ਦਾਣਾ ਪਾਣੀ ਦੇਖਦਿਆਂ - ਨਿੰਦਰ ਘੁਗਿਆਣਵੀ
ਫਿਲਮਾਂ ਵਿਚ ਮੇਰੀ ਦਿਲਚਸਪੀ 'ਨਾਂਹ' ਦੇ ਬਰਾਬਰ ਹੀ ਹੈ। ਹੁਣ ਤੱਕ ਦੀ ਜ਼ਿੰਦਗੀ ਵਿਚ ਕੁਝ ਕੁ ਹੀ ਫਿਲ਼ਮਾਂ ਦੇਖੀਆਂ ਹੋਣੀਆਂ ਨੇ ਉਹ ਵੀ ਕਿਸੇ ਖਾਸ ਸਬੱਬ ਕਾਰਨ। ਮੈਨੂੰ ਯਾਦ ਹੈ ਕਿ ਆਪਣੇ ਪਿੰਡ ਪਹਿਲੀ ਵਾਰ ਕਾਲੀ-ਚਿੱਟੀ ਪੰਜਾਬੀ ਫਿਲਮ ਵੀ.ਸੀ.ਆਰ ਵਿਚ ਵੇਖੀ ਸੀ। ਉਦੋਂ ਲੋਕ ਪੈਸੇ ਇਕੱਠੇ ਕਰ ਕੇ ਸਾਂਝੇ ਤੌਰ 'ਤੇ ਵੀ.ਸੀ.ਆਰ ਲਿਆਉਂਦੇ ਹੁੰਦੇ ਸਨ ਤੇ ਖੁੱਲ੍ਹੇ ਵਿਹੜੇ ਵਿਚ ਬੈਠ ਕੇ ਫਿਲਮਾਂ ਦੇਖਦੇ ਸਨ। ਸਵੇਰ ਦੀ ਟਿੱਕੀ ਚੜ੍ਹਦੇ ਨੂੰ ਵੀ.ਸੀ.ਆਰ ਵਾਪਿਸ ਕਰ ਆਉਂਦੇ। ਜਿਹੜੀ ਮੈਂ ਪਹਿਲੀ ਪੰਜਾਬੀ ਫਿਲਮ ਦੇਖੀ ਵੀ.ਸੀ.ਆਰ ਵਿਚ, ਉਹ 'ਬਲਬੀਰੋ ਭਾਬੀ' ਸੀ। ਉਸ ਬਾਅਦ ਇੱਕ ਵਾਰ ਪਿਤਾ ਜੀ ਨਾਲ ਸ਼ਹਿਰ (ਫਰੀਦਕੋਟ) ਗਿਆ ਸਾਂ। ਉਹਨਾਂ ਦੀ ਉਂਗਲੀ ਫੜੀ ਮੇਨ ਬਜ਼ਾਰ ਵਿਚ ਤੁਰ ਰਿਹਾ ਸਾਂ ਕਿ ਪੰਜਾਬੀ ਫਿਲਮ 'ਪੁੱਤ ਜੱਟਾਂ ਦੇ' ਦਾ ਬੋਰਡ ਸਾਹਮਣੇ ਖੰਭੇ ਉਤੇ ਲਟਕ ਰਿਹਾ ਸੀ। ਬੋਰਡ ਉਤੇ ਨਿਗਾਹ ਪੈਂਦੇ ਸਾਰ ਪਿਤਾ ਜੀ ਨੂੰ ਭੋਲੇਪਨ ਵਿਚ ਹੀ ਆਖ ਦਿੱਤਾ ਸੀ ਕਿ ਡੈਡੀ ਫਿਲਮ ਦੇਖਣੀ ਆਂ...। ਪਿਤਾ ਨੇ ਇੱਕ ਪਲ ਵੀ ਨਾਂਹ-ਨੁੱਕਰ ਨਾ ਕੀਤੀ ਤੇ ਮੈਨੂੰ ਉਵੇਂ ਉਂਗਲੀ ਫੜੀ ਸਵਰਨ ਸਿਨੇਮੇ ਵੱਲ ਲੈ ਤੁਰਿਆ। ਸਿਨੇਮੇ ਵਿਚ ਵੜਨ ਤੋਂ ਪਹਿਲਾਂ ਕੁਲਫੀ ਵੀ ਲੈ ਦਿੱਤੀ ਸੀ। ਮੈਂ ਬੜਾ ਖੁਸ਼ ਸਾਂ ਕਿ ਪਿਤਾ ਜੀ ਨਾਲ ਪਹਿਲੀ ਵਾਰ ਸਿਨੇਮੇ ਅੰਦਰ ਫਿਲਮ ਦੇਖ ਰਿਹਾ ਸਾਂ। ਉਦੋਂ ਸ਼ੱਤਰੂਘਨ ਸਿਨਹਾ ਦੀ ਅਦਾਕਾਰੀ ਤੇ ਫਿਲਮ ਵਿਚ ਸੁਰਿੰਦਰ ਸ਼ਿੰਦੇ ਦੇ ਗਾਏ ਗੀਤਾਂ ਨੇ ਬਚਪਨ ਵੇਲੇ ਮਨ ਮੋਹ ਲਿਆ ਸੀ, ''ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਮੋਢਿਆਂ 'ਤੇ ਡਾਗਾਂ ਧਰ ਕੇ।" ਫਿਲਮ ਦੇਖਣ ਬਾਅਦ ਇਹਨਾਂ ਬੋਲਾਂ ਨੂੰ ਬੜੀ ਵਾਰ ਆਪ-ਮੁਹਾਰੇ ਹੀ ਗੁਣਗੁਣਾਉਂਦਾ ਰਿਹਾ ਸਾਂ। ਸਮੇਂ ਬੜੀ ਤੇਜ਼ੀ ਨਾਲ ਬਦਲੇ ਤੇ ਬਦਲਦੇ ਜਾ ਰਹੇ ਨੇ।
ਹੁਣੇ ਜਿਹੇ ਮਿੱਤਰ ਗੁਰਪ੍ਰਤਾਪ ਗਿੱਲ ਦੇ ਆਖਣ 'ਤੇ ਫਿਲਮ 'ਦਾਣਾ ਪਾਣੀ' ਦੇਖੀ ਹੈ। ਫ਼ਿਲਮ ਦਾ ਰਿਵੀਊ ਨਹੀਂ ਕਰਨ ਲੱਗਾ ਬਲਕਿ ਕੁਝ ਉਡਦੇ-ਉਡਦੇ ਪ੍ਰਭਾਵ ਸਾਂਝੇ ਕਰਨ ਲੱਗਿਆ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਫਿਲਮ ਮਿਆਰ 'ਤੇ ਖਰੀ ਉੱਤਰ੍ਹੀ ਹੈ। ਪੁਰਾਣੇ ਅਤੇ ਅਣਵੰਡੇ ਪੰਜਾਬ ਦੇ ਦੀਦਾਰ ਕਰਦਿਆਂ ਵਾਰ-ਵਾਰ ਉਸ ਪੰਜਾਬ ਵਿਚ ਵਿਚਰਨ ਲਈ ਦਿਲ ਕਰਦਾ ਹੈ। ਨਵੀਂ ਪੀੜ੍ਹੀ ਪੁਰਾਣੇ ਪੰਜਾਬ ਦੇ ਦੀਦਾਰ ਕਰ ਕੇ ਲਾਜ਼ਮੀ ਇਹੋ ਲੋਚਾ ਰੱਖੇਗੀ। ਨਿਰਦੇਸ਼ਕ ਤਰਨਵੀਰ ਜਗਪਾਲ ਨੇ ਆਪਣਾ ਆਪਾ ਇਸ ਫਿਲਮ ਵਿਚ ਘੋਲ ਦਿੱਤਾ ਹੈ। ਨਿਰੋਲ ਪੇਂਡੂ ਸਾਦਾ ਤੇ ਸੁੱਚਾ ਲੋਕ ਜੀਵਨ, ਬਾਲ ਵਿਆਹ, ਵਿਧਵਾ ਹੋਣਾ, ਔਰਤ ਦੀ ਤ੍ਰਾਸਦੀ ਸਮੇਤ ਕਈ ਪੱਖ ਲੋਕ ਜੀਵਨ ਦੇ ਉਘੜਕੇ ਸਾਹਮਣੇ ਆਉਂਦੇ ਹਨ। ਇੱਕ ਥਾਂ ਬਾਬੁਲ ਮਰਦਾ ਹੈ ਸੱਪ ਲੜ ਕੇ, ਤਾਂ ਵਿਹੜੇ ਵਿਚ ਖੜ੍ਹਾ ਅੰਬੀ ਦਾ ਬੂਟਾ ਪੁੱਟਿਆ ਜਾਂਦਾ ਹੈ। ਜਦ ਵਿਧਵਾ ਧੀ ਦੂਜੇ ਬੂਹੇ ਤੋਰੀ ਜਾਂਦੀ ਹੈ, ਤਾਂ ਇੱਕ ਕਿੱਲੇ ਤੋਂ ਦੂਜੇ ਕਿੱਲੇ ਉਤੇ ਪਸ਼ੂ ਬੰਨ੍ਹਣ ਵਾਲੇ ਬਿੰਬ ਮਨ ਨੂੰ ਧੂਹੀ ਪਾਉਣ ਵਾਲੇ ਹਨ। ਫਿਲਮ ਵਿਚ ਬਾਲ ਕਲਾਕਾਰਾਂ ਤੋਂ ਕੰਮ ਕਰਵਾ ਕੇ ਨਿਰਦੇਸ਼ਕ ਨੇ ਕਮਾਲ ਕਰ ਵਿਖਾਈ ਹੈ। ਫੌਜੀ ਜੀਵਨ ਬੜੇ ਪ੍ਰਭਾਵੀ ਤਰੀਕੇ ਨਾਲ ਪੇਸ਼ ਹੋਇਆ ਹੈ ਇਸ ਫਿਲਮ ਵਿਚ। ਕੁਰਬਾਨੀ ਤੇ ਜਿੱਤ ਹਮੇਸ਼ਾ ਫੌਜ ਪ੍ਰਾਪਤ ਕਰਦੀ ਹੈ ਪਰ ਫੈਸਲੇ ਕੇਂਦਰ ਕਰਦਾ ਹੈ। ਫੌਜੀਆਂ ਦੇ ਮਨ ਕਿਵੇਂ ਟੁੱਟਦੇ ਹਨ। ਇਹ ਵੀ ਦੇਖਣ ਨੂੰ ਮਿਲਦਾ ਹੈ। (ਫੌਜੀ ਜੀਵਨ ਬਾਬਤ ਪਿਛਲੇ ਸਮੇਂ ਕੁਝ ਫਿਲਮਾਂ ਆਉਣਾ ਸ਼ੁੱਭ ਕਾਰਜ ਹੈ)। ਮੈਨੂੰ ਚੇਤੇ ਹੈ ਕਿਸੇ ਸਮੇਂ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦੇ ਨਾਵਲ 'ਬੁੱਝ ਰਹੀ ਬੱਤੀ ਦਾ ਚਾਨਣ' ਉਤੇ ਲੀੜਵਾਰ ਸੀਰੀਅਲ ਵਿਖਾਇਆ ਗਿਆ ਸੀ, ਤਾਂ ਉਸ ਵਿਚ ਗੁਰਪ੍ਰੀਤ ਘੁੱਗੀ ਨੇ ਬੁਲਾਰੇ ਸਾਧ ਦਾ ਬੜਾ ਹੀ ਗੰਭੀਰ ਰੋਲ ਅਦਾ ਕੀਤਾ ਸੀ। ਇਸ ਫਿਲਮ ਵਿਚ ਮਾਸਟਰ ਦਾ ਰੋਲ ਅਦਾ ਕਰਦਿਆਂ ਘੁੱਗੀ ਆਪਣੀ ਪੈਂਠ ਜਮਾਉਂਦਾ ਹੈ ਕਿ ਉਹ ਕੇਵਲ ਹਾਸੇ-ਠੱਠੇ ਤੇ ਵਿਅੰਗ ਮਸਖਰੀਆਂ ਕਰਨ ਵਾਲਾ ਹੀ ਕਲਾਕਾਰ ਨਹੀਂ ਹੈ। ਜਦ ਉਹ ਰੋਂਦਾ ਹੈ ਤੇ ਦਰਸ਼ਕ ਵੀ ਰੋਂਦੇ ਨੇ।
ਮਜ਼ਾਕ, ਮਸਖਰੀਆਂ ਤੇ ਵਾਧੂ ਦੀ ਹਿੜ-ਹਿੜ ਤੋਂ ਦੂਰ ਪਰ੍ਹੇ ਇਹ ਫਿਲਮ ਸਮਾਜ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਸੁਨੇਹਾ ਦਿੰਦੀ ਹੈ। ਪੁਰਾਣੇ ਪੰਜਾਬ ਦੇ ਲੋਕਾਂ ਦੇ ਭੋਲੇ-ਭਾਲੇ ਦਿਲਾਂ ਦੀਆਂ ਬਾਤਾਂ। ਕੱਚੇ ਵਿਹੜੇ। ਰੁੱਖ, ਹਵੇਲੀਆਂ ਦਰਵਾਜੇ, ਦਰੀਆਂ-ਖੇਸ, ਖਾਣਾ-ਪੀਣਾ, ਰੂੜੀਆਂ-ਗਹੀਰੇ, ਬੋਤੇ, ਖੇਤ, ਕੰਧੋਲੀਆਂ ਉਤੇ ਉੱਕਰੇ ਬੂਟੇ ਤੇ ਮੋਰ ਦੇਖਦਿਆਂ ਮਨ ਬਾਗ-ਬਾਗ ਹੋਇਆ। ਫਿਲਮਾਂ ਦੀ ਆਲੋਚਨਾ ਲਿਖਣਾ ਮੇਰਾ ਕਾਰਜ ਨਹੀਂ, ਚੰਗੀ ਕਲਾ ਦੀ ਪਛਾਣ ਕਰਨਾ ਤੇ ਪਾਠਕਾਂ ਨੂੰ ਦੱਸਣਾ ਮੇਰਾ ਕਾਰਜ ਹੈ। ਫਿਲਮ ਦੇਖ ਕੇ ਦਰਸ਼ਕ ਫਿਲਮ ਦੇ ਪ੍ਰੋਡਿਊਸਰ ਗੁਰਪ੍ਰਤਾਪ ਗਿੱਲ ਨੂੰ ਮੁਬਾਰਕ ਦੇ ਸਕਦੇ ਹਨ
ਫੋਨ-94172-246000
14 May 2018