ਕਿੱਥੇ ਲਾਏ ਨੇ ਸੱਜਣਾ ਡੇਰੇ-(1) - ਨਿੰਦਰ ਘੁਗਿਆਣਵੀ
ਰੋਜ਼ ਗਾਰਡਨ ਵਿਚ ਆਥਣ ਦੀ ਸੈਰ ਕਰਦਿਆਂ ਮਿੱਤਰ ਇੰਸਪੈਕਟਰ ਦਿਲਸ਼ੇਰ ਸਿੰਘ ਚੰਦੇਲ ਨੇ ਮਸਤੀ ਵਿਚ ਝੂੰਮ ਕੇ ਹਾਕਮ ਸੂਫੀ ਦਾ ਗੀਤ ਗਾਉਣਾ ਸ਼ੁਰੂ ਕੀਤਾ:
ਕਿੱਥੇ ਲਾਏ ਨੇ ਸੱਜਣਾ ਡੇਰੇ
ਕਿਉਂ ਭੁੱਲ ਗਿਆ ਪਾਉਣੇ ਫੇਰੇ
ਸੁਣ ਰਹੇ ਸ੍ਰੋਤੇ ਵੀ ਮਸਤ ਹੋ ਗਏ ਤੇ ਮੈਨੂੰ ਹਾਕਮ ਸੂਫੀ ਨਾਲ ਬਿਤਾਇਆ ਸਮਾਂ ਚੇਤੇ ਆ ਗਿਆ। ਉਸਦੀਆਂ ਯਾਦਾਂ ਦੇ ਗਲੋਟੇ ਉਧੜਨ ਲੱਗੇ।
ਹਾਕਮ ਸੂਫੀ ਤੁਰ ਗਿਆ,ਜਿਹੜੇ ਘਰ ਦੀ ਉਸਨੂੰ ਚਿਰਾਂ ਤੋਂ ਤਲਾਸ਼ ਸੀ। ਉਹ ਸੰਗੀਤ ਨਾਲ ਭਰਿਆ-ਭਰਿਆ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਖਾਲੀ-ਖਾਲੀ ਮਹਿਸੂਸ ਕਰਦਾ ਰਿਹਾ। ਇਸ ਖਾਲੀਪਣ ਨੂੰ ਦੂਰ ਭਜਾਉਣ ਵਾਸਤੇ ਉਸਨੇ ਬੜੇ ਯਤਨ ਕੀਤੇ। ਪੋਥੇ-ਪੋਥੀਆਂ ਪੜ੍ਹਨ 'ਚ ਕੋਈ ਕਸਰ ਨਾ ਛੱਡੀ। ਉਹਨੂੰ ਓਸ਼ੋ ਨੇ ਬਹੁਤ ਚਿਰ ਪਹਿਲਾਂ ਦਾ ਮੋਹ ਲਿਆ ਹੋਇਆ ਸੀ। ਬਹੁਤ ਚਿਰ ਉਹਨੇ ਲੰਮਾ ਚੋਲਾ ਪਾਈ ਰੱਖਿਆ। ਮਾਲਾ-ਮਣਕੇ ਵੀ ਉਹਦੇ ਅੰਗ-ਸੰਗ ਰਹਿੰਦੇ। ਉਹਨੂੰ ਮੜ੍ਹੀਆਂ-ਮਸਾਣ ਤੇ ਕਬਰਸਤਾਨ ਜਿਹੇ ਸਥਾਨ ਚੰਗੇ-ਚੰਗੇ ਲਗਦੇ ਸਨ। ਇੱਕ ਵਾਰ ਉਹਨੇ ਲਿਖਿਆ ਸੀ: ਮਲ੍ਹਿਆਂ ਤੇ ਕਰੀਰਾਂ ਦੇ ਸੰਗ ਯਾਰੀਆਂ ਨੇ, ਜੰਗਲ ਬੇਲੇ ਅੰਦਰ ਧਾਹਾਂ ਮਾਰੀਆਂ ਨੇ। ਜੇ ਕਿਤੇ ਘੁਮਿਆਰ ਮਿੱਟੀ ਦਾ ਭਾਂਡਾ ਬਣਾਈ ਜਾਂਦਾ ਦੇਖ ਲੈਂਦਾ ਤਾਂ ਉਸਦੇ ਪੈਰ ਥਾਂਏ ਥ੍ਹੰਮ ਜਾਂਦੇ। ਉਹ ਖਲੋਤਾ-ਖਲੋਤਾ ਪਤਾ ਨਹੀਂ ਕੀ ਕੁਝ ਸੋਚਣ ਲੱਗਦਾ ਤੇ ਕਿਸੇ ਗੀਤ ਦਾ ਜਨਮ ਹੁੰਦਾ, ਮਿੱਟੀ, ਘੜਾ, ਮਨੁੱਖ, ਮੌਤ ਆਦਿ ਬਾਰੇ ਉਹਨੇ ਅਜਿਹੇ ਥਾਵਾਂ ਕੋਲੋਂ ਲੰਘਦਿਆਂ ਗੀਤ ਲਿਖੇ। ਕਬਰਾਂ ਵਿੱਚ ਬੈਠੇ ਉਸਨੇ ਇੱਕ ਦਿਨ ਲਿਖਿਆ,'ਹਾਕਮ' ਨੇ ਇੱਕ ਦਿਨ ਮੁੱਕ ਜਾਣਾ,ਡੰਡਾ ਡੇਰਾ ਚੁੱਕ ਜਾਣਾ, ਕਬਰਾਂ 'ਚ ਹੋਣੀ ਸਾਡੀ ਠਹਿਰ ਨੀਂ ਮਰ ਜਾਣੀਏਂ, ਲੱਭਦੀ ਫਿਰੇਂਗੀ ਸਾਡੀ ਪੈੜ ਮਰ ਜਾਣੀਏਂ।' ਇੱਕ ਉਹਦਾ ਹੋਰ ਗੀਤ ਅੱਜ ਉਸ ਉਤੇ ਹੀ ਕਿੰਨਾ ਢੁੱਕ ਰਿਹਾ ਹੈ- ''ਕਿੱਥੇ ਲਾਏ ਨੇ ਸੱਜਣਾ ਡੇਰੇ, ਕਿਉਂ ਭੁੱਲ ਗਿਉਂ ਪਾਉਣੇ ਫੇਰੇ...।"
ਉਹ ਸੋਚਦਾ ਰਹਿੰਦਾ ਸੀ ਕਿ ਉਸਨੂੰ ਕਿਸੇ ਆਸ਼ਰਮ ਵਿੱਚ ਠਿਕਾਣਾ ਮਿਲ ਜਾਏ, ਕੋਈ ਡੇਰਾ ਲੱਭ ਜਾਏ, ਉਥੇ ਬੈਠ ਕੇ ਉਹ ਆਪਣੀ ਬਿਰਤੀ ਜੋੜੇ! ਉਸਨੰ ਨੂੰ ਕੋਈ ਡਿਸਟਰਬ ਨਾ ਕਰੇ! ਉਹ ਆਪ ਮੁਹਾਰਾ ਹੋ ਕੇ ਗਾਵੇ। ਦਰੱਖਤ, ਪੰਛੀ ਤੇ ਪਰਿੰਦੇ ਉਸਦੇ ਗੀਤ ਸੁਣਨ! ਉਹਨੂੰ ਕੋਈ ਗ਼ਮ ਤੇ ਫ਼ਿਕਰ ਨਾ ਹੋਵੇ! ਅਜਿਹੀ ਭਾਵਨਾ ਉਹ ਅਕਸਰ ਹੀ ਮੇਰੇ ਨਾਲ ਹਰ ਵਾਰੀ, ਉਦੋਂ ਸਾਂਝੀ ਕਰਦਾ ਸੀ...ਜਦ ਮੈਂ ਗਿੱਦੜਬਾਹੇ ਆਪਣੀ ਭੂਆ ਨੂੰ ਮਿਲਣ ਗਿਆ ਹੁੰਦਾ ਤੇ ਆਥਣੇ ਉਸਨੂੰ ਲੱਭਣ ਤੁਰ ਪੈਂਦਾ ਸੀ। ਇੱਕ ਆਥਣ ਸਾਂਝਾ ਮਿੱਤਰ ਬਿਕਰਮਜੀਤ ਨੂਰ ਵੀ ਮੇਰੇ ਨਾਲ ਸੀ, ਅਸੀਂ ਹਾਕਮ ਨੂੰ ਘਰੋਂ ਪੁੱਛਿਆ ਕਿ ਕਿੱਥੇ ਐ? ਦੱਸਿਆ ਗਿਆ ਕਿ ਉਹ ਰੇਲਵੇ ਸਟੇਸ਼ਨ ਵੱਲ ਨੂੰ ਤੁਰ ਗਿਆ...ਉਥੇ ਈ ਕਿਤੇ ਬੈਠਾ ਹੋਣੈ। ਅਸੀਂ ਸਾਰਾ ਰੇਲਵੇ ਸਟੇਸ਼ਨ ਗਾਹ ਮਾਰਿਆ...ਹਾਕਮ ਨਾ ਲੱਭਿਆ। ਨੂਰ ਕਹਿੰਦਾ, ''ਚੱਲ ਸਮਸ਼ਾਨਘਾਟ ਚਲਦੇ ਆਂ...ਉਥੇ ਲਾਜ਼ਮੀ ਹੋਊ...।" ਠੰਢ ਬਹੁਤ ਸੀ। ਸੂਰਜ ਘਰ ਪਰਤ ਰਿਹਾ ਸੀ। ਅਸੀਂ ਠੁਰ-ਠੁਰ ਕਰਦੇ ਸ਼ਮਸ਼ਾਨਘਾਟ ਵੱਲ ਜਾ ਰਹੇ ਸਾਂ। ਉਹ ਦੱਸਣ ਲੱਗਿਆ ਕਿ ਹਾਕਮ ਨੂੰ ਸਾਰੇ ਸ਼ਹਿਰ ਵਿੱਚ ਸਾਹਿਤਕ ਸਾਥੀ 'ਵਾਵਰੋਲਾ' ਕਹਿੰਦੇ ਐ...ਕੋਈ ਪਤਾ ਨੀ੍ਹ...ਕਦੋਂ ਕਿਹੜੀ ਗਲੀ ਵਿੱਚੋਂ ਤੇਜ਼ੀ ਨਾਲ ਨਿੱਕਲ ਆਵੇ। ਸ਼ਮਸ਼ਾਨਘਾਟ ਪੱਜੇ, ਸੁੰਨ ਮਸਾਨ ਸੀ, ਜਿਵੇਂ ਕਈ ਦਿਨਾਂ ਤੋਂ ਕੋਈ ਮੁਰਦਾ ਫੂਕਣ ਲਈ ਲਿਆਂਦਾ ਨਾ ਗਿਆ ਹੋਵੇ! ਸਫਾਈ ਬਹੁਤ ਸੀ। ਨੂਰ ਕਹਿੰਦਾ, ''ਏਹ ਸਾਰੀ ਸੇਵਾ ਹਾਕਮ ਦੀ ਐ...ਇੱਕ ਪੱਤਾ ਵੀ ਭੁੰਜੇ ਡਿੱਗਣ ਨੀ੍ਹ ਦਿੰਦਾ...ਆਪ ਸਫਾਈ ਕਰਦਾ ਐ।" ਇੱਕ ਸਾਈਕਲ ਖੜ੍ਹਾ ਸੀ। ਇਹ ਹਾਕਮ ਦਾ ਸਾਈਕਲ ਸੀ। ਨੂਰ ਨੇ ਦੱਸਿਆ, ''ਐਥੇ ਈ ਐ...ਕਰ ਲੈਣ ਦੇ ਭਜਨ-ਬੰਦਗੀ...।" ਮੈਂ ਮੋਇਆਂ ਦੀਆਂ ਮੜ੍ਹੀਆਂ ਦੇ ਪੱਥਰ ਤੇ ਲਾਗੇ-ਲਾਗੇ ਖੜ੍ਹੀਆਂ ਕੀਤੀਆਂ ਕਲਾਤਮਿਕ ਮੂਰਤੀਆਂ ਦੇਖਣ ਲੱਗਿਆ। ਪੰਛੀਆਂ ਦੇ ਚਹਿਚਾਉਣ ਦੀਆਂ ਆਵਾਜ਼ਾਂ ਉੱਚੀਆਂ ਉੱਠਣ ਲੱਗੀਆਂ। ਹਾਕਮ ਦੂਰ ਪਰ੍ਹੇ ਰੁੱਖਾਂ ਦੇ ਜਮਘਟੇ ਵਿੱਚ ਬੈਠਾ ਬੰਦਗੀ ਕਰ ਰਿਹਾ ਸੀ। ਅਸੀਂ ਬਹੁਤ ਧੀਮੇਂ-ਧੀਮੇਂ ਗੱਲਾਂ ਕਰ ਰਹੇ ਸਾਂ ਕਿ ਮਤਾਂ ਕਿਤੇ ਸਾਡੀ ਆਵਾਜ਼ ਸੁਣ ਕੇ ਹਾਕਮ ਦੀ ਬਿਰਤੀ ਨਾ ਖਿੰਡ ਜਾਵੇ! ਨੂਰ ਬੋਲਿਆ ਕਿ ਆਹ ਸਾਰੇ ਰੁੱਖ, ਵੇਲਾਂ ਤੇ ਬੂਟੇ ਹਾਕਮ ਨੇ ਖੁਦ ਲੁਵਾਏ ਐ...ਆਹ ਸੀਮਿੰਟ ਦੀਆਂ ਮੂਰਤਾਂ ਵੀ...ਦੇਖ ਕਿੰਨਾ ਵਧੀਆਂ ਵਾਤਾਵਰਨ ਸਿਰਜ ਦਿੱਤੈ ਏਹਨੇ...ਲਗਦੈ ਜਿਵੇਂ ਕੋਈ ਆਸ਼ਰਮ ਹੋਵੇ! ਹਾਕਮ ਆਇਆ, ''ਆਹਾ ਬਾਬਿਓ! ਅੱਜ ਕਿਧਰੋਂ...? ਆਓ ਚੱਲੀਏ...ਦੇਖਿਐ ਸਾਡਾ ਡੇਰਾ...? ਐਥੇ ਦਿਲ ਲਗਦਾ ਮੇਰਾ...।" ਉਹ ਬੜੀ ਸਹਿਜ ਅਵਸਥਾ ਵਿੱਚ ਸੀ। ਸਾਈਕਲ ਰੋਹੜਦਾ ਸਾਡੇ ਨਾਲ ਤੁਰ ਪਿਆ। ਬਜ਼ਾਰ ਆਏ। ਇੱਕ ਅਧੀਆ ਲਿਆ ਤੇ ਪੰਜ-ਛੇ ਅੰਡੇ। ਪਰ੍ਹੇ ਸੂਏ ਵੱਲ ਇੱਕ ਸੁੰਨੀ ਜਿਹੀ ਥਾਂਵੇਂ ਭੁੰਜੇ ਬੈਠੇ ਰਹੇ। ਉਸਨੇ ਬਹੁਤ ਗੱਲਾਂ ਸੁਣਾਈਆਂ। ਆਪਣੇ ਚਿਤਰਕਾਰੀ ਦੇ ਚਾਅ ਦੀਆਂ...ਡਰਾਇੰਗ ਮਾਸਟਰੀ ਦੀਆਂ...ਓਸ਼ੋ ਦੀਆਂ...ਗੁਰਦਾਸ ਮਾਨ ਦੀਆਂ ਗੱਲਾਂ...ਆਪਣੇ ਅਖਾੜਿਆਂ ਦੀਆਂ...। ਉਸਨੇ ਇੱਕ ਗੱਲ ਹੋਰ ਕੀਤੀ, ''ਜ਼ਿੰਦਗੀ ਇੱਕ ਵਹਿਣ ਆਂ...ਕੁਝ ਲੋਕ ਚੱਪੂਆਂ ਨਾਲ ਦਰਿਆ ਨੂੰ ਪਾਰ ਕਰ ਲੈਂਦੇ ਨੇ ਤੇ ਕਈ ਪਾਣੀ ਵਾਲੇ ਜਹਾਜ਼ਾਂ ਨਾਲ ਪਾਰ ਕਰਦੇ ਨੇ...ਏਸੇ ਤਰਾਂ ਜ਼ਿੰਦਗੀ ਦੇ ਕੁਝ ਵਹਿਣ ਨੇ...ਕਦੇ ਹਾਸਾ ਬੜਾ ਮਹੱਤਵਪੂਰਨ ਹੋ ਜਾਂਦੈ ਤੇ ਕਦੇ ਅੱਥਰੂ ਤੇ ਹਉਕੇ...ਏਹ ਦੋਵੇਂ ਬਰਾਬਰ ਚਲਦੇ ਰਹਿੰਦੇ ਨੇ...ਜੇ ਏਹ ਨਾ ਹੋਣ ਤਾਂ ਬੰਦਾ ਪਾਗਲ ਹੋ ਕੇ ਮਰ ਜਾਏ...।"
ਨੂਰ ਨੇ ਕਿਹਾ, ''ਯਾਰ ਹਾਕਮ, ਬੜੀ ਦੇਰ ਹੋਗੀ ਤੈਥੋਂ ਕੁਝ ਸੁਣਿਆ ਨਹੀਂ...ਸੁਣਾ ਯਾਰ ਅੱਜ ਕੁਝ...।" ਉਸਨੇ ਅਲਾਪ ਲਿਆ ਤੇ ਹਨੇਰੇ ਵਿੱਚ ਗਾਉਣਾ ਸ਼ੁਰੂ ਕੀਤਾ,'ਬਾਬੁਲ ਮੇਰੇ ਚਰਖਾ ਲਿਆਂਦਾ ਤੇ ਵਿੱਚ ਸੋਨੇ ਦੀਆਂ ਮੇਖਾਂ,ਸੱਭੇ ਸਈਆਂ ਕੱਤ-ਕੱਤ ਮੁੜੀਆਂ ਤੇ ਮੈਂ ਰਾਹ ਸੱਜਣ ਦਾ ਵੇਖਾਂ, ਮੇਰੇ ਚਰਖੇ ਦੀ ਟੁੱਟਗੀ ਮਾਲ੍ਹ ਵੇ ਚੰਨ ਕੱਤਾਂ ਕਿ ਨਾ...।' ਬੜਾ ਰੰਗ ਬੱਝਾ। ਇਹ ਸੁਰਮਈ ਸ਼ਾਮ ਨਾ ਕਦੇ ਮੈਨੂੰ ਭੁੱਲੀ ਤੇ ਨਾ ਨੂਰ ਸਾਹਬ ਨੂੰ। ਜਦ ਉਠਣ ਲੱਗੇ ਤਾਂ ਮੈਂ ਆਖਿਆ, '' ਨੂਰ ਸਾਹਬ ਦੀ ਫਰਮਾਇਸ਼ ਤਾਂ ਪੂਰੀ ਕਰ ਦਿੱਤੀ ਐ ਤੇ ਮੇਰੀ?" ਉਸਨੇ ਖੜ੍ਹੇ ਖਲੋਤੇ ਸੁਣਾਇਆ, 'ਕਿਤੋਂ ਬੋਲ ਮਹਿਰਮਾਂ ਵੇ, ਕੱਲ੍ਹ ਪਰਸੋਂ ਮੇਰੀ ਚੀਜ਼ ਗਵਾਚੀ, ਉਹ ਹੈ ਤੇਰੇ ਕੋਲ ਮਹਿਰਮਾ ਵੇ...।' ਰਾਤੀਂ ਲੇਟ ਘਰ ਵੜਿਆ ਤਾਂ ਭੁਆ ਲੜੀ ਕਿ ਮਸਾਂ ਕਿਤੇ ਮਿਲਣ ਆਇਆ ਏਂ ਏਨੀ ਦੇਰ ਮਗਰੋਂ ਤੇ ਓਧਰ ਹਾਕਮ ਦੇ ਢਹੇ ਚੜ੍ਹਿਆ ਫਿਰਦਾ ਐਂ। ਭੂਆ ਜੀ ਦਾ ਦੇਵਰ ਸੁਭਾਸ਼ ਦੁੱਗਲ ਹਾਕਮ ਦਾ ਪੁਰਾਣਾ ਚੇਲਾ। ਇਹਨਾਂ ਦੇ ਟੱਬਰ ਵਿੱਚ ਵੀ ਹਾਕਮ ਦੀ ਚੰਗੀ ਇਜ਼ਤ ਤੇ ਮਾਣ ਬਣਿਆ ਹੋਇਆ ਸੀ।
(ਬਾਕੀ ਅਗਲੇ ਹਫਤੇ)