Harlaj Singh Bahaderpur

ਜਿੱਤ ਦੇ ਚਾਹਵਾਨੋ ਹਾਰ ਕਬੂਲਣ ਦਾ ਵੀ ਜਿਗਰਾ ਰੱਖੋ । - ਹਰਲਾਜ ਸਿੰਘ ਬਹਾਦਰਪੁਰ

ਆਪ ਭਗਤੋ ਵੀਰੋ ਇਹ ਤਾਂ ਆਮ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਮਿਟ ਜਾਂਦਾ ਹੈ ਪਰ     
                 ਜੁਬਾਨ ਦਾ ਫੱਟ ਨੀ ਮਿਟਦਾ ਹੁੰਦਾ ।
 
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜੋ ਚਾਰ ਫਰਵਰੀ ਨੂੰ ਹੋ ਚੁੱਕੀਆਂ ਸਨ , ਜਿਸ ਦੇ ਨਤੀਜੇ 11 ਮਾਰਚ ਨੂੰ ਆ ਗਏ ਹਨ , ਜਿੰਨ੍ਹਾ ਵਿੱਚ ਕਾਂਗਰਸ ਨੂੰ 77,ਆਪ ਨੂੰ 20, ਅਕਾਲੀਆਂ ਨੂੰ 18 ਅਤੇ ਲੋਕ ਇੰਨਸਾਫ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ । ਸਾਰੀਆਂ ਪਾਰਟੀਆਂ ਦਾ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਜੋਰ ਲੱਗਿਆ ਹੋਇਆ ਸੀ ਜੋ ਲੱਗਣਾ ਵੀ ਚਾਹੀਂਦਾ ਹੈ । ਆਮ ਆਦਮੀ ਪਾਰਟੀ ਦੇ ਹਮਾਇਤੀ ਵੀਰਾਂ ਨੇ ਫੇਸਬੁੱਕ ਤੇ ਬਹੁਤ ਜੋਰ ਲਾਇਆ ਹੋਇਆ ਸੀ , ਜੋਰ ਲਾਉਣਾ ਉਹਨਾ ਦਾ ਹੱਕ ਵੀ ਸੀ ਤੇ ਲਾਉਣਾ ਵੀ ਚਾਹੀਦਾ ਸੀ , ਪਰ ਮੈਨੂੰ ਲੱਗਦੈ ਕਿ ਉਹ ਕੁੱਝ ਗਲਤ ਵੀ ਕਰ ਰਹੇ ਸਨ, ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿਰੁੱਧ ਥੋੜੀ ਜਿਹੀ ਵੀ ਵਿਚਾਰ ਰੱਖਣ ਜਾਂ ਵੋਟ ਨਾ ਪਾਉਣ ਵਾਲੇ ਨੂੰ ਗਦਾਰ ਤੱਕ ਕਹਿ ਦੇਣਾ ਜਾਂ ਹੋਰ ਮਾੜੇ ਲਫਜ ਵਰਤਣੇ , ਕਿਉਂਕਿ ਇਹ ਵੀਰ ਆਮ ਆਦਮੀ ਪਾਰਟੀ ਤੋਂ ਬਿਨਾ ਹੋਰ ਕੁੱਝ ਸੁਣਨਾ ਹੀ ਨਹੀਂ ਸੀ ਚਾਹੁੰਦੇ । ਇਹੀ ਇਹਨਾ ਦੀ ਸੱਭ ਤੋਂ ਵੱਡੀ ਘਾਟ ਸੀ । ਆਪਣੇ ਵਿਰੁੱਧ ਕੁੱਝ ਵੀ ਨਾ ਸੁਣਨ ਵਾਲੀ ਸੋਚ ਨੂੰ ਉਸਾਰੂ ਸੋਚ ਦੀ ਥਾਂ ਹੰਕਾਰੀ, ਔਰੰਜੇਬੀ ਜਾਂ ਤਾਲੇਬਾਨੀ ਸੋਚ ਕਿਹਾ ਜਾਂਦਾ ਹੈ ਇਸ ਨੂੰ ਆਮ ਲੋਕ ਪਸੰਦ ਨਹੀਂ ਕਰਦੇ । ਆਮ ਲੋਕਾਂ ਦੇ ਵਿੱਚ ਜਾਣ ਲਈ ਸਾਨੂੰ ਖਾਸ ਦੀ ਥਾਂ ਆਮ ਬਣਨਾ ਪੈਦਾ ਹੈ , ਪਰ ਆਮ ਆਦਮੀ ਪਾਰਟੀ ਦੇ ਨਾਮ ਤੇ ਹੋਂਦ ਵਿੱਚ ਆਈ ਪਾਰਟੀ ਦੇ ਵਰਕਰ ਆਪਣੇ ਆਪ ਨੂੰ ਆਮ ਦੀ ਥਾਂ ਖਾਸ ਸਮਝਣ ਲੱਗ ਗਏ ਸਨ ਜੋ ਪਾਰਟੀ ਲਈ ਮਾੜੇ ਸਾਬਤ ਹੋਏ ਹਨ । ਮੈ ਵੋਟ ਕਾਂਗਰਸ ਨੂੰ ਪਾਈ ਹੈ , ਪਰ ਮੈ ਆਮ ਆਦਮੀ ਪਾਰਟੀ ਦਾ ਕਦੇ ਵੀ ਵਿਰੋਧ ਨਹੀਂ ਕੀਤਾ , ਫੇਸਬੁੱਕ ਤੇ ਮੇਰੇ ਅੱਗੇ ਆਈ ਉਹ ਕੋਈ ਪੋਸਟ ਨਹੀਂ ਸੀ ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੋਵੇ ਤੇ ਮੈਂ ਉਸ ਨੂੰ ਲਾਇਕ ਨਾ ਕੀਤਾ ਹੋਵੇ । ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਆਮ ਆਦਮੀ ਦੀ ਸਪੋਰਟ ਕਰ ਰਹੇ ਸਨ ਤੇ ਨਾ ਹੀ ਮੈਂ ਖੁਦ ਆਮ ਆਦਮੀ ਪਾਰਟੀ ਨੂੰ ਮਾੜੀ ਸਮਝਦਾ ਸੀ । ਕਿਉਕਿ ਮੈ ਸਿਰਫ ਬਾਦਲ + ਭਾਜਪਾ ਦੇ ਵਿਰੋਧੀ ਹਾਂ ਤੇ ਰਹਾਂਗਾ ਵੀ , ਇਹਨਾਂ ਦੇ ਵਿਰੋਧ ਵਿੱਚ ਮੈਂ ਕਿਸੇ ਨੂੰ ਵੀ ਵੋਟ ਪਾ ਸਕਦਾ ਹਾਂ । ਮੇਰਾ ਭਰਾ ਵੀ ਬਾਦਲ ਵਿਰੋਧੀ; ਕਾਂਗਰਸੀ ਹੈ,ਪਰ ਉਸ ਨੇ ਮੈਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਨਹੀਂ ਸੀ ਕਿਹਾ । ਪਰ ਇੱਕ ਆਪ ਭਗਤ ਮੇਰੇ ਭਰਾ ਨੂੰ ਕਹਿੰਦਾ ਤੇਰੇ ਘਰ ਵਿੱਚੋਂ ਵੀ ਵੋਟਾਂ ਸਨੂੰ ਪੈਣਗੀਆਂ ਮੇਰਾ ਭਰਾ ਕਹਿੰਦਾ ਇਹ ਨਹੀਂ ਹੋ ਸਕਦਾ । ਉਸ ਨੇ ਮੈਨੂੰ ਘਰ ਆ ਕੇ ਇਹ ਦੱਸਿਆ । ਬੇਸੱਕ ਸਾਡਾ ਦੋਹਾਂ ਭਰਾਵਾਂ ਦਾ ਆਪਿਸ ਵਿੱਚ ਕੋਈ ਫਰਕ ਨਹੀਂ ਹੈ ਪਰ ਮੇਰੀ ਖੁਦ ਦੀ ਹੀ ਸਲਾਹ ਇਸ ਵਾਰ ਆਮ ਆਦਮੀ ਨੂੰ ਵੋਟ ਪਾਉਣ ਦੀ ਸੀ, ਪਰ ਆਪ ਭਗਤਾਂ ਦੀ ਸੋਚ ਕਾਰਨ ਮੈਨੂੰ ਇਹ ਕਹਿਣਾ ਪਿਆ (ਮੈ ਫੇਸਬੁੱਕ ਤੇ ਕਹਿ ਦਿੱਤਾ) ਕੇ ਮੈ ਵੋਟ ਕਾਂਗਰਸ ਨੂੰ ਪਾਵਾਂਗਾ । ਫੇਰ ਮੈਨੂੰ ਫੇਸਬੁੱਕ ਤੇ ਕਹਿਣ ਲੱਗ ਗਏ ਕਿ ਭਰਾ ਦਾ ਕੀ ਹੈ ਭਰਾ ਮਗਰ ਲੱਗ ਕੇ ਕਿਉਂ ਖੂਹ ਵਿੱਚ ਛਾਲ ਮਾਰਦੇ ਹੋਂ ਇਹ ਕਿਹੜਾ ਤੁਹਾਡੇ ਨਾਲ ਖੜੇਗਾ । ਮੈ ਸੋਚਿਆ ਵੀ ਕਮਾਲ ਹੈ ਕਿ ਦੁਨਿਆਵੀ ਰਿਸਤੇ ਵਿੱਚ ਭਰਾ ਤੋਂ ਨੇੜੇ ਹੋਰ ਕੌਣ ਹੋ ਸਕਦਾ ਹੈ, ਜੋ ਲੋਕ ਮੈਨੂੰ ਇਹ ਕਹਿ ਰਹੇ ਸੀ ਕੀ ਉਹ ਮੇਰੇ ਭਰਾ ਨਾਲੋਂ ਮੇਰੇ ਵੱਧ ਹਮਦਰਦੀ ਹੋ ਸਕਦੇ ਹਨ , ਨਹੀਂ ਕਦੇ ਵੀ ਨਹੀਂ । ਚਲੋ ਇਹ ਵੀ ਕੋਈ ਖਾਸ ਗੱਲ ਨਹੀਂ ਹੈ ਜਿੱਤਾਂ ਹਾਰਾਂ ਤਾਂ ਬਣੀਆਂ ਹੀ ਹਨ , ਬੇਸੱਕ ਹਰ ਕੋਈ ਜਿੱਤ ਦੀ ਆਸ ਲੈ ਕੇ ਚਲਦਾ ਹੈ ਜੋ ਹੋਣੀ ਵੀ ਚਾਹੀਂਦੀ ਹੈ ਪਰ ਹਾਰ ਕਬੂਲਣ ਦਾ ਜਿਗਰਾ ਵੀ ਹੋਣਾ ਚਾਹੀਂਦਾ ਹੈ । ਇਹ ਜਿੱਤਾਂ ਹਾਰਾਂ ਕੋਈ ਚੰਗੇ ਹੋਣ ਦਾ ਸਬੂਤ ਵੀ ਨਹੀਂ ਹੁੰਦੀਆਂ । ਚੰਗੇ ਇੰਨਸਾਨ ਹਾਰਨ ਤੋਂ ਬਾਅਦ ਵੀ ਚੰਗੇ ਹੀ ਰਹਿੰਦੇ ਹਨ , ਮਾੜੇ ਜਿੱਤ ਕੇ ਵੀ ਮਾੜੇ ਹੀ ਰਹਿਣਗੇ , ਜਿਸ ਦੀ ਉਦਾਰਣ ਹੈ ਕਿ ਮੋਦੀ ਪੂਰੇ ਦੇਸ਼ ਵਿੱਚ ਜਿੱਤ ਕੇ ਵੀ ਮਾੜਾ ( ਫਿਰਕੂ ਘੱਟ ਗਿਣਤੀਆਂ ਦਾ ਕਾਤਲ) ਹੀ ਰਹੇਗਾ ਜਿੱਤਣ ਨਾਲ ਮੋਦੀ ਇੰਨਸਾਨ ਨਹੀਂ ਬਣ ਸਕਦਾ । ਮਨੀ ਪੁਰ ਦੀ ਲੋਹ ਇਸਤਰੀ ਇਰੋਮ ਸ਼ਰਮੀਲਾ ਜਿਸ ਨੇ ਲੋਕ ਹੱਕਾਂ ਲਈ 16 ਸਾਲ ਸੰਘਰਸ ਕੀਤਾ ਉਸ ਨੂੰ ਕੁੱਲ 90 ਵੋਟਾਂ ਮਿਲੀਆਂ ਹਨ ਕੀ ਉਹ ਮਾੜੀ ਸੀ ? ਜਾਂ ਹੁਣ ਮਾੜੀ ਹੋ ਜਾਵੇਗੀ ? ਨਹੀਂ । ਇਸ ਲਈ ਚੋਣਾ ਵਿੱਚ ਹੋਈ ਜਿੱਤ ਹਾਰ ਨੂੰ ਅਣਖਾਂ ਇੱਜਤਾਂ ਸੱਚਿਆਂ ਝੂਠਿਆਂ , ਦੇਸ਼ ਭਗਤਾਂ , ਗਦਾਰਾਂ ਅਤੇ ਜਮੀਰਾਂ ਆਦਿ ਨਾਲ ਨਹੀਂ ਜੋੜਨਾ ਚਾਹੀਂਦਾ । ਆਮ ਆਦਮੀ ਪਾਰਟੀ ਪੰਜਾਬ ਵਿੱਚ ਚੰਗੀ ਥਾਂ ਬਣਾ ਗਈ ਹੈ ਪਹਿਲੀ ਵਾਰ ਲੜੀਆਂ ਚੋਣਾਂ ਵਿੱਚ ਕਾਂਗਰਸ ਤੋਂ ਬੇਸੱਕ ਹਾਰ ਗਈ ਪਰ ਸੱਤਾ ਧਾਰੀ ਬਾਦਲ ਬੀਜੇਪੀ ਨੂੰ ਹਰਾ ਕੇ ਵਿਰੋਧੀ ਧਿਰ ਬਣਨ ਵਿੱਚ ਸਫਲ ਹੋ ਗਈ ਹੈ । ਆਮ ਆਦਮੀ ਨੂੰ ਪੰਜਾਬ ਵਾਸੀਆਂ ਦਾ ਧੰਨਵਾਦ ਕਰਨਾ ਚਾਹੀਂਦਾ ਹੈ ਜਿੰਨਾ ਨੇ ਵਿਸਵਾਸ ਕਰਕੇ 20 ਸੀਟਾਂ ਆਮ ਆਦਮੀ ਦੀ ਝੋਲੀ ਪਾਈਆਂ ਹਨ । ਲੋਕ ਬਾਦਲਾਂ ਤੋਂ ਦੁਖੀ ਹੋਏ ਬਦਲ ਤਾਂ ਜਰੂਰ ਚਾਹੁੰਦੇ ਸੀ, ਪਰ ਉਹਨਾ ਨੂੰ ਇਹ ਬਦਲ ਆਪ ਦੀ ਥਾਂ ਕਾਂਗਰਸ ਵਿੱਚ ਨਜਰ ਆਇਆ, ਉਹਨਾ ਨੂੰ ਪਿਛਲੇ ਤੁਜਰਬੇ ਤੋਂ ਡਰ ਸੀ ਕਿ ਕਿਤੇ ਮਨਪ੍ਰੀਤ ਸਿੰਘ ਬਾਦਲ ਵਾਲੀ ਨਾ ਬਣੇ ਇਸ ਲਈ ਉਹਨਾ ਨੇ ਆਪ ਦੀ ਥਾਂ ਕਾਂਗਰਸ ਨੂੰ ਪਹਿਲ ਦਿੱਤੀ ਹੈ । ਇਸ ਦਾ ਬੁਰਾ ਨਾ ਮਨਾਓ ਲੋਕਾਂ ਦੇ ਵਿਸਵਾਸ ਪਾਤਰ ਬਣੋ, ਅੱਗੇ ਨੂੰ ਹੋਰ ਸੰਭਲ ਕੇ ਚੱਲੋ , ਰਹਿ ਗਈਆਂ ਕਮੀਆਂ ਨੂੰ ਦੂਰ ਕਰਕੇ 2022 ਦੀਆਂ ਚੋਣਾ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿਓ । ਜਿੰਨਾ ਆਮ ਆਦਮੀ ਪਾਰਟੀ ਨੇ ਸੋਚਿਆ ਸੀ ਲੋਕਾਂ ਨੇ ਉਨਾ ਸਾਥ ਨਹੀਂ ਦਿੱਤਾ , ਇਸ ਤੇ ਗੁੱਸੇ ਥੋੜਾ ਹੀ ਹੋਣਾ ਹੈ  ਜਿੰਨਾ ਦਿੱਤਾ ਹੈ ਉਨੇ ਦਾ ਧੰਨਵਾਦ ਕਰੋ , ਅੱਗੇ ਨੂੰ ਹੋਰ ਵਿਸਵਾਸ ਪੈਦਾ ਕਰੋ । ਕਿਉਂਕਿ ਹਾਰੇ ਵੀ ਲੋਕਾਂ ਵਿੱਚੋਂ ਹੀ ਹਾਂ ਜਿੱਤਣਾ ਵੀ ਲੋਕਾਂ ਵਿੱਚੋਂ ਹੀ ਹੈ , ਇਹ ਗੱਲ ਠੀਕ ਨਹੀਂ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਿਕ ਹੋਈ ਹਾਰ ਕਾਰਨ ਹੁਣ ਲੋਕਾਂ ਨੂੰ ਗਦਾਰ , ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿਣ ਲੱਗ ਜਾਵੋਂ । ਯਾਦ ਰੱਖੋ ਜਿੰਨਾ ਨੂੰ ਤੁਸੀਂ ਅੱਜ ਫੇਸਬੁੱਕ ਤੇ ਗਦਾਰ ਜਾਂ ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿ ਰਹੇ ਹੋਂ , ਕੱਲ ਨੂੰ ਇਹਨਾ ਕੋਲ ਹੀ ਵੋਟਾਂ ਮੰਗਣ ਜਾਣਾ ਹੈ ਤੇ ਜਿੱਤਾਉਣਾ ਵੀ ਇਹਨਾ ਨੇ ਹੀ ਹੈ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਨੂੰ ਇਹਨਾ ਕੋਲ ਜਾਣਾ ਵੀ ਔਖਾ ਹੋ ਜਾਵੇ, ਫੇਸਬੁੱਕ ਨੇ ਵੋਟਾਂ ਨਹੀਂ ਪਾਉਣੀਆਂ। ਚੋਣਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ ਇਹ ਤੁਹਾਡੀ ਕੋਈ ਆਖਰੀ ਚੋਣ ਨਹੀਂ ਸੀ, ਪਰ ਕਿਤੇ ਲੋਕਾਂ ਨੂੰ ਗਾਲਾਂ ਕੱਢ ਕੱਢ ਮਾੜਾ ਬੋਲ ਬੋਲ ਕੇ ਇਸ ਜਿੱਤ ਨੂੰ ਆਖਰੀ ਨਾਂ ਬਣਾ ਲਿਓ । ਮੈ ਆਮ ਆਦਮੀ ਪਾਰਟੀ ਦਾ ਵਿਰੋਧੀ ਨਹੀਂ ਹਾਂ, ਪਰ ਜੋ ਆਮ ਆਦਮੀ ਦੇ ਪੱਖ ਵਿੱਚ ਨਾ ਭੁਗਤਣ ਵਾਲਿਆਂ ਨੂੰ ਫੇਸਬੁੱਕ ਤੇ ਮਾੜਾ ਬੋਲ ਰਹੇ ਹਨ ਉਹ ਮੈਨੂੰ ਆਪ ਦੇ ਹਮਾਇਤੀ ਵੀ  ਨਹੀ ਲੱਗਦੇ । ਕਿਉਕਿ ਤੁਹਾਡੇ ਵਿਰੋਧੀ ਵੀ ਇਹੀ ਕੁੱਝ ਚਾਹੁੰਦੇ ਹਨ ਕਿ ਤੁਸੀਂ ਲੋਕਾਂ ਨੂੰ ਗਾਲਾਂ ਕੱਢੋਂ ਤਾਂ ਕਿ ਲੋਕ ਤੁਹਾਡੇ ( ਆਮ ਆਦਮੀ ਪਾਰਟੀ ) ਤੋਂ ਦੂਰ ਹੋਣ । ਦੋਸਤੋ ਤੁਹਾਡਾ ਸਭ ਦਾ ਹੱਕ ਹੈ ਜਿਸ ਪਾਰਟੀ ਜਾਂ ਲੀਡਰ ਦੀ ਆਪਣੀ ਮਰਜੀ ਨਾਲ ਹਮਾਇਤ ਕਰੋ ਪਰ ਪਾਰਟੀਆਂ ਜਾਂ ਲੀਡਰਾਂ ਲਈ ਆਪਣੀ ਭਾਈ ਚਾਰਕ ਸਾਂਝ ਨੂੰ ਖਰਾਬ ਨਾ ਕਰੋ । ਆਪ ਭਗਤੋ ਵੀਰੋ ਇਹ ਤਾਂ ਆਮ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਮਿਟ ਜਾਂਦਾ ਹੈ ਪਰ ਜੁਬਾਨ ਦਾ ਫੱਟ ਨੀ ਮਿਟਦਾ ਹੁੰਦਾ । ਆਪ ਨੂੰ ਵੋਟਾਂ ਨਾ ਪਾਉਣ ਵਾਲੇ ਪੰਜਾਬੀਆਂ ਨੂੰ ਪੱਕੇ ਵਿਰੋਧੀ ਨਾ ਬਣਾਓ , ਕਿਉਂਕਿ  ਤੁਹਾਨੂੰ ਪੰਜਾਬ ਦੀ ਵਾਂਗ-ਡੋਰ ਇਹਨਾ ਪੰਜਾਬੀਆਂ ਨੇ ਹੀ ਸੌਪਣੀ ਹੈ , ਜਿੰਨਾ ਨੂੰ ਤੁਸੀਂ ਅੱਜ ਫੇਸਬੁੱਕ ਤੇ ਬੇਕੂਫ, ਗਦਾਰ, ਪਿੱਠ ਵਿੱਚ ਛੁਰਾ ਮਾਰਨ ਤੇ ਮਰੀਆਂ ਜਮੀਰਾਂ ਵਾਲੇ ਆਦਿ ਕਹਿ ਰਹੇ ਹੋਂ ॥ ਧੰਨਵਾਦ ॥




ਮੇਰੇ ਇਸ ਲੇਖ ਲਿਖਣ ਦਾ ਕਾਰਨ ਵੀ ਮੇਰਾ ਇੱਕ ਫੇਸਬੁੱਕੀ ਬਜੁਰਗ ਦੋਸਤ (ਜਿਸ ਨੂੰ ਮੈਂ ਨਿੱਜੀ ਤੌਰ ਤੇ ਜਾਂਣਦਾ ਪਹਿਚਾਣਦਾ ਹਾਂ ਤੇ ਉਸ ਦੀ ਕਦਰ ਵੀ ਕਰਦਾ ਹਾਂ ਉਹ ਵੀ ਮੇਰੀ ਇੱਜਤ ਕਰਦਾ ਸੀ) ਹੈ । ਮੈਂ ਉਸ ਦੀ ਫੇਸਬੁੱਕ ਉਤੇ ਪਾਈ ਪੋਸਟ ਤੇ ਇਹ ਕੁਮੈਂਟ ਕਰ ਦਿੱਤਾ ਕਿ -: ਬਾਬਿਓ (ਇੰਦਰਜੀਤ ਸਿੰਘ ਖਾਲਸਾ ਜੀ) ਹੁਣ ਤਾਂ ਚੁਪ ਕਰ ਜਾਓ, ਲੋਕ ਫਤਵੇ ਨੁੰ ਸਵੀਕਾਰ ਕਰੋ, ਲੋਕਾਂ ਜਾਂ ਪੰਜਾਬ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ ਨਾ ਕਰੋ, ਅੱਗੇ ਦੀ ਤਿਆਰੀ ਸ਼ੁਰੂ ਕਰੋ । ਜੇ ਕੈਪਟਨ ਲੋਕਾਂ ਦਾ ਕੁੱਝ ਨਹੀਂ ਸੰਵਾਰ ਸਕਦਾ ਤਾਂ 10 ਸਾਲਾਂ ਵਿੱਚ ਜਿੰਨਾ ਨੁਕਸਾਨ ਬਾਦਲ ਨੇ ਕੀਤਾ ਹੈ, ਕੈਪਟਨ ਜੋਰ ਲਾ ਕੇ ਵੀ  ਬਾਦਲ ਜਿੰਨਾ ਪੰਜਾਬ ਨੂੰ ਬਰਬਾਦ ਨਹੀਂ ਕਰ ਸਕਦਾ । ਤੁਹਾਡੇ ਅਨੁਸਾਰ ਚੰਗਾ ਸੀ ਜੇ ਤੀਜੀ ਧਿਰ ਆ ਜਾਂਦੀ, ਪਰ ਲੋਕਾਂ ਨੇ ਕੇਜਰੀਵਾਲ ਦੇ ਮੁਕਾਬਲੇ ਕੈਪਟਨ ਨੂੰ ਠੀਕ ਸਮਝਿਆ, ਲੋਕਾਂ ਦੀ ਮਰਜੀ ਹੈ । ਨਾਲੇ ਤੁਸੀਂ ਇੱਕ ਖਿਆਲ ਕਰੋ ਕਿ ਤੁਸੀਂ ਕਾਂਗਰਸ ਦੀ ਵਿਰੋਧਤਾ ਕਰਕੇ ਅਸਿੱਧੇ ਰੂਪ ਵਿੱਚ ਆਰ ਐੱਸ ਐੱਸ ਦਾ ਪੱਖ ਪੂਰ ਰਹੇ ਹੋਂ । ਆਂਰ ਐੱਸ ਐੱਸ /ਭਾਜਪਾ, ਕਾਂਗਰਸ ਨਾਲੋਂ ਬਹੁਤ ਮਾੜੀ ਹੈ ।ਸਿਆਸੀ ਤੌਰ ਤੇ ਲੜਨ ਲਈ ਤੁਹਾਨੂੰ ਕਿਸੇ ਇੱਕ ਪਾਰਟੀ ਨਾਲ ਖੜਨਾ ਪਵੇਗਾ ( ਇਹ ਸਬਦ ਮੈਂ ਉਸ ਨੂੰ ਸਿੱਖ ਹੋਣ ਤੇ ਕਹੇ ਸਨ , ਨਾ ਕਿ ਆਪ ਪਾਰਟੀ ਦੇ ਲਈ ) । ਕਾਂਗਰਸ ਜਾਂ ਭਾਜਪਾ ਨਾਲ , ਹਾਂ ਜੇ ਆਮ ਆਦਮੀ ਦੀ ਥਾਂ ਬਣਦੀ ਹੈ ਤਾਂ ਜਰੂਰ ਬਣਾਓ, ਜੇ ਉਹ ਸਿੱਖਾਂ ਨੂੰ ਇੰਨਸਾਫ ਦੇ ਦੇਵੇ, ਪਰ ਲੱਗਦਾ ਨੀ । ਕਿਉਂਕਿ ਜਦੋਂ ਸਾਡੇ ਅਕਾਲੀ ਦਲ, ਸ੍ਰੋਮਣੀ ਕਮੇਟੀ, ਅਕਾਲ ਤਖਤ ਹੀ ਸਾਡੇ ਵਿਰੁੱਧ ਹਨ, ਫਿਰ ਕਿਸੇ ਤੋਂ ਕੀ ਆਸ ਰੱਖੀ ਜਾ ਸਕਦੀ ਹੈ । ਇੰਨੇ ਭਾਵੁਕ ਨਾ ਹੋਵੋ ਚੋਣਾ ਦੁਬਾਰੇ 5 ਸਾਲਾਂ ਨੂੰ ਫਿਰ ਆ ਜਾਣਗੀਆਂ, ਜਿੰਨਾ ਨੂੰ ਅੱਜ ਪਿੱਠ ਵਿੱਚ ਛੁਰਾ ਮਾਰਨ ਵਾਲੇ ਜਾਂ ਹੋਰ ਵਿਸ਼ੇਸਣਾ ਨਾਲ ਸੰਬੋਧਨ ਕਰ ਰਹੇ ਹੋਂ ਕੱਲ ਨੂੰ ਇਹਨਾਂ ਕੋਲ ਕੀ ਮੂੰਹ ਲੈ ਕੇ ਜਾਉਂਗੇ ਵੋਟਾਂ ਮੰਗਣ ।ਤੁਹਾਡੇ ਇਹ ਮੇਹਣੇ ਪੰਜਾਬੀਆਂ ਨੂੰ ਗਾਲਾਂ ਕੱਢਣੀਆਂ ਆਉਂਦੇ ਪੰਜ ਸਾਲਾ ਲਈ ਆਂਮ ਆਦਮੀ ਨੂੰ ਫਿਰ ਹਰਾਉਣ ਦੀ ਤਿਆਰੀ ਦਾ ਮੁੱਢ ਹੋਣਗੀਆਂ । ਮੈਂ ਬਾਦਲ + ਆਰ ਐੱਸ ਐੱਸ ਦਾ ਵਿਰੋਧੀ ਹਾਂ, ਇਹਨਾ ਦੇ ਵਿਰੋਧ ਵਿੱਚ ਕਿਸੇ ਵੀ ਜਿੱਤਣ ਵਾਲੇ ਨੂੰ ਵੋਟ ਪਾਉਣ ਲਈ ਤਿਆਰ ਹਾਂ ਤੇ ਰਹਾਂਗਾ ਵੀ । ਬੱਸ ਇੰਨਾ ਲਿਖਣ ਦੀ ਦੇਰ ਸੀ ਮੇਰਾ ਪੁਰਾਣਾ ਦੋਸਤ ਇੱਕ ਮਿੰਟ ਵਿੱਚ ਮੈਨੂੰ ਬਲੌਕ ਕਰ ਗਿਆ, ਇਸੇ ਕਾਰਨ ਮੈਨੂੰ ਇਹ ਲੇਖ ਲਿਖਣਾ ਪਿਆ ਕਿ ਜਿੱਤ ਦੇ ਚਾਹਵਾਨੋ ਹਾਰ ਕਬੂਲਣ ਦਾ ਵੀ ਜਿਗਰਾ ਰੱਖੋ ।



ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911
e-mail : harlajsingh7@ gmail.com

 ਸੱਚ ਦੇ ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ । - ਹਰਲਾਜ ਸਿੰਘ ਬਹਾਦਰਪੁਰ

ਗੁਰੂਆਂ/ਭਗਤਾਂ ਦੀ ਸੋਚ ਗੁਰਬਾਣੀ ਕਿਸੇ ਇੱਕ ਫਿਰਕੇ ਜਾਂ ਕੌਮ ਲਈ ਨਹੀਂ  
 ਸੀ ਇਸ ਦੀ ਦੁਰਵਰਤੋਂ ਕਹੀ ਜਾਂਦੀ ਸਾਡੀ ਸਿੱਖ ਕੌਮ ਨੇ ਹੀ ਕੀਤੀ ਹੈ ।

ਇਸ ਸੰਸਾਰ ਵਿੱਚ ਹਰ ਤਰਾਂ ਦੇ ਲੋਕ ਵਸਦੇ ਹਨ, ਜਿੰਨਾ ਵਿੱਚ ਬਹੁਤੇ ਆਮ ਅਤੇ ਕੁੱਝ ਖਾਸ ਹੁੰਦੇ ਹਨ । ਖਾਸ ਲੋਕਾਂ ਵਿੱਚ ਵੀ ਦੋ ਤਰਾਂ ਦੇ ਲੋਕ ਹੁੰਦੇ ਹਨ, ਇੱਕ ਸ਼ੈਤਾਨ ਜੋ ਆਮ ਲੋਕਾਂ ਨੂੰ ਗਲਤ ਰਸਤੇ ਪਾ ਕੇ ਉਹਨਾ ਦੇ ਹੱਕਾਂ ਨੂੰ ਮਾਰਨ ਵਾਲੇ ਅਤੇ ਜੁਰਮ ਕਰਨ ਵਾਲੇ ਹੁੰਦੇ ਹਨ । ਦੂਜੇ ਇੰਨਸਾਨ ਜੋ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ, ਜੁਰਮ ਦੇ ਵਿਰੁੱਧ ਆਪਾ ਕੁਰਬਾਨ ਕਰਕੇ ਸਹੀ ਰਸਤਾ ਵਿਖਾਉਣ ਵਾਲੇ ਹੁੰਦੇ ਹਨ । ਜਿੱਥੇ ਪਹਿਲੀ ਕਿਸਮ ਦੇ ਸ਼ੈਤਾਨਾ ਨੂੰ ਅੰਨੇ, ਲੁਟੇਰੇ ਤੇ ਜਾਲਮ ਕਿਹਾ ਜਾਂਦਾ ਹੈ ਉੱਥੇ ਦੂਜੀ ਕਿਸਮ ਦੇ ਇੰਨਸਾਨਾਂ ਨੂੰ ਸੂਰਮੇ, ਗੁਰੂ/ਭਗਤ ਤੇ ਰਹਿਬਰ ਜਿਹੇ ਸਤਿਕਾਰਤ ਸਬਦਾਂ ਨਾਲ ਪੁਕਾਰਿਆ ਜਾਂਦਾ ਹੈ । ਜਦੋਂ ਦੀ ਮਨੁੱਖਤਾ ਹੋਂਦ ਵਿੱਚ ਆਈ ਹੈ ਉਸ ਸਮੇ ਤੋਂ ਲੈ ਕੇ ਹੀ ਦੋਹਾਂ ਤਰਾਂ ਦੇ ਚੰਗੇ ਅਤੇ ਮੰਦੇ ਲੋਕ ਵੀ ਮੌਜੂਦ ਹਨ । ਜਿੱਥੇ ਆਮ ਲੋਕਾਂ ਦੇ ਹੱਕਾਂ ਨੂੰ ਮਾਰਨ ਵਾਲੇ ਜਾਲਮ ਸ਼ੈਤਾਨਾਂ ਦਾ ਘਾਟਾ ਨਹੀਂ ਹੁੰਦਾ ਉੱਥੇ ਆਮ ਲੋਕਾਂ ਦੇ ਹੱਕਾਂ ਸੱਚ ਲਈ ਆਪਾ ਵਾਰਨ ਵਾਲੇ ਦਿਆਲੂ ਇੰਨਸਾਨਾਂ ਦੀ ਵੀ ਕਮੀ ਨਹੀਂ ਹੁੰਦੀ । ਇਸ ਸੰਸਾਰ ਵਿੱਚ ਲੋਕ ਯਾਦ ਵੀ ਬੁਰਾਈ ਲਈ ਸ਼ੈਤਾਨਾਂ ਤੇ ਭਲਾਈ ਲਈ ਇੰਨਸਾਨਾਂ ਨੂੰ ਹੀ ਕਰਦੇ ਹਨ, ਆਮ ਲੋਕਾਂ ਦੀ ਕਿਤੇ ਗੱਲ ਨਹੀਂ ਚਲਦੀ ਹੁੰਦੀ । ਪਰ ਸ਼ੈਤਾਨ ਤੇ ਇੰਨਸਾਨ ਦੀ ਲੜਾਈ ਹੁੰਦੀ ਆਮ ਲੋਕਾਂ ਵਾਸਤੇ ਹੀ ਹੈ । ਸ਼ੈਤਾਨ ਆਪਣੇ ਭਲੇ (ਨਿੱਜ) ਲਈ ਲੜਦਾ ਹੈ, ਇੰਨਸਾਨ ਮਨੁੱਖਤਾ ਦੇ ਭਲੇ ਲਈ ਆਪਾ (ਨਿੱਜ) ਨੂੰ ਕੁਰਬਾਨ ਕਰ ਦਿੰਦਾ ਹੈ । ਇਸ ਲਈ ਜਿੱਥੇ ਸ਼ੈਤਾਨਾਂ ਨੂੰ ਫਿਟਕਾਰਾਂ ਪੈਂਦੀਆਂ ਹਨ ਅਤੇ ਕੋਈ ਵੀ ਉਹਨਾ ਦਾ ਵਾਰਸ ਜਾਂ ਪੈਰੋਕਾਰ ਨਹੀਂ ਕਹਾਉਣਾ ਚਾਹੁੰਦਾ ਹੁੰਦਾ, ਉੱਥੇ ਇੰਨਸਾਨਾਂ ( ਸੂਰਮੇ,ਗੁਰੂਆਂ, ਭਗਤਾਂ ) ਦੀ ਉਸਤਤ ਹੁੰਦੀ ਹੈ ਅਤੇ ਉਹਨਾ ਦੇ ਵਾਰਸ ਤੇ ਪੈਰੋਕਾਰ ਕਹਾਉਣ ਵਾਲਿਆਂ ਦੀ ਬਹੁਤ ਵੱਡੀ ਭੀੜ ਹੁੰਦੀ ਹੈ । ਪਰ ਅਫਸੋਸ ਕਿ ਇਹ ਭੀੜ ਹੀ ਹੌਲੀ ਹੌਲੀ ਨਿੱਜ ਤੋਂ ਉਪਰ ਉਠੇ ਇੰਨਸਾਨਾਂ ਨੂੰ ਆਪਣੇ ਨਿੱਜ ਲਈ ਵਰਤਣਾ ਸੁਰੂ ਕਰਕੇ ਇੱਕ ਫਿਰਕੇ ਨਾਲ ਜੋੜ ਦਿੰਦੀ ਹੈ । ਸੁਆਰਥੀ ਕਿਸਮ ਦੇ ਲੋਕ ਸਮੁੱਚੀ ਮਨੁੱਖਤਾ ਦੇ ਭਲੇ ਹਿੱਤ ਆਪਾ ਕੁਰਬਾਨ ਕਰਕੇ ਏਕਤਾ ਦਾ ਪਾਠ ਪੜਾਉਣ ਵਾਲੇ ਇੰਨਸਾਨਾਂ (ਰਹਿਬਰਾਂ) ਨੂੰ ਆਪਣਾ ਕੌਮੀ ਆਗੂ ਥਾਪ ਕੇ ਉਸ ਦੇ ਨਾਮ ਤੇ ਹੀ ਵੱਖਰੀ ਕੌਮ ਦੀ ਇੱਕ ਹੋਰ ਵੰਡੀ ਪਾ ਦਿੰਦੇ ਹਨ । ਮੈਨੂੰ ਸੰਸਾਰ ਦੀਆਂ ਕੌਮਾਂ ਵਾਰੇ ਤਾਂ ਜਾਣਕਾਰੀ ਨਹੀਂ ਹੈ, ਹਾਂ ਇੰਨਾ ਕੁ ਪਤਾ ਹੈ ਕਿ ਸਾਡੇ ਕਹੇ ਜਾਂਦੇ ਦੇਸ਼ ਵਿੱਚ ਹਿੰਦੂ, ਮੁਸਲਿਮ, ਇਸਾਈ ਤੇ ਸਿੱਖ ਰਹਿੰਦੇ ਹਨ । ਸਿੱਖ ਹੋਣ ਦੇ ਨਾਅ ਤੇ ਸਿੱਖ ਕੌਮ ਵਾਰੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਮੈ ਉਸ ਦੇ ਅਧਾਰਤ ਹੀ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ ਕਰ ਰਿਹਾ ਹਾਂ, ਜਰੂਰੀ ਨਹੀਂ ਕਿ ਇਹ ਕਿਸੇ ਨੂੰ ਚੰਗੇ ਲੱਗਣ ਜਾਂ ਸਹੀ ਹੋਣ ਕਿਉਂਕਿ ਇਹ ਮੇਰੀ ਨਿੱਜ ਮੱਤ ਹੀ ਹੈ । ਮੇਰੀ ਮੱਤ ਅਨੁਸਾਰ ਆਮ ਲੋਕਾਂ ਨੂੰ ਛੱਡ ਕੇ ਖਾਸ ਕਿਸਮ ਦੇ ਲੋਕਾਂ ਸ਼ੈਤਾਨ ਜਾਲਮਾਂ ਤੇ ਇੰਨਸਾਨ ਰਹਿਬਰਾਂ ਵਿੱਚੋਂ ਜੇ ਕਿਸੇ ਨਾਲ ਬੇਇੰਨਸਾਫੀਆਂ ਹੁੰਦੀਆਂ ਹਨ ਤਾਂ ਉਹ ਇੰਨਸਾਨ ਰਹਿਬਰਾਂ ਨਾਲ ਹੀ ਹੁੰਦੀਆਂ ਹਨ, ਅਤੇ ਕੀਤੀਆਂ ਵੀ ਉਹਨਾ ਨੂੰ ਕੌਮੀ ਆਗੂ ਜਾਂ ਗੁਰੂ ਮੰਨਣ ਵਾਲੇ ਪੈਰੋਕਾਰਾਂ ਵੱਲੋਂ ਹੀ ਜਾਂਦੀਆਂ ਹਨ । ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੇ, ਜੁਰਮ ਦੇ ਵਿਰੁੱਧ ਆਪਾ ਕੁਰਬਾਨ ਕਰਕੇ ਸਹੀ ਰਸਤਾ ਵਿਖਾਉਣ ਵਾਲਿਆਂ ਰਹਿਬਰਾਂ ਦੀ ਮੱਤ ਸਦਾ ਇੱਕ ਹੀ ਰਹੀ ਹੈ ਤੇ ਰਹੇਗੀ ਵੀ । ਉਹ ਚਾਹੇ ਕਹੇ ਜਾਂਦੇ ਕਿਸੇ ਵੀ ਦੇਸ਼, ਧਰਮ ਜਾਂ ਜਾਤ ਵਿੱਚ ਪੈਦਾ ਹੋਏ ਹੋਣ ਪਰ ਉਹ ਸਦਾ ਦੇਸ਼, ਧਰਮ ਜਾਂ ਜਾਤ ਤੋਂ ਉਪਰ ਉਠ ਕੇ ਸਮੁੱਚੀ ਮਨੁੱਖਤਾ ਨੂੰ ਹੀ ਸਹੀ ਤੇ ਸਰਬਸਾਂਝਾ ਰਸਤਾ ਵਿਖਾਉਂਦੇ ਹਨ ।ਇਸ ਸਬੰਧ ਵਿੱਚ ਵਿਚਾਰ ਦੇ ਲਈ ਮੈਂ ਗੁਰਬਾਣੀ ਅਤੇ ਸਿੱਖ ਕੌਮ ਦੀ ਗੱਲ ਕਰਨੀ ਚਾਹਾਂਗਾ । ਗੁਰੂਆਂ/ਭਗਤਾਂ ਦੀ ਵਿਚਾਰਧਾਰਾ ਗੁਰਬਾਣੀ ਨਾ ਤਾਂ ਕਿਸੇ ਦੇਸ ਧਰਮ ਜਾਂ ਜਾਤ ਦੀ ਦੁਸ਼ਮਣ ਹੈ ਨਾਂ ਮਿੱਤਰ । ਇਹ ਸੱਚ ਤਾਂ ਦੱਬੇ ਕੁਚਲੇ ਮਜਲੂਮਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਅਤੇ ਲੁਟੇਰੇ ਜਰਵਾਣਿਆਂ ਮਲਕ ਭਾਗੋਆਂ ਦੇ ਵਿਰੁੱਧ ਹੈ ।ਜਿਵੇਂ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੁਰਮ ਦੇ ਵਿਰੁੱਧ ਸ਼ੈਤਾਨ ਹਿੰਦੂ, ਮੁਸਲਮਾਨਾਂ ਨਾਲ ਜੰਗਾਂ ਹੋਈਆਂ ਸਨ ਉੱਥੇ ਗੁਰੂ ਗੋਬਿੰਦ ਸਿੰਘ ਜੀ ਬਚਨਾ ਉਤੇ ਆਪਣੀਆਂ ਜਾਨਾ ਕੁਰਬਾਨ ਕਰਨ ਵਾਲੇ ਇੰਨਸ਼ਾਨ ਹਿੰਦੂ, ਮੁਸਲਮਾਨ ਉਹਨਾ ਦੇ ਹਮਦਰਦ ਵੀ ਸਨ । ਮਜਲੂਮ ਤੇ ਜਰਵਾਣਾ ਚਾਹੇ ਇੱਕੋ ਦੇਸ਼ ਧਰਮ ਜਾਤ ਦੇ ਹੋਣ ਜਾਂ ਵੱਖੋ ਵੱਖਰੇ ਹੋਣ ਇਸ ਗੱਲ ਨਾਲ ਉਹਨਾ ਦਾ ਕੋਈ ਵਾਸਤਾ ਨਹੀਂ ਹੁੰਦਾ ਕਿਉਂਕਿ ਉਹ ਤਾਂ ਸਮੁੱਚੀ ਮਨੁੱਖਤਾ ਨੂੰ ਇੱਕ ਪਿਤਾ ਦੀ ਸੰਤਾਨ ਅਤੇ ਆਪਣੇ ਭੈਣ ਭਰਾ ਸਮਝਦੇ ਹਨ, ਇਸੇ ਲਈ ਉਹ ਸਭਨਾ ਦੇ ਸਾਂਝੇ ਹੁੰਦੇ ਹਨ । ਪਰ ਅਫਸੋਸ ਕਿ ਏਕੁ ਪਿਤਾ ਏਕਸ ਕੇ ਹਮ ਬਾਰਿਕ (ਪੰਨਾ ਨੰ: 611) ਦੇ ਸਬਦਾਂ ਰਾਹੀਂ ਏਕਤਾ ਦਾ ਪਾਠ ਪੜਾਉਣ ਵਾਲੇ ਰਹਿਬਰਾਂ ਦੇ ਨਾਮ ਤੇ ਹੀ ਅਸੀਂ ਵੱਖਰੇ ਧਰਮ ਖੜੇ ਕਰ ਲੈਂਦੇ ਹਾਂ । ਅਸੀਂ ਤਾਂ ਇੱਕ ਵਿਚਾਧਾਰਾ ਦੇ ਰਹਿਬਰਾਂ ਜਿੰਨਾ ਦੀ ਸਰਬਸਾਂਝੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕੋ ਥਾਂ ਦਰਜ ਹੈ ਦੀ ਏਕਤਾ ਨੂੰ ਅਨੇਕਤਾ ਵਿੱਚ ਵੰਡਦਿਆਂ ਉਹਨਾ ਦੇ ਨਾਵਾਂ ਉਪਰ ਹੀ ਵੱਖੋ ਵੱਖਰੇ ਗੁਰਦੁਆਰੇ ਮੰਦਰ ਉਸਾਰ ਕੇ ਫਿਰਕਿਆਂ ਦੀ ਵੰਡਾਂ ਪੱਕੀਆਂ ਕਰਨ ਲੱਗੇ ਹੋਏ ਹਾਂ । ਹਿੰਦੂ ਤੁਰਕ ਕਾ ਸਾਹਿਬੁ ਏਕ॥(ਪੰਨਾ ਨੰ: 1158) ਅਤੇ ਹਿੰਦੂ ਅੰਨਾ ਤੁਰਕੂ ਕਾਣਾ॥ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤਿ ॥(ਪੰਨਾ ਨੰ: 875) ਦਾ ਸੁਨੇਹਾ ਦੇਣ ਵਾਲੇ ਰਹਿਬਰਾਂ ਦੀ ਹੀ ਦੇਹੁਰੇ/ਮੰਦਰ, ਮਸੀਤਾਂ ਵਾਂਗ ਗੁਰਦੁਆਰਿਆਂ ਵਿੱਚ ਪੂਜਾ ਕਰਨੀ ਕਿਵੇਂ ਜਾਇਜ ਹੋ ਸਕਦੀ ਹੈ । ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥( ਪੰਨਾ ਨੰ: 477) ਦੇ ਸਬਦਾਂ ਰਾਹੀਂ ਹਿੰਦੂ ਮੁਸਲਿਮਾਂ ਦੇ ਵੱਖਰੇ ਫਿਰਕਿਆਂ ਦਾ ਖੰਡਨ ਕਰਨ ਵਾਲੇ ਗੁਰੂਆਂ/ਭਗਤਾਂ ਦੇ  ਨਾਮ ਤੇ ਹੀ ਇੱਕ ਹੋਰ ਤੀਜਾ ਫਿਰਕਾ (ਸਿੱਖ ਕੌਮ ਦਾ) ਖੜਾ ਕਰ ਦੇਣਾ ਸੋਭਾ ਨਹੀਂ ਦਿੰਦਾ । ਕੀ ਜੇਕਰ ਇਹ ਰਹਿਬਰ ਸਰੀਰ ਕਰਕੇ ਅੱਜ ਸਾਡੇ ਚਿ ਵਿੱਚਕਾਰ ਹੁੰਦੇ ਤਾਂ ਇਹ ਹਿੰਦੂ  ਤੁਰਕ ਕਾ ਸਾਹਿਬੁ ਏਕ॥ ਦੀ ਥਾਂ ਹਿੰਦੂ ਤੁਰਕ ਸਿੱਖ ਕਾ ਸਾਹਿਬੁ ਏਕ॥ ਜਾਂ ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਦੀ ਥਾਂ ਹਿੰਦੂ ਤੁਰਕ ਸਿੱਖ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਨਾ ਕਹਿੰਦੇ ? ਕਿਉਂਕਿ ਮਹਾਂਪੁਰਖਾਂ ਦੀ ਕਹੀ ਗੱਲ ਕਿਸੇ ਇੱਕ ਵਿਸ਼ੇਸ ਫਿਰਕੇ ਲਈ ਹੋਣ ਦੀ ਥਾਂ ਸਮੁੱਚੀ ਮਨੁੱਖਤਾ ਲਈ ਹੁੰਦੀ ਹੈ ਜਿਵੇਂ ਕਿ ਗੁਰਵਾਕ ਹੈ -: ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥(ਪੰਨਾ ਨੰ: 647) ਫਿਰ ਅਜਿਹੇ ਮਹਾਂ ਪੁਰਖਾਂ ਦੇ ਬੋਲਾਂ (ਸਬਦਾਂ) ਨੂੰ ਕਿਸੇ ਇੱਕ ਫਿਰਕੇ ਵੱਲੋਂ ਆਪਣੀ ਮਲਕੀਅਤ ਬਣਾ ਲੈਣਾ ਸਾਇਦ ਠੀਕ ਨਾ ਹੋਵੇ । ਆਪਣੇ ਆਪ ਨੂੰ ਗੁਰੂ ਨਾਨਕ ਜੀ ਦੇ ਪੈਰੋਕਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ (ਅਸੀਂ/ਸਿੱਖਾਂ) ਨੇ ਗੁਰੂ ਦੀ ਗੱਲ ਮੰਨ ਕੇ ਜੀਵਨ ਜਿਉਣ ਦੀ ਥਾਂ ਵੱਖਰੀ ਕੌਮ ਦੇ ਨਾਮ ਤੇ ਇੱਕ ਹੋਰ ਫਿਰਕੇ ਨੂੰ ਮਜਬੂਤ ਕਰਨ ਤੇ ਹੀ ਜੋਰ ਲਾਇਆ ਹੋਇਆ ਹੈ । ਮਨੁੱਖਤਾ ਤਾਂ ਪਹਿਲਾਂ ਹੀ ਹਿੰਦੂ ਮੁਸਲਮਾਨਾਂ ਦੇ ਧੜਿਆਂ ਦੇ ਭੇੜ ਵਿੱਚ ਪਿਸ ਰਹੀ ਸੀ ਤਾਂ ਹੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ -: ਭੈਰਉ ਮਹਲਾ 5 ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥ (ਪੰਨਾ ਨੰ: 1136) । ਗੁਰੂ ਸਾਹਿਬ ਜੀ ਤਾਂ ਉਸ ਸਮੇ ਦੇ ਪਰਚਲਿਤ ਦੋਹਾਂ ਧਰਮਾਂ ਦੇ ਕਰਮ ਕਾਂਢਾਂ ਦਾ ਖੰਡਨ ਕਰ ਰਹੇ ਹਨ । ਫਿਰ ਉਹ ਆਪਣਾ ਨਵਾਂ ਕਰਮ ਕਾਂਢਾਂ ਵਾਲਾ ਧਰਮ ਕਿਵੇਂ ਸਥਾਪਿਤ ਕਰ ਸਕਦੇ ਸਨ ? ਉਹਨਾ ਦਾ ਮਕਸਦ ਤਾਂ ਇੰਨਸਾਨੀਅਤ ਦੀ ਸਿਖਿਆ ਦੇਣਾ ਸੀ ਨਾ ਕਿ ਆਪਣਾ ਵੱਖਰਾ ਧਰਮ (ਫਿਰਕਾ) ਸਥਾਪਿਤ ਕਰਨਾ । ਕਿਉਂਕਿ ਇਹਨਾ ਧਰਮਾਂ ਤੇ ਫਿਰਕਿਆਂ ਨੇ ਸਦਾ ਨਹੀਂ ਰਹਿਣਾ । ਇਸੇ ਲਈ ਤਾਂ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ -: ॥ ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥1॥ (ਪੰਨਾ ਨੰ: 1231) ਭਾਵ ਕਿ ਜੋ ਪੈਦਾ ਹੋਇਆ ਹੈ ਉਹ ਕਦੇ ਨਾ ਕਦੇ ਖਤਮ ਵੀ ਜਰੂਰ ਹੋਵੇਗਾ । ਫਿਰ ਅਜਿਹੇ ਮਹਾਂ ਪੁਰਖ ਖਤਮ ਹੋਣ ਵਾਲੀ ਵਸਤੂ ਨੂੰ ਕਿਉਂ ਸਥਾਪਿਤ ਕਰਨਗੇ । ਕਿਉਂਕਿ ਉਹ ਤਾਂ ਸੱਚ ਦੇ ਹਾਮੀ ਸਨ ਜਿਵੇਂ ਕਿ ਗੁਰਵਾਕ ਹੈ -: ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ (ਪੰਨਾ ਨੰ: 956) ਅਤੇ -: ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥ (ਪੰਨਾ ਨੰ: 1248) ਉਹ ਸੱਚ ਦੇ ਹੀ ਪਹਿਰੇਦਾਰ ਸਨ ਉਹਨਾ ਨੇ ਤਾਂ ਸੱਚ ਤੇ ਆਪਣੀ ਜਾਨ, ਪ੍ਰੀਵਾਰ ਅਤੇ ਘਰ ਘਾਟ ਨੂੰ ਵੀ ਕੁਰਬਾਨ ਕਰ ਦਿੱਤਾ ਸੀ ਕਿਉਂਕਿ ਸੱਚ ਨੇ ਹੀ ਸਦਾ ਰਹਿਣਾ ਹੈ । ਮੈਨੂੰ ਲੱਗਦੈ ਇਹ ਉਹੀ ਸੱਚ ਹੈ ਜਿਸਨੂੰ ਗੁਰ ਨਾਨਕ ਜੀ ਨੇ ਗੁਰਬਾਣੀ ਦੇ ਮੁੱਢ ਵਿੱਚ -: ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਲਿਖਿਆ ਹੈ । ਹੁਣ ਜੇ ਇਹ ਮੰਨ ਲਈਏ ਕਿ ਸੱਚ ਸਿਰਫ ਗੁਰ ਨਾਨਕ ਜੀ ਨੇ ਹੀ ਪਰਗਟ ਕੀਤਾ ਹੈ ਤਾਂ ਇਹ ਵੀ ਸੱਚ ਨਾਲ ਹੀ ਬੇਇੰਨਸਾਫੀ ਹੋਵੇਗੀ ਤੇ ਗੁਰੂ ਨਾਨਕ ਜੀ ਨਾਲ ਵੀ , ਕਿਉਂਕਿ ਗੁਰੂ ਨਾਨਕ ਜੀ ਤਾਂ ਖੁਦ ਕਹਿ ਰਹੇ ਹਨ ਕਿ -: ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਸੱਚ ਹਰ ਸਮੇ ਇੱਕ ਹੀ ਹੋਣ ਦਾ ਇੱਕ ਹੋਰ ਸਬੂਤ ਵੀ ਗੁਰਬਾਣੀ ਵਿੱਚੋਂ ਹੀ ਮਿਲਦਾ ਹੈ ਜਿਵੇਂ ਕਿ ਜਿੰਨਾ ਮਹਾਂ ਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾ ਵਿੱਚੋਂ ਕਈ ਭਗਤ ਸਾਹਿਬਾਨ ਗੁਰੂ ਸਾਹਿਬਾਨਾਂ ਤੋਂ ਸੈਂਕੜੇ ਸਾਲ ਪਹਿਲਾਂ ਹੋਏ ਹਨ ਪਰ ਵਿਚਾਰ ਸੱਭ ਦੀ ਇੱਕੋ ਹੈ । ਇਸ ਦਾ ਮਤਲਬ ਇਹ ਹੋਇਆ ਕਿ ਜੋ ਸੱਚ ਗੁਰੂ ਨਾਨਕ ਜੀ ਨੇ ਕਿਹਾ ਉਹ ਭਗਤ ਸਾਹਿਬਾਨਾਂ ਨੇ ਸੈਂਕੜੇ ਸਾਲ ਪਹਿਲਾਂ ਹੀ ਕਹਿ ਰੱਖਿਆ ਸੀ , ਇਸ ਤੋਂ ਸਪੱਸਟ ਹੁੰਦਾ ਹੈ ਕਿ ਸੱਚ ਇੱਕ ਹੀ ਹੁੰਦਾ ਉਹ ਚਾਹੇ ਕਿਸੇ ਨੇ ਹਜਾਰ ਸਾਲ ਪਹਿਲਾਂ ਬੋਲਿਆ ਹੋਵੇ ਜਾਂ ਪੰਜ ਸੌ ਸਾਲ । ਹਾਂ ਸਮੇ ਅਨੁਸਾਰ ਭਾਸਾ ਦਾ ਫਰਕ ਜਰੂਰ ਪੈ ਜਾਂਦਾ ਹੈ ਪਰ ਸੱਚ ਦਾ ਸਿਧਾਂਤ ਨਹੀਂ ਬਦਲਦਾ ਸੱਚ ਸੱਚ ਹੀ ਰਹਿੰਦਾ ਹੈ । ਭਗਤ ਸਾਹਿਬਾਨਾਂ ਤੋਂ ਪਹਿਲਾਂ ਵੀ ਇਸੇ ਤਰਾਂ ਕਿਸੇ ਨੇ ਸੱਚ ਜਰੂਰ ਬੋਲਿਆ ਹੋਵੇਗਾ ਪਰ ਉਹਨਾ ਦਾ ਨਾਮ ਪਤਾ, ਧਰਮ ਜਾਂ ਫਿਰਕੇ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ ਇਸ ਦਾ ਮਤਲਬ ਇਹ ਨਹੀਂ ਕਿ ਭਗਤ ਸਾਹਿਬਾਨਾ ਤੋਂ ਪਹਿਲਾਂ ਜਾਂ ਜਿਸ ਸਮੇ ਦੀਆਂ ਸਾਡੇ ਕੋਲ ਲਿਖਤਾਂ ਨਹੀਂ ਹਨ ਕਿ ਉਸ ਸਮੇ ਸੱਚ ਨਹੀਂ ਸੀ । ਸੱਚ ਸੀ, ਤੇ ਹੈ ਵੀ ਅਤੇ ਸਦਾ ਰਹੇਗਾ ਵੀ ਪਰ ਸੱਚ ਦੇ ਨਾਮ ਤੇ ਵੰਡੀਆਂ ਪਾ ਕੇ ਪੈਦਾ ਕੀਤੇ ਧਰਮਾਂ ਜਾਂ ਫਿਰਕਿਆਂ ਨੇ ਸਦਾ ਨਹੀਂ ਰਹਿਣਾ । ਕੀ ਗੁਰੂ ਨਾਨਕ ਜੀ ਦੀ ਪੈਰੋਕਾਰ ਕਹਾਉਣ ਵਾਲੀ ਕਹੀ ਜਾਂਦੀ ਸਾਡੀ ਸਿੱਖ ਕੌਮ ਹੋਰ ਪਹਿਲੀਆਂ ਕੌਮਾਂ (ਹਿੰਦੂ,ਮੁਸਲਮਾਨਾਂ,ਇਸਾਈਆਂ) ਨਾਲੋਂ ਸੱਚ ਮੁੱਚ ਹੀ ਵੱਖਰੀ ਹੈ ? ਨਹੀਂ ਬਿਲਕੁਲ ਵੀ ਨਹੀਂ । ਇੱਥੇ ਮੇਰਾ ਇਹ ਕਹਿਣ ਦਾ ਮੱਤਲਬ ਇਹ ਨਹੀਂ ਹੈ ਕਿ ਗੁਰੂਆਂ/ਭਗਤਾਂ ਦੀ ਵਿਚਾਰਧਾਰਾ ਗੁਰਬਾਣੀ ਵੱਖਰੀ ਨਹੀਂ ਹੈ । ਗੁਰਬਾਣੀ ਤਾਂ ਸੌ ਪ੍ਰਤੀਸ਼ਤ ਵੱਖਰੀ ਹੈ ਤੇ ਰਹੇਗੀ ਵੀ ਕਿਉਂਕਿ ਗੁਰਬਾਣੀ ਤਾਂ ਸੱਚ ਹੈ, ਪਰ ਜਿਵੇਂ ਅਸੀਂ (ਅਜੋਕੇ ਸਿੱਖ) ਆਪਣੇ ਆਪ ਨੂੰ ਹੋਰ ਕੌਮਾਂ ਨਾਲੋਂ ਵੱਖਰੇ ਤੇ ਉਤਮ ਸਮਝਦੇ ਹਾਂ ਉਹ ਗੱਲ ਸਹੀ ਨਹੀਂ ਹੈ । ਅਸੀਂ ਵੱਖਰਿਆਂ ਨੇ ਤਾਂ ਗੁਰਬਾਣੀ ਦਾ ਵੱਖਰਾਪਣ ਵੀ ਰੋਲ ਕੇ ਰੱਖ ਦਿੱਤਾ ਹੈ, ਭਾਵ ਕੇ ਜਿਸ ਸੱਚ ਕਾਰਨ ਗੁਰਬਾਣੀ ਵੱਖਰੀ ਸੀ ਅਸੀਂ ਉਸ ਸੱਚ ਦੀ ਥਾਂ ਗੁਰਬਾਣੀ ਨੂੰ ਪਹਿਲੇ ਸਥਾਪਿਤ ਹੋਏ ਧਰਮਾਂ ਦੇ ਗ੍ਰੰਥਾਂ ਦੇ ਮੁਕਾਬਲੇ ਇੱਕ ਹੋਰ ਗ੍ਰੰਥ ਦੇ ਰੂਪ ਵਿੱਚ ਵੱਖਰਾ ਸਥਾਪਿਤ ਕਰ ਦਿੱਤਾ ਹੈ ।ਜਿਵੇਂ ਹਿੰਦੂ ਵੀਰ ਆਪਣੇ ਬੇਦਾਂ ਸਿਮਰਤੀਆਂ ਨੂੰ ਉਤਮ ਮੰਨਦੇ ਹਨ ਉਹ ਆਪਣੇ ਰੀਤੀ ਰਿਵਾਜ, ਜਨਮ ਸੰਸਕਾਰ, ਵਿਆਹ ਸੰਸਕਾਰ ਅਤੇ ਅੰਤਮ (ਮ੍ਰਿਤਕ) ਸੰਸਕਾਰ, ਮੰਤ੍ਰਾਂ ਦੇ ਜਾਪ, ਸਵੇਰੇ ਸ਼ਾਮ ਪਾਠ ਪੂਜਾ, ਮੂਰਤੀਆਂ ਨੂੰ ਭੋਗ, ਚੁੰਨੀਆਂ ਚੜਾਉਣੀਆਂ, ਮਾਲਾ ਫੇਰਨੀਆਂ, ਆਰਤੀਆਂ, ਦਾਨ ਇਸਨਾਨ, ਤਿਲਕ, ਜੰਜੂ ਆਦਿ ਧਾਰਮਿਕ ਕਰਮ ਕਾਂਢ ਕਰਦੇ ਹਨ । ਮੁਸਲਮਾਨ ਵੀਰ ਪਵਿੱਤਰ ਕੁਰਾਨ ਅਨੁਸਾਰ ਪੰਜ ਸਮੇ ਪੰਜ ਨਿਮਾਂਜਾਂ ਦਾ ਪਾਠ, ਮੱਕੇ ਦਾ ਹੱਜ, ਬੱਕਰਿਆਂ ਦੀਆਂ ਬਲੀਆਂ, ਚਾਦਰਾਂ ਚੜਾਉਣੀਆਂ,ਸੁੰਨਤ, ਨਿਕਾਹ, ਅੰਤਮ (ਮੁਰਦੇ ਨੂੰ ਦਫਨਾਉਣ ਦਾ ) ਸੰਸਕਾਰ ਕਰਦੇ ਹਨ । ਸਿੱਖ ਵੀਰ ਵੀ ਇਹਨਾ ਦੋਹਾਂ ਕੌਮਾਂ ਵਾਂਗ ਤੀਜੀ ਧਿਰ  (ਵੱਖਰੀ ਕੌਮ ਵਜੋਂ) ਦਾਨ ਪੁੰਨ, ਤੀਰਥ ਯਾਤਰਾ, ਜਨਮ, ਵਿਆਹ, ਅੰਮ੍ਰਿਤ, ਮ੍ਰਿਤਕ ਸੰਸਕਾਰ ਕਰਦੇ ਹਨ, ਪੰਜ ਰਹਿਤਾਂ, ਪੰਜ ਕੁਰਹਿਤਾਂ, ਸਵੇਰੇ ਸ਼ਾਮ ਪਾਠ ਪੂਜਾ, ਪੰਜ ਬਾਣੀਆਂ ਦਾ ਪਾਠ, ਆਰਤੀਆਂ ਕਰਨੀਆਂ, ਭੋਗ ਲਵਾਉਣੇ, ਰੁਮਾਲੇ ਚੜਾਉਣੇ, ਬੱਕਰਿਆਂ ਦੀਆਂ ਬਲੀਆਂ ਦੇਣੀਆਂ ਆਦਿ ਧਾਰਮਿਕ ਕਰਮ ਕਾਂਢ (ਕਹਿਣ ਨੂੰ) ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਕਰਦੇ ਹਨ, ਬੇਸੱਕ ਗੁਰਬਾਣੀ ਇਹਨਾ ਸਾਰੇ ਕਰਮ ਕਾਂਢਾਂ ਦਾ ਖੰਡਨ ਕਰਦੀ ਹੈ ਪਰ ਅਸੀਂ ਵੱਖਰੀ ਕੌਮ ਦੇ ਨਾਮ ਤੇ ਇਹ ਸਾਰਾ ਕੁੱਝ ਕਰਦੇ ਹਾਂ । ਜਿਹੜੀ ਜੀਵਨ ਜਾਂਚ (ਸੱਚ) ਸਿਖਾਉਣ ਲਈ ਮਹਾਂ ਪੁਰਖਾਂ ਨੇ ਸਾਨੂੰ ਵਿਚਾਰਾਂ ਦਾ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦਿੱਤਾ ਸੀ, ਉਸ ਤੋਂ ਅਸੀਂ ਭੋਰਾ ਵੀ ਸਿੱਖਿਆ ਨਹੀਂ ਲਈ । ਅਸੀਂ ਤਾਂ ਇੰਨਸਾਨੀਅਤ, ਏਕਤਾ ਅਤੇ ਸੱਚ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੰਨਸਾਨਾ ਵਿੱਚ ਵੱਖਰੀ ਕੌਮ ਦੇ ਨਾਮ ਤੇ ਇੱਕ ਹੋਰ ਵੰਡੀ ਪਾਉਣ ਲਈ ਹੀ ਵਰਤਿਆ ਹੈ । ਮੁਸਲਮਾਨ ਸੱਭ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਹਨ, ਹਿੰਦੂ ਸੱਭ ਨੂੰ ਹਿੰਦੂ ਬਣਾਉਣਾ ਚਾਹੁੰਦੇ ਹਨ, ਇਸਾਈ ਸੱਭ ਨੂੰ ਇਸਾਈ ਬਣਾਉਣਾ ਚਾਹੁੰਦੇ ਹਨ, ਅਸੀਂ ਸੱਭ ਨੂੰ ਉਹਨਾ ਤਿੰਨਾਂ ਤੋਂ ਵੱਖਰੀ ਕੌਮ ਦਾ ਸਿੱਖ ਬਣਾਉਣਾ ਚਾਹੁੰਦੇ ਹਾਂ ਫਿਰ ਅਸੀਂ ਵੱਖਰੇ ਕਿਵੇਂ ਹੋਏ ? ਬੱਸ ਇੰਨੇ ਕੁ ਹੀ ਵੱਖਰੇ ਹਾਂ ਕਿ ਅਸੀਂ ਉਹਨਾ ਤਿੰਨਾਂ ਹਿੰਦੂਆਂ, ਮੁਸਲਮਾਨਾਂ ਤੇ ਇਸਾਈਆਂ ਵਿੱਚੋਂ ਨਹੀਂ, ਅਸੀਂ ਤਾਂ ਤਿੰਨਾਂ ਦੇ ਬਰਾਬਰ ਚੌਥੇ ਰੂਪ ਵਿੱਚ ਵੱਖਰੇ ਹਾਂ, ਕਿਉਂਕਿ ਅਸੀਂ ਉਹਨਾਂ ਤਿੰਨਾਂ ਧਰਮਾਂ ਵਾਂਗ ਆਪਣੇ ਚੌਥੇ ਧਰਮ (ਸਿੱਖ ਧਰਮ) ਅਨੁਸਾਰ ਵੱਖਰੇ ਧਾਰਮਿਕ ਕਰਮ ਕਾਂਢ ਕਰਦੇ ਹਾਂ, ਸਾਡਾ ਧਾਰਮਿਕ ਕਰਮ ਕਾਂਢ ਦਾ ਅਸਥਾਨ ਵੀ ਉਹਨਾ ਤੋਂ ਵੱਖਰਾ ਹੈ, ਹਿੰਦੂਆਂ ਦੇ ਮੰਦਰ ਹਨ, ਮੁਸਲਮਾਨਾਂ ਦੀਆਂ ਮਸੀਤਾਂ ਹਨ, ਇਸਾਈਆਂ ਦੇ ਗਿਰਜੇ ਹਨ, ਸਾਡੇ ਗੁਰਦੁਆਰੇ ਹਨ ਇਸ ਲਈ ਅਸੀਂ ਇੱਕ ਵੱਖਰੀ ਕੌਮ ਹਾਂ । ਗੁਰੂਆਂ/ਭਗਤਾਂ ਦੀ ਸੋਚ ਗੁਰਬਾਣੀ ਕਿਸੇ ਇੱਕ ਫਿਰਕੇ ਜਾਂ ਕੌਮ ਲਈ ਨਹੀਂ ਸੀ ਇਸ ਦੀ ਦੁਰਵਰਤੋਂ ਕਹੀ ਜਾਂਦੀ ਸਾਡੀ ਸਿੱਖ ਕੌਮ ਨੇ ਹੀ ਕੀਤੀ ਹੈ । ਇਹ ਮੁੱਢ ਤੋਂ ਹੀ ਹੁੰਦਾ ਆਇਆ ਹੈ ਜਿਵੇਂ ਕਿ ਗੁਰੂਆਂ ਭਗਤਾਂ ਜਾਂ ਗੁਰੂਆਂ ਭਗਤਾਂ ਤੋਂ ਪਹਿਲਾਂ ਹੋਏ ਦੇਵੀ ਦੇਵਤਿਆਂ, ਪੀਰ ਪੈਗੰਬਰਾਂ ਦੀ ਵਿਚਾਰਧਾਰਾ ਨੂੰ ਸਰਬ ਸਾਂਝੀ ਹੋਣ ਦੇ ਬਾਵਜੂਦ ਉਹਨਾ ਦੇ ਕਹੇ ਜਾਂਦੇ ਪੈਰੋਕਾਰਾਂ ਵੱਲੋਂ ਆਪਣੇ ਵਿਸ਼ੇਸ ਫਿਰਕੇ ਲਈ ਰਾਖਵੀਂ ਕਰ ਲਿਆ ਜਾਂਦਾ ਹੈ, ਫਿਰ ਉਸ ਦੇ ਮਾਲਿਕ ਬਣ ਕੇ ਉਸ ਨੂੰ ਮੰਨਣ ਦੀ ਥਾਂ ਉਸ ਦੀ ਪਾਠ ਪੂਜਾ ਸ਼ੁਰੂ ਕਰਕੇ ਆਪਣੀ ਵੱਖਰੀ ਮਰਯਾਦਾ ਘੜ ਲਈ ਜਾਂਦੀ ਹੈ । ਇਹੀ ਵੱਖਰੀ ਮਰਯਾਦਾ ਉਸ ਕੌਮ ਦਾ ਸੰਵਿਧਾਨ ਬਣ ਜਾਂਦੀ ਹੈ । ਫਿਰ ਉਸ ਕੌਮ ਦੇ ਲੋਕਾਂ ਲਈ ਉਸ ਰਹਿਬਰ ਦੀ ਬਾਣੀ ਸਿੱਖਣ ਜਾਂ ਮੰਨਣ ਦੀ ਥਾਂ ਤੇ ਆਪੂੰ ਘੜੀ ਮਰਯਾਦਾ ਵਿੱਚ ਰਹਿਣਾ ਲਾਜਮੀ ਹੋ ਜਾਂਦਾ ਹੈ । ਕਹੀ ਜਾਂਦੀ ਸਾਡੀ ਸਿੱਖ ਕੌਮ ਨੇ ਵੀ ਇਸੇ ਰਾਹ ਤੇ ਚਲਦਿਆਂ ਇੱਕ ਦੀ ਥਾਂ ਅਣਗਿਣਤ ਰਹਿਤ ਮਰਯਾਦਾਂ ਘੜ ਲਈਆਂ ਹਨ । ਹੋਰਾਂ ਨੂੰ ਏਕਤਾ ਦਾ ਪਾਠ ਪੜਾਉਣ ਵਾਲਿਆਂ ਅਸੀਂ (ਸਿੱਖਾਂ) ਨੇ ਗੁਰਬਾਣੀ ਅਨੁਸਾਰ ਜੀਵਨ ਤਾਂ ਕੀ ਜਿਉਣਾ ਸੀ , ਅਸੀਂ ਤਾਂ ਆਪੂੰ ਘੜੀ ਮਰਯਾਦਾ ਵੀ ਇੱਕ  ਨਹੀਂ ਰੱਖ ਸਕੇ, ਜਿੰਨੇ ਗੁਰਦੁਆਰੇ ਜਾਂ ਡੇਰੇ ਉਨੀਆਂ ਹੀ ਮਰਯਾਦਾਂ ਪਰ ਫਿਰ ਵੀ ਕਹਿੰਦੇ ਹਾਂ ਕਿ ਅਸੀਂ ਇੱਕ ਵੱਖਰੀ ਕੌਮ ਹਾਂ, ਜਦ ਕਿ ਕਹਿਣਾ ਇਹ ਚਾਂਹੀਂਦਾ ਹੈ ਕਿ ਅਸੀਂ ਵੱਖਰੀਆਂ ਕੌਮਾਂ ਹਾਂ । ਬਾਬੇ ਨਾਨਕ ਜੀ ਦੇ ਨਾਮ ਤੇ ਬਣਾਈ ਗਈ ਵੱਖਰੀ ਕੌਮ ਜਿਸ ਨੂੰ ਹਾਲੇ ਕੁੱਝ ਹੀ ਸਦੀਆਂ ਹੋਈਆਂ ਹਨ ਦੇ ਹਾਲਾਤ ਵੇਖ ਕੇ ਮੈਨੂੰ ਸਾਰੀਆਂ ਕੌਮਾਂ ਦੇ ਰਹਿਬਰ ਖਾਸ ਕਰਕੇ ਹਿੰਦੂ ਦੇਵੀ ਦੇਵਤੇ ਜੋ ਮਾੜੇ ਲੱਗਦੇ ਸਨ ਹੁਣ ਚੰਗੇ ਲੱਗਣ ਲੱਗ ਗਏ ਹਨ । ਹਿੰਦੂ ਦੇਵੀ ਦੇਵਤਿਆਂ ਦੇ ਘਟੀਆ ਆਚਰਣ ਦੀਆਂ ਕਹਾਣੀਆਂ ਤਾਂ ਬਹੁਤ ਹਨ ਪਰ ਉਦਾਰਣ ਦੇ ਤੌਰ ਤੇ ਕ੍ਰਿਸ਼ਨ ਭਗਵਾਨ ਦੀ ਗੱਲ ਕਰਦੇ ਹਾਂ ਕਿ ਉਹ ਛੋਟੇ ਹੁੰਦਿਆਂ ਗੁਲੇਲ ਨਾਲ ਇਸਤਰੀਆਂ ਦੇ ਪਾਣੀ ਵਾਲੇ ਘੜੇ ਭੰਨ ਦਿੰਦੇ ਸਨ, ਤਲਾਬ ਵਿੱਚ ਨਹਾ ਰਹੀਆਂ ਲੜਕੀਆਂ ਦੇ ਕੱਪੜੇ ਚੁੱਕ ਕੇ ਉਹਨਾ ਨੂੰ ਨੰਗਿਆਂ ਬਾਹਰ ਆਉਣ ਲਈ ਕਹਿੰਦੇ ਸਨ । ਅਜਿਹੀਆਂ ਕਹਾਣੀਆਂ ਸੁਣ ਕੇ ਲੱਗਦਾ ਸੀ ਕਿ ਕੀ ਅਜਿਹਾ ਬੰਦਾ ਵੀ ਭਗਵਾਨ ਹੋ ਸਕਦਾ ਹੈ ? ਭਗਵਾਨ ਤਾਂ ਕੀ ਇਹ ਤਾਂ ਆਮ ਬੰਦਿਆਂ ਨਾਲੋਂ ਵੀ ਗਿਰਿਆ ਹੋਇਆ ਹੈ ਜੋ ਸ਼ਰੇਆਮ ਲੜਕੀਆਂ ਨੂੰ ਛੇੜਦਾ ਸੀ ਇਹ ਤਾਂ ਬਲਾਤਕਾਰੀ ਸੀ ।  ਪਰ ਹੁਣ ਜਦੋਂ ਦੇ ਕਹੇ ਜਾਂਦੇ ਦਸਮ ਗ੍ਰੰਥ ਦੇ ਦਰਸ਼ਨ ਹੋਏ ਹਨ ਉਦੋਂ ਤੋਂ ਅੱਖਾਂ ਖੁਲ ਗਈਆਂ, ਜਿੰਨਾ ਹਿੰਦੂ ਦੇਵੀ ਦੇਵਤਿਆਂ ਨੂੰ ਨਫਰਤ ਦੀ ਨਜਰ ਨਾਲ ਵੇਖਦਾ ਸੀ ਉਹਨਾ ਦਾ ਤਰਸ ਤੇ ਪਿਆਰ ਆਉਣ ਲੱਗ ਗਿਆ । ਹੁਣ ਸੋਚਦਾ ਹਾਂ ਕਿ ਮਨਾ ਹਿੰਦੂ ਦੇਵੀ ਦੇਵਤਿਆਂ ਦਾ ਇਤਹਾਸ (ਮਿਥਿਹਾਸ) ਲੱਖਾਂ ਸਾਲ ਪੁਰਾਣਾ ਤੇ ਪੁਜਾਰੀਆਂ ਦੇ ਕਬਜੇ ਵਿੱਚ ਹੈ ਇਸ ਨਾਲ ਕਿੰਨੀਆਂ ਬੇਇੰਸਾਫੀਆਂ ਹੋਈਆਂ ਹੋਣਗੀਆਂ । ਕਿਉਂਕਿ ਜਦੋਂ ਕੁੱਝ ਕੁ ਸਦੀਆਂ ਪਹਿਲਾਂ ਹੋਏ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਨੀਆਂ ਗੱਪ ਕਹਾਣੀਆਂ, ''ਕਹਾਣੀਆਂ ਵੀ ਉਹ ਜੋ ਉਹਨਾ ਦੀ ਸੋਚ ਦੇ ਵਿਰੁੱਧ ਹਨ' ਜੋੜ ਦਿੱਤੀਆਂ ਗਈਆਂ ਹਨ ਤਾਂ ਫਿਰ ਉਹਨਾਂ ਲੱਖਾਂ ਸਾਲ ਪਹਿਲਾਂ ਆਏ ਕਹੇ ਜਾਂਦੇ ਦੇਵੀ ਦੇਵਤਿਆਂ ਨਾਲ ਕੀ ਵਾਪਰਿਆ ਹੋਵੇਗਾ । ਕਿਸੇ ਵੀ ਰਹਿਬਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਬਾਅਦ ਕੁੱਝ ਹੀ ਸਮੇ ਮਗਰੋਂ ਜੋ ਉਸ ਦੇ ਪੈਰੋਕਾਰ ਹੁੰਦੇ ਹਨ ਉਹ ਪੁਜਾਰੀ ਹੀ ਹੁੰਦੇ ਹਨ ਜੋ ਉਸ ਦੇ ਪਦ ਚਿੰਨ੍ਹਾਂ ਤੇ ਚਲਣ ਦੀ ਵਜਾਏ  ਉਸ ਦੇ ਪ੍ਰਚਾਰਕ ਹੀ ਹੁੰਦੇ ਹਨ , ਬੱਸ ਫਿਰ ਇਹ ਪੁਜਾਰੀ ਸੱਭ ਨਾਲ ਉਵੇਂ ਹੀ ਕਰਦੇ ਆਏ ਹਨ ਜਿਵੇਂ ਅੱਜ ਵੀ ਕਰ ਰਹੇ ਹਨ । ਜਿਵੇਂ ਕਿ ਬਾਬੇ ਨਾਨਕ ਜੀ ਬਾਰੇ ਦੱਸਣ ਲਈ ਕਿ ਉਹ ਕਿਹੋ ਜਿਹੇ ਸਨ, ਉਹਨਾ ਦੀ ਸਹੀ ਪਹਿਚਾਣ ਗੁਰਬਾਣੀ ਨੂੰ ਛੱਡ ਕੇ ਨਵੇਂ ਘੜੇ ਗਏ ਪਾਤਰ ਬਾਲੇ ਵਾਲੀ ਸਾਖੀ ਹੀ ਮੁੱਖ ਇਤਹਾਸ ਬਣ ਗਈ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰੀ ਭਰੇ ਇਤਹਾਸ ਦੀ ਥਾਂ ਕਾਲਪਨਿਕ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਨੂੰ ਸੱਚਾ ਇਤਹਾਸ ਬਣਾ ਧਰਿਆ । ਜਿਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁੱਖ ਵਿੱਚ ਜਿੱਥੇ ਹਿੰਦੂ ਮਿਥਿਹਾਸ ਅਤੇ ਕਹਾਣੀਆਂ ਦਾ ਗੰਦ ਪਾਇਆ ਗਿਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕ੍ਰਿਸ਼ਨ ਭਗਵਾਨ ਵਾਂਗ ਇਸਤਰੀਆਂ ਦੇ ਘੜਿਆਂ ਵਿੱਚ ਤੀਰ ਮਾਰਦਾ ਵਿਖਾਉਣ ਦੇ ਨਾਲ ਨਾਲ ਵੇਸਵਾ ਦੇ ਡੇਰੇ ਜਾਂਦਾ ਅਤੇ ਲੋਕਾਂ ਦੀ ਪੱਗਾਂ ਲਾਹੁਦਾ ਵੀ ਵਿਖਾ ਦਿੱਤਾ ਗਿਆ ਹੈ । ਇਸ ਸਬੰਧ ਵਿੱਚ ਸਿਰਫ ਦੋ ਵੰਨਗੀਆਂ ਹੀ ਪੇਸ ਕਰਾਂਗਾ । ਗੁਰੂ ਜੀ ਨੂੰ ਵੇਸਵਾ ਦੇ ਡੇਰੇ ਭੇਜਣਾਂ -: (ਚਲਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈઠ॥  ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ ॥ (ਅਖੌਤੀ ਦਸਮ ਗ੍ਰੰਥ ਪੰਨਾ ਨੰ: 838") ਫਿਰ ਗੁਰੂ  ਗੋਬਿੰਦ ਸਿੰਘ ਜੀ ਤੋਂ ਉਸੇ ਵੇਸਵਾਂ ਨੂੰ ਵੀਹ ਹਜਾਰ ਟਕੇ ਛਿਮਾਹੀ ਦੇ ਦਿਵਾ ਦਿੱਤੇ :- (ਛਿਮਾ ਕਰਹੁ ਤ੍ਰਿਯਹ ਮੈਂ ਬਹੁਰਿ ਨ ਕਰਯਿਹੁ ਰਾਂਧਿ ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ ॥(ਅਖੌਤੀ ਦਸਮ ਗ੍ਰੰਥ ਪੰਨਾ ਨੰ: 844") ਗੁਰੂ ਜੀ ਤੋਂ ਲੋਕਾਂ ਦੀਆਂ ਪੱਗਾਂ ਲਹਾਉਣਾਂ -:(ਚੌਪਈ ॥ ਮੋਲਹਿ ਏਕ ਪਾਗ ਨਹਿ ਪਾਈ ॥ ਤਬ ਮਸਲਤਿ ਹਮ ਜਿਯਹਿ ਬਨਾਈ ॥ ਜਾਹਿ ਇਹਾਂ ਮੂਤਤਿ ਲਖਿ ਪਾਵੋ ॥ ਤਾਕੀ ਛੀਨ ਪਗਰਿਯਾ ਲਯਾਵੋ ॥ (ਅਖੌਤੀ ਦਸਮ ਗ੍ਰੰਥ ਪੰਨਾ ਨੰ: 901") ਕਿਸੇ ਨੇ ਪੂਰੀ ਕਹਾਣੀ ਪੜਨੀ ਹੋਵੇ ਪੰਨਾ ਨੰਬਰ ਲਿਖ ਦਿੱਤੇ ਹਨ ਉਹ ਅਖੌਤੀ ਦਸਮ ਗ੍ਰੰਥ ਵਿਚੋਂ ਪੜ ਸਕਦਾ ਹੈ ।ਆਹ ਕੁੱਝ ਪੜ੍ਹ ਕੇ ਪਤਾ ਲੱਗਿਆ ਕਿ ਦੁਨੀਆਂ ਉਤੇ ਕੋਈ ਵੀ ਧਰਮ ਜਾਂ ਕੌਮ ਉਤਮ ਨਹੀਂ ਹੁੰਦੀ । ਜੋ ਵੀ ਧਰਮ ਜਾਂ ਕੌਮਾਂ ਬਣੀਆਂ ਹਨ ਉਹ ਬਣਦੀਆਂ ਤਾਂ ਸੱਚ ਦਾ ਹੋਕਾ ਦੇਣ ਵਾਲੇ ਸੱਚੇ ਰਹਿਬਰਾਂ ਦੇ ਨਾਮ ਤੇ ਹੀ ਹਨ, ਪਰ ਬਣਾਈਆਂ ਉਹਨਾ ਦੇ ਕਹੇ ਜਾਂਦੇ ਪੈਰੋਕਾਰਾਂ ਪੁਜਾਰੀਆਂ ਨੇ ਹੀ ਹੁੰਦੀਆਂ ਹਨ । ਕਿਉਂਕਿ ਸੱਚ ਦੇ ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ, ਉਹ ਤਾਂ ਸਮੁੱਚੀ ਲੋਕਾਈ ਨੂੰ ਇੱਕ ਪਿਤਾ ਦੀ ਸੰਤਾਨ ਮੰਨਦੇ ਹਨ ਅਤੇ ਉਹਨਾ ਸਾਰਿਆਂ ਦਾ ਧਰਮ (ਸੱਚ) ਵੀ ਇੱਕ ਹੀ ਹੁੰਦਾ ਹੈ । ਜਿਸ ਦਾ ਧਰਮ ਜਾਂ ਕੌਮ ਵੱਖਰੀ ਹੈ ਉਹ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਤਾਂ ਹੋ ਸਕਦਾ ਹੈ ਪਰ ਉਹ ਸਮੁੱਚੀ ਮਨੁੱਖਤਾ ਦਾ ਸੱਚਾ ਰਹਿਬਰ ਨਹੀਂ ਹੋ ਸਕਦਾ । ਮੇਰੇ ਲਈ ਸਾਰੇ ਧਰਮ ਬਰਾਬਰ ਹਨ ਕੋਈ ਉਤਮ ਜਾਂ ਮੱਧਮ ਨਹੀਂ ਹੈ । ਮੈ ਕਿਸੇ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਦਾ ਵਿਰੋਧੀ ਵੀ ਨਹੀਂ ਹਾਂ ਅਤੇ ਸੱਚਾ ਤੇ ਮਨੁੱਖਤਾ ਦਾ ਧਰਮ ਵੀ ਕਿਸੇ ਨੂੰ ਨਹੀਂ ਮੰਨਦਾ । ਕਿਉਂਕਿ ਸੱਚਾ ਧਰਮ ਤਾਂ ਸਿਰਫ ਇੱਕ ਹੀ ਹੈ ਇੰਨਸਾਨੀਅਤ, ਚੰਗੇ ਕਰਮ ਕਰਨੇ, ਰੱਬੀ ਅਸੂਲ, ਕੁਦਰਤ ਦਾ ਨਿਯਮ ਜੋ ਕਹੇ ਜਾਂਦੇ ਸਾਰੇ ਦੇਸਾਂ, ਧਰਮਾਂ, ਫਿਰਕਿਆਂ ਲਈ ਇੱਕਸਾਰ ਹੈ, ਉਹੀ ਸੱਚਾ ਤੇ ਉਤਮ ਧਰਮ ਹੈ । ਗੁਰਵਾਕ ਹੈ -: ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ( ਪੰਨਾ ਨੰ: 266) ਮੈ ਗੁਰੂਆਂ/ਭਗਤਾਂ ਦੀ ਬਾਣੀ (ਗੁਰਬਾਣੀ) ਨੂੰ ਸੱਚ ਮੰਨ ਕੇ ਉਸ ਦਾ ਸਤਿਕਾਰ ਕਰਦਾ ਹਾਂ ਤੇ ਸੀਸ ਝੁਕਾਉਂਦਾ ਹਾਂ, ਪਰ ਗੁਰਬਾਣੀ ਦੇ ਨਾਮ ਤੇ ਚਲਾਏ ਗਏ ਅਜੋਕੇ ਸਿੱਖ ਧਰਮ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਮੈਨੂੰ ਤਾਂ ਅਸੀਂ ਸਿੱਖ ਹੀ ਗੁਰਬਾਣੀ ਦੇ ਵਿਰੋਧੀ ਲੱਗਦੇ ਹਾਂ ਜੋ ਕਹੇ ਜਾਂਦੇ ਇੱਕ ਗ੍ਰੰਥ ਤੇ ਪੰਥ ਦੀ ਗੱਲ ਕਰਦੇ ਹੋਏ ਅਣਗਿਣਤ ਗ੍ਰੰਥਾਂ ਦੇ ਪੁਜਾਰੀ ਅਤੇ ਅਣਗਿਣਤ ਹੀ ਪੰਥਾਂ ਵਿੱਚ ਵੰਡੇ ਹੋਏ ਹਾਂ । ਸਾਡੀ ਸੱਭ ਦੀ ਆਪੋ ਆਪਣੀ ਮੱਤ ਹੈ ਪਰ ਅਸੀਂ ਸਾਰੇ ਹੀ ਆਪਣੀ ਦੁਰਮਤਿ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਗੁਰਮਤਿ ਸਿੱਧ ਕਰਨ ਲੱਗੇ ਹੋਏ ਹਾਂ । ਕੁੱਝ ਸੱਚ ਦੇ ਪਾਂਧੀ ਹੁੰਦੇ ਵੀ ਹਨ ਉਹਨਾ ਨੂੰ ਅਸੀਂ ਆਪ ਹੀ ਪੰਥ ਵਿਰੋਧੀ, ਨਾਸਤਿਕ, ਪੰਥ ਵਿੱਚੋਂ ਛੇਕੇ ਹੋਏ ਗਦਾਰ ਤੱਕ ਵੀ ਕਹਿ ਦਿੰਦੇ ਹਾਂ । ਖੁਦ ਅਸੀਂ  ਇੰਨੇ ਝੂਠੇ ਹਾਂ ਕਿ ਕਹਿੰਦੇ ਤਾਂ ਹਾਂ ਕਿ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਪਰ ਸ਼ਰੇਆਮ ਗੁਰਬਾਣੀ ਦੀਆਂ ਧੱਜੀਆਂ ਉਡਾਉਂਦੇ ਹੋਏ ਵੀ ਆਪਣੇ ਆਪ ਨੂੰ ਗੁਰਬਾਣੀ ਅਨੁਸਾਰੀ ਤੇ ਹੱਕੀ ਸਿੱਧ ਕਰਦੇ ਹਾਂ । ਉਦਾਰਣ ਦੇ ਤੌਰ ਤੇ ਗੁਰਬਾਣੀ ਆਰਤੀ ਦਾ ਖੰਡਨ ਕਰਦੀ ਹੈ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਆਰਤੀ ਦਾ ਖੰਡਨ ਕਰਨ ਵਾਲਾ ਸਬਦ ਪੜ ਕੇ ਹੀ ਆਰਤੀ ਕਰਦੇ ਹਾਂ । ਗੁਰਬਾਣੀ ਮੂਰਤੀ ਪੂਜਾ ਦਾ ਖੰਡਨ ਕਰਦੀ ਹੈ ਪਰ ਅਸੀਂ ਨੇ ਸਮੂੰਹ ਬਾਣੀਕਾਰਾਂ ਦੀਆਂ ਮੂਰਤੀਆਂ ਬਣਾ ਕੇ ਪੂਜਣੀਆਂ ਸ਼ੁਰੂ ਕਰ ਦਿੱਤੀਆਂ ਹਨ । ਗੁਰਬਾਣੀ ਮਾਲਾ ਫੇਰਨ ਦਾ ਖੰਡਨ ਕਰਦੀ ਹੈ ਪਰ ਅਸੀਂ ਨੇ ਸਮੂੰਹ ਬਾਣੀਕਾਰਾਂ ( ਗੁਰੂਆਂ/ਭਗਤਾਂ) ਦੀਆਂ ਦੀਆਂ ਮੂਰਤੀਆਂ ਬਣਾ ਕੇ ਉਹਨਾ ਦੇ ਗਲਾਂ ਵਿੱਚ ਮਾਲਾਵਾਂ ਪਾ ਦਿੱਤੀਆਂ ਹਨ । ਗੁਰਬਾਣੀ ਬਿਨਾ ਵਿਚਾਰੇ ਪੜਨ ਦਾ ਖੰਡਨ ਕਰਦੀ ਹੈ ਪਰ ਅਸੀਂ ਨੇ ਬਾਣੀ ਦੇ ਹੀ ਵਿਰੁੱਧ ਬਿਨਾ ਵਿਚਾਰੇ ਤਾਂ ਕੀ ਬਿਨਾ ਬੋਲੇ ਮੂੰਹ ਬੰਨ ਕੇ ਇਸੇ ਬਾਣੀ ਦੀਆਂ ਇਕੋਤਰੀਆਂ ਖੋਲ ਦਿੱਤੀਆਂ ਹਨ । ਇਹ ਤਾਂ ਕੁੱਝ ਕੁ ਗੱਲਾਂ ਹਨ ਅਸੀਂ (ਸਿੱਖਾਂ) ਨੇ ਤਾਂ ਗੁਰਬਾਣੀ ਦਾ ਉਹ ਕੋਈ ਸ਼ਬਦ ਛੱਡਿਆ ਹੀ ਨਹੀਂ ਜਿਸ ਦੇ ਉਲਟ ਅਸੀਂ ਨੇ ਕੁੱਝ ਨਾ ਕੀਤਾ ਹੋਵੇ ਜੇ ਫਿਰ ਵੀ ਅਸੀਂ ਸਿੱਖ ਹੀ ਗੁਰਬਾਣੀ ਦੇ ਮਾਲਿਕ ਤੇ ਪੈਰੋਕਾਰ ਹਾਂ ਫਿਰ ਗੁਰਬਾਣੀ ਦਾ ਵਿਰੋਧੀ ਵੀ ਇਸ ਦੁਨੀਆਂ ਤੇ ਕੋਈ ਨਹੀਂ ਹੈ । ਮੈ ਗੁਰਬਾਣੀ ਨੂੰ ਸੱਚ ਮੰਨਦਾ ਹਾਂ ਇਸ ਤੇ ਕੋਈ ਕਿੰਤੂ ਨਹੀਂ ਨਾ ਹੀ ਕੋਈ ਕਰ ਸਕਦਾ ਹੈ, ਇਹ ਤਾਂ ਲਿਖਿਆ ਹੈ ਕਿ ਕਈ ਇਸ ਲੇਖ ਨੂੰ ਮੋਟਾ ਮੋਟਾ ਜਾ ਪੜ ਕੇ ਕਹਿਣਗੇ ਇਹ ਤਾਂ ਬਾਣੀ ਨੂੰ ਨਹੀਂ ਮੰਨਦਾ, ਚਲੋ ਅਗਲਿਆਂ ਦੀ ਸੋਚ ਹੈ ਪਰ ਇਹ ਮੇਰੇ ਵਿਚਾਰ ਹਨ । ਰਹੀ ਗੱਲ ਸਾਡੀ ਸਿੱਖਾਂ ਦੀ ਵੱਖਰੀ ਕੌਮ ਦੀ , ਸਿੱਖ ਕੌਮ ਗੁਰਬਾਣੀ ਦੇ ਸਿਧਾਂਤ ਨਾਲੋਂ ਟੁੱਟ ਕੇ ਆਪਣੇ ਅਸਲੀ ਮਾਰਗ ਤੋਂ ਭਟਕ ਚੁੱਕੀ ਹੈ । ਸਿੱਖ ਕੌਮ ਵੀ ਹੁਣ ਦੂਜੀਆਂ ਕੌਮਾਂ ਹਿੰਦੂਆਂ, ਮੁਸਲਮਾਨਾਂ ਤੇ ਇਸਾਈਆਂ ਵਾਂਗ ਹੀ ਇੱਕ ਵੱਖਰੀ ਕੌਮ, ਫਿਰਕਾ ਜਾਂ ਗਰੁੱਪ ਹੀ ਬਣ ਕੇ ਰਹਿ ਗਈ ਹੈ ਨਾ ਕਿ ਦੂਜੀਆਂ ਕੌਮਾਂ ਦੇ ਮੁਕਾਬਲੇ ਕੋਈ ਉਤਮ ਜਾਂ ਬਾਬੇ ਨਾਨਕ ਦੀ ਸੋਚ ਦੀ ਕੌਮ ਹੈ । ਹਾਂ ਬਾਬਿਆਂ ਨਾਨਕਾਂ ਦੀ ਵੀ ਇੱਕ ਵੱਖਰੀ ਕੌਮ ਹੈ ਉਹ ਹੈ ''ਸੱਚ, ਉਹਨਾ ਦਾ ਕੋਈ ਦੁਨਿਆਵੀ ਧਰਮ, ਦੇਸ਼ ਜਾਂ ਫਿਰਕਾ ਨਹੀਂ ਹੁੰਦਾ, ਨਾ ਕੋਈ ਉਹਨਾ ਦਾ ਇੱਟਾਂ ਦਾ ਮੰਦਰ, ਮਸਜਿਦ, ਚਰਚ ਜਾਂ ਗੁਰਦੁਆਰਾ ਆਦਿ ਪੂਜਾ ਅਸਥਾਨ ਹੁੰਦਾ ਹੈ । ਉਹ ਸੱਚੇ ਰਹਿਬਰ ਸੱਚ ਲਈ ਹੀ ਹੁੰਦੇ ਹਨ, ਜੋ ਸੱਚ ਬਾਬੇ ਨਾਨਕ ਜੀ ਨੇ ਕਿਹਾ ਉਹ ਸੱਚ ਬਾਬੇ ਨਾਨਕ ਤੋਂ ਪਹਿਲਾਂ ਵੀ ਸੀ, ਭਗਤਾਂ ਤੋਂ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਰਹੇਗਾ ਵੀ । ਬਾਕੀ ਸੱਭ ਝੂਠ ਹਨ, ਕਹਾਂਈ ਬੇਸੱਕ ਸੱਚ ਜਾਣ । ਸੱਚਿਆਂ ਦੀ ਕੋਈ ਕੌਮ ਨਹੀ ਹੁੰਦੀ, ਕਿਸੇ ਵੀ ਕੌਮ ਵਿੱਚ ਸਾਰੇ ਸੱਚੇ ਨਹੀਂ ਹੁੰਦੇ । ਸੱਚੇ ਲੋਕ ਅੱਜ ਵੀ ਹਨ ਉਹ ਬੇਕੌਮੇ ਤੇ ਬੇਧਰਮੇ ਵੀ ਹੋ ਸਕਦੇ ਹਨ ਅਤੇ ਕਿਸੇ ਵੀ ਕੌਮ ਜਾਂ ਧਰਮ ਵਿੱਚ ਵੀ ਹੋ ਸਕਦੇ ਹਨ । ਕਿਉਂਕਿ ਜੋ ਸੱਚ ਹੈ, ਉਹ ਸੱਚ ਹੈ -: ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥
 


                     ਹਰਲਾਜ ਸਿੰਘ ਬਹਾਦਰਪੁਰ                                                        
                     ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
                     ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)           
                     ਮੋ : 9417023911
                                    e-mail : harlajsingh7@gmail.com
  ਮਿਤੀ 01-03-2017  

       ਨੋਟ -: ਸਤਿਕਾਰ ਯੋਗ ਦੋਸਤੋ ਮੂਆਫ ਕਰਨਾ ਨਾ ਚਾਹੁੰਦੇ ਹੋਏ ਵੀ ਲੇਖ ਵੱਡਾ ਹੋ ਜਾਂਦਾ ਹੈ ।

ਜਾਤ ਅਤੇ ਸਿੱਖ - ਹਰਲਾਜ ਸਿੰਘ ਬਹਾਦਰਪੁਰ

  ਸਾਡੀ ਲੜਾਈ ਜਾਤ ਅਧਾਰਤ ਦੀ ਥਾਂ ਜਾਤੀ ਪ੍ਰਬੰਧ ਦੇ ਵਿਰੁੱਧ ਹੋਣੀ ਚਾਹੀਂਦੀ ਹੈ ।
ਜਾਤ ਸ਼ਬਦ ਵੇਖਣ ਅਤੇ ਬੋਲਣ ਵਿੱਚ ਤਾਂ ਬਹੁਤ ਛੋਟਾ ਹੈ ਪਰ ਇਹ ਪੁਆੜੇ ਬਹੁਤ ਵੱਡੇ ਪਾਂਉਦਾ ਹੈ । ਜੇ ਇਉਂ ਕਹਿ ਲਈਏ ਕਿ ਇਹ ਜਾਤ ਸ਼ਬਦ ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਤਾਂ ਇਸ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ । ਦੁੱਖ ਦੀ ਗੱਲ ਇਹ ਹੈ ਸਾਡੇ ਭਾਰਤ ਦੇਸ਼ ਉਤੇ ਰਾਜ ਹੀ ਜਾਤ ਦਾ ਹੈ, ਇਸ ਜਾਤ ਰਾਜੇ ਨੇ ਭਾਰਤ ਵਾਸੀਆਂ ਨੂੰ ਬਦੇਸ਼ੀ ਹਮਲਾਵਰਾ ਨਾਲੋਂ ਵੀ ਵੱਧ ਜਲੀਲ ਕਰਕੇ ਅਜਿਹੇ ਜਖਮ ਦਿੱਤੇ ਹਨ ਜੋ ਕਦੇ ਭਰ ਹੀ ਨਹੀਂ ਸਕਣੇ । ਕਿਉਂਕਿ ਬਦੇਸ਼ੀ ਹਮਲਾਵਰ ਤਾਂ ਕਦੇ ਆਉਂਦੇ ਸਨ ਜਾਂ ਕੁੱਝ ਸਮੇ ਲਈ ਗੁਲਾਮ ਬਣਾਉਂਦੇ ਸਨ, ਇਹਨਾ ਤੋਂ ਤਾਂ ਮੁਕਤੀ ਸੰਭਵ ਸੀ , ਸੰਭਵ ਸਿਰਫ ਕਹਿਣ ਲਈ ਹੀ ਨਹੀ, ਜਾਤੀ ਪ੍ਰਬੰਧ ਦੀ ਗੁਲਾਮੀ ਤੋਂ ਬਾਅਦ ਦੇ ਵਿਦੇਸ਼ੀ ਹਮਲਾਵਰਾਂ ਤੋਂ ਭਾਰਤ ਨੂੰ ਪ੍ਰਤੱਖ ਰੂਪ ਵਿੱਚ ਮੁਕਤੀ ਮਿਲੀ ਵੀ ਹੈ। ਸਾਡੇ ਭਾਰਤੀਆਂ (ਖਾਸ ਕਰ ਸਿੱਖਾਂ) ਨੇ ਵਿਦੇਸ਼ੀ ਹਮਲਾਵਰਾਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹਨਾ ਨੇ ਮੁੜਕੇ ਭਾਰਤ ਤੇ ਹਮਲਾ ਕਰਨ ਵਾਰੇ ਸੋਚਣਾ ਵੀ ਬੰਦ ਕਰ ਦਿੱਤਾ, ਅੰਗ੍ਰੇਜੀ ਰਾਜ ਨੂੰ ਖਤਮ ਕਰਕੇ ਭਾਰਤ ਦੇਸ਼ ਨੂੰ ਅਜਾਦ ਵੀ ਕਰਵਾ ਲਿਆ। ਪਰ ਅਫਸੋਸ ਕਿ ਵਿਦੇਸ਼ੀ ਹਮਲਾਵਰਾਂ ਅਤੇ ਅੰਗ੍ਰੇਜਾਂ ਨੂੰ ਹਰਾਉਣ ਵਾਲੇ ਭਾਰਤੀ (ਖਾਸ ਕਰ ਸਿੱਖ) ਜਾਤੀ ਪ੍ਰਬੰਧ ਤੋਂ ਹਾਰ ਗਏ, ਇਸ ਪ੍ਰਬੰਧ ਦਾ ਭਾਰਤ ਅੱਜ ਵੀ ਗੁਲਾਮ ਹੈ ਅਤੇ ਪਤਾ ਕਿੰਨਾ ਚਿਰ ਅਜੇ ਹੋਰ ਗੁਲਾਮ ਰਹੇਗਾ । ਕਹਿਣ ਨੂੰ ਤਾਂ ਚਲਾਕ (ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ) ਲੋਕ ਕਹਿੰਦੇ ਹਨ ਕੇ ਅੰਗ੍ਰੇਜਾਂ ਦੀ ਨੀਤੀ ਸੀ ਫੁੱਟ ਪਾਓ ਤੇ ਰਾਜ ਕਰੋ, ਕਿ ਅੰਗ੍ਰੇਜਾਂ ਨੇ ਫੁੱਟ ਪਾ ਕੇ ਭਾਰਤੀਆਂ ਤੇ ਰਾਜ ਕੀਤਾ । ਚਲੋ ਜੇ ਇਸ ਗੱਲ ਨੂੰ ਠੀਕ ਵੀ ਮੰਨ ਲਈਏ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਭਾਰਤੀ ਲੋਕ ਅੰਗ੍ਰੇਜਾਂ ਤੋਂ ਤਾਂ ਅਜਾਦ ਹੋ ਵੀ ਚੁੱਕੇ ਹਨ ਪਰ ਜਾਤੀ ਪ੍ਰਬੰਧ ਤੋਂ ਅਜਾਦ ਨਹੀਂ ਹੋਏ । ਜਾਂ ਇਉਂ ਕਹਿ ਲਈਏ ਕਿ ਇਸ ਦੇਸ਼ ਭਾਰਤ ਦੇ ਮੂਲ ਨਿਵਾਸੀ (ਮਾਲਕ) ਤਾਂ ਹਜਾਰਾਂ ਸਾਲਾਂ ਤੋਂ ਹੀ ਗੁਲਾਮ ਚਲੇ ਆ ਰਹੇ ਹਨ । ਜੇ ਇਸ ਦੇਸ਼ ਉਤੇ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ ਜਾਂ ਰਾਜ ਕੀਤਾ ਤਾਂ ਉਹ ਵੀ ਇਸ ਦੇਸ਼ ਤੇ ਪਹਿਲਾਂ ਤੋਂ ਕਬਜਾ ਕਰੀਂ ਬੈਠੇ ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ ਆਰੀਅਨਾ ਦੀ ਫੁੱਟ ਪਾਊ ਨੀਤੀਆਂ ਕਾਰਨ ਹੀ ਹੋਇਆ ਸੀ । ਵਿਦੇਸ਼ੀ ਹਮਲਾਵਰਾਂ ਦੇ ਹਮਲੇ ਅਤੇ ਗੁਲਾਮੀ ਦਾ ਸੰਤਾਪ ਤਾਂ ਭਾਵੇਂ ਭਾਰਤ ਦੇ ਮੂਲ ਨਿਵਾਸੀਆਂ ਨੂੰ ਵੀ ਭੋਗਣਾ ਪਿਆ, ਪਰ ਅਸਲ ਵਿੱਚ ਇਹ ਹਮਲੇ ਭਾਰਤੀਆਂ ਤੇ ਪਹਿਲਾਂ ਤੋਂ ਹੀ ਕਬਜਾ ਕਰੀਂ ਬੈਠੇ ਬ੍ਰਾਹਮਣਾਂ ਉਤੇ ਹੀ ਸਨ। ਭਾਰਤ ਦੇ ਮੂਲ ਨਿਵਾਸੀਆਂ ਨੇ ਜੋ ਸੰਘਰਸ਼ ਕਰਕੇ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਅਤੇ ਰਾਜ ਤੋਂ ਅਜਾਦੀ ਪ੍ਰਾਪਤ ਕੀਤੀ ਸੀ ਉਸ ਨਾਲ ਭਾਰਤੀ ਅਜਾਦ ਨਹੀਂ ਸਨ ਹੋਏ, ਉਸ ਨਾਲ ਤਾਂ ਭਾਰਤੀਆਂ ਤੇ ਪਹਿਲਾਂ ਤੋਂ ਹੀ ਕਬਜਾ ਕਰੀਂ ਬੈਠਾ ਬ੍ਰਾਹਮਣ ਹੀ ਅਜਾਦ ਹੋਇਆ ਸੀ । ਭਾਰਤੀਆ ਨੂੰ ਤਾਂ ਅਜਾਦ ਹੋਣ ਲਈ ਇੱਕ ਹੋਰ ਇੰਨਕਲਾਬੀ ਲੜਾਈ ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ ਨਾਲ ਲੜਨੀ ਪਵੇਗੀ । ਜਾਤੀ ਪ੍ਰਬੰਧ ਤੋਂ ਮੁਕਤੀ ਹੀ ਭਾਰਤੀਆਂ ਦੀ ਅਸਲ ਅਜਾਦੀ ਹੋਵੇਗੀ । ਇਸ ਜਾਤੀ ਪ੍ਰਬੰਧ ਤੋਂ ਮੁਕਤੀ ਵਗੈਰ ਅਸੀਂ ਸਿੱਧੇ ਰੂਪ ਵਿੱਚ ਰਾਜ ਕਰਦੇ ਹੋਏ ਵੀ ਅਸਿੱਧੇ ਰੂਪ ਵਿੱਚ ਗੁਲਾਮ ਹੀ ਹੋਵਾਂਗੇ । ਭਾਵ ਕਿ ਜੇਕਰ ਜਾਤੀ ਪ੍ਰਬੰਧ ਦੇ ਅਧੀਨ ਰਹਿ ਕੇ ਦਲਿਤ ਵੀ ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਤੱਕ ਬਣ ਜਾਣ ਫਿਰ ਵੀ ਭਾਰਤ ਅਜਾਦ ਨਹੀਂ ਹੋਵੇਗਾ । ਭਾਰਤ ਦੀ ਅਜਾਦੀ ਇਸ ਵਿੱਚ ਹੈ ਕਿ ਇਸ ਦੇਸ਼ ਵਿੱਚੋਂ ਜਾਤ,  ਵਰਣਵੰਡ, ਊਚ-ਨੀਚਤਾ ਨੂੰ ਖਤਮ ਕਰਕੇ ਜਾਤ ਸ਼ਬਦ ਨੂੰ ਦੇਸ਼ ਧਰੋਹੀ ਸ਼ਬਦ ਐਲਾਨਿਆ ਜਾਵੇ । ਕਿਉਂਕਿ ਜਾਤੀ ਵੰਡ ਕੇਵਲ ਮਨੁੱਖੀ ਸਰੀਰਾਂ ਅਤੇ ਆਰਥਿਕਤਾ ਨੂੰ ਹੀ ਨਹੀਂ, ਬਲਕਿ ਮਨੁੱਖੀ ਮਾਨਸਿਕਤਾ ਨੂੰ ਵੀ ਗੁਲਾਮ ਬਣਾਉਂਦੀ ਹੈ । ਮਾਨਸਿਕ ਗੁਲਾਮੀ, ਸਰੀਰਕ ਅਤੇ ਆਰਥਿਕ ਗੁਲਾਮੀ ਨਾਲੋਂ ਵੀ ਵੱਧ ਖਤਰਨਾਕ ਹੁੰਦੀ ਹੈ । ਜਿਵੇਂ ਕਿ ਜੇਕਰ ਜਾਤੀ ਪ੍ਰਬੰਧ ਦੇ ਅਧੀਨ ਚਲਦਿਆਂ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ (ਕਹੀਆਂ ਜਾਂਦੀਆਂ ਨੀਚ ਜਾਤੀਆਂ) ਥਾਪ ਕੇ ਬੇਸੱਕ ਅਰਬਾਂ ਪਤੀ ਬਣਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣਾ ਦਿਓ ਉਹ ਫਿਰ ਵੀ ਚੂਹੜਾ, ਚਮਿਆਰ (ਨੀਚ) ਹੀ ਰਹੇਗਾ ਉਸ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਨੀਚ ਹੀ ਕਹਾਉਣਗੀਆਂ, ਉਹਨਾ ਅੰਦਰੋਂ ਕਹੀ ਜਾਂਦੀ ਨੀਚ ਜਾਤ ਦੀ ਹੀਣ ਭਾਵਨਾ ਕਦੇ ਵੀ ਖਤਮ ਨਹੀਂ ਹੋਵੇਗੀ । ਇੱਕ ਕਹੀ ਜਾਂਦੀ ਉਚ ਜਾਤੀ ਦਾ ਬ੍ਰਾਹਮਣ ਬੇਸੱਕ ਆਰਥਿਕ ਤੌਰ ਤੇ ਕੰਮਜੋਰ ਹੁੰਦਾ ਹੋਇਆ, ਕਹੇ ਜਾਂਦੇ ਨੀਚ ਜਾਤੀ ਵਾਲੇ ਕੰਮ ਕਰਦਾ ਹੋਇਆ ਵੀ ਉਚੀ ਜਾਤ ਦਾ ਫਖਰ ਮਹਿਸੂਸ ਕਰਦਾ ਤੇ ਬ੍ਰਾਹਮਣ ਹੀ ਰਹਿੰਦਾ ਹੈ ।ਇਸ ਲਈ ਬ੍ਰਾਹਮਣ ਵੀ ਇਹੀ ਚਾਹੁੰਦਾ ਹੈ ਕਿ ਕਹੀਆਂ ਜਾਂਦੀਆਂ ਨੀਚ ਜਾਤੀਆਂ ਦੇ ਆਗੂਆਂ ਨੂੰ ਬੇਸੱਕ ਪਿੰਡਾਂ  ਦੇ ਸਰਪੰਚਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਤੱਕ ਬਣਾ ਲਓ ਪਰ ਜਾਤੀ ਪ੍ਰਬੰਧ ਨੂੰ ਖਤਮ ਨਾ ਕਰੋ । ਕਿਉਂਕਿ ਜਾਤੀ ਵੰਡ ਵਾਲੀ ਗੁਲਾਮੀ ਤੋਂ ਅਜਾਦ ਹੋਣਾ ਬਹੁਤ ਮੁਸ਼ਕਲ ਹੈ, ਸਰਕਾਰਾਂ ਤਾਂ ਬਦਲ ਦੀਆਂ ਹੀ ਰਹਿੰਦੀਆਂ ਹਨ । ਉਝ ਬੇਸੱਕ ਸਰਕਾਰ ਨੇ ਐੱਸ ਸੀ ਐਕਟ ਬਣਾਇਆ ਹੋਇਆ ਹੈ, ਜਾਤੀ ਪ੍ਰਬੰਧ ਅਧੀਨ ਚੱਲ ਰਹੀ ਸਰਕਾਰ ਦਾ ਇਹ ਐਕਟ ਵੀ ਭਾਰਤੀਆਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਕੁੱਝ ਵੀ ਨਹੀਂ ਹੈ, ਇੱਕ ਪਾਸੇ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ ਕਹਿਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ ਦੂਜੇ ਪਾਸੇ ਉਸੇ ਮਨੁੱਖ ਨੂੰ ਆਪਣੇ ਨਾਮ ਨਾਲ ਜਾਤੀ ਚੂਹੜਾ ਜਾਂ ਚਮਿਆਰ ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ । ਜੇ ਇਹ ਜਾਤੀ ਵਾਚਕ ਸ਼ਬਦ (ਚੂਹੜਾ ਜਾਂ ਚਮਿਆਰ) ਇੰਨਾ ਮਾੜਾ ਹੈ ਜਿਸ ਦੇ ਕਹਿਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ, ਜਿਸ ਕਾਰਨ ਇਹ ਸ਼ਬਦ ਵਰਤਣ ਵਾਲੇ ਨੂੰ ਸਜਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਫਿਰ ਇਸ ਮਨੁੱਖੀ ਮਨ ਨੂੰ ਠੇਸ ਪਹੁੰਚਾਣ ਵਾਲੇ ਜਾਤੀ ਵਾਚਕ ਸ਼ਬਦ ਨੂੰ ਖਤਮ ਹੀ ਕਿਉਂ ਨਹੀਂ ਕਰ ਦਿੱਤਾ ਜਾਂਦਾ ? ਅਫਸੋਸ ਕਿ ਭਾਰਤ ਦੇ ਮਾਲਿਕ ਮੂਲ ਨਿਵਾਸੀ ਆਪਣੀ ਗੁਲਾਮੀ ਦੇ ਇਸ ਕਾਰਨ (ਜਾਤੀ ਵੰਡ) ਨੂੰ ਸਮਝ ਕੇ ਇਸ ਤੋਂ ਮੁਕਤੀ ਪਾਉਣ ਦੀ ਥਾਂ ਇਸ ਵਿੱਚਲੀ ਗੁਲਾਮੀ ਨੂੰ ਹੀ ਅਜਾਦੀ ਮੰਨ ਕੇ ਇਸੇ ਵਿੱਚ ਹੀ ਗਰਕ ਹੋ ਰਹੇ ਹਨ । ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿੱਆਰਥੀਆਂ ਨੇ ਅੱਠ ਮਾਰਚ ਨੂੰ ਮਹਿਲਾ ਦਿਵਸ ਤੇ ਮੰਨੂ ਸਿੰਮ੍ਰਿਤੀ ਦੀਆਂ ਕਾਪੀਆਂ ਇਹ ਕਹਿ ਕੇ ਸਾੜ ਦਿੱਤੀਆਂ ਕਿ ਇਸ ਵਿੱਚ ਔਰਤਾਂ ਅਤੇ ਸ਼ੂਦਰਾਂ ਨੂੰ ਅਪਮਾਨਿਤ ਕੀਤਾ ਗਿਆ ਹੈ । ਇਹ ਸੱਚ ਵੀ ਹੈ ਕਿਉਂਕਿ ਮੰਨੂ ਸਿੰਮ੍ਰਿਤੀ ਤਿਆਰ ਹੀ ਇਸ ਲਈ ਕੀਤੀ ਗਈ ਸੀ ਕਿ ਭਾਰਤ ਵਾਸੀਆਂ ਨੂੰ ਨੀਚ ਥਾਪ ਕੇ ਅਤੇ ਜਾਤਾਂ ਵਿੱਚ ਵੰਡ ਕੇ ਬ੍ਰਾਹਮਣ ਦੇ ਅਧੀਨ (ਗੁਲਾਮ) ਰੱਖਿਆ ਜਾਵੇ । ਇਸ ਵਿੱਚ ਖੁਸੀ ਦੀ ਗੱਲ ਇਹ ਹੈ ਕਿ ਚਲੋ ਸਾਡੇ ਯੂਨੀਵਰਸਿਟੀਆਂ ਵਿੱਚ ਪੜਦੇ ਬੱਚਿਆਂ ਨੂੰ ਇਸ ਦੀ ਉਸ  ਅਸਲੀਅਤ ਵਾਰੇ ਪਤਾ ਤਾਂ ਲੱਗ ਗਿਆ ਜਿਸ ਵਾਰੇ ਭਗਤ ਕਬੀਰ ਜੀ ਨੇ ਸੱਤ ਸਦੀਆਂ ਪਹਿਲਾਂ ਸੁਚੇਤ ਕਰਦਿਆ ਕਿਹਾ ਸੀ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥( ਗੁਰੂ ਗ੍ਰੰਥ ਸਾਹਿਬ ਪੰਨਾ ੩੨੯ ) ਪਰ ਅਸਲ ਗੱਲ ਇਹ ਹੈ ਕਿ ਇਹ ਜਾਤੀਵਾਦ ਦਾ ਸੱਪ ਸਿਰਫ ਮੰਨੂ ਸਿੰਮ੍ਰਿਤੀ ਸਾੜਨ ਨਾਲ ਨਹੀਂ ਮਰੇਗਾ ਜਿਵੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ :- ਵਰਮੀ ਮਾਰੀ ਸਾਪੁ ਨ ਮੂਆ ( ਗੁਰੂ ਗ੍ਰੰਥ ਸਾਹਿਬ ਪੰਨਾ ੧੩੪੮) ਭਾਵ ਕਿ ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ । ਬ੍ਰਾਹਮਣ ਦੇ ਜਾਤੀ ਪ੍ਰਬੰਧ ਤੋਂ ਅਸੀਂ ਉਨਾ ਚਿਰ ਮੁਕਤਿ ਨਹੀਂ ਹੋ ਸਕਦੇ ਜਿੰਨਾ ਚਿਰ ਇਸ ਦੀ ਅਸਲੀਅਤ ਨੂੰ ਸਮਝ ਕੇ ਜਾਤ ਸ਼ਬਦ ਨੂੰ ਜੜ ਤੋਂ ਖਤਮ ਨਹੀਂ ਕਰਦੇ । ਜਾਤੀ ਪ੍ਰਬੰਧ ਨੂੰ ਖਤਮ ਕਰੇ ਵਗੈਰ ਜੇਕਰ ਬ੍ਰਾਹਮਣਾਂ ਦੀਆਂ ਲੜਕੀਆਂ ਨੂੰ ਨੀਚ ਜਾਤ ਦੇ ਕਹੇ ਜਾਂਦੇ ਚੂਹੜੇ/ਚਮਿਆਰਾਂ ਦੇ ਲੜਕਿਆਂ ਨਾਲ ਵਿਆਹ ਦਿੱਤਾ ਜਾਵੇ ਜਾਂ ਨੀਚ ਜਾਤ ਦੇ ਕਹੇ ਜਾਂਦੇ ਚੂਹੜੇ/ਚਮਿਆਰਾਂ ਦੀਆਂ ਲੜਕੀਆਂ ਨੂੰ ਬ੍ਰਾਹਮਣਾਂ ਦੇ ਲੜਕਿਆਂ ਨਾਲ ਵਿਆਹ ਦਿੱਤਾ ਜਾਵੇ ਤਾਂ ਵੀ ਇਹ ਕੋਈ ਸਾਰਥਿਕ ਕਦਮ ਨਹੀਂ ਹੋਵੇਗਾ ਕਿਉਂਕਿ ਊਚ-ਨੀਚ ਤੇ ਜਾਤ ਤਾਂ ਫਿਰ ਵੀ ਕਾਇਮ ਹੀ ਰਹੇਗੀ, ਲੋੜ ਤਾਂ ਜਾਤ ਸਬਦ ਨੂੰ ਹੀ ਖਤਮ ਕਰਨ ਦੀ ਹੈ । ਜਾਤੀ ਪ੍ਰਬੰਧ ਦਾ ਸਿਰਜਿਕ ਵੀ ਇਹ ਚਾਹੁੰਦਾ ਹੈ ਕਿ ਅੰਤਰ ਜਾਤੀ ਵਿਆਹ ਤਾਂ ਹੋਣ ਪਰ ਜਾਤੀ ਖਤਮ ਨਾ ਹੋਵੇ । ਕਾਨੂੰਨੀ ਤੌਰ ਤੇ ਕਹੀਆਂ ਜਾਂਦੀਆਂ ਨੀਚ ਜਾਤੀਆਂ ਨੂੰ ਵੱਧ ਅਧਿਕਾਰ (ਰਾਖਵਾਂਕਰਨ) ਦੇਣ ਦੀ ਨੀਤੀ ਵੀ ਜਾਤੀ ਪ੍ਰਬੰਧ ਦੀ ਹੀ ਇੱਕ ਫੁੱਟ ਪਾਊ ਸਾਜਿਸ ਹੈ । ਜੇ ਅਸੀਂ ਇਸ ਨੂੰ ਨਾ ਸਮਝੇ ਤਾਂ ਬ੍ਰਾਹਮਣ ਨੇ ਦਲਿਤਾਂ ਨੂੰ ਨੀਚ ਜਾਤ ਦੇ ਨਾਲ ਨਾਲ ਇੱਕ ਵੱਖਰੇ ਧਰਮ ਵੱਜੋਂ ਵੀ ਸਥਾਪਿਤ ਕਰ ਦੇਣਾ ਹੈ ।ਕਿਉਂਕਿ ਹੁਣ ਜਾਤੀ ਵੰਡ ਵਾਲੀ ਸਾਜਿਸ ਨੂੰ ਕੁੱਝ ਲੋਕ ਪਹਿਚਾਨਣ ਲੱਗ ਗਏ ਹਨ, ਬ੍ਰਾਹਮਣ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਜਾਤੀ ਵੰਡ ਨੂੰ ਸਾਇਦ ਜਿਆਦਾ ਸਮਾਂ ਕਾਇਮ ਰੱਖਣਾ ਮੁਸਕਲ ਹੋ ਜਾਵੇ, ਉਸ ਨੇ ਜਾਤੀ ਵੰਡ ਦੇ ਬਦਲ ਵਿੱਚ ਧਰਮ ਵੰਡ ਦਾ ਸਿਧਾਂਤ ਲਾਗੂ ਕਰ ਦੇਣਾ ਹੈ, ਇਸ ਦੀ ਸ਼ੁਰੂਆਤ ਹੋ ਚੁੱਕੀ ਹੈ । ਕਈ ਥਾਵਾਂ ਤੇ ਜਿੱਥੇ ਸਾਰੇ ਧਰਮਾ ਵਾਰੇ ਜਿਕਰ ਕੀਤਾ ਹੁੰਦਾ ਹੈ ਲਿਖਿਆ ਮਿਲਦਾ ਹੈ, ਹਿੰਦੂ, ਮੁਸਲਿਮ, ਸਿੱਖ ਤੇ ਦਲਿਤ । ਫਿਰ ਗੱਲ ਹਿੰਦੂ, ਮੁਸਲਿਮ, ਸਿੱਖ ਤੇ ਦਲਿਤ ਤੱਕ ਸੀਮਤ ਨਹੀਂ ਰਹਿਣੀ, ਫਿਰ ਜਿੰਨੇ ਦੇਸ਼ ਵਿੱਚ ਡੇਰੇ ਜੋ ਜਾਤਾਂ ਦੇ ਨਾਮ ਤੇ ਹਨ ਜਾਂ ਇੱਕ ਜਾਤ ਦੇ ਕਈ ਕਈ ਹਨ ਇਹ ਸੱਭ ਵੱਖਰੇ ਵੱਖਰੇ ਧਰਮ ਬਣਾ ਦਿੱਤੇ ਜਾਣਗੇ । ਜਾਤੀ ਪ੍ਰਬਧ ਦੀਆਂ ਸਰਕਾਰਾਂ ਨੇ ਜਾਤਾਂ, ਗੋਤਾਂ ਦੇ ਨਾਲ ਨਾਲ ਡੇਰਿਆਂ ਨੂੰ ਵੀ ਉਤਸਾਹਿਤ ਕਰਨਾ ਸ਼ੁਰੂ ਕੀਤਾ ਹੋਇਆ ਹੈ । ਪਹਿਲਾਂ ਭਗਤਾਂ ਤੇ ਗੁਰੂਆਂ ਦੀ ਸੋਚ ਗੁਰਬਾਣੀ ਨੂੰ ਇੱਕ ਧਰਮ ਬਣਾ ਕੇ ਉਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ । ਹੁਣ ਦਲਿਤ ਧਰਮ ਨੂੰ ਸਥਾਪਿਤ ਕਰਕੇ ਇਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇਗੀ । ਫਿਰ ਮੰਦਰਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ ਆਦਿ ਦੇ ਬੁੱਤਾਂ ਵਾਂਗ ਡਾ: ਭੀਮ ਰਾਓ ਅੰਬੇਦਕਰ ਤੇ ਕਾਂਸ਼ੀ ਰਾਮ ਜੀ ਦੇ ਬੁੱਤ ਸਥਾਪਿਤ ਕਰਕੇ ਉਹਨਾ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇਗੀ । ਫਿਰ ਸਿੱਖਾਂ ਵਾਂਗ ਦਲਿਤਾਂ ਦਾ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਹੋਵੇਗੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਾਂ ਦਲਿਤਾਂ ਦੀਆਂ ਮੰਦਰ ਕਮੇਟੀਆਂ ਹੋਣਗੀਆਂ ਜੋ ਅਸਿਧੇ ਰੂਪ ਵਿੱਚ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਲਈ ਹੀ ਕੰਮ ਕਰਨਗੀਆਂ, ਜਿਸ ਤਰਾਂ ਅੱਜ ਸਿੱਖਾਂ ਦੇ ਅਕਾਲੀ ਦਲ,  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅਕਾਲ ਤਖਤ, ਡੇਰੇ ਤੇ ਟਕਸਾਲਾਂ ਆਦਿ ਕਰ ਰਹੀਆਂ ਹਨ । ਜਾਤੀ ਪ੍ਰਬੰਧ ਦੇ ਸਿਰਜਕ ਚਲਾਕ ਬ੍ਰਾਹਮਣ ਨੇ ਇਸ ਪ੍ਰਬੰਧ ਨੂੰ ਲਾਗੂ ਹੀ ਅਜਿਹੇ ਢੰਗ ਨਾਲ ਕੀਤਾ ਹੈ ਕਿ ਹਰ ਕੋਈ ਇਸ ਵਿੱਚੋਂ ਨਿਕਲਣ ਦੀ ਥਾਂ ਫਸੇ ਰਹਿਣ ਵਿੱਚ ਹੀ ਫਖਰ ਮਹਿਸੂਸ ਕਰਦਾ ਹੈ । ਪਿਛਲੀਆਂ ਸਦੀਆਂ ਵਿੱਚ ਇਸ ਜਾਤੀ ਪ੍ਰਬੰਧ ਨੂੰ ਕਾਨੂੰਨੀ ਧੱਕੇ (ਮੰਨੂੰ ਸਿੰਮ੍ਰਤੀ) ਦੀ ਡਾਂਗ ਦੇ ਜੋਰ ਨਾਲ ਲਾਗੂ ਰੱਖਿਆ ਗਿਆ ਸੀ ਅਤੇ ਹੁਣ ਰਾਖਵੇਕਰਣ ਦਾ ਚੋਗਾ ਪਾ ਕੇ ਲਾਗੂ ਕੀਤਾ ਹੋਇਆ ਹੈ । ਇਸ ਦੀ ਪਿੰਜਰੇ ਦੇ ਤੋਤੇ ਜਾਂ ਸ਼ੇਰ ਦੀ ਜਿੰਦਗੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ, ਕਿ ਖੁਦ ਸ਼ਿਕਾਰ ਕਰਕੇ (ਕਮਾ ਕੇ) ਖਾਣ ਵਾਲੇ ਨੂੰ ਜਾਤ ਦੇ ਪਿੰਜਰੇ ਵਿੱਚ ਬੰਦ ਕਰਕੇ, ਪਿੰਜਰੇ ਵਿੱਚ ਬੈਠੇ ਨੂੰ ਮਾਰ ਕੇ ਲਿਆਂਦਾ (ਬਿਨਾ ਕਮਾਇਆ) ਭੋਜਨ ਖਵਾ ਖਵਾ ਕੇ ਉਸ ਦੇ ਸ਼ੇਰ ਪੁਣੇ ਨੂੰ ਖਤਮ ਕਰਨ ਦੇ ਨਾਲ ਨਾਲ ਉਸ ਦੀ ਜੰਗਲੀ ਅਜਾਦੀ ਵਾਲੀ ਦਾਹੜ ਅਤੇ ਨਿੱਡਰਤਾ ਨੂੰ ਖਤਮ ਕਰਕੇ ਗਿਦੜ ਨਾਲੋਂ ਵੀ ਹੀਣਾ ਬਣਾਇਆ ਜਾ ਰਿਹਾ ਹੈ । ਇਹੀ ਕਾਰਨ ਹੈ ਕਿ ਅੱਜ ਭਾਰਤ ਦਾ ਮਾਲਕ ਮੂਲ ਨਿਵਾਸੀ ਅਪਣੀ ਜਾਤੀ ਗੁਲਾਮੀ ਨੂੰ ਸਮਝੇ ਵਗੈਰ ਜਾਤੀ ਵੰਡ ਦੀ ਗੁਲਾਮੀ ਤੋਂ ਅਜਾਦੀ ਲੈਣ ਲਈ ਲੜ ਕੇ ਮਰਨ ਦੀ ਥਾਂ ਰਾਖਵੇਂਕਰਨ ਦਾ ਚੋਗਾ ਪ੍ਰਾਪਤ ਕਰਨ ਲਈ ਜਿੱਥੇ ਆਪਣੇ ਹੀ ਭਰਾਵਾਂ ਨਾਲ ਲੜ ਕੇ ਮਰ ਰਿਹਾ ਹੈ ਉੱਥੇ ਜਾਤੀ ਵੰਡ ਵਾਲੀ ਗੁਲਾਮੀ ਨੂੰ ਹੋਰ ਮਜਬੂਤ ਕਰ ਰਿਹਾ ਹੈ । ਬ੍ਰਾਹਮਣ ਦੀ ਜਾਤੀ ਵੰਡ ਵਾਲੀ ਗੁਲਾਮੀ ਤੋਂ ਅਜਾਦ ਹੋਣ ਲਈ ਸਾਨੂੰ ਜਾਤੀ ਅਧਾਰਿਤ ਰਾਖਵੇਂਕਰਨ ਨੂੰ ਤਿਆਗ ਕੇ ਇਸ ਦਾ ਡੱਟ ਕੇ ਵਿਰੋਧ ਵੀ ਕਰਨਾ ਪਵੇਗਾ । ਜੇ ਰਾਖਵੇਂਕਰਣ ਦੀ ਸਾਹਿਤਾ ਲੈਣੀ ਹੈ ਤਾਂ ਉਹ ਆਰਥਿਕ ਅਧਾਰ ਤੇ ਹੋਣੀ ਚਾਹੀਂਦੀ ਹੈ ਨਾ ਕਿ ਜਾਤੀ ਵੰਡ ਦੇ ਅਧਾਰ ਤੇ । ਸਾਡੀ ਲੜਾਈ ਜਾਤ ਅਧਾਰਤ ਦੀ ਥਾਂ ਜਾਤੀ ਪ੍ਰਬੰਧ ਦੇ ਵਿਰੁੱਧ ਹੋਣੀ ਚਾਹੀਂਦੀ ਹੈ । ਹਰਿਆਣੇ ਵਿੱਚ ਜਾਤੀ ਸਿਰਜਿਕ ਬ੍ਰਾਹਮਣ ਦੀ ਸਾਜਿਸ ਦਾ ਸਿਕਾਰ ਹੋਏ ਜਾਟਾਂ ਨੇ ਪਿਛਲੇ ਦਿਨੀ ਜਾਟ ਰਾਖਵਾਂਕਰਨ ਦੇ ਨਾਮ ਤੇ ਗੁੰਡਾ ਗਰਦੀ ਕਰਦਿਆਂ ਆਪਣੇ ਹੀ ਭਰਾਵਾਂ ਦੀਆਂ ਜਾਇਦਾਦਾਂ ਨੂੰ ਸਾੜ ਕੇ ਅਤੇ ਆਪਣੀਆਂ ਹੀ ਧੀਆਂ ਭੈਣਾ ਦੀਆਂ ਇੱਜਤਾਂ ਲੁੱਟ ਕੇ ਇਨਸਾਨੀਅਤ ਦੇ ਮੁੱਖ ਤੇ ਕਾਲਖ ਪੋਚ ਦਿੱਤੀ । ਇਸ ਘਟਨਾ ਨਾਲ ਜਿੱਥੇ ਇਨਸਾਨੀਅਤ ਸਰਮਸਾਰ ਹੋਈ ਉਥੇ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੂੰ ਮਨੁੱਖਤਾ ਦੀਆਂ ਲਾਸਾਂ ਉੱਤੇ ਜਾਤੀਵਾਦ ਦੀਆਂ ਕੰਧਾਂ ਹੋਰ ਊਚੀਆਂ ਤੇ ਪੱਕੀਆਂ ਹੁੰਦੀਆਂ ਵੇਖ ਕੇ ਖੁਸੀ ਮਿਲੀ ਹੋਵੇਗੀ । ਜਾਤੀ ਵੰਡੀਆਂ ਦੇ ਅਜਿਹੇ ਮਾੜੇ ਨਤੀਜਿਆਂ ਵਾਰੇ ਸੁਚੇਤ ਕਰਦਿਆਂ ਅਤੇ ਜਾਤ ਦਾ ਹੰਕਰ ਕਰਨ ਵਾਲੇ ਬ੍ਰਾਹਮਣ ਨੂੰ ਮੂਰਖ ਕਹਿੰਦਿਆਂ ਗੁਰੂ ਸਾਹਿਬ ਜੀ ਨੇ ਸਦੀਆਂ ਪਹਿਲਾਂ ਕਿਹਾ ਸੀ ਕਿ :- ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦਤੇ ਸਭ ਓਪਤਿ ਹੋਈ ॥੨॥ (ਗੁਰੂ ਗ੍ਰੰਥ ਸਾਹਿਬ ਪੰਨਾ ੧੧੨੭-੨੮) ਹੇ ਭਾਈ ! ਕੋਈ ਭੀ ਧਿਰ ਊਚੀ ਜਾਤ ਦਾ ਮਾਣ ਨਾਹ ਕਰਿਓ। ( ਜਾਤ ਦੇ ਆਸਰੇ ਬ੍ਰਾਹਮਣ ਨਹੀਂ ਬਣੀਂਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਗੀ ਸਾਂਝ ਪਾ ਲੈਂਦਾ ਹੈ।੧। ਹੇ ਮੂਰਖ! ਹੇ ਗੰਵਾਰ! (ਊਚੀ) ਜਾਤ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿੱਚ) ਕਈ ਵਿਗਾੜ ਚੱਲ ਪੈਂਦੇ ਹਨ ।੨। ਹੇ ਭਾਈ ! ਹਰੇਕ ਮਨੁੱਖ ਆਖਦਾ ਹੈ ਕਿ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਚਾਰ ਵਰਨ ਹਨ।ਪਰ ਇਹ ਲੋਕ ਇਹ ਨਹੀਂ ਸਮਝਦੇ ਕਿ ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜਾਤੀ ਵਾਦ ਦੇ ਅਜਿਹੇ ਝਗੜਿਆਂ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਸਦੀਆਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਪਰ ਇਸ ਨੂੰ ਅਸੀਂ ਅੱਜ ਤੱਕ ਨਹੀਂ ਸਮਝ ਸਕੇ ਕਿਉਂਕਿ ਜਾਤੀ ਪ੍ਰਬੰਧ ਦੇ ਜਨਮ ਦਾਤੇ ਬ੍ਰਾਹਮਣਾਂ/ਆਰੀਅਨਾ ਨੇ ਪ੍ਰਬੰਧ ਹੀ ਐਸਾ ਸਿਰਜਿਆ ਹੈ ਕਿ ਉਹ ਭਾਰਤ ਦੇ ਵੱਡੀ ਗਿਣਤੀ ਦੇ ਮੂਲ ਨਿਵਾਸੀਆਂ ਨੂੰ ਸਮਝ ਹੀ ਨਹੀਂ ਆ ਰਿਹਾ । ਇਸ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਜਿੱਥੇ ਮਨੁੱਖਤਾ ਨੂੰ ਉਚੀਆਂ ਨੀਵੀਆਂ ਜਾਤਾਂ ਵਿੱਚ ਵੰਡਿਆ ਉੱਥੇ ਇਕੱਲੇ ਮਨੁੱਖ ਨੂੰ ਵੀ ਦੋ ਜਾਤਾ ਵਿੱਚ ਵੰਡ ਦਿੱਤਾ, ਇਸਤਰੀ ਨੀਚ ਜਾਤ ਤੇ ਪੁਰਸ਼ ਉਤਮ । ਜਦ ਕਿ ਇਸਤਰੀ ਤੇ ਪੁਰਸ਼ ਦੋਨੇਂ ਰਲ ਕੇ ਹੀ ਇੱਕ ਸੰਪੂਰਨ ਮਨੁੱਖ ਹਨ, ਕਿਉਂਕਿ ਇਸਤਰੀ ਤੋਂ ਵਗੈਰ ਪੁਰਸ਼ ਅਧੂਰਾ ਹੈ ਅਤੇ ਪੁਰਸ਼ ਤੋਂ ਵਗੈਰ ਇਸਤਰੀ ਅਧੂਰੀ ਹੈ, ਪਰ ਬ੍ਰਾਹਮਣ ਨੇ ਇਸ ਕੁਦਰਤੀ ਰਿਸਤੇ ਵਿੱਚ ਵੀ ਫੁੱਟ ਪਾ ਦਿੱਤੀ । ਬ੍ਰਾਹਮਣ ਦੀ ਇਸ ਚਾਲ ਨੂੰ ਪਹਿਲਾਂ ਮਹਾਤਮਾ ਗੌਤਮ ਬੁੱਧ ਨੇ ਸਮਝਿਆ ਤਾਂ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਬੋਧੀ ਸੋਚ ਨੂੰ ਅਜਿਹਾ ਖਤਮ ਕੀਤਾ ਕਿ ਅੱਜ ਹਿੰਦੂ ਦੇਵਤਿਆਂ ਵਾਂਗ ਬੁੱਧ ਦੇ ਬੁਤਾਂ ਦੀ ਪੂਜਾ ਹੋ ਰਹੀ ਹੈ।ਬੁੱਧ ਤੋਂ ਬਾਅਦ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਬ੍ਰਾਹਮਣ ਦੇ ਇਸ ਜਾਤੀ ਪ੍ਰਬੰਧ ਦੇ ਵਿਰੁੱਧ ਬਰਾਬਰਤਾ ਵਾਲਾ ਸਮਾਜ ਸਿਰਜਿਣ ਲਈ ਸੰਘਰਸ ਕੀਤਾ । ਬ੍ਰਾਹਮਣ ਦੇ ਵੱਲੋਂ ਮਨੁੱਖਤਾ ਨੂੰ ਵੰਡਣ ਵਾਲੀ ਪਾਈ ਜਾਤੀ ਵੰਡ ਨੂੰ ਨਕਾਰਦੇ ਹੋਏ ਚਣੌਤੀ ਦਿੰਦਿਆਂ ਭਗਤ ਕਬੀਰ ਜੀ ਕਹਿ ਰਹੇ ਹਨ ਕਿ :- ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੩੨੪) ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ ਹੈ, ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨੀ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।ਦੱਸ ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋਂ ? ਇਹ ਆਖ ਆਖ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ ਨਾਹ ਗਵਾਓ ।੧। ਜੇ ਤੂੰ ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਤੂੰ ਕਿਸੇ ਹੋਰ ਰਾਹੇ ਕਿਉਂ ਨੀ ਜੰਮ ਪਿਆ ? ।੨।ਤੁਸੀਂ ਕਿਵੇਂ ਬ੍ਰਾਹਮਣ ? ਅਸੀਂ ਕਿਵੇਂ ਸ਼ੂਦਰ ? ਸਾਡੇ ਸਰੀਰ ਵਿੱਚ ਕਿਵੇਂ ਲਹੂ ਹੈ ? ਤੁਹਾਡੇ ਸਰੀਰ ਵਿੱਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ ?।੩। ਬ੍ਰਾਹਮਣ ਵੱਲੋਂ ਇਸਤਰੀ ਜਾਤੀ ਨੂੰ ਨੀਚ ਕਹਿ ਕੇ ਮੰਦਾ ਕਹਿਣ ਵਾਲਿਆਂ
ੂੰ ਸਮਝਾਉਂਦਿਆਂ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ ਕਿ :- ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥.......॥( ਗੁਰੂ ਗ੍ਰੰਥ ਸਾਹਿਬ ਪੰਨਾ ਨੰ: ੪੭੩) ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।(ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: ੬੮੦) ॥ ਜਾਤੀ ਭੇਦ ਭਾਵ ਤੋਂ ਦੁਖੀ ਹੋਏ ਭਗਤ ਨਾਮ ਦੇਵ ਜੀ ਬ੍ਰਾਹਮਣ ਵੱਲੋਂ ਨੀਚ ਢੇਡ ਕਹੇ ਜਾਣ ਤੇ ਪ੍ਰਮਾਤਮਾਂ ਅੱਗੇ ਕਿਵੇਂ ਫਰਿਆਦ ਕਰਦੇ ਹੋਏ ਕਹਿ ਰਹੇ ਹਨ ਕਿ :- ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥(ਗੁਰੂ ਗ੍ਰੰਥ ਸਾਹਿਬ ਪੰਨਾ ੧੨੯੨-੯੩)। ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ, ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ । ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਦੇ ਸਮੇ ਵੀ ਜਾਤੀ ਪ੍ਰਬੰਧ ਦੇ ਸਿਰਜਿਕਾਂ ਵੱਲੋਂ ਜਾਤ ਦੇ ਅਧਾਰ ਤੇ ਮਨੁੱਖਤਾ ਨੂੰ ਕਿਵੇਂ ਅਪਮਾਨਿਤ ਕੀਤਾ ਜਾਂਦਾ ਸੀ । ਰੱਬ ਦੇ ਨਾਮ ਤੇ ਬ੍ਰਾਹਮਣ ਵੱਲੋਂ ਪਾਈ ਵਰਣ ਵੰਡ ਵਾਰੇ ਸਮਝਾਉਂਦਿਆਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ :- ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੪੬੯)  ਜੋਗ ਦਾ ਧਰਮ ਗਿਆਂਨ ਪ੍ਰਾਪਤ ਕਰਨਾ ਹੈ । ਬ੍ਰਾਹਮਣ ਦਾ ਧਰਮ ਵੇਦਾਂ ਦੀ ਵਿਚਾਰ ਹੈ । ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ। ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਹੈ । ਪਰ ਅਸਲ ਵਿੱਚ ਸਾਰਿਆਂ ਦਾ ਧਰਮ ਇੱਕ ਹੀ ਹੈ  ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ। ਆਪਣੇ ਆਪ ਨੂੰ ਹਿੰਦੂ, ਮੁਸਲਮਾਨ ਤੋਂ ਵਖਰਾ ਅਜਾਦ ਐਲਾਨਦਿਆਂ ਭਗਤ ਜਬੀਰ ਜੀ ਕਹਿ ਰਹੇ ਹਨ :- ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੧੧੫੮-੫੯) ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵੱਲੋਂ ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ, ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ, ਮੇਰੀ ਅਵਸਥਾ ਹੁਣ ਅਡੋਲ ਹੋ ਗਈ ਹੈ, ਮੈ ਪੰਡਿਤ ਅਤੇ ਮੁੱਲਾਂ ਦੋਹੇਂ ਹੀ ਛੱਡ ਦਿੱਤੇ ਹਨ।੧।ਪ੍ਰਭੂ ਚਰਨਾ ਵਿਚ ਟਿਕੀ ਸੁਰਤ ਦੀ ਤਾਣੀ ਉਣ ਉਣ ਕੇ ਮੈ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ, ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫਤ ਸਲਾਹ ਕਰ ਰਿਹਾ ਹਾਂ ਜਿਥੇ ਆਪਾ-ਭਾਵ ਨਹੀਂ ਹੈ।੨।ਕਰਮ ਕਾਂਢ ਤੇ ਸ਼ਰਹ ਬਾਰੇ ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁੱਝ ਲਿਖਿਆਂ ਹੈ, ਮੈਨੂੰ ਉਸ ਦੀ ਲੋੜ ਨਹੀਂ ਰਹੀ,ਮੈ ਇਹ ਸੱਭ ਕੁੱਝ ਛੱਡ ਦਿੱਤਾ ਹੈ।੩। ਬ੍ਰਾਹਮਣ ਦੇ ਧਾਰਮਿਕ ਚਿੰਨ੍ਹ ਜਨੇਊ , ਬੇਦ ਗਾਇਤ੍ਰੀ ਪੜਨ੍ਹ , ਭਾਰਤੀਆਂ ਦੇ ਮਾਲਿਕ (ਧਰਮ ਗੁਰੂ) ਬਣਨ ਅਤੇ ਰਾਜਿਆਂ ਤੋਂ ਮੰਗ ਕੇ ਖਾਣ ਦੇ ਪਖੰਡ ਤੇ ਚੋਟ ਕਰਦਿਆਂ ਭਗਤ ਕਬੀਰ ਜੀ ਫੁਰਮਉਂਦੇ ਹਨ ਕਿ :- ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ ਤੁਮ૲ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥ ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥ ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥ ਤੂੰ ਬਾਮ૲ਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥ ਤੁਮ૲ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੪੮੨) ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਊਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿੱਚ ਜਨੇਊ ਹੈ, ਜੋ ਸਾਡੇ ਗਲ ਵਿੱਚ ਨਹੀਂ ਹੈ , ਤਾਂ ਵੇਖ ਉਹੋ ਜਿਹਾ ਹੀ ਸਾਡੇ ਘਰ ਬਥੇਰਾ ਸੂਤਰ ਹੈ ਜਿਸ ਨਾਲ ਨਿੱਤ ਤਾਣਾ ਤਣਦੇ ਹਾਂ।ਤੇਰਾ ਵੇਦ ਆਦਿਕ ਪੜਨ ਦਾ ਮਾਣ ਭੀ ਕੂੜਾ ਹੈ ਕਿਉਂਕਿ ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤਰ ਨਿਰੇ ਜੀਭ ਨਾਲ ਹੀ ਉਚਾਰ ਦੇ ਹੋਂ, ਪਰ ਪਰਮਾਤਮਾ ਤਾਂ ਮੇਰੇ ਹਿਰਦੇ ਵਿੱਚ ਵੱਸਦਾ ਹੈ।੧।ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਤਾਂ ਮੇਰੀ ਜੀਭ ਉਤੇ, ਮੇਰੀਆਂ ਅੱਖਾਂ ਵਿੱਚ ਤੇ ਦਿਲ ਵਿੱਚ ਵਸਦੇ ਹਨ। ਪਰ ਜਦੋਂ ਤੈਨੂੰ ਧਰਮਰਾਜ ਦੀ ਹਜੂਰੀ ਵਿੱਚ ਪ੍ਰਭੂ ਵੱਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ, ਹੇ ਬ੍ਰਾਹਮਣ ਤੁਸੀਂ ਕਈ ਜਨਮਾਂ ਤੋਂ ਸਾਡੇ ਰਾਖੇ (ਮਾਲਕ ਗੁਆਲੇ) ਬਣੇ ਆ ਰਹੇ ਹੋਂ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਪਰ ਤੁਸੀਂ ਹੁਣ ਤੱਕ ਨਕਾਰਾ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ, ਭਾਵ ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾ ਦਿੱਤੀ।੨। ਇਹ ਠੀਕ ਹੈ ਕਿ ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ, ਤੈਨੂੰ ਕਾਂਸ਼ੀ ਵਿੱਚ ਪ੍ਰਾਪਤ ਕੀਤੀ ਆਪਣੀ ਵਿੱਦਿਆ ਦਾ ਮਾਣ ਹੈ,ਤੇ ਮੈਂ ਜਾਤ ਦਾ ਜੁਲਾਹਾ ਹਾਂ ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ, ਪਰ ਮੇਰੀ ਵਿਚਾਰ ਦੀ ਇੱਕ ਗੱਲ ਸੋਚ ਕਿ ਵਿੱਦਿਆ ਪੜ੍ਹ ਕ ਤੁਸੀਂ ਆਖਰ ਕਰਦੇ ਕੀਹ ਹੋਂ, ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋਂ ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ।੩।ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਬੁੱਧ ਮੱਤ ਵੱਲੋਂ ਜਾਤ ਧਰਮ ਤੇ ਕੀਤੀ ਗਈ ਚੋਟ ਦੇ ਜਖਮਾਂ ਨੂੰ ਭਰ ਕੇ ਇਸ ਨੂੰ ਦੁਬਾਰਾ ਮਜਬੂਤੀ ਨਾਲ ਲਾਗੂ ਕਰਨ ਵਾਸਤੇ ਆਪਣਾ ਨਵਾਂ ਵਿਧਾਨ ਕਾਨੂੰਨ ਤਿਆਰ ਕਰਕੇ ਇਸ ਨੂੰ ਮੰਨੂ ਸਿੰਮ੍ਰਿਤੀ ਦਾ ਨਾਮ ਦਿੱਤਾ, ਇਸ ਮੰਨੂ ਸਿੰਮ੍ਰਿਤੀ ਨੂੰ ਅਧਾਰ ਬਣਾਕੇ ਜਾਤੀ ਵੰਡ ਨੂੰ ਪੱਕਿਆਂ ਕਰਦਿਆਂ ਭਾਰਤੀਆਂ ਉਪਰ ਫਿਰ ਜੁਰਮ ਸੁਰੂ ਕਰ ਦਿੱਤੇ । ਬ੍ਰਾਹਮਣ ਦੇ ਮੰਨੂ ਵਿਧਾਨ (ਮੰਨੂ ਸਿੰਮ੍ਰਿਤੀ) ਦੀ ਸੱਪਣੀ (ਨਾਗਨ) ਨਾਲ ਤੁਲਨਾ ਕਰਦਿਆਂ ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥(ਗੁਰੂ ਗ੍ਰੰਥ ਸਾਹਿਬ ਪੰਨਾ ੩੨੯) ਹੇ ਵੀਰ! ਇਹ ਸਿੰਮ੍ਰਿਤੀ ਜੋ ਬੇਦਾਂ ਦੇ ਅਧਾਰ ਤੇ ਬਣੀ ਹੈ ਇਹ ਆਪਣੇ ਸ਼ਰਧਾਲੂਆਂ (ਮੰਨਣ ਵਾਲਿਆਂ) ਵਾਸਤੇ ਵਰਨ ਆਸ਼ਰਮ ਦੇ ਮਾਨੋ ਸੰਗਲ ਤੇ ਕਰਮ-ਕਾਂਢ ਦੀਆਂ ਰੱਸੀਆਂ ਲੈ ਕੇ ਆਈ ਹੋਈ ਹੈ।੧।ਇਸ ਸਿੰਮ੍ਰਿਤੀ ਨੇ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, ਇਹਨਾ ਨੂੰ ਨਰਕ ਸੁਰਗ ਆਦਿਕ ਦੇ ਮੋਹ ਦੀ ਫਾਹੀ ਵਿੱਚ ਫਸਾ ਕੇ, ਇਹਨਾ ਦੇ ਸਿਰ ਤੇ ਮੌਤ ਦੇ ਸਹਿਮ ਦਾ ਤੀਰ ਖਿੱਚਿਆ ਹੋਇਆ ਹੈ।੧।ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾ ਹੀ ਇਹ ਆਪਣੇ ਆਪ ਟੁੱਟਦੀ ਹੈ। ਇਹ ਸੱਪਣੀ ਬਣ ਕੇ ਸਾਰੇ ਜਗਤ ਨੂੰ ਖਾ ਰਹੀ ਹੈ।੨। ਮੇਰੇ ਦੇਖਦਿਆਂ ਦੇਖਦਿਆਂ ਜਿਸ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰਕੇ ਉਸ ਤੋਂ ਬਚ ਗਿਆ ਹਾਂ।੩।ਗੁਰਬਾਣੀ ਵਿੱਚ ਬ੍ਰਾਹਮਣ ਦੇ ਜਾਤੀ ਪ੍ਰਬੰਧ, ਊਚ-ਨੀਚ, ਬਹੁ ਦੇਵੀ-ਦੇਵਤਾ ਬਾਦ, ਬੁੱਤ ਪੂਜਾ, ਕਰਮ-ਕਾਂਢ, ਪੁੰਨ-ਦਾਨ, ਵਰਤ ਆਦਿ ਦਾ ਖੰਡਨ ਕਰਦੇ ਅਨੇਕਾਂ ਸਬਦ ਹਨ, ਜਿੰਨਾ ਨੂੰ ਅਸੀਂ ਪੜ ਸੁਣ ਕੇ ਵਿਚਾਰਨ ਦੀ ਥਾਂ ਸਿਰਫ ਮੱਥੇ ਟੇਕਣ ਤੱਕ ਹੀ ਸੀਮਤ ਹੋ ਕੇ ਰਹਿ ਗਏ । ਸਾਡੇ ਕੋਲ ਸਾਡੇ ਭਗਤਾਂ ਤੇ ਗੁਰੂਆਂ ਦੀ ਸੋਚ ਗੁਰਬਾਣੀ (ਗੁਰੂ ਗ੍ਰੰਥ ਸਾਹਿਬ) ਹੈ ਜੋ ਇੱਕ ਪਿਤਾ ਦੇ ਪੁੱਤਰ ਜਾਣ ਕੇ ਸ਼ਾਂਝੀਵਾਲਤਾ ਦਾ ਸਬਕ ਸਿੱਖਾ ਕੇ ਜਾਤੀ ਬੰਧਨਾ ਤੋਂ ਮੁਕਤਿ ਕਰਦੀ ਹੈ, ਸਾਨੂੰ ਗੁਰਬਾਣੀ ਤੋਂ ਸੇਧ ਲੈ ਕੈ ਜਾਤੀਵਾਦ ਨੂੰ ਖਤਮ ਕਰਕੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸੰਘਰਸ਼ ਕਰਨਾ ਚਾਹੀਂਦਾ ਹੈ, ਬ੍ਰਾਹਮਣਵਾਦ ਦਾ ਜੇ ਕੋਈ ਸੱਭ ਤੋਂ ਵੱਡਾ ਦੁਸਮਣ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ, ਜੋ ਬ੍ਰਾਹਮਣ ਦੇ ਪਾਖੰਡ, ਬੁੱਤ ਪੂਜਾ, ਤੀਰਥ ਯਾਤਰਾ, ਜਾਤ-ਪਾਤ, ਊਚ-ਨੀਚ, ਭਾਵ ਕਿ ਮਨੁੱਖਤਾ ਵਿਰੋਧੀ ਹਰ ਕਰਮ ਕਾਂਢ ਦਾ ਡੱਟ ਕੇ ਖੰਡਨ ਕਰਦਾ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਇੱਕ ਪਿਤਾ ਦੀ ਸੰਤਾਨ ਮੰਨਕੇ ਬਰਾਬਰਤਾ ਦਿੰਦਾ ਹੈ । ਪਰ ਅਫਸੋਸ ਕਿ ਸਾਨੂੰ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਬ੍ਰਾਹਮਣ ਦੇ ਦੁਸਮਣ ਅਤੇ ਸਾਡੇ ਮਿੱਤਰ (ਗੁਰੂ) ਵਾਰੇ ਵੀ ਜਾਣਕਾਰੀ ਨਹੀਂ ਹੈ । ਜੇ ਅਸੀਂ ਇਸੇ ਤਰਾਂ ਅਵੇਸਲੇ ਰਹੇ ਤਾਂ ਬ੍ਰਾਹਮਣ ਨੇ ਕੁੱਝ ਸਮੇ ਬਾਅਦ ਜਲਦੀ ਹੀ ਗੁਰਬਾਣੀ ਨੂੰ ਵੀ ਖਤਮ ਕਰ ਦੇਣਾ ਹੈ, ਫਿਰ ਇਹ ਭਾਰਤੀਆਂ ਨੂੰ ਹਿੰਦੂ ਬਣਨ ਦੀ ਥਾਂ ਸਿੱਖ ਬਣਨ ਲਈ ਪ੍ਰੇਰਨ ਲੱਗ ਜਾਣਗੇ ਕਿਉਂਕਿ ਉਦੋਂ ਤੱਕ ਸਿੱਖੀ ਦਾ ਹਿੰਦੂਕਰਨ ਹੋ ਚੁੱਕਿਆ ਹੋਵੇਗਾ ਜੋ ਕੁੱਝ ਹੱਦ ਤੱਕ ਹੋ ਵੀ ਚੁਕਿਆ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਸੇ ਕਰਨ ਦੀ ਲੋੜ ਹੀ ਬਾਕੀ ਹੈ । ਅਸਲ ਵਿੱਚ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਦਾ ਇੱਕੋ ਮਕਸਦ ਹੈ ਕਿ ਮਨੁੱਖਤਾ ਵਿੱਚ ਜਾਤਾਂ-ਧਰਮਾਂ ਦੇ ਨਾਮ ਤੇ ਵੰਡੀਆਂ ਪਾ ਕੇ ਰੱਖਣੀਆਂ, ਇੱਕ ਰੱਬ ਦੀ ਥਾਂ ਅਨੇਕਾਂ ਦੇਵੀ-ਦੇਵਤਿਆਂ, ਭਗਵਾਨਾ ਦੀ ਪੂਜਾ ਕਰਵਾਉਣੀ (ਇਸ ਵੱਲੋਂ ਸਿਰਜੇ ਉਹ ਭਗਵਾਨ ਚਾਹੇ ਸ਼ੂਦਰ ਜਾਤੀ ਦੇ ਵੀ ਕਿਉਂ ਨਾ ਹੋਣ), ਕਿਰਤ ਦੀ ਥਾਂ ਕਿਸਮਤ ਅਤੇ ਮੰਤ੍ਰਾਂ ਵਿੱਚ ਵਿਸਵਾਸ਼ ਪੈਦਾ ਕਰਨਾ । ਬ੍ਰਾਹਮਣ ਦੀ ਇਸ ਚਾਲ ਨੂੰ ਪਹਿਚਾਣਦਿਆਂ ਭਗਤਾਂ ਤੇ ਗੁਰੂਆਂ ਦੇ ਜੀਵਨ ਸਮੇ ਤੋਂ ਬਾਅਦ, ਭਗਤਾਂ/ਗੁਰੂਆਂ ਦੀ ਇਸ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਉੱਤੇ ਪਹਿਰਾ ਦਿੰਦਿਆਂ ਭਾਈ ਗੁਰਬਖਸ ਸਿੰਘ (ਬੰਦਾ ਸਿੰਘ ਬਹਾਦਰ) ਨੇ ਇਸ ਜਾਤੀ ਪ੍ਰਬੰਧ ਨਾਲ ਟੱਕਰ ਲਈ ਸੀ, (ਇਸ ਤੋਂ ਬਾਅਦ ਸੰਘਰਸ਼ ਤਾਂ ਹੁੰਦੇ ਰਹੇ ਪਰ ਬ੍ਰਾਹਮਣ ਦੀ ਸੋਚ ਭਾਰੂ ਹੁੰਦੀ ਗਈ) ਸਿੱਖ ਮਿਸਲਾਂ ਨੇ ਵਿਦੇਸ਼ੀ ਹਮਲਾਵਰਾਂ ਦੇ ਦੰਦ ਖੱਟੇ ਕੀਤੇ, ਮੁਗਲਾਂ ਨਾਲ ਲੜਾਈਆਂ ਲੜੀਆਂ, ਵਿਦੇਸ਼ੀ ਜਰਵਾਣਿਆਂ ਤੋਂ ਇਸ ਦੇਸ਼ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਬਚਾਈਆਂ, ਪਰ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਸੋਚਿਆ ਕਿ ਜੇਕਰ ਜਾਤੀ ਪ੍ਰਬੰਧ ਨੂੰ ਖਤਮ ਕਰਨ ਵਾਲਾ ਸਿੱਖ ਪ੍ਰਬੰਧ ਲਾਗੂ ਹੋ ਗਿਆ ਤਾਂ ਭਾਰਤੀ ਅਜਾਦ ਹੋ ਜਾਣਗੇ ਅਤੇ ਮੇਰਾ ਹਜਾਰਾਂ ਸਾਲਾਂ ਦਾ ਸਥਾਪਤ ਕੀਤਾ ਰਾਜ ਖਤਮ ਹੋ ਜਾਵੇਗਾ । ਤਾਂ ਉਸ ਨੇ ਆਪਣੀਆਂ ਧੀਆਂ ਭੈਣਾ ਦੀ ਰਾਖੀ ਕਰਨ ਵਾਲਿਆਂ ਭਾਰਤੀ ਸਿੱਖਾਂ ਦੀ ਥਾਂ ਆਪਣੀਆਂ ਧੀਆਂ ਭੈਣਾ ਦੀਆਂ ਇੱਜਤਾਂ ਲੁੱਟਣ ਵਾਲਿਆਂ ਦਾ ਸਾਥ ਦੇ ਕੇ ਸਿੱਖਾਂ ਨੂੰ ਖਤਮ ਕਰਵਾਇਆ, ਫਿਰ ਸਿੱਖ ਰਾਜ ਨੂੰ ਖਤਮ ਕਰਵਾਇਆ, ਤੇ ਹੌਲੀ ਹੌਲੀ ਜਾਤ ਪਾਤ ਵਿਰੋਧੀ  ਭਗਤਾਂ/ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ  ਵਿਚਾਰਧਾਰਾ ਗੁਰਬਾਣੀ ਨੂੰ ਸਤਿਕਾਰ ਦੇ ਨਾਮ ਤੇ ਪੂਜਣ ਯੋਗ ਬੁੱਤ ਬਣਾ ਕੇ ਰੱਖ ਦਿੱਤਾ । ਸਿੱਖੀ ਇਸ ਦੇਸ਼ ਵਿੱਚ ਪਹਿਲਾਂ ਤੋਂ ਚੱਲ ਰਹੇ ਧਰਮਾਂ ਜਾਂ ਜਾਤਾਂ ਦੇ ਮੁਕਾਬਲੇ ਇੱਕ ਹੋਰ ਨਵਾਂ ਧਰਮ ਜਾਂ ਜਾਤ ਨਹੀਂ ਸੀ, ਇਹ ਤਾਂ ਪਹਿਲਾਂ ਤੋਂ ਪ੍ਰਚੱਲਤ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਧਰਮਾ ਅਤੇ ਜਾਤਾਂ ਦੇ ਵਿਰੁੱਧ ਇੱਕ ਸਹੀ ਸੋਚ ਸੀ। ਸੋਚੋ ਭਗਤ ਕਬੀਰ, ਭਗਤ ਫਰੀਦ, ਭਗਤ ਨਾਮਦੇਵ, ਭਗਤ ਰਵਿਦਾਸ ਆਦਿ ਜਿੰਨਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾ ਦਾ ਕੀ ਧਰਮ ਜਾਂ ਜਾਤ ਸੀ ? ਉਹ ਕਿਸ ਧਰਮ ਜਾਂ ਜਾਤ ਦੇ ਪ੍ਰਚਾਰਕ ਸਨ ? ਫਿਰ ਇਹਨਾ ਸਾਰੇ ਭਗਤਾਂ ਦੀ ਵਿਚਾਰਧਾਰਾ, ਗੁਰਬਾਣੀ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਵਿਚਾਰਧਾਰਾਂ ਗੁਰਬਾਣੀ ਨਾਲ ਦਰਜ ਕਰਨ ਵਾਲੇ ਗੁਰੂਆਂ ਦਾ ਕੀ ਕੋਈ ਜਾਤ ਗੋਤ ਵਰਨ ਜਾਂ ਧਰਮ ਹੋਵੇਗਾ ? ਨਹੀਂ ।ਬ੍ਰਾਹਮਣ ਨੇ ਜਾਤੀ ਪ੍ਰਬੰਧ ਦੇ ਵਿਰੋਧ ਵਿੱਚ ਉਠੀ ਸਿੱਖੀ ਲਹਿਰ ਨੂੰ ਐਸਾ ਮੋੜ ਦਿੱਤਾ ਕਿ ਸਿੱਖਾਂ ਰਾਹੀਂ ਹੀ ਗੁਰਬਾਣੀ ਨੂੰ ਪੜ ਸੁਣ ਕੇ ਵਿਚਾਰਨ ਦੀ ਥਾਂ ਇੱਕ ਮੰਤ੍ਰ ਬਣਾ ਕੇ ਉਸ ਦੇ ਅਖੰਡ ਪਾਠ, ਸੰਪਟ ਪਾਠ, ਮੋਨ ਪਾਠ ਆਦਿ ਬਣਾ ਕੇ ਮੰਤਰਾਂ ਵਾਂਗ ਤੋਤਾ ਰੱਟਣੀਆਂ ਕਰਨੀਆਂ ਸ਼ੁਰੂ ਕਰਵਾ ਦਿੱਤੀਆਂ ।ਜਾਤ, ਕੁਲ ਵਿਰੋਧੀ ਇੱਕ ਗ੍ਰੰਥ ਤੇ ਸਾਂਝੀਵਾਲਤਾ ਦੇ ਇੱਕ ਪੰਥ ਨੂੰ ਮੰਨਣ ਵਾਲੇ ਸਿੱਖਾਂ ਨੂੰ ਹੀ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਗਹਿਰੀ ਸਾਜਿਸ ਦੇ ਅਧੀਨ ਜਾਤਾਂ, ਗੋਤਾਂ, ਵੰਸ਼ਾਂ, ਡੇਰਿਆਂ, ਟਕਸਾਲਾਂ ਠਾਠਾਂ ਆਦਿ ਵਿੱਚ ਵੰਡ ਦਿੱਤਾ । ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਸਿੱਖਾਂ ਨੇ ਅਣਗਿਣਤ ਗ੍ਰੰਥਾਂ ਨੂੰ ਆਪਣੇ ਮਾਰਗ ਦਰਸ਼ਕ ਬਣਾ ਲਿਆ, ਇੱਥੋਂ ਤੱਕ ਕਿ ਇਸਤਰੀ ਜਾਤੀ ਦੇ ਵਿਰੋਧੀ, ਜਾਤਾਂ, ਵੰਸ਼ਾਂ, ਵਰਨਾ, ਦੇਵੀ ਦੇਵਤਿਆਂ, ਨਸਿਆਂ ਅਤੇ ਲੱਚਰਤਾ ਨੂੰ ਉਤਸਾਹਤ ਕਰਨ ਵਾਲੇ ਮਿਥਹਿਸ ਨਾਲ ਭਰਭੂਰ, ਬਚਿਤ੍ਰਨਾਟਕ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਿਤ ਕਰਨ ਦੀਆਂ ਕੋਝੀਆਂ ਚਾਲਾ ਚੱਲੀਆਂ ਜਾ ਹਰੀਆਂ ਹਨ, ਤਾਂ ਕਿ ਜਾਤਾਂ, ਗੋਤਾਂ, ਵੰਸ਼ਾਂ, ਊਚ-ਨੀਚ, ਵਰਨ-ਵੰਡ, ਦੇਵੀ-ਦੇਵਤਿਆਂ ਦੇ ਬੁੱਤਾਂ ਦੀ ਪੂਜਾ, ਨਸਿਆਂ ਦੇ ਸੇਵਨ ਤੋਂ ਰੋਕਣ ਅਤੇ ਮਨੁੱਖਤਾ ਨੂੰ ਬਰਾਬਰਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਸਕੇ ।ਜਾਤੀ ਪ੍ਰਬੰਧ ਦੇ ਸਿਰਜਿਕ ਨੇ ਸਰਕਾਰੀ ਸਰਪ੍ਰਸਤੀ ਹੇਠ  ਪੂਰੇ ਭਾਰਤ ਨੂੰ ਡੇਰਿਆਂ ਦੇ ਜਾਲ ਵਿੱਚ ਫਸਾ ਦਿੱਤਾ । ਬੁੱਤ ਪੂਜਾ ਅਤੇ ਜਾਤ-ਵਰਨ ਦੇ ਵਿਰੋਧੀ ਭਗਤਾਂ ਦੀਆਂ ਅਖੌਤੀ ਜਾਤਾਂ ਦੇ ਨਾਵਾਂ ਉੱਤੇ ਮੰਦਰ ਉਸਾਰ ਕੇ ਉਹਨਾ ਦੇ ਹੀ ਬੁੱਤ ਬਣਾ ਕੇ ਪੂਜਾ ਸ਼ੁਰੂ ਕਰਵਾ ਦਿੱਤੀ  । ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਸੋਚ ਦਾ ਮਨੁੱਖ ਸੀ, ਇੱਕ ਰੱਬ ਨੂੰ ਮੰਨਣ ਵਾਲਾ ਅਜਾਦ ਮਨੁੱਖ, ਸਿੱਖ, ਸਿੰਘ, ਖਾਲਸਾ ਜੋ ਕਿਸੇ ਦਾ ਗੁਲਾਮ ਨਹੀਂ ਹੋਵੇਗਾ,  ਜਿਸ ਦੀ ਕੋਈ ਜਾਤ ਨਹੀਂ ਹੋਵੇਗੀ, ਜਿਸ ਦੀ ਕੋਈ ਕੁਲ਼ ਨਹੀਂ ਹੋਵੇਗੀ, ਜਿਸ ਦਾ ਕੋਈ ਧਰਮ ਨਹੀਂ ਹੋਵੇਗਾ, (ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ਗੁਰੂ ਗ੍ਰੰਥ ਸਾਹਿਬ ਪੰਨਾ ੨੬੬, ਹੇ ਮਨ ! ਪ੍ਰਭੂ ਦਾ ਨਾਮ ਜਪ ਅਤੇ ਪਵਿਤ੍ਰ ਆਚਰਣ ਬਣਾ ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ ।) ਜਿਸ ਦਾ ਕੋਈ ਵਿਸੇਸ ਕੰਮ ਨਹੀਂ ਹੋਵੇਗਾ, ਉਸ ਦੀ ਆਪਣੀ ਮਰਜੀ ਹੋਵੇਗੀ ਕਿ ਉਸ ਨੇ ਕਿਹੜਾ ਕੰਮ ਕਰਨਾ ਹੈ ਜਾਂ ਨਹੀਂ ਕਰਨਾ । ਪਰ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਇਸ ਸੋਚ (ਸਿੱਖ) ਨੂੰ ਜਲਦੀ ਹੀ ਆਪਣੇ ਕਲਾਵੇ ਵਿੱਚ ਲੈ ਕੇ ਆਪਣੇ ਰੰਗ ਵਿੱਚ ਰੰਗ ਕੇ ਜਾਤੀ ਵੰਡ ਵਿੱਚ ਵੰਡ ਦਿੱਤਾ । ਹੁਣ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗਿਆ ਹੋਇਆ ਸਿੱਖ ਆਪਣੇ ਆਪ ਨੂੰ  ਜੱਟ ਸਿੱਖ, ਮਹਜਵੀ ਸਿੱਖ, ਰਵਦਾਸੀਆ ਸਿੱਖ, ਰੰਘਰੇਟਾ ਸਿੱਖ, ਰਾਮਗੜੀਆ ਸਿੱਖ, ਮਹਿਰਾ ਸਿੱਖ, ਸੋਢੀ ਸਿੱਖ, ਬੇਦੀ ਸਿੱਖ, ਲੁਬਾਣੇ ਸਿੱਖ, ਰੋੜੇ ਸਿੱਖ, ਇਸ ਤੋਂ ਵੀ ਅੱਗੇ ਵੱਧ ਕੇ ਟਕਸਾਲੀ ਸਿੱਖ, ਜੱਥੇ ਵਾਲੇ ਸਿੱਖ, ਨਾਨਕ ਸਰੀਏ ਸਿੱਖ, ਰਾੜੇ ਵਾਲੇ ਸਿੱਖ, ਆਦਿ ਸਿੱਖ , ਹੁਣ ਜਾਤਾਂ, ਗੋਤਾਂ, ਵੰਸ਼ਾਂ, ਸੰਪ੍ਰਦਾਵਾਂ, ਜੱਥੇਬੰਦੀਆਂ ਦੇ ਇੰਨੇ ਭਾਂਤੇ ਸਿੱਖ ਬਣ ਚੁੱਕੇ ਹਨ ਕੇ ਉਹਨਾ ਦਾ ਜਿਕਰ ਕਰਨਾ ਵੀ ਬਹੁਤ ਔਖਾ ਹੈ । ਜਦ ਕਿ ਸੱਚ ਇਹ ਹੈ ਕਿ ਜੋ ਸਿੱਖ ਹੈ ਉਸ ਦੀ ਜਾਤ (ਗੋਤ, ਵੰਸ਼, ਸੰਪ੍ਰਦਾ) ਨਹੀਂ ਹੈ, ਜਿਸ ਦੀ ਜਾਤ (ਗੋਤ, ਵੰਸ਼, ਸੰਪ੍ਰਦਾ) ਹੈ ਉਹ ਸਿੱਖ ਨਹੀਂ ਹੈ ਕਿਉਂਕਿ ਜਾਤੀ ਪ੍ਰਬੰਧ ਵਿੱਚ ਸਿਰਫ ਬ੍ਰਾਹਮਣ ਜਾਤ ਹੀ ਊਚੀ ਤੇ ਅਜਾਦ ਹੈ, ਬਾਕੀ ਦੀਆਂ ਸਾਰੀਆਂ ਜਾਤੀਆਂ ਨੀਚ ਅਤੇ ਬ੍ਰਾਹਮਣ ਦੇ ਅਧੀਨ ਹਨ । ਅਜੋਕੇ ਹਾਲਾਤਾਂ ਅਨੁਸਾਰ ਜੇ ਇਉਂ ਕਹਿ ਲਈਏ ਕਿ ਤਿਲਕ, ਬੋਦੀ, ਧੋਤੀ ਵਾਲੇ ਬ੍ਰਾਹਮਣ ਦੀ ਥਾਂ ਭੇਸ ਬਦਲ ਕੇ  ਪੱਗ, ਕੇਸ ਦਾੜੀ ਤੇ ਗਾਤਰੇ ਵਾਲਾ, ਓਹੀ  ਬ੍ਰਾਹਮਣ ਬੈਠ ਗਿਆ ਹੈ ਤਾਂ ਇਸ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ । ਗੁਰਬਾਣੀ ਦਾ ਸੁਨੇਹਾ ਸਮੁੱਚੀ ਮਨੁੱਖਤਾ ਲਈ ਹੈ ਨਾ ਕਿ ਸਿਰਫ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗੇ ਹੋਏ ਸਿੱਖਾਂ ਲਈ । ਮੁਆਫ ਕਰਨਾ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਸੋਚ (ਗੁਰਬਾਣੀ) ਜਿਸ ਨੇ ਜਾਤੀ ਪ੍ਰਬੰਧ ਦੇ ਸਿਰਜਿਕ ਤੋਂ ਪੂਰੀ ਮਨੁੱਖਤਾ ਨੂੰ ਅਜਾਦ ਕਰਵਾਉਣਾ ਸੀ , ਉਸ ਨੂੰ ਸਾਰੀ ਮਨੁੱਖਤਾ ਦੇ ਭਲੇ ਲਈ ਅੱਜ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗੇ ਹੋਏ ਸਿੱਖਾਂ ਤੋਂ ਅਜਾਦ ਕਰਵਾਉਣ ਦੀ ਲੋੜ ਹੈ !

    ਮਿਤੀ 17-05-2016


                                        ਹਰਲਾਜ ਸਿੰਘ ਬਹਾਦਰਪੁਰ  
                        ਪਿੰਡ ਤੇ ਡਾਕ : ਬਹਾਦਰਪੁਰ                
                        ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) 
                        ਪਿੰਨਕੋਡ-151501 
                        ਮੋਬਾਇਲ-94170-23911
                        harlajsingh7@gmail.com

ਮਸਲਾ ਸਹਿਜਧਾਰੀ ਸਿੱਖਾਂ ਦਾ - ਹਰਲਾਜ ਸਿੰਘ ਬਹਾਦਰਪੁਰ

ਸਿੱਖਾਂ ਨੂੰ ਦੋ ਹਿਸਿਆਂ ਵਿੱਚ ਵੰਡਣ  ਤੋਂ ਰੋਕਣ ਵਾਲੇ ਇਸ ਚੰਗੇ ਫੈਂਸਲੇ ਦਾ ਸਵਾਗਤ ਕਰਨਾ ਬਣਦਾ ਹੈ ।

ਸਿਆਸੀ ਲੋਕਾਂ ਨੇ ਸਿਆਸਤ ਦੇ ਦਾਅ ਪੇਚ ਖੇਡਦਿਆਂ ਹਮੇਸਾਂ ਹੀ ਆਮ ਲੋਕਾਂ ਵਿੱਚ ਵੰਡੀਆਂ ਹੀ ਪਾਈਆਂ ਹਨ ਪਰ ਸਹਿਜਧਾਰੀਆਂ ਦੇ ਮੁਦੇ ਤੇ ਇਸ ਦੇ ਉਲਟ ਖੇਡ ਖੇਡੀ ਗਈ ਹੈ ਜਿਸ ਵਿੱਚ ਵੰਡੀਆਂ ਪਾਉਣ ਦੀ ਥਾਂ ਵੰਡੀ ਪਾਉਣ ਤੋਂ ਰੋਕਣ ਵਾਲਾ ਫੈਸਲਾ ਕੀਤਾ ਗਿਆ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ । ਇਸ ਵਿੱਚ ਕੋਈ ਸੱਕ ਨਹੀਂ ਹੈ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧੜੇ (ਬਾਦਲ ਪ੍ਰੀਵਾਰ) ਨੇ ਗੈਰ ਸਿੱਖਾਂ ਅਤੇ ਸਿੱਖ ਵਿਰੋਧੀਆਂ ਨਾਲੋਂ ਵੀ ਸਿੱਖੀ ਦਾ ਵੱਧ ਨੁਕਸਾਨ ਕੀਤਾ ਹੈ ਅਤੇ ਕਰ ਵੀ ਰਿਹਾ ਹੈ , ਹੋ ਸਕਦੈ ਇਹ ਫੈਂਸਲਾ ਵੀ ਉਹਨਾ ਨੇ ਆਪਣੀ ਸੋਚ ਮੁਤਾਬਿਕ ਸਿੱਖੀ ਦੇ ਨੁਕਸਾਨ ਲਈ ਹੀ ਕੀਤਾ ਹੋਵੇ ਪਰ ਇਹ ਉਹਨਾ ਦੀ ਸੋਚ ਦੇ ਉਲਟ ਹੋਇਆ ਹੈ ।ਵਿਰੋਧੀ ਪਾਰਟੀਆ ਹੋਣ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਸ ਫੈਂਸਲੇ ਦਾ ਵਿਰੋਧ ਵੀ ਕੀਤਾ ਹੈ । ਹੁਣ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਇਸ ਨਾਲ ਸਿੱਖਾਂ ਦੀ ਗਿਣਤੀ ਘੱਟੇਗੀ, ਕੋਈ ਕਹਿ ਰਿਹਾ ਹੈ ਕਿ ਸਿੱਖਾਂ ਵਿੱਚ ਫੁੱਟ ਪੈ ਗਈ, ਕੋਈ ਕਹਿ ਰਿਹਾ ਹੈ ਕਿ ਸਹਿਜਧਾਰੀਆਂ ਨੂੰ ਗਲੇ ਨਾਲ ਲਗਾਉਣ ਦੀ ਵਜਾਏ ਪਰੇ ਧੱਕ ਦਿੱਤਾ ਹੈ ਪਰ ਮੇਰੀ ਸੋਚ ਮੁਤਾਬਿਕ ਅਜਿਹਾ ਕੁੱਝ ਵੀ ਨਹੀਂ ਹੋਇਆ ਇਹ ਸੱਭ ਸਿਆਸੀ ਵਿਰੋਧ ਹਨ । ਹਾਂ ਸਹਿਜਧਾਰੀਆਂ ਨੂੰ ਮਾਨਤਾ ਦੇਣ ਨਾਲ ਸਿੱਖਾਂ ਦੀ ਗਿਣਤੀ ਘੱਟਣੀ ਸੀ, ਸਿੱਖਾਂ ਵਿੱਚ ਫੁੱਟ ਵੀ ਪੈਣੀ ਸੀ ਅਤੇ ਸਹਿਜਧਾਰੀਆਂ ਨੂੰ ਸਿੱਖੀ ਤੋਂ ਦੂਰ ਵੀ ਧੱਕਿਆ ਜਾਣਾ ਸੀ ।ਕਿਉਕਿ ਸਹਿਜਧਾਰੀਆਂ ਨੂੰ ਮਾਨਤਾ ਮਿਲਣ ਨਾਲ ਸਿੱਖਾਂ ਦੇ ਦੋ ਧੜੇ ਪੱਕੇ ਤੌਰ ਤੇ ਬਣ ਜਾਣੇ ਸਨ ,ਇੱਕ ਸਿੱਖ ਅਤੇ ਦੂਜੇ ਸਹਿਜਧਾਰੀ ਸਿੱਖ, ਇਸ ਨਾਲ ਖੰਡੇ ਦੀ ਪਹੁਲਧਾਰੀ ਸਿੱਖਾਂ ਦੀ ਗਿਣਤੀ ਵੀ ਘੱਟ ਜਾਣੀ ਸੀ ਅਤੇ ਸਹਿਜਧਾਰੀ ਸਿੱਖ ਸਦਾ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪਾਹੁਲਧਾਰੀ ਸਿੱਖ ਪੰਥ ਤੋਂ ਦੂਰ ਹੋ ਜਾਣੇ ਸੀ । ਬੇਸੱਕ ਅਜੋਕੀ ਸਿੱਖੀ ਅੱਜ ਸਿਆਸੀ ਲੀਡਰਾਂ ਅਤੇ ਪੁਜਾਰੀਵਾਦ ਦੇ ਕਬਜੇ ਵਿੱਚ ਹੋਣ ਕਾਰਨ ਆਪਣੇ ਅਸਲੀ ਸਿਧਾਂਤਾਂ ਤੋਂ ਦੂਰ ਜਾ ਚੁੱਕੀ ਹੈ ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬ੍ਰਾਹਮਣ ਦੀ ਜਾਤ ਵਰਣ ਵੰਡ ਦੀ ਤਰਾਂ ਸਿੱਖੀ ਪਿਤਾ ਪੁਰਖੀ ਨਹੀਂ ਹੈ , ਸਿੱਖ ਦੇ ਘਰ ਸਿੱਖ ਨਹੀਂ ਜੰਮਦਾ , ਸਿੱਖ ਤਾਂ ਬਣਨਾ ਪੈਂਦਾ ਹੈ । ਸਿੱਖੀ ਇੱਕ ਵਿਚਾਰਧਾਰਾ ਹੈ ਇਸ ਨੂੰ ਮੰਨਣ ਵਾਲਾ ਸਿੱਖ ਹੈ , ਕੋਈ ਵੀ ਵਿਅੱਕਤੀ ਇਸ ਵਿਚਾਰਧਾਰਾ ਨੂੰ ਅਪਣਾ ਕੇ ਸਿੱਖ ਬਣ ਸਕਦਾ ਹੈ ਤੇ ਕੋਈ ਸਿੱਖੀ ਨੂੰ ਛੱਡ ਵੀ ਸਕਦਾ ਹੈ । ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਜੀ ਵੀ ਕਹਿੰਦੇ ਰਹੇ ਹਨ ਕਿ ਸਿੱਖਾਂ ਦੇ ਘਰ ਜਨਮਿਆ ਹਰ ਬੱਚਾ ਸਿੱਖ ਹੈ । ਡਾ: ਰਾਣੂੰ ਜੀ ਦੀ ਇਹ ਗੱਲ ਕਿ ਸਿੱਖਾਂ ਦੇ ਘਰ ਜਨਮਿਆ ਹਰ ਬੱਚਾ ਸਿੱਖ ਹੁੰਦਾ ਹੈ, ਬਿਲਕੁਲ ਗਲਤ ਹੈ । ਕਿਉਂਕਿ ਸਿੱਖੀ ਇੱਕ ਸੱਚ ਦਾ ਮਾਰਗ ਹੈ । ਇਸ ਮਾਰਗ ਤੇ ਤੁਰਨ ਵਾਲਾ ਹੀ ਇਸ ਮਾਰਗ ਦਾ ਪਾਂਧੀ ਕਹਾ ਸਕਦਾ ਹੈ । ਸਿੱਖਾਂ ਦੇ ਘਰ ਜਨਮ ਲੈਣ ਵਾਲਾ ਤਾਂ ਕੀ, ਸਿੱਖ ਗੁਰੂਆਂ ਦੇ ਘਰ ਜਨਮ ਲੈਣ ਵਾਲੇ ਵੀ ਸਿੱਖੀ ਤੋਂ ਦੂਰ ਰਹੇ ਸਨ । ਜਿਵੇਂਕਿ ਗੁਰੁ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਤੇ ਲੱਖਮੀ ਦਾਸ, ਗੁਰੁ ਨਾਨਕ ਜੀ ਦੀ ਸਿੱਖੀ (ਸੋਚ) ਤੋਂ ਉਲਟ ਸਨ । ਚੌਥੇ ਪਾਤਸ਼ਾਹ ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ, ਜਿੰਨ੍ਹਾਂ ਵਿੱਚੋਂ ਜਿੱਥੇ ਗੁਰੂ ਅਰਜਨ ਦੇਵ ਜੀ ਸਿੱਖ ਗੁਰੂ ਹੋਏੇ ਹਨ, ਉੱਥੇ ਪਿਰਥੀ ਚੰਦ ਸਿੱਖ ਵਿਰੋਧੀ ਸੀ । ਸੱਤਵੇਂ ਪਾਤਸ਼ਾਹ ਗੁਰੂ ਹਰ ਰਾਇ ਸਾਹਿਬ ਜੀ ਦੇ ਵੀ ਦੋ ਪੁੱਤਰ ਸਨ, ਜਿੰਨ੍ਹਾਂ ਵਿੱਚੋਂ ਇੱਕ ਗੁਰੂ ਹਰ ਕ੍ਰਿਸ਼ਨ ਬਣਿਆ ਤੇ ਦੂਜਾ ਰਾਮ ਰਾਇ ਸੀ ਜੋ ਸਤਗੁਰਾਂ ਦੀ ਸੋਚ ਦੇ ਉਲਟ ਸੀ । ਅਜੋਕੇ ਸਿੱਖਾਂ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਕਿ ਸਿੱਖਾਂ ਦੇ ਘਰ ਜਨਮੇ ਬੱਚੇ ਕਿੰਨੇ ਕੁ ਸਿੱਖ ਹਨ । ਸਿੱਖੀ ਦਾ ਮੂਲ ਸਿਧਾਂਤ ਇੱਕ ਹੈ । ਸਿੱਖੀ ਵਿੱਚ ਦੇਵੀ-ਦੇਵਤਿਆਂ ਅਵਤਾਰਾਂ ਆਦਿ ਲਈ ਕੋਈ ਥਾਂ ਨਹੀਂ । ਸਿਰਫ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਹੀ ਸਰਵ ਉੱਚ ਮੰਨਿਆ ਗਿਆ ਹੈ । ਜਾਤ-ਪਾਤ, ਊਚ-ਨੀਚ, ਵਰਣ ਵੰਡ ਨੂੰ ਵੀ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ । ਸਿੱਖੀ ਦਾ ਸਿਧਾਂਤ ਸਮੁੱਚੀ ਮਨੁੱਖਤਾ ਨੂੰ ਇੱਕ ਬਰਾਬਰ ਸਮਝਦਾ ਹੈ ਅਤੇ ਇੱਕ ਦੇ ਹੀ ਲੜ ਲਾਉਂਦਾ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਏਕਤਾ (ਇੱਕ) ਦਾ ਪਾਠ ਪੜ੍ਹਾਉਣ ਵਾਲੀ ਸਿੱਖੀ ਅੱਜ ਅਨੇਕਤਾ (ਹਜਾਰਾਂ ਧੜਿਆਂ) ਵਿੱਚ ਵੰਡੀ ਜਾ ਚੁੱਕੀ ਹੈ । ਇੱਕ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ) ਅਤੇ ਇੱਕ ਪੰਥ ਦੇ ਪੈਰੋਕਾਰ ਕਹਾਉਣ ਵਾਲੇ ਸਾਡੇ ਅਜੋਕੇ ਸਿੱਖਾਂ ਦਾ ਨਾ ਤਾਂ ਗ੍ਰੰਥ ਇੱਕ ਰਿਹਾ ਤੇ ਨਾ ਪੰਥ ਇੱਕ ਰਿਹਾ । ਕਹਿਣ ਨੂੰ ਭਾਵੇਂ ਅਸੀਂ ਸਾਰੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਕਹਾਉਂਦੇ ਹਾਂ, ਪਰ ਇੱਕ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ) ਦੀ ਥਾਂ ਸਾਡੇ ਗ੍ਰੰਥ ਵੀ ਬਹੁਤ ਸਾਹਮਣੇ ਆ ਚੁੱਕੇ ਹਨ, ਜਿੰਨ੍ਹਾਂ ਤੋਂ ਅੱਜ ਸਿੱਖ ਕੌਮ ਸੇਧ ਲੈ ਰਹੀ ਹੈ । ਇੱਕ ਪੰਥ ਵੀ ਸਾਡਾ ਨਹੀਂ ਰਿਹਾ । ਅੱਜ ਜਿੰਨੇ ਸਿੱਖ ਹਨ ਉਨੇ ਹੀ ਡੇਰੇ, ਟਕਸਾਲਾਂ, ਦਲ, ਜਥੇ ਆਦਿ ਹਨ । ਸਭ ਸਿੱਖ ਆਪੋ ਆਪਣੇ ਡੇਰੇ, ਟਕਸਾਲਾਂ, ਦਲ, ਜਥੇ, ਬਾਬੇ, ਸੰਤ, ਬ੍ਰਹਮ ਗਿਆਨੀ ਆਦਿ ਨੂੰ ਸਰਵਉੱਚ ਮੰਨਦੇ ਹਨ । ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ: ਰਾਣੂੰ ਸਾਹਿਬ ਜੀ ਵੀ ਅਜਿਹਿਆਂ ਵਿੱਚੋਂ ਹੀ ਇੱਕ ਹਨ। ਜੋ ਇੱਕ ਹੋਰ ਧੜਾ ਖੜਾ ਕਰ ਰਹੇ ਸਨ । ਜੇ ਡਾ: ਰਾਣੂੰ ਜੀ ਸੱਚਮੁੱਚ ਸਿੱਖੀ ਨੂੰ ਪਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਚਾਹੀਂਦਾ ਸੀ ਕਿ ਉਹ ਵੱਖਰਾ ਧੜਾ ਪੈਦਾ ਕਰਨ ਦੀ ਥਾਂ ਸਿੱਖੀ ਵਿੱਚ ਆਪੋ ਆਪਣੇ ਨਾਮ ਚਮਕਾਉਣ ਲਈ ਬਣੇ ਧੜਿਆਂ ਨੂੰ ਖਤਮ ਕਰਨ ਦਾ ਬੀੜਾ ਚੁੱਕਦੇ । ਪਰ ਅਫਸੋਸ ਕਿ ਡਾ: ਰਾਣੂੰ ਜੀ ਨੇ ਵੀ ਇੱਕ ਹੋਰ ਧੜਾ ਖੜਾ ਕਰ ਲਿਆ ਹੈ । ਜਿਨੇ ਧੜੇ, ਡੇਰੇ, ਟਕਸਾਲਾਂ, ਦਲ, ਜਥੇ ਆਦਿ ਸਿੱਖੀ ਵਿੱਚ ਘੁਸਪੈਠ ਕਰ ਚੁੱਕੇ ਹਨ, ਉਨ੍ਹਾਂ ਸਭ ਲਈ ਸਿੱਖੀ ਸਿਧਾਤਾਂ ਨਾਲੋਂ ਆਪਣੇ ਧੜੇ ਹੀ ਸਰਵੋਤਮ ਹਨ । ਸਿੱਖੀ ਸਿਧਾਂਤਾਂ ਦੇ ਸੋਹਣੇ ਰੁੱਖ ਉੱਪਰ ਇਹ ਧੜੇ ਅਮਰ ਵੇਲ ਬਣ ਕੇ ਛਾਏ ਹੋਏ ਹਨ, ਜੋ ਆਪ ਤਾਂ ਵਧ ਫੁੱਲ ਰਹੇ ਹਨ ਪਰ ਸਿੱਖੀ ਸਿਧਾਂਤਾਂ ਨੂੰ ਖਤਮ ਕਰ (ਸੁਕਾ) ਰਹੇ ਹਨ । ਹੋ ਸਕਦੈ ਡਾ: ਰਾਣੂੰ ਜੀ ਅੰਦਰ ਸਿੱਖੀ ਪ੍ਰਤੀ ਹਮਦਰਦੀ ਹੋਵੇ, ਉਹ ਸਿੱਖੀ ਤੇ ਕਬਜਾ ਕਰੀ ਬੈਠੇ ਮਾਫੀਏ (ਗਰੋਹ) ਤੋਂ ਦੁਖੀ ਹੋਣ, ਇਸ ਲਈ ਉਨ੍ਹਾਂ ਨੇ ਇਹ ਰਾਹ ਚੁਣਿਆ ਹੋਵੇ । ਇਹ ਸੋਚ ਤਾਂ ਚੰਗੀ ਹੈ । ਕਿਉਂਕਿ ਸਿੱਖੀ ਤੇ ਕਬਜਾ ਕਰੀ ਬੈਠੇ ਇਹਨਾਂ ਭੇਖੀ ਸਿੱਖਾਂ (ਸਿੱਖੀ ਦੇ ਠੇਕੇਦਾਰਾਂ) ਤੋਂ ਸਿੱਖੀ ਨੂੰ ਮੁਕਤ ਕਰਵਾਉਣਾ ਜਰੂਰੀ ਹੈ ।ਡਾ: ਰਾਣੂੰ ਜੀ ਜੇਕਰ ਤੁਸੀਂ ਇਹਨਾਂ ਭੇਖੀ ਸਿੱਖਾਂ (ਸਿੱਖੀ ਦੇ ਠੇਕੇਦਾਰਾਂ) ਤੋਂ ਸਿੱਖੀ ਨੂੰ ਮੁਕਤ ਕਰਵਾਉਣਾ ਚਾਹੁੰਦੇ ਹੋਂ ਤਾਂ ਸਿਰਫ ਸਿੱਖ ਬਣ ਕੇ ਆਓ, ਸਿੱਖੀ ਤੇ ਕਬਜਾ ਕਰੀ ਬੈਠੇ ਮਾਫੀਏ ਨੂੰ ਭਜਾਓ, ਇਸ ਵਿੱਚ ਹੀ ਸਭ ਦਾ ਭਲਾ ਹੈ ਪਰ ਬੇਨਤੀ ਹੈ ਕਿ ਕ੍ਰਿਪਾ ਕਰਕੇ ਸਿੱਖ ਨੂੰ ਇੱਕ ਸਿੱਖ ਹੀ ਰਹਿਣ ਦਿਓ, ਇਹ ਤਾਂ ਪਹਿਲਾਂ ਹੀ ਬਹੁਤ ਵੰਡਿਆ ਜਾ ਚੁੱਕਾ ਹੈ । ਹੁਣ ਤੁਸੀਂ ਇਸ ਵਿੱਚ ਇੱਕ ਵੰਡ ਹੋਰ (ਸਹਿਜਧਾਰੀ ਸਿੱਖਾਂ ਵਾਲੀ) ਨਾ ਪਾਓ ।  ਸਹਿਜਧਾਰੀਆਂ ਦੇ ਨਾਮ ਤੇ ਇੱਕ ਹੋਰ ਧੜਾ ਖੜਾ ਕਰਕੇ ਸ਼੍ਰੋ:ਗੁ:ਪ੍ਰ: ਕਮੇਟੀ ਦੀਆਂ ਚੋਣਾਂ ਵਿੱਚ ਵੋਟਾਂ ਦਾ ਹੱਕ ਪ੍ਰਾਪਤ ਕਰਨ ਲਈ ਡਾ: ਰਾਣੂੰ ਜੀ ਕਹਿ ਰਹੇ ਸਨ ਕਿ ਸਹਿਜਧਾਰੀ ਸਿੱਖ ਵੋਟ ਪਾਉਣ ਦਾ ਅਧਿਕਾਰ ਮੰਗਦੇ ਹਨ, ਚੋਣ ਲੜਨ ਦਾ ਨਹੀਂ । ਇਹ ਗੱਲ ਠੀਕ ਨਹੀਂ ਸੀ ਕਿਉਂਕਿ ਜੋ ਬੰਦਾ ਕਿਸੇ ਸੰਸਥਾ ਦਾ ਵੋਟਰ ਬਣ  ਸਕਦਾ ਹੈ, ਉਹ ਉਸਦਾ ਉਮੀਦਵਾਰ ਵੀ ਹੋ ਸਕਦਾ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਜੋੋਕੇ ਬਹੁਤੇ ਸਿੱਖਾਂ ਜਿੰਨਾਂ ਨੇ ਖੰਡੇ ਦੀ ਪਹੁਲ ਲਈ ਹੋਈ ਹੈ ਨਾਲੋਂ ਗੈਰ ਸਿੱਖ ਚੰਗੇ ਹੋ ਸਕਦੇ ਹਨ । ਪਰ ਇਸਦਾ ਮਤਲਬ ਇਹ ਨਹੀਂ ਕਿ ਜੇਕਰ ਖੰਡੇ ਦੀ ਪਹੁਲ ਲੈਣ ਵਾਲੇ ਬਹੁਤੇ ਸਿੱਖਾਂ ਵਿੱਚ ਕਮੀਆਂ ਆ ਜਾਣ ਤਾਂ ਆਪਾਂ ਖੰਡੇ ਦੀ ਪਹੁਲ ਨੂੰ ਹੀ ਨਕਾਰ ਦੇਈਏ । ਸਾਨੂੰ ਚਾਹੀਂਦਾ ਹੈ ਕਿ ਅਸੀਂ ਖੰਡੇ ਦੀ ਪਹੁਲ ਲੈ ਕੇ ਕੁਰੀਤੀਆਂ ਕਰਨ ਵਾਲੇ ਭੇਖੀ ਸਿੱਖਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀਏ ਅਤੇ ਚੰਗੇ ਕਿਰਦਾਰ ਵਾਲੇ ਸਿੰਘਾਂ ਨੂੰ ਅੱਗੇ ਲਿਆਈਏ ਤੇ ਅਸੀਂ ਖੁਦ ਚੰਗੇ ਸਿੱਖ ਬਣੀਏ ।ਬਿਨ੍ਹਾਂ ਸ਼ੱਕ ਸਿੱਖ ਕੌਮ ਨੇ ਦੇਸ਼ ਦੀ ਅਜਾਦੀ ਵਿੱਚ ਰਿਕਾਰਡ ਤੋੜ ਕੁਰਬਾਨੀਆਂ ਕੀਤੀਆਂ ਸਨ । ਪਰ ਹਿੰਦੂਸਤਾਨੀ ਹਕੂਮਤਾਂ ਨਹੀਂ ਚਾਹੁੰਦੀਆਂ ਕਿ ਸਿੱਖ ਕੌਮ ਦੀ ਵੱਖਰੀ ਹੋਂਦ ਜਾਂ ਪਹਿਚਾਣ ਕਾਇਮ ਰਹੇ । ਹਿੰਦੂਸਤਾਨੀ ਸਰਕਾਰਾਂ ਆਨੇ-ਬਹਾਨੇ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਲਈ ਉਤਾਲੀਆਂ ਹੀ ਰਹਿੰਦੀਆਂ ਹਨ । ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪਿੱਛੇ ਵੀ ਸਿੱਖ ਵਿਰੋਧੀ ਤਾਕਤਾਂ ਹੀ ਕੰਮ ਕਰ ਰਹਂੀਆਂ ਸਨ । ਸਿੱਖ ਕੌਮ ਨੇ ਦੇਸ਼ ਅਜਾਦ ਹੋਣ ਤੋਂ ਵੀ ਪਹਿਲਾਂ ਆਪਣੇ ਗੁਰੂ ਘਰਾਂ ਨੂੰ ਅੰਗਰੇਜ ਸਰਕਾਰ ਦੇ ਪਾਲਤੂ ਮਹੰਤਾਂ ਤੋਂ ਅਜਾਦ ਕਰਵਾ ਲਿਆ ਸੀ । ਪਰ ਦੁੱਖ ਦੀ ਗੱਲ ਹੈ ਕਿ ਉਸ ਸਮੇਂ ਗੁਲਾਮ ਹਿੰਦੂਸਤਾਨ ਵਿੱਚ ਸਿੱਖ ਅਜਾਦ ਸਨ ਪਰ ਅੱਜ ਅਜਾਦ ਹਿੰਦੂਸਤਾਨ ਵਿੱਚ ਸਿੱਖ ਗੁਲਾਮ ਹਨ । ਅੱਜ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਕਮੇਟੀ ਚੁਣਨ ਵਾਸਤੇ ਵੀ ਹਿੰਦੂਸਤਾਨ ਦੀਆਂ ਸਰਕਾਰਾਂ ਤੇ ਅਦਾਲਤਾਂ ਦੇ ਹੁਕਮਾਂ ਦੀ ਉਡੀਕ ਕਰਨੀ ਪੈਂਦੀ ਹੈ । ਜਿੰਨ੍ਹਾਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੱਖ ਕੌਮ ਨੇ ਬੇਹਿਸਾਬਾ ਖੂਨ ਬਹਾਇਆ ਸੀ, ਬਾਦਲ ਦੀ ਕ੍ਰਿਪਾ ਸਕਦਾ ਉਹੀ ਮਹੰਤ ਅੱਜ ਫੇਰ ਗੁਰੂ ਘਰਾਂ ਉੱਪਰ ਕਾਬਜ ਹੋ ਚੁੱਕੇ ਹਨ । ਡਾ: ਪਰਮਜੀਤ ਸਿੰਘ ਰਾਣੂ ਵਰਗਿਆਂ ਨੇ ਜੋ ਸਿੱਖੀ ਦੀ ਪਹਿਚਾਣ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ, ਇਹ ਵੀ ਸਭ ਬਾਦਲਫ਼ਆਰ.ਐਸ.ਐਸ. ਆਦਿ ਸਿੱਖ ਵਿਰੋਧੀ ਸਕਤੀਆਂ ਦੀ ਹੀ ਦੇਣ ਹੈ । ਜਾਂ ਇਉਂ ਕਹਿ ਲਵੋ ਕਿ ਇਹ ਸਿੱਖ ਵਿਰੋਧੀ ਸ਼ਕਤੀਆਂ ਦੀ ਅਸਿੱਧੇ ਰੂਪ ਵਿੱਚ ਮੱਦਦ ਕਰ ਰਹੇ ਹਨ । ਇਹੀ ਕਾਰਨ ਹੈ ਕਿ ਅੱਜ ਸਿੱਖ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਉਹ ਲੋਕ ਅੱਗੇ ਆ ਰਹੇ ਹਨ, ਜਿੰਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ । ਜਨਮ ਸਮੇਂ ਮਨੁੱਖ ਦਾ ਕੋਈ ਵੀ ਦੁਨਿਆਵੀ ਧਰਮ ਨਹੀਂ ਹੁੰਦਾ, ਇਹ ਤਾਂ ਬਾਅਦ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ । ਕੋਈ ਵੀ ਮੁਨੱਖ ਕਿਸੇ ਵੀ ਦੁਨਿਆਵੀ ਧਰਮ ਨੂੰ ਅਪਣਾ ਸਕਦਾ ਹੈ ਅਤੇ ਛੱਡ ਸਕਦਾ ਹੈ । ਇਸ ਲਈ ਇੱਥੇ ਗੁਰੂ ਨਾਨਕ ਜੀ ਦੀ ਮਿਸਾਲ ਹੀ ਕਾਫੀ ਹੋਵੇਗੀ ਕਿ ਗੁਰੂ ਨਾਨਕ ਜੀ ਦਾ ਜਨਮ ਹਿੰਦੂ ਘਰਾਣੇ ਵਿੱਚ ਹੋਇਆ ਪਰ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜਾਂ ਨੂੰ ਛੱਡ ਕੇ ਸਿੱਖ ਧਰਮ ਦੀ ਨੀਂਹ ਰੱਖੀ । ਜੋ ਲੋਕ ਆਪਣੇ ਆਪ ਨੂੰ ਸਹਿਜਧਾਰੀ ਕਹਾ ਰਹੇ ਸਨ ਅਸਲ ਵਿੱਚ ਇਹ ਤਾਂ ਅਜੇ ਕੁੱਝ ਵੀ ਨਹੀਂ ਸਨ । ਕਿਉਂਕਿ ਜੋ ਸਿੱਖ ਹੈ ਉਹੀ ਸਿੱਖ ਹੈ ਜੋ ਸਿੱਖ ਨਹੀਂ ਉਹ ਕੁੱਝ ਹੋਰ ਹੋਵੇਗਾ । ਸਿੱਖ ਕੌਣ ਹੈ ? ਸਿੱਖ ਉਹ ਵਿਅਕਤੀ ਹੈ ਜੋ ਦਸਾਂ ਗੁਰੂਆਂ ਦੀ ਸਿੱਖਿਆ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ । ਇੱਕ ਰੱਬ ਤੋਂ ਵਗੈਰ ਹੋਰ ਕਿਸੇ ਦੇਵੀ ਦੇਵਤੇ, ਮੜੀ-ਮਸਾਣੀ, ਪੀਰ-ਫਕੀਰ ਆਦਿ ਨੂੰ ਨਹੀਂ ਮੰਨਦਾ ਅਤੇ ਸਿੱਖੀ ਵਿੱਚ ਪ੍ਰਵੇਸ਼ ਕਰਨ ਦੀ ਰੀਤ ਅਨੁਸਾਰ ਖੰਡੇ ਦੀ ਪਹੁਲ ਲੈ ਕੇ ਕੁਰਹਿਤਾਂ ਤੋਂ ਬਚਿਆ ਹੋਇਆ, ਰਹਿਤਾਂ ਦਾ ਧਾਰਨੀ ਹੈ । ਬੇਸ਼ੱਕ ਗੁਰਮਤਿ ਵਿੱਚ ਨਿਰੇ ਭੇਖ ਲਈ ਵੀ ਕੋਈ ਥਾਂ ਨਹੀਂ ਪਰ ਦੁਨਿਆਵੀ ਤੌਰ ਤੇ ਇੱਕ ਕੌਮ ਵੱਜੋਂ ਬਾਹਰੀ ਪਛਾਣ ਵੀ ਹੋਣੀ ਜਰੂਰੀ ਹੈ । ਜਿਵੇਂਕਿ ਆਪਣੀ ਪਛਾਣ ਲਈ ਹਰ ਇੱਕ ਸਕੂਲ ਦੀ ਆਪਣੀ ਵੱਖਰੀ ਵਰਦੀ ਹੁੰਦੀ ਹੈ । ਜੇ ਕੋਈ ਆਪਣੇ ਆਪ ਨੂੰ ਦੁਨਿਆਵੀ ਧਾਰਮਿਕ ਰੀਤਾਂ ਤੋਂ ਉੱਚਾ ਉੱਠਿਆ ਹੋਇਆ ਅਤੇ ਅਧਿਆਤਮਕਵਾਦੀ ਸਮਝਦਾ ਹੈ ਤਾਂ ਉਸਨੂੰ ਦੁਨਿਆਵੀ ਧਾਰਮਿਕ ਸੰਸਥਾਵਾਂ ਵਿੱਚ ਦਾਖਲੇ ਅਤੇ ਵੋਟ ਪਰਚੀਆਂ ਬਣਾਉਣ ਲਈ ਵੀ ਲੜਨ ਦੀ ਲੋੜ ਨਹੀਂ ਹੈ । ਪਰ ਅੱਜ ਕੱਲ੍ਹ ਉਹ ਲੋਕ ਜਿੰਨ੍ਹਾਂ ਦਾ ਕੋਈ ਅਸੂਲ ਜਾਂ ਰਹਿਤ ਹੀ ਨਹੀਂ ਹੈ, ਆਪਣੇ ਸਵਾਰਥ ਲਈ ਸਹਿਜਧਾਰੀਆਂ ਦੇ ਨਾਮ ਤੇ ਸਿੱਖੀ ਵਿੱਚ ਘੁਸਪੈਠ ਕਰਕੇ ਸਿੱਖੀ ਨੂੰ ਖਤਮ ਕਰਨ ਲਈ ਉਤਾਵਲੇ ਹੋਏ ਪਏ ਸਨ । ਕੌਣ ਹਨ ਇਹ ਸਹਿਜਧਾਰੀ ? ਇਹ ਨਾ ਹਿੰਦੂ ਹਨ, ਨਾ ਮੁਸਲਮਾਨ ਅਤੇ ਨਾ ਹੀ ਸਿੱਖ । ਭਾਵ ਕਿ ਇਹ ਲੋਕ ਦੁਨਿਆਵੀ ਤੌਰ ਤੇ ਕਿਸੇ ਵੀ ਫਿਰਕੇ ਦੀਆਂ ਧਾਰਮਿਕ ਰੀਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ, ਪਰ ਆਪਣੇ ਆਪ ਨੂੰ ਧਰਮੀ ਅਖਵਾਕੇ ਧਾਰਮਿਕ ਸੰਸਥਾਵਾਂ ਦਾ ਲਾਭ ਵੀ ਲੈਣਾ ਚਾਹੁੰਦੇ ਹਨ । ਸਹਿਜਧਾਰੀਆਂ ਨੂੰ ਵੋਟਾਂ ਦਾ ਅਧਿਕਾਰ ਨਾ ਦੇਣ ਅਤੇ ਇੱਕ ਲੜਕੀ ਨੂੰ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਦਾਖਲਾ ਨਾ ਦੇਣ ਸਬੰਧੀ ਉੱਠੇ ਵਿਵਾਦ ਤੇ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਮੁਖੀ ਡਾ: ਪਰਮਜੀਤ ਸਿੰਘ ਰਾਣੂ ਜੀ ਨੇ ਇੱਕ ਵਾਰ ਅਖਵਾਰੀ ਬਿਆਨ ਵਿੱਚ ਭਾਈ ਕਾਹਨ ਸਿੰਘ ਨਾਭਾ ਵੱਲੋਂ ਲਿਖੇ ਗਏ ਮਹਾਨ ਕੋਸ਼ ਦੇ ਪੰਨਾ ਨੰ: 137 ਦੀ ਉਦਹਾਰਣ ਦਿੰਦੇ ਹੋਏ ਕਿਹਾ ਸੀ ਕਿ ਨਾਭਾ ਜੀ ਨੇ ਸਹਿਜਧਾਰੀਆਂ ਬਾਰੇ ਇਸ ਤਰ੍ਹਾਂ ਲਿਖਿਆ ਹੈ, ਸਹਿਜਧਾਰੀ ਵਿ-ਸਹਜ (ਗਯਾਨ) ਧਾਰਨ ਕਰਨ ਵਾਲਾ, ਵਿਚਾਰਵਾਨ, ਸੁਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ, ਸਿੱਖਾਂ ਦਾ ਇੱਕ ਅੰਗ ਜੋ ਖੰਡੇ-ਵਾਟੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ, ਪੰਜਾਬ ਅਤੇ ਸਿੰਧ ਵਿੱਚ ਸਹਿਜਧਾਰੀ ਬਹੁਤ ਗਿਣਤੀ ਦੇ ਹਨ, ਖਾਸ ਕਰਕੇ ਸਿੰਧ ਦੇ ਸਹਿਜਧਾਰੀ ਵੱਡੇ ਪ੍ਰੇਮੀ ਅਤੇ ਸ਼ਰਧਾਵਾਨ ਹਨ । ਜੋ ਸਿੰਘ ਸਹਿਜਧਾਰੀਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਦੇਖਦੇ ਹਨ, ਉਹ ਸਿੱਖ ਧਰਮ ਤੋਂ ਅਨਜਾਣ ਹਨ । ਡਾ: ਰਾਣੂ ਨੇ ਉਪਰੋਕਤ ਹਵਾਲਾ ਦਿੰਦਿਆਂ ਨਾਲ ਇਹ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹੀ ਅਰਥਾਂ ਨੂੰ ਸਾਹਮਣੇ ਰੱਖ ਕੇ ਕੋਈ ਫੈਸਲਾ ਲੈਣਾ ਚਾਹੀਂਦਾ ਹੈ । ਉਨ੍ਹਾਂ ਇਹ ਵੀ ਕਿਹਾ ਸੀ ਕਿ ਪਤਿਤ ਸਿਰਫ ਅੰਮ੍ਰਿਤਧਾਰੀ ਸਿੱਖ ਹੁੰਦਾ ਹੈ, ਜਿਸਨੇ ਅੰਮ੍ਰਿਤਪਾਨ ਨਹੀਂ ਕੀਤਾ ਉੇਸਨੂੰ ਪਤਿਤ ਨਹੀਂ ਕਿਹਾ ਜਾ ਸਕਦਾ । ਡਾ: ਰਾਣੂ ਜੀ ਇਹ ਵੀ ਕਹਿ ਰਹੇ ਸਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ, ਪਰ ਡਾ: ਰਾਣੂ ਜੀ ਨੂੰ ਇਹ ਵੀ ਪਤਾ ਹੋਣਾ ਚਾਹੀਂਦਾ ਹੈ ਕਿ ਇਸੇ ਮਹਾਨ ਕੋਸ਼ ਦੇ ਇਸੇ ਪੰਨੇ ਤੇ ਕਈ ਥਾਂ ਹੋਰ ਅਤੇ ਇਸੇ ਪਹਿਰੇ ਵਿੱਚ ਵੀ ਸਹਿਜ ਦਾ ਅਰਥ ਗਿਆਨ ਦਿੱਤਾ ਹੋਇਆ ਹੈ । ਸਹਿਜਧਾਰੀ ਨੂੰਂ ਗਿਆਨ ਧਾਰਣ ਵਾਲਾ (ਵਿਚਾਰਵਾਨ) ਵੀ ਲਿਖਿਆ ਹੋਇਆ ਹੈ । ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 638 ਤੇ ਦਰਜ ਹੈ ਕਿ :- ਗੁਰ ਬਿਨੁ ਸਹਜੁ ਨ  ਉਪਜੈ ਭਾਈ ਪੂਛਹੁ ਗਿਆਨੀਆ ਜਾਇ ॥ ਇਸ ਪੰਗਤੀ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਕੀਤੇ ਹਨ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨ੍ਹਾਂ ਮਨੁੱਖ ਦੇ ਅੰਦਰ ਸਹਜੁ-ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ । ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 68 ਤੇ ਸਹਿਜ ਬਾਰੇ ਪੂਰਾ ਸ਼ਬਦ ਇਸ ਤਰ੍ਹਾਂ ਦਰਜ ਹੈ :- ਸਿਰੀਰਾਗੁ ਮਹਲਾ 3 ॥ ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥ ਪੜਿ ਪੜਿ ਪੰਡਿਤ ਜੋਤਕੀ ਥਕੇ, ਭੇਖੀ ਭਰਮਿ ਭੁਲਾਇ ॥ ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥1॥ ਭਾਈ ਰੇ, ਗੁਰ ਬਿਨੁ ਸਹਜੁ ਨ ਹੋਇ ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥1॥ ਰਹਾਉ ॥ ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥ ਸਹਜੇ ਹੀ ਭਗਤਿ ਸਹਜਿ ਪਿਆਰਿ ਬੈਰਾਗਿ ॥ ਸਹਜੈ ਹੀ ਤੇ ਸੁਖ ਸਾਤਿ ਹੋਇ, ਬਿਨੇ ਸਹਜੈ ਜੀਵਣੁ ਬਾਦਿ ॥2॥ ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥ ਸਹਜੇ ਹੀ ਗੁਣ ਉਚਰੈ ਭਗਤਿ ਕਰੇ ਲਿਵ ਲਾਇ॥ ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥3॥ ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥ ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥ ਸੋ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥4॥ ਮਾਇਆ ਵਿਚਿ ਸਹਜ ਨ ਉਪਜੈ ਮਾਇਆ ਦੂਜੈ ਭਾਇ ॥ ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥5॥ ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤੈ੍ਰ ਗੁਣ ਭਰਮਿ ਭੁਲਾਇ ॥ ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥ ਚਉਥੇ ਪਦ ਮਹਿ ਸਹਜੁ ਹੈ ਗੁਰਮੁਖ ਪਲੈ ਪਾਇ ॥6॥ ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥ ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥ ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥7॥ ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥ ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥ ਆਪੇ ਬਖਸਿ ਮਿਲਾਇਨੁ ਪੂਰੇ ਗੁਰ ਕਰਤਾਰਿ ॥8॥ ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥ ਸਭਨਾ ਜੀਆਂ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥ ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥9॥ ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥ ਅਨਦਿਨੁ ਲਾਹਾ ਹਰਿ ਨਾਮੁ ਲੈਨਿ, ਅਖੁਟ ਭਰੇ ਭੰਡਾਰ ॥ ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥10॥6॥23॥ ਗੁਰਬਾਣੀ ਅਨੁਸਾਰ ਤਾਂ ਸਹਿਜ ਅਵਸਥਾ ਬਹੁਤ ਉੱਚੀ ਅਵਸਥਾ ਹੈ  ਜੋ ਗੁਰੂ ਦੀ ਸ਼ਰਨ ਪਿਆਂ ਗੁਰਮਤਿ ਅਨੁਸਾਰ ਚੱਲਦਿਆਂ ਹੀ ਪ੍ਰਾਪਤ ਹੋ ਸਕਦੀ ਹੈ । ਪਰ ਡਾ: ਰਾਣੂ ਵਰਗੇ ਗੁਰਮਤਿ ਦੇ ਧਾਰਨੀ ਹੋਏ ਵਗੈਰ ਹੀ ਸਹਿਜਧਾਰੀਆਂ ਦੇ ਆਗੂ ਬਣੇ ਬੈਠੇ ਹਨ । ਜੇ ਹੁਣ ਡਾ: ਰਾਣੂ ਅਨੁਸਾਰ ਦਿੱਤੀ ਦਲੀਲ ਦੀ ਗੱਲ ਕਰੀਏ ਕਿ ਸੌਖੀ ਰੀਤ ਅੰਗੀਕਾਰ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਸ ਸੌਖ ਦੀ ਕੋਈ ਹੱਦ ਵੀ ਹੋ ਸਕਦੀ ਹੈ ? ਕੀ ਖੰੰਡੇ ਦੀ ਪਹੁਲ ਲੈਣਾ ਔਖੀ ਰੀਤ ਹੈ ? ਜੋ ਵਿਅਕਤੀ  ਕੱਛ ਵੀ ਨਹੀਂ ਪਹਿਨ ਸਕਦਾ ਅਤੇ ਗਾਤਰੇ ਕ੍ਰਿਪਾਨ ਵੀ ਨਹੀਂ ਪਾ ਸਕਦਾ ਜੇ ਉਹ ਆਪਣੇ ਆਪ ਨੂੰ ਸਿੱਖ ਨਾ ਕਹਾਵੇ ਤਾਂ ਉਸਦਾ ਕੀ ਥੁੜਿਆ ਪਿਆ ਹੈ । ਅਜਿਹੇ ਨਾਮ ਧਰੀਕ ਸਹਿਜਧਾਰੀਆਂ ਜੋ ਕੱਛ ਪਹਿਨਣ ਨੂੰ ਹੀ ਔਖੀ ਰੀਤ ਸਮਝਦੇ ਹਨ ਤੋਂ ਗੁਰਸਿੱਖ ਬਣਨ ਦੀ ਕੀ ਆਸ ਰੱਖੀ ਜਾ ਸਕਦੀ ਹੈ । ਖੰਡੇ ਦੀ ਪਹੁਲ ਨੂੰ ਛੱਡੋ ਪਰ ਕੀ ਸਾਡੇ ਗੁਰੂ ਕੇਸਧਾਰੀ ਨਹੀਂ ਸਨ ? ਕੀ ਸਾਡੇ ਗੁਰੂ ਕੱਛ ਨਹੀਂ ਸਨ ਪਹਿਨਦੇ ? ਜਦੋਂ ਸਾਡੇ ਗੁਰੂ ਕੇਸ ਰੱਖਦੇ ਸਨ ਅਤੇ ਕੱਛ ਪਹਿਨਦੇ ਸਨ ਤਾਂ ਫਿਰ ਉੇਨ੍ਹਾਂ ਦੇ ਸਿੱਖ ਕਹਾਉਣ ਵਾਲ਼ਿਆਂ ਨੂੰ ਕੇਸ ਰੱਖਣ ਜਾਂ ਕੱਛ ਪਹਿਨਣ ਵਿੱਚ ਕੀ ਔਖਾਈ ਹੈ ? ਗੁਰ ਫਰਮਾਨ ਹੈੈ ਕਿ :- ਗੁਰ ਸਿਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥ (ਪੰਨਾ ਨੰ: 667) ਗੁਰਸਿੱਖਾਂ ਨੂੰ ਤਾਂ ਗੁਰੂ ਹੁਕਮ ਹੈ ਕਿ ਗੁਰ ਸਿੱਖ ਮਿੱਤਰੋ ਗੁਰੂ ਦੇ ਦੱਸੇ ਰਸਤੇ, ਗੁਰੂ ਦੀ ਚਾਲ ਚੱਲੋ । ਇੱਥੇ ਔਖੀ ਸੌਖੀ ਰੀਤ ਦੀ ਕੋਈ ਗੱਲ ਹੀ ਨਹੀਂ ਹੈ । ਜੇ ਔਖੀ ਸੌਖੀ ਰੀਤ ਧਾਰਨ ਕਰਨ ਦਾ ਫੈਸਲਾ ਅਸੀਂ ਆਪ ਕਰਨਾ ਹੈ ਫਿਰ ਤਾਂ ਇਹ ਸਵਾਲ ਗੁਰੂ ਤੇ ਹੀ ਉੱਠੇਗਾ ਕਿ ਗੁਰੂ ਵੱਲੋਂ ਦੱਸਿਆ ਰਸਤਾ ਔਖਾ ਹੈ । ਫਿਰ ਤਾਂ ਅਸੀਂ ਗੁਰੂ ਨਾਲੋਂ ਸਿਆਣੇ ਹੋ ਗਏ । ਜਿੰਨ੍ਹਾਂ ਨੇ ਗੁਰੂ ਵੱਲੋਂ ਦੱਸੀ ਔਖੀ ਰੀਤ ਨੂੰ ਛੱਡ ਕੇ ਸੌਖੀ ਰੀਤ ਧਾਰਨ ਕਰ ਲਈ ਹੈ । ਗੁਰ ਫਰਮਾਨ ਹੈ ਕਿ :- ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆਂ ਥਾਇ ਨ ਕਾਈ ਪਾਇ ॥ ਪੰਨਾ ਨੰ: 474 ॥ ਪੋ੍ਰ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਹਨ :- ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਤਾਂ ਸਿਰ ਨਿਵਾਉਂਦਾ ਹੈ ਅਤੇ ਕਦੇ ਉਸਦੇ ਕੀਤੇ ਉੱਤੇ ਇਤਰਾਜ ਕਰਦਾ ਹੈ, ਉਹ ਮਾਲਕ ਦੀ ਰਜਾ ਦੇ ਰਾਹ ਉੱਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਜਾ ਰਿਹਾ ਹੈ । ਹੇ, ਨਾਨਕ ! ਸਿਰ ਨਿਵਾਣਾ ਅਤੇ ਇਤਰਾਜ ਕਰਨਾ ਦੋਵੇਂ ਹੀ ਝੂਠੇ ਹਨ  ਇਹਨਾਂ ਦੋਹਾਂ ਵਿੱਚੋਂ ਕੋਈ ਗੱਲ ਭੀ ਮਾਲਕ ਦੇ ਦਰ ਉੱਤੇ ਕਬੂਲ ਨਹੀਂ ਹੁੰਦੀ । ਮੇਰੇ ਖਿਆਲ ਅਨੁਸਾਰ ਤਾਂ ਉਪਰੋਕਤ ਸ਼ਬਦ ਗੁਰਮਤਿ ਦੀ ਰਹਿਤ ਨੂੰ ਔਖੀ ਕਹਿਣ ਅਤੇ ਅਪਾਣੀ ਮਨ ਮੱਤ ਅਨੁਸਾਰ ਆਪਣੇ ਆਪ ਨੂੰ ਸਹਿਜਧਾਰੀ ਕਹਾਉਣ ਵਾਲਿਆਂ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ । ਰਹੀ ਗੱਲ ਸਹਿਜਧਾਰੀਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਵੇਖਣ ਦੀ । ਗੁਰਮਤਿ ਅਨੁਸਾਰ ਸਿੱਖ ਨੇ ਤਾਂ ਨਫਰਤ ਕਿਸੇ ਵੀ ਪ੍ਰਾਣੀ ਮਾਤਰ ਨਾਲ ਨਹੀਂ ਕਰਨੀ । ਸਿੱਖ ਤਾਂ ਹੋਰ ਮੱਤਾਂ ਦੇ ਧਾਰਨੀਆਂ ਨਾਲ ਵੀ ਨਫਰਤ ਨਹੀਂ ਕਰਦਾ । ਇੱਥੇ ਸਹਿਜਧਾਰੀਆਂ ਨਾਲ ਨਫਰਤ ਦੀ ਗੱਲ ਕਰਨੀ ਢੁੱਕਵੀਂ ਹੀ ਨਹੀਂ ਹੈ । ਕਿਉਂਕਿ ਸਿੱਖ ਤਾਂ ਸਿਰਫ ਬੁਰਾਈਆਂ ਤੋਂ ਹੀ ਨਫਰਤ ਕਰਦਾ ਹੈ, ਕਿਸੇ ਕੌਮ ਜਾਂ ਫਿਰਕੇ ਤੋਂ ਨਹੀਂ । ਜੇ ਇਹਨਾਂ ਨਾਮ ਧਰੀਕ ਸਹਿਜਧਾਰੀਆਂ ਨੂੰ ਵੋਟਾਂ ਅਤੇ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਦਾ ਹੱਕ ਨਾ ਦੇਣਾ ਹੀ ਨਫਰਤ ਦੀ ਨਿਗ੍ਹਾ ਹੈ, ਫਿਰ ਤਾਂ ਹਿੰਦੂ, ਮੁਸਲਮਾਨਾਂ ਆਦਿ ਨੂੰ ਵੀ ਇਹ ਹੱਕ ਦੇ ਦੇਣਾ ਚਾਹੀਦਾ ਹੈ । ਕਿਉਂਕਿ ਸਿੱਖਾਂ ਨੂੰ ਤਾਂ ਇਹਨਾਂ ਨਾਲ ਵੀ ਕੋਈ ਨਫਰਤ ਨਹੀਂ ਹੈ । ਹਿੰਦੂ ਅਤੇ ਮੁਸਲਮਾਨ ਵੀ ਗੁਰੂਆਂ ਦੇ ਅਜਿਹੇ ਸ਼ਰਧਾਲੂ ਸਨ, ਜਿੰਨ੍ਹਾਂ ਨੇ ਸ਼ਹੀਦੀਆਂ ਵੀ ਦਿੱਤੀਆਂ ਹਨ । ਇੱਥੇ ਇਹ ਵੀ ਨਹੀਂ ਹੋ ਸਕਦਾ ਕਿ ਜਿਸਨੂੰ ਸਿੱਖ ਨਫਰਤ ਨਹੀਂ ਕਰਦੇ ਉਹ ਸਿੱਖਾਂ ਦੀਆਂ ਸੰਸਥਾਵਾਂ ਉੱਪਰ ਕਾਬਜ ਹੋ ਜਾਣ । ਜਾਂ ਕੀ ਅਜਿਹੇ ਲੋਕਾਂ ਨੂੰ ਸਿੱਖ ਧਰਮ ਦੀਆਂ ਸੰਸਥਾਵਾਂ ਵਿੱਚ ਘੁਸਪੈਠ ਕਰਨ ਤੋਂ ਰੋਕਣਾ ਹੀ ਇਹਨਾਂ ਨਾਲ ਨਫਰਤ ਕਰਨਾ ਹੈ ? ਡਾ: ਰਾਣੂ ਜੀ ਤਾਂ ਖੁਦ ਕਹਿ ਚੁੱਕੇ ਹਨ ਕਿ ਅੰਮ੍ਰਿਤਧਾਰੀ ਸਿੱਖ ਹੀ ਕਿਸੇ ਕੁਰਹਿਤ ਕਾਰਨ ਪਤਿਤ ਹੁੰਦਾ ਹੈ । ਜਿਸਨੇ ਅੰਮ੍ਰਿਤ ਨਹੀਂ ਛਕਿਆ ਉੇਹ ਪਤਿਤ ਨਹੀਂ ਹੁੰਦਾ । ਫਿਰ ਕੋਈ ਖੰਡੇ ਦੀ ਪਹੁਲ ਕਿਉਂ ਲਵੇਗਾ ? ਕਿਉਂਕਿ ਉਹ ਜੇ ਕੋਈ ਕੁਰਹਿਤ ਕਰੇਗਾ ਤਾਂ ਉਹ ਪਤਿਤ (ਦੋਸ਼ੀ) ਹੋ ਜਾਵੇਗਾ । ਇਹਨਾਂ ਨਾਮ ਧਾਰੀਕ ਸਹਿਜਧਾਰੀਆਂ ਨੂੰ ਇਹ ਖੁੱਲ ਹੈ ਕਿ ਉਹ ਦਾੜੀ ਕੇਸ ਕਟਵਾਉਣ, ਭਰਵੱਟੇ ਕਟਾਉਣ, ਤੰਬਾਕੂ ਪੀਣ ਭਾਵ ਕੋਈ ਮਰਜੀ ਗਲਤੀ ਕਰਨ ਉਹ ਤਾਂ ਵੀ ਪਤਿਤ ਨਹੀਂ ਹੋਣਗੇ । ਵਾਹ ਕੈਸੀ ਦਲੀਲ ਹੈ ! ਜੇ ਡਾ: ਰਾਣੂ ਦੀ ਇਸ ਦਲੀਲ ਨੂੰ ਮੰਨ ਲਈਏ ਫਿਰ ਤਾਂ ਸਿੱਖ ਦੀ ਪਛਾਣ ਹੀ ਨਹੀਂ ਰਹਿਣੀ । ਕਿਉਂਕਿ ਫਿਰ ਤਾਂ ਖੰਡੇ ਦੀ ਪਹੁਲ ਲੈਣ ਵਾਲਾ ਵੀ ਸਿੱਖ ਅਤੇ ਪਹੁਲ ਨਾ ਲੈਣ ਵਾਲਾ ਵੀ ਸਿੱਖ । ਦਾੜੀ ਕੇਸ ਕੱਟਣ ਵਾਲਾ ਵੀ ਸਿੱਖ ਅਤੇ ਨਾ ਕੱਟਣ ਵਾਲਾ ਵੀ ਸਿੱਖ । ਰਹਿਤਾਂ ਰੱਖਣ ਵਾਲਾ ਵੀ ਸਿੱਖ ਅਤੇ ਜਿਸਦਾ ਕਿਸੇ ਵੀ ਰਹਿਤ ਨਾਲ ਕੋਈ ਵਾਸਤਾ ਨਹੀਂ ਉਹ ਵੀ ਸਿੱਖ । ਡਾ: ਰਾਣੂ ਜੀ ਇਹ ਵੀ ਕਹਿੰਦੇ ਰਹੇ ਸਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ । ਕੀ ਪਨੀਰੀ ਸਾਰੀ ਉਮਰ ਪਨੀਰੀ ਹੀ ਰਹਿੰਦੀ ਹੈ ? ਪਨੀਰੀ ਤਾਂ ਕੁੱਝ ਸਮੇਂ ਲਈ ਹੀ ਹੁੰਦੀ ਹੈ । ਕੁੱਝ ਸਮੇਂ ਬਾਅਦ ਪਨੀਰੀ ਨੂੰ ਪੁੱਟ ਕੇ ਲਗਾਇਆ ਜਾਂਦਾ ਹੈ । ਫਿਰ ਹੀ ਪਨੀਰੀ ਤੋਂ ਕੋਈ ਫਸਲ ਤਿਆਰ ਹੁੰਦੀ ਹੈ । ਪਰ ਜੇ ਪਨੀਰੀ ਡਾ: ਰਾਣੂ ਜੀ ਵਾਂਗ ਅੜ ਜਾਵੇ ਤੇ ਕਹੇ ਕਿ ਮੈਂ ਪਨੀਰੀ ਹਾਂ, ਮੇਰੇ ਤੋਂ ਹੀ ਫਸਲ ਤਿਆਰ ਹੁੰਦੀ ਹੈ, ਮੈਨੂੰ ਕੋਈ ਨਾ ਪੁੱਟੋ, ਮੇਰੀ ਪਨੀਰੀ ਦੇ ਨਾਮ ਤੇ ਵੱਖਰੀ ਹੋਂਦ ਹੈ ਅਤੇ ਮੈਂ ਤਾਂ ਸਾਰੀ ਉਮਰ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ ਤੋਂ ਨਾ ਤਾਂ ਫਸਲ ਪੈਦਾ ਹੋ ਸਕਦੀ ਹੈ ਅਤੇ ਨਾ ਹੀ ਅਜਿਹੀ ਪਨੀਰੀ ਦੀ ਕਿਸੇ ਕੌਮ ਨੂੰ ਲੋੜ ਹੈ । ਜੇ ਇਸ ਪਨੀਰੀ ਨੇ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ (ਸਹਿਜਧਾਰੀਆਂ) ਨੂੰ ਚਾਹੀਦਾ ਹੈ ਕਿ ਉਹ ਕਿਸੇ ਫਸਲ (ਸੰਪੂਰਨ ਸਿੱਖ ਕੌਮ ਦੀਆਂ ਸੰਸਥਾਵਾਂ) ਵਿੱਚ ਜਾ ਕੇ ਟੰਗਾਂ ਨਾ ਅੜਾਵੇ । ਸਕੂਲੀ ਵਿੱਦਿਆ ਦੀ ਦਸਵੀਂ ਜਾਂ ਇਸ ਤੋਂ ਉੱਚੀਆਂ ਜਮਾਤਾਂ ਪਾਸ ਕਰਨ ਲਈ ਪਹਿਲੀ ਜਮਾਤ ਦਾ ੳ,ਅ ਪੜ੍ਹਣਾ ਲਾਜਮੀ ਹੈ । ਪਰ ਜੇ ਪਹਿਲੀ ਜਮਾਤ ਦੇ ਵਿਦਿਆਰਥੀ ਇਹ ਧਾਰ ਲੈਣ ਕੇ ਅਸੀਂ ਪਹਿਲੀ ਜਮਾਤ ਤੋਂ ਅੱਗੇ ਨਹੀਂ ਜਾਣਾ, ਪਹਿਲੀ ਜਮਾਤ ਹੀ ਵੱਡੀਆਂ ਜਮਾਤਾਂ ਦੀ ਪਨੀਰੀ ਅਤੇ ਨਾਲ ਇਹ ਵੀ ਮੰਗ ਕਰਨ ਕਿ ਸਾਨੂੰ ਵੱਡੀਆਂ ਜਮਾਤਾਂ ਦੇ ਬਾਲਗ ਵਿਦਿਆਰਥੀਆਂ ਦੀ ਤਰ੍ਹਾਂ ਵੋਟਾਂ ਦਾ ਅਧਿਕਾਰ ਦਿਓ ਜਾਂ ਸਾਨੂੰ ਸਿੱਧਾ ਕਾਲਜਾਂ ਵਿੱਚ ਦਾਖਲਾ ਦਿਉ । ਤਾਂ ਕੀ ਅਜਿਹੀ ਪਹਿਲੀ ਜਮਾਤ ਨੂੰ ਕੋਈ ਸੰਸਥਾ ਆਪਣੇ ਸਕੂਲ ਵਿੱਚ ਰੱਖੇਗੀ ? ਜਾਂ ਕੀ ਅਜਿਹੀ ਪਹਿਲੀ ਜਮਾਤ ਤੋਂ ਵੱਡੀਆਂ ਜਮਾਤਾਂ ਪਾਸ ਕਰਨ ਦੀ ਆਸ ਰੱਖੀ ਜਾ ਸਕਦੀ ਹੈ ਜੋ ਸਾਰੀ ਉਮਰ ਹੀ ਪਹਿਲੀ ਜਮਾਤ ਵਿੱਚ ਰਹਿਣਾ ਚਾਹੁੰਦੀ ਹੋਵੇ । ਮੈਂ ਤਾਂ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਾਉਣ ਵਾਲੇ ਵੀਰਾਂ ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਹਿਜਧਾਰੀ ਤਾਂ ਦੁਨਿਆਵੀ ਗੱਲਾਂ ਤੋਂ ਵੀ ਅੱਗੇ ਲੰਘੇ ਹੋਏ, ਚੌਥੇ ਪਦ ਵਿੱਚ ਪਹੁੰਚੇ ਗੁਰਮੁਖ ਜਨ ਹੁੰਦੇ ਹਨ ਤੁਸੀਂ ਸਹਿਜਧਾਰੀ ਸਿੱਖ ਤਾਂ ਕੀ ਤੁਸੀਂ ਤਾਂ ਅਜੇ ਕੁੱਝ ਵੀ ਨਹੀਂ ਹੋਂ । ਤੁਸੀਂ ਆਪਣੀਆਂ ਮਨ-ਮਰਜੀਆਂ ਕਰੋ, ਦਾੜ੍ਹੀ-ਕੇਸ ਕੱਟੋ, ਭਰਵੱਟੇ ਕਟਾਓ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਹੈ ਪਰ ਆਪਣੇ ਨਾਮ ਨਾਲ ਸਹਿਜਧਾਰੀ ਸਿੱਖ ਲਗਾ ਕਿ ਸਿੱਖੀ ਦੀ ਪਛਾਣ ਨੂੰ ਖਤਮ ਨਾ ਕਰੋ । ਜੇ ਤੁਸੀਂ ਸਹਿਜਧਾਰੀ ਦੇ ਅਰਥ ਇਹ ਕਰਦੇ ਹੋ ਕਿ ਹੌਲੀ-ਹੌਲੀ ਸਿੱਖੀ ਨੂੰ ਗ੍ਰਹਿਣ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਹ ਵੀ ਗਲਤ ਹੈ । ਕਿਉਂਕਿ ਜਿਵੇਂ ਕ੍ਰਿਪਾਨਧਾਰੀ ਜਾਂ ਬੰਦੂਕਧਾਰੀ ਉਹੀ ਹੁੰਦਾ ਹੈ, ਜਿਸਨੇ ਇਹ ਵਸਤਾਂ ਪ੍ਰਾਪਤ ਕਰਕੇ ਧਾਰਨ ਕਰ ਲਈਆਂ ਹੋਣ । ਜੇ ਕੋਈ ਵਿਅਕਤੀ ਬੰਦੂਕ ਜਾਂ ਕ੍ਰਿਪਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸਨੂੰ ਬੰਦੂਕ ਜਾਂ ਕ੍ਰਿਪਾਨਧਾਰੀ ਨਹੀਂ ਕਿਹਾ ਜਾ ਸਕਦਾ । ਜੇ ਤੁਹਾਡੀ ਗੱਲ ਮੰਨ ਵੀ ਲਈਏ ਕਿ ਤੁਸੀਂ ਸਹਿਜੇ-ਸਹਿਜੇ (ਹੌਲੀ-ਹੌਲੀ) ਸਿੱਖੀ ਵੱਲ ਵੱਧ ਰਹੇ ਹੋ ਤਾਂ ਤੁਹਾਡੇ ਇਸ ਸਹਿਜ ਦੀ ਹੱਦ ਕੀ ਹੈ ? ਕੀ ਸਾਰੀ ਉਮਰ ਸਹਿਜੇ-ਸਹਿਜੇ (ਹੌਲੀ-ਹੌਲੀ) ਤੋਂ ਅੱਗੇ ਨਾ ਟੱਪਣ ਵਾਲਾ ਹੀ ਸਹਿਜਧਾਰੀ ਹੁੰਦਾ ਹੈ ? ਚਲੋ ਬੇਸੱਕ ਇਹ ਫੈਂਸਲਾ ਲੇਟ ਹੋਇਆ ਹੈ ਪਰ ਜੋ ਹੋਇਆ ਉਹ ਵਧੀਆ ਹੋਇਆ , ਏਕਤਾ (ਇੱਕ) ਦਾ ਪਾਠ ਪੜ੍ਹਾਉਣ ਵਾਲੀ ਸਿੱਖੀ ਜਿਸ ਨੂੰ ਖੁਦ ਸਿੱਖਾਂ ਨੇ ਅੱਜ ਅਨੇਕਤਾ (ਹਜਾਰਾਂ ਧੜਿਆਂ) ਵਿੱਚ ਵੰਡ ਰੱਖਿਆ ਹੈ ਨੂੰ ਕਾਨੂੰਨ ਨੇ ਵੰਡਣ ਤੋਂ ਇੰਨਕਾਰ ਕਰਕੇ ਸਿੱਖ ਨੂੰ ਸਿਰਫ ਸਿੱਖ ਰਹਿਣ ਤੇ ਮੋਹਰ ਲਾ ਕੇ ਸਹਿਜਧਾਰੀ ਸਿੱਖ ਦੇ ਮਸਲੇ ਨੂੰ ਖਤਮ ਕਰ ਦਿੱਤਾ ਹੈ । ਹੁਣ ਕਾਨੂੰਨ ਮੁਤਾਬਿਕ ਜੋ ਵਿਅੱਕਤੀ ਦਾੜ੍ਹੀ ਅਤੇ ਸਿਰ ਦੇ ਕੇਸ ਕੱਟਦਾ ਹੈ ਸਰਾਬ, ਤੰਬਾਕੂ ਜਾਂ ਹੋਰ ਨਸ਼ਿਆਂ ਦੀ ਵਰਤੋਂ ਕਰਦਾ ਹੈ ਉਹ ਵੋਟਰ ਨਹੀਂ ਬਣ ਸਕਦਾ । ਹੁਣ ਜੋ ਸਿੱਖ ਹੈ ਉਹ ਸਿੱਖ ਹੈ ਜੋ ਸਿੱਖ ਨਹੀਂ ਉਹ ਸਿੱਖ ਨਹੀਂ ਹੈ । ਸਿੱਖਾਂ ਨੂੰ ਦੋ ਹਿਸਿਆਂ ( ਸਿੱਖ ਅਤੇ ਸਹਿਜਧਾਰੀ ਸਿੱਖ ) ਵਿੱਚ ਵੰਡਣ  ਤੋਂ ਰੋਕਣ ਵਾਲਾ ਇਹ ਫੈਂਸਲਾ ਸਿੱਖ ਪੰਥ ਲਈ ਇੱਕ ਚੰਗਾ ਫੈਂਸਲਾ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ ।ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਜੀ ਨੂੰ ਵੀ ਬੇਨਤੀ ਹੈ ਕਿ ਉਹ ਸਹਿਜਧਾਰੀ ਸਿੱਖ ਪਾਰਟੀ ਨੂੰ ਖਤਮ ਕਰਕੇ ਸਿੱਖੀ ਦੀ ਮੁੱਖਧਾਰਾ ਵਿੱਚ ਸਾਮਲ ਹੋ ਕੇ ਸਿੱਖ ਬਣ ਕੇ ਸਿੱਖ ਪੰਥ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ।


ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ : 94170-23911
   harlajsingh7@gmail.com
ਧਟ. 12-05-2016

ਇੰਨਸਾਫ ਲੈਣ ਲਈ ਸੜਕਾਂ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਿਉਂ ? - ਹਰਲਾਜ ਸਿੰਘ ਬਹਾਦਰਪੁਰ

ਆਮ ਲੋਕਾਂ ਦੀ ਭਲਾਈ ਲਈ ਚੁਣੇ ਜਾਂਦੇ ਸਾਡੇ ਐਮ ਪੀ / ਐਮ ਐਲ ਏ (ਸਰਕਾਰਾਂ) ਭਲਾਈ ਦੀ ਥਾਂ ਆਪ ਤਾਂ ਗੁੰਡਾਗਰਦੀ ਕਰਦੇ ਹੀ ਹਨ, ਇਹਨਾ ਨੇ ਤਾਂ ਆਮ ਲੋਕਾਂ ਨੂੰ ਵੀ ਗੁੰਡੇ ਬਣਾ ਦਿੱਤਾ ਹੈ । ਭਾਵ ਕਿ ਆਮ ਲੋਕਾਂ ਨੂੰ ਆਪਣੀਆਂ ਜਾਇਜ ਮੰਗਾਂ ਦੀ ਆਵਾਜ ਸਰਕਾਰ ਤੱਕ ਪਹੁੰਚਾਉਣ ਲਈ, ਸੜਕਾਂ ਉਤੇ ਧਰਨੇ ਲਾ ਕੇ ਆਮ ਲੋਕਾਂ ਨਾਲ ਬੇਇਨਸਾਫੀ ਕਰਨੀ ਪੈਂਦੀ ਹੈ ਫਿਰ ਸਾਡੀ ਅਵਾਜ ਸਰਕਾਰ ਤੱਕ ਪਹੁੰਚਦੀ ਹੈ । ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਇਕੱਠਾ ਹੋਇਆ ਹਜੂਮ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਆਪ ਇੰਨਸਾਫ ਲੈਣ ਲਈ ਆਪਣਿਆਂ ਨਾਲ ਹੀ ਬੇਇੰਨਸਾਫੀ ਕਰ ਰਿਹਾ ਹੈ । ਅੱਜ ਬੁਢਲਾਡੇ ਵਾਲਿਆਂ ਵੱਲੋਂ ਧਰਨਾ ਲਗਾ ਕੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜੇ ਸਾਂਨੂੰ ਕਦੇ ਅਕਾਲ ਆ ਜਾਵੇ ਤਾਂ ਅਸੀਂ ਪਾਰਟੀ ਬਾਜੀ ਤੋਂ ਉਪਰ ਉਠ ਕੇ ਆਪਣੇ ਲੋਕਾਂ ਨੂੰ ਘੇਰਨ ਦੀ ਥਾਂ ਸਾਡੇ ਐਮ ਪੀ / ਐਮ ਐਲ ਏ ਅਤੇ ਸਬੰਧਤ ਅਧਿਕਾਰੀਆਂ ਨੂੰ ਘੇਰੀਏ । ਉਹਨਾ ਨੂੰ ਮਜਬੂਰ ਕਰੀਏ ਕਿ ਉਹ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਣ, ਜੇ ਸਰਕਾਰ ਉਹਨਾ ਦੀ ਸੁਣਦੀ ਨਹੀਂ ਹੈ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਣ । ਕਿਉਂਕਿ ਜੇ ਉਹਨਾ ਨੇ ਸਾਡਾ ਭਲਾ ਨਹੀਂ ਕਰਨਾ ਜਾਂ ਭਲਾ ਕਰ ਨਹੀਂ ਸਕਦੇ ਤਾਂ ਉਹ ਸਾਡੇ ਉਤੇ ਬੋਝ ਵੀ ਨਾ ਬਣਨ, ਤਾਂ ਉਹ ਸਾਡੀ ਕਮਾਈ ਵਿੱਚੋਂ ਤਨਖਾਹਾਂ/ਭੱਤੇ ਲੈਣੇ ਵੀ ਬੰਦ ਕਰ ਦੇਣ। ਸਾਡੇ ਬੁਢਲਾਡੇ ਹਲਕੇ ਦਾ ਕਾਫੀ ਮੰਦਾ ਹਾਲ ਹੈ, ਪਹਿਲਾਂ ਪੰਜ ਸਾਲ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਜੀ ਰਹੇ, ਸਰਕਾਰ ਅਕਾਲੀਆਂ ਦੀ ਸੀ, ਕੰਮ ਨਹੀਂ ਬਣੇ । ਫਿਰ ਪੰਜ ਸਾਲ ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓ ਜੀ ਰਹੇ, ਸਰਕਾਰ ਵੀ ਅਕਾਲੀਆਂ ਦੀ ਸੀ ਫਿਰ ਵੀ ਸਾਡੇ ਕੰਮ ਨਹੀਂ ਬਣੇ । ਹੁਣ ਸਾਡੇ ਵਿਧਾਇਕ ਆਮ ਆਦਮੀ ਪਾਰਟੀ ਦੇ ਬੁੱਧ ਰਾਮ ਜੀ ਹਨ, ਸਰਕਾਰ ਕਾਂਗਰਸ ਦੀ ਹੈ ਸਾਡੇ ਕੰਮ ਹੁਣ ਵੀ ਨਹੀਂ ਹੋ ਰਹੇ । ਕੀ ਸਿਸਟਮ ਹੈ ਇਹ ਸਾਡੇ ਕੰਮ ਕਦੋਂ ਹੋਣਗੇ ? ਬੱਸ ਇਕੋ ਗੱਲ ਹੋਣੀ ਚਾਹੀਂਦੀ ਹੈ ਕਿ ਸਰਕਾਰ ਚਾਹੇ ਕਿਸੇ ਪਾਰਟੀ ਦੀ ਹੋਵੇ, ਵਿਧਾਇਕ ਚਾਹੇ ਕਿਸੇ ਪਾਰਟੀ ਦਾ ਹੋਵੇ, ਜਾਂ ਤਾਂ ਸਾਡੇ ਹਲਕੇ ਦੇ ਸਾਝੇ ਕੰਮ ਹੋਣ, ਜਾਂ ਫਿਰ ਅਸਤੀਫਾ ਦੇ ਕੇ ਆਪਣੇ ਘਰ ਬੈਠਣ । ਲੋਕਾਂ ਨੂੰ ਘੇਰਨ ਵਾਲਿਓ ਵਿਧਾਇਕਾਂ ਨੂੰ ਘੇਰੋ । ਜੇ ਲੋਕਾਂ ਨੂੰ ਘੇਰ ਕੇ ਤੁਹਾਡੀ ਮੰਗ ਮੰਨੀ ਵੀ ਗਈ ਤਾਂ ਇਹ ਵੀ ਇੱਕ ਮਾੜੀ ਪਿਰਤ ਹੀ ਪਵੇਗੀ । ਅੱਜ ਬੁਢਲਾਡੇ ਤਕੋਨੀ ਚੌਕ ਵਿਚ ਸਵੇਰੇ ਬੱਸ ਰੋਕੀ ਗਈ, ਬੱਸ ਵਿੱਚ ਸਵਾਰ ਮਰਦ /ਇਸਤਰੀਆਂ ਧਰਨੇ ਦਾ ਵਿਰੋਧ ਕਰ ਰਹੇ ਸਨ, ਇਸਤਰੀਆਂ ਕਹਿ ਰਹੀਆਂ ਸਨ ਕਿ ਅਸੀਂ ਹੁਣ ਕਿੱਧਰ ਜਾਈਏ , ਤਾਂ ਧਰਨੇ ਵਾਲੇ ਉਹਨਾ ਦੀ ਗੱਲ ਸੁਣਨ ਦੀ ਥਾਂ ਇਨਕਲਾਬ ਜ਼ਿੰਦਾਬਾਦ,ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸੀ, ਨਾਲੇ ਕਹਿ ਰਹੇ ਸੀ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਮੈ ਹੈਰਾਨ ਸੀ ਕਿ ਇਹੀ ਭਗਤ ਸਿੰਘ ਜੀ ਦੀ ਸੋਚ ? ਓ ਭਗਤ ਸਿੰਘ ਦੇ ਵਾਰਸੋ ਭਗਤ ਸਿੰਘ ਨੇ ਲੋਕ ਨਹੀਂ ਸੀ ਘੇਰੇ, ਉਸ ਨੇ ਆਪਣੀ ਆਵਾਜ ਅਸੈਂਬਲੀ ਵਿੱਚ ਸੁਣਾਈ ਸੀ । ਮੇਰਾ ਇੱਥੇ ਇਹ ਵੀ ਭਾਵ ਨਹੀਂ ਹੈ ਲਿ ਤੁਸੀਂ ਅਸੈਂਬਲੀ ਵਿੱਚ ਬੰਬ ਸੁਟੋ, ਕਿਉਂਕਿ ਭਗਤ ਸਿੰਘ ਨੇ ਵੀ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੀ ਸੁਟਿਆ, ਉਸ ਨੇ ਬੇਗਾਨਿਆਂ ਨੂੰ ਆਪਣੀ ਆਵਾਜ ਸੁਣਾਉਣ ਲਈ ਇਹ ਕਾਰਾ ਕੀਤਾ ਸੀ, ਹੁਣ ਅਸੈਂਬਲੀ ਵਿੱਚ ਬੇਗਾਨੇ ਨਹੀਂ ਹਨ, ਜਿੰਨਾ ਨੂੰ ਬੰਬ ਦੇ ਖੜਕੇ ਨਾਲ ਆਪਣੀ ਆਵਾਜ ਸੁਣਾਉਣੀ ਪਵੇ, ਹੁਣ ਅਸੈਂਬਲੀ ਵਿੱਚ ਤੁਹਾਡੇ ਆਪਣੇ ਹਲਕੇ ਦੇ ਆਪਣੇ ਲੋਕ ਬੈਠੇ ਹਨ ਜਿੰਨਾ ਨੂੰ ਤੁਹਾਡੀਆਂ ਸਮੱਸਿਆਵਾਂ ਦਾ ਚੰਗੀ ਤਰਾਂ ਪਤਾ ਵੀ ਹੈ, ਉਹਨਾ ਦੀਆਂ ਰੈਲੀਆਂ ਵਿੱਚ ਜਾਣ ਦੀ ਥਾਂ ਉਹਨਾ ਦਾ ਘਿਰਾਓ ਕਰਿਆ ਕਰੋ । ਇੰਨਸਾਫ ਮੰਗਣ ਲਈ ਧਰਨਾ ਬਰਗਾੜੀ ਵੀ ਲੱਗਿਆ ਹੋਇਆ ਹੈ ਕੀ ਉਹਨਾਂ ਵਾਂਗ ਰੋਸ ਜਾਹਿਰ ਨਹੀਂ ਕੀਤਾ ਜਾ  ਸਕਦਾ ? ਇੰਨਸਾਫ ਲੈਣ ਲਈ ਸੜਕਾਂ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਰਨੀ ਇੰਨਸਾਨੀਅਤ ਨਹੀ ਹੈ, ਸਰਕਾਰਾਂ ਅਤੇ ਲੀਡਰ ਵੀ ਇਹੀ ਚਾਹੁੰਦੇ ਹਨ ਕਿ ਇਹ ਲੋਕ ਸਾਡੇ ਨਾਲ ਲੜਨ ਜਾਂ ਸਾਨੂੰ ਘੇਰਨ ਦੀ ਥਾਂ ਆਪਸ ਵਿੱਚ ਲੜਦੇ ਅਤੇ ਆਪਣਿਆਂ ਨੂੰ ਹੀ ਘੇਰਦੇ ਰਹਿਣ । ਲਿਖਣ ਨੂੰ ਤਾਂ ਹੋਰ ਵੀ ਬਹੁਤ ਕੁੱਝ ਹੈ ਪਰ ਸਮਝਣ ਲਈ ਤਾਂ ਇਹ ਵੀ ਬਹੁਤ ਹੈ ।

03-08-2018


                         
                      ਪਿੰਡ ਤੇ ਡਾਕਖਾਨਾ ਬਹਾਦਰਪੁਰ,       
                      ਤਹਿਸੀਲ ਬੁੱਢਲਾਡਾ,
                      ਜਿਲਾ ਮਾਨਸਾ ਪੰਜਾਬ ।
                      ਪਿੰਨ ਕੋਡ :-151501
                      ਫੋਨ ਨੰਬਰ :- 9417023911
                      harlajsingh7@gmail.com

ਨਾ ਸਾਰੇ ਅਮੀਰ ਮਾੜੇ ਹੁੰਦੇ ਹਨ, ਨਾ ਗਰੀਬ, ਮਾੜੀ ਤਾਂ ਮਾੜੀ ਸੋਚ ਹੀ ਹੁੰਦੀ ਹੈ। - ਹਰਲਾਜ ਸਿੰਘ ਬਹਾਦਰਪੁਰ

ਆਰਥਿਕ ਤੌਰ ਤੇ ਸੱਭ ਨੂੰ ਬਰਾਬਰ ਕਦੇ ਵੀ ਨਹੀਂ ਕੀਤਾ ਜਾ ਸਕਦਾ, ਹਾਂ ਇਸ ਆਰਥਿਕ ਪਾੜੇ ਨੂੰ ਕੁੱਝ ਹੱਦ ਤੱਕ ਘਟਾਇਆ ਜਰੂਰ ਜਾ ਸਕਦਾ ਹੈ। ਜੇ ਸਾਰੀ ਸੰਪਤੀ ਸੱਭ ਨੂੰ ਬਰਾਬਰ ਵੀ ਵੰਡ ਦਿੱਤੀ ਜਾਵੇ, ਤਾਂ ਵੀ ਕੁੱਝ ਹੀ ਸਾਲਾਂ ਵਿੱਚ ਕਈ ਮੇਹਨਤੀ ਜਾਂ ਊੱਚੀ ਸੋਚ ਵਾਲੇ ਜਾਇਦਾਦ ਖਰੀਦ ਲੈਣਗੇ ਅਤੇ ਕਈ ਕਮਚੋਰ ਜਾਂ ਮਾੜੀ ਸੋਚ ਵਾਲੇ ਆਪਣੀ ਜਾਇਦਾਦ ਬੇਚ ਦੇਣਗੇ। ਇਹ ਆਮ ਹੀ ਵਰਤਾਰਾ ਹੈ ਜੋ ਅਮੀਰਾਂ ਅਤੇ ਮਜਦੂਰਾਂ ਵਿੱਚ ਵੇਖਿਆ ਜਾ ਸਕਦਾ ਹੈ। ਦੋ ਜਿਮੀਦਾਰ ਭਰਾ ਜਦੋਂ ਆਪਣੀ ਜਾਇਦਾਦ ਬਰਾਬਰ ਵੰਡ ਕੇ ਅੱਡ ਹੁੰਦੇ ਹਨ ਤਾਂ ਕੁੱਝ ਹੀ ਸਾਲਾਂ ਵਿੱਚ ਇੱਕ ਗਰੀਬ ਤੇ ਦੂਜਾ ਅਮੀਰ ਹੋ ਜਾਂਦਾ ਹੈ। ਇਸੇ ਤਰਾਂ ਮਜਦੂਰੀ ਕਰਨ ਵਾਲੇ ਭਰਾ ਵੀ ਇੱਕ ਪੈਸੇ ਵਾਲਾ ਹੋ ਜਾਂਦਾ ਹੈ ਤੇ ਇੱਕ ਨੂੰ ਕੋਈ ਦਿਹਾੜੀ ਤੇ ਵੀ ਨਹੀਂ ਲੈ ਕੇ ਜਾਂਦਾ। ਆਰਥਿਕ ਪੱਖ ਤੋਂ ਕਮਜੋਰ ਕਦੇ ਵੀ ਆਪਣੀ ਕਮਜੋਰੀਫ਼ਘਾਟ ਨੂੰ ਨਹੀਂ ਵਿਚਾਰਦੇ ਉਹ ਬੱਸ ਆਪ ਤੋਂ ਅੱਗੇ ਲੰਘੇ ਨੂੰ ਠੱਗ, ਚੋਰ, ਬੇਈਮਾਨ ਹੀ ਸਮਝਦੇ ਹਨ। ਆਮ ਹੀ ਕਿਹਾ ਜਾਂਦਾ ਹੈ ਕਿ ਅਮੀਰ ਲੋਕ ਬਹੁਤ ਮਾੜੇ ਹੁੰਦੇ। ਲੜਾਈ ਦੀ ਖੱਟੀ ਖਾਣ ਵਾਲੇ ਸਾਡੇ (ਗਰੀਬਾਂ, ਕਿਸ਼ਾਨਾ ਅਤੇ ਬਾਣੀਆਂ ਦੇ) ਆਗੂ ਕਹਾਉਣ ਵਾਲੇ ਇਹੀ ਪ੍ਰਚਾਰਕੇ ਨਫਰਤ ਫੈਲਾਉਂਦੇ ਰਹਿੰਦੇ ਹਨ, ਕਿ ਅਮੀਰ ਗਰੀਬਾਂ ਦਾ ਖੂਨ ਚੂਸਦੇ ਹਨ ਮਜਦੂਰ ਚੰਗੇ ਨਹੀਂ ਹੁੰਦੇ ਜਾਂ ਕਿਸ਼ਾਨ ਬਹੁਤ ਮਾੜੇ ਹੁੰਦੇ ਹਨ । ਹਾਂ ਕੁੱਝ ਅਮੀਰ ਮਾੜੇ ਵੀ ਹੋ ਸਕਦੇ ਹਨ ਪਰ ਸਾਰਿਆਂ ਨੂੰ ਮਾੜੇ ਨਹੀਂ ਕਿਹਾ ਜਾ ਸਕਦਾ। ਜਿੱਥੇ ਬਹੁਤ ਅਮੀਰ ਚੰਗੀ ਸੋਚ ਵਾਲੇ ਵੀ ਹੁੰਦੇ ਹਨ ਉੱਥੇ ਬਹੁਤ ਮਜਦੂਰਾਂ ਦੀ ਸੋਚ ਮਾੜੀ ਵੀ ਹੁੰਦੀ ਹੈ, ਨਾ ਹੀ ਸਾਰੇ ਕਿਸ਼ਾਨ ਚੰਗੇ ਹੁੰਦੇ ਹਨ। ਚੰਗੇ ਮਾੜੇ ਬੰਦੇ ਹਰ ਸਮਾਜ ਵਿੱਚ ਹੁੰਦੇ ਹਨ, ਕਈ ਕਿਸਾਨ ਆਪਣੇ ਆੜਤੀਏ (ਬਾਣੀਏ) ਦੇ ਪੈਸੇ ਮੁਕਰ ਜਾਂਦੇ ਹਨ ਜੋ ਫਿਰ ਆੜਤੀਆਂ ਨੂੰ ਬੇਈਮਾਨ ਕਹਿਣਾ ਸ਼ੁਰੂ ਕਰ ਦਿਂਦੇ ਹਨ। ਕਈ ਮਜਦੂਰ ਕਿਸ਼ਾਨਾ ਦੇ ਪੈਸੇ ਮੁਕਰ ਜਾਂਦੇ ਹਨ ਉਹ ਫਿਰ ਕਿਸ਼ਾਨਾ ਨੂੰ ਬੇਈਮਾਨ ਕਹਿਣਾ ਸੁਰੂ ਕਰ ਦਿੰਦੇ ਹਨ। ਬੇਸ਼ੱਕ ਆਪਣੇ ਤੋਂ ਕਮਜੋਰ ਨੂੰ ਕਰਜਾ ਦੇਣ ਵਾਲੇ ਕੁੱਝ ਮਾੜੇ ਵੀ ਹੋ ਸਕਦੇ ਹਨ ਪਰ ਸਾਰੇ ਮਾੜੇ ਨਹੀਂ ਹੁੰਦੇ, ਅਸਲ ਗੱਲ ਤਾਂ ਇਹ ਹੁੰਦੀ ਹੈ ਕਿ ਤੁਹਾਨੂੰ (ਕਿਸੇ ਨੂੰ ਵੀ) ਕਰਜਾ ਦੇਣ ਵਾਲਾ ਤੁਹਾਡੇ ਉੱਤੇ ਵਿਸ਼ਵਾਸ ਕਰਕੇ ਹੀ ਕਰਜਾ ਦੇ ਰਿਹਾ ਹੁੰਦਾ ਹੈ, ਜਦੋਂ ਤੁਸੀਂ ਉਸ ਦੇ ਪੈਸੇ ਮੁਕਰਦੇ ਹੋਂ ਤਾਂ ਤੁਸੀਂ ਪੈਸੇ ਮੁਕਰਨ ਦੇ ਨਾਲ ਨਾਲ ਵਿਸ਼ਵਾਸ ਦਾ ਵੀ ਕਤਲ ਕਰ ਰਹੇ ਹੁੰਦੇ ਹੋਂ ਜੋ ਬਹੁਤ ਮਾੜਾ ਹੁੰਦਾ ਹੈ। ਇਸ ਲਈ ਸਾਨੂੰ ਇੱਕ ਦੂਜੇ ਨੂੰ ਮਾੜਾ ਜਾਂ ਬੇਈਮਾਨ ਕਹਿਣ ਦੀ ਥਾਂ ਆਪਣੇ ਔਗੁਣਾ ਵੱਲ ਵੀ ਝਾਤ ਮਾਰ ਲੈਣੀ ਚਾਹੀਂਦੀ ਹੈ। ਆਰਥਿਕਤਾ ਦੇ ਨਾਨ ਨਾਲ ਇੱਕ ਨਾਜਾਇਜ ਸਰੀਰਕ ਸਬੰਧਾਂ ਦੀ ਸਮੱਸਿਆ ਸਾਡੀ ਸਾਰਿਆਂ ਦੀ ਸਾਂਝੀ ਸਮੱਸਿਆ ਹੈ, ਇਹ ਸਬੰਧ ਕਿਸੇ ਦੇ ਵੀ ਕਿਸੇ ਨਾਲ ਹੋ ਸਕਦੇ ਹਨ। ਕਿਸ਼ਾਨਾਂ ਜਾਂ ਬਾਣੀਆਂ ਦੇ ਮਜਦੂਰਾਂ ਦੀਆਂ ਇਸਤਰੀਆਂ ਨਾਲ ਵੀ ਨਾਜਾਇਜ ਸਬੰਧ ਹੋ ਜਾਂਦੇ ਹਨ ਅਤੇ ਮਜਦੂਰਾਂ ਦੇ ਕਿਸ਼ਾਨ ਜਾਂ ਬਾਣੀਆਂ ਦੀਆਂ ਇਸਤਰੀਆਂ ਨਾਲ ਵੀ ਨਾਜਾਇਜ ਸਬੰਧ ਹੋ ਜਾਂਦੇ ਹਨ। ਜਾਂ ਕਿਸ਼ਾਨਾ ਦੇ ਕਿਸ਼ਾਨਾਂ ਦੀਆਂ ਇਸਤਰੀਆਂ ਨਾਲ, ਬਾਣੀਆਂ ਦੇ ਬਾਣੀਆਂ ਦੀਆਂ ਇਸਤਰੀਆਂ ਨਾਲ ਜਾਂ ਮਜਦੂਰਾਂ ਦੇ ਮਜਦੂਰਾਂ ਦੀਆਂ ਇਸਤਰੀਆਂ ਨਾਲ ਵੀ ਨਾਇਜ ਸਬੰਧ ਹੋ ਜਾਂਦੇ ਹਨ। ਮੈਂ ਨਾ ਹੀ ਨਾਜਾਇਜ ਸਬੰਧਾਂ ਨੂੰ ਚੰਗੇ ਸਮਝਦਾ ਹਾਂ ਤੇ ਨਾ ਹੀ ਆਪਸੀ ਸਹਿਮਤੀ ਨਾਲ ਪੜਦੇ ਵਿੱਚ ਚਲਦੇ ਸਬੰਧਾਂ ਦੇ ਬੇਪੜਦ ਹੋਣ ਤੇ ਇੱਕ ਦੂਜੇ ਨੂੰ ਬਲੈਕਮੇਲ ਕਰਨ ਦੇ ਹੱਕ ਵਿੱਚ ਹਾਂ। ਜੇ ਕਿਸੇ ਮਜਦੂਰ ਦੀ ਇਸਤਰੀ ਨਾਲ ਬਾਣੀਏ ਦੇ ਸਹਿਮਤੀ ਨਾਲ ਚਲਦੇ ਨਾਜਾਇਜ ਸਬੰਧ ਨੰਗੇ ਹੋ ਜਾਣ ਤਾਂ ਮਜਦੂਰਫ਼ਕਿਸ਼ਾਨ ਆਗੂ ਉਸ ਨੂੰ ਧਨਾਢਾਂ ਦਾ ਮਜਲੂਮਾਂ ਨਾਲ ਧੱਕੇ ਦਾ ਨਾਮ ਦੇ ਕੇ ਉਸ ਨੂੰ ਬਲੈਕਮੇਲ ਕਰਨ ਦੇ ਨਾਲ ਨਾਲ ਉਸ ਦਾ ਜਲੂਸ ਕੱਢ ਦਿੰਦੇ ਹਨ। ਜੇ ਇਹੀ ਸਬੰਧ ਕਿਸੇ ਮਜਦੂਰ ਦੇ ਬਾਣੀਏ ਦੀ ਇਸਤਰੀ ਨਾਲ ਹੋ ਜਾਣ ਜਾਂ ਮਜਦੂਰ ਦੇ ਮਜਦੂਰ ਦੀ ਇਸਤਰੀ ਨਾਲ ਹੋ ਜਾਣ, ਮਾੜੇ ਤਾਂ ਉਹ ਵੀ ਹੁੰਦੇ ਹਨ ਪਰ ਉੱਥੇ ਅਜਿਹੀ ਗੱਲ ਰਫਾ ਦਫਾ ਕਰ ਦਿੱਤੀ ਜਾਂਦੀ ਹੈ। ਇਸ ਲਈ ਨਾ ਸਾਰੇ ਅਮੀਰ ਮਾੜੇ ਹੁੰਦੇ ਹਨ, ਨਾ ਗਰੀਬ, ਮਾੜੀ ਤਾਂ ਮਾੜੀ ਸੋਚ ਹੀ ਹੁੰਦੀ ਹੈ, ਉਹ ਕਿਸੇ ਦੀ ਵੀ ਹੋ ਸਕਦੀ ਹੈ। ਮੇਰਾ ਇਹ ਲਿਖਣ ਦਾ ਮਤਲਬ ਕਿਸੇ ਸਮਾਜ ਨੂੰ ਚੰਗਾ ਜਾਂ ਮਾੜਾ ਸਿੱਧ ਕਰਨਾ ਨਹੀਂ ਹੈ, ਮੈਂ ਨਾ ਹੀ ਕਿਸੇ ਦੇ ਪੈਸੇ ਮੁਕਰਨ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਨਾਜਾਇਜ ਸਬੰਧਾਂ ਨੂੰ ਜਾਇਜ ਠਹਿਰਾਉਣਾ ਮੇਰਾ ਮਕਸਦ ਹੈ। ਮੇਰਾ ਮਕਸਦ ਤਾਂ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਂਦਾ ਹੈ, ਕਿਸੇ ਵੀ ਸਮਾਜ (ਮਜਦੂਰ, ਕਿਸ਼ਾਨ ਜਾਂ ਬਾਣੀਆਂ) ਦਾ ਬੰਦਾ ਚੰਗਾ ਜਾਂ ਮਾੜਾ ਹੋ ਸਕਦਾ ਹੈ, ਸਾਨੂੰ ਕਿਸੇ ਤੋਂ ਵੀ ਕੁੱਝ ਲੈ ਕੇ ਮੁਕਰਨਾ ਨਹੀਂ ਚਾਹੀਂਦਾ, ਨਾ ਹੀ ਕਿਸੇ ਨੂੰ ਬਲੈਕ ਮੇਲ ਕਰਨਾ ਚਾਹੀਂਦਾ ਹੈ। ਕਿਸੇ ਦੀ ਨਿੰਕੀ ਜਿਹੀ ਗੱਲ ਨੂੰ ਉਛਾਲ ਕੇ ਸਾਨੂੰ ਸਮਜਿਕ ਨਫਰਤ ਨਹੀਂ ਫੈਲਾਉਣੀ ਚਾਹੀਂਦੀ, ਸਾਨੂੰ ਆਪਣੇ ਆਪਣੇ ਸਮਾਜਾਂ ਦੀਆਂ ਵੱਖੋ ਵੱਖਰੀਆਂ ਜੱਥੇਵੰਦੀਆਂ ਬਣਾ ਕੇ ਆਪਸ ਵਿੱਚ ਲੜਨ ਦੀ ਥਾਂ ਇੰਨਸਾਨੀਅਤ ਦੇ ਤੌਰ ਦੇ ਇੱਕਠੇ ਹੋ ਕੇ ਮਾੜੀਆਂ ਸਮਾਜਿਕ ਕੁਰੀਤੀਆਂ ਅਤੇ ਮਾੜੇ ਬੰਦਿਆਂ ਦਾ ਵਿਰੋਧ ਕਰਨਾ ਚਾਹੀਂਦਾ ਹੈ ਉਹ ਚਾਹੇ ਕਿਸੇ ਵੀ ਸਮਾਜ ਨਾਲ ਸਬੰਧਤ ਹੋਣ। ਪੰਜਾਬ ਵਿੱਚ ਅਜਿਹੇ ਧੱਕੇ ਵਾਲੀ ਘਟਨਾ ਨਾ ਮਾਤਰ ਹੀ ਹੁੰਦੀ ਹੈ, ਪਰ ਉਸ ਨੂੰ ਸਾਡੇ ਆਗੂਆਂ ਵੱਲੋਂ ਸਿਆਸੀ ਰੰਗਤ ਦੇ ਕੇ ਧੱਕਾ ਬਣਾ ਦਿੱਤਾ ਜਾਂਦਾ ਹੈ ਜੋ ਕਿਸੇ ਲਈ ਵੀ ਸਮਾਜ ਲਈ ਚੰਗਾ ਨਹੀਂ ਹੁੰਦਾ । ਹਾਂ ਸਾਡੇ ਦੇਸ਼ ਦੇ ਕਈ ਸੂਬੇ ਅਜਿਹੇ ਵੀ ਹਨ ਜਿੱਥੇ ਗਰੀਬਾਂਫ਼ਮਜਦੂਰਾਂ ਨਾਲ ਅਮੀਰ ਧੱਕਾ ਕਰਦੇ ਹਨ, ਕਹੀ ਜਾਂਦੀ ਊਚੀ ਜਾਤ ਵਾਲੇ ਨੀਵੀਂ ਜਾਤ ਵਾਲੇ ਨੂੰ ਘੋੜੀ ਤੇ ਵੀ ਨਹੀਂ ਚੜਨ ਦਿੰਦੇ, ਜਾਂ ਧੱਕੇ ਨਾਲ ਗਰੀਬਾਂ ਦੀਆਂ ਇਸਤਰੀਆਂ ਨੂੰ ਚੁੱਕ ਕੇ ਲੈ ਜਾਂਦੇ ਹਨ ਅਜਿਹੇ ਲੋਕਾਂ ਦਾ ਵਿਰੋਧ ਹੋਣਾ ਜਰੂਰੀ ਹੈ, ਇਸ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਆਪਣੇ ਸਮਾਜ ਅਤੇ ਸੂਬੇ ਤੋਂ ਉਪਰ ਉਠ ਕੇ ਮਜਲੂਮਾਂ ਦੇ ਹੱਕ ਵਿੱਚ ਅਵਾਜ ਉਠਾਉਣੀ ਚਾਹੀਂਦੀ ਹੈ।
25-07-2018
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501
ਫੋਨ ਨੰਬਰ :- 9417023911