ਗੁਰਮੀਤ ਕੱਲਰਮਾਜਰੀ ਦਾ ਕਾਵਿ-ਸੰਗ੍ਰਹਿ ‘ਠੰਡੇ ਬੁਰਜ ਦਾ ਹਲਫ਼ੀਆ ਬਿਆਨ’ ਧਾਰਮਿਕ ਤੰਗਦਿਲੀ ਦੀ ਦਾਸਤਾਂ - ਉਜਾਗਰ ਸਿੰਘ
ਗੁਰਮੀਤ ਕੱਲਰਮਾਜਰੀ ਦੇ ਸੱਤ ਮੌਲਿਕ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਠੰਡੇ ਬੁਰਜ ਦਾ ਹਲਫ਼ੀਆ ਬਿਆਨ’ ਉਸਦਾ ਅੱਠਵਾਂ ਅਤੇ ਦੂਜਾ ਧਾਰਮਿਕ ਕਾਵਿ-ਸੰਗ੍ਰਹਿ ਹੈ। ਪਹਿਲਾ ਧਾਰਮਿਕ ਕਾਵਿ-ਸੰਗ੍ਰਹਿ ‘ਜਿਥੇ ਬਾਬਾ ਪੈਰੁ ਧਰਿ’ 2024 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਇਲਾਵਾ ਅੱਠ ਸੰਪਾਦਿਤ ਪੁਸਤਕਾਂ ਹਨ। ਧਾਰਮਿਕ ਅਤੇ ਇਤਿਹਾਸਕ ਵਿਸ਼ੇ ‘ਤੇ ਲਿਖਣਾ ਖੋਜ ਦਾ ਕੰਮ ਹੁੰਦਾ ਹੈ, ਕਿਉਂਕਿ ਇਤਿਹਾਸਕ ਤੱਥਾਂ ਦੀ ਤਸਦੀਕ ਕੀਤੇ ਬਿਨਾ ਲਿਖਿਆ ਵਾਦ-ਵਿਵਾਦ ਦਾ ਵਿਸ਼ਾ ਬਣ ਸਕਦਾ ਹੈ। ਇੱਕ ਕਿਸਮ ਨਾਲ ਇਤਿਹਾਸ ਵਿੱਚ ਮਿਲਾਵਟ ਵੀ ਹੋ ਜਾਂਦੀ ਹੈ। ਧਰਮ ਬਹੁਤ ਹੀ ਸੰਜੀਦਾ ਵਿਸ਼ਾ ਹੁੰਦਾ ਹੈ, ਇਸ ਸੰਬੰਧੀ ਵੀ ਤੱਥਾਂ ਸਮੇਤ ਖੋਜ ਤੋਂ ਬਾਅਦ ਹੀ ਲਿਖਿਆ ਜਾ ਸਕਦਾ ਹੈ। ਖੋਜ ਰੁੱਖਾ ਵਿਸ਼ਾ ਹੈ, ਪ੍ਰੰਤੂ ਕਵਿਤਾ ਸੰਗੀਤਮਈ ਹੁੰਦੀ ਹੈ। ਗੁਰਮੀਤ ਸਿੰਘ ਕੱਲਰਮਾਜਰੀ ਨੇ ‘ਠੰਡੇ ਬੁਰਜ ਦਾ ਹਲਫ਼ੀਆ ਬਿਆਨ’ ਕਾਵਿ-ਸੰਗ੍ਰਹਿ ਸੰਜੀਦਗੀ, ਸਿਆਣਪ, ਸਹਿਜਤਾ ਅਤੇ ਸੁਜੱਗਤਾ ਨਾਲ ਲਿਖਿਆ ਹੈ, ਜਿਸ ਵਿੱਚ ਧਾਰਮਿਕ ਤੇ ਇਤਿਹਾਸਕ ਤੱਥਾਂ ਦਾ ਧਿਆਨ ਰੱਖਿਆ ਗਿਆ ਹੈ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਸਮਾਜ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣ ਵਾਲਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਰ੍ਹਾਂ ਸੰਸਾਰ ਦੇ ਇਤਿਹਾਸ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਕਿ ਕੋਈ ਵਿਅਕਤੀ ਕਿਸੇ ਦੂਜੇ ਧਰਮ, ਖਾਸ ਤੌਰ ‘ਤੇ ਮਾਨਵਤਾ ਦੇ ਹੱਕਾਂ ਦੀ ਰਖਵਾਲੀ ਲਈ ਖੁਦ ਹਜ਼ਾਰਾਂ ਮੀਲਾਂ ਦਾ ਸਫ਼ਰ ਪੈਦਲ ਤਹਿ ਕਰਕੇ ਕੁਰਬਾਨੀ ਦੇਣ ਲਈ ਗਿਆ ਹੋਵੇ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਤਰ੍ਹਾਂ ਇਤਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਧਰਮ ਨਾ ਬਦਲਣ ਲਈ ਸ਼ਹੀਦ ਕੀਤਾ ਗਿਆ ਹੋਵੇ, ਇਹ ਵੀ ਕਿਤੇ ਇਤਿਹਾਸ ਵਿੱਚ ਨਹੀਂ ਮਿਲਦਾ। ਗੁਰਮੀਤ ਕੱਲਰਮਾਜਰੀ ਨੇ ਇਨ੍ਹਾਂ ਘਟਨਾਵਾਂ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਕਾਵਿਕ ਰੂਪ ਦੇ ਕੇ ਪਾਠਕਾਂ ਨੂੰ ਉਸ ਸਥਿਤੀ ਵਿੱਚ ਪਹੁੰਚਾ ਦਿੱਤਾ, ਜਿਸ ਕਰਕੇ ਉਨ੍ਹਾਂ ਵਿੱਚ ਆਪਣੇ ਸ਼ਹੀਦਾਂ ਲਈ ਅਤਿਅੰਤ ਸਤਿਕਾਰ ਅਤੇ ਸਮਰਪਣ ਦੀ ਭਾਵਨਾ ਪੈਦਾ ਹੋ ਗਈ। ਪਾਠਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦੇ ਬ੍ਰਿਤਾਂਤ ਨੂੰ ਪੜ੍ਹਦਿਆਂ ਹੀ ਭਾਵਕ ਹੋ ਕੇ ਗਹਿਰੇ ਦੁੱਖ ਦੇ ਸੰਤਾਪ ਵਿੱਚ ਪਹੁੰਚ ਜਾਂਦੇ ਹਨ, ਇਹ ਕਵੀ ਦੀ ਕਾਬਲੀਅਤ ਦਾ ਨਤੀਜਾ ਹੈ। ਮੁਗਲਾਂ ਦੇ ਇਸ ਜ਼ੁਲਮ ਨੂੰ ਕਵੀ ਨੇ ਕਾਵਿਕ ਰੂਪ ਦੇ ਕੇ ਆਪਣੀ ਸ਼ਰਧਾ ਤੇ ਸੰਵੇਦਨਾ ਦਾ ਅਜਿਹਾ ਪ੍ਰਗਟਾਵਾ ਕੀਤੀ, ਜਿਸ ਨੂੰ ਪੜ੍ਹਦਿਆਂ ਮਨੁੱਖਤਾ ਦੇ ਦਿਲ ਉਨ੍ਹਾਂ ਦੇ ਕਾਬੂ ਵਿੱਚ ਨਹੀਂ ਰਹਿੰਦੇ, ਸਗੋਂ ਉਨ੍ਹਾ ਦੇ ਆਪ ਮੁਹਾਰੇ ਹੰਝੂ ਲੱਗ ਜਾਂਦੇ ਹਨ। ਅਜਿਹੇ ਬ੍ਰਿਤਾਂਤ ਵਿੱਚ ਸ਼ਾਹਿਬਜ਼ਾਦਿਆਂ ਦੀ ਦ੍ਰਿੜ੍ਹਤਾ, ਨਿਡਰਤਾ, ਸਵੈਮਾਣ ਅਤੇ ਦਲੇਰੀ ਦਾ ਭਾਵਪੂਰਤ ਪ੍ਰਗਟਾਵਾ ਗੁਰੂ ਦੀ ਸੰਗਤ ਨੂੰ ਡਰਾਉਂਦਾ ਨਹੀਂ, ਸਗੋਂ ਮਾਣ ਕਰਨ ਦੇ ਸਮਰੱਥ ਬਣਾਉਂਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਅਜਿਹੀ ਕਵਿਤਾ ਪੜ੍ਹਕੇ ਆਪਣੇ ਗੁਰੂ, ਸ਼ਾਹਿਬਜ਼ਾਦਿਆਂ ਅਤੇ ਯੋਧਿਆਂ ਤੋਂ ਸਿੱਖ ਕੌਮ ਦਾ ਮਾਣ ਵਧਾਉਣ ਲਈ ਪ੍ਰਭਾਵਤ ਹੋਣਗੀਆਂ। ਗੁਰਮੀਤ ਕੱਲਰਮਾਜਰੀ ਨੇ ਕੁੰਮਾ ਮਾਸ਼ਕੀ, ਗੰਗੂ ਬ੍ਰਾਹਮਣ, ਜਲਾਲੂਦੀਨ, ਕਾਜ਼ੀ ਮੁਲਾਣਿਆਂ, ਮਾਤਾ ਲਛਮੀ, ਵਜ਼ੀਰ ਖ਼ਾਨ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦਾਂ, ਸੁੱਚਾ ਨੰਦ, ਨਵਾਬ, ਬਾਬਾ ਮੋਤੀ ਰਾਮ, ਬਾਬਾ ਬੰਦਾ ਬਹਾਦਰ, ਅਜੈ ਸਿੰਘ, ਜੈਨਾ ਬੇਗ਼ਮ ਅਤੇ ਦੀਵਾਨ ਟੋਡਰ ਮੱਲ ਪਾਤਰਾਂ ਦੀ ਅਜਿਹੀ ਸਿਰਜਣਾ ਕੀਤੀ, ਜਿਹੜੀ ਧੁਰ ਦਿਲ ਨੂੰ ਕੁਰੇਦਦੀ ਅੰਤਹਕਰਨ ਦਾ ਦਰਦ ਦਰਸਾਉਂਦੀ ਪਾਠਕਾਂ ਨੂੰ ਕੁਰਬਾਨ ਹੋਣ ਲਈ ਸਿਦਕ ਦੀ ਸਿਖਿਆ ਦਿੰਦੀ ਹੈ। ਇਸ ਕਾਵਿ-ਸੰਗ੍ਰਹਿ ਨੂੰ ਕਵੀ ਨੇ ਛੇ ਸਰਗਾਂ (ਅਧਿਆਇ) ਵਿੱਚ ਵੰਡਿਆ ਹੈ। ਕਵੀ ਆਪਣੀ ਕਾਵਿ ਦਿੱਭ ਦ੍ਰਿਸ਼ਟੀ ਨਾਲ ਪਾਠਕ ਨੂੰ ਜ਼ਜ਼ਬਾਤੀ ਕਰਕੇ ਸਿੱਖ ਇਤਿਹਾਸ ਦੀ ਵਿਰਾਸਤ ਨਾਲ ਅਜਿਹਾ ਜੋੜ ਦਿੰਦਾ ਹੈ, ਜਿਸਨੂੰ ਉਹ ਜ਼ਿੰਦਗੀ ਭਰ ਭੁੱਲ ਨਹੀਂ ਸਕਦਾ। ਸਰਗ-1 (ਅਧਿਆਇ) ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੇ ਦੁੱਖ ਦੂਰ ਕਰਨ ਲਈ ਕੁਰਬਾਨੀ ਦੇਣ ਵਾਸਤੇ ਭਾਈ ਸਤੀ ਦਾਸ, ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਨਾਲ ਲੈ ਕੇ ਦਿੱਲੀ ਨੂੰ ਰਵਾਨਾ ਹੋਣ ਦੇ ਸਫ਼ਰ ਨੂੰ ਭਾਵਪੂਰਤ ਸ਼ਬਦਾਵਲੀ ਵਿੱਚ ਬਿਆਨ ਕੀਤਾ ਗਿਆ ਹੈ। ਕਾਜ਼ੀ ਅਤੇ ਜਲਾਦਾਂ ਦੀ ਸੋਚ ਨੂੰ ਲਿਖਦਿਆਂ ਉਨ੍ਹਾਂ ਦੀ ਦਰਿੰਦਗੀ ਦਾ ਵਰਣਨ ਕੀਤਾ ਹੈ, ਜਿਸ ਨਾਲ ਪਾਠਕ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਗੁਰੂ ਸਾਹਿਬ ਦੀ ਨਿਡਰਤਾ ਦਾ ਪ੍ਰਤੱਖ ਪ੍ਰਮਾਣ ਕਵਿਤਾ ਦਾ ਰੂਪ ਧਾਰ ਗਿਆ, ਗੁਰੂ ਸਾਹਿਬ ਨੇ ਧਰਮ ਬਦਲਣ ਤੋਂ ਦਿੱਤਾ ਕੋਰਾ ਜਵਾਬ ਇਨਸਾਨੀਅਤ ਦੀ ਰੱਖਵਾਲੀ ਅਤੇ ਬਰਾਬਰਤਾ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ, ਜਿਸਨੂੰ ਕਵੀ ਨੇ ਆਪਣੀ ਕਾਵਿਕ ਪ੍ਰਤਿਭਾ ਰਾਹੀਂ ਪੇਸ਼ ਕਰਕੇ ਆਪਣੀ ਵਿਰਾਸਤ ‘ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ ਹੈ। ਕਵੀ ਨੇ ਬਰੋਟੇ ਦੇ ਦਰਖਤ ਦੇ ਪੱਤੇ-ਪੱਤੇ ਤੇ ਪੰਛੀਆਂ ਦੀ ਸੁੰਨੀ ਕੁਰਲਾਹਟ, ਕੱਚੀ ਗੜ੍ਹੀ ਦਾ ਸੀਨ, ਜੰਗਲ ਬੀਆਬੀਨ ਵਿੱਚ ਗਹਿਰੀ ਚੁੱਪ, ਸਰਸਾ ਨਦੀ ਦੀ ਵੇਦਨਾ, ਆਨੰਦਗੜ੍ਹ ਦਾ ਕਿਲਾ ਛੱਡਣਾ, ਚਮਕੌਰ ਦੀ ਗੜ੍ਹੀ ਵਿੱਚ ਸਾਹਿਜ਼ਾਦਿਆਂ ਦਾ ਤਲਵਾਰ ਨਾਲ ਖੇਡਣਾ, ਹਿਰਦਿਆਂ ਨੂੰ ਹਲੂਣਦਾ ਤੇ ਤੜਪਾਉਂਦਾ ਵਿਖਾਇਆ ਗਿਆ ਹੈ। ਸਰਗ-2 (ਅਧਿਆਇ) ਵਿੱਚ ਸਰਸਾ ਨਦੀ ਦਾ ਗਰਜਦੇ ਬੱਦਲਾਂ, ਤੂਫ਼ਾਨ ਦਾ ਦ੍ਰਿਸ਼, ਪਰਿਵਾਰ ਦਾ ਵਿਛੜਨਾ, ਰੁਲ਼ਦੀਆਂ ਦਸਤਾਰਾਂ, ਕੁੰਮਾ ਮਾਸ਼ਕੀ ਦਾ ਮਿਲਣਾ, ਉਸਦੀ ਝੋਂਪੜ੍ਹੀ ਦਾ ਦ੍ਰਿਸ਼, ਗੰਗੂ ਦਾ ਲਾਲਚ ਤੇ ਧ੍ਰੋਹ, ਮਾਤਾ ਗੁਜਰੀ ਤੇ ਸਾਹਿਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਦਾ ਕਾਵਿ ਰੂਪ ਪਾਠਕ ਦੀ ਮਨੋਦਸ਼ਾ ਨੂੰ ਜ਼ਖ਼ਮੀ ਕਰ ਦਿੰਦਾ ਹੈ। ਇੱਥੋਂ ਤੱਕ ਕਿ ਦਰਖਤਾਂ, ਪੰਛੀਆਂ, ਝੋਂਪੜੀ, ਹੱਥਕੜੀਆਂ ਦੀ ਜਕੜ, ਦਾ ਦ੍ਰਿਸ਼ ਇਨਸਾਨੀ ਮਾਨਸਿਕਤਾ ਨੂੰ ਝੰਜੋੜਕੇ ਰੱਖ ਦਿੰਦਾ ਹੈ। ਕਵੀ ਨੇ ਸਰਗ-3 (ਅਧਿਆਇ) ਵਿੱਚ ਠੰਗੇ ਬੁਰਜ ਦੇ ਮੰਤਵ, ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੇ ਠਹਿਰਨ, ਸਰਦੀ ਦੀ ਠੰਡ, ਭੁੱਖਣ ਭਾਣੇ ਰਹਿਣ, ਬਾਬਾ ਅਜੀਤ ਸਿੰਘ ਤੇ ਬਾਬਾ ਜੂਝਾਰ ਸਿੰਘ ਦੇ ਤਲਵਾਰਾਂ ਦੇ ਜ਼ੌਹਰ, ਸਰਸਾ ਨਦੀ ਵਿੱਚੋਂ ਲੰਘਣ, ਵਜ਼ੀਰ ਖਾਂ ਦੀ ਹਓਮੈ, ਸੁੱਚਾ ਨੰਦ ਦੀ ਬਦਲੇ ਦੀ ਅੱਗ, ਮਾਤਾ ਗੁਜਰੀ ਦੀਆਂ ਸ਼ਾਹਿਬਜ਼ਾਦਿਆਂ ਨੂੰ ਨਸੀਹਤਾਂ, ਕਾਜ਼ੀ ਦਾ ਫਤਵਾ, ਕਾਂਡੀ ਦਾ ਹੱਥੋਂ ਡਿਗਣਾ, ਪਿੰਡ ਚੱਕ ਦਾ ਪੱਤਣ ਅਤੇ ਹੰਸਲਾ ਨਦੀ ਦੇ ਵਹਾਅ ਦਾ ਦ੍ਰਿਸ਼ਟਾਂਤਿਕ ਵਿਵਰਣ ਪਾਠਕਾਂ ਵਿੱਚ ਮੁਗਲਾਂ ਦੇ ਜ਼ੁਲਮ ਵਿਰੁੱਧ ਨਫ਼ਰਤ ਪੈਦਾ ਕਰਕੇ ਉਨ੍ਹਾਂ ਦੇ ਹੰਝੂਆਂ ਨੂੰ ਦਰਿਆ ਦੇ ਵਹਿਣ ਦੀ ਤਰ੍ਹਾਂ ਵਗਣ ਲਾ ਦਿੰਦਾ ਹੈ। ਸਰਗ-4 (ਅਧਿਆਇ) ਵਿੱਚ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀਆਂ ਪੋਹ ਦੀਆਂ ਛੇ ਰਾਤਾਂ ਦੀ ਸਥਿਤੀ ਵਰਣਨ ਕਰਨ ਦਾ ਦ੍ਰਿਸ਼ ਲਿਖਦਿਆਂ ਸਾਹਿਬਜ਼ਾਦਿਆਂ ਦੀ ਦਲੇਰੀ, ਲਾਲਚ ਨੂੰ ਅਣਡਿਠ ਕਰਨ, ਸਹੇੜੀ ਪਿੰਡ ਵਿੱਚ ਗੰਗੂ ਬ੍ਰਾਹਮਣ ਦੀ ਕਮੀਨਗੀ, ਮੋਰਿੰਡੇ ਕੋਤਵਾਲੀ ਵਿੱਚ ਗ੍ਰਿਫ਼ਤਾਰ ਕਰਕੇ ਲਿਜਾਣ, ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਨ ਲਈ ਲਿਜਾਣ ਦੇ ਹੁਕਮ, ਮਾਤਾ ਗੁਜਰੀ ਦਾ ਸਾਹਿਬਜ਼ਾਦਿਆਂ ਨੂੰ ਆਖ਼ਰੀ ਵਾਰ ਪਿਆਰ ਦੇਣਾ ਤੇ ਚੁੰਮਣਾ, ਸਾਹਿਬਜ਼ਾਦਿਆਂ ਦਾ ਬਿਨਾ ਸਿਰ ਝੁਕਾਏ ਕਚਹਿਰੀ ਵਿੱਚ ਜਾਣਾ, ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨਾ, ਜਲਾਦਾਂ ਵੱਲੋਂ ਸਾਹਿਬਜ਼ਾਦਿਆਂ ਦੇ ਸਿਰ ਕਤਲ ਕਰਨੇ, ਪੰਛੀਆਂ ਦੇ ਰੁਦਨ, ਵਜ਼ੀਰ ਖ਼ਾਨ ਦੀ ਮਾਨਸਿਕ ਸਥਿਤੀ, ਦੀਵਾਨ ਟੋਡਰ ਮੱਲ ਵੱਲੋਂ ਅਸ਼ਰਫੀਆਂ ਰੱਖ ਕੇ ਸਸਕਾਰ ਲਈ ਜਗਾਹ ਲੈਣਾ ਚੰਦਨ ਦੀ ਲੱਕੜ ਨਾਲ ਸਸਕਾਰ ਕਰਨਾ, ਭਾਈ ਜੋਧ ਸਿੰਘ ਦਾ ਅਸਥੀ ਕਲਸ਼ ਲਿਜਾਣ ਦੀ ਪ੍ਰਕ੍ਰਿਆ ਕਵੀ ਨੇ ਬਹੁਤ ਹੀ ਦਿਲ ਨੂੰ ਝੰਜੋੜਨ ਵਾਲੀ ਸ਼ਬਦਾਵਲੀ ਵਿੱਚ ਲਿਖਕੇ ਵਰਣਨ ਕੀਤਾ ਹੈ। ਸਰਗ-5 (ਅਧਿਆਇ) ਵਿੱਚ ਮਾਂ ਲੱਛਮੀ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਖਾਣਾ ਤੇ ਕਪੜੇ ਭੇਜਣ, ਜ਼ੈਨਾ ਬੇਗ਼ਮ ਦੀ ਵਜ਼ੀਰ ਖਾਂ ਅੱਗੇ ਫਰਿਆਦ ਕਰਨ, ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦੁੱਖ, ਬਾਬਾ ਮੋਤੀ ਰਾਮ ਮਹਿਰਾ ਦਾ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਤੇ ਸਸਕਾਰ ਮੌਕੇ ਦੀਵਾਨ ਟੋਡਰ ਮਾਲ ਦਾ ਸਾਥ ਦੇਣ ਦੀਆਂ ਘਟਨਾਵਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਕੇ ਦਿਲ ਹਿਲਾ ਦਿੱਤੇ। ਇਸੇ ਤਰ੍ਹਾਂ ਸਰਗ-6 (ਅਧਿਆਇ) ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਚਪੜ ਚਿੜੀ ਦੀ ਲੜਾਈ, ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣਾ ਤੇ ਉਸਦੀ ਤੇ ਉਸਦੇ ਬੱਚੇ ਅਜੈ ਸਿੰਘ ਦੀ ਕਰੂਰਤਾ ਨਾਲ ਕੀਤੀ ਸ਼ਹੀਦੀ ਦਾ ਬ੍ਰਿਤਾਂਤ ਬਹੁਤ ਹੀ ਭਾਵਪੂਰਤ ਢੰਗ ਨਾਲ ਪ੍ਰਗਟਾਇਆ ਗਿਆ ਹੈ।
104 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਗੁਰਮੀਤ ਕੱਲਰਮਾਜਰੀ : 9417865377
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਅਲਵਿਦਾ ਪੰਜਾਬ ਕਾਂਗਰਸ ਦੇ ਭੀਸ਼ਮ ਪਿਤਾਮਾ : ਲਾਲ ਸਿੰਘ ! - ਉਜਾਗਰ ਸਿੰਘ
ਪੰਜਾਬ ਕਾਂਗਰਸ ਦੇ ਸਭ ਤੋਂ ਸੀਨੀਅਰ ਦਿਗਜ਼ ਨੇਤਾ ਲਾਲ ਸਿੰਘ 84 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। 1977 ਤੋਂ ਲੈ ਕੇ ਲਗਪਗ ਅੱਧੀ ਸਦੀ ਉਹ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ। ਉਸਨੂੰ ਮਾਣ ਜਾਂਦਾ ਹੈ ਕਿ ਉੁਹ ਪੰਜਾਬ ਦੇ ਦਰਬਾਰਾ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦਾ ਚਹੇਤਾ ਰਿਹਾ ਹੈ। ਉਹ ਟਕਸਾਲੀ ਕਾਂਗਰਸੀ ਸੀ। ਜਿਸ ਦਿਨ ਤੋਂ ਉਹ ਕਾਂਗਰਸ ਵਿੱਚ ਆਇਆ ਮੁੜਕੇ ਕਦੀ ਵੀ ਕਾਂਗਰਸ ਤੋਂ ਮੁੱਖ ਨਹੀਂ ਮੋੜਿਆ। ਉਸਨੇ ਆਪਣਾ ਸਿਆਸੀ ਜੀਵਨ ਪਟਿਆਲਾ ਤੋਂ ਲੋਕ ਸਭਾ ਦੇ ਮੇਂਬਰ ਸਤ ਪਾਲ ਕਪੂਰ ਦੇ ਨਿੱਜੀ ਸਕੱਤਰ ਤੋਂ ਸ਼ੁਰੂ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੱਕ ਪਹੁੰਚ ਗਿਆ। ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਲਈ ਦਰੀਆਂ ਵਿਛਾਉਣ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਸਟੇਟ ਪੱਧਰ ਦੇ ਸਮਾਗਮਾ ਦੀ ਪ੍ਰਧਾਨਗੀ ਕਰਦਾ ਰਿਹਾ। ਭਾਵੇਂ ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ, ਪ੍ਰੰਤੂ ਸਿਆਸਤ ਵਿੱਚ ਉਹ ਇਤਨਾ ਗੁੜ੍ਹਿਆ ਹੋਇਆ ਸੀ ਕਿ ਛੇਤੀ ਕੀਤਿਆਂ ਕਦੇ ਮਾਰ ਨਹੀਂ ਖਾਧੀ। ਉਹ ਇੱਕ ਅਜਿਹਾ ਤਿਗੜਬਾਜ਼ ਹੰਢਿਆ ਵਰਤਿਆ ਸਿਆਸਤਦਾਨ ਸੀ, ਜਿਹੜਾ ਆਪਣੀ ਲਿਆਕਤ ਨਾਲ ਕਹਿੰਦੇ ਕਹਾਉਂਦੇ ਸਿਆਸਤਦਾਨਾ ਨੂੰ ਉਂਗਲਾਂ ‘ਤੇ ਨਚਾਉਂਦਾ ਰਿਹਾ ਹੈ। ਉਸਦੀ ਸਫਲਤਾ ਦਾ ਸਭ ਤੋਂ ਵੱਡਾ ਰਾਜ ਇਹ ਸੀ ਕਿ ਉਹ ਜਿਸ ਵੀ ਸਿਆਸਤਦਾਨ ਨਾਲ ਜਿਤਨਾ ਸਮਾਂ ਰਿਹਾ , ਉਹ ਉਸਦਾ ਵਫ਼ਾਦਾਰ ਰਿਹਾ, ਪ੍ਰੰਤੂ ਜਦੋਂ ਉਹ ਉਸ ਸਿਆਸਤਦਾਨ ਤੋਂ ਦੂਰ ਹੋ ਗਿਆ ਤਾਂ ਉਸਦਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਬਣਕੇ ਵਿਚਰਿਆ। ਸਭ ਤੋਂ ਪਹਿਲਾਂ ਡਕਾਲਾ ਹਲਕੇ ਤੋਂ ਲਾਲ ਸਿੰਘ ਨੂੰ ਟਿਕਟ ਮਿਲਣ ਦਾ ਕਿੱਸਾ ਵਿਲੱਖਣ ਕਿਸਮ ਦਾ ਹੈ। ਲਾਲ ਸਿੰਘ ਨੂੰ ਡਿਕਾਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲਣ ਨੂੰ ਵੀ ਉਸਨੂੰ ਕਿਸਮਤ ਦਾ ਧਨੀ ਕਿਹਾ ਜਾ ਸਕਦਾ ਹੈ। 1977 ਵਿੱਚ ਡਕਾਲਾ ਹਲਕੇ ਤੋਂ ਕਾਂਗਰਸ ਦਾ ਟਿਕਟ ਚਪੜ ਪਿੰਡ ਦੇ ਸ੍ਰ.ਸਾਹਿਬ ਸਿੰਘ ਨੂੰ ਮਿਲ ਰਿਹਾ ਸੀ। ਸਾਹਿਬ ਸਿੰਘ ਦੀ ਉਮੀਦਵਾਰੀ ਲਗਪਗ ਤਹਿ ਹੋ ਗਈ ਸੀ, ਪ੍ਰੰਤੂ ਐਨ ਮੌਕੇ ‘ਤੇ ਸਾਹਿਬ ਸਿੰਘ ਚਪੜ ਇਨਕਾਰ ਕਰ ਗਿਆ। ਫਿਰ ਜਦੋਂ ਲਾਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਹ ਤੁਰੰਤ ਸਹਿਮਤ ਹੋ ਗਿਆ ਅਤੇ 1977 ਵਿੱਚ ਚੋਣ ਜਿੱਤਕੇ ਉਹ ਵਿਧਾਨਕਾਰ ਬਣ ਗਿਆ। ਉਸ ਤੋਂ ਬਾਅਦ ਤਾਂ ਚਲ ਸੋ ਚਲ ਲਾਲ ਸਿੰਘ ਪੰਜ ਵਾਰ 1977, 1980, 1992, 2002 ਅਤੇ 2007 ਵਿੱਚ ਵਿਧਾਨਕਾਰ ਬਣ ਗਿਆ। ਇਕੱਲਾ ਵਿਧਾਨਕਾਰ ਹੀ ਸਿਰਫ 1977 ਵਿੱਚ ਵਿਧਨਕਾਰ ਅਤੇ ਬਾਕੀ ਚਾਰੇ ਟਰਮਾ ਵਿੱਚ ਮੰਤਰੀ ਵੀ ਬਣਦਾ ਰਿਹਾ। ਉਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਸ੍ਰ. ਭਗਵੰਤ ਸਿੰਘ ਸਿੱਧੂ ਪਟਿਆਲਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ। ਲਾਲ ਸਿੰਘ, ਬ੍ਰਹਮ ਮਹਿੰਦਰਾ ਅਤੇ ਬੀਰਦਵਿੰਦਰ ਸਿੰਘ ਭਗਵੰਤ ਸਿੰਘ ਸਿੱਧੂ ਦੇ ਸਭ ਤੋਂ ਨੇੜੇ ਹੁੰਦੇ ਸਨ। ਇਹ ਸਾਰੇ ਉਸ ਸਮੇਂ ਮਰਹੂਮ ਸ੍ਰ.ਦਰਬਾਰਾ ਸਿੰਘ ਦੇ ਖੇਮੇ ਵਿੱਚ ਚਲੇ ਗਏ। ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਦੂਜਾ ਧੜਾ ਗਿਆਨੀ ਜ਼ੈਲ ਸਿੰਘ ਦਾ ਹੁੰਦਾ ਸੀ। ਸ੍ਰ.ਦਰਬਾਰਾ ਸਿੰਘ ਨੇ ਲਾਲ ਸਿੰਘ ਨੂੰ ਪਨਸਪ ਦਾ ਚੇਅਰਮੈਨ ਬਣਾ ਦਿੱਤਾ। ਲਾਲ ਸਿੰਘ ਪਟਿਆਲਾ ਜਿਲ੍ਹੇ ਦੇ ਬਾਕੀ ਨੇਤਾ, ਜਿਹੜੇ ਅਚਕਨਾ ਸੁਆਈ ਬੈਠੇ ਰਹਿ ਗਏ ਸਨ, ਉਨ੍ਹਾਂ ਨੂੰ ਠਿੱਬੀ ਲਾ ਗਿਆ। ਮਾਰਚ 1986 ਵਿੱਚ ਸ੍ਰ.ਬੇਅੰਤ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣ ਗਏ। ਲਾਲ ਸਿੰਘ ਚੁਸਤ ਚਲਾਕ ਸਿਆਸਤਦਾਨ ਸੀ, ਜਦੋਂ ਉਸਨੂੰ ਦਰਬਾਰਾ ਸਿੰਘ ਦੇ ਧੜੇ ਦਾ ਡਾਊਨ ਫਾਲ ਦਿਸਣ ਲੱਗਿਆ ਤਾਂ ਉਹ 1991 ਵਿੱਚ ਸ੍ਰ.ਬੇਅੰਤ ਸਿੰਘ ਦੇ ਧੜੇ ਵਿੱਚ ਸ਼ਾਮਲ ਹੋ ਕੇ ਪਟਿਆਲਾ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਬਣ ਗਏ। ਫਰਵਰੀ 1992 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 92 ਸੀਟਾਂ ਜਿੱਤਕੇ ਸ੍ਰ.ਬੇਅੰਤ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਬਣਾ ਲਈ। ਲਾਲ ਸਿੰਘ ਨੂੰ ਸਿਹਤ ਮੰਤਰੀ ਬਣਾਇਆ ਗਿਆ। ਸ੍ਰ.ਬੇਅੰਤ ਸਿੰਘ ਦੀ ਸਰਕਾਰ ਵਿੱਚ ਲਾਲ ਸਿੰਘ ਦੀ ਤੂਤੀ ਬੋਲਦੀ ਸੀ। ਉਹ ਮੁੱਖ ਮੰਤਰੀ ਦਾ ਸਭ ਤੋਂ ਨਜ਼ਦੀਕੀ ਮੰਤਰੀ ਗਿਣਿਆਂ ਜਾਂਦਾ ਸੀ। ਜੇ ਇਉਂ ਕਹਿ ਲਿਆ ਜਾਵੇ ਕਿ ਉਸਨੇ ਚੰਮ ਦੀਆਂ ਚਲਾਈਆਂ ਤਾਂ ਵੀ ਕੋਈ ਅਤਕਥਨੀ ਨਹੀਂ। ਲਾਲ ਸਿੰਘ ਦੀ ਸਿਆਸੀ ਜ਼ਿੰਦਗੀ ਦਾ ਉਹ ਸਮਾਂ ਸਭ ਤੋਂ ਬਿਹਤਰੀਨ ਸਮਾਂ ਰਿਹਾ ਹੈ। ਹਰਚਰਨ ਸਿੰਘ ਬਰਾੜ ਦੀ ਸਰਕਾਰ ਵਿੱਚ ਵੀ ਲਾਲ ਸਿੰਘ ਹੀ ਇੱਕ ਕਿਸਮ ਨਾਲ ਸਰਕਾਰ ਚਲਾਉਂਦਾ ਰਿਹਾ, ਕਿਉਂਕਿ ਹਰਚਰਨ ਸਿੰਘ ਬਰਾੜ ਨਿਹਾਇਤ ਹੀ ਸ਼ਰੀਫ ਮੁੱਖ ਮੰਤਰੀ ਸੀ। ਉਹ ਆਰਾਮਪ੍ਰਸਤ ਖਾਨਦਾਨੀ ਵਿਅਕਤੀ ਸੀ, ਜਿਹੜਾ ਨਾਮ ਦਾ ਹੀ ਮੁੱਖ ਮੰਤਰੀ ਸੀ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਵਿੱਚ ਆ ਜਾਣ ਤੋਂ ਬਾਅਦ ਲਾਲ ਸਿੰਘ ਨੇ ਉਸ ਨਾਲ ਆਪਣੀਆਂ ਨਜ਼ਦੀਕੀਆਂ ਬਣਾ ਲਈਆਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਕਾਂਗਰਸ ਛੱਡਣ ਕਰਕੇ ਪੰਜਾਬ ਕਾਂਗਰਸ ਦੀ ਸਿਆਸਤ ਤੋਂ ਦੂਰ ਰਿਹਾ ਸੀ। ਲਾਲ ਸਿੰਘ ਕਿਉਂਕਿ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਲੰਬਾ ਸਮਾਂ ਰਹਿਣ ਕਰਕੇ ਕਾਂਗਰਸ ਦੇ ਤਾਣੇ ਬਾਣੇ ਬਾਰੇ ਭਲੀ ਭਾਂਤ ਜਾਣਦਾ ਸੀ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਅਜਿਹਾ ਸਿਆਸਤਦਾਨ ਚਾਹੀਦਾ ਸੀ, ਜਿਹੜਾ ਦਿਲਚਸਪੀ ਨਾਲ ਕੰਮ ਕਰ ਸਕੇ। ਲਾਲ ਸਿੰਘ ਇਸ ਮੌਕੇ ਦਾ ਲਾਭ ਉਠਾਕੇ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸ਼ ਪਾਤਰ ਬਣ ਗਿਆ। ਉਸਨੇ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਚੁੰਗਲ ਵਿੱਚ ਫਸਾ ਲਿਆ ਸੀ। ਵਿਧਾਨ ਸਭਾ ਦੀ ਟਿਕਟ ਲੈਣ ਦੇ ਚਾਹਵਾਨ ਪਹਿਲਾਂ ਲਾਲ ਸਿੰਘ ਕੋਲ ਜਾਂਦੇ ਸਨ ਤੇ ਫਿਰ ਉਹ ਉਸਨੂੰ ਆਪਣੇ ਨਾਲ ਲਿਜਾਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਾਉਂਦੇ ਸਨ। 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵੀ ਲਾਲ ਸਿੰਘ ਮਨਮਾਨੀਆਂ ਕਰਦਾ ਰਿਹਾ। ਲਾਲ ਸਿੰਘ ਦੀ ਇੱਕ ਖ਼ੂਬੀ ਰਹੀ ਕਿ ਉਸਨੇ ਪੰਜਾਬ ਦੇ ਅਤੇ ਖਾਸ ਕਰਕੇ ਡਕਾਲਾ ਹਲਕੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਵਿਕਾਸ ਦੇ ਕੰਮ ਕਰਵਾਕੇ ਨਾਮਣਾ ਖੱਟਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਬਣਾਉਣ ‘ਤੇ ਕੱਢਣ ਲਈ ਕਿਹੜਾ ਫਾਰਮੂਲਾ ਬਣਾਉਣਾ ਹੁੰਦਾ, ਕਿਹੜੀ ਗੁਪਤ ਥਾਂ ਬੈਠਕੇ ਅਜਿਹੇ ਫ਼ੈਸਲੇ ਕਰਨੇ ਹੁੰਦੇ ਸਨ, ਉਹ ਲਾਲ ਸਿੰਘ ਦੇ ਛਾਤਰ ਦਿਮਾਗ ਦੀ ਕਾਢ ਹੁੰਦਾ ਸੀ। ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ ਨਾਲੋਂ ਜ਼ਿਆਦਾ ਲਾਲ ਸਿੰਘ ਦੇ ਦੁਆਲੇ ਮਖਿਆਲ ਦੀਆਂ ਮੱਖੀਆਂ ਦੀ ਤਰ੍ਹਾਂ ਫਿਰਦੇ ਰਹਿੰਦੇ ਸਨ। 2017 ਵਿੱਚ ਲਾਲ ਸਿੰਘ ਨੇ ਆਪਣੇ ਲੜਕੇ ਰਾਜਿੰਦਰ ਸਿੰਘ ਸਮਾਣਾ ਹਲਕੇ ਤੋਂ ਟਿਕਟ ਦਵਾਕੇ ਵਿਧਾਇਕ ਬਣਾ ਲਿਆ। ਉਹ ਆਪ ਪੰਜਾਬ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਅਦਾਰੇ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣ ਗਿਆ। ਲਾਲ ਸਿੰਘ ਦੀ ਇੱਕ ਹੋਰ ਖ਼ੂਬੀ ਰਹੀ ਕਿ ਉਹ ਡੁਬਦੀ ਸਿਆਸੀ ਕਿਸ਼ਤੀ ਵਿੱਚ ਛਾਲ ਮਾਰਕੇ ਉਤਰਨ ਦਾ ਮਾਹਰ ਗਿਣਿਆਂ ਜਾਂਦਾ ਸੀ। ਉਹ ਹਮੇਸ਼ਾ ਵਿਤ, ਸਿਹਤ, ਖੁਰਾਕ ਤੇ ਸਿਵਲ ਸਪਲਾਈ, ਦਿਹਾਤੀ ਵਿਕਾਸ ਵਰਗੇ ਮਹੱਤਵਪੂਰਨ ਵਿਭਾਗਾਂ ਦਾ ਮੰਤਰੀ ਰਿਹਾ ਹੈ। ਲਾਲ ਸਿੰਘ ਸਿਰਫ਼ ਇੱਕ ਵਾਰ ਧੋਖਾ ਖਾ ਗਿਆ ਜਦੋਂ ਉਸਦੀ ਇੱਕ ਵੀਡੀਓ ਵਿੱਚ ਧਰਮਵੀਰ ਗਾਂਧੀ ਨੂੰ ਲੋਕ ਸਭਾ ਦੀ ਚੋਣ ਵਿੱਚ ਵੋਟਾਂ ਨਾ ਪਾਉਣ ਦੀ ਗੱਲ ਆਪਣੇ ਕਿਸੇ ਵਿਸ਼ਵਾਸ਼ ਪਾਤਰ ਨੂੰ ਕਹਿ ਰਿਹਾ ਸੀ, ਜਿਸਨੇ ਇਹ ਵੀਡੀਓ ਲੀਕ ਕਰ ਦਿੱਤੀ ਸੀ। ਇਸ ਤੋਂ ਬਿਨਾ ਲਾਲ ਸਿੰਘ ਦੀ ਕੋਈ ਵੀ ਵਿਚਾਰ ਚਰਚਾ ਲੀਕ ਨਹੀਂ ਹੋਈ। ਉਹ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਗੰਢ ਤਰੁਪ ਕਰਨ ਦਾ ਵੀ ਮਾਹਰ ਗਿਣਿਆਂ ਜਾਂਦਾ ਸੀ।
ਲਾਲ ਸਿੰਘ ਦਾ ਜਨਮ 1942 ਵਿੱਚ ਹੋਇਆ ਸੀ। ਉਸਦੇ ਦੇ ਇੱਕ ਲੜਕਾ ਰਾਜਿੰਦਰ ਸਿੰਘ ਅਤੇ ਇੱਕ ਲੜਕੀ ਹੈ। ਲਾਲ ਸਿੰਘ ਦਾ ਸਸਕਾਰ 29 ਮਾਰਚ ਕੀਤਾ ਜਾਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਰਾਮਪਾਲ ਸ਼ਾਹਪੁਰੀ ਦਾ ਕਾਵਿ-ਸੰਗ੍ਰਹਿ ‘ਬੀਜ ਅੰਦਰਲਾ ਜੰਗਲ਼’ ਵਿਰਾਸਤ ਦੀ ਹੂਕ - ਉਜਾਗਰ ਸਿੰਘ
ਰਾਮਪਾਲ ਸ਼ਾਹਪੁਰੀ ਸੰਵੇਦਨਸ਼ੀਲ ਸ਼ਾਇਰ ਹੈ। ਉਹ ਪੰਜਾਬ ਦੀ ਅਮੀਰ ਵਿਰਾਸਤ ਦੀ ਪਹਿਰੇਦਾਰੀ ਕਰਨ ਵਾਲੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਲਿਖਦਾ ਹੈ। ਉਸ ਦੀਆਂ ਹੁਣ ਤੱਕ 6 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਾਵਿ-ਸੰਗ੍ਰਹਿ ‘ਗੁਲਦਸਤਾ’, ‘ਮਲਾਲ’ ਤੇ ‘ਅੱਖ਼ਰਾਂ ਦੇ ਸਰ ਚਸ਼ਮੇਂ’ ਅਤੇ ਤਿੰਨ ਆਲੋਚਨਾ ਤੇ ਅਧਿਐਨ ਦੀਆਂ ਪੁਸਤਕਾਂ ਸ਼ਾਮਲ ਹਨ। ‘ਬੀਜ ਅੰਦਰਲਾ ਜੰਗਲ਼’ ਉਸਦਾ ਚੌਥਾ ਕਾਵਿ-ਸੰਗ੍ਰਹਿ ਅਤੇ ਸੱਤਵੀਂ ਪੁਸਤਕ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਉਸਦੀਆਂ 66 ਕਵਿਤਾਵਾਂ ਸ਼ਾਮਲ ਹਨ। ਰਾਮਪਾਲ ਸ਼ਾਹਪੁਰੀ ਦੀ ਕਵਿਤਾ ਉਸਦੀ ਸਿਰਜਣਾਤਮਿਕ ਪ੍ਰਤਿਭਾ ਨੂੰ ਹੁਨਰ ਬਖ਼ਸ਼ਦੀ ਹੋਈ ਨਿਖ਼ਾਰ ਦਿੰਦੀ ਹੈ। ਉਸਦੀ ਸ਼ਬਦ ਸਿਰਜਣਾ ਵੀ ਨਿਵੇਕਲੀ ਹੈ, ਕਿਉਂਕਿ ਉਹ ਨਵੇਂ ਸ਼ਬਦ ਸਿਰਜਦਾ ਰਹਿੰਦਾ ਹੈ। ਉਸਦੀ ਕਵਿਤਾ ਇਨਸਾਨੀਅਤ ਦੀ ਪ੍ਰਤੀਨਿਧਤਾ ਕਰਦੀ ਹੋਈ ਪ੍ਰੇਰਨਾਮਈ ਬਣਦੀ ਹੈ। ਉਸਨੂੰ ਰਹੱਸਵਾਦੀ ਕਵੀ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਸਦੀਆਂ ਕਵਿਤਾਵਾਂ ਸਵਾਲ ਕਰਦੀਆਂ ਹੋਈਆਂ ਗੁੱਝੀਆਂ ਬੁਝਾਰਤਾਂ ਪਾਉਂਦੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿੱਚ ਸਮਾਜਿਕ ਅਤੇ ਸਭਿਆਚਾਰਕ ਪ੍ਰਸਥਿਤੀਆਂ ਦਾ ਮੁਲਾਂਕਣ ਵੱਖਰੇ ਢੰਗ ਨਾਲ ਕਰਦਾ ਹੈ। ਕਵੀ ਮਹਿਸੂਸ ਕਰਦਾ ਹੈ ਕਿ ਸਮਾਜ ਆਪਣੇ ਸਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸਮਾਜ ਆਧੁਨਿਕਤਾ ਦੀ ਲਪੇਟ ਵਿੱਚ ਆ ਗਿਆ ਹੈ। ਕਵੀ ਮਾਨਵਤਾ ਦੇ ਬਦਲਦੇ ਵਿਵਹਾਰ ਦੇ ਕਰੂਪ ਹੋਣ ‘ਤੇ ਵੀ ਚਿੰਤਾ ਪ੍ਰਗਟ ਕਰਦਾ ਹੈ। ਬਿਲਕੁਲ ਇਸੇ ਤਰ੍ਹਾਂ ਉਸਦੀ ਕਵਿਤਾ ਵਰਤਮਾਨ ਪੰਜਾਬੀ ਸਮਾਜਿਕ ਪ੍ਰਾਣੀਆਂ ਵਿੱਚ ਵਹਿਸ਼ੀਪਣਾ, ਧੋਖੇ, ਲਾਲਚ, ਫਰੇਬ ਦੀ ਪ੍ਰਵਿਰਤੀ ਦੇ ਭਾਰੂ ਹੋਣ ਨੂੰ ਨੈਤਿਕਤਾ ਤੋਂ ਕੋਹਾਂ ਮੀਲ ਦੂਰ ਜਾਣਾ ਮੰਨਦੀ ਹੈ। ਇਨਸਾਨ ਆਪਣੇ ਅੰਦਰ ਝਾਤੀ ਮਾਰਕੇ ਆਪਣੇ ਆਪੇ ਦੀ ਪਛਾਣ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਸਗੋਂ ਬਾਹਰੀ ਦ੍ਰਿਸ਼ਾਂ ਦੇ ਰੰਗਾਂ ਵਿੱਚ ਉਲਝ ਗਿਆ ਹੈ। ਉਸਦੀ ਕਵਿਤਾ ਮਾਨਵਤਾ ਨੂੰ ਝੰਜੋੜਨ ਦਾ ਕੰਮ ਕਰਦੀ ਹੈ। ਕਈ ਕਵਿਤਾਵਾਂ ਉਸਦੀ ਬੌਧਿਕ ਅਤੇ ਦਾਰਸ਼ਨਿਕ ਸੋਚ ਦੀ ਗਵਾਹੀ ਭਰਦੀਆਂ ਹਨ। ਉਹ ਬੁਰਾਈ ਦੀ ਜੜ ਤੱਕ ਪਹੁੰਚਕੇ ਉਸਦਾ ਹੱਲ ਕਰਨ ਦੀ ਕੋਸ਼ਿਸ਼ ਕਰਨ ਵਿੱਚ ਯਕੀਨ ਰੱਖਦਾ ਹੈ। ਉਸਦੀ ਕਵਿਤਾ ਸਾਮਰਾਜੀ ਤਾਕਤਾਂ ਦੀਆਂ ਕਰੂਰ ਚਾਲਾਂ ਨੂੰ ਬੇਪਰਦ ਕਰਨ ਦੀ ਸਮਰੱਥਾ ਰੱਖਦੀ ਹੋਈ ਸਮਾਜਕ ਤਾਣੇ-ਬਾਣੇ ਵਿੱਚ ਮੁੜ ਸ਼ਹਿਨਾਈਆਂ ਵੱਜਣ ਦੀ ਆਸ ਕਰਦੀ ਹੈ। ਰਾਮਪਾਲ ਸ਼ਾਹਪੁਰੀ ਦੀਆਂ ਕੁਝ ਕਵਿਤਾਵਾਂ ਸੰਬਾਦ ਦੀ ਪ੍ਰਥਾ ਵਿੱਚੋਂ ਵਰਤਮਾਨ ਸਮੱਸਿਆਵਾਂ ਦਾ ਕਾਰਗਰ ਹੱਲ ਲੱਭਣ ਦੀ ਵਕਾਲਤ ਵੀ ਕਰਦੀਆਂ ਹਨ। ਉਹ ਆਸ਼ਾਵਾਦੀ ਕਵੀ ਹੈ, ਕਿਉਂਕਿ ਉਸਦੀ ਪਹਿਲੀ ‘ਉਮੀਦ’ ਸਿਰਲੇਖ ਵਾਲੀ ਕਵਿਤਾ ਇਨਸਾਨ ਨੂੰ ਉਚੇ ਤੇ ਸੁੱਚੇ ਇਖਲਾਕ ਕਰਕੇ ਮੁਸ਼ਕਿਲਾਂ ‘ਤੇ ਕਾਬੂ ਪਾਉਣ ਦੀ ਸਮਰੱਥਾ ਦਾ ਪ੍ਰਗਟਾਵਾ ਕਰਦੀ ਹੈ। ਜਦੋਜਹਿਦ ਨਾਲ ਹਰ ਮਸਲੇ ਨੂੰ ਸਰ ਕੀਤਾ ਜਾ ਸਕਦਾ ਹੈ। ਬਹੁਤੀਆਂ ਕਵਿਤਾਵਾਂ ਆਸ਼ਾਵਾਦੀ ਸੋਚ ਦੀਆਂ ਲਖਾਇਕ ਹਨ। ‘ਅਨਮੋਲ ਸੌਗਾਤ’ ਕਵਿਤਾ ਵਿੱਚ ਕਵੀ ਆਪਣੇ ਬਰਾਬਰੀ ਦੇ ਹੱਕ ਲਈ ਹਿੰਮਤ ਨਾਲ ਸਫਲਤਾ ਪ੍ਰਾਪਤ ਕਰਨ ਦੀ ਜਾਚ ਦੱਸਦਾ ਹੈ। ‘ਸਮਝ ਦਾ ਦੀਵਾ’ ਵਿੱਚ ਸਿਆਣਪ ਨਾਲ ਚਾਹਤਾਂ ‘ਤੇ ਕਾਬੂ ਪਾ ਕੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ‘ਸੁੱਚੇ ਖ਼ਿਆਲ’ ਵਿੱਚ ਨੈਤਿਕਤਾ ਨੂੰ ਸਫਲਤਾ ਦੀ ਕੁੰਜੀ ਕਿਹਾ ਹੈ। ‘ਸੁੱਕੇ ਫੁੱਲ’ ਵਿੱਚ ਦੱਸਿਆ ਹੈ ਕਿ ਮਿਹਨਤੀ ਲੋਕਾਂ ਦੇ ਸਿਰ ‘ਤੇ ਸਾਮਰਾਜੀ ਆਨੰਦ ਮਾਣਦੇ ਹਨ, ਪ੍ਰੰਤੂ ਜੇਕਰ ਕਿਰਤੀ ਆਈ ਤੇ ਆ ਜਾਣ ਤਾਂ ਸੁੱਕੇ ਕੰਡੇ ਬਣਕੇ ਨਾਸ਼ ਕਰ ਸਕਦੇ ਹਨ। ‘ਸੂਖ਼ਮਤਾ ਦਾ ਅਲਜਬਰਾ’ ਕਵਿਤਾ ਵਿੱਚ ਦੱਸਿਆ ਹੈ ਕਿ ਨਿਸ਼ਾਨਾ ਨਿਸਚਤ ਕਰਕੇ ਚੋਟੀ ‘ਤੇ ਪਹੁੰਚਿਆ ਜਾ ਸਕਦਾ ਹੈ, ਜਿਵੇਂ ਕੰਧ ਦੇ ਵਿੱਚ ਰੁੱਖ ਉਗ ਜਾਂਦਾ ਹੈ। ‘ਸੋਝੀ ਦਾ ਬੁੱਲਾ’ ਵਿੱਚ ਖੁਦਗਰਜੀ ਤੇ ਘੁਮੰਡ ਸਦਾ ਨਹੀਂ ਰਹਿੰਦੇ, ਇੱਕ ਨਾ ਇੱਕ ਦਿਨ ਉਨ੍ਹਾਂ ਨੂੰ ਅਕਲ ਨਾਲ ਮੱਥਾ ਮਾਰਨਾ ਪਵੇਗਾ। ‘ਸੰਤਾਪ ਦੀ ਕਾਂਜਲੀ’ ਵਿੱਚ ਲਾਲਸਾਵਾਂ ਇਨਸਾਨ ਨੂੰ ਵਿਵੇਕਹੀਣ ਬਣਾ ਦਿੰਦੀਆਂ ਹਨ, ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ‘ਹਸਰਤਾਂ ਭਰਿਆ’ ਵਿੱਚ ਦੱਸਿਆ ਗਿਆ ਹੈ, ਜਦੋਂ ਦੂਜਿਆਂ ‘ਤੇ ਜ਼ੁਲਮ ਹੁੰਦੇ ਹੋਣ ਤਾਂ ਚੁੱਪ ਨਹੀਂ ਰਹਿਣਾ ਚਾਹੀਦਾ, ਸਗੋਂ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ। ਕਵੀ ਆਪਣੀਆਂ ਕਵਿਤਾਵਾਂ ਵਿੱਚ ਸਚਾਈ ਦਾ ਸਾਥ ਦੇਣ, ਅਕਲ ਤੋਂ ਕੰਮ ਲੈਣ, ਨਿਡਰ ਰਹਿਣ, ਔਰਤ ਨੂੰ ਭਾਵਨਾਵਾਂ ਵਿੱਚ ਨਾ ਵਹਿਣ, ਦੁੱਖਾਂ ਦਾ ਡੱਟਕੇ ਵਿਰੋਧ ਕਰਨ, ਹਓਮੈ ਤਿਆਗਣ, ਕੁਦਰਤ ਦੀਆਂ ਰਹਿਮਤਾਂ ਨਾਲ ਪਿਆਰ ਕਰਨ, ਆਪਣੇ ਅੰਦਰ ਝਾਤੀ ਮਾਰਨ, ਜ਼ੋਰ ਜ਼ਬਰਦਸਤੀ ਦਾ ਵਿਰੋਧ ਕਰਨ, ਸਾਹਿਤਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਰੁੱਖਾਂ ਦੀ ਰੱਖਿਆ ਕਰਨ ਦੀ ਤਾਕੀਦ ਕਰਦਾ ਹੈ। ‘ਖ਼ਾਨਗਾਹ’ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ ਕਿ ਲੋਕ, ਲਾਲਚੀ ਤੇ ਖ਼ੁਦਗਰਜ਼ ਹੋ ਗਏ ਹਨ, ਭੁੱਖ ਨੰਗ ਐਨੀ ਵੱਧ ਗਈ ਤੇ ਉਨ੍ਹਾਂ ਦੇ ਸਬਰ ਟੁੱਟ ਗਏ ਹਨ। ‘ਖ਼ੁਸ਼ੀਆਂ ਦੀਆਂ ਡਾਰਾਂ’ ਵਿੱਚ ਦੱਸਿਆ ਹੈ ਕਿ ਨੌਜਵਾਨਾ ‘ਤੇ ਵੀ ਇਕੱਲਤਾ ਭਾਰੂ ਹੋ ਗਈ ਹੈ, ਚਾਰੇ ਪਾਸੇ ਜ਼ੁਲਮ ਹੋ ਰਹੇ ਹਨ, ਪਰ ਫਿਰ ਵੀ ਲੋਕ ਖ਼ੁਸ਼ ਹਨ। ਦ੍ਰਿੜ੍ਹਤਾ ਨਾਲ ਕੰਡਿਆਂ ਭਾਵ ਦੁੱਖਾਂ ਦਾ ਮੁਕਾਬਲਾ ਕਰਨਾ ਸਿੱਖੋ। ਔਰਤਾਂ ਸਾਥੀਆਂ ਦੀਆਂ ਬੇਵਫ਼ਾਵਾਂ ਕਰਕੇ ਕਚਹਿਰੀਆਂ ਦੇ ਚੱਕਰਾਂ ਵਿੱਚ ਫਸੀਆਂ ਹੋਈਆਂ ਹਨ। ਪਰਵਾਸ ਦੀ ਸਮੱਸਿਆ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ‘ਘਰ’ ਕਵਿਤਾ ਰਿਸ਼ਤਿਆਂ ਦੀ ਨਿੱਘ ਦਾ ਪ੍ਰਤੀਕ ਹੁੰਦਾ ਹੈ। ਰਿਸ਼ਤਿਆਂ ਵਿਚਲੀ ਖਟਾਸ ਅਤੇ ਇਨ੍ਹਾਂ ਦੀ ਅਹਿਮੀਅਤ ਨੂੰ ਨਾ ਸਮਝਣ ਵਾਲੀਆਂ ਲਗਪਗ 8 ਕਵਿਤਾਵਾਂ ਹਨ, ਜਿਹੜੀਆਂ ਮੁਹੱਬਤ ਦੀ ਬਾਤ ਪਾਉਂਦੀਆਂ ਹਨ। ਇਨਸਾਨ ਸਵਾਦਾਂ ਦਾ ਕੈਦੀ ਬਣ ਗਿਆ, ਅੱਗੇ ਨਿਕਲਣ ਦੀ ਤਾਂਘ ਬੁਰੇ ਕੰਮ ਕਰਵਾਉਂਦੀ ਹੈ। ਲਗਪਗ ਦਸ ਕਵਿਤਾਵਾਂ ਜੰਗਲ਼ਾਂ ਤੇ ਰੁੱਖਾਂ ਦੀ ਕਟਾਈ ਤੇ ਦਸ ਹੀ ਕਵਿਤਾਵਾਂ ਵਾਤਾਵਰਨ ਅਤੇ ਪੰਛੀਆਂ ਦੀ ਬੇਰੁਖੀ ਦੀ ਲੋਕਾਈ ਵੱਲੋਂ ਬਾਤ ਪਾਉਂਦੀਆਂ ਹੋਈਆਂ, ਉਨ੍ਹਾਂ ਦੀ ਅਹਿਮੀਅਤ ਸਮਝਣ ਦੀ ਤਾਕੀਦ ਕਰਦੀਆਂ ਹਨ। ਇਨਸਾਨ ਸੂਰਜ ਅਤੇ ਧਰਤੀ ਦੀ ਪਾਬੰਦਗੀ ਤੋਂ ਵੀ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦਾ। ‘ਬਾਬਾ ਮਹਿੰਗਾ’ ਕਵਿਤਾ ਇਨਸਾਨ ਦੀ ਵਹਿਸ਼ੀ ਪ੍ਰਵਿਰਤੀ ਦੇ ਸੰਤਾਪ ਦਾ ਪ੍ਰਗਟਾਵਾ ਕਰਦੀ ਹੈ। ਲੋਕਾਂ ਦੇ ਦਿਲ ਦਰਿਆ ਨਹੀਂ ਰਹੇ, ਆਧੁਨਿਕਤਾ ਦੇ ਪ੍ਰਭਾਵ ਨੇ ਸੰਗੋੜ ਲਏ ਹਨ। ਇਨਸਾਨ ਹਵਾਈ ਕਿਲੇ ਉਸਾਰੀ ਜਾਂਦਾ ਹੈ, ਕਿਉਂਕਿ ਸੰਤੁਸ਼ਟੀ ਗਾਇਬ ਹੋ ਗਈ, ਪ੍ਰੰਤੂ ਇੱਕ ਨਾ ਇੱਕ ਦਿਨ ਧਰਤੀ ‘ਤੇ ਆਉਣਾ ਹੈ। ਇਨਸਾਨ ‘ਤੇ ਪੂਜੀਵਾਦ ਦਾ ਭੂਤ ਸਵਾਰ ਹੋ ਗਿਆ ਹੈ, ਇਸ ਕਰਕੇ ਅਮੀਰ ਬਣਨ ਦੀ ਤ੍ਰਿਸ਼ਨਾ ਵੱਧ ਰਹੀ ਹੈ। ਦੁੱਖ ਤਕਲੀਫ਼ ਜ਼ਿੰਦਗੀ ਦਾ ਹਿੱਸਾ ਹਨ, ਇਸ ਲਈ ਹੌਸਲਾ ਬਰਕਰਾਰ ਰੱਖਦਿਆਂ ਕਿਸੇ ਦਾ ਸਹਾਈ ਬਣਨਾ ਚਾਹੀਦਾ ਹੈ। ਵਕਤ ਦੇ ਹਾਣੀ ਬਣਕੇ ਵਿਚਰੇ ਤੇ ਰਸਾਇਣਾਂ ਦੀ ਵਰਤੋਂ ਤੋਂ ਪ੍ਰਹੇਜ ਕਰੋ, ਇਹ ਜ਼ਹਿਰੀਲੇ ਪਦਾਰਥ ਘਾਤਕ ਹੁੰਦੇ ਹਨ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਰਾਮਪਾਲ ਸ਼ਾਹਪੁਰੀ ਦੀਆਂ ਕਵਿਤਾਵਾਂ ਸੁਨਹਿਰੀ ਜ਼ਿੰਦਗੀ ਜਿਓਣ ਲਈ ਪ੍ਰੇਰਨ ਸ੍ਰੋਤ ਬਣਨਗੀਆਂ, ਪ੍ਰੰਤੂ ਇਨ੍ਹਾਂ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਵੇਗੀ।
120 ਪੰਨਿਆਂ, 195 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ : ਰਾਮਪਾਲ ਸ਼ਾਹਪੁਰੀ : 9914886310
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸਤਪਾਲ ਭੀਖੀ ਦਾ ਕਾਵਿ-ਸੰਗ੍ਰਹਿ ‘ਕਵਿਤਾ ਕੀ ਤੇਰੀ ਕੀ ਮੇਰੀ’ ਨਾਬਰਾਬਰੀ ਦੀ ਦਾਸਤਾਂ - ਉਜਾਗਰ ਸਿੰਘ
ਸਤਪਾਲ ਭੀਖੀ ਸਾਹਿਤਕ ਖੇਤਰ ਦਾ ਜਾਣਿਆਂ ਪਛਾਣਿਆਂ ਕਰਮਯੋਗੀ ਸਾਹਿਤਕਾਰ ਹੈ। ਮੁੱਢਲੇ ਤੌਰ ‘ਤੇ ਉਹ ਸਥਾਪਤ ਬਾਲ ਸਾਹਿਤਕਾਰ ਹੈ। ਹੁਣ ਤੱਕ ਉਸਦੀਆਂ 35 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਬਾਲ ਸਾਹਿਤ ਦੀਆਂ 16, ਦਸ ਅਨੁਵਾਦ, ਤਿੰਨ ਸੰਪਾਦਿਤ, ਇੱਕ ਜੀਵਨੀ, ਇੱਕ ਹਿੰਦੀ ਕਾਵਿ-ਸੰਗ੍ਰਹਿ ਅਤੇ ਤਿੰਨ ਪੰਜਾਬੀ ਦੇ ਕਾਵਿ-ਸੰਗ੍ਰਹਿ ਸ਼ਾਮਲ ਹਨ। ਚਰਚਾ ਅਧੀਨ ‘ਕਵਿਤਾ ਕੀ ਤੇਰੀ ਕੀ ਮੇਰੀ’ ਉਸਦਾ ਚੌਥਾ ਪੰਜਾਬੀ ਦਾ ਕਾਵਿ-ਸੰਗ੍ਰਹਿ ਅਤੇ 36ਵੀਂ ਪੁਸਤਕ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਉਸਦੀਆਂ 74 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ, ਜਿਹੜੀਆਂ ਸਮਾਜਿਕ ਨਾਬਰਾਬਰੀ ਦੀਆਂ ਉਲਝੀਆਂ ਤੰਦਾਂ ਨੂੰ ਸਲੀਕੇ ਵਿੱਚ ਲਿਆਕੇ ਇਨਸਾਫ਼ ਦੀ ਤਰਾਜੂ ਵਿੱਚ ਤੋਲਣ ਦੀ ਕੋਸ਼ਿਸ਼ ਦਾ ਪ੍ਰਤੀਕ ਹਨ। ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਸਿੰਬਾਲਿਕ ਹਨ, ਜਿਹੜੀਆਂ ਸ਼ਬਦਾਂ ਦੇ ਤੀਰਾਂ ਰਾਹੀਂ ਸਮਾਜਿਕ ਤਾਣੇ-ਬਾਣੇ ਨੂੰ ਕੁਰੇਦਦੀਆਂ ਹੋਈਆਂ ਇਨਸਾਫ਼ ਦੀ ਗੁਹਾਰ ਲਗਾਉਂਦੀਆਂ ਹਨ। ਆਮ ਪਾਠਕ ਉਸਦੇ ਸ਼ਬਦੀ ਅਰਥ ਹੀ ਕੱਢਦੇ ਰਹਿੰਦੇ ਹਨ, ਪ੍ਰੰਤੂ ਇਹ ਸ਼ਬਦ ਕਵੀ ਦੀ ਕਲਪਨਾ ਦੇ ਖੰਬਾਂ ਦੇ ਸਹਾਰੇ ਅਸਮਾਨ ਵਿੱਚ ਉਡਦੇ ਹੋਏ ਪ੍ਰੇਰਨਾ ਦਾ ਸ੍ਰੋਤ ਬਣਦੇ ਹਨ। ਕਵੀ ਦੀਆਂ ਕਵਿਤਾਵਾਂ ਨੂੰ ਸਮਝਣ ਤੋਂ ਬਾਅਦ ਇਹ ਮਹਿਸੂਸ ਹੋਇਆ ਹੈ ਕਿ ਕਾਵਿ ਰੂਪੀ ਮੋਤੀ, ਜ਼ਿੰਦਗੀ ਦੀਆਂ ਗੁੱਝੀਆਂ ਪਰਤਾਂ ਖੋਲ੍ਹਕੇ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਗੁਜ਼ਾਰਨ ਦੇ ਬਹੁ-ਕੀਮਤੀ ਨੁਕਤੇ ਹਨ। ਸਤਪਾਲ ਭੀਖੀ ਦੀਆਂ ਲਗਪਗ ਸਾਰੀਆਂ ਹੀ ਕਵਿਤਾਵਾਂ ਉਸਦੇ ਅਧਿਆਪਕ ਜੀਵਨ ਦੇ ਤਜ਼ਰਬੇ ‘ਤੇ ਅਧਾਰਤ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਭਾਵੇਂ ਸਿੱਧੇ/ਅਸਿੱਧੇ ਢੰਗ ਨਾਲ ਹੋ ਰਹੀਆਂ ਕੁਰੈਹਿਤਾਂ ਤੋਂ ਪਰਦੇ ਚੁੱਕਦੇ ਹਨ, ਪ੍ਰੰਤੂ ਲਗਪਗ ਸਾਰੀਆਂ ਹੀ ਕਵਿਤਾਵਾਂ ਗ਼ਰੀਬਾਂ ਦੀ ਜ਼ਿੰਦਗੀ ਦੀਆਂ ਵੱਖ-ਵੱਖ ਤਹਿਾਂ ਖੋਲ੍ਹਦੇ ਹੋਏ ਪਾਠਕ ਨੂੰ ਉਨ੍ਹਾਂ ਦੀ ਬਿਹਤਰੀ ਲਈ ਤਤਪਰ ਹੋਣ ਦੀ ਪ੍ਰੇਰਨਾ ਦਿੰਦੇ ਹਨ। ਕਵੀ ਗ਼ਰੀਬਾਂ ਦੇ ਬੱਚਿਆਂ ਵੱਲੋਂ ਪੜ੍ਹਾਈ ਬਾਦਸਤੂਰ ਚਾਲੂ ਨਾ ਰੱਖ ਸਕਣ ਦੀ ਬੇਬਸੀ ਨੂੰ ਕਾਵਿਕ ਰੂਪ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਦਰਦ ਦਾ ਪ੍ਰਗਟਾਵਾ ਕਰਦਾ ਹੈ। ਇਸਤਰੀਆਂ ਦੀਆਂ ਮਜ਼ਬੂਰੀਆਂ, ਬੇਬਸੀਆਂ, ਸਿਹਤ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀ ਮਨੋਦਸ਼ਾ ਨੂੰ ਕਵਿਤਾਵਾਂ ਦੇ ਵਿਸ਼ੇ ਬਣਾਉਂਦਾ ਹੈ। ਸਤਪਾਲ ਭੀਖੀ ਨੂੰ ਉਨ੍ਹਾਂ ਦੇ ਜੀਵਨ, ਰਹਿਣ ਸਹਿਣ, ਸਮਾਜ ਵਿੱਚ ਵਿਚਰਣ ਅਤੇ ਸਮਾਜਿਕ ਅਨਿਆਂ ਵਿੱਚੋਂ ਆਸ ਦੀ ਕਿਰਨ ਜ਼ਰੂਰ ਵਿਖਾਈ ਦਿੰਦੀ ਹੈ। ‘ਸਕੂਲ’ ਸਿਰਲੇਖ ਵਾਲੀ ਕਵਿਤਾ ਵਿੱਚ ਅਨੇਕਾਂ ਸਮਾਜਿਕ ਅਲਾਮਤਾਂ ਦਾ ਝਾਉਲਾ ਪੈਂਦਾ ਤਾਂ ਹੈ, ਜਿਨ੍ਹਾਂ ਵਿੱਚ ਬਜ਼ੁਰਗਾਂ ਦੀ ਅਣਵੇਖੀ, ਵੇਸਵਾਵਾਂ ਦੀ ਮਜ਼ਬੂਰੀ, ਥਾਣਿਆਂ ਵਿੱਚ ਹੋ ਰਹੀਆਂ ਜ਼ਿਆਦਤੀਆਂ ਤੇ ਹੇਰਾਫੇਰੀਆਂ, ਚੁਣੇ ਹੋਏ ਨੁਮਾਇੰਦਿਆਂ ਦੇ ਝੂਠ ਦੇ ਪੁਲੰਦੇ ਅਤੇ ਹਸਪਤਾਲਾਂ ਵਿੱਚ ਦਰਦਾਂ ਦੀਆਂ ਚੀਸਾਂ ਦਾ ਵੇਰਵਾ ਦਿੱਤਾ ਗਿਆ ਹੈ, ਪ੍ਰੰਤੂ ਜਦੋਂ ਇਹ ਲੋਕ ਮਾਸੂਮ ਬੱਚੇ ਹੁੰਦੇ ਹਨ, ਉਦੋਂ ਫੁੱਲਾਂ ਦੀ ਤਰ੍ਹਾਂ ਟਹਿਕਦੇ ਹੁੰਦੇ ਹਨ। ਉਦੋਂ ਉਨ੍ਹਾਂ ਦੇ ਭਵਿਖੀ ਜੀਵਨ ਬਾਰੇ ਅਜਿਹੀਆਂ ਹਰਕਤਾਂ ਕਰਨ ਬਾਰੇ ਕਿਆਸਿਆ ਵੀ ਨਹੀਂ ਜਾ ਸਕਦਾ। ਵੱਡੇ ਹੋਕੇ ਰੂਪ ਨੂੰ ਕਰੂਪ ਕਰ ਲੈਂਦੇ ਹਨ। ਸਕੂਲਾਂ ਵਿੱਚ ਬੱਚਿਆਂ ਨੂੰ ਅਲਜਬਰੇ ਦੀ ਤਰ੍ਹਾਂ ਪੜ੍ਹਾਇਆ ਨਹੀਂ ਜਾ ਸਕਦਾ, ਉਨ੍ਹਾਂ ਦੀ ਮਾਨਸਿਕਤਾ ਦਾ ਧਿਆਨ ਰੱਖਦਿਆਂ ਰੰਗ ਬਰੰਗੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ। ਕਿਤਾਬੀ ਗਿਆਨ ਕਿਸੇ ਕੰਮ ਦਾ ਨਹੀਂ ਹੁੰਦਾ, ਜ਼ਿੰਦਗੀ ਜਿਉਣ ਦਾ ਗਿਆਨ ਮਨੁਖਤਾ ਦਾ ਆਧਾਰ ਹੁੰਦਾ ਹੈ। ਸਤਪਾਲ ਭੀਖੀ ਆਪਣੀ ਕਵਿਤਾ ‘ਪਹਾੜਾ’ ਵਿੱਚ ਦਸਦਾ ਹੈ ਕਿ ਜ਼ਿੰਦਗੀ ਹਿਸਾਬ ਦੇ ਪਹਾੜਿਆਂ ਦੀ ਤਰ੍ਹਾਂ ਰੱਟੇ ਲਾਕੇ ਬਸਰ ਨਹੀਂ ਕੀਤੀ ਜਾ ਸਕਦੀ, ਸਗੋਂ ਇਹ ਤਾਂ ਸਿਆਣਪੀ ਤਕਨੀਕ ਦੀ ਮੁਹਤਾਜ਼ ਹੋਣੀ ਚਾਹੀਦੀ ਹੈ। ਰਿਸ਼ਤਿਆਂ ਦਾ ਨਿੱਘ ਇਨਸਾਨ ਦੀ ਜ਼ਿੰਦਗੀ ਬਦਲ ਦਿੰਦਾ ਹੈ, ਇਸ ਲਈ ਰਿਸ਼ਤੇ ਸਾਂਭਕੇ ਰੱਖਣੇ ਤੇ ਨਿਭਾਉਣੇ ਸਿਖਣੇ ਚਾਹੀਦੇ ਹਨ। ਮਾਂ ਇਨ੍ਹਾਂ ਰਿਸ਼ਤਿਆਂ ਦੀ ਲਾਇਬ੍ਰੇਰੀ ਹੁੰਦੀ ਹੈ, ਜਿਹੜੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਦੀਆਂ ਪਰੰਪਰਾਵਾਂ ਦੀ ਪਿਉਂਦ ਰਾਹੀਂ ਜਾਣਕਾਰੀ ਦੇ ਕੇ ਜ਼ਿੰਦਗੀ ਜਿਉਣ ਦੀ ਤਰਕੀਬ ਦੱਸਦੀ ਹੈ। ਮਾਂ ਨਾਲ ਸੰਬੰਧਤ ਕਵੀ ਨੇ ਚਾਰ ਕਵਿਤਾਵਾਂ ਲਿਖੀਆਂ ਹਨ। ਕੁਦਰਤ ਦੀ ਕਾਇਨਾਤ ਸੰਤੁਸ਼ਟੀ ਤੇ ਸਬਰ ਸੰਤੋਖ ਦਿੰਦੀ ਹੈ। ਘਰਾਂ ਦੀ ਹੋਂਦ ਬਰਕਰਾਰ ਰੱਖਣ ਲਈ ਮੁਹੱਬਤ ਗਹਿਣਾ ਹੈ। ਮੁਹੱਬਤ ਨੂੰ ਜ਼ਿੰਦਗੀ ਵਿੱਚੋਂ ਮਨਫ਼ੀ ਕਰਨ ਨਾਲ ਜਿੰਦਗੀ ਰਸਹੀਣ ਬਣ ਜਾਂਦੀ ਹੈ। ਅੰਤਰ ਮਨ ਦਾ ਸੰਬਾਦ ਰਚਾਉਣਾ ਚਾਹੀਦਾ ਹੈ, ਨਹੀਂ ਤਾਂ ਸਮੇਂ ਦੀ ਆਧੁਨਿਕਤਾ ਦਾਵਾਨਲ ਬਣ ਸਕਦੀ ਹੈ। ਮਨ ‘ਤੇ ਕਾਬੂ ਰੱਖਣਾ ਜ਼ਰੂਰੀ ਹੈ। ਮਰਦ ਨਾਲੋਂ ਔਰਤ ਸਬਰ ਸੰਤੋਖ ਵਾਲੀ ਹੁੰਦੀ ਹੈ। ਗ਼ਰੀਬ ਹੀ ਗ਼ਰੀਬੀ ਚੀਸ ਨੂੰ ਮਹਿਸੂਸ ਕਰ ਸਕਦਾ ਹੈ। ਸਤਪਾਲ ਭੀਖੀ ਨੇ ਗ਼ਰੀਬ ਦੀ ਜ਼ਿੰਦਗੀ ਨੂੰ ਬਹੁਤ ਨੇੜਿਉਂ ਵੇਖਿਆ ਜਾਂ ਮਹਿਸੂਸ ਕੀਤਾ ਹੋਣਾ ਹੈ, ਜਿਸ ਕਰਕੇ ਉਸਨੇ ਇੱਕ ਦਰਜਨ ਤੋਂ ਵੱਧ ਕਵਿਤਾਵਾਂ ਕਿਰਤੀਆਂ ਦੀ ਜਦੋਜਹਿਦ ਦਾ ਵਰਣਨ ਕਰਨ ਵਾਲੀਆਂ ਲਿਖੀਆਂ ਹਨ। ਕਿਰਤੀ ਨੂੰ ਪਤਾ ਹੁੰਦਾ ਹੈ ਕਿ ਉਸਦੀ ਮਿਹਨਤ ਨਾਲ ਕੀਤੀ ਕਿਰਤ ਦਾ ਫਲ ਕਿਤਨਾ ਮਿੱਠਾ ਤੇ ਆਨੰਦਮਈ ਹੁੰਦਾ ਹੈ। ਉਹ ਆਪਣੀ ਇੱਕ ‘ਪੀਨਾ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ ਕਿ ਜਦੋਂ ਗਾਹਕ ਪੀਨੇ ਦੀ ਦੁਕਾਨ ਵਿੱਚ ਵੜ੍ਹਦਾ ਹੈ ਤਾਂ ਉਹ ਆਪਣੇ ਤਜ਼ਰਬੇ ਨਾਲ ਹੀ ਉਸਦੀ ਮਾਨਸਿਕਤਾ ਨੂੰ ਸਮਝ ਜਾਂਦਾ ਹੈ ਕਿ ਉਸਨੂੰ ਕਿੰਨਾ ਨੰਬਰ ਆਵੇਗਾ ਤੇ ਕਿਹੜੀ ਕਿਸਮ ਤੇ ਡਿਜ਼ਾਈਨ ਉਸਨੂੰ ਮਨਜ਼ੂਰ ਹੋਵੇਗਾ। ਪੀਨਾ ਗ਼ਰੀਬ ਦੀ ਗ਼ਰੀਬੀ ਬਾਰੇ ਵੀ ਸਮਝ ਜਾਂਦਾ ਹੈ। ਇਸੇ ਤਰ੍ਹਾਂ ‘ਕਮੀਜ਼’ ਸਿਰਲੇਖ ਵਾਲੀ ਕਵਿਤਾ ਵੀ ਕਿਰਤੀ ਦੀ ਕਦਰ ਦਾ ਪ੍ਰਗਟਾਵਾ ਕਰਦੀ ਹੋਈ, ਸਾਂਝੀਵਾਲਤਾ, ਆਤਮ ਨਿਰਭਰਤਾ, ਸ਼ਹਿਨਸ਼ੀਲਤਾ ਦਾ ਸੰਦੇਸ਼ ਦਿੰਦੀ ਹੋਈ ਚੁਗਾਵੀਆਂ, ਕਿਸਾਨ, ਪੇਂਜੇ, ਦਰਜੀ, ਕਾਜ਼ ਕਰਦੀ ਔਰਤ ਅਤੇ ਪੈਕਰ ਦੀ ਮਿਹਨਤ ਦੀ ਕਰਾਮਾਤ ਵਿਖਾਈ ਦਿੰਦੀ ਹੈ। ਮਿੱਤਰ, ਰਿਸ਼ਤਾ, ਪਵੁਣ ਗੁਰੂ, ਹਰ ਪਿੰਡ ਸੈਦਪੁਰ ਹੈ!, ਸੈਦਪੁਰ ਦੀ ਸੱਦ, ਗੁਰੂ, ਜਗਤਗੜ੍ਹ ਦੀ ਨਹਿਰ ਅਤੇ ਸੰਬਾਦ ਕਵਿਤਾਵਾਂ ਗੁਰਬਾਣੀ ਨੂੰ ਆਧਾਰ ਬਣਾਕੇ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਮਨੁੱਖਤਾ ਨੂੰ ਸੰਬਾਦ, ਹੱਕ ਸੱਚ, ਮੀਰੀ ਪੀਰੀ, ਸਬਰ, ਸੰਤੋਖ, ਸਦਭਾਵਨਾ ਤੇ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈ। ਭਵਿਖ ਵਿੱਚ ਸਤਪਾਲ ਭੀਖੀ ਤੋਂ ਹੋਰ ਵਧੇਰੇ ਸਾਰਥਿਕ ਸਾਹਿਤ ਦੀ ਉਮੀਦ ਕੀਤੀ ਜਾ ਸਕਦੀ ਹੈ।
112 ਪੰਨਿਆਂ, 195 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਸੰਪਰਕ : ਸਤਪਾਲ ਭੀਖੀ : 9876155530
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ.ਮੇਘਾ ਸਿੰਘ ਦੀ ਪੁਸਤਕ 'ਜੇ ਬਸਰੇ ਦੀ ਲਾਮ ਟੁੱਟ ਜਾਏ' ਅਮਨ ਦੀ ਪੁਕਾਰ - ਉਜਾਗਰ ਸਿੰਘ
ਡਾ.ਮੇਘਾ ਸਿੰਘ ਸੁਦ੍ਰਿੜ੍ਹ, ਬੁੱਧੀਮਾਨ ਤੇ ਸੰਜੀਦਾ ਸਾਹਿਤਕਾਰ ਹੈ। ਇਸ ਲਈ ਉਸਦੀਆਂ ਪੁਸਤਕਾਂ ਦੇ ਵਿਸ਼ੇ ਲੋਕ ਹਿੱਤਾਂ 'ਤੇ ਪਹਿਰਾ ਦੇਣ ਵਾਲੇ ਹੁੰਦੇ ਹਨ। ਉਸ ਦੀਆਂ ਹੁਣ ਤੱਕ 13 ਮੌਲਿਕ ਅਤੇ ਚਾਰ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ਉਸਦੀ ਸੰਪਾਦਿਤ ਪੁਸਤਕ 'ਜੇ ਬਸਰੇ ਦੀ ਲਾਮ ਟੁੱਟ ਜਾਏ' (ਜੰਗ ਵਿਰੁੱਧ ਅਮਨ ਦੀ ਕਵਿਤਾ) ਉਸਦੀ ਚੌਧਵੀਂ ਪੁਸਤਕ ਤੇ ਡਾ.ਮੇਘਾ ਸਿੰਘ ਦੀ ਸੋਚ ਦਾ ਪ੍ਰਤੀਕ ਹੈ। ਇਸ ਪੁਸਤਕ ਦਾ ਨਾਮ ਵੀ ਪੰਜਾਬੀ ਕਵਿਤਾ 'ਤੇ ਅਧਾਰਤ ਹੈ, ਜਿਸਦਾ ਅਰਥ ਬਸਰੇ ਦੀ ਜੰਗ ਵਿੱਚ ਇੱਕ ਸਿਪਾਹੀ ਦੇ ਜਾਣ ਕਰਕੇ ਉਸਦੀ ਪਤਨੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ। ਸੰਤ ਰਾਮ ਉਦਾਸੀ ਦੀ ਕਵਿਤਾ ਦੇ ਸ਼ਬਦ ਹਨ, 'ਬਸਰੇ ਦੀ ਲਾਮ ਟੁੱਟ ਜਾਏ, ਮੈਂ ਰੰਡੀਓਂ ਸੁਹਾਗਣ ਹੋਵਾਂ . . .।' ਭਾਵ ਜੇਕਰ ਜੰਗ ਨੂੰ ਜਾਣਾ ਰੁਕ ਜਾਵੇ ਤਾਂ ਮੇਰਾ ਪਤੀ ਮੇਰੇ ਕੋਲ ਹੋਵੇਗਾ, ਮੈਂ ਸੁਹਾਗਣ ਹੋਵਾਂਗੀ। ਪੁਸਤਕ ਦਾ ਇਹ ਸਿਰਲੇਖ ਹੀ ਪੁਸਤਕ ਵਿਚਲੀ ਸਾਰੀ ਕਵਿਤਾ ਦਾ ਭਾਵ ਅਰਥ ਪ੍ਰਗਟ ਕਰਦਾ ਹੈ। ਪੰਜਾਬੀ ਦੇ ਅਨੇਕਾਂ ਸਾਹਿਤਕਾਰਾਂ/ਸ਼ਾਇਰਾਂ ਨੇ ਅਨੇਕਾਂ ਅਮਨ ਦੀ ਸਥਾਪਤੀ ਲਈ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਲਿਖੀਆਂ ਹਨ। ਇਸ ਪੁਸਤਕ ਵਿੱਚ 103 ਨਵੇਂ ਤੇ ਪੁਰਾਣੇ ਕਵੀਆਂ ਦੀਆਂ 161 ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਹਨ। ਇਹ ਖੋਜ ਭਰਪੂਰ ਪੁਸਤਕ ਡਾ. ਮੇਘਾ ਸਿੰਘ ਦੀ ਵਿਦਵਤਾ, ਸੰਜੀਦਗੀ, ਦ੍ਰਿੜ੍ਹਤਾ, ਮਿਹਨਤ ਅਤੇ ਸਿਰੜ੍ਹ ਦਾ ਨਮੂਨਾ ਹੈ। ਡਾ.ਮੇਘਾ ਸਿੰਘ ਦੀ ਪੁਸਤਕ ਦਾ ਵਿਸ਼ਾ ਮਨੁੱਖੀ ਮਨਾਂ ਦੀਆਂ ਭਾਵਨਾਵਾਂ/ਤਰੰਗਾਂ ਦੀ ਹੂਕ ਦਾ ਪ੍ਰਗਟਾਵਾ ਹੈ। ਸੰਸਾਰ ਵਿੱਚ ਵਿਕਾਸ ਤਾਂ ਹੀ ਸੰਭਵ ਹੋ ਸਕਦਾ, ਜੇਕਰ ਵਾਤਾਵਰਨ ਸ਼ਾਂਤਮਈ ਹੋਵੇਗਾ। ਸੰਸਾਰ ਦੇ ਇਤਿਹਾਸ 'ਤੇ ਨਿਗਾਹ ਮਾਰਿਆਂ ਪਤਾ ਲੱਗਦਾ ਹੈ ਕਿ ਅਮਨ ਦੇ ਹਾਮੀ ਹਮੇਸ਼ਾ ਸਾਹਿਤਕਾਰ/ਸ਼ਾਇਰ ਹੀ ਬਣਦੇ ਆ ਰਹੇ ਹਨ। ਰਾਜ ਕਰਨ ਵਾਲੇ ਸਿਆਸਤਦਾਨ ਹਮੇਸ਼ਾ ਜੰਗਾਂ ਰਾਹੀਂ ਰਾਜ ਕਰਨ ਦੀ ਭੁੱਖ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਸੰਸਾਰ ਦੀਆਂ ਦੋਵੇਂ ਜੰਗਾਂ ਅਤੇ ਹੁਣ ਵਰਤਮਾਨ ਜੰਗਾਂ ਦੇ ਹਾਲਾਤ ਬਾਰੇ ਸਾਹਿਤਕਾਰਾਂ/ਸ਼ਾਇਰਾਂ ਨੇ ਹੀ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕੀਤੀ ਸੀ। ਅਸਲ ਵਿੱਚ ਖੱਬੇ-ਪੱਖੀ ਵਿਚਾਰਧਾਰਾ ਵਾਲੇ ਸਾਹਿਤਕਾਰ/ਸ਼ਾਇਰ ਹੀ ਅਮਨ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕਰਦੇ ਹਨ। ਪੰਜਾਬੀ ਦੇ ਸਾਹਿਤਕਾਰਾਂ/ਸ਼ਾਇਰਾਂ ਨੇ ਹਮੇਸ਼ਾ ਹੀ ਅਮਨ ਦੀ ਬਾਤ ਪਾਈ ਹੈ। ਇਹ ਸਾਰਾ ਕੁਝ ਇਸ ਪੁਸਤਕ ਦੀਆਂ ਕਵਿਤਾਵਾਂ/ਗੀਤਾਂ ਅਤੇ ਗ਼ਜ਼ਲਾਂ ਰਾਹੀਂ ਲੋਕਾਈ ਨੂੰ ਦੱਸਣਾ ਹੀ ਡਾ.ਮੇਘਾ ਸਿੰਘ ਦੀ ਭਾਵਨਾ ਹੈ। ਡਾ.ਮੇਘਾ ਸਿੰਘ ਦੀ ਇਸ ਪੁਸਤਕ ਦਾ ਮੰਤਵ ਵੀ ਇਹੋ ਹੈ ਕਿ ਸਰਮਾਏਦਾਰ ਲੋਕਾਂ ਵੱਲੋਂ ਜੰਗਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਇਸ ਲਈ ਉਸਨੇ ਭਵਿਖ ਦੀਆਂ ਜੰਗਾਂ ਨੂੰ ਰੋਕਣ ਲਈ ਸਾਹਿਤਕਾਰਾਂ ਖਾਸ ਤੌਰ 'ਤੇ ਸ਼ਾਇਰਾਂ ਨੂੰ ਅਮਨ ਦੇ ਹੱਕ ਵਿੱਚ ਲਾਮਬੰਦ ਕਰਨ ਦਾ ਉਪਰਾਲਾ ਕੀਤਾ ਹੈ। ਅਜਿਹਾ ਸਿਰੜ੍ਹੀ ਕੰਮ ਡਾ.ਮੇਘਾ ਸਿੰਘ ਹੀ ਕਰ ਸਕਦਾ ਹੈ, ਕਿਉਂਕਿ ਸਮੁੱਚੇ ਪੁਰਾਣੇ ਅਤੇ ਨਵੇਂ ਵੱਡੇ-ਛੋਟੇ ਅਣਗਿਣਤ ਸ਼ਾਇਰਾਂ ਦੀਆਂ ਅਮਨ ਸੰਬੰਧੀ ਕਵਿਤਾਵਾਂ ਖੱਲਾਂ ਖ਼ੂੰਜਿਆਂ ਵਿੱਚੋਂ ਲੱਭ ਕੇ, ਉਨ੍ਹਾਂ ਵਿੱਚੋਂ ਛਾਂਟਕੇ ਚੋਣ ਕਰਨਾ ਬੜਾ ਸ਼ਿੱਦਤ, ਧੀਰਜ, ਸਿਰੜ੍ਹ, ਸੰਜੀਦਗੀ ਅਤੇ ਦ੍ਰਿੜ੍ਹਤਾ ਨਾਲ ਕਰਨ ਵਾਲਾ ਕੰਮ ਹੈ। ਡਾ.ਮੇਘਾ ਸਿੰਘ ਨੇ ਅਮਨ ਦੀ ਗੁਹਾਰ ਲਾਉਣ ਵਾਲੀਆਂ ਕਵਿਤਾਵਾਂ/ਗੀਤਾਂ ਅਤੇ ਗ਼ਜ਼ਲਾਂ ਨੂੰ ਸਮੁੰਦਰ ਵਿੱਚੋਂ ਮੋਤੀ ਲੱਭਣ ਵਾਲਾ ਕੰਮ ਕੀਤਾ ਹੈ। ਇੱਕ ਸੰਸਥਾ ਜਿਤਨਾ ਕੰਮ ਡਾ.ਮੇਘਾ ਸਿੰਘ ਨੇ ਕਰਕੇ ਮਿਸਾਲ ਪੈਦਾ ਕਰ ਦਿੱਤੀ ਹੈ। ਕਵਿਤਾਵਾਂ ਇਕੱਠੀਆਂ ਕਰਨਾ ਤੇ ਫਿਰ ਉਨ੍ਹਾਂ ਦੇ ਲੇਖਕਾਂ ਤੋਂ ਪ੍ਰਕਾਸ਼ਤ ਕਰਨ ਦੀ ਇਜ਼ਾਜ਼ਤ ਲੈਣਾ, ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ। ਉਨ੍ਹਾਂ ਸਾਰੇ ਲੇਖਕਾਂ ਨਾਲ ਸੰਪਰਕ ਕਰਨਾ, ਖਾਸ ਤੌਰ 'ਤੇ ਜਿਹੜੇ ਸ਼ਾਇਰ ਸਵਰਗਵਾਸ ਹੋ ਚੁੱਕੇ ਹਨ, ਉਨ੍ਹਾਂ ਦੇ ਵਾਰਸਾਂ ਤੋਂ ਪ੍ਰਵਾਨਗੀ ਲੈਣੀ ਕਠਨ ਕਾਰਜ਼ ਸੀ, ਪ੍ਰੰਤੂ ਡਾ.ਮੇਘਾ ਸਿੰਘ ਨੇ ਸ਼ਿਦਤ ਨਾਲ ਖੋਜ ਕਰਕੇ ਸਾਰਿਆਂ ਨੂੰ ਲੱਭਿਆ ਤੇ ਫਿਰ ਉਨ੍ਹਾਂ ਤੋਂ ਪ੍ਰਵਾਨਗੀ ਲੈ ਕੇ ਪ੍ਰਕਾਸ਼ਤ ਕੀਤਾ ਹੈ। ਇਸਤੋਂ ਡਾ.ਮੇਘਾ ਸਿੰਘ ਦੀ ਲਗਨ ਅਤੇ ਅਮਨ ਸਥਾਪਤ ਕਰਨ ਦੀ ਸੋਚ ਦਾ ਪਤਾ ਲੱਗਦਾ ਹੈ। ਡਾ.ਮੇਘਾ ਸਿੰਘ ਹਰ ਉਸਾਰੂ ਤੇ ਸਮਾਜ ਦੇ ਹਿੱਤਾਂ 'ਤੇ ਪਹਿਰਾ ਦੇਣ ਵਾਲੀ ਸਾਹਿਤਕ ਰਚਨਾ ਕਰਦਾ ਹੈ। ਉਹ ਆਮ ਬਹੁਤੇ ਸਾਹਿਤਕਾਰਾਂ ਦੀ ਤਰ੍ਹਾਂ ਰੁਮਾਂਸਵਾਦੀ ਸਾਹਿਤ ਦਾ ਵਿਰੋਧ ਤੇ ਪ੍ਰੋੜ੍ਹਤਾ ਵੀ ਨਹੀਂ ਕਰਦਾ, ਸਗੋਂ ਅਜਿਹਾ ਸਾਹਿਤ ਰਚਦਾ ਹੈ, ਜਿਹੜਾ ਮਾਨਵਤਾ ਦੇ ਹਿੱਤਾਂ 'ਤੇ ਪਹਿਰਾ ਦਿੰਦਾ ਹੋਵੇ। ਉਸਦੀ ਇਹ ਪੁਸਤਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀ ਹੈ। ਡਾ.ਮੇਘਾ ਸਿੰਘ ਚੇਤੰਨ, ਵਿਦਵਾਨ ਚਿੰਤਕ ਹੈ, ਜਿਹੜਾ ਮਨੁੱਖੀ ਭਾਵਨਾਵਾਂ ਦੀ ਕਵਿਤਾ ਰਾਹੀਂ ਤਰਜਮਾਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਅਜਿਹੀਆਂ ਹਨ, ਜਿਹੜੀਆਂ ਇਨਸਾਨੀਅਤ ਦੀ ਮਾਨਸਿਕਤਾ ਦੀ ਤਰਜਮਾਨੀ ਕਰਦੀਆਂ ਹੋਈਆਂ ਜੰਗ ਦੇ ਕਰੂਰ ਪ੍ਰਭਾਵਾਂ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦੀਆਂ ਹਨ।
ਡਾ.ਮੇਘਾ ਸਿੰਘ ਨੇ ਸਭ ਤੋਂ ਪਹਿਲਾਂ ਜਿਹੜੀਆਂ ਬਸਰੇ ਦੀ ਲਾਮ ਨਾਲ ਸੰਬੰਧਤ ਕਵਿਤਾਵਾਂ ਦੀਆਂ 20 ਟੂਕਾਂ ਦਿੱਤੀਆਂ ਹਨ, ਉਹ ਇੱਕ ਕਿਸਮ ਨਾਲ ਇਨਸਾਨੀਅਤ ਦੇ ਮਨ ਮਸਤਕ ਵਿੱਚੋਂ ਨਿਕਲੀਆਂ ਅਮਨ ਦੀਆਂ ਹੂਕਾਂ ਹਨ। ਇਸੇ ਤਰ੍ਹਾਂ ਪੁਸਤਕ ਦੇ ਅਖ਼ੀਰ ਵਿੱਚ ਜੰਗ ਸੰਬੰਧੀ ਸੰਸਾਰ ਦੇ ਪ੍ਰਤਿਸ਼ਟ ਵਿਅਕਤੀਆਂ ਦੇ ਵਿਚਾਰ ਦਿੱਤੇ ਹਨ, ਜਿਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਵਿਦਵਾਨ ਲੋਕਾਂ ਦਾ ਜੰਗ ਬਾਰੇ ਕੀ ਦ੍ਰਿਸ਼ਟੀਕੋਣ ਹੈ। ਸਾਰੀ ਪੁਸਤਕ ਪੜ੍ਹਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਜੰਗ ਦੇ ਸਮਾਜਿਕ ਤਾਣੇ-ਬਾਣੇ 'ਤੇ ਬਹੁ-ਪੱਖੀ ਪ੍ਰਭਾਵ ਪੈਂਦੇ ਹਨ, ਜਿਨ੍ਹਾਂ ਵਿੱਚ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਮਾਨਸਿਕ ਸ਼ਾਮਲ ਹਨ। ਮਾਵਾਂ ਪੁਤਾਂ, ਭੈਣਾਂ ਭਰਾਵਾਂ, ਔਰਤਾਂ ਪਤੀਆਂ, ਬੱਚੇ ਤੋਂ ਵਾਂਝੇ ਹੀ ਨਹੀਂ ਹੋ ਜਾਂਦੇ, ਸਗੋਂ ਉਸਤੋਂ ਬਾਅਦ ਜਿਹੜੇ ਹਾਲਾਤ ਵਿੱਚੋਂ ਉਨ੍ਹਾਂ ਨੂੰ ਗੁਜ਼ਰਨਾ ਪੈਂਦਾ ਹੈ, ਉਹ ਬਹੁਤ ਹੀ ਹਿਰਦੇਵੇਦਿਕ ਹੁੰਦੇ ਹਨ। ਜੰਗ ਤੋਂ ਪ੍ਰਭਾਵਤ ਲੋਕਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ। ਜ਼ਿੰਦਗੀ ਬਸਰ ਕਰਨ ਦੀ ਤ੍ਰਾਸਦੀ ਭਿਆਨਕ ਹੁੰਦੀ ਹੈ। ਵੈਸੇ ਤਾਂ ਪੁਸਤਕ ਦੀਆਂ ਸਾਰੀਆਂ ਹੀ ਕਵਿਤਾਵਾਂ ਦਿਲਾਂ ਨੂੰ ਟੁੰਬਦੀਆਂ ਹੋਈਆਂ ਅਮਨ ਦੀ ਆਵਾਜ਼ ਬੁਲੰਦ ਕਰਦੀਆਂ ਹਨ, ਪ੍ਰੰਤੂ ਕੁਝ ਕੁ ਜਿਵੇਂ ਅਰਜਨ ਸਿੰਘ ਗੜਗੱਜ ਦੀ ਕਵਿਤਾ 'ਦਰਵਾਜ਼ੇ ਬੰਦ ਕਰੋ ਖ਼ੂਨੀ ਸੌਦਾਗਰ ਔਂਦਾ ਹੈ' ਆਪਣੇ ਆਪ ਹੀ ਇੱਕ ਸਤਰ ਵਿੱਚ ਡੂੰਘੀ ਗੱਲ ਕਰ ਜਾਂਦੀ ਹੈ। ਖ਼ੂਨੀ ਸੌਦਾਗਰ ਸ਼ਬਦ ਦੁੱਖਾਂ ਦੀ ਪਟਾਰੀ ਖੋਲ੍ਹਕੇ ਰੱਖ ਦਿੰਦਾ ਹੈ, ਕਿਉਂਕਿ ਸੌਦਾਗਰ ਲੋਕ ਹਿਤ ਦੀ ਗੱਲ ਨਹੀਂ ਕਰਦੇ, ਸਗੋਂ ਉਹ ਆਪਣਾ ਲਾਭ ਵੇਖਦੇ ਹਨ। ਲਗਪਗ ਹਰ ਕਵਿਤਾ ਵਿੱਚ ਜੰਗ ਨਾਲ ਹੋਣ ਵਾਲੇ ਵਿਨਾਸ਼ ਦੀ ਜਾਣਕਾਰੀ ਦਿੰਦੀ ਹੈ। ਸਰਮਾਏਦਾਰ ਦੇਸ਼ਾਂ ਦੀ ਹਓਮੈ ਅਤੇ ਖੁਦਗਰਜ਼ੀ ਨਿੱਜੀ ਮੁਫਾਦਾਂ ਨੂੰ ਪੂਰਾ ਕਰਨ ਦੀਆਂ ਤਿਗੜਮਬਾਜ਼ੀਆਂ, ਇਨਸਾਨੀ ਕਦਰਾਂ ਕੀਮਤਾਂ ਦਾ ਨਿਰਾਦਰ ਕਰਦੀਆਂ ਹਨ। ਅਮੋਲਕ ਸਿੰਘ 'ਫ਼ਲਸਤੀਨ ਦੀ ਆਵਾਜ਼' ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ:
ਜਿਥੇ ਵਰਖਾ ਬਰੂਦ ਦੀ ਨਿੱਤ ਹੋਏ
ਜੇ ਜ਼ੁਲਮ ਰਹੇ ਤਾਂ ਅਮਨ ਦੱਸੋ
ਭਲਾ ਧਰਤ 'ਤੇ ਕਿੱਧਰੋਂ ਭਾਲਦੇ ਹੋ।
ਤੇਲ ਪੀਣ ਲਈ ਸਾਡਾ ਉਹ ਖ਼ੂਨ ਪੀਂਦੇ
ਫੇਰ ਵੀ ਨਾ ਉਨ੍ਹਾਂ ਦੀ ਪਿਆਸ ਮੁੱਕੀ।
ਇਸ ਕਵਿਤਾ ਦੀ ਚੀਸ ਸਹਿਣੀ ਮੁਸ਼ਕਲ ਹੋ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਈਸ਼ਵਰ ਚਿਤਰਕਾਰ ਦੀ ਕਵਿਤਾ 'ਲੋਹੇ ਦੇ ਪੰਛੀ' ਸਾਮਰਾਜੀਆਂ ਦੀ ਭੁੱਖ ਦਾ ਪ੍ਰਗਟਾਵਾ ਇਸ ਪ੍ਰਕਾਰ ਕਰਦੀ ਹੈ:
ਹਰ ਜੀਵਨ ਦੇ ਖੇਤਰ ਅੰਦਰ ਭੁੱਖ ਦਿਸੇ ਪਰਧਾਨ!
ਥਾਂ-ਥਾਂ ਲੜਦਾ ਦਿਸੇ ਵਪਾਰ
'ਸਾਮਰਾਜ ਦਾ ਕਲਸ ਸੁਨਹਿਰੀ ਕਿਵੇਂ ਬਚੇਗਾ?'
ਸੋਚ ਰਹੇ ਸਰਮਾਏਦਾਰ।
'ਬਸਰੇ ਦੀ ਲਾਮ ਟੁੱਟ ਜਾਏ' ਪੁਸਤਕ ਦੀਆਂ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ, ਜੰਗਾਂ ਦੇ ਦੁਖਾਂਤ, ਅਮਨ ਬਰਕਰਾਰ ਰੱਖਣ ਤੱਕ ਹੀ ਸੀਮਤ ਨਹੀਂ, ਸਗੋਂ ਸਮਾਜਿਕ ਕੁਰੀਤੀਆਂ ਜਿਹੜੀਆਂ ਸਮਾਜ ਨੂੰ ਘੁਣ ਦੀ ਤਰ੍ਹਾਂ ਲੱਗਕੇ ਖੋਖਲਾ ਕਰ ਰਹੀਆਂ ਹਨ, ਬਾਰੇ ਵੀ ਪਾਠਕਾਂ ਨੂੰ ਲਾਮਬੰਦ ਹੋਣ ਦੀ ਪ੍ਰੇਰਨਾ ਦਿੰਦੀਆਂ ਹਨ, ਜਿਨ੍ਹਾਂ ਵਿੱਚ ਜ਼ਾਤ-ਪਾਤ, ਨਸਲਵਾਦ, ਊਚ-ਨੀਚ, ਅਮੀਰ-ਗ਼ਰੀਬ, ਧਾਰਮਿਕ ਕੱਟੜਤਾ, ਰੰਗ-ਭੇਦ, ਨਸ਼ਿਆਂ ਦੇ ਸੌਦਾਗਰ ਅਤੇ ਮਖੌਟਾਧਾਰੀ ਵੀ ਸ਼ਾਮਲ ਹਨ। ਗਮਦੂਰ ਰੰਗੀਲਾ ਦੀ ਲੰਬੀ ਕਵਿਤਾ 'ਮੈਂ ਸਰਹੱਦ ਬੋਲਦੀ ਹਾਂ' ਵਿੱਚ ਕਵੀ ਨੇ ਕੋਈ ਅਜਿਹਾ ਪੱਖ ਨਹੀਂ ਛੱਡਿਆ, ਜਿਸਦਾ ਜੰਗ ਨਾਲ ਹੋਏ ਤੇ ਹੋਣ ਵਾਲੇ ਨੁਕਸਾਨ ਦੀ ਤਸਵੀਰ ਖਿੱਚ ਕੇ ਨਾ ਰੱਖੀ ਹੋਵੇ। ਇਸ ਕਵਿਤਾ ਦਾ ਹਰ ਸ਼ਿਅਰ ਦਿਲ ਨੂੰ ਟੁੰਬਦਾ ਹੋਇਆ ਅਜਿਹੀ ਤਕਲੀਫ ਦਿੰਦਾ ਹੈ, ਜਿਸਨੂੰ ਸਹਿਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਬਾਬਾ ਨਜਮੀ ਦਾ ਜੰਗ ਦੇ ਪ੍ਰਭਾਵ ਨੂੰ ਦਰਸਾਉਣ ਦਾ ਆਪਣਾ ਨਜ਼ਰੀਆ ਹੈ, ਉਸਦੀ ਗ਼ਜ਼ਲ ਕੁਝ ਸ਼ਿਅਰਾਂ ਵਿੱਚ ਦੱਸਣ ਦੀ ਕੋਸ਼ਿਸ਼ ਇਸ ਪ੍ਰਕਾਰ ਹੈ :
ਲਹੂ ਤੇ ਤੇਰਾ ਮੇਰਾ ਲੱਗਦਾ, ਤੇਰੇ ਮੇਰੇ ਖ਼ੰਜਰ ਨੂੰ।
ਡੁੱਬੇ ਵਿੱਚ ਸਮੁੰਦਰ ਬੇੜੇ, ਸਾਥੋਂ ਹਾਲੇ ਨਿਕਲੇ ਨਈਂ,
ਵੇਖੋ ਢੋਲ ਵਜਾ ਕੇ ਚੱਲੇ, ਫੋਲਣ ਉਹਦੇ ਅੰਬਰ ਨੂੰ।
ਕਦੇ-ਕਦੇ ਤੇ ਏਹੋ ਜਹੀ ਵੀ, ਬੰਦਾ ਹਰਕਤ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ, ਹੋ ਜਾਂਦਾ ਏ ਡੰਗਰ ਨੂੰ।
ਮਨਜੀਤ ਸਿੰਘ ਮਾਨ ਦੀ ਕਵਿਤਾ 'ਬੰਬ ਕਦੇ ਨਾ ਕਿਸੇ ਨੂੰ ਦੇਣ ਜੀਵਨ' ਜੰਗਾਂ ਦੇ ਕਰੂਰ ਪ੍ਰਭਾਵ ਬਾਰੇ ਲਿਖਦੇ ਹਨ:
ਬੰਬ ਕਦੇ ਨਾ ਕਿਸੇ ਨੂੰ ਦੇਣ ਜੀਵਨ,
ਇਹ ਬਣਦੇ ਹੀ ਨੇ ਲੋਥਾਂ ਵਿਛਾਉਣ ਦੇ ਲਈ।
ਜੈਵ-ਜੀਵਨ ਤੇ ਜੰਗਲਾਂ ਦਾ ਨਾਸ ਕਰਦੇ,
ਖ਼ਤਰਨਾਕ ਨੇ ਪਾਣੀ ਤੇ ਪੌਣ ਲਈ।
ਵੱਡ ਆਕਾਰੀ ਪੁਸਤਕ ਦੀ ਪੜਚੋਲ ਸੰਖੇਪ ਵਿੱਚ ਕਰਨੀ ਅਸੰਭਵ ਹੁੰਦੀ ਹੈ, ਪ੍ਰੰਤੂ ਫਿਰ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਪੱਖ ਬਾਰੇ ਦੱਸਿਆ ਜਾਵੇ। ਡਾ.ਮੇਘਾ ਸਿੰਘ ਦੀ ਇਹ ਪੁਸਤਕ ਸਲਾਹਣਯੋਗ ਦਸਤਵੇਜ ਬਣ ਗਈ ਹੈ, ਜੋ ਸਾਹਿਤ ਦੇ ਖੋਜੀ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋਵੇਗੀ।
318 ਪੰਨਿਆਂ, 500 ਰੁਪਏ ਕੀਮਤ ਵਾਲੀ ਇਹ ਪੁਸਤਕ ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਡਾ.ਮੇਘਾ ਸਿੰਘ :9780036137
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ.ਸਰਬਜੀਤ ਕੰਗਣੀਵਾਲ ਦੀ ਪੁਸਤਕ ‘ਪੰਜਾਬ ਦੀ ਖੱਬੀ ਲਹਿਰ’ ਦਾ ਵਿਸ਼ਲੇਸ਼ਣ (1947 ਤੋਂ ਸੋਵੀਅਤ ਸੰਘ ਦੇ ਪਤਨ ਤੱਕ) - ਉਜਾਗਰ ਸਿੰਘ
ਡਾ.ਸਰਬਜੀਤ ਕੰਗਣੀਵਾਲ ਖੱਬੇ-ਪੱਖੀ ਸੋਚ ਵਾਲਾ ਸਥਾਪਤ ਵਿਦਵਾਨ ਲੇਖਕ ਤੇ ਪੱਤਰਕਾਰ ਹੈ। ਉਸਨੇ ਹੁਣ ਤੱਕ ਚਾਰ ਖ਼ੋਜੀ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਵਿੱਚ ‘ਪੰਜਾਬ ਦੀ ਖੱਬੀ ਲਹਿਰ-ਬਸਤੀਵਾਦ ਤੋਂ ਮੁਕਤੀ ਤੱਕ’ 2024 ਵਿੱਚ ਪ੍ਰਕਾਸ਼ਤ ਪੁਸਤਕ ਵੀ ਸ਼ਾਮਲ ਹੈ। ਉਹ ਇਸ ਲੜੀ ਵਿੱਚ ਪੰਜ ਜਿਲਦਾਂ ਪ੍ਰਕਾਸ਼ਤ ਕਰਵਾਉਣ ਜਾ ਰਿਹਾ ਹੈ। ‘ਪੰਜਾਬ ਦੀ ਖੱਬੀ ਲਹਿਰ (1947 ਤੋਂ ਸੋਵੀਅਤ ਸੰਘ ਦੇ ਪਤਨ ਤੱਕ)’ ਪੁਸਤਕ ਦੂਜੀ ਜਿਲਦ ਹੈ। ਇਸ ਪੁਸਤਕ ਨੂੰ ਉਸਨੇ 9 ਅਧਿਆਇ ਵਿੱਚ ਵੰਡਿਆ ਹੈ। ਤੱਥਾਂ ‘ਤੇ ਅਧਾਰਤ ਹਵਾਲੇ ਦਿੱਤੇ ਗਏ ਹਨ। ਪੰਜਾਬ ਦੀ ਖੱਬੀ-ਲਹਿਰ ਬਾਰੇ ਲਿਖਦਿਆਂ ਕੰਗਣੀਵਾਲ ਨੇ ਖੱਬੀ-ਲਹਿਰ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਗਰਮੀ ਦੇ ਸੰਦਰਭ ਵਿੱਚ ਜਾ ਕੇ ਪੰਜਾਬ ਬਾਰੇ ਲਿਖਿਆ ਹੈ। ਇੱਕ ਕਿਸਮ ਨਾਲ ਪੰਜਾਬ ਦੀ ਖੱਬੀ-ਲਹਿਰ ਦੇ ਨਾਲ ਹੀ ਰਾਸ਼ਟਰੀ ਲਹਿਰ ਦੇ ਇਤਿਹਾਸਿਕ ਤੱਥਾਂ ਬਾਰੇ ਵੀ ਚਾਨਣਾ ਪਾਇਆ ਹੈ, ਕਿਉਂਕਿ ਪੰਜਾਬ ਦੀ ਇਕੱਲੀ ਖੱਬੀ- ਲਹਿਰ ਨੂੰ ਨਿਖੇੜਿਆ ਨਹੀਂ ਜਾ ਸਕਦਾ। ਪਹਿਲਾ ਅਧਿਆਇ ‘ਜਾਣ-ਪਛਾਣ’ ਵਿੱਚ ਦੱਸਿਆ ਹੈ ਕਿ ਖੱਬੀ-ਲਹਿਰ ਸ਼ੁਰੂ ਹੋਣ ਤੇ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਆਰਥਿਕ ਉਦਾਰਵਾਦ ਆਰੰਭ ਹੋਣ ਤੱਕ ਸੱਤਾ ਦੀ ਮਾਰ ਝੱਲਣ ਅਤੇ ਵਿਚਾਰਧਾਰਕ ਵਿਰੁੱਧ ਸੰਘਰਸ਼ਾਂ ਵਿੱਚ ਅਹੂਤੀਆਂ ਦੇਣੀਆਂ ਪਈਆਂ। ਇਹ ਲਹਿਰ 1948 ਵਿੱਚ ਸ਼ੁਰੂ ਹੋਈ। ਪਹਿਲਾਂ ਪੂਰਬੀ ਤੇ ਪੱਛਵੀ ਪੰਜਾਬ ਵੰਡੇ ਗਏ ਤੇ ਪੁਨਰਗਠਨ 1966 ਨਾਲ ਪੰਜਾਬ ਹੋਰ ਛੋਟਾ ਹੋ ਗਿਆ। ਆਮਦਨ ਦੇ ਬਹੁਤੇ ਸਾਧਨਾਂ ਤੋਂ ਵਰਤਮਾਨ ਪੰਜਾਬ ਵਾਂਝਾ ਰਹਿ ਗਿਆ। ਦਰਿਆ ਵੀ ਤਿੰਨ ਹੀ ਰਹਿ ਗਏ। ਸਿੰਜਾਈ ਦੇ ਸਾਧਨ ਨਾਮਾਤਰ ਰਹਿ ਗਏ। ਰਿਆਸਤਾਂ ਆਜ਼ਾਦ ਰਹਿ ਗਈਆਂ। ਪੈਪਸੂ ਵਿੱਚ ਇਸ ਲਹਿਰ ਨੇ ਮਜ਼ਬੂਤੀ ਨਾਲ ਕੰਮ ਕੀਤਾ। ਦੋ ਧੜੇ ਬਰਾਬਰ ਕੰਮ ਕਰਦੇ ਰਹੇ। 1991 ਦੀ ਆਰਥਿਕ ਉਦਾਰਵਾਦੀ ਨੀਤੀ ਨੇ ਪਾਰਟੀ ਦੀਆਂ ਜੜਾਂ ਵਿੱਚ ਤੇਲ ਦੇਣ ਦਾ ਕੰਮ ਕੀਤਾ। ਇੱਕ ਕਿਸਮ ਨਾਲ ਇਸ ਅਧਿਆਇ ਵਿੱਚ ਪੁਸਤਕ ਦਾ ਸਾਰੰਸ਼ ਹੈ। ਅਧਿਆਇ 2 ‘ਖੱਬੀ ਲਹਿਰ ਦਾ ਆਜ਼ਾਦੀ ਪਿੱਛੋਂ ਮੁੱਢਲਾ ਦੌਰ’ ਵਿੱਚ ਦੱਸਿਆ ਹੈ ਕਿ 1948 ਵਿੱਚ ਪਹਿਲੀ ਸੂਬਾ ਕਾਨਫਰੰਸ ਤੋਂ ਬਾਅਦ ਪਾਰਟੀ ਸਰਗਰਮੀ ਨਾਲ ਕੰਮ ਕਰਨ ਲੱਗ ਗਈ, ਪ੍ਰੰਤੂ ਖਿਚੋਤਾਣ ਜ਼ਾਰੀ ਰਹੀ। ਖੱਬੇ-ਪੱਖੀਆਂ ਦੇ ਦੋ ਜ਼ਬਰਦਸਤ ਧੜੇ ਬਣ ਗਏ। ਤੇਜਾ ਸਿੰਘ ਸੁਤੰਤਰ ਦੀ ਲਾਲ ਕਮਿਊਨਿਸਟ ਪਾਰਟੀ ਵੱਖਰੀ ਵਿਚਾਰਧਾਰਾ ਲੈ ਕੇ ਕੰਮ ਕਰਦੀ ਰਹੀ, ਪ੍ਰੰਤੂ ਫਿਰ ਸੀ.ਪੀ.ਆਈÑ. ਪਾਰਟੀ ਦੀ ਲਾਈਨ ਅਖਤਿਆਰ ਕਰ ਲਈ। ਇਸ ਆਜ਼ਾਦੀ ਨੂੰ ਜ਼ਾਅਲੀ ਆਜ਼ਾਦੀ ਕਿਹਾ ਗਿਆ। ਵਰਕਰਾਂ ਅਤੇ ਨੇਤਾਵਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ। ਸਰਕਾਰ ਨੇ ਸੀ.ਪੀ.ਆਈ ਤੇ ਪਾਬੰਦੀ ਲਗਾ ਦਿੱਤੀ ਤੇ 1951 ਵਿੱਚ ਪਾਬੰਦੀ ਹਟਾਈ ਗਈ। ਮੁਜ਼ਾਆਰਾ ਲਹਿਰ ਸਰਗਰਮੀ ਨਾਲ ਕੰਮ ਕਰਦੀ ਰਹੀ, ਜਿਸ ਕਰਕੇ ਖੱਬੇ-ਪੱਖੀਆਂ ਵਿੱਚ ਮਜ਼ਬੂਤੀ ਆਈ। ਆਜ਼ਾਦੀ ਤੋਂ ਬਾਅਦ ਪੰਜ ਸਾਲ ਖੱਬੀ ਲਹਿਰ ਨੇ ਬੜੀਆਂ ਘਾਲਣਾਵਾਂ ਘਾਲੀਆਂ, ਪ੍ਰੰਤੂ ਗੰਭੀਰ ਵਿਚਾਰਧਾਰਕ ਮੱਤਭੇਦਾਂ ਦਾ ਸਾਹਮਣਾ ਕਰਨਾ ਪਿਆ। ਅਖ਼ੀਰ ਲਾਲ ਪਾਰਟੀ ਦਾ ਰਲੇਵਾਂ ਹੋ ਗਿਆ। ਅਧਿਆਇ 3 ਵਿੱਚ ‘ਸੀ.ਪੀ.ਆਈ.ਤੇ ਲਾਲ ਪਾਰਟੀ ਦੇ ਰਲੇਵੇਂ ਤੋਂ ਬਾਅਦ’ ਦੱਸਿਆ ਗਿਆ ਕਿ ਪਾਰਟੀ ਨੇ ਦਫ਼ਤਰ ਖੋਲ੍ਹਣੇ ਤੇ ਦੋ ਅਖ਼ਬਾਰ ‘ਲੋਕ ਯੁੱਧ’ ਅਤੇ ‘ਨਯਾ ਜ਼ਮਾਨਾ’ ਪ੍ਰਕਾਸ਼ਤ ਕਰਨੇ ਸ਼ਰੂ ਕੀਤੇ, ਬਹੁਤ ਸਾਰੀਆਂ ਕਾਨਫ਼ਰੰਸਾਂ ਅਤੇ ਕਾਂਗਰਸ ਕਰਨ ਦੇ ਬਾਵਜੂਦ ਪਾਰਟੀ ਵਿੱਚ ਮਤਭੇਦ ਬਰਕਰਾਰ ਰਹੇ, ਕਿਉਂਕਿ ਲਾਲ ਪਾਰਟੀ ਦੇ ਵਿਅਕਤੀਆਂ ਨੂੰ ਅਹੁਦੇਦਾਰੀਆਂ ਦੇਣ ਵਿੱਚ ਅਣਡਿਠ ਕੀਤਾ ਜਾ ਰਿਹਾ ਸੀ। ਮੁਜ਼ਾਆਰਾ ਕਾਨੂੰਨ ਬਣਨ ਨਾਲ ਵੀ ਸਰਗਰਮੀ ਸੰਖੇਪ ਹੋ ਗਈ। ਕਾਂਗਰਸ ਪਾਰਟੀ ਨਾਲ ਵੀ ਲੁਕਣ ਮੀਟੀ ਖੇਡਦੇ ਰਹੇ। ਪ੍ਰਤਾਪ ਸਿੰਘ ਕੈਰੋਂ ਨਾਲ ਟਕਰਾਓ ਕਰਕੇ ਅਖ਼ਬਾਰਾਂ ‘ਤੇ ਸੈਂਸਰ ਲਗਾ ਦਿੱਤਾ। ਖ਼ੁਸ਼ਹੈਸੀਅਤ ਮੋਰਚਾ ਅਤੇ ਅੰਨ ਅੰਦੋਲਨ ਵਾਪਸ ਲੈ ਲਏ। 1962 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀ.ਪੀ.ਆਈ.ਨੇ 9 ਤੇ ਸ਼ੋਸ਼ਲਿਸਟਾਂ ਨੇ ਚਾਰ ਸੀਟਾਂ ਜਿੱਤੀਆਂ। ਚੌਥੇ ਅਧਿਆਇ ‘ਖੱਬੀ-ਲਹਿਰ ‘ਚ ਮੁੜ ਦੋਫੇੜ ਅਤੇ ਸੀ.ਪੀ.ਆਈ. (ਐਮ) ਦਾ ਗਠਨ’ ਵਿੱਚ ਦੱਸਿਆ ਗਿਆ ਹੈ ਕਿ ਕੇਂਦਰ ਵਿੱਚ ਪਾਰਟੀ ਦੇ ਦੋਫਾੜ ਹੋਣ ਕਰਕੇ 1 ਅਕਤੂਬਰ ਤੋਂ 4 ਅਕਤੂਬਰ 1964 ਵਿੱਚ ਲੁਧਿਆਣਾ ਵਿਖੇ ਹੋਈ ਪਹਿਲੀ ਸੂਬਾ ਕਾਨਫ਼ਰੰਸ ਵਿੱਚ ਪੰਜਾਬ ਇਕਾਈ ਦੇ ਗਠਨ ਨੂੰ ਪ੍ਰਵਾਨਗੀ ਮਿਲ ਗਈ। ਆਪਣਾ ‘ਲੋਕ ਜਮਹੂਰੀਅਤ’ ਅਖ਼ਬਾਰ ਸ਼ੁਰੂ ਕੀਤਾ, ਜੋ ਬਾਅਦ ਵਿੱਚ ‘ਲੋਕ ਲਹਿਰ’ ਬਣ ਗਿਆ। ਭਾਰਤ ਸਰਕਾਰ ਨੇ ਗਰਮ ਖਿਆਲੀਆਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ, ਕਮਿਊਨਿਸਟ ਸੋਵੀਅਤ ਸੰਘ ਅਤੇ ਚੀਨ ਦੇ ਸਮਰਥਕਾਂ ਵਿੱਚ ਵੰਡੇ ਗਏ। ਪਾਰਟੀਆਂ ਦੇ ਬਾਕੀ ਵਿੰਗ ਵੀ ਦੋਫਾੜ ਹੋ ਗਏ। ਪੰਜਾਬੀ ਸੂਬੇ ਸੰਬੰਧੀ ਸੀ.ਪੀ.ਆਈ. ਦੀ ਨੀਤੀ ਸਪੱਸ਼ਟ ਰਹੀ। ਸੀ.ਪੀ.ਆਈ. ਦੋਫਾੜ ਹੋਣ ਤੋਂ ਬਾਅਦ 1967 ਵਿੱਚ ਹੋਈਆਂ ਚੋਣਾਂ ਵਿੱਚ ਸੀ.ਪੀ.ਆਈ.9 ਅਤੇ ਸੀ.ਪੀ.ਐਮ.8 ਸੀਟਾਂ ਜਿੱਤ ਗਈਆਂ। ਦੋਹਾਂ ਦੇ ਸਮਰਥਨ ਨਾਲ ਸਾਂਝੀ ਸਰਕਾਰ ਬਣ ਗਈ, ਪ੍ਰੰਤੂ ਸਰਕਾਰ ਦੋਹਾਂ ਪਾਰਟੀਆਂ ਦੀਆਂ ਇਛਾਵਾਂ ਤੇ ਪੂਰੀ ਨਾ ਉਤਰੀ, ਸਿਰਫ 9 ਮਹੀਨੇ ਹੀ ਚਲ ਸਕੀ। ਅਧਿਆਇ 5 ‘ਨਕਸਲੀ ਲਹਿਰ ਦੀ ਸ਼ੁਰੂਆਤ’ ਵਿੱਚ ਦੱਸਿਆ ਗਿਆ ਹੈ ਕਿ ਪੱਛਵੀਂ ਬੰਗਾਲ ਦੀਆਂ ਫਰਵਰੀ 1967 ਦੀਆਂ ਵਿਧਾਨ ਸਭਾ ਚੋਣਾਂ ਨੇ ਖੱਬੀ-ਲਹਿਰ ‘ਤੇ ਬਹੁ-ਦਿਸ਼ਾਵੀ ਪ੍ਰਭਾਵ ਪਾਇਆ।
ਸਰਕਾਰ ਵਿੱਚੋਂ ਇੱਕ ਵਰਗ ਨੇ ਕ੍ਰਾਂਤੀਕਾਰੀ ਟੀਚਿਆਂ ਦੀ ਪ੍ਰਾਪਤੀ ਲਈ ਹਥਿਆਰਬੰਦ ਰਸਤਾ ਅਪਣਾਇਆ। ਜਿਸ ਕਰਕੇ ਨਕਸਲਵਾੜੀ ਪਿੰਡ ਕੋਲ ਕਿਸਾਨ ਸਭਾ ਦਾ ਸੰਮੇਲਨ ਹੋਇਆ, ਜਿਸ ਵਿਚ ਮੁਜ਼ਾਆਰਿਆਂ ਨੂੰ ਜਾਗੀਰਦਾਰਾਂ ਨੂੰ ਫਸਲਾਂ ਦਾ ਅੱਧ ਦੇਣ ਤੋਂ ਰੋਕਿਆ ਗਿਆ। ਫਿਰ ਕਲੇਸ਼ ਸ਼ੁਰੂ ਹੋਇਆ, ਹਲਵਾਹਕਾਂ ਦੇ ਇਸਤਰੀਆਂ ਦੇ ਇਕੱਠ ਤੇ ਗੋਲੀਆਂ ਚਲਾਈਆਂ ਤੇ 11 ਮਰਨ ਵਾਲਿਆਂ ਵਿੱਚ 8 ਔਰਤਾਂ ਦੋ ਬੱਚੇ ਸ਼ਾਮਲ ਸਨ। ਹਥਿਆਰਬੰਦ ਸੰਘਰਸ਼ ਸ਼ੁਰੂ ਹੋ ਗਿਆ। ਛੇਤੀ ਹੀ ਪੰਜਾਬ ਤੱਕ ਪਹੁੰਚ ਗਿਆ। ਸੀ.ਪੀ.ਆਈ. ਐਮ ਇਸਦਾ ਵਿਰੋਧ ਕਰਦੀ ਸੀ। ਸੰਗਰੂਰ, ਰੋਪੜ, ਲੁਧਿਆਣਾ ਅਤੇ ਜਲੰਧਰ ਮੋਹਰੀ ਰਹੇ। 1968 ਵਿੱਚ ਤਾਲਮੇਲ ਕਮੇਟੀ ਬਣੀ। ਜ਼ਮੀਨਾ ‘ਤੇ ਕਬਜ਼ੇ ਸ਼ੁਰੂ ਕੀਤੇ। ਸੰਗਰੂਰ ਵਿੱਚ ਬ੍ਰਗੇਡੀਅਰ ਬਲਵੰਤ ਸਿੰਘ ਦੀ ਜ਼ਮੀਨ ਤੇ ਕਬਜ਼ੇ ਸਮੇਂ ਗ੍ਰਿਫ਼ਤਾਰੀਆਂ ਹੋਈਆਂ। ਸੀ.ਪੀ.ਆਈ.ਐਮ ਐਲ ਬਣ ਗਈ। ਚਮਕੌਰ ਸਾਹਿਬ ਥਾਣੇ ‘ਤੇ ਹਮਲਾ ਕੀਤਾ ਕਈ ਜ਼ਖ਼ਮੀ ਹੋਏ। ਆਪਸੀ ਫੁੱਟ ਜੱਗ ਜ਼ਾਹਰ ਹੋਈ। ਚੀਨ ਦੀ ਸਪੋਰਟ ਸੀ। ਦਇਆ ਸਿੰਘ, ਬਾਬਾ ਹਰੀ ਸਿੰਘ ਮਰਗਿੰਦ ਅਤੇ ਬਾਬਾ ਬੂਝਾ ਸਿੰਘ ਦੀ ਮੌਤ ਨਾਲ ਮੁਹਿੰਮ ਨੂੰ ਝਟਕਾ ਲੱਗਾ। ਸੀ.ਪੀ.ਆਈ.ਐਮ.ਐਲ.ਦੀ ਪਹਿਲੀ ਕਾਂਗਰਸ ਅਪ੍ਰੈਲ 1970 ਵਿੱਚ ਹੋਈ। ਖੱਬੀਆਂ ਪਾਰਟੀਆਂ ਵਿੱਚ ਵਿਚਾਰਧਾਰਕ ਵਿਰੋਧ ਸਨ। ਪੁਲਿਸ ਭਾਰੂ ਪੈਣ ਲੱਗ ਪਈ। ਗ੍ਰਿਫ਼ਤਾਰੀਆਂ ਅਤੇ ਨਕਸਲਵਾੜੀਆਂ ਨਾਲ ਮੁਕਾਬਲਿਆਂ ਦਾ ਦੌਰ ਵੱਧ ਗਿਆ। ਕਤਲੇਆਮ ਹੋਣ ਲੱਗ ਪਏ। ਕੰਗਣੀਵਾਲ ਨੇ ਇਸ ਸਮੇਂ ਦੌਰਾਨ ਪੁਲਿਸ ਅਤੇ ਨਕਸਲਵਾੜੀਆਂ ਦੀ ਹਰ ਕਾਰਵਾਈ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ। ਸੀ.ਪੀ.ਆਈ ਵਿੱਚ ਅੰਤਰ ਵਿਰੋਧ ਰਿਹਾ। ਨਕਸਲਵਾੜੀ ਲਹਿਰ ਦਾ ਸੀ.ਪੀ.ਆਈ. ਤੇ ਸੀ.ਪੀ.ਐਮ.ਦੀ ਕਾਰਗੁਜ਼ਾਰੀ ਤੇ ਮਾੜਾ ਅਸਰ ਪਿਆ, ਕਿਉਂਕਿ ਇਨ੍ਹਾਂ ਪਾਰਟੀਆਂ ਵਿੱਚੋਂ ਹੀ ਲੋਕ ਲਹਿਰ ਨਾਲ ਜੁੜੇ ਸਨ। ਪੰਜ ਸਾਲ ਇਹ ਪਾਰਟੀਆਂ ਚੰਗੇ ਨਤੀਜੇ ਨਹੀਂ ਵਿਖਾ ਸਕੀਆਂ। ਅਧਿਆਇ 6 ‘ਅੱਠਵੇਂ ਦਹਾਕੇ ਦਾ ਨਵਾਂ ਦੌਰ’ ਵਿੱਚ ਦੱਸਿਆ ਕਿ ਇਹ ਸਮਾਂ ਸੌਖਾ ਨਹੀਂ ਸੀ। ਮੋਗਾ ਵਿਖੇ ਵਿਦਿਆਰਥੀਆਂ ਦੀ ਹੜਤਾਲ ਸਮੇਂ ਪੂਰੇ ਪੰਜਾਬ ਵਿੱਚ ਖੱਬੇ-ਪੱਖੀਆਂ ਨੂੰ ਸਰਗਰਮ ਹੋਣ ਦਾ ਮੌਕਾ ਮਿਲ ਗਿਆ, ਉਹ ਵਿਦਿਆਰਥੀ ਸੰਘਰਸ਼ ਵਿੱਚ ਕੁੱਦ ਪਏ। ਵਿਦਿਆਰਥੀਆਂ ਨਾਲ ਸਰਕਾਰ ਦਾ ਸਮਝੌਤਾ ਹੋ ਗਿਆ। ਖੱਬੇ-ਪੱਖੀ ਸਰਗਰਮ ਰਹੇ। ਐਮਰਜੈਂਸੀ ਵਿੱਚ ਜੇਲ੍ਹਾਂ ਅੰਦਰ ਡੱਕ ਦਿੱਤੇ ਗਏ। ਐਮਰਜੈਂਸੀ ਤੋਂ ਬਾਅਦ 1977 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸੀ.ਪੀ.ਆਈ.ਐਮ, ਸੀ.ਪੀ.ਆਈ ਅਤੇ ਨਕਸਲਵਾੜੀਆਂ ਨੇ ਚੋਣਾਂ ਲੜੀਆਂ। 1980 ਵਿੱੱਚ ਵੀ ਇਨ੍ਹਾਂ ਪਾਰਟੀਆਂ ਦੀ ਕਾਰਗੁਜ਼ਾਰੀ ਚੰਗੀ ਰਹੀ। ਵੋਟਾਂ ਦੀ ਫ਼ੀ ਸਦੀ ਵੀ ਵੱਧ ਗਈ। ਅਧਿਆਇ 7 ‘ਖ਼ਾਲਿਸਤਾਨੀ ਲਹਿਰ ਦੌਰਾਨ ਖੱਬੀਆਂ ਧਿਰਾਂ ਦੀ ਭੂਮਿਕਾ’ ਵਿੱਚ ਦੱਸਿਆ ਗਿਆ ਹੈ ਕਿ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਅਤੇ ਸਿੱਖਾਂ ਵਿੱਚ ਟਕਰਾਅ ਨਾਲ 13 ਸਿੱਖ ਮਾਰੇ ਜਾਣ ਤੋਂ ਬਾਅਦ ਖਾਲਿਸਤਾਨ ਦੀ ਮੁਹਿੰਮ ਨੂੰ ਬਲ ਮਿਲਿਆ। ਆਨੰਦਪੁਰ ਸਾਹਿਬ ਦਾ ਮਤਾ ਬਲਦੀ ਤੇ ਤੇਲ ਬਣਿਆਂ। ਖੱਬੀਆਂ ਪਾਰਟੀਆਂ ਖ਼ਾਲਿਸਤਾਨ ਦੇ ਵਿਰੁੱਧ ਡੱਟਕੇ ਲੜੀਆਂ। ਸਤਲੁਜ ਯਮਨਾ Çਲੰਕ ਨਹਿਰ ਦਾ ਮੋਰਚਾ ਅਕਾਲੀ ਦਲ ਨਾਲ ਰਲਕੇ ਸੀ.ਪੀ.ਆਈ ਐਮ. ਨੇ ਸ਼ੁਰੂ ਕਰ ਦਿੱਤਾ। ਦੋਹਾਂ ਪਾਰਟੀਆਂ ਦੇ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਜਦੋਂ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ, ਸੀ.ਪੀ.ਆਈ.ਐਮ ਨੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ। 1982, 83 ਵਿੱਚ ਫ਼ਿਰਕਾਪ੍ਰਸਤੀ ਦਾ ਦੌਰ ਸ਼ੁਰੂ ਹੋਇਆ, ਖੱਬੇ-ਪੱਖੀ ਇਸ ਦਾ ਵਿਰੋਧ ਕਰਦੇ ਰਹੇ। ਰਾਸ਼ਟਰਪਤੀ ਰਾਜ ਹੋ ਗਿਆ। ਕਤਲੇਆਮ ਵੱਧ ਗਿਆ, ਜਿਸਦਾ ਅਸਰ ਖੱਬੇ-ਪੱਖੀ ਪਾਰਟੀਆਂ ਤੇ ਵਧੇਰੇ ਪਿਆ। ਬਲਿਊ ਸਟਾਰ ਅਪ੍ਰੇਸ਼ਨ, ਇੰਦਰਾ ਗਾਂਧੀ ਤੇ ਫਿਰ ਸੰਤ ਲੌਂਗੋਵਾਲ ਦੀ ਹੱਤਿਆ ਹੋ ਗਈ। ਨਕਸਲੀਆਂ ਅਤੇ ਦੋਹਾਂ ਪਾਰਟੀਆਂ ਦੀ ਨਵੀਂ ਕਤਾਰਬੰਦੀ ਹੁੰਦੀ ਰਹੀ।1987, 88 ਅਤੇ 89 ਵਿੱਚ ਖੱਬੀ ਪਾਰਟੀ ਦੇ ਨੇਤਾਵਾਂ ਦਾ ਕਤਲੇਆਮ ਵੱਡੀ ਪੱਧਰ ‘ਤੇ ਹੋਇਆ, ਪ੍ਰੰਤੂ ਉਹ ਪਿੱਛੇ ਨਹੀਂ ਹਟੇ। ਨਕਸਲਵਾੜੀ ਧੜਿਆਂ ਵਿੱਚ ਉਥਲ ਪੁਥਲ ਹੋਈ ਤੇ ਵੰਡੇ ਵੀ ਗਏ। ਮੰਡਲ ਕਮਿਸ਼ਨ ਦੀ ਰਿਪੋਰਟ ਸੰਬੰਧੀ ਰਾਖਵੇਂ ਕਰਨ ਦੇ ਹੱਕ ਵਿੱਚ ਉਤਰੇ। ਜਦੋਂ ਸਾੜ ਫੂਕ ਹੋ ਗਈ ਤਾਂ ਫ਼ੈਸਲਾ ਬਦਲਣਾ ਪਿਆ। ਦਸ ਸਾਲ ਖਾਲਿਸਤਾਨੀ ਲਹਿਰ ਸਮੇਂ ਖੱਬੇ-ਪੱਖੀਆਂ ਨੇ ਡੱਟ ਕੇ ਮੁਕਾਬਲਾ ਕੀਤਾ, ਪ੍ਰੰਤੂ ਅੱਤਵਾਦ ਨੇ ਖੱਬੇ-ਪੱਖੀਆਂ ਨੂੰ ਢਾਹ ਲਾਈ। ਉਹ ਪਿੱਛੇ ਨਹੀਂ ਹਟੇ। ਅਧਿਆਇ 8 ‘ਖੱਬੀਆਂ ਧਿਰਾਂ ਅਤੇ ਸੰਸਦੀ ਪ੍ਰਣਾਲੀ’ ਕੰਗਣੀਵਾਲ ਨੇ ਦੱਸਿਆ ਹੈ ਕਿ 1952 ਦੀਆਂ ਚੋਣਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਤੇ ਲਾਲ ਕਮਿਊਨਿਸਟ ਪਾਰਟੀ ਨੇ ਹਿੱਸਾ ਲਿਆ, ਪ੍ਰੰਤੂ ਨਕਸਲਵਾੜੀ ਧੜਿਆਂ ਨੇ 1991 ਤੱਕ ਪਹੁੰਚਦਿਆਂ ਚੋਣਾਂ ਵਿੱਚ ਹਿੱਸਾ ਲੈਣਾਂ ਸ਼ੁਰੂ ਕਰ ਦਿੱਤਾ। ਪਹਿਲੀਆਂ ਲੋਕ ਸਭਾ ਚੋਣਾਂ ਵਿੱਚ ਕਮਿਊਨਿਸਟ ਇੱਕ ਵੀ ਸੀਟ ਨਾ ਜਿੱਤ ਸਕੇ। 1952 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਮੁਜ਼ਾਆਰਾ ਆਗੂ ਚੋਣ ਜਿੱਤ ਗਏ। 1954 ਦੀਆਂ ਮੱਧਕਾਲੀ ਚੋਣਾਂ ਵਿੱਚ ਦਸ ਸੀਟਾਂ ਤੇ ਚੋਣ ਲੜੀ ਤੇ ਚਾਰ ਜਿੱਤ ਲਈਆਂ। 1957 ਵਿੱਚ ਸੀ.ਪੀ.ਆਈ.ਨੇ 6 ਸੀਟਾਂ ਜਿੱਤ ਲਈਆਂ। ਐਸ.ਜੀ.ਪੀ.ਸੀ. ਦੀਆਂ ਚੋਣਾਂ ਪਹਿਲਾਂ ਅਕਾਲੀ ਦਲ ਤੇ ਫਿਰ ਕਾਂਗਰਸ ਨਾਲ ਮਿਲਕੇ ਚੋਣਾਂ ਲੜਦੇ ਰਹੇ। 1962 ਦੀ ਲੋਕ ਸਭਾ ਚੋਣਾਂ ਵਿੱਚ ਪੰਜ ਤੇ ਚੋਣ ਲੜੀ ਤੇ ਇੱਕ ਸੀਟ ਜਿੱਤੀ। 1967 ਵਿੱਚ ਇੱਕ ਵੀ ਸੀਟ ਨਾ ਜਿੱਤ ਸਕੇ। 1969 ਵਿਧਾਨ ਸਭਾ ਦੀਆਂ ਚਾਰ ਸੀਟਾਂ ਸੀ.ਪੀ.ਆਈ.ਅਤੇ ਸੀ.ਪੀ.ਆਈ ਐਮ ਨੂੰ ਦੋ ਮਿਲੀਆਂ। 1977 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਖੱਬੀਆਂ ਪਾਰਟੀਆਂ ਨੇ 15 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਸੰਸਦੀ ਪ੍ਰਣਾਲੀ ਵਿੱਚ ਹਿੱਸਾ ਲੈਣ ਤੋਂ ਬਾਅਦ ਪਾਰਟੀ ਦੀ ਕਾਰਜਸ਼ੈਲੀ ਵਿੱਚ ਵੱਡਾ ਪਰਿਵਰਤਨ ਆਇਆ। ਇਸ ਅਧਿਆਇ ਵਿੱਚ ਕੰਗਣੀਵਾਲ ਨੇ ਹਰ ਇੱਕ ਚੋਣ ਵਿੱਚ ਹਿੱਸਾ ਲੈਣ ਵਾਲੇ ਨੇਤਾਵਾਂ ਦੇ ਹਲਕਿਆਂ ਤੇ ਵੋਟਾਂ ਦੀ ਗਿਣਤੀ ਬਾਰੇ ਵੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਹੈ। ਅਧਿਆਇ 9 ‘ ਸੰਸਾਰ ਕਮਿਊਨਿਸਟ ਲਹਿਰ ਨੂੰ ਪਛਾੜ ਤੇ ਪੰਜਾਬ ਦੀ ਖੱਬੀ-ਲਹਿਰ’ ਵਿੱਚ ਸੋਵੀਅਤ ਸੰਘ ਦੇ ਢਹਿ ਢੇਰੀ ਹੋ ਜਾਣ ਦੀ ਹਰ ਘਟਨਾ ਦੇ ਸਾਰੇ ਕਾਰਨਾ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ, ਜਿਸ ਵਿੱਚ ਗੋਰਬਾਚੋਵ ਦੇ ਸੁਧਾਰ, ਪੋਲੈਂਡ ਦੀ ਤਬਦੀਲੀ, ਬਾਲਟਿਕ ਗਣਰਾਜਾਂ ਦੀ ਕਰਵਟ, ਯੇਲਸਤਾਨ ਦੀਆਂ ਸਰਗਰਮੀਆਂ, ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਵਿੱਚ ਮੱਤਭੇਦ, ਸੀ.ਪੀ.ਆਈ. ਐਮ ਦੇ 13ਵੀਂ ਸੂਬਾਈ ਕਾਨਫਰੰਸ, ਸੋਵੀਅਤ ਸੰਘ ਨੂੰ ਬਚਾਉਣ ਦੇ ਆਖਰੀ ਯਤਨ ਅਤੇ ਭਾਰਤੀ ਖੱਬੇ ਪੱਖੀਆਂ ਦੀ ਪ੍ਰਤੀਕ੍ਰਿÇਆ ਆਦਿ। ਭਾਰਤੀ ਕਮਿਊਨਿਸਟ ਪਾਰਟੀ ਨੇ ਸੋਵੀਅਤ ਸੰਘ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਇਸਦਾ ਅਧਿਐਨ ਕੀਤਾ, ਜਿਸਦੇ ਨਤੀਜਿਆਂ ਵਿੱਚ ਫਿਰਕਾਪ੍ਰਤੀ ਦੀ ਚੁਣੌਤੀ ਤੇ ਅਨੇਕਾਂ ਯੋਧਿਆਂ ਦੀਆਂ ਕੁਰਬਾਨੀਆਂ, ਸੀ.ਪੀ.ਆਈ. ਵਿੱਚ ਦੁਫੇੜ, ਨਕਸਲੀ ਲਹਿਰ ਦੀ ਅੰਦਰੂਨੀ ਜਮਹੂਰੀਅਤ ਦੀ ਅਣਹੋਂਦ, ਹਰੀ ਕ੍ਰਾਂਤੀ ਦੇ ਵਿਪਰੀਤ ਅਸਰ, ਜਾਤੀਵਾਦ ਦਾ ਨੁਕਸਾਨ, ਝੂਠੇ ਪੁਲਿਸ ਮੁਕਾਬਲੇ, ਪੰਜਾਬ ਦੀਆਂ ਸਰਕਾਰਾਂ ਉਚ ਵਰਗਾਂ ਨੂੰ ਉਭਾਰਦੀਆਂ ਰਹੀਆਂ ਅਤੇ ਮਜ਼ਦੂਰਾਂ ਵਿੱਚ ਬੈਚੈਨੀ ਆਦਿ ਨੁਕਤੇ ਸਾਹਮਣੇ ਆਏ। ਇਸ ਕਰਕੇ ਇਹ ਲਹਿਰ ਮੁੜਕੇ ਪੈਰਾਂ ‘ਤੇ ਖੜ੍ਹੀ ਨਹੀਂ ਹੋ ਸਕੀ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਕੰਗਣੀਵਾਲ ਨੇ ਬੜੀ ਬਾਰੀਕੀ ਨਾਲ ਅਧਿਐਨ ਕਰਕੇ ਲਿਖਿਆ ਹੈ, ਜੋ ਇਤਿਹਾਸ ਦਾ ਹਿੱਸਾ ਬਣੇਗਾ।
705 ਪੰਨਿਆਂ, 995 ਰੁਪਏ ਕੀਮਤ ਵਾਲੀ ਇਹ ਵੱਡ ਆਕਾਰੀ ਪੁਸਤਕ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਸਰਬਜੀਤ ਕੰਗਣੀਵਾਲ :9780036118
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਅਲਫ਼ਾਜ਼ ਦਾ ‘ਛਲਾਵਿਆਂ ਦੀ ਰੁੱਤ’ ਕਹਾਣੀ-ਸੰਗ੍ਰਹਿ ਆਧੁਨਿਕ ਤਕਨੀਕ ਦਾ ਸ਼ੀਸ਼ਾ - ਉਜਾਗਰ ਸਿੰਘ
ਅਲਫ਼ਾਜ਼ ਦੀਆਂ ਕਹਾਣੀਆਂ ਆਧੁਨਿਕ ਯੁਗ ਵਿੱਚ ਨਵੇਂ ਦੌਰ ਦੇ ਹੋ ਰਹੇ ਵਰਤਾਰਿਆਂ ਦਾ ਪ੍ਰਗਟਾਵਾ ਕਰਦੀਆਂ ਹਨ। ਸਮਾਂ ਬਹੁਤ ਤੇਜੀ ਨਾਲ ਬਦਲ ਰਿਹਾ ਹੈ, ਇਸ ਤੇਜੀ ਨੂੰ ਵਿਕਾਸ/ਵਿਨਾਸ਼ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ। ਇਸ ਕਹਾਣੀ-ਸੰਗ੍ਰਹਿ ਵਿੱਚ ਗਿਆਰਾਂ ਲੰਬੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵੀ ਵਿਕੋਲਿਤਰੇ ਹਨ, ਜਿਵੇਂ ਇੰਟਨੈਟ/ਮੋਬਾਈਲ/ਸ਼ੋਸ਼ਲ ਮੀਡੀਅ ਦੀ ਅਣਕਿਆਸੀ ਵਰਤੋਂ, ਸਮÇਲੰਗੀ ਵਿਆਹ, ਮਹੰਤਾਂ ਦੀ ਤ੍ਰਾਸਦੀ, ਹਾਰਮੋਨ ਦੀ ਤਬਦੀਲੀ, ਐਕਸੀਡੈਂਟਾਂ ਦੀਆਂ ਦੁਰਘਟਨਾਵਾਂ, ਨਸ਼ਿਆਂ ਦਾ ਪ੍ਰਕੋਪ, ਅੰਗਹੀਣਾਂ ਨਾਲ ਦੁਰਵਿਵਹਾਰ, ਕਰੋਨਾ ਕਾਲ ਦਾ ਸੰਤਾਪ, ਮਾਪਿਆਂ ਦੀ ਅਣਵੇਖੀ, ਪਰਵਾਸ ਦਾ ਹੇਜ ਤੇ ਜਦੋਜਹਿਦ ਅਤੇ ਸ਼ਹਿਰੀ ਤੇ ਦਿਹਾਤੀ ਸਭਿਆਚਾਰ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦੇ ਹਨ। ਇਨ੍ਹਾਂ ਵਿੱਚ ਦਿਲਚਸਪੀ ਬਰਕਰਾਰ ਰਹਿੰਦੀ ਹੈ, ਭਾਸ਼ਾ ਅਤੇ ਸ਼ਬਦਾਵਲੀ ਠੇਠ ਹੈ ਅਤੇ ਕਹਾਣੀਆਂ ਦੇ ਨਾਮ ਵੀ ਵਿਲੱਖਣ ਹਨ। ਪਹਿਲੀ ਕਹਾਣੀ ‘ਡੋਪਾਮਾਈਨ’ ਸਿਰਲੇਖ ਵਾਲੀ ਹੈ, ਜਿਸ ਵਿੱਚ ਚਿੱਟੇ ਦੇ ਨਾਲੋਂ ਵੀ ਇੰਟਰਨੈਟ ਦਾ ਨਸ਼ਾ ਖ਼ਤਰਨਾਕ ਵਿਖਾਇਆ ਗਿਆ ਹੈ। ਜਿਵੇਂ ਚਿੱਟੇ ਦੇ ਨਸ਼ੇ ਦੀ ਪੰਜਾਬ ਵਿੱਚ ਭਰਮਾਰ ਹੈ, ਬਿਲਕੁਲ ਇਸੇ ਤਰ੍ਹਾਂ ਇੰਟਰਨੈਟ/ਮੋਬਾਈਲ ਦਾ ਨਸ਼ਾ ਲਾਗ ਦੀ ਬੀਮਾਰੀ ਦੀ ਤਰ੍ਹਾਂ ਪੰਜਾਬ ਵਿੱਚ ਫ਼ੈਲਿਆ ਹੋਇਆ ਹੈ। ਲਗਪਗ ਹਰ ਪਰਿਵਾਰ ਦੇ ਸਾਰੇ ਮੈਂਬਰ ਹੀ ਮੋਬਾਈਲ ਨੂੰ ਚਿੰਬੜੇ ਰਹਿੰਦੇ ਹਨ। ਕਹਾਣੀਕਾਰ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਇੰਟਨਰਨੈਟ ਦੇ ਬਹੁਤ ਲਾਭ ਹਨ, ਪ੍ਰੰਤੂ ਨੁਕਸਾਨ ਵੀ ਘੱਟ ਨਹੀਂ ਹਨ। ਜਿਹੜਾ ਵਿਅਕਤੀ ਇੱਕ ਵਾਰ ਮੋਬਾਈਲ ਦੇ ਨਸ਼ੇ ਦਾ ਆਦੀ ਹੋ ਜਾਵੇ ਮੁੜਕੇ ਉਹ ਇਸ ਤੋਂ ਖਹਿੜਾ ਨਹੀਂ ਛੁਡਵਾ ਸਕਦਾ, ਕਿਉਂਕਿ ਇਸਦਾ ਚਸਕਾ ਬਹੁਤ ਬੁਰਾ ਹੈ। ਜੇ ਇੰਟਰ ਨੈਟ ਬੰਦ ਹੋ ਜਾਵੇ ਤਾਂ ਇਉਂ ਲੱਗਣ ਲੱਗਦਾ ਹੈ, ਜਿਵੇਂ ਸਾਰਾ ਸੰਸਾਰ ਹੀ ਖੜ੍ਹ ਗਿਆ ਹੈ। ਭਾਵ ਜੀਵਨ ਇਸਦੇ ਨਾਲ ਹੀ ਚਲਦਾ ਹੈ। ਇਨਸਾਨ ਦਾ ਮੋਬਾਈਲ ਵਿਚਲੇ ਇੰਟਰਨੈਟ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਹੁੰਦਾ। ਹਰ ਚੰਗੀ ਤੇ ਮਾੜੀ ਤਾਜ਼ਾ ਤਰੀਨ ਜਾਣਕਾਰੀ ਇਸਤੋਂ ਮਿਲ ਜਾਂਦੀ ਹੈ। ਉਸਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ, ਬੰਦਾ ਚਿੜਚਿੜਾ ਹੋ ਜਾਂਦਾ ਹੈ। ਇੰਟਰਨੈਟ/ਮੋਬਾਈਲ ਨੇ ਇਨਸਾਨ ਨੂੰ ਗੁਲਾਮ ਬਣਾ ਲਿਆ ਹੈ। ਇੰਟਰਨੈਟ ਸਮਾਜਿਕ ਰਿਸ਼ਤਿਆਂ ਨੂੰ ਖ਼ਤਮ ਕਰ ਰਿਹਾ ਹੈ। ਗੰਦ-ਮੰਦ ਬਹੁਤ ਹੈ। ਨਜ਼ਾਇਜ ਰਿਸ਼ਤਿਆਂ ਨੂੰ ਜਨਮ ਦਿੰਦਾ ਹੈ। ਝੂਠ ਬਹੁਤ ਜ਼ਿਆਦਾ ਪ੍ਰੋਸਿਆ ਜਾਂਦਾ ਹੈ, ਜਿਵੇਂ ਮਰਜ਼ੀ ਕਿਸੇ ‘ਤੇ ਚਿਕੜ ਸੁੱਟੀ ਜਾਵੋ, ਕੋਈ ਜਵਾਬਦੇਹੀ ਨਹੀਂ। ਦੂਜੀ ਕਹਾਣੀ ‘ਬੱਜੋਰੱਤਾ’ ਵੀ ਸਮਾਜਿਕ ਬੇਇਨਸਾਫ਼ੀ ਦੀ ਜਾਣਕਾਰੀ ਦਿੰਦੀ ਹੈ, ਕਿਉਂਕਿ ਜੇਕਰ ਕਿਸੇ ਇਨਸਾਨ ਵਿੱਚ ਮਾੜਾ ਮੋਟਾ ਨੁਕਸ ਹੋਵੇ ਤਾਂ ਉਸ ਨਾਲ ਅਜਿਹੇ ਸ਼ਬਦ ਜੋੜ ਦਿੰਦਾ ਹੈ, ਜਿਹੜੇ ਇਨਸਾਨ ਵਿੱਚ ਹੀਣਤਾ ਪੈਦਾ ਕਰਦੇ ਹਨ। ਭਾਵੇਂ ਉਹ ਵਿਅਕਤੀ ਕਿਤਨਾ ਵੀ ਕਾਬਲ ਹੋਵੇ, ਪ੍ਰੰਤੂ ਸਮਾਜ ਸੰਬੋਧਨ ਕਰਨ ਲੱਗਿਆਂ ਉਸਦੇ ਨੁਕਸ ਨੂੰ ਪ੍ਰਮੁੱਖਤਾ ਨਾਲ ਜੋੜੇਗਾ। ਇਹ ਕਹਾਣੀ ਸਮਾਜ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। ਸਮਾਜ ਕਿਸੇ ਨੂੰ ਸੁਖੀ ਜ਼ਿੰਦਗੀ ਜੀਣ ਨਹੀਂ ਦਿੰਦਾ। ਛੋਟੇ ਜਿਹੇ ਨੁਕਸ ਨਾਲ ਹੀ ਇਨਸਾਨ ਨੂੰ ਵਿਚਾਰਾ ਬਣਾ ਦਿੱਤਾ ਜਾਂਦਾ ਹੈ। ਉਸਦੀ ਕਾਬਲੀਅਤ ਦਾ ਮੁੱਲ ਨਹੀਂ ਪੈਂਦਾ। ਹਰ ਖੇਤਰ ਵਿੱਚ ਬੇਇਨਸਾਫ਼ੀ ਹੁੰਦੀ ਹੈ। ਇਹ ਕਹਾਣੀ ਪੰਜਾਬੀਆਂ ਦੀ ਗੱਡੀਆਂ ਚਲਾਉਣ ਵਿੱਚ ਵਰਤੀ ਜਾਂਦੀ ਅਣਗਹਿਲੀ/ਲਾਪ੍ਰਵਾਹੀ ਬਾਰੇ ਵੀ ਚਿੰਤਾ ਪ੍ਰਗਟ ਕਰਦੀ ਹੈ, ਜਿਸ ਕਰਕੇ ਘਾਤਕ ਐਕਸੀਡੈਂਟ ਹੁੰਦੇ ਹਨ। ਸੜਕੀ ਤਾਣਾ-ਬਾਣਾ ਵੀ ਚੰਗਾ ਨਹੀਂ ਹੈ। ਤੀਜੀ ਕਹਾਣੀ ‘ਸੱਤ ਦਿਨ ਦੀ ਕੈਦ’ ਵਿੱਚ ਕਰੋਨਾ ਸਮੇਂ ਦੌਰਾਨ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ, ਜ਼ਿਆਦੀਆਂ, ਮੁਸ਼ਕਲਾਂ, ਡਾਕਟਰਾਂ ਦੀ ਅਣਗਹਿਲੀ, ਵਹਿਮ-ਭਰਮ, ਕਾਰੋਪੋਰਟਾਂ ਨੂੰ ਲਾਭ ਪਹੁੰਚਾਉਣ, ਹਸਪਤਾਲ ਵਿਓਪਾਰਕ ਅਦਾਰੇ, ਹਸਪਤਾਲਾਂ ਵਿਚ ਮਰੀਜ਼ਾਂ ਦੀ ਨਿਰਾਦਰੀ, ਰਿਸ਼ਤਿਆਂ ਵਿੱਚ ਗਿਰਾਵਟ, ਆਪਣੇ ਪਰਾਏ ਹੋ ਗਏ, ਸਰੀਰਕ ਨਾਲੋਂ ਮਾਨਸਿਕ ਤਕਲੀਫ਼ ਜ਼ਿਆਦਾ ਅਤੇ ਸਾਈਬਰ ਕਰਾਈਮ ਆਦਿ ਬੁਰੇ ਪ੍ਰਭਾਵ ਸਨ, ਪ੍ਰੰਤੂ ਵਾਤਾਵਰਨ ਦਾ ਸਾਫ਼ ਸੁਥਰਾ ਰਹਿਣਾ ਅਤੇ ਲੋਕਾਂ ਵੱਲੋਂ ਮਾਨਵਤਾ ਦੀ ਨਿਰਸਵਾਰਥ ਸੇਵਾ ਕਰਨੀ ਸ਼ੁਭ ਸ਼ਗਨ ਸੀ। ਚੌਥੀ ਕਹਾਣੀ ‘ਗਾਰਡੀਅਨ ਏਂਜਲ’ ਸ਼ਹਿਰੀ ਜੀਵਨ ਵਿਚਲੇ ਵੱਡੇ ਕਾਰਬਾਰੀਆਂ ਦੀਆਂ ਕਰਤੂਤਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੀ ਹੈ। ਕਿਸ ਪ੍ਰਕਾਰ ਹਵਸ਼ ਦੇ ਸ਼ਿਕਾਰ ਵੱਡੇ ਕਾਰਬਾਰੀ ਖ਼ੂਬਸੂਰਤ ਪਤਨੀਆਂ ਹੋਣ ਦੇ ਬਾਵਜੂਦ ਅਜਿਹੀਆਂ ਦੁਰਾਚਾਰੀਆਂ ਦਾ ਸ਼ਿਕਾਰ ਹੋ ਕੇ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਤਬਾਹ ਕਰਦੇ ਹਨ। ਉਨ੍ਹਾ ਦਾ ਹਸ਼ਰ ਵੀ ਕਈ ਵਾਰੀ ਸਿੰਗਲੇ ਦੀ ਤਰ੍ਹਾਂ ਮੌਤ ਹੀ ਹੁੰਦਾ ਹੈ, ਜੈ ਸਿੰਗਲੇ ਦੇ ਕਤਲੇਆਮ ਤੋਂ ਬਾਅਦ ਵੀ ਪਿੱਛੇ ਨਹੀਂ ਹੱਟਦਾ। ਸ਼ਹਿਰੀ ਮੀਨੂੰ ਅਤੇ ਰੀਤ ਵਰਗੀਆਂ ਲੜਕੀਆਂ ਵੀ ਮਾਪਿਆਂ ਨੂੰ ਧੋਖੇ ਵਿੱਚ ਰੱਖਕੇ ਅਯਾਸ਼ੀ ਕਰਦੀਆਂ ਹਨ। ਪੰਜਵੀਂ ਕਹਾਣੀ ‘ਸਟੋਨ ਬੱਚ’ ਸਮÇਲੰਗੀ ਵਿਆਹ/ਮਹੰਤਾਂ ਦੀ ਤ੍ਰਾਸਦੀ ਅਤੇ ਹਰਮੋਨ ਦੀ ਤਬਦੀਲੀ ਦੇ ਪ੍ਰਭਾਵਾਂ ਦਾ ਪ੍ਰਗਟਾਵਾ ਕਰਦੀ ਹੈ। ਸਮਾਜਿਕ ਪ੍ਰਵਾਨਗੀ ਤੋਂ ਬਿਨਾਂ ਵੀ ਇਹ ਲੋਕ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਓਣ ਨੂੰ ਤਰਜੀਹ ਦਿੰਦੇ ਹਨ, ਭਾਵੇਂ ਸਮਾਜ ਉਨ੍ਹਾਂ ਬਾਰੇ ਜੋ ਮਰਜ਼ੀ ਦ੍ਰਿਸ਼ਟੀਕੋਣ ਅਪਣਾਉਂਦਾ ਰਹੇ। ‘ਫੈਂਟੈਸੀ’, ‘ਜਿਗੋਲੋ’ ਅਤੇ ‘ਸਟਰੇਂਜਰ’ ਕਹਾਣੀਆਂ, ਜਿਨ੍ਹਾਂ ਵਿੱਚ ਅੱਲ੍ਹੜ੍ਹ ਲੜਕੇ ਤੇ ਲੜਕੀਆਂ ਪਰਵਾਸ ਦੇ ਸਬਜਬਾਗ ਵਿੱਚ ਚੁੰਧਿਆਕੇ ਗ਼ਲਤ ਰਸਤੇ ਅਖ਼ਤਿਆਰ ਕਰ ਲੈਂਦੇ ਹਨ। ਇਹ ਵਿਦਿਆਰਥੀ ਆਪਣੇ ਮਾਪਿਆਂ ਅਤੇ ਹੋਰ ਸੰਬੰਧੀਆਂ ਨੂੰ ਵੀ ਧੋਖੇ ਦਿੰਦੇ ਹੋਏ ਖਰਮਸਤੀਆਂ ਕਰਦੇ ਰਹਿੰਦੇ ਹਨ, ਜਿਸਦੇ ਨਤੀਜੇ ਘਾਤਕ ਨਿਕਲਦੇ ਹਨ। ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕਰਦੇ। ਉਹ ਦੋਹਰੇ ਕਿਰਦਾਰ ਵਾਲੀ ਜ਼ਿੰਦਗੀ ਜਿਉਂਦੇ ਹੋਏ ਹਰ ਸਟੈਪ ‘ਤੇ ਧੋਖੇ ਵਿੱਚ ਗ੍ਰਸਤ ਰਹਿੰਦੇ ਹਨ। ਭਾਵੇਂ ਉਨ੍ਹਾਂ ਦੀ ਪਰਵਾਸ ਦੀ ਜ਼ਿੰਦਗੀ ਜਦੋਜਹਿਦ ਵਾਲੀ ਹੈ, ਪ੍ਰੰਤੂ ਫ਼ੀਸਾਂ ਪੂਰੀਆਂ ਕਰਨ ਅਤੇ ਪਿੱਛੇ ਘਰਾਂ ਵਿੱਚ ਪੈਸੇ ਭੇਜਣ ਕਰਕੇ ਨਸ਼ਿਆਂ ਅਤੇ ਹਮਬਿਸਤਰ ਦੀਆਂ ਮਾੜੀਆਂ ਰਹਿਮਤਾਂ ਵਿੱਚ ਪੈ ਜਾਂਦੇ ਹਨ, ਫਿਰ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਕਈ ਵਾਰ ਮਾਪੇ ਐਸੇ ਅਣਜੋੜ ਵਿਆਹ ਕਰਦੇ ਹਨ, ਜਿਸ ਨਾਲ ਲੜਕੀਆਂ ਵਿੱਚ ਅਸੰਤੁਸ਼ਟਤਾ ਪੈਦਾ ਹੋ ਜਾਂਦੀ ਹੈ ਤੇ ਫਿਰ ਗ਼ਲਤ ਰਾਹ ਤੁਰ ਪੈਂਦੀਆਂ ਹਨ। ਕਲੱਬ ਕਲਚਰ ਵਿੱਚ ਸ਼ਰਾਬ ਕਬਾਬ ਆਮ ਚਲਦਾ ਹੈ। ਜਣਾ ਖਣਾ ਚੰਗੀਆਂ ਨੌਕਰੀਆਂ ਛੱਡਕੇ ਵੀ ਪਰਵਾਸ ਨੂੰ ਭੱਜਦਾ ਹੈ, ਬੰਦਾ ਮਸ਼ੀਨੀ ਬਣ ਜਾਂਦਾ, ਰਿਸ਼ਤੇ ਖ਼ਤਮ, ਬਜ਼ੁਰਗਾਂ ਲਈ ਓਲਡ ਏਜ ਹੋਮ, ਨੂੰਹਾਂ ਦਾ ਮਾੜਾ ਵਿਵਹਾਰ, ਦਰਦ ਵੰਡਾਉਣ ਵਾਲਾ ਕੋਈ ਨਹੀਂ ਹੁੰਦਾ ਅਤੇ ਸਭਿਆਚਾਰ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆਦਿ ਗੁੰਝਲਦਾਰ ਸਮੱਸਿਆਵਾਂ ਹਨ। ‘ਮਰਡਰ’ ਕਹਾਣੀ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਕੋਪ, ਭਰਿਸ਼ਟਾਚਾਰ ਅਤੇ ਸਿਆਸਤਦਾਨਾ ਦੇ ਲਾਰਿਆਂ ਦਾ ਪਰਦਾ ਫਾਸ਼ ਕਰਦੀ ਹੈ। ਡੇਰਾਵਾਦ ਨੇ ਵੀ ਨਸ਼ੇ ਨੂੰ ਫ਼ੈਲਾਉਣ ਵਿੱਚ ਯੋਗਦਾਨ ਪਾਇਆ ਹੈ, ਪੁਲਿਸ ਦੀ ਕਾਰਗੁਜ਼ਾਰੀ ਬਦ ਤੋਂ ਬਦਤਰ ਵਿਖਾਈ ਗਈ ਹੈ। ‘ਯੂ-ਟਰਨ’ ਕਹਾਣੀ ਅੱਲ੍ਹੜ੍ਹ ਉਮਰ ਦੀਆਂ ਦੋਸਤੀਆਂ ਅਤੇ ਸ਼ੋਸ਼ਲ ਮੀਡੀਆਂ ਵਿਆਹਿਆਂ ਵਰਿਆਂ ਦੇ ਵਰਤਣ ਦੇ ਨੁਕਸਾਨ ਦਰਸਾਉਂਦੀ ਕਹਾਣੀ ਹੈ। ਇਹ ਕਾਰਵਾਈਆਂ ਇਨਸਾਨ ਦੇ ਦਿਲ ਰੂਪੀ ਸਮੁੰਦਰਾਂ ਦੇ ਪਾਣੀਆਂ ਵਿੱਚ ਹਲਚਲ ਪੈਦਾ ਕਰਨ ਦਾ ਵਿਵਰਣ ਦਿੰਦੀ ਹੈ। ‘ਵਰਲਡ ਆਰਡਰ’ ਕਹਾਣੀ ਬੜੀ ਸੰਵੇਦਨਸ਼ੀਲ ਵਿਸ਼ਿਆਂ ਬਾਰੇ ਹੈ, ਜਿਸਨੂੰ ਅੱਗੇ ਅੱਠ ਹਿੱਸਿਆਂ ਵਿੱਚ ਵੰਡਿਆ ਹੈ। ਇੱਕ-ਇੱਕ ਹਿੱਸੇ ਵਿੱਚ ਕਈ-ਕਈ ਗੰਭੀਰ ਨੁਕਤੇ ਉਠਾਏ ਗਏ ਹਨ, ਜਿਹੜੇ ਰਾਜਾਂ, ਦੇਸ਼ਾਂ ਅਤੇ ਸੰਸਾਰ ਦੇ ਫ਼ੈਸਲਿਆਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਜੁਗਲਬੰਦੀ ਦਾ ਪ੍ਰਗਟਾਵਾ ਕਰਦੇ ਹਨ। ਹਰ ਨੁਕਤੇ ਦਾ ਸੰਬੰਧ ਉਪਰੋਂ ਕਹਿਕੇ ਜ਼ਬਰਦਸਤੀ ਠੋਕਿਆ ਜਾਂਦਾ ਵਿਖਾਇਆ ਗਿਆ ਹੈ। ਭਾਵ ਇੱਕ ਕੇਂਦਰੀ ਸ਼ਕਤੀਸ਼ਾਲੀ ਏਜੰਸੀ ਹੈ, ਜਿਹੜੀ ਮਨਮਰਜ਼ੀ ਨਾਲ ਫ਼ੈਸਲੇ ਲਾਗੂ ਕਰਕੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਰਹੀ ਹੈ। ਸੰਸਾਰ ਵਿੱਚ ਸਮੇਂ ਅਨੁਸਾਰ ਵਿਲੱਖਣ ਤਬਦੀਲੀ ਆ ਰਹੀ ਹੈ। ਆਪਣੇ ਵਿਸਾਰੇ ਜਾ ਰਹੇ ਹਨ, ਵਿਗਾਨਿਆਂ ਨੂੰ ਅਪਣਾਇਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪੂਰੇ ਕਹਾਣੀ-ਸੰਗ੍ਰਹਿ ਦਾ ਸਾਰੰਸ਼ ਇਸ ਕਹਾਣੀ ਵਿੱਚ ਸਮਿਲਤ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਲਫ਼ਾਜ਼ ਦਾ ਇਹ ਕਹਾਣੀ ਸੰਗ੍ਰਹਿ ਨਵੀਂ ਪ੍ਰਿਤ ਪਾਉਣ ਵਾਲਾ ਸਮਾਜ ਦਾ ਸ਼ੀਸ਼ਾ ਹੈ। ਭਵਿਖ ਵਿੱਚ ਕਹਾਣੀਕਾਰ ਤੋਂ ਹੋਰ ਵਧੀਆਂ ਕਹਾਣੀ-ਸੰਗ੍ਰਹਿ ਦੀ ਆਸ ਕੀਤੀ ਜਾ ਸਕਦੀ ਹੈ। ਇਹ ਕਹਾਣੀ-ਸੰਗ੍ਰਹਿ ਦਿਹਾਤੀ ਤੇ ਸ਼ਹਿਰੀ ਸਭਿਅਚਾਰ ਦਾ ਪੁਲੰਦਾ; ਹੈ, ਜਿਸਦੀ ਬੋਲੀ ਤੇ ਸ਼ਬਦਾਵਲੀ ਦੇ ਕਈ ਸ਼ਬਦ ਅਜਿਹੇ ਹਨ, ਜਿਹੜੇ ਆਮ ਤੌਰ ‘ਤੇ ਲੋਕ ਬਿਨਾ ਸੋਚੇ ਸਮਝੇ ਅਚਾਨਕ ਕਹਿ ਜਾਂਦੇ ਹਨ। ਕਈ ਵਾਰੀ ਇਹ ਸ਼ਬਦ ਅਖਰਦੇ ਹਨ, ਇਉਂ ਲੱਗਦਾ ਹੈ ਕਿ ਪਾਤਰ ਗਾਲ ਕੱਢ ਰਿਹਾ ਹੈ। ਵੈਸੇ ਪਿੰਡਾਂ ਵਿੱਚ ਆਮ ਵਰਤੇ ਜਾਂਦੇ ਹਨ। ਦਿਹਾਤੀ ਸਭਿਅਚਾਰ ਦਾ ਹਿੱਸਾ ਹਨ।
160 ਪੰਨਿਆਂ, 250 ਰੁਪਏ ਕੀਮਤ ਵਾਲਾ ਇਹ ਕਹਾਣੀ-ਸੰਗ੍ਰਹਿ ਕੁਕਨਸ ਪ੍ਰਕਾਸ਼ਨ ਜਲੰਧਰ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ: ਅਲਫ਼ਾਜ਼ : 9888408383
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
24 ਫਰਵਰੀ 103ਵੇਂ ਜਨਮ ਦਿਵਸ ‘ਤੇ : ਪੰਜਾਬੀ ਪੱਤਰਕਾਰੀ ਦੇ ਪਿਤਾਮਾ : ਗਿਆਨੀ ਗੁਰਦਿਤ ਸਿੰਘ - ਉਜਾਗਰ ਸਿੰਘ
ਗਿਆਨ ਅਤੇ ਸੂਚਨਾ ਤੇ ਸਿਆਣਪ ਅਤੇ ਵਿਦਵਤਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਅੱਜ ਕਲ੍ਹ ਦੇ ਸੂਚਨਾ ਯੁਗ ਵਿੱਚ ਸੂਚਨਾ ਨੂੰ ਹੀ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ, ਅਰਥਾਤ ਸੂਚਨਾ ਨੂੰ ਗਿਆਨ ਸਮਝ ਲਿਆ ਜਾਂਦਾ ਹੈ। ਆਮ ਲੋਕ ਵਧੇਰੇ ਸੂਚਨਾ ਵਾਲੇ ਵਿਅਕਤੀ ਨੂੰ ਹੀ ਸੂਝਵਾਨ ਸਮਝਦੇ ਹਨ, ਜਦੋਂ ਕਿ ਗਿਆਨਵਾਨ ਤੇ ਵਿਦਵਤਾ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ। ਸੂਚਨਾ ਸਿਰਫ ਪੇਤਲੀ ਜਿਹੀ ਜਾਣਕਾਰੀ ਹੁੰਦੀ ਹੈ, ਗਿਆਨ ਤੇ ਵਿਦਵਤਾ ਹਰ ਗੱਲ ਦੀ ਤਹਿ ਤੱਕ ਤੱਥਾਂ ਤੇ ਸਬੂਤਾਂ ਸਮੇਤ ਠੋਸ ਵਿਗਿਆਨਕ ਆਧਾਰ ਵਾਲੀ ਹੁੰਦੀ ਹੈ, ਜਿਸ ‘ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ। ਗਿਆਨੀ ਗੁਰਦਿੱਤ ਸਿੰਘ ਭਾਵੇਂ ਸਿਰਫ਼ ਗਿਆਨੀ ਪਾਸ ਘੱਟ ਪੜ੍ਹੇ ਲਿਖੇ ਸਨ, ਪ੍ਰੰਤੂ ਉਹ ਗਿਆਨਵਾਨ ਵਿਦਵਾਨ ਸਨ। ਗਿਆਨ ਦਾ ਸਮੁੰਦਰ ਸਨ, ਉਨ੍ਹਾਂ ਕੋਲ ਗਿਆਨ ਦਾ ਅਥਾਹ ਭੰਡਾਰ ਸੀ। ਇਸ ਕਰਕੇ ਉਨ੍ਹਾਂ ਨੂੰ ਪੰਜਾਬੀ ਦੇ ਸਿਰਮੌਰ ਤੇ ਨਾਮਵਰ ਵਿਦਵਾਨ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖ ਧਰਮ, ਸਾਹਿਤ, ਖੋਜ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਸਮਰਪਤ ਕਰ ਦਿੱਤੀ ਸੀ। ਉਹ ਬਹੁ-ਪੱਖੀ, ਬਹੁ-ਮੰਤਵੀ ਅਤੇ ਬਹੁ-ਦਿਸ਼ਾਵੀ ਸਾਹਿਤ ਦੀ ਰਚਨਾ ਕਰਦੇ ਸਨ। ਉਨ੍ਹਾਂ ਦੀ ਵਿਦਵਤਾ ਦੀ ਛਾਪ ਸਿੱਖ ਵਿਚਾਰਧਾਰਾ ਦੀ ਪ੍ਰਮਾਣੀਕ ਵਿਆਖਿਆ ਅਤੇ ਸੰਕਲਨ ਤੋਂ ਸਪੱਸ਼ਟ ਹੁੰਦੀ ਹੈ। ਉਨ੍ਹਾਂ ਨੇ ਸਿੱਖ ਵਿਚਾਰਧਾਰਾ ਦੀਆਂ ਬਾਰੀਕੀਆਂ ਨੂੰ ਬੜੀ ਨੀਝ ਨਾਲ ਵਾਚਿਆ ਅਤੇ ਉਨ੍ਹਾਂ ਦੀ ਦ੍ਰਿਸ਼ਟਾਂਤਿਕ ਖੋਜ ਕਰਕੇ ਸਿੱਖ ਜਗਤ ਦੀ ਝੋਲੀ ਪਾਈ। ਉਨ੍ਹਾਂ ਨੂੰ ਸਿੱਖ ਧਰਮ ਦਾ ਖੋਜੀ ਵਿਦਵਾਨ ਕਿਹਾ ਜਾਂਦਾ ਸੀ। ਗਿਆਨੀ ਗੁਰਦਿਤ ਸਿੰਘ ਨੇ ਆਪਣਾ ਕੈਰੀਅਰ ਮਹਿਜ 24 ਸਾਲ ਦੀ ਉਮਰ ਵਿੱਚ ਪੱਤਰਕਾਰੀ ਵਿੱਚ ਸ਼ੁਰੂ ਕੀਤਾ ਸੀ। ਉਹ ਉਚ ਕੋਟੀ ਦੇ ਨਿੱਡਰ ਪੱਤਰਕਾਰ ਤੇ ਸੰਪਾਦਕ ਸਨ।
ਗਿਆਨੀ ਗੁਰਦਿਤ ਸਿੰਘ ਦੀ ਪੱਤਰਕਾਰੀ ਪ੍ਰਤੀ ਆਪਣੀ ਲਗਨ ਸਦਕਾ 1947 ਵਿੱਚ ਪਟਿਆਲਾ ਤੋਂ ਰੋਜ਼ਾਨਾ ਪੰਜਾਬੀ ਅਖ਼ਬਾਰ ‘ਪ੍ਰਕਾਸ਼’ ਸ਼ੁਰੂ ਕੀਤਾ। ਉਹ ਖੁਦ ਇਸ ਅਖ਼ਬਾਰ ਦੇ ਮਾਲਕ ਤੇ ਮੁੱਖ ਸੰਪਾਦਕ ਸੀ। ਇਸ ਰੋਜ਼ਾਨਾ ਅਖ਼ਬਾਰ ਵਿੱਚ ਉਸ ਸਮੇਂ ਦੇ ਪ੍ਰਮੁੱਖ ਲਿਖਾਰੀ, ਜਿਵੇਂ ਕਿ ਪ੍ਰੋ.ਤੇਜਾ ਸਿੰਘ, ਡਾ.ਪ੍ਰੀਤਮ ਸਿੰਘ ਅਤੇ ਡਾ.ਗੰਡਾ ਸਿੰਘ ਲੇਖ ਲਿਖਦੇ ਸਨ। ਵੱਖ-ਵੱਖ ਸਮਿਆਂ ‘ਤੇ ਸੂਬਾ ਸਿੰਘ, ਅਵਤਾਰ ਸਿੰਘ ਗ਼ੈਰਤ ਅਤੇ ਹਰਦੀਪ ਸਿੰਘ ਸਾਹਨੀ ਵਰਗੇ ਲਿਖਾਰੀਆਂ ਨੇ ਵੀ ‘ਪ੍ਰਕਾਸ਼’ ਵਿਚ ਕੰਮ ਕੀਤਾ। ਇਹ ਅਖ਼ਬਾਰ 1961 ਤੱਕ ਰੋਜ਼ਾਨਾ ਅਤੇ ਉਸਤੋਂ ਬਾਅਦ 1978 ਤੱਕ ਹਫ਼ਤਾਵਾਰੀ ਛਪਦਾ ਰਿਹਾ। ਉਨ੍ਹਾਂ ਦੀ ਪੁਸਤਕ ‘ਮੇਰਾ ਪਿੰਡ’ ਅੱਜ ਵੀ ਸ਼ਾਹਕਾਰ ਮੰਨੀ ਜਾਂਦੀ ਹੈ। ਇਸ ਪੁਸਤਕ ਵਿੱਚ ਪਿੰਡਾਂ ਦੀ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਪੰਜਾਬੀ ਰਵਾਇਤਾਂ, ਰਸਮੋ ਰਿਵਾਜ਼ ਅਤੇ ਸਿੱਖ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ। ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ ਅਥਾਹ ਪਿਆਰ ਸੀ, ਇਸ ਕਰਕੇ ਉਹ ਹਮੇਸ਼ਾ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਰਹਿੰਦੇ ਸਨ। ਗਿਆਨੀ ਗੁਰਦਿੱਤ ਸਿੰਘ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੇਂਡੂ ਰਹਿਣੀ-ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕਰਨ ਵਾਲੇ ਬੁੱਧੀਜੀਵੀ ਤੇ ਵਿਦਵਾਨ ਲੇਖਕ ਸਨ। ‘ਮੇਰਾ ਪਿੰਡ’ ਪੁਸਤਕ ਨੂੰ ਲੜੀਵਾਰ ਉਹ ਆਪਣੇ ਰੋਜ਼ਾਨਾ ਪ੍ਰਕਾਸ਼ ਅਖ਼ਬਾਰ ਵਿੱਚ ਪ੍ਰਕਾਸ਼ਤ ਕਰਦੇ ਰਹੇ ਸਨ, ਜਿਸ ਕਰਕੇ ਉਨ੍ਹਾਂ ਦੀ ਪੱਤਰਕਾਰੀ ਦੀ ਵੱਖਰੀ ਪਛਾਣ ਬਣ ਗਈ ਸੀ।
ਇਹ ਅਖ਼ਬਾਰ ਪਟਿਆਲਾ ਤੋਂ ਅੰਮ੍ਰਿਤਸਰ ਤਬਦੀਲ ਹੋ ਗਿਆ ਸੀ ਅਤੇ ਫਿਰ 1967 ਵਿੱਚ ਪਟਿਆਲਾ ਵਾਪਸ ਆ ਗਿਆ। ਉਸ ਸਮੇਂ ਉਨ੍ਹਾਂ ਦਾ ਸਿਆਸੀ ਵਿਅੰਗ ਕਾਲਮ ‘ਰਾਜਨੀਤਕ ਕੁੰਡਲੀਆਂ’ ਬਹੁਤ ਮਸ਼ਹੂਰ ਸੀ। ਬਾਅਦ ਵਿੱਚ ਇਹ ਰਸਾਲਾ ਅੰਮ੍ਰਿਤਸਰ ਵਿੱਚ 1973 ਤੋਂ 1978 ਤੱਕ ਛਪਦਾ ਰਿਹਾ। ਉਨ੍ਹਾਂ ਨੇ ਇੱਕ ਸਾਹਿਤਕ ਰਸਾਲਾ ‘ਜੀਵਨ ਸੰਦੇਸ਼’ ਵੀ ਪ੍ਰਕਾਸ਼ਤ ਕੀਤਾ। ਉਸ ਦਾ ਭਾਵੇਂ ਖਾਸ ਵੇਰਵਾ ਨਹੀਂ ਮਿਲਦਾ, ਪਰ ਮਈ 1951 ਦਾ ‘ਇਤਹਾਸਕ ਅੰਕ’ 216 ਸਫ਼ਿਆਂ ਦਾ ਸੀ। ਪੱਤਰਕਾਰੀ ਪ੍ਰਤੀ ਉਨ੍ਹਾਂ ਦਾ ਜਨੂੰਨ ਬਰਕਰਾਰ ਰਿਹਾ। 1973 ਵਿੱਚ ਸਿੰਘ ਸਭਾ ਸ਼ਤਾਬਦੀ ਕਮੇਟੀ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ, ਉਨ੍ਹਾਂ ਨੇ ‘ਸਿੰਘ ਸਭਾ ਪੱਤ੍ਰਿਕਾ’ ਸ਼ੁਰੂ ਕੀਤੀ ਅਤੇ 2022 ਤੱਕ ਇਸਦੇ ਸੰਪਾਦਕ ਰਹੇ। ‘ਸਿੰਘ ਸਭਾ ਪੱਤ੍ਰਿਕਾ’ ਆਪਣੇ ਵਿਸ਼ੇਸ਼ ਅੰਕਾਂ ਲਈ ਜਾਣੀ ਜਾਂਦੀ ਸੀ, ਜੋ ਮਹੱਤਵਪੂਰਨ ਮੁੱਦਿਆਂ ਨੂੰ ਉਭਾਰਦੇ ਸਨ ਅਤੇ ਵਿਦਵਾਨਾ ਤੇ ਧਾਰਮਿਕ ਖੋਜਕਾਰਾਂ ਦੋਵਾਂ ਨੂੰ ਇੱਕੋ ਮੰਚ ਉਤੇ ਇਕੱਠੇ ਕਰਦੇ ਸਨ। ਇਸ ਰਸਾਲੇ ਰਾਹੀਂ ਉਨ੍ਹ੍ਹਾਂ ਸਿੱਖ ਵਿਚਾਰਧਾਰਾ ਦੀ ਤਰਜਮਾਨੀ ਕੀਤੀ। ਇਸ ਪਤ੍ਰਕਾ ਰਾਹੀਂ ਆਪ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਰਹੇ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਰੋਲ ਰਿਹਾ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਸਿੱਖਾਂ ਦੇ ਪੰਜਵੇਂ ਤਖ਼ਤ ਵੱਜੋਂ ਮਾਣਤਾ ਮਿਲੀ। ਉਨ੍ਹਾਂ ਨੇ ਮਹਿਰੌਲੀ (ਦਿੱਲੀ) ਅਤੇ ਚੰਡੀਗੜ੍ਹ ਵਿਖੇ ਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਦਿੱਆ ਕੇਂਦਰ ਸਥਾਪਤ ਕੀਤੇ।
ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ ਤੇ ਬਹੁਰੰਗੀ ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸਨ। ਉਹ ਧਾਰਮਿਕ ਖੋਜੀ, ਸਾਹਿਤਕਾਰ, ਪੱਤਰਕਾਰ, ਸਿਆਸਤਦਾਨ ਅਤੇ ਪੰਜਾਬੀ ਸਭਿਅਚਾਰ ਦੇ ਵਾਰਤਕਕਾਰ ਸਨ। ਉਨ੍ਹਾਂ ਨੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਅਜਿਹਾ ਵਿਦਵਤਾ ਭਰਪੂਰ ਬਿਹਤਰੀਨ ਕੰਮ ਕੀਤਾ, ਜਿਸ ਕਰਕੇ ਉਨ੍ਹਾਂ ਦੀ ਇੱਕ ਵੱਖਰੀ ਵਿਲੱਖਣ ਪਛਾਣ ਬਣ ਗਈ। ਇਤਿਹਾਸ ਵਿੱਚ ਗਿਆਨੀ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਉਹ ਬਹੁ-ਪਰਤੀ ਵਿਦਵਤਾ ਦੇ ਮੁਜੱਸਮਾ ਸਨ। ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖ ਸੋਚ ‘ਤੇ ਪਹਿਰਾ ਦਿੰਦਿਆਂ ਬਤੀਤ ਕੀਤੀ। ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ ਅਤੇ ਸਿੱਖ ਸੋਚ ਦੇ ਮੁੱਦਈ ਸਨ। ਉਹ ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ।
ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਅਨੀ ਜੀ ਨੂੰ ਜਾਂਦਾ ਹੈ। ਉਨ੍ਹਾਂ ਸਿੱਖ ਇਤਿਹਾਸ ਦੇ ਮੁੱਢਲੇ ਸ੍ਰੋਤਾਂ ਨੂੰ ਵਿਦਵਾਨਾ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕੰਮ ਕੀਤਾ ਹੈ। ਇਸ ਮੰਤਵ ਲਈ ਉਨ੍ਹਾਂ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਹੱਥ ਲਿਖਤਾਂ ਅਤੇ ਪੁਰਾਤਨ ਖਰੜਿਆਂ ਦਾ ਅਧਿਐਨ ਕੀਤਾ। ਉਹ ਹਮੇਸ਼ਾ ਤੱਥਾਂ ‘ਤੇ ਅਧਾਰਤ ਲਿਖਦੇ ਸਨ। ਉਨ੍ਹਾਂ ਨੇ ਇਕ ਸੰਸਥਾ ਤੋਂ ਵੀ ਵੱਧ ਕੰਮ ਕੀਤਾ। ਉਨ੍ਹਾਂ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ ‘ਤੇ ਅਧਾਰਤ ਖੋਜ ਕਰਕੇ ਲਿਖਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਸਨ।
ਗਿਆਨੀ ਗੁਰਦਿੱਤ ਸਿੰਘ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ। ਉਨ੍ਹਾਂ ਨੂੰ ਗੁਰਮਤਿ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ। ਗਿਆਨੀ ਗੁਰਦਿੱਤ ਸਿੰਘ ਨੇ ਪ੍ਰਸਿੱਧ ਧਾਰਮਿਕ ਵਿਦਵਾਨਾ ਦੀਆਂ ਜੀਵਨੀਆਂ ਵੀ ਲਿਖੀਆਂ ਹਨ। ਉਹ ਆਪਣੀ ਧੁਨ ਦੇ ਪੱਕੇ, ਸਿਰੜ੍ਹੀ ਅਤੇ ਦਰਵੇਸ਼ ਵਿਦਵਾਨ ਸਨ। ਉਨ੍ਹਾਂ ਦੇ ਵਿਅਕਤਿਤਵ ਵਿੱਚ ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਅਜਿਹਾ ਸੁਮੇਲ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ ਹੋਇਆ ਹੈ। ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ ਉਨ੍ਹਾਂ ਛੇ ਜਿਲਦਾਂ ਵਿੱਚ ਸੰਪੂਰਨ ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਲੋਕ ਸਾਹਿਤ ਲੋਕਧਾਰਾ ਦਾ ਅਨਿਖੜ ਅੰਗ ਹੁੰਦਾ ਹੈ।
ਭਾਵੇਂ ਚੋਣ ਸਿਆਸਤ ਵਿੱਚ ਗਿਆਨੀ ਜੀ ਦੀਕੋਈ ਨਿੱਜੀ ਦਿਲਚਸਪੀ ਨਹੀਂ ਸੀ, ਫਿਰ ਵੀ ਉਹ 1956 ਤੋਂ 1962 ਤੱਕ ਪੰਜਾਬ ਵਿਧਾਨ ਪ੍ਰੀਸ਼ਦ (Legislative 3ouncil) ਦੇ ਮੈਂਬਰ ਰਹੇ। ਇੱਕ ਖ਼ੁਸ਼ਗਵਾਰ ਸ਼ਖ਼ਸੀਅਤ ਅਤੇ ਵਿਆਪਕ ਦੋਸਤੀ ਦੇ ਘੇਰੇ ਵਾਲੇ ਇਨਸਾਨ ਹੋਣ ਕਾਰਨ, ਉਹ ਗਿਆਨ ਸਿੰਘ ਰਾੜੇਵਾਲਾ, ਪ੍ਰਤਾਪ ਸਿੰਘ ਕੈਰੋਂ, ਗਿਆਨੀ ਕਰਤਾਰ ਸਿੰਘ, ਗੁਰਚਰਨ ਸਿੰਘ ਟੌਹੜਾ ਅਤੇ ਗਿਆਨੀ ਜ਼ੈਲ ਸਿੰਘ ਸਮੇਤ ਕਈ ਸਿਆਸੀ ਆਗੂਆਂ ਦੇ ਨੇੜੇ ਸਨ।
Ê ਗਿਆਨੀ ਗੁਰਦਿਤ ਸਿੰਘ ਦੀਆਂ ਪੰਜਾਬ, ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਕਈ ਮਾਨ ਸਨਮਾਨ ਵੀ ਦਿਤੇ ਗਏ ਹਨ। ਉਨ੍ਹਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ‘ਪੰਜਾਬੀ ਸਾਹਿਤ ਸ਼੍ਰੋਮਣੀ’ ਪੁਰਸਕਾਰ (2006) ਅਤੇ ਐਸ.ਜੀ.ਪੀ.ਸੀ.ਵੱਲੋਂ ‘ਗੁਰਮਤਿ ਅਚਾਰੀਆ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕਿਤਾਬਾਂ ਨੂੰ ਯੂਨੈਸਕੋ ਵੱਲੋਂ ਅਵਾਰਡ ਮਿਲਿਆ-‘ਤਿੱਥ ਤਿਉਹਾਰ’ (1960), ‘ਮੇਰੇ ਪਿੰਡ ਦਾ ਜੀਵਨ’ (1967), ਪੰਜਾਬੀ ਸਾਹਿਤ ਅਕਾਦਮੀ ਵੱਲੋਂ ਕਰਤਾਰ ਸਿੰਘ ਧਾਲੀਵਾਲ ਪਰਸਕਾਰ (2000), ਦੂਰਦਰਸ਼ਨ ਜਲੰਧਰ ਵੱਲੋਂ ‘ਪੰਜ ਪਾਣੀ’ ਪੁਰਸਕਾਰ (2005)। ਚੀਫ਼ ਖਾਲਸਾ ਦੀਵਾਨ ਨੇ ਆਪਣੇ 100 ਸਾਲਾ ਦੇ ਅਵਸਰ ਉਤੇ ਗਿਆਨੀ ਜੀ ਨੂੰ ਸਨਮਾਨਿਆਂ ਸੀ।
ਗਿਆਨੀ ਗੁਰਦਿਤ ਸਿੰਘ ਦਾ ਜਨਮ 24 ਫਰਵਰੀ 1923 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਿੱਠੇਵਾਲ ਵਿਖੇ ਹੋਇਆ। ਉਨ੍ਹਾਂ 1945 ਵਿੱਚ ਲਾਹੌਰ ਤੋਂ ‘ਗਿਆਨੀ’ ਪਾਸ ਕੀਤੀ। ਉਸ ਦਾ ਵਿਆਹ ਬੀਬੀ ਇੰਦਰਜੀਤ ਕੌਰ ਸੰਧੂ ਨਾਲ ਹੋਇਆ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਅਤੇ ਬਾਅਦ ਵਿੱਚ ਸਟਾਫ਼ ਸਿਲੈਕਸ਼ਨ ਕਮਿਸ਼ਨ, ਦਿੱਲੀ ਦੇ ਚੇਅਰਪਰਸਨ ਰਹੇ।
ਉਨ੍ਹਾਂ ਦੇ ਦੋ ਲੜਕੇ ਹਨ, ਵੱਡਾ ਲੜਕਾ ਰੁਪਿੰਦਰ ਸਿੰਘ ‘ਦਿ ਟ੍ਰਿਬਿਊਨ’ ਦੇ ਸੀਨੀਅਰ ਐਸੋਸੀਏਟ ਐਡੀਟਰ ਵਜੋਂ ਸੇਵਾ ਮੁਕਤ ਹੋਏ ਹਨ ਅਤੇ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਨੌਂ ਕਿਤਾਬਾਂ ਲਿਖੀਆਂ ਹਨ। ਛੋਟਾ ਲੜਕਾ ਰਵਿੰਦਰ ਸਿੰਘ ਇੱਕ ਬਿਜ਼ਨਸ ਮੈਨ ਹੈ। ਇੱਕ ਸੁਲਝੇ ਹੋਏ ਸਿੱਖ ਵਿਦਵਾਨ ਤੇ ਅਨੇਕਾਂ ਖੇਤਰਾਂ ਵਿੱਚ ਅਮਿੱਟ ਪੈੜਾਂ ਪਾਉਣ ਵਾਲੇ ਆਖ਼ਰ 17 ਜਨਵਰੀ 2007 ਨੂੰ ਅਕਾਲ ਚਲਾਣਾ ਕਰ ਗਏ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
22 ਫਰਵਰੀ 2026, ਭੋਗ ਤੇ ਵਿਸ਼ੇਸ਼ : ਸਾਹਿਤ ਅਤੇ ਸਿਆਸਤ ਦਾ ਸੁਮੇਲ: ਜਥੇਦਾਰ ਹਰੀ ਸਿੰਘ ਵਿਰਕ - ਉਜਾਗਰ ਸਿੰਘ
ਸਰਦਾਰ ਹਰੀ ਸਿੰਘ ਵਿਰਕ ਦਾ ਜਨਮ ਸਰਦਾਰ ਬਖਸ਼ੀਸ਼ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ 3 ਸਤੰਬਰ 1940 ਨੂੰ ਪਿੰਡ ਹਰਦੋ ਸਹਾਰੀ, ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਸੀ। ਇਹ ਅਜੇ ਬਚਪਨ ਦੀਆਂ ਖੇਡਾਂ ਹੀ ਖੇਡ ਰਹੇ ਸਨ ਕਿ ਦੇਸ਼ ਦੀ ਵੰਡ ਦੀਆਂ ਗੱਲਾਂ ਚੱਲ ਪਈਆਂ ।ਸੰਨ 1947 ਵਿੱਚ, ਦੇਸ਼ ਦੀ ਵੰਡ ਮੌਕੇ ਹੋਏ ਕਤਲੇਆਮ ਵਿੱਚ, ਇਨ੍ਹਾਂ ਦੀ ਮਾਤਾ ਹਰ ਕੌਰ ਅਤੇ ਇੱਕ ਛੋਟੀ ਭੈਣ ਉਸ ਵੇਲੇ ਮਾਰੀਆਂ ਗਈਆਂ ਜਦੋਂ ਉਹ ਇਨ੍ਹਾਂ ਦੇ ਮਾਮੇ ਦੇ ਵਿਆਹ ਦੇ ਸਬੰਧ ਵਿੱਚ ਇਨ੍ਹਾਂ ਦੇ ਨਾਨਕੇ ਪਿੰਡ ਗਈਆਂ ਹੋਈਆਂ ਸਨ। ਮਿਤੀ 5 ਭਾਦਰੋਂ 1947 ਨੂੰ ਜਦੋਂ ਸ. ਹਰੀ ਸਿੰਘ 7 ਕੁ ਸਾਲ ਦੇ ਸਨ ਇਨਾਂ ਦੇ ਪਿਤਾ ਬਖ਼ਸ਼ੀਸ਼ ਸਿੰਘ ਜੀ,ਆਪਣੇ ਬਾਕੀ ਬਚੇ ਪਰਿਵਾਰ ਅਤੇ ਪਿੰਡ ਦੇ ਹੋਰ 10/12 ਪਰਿਵਾਰਾਂ ਨਾਲ ਆਪਣਾ ਘਰ-ਬਾਰ ਛੱਡ ਕੇ, ਵਾਹਗਾ ਬਾਰਡਰ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਏ। ਕਰੀਬ 35 ਦਿਨ ਵੱਖ-ਵੱਖ ਥਾਵਾਂ ਤੇ ਭਟਕਦੇ ਹੋਏ ਅਤੇ ਦੁਸ਼ਵਾਰੀਆਂ ਸਹਿੰਦੇ ਹੋਏ 10 ਅੱਸੂ 1947 ਨੂੰ ਨਾਭਾ ਰਿਆਸਤ ਦੇ ਪਿੰਡ ਮਛਰਾਏ ਕਲਾਂ ਪਹੁੰਚ ਕੇ ਇੱਥੇ ਵੱਸ ਗਏ। ਉਹ ਅਜੇ ਦੇਸ਼ ਵੰਡ ਦੇ ਜ਼ਖਮਾਂ ਤੋਂ ਉੱਭਰ ਹੀ ਰਹੇ ਸਨ ਕਿ ਸਾਲ 1951 ਵਿੱਚ ਜਦੋਂ ਸ. ਹਰੀ ਸਿੰਘ ਦੀ ਉਮਰ ਅਜੇ 12 ਕੁ ਸਾਲ ਦੀ ਹੀ ਸੀ, ਤਾਂ ਇਕ ਹੋਰ ਭਾਣਾ ਵਾਪਰਿਆ । ਪਿੰਡ ਦੇ ਇਕ ਗਰੀਬ ਪਰਿਵਾਰ ਨਾਲ ਹਮਦਰਦੀ ਵਿਖਾਉਣ ਕਰਕੇ ਇਨ੍ਹਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਦਾ ਕਤਲ ਹੋ ਗਿਆ। ਇਹ ਕਤਲ ਹੋਣ ਸਮੇਂ ਇਨ੍ਹਾਂ ਦੀ ਵੱਡੀ ਭੈਣ ਦੀ ਸ਼ਾਦੀ ਦਾ ਦਿਨ ਮਿਥਿਆ ਹੋਇਆ ਸੀ। ਇਨ੍ਹਾਂ ਦੀ ਦਾਦੀ ਜਿੰਦ ਕੌਰ ਨੇ ਵੱਡਾ ਹੌਸਲਾ ਦਿਖਾਉਂਦੇ ਹੋਏ ਇਹ ਸ਼ਾਦੀ ਪਹਿਲਾਂ ਮਿੱਥੀ ਤਰੀਕ ਤੇ ਕਰ ਦਿੱਤੀ । ਦਾਦੀ ਜਿੰਦ ਕੌਰ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪੋਤਰੇ ਨੂੰ ਪਿੰਡ ਕਾਦਰ ਵਾਲਾ ਤਹਿਸੀਲ ਜੀਰਾ ਆਪਣੇ ਭਾਣਜੇ ਸੋਹਣ ਸਿੰਘ ਜੰਡ ਵਾਲਾ ਕੋਲ ਲੈ ਗਏ। ਸ: ਹਰੀ ਸਿੰਘ ਨੇ ਔਖੇ ਹਲਾਤਾਂ ਨਾਲ ਜੂਝਦੇ ਹੋਏ ਚੌਥੀ ਜਮਾਤ ਪ੍ਰਾਇਮਰੀ ਸਕੂਲ ਵਿੱਚ ਜੰਡ ਵਾਲਾ ਤੋਂ, ਅਤੇ ਫਿਰ ਨੌਵੀਂ ਜਮਾਤ ਪਿੰਡ ਤਲਵੰਡੀ ਨਿਪਾਲਾਂ ਦੇ ਸਕੂਲ ਤੋਂ ਪਾਸ ਕੀਤੀ। 18 ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਸ਼ਾਦੀ ਕੋਟ ਸਦਰ ਖਾਨ, ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਸਰਦਾਰ ਗੁੱਜਰ ਸਿੰਘ ਦੀ ਲੜਕੀ ਸਰਦਾਰਨੀ ਹਰਬੰਸ ਕੌਰ ਨਾਲ ਹੋ ਗਈ। ਤਲਵੰਡੀ ਨਿਪਾਲਾਂ ਪਿੰਡ ਦੀ ਸਾਰੀ ਜਮੀਨ ਦੀ ਅਲਾਟਮੈਂਟ ਕੁਝ ਕਾਰਨਾਂ ਕਰਕੇ ਸਰਕਾਰ ਨੇ ਰੱਦ ਕਰ ਦਿੱਤੀ ਅਤੇ ਸਾਰੇ ਜ਼ਿਮੀਂਦਾਰਾਂ ਨੂੰ ਨਵੀਂ ਥਾਂ ਮਿਲੀਆਂ ਜ਼ਮੀਨਾਂ ਤੇ ਜਾਣਾ ਪਿਆ। ਇਸ ਬਦਲੇ ਹੋਏ ਹਾਲਾਤ ਵਿੱਚ ਇਨ੍ਹਾਂ ਦਾ ਸਹੁਰਾ ਪਰਿਵਾਰ ਇਨ੍ਹਾਂ ਨੂੰ ਆਪਣੇ ਪਾਸ ਪਿੰਡ ਕੋਟ ਸਦਰ ਖਾਨ ਲੈ ਗਿਆ। ਉਥੇ ਰਹਿੰਦੇ ਹੋਏ ਸਰਕਾਰੀ ਹਾਈ ਸਕੂਲ ਕੋਟ ਈਸੇ ਖਾਨ ਤੋਂ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਡੀ.ਐਮ. ਕਾਲਜ ਮੋਗਾ ਤੋਂ ਵਿਦਿਆ ਪ੍ਰਾਪਤ ਕੀਤੀ। ਅਲੱਗ ਅਲੱਗ ਥਾਂਵਾਂ ਉੱਤੇ ਕੋਟ ਸਦਰ 11 ਸਾਲਾਂ ਦਾ ਬਨਵਾਸ ਕੱਟ ਕੇ ਸਤੰਬਰ 1964 ਵਿੱਚ ਸਰਦਾਰ ਹਰੀ ਸਿੰਘ ਪਰਿਵਾਰ ਸਮੇਤ ਵਾਪਸ ਆਪਣੇ ਪਿੰਡ ਮਛਰਾਏ ਕਲਾਂ ਆ ਕੇ ਵੱਸ ਗਏ । 1966 ਵਿੱਚ ਯੰਗ ਫਾਰਮਰ ਦੇ ਤੌਰ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਤਿੰਨ ਮਹੀਨੇ ਦੀ ਟ੍ਰੇਨਿੰਗ ਲੈ ਕੇ ਖੇਤੀਬਾੜੀ ਕਰਨ ਲੱਗ ਪਏ। ਇਨ੍ਹਾਂ ਨੇ ਕਈ ਉਨਤ ਕਿਸਮਾਂ ਦੇ ਬੀਜ ਖੇਤੀਬਾੜੀ ਯੂਨੀਵਰਸਿਟੀ ਤੋਂ ਲਿਆ ਕੇ ਇਲਾਕੇ ਵਿੱਚ ਪ੍ਰਚਲਿਤ ਕੀਤੇ । ਇਲਾਕੇ ਵਿੱਚ ਪਹਿਲਾ ਟ੍ਰਾਂਜ਼ਿਸਟਰ ਅਤੇ ਟੈਲੀਵਿਜ਼ਨ ਲੈ ਕੇ ਆਂਦਾ ।ਉਸ ਵੇਲੇ ਜਮੀਨੀ ਠੇਕਾ ਇੱਕ ਸੌ ਰੁਪਈਆ ਕਿਲਾ ਹੁੰਦਾ ਸੀ । ਰੇਡੀਓ ਸੁਣਨ ਦਾ ਇਹਨਾਂ ਨੂੰ ਐਨਾ ਸ਼ੌਕ ਸੀ ਕਿ ਇਨਾਂ 700 ਰੁਪਏ ਨੈਸ਼ਨਲ ਕੰਪਨੀ ਦਾ ਜਪਾਨੀ ਟ੍ਰਾਂਜ਼ਿਸਟਰ ਖਰੀਦਣ ਤੇ ਖ਼ਰਚ ਕਰ ਦਿੱਤੇ। ਸਰਦਾਰ ਹਰੀ ਸਿੰਘ ਸਾਲ 1974 ਵਿੱਚ ਪਿੰਡ ਦੇ ਸਰਪੰਚ ਚੁਣੇ ਗਏ ।ਉਸ ਤੋਂ ਬਾਅਦ ਬਲਾਕ ਸੰਮਤੀ ਦੇ ਮੈਂਬਰ ਵਜੋਂ ਚੋਣ ਜਿੱਤ ਕੇ ਬਲਾਕ ਸੰਮਤੀ ਸਰਹੰਦ ਦੇ ਚੇਅਰਮੈਨ ਚੁਣੇ ਗਏ। ਉਨ੍ਹਾਂ ਨੂੰ ਲੈਂਡ ਮੌਰਡਗੇਜ ਬੈਂਕ ਦਾ ਡਾਇਰੈਕਟਰ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸੇ ਸਮੇਂ ਦੌਰਾਨ ਇਸ ਬੈਂਕ ਨੂੰ ਚੰਗੀ ਕਾਰਗੁਜ਼ਾਰੀ ਲਈ ਰਾਸ਼ਟਰਪਤੀ ਅਵਾਰਡ ਵੀ ਪ੍ਰਾਪਤ ਹੋਇਆ। ਪੰਜਾਬੀ ਸਾਹਿਤ ਅਤੇ ਇਤਿਹਾਸ ਨਾਲ ਵੀ ਉਨ੍ਹਾਂ ਦਾ ਡੂੰਘਾ ਲਗਾਓ ਸੀ। ਸੈਂਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਘਰ ਵਿੱਚ ਮੌਜੂਦ ਸਨ, ਜਿਨ੍ਹਾਂ ਨੂੰ ਉਹ ਲਗਾਤਾਰ ਪੜ੍ਹਦੇ ਰਹਿੰਦੇ ਸਨ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਪੱਛਮੀ ਪੰਜਾਬ ਦੇ ਆਪਣੇ ਪਿੰਡ ਹਰਦੋ ਸਹਾਰੀ ਜਾ ਕੇ ਵਿਰਕਾਂ ਦੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਇਕੱਤਰ ਕੀਤੀ ਅਤੇ ਫਿਰ ਇਸ ਨੂੰ 'ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਦੇ ਨਾਂ ਹੇਠ ਲਿਖੀ ਆਪਣੀ ਕਿਤਾਬ ਵਿੱਚ ਛਪਵਾਇਆ। ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸਰਕਲ ਅਮਲੋਹ ਦਾ ਲਗਾਤਾਰ 20 ਸਾਲ ਸਰਕਲ ਜਥੇਦਾਰ ਰਹਿਣ ਦਾ ਮਾਣ ਹਾਸਲ ਕੀਤਾ। ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵਜੋਂ ਸਤਿਕਾਰ ਪਾ ਰਹੇ ਸਨ ।ਉਹ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਟਕਸਾਲੀ ਆਗੂ ਸਨ ਜਿਨ੍ਹਾਂ ਨੇ ਆਪਣੇ 50 ਸਾਲਾਂ ਦੇ ਰਾਜਨੀਤਿਕ ਜੀਵਨ ਵਿੱਚ ਕਦੇ ਵੀ ਦਲ ਬਦਲੀ ਕਰਕੇ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਨਹੀਂ ਸੋਚਿਆ । ਉਨਾਂ ਨੇ ਪੰਜਾਬ ਅਤੇ ਲੋਕਾਂ ਦੀਆਂ ਮੰਗਾਂ ਲਈ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ। ਅਕਾਲੀ ਦਲ ਦੇ ਸਾਰੇ ਵੱਡੇ ਆਗੂ ਜਿਵੇਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਗੁਰਚਰਨ ਸਿੰਘ ਟੌਹੜਾ, ਕੈਪਟਨ ਕਮਲਜੀਤ ਸਿੰਘ ਇਹਨਾਂ ਨੂੰ ਬਹੁਤ ਸਤਿਕਾਰ ਦਿੰਦੇ ਸਨ। ਪਾਰਟੀ ਵਿੱਚ ਚੰਗੇ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਉਹਨਾਂ ਨੇ ਕਦੇ ਆਪਣੇ ਨਿਜ ਲਈ ਜਾਂ ਆਪਣੇ ਪਰਿਵਾਰ ਲਈ ਕੋਈ ਫਾਇਦਾ ਨਹੀਂ ਉਠਾਇਆ। ਉਹਨਾਂ ਨੇ ਆਪਣੇ ਬੱਚਿਆਂ, ਪੋਤਰੇ, ਪੋਤਰੀਆਂ ਦੋਹਤਿਆਂ ਨੂੰ ਪੜ੍ਹਨ-ਲਿਖਣ ਲਈ ਬਹੁਤ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਵੱਡਾ ਲੜਕਾ ਸਰਬਜੀਤ ਸਿੰਘ ਵਿਰਕ ਪਟਿਆਲਾ ਵਿਖੇ ਸੀਨੀਅਰ ਵਕੀਲ ਹੈ। ਉਸ ਤੋਂ ਛੋਟਾ ਪਰਮਜੀਤ ਸਿੰਘ ਵਿਰਕ ਪੰਜਾਬ ਪੁਲਿਸ ਵਿੱਚ ਐਸ.ਐਸ.ਪੀ. ਅਤੇ ਹੋਰ ਵੱਡੇ ਅਹੁਦਿਆਂ ਤੇ ਤਾਇਨਾਤ ਰਿਹਾ ਹੈ। ਸਭ ਤੋਂ ਛੋਟਾ ਪੁੱਤਰ ਨਿਰਭੈ ਸਿੰਘ ਬਲਾਕ ਸੰਮਤੀ ਅਮਲੋਹ ਦਾ ਮੈਂਬਰ ਰਹਿ ਚੁੱਕਾ ਹੈ । ਉੱਨਾਂ ਦੀ ਪੁੱਤਰੀ ਪਰਿਮੰਦਰਪਾਲ ਕੌਰ ਅਤੇ ਜਵਾਈ ਗੁਰਿੰਦਰਪਾਲ ਸਿੰਘ ਚੀਮਾ ਦਾ ਪਰਿਵਾਰ ਉੱਨਾਂ ਦੀਆਂ ਸਿੱਖਿਆਵਾਂ ਨਾਲ ਤਰੱਕੀ ਕਰ ਰਿਹਾ ਹੈ । ਨੂੰਹ ਰਾਣੀ ਡਾ. ਸੁਖਵਿੰਦਰ ਕੌਰ ਰਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹੈ। ਪੋਤਰੀਆਂ ਪੋਤਰੇ ਦੋਹਤੇ ਵੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ । ਜਥੇਦਾਰ ਹਰੀ ਸਿੰਘ ਇਸ ਧਰਤੀ ਉੱਤੇ 85 ਸਾਲ ਪੰਜ ਮਹੀਨੇ ਨੌ ਦਿਨ ਦਾ ਸਫ਼ਰ ਮੁਕੰਮਲ ਕਰਕੇ 13 ਫਰਵਰੀ 2026 ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੀ ਇਮਾਨਦਾਰੀ ਅਤੇ ਸੱਚ ਤੇ ਪਹਿਰਾ ਦੇਣ ਦੀ ਦਲੇਰੀ ਕਰਕੇ ਹਮੇਸ਼ਾ ਜਾਣੇ ਜਾਂਦੇ ਰਹਿਣਗੇ।ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਬਦ ਕੀਰਤਨ ਤੇ ਅੰਤਮ ਅਰਦਾਸ 22 ਫਰਵਰੀ 2026 ਐਤਵਾਰ ਨੂੰ ਦੁਪਹਿਰ 12.30 ਵਜੇ ਤੋਂ 2.00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਅਮਲੋਹ ਵਿਖੇ ਹੋਵੇਗੀ।
ਸੁਰਿੰਦਰ ਕੌਰ ਸੈਣੀ ਦਾ ‘ਮੇਰੇ ਮਹਿਰਮਾ’ ਨਾਵਲ ਦਰਦਾਂ ਦੀ ਦਾਸਤਾਂ - ਉਜਾਗਰ ਸਿੰਘ
ਸੁਰਿੰਦਰ ਕੌਰ ਸੈਣੀ ਬਹੁ-ਵਿਧਾਵੀ ਸਾਹਿਤਕਾਰ ਹੈ। ਹੁਣ ਤੱਕ ਉਸਦੀਆਂ ਦਸ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ-ਸੰਗ੍ਰਹਿ, ਇੱਕ ਕਹਾਣੀ-ਸੰਗ੍ਰਹਿ ਅਤੇ ਪੰਜ ਨਾਵਲ ਸ਼ਾਮਲ ਹਨ। ਪੜਚੋਲ ਅਧੀਨ ‘ਮੇਰੇ ਮਹਿਰਮਾ’ ਉਸਦਾ ਛੇਵਾਂ ਨਾਵਲ ਅਤੇ ਗਿਆਰਵੀਂ ਪੁਸਤਕ ਹੈ। ਕਵਿਤਰੀ ਹੋਣ ਕਰਕੇ ਸੁਰਿੰਦਰ ਕੌਰ ਸੈਣੀ ਦੀ ਵਾਰਤਕ ਵੀ ਕਾਵਿਮਈ, ਸੁਹਜਮਈ ਤੇ ਵੈਰਾਗਮਈ ਹੈ, ਜਿਸ ਕਰਕੇ ਨਾਵਲ ਦੀ ਵਾਰਤਾਲਾਪ ਵਿੱਚ ਪਾਤਰਾਂ ਦੀ ਬੋਲ ਚਾਲ ਰਸਮਈ ਤੇ ਦਿਲਚਸਪ ਬਣ ਜਾਂਦੀ ਹੈ। ਭਾਵੇਂ ਨਾਵਲ ਵਿਚਲੇ ਪਾਤਰ ਕਾਲਪਨਿਕ ਹਨ, ਪ੍ਰੰਤੂ ਨਾਵਲ ਦਾ ਬ੍ਰਿਤਾਂਤ ਲੋਕਾਈ ਦੀ ਸਮਾਜਿਕ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦਾ, ਪੂਰਨ ਯਥਾਰਥਿਕ ਤਾਂ ਨਹੀਂ ਲੱਗਦਾ, ਪ੍ਰੰਤੂ ਸਚਾਈ ਦੇ ਨੇੜੇ-ਤੇੜੇ ਮਹਿਸੂਸ ਹੁੰਦਾ ਹੈ। ਨਾਵਲ ਦੇ ਦੋ ਮੁੱਖ ਪਾਤਰ ਡਾ.ਗੁਰਜੋਤ ਕੌਰ ਅਤੇ ਗੁਰਕੰਵਲ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਨੂੰ ਆਦਰਸ਼ਕ ਬਣਾਕੇ ਵਿਖਾਇਆ ਗਿਆ ਹੈ, ਪ੍ਰੰਤੂ ਜਿਹੜੇ ਦਰਦ ਇਸ ਕਹਾਣੀ ਵਿੱਚੋਂ ਮਹਿਸੂਸ ਹੁੰਦੇ ਹਨ, ਉਹ ਵਰਤਮਾਨ ਸਮਾਜ ਵਿੱਚ ਆਮ ਵੇਖਣ ਤੇ ਮਹਿਸੂਸ ਕਰਨ ਨੂੰ ਮਿਲਦੇ ਹਨ, ਕਿਉਂਕਿ ਪਿਆਰ ਮੁਹੱਬਤ ਵਿੱਚ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਰਕੇ ਇਹ ਨਾਵਲ ਰੁਮਾਂਸਵਾਦ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਬਣ ਗਿਆ ਹੈ। ਦੋ ਸਹਾਇਕ ਪਾਤਰ ਡਾ.ਮਹੇਸ਼ ਚੌਧਰੀ ਤੇ ਮੀਨਾ ਚੌਧਰੀ ਵੀ ਆਦਰਸ਼ਕ ਹੀ ਵਿਖਾਏ ਗਏ ਹਨ, ਜਿਨ੍ਹਾਂ ਦਾ ਇਕਲੌਤਾ ਲੜਕਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ ਸਵਰਗ ਸਿਧਾਰ ਜਾਂਦਾ ਹੈ। ਇਸਤੋਂ ਇਹ ਸਿਖਿਆ ਮਿਲਦੀ ਹੈ ਕਿ ਸਮਾਜ ਨੂੰ ਕੈਂਸਰ ਵਰਗੀ ਬਿਮਾਰੀ ਦੇ ਬਚਾਓ ਲਈ ਇਹਤਾਤ ਰੱਖਣ ਦੀ ਲੋੜ ਹੈ। ਡਾ.ਮਹੇਸ਼ ਚੌਧਰੀ ਤੇ ਡਾ. ਮੀਨਾ ਚੌਧਰੀ ਇਹ ਦੋਵੇਂ ਗੁਰਕੰਵਲ ਸਿੰਘ ਯਾਦਗਾਰੀ ਹਸਪਤਾਲ ਨੂੰ ਗੁਰਜੋਤ ਕੌਰ ਦੇ ਫ਼ੌਜ ਵਿੱਚ ਜਾਣ ਤੋਂ ਬਾਅਦ ਸੰਭਾਲਦੇ ਹਨ। ਪਿੰਡ ਦਾ ਸਰਪੰਚ ਵੀ ਆਦਰਸ਼ਕ ਹੀ ਵਿਖਾਇਆ ਗਿਆ ਹੈ, ਇਨ੍ਹਾਂ ਆਦਰਸ਼ਕ ਪਾਤਰਾਂ ਨਾਲ ਨਾਵਲ ਦਿਲਚਸਪ ਬਣ ਜਾਂਦਾ ਹੈ। ਇਹ ਪਾਤਰ ਸਮਾਜ ਨੂੰ ਸ਼ੁਭ ਕੰਮਾ ਲਈ ਪ੍ਰੇਰਨਾ ਦੇਣ ਵਾਲੇ ਮਾਰਗ ਦਰਸ਼ਕ ਬਣਦੇ ਹਨ। ਇਸ਼ਕ ਵਿੱਚ ਧੋਖੇ ਆਮ ਹੁੰਦੇ ਹਨ, ਪ੍ਰੰਤੂ ਇਹ ਨਾਵਲ ਸੱਚੇ ਸੁੱਚੇ ਆਸ਼ਕਾਂ ਦੀ ਉਦਾਹਰਣ ਦਿੰਦਾ ਹੈ। ਨਾਵਲ ਭਾਵੇਂ ਅਲ੍ਹੜ੍ਹ ਉਮਰ ਵਿੱਚ ਆਪ ਮੁਹਾਰੇ ਹੋਏ ਪਿਆਰ ਦੀ ਰੋਮਾਂਟਿਕ ਕਹਾਣੀ ਹੈ, ਪ੍ਰੰਤੂ ਇਸ ਵਿਚਲੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ, ਜਿਵੇਂ ਬੇਰੋਜ਼ਗਾਰੀ, ਦਾਜ, ਗ਼ਰੀਬੀ ਅਮੀਰੀ ਦਾ ਪਾੜਾ, ਨਸ਼ੇ, ਪੁਲਿਸਤੰਤਰ ਵਿੱਚ ਭਰਿਸ਼ਟਾਚਾਰ, ਜੂਆ, ਆਤਮ ਹੱਤਿਆਵਾਂ, ਜ਼ਾਤਪਾਤ, ਭਰੂਣ ਹੱਤਿਆ, ਕੈਂਸਰ, ਵਾਤਾਵਰਨ, ਤਿਆਗ ਅਤੇ ਵਿਧਵਾਵਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਆਦਿ ਹਨ। ਨਾਵਲਕਾਰਾ ਦੀ ਪਾਤਰ ਸਿਰਜਣ ਦੀ ਸਮਰੱਥਾ ਬਾਕਮਾਲ ਹੈ। ਸਾਰੇ ਪਾਤਰ ਜਿਉਂਦੇੇ ਜਾਗਦੇ ਸਮਾਜ ਵਿੱਚ ਵਿਚਰਦੇ ਮਹਿਸੂਸ ਹੁੰਦੇ ਹਨ। ਇਸ ਨਾਵਲ ਦੀ ਹਰ ਘਟਨਾ ਵਿੱਚੋਂ ਪਾਤਰਾਂ ਰਾਹੀਂ ਜਿਹੜੀ ਦਰਦ ਦੀ ਚੀਸ ਨਿਕਲਦੀ ਹੈ, ਉਹ ਹਰ ਪਾਤਰ ਦਾ ਕਿਰਦਾਰ ਬਾਖ਼ੂਬੀ ਦਰਸਾ ਦਿੰਦੀ ਹੈ। ਪਾਲੋ ਦਾ ਪਾਤਰ ਸਿਰਜਣ ਵੀ ਕਮਾਲ ਦਾ ਹੈ। ਪੰਜਾਬ ਸਮੁੱਚੇ ਦੇਸ਼ ਵਿੱਚੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਮੁੱਖ ਤੌਰ ‘ਤੇ ਯੋਗਦਾਨ ਪਾ ਰਿਹਾ ਹੈ। ਨਾਵਲਕਾਰਾ ਨੇ ਪੰਜਾਬੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਵੀ ਬਹੁਤ ਵਧੀਆ ਢੰਗ ਨਾਲ ਚਿਤਰਿਆ ਹੈ। ਲਗਪਗ ਹਰ ਪੰਜਾਬੀ ਨੇ ਫ਼ੌਜੀ ਜੀਵਨ ਦੀਆਂ ਵੇਦਨਾਵਾਂ ਆਪੋ ਆਪਣੇ ਪਿੰਡਾਂ/ਸ਼ਹਿਰਾਂ ਵਿੱਚ ਵੇਖੀਆਂ ਹੋਣਗੀਆਂ, ਕਿਉਂਕਿ ਪੰਜਾਬ ਭਾਰਤ ਦੀ ਖੜਗਭੁਜਾ ਹੈ, ਏਥੇ ਦੇ ਲੋਕਾਂ ਨੇ ਪਾਕਿਸਤਾਨ ਅਤੇ ਚੀਨ ਨਾਲ ਹੋਏ ਯੁੱਧਾਂ ਦਾ ਸੰਤਾਪ ਹੰਢਾਇਆ ਹੈ। ਫ਼ੌਜੀ ਜੀਵਨ ਦੀਆਂ ਕਠਨਾਈਆਂ, ਤ੍ਰਾਸਦੀਆਂ ਅਤੇ ਦੁਖਦਾਈ ਘਟਨਾਵਾਂ ਦਾ ਪ੍ਰਭਾਵ ਸਮੁੱਚੇ ਸਮਾਜ ‘ਤੇ ਪੈਂਦਾ ਹੈ, ਕਿਉਂਕਿ ਪੰਜਾਬੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਬਾਕੀ ਦੇਸ਼ ਵਾਸੀਆਂ ਦੇ ਮੁਕਾਬਲੇ ਜ਼ਿਆਦਾ ਹੈ। ਖਾਸ ਤੌਰ ‘ਤੇ ਦੇਸ਼ ਦੀਆਂ ਸਰਹੱਦਾਂ ‘ਤੇ ਕੁਰਬਾਨੀਆਂ ਦੇਣ ਵਿੱਚ ਵੀ ਪੰਜਾਬੀਆਂ ਨੇ ਮੋਹਰੀ ਦੀ ਭੂਮਿਕਾ ਨਿਭਾਈ ਹੈ। ਇਸ ਕਰਕੇ ਇਸ ਨਾਵਲ ਨੂੰ ਹਰ ਪੰਜਾਬੀ ਦੇ ਲਈ ਸਿੱਧੇ ਜਾਂ ਅਸਿੱਧੇ ਦਰਦ ਦੀ ਦਾਸਤਾਂ ਕਿਹਾ ਜਾ ਸਕਦਾ ਹੈ। ਨਾਵਲਕਾਰਾ ਨੇ ਸਕੂਲ ਵਿੱਚ ਪੜ੍ਹਦੇ ਗ਼ਰੀਬ ਪ੍ਰੰਤੂ ਹੁਸ਼ਿਆਰ ਲੜਕੇ ਨੂੰ ਅਮੀਰ ਘਰ ਦੀ ਲੜਕੀ ਵੱਲੋਂ ਪਿਆਰ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਕੇ ਨਾਵਲ ਨੂੰ ਸਰਵ ਪ੍ਰਵਾਨਤ ਕੀਤਾ ਹੈ। ਇਸ ਨਾਵਲ ਦੀ ਕਹਾਣੀ ਵਿੱਚੋਂ ਸੁਰਿੰਦਰ ਕੌਰ ਸੈਣੀ ਦੇ ਪਤੀ ਦੇ ਵਿਛੋੜੇ ਦੇ ਦਰਦ ਦੀ ਗਹਿਰੀ ਚੀਸ ਵੀ ਵਿਖਾਈ ਦਿੰਦੀ ਹੈ, ਲੇਖਿਕਾ ਦੇ ਬ੍ਰਿਹਾ ਦੇ ਤਜ਼ਰਬੇ ਨਾਲ ਨਾਵਲ ਅਤਿਅੰਤ ਸੰਜੀਦਾ ਤੇ ਸਾਰਥਿਕ ਬਣ ਗਿਆ ਹੈ। ਗੁਰਕੰਵਲ ਸਿੰਘ ਹੁਸ਼ਿਆਰ ਵਿਦਿਆਰਥੀ ਹੋਣ ਦੇ ਬਾਵਜੂਦ ਗ਼ਰੀਬੀ ਕਰਕੇ ਅੱਗੇ ਪੜ੍ਹ ਨਹੀਂ ਸਕਿਆ। ਉਸਦੀ ਵਿਧਵਾ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਮਜ਼ਦੂਰੀ ਕਰਕੇ ਉਸਨੂੰ ਪਾਲਿਆ ਸੀ। ਉਸਦੇ ਪਰਿਵਾਰ ਦੀ ਗ਼ਰੀਬੀ ਪੰਜਾਬ ਦੇ ਇਨ੍ਹਾਂ ਸ਼੍ਰੇਣੀਆਂ ਦੇ ਪਰਿਵਾਰਾਂ ਆਰਥਿਕ ਮਜ਼ਬੂਰੀ ਦਾ ਪ੍ਰਗਟਾਵਾ ਕਰਦੀ ਹੈ। ਇਸ ਲਈ ਗੁਰਕੰਵਲ ਸਿੰਘ ਦਸਵੀਂ ਪਾਸ ਨੂੰ ਨੌਕਰੀ ਨਾ ਮਿਲਣ ਦੇ ਹੰਦੇਸੇ ਕਰਕੇ ਫ਼ੌਜ ਵਿੱਚ ਭਰਤੀ ਹੋਣ ਲਈ ਮਜ਼ਬੂਰ ਕੀਤਾ ਸੀ। ਉਹ ਇਹ ਵੀ ਮਹਿਸੂਸ ਕਰਦਾ ਸੀ ਕਿ ਗੁਰਜੋਤ ਕੌਰ ਦੇ ਪਰਿਵਾਰ ਨੇ ਗ਼ਰੀਬੀ ਅਤੇ ਵੱਖਰੀ ਜਾਤ ਕਰਕੇ ਇਸ ਵਿਆਹ ਨੂੰ ਪ੍ਰਵਾਨ ਨਹੀਂ ਕਰਨਾ, ਕਿਉਂਕਿ ਆਮ ਤੌਰ ‘ਤੇ ਪਿਆਰ ਵਿਆਹਾਂ ਵਿੱਚ ਇਹ ਮੁਸ਼ਕਲ ਹੁੰਦੀ ਹੈ। ਇਸ ਲਈ ਉਹ ਸਕੂਲ ਸਮੇਂ ਵੀ ਗੁਰਜੋਤ ਕੌਰ ਦੇ ਇਸ਼ਕ ਦੀਆਂ ਰਮਜ਼ਾਂ ਨੂੰ ਅਣਡਿਠ ਕਰਦਾ ਰਿਹਾ। ਸ਼ੁਰੂ ਵਿੱਚ ਇਉਂ ਮਹਿਸੂਸ ਹੁੰਦਾ ਸੀ ਕਿ ਗੁਰਜੋਤ ਕੌਰ ਦਾ ਇੱਕਤਰਫਾ ਪਿਆਰ ਹੈ, ਪ੍ਰੰਤੂ ਅਖ਼ੀਰ ਵਿੱਚ ਇਹ ਸਾਬਤ ਹੋ ਗਿਆ ਕਿ ਗੁਰਕੰਵਲ ਸਿੰਘ ਵੀ ਗੁਰਜੋਤ ਕੌਰ ਨੂੰ ਚਾਹੁੰਦਾ ਸੀ। ਇਹ ਵੀ ਨਤੀਜਾ ਨਿਕਲਦਾ ਹੈ ਕਿ ਸੱਚੇ ਦਿਲੋਂ ਕੀਤੇ ਪਿਆਰ ਸਫ਼ਲ ਹੁੰਦੇ ਹਨ। ਗੁਰਜੋਤ ਦੇ ਮਾਤਾ ਪਿਤਾ ਨੂੰ ਜਦੋਂ ਪਤਾ ਲੱਗਣਾ ਕਿ ਉਹ ਦੂਸਰੀ ਜ਼ਾਤ ਦੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਝਿਜਕਣਾ ਕੁਦਰਤੀ ਵਿਵਹਾਰ ਹੈ। ਇਸੇ ਤਰ੍ਹਾਂ ਗੁਰਕੰਵਲ ਦੇ ਸ਼ਹੀਦ ਹੋਣ ਤੋਂ ਬਾਅਦ ਗੁਰਜੋਤ ਕੌਰ ਨੂੰ ਉਸਦੇ ਮਾਪਿਆਂ ਵੱਲੋਂ ਦੁਬਾਰਾ ਵਿਆਹ ਕਰਵਾਉਣ ਲਈ ਜ਼ੋਰ ਪਾਉਣਾ ਕੁਦਰਤੀ ਹੈ। ਨਿਸ਼ਾ ਦੇ ਭਰਾ ਦਾ ਸ਼ਰਾਬ ਪੀਣਾ ਪਿੰਡਾਂ ਵਿੱਚ ਨੌਜਵਾਨਾ ਦੇ ਕੁਰੀਤੀਆਂ ਵਿੱਚ ਪੈਣ ਦਾ ਦ੍ਰਿਸ਼ਟਾਂਤਿਕ ਵਰਣਨ ਹੈ। ਨਾਵਲ ਦੀ ਬੋਲੀ ਅਤੇ ਸ਼ੈਲੀ ਵਿਲੱਖਣ ਕਿਸਮ ਦੀ ਹੈ, ਜਿਸ ਕਰਕੇ ਵਾਰਤਾਲਾਪ ਬਹੁਤ ਹੀ ਦਿਲਚਸਪ ਬਣ ਗਈ ਹੈ। ਹਰ ਸ਼ਬਦ ਬ੍ਰਿਹਾ ਅਤੇ ਪਿਆਰ ਦੇ ਵੈਰਾਗਮਈ ਅਲਾਪ ਵਿੱਚੋਂ ਮੁਹੱਬਤ ਦੀ ਖ਼ੁਸ਼ਬੋ ਆਉਂਦੀ ਹੋਈ, ਦਰਿਆ ਦੇ ਵਹਿਣ ਦੀ ਤਰ੍ਹਾਂ ਲਹਿਰਾਂ ਪੈਦਾ ਕਰਦੀ ਪਾਠਕਾਂ ਦੇ ਦਿਲਾਂ ਨੂੰ ਹਲੂਣਾ ਦਿੰਦੀ ਹੈ। ਬੋਲੀ ਅਤੇ ਸ਼ਬਦਾਵਲੀ ਭਾਵਨਾਤਮਿਕ ਹੈ, ਜਿਹੜੀ ਪਾਠਕ ਨੂੰ ਆਪਣੇ ਨਾਲ ਜੋੜ ਲੈਂਦੀ ਹੈ। ਪਾਠਕ ਹਰ ਚੈਪਟਰ ਤੋਂ ਬਾਅਦ ਅੱਗੇ ਕੀ ਹੋਇਆ? ਉਸਨੂੰ ਜਾਨਣ ਲਈ ਉਤਸ਼ਾਹਤ ਹੋ ਜਾਂਦਾ ਹੈ, ਇਸ ਲਈ ਇੱਕ ਬੈਠਕ ਵਿੱਚ ਹੀ ਨਾਵਲ ਪੜ੍ਹਿਆ ਜਾਂਦਾ ਹੈ। ਡਾ.ਗੁਰਜੋਤ ਕੌਰ ਦੀ ਆਪਣੇ ਕੰਮ ਪ੍ਰਤੀ ਲਗਨ ਤੇ ਮਿਹਨਤ ਲਾਜਵਾਬ ਹੈ, ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਜੇਕਰ ਇਨਸਾਨ ਆਪਣਾ ਨਿਸ਼ਾਨਾ ਨਿਸਚਤ ਕਰਕੇ ਜ਼ਿੰਮੇਵਾਰੀ ਨਾਲ ਮਿਹਨਤ ਕਰੇ ਤਾਂ ਸਫ਼ਲਤਾ ਉਸਦੇ ਪੈਰ ਚੁੰਮੇਗੀ। ਗੁਰਜੋਤ ਕੌਰ ਨੇ ਆਪਣੀ ਮਿਹਨਤ ਨਾਲ ਡਾਕਟਰ ਬਣਨ ਦਾ ਆਪਣਾ ਸਪਨਾ ਪੂਰਾ ਕੀਤਾ। ਪਾਕਿ ਪਵਿਤਰ ਸੱਚੇ-ਸੋੁੱਚੇ ਪਿਆਰ ਦਾ ਨਮੂਨਾ ਬਣਕੇ ਵਿਚਰਦੀ ਰਹੀ। ਸਮਾਜ ਵਿੱਚ ਫ਼ੈਲੀਆਂ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਕੀਤੀ ਯੋਜਨਾਵੱਧ ਕੋਸ਼ਿਸ਼ ਨਾਲ ਉਹ ਹਰ ਖੇਤਰ ਵਿੱਚ ਸਫ਼ਲ ਹੁੰਦੀ ਰਹੀ। ਜ਼ਾਤ-ਪਾਤ ਦੇ ਬੰਧਨਾ ਨੂੰ ਤੋੜਕੇ ਵਿਆਹ ਕਰਵਾਇਆ, ਕੈਂਸਰ ਤੇ ਨਸ਼ਿਆਂ ਵਰਗੀਆਂ ਬਿਮਾਰੀਆਂ ਤੋਂ ਸੁਚੇਤ ਕੀਤਾ, ਤਿਆਗ ਦੀ ਮੂਰਤ ਬਣੀ, ਸਮਾਜ ਸੇਵਾ ਦਾ ਬੀੜਾ ਚੁੱਕਿਆ, ਬੇਰੋਜ਼ਗਾਰੀ ਖ਼ਤਮ ਕਰਨ ਵਿੱਚ ਯੋਗਦਾਨ ਪਾਇਆ, ਸਾਦਾ ਵਿਆਹ ਕੀਤਾ, ਦੀਨ ਦੁਖੀਆਂ ਦਾ ਦਰਦ ਵੰਡਾਇਆ, ਵਾਤਾਵਰਨ ਦੀ ਸੰਭਾਲ ਦੀ ਪ੍ਰੇਰਨਾ ਕੀਤੀ ਆਦਿ ਕਾਰਵਾਈਆਂ ਸਮਾਜ ਲਈ ਪ੍ਰੇਰਨਾ ਸਰੋਤ ਬਣੀਆਂ। ਹਨ। ਸਮਾਜ ਸੇਵਾ ਦੀ ਪ੍ਰਵਿਰਤੀ ਨੂੰ ਵੀ ਬਾਖ਼ੂਬੀ ਨਿਖ਼ਾਰਿਆ ਹੈ। ਪਿੰਡ ਵਿੱਚ ਕਲਿਨਿਕ ਖੋਲ੍ਹਕੇ ਲੋਕਾਂ ਦੀ ਸੇਵਾ ਕਰਨੀ, ਨਸ਼ਈ ਪਿਤਾ ਦੇ ਆਤਮਹੱਤਿਆ ਕਰਨ ਤੋਂ ਬਾਅਦ ਉਸਦੀ ਲੜਕੀ ਰੀਮਾ ਦੀ ਪੜ੍ਹਾਈ ਦਾ ਆਪਣੇ ਘਰ ਲਿਆਕੇ ਖ਼ਰਚਾ ਚੁੱਕਣਾ ਆਦਿ ਗੁਰਜੋਤ ਦੀ ਸਮਾਜ ਸੇਵਾ ਦਾ ਨਮੂਨਾ ਹੈ। ਸੁਰਿੰਦਰ ਕੌਰ ਸੈਣੀ ਤੋਂ ਭਵਿਖ ਵਿੱਚ ਯਥਾਰਥਕ ਘਟਨਾਵਾਂ ਤੇ ਅਧਾਰਤ ਸਾਹਿਤ ਸਿਰਜਣ ਦੀ ਆਸ਼ਾ ਕੀਤੀ ਜਾ ਸਕਦੀ ਹੈ।
136 ਪੰਨਿਆਂ, 250 ਰੁਪਏ ਕੀਮਤ ਵਾਲਾ ਇਹ ਨਾਵਲ ਪ੍ਰੀਤ ਪਬਲੀਕੇਸ਼ਨ, ਨਾਭਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ: ਸੁਰਿੰਦਰ ਕੌਰ ਸੈਣੀ : 9501073600
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com