ਕਿੱਥੇ ਲਾਏ ਨੇ ਸੱਜਣਾ ਡੇਰੇ-(1) - ਨਿੰਦਰ ਘੁਗਿਆਣਵੀ
ਰੋਜ਼ ਗਾਰਡਨ ਵਿਚ ਆਥਣ ਦੀ ਸੈਰ ਕਰਦਿਆਂ ਮਿੱਤਰ ਇੰਸਪੈਕਟਰ ਦਿਲਸ਼ੇਰ ਸਿੰਘ ਚੰਦੇਲ ਨੇ ਮਸਤੀ ਵਿਚ ਝੂੰਮ ਕੇ ਹਾਕਮ ਸੂਫੀ ਦਾ ਗੀਤ ਗਾਉਣਾ ਸ਼ੁਰੂ ਕੀਤਾ:
ਕਿੱਥੇ ਲਾਏ ਨੇ ਸੱਜਣਾ ਡੇਰੇ
ਕਿਉਂ ਭੁੱਲ ਗਿਆ ਪਾਉਣੇ ਫੇਰੇ
ਸੁਣ ਰਹੇ ਸ੍ਰੋਤੇ ਵੀ ਮਸਤ ਹੋ ਗਏ ਤੇ ਮੈਨੂੰ ਹਾਕਮ ਸੂਫੀ ਨਾਲ ਬਿਤਾਇਆ ਸਮਾਂ ਚੇਤੇ ਆ ਗਿਆ। ਉਸਦੀਆਂ ਯਾਦਾਂ ਦੇ ਗਲੋਟੇ ਉਧੜਨ ਲੱਗੇ।
ਹਾਕਮ ਸੂਫੀ ਤੁਰ ਗਿਆ,ਜਿਹੜੇ ਘਰ ਦੀ ਉਸਨੂੰ ਚਿਰਾਂ ਤੋਂ ਤਲਾਸ਼ ਸੀ। ਉਹ ਸੰਗੀਤ ਨਾਲ ਭਰਿਆ-ਭਰਿਆ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਖਾਲੀ-ਖਾਲੀ ਮਹਿਸੂਸ ਕਰਦਾ ਰਿਹਾ। ਇਸ ਖਾਲੀਪਣ ਨੂੰ ਦੂਰ ਭਜਾਉਣ ਵਾਸਤੇ ਉਸਨੇ ਬੜੇ ਯਤਨ ਕੀਤੇ। ਪੋਥੇ-ਪੋਥੀਆਂ ਪੜ੍ਹਨ 'ਚ ਕੋਈ ਕਸਰ ਨਾ ਛੱਡੀ। ਉਹਨੂੰ ਓਸ਼ੋ ਨੇ ਬਹੁਤ ਚਿਰ ਪਹਿਲਾਂ ਦਾ ਮੋਹ ਲਿਆ ਹੋਇਆ ਸੀ। ਬਹੁਤ ਚਿਰ ਉਹਨੇ ਲੰਮਾ ਚੋਲਾ ਪਾਈ ਰੱਖਿਆ। ਮਾਲਾ-ਮਣਕੇ ਵੀ ਉਹਦੇ ਅੰਗ-ਸੰਗ ਰਹਿੰਦੇ। ਉਹਨੂੰ ਮੜ੍ਹੀਆਂ-ਮਸਾਣ ਤੇ ਕਬਰਸਤਾਨ ਜਿਹੇ ਸਥਾਨ ਚੰਗੇ-ਚੰਗੇ ਲਗਦੇ ਸਨ। ਇੱਕ ਵਾਰ ਉਹਨੇ ਲਿਖਿਆ ਸੀ: ਮਲ੍ਹਿਆਂ ਤੇ ਕਰੀਰਾਂ ਦੇ ਸੰਗ ਯਾਰੀਆਂ ਨੇ, ਜੰਗਲ ਬੇਲੇ ਅੰਦਰ ਧਾਹਾਂ ਮਾਰੀਆਂ ਨੇ। ਜੇ ਕਿਤੇ ਘੁਮਿਆਰ ਮਿੱਟੀ ਦਾ ਭਾਂਡਾ ਬਣਾਈ ਜਾਂਦਾ ਦੇਖ ਲੈਂਦਾ ਤਾਂ ਉਸਦੇ ਪੈਰ ਥਾਂਏ ਥ੍ਹੰਮ ਜਾਂਦੇ। ਉਹ ਖਲੋਤਾ-ਖਲੋਤਾ ਪਤਾ ਨਹੀਂ ਕੀ ਕੁਝ ਸੋਚਣ ਲੱਗਦਾ ਤੇ ਕਿਸੇ ਗੀਤ ਦਾ ਜਨਮ ਹੁੰਦਾ, ਮਿੱਟੀ, ਘੜਾ, ਮਨੁੱਖ, ਮੌਤ ਆਦਿ ਬਾਰੇ ਉਹਨੇ ਅਜਿਹੇ ਥਾਵਾਂ ਕੋਲੋਂ ਲੰਘਦਿਆਂ ਗੀਤ ਲਿਖੇ। ਕਬਰਾਂ ਵਿੱਚ ਬੈਠੇ ਉਸਨੇ ਇੱਕ ਦਿਨ ਲਿਖਿਆ,'ਹਾਕਮ' ਨੇ ਇੱਕ ਦਿਨ ਮੁੱਕ ਜਾਣਾ,ਡੰਡਾ ਡੇਰਾ ਚੁੱਕ ਜਾਣਾ, ਕਬਰਾਂ 'ਚ ਹੋਣੀ ਸਾਡੀ ਠਹਿਰ ਨੀਂ ਮਰ ਜਾਣੀਏਂ, ਲੱਭਦੀ ਫਿਰੇਂਗੀ ਸਾਡੀ ਪੈੜ ਮਰ ਜਾਣੀਏਂ।' ਇੱਕ ਉਹਦਾ ਹੋਰ ਗੀਤ ਅੱਜ ਉਸ ਉਤੇ ਹੀ ਕਿੰਨਾ ਢੁੱਕ ਰਿਹਾ ਹੈ- ''ਕਿੱਥੇ ਲਾਏ ਨੇ ਸੱਜਣਾ ਡੇਰੇ, ਕਿਉਂ ਭੁੱਲ ਗਿਉਂ ਪਾਉਣੇ ਫੇਰੇ...।"
ਉਹ ਸੋਚਦਾ ਰਹਿੰਦਾ ਸੀ ਕਿ ਉਸਨੂੰ ਕਿਸੇ ਆਸ਼ਰਮ ਵਿੱਚ ਠਿਕਾਣਾ ਮਿਲ ਜਾਏ, ਕੋਈ ਡੇਰਾ ਲੱਭ ਜਾਏ, ਉਥੇ ਬੈਠ ਕੇ ਉਹ ਆਪਣੀ ਬਿਰਤੀ ਜੋੜੇ! ਉਸਨੰ ਨੂੰ ਕੋਈ ਡਿਸਟਰਬ ਨਾ ਕਰੇ! ਉਹ ਆਪ ਮੁਹਾਰਾ ਹੋ ਕੇ ਗਾਵੇ। ਦਰੱਖਤ, ਪੰਛੀ ਤੇ ਪਰਿੰਦੇ ਉਸਦੇ ਗੀਤ ਸੁਣਨ! ਉਹਨੂੰ ਕੋਈ ਗ਼ਮ ਤੇ ਫ਼ਿਕਰ ਨਾ ਹੋਵੇ! ਅਜਿਹੀ ਭਾਵਨਾ ਉਹ ਅਕਸਰ ਹੀ ਮੇਰੇ ਨਾਲ ਹਰ ਵਾਰੀ, ਉਦੋਂ ਸਾਂਝੀ ਕਰਦਾ ਸੀ...ਜਦ ਮੈਂ ਗਿੱਦੜਬਾਹੇ ਆਪਣੀ ਭੂਆ ਨੂੰ ਮਿਲਣ ਗਿਆ ਹੁੰਦਾ ਤੇ ਆਥਣੇ ਉਸਨੂੰ ਲੱਭਣ ਤੁਰ ਪੈਂਦਾ ਸੀ। ਇੱਕ ਆਥਣ ਸਾਂਝਾ ਮਿੱਤਰ ਬਿਕਰਮਜੀਤ ਨੂਰ ਵੀ ਮੇਰੇ ਨਾਲ ਸੀ, ਅਸੀਂ ਹਾਕਮ ਨੂੰ ਘਰੋਂ ਪੁੱਛਿਆ ਕਿ ਕਿੱਥੇ ਐ? ਦੱਸਿਆ ਗਿਆ ਕਿ ਉਹ ਰੇਲਵੇ ਸਟੇਸ਼ਨ ਵੱਲ ਨੂੰ ਤੁਰ ਗਿਆ...ਉਥੇ ਈ ਕਿਤੇ ਬੈਠਾ ਹੋਣੈ। ਅਸੀਂ ਸਾਰਾ ਰੇਲਵੇ ਸਟੇਸ਼ਨ ਗਾਹ ਮਾਰਿਆ...ਹਾਕਮ ਨਾ ਲੱਭਿਆ। ਨੂਰ ਕਹਿੰਦਾ, ''ਚੱਲ ਸਮਸ਼ਾਨਘਾਟ ਚਲਦੇ ਆਂ...ਉਥੇ ਲਾਜ਼ਮੀ ਹੋਊ...।" ਠੰਢ ਬਹੁਤ ਸੀ। ਸੂਰਜ ਘਰ ਪਰਤ ਰਿਹਾ ਸੀ। ਅਸੀਂ ਠੁਰ-ਠੁਰ ਕਰਦੇ ਸ਼ਮਸ਼ਾਨਘਾਟ ਵੱਲ ਜਾ ਰਹੇ ਸਾਂ। ਉਹ ਦੱਸਣ ਲੱਗਿਆ ਕਿ ਹਾਕਮ ਨੂੰ ਸਾਰੇ ਸ਼ਹਿਰ ਵਿੱਚ ਸਾਹਿਤਕ ਸਾਥੀ 'ਵਾਵਰੋਲਾ' ਕਹਿੰਦੇ ਐ...ਕੋਈ ਪਤਾ ਨੀ੍ਹ...ਕਦੋਂ ਕਿਹੜੀ ਗਲੀ ਵਿੱਚੋਂ ਤੇਜ਼ੀ ਨਾਲ ਨਿੱਕਲ ਆਵੇ। ਸ਼ਮਸ਼ਾਨਘਾਟ ਪੱਜੇ, ਸੁੰਨ ਮਸਾਨ ਸੀ, ਜਿਵੇਂ ਕਈ ਦਿਨਾਂ ਤੋਂ ਕੋਈ ਮੁਰਦਾ ਫੂਕਣ ਲਈ ਲਿਆਂਦਾ ਨਾ ਗਿਆ ਹੋਵੇ! ਸਫਾਈ ਬਹੁਤ ਸੀ। ਨੂਰ ਕਹਿੰਦਾ, ''ਏਹ ਸਾਰੀ ਸੇਵਾ ਹਾਕਮ ਦੀ ਐ...ਇੱਕ ਪੱਤਾ ਵੀ ਭੁੰਜੇ ਡਿੱਗਣ ਨੀ੍ਹ ਦਿੰਦਾ...ਆਪ ਸਫਾਈ ਕਰਦਾ ਐ।" ਇੱਕ ਸਾਈਕਲ ਖੜ੍ਹਾ ਸੀ। ਇਹ ਹਾਕਮ ਦਾ ਸਾਈਕਲ ਸੀ। ਨੂਰ ਨੇ ਦੱਸਿਆ, ''ਐਥੇ ਈ ਐ...ਕਰ ਲੈਣ ਦੇ ਭਜਨ-ਬੰਦਗੀ...।" ਮੈਂ ਮੋਇਆਂ ਦੀਆਂ ਮੜ੍ਹੀਆਂ ਦੇ ਪੱਥਰ ਤੇ ਲਾਗੇ-ਲਾਗੇ ਖੜ੍ਹੀਆਂ ਕੀਤੀਆਂ ਕਲਾਤਮਿਕ ਮੂਰਤੀਆਂ ਦੇਖਣ ਲੱਗਿਆ। ਪੰਛੀਆਂ ਦੇ ਚਹਿਚਾਉਣ ਦੀਆਂ ਆਵਾਜ਼ਾਂ ਉੱਚੀਆਂ ਉੱਠਣ ਲੱਗੀਆਂ। ਹਾਕਮ ਦੂਰ ਪਰ੍ਹੇ ਰੁੱਖਾਂ ਦੇ ਜਮਘਟੇ ਵਿੱਚ ਬੈਠਾ ਬੰਦਗੀ ਕਰ ਰਿਹਾ ਸੀ। ਅਸੀਂ ਬਹੁਤ ਧੀਮੇਂ-ਧੀਮੇਂ ਗੱਲਾਂ ਕਰ ਰਹੇ ਸਾਂ ਕਿ ਮਤਾਂ ਕਿਤੇ ਸਾਡੀ ਆਵਾਜ਼ ਸੁਣ ਕੇ ਹਾਕਮ ਦੀ ਬਿਰਤੀ ਨਾ ਖਿੰਡ ਜਾਵੇ! ਨੂਰ ਬੋਲਿਆ ਕਿ ਆਹ ਸਾਰੇ ਰੁੱਖ, ਵੇਲਾਂ ਤੇ ਬੂਟੇ ਹਾਕਮ ਨੇ ਖੁਦ ਲੁਵਾਏ ਐ...ਆਹ ਸੀਮਿੰਟ ਦੀਆਂ ਮੂਰਤਾਂ ਵੀ...ਦੇਖ ਕਿੰਨਾ ਵਧੀਆਂ ਵਾਤਾਵਰਨ ਸਿਰਜ ਦਿੱਤੈ ਏਹਨੇ...ਲਗਦੈ ਜਿਵੇਂ ਕੋਈ ਆਸ਼ਰਮ ਹੋਵੇ! ਹਾਕਮ ਆਇਆ, ''ਆਹਾ ਬਾਬਿਓ! ਅੱਜ ਕਿਧਰੋਂ...? ਆਓ ਚੱਲੀਏ...ਦੇਖਿਐ ਸਾਡਾ ਡੇਰਾ...? ਐਥੇ ਦਿਲ ਲਗਦਾ ਮੇਰਾ...।" ਉਹ ਬੜੀ ਸਹਿਜ ਅਵਸਥਾ ਵਿੱਚ ਸੀ। ਸਾਈਕਲ ਰੋਹੜਦਾ ਸਾਡੇ ਨਾਲ ਤੁਰ ਪਿਆ। ਬਜ਼ਾਰ ਆਏ। ਇੱਕ ਅਧੀਆ ਲਿਆ ਤੇ ਪੰਜ-ਛੇ ਅੰਡੇ। ਪਰ੍ਹੇ ਸੂਏ ਵੱਲ ਇੱਕ ਸੁੰਨੀ ਜਿਹੀ ਥਾਂਵੇਂ ਭੁੰਜੇ ਬੈਠੇ ਰਹੇ। ਉਸਨੇ ਬਹੁਤ ਗੱਲਾਂ ਸੁਣਾਈਆਂ। ਆਪਣੇ ਚਿਤਰਕਾਰੀ ਦੇ ਚਾਅ ਦੀਆਂ...ਡਰਾਇੰਗ ਮਾਸਟਰੀ ਦੀਆਂ...ਓਸ਼ੋ ਦੀਆਂ...ਗੁਰਦਾਸ ਮਾਨ ਦੀਆਂ ਗੱਲਾਂ...ਆਪਣੇ ਅਖਾੜਿਆਂ ਦੀਆਂ...। ਉਸਨੇ ਇੱਕ ਗੱਲ ਹੋਰ ਕੀਤੀ, ''ਜ਼ਿੰਦਗੀ ਇੱਕ ਵਹਿਣ ਆਂ...ਕੁਝ ਲੋਕ ਚੱਪੂਆਂ ਨਾਲ ਦਰਿਆ ਨੂੰ ਪਾਰ ਕਰ ਲੈਂਦੇ ਨੇ ਤੇ ਕਈ ਪਾਣੀ ਵਾਲੇ ਜਹਾਜ਼ਾਂ ਨਾਲ ਪਾਰ ਕਰਦੇ ਨੇ...ਏਸੇ ਤਰਾਂ ਜ਼ਿੰਦਗੀ ਦੇ ਕੁਝ ਵਹਿਣ ਨੇ...ਕਦੇ ਹਾਸਾ ਬੜਾ ਮਹੱਤਵਪੂਰਨ ਹੋ ਜਾਂਦੈ ਤੇ ਕਦੇ ਅੱਥਰੂ ਤੇ ਹਉਕੇ...ਏਹ ਦੋਵੇਂ ਬਰਾਬਰ ਚਲਦੇ ਰਹਿੰਦੇ ਨੇ...ਜੇ ਏਹ ਨਾ ਹੋਣ ਤਾਂ ਬੰਦਾ ਪਾਗਲ ਹੋ ਕੇ ਮਰ ਜਾਏ...।"
ਨੂਰ ਨੇ ਕਿਹਾ, ''ਯਾਰ ਹਾਕਮ, ਬੜੀ ਦੇਰ ਹੋਗੀ ਤੈਥੋਂ ਕੁਝ ਸੁਣਿਆ ਨਹੀਂ...ਸੁਣਾ ਯਾਰ ਅੱਜ ਕੁਝ...।" ਉਸਨੇ ਅਲਾਪ ਲਿਆ ਤੇ ਹਨੇਰੇ ਵਿੱਚ ਗਾਉਣਾ ਸ਼ੁਰੂ ਕੀਤਾ,'ਬਾਬੁਲ ਮੇਰੇ ਚਰਖਾ ਲਿਆਂਦਾ ਤੇ ਵਿੱਚ ਸੋਨੇ ਦੀਆਂ ਮੇਖਾਂ,ਸੱਭੇ ਸਈਆਂ ਕੱਤ-ਕੱਤ ਮੁੜੀਆਂ ਤੇ ਮੈਂ ਰਾਹ ਸੱਜਣ ਦਾ ਵੇਖਾਂ, ਮੇਰੇ ਚਰਖੇ ਦੀ ਟੁੱਟਗੀ ਮਾਲ੍ਹ ਵੇ ਚੰਨ ਕੱਤਾਂ ਕਿ ਨਾ...।' ਬੜਾ ਰੰਗ ਬੱਝਾ। ਇਹ ਸੁਰਮਈ ਸ਼ਾਮ ਨਾ ਕਦੇ ਮੈਨੂੰ ਭੁੱਲੀ ਤੇ ਨਾ ਨੂਰ ਸਾਹਬ ਨੂੰ। ਜਦ ਉਠਣ ਲੱਗੇ ਤਾਂ ਮੈਂ ਆਖਿਆ, '' ਨੂਰ ਸਾਹਬ ਦੀ ਫਰਮਾਇਸ਼ ਤਾਂ ਪੂਰੀ ਕਰ ਦਿੱਤੀ ਐ ਤੇ ਮੇਰੀ?" ਉਸਨੇ ਖੜ੍ਹੇ ਖਲੋਤੇ ਸੁਣਾਇਆ, 'ਕਿਤੋਂ ਬੋਲ ਮਹਿਰਮਾਂ ਵੇ, ਕੱਲ੍ਹ ਪਰਸੋਂ ਮੇਰੀ ਚੀਜ਼ ਗਵਾਚੀ, ਉਹ ਹੈ ਤੇਰੇ ਕੋਲ ਮਹਿਰਮਾ ਵੇ...।' ਰਾਤੀਂ ਲੇਟ ਘਰ ਵੜਿਆ ਤਾਂ ਭੁਆ ਲੜੀ ਕਿ ਮਸਾਂ ਕਿਤੇ ਮਿਲਣ ਆਇਆ ਏਂ ਏਨੀ ਦੇਰ ਮਗਰੋਂ ਤੇ ਓਧਰ ਹਾਕਮ ਦੇ ਢਹੇ ਚੜ੍ਹਿਆ ਫਿਰਦਾ ਐਂ। ਭੂਆ ਜੀ ਦਾ ਦੇਵਰ ਸੁਭਾਸ਼ ਦੁੱਗਲ ਹਾਕਮ ਦਾ ਪੁਰਾਣਾ ਚੇਲਾ। ਇਹਨਾਂ ਦੇ ਟੱਬਰ ਵਿੱਚ ਵੀ ਹਾਕਮ ਦੀ ਚੰਗੀ ਇਜ਼ਤ ਤੇ ਮਾਣ ਬਣਿਆ ਹੋਇਆ ਸੀ।
(ਬਾਕੀ ਅਗਲੇ ਹਫਤੇ)
ਡਾਇਰੀ ਦੇ ਪੰਨੇ ਉਦਾਸ ਹੋਏ-(1) - ਨਿੰਦਰ ਘੁਗਿਆਣਵੀ
ਲੱਗਭਗ 9 ਸਾਲ ਬੀਤਣ ਲੱਗੇ ਹਨ ਇਸ ਗੱਲ ਨੂੰ ਅੱਜ ਚੇਤੇ ਦੀ ਚੰਗੇਰ ਚੋਂ ਯਾਦਾਂ ਦੀ ਪੂਣੀ ਬਾਹਰ ਆ ਗਈ ਆਪ-ਮੁਹਾਰੀ। ਸਤੰਬਰ 22 ਦਾ ਦਿਨ, 2009 ਦੀ ਦੁਪਹਿਰ ਸੀ। ਦੂਰਦਰਸ਼ਨ ਕੇਂਦਰ ਜਲੰਧਰ ਉਤੋਂ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਬਾਰੇ ਇਕ ਸਪੈਸ਼ਲ ਪ੍ਰੋਗਰਾਮ ਦਿਖਾਇਆ ਜਾ ਰਿਹਾ ਸੀ। ਮੈਂ ਤਾਂ ਸਬੱਬੀਂ ਹੀ ਟੀ.ਵੀ.ਆਨ ਕੀਤਾ ਸੀ ਤੇ ਅੱਗੇ ਬਾਪੂ ਪੂਰੇ ਤਰਾਰੇ 'ਚ ਬੋਲ ਰਿਹਾ ਸੀ। ਪਿੰਡ ਰਾਮੂਵਾਲੇ ਵਾਲੇ ਘਰ ਦਿਖਾਇਆ ਜਾ ਰਿਹਾ। ਉਨ੍ਹਾਂ ਦੇ ਸਪੁੱਤਰ ਮਾਸਟਰ ਹਰਚਰਨ ਗਿੱਲ ਤੇ ਬਲਵੰਤ ਸਿੰਘ ਰਾਮੂਵਾਲੀਆ ਵੀ ਬਾਪੂ ਜੀ ਬਾਰੇ ਬੋਲੇ। ਖ਼ੁਸ਼ੀ ਭਰੀ ਹੈਰਾਨੀ ਹੋਣ ਲੱਗੀ ਕਿ ਚਲੋ ਘੱਟੋ ਘੱਟ ਦੂਰਦਰਸ਼ਨ ਵਾਲਿਆਂ ਨੂੰ ਵੀ ਸਾਡੇ ਬਾਪੂ ਕਵੀਸ਼ਰ ਬਾਰੇ ਚੇਤਾ ਆਇਐ। ਬਾਪੂ ਨੂੰ ਮੈਂ ਪਹਿਲੀ ਵਾਰੀ ਸੰਨ 1999 ਵਿਚ ਪਿੰਡ ਜਾ ਕੇ ਮਿਲਿਆ। ਹਰਭਜਨ ਮਾਨ ਨੇ ਭੇਜਿਆ ਸੀ ਮਿਲਣ। ਬਾਪੂ ਕੁਛ ਦਿਨ ਪਹਿਲਾਂ ਹੀ ਟੋਰਾਂਟੋ ਤੋਂ ਏਧਰ ਆਇਆ ਸੀ। ਮੈਨੂੰ ਦੇਖਦੇ ਸਾਰ ਖੜਕਵੀਂ ਆਵਾਜ਼ ਵਿਚ ਬੋਲਿਆ, ''ਓ ਬਈ... ਤੂੰ ਹੁੰਨਾ ਐਂ ਘੁਗਿਆਣਵੀ .... ਨਿੰਦਰ? ਓ ਵਾਹ ਬਈ... ਤੂੰ ਤਾਂ ਨਿੱਕਾ ਜਿਹਾ ਈ ਐਂ ਉਏ...ਲੇਖ ਤਾਂ ਤੂੰ ਐਡੇ-ਐਡੇ ਲਿਖਦਾ ਐਂ... ਓ ਪਤੰਦਰਾ ... ਮੈਂ ਤਾਂ ਤੈਨੂੰ ਇਉਂ ਸਮਝਦਾ ਸੀ ਬਈ ਨਿੰਦਰ ਘੁਗਿਆਣਵੀ ਅਹੁ ਖੰਭੇ ਜਿੱਡਾ ਲੰਮਾ ਹੋਊ।'' ਪਾਰਸ ਜੀ ਨੇ ਸਾਹਮਣੇ ਖੜ੍ਹੇ ਖੰਭੇ ਵੱਲ ਹੱਥ ਕੀਤਾ ਤੇ ਫੇਰ ਅੱਗੇ ਬੋਲਣ ਲੱਗੇ, ''ਮੋਟਾ ਜਿਅ੍ਹਾ .... ਭਾਰਾ ਜਿਅ੍ਹਾ ਤੇ ਵੱਡੀ ਉਮਰ ਦਾ ਸਮਝਦਾ ਸਾਂ ਮੈਂ ਤਾਂ ਤੈਨੂੰ ... ਬਈ ਦਾਹੜੀ ਹੋਊ ਵੱਡੀ ਸਾਰੀ, ਵੱਡੀ ਸਾਰੀ ਪੱਗ ਬੰਨ੍ਹਦਾ ਹੋਊ... ਤੇ ਤੂੰ ਜਵਾਂ ਈ ਨਿੱਕਾ ਜਿਹਾ ਮੁੰਡਾ ਐਂ ਉਏ... ਓ ਬਈ... ਤੂੰ ਹਾਥੀ ਦੇ ਸਰੀਰ ਜਿੰਨੀ ਅਕਲ ਕੀੜੀ ਦੇ ਆਂਡੇ 'ਚ ਕਿਵੇਂ ਪਾਈ ਫਿਰਦੈਂ...ਉਏ?''
ਪਾਰਸ ਜੀ ਹੱਸ ਰਹੇ ਸਨ, ਸੰਗਦਾ-ਸੰਗਦਾ ਥੋੜ੍ਹਾ-ਥੋੜ੍ਹਾ ਮੈਂ ਵੀ ਹੱਸ ਰਿਹਾ ਸਾਂ। ਉਨ੍ਹਾਂ ਸਾਡਾ ਸਕੂਟਰ ਅੰਦਰ ਲੁਵਾਇਆ, ਆਖਣ ਲੱਗੇ, "ਦੁਨੀਆਂ ਅੰਨ੍ਹੀ ਹੋਈ ਫਿਰਦੀ ਐ, ਕੀ ਪਤੈ ਕੋਈ ਵਿੱਚ ਈ ਮਾਰ ਕੇ ਉਲੱਦ ਜਾਵੇ ਜਾਂ ਕੋਈ ਬਣਾਉਟੀ ਕੁੰਜੀ ਲਾ ਕੇ ਰੇੜ੍ਹ ਲੈਜਾਵੇ...ਕੋਈ ਇਤਬਾਰ ਨੀ ਅੱਜਕਲ ਕਿਸੇ ਸਹੁਰੀ ਦੇ ਉਤੇ...ਕੀਹਨੂੰ ਆਂਹਦੇ ਫਿਰਾਂਗੇ ਬਈ ਓ ਸਾਡਾ...।" ਚਾਹ ਪਾਣੀ ਤੋਂ ਬਾਅਦ ਏਧਰ-ਓਧਰ ਦੀਆਂ ਗੱਲਾਂ-ਬਾਤਾਂ ਹੋਈਆਂ, ਕਲਾ ਤੇ ਸਾਹਿਤ ਬਾਰੇ। ਆਪਣੀਆਂ ਛਪ ਚੁੱਕੀਆਂ ਕਿਤਾਬਾਂ, ਜੋ ਮੈਂ ਆਪਣੇ ਨਾਲ ਈ ਲਿਆਇਆ ਸਾਂ, ਪਾਰਸ ਜੀ ਨੂੰ ਇਕ-ਇਕ ਕਰ ਕੇ ਵਿਖਾਇਆ, ਉਹ ਹੋਰ ਵੀ ਪ੍ਰਸੰਨ ਹੋ ਗਏ। ਮੈਂ ਆਖਿਆ, ''ਬਾਪੂ ਜੀ, ਹੁਣ ਮੈਂ ਥੋਡੇ ਜੀਵਨ ਤੇ ਕਵੀਸ਼ਰੀ ਕਲਾ ਬਾਰੇ ਕਿਤਾਬ ਲਿਖਣੀ ਆਂ... ਦੱਸੋ ਮੈਨੂੰ, ਕਦੋਂ ਟੈਮ ਆਂ ਥੋਡੇ ਕੋਲ!''
ਪਾਰਸ ਜੀ ਨੇ ਮੁਸਕ੍ਰਾਂਦਿਆਂ ਕਿਹਾ, ''ਓ ਘੁਗਿਆਣਵੀ ਯਾਰ... ਤੂੰ ਜਦੋਂ ਚਾਹੇ ਆ ਜਾ, ਪਰ ਆਈਂ ਵਿਹਲ ਕੱਢ ਕੇ, ਅੱਛਾ ਐਂ ਦੱਸ ਬਈ... ਓ ਤੂੰ ਘੁੱਟ ਪੀ-ਪੂ ਵੀ ਲੈਨਾ ਹੁੰਨਾ ਐਂ''?
''ਨਹੀਂ, ਬਾਪੂ ਜੀ, ਮੈਂ ਤਾਂ ਨ੍ਹੀਂ ਪੀਂਦਾ...।''
''ਓ ਸਹੁਰੀ ਦਿਆ, ਲਾ ਲਿਆ ਕਰ ਯਾਰ ਘੁਟ ਕੁ... ਲਿਖਾਰੀ ਤਾਂ ਪੀਂਦੇ ਹੁੰਦੇ ਆ... ਕੀ ਗੱਲ...? ਵੱਢਦੀ ਐ ਤੈਨੂੰ... ਘੁੱਟ ਪੀ ਲਿਆ ਕਰ ਓਏ... ਚੰਗੀ ਹੁੰਦੀ ਐ...ਮੈਂ ਤਾਂ ਅਜੇ ਵੀ ਨੀ ਛਡਦਾ, ਥੋਡੀ ਬੇਬੇ ਤੋਂ ਚੋਰੀਓਂ ਕੁਛ ਵੱਧ ਵੀ ਪੀ ਜਾਈਦੀ ਐ।''
''ਨਹੀਂ ਬਾਪੂ ਜੀ, ਮੈਂ ਪੀਣ ਵਾਲਿਆਂ ਲਿਖਾਰੀਆਂ 'ਚੋਂ ਨਹੀਂ ਆਂ।''
''ਚੰਗਾ ਫੇਰ... ਜੇ ਤੂੰ ਨ੍ਹੀਂ ਪੀਂਦਾ, ਤੂੰ ਕੋਲ ਬਹਿ ਕੇ ਮੇਰੇ ਵੰਨੀਂ ਵੇਖੀ ਜਾਇਆ ਕਰੀਂ।'' ਇਹ ਕਹਿ ਕੇ ਪਾਰਸ ਜੀ ਮੁਸਕਰਾਉਣ ਲੱਗੇ।
ਹਸਦੇ-ਹਸਦੇ ਅਸੀਂ ਪਾਰਸ ਜੀ ਕੋਲੋਂ ਵਿਦਾ ਹੋਏ।
ਕਿਤਾਬ ਲਿਖਣ ਲਈ ਮੈਂ ਪੂਰਾ ਮਨ ਬਣਾ ਕੇ ਥੋੜੇ ਦਿਨਾਂ ਬਾਅਦ ਹੀ ਉਨ੍ਹਾਂ ਕੋਲ ਚਲਿਆ ਗਿਆ ਸਾਂ। ਕੋਲ ਬੈਠਾ ਪੁੱਛ-ਪੁੱਛ ਕੇ ਲਿਖਦਾ ਰਹਿੰਦਾ ਸਾਂ। ਕੋਈ ਵੱਡੀ ਗੱਲ ਹੁੰਦੀ ਤਾਂ ਰਿਕਾਰਡਿੰਗ ਕਰ ਲੈਂਦਾ ਸਾਂ। ਜਦੋਂ ਥੱਕ ਜਾਂਦੇ ਸਾਂ ਤਾਂ ਚਾਹ ਪੀਂਦੇ ਤੇ ਨਾਲ ਹੀ ਪਾਰਸ ਜੀ ਕੋਈ ਹਾਸੇ ਵਾਲਾ ਟੋਟਕਾ ਸੁਣਾ ਕੇ ਥਕੇਵਾਂ ਦੂਰ ਕਰਦੇ। ਮੈਂ ਕਈ ਮਹੀਨੇ ਉਨ੍ਹਾਂ ਦੇ ਨਾਲ-ਨਾਲ ਲਗਭਗ ਪੂਰੇ ਪੰਜਾਬ ਵਿਚ ਫਿਰਦਾ ਰਿਹਾ। ਇਸ ਪੁਸਤਕ ਦੀ ਤਿਆਰੀ ਕਰਦਿਆਂ ਕੁਝ ਮਹੀਨੇ ਪਾਰਸ ਜੀ ਨਾਲ ਬਿਤਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਹੋਰਾਂ ਕਈ ਸਕੇ-ਸਬੰਧੀਆਂ ਨੇ ਮੈਨੂੰ ਜੋ ਪਿਆਰ ਤੇ ਮਾਣ ਦਿੱਤਾ, ਉਹ ਅਭੁੱਲ ਹੋ ਗਿਆ। ਇਸ ਦੌਰਾਨ ਪਾਰਸ ਜੀ ਦੀ ਰੰਗੀਨੀ ਤੇ ਉਚੀ-ਸੁੱਚੀ ਸ਼ਖ਼ਸੀਅਤ ਬਾਰੇ ਵੀ ਕੁਝ-ਕੁਝ ਵਾਕਫ਼ੀ ਹੋਈ, ਜਿਸ ਨੂੰ ਇਸ ਪੁਸਤਕ ਵਿਚ ਦਰਜ ਕਰਨ ਦਾ ਯਤਨ ਕੀਤਾ। (ਚਲਦਾ)
ਮੈਂ ਇਹ ਸੰਭਵ ਕੋਸ਼ਿਸ਼ ਕੀਤੀ ਸੀ ਕਿ ਪਾਰਸ ਜੀ ਦੇ 'ਜੀਵਨ ਦਾ ਸੱਚ' ਅਤੇ ਉਨ੍ਹਾਂ ਦੀ 'ਚੋਣਵੀ ਰਚਨਾਵਲੀ' ਦੀ ਵੰਨਗੀ ਪਾਠਕਾਂ ਦੇ ਸਨਮੁੱਖ ਕੀਤੀ ਜਾਵੇ। ਇਸ ਪੁਸਤਕ ਦੀ ਤਿਆਰੀ ਸਬੰਧੀ, ਪਟਿਆਲਾ, ਸੰਗਰੂਰ, ਬਰਨਾਲਾ, ਮੋਗਾ, ਰਾਮੂਵਾਲਾ, ਜਲੰਧਰ, ਫ਼ਰੀਦਕੋਟ ਇਨ੍ਹਾਂ ਥਾਵਾਂ 'ਤੇ ਕਈ-ਕਈ ਗੇੜੇ ਕੱਢੇ ਸਨ ਤੇ ਪਾਰਸ ਜੀ ਨਾਲ ਸਬੰਧਤ ਸਮਗਰੀ ਇਕੱਤਰ ਕੀਤੀ ਸੀ ਕਿਉਂਕਿ ਪਾਰਸ ਜੀ ਨੇ ਆਪਣੇ ਕੋਲ ਆਪਣਾ ਕੋਈ ਵੀ ਰਿਕਾਰਡ, ਜਿਵੇਂ ਆਪਣੇ ਛਪੇ ਹੋਏ ਕਿੱਸੇ, ਰਚਨਾਵਾਂ, ਫੋਟੋਆਂ, ਜਾਂ ਹੋਰ ਵੀ ਲੋੜੀਂਦਾ ਅਹਿਮ ਰਿਕਾਰਡ ਨਹੀਂ ਸੰਭਾਲਿਆ ਹੋਇਆ ਸੀ, ਸਭ ਕੁਝ ਆਪਣੇ ਸ਼ਾਗਿਰਦਾ ਨੂੰ ਫੜਾ ਆ ਗਿਆ ਤੇ ਮੇਲੇ 'ਤੇ ਬਾਪੂ ਦਾ ਸਨਮਾਨ ਹੋਇਆ ਤਾਂ ਉਹ ਆਪਣੇ ਹਜ਼ਾਰਾਂ ਸਰੋਤਿਆਂ ਦੇ ਰੂਬਰੂ ਹੋਇਆ। ਪੱਖੋਵਾਲ ਦਾ ਬਜ਼ੁਰਗ ਹੱਥ 'ਚ ਖੂੰਡਾ ਫੜੀ ਬਾਪੂ ਕੋਲ ਆਇਆ ਤੇ ਬੋਲਿਆ, ''ਓ ਪਾਰਸਾ ... ਅਜੇ ਤੂੰ ਹੈਗਾ ਐਂ... ਮੈਂ ਤਾਂ ਸੋਚਦਾ ਸੀ ਜਾ ਵੜਿਆ ਹੋਵੇਗਾ ਉਤਲੀ ਦਰਗਾਹ 'ਚ....।'' ਸਾਰੇ ਹੱਸਣ ਲੱਗੇ। ਹੁਣ ਜਦੋਂ ਮੈਂ ਦੂਰਦਰਸ਼ਨ ਕੇਂਦਰ ਜਲੰਧਰ ਵਲੋਂ ਬਾਪੂ ਜੀ ਬਾਰੇ ਬਣਾਇਆ ਇਹ ਦਸਤਾਵੇਜ਼ੀ ਫੀਚਰ ਦੇਖ ਰਿਹਾ ਹਾਂ ਤਾਂ ਸੌ ਪ੍ਰਤੀਸ਼ਤ ਆਸ ਪੱਕੀ ਕਰੀ ਬੈਠਾ ਹਾਂ ਕਿ ਮੇਰੀਆਂ ਲਿਖੀਆਂ ਪੁਸਤਕ ਦਾ ਜ਼ਿਕਰ ਕੋਈ ਨਾ ਕੋਈ ਲਾਜ਼ਮੀ ਕਰੇਗਾ। ਪਰ ਨਹੀਂ... ਫ਼ੀਚਰ ਮੁੱਕ ਗਿਆ। ਖ਼ਬਰਾਂ ਸ਼ੁਰੂ ਹੋ ਗਈਆਂ ਨੇ, ਮੈਂ ਉਦਾਸ ਹੋ ਜਾਂਦਾ ਹਾਂ। (ਚਲਦਾ)
17 Oct. 2018
ਡਾਇਰੀ ਦਾ ਪੰਨਾ-5 - ਨਿੰਦਰ ਘੁਗਿਆਣਵੀ
ਰਮਣੀਕ ਰੁੱਤ ਦੀ ਆਮਦ
ਨਵੀਂ ਫਸਲ ਦੀ ਬੀਜਾਂਦ 'ਤੇ ਖੇਤ ਖੁਸ਼ ਹੋਣ ਲੱਗਿਐ। ਅੰਗੜਾਈ ਭੰਨਦੀ ਰੁੱਤ ਫਿਰਨ ਲੱਗੀ ਹੈ, ਤੇ ਵਣ ਵੀ ਕੰਬਣ ਲੱਗਿਆ ਹੈ। ਕੁਝ ਬੂਟੇ ਮੁਰਝਾ ਗਏ, ਤੇ ਕੁਝ ਨਵੀਆਂ ਪੱਤੀਆਂ ਨਿਖਾਰ ਕਰੂੰਬਲਾਂ ਕੱਢ ਰਹੇ ਨੇ। ਬੇਰੀਆਂ ਨੂੰ ਬੂਰ ਪੈ ਗਿਐ। ਕਿੱਕਰਾਂ ਪੀਲੇ-ਪੀਲੇ ਫੁੱਲ ਕੱਢਣ ਲੱਗੀਆਂ ਨੇ, ਜਿਵੇਂ ਪੀਲੀ ਚੁੰਨੀ ਓਹੜਨ ਲਈ ਧੋ ਕੇ ਸੁਕਾਈ ਜਾਣ ਲੱਗੀ ਹੋਵੇ! ਪਹਾੜੀ ਕਿੱਕਰਾਂ ਭਾਰੀਆਂ ਹੋ-ਹੋ ਆਪਣੇ ਟਾਹਣ ਧਰਤੀ ਨਾਲ ਛੁਹਾਉਣ ਲੱਗੀਆਂ ਨੇ। ਨਿੰਮ੍ਹੀ-ਨਿੰਮ੍ਹੀ ਠੰਢ ਬੂਹਾ ਖੜਕਾਅ ਰਹੀ ਹੈ। ਥੋੜੇ ਦਿਨਾਂ ਤੀਕ ਝੋਨੇ ਦੀ ਫਸਲ ਸਮੇਟ ਕੇ ਖੇਤ ਨੂੰ ਸੁੰਭਰੇ-ਸੰਵਾਰੇਗਾ ਕਿਰਸਾਨ। ਕਣਕ ਦੀ ਬਿਜਾਂਦ ਲਈ ਵਾਹਣ ਤਿਆਰ ਕਰੇਗਾ। ਮੇਰੇ ਪਿੰਡ ਦੇ ਕਾਫੀ ਕਿਰਸਾਨ, (ਜਿੰਨ੍ਹਾਂ 'ਚੋਂ ਬਹੁਤੇ ਗਰੀਬ ਤਬਕੇ ਨਾਲ ਸਬੰਧਤ ਹੋਣਗੇ), ਗੋਭੀ ਤੇ ਟਮਾਟਰ ਲਾਉਣਗੇ। ਮੈਂ ਖੇਤਾਂ ਵੱਲ ਗਿਆ ਸਾਂ ਅੱਜ ਸਵੇਰੇ, ਦੇਖਿਆ ਕਿ ਗੋਭੀ ਦੀ ਪਨੀਰੀ ਤਿਆਰ ਹੋ ਗਈ ਹੈ। ਗੋਭੀ ਦੀ ਪਨੀਰੀ ਨੂੰ ਰਲੀ-ਮਿਲੀ ਠੰਢ ਤੇ ਦੁਪੈਹਿਰ ਦੀ ਗਰਮਾਇਸ਼ ਤੋਂ ਬਚਾਉਣ ਵਾਸਤੇ ਤੰਬੂ ਤਾਣੇ ਹੋਏ ਨੇ। ਲਗਭਗ ਢਾਈ ਜਾਂ ਪੌਣੇ ਤਿੰਨ ਮਹੀਨੇ ਗੋਭੀ ਦੀ ਫਸਲ ਰਹੇਗੀ ਤੇ ਉਸ ਮਗਰੋਂ ਟਮਾਟਰਾਂ ਦੀ ਪਨੀਰੀ ਲਾਈ ਜਾਵੇਗੀ। ਛੇ ਮਹੀਨਿਆਂ ਵਿਚ ਦੋ ਫਸਲਾਂ ਉਗਾਉਣ ਵਾਲਾ ਕਿਸਾਨ ਕਣਕ ਬੀਜਣ ਤੋਂ ਪਾਸਾ ਵੱਟੇਗਾ। (ਗੋਭੀ ਤੇ ਟਮਾਟਰ ਕਿਰਾਏ ਦੀਆਂ ਗੱਡੀਆਂ ਵਿਚ ਭਰ ਕੇ ਦੂਰ ਵੱਡੇ ਸ਼ਹਿਰਾਂ ਦੀਆਂ ਸਬਜ਼ੀ ਮੰਡੀਆਂ ਵਿਚ ਵੇਚਣ ਜਾਣਗੇ, ਪੂਰਾ ਮੁੱਲ ਤਾਂ ਕੀ ਮਿਲਣਾ, ਜਦ ਗੱਡੀ ਦਾ ਕਿਰਾਇਆ ਵੀ ਪੂਰਾ ਨਾ ਹੋਇਆ, ਤਦ ਹੱਥ ਮਲਦੇ ਪਛਤਾਣਗੇ ਤੇ ਚੁੱਪ-ਚੁਪੀਤੇ ਘਰ ਮੁੜ ਆਣਗੇ,ਜਿਸ ਜੱਟ ਤੋਂ ਪੈਲੀ ਠੇਕੇ 'ਤੇ ਲੈ ਕੇ ਫਸਲ ਬੀਜੀ ਸੀ,ਉਸਦੇ ਨੂੰ ਦੇਣੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇਗਾ!) ਇਹ ਮੰਜ਼ਰ ਮੈਂ ਅੱਖੀਂ ਦੇਖਦਾ ਹਾਂ ਹਰ ਵਰ੍ਹੇ!
ਦੇਖਦਾ ਹਾਂ, ਟਮਾਟਰ ਦੇ ਢੇਰ ਤੇ ਗੋਭੀ ਦੇ ਫੁੱਲ ਖੇਤਾਂ ਕਿਨਾਰੇ ਪਹਿਆਂ ਉਤੇ ਰੁਲਦੇ ਤੇ ਗਲਦੇ ਨੇ। ਪਸੂ ਵੀ ਨਹੀਂ ਮੂੰਹ ਮਾਰਦੇ ਇਹਨਾਂ ਨੂੰ। ਬਹੁਤਾਤ ਵਿਚ ਹੋ ਗਈ ਗੋਭੀ ਨੂੰ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਚੁਕਦਾ। ਪਿਛਲੇ ਤੋਂ ਪਿਛਲੇ ਸਾਲ ਕੱਦੂ ਰੱਜ-ਰੱਜ ਕੇ ਰੁਲੇ। ਲਵੇ-ਲਵੇ ਅਲੂੰਏ ਕੱਦੂ ਕਿਸੇ ਨੇ ਮੁਫਤੀ ਵੀ ਨਾ ਖਾਧੇ, ਤੇ ਵੱਲਾਂ ਨਾਲ ਲੱਗੇ ਰਹੇ, ਪੱਕ-ਪੱਕ ਕੇ ਪਾਗਲ ਹੋ ਗਏ,ਬੇਹਿਸਾਬੇ ਮੋਟੇ, ਤੇ ਅਗਲੀ ਵਾਰ ਆਪਣਾ ਬੀਜ ਦੇਣ ਨੂੰ ਤਿਆਰ। ਸਾਡੇ ਪਿੰਡ ਦੇ ਕਿਰਤੀ ਬੌਰੀਏ ਬੜੇ ਮਿਹਨਤੀ ਨੇ, ਸਿਰੇ ਦੇ ਅਣਥੱਕ ਇਹ ਮੁਸ਼ੱਕਤੀ ਕਾਮੇ ਸਾਰਾ ਸਾਰਾ ਦਿਨ ਆਪਣੇ ਟੱਬਰਾਂ ਸਮੇਤ ਖੇਤਾਂ ਵਿਚ ਮੁੜ੍ਹਕਾ ਡੋਲ੍ਹ-ਡੋਲ੍ਹ ਬੜੇ ਚਾਅ ਤੇ ਆਸਾਂ ਨਾਲ ਫਸਲ ਤਿਆਰ ਕਰਦੇ ਨੇ। ਜਦ ਮਿਹਨਤ ਦਾ ਮੁੱਲ ਨਹੀਂ ਮਿਲਦਾ ਤਾਂ ਝੁਰਦੇ ਨੇ, ਉਹਨਾਂ ਨੂੰ ਦੇਖ-ਦੇਖ ਮੈਂ ਵੀ ਝੁਰਦਾ ਹਾਂ। ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੀਕਰ ਦੇਖ ਰਿਹਾਂ ਕਿ ਸਾਡੇ ਪਿੰਡ ਦਿਆਂ ਖੇਤਾਂ ਵਿਚ ਮਟਰ, ਬੈਂਗਣ-ਬੈਂਗਣੀ, ਕੱਦੂ-ਅੱਲਾਂ, ਦੇਸੀ ਤੋਰੀਆਂ, ਸੂੰਗਰੇ-ਮੂੰਗਰੇ, ਔਲੇ, ਗਾਜਰ, ਮੂਲੀ, ਗੁਆਰੇ ਦੀਆਂ ਫਲੀਆਂ, ਪਾਲਕ, ਮੇਥੀ, ਮਿਰਚ,ਸ਼ਲਗਮ, ਖੱਖੜੀ, ਖਰਬੂਜੇ ਤੇ ਮਤੀਰੇ ਦੀ ਬਿਜਾਂਦ ਹੁੰਦੀ ਹੈ। ਚਿੱਬੜ੍ਹ ਤੇ ਬਾਥੂ ਆਪ-ਮੁਹਾਰੇ ਹੀ ਉੱਗ ਪੈਂਦਾ ਹੈ। ਸਰੋਂ ਦਾ ਸਾਗ ਕਦੇ ਕਰਾਰਾ-ਕਰਾਰਾ ਹੁੰਦਾ ਸੀ ਮੇਰੇ ਪਿੰਡ ਦਾ, ਹੁਣ ਖਾਰਾ-ਖਾਰਾ ਜਿਹਾ ਸੁਆਦ ਆਉਂਦਾ ਹੈ। (ਆਲੂ ਨਹੀਂ ਬੀਜਦੇ, ਕੋਈ ਟਾਵਾਂ-ਟਾਵਾਂ ਕਿਰਸਾਨ ਹੀ ਆਲੂ ਬੀਜਦਾ ਹੈ, ਸੌ ਵਿਚੋਂ ਪੰਜ ਦੇ ਬਰਾਬਰ)। ਮੇਰੇ ਪਿੰਡ ਦੇ ਖੇਤਾਂ 'ਚ ਟਿੱਬਿਆਂ 'ਤੇ ਕੌੜ-ਤੁੰਮਿਆਂ ਦੀਆਂ ਵੇਲਾਂ ਕਦੇ ਨਾ ਸੁੱਕੀਆਂ, ਕਦੇ ਨਾ ਮੁੱਕੇ ਕੌੜ ਤੁੰਮੇ! ਅਜੇ ਵੀ ਦੂਰੋਂ-ਦੂਰੋਂ ਵੈਦ ਆ ਜਾਂਦੇ ਨੇ ਤੋੜਨ ਕੌੜ-ਤੁੰਮੇਂ, ਦੇਸੀ ਦਵਾਈਆਂ ਵਿਚ ਪਾਉਣ ਲਈ। ਕਦੇ ਮੇਰਾ ਤਾਇਆ ਪਸੂਆਂ ਵਾਸਤੇ ਕੌੜ-ਤੁੰਮਿਆਂ ਦਾ ਅਚਾਰ ਪਾ ਲੈਂਦਾ ਸੀ। ਕੋਈ ਬੀਮਾਰੀ ਨੇੜੇ ਨਾ ਸੀ ਢੁਕਦੀ ਪਸੂਆਂ ਦੇ ,ਤੇ ਕਦੇ ਕੋਈ ਪਸੂ ਦੁੱਧ ਨਾ ਨਹੀਂ ਸੀ ਸੁਕਦਾ। ਝਾੜ ਕਰੇਲੇ ਵੀ ਵਾਧੂੰ ਹੁੰਦੇ, ਹੁਣ ਵੀ ਹੈਗੇ! ਡੇਲਿਆਂ ਦਾ ਅਚਾਰ ਪਾਉਂਦੇ ਸਨ ਲੋਕ, ਕਰੀਰਾਂ ਨੂੰ ਡੇਲੇ ਲਗਦੇ ਕਿ ਤੋੜ ਨਾ ਹੁੰਦੇ। ਹੁਣ ਕਈ-ਕੋਈ ਕਰੀਰ ਬਚਿਆ ਦਿਸਦਾ ਹੈ ਪਿੰਡ ਦੀ ਨੁੱਕਰੇ ਕਿਧਰੇ! ਬਾਬੇ ਦੀ ਖਾਨਗਾਹ 'ਤੇ ਪੁਰਾਣੇ ਕਰੀਰ ਹਨ ਪਰ ਉਹਨਾਂ ਨੂੰ ਡੇਲੇ ਲੱਗਣੋਂ ਹਟ ਗਏ! ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਆਮ ਹੀ ਪੈਂਦਾ, ਜੇ ਨਾ ਵੀ ਪੈਂਦਾ, ਤਾਂ ਬੱਕਰੀਆਂ ਤੇ ਬੱਕਰੀਆਂ ਨੂੰ ਕਿੱਕਰਾਂ ਦੇ ਤੱਕੇ ਚਾਰੇ ਜਾਂਦੇ। ਚੇਤਾ ਹੈ, ਇੱਕ ਵਾਰ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਲੱਗਿਆ ਸੀ ਸਾਡੇ ਪਿੰਡ ਤੇ ਰਣਜੀਤ ਕੌਰ ਗਾਉਂਦੀ ਹੋਈ ਸਦੀਕ ਨੂੰ ਕਹਿੰਦੀ ਹੈ, ''ਵੇ ਬਾਬਾ, ਤੁੱਕੇ ਹੋਰ ਲਿਆਵਾਂ, ਰੋਟੀ ਖਾ ਰਿਹਾ ਏਂ ਬਾਬਾ, ਵੇ ਬਾਬਾ ਤੁੱਕੇ ਹੋਰ ਲਿਆਵਾਂ...?" ਸਦੀਕ ਅੱਗੋਂ ਕਹਿੰਦਾ ਹੈ, ''ਸਹੁਰੀ ਦੀਏ ਬਾਬਾ ਕਿਹੜਾ ਬੋਕ ਐ।" ਲੋਕ ਹੱਸੇ।
""""
ਗੱਲ ਬੇਰਾਂ ਤੋਂ ਸ਼ੁਰੂ ਕੀਤੀ ਸੀ। ਲੰਘੀ ਰੁੱਤੇ, ਬੇਰ ਲੱਗੇ ਸਨ ਬੇਰੀਆਂ ਨੂੰ ਮਣਾਂ-ਮੰਹੀਂ ਪਰ ਕੋਈ ਤੋੜਨ ਵਾਲਾ ਤੇ ਖਾਣ ਵਾਲਾ ਨਹੀਂ ਸੀ। ਹਨੇਰੀਆਂ ਵਗੀਆਂ। ਕਣਕ ਦੀ ਫਸਲ 'ਚ ਡਿੱਗੇ ਕਿਰੇ-ਕਿਰੇ ਲਾਲ-ਰੱਤੇ ਮਿੱਠੇ-ਮਿੱਠੇ ਬੇਰ ਚੁਗਣ ਕਈ ਨਹੀਂ ਗਿਆ। ਚੇਤੇ ਕਰਦਾ ਹਾਂ ਕਿ ਉਹ ਵੀ ਦਿਨ ਸਨ, ਜਦ ਆਪਣੇ ਭਰਾਵਾਂ ਜਾਂ ਹਾਣੀਆਂ ਨਾਲ ਬੇਰ ਤੋੜਨ ਜਾਂ ਚੁਗਣ ਜਾਣ ਦਾ ਵੇਲਾ ਕਦੀ ਨਹੀਂ ਸਾਂ ਖੁੰਝਾਉਂਦਾ। ਝੋਲਿਆਂ ਦੇ ਝੋਲੇ ਭਰ-ਭਰ ਬੇਰ ਲਿਆਂਉਂਦੇ ਸਾਂ ਤੇ ਢੇਰ ਲਾਈ ਜਾਂਦੇ ਸਾਂ, ''ਦਾਦੀ ਵਰਜਦੀ ਹੁੰਦੀ, ''ਵੇ ਕੌਣ ਖਾਊ ਐਨੇ ਬੇਰ, ਬਸ ਕਰਜੋ ਹੁਣ ਨਿਕੰਮਿਓਂ...।"
ਜਿਹੜੇ ਰਾਹ ਮੈਂ ਰੋਜ਼ ਲੰਘਦਾ ਹਾਂ,ਇੱਕ ਪੁਰਾਣੀ ਬੇਰੀ ਬੇਰਾਂ ਲੱਦੀ ਖਲੋਤੀ ਆਉਂਦੇ-ਜਾਂਦਿਆਂ ਨੂੰ ਵੇਂਹਦੀ ਰਹਿੰਦੀ ਹੈ ਕਿ ਕੋਈ ਤਾਂ ਖਲੋਵੇਗਾ ਮੇਰੇ ਕੋਲ, ਤੇ ਮੇਰੇ ਬੇਰ ਖਾਏਗਾ! ਪਰ ਕਿਸੇ ਕੋਲ ਦੋ ਪਲ ਦੀ ਵਿਹਲ ਨਹੀਂ ਹੈ। ਬੇਰੀ ਕਹਿੰਦੀ ਹੈ, ''ਵੱਟੇ ਮਾਰ ਮਾਰ ਝਾੜ ਲਓ ਤਦ ਵੀ ਨਹੀਂ ਕੁਝ ਆਖਾਂਗੀ, ਮੇਰਾ ਕਰਮ ਵੱਟੇ ਖਾ ਕੇ ਬੇਰ ਦੇਣਾ ਹੈ ਪਰ ਤੁਸੀਂ ਫਿਰ ਵੀ ਕਿਉਂ ਨਹੀਂ ਖਾਂਦੇ ਮੇਰੇ ਬੇਰ! ਤੁਸੀਂ ਵੱਟੇ ਮਾਰੋ, ਮੈਂ ਮਸੁਕ੍ਰਵਾਂਗੀ ਤੇ ਲਾਲ-ਸੂਹੇ ਬੇਰ ਤੁਹਾਡੀ ਝੋਲੀ ਪਾਵਾਂਗੀ। ਕੋਈ ਨਹੀਂ ਸੁਣਦਾ। ਮੈਂ ਵੀ ਕਦੇ ਨਹੀਂ ਸੁਣੀ ਬੇਰੀ ਦੀ ਪੁਕਾਰ, ਤੇ ਸਕੂਟਰ ਦੌੜਾਂਦਾ ਲੰਘ ਜਾਂਦਾ ਹਾਂ ਹੋਰਨਾਂ ਵਾਂਗ ਡਿੱਗੇ ਹੋਏ ਬੇਰ ਮਿਧਦਾ !
(3 ਅਕਤੂਬਰ, 2018)
ਕੁਝ ਮਨ ਦੀਆਂ-ਕੁਝ ਜਗ ਦੀਆਂ, ਸ਼ੈਰੀ ਦੀ 'ਸ਼ਾਇਰੀ' ਨੇ ਮੋਹੇ ਪਾਕਿਸਤਾਨੀ - ਨਿੰਦਰ ਘੁਗਿਆਣਵੀ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੰਖੇਪ ਜਿਹੀ ਪਰ ਭਾਵਪੂਰਤ ਪਾਕਿਸਤਾਨ ਫੇਰੀ ਨੂੰ ਲੈ ਕੇ ਕਾਫੀ ਲੋਕ ਵਾਧੂੰ ਦਾ ਹੋ-ਹੱਲਾ ਮਚਾ ਰਹੇ ਹਨ। ਬਹੁਤ ਸਾਰੇ ਲੋਕ ਤਾਂ ਸਿੱਧੂ ਦੀ ਇਸ ਫੇਰੀ ਨੂੰ ਭਵਿੱਖ ਵਿਚ ਭਾਰਤ-ਪਾਕਿ ਰਿਸ਼ਤਿਆਂ ਵਿਚ ਆਈ ਖੜੋਤ ਨੂੰ ਤੋੜਨ ਵਾਲੀ ਆਖ ਰਹੇ ਹਨ। ਹਥਲੇ ਕਾਲਮ ਰਾਹੀਂ ਮੈਂ ਕੁਝ ਹਟਵੀਂ ਗੱਲ ਕਰਾਂਗਾ, ਸਿਰਫ਼ ਸਿੱਧੂ ਦੀ ਸ਼ਾਇਰੀ ਬਾਰੇ। ਸ਼ਾਇਰੀ ਸਾਹਿਤ ਦੀ ਅਜਿਹੀ ਵਿਧਾ ਹੈ, ਜੋ ਲੋਕ ਮਨਾਂ ਉਤੇ ਬਿਨਾਂ ਦੇਰੀ ਦੇ ਸਿੱਧਾ ਸਪਾਟ ਅਸਰ ਕਰਦੀ ਹੈ। ਸਿੱਦੂ ਬਚਪਨ ਤੋਂ ਸ਼ਾਇਰੀ ਦਾ ਸ਼ੌਕੀਨ ਹੇ ਤੇ ਬਹੁਤ ਸਾਰੇ ਸ਼ਾਇਰਾਂ ਦੀ ਕਵਿਤਾ ਉਸਨੂੰ ਜੁਬਾਨੀ ਚੇਤੇ ਹੈ। ਮੌਕੇ ਉਤੇ ਕਲਮ ਵੀ ਚਲਾ ਲੈਂਦਾ ਹੈ।ਕੁਝ ਵੀ ਹੈ,ਸਾਡਾ ਹਰਮਨ ਪਿਆਰਾ 'ਸ਼ੈਰੀ' ਆਪਣੀ 'ਸ਼ਾਇਰੀ' ਸੁਣਾ ਕੇ ਪਾਕਿਸਤਾਨੀਆਂ ਦੇ ਮਨ ਜਿੱਤ ਕੇ ਮੁੜਿਆ ਹੈ। ਉਸਦੀ ਸ਼ਾਇਰੀ ਨੂੰ ਭਰਵੀਂ ਦਾਦ ਵੀ ਮਿਲੀ ਹੈ। ਇਹ ਸ਼ਾਇਰੀ ਉਸ ਨੇ ਸਿਰਫ਼ ਲਿਖਣ ਵਾਸਤੇ ਜਾਂ ਬੋਲਣ ਵਾਸਤੇ ਹੀ ਨਹੀਂ ਲਿਖੀ, ਸਗੋਂ ਉਹਦੇ ਜਜ਼ਬਾਤ ਹੀ ਕਾਗਜ਼ ਦੀ ਹਿੱਕ ਉਤੇ ਆਪ-ਮੁਹਾਰੇ ਉਤਰ੍ਹੇ ਸਨ। ਪਾਕਿਸਤਾਨ ਯਾਤਰਾ ਅਰੰਭ ਕਰਨ ਵੇਲੇ ਉਹ ਵਾਹਗਾ ਬਾਰਡਰ ਉਤੇ ਬੋਲ ਰਿਹਾ ਸੀ, ਭਾਵੇਂ ਇਹ ਆਮ ਬੋਲ ਚਾਲ ਹੀ ਸੀ ਪਰ ਸ਼ਾਇਰੀ ਫਿਰ ਵੀ ਝਲਕ ਰਹੀ ਸੀ: ਇਹ ਲਮਹੇਂ ਬਹੁਤ ਖਾਸ ਨੇ,ਸੱਚ ਪੁਛੋਂ, ਕਰੋੜਾਂ ਦੀ ਆਸ ਤੇ ਵਿਸ਼ਵਾਸ ਨੇ, ਮੇਰੀ ਮੰਨੋ, ਇਹ ਜਿਊਂਦਾ ਜਾਗਦਾ ਇਤਿਹਾਸ ਨੇ।" ਉਸ ਆਖਿਆ, ''ਰਾਤੀਂ ਮੇਰੇ ਦਿਲ ਦਾ ਸ਼ਾਇਰ ਕਹਿ ਰਿਹਾ ਸੀ,ਕੁਝ ਲਾਇਨਾਂ ਲਿਖ ਰਿਹਾ ਸੀ ਤੇ ਆਂਹਦਾ ਸੀ,
ਹਿੰਦੋਸਤਾਨ ਜੀਵੇ ਤੇ ਪਾਕਿਸਤਾਨ ਜੀਵੇ,
ਹਸਦਾ ਵਸਦਾ ਇਹ ਸਾਰਾ ਜਹਾਨ ਜੀਵੇ,
ਧਰਤੀ ਪੌਣ ਪਾਣੀ, ਬੂਟੇ ਜੀਵ ਪ੍ਰਾਣੀ,
ਸੂਰਜ ਚੰਦ ਤਾਰੇ ਤੇ ਸਾਰਾ ਅਸਮਾਨ ਜੀਵੇ,
ਜੀਵੇ ਰਹਿਮ ਹਰ ਇਨਸਾਨ ਦੇ ਦਿਲ ਅੰਦਰ,
ਆਨ, ਬਾਨ ਤੇ ਮਾਨ ਦੇ ਨਾਲ, ਹਰ ਇਨਸਾਨ ਜੀਵੇ,
ਪਿਆਰ, ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ,
ਓਹ ਮੇਰਾ ਯਾਰ ਦਿਲਦਾਰ 'ਇਮਰਾਨ ਖਾਨ' ਜੀਵੇ
'ਵਾਹ-ਵਾਹ' ਕਰ ਰਹੇ ਪੱਤਰਕਾਰਾਂ ਦੀ ਟੋਲੀ ਦੇ ਮਨਾਂ ਨੂੰ 'ਸ਼ੈਰੀ ਦੀ ਸ਼ਾਇਰੀ' ਟੁੰਬ ਰਹੀ ਸੀ ਤੇ ਉਸ ਅੱਗੇ ਆਖਿਆ:
- ਲੈਕੇ ਆਇਆਂ ਮੈਂ ਪੈਗਾਮ ਮੁਹੱਬਤਾਂ ਦੇ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ
ਸਾਡੀ ਰੂਹ 'ਤੇ ਦਾਗ ਨਾ ਕੋਈ, ਬਸ ਕੁਝ ਕੁ ਇਲਜ਼ਾਮ ਮੁਹੱਬਤਾਂ ਦੇ
ਪਹਿਰੇਦਾਰ ਹਾਂ ਵਫਾ ਦੀਆਂ ਦੌਲਤਾਂ ਦੇ, ਅਸੀਂ ਰਾਖੇ ਤਮਾਮ ਮੁਹੱਬਤਾਂ ਦੇ
ਚੁੱਕੋ,ਚੁੱਕੋ,ਅੱਜ ਯਾਰੀ ਦੇ ਕਦਮ ਚੁੱਕੋ,ਓ ਚੁੱਕੋ ਚੁੱਕੋ,ਇਹ ਜਾਮ ਮੁਹੱਬਤਾਂ ਦੇ
-ਦੁਆ ਹੈ ਆਪਕੀ ਹਸਤੀ ਕਾ, ਕੁਛ ਐਸਾ ਨਜ਼ਾਰਾ ਹੋ ਜਾਏ
ਅਰੇ ਕਸ਼ਤੀ ਭੀ ਉਤਾਰੇਂ ਮੌਜੋਂ ਪੇ, ਅਰੇ ਤੂਫਾਂ ਹੀ ਕਿਨਾਰਾ ਹੋ ਜਾਏ
ਆਪਣੀ ਭਾਰਤ ਵਾਪਸੀ ਸਮੇਂ ਪ੍ਰੱੈਸ ਕਾਨਫਰੰਸ ਵਿਚ ਉਸ ਨੇ ਸ਼ਾਇਰੀ ਦੇ ਰੰਗ ਫਿਰ ਬਿਖੇਰੇ। ਉਸ ਆਖਿਆ,''ਮੈਂ ਜੋ ਕੁਛ ਕਹਿਣਾ ਹੈ,ਉਹ ਲਿਖ ਕੇ ਲਿਆਇਆ ਹਾਂ, ਰਾਤ ਮੈਂ ਲਿਖ ਰਿਹਾ ਸੀ,ਉਹਨਾਂ ਦਰਿਆਵਾਂ ਦੇ ਰਾਹੀਂ ਇੱਕ ਸੁਨੇਹਾ ਦੇ ਰਿਹਾ ਹਾਂ,ਚਨਾਬ ਤੇ ਜਿਹਲਮ ਏਧਰ, ਸਤਿਲੁਜ ਤੇ ਬਿਆਸ ਓਧਰ ਤੇ ਕੀ ਕਹਿੰਦੇ ਐ ਸਤਲੁਜ ਤੇ ਬਿਆਸ:
ਕਹਵੇ ਸਤਲੁਜ ਦਾ ਪਾਣੀ,ਦੱਸੇ ਬਿਆਸ ਦੀ ਰਵਾਨੀ,
ਆਪਣੀ ਲਹਿਰ ਦੀ ਜ਼ੁਬਾਨੀ, ਸਾਡਾ ਜੇਹਲਮ-ਚਨਾਬ
ਨੂੰ ਸਲਾਮ ਆਖਣਾ, ਅਸੀਂ ਮੰਗਦੇ ਆਂ ਖੈਰ,
ਸੁਭਾ ਸ਼ਾਮ ਆਖਣਾ,
ਰਾਵੀ ਏਧਰ ਵੀ ਵਗੇ, ਤੇ ਰਾਵੀ ਓਧਰ ਵੀ ਵਗੇ
ਲੈ ਕੇ ਜਾਂਦੀ ਕੋਈ ਸੁਖ ਦਾ ਸੁਨੇਹਾ ਜਿਹਾ ਲਗੇ
ਇਹਦੀ ਤੋਰ ਨੂੰ ਹੀ ਪਿਆਰ ਦਾ ਪੈਗਾਮ ਆਖਣਾ
ਅਸੀਂ ਮੰਗਦੇ ਆਂ ਖੈਰ, ਸੁਭਾ ਸ਼ਾਮ ਆਖਣਾ
""""'
ਆਪਣੀ ਗੱਲ ਨੂੰ ਵਿਸਤਾਰ ਵਿਚ ਕਰਦਾ ਹੋਇਆ ਉਹ ਫਿਰ ਸ਼ਾਇਰ ਹੋ ਜਾਂਦਾ ਹੈ: ਓਹਦੇ ਨਾਲ ਯਾਰੀ ਕਦੇ ਨਾ ਲਾਈਏ,ਜੀਹਨੂੰ ਆਪਣੇ ਆਪ 'ਤੇ ਗ਼ਰੂਰ ਹੋਵੇ,
ਮਾਂ-ਬਾਪ ਨੂੰ ਕਦੇ ਨਾ ਬੁਰਾ ਕਹੀਏ, ਚਾਹੇ ਲੱਖ ਵੀ ਉਹਨਾਂ ਦਾ ਕਸੂਰ ਹੋਵੇ
ਬੁਰੇ ਰਸਤੇ 'ਤੇ ਕਦੇ ਨਾ ਪੈਰ ਧਰੀਏ, ਮੰਜ਼ਿਲ ਚਾਹੇ ਵੀ ਕਿਤਨੀ ਦੂਰ ਹੋਵੇ
ਰਾਹ ਜਾਂਦੇ ਰਾਹੀ ਨੂੰ ਨਾ ਦਿਲ ਦੇਈਏ, ਚਾਹੇ ਲੱਖ ਮਣ ਚਿਹਰੇ 'ਤੇ ਨੂਰ ਹੋਵੇ
ਬੁੱਲ੍ਹੇ ਸ਼ਾਹ ਮੁਹੱਬਤਾਂ ਉਥੇ ਪਾਈਏ, ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ
ਕੁਝ ਪਾਕਿਸਤਾਨੀ ਤਾਂ ਉਸਦੀ ਸ਼ਾਇਰੀ ਦੇ ਦੀਵਾਨੇ ਹੋਏ ਉਸਨੂੰ 'ਸ਼ਾਇਰ ਭਾਜੀ ਸਿੱਧੂ' ਵੀ ਆਖ ਕੇ ਬੁਲਾਉਣ ਲੱਗੇ ਰਹੇ। ਸਿੱਧੂ ਕਹਿੰਦਾ ਹੈ, ''ਕਿਸੇ ਵੀ ਇਨਸਾਨ ਦੀ ਛੋਟੀ-ਵੱਡੀ ਯਾਤਰਾ ਨੂੰ ਕਲਾਤਮਿਕ ਪਲ ਸੁਹਾਵਣੀ ਤੇ ਯਾਦਗਾਰੀ ਬਣਾ ਦਿੰਦੇ ਨੇ, ਸ਼ਾਇਰੀ ਦੇ ਰੰਗ ਨੇ ਮੇਰੀ ਪਾਕਿਸਤਾਨ ਯਾਤਰਾ ਵਿਚ ਰਮਣੀਕ ਤੇ ਨਾ-ਭੁੱਲਣ ਵਾਲਾ ਰੰਗ ਭਰ ਦਿੱਤਾ ਹੈ,ਸ਼ਾਇਰੀ ਮੇਰੇ ਰੋਮ-ਰੋਮ ਵਿਚ ਵਸਦੀ ਹੈ ਤੇ ਵੱਸਦੀ ਰਹੇਗੀ।"
94174-21700
21 Aug 2018
ਇਹੋ ਜਿਹਾ ਸੀ ਮੇਰਾ ਬਚਪਨ-4 - ਨਿੰਦਰ ਘੁਗਿਆਣਵੀ
ਇੱਕ ਦਿਨ ਮੈਂ ਤਾਏ ਨੂੰ ਪੁੱਛਿਆ ਕਿ ਇਹ ਰੇਡੀਆ ਕਿੱਥੋਂ ਲਿਆਂਦਾ ਐ। ਤਾਏ ਨੇ ਦੱਸਿਆ ਕਿ ਬਹੁਤ ਸਾਲ ਪਹਿਲਾਂ ਉਹ ਫਿਰੋਜ਼ਪੁਰ ਗਿਆ ਸੀ ਵਿਸਾਖੀ ਵੇਖਣ। ਉਦੋਂ ਵਾਪਸ ਆਉਂਦੇ ਨੇ ਫੌਜੀ ਛਾਉਣੀ ਨੇੜੇ ਇੱਕ ਦੁਕਾਨ ਤੋਂ ਸੱਠਾਂ ਰੁਪੱਈਆਂ 'ਚ ਖਰੀਦਿਆ ਸੀ। ਤਾਏ ਦਾ ਰੇਡੀਓ ਕਦੇ ਖਰਾਬ ਨਾ ਹੁੰਦਾ। ਜਦ ਕਦੇ ਮੌਸਮ ਖਰਾਬ ਹੁੰਦਾ ਤਾਂ ਉਦੋਂ ਰੇਡੀਓ 'ਚੋਂ ਕਰੜ-ਕਰੜ ਕਰਰ-ਕਰਰ...ਦੀ ਆਵਾਜ਼ ਆਉਂਦੀ। ਇਹ ਆਵਾਜ਼ ਸੁਣ ਕੇ ਮੈਨੂੰ ਲਗਦਾ ਕਿ ਜਿਵੇਂ ਜ਼ੋਰਦਾਰ ਹਨੇਰੀ ਝੁੱਲ ਰਹੀ ਹੋਵੇ, ਤੇ ਰੇਡੀਓ ਵਿਚ ਆਵਾਜ਼ ਪਹੁੰਚਾਉਣ ਵਾਲੀਆਂ ਤਾਰਾਂ ਆਪੋ ਵਿਚ ਜੁੜ ਰਹੀਆਂ ਹੋਣ! (ਇਹ ਤਾਂ ਬਹੁਤ ਬਾਅਦ, ਜਦੋਂ ਆਪ ਰੇਡੀਓ ਦਾ ਕਲਾਕਾਰ ਜਾਂ ਵਕਤਾ ਬਣਿਆ, ਤਾਂ ਪਤਾ ਚੱਲਿਆ ਕਿ ਇਹ ਅਕਾਸ਼ਵਾਣੀ ਹੈ ਤੇ ਅਕਾਸ਼ ਵਿਚੋਂ ਦੀ ਹੋ ਕੇ ਆਵਾਜ਼ ਆਉਂਦੀ ਹੈ, ਤਾਰਾਂ ਰਾਹੀਂ ਨਹੀਂ।)
ਲਾਹੌਰ ਰੇਡੀਓ ਉਤੋਂ ਲੋਕ ਗਾਇਕ ਆਸ਼ਕ ਜੱਟ ਦਾ ਗਾਇਆ ਗੀਤ ਦੁਜੇ-ਤੀਜੇ ਦਿਨ ਵੱਜਦਾ ਰਹਿੰਦਾ:
ਮੈਨੂੰ ਪਾਰ ਲੰਘਾਦੇ ਵੇ ਘੜਿਆ
ਮਿੰਨਤਾ ਤੇਰੀਆਂ ਕਰਦੀ
ਪਿਛਾਂਹ ਮੁੜਜਾ ਸੋਹਣੀਏਂ ਨੀ
ਇੱਥੇ ਕੋਈ ਨਾ ਤੇਰਾ ਦਰਦੀ
ਪਤਾ ਨਹੀਂ ਤਾਏ ਨੂੰ ਆਸ਼ਕ ਜੱਟ ਦੇ ਇਸ ਗੀਤ ਨੇ ਕਦੋਂ ਦਾ ਪੱਟਿਆ ਹੋਇਆ ਸੀ। ਤਾਇਆ ਆਸ਼ਕ ਜੱਟ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ। ਜਿਸ ਦਿਨ ਉਸਦਾ ਗੀਤ ਨਾ ਆਉਂਦਾ ਤਾਂ ਉਹ ਬੁੜ-ਬੁੜਾਉਂਦਾ ਆਖਦਾ, ''ਅੱਜ ਆਇਆ ਈ ਨੀ ਆਸ਼ਕ ਜੱਟ, ਲਗਦੈ ਲੇਟ-ਲੂਟ ਹੋ ਗਿਆ ਹੋਣੈ ਰੇਡੀਓ ਸਟੇਸ਼ਨ ਆਉਂਦਾ ਆਉਂਦਾ...।" ਤਾਏ ਕੋਲ ਬੈਠਾ ਮੈਂ ਵੀ ਆਸ਼ਕ ਜੱਟ ਦੀ ਆਵਾਜ਼ ਦਾ ਅਨੰਦ ਲੈਂਦਾ। ਜਦ ਉਹ ਗੀਤ ਦਾ ਅਗਲਾ ਬੋਲ ਚੁੱਕਦਾ:
ਵੇ ਮੈਂ ਪਾਰ ਝਨਾਂ ਤੋਂ ਜਾਣਾ ਵੇ
ਮੈਨੂੰ ਮਿਲਣਾ ਮਾਹੀ ਨਿਮਾਣਾ ਵੇ
ਤਾਇਆ ਸਿਰ ਮਾਰ-ਮਾਰ ਝੂੰਮ ਰਿਹਾ ਹੁੰਦਾ। ਜੇ ਮੈਂ ਕੁਝ ਬੋਲਣਾ ਵੀ ਚਾਹੁੰਦਾ ਤਾਂ ਉਹ ਮੁੱਕਾ ਵੱਟ ਕੇ ਇਸ਼ਾਰੇ ਨਾਲ ਹੀ ਚੁੱਪ ਕਰਵਾ ਦਿੰਦਾ ਸੀ।
ਤਾਏ ਦੇ ਰੇਡੀਓ ਦਾ ਮੇਰੇ ਉੱਤੇ ਹਾਲੇ ਵੀ ਡਾਹਢਾ ਅਸਰ ਹੈ। ਰੇਡੀਓ ਵਿਚੋਂ ਸੁਣੀਆਂ ਧੁਨੀਆਂ ਆਪਣੇ ਵੱਲ ਹਾਕਾਂ ਮਾਰ-ਮਾਰ ਬਚਪਨ ਤੋਂ ਹੀ ਮੈਨੂੰ 'ਆਪਣਾ' ਬਣਾ ਲਿਆ ਸੀ। ਸ਼ਾਮਾਂ ਨੂੰ ਖਬਰਾਂ ਪ੍ਰਸਾਰਿਤ ਹੋਣੀਆਂ, ਤਾਂ ਤਾਇਆ ਕਿਸੇ ਨੂੰ ਕੁਸਕਣ ਤੱਕ ਨਹੀਂ ਸੀ ਦਿੰਦਾ। ਦਾਦੀ ਲਾਗਿਓਂ ਆਖਦੀ, ''ਵੇ ਰਾਮਿਆਂ, ਖੂਹੀ 'ਚੋਂ ਪਾਣੀ ਦੀ ਬਾਲਟੀ ਖਿੱਚ੍ਹ ਦੇ, ਭਾਂਡੇ ਧੋ ਲਾਂ ਮੈਂ...।" ਤਾਇਆ ਉੱਚੀ ਆਵਾਜ਼ ਵਿਚ ਬੋਲਦਾ, ''ਦੋ ਮਿੰਟ ਚੁੱਪ ਕਰਜਾ ਹੁਣ, ਖਬਰਾਂ ਸੁਣ ਲੈਣ ਦੇ, ਪਾਣੀ ਨੂੰ ਅੱਗ ਲੱਗ ਚੱਲੀ ਐ ਏਡੀ ਛੇਤੀ।"
'ਪਾਣੀ ਨੂੰ ਅੱਗ' ਇਹ ਬੋਲ ਮੇਰੇ ਮਨ ਦੇ ਕੋਨੇ ਵਿਚ ਅਚੇਤ ਹੀ ਪਥੱਲਾ ਮਾਰ ਕੇ ਬਹਿ ਗਏ ਸਨ ਤੇ ਹਾਲੇ ਵੀ ਬੈਠੇ ਹੋਏ ਨੇ । ਹੁਣ ਤਾਇਆ, ਦਾਦੀ, ਰੇਡੀਓ, ਖੂਹੀ, ਸਾਡਾ ਅੱਧ-ਪੱਕਾ ਘਰ, ਕਿਧਰੇ ਵੀ ਨਹੀਂ ਹੈ ਪਰ 'ਪਾਣੀ ਨੂੰ ਅੱਗ' ਵਾਲੇ ਬੋਲ ਅੱਜ ਵੀ ਸੁਰੱਖਿਅਤ ਹਨ ਜਿਉਂ ਦੀ ਤਿਉਂ।
ਆਥਣ ਹੋ ਚੱਲੀ ਸੀ। ਪਰਛਾਂਵੇਂ ਢਲ ਗਏ ਸਨ। ਧੁੱਪ ਨੇ ਵਿਹੜੇ ਵਿਚੋਂ ਆਪਣਾ ਬੋਰੀ-ਬਿਸਤਰਾ ਸਮੇਟ ਲਿਆ ਸੀ। ਦਿਨ ਭਰ ਬੇਰੋਕ ਚਹਿਕਾਰਾ ਪਾਉਂਦੀਆਂ ਚਿੜੀਆਂ ਵੀ ਆਪੋ-ਆਪਣੇ ਟਿਕਾਣੇ ਜਾ ਟਿਕੀਆਂ ਸਨ। ਗੁਰਦਵਾਰਿਉਂ ਹਾਲੇ ਭਾਈ ਜੀ ਨੇ ਰਹਿਰਾਸ ਦਾ ਪਾਠ ਸ਼ੁਰੂ ਕਰਨਾ ਸੀ। ਬੀੜ ਵਾਲੇ ਕੱਚੇ ਪਹੇ 'ਤੇ ਮੁੜੇ ਆਉਂਦੇ ਪਸੂਆਂ ਦੀ ਬਾਂ-ਬਾਂ ਰੋਜ਼ ਵਾਂਗ ਉੱਚੀ ਹੋ ਗਈ ਸੀ। ਦਾਦੀ ਚੁੱਲ੍ਹੇ-ਚੌਂਕੇ ਵਿਚ ਰੁੱਝੀ ਹੋਈ ਸੀ। ਤਾਇਆ ਮੰਜੇ ਉਤੇ ਚੌਂਕੜੀ ਮਾਰੀ ਬੈਠਾ ਦਾਲ ਦੇ ਤੁੜਕੇ ਲਈ ਨਿੱਕ-ਸੁੱਕ ਚੀਰ ਰਿਹਾ ਸੀ। ਲਾਗੇ ਪਏ ਰੇਡੀਓ 'ਚੋਂ ਸੋਗਮਈ ਸੰਗੀਤ ਵਿਲਕ ਉੱਠਿਆ ਤਾਂ ਤਾਇਆ ਬੋਲਿਆ, ''ਆਹ ਪਤਾ ਨੀ ਅੱਜ ਪੀਪਲੀਆਂ ਜਿਹੀਆਂ ਕਾਹਤੋਂ ਵਜਾਈ ਜਾਂਦੇ ਐ।"
ਮੈਨੂੰ ਚੇਤੇ ਹੈ ਕਿ ਉਹਨੀਂ ਦਿਨੀਂ ਤੀਰਥ ਸਿੰਘ ਢਿੱਲੋਂ ਦੀਆਂ ਖਬਰਾਂ ਮਸ਼ਹੂਰ ਸਨ,''ਹੁਣ ਤੁਸੀਂ ਤੀਰਥ ਸਿੰਘ ਢਿੱਲੋਂ ਪਾਸੋਂ ਖਬਰਾਂ ਸੁਣੋ।" ਉਸਦਾ ਪਹਿਲਾਂ ਵਾਕ ਇਹੋ ਹੁੰਦਾ ਸੀ।ਸੋ, ਖਬਰਾਂ ਸ਼ੁਰੂ ਹੋਈਆਂ। ਇੰਦਰਾ ਗਾਂਧੀ ਦੇ ਕਤਲ ਦੀ ਪਹਿਲੀ ਖ਼ਬਰ ਸੀ। ਖ਼ਬਰ ਕੰਨੀਂ ਪੈਂਦੇ ਸਾਰ ਤੁੜਕੇ ਚੀਰੇ ਵਾਲਾ ਭਾਂਡਾ ਪਰ੍ਹੇ ਕਰਦਿਆਂ ਤਾਇਆ ਬੋਲਿਆ,'' ਭਾਬੀਏ, ਹੋ ਭਾਬੀਏ,ਇੰਦਰਾ ਗਾਂਧੀ ਮਾਰਤੀ।" ( ਉਦੋਂ ਮਾਵਾਂ ਨੂੰ ਸਾਡੇ ਭਾਬੀ ਹੀ ਕਿਹਾ ਜਾਂਦਾ ਸੀ)।
''ਹਾਏ ਹਾਏ ਵੇ, ਕੀਹਨੇ ਮਾਰਤੀ? ਵੇ ਲੋਹੜਾ ਪੈ ਗਿਆ ਆਹ ਤਾਂ...।"
ਗੂੜ੍ਹੀ ਹੁੰਦੀ ਜਾ ਰਹੀ ਸ਼ਾਮ ਨੂੰ ਸਾਡੇ ਘਰੇ ਸੋਗ ਪੈ ਗਿਆ ਸੀ। ਮੈਂ ਸਭਨਾਂ ਦੇ ਨੇੜੇ-ਨੇੜੇ ਹੀ ਤੁਰਿਆ ਫਿਰਦਾ ਸਾਂ। ਮੈਨੂੰ ਲੱਗਣ ਲੱਗਿਆ ਕਿ ਜਿਵੇਂ ਇੰਦਰਾ ਗਾਂਧੀ ਹੀ ਨਹੀਂ ਸਗੋਂ ਮੇਰੇ ਤਾਏ ਦੀ ਦਿੱਲੀ ਰਹਿੰਦੀ ਸੱਕੀ ਮਾਸੀ ਮਾਰ ਦਿੱਤੀ ਹੋਵੇ! ਆਪਣੀ ਮੈਲ਼ੀ ਚੁੰਨੀ ਨਾਲ ਦਾਦੀ ਨੇ ਅੱਖਾਂ ਪੂੰਝੀਆਂ ਤੇ ਚੌਂਕੇ ਵਿਚੋਂ ਉਠ ਖਲੋਈ। ਤਾਏ ਤੇ ਦਾਦੀ ਨੂੰ ਪਰੇਸ਼ਾਨ ਹੋਏ ਦੇਖ ਮੈਂ ਸਾਡੀ ਹਵੇਲੀ ਵੱਲ ਨੂੰ ਭੱਜ ਆਇਆ। ਅੱਗੇ ਮੇਰੀ ਮਾਸੀ ਦਾ ਮੁੰਡਾ ਦੀਪਾ ਨਰਮੇਂ ਦੀਆਂ ਸੁੱਕੀਆਂ ਛਿਟੀਆਂ ਦਾ ਬਾਲਣ ਤੋੜ-ਤੋੜ ਕੇ ਇਕੱਠਾ ਕਰੀ ਜਾ ਰਿਹਾ ਸੀ, ਸ਼ਾਇਦ ਅੱਜ ਉਹਨਾਂ ਦੇ ਤੰਦੂਰ ਤਪਣਾ ਸੀ।
''ਦੀਪਿਆ ਉਏ, ਇੰਦਰਾ ਗਾਂਧੀ ਮਾਰਤੀ।" ਮੇਰੇ ਤੋਂ ਆਪ-ਮੁਹਾਰਾ ਹੀ ਬੋਲ ਹੋ ਗਿਆ।
''ਓਹ ਜਾਂ ਪਰਾ੍ਹਂ, ਆ ਗਿਆ ਵੱਡਾ ਬੀ.ਬੀ.ਸੀ ਦਾ ਪੱਤਰਕਾਰ, ਗੱਪਾਂ ਦਾ ਪਿਓ।" ਦੀਪਾ ਮੇਰੇ ਵੱਲ ਬਿਨਾਂ ਦੇਖੇ ਹੀ ਬੋਲਿਆ। ਸਾਡਾ ਇੱਕ ਗੁਆਂਢੀ ਕੋਠੇ 'ਤੇ ਚੜ੍ਹਿਆ ਤੇ ਸਾਡੇ ਵੱਲ ਨੂੰ ਮੁਖਾਤਿਬ ਹੋਇਆ, ''ਮਖਾਂ, ਮੁੰਡਿਓ ਇੰਦਰਾ ਮਾਰਤੀ, ਖਬਰ ਆਈ ਐ।" ਦੀਪਾ ਸੁੱਕੀਆਂ ਛਟੀਆਂ ਤੋੜਨੋ ਹਟ ਗਿਆ, ''ਚਾਚਾ, ਜਿੱਦਣ ਇੰਦਰਾ ਮਰੀ, ਓਦਣ ਤਾਰਾਂ ਖੜਕ ਜਾਣਗੀਆਂ, ਏਹ ਤਾਂ ਐਂਵੈਂ 'ਫਵਾਹ ਈ ਲਗਦੀ ਐ, ਆਹ ਸਾਡੇ ਆਲਾ ਵੀ ਕਹੀ ਜਾਂਦੈ।"
'ਤਾਰਾ ਖੜਕ ਜਾਣਗੀਆਂ' ਇਹ ਸ਼ਬਦ ਓਦਣ ਮੈਂ ਆਪਣੇ ਮਸੇਰ ਦੀਪੇ ਮੂੰਹੋਂ ਪਹਿਲੀ ਵਾਰੀ ਸੁਣਿਆ ਸੀ।
ਉਸ ਰਾਤ ਪਿੰਡ ਵਿਚ ਕੁਝ ਬੰਦਿਆਂ ਨੇ ਦਾਰੂ ਪੀ ਕੇ ਲਲਕਾਰੇ ਮਾਰੇ ਸਨ। ਸਾਡੇ ਹਿੰਦੂਆਂ ਦੇ ਘਰ ਬੂਹ ਭੇੜ ਤੇ ਸੋਗ ਦੀ ਚਾਦਰ ਲਪੇਟ ਕੇ ਸੌਂ ਗਏ ਸਨ।
(ਚਲਦਾ)
04 June 2018
ਇਹੋ ਜਿਹਾ ਸੀ ਮੇਰਾ ਬਚਪਨ-3 - ਨਿੰਦਰ ਘੁਗਿਆਣਵੀ
ਸਾਡੇ ਖੂਹ ਵਾਲੇ ਖੇਤ, ਪਿੜ ਦੀ ਖੱਬੀ ਨੁੱਕਰੇ ਇੱਕ ਮੋਈ ਜਿਹੀ ਬੇਰੀ ਝਾੜ ਕਰੇਲਿਆਂ ਦੀ ਵਾੜ ਵਿਚ ਲਿਪਟੀ ਹੋਈ ਸੀ। ਇੱਕ ਪਾਸੇ ਵੱਡਾ ਖੂਹ ਸੀ। ਮੈਂ ਖੂਹ ਵਿਚ ਖਾਜਕਦਾ ਤਾਂ ਡਰ ਆਉਂਦਾ ਤੇ ਪਿਛਾਂਹ ਭੱਜ ਪੈਂਦਾ। ਖੂਹ ਦੀਆਂ ਟਿੰਡਾਂ ਲੁੜਕ ਚੁੱਕੀਆਂ ਸਨ। ਹੁਣ ਖੂਹ ਕੋਈ ਨਹੀਂ ਸੀ ਜੋੜਦਾ ਤੇ ਖੁਹ ਵਿਚਲਾ ਪਾਣੀ ਵੀ ਕਾਲਾ-ਮੈਲਾ ਹੋ ਚੁੱਕਾ ਸੀ। ਖੂਹ ਦੀ ਕੰਧ 'ਚ ਵਿਚ ਇੱਕ ਪਿੱਪਲ ਤੇ ਹੋਰ ਝਾੜ-ਬੂਟ ਉੱਗ ਆਇਆ ਸੀ। ਪਤਾ ਨਹੀਂ ਕਿਵੇਂ, ਇੱਕ ਦਿਨ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, ''ਤਾਇਆ, ਆਪਣਾ ਉੱਜੜਿਆ ਖੂਹ ਐ।" ਮੇਰੀ ਕਮਲੀ ਗੱਲ ਸੁਣ ਕੇ ਤਾਇਆ ਖਿਝ ਗਿਆ ਸੀ, ''ਤੂੰ ਕਦੇ ਭੌਕਣੋਂ ਨਾ ਹਟੀਂ...ਬਸ...ਸਾਰਾ ਦਿਨ ਕੁੱਤੇ ਭਕਾਈ ਲੱਗੀ ਰਹਿੰਦੀ ਤੈਨੂੰ।"
ਜਦ ਮੈਂ ਬੇਰੀ ਵੱਲ ਦੇਖਦਾ ਤਾਂ ਲਗਦਾ ਕਿ ਝਾੜ ਕਰੇਲਿਆਂ ਦੀ ਪੁਰਾਣੀ ਚੰਬੜੀ ਵੇਲ ਨੇ ਹੀ ਇਸ ਬੇਰੀ ਨੂੰ ਜਿਊਣ ਹੀ ਨਹੀਂ ਦਿੱਤਾ ਸੀ ਤੇ ਉਸਦੇ ਆਲੇ ਦੁਆਲੇ ਅੰਬਰਵੇਲ ਵਾਂਗ ਵਲੀ ਗਈ ਸੀ। ਮੈਂ ਬਚਪਨ ਤੋਂ ਜੁਆਨੀ ਤੀਕ ਉਸ ਮਰੀਅਲ ਜਿਹੀ ਬੇਰੀ ਨੂੰ ਝਾੜ-ਕਰੇਲਿਆਂ ਦੀ ਸੰਘਣੀ ਵਾੜ ਵਿਚ ਲਿਪਟੀ ਤੇ ਲੁਕੀ ਹੋਈ ਦੇਖਿਆ ਸੀ।
ਮੈਂ ਤੇ ਤਾਇਆ ਰਾਮ ਦੂਜ-ਤੀਜੇ ਦਿਨ ਝਾੜ-ਕਰੇਲੇ ਤੋੜਨ ਲੈਂਦੇ ਸਾਂ। ਹਾਲੇ ਉਦੋਂ ਮੈਂ ਕਾਫੀ ਨਿਆਣਾ ਸਾਂ। ਕਈ ਵਾਰੀ ਬੇਰੀ ਦੇ ਤਿੱਖੇ-ਬਾਰੀਕ ਕੰਡੇ ਮੇਰੀਆਂ ਕੋਮਲ ਉਂਗਲਾਂ ਵਿਚ ਚੁਭ ਜਾਦੇ ਤਾਂ ਮੈਂ, ''ਹਈ ਤਾਇਆ...ਊਈ ਊਈ" ਕਰਨ ਦੀ ਬਿਜਾਏ ''ਸੀਅ ਸੀ..ਸੀ" ਕਰਨ ਲਗਦਾ ਤੇ ਤਾਏ ਦੀਆਂ ਝਿੜਕਾਂ ਤੋਂ ਬਚਦਾ। ਨਿੱਕੇ-ਨਿੱਕੇ ਤੇ ਮੋਟੇ-ਮੋਟੇ ਹਰੇ-ਭਰੇ ਕਰੇਲਿਆਂ ਨਾਲ ਵਾੜ ਭਰੀ ਪਈ ਹੁੰਦੀ ਸੀ ਪਰ ਲਾਲ-ਰੱਤੇ ਪੱਕ ਚੁੱਕੇ ਕਰੇਲੇ ਹਵਾ ਵਗੀ ਤੋਂ ਆਪਣੇ ਆਪ ਹੇਠਾਂ ਡਿੱਗੇ ਹੁੰਦੇ ਤੇ ਕੁਝ ਵਾੜ ਨਾਲ ਲਮਕ ਰਹੇ ਹੁੰਦੇ। ਲਾਲ ਕਰੇਲੇ ਮੈਨੂੰ ਸੁਹਣੇ-ਸੁਹਣੇ ਲਗਦੇ ਸਨ ਜਿਵੇਂ ਕੱਚ ਦੀਆਂ ਲਾਲ-ਲਾਲ ਗੋਲੀਆਂ ਹੋਣ, ਤੇ ਮੇਰੇ ਖੇਡ੍ਹਣ ਦੇ ਕੰਮ ਆਉਣ! ਮੈਂ ਅਗਾਂਹ ਤੀਕ ਹੱਥ ਕਰ ਕੇ ਲਾਲ ਕਰੇਲੇ ਲਾਹੁੰਣ ਲਗਦਾ ਤਾਂ ਤਾਇਆ ਝਈ ਲੈ ਕੇ ਪੈਂਦਾ, ''ਲਾਲ ਕਰੇਲੇ ਤੂੰ ...ਡ 'ਚ ਲੈਣੇ ਆਂ...ਹਟਜਾ ਪਾਸੇ...ਨਹੀਂ ਤਾਂ ਕੋਈ ਕੀੜਾ-ਮਕੌੜਾ ਡੰਗ ਮਾਰਜੂ, ਫੇ ਤੇਰੀ ਮਾਂ ਨੇ ਮੈਨੂੰ ਨੀ ਛੱਡਣਾ ਉਏ ਕਮੂਤਾ...।" ਤਾਏ ਦਾ ਦਬਕਾੜਾ ਸੁਣ ਕੇ ਮੈਂ ਬੇਰੀ ਤੋਂ ਪਰ੍ਹੇ ਹੋ ਜਾਂਦਾ ਸਾਂ। ਤਾਇਆ ਆਪਣੀ ਥਾਂਵੇ ਸੱਚਾ ਸੀ ਕਿਉਂਕਿ ਇੱਕ ਦਿਨ ਤਾਏ ਨੇ ਬੇਰੀ ਦੇ ਕੁੱਛੜ (ਮੱਢ 'ਚ) ਬੈਠਾ ਕਾਲਾ ਨਾਗ ਦੇਖ ਲਿਆ ਹੋਇਆ ਸੀ। ਤਾਇਆ ਬਿਨਾਂ ਕਰੇਲੇ ਤੋੜੇ ਤੋਂ ਬੋਤੀ-ਗੱਡੀ ਜੋੜ ਤੇ ਪੱਠੇ ਲੱਦ ਘਰ ਆ ਗਿਆ ਸੀ। ਜਦ ਉਸਨੇ ਸੱਪ ਦੀ ਗੱਲ ਘਰੇ ਸੁਣਾਈ ਤਾਂ ਬਾਪੂ ਤਾਏ ਨਾਲ ਬਹਿਸਣ ਲੱਗ ਪਿਆ, ''ਤੂੰ ਕਿਹੜਾ ਮੇਰੇ ਆਖੇ ਲਗਦਾ ਐਂ, ਤੈਨੂੰ ਸੌਆਂ ਵਾਰੀ ਕਿਹੈ ਵਈ ਇੱਕ ਦਿਨ ਬੇਰੀ ਦਾ ਫਸਤਾ ਵੱਢ ਦਈਏ, ਸੱਪਾਂ ਤੇ ਕੋਹੜ ਕਿਰਲਿਆਂ ਨੂੰ ਥਾਂ ਬਣਾ ਰੱਖੀ ਐ, ਮੈਂ ਆਪ ਉਥੇ ਕਈ ਵਾਰ ਰਤੜਾ ਸੱਪ ਵੇਖਿਐ, ਜਿੱਦਣ ਕਿਸੇ ਦਾ ਕੂੰਡਾ ਕਰਤਾ ਫੇਰ ਈ ਪਟਵਾਵੇਂਗਾ ਤੂੰ ਬੇਰੀ?"
ਤਾਇਆ ਬੋਲਿਆ, ''ਸੱਪ ਕਿਹੜੇ ਉਥੇ ਪੱਕੇ ਬੈਠੇ ਰਹਿੰਦੇ ਆ, ਤੂੰ ਬੇਰੀ ਦਾ ਦੁਸ਼ਮਣ ਬਣਿਆ ਰਹਿੰਨੈ ਐਵੈਂ ਯਾਰ...ਨਹੀਂ ਪੱਟਣੀ ਬੇਰੀ, ਕੀ ,ਆਂਹਦੀ ਐ? ਨਾਲੇ ਕਰੇਲੇ ਤੇ ਨਾਲੇ ਪੀਲੂ ਬੇਰ ਦਿੰਦੀ ਐ...।"
ਤਾਏ ਨੇ ਦੋ ਮਹੀਨੇ ਕਰੇਲੇ ਨਾ ਤੋੜੇ। ਤਾਇਆ ਤੇ ਮੈਂ ਖੇਤ ਨੂੰ ਚੱਲੇ ਤਾਂ ਦਾਦੀ ਆਖਣ ਲੱਗੀ, ''ਵੇ ਰਾਮ, ਕਰੇਲੇ ਖਾਣ ਨੂੰ ਜੀਅ ਕਰਦਾ ਕਈ ਦਿਨਾਂ ਦਾ, ਅੱਜ ਲੈ ਆਵੀਂ ਵੇ।" ਰਾਤਾਂ ਨੂੰ ਸਾਰਾ ਟੱਬਰ ਤੰਦੂਰ ਦੀ ਰੋੇਟੀ ਨਾਲ ਕਰੇਲੇ ਖਾਂਦਾ ਤੇ ਠੰਡੀ ਲੱਸੀ ਪੀਂਦਾ ਸੀ। ਉਸ ਦਿਨ ਮੇਰਾ ਪਿਓ ਤੇ ਤਾਇਆ ਕਰੇਲੇ ਤੋੜ ਰਹੇ ਸਨ। ਲੱਪਾਂ-ਲੱਪ ਕਰੇਲੇ ਲੱਥ ਰਹੇ ਸਨ। ਤਾਏ ਨੇ ਤੂੜੀ ਵਾਲੇ ਕੁੱਪ ਵਿਚੋਂ ਤੰਗਲੀ ਵੀ ਨੇੜੇ ਲਿਆ ਕੇ ਰੱਖੀ ਹੋਈ ਸੀ ਕਿ ਕਿਤੇ ਕੋਈ ਸੱਪ-ਸਪੂੜੀ ਹੀ ਨਾ ਨਿਕਲ ਆਵੇ! ਮੈਂ ਦੇਖਦਾ ਰਿਹਾ ਸਾਂ, ਉਸ ਦਿਨ ਪੰਸੇਰੀ ਤੋਂ ਵੱਧ ਕਰੇਲੇ ਲੱਥੇ ਸਨ। ਤਾਏ ਤੇ ਪਿਓ ਨੇ ਆਪੋ ਆਪਣੇ ਪਰਨਿਆਂ ਵਿਚ ਕਰੇਲੇ ਬੰਨ੍ਹੇ।
ਦਾਦੀ ਨੇ ਦੋ ਵਾਰੀ ਵੱਡੀ ਬਾਲਟੀ 'ਚ ਕਰੇਲੇ ਧੋਤੇ ਤੇ ਆਥਣ ਨੂੰ ਤਲਣ ਜੋਕਰੇ ਪਾਸੇ ਕੱਢੇ ਤੇ ਬਾਕੀ ਦੂਜੇ ਦਿਨ ਕੁਝ ਚੀਰ ਕੇ ਸੁੱਕਣੇ ਪਾ ਦਿੱਤੇ, ਤੇ ਜੁ ਦੇਰ ਬਾਅਦ ਤਲ ਕੇ ਖਾਧੇ ਜਾ ਸਕਣ। ਕੁਝ ਕਰੇਲਿਆਂ ਦਾ ਉਸਨੇ ਅਚਾਰ ਪਾ ਦਿੱਤਾ ਸੀ। ਤੰਦੂਰ ਤਪਦੇ ਸਾਰ ਰੋਟੀ ਖਾਣ ਵੇਲੇ ਮਰਤਵਾਨ ਬਾਹਰ ਕੱਢ ਕੇ ਕੰਧੋਲੀ ਉਤੇ ਰੱਖਿਆ ਜਾਂਦਾ ਤੇ ਸਾਰਾ ਟੱਬਰ ਰੋਟੀ ਨਾਲ ਕਰੇਲਿਆਂ ਦਾ ਅਚਾਰ ਖਾਂਦਾ ਰੱਜਦਾ ਨਹੀਂ ਸੀ ਹੁੰਦਾ। ਨਿੰਬੂ, ਮੇਥੀ, ਚਿੱਭੜ ਵਗੈਰਾ ਚੀਰ ਕੇ ਦਾਦੀ ਹਮੇਸ਼ਾਂ ਸੁਕਾ ਲੈਂਦੀ ਹੁੰਦੀ, ਜੋ ਕਈ-ਕਈ ਮਹੀਨੇ ਵਰਤੋਂ ਵਿਚ ਆਈ ਜਾਂਦਾ ਹੁੰਦਾ। (ਚਲਦਾ)
30 May 2018
ਦਾਣਾ ਪਾਣੀ ਦੇਖਦਿਆਂ - ਨਿੰਦਰ ਘੁਗਿਆਣਵੀ
ਫਿਲਮਾਂ ਵਿਚ ਮੇਰੀ ਦਿਲਚਸਪੀ 'ਨਾਂਹ' ਦੇ ਬਰਾਬਰ ਹੀ ਹੈ। ਹੁਣ ਤੱਕ ਦੀ ਜ਼ਿੰਦਗੀ ਵਿਚ ਕੁਝ ਕੁ ਹੀ ਫਿਲ਼ਮਾਂ ਦੇਖੀਆਂ ਹੋਣੀਆਂ ਨੇ ਉਹ ਵੀ ਕਿਸੇ ਖਾਸ ਸਬੱਬ ਕਾਰਨ। ਮੈਨੂੰ ਯਾਦ ਹੈ ਕਿ ਆਪਣੇ ਪਿੰਡ ਪਹਿਲੀ ਵਾਰ ਕਾਲੀ-ਚਿੱਟੀ ਪੰਜਾਬੀ ਫਿਲਮ ਵੀ.ਸੀ.ਆਰ ਵਿਚ ਵੇਖੀ ਸੀ। ਉਦੋਂ ਲੋਕ ਪੈਸੇ ਇਕੱਠੇ ਕਰ ਕੇ ਸਾਂਝੇ ਤੌਰ 'ਤੇ ਵੀ.ਸੀ.ਆਰ ਲਿਆਉਂਦੇ ਹੁੰਦੇ ਸਨ ਤੇ ਖੁੱਲ੍ਹੇ ਵਿਹੜੇ ਵਿਚ ਬੈਠ ਕੇ ਫਿਲਮਾਂ ਦੇਖਦੇ ਸਨ। ਸਵੇਰ ਦੀ ਟਿੱਕੀ ਚੜ੍ਹਦੇ ਨੂੰ ਵੀ.ਸੀ.ਆਰ ਵਾਪਿਸ ਕਰ ਆਉਂਦੇ। ਜਿਹੜੀ ਮੈਂ ਪਹਿਲੀ ਪੰਜਾਬੀ ਫਿਲਮ ਦੇਖੀ ਵੀ.ਸੀ.ਆਰ ਵਿਚ, ਉਹ 'ਬਲਬੀਰੋ ਭਾਬੀ' ਸੀ। ਉਸ ਬਾਅਦ ਇੱਕ ਵਾਰ ਪਿਤਾ ਜੀ ਨਾਲ ਸ਼ਹਿਰ (ਫਰੀਦਕੋਟ) ਗਿਆ ਸਾਂ। ਉਹਨਾਂ ਦੀ ਉਂਗਲੀ ਫੜੀ ਮੇਨ ਬਜ਼ਾਰ ਵਿਚ ਤੁਰ ਰਿਹਾ ਸਾਂ ਕਿ ਪੰਜਾਬੀ ਫਿਲਮ 'ਪੁੱਤ ਜੱਟਾਂ ਦੇ' ਦਾ ਬੋਰਡ ਸਾਹਮਣੇ ਖੰਭੇ ਉਤੇ ਲਟਕ ਰਿਹਾ ਸੀ। ਬੋਰਡ ਉਤੇ ਨਿਗਾਹ ਪੈਂਦੇ ਸਾਰ ਪਿਤਾ ਜੀ ਨੂੰ ਭੋਲੇਪਨ ਵਿਚ ਹੀ ਆਖ ਦਿੱਤਾ ਸੀ ਕਿ ਡੈਡੀ ਫਿਲਮ ਦੇਖਣੀ ਆਂ...। ਪਿਤਾ ਨੇ ਇੱਕ ਪਲ ਵੀ ਨਾਂਹ-ਨੁੱਕਰ ਨਾ ਕੀਤੀ ਤੇ ਮੈਨੂੰ ਉਵੇਂ ਉਂਗਲੀ ਫੜੀ ਸਵਰਨ ਸਿਨੇਮੇ ਵੱਲ ਲੈ ਤੁਰਿਆ। ਸਿਨੇਮੇ ਵਿਚ ਵੜਨ ਤੋਂ ਪਹਿਲਾਂ ਕੁਲਫੀ ਵੀ ਲੈ ਦਿੱਤੀ ਸੀ। ਮੈਂ ਬੜਾ ਖੁਸ਼ ਸਾਂ ਕਿ ਪਿਤਾ ਜੀ ਨਾਲ ਪਹਿਲੀ ਵਾਰ ਸਿਨੇਮੇ ਅੰਦਰ ਫਿਲਮ ਦੇਖ ਰਿਹਾ ਸਾਂ। ਉਦੋਂ ਸ਼ੱਤਰੂਘਨ ਸਿਨਹਾ ਦੀ ਅਦਾਕਾਰੀ ਤੇ ਫਿਲਮ ਵਿਚ ਸੁਰਿੰਦਰ ਸ਼ਿੰਦੇ ਦੇ ਗਾਏ ਗੀਤਾਂ ਨੇ ਬਚਪਨ ਵੇਲੇ ਮਨ ਮੋਹ ਲਿਆ ਸੀ, ''ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਮੋਢਿਆਂ 'ਤੇ ਡਾਗਾਂ ਧਰ ਕੇ।" ਫਿਲਮ ਦੇਖਣ ਬਾਅਦ ਇਹਨਾਂ ਬੋਲਾਂ ਨੂੰ ਬੜੀ ਵਾਰ ਆਪ-ਮੁਹਾਰੇ ਹੀ ਗੁਣਗੁਣਾਉਂਦਾ ਰਿਹਾ ਸਾਂ। ਸਮੇਂ ਬੜੀ ਤੇਜ਼ੀ ਨਾਲ ਬਦਲੇ ਤੇ ਬਦਲਦੇ ਜਾ ਰਹੇ ਨੇ।
ਹੁਣੇ ਜਿਹੇ ਮਿੱਤਰ ਗੁਰਪ੍ਰਤਾਪ ਗਿੱਲ ਦੇ ਆਖਣ 'ਤੇ ਫਿਲਮ 'ਦਾਣਾ ਪਾਣੀ' ਦੇਖੀ ਹੈ। ਫ਼ਿਲਮ ਦਾ ਰਿਵੀਊ ਨਹੀਂ ਕਰਨ ਲੱਗਾ ਬਲਕਿ ਕੁਝ ਉਡਦੇ-ਉਡਦੇ ਪ੍ਰਭਾਵ ਸਾਂਝੇ ਕਰਨ ਲੱਗਿਆ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਫਿਲਮ ਮਿਆਰ 'ਤੇ ਖਰੀ ਉੱਤਰ੍ਹੀ ਹੈ। ਪੁਰਾਣੇ ਅਤੇ ਅਣਵੰਡੇ ਪੰਜਾਬ ਦੇ ਦੀਦਾਰ ਕਰਦਿਆਂ ਵਾਰ-ਵਾਰ ਉਸ ਪੰਜਾਬ ਵਿਚ ਵਿਚਰਨ ਲਈ ਦਿਲ ਕਰਦਾ ਹੈ। ਨਵੀਂ ਪੀੜ੍ਹੀ ਪੁਰਾਣੇ ਪੰਜਾਬ ਦੇ ਦੀਦਾਰ ਕਰ ਕੇ ਲਾਜ਼ਮੀ ਇਹੋ ਲੋਚਾ ਰੱਖੇਗੀ। ਨਿਰਦੇਸ਼ਕ ਤਰਨਵੀਰ ਜਗਪਾਲ ਨੇ ਆਪਣਾ ਆਪਾ ਇਸ ਫਿਲਮ ਵਿਚ ਘੋਲ ਦਿੱਤਾ ਹੈ। ਨਿਰੋਲ ਪੇਂਡੂ ਸਾਦਾ ਤੇ ਸੁੱਚਾ ਲੋਕ ਜੀਵਨ, ਬਾਲ ਵਿਆਹ, ਵਿਧਵਾ ਹੋਣਾ, ਔਰਤ ਦੀ ਤ੍ਰਾਸਦੀ ਸਮੇਤ ਕਈ ਪੱਖ ਲੋਕ ਜੀਵਨ ਦੇ ਉਘੜਕੇ ਸਾਹਮਣੇ ਆਉਂਦੇ ਹਨ। ਇੱਕ ਥਾਂ ਬਾਬੁਲ ਮਰਦਾ ਹੈ ਸੱਪ ਲੜ ਕੇ, ਤਾਂ ਵਿਹੜੇ ਵਿਚ ਖੜ੍ਹਾ ਅੰਬੀ ਦਾ ਬੂਟਾ ਪੁੱਟਿਆ ਜਾਂਦਾ ਹੈ। ਜਦ ਵਿਧਵਾ ਧੀ ਦੂਜੇ ਬੂਹੇ ਤੋਰੀ ਜਾਂਦੀ ਹੈ, ਤਾਂ ਇੱਕ ਕਿੱਲੇ ਤੋਂ ਦੂਜੇ ਕਿੱਲੇ ਉਤੇ ਪਸ਼ੂ ਬੰਨ੍ਹਣ ਵਾਲੇ ਬਿੰਬ ਮਨ ਨੂੰ ਧੂਹੀ ਪਾਉਣ ਵਾਲੇ ਹਨ। ਫਿਲਮ ਵਿਚ ਬਾਲ ਕਲਾਕਾਰਾਂ ਤੋਂ ਕੰਮ ਕਰਵਾ ਕੇ ਨਿਰਦੇਸ਼ਕ ਨੇ ਕਮਾਲ ਕਰ ਵਿਖਾਈ ਹੈ। ਫੌਜੀ ਜੀਵਨ ਬੜੇ ਪ੍ਰਭਾਵੀ ਤਰੀਕੇ ਨਾਲ ਪੇਸ਼ ਹੋਇਆ ਹੈ ਇਸ ਫਿਲਮ ਵਿਚ। ਕੁਰਬਾਨੀ ਤੇ ਜਿੱਤ ਹਮੇਸ਼ਾ ਫੌਜ ਪ੍ਰਾਪਤ ਕਰਦੀ ਹੈ ਪਰ ਫੈਸਲੇ ਕੇਂਦਰ ਕਰਦਾ ਹੈ। ਫੌਜੀਆਂ ਦੇ ਮਨ ਕਿਵੇਂ ਟੁੱਟਦੇ ਹਨ। ਇਹ ਵੀ ਦੇਖਣ ਨੂੰ ਮਿਲਦਾ ਹੈ। (ਫੌਜੀ ਜੀਵਨ ਬਾਬਤ ਪਿਛਲੇ ਸਮੇਂ ਕੁਝ ਫਿਲਮਾਂ ਆਉਣਾ ਸ਼ੁੱਭ ਕਾਰਜ ਹੈ)। ਮੈਨੂੰ ਚੇਤੇ ਹੈ ਕਿਸੇ ਸਮੇਂ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦੇ ਨਾਵਲ 'ਬੁੱਝ ਰਹੀ ਬੱਤੀ ਦਾ ਚਾਨਣ' ਉਤੇ ਲੀੜਵਾਰ ਸੀਰੀਅਲ ਵਿਖਾਇਆ ਗਿਆ ਸੀ, ਤਾਂ ਉਸ ਵਿਚ ਗੁਰਪ੍ਰੀਤ ਘੁੱਗੀ ਨੇ ਬੁਲਾਰੇ ਸਾਧ ਦਾ ਬੜਾ ਹੀ ਗੰਭੀਰ ਰੋਲ ਅਦਾ ਕੀਤਾ ਸੀ। ਇਸ ਫਿਲਮ ਵਿਚ ਮਾਸਟਰ ਦਾ ਰੋਲ ਅਦਾ ਕਰਦਿਆਂ ਘੁੱਗੀ ਆਪਣੀ ਪੈਂਠ ਜਮਾਉਂਦਾ ਹੈ ਕਿ ਉਹ ਕੇਵਲ ਹਾਸੇ-ਠੱਠੇ ਤੇ ਵਿਅੰਗ ਮਸਖਰੀਆਂ ਕਰਨ ਵਾਲਾ ਹੀ ਕਲਾਕਾਰ ਨਹੀਂ ਹੈ। ਜਦ ਉਹ ਰੋਂਦਾ ਹੈ ਤੇ ਦਰਸ਼ਕ ਵੀ ਰੋਂਦੇ ਨੇ।
ਮਜ਼ਾਕ, ਮਸਖਰੀਆਂ ਤੇ ਵਾਧੂ ਦੀ ਹਿੜ-ਹਿੜ ਤੋਂ ਦੂਰ ਪਰ੍ਹੇ ਇਹ ਫਿਲਮ ਸਮਾਜ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਸੁਨੇਹਾ ਦਿੰਦੀ ਹੈ। ਪੁਰਾਣੇ ਪੰਜਾਬ ਦੇ ਲੋਕਾਂ ਦੇ ਭੋਲੇ-ਭਾਲੇ ਦਿਲਾਂ ਦੀਆਂ ਬਾਤਾਂ। ਕੱਚੇ ਵਿਹੜੇ। ਰੁੱਖ, ਹਵੇਲੀਆਂ ਦਰਵਾਜੇ, ਦਰੀਆਂ-ਖੇਸ, ਖਾਣਾ-ਪੀਣਾ, ਰੂੜੀਆਂ-ਗਹੀਰੇ, ਬੋਤੇ, ਖੇਤ, ਕੰਧੋਲੀਆਂ ਉਤੇ ਉੱਕਰੇ ਬੂਟੇ ਤੇ ਮੋਰ ਦੇਖਦਿਆਂ ਮਨ ਬਾਗ-ਬਾਗ ਹੋਇਆ। ਫਿਲਮਾਂ ਦੀ ਆਲੋਚਨਾ ਲਿਖਣਾ ਮੇਰਾ ਕਾਰਜ ਨਹੀਂ, ਚੰਗੀ ਕਲਾ ਦੀ ਪਛਾਣ ਕਰਨਾ ਤੇ ਪਾਠਕਾਂ ਨੂੰ ਦੱਸਣਾ ਮੇਰਾ ਕਾਰਜ ਹੈ। ਫਿਲਮ ਦੇਖ ਕੇ ਦਰਸ਼ਕ ਫਿਲਮ ਦੇ ਪ੍ਰੋਡਿਊਸਰ ਗੁਰਪ੍ਰਤਾਪ ਗਿੱਲ ਨੂੰ ਮੁਬਾਰਕ ਦੇ ਸਕਦੇ ਹਨ
ਫੋਨ-94172-246000
14 May 2018
ਨਿੰਦਰ ਘੁਗਿਆਣਵੀ - ਇਹੋ ਜਿਹਾ ਸੀ ਬਚਪਨ-1
ਬਚਪਨ ਤੋਂ ਮੈਨੁੰ ਗੁਰਬਾਣੀ ਨਾਲ ਲਗਾਵ ਹੋ ਗਿਆ ਸੀ ਤੇ ਪਿੰਡ ਵਿਚ ਜਿਸ ਵੀ ਕਿਸੇ ਦੇ ਘਰ ਜਾਂ ਗੁਰਦਵਾਰੇ ਪਾਠ ਖੁੱਲ੍ਹਣਾ ਹੁੰਦਾ ਤਾਂ ਮੈਂ ਬਿਨਾਂ ਬੁਲਾਏ ਅਵੱਸ਼ ਉਥੇ ਪੁੱਜਾ ਹੁੰਦਾ। ਕਈ ਕਈ ਦਿਨ ਸੇਵਾ ਕਰਿਆ ਕਰਨੀ। ਗੁਰਦਵਾਰੇ ਤਾਂ ਹਫਤਾ ਹਫਤਾ ਭਰ ਸੇਵਾ ਕਰਨੀ। ਫਰਸ਼ਾਂ ਧੋਂਦੇ ਤੇ ਪਿੰਡ ਵਿਚੋਂ ਰਾਸ਼ਨ ਤੁ ਲੱਕੜਾਂ ਇਕੱਠਾ ਕਰਦੇ। ਸੰਗਤਾਂ ਦੀ ਚਾਹ ਪਾਣੀ ਤੇ ਪ੍ਰਸ਼ਾਦਿਆਂ ਨਾਲ ਸੇਵਾ ਕਰਦੇ। ਸਭ ਤੋਂ ਵਧੇਰੇ ਸਤੁੰਸ਼ਟੀ ਦਿੰਦਾ ਸੀ ਗੁਰੂ ਘਰ ਦੇ ਪਾਠੀਆਂ ਨੂੰ ਜਲ-ਪਾਣੀ ਤੇ ਪ੍ਰਸ਼ਾਦਾ ਛਕਾਉਣਾ। ਇਹ ਸੇਵਾ ਮੈਂ ਚਾਈਂ-ਚਾਈਂ ਤੇ ਬੜੀ ਸ਼ਰਧਾ-ਭਾਵਨਾ ਨਾਲ ਨਿਭਾਉਂਦਾ ਸਾਂ। ਇਗ ਗੱਲਾਂ ਚੌਥੀ,ਪੰਜਵੀਂ ਜਾਂ ਛੇਵੀਂ ਜਮਾਤੇ ਪੜ੍ਹਨ ਵੇਲੇ ਦੀਆਂ ਨੇ। ਸਾਡੇ ਪਿੰਡਾਂ ਨੇੜੇ ਪਿੰਡ ਮਹਿਮੂਆਣਾ ਦੇ ਬੜੇ ਗੁਣੀ-ਗਿਆਨੀ ਤੇ ਪ੍ਰਕਾਂਡ ਪਾਠੀ ਸਨ ਗਿਆਨੀ ਪ੍ਰੀਤਮ ਸਿੰਘ ਕੰਚਨ। ਉਹ ਸਾਡੇ ਪਿੰਡ ਸਹਿਜ ਪਾਠ ਕਰਨ ਆਉਂਦੇ ਤੇ ਮੇਰੇ ਰੁਚੀ ਤੇ ਸ਼ਰਧਾ ਦੇਖ ਬੜੇ ਪ੍ਰਸੰਨ ਹੁੰਦੇ। ੳੱਜ ਵੀ ਚੇਤੇ ਹੈ ਸ਼ੁੱਧ ਪਾਠ ਕਰਨ ਦੀਆਂ ਕਈ ਵਿਧੀਆਂ ਉਹ ਦੱਸਣ ਲਗਦੇ ਤੇ ਮੈਂ ਬੜੇ ਧਿਆਨ ਪੂਰਬਕ ਸੁਣਦਾ ਰਹਿੰਦਾ। ਉਹ ਸਾਈਕਲ ਉੱਤੇ ਆਉਂਦੇ। ਲੰਬਾ ਦੁੱਧ ਧੋਤਾ ਦਾਹੜਾ।ਚਿੱਟਾ ਕੁਰਤਾ ਪਜਾਮਾ। ਨਿੱਕੀ ਪੱਗ। ਭੋਲ ਉੱਚਾ ਤੇ ਹੱਥ ਵਿਚ ਤਕੜਾ ਖੂੰਡਾ। ਛਾਲ-ਢਾਲ ਚੁਸਤ ਹੁੰਂਦੀ। ਮੈਂ ਖੂੰਡਾ ਦੇਖ ਕੇ ਸੋਚਦਾ ਕਿ ਬਾਬਾ ਜੀ ਨੂੰ ਇਸਦੀ ਕੀ ਲੋੜ ਹੈ? ਸਾਈਕਲ ਦੇ ਨਾਲ ਹੀ ਟੰਗੀ ਰੱਖਦੇ ਨੇ ਖੂੰਡਾ! ਇੱਕ ਦਨਿ ਭੋਲੇ ਪਣ ਵਿਚ ਪੁੱਛ ਬੈਠਿਆ ਤਾਂ ਹੱਸਦੇ ਹੋਏ ਬੋਲੇ, "ਏਹ ਤੇਰੇ ਵਰਗਿਆਂ ਦੀ ਭੁਗਤ ਸੰਵਾਰਨ ਨੂੰ ਰੱਖਿਐ।"
ੳੱਜ ਵੀ ਜਦ ਕਦੇ ਸਤਵਿੰਦਰ ਬਿੱਟੀ ਦਾ ਗੀਤ ਵਜਦਾ, " ਚੱਲੋ ਗੁਰੂ ਘਰ ਚੱਲੀਏ" ਤਾਂ ਮਨ ਨੂੰ ਹੁਲਾਰਾ ਜਿਹਾ ਆ ਜਾਂਦਾ ਹੈ ਤੇ ਪਲੋ-ਪਲੀ ਗੁਰੁ ਘਰ ਚਲੇ ਜਾਣ ਲਈ ਦਿਲ ਕਰਦਾ ਹੈ। ਮੇਰੇ ਪਿੰਡ ਦੇ ਲੋਕ, ਖਾਸ ਕਰ ਬੁੱਢੀਆਂ ਮਾਈਆਂ ਮੈਨੂੰ ਅਕਸਰ ਹੀ ਆਖ ਦਿੰਦੀਆਂ ਨੇ, " ਵੇ ਮੁੰਡਿਆਂ, ਨਿੱਕਾ ਹੁੰਦਾ ਤੂੰ ਗੁਰੂ ਘਰ ਦੀ ਬਾਹਲੀ ਸੇਵਾ ਕਰਦਾ ਹੁੰਦਾ ਸੈਂ, ਉਹੀ ਸੇਵਾ ਤੈਨੂੰ ਤਾਰਗੀ, ਰੱਬ ਰਾਜ਼ੀ ਰੱਖੇ।" ਘਰ ਵਿਚ ਜਦ ਮੈਂ ਗੁਟਕਾ ਸਾਹਬ ਰੱਖ ਕੇ ਪਾਠ ਕਰਿਆ ਕਰਨਾ ਤਾਂ ਮੇਰੀ ਦਾਦੀ ਖੁਸ਼ ਹੋ ਹੋ ਕੇ ਅਸੀਸਾਂ ਦੀਆਂ ਜੜੀਆਂ ਲਾ ਦਿੰਦੀ। ੳੱਜ ਵੀ ਦਾਦੀ ਦੇ ਬੋਲ ਚੇਤੇ ਨੇ, " ਮੇਰੇ ਲਾਲ ਨੂੰ ਵਾਖਰੂ ਤਰੱਕੀਆਂ ਬਖਸ਼ੂ।" ਮੈਂ ਉਤਸ਼ਾਹ ਵਿਚ ਆ ਕੇ ਕਈ ਵਾਰ ਸਾਰਾ ਸਾਰਾ ਦਿਨ ਬਾਣੀ ਪੜ੍ਹਦਾ ਰਹਿੰਦਾ। ਦਾਦੀ ਦੇਗ ਬਣਾ ਦਿੰਦੀ ਤੇ ਸਾਰੇ ਟੱਬਰ ਨੂੰ ਵੰਡਦੀ।
ਤਾਏ ਦੇ ਚਿੱਟੇ ਰੇਡੀਓ ਉਤੋਂ ਪ੍ਰਸਾਰਿਤ ਹੁੰਦਾ ਕੀਤਰਨ ਮੈਨੂੰ ਇੱਕ ਪਲ ਭਰ ਵੀ ਰੇਡੀਓ ਤੋਂ ਜੁਦਾ ਨਾ ਹੋਣ ਦਿੰਦਾ। ਰੇਡੀਓ ਸਾਡੇ ਘਰ ਦੇ ਵਰਾਂਡੇ ਵਿਚ ਬੇਰੋਕ ਤੇ ਸਾਰਾ ਸਾਰਾ ਦਿਨ ਬੋਲਦਾ। ਥਾਏ ਹੁਰੀਂ ਖੇਤੀ ਕਰਦੇ ਸਨ। ਦਿਹਾਤੀ ਪ੍ਰਗਰਾਮ ਵਿਚ ਪੇਸ਼ ਹੁੰਦੀ ਇੱਕ ਇੱਕ ਗੱਲ ਸੁਣਦੇ। ਮੰਡੀਆਂ ਦੇ ਭਆ। ਕਿਹਵੀ ਸਪਰੇਤ ਕਰਨੀ ਹੈ?(ਉਦੋਂ ਸਪਰੇਆਂ ਬਾਬਤ ਬੜਾ ਘੱਟ ਦੱਸਿਆ ਜਾਂਦਾ ਸੀ, ਕਿਉਂੁਕਿ ਕਰਦਾ ਹੀ ਕੋਈ ਨਹੀਂ ਸੀ) ਕਿਹੜਾ ਬੀਜ ਵਰਤਣਾ ਤੇ ਕਿੰਨਾਂ ਵਰਤਣਾ? ਪਾਣੀ ਕਿੰਨੇ ਲਾਉਣੇ ਨੇ ਰੂੜੀ ਕਦ ਪਾਉਣੀ ਹੈ? ਫਿਰ ਖੇਤੀ ਨਾਲ ਸਬੰਧਤ ਖਬਰਾਂ ਚਲਦੀਆਂ ਤੇ ਗੀਤ ਵਜਦੇ। ਉਤਸਾਦ ਯਮਲਾ ਜੱਟ ਦੀ ਤੁੰਬੀ ਟੁਣਕਦੀ ਤੇ ਉਹ ਗਾਊਂਦਾ, ਆਪ-ਮੁਹਾਰੇ ਉਹ ਬੋਲ ਅੱਜ ਵੀ ਚੇਤੇ ਵਿਚ ਵੱਸੇ ਨੇ:
ਜੱਟਾ ਜੀਵਨ ਜੋਗਿਆ
ਕਿਉਂ ਬਣ ਬੈਠੋਂ ਅਨਜਾਣ
ਤੇਰੀ ਕਣਕ ਦੇ ਦਾਣੇ ਵੇਖ ਕੇ
ਜੱਟਾ ਮੋਤੀ ਪਏ ਸ਼ਰਮਾਨ
ਤੇਰੀ ਹਲ ਤੇ ਪੰਜਾਲੀ ਹੀਰਿਆ
ਰੱਖਿਆ ਦੇਸ਼ ਦਾ ਮਾਣ
ਤੇਰੇ ਗੋਰੇ-ਲਾਖੇ ਸੋਹਣਿਆ
ਹੱਲ ਦੁਨੀਆਂ ਦੇ ਭਗਵਾਨ
ਦੁੱਧਾ ਵਿਚ ਮਧਾਣੀਆਂ ਪਈਆਂ
ਗੀਤ ਅਗੰਮੀ ਗਾਣ
ਅੱਜ ਜੱਟਾ ਵੇਲਾ ਆ ਗਿਐ
ਤੂੰ ਆਪਣਾ ਫਰਜ਼ ਪਛਾਣ
ਅੱਜ ਇਸ ਗੀਤ ਬਾਰੇ ਸੋਚਦਾ ਹਾਂ ਕਿ ਉਸਤਾਦ ਯਮਲਾ ਜੱਟ ਕਿਰਸਾਨ ਦੀ ਮਹਿਮਾ ਕਰਦੇ ਹੋਏ ਨਾਲ ਦੀ ਨਾਲ ਉਸਨੂੰ ਸਮੇਂ ਅਨੁਸਾਰ ਚੱਲਣ ਵਾਸਤੇ ਸੁਚੇਤ ਵੀ ਕਰਦੇ ਹਨ। ਰੇਡੀਓ ਨਾਲ ਮੈਂ ਬਚਪਨ ਤੋਂ ਜੁੜ ਗਿਆ ਇਸ ਲਈ ਰੇਡੀਓ ਨੇ ਮੈਨੂੰ ਬੜਾਂ ਕੁਝ ਸਿਖਾਇਆ। ਫਿਰ ਜਦ ਸਮਾਂ ਪਿਆ ਰੇਢੀਓ ਉਤੇ ਕੰਮ ਵੀ ਜਾ ਕੀਤਾ, ਅਨਾਊਸਰ ਵੀ ਬਣਿਆ। ਘਾਇਆ ਵੀ ਤੇ ਬਥੇਰੇ ਪ੍ਰੋਗਰਾਮ ਪੇਸ਼ ਕੀਤੇ ਤਾਏ ਦੇ ਚਿੱਟੇ ਰੰਗੇ ਰੇਡੀਓ ਨੇ ਕਦੇ ਖਹਿੜਾ ਨਾ ਛੱਡਆ, ਹਮੇਸ਼ਾ ਅੰਗ ਸੰਗ ਰਿਹਾ ਤਾਏ ਦਾ ਰੇਡੀਓ! ੳੱਜ ਤਾਇਆ ਵੀ ਨਹੀਂ। ਰੇਡੀਓ ਵੀ ਪਤਾ ਨਹੀਂ ਟੁੱਟ ਭੱਜ ਵਿਚ ਕਦੋਂ ਕਿਹੜਾ ਕਬਾੜੀਆ ਲੈ ਗਿਆ ਹੋਣਾ? (ਪਰ ਇਹ ਸਭ ਵਸਤਾਂ ਸਾਨੂੰ ਜ਼ਿੰਦਗੀ ਵਿਚ ਕਿੰਨਾ ਯੋਗਦਾਨ ਦਿੰਦੀਆਂ ਨੇ ਇਹ ਵੱਖਰੇ ਬੈਠ ਕੇ ਸੋਚਣ ਤੇ ਵਾਚਣ ਵਾਲੀ ਗੱਲ ਹੈ।) ਅੱਜ ਕਿਸ ਕੋਲ ਵਿਹਲ ਹੈ ਅਜਿਹੀਆਂ ਗੱਲਾਂ ਬਾਬਤ ਸੋਚਣ ਦੀ? ਕੋਈ ਸੋਚੇ ਨਾ ਸੋਚੇ, ਮੈਂ ਤਾਂ ਸੋਚਦਾ ਹਾਂ।
(ਚਲਦਾ)
09 May 2018
ਦੋ ਗੀਤਾਂ ਦੀ ਗੱਲ ਕਰਦਿਆਂ - ਨਿੰਦਰ ਘੁਗਿਆਣਵੀ
ਅਜੋਕੀ ਗਾਇਕੀ - ਗੀਤਕਾਰੀ ਹਨੇਰੀਆਂ ਤੂਫਾਨਾਂ ਨਾਲ ਜੂਝ ਰਹੀ ਹੈ। ਕਲਾਕਾਰਾਂ ਦੀ ਅਣਗਿਣਤ ਫੌਜ ਹੈ ਤੇ ਜੋ, ਜਦੋਂ, ਜਿਸਦੇ ਮਨ ਵਿਚ ਆਉਂਦਾ ਹੈ, ਉਹ ਰਿਕਾਰਡ ਹੋ ਕੇ ਤੇ ਵੀਡੀਓ ਬਣ ਕੇ ਲੋਕਾਂ ਵਿਚ ਪਲੋ-ਪਲੀ ਆਈ ਜਾ ਰਿਹਾ ਹੈ। ਪਰ ਉਸ ਸਭ ਦੇ ਸਮਾਜਿਕ ਅਰਥ ਕੀ ਹਨ, ਜਾਂ ਸਮਾਜ ਨੂੰ ਉਸ ਸਭ ਦਾ ਕੀ ਸੁਨੇਹਾ ਜਾ ਰਿਹਾ ਹੈ, ਇਸ ਬਾਬਤ ਕਿਸੇ ਦੀ ਕੋਈ ਖਾਸ ਤਵੱਜੋਂ ਨਹੀਂ ਹੈ। ਦਬੜੂ ਘੁਸੜੂ ਜਾਰੀ ਹੈ। 'ਚੱਕ ਦਿਓ', 'ਲਾਹ ਦਿਓ' ਵਰਗੇ ਦਿਨ ਚੱਲ ਰਹੇ ਹਨ ਗੀਤ-ਸੰਗੀਤ ਦੀ ਦੁਨੀਆਂ ਵਿਚ। ਕੁੱਲ ਮਿਲਾ ਕੇ ਸਿੱਟੇ ਨਿਰਸ਼ਾਜਨਕ ਨਿਕਲ ਰਹੇ ਹਨ। ਪਰ ਇਸ ਸਭ ਕਾਸੇ ਦੇ ਬਾਵਜੂਦ ਵੀ ਮਾਂਵਾਂ ਦੇ ਕੁਛ ਪੁੱਤ ਅਜਿਹੇ ਵੀ ਹਨ, ਜੋ ਸਮਾਜ ਦੀ ਨਬਜ਼ ਟੋਹਣ ਵਾਲੇ ਹਨ ਤੇ ਪੰਜਾਬ ਦੇ ਅਸਿਹ ਦਰਦ ਨੂੰ ਮਹਿਸੂਸ ਕਰਨ ਵਾਲੇ ਵੀ ਹਨ। ਅੁਹ ਇਸ ਸੰਕਟਮਈ ਸਮੇਂ ਵਿਚ ਕੋਈ ਚੱਜ ਦੀ ਗੱਲ ਕਰਨਾ ਆਪਣਾ ਅਹਿਮ ਫਰਜ਼ ਸਮਝਦੇ ਹਨ। ਬੱਬੂ ਮਾਨ ਦਾ ਗਾਇਆ ਸੁਣ ਕੇ ਅੱਜ ਵੀ ਮਨ ਪਸੀਜ ਜਾਦਾ ਹੈ:
ਜੱਟ ਦੀ ਜੂਨ ਬੁਰੀ
ਰਿੜਕ-ਰਿੜਕ ਮਰ ਜਾਣਾ...
ਇਹ ਗੀਤ ਕਈ ਸਾਲਾਂ ਤੋਂ ਬੁੱਢਾ ਜਾਂ ਬੇਹਾ ਨਹੀਂ ਹੋਇਆ। ਜੱਟ ਦੀ ਬਿਆਨੀ ਹਾਲਤ ਉਵੇਂ ਦੀ ਉਵੇਂ ਚੱਲੀ ਆ ਰਹੀ ਹੈ। ਭੋਰਾ ਫਰਕ ਨਹੀਂ ਪਿਆ। ਕਿਸਾਨਾਂ ਦੀਆਂ ਆਤਮ ਹਤਿਆਵਾਂ ਹੋਰ ਵਧ ਗਈਆਂ ਤੇ ਗੀ ਸਾਰਥਕਿਤਾ ਹੋਰ ਅਹਿਮ ਹੋਈ ਹੈ। ਰਾਜ ਬਰਾੜ ਦਾ ਗਾਇਆ:
ਪੁੱਤ ਵਰਗਾ ਫੋਹੜ ਟਰੈਕਟਰ
ਜੱਟ ਨੇ ਵੇਚਿਆ ਰੋ-ਰੋ ਕੇ
ਸੁਣਦਿਆਂ ਦਿਲ ਨੂੰ ਧੂਹੀ ਪੈ ਜਾਂਦੀ ਹੈ। ਹੁਣੇ ਜਿਹੇ ਹਰਮਨ ਪਿਆਰੇ ਗਾਇਕ ਰਵਿੰਦਰ ਗਰੇਵਾਲ ਦੇ ਗਾਏ ਤੇ ਫਿਲਮਾਏ ਗੀਤ ਨੇ ਸ੍ਰੋਤਿਆਂ ਦਾ ਧਿਆਨ ਆਪਣੀ ਤਰਫ ਖਿੱਿਚ੍ਹਆ ਹੈ। ਗੀਤ ਦਾ ਵੀਡੀਓ ਦੇਖਦੇ ਸਮੇਂ ਮੈਂ ਵਾਰ-ਵਾਰ ਉਦਾਸ ਹੁੰਦਾ ਰਿਹਾ ਹਾਂ। ਗੀਤ ਦਾ ਸਿਰਲੇਖ ਕਿਸਾਨ ਭਜਨ ਸਿੰਘ ਹੈ। ਪੱਕੀ ਫਸਲ ਦੀ ਭਿਆਨਕ ਤਬਾਹੀ ਸਹਿ ਨਹੀਂ ਹੁੰਦੀ ਉਸਤੋਂ। ਕੁਦਰਤ ਕਰੋਪੀ ਅੱਗੇ ਬੇਵੱਸ ਹੋ ਕੇ ਆਤਮ-ਹੱਤਿਆ ਕਰਦਾ ਹੈ। ਇਸ ਸਮੇਂ ਦੀ ਇਹ ਅਸਲ ਤਸਵੀਰ ਹੈ। ਇਸ ਵਾਰ ਕਣਕ ਦੀ ਵਾਢੀ ਦੇ ਦਿਨਾਂ ਤੇ ਖਰਾਬ ਮੌਸਮ ਸਮੇਂ ਨਿੱਤ ਦੀਆਂ ਹੀ ਖਬਰਾਂ ਸਨ, ਪੱਕੀ ਫਸਲ 'ਤੇ ਪਏ ਗੜਿਆਂ ਕਾਰਨ ਕਿਸਾਨ ਨੇ ਮੌਤ ਗਲੇ ਲਾਈ। ਰਵਿੰਦਰ ਨੇ ਇਸਦਾ ਗਾਇਨ ਪ੍ਰੰਪਰਾਗਤ ਧੁਨੀ ਨਾਲ ਉੱਘੇ ਹੋਏ ਗੀਤ-'ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ' ਨਾਲ ਕੀਤਾ ਹੈ। ਜਿਸ ਵਿਚ ਉਹ ਪੂਰਾ ਸਫਲ ਰਿਹਾ ਹੈ। ਇਸਦੇ ਫਿਲਮਾਂਕਣ ਵਿਚ ਵੀ ਕੋਈ ਕਮੀਂ ਨਹੀਂ ਦਿਸੀ। ਗੀਤ ਮੰਗਲ ਹਠੂਰ ਦਾ ਹੈ ਤੇ ਸੰਗੀਤ ਸੰਨੀ ਸਿੰਘ ਦਾ ਤੇ ਵੀਡੀਓ ਕੰਟੈਂਟ ਕੰਪਨੀ ਦੀ।
ਇਹਨੀਂ ਦਿਨੀਂ ਹੀ ਇੱਕ ਹੋਰ ਗੀਤ ਸਾਡੇ ਸਾਹਮਣੇ ਹੈ, ਜੋ ਟੁੱਟ ਰਹੇ ਸਮਾਜਿਕ ਸਰੋਕਾਰਾਂ ਦੀ ਬਾਤ ਬੜੀ ਸ਼ਿੱਦਤ ਨਾਲ ਪਾਉਂਦਾ ਹੈ। ਇਸਦਾ ਗਾਇਕ ਪਰਵਾਸੀ ਗਾਇਕ ਰੂਪ ਬਾਪਲਾ ਹੈ, ਜੋ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਰਹਿੰਦਾ ਹੈ। ਇਸਨੇ 'ਬਟਵਾਰਾ' ਨਾਂ ਹੇਠ ਗੀਤ ਦੀ ਵੀਡੀਓ ਕੀਤੀ ਹੈ। ਭੇਡ ਪੇਕੀਂ ਆਉਂਦੀ ਹੈ। ਦੋਵੇਂ ਵੀਰ ਲੜ ਕੇ ਵਿਹੜੇ ਵਿਚ ਕੰਧ ਉਸਾਰੀ ਜਾ ਰਹੇ ਹਨ। ਭੈਣ ਕਿਸਨੂੰ ਛੱਡੇ ਤੇ ਕਿਸਦੇ ਜਾਵੇ! ਉਸਨੂੰ ਦੋਵੇਂ ਵੀਰੇ ਇੱਕੋ ਜਿਹੇ ਹਨ। ਬੜੀ ਤ੍ਰਾਸਦਿਕ ਸਥਿਤੀ ਬਿਆਨੀ ਹੈ। ਗੀਤ ਸ਼ੇਰੋ ਮੱਟ ਵਾਲੇ ਨੇ ਲਿਖਿਆ ਹੈ। ਆਰ ਗੁਰੂ ਦਾ ਸੰਗੀਤ ਹੈ। ਪੇਸ਼ਕਸ਼ ਜਤਿੰਦਰ ਧਾਲੀਵਾਲ ਦੀ ਹੈ ਤੇ ਵੀਡੀਓ ਜੱਸ ਰਿਕਾਰਡਜ਼ ਦੀ ਹੈ। ਇਹਨਾਂ ਦੋਵਾਂ ਗੀਤਾਂ ਦੇ ਵੀਡੀਓ ਦੇਖਣ ਬਾਅਦ ਮੇਰੀ ਧਾਰਨਾ ਬਣਦੀ ਹੈ ਕਿ ਜੇ ਅਸੀਂ ਸਮਾਜਿਕ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਉਣ ਵਾਲੀ ਕਲਾ(?) ਦੀ ਆਲੋਚਨਾ ਕਰਦੇ ਹਾਂ ਤਾਂ ਇਹ ਲਾਜ਼ਮੀ ਹੈ ਕਿ ਸਾਨੂੰ ਅਜਿਹੇ ਲੋਕਾਂ ਦੇ ਚੰਗੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
ਗੀਤ-ਸੰਗੀਤ ਸਾਡੇ ਜੀਵਨ ਦਾ ਅਨਿੱਖੜਵਾਂ ਤੇ ਅਟੁੱਟ ਅੰਗ ਹੈ। ਸੰਗੀਤ ਬਿਨਾਂ ਸਾਡੀ ਜ਼ਿੰਦਗੀ ਨੀਰਸ ਤੇ ਬੋਝਲ ਹੈ ਪਰ ਸੰਗੀਤ ਹੀ ਹੈ, ਜੋ ਸਾਡੇ ਰਹਿਣ-ਸਹਿਣ ਤੇ ਸਮੁੱਚੀ ਜੀਵਨ ਜਾਚ ਉਤੇ ਆਪਣਾ ਅਮਿੱਟ ਪ੍ਰਭਾਵ ਪਾਉਂਦਾ ਹੈ। ਇੱਥੇ ਇਹ ਗੱਲ ਰਤਾ ਵੀ ਸੁੱਟ੍ਹ ਪਾਉਣ ਵਾਲੀ ਨਹੀਂ ਹੈ ਕਿ ਸਾਡੀ ਅਜੋਕੀ ਪੀੜ੍ਹੀ ਗੀਤ-ਸੰਗਤਿ ਦੇ ਪ੍ਰਭਾਵ ਤੋਂ ਬਿਨਾਂ ਜ਼ਿੰਦਗੀ ਬਸਰ ਕਰ ਰਹੀ ਹੈ! ਜੇ ਅਸੀਂ ਪੁੱਖਤਾ ਭਰਪੂਰ ਤੇ ਸਮਾਜਿਕ ਸੇਧ ਵਾਲੀ ਕਲਾ ਸਮਾਜ ਨੂੰ ਦੇਵਾਂਗੇ ਤਾਂ ਸਮਾਜ ਦਾ ਕੁਝ ਨਾ ਕੁਝ ਭਲਾ ਕਰਨ ਵਿਚ ਆਪਣਾ ਯੋਗਦਾਨ ਦੇ ਰਹੇ ਹੋਵਾਂਗੇ। ਇਸ ਸਮੇਂ ਰਵਿੰਦਰ ਗਰੇਵਾਲ ਤੇ ਰੂਪ ਬਾਪਲਾ ਨੇ ਸਮਾਜ ਦੀ ਅਸਲ ਤਸਵੀਰ ਆਪਣੇ ਗੀਤਾਂ ਵਿਚ ਪੇਸ਼ ਕਰ ਕੇ ਚੰਗਾ ਯਤਨ ਕੀਤਾ ਹੈ।
94174-21700
30 April 2018
ਮੇਰੀ ਆਸਟਰੇਲੀਆ ਫੇਰੀ-2 - ਨਿੰਦਰ ਘੁਗਿਆਣਵੀ
ਟਹਿਲਦਾ-ਟਹਿਲਦਾ ਮੈਂ ਇੱਕ ਘਾਹ ਮੈਦਾਨ ਵੱਲ ਚਲਾ ਗਿਆ। ਘਾਹ ਮੈਦਾਨ ਏਨਾ ਸਾਫ਼ ਸੀ ਤੇ ਹਰਾ-ਕਚੂਰ ਘਾਹ ਏਨੇ ਕਰੀਨੇ ਨਾਲ ਘਰੜ ਕੇ ਕੱਟਿਆ ਹੋਇਆ ਸੀ,ਇਵੇਂ ਲਗਦਾ ਸੀ ਜਿਵੇਂ ਇਹ ਘਾਹ ਦਾ ਮੈਦਾਨ ਨਹੀਂ, ਸਗੋਂ ਦੂਰ-ਦੂਰ ਤੀਕ ਕੋਈ ਹਰੇ ਰੰਗ ਦੀ ਦਰੀ ਵਿਛਾ ਗਿਆ ਹੋਵੇ! ਅਜਿਹੀ ਦਰੀ, ਜਿਸ 'ਤੇ ਕੋਈ ਵੱਟ-ਵਲੇਂਵਾਂ ਨਹੀਂ ਸੀ ਦਿਸਦਾ। ਕੋਸੀ-ਕੋਸੀ ਧੁੱਪ ਨੇ ਮੈਨੂੰ ਘਾਹ ਦੀ ਉਸ ਇਕਸਾਰ ਵਿਛੀ ਦਰੀ 'ਤੇ ਕੁਝ ਪਲ ਲੇਟਣ ਲਈ ਮਜਬੂਰ ਕਰ ਦਿੱਤਾ ਸੀ। ਨਾ ਹਵਾ ਵਗਦੀ ਸੀ ਤੇ ਨਾ ਕੋਈ ਸ਼ੋਰ ਸੁਣੀਂਦਾ ਸੀ। ਕੋਈ-ਕੋਈ ਟਾਂਵਾ-ਟਾਂਵਾ ਯਾਤਰੀ ਕਿਸੇ ਨਾਲ ਕੋਈ ਗੱਲ ਵੀ ਕਰਦਾ ਸੀ ਤਾਂ ਉਹ ਸਿਰਫ਼ ਆਪਣੇ ਤੀਕ ਸੁਣਨ-ਸੁਣਾਉਣ ਜੋਗੀ ਆਵਾਜ਼ ਵਿੱਚ ਹੀ ਕਰਦਾ ਸੀ। ਮੈਂ ਕੁਝ ਪਲਾਂ ਦੀ ਸੋਚ ਕੇ ਹੀ ਲੇਟਿਆ ਸੀ ਪਰ ਜਦ ਮੈਂ ਜਾਗਿਆ ਸੀ ਤਾਂ ਦੋ ਘੰਟੇ ਤੋਂ ਵੀ ਵਧੇਰੇ ਦਾ ਸਮਾਂ ਹੋ ਚੱਲਿਆ ਸੀ, ਜਦ ਤੀਕ ਉਸ ਜੰਗਲ ਦੇ ਪੰਛੀ ਵੀ ਗਾਉਣ ਲੱਗ ਪਏ ਸਨ। ਵੰਨ-ਸੁਵੰਨੜੇ ਪੰਛੀਆਂ ਦੀਆਂ ਸੁਰ-ਭਿੱਜੀਆਂ ਆਵਾਜ਼ਾਂ ਮੰਤਰ-ਮੁਗਧ ਕਰਨ ਦੇਣ ਵਾਲੀਆਂ ਸਨ, ਉਹ ਪੰਛੀ ਇਉਂ ਲੱਗੇ, ਜਿਵੇਂ ਰਲ-ਮਿਲਕੇ ਸਮੂਹ-ਗਾਨ ਦਾ ਗਾਇਨ ਕਰ ਰਹੇ ਹੋਣ! ਜਦ ਘਰ ਵੱਲ ਤੁਰੇ ਤਾਂ ਦੂਰ ਤੀਕ ਪਸਰੇ ਪਹਾੜਾਂ ਪਿੱਛੇ ਲਹਿੰਦਾ ਸੂਰਜ ਵੀ ਘਰ ਪਰਤ ਰਿਹਾ ਸੀ।
""""'
ਮੈੱਲਬੌਰਨ ਦੀ ਏਅਰਪੋਰਟ ਤੋਂ ਬਾਹਰ ਆਇਆ ਤਾਂ ਠੰਢਾ ਝੱਖੜ ਝੁੱਲ ਰਿਹਾ ਸੀ। ਸਾਝਰਾ ਹੀ ਸੀ ਪਰ ਫਿਰ ਵੀ ਭੀੜ ਸੀ। ਆਸਮਾਨ ਛੂੰਹਦੀਆਂ ਇਮਾਰਤਾਂ ਦੀਆਂ ਬੱਤੀਆਂ ਹਾਲੇ ਜਗਮਗ-ਜਗਮਗ ਕਰ ਰਹੀਆਂ ਸਨ। ਸਵੇਰ ਹੋਈ ਹੀ ਸੀ ਤੇ ਨਾਲ ਹੀ ਦੁਨੀਆਂ ਦਾ ਮੇਲਾ ਵੀ ਸ਼ੁਰੂ ਹੋ ਗਿਆ ਸੀ। ਕੋਈ ਕਿਸੇ ਨੂੰ ਪੁਛਦਾ ਨਹੀ ਸੀਂ...ਕਿੱਥੋਂ ਦੀ ਜਾਣਾ ਐ? ਕਿੱਥੋਂ ਦੀ ਆਉਣਾ ਐ? ਬੋਰਡ ਜਗ ਰਹੇ ਸਨ ਤੇ ਟਿਮਟਿਮਾਉਂਦੇ ਅੱਖਰ ਦੱਸ ਰਹੇ ਸਨ...ਇੱਧਰੋਂ ਦੀ ਅੰਦਰ ਵੜੋ ਤੇ ਇੱਧਰੋਂ ਦੀ ਬਾਹਰ ਨਿਕਲੋ। ਏਥੋਂ ਕੌਫ਼ੀ ਪੀਓ ਤੇ ਇੱਧਰ ਪਿਸ਼ਾਬ ਕਰੋ। ਪੰਜਾਬੀ ਟੈਕਸੀ ਡਰੈਵਰ ਖੱਟੇ ਰੰਗ ਦੀਆਂ ਟੈਕਸੀਆਂ ਭਜਾਈ ਫਿਰਦੇ ਸਨ। ਨਾ ਕੋਈ ਹੌਰਨ ਮਾਰਦਾ ਸੀ, ਨਾ ਕੋਈ ਵਾਧੂੰ ਦੀਆਂ ਰੇਸਾਂ ਦੇ-ਦੇ ਕੇ ਧੂੜਾਂ ਪਟਦਾ ਸੀ। ਸਭ ਆਪਣੇ-ਆਪਣੇ ਧੰਦੇ ਲੱਗੇ ਹੋਏ, ਮਸਤ ਸਨ। ਜਹਾਜ਼ਾਂ 'ਚੋਂ ਉਤਰ੍ਹੇ ਸੂਟਿਡ-ਬੂਟਿਡ ਗੋਰੇ ਵਪਾਰੀ ਹੱਥਾਂ ਵਿੱਚ ਅਟੈਚੀ ਫੜੀ ਤੇ ਗਲਾਂ ਵਿੱਚ ਲੈਪ-ਟੌਪ ਲਟਕਾਈ ਤੇਜ਼ੀ ਨਾਲ ਟੈਕਸੀਆਂ ਪਕੜ ਰਹੇ ਸਨ। ਉਹ ਸਾਡੇ ਵਾਂਗ ਸੁੱਤ-ਉਣੀਂਦੇਂ ਨਹੀ ਸਗੋਂ ਚੁਸਤ-ਫੁਰਤ ਸਨ। ਚਾਲ ਵਿੱਚ ਚੁਸਤੀ ਸੀ...ਕਦਮ ਕਸੇ ਹੋਏ ਸਨ। ਜਿੱਧਰ ਦੇਖੋ, ਲੰਬੇ ਕੱਦਾਂ ਵਾਲੀਆਂ ਤੀਵੀਆਂ ਤੇ ਮਰਦ ਤੇਜ਼-ਤੇਜ਼ ਤੁਰਦੇ ਦਿਖਾਈ ਦਿੰਦੇ। ਤੁਰਿਆ ਜਾਂਦਾ ਕੋਈ-ਕੋਈ ਹਲਕੀ ਜਿਹੀ ਮੁਸਕਾਨ ਬਿਖੇਰਦਾ। ਸਭ ਆਪਣੇ-ਆਪਣੇ ਧਿਆਨ ਸਿਰ ਸਨ। ਤੁਰਦੇ ਜਾਂਦੇ ਗੋਰਿਆਂ ਨੂੰ ਜਿਵੇਂ ਧਰਤੀ ਵੀ ਆਪਣੇ-ਆਪ ਵਿਹਲ ਦੇ ਰਹੀ ਸੀ। ਉਹਨਾਂ ਦੇ ਲੰਬੀਆਂ ਚੁੰਝਾਂ ਵਾਲੇ ਬੂਟ ਲਿਸ਼ਕਦੇ ਤੇ ਲੰਬੇ ਕਾਲੇ ਕੋਟ ਝੂ਼ਲਦੇ। ਕੰਚ ਦੇ ਗੋਲ-ਗੋਲ ਬੰਟਿਆਂ ਜਿਹੀਆਂ ਉਹਨਾਂ ਦੀਆਂ ਬਿੱਲੀਆਂ ਅੱਖੀਆਂ ਚਾਰੇ ਪਾਸੇ ਮਾਰ ਕਰਦੀਆਂ। ਜਹਾਜ਼ੋ ਉਤਰਦਿਆਂ ਆਪਣਿਆਂ ਪਿਆਰਿਆਂ ਨੂੰ ਕੋਈ ਫੁੱਲ ਭੇਟ ਕਰ ਰਿਹਾ ਸੀ। ਕੋਈ ਤਸਵੀਰਾਂ ਖਿੱਚ੍ਹਦਾ ਸੀ। ਕੋਈ ਗਲਵੱਕੜੀ ਪਾਉਂਦਾ ਸੀ। ਕੋਈ ਹਲਕਾ ਜਿਹਾ ਚੁੰਮਣ ਲੈਂਦਾ ਸੀ ਤੇ ਆਪੋ-ਆਪਣਾ ਪਿਆਰ-ਸਤਿਕਾਰ ਪੇਸ਼ ਕਰ ਰਿਹਾ ਸੀ। ਦੋ-ਦੋ ਮੰਜ਼ਿਲੀਆਂ ਬੱਸਾਂ ਭਰੀਆਂ ਆਉਂਦੀਆਂ ਤੇ ਭਰ-ਭਰ ਜਾਈ ਜਾਂਦੀਆਂ। ਟੈਕਸੀ ਇੱਕ ਮਿੰਟ ਤੋਂ ਵੀ ਘੱਟ ਵਕਤ ਲਈ ਰੁਕਦੀ, ਸਵਾਰੀ ਚੁਕਦੀ ਤੇ ਛੂਟ ਵੱਟ ਲੈਂਦੀ...। ਟੈਕਸੀਆਂ ਦੀ ਲਾਮਡੋਰੀ ਲੱਗੀ ਹੋਈ ਸੀ, ਨਾ ਚੜ੍ਹਨ ਵਾਲੇ ਮੁਕਦੇ ਸਨ ਤੇ ਨਾ ਚੁੱਕਣ ਵਾਲੇ। ਜਹਾਜ਼ ਲਿਆ-ਲਿਆ ਉਤਾਰੀ ਜਾਂਦੇ ਸਨ, ਟੈਕਸੀਆਂ ਚੁਕ-ਚੁੱਕ ਲਈ ਜਾਂਦੀਆਂ ਸਨ।
ਮੈਨੂੰ ਠੰਢ ਸਤਾਉਣ ਲੱਗੀ, ਆਪਣਾ ਲੰਬਾ ਕਾਲਾ ਕੋਟ ਮੈਂ ਵੱਡੇ ਅਟੈਚੀ ਵਿੱਚ ਰੱਖ ਚੁੱਕਾ ਸਾਂ, ਜੁ ਉਥੇ ਖਲੋ ਕੇ ਕੱਢਣਾ ਸੌਖਾਲਾ ਨਹੀਂ ਜਾਪਦਾ ਸੀ। ਮੈਨੂੰ ਲੈਣ ਆ ਰਿਹਾ ਮੁਕਤਸਰੀਆ ਦੋਸਤ ਗਿੰਨੀ ਸਾਗੂ ਟਰੈਫਿਕ ਵਿੱਚ ਫਸ ਗਿਆ ਸੀ ਤੇ ਵਾਰ-ਵਾਰ ਫ਼ੋਨ ਕਰ ਰਿਹਾ ਸੀ ਕਿ ਮੈਂ ਹੁਣੇ ਆਇਆ ਕਿ ਆਇਆ!
ਸਿਡਨੀ ਦਾ ਮੌਸਮ ਤਾਂ ਠੀਕ-ਠਾਕ ਸੀ ਤੇ ਏਥੇ ਤਾਂ ਠੰਢ ਪਾਸੇ ਭੰਨੀ ਜਾਂਦੀ ਸੀ। ਮੈਂ ਗੁਲੂਬੰਦ ਗਲੋਂ ਲਾਹ ਕੇ ਗਲ ਵਿੱਚ ਲਪੇਟ ਲਿਆ ਤੇ ਟਰੇਲੀ ਰੋੜ੍ਹਦਾ ਬਾਹਰ ਨੂੰ ਆ ਗਿਆ। ਪੰਜ ਕੁ ਮਿੰਟ ਖਲੋਤਾ ਰਿਹਾ ਤਾਂ ਗਿੰਨੀ ਆ ਗਿਆ, ਆਖਣ ਲੱਗਾ, ''ਸਵੇਰ ਨੂੰ ਤਾਂ ਏਥੇ ਏਹੋ ਮੁਸੀਬਤ ਹੁੰਦੀ ਆ ਟਰੈਫ਼ਿਕ ਦੀ...ਭੋਰਾ ਥਾਂ ਨਹੀਂ ਕਿਤੇ ਕਾਰ ਪਾਰਕਿੰਗ ਲਈ...ਸਾਰੀਆਂ ਰੋਡਾਂ ਜਾਮ ਨੇ...ਆਉਂਦੇ ਨੂੰ ਡੇਢ ਘੰਟਾ ਲੱਗ ਗਿਆ...ਏਨਾ ਟਾਈਮ ਘਰ ਜਾਣ ਨੂੰ ਲੱਗ ਜਾਣਾ।"
ਮੈੱਲਬੌਰਨ ਤਾਂ ਖੁੱਲ੍ਹਮ-ਖੁੱਲ੍ਹਾ ਪਿਆ ਸੀ। ਸਿਡਨੀ ਨਾਲੋਂ ਇਹਦਾ ਬਹੁਤ ਫਰਕ ਸੀ। ਮੈਂ ਏਥੇ ਤਿੰਨ ਹਫ਼ਤੇ ਰੁਕਣਾ ਸੀ ਤੇ ਸਾਰੇ ਦਿਨ ਪਹਿਲਾਂ ਤੋਂ ਹੀ ਪ੍ਰੋਗਰਾਮਾਂ, ਆਪਣੀਆਂ ਸਾਹਿਤਕ-ਸੰਗੀਤਕ ਬੈਠਕਾਂ ਤੇ ਮਿੱਤਰਾਂ ਤੇ ਪਾਠਕਾਂ ਦੇ ਮੇਲ-ਗੇਲ ਲਈ ਮਿਤੀਆਂ ਮੁਤਾਬਕ ਮਿਥੇ ਹੋਏ ਸੀ। ਜੇ ਮੈੱਲਬੌਰਨ ਦੇ ਸਾਊਥ ਤੋਂ ਨੌਰਥ ਪਾਸੇ ਜਾਣਾ ਹੁੰਦਾ ਤਾਂ ਡੇਢ ਤੋਂ ਦੋ ਘੰਟੇ ਸੌਖੇ ਹੀ ਲੱਗ ਜਾਂਦੇ। ਇਵੇਂ ਵੈਸਟ ਤੋਂ ਈਸਟ ਨੂੰ ਵਕਤ ਲਗਦਾ। ਇਹਨਾਂ ਤਿੰਨ ਹਫਤਿਆਂ ਨੂੰ ਮੈਂ ਚਹੁੰ ਪਾਸਿਆਂ ਵਿੱਚ ਵੰਡ ਲਿਆ ਹੋਇਆ ਸੀ, ਤਾਂ ਕਿ ਮੇਰੇ ਮੇਜ਼ਬਾਨਾਂ ਦਾ ਵਕਤ ਵੀ ਨਾ ਜ਼ਾਇਆ ਨਾ ਹੋਵੇ ਤੇ ਮੈਨੂੰ ਵੀ ਸੌਖਾ ਰਹੇ। ਪਤਾ ਹੀ ਨਾ ਲੱਗਿਆ ਕਿ ਮੈੱਲਬੌਰਨ ਵਿੱਚ ਤਿੰਨ ਹਫ਼ਤੇ ਕਦੋਂ ਤੇ ਕਿਵੇਂ ਬੀਤ ਗਏ! ਆਸਟ੍ਰੇਲੀਆ ਵਿਦਿਆਰਥੀ ਵੀਜ਼ਿਆਂ 'ਤੇ ਗਏ ਹੋਏ ਜਿਹੜੇ ਮੁੰਡੇ-ਕੁੜੀਆਂ ਮੈਨੂੰ ਮਿਲ-ਗਿਲ ਰਹੇ ਸਨ, ਉਹ ਸਾਰੇ ਪਹਿਲਾਂ ਤੋਂ ਭਾਰਤ ਵਿੱਚ ਛਪਦੀਆਂ ਮੇਰੀਆਂ ਲਿਖਤਾਂ ਪੜ੍ਹਦੇ ਰਹੇ ਸਨ, ਇਸ ਗੱਲ ਦਾ ਮੈਨੂੰ ਬਹੁਤ ਹੌਸਲਾ ਹੋਇਆ ਸੀ।
ਗੀਤਕਾਰ ਮਿੱਤਰ ਬੱਬਲ ਟਹਿਣਾ ਦੇ ਘਰ ਜਾ ਕੇ ਜਦ ਡਰਾਇੰਗ ਰੂਮ ਵਿੱਚ ਬੈਠਾ ਤਾਂ ਬੜੀ ਹੈਰਾਨੀ ਭਰੀ ਖੁਸ਼ੀ ਹੋਈ ਕਿ ਉਸਨੇ ਬਾਬੇ ਨਾਨਕ ਦੀ ਫੋਟੋ ਤੋਂ ਹੇਠਾਂ ਸੁਰਜੀਤ ਪਾਤਰ ਦੀ ਫੋਟੋ ਲਾਈ ਹੋਈ ਸੀ, ਬਾਕੀ ਹੋਰ ਕੋਈ ਫੋਟੋ ਨਹੀਂ ਸੀ। ਬੱਬਲ ਨੇ ਕਿਹਾ ਕਿ ਬਾਬੇ ਨਾਨਕ ਨੇ ਬਾਣੀ ਵਿੱਚ ਲਿਖਾਰੀਆਂ ਬਾਰੇ ਕਿੰਨਾ ਕਮਾਲ ਦਾ ਲਿਖਿਆ ਹੈ, ''ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚ।" ਉਸਨੇ ਦੱਸਿਆ ਕਿ ਪਹਿਲੇ ਨੰਬਰ 'ਤੇ ਬਾਬਾ ਨਾਨਕ ਤੇ ਦੂਜੇ ਨੰਬਰ 'ਤੇ ਪਾਤਰ ਸਾਹਬ ਮੇਰੇ ਮਨ-ਪਸੰਦੀਦਾ ਹਨ। ਉਸਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਉਹ ਪਾਤਰ ਸਾਹਬ ਨਾਲ ਫ਼ੋਨ 'ਤੇ ਗੱਲ ਕਰਨੀ ਚਾਹੁੰਦਾ ਹੈ ਪਰ ਝਕਦਾ ਹੈ ਕਿ ਏਡਾ ਵੱਡਾ ਸ਼ਾਇਰ ਉਸ ਨਵੇਂ ਨਾਲ ਗੱਲ ਕਰੇਗਾ ਜਾਂ ਨਾ? ਮੈਂ ਉਸ ਨੂੰ ਆਖਿਆ ਕਿ ਨਹੀਂ...ਅਜਿਹੀ ਕੋਈ ਗੱਲ ਨਹੀਂ ਹੈ...ਪਾਤਰ ਸਾਹਿਬ ਖ਼ੂਦ ਇਨਸਾਨ ਬਹੁਤ ਕੋਮਲ ਤੇ ਨਿਮਰ ਨੇ...ਲੈ ਤੇਰੀ ਹੁਣੇ ਹੀ ਉਹਨਾਂ ਨਾਲ ਗੱਲ ਕਰਵਾਉਂਦਾ ਹਾਂ। ਮੈਂ ਪਾਤਰ ਸਾਹਬ ਦਾ ਮੋਬਾਈਲ 'ਤੇ ਫੋਨ ਮਿਲਾਇਆ ਤੇ ਬੱਬਲ ਦੀ ਗੱਲ ਕਰਵਾਈ। ਉਹ ਬਹੁਤ ਪ੍ਰਸੰਨ ਸੀ ਪਾਤਰ ਸਾਹਬ ਨਾਲ ਗੱਲ ਕਰਕੇ।
""""""'
ਆਥਣ ਹੁੰਦੀ ਸਾਰ ਏਥੇ ਰੌਣਕ ਬਹੁਤ ਵਧ ਜਾਂਦੀ ਹੈ। ਦੇਰ ਤੀਕ ਗਹਿਮਾ-ਗਹਿਮੀ ਲੱਗੀ ਰਹਿੰਦੀ ਹੈ। ਮੈਂ ਘਰ ਵਿੱਚ ਇਕੱਲਾ ਬੋਰੀਅਤ ਮਹਿਸੂਸ ਕਰ ਰਿਹਾ ਸੀ। ਸੋਚਿਆ ਕਿਉਂ ਨਾ ਮਸਤੀ ਮਾਰ ਆਵਾਂ! ਮੇਰੇ ਦੋਸਤ ਤੇ ਉਹਦੀ ਪਤਨੀ ਨੇ ਸਵੇਰੇ ਕੰਮ ਤੋਂ ਘਰ ਪਰਤਣਾ ਸੀ। ਮੈਂ ਘਰ ਤੋਂ ਬਾਹਰ ਆਇਆ ਤੇ ਬੱਸ ਵਿੱਚ ਬੈਠ ਗਿਆ। ਦਸ ਮਿੰਟਾਂ ਦੀ ਡਰਾਈਵ ਹੋਣੀ। ਇੱਥੇ ਆ ਕੇ ਸਾਰੀ ਬੱਸ ਖਾਲੀ ਹੋ ਗਈ। ਮੌਸਮ ਖਰਾਬ ਸੀ। ਕੋਈ-ਕੋਈ ਕਣੀ ਡਿਗਦੀ। ਕਾਹਲ ਨਾਲ ਭੀੜ ਹਾਲ ਦੇ ਅੰਦਰ ਜਾ ਰਹੀ ਸੀ।
ਲੰਮੇ ਖੰਭਿਆਂ ਵਿੱਚੋਂ ਅੱਗ ਦੀਆਂ ਲਾਟਾਂ ਉੱਚੀਆਂ ਉੱਠੀਆਂ ਤਾਂ ਨਾਲ ਲਗਦੀ ਬੀਚ ਵੀ ਜਗ-ਮਗ ਜਗ-ਮਗ ਕਰ ਉੱਠੀ ਤੇ ਫਿਰ ਜਲਦੀ ਹੀ ਖੰਭੇ ਸ਼ਾਂਤ ਹੋ ਗਏ, ਜਿਵੇਂ ਸਵੇਰ ਦੇ ਇਉਂ ਹੀ ਖਲੋਤੇ ਹੋਣ! ਗੋਲ ਫੁਹਾਰਿਆਂ ਵਿੱਚੋਂ ਪਾਣੀਆਂ ਦੀਆਂ ਪਤਲੀਆਂ ਧਾਰਾਂ ਕਦੇ ਅੁੱਚੀਆਂ ਤੇ ਕਦੇ ਟੇਢੀਆਂ-ਮੇਢੀਆਂ ਏਧਰ-ਓਧਰ ਹੋ ਡਿੱਗਣ ਲਗਦੀਆਂ। ਪਾਣੀ ਦੇ ਫੁਹਾਰਿਆਂ ਨੂੰ ਸੰਗੀਤ ਚਲਾ ਰਿਹਾ ਸੀ, ਜਿਵੇਂ-ਜਿਵੇਂ ਕਿਸੇ ਸਾਜ਼ ਦੀ ਧੁਨੀਂ ਉੱਚੀ-ਨੀਵੀਂ ਹੋਣ ਲਗਦੀ...ਉਵੇਂ-ਉਵੇਂ ਪਾਣੀ ਦੀਆਂ ਧਾਰਾਂ ਆਪਣੀ ਦਿਸ਼ਾ ਬਦਲਣ ਲਗਦੀਆਂ। ਰੌਸ਼ਨੀਆਂ ਦੀ ਝਿਲਮਿਲਾਹਟ, ਗੋਰਿਆਂ ਦੀਆਂ ਕੂਕਾਂ...ਸਿਗਰਟਾਂ ਦੇ ਲੰਬੇ-ਲੰਬੇ ਕਸ਼ ਖਿਚ੍ਹਦੀਆਂ ਚਹਿ-ਚਹਾ ਰਹੀਆਂ ਗੋਰੀਆਂ। ਬਾਹਰ ਕਿਣਮਿਣ ਹੋਰ ਤੇਜ਼ ਹੋ ਗਈ ਸੀ, ਪਤਾ ਨਹੀਂ ਕਾਹਦੀ ਛੱਤ ਸੀ...ਕਣੀਆਂ ਦਾ ਖੜਕਾ ਪ੍ਰਤੱਖ ਸੁਣਦਾ। ਮੈਂ ਵੱਡੇ ਹਾਲ ਅੰਦਰ ਤੁਰਦਾ ਜਾ ਰਿਹਾ ਸਾਂ। ਆਸਿਓ-ਪਾਸਿਓਂ ਲੱਪਾਂ-ਲੱਪ ਚਾਨਣਾ ਡਿੱਗਦਾ ਤਾਂ ਕੰਕਰੀਟ ਵਿੱਚ ਮੜ੍ਹੀ ਧਰਤੀ ਲਿਸ਼ਕ ਉਠਦੀ। ਲੰਬੇ-ਲੰਬੇ ਗੋਲ ਥਮਲੇ ਵੀ ਚਮਕ ਰਹੇ ਸਨ। ਆਸੇ-ਪਾਸੇ ਕੱਚ ਦੀਆਂ ਕੰਧਾਂ ! ਚਮਕੀਲੇ ਚਿਹਰੇ! ਤੁਰੇ-ਤੁਰੇ ਜਾਂਦੇ ਲੋਕਾਂ ਦੇ ਬੂਟ ਵੀ ਚਮਕ ਰਹੇ ਸਨ। ਕੈਸਾ ਮੁਲਕ, ਕੈਸੀ ਧਰਤੀ, ਕੈਸੇ ਲੋਕ, ਚਾਰੇ ਪਾਸੇ ਚਮਕ ਹੀ ਚਮਕ...! ਸ਼ਾਇਦ ਏਸੇ ਚਮਕ ਦੇ ਪੱਟੇ ਹੋਏ ਹੀ ਅਸੀਂ ਸਾਰੇ ਆਪਣੇ ਦੇਸ਼ ਦੀ ਕਾਲਖ ਛੱਡ ਏਧਰ ਨੂੰ ਆ ਗਏ? ਮੈਂ ਸੋਚਿਆ ਸੀ।
(ਚਲਦਾ)
4 Feb. 2018