Budh Singh Neellon

ਬਾਬੇ ਦੀ ਪੀਪਣੀ - ਬੁੱਧ ਸਿੰਘ ਨੀਲੋਂ

ਦੋਵੇਂ  ਹੱਥੀ   ਫੜਕੇ  ਝੰਡੀ,  
ਚੋਰਾਂ  ਨੇ  ਹੈ  ਖੋਲ੍ਹੀ  ਮੰਡੀ।

ਮੈਥੋਂ ਲੈ  ਕੇ ਮੈਨੂੰ  ਦੇ ਦਿਉ,
ਸਨਮਾਨਾਂ ਦੀ ਕਰਦੇ ਵੰਡੀ।

ਕੱਚੇ  ਲੇਖਕ  ਅੱਗੇ  ਹੋਇਉ,
 ਪੱਕੇ ਦੀ ਕਰ ਕਰ ਕੇ ਭੰਡੀ ।

ਕੁਝ ਕਵਿਤਾਵਾਂ ਵੇਚਣ ਬੈਠੇ,
ਹੀਰਾ ਮੰਡੀ  ਦੀ ਜਿਉ ਰੰਡੀ ।

ਝੋਲੀ ਚੁੱਕ ਨੇ ਘੁੰਮਦੇ ਫਿਰਦੇ,
ਪਿੰਡ  ਪਿੰਡ  ਤੇ ਡੰਡੀ  ਡੰਡੀ।

ਦੇਖੋ ਜਨਤਾ ਕਦੋਂ ਹੈ ਕਰਦੀ,
ਇਨ੍ਹਾਂ ਚੋਰਾਂ ਦੀ ਫੜਕੇ ਫੰਡੀ।

ਮਾਣ ਲੈ  ਬਾਬਾ ਮੌਜ ਬਹਾਰਾਂ,
ਇਹ ਕੁਲਫੀ ਨਾ ਰਹਿਣੀ ਠੰਡੀ।

ਉਹ ਕਦੇ ਵੀ ਮਾਰ ਨੀ ਖਾਂਦੀ,
ਜਿਹੜੀ ਹੋਵੇ ਉਸਤਾਦ ਦੀ ਚੰਡੀ।

ਸ਼ਰਮ ਜਿਨ੍ਹਾਂ  ਨੇ ਗੀਜੇ ਪਾਈ,
ਉਨ੍ਹਾਂ ਦੀ ਕਰੋ ਜੋ ਮਰਜ਼ੀ ਭੰਡੀ।

ਤੇਰੀ ਪੀਪਣੀ ਬਾਬਾ ਕਿਸ ਨੇ ਸੁਨਣੀ,
ਇੱਥੇ  ਬਣੀ  ਪਈ  ਐ  ਮੱਛੀ  ਮੰਡੀ।
ਬੁੱਧ ਸਿੰਘ ਨੀਲੋਂ

ਬੌਧਿਕ  ਮਾਫੀਏ ਦੀ  ਕੰਗਾਲੀ ! - ਬੁੱਧ ਸਿੰਘ ਨੀਲੋਂ

ਮਾਲਵਿੰਦਰ ਮਾਲੀ ਦੀ ਪੋਸਟ ਪੜ੍ਹ ਕੇ ਕੁੱਝ ਗੱਲਾਂ ਚੇਤੇ ਆ ਗਈਆਂ ਤੁਹਾਡੇ  ਨਾਲ ਸਾਂਝੀਆਂ ਕਰਦਾ ਹਾਂ  ।
 ਨਿੱਕੀ  ਕਵਿਤਾ
ਬੌਧਿਕਤਾ ਗਈ ਕੰਗਾਲੀ
ਬੁੱਧੀਜੀਵੀ  ਬਣੇ ਜੰਗਾਲੀ
ਸਭ ਦੇ ਮੂੰਹ  ਤੇ ਹੈ ਲਾਲੀ
ਲੋਕਾਂ  ਦਾ ਰੱਬ  ਹੈ ਬਾਲੀ
ਲੇਖਕ  ਤਾਂ  ਹੋ 'ਗੇ ਖਾਲੀ
ਕੀ ਬਣੇਗਾ ਦੱਸੂਗਾ ਮਾਲੀ ?
ਇਲਤੀ ਬਾਬਾ
----------
      ਭਾਰਤੀ ਮਨੁੱਖ  ਨੂੰ ਮਾਨਸਿਕ  ਤੌਰ 'ਕਾਬੂ ਕਰਨ ਦੇ ਲਈ ਹਰ ਸਮੇਂ  ਕੋਈ ਨਾ ਕੋਈ ਵਿਚਾਰਧਾਰਾ  ਪਣਪਦੀ ਰਹੀ ਹੈ। ਜਿਸ ਵਿਚਾਰਧਾਰਾ ਨੇ ਆਮ ਮਨੁੱਖ ਦੇ ਵਿਕਾਸ ਦੇ ਲਈ ਹੰਭਲਾ ਮਾਰਿਆ, ਉਹ ਹੀ ਜਿਉਂਦੀ ਰਹੀ ਹੈ।  ਨਹੀਂ ਸਮੇਂ ਦੇ ਨਾਲ ਨਾਲ ਸਮਾਜ ਦੀ ਵਿਚਾਰਧਾਰਾ ਵੀ ਬਦਲਦੀ ਰਹੀ।  ਹਰ ਵਿਚਾਰਧਾਰਾ ਆਮ ਮਨੁੱਖ ਦੀ ਹੋਣੀ ਬਦਲਣ ਦਾ ਉਦੇਸ਼  ਲੈ ਕੇ ਆਉਂਦੀ ਰਹੀ ਪਰ ਜਿਉਂ  ਹੀ ਉਹ ਵਿਕਾਸ ਕਰਦੀ ਗਈ ਤਾਂ ਉਸਦੇ ਵਰਕਰਾਂ  ਨੂੰ ਅੱਗੇ ਲਾ ਕੇ ਆਗੂਆਂ ਨੇ ਉਸਨੂੰ ਵਪਾਰ ਬਣਾ ਲਿਆ ।  ਹੁਣ ਤੁਸੀਂ  ਆਪਣੇ  ਅੱਖੀਂ  ਵੇਖਦੇ ਹੋ ਕਿ ਸਮਾਜ ਦੇ ਹਰ ਖੇਤਰ  ਦੇ ਵਿੱਚ  ਸਮਾਜ ਨੂੰ  ਬਦਲਣ ਦੇ ਨਾਮ ਹੇਠ  ਵਪਾਰ ਹੀ ਤਾਂ ਹੋ ਰਿਹਾ ਹੈ। ਧਰਮ ਦੇ ਨਾਮ ਉਤਰ ਧਾਰਮਿਕ ਅਸਥਾਨ  ਵਪਾਰ ਦੇ ਅੱਡੇ ਬਣਕੇ ਰਹਿ ਗਏ ਹਨ, ਜਿਥੇ ਅਰਬਾਂ  ਤੇ ਖਰਬਾਂ ਦਾ ਕਾਰੋਬਾਰ ਹੁੰਦਾ ਹੈ। ਨਤੀਜਾ ਕੀ ਨਿਕਲਿਆ  ਹੈ ?  ਜ਼ੀਰੋ । ਮਾਨਸਿਕ  ਰੋਗੀ ਆਪਣੇ ਰੋਗ ਦੂਰ ਕਰਨ ਬਹਾਨੇ ਨਵਾਂ ਰੋਗ ਲਵਾ ਆਉਂਦੇ ਹਨ ।
     ਖੈਰ ਧਰਮ ਦੀ ਵਿਚਾਰਧਾਰਾ ਮਾੜੀ ਨਹੀਂ ਸੀ ਪਰ ਆਧੁਨਿਕ ਦੌਰ ਦੇ ਵਪਾਰੀ ਨੇ ਇਸਨੂੰ  ਧੰਦਾ ਬਣਾ ਲਿਆ।  ਜਦੋਂ ਲੋਕ ਸਾਖਰਤਾ ਤੋਂ ਕੋਰੇ ਸੀ ਉਸ ਵੇਲੇ ਲੋਕਾਂ ਦੇ ਅੰਦਰ ਧਰਮ, ਸਮਾਜ ਤਰ ਭਾਈਚਾਰੇ ਬਾਰੇ ਚੇਤਨਾ ਸੀ ਪਰ ਜਿਉਂ ਜਿਉਂ ਮਨੁੱਖ ਸਾਖਰ ਹੁੰਦਾ ਗਿਆ, ਉਹ ਚੇਤਨਾ ਤੋਂ ਵਿਰਵਾ ਹੁੰਦਾ ਗਿਆ । ਅੱਜ ਸਥਿਤੀ ਤੁਹਾਡੇ ਸਾਹਮਣੇ  ਹੈ।
    ਸਾਹਿਤ ਜੇ ਲੋਕ ਪੱਖੀ ਹੋਵੇ ਤਾਂ  ਸਮਾਜ ਨੂੰ  ਸੇਧ ਦੇਂਦਾ ਹੈ, ਨਹੀਂ  ਫੇਰ ਪ੍ਰਕਾਸ਼ਕ ਦੀ ਨਾ ਤਜੌਰੀ ਭਰਦਾ ਹੈ ਨਾ ਪਾਠਕਾਂ  ਦੇ ਦਿਮਾਗ ਨੂੰ ਲੱਗੇ ਜਾਲੇ ਉਤਾਰਦਾ ਹੈ ।
       ਡਾ.ਮਨਮੋਹਨ ਦਾ ਨਾਵਲ "ਨਿਰਵਾਣ " ਸਾਨੂੰ ਪੜ੍ਹਨ ਤੇ ਸਮਝਣ ਦੀ ਲੋੜ ਹੈ। ਨਾਵਲ ਦੇ ਵਿੱਚ  ਦੋ ਵਿਚਾਰਧਾਰਾਵਾਂ  ਹਨ।  ਇਕ ਪੁਰਾਤਨ  ਸਮਿਆਂ  ਦਾ ਬੁੱਧਇਜ਼ਮ ਤੇ  ਆਧੁਨਿਕ  ਦੌਰ ਦਾ ਮਾਓਵਾਦ ਹੈ।  ਦੋਹਾਂ  ਦੀ ਉਤਪਤੀ ਤੋਂ ਵਿਕਾਸ ਤੇ ਵਿਨਾਸ਼ ਤੱਕ ਦਾ ਉਹ ਸੱਚ ਹੈ, ਜਿਸਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਿਸੇ  ਵੀ ਵਿਚਾਰਧਾਰਾ ਦਾ ਪਤਨ ਉਸ ਵੇਲੇ ਹੁੰਦਾ ਹੈ ਜਦੋਂ  ਉਹ ਮਨੁੱਖਤਾ ਦੇ ਭਲੇ ਦੀ ਵਜਾਏ  ਉਹ ਵਪਾਰ ਦਾ ਸਾਧਨ ਬਣਦੀ ਹੈ।  ਹੁਣ ਸਭ ਕੁੱਝ  ਹੈ ਹੀ ਵਪਾਰ ਹੈ । ਵਪਾਰੀ ਬਹੁਕੌਮੀ ਕੰਪਨੀਆਂ ਦੇ ਦਲਾਲ ਹਨ । ਦਲਾਲਾਂ ਦੀ ਇਸ ਕਤਾਰ ਵਿੱਚ ਵਪਾਰੀ, ਲਿਖਾਰੀ, ਅਧਿਕਾਰੀ, ਬੁੱਧੀਜੀਵੀ ਤੇ ਸਿਆਸੀ ਆਗੂ ਹਨ । ਇਹਦੇ ਨਾਲ ਸਾਡਾ ਮੀਡੀਆ ਵੀ ਸ਼ਾਮਲ ਹੈ ।  ਸਭ ਝੂਠ ਨੂੰ ਸੱਚ ਬਣਾ ਕੇ ਵਿਕਾ ਰਹੇ ਹਨ ।
      ਬੌਧਿਕਤਾ ਦੇ ਉਪਰ ਦੇਖਿਆ ਲੱਗਦਾ ਹੈ  ਕਿ ਬਹੁਤ  ਚਿਰ ਤੋਂ ਖੱਬੂਆਂ ਦਾ ਕਬਜ਼ਾ  ਹੈ। ਪਰ ਅਸਲ ਦੇ ਵਿੱਚ  ਇਹ ਵੱਡੀਆਂ  ਸਿਆਸੀ  ਤੇ ਬਹੁ ਕੌਮੀ ਕੰਪਨੀਆਂ ਦੇ ਦਲਾਲ ਹੀ ਹਨ ।
      ਉਹ ਹਰ ਮਸਲੇ ਨੂੰ ਆਪਣੇ ਬਣਾਏ ਫਰਮਿਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਢੰਗ ਤਰੀਕੇ ਜੜ ਕੇ ਫੇਰ ਰਲ ਕੇ ਪ੍ਰਚਾਰਦੇ ਦੇ ਰਹੇ ਹਨ । ਖੱਬੂ ਜਿੰਨੇ ਬੌਧਿਕ ਪੱਖੋ ਤੇਜ ਤਰਾਰ ਹਨ ਤੇ ਓਨੇ ਹੀ ਜੁਗਾੜੀ ਵੀ ਸਿਰੇ ਦੇ ਹਨ। ਉਨ੍ਹਾਂ ਦੀ  ਨਿਗਾ ਕਿਤੇ  ਹੋਰ ਤੇ ਨਿਸ਼ਾਨਾ ਕਿਤੇ ਹੋਰ ਹੁੰਦਾ  ਹੈ। ਉਹ ਆਪਣਾ  ਉਲੂ ਸਿੱਧਾ ਰੱਖਦੇ ਹਨ ਤੇ ਬਾਕੀ ਕੇਡਰ ਪਵੇ ਅੰਨ੍ਹੇ ਖੂਹ ਦੇ ਵਿੱਚ । ਇਹ ਖੱਬਿਆਂ ਤੇ ਕਾਂਗਰਸ  ਦੀ ਹੀ ਮਿਹਰਬਾਨੀ  ਹੈ ਕਿ ਭਾਜਪਾ  ਦੇ ਹੱਥ ਦੇਸ਼ ਫੜਾ ਦਿੱਤਾ  ਹੈ ਤੇ ਹੁਣ ਚੀਕ ਰਹੇ ਹਨ ।
       ਪੰਜਾਬੀ ਦੇ ਬੌਧਿਕ ਕਵੀ, ਲੇਖਕ ਤੇ ਬੁੱਧੀਜੀਵੀ ਸਦਾ ਹੀ ਆਪਣੇ ਆਪ ਨੂੰ ਲੋਕਾਂ ਦੇ ਨਾਲ ਜੁੜੇ ਹੋਣ ਦਾ ਦੰਭ ਰਚਦੇ ਹਨ ਤੇ  ਦੂਜੇ ਪਾਸੇ  ਉਹ ਸੱਤਧਾਰੀਆਂ ਨਾਲ ਯਾਰੀ ਪਾ ਕੇ ਆਪਣਾ ਹਲਵਾ ਮੰਡਾ ਬਣਾਉਂਦੇ ਹਨ ਤੇ ਇਸ ਦਾ ਅਸਰ ਇਹ ਹੋਇਆ ਕਿ ਲੋਕ ਹੌਲੀ ਹੌਲੀ ਇਹਨਾਂ ਬੌਧਿਕਵਾਦੀਆਂ ਤੋਂ ਕਿਨਾਰਾਕਸ਼ੀ ਕਰਕੇ ਨੀਮ ਬੇਹੋਸ਼ੀ ਵਿੱਚ ਚਲੇ ਗਏ। ਜਿਸਦਾ ਲਾਭ ਸਿਆਸੀ ਪਾਰਟੀਆਂ ਨੂੰ ਹੁੰਦਾ ਰਿਹਾ ਹੈ ਤੇ ਹੋ ਰਿਹਾ ਹੈ ।
    ਬੌਧਿਕਵਾਦੀ ਵਾਤਆਨਕੂਲ ਮਹਿਲਾਂ ਤੇ ਦਫਤਰਾਂ ਵਿੱਚ ਬੈਠ ਕੇ ਸ਼ਬਦ ਜੁਗਾਲੀ ਕਰਦੇ ਰਹੇ। ਹਰਕ੍ਰਿਸ਼ਨ  ਵਰਗੇ ਸੱਤਾ ਵਿੱਚ ਵੜ ਕੇ ਸੁਰਜੀਤ ਹੋ ਗਏ ਹਨ ਤੇ ਹੋ ਰਹੇ ਹਨ । ਉਹਨਾਂ ਦੇ ਬੋਲਾਂ ਤੇ ਫੁੱਲ ਚਾੜਨ ਵਾਲੇ ਕੰਗਾਲ ਹੋ ਗਏ ਹਨ ਦੇਖੋ ਕੇਹੀ ਵਿਡੰਬਨਾ ਹੈ ? ਹੁਣ ਭੀਮ ਹੋਰੀ ਇੰਦਰ ਬਣੇ ਸ਼ਬਦਾਂ ਦੀ ਵਰਖਾ ਕਰਕੇ ਨਵੀਂ ਸਰਕਾਰ ਦੀ ਮਾਲਿਸ਼ ਕਰ ਰਹੇ ਹਨ । ਇਸੇ ਹੀ ਤਰ੍ਹਾਂ ਪਹਿਲਾਂ ਕਈ ਚੈਨ ਨਾਲ ਸੁੱਤੇ ਤੇ ਅਨੰਦ ਹੋ ਗਏ ਤੇ ਕਈ ਜਤਿੰਦਰ ਸ਼ਬਦਾਂ ਦੇ ਸਿਕੰਦਰ ਹੋ ਗਏ। ਉਹਨਾਂ ਕਦੇ ਸੱਜਿਆ ਦੇ ਨਾਲ ਕਦੇ ਏਜੰਸੀਆਂ ਦੇ ਨਾਲ ਯਾਰੀ ਤੇ ਫੁਲਕਾਰੀ ਪਾ ਕੇ ਰੱਖੀ। ਆਪਣਾ ਉਲੂ ਸਿੱਧਾ ਕੀਤਾ। ਲੋਕਾਈ ਜਾਵੇ ਕੁਰਲਾਈ ਤੇ ਇਹ ਆਪਣੇ ਚੁਲੇ ਪਕਾਉਂਦੇ ਰਹੇ ਤੇ ਕੋਠੜੀਆਂ ਵਧਾਉਦੇ ਰਹੇ ।
     ਜੋ ਵੀ ਹੋਇਆ ਤੇ ਉਹ ਤੁਹਾਡਾ ਹਸ਼ਰ ਤੁਹਾਡੇ ਸਾਹਮਣੇ ਹੈ। ਦੂਜੇ ਪਾਸੇ ਕਿਤਾਬਾਂ ਵਿਚ ਪਿਆ ਗਿਆਨ ਤੇ ਬੌਧਿਕਤਾ ਬੰਦ ਅਲਮਾਰੀਆਂ ਦੇ ਵਿੱਚ ਰਹਿ ਗਈ ਤੇ ਉਸਨੂੰ ਸਿਉਕ ਛੱਕਦੀ ਰਹੀ ਤੇ ਅਵਾਮ ਇਨਕਲਾਬ ਉਡੀਕਦਾ ਹੋਇਆ ਡੇਰਿਆਂ ਦਾ ਚੇਲਾ ਹੋ ਗਿਆ । ਲੋਕਾਂ ਦਾ ਭਰਮ ਧਰਮ ਵੱਲ ਵੱਧ ਗਿਆ ਤੇ ਡੇਰੇ ਵਾਲਿਆਂ ਦਾ ਧੰਦਾ ਚੱਲ ਪਿਆ... ਲੋਕ ਦੀਵਾਨ ਸੁਣ ਕੇ ਸਵਰਗ ਦੇ ਸੁਪਨੇ ਲੈਣ ਲੱਗੇ.. ਪਰ ਗਏ ਠੱਗੇ ..। ਕਈ ਦਹਾਕਿਆਂ ਤੋਂ ਪਹਿਲਾਂ  ਸੈਮੀਨਾਰ ਹੁੰਦੇ ਰਹੇ ਹੋ ਰਹੇ ਹਨ ਤੇ ਨਤੀਜੇ ਕੀ ਨਿਕਲੇ ਲੋਕ ਚੇਤਨ ਹੋਣ ਦੀ ਵਜਾਏ ਡਰ ਨਾਲ ਡਰਨ ਲੱਗੇ ।  ਬੀਮਾਰ ਮਾਨਸਿਕਤਾ ਨੇ ਲੋਕਾਂ ਅੰਦਰ ਮਰ ਜਾਣ ਦਾ ਡਰ ਵਧਾਇਆ ਹੈ ਤੇ ਸੱਤਾ ਨੂੰ ਇਸਦਾ ਲਾਭ ਹੈ । ਹੁਣ ਤਾਂ  ਅਗਲਿਆਂ ਨੇ ਕਾਨੂੰਨ  ਤੇ ਜੇਲ੍ਹ  ਦਾ ਪ੍ਰਬੰਧ ਕਰ ਦਿੱਤਾ ਹੈ ਤੇ ਹੁਣ ਲੋਕ ਹੋਰ ਵੀ ਡਰਦੇ ਘਰਾਂ ਵਿੱਚ  ਲੁਕ ਗਏ ।
     ਬੌਧਿਕ ਵਾਦੀ ਹੁਣ ਸੰਵਾਦ ਨਹੀਂ  ਬਹਿਸ ਕਰਦੇ ਹਨ ਤੇ ਮੱਠਾਂ ਦੇ ਮਹੰਤ ਬਣ ਕੇ ਮਰਨ ਜੰਮਣ ਉਤੇ ਖੁਸਰਿਆਂ ਤੇ ਮਿਰਾਸੀਆਂ ਨੂੰ ਵਧਾਈਆਂ ਦੇਣ ਤੇ ਅਫਸੋਸ ਕਰਨ ਜਾਂਦੇ ਹਨ।
     ਮੱਠਾਂ ਦੇ ਮਹੰਤ ਸੰਤ ਬਣ ਕੇ ਵੱਖ ਵੱਖ ਥਾਵਾਂ ਉਤੇ ਬੌਧਿਕ ਪ੍ਰਵਚਨਾਂ ਦੇ ਨਾਲ ਮਿਕਸ ਭਾਸ਼ਾ ਦਾ ਵਿਖਿਆਨ ਕਰਦੇ ਤੇ ਮਾਲ ਛੱਕਦੇ ਹਨ। ਹਰ ਡੇਰੇ ਦਾ ਮਹੰਤ ਜੋ ਦਵੰਦਵਾਦੀ ਬੌਧਿਕ ਤੇ ਵਿਚ ਵਿਚਾਲੇ ਦਾ ਬੁਲਾਰਾ ਹੁੰਦਾ ਹੈ ।  ਉਸਦਾ ਤੋਰੀ ਫੁਲਕਾ ਵਧੀਆ ਚੱਲਦਾ ਹੈ । ਉਹ ਹਰ ਥਾਂ ਬੈਰਾਗੀ ਸਾਧ ਬਣ ਕੇ ਗਜ਼ਾ ਕਰਦਾ ਹੈ.. ਤੇ ਉਸ ਦੀਆਂ  ਚੇਲੀਆਂ ਆਪਣੇ ਆਪਣੇ ਡੇਰਿਆਂ ਦੇ ਵਿੱਚ ਬੌਧਿਕਤਾ ਦੇ ਦੀਵਾਨ ਸਜਾਉਂਦੀਆਂ ਪ੍ਰਭੂ ਦੇ ਗੁਣ ਗਾਉਂਦੀਆਂ ਹਨ!  ਇਸਨੂੰ ਕਵੀ ਦਰਬਾਰ ਕਹਿੰਦੇ ਹਨ । ਕਵੀ ਤੇ ਕਵਿੱਤਰੀਆਂ ਆਪਣੇ  ਮਨ ਦੇ ਵਲਵਲੇ ਇੱਕ ਦੂਜੇ ਨੂੰ ਸੁਣਾ ਕੇ ਫੋਟੋਆਂ  ਕਰਵਾ ਕੇ ਗੂਗਲ ਬਾਬੇ ਹਵਾਲੇ ਕਰਕੇ ਘਰਾਂ ਨੂੰ ਪਰਤ ਜਾਂਦੇ  ਹਨ ।
      ਹੁਣ ਬੌਧਿਕਤਾ ਦੀ ਕੰਗਾਲੀ ਦਾ ਜਨਾਜ਼ਾ ਸਾਡੇ ਅਧਿਆਪਕ ਕੱਢ ਰਹੇ ਹਨ। ਜਦੋ ਵੀ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਖਰੀਦਣ ਦੇ ਲਈ ਗਰਾਂਟ ਦਿੱਤੀ ਜਾਂਦੀ ਹੈ। ਹਰ ਸਾਲ ਸਿੱਖਿਆ ਵਿਭਾਗ ਵੱਲੋਂ ਕਿਤਾਬਾਂ  ਖਰੀਦਣ ਦੇ ਲਈ ਸੂਚੀ ਵੀ ਜਾਰੀ ਕੀਤੀ ਜਾਂਦੀ  ਹੈ। ਇਸਦੇ ਵਿੱਚ ਹਰ ਸਾਲ ਕੀ ਘਪਲੇ ਹੁੰਦੇ ਹਨ ਇਹ  ਬੋਹੇ ਵਾਲਾ ਕ੍ਰਿਸ਼ਨ ਭਗਤ ਹੀ ਦੱਸ ਸਕਦਾ ਹੈ ਜੋ ਹੁਣ ਪੂਰਾ ਕ੍ਰਿਸ਼ਨ ਦਾ ਦਰਬਾਰ ਚਰਚਾ ਵਿੱਚ ਹੈ । ਇਸਦੀ ਚਰਚਾ ਕਿਉਂ  ਦੱਬ ਗਈ ? ਕੌਮ ਦਾ ਨਿਰਮਾਤਾ ਕੀ ਕਰਦਾ ਹੈ ? ਜੋ ਗਲਤ ਕੰਮ ਕਰਦੇ ਹਨ ਉਹ ਹੋਰਨਾਂ ਨੂੰ ਬਦਨਾਮ ਕਰਦੇ ਹਨ। ਸਿੱਖਿਆ ਨੂੰ ਵਪਾਰ ਬਣਾ ਧਰਿਆ ਹੈ ।
       ਬੌਧਿਕਤਾ ਕੰਗਾਲੀ ਨੇ ਹੁਣ ਤੱਕ ਕੀ ਕੀ ਗੁਲ ਖਿਲਾਏ ਹਨ ?  ਤੁਸੀਂ ਦੇਖ ਹੀ ਰਹੇ ਹੋ । ਹੁਣ ਇਕ ਬੋਲੀ ਇਕ ਝੰਡਾ ਤੇ ਇਕ ਰਾਸ਼ਟਰ ਵਾਲੀ ਵਿਚਾਰਧਾਰਾ  ਵਾਲੇ ਘਰ ਘਰ ਪੁਜ ਗਏ ਹਨ। ਉਹ ਕੌਣ ਨੇ ਤੇ ਕੀ ਕਰਦੇ ਹਨ ?   ਬੌਧਿਕਤਾ ਦੀ ਕੰਗਾਲੀ ਤੇ ਜੰਗਾਲੀ ਹੋਣ ਦੇ ਜੇ ਤੁਹਾਡੇ ਕੋਲ ਕਿੱਸੇ ਹਨ ਤਾਂ ਜਰੂਰ ਸਾਂਝੇ ਕਰਨਾ ਜੀ । ਬਾਕੀ ਗੁਰਬਾਣੀ  ਵਿੱਚ  ਲਿਖਿਆ  ਹੈ :
ਜੰਮਣ ਮਰਨ ਹੁਕਮ ਹੈ,
ਮਰਨਾ ਸਭ ਨੇ ਹੈ ਫੇਰ ਡਰ ਕਿਸਦਾ ਹੈ ।
ਅਸੀਂ  ਗੁਰੂ  ਵੱਲ ਪਿੱਠ ਕਰਕੇ  ਕੀ ਮੌਤ ਤੋਂ  ਬਚ ਜਾਵਾਂਗੇ ?
 ਬੌਧਿਕਤਾ ਕੰਗਾਲ ਹੋਣ ਦੇ ਸਬੂਤ ਹੁਣ ਬਹੁਤ ਹਨ ।
ਬੁੱਧ  ਸਿੰਘ  ਨੀਲੋਂ

ਜਦੋਂ ਭਾਵਨਾਵਾਂ ਭੜਕਾਈਆਂ ਜਾਣ ...! - ਬੁੱਧ  ਸਿੰਘ  ਨੀਲੋਂ

ਇਹ ਸੱਚ ਹੈ ਕਿ ਭਾਵਨਾਵਾਂ ਭੜਕਦੀਆਂ ਨਹੀਂ, ਸਗੋਂ ਇਹ ਭੜਕਾਈਆਂ ਜਾਂਦੀਆਂ ਹਨ। ਅੱਗ ਆਪਣੇ ਆਪ ਕਦੇ ਵੀ ਨਹੀਂ ਲੱਗਦੀ, ਸਗੋਂ ਲਾਈ ਜਾਂਦੀ ਹੈ।  
ਗੱਲ ਜੇ ਸਮਝ ਨਾ ਲੱਗੇ ਤਾਂ ਕਈ ਢੰਗ ਤਰੀਕਿਆਂ ਨਾਲ ਸਮਝਾਈ ਜਾਂਦੀ ਹੈ।
ਤਰੀਕਾ ਨਰਮ ਤੇ ਗਰਮ ਕੋਈ ਵੀ ਹੋ ਸਕਦਾ ਹੈ। ਪਰ ਗੱਲ ਤਾਂ  ਸਮਝ ਤੇ ਸਮਝਾਉਣ ਦੀ ਹੈ ।
ਹੁਣ ਇਹ ਪਤਾ ਨਹੀਂ ਕਿਸ ਵਾਸਤੇ ਇਹ ਹੈ ਪਰ ਗੱਲ ਕਮਾਲ ਦੀ ਹੈ ...
"ਅਕਲਾਂ ਬਾਂਝੋ ਖੂਹ  ਖਾਲੀ.!"
ਹੁਣ ਖੂਹ ਤੇ ਰਹੇ ਨਹੀਂ ਪਰ ਮਸਲੇ ਵੱਡੇ ਹੋ ਗਏ ਹਨ। ਵੱਡੇ ਸਿਰ ਦੀ ਵੱਡੀ ਪੀੜ੍ਹ ।
"ਜੇ ਗਧੇ ਨੂੰ  ਖੂਹ  ਵਿੱਚ  ਸਿੱਟਣਾ ਹੋਵੇ  .. ਉਹ ਕੰਨਾਂ ਤੋਂ  ਫੜਕੇ  ਮੂਹਰੇ ਖਿੱਚੀ ਦਾ ਹੈ! "ਇਹ ਗੱਲਾਂ ਬੇਬੇ ਪੰਜਾਬੋ ਆਖਿਆ ਕਰਦੀ ਸੀ ..
"ਲਾਈਲੱਗ ਨਾ ਹੋਵੇ ਘਰਵਾਲਾ ਤੇ ਚੰਦਰਾ ਗੁਆਂਢ ਬੁਰਾ।"
ਮਾੜਾ ਸਲਾਹਕਾਰ ਵੀ ਬੰਦੇ ਨੂੰ ਮਾਰ ਲੈਦਾ ਹੈ...!"  ਕਿਸੇ ਦੀ ਦਿੱਤੀ ਪੁੱਠੀ ਸਲਾਹ ਵੀ ਖੂਹ ਵਿੱਚ ਲੈ ਡਿੱਗਦੀ ਹੈ!
ਕਈ ਵਾਰ ਲੱਗਦਾ ਕਿ ਸਾਡੀਆਂ ਭਾਵਨਾਵਾਂ ਏਨੀਆਂ ਕਮਜ਼ੋਰ ਹਨ ? ਜਿਹੜੀਆਂ ਨਿੱਕੀਆਂ ਗੱਲਾਂ ਉਤੇ ਤਾਂ  ਵੰਲੂਦਰੀਆਂ ਜਾਂਦੀਆਂ ਹਨ ਤੇ ਭੜਕ ਪੈਂਦੀਆਂ ਹਨ। ਪਰ ਸੱਚ ਕੁੱਝ  ਹੋਰ ਹੈ ਤੇ ਹੁੰਦਾ ।
ਸਾਨੂੰ  ਕਿਉਂ  ਨਹੀਂ  ਅਕਲ ਆਉਂਦੀ ?
 ਅਸੀਂ ਅਤੀਤ ਤੋਂ  ਹੁਣ ਤੱਕ ਕਿਉਂ ਨਹੀਂ ਕੁੱਝ ਸਿੱਖਿਆ  ?
 ਅਸੀਂ ਸੂਰਜ ਵੱਲ ਪਿੱਠ ਕਿਉਂ ਕਰੀ ਖੜ੍ਹੇ ਹਾਂ ? ਅਸੀਂ ਅੱਗੇ ਜਾਣ ਦੀ ਵਜਾਏ ਪਿੱਛੇ ਵੱਲ ਕਿਉਂ ਦੌੜ ਰਹੇ ਹਾਂ ?  ਸਾਡਾ ਗਿਆਨ ਦਾ ਨੇਤਰ ਕਿਉਂ ਬੰਦ ਹੋਇਆ ਪਿਆ ਹੈ। ਹੁਣ ਤੇ ਪੰਜਾਬ ਕੈਪਟਨ ਦੀ ਕਿਰਪਾ ਨਾਲ "ਸਿੱਖਿਆ ਦੇ ਪੱਖੋਂ ਦੇਸ ਵਿੱਚ  ਪਹਿਲੇ ਨੰਬਰ  ਉਤੇ ਹੈ। " ਸਾਡੇ ਅੰਦਰਲੇ ਮਨੁੱਖ  ਨਾਲੋਂ  ਬਾਹਰਲੇ ਮਨੁੱਖ ਸ਼ੈਤਾਨ ਹਨ … ਜਿਹੜੇ ਸਾਨੂੰ ਹਰ ਮੌਸਮ ਦੇ ਬੇਮੌਸਮੀ ਸਬਜੀ ਵਾਂਗੂੰ ਵੇਚ ਜਾਂਦੇ ਹਨ। ਅਸੀਂ  ਮੰਡੀ ਦੀਆਂ  ਵਸਤੂਆਂ ਵਾਂਗੂੰ ਸਿਰਫ ਵਿਕਣ ਵਾਸਤੇ ਹੀ ਹਾਂ ? ਹੁਣ ਤੱਕ ਸੁਣਦੇ ਆਏ ਹਾਂ ਕਿ ਮੰਡੀ ਵਿੱਚ ਫਸਲਾਂ ਵਿਕਦੀਆਂ ਹਨ .... ਪਰ ਹੁਣ ਤੇ ਅਕਲਾਂ, ਸ਼ਕਲਾਂ  ਤੇ ਨਸਲਾਂ  ਵਿਕ ਰਹੀਆਂ ਹਨ।  ਮੰਡੀ ਦੇ ਦਲਾਲ ਸਾਨੂੰ  ਵੇਚ ਕੇ ਆਪਣੀ ਦਲਾਲੀ ਖਰੀ ਕਰਦੇ ਹਨ। ਅਸੀਂ  ਬਾਰਦਾਨਿਆਂ ਵਿੱਚ  ਪੈ ਕੇ ਗੋਦਾਮਾਂ ਵਿੱਚ ਪੁਜ ਜਾਂਦੇ ਹਾਂ । ਇਹਨਾਂ ਗੋਦਾਮਾਂ ਦੇ ਵਿੱਚੋਂ  ਸਮੇਂ  ਸਮੇਂ  ਰੁੱਤ  ਮੁਤਾਬਿਕ ਵਪਾਰੀ ਸਾਨੂੰ  ਫੇਰ ਮੰਡੀ ਵਿੱਚ  ਵੇਚਦੇ ਹਨ ਤੇ ਮੁਨਾਫ਼ਾ ਖੱਟਦੇ ਹਨ।
 ਮਨੁੱਖ ਭਾਵਨਾਵਾਂ ਵਿੱਚ ਵਗਣ ਵਾਲਾ ਦਰਿਆ ਹੁੰਦਾ । ਜਿਹੜਾ ਹੜ੍ਹ ਦੇ ਨਾਲ ਆਪਣੀ ਦਿਸ਼ਾ ਬਦਲ ਲੈਦਾ ?   ਅਸੀਂ ਹਰ ਵਾਰ ਦਿਸ਼ਾਹੀਣ ਕਿਉ ਹੁੰਦੇ ਹਾਂ । ਅਸੀਂ ਮਨੁੱਖ ਤੋਂ ਕਠਪੁਤਲੀਆਂ ਵਿੱਚ  ਕਿਉਂ  ਬਦਲ ਜਾਂਦੇ ਹਾਂ ? ਇਨ੍ਹਾਂ ਗੱਲਾਂ ਦਾ ਜਿਹਨਾਂ ਦੇ ਕੋਲ ਜਵਾਬ ਹੈ … ਉਹ ਚੁੱਪ ਹਨ। ਅਸੀਂ ਉਦੋਂ ਤੱਕ ਵਰਤੇ ਜਾਂਦੇ ਰਹਾਂਗੇ ? ਜਦ ਤੱਕ ਆਪਣੀ ਅਕਲ ਤੋਂ ਕੰਮ ਨਹੀਂ  ਲੈਂਦੇ!   
        ਅਸੀਂ  ਸਦਾ ਹੀ ਭਾਵਨਾਵਾਂ ਦੇ ਵਹਿਣ ਵਿੱਚ  ਵਗਣ ਵਾਲੇ ਹਾਂ, ਨਫੇ ਨੁਕਸਾਨ ਦਾ ਕਦੇ ਫਿਕਰ ਨਹੀਂ  ਕਰਦੇ … ਜਿਧਰ ਨੂੰ ਤੁਰੇ ਹੜ੍ਹ ਬਣ ਜਾਂਦੇ ਹਾਂ ਪਰ ਫੇਰ ਘਾਟਾ ਹੋਵੇ ਜਾ ਫਿਰ ਮੌਤ ! ਕੋਈ  ਫਰਕ ਨਹੀਂ ਦੇਖਦੇ ... ਇਹ ਜੱਟ ਗੰਨਾ ਨੀ ਪੱਟਣ ਦੇਦੇ ਭੇਲੀ ਦੇ ਦੇਂਦੇ ਆ ਵਾਲੀ ਕਹਾਵਤ ਵਰਗਾ ਹੀ ਹੈ ..
      ਹਰੀ ਕ੍ਰਾਂਤੀ ਲਿਆਉਣ ਵਾਲਿਆਂ ਨੇ ਸੋਚਿਆ ਵੀ ਨਹੀਂ ਕਿ ਅਸੀਂ ਆਪਣੀਆਂ ਨਸਲਾਂ ਤੇ ਫਸਲਾਂ  ਦੇ ਕਾਤਲ ਬਣ ਜਾਵਾਂ ਗੇ ? ਸਾਡੇ ਪੌਣ, ਪਾਣੀ, ਧਰਤੀ ਤੇ ਕੁੱਖ  ਦੇ ਕਾਤਲ ਬਣ ਜਾਵਾਂਗੇ ?
ਸਾਨੂੰ ਮੁਨਾਫ਼ੇ, ਲਾਲਸਾ ਤੇ ਲਾਲਚ ਨੇ ਮਾਰਿਆ ਜਾਂ ਮਰਵਾਇਆ ਹੈ। ਸਰਕਾਰ ਦੇ ਦਲਾਲਾਂ ਨੇ ਸਾਨੂੰ ਫਸਾਇਆ ।ਅਗਲਿਆਂ ਵੱਧ ਝਾੜ ਦੇ ਵਿੱਚ ਰਾੜ੍ਹ ਦਿੱਤੇ,  ਫੇਰ ਵੰਝ੍ਹ ਉਤੇ ਚਾੜ ਦਿੱਤੇ ...
ਹੁਣ ਘੁੰਮਦੇ ਹਾਂ  ਦੋ ਫਸਲਾਂ ਤੇ ਸਿਆਸੀ ਪਾਰਟੀਆਂ ਦੇ ਚੱਕਰ ਵਿੱਚ
...ਦੇਸੀ ਜੱਟ ਤੇ ਘੁਲਾੜੀ ਪੱਟ ..
ਲੱਗੇ ਖੋਲਣ ਡੱਟ ...
ਕੌਣ ਕਿਸੇ ਤੋਂ  ਘੱਟ ...
ਅਗਲਿਆਂ ਕੱਢ 'ਤੇ ਵੱਟ.... !
      ਜਿਹਨਾਂ  ਨੂੰ ਪਤਾ ਸੀ … ਉਹਨਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਸੀ -"ਖੱਟੀ ਖੱਟ ਗਏ  ਮੁਰੱਬਿਆਂ ਵਾਲੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ...!"....
ਉਹ ਸੀ ਸਿਆਸਤਦਾਨ … ਇਹ ਬਣੇ ਰਹੇ ਵੋਟਰ .. ਸਪੋਰਟਰ ...ਪ੍ਰਮੋਟਰ...!
ਹੁਣ ਦੱਸੋ ਕਿਹੜਾ ਪਾਸਾ ਅਸੀਂ ਛੱਡਿਆ ਹੈ ਸਮਾਜ ਦਾ?
ਜਿਧਰ ਦੇਖੋ ਤਬਾਹੀ ਲਿਆ ਦਿੱਤੀ .. ਤੇ ਸਾਡੀ ਸੋਚ, ਸਮਝ ਪਹਿਰਾਵਾ, ਖਾਣ-ਪੀਣ. ਜੀਣ-ਥੀਣ. ਮਰਨਾ-ਜੰਮਣਾ. ਗੀਤ-ਸੰਗੀਤ, ਸਾਹਿਤ, ਸਿਖਿਆ, ਸੱਭਿਆਚਾਰ, ਬੋਲ ਚਾਲ, ਆਦਿ!
ਸਭ ਕੁੱਝ ਤਬਾਹ ਕਰ ਦਿੱਤਾ ਹੈ! ਹੁਣ ਅਸੀਂ  ਕੀਰਨੇ ਪਾ ਰਹੇ ਤੇ ਹਰੀ ਕ੍ਰਾਂਤੀ ਨੂੰ ਕੋਸ ਰਹੇ ਹਾਂ !
ਕਾਤਲ ਬੇਗਾਨੇ ਨਹੀਂ ਸਾਡੇ ਹੀ ਖੂਨ ਤੇ ਅਖੂਨ ਦੇ ਰਿਸ਼ਤੇਦਾਰ ਹਨ। ਜਿਹਨਾਂ ਨੇ ਅੱਜ ਇਸ ਮੋੜ ਤੇ ਲਿਆ ਕੇ ਖੜ੍ਹਾ ਦਿੱਤੇ ਨਾ ਅੱਗੇ ਜਾਣ ਜੋਗੇ ਤੇ ਪਿੱਛੇ  ਮੁੜਣ ਜੋਗੇ ਛੱਡੇ ਆ!
   ਅਸੀਂ ਦੋਸ਼ ਇੱਕ ਦੂਜੇ ਤੇ ਲਾ ਕੇ ਪਾਸਾ ਵੱਟਦੇ ਰਹੇ .. ਪਰ ਸਹੀ ਨੂੰ ਸਹੀ ਤੇ ਗਲਤ ਨੂੰ ਗ਼ਲਤ ਨੂੰ ਕਹਿਣ ਦਾ ਦਮ ਖਤਮ ਕਰਦੇ ਗਏ, ਨਤੀਜੇ ਸਾਹਮਣੇ ਆ ਗਏ ! ਸਾਨੂੰ ਅਕਲ ਨਹੀਂ ਆਉਂਦੀ । ਕਿਆ ਬਾਤ ਹੈ ਕਿ
ਸਮਾਜ ਗੰਦਲਾ ਕਰਨ ਵਾਲੇ ਵੀ ਤੇ ਸਾਫ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ ਪਰ ਸਾਡੀ ਗੱਡੀ ਦੀ ਚਾਬੀ ਤੇ ਜੀਵਨ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਸੀ .. ਪਤਾ ਸਾਨੂੰ ਵੀ ਕਿ ਅਸੀਂ  ਵਰਤੇ ਜਾ ਰਹੇ ਹਾਂ ਪਰ ਅਸੀਂ  ਲਾਲਸਾ ਤੇ ਵਸ ਪੈ ਗਏ ਜਾ ਪਾ ਦਿੱਤੇ ਗਏ ..ਗੱਲ ਇੱਕੋ ਹੈ! ਅਸੀਂ ਗਿਆਨੀ ਤੇ ਧਿਆਨੀ ਹਾਂ ।
ਪਰ ਅਸੀਂ ਇੱਕਮੁੱਠ ਨਾ ਹੋਏ ! ਸਿਆਸੀ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜਕ, ਧਾਰਮਿਕ  ਜੱਥੇਬੰਦੀਆਂ ਬਣੀਆਂ । ਪਾੜੋ ਤੇ ਰਾਜ ਕਰੋ .. ਦੀ ਨੀਤੀ ਹਰ ਥਾਂ ਭਾਰੂ ਰਹੀ, ਹਰ ਖੇਤਰ ਵਿੱਚ ਹਾਲਤ "ਨੌ ਪੂਰਬੀਏ ਅਠਾਰਾਂ ਚੁੱਲ੍ਹੇ" ਵਾਲੀ ਗੱਲ ਬਣ ਗਈ .. ਨਤੀਜੇ ਜ਼ੀਰੋ ਤੇ ਆਗੂ ਸ਼ੈਤਾਨ ਹਨ।
 "ਕੂੜੇ ਦੇ ਢੇਰ" ਵਧ ਦੇ ਗਏ !
ਰਾਜ ਦੇ ਗਦਾਰ ਰਾਜ ਗੱਦੀ ਤੱਕ ਪੁਜ ਗਏ ਤੇ ਦੇਸ਼ ਭਗਤ ਬੁਰਕੀ ਬੁਰਕੀ ਨੂੰ ਤਰਸਣ ਲੱਗ ਪਏ!
ਅਸੀਂ  ਵਿਰਸੇ ਤੇ ਵਿਰਾਸਤ ਦਾ ਮਾਣ ਕਰਦੇ  ਹਾਂ ਪਰ ਵਰਤਮਾਨ ਵਿੱਚ ਲੋਕਾਂ ਦੀ ਭਾਵਨਾਵਾਂ ਹੀ ਨਹੀਂ ਸਗੋਂ ਉਨ੍ਹਾਂ ਦੀ ਕਿਰਤ ਤੇ ਇੱਜ਼ਤ ਲੁੱਟਦੇ ਰਹੇ! ਲੁੱਟਣ ਤੇ ਕੁੱਟਣ ਵਾਲੇ ਨੰਗ ਭੁੱਖ ਤੇ ਬੀਮਾਰੀ ਨਾਲ ਮਰਨ ਵਾਲੇ ਵੀ ਆਪਾਂ ਹੀ!
ਚੋਰ, ਗਦਾਰ ਵਧੇ ਅਤੇ ਲੋਕਾਂ ਦੀ ਆਵਾਜ਼ ਬਣ ਜਾਣ ਵਾਲੇ ਹਾਸ਼ੀਏ ਤੇ ਚਲੇ ਗਏ !
ਸਿਖਿਆ ਤੇ ਸਿਹਤ ਦੇ ਅਦਾਰੇ ਵਪਾਰੀ ਬਣ ਗਏ !
ਅਸੀਂ ਗਿਆਨ ਤੇ ਅਕਲ ਵਿਹੂਣੇ ਹੋ ਗਏ ਹਾਂ !
ਇਹਨਾਂ ਦੇ ਮਾਲਕ, ਅਧਿਕਾਰੀ ਤੇ ਕਰਮਚਾਰੀ ਬੁਚੜ ਬਣ ਗਏ ! ਆਪਣਿਆਂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸੋਸ਼ਣ ਕਰਨ ਲੱਗੇ!
ਨੈਤਿਕਤਾ ਖੰਭ ਲਾ ਕੇ ਉਡ ਗਈ ਜਾ ਸ਼ਰਮ ਲਾ ਕੇ ਜੇਬ 'ਚ ਪਾ ਲਈ !
 ਇਕ ਦੂਜੇ ਨੂੰ  ਮਾਰ ਕੇ ਅੱਗੇ ਵਧਣ ਦੀ ਪਰਵਿਰਤੀ ਵਧੀ ...! ਨਿੱਜੀ ਅਦਾਰੇ ਅਸਮਾਨ ਵੱਲ ਤੇ ਜਨਤਕ ਅਦਾਰੇ ਪਤਾਲ ਵੱਲ ਵਧਣ ਲੱਗੇ!
ਹੁਣ ਤੇ ਹਾਲਾਤ ਹੀ ਭੁੱਖ ਤੇ ਦੁੱਖ ਨਾਲ ਮਰਨ ਵਾਲੇ ਹਨ!
 ਘਰਾਂ ਦੇ ਵਿੱਚੋਂ  'ਘਰ" ਖਤਮ ਹੋ ਕੇ ਮਕਾਨ ਤੇ ਦੁਕਾਨਾਂ ਵਿੱਚ  ਬਦਲ ਗਏ !
 ਘਰ ਪੱਕੇ ਹੋ ਗਏ ਤੇ ਮਨ ਕੱਚੇ ਹੋ ਗਏ .. ਕੋਈ ਪਹਿਰਾਵਾ ਬਦਲ ਕੇ "ਪੱਕੇ" ਹੋ ਗਏ !
 ਜਿੰਨ੍ਹਾਂ ਦੀ ਚਿੱਟੀ ਦਾਹੜੀ ਸੀ ਤੇ ਚਿੱਟੇ ਵਸਤਰ ਸੀ ਤੇ ਸ਼ਸਤਰ ਸੀ ਉਹ  ਹਰ ਪਾਸੇ ਕਾਬਜ਼  ਹੋ ਗਏ, ਧਰਮ ਦੇ ਨਾਮ ਤੇ ਵਪਾਰ, ਵਪਾਰ ਦੇ ਨਾਮ ਤੇ ਧਰਮ … ਕਿਰਤ ਖੋਹ ਕੇ ਕਿਰਤੀ "ਮੁਫਤ ਦਾ ਲੰਗਰ ਛਕਣ ਵਾਲੇ ਭਿਖਾਰੀ ਬਣਾ ਦਿੱਤੇ! ਲੋਕਾਂ ਨੂੰ ਖਵਾ ਕੇ ਰੱਬ ਸ਼ੁਕਰ ਕਰਨ ਵਾਲਿਆਂ ਦੇ ਹੱਥ ਠੂਠੇ ਫੜਾ ਦਿੱਤੇ … ਗਿਆਨ ਵਿਹੂਣੇ ਆਗਿਆਨੀ ਸਿਖਿਆ ਸਾਸ਼ਤਰੀ ਬਣ ਬੈਠੇ .. ਸਿਖਿਆ ਦੇ ਮੰਦਰ ਬੁੱਚੜਖਾਨਿਆਂ ਵਿੱਚ ਬਦਲ ਗਏ !
ਘਰਾਂ ਵਿੱਚੋਂ ਪੰਜਾਬੀ ਤੇ ਬਜ਼ੁਰਗ ਗਾਇਬ ਕਰ ਦਿੱਤੇ.
"ਲੁੱਚਾ ਲਫੰਗਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ" ਦਾ ਬੋਲਬਾਲਾ ਹੈ! ਅਸੀਂ ਵਸਤੂਆਂ ਵਾਂਗੂੰ ਹਰ ਥਾਂ ਵਰਤੇ ਜਾਂਦੇ ਹਾਂ ।
ਹੁਣ ਜਦੋਂ  ਸਭ ਕੁੱਝ  ਗਵਾ ਲਿਆ ਹੈ .. ਸਮਾਜ ਨਰਕ ਬਣਾ ਲਿਆ ਹੈ.. ਹੁਣ "ਮੈਂ ਪੰਜਾਬੀ" ਹੋਣ ਦਾ ਮਾਣ 'ਤੇ ਮਹਿਸੂਸ ਤਾਂ  ਕੀਤਾ ਜਾ ਸਕਦਾ ਪਰ "ਆਪਣੀ ਪੀੜ੍ਹੀ ਹੇਠਾਂ  ਸੋਟਾ ਕੌਣ ਫੇਰੂ ?"
ਕੌਣ ਜੁੰਮੇਵਾਰੀ ਓਟੇਗਾ? ਕੋਈ ਵੀ ਨਹੀਂ !
ਕਿਉਂ ਕਿ ਇਸ ਹਮਾਮ ਦੇ ਵਿੱਚ ਸਭ ਨੰਗੇ ਹਨ ਤੇ ਕੁੱਝ ਚੰਗੇ ਵੀ ਪਰ ਘੱਟ ਹਨ ਪਰ ਕਦੋਂ ਤੱਕ ਅਸੀਂ ਸਹੀ ਤੇ ਸੱਚ ਨੂੰ ਨਜ਼ਰ  ਅੰਦਾਜ਼ ਕਰਦੇ ਰਹਾਂਗੇ ?
ਕਦੋਂ ਆਪੋ ਆਪਣੀਆਂ ਪੀੜ੍ਹੀਆਂ ਹੇਠਾਂ  ਸੋਟਾ ਫੇਰਾਂਗੇ ?
 ਹੁਣ ਪੰਜਾਬ ਸਿਓੁ ਨੂੰ ਫੇਰ .... ਪਿੱਛੇ  ਵੱਲ ਨੂੰ ਧੱਕਿਆ ਜਾ ਰਿਹਾ ਹੈ।  
ਕਿਸਾਨਾਂ ਤੇ ਮਜ਼ਦੂਰਾਂ ਦੀ ਜਿੱਤ ਜਰੀ ਨਹੀਂ ਜਾਂਦੀ ।
ਚੋਰ-ਕੁੱਤਾ ਤੇ ਰਾਜਾ ਰਲ ਗਏ ਹਨ।
ਪੁਜਾਰੀ, ਵਪਾਰੀ, ਅਧਿਕਾਰੀ ਤੇ ਲਿਖਾਰੀ ਦਾ ਚੌਕੜ ਹੈ।  ਸਮਾਜ  ਦੀ ਲਾਸ਼ ਚੁੱਕੀ ਜਾਂਦੇ  ਹਨ ।
  ਜਦ ਅਕਲ, ਸ਼ਕਲ,  ਨਸਲ ਤੇ ਫਸਲ ਇੱਕ ਹੋ ਜਾਣ ਤਾਂ  ਮੰਡੀ ਦੇ ਭਾਅ ਡਿੱਗਦੇ ਹਨ। ਫੇਰ ਸਭ ਕੁੱਝ  ਘੱਟ ਰੇਟ ਉਤੇ ਵਿਕਦਾ ਹੈ।  ਹੁਣ ਭਾਵਨਾਵਾਂ ਵੇਚਣ ਤੇ ਵਿਕਣ ਵਾਲੇ ਕਿਤੇ ਵੀ ਕਿਸੇ ਵੀ ਰੂਪ ਵਿੱਚ  ਵਿਕ ਸਕਦੇ ਹਨ।
ਗੱਲ  ਜਿਉਣ  ਦੀ ਹੈ । ਸਾਡੀਆਂ ਭਾਵਨਾਵਾਂ ਕਿਉਂ  ਕਮਜ਼ੋਰ  ਤੇ ਹੋਈਆਂ ਹਨ । ਜੋ ਨਿੱਕੀਆਂ ਗੱਲਾਂ ਉਤੇ ਭੜਕਾ ਕਿ ਵਰਤੀਆਂ  ਜਾਂਦੀਆਂ  ਹਨ !
 ਕਦੋਂ ਤੱਕ ਭੜਕਾਈਆਂ ਜਾਂਦੀਆਂ ਰਹਿਣਗੀਆਂ ਸਾਡੀਆਂ ਭਾਵਨਾਵਾਂ ? ਆਖਰ ਕਦੋਂ ਤੱਕ ??
ਅਕਲਾਂ ਵਾਲਿਓ .... ਸ਼ਕਲਾਂ ਵਾਲਿਓ ..... ਕੋਈ ਦਿਓ ਜਵਾਬ !!
ਸੰਪਰਕ ☬: 94643 70823

ਦਰਬਾਰੀ ਲੇਖਕ .! -  ਬੁੱਧ  ਸਿੰਘ ਨੀਲੋਂ


ਇਹ ਸੱਚ ਹੈ ਕਿ ਇਤਿਹਾਸ  ਰਾਜਿਆਂ ਤੇ ਰਾਣੀਆਂ ਦਾ ਲਿਖਿਆ ਜਾਂਦਾ ਰਿਹਾ ਹੈ। ਇਹ ਇਤਿਹਾਸ  ਲਿਖਣ  ਵਾਲੇ ਦਰਬਾਰੀ ਇਤਿਹਾਸਕਾਰ  ਹੁੰਦੇ ਸਨ । ਇਸੇ ਤਰ੍ਹਾਂ ਰਾਜੇ ਦੇ ਕੁੱਲੇ ਤੇ ਜੁੱਲੇ ਦੀਆਂ ਸਿਫਤਾਂ ਕਰਨ ਵਾਲੇ ਕੌਲੀ ਚੱਟ,  ਝੋਲੀ ਚੱਕ ਤੇ ਲਗੜ ਦੱਲੇ ਕਵੀ ਵੀ ਹੁੰਦੇ ਸਨ । ਹੁਣ ਵੀ ਹਨ ਜਿਹੜੇ ਲੋਕ ਪੱਖੀ ਤੇ ਲੋਕ ਮਸਲਿਆਂ  ਨੂੰ  ਲਿਖਣ ਦੀ ਵਜਾਏ ਊਟ ਪਟਾਂਗ ਲਿਖਦੇ ਹਨ । ਕਦੇ ਸੱਤਾ ਦੇ ਦਰਬਾਰ  ਵਿੱਚ  ਜਾਂ  ਰੋਮਾਂਟਿਕ  ਤੇ ਦੇਹਵਾਦੀ ਕਵਿਤਾਵਾਂ  ਸੁਣਾਉਦੇ ਹਨ । ਇਹੋ ਜਿਹੇ ਦਰਬਾਰ ਪਿੰਡਾਂ ਵਿੱਚ ਨਹੀਂ ਲੱਗਦੇ ਕਿਉਂਕਿ ਇਹਨਾਂ ਦਰਬਾਰੀ ਕਵੀਆਂ ਨੂੰ ਪਤਾ ਹੈ ਕਿ ਪਿੰਡਾਂ ਵਾਲੇ ਉਨ੍ਹਾਂ ਦੀਆਂ ਬੇਥਈਆਂ ਨਹੀਂ ਸੁਣ ਸਕਦੇ । ਉਹ ਡਾਂਗ ਸੋਟੇ ਲੈ ਕੇ ਮੌਰ ਵੀ ਭੰਨ ਸਕਦੇ ਹਨ । ਪਰ ਅਜੇ ਤੱਕ ਇਹ ਨੌਬਤ ਨਹੀਂ ਆਈ ਕਿ ਲੋਕ ਇਹਨਾਂ  ਲੇਖਕਾਂ ਨੂੰ ਪੁੱਛਣ  ਕਿ ਤੁਸੀਂ ਕੀ ਤੇ ਕਿਸ ਵਾਸਤੇ ਲਿਖਦੇ ਹੋ ।  ਟਕੇ ਟਕੇ ਉਤੇ ਕਿਉਂ  ਵਿਕਦੇ ਹੋ ?
      ਕੁੱਝ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੁੱਝ "ਵਿਦਵਾਨਾਂ,  ਲੇਖਕਾਂ,  ਪ੍ਰਕਾਸ਼ਕਾਂ,  ਛਾਪਕਾਂ, ਸੰਪਾਦਕਾਂ ਤੇ ਕਾਲਮ ਨਵੀਸਾਂ" ਦੀਆਂ ਸੋਸ਼ਲ ਮੀਡੀਆ ਉਤੇ ਦੇਖੀਆਂ । ਇਹਨਾਂ  ਦੇ ਵਿੱਚੋਂ  ਮੈਨੂੰ  ਕਿਸੇ ਦੀ ਵੀ ਪਹਿਚਾਣ ਨਹੀਂ ਆਈ । ਇਹ ਸਭ ਲੇਖਕਾਂ  ਤੇ ਕਵੀਆਂ  ਦੇ ਮਖੌਟਿਆਂ ਹੇਠਾਂ  ਕੌਣ ਹਨ ? ਇਕ ਬੀਬੀ ਤੇ ਇੱਕ ਬੀਬੇ ਦੇ ਨਾਮ ਲੋਕਾਂ ਨਸ਼ਰ ਵੀ ਕੀਤੇ ਹਨ ਪਰ ਬਾਕੀ ਏਡੀ ਗਰਮੀ ਵਿੱਚ ਕੋਟ ਪਾਈ ਦਾਹੜੀ ਬੰਨ੍ਹੀ "ਭਗਤ ਕੌਣ  ਹਨ "। ਚਲੋ, ਆਪਾਂ  ਕੀ ਲੈਣਾ ਹੈ । ਭਾਜਪਾ ਹਰ ਵਾਰ ਜਦੋਂ  ਕੋਈ  ਨਵੀਂ  ਖੇਡ ਖੇਡਦੀ ਹੈ ਤਾਂ ਨਕਲੀ ਸਾਧ,  ਮਲੰਗ ਜਿਹੜੇ ਪੀਦੇ ਨੇ ਭੰਗ, ਨਕਲੀ  ਕਿਸਾਨ ਮਜ਼ਦੂਰ,  ਨਕਲੀ ਪੱਤਰਕਾਰ  ਤੇ ਨਕਲੀ  ਵਿਗਿਆਨੀ, ਗਿਆਨੀ ਤੇ ਧਿਆਨੀ  ਆਪਣੇ  ਦਰਬਾਰ  ਵਿੱਚ  ਬੁਲਾਉਂਦੇ ਹਨ। ਸੱਤਾ ਵਿਰੋਧੀ  ਲਿਖਣ ਵਾਲਿਆਂ ਨੂੰ  ਤਾਂ ਬਿਨਾਂ  ਕੇਸ ਸਰਕਾਰ  ਜੇਲ੍ਹਾਂ ਵਿੱਚ  ਬੰਦ ਕਰ ਰਹੀ ਹੈ।  
     ਖੱਸੀ ਕੀਤੇ ਵੈਹੜਕੇ ਪਿੰਡਾਂ ਅੰਦਰ ਖੇਤਾਂ ਵਿੱਚ ਕਿਸਾਨ ਜੋਤਿਆ ਕਰਦੇ ਸੀ । ਉਨ੍ਹਾਂ ਦਾ ਕੋਈ ਕਿਸੇ ਹੋਰ ਪਸ਼ੂ ਲਈ ਕੋਈ ਡਰ ਭੈਅ ਨਹੀਂ ਸੀ ਹੁੰਦਾ । ਇਹਨਾਂ  ਦਾ ਵੀ ਸਰਕਾਰ  ਤੇ ਲੋਕਾਂ  ਨੂੰ  ਕੋਈ  ਨੁਕਸਾਨ  ਨਹੀਂ ।
        ਹੁਣ ਪਿੰਡਾਂ ਵਿੱਚ ਬਹੁਗਿਣਤੀ ਕਿਸਾਨਾਂ ਨੇ ਬਲਦ ਰੱਖਣੇ ਘੱਟ  ਕਰ ਦਿੱਤੇ । ਹੁਣ ਤਾਂ  ਲੋਕ ਦੁੱਧ  ਤੇ ਸਬਜ਼ੀਆਂ ਮੁੱਲ ਖਰੀਦਣ  ਲੱਗ ਪਏ ਹਨ।  ਇਸੇ ਕਰਕੇ ਨਕਲੀ  ਦੁੱਧ  ਤੇ ਬੁੱਧ  ਵਿਕਣ ਲੱਗੀ ਹੈ । ਹੋਰ ਕੀ ਕੀ ਨਕਲੀ ਵਿਕਦਾ ਹੈ ਕਦੇ ਫੇਰ ਸਹੀ !
       ਹੁਣ ਤੇ ਨਾ ਬਲਦ ਰਹੇ ਹਨ ਨਾ ਹੀ ਗੱਡੀਆਂ ਤੇ ਗੱਡੇ। ਹੁਣ ਤੇ ਮੋਟਰ ਕਾਰਾਂ ਨੇ, ਵਿੱਚ  ਘੁੰਮਦੀਆਂ ਮੁਟਿਆਰਾਂ ਨੇ। ਹੁਣ ਤੇ ਬਜ਼ਾਰ ਦੇ ਵਿੱਚ ਜਾਂਦਿਆਂ ਪਤਾ ਹੀ ਲੱਗਦਾ ਕਿ ਅੱਗੇ ਤੁਰਿਆ ਜਾਂਦਾ ਕੌਣ ਹੈ ?
       ਮੁੰਡਿਆਂ ਨੇ ਵਾਲ ਪਿਛਲੇ ਪਾਸੇ ਕੀਤੇ ਨੇ ਕੁੜੀਆਂ ਨੇ ਚੁੰਨੀਆਂ ਲਾਹੀਆਂ ਹੁੰਦੀਆਂ ਨੇ ਪਤਾ ਹੀ ਲੱਗਦਾ ਅਸਲੀ  ਕੀ ਹੈ ?
ਜਦੋਂ  ਬਾਪੂ ਹੋਰੀ ਖੇਤੀ ਕਰਦੇ ਸੀ ਤਾਂ ਪਸ਼ੂ ਡੰਗਰ ਬਹੁਤ ਰੱਖਦੇ ਸੀ … ਮੱਝਾਂ ਤੇ ਗਾਵਾਂ ਹੁੰਦੀਆਂ ਸੀ. ਕੱਟੇ-ਵੱਛੇ ,  ਮੱਝਾਂ-ਗਾਵਾਂ,  ਵਹਿੜੇ- ਬਲਦ ਹੁੰਦੇ ਸਨ ।
   ਸਾਡੇ  ਪਿੰਡ ਲਾਗੇ ਕੁੱਬਿਆਂ ਵਾਲਾ ਕਾਲੂ ਸਲੋਤਰੀ ਹੁੰਦਾ ਸੀ … ਜਿਹੜਾ ਵੱਛੇ ਖੱਸੀ ਕਰਨ ਆਉਦਾ ਸੀ .. ਦਸ ਰੁਪਏ ਲੈਦਾ ਸੀ .... ਕੰਮ ਕਰਕੇ  ਤੁਰ ਜਾਂਦਾ  ਸੀ … ਕਾਲੂ ਦਾ ਰੰਗ ਦਾ ਕਾਲਾ ਸੀ ਪਰ ਬਹੁਤ ਨਰਮ ਦਿਲ ਵਾਲਾ ਸੀ...!  ਕੰਮ ਵਹਿੜੇ ਖੱਸੀ ਕਰਨਾ ਸੀ । ਪਸ਼ੂਆਂ ਦਾ ਇਲਾਜ ਵੀ ਕਰਦਾ ਸੀ ।
      ਫੇਰ ਜਦੋਂ ਖੇਤੀ ਦਾ ਕੰਮ ਘਟਿਆ, ਕਾਲੂ ਵੀ ਬੁੱਢਾ ਹੋ ਗਿਆ.. ਤੇ ਉਹ ਕੰਮ ਤੋਂ  ਵਿਹਲਾ ਹੋ ਗਿਆ  ਸੀ।
      ਹੁਣ ਗਲੀਆਂ ਵਿੱਚ ਟਰੈਕਟਰ ਭੱਜੇ ਫਿਰਦੇ ਹਨ .. ਲੋਕ ਤਰੱਕੀ ਕਰਗੇ … ਕਈ ਅੰਦਰੋਂ ਅੰਦਰੀ ਗਹਿਣੇ ਸੀ ਕਈ ਬੈਅ ਵੀ ਕਰਗੇ, ਟੱਬਰ ਸਣੇ ਜਹਾਜ਼ ਚੜ੍ਹ ਗਏ ਹਨ । ਕਈ ਤਾਂ ਵਿਹਲੇ ਹੋ ਕੇ ਬੇਜ਼ਮੀਨਿਆਂ ਵਰਗੇ ਹੋ 'ਗੇ ।
ਫੇਰ ਨਵੀਂ  ਬੀਮਾਰੀ ਆਈ ਸੀ ਜਿਨ੍ਹਾਂ ਨੇ ਘਰ ਰੌਣਕ ਵਾਲੀ ਸੀ।
ਮੁਹੰਮਦ ਸਦੀਕ ਤੇ ਰਣਜੀਤ  ਕੌਰ  ਦਾ ਗੀਤ ਆਇਆ !
ਮੈਨੂੰ  ਟੈਲੀਵਿਜ਼ਨ  ਲੈਦੇ ਵੇ ਤਸਵੀਰਾਂ  ਬੋਲਦੀਆਂ ।
ਅਮਲੀ ਦੀ ਡੱਬੀ ਵਿੱਚੋ  ਫੀਮ ਮੁਕ ਗਈ ਸੀ ..
ਕਈਆਂ ਨੇ  ਡੋਡਿਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਸੀ ...
ਬੋਰੀਆਂ ਭਰ ਭਰ ਆਉਦੀਆਂ ਸੀ … ਤੇ ਲੈਣ ਵਾਲੇ ਅਮਲੀਆਂ ਦੀਆਂ ਡਾਰਾਂ  ਆਉਦੀਆਂ ਸੀ !
ਹੰਸ  ਰਾਜ ਹੰਸ ਦਾ ਗੀਤ ਆਇਆ  !
 ਅਸੀਂ  ਚਿੱਠੀਆਂ ਪਾਉਣੀਆਂ ਭੁੱਲ ਗੇ
 ਜਦੋਂ   ਟੈਲੀਫੋਨ   ਲੱਗਿਆ !
-----
ਜੱਟ  ਤੇ ਸੀਰੀ ਦਾ ਨਾਤਾ ਮੁੱਕਿਆ ਸੀ
ਰਾਮੂ ਨੇ ਖੁਰਪਾ ਚੁੱਕਿਆ ਸੀ ...
ਫੇਰ ਘਰ ਤੇ ਖੇਤ ਵਿੱਚ  ਰਾਮੂ ਸੀ!
ਕੀ ..........!
ਰਾਮੂ ਮਨ ਆਈ ਕਰੇ .. ਨਾ ਹੁਣ ਉਹ ਸਰਦਾਰ ਤੋਂ ਡਰੇ ... ਕਿਉ ...?
ਬਾਕੀ ਸਭ ਗੋਲ ਮਾਲ ਹੈ …...
ਫੇਰ ਮੋਬਾਇਲ ਆਇਆ … ਚਿੱਟਾ ਆਇਆ .. ਚਿੱਟੀ ਤੇ ਗੁਲਾਬੀ ਮੱਖੀ ਆਈ  ਤੇ ਚਿੱਟੇ  ਨੇ ਸਭ ਕਰ ਦਿੱਤੇ  ਬੇਸੁੱਧ ਤੇ ਬੇਸ਼ੁੱਧ ।
ਲੋਕਾਂ ਦੀ ਮਾਰੀ ਗਈ ਬੁੱਧ !
     ਬੇਸੁਰੇ ਗਾਇਕ ਤੇ ਗੀਤਕਾਰ ਜੁੰਡਲੀ ਨੇ … ਭੁੱਖ  ਨਾਲ ਜੂਝਦੇ ਹੱਥ ਬੰਦੂਕਾਂ ਫੜਾ ਦਿੱਤੀਆਂ! ਟੈਲੀਵਿਜ਼ਨ  ਉਤੇ ਕੀ ਚਾਰੇ ਪਾਸੇ ਜੱਟ ਹੀ ਜੱਟ ਹੋਣ ਲੱਗੀ । ਗੱਡੀਆਂ ਤੇ ਘਰਾਂ ਗੀਤ ਗੂੰਜਣ ਲੱਗੇ ।
ਸ਼ਹਿਰ ਦੇ ਵਿੱਚ ਹਸਪਤਾਲ ਤੇ ਪਿੰਡਾਂ ਦੇ ਡੇਰੇ ਬਣੇ … ਸਾਧਾਂ ਦੇ ਵੱਗ ਤੁਰੇ
ਕਦੇ ਚਿੱਟੀ  ਤੇ ਕਦੇ ਨੀਲੀ ਕਦੇ ਪੀਲੀ ਮਾਤਾ ਦੇ ਚਾਲੇ ਚੱਲੇ .. ਕਦੇ ਸਰਸੇ, ਕਦੇ ਬਿਆਸ … ਨਹੀਂ  ਕਿਧਰੇ ਨੇੜੇ  ਪਾਸ ..  ਸੁਰਗ ਦੀਆਂ ਟਿਕਟਾਂ ਦੇਣ ਵਾਲੇ ਬਾਬਿਆਂ ਦੇ ਲੋਕੀ ਕਰਨ ਲੱਗੇ ਚਾਲੇ ।
ਵਿੱਚ ਵਿਦੇਸ਼ ਤੋਰਨ ਬਾਬੇ, ਘਰਦੇ ਕਲੇਸ਼ ਦੂਰ ਕਰਨ ਵਾਲੇ .. ਮੁੰਡੇ  ਦੇਣ ਵਾਲੇ ਬਾਬਿਆਂ ਦੇ ਡੇਰੇ ਵੱਡੇ ਹੋਣ ਲੱਗੇ ।  ਪੰਜਾਬ ਦੇ ਬਾਬੇ ਹੀ ਬਾਬੇ … ਬਾਬੇ … ਫੇਰਨ ਲੱਗੇ ਝਾਫੇ … ਬਾਬੇ …....
ਲੋਕਾਂ  ਦੀ ਜੀਭ ਟੁੱਕੀ ਗਈ ....
ਖਲਕਤ  ਸੁੱਤੀ  ਰਹੀ
ਦੁੱਧ  ਤੇ ਪੁੱਤ ਦੋਵੇਂ  ਗਏ
ਬੇਬੇ, ਬਾਬਾ ਬੈਠਾ ਹਾਉਕੇ ਲਵੇ ....
ਕੰਧ ਬਾਹਰ ਨੂੰ ਡਿੱਗਦੀ ਜਾਵੇ
ਕਾਕੇ ਨਿੱਤ ਸ਼ੌਕੀਨੀ ਲਾਵੇ ...
ਚਿੱਟੇ ਚਿੱਟੇ ਬਸਤਰ ਪਾਵੇ
ਵਿੱਚ  ਚਿੱਟੇ  ਦੇ ਲਿਪਟ ਕੇ ਆਵੇ ਤੇ ਮੜ੍ਹੀਆਂ ਵੱਲ ਨੂੰ ਜਾਵੇ ।
ਮਾਂ ਭੈਣ ਪਤਨੀ ਕੀਰਨੇ ਪਾਏ। ਮਾਝੇ ਦਾ ਜਰਨੈਲ ਮੁੱਛਾਂ ਨੂੰ ਤਾਅ ਦੇਈ ਜਾਵੇ। ਚੁੱਲਿਆਂ ਦੇ ਵਿੱਚ ਘਾਹ ਉਗੀ ਜਾਵੇ .. ਬਾਬਾ ਹੁਣ ਖੇਤੀ ਕਰਨ ਤੁਰਿਆ ਜਾਵੇ,  ਕੋਈ  ਬਜ਼ਾਰੀ ਰੇੜੀ ਲਾਵੇ ।
ਕੁੱਝ ਕਬੂਤਰ ਉਡ ਗਏ ਸੀ, ਕੁੱਝ ਗੋਲੇ ਬਣਗੇ ਚਿੱਟੇ ਦੇ ਨਾਲ।
ਮੈਨੂੰ  ਸਮਝ ਨਾ ਆਵੇ ਪੰਜਾਬ  ਕਿਧਰ ਤੁਰਿਆ ਜਾਵੇ ?
ਬਾਬਾ ਗਿਆਨ ਸਿੰਘ ਮੈਨੂੰ ਨਿੱਤ ਪੁੱਛਦਾ  
ਭਲਾ ਆ ਕੁੱਬਿਆਂ ਵਾਲਾ ਕਾਲੂ ਕਦ ਕਰ ਗਿਆ ਵੱਛੇ ਖੱਸੀ...???
ਬਾਬਾ ਹੁਣ ਕੀ ਕਰੇ ?
ਭਲਾਂ, ਬਾਬਾ ਹੁਣ ਕੀ ਕਰੇ  ?
ਕਦੇ ਮੋਢਿਆਂ  ਉਤੇ ਪਰਨਾ
ਕਦੇ ਕਿਤੇ ਧਰਨਾ ...
ਬਾਬਾ ਪੁੱਛਦਾ,  ਮੈਂ  ਕਦ ਮਰਨਾ ?
ਕੀ ਬਾਬਾ ਮਰ ਰਿਹਾ ਜਾਂ ਮਾਰ ਦਿੱਤਾ  ਹੈ ?
ਬੁੱਧ  ਸਿੰਘ ਨੀਲੋਂ


ਸੰਭਾਲੋ ਪੰਜਾਬੀਓ,  ਪੰਜਾਬ ਵਿਕ ਚੱਲਿਆ ! - ਬੁੱਧ  ਸਿੰਘ  ਨੀਲੋਂ

ਪੰਜਾਬੀਆਂ  ਨੇ ਬਦਲਾਅ  ਦੇ ਚੱਕਰ ਵਿੱਚ  ਆਪਣੇ  ਹੱਥੀਂ  ਆਪਣੇ ਪੈਰੀਂ  ਕੁਹਾੜਾ ਮਾਰ ਲਿਆ ।  ਬਹੁਤੀ ਬਾਰ ਸੁਣਿਆ  ਸੀ ਕਿ "ਉਹ ਫਲਾਣੇ ਬੰਦੇ ਨੇ ਅੱਡੀਆਂ ਚੁੱਕ ਕੇ ਫਾਹਾ ਲਿਆ !"  ਹੁਣ ਸਮਝ ਲੱਗੀ ਹੈ ਕਿ ਇਸਦੇ  ਅਸਲ ਅਰਥ  ਕੀ ਹੁੰਦੇ  ਹਨ।  ਸੁਰਿੰਦਰ ਛਿੰਦੇ ਤੇ ਗੁਲਸ਼ਨ ਕੋਮਲ ਦਾ ਗੀਤ ਚੇਤੇ ਵੀ ਆ ਰਿਹਾ "ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ ਮਰਦੀ ਨੇ ਅੱਕ ਚੱਬਿਆ!"
      ਇਸ ਬੋਲੀ ਦੀ ਵਿਆਖਿਆ  ਡਾ. ਜਲੌਰ ਸਿੰਘ ਖੀਵਾ ਨੇ ਕੀਤੀ  ਹੈ ਉਹ ਲਿਖਦੇ ਹਨ " ਜਦ ਘਰ ਵਾਲਾ ਕਿਸੇ ਕੰਮ ਦਾ ਨਾ ਹੋਵੇ ਤਾਂ ਪਤਨੀ ਨੂੰ ਜੇਠ ਦਾ ਆਸਰਾ ਲੈਣਾ ਪੈਂਦਾ ਹੈ !" ਹੁਣ ਜੇ ਪੰਜਾਬ  ਦੀਆਂ  ਰਿਵਾਇਤੀ  ਸਿਆਸੀ ਪਾਰਟੀਆਂ  ਕਿਸੇ ਕੰਮ ਦੀਆਂ  ਹੁੰਦੀਆਂ ਤਾਂ ਪੰਜਾਬੀਆਂ  ਨੇ ਇਹ ਫਾਹਾ ਕਿਉਂ  ਲੈਣਾ ਸੀ ? ਬਾਦਲ ਅਕਾਲੀ  ਦਲ ਦੇ ਪਰਵਾਰ ਦਾ ਹੀ ਢਿੱਡ ਨਹੀਂ  ਭਰਿਆ  ਤੇ ਰਹਿੰਦੀ  ਕਸਰ ਕਾਂਗਰਸ ਵਾਲਿਆਂ ਕੱਢ ਦਿੱਤੀ।
    ਪੰਜਾਬ  ਦੇ ਵਿੱਚ  ਹੋਰ ਕੋਈ ਅਜਿਹੀ ਸਿਆਸੀ ਪਾਰਟੀ ਨਹੀਂ ਜਿਹੜੀ ਸਰਕਾਰ ਬਣਾਉਣ ਦੇ ਯੋਗ ਹੋਵੇ ।  ਹੁਣ ਪੰਜਾਬੀਆਂ ਨੇ ਬੰਨ੍ਹ ਕੇ ਬਸੰਤੀ ਰੰਗ ਦੀਆਂ ਪੱਗੜ੍ਹੀਆਂ ਤੇ ਬੀਬੀਆਂ ਨੇ ਲੈ ਕੇ ਚੁੰਨੀਆਂ ਰਿਵਾਇਤੀ ਪਾਰਟੀਆਂ  ਨੂੰ ਧੋਬੀ ਪੱਟੜਾ ਮਾਰਿਆ । ਹੁਣ ਬਾਦਲ ਦਲ ਤਿੰਨ ਤੱਕ ਸਿਮਟ ਗਏ ਤੇ ਕਾਂਗਰਸ ਵਾਲੇ ਅਠਾਰਾਂ ਤੱਕ ਰਹਿ ਗਏ ।
       ਹੁਣ ਲੋਕ ਸੋਚਦੇ ਹਨ ਕਿ ਆਪ ਦੀ ਏਨੀ ਹਵਾ ਤਾਂ ਹੈ ਨਹੀਂ ਸੀ ਇਹ ਵੰਨਵੇ ਤੱਕ ਕਿਵੇਂ ਪੁੱਜ ਗਏ ? ਤੁਹਾਨੂੰ  ਯਾਦ ਨਹੀਂ ਕਿ ਇਹ ਅਨੋਖੀ ਕਰਾਮਾਤ ਕਿਵੇਂ ਹੋਈ ਹੈ ? ਇਹ ਤੇ ਉਹਨਾਂ ਈਵੀ ਮਸ਼ੀਨਾਂ ਦੀ ਕਰਾਮਾਤ  ਹੈ ਜਿਹਨਾਂ  ਨੇ ਭਾਜਪਾ ਨੂੰ ਸੱਤਾ ਬਖਸ਼ੀ ਸੀ ਤੇ ਹੁਣ ਵੀ ਸਮਝੋ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਰੋਲਾ ਪਾ ਕੇ ਸੱਤਾ ਵਿੱਚ  ਪੁਜੀ ਆਪ ਵੀ ਹੁਣ ਕਰਾਮਾਤ  ਕਰੇਗੀ ।  ਰਾਜ ਸਭਾ ਦੇ ਵਿੱਚ ਉਨ੍ਹਾਂ  ਨੇ ਆਪਣੀ  ਮਰਜ਼ੀ ਦੇ ਭੇਜੇ ਹਨ । ਮੁੱਖ  ਮੰਤਰੀ ਸਾਹਿਬ  ਸਰਦਾਰ  ਭਗਵੰਤ  ਮਾਨ ਜੀ ਸਮੇਤ  ਬਾਕੀ ਦਿਆਂ ਨੂੰ  ਪੁੱਛਿਆ  ਨਹੀਂ !  ਜੇ ਪੁੱਛਿਆ  ਹੁੰਦਾ  ਤਾਂ  ਫੇਰ ਤੁਹਾਨੂੰ  ਉਹ ਦਿਨ ਵੀ ਚੇਤੇ ਆ ਜਾਣਾ  ਸੀ ਜਦ ਅਰਵਿੰਦ  ਕੇਜਰੀਵਾਲ  ਨੇ ਮੁੱਖ  ਮੰਤਰੀ  ਦੇ ਬਾਰੇ ਫੋਨ ਕਰਨ ਲਈ ਕਿਹਾ ਸੀ । ਪੰਜਾਬ  ਦੇ ਲੋਕ ਬਹੁਤੇ  ਭਾਵਨਾਵਾਂ  ਦੇ ਵਿੱਚ  ਵਹਿਣ ਵਾਲੇ ਹਨ । ਪੱਥਰ  ਚੱਟ ਕੇ ਮੱਛੀ  ਵਾਂਗੂੰ ਮੁੜਨ ਵਾਲੇ । ਹੁਣ ਪਛਤਾਅ ਰਹੇ ਹਨ ।   ਬੰਦਾ ਬਹੁਤੇ  ਲਾਲਚ  ਵਿੱਚ ਤੇ ਚੂਹਾ ਰੋਟੀ  ਦੇ ਚੱਕਰ ਪਿੰਜਰੇ ਵਿੱਚ  ਫਸਦਾ ਹੈ । ਪੰਜਾਬੀ  ਮੁਫਤ ਦੇ ਚੱਕਰਵਿਉ ਵਿੱਚ ਫਸ ਗਏ ਹਨ । ਪੰਜਾਬੀਆਂ  ਨੇ ਕਦੇ ਆਪਣੇ  ਅੰਦਰ ਝਾਤੀ ਨਹੀਂ  ਮਾਰੀ ਸਗੋਂ  ਬਾਹਰ ਹੀ ਝਾਕਦੇ ਰਹੇ । ਦੇਸ਼  ਦਾ ਢਿੱਡ  ਭਰਨ ਵਾਲੇ ਮੰਗਤੇ ਕਦੋਂ  ਬਣ ਗਏ ਉਨ੍ਹਾਂ  ਨੇ ਕਦੇ ਸੋਚਿਆ ਹੀ ਨਹੀਂ ।  ਭਲਾ ਜੇ ਸੋਚਿਆ  ਹੁੰਦਾ  ਤਾਂ  ਇਹ ਹਾਲ ਨਹੀਂ  ਸੀ ਹੋਣਾ  ਜੋ ਹੁਣ ਹੋਣਾ  ਹੈ ।  ਹੁਣ ਦੇਖੋ ਅਗਲੇ ਸਮਿਆਂ  ਦੇ ਵਿੱਚ  ਕੀ ਹੁੰਦਾ ਹੈ ?  ਹੁਣ ਕਰੋ ਪੰਜ ਸਾਲ ਮੌਜਾਂ ? ਬਾਕੀ ਅਗਲੇ ਦਿਨਾਂ  ਦੇ ਵਿੱਚ  ਪੰਜਾਬ  ਦੇ ਬੁਨਿਆਦੀ  ਹੱਕਾਂ  ਉਪਰ ਕਿਵੇਂ  ਡਾਕਾ ਪਵੇਗਾ ? ਇਹ ਤਾਂ  ਤੁਸੀਂ  ਆਪ ਹੀ ਸੋਚ ਵਿਚਾਰ ਲਵੋ ।  ਹੁਣ ਤੱਕ ਬਾਦਲ ਕੇ ਧਰਮ ਦਾ ਬਹਾਨਾ ਬਣਾ ਕੇ ਲੁੱਟਮਾਰ  ਕਰਦੇ ਰਹੇ । ਕਾਂਗਰਸ  ਵਾਲੇ ਵਿਕਾਸ ਦੇ ਨਾਮ ਉਤੇ । ਹੁਣ ਇਹ ਸ਼ਹੀਦ ਭਗਤ ਸਿੰਘ  ਦੇ ਸੁਪਨਿਆਂ  ਦੇ ਨਾਮ ਹੇਠਾਂ  ਪੰਜਾਬ ਦੇ ਪਾਣੀਆਂ, ਰਾਜਥਾਨੀ ਚੰਡੀਗੜ੍ਹ , ਪੰਜਾਬੀ  ਬੋਲਦੇ ਇਲਾਕੇ, ਸਿਹਤ, ਸਿੱਖਿਆ ਤੇ ਰੁਜ਼ਗਾਰ  ਦੇ ਨਾਮ ਉਤੇ ਕਿਵੇਂ  ਜੁਮਲੇਬਾਜ਼ੀ ਕਰਨਗੇ  ? ਉਹ ਤੁਸੀਂ  ਆਪਣੇ  ਦੇਸ਼ ਦੇ ਪ੍ਰਧਾਨ  ਮੰਤਰੀ ਸ੍ਰੀ ਨਰਿੰਦਰ  ਮੋਦੀ ਜੀ ਦੇ ਭਾਸ਼ਣ ਸੁਣ ਸਕਦੇ ਹੋ । ਬਾਕੀ ਦੇਖੋ ਅੱਗੇ ਅੱਗੇ ਹੁੰਦਾ  ਕੀ ਹੈ ?
   ਤੁਸੀਂ  ਜੋਰਦਾਰ  ਅਵਾਜ਼  ਵਿੱਚ ਨਾਹਰੇ ਮਾਰੋ ਤੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰੋ। ਇਨਕਲਾਬ ਜ਼ਿੰਦਾਬਾਦ  ! ਇਨਕਲਾਬ  ਜ਼ਿੰਦਾਬਾਦ  ।
      ਆਪਣੇ ਨਿੱਜੀ ਮੁਫਾਦਾਂ ਦੇ ਲਈ ਧਰਮ ਦੀ ਆੜ ਦੇ ਵਿਚ  ਜਦੋਂ ਸੱਤਾਧਾਰੀ ਆਪਣਾ 'ਉਲੂ ਸਿੱਧਾ' ਕਰਨ ਲੱਗ ਪਏ ਤਾਂ ਆਮ ਲੋਕਾਂ ਦੇ ਘਰਾਂ ਵਿੱਚ 'ਉਲੂ ਬੋਲਣ' ਲੱਗ ਪੈਂਦੇ ਹਨ।
     ਜਿਹਨਾਂ ਨੇ ਜ਼ਿੰਦਗੀ ਦਾ ਫ਼ਲਸਫਾ ਦੱਸਣਾ ਹੁੰਦਾ, ਉਹ ਉਚਿਆਂ ਚੁਬਾਰਿਆਂ ਦੇ ਨਾਲ ਆੜੀ ਪਾ ਕੇ ਆਪਣਿਆਂ ਦੀ ਮੰਜੀ ਠੋਕਦੇ ਹਨ।  ਉਹਨਾਂ ਤੋਂ ਡਰਦੇ ਆਮ ਲੋਕ ਉਚਾ-ਨੀਵਾਂ ਥਾਂ ਵੇਖਦੇ ਹੋਏ ਉਚੇ ਦੁਆਰੇ ਲੱਭਣ ਦੇ ਚੱਕਰ 'ਚ ਫਸ ਜਾਂਦੇ ਹਨ।
       ਸਿਆਸੀ ਆਗੂ ਜਦੋਂ 'ਊਟ-ਪਟਾਂਗ ਗੱਲਾਂ' ਮਾਰਨ ਲੱਗ ਜਾਣ ਤਾਂ 'ਲੋਕ ਉਜਾੜ' ਮੱਲਣ ਤੁਰ ਪੈਂਦੇ ਹਨ। ਜਿਹੜੇ 'ਉਚਾ ਝਾਕਣ' ਲੱਗਦੇ ਹਨ, ਉਨਾਂ ਨੂੰ ਨੀਵਿਆਂ ਦੀਆਂ ਗੱਲਾਂ ਨਹੀਂ ਸਮਝ ਆਉਦੀਆਂ ਤੇ ਉਹਨਾਂ ਨੂੰ ਉਡਦੇ ਸੱਪ ਕੀਲਣੇ ਮੁਸ਼ਕਿਲ ਹੋ ਜਾਂਦੇ ਹਨ।
    ਜਿਹੜੇ ਹਰ ਕੰਮ ਲਈ ਉਡ ਉਡ ਪੈਣ ਉਹ ਉਤਲੇ ਮੂੰਹੋਂ ਤੇਰਾ ਤੇਰਾ ਕਹਿਣ ਦੇ ਆਦੀ ਬਣ ਜਾਂਦੇ ਹਨ। ਪਰ ਲੋਕ ਵੀ ਉਹਨਾਂ ਨੂੰ ਉਡਣ ਜੋਗਾ ਨਹੀਂ ਛੱਡਦੇ।
      ਜਿਹੜੇ ਐਂਵੇ ਹੀ ਹਰ ਕਿਸੇ ਦੇ ਉੱਤੇ ਚੜਣ ਦੀ ਹਿਮਾਕਤ  ਕਰਦੇ ਹਨ, ਉਨਾਂ ਦੀ ਕੋਈ ਉਂਗਲ ਨਹੀਂ ਫੜਦਾ। ਜਿਹੜੇ ਹਰ ਕਿਸੇ ਦੇ ਨਾਲ ਉਸਤਾਦੀ ਕਰਨ ਲੱਗ ਪੈਣ ਉਹਨਾਂ ਨੂੰ ਇੱਕ ਦਿਨ ਉਂਗਲਾਂ ਟੁੱਕਣੀਆਂ ਪੈਂਦੀਆਂ ਹਨ, ਫੇਰ ਉਹਨਾਂ ਦੀ ਕੋਈ ਉਘ ਸੁੱਘ ਨਹੀਂ ਲੱਗਦੀ।
    ਜਿਨਾਂ ਦੇ ਮਨਾਂ ਵਿੱਚ ਸੁਪਨੇ ਉਸਲਵੱਟੇ ਭੰਨਣ ਲੱਗ ਪੈਣ, ਉਨਾਂ ਨੂੰ ਹਰ ਕੰਮ ਲਈ ਫੇਰ ਉੱਖਲੀ ਵਿੱਚ ਸਿਰ ਦੇਣਾ ਪੈਂਦਾ ਹੈ।
    ਜਦੋਂ ਕਿਸੇ ਨੂੰ ਕੋਈ ਉਲਟੀ ਪੱਟੀ ਪੜਾਉਣ ਲੱਗ ਗਏ ਤਾਂ ਲੋਕ ਉਸ ਉਪਰ ਉਂਗਲਾਂ ਕਰਨ ਲੱਗ ਪੈਂਦੇ ਹਨ। ਉਹ ਸਦਾ ਉਖੜੇ-ਉੱਖੜੇ ਰਹਿਣ ਕਰਕੇ ਉਸ ਦੇ ਮੂੰਹ 'ਤੇ ਉਦਾਸੀ ਸਦਾ ਹੀ ਛਾਈ ਰਹਿੰਦੀ ਹੈ।
    ਜਿਨਾਂ ਨੂੰ ਉਧਾਰ ਖਾਣ ਦੀ ਆਦਤ ਪੈ ਜਾਵੇ, ਉਹ ਹਮੇਸ਼ਾ ਉਧੇੜ ਪੁਧੇੜ ਕਰਦੇ ਰਹਿੰਦੇ ਹਨ। ਜਿਹੜੇ ਰਸ ਚੂਸ ਕੇ ਉੱਡ ਜਾਣ ਫੇਰ ਉਨਾਂ ਦੇ ਲਈ ਕੋਈ ਉਡ ਉਡ ਨਹੀਂ ਪੈਂਦਾ। ਫਿਰ ਇਹੋ ਜਿਹਿਆਂ ਨੂੰ ਉਚਾ ਸੁਨਣ ਲੱਗਦਾ ਹੈ।
      ਜਦੋਂ ਬੰਦੇ ਦਾ ਉਮਰ ਕੱਟਣ ਦਾ ਸੁਭਾਅ ਬਣ ਜਾਂਦਾ ਹੈ ਤਾਂ ਫਿਰ ਉਸ ਲਈ ਉਲਝੀ ਤਾਣੀ ਸੁਲਝਾਉਣੀ ਔਖੀ ਹੋ ਜਾਂਦੀ ਹੈ। ਹੁਣ ਇਹੀ ਹਾਲਤ ਸਿਆਸਤਦਾਨਾਂ ਨੇ ਸਾਡੀ ਬਣਾਈ ਹੋਈ ਹੈ। ਤੇ ਸਮੇਂ ਨੇ ਸਾਨੂੰ ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕਰ ਦਿੰਦਾ ਹੈ ਤੇ ਅਸੀਂ  ਉਲਟੇ ਪੈਰੀਂ ਵਾਪਸ ਜਾ ਰਹੇ ਹਾਂ, ਪਰ ਹਰ ਵੇਲੇ ਲੋਕਾਂ ਨੂੰ ਉਲੂ ਬਣਾਇਆ ਨਹੀਂ ਜਾ ਸਕਦਾ। ਪਰ ਹੁਣ ਤਾਂ ਚੰਗੇ ਭਲੇ ਬਣ ਗਏ ਹਨ ! ਹੁਣ ਲੋਕ ਇਨਕਲਾਬ ਜ਼ਿੰਦਾਬਾਦ ਦੇ ਅਰਥ ਜਦੋਂ  ਤੱਕ ਸਮਝਣਗੇ ਉਦੋਂ ਤੱਕ ਭਾਣਾ ਬੀਤ ਜਾਣਾ ਹੈ । ਬੀਤਿਆ  ਸਮਾਂ ਤੇ ਪੁੱਲਾਂ ਹੇਠਾਂ ਦੀ ਲੰਘਿਆ ਪਾਣੀ ਕਦੇ ਪਰਤਦਾ ਨਹੀਂ  ਹੁੰਦਾ ! ਭਾਈ ਸਾਹਿਬ  ਕਹਿੰਦੇ  ਹੁੰਦੇ  ਹਨ " ਦੇਖ ਬਾਲਿਆ  ਰੰਗ ਕਰਤਾਰ  ਦੇ !"  ਹੁਣ ਲੋਕਾਂ ਨੂੰ ਪਤਾ ਲੱਗੂ ਬਸੰਤੀ  ਰੰਗ ਦੇ ਥੱਲੇ ਕੀ ਹੈ ? ਇਹ ਰੰਗ ਹੁਣ ਕਿਵੇਂ ਅੱਖਾਂ ਵਿੱਚ ਰੜਕੇਗਾ ? ਜੇ ਤੁਸੀਂ ਜਾਣਦੇ ਹੋ ਤਾਂ ਜਰੂਰ  ਦੱਸਣਾ  ?

ਚਿੱਟੀ  ਸਿਉਂਕ ਬਿਰਮੀਓ ਬਾਹਰ ? - ਬੁੱਧ  ਸਿੰਘ ਨੀਲੋਂ

ਅੱਜਕੱਲ੍ਹ  ਚਿੱਟੀ  ਸਿਉਕ ਬਿਰਮੀ ਵਿੱਚੋ  ਬਾਹਰ ਨਿਕਲ ਆਈ ਹੈ ।  ਚੋਣਾਂ  ਦੇ ਦਿਨ ਹਨ ਤੇ ਪੰਜਾਬ ਨੂੰ  ਚੱਟਣ ਵਾਸਤੇ ਸਭ ਸਾਧ ਭੋਰਿਆਂ ਦੇ ਵਿੱਚੋ  ਨਿਕਲ ਕੇ ਸੜਕਾਂ ਉਤੇ ਹਨ।
   ਚਿੱਟੀ  ਸਿਉਕ .... ਨਿਕਲੀ ਬਾਹਰ !
     ਸਿਉਂਕ ਭੂਰੀ ਹੋਵੇ ਜਾ ਚਿੱਟੀ  ਖਤਰਨਾਕ  ਹੁੰਦੀ  ਹੈ । ਪੰਜਾਬ  ਦੀ ਬੌਧਿਕ ਸ਼ਕਤੀ ਨੂੰ  ਇਹ ਚਰ ਗਈ ਹੈ ।  ਸਵਰਗ  ਜਾਣ ਦੇ ਤਰੀਕੇ ਦੱਸਦੀ  ਇਸ ਸਿਉਕ ਨੇ ਬਾਦਲ ਦਲ ਨੂੰ  ਵੋਟਾਂ  ਪਾਉਣ  ਦਾ ਹੋਕਾ ਦਿੱਤਾ  ਹੈ । ਇਸ  ਵਿਹਲੜ ਫੌਜ ਨੇ ਜਿਹੜਾ  ਨੁਕਸਾਨ  ਪੰਜਾਬ ਦਾ ਕੀਤਾ ਤੇ ਕਰ ਰਹੀ ਹੈ ।  ਇਸਨੂੰ  ਸਮਝਣਾ  ਸੌਖਾ ਨਹੀਂ  ਪਰ ਅਸੀਂ ਪੜ੍ਹ ਲਿਖ ਕੇ ਅਨਪੜ੍ਹ  ਹਾਂ । ਜਿਹੜੀ  ਚੀਜ਼  ਹੈ ਨਹੀਂ  ਉਸਨੂੰ  ਅਸੀਂ ਰੱਬ ਬਣਾਇਆ  ਹੋਇਆ  ਤੇ ਉਸਤੋਂ  ਡਰਦੇ ਤੇ ਨਿੱਤ  ਨੰਗ ਭੁੱਖ ਨਾਲ ਮਰਦੇ ਹਾਂ  ।
      ਜਦ ਦਿੱਲੀ ਦੇ ਕਿਸਾਨਾਂ ਦਾ ਜੱਟ ਮੋਰਚਾ ਲੱਗਿਆ ਸੀ ਤਾਂ ਬਹੁਤ  ਕੁੱਝ  ਦੇਖਣ ਤੇ ਸੁਣਨ ਨੂੰ ਮਿਲਿਆ । ਉਸ ਵੇਲੇ ਚਿੱਟੀ ਸਿਉਂਕ ਭੋਰਿਆਂ ਵਿੱਚ  ਤਪ ਕਰਦੀ ਸੀ। ਹੁਣ ਚੋਣਾਂ  ਹਨ ਨਿਕਲੀ ਹੈ ।
    ਸਵਰਗ ਦੀਆਂ ਟਿਕਟਾਂ ਵੰਡਣ ਵਾਲਾ ਸਾਧ ਲਾਣਾ ਕਿਧਰ ਗੁਆਚ ਗਿਆ? ਟਰਾਲੀਆਂ ਭਰ ਭਰ ਜਾਣ ਵਾਲਿਆਂ ਨੂੰ ਜੇ ਹੁਣ ਵੀ ਅਕਲ ਨਾ ਆਈ ਫੇਰ ਕਦੇ ਵੀ ਨੀ ਆ ਸਕਦੀ। ਇਸ ਵਿਹਲੜ ਫੌਜ ਨੇ ਬਹੁਤ ਮੌਜਾਂ ਲੁੱਟੀਆਂ ਹਨ ਹੁਣ ਜਦੋਂ ਮੌਕਾ ਆਇਆ ਐ ਤਾਂ ਸਭ ਭੋਰਿਆਂ ਵਿੱਚ ਵੜ ਗਏ। ਦੇਸ਼ ਦੀ ਵੰਡ ਸਮੇਂ ਪੰਜ ਸਾਧ ਪੈਦਾ ਕੀਤੇ ਸਨ। ਪੰਜੇ ਅੰਗਰੇਜ਼ ਦੇ ਫੌਜੀ ਸਨ। ਲੁਧਿਆਣਾ ਜਿਲੇ ਇਕ ਡੇਰੇ ਵਿੱਚ ਤਾਂ ਲੋਕ ਉਸ ਦੀਆਂ ਜੁੱਤੀਆਂ ਤੇ ਚੋਲਿਆਂ ਨੂੰ ਈ ਮੱਥਾ ਟੇਕਦੇ ਹਨ। ਸਵਰਗ ਦਾ ਨਜ਼ਾਰਾ ਲੈਂਦਾ ਇੰਝ ਸਾਧ ਤਾਂ ਚਾਲੀ ਸਾਲ ਪਹਿਲਾਂ ਦੇਹ ਮੁਕਤ ਹੋ ਗਿਆ। ਪਰ ਇਲਾਕੇ  ਦੇ ਵਿੱਚ  ਅੰਧ ਵਿਸ਼ਵਾਸ ਦਾ ਬੂਟਾ ਲਾ ਗਿਆ। ਜਿਸ ਨੇ ਆਲੇ ਦੁਆਲੇ ਨੂੰ ਘੇਰ ਲਿਆ ਐ । ਹੁਣ ਸਾਧ ਲਾਣੇ ਦੇ ਘੇਰੇ 'ਚ  ਪੰਜਾਬ  ਐ। ਪੰਜਾਬ ਵਿੱਚ ਪਿੰਡ ਤੇਰਾਂ ਹਜ਼ਾਰ ਨੇ ਡੇਰੇ ਤੇਈ ਹਜ਼ਾਰ ਤੋਂ ਵੱਧ ਹਨ। ਹਰ ਪਿੰਡ ਡੇਰਾ ਐ। ਫੇਰ ਕਹਿੰਦੇ  ਨੇ ਬੁੱਧ  ਬੋਲਦਾ ਹੈ ? ਸਾਧ ਦੇ ਡੇਰੇ ਕੀ ਹੁੰਦਾ ਹੈ ਕਦੇ ਮੁਹੰਮਦ ਸਦੀਕ ਤੇ ਰਣਜੀਤ  ਕੌਰ ਨੇ ਗੀਤ ਗਾਇਆ  ਸੀ :
ਸਾਧਣੀ ਦੇ ਡੇਰੇ ਦੁਪਹਿਰੇ ਕੁੱਤੀ ਭੌਕਦੀ ।
       ਇਹਨਾਂ ਦਾ ਸਮਾਜ ਨਾਲ ਕੀ ਰਿਸ਼ਤਾ ਐ ?
       ਸਮਝੋ ਬੀਬੀਓ, ਸਮਝੋ। ਚਿੱਟੇ ਰੰਗ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ ਪਰ ਇਹ ਰਿਸ਼ਤਾ ਸੁਹਜ ਤੇ ਸੁਹੱਪਣ ਦਾ ਹੈ .. ਪਰ ਇਹ ਭਲੇ ਸਮਿਆਂ ਦੀਆਂ ਕਹਾਣੀਆਂ ਹਨ।.
       ਪਰ ਜਦੋਂ ਅੰਗਰੇਜ਼ਾਂ ਨੇ ਦੇਸ਼  ਦੀ ਵਾਗਡੋਰ "ਕਾਲੇ ਅੰਗਰੇਜ਼ਾਂ" ਦੇ "ਪਾਵਰ ਆਫ ਟਰਾਂਸਫਰ" ਕੀਤੀ ਤਾਂ "ਗਊ ਭਗਤਾਂ" ਤੇ ਲੱਗੜ ਬੱਗਿਆਂ ਨੇ ਬਚਿਆ ਮਾਸ ਛਕਣਾਂ ਅਰੰਭਿਆ ਤੇ ਕਾਵਾਂ ਨੇ ਰੌਲਾ ਪਾ ਦਿੱਤਾ "ਦੇਸ਼ ਆਜ਼ਾਦ" ਹੋ ਗਿਆ । ਪੰਜਾਬ ਨੂੰ ਧਰਮ ਦੇ ਆਰੇ ਨਾਲ ਦੋਫਾੜ ਕਰ ਦਿੱਤਾ । ਅੰਗਰੇਜ਼ਾਂ ਦੇ ਨਾਲ ਯੁੱਧ ਕਰਨ ਵਾਲਾ ਵੀ ਤੇ ਦੋਫਾੜ ਹੋਣ ਵਾਲਾ ਵੀ "ਪੰਜਾਬ ਸਿੰਘ"। ਫਿਰ ਦੋਫਾੜ ਦੇ ਦੋਫਾੜ ਹੋਰ ਕਰ ਦਿੱਤੇ!
       ਪਰ ਜਿਹੜਾ ਸਭ ਤੋਂ ਵੱਡਾ ਅਸਹਿ ਤੇ ਅਕਹਿ ਸੰਤਾਪ ਭੋਗਿਆ ਪੰਜਾਬੀਆਂ ਨੇ .. । ਉਸ ਦਰਦ ਹੁਣ ਵੀ  ਹੁੰਦਾ ਹੈ! ਲੱਗੜ ਬੱਗਿਆਂ ਨੇ ਪੰਜਾਬ ਦੇ ਵਿੱਚ "ਚਿੱਟੀ ਸਿਉੰਕ, ਚਿੱਟੀ ਮੱਖੀ ਤੇ ਚਿੱਟਾ "ਖਲਾਰਿਆ।
" ਚਿੱਟੀ ਮੱਖੀ "ਨੇ ਕਿਸਾਨ ਚੱਟਿਆ ਤੇ ਚਿੱਟੇ ਨੇ ਜੁਆਨੀ ਨੂੰ ਡੰਗਿਆ।
"ਚਿੱਟੀ ਸਿਉੱਕ " ਨੇ ਹਰ ਬੰਦੇ ਦਾ ਦਿਮਾਗ ਚੱਟਿਆ !
      ਧਰਮ ਦੀ ਬੰਦੂਕ ਫੜ ਕੇ ਸਾਡੇ  ਮਨ ਦੇ ਅੰਦਰ "ਨਰਕ ਤੇ ਸਵਰਗ" ਦਾ ਬੀਜ ਬੀਜਿਆ ਜਿਹੜਾ "ਮਨੂੰਵਾਦੀਆਂ" ਨੇ ਦਿੱਤਾ ਸੀ। ਉਸ ਅੰਧਵਿਸਵਾਸ਼ ਦੇ ਉਗੇ ਬੂਟੇ ਨੂੰ  "ਚਿੱਟੀ ਸਿਉਂਕ" ( ਸਾਧ ਸੰਤ ਤੇ ਡੇਰੇਦਾਰ ) ਨੇ ਲੋਕਾਂ ਦੇ ਖੂਨ ਦੇ ਨਾਲ ਸਿੰਜਿਆ!
       ਸਵਰਗ ਦੀਆਂ  ਟਿਕਟਾਂ ਦੇਣ ਵਾਲੀ ਅੱਜ ਇਹ "ਚਿੱਟੀ ਸਿਉੰਕ " ਧਰਤੀ ਵਿੱਚ ਸਮਾਅ ਗਈ ਜਾਂ ਅਸਮਾਨ ਚੜ ਗਈ? ਕਿਧਰੇ ਨਜ਼ਰ ਨੀ ਆ ਰਹੀ!
     ਆਮ ਲੋਕਾਂ ਦੀ ਚੇਤਨਾ ਨੂੰ  ਖੂੰਡਾ ਕਰਨ ਲਈ ਸਿੱਖਾਂ ਦੇ ਭੇਖ ਵਿੱਚ ਤੇ ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਇਹਨਾਂ ਸਾਧਾਂ ਨੇ ਦੁਕਾਨਾਂ ਖੋਲ੍ਹੀਆਂ ਜੋ ਹੁਣ ਵੱਡੀਆਂ ਕੰਪਨੀਆਂ ਬਣ ਗਈਆਂ ਹਨ।
      ਇਸ ਚਿੱਟੀ ਸਿਉਂਕ ਨੂੰ  ਪਾਲਣ ਪੋਸ਼ਣ ਦਾ ਕੰਮ ਬੀਬੀਆਂ ਨੇ ਕੀਤਾ ਤੇ ਆਪਣੇ ਬਲ 'ਤੇ ਘਰਦਿਆਂ ਨੂੰ ਨਾਲ਼ ਤੋਰਿਆ ! ਸਿੱਟਾ ਕੀ ਨਿਕਲਿਆ ? ਲੋਕਾਂ ਦੀ ਸੋਚ ਸਮਝ ਨੂੰ ਘੁਣ ਲੱਗ ਗਿਆ ਜੋ ਹੌਲੀ  ਹੌਲੀ  ਖਤਮ ਹੋਣ ਲੱਗੀ। ਲੋਕ ਮਾਨਸਿਕਤਾ ਪੱਖੋ ਊਣੇ ਹੋ ਗਏ ..
      ਪੰਜਾਬ ਦੇ ਵਿੱਚ ਹਰ ਤੀਜੇ ਪਿੰਡ  ਨਿੱਕੀਆਂ ਤੇ ਮੋਟੀਆਂ ਸਿਉਂਕ ਦੀਆਂ ਦੁਕਾਨਾਂ ਤੇ ਵੱਡੇ ਮਾਲਜ਼ ਹਨ। .. ਜਿੱਥੇ ਧਰਮ ਦੇ ਨਾਂ ਹੇਠਾਂ ਵਪਾਰ ਹੁੰਦਾ ! ਦੇਹ ਦੇ ਵਪਾਰ ਤੋਂ ਸਵਰਗ ਤੱਕ ਭੇਜਣ ਦੀ ਬੁਕਿੰਗ ਕੀਤੀ ਜਾਂਦੀ ਹੈ! ਇਹਨਾਂ ਦੀ ਪਛਾਣ ਮੋਟੇ ਢਿੱਡ ਚਿੱਟੇ ਬਸਤਰ ਤੇ ਨਾਲ ਬੰਦੂਕਾਂ ਵਾਲੇ … ਵਿਹਲੜ ਫੌਜਾਂ  ਕਰਨ ਬੀਬੀਆਂ ਦੇ ਸਿਰ ਮੌਜਾਂ .. ਜ਼ਮੀਨਾਂ ਤੇ ਸੋਹਣੀਆਂ ਬੀਬੀਆਂ ਦੇ ਮਾਲਕ!
     ਵੱਡੇ ਚੋਲੇ ਵੱਡੀ ਗੱਡੀ ਨਾਲ ਬੈਠਾਉਂਦੇ ਸੋਹਣੀ ਨੱਢੀ … ਜਿਹੜੀ ਹੁੰਦੀ ਘਰੋਂ ਕੱਢੀ ! ਕਿਰਤ ਵਿਹੂਣੀ ਖਾਵੇ ਖੀਰ, ਨਾ ਕੋਈ ਗੁਰੂ ਤੇ ਨਾ ਹੀ ਪੀਰ .. ਬਚ ਕੇ ਰਹੋ ਮੇਰੇ ਵੀਰ!
ਪ੍ਰੋਫੈਸਰ ਪੂਰਨ ਸਿੰਘ ਦਾ ਕਹਿਣਾ ਕਿ :
      "ਪੰਜਾਬ ਗੁਰਾਂ ਦੇ ਨਾਂ 'ਤੇ ਵਸਦਾ ਹੈ" ਸੱਚ ਹੈ .. ਕਿ "ਚਿੱਟੀ ਸਿਉੰਕ" ਨੇ ਸ਼ਬਦ ਗੁਰੂ  ਦੇ ਨਾਲੋਂ ਲੋਕਾਈ ਨੂੰ
 ਤੋੜਿਆ "ਦੇਹਧਾਰੀ" ਦੇ ਨਾਲ ਜੋੜਿਆ !
      ਅੱਜ ਬਹੁਤ ਸਾਰੇ ਸਿੱਖਾਂ ਦਾ ਭਰੋਸਾ "ਦੇਹਧਾਰੀ. ਚਿੱਟੀ ਸਿਉੰਕ " 'ਤੇ ਹੈ, ਗੁਰੂ ਗ੍ਰੰਥ  ਸਾਹਿਬ 'ਤੇ ਨਹੀਂ !ਇਸ ਚਿੱਟੀ ਸਿਉਂਕ ਨੇ ਜਿੰਨਾ ਨੁਕਸਾਨ ਸਮਾਜ ਤੇ ਸਿੱਖੀ ਦਾ ਕੀਤਾ ਸ਼ਾਇਦ ਹੋਰ ਕਿਸੇ ਨੇ ਕੀਤਾ ਹੋਵੇ ?
     ਹੁਣ ਅਗਲੇ ਸਮੇਂ ਤੋਂ  ਅਸੀਂ ਗੁਰੂ ਨਾਨਕ ਜੀ ਦੀ 550 ਸਾਲਾ ਜਨਮ ਸ਼ਤਾਬਦੀ ਮਨਾ ਰਹੇ ਹਾਂ ! ਉਹਨਾਂ  ਸਾਨੂੰ "ਸ਼ਬਦ ਤੇ ਰਬਾਬ" ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਤੇ ਸੱਚ ਦੀ ਜੰਗ ਲੜਨ ਲਈ ਕਿਰਪਾਨ ਦਿੱਤੀ!
       ਅਠਾਰਵੀਂ ਸਦੀ ਦੇ ਵਿੱਚ ਲਿਖੀਆਂ  ਸਾਖੀਆਂ ਨੂੰ  ਅਸੀਂ ਸੱਚ ਮੰਨਿਆਂ ਤੇ ਹੌਲੀ ਹੌਲੀ "ਸ਼ਬਦ ਗੁਰੂ" ਦੇ ਨਾਲੋਂ ਮਾਨਸਿਕ ਤੌਰ ਤੇ ਪਰੇ ਹੁੰਦੇ ਗਏ  ਤੇ ਸਰੀਰਕ ਤੌਰ ਤੇ ਜੁੜਦੇ ਰਹੇ ਟੁੱਟਦੇ ਰਹੇ!
     ਪੰਜਾਬ ਹੀ ਨਹੀਂ ਬਦੇਸ਼ਾਂ ਦੇ ਵਿੱਚ ਇਹ ਚਿੱਟੀ ਸਿਉਂਕ ਪੁਜ ਗਈ ਹੈ ਜੋ ਸਿਰਫ ਦਿਮਾਗ ਹੀ ਚੱਟਦੀ ਹੈ ਤੇ ਹੋਰ ਕੀ ਕੀ ਚੱਟਦੇ ਤੇ ਪੱਟਦੇ ਹਨ ਹੁਣ ਕੋਈ  ਓਹਲਾ ਤੇ ਪਰਦਾ ਨਹੀਂ !
       ਆ ਜਿਹੜੇ ਪੰਜਾਬ ਦੇ ਵਿੱਚ "ਸਰਕਾਰੀ ਹੜ੍ਹ " ਆਏ ਹਨ ਇਸ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਤੇ ਪਏ ਭਰਮ ਦੇ ਪਰਦੇ ਨੂੰ ਉਤਾਰਿਆ ਤੇ ਦੂਜਾ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਆਪਣਾ ਤੇ ਪਰਾਇਆ ਕੌਣ ਹੈ?
ਇਸ ਚਿੱਟੀ ਸਿਉਂਕ ਦੇ ਵਿੱਚ ਸਿਆਸਤਦਾਨ ਵੀ ਹਨ … ਸਾਧ ਲਾਣਾ ਤਾਂ ਹੈ ਹੀ! ਹੁਣ ਚੋਰ ਤੇ ਸਿਆਸੀ  ਗੁੱਡੇ ਰਲ ਗਏ ਹਨ।
      ਚਿੱਟੀ ਸਿਉਂਕ ਵਾਲਿਆਂ ਵਿੱਚੋਂ ਕੁੱਝ ਨੂੰ ਛੱਡਕੇ ਬਾਕੀ ਸਾਧ, ਮਹਾਂਪੁਰਖ ਤੇ ਸੰਤ .. ਜੋ ਸਮਾਜ ਨੂੰ  ਲੱਗੀ ਚਿੱਟੀ ਸਿਉਂਕ ਹਨ ਜਿਨ੍ਹਾਂ ਦਾ ਕੰਮ ਚਰਨਾ ਹੈ, ਦੇਹ ਤੇ ਮਾਇਆ ਨੂੰ । ਦੇਹ ਤੋਂ  ਮਾਇਆ ਤੱਕ ਚਰਦੀ ਜ਼ਮੀਨ ਵੀ ਚਰ ਜਾਂਦੀ ਹੈ! ਇਸ ਚਿੱਟੀ ਸਿਉਂਕ ਤੋਂ  ਬਚਣ ਲਈ ਗੁਰੂ ਜੀ ਨੇ ਬਾਣੀ ਰਚੀ ਹੈ ਪਰ ਅਸੀਂ ਬਾਣੀ ਨੂੰ  ਨਹੀਂ  ਬਾਣੇ ਨੂੰ  ਮੰਨਦੇ .. ਚਿੱਟੇ ਚੋਲਿਆਂ ਵਾਲੀ ਸਿਉਂਕ ਤੋਂ  ਬਚਣ ਲਈ ਸ਼ਬਦ ਗੁਰੂ ਨਾਲ ਜੁੜੋ … ਸ਼ਬਦ ਦੇ ਜੀਵਨ ਦਾ ਫਲਸਫਾ ਹੈ .. ਚਿੱਟੀ ਸਿਉਂਕ ਕੋਲ ਕੁੱਝ  ਨਹੀਂ !
      ਪੰਜਾਬ ਦੇ ਲੋਕ ਇਸ ਚਿੱਟੀ ਸਿਉਕ ਤੋਂ  ਤਾਂ  ਬਚ ਸਕਦੇ ਹਨ ਜੇ ਅਸੀਂ ਪਖੰਡ ਛੱਡਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾਂਗੇ ਤੇ ਸ਼ਬਦ ਤੇ ਅਮਲ ਕਰਾਂਗੇ ।
     ਪਰ ਚਿੱਟੀ ਸਿਉਂਕ ਨੇ ਸਾਡੇ ਵਿਰਾਸਤ ਤੇ ਵਿਰਸੇ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ! .. ਸਿੱਖੀ ਦੇ ਨਾਲ਼ ਜੁੜੀਆਂ ਸਾਰੀਆਂ ਹੀ ਇਤਿਹਾਸਕ ਥਾਂਵਾਂ ਖਤਮ ਕਰਕੇ ਚਿੱਟਾ ਮਾਰਬਲ ਲਾ ਦਿੱਤਾ ਹੈ ..
ਇਸ ਚਿੱਟੀ ਸਿਉਂਕ ਤੋਂ ਬਚਣ ਲਈ ਕਿਤਾਬਾਂ ਦੇ ਨਾਲ ਜੁੜਨਾ ਪਵੇਗਾ .. ਜੋ ਸਭ ਤੋਂ ਨੇੜੇ ਹਨ .. ਚਿੱਟੀ ਸਿਉਕ ਉਹ ਡੇਰੇਦਾਰ ਹਨ ਜਾਂ ਸਿਆਸਤਦਾਨ ਇਹਨਾਂ ਤੋਂ  ਬਚੋ! ਜੋ ਸੇਵਾ ਦੇ ਨਾਂ ਹੇਠ ਵਪਾਰ ਕਰਦੇ ਹਨ .. ਆਪਣੇ  ਆਪ ਨੂੰ  ਸਸਤਾ ਨਾ ਵੇਚੋ ...
    ਨਰਕ ਸਵਰਗ ਸਭ ਧਰਤੀ ਉਤੇ ਹੈ .. ਜ਼ਿੰਦਗੀ ਅਣਖ ਤੇ ਜਿਉਣ ਲਈ ਹੈ ਨਾ ਕਿ ਸਿਉਂਕ ਦੀ ਸੇਵਾ ਸੰਭਾਲ ਲਈ !
    ਜਾਗੋ.. ਸੰਭਲੋ … ਇਸ ਚਿੱਟੀ ਮੱਖੀ, ਚਿੱਟੀ ਸਿਉਂਕ ਤੇ ਚਿੱਟੇ ਸਿਆਸਤਦਾਨਾਂ ਤੋਂ ਬਚ ਹੁੰਦੈ ਤਾਂ ਬਚ ਜਾਵੋ .. ਹੁਣ ਤੇ ਹੜ੍ਹ  ਨੇ ਸਭ ਪਰਦੇ ਉਤਾਰ ਦਿੱਤੇ ਹਨ ਤੁਸੀਂ  ਤੇ ਖਾਸਕਰ ਬੀਬੀਆਂ ਮਨ ਦੇ ਜਾਲੇ ਉਤਾਰਨ … ਜੰਮਣਾ .. ਜਿਉਣਾ ਤੇ ਮਰਨਾ ਸਭ ਸੱਚ ਹੈ!
… ਭਲਾ ਕਿੱਥੇ ਸੀ ਇਹ ਚਿੱਟੀ ਸਿਊਕ ਜੋ ਸਵਰਗ .. ਦੀਆਂ  ਟਿਕਟਾਂ  ਦੇੰਦੀ ਸੀ .....?
 ਹੁਣ ਇਹ ਚਿੱਟੀ  ਸਿਉਂਕ ਬਾਹਰ ਨਿਕਲੀ ਹੈ … ਇਸ ਤੋਂ  ਬਚਣ ਦੀ ਲੋੜ  ਹੈ ।
- ਬੁੱਧ  ਸਿੰਘ ਨੀਲੋਂ
ਸੰਪਰਕ : 94643 70823

ਪੰਜਾਬੀ ਲੋਕ ਨਾਇਕ ਦੀ ਤਲਾਸ਼ ਵਿੱਚ ! - ਬੁੱਧ ਸਿੰਘ ਨੀਲੋਂ

ਪੰਜਾਬ ਅੰਦਰ ਅਗਲੇ ਦਿਨਾਂ ਵਿੱਚ ਚੋਣਾਂ ਹੋ ਰਹੀਆਂ ਹਨ । ਸਿਆਸੀ ਪਾਰਟੀਆਂ ਦੇ ਕਈ ਆਗੂ ਆਪਣੀ ਚਮੜੀ ਤੇ ਦਮੜੀ ਬਚਾਉਣ ਦੀ ਖਾਤਰ ਭਾਜਪਾ ਦੇ ਰੱਥ ਵਿੱਚ ਸਵਾਰ ਹੋ ਰਹੇ ਹਨ । ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਦੀ ਹਾਲਤ "ਚੋਰ ਨਾਲੋਂ ਪੰਡ ਕਾਹਲੀ" ਵਾਲੀ ਬਣੀ ਪਈ ਹੈ । ਈ. ਡੀ ਤੋਂ ਡਰਦੇ ਸ਼ਾਮਲ ਹੋਣ ਵਾਲੇ ਇਹ "ਯੋਧੇ" ਕੀ ਭਾਜਪਾ ਦੇ ਰੱਥ ਨੂੰ ਬਚਾ ਸਕਣਗੇ ? ਦੂਜੇ ਪਾਸੇ ਭਾਜਪਾ ਦਾ ਦੇਸ਼ ਵਿੱਚ ਵੱਡੇ ਪੱਧਰ ਉਤੇ ਝੁੱਗਾ ਚੌੜ/ ਬਿਸਤਰਾ ਗੋਲ਼ ਹੋ ਰਿਹਾ ਹੈ ਤੇ ਕੁੱਝ 'ਪੰਜਾਬੀ' ਵੀ ਉਸਨੂੰ ਬਚਾਉਣ ਲਈ ਆਪਣੇ ਸਮਰਥਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ । ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਅੰਦਰ ਘਬਰਾਹਟ ਹੈ । ਉਨ੍ਹਾਂ ਨੂੰ ਓਨਾਂ ਜੇਲ੍ਹ ਦਾ ਨਹੀਂ ਜਿੰਨਾ ਆਪਣੀਆਂ  ਨਾ-ਜਾਇਜ਼ ਜ਼ਮੀਨਾਂ ਤੇ ਜਾਇਦਾਦਾਂ ਦਾ ਡਰ ਹੈ ਜਿਹੜੀਆਂ ਉਨ੍ਹਾਂ ਨੇ ਅਪਵਿੱਤਰ "ਦਸਾਂ ਨੌਹਾਂ" ਨਾਲ ਬਣਾਈਆਂ ਹਨ । ਬਾਬਾ ਨਾਨਕ ਜੀ ਆਖਦੇ ਹਨ ‘‘ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥’’
       ਨਵੇਂ ਪੰਜਾਬ ਦੀ ਸਿਰਜਣਾ ਕਰਨ ਵਾਲੇ ਤੇ ਸਿਆਸੀ ਪਾਰਟੀਆਂ ਦਾ ਬਦਲ ਪੇਸ਼ ਕਰਨ ਵਾਲੇ ਟਿਕਟਾਂ ਦੀ ਬਲੈਕ ਸਿਨਮੇ ਦੇ ਬਲੈਕੀਆਂ ਵਾਂਗੂੰ ਕਰ ਰਹੇ ਹਨ । ਜਲੰਧਰ ਵਿਖੇ ਇਨ੍ਹਾਂ ਟਿਕਟਾਂ ਦੀ ਵੰਡ ਵੇਲੇ ਅਹਾਤੇ ਵਿੱਚ ਹੋਈ ਲੜਾਈ ਵਾਂਗੂੰ ਮਾਲਕ ਹੀ ਕੁੱਟਿਆ ਗਿਆ । ਨਵਜੋਤ ਸਿੱਧੂ ਵੀ ਪਰ ਤੋਲੀ ਜਾ ਰਿਹਾ ਹੈ । ਬੈਂਸ ਭਰਾ ਦਿੱਲੀ ਨੂੰ ਤੁਰ ਗਏ ਹਨ । ਬੈਂਸ ਭਰਾਵਾਂ ਨੇ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਣਾ ਸੀ ।
     ਪੰਜਾਬ ਦੇ ਲੋਕ ਮੇਲੇ ਵਿੱਚ ਗੁਆਚੇ ਜੁਆਕ ਵਾਂਗੂੰ ਮੁਟਰ ਮੁਟਰ ਝਾਕ ਰਹੇ ਹਨ । ਜਿਵੇਂ ਉਸ ਜੁਆਕ ਸਾਰੇ ਹੀ ਆਪਣੇ ਲੱਗਦੇ ਹੁੰਦੇ ਹਨ ਪਰ ਅਸਲ ਵਿੱਚ ਹੁੰਦੇ ਨਹੀਂ ।
    ਹੁਣ ਤਾਂ ਇਵੇਂ ਲਗਦਾ ਜਿਵੇਂ  ਪੰਜਾਬ ਸੂਰਮਿਆਂ ਦਾ ਨਹੀਂ ਗਦਾਰਾਂ ਦਾ ਦੇਸ਼ ਹੈ । ਪੰਜ ਗੱਗੇ ਇਹੋ ਜਿਹੇ ਵਿਅਕਤੀਆਂ ਦੇ ਉਪਰ ਪੂਰੇ ਢੁਕਵੇਂ ਹਨ । ਹੁਣ ਤੁਸੀਂ ਆਪ ਹੀ ਸੋਚੋ ਇਹ ਪੰਜ ਗੱਗੇ ਕੀ ਹੋ ਸਕਦੇ ਹਨ ?
      ਪੰਜਾਬ ਦੀ ਅਬਾਦੀ ਸਵਾ ਤਿੰਨ ਕਰੋੜ ਹੈ । ਕੀ ਪੰਜਾਬ ਨੂੰ ਬਚਾਉਣ ਦੇ ਲਈ 117 ਇਮਾਨਦਾਰ ਤੇ ਸੱਚੇ ਸੁੱਚੇ ਨਿਸ਼ਕਾਮ ਸੇਵਾਦਾਰ ਵੀ ਨਹੀਂ, ਪੰਜਾਬ ਦੇ ਵਿੱਚ ? ਉਂਝ "ਯੋਧਿਆਂ" ਦੀ ਕੋਈ ਗਿਣਤੀ ਨਹੀਂ ਕਰ ਸਕਦਾ।
      ਹਾਲਤ ਸਾਧ ਦੇ ਠੂੰਹਿਆਂ ਵਰਗੀ ਹੈ । ਡੰਗ ਸਾਰੇ ਹੀ ਮਾਰਦੇ ਹਨ ਪਰ ਮਾਰਦੇ ਆਪਣਿਆਂ ਨੂੰ । ਹਰ ਰੋਜ਼ ਛਪਾਰ ਦੇ ਮੇਲੇ ਵਾਂਗੂੰ ਸਾਰੇ ਹੀ ਲੁੱਚੀਆਂ ਬੋਲੀਆਂ ਪਾਉਣ ਵਾਲਿਆਂ ਵਾਂਗੂੰ ਮੇਲੇ ਤੋਂ ਵੱਖਰੇ ਇਕੱਠੇ ਹੋ ਰਹੇ ਹਨ । ਪੰਜਾਬ ਦੇ ਲੋਕ ਨਾਲੇ ਸੁਣੀ ਜਾਂਦੇ ਹਨ ਤੇ ਨਾਲ ਮੂੰਹ ਵਿੱਚ ਗਾਲਾਂ ਕੱਢੀ ਜਾਂਦੇ ਹਨ ਪਰ ਕੋਈ ਕਿਸੇ ਨੂੰ ਰੋਕਦਾ ਨਹੀਂ ਤੇ ਟੋਕਦਾ ਵੀ ਨਹੀਂ । ਅਸੀਂ ਵਾਰਿਸ ਤਾਂ ਗੁਰੂ ਗੋਬਿੰਦ ਸਿੰਘ ਦੇ ਕਹਾਉਦੇ ਹਾਂ ਤੇ ਕੰਮ ਡੋਗਰਿਆਂ ਤੇ ਪਹਾੜੀ ਰਾਜਿਆਂ ਵਾਲੇ ਕਰ ਰਹੇ ਹਾਂ । ਗੁਰੂ ਸਾਹਿਬ ਜੀ ਨੇ ਤਾਂ ਲੋਕਾਂ ਦੀ ਖਾਤਰ ਪਰਵਾਰ ਵਾਰਿਆ ਸੀ । ਪਰ ਇਹ ਜਾਨ ਤੇ ਜਾਇਦਾਦਾਂ ਬਚਾਉਣ ਦੀ ਖਾਤਰ ਸਭ ਕੁੱਝ ਭੁੱਲ ਗਏ ਹਨ । ਮੌਕਾਪ੍ਰਸਤੀ ਦੀ ਰਾਜਨੀਤੀ ਪੰਜਾਬ ਨੂੰ ਕਿਧਰ ਲੈ ਕੇ ਜਾਵੇਗੀ ? ਪੰਜਾਬ ਦੇ ਸਿਆਸੀ ਤੇ ਧਾਰਮਿਕ ਆਗੂ ਤਾਂ ਗੁਲਾਮ ਹਨ । ਗੰਦੇ ਤੇ ਗਦਾਰ ਹਨ । ਤਖ਼ਤ ਦਾ ਸੇਵਾਦਾਰ ਹੈਪੀ ਬਠਿੰਡੇ ਵਾਲਾ ਗੁਰੂ ਦੀਆਂ ਖੁਸ਼ੀਆਂ ਨਹੀਂ ਬਾਦਲਾਂ ਦੇ ਲਈ ਵੋਟਾਂ ਮੰਗਦਾ ਹੈ । ਬੱਲੇ ਉਹ ਹੈਪੀ ਰਾਮਾਂ ਤੇਰੀ ਕੀ ਸਿਫਤ ਕਰਾਂ ? ਲੋਕ ਅੱਖਾਂ ਤੋਂ ਨਹੀਂ ਅਕਲੋਂ ਵੀ ਅੰਨ੍ਹੇ ਹੋ ਗਏ ਹਨ । ਗੁਲਾਮ ਬਣੇ ਹੋਏ ਹਨ, ਅੰਨੀ ਸ਼ਰਧਾ ਦੇ ਗੰਦੇ ਤੇ ਗਾਂ....! ਦੋਗਲੇ ਬਣਗੇ ਹਨ । ਤਾਇਆ ਬਿਸ਼ਨਾ ਕਹਿੰਦਾ ਹੁੰਦਾ "ਇਹਨਾਂ ਨਾਲੋਂ ਤਾਂ ਕੋਠੇ ਵਾਲੀ ਵੇਸਵਾ ਇੱਜ਼ਤਦਾਰ ਹੁੰਦੀ ਹੈ । ਜਿਹੜੀ ਜਿਸਮ ਵੇਚਦੀ ਹੈ ਸੋਚ ਨਹੀਂ ਵੇਚਦੀ ਪਰ ਇਹ ਤਾਂ ਟੱਬਰ ਹੀ ਵੇਚ ਰਹੇ ਹਨ ਤੇ ਬਾਕੀਆਂ ਦਾ ਸੌਦਾ ਕਰ ਰਹੇ ਹਨ!"
ਨਾਇਕ ਵਿਹੂਣੇ ਲੋਕ
ਕੋਈ ਨ ਰੋਕ ਤੇ ਟੋਕ
ਬਹੁਤ ਵਧੇ ਨੇ ਬੋਕ
ਅਬ ਤੂ ਵੀ ਤਾਲੀ ਠੋਕ?
ਪੰਜਾਬ ਦੀ ਜੋ ਹਾਲਤ ਹੈ ? ਉਹ ਤੁਸੀਂ ਜਾਣਦੇ ਹੀ ਹੋ !
       ਘਰਾਂ ਦੇ ਵਿਚ ਬੈਠੇ ਲੋਕ ਨਾ ਮੁਰਾਦ ਬੀਮਾਰੀਆਂ ਤੋਂ ਦੁਖੀ ਹਨ, ਸਰਕਾਰੀ ਹਸਪਤਾਲਾਂ ਦੇ ਵਿਚ ਡਾਕਟਰ ਨਹੀਂ, ਦਵਾਈਆਂ ਨਹੀਂ, ਸਕੂਲਾਂ ਦੇ ਵਿਚ ਅਧਿਆਪਕ ਨਹੀਂ, ਨੌਜਵਾਨਾਂ ਦੇ ਕੋਲ ਕੋਈ ਰੁਜਗਾਰ ਨਹੀਂ, ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਕਰਜ਼ੇ ਦੀ ਪੰਡ ਦਿਨੋਂ-ਦਿਨ ਭਾਰੀ ਹੁੰਦੀ ਜਾ ਰਹੀ ਹੈ, ਮਜ਼ਦੂਰ ਦੇ ਕੋਲ ਕੋਈ ਰੁਜ਼ਗਾਰ ਨਹੀਂ, ਧੀਆਂ ਸ਼ਗਨ ਦੀ ਉਡੀਕ 'ਚ, ਬਜ਼ੁਰਗ ਬੁਢਾਪਾ ਪੈਨਸ਼ਨ ਦੀ ਉਡੀਕ 'ਚ ਬੈਠੇ ਹਨ, ਜਵਾਨੀ ਬੇਰੁਜ਼ਗਾਰੀ ਦੀ ਭੰਨੀ ਨਸ਼ਿਆਂ ਦੀ ਦਲਦਲ 'ਚ ਫਸ ਕੇ ਮਰਨ ਕਿਨਾਰੇ ਖੜ੍ਹੀ ਹੈ। ਥਾਣਿਆਂ ਤੇ ਸਰਕਾਰੀ ਦਫ਼ਤਰਾਂ ਦੇ ਵਿਚ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ।
      ਸਮਾਜ ਦੇ ਵਿਚ ਲੋਕਾਂ ਦੇ ਪੈਰਾਂ ਦੇ ਥੱਲੇ ਅੱਗ ਬਲਦੀ ਹੈ। ਉਹ ਹਰ ਤਰ੍ਹਾਂ ਦੇ ਅੰਗਿਆਰਾਂ ਦੇ ਉੱਪਰ ਤੁਰਨ ਦੇ ਲਈ ਉਤਾਵਲੇ ਹੋ ਰਹੇ ਹਨ । ਉਹਨਾਂ ਦੇ ਸਾਹਮਣੇ ਦੁਸ਼ਵਾਰੀਆਂ ਤੋਂ ਬਿਨਾਂ ਕੋਈ ਰਸਤਾ ਨਹੀਂ। ਸਿਆਸੀ ਲੋਕ ਹੀ ਨਹੀਂ, ਸਮਾਜ ਦੇ ਵਿੱਚ ਹੋਰ ਵੀ "ਸਮਾਜ-ਸੇਵੀ" ਸੰਸਥਾਵਾਂ ਹਨ ਜਿਹੜੀਆਂ ਆਪਣੀ ਡਫਲੀ ਵਜਾ ਰਹੀਆਂ ਹਨ, ਧਰਮ ਦੇ ਨਾਲ ਜੁੜੇ ਸੰਤ, ਸਾਧ ਤੇ ਹੋਰ ਸਵਰਗ ਤੇ ਨਰਕ ਦੀਆਂ ਗੱਲਾਂ ਕਰਦੇ ਹਨ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਦੇ ਲੋਕ ਆਪਣਾ ਰਾਗ ਅਲਾਪ ਰਹੇ ਹਨ। ਭਲਾਂ ਇਹ "ਲੋਕ" ਸਵਰਗ-ਨਰਕ, ਸਾਹਿਤ-ਸੱਭਿਆਚਾਰ ਦੀਆਂ ਲੋਕ ਆਸ਼ਾਵਾਂ ਨੂੰ ਸੇਧ ਦੇਣ ਨਾਲੋਂ ਟੁੱਟੀਆਂ ਟੱਲੀਆਂ ਕੀਹਦੇ ਲਈ ਖੜਕਾ ਰਹੇ ਹਨ ?
      ਸਿਆਸੀ ਪਾਰਟੀਆਂ ਹਰ ਪੰਜ ਸਾਲ ਬਾਅਦ ਲੋਕਾਂ 'ਤੇ ਰਾਜ ਕਰ ਰਹੀਆਂ, ਉਹ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜ਼ੌਰੀਆਂ ਭਰ ਰਹੇ ਹਨ। ਆਮ ਵਰਗ ਹਰ ਪਾਸੇ ਤੋਂ ਹਨੇਰ ਦੇ ਵੱਲ ਵਧ ਰਿਹਾ ਹੈ। ਸਿਹਤ, ਸਿਖਿਆ ਤੇ ਰੁਜ਼ਗਾਰ ਵਿਹੂਣਾ ਹੋਇਆ ਅਵਾਮ ਅੱਜ ਅੱਕੀਂ-ਪਲਾਹੀਂ ਹੱਥ ਮਾਰ ਰਿਹਾ ਹੈ। ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਹਤਾਸ਼ ਹੋਏ ਲੋਕ ਕਦੇ ਡੇਰਿਆਂ ਵੱਲ ਦੌੜਦੇ ਹਨ, ਕਦੇ ਸਿਆਸੀ ਪਾਰਟੀਆਂ ਦੇ ਜਲਸਿਆਂ ਵੱਲ ਭੱਜਦੇ ਹਨ, ਕਦੇ ਉਹਨਾਂ ਨੂੰ ਇਹ ਲਗਦਾ ਹੈ ਕਿ ਕੋਈ ਹੋਰ ਉਹਨਾਂ ਦੀ ਡੁਬਦੀ ਬੇੜੀ ਬੰਨੇ ਲਾ ਦੇਵੇਗਾ।
     ਸਮਾਜ ਦੇ ਹਰ ਖੇਤਰ ਵਿਚ ਚੌਧਰੀਆਂ ਦੀ ਤਾਂ ਭਰਮਾਰ ਹੈ ਪਰ ਕੋਈ ਨਾਇਕ ਬਣਿਆ ਨਜ਼ਰ ਨਹੀਂ ਆ ਰਿਹਾ। ਜਿਹਨਾਂ ਸੰਸਥਾਵਾਂ ਨੇ ਨਾਇਕ ਤਿਆਰ ਕਰਨੇ ਸਨ ਉਹ ਸਭ ਦੀਆਂ ਸਭ ਖੁਦ ਨਾਇਕ ਵਿਹੂਣੀਆਂ ਹੋ ਗਈਆਂ, ਇਸੇ ਕਰਕੇ ਉਹਨਾਂ ਥਾਵਾਂ ਦੇ ਉਪਰ ਸਭ ਨੂੰ ਆਪੋ-ਧਾਪੀ ਪਈ ਹੋਈ ਹੈ।
     ਸਿਆਸੀ ਆਗੂਆਂ ਨੇ ਆਮ ਲੋਕਾਂ (ਨਾਗਰਿਕਾਂ) ਨੂੰ  ਸਿਰਫ "ਵੋਟਰ" ਬਣਾ ਦਿੱਤਾ, ਉਹ ਹਰ ਪੰਜ ਸਾਲ ਪਾਰਟੀਆਂ ਬਦਲ ਬਦਲ ਕੇ ਰਾਜ ਕਰ ਰਹੀਆਂ ਹਨ। ਵਿਕਾਸ ਦੇ ਨਾਂ 'ਤੇ ਲੋਕਾਂ ਦੇ ਦਿੱਤੇ ਟੈਕਸ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ।
        ਉਪਰ ਤੋਂ ਥੱਲੇ ਤੱਕ ਰਿਸ਼ਵਤ ਦਾ ਬੋਲ ਬਾਲਾ ਹੈ। ਭ੍ਰਿਸ਼ਟਾਚਾਰ ਦੀ ਦਲਦਲ 'ਚ ਲੋਕ ਡੁੱਬ ਰਹੇ ਹਨ। ਬੀਮਾਰੀਆਂ ਦੇ ਨਾਲ ਮਰ ਰਹੇ ਹਨ ਲੋਕ, ਨਸ਼ਿਆਂ ਦੀ ਲਤ ਦੇ ਨਾਲ ਜਵਾਨੀ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੀ ਹੈ। ਨੌਜਵਾਨਾਂ ਦੇ ਵਿੱਚੋਂ ਮਰਦਾਨਾ ਤਾਕਤ ਘੱਟ ਰਹੀ ਹੈ ਹਾਲਤ ਦਿਨੋਂ ਦਿਨ ਗੰਭੀਰ ਹੋ ਰਹੇ ਹਨ। ਬੇਵੀ ਟਿਊਬ ਹਸਪਤਾਲ ਖੁਲ ਰਹੇ ਹਨ. ਤੇ ਨਸਲਾਂ ਬਦਲੀਆਂ ਜਾ ਰਹੀਆਂ ਹਨ । ਨੇਪਾਲੀ ਤੇ ਗੜਵਾਲੀ ਬਣਾਏ ਜਾ ਰਹੇ ਨੇ!
      ਪੰਜਾਬ ਦੀਆਂ ਕੁੜੀਆਂ ਤੇ ਮੁੰਡੇ ਵਿਦੇਸ਼ਾਂ ਨੂੰ ਜਾ ਰਹੇ ਹਨ। ਜਵਾਨੀ, ਬੌਧਿਕ ਸ਼ਕਤੀ ਤੇ ਸਰਮਾਇਆ ਵਿਦੇਸ਼ ਵੱਲ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਦੌੜ ਰਹੇ ਹਨ।
      ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ, ਜਿਹਨਾਂ ਦੇ ਕੋਲ ਰੁਜ਼ਗਾਰ ਸੀ, ਉਹ ਵੀ ਬੇਰੁਜ਼ਗਾਰ ਹੋ ਰਹੇ ਹਨ। ਹਰ ਤਰਾਂ ਦਾ ਮਾਫੀਆ ਰੂੜੀ ਵਾਂਗ ਵੱਧ ਰਿਹਾ ਹੈਂ । ਹਰ ਥਾਂ 'ਤੇ ਮਾਫੀਆ ਦਾ ਕਬਜ਼ਾ ਹੈ। ਹਰ ਥਾਂ 'ਤੇ ਆਮ ਲੋਕਾਂ ਨੂੰ ਲੁੱਟਣ ਦੇ ਲਈ ਪੁਲਸ ਵਾਲੇ ਤੇ ਸਿਆਸਤਦਾਨ ਖੜ੍ਹੇ ਹਨ। ਜਿਹਨਾਂ ਪੁਲਸ ਵਾਲਿਆਂ ਤੇ ਸਿਆਸਤਦਾਨਾ ਨੇ ਆਮ ਲੋਕਾਂ ਦੀ ਰਾਖੀ ਕਰਨੀ ਸੀ ਉਹ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।
      ਲਿਖਣ ਤੇ ਬੋਲਣ ਦੀ ਆਜ਼ਾਦੀ 'ਤੇ ਸੰਵਿਧਾਨ ਦਾ ਨੱਕ ਮੋਰੜਿਆ ਜਾ ਰਿਹਾ ਹੈ। ਲੋਕਾਂ ਦੇ ਮਸਲਿਆਂ ਦੇ ਨਾਲੋਂ ਕੁਰਸੀ ਦੀ ਲੜਾਈ ਲਈ ਸਿਆਸੀ ਪਾਰਟੀਆਂ ਨੂੰ ਵੱਧ ਫਿਕਰ ਹੈ। ਇਸੇ ਕਰਕੇ ਇਹ ਸਿਆਸੀ ਚੌਧਰੀ ਇੱਕ ਦੂਜੇ ਦੇ ਖਿਲਾਫ ਰੈਲੀਆਂ ਕਰਦੇ ਹਨ। ਜਿਹਨਾਂ ਦੀ ਜ਼ਮੀਰ ਮਰ ਗਈ ਹੈ ਉਹ ਦਿਹਾੜੀ ਦੀ ਖਾਤਰ ਵਿਕ ਰਹੇ ਹਨ।
      ਲੋਕਾਂ ਨੂੰ ਕਿਰਤਹੀਣ ਕਰ ਕੇ ਉਹਨਾਂ ਨੂੰ  "ਮੁਫਤ" ਦੀ ਚਾਟ 'ਤੇ ਲਾ ਦਿੱਤਾ ਗਿਆ ਹੈ। ਇਸੇ ਕਰਕੇ ਉਹਨਾਂ ਨੂੰ ਵੋਟਾਂ ਦੇ ਵੇਲੇ ਸਿਆਸੀ ਆਗੂਆਂ ਦੇ ਵਲੋਂ ਵੰਡੀ ਜਾ ਰਹੀ ਮੁਫਤ ਦੀ ਸ਼ਰਾਬ ਤੇ ਨਕਦ ਮਾਇਆ ਦੀ ਉਡੀਕ ਕਰਨ ਵਾਲੇ ਬਣਾ ਦਿੱਤਾ। ਇਸ ਵਾਸਤੇ ਹਰਾਮਦਾ (ਕਾਲਾ ਧਨ) ਪੈਸਾ ਅੰਨ੍ਹੇਵਾਹ ਵਰਤਿਆ ਜਾਂਦਾ ਹੈ।
      ਹੁਣ ਪੰਜਾਬ ਦੇ ਲੋਕ ਜਿਹੜੇ ਨਾਇਕ ਵਿਹੂਣੇ ਹੋਏ ਹਨ, ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਵੀ ਕਿਸੇ ਵੀ ਖੇਤਰ ਅੰਦਰ ਨਜ਼ਰ ਨਹੀਂ ਆ ਰਿਹਾ। ਜਿਹੜੇ ਆਪਣੇ ਆਪ ਨੂੰ "ਨਾਇਕ" ਹੋਣ ਦਾ ਆਪੇ ਹੀ ਖਿਤਾਬ ਲਈ ਬੈਠੇ ਹਨ ਉਹ ਸਭ ਆਪੋ ਆਪਣੀਆਂ ਰੋਟੀਆਂ ਸੇਕਦੇ ਹਨ। ਸਿਆਸੀ ਤੇ ਧਰਮ ਦੇ ਆਗੂ ਆਮ ਲੋਕਾਂ ਦੀ ਭੀੜ ਕੱਠੀ ਤਾਂ ਕਰਦੇ ਹਨ। ਪਰ ਉਸ ਨੂੰ ਕੋਈ ਰਸਤਾ ਨਹੀਂ ਦੱਸ ਰਹੇ, ਕਿਉਂਕਿ ਉਹ ਆਪ ਸੇਧ ਵਿਹੂਣੇ ਹਨ।
     ਹੁਣ ਸਾਨੂੰ ਰਸੂਲ ਹਮਜ਼ਾਤੋਵ ਦੀਆਂ ਗੱਲਾਂ ਚੇਤੇ ਆਉਦੀਆਂ ਹਨ ਜਿਹੜਾ ਆਖਦਾ ਹੈ ਕਿ "ਸਾਨੂੰ ਆਪਣੇ ਰਸਤੇ ਆਪ ਚੁਨਣੇ ਚਾਹੀਦੇ ਹਨ।" ਪਰ ਅਸੀਂ ਬਣੇ ਬਣਾਏ ਰਸਤਿਆਂ ਦੇ ਉਪਰ ਤੁਰਨ ਦੇ ਆਦੀ ਹੋ ਗਏ ਹਾਂ। ਅਸੀਂ ਕਦੋਂ ਤੱਕ ਆਪਣੇ 'ਫਰਜ਼ਾਂ ਦੇ ਵੱਲ ਪਿੱਠ ਕਰੀ ਰੱਖਾਂਗੇ? ਜਦੋਂ ਤੱਕ ਅਸੀਂ ਸ਼ਬਦ-ਗੁਰੂ ਦੇ ਲੜ ਨਹੀਂ ਲੱਗਦੇ ਅਸੀਂ ਨਾਇਕ ਵਿਹੂਣੇ ਹੀ ਰਹਾਂਗੇ। ਸ਼ਬਦ ਨੇ ਸਾਨੂੰ ਚੇਤਨਾ ਦੇਣੀ ਹੈ ਪਰ ਅਸੀਂ ਸ਼ਬਦ/ਕਿਤਾਬ ਦੇ ਨਾਲੋਂ ਟੁੱਟ ਕੇ ਹਨੇਰ ਵੰਡਦੇ ਗਿਗਆਨ ਵਿਹੂਣੇ ਸਾਧਾਂ ਦੇ ਡੇਰਿਆਂ ਵੱਲ ਤੁਰ ਪਏ ਹਾਂ । ਉਂਝ ਆਖਦੇ ਹਾਂ ਗੁਰੂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ? ਉਹ ਤੇ ਸਿਰਫ ਮੱਥਾ ਟੇਕਣ ਤੇ ਕੰਮ ਕਰਵਾਉਣ ਲਈ ਵਰਤਦੇ ਹਾਂ । ਨਾ ਕਿ ਸ਼ਬਦ, ਗਿਆਨ ਤੇ ਚੇਤਨਾ ਵਾਸਤੇ । ਅਸੀਂ ਸ਼ਬਦ ਗੁਰੂ ਤੋਂ ਦੂਰ ਹੋ ਗਏ ਹਾਂ !
ਕਦੋਂ ਵਾਪਸ ਪਰਤਾਂਗੇ ਅਸੀਂ ?
ਕਦੋਂ ਜਿਉਂਦੇ ਹੋਣ ਦਾ ਸਾਨੂੰ ਹੋਵੇਗਾ ਅਹਿਸਾਸ ?.
.ਮਰ ਚੁੱਕਿਆ ਅੰਦਰਲਾ ਮਨੁੱਖ ਕਦੋਂ ਜਾਗੇਗਾ ?
    ਪਰ ਹੁਣ ਸਾਨੂੰ ਖੁਦ ਨਾਇਕ ਬਨਣਾ ਪਵੇਗਾ, ਗਰਜਾਂ ਦੇ ਨਾਲੋਂ ਫਰਜ਼ਾਂ ਦੀ ਜੰਗ / ਲੜ੍ਹਾਈ ਕਰਨ ਵਾਸਤੇ ਤੁਰਨਾ ਪਵੇਗਾ। ਹੁਣ ਕਿਸੇ ਸ਼ਹੀਦ ਭਗਤ ਸਿੰਘ ਨੇ ਨਹੀਂ ਆਉਣਾ। ਹੁਣ ਸਾਨੂੰ ਖੁਦ ਭਗਤ ਸਿੰਘ ਬਨਣਾ ਪੈਣਾ ਹੈ।
ਜਾਗੋ ਲੋਕੋ ਜਾਗੋ ...
ਬਈ ਹੁਣ ਜਾਗੋ ਆਈ ਆ.
ਸ਼ਬਦ ਗੁਰੂ ਦੀ ਜੋਤ ਜਗਾ ਲੈ ਬਈ .. ਜਾਗੋ ਆਈ ਆ ...
ਬਿਨਾਂ ਕਿਤਾਬਾਂ ਅਕਲ ਨਾ ਆਉਂਦੀ
ਹਰ ਕਿਤਾਬ ਕੁੱਝ ਨਵਾਂ ਸਿਖਾਉਦੀ
ਇਸ ਨੂੰ ਦੋਸਤ ਬਣਾ ਲੈ ਬਈ .. ਹੁਣ ਜਾਗੋ ..
ਹੁਣ ਕਿਤਾਬ ਨਾਇਕ ਬਣਾ ਲੈ ਬਈ .. ਹੁਣ ਜਾਗੋ ..
ਹੁਣ ਪੰਜਾਬੀਓ ਸੋਚੋ ਤੁਹਾਡਾ ਕੀ ਬਣੇਗਾ  ?
ਹੁਣ ਤੇਰਾ ਕਿਆ ਹੋਗਾ .... ਪੰਜਾਬ ਸਿਆਂ
ਅੱਜ ਦੇਸ਼ ਭਗਤ,  ਗਦਰੀ ਬਾਬੇ ਅਤੇ ਗੁਰੂ ਸਾਹਿਬਾਨ ਜਰੂਰ ਤੁਹਾਨੂੰ ਲਾਹਣਤਾਂ ਪਾ ਰਹੇ ਹਨ !
ਪਰ ਤੁਹਾਨੂੰ ਤੇ ਉਹ ਸੁਣਦੀਆਂ ਹੀ ਨਹੀਂ !
ਬੇਈਮਾਨ ਸਿਆਸਤਦਾਨੋਂ! ਤੁਹਾਨੂੰ ਆਪਣੀ ਮਾੜੀ ਔਕਾਤ ਕਰਕੇ ਈ. ਡੀ ਵਾਲੇ ਦਿਖ ਰਹੇ ਹਨ !
ਯਾਦ ਰੱਖਿਓ ਜਿਵੇਂ ਕਿਰਪਾਲ ਸਿੰਘ ਗਦਾਰ ਨੂੰ ਲੋਕ ਜੁੱਤੀਆਂ ਮਾਰਦੇ ਹਨ ਇਤਿਹਾਸ ਨੇ ਤੁਹਾਡੇ ਵੀ ਛਿੱਤਰ ਫੇਰਨਾ ਹੈ । ਹੁਣ ਮੌਕਾ ਹੈ, ਬਚ ਲਵੋ ਜੇ ਬਚ ਹੁੰਦਾ।
ਬੁੱਧ ਸਿੰਘ ਨੀਲੋਂ
ਸੰਪਰਕ : 94643 70823

ਵਿਅੰਗ - ਸਾਹਿਤ  ਦੇ  ਚਵਲ਼ -  ਬੁੱਧ ਸਿੰਘ ਨੀਲੋਂ

 'ਸਾਹਿਤ ਤੇ ਸ਼ਹਿਦ ਦੇ ਵਿੱਚ  ਕੋਈ ਅੰਤਰ ਨਹੀਂ ਹੁੰਦਾ। ਇਹ ਦੋਵੇਂ  ਤਪੱਸਿਆ ਤੇ ਸਬਰ ਨਾਲ ਮਿਲਦੇ ਹਨ ।  ਗਿਆਨ ਛੋਲੇ ਦੇ ਕੇ ਨਹੀਂ ਅਧਿਅਨ ਕਰਕੇ ਆਉਂਦਾ ਹੈ । ਅਕਲ ਧੁੱਪੇ ਬਹਿ ਕੇ ਨਹੀਂ ਧੱਕੇ ਖਾ ਕੇ ਆਉਦੀ ਹੈ।
    ਉਮਰ ਤੇ ਅਕਲ ਦਾ ਕੋਈ  ਸਬੰਧ  ਨਹੀਂ । ਜਾਗਦੇ ਤੇ ਸੁੱਤੇ ਵਿੱਚ  ਫਰਕ ਹੁੰਦਾ ।  ਜਾਗਦਾ ਜੇ ਚੁੱਪ ਹੈ ਤਾਂ  ਬਹੁਤ  ਦੁੱਖ  ਹੈ ਪਰ ਜੇ ਕੋਈ  ਸੁੱਤਾ ਹੈ .. ਤਾਂ  ਕੋਈ ਫਰਕ ਨਹੀਂ  ਪੈਦਾ। ਜੇ ਜਾਗਦਾ ਵੀ ਚੁਪ ... ਗੱਲ ਇਹ ਹੈ ਕਿ ਜਦੋਂ  ਜਾਗੋ, ਉਦੋਂ  ਸਵੇਰਾ ਹੋ ਸਕਦਾ ਹੈ। ਹੁਣ ਬਹੁਗਿਣਤੀ ਆਪਣੇ ਆਪ ਨੂੰ ਪੜ੍ਹੇ.ਲਿਖੇ ਸਮਝਦੀ ਹੈ ਪਰ ਜਾਗਦੇ ਕਿੰਨੇ ਕੁ ਹਨ ...?  ਆਟੇ ਵਿੱਚ  ਲੂਣ ਬਰਾਬਰ ਵੀ ਨਹੀਂ । ਅਸੀਂ ਸੱਤਾ ਦੇ ਗੁਲਾਮ ਹਾਂ । ਉਪਰੋ ਹੁਕਮ ਆਉਂਦਾ ਹੈ ਥੱਲੇ ਲਾਗੂ ਹੁੰਦਾ ਹੈ ।  ਗਰੀਬ ਨੂੰ  ਹੇਠਾਂ  ਤੱਕ ਲਤੜਦਾ ਹੈ।  ਧਰਨਿਆਂ ਮੁਹਜਾਰਿਆਂ 'ਤੇ ਲਾਠੀਚਾਰਜ  ਕੌਣ ਕਰਵਾਉਂਦਾ  ਹੈ ਤੇ ਕਰਨ ਵਾਲੇ ਕੌਣ ਹਨ ?... ਸਾਡੇ  ਹੀ ਧੀਆਂ ਤੇ ਪੁੱਤ।
     ਪਰ ਉਹ ਗੁਲਾਮ  ਹਨ ਹੁਕਮ  ਦੇ .. ਹੁਕਮਰਾਨ  ਹੁਕਮ ਕਰਦਾ ਉਹ ਭੁੱਲ  ਜਾਂਦੇ  ਹਨ .. ਕਿ ਇਹ ਸਾਡੇ  ਹੀ ਭੈਣ ਭਰਾ ਹਨ।  ਉਹ ਰਾਖਸ਼ ਕਿਉਂ ਬਣ ਜਾਂਦੇ  ਹਨ … ਉਹਨਾਂ  ਦੇ ਅੰਦਰਲਾ  ਮਨੁੱਖ  ਕਿਉਂ ਮਰ ਜਾਂਦਾ ?
ਕੀ ਨੌਕਰੀ ਹੀ ਵੱਡੀ ਹੈ, ਕਿ ਲੋਕ ਵੱਡੇ ਹਨ ? ਇਸ ਦੀ ਸਮਝ ਦਾ ਗਿਆਨ ਦੇਣਾ ਸੀ ਸਾਹਿਤਕਾਰ ਤੇ ਸਿਖਿਆ ਸਾਸ਼ਤਰੀਆਂ ਨੇ, ਪਰ ਹੋਈ ਕੀ ਜਾ ਰਿਹਾ ਹੈ … ਤੇ ਲਿਖਿਆ ਕੀ ਜਾ ਰਿਹਾ ਹੈ ? ਵੇਚਿਆ ਤੇ ਪ੍ਰਚਾਰਿਆ ਕੀ ਜਾ ਰਿਹਾ। ਗਿਆਨਹੀਣ ਤੇ ਤਰਕਹੀਣ । ਮਨੁੱਖ  ਨੂੰ  ਨਰਕ ਤੇ ਗਰਕਣ ਦੇ ਰਾਹ ਤੋਰਨ ਵਾਲਾ  ਗਿਆਨ ਤੇ ਸਾਹਿਤ  ਲਿਖਿਆ ਜਾ ਰਿਹਾ ਹੈ ।
     ਸਾਹਿਤ ਦਾ ਮਕਸਦ "ਸੱਤਿਅਮ, ਸ਼ਿਵਮ ਤੇ ਸੁੰਦਰਮ" ਹੁੰਦਾ ਹੈ। ਸਾਹਿਤ ਜੇ ਜਨ ਦਾ ਕਲਿਆਣ ਨਹੀਂ  ਕਰਦਾ ਤਾਂ ਉਹ ਸਾਹਿਤ ਨਹੀਂ। ਸਾਹਿਤਕਾਰ ਦੀ ਸਮਾਜ ਪ੍ਰਤੀ ਜੇ ਪ੍ਰਤੀਬੱਧਤਾ ਨਹੀਂ, ਉਹ ਸਮਾਜ  ਪ੍ਰਤੀ  ਸੁਹਿਰਦ ਨਹੀਂ  ਤੇ ਕੋਈ  ਸਰੋਕਾਰ ਨਹੀਂ ਤਾਂ ਉਹ ਸਾਹਿਤਕਾਰ ਨਹੀਂ । ਕਲਮਘਸੀਟ ਹੋ ਸਕਦਾ ਹੈ ...।
     ਬਹੁਤੇ  ਹੁਣ ਤੱਕ ਜਿਹੜੇ  ਸ਼ਰੀਫ ਬਣੇ ਹੋਏ  ਸੀ ਸਭ ਹਮਾਮ ਵਿੱਚ  ਨੰਗੇ ਹੋ ਗਏ ਹਨ।
     ਸਾਹਿਤ  ਦੇ ਵਿੱਚ  ਖੁੰਭਾਂ ਵਾਂਗੂੰ  ਉੱਗੇ ਲੇਖਕ / ਕਵੀ / ਨਾਵਲਕਾਰ / ਕਹਾਣੀਕਾਰ  ਤੇ ਅਲੋਚਕ  ਸਾਹਿਤ  ਦੇ ਵਿੱਚ ਕੀ ਕਰ ਰਹੇ ਹਨ।  ਉਹ ਕਿਸ ਦੇ ਲਈ ਤੇ ਕਿਸ ਦੇ ਬਾਰੇ ਕੀ ਤੇ ਕਿਉਂ ਲਿਖਦੇ ਹਨ ? ਲਿਖਣ ਦੇ ਜਿਹੜੇ  ਪੰਜ ਕੱਕੇ ਹੁੰਦੇ  ਹਨ - ਕੀ,  ਕਿਉਂ ,  ਕਿਵੇਂ , ਕਿਸ ਲਈ ਤੇ ਕਿਹੋ ਜਿਹਾ ਲਿਖਣਾ ਹੈ ।  ਕੀ ਇਹ ਲੇਖਕਾਂ ਤੇ ਕਵੀਆਂ ਨੂੰ  ਯਾਦ ਹਨ ?
      ਨਵਿਆਂ  ਲੇਖਕਾਂ ਨੂੰ  ਗਿਆਨ  ਨਹੀਂ ਤੇ ਵੱਡਿਆਂ ਦਾ ਧਿਆਨ  ਨਹੀਂ । ਮਾਮਲਾ ਗੜਬੜ ਹੋ ਰਿਹਾ ਹੈ।  ਕੱਚਾ ਸਾਹਿਤ ਤੇ ਕੱਚਘਰੜ ਕਵੀ ਧੜਾਧੜ ਛਪ ਰਹੇ ਹਨ । ਉਹਨਾਂ ਨੂੰ ਸਮਝਾਉਣ  ਵਾਲੇ ਖੁਦ ਦਿਸ਼ਾਹੀਣ ਹੋ ਗਏ ਹਨ।  ਵੱਡੇ  ਵੱਡੇ  ਲੇਖਕਾਂ ਦੀ ਦਸ਼ਾ ਤੇ ਦਿਸ਼ਾ ਦਾ ਨਿਸ਼ਾਨਾ ਹੋਰ ਹੈ!
   ਚੰਗੇ  ਤੇ ਪ੍ਰਤੀਬੱਧ ਲੇਖਕ  ਹਾਸ਼ੀਏ' ਤੇ ਹਨ .. ਜੁਗਾੜੀ ਤੇ ਮੱਠਾਂ ਦੇ ਮਹੰਤ, ਹਰ ਪਾਸੇ ਇਹੋ ਹੀ ਚੌਧਰੀ  ਹਨ ... ਉਹ ਤਿੰਨਾਂ  ਵਿੱਚ  ਵੀ ਤੇਰਾਂ ਵਿੱਚ ਵੀ ਪ੍ਰਧਾਨ ਹਨ ।
       ਇਨਾਮ ਤੇ ਪੁਰਸਕਾਰ ਦੀ ਭੇਲੀ ਵੰਡ ਦਾ ਅੰਦਰਲਾ ਸੱਚ ਜਦੋਂ ਦਾ ਬਾਹਰ ਆਇਆ ਸਭ ਚੁੱਪ ਹਨ । ਲੇਖਕ  ਮੀਸਣੇ ਨਹੀਂ ਹੁੰਦੇ ਮੌਕਪ੍ਰਸਤ ਨਹੀਂ ਹੁੰਦੇ … ਪਰ ਜੋ ਹੁੰਦਾ ਰਿਹਾ ਹੈ … ਕੀ ਕਿਸੇ ਦੇ ਕੋਲ ਕੋਈ ਤਰਕ ਦੇ ਨਾਲ ਜਵਾਬ  ਦੇਣ ਲਈ ਕੋਈ  ਜ਼ਮੀਰ ਹੈ? ਇਹ ਮੱਠਧਾਰੀ ਤੇ ਲਿਖਾਰੀ ਬਣੇ ਵਪਾਰੀ ਤੇ ਅਧਿਕਾਰੀ ਇਹਨਾਂ ਦੀ ਨਾਲ ਕੁਰਸੀ ਦੇ ਯਾਰੀ ।
       ਇਹ ਮਰ ਚੁੱਕੀਆਂ  ਜ਼ਮੀਰਾਂ ਵਾਲੇ ਕੌਣ ਹਨ ?  ਉਹਨਾਂ ਦਾ ਸਾਹਿਤ ਲਿਖਣ ਦਾ ਮਨੋਰਥ ਤੇ ਪ੍ਰਯੋਜਨ  ਕੀ ਹੈ..? ਪੌੜੀ ਸਾਹਿਤ ਤੇ ਸਾਹਿਤਕਾਰ ਕਿਉਂ ਫਲ ਰਹੇ ਹਨ? ਪਰ ਇਹ ਪੌੜੀਵਾਦ ਦਾ ਵੱਧ ਰਹੀ ਬੀਮਾਰੀ ਸਮਾਜ  ਲਈ ਖਤਰਨਾਕ ਹੈ।
    ਹੁਣੇ ਹੀ ਬਖਸ਼ਿੰਦਰ ਦਾ ਨਾਵਲ ਆਇਆ..".ਵਿਗੜੀ ਹੋਈ ਕੁੜੀ .. ਕਦੇ ਬੂਟਾ  ਸਿੰਘ  ਸ਼ਾਦ ਦੇ ਉਪਰ ਦੋਸ਼ ਲੱਗਦਾ ਸੀ ਕਿ ਉਹ  ਨੀਲੇ  ਰੰਗ ਦਾ ਸਾਹਿਤ  ਲਿਖਦਾ ਹੈ … ਪਰ ਉਸ ਨੇ ਮਾਲਵੇ ਦੇ ਪੇਂਡੂ  ਸੱਭਿਆਚਾਰ ਨੂੰ  ਜਿਵੇਂ ਆਪਣੇ ਨਾਵਲ ਵਿੱਚ ਉਧੇੜਿਆ ਹੈ .. ਰਿੜਕਿਆ ਹੈ .. ਉਹ ਵਿਗੜੀ ਕੁੜੀ  ਦੇ ਵਿੱਚ  ਨਹੀਂ ! ਕੁੜੀ  ਦੀ ਥਾਂ  ਮੁੰਡਾ ਨੀ ਹੋ ਸਕਦਾ..?
      ਅਸੀਂ  ਸਨਸਨੀਖੇਜ ਤੇ ਅੱਖਾਂ  ਨੂੰ  ਤੱਤਾ ਲੱਗਣ ਵਾਲਾ ਸਾਹਿਤ ਲਿਖਣਾ ਤੇ ਪੜ੍ਹਨਾ ਪਸੰਦ ਕਰਦੇ ਹਾਂ । ਸਾਡੇ ਇਹ ਸੁਆਦ ਕਿਸ ਨੇ ਇਹੋ ਜਿਹੇ ਬਣਾਏ ਹਨ? .. ਟੀਵੀ ਨੇ … ਜਾਂ  ਲੇਖਕ  ਨੇ ? ਹਰ ਸਤਰ ਦਾ ਜੋ ਕਿਤਾਬ  ਜਾਂ  ਟੀਵੀ  ਤੇ ਬੋਲੀ ਜਾਂਦੀ  ਹੈ … ਉਸਦਾ ਕੋਈ ਨਾ ਕੋਈ ਲੇਖਕ ਹੁੰਦਾ ਹੈ ... ਹਰ ਲੇਖਕ ਨਹੀਂ … ਕੁੱਝ  ਕੁ ਲੇਖਕਾਂ  ਦੇ ਪਿੱਛੇ ਕਾਰਪੋਰੇਟ ਜੁੰਡਲੀ ਹੈ। ਜੋ ਤੁਹਾਨੂੰ ਆਪਣੀ ਮਰਜ਼ੀ ਦਾ ਖਾਣ ਪੀਣ .. ਕੱਪੜਾ .. ਬੂਟ … ਤੇ ਬਿਉਟੀ ਪਾਰਲਰ ਦਾ ਸਮਾਨ ਵੇਚਦੀ ਹੈ। ਅਸੀਂ ਆਪਣੀ ਮਰਜ਼ੀ ਦਾ ਕੁੱਝ ਨਹੀਂ ਕਰਦੇ। ਸਾਨੂੰ ਮੀਡੀਆ ਤੇ ਟੀਵੀ ਦੱਸਦਾ  ਹੈ .. ਕੀ ਖਾਣਾ, ਪੀਣਾ ਤੇ ਕਿਵੇਂ  ਜੀਣਾ ਹੈ। ਸਾਡੀ  ਸੋਚ ਮਰ ਗਈ ਹੈ ?
      ਸਾਡੇ  ਪੁਰਖਿਆਂ ਨੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਇਹ ਪੰਜ ਮਨੁੱਖ  ਮਿੱਤਰ  ਤੇ ਦੁਸ਼ਮਣ  ਮੰਨੇ ਹਨ। ਇਹ ਪੰਜ  ਹੀ ਸਾਡੇ  ਉਪਰ ਭਾਰੂ ਹੋ ਗਏ ਹਨ ... ! ਪਰ ਹਰ ਕੰਮ ਵਿੱਚ  ਕਾਮ....ਦਾਮ ਦਾ ਬੋਲਬਾਲਾ ਏਨਾ ਵੱਧ ਗਿਆ ਹੈ ਕਿ .. ਮਨੁੱਖ ਪਸ਼ੂ ਵੀ ਨਹੀਂ ਰਿਹਾ। ਪਸ਼ੂਆਂ, ਜਾਨਵਰਾਂ ਤੇ ਪੰਛੀਆਂ ਦਾ ਇਕ ਸੁਭਾਅ ਹੈ .. ਨਿਯਮ  ਹੈ .. ਪਰ ਅਸੀਂ ਤੇ ਗੋਲੇ ਕਬੂਤਰ ਤੇ ਕਦੇ ਤੋਤੋ ਬਣ ਜਾਂਦੇ  ਹਾਂ !
      ਇਹਨਾਂ ਗੋਲਿਆਂ, ਕਬੂਤਰਾਂ ਤੇ ਤੋਤਿਆਂ ਦਾ ਸਾਰੇ ਹੀ ਪਾਸੇ ਦਬਦਬਾ  ਵੱਧ ਰਿਹਾ ਹੈ ... ਕੀ ਕਾਰਨ ਹੋ ਸਕਦਾ ਹੈ .. ਕਿ ਅਸੀਂ ਜੰਗਲ ਵੱਲ ਤੁਰ ਪਏ ਹਾਂ … ਕਿਉਂ  ਸਾਡੇ ਚੇਤਨਾ ਦੇ ਵਿੱਚ ਜੰਗਲ ਆ  ਗਿਆ ਹੈ ... ਕੌਣ  ਹੈ ਜੋ ਸਾਨੂੰ  ਜੰਗਲ ਵੱਲ ਲਈ ਜਾ ਰਿਹਾ ਹੈ?
  ਕੌਣ ਹਨ ਉਹ ਚਵਲ … ?
  ਕੌਣ ਹਨ ਉਹਨਾਂ ਦੇ ਸਰਪ੍ਰਸਤ ?
 ਕਿਉਂ ਹੋ ਰਿਹਾ ਚਵਲ ਸਾਹਿਤ ਦਾ ਵਾਧਾ...? ਤੁਹਾਡੇ ਆਲੇ ਦੁਆਲੇ ਕਿਹੜੇ ਕਿਹੜੇ ਚਵਲ ਹਨ ? ਜੇ ਹਨ ਤਾਂ  ਉਹਨਾਂ ਨੂੰ ਜਰੂਰ ਪੁੱਛੋ ਕਿ ਸਾਹਿਤ ਦਾ ਪ੍ਰਯੋਜਨ ਕੀ ਹੈ ਤੇ ਉਹ ਕੀ ਕਰਦੇ ਹਨ .. ਤੇ ਕਿਉਂ ਕਰਦੇ ਹਨ ?   ਸਾਹਿਤ ਚਵਲ ਨਹੀਂ ਹੁੰਦਾ ਲੇਖਕ/  ਕਵੀ/ ਵਿਦਵਾਨ ਚਵਲ ਹੋ ਸਕਦਾ ਹੈ ਜਿਵੇਂ ਬੰਦਾ ਕੋਈ ਵੀ ਮਾੜਾ ਨਹੀਂ  ਹੁੰਦਾ ਪਰ ਉਸਦੀਆਂ

ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਰਿੱਛ ! - ਬੁੱਧ ਸਿੰਘ  ਨੀਲੋਂ

ਇਸ ਵਕਤ ਆਮ ਲੋਕਾਂ ਦੀ ਹਾਲਤ ਇਹ ਬਣ ਗਈ/ ਬਣਾ ਦਿੱਤੀ /ਬਣਾ ਲਈ ਕੁੱਝ ਵੀ ਸਮਝ ਲਵੋ, ਜਦੋਂ ਸਮਾਜ ਵਿੱਚ ਕੋਈ ਸੰਕਟ ਆਉਂਦਾ ਐ, ਸਿਆਸਤ ਨਾਲ ਹੀ ਆ ਵੜਦੀ ਐ। ਆਪਣੇ ਸਿਆਸੀ ਵਿਰੋਧੀ ਨੂੰ ਬਦਨਾਮ ਕਰਨ/ ਖਤਮ ਕਰਨ ਲਈ ਸਾਜਿਸ਼ ਸ਼ੁਰੂ ਹੋ ਜਾਂਦੀ ਹੈ। ਦੁਨੀਆ ਦੇ ਸਰਮਾਏਦਾਰੀ ਨੇ ਬਿਜਨਸ ਵਿੱਚ ਵਾਧਾ ਕਰਨ ਲਈ ਜਿਹੜੀ ਇਸ ਸਮੇਂ ਖੇਡ ਖੇਡੀ ਐ। ਉਸ ਦੀ ਲਪੇਟ ਵਿਚ ਆਪ ਵੀ ਆ ਗਏ।
      ਸਾਡੇ ਹਾਕਮਾਂ ਨੂੰ ਪਤਾ ਸੀ ਉਹ ਕੰਨ ਵਲੇਟੀਂ ਰੱਖੇ। ਹੁਣ ਜਦੋਂ ਸਥਿਤੀ ਦਿਨ ਬ ਦਿਨ ਗੰਭੀਰ ਹੋ ਰਹੀ ਐ ਤਾਂ ਬਚਾ ਦੇ ਨਾਲੋਂ ਸਿਆਸਤ ਵੱਧ ਧਿਆਨ ਵੱਧ ਹੋ ਗਿਆ। ਦੇਸ਼ ਰਾਜ ਕਰਦਾ ਸ਼੍ਰੇਣੀ ਨੇ ਇਸ ਬੀਮਾਰੀ ਨੂੰ "ਹਿੰਦੂ -ਮੁਸਲਮਾ" ਦੇ ਵਿੱਚ ਬਦਲਣ ਲਈ ਹਰ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿੱਚ ਅਕਲ ਤੋ ਬਿਨਾਂ ਕਿਸੇ ਚੀਜ਼ ਦਾ ਘਾਟਾ ਨਹੀਂ। ਸਾਰੇ ਸੱਤਾਧਾਰੀ ਗਾਇਬ ਹਨ।
ਪਰ ਲੋਕ ਇਕ ਦੂਜੇ ਦਾ ਸਹਾਰਾ ਬਣ ਰਹੇ ਹਨ।
      ਲੋਕਾਂ ਦੇ ਟੈਕਸ ਉਤੇ 585000ਹਜ਼ਾਰ ਦੇ ਵਿੱਚ ਵੀ ਵੀ ਆਈ ਪੀ ਹਨ। ਅਰਬਾਂ ਰੁਪਏ ਤਨਖਾਹ/ਪੈਨਸ਼ਨ ਲੈਂਦੇ ਹਨ। ਦੇਸ਼ ਵਿੱਚ ਸਿਆਸਤ ਤੋਂ ਕੁੱਝ ਵੀ ਨਹੀਂ। ਮੈਡੀਕਲ ਸਹੂਲਤਾਂ ਨਹੀਂ। ਬਿਨਾ ਹਥਿਆਰ ਦੇ ਡਾਕਟਰੀ ਅਮਲਾ ਇਸ ਮਹਾਮਾਰੀ ਖਿਲਾਫ ਜੰਗ ਲੜਦਾ ਹੈ। ਹਵਨ/ ਪੂਜਾ/ ਗਊ ਮੂਤਰ/ ਗਊ ਗੋਬਰ ਦੀ ਸਿਆਸਤ ਚਲ ਰਹੀ ਐ।
     ਲੋਕਾਂ ਨੂੰ ਭੁੱਖ ਨਾਲ ਲੜਨ ਲਈ ਹੁਕਮ ਜਾਰੀ ਹੋ ਰਹੇ ਹਨ - ਲੋਕ ਬਾਗੀ। ਇਸ ਬਗਾਵਤ ਦਾ ਨਤੀਜਾ ਕੀ ਨਿਕਲੇਗਾ? ਇਹ ਕੋਈ ਨਹੀਂ ਜਾਣਦਾ। ਜਿਹਨਾਂ ਦਾ ਇਸ ਦਾ ਪਤਾ ਸੀ  ਉਹ ਵਿਦੇਸ਼ ਤੋਂ ਸਪੈਸ਼ਲ ਜਹਾਜ਼ ਰਾਹੀਂ ਸੁਰੱਖਿਅਤ ਘਰ ਲਿਆਂਦੇ। ਆਮ ਲੋਕਾਂ ਲਈ ਮਰਨ ਵਾਸਤੇ ਹੁਕਮ ਸੁਣਾ ਦਿੱਤਾ। ਪਰ ਜਿਹਨਾਂ ਲੋਕਾਂ ਦੇ ਦਿੱਤੇ ਟੈਕਸ ਜਿਹੜੇ ਸਿਆਸੀ ਲੋਕ ਪਲਦੇ ਹਨ, ਉਹਨਾਂ ਲਈ ਛੱਡ ਵੀ ਅਸਮਾਨ ਐ ਤੇ ਗੋਦ ਲਈ ਧਰਤੀ ਐ। ਇਹ ਸੱਚ ਹੈ ਕਿ ਬਹੁਗਿਣਤੀ ਅਵਾਮ ਨੂੰ  ਪਤਾ ਨਹੀਂ ਕਿ ਉਹ ਟੈਕਸ ਦੇਦੇ ਹਨ .. ਤੇ ਦੇੰਦੇ ਕਿਵੇ ਹਨ? ਲੋਕ ਤਾਂ  ਅਮਦਨ ਤੇ ਲੱਗਣ ਵਾਲਾ  ਟੈਕਸ ਦੇਂਦੇ ਹਨ ਤੇ ਕਈ ਸੀ ਏ ਦੀ ਕਿਰਪਾ ਦੇ ਨਾਲ ਵਿੰਗੇ ਟੇਡੇ ਢੰਗ ਨਾਲ਼  ਰਾਹਤ ਵੀ ਲੈੰਦੇ ਹਨ. ਇਹ ਲੋਕ ਉਹ ਹਨ ਜਿਹਨਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੈ .. ਵੱਡੀਆਂ ਫੈਕਟਰੀਆਂ ਤੇ ਕੰਪਨੀਆਂ ਦੇ ਮਾਲਕ ਹਨ, ਜੋ ਇੱਕ ਪਾਸੇ ਮਜ਼ਦੂਰਾਂ ਦਾ ਲਹੂ ਪੀਂਦੇ ਹਨ ਤੇ ਦੂਜੇ ਪਾਸੇ ਟੈਕਸ ਬਚਾਉਣ ਲਈ ਹਰ ਤਰ੍ਹਾਂ ਦੀ ਹੇਰਾਫੇਰੀ ਕਰਦੇ ਹਨ. ਜਦਕਿ ਦੂਜੇ ਪਾਸੇ ਦੇਸ਼ ਦੇ ਲੋਕ ਤਾਂ ਕੋਈ ਵੀ ਵਸਤੂ ਖਰੀਦਣ ਤੋਂ ਪਹਿਲਾਂ ਹੀ ਇਹ  ਟੈਕਸ ਦੇ ਅਦਾ ਕਰਦੇ ਹਨ .. ਕਿਉਂਕਿ  ਹਰ ਵਸਤੂ ਦੇ ਉਪਰ ਪਹਿਲਾਂ ਹੀ ਟੈਕਸ ਲੱਗਿਆ ਹੁੰਦੇ ਹੈ .... ਤੁਸੀਂ ਸਵੇਰੇ ਤੋਂ  ਟੈਕਸ  ਭਰਦੇ ਚਾਹ ਦੁੱਧ, ਚੀਨੀ, ਗੈਸ, ਬਿਜਲੀ, ਪਾਣੀ, ਦਾਲਾਂ, ਕੱਪੜੇ, ਮੋਬਾਇਲ ਤੇਲ, ਜ਼ਮੀਨ ਵੇਚਣ ਖਰੀਦਣ ਤੇ ਸਭ ਤੋਂ  ਵੱਧ ਸ਼ਰਾਬ ਤੇ ਸਿਰਗਟ/ਤਮਾਖੂ 'ਤੇ .... ਲੋਕ ਟੈਕਸ ਦੇ ਵਸਤੂਆਂ ਖਰੀਦਦੇ ਹਨ … ਜਿਹੜੀਆਂ ਕੰਪਨੀਆਂ ਅਤੇ ਫੈਕਟਰੀਆਂ ਇਹ ਸਮਾਨ ਬਣਾਉਣਦੀਆਂ ਨੇ ਉਹਨਾਂ ਨੇ ਸਰਕਾਰਾਂ ਨੂੰ ਉਹ ਟੈਕਸ ਦੇਣਾ ਹੁੰਦੇ … ਸਰਕਾਰਾਂ ਨੇ ਇਸ ਦੇ ਨਾਲ ਦੇਸ਼ ਦਾ ਵਿਕਾਸ ਕਰਨਾ ਹੁੰਦੈ ...ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨ ਦੇਣੀਆਂ ਹੁੰਦੀਆਂ ਹਨ .. ਸਰਕਾਰ ਲੋਕਾਂ ਦੇ ਦਿੱਤੇ ਟੈਕਸ ਦੇ ਨਾਲ਼ ਸੜਕਾਂ ਬਣਾਉਂਦੀ ਹੈ … ਫੇਰ ਲੋਕਾਂ ਤੋਂ ਟੋਲ ਟੈਕਸ ਵਸੂਲਦੀ ਹੈ .. ਲੋਕ ਚੁੱਪਚਾਪ ਦੇਈ ਜਾਂਦੇ ਹਨ, ਕੋਈ ਉਜਰ ਨਹੀਂ ਕਰਦਾ ... ਜੇ ਕੋਈ ਸਿਆਸੀ ਆਗੂ ਇਸ ਦਾ ਵਿਰੋਧ ਕਰਦਾ ਹੈ ਤਾਂ  ਉਹ ਆਪਣਾ ਹਿੱਸੇ ਲਈ  ਕਰਦੈ ...
     ਜਿਹੜੀ ਪੁਲਿਸ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਨੂੰ  ਕੁੱਟਦੀ ਹੈ .. ਮਾਰਦੀ ਹੈ .. ਉਹ ਵੀ ਲੋਕਾਂ ਦੇ ਦਿੱਤੇ  ਟੈਕਸ ਦੇ ਵਿੱਚੋਂ ਤਨਖਾਹ ਲੈੰਦੀ ਹੈ .. ਚਪੜਾਸੀ ਤੋਂ  ਮੁੱਖ ਸਕੱਤਰ ਤੱਕ … ਸਰਪੰਚ ਤੋ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ … ਸਭ ਸੁੱਖ ਸਹੂਲਤਾਂ ਲੋਕਾਂ ਦੇ ਸਿਰ ਤੇ ਵਸੂਲ ਕਰਦੇ ਹਨ … ਜਦੋ ਰੋਡ ਟੈਕਸ ਤਾਂ ਫੇਰ ਟੋਲ ਟੈਕਸ ਕਿਉਂ ?
      ਜੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਣਾ, ਸਿੱਖਿਆ ਨਹੀਂ ਦੇਣੀ, ਸਿਹਤ ਦੀ ਸੰਭਾਲ ਲਈ  ਹਸਪਤਾਲ ਤੇ ਮੁਫ਼ਤ ਇਲਾਜ ਨਹੀਂ ਕਰਨਾ ਫੇਰ ਟੈਕਸ ਦੇਣਾ ਕਾਹਦਾ ਐ? ਪਰ ਲੋਕਾਂ ਦੇ ਨਾਲ਼  ਦਿਨ ਵੇਲ਼ੇ ਠੱਗੀ ਮਾਰੀ ਜਾ ਰਹੀ ਹੈ ..
      ਜਨਤਕ ਅਦਾਰਿਆਂ ਨੂੰ  ਬਦਨਾਮ ਕਰਨ ਲਈ ਭ੍ਰਿਸ਼ਟਾਚਾਰ ਫੈਲਾਇਆ ਗਿਆ .. ਮੁਲਾਜ਼ਮ ਵਰਗ ਦੀਆਂ ਤਨਖਾਹਾਂ ਵਧਾ ਕੇ, ਉਹਨਾਂ ਦੇ ਰੰਗਲੇ ਸੁਆਦ ਬਣਾ ਦਿੱਤੇ ..
     ਸਰਕਾਰੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਅਧਿਆਪਕ ਘੱਟ ਕੀਤੇ .. ਤਾਂ ਕਿ ਨਿੱਜੀਕਰਨ ਵੱਲ
 ਵਧਿਆ ਜਾ ਸਕੇ ...
     ਸਿਹਤ, ਸਿਖਿਆ, ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਦਾ ਬੁਨਿਆਦੀ ਤੇ ਸੰਵਿਧਾਨਕ ਹੱਕ ਖੋਹ ਕੇ … ਸਭ ਪਾਸੇ ਨਿੱਜੀ ਕੰਪਨੀਆਂ ਨੂੰ  ਖੁਲ੍ਹ ਦਿੱਤੀ .. ਸਿਹਤ ਦਾ ਇਲਾਜ ਮਹਿੰਗਾ ਹੋਇਆ ਨਕਲੀ ਦਵਾਈਆਂ ਤੇ ਨਕਲੀ ਖਾਣ ਵਾਲੀਆਂ ਵਸਤੂਆਂ ਨੇ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ …
    ਕੌਣ ਹਨ ਜੋ ਨਕਲੀ ਕਾਰੋਬਾਰ ਕਰਦੇ ਹਨ .. ਸਾਡੇ ਹੀ ਭੈਣ ਭਰਾ ਤੇ ਦੋਸਤ ਮਿੱਤਰ ਹਨ,
ਕੌਣ ਕੀ ਕਾਰੋਬਾਰ ਕਰਦਾ ਹੈ, ਸਭ ਦਾ ਸਭ ਨੂੰ ਪਤਾ ਹੈ … ਪਰ ਸਭ ਚੁੱਪ ਹਨ .. ਆਪਾਂ ਕੀ ਲੈਣਾ."ਜੋ ਕਰੂਗਾ   ਓਹੀ ਭਰੂਗਾ" ਆਖਦੇ ਹਨ।
ਜਦੋਂ ਅਸੀਂ ਹਰ ਤਰ੍ਹਾਂ ਦਾ ਟੈਕਸ ਅਦਾ ਕਰਦੇ ਹਾਂ ਫਿਰ ਕਿਉਂ ਪਲ ਪਲ ਮਰਦੇ ਹਾਂ .. ਕਿਉਂ ਨਹੀਂ ਮੁਢਲੀ ਤੋ ਉਚੇਰੀ ਤੱਕ ਸਿਖਿਆ ਮੁਫ਼ਤ ਦਿੱਤੀ ਜਾਂਦੀ ? ਕਿਉਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਨਹੀਂ ਹੁੰਦੇ ? ਕਿਉਂ ਨਹੀਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਦੀਆਂ ?
ਸਰਕਾਰੀ ਮੁਲਾਜ਼ਮ ਤੇ ਮੰਤਰੀਆਂ ਦਾ ਇਲਾਜ ਕਿਉਂ  ਸਰਕਾਰੀ ਖਰਚੇ ਤੇ ਹੁੰਦੈ?
  ਕਿਰਤੀ ਭੁੱਖ ਨਾਲ ਮਰਦੇ ਹਨ, ਵਿਹਲੜ ਸਿਆਸਤ ਦਾਨ ਹਰ ਤਰ੍ਹਾਂ ਦੀਆਂ ਸੁਖ ਸਹੂਲਤਾਂ ਨਾਲ ਪਲਦੇ ਹਨ। ਕਈ 2 ਪੈਨਸ਼ਨਾਂ ਲੈਣ ਵਾਲੇ ਸਿਆਸੀ ਵਿਹਲੜ ਸਭ ਲਾਪਤਾ ਹਨ। ਉਹ ਐਸ਼ ਕਰਦੇ ਹਨ । ਆਮ ਲੋਕ ਪਲ ਪਲ ਤੇ ਹਰ ਸਾਹ ਮਰਦੇ ਹਨ, ਲੋਕਾਂ ਨੂੰ ਇੱਕਠੇ ਹੋਣ ਤੋਂ  ਰੋਕਣ ਲਈ ਜਾਤੀਆਂ ਤੇ ਧਰਮਾਂ ਵਿੱਚ ਵੰਡਿਆ ਹੋਇਆ ਹੈ ..
      ਅਗਿਆਨ ਦੀ ਹਨੇਰੀ ਆਉਣ ਕਰਕੇ ਚਾਰੇ ਪਾਸੇ ਚੁਪ ਹੈ … ਨਾ ਬੋਲਣ ਦਾ ਹੀ ਦੁੱਖ ਹੈ.. 'ਜੋ ਬੋਲੇ ਉਹੀ ਗਦਾਰ" ਦੇਸ਼ ਧ੍ਰੋਹੀ ਹੈ,ਕੋਹੋ ਜਿਹਾ ਵਰਤਾਰਾ ਹੈ ਇਹ ?
    ਕਲਮਾਂ ਦੇ ਸਿਰ ਕਤਲ ਕੀਤੇ ਜਾ ਰਹੇ ਹਨ .. ਮੀਡੀਆ ਨੂੰ ਰਖੇਲ ਬਣਾਇਆ ਗਿਆ ਹੈ … ਜਿਹੜਾ ਜੋ ਸਰਕਾਰ ਚਾਹੁੰਦੀ ਹੈ ਉਹ ਹੀ ਦਿਖਾਉਣ ਲਈ ਪੱਬਾਂ ਭਾਰ ਹੈ ਜੋ ...
ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟਿਆ ਤੇ ਮਾਰਿਆ ਜਾ ਰਿਹਾ  ਹੈ .. ਲੋਕਾਂ ਨੂੰ ਵੱਖ ਵੱਖ ਖੇਮਿਆਂ ਵਿੱਚ ਵੱਡਿਆਂ ਹੋਇਆ ਹੈ … ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਕਾਨੂੰਨ ਦੇ ਹਥਿਆਰਾਂ ਨਾਲ ਦਬਾਇਆ ਜਾ ਰਿਹਾ ਹੈ ...
ਲੋਕਾਂ ਨੂੰ ਆਪਣੇ ਹੱਕਾਂ ਲਈ ਇੱਕ ਦਿਨ ਤਾਂ  ਇਕੱਠਾ ਹੋਣਾ ਪੈਣਾ ਹੈ … ਹੁਣ ਵੀ ਜੇ ਲੋਕ ਨਾ ਜਾਗੇ ਤੇ ਇਕੱਠੇ ਹੋਏ  ਤਾਂ ਫੇਰ .... ਅਗਲੀਆਂ ਨਸਲਾਂ ਨੂੰ  ਕੀ ਦੱਸੋਗੇ ....? ..ਇਸ ਸਮੇਂ ਆਮ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਐ।ਆਪਣੇ ਤੇ ਪਰਾਏ ਦਾ ਫਰਕ ਪਤਾ ਲੱਗ ਗਿਆ ਹੈ। ਇਹ ਸੰਕਟ ਦੇਸ਼ ਨੂੰ ਬਦਲ ਵੀ ਸਕਦਾ ਤੇ ਤਬਾਹ ਵੀ ਕਰ ਸਕਦਾ। ਦੇਖਣਾ ਹੈ ਹੁਣ ਸੂਰਜ ਕਿਧਰ ਚੜਾਈ ਕਰਦਾ ?
(ਛਪ ਰਹੀ ਕਿਤਾਬ "ਪੰਜਾਬੀ ਸਾਹਿਤ ਦਾ ਮਾਫੀਆ" ਵਿੱਚੋਂ  ਲੇਖ)

ਭਾਈ ਲਾਲੋ ਕਿਉਂ ਮਰਦਾ ਹੈ ? - ਬੁੱਧ ਸਿੰਘ ਨੀਲੋਂ

ਅੱਜ ਭਾਈ ਲਾਲੋ ਦੀ ਜਾਨ ਨੂੰ ਖਤਰਾ ਹੈ। ਮਲਕ ਭਾਗੋ ਤਾਕਤਵਰ ਹੈ … ਉਹ ਸਦਾ ਹੀ ਭਾਈ ਲਾਲੋ ਨੂੰ ਵਰਤਦਾ ਹੈ ਤੇ ਅੰਨ੍ਹੇ ਖੂਹ ਵਿੱਚ ਸੁੱਟ ਦੇਦਾ ਹੈ। ਜਦੋਂ ਵੀ ਨਿਕਲਣ ਲੱਗਦਾ ਹੈ … ਕੋਈ ਕੁੱਤਾ ਕੰਨ ਮਾਰਦਾ ਹੈ।
      ਭਾਈ ਲਾਲੋ ਡੂੰਘੇ ਟੋਏ ਦੇ ਡਿੱਗ ਗਿਆ ਹੈ। ਉਹ ਆਪਣੇ ਹੀ ਘਰ ਵਿੱਚ ਅਜਨਬੀ ਹੋ ਗਿਆ। ਪਰਾਇਆ ਤੇ ਦੇਸ਼ ਵਿੱਚ ਪਰਵਾਸੀ ਹੋ ਗਿਆ। ਸਿਰ ਉਤੇ ਫਿਕਰਾਂ ਦੀ ਪੰਡ ਵਿੱਚ ਘਰ ਚੁਕੀ ਉਹ ਕਿਥੋਂ ਤੁਰਿਆ ਤੇ ਕਿਥੇ ਜਾ ਰਿਹਾ ਹੈ। ਉਸ ਦਾ ਇਸ ਧਰਤੀ ਉਤੇ ਕਿਹੜੀ ਥਾਂ ਉਤੇ ਘਰ ਹੈ?
      ਉਹ ਸੜਕਾਂ ਉਤੇ ਆਪਣੇ ਖੂਨ ਪਸੀਨੇ ਤੇ ਲਹੂ ਦੇ ਨਿਸ਼ਾਨ ਲਗਾ ਰਿਹਾ ਹੈ। ਪਰ ਘਰ ਨਹੀਂ ਮਿਲਿਆ। ਪੁਲਸ ਦੀ ਕੁੱਟ ਉਸ ਹਰ ਥਾਂ ਖਾਧੀ ਹੈ।
      ਲੱਕਤੋੜ ਬੰਦੀ ਦੇ ਵਿੱਚ ਉਸ ਦਾ ਸਭ ਕੁੱਝ ਮਰਿਆ ਹੈ ਪਰ ਸਰੀਰ ਨਹੀਂ ਮਰਿਆ ਨਾ ਹੀ ਡਰਿਆ ਐ। ਇਹ ਪੈਰ ਦਿੱਲੀ ਵੱਲ ਕਦੋਂ ਤੁਰਨਗੇ ? ਆਪਣੇ ਹਿੱਸੇ ਦਾ ਘਰ ਲੈਣ ਲਈ ? ਕਿੰਨੇ ਲਾਲੋ ਮਰੇ ਹਨ ਕੋਈ ਸਬੂਤ ਤੇ ਅੰਕੜੇ ਨਹੀਂ। ਕਿੰਨਿਆਂ ਨੇ ਤੁਰਨ ਦੇ ਬਣਾਏ ਨੇ ਵਿਸ਼ਵ ਰਿਕਾਰਡ ਕੋਈ ਖਬਰ ਨਹੀਂ। ਇਹਨਾਂ ਦੀ ਤਰਾਸਦੀ ਦਾ ਕੌਣ ਇਤਿਹਾਸ ਕਾਰ ਲਿਖੇਗਾ ਇਤਿਹਾਸ ? ਕੋਈ ਨਹੀਂ ਲਿਖੇਗਾ। ਲਾਲੋਆਂ ਦਾ ਵੀ ਕੋਈ ਇਤਿਹਾਸ ਹੁੰਦਾ ? ਇਹ ਲਾਲੋ ਤਾਂ ਬਣ ਗਏ ਹਨ ਆਮ ਆਦਮੀ। ਆਮ ਆਦਮੀ ਨੂੰ ਕੌਣ ਪੁਛਦੈ ?
      ਉਹ ਹਰ ਸਾਹ ਮਰ ਰਿਹਾ ਐ। ਪਰ ਉਸ ਨੂੰ “ਇਸ ਡੂੰਘੇ ਟੋਏ” ਵਿਚੋਂ ਕੱਢਣ ਵਾਲਾ ਕੋਈ ਨਹੀਂ ਉਝ ਉਸ ਦੇ ਆਲੇ ਦੁਆਲੇ ਮਲਕ ਭਾਗੋ, ਕੌਡੇ ਰਾਖਸ਼ਸ਼ ਤੇ ਬਲੀ ਕੰਧਾਰੀਆਂ ਦੀ ਭੀੜ ਐ। ਜਿਹੜੇ ਉਸ ਦੇ ਟੋਏ ਵਿੱਚ ਡਿੱਗਣ ਨੂੰ ਵਿਕਾਸ ਆਖਦੇ ਹਨ ਤੇ ਤਾੜੀਆਂ ਮਾਰ ਕੇ ਹੱਸ ਰਹੇ ਹਨ। ਕੱਲ ਵੀ ਵੱਡਾ ਤਮਾਸ਼ਾ ਹੋਵੇਗਾ।
ਭਲਾ ਤੁਸੀਂ ਆਪ ਹੀ ਦੱਸੋ? ਆਮ ਵਿਅਕਤੀ ਵੀ ਕਦੇ ਮਰਦਾ ਹੈ? ਇਹ ਸਵਾਲ ਹੀ ਗ਼ਲਤ ਹੈ। ਮਰਦਾ ਤਾਂ ਉਹ ਹੁੰਦਾ ਹੈ, ਜਿਹੜਾ ਜਿਉਂਦਾ ਹੁੰਦਾ ਹੈ। ਹੁਣ ਤੁਸੀਂ ਦੱਸੋ ਆਮ ਆਦਮੀ ਜਿਉਂਦਾ ਕਦੋਂ ਹੁੰਦਾ ਹੈ? ਉਹ ਤਾਂ ਜੰਮਦਾ ਹੀ ਮਰ ਜਾਂਦਾ ਹੈ। ਜੇ ਕਿਧਰੇ ਉਹ ਭੁੱਲ ਭੁਲੇਖੇ ਜੰਮ ਵੀ ਪਵੇ ਤਾਂ ਘੇਰ ਕੇ, ਭਜਾ ਕੇ ਸੜਕਾਂ ਉੱਤੇ ਜਾਂ ਫਿਰ ਥਾਣੇ ਵਿੱਚ ਮਾਰ ਦਿੱਤਾ ਜਾਂਦਾ ਹੈ।
      ਆਮ ਆਦਮੀ ਜਦੋਂ ਵੀ ਮਰਦਾ ਹੈ ਤਾਂ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਦੇ ਮਰਨ ਨਾਲ ਫ਼ਰਕ ਉਸ ਦੇ ਆਪਣਿਆਂ ਨੂੰ ਪੈਂਦਾ ਹੈ, ਜਿੰਨਾਂ ਦੇ ਨਾਲ ਉਹ ਜਿਉਂਦਾ ਹੁੰਦਾ ਹੈ। ਉਹੀ ਉਸਦਾ ਸੰਸਾਰ ਤੇ ਪਿਆਰ ਹੁੰਦਾ ਹੈ।
       ਬਾਕੀ ਤਾਂ ਸਾਰੇ ਉਸਨੂੰ ਨਫ਼ਰਤ ਕਰਦੇ ਹਨ। ਉਸਨੂੰ ਸ਼ਬਦਾਂ ਨਾਲ, ਅੱਖਾਂ ਦੀ ਘੂਰੀ ਨਾਲ ਤੇ ਡਾਂਗ ਸੋਟੇ ਨਾਲ ਕੁੱਟਦੇ ਹਨ, ਮਾਰਦੇ ਹਨ। ਉਸ ਤੋਂ ਆਪਣੇ ਲਈ ਕੰਮ ਕਰਵਾਉਂਦੇ ਹਨ।
ਆਮ ਆਦਮੀ ਜਦੋਂ ਮਰਦਾ ਹੈ ਤੇ ਉਸਦੀ ਸ਼ਵ ਯਾਤਰਾ ਨਿਕਲਦੀ ਹੈ ਤਾਂ ਉਸ ਦੇ ਮਗਰ ਉਸਦੇ ਆਪਣੇ ਸੁਪਨੇ ਹੁੰਦੇ ਹਨ। ਉਸਦੀ ਸ਼ਵ ਯਾਤਰਾ ਮਗਰ ਕੋਈ ਜਾਵੇ ਵੀ ਕਿਉਂ?
      ਉਹ ਕਿਹੜਾ ਮਨੁੱਖ ਹੈ ਉਹ ਤਾਂ ਪਸ਼ੂ ਹੈ। ਪਸ਼ੂ ਮਗਰ ਕਦੇ ਕੋਈ ਜਾਂਦਾ ਦੇਖਿਆ ਹੈ?
     ਜਦੋਂ ਮਨੁੱਖ ਮਰਦਾ ਹੈ, ਉਸਦੀ ਯਾਤਰਾ ਵਿੱਚ ਭੀੜ ਹੁੰਦੀ ਹੈ। ਨਾਲੇ ਆਮ ਆਦਮੀ ਤਾਂ ਰੋਜ਼ ਹੀ ਮਰਦੇ ਹਨ। ਕਿਸ ਕਿਸ ਦੀ ਸ਼ਵ ਯਾਤਰਾ ਮਗਰ ਕੋਈ ਜਾਵੇ। ਨਾਲੇ ਹੁਣ ਕਿਸੇ ਕੋਲ ਵਿਹਲ ਵੀ ਕਿੱਥੇ ਹੈ?
      ਆਮ ਆਦਮੀ ਕੋਲ ਆਪਣੇ ਸਰੀਰ ਤੇ ਸੁਪਨਿਆਂ ਤੋਂ ਬਗੈਰ ਕੁੱਝ ਨਹੀਂ ਹੁੰਦਾ। ਪਰ ਜਦੋਂ ਸੁਪਨੇ ਮਰਦੇ ਹਨ ਤਾਂ ਆਮ ਆਦਮੀ ਵੀ ਮਰਦਾ ਹੈ। ਫੇਰ ਉਹ ਸ਼ਮਸ਼ਾਨ ਘਾਟ ਤੀਕ ਆਪਣੀ ਹੀ ਲਾਸ਼ ਮੋਢਿਆ ‘ਤੇ ਚੁੱਕੀ ਫਿਰਦਾ ਰਹਿੰਦਾ ਹੈ। ਆਪਣੀ ਹੀ ਲਾਸ਼ ਮੋਢਿਆਂ ਤੇ ਚੁੱਕੀ ਫਿਰਨਾ ਬਹੁਤ ਔਖਾ ਹੁੰਦਾ ਹੈ, ਪਰ ਉਹ ਚੁੱਕੀ ਰਖਦਾ ਹੈ। ਉਸਦੀ ਇਹ ਮਜਬੂਰੀ ਹੈ ਜਾਂ ਫਿਰ ਕੋਈ?
      ਆਮ ਆਦਮੀ ਦੇ ਦਰਦ ਦੀ ਪੀੜ ਕੋਈ ਨਹੀਂ ਜਾਣਦਾ।
      ਉਹ ਪੀੜ ਕਿਵੇਂ ਜਾਣ ਸਕਦੇ ਹਨ। ਜਿਹੜੇ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਜੰਮੇ ਹੋਣ। ਸੋਨੇ ਦਾ ਚਮਚਾ ਲੈ ਕੇ ਉਹ ਹੀ ਜੰਮਦੇ ਹਨ, ਜਿਨਾਂ ਦੇ ਮਾਪਿਆਂ ਨੇ ਆਪਣੀ ਜ਼ਮੀਰ ਵੇਚ ਕੇ ਮਾਇਆ ਇਕੱਠੀ ਕੀਤੀ ਹੋਵੇ। ਆਮ ਆਦਮੀ ਤਾਂ ਪੇਟ ਨਹੀਂ ਪਾਲ ਸਕਦਾ।
      ਮਾਇਆ ਇਕੱਠੀ ਕਰਨ ਲਈ ਦੂਜਿਆਂ ਦਾ ਪੇਟ ਕੱਟਣਾ ਪੈਂਦਾ ਹੈ। ਦੂਜਿਆਂ ਦਾ ਪੇਟ ਉਹੀ ਕੱਟ ਸਕਦਾ ਹੈ, ਜਿਸ ਦੇ ਹੱਥ ਛੁਰਾ ਹੋਵੇ। ਉਹ ਛੁਰਾ ਜਿਹੜਾ ਕਦੇ ਲੋਹੇ ਦਾ ਹੁੰਦਾ ਹੈ, ਕਦੇ ਧਰਮ ਦਾ, ਕਦੇ ਸਮਾਜ ਦਾ ਤੇ ਕਦੇ ਕਿਰਤ ਦਾ।ਇਸ ਛੁਰੇ ਦੇ ਬਹੁਤ ਰੂਪ ਹਨ। ਇਹ ਛੁਰੇ ਹਰ ਥਾਂ ਆਪਣੀ ਸ਼ਕਲ ‘ਤੇ ਮੁਖੌਟਾ ਬਦਲ ਲੈਂਦੇ ਹਨ। ਆਮ ਵਿਅਕਤੀ ਦਾ ਗਲਾ ਜਾਂ ਪੇਟ ਕੱਟਣਾ ਆਮ ਵਰਤਾਰਾ ਹੈ।
      ਆਮ ਆਦਮੀ ਤਾਂ ਦੂਸਰਿਆਂ ਦੇ ਚੁੱਲਿਆਂ ਲਈ ਬਾਲਣ ਹੁੰਦਾ ਹੈ। ਬਾਲਣ ਦਾ ਕੰਮ ਬਲਣਾ ਹੁੰਦਾ ਹੈ। ਆਮ ਆਦਮੀ ਤਾਂ ਦੂਸਰਿਆਂ ਦੇ ਚੁੱਲਿਆਂ ਲਈ ਬਲਣਾ ਹੁੰਦਾ ਹੈ। ਆਮ ਆਦਮੀ ਤਾਂ ਉਨਾਂ ਲੋਕਾਂ ਲਈ ਬਲਦਾ ਹੈ, ਜਿਹੜੇ ਉਸਨੂੰ ਬਾਲਣ ਬਣਾਈ ਰੱਖਦੇ ਹਨ।
      ਆਮ ਆਦਮੀ ਆਪਣੇ ਲਈ ਕਦੇ ਵੀ ਬਲਦਾ ਨਹੀਂ, ਉਸ ਦਾ ਤਾਂ ਸਿਵਾ ਬਲਦਾ ਹੈ। ਉਹ ਆਦਮੀ ਕਦੇ ਵੀ ਨਹੀਂ ਮਰਦੇ। ਜਿਹੜੇ ਆਮ ਆਦਮੀ ਦਾ ਲਹੂ ਪੀਂਦੇ ਹਨ। ਉਸ ਦੇ ਹੱਡਾਂ ਨੂੰ ਤੋੜਦੇ ਹਨ ਤਾਂ ਕਿ ਉਹ ਸਦਾ ਬਾਲਣ ਤੱਕ ਹੀ ਸੀਮਤ ਰਹੇ।
      ਆਮ ਆਦਮੀ ਦਾ ਨਾ ਕੋਈ ਆਪਣਾ ਦਿਨ ਹੁੰਦਾ ਹੈ ਤੇ ਨਾ ਹੀ ਰਾਤ। ਉਹ ਤਾਂ ਚੌਵੀ ਘੰਟੇ ਕੋਹਲੂ ਦੇ ਬਲ਼ਦ ਵਾਂਗ ਉਨਾਂ ਲਈ ਕਮਾਉਂਦਾ ਹੈ। ਜਿਹੜੇ ਉਸਨੂੰ ਇਹ ਕਦੇ ਵੀ ਅਹਿਸਾਸ ਨਹੀਂ ਹੋਣ ਦਿੰਦੇ ਕਿ ਉਹ ਕਿਸ ਲਈ ਕਮਾ ਰਿਹਾ ਹੈ। ਉਸਨੂੰ ਆਪਣੇ ਅਤੇ ਦੁਸ਼ਮਣ ਵਿੱਚ ਫ਼ਰਕ ਨਹੀਂ ਲੱਗਦਾ ਕਿਉਂਕਿ ਢਿੱਡ ਦੀ ਮਜ਼ਬੂਰੀ ਨੇ ਉਸਨੂੰ ਮਸ਼ੀਨ ਵਿੱਚ ਬਦਲ ਦਿੱਤਾ ਹੈ।
      ਮਸ਼ੀਨ ਦਾ ਕੰਮ ਹੁੰਦਾ ਹੈ ਵੱਧ ਤੋਂ ਵੱਧ ਉਤਪਾਦਨ ਕਰਨਾ। ਉਹ ਵੱਧ ਤੋਂ ਵੱਧ ਉਤਪਾਦਨ ਕਰਦਾ ਹੈ। ਆਮ ਆਦਮੀ ਬਾਰੇ ਸਭ ਚੁੱਪ ਹਨ, ਕਲਮਾਂ ਵਾਲੇ ਵੀ ਤੇ ਧਰਮਾਂ ਤੇ ਕਰਮਾਂ ਵਾਲੇ ਵੀ। ਕਲਮਾਂ ਵਾਲੇ ਤਾਂ ਉਸ ਵੱਲ ਪਿੱਠ ਕਰੀ ਖੜੇ ਹਨ। ਉਹ ਤਾਂ ਔਰਤ-ਮਰਦ ਦੇ ਰਿਸ਼ਤਿਆਂ ਦੀ ਪ੍ਰਕਰਮਾ ਕਰਦੇ ਹਨ। ਉਨਾਂ ਕੋਲ ਆਮ ਆਦਮੀ ਬਾਰੇ ਕੁੱਝ ਲਿਖਣ ਦਾ ਸਮਾਂ ਨਹੀਂ। ਧਰਮਾਂ ਵਾਲੇ ਉਸ ਦੀ ਜੀਭ ਕੱਟ ਦਿੰਦੇ ਹਨ।
     ਆਮ ਆਦਮੀ ਸੁਣ ਨਹੀਂ ਸਕਦਾ ਕਿਉਂਕਿ ਉਸਦੇ ਕੰਨਾਂ ਵਿੱਚ ਸਦੀਆਂ ਤੋਂ ਸਿੱਕਾ ਗਰਮ ਕਰਕੇ ਪਾਇਆ ਹੋਇਆ ਹੈ। ਉਸਦੇ ਹੱਥ ਤੇ ਜੀਭ ਕੱਟ ਦਿੱਤੀ ਹੈ।
    ਆਮ ਆਦਮੀ ਜਦੋਂ ਵੀ ਮਰਦਾ ਹੈ, ਉਸਦੇ ਮਰਨ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਦੋਂ ਕਦੇ ਕੋਈ ਮਲਕ ਭਾਗੋ ਮਰਦਾ ਹੈ ਤਾਂ ਦੇਸ਼ ਦਾ ਝੰਡਾ ਝੁੱਕ ਜਾਂਦਾ ਹੈ। ਲੱਖਾਂ ਹੀ ਰੋਜ਼ ਆਮ ਆਦਮੀ ਮਰਦੇ ਹਨ ਤਾਂ ਝੰਡੇ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਆਮ ਆਦਮੀ ਦਾ ਜਿਉਂਦੇ ਰਹਿਣ ਜਾਂ ਮਰਨ ਨਾਲ ਕੀ ਫ਼ਰਕ ਪੈਂਦਾ ਹੈ? ਆਮ ਵਿਅਕਤੀ ਜਦੋਂ ਹੋਸ਼ ਵਿੱਚ ਆਵੇਗਾ ਤਾਂ ਉਹ ਮਰੇਗਾ ਨਹੀਂ, ਜਿਉਂਦਾ ਰਹੇਗਾ, ਪਰ ਖੂਨ ਪੀਣਿਆਂ ਨੇ ਉਸਨੂੰ ਹੋਸ਼ ਵਿੱਚ ਆਉਣ ਲਈ ਕੋਈ ਰਸਤਾ ਨਹੀਂ ਛੱਡਿਆ।
     ਆਮ ਆਦਮੀ ਨੂੰ ਹੁਣ ਰਸਤਾ ਲੱਭਣਾ ਪਵੇਗਾ ਕਿ ਉਸਨੇ ਹੁਣ ਕਿਧਰ ਜਾਣਾ ਹੈ ?
     ਉਸ ਦੇ ਜ਼ਿੰਦਗੀ ਜੀਉਣ ਦੇ ਸਾਰੇ ਹੀ ਰਸਤੇ ਦਿਨੋਂ ਦਿਨ ਬੰਦ ਹੋ ਰਹੇ ਹਨ। ਹਰ ਤਰਾਂ ਦੀ ਮਾਰ ਆਮ ਆਦਮੀ ਨੂੰ ਹੀ ਪੈ ਰਹੀ ਹੈ। ਮਨੁੱਖ ਰੋਜ਼ੀ-ਰੋਟੀ ਤੋਂ ਵੀ ਔਖਾ ਹੋ ਗਿਆ ਹੈ। ਹੁਣ ਉਸਨੇ ਜੇ ਆਰ-ਪਾਰ ਦੀ ਲੜਾਈ ਨਾ ਲੜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸਦੀ ਹੋਂਦ ਵੀ ਖਤਮ ਹੋ ਜਾਵੇਗੀ।
         ਚੋਣਾਂ ਦੀ ਰੁੱਤ ਆ. ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਹੈ ਜਰੂਰ ਖਿਆਲ ਰਖਿਓ? ਸਿਆਸਤਦਾਨਾਂ ਨੇ ਦੇਸ਼ ਦੇ ਆਦਮੀ ਨੂੰ ਡੂੰਘੇ ਟੋਏ ਦੇ ਵਿੱਚ ਸੁਟ ਦਿੱਤਾ ਹੈ. ਜਿਸ ਦਾ ਪ੍ਰਤੱਖ ਪ੍ਰਮਾਣ ਪਿੰਡ ਭਗਵਾਨ ਪੁਰਾ ਦੇ ਵਿੱਚ ਦੁਨੀਆ ਨੇ ਦੇਖ ਲਿਆ ਹੈ। ਹੁਣ ਇਸ ਵੱਡੇ ਟੋਏ ਦੇ ਵਿੱਚੋਂ ਕਿਵੇਂ ਨਿਕਲ਼ਣਾ ਹੈ ? ਸਵਾਲ ਸਭ ਦੇ ਸਾਹਮਣੇ ਹੈ ।
      ਭਾਈ ਲਾਲੋ ਸੰਘਰਸ਼ ਦੇ ਵੀ ਸਾਹਮਣੇ ਹੈ, ਹੁਣ ਜੰਗ ਬੇਗਾਨਿਆਂ ਦੇ ਨਾਲ ਨਹੀਂ ਆਪਣਿਆਂ ਨਾਲ ਹੈ। ਉਸ ਨੇ ਹੁਣ ਕੀ ਕਰਨਾ ਹੈ ? ਸੋਚਣ ਦਾ ਸਮਾਂ ਹੈ ? ਭਵੀਸ਼ਣ ਰਾਮ ਨਾਲ ਰਲ ਗਿਆ ਹੈ। ਸੋਨੇ ਦੀ ਲੰਕਾ ਦਾ ਮਾਲਕ ਉਦਾਸ ਹੈ!

ਬੁੱਧ ਸਿੰਘ ਨੀਲੋਂ
ਸੰਪਰਕ : 94643-70823