ਕੈਪਟਨ ਸਾਹਿਬ ਇਕੱਲੇ ਅਧਿਆਪਕਾਂ ਦੀਆਂ ਤਨਖਾਹਾਂ ਉਤੇ ਕੱਟ ਲਾ ਕੇ ਨਹੀਂ ਸਰਨਾ,ਆਪਣੀਆਂ ਤੇ ਵੀ ਲਾਓ । - ਹਰਲਾਜ ਸਿੰਘ
ਅਧਿਆਪਕਾਂ ਦੀ ਤਨਖਾਹ ਵਿੱਚ ਵੱਡੀ ਕਟੌਤੀ ਕਰੇਗੀ ਕੈਪਟਨ ਸਰਕਾਰ, ਦੇ ਸਿਰਲੇਖ ਹੇਠ ਦੋ ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਤਿੰਨ ਨੰਬਰ ਪੇਜ ਤੇ ਛਪੀ ਖਬਰ ਮੈਨੂੰ ਅਖਬਾਰ ਦੀਆਂ ਸਾਰੀਆਂ ਖਬਰਾਂ ਵਿੱਚੋਂ ਮਹਤਵਪੂਰਨ ਖਬਰ ਲੱਗੀ। ਪੰਜਾਬ ਦੀ ਅਜੋਕੀ ਆਰਥਿਕ ਹਾਲਤ ਲਈ ਅਜਿਹਾ ਕੁੱਝ ਕਰਨਾ ਅੱਤ ਜਰੂਰੀ ਹੈ, ਜੇ ਵੋਟ ਰਾਜ ਨੀਤੀ ਤਹਿਤ ਹੋ ਰਹੇ ਪੰਜਾਬ ਦੇ ਖਜਾਨੇ ਦਾ ਉਜਾੜਾ ਬੰਦ ਨਾ ਕੀਤਾ ਤਾਂ ਜਲਦੀ ਹੀ ਪੰਜਾਬ ਉਜੜ ਜਾਵੇਗਾ, ਫਿਰ ਤਨਖਾਹਾਂ ਵਿੱਚ ਕਟੌਤੀ ਤਾਂ ਕੀ ਪੂਰੀਆਂ ਤਨਖਾਹਾਂ ਹੀ ਬੰਦ ਹੋ ਜਾਣਗੀਆਂ। ਇਸੇ ਖਬਰ ਵਿੱਚ ਠੇਕਾ ਮੁਲਾਜਮ ਐਕਸ਼ਨ ਕਮੇਟੀ ਦੇ ਸਕੱਤਰ ਜਨਰਲ ਨੇ ਕਿਹਾ ਹੈ ਕਿ ਸਰਕਾਰ ਦੇ ਅਜਿਹੇ ਮਾਰੂ ਫੈਸਲੇ ਕਾਰਨ ਮੁਲਾਜਮ ਵੀ ਕਿਸਾਨਾ ਵਾਂਗ ਖੁਦਕੁਸ਼ੀਆਂ ਕਰਨ ਦੇ ਰਾਹ ਪੈ ਸਕਦੇ ਹਨ, ਇਹ ਬਹੁਤ ਮੰਦਭਾਗਾ ਬਿਆਨ ਹੈ, ਅਜਿਹੇ ਬਿਆਨ ਦੇਣ ਵਾਲੇ ਬੰਦੇ ਉਤੇ ਖੁਦਕੁਸ਼ੀ ਲਈ ਉਸਕਾਉਣ ਦਾ ਪਰਚਾ ਦਰਜ ਹੋਣਾ ਚਾਹੀਂਦਾ ਹੈ। ਕੀ ਸਾਨੂੰ ਪੰਜਾਬ ਦੇ ਹਲਾਤਾਂ ਦਾ ਪਤਾ ਨਹੀਂ ਹੈ? ਪੰਜਾਬ ਜਿੰਮੇਂ ਕਰਜੇ ਦੀ ਪੰਡ ਇੰਨੀ ਭਾਰੂ ਹੋ ਚੁੱਕੀ ਹੈ ਕਿ ਪੰਜਾਬ ਕਰਜਾ ਤਾਂ ਕੀ ਕਰਜੇ ਦਾ ਵਿਆਜ ਮੋੜਨ ਤੋਂ ਵੀ ਅਸਮਰਥ ਹੋ ਚੁਕਿਆ ਹੈ, ਅੱਜ ਪੰਜਾਬ ਦਾ ਕਿਸਾਨ ਖੁਦਕਸ਼ੀ ਕਰ ਰਿਹਾ ਹੈ ਕੱਲ ਨੂੰ ਪੰਜਾਬ ਵੀ ਮਰ ਜਾਵੇਗਾ। ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਲਈ ਕੁੱਝ ਸੋਚਣ ਦੀ। ਪੰਜਾਬ ਦੇ ਖਜਾਨੇ ਵਿੱਚੋਂ ਮੋਟੀਆਂ ਤਨਖਾਹਾਂ ਲੈਣ ਅਤੇ ਊਚੇ ਅਹੁਦਿਆਂ ਦਾ ਅਨੰਦ ਮਾਨਣ ਵਾਲੇ ਅਮੀਰ ਮੁਲਾਜਮ, ਅਫਸਰ, ਐੱਮ ਐੱਲ ਏ, ਮੰਤਰੀ ਅਤੇ ਮੁੱਖ ਮੰਤਰੀ ਮਰ ਰਹੇ ਪੰਜਾਬ ਨੂੰ ਬਚਾਉਣ ਲਈ ਆਪਣੀਆਂ ਤਨਖਾਹਾਂ ਵੀ ਨਹੀਂ ਛੱਡ ਸਕਦੇ ? ਮੁਲਾਜਮ, ਕਿਸਾਨ, ਮਜਦੂਰ ਏਕਤਾ ਜਿੰਦਾਬਾਦ ਦੇ ਨਾਹਰੇ ਲਾਉਣ ਵਾਲੇ ਮੁਲਾਜਮਾਂ ਨੂੰ ਪਤਾ ਨਹੀਂ ਹੈ ਕਿ ਮਜਦੂਰ ਦੀ ਦਿਹਾੜੀ ਢਾਈ ਸੌ ਰੁਪਏ ਹੈ ਉਹ ਵੀ ਰੋਜਾਨਾ ਨਹੀਂ ਮਿਲਦੀ, ਮਜਦੂਰ ਆਪਣਾ ਪ੍ਰੀਵਾਰ ਕਿਵੇਂ ਪਾਲਦੇ ਹਨ ? ਪੰਜ ਸੌ ਰੁਪਏ ਪ੍ਰਤੀ ਮਹੀਨਾ ਲੋਕਾਂ ਦੇ ਘਰਾਂ ਵਿੱਚ ਪੋਚੇ ਲਾਉਣ ਜਾਂ ਗੋਹਾ ਕੂੜਾ ਸੁਟਣ ਵਾਲੀਆਂ ਔਰਤਾਂ ਆਪਣਾ ਪ੍ਰੀਵਾਰ ਕਿਵੇਂ ਪਾਲਦੀਆਂ ਹਨ ? ਜੇ ਕੈਪਟਨ ਸਰਕਾਰ ਵੋਟ ਬਟੋਰੂ ਨੀਤੀ ਤੋਂ ਉਪਰ ਉਠ ਕੇ ਇਮਾਨਦਾਰੀ ਨਾਲ ਪੰਜਾਬ ਦਾ ਭਲਾ ਚਾਹੁੰਦੀ ਹੈ ਤਾਂ ਉਸ ਨੂੰ ਨੌਜੁਆਨਾ ਨੂੰ ਮੁਫਤ ਫੋਨ ਦੇਣ ਵਰਗੇ ਲੋਕ ਲੁਭਾਊ ਫੈਸਲਿਆਂ ਦੀ ਥਾਂ ਅਜਿਹੇ ਸਖਤ ਫੈਸਲੇ ਲੇਣੇ ਪੈਣਗੇ, ਜਿੰਨਾ ਨਾਲ ਸਰਕਾਰ ਦੀ ਥਾਂ ਪੰਜਾਬ ਬਚਦਾ ਹੋਵੇ। ਇਸ ਲਈ ਕੈਪਟਨ ਸਰਕਾਰ ਨੂੰ ਕੁੱਝ ਵਿਭਾਗਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਉਤੇ ਕੱਟ ਲਾ ਕੇ ਨਹੀਂ ਸਰਨਾ, ਆਪਣੀਆਂ ਅਤੇ ਆਪਣੇ ਮੰਤਰੀਆਂ ਦੀਆਂ ਤਨਖਾਹਾਂ ਉੱਤੇ ਵੀ ਕੱਟ ਲਾਉਣਾ ਪਵੇਗਾ। ਜਿੰਨਾ ਚਿਰ ਪੰਜਾਬ ਦੀ ਆਰਥਿਕ ਹਾਲਤ ਸੁਧਰ ਨਹੀਂ ਜਾਂਦੀ ਉਨਾ ਚਿਰ ਪੰਜਾਬ ਦੇ ਸਮੁੱਚੇ ਮੁਲਾਜਮਾਂ ਜਿੰਨਾ ਦੀ ਤਨਖਾਹ ਪੰਦਰਾਂ ਹਜਾਰ ਤੋਂ ਉਪਰ ਹੈ ਤੇ ਦੋ ਦੋ ਮਹੀਨਿਆਂ ਜਾਂ ਜਿੰਨਾ ਸਮਾਂ ਲੋੜ ਹੋਵੇ ਕੱਟ ਲਾ ਦੇਣਾ ਚਾਹੀਂਦਾ ਹੈ, ਆਰਥਿਕ ਮੰਦਹਾਲੀ ਦੇ ਸਿਕਾਰ ਪੰਜਾਬ ਵਿੱਚ ਚਾਲੀ ਹਜਾਰ ਤੋਂ ਵੱਧ ਕਿਸੇ ਦੀ ਤਨਖਾਹ ਹੋਣੀ ਹੀ ਨਹੀਂ ਚਾਹੀਂਦੀ, ਉਹ ਚਾਹੇ ਕਿੱਡਾ ਮਰਜੀ ਮੁਲਾਜਮ, ਅਫਸਰ, ਐੱਮ ਐੱਲ ਏ, ਮੰਤਰੀ ਅਤੇ ਮੁੱਖ ਮੰਤਰੀ ਵੀ ਕਿਉਂ ਨਾ ਹੋਵੇ, ਘਰ ਘਰ ਸਰਕਾਰੀ ਨੌਕਰੀ ਦੇਣ ਲਈ ਇੱਕ ਪ੍ਰੀਵਾਰ (ਪਤੀ ਪਤਨੀ) ਵਿੱਚ ਦੋ ਮੁਲਾਜਮ ਹੋਣ ਤੇ ਪਾਬੰਦੀ ਲੱਗਣੀ ਚਾਹੀਂਦੀ ਹੈ, ਦਸ ਕਿਲਿਆਂ ਤੋਂ ਵੱਧ ਜਮੀਨ ਵਾਲੇ ਕਿਸਾਨਾ ਨੂੰ ਵੀ ਪੰਜ ਹਜਾਰ ਪ੍ਰਤੀ ਕਿਲਾ ਟੈਕਸ ਲਾ ਦੇਣਾ ਚਾਹੀਂਦਾ ਹੈ, ਕਾਰਖਾਨਾਦਾਰਾਂ ਤੇ ਵਪਾਰੀਆਂ ਨੂੰ ਟੈਕਸ ਦੇ ਘੇਰੇ ਵਿੱਚ ਲਿਉਣਾ ਚਾਹੀਂਦਾ ਹੈ, ਅਤੇ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬੰਦ ਹੋਣੀਆਂ ਚਾਹੀਂਦੀਆਂ ਹਨ, ਵਪਾਰੀਆਂ ਦੇ ਹਰ ਸਾਲ ਅਰਬਾਂ ਰੁਪਏ ਵੱਟੇ ਖਾਤੇ ਪਾਏ ਜਾ ਰਹੇ ਹਨ ਉਹ ਵੀ ਬੰਦ ਹੋਣੇ ਚਾਹੀਂਦੇ ਹਨ। ਵੋਟ ਬਟੋਰੂ ਨੀਤੀਆਂ ਤਹਿਤ ਧਾਰਮਿਕ ਸਥਾਨਾ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦੇਣੀਆਂ ਬੰਦ ਹੋਣੀਆਂ ਚਾਹੀਂਦੀਆਂ ਹਨ, ਧਾਰਮਿਕ ਸਥਾਨਾ ਦੀ ਯਾਤਰਾ ਤੇ ਵੀ ਸਰਕਾਰੀ ਪੈਸਾ ਬਰਬਾਦ ਕਰਨਾ ਬੰਦ ਕਰਨਾ ਚਾਹੀਂਦਾ ਹੈ। ਫਰਿਜਾਂ ਵਿੱਚ ਪਏ ਆਸੂਤੋਸ਼ ਵਰਗੇ ਜਾਂ ਹੋਰ ਧਾਰਮਿਕ, ਸਿਆਸੀ ਆਗੂਆਂ ਅਤੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਦੇ ਬੁੱਤ ਦੀ ਸੁਰੱਖਿਆ ਉਤੇ ਖਰਚੇ ਜਾ ਰਹੇ ਕਰੋੜਾਂ ਰੁਪਏ ਤੁਰੰਤ ਬੰਦ ਹੋਣੇ ਚਾਹੀਂਦੇ ਹਨ। ਦੋ ਸੌ ਯੁਨਟਿ ਤੋਂ ਵੱਧ ਬਿਜਲੀ ਮਚਾਉਣ ਵਾਲੇ ਗਰੀਬ ਪ੍ਰੀਵਾਰਾਂ ਨੂੰ ਦੋ ਸੌ ਤੋਂ ਉਪਰਲੇ ਯੁਨਿਟਾਂ ਦਾ ਬਿਲ ਲੱਗਣਾ ਚਾਹੀਂਦਾ ਹੈ, ਕਿਸਾਨਾ ਦੀਆਂ ਖੇਤੀ ਮੋਟਰਾਂ ਲਈ ਕਿਸਾਨਾ ਦੇ ਖਾਤਿਆਂ ਵਿੱਚ ਅਗਾਉਂ ਸਬਸੀਡੀ ਜਮ੍ਹਾਂ ਕਰਵਾਉਣ ਦੀ ਕੋਈ ਲੋੜ ਨਹੀਂ ਹੈ, ਖੇਤੀ ਮੋਟਰਾਂ ਲਈ ਪ੍ਰਤੀ ਮਹੀਨਾ ਪੰਜ ਹਜਾਰ ਰੁਪਏ ਤੋਂ ਵੱਧ ਬਿਜਲੀ ਵਰਤਣ ਵਾਲਿਆਂ ਤੋਂ ਪੰਜ ਹਜਾਰ ਤੋਂ ਵੱਧ ਵਰਤੀ ਬਿਜਲੀ ਦਾ ਬਿਲ ਲੈਣਾ ਚਾਹੀਂਦਾ ਹੈ, ਦਸ ਕਿਲਿਆਂ ਤੋਂ ਵੱਧ ਜਮੀਨ ਵਾਲੇ ਕਿਸਾਨਾ ਦੀ ਮੁਫਤ ਬਿਜਲੀ ਦੀ ਸਹੁਲਤ ਬੰਦ ਕਰ ਦੇਣੀ ਚਾਹੀਂਦੀ ਹੈ। ਮਨੁੱਖ ਦੀ ਮੁੱਖ ਲੋੜ ਹੈ ਪੜਾਈ ਅਤੇ ਸਿਹਤ ਹੈ, ਸਰਕਾਰ ਬੇਲੋੜੀਆਂ ਸਬਸੀਡੀਆਂ ਨੂੰ ਬੰਦ ਕਰਕੇ ਲੋੜਬੰਦਾਂ ਲਈ ਪੜਾਈ ਅਤੇ ਸਿਹਤ ਸਹੂਲਤਾਂ ਦਾ ਮੁਫਤ ਪ੍ਰਬੰਧ ਕਰੇ, ਇਸ ਵਿੱਚ ਹੀ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਹੈ।
ਹਰਲਾਜ ਸਿੰਘ ਪੁੱਤਰ ਸ੍ਰ: ਜੱਗਰ ਸਿੰਘ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
harlajsingh7@gmail.com
ਮਹਿਲਾ ਦਿਵਸ਼ ਤੇ ਵਿਸ਼ੇਸ - ਹਰਲਾਜ ਸਿੰਘ ਬਹਾਦਰਪੁਰ,
ਮਾਦਾ ਭਰੂਣ ਹੱਤਿਆ ਸਾਡੇ ਭਾਰਤੀ ਮਰਦ ਪ੍ਰਧਾਨ ਸਮਾਜ ਦੇ ਮੱਥੇ ਉੱਤੇ ਕਾਲੰਕ ਹੈ,
ਅੱਜ ਮਹਿਲਾ ਦਿਵਸ਼ ਹੈ, ਇਸ ਲਈ ਅੱਜ ਮਰਦਾਂ ਵੱਲੋਂ ਇਸਤਰੀਆਂ ਨੂੰ ਬਰਾਬਰਤਾ ਦੇ ਹੱਕ ਦੇਣ ਜਾਂ ਦਿਵਾਉਣ ਲਈ ਇਸਤਰੀਆਂ ਦੇ ਹੱਕਾਂ ਦੇ ਨਾਮ ਹੇਠ ਵੱਡੇ ਵੱਡੇ ਇਕੱਠ ਕਰਕੇ ਵੱਡੇ ਵੱਡੇ ਝੂਠ ਬੋਲੇ ਜਾਣੇ ਹਨ। ਜਿਸ ਵਿੱਚ ਇੱਕੋ ਗੱਲ ਵਾਰ ਵਾਰ ਕਹੀ ਜਾਵੇਗੀ ਕਿ ਇਸਤਰੀਆਂ ਵੀ ਮਰਦਾਂ ਦੇ ਬਰਾਬਰ ਦੀਆਂ ਹੱਕਦਾਰ ਹਨ, ਇਸਤਰੀਆਂ ਨੂੰ ਵੀ ਹਰ ਤਰਾਂ ਦੀ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰੀ ਦੇਣੀ ਚਾਹੀਂਦੀ ਹੈ, ਬੱਸ ਇਹ ਬਰਾਬਰਤਾ ਦੇਣੀ ਚਾਹੀਂਦੀ ਹੈ ਹੀ ਕਹੀ ਜਾਂਦੀ ਰਹੇਗੀ, ਪਰ ਦਿੱਤੀ ਨਹੀਂ ਜਾਵੇਗੀ। ਸਾਡੇ ਮਹਾਨ ਭਾਰਤ ਵਿੱਚ ਤਾਂ ਇਹ ਅਜੇ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਸੁਣਦੇ ਹਾਂ ਕਿ ਭਾਰਤ ਦੇ ਤਾਂ ਭਗਵਾਨ ਵੀ ਇਸਤਰੀ ਦੀ ਅਗਨੀ ਪ੍ਰੀਖਿਆ ਲੈਂਦੇ ਰਹੇ ਹਨ, ਇਸਤਰੀ ਨੂੰ ਜੂਏ ਵਿੱਚ ਹਾਰਦੇ ਰਹੇ ਹਨ, ਤਲਾਅ ਵਿੱਚ ਨਹਾਉਂਦੀਆਂ ਲੜਕੀਆਂ ਦੇ ਕੱਪੜੇ ਚੁੱਕਦੇ ਰਹੇ ਹਨ ਆਦਿ। ਸੱਭ ਤੋਂ ਨਵੀਨ, ਅਗਾਂਹ ਵਧੂ ਅਤੇ ਇਸਤਰੀ ਨੂੰ ਬਰਾਬਰਤਾ ਦਾ ਹੱਕ ਦੇਣ ਵਾਲੇ ਮੰਨੇ ਜਾਂਦੇ ਸਿੱਖ ਧਰਮ ਵਿੱਚ ਵੀ ਇਸਤਰੀ ਨੂੰ ਅਜੇ ਤੱਕ ਬਰਾਬਰਤਾ ਨਹੀ ਮਿਲੀ ਹੈ, ਹੋਰ ਧਰਮਾਂ ਵਾਰੇ ਤਾਂ ਕਹਿਣਾ ਹੀ ਕੀ ਹੈ। ਬਰਾਬਰਤਾ ਦੇਣ ਲਈ ਕਹਿਣਾ ਬਹੁਤ ਸੌਖਾ ਹੈ, ਅਸਲ ਵਿੱਚ ਬਰਾਬਰਤਾ ਦੇਣੀ ਬਹੁਤ ਔਖੀ ਹੁੰਦੀ ਹੈ। ਮਰਦ ਆਪਣੀ ਗੁਲਾਮ ਇਸਤਰੀ ਨੂੰ ਤਾਂ ਕੀ, ਇਹ ਤਾਂ ਆਪਣੇ ਬਰਾਬਰ ਦੇ ਮਰਦ ਨੂੰ ਵੀ ਬਰਾਬਰਤਾ ਨਹੀਂ ਦੇ ਸਕਦਾ। ਇਸਤਰੀਆਂ ਵੀ ਇਸਤਰੀਆਂ ਨੂੰ ਬਰਾਬਰਤਾ ਨਹੀਂ ਦੇ ਸਕਦੀਆਂ। ਅਸਲ ਵਿੱਚ ਕੋਈ ਵੀ ਕਿਸੇ ਨੂੰ ਬਰਾਬਰਤਾ ਨਹੀਂ ਦੇ ਸਕਦਾ ਹੁੰਦਾ। ਜਿੰਨਾ ਇਸਤਰੀਆਂ ਨੇ ਤਰੱਕੀਆਂ ਕੀਤੀਆਂ ਹਨ ਉਹਨਾ ਨੇ ਆਪਣੀ ਯੋਗਤਾ ਦੇ ਦਮ ਨਾਲ ਕੀਤੀਆਂ ਹਨ, ਮਹਿਲਾ ਦਿਵਸ਼ਾਂ ਦੇ ਨਾਮ ਤੇ ਇਸਤਰੀਆਂ ਨੂੰ ਬਰਾਬਰਤਾ ਦੇਣ ਦੇ ਨਾਹਰਿਆਂ ਨੇ ਇਸਤਰੀਆਂ ਨੂੰ ਕੁੱਝ ਨੀ ਦਿੱਤਾ। ਕਿਉਂਕਿ ਬਰਾਬਰਤਾ ਮਰਦਾਂ ਨੇ ਦੇਣੀ ਹੈ, ਨਾ ਕਿ ਨਾਹਰਿਆਂ ਨੇ। ਇਸਤਰੀਆਂ ਨੂੰ ਬਰਾਬਰਤਾ ਦੇਣ ਦੇ ਨਾਹਰੇ ਮਾਰਨ ਵਾਲਿਆਂ (ਸਾਨੂੰ/ਮਰਦਾਂ) ਨੂੰ ਕੋਈ ਪੁੱਛੇ ਕਿ ਇਸਤਰੀਆਂ ਦੀ ਬਰਾਬਰਤਾ ਦਾ ਹੱਕ ਕਿਸ ਨੇ ਖੋਹਿਆ ਹੈ, ਇਹ ਹੱਕ ਕਿਸ ਤੋਂ ਦਿਵਾਉਣਾ ਹੈ? ਤਾਂ ਇਸ ਦਾ ਜਵਾਬ ਕੀ ਹੋਵੇਗਾ ? ਅਸੀਂ ਮਰਦਾਂ ਨੇ ਹੀ ਇਸਤਰੀਆਂ ਨੂੰ ਗੁਲਾਮ ਬਣਾਇਆ ਹੋਇਆ ਹੈ, ਜੇ ਅਸੀਂ ਇਸ ਨੂੰ ਮਨੁੱਖੀ ਹੱਕਾਂ ਦੇ ਵਿਰੁੱਧ ਸਮਝਦੇ ਹਾਂ, ਤਾਂ ਸਾਨੂੰ ਆਪੋ ਆਪਣੀਆਂ ਇਸਤਰੀਆਂ ਨੂੰ ਬਰਾਬਰਤਾ ਦੇ ਦੇਣੀ ਚਾਹੀਂਦੀ ਹੈ, ਪਿਉ ਆਪਣੇ ਪੁੱਤਾਂ ਦੇ ਬਰਾਬਰ ਧੀਆਂ ਨੂੰ ਹੱਕ ਦੇ ਦੇਵੇ ਬੱਸ ਹੋ ਗਈ ਬਰਾਬਰਤਾ। ਪਰ ਇਹ ਬਹੁਤ ਔਖੀ ਹੈ ਦੇਣੀ, ਕਿਉਂਕਿ ਬਰਾਬਰਤਾ ਤਾਂ ਕੀ ਪਿਉ ਤਾਂ ਅਜੇ ਧੀ ਨੂੰ ਜੰਮਣ ਦਾ ਹੱਕ ਦੇ ਲਈ ਵੀ ਤਿਆਰ ਨਹੀਂ ਹੈ। ਬਹੁਤ ਚੰਗੀ ਗੱਲ ਹੈ ਕਿ ਅਸੀਂ ਸਾਰੇ ਬਰਾਬਰਤਾ ਦਾ ਆਨੰਦ ਮਾਣੀਏਂ, ਪਰ ਅਫਸੋਸ ਕਿ ਬਰਾਬਰਤਾ ਤਾਂ ਦੂਰ ਅਜੇ ਤਾਂ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਈ । ਮਾਦਾ ਭਰੂਣ ਹੱਤਿਆ ਸਾਡੇ ਭਾਰਤੀ ਮਰਦ ਪ੍ਰਧਾਨ ਸਮਾਜ ਦੇ ਮੱਥੇ ਉੱਤੇ ਕਾਲੰਕ ਹੈ, ਇਸ ਕਾਲੰਕ ਨੂੰ ਹਟਾਉਣ ਲਈ ਆਓ ਸਾਰੇ ਮਰਦ ਇਸਤਰੀਆਂ ਮਿਲ ਕੇ ਮਹਿਲਾ ਦਿਵਸ ਤੇ ਇਹ ਪ੍ਰਣ ਕਰੀਏ ਕਿ ਅਸੀਂ ਸਾਰੇ ਇੱਕ ਦੂਜੇ ਨੂੰ ਆਪਣੇ ਬਰਾਬਰ ਮੰਨ ਕੇ ਇੱਕ ਦੂਜੇ ਦਾ ਸਤਿਕਾਰ ਕਰਾਂਗੇ। ਮੈਂ ਅੱਜ ਤੋਂ ਇਸਤਰੀ ਨੂੰ ਸਤਿਕਾਰ ਅਤੇ ਬਰਾਬਰਤਾ ਦੇਣ ਦਾ ਪ੍ਰਣ ਕਰਦਾ ਹਾਂ।
ਤਾਰੀਖ 07-03-2018
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
harlajsingh7@gmail.com
ਹਰ ਖੁਦਕਸੀ ਨੂੰ ਆਰਥਿਕਤਾ ਨਾਲ ਜੋੜ ਦੇਣਾ ਖੁਦਕਸੀ ਤੋਂ ਵੀ ਮਾੜਾ ਹੈ। - ਹਰਲਾਜ ਸਿੰਘ ਬਹਾਦਰਪੁਰ
ਜਿੰਨਾ ਚਿਰ ਖੁਦਕਸੀ ਕਰਨ ਵਾਲੇ ਦੇ ਪ੍ਰੀਵਾਰ ਤੇ ਕਤਲ ਦਾ ਪਰਚਾ ਦਰਜ ਨਹੀਂ ਹੋਣ ਲੱਗਦਾ ਓਨਾ ਚਿਰ ਖੁਦਕਸੀਆਂ ਬੰਦ ਨਹੀਂ ਹੋ ਸਕਦੀਆਂ, ਹਰਲਾਜ ਸਿੰਘ ਬਹਾਦਰਪੁਰ।
ਖੁਦਕਸੀ ਕਰਨੀ ਬਹੁਤ ਮਾੜੀ ਗੱਲ ਹੈ, ਪਤਾ ਨਹੀਂ ਕਿਹੜੇ ਹਾਲਾਤਾਂ ਤੋਂ ਦੁਖੀ ਹੋ ਕੇ ਬੰਦਾ ਅਜਿਹਾ ਕਦਮ ਚੁੱਕਦਾ ਹੈ। ਪਰ ਅੱਜ ਕੱਲ ਹਰ ਖੁਦਕਸੀ ਨੂੰ ਆਥਿਕਤਾ ਨਾਲ ਜੋੜ ਦਿੱਤਾ ਜਾਂਦਾ ਹੈ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਕਿਸਾਨ ਮਜਦੂਰ ਦੀ ਆਰਥਿਕ ਹਾਲਤ ਮਾੜੀ ਨਹੀਂ ਹੈ, ਹਾਲਤ ਮਾੜੀ ਹੈ ਪਰ ਖੁਦਕਸੀ ਤਾਂ ਉਸ ਤੋਂ ਵੀ ਮਾੜੀ ਹੈ, ਹਰ ਖੁਦਕਸੀ ਨੂੰ ਆਰਥਿਕਤਾ ਨਾਲ ਜੋੜ ਦੇਣਾ ਖੁਦਕਸੀ ਤੋਂ ਵੀ ਮਾੜਾ ਹੈ। ਜਾਂ ਕੀ ਖੁਦਕਸੀ ਹੀ ਮਾੜੀ ਆਰਥਿਕਤਾ ਦਾ ਹੱਲ ਹੈ ? ਅਸਲ ਸੱਚ ਤਾਂ ਇਹ ਵੀ ਹੈ ਕਿ ਹਰ ਖੁਦਕਸੀ ਦਾ ਕਾਰਨ ਆਰਥਿਕਤਾ ਵੀ ਨਹੀਂ ਹੁੰਦੀ, ਘਰ ਦੇ ਹੋਰ ਵੀ ਬਹੁਤ ਕਲੇਸ਼ ਹੁੰਦੇ ਹਨ, ਪਰ ਸਾਡੇ ਝੂਠੇ ਹਮਦਰਦਾਂ ਵੱਲੋਂ ਖੁਦਕਸੀ ਦੇ ਸਾਰੇ ਕਾਰਨਾ ਉਤੇ ਪੜਦਾ ਪਾ ਕੇ ਉਸ ਨੂੰ ਆਰਥਿਕਤਾ ਨਾਲ ਜੋੜ ਦਿੱਤਾ ਜਾਂਦਾ ਹੈ, ਤਾਂ ਕਿ ਮ੍ਰਿਤਕ ਦੇ ਪ੍ਰੀਵਾਰ ਨੂੰ ਆਰਥਿਕ ਲਾਭ ਮਿਲ ਸਕੇ। ਸਰਕਾਰਾਂ ਵੀ ਖੁਦਕਸੀਆਂ ਨੂੰ ਰੋਕਣ ਦੀ ਥਾਂ ਇਹਨਾ ਦੀ ਸਿਆਸੀ ਹਿੱਤਾਂ ਲਈ ਹੀ ਵਰਤੋਂ ਕਰ ਰਹੀਆਂ ਹਨ। ਕਿਉਂਕਿ ਸਰਕਾਰਾਂ ਵੀ ਸਾਡੀਆਂ ਜਮੀਰਾਂ ਨੂੰ ਮਾਰ ਕੇ ਸਾਨੂੰ ਭਿਖਾਰੀ ਹੀ ਬਣਾਉਣਾ ਚਾਹੁੰਦੀਆਂ ਹਨ, ਜਿਸ ਕਾਰਨ ਉਹ ਸਾਡੇ ਕਰਜੇ ਮੁਆਫ ਕਰਨੇ ਅਤੇ ਨੌਕਰੀਆਂ ਆਦਿ ਸਾਨੂੰ ਮੌਤ ਤੋਂ ਬਾਅਦ ਤਰਸ ਦੇ ਅਧਾਰ ਤੇ ਭੀਖ ਦੀ ਤਰਾਂ ਦੇ ਰਹੀਆਂ ਹਨ। ਸਾਡੀਆਂ ਕਿਸਾਨ ਜੱਥੇਬੰਦੀਆਂ ਮੌਤ ਦੇ ਕਾਰਨਾ ਨੂੰ ਨਜਰ ਅੰਦਾਜ ਕਰਕੇ ਖੁਦਕਸੀ ਕਰ ਚੁੱਕੇ ਵਿਅੱਕਤੀ ਦਾ ਸਾਰਾ ਕਰਜਾ ਮੁਆਫ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਭੀਖ ਮੰਗ ਕੇ ਇਸ ਨੂੰ ਹੋਰ ਬੜਾਵਾ ਦੇ ਰਹੀਆਂ ਹਨ। ਖੁਦਕਸੀ ਕਰ ਕੇ ਸਦਾ ਦੀ ਨੀਦ ਸੁੱਤੇ ਆਪਣੇ ਪ੍ਰੀਵਾਰਕ ਮੈਂਬਰ ਦੀ ਮੌਤ ਦੇ ਦੁਖ ਨੂੰ ਭੁਲਾ ਲਾਸ਼ ਦੇ ਕੋਲ ਬਹਿ ਕੇ ਮੌਤ ਦੇ ਕਾਰਨਾ ਦੀ ਥਾਂ ਆਰਥਿਕ ਲ਼ਾਭ ਦੀਆਂ ਕਹਾਣੀਆਂ ਸ਼ੁਰੂ ਕਰਦੇ ਹੋਏ ਸਨਬੰਧੀ ਇਹ ਕਹਿਣ ਲੱਗ ਜਾਂਦੇ ਹਨ ਕਿ ਇਹ ਤਾਂ ਭਾਈ ਹੁਣ ਮਿੱਟੀ ਹੈ ਇਹਦਾ ਤਾਂ ਕੀ ਹੈ, ਹੁਣ ਮਗਰਲੇ ਪ੍ਰੀਵਾਰ ਵਾਰੇ ਸੋਚੋ ਜੇ ਉਹਨਾ ਨੂੰ ਚਾਰ ਪੈਸੇ ਮਿਲ ਜਾਣ। ਵਾਹ! ਕੈਸੀ ਹਮਦਰਦੀ ਹੈ। ਕਦੇ ਸਮਾਂ ਹੁੰਦਾ ਸੀ ਕਿ ਲੋਕ ਖੁਦਕਸੀ ਕਰ ਚੁੱਕੇ ਵਿਅੱਕਤੀ ਦਾ ਪੁਲਿਸ ਤੋਂ ਚੋਰੀਓਂ ਦਾਹ ਸੰਸਕਾਰ ਕਰ ਦਿੰਦੇ ਹੁੰਦੇ ਸੀ, ਪਰ ਅੱਜ ਪੁਲਿਸ ਦੀ ਹਾਜਰੀ ਵਿੱਚ ਖੁਦਕਸੀ ਦੀ ਵੀ ਨਾਜਾਇਜ ਵਰਤੋਂ ਕੀਤੀ ਜਾਂਦੀ ਹੈ। ਪੁਲਿਸ ਵੀ ਕਤਲ ਕੇਸ ਦੀ ਜਾਂਚ ਦੇ ਚੱਕਰ ਵਿੱਚ ਪੈਣ ਦੀ ਥਾਂ ਪ੍ਰੀਵਾਰ ਦੇ ਬਿਆਨਾ ਦੇ ਅਧਾਰ ਤੇ ਧਾਰਾ 174 ਦੀ ਕਰਵਾਈ ਕਰਕੇ ਆਪਣੇ ਫਰਜ ਤੋਂ ਮੁਕਤ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਜ ਖੁਦਕਸੀਆਂ ਦੀ ਗਿਣਤੀ ਵਿੱਚ ਦਿਨ ਦੁਗਣਾ ਰਾਤ ਚੌਗੁਣਾ ਵਾਧਾ ਹੋ ਰਿਹਾ ਹੈ। ਇਸ ਲਈ ਜਿੰਨਾ ਚਿਰ ਖੁਦਕਸੀ ਕਰਨ ਵਾਲੇ ਦੇ ਪ੍ਰੀਵਾਰ ਤੇ ਕਤਲ ਦਾ ਪਰਚਾ ਦਰਜ ਨਹੀਂ ਹੋਣ ਲੱਗਦਾ ਓਨਾ ਚਿਰ ਖੁਦਕਸੀਆਂ ਬੰਦ ਨਹੀਂ ਹੋ ਸਕਦੀਆਂ। ਹਰੇਕ ਤਰਾਂ ਦੀ ਖੁਦਕਸੀ, ਉਹ ਚਾਹੇ ਆਰਥਿਕ ਮੰਦਹਾਲੀ ਕਾਰਨ ਹੋਵੇ, ਕਿਸੇ ਦੇ ਬਲੈਕਮੇਲ ਦੇ ਕਾਰਨ ਹੋਵੇ, ਕਿਸੇ ਦੇ ਤੰਗ ਪ੍ਰੇਸ਼ਾਨ ਕਰਨ ਜਾਂ ਧਮਕੀਆਂ ਕਾਰਨ ਹੋਈ ਹੋਵੇ, ਇਸ ਵਾਰੇ ਖੁਦਕਸੀ ਕਰਨ ਵਾਲੇ ਜਾਂ ਉਸ ਦੇ ਪ੍ਰੀਵਾਰ ਵੱਲੋਂ ਸਬੰਧਤ ਥਾਣੇ ਵਿੱਚ ਪਹਿਲਾਂ ਰਿਪੋਰਟ ਦਰਜ ਹੋਣੀ ਲਾਜਮੀ ਹੋਵੇ। ਜਿਸ ਦੀ ਪਹਿਲਾਂ ਅਜਿਹੀ ਕਿਸੇ ਕਿਸਮ ਦੀ ਕੋਈ ਰਿਪੋਰਟ ਦਰਜ ਨਾ ਹੋਵੇ, ਤਾਂ ਖੁਦਕਸੀ ਕਰਨ ਵਾਲੇ ਦੇ ਪ੍ਰੀਵਾਰਕ ਮੈਂਬਰਾਂ ਉਤੇ ਸ਼ੱਕ ਦੇ ਅਨੁਸਾਰ ਕਤਲ ਦਾ ਪ੍ਰਚਾ ਦਰਜ ਹੋਣਾ ਚਾਹੀਂਦਾ ਹੈ। ਫਿਰ ਪਤਾ ਚੱਲੇਗਾ ਕਿ ਖੁਦਕਸੀਆਂ ਦੇ ਅਸਲੀ ਕਾਰਨ ਕੀ ਹਨ। ਜੇ ਅਜਿਹਾ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਜਮੀਰ ਇਸ ਹੱਦ ਤੱਕ ਮਰ ਜਾਵੇਗੀ ਕਿ ਅਸੀਂ ਘਰ ਦੇ ਬੇਲੋੜੇ ਜਾਂ ਘੱਟ ਲੋੜ ਵਾਲੇ ਮੈਂਬਰ ਦਾ ਕਤਲ ਕਰਕੇ ਉਸ ਨੂੰ ਆਰਥਿਕ ਤੰਗੀ ਨਾਲ ਜੋੜ ਕੇ, ਪ੍ਰੀਵਾਰ ਦਾ ਸਮੁੱਚਾ ਕਰਜਾ ਮੁਆਫ ਕਰਨ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਮੰਗਣਾ ਸਾਡਾ ਕਾਨੂੰਨੀ ਹੱਕ ਬਣ ਜਾਵੇਗਾ। ਯੋਗਤਾ ਦੇ ਅਧਾਰ ਤੇ ਮਿਲਣ
ਵਾਲੀਆਂ ਨੌਕਰੀਆਂ ਖੁਦਕਸੀ ਦੇ ਅਧਾਰ ਤੇ ਮਿਲਣ ਲੱਗ ਜਾਣਗੀਆਂ, ਫਿਰ ਸਾਡੇ ਬੱਚੇ ਵੀ ਆਪਣੀ ਯੋਗਤਾ ਬਣਾਉਣ ਦੀ ਥਾਂ ਖੁਦਕਸੀਆਂ ਦੇ ਉਡੀਕਵਾਨ ਹੋ ਜਾਣਗੇ, ਫਿਰ ਸਾਡੇ ਬੱਚੇ ਇੱਕ ਦੂਜੇ ਦੀ ਵਿੱਦਿਅਕ ਯੋਗਤਾ ਪੁੱਛਣ ਦੀ ਥਾਂ ਇਹ ਪੁੱਛਿਆ ਕਰਨਗੇ ਕਿ ਕਿਉਂ ਬਾਈ ਬਣਿਆ ਕੋਈ ਖੁਦਕਸੀ ਦਾ ਜੁਗਾੜ ਕਿ ਨਹੀਂ! ਹਰੇਕ ਖੁਦਕਸੀ ਦੇ ਕਾਰਨਾ ਨੂੰ ਨਜਰ ਅੰਦਾਜ ਕਰਕੇ ਉਸ ਨੂੰ ਆਰਥਿਕਤਾ ਨਾਲ ਜੋੜ ਕੇ ਲਾਭ ਲੈਣ ਦੀ ਸਾਡੀ ਮਾਨਸਿਕਤਾ ਕਿਤੇ ਇਸੇ ਪਾਸੇ ਵੱਲ ਤਾਂ ਨਹੀਂ ਵੱਧਦੀ ਜਾ ਰਹੀ ?
ਮਿਤੀ 25-01-2018
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501
ਫੋਨ ਨੰਬਰ :- 9417023911
harlajsingh7@gmail.com
ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ - ਹਰਲਾਜ ਸਿੰਘ ਬਹਾਦਰਪੁਰ
ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ, ਹਰਲਾਜ ਸਿੰਘ ਬਹਾਦਰਪੁਰ।
ਮੇਰੇ ਪ੍ਰੀਵਾਰ ਨੂੰ ਮੇਰੇ ਵੱਲੋਂ ਹਦਾਇਤ/ਬੇਨਤੀ ਹੈ ਕਿ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ ਮੇਰੇ ਆਪਣੇ ਲਈ ਇਹ ਹਨ ਕਿ ਮੇਰੀ ਮੌਤ ਤੋਂ ਬਾਅਦ ਜੇ ਕੰਮ ਦੀਆਂ ਹੋਣ ਤਾਂ ਮੇਰੀਆਂ ਅੱਖਾਂ ਜਾਂ ਸਰੀਰ ਦਾ ਕੋਈ ਵੀ ਅੰਗ ਜੋ ਕੰਮ ਆ ਸਕਦਾ ਹੋਵੇ ਉਹ ਕਿਸੇ ਲੋੜਬੰਦ ਜਾਂ ਹਸਪਤਾਲ ਨੂੰ ਦੇ ਦਿੱਤਾ ਜਾਵੇ, ਪੂਰੀ ਬਾਡੀ (ਲਾਸ਼) ਵੀ ਦਿੱਤੀ ਜਾ ਸਕਦੀ ਹੈ। ਮੇਰੀ ਮੌਤ ਤੋਂ ਬਾਅਦ ਘੱਟ ਤੋਂ ਘੱਟ ਲੋਕਾਂ (ਦੋਸਤਾਂ, ਰਿਸਤੇਦਾਰਾਂ) ਨੂੰ ਮੇਰੀ ਮੌਤ ਵਾਰੇ ਦੱਸਿਆ ਜਾਵੇ। ਸਿਰਫ ਖਾਸ ਦੋਸਤ ਜਾਂ ਰਿਸਤੇਦਾਰਾਂ ਜਿੰਨ੍ਹਾ ਨੂੰ ਦੱਸਣਾ ਜਰੂਰੀ ਹੋਵੇ ਨੂੰ ਹੀ ਦੱਸਿਆ ਜਾਵੇ, ਨਾਲ ਉਹਨਾ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ। ਦਾਹ ਸੰਸਕਾਰ ਸਮੇਂ ਘੱਟ ਤੋਂ ਘੱਟ ਲੋਕ ਪਹੁੰਚਣ। ਦਾਹ ਸੰਸਕਾਰ ਸਮੇਂ ਕਿਸੇ ਵੀ ਕਿਸਮ ਦਾ ਕੋਈ ਕਰਮ ਕਾਂਢ ਨਹੀਂ ਕਰਨਾ, ਜੇ ਮ੍ਰਿਤਕ ਸਰੀਰ ਸਾਫ ਹੋਵੇ ਤਾਂ ਇਸ਼ਨਾਨ ਕਰਵਾਉਣ ਦੀ ਵੀ ਕੋਈ ਲੋੜ ਨਹੀਂ, ਨਾ ਹੀ ਕਪੜੇ ਬਦਲਣ ਦੀ ਲੋੜ ਹੈ। ਹਾਂ ਜੇ ਕਿਸੇ ਕਾਰਨ ਮ੍ਰਿਤਕ ਸਰੀਰ ਸਾਫ ਨਾ ਹੋਵੇ ਤਾਂ ਬੇਸੱਕ ਇਸ਼ਨਾਨ ਕਰਵਾ ਦਿਓ, ਨਵੇਂ ਕਪੜੇ ਪਾਉਣ ਦੀ ਕੋਈ ਜਰੂਰਤ ਨਹੀਂ। ਮ੍ਰਿਤਕ ਦੇ ਪੈਰ ਪੂਜਣੇ, ਰਸਤੇ (ਅੱਧ ਮਾਰਗ) ਵਿੱਚ ਲਾਸ਼ ਰੱਖ ਕੇ ਕਾਨੀਏਂ ਬਦਲਣੇ, (ਆਪਣੀ ਸੁਵਿਧਾ ਜਾਂ ਸਮੇ ਅਨੁਸਾਰ ਲਾਸ਼ ਨੂੰ ਕਿਸੇ ਹੋਰ ਸਾਧਨ ਤੇ ਵੀ ਲਿਜਾਇਆ ਜਾ ਸਕਦਾ ਹੈ) ਲਾਸ਼ ਨੂੰ ਰੱਖ ਕੇ ਦੁਆਲੇ ਪਾਣੀ ਦੀ ਕਾਰ ਕਰਨੀ, ਘੜਾ ਭੰਨਣਾ, ਆਟੇ ਦੀਆਂ ਪਿੰਨੀਆਂ ਵੱਟ ਕੇ ਲਾਸ਼ ਦੇ ਸਰਾਣੇ ਰੱਖਣੀਆਂ, ਚਿਖਾ ਨੂੰ ਅੱਗ ਲਾਉਣ ਸਮੇਂ ਦੀਵਾ ਬਾਲਣਾ, ਕਪਾਲ ਕਿਰਿਆ ਕਰਨੀ, ਚਿਖਾ ਦੇ ਦੁਆਲੇ ਅੱਗ ਲਾਉਣ ਲਈ ਗੇੜਾ ਦੇਣਾ, ਸਮਸ਼ਾਨ ਘਾਟ ਵਿੱਚ ਜਾ ਕੇ ਸੋਹਿਲੇ ਦਾ ਪਾਠ ਕਰਨਾ ਜਾਂ ਅਰਦਾਸ ਕਰਨੀ, ਜਾਂ ਫਿਰ ਸਮਸ਼ਾਨ ਘਾਟ ਵਿੱਚੋਂ ਗੁਰਦੁਆਰੇ ਆ ਕੇ ਅਲਾਹਣੀਆਂ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਆਦਿ ਅਜਿਹਾ ਕੁੱਝ ਵੀ ਨਾ ਕੀਤਾ ਜਾਵੇ। ਹਾਂ ਜੇ ਚਾਹੋਂ ਤਾਂ (ਕੋਈ ਜਰੂਰੀ ਵੀ ਨਹੀਂ) ਅਤੇ ਜੇ ਸਮਾਂ ਹੋਵੇ ਤਾਂ ਸੰਸਕਾਰ ਤੋਂ ਬਾਅਦ ਘਰ ਗੁਰਬਾਣੀ ਦਾ ਸਹਿਜ ਪਾਠ ਰੱਖ ਲੈਣਾ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲਿਉਣਾ ਠੀਕ ਸਮਝੋਂ ਤਾਂ ਲੈ ਆਉੇਣਾ ਨਹੀਂ ਪੋਥੀਆਂ ਤੋਂ ਹੀ ਰਲ ਮਿਲ ਕੇ ਪਾਠ ਕਰ ਲੈਣਾ। ਜਿਵੇਂ ਕਿ ਘਰ ਵਿੱਚ ਹੋਈ ਮੌਤ ਤੋਂ ਬਾਅਦ ਕੁੱਝ ਦਿਨ ਕੁੱਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਹੁੰਦਾ, ਤਾਂ ਤੁਸੀਂ 8-10 ਦਿਨ (ਇਹ ਦਿਨ ਵੱਧ ਘੱਟ ਵੀ ਹੋ ਸਕਦੇ ਹਨ) ਘਰ ਰਲ ਮਿਲ ਕੇ ਗੁਰਬਾਣੀ ਦਾ ਪਾਠ ਵਿਚਾਰ ਕੇ ਕਰ ਲੈਣਾ, ਗੁਰਬਾਣੀ ਸੱਚ ਹੈ ਇਹ ਤੁਹਾਨੂੰ ਚੰਗੀ ਸੇਧ ਦੇਵੇਗੀ। ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਇਹ ਪਾਠ ਮੇਰੇ ਲਈ ਨਹੀਂ ਹੋਵੇਗਾ, ਇਹ ਤਾਂ ਤੁਹਾਡੇ ਸਮਝਣ ਲਈ ਹੀ ਹੋਵੇਗਾ, ਜਿਹੜਾ ਦਿਨ ਠੀਕ ਲੱਗੇ ਰਿਸਤੇਦਾਰਾਂ ਨੂੰ ਉਸ ਦਿਨ ਦੀ ਸੂਚਨਾ ਦੇ ਦੇਣੀ ਕਿ ਫਲਾਨੇ ਦਿਨ ਦਾ ਭੋਗ ਹੈ, ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਦੇ ਤਿੰਨ ਵਜੇ ਤੱਕ ਕਿਸੇ ਵੀ ਸਮੇਂ ਸਾਡੇ ਘਰ ਪਹੁੰਚ ਜਾਣਾ। ਇਹ ਭੋਗ ਦਾ ਦਿਨ ਅਤੇ ਭੋਗ ਸ਼ਬਦ ਤਾਂ ਸਿਰਫ ਇੱਕ ਦਿਨ ਇਕੱਠੇ ਹੋਣ ਦੇ ਸਾਧਨ ਵਜੋਂ ਹੀ ਵਰਤਣਾ ਹੈ।
(ਨਾਲ ਉਹਨਾ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ, ਕਿਉਂਕਿ ਲੋਕ ਆਪਣੀ ਵਡਿਆਈ ਲਈ ਆਂਢ ਗੁਆਂਢ ਨੂੰ ਇਕੱਠਾ ਕਰਕੇ ਲੈ ਆਂਉਂਦੇ ਹਨ, ਕਿ ਕੋਈ ਇਹ ਨਾ ਕਹੇ ਕੇ ਇਹਨਾ ਨਾਲ ਬੰਦੇ ਘੱਟ ਆਏ ਹਨ, ਅਜਿਹੇ ਨਾਲ ਆਏ ਬੰਦਿਆਂ ਦਾ ਮ੍ਰਿਤਕ ਦੇ ਪ੍ਰੀਵਾਰ ਨਾਲ ਕੋਈ ਸਬੰਧ ਨਹੀਂ ਹੁੰਦਾ, ਉਹ ਪ੍ਰੇਸਾਨੀ ਦਾ ਕਾਰਨ ਹੀ ਬਣਦੇ ਹੁੰਦੇ ਹਨ, ਇਹ ਲੋਕ ਬਾਰਾਂ ਸਵਾ ਬਾਰਾਂ ਵਜੇ ਮ੍ਰਿਤਕ ਪ੍ਰਾਣੀ ਦੇ ਘਰ ਪਹੁੰਚਦੇ ਹਨ, ਉਸ ਸਮੇ ਕਥਾ ਕੀਰਤਨ ਸ਼ੁਰੂ ਹੋ ਰਿਹਾ ਹੁੰਦਾ ਹੈ, ਅਤੇ ਲੰਗਰ ਵੀ ਤਿਆਰ ਹੁੰਦਾ ਹੈ, ਇਸ ਸਮੇਂ ਦੋ ਹੀ ਗੱਲਾਂ ਹੁੰਦੀਆਂ ਹਨ (ਜੋ ਨਹੀਂ ਹੋਣੀਆਂ ਚਾਹੀਂਦੀਆਂ) ਲੰਗਰ ਛੱਕੋ ਜੀ ਤੇ ਕਥਾ/ਕੀਰਤਨ ਸੁਣੋ ਜੀ ਜਾਂ ਰੋਣਾ ਨਹੀਂ ਜੀ ਗੱਲਾਂ ਨਹੀਂ ਕਰਨੀਆਂ ਜੀ, ਜਦੋਂ ਕਿ ਮ੍ਰਿਤਕ ਨਾਲ ਸਾਂਝ ਰੱਖਣ ਵਾਲੇ ਰੋਣ ਜਾਂ ਦੁਖ ਸੁਖ ਦੀਆਂ ਗੱਲਾਂ ਕਰਨ ਹੀ ਆਉਂਦੇ ਹੁੰਦੇ ਹਨ, ਉਹ ਲੰਗਰ ਛੱਕਣ ਜਾਂ ਕਥਾ/ਕੀਰਤਨ ਸੁਣਨ ਨਹੀਂ ਆਏ ਹੁੰਦੇ।ਇੱਕ ਸਵਾ ਇੱਕ ਵਜੇ ਭੋਗ ਪੈ ਜਾਂਦਾ ਹੈ ਫਿਰ ਨਾਲ ਆਏ ਗੁਆਂਢੀ ਵਾਪਸ ਮੁੜਨ ਦੀ ਕਾਹਲ ਕਰਨ ਲੱਗ ਜਾਂਦੇ ਹਨ ਕੇ ਛੇਤੀ ਚਲੋ ਜੀ ਕੁਵੇਲਾ ਨਾ ਹੋ ਜੇ।ਇਸ ਕਾਰਨ ਖਾਸ਼ ਰਿਸਤੇਦਾਰ ਵੀ ਮ੍ਰਿਤਕ ਦੇ ਪ੍ਰੀਵਾਰ ਨਾਲ ਕੋਈ ਦੁੱਖ ਸੁੱਖ ਦੀ ਗੱਲ ਨਹੀਂ ਕਰ ਸਕਦੇ ਹੁੰਦੇ)
ਪਰ ਰਿਸਤੇਦਾਰਾਂ ਦੀ ਹਾਜਰੀ ਵਿੱਚ ਕੋਈ ਪਾਠ, ਕਥਾ, ਕੀਰਤਨ ਜਾਂ ਅਰਦਾਸ ਵਗੈਰਾ ਕਰਨ ਦੀ ਕੋਈ ਲੋੜ ਨਹੀਂ। ਜੇ ਭੋਗ ਵਾਲੇ ਦਿਨ ਤੋਂ ਪਹਿਲਾਂ ਪਾਠ ਪੂਰਾ ਹੋ ਗਿਆ ਤਾਂ ਪਹਿਲਾਂ ਹੀ ਗੁਰੂ ਦਾ ਸ਼ੁਕਰਾਨਾ ਕਰ ਦੇਣਾ ਜੇ ਪਾਠ ਪੂਰਾ ਨਾ ਹੋਇਆ ਤਾਂ ਉਸ ਦਿਨ ਤੋਂ ਬਾਅਦ ਜਦੋਂ ਪਾਠ ਪੂਰਾ ਹੋ ਜਾਵੇ ਉਦੋਂ ਗੁਰੂ ਦਾ ਸ਼ੁਕਰਾਨਾ ਕਰ ਦੇਣਾ। ਕਈ ਦੂਰ ਨੇੜੇ ਦੇ ਰਿਸਤੇਦਾਰ ਆਏ ਹੁੰਦੇ ਹਨ ਉਹ ਪਾਠ ਜਾਂ ਕਥਾ ਕੀਰਤਨ ਸੁਣਨ ਨਹੀਂ ਆਉਂਦੇ ਹੁੰਦੇ, ਉਹ ਤਾਂ ਬੱਸ ਆਪਣੇ ਵੱਲੋਂ ਦੁੱਖ ਸੁੱਖ ਸਾਂਝਾ ਕਰਨ ਆਉਂਦੇ ਹੁੰਦੇ ਹਨ, ਉਹਨਾ ਨਾਲ ਉਸ (ਭੋਗ ਵਾਲੇ) ਦਿਨ ਗੱਲਾਂ ਬਾਤਾਂ ਹੀ ਕਰਨੀਆਂ। ਮੇਰੀ ਮੌਤ ਛੋਟੀ ਉਮਰ ਵਿੱਚ ਹੋਵੇ ਜਾਂ ਵੱਡੀ ਵਿੱਚ, ਰੱਬ ਦਾ ਭਾਣਾ ਮੰਨਣਾ,ਗੁਰਵਾਕ ਹੈ ਕਿ :- ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥{ਪੰਨਾ ਨੰਬਰ 1429} ਦੁੱਖ ਸੁੱਖ ਸਾਂਝਾ ਕਰਨ ਆਏ ਦੋਸਤਾਂ ਰਿਸਤੇਦਾਰਾਂ ਲਈ ਮਿਠਾਈ, ਖੀਰ, ਕੜਾਹ ਜਾਂ ਵੱਖ-ਵੱਖ ਦਾਲਾਂ ਸਬਜੀਆਂ ਨਹੀਂ ਬਣਾਉਣੀਆਂ, ਸਿਰਫ ਇੱਕ ਹੀ ਦਾਲ ਜਾਂ ਸਬਜੀ ਹੋਵੇ, ਦਾਲ/ਸਬਜੀ ਅਤੇ ਰੋਟੀਆਂ ਵਧੀਆ ਬਣਾਈਆਂ ਹੋਣ ਜੋ ਆਏ ਲੋਕਾਂ ਨੂੰ ਖਾਣ ਨੂੰ ਚੰਗੀਆਂ ਲੱਗਣ, ਕਿਸੇ ਵੀ ਕਿਸਮ ਦਾ ਕੋਈ ਵਿਖਾਵਾ ਨਹੀਂ ਕਰਨਾ। ਬੱਸ ਉਸ ਦਿਨ ਤੋਂ ਬਾਅਦ ਮੇਰੇ ਨਾਮ ਤੇ ਕੋਈ ਪੁੰਨ ਦਾਨ ਜਾਂ ਧਾਰਮਿਕ ਕਰਮ ਕਾਂਢ ਨਹੀਂ ਕਰਨਾ, ਨਾ ਕਦੇ ਬਰਸੀ ਮਨਾਉਣੀ, ਕਿਉਂਕਿ ਮੈਂ ਕਿਸੇ ਵੀ ਧਰਮ (ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀ ਆਦਿ) ਜਾਂ ਬੰਦਿਆਂ ਦੀ ਬਣਾਈ ਕਿਸੇ ਵੀ ਕਹੇ ਜਾਂਦੇ ਧਰਮ ਦੀ ਧਾਰਮਿਕ ਮਰਯਾਦਾ ਨੂੰ ਨਹੀਂ ਮੰਨਦਾ, ਕਿਉਂਕਿ ਮੇਰੀ ਸੋਚ ਅਨੁਸਾਰ ਇਹ ਸੱਭ ਰੱਬ ਦੇ ਨਾਮ ਤੇ ਧਰਮ ਦੇ ਠੇਕੇਦਾਰਾਂ (ਪੁਜਾਰੀਆਂ) ਵੱਲੋਂ ਖੋਲੀਆਂ ਗਈਆਂ ਦੁਕਾਨਾ ਹੀ ਹਨ। ਮੈਂ ਆਪਣੇ ਅਤੇ ਇੰਸਾਨੀਅਤ ਲਈ ਚੰਗੇ ਕੰਮ ਕਰਨ ਨੂੰ ਹੀ ਸੱਚਾ ਧਰਮ ਮੰਨਦਾ ਹਾਂ, ਮੇਰੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂਆਂ/ਭਗਤਾਂ ਦੀ ਬਾਣੀ ਹੀ ਸਰਬੋਤਮ ਹੈ।
ਤਾਰੀਖ - 07-11-2017
ਹਰਲਾਜ ਸਿੰਘ ਪੁੱਤਰ ਸ੍ਰ: ਜੱਗਰ ਸਿੰਘ, ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
harlajsingh7@gmail.com
ਨਾਨਕਸ਼ਾਹੀ ਕੈਲੰਡਰ ਅਨੁਸਾਰ 20 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਵਿਸ਼ੇਸ਼ - ਹਰਲਾਜ ਸਿੰਘ ਬਹਾਦਰਪੁਰ
ਉਂਝ ਭਾਵੇਂ ਅਸੀਂ ਹਰ ਰੋਜ ਸ਼ੁਭਾ-ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਪੜ੍ਹਨ ਸੁਣਨ ਦਾ ਪਖੰਡ ਤਾਂ ਬਹੁਤ ਕਰਦੇ ਹਾਂ ਪਰ ਅਸਲ ਵਿੱਚ ਹੁਕਮਨਾਮੇ ਆਰ.ਐਸ.ਐਸ. ਨੂੰ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਹੀ ਮੰਨਦੇ ਹਾਂ ।
ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿੱਚ ਇੱਕਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ ਭਾਦੋਂ ਦੀ ਮੱਸਿਆ 1661 ਵਿੱਚ ਇਹ ਕਾਰਜ ਸੰਪੂਰਨ ਹੋਇਆ । ਭਾਦੋਂ ਦੀ ਏਕਮ ਵਾਲੇ ਦਿਨ ਇਸ ਪੋਥੀ (ਗ੍ਰੰਥ) ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੋਥੀ (ਗ੍ਰੰਥ) ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਤੋਂ ਬਾਅਦ ਨਾਂਦੇੜ (ਮਹਾਂਰਾਸ਼ਟਰ) ਵਿਖੇ 7 ਅਕਤੂਬਰ 1708 ਨੂੰ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇઠਲੜઠਲਾਇਆ ਸੀઠ। ਹੁਣ ਸਿੱਖ ਕੌਮ ਵਾਸਤੇ ਉੱਚੀ ਸੁੱਚੀ ਜੀਵਨ ਜਾਂਚ ਲਈ ਮਾਰਗ ਦਰਸ਼ਕ, ਸਰਬ ਪ੍ਰਮਾਣਿਤ ਅਤੇ ਸਰਬੋਤਮ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਹੋਰ ਗ੍ਰੰਥਾਂ, ਰਹਿਤ ਨਾਮਿਆਂ ਨੂੰ ਗੁਰਬਾਣੀ ਦੇ ਬਰਾਬਰ ਮਾਨਤਾ ਦੇਣੀ ਸਾਡੀ ਬੇਸਮਝੀ ਤੋਂ ਵੱਧ ਕੁੱਝ ਵੀ ਨਹੀਂ ਹੈ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹ ਵਿਚਾਰ ਕੇ ਆਪਣੇ ਮਨ ਵਿੱਚ ਵਸਾਈਏ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਦਿਆਂ ਗੁਰੂ ਵਾਲੇ ਬਣਕੇ ਗੁਰਮਤਿ ਦੇ ਰਾਹ ਚੱਲਦੇ ਹੋਏ ਆਪਣਾ ਜੀਵਨ ਸਫਲ ਬਣਾਈਏ । ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ :- ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥ (ਪੰਨਾ ਨੰ: 127) ਅਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥ (ਪੰਨਾ ਨੰ: 667) ਸਿੱਖ ਕੌਮ ਵਿੱਚ ਅੱਜ ਕਾਫੀ ਮਤਭੇਦ ਹਨ । ਪਰ ਮੱਤ ਭੇਦ ਹੋਣ ਦੇ ਬਾਵਜੂਦ ਸਮੁੱਚੀ ਸਿੱਖ ਕੌਮ ਇਸ ਗੱਲ ਉੱਪਰ ਇੱਕ ਮੱਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ । ਇਸੇ ਸੋਚ ਅਧੀਨ ਸਿੱਖ ਕੌਮ ਹੋਰ ਮੱਤਾਂ ਹਿੰਦੂ, ਮੁਸਲਿਮ, ਇਸਾਈ, ਜੈਨੀ, ਬੋਧੀ ਆਦਿ ਦੀ ਕਿਸੇ ਪੁਸਤਕ ਨੂੰ ਮਹੱਤਤਾ ਨਹੀਂ ਦਿੰਦੀ ਕਿ ਸਾਡੇ ਕੋਲ ਸਰਬੋਤਮ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਹਰ ਸਵਾਲ ਦਾ ਜਵਾਬ ਅਤੇ ਹਰ ਚੰਗੀ ਮਾੜੀ ਗੱਲ ਦੀ ਸਾਨੂੰ ਸੋਝੀ ਬਖਸ਼ ਰਹੇ ਹਨ । ਭਾਵ ਕਿ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ ਰਹੇ ਹਨ।ਪਰ ਦੁੱਖ ਦੀ ਗੱਲ ਹੈ ਕਿ ਅਸੀਂ ਸਵੇਰ ਸ਼ਾਮ ਗੁਰੂ ਮਾਨਿਓ ਗ੍ਰੰਥ ਦੇ ਰੱਟੇ ਲਾਉਣ ਵਾਲਿਆਂ ਨੇ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨਿਆ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਲਈ ਹੈ । ਅੰਦਰੂਨੀ ਤੌਰ ਤੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਬਹੁਤ ਸਾਰੀਆਂ ਕੱਚੀਆਂ ਬਾਣੀਆਂ ਨੂੰ ਉੱਤਮ ਮੰਨਦੇ ਹੀ ਰਹੇ ਹਾਂ, ਪਰ ਹੁਣ ਤਾਂ ਬਾਹਰੀ ਤੌਰ ਤੇ ਵੀ ਇੱਕ ਹੋਰ ਗ੍ਰੰਥ (ਬਚਿੱਤਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਵਰ ਤਖਤ ਦੀ ਮਾਲਕੀ ਨੂੰ ਵੀ ਖਤਮ ਕਰ ਚੁੱਕੇ ਹਾਂ ਅੱਜ ਅਸੀਂ ਕਹਿਣ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਾਉਂਦੇ ਹਾਂ ਪਰ ਸਾਡੇ ਸਿੱਖਿਆ ਦਾਤੇ (ਹੋਰ ਗ੍ਰੰਥ) ਵੱਡੀ ਗਿਣਤੀ ਵਿੱਚ ਹੋਰ ਹੀ ਹਨ, ਜਿੰਨਾਂ ਉੱਪਰ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਭਰੋਸਾ ਕਰਦੇ ਹਾਂ । ਜਿਵੇਂਕਿ ਬਾਣੀ ਭਾਈ ਗੁਰਦਾਸ ਜੀ, ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ), ਬਾਣੀ ਭਾਈ ਨੰਦ ਲਾਲ ਜੀ, ਜਨਮ ਸਾਖੀ ਭਾਈ ਬਾਲੇ ਵਾਲੀ, ਗਯਾਨ ਰਤਨਾਵਲੀ, ਭਗਤ ਰਤਨਾਵਲੀ, ਸਰਬ ਲੋਹ ਗ੍ਰੰਥ, ਰਤਨ ਮਾਲ (ਸੌ ਸਾਖੀ), ਤਨਖਾਹ ਨਾਮਾ, ਰਹਿਤਨਾਮਾ ਦਯਾ ਸਿੰਘ, ਰਹਿਤ ਨਾਮਾ ਚੌਪਾ ਸਿੰਘ, ਰਹਿਤਨਾਮਾ ਪ੍ਰਹਿਲਾਦ ਸਿੰਘ, ਰਹਿਤਨਾਮਾ ਦੇਸਾ ਸਿੰਘ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਪੰਥ ਪ੍ਰਕਾਸ਼, ਗੁਰ ਪ੍ਰਤਾਪ ਸੂਰਯ, ਨਾਨਕ ਪ੍ਰਕਾਸ਼, ਮੁਕਤ ਨਾਮਾ ਆਦਿ । ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਅਸੀਂ ਉਪਰੋਕਤ ਲਿਖੇ ਗ੍ਰੰਥਾਂ (ਪੁਸਤਕਾਂ) ਵਿੱਚੋਂ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਪਰ ਸਮਝਣ ਲੱਗ ਪੈਂਦੇ ਹਾਂ, ਜਿਵੇਂਕਿ ਕੁੱਝ ਵੀਰ ਭਾਈ ਗੁਰਦਾਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਪ੍ਰਚਾਰ ਰਹੇ ਹੁੰਦੇ ਹਨ, ਕੋਈ ਜਥੇਦਾਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਹਰੇਕ ਗੁਰੂ ਘਰ ਵਿੱਚ ਕਰਨ ਦੀ ਹਦਾਇਤ ਦੇ ਰਿਹਾ ਹੁੰਦਾ ਹੈ, ਕੋਈ ਸੌ ਸਾਖੀ ਨੂੰ ਪੂਰਨ ਸੱਚ ਮੰਨੀ ਬੈਠਾ ਹੈ । ਕੋਈ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਦੀ ਕਥਾ ਕਰਨ ਨੂੰ ਹੀ ਪਹਿਲ ਦਿੰਦਾ ਹੈ, ਕੋਈ ਕਿਸੇ ਰਹਿਤਨਾਮੇ ਅਨੁਸਾਰ ਚੱਲਣ ਲਈ ਪ੍ਰੇਰ ਰਿਹਾ ਹੁੰਦਾ ਹੈ , ਕੋਈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ ਨੰ: 473) ਦੇ ਸ਼ਬਦਾਂ ਰਾਹੀਂ ਇਸਤਰੀ ਜਾਤੀ ਦੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਸਾਰੇ ਹੱਦਾਂ ਬੰਨੇ ਪਾਰ ਕਰਦਿਆਂ ਇਸਤਰੀ ਜਾਤੀ ਦੇ ਬੇਇੱਜਤੀ ਕਰਨ ਵਾਲੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਿਹਾ ਹੈ । ਮੰਨ ਲਉ ਕਿ ਜਿੰਨੇ ਹੋਰ ਗ੍ਰੰਥ (ਪੁਸਤਕਾਂ) ਸਿੱਖ ਮੱਤ ਵਿੱਚ ਆ ਗਏ ਅਸੀਂ ਵਗੈਰ ਸੋਚੇ ਸਮਝੇ ਉਨ੍ਹਾਂ ਨੂੰ ਪੂਰਾ ਸੱਚ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ ਗ੍ਰੰਥ ਮੰਨ ਕੇ ਉਨ੍ਹਾਂ ਤੋਂ ਸੇਧ ਲੈਣ ਦਾ ਪ੍ਰਚਾਰ ਕਰਨ ਲੱਗ ਗਏ । ਮੇਰਾ ਇੱਥੇ ਇਹ ਲਿਖਣ ਦਾ ਮਤਲਬ ਇਹ ਨਹੀਂ ਕਿ ਉਪਰੋਕਤ ਲਿਖੀਆਂ ਸਾਰੀਆਂ ਪੁਸਤਕਾਂ ਹੀ ਮਾੜੀਆਂ ਹਨ ਜਾਂ ਕਿਸੇ ਵਿੱਚ ਕੋਈ ਵੀ ਗੱਲ ਚੰਗੀ ਨਹੀਂ ਹੈ । ਮੇਰਾ ਮਤਲਬ ਤਾਂ ਇਹ ਹੈ ਕਿ ਸਿੱਖਾਂ ਲਈ ਸਰਵੋਤਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ । ਗੁਰਬਾਣੀ ਤੋਂ ਬਾਹਰੀ ਹੋਰ ਕੋਈ ਵੀ ਪੁਸਤਕ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਉਹ ਗੁਰਬਾਣੀ ਦੀ ਥਾਂ ਨਹੀਂ ਲੈ ਸਕਦੀ। ਸਾਨੂੰ ਗੁਰੂ ਦਾ ਹੁਕਮ ਵੀ ਹੈ ਕਿ:- ਆਵਹੁ ਸਿਖ ਸਤਿਗੁਰ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰਿ ਬਾਣੀ ॥.................ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ॥ (ਪੰਨਾ ਨੰ: 920) ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰ ਹੀ ਹਿਰਦੇ ਵਿੱਚ ਵਸਾਉਣੀ ਚਾਹੀਂਦੀ ਹੈ, ਹਾਂ ਜੋ ਗ੍ਰੰਥ (ਪੁਸਤਕਾਂ) ਗੁਰਬਾਣੀ ਅਨੁਸਾਰ ਗੁਰਮਤਿ ਦੀ ਸਹੀ ਜਾਣਕਾਰੀ ਦਿੰਦੇ ਹੋਣ ਉਹ ਪੜ ਲੈਣੇ ਕੋਈ ਮਾੜੀ ਗੱਲ ਵੀ ਨਹੀਂ ਹੈ । ਕਈ ਗ੍ਰੰਥਾਂ ਵਿੱਚ ਕੁੱਝ ਗੱਲਾਂ ਗੁਰਮਤਿ ਅਨੁਸਾਰੀ ਅਤੇ ਕੁੱਝ ਗੁਰਮਤਿ ਵਿਰੋਧੀ ਵੀ ਹੁੰਦੀਆਂ ਹਨ ਪਰ ਅਸੀਂ ਜਾਣਦੇ ਹੋਏ ਵੀ ਅਜਿਹੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਉਸ ਗ੍ਰੰਥ ਵਿੱਚੋਂ ਹਟਾਉਣ ਦੀ ਥਾਂ ਉਸ ਨੂੰ ਸਾਰੇ ਦੇ ਸਾਰੇ ਨੂੰ ਹੀ (ਠੀਕ ਗਲਤ ਸਮੇਤ) ਕਾਇਮ ਰੱਖਣ ਦੇ ਹਮਾਇਤੀ ਬਣ ਜਾਂਦੇ ਹਾਂ । ਇਸਨੂੰ ਚੰਗੀ ਸੋਚ ਨਹੀਂ ਕਿਹਾ ਜਾ ਸਕਦਾ । ਸਾਡੇ ਲਈ ਪਹਿਲ ਦੇ ਅਧਾਰ ਉੱਪਰ ਗੁਰਬਾਣੀ ਦੀ ਵਿਚਾਰ ਹੀ ਹੋਣੀ ਚਾਹੀਂਦੀ ਹੈ । ਦੂਜੇ ਥਾਂ ਤੇ ਉਹ ਪੁਸਤਕਾਂ ਜੋ ਗੁਰਮਤਿ ਅਨੁਸਾਰੀ ਹੋਣ ਉਹਨਾ ਦੀ ਵਿਚਾਰ ਵੀ ਕੀਤੀ ਜਾ ਸਕਦੀ ਹੈ, ਪਰ ਅੰਤਿਮ ਫੈਸਲਾ ਗੁਰਬਾਣੀ ਅਨੁਸਾਰ ਹੀ ਹੋਵੇ ਅਤੇ ਅਸੀਂ ਪਹਿਰਾ ਵੀ ਗੁਰਬਾਣੀ ਦੀ ਸੇਧ ਉੱਪਰ ਹੀ ਦੇਈਏ । ਜੇ ਕਿਸੇ ਗੁਰਸਿੱਖ ਜਾਂ ਵਿਦਵਾਨ ਨੇ ਕੁੱਝ ਚੰਗਾ ਲਿਖਿਆ ਹੈ ਉਹ ਪੜ੍ਹ ਵਿਚਾਰ ਲੈਣਾ ਚਾਹੀਂਦਾ ਹੈ । ਉਸ ਵਿੱਚੋਂ ਕੋਈ ਚੰਗੀ ਗੱਲ ਮਿਲੇ ਤਾਂ ਉਸ ਨੂੰ ਗ੍ਰਹਿਣ ਵੀ ਕਰ ਲੈਣਾ ਚਾਹੀਂਦਾ ਹੈ ਪਰ ਉਸਨੂੰ ਅੰਤਿਮ ਸੱਚ ਮੰਨ ਕੇ ਉਸੇ ਅਨੁਸਾਰ ਜੀਵਨ ਜਿਉਣ ਤੱਕ ਨਹੀਂ ਪਹੁੰਚ ਜਾਣਾ ਚਾਹੀਂਦਾ, ਕਿਉਂਕਿ ਉਸ ਵਿੱਚ ਵੀ ਕੋਈ ਭੁੱਲ ਹੋ ਸਕਦੀ ਹੈ, ਹਰ ਕੋਈ ਵਿਦਵਾਨ ਤੇ ਲੇਖਕ ਵੀ ਭੁੱਲਣ ਹਾਰ ਹੋ ਸਕਦਾ ਹੈ । ਜਿਵੇਂਕਿ ਗੁਰਵਾਕ ਹੈ:- ਭੁਲਣ ਅੰਦਰਿઠਸਭੁઠਕੋઠ॥ઠਅਭੁਲੁ ਗੁਰੂ ਕਰਤਾਰੁઠ॥ઠ(ਪੰਨਾ ਨੰ:ઠ61) ਉਹ ਕਿਹੜਾ ਉੱਤਰ ਹੈ ਜਾਂ ਉਹ ਕਿਹੜੀ ਸੇਧ ਹੈ ਜੋ ਸਾਨੂੰ ਗੁਰਬਾਣੀ ਵਿੱਚੋਂ ਨਹੀਂ ਮਿਲਦੀ, ਜਦੋਂ ਸਾਨੂੰ ਗੁਰਬਾਣੀ ਹਰ ਪੱਖ ਤੋਂ ਅਗਵਾਈ ਦੇ ਰਹੀ ਹੈ ਫਿਰ ਸਾਨੂੰ ਹੋਰ ਪੁਸਤਕਾਂ ਅਤੇ ਮਨੁੱਖਾਂ ਪਿੱਛੇ ਭੱਜਣ ਦੀ ਕੀ ਲੋੜ ਹੈ । ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ, ਜੱਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ । ਉਂਝ ਭਾਵੇਂ ਅਸੀਂ ਹਰ ਰੋਜ ਸ਼ੁਭਾ-ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਪੜ੍ਹਨ ਸੁਣਨ ਦਾ ਪਖੰਡ ਤਾਂ ਬਹੁਤ ਕਰਦੇ ਹਾਂ ਪਰ ਅਸਲ ਵਿੱਚ ਹੁਕਮਨਾਮੇ ਆਰ.ਐਸ.ਐਸ. ਨੂੰ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਹੀ ਮੰਨਦੇ ਹਾਂ । ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ ਨਾ ਮੰਨਣ ਵਾਲੇ ਅਤੇ ਗੁਰ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ, ਅਖੌਤੀ ਜਥੇਦਾਰਾਂ ਦੇ ਜੀ ਹਜੂਰੀਏ ਬਣ ਕੇ ਸਿੰਘ ਸਾਹਿਬ,ਭਾਈ ਸਾਹਿਬ ਅਤੇ ਪੰਥ ਰਤਨ ਦੀਆਂ ਪਦਵੀਆਂ ਪਾ ਲੈਂਦੇ ਹਨ।ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਨਾ ਮੰਨਣ ਵਾਲਿਆਂ ਨੂੰ , ਗੁਰ ਹੁਕਮਾਂ ਅਨੁਸਾਰ ਚਲਦਿਆਂ ਹੋਇਆਂ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਂਦਾ ਹੈ ।ਹਰ ਇੱਕ ਡੇਰੇ, ਜਥੇ, ਟਕਸਾਲ, ਠਾਠ ਦੀ ਆਪੋ-ਆਪਣੀ ਵੱਖੋ-ਵੱਖਰੀ ਰਹਿਤ ਮਰਯਾਦਾ ਹੈ, ਹਰ ਇੱਕ ਦੇ ਆਪੋ-ਆਪਣੇ ਵੱਖੋ-ਵੱਖਰੇ ਮਹਾਂਪੁਰਸ਼, ਬ੍ਰਹਮ ਗਿਆਨੀ, ਸੰਤ, ਅਤੇ ਜਥੇਦਾਰ ਹਨ । ਸਭ ਦੇ ਮੁਖੀਆਂ ਦੇ ਆਪੋ-ਆਪਣੇ ਵਚਨ ਤੇ ਪ੍ਰਵਚਨ ਹਨ । ਮੰਨ ਲਉ ਕਿ ਜੇ ਕਿਸੇ ਗੁਰਸਿੱਖ ਨੇ ਸੱਚਾ ਜੀਵਨ ਜੀਵਿਆ ਹੈ ਅਤੇ ਲਿਖਿਆ ਵੀ ਸੋਹਣਾ ਹੈ ਤਾਂ ਇਹ ਵੀ ਸੱਚ ਹੈ ਕਿ ਉਸ ਨੂੰ ਇਹ ਸੋਝੀ (ਗੁਰਮਤਿ) ਗੁਰਬਾਣੀ ਤੋਂ ਹੀ ਮਿਲੀ ਹੈ । ਇਸ ਲਈ ਅਜਿਹੇ ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਅਤੇ ਉਸਦੀ ਲਿਖਤ ਨੂੰ ਪੜ੍ਹ ਕੇ ਉਸ ਨਾਲ ਜੁੜਨ ਦੀ ਵਜਾਇ ਸਾਨੂੰ ਗੁਰਬਾਣੀ ਨਾਲ ਹੀ ਜੁੜਨਾ ਚਾਹੀਂਦਾ ਹੈ । ਇਹ ਨਹੀਂ ਹੋਣਾ ਚਾਹੀਂਦਾ ਕਿ ਅਸੀਂ ਉਸ ਗੁਰਸਿੱਖ ਦੇ ਚੇਲੇ ਬਣਕੇ ਉਸਨੂੰ ਗੁਰੂਆਂ ਦੇ ਸ਼ਰੀਕ ਵੱਜੋਂ ਸਥਾਪਿਤ ਕਰਕੇ ਆਪਣਾ ਰਾਹ ਦਸੇਰਾ ਪ੍ਰਚਾਰਨ ਲੱਗ ਜਾਈਏ । ਜਿਸ ਗੁਰਬਾਣੀ ਨੂੰ ਪੜ੍ਹ ਕੇ ਉਹ ਚੰਗਾ ਬਣਿਆ ਹੈ, ਸਾਨੂੰ ਵੀ ਉਸੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਂਦੀ ਹੈ । ਫਿਰ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਇੱਕ ਮੱਤ ਦੇ ਧਾਰਨੀ ਕਹਾ ਸਕਦੇ ਹਾਂ । ਪਰ ਅੱਜ ਤਾਂ ਸਾਡੀਆਂ ਮੱਤਾਂ ਵਿੱਚ ਬੜੇ ਮਤਭੇਦ ਹਨ, ਕੀ ਇੱਕ ਗੁਰੂ ਦੇ ਸਿੱਖਾਂ ਦੀਆਂ ਮੱਤਾਂ ਵਿੱਚ ਇੰਨੇ ਵਖਰੇਵੇਂ ਹੋ ਸਕਦੇ ਹਨ ? ਨਹੀਂ, ਇੱਕ ਗੁਰੂ ਨੂੰ ਮੰਨਣ
ਵਾਲਿਆਂ ਦੀਆਂ ਮੱਤਾਂ ਵਿੱਚ ਏਨੇ ਵਖਰੇਵੇਂ ਨਹੀਂ ਹੋਇਆ ਕਰਦੇ, ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਛੁਪੇ ਹੋਏ ਵੱਖ ਵੱਖ ਮੱਤਾਂ ਦੇ ਮੁਖੀਆਂ ਅਤੇ ਵੱਖਰੇ-ਵੱਖਰੇ ਗ੍ਰੰਥਾਂ (ਪੁਸਤਕਾਂ) ਦੇ ਚੇਲੇ ਹਾਂઠ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਨਾ ਲੈਣ ਦੀਆਂ ਹੋਰ ਮਿਸਾਲਾਂ ਵੀ ਸਾਡੇ ਸਾਹਮਣੇ ਪਰਤੱਖ ਹਨ । ਜਿਵੇਂਕਿ ਸਿੱਖ ਮੱਤ ਦੇ ਤਿੰਨ ਮੁੱਢਲੇ ਅਸੂਲ (ਨੇਮ) ਹਨ, ਨਿਤਨੇਮ ਕਰਨਾ, ਅਰਦਾਸ ਕਰਨੀ ਅਤੇ ਖੰਡੇ ਦੀ ਪਹੁਲ ਲੈਣੀ । ਇੰਨ੍ਹਾਂ ਤਿੰਨਾਂ ਨੇਮਾਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਰਚਨਾਵਾਂ/ ਬਾਹਰੀ ਬਾਣੀਆਂ ਨੂੰ ਵੱਧ ਉੱਤਮ ਮੰਨਦੇ ਹਾਂ । ਜਿਵੇਂ ਕਿ ਨਿੱਤਨੇਮ ਕਰਨ ਲਈ ਵੀ ਸਾਨੂੰ ਪੰਜ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲਦੀਆਂ । ਜਿਸ ਕਾਰਨ ਅਸੀਂ ਜਿਸ ਗ੍ਰੰਥ ਨੂੰ ਗੁਰੂ ਮੰਨਦੇ ਹਾਂ, ਉਸ ਵਿੱਚੋਂ ਸਿਰਫ ਦੋ ਬਾਣੀਆਂ ਪੜ੍ਹਦੇ ਹਾਂ, ਬਾਹਰਲੇ ਹੋਰ ਗ੍ਰੰਥਾਂ (ਬਚਿੱਤਰ ਨਾਟਕ) ਵਿੱਚੋਂ ਤਿੰਨ ਬਾਣੀਆਂ ਪੜ੍ਹਦੇ ਹਾਂ । ਸਾਡੀ ਨਿੱਤ ਦੀ ਅਰਦਾਸ ਵਿੱਚ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਹੀ ਨਹੀਂ ਹੈ । ਜਦਕਿ ਤੂ ਠਾਕੁਰੁ ਤੁਮ ਪਹਿ ਅਰਦਾਸਿ ॥ (ਪੰਨਾ ਨੰ: 268) ਜਿਹੇ ਅਰਦਾਸ ਨਾਲ ਸੰਬੰਧਿਤ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ, ਪਰ ਪਤਾ ਨਹੀਂ ਅਜਿਹੇ ਸ਼ਬਦ ਸਾਨੂੰ ਕਿਉਂ ਚੰਗੇ ਨਹੀਂ ਲੱਗੇ ਜਿਸ ਕਾਰਨ ਅਰਦਾਸ ਦੀ ਸਾਰੀ ਸ਼ਬਦਾਵਲੀ ਸਾਨੂੰ ਬਾਹਰੋਂ ਹੀઠਲੈਣੀઠਪਈઠ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ (ਪੰਨਾ ਨੰ: 982) ਦਾ ਪਾਠ ਪੜ੍ਹਨ ਵਾਲਿਆਂ ਸਾਨੂੰ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਵੀ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲੀਆਂ, ਇਸ ਵਾਸਤੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੋ ਬਾਣੀਆਂ ਹੀ ਮਿਲੀਆਂ ਹਨ ਬਾਕੀ ਦੀਆਂ ਤਿੰਨੇ ਬਾਣੀਆਂ ਬਚਿੱਤਰ ਨਾਟਕ ਵਿੱਚੋਂ ਲੈਣੀਆਂ ਪਈਆਂ । ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਦੀਆਂ ਰਚਨਾਵਾਂ ਲੈ ਕੇ ਕਾਰਜ ਕਰਨ ਦੀ ਸੋਚ ਵੇਖ ਮਹਿਸੂਸ ਹੁੰਦਾ ਹੈ ਕਿ ਸਾਡਾ ਗੁਰੂ ਅਧੂਰਾ ਹੈ, ਕਿਉਂਕਿ ਇਸ ਵਿੱਚ ਨਾ ਤਾਂ ਨਿਤਨੇਮ ਲਈ ਬਾਣੀਆਂ ਪੂਰੀਆਂ ਹਨ, ਨਾ ਅਰਦਾਸ ਲਈ ਕੋਈ ਸ਼ਬਦ ਹੈ ਅਤੇ ਨਾ ਹੀ ਖੰਡੇ ਦੀ ਪਹੁਲ ਤਿਆਰ ਕਰਨ ਲਈ ਪੂਰੀਆਂ ਬਾਣੀਆਂ ਇਸ ਵਿੱਚੋਂ ਮਿਲਦੀਆਂ ਹਨ, ਰਹਿਤਾਂ ਅਤੇ ਕੁਰਹਿਤਾਂ ਦੱਸਣ ਲਈ ਵੀ ਸਾਨੂੰ ਹੋਰ ਗ੍ਰੰਥਾਂ ਅਤੇ ਰਹਿਤਨਾਮਿਆਂ ਉੱਪਰ ਨਿਰਭਰ ਹੋਣਾ ਪੈਂਦਾ ਹੈ । ਸਾਡੀ ਅਜਿਹੀ ਸੋਚ ਕਾਰਨ ਗੁਰੂ ਗੋਬਿੰਦ ਸਿੰਘ ਜੀ ਉੱਪਰ ਵੀ ਕਿੰਤੂ ਪ੍ਰੰਤੂ ਹੋਵੇਗਾ ਕਿ ਉਨ੍ਹਾਂ ਨੇ ਸਾਨੂੰ ਅਧੂਰੇ ਗੁਰੂ ਦੇ ਲੜ ਲਾਇਆ ਹੈ । ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਉਪਰੰਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ 7 ਅਕਤੂਬਰ 1708 ਵਿੱਚ ਨੰਦੇੜ ਵਿਖੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ । ਅੱਜ ਅਸੀਂ ਨਿਤਨੇਮ, ਅਰਦਾਸ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਲਈ ਜੋ ਰਚਨਾਵਾਂ ਬਚਿੱਤਰ ਨਾਟਕ ਵਿੱਚੋਂ ਲੈ ਰਹੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਇੰਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਸਨ ਕਰ ਸਕਦੇ ? ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਠੀਕ ਨਹੀਂ ਸਮਝਿਆ ਤਾਂ ਫਿਰ ਸਾਨੂੰ ਇਨ੍ਹਾਂ ਦੀ ਕੀ ਲੋੜ ਪੈ ਗਈ ਸੀ ਜਾਂ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਧ ਸਿਆਣੇ ਹੋ ਗਏ ਹਾਂ ? ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਸ ਗੁਰਬਾਣੀ ਦੇ ਲੜ ਲਾਇਆ ਸਾਡੀ ਉਸ ਨਾਲ ਤਸੱਲੀ ਕਿਉਂ ਨਹੀਂ ਹੁੰਦੀ, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਘਾਟ ਰਹਿ ਗਈ ਸੀ ? ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ (ਪੰਨਾ ਨੰ: 470) ਵਾਲਾ ਸ਼ਬਦ ਸਾਡੇ ਵਰਗੇ ਸਿੱਖਾਂ ਜੋ ਆਪਣੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੂਜਿਆਂ (ਹੋਰ ਗ੍ਰੰਥਾਂ) ਪਿੱਛੇ ਲੱਗੇ ਫਿਰਦੇ ਹਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ । ਇੱਕ ਪਾਸੇ ਤਾਂ ਜਦ ਸਿਰਸੇ ਡੇਰੇ ਦੇ ਸੌਦਾ ਸਾਧ ਨੇ ਆਪਣੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ ਕੀਤੀ ਤਾਂ ਅਸੀਂ ਮਰਨ ਮਾਰਨ ਉੱਤੇ ਉਤਰ ਆਏ, ਦੂਜੇ ਪਾਸੇ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਇੱਕ ਘਟੀਆ ਦਰਜੇ ਦੀ ਰਚਨਾ ਨੂੰ 1428 ਪੰਨਿਆਂ ਵਿੱਚ ਲਿਖ ਕੇ ਗ੍ਰੰਥ ਤਿਆਰ ਕਰਕੇ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮੰਜੀ ਸਾਹਿਬ ਉੱਪਰ ਪ੍ਰਕਾਸ਼ ਕਰਕੇ, ਉੱਪਰ ਚੰਦੋਆ (ਚਾਨਣੀ) ਸਜਾ ਕੇ ਉਸ ਉੱਪਰ ਚੌਰ ਕਰ ਰਹੇ ਹਾਂ ਤਾਂ ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ । ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ ਤਾਂ ਅਸੀਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੈਦਾ ਕੀਤੀ ਬਚਿੱਤਰ ਨਾਟਕ ਦੀ ਗੱਦੀ ਬਾਰੇ ਕਿਸੇ ਨੂੰ ਕੀ ਜਵਾਬઠਦੇਵਾਂਗੇઠ? ਕੀ ਸਿੱਖਾਂ ਦੇ ਦੋ ਗ੍ਰੰਥ ਗੁਰੂ ਹਨ ? ਜੇ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਹੂ-ਬ-ਹੂ ਉਸੇ ਤਰ੍ਹਾਂ ਕਿਉਂ ਕਰ ਰਹੇ ਹਾਂ ? ਜਦੋਂ ਕਿ ਕਿਸੇ ਚੰਗੀ ਤੋਂ ਚੰਗੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਗਲਤ ਹੈ । ਪਰ ਅਸੀਂ ਤਾਂ ਉਸ ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਵਾਂਗ ਸਤਿਕਾਰ ਦੇ ਰਹੇ ਹਾਂ, ਜਿਸ ਨੂੰ ਸੰਗਤਾਂ ਵਿੱਚ ਤਾਂ ਕੀ, ਇੱਕਲਾ ਬੰਦਾ ਪੜ੍ਹਦਾ ਹੋਇਆ ਵੀ ਸ਼ਰਮਾਉਂਦਾ ਹੈ, ਬੀਬੀਆਂ ਵਿੱਚ ਤਾਂ ਇਸਦੀ ਗੱਲ ਕਰਨੀ ਵੀ ਸੰਭਵ ਨਹੀਂ ਹੈ।ਜੇ ਕਿਸੇ ਨੂੰ ਬਚਿੱਤਰ ਨਾਟਕ ਚੰਗਾ ਲੱਗਦਾ ਹੈ, ਉਹ ਜੀਅ ਸਦਕੇ ਇਸਨੂੰ ਪੜ੍ਹੇ ਅਤੇ ਆਪਣੇ ਪਰਿਵਾਰ ਨੂੰ ਪੜ੍ਹ ਕੇ ਸੁਣਾਵੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਵੇਗਾ, ਪਰ ਆਪਣੀ ਜਾਂ ਕਿਸੇ ਦੀ ਚੰਗੀ ਮੰਦੀ ਪਸੰਦ (ਗੰਦੀ ਸੋਚ) ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰੁਤਬਾ ਦੇਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਗੁਰਗੱਦੀ ਨੂੰ ਵੀ ਇੱਕ ਚੁਣੌਤੀ ਹੈ।ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੋਈ ਥੋੜੇ ਸਮੇਂ ਵਿੱਚ ਹੀ ਤਿਆਰ ਨਹੀਂ ਸੀ ਹੋ ਗਈ, ਦਸਾਂ ਪਾਤਸ਼ਾਹੀਆਂ ਦੇ ਸਮੇਂ ਵਿੱਚ ਇਸ ਨੂੰ ਸੰਪੂਰਨਤਾ ਮਿਲੀ ਸੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਮੁੱਢ ਬੰਨਿਆ ਸੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸੰਪੂਰਨ ਕਰਕੇ ਗੁਰਗੱਦੀ ਬਖਸ਼ੀ ਸੀઠ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਅਤੇ ਆਪਣੀ ਬਾਣੀ ਨੂੰ ਇੱਕ ਥਾਂ ਇੱਕਠਾ ਕਰਨ ਦਾ ਕਾਰਜ ਪਹਿਲੀ ਜੇਠ 1660 ਬਿਕ੍ਰਮੀ ਨੂੰ ਗੁਰਦੁਆਰਾ ਰਾਮਦਾਸ ਦੇ ਸਥਾਨ (ਅੰਮ੍ਰਿਤਸਰ) ਵਿਖੇ ਸ਼ੁਰੂ ਕੀਤਾ ਅਤੇ ਭਾਦੋਂ ਵਦੀ ਅਮਾਵਸ 1661 ਬਿਕ੍ਰਮੀ ਨੂੰ ਇਹ ਕਾਰਜ ਸੰਪੂਰਨ ਹੋਣ ਉਪਰੰਤ ਅਤੇ ਇਸ ਤਿਆਰ ਕੀਤੇ ਗ੍ਰੰਥ ਦਾ ਭਾਦੋਂ ਸੁਦੀ ਏਕਮ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾઠਗਿਆઠਸੀઠ।ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸੇ ਗ੍ਰੰਥ ਵਿੱਚ ਦਰਜ ਕਰਕੇ 7 ਅਕਤੂਬਰ 1708 ਨੂੰ ਨਾਂਦੇੜ (ਮਹਾਂਰਾਸ਼ਟਰ) ਵਿਖੇ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ।ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਬਚਿੱਤਰ ਨਾਟਕ ਨੂੰ ਪਤਾ ਨੀ ਕਿਸ ਨੇ ਕਦੋਂ ਲਿਖਵਾਉਣਾ ਸ਼ੁਰੂ ਕੀਤਾ, ਕਦੋਂ ਇਹ ਸੰਪੂਰਨ ਹੋਇਆ, ਕਿਸਨੇ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਪ੍ਰਕਾਸ਼ ਕਰਨ ਦਾ ਹੁਕਮ ਦਿੱਤਾ, ਕੋਈ ਪਤਾ ਨਹੀਂ । ਪਰ ਕਿਸੇ ਨੇ ਬੜੀ ਫੁਰਤੀ ਨਾਲ ਗੁਰੂਆਂ ਦੀ ਨਕਲ ਕਰਦਿਆਂ ਇੱਧਰ ਉੱਧਰ ਦੀਆਂ ਰਚਨਾਵਾਂ ਇੱਕਠੀਆਂ ਕਰਕੇ ਆਪ ਹੀ ਇਸ ਬਚਿੱਤਰ ਨਾਟਕ ਨੂੰ ਗੱਦੀ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ, ਗੁਰੂਆਂ ਦੇ ਸ਼ਰੀਕ ਵੱਜੋਂ ਇਸਨੂੰ ਸਥਾਪਿਤ ਕਰ ਦਿੱਤਾ, ਜੋ ਇੱਕ ਘੋਰ ਅਪਰਾਧ ਅਤੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਹੈ । ਜੇ ਅਸੀਂ ਇਸ ਹੋਈ ਭੁੱਲ ਨੂੰ ਬਖਸ਼ਾਉਣਾ ਚਾਹੁੰਦੇ ਹਾਂ, ਸੱਚ ਮੁੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਹੀ ਅਰਥਾਂ ਵਿੱਚ ਮਨਾਉਣਾ ਚਾਹੁੰਦੇ ਹਾਂ, ਤਾਂ ਸੱਚੇ ਮਨ ਨਾਲ ਗੁਰਬਾਣੀ ਦੇ ਇਹ ਸ਼ਬਦ :- ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ॥(ਪੰਨਾઠਨੰ:ઠ350), ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆઠਪਾਈਐઠ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐઠ॥ (ਪੰਨਾ ਨੰ: 590) ਗਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਪੈਦਾ ਕਰਨ ਦੀ ਥਾਂ ਆਉ ਅੱਜ ਆਪਾਂ ਸਾਰੇ ਮਿਲ ਕੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦੇ ਹੁਕਮਾਂ ਉੱਪਰ ਪਹਿਰਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਈਏ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ ਦਾ ਪ੍ਰਣ ਕਰੀਏ ।
ਮਿਤੀ 19-10 2017
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ : 94170-23911
e-mail : harlajsingh7@ gmail.com
ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ ? - ਹਰਲਾਜ ਸਿੰਘ ਬਹਾਦਰਪੁਰ
ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ । ਇਹ ਸਬਦ ਕਿੰਨਾ ਕੁ ਪੁਰਾਣਾ ਹੈ ਇਸ ਵਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਹੈ , ਹਾਂ ਇੰਨਾ ਕੁ ਜਰੂਰ ਲੱਗਦਾ ਹੈ ਗੁਰੂ ਕਾਲ ਵਿੱਚ ਇਹ ਸਬਦ ਪ੍ਰਚਲਤ ਨਹੀਂ ਹੋਣਾ, ਹਾਂ ਮਹਾਂਰਾਜਾ ਰਣਜੀਤ ਸਿੰਘ ਦੇ ਸਮੇ ਪ੍ਰਚੱਲਤ ਹੋਇਆ ਹੋ ਸਕਦਾ ਹੈ । ਜਦੋਂ ਮੈਂ ਇਸ ਵਾਰੇ ਸੋਚਿਆ ਤਾਂ ਮੈਨੂੰ ਲੱਗਿਆ ਕਿ ਇਸ ਛੋਟੇ ਜਿਹੇ ਸ਼ਬਦ ਨੇ ਸਾਨੂੰ ਰੱਜ ਕੇ ਮੂਰਖ ਬਣਾਇਆ ਹੈ , ਜਿਸ ਰਾਹੀਂ ਸਾਡੀ ਅਸਲੀਅਤ ਨੂੰ ਤਾਂ ਕੱਟਿਆ ਗਿਆ ਹੈ ਅਤੇ ਬੇਗਾਨੀ ਪ੍ਰੰਪਰਾ ਨੂੰ ਸਾਡੇ ਗੱਲ ਪਾਇਆ ਗਿਆ ਹੈ । ਭਾਵ ਕੇ ਜੋ ਗੁਰੂ ਕੇ ਲੰਗਰ ( ਦਾਲ ਰੋਟੀ ) ਦੀ ਪ੍ਰਸਿੱਧੀ ਸੀ ਅਤੇ ਹੈ , ਜੋ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਲੋੜਬੰਦਾਂ ਦਾ ਪੇਟ ਭਰ ਰਹੀ ਹੈ ਅਤੇ ਜਾਤ ਦੀ ਊਚ ਨੀਚਤਾ ਨੂੰ ਖਤਮ ਕਰਕੇ ਬਰਾਬਰਤਾ ਦੀ ਸੇਧ ਦਿੰਦੀ ਹੈ, ਜਿਸ ਨੂੰ ਦੁਨੀਆਂ ਧੰਨ ਧੰਨ ਕਰਦੀ ਹੈ , ਗੁਰੂਆਂ ਦੇ ਉਸ ਲੰਗਰ ਪ੍ਰਬੰਧ ਦੀ ਤਾਂ ਗੱਲ ਹੀ ਨਹੀਂਂ ਕੀਤੀ, ਕਿ ਦਾਲ ਰੋਟੀ ਅੰਬਰਸਰ ਦੀ ( ਜਾਂ ਗੁਰੂ ਕੇ ਲੰਗਰ ਦੀ ) । ਇਸ ਅਸਲੀਅਤ ਨੂੰ ਤਾਂ ਕੱਟ ਦਿੱਤਾ ਗਿਆ , ਕਿਹਾ ਗਿਆ ਕਿ ਦਾਲ ਰੋਟੀ ਤਾਂ ਘਰ ਦੀ ਹੀ ਚੰਗੀ ਹੈ । ਜੋ ਸਾਡੀ ਹੈ ਨਹੀਂ ਸੀ ਜਿਸ ਵਿੱਚ ਸਾਨੂੰ ਘੜੀਸ ਕੇ ਜੋੜਿਆ ਗਿਆ ਹੈ, ਉਸ ਨੂੰ ਸਾਡੀ ਬਣਾਉਂਦਿਆਂ ਕਿਹਾ ਗਿਆ ਕਿ ਦਿਵਾਲੀ ਅੰਬਰਸਰ ਦੀ । ਅਸੀਂ ਖੁਸ਼ ਹੋ ਗਏ ਕਿ ਅੰਬਰਸਰ ਦੀ (ਸਾਡੀ) ਦਿਵਾਲੀ ਬਹੁਤ ਪ੍ਰਸਿੱਧ ਹੈ , ਜਦ ਕਿ ਦਿਵਾਲੀ ਸਾਡੀ ਹੈ ਹੀ ਨਹੀਂ । ਹੈ ਨਾ ਕਮਾਲ ਦੀ ਗੱਲ । ਇਹ ਮੇਰੀ ਆਪਣੀ ਸੋਚ ਹੈ, ਗਲਤ ਵੀ ਹੋ ਸਕਦੀ ਹੈ, ਇਸ ਨੂੰ ਮੈਂ ਕਿਸੇ ਉੱਤੇ ਥੋਪ ਵੀ ਨਹੀਂ ਰਿਹਾ, ਸਿਰਫ ਆਪਣੀ ਵਿਚਾਰ ਸਾਂਝੀ ਕਰ ਰਿਹਾਂ ਹਾਂ ਜੀ । ਹਰਲਾਜ ਸਿੰਘ ਬਹਾਦਰਪੁਰ ।
ਮਿਤੀ 19-10-2017
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911
harlajsingh7@gmail.com
ਭੇਡਾਂ ਅਤੇ ਸ਼ੈਤਾਨਾਂ ਦੀ ਮਾਨਸਿਕਤਾ - ਹਰਲਾਜ ਸਿੰਘ ਬਹਾਦਰਪੁਰ
ਆਪਣੇ ਨਾਮ ਤੇ ਮੁਜਲੂਮਾਂ ਉਤੇ ਹੁੰਦੇ ਅਜਿਹੇ ਜੁਰਮ ਵੇਖ ਕੇ ਰੱਬ ਵੀ ਹੁਣ ਖੁਦਕਸ਼ੀ ਕਰਨੀ ਚਾਹੁੰਦਾ ਹੈ।
ਇੱਕ ਜੰਗਲ ਵਿੱਚ ਬਹੁਤ ਸਾਰੀਆਂ ਭੇਡਾਂ ਇੱਕ ਝੁੰਡ ਵਿੱਚ ਇਕੱਠੀਆਂ ਰਹਿੰਦੀਆਂ ਸਨ। ਜੋ ਰੰਗ ਦੀਆਂ ਚਿੱਟੀਆਂ, ਕਾਲੀਆਂ, ਡੱਬ ਖੜੱਬੀਆਂ, ਅਤੇ ਕੱਦ ਵਿੱਚ ਛੋਟੀਆਂ ਵੱਡੀਆਂ ਵੀ ਸਨ। ਪਰ ਸਾਰੀਆਂ ਇੱਕ ਨਸਲ ਦੀਆਂ ਹੋਣ ਕਾਰਨ ਅਤੇ ਇੱਕ ਸਾਂਝੇ ਜੰਗਲ ਵਿੱਚ ਰਹਿਣ ਕਾਰਨ ਬਿਨਾ ਵਿਤਕਰੇ ਤੋਂ ਇੱਕੋ ਪ੍ਰੀਵਾਰ ਦੇ ਜੀਆਂ ਵਾਂਗ ਖੁਸ਼ੀ-ਖੁਸ਼ੀ ਪਿਆਰ ਨਾਲ ਰਹਿੰਦੀਆਂ ਸਨ। ਉਹਨਾ ਦੇ ਇੱਕ ਵੱਡੇ ਝੁੰਡ ਵਿੱਚ ਰਹਿਣ ਕਾਰਨ ਉਹਨਾ ਉਤੇ ਹਮਲੇ ਵੀ ਘੱਟ ਹੁੰਦੇ ਸਨ। ਜੇ ਕਿਤੇ ਹਮਲਾ ਹੋ ਵੀ ਜਾਂਦਾ ਤਾਂ ਉਹ ਸਾਰੀਆਂ ਇਕੱਠੀਆਂ ਹੋ ਕੇ ਉਸ ਦਾ ਮੁਕਾਬਲਾ ਕਰਦੀਆਂ ਜਿਸ ਕਾਰਨ ਜਿੱਥੇ ਉਹਨਾ ਦਾ ਨੁਕਸਾਨ ਬਹੁਤ ਘੱਟ ਹੁੰਦਾ ਉਥੇ ਹਮਲਾਵਰ ਨੂੰ ਵੀ ਆਪਣੀ ਜਾਨ ਬਚਾਉਣੀ ਮੁਸਕਲ ਹੋ ਜਾਂਦੀ ਸੀ। ਸਾਂਝੇ ਜੰਗਲ ਵਿੱਚ ਸੁਖੀ ਵਸਦੇ ਇਸ ਵੱਡੇ ਝੁੰਡ ਉਤੇ ਇੱਕ ਦਿਨ ਕੁੱਝ ਸੈਤਾਨਾਂ ਦੀ ਨਜਰ ਪੈ ਗਈ। ਉਹਨਾ ਸੋਚਿਆ ਕਿ ਕਿਉਂ ਨਾ ਇਹਨਾ ਦੀ ਕੀਮਤੀ ਉਨ ਲਾਹ ਕੇ ਬੇਚੀ ਜਾਵੇ ਅਤੇ ਇਹਨਾ ਦੇ ਲੇਲਿਆਂ ਨੂੰ ਖੁਰਾਕ ਦੇ ਰੂਪ ਵਿੱਚ ਬੇਚ ਕੇ ਮੋਟੀ ਕਮਾਈ ਕੀਤੀ ਜਾਵੇ, ਵੱਡਾ ਝੁੰਡ ਹੋਣ ਕਾਰਨ ਉਹਨਾ ਦਾ ਇਹ ਹੌਂਸਲਾ ਨਾ ਪਵੇ, ਪਰ ਉਹ ਇਸ ਕਮਾਈ ਨੂੰ ਛੱਡਣਾ ਵੀ ਨਹੀਂ ਸੀ ਚਾਹੁੰਦੇ। ਇਸ ਲਈ ਉਹਨਾ ਨੇ ਇੱਕ ਵਿਚਾਰ ਕਰਕੇ ਫੈਂਸਲਾ ਕੀਤਾ ਕਿ ਉਹ ਇੱਕ ਤਾਂ ਇਸ ਝੁੰਡ ਉੱਤੇ ਹਮਲਾਵਰ ਹੋ ਕੇ ਕਦੇ ਵੀ ਹਮਲਾ ਨਹੀਂ ਕਰਨਾ, ਦੂਜਾ ਆਪਣੀ ਕਮਾਈ ਨੂੰ ਕਮਾਈ ਦੀ ਥਾਂ ਭਲਾਈ ਦਾ ਨਾਮ ਦੇ ਕੇ ਕੁੱਝ ਕੁ ਸਮੇ ਲਈ ਭਲਾਈ ਦੇ ਕੰਮ ਕੀਤੇ ਜਾਣ, ਬਿਨਾ ਲੋੜ ਤੋਂ ਭੇਡਾਂ ਨੂੰ ਖਾਣ ਲਈ ਘਾਹ, ਪੀਣ ਲਈ ਪਾਣੀ ਅਤੇ ਰਹਿਣ ਲਈ ਛੱਤ ਜਾਂ ਵਾੜਿਆਂ ਦਾ ਪ੍ਰਬੰਧ ਕੀਤਾ ਜਾਵੇ। ਅਗਲੇ ਦਿਨ ਉਹਨਾ ਨੇ ਇਸੇ ਤਰਾਂ ਹੀ ਕੀਤਾ। ਉਹ ਇਕੱਠੇ ਇੱਕੋ ਰੂਪ ਵਿੱਚ ਇੱਕੋ ਪਾਸੇ ਦੀ ਹਮਲਾਵਰ ਹੋ ਕੇ ਜਾਣ ਦੀ ਵਜਾਏ ਵੱਖਰੇ-ਵੱਖਰੇ ਪਾਸਿਆਂ ਤੋਂ ਵੱਖਰੇ-ਵੱਖਰੇ ਰੂਪਾਂ ਵਿੱਚ ਸੇਵਾਦਾਰ ਬਣ ਕੇ ਸ਼ਾਂਤ ਵਸਦੇ ਝੁੰਡ ਕੋਲ ਜਾ ਪਹੁੰਚੇ। ਰੋਜ ਆਪਣੀ ਲੋੜ ਅਨੁਸਾਰ ਰੱਜ ਕੇ ਖਾਂਦੀਆਂ ਪੀਦੀਆਂ ਅਤੇ ਸੁਰੱਖਿਅਤ ਰਹਿੰਦੀਆਂ ਭੇਡਾਂ ਨੂੰ ਕਹਿਣ ਲੱਗੇ ਅਸੀਂ ਤੁਹਾਡੇ ਹੀ ਭੈਣ ਭਰਾ ਹਾਂ ਤੁਹਾਡੀ ਭਲਾਈ ਲਈ ਤੁਹਾਨੂੰ ਮਿਲਣ ਆਏ ਹਾਂ, ਤੁਹਾਡਾ ਪ੍ਰੀਵਾਰ ਬਹੁਤ ਵੱਡਾ ਹੈ ਇਸ ਲਈ ਤੁਹਾਨੂੰ ਖਾਣ ਪੀਣ ਅਤੇ ਰਹਿਣ ਲਈ ਸਮੱਸਿਆ ਆਂਉਂਦੀ ਹੋਵੇਗੀ। ਅਸੀਂ ਤੁਹਾਡੇ ਲਈ ਖਾਣ ਲਈ ਕੁੱਝ ਘਾਹ, ਪੀਣ ਲਈ ਸਾਫ ਪਾਣੀ ਲੈ ਕੇ ਆਏ ਹਾਂ ਬੇਸ਼ੱਕ ਇਹ ਬਹੁਤ ਘੱਟ ਹੈ ਪਰ ਤੁਸੀਂ ਸਾਡੀ ਇਹ ਸੇਵਾ ਮੰਨਜੂਰ ਕਰੋ, ਕੱਲ ਨੂੰ ਅਸੀਂ ਇਸ ਤੋਂ ਹੋਰ ਵੱਧ ਲੈ ਕੇ ਆਵਾਂਗੇ। ਰੋਜਾਨਾ ਆਪਣਾ ਖਾਣ ਵਾਲੀਆਂ ਭੋਲੀਆਂ ਭੇਡਾਂ ਸੈਤਾਨਾਂ ਦੀ ਚਾਲ ਨੂੰ ਸਮਝ ਨਾ ਸਕੀਆਂ, ਉਹਨਾ ਨੇ ਆਪਣਾ ਖਾਣ ਦੀ ਥਾਂ ਸੈਤਾਨਾਂ ਦਾ ਖਾਣਾ ਸ਼ੁਰੂ ਕਰ ਦਿੱਤਾ। ਆਲਸੀ ਹੋਈਆਂ ਭੇਡਾਂ ਨੂੰ ਆਪਣੇ ਕਬਜੇ ਵਿੱਚ ਕਰਨ ਲਈ ਸੁਰੱਖਿਆ ਦੇ ਨਾਮ ਹੇਠ ਉਹਨਾ ਦੇ ਦੁਆਲੇ ਵਾੜ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਰਾਖੀ ਆਪ ਕਰਨ ਵਾਲੀਆਂ ਭੇਡਾਂ ਸੁਰੱਖਿਆ ਦੇ ਨਾਮ ਹੇਠ ਸ਼ੈਤਾਨਾਂ ਵੱਲੋਂ ਕੀਤੀ ਗੁਲਾਮੀ ਦੀ ਵਾੜ ਵਿੱਚ ਬੇਫਿਕਰ ਹੋ ਕੇ ਸੌਣ ਲੱਗ ਗਈਆਂ। ਤਾਂ ਸ਼ੈਤਾਨਾਂ ਨੂੰ ਪਤਾ ਲੱਗ ਗਿਆ ਕਿ ਉਹ ਹੁਣ ਆਪਣੀ ਕਮਾਈ ਸ਼ੁਰੂ ਕਰ ਸਕਦੇ ਹਨ। ਆਪਣੀ ਕਮਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਾਲ ਨੂੰ ਵੰਡਣ ਲਈ ਉਹਨਾ ਕਿਹਾ ਇੰਨੇ ਵੱਡੇ ਪ੍ਰੀਵਾਰ ਨੂੰ ਇੱਕ ਵਾੜੇ ਵਿੱਚ ਰਹਿਣਾ ਬਹੁਤ ਮੁਸਕਲ ਹੈ ਇਸ ਲਈ ਅਸੀਂ ਤੁਹਾਡੇ ਲਈ ਵੱਖ ਵੱਖ ਵਾੜਿਆਂ ਦਾ ਪ੍ਰਬੰਧ ਕੀਤਾ ਹੈ, ਜਿੱਥੇ ਤੁਹਾਡੀ ਸੰਭਾਲ ਹੋਰ ਵੀ ਚੰਗੀ ਤਰਾਂ ਹੋ ਸਕੇਗੀ। ਇਸ ਦਾ ਕੁੱਝ ਕੁ ਭੇਡਾਂ ਨੇ ਵਿਰੋਧ ਕੀਤਾ ਕਿ ਅਸੀਂ ਵੰਡੇ ਜਾਣ ਨੂੰ ਪਸੰਦ ਨਹੀਂ ਕਰਦੀਆਂ, ਇਸ ਲਈ ਅਸੀਂ ਇਕੱਠੀਆਂ ਹੀ ਰਹਾਂਗੀਆਂ। ਤਾਂ ਸ਼ੈਤਾਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵੰਡ ਨਹੀਂ ਰਹੇ ਇਹ ਤਾਂ ਸਿਰਫ ਤੁਹਾਡੀ ਭਲਾਈ ਲਈ ਹੀ ਹੈ। ਆਪਣੀ ਭਲਾਈ ਅਤੇ ਸਹੂਲਤਾਂ ਦੀ ਗੱਲ ਸੁਣ ਕੇ ਭੇਡਾਂ ਨੇ ਵੰਡੇ ਜਾਣ ਨੂੰ ਵੀ ਹਾਂ ਕਰ ਦਿੱਤੀ। ਇੱਕੋ ਨਸਲ ਦੀਆਂ ਭੇਡਾਂ ਨੂੰ ਆਪੋ ਆਪਣੇ ਵਾੜਿਆਂ ਵਿੱਚ ਕੈਦ ਕਰਕੇ ਸ਼ੈਤਾਨਾਂ ਨੇ ਉਹਨਾ ਦੇ ਵੱਖਰਾ ਵੱਖਰਾ ਰੰਗ ਲਗਾ ਕੇ ਪੱਕਾ ਕਬਜਾ ਕਰ ਲਿਆ। ਬੱਸ ਫਿਰ ਕੀ ਸੀ ਸਾਂਝੇ ਪ੍ਰੀਵਾਰ ਵਿੱਚ ਰਹਿਣ ਵਾਲੀਆਂ ਭੇਡਾਂ ਆਪਣੀ ਸਾਂਝ ਵਾਲੀ ਅਸਲੀ ਅਜਾਦ ਜਿੰਦਗੀ ਛੱਡ ਕੇ ਵੱਖਰੇ ਵਾੜਿਆਂ (ਸ਼ੈਤਾਨਾਂ ਦੀਆਂ ਦੁਕਾਨਾਂ) ਦੀ ਗੁਲਾਮੀ ਨੂੰ ਹੀ ਅਜਾਦੀ ਸਮਝਣ ਲੱਗ ਪਈਆਂ। ਆਪਣੇ ਵਾੜਿਆਂ ਨੂੰ ਹੀ ਆਪਣੇ-ਆਪਣੇ ਦੇਸ਼ (ਘਰ) ਮੰਨਣ ਲੱਗ ਗਈਆਂ, ਸ਼ੈਤਾਨਾਂ ਵੱਲੋਂ ਆਪਣੀ ਮਾਲਕੀ ਦੀ ਨਿਸ਼ਾਨੀ ਲਈ ਲਾਏ ਰੰਗ ਕਾਰਨ ਆਪਣੇ ਰੰਗ ਨੂੰ ਉਤਮ ੳਤੇ ਦੂਜੇ ਦੇ ਰੰਗ ਨੂੰ ਨੀਚ ਸਮਝ ਕੇ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ। ਸ਼ੈਤਾਨ ਵੀ ਇਹੀ ਕੁੱਝ ਚਾਹੁੰਦਾ ਸੀ। ਹੁਣ ਉਹ ਜਦੋਂ ਮਰਜੀ ਉਹਨਾ ਦੀ ਉਨ ਲਾਹ ਕੇ ਬੇਚ ਦਿੰਦਾ, ਜਦੋਂ ਮਰਜੀ ਉਹਨਾ ਦੇ ਲੇਲਿਆਂ ਨੂੰ ਕਸਾਈ ਕੋਲ ਬੇਚ ਦਿੰਦਾ। ਜਿਹੜੇ ਲੇਲਿਆਂ ਨੂੰ ਉਹ ਸ਼ੇਰਾਂ ਬਘਿਆੜਾਂ ਤੋਂ ਵੀ ਬਚਾ ਲੈਦੀਆਂ ਸਨ ਹੁਣ ਕਸਾਈ ਇਕੱਲਾ ਹੀ ਮੌਜ ਨਾਲ ਉਹਨਾ ਦੇ ਸਾਹਮਣੇ ਹੀ ਤਿੰਨ ਚਾਰ ਲੇਲ਼ੇ ਚੁੱਕ ਕੇ ਤੁਰ ਜਾਂਦਾ, ਉਹ ਵਾੜੇ ਵਿੱਚ ਖੜੀਆਂ ਵੇਖਦੀਆਂ ਤੇ ਬਿਆ ਬਿਆ ਕਰਦੀਆਂ ਰਹਿ ਜਾਂਦੀਆਂ ਪਰ ਕਰ ਕੁੱਝ ਵੀ ਨਹੀਂ ਸੀ ਸਕਦੀਆਂ। ਕਿਉਂਕਿ ਉਹ ਹੁਣ ਏਕਤਾ ਦੀ ਥਾਂ ਅਨੇਕਤਾ ਵਿੱਚ ਵੰਡੀਆਂ ਜਾ ਚੁੱਕੀਆਂ ਸਨ ਅਤੇ ਕਿਸੇ ਦੇ ਕਬਜੇ ਵਿੱਚ ਸਨ। ਉਹਨਾ ਨੇ ਅਜਾਦ ਜੀਵਨ ਨੂੰ ਭੁੱਲ ਕੇ ਗੁਲਾਮੀ ਨੂੰ ਹੀ ਅਜਾਦੀ ਮੰਨ ਲਿਆ ਹੋਇਆ ਸੀ। ਸ਼ੈਤਾਨਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ । ਉਹਨਾ ਨੇ ਅੱਗੇ ਤੋਂ ਇਹਨਾ ਦੋ ਸ਼ਬਦਾਂ (ਕਮਾਈ ਨੂੰ ਭਲਾਈ ਅਤੇ ਗੁਲਾਮੀ ਨੂੰ ਅਜਾਦੀ ਪ੍ਰਚਾਰਨ) ਨੂੰ ਹੀ ਆਪਣੀ ਜਿੰਦਗੀ ਦਾ ਅਧਾਰ ਬਣਾ ਲਿਆ। ਬੱਸ ਇਹਨਾ ਦੋ ਸ਼ਬਦਾਂ ਨੇ ਜਿੱਥੇ ਸੈਤਾਨ ਸੋਚ ਨੂੰ ਪੂਰੇ ਜੰਗਲ ਦੀ ਮਾਲਕ ਬਣਾ ਦਿੱਤਾ, ਉੱਥੇ ਭੇਡ ਸੋਚ ਨੂੰ ਸਦਾ ਲਈ ਸ਼ੈਤਾਨਾ ਦੀ ਗੁਲਾਮ ਅਤੇ ਕਮਾਈ ਦਾ ਸਾਧਨ ਬਣਾ ਦਿੱਤਾ। ਜਿਸ ਤਰਾਂ ਮਾਨਸਿਕ ਤੌਰ ਤੇ ਭੇਡ ਸੋਚ ਨੇ ਗੁਲਾਮੀ ਨੂੰ ਭਲਾਈ ਸਮਝ ਲਿਆ ਉਸੇ ਤਰਾਂ ਸ਼ੈਤਾਨ ਸੋਚ ਨੇ ਵੀ ਭੇਡਾਂ ਨੂੰ ਗੁਲਾਮ ਬਣਾ ਕੇ ਰੱਖਣ ਨੂੰ ਹੀ ਆਪਣਾ ਹੱਕ ਸਮਝ ਲਿਆ। ਭੇਡਾਂ ਅਤੇ ਸ਼ੈਤਾਨਾ ਦੀ ਪ੍ਰਪੱਕ ਹੋਈ ਅਜਿਹੀ ਮਾਨਸਿਕਤਾ ਨੂੰ ਵੇਖ ਕੇ ਰੱਬ ਵੀ ਦੁਖੀ ਹੈ। ਦੁਖੀ ਹੋਏ ਰੱਬ ਨੇ ਸੋਚਿਆ ਕਿ ਬੇਚਾਰੀਆਂ ਭੇਡਾਂ ਨੂੰ ਸ਼ੈਤਾਨਾ ਤੋਂ ਅਜਾਦ ਕਰਵਾਕੇ ਪਹਿਲਾਂ ਵਰਗਾ ਕੁਦਰਤੀ ਜੀਵਨ ਜਿਉਣਾ ਸਿਖਾਈਏ, ਇਹਨਾ ਨੂੰ ਸ਼ੈਤਾਨਾ ਵੱਲੋਂ ਬਣਾਏ ਜੇਲਾਂ ਰੂਪੀ ਵਾੜਿਆਂ ਵਿੱਚੋਂ ਅਜਾਦ ਕਰਵਾਕੇ ਆਪਣਾ ਕਮਾ ਕੇ ਖਾਣਾ, ਇਕੱਠੇ ਅਤੇ ਅਜਾਦ ਰਹਿਣਾ ਸਿਖਾਈਏ। ਰੱਬ ਨੇ ਸ਼ੈਤਾਨਾਂ ਵਾਲੇ ਰੂਪ ਵਿੱਚ ਆ ਕੇ ਭੇਡਾਂ ਨੂੰ ਕਿਹਾ ਕਿ ਤੁਸੀਂ ਅਜਾਦ ਨਹੀਂ ਹੋਂ, ਇਹ ਜੋ ਲੋਕ ਤੁਹਾਨੂੰ ਸੁੱਖ ਸਹੂਲਤਾਂ ਦੇਣ ਅਤੇ ਵਾੜਿਆਂ ਵਿੱਚ ਸੁਰੱਖਿਅਤ ਅਜਾਦ ਰੱਖਣ ਦੇ ਨਾਹਰੇ ਮਾਰ ਰਹੇ ਹਨ ਇਹ ਸੱਭ ਲੁਟੇਰੇ ਹਨ, ਤੁਸੀਂ ਹਿੰਮਤ ਕਰਕੇ ਇਹਨਾ ਦੀਆਂ ਜੇਲ਼ਾਂ ਵਿੱਚੋਂ ਬਾਹਰ ਆਓ, ਤੁਹਾਨੂੰ ਕੁੱਝ ਨਹੀਂ ਹੋਵੇਗਾ। ਇਹਨਾ ਦਾ ਦਿੱਤਾ ਘਾਹ ਪਾਣੀ ਖਾਣਾ ਬੰਦ ਕਰਕੇ ਆਪਣਾ ਕਮਾ ਕੇ ਖਾਓ, ਇਹਨਾ ਤੋਂ ਸੁਰੱਖਿਆ ਲੈਣ ਦੀ ਥਾਂ ਆਪਣੀ ਰਾਖੀ ਆਪ ਕਰੋ, ਤੁਸੀਂ ਸੱਭ ਇੱਕ ਬਰਾਬਰ ਹੋਂ ਤੁਹਾਡੇ ਵਿੱਚ ਵੱਖਰੇ ਵਾੜਿਆਂ ਅਤੇ ਰੰਗਾਂ ਕਾਰਨ ਕੋਈ ਉਤਮ ਜਾਂ ਨੀਚ ਨਹੀਂ ਹੈ, ਇਹ ਵਾੜੇ ਅਤੇ ਰੰਗ ਤੁਹਾਨੂੰ ਗੁਮਰਾਹ ਕਰਨ ਲਈ ਬਣਾਏ ਗਏ ਹਨ। ਤੁਹਾਡੇ ਵਡੇਰੇ ਇੱਕ ਵੱਡੇ ਝੁੰਡ ਵਿੱਚ ਰਹਿੰਦੇ ਸਨ, ਉਹ ਖੁਦ ਕਮਾ ਕੇ ਖਾਂਦੇ ਸੀ, ਆਪਣੀ ਰਾਖੀ ਵੀ ਖੁਦ ਹੀ ਕਰਦੇ ਸੀ, ਉਹਨਾ ਦਾ ਜੀਵਨ ਖੁਸ਼ ਅਤੇ ਅਸਲ ਵਿੱਚ ਅਜਾਦ ਸੀ। ਕੋਈ ਉਹਨਾ ਦੀ ਉਨ ਨਹੀਂ ਸੀ ਲਾਹੁਦਾ, ਵੱਡਾ ਸਾਂਝਾ ਪ੍ਰੀਵਾਰ ਹੋਣ ਕਰਕੇ ਸ਼ੇਰ ਤੇ ਬਘਿਆੜ ਵੀ ਉਹਨਾ ਤੋਂ ਡਰਦੇ ਸਨ। ਰੱਬ ਤਾਂ ਸੈਤਾਨਾਂ ਵੱਲੋਂ ਵੱਖਰੇ-ਵੱਖਰੇ ਵਾੜਿਆਂ ਅਤੇ ਵੱਖੋ ਵੱਖਰੇ ਰੰਗਾਂ ਵਿੱਚ ਰੰਗੀਆਂ, ਆਪਣੀ ਹੀ ਨਸਲ ਦੀਆਂ ਦੁਸ਼ਮਣ ਬਣੀਆਂ ਭੇਡਾਂ ਨੂੰ ਜਗਾਉਣ ਲਈ ਸਾਂਝੀਵਾਲਤਾ ਦਾ ਹੋਕਾ ਦੇ ਕੇ ਚਲਿਆ ਗਿਆ। ਇੱਕ ਦੋ ਨੇ ਰੱਬ ਦੀ ਗੱਲ ਨੂੰ ਸਮਝਿਆ ਉਹ ਤਾਂ ਆਪਣੀ ਜਿੰਦਗੀ ਆਪ ਜਿਉਣ ਲਈ ਝੱਟ ਵਾੜੇ ਵਿੱਚੋਂ ਬਾਹਰ (ਬਾਗੀ) ਹੋ ਗਈਆਂ।ਪਰ ਮਾਨਸਿਕ ਤੌਰ ਤੇ ਗੁਲਾਮੀ ਦੀ ਮੌਤ ਵਰਗੀ ਨੀਂਦ ਵਿੱਚ ਸੁਤੀਆਂ ਬਹੁਤੀਆਂ ਭੇਡਾਂ ਨੇ ਰੱਬ ਦੇ ਬੋਲਾਂ ਨੂੰ ਸੁਣ ਤਾਂ ਲਿਆ ਪਰ ਉਨਾ ਨੂੰ ਵਿਚਾਰ ਕੇ ਅਮਲ ਕਰਨ ਵਾਰੇ ਸੋਚਿਆ ਤੱਕ ਨਹੀਂ। ਉਲਟਾ ਕੁੱਝ ਸਿਆਣੀਆਂ ਭੇਡਾਂ ਰੱਬ ਵੱਲੋਂ ਦਿੱਤੀ ਸਿੱਖਿਆ ਦੀਆਂ ਕਹਾਣੀ ਸ਼ੈਤਾਨਾਂ ਨੂੰ ਸੁਣਾਉਣ ਲੱਗ ਪਈਆਂ ਕਿ ਅੱਜ ਰੱਬ ਆਇਆ ਸੀ ਉਹ ਸਾਨੂੰ ਇਸ ਤਰਾਂ ਦੀ ਸਿੱਖਿਆ ਦੇ ਕੇ ਗਿਆ ਹੈ, ਕੁੱਝ ਭੇਡਾਂ ਉਸ ਦੀ ਗੱਲ ਸੁਣ ਕੇ ਵਾੜੇ ਨੂੰ ਛੱਡ ਕੇ ਚਲੀਆਂ ਵੀ ਗਈਆਂ ਹਨ। ਇਹ ਸੁਣ ਕੇ ਸ਼ੈਤਾਨਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਉਹਨਾ ਨੂੰ ਆਪਣਾ ਰਾਜ ਖੁਸਦਾ ਨਜਰ ਆਇਆ। ਉਹਨਾ ਨੇ ਤੁਰੰਤ ਇਕੱਠੇ ਹੋ ਕੇ ਇਸ ਦੇ ਹੱਲ ਲਈ ਵਿਚਾਰ ਕਰਕੇ ਮਸਲੇ ਦਾ ਹੱਲ ਕੱਢਦਿਆਂ, ਕਹਾਣੀਆਂ ਸੁਣਾਉਣ ਵਾਲੀਆਂ ਨੂੰ ਵਫਾਦਾਰ ਅਤੇ ਵਾੜੇ ਛੱਡ ਕੇ ਜਾਣ ਵਾਲੀਆਂ ਨੂੰ ਬਾਗੀਆਂ ਦਾ ਖਿਤਬ ਦੇ ਕੇ, ਬਾਗੀਆਂ ਲਈ ਰੱਬ ਦੇ ਨਾਮ ਤੇ ਹੀ ਇੱਕ ਹੋਰ ਵਾੜਾ ਅਤੇ ਰੰਗ ਪੈਦਾ ਕਰਕੇ, ਬਾਗੀ ਹੋਈਆਂ ਭੇਡਾਂ ਨੂੰ ਉਸ ਰੰਗ ਵਿੱਚ ਰੰਗ ਕੇ ਵੱਖਰੇ ਵਾੜੇ ਵਿੱਚ ਕੈਦ ਕਰ ਲਿਆ। ਬੱਸ ਫਿਰ ਤਾਂ ਕੀ ਸੀ ਰੱਬ ਜਿੰਨੇ ਵਾਰੀਂ ਗੁਲਾਮ ਭੇਡਾਂ ਨੂੰ ਸਮਝਾਉਣ ਆਂਉਂਦਾ ਸੈਤਾਨ ਉਨੇ ਹੀ ਵੱਖਰੇ ਵਾੜੇ ਅਤੇ ਰੰਗ ਸਿਰਜ ਕੇ ਆਪਣੀਆਂ ਨਵੀਆਂ ਦੁਕਾਨਾਂ (ਜੇਲ਼ਾਂ) ਦੀ ਗਿਣਤੀ ਵਧਾਉਂਦਾ ਗਿਆ। ਨਿਰਾਸ਼ ਹੋਏ ਰੱਬ ਨੇ ਜੰਗਲ ਵਿੱਚ ਆਉਣਾ ਅਤੇ ਭੇਡਾਂ ਨੂੰ ਸਮਝਾਉਣਾ ਹੀ ਬੰਦ ਕਰ ਦਿੱਤਾ ਕਿਉਂਕਿ ਸ਼ੈਤਾਨਾਂ ਨੇ ਇੱਕ ਰੱਬ ਦੇ ਨਾਮ ਤੇ ਹੋਰ ਹੀ ਇੰਨੇ ਵਾੜੇ ਅਤੇ ਰੰਗ ਪੈਦਾ ਕਰ ਦਿੱਤੇ, ਜੋ ਭੇਡਾਂ ਤਾਂ ਕੀ ਰੱਬ ਦੀ ਵੀ ਸਮਝ ਤੋਂ ਬਾਹਰ ਹੋ ਗਏ। ਸਕਤੀ ਹੀਣ ਹੋਈਆਂ ਭੇਡਾਂ ਕਦੇ ਕਦੇ ਰੱਬ ਨੂੰ ਯਾਦ ਕਰਦੀਆਂ ਕਿ ਉਹ ਆ ਕੇ ਉਹਨਾ ਨੂੰ ਅਜਾਦ ਕਰਵਾਏਗਾ। ਰੱਬ ਤਾਂ ਆਪਣੀ ਨਾਕਾਮੀ ਕਾਰਨ ਮੁੜ ਨਾ ਆਉਣ ਦਾ ਫੈਂਸਲਾ ਕਰ ਚੁਕਿਆ ਸੀ, ਕਿਉਂਕਿ ਉਹ ਸ਼ੈਤਾਨਾਂ ਵੱਲੋਂ ਆਪਣੇ ਨਾਮ ਤੇ ਫੈਲਾਏ ਜਾਲ਼ ਨੂੰ ਵੇਖ ਚੁਕਿਆ ਸੀ। ਪਰ ਭੇਡਾਂ ਦੀ ਮਾਨਸਿਕਤਾ ਨੂੰ ਸਮਝਦਾ ਸਮਝਦਾ ਸ਼ੈਤਾਨ ਹੁਣ ਇੰਨਾ ਚਲਾਕ ਹੋ ਗਿਆ ਸੀ ਕਿ ਰੱਬ ਦੇ ਨਾ ਆਉਣ ਵਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਹੁਣ ਰੱਬ ਦੀ ਆਸ ਵਿੱਚ ਬੈਠੀਆਂ ਭੇਡਾਂ ਨੂੰ ਵੀ ਨਿਰਾਸ ਨਹੀਂ ਹੋਣ ਦੇਣਾ ਚਾਹੁੰਦਾ। ਉਸ ਨੇ ਹੁਣ ਕੁੱਝ ਕੁ ਸਮੇਂ ਬਾਅਦ ਰੱਬ ਦੇ ਨਾਮ ਤੇ ਆਪ ਹੀ ਭੇਸ ਬਦਲ ਕੇ ਆਉਣਾ ਸ਼ੁਰੂ ਕਰਕੇ ਆਪਣੇ ਆਪ ਨੂੰ ਹੀ ਰੱਬ ਕਹਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਨਵਾਂ ਰੰਗ ਅਤੇ ਨਵੇਂ ਵਾੜੇ ਦਾ ਪ੍ਰਬੰਧ ਕਰਕੇ ਆਉਂਦਾ ਹੈ, ਪੁਰਾਣੇ ਵਾੜਿਆਂ ਵਿੱਚ ਉਦਾਸ ਬੈਠੀਆਂ ਭੇਡਾਂ ਖੁਦ ਹੀ ਨਵਾਂ ਰੰਗ ਲਵਾ ਕੇ ਨਵੇਂ ਵਾੜੇ ਵਿੱਚ ਖੁਸ਼ੀ ਖੁਸ਼ੀ ਕੈਦ ਹੋ ਜਾਦੀਆਂ ਹਨ। ਜਿੱਥੇ ਭੇਡਾਂ ਦੀ ਗੁਲਾਮ ਮਾਨਸਿਕਤਾ ਅਤੇ ਸ਼ੈਤਾਨਾਂ ਦੀਆਂ ਸ਼ੈਤਾਨੀਆਂ ਤੋਂ ਰੱਬ ਵੀ ਦੁਖੀ ਹੈ,ਉੱਥੇ ਸੈਤਾਨ ਖੁਦ ਰੱਬ ਬਣਕੇ ਭੇਡਾਂ ਦੀ ਉਨ ਲਾਹੁਣ,ਲੇਲ਼ੇ ਕਸਾਈਆਂ ਨੂੰ ਬੇਚਣ,ਆਪਣੀ ਮੌਤ ਮਰੀਆਂ ਭੇਡਾਂ ਦੇ ਸਰੀਰਾਂ ਦੇ ਅੰਗ ਬੇਚਣ, ਰੰਗਾਂ ਅਤੇ ਵਾੜਿਆਂ ਦੇ ਨਾਮ ਤੇ ਦੰਗੇ ਭੜਕਾਅ ਕੇ ਮਰਵਾੳਣ ਤੋਂ ਇਲਾਵਾ ਭੇਡਾਂ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੀਆਂ ਇੱਜਤਾਂ ਨਾਲ ਵੀ ਖੇਡਣ ਲੱਗ ਗਿਆ ਹੈ। ਆਪਣੇ ਨਾਮ ਤੇ ਮੁਜਲੂਮਾਂ ਉਤੇ ਹੁੰਦੇ ਅਜਿਹੇ ਜੁਰਮ ਵੇਖ ਕੇ ਰੱਬ ਵੀ ਹੁਣ ਖੁਦਕਸ਼ੀ ਕਰਨੀ ਚਾਹੁੰਦਾ ਹੈ, ਪਰ ਅਫਸੋਸ ਕਿ ਇਸ ਸਾਰੇ ਕੁੱਝ ਨੂੰ ਭੇਡਾਂ ਰੱਬ ਦੀ ਮੇਹਰ ਅਤੇ ਆਪਣੇ ਕਰਮ ਸਮਝ ਕੇ ਸ਼ੈਤਾਨਾਂ ਅੱਗੇ ਸੀਸ ਝੁਕਾਅ ਰਹੀਆਂ ਹਨ।ਜੇ ਕਿਤੇ ਅਸੀਂ ਭੇਡ ਸੋਚ ਅਤੇ ਰੰਗਾਂ,ਵਾੜਿਆਂ ਦੇ ਭੇਦਭਾਵ ਨੂੰ ਛੱਡ ਕੇ ਸਾਂਝੇ ਪ੍ਰੀਵਾਰ ਵਾਂਗ ਪਿਆਰ ਨਾਲ ਬਰਾਬਰਤਾ ਦਾ ਜੀਵਨ ਅਜਾਦ ਜਿਉਣਾ ਸਿੱਖ ਲਈਏ ਤਾਂ ਕੋਈ ਵੀ ਸ਼ੈਤਾਨ ਸਾਡੇ ਨਾਲ ਅਜਿਹਾ ਨਾ ਕਰ ਸਕੇ।
ਮਿਤੀ 16-09-2017
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911
harlajsingh7@gmail.com
ਮਸਲਾ ਗੁਰਮੁੱਖ ਸਿੰਘ ਨੂੰ ਕਹੇ ਜਾਂਦੇ ਤਖਤ ਦੀ ਜੱਥੇਦਾਰੀ ਤੋਂ ਹਟਾਉਣ ਦਾ - ਹਰਲਾਜ ਸਿੰਘ ਬਹਾਦਰਪੁਰ
ਇਹ ਕਹੇ ਜਾਂਦੇ ਜੱਥੇਦਾਰ ਸੱਭ ਸਿੱਖੀ ਦੇ ਰਸਤੇ ਦੇ ਰੋੜੇ ਹੀ ਹਨ , ਲੋਕਾਂ ਨੂੰ ਮੂਰਖ ਬਣਾਉਣ ਲਈ ਇੱਕ ਰੋੜਾ ਚੁੱਕ ਕੇ ਦੂਜਾ ਸੁੱਟ ਦਿੱਤਾ ਜਾਂਦਾ ਹੈ , ਸਾਡੀ ਵੀ ਅਕਲ ਦਾ ਪੱਧਰ ਇੰਨਾ ਕੁ ਹੀ ਹੈ ਕਿ ਜਿਸ ( ਕਹੇ ਜਾਂਦੇ ਗੁਰਮੁੱਖ ਸਿੰਘ ਵਰਗੇ ) ਨੂੰ ਪਹਿਲਾਂ ਗਾਲਾਂ ਕੱਢਦੇ ਨਹੀਂ ਸੀ ਥੱਕਦੇ ਫਿਰ ਉਸ ਦੇ ਹੱਕ ਵਿੱਚ ਖੜ ਜਾਂਦੇ ਹਾਂ ਕਿ ਫਲਾਣੇ ਜੱਥੇਦਾਰ ਦੀ ਜਮੀਰ ਜਾਗ ਗਈ ਹੈ , ਕਿਸੇ ਜੱਥੇਦਾਰ ਦੀ ਕੋਈ ਜਮੀਰ ਨੀ ਜਾਗਦੀ , ਇਹ ਮਰੀਆਂ ਜਮੀਰਾਂ ਵਾਲੇ ਹੀ ਹੁੰਦੇ ਹਨ , ਜਿਸ ਦੀ ਜਮੀਰ ਜਾਗਦੀ ਜਾਂ ਜਿਉਦੀ ਹੋਵੇਗੀ ਉਹ ਜੱਥੇਦਾਰ ਹੀ ਨਹੀਂ ਬਣਦਾ, ਇਹ ਨਾ ਜੱਥੇਦਾਰ ਬਣਨ ਤੋਂ ਪਹਿਲਾਂ ਚੰਗੇ ਹੁੰਦੇ ਹਨ , ਨਾ ਜੱਥੇਦਾਰੀ ਖੁਸਣ ਤੋਂ ਬਾਅਦ ਚੰਗੇ ਹੁੰਦੇ ਹਨ । ਇਹ ਤਾਂ ਬੱਸ ਅਹੁੱਦਾ ਖੁਸਣ ਦਾ ਸੁਭਾਵਿਕ ਵਿਰੋਧ ਹੁੰਦਾ ਹੈ ਇਸ ਤੋਂ ਵੱਧ ਹੋਰ ਕੁੱਝ ਨੀ ਹੁੰਦਾ , ਅਸੀਂ ਐਵੇਂ ਇਹਨਾ ਦੇ ਮਗਰ ਲੱਗ ਜਾਂਦੇ ਹਾਂ ਕਿ ਫਲਾਣੇ ਜੱਥੇਦਾਰ ਦੀ ਜਮੀਰ ਜਾਗ ਪਈ ਹੈ , ਉਹ ਹੁਣ ਸੱਚ ਬੋਲਣ ਲੱਗ ਪਿਆ ਹੈ , ਸੱਚ ਤਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਬੋਲਦੇ ਹਨ ਉਹ ਅਸੀਂ ਸੁਣਨ ਨੂੰ ਤਿਆਰ ਨਹੀਂ ਹਾਂ , ਕਿਉਂਕਿ ਸੱਚ ਨੂੰ ਜਾਗਦੀ ਜਮੀਰ ਵਾਲੇ ਹੀ ਪਸੰਦ ਕਰਦੇ ਹਨ , ਜਮੀਰਾਂ ਸਾਡੀਆਂ ਵੀ ਸੁਤੀਆਂ ਹੀ ਹੋਈਆਂ ਹਨ, ਇਸ ਲਈ ਅਗਵਾਈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਕਿਸੇ ਬੰਦੇ ਦੀ ਹੀ ਭਾਲਦੇ ਹਾਂ, ਬੰਦਾ ਕੋਈ ਵੀ ਕਿੰਨਾ ਵੀ ਮਾੜਾ ਹੋ ਸਕਦਾ ਹੈ , ਅਸੀਂ ਪਰਕਾਸ ਸਿੰਘ ਬਾਦਲ ਤੋਂ ਦੁਖੀ ਹਾਂ ਕਿ ਜੱਥੇਦਾਰਾਂ ਦੀ ਚੋਣ ਇਹ ਕਰਦਾ ਹੈ , ਇਹ ਹੱਟ ਜਾਵੇਗਾ ਫਿਰ ਸਿਮਰਨਜੀਤ ਸਿੰਘ ਮਾਨ ਕਰਨ ਲੱਗ ਜਾਵੇਗਾ ,ਫਰਕ ਕੋਈ ਨੀ ਪੈਣਾ, ਇਹ ਅਕਾਲ ਤਖਤ ਜਾਂ ਤਖਤਾਂ ਦੇ ਕਹੇ ਜਾਂਦੇ ਜੱਥੇਦਾਰ ਕਿਸੇ ਦੇ ਗੁਲਾਮ ਹੀ ਰਹਿਣਗੇ । ਇਸ ਲਈ ਸਾਨੂੰ ਪਰਕਾਸ ਸਿੰਘ ਬਾਦਲ ਜਾਂ ਸਿਮਰਨ ਜੀਤ ਸਿੰਘ ਮਾਨ ਆਦਿ ਦੇ ਚੁਣੇ ਹੋਏ ਅਕਾਲ ਤਖਤ ਜਾਂ ਤਖਤਾਂ ਦੇ ਕਹੇ ਜਾਂਦੇ ਜੱਥੇਦਾਰਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲੈਣੀ ਚਾਹੀਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਨਾ ਕਿ ਕਿਸੇ ਤਖਤ ਜਾਂ ਬੰਦੇ ਦੇ । ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ । ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ । ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਇਸ ਲਈ ਸਿੱਖਾਂ ਦੀ ਸ਼ੀਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ । ਨਾ ਕਿ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਸਿਆਸੀ ਹੁਕਮਨਾਮਿਆਂ ਅੱਗੇ । ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ । ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ । ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ । ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ । ਸਿੱਖ ਕੌਮ ਅਕਾਲ ਤਖਤ ਦੇ ਨਾਮ ’ਤੇ ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆਂ ਕੀਤੀਆਂ ਹਨ, ਅਤੇ ਜਿੰਨ੍ਹਾਂ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ । ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਤਖਤ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 9417023911
e-mail : harlajsingh7@gmail.com
22-04-2017
ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਅਤੇ ਪੰਨੇ ਪਾੜਨ ਦਾ - ਹਰਲਾਜ ਸਿੰਘ ਬਹਾਦਰਪੁਰ
ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਸਬੰਧ ਵਿੱਚ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚੇ ਦਰਜ ਨਹੀ ਹੁੰਦੇ ਉਨਾ ਚਿਰ ਇਹ ਬੇਅਦਵੀਆਂ ਰੁਕ ਨਹੀਂ ਸਕਦੀਆਂ ।
ਪਿੱਛੇ ਜੇ ਫੇਸਬੁੱਕ ਤੇ ਇੱਕ ਪੋਸਟ ਆਮ ਹੀ ਪਾਈ ਜਾਂਦੀ ਸੀ , ਕਿ ਬੁੱਢੇ ਬੰਦੇ ਨੂੰ ਘਰੇਂ ਕੋਈ ਕੰਚ ਦੇ ਗਲਾਸ ਵਿੱਚ ਚਾਹ ਨੀ ਫੜਾ?ੁਂਦਾ , ਕਿ ਕਿਤੇ ਭੰਨ ਨਾ ਦੇਵੇ । ਇੱਥੇ ਬੁੱਢੇ ਨੂੰ ਪੰਜਾਬ ਸੰਮਾਅ (ਸੰਭਾਲ) ਰੱਖਿਆ ਹੈ , ਭਾਵ ਕਿ ਬਾਦਲ ਬੁੱਢਾ ਹੈ ਉਹ ਪੰਜਾਬ ਨੂੰ ਸੰਭਾਲ ਨੀ ਸਕਦਾ, ਬਾਦਲ ਨੂੰ ਪੰਜਾਬ ਦੀ ਵਾਂਗ ਡੋਰ ਕਿਉਂਂ ਫੜਾ ਰੱਖੀ ਹੈ । ਹੁਣ ਸਵਾਲ ਉਠਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਨਹੀਂ ਸਕਦੇ, ਉਸ ਦੀ ਰਾਖੀ ਨਹੀਂ ਕਰ ਸਕਦੇ, ਉਹਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਦੇ ਰੱਖੇ ਹਨ ? , ਪਹਿਲਾਂ ਹਰੇਕ ਪਿੰਡ ਵਿੱਚ ਗੁਰੂ ਘਰ ਵੀ ਇੱਕ ਹੀ ਹੁੰਦਾ ਸੀ, ਬਹੁਤੇ ਪਿੰਡਾਂ ਵਿੱਚ ਤਾਂ ਿ?ੱਕ ਵੀ ਗੁਰੂ ਘਰ ਵੀ ਨਹੀਂ ਸੀ ਹੁੰਦਾ , ਨੇੜੇ ਦੇ ਪਿੰਡ ਦੇ ਗੁਰੂ ਘਰ ਤੋਂ ਹੀ ਸਰੂਪ ਲੈ ਕੇ ਆਉਂਦੇ ਹੁੰਦੇ ਸੀ । ਇੱਕ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਿ?ੱਕ ਹੀ ਹੁੰਦਾ ਸੀ । ਨਾ ਕਿਸੇ ਗੁਰੂ ਘਰ ਵਿੱਚ ਕਹੇ ਜਾਂਦੇ ਹੁਣ ਵਾਲੇ ਸੱਚਖੰਡ ਹੁੰਦੇ ਸਨ , ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲਮਾਰੀ ਵਿੱਚ ਹੀ ਰੱਖੇ ਹੁੰਦੇ ਸਨ । ਨਾਲੇ ਸੁਰੱਖਿਅਤ ਹੁੰਦੇ ਸਨ , ਹੁਣ ਸੱਚਖੰਡਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ । ਕਿਉਂਕਿ ਹੁਣ ਪ੍ਰਧਾਨਗੀ ਦੇ ਭੁੱਖੇ ਅਖੌਤੀ ਸਿੱਖਾਂ ਨੇ ਆਪਣੀ ਚੌਧਰ ਚਮਕਾਉਣ ਲਈ ਥਾਂ- ਥਾਂ ਗੁਰੂ ਘਰ ਬਣਾ ਲਏ ਹਨ । ਇਸ ਲਈ ਹੁਣ ਗੁਰੂ ਘਰ ਦੁਕਾਨਾਂ ਬਣ ਚੁੱਕੇ ਹਨ, ਗੁਰੂ ਗ੍ਰੰਥ ਸਾਹਿਬ ਜੀ ਸੌਦਾ ਅਤੇ ਆਮ ਲੋਕ ਗ੍ਰਾਹਕ , ਕਮੇਟੀ ਅਤੇ ਪਾਠੀ ਦੁਕਾਨਦਾਰ ਹਨ, ਤਾਂ ਕਿ ਜੇ ਕੋਈ ਗ੍ਰਾਹਕ ਪਾਠ ਕਰਵਾਉਣ ਲਈ ਆਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਘਾਟ ਕਾਰਨ ਮੁੜ ਨਾ ਜਾਵੇ, ਇਸ ਲਈ ਇੱਕ-ਇੱਕ ਗੁਰੂ ਘਰ ਵਿੱਚ 10-10 , 15-15, ਸਰੂਪ ਰੱਖੇ ਹੋਏ ਹਨ । ਕਿਉਂ ? । ਜਿਸ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਹੋਵੇ ਉਸ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚਾ ਦਰਜ ਹੋਣਾ ਚਾਹੀਂਦਾ ਹੈ , ਜਦੋਂ ਸੰਭਾਲ ਨੀ ਸਕਦੇ ਕਿਉਂਂ ਗੁਰੂ ਘਰ ਬਣਾਉਂਦੇ ਹੋਂ ? ਜਦੋਂ ਸੰਭਾਲ ਨੀ ਸਕਦੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਰੱਖਦੇ ਹੋਂ । ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਸਬੰਧ ਵਿੱਚ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚੇ ਦਰਜ ਨਹੀ ਹੁੰਦੇ ਉਨਾ ਚਿਰ ਇਹ ਬੇਅਦਵੀਆਂ ਰੁਕ ਨਹੀਂ ਸਕਦੀਆਂ । ਹਰਲਾਜ ਸਿੰਘ ਬਹਾਦਰਪੁਰઠ
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 9417023911
e-mail : harlajsingh7@gmail.com
ਮਿਤੀ 05-04-2017
ਸਤਕਿਾਰ ਯੋਗ ਸਮੁੱਚੇ ਦੋਸਤਾਂ ਵੀਰਾਂ/ਭੈਣਾ ਨੂੰ ਸਤਿ ਸ੍ਰੀ ਅਕਾਲ - ਹਰਲਾਜ ਸਿੰਘ ਬਹਾਦਰਪੁਰ
ਸਤਕਿਾਰ ਯੋਗ ਸਮੁੱਚੇ ਦੋਸਤਾਂ ਵੀਰਾਂ/ਭੈਣਾ ਨੂੰ ਸਤਿ ਸ੍ਰੀ ਅਕਾਲ । ਦੋਸਤੋ ਬੇਨਤੀ ਹੈ ਕਿ ਕੋਈ ਮੈਨੂੰ ਚੰਗਾ ਸਮਝੇ ਜਾਂ ਮਾੜਾ, ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ । ਕਿਉਂਕਿ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਨੂੰ ਹੀ ਆਪਣਾ ਰਾਹ ਦੱਸੇਰਾ ਅਤੇ ਮਹਾਨ ਮੰਨਦਾ ਹਾਂ । ਹੋਰ ਕਿਸੇ ਵੀ ਗ੍ਰੰਥ ਜਾਂ ਕਿਤਾਬ ਨੂੰ ਗੁਰੂ ਗ੍ਰੰਥ ਸਾਹਬਿ ਜੀ ਦੇ ਵਾਂਗ ਜਾਂ ਬਰਾਬਰ ਨਹੀਂ ਮੰਨਦਾ, ਹਾਂ ਚੰਗੇ ਵਿਚਾਰ ਕਿਸੇ ਦੇ ਵੀ ਹੋਣ ਪੜ੍ਹ ਕੇ ਅਮਲ ਕਰ ਸਕਦਾ ਹਾਂ । ਮੇਰਾ ਨਿੱਤਨੇਮ, ਅਰਦਾਸ,ਰਹਿਤ ਮਰਯਾਦਾ ਆਦਿ ਸੱਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਵਿੱਚੋਂ ਹੈ । ਮੈਂ ਕਹੇ ਜਾਂਦੇ ਅਖੰਡ ਪਾਠ, ਅਕਾਲ ਤਖਤ ਦੇ ਹੁਕਮਨਾਮੇ ਅਤੇ ਰਹਿਤ ਮਰਯਾਦਾ ਨੂੰ ਨਹੀਂ ਮੰਨਦਾ । ਮੇਰੇ ਲਈ ਸਮੁੱਚੇ ਡੇਰੇ/ਸੰਸਥਾਵਾਂ ਅਤੇ ਸਾਧ (ਬਿਆਸ, ਸਿਰਸਾ, ਰਾੜਾ, ਚੌਂਕ ਮਹਿਤਾ, ਤਖਤ, ਨਾਨਕ ਸਰ ਠਾਠ ਆਦਿ, ਦਮਦਮੀ ਟਕਸਾਲ, ਸਤਿਕਾਰ ਕਮੇਟੀਆਂ, ਅਖੰਡ ਕੀਰਤਨੀ ਜੱਥੇ ਆਦਿ, ਇਹਨਾ ਦੇ ਸੰਸਥਾਪਕ ਸੰਤ, ਸਾਧ, ਮਹਾਂ ਪੁਰਸ, ਬ੍ਰਹਿਮ ਗਿਆਨੀ, ਜੱਥੇਦਾਰ ਆਦਿ) ਇੱਕ ਬਰਾਬਰ ਹਨ, ਮੈਂ ਇਹਨਾ ਕਿਸੇ ਨੂੰ ਨਹੀਂ ਮੰਨਦਾ । ਚੰਗੇ ਵਿਚਾਰ ਕਿਸੇ ਨਾਸਤਿਕ, ਆਸਤਿਕ, ਕਾਮਰੇਡ ਜਾਂ ਮਿਸਨਰੀ, ਪੜੇ ਜਾਂ ਅਣਪੜ ਦੇ ਹੋਣ ਉਹਨਾ ਦਾ ਸਤਿਕਾਰ ਕਰਾਂਗਾ । ਮੇਰਾ ਧਰਮ ਇੰਨਸਾਨੀਅਤ ਦਾ ਭਲਾ ਚਾਹੁੰਣਾ ਅਤੇ ਚੰਗੇ ਕੰਮ ਕਰਨੇ ਹੈ । ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥(ਪੰਨਾ ਨੰਬਰ 266) । ਮੈਂ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਕਿਸੇ ਧਰਮ, ਹਿੰਦੂ, ਮੁਸਲਿਮ, ਸਿੱਖ, ਇਸਾਈ ਆਦਿ ਨੂੰ ਨਹੀਂ ਮੰਨਦਾ ।ਹਰਲਾਜ ਸਿੰਘ ਬਹਾਦਰਪੁਰ ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 9417023911
e-mail : harlajsingh7@gmail.com
ਮਿਤੀ 26-03-2017