡੀ.ਏ. ਲੱਗਦਾ ਸੀ, ਨਗਦ ਬਕਾਇਆ ਮਿਲਦਾ ਸੀ ਪਰ ਹੁਣ ਕਈ ਕਈ ਡੀ.ਏ. ਲੱਗਣ ਵਾਲੇ ਪਏ ਹਨ ਜਦੋਂ ਕਿ ਕੇਂਦਰ ਨੇ ਸਭ ਦਿੱਤੇ ਹੋਏ ਹਨ। ਅਜੇ ਤੱਕ ਪੁਰਾਣੇ ਬਿਕਾਏ ਨਹੀਂ ਦਿੱਤੇ। ਨਵੇਂ ਅਧਿਆਪਕਾਂ ਦੀਆਂ ਤਨਖਾਹਾਂ ਬਹੁਤ ਘੱਟ ਹਨ ਕੰਮ ਬਹੁਤ ਜਿਆਦਾ ਹੈ। ਪਹਿਲਾਂ ਪ੍ਰੋਬੇਸ਼ਨ ਪੀਰੀਅਡ ਨਹੀਂ ਹੁੰਦਾ ਸੀ ਸ਼ੁਰੂ ਵਿਚ ਹੀ ਤਨਖਾਹ ਫਿਕਸ ਹੋ ਜਾਂਦੀ ਸੀ ਉਵੇਂ ਹੀ ਚੱਲੀ ਜਾਂਦੀ ਸੀ। ਅੱਜ ਅਧਿਆਪਕ ਕਈ ਸਾਲ ਮੁੱਢਲੀ ਤਨਖਾਹ ਤੇ ਹੀ ਕੰਮ ਕਰ ਰਹੇ ਹਨ ਫਿਰ ਪ੍ਰੋਬੇਸ਼ਨ ਖਤਮ ਹੋਣ ਤੇ ਤਨਖਾਹ ਪੂਰੀ ਮਿਲਦੀ ਹੈ। ਇਹ ਕੋਈ ਚੰਗੀ ਨੀਤੀ ਨਹੀਂ ਅਧਿਆਪਕ ਦੀ ਤਨਖਾਹ ਨੂੰ ਖੋਰਾ ਲਾਉਣਾ ਮਾੜੀ ਸੋਚ ਦੀ ਨਿਸ਼ਾਨੀ ਹੈ। ਜਿਹੜੇ ਨੀਤੀਆਂ ਘਾੜੇ ਹਨ ਉਨ੍ਹਾਂ ਨੇ ਕਦੇ ਵੀ ਆਪ ਮੁੱਢਲੀ ਤਨਖਾਹ ਤੇ ਕੰਮ ਨਹੀਂ ਕੀਤਾ ਹੋਣਾ। ਨਵੇਂ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਥਾਂ ਤੇ ਨਵੀਂ ਪੈਨਸ਼ਨ ਸਕੀਮ ਦਿੱਤੀ ਜਾਂਦੀ ਹੈ ਜਿਹੜੀ ਕਿ ਪਹਿਲਾਂ ਦੇ ਮੁਕਾਬਲੇ ਵਧੀਆ ਨਹੀਂ। ਸੇਵਾਮੁਕਤੀ ਸਮੇਂ ਵੱਧ ਤੋਂ ਵੱਧ 20 ਫੀਸਦੀ ਮਹੀਨੇਵਾਰ ਰਕਮ ਮਿਲਦੀ ਹੈ ਅਤੇ ਬਾਕੀ ਦੇ 80 ਫੀਸਦੀ ਪੈਨਸ਼ਨ ਦੇ ਰੂਪ ਵਿਚ ਮਿਲਦੀ ਹੈ। ਇੱਕ ਅਧਿਆਪਕ ਮੁੱਢਲੀ ਤਨਖਾਹ ਤੇ ਕੰਮ ਕਰੇ ਅਤੇ ਹਾਕਮ ਨੂੰ ਅੱਸੀ ਹਜਾਰ ਰੁਪਏ ਪ੍ਰਤੀ ਮਹੀਨਾ ਮਿਲਣ ਇਹ ਗੱਲ ਚੰਗੀ ਨਹੀਂ। ਜਿਨ੍ਹਾਂ ਨੇ ਅਧਿਆਪਕ ਲਹਿਰਾਂ ਦੇ ਨਾਲ ਮੱਥਾ ਲਾਇਆ ਉਹ ਸਮਾਂ ਪਾ ਮਿੱਟੀ ਹੋ ਗਏ ਉਹ ਕਦੇ ਵੀ ਜਿੱਤੇ ਨਹੀਂ। ਜਦੋਂ ਅਧਿਆਪਕ ਝੰਡਾ ਮਾਰਚ ਕੱਢਦੇ ਹਨ ਤਾਂ ਕਈ ਹਾਕਮਾਂ ਦੀ ਫੱਟੀ ਪੋਚੀ ਜਾਂਦੀ ਹੈ। ਉਹ ਅਰਸ਼ੋਂ ਫਰਸ਼ ਤੇ ਆ ਗਏ ਹਨ। ਅੱਜ ਤੱਕ ਅਜਿਹਾ ਕੋਈ ਨਹੀਂ ਕਰ ਸਕਿਆ ਕਿ ਕਿਸੇ ਸਕੂਲ ਵਿਚ ਅਧਿਆਪਕ ਸੇਵਾਮੁਕਤ ਹੋ ਜਾਵੇ ਤਾਂ ਉਹਦੀ ਥਾਂ ਤੁਰੰਤ ਹੀ ਅਧਿਆਪਕ ਨਿਯੁਕਤ ਹੋ ਜਾਵੇ। ਅਗੇਤੀ ਲਿਸਟ ਤਿਆਰ ਹੋਣੀ ਚਾਹੀਦੀ ਹੈ, ਪੋਸਟ ਖਾਲੀ ਹੋਵੇ ਤੇ ਨਾਲ ਹੀ ਅਗਲੇ ਦਿਨ ਨਵਾਂ ਅਧਿਆਪਕ ਸਕੂਲ ਵਿਚ ਆ ਜਾਵੇ। ਸਕੂਲਾਂ ਦੀਆਂ ਸਾਰੀਆਂ ਪੋਸਟਾਂ ਭਰੀਆਂ ਜਾਣੀਆਂ ਚਾਹੀਦੀਆਂ ਹਨ। ਇੱਕ ਬੱਚਾ ਦੇ ਦੁਆਲੇ ਅਧਿਆਪਕ, ਸਿੱਖਿਆ ਅਫਸਰ, ਮਾਪੇ ਅਤੇ ਸਮਾਜ ਦਾ ਸਹੀ ਯੋਗਦਾਨ, ਉਹਦੀਆਂ ਨੀਹਾਂ ਨੂੰ ਮਜਬੂਤ ਕਰਕੇ ਬੁਲੰਦੀਆਂ ਤੇ ਪਹੁੰਚਾ ਸਕਦਾ ਹੈ।
ਪਤਾ: ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ, ਮੋਗਾ-142001
ਮੋਬਾਇਲ: 9781040140
ਈਮੇਲ: jaspal.loham@gmail.com