ਇੰਨਸਾਫ ਲੈਣ ਲਈ ਸੜਕਾਂ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਿਉਂ ? - ਹਰਲਾਜ ਸਿੰਘ ਬਹਾਦਰਪੁਰ
ਆਮ ਲੋਕਾਂ ਦੀ ਭਲਾਈ ਲਈ ਚੁਣੇ ਜਾਂਦੇ ਸਾਡੇ ਐਮ ਪੀ / ਐਮ ਐਲ ਏ (ਸਰਕਾਰਾਂ) ਭਲਾਈ ਦੀ ਥਾਂ ਆਪ ਤਾਂ ਗੁੰਡਾਗਰਦੀ ਕਰਦੇ ਹੀ ਹਨ, ਇਹਨਾ ਨੇ ਤਾਂ ਆਮ ਲੋਕਾਂ ਨੂੰ ਵੀ ਗੁੰਡੇ ਬਣਾ ਦਿੱਤਾ ਹੈ । ਭਾਵ ਕਿ ਆਮ ਲੋਕਾਂ ਨੂੰ ਆਪਣੀਆਂ ਜਾਇਜ ਮੰਗਾਂ ਦੀ ਆਵਾਜ ਸਰਕਾਰ ਤੱਕ ਪਹੁੰਚਾਉਣ ਲਈ, ਸੜਕਾਂ ਉਤੇ ਧਰਨੇ ਲਾ ਕੇ ਆਮ ਲੋਕਾਂ ਨਾਲ ਬੇਇਨਸਾਫੀ ਕਰਨੀ ਪੈਂਦੀ ਹੈ ਫਿਰ ਸਾਡੀ ਅਵਾਜ ਸਰਕਾਰ ਤੱਕ ਪਹੁੰਚਦੀ ਹੈ । ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਇਕੱਠਾ ਹੋਇਆ ਹਜੂਮ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਆਪ ਇੰਨਸਾਫ ਲੈਣ ਲਈ ਆਪਣਿਆਂ ਨਾਲ ਹੀ ਬੇਇੰਨਸਾਫੀ ਕਰ ਰਿਹਾ ਹੈ । ਅੱਜ ਬੁਢਲਾਡੇ ਵਾਲਿਆਂ ਵੱਲੋਂ ਧਰਨਾ ਲਗਾ ਕੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜੇ ਸਾਂਨੂੰ ਕਦੇ ਅਕਾਲ ਆ ਜਾਵੇ ਤਾਂ ਅਸੀਂ ਪਾਰਟੀ ਬਾਜੀ ਤੋਂ ਉਪਰ ਉਠ ਕੇ ਆਪਣੇ ਲੋਕਾਂ ਨੂੰ ਘੇਰਨ ਦੀ ਥਾਂ ਸਾਡੇ ਐਮ ਪੀ / ਐਮ ਐਲ ਏ ਅਤੇ ਸਬੰਧਤ ਅਧਿਕਾਰੀਆਂ ਨੂੰ ਘੇਰੀਏ । ਉਹਨਾ ਨੂੰ ਮਜਬੂਰ ਕਰੀਏ ਕਿ ਉਹ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਣ, ਜੇ ਸਰਕਾਰ ਉਹਨਾ ਦੀ ਸੁਣਦੀ ਨਹੀਂ ਹੈ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਣ । ਕਿਉਂਕਿ ਜੇ ਉਹਨਾ ਨੇ ਸਾਡਾ ਭਲਾ ਨਹੀਂ ਕਰਨਾ ਜਾਂ ਭਲਾ ਕਰ ਨਹੀਂ ਸਕਦੇ ਤਾਂ ਉਹ ਸਾਡੇ ਉਤੇ ਬੋਝ ਵੀ ਨਾ ਬਣਨ, ਤਾਂ ਉਹ ਸਾਡੀ ਕਮਾਈ ਵਿੱਚੋਂ ਤਨਖਾਹਾਂ/ਭੱਤੇ ਲੈਣੇ ਵੀ ਬੰਦ ਕਰ ਦੇਣ। ਸਾਡੇ ਬੁਢਲਾਡੇ ਹਲਕੇ ਦਾ ਕਾਫੀ ਮੰਦਾ ਹਾਲ ਹੈ, ਪਹਿਲਾਂ ਪੰਜ ਸਾਲ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਜੀ ਰਹੇ, ਸਰਕਾਰ ਅਕਾਲੀਆਂ ਦੀ ਸੀ, ਕੰਮ ਨਹੀਂ ਬਣੇ । ਫਿਰ ਪੰਜ ਸਾਲ ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓ ਜੀ ਰਹੇ, ਸਰਕਾਰ ਵੀ ਅਕਾਲੀਆਂ ਦੀ ਸੀ ਫਿਰ ਵੀ ਸਾਡੇ ਕੰਮ ਨਹੀਂ ਬਣੇ । ਹੁਣ ਸਾਡੇ ਵਿਧਾਇਕ ਆਮ ਆਦਮੀ ਪਾਰਟੀ ਦੇ ਬੁੱਧ ਰਾਮ ਜੀ ਹਨ, ਸਰਕਾਰ ਕਾਂਗਰਸ ਦੀ ਹੈ ਸਾਡੇ ਕੰਮ ਹੁਣ ਵੀ ਨਹੀਂ ਹੋ ਰਹੇ । ਕੀ ਸਿਸਟਮ ਹੈ ਇਹ ਸਾਡੇ ਕੰਮ ਕਦੋਂ ਹੋਣਗੇ ? ਬੱਸ ਇਕੋ ਗੱਲ ਹੋਣੀ ਚਾਹੀਂਦੀ ਹੈ ਕਿ ਸਰਕਾਰ ਚਾਹੇ ਕਿਸੇ ਪਾਰਟੀ ਦੀ ਹੋਵੇ, ਵਿਧਾਇਕ ਚਾਹੇ ਕਿਸੇ ਪਾਰਟੀ ਦਾ ਹੋਵੇ, ਜਾਂ ਤਾਂ ਸਾਡੇ ਹਲਕੇ ਦੇ ਸਾਝੇ ਕੰਮ ਹੋਣ, ਜਾਂ ਫਿਰ ਅਸਤੀਫਾ ਦੇ ਕੇ ਆਪਣੇ ਘਰ ਬੈਠਣ । ਲੋਕਾਂ ਨੂੰ ਘੇਰਨ ਵਾਲਿਓ ਵਿਧਾਇਕਾਂ ਨੂੰ ਘੇਰੋ । ਜੇ ਲੋਕਾਂ ਨੂੰ ਘੇਰ ਕੇ ਤੁਹਾਡੀ ਮੰਗ ਮੰਨੀ ਵੀ ਗਈ ਤਾਂ ਇਹ ਵੀ ਇੱਕ ਮਾੜੀ ਪਿਰਤ ਹੀ ਪਵੇਗੀ । ਅੱਜ ਬੁਢਲਾਡੇ ਤਕੋਨੀ ਚੌਕ ਵਿਚ ਸਵੇਰੇ ਬੱਸ ਰੋਕੀ ਗਈ, ਬੱਸ ਵਿੱਚ ਸਵਾਰ ਮਰਦ /ਇਸਤਰੀਆਂ ਧਰਨੇ ਦਾ ਵਿਰੋਧ ਕਰ ਰਹੇ ਸਨ, ਇਸਤਰੀਆਂ ਕਹਿ ਰਹੀਆਂ ਸਨ ਕਿ ਅਸੀਂ ਹੁਣ ਕਿੱਧਰ ਜਾਈਏ , ਤਾਂ ਧਰਨੇ ਵਾਲੇ ਉਹਨਾ ਦੀ ਗੱਲ ਸੁਣਨ ਦੀ ਥਾਂ ਇਨਕਲਾਬ ਜ਼ਿੰਦਾਬਾਦ,ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸੀ, ਨਾਲੇ ਕਹਿ ਰਹੇ ਸੀ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਮੈ ਹੈਰਾਨ ਸੀ ਕਿ ਇਹੀ ਭਗਤ ਸਿੰਘ ਜੀ ਦੀ ਸੋਚ ? ਓ ਭਗਤ ਸਿੰਘ ਦੇ ਵਾਰਸੋ ਭਗਤ ਸਿੰਘ ਨੇ ਲੋਕ ਨਹੀਂ ਸੀ ਘੇਰੇ, ਉਸ ਨੇ ਆਪਣੀ ਆਵਾਜ ਅਸੈਂਬਲੀ ਵਿੱਚ ਸੁਣਾਈ ਸੀ । ਮੇਰਾ ਇੱਥੇ ਇਹ ਵੀ ਭਾਵ ਨਹੀਂ ਹੈ ਲਿ ਤੁਸੀਂ ਅਸੈਂਬਲੀ ਵਿੱਚ ਬੰਬ ਸੁਟੋ, ਕਿਉਂਕਿ ਭਗਤ ਸਿੰਘ ਨੇ ਵੀ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੀ ਸੁਟਿਆ, ਉਸ ਨੇ ਬੇਗਾਨਿਆਂ ਨੂੰ ਆਪਣੀ ਆਵਾਜ ਸੁਣਾਉਣ ਲਈ ਇਹ ਕਾਰਾ ਕੀਤਾ ਸੀ, ਹੁਣ ਅਸੈਂਬਲੀ ਵਿੱਚ ਬੇਗਾਨੇ ਨਹੀਂ ਹਨ, ਜਿੰਨਾ ਨੂੰ ਬੰਬ ਦੇ ਖੜਕੇ ਨਾਲ ਆਪਣੀ ਆਵਾਜ ਸੁਣਾਉਣੀ ਪਵੇ, ਹੁਣ ਅਸੈਂਬਲੀ ਵਿੱਚ ਤੁਹਾਡੇ ਆਪਣੇ ਹਲਕੇ ਦੇ ਆਪਣੇ ਲੋਕ ਬੈਠੇ ਹਨ ਜਿੰਨਾ ਨੂੰ ਤੁਹਾਡੀਆਂ ਸਮੱਸਿਆਵਾਂ ਦਾ ਚੰਗੀ ਤਰਾਂ ਪਤਾ ਵੀ ਹੈ, ਉਹਨਾ ਦੀਆਂ ਰੈਲੀਆਂ ਵਿੱਚ ਜਾਣ ਦੀ ਥਾਂ ਉਹਨਾ ਦਾ ਘਿਰਾਓ ਕਰਿਆ ਕਰੋ । ਇੰਨਸਾਫ ਮੰਗਣ ਲਈ ਧਰਨਾ ਬਰਗਾੜੀ ਵੀ ਲੱਗਿਆ ਹੋਇਆ ਹੈ ਕੀ ਉਹਨਾਂ ਵਾਂਗ ਰੋਸ ਜਾਹਿਰ ਨਹੀਂ ਕੀਤਾ ਜਾ ਸਕਦਾ ? ਇੰਨਸਾਫ ਲੈਣ ਲਈ ਸੜਕਾਂ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਰਨੀ ਇੰਨਸਾਨੀਅਤ ਨਹੀ ਹੈ, ਸਰਕਾਰਾਂ ਅਤੇ ਲੀਡਰ ਵੀ ਇਹੀ ਚਾਹੁੰਦੇ ਹਨ ਕਿ ਇਹ ਲੋਕ ਸਾਡੇ ਨਾਲ ਲੜਨ ਜਾਂ ਸਾਨੂੰ ਘੇਰਨ ਦੀ ਥਾਂ ਆਪਸ ਵਿੱਚ ਲੜਦੇ ਅਤੇ ਆਪਣਿਆਂ ਨੂੰ ਹੀ ਘੇਰਦੇ ਰਹਿਣ । ਲਿਖਣ ਨੂੰ ਤਾਂ ਹੋਰ ਵੀ ਬਹੁਤ ਕੁੱਝ ਹੈ ਪਰ ਸਮਝਣ ਲਈ ਤਾਂ ਇਹ ਵੀ ਬਹੁਤ ਹੈ ।
03-08-2018
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501
ਫੋਨ ਨੰਬਰ :- 9417023911
harlajsingh7@gmail.com