ਮਹਿਲਾ ਦਿਵਸ਼ ਤੇ ਵਿਸ਼ੇਸ - ਹਰਲਾਜ ਸਿੰਘ ਬਹਾਦਰਪੁਰ,
ਮਾਦਾ ਭਰੂਣ ਹੱਤਿਆ ਸਾਡੇ ਭਾਰਤੀ ਮਰਦ ਪ੍ਰਧਾਨ ਸਮਾਜ ਦੇ ਮੱਥੇ ਉੱਤੇ ਕਾਲੰਕ ਹੈ,
ਅੱਜ ਮਹਿਲਾ ਦਿਵਸ਼ ਹੈ, ਇਸ ਲਈ ਅੱਜ ਮਰਦਾਂ ਵੱਲੋਂ ਇਸਤਰੀਆਂ ਨੂੰ ਬਰਾਬਰਤਾ ਦੇ ਹੱਕ ਦੇਣ ਜਾਂ ਦਿਵਾਉਣ ਲਈ ਇਸਤਰੀਆਂ ਦੇ ਹੱਕਾਂ ਦੇ ਨਾਮ ਹੇਠ ਵੱਡੇ ਵੱਡੇ ਇਕੱਠ ਕਰਕੇ ਵੱਡੇ ਵੱਡੇ ਝੂਠ ਬੋਲੇ ਜਾਣੇ ਹਨ। ਜਿਸ ਵਿੱਚ ਇੱਕੋ ਗੱਲ ਵਾਰ ਵਾਰ ਕਹੀ ਜਾਵੇਗੀ ਕਿ ਇਸਤਰੀਆਂ ਵੀ ਮਰਦਾਂ ਦੇ ਬਰਾਬਰ ਦੀਆਂ ਹੱਕਦਾਰ ਹਨ, ਇਸਤਰੀਆਂ ਨੂੰ ਵੀ ਹਰ ਤਰਾਂ ਦੀ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰੀ ਦੇਣੀ ਚਾਹੀਂਦੀ ਹੈ, ਬੱਸ ਇਹ ਬਰਾਬਰਤਾ ਦੇਣੀ ਚਾਹੀਂਦੀ ਹੈ ਹੀ ਕਹੀ ਜਾਂਦੀ ਰਹੇਗੀ, ਪਰ ਦਿੱਤੀ ਨਹੀਂ ਜਾਵੇਗੀ। ਸਾਡੇ ਮਹਾਨ ਭਾਰਤ ਵਿੱਚ ਤਾਂ ਇਹ ਅਜੇ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਸੁਣਦੇ ਹਾਂ ਕਿ ਭਾਰਤ ਦੇ ਤਾਂ ਭਗਵਾਨ ਵੀ ਇਸਤਰੀ ਦੀ ਅਗਨੀ ਪ੍ਰੀਖਿਆ ਲੈਂਦੇ ਰਹੇ ਹਨ, ਇਸਤਰੀ ਨੂੰ ਜੂਏ ਵਿੱਚ ਹਾਰਦੇ ਰਹੇ ਹਨ, ਤਲਾਅ ਵਿੱਚ ਨਹਾਉਂਦੀਆਂ ਲੜਕੀਆਂ ਦੇ ਕੱਪੜੇ ਚੁੱਕਦੇ ਰਹੇ ਹਨ ਆਦਿ। ਸੱਭ ਤੋਂ ਨਵੀਨ, ਅਗਾਂਹ ਵਧੂ ਅਤੇ ਇਸਤਰੀ ਨੂੰ ਬਰਾਬਰਤਾ ਦਾ ਹੱਕ ਦੇਣ ਵਾਲੇ ਮੰਨੇ ਜਾਂਦੇ ਸਿੱਖ ਧਰਮ ਵਿੱਚ ਵੀ ਇਸਤਰੀ ਨੂੰ ਅਜੇ ਤੱਕ ਬਰਾਬਰਤਾ ਨਹੀ ਮਿਲੀ ਹੈ, ਹੋਰ ਧਰਮਾਂ ਵਾਰੇ ਤਾਂ ਕਹਿਣਾ ਹੀ ਕੀ ਹੈ। ਬਰਾਬਰਤਾ ਦੇਣ ਲਈ ਕਹਿਣਾ ਬਹੁਤ ਸੌਖਾ ਹੈ, ਅਸਲ ਵਿੱਚ ਬਰਾਬਰਤਾ ਦੇਣੀ ਬਹੁਤ ਔਖੀ ਹੁੰਦੀ ਹੈ। ਮਰਦ ਆਪਣੀ ਗੁਲਾਮ ਇਸਤਰੀ ਨੂੰ ਤਾਂ ਕੀ, ਇਹ ਤਾਂ ਆਪਣੇ ਬਰਾਬਰ ਦੇ ਮਰਦ ਨੂੰ ਵੀ ਬਰਾਬਰਤਾ ਨਹੀਂ ਦੇ ਸਕਦਾ। ਇਸਤਰੀਆਂ ਵੀ ਇਸਤਰੀਆਂ ਨੂੰ ਬਰਾਬਰਤਾ ਨਹੀਂ ਦੇ ਸਕਦੀਆਂ। ਅਸਲ ਵਿੱਚ ਕੋਈ ਵੀ ਕਿਸੇ ਨੂੰ ਬਰਾਬਰਤਾ ਨਹੀਂ ਦੇ ਸਕਦਾ ਹੁੰਦਾ। ਜਿੰਨਾ ਇਸਤਰੀਆਂ ਨੇ ਤਰੱਕੀਆਂ ਕੀਤੀਆਂ ਹਨ ਉਹਨਾ ਨੇ ਆਪਣੀ ਯੋਗਤਾ ਦੇ ਦਮ ਨਾਲ ਕੀਤੀਆਂ ਹਨ, ਮਹਿਲਾ ਦਿਵਸ਼ਾਂ ਦੇ ਨਾਮ ਤੇ ਇਸਤਰੀਆਂ ਨੂੰ ਬਰਾਬਰਤਾ ਦੇਣ ਦੇ ਨਾਹਰਿਆਂ ਨੇ ਇਸਤਰੀਆਂ ਨੂੰ ਕੁੱਝ ਨੀ ਦਿੱਤਾ। ਕਿਉਂਕਿ ਬਰਾਬਰਤਾ ਮਰਦਾਂ ਨੇ ਦੇਣੀ ਹੈ, ਨਾ ਕਿ ਨਾਹਰਿਆਂ ਨੇ। ਇਸਤਰੀਆਂ ਨੂੰ ਬਰਾਬਰਤਾ ਦੇਣ ਦੇ ਨਾਹਰੇ ਮਾਰਨ ਵਾਲਿਆਂ (ਸਾਨੂੰ/ਮਰਦਾਂ) ਨੂੰ ਕੋਈ ਪੁੱਛੇ ਕਿ ਇਸਤਰੀਆਂ ਦੀ ਬਰਾਬਰਤਾ ਦਾ ਹੱਕ ਕਿਸ ਨੇ ਖੋਹਿਆ ਹੈ, ਇਹ ਹੱਕ ਕਿਸ ਤੋਂ ਦਿਵਾਉਣਾ ਹੈ? ਤਾਂ ਇਸ ਦਾ ਜਵਾਬ ਕੀ ਹੋਵੇਗਾ ? ਅਸੀਂ ਮਰਦਾਂ ਨੇ ਹੀ ਇਸਤਰੀਆਂ ਨੂੰ ਗੁਲਾਮ ਬਣਾਇਆ ਹੋਇਆ ਹੈ, ਜੇ ਅਸੀਂ ਇਸ ਨੂੰ ਮਨੁੱਖੀ ਹੱਕਾਂ ਦੇ ਵਿਰੁੱਧ ਸਮਝਦੇ ਹਾਂ, ਤਾਂ ਸਾਨੂੰ ਆਪੋ ਆਪਣੀਆਂ ਇਸਤਰੀਆਂ ਨੂੰ ਬਰਾਬਰਤਾ ਦੇ ਦੇਣੀ ਚਾਹੀਂਦੀ ਹੈ, ਪਿਉ ਆਪਣੇ ਪੁੱਤਾਂ ਦੇ ਬਰਾਬਰ ਧੀਆਂ ਨੂੰ ਹੱਕ ਦੇ ਦੇਵੇ ਬੱਸ ਹੋ ਗਈ ਬਰਾਬਰਤਾ। ਪਰ ਇਹ ਬਹੁਤ ਔਖੀ ਹੈ ਦੇਣੀ, ਕਿਉਂਕਿ ਬਰਾਬਰਤਾ ਤਾਂ ਕੀ ਪਿਉ ਤਾਂ ਅਜੇ ਧੀ ਨੂੰ ਜੰਮਣ ਦਾ ਹੱਕ ਦੇ ਲਈ ਵੀ ਤਿਆਰ ਨਹੀਂ ਹੈ। ਬਹੁਤ ਚੰਗੀ ਗੱਲ ਹੈ ਕਿ ਅਸੀਂ ਸਾਰੇ ਬਰਾਬਰਤਾ ਦਾ ਆਨੰਦ ਮਾਣੀਏਂ, ਪਰ ਅਫਸੋਸ ਕਿ ਬਰਾਬਰਤਾ ਤਾਂ ਦੂਰ ਅਜੇ ਤਾਂ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਈ । ਮਾਦਾ ਭਰੂਣ ਹੱਤਿਆ ਸਾਡੇ ਭਾਰਤੀ ਮਰਦ ਪ੍ਰਧਾਨ ਸਮਾਜ ਦੇ ਮੱਥੇ ਉੱਤੇ ਕਾਲੰਕ ਹੈ, ਇਸ ਕਾਲੰਕ ਨੂੰ ਹਟਾਉਣ ਲਈ ਆਓ ਸਾਰੇ ਮਰਦ ਇਸਤਰੀਆਂ ਮਿਲ ਕੇ ਮਹਿਲਾ ਦਿਵਸ ਤੇ ਇਹ ਪ੍ਰਣ ਕਰੀਏ ਕਿ ਅਸੀਂ ਸਾਰੇ ਇੱਕ ਦੂਜੇ ਨੂੰ ਆਪਣੇ ਬਰਾਬਰ ਮੰਨ ਕੇ ਇੱਕ ਦੂਜੇ ਦਾ ਸਤਿਕਾਰ ਕਰਾਂਗੇ। ਮੈਂ ਅੱਜ ਤੋਂ ਇਸਤਰੀ ਨੂੰ ਸਤਿਕਾਰ ਅਤੇ ਬਰਾਬਰਤਾ ਦੇਣ ਦਾ ਪ੍ਰਣ ਕਰਦਾ ਹਾਂ।
ਤਾਰੀਖ 07-03-2018
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
harlajsingh7@gmail.com