ਪੰਜਾਬੀ ਲੋਕ ਨਾਇਕ ਦੀ ਤਲਾਸ਼ ਵਿੱਚ ! - ਬੁੱਧ ਸਿੰਘ ਨੀਲੋਂ
ਪੰਜਾਬ ਅੰਦਰ ਅਗਲੇ ਦਿਨਾਂ ਵਿੱਚ ਚੋਣਾਂ ਹੋ ਰਹੀਆਂ ਹਨ । ਸਿਆਸੀ ਪਾਰਟੀਆਂ ਦੇ ਕਈ ਆਗੂ ਆਪਣੀ ਚਮੜੀ ਤੇ ਦਮੜੀ ਬਚਾਉਣ ਦੀ ਖਾਤਰ ਭਾਜਪਾ ਦੇ ਰੱਥ ਵਿੱਚ ਸਵਾਰ ਹੋ ਰਹੇ ਹਨ । ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਦੀ ਹਾਲਤ "ਚੋਰ ਨਾਲੋਂ ਪੰਡ ਕਾਹਲੀ" ਵਾਲੀ ਬਣੀ ਪਈ ਹੈ । ਈ. ਡੀ ਤੋਂ ਡਰਦੇ ਸ਼ਾਮਲ ਹੋਣ ਵਾਲੇ ਇਹ "ਯੋਧੇ" ਕੀ ਭਾਜਪਾ ਦੇ ਰੱਥ ਨੂੰ ਬਚਾ ਸਕਣਗੇ ? ਦੂਜੇ ਪਾਸੇ ਭਾਜਪਾ ਦਾ ਦੇਸ਼ ਵਿੱਚ ਵੱਡੇ ਪੱਧਰ ਉਤੇ ਝੁੱਗਾ ਚੌੜ/ ਬਿਸਤਰਾ ਗੋਲ਼ ਹੋ ਰਿਹਾ ਹੈ ਤੇ ਕੁੱਝ 'ਪੰਜਾਬੀ' ਵੀ ਉਸਨੂੰ ਬਚਾਉਣ ਲਈ ਆਪਣੇ ਸਮਰਥਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ । ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਅੰਦਰ ਘਬਰਾਹਟ ਹੈ । ਉਨ੍ਹਾਂ ਨੂੰ ਓਨਾਂ ਜੇਲ੍ਹ ਦਾ ਨਹੀਂ ਜਿੰਨਾ ਆਪਣੀਆਂ ਨਾ-ਜਾਇਜ਼ ਜ਼ਮੀਨਾਂ ਤੇ ਜਾਇਦਾਦਾਂ ਦਾ ਡਰ ਹੈ ਜਿਹੜੀਆਂ ਉਨ੍ਹਾਂ ਨੇ ਅਪਵਿੱਤਰ "ਦਸਾਂ ਨੌਹਾਂ" ਨਾਲ ਬਣਾਈਆਂ ਹਨ । ਬਾਬਾ ਨਾਨਕ ਜੀ ਆਖਦੇ ਹਨ ‘‘ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥’’
ਨਵੇਂ ਪੰਜਾਬ ਦੀ ਸਿਰਜਣਾ ਕਰਨ ਵਾਲੇ ਤੇ ਸਿਆਸੀ ਪਾਰਟੀਆਂ ਦਾ ਬਦਲ ਪੇਸ਼ ਕਰਨ ਵਾਲੇ ਟਿਕਟਾਂ ਦੀ ਬਲੈਕ ਸਿਨਮੇ ਦੇ ਬਲੈਕੀਆਂ ਵਾਂਗੂੰ ਕਰ ਰਹੇ ਹਨ । ਜਲੰਧਰ ਵਿਖੇ ਇਨ੍ਹਾਂ ਟਿਕਟਾਂ ਦੀ ਵੰਡ ਵੇਲੇ ਅਹਾਤੇ ਵਿੱਚ ਹੋਈ ਲੜਾਈ ਵਾਂਗੂੰ ਮਾਲਕ ਹੀ ਕੁੱਟਿਆ ਗਿਆ । ਨਵਜੋਤ ਸਿੱਧੂ ਵੀ ਪਰ ਤੋਲੀ ਜਾ ਰਿਹਾ ਹੈ । ਬੈਂਸ ਭਰਾ ਦਿੱਲੀ ਨੂੰ ਤੁਰ ਗਏ ਹਨ । ਬੈਂਸ ਭਰਾਵਾਂ ਨੇ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਣਾ ਸੀ ।
ਪੰਜਾਬ ਦੇ ਲੋਕ ਮੇਲੇ ਵਿੱਚ ਗੁਆਚੇ ਜੁਆਕ ਵਾਂਗੂੰ ਮੁਟਰ ਮੁਟਰ ਝਾਕ ਰਹੇ ਹਨ । ਜਿਵੇਂ ਉਸ ਜੁਆਕ ਸਾਰੇ ਹੀ ਆਪਣੇ ਲੱਗਦੇ ਹੁੰਦੇ ਹਨ ਪਰ ਅਸਲ ਵਿੱਚ ਹੁੰਦੇ ਨਹੀਂ ।
ਹੁਣ ਤਾਂ ਇਵੇਂ ਲਗਦਾ ਜਿਵੇਂ ਪੰਜਾਬ ਸੂਰਮਿਆਂ ਦਾ ਨਹੀਂ ਗਦਾਰਾਂ ਦਾ ਦੇਸ਼ ਹੈ । ਪੰਜ ਗੱਗੇ ਇਹੋ ਜਿਹੇ ਵਿਅਕਤੀਆਂ ਦੇ ਉਪਰ ਪੂਰੇ ਢੁਕਵੇਂ ਹਨ । ਹੁਣ ਤੁਸੀਂ ਆਪ ਹੀ ਸੋਚੋ ਇਹ ਪੰਜ ਗੱਗੇ ਕੀ ਹੋ ਸਕਦੇ ਹਨ ?
ਪੰਜਾਬ ਦੀ ਅਬਾਦੀ ਸਵਾ ਤਿੰਨ ਕਰੋੜ ਹੈ । ਕੀ ਪੰਜਾਬ ਨੂੰ ਬਚਾਉਣ ਦੇ ਲਈ 117 ਇਮਾਨਦਾਰ ਤੇ ਸੱਚੇ ਸੁੱਚੇ ਨਿਸ਼ਕਾਮ ਸੇਵਾਦਾਰ ਵੀ ਨਹੀਂ, ਪੰਜਾਬ ਦੇ ਵਿੱਚ ? ਉਂਝ "ਯੋਧਿਆਂ" ਦੀ ਕੋਈ ਗਿਣਤੀ ਨਹੀਂ ਕਰ ਸਕਦਾ।
ਹਾਲਤ ਸਾਧ ਦੇ ਠੂੰਹਿਆਂ ਵਰਗੀ ਹੈ । ਡੰਗ ਸਾਰੇ ਹੀ ਮਾਰਦੇ ਹਨ ਪਰ ਮਾਰਦੇ ਆਪਣਿਆਂ ਨੂੰ । ਹਰ ਰੋਜ਼ ਛਪਾਰ ਦੇ ਮੇਲੇ ਵਾਂਗੂੰ ਸਾਰੇ ਹੀ ਲੁੱਚੀਆਂ ਬੋਲੀਆਂ ਪਾਉਣ ਵਾਲਿਆਂ ਵਾਂਗੂੰ ਮੇਲੇ ਤੋਂ ਵੱਖਰੇ ਇਕੱਠੇ ਹੋ ਰਹੇ ਹਨ । ਪੰਜਾਬ ਦੇ ਲੋਕ ਨਾਲੇ ਸੁਣੀ ਜਾਂਦੇ ਹਨ ਤੇ ਨਾਲ ਮੂੰਹ ਵਿੱਚ ਗਾਲਾਂ ਕੱਢੀ ਜਾਂਦੇ ਹਨ ਪਰ ਕੋਈ ਕਿਸੇ ਨੂੰ ਰੋਕਦਾ ਨਹੀਂ ਤੇ ਟੋਕਦਾ ਵੀ ਨਹੀਂ । ਅਸੀਂ ਵਾਰਿਸ ਤਾਂ ਗੁਰੂ ਗੋਬਿੰਦ ਸਿੰਘ ਦੇ ਕਹਾਉਦੇ ਹਾਂ ਤੇ ਕੰਮ ਡੋਗਰਿਆਂ ਤੇ ਪਹਾੜੀ ਰਾਜਿਆਂ ਵਾਲੇ ਕਰ ਰਹੇ ਹਾਂ । ਗੁਰੂ ਸਾਹਿਬ ਜੀ ਨੇ ਤਾਂ ਲੋਕਾਂ ਦੀ ਖਾਤਰ ਪਰਵਾਰ ਵਾਰਿਆ ਸੀ । ਪਰ ਇਹ ਜਾਨ ਤੇ ਜਾਇਦਾਦਾਂ ਬਚਾਉਣ ਦੀ ਖਾਤਰ ਸਭ ਕੁੱਝ ਭੁੱਲ ਗਏ ਹਨ । ਮੌਕਾਪ੍ਰਸਤੀ ਦੀ ਰਾਜਨੀਤੀ ਪੰਜਾਬ ਨੂੰ ਕਿਧਰ ਲੈ ਕੇ ਜਾਵੇਗੀ ? ਪੰਜਾਬ ਦੇ ਸਿਆਸੀ ਤੇ ਧਾਰਮਿਕ ਆਗੂ ਤਾਂ ਗੁਲਾਮ ਹਨ । ਗੰਦੇ ਤੇ ਗਦਾਰ ਹਨ । ਤਖ਼ਤ ਦਾ ਸੇਵਾਦਾਰ ਹੈਪੀ ਬਠਿੰਡੇ ਵਾਲਾ ਗੁਰੂ ਦੀਆਂ ਖੁਸ਼ੀਆਂ ਨਹੀਂ ਬਾਦਲਾਂ ਦੇ ਲਈ ਵੋਟਾਂ ਮੰਗਦਾ ਹੈ । ਬੱਲੇ ਉਹ ਹੈਪੀ ਰਾਮਾਂ ਤੇਰੀ ਕੀ ਸਿਫਤ ਕਰਾਂ ? ਲੋਕ ਅੱਖਾਂ ਤੋਂ ਨਹੀਂ ਅਕਲੋਂ ਵੀ ਅੰਨ੍ਹੇ ਹੋ ਗਏ ਹਨ । ਗੁਲਾਮ ਬਣੇ ਹੋਏ ਹਨ, ਅੰਨੀ ਸ਼ਰਧਾ ਦੇ ਗੰਦੇ ਤੇ ਗਾਂ....! ਦੋਗਲੇ ਬਣਗੇ ਹਨ । ਤਾਇਆ ਬਿਸ਼ਨਾ ਕਹਿੰਦਾ ਹੁੰਦਾ "ਇਹਨਾਂ ਨਾਲੋਂ ਤਾਂ ਕੋਠੇ ਵਾਲੀ ਵੇਸਵਾ ਇੱਜ਼ਤਦਾਰ ਹੁੰਦੀ ਹੈ । ਜਿਹੜੀ ਜਿਸਮ ਵੇਚਦੀ ਹੈ ਸੋਚ ਨਹੀਂ ਵੇਚਦੀ ਪਰ ਇਹ ਤਾਂ ਟੱਬਰ ਹੀ ਵੇਚ ਰਹੇ ਹਨ ਤੇ ਬਾਕੀਆਂ ਦਾ ਸੌਦਾ ਕਰ ਰਹੇ ਹਨ!"
ਨਾਇਕ ਵਿਹੂਣੇ ਲੋਕ
ਕੋਈ ਨ ਰੋਕ ਤੇ ਟੋਕ
ਬਹੁਤ ਵਧੇ ਨੇ ਬੋਕ
ਅਬ ਤੂ ਵੀ ਤਾਲੀ ਠੋਕ?
ਪੰਜਾਬ ਦੀ ਜੋ ਹਾਲਤ ਹੈ ? ਉਹ ਤੁਸੀਂ ਜਾਣਦੇ ਹੀ ਹੋ !
ਘਰਾਂ ਦੇ ਵਿਚ ਬੈਠੇ ਲੋਕ ਨਾ ਮੁਰਾਦ ਬੀਮਾਰੀਆਂ ਤੋਂ ਦੁਖੀ ਹਨ, ਸਰਕਾਰੀ ਹਸਪਤਾਲਾਂ ਦੇ ਵਿਚ ਡਾਕਟਰ ਨਹੀਂ, ਦਵਾਈਆਂ ਨਹੀਂ, ਸਕੂਲਾਂ ਦੇ ਵਿਚ ਅਧਿਆਪਕ ਨਹੀਂ, ਨੌਜਵਾਨਾਂ ਦੇ ਕੋਲ ਕੋਈ ਰੁਜਗਾਰ ਨਹੀਂ, ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਕਰਜ਼ੇ ਦੀ ਪੰਡ ਦਿਨੋਂ-ਦਿਨ ਭਾਰੀ ਹੁੰਦੀ ਜਾ ਰਹੀ ਹੈ, ਮਜ਼ਦੂਰ ਦੇ ਕੋਲ ਕੋਈ ਰੁਜ਼ਗਾਰ ਨਹੀਂ, ਧੀਆਂ ਸ਼ਗਨ ਦੀ ਉਡੀਕ 'ਚ, ਬਜ਼ੁਰਗ ਬੁਢਾਪਾ ਪੈਨਸ਼ਨ ਦੀ ਉਡੀਕ 'ਚ ਬੈਠੇ ਹਨ, ਜਵਾਨੀ ਬੇਰੁਜ਼ਗਾਰੀ ਦੀ ਭੰਨੀ ਨਸ਼ਿਆਂ ਦੀ ਦਲਦਲ 'ਚ ਫਸ ਕੇ ਮਰਨ ਕਿਨਾਰੇ ਖੜ੍ਹੀ ਹੈ। ਥਾਣਿਆਂ ਤੇ ਸਰਕਾਰੀ ਦਫ਼ਤਰਾਂ ਦੇ ਵਿਚ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ।
ਸਮਾਜ ਦੇ ਵਿਚ ਲੋਕਾਂ ਦੇ ਪੈਰਾਂ ਦੇ ਥੱਲੇ ਅੱਗ ਬਲਦੀ ਹੈ। ਉਹ ਹਰ ਤਰ੍ਹਾਂ ਦੇ ਅੰਗਿਆਰਾਂ ਦੇ ਉੱਪਰ ਤੁਰਨ ਦੇ ਲਈ ਉਤਾਵਲੇ ਹੋ ਰਹੇ ਹਨ । ਉਹਨਾਂ ਦੇ ਸਾਹਮਣੇ ਦੁਸ਼ਵਾਰੀਆਂ ਤੋਂ ਬਿਨਾਂ ਕੋਈ ਰਸਤਾ ਨਹੀਂ। ਸਿਆਸੀ ਲੋਕ ਹੀ ਨਹੀਂ, ਸਮਾਜ ਦੇ ਵਿੱਚ ਹੋਰ ਵੀ "ਸਮਾਜ-ਸੇਵੀ" ਸੰਸਥਾਵਾਂ ਹਨ ਜਿਹੜੀਆਂ ਆਪਣੀ ਡਫਲੀ ਵਜਾ ਰਹੀਆਂ ਹਨ, ਧਰਮ ਦੇ ਨਾਲ ਜੁੜੇ ਸੰਤ, ਸਾਧ ਤੇ ਹੋਰ ਸਵਰਗ ਤੇ ਨਰਕ ਦੀਆਂ ਗੱਲਾਂ ਕਰਦੇ ਹਨ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਦੇ ਲੋਕ ਆਪਣਾ ਰਾਗ ਅਲਾਪ ਰਹੇ ਹਨ। ਭਲਾਂ ਇਹ "ਲੋਕ" ਸਵਰਗ-ਨਰਕ, ਸਾਹਿਤ-ਸੱਭਿਆਚਾਰ ਦੀਆਂ ਲੋਕ ਆਸ਼ਾਵਾਂ ਨੂੰ ਸੇਧ ਦੇਣ ਨਾਲੋਂ ਟੁੱਟੀਆਂ ਟੱਲੀਆਂ ਕੀਹਦੇ ਲਈ ਖੜਕਾ ਰਹੇ ਹਨ ?
ਸਿਆਸੀ ਪਾਰਟੀਆਂ ਹਰ ਪੰਜ ਸਾਲ ਬਾਅਦ ਲੋਕਾਂ 'ਤੇ ਰਾਜ ਕਰ ਰਹੀਆਂ, ਉਹ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜ਼ੌਰੀਆਂ ਭਰ ਰਹੇ ਹਨ। ਆਮ ਵਰਗ ਹਰ ਪਾਸੇ ਤੋਂ ਹਨੇਰ ਦੇ ਵੱਲ ਵਧ ਰਿਹਾ ਹੈ। ਸਿਹਤ, ਸਿਖਿਆ ਤੇ ਰੁਜ਼ਗਾਰ ਵਿਹੂਣਾ ਹੋਇਆ ਅਵਾਮ ਅੱਜ ਅੱਕੀਂ-ਪਲਾਹੀਂ ਹੱਥ ਮਾਰ ਰਿਹਾ ਹੈ। ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਹਤਾਸ਼ ਹੋਏ ਲੋਕ ਕਦੇ ਡੇਰਿਆਂ ਵੱਲ ਦੌੜਦੇ ਹਨ, ਕਦੇ ਸਿਆਸੀ ਪਾਰਟੀਆਂ ਦੇ ਜਲਸਿਆਂ ਵੱਲ ਭੱਜਦੇ ਹਨ, ਕਦੇ ਉਹਨਾਂ ਨੂੰ ਇਹ ਲਗਦਾ ਹੈ ਕਿ ਕੋਈ ਹੋਰ ਉਹਨਾਂ ਦੀ ਡੁਬਦੀ ਬੇੜੀ ਬੰਨੇ ਲਾ ਦੇਵੇਗਾ।
ਸਮਾਜ ਦੇ ਹਰ ਖੇਤਰ ਵਿਚ ਚੌਧਰੀਆਂ ਦੀ ਤਾਂ ਭਰਮਾਰ ਹੈ ਪਰ ਕੋਈ ਨਾਇਕ ਬਣਿਆ ਨਜ਼ਰ ਨਹੀਂ ਆ ਰਿਹਾ। ਜਿਹਨਾਂ ਸੰਸਥਾਵਾਂ ਨੇ ਨਾਇਕ ਤਿਆਰ ਕਰਨੇ ਸਨ ਉਹ ਸਭ ਦੀਆਂ ਸਭ ਖੁਦ ਨਾਇਕ ਵਿਹੂਣੀਆਂ ਹੋ ਗਈਆਂ, ਇਸੇ ਕਰਕੇ ਉਹਨਾਂ ਥਾਵਾਂ ਦੇ ਉਪਰ ਸਭ ਨੂੰ ਆਪੋ-ਧਾਪੀ ਪਈ ਹੋਈ ਹੈ।
ਸਿਆਸੀ ਆਗੂਆਂ ਨੇ ਆਮ ਲੋਕਾਂ (ਨਾਗਰਿਕਾਂ) ਨੂੰ ਸਿਰਫ "ਵੋਟਰ" ਬਣਾ ਦਿੱਤਾ, ਉਹ ਹਰ ਪੰਜ ਸਾਲ ਪਾਰਟੀਆਂ ਬਦਲ ਬਦਲ ਕੇ ਰਾਜ ਕਰ ਰਹੀਆਂ ਹਨ। ਵਿਕਾਸ ਦੇ ਨਾਂ 'ਤੇ ਲੋਕਾਂ ਦੇ ਦਿੱਤੇ ਟੈਕਸ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ।
ਉਪਰ ਤੋਂ ਥੱਲੇ ਤੱਕ ਰਿਸ਼ਵਤ ਦਾ ਬੋਲ ਬਾਲਾ ਹੈ। ਭ੍ਰਿਸ਼ਟਾਚਾਰ ਦੀ ਦਲਦਲ 'ਚ ਲੋਕ ਡੁੱਬ ਰਹੇ ਹਨ। ਬੀਮਾਰੀਆਂ ਦੇ ਨਾਲ ਮਰ ਰਹੇ ਹਨ ਲੋਕ, ਨਸ਼ਿਆਂ ਦੀ ਲਤ ਦੇ ਨਾਲ ਜਵਾਨੀ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੀ ਹੈ। ਨੌਜਵਾਨਾਂ ਦੇ ਵਿੱਚੋਂ ਮਰਦਾਨਾ ਤਾਕਤ ਘੱਟ ਰਹੀ ਹੈ ਹਾਲਤ ਦਿਨੋਂ ਦਿਨ ਗੰਭੀਰ ਹੋ ਰਹੇ ਹਨ। ਬੇਵੀ ਟਿਊਬ ਹਸਪਤਾਲ ਖੁਲ ਰਹੇ ਹਨ. ਤੇ ਨਸਲਾਂ ਬਦਲੀਆਂ ਜਾ ਰਹੀਆਂ ਹਨ । ਨੇਪਾਲੀ ਤੇ ਗੜਵਾਲੀ ਬਣਾਏ ਜਾ ਰਹੇ ਨੇ!
ਪੰਜਾਬ ਦੀਆਂ ਕੁੜੀਆਂ ਤੇ ਮੁੰਡੇ ਵਿਦੇਸ਼ਾਂ ਨੂੰ ਜਾ ਰਹੇ ਹਨ। ਜਵਾਨੀ, ਬੌਧਿਕ ਸ਼ਕਤੀ ਤੇ ਸਰਮਾਇਆ ਵਿਦੇਸ਼ ਵੱਲ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਦੌੜ ਰਹੇ ਹਨ।
ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ, ਜਿਹਨਾਂ ਦੇ ਕੋਲ ਰੁਜ਼ਗਾਰ ਸੀ, ਉਹ ਵੀ ਬੇਰੁਜ਼ਗਾਰ ਹੋ ਰਹੇ ਹਨ। ਹਰ ਤਰਾਂ ਦਾ ਮਾਫੀਆ ਰੂੜੀ ਵਾਂਗ ਵੱਧ ਰਿਹਾ ਹੈਂ । ਹਰ ਥਾਂ 'ਤੇ ਮਾਫੀਆ ਦਾ ਕਬਜ਼ਾ ਹੈ। ਹਰ ਥਾਂ 'ਤੇ ਆਮ ਲੋਕਾਂ ਨੂੰ ਲੁੱਟਣ ਦੇ ਲਈ ਪੁਲਸ ਵਾਲੇ ਤੇ ਸਿਆਸਤਦਾਨ ਖੜ੍ਹੇ ਹਨ। ਜਿਹਨਾਂ ਪੁਲਸ ਵਾਲਿਆਂ ਤੇ ਸਿਆਸਤਦਾਨਾ ਨੇ ਆਮ ਲੋਕਾਂ ਦੀ ਰਾਖੀ ਕਰਨੀ ਸੀ ਉਹ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।
ਲਿਖਣ ਤੇ ਬੋਲਣ ਦੀ ਆਜ਼ਾਦੀ 'ਤੇ ਸੰਵਿਧਾਨ ਦਾ ਨੱਕ ਮੋਰੜਿਆ ਜਾ ਰਿਹਾ ਹੈ। ਲੋਕਾਂ ਦੇ ਮਸਲਿਆਂ ਦੇ ਨਾਲੋਂ ਕੁਰਸੀ ਦੀ ਲੜਾਈ ਲਈ ਸਿਆਸੀ ਪਾਰਟੀਆਂ ਨੂੰ ਵੱਧ ਫਿਕਰ ਹੈ। ਇਸੇ ਕਰਕੇ ਇਹ ਸਿਆਸੀ ਚੌਧਰੀ ਇੱਕ ਦੂਜੇ ਦੇ ਖਿਲਾਫ ਰੈਲੀਆਂ ਕਰਦੇ ਹਨ। ਜਿਹਨਾਂ ਦੀ ਜ਼ਮੀਰ ਮਰ ਗਈ ਹੈ ਉਹ ਦਿਹਾੜੀ ਦੀ ਖਾਤਰ ਵਿਕ ਰਹੇ ਹਨ।
ਲੋਕਾਂ ਨੂੰ ਕਿਰਤਹੀਣ ਕਰ ਕੇ ਉਹਨਾਂ ਨੂੰ "ਮੁਫਤ" ਦੀ ਚਾਟ 'ਤੇ ਲਾ ਦਿੱਤਾ ਗਿਆ ਹੈ। ਇਸੇ ਕਰਕੇ ਉਹਨਾਂ ਨੂੰ ਵੋਟਾਂ ਦੇ ਵੇਲੇ ਸਿਆਸੀ ਆਗੂਆਂ ਦੇ ਵਲੋਂ ਵੰਡੀ ਜਾ ਰਹੀ ਮੁਫਤ ਦੀ ਸ਼ਰਾਬ ਤੇ ਨਕਦ ਮਾਇਆ ਦੀ ਉਡੀਕ ਕਰਨ ਵਾਲੇ ਬਣਾ ਦਿੱਤਾ। ਇਸ ਵਾਸਤੇ ਹਰਾਮਦਾ (ਕਾਲਾ ਧਨ) ਪੈਸਾ ਅੰਨ੍ਹੇਵਾਹ ਵਰਤਿਆ ਜਾਂਦਾ ਹੈ।
ਹੁਣ ਪੰਜਾਬ ਦੇ ਲੋਕ ਜਿਹੜੇ ਨਾਇਕ ਵਿਹੂਣੇ ਹੋਏ ਹਨ, ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਵੀ ਕਿਸੇ ਵੀ ਖੇਤਰ ਅੰਦਰ ਨਜ਼ਰ ਨਹੀਂ ਆ ਰਿਹਾ। ਜਿਹੜੇ ਆਪਣੇ ਆਪ ਨੂੰ "ਨਾਇਕ" ਹੋਣ ਦਾ ਆਪੇ ਹੀ ਖਿਤਾਬ ਲਈ ਬੈਠੇ ਹਨ ਉਹ ਸਭ ਆਪੋ ਆਪਣੀਆਂ ਰੋਟੀਆਂ ਸੇਕਦੇ ਹਨ। ਸਿਆਸੀ ਤੇ ਧਰਮ ਦੇ ਆਗੂ ਆਮ ਲੋਕਾਂ ਦੀ ਭੀੜ ਕੱਠੀ ਤਾਂ ਕਰਦੇ ਹਨ। ਪਰ ਉਸ ਨੂੰ ਕੋਈ ਰਸਤਾ ਨਹੀਂ ਦੱਸ ਰਹੇ, ਕਿਉਂਕਿ ਉਹ ਆਪ ਸੇਧ ਵਿਹੂਣੇ ਹਨ।
ਹੁਣ ਸਾਨੂੰ ਰਸੂਲ ਹਮਜ਼ਾਤੋਵ ਦੀਆਂ ਗੱਲਾਂ ਚੇਤੇ ਆਉਦੀਆਂ ਹਨ ਜਿਹੜਾ ਆਖਦਾ ਹੈ ਕਿ "ਸਾਨੂੰ ਆਪਣੇ ਰਸਤੇ ਆਪ ਚੁਨਣੇ ਚਾਹੀਦੇ ਹਨ।" ਪਰ ਅਸੀਂ ਬਣੇ ਬਣਾਏ ਰਸਤਿਆਂ ਦੇ ਉਪਰ ਤੁਰਨ ਦੇ ਆਦੀ ਹੋ ਗਏ ਹਾਂ। ਅਸੀਂ ਕਦੋਂ ਤੱਕ ਆਪਣੇ 'ਫਰਜ਼ਾਂ ਦੇ ਵੱਲ ਪਿੱਠ ਕਰੀ ਰੱਖਾਂਗੇ? ਜਦੋਂ ਤੱਕ ਅਸੀਂ ਸ਼ਬਦ-ਗੁਰੂ ਦੇ ਲੜ ਨਹੀਂ ਲੱਗਦੇ ਅਸੀਂ ਨਾਇਕ ਵਿਹੂਣੇ ਹੀ ਰਹਾਂਗੇ। ਸ਼ਬਦ ਨੇ ਸਾਨੂੰ ਚੇਤਨਾ ਦੇਣੀ ਹੈ ਪਰ ਅਸੀਂ ਸ਼ਬਦ/ਕਿਤਾਬ ਦੇ ਨਾਲੋਂ ਟੁੱਟ ਕੇ ਹਨੇਰ ਵੰਡਦੇ ਗਿਗਆਨ ਵਿਹੂਣੇ ਸਾਧਾਂ ਦੇ ਡੇਰਿਆਂ ਵੱਲ ਤੁਰ ਪਏ ਹਾਂ । ਉਂਝ ਆਖਦੇ ਹਾਂ ਗੁਰੂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ? ਉਹ ਤੇ ਸਿਰਫ ਮੱਥਾ ਟੇਕਣ ਤੇ ਕੰਮ ਕਰਵਾਉਣ ਲਈ ਵਰਤਦੇ ਹਾਂ । ਨਾ ਕਿ ਸ਼ਬਦ, ਗਿਆਨ ਤੇ ਚੇਤਨਾ ਵਾਸਤੇ । ਅਸੀਂ ਸ਼ਬਦ ਗੁਰੂ ਤੋਂ ਦੂਰ ਹੋ ਗਏ ਹਾਂ !
ਕਦੋਂ ਵਾਪਸ ਪਰਤਾਂਗੇ ਅਸੀਂ ?
ਕਦੋਂ ਜਿਉਂਦੇ ਹੋਣ ਦਾ ਸਾਨੂੰ ਹੋਵੇਗਾ ਅਹਿਸਾਸ ?.
.ਮਰ ਚੁੱਕਿਆ ਅੰਦਰਲਾ ਮਨੁੱਖ ਕਦੋਂ ਜਾਗੇਗਾ ?
ਪਰ ਹੁਣ ਸਾਨੂੰ ਖੁਦ ਨਾਇਕ ਬਨਣਾ ਪਵੇਗਾ, ਗਰਜਾਂ ਦੇ ਨਾਲੋਂ ਫਰਜ਼ਾਂ ਦੀ ਜੰਗ / ਲੜ੍ਹਾਈ ਕਰਨ ਵਾਸਤੇ ਤੁਰਨਾ ਪਵੇਗਾ। ਹੁਣ ਕਿਸੇ ਸ਼ਹੀਦ ਭਗਤ ਸਿੰਘ ਨੇ ਨਹੀਂ ਆਉਣਾ। ਹੁਣ ਸਾਨੂੰ ਖੁਦ ਭਗਤ ਸਿੰਘ ਬਨਣਾ ਪੈਣਾ ਹੈ।
ਜਾਗੋ ਲੋਕੋ ਜਾਗੋ ...
ਬਈ ਹੁਣ ਜਾਗੋ ਆਈ ਆ.
ਸ਼ਬਦ ਗੁਰੂ ਦੀ ਜੋਤ ਜਗਾ ਲੈ ਬਈ .. ਜਾਗੋ ਆਈ ਆ ...
ਬਿਨਾਂ ਕਿਤਾਬਾਂ ਅਕਲ ਨਾ ਆਉਂਦੀ
ਹਰ ਕਿਤਾਬ ਕੁੱਝ ਨਵਾਂ ਸਿਖਾਉਦੀ
ਇਸ ਨੂੰ ਦੋਸਤ ਬਣਾ ਲੈ ਬਈ .. ਹੁਣ ਜਾਗੋ ..
ਹੁਣ ਕਿਤਾਬ ਨਾਇਕ ਬਣਾ ਲੈ ਬਈ .. ਹੁਣ ਜਾਗੋ ..
ਹੁਣ ਪੰਜਾਬੀਓ ਸੋਚੋ ਤੁਹਾਡਾ ਕੀ ਬਣੇਗਾ ?
ਹੁਣ ਤੇਰਾ ਕਿਆ ਹੋਗਾ .... ਪੰਜਾਬ ਸਿਆਂ
ਅੱਜ ਦੇਸ਼ ਭਗਤ, ਗਦਰੀ ਬਾਬੇ ਅਤੇ ਗੁਰੂ ਸਾਹਿਬਾਨ ਜਰੂਰ ਤੁਹਾਨੂੰ ਲਾਹਣਤਾਂ ਪਾ ਰਹੇ ਹਨ !
ਪਰ ਤੁਹਾਨੂੰ ਤੇ ਉਹ ਸੁਣਦੀਆਂ ਹੀ ਨਹੀਂ !
ਬੇਈਮਾਨ ਸਿਆਸਤਦਾਨੋਂ! ਤੁਹਾਨੂੰ ਆਪਣੀ ਮਾੜੀ ਔਕਾਤ ਕਰਕੇ ਈ. ਡੀ ਵਾਲੇ ਦਿਖ ਰਹੇ ਹਨ !
ਯਾਦ ਰੱਖਿਓ ਜਿਵੇਂ ਕਿਰਪਾਲ ਸਿੰਘ ਗਦਾਰ ਨੂੰ ਲੋਕ ਜੁੱਤੀਆਂ ਮਾਰਦੇ ਹਨ ਇਤਿਹਾਸ ਨੇ ਤੁਹਾਡੇ ਵੀ ਛਿੱਤਰ ਫੇਰਨਾ ਹੈ । ਹੁਣ ਮੌਕਾ ਹੈ, ਬਚ ਲਵੋ ਜੇ ਬਚ ਹੁੰਦਾ।
ਬੁੱਧ ਸਿੰਘ ਨੀਲੋਂ
ਸੰਪਰਕ : 94643 70823