Bagel Singh Dhaliwal

ਮਾਤ ਭਾਸ਼ਾ ਦਿਵਸ: ਆਪਣੀ ਹੀ ਧਰਤੀ ਉੱਤੇ ਪਰਾਈ ਹੋ ਰਹੀ ਪੰਜਾਬੀ - ਬਘੇਲ ਸਿੰਘ ਧਾਲੀਵਾਲ


21 ਫ਼ਰਵਰੀ ਨੂੰ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਸੈਮੀਨਾਰ ਹੁੰਦੇ ਹਨ, ਮੰਚ ਸਜਦੇ ਹਨ, ਵੱਡੇ-ਵੱਡੇ ਭਾਸ਼ਣ ਹੁੰਦੇ ਹਨ। ਪੰਜਾਬ ਅੰਦਰ ਇਸ ਦਿਨ ਪੰਜਾਬੀ ਦੇ ਹੱਕ ਵਿੱਚ  ਨਾਹਰੇ ਲੱਗਦੇ ਹਨ, ਤਸਵੀਰਾਂ ਖਿੱਚੀਆਂ ਜਾਂਦੀਆਂ ਹਨ, ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਆਂ ਜਾਂਦੀਆਂ ਹਨ। ਪਰ ਸਵਾਲ ਇਹ ਹੈ,ਕਿ ਕੀ ਇਹ ਸਭ ਕੁਝ ਪੰਜਾਬੀ ਦੀ ਹਕੀਕਤ ਬਦਲ ਰਿਹਾ ਹੈ ਜਾਂ  ਸਿਰਫ਼ ਇੱਕ ਦਿਨ ਦਾ ਰਸਮੀ ਸੋਗ ਮਨਾ ਕੇ ਅਗਲੇ ਦਿਨ ਫਿਰ ਉਹੀ ਅੰਗਰੇਜ਼ੀ ਦੀ ਗੋਦ ਵਿੱਚ ਬੈਠ ਜਾਣਾ ਹੈ। ਪੰਜਾਬ ਦੀਆਂ ਸੜਕਾਂ ‘ਤੇ ਤੁਰੋ। ਦੁਕਾਨਾਂ ਦੇ ਬੋਰਡ ਵੇਖੋ। ਸਕੂਲਾਂ ਦੇ ਨਾਮ ਪੜ੍ਹੋ। ਇਸ਼ਤਿਹਾਰ ਸੁਣੋ। ਇਹ ਸਾਰਾ ਵਰਤਾਰਾ ਦੇਖ ਕੇ ਸਵਾਲ ਉੱਠਦਾ ਹੈ ਕ ਪੰਜਾਬੀ ਕਿੱਥੇ ਹੈ ? ਘਰਾਂ ਵਿੱਚ ਮਾਪੇ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ, ਤਾਂ ਜੋ ਉਹ “ਮਾਡਰਨ” ਲੱਗਣ। ਪੰਜਾਬੀ ਬੋਲਣ ਵਾਲੇ ਨੂੰ ਅਕਸਰ ਪੇਂਡੂ ਕਹਿ ਕੇ ਮਜਾਕ ਉਡਾਇਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਰਚੀ ਗਈ,ਜਿੱਥੇ ਗੁਰੂਆਂ ਨੇ ਲੋਕਾਂ ਨਾਲ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਗੱਲਬਾਤ ਕੀਤੀ ਸੀ,ਜਿੱਥੇ ਸ਼ਬਦ ਸਿਰਫ਼ ਉਚਾਰਣ ਨਹੀਂ, ਸਗੋਂ ਆਤਮਕ ਗਿਆਨ ਦਾ ਸੋਮਾ ਬਣਦੇ ਰਹੇ ਹਨ।ਅੱਜ  ਗੁਰੂਆਂ,ਪੀਰਾਂ,ਫਕੀਰਾਂ,ਭਗਤਾਂ ਦੀ ਮਿੱਠੀ ਭਾਸ਼ਾ ਨੂੰ ਦਫ਼ਤਰਾਂ ਵਿੱਚ ਹਾਸ਼ੀਏ ‘ਤੇ ਧੱਕਿਆ ਹੋਇਆ ਹੈ।ਸਰਕਾਰੀ ਫ਼ਾਈਲਾਂ ਅੰਗਰੇਜ਼ੀ ਵਿੱਚ, ਅਦਾਲਤਾਂ ਵਿੱਚ ਅੰਗਰੇਜ਼ੀ, ਉੱਚ ਸਿੱਖਿਆ ਅੰਗਰੇਜ਼ੀ ਵਿੱਚ,ਫਿਰ ਮਾਤ ਭਾਸ਼ਾ ਦਿਵਸ ਦਾ ਮਤਲਬ ਕੀ ਰਹਿ ਗਿਆ ? ਪੰਜਾਬੀ ਸਿਰਫ਼ ਲੋਕ-ਗੀਤਾਂ ਦਾ ਮਿੱਠਾਸ ਹੀ ਨਹੀਂ,ਇਹ ਵਿਰੋਧ ਦੀ ਅਵਾਜ਼ ਵੀ ਰਹੀ ਹੈ। ਜਦੋਂ ਅਨਿਆਇ ਵਧਿਆ, ਤਾਂ ਤਿੱਖੇ ਸੁਰ ਵੀ ਪੰਜਾਬੀ ਵਿੱਚ ਉੱਠੇ। ਵਾਰਿਸ ਸ਼ਾਹ  ਨੇ ਇਸ਼ਕ ਦੇ ਰੂਪ ਵਿੱਚ ਸਮਾਜ ਦੀਆਂ ਕਰੜੀਆਂ ਸੱਚਾਈਆਂ ਲਿਖੀਆਂ। ਬੁੱਲੇ ਸ਼ਾਹ ਨੇ ਧਰਮ ਦੇ ਨਾਂ ‘ਤੇ ਬਣੀਆਂ ਦਿਵਾਰਾਂ ਨੂੰ ਢਾਹਿਆ।ਸ਼ਿਵ ਕੁਮਾਰ ਬਟਾਲਵੀ ਨੇ ਦਰਦ ਨੂੰ ਐਸਾ ਰੂਪ ਦਿੱਤਾ ਕਿ ਪੰਜਾਬੀ ਦੇ ਹਰ ਅੱਖਰ ਵਿੱਚ ਸਿਸਕੀਆਂ ਸੁਣਾਈ ਦਿੱਤੀਆਂ।ਅੱਜ ਉਹੀ ਪੰਜਾਬੀ ਸਿਰਫ਼ ਚਟਖਾਰੇਦਾਰ ਗੀਤਾਂ ਅਤੇ ਹਲਕੇ-ਫੁਲਕੇ ਮਨੋਰੰਜਨ ਤੱਕ ਸੀਮਿਤ ਕਰ ਦਿੱਤੀ ਗਈ ਹੈ। ਭਾਸ਼ਾ ਦੀ ਰੂਹ ਨਾਲੋਂ ਉਸਦੀ ਮਾਰਕੀਟ ਵੈਲਿਊ ਨੂੰ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਸਭ ਤੋਂ ਵੱਡਾ ਸਵਾਲ ਸਿੱਖਿਆ ਦਾ ਹੈ। ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ਨਾਲ ਬੱਚੇ ਦੀ ਸਮਝ ਅਤੇ ਸੋਚ ਦੀ ਬੁਨਿਆਦ ਮਜ਼ਬੂਤ ਹੁੰਦੀ ਹੈ। ਇਹ ਗੱਲ ਵਿਦਵਾਨਾਂ ਨੇ ਮੰਨੀ ਹੈ। ਫਿਰ ਵੀ ਅਸੀਂ ਪੰਜਾਬੀ ਮਾਧਿਅਮ ਨੂੰ ਹੇਠਲਾ ਦਰਜਾ ਦੇ ਕੇ ਅੰਗਰੇਜ਼ੀ ਮਾਧਿਅਮ ਨੂੰ ਉੱਚਤਾ ਦਾ ਪ੍ਰਤੀਕ ਬਣਾਇਆ ਹੋਇਆ ਹੈ।ਇਹ ਮਨੋਵਿਰਤੀ ਸਾਡੀ ਆਪਣੀ ਹੈ। ਅਸੀਂ ਹੀ ਆਪਣੇ ਬੱਚਿਆਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਪੰਜਾਬੀ ਵਿੱਚ ਭਵਿੱਖ ਨਹੀਂ। ਸਹਿਰਾਂ ਵਿੱਚ ਘਰਾਂ ਵਿੱਚ ਪੰਜਾਬੀ ਨੂੰ ਅਸਲੋਂ ਬਾਹਰ ਕੱਢ ਦਿੱਤਾ ਗਿਆ ਹੈ।ਸਹਿਰੀਆਂ ਨੇ  ਪੰਜਾਬੀ ਦੀ ਥਾਂ ਹਿੰਦੀ ਨੂੰ ਅਪਣਾ ਲਿਆ ਹੈ।ਫਿਰ ਕਿਵੇਂ ਉਮੀਦ ਕਰੀਏ ਕਿ ਨਵੀਂ ਪੀੜ੍ਹੀ ਪੰਜਾਬੀ ਸਾਹਿਤ ਪੜ੍ਹੇਗੀ, ਗੁਰਮੁਖੀ ਲਿਖੇਗੀ ਜਾਂ ਪੰਜਾਬੀ ਵਿੱਚ ਸੋਚੇਗੀ। ਇਹ ਸੋਸ਼ਲ ਮੀਡੀਆ ਅਤੇ ਤਕਨੀਕ ਦਾ ਸਮਾਂ ਹੈ। ਇੱਥੇ ਵੀ ਜਦੋਂ ਗੁਰਮੁਖੀ ਦੀ ਥਾਂ ਰੋਮਨ ਵਿੱਚ ਪੰਜਾਬੀ ਲਿਖੀ ਜਾ ਰਹੀ ਹੋਵੇ ਫਿਰ ਆਪਣੀ ਲਿਪੀ ਨਾਲ ਨਿਆਂ ਕਿਵੇਂ ਹੋਵੇਗਾ।ਲਿਪੀ ਸਿਰਫ਼ ਲਿਖਤ ਨਹੀਂ, ਸੱਭਿਆਚਾਰਕ ਪਹਿਚਾਣ ਹੁੰਦੀ ਹੈ।  ਜੇ ਤਕਨੀਕ ਵਿੱਚ ਪੰਜਾਬੀ ਦੀ ਮਜ਼ਬੂਤ ਮੌਜੂਦਗੀ ਨਹੀਂ ਹੋਵੇਗੀ। ਖੋਜ, ਅਨੁਵਾਦ, ਡਿਜੀਟਲ ਕਿਤਾਬਾਂ ਲਈ ਐਪ,ਵੈਬਸਾਈਟਾਂ ਨਹੀ ਬਣਨਗੀਆਂ ਤਾਂ ਅਗਲਾ ਦਹਾਕਾ ਪੰਜਾਬੀ ਲਈ ਹੋਰ ਵੀ ਮੁਸ਼ਕਲ ਵਾਲਾ ਹੋਵੇਗਾ। ਆਮ ਤੌਰ ਤੇ ਸਾਰਾ ਦੋਸ਼ ਸਰਕਾਰ ਸਿਰ ਮੜ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ। ਬੇਸ਼ੱਕ ਨੀਤੀਆਂ ਦੀ ਕਮੀ ਹੈ, ਲਾਗੂ ਕਰਨ ਵਿੱਚ ਕਮਜ਼ੋਰੀ ਹੈ। ਪਰ ਸੱਚ ਇਹ ਹੈ ਕਿ ਜੇ ਘਰ ਵਿੱਚ ਪੰਜਾਬੀ ਨਹੀਂ ਬੋਲੀ ਜਾਵੇਗੀ, ਤਾਂ ਕਾਨੂੰਨ ਵੀ ਇਸਨੂੰ ਨਹੀਂ ਬਚਾ ਸਕੇਗਾ।ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ। ਲੇਖਕਾਂ ਅਤੇ ਪੱਤਰਕਾਰਾਂ ਨੂੰ ਪੰਜਾਬੀ ਵਿੱਚ ਲਿਖਣ ਨੂੰ ਮਾਣ ਸਮਝਣਾ ਚਾਹੀਦਾ ਹੈ। ਵਪਾਰੀਆਂ ਨੂੰ ਆਪਣੇ ਬੋਰਡਾਂ ‘ਤੇ ਪੰਜਾਬੀ ਲਿਖਣੀ ਚਾਹੀਦੀ ਹੈ। ਨੌਜਵਾਨਾਂ ਨੂੰ ਗੁਰਮੁਖੀ ਲਿਪੀ ਨੂੰ ਅਪਣਾਉਣਾ ਚਾਹੀਦਾ ਹੈ।ਭਾਸ਼ਾ ਸਿਰਫ਼ ਸਰਕਾਰੀ ਹੁਕਮ ਨਾਲ ਨਹੀਂ ਬਚਦੀ; ਇਹ ਜ਼ਮੀਰ ਨਾਲ ਬਚਦੀ ਹੈ।ਹਰ ਸਾਲ 21 ਫ਼ਰਵਰੀ ਆਉਂਦਾ ਹੈ, ਅਸੀਂ ਵਾਅਦੇ ਕਰਦੇ ਹਾਂ, ਫਿਰ ਭੁੱਲ ਜਾਂਦੇ ਹਾਂ। ਇਹ ਦਿਨ ਸਾਨੂੰ ਸ਼ਰਮਿੰਦਾ ਕਰਨ ਲਈ ਕਾਫ਼ੀ ਹੈ ਕਿ ਅਸੀਂ ਆਪਣੀ ਮਾਂ-ਬੋਲੀ ਨੂੰ ਉਹ ਮਾਣ ਨਹੀਂ ਦਿੱਤਾ ਜਿਸਦੀ ਉਹ ਹੱਕਦਾਰ ਹੈ। ਜੇ ਅਸੀਂ ਸੱਚਮੁੱਚ ਪੰਜਾਬੀ ਨਾਲ ਪਿਆਰ ਕਰਦੇ ਹਾਂ, ਤਾਂ ਇਸਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ। ਦਫ਼ਤਰ ਵਿੱਚ, ਸਕੂਲ ਵਿੱਚ, ਮੰਚ ‘ਤੇ,ਗੱਲ ਕੀ ਹਰ ਥਾਂ ਪੰਜਾਬੀ ਬੋਲਣ ਦਾ ਹੌਸਲਾ ਕਰਨਾ ਪਵੇਗਾ।ਬੱਚਿਆਂ ਨੂੰ ਪੰਜਾਬੀ ਕਿਤਾਬਾਂ ਤੋਹਫ਼ੇ ਵਿੱਚ  ਦੇਣ ਦੀ ਆਦਤ ਪਾਉਣੀ ਹੋਵੇਗੀ।। ਪੰਜਾਬੀ ਸਾਹਿਤਕ ਸਮਾਗਮਾਂ ਨੂੰ ਸਹਿਯੋਗ ਕਰਨ ਦੀ ਲੋੜ ਹੈ।। ਜੇ ਪੰਜਾਬੀ ਕਮਜ਼ੋਰ ਹੋਵੇਗੀ ਤਾਂ ਸਾਡੀ ਪਹਿਚਾਣ ਵੀ ਕਮਜ਼ੋਰ ਪਵੇਗੀ।ਇਸ ਲਈ ਮਾਤ ਭਾਸ਼ਾ ਦਿਵਸ ‘ਤੇ ਪੰਜਾਬੀ ਨੂੰ ਹੱਕ, ਮਾਣ ਅਤੇ ਅਮਲ ਵਿੱਚ ਥਾਂ ਦੇਣ ਦੇ ਉਪਰਾਲੇ ਹੋਣੇ ਚਾਹੀਦੇ ਹਨ।।ਕਿਉਂਕਿ ਜਦੋਂ ਮਾਂ-ਬੋਲੀ ਮਜ਼ਬੂਤ ਹੁੰਦੀ ਹੈ, ਤਾਂ ਕੌਮ ਵੀ ਸਿਰ ਉੱਚਾ ਕਰਕੇ ਖੜੀ ਹੁੰਦੀ ਹੈ।
ਪੰਜਾਬੀ ਭਾਸ਼ਾ ਦੀ ਮਜ਼ਬੂਤੀ ਸਿਰਫ਼ ਕਾਗ਼ਜ਼ੀ ਨਾਰਿਆਂ ਨਾਲ ਨਹੀਂ ਹੁੰਦੀ,ਇਹ ਲੋਕਾਂ ਦੇ ਵਰਤਾਰਿਆਂ ਨਾਲ ਹੋਵੇਗੀ।ਜਦੋਂ ਮਾਂ ਆਪਣੇ ਬੱਚੇ ਨਾਲ ਪਹਿਲਾ ਸ਼ਬਦ ਪੰਜਾਬੀ ਵਿੱਚ ਬੋਲਦੀ ਹੈ, ਉਥੇ ਹੀ ਕੌਮ ਦੀ ਜੜ ਮਜ਼ਬੂਤ ਹੁੰਦੀ ਹੈ। ਜਦੋਂ ਅਧਿਆਪਕ ਕਲਾਸਰੂਮ ਵਿੱਚ ਪੰਜਾਬੀ ਨੂੰ ਮਾਣ ਦੇਂਦਾ ਹੈ, ਉਥੇ ਭਵਿੱਖ ਦੀ ਨੀਹ ਟਿਕਦੀ ਹੈ। ਪਰ ਜੇ ਅਸੀਂ ਆਪ ਹੀ ਆਪਣੀ ਮਾਂ-ਬੋਲੀ ਤੋਂ ਕਤਰਾਉਣ ਲੱਗ ਪਈਏ, ਤਾਂ ਫਿਰ ਕਿਸੇ ਹੋਰ ਤੋਂ ਕੀ ਉਮੀਦ ਰੱਖ ਸਕਾਂਗੇ। ਪੰਜਾਬੀ ਸਿਰਫ਼ ਬੋਲੀ ਨਹੀਂ, ਇਹ ਸਾਡੀ ਰੂਹ ਦੀ ਆਵਾਜ਼ ਹੈ। ਇਹੋ ਭਾਸ਼ਾ ਹੈ ਜਿਸ ਵਿੱਚ ਆਦਿ  ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦਾ ਅਮਰ ਸਨੇਹਾ ਉਚਾਰਿਆ ਗਿਆ, ਜਿਸ ਵਿੱਚ ਗੁਰੂਆਂ, ਭਗਤਾਂ ਅਤੇ ਫਕੀਰਾਂ ਦੀ ਬਾਣੀ ਰਾਹੀਂ ਮਨੁੱਖਤਾ ਨੂੰ ਰਾਹ ਦਿਖਾਇਆ ਗਿਆ। ਇਹੋ ਭਾਸ਼ਾ ਹੈ ਜਿਸ ਵਿੱਚ ਵਾਰਿਸ ਸ਼ਾਹ ਨੇ “ਹੀਰ” ਰਚ ਕੇ ਪੰਜਾਬ ਦੇ ਦਰਦ ਨੂੰ ਕਲਮ ਦਿੱਤੀ। ਜੇ ਅਸੀਂ ਇਸ ਭਾਸ਼ਾ ਨੂੰ ਕਮਜ਼ੋਰ ਹੋਣ ਦਿੰਦੇ ਹਾਂ, ਤਾਂ ਅਸੀਂ ਆਪਣੀ ਇਤਿਹਾਸਕ ਯਾਦਾਸ਼ਤ ਨੂੰ ਖੋਖਲਾ ਕਰਦੇ ਹਾਂ।ਅੱਜ ਸਭ ਤੋਂ ਵੱਡੀ ਲੋੜ ਇਹ ਹੈ ਕਿ ਪੰਜਾਬੀ ਨੂੰ ਘਰ, ਸਕੂਲ, ਦਫ਼ਤਰ ਅਤੇ ਡਿਜ਼ਿਟਲ ਮੰਚਾਂ ‘ਤੇ ਬਰਾਬਰ ਦਾ ਦਰਜਾ ਦੇਣ ਦੇ ਉਪਰਾਲੇ ਕੀਤੇ ਜਾਣ। ਮਾਪੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਜ਼ਰੂਰ ਸਿਖਾਉਣ, ਪਰ ਇਹ ਮਾਂ ਬੋਲੀ ਦੀ ਕੁਰਬਾਨੀ ਦੇ ਕੇ ਨਹੀਂ ਹੋਣਾ ਚਾਹੀਦਾ। ਵੱਧ ਭਾਸ਼ਾਵਾਂ ਜਾਣਣਾ ਤਾਕਤ ਹੈ, ਪਰ ਆਪਣੀ ਭਾਸ਼ਾ ਭੁੱਲ ਜਾਣਾ ਕਮਜ਼ੋਰੀ ਹੈ। ਜਿਹੜਾ ਬੱਚਾ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਸਮਝਦਾ ਹੈ, ਉਹੀ ਦੁਨੀਆ ਵਿੱਚ ਡੱਟ ਕੇ ਖੜ੍ਹ ਸਕਦਾ ਹੈ।ਸੂਬਾ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬੀ ਨੂੰ ਪ੍ਰਸ਼ਾਸਨਿਕ ਅਤੇ ਨਿਆਂਕਾਰੀ ਪੱਧਰ ‘ਤੇ ਲਾਗੂ ਕਰਨ ਵਿੱਚ ਸਿਰਫ਼ ਕਾਗ਼ਜ਼ੀ ਹੁਕਮ ਨਾ ਜਾਰੀ ਕਰਨ, ਸਗੋਂ ਅਮਲ ਵੀ ਕਰਵਾਉਣ। ਅਦਾਲਤਾਂ ਅਤੇ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋ ਕਰਨ ਨੂੰ ਯਕੀਨੀ ਬਣਾਉਣਾ  ਹੋਵੇਗਾ। ਮੀਡੀਆ ਅਤੇ ਸਾਹਿਤਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਸੋਸ਼ਲ ਮੀਡੀਆ ‘ਤੇ ਪੰਜਾਬੀ ਨੂੰ ਰੋਮਨ ਲਿਪੀ ਵਿੱਚ ਲਿਖਣਾ ਆਸਾਨ ਹੈ, ਪਰ ਗੁਰਮੁਖੀ ਦੀ ਸੁੰਦਰਤਾ ਅਤੇ ਵਿਗਿਆਨਿਕਤਾ ਨੂੰ ਜਿੰਦਾ ਰੱਖਣਾ ਹੋਰ ਵੀ ਜ਼ਰੂਰੀ ਹੈ। ਜੇ ਲਿਪੀ ਕਮਜ਼ੋਰ ਹੋ ਗਈ, ਤਾਂ ਭਾਸ਼ਾ ਦੀ ਰੂਹ ਵੀ ਜ਼ਖ਼ਮੀ ਹੋ ਜਾਏਗੀ।ਪੰਜਾਬੀ ਦੀ ਮਜ਼ਬੂਤੀ ਲਈ ਸਿਰਫ਼ ਸਮਾਗਮ ਹੀ ਨਹੀਂ, ਬਲਕਿ ਸੰਕਲਪ ਹੋਣਾ ਚਾਹੀਦਾ ਹੈ। ਹਰ ਘਰ ਵਿੱਚ ਇਹ ਨਿਯਮ ਬਣੇ,ਰੋਜ਼ਾਨਾ ਪੰਜਾਬੀ ਪੜ੍ਹੀ ਜਾਵੇ, ਲਿਖੀ ਜਾਵੇ, ਸੁਣੀ ਜਾਵੇ। ਬੱਚਿਆਂ ਨੂੰ ਪੰਜਾਬੀ ਕਿਤਾਬਾਂ ਤੋਹਫ਼ੇ ਵਿੱਚ ਦਿੱਤੀਆਂ ਜਾਣ। ਕਵਿਤਾ-ਗੋਸ਼ਟੀਆਂ, ਨਾਟਕ ਅਤੇ ਵਿਚਾਰ ਚਰਚਾਵਾਂ ਰਾਹੀਂ ਭਾਸ਼ਾ ਨੂੰ ਤਕੜਾ ਰੱਖਿਆ ਜਾਵੇ। ਅਸਲ ਵਿੱਚ ਭਾਸ਼ਾ ਦੀ ਲੜਾਈ ਕਿਸੇ ਹੋਰ ਨਾਲ ਨਹੀਂ, ਆਪਣੇ ਆਪ ਨਾਲ ਹੈ। ਜਦੋਂ ਅਸੀਂ ਇਹ ਮੰਨ ਲਵਾਂਗੇ ਕਿ ਪੰਜਾਬੀ ਸਾਡੀ ਪਹਿਚਾਣ ਹੈ, ਸਾਡਾ ਮਾਣ ਹੈ, ਸਾਡਾ ਸਵੈਮਾਣ ਹੈ,ਉਸ ਦਿਨ ਪੰਜਾਬੀ ਭਾਸ਼ਾ ਆਪਣੇ ਆਪ ਮਜ਼ਬੂਤ ਹੋ ਜਾਵੇਗੀ। ਭਾਸ਼ਾ ਨੂੰ ਬਚਾਉਣਾ ਕੋਈ ਅਹਿਸਾਨ ਨਹੀਂ, ਇਹ ਆਪਣੀ ਵਿਰਾਸਤ ਦੀ ਰਖਿਆ ਦੀ  ਜਿੰਮੇਵਾਰੀ ਹੈ।
ਬਘੇਲ ਸਿੰਘ ਧਾਲੀਵਾਲ
99142-58142

ਕੂਟਨੀਤੀ ਦੇ ਬਦਲ ਰਹੇ ਸਮੀਕਰਨ - ਬਘੇਲ ਸਿੰਘ ਧਾਲੀਵਾਲ

ਰਾਜਨੀਤੀ ਦੀ ਖੇਡ ਵੀ ਛੇਤੀ ਕੀਤਿਆਂ ਆਮ ਬੰਦੇ ਦੇ ਸਮਝ ਦੇ ਵਿੱਚ ਨਹੀ ਆਉਂਦੀ,ਪਰ ਜਿਹੜੇ ਮਾਮਲਿਆਂ ਵਿੱਚ ਰਾਜਨੀਤੀ ਅਤੇ ਕੂਟਨੀਤੀ ਇੱਕ ਜੁੱਟਤਾ ਨਾਲ ਅੱਗੇ ਵੱਧਦੀਆਂ ਹਨ, ਤਾਂ ਅਜਿਹੇ ਮਾਮਲੇ ਆਮ ਨਹੀ ਰਹਿੰਦੇ,ਬਲਕਿ ਬੇਹੱਦ ਗੰਭੀਰ ਅਤੇ ਚਿੰਤਾਜਨਕ ਹੋ ਜਾਂਦੇ ਹਨ। ਜੇਕਰ ਰਾਜਨੀਤੀ ਅੱਗ ਦਾ ਭਾਂਬੜ ਹੈ ਤਾਂ ਕੂਟਨੀਤੀ ਉਸ ਅੱਗ ਚੋਂ ਨਿਕਲਦਾ ਧੂੰਆ ਹੈ,ਜਿਹੜਾ ਅੱਗੇ ਦੇ ਸੇਕ ਤੋ ਦੂਰ ਜਾਕੇ ਵੀ ਮਾਰ  ਕਰਦਾ ਹੈ। ਕੂਟਨੀਤੀ ਮੈਦਾਨ ਦੀ ਜੰਗ ਨਹੀਂ ਹੁੰਦੀ ਬਲਕਿ ਮੇਜ਼ ਦੀ ਗੱਲ ਬਾਤ ਹੁੰਦੀ ਹੈ। ਇੱਥੇ ਤਲਵਾਰਾਂ ਨਹੀਂ ਖਿੱਚੀਆਂ ਜਾਂਦੀਆਂ, ਸਗੋਂ ਹੱਥ ਮਿਲਾਏ ਜਾਂਦੇ ਹਨ। ਪਰ ਹੱਥ ਮਿਲਾਉਣ ਸਮੇ ਆਪਸੀ ਮੁਸਕਾਨ ਦੇ ਪਿੱਛੇ ਲੁਕੇ ਨਾਪਾਕ ਇਰਾਦਿਆਂ ਦਾ ਹਿਸਾਬ ਵੀ ਰੱਖਿਆ ਜਾਂਦਾ ਹੈ। ਕੂਟਨੀਤੀ ਵਿੱਚ ਬੋਲਿਆ ਘੱਟ ਜਾਂਦਾ ਹੈ, ਸਮਝਿਆ ਵੱਧ ਜਾਂਦਾ ਹੈ। ਜੇ ਰਾਜਨੀਤੀ ਆਪਣੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ  ਦੀ ਕੋਸ਼ਿਸ਼ ਹੈ,ਤਾਂ ਕੂਟਨੀਤੀ ਬਾਹਰਲੇ ਸੰਸਾਰ ਨਾਲ ਸੰਤੁਲਨ ਬਣਾਉਣ ਦੀ ਕਲਾ ਹੈ। ਰਾਜਨੀਤੀ ਭਾਵਨਾਵਾਂ ਨਾਲ ਖੇਡਦੀ ਹੈ, ਕੂਟਨੀਤੀ ਭਾਵਨਾਵਾਂ ਨੂੰ ਲੁਕਾ ਕੇ ਰੱਖਦੀ ਹੈ। ਰਾਜਨੀਤੀ ਵਿੱਚ ਅੱਗ ਦੇ ਪਲੀਤੇ ਬਾਲ਼ ਕੇ ਭੀੜਾਂ ਨੂੰ ਗਰਮ ਕੀਤਾ ਜਾਂਦਾ ਹੈ। ਕੂਟਨੀਤੀ ਵਿੱਚ ਅੱਗ ਲੱਗੇ ਤਾਂ ਉਹਨੂੰ ਬੜੀ ਲੁਕਵੀਂ ਚਤੁਰਾਈ ਨਾਲ ਬਾਹਰੀ ਤੌਰ ਤੇ ਸ਼ਾਂਤ ਕੀਤਾ ਜਾਂਦਾ ਹੈ,ਜਦੋਕਿ ਅੰਦਰੂਨੀ ਤੌਰ ਤੇ ਉਹਦਾ ਛੇਕ ਪ੍ਰਚੰਡ ਰਹਿੰਦਾ ਹੈ। ਪਰ ਦੋਵੇਂ ਇੱਕ-ਦੂਜੇ ਤੋਂ ਅਲੱਗ ਨਹੀਂ,ਬਲਕਿ  ਇੱਕ ਦੂਜੇ ਦੇ ਪੂਰਕ ਹਨ। ਰਾਜਨੀਤੀ ਰਸਤਾ ਤੈਅ ਕਰਦੀ ਹੈ, ਕੂਟਨੀਤੀ ਉਸ ਰਸਤੇ ਨੂੰ ਪੱਥਰਾਂ ਤੋਂ ਬਚਾਉਂਦੀ ਹੈ।ਰਾਜਨੀਤੀ ਨੀਤੀ ਬਣਾਉਂਦੀ ਹੈ, ਕੂਟਨੀਤੀ ਉਸ ਨੀਤੀ ਨੂੰ ਦੁਨੀਆ ਅੱਗੇ ਵੇਚਦੀ ਹੈ। ਰਾਜਨੀਤੀ ਅੱਗ ਨਾਲ ਖੇਡਦੀ ਹੈ ਅਤੇ ਕੂਟਨੀਤੀ ਉਸ ਅੱਗ ਨੂੰ ਭਾਂਬੜ ਬਣ ਜਾਣ ਤੋ ਬਾਅਦ ਕੰਟਰੋਲ ਕਰਨ ਵਾਲੀ ਹਵਾ ਹੈ,ਭਾਵ ਕਿ ਜੇਕਰ ਇੱਕ ਉਬਾਲ ਹੈ ਤਾਂ ਦੂਜਾ ਸੰਤੁਲਨ ਹੈ। ਕੂਟਨੀਤੀ ਉਹ ਹਿੰਮਤ ਹੈ ਜਿਸ ਨਾਲ ਬਿਨਾਂ ਗੋਲੀ ਚਲਾਏ ਆਪਣੇ ਮਕਸਦ ਹਾਸਲ ਕੀਤੇ ਜਾਂਦੇ ਹਨ, ਪਰ ਜਿਸ ਤਰਾਂ ਦਾ ਵਰਤਾਰਾ ਆਪਣੇ ਹੀ ਦੇਸ਼ ਦੇ  ਵਿਰੋਧੀ ਵਿਚਾਰ ਰੱਖਣ ਵਾਲੇ,ਵਿਰੋਧੀ ਸੋਚ ਰੱਖਣ ਵਾਲੇ  ਲੋਕਾਂ ਦੇ ਵਿਰੁੱਧ ਭਾਰਤੀ ਕੂਟਨੀਤੀ ਦਾ ਸਾਹਮਣੇ ਆਇਆਂ ਹੈ,ਇਹ ਬੇਹੱਦ ਮਾੜਾ,ਖ਼ਤਰਨਾਕ ਅਤੇ ਬੇਈਮਾਨੀ ਵਾਲਾ ਹੈ। ਇਸ ਨੇ ਕੂਟਨੀਤੀ ਨੂੰ ਸਿੱਧੇ ਰੂਪ ਵਿੱਚ ਅੰਤਰਰਾਸ਼ਟਰੀ ਕਾਤਲ ਗਰੋਹ ਬਣਾ ਦਿੱਤਾ ਹੈ।   ਅਮਰੀਕਾ ਦੀ ਇੱਕ ਫੈਡਰਲ ਅਦਾਲਤ ਵਿੱਚ 13 ਫਰਵਰੀ 2026 ਨੂੰ ਜਦੋਂ ਨਿਖਿਲ ਗੁਪਤਾ ਨੇ ਤਿੰਨ ਗੰਭੀਰ ਅਪਰਾਧਿਕ ਦੋਸ਼ਾਂ ਨੂੰ ਮੰਨਣ ਦੀ ਗੱਲ ਕਬੂਲ ਕੀਤੀ, ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਬਕਾ ਭਾਰਤੀ ਅਧਿਕਾਰੀ ਵਿਕਾਸ ਯਾਦਵ ਅਜੇ ਭਾਰਤ ਵਿਚ ਹੈ ਅਤੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ ਵੱਲੋਂ ਲੋੜੀਂਦਾ ਘੋਸਿਤ ਕੀਤਾ ਹੋਇਆ ਹੈ। ਇਹ ਕੋਈ ਆਮ ਗੱਲ ਨਹੀ ਸੀ ਅਤੇ ਨ ਹੀ ਨਿਖਲ ਗੁਪਤਾ ਕੋਈ ਆਮ  ਦੋਸ਼ੀ ਵਜੋਂ ਅਦਾਲਤ ਸਾਹਮਣੇ ਖੜਾ ਸੀ ਜਿਸ ਨੇ ਕੋਈ ਆਪਣਾ ਛੋਟਾ ਮੋਟਾ ਗੁਨਾਹ ਕਬੂਲ ਕੀਤਾ ਹੋਵੇ,ਬਲਕਿ ਨਿਖਲ ਗੁਪਤਾ ਭਾਰਤੀ ਕੂਟਨੀਤੀ ਦੀ ਪ੍ਰਤੀਨਿਧਤਾ ਦਾ ਪਰਤੀਕ ਹੈ। ਨਿਖਲ ਗੁਪਤਾ ਦੀ ਇਸ ਕਾਰਵਾਈ ਨੇ ਜਿੱਥੇ ਹੁਣ ਤੱਕ ਸਿੱਖ ਜਥੇਬੰਦੀਆਂ ਵੱਲੋਂ ਪਰਗਟ ਕੀਤੇ ਜਾ ਰਹੇ ਖਦਸ਼ਿਆਂ ਨੂੰ ਸੱਚ ਸਾਬਤ ਕਰ ਦਿੱਤਾ ਹੈ,ਓਥੇ ਉਹਦੀ ਇਸ ਕਾਰਵਾਈ ਨੇ ਭਾਰਤੀ ਤੰਤਰ ਨੂੰ ਕਟਹਿਰੇ ਵਿੱਚ ਖੜਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ।ਮਾਮਲਾ ਅਮਰੀਕਾ ਵਿੱਚ ਰਹਿੰਦੇ ਖ਼ਾਲਿਸਤਾਨ ਹਮਾਇਤੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੇ ਕਥਿਤ ਕਤਲ ਦੀ ਸਾਜ਼ਿਸ਼ ਦੇ ਕਬੂਲ ਨਾਮੇ ਦਾ ਹੈ।ਇਸ  ਸਾਜ਼ਿਸ਼ੀ ਕਬੂਲ ਨਾਮੇ ਨੇ ਘੱਟ ਗਿਣਤੀ ਸਿੱਖ  ਭਾਈਚਾਰੇ ਨੂੰ ਫ਼ਿਕਰ ਮੰਦ ਕੀਤਾ ਹੈ, ਕਿਉਂਕਿ ਇਸ ਸਿੱਖ ਵਿਰੋਧੀ ਵਰਤਾਰੇ ਵਿੱਚ ਭਾਰਤੀ ਕੂਟਨੀਤੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਕਿਰਾਏ ‘ਤੇ ਕਤਲ ਦੀ ਸਾਜ਼ਿਸ਼, ਕਿਰਾਏ ‘ਤੇ ਕਤਲ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਕਬੂਲ ਨਾਮਾ,ਅਮਰੀਕੀ ਅਟਾਰਨੀ ਦਫ਼ਤਰ ਦੇ ਮੁਤਾਬਕ ਇਨ੍ਹਾਂ ਦੋਸ਼ਾਂ ਲਈ 40 ਸਾਲ ਤੱਕ ਦੀ ਸੰਯੁਕਤ ਸਜ਼ਾ ਹੋ ਸਕਦੀ ਹੈ। ਪਰ ਇਸ ਮਾਮਲੇ ਦੀ ਗੂੰਜ ਸਿਰਫ਼ ਕਾਨੂੰਨੀ ਪੰਨਿਆਂ ਤੱਕ ਸੀਮਿਤ ਨਹੀਂ ਰਹੀ; ਇਹ ਕੂਟਨੀਤਿਕ ਦਫ਼ਤਰਾਂ, ਪ੍ਰਵਾਸੀ ਸਿੱਖਾਂ ਦੇ ਘਰਾਂ ਅਤੇ ਰਾਜਨੀਤਿਕ ਮੰਚਾਂ ਤੱਕ ਫੈਲ ਗਈ। ਅਮਰੀਕੀ ਪ੍ਰੋਸੀਕਿਊਟਰਾਂ ਨੇ ਦਲੀਲ ਦਿੱਤੀ ਕਿ ਨਿਖਿਲ ਗੁਪਤਾ ਨੇ ਭਾਰਤੀ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਨਿਊਯਾਰਕ ਸਿਟੀ ਵਿੱਚ ਗੁਰਪਤਵੰਤ ਸਿੰਘ ਪੰਨੂ ਦੀ ਹਤਿਆ ਦੀ ਯੋਜਨਾ ਘੜੀ ਸੀ। ਕਥਿਤ ਤੌਰ ‘ਤੇ ਇੱਕ ਕਿਰਾਏ ਦੇ ਕਾਤਲ ਦੀ ਭਰਤੀ, ਰਕਮ ਦੇ ਲੈਣ-ਦੇਣ ਅਤੇ ਇਲੈਕਟ੍ਰਾਨਿਕ ਸੰਚਾਰ ਇਸ ਯੋਜਨਾ ਦਾ ਹਿੱਸਾ ਸਨ। ਜ਼ਿਕਰ ਏ ਖਾਸ ਹੈ ਕਿ ਅਮਰੀਕਾ ਨਿਵਾਸੀ ਗੁਰਪਤਵੰਤ ਸਿੰਘ ਪੰਨੂ ਦੋਹਰੇ ਅਮਰੀਕੀ-ਕੈਨੇਡੀਅਨ ਨਾਗਰਿਕ ਹਨ ਅਤੇ ਉਹ ਲੰਮੇ ਸਮੇਂ ਤੋਂ ਭਾਰਤ ਸਰਕਾਰ ਦੇ ਨਿਸ਼ਾਨੇ ‘ਤੇ ਰਹੇ ਹਨ। ਉਨ੍ਹਾਂ ਉੱਤੇ ਭਾਰਤ ਵਿੱਚ ਗੰਭੀਰ ਦੋਸ਼ ਦਰਜ ਹਨ, ਜਦਕਿ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਰਾਜਨੀਤਿਕ ਅਧਿਕਾਰਾਂ ਦੀ ਆਵਾਜ਼ ਕਹਿੰਦੇ ਹਨ।ਇਸ ਮਾਮਲੇ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਹੈ,ਕਿ ਕੀ 21ਵੀਂ ਸਦੀ ਵਿੱਚ ਰਾਜਨੀਤਿਕ ਅਸਹਿਮਤੀ ਸਰਹੱਦਾਂ ਤੋਂ ਪਰੇ ਜਾ ਕੇ ਖ਼ਤਰਨਾਕ ਰੂਪ ਧਾਰਨ ਕਰ ਰਹੀ ਹੈ ਅਤੇ ਕੂਟਨੀਤੀ ਗੁਪਤ ਮਾਰੂ ਕਾਰਵਾਈਆਂ ਦੇ ਰੂਪ ਵਿੱਚ ਬਦਲ ਰਹੀ ਹੈ ? ਇਹ ਕੇਸ ਇਕੱਲਾ ਨਹੀਂ। ਕੈਨੇਡਾ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿਝਰ ਦੀ ਹੱਤਿਆ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਦੋਸ਼ ਲਗਾਇਆ ਸੀ ਕਿ ਇਸ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਭੂਮਿਕਾ ਬਾਰੇ ਭਰੋਸੇਯੋਗ ਜਾਣਕਾਰੀ ਹੈ,ਪਰੰਤੂ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ।ਇੰਗਲੈਂਡ ਵਿੱਚ ਅਵਤਾਰ ਸਿੰਘ ਖੰਡੇ ਦੀ ਮੌਤ ਅਤੇ ਪਾਕਿਸਤਾਨ ਵਿੱਚ ਕੁਝ ਸਿੱਖ ਕਾਰਕੁਨਾਂ ਦੇ ਕਤਲਾਂ ਨੇ ਵੀ ਪ੍ਰਵਾਸੀ ਭਾਈਚਾਰੇ ਵਿੱਚ ਬੇਚੈਨੀ ਪੈਦਾ ਕੀਤੀ। ਹਾਲਾਂਕਿ ਹਰ ਮਾਮਲੇ ਦੀ ਆਪਣੀ ਅਲੱਗ ਜਾਂਚ ਅਤੇ ਕਾਨੂੰਨੀ ਸਥਿਤੀ ਹੈ, ਪਰ ਦੁਨੀਆ ਪੱਧਰ ਤੇ ਸਿੱਖਾਂ ਦੇ ਮਾਮਲੇ ਵਿੱਚ ਸੁਰੱਖਿਆ ਦਾ ਸੰਕਟ ਦਰਪੇਸ ਹੈ। ਅਮਰੀਕੀ ਕਾਨੂੰਨ ਵਿੱਚ ਕਿਰਾਏ ‘ਤੇ ਕਤਲ ਦੀ ਸਾਜ਼ਿਸ਼ ਇੱਕ ਭਾਰੀ ਅਪਰਾਧ ਹੈ। ਜੇ ਦੋਸ਼ ਅੰਤਿਮ ਤੌਰ ‘ਤੇ ਕਾਇਮ ਰਹਿੰਦੇ ਹਨ, ਤਾਂ ਸਜ਼ਾ ਲੰਮੀ ਅਤੇ ਸਖ਼ਤ ਹੋ ਸਕਦੀ ਹੈ। ਇਸ ਮਾਮਲੇ ਨੇ ਅਮਰੀਕਾ ਅਤੇ ਭਾਰਤ ਸੰਬੰਧਾਂ ਨੂੰ ਇੱਕ ਨਵੀਂ ਪਰਖ ‘ਚ ਖੜਾ ਕਰ ਦਿੱਤਾ ਹੈ।ਇੱਕ ਪਾਸੇ ਦੋਵੇਂ ਦੇਸ਼ ਇੰਡੋ-ਪੈਸਿਫਿਕ ਰਣਨੀਤੀ, ਰੱਖਿਆ ਸਹਿਯੋਗ ਅਤੇ ਵਪਾਰ ਵਿੱਚ ਭਾਗੀਦਾਰ ਹਨ; ਦੂਜੇ ਪਾਸੇ ਅਜਿਹੇ ਗੰਭੀਰ ਦੋਸ਼ ਭਰੋਸੇ ਦੀ ਤੰਦ ਨੂੰ ਕਮਜ਼ੋਰ ਕਰ ਸਕਦੇ ਹਨ। ਜਦੋਂ ਦੋਸਤ ਦੇਸ਼ ਦੀ ਧਰਤੀ ‘ਤੇ ਕਿਸੇ ਪ੍ਰਵਾਸੀ ਆਗੂ ਦੇ ਕਥਿਤ ਕਤਲ ਦੀ ਯੋਜਨਾ ਦੀ ਗੱਲ ਉਠੇ, ਤਾਂ ਕੂਟਨੀਤੀ ਦੀ ਭਾਸ਼ਾ ਭਾਂਵੇਂ ਨਰਮ ਰਹਿੰਦੀ ਹੈ ਪਰ ਅੰਦਰੋਂ ਅੰਦਰ ਤਣਾਅ ਗਹਿਰਾ ਹੋ ਜਾਂਦਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਲਈ ਇਹ ਮਾਮਲੇ ਸਿਰਫ਼ ਖ਼ਬਰਾਂ ਨਹੀਂ,ਇਹ ਉਨ੍ਹਾਂ ਦੇ ਅਧਿਕਾਰਾਂ,ਵਿਚਾਰਾਂ ਦੀ ਆਜ਼ਾਦੀ ਅਤੇ ਜਾਨ ਦੀ ਸੁਰੱਖਿਆ ਨਾਲ ਜੁੜੇ ਹੋਏ ਹਨ। ਵੱਖ ਵੱਖ ਸਿੱਖ ਸੰਗਠਨਾਂ ਨੇ ਪੂਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਹ ਵੀ ਯਾਦ ਰੱਖਣਾ ਲਾਜ਼ਮੀ ਹੈ ਕਿ ਦੋਸ਼ ਸਾਬਤ ਹੋਣ ਤੱਕ ਹਰ ਵਿਅਕਤੀ ਨੂੰ ਬੇਦੋਸ਼ ਮੰਨਿਆ ਜਾਣਾ ਕਾਨੂੰਨ ਦਾ ਮੂਲ ਸਿਧਾਂਤ ਹੈ,ਜਿਸਦੀ ਪਾਲਣਾ ਭਾਰਤ ਵਰਗੇ ਮੁਲਕ ਵਿੱਚ ਤਾਂ ਭਾਵੇਂ ਨਹੀ ਕੀਤੀ ਜਾਂਦੀ ਪਰ ਕਨੇਡਾ ਅਮਰੀਕਾ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕ ਇਸ ਸਿਧਾਂਤ ਨੂੰ ਜਿਉਂਦਾ ਰੱਖਣ ਲਈ ਸੰਜੀਦਾ ਹਨ।ਨਿਖਿਲ ਗੁਪਤਾ ਦੀ ਕਬੂਲੀਅਤ ਦੇ ਬਾਵਜੂਦ ਸਜ਼ਾ ਸੁਣਾਉਣ ਅਤੇ ਹੋਰ ਕਾਨੂੰਨੀ ਕਾਰਵਾਈ ਅਜੇ ਬਾਕੀ ਹੈ। ਇਹ ਇੱਕ ਅਜਿਹੀ ਕਹਾਣੀ ਹੈ ਜਿਸ ਵਿੱਚ ਪਾਤਰ ਸਿਰਫ਼ ਆਮ ਮਨੁੱਖ ਜਾਂ ਆਮ ਮੁਲਜ਼ਮ ਨਹੀਂ ਰਹਿੰਦੇ ,ਸਗੋਂ ਉਹ ਰਾਜਨੀਤਿਕ ਵਿਚਾਰਧਾਰਾਵਾਂ ਦੇ ਪ੍ਰਤੀਕ ਬਣ ਜਾਂਦੇ ਹਨ। ਅਦਾਲਤ ਦੀ ਇੱਕ ਕਬੂਲੀਅਤ ਕਈ ਦੇਸ਼ਾਂ ਦੇ ਰਿਸ਼ਤਿਆਂ ਦੀ ਦਿਸ਼ਾ ਬਦਲ ਸਕਦੀ ਹੈ। ਹੁਣ ਸਾਰੀ ਨਜ਼ਰ ਅਦਾਲਤ ਦੇ ਅੰਤਿਮ ਫ਼ੈਸਲੇ ਅਤੇ ਸੰਭਾਵਿਤ ਕੂਟਨੀਤਿਕ ਪ੍ਰਭਾਵਾਂ ‘ਤੇ ਹੈ,ਕਿ ਕੀ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੀ ਕਬੂਲੀਅਤ ‘ਤੇ ਖਤਮ ਹੋਵੇਗਾ ਜਾਂ ਇਸ ਤੋਂ ਵੱਡੀਆਂ ਜਾਂਚਾਂ ਦਾ ਦਰਵਾਜ਼ਾ ਖੁੱਲੇਗਾ? ਇੱਕ ਗੱਲ ਨਿਸ਼ਚਿਤ ਹੈ,ਇਹ ਘਟਨਾ 21ਵੀਂ ਸਦੀ ਦੀ ਰਾਜਨੀਤੀ ਦਾ ਉਹ ਅਧਿਆਇ ਬਣ ਚੁੱਕੀ ਹੈ ਜਿਸ ਵਿੱਚ ਕਾਨੂੰਨ, ਜਾਸੂਸੀ, ਪ੍ਰਵਾਸੀ ਪਹਿਚਾਣ ਅਤੇ ਰਾਜਸੀ ਸੁਰੱਖਿਆ ਇੱਕ ਹੀ ਪੰਨੇ ‘ਤੇ ਲਿਖੇ ਜਾ ਰਹੇ ਹਨ।ਇਹ ਕਹਾਣੀ ਅਜੇ ਅਧੂਰੀ ਹੈ। ਪਰ ਇਸ ਦੀ ਗੂੰਜ ਦੁਨੀਆ ਦੀਆਂ ਕਈ ਰਾਜਧਾਨੀਆਂ ਵਿੱਚ ਸੁਣੀ ਜਾ ਰਹੀ ਹੈ।ਕੁੱਝ ਵੀ ਹੋਵੇ ਅਮਰੀਕਾ ਦੀਆਂ ਖੁਫ਼ੀਆਂ ਜਾਂਚ ਏਜੰਸੀਆਂ ਦੀ ਬਦੌਲਤ ਨਿਖ਼ਿਲ ਗੁਪਤਾ ਦੇ ਕਬੂਲ-ਨਾਮੇ ਨੇ ਭਾਰਤ ਦੇ ਸਿੱਖ ਘੱਟ ਗਿਣਤੀ ਪ੍ਰਤੀ ਨਜ਼ਰੀਏ ਅਤੇ ਸਿੱਖ ਹਿਤਾਂ ਦੀ ਗੱਲ ਨੂੰ  ਬਾ ਦਲੀਲ਼ ਦੁਨੀਆ ਸਾਹਮਣੇ ਰੱਖ ਸਕਣ ਦੀ ਯੋਗਤਾ ਰੱਖਣ ਵਾਲੇ ਸਿੱਖਾਂ ਪ੍ਰਤੀ ਵਰਤੇ ਜਾਂਦੇ ਮਾਰੂ ਵਰਤਾਰੇ ਨੂੰ ਜੱਗ ਜ਼ਾਹਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।ਇਸ  ਨੈਰੇਟਿਵ ਨੂੰ ਤੋੜ ਦੇਣ ਦੀ ਕਾਬਲੀਅਤ ਅਤੇ ਹਿੰਮਤ ਰੱਖਣ ਵਾਲੇ ਅਮਰੀਕਨ ਸਟੇਟ ਦੀ ਸ਼ਲਾਘਾ ਵੀ ਕਰਨੀ ਬਣਦੀ ਹੈ,ਜਿਸ ਨੇ ਭਾਰਤ ਵਰਗੀ ਮੰਡੀ ਦੇ ਖੁੱਸ ਜਾਣ ਦੀ ਬਗੈਰ ਪ੍ਰਵਾਹ ਕੀਤਿਆਂ ਨਿਖ਼ਿਲ ਗੁਪਤਾ ਤੇ ਸਿਕੰਜਾ ਕੱਸ ਕੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਦਾ ਦਾਮਨ ਭਰਿਆ ਹੈ,ਓਥੇ  ਭਾਰਤੀ ਕੂਟਨੀਤੀ ਨੂੰ ਸਿੱਧੇ ਰੂਪ ਵਿੱਚ ਚਿਤਾਵਨੀ ਵੀ ਦੇ ਦਿੱਤੀ ਹੈ।ਸੋ ਕਨੇਡਾ  ਅਤੇ ਅਮਰੀਕਾ ਦੇ ਸਿੱਖਾਂ ਪ੍ਰਤੀ ਹਾਂ ਪੱਖੀ ਨਜ਼ਰੀਏ ਤੋ ਬਾਅਦ ਸਿੱਖਾਂ ਦੇ ਕਤਲਾਂ ਵਿੱਚ ਖੜੋਤ ਆਈ ਹੈ,ਇਸ ਲਈ  ਇਹ ਆਸ ਕੀਤੀ ਜਾ ਰਹੀ ਹੈ ਕਿ ਭਵਿੱਖ ਵਿੱਚ ਵੀ ਇਸ ਸਿੱਖ ਵਿਰੋਧੀ ਬਿਰਤਾਂਤ ਨੂੰ ਬਲ ਨਹੀ  ਮਿਲੇਗਾ।
ਬਘੇਲ ਸਿੰਘ ਧਾਲੀਵਾਲ
99142-58142

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦਹਾਕਾ, ਇਤਫਾਕ ਜਾਂ ਸਾਜਿਸ - ਬਘੇਲ ਸਿੰਘ ਧਾਲੀਵਾਲ

1 ਜੂਨ 2015 ਤੋਂ 19 ਜਨਵਰੀ 2026 ਤੱਕ ਦਾ ਸਮਾਂ ਸਿੱਖ ਇਤਿਹਾਸ ਵਿੱਚ ਬੇਹੱਦ ਨਮੋਸ਼ੀ ਭਰੇ ਦੌਰ ਵਜੋਂ ਦਰਜ ਕੀਤਾ ਜਾਵੇਗਾ।ਇਹ ਉਹ ਦੌਰ ਹੈ ਜਦੋਂ ਸਿੱਖ ਕੌਂਮ ਦੀ ਰੂਹ ਨੂੰ ਵਾਰ ਵਾਰ ਜਖਮ ਦਿੱਤੇ ਜਾਂਦੇ ਰਹੇ ਹਨ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਣ ਸ਼ਾਨ ਅਤੇ ਮਾਣ-ਮਰਿਆਦਾ ‘ਤੇ ਲਗਾਤਾਰ ਹਮਲੇ ਹੋਏ ਹਨ।ਦਸ ਸਾਲ ਤੋਂ ਵੱਧ ਸਮੇਂ ਦੌਰਾਨ ਦਰਜਨਾਂ ਨਹੀਂ, ਸੈਂਕੜਿਆਂ ਵਾਰ ਬੇਅਦਬੀ ਦੇ ਮਾਮਲੇ ਸਾਹਮਣੇ ਆਏ।ਪਰਜਾ ਮੰਡਲ ਦੇ ਮਹਾਂਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਜਨਮ ਭੂਮੀ ਠੀਕਰੀਵਾਲਾ ਵਿਖੇ ਉਸੇ ਦਿਨ ਗੁਟਕਾ ਸਾਹਿਬ ਦੇ ਅੰਗਾਂ ਨੂੰ ਗਲ਼ੀਆਂ ਵਿੱਚ ਰੋਲ਼ਿਆ ਜਾਣਾ,ਜਦੋ ਉਸ ਮਹਾਨ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੀ ਤਾਂ ਇਸਨੂੰ ਇਤਫਾਕ ਕਿਵੇਂ ਕਿਹਾ ਜਾ ਸਕਦਾ ਹੈ।ਇਹ ਕਹਿ ਦੇਣਾ ਕਿ “ਇਹ ਇਤਫ਼ਾਕ ਸੀ” ਜਾਂ “ਇਹ ਕਿਸੇ ਮੰਦ ਬੁੱਧੀ ਪਾਗਲ ਦੀ ਹਰਕਤ ਸੀ” ਜਾਂ ਕਿਸੇ ਪ੍ਰਬੰਧਕ ਨਾਲ ਸਿਰੋਪਾ ਨਾ ਦੇਣ ਦਾ ਝਗੜਾ ਹੋਣ ਕਰਕੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ,ਇਹ ਕੋਰਾ ਝੂਠ ਅਤੇ ਸੱਚ ਨਾਲ ਧੋਖਾ ਹੈ। ਇਤਫ਼ਾਕ ਇੱਕ ਵਾਰ ਹੁੰਦਾ ਹੈ। ਗਿਆਰਾਂ ਸਾਲਾਂ ਤੱਕ ਲਗਾਤਾਰ ਦੁਹਰਾਇਆ ਜਾਣ ਵਾਲਾ ਵਰਤਾਰਾ ਸਾਜ਼ਿਸ਼ ਅਤੇ ਧੋਖਾ ਹੁੰਦਾ ਹੈ। ਸਭ ਤੋਂ ਅਹਿਮ ਅਤੇ ਅਸਹਿਜ ਸਵਾਲ ਇਹ ਹੈ ਕਿ ਨਿਸ਼ਾਨਾ ਹਮੇਸ਼ਾ ਸਿਰਫ਼ ਤੇ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਕਿਉਂ ਹੁੰਦੇ ਹਨ ? ਜੇ ਇਹ ਸਿਰਫ਼ ਧਾਰਮਿਕ ਨਫ਼ਰਤ ਦਾ ਮਾਮਲਾ ਹੁੰਦਾ, ਤਾਂ ਹੋਰ ਧਰਮਾਂ ਦੇ ਗ੍ਰੰਥ ਵੀ ਨਿਸ਼ਾਨੇ ‘ਤੇ ਹੁੰਦੇ,ਪਰ ਅਜਿਹਾ ਕਦੇ ਨਹੀ ਵਾਪਰਿਆ।ਗੀਤਾ, ਬਾਈਬਲ, ਕੁਰਾਨ, ਹਦੀਸ,ਇਹ ਸਾਰੇ ਹੀ ਸਤਿਕਾਰਿਤ ਅਤੇ ਪਵਿੱਤਰ ਗ੍ਰੰਥ ਹਨ, ਪਰ ਸੋਚਣਾ ਤਾਂ ਬਣਦਾ ਹੈ ਕਿ ਉਨ੍ਹਾਂ ਨਾਲ ਅਜਿਹਾ ਸਿਸਟਮੈਟਿਕ ਸਲੂਕ ਕਿਉਂ ਨਹੀਂ ਹੁੰਦਾ? ਇਸ ਸਵਾਲ ਦਾ ਜਵਾਬ ਸਾਫ਼ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਧਾਰਮਿਕ ਗ੍ਰੰਥ ਨਹੀਂ ਹਨ ਬਲਕਿ ਇਹ ਬਿਪਰਵਾਦੀ ਢਾਂਚੇ ਲਈ ਵੱਡੀ ਚਣੌਤੀ ਹਨ।ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਸਿਰ ਝੁਕਾਉਣਾ ਨਹੀਂ,ਸਿਰ ਉੱਚਾ ਕਰਨਾ ਸਿਖਾਉਂਦੇ ਹਨ।ਦੁਨੀਆਂ ਦਾ ਇਹ ਅਤਿ ਪਵਿੱਤਰ,ਧੰਨ ਸ੍ਰੀ ਗੁਰੂ ਗਰੰਥ ਸਾਹਿਬ ਸਪੱਸਟ ਕਹਿੰਦੇ ਹਨ, ਕਿ ਜਾਤੀਵਾਦ ਮਨੁੱਖੀ ਝੂਠ ਹੈ। ਬ੍ਰਾਹਮਣ,ਸ਼ੂਦਰ ਵਰਨ-ਵੰਡ ਇੱਕ ਵੱਡੀ ਠੱਗੀ ਹੈ।ਰਾਜਾ ਵੀ ਪਰਜਾ ਨੂੰ ਜਵਾਬਦੇਹ ਹੈ,ਧਰਮ ਦਾ ਮਤਲਬ ਇਨਸਾਫ਼ ਹੈ, ਡਰ ਨਹੀਂ। ਇਹੀ ਕਾਰਨ ਹੈ ਕਿ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਉਸ ਤਾਕਤ ਨੂੰ ਚੁਭਦਾ ਹੈ ਜੋ ਲੋਕਾਂ ਨੂੰ ਡਰ ਨਾਲ, ਜਾਤੀ ਵੰਡ ਅਤੇ ਅੰਧ ਵਿਸ਼ਵਾਸ ਨਾਲ ਕਾਬੂ ਕਰਨਾ ਚਾਹੁੰਦੀ ਹੈ। ਸਿੱਖ ਕੌੰਮ ਦੀ ਗੈਰਤ ਨੂੰ ,ਉਹਨਾਂ ਦੀ ਆਸਥਾ ਨੂੰ ਅਤੇ ਉਹਨਾਂ ਦੇ ਸਿਧਾਂਤਕ ਜਜ਼ਬੇ ਨੂੰ ਪਰਖਣ ਲਈ ਮੰਦਬੁੱਧੀ ਇੱਕ ਸੁਵਿਧਾਜਨਕ ਨਾਟਕ ਹੈ,ਜਿਸਦਾ ਕੋਈ ਤੋੜ ਨਹੀ ਹੈ,ਕਿਉਂਕਿ  ਹਰ ਬੇਅਦਬੀ ਮਗਰੋਂ ਇੱਕੋ ਸਕ੍ਰਿਪਟ ਚਲਦੀ ਹੈ,ਕਿ “ਦੋਸ਼ੀ ਮਾਨਸਿਕ ਤੌਰ ‘ਤੇ ਬਿਮਾਰ ਹੈ।” ਸਵਾਲ ਇਹ ਨਹੀਂ ਕਿ ਉਹ ਵਿਅਕਤੀ ਮੰਦਬੁੱਧੀ ਸੀ ਜਾਂ ਨਹੀਂ। ਸਵਾਲ ਤਾਂ ਇਹ ਹੈ ਕਿ ਉਹ ਮੰਦ ਬੁੱਧੀ ਗੁਰੂ ਘਰ ਵਿੱਚ ਹੀ ਕਿਵੇਂ  ਪਹੁੰਚਦਾ ਹੈ ? ਉਹ ਕਿਸੇ ਮੰਦਰ ,ਮਸਜਦ,ਜਾਂ ਚਰਚਾ ਵਿੱਚ  ਕਿਉਂ ਨਹੀ ਜਾਂਦਾ ? ਗੁਰੂ ਘਰ ਦੀ ਸੁਰੱਖਿਆ ਫੇਲ ਕਿਵੇਂ ਹੋ ਜਾਂਦੀ ਹੈ ? ਹਰ ਵਾਰ ਜਾਂਚ ਅਧੂਰੀ ਕਿਉਂ ਰਹਿੰਦੀ ਹੈ ? ਅਸਲ ਸਚਾਈ ਤਾਂ ਇਹ ਹੈ ਕਿ ਮੰਦਬੁੱਧੀ ਲੋਕ ਸਿਰਫ ਹਥਿਆਰ ਹੁੰਦੇ ਹਨ, ਹਥਿਆਰ ਬਣਾਉਣ ਵਾਲੇ ਕਦੇ ਸਾਹਮਣੇ ਨਹੀਂ ਆਉਂਦੇ। ਦਸ ਸਾਲ ਵੱਖ ਵੱਖ ਸਰਕਾਰਾਂ ਰਹੀਆਂ ਹਨ, ਪਰ ਨਤੀਜਾ ਇੱਕੋ ਚੁੱਪ ਹੈ, ਇੱਕੋ ਲਾਰਾ ਹੈ,ਜਾਂਚਾਂ ਹੋਈਆਂ, ਕਮੇਟੀਆਂ ਬਣੀਆਂ, ਫਾਈਲਾਂ ਭਰੀਆਂ ਗਈਆਂ, ਪਰ ਅਸਲ ਸਾਜ਼ਿਸ਼ਕਾਰ ਬਚੇ ਹੋਏ ਹਨ। ਕੀ ਇਹ ਸਰਕਾਰਾਂ ਦੀ ਨਲਾਇਕੀ  ਹੈ ਜਾਂ ਫਿਰ ਮਹਾਨ ਸਿੱਖ ਵਿਚਾਰਧਾਰਾ ਪ੍ਰਤੀ ਨਫਰਤ ,ਬੇਈਮਾਨੀ  ਅਤੇ ਈਰਖਾ ਹੈ,ਜਿਸ ਕਰਕੇ ਇਹ ਸਾਰਾ ਕੁੱਝ ਬੜੇ ਸਹਿਜੇ  ਹੀ ਵਾਪਰ ਰਿਹਾ ਹੈ। ਜਦੋਂ ਕਿਸੇ ਇੱਕ ਧਰਮ ਦੇ ਸਭ ਤੋਂ ਪਵਿੱਤਰ ਗਰੰਥ ‘ਤੇ ਹਮਲੇ ਰੁਕਣ ਦਾ ਨਾਮ ਹੀ ਨਾ ਲੈਣ ਅਤੇ ਸੱਤਾ ਮੌਨ ਰਹੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ  ਵੀ ਹੋ ਰਿਹਾ ਹੈ ਉਹ ਬਹੁਤ ਵੱਡੀ ਸਾਜਿਸ਼ ਤਹਿਤ ਹੋ ਰਿਹਾ ਹੈ,ਕਿਉਂਕਿ ਸੱਤਾ ਦਾ ਮੌਨ ਹੋਣਾ ਵੀ ਇੱਕ ਬਿਆਨ ਹੁੰਦਾ ਹੈ। ਬਿਪਰਵਾਦੀ ਭਾਰਤੀ ਰਾਜ ਢਾਂਚੇ ਵਿੱਚ ਬੈਠੀਆਂ ਕੁਝ ਤਾਕਤਾਂ ਸਿੱਖੀ ਨੂੰ ਹਮੇਸ਼ਾ “ਅਲੱਗ” ਸਮਝਦੀਆਂ ਰਹੀਆਂ ਹਨ। ਸਿੱਖੀ ਦੀ ਨਾਬਰੀ ਅਤੇ ਬਰਾਬਰੀ ਬਿਪਰਵਾਦ ਲਈ ਵੱਡਾ ਖ਼ਤਰਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਦੇਹ ਨੂੰ ਅਪਮਾਨਿਤ ਕਰਕੇ, ਸਿੱਖ ਮਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰ ਸਵਾਲ ਫਿਰ ਖੜਾ ਹੈ ਕਿ  ਸਿੱਖ ਕੌਮ  ਗੁੱਸੇ ਤੋਂ ਅੱਗੇ ਕਦੋਂ ਸੋਚੇਗੀ ? ਅਸੀਂ ਹਰ ਵਾਰ ਗੁੱਸੇ ‘ਚ ਆਉਂਦੇ ਹਾਂ ਅਤੇ ਇਹ ਠੀਕ ਵੀ ਹੈ।ਪਰ ਸਿਰਫ਼ ਗੁੱਸਾ ਕਾਫ਼ੀ ਨਹੀਂ। ਜੇ ਅਸੀਂ ਹਰ ਵਾਰ ਭੜਕ ਕੇ, ਫਿਰ ਠੰਡੇ ਹੋ ਕੇ, ਭੁੱਲ ਜਾ ਰਹੇ ਹਾਂ ਤਾਂ ਸਾਜ਼ਿਸ਼ਕਾਰ ਜਿੱਤਦੇ ਹਨ।ਸਮਾਂ ਆ ਗਿਆ ਹੈ ਕਿ ਬੇਅਦਬੀ ਨੂੰ ਸਿਰਫ਼ ਧਾਰਮਿਕ ਮਸਲਾ ਨਹੀਂ, ਬਲਕਿ ਵਿਚਾਰਧਾਰਕ ਯੁੱਧ ਸਮਝਿਆ ਜਾਵੇ।  ਜਦ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਇਹ ਗੁਰੂ ਸਾਹਿਬ ਦੇ ਅੰਗਾਂ ‘ਤੇ ਜਾਂ ਅੱਖਰਾਂ ‘ਤੇ ਹੀ ਨਹੀਂ ਗੁਰੂ ਦੀ ਸੋਚ ‘ਤੇ ਹਮਲਾ ਹੈ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਆਮ ਧਾਰਮਿਕ ਗ੍ਰੰਥ ਨਹੀਂ। ਇਹ ਦੁਨੀਆ ਦੇ ਪਹਿਲੇ ਜਗਤ ਜੋਤ ਗੁਰੂ ਹਨ। ਇੱਥੇ ਮਨੁੱਖ ਨੂੰ ਮਨੁੱਖ ਬਣਨ ਦੀ ਸਿੱਖਿਆ ਮਿਲਦੀ ਹੈ। ਇੱਥੇ ਬ੍ਰਾਹਮਣਵਾਦ, ਜਾਤੀਵਾਦ, ਲਿੰਗ ਭੇਦ ਅਤੇ ਜਬਰ ਜ਼ੁਲਮ ਦੇ ਖ਼ਿਲਾਫ਼ ਸਪੱਸ਼ਟ ਇਨਕਾਰ ਅਤੇ ਸਰਬਤ ਦੇ ਭਲੇ ਦੀ ਸਿੱਖਿਆ ਮਿਲਦੀ ਹੈ।ਇਹੀ ਕਾਰਨ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਪਰਵਾਦੀ ਤਾਕਤਾਂ ਨੂੰ ਸਭ ਤੋਂ ਵੱਧ ਚੁਭਦਾ ਹੈ। ਇਹ ਸੋਚ ਸਵਾਲ ਪੁੱਛਦੀ ਹੈ, ਅੰਧ ਵਿਸ਼ਵਾਸ ਤੋੜਦੀ ਹੈ ਅਤੇ ਦਬੇ-ਕੁਚਲੇ ਨੂੰ ਬੋਲਣ ਦੀ ਹਿੰਮਤ ਦਿੰਦੀ ਹੈ।ਇਸ ਲਈ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਦੇਹ ਨਹੀਂ,ਨਿਸ਼ਾਨਾ ਉਸ ਦੀ ਰੂਹ ਹੈ,ਉਸ ਦੀ ਵਿਚਾਰਧਾਰਾ ਹੈ। ਧਰਨੇ ਲਗਦੇ ਹਨ,ਪ੍ਰਦ੍ਰਸ਼ਨ ਹੁੰਦੇ ਹਨ, ਨਾਅਰੇ ਲੱਗਦੇ ਹਨ, ਪਰ ਕੀ ਕਦੇ ਡੂੰਘਾਈ ਨਾਲ ਸੋਚਿਆ ਹੈ ਕਿ ਇਹ ਸਭ ਕੁੱਝ ਹੋ ਕਿਉਂ ਰਿਹਾ ਹੈ,ਜੇਕਰ ਸਾਜ਼ਿਸ਼ ਨੂੰ ਸਮਝਣ ਦਾ ਯਤਨ ਨਾ ਕੀਤਾ ਗਿਆ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨਹੀ ਰੁਕਣਗੀਆਂ।ਇਹ ਸਮਝਣਾ ਪਵੇਗਾ ਕਿ ਬੇਅਦਬੀਆਂ ਦਾ ਵਰਤਾਰਾ ਕੋਈ ਆਮ ਵਾਪਰੀ ਘਟਨਾ ਨਹੀ ਬਲਕਿ ਇੱਕ ਵਿਚਾਰਧਾਰਾ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਅਤੇ ਇਸ ਸਾਜਿਸ਼ ਨੂੰ ਨਕਾਮ ਸਿਰਫ ਗੁੱਸੇ ਨਾਲ ਨਹੀਂ,ਬਲਕਿ ਆਪਸੀ ਏਕਤਾ ਅਤੇ ਵਰਤਾਰਿਆਂ ਦੀ ਸਮਝ ਆਉਣ ਨਾਲ ਕੀਤ ਜਾ ਸਕੇਗਾ।
ਬਘੇਲ ਸਿੰਘ ਧਾਲੀਵਾਲ
99142-58142

ਬੇਹੱਦ ਖਤਰਨਾਕ ਹੈ ਨਿੱਜੀ ਲੋਭ ਲਾਲਸਾ ਬਦਲੇ ਦੁਬਿਧਾ ਪੈਦਾ ਕਰਕੇ ਸਿੱਖ ਮਾਨਤਾਵਾਂ ਦੇ ਘਾਣ ਕਰਨ ਦਾ ਰੁਝਾਨ - ਬਘੇਲ ਸਿੰਘ ਧਾਲੀਵਾਲ

ਸਿੱਖ ਕੌਂਮ ਦਾ ਜਿੰਨਾ ਨੁਕਸਾਨ ਦੁਬਿਧਾ ਵਿੱਚ ਪੈਣ ਕਰਕੇ ਹੋਇਆ ਹੈ ਸਾਇਦ ਹੀ ਹੋਰ ਕਿਸੇ ਕਾਰਨ ਕਰਕੇ ਐਨਾ ਨੁਕਸਾਨ ਹੋਇਆ ਹੋਵੇ।ਸਿੱਖੀ ਦੀ ਮਰਿਯਾਦਾ ਵਿੱਚ ਦੁਬਿੱਧਾ ਹੈ,ਸਿੱਖੀ ਦੇ ਸਿਧਾਂਤਾਂ ਵਿੱਚ ਦੁਬਿਧਾ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।ਬਾਣੀ ਪ੍ਰਤੀ ਸੰਕੇ ਖੜੇ ਕੀਤੇ ਜਾ ਰਹੇ ਹਨ।ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਵਿੱਚ ਦੁਵਿਧਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਇਸ ਸਾਰੇ ਵਰਤਾਰੇ ਪਿੱਛੇ ਉਹ ਲੋਕ ਹੀ ਸ਼ਾਮਲ ਹਨ,ਜਿਹੜੇ ਭੇਖ ਤੋ ਸਿੱਖ ਦਿਖਾਈਦਿੰਦੇ ਹਨ,ਪਰ ਉਹਨਾਂ ਦੇ ਅਮਲ ਵਿੱਚ ਸਿੱਖੀ ਦੀ ਵਿਚਾਰਧਾਰਾ ਦਾ ਕਿਣਕਾ ਮਾਤਰ ਵੀ ਨਹੀ ਹੈ। ਸਿੱਖ ਵਿਚਾਰਧਾਰਾ ਮਹਿਜ਼ ਕਿਤਾਬੀ ਵਿਚਾਰਾਧਾਰਾ ਨਹੀ ਹੈ। ਇਹਦਾ ਹਰ ਸਿਧਾਂਤ ਅਮਲਾਂ ਦੀ ਕਸਵੱਟੀ ਦੀ ਪਰਖ ਵਿੱਚੋਂ ਨਿਕਲ ਕੇ ਆਇਆ ਹੈ।ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਸਿਧਾਂਤਾਂ ਨੂੰ ਪਹਿਲਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਲਾਗੂ ਕਰਨ ਤੋ ਉਪਰੰਤ ਹੀ ਸਿੱਖਾਂ ਨੂੰ ਉਹ ਸਿਧਾਂਤਾਂ ਨੂੰ ਮੰਨਣ ਦੀ ਤਾਕੀਦ ਕੀਤੀ ਗਈ ਹੈ।ਮਸਾਲ ਦੇ ਤੌਰ ਤੇ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ ਦਾ ਸਿਧਾਂਤ ਦਿੱਤਾ ਹੈ,ਤਾਂ ਖੁਦ ਅੰਤਲੇ 18 ਸਾਲ ਖੁਦ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਹਿ ਕੇ ਖੇਤੀ ਕੀਤੀ ਹੈ।ਗੁਰੂ ਅਰਜਨ ਸਾਹਿਬ ਨੇ ਸਿੱਖ ਨੂੰ ਭਾਣਾ ਮੰਨਣ ਦਾ ਹੁਕਮ ਕੀਤਾ ਹੈ,ਤਾਂ ਪਹਿਲਾਂ ਇਸ ਸਿਧਾਂਤ ਨੂੰ ਖੁਦ ਆਪਣੇ ਪਿੰਡੇ ਤੇ ਹੰਢਾਇਆ ਹੈ।ਜਹਾਂਗੀਰ ਬਾਦਸ਼ਾਹ ਵੱਲੋਂ ਜਦੋ ਉਹਨਾਂ ਨੂੰ ਭਿਆਨਕ ਸਜ਼ਾ ਦਿੰਦਿਆਂ ਤੱਤੀਆਂ ਤਬੀਆਂ ਤੇ ਬਿਠਾਇਆ ਗਿਆ ਸੀ,ਤਾਂ ਉਹਨਾਂ ਨੇ ਇਹੋ ਸਬਦ ਦਾ ਉਚਾਰਣ ਕੀਤਾ ਸੀ,
“ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕੁ ਮਾਗੈ” 
ਸੋ ਇਸੇਤਰਾਂ ਜਦੋ ਗੁਰੂ ਪਿਤਾ ਦੀ ਸ਼ਹਾਦਤ ਤੋ ਬਾਅਦ ਛੇਵੇ ਨਾਨਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਹਕੂਮਤ ਦੇ ਜੁਲਮਾਂ ਖਿਲਾਫ ਲੜਨ ਦਾ ਹੋਕਾ ਦਿੱਤਾ ਸੀ,ਤਾਂ ਪਹਿਲਾਂ ਉਹਨਾਂ ਨੇ ਖੁਦ ਰਣਜੀਤ ਨਗਾਰੇ ਤੇ ਚੋਟ ਲਾ ਕੇ ਸਮੇ ਦੇ ਹਾਕਮ ਨੂੰ ਵੰਗਾਰਿਆ ਸੀ,ਫਿਰ ਹੀ ਸਿੱਖਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਅਤੇ ਅਜਾਦ ਪ੍ਰਭੁ ਸੱਤਾ ਦੀ ਸੰਸਥਾ ਦੀ ਬਖਸ਼ਿਸ਼ ਕੀਤੀ।ਏਸੇਤਰਾਂ ਹੀ  ਨੌਵੇਂ ਨਾਨਕ ਨੇ ਜਦੋ 
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” 
ਦਾ ਹੋਕਾ ਦਿੱਤਾ ਸੀ ਤਾਂ ਜੁਲਮ ਦੀਆਂ ਕੰਧਾਂ ਕੰਬ ਗਈਆਂ ਸਨ ਕਿਉਂਕਿ ਔਰੰਗਜੇਵ ਵਰਗੇ ਸਕਤੀਸ਼ਾਲੀ ਅਤੇ ਜਾਬਰ ਹਾਕਮ ਨੂੰ ਚੈਲਿੰਜ ਕਰਨ ਦੀ ਹਿੰਮਤ ਸਮੇ ਦੇ ਕੋਈ ਵੀ ਰਾਜਨੀਤਕ ਜਾਂ ਧਾਰਮਿਕ ਆਗੂ ਨਹੀ ਸੀ ਕਰ ਸਕਿਆ,ਸੋ ਸੁਭਾਵਿਕ ਹੈ ਕਿ ਅਜਿਹਾ ਕਰਨ ਵਾਲਾ ਜਰੂਰ ਕੋਈ ਅਮਲਾਂ ਦੇ ਨਵੇੜਿਆਂ ਨੂੰ ਪਰਨਾਇਆ ਹੋਇਆ ਯੁੱਗ ਪੁਰਸ਼ ਹੋ ਸਕਦਾ ਹੈ। ਜਦੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹਨਾਂ ਦੇ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦਾ ਸਿਰ ਕਲਮ ਕਰਨ ਦਾ ਹੁਕਮ ਹੋਇਆ ਸੀ,ਤਾਂ ਗੁਰੂ ਸਾਹਿਬ ਬਿਲਕੁਲ ਅਡੋਲ ਹੀ ਬੈਠੇ ਰਹੇ ਸਨ ,ਜਿਵੇਂ ਕੁੱਝ ਵੀ ਅਜਿਹਾ ਨਹੀ ਹੋ ਰਿਹਾ ਜਿਸ ਤੋ ਡਰਨ ਦੀ ਲੋੜ ਹੋਵੇ। ਸੋ ਇਹ ਸਿੱਖੀ ਦੀ ਵਿਚਾਰਧਾਰਾ ਹੀ ਹੈ,ਜਿਹੜੀ ਟਿਕੀ ਹੀ ਅਮਲਾਂ ‘ਤੇ ਹੋਈ ਹੈ।ਜਦੋ ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਦੀ ਧਾਰ ਚੋ ਖਾਲਸਾ ਪ੍ਰਗਟ ਕੀਤਾ ਸੀ,ਉਸ ਮੌਕੇ ਜਿਹੜਾ ਬਚਨ ਉਹਨਾਂ ਵੱਲੋਂ ਸੀਸ ਅਰਪਣ ਕਰਕੇ ਪਰਗਟ ਹੋਏ ਪੰਜ ਪਿਆਰਿਆ ਦੇ ਸਨਮੁਖ ਰੱਖਿਆ ਗਿਆ,ਉਹਦੇ ਤੇ ਸਾਰਾ ਬੰਸ ਕੁਰਬਾਨ ਕਰਨ ਤੱਕ  ਅਡੋਲਤਾ ਨਾਲ ਪਹਿਰਾ ਦਿੱਤਾ।ਉਹਨਾਂ ਨੇ ਚਮਕੌਰ ਦੀ ਜੰਗ ਵਿੱਚੋਂ ਖਾਲਸੇ ਦੇ ਹੁਕਮ ਕਰਨ ਤੇ ਕੱਚੀ ਗੜੀ ਛੱਡ ਕੇ ਜਾਣ ਸਮੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀਆਂ ਲਾਸਾਂ ਨੂੰ ਬਾਕੀ ਸਿੰਘਾਂ ਤੋ ਵੱਖ ਕਰਕੇ ਨਹੀ ਦੇਖਿਆ ਗਿਆ,ਜੇਕਰ ਅਜਿਹਾ ਹੁੰਦਾ,ਤਾਂ ਉਹਨਾਂ ਦੇ ਜਿਗਰ ਦੇ ਟੁਕੜੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਨਹੀ ਸਨ ਹੋਣੇ ਬਲਕਿ ਉਹ ਵੀ ਕੱਚੀ ਗੜੀ ਚੋ ਬਚ ਕੇ ਆਪਣੇ ਗੁਰੂ ਪਿਤਾ ਨਾਲ ਜਾ ਰਹੇ ਹੋਣੇ ਸਨ,ਪਰ ਅਜਿਹੀ ਗੈਰ-ਅਸੂਲੀ ਸਿੱਖੀ ਵਿੱਚ ਸਿਖਾਈ ਨਹੀ ਗਈ।ਇਹ ਗੁਰੂ ਦੀ ਵਿਚਾਰਧਾਰਾ  ਦੇ ਅਮਲਾਂ ਦੀ ਹੀ ਰਹਿਮਤ ਹੈ ਕਿ ਆਪਣੇ ਪਰਗਟ ਹੋਣ ਤੋ ਕੁੱਝ ਸਮਾ ਬਾਅਦ ਹੀ ਖਾਲਸੇ ਦੇ ਹਲੇਮੀ ਰਾਜ ਦੇ ਪਰਚਮ ਲਹਿਰਾਉਣ ਲੱਗੇ ਸਨ।ਪਰੰਤੂ ਅੱਜ ਦੇ ਸਮੇ ਵਿੱਚ ਸਿੱਖ ਪੰਥ ਅੰਦਰ ਬਹੁਤ ਸਾਰੀਆਂ ਅਜਿਹੀਆਂ ਨਸਲਾਂ ਆ ਗਈਆਂ ਹਨ,ਜਿਹੜੀਆਂ ਪੈਦਾ ਤਾਂ ਸਿੱਖਾਂ ਦੇ ਘਰਾਂ ਵਿੱਚ ਹੋਈਆਂ ਹਨ,ਪਰ ਵਿਚਾਰਧਾਰਾ ਉਹਨਾਂ ਨੂੰ ਰੂਸ,ਚੀਨ ਜਾਂ ਨਾਗਪੁਰ 
ਦੀ ਚੰਗੀ ਲੱਗਦੀ ਹੈ,ਕਿਉਂਕਿ ਉੱਧਰੋ ਸਿੱਖੀ ਦੇ ਨੁਕਸਾਨ ਬਦਲੇ ਉਹਨਾਂ ਦੇ ਨਿੱਜੀ ਲੋਭ ਲਾਲਸਾ ਦੀ ਭਰਪਾਈ ਕੀਤੀ ਜਾਂਦੀ ਹੈ।ਸਿੱਖ ਇਸ ਸਾਜਿਸ਼ ਦੀ ਤਹਿ ਤੱਕ ਜਾਣ ਲਈ ਸੁਹਿਰਦ ਹੀ ਨਹੀਂ ਹਨ। ਇਹ ਬੜੀ ਵੱਡੀ ਸਾਜਿਸ਼ ਹੈ ਸਿੱਖੀ ਨੂੰ ਖੋਰਾ ਲਾਉਣ ਦੇ ਲਈ, ਸਿੱਖੀ ਨੂੰ ਹਰ ਪਾਸੇ ਤੋਂ ਘੇਰਿਆ ਜਾ ਰਿਹਾ ਹੈ।  ਸਿੱਖ ਨੌਜਵਾਨਾਂ ਨੂੰ ਸਿੱਖੀ ਤੋਂ ਦੂਰ ਕਰਨ ਲਈ ਲੱਚਰ ਗਾਇਕੀ ਲੰਮਾ ਸਮਾ ਪੰਜਾਬ ਵਿੱਚ ਰਾਜ ਕਰਦੀ ਰਹੀ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ, ਪੰਜਾਬ ਦੀ ਜਵਾਨੀ ਦਾ, ਸਿੱਖ ਜਵਾਨੀ ਦਾ ਖਾਸ ਕਰਕੇ ਕੀਤਾ ਹੈ ਨਸ਼ਿਆਂ ਨਾਲ।  ਨਸ਼ਿਆਂ ਕਾਰਨ ਪੂਰੀ ਇੱਕ ਜਨਰੇਸ਼ਨ ਲਗਭਗ ਖਤਮ ਹੋ ਗਈ ਹੈ ਜਾਂ ਖਤਮ ਹੋਣ ਕਿਨਾਰੇ ਹੈ। ਇਸ ਦੇ ਬਾਵਜੂਦ ਵੀ ਸਿੱਖ ਇਹਨਾਂ ਵਿੱਚੋਂ ਕਿਸੇ ਵੀ ਸਮੱਸਿਆ ਨੂੰ ਸਮਝਣ ਲਈ ਕੋਸ਼ਿਸ਼ ਹੀ ਨਹੀਂ ਕਰ ਰਹੇ ਅਤੇ ਨਾ ਹੀ ਕਿਸੇ ਵੀ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਹਰ ਗੱਲ ਨੂੰ ਸਿਰਫ ਰੱਬ ਦੇ ਸਹਾਰੇ ਤੇ  ਛੱਡ ਦੇਣਾ ਵੀ ਜਾਇਜ਼ ਨਹੀਂ ਹੈ। ਸਿਆਣੇ ਲੋਕ ਕਹਿੰਦੇ ਨੇ ਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ, ਜੋ ਆਪਣੀ ਮਦਦ ਖੁਦ ਕਰਨ ਦੀ ਹਿੰਮਤ ਰੱਖਦੇ ਹਨ। ਪਿਛਲੇ ਕਈ ਸਾਲਾਂ ਤੋਂ ਸ਼ਹੀਦੀ ਦਿਹਾੜਿਆਂ ਅਤੇ ਗੁਰੂ ਸਾਹਿਬ ਦੇ ਜਨਮ ਦਿਹਾੜਿਆਂ ਨੂੰ ਲੈ ਕੇ ਦੁਬਿਧਾ ਪਾਈ ਜਾ ਰਹੀ ਹੈ।ਉਸ ਤੋਂ ਵੀ ਪਹਿਲਾਂ ਕੈਲੰਡਰ ਨੂੰ ਲੈ ਕੇ ਦੁਵਿਧਾ ਚੱਲ ਰਹੀ ਹੈ ਅਤੇ ਹੁਣ ਇਸ ਵਾਰ ਇੱਕ ਨਵੀਂ ਦੁਵਿਧਾ ਨੂੰ ਉਸ ਮੌਕੇ ਤੂਲ ਦਿੱਤਾ ਗਿਆ ਹੈ ਜਦੋਂ ਸਿੱਖ ਪੋਹ ਦਾ ਸਭ ਤੋਂ ਦੁਖਦਾਈ ਹਫਤਾ ਮਨਾ ਰਹੇ ਹਨ।ਜਦੋਂ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਜਿਆ ਖਾਲਸਾ ਅਤੇ ਸਾਰਾ ਪਰਿਵਾਰ ਇੱਕੋ ਹਫਤੇ ਵਿੱਚ ਸ਼ਹਾਦਤਾਂ ਪ੍ਰਾਪਤ ਕਰ ਗਿਆ ਸੀ, ਸਿੱਖ ਉਸ ਦੁਖਦਾਈ ਸਮੇਂ ਵਿੱਚੋਂ ਲੰਘ ਰਹੇ ਹਨ,ਤਾਂ ਐਨ ਉਸ ਮੌਕੇ ਇਹ ਨਵੀਂ ਦੁਵਿਧਾ ਨੂੰ ਤੂਲ ਦਿੱਤਾ ਗਿਆ ਹੈ।ਇਹ ਦੁਵਿਧਾ ਹੈ ਭਾਈ ਜੀਵਨ ਸਿੰਘ ਅਤੇ ਭਾਈ ਸੰਗਤ ਸਿੰਘ ਨੂੰ ਲੈ ਕੇ ਪੈਦਾ ਕੀਤੀ ਗਈ ਹੈ,ਜਿਸ ਵਿੱਚ ਕੁੱਝ ਭਾੜੇ ਦੇ ਅਨਸਰਾਂ ਵੱਲੋਂ ਅਤੇ ਕੁਝ ਅਜਿਹੇ ਹੀ ਅਖੌਤੀ ਲੇਖਕਾਂ ਵੱਲੋਂ ਚਮਕੌਰ ਦੀ ਕੱਚੀ ਗੜੀ ਵਿੱਚ ਜਦੋਂ ਗੁਰੂ ਸਾਹਿਬ ਨੂੰ ਪੰਜ ਸਿੰਘਾਂ ਵੱਲੋਂ ਗੜੀ ਸਾਡੇ ਜਾਣ ਦਾ ਹੁਕਮ ਕੀਤਾ ਗਿਆ ਸੀ,ਇਸ ਮੌਕੇ ਗੁਰੂ ਸਾਹਿਬ ਨੇ ਆਪਣੀ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਇਸ ਕਰਕੇ ਸਜਾਅ ਦਿੱਤਾ ਸੀ ਕਿਉਂਕਿ ਇਤਿਹਾਸਿਕ ਹਵਾਲਿਆਂ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦਾ ਚਿਹਰਾ ਮੋਹਰਾ ਗੁਰੂ ਸਾਹਿਬ ਨਾਲ ਮੇਲ ਖਾਂਦਾ ਸੀ, ਸੋ ਦੁਸ਼ਮਣ ਫੌਜਾਂ ਨੂੰ ਭੁਲੇਖੇ ਵਿੱਚ ਰੱਖਣ ਲਈ ਇਹ ਗੁਰੂ ਸਾਹਿਬ ਅਤੇ ਗੜੀ ਵਿਚਲੇ ਸਿੰਘਾਂ ਵੱਲੋਂ ਇੱਕ ਨੀਤੀ ਅਨੁਸਾਰ ਅਜਿਹਾ ਫੈਸਲਾ ਕੀਤਾ ਗਿਆ ਸੀ, ਪ੍ਰੰਤੂ ਹੁਣ ਕੁਝ ਇਸ ਤਰ੍ਹਾਂ ਦੇ ਲੇਖਕ ਜਿਨਾਂ ਦਾ ਕੰਮ ਹੀ ਪੰਥ ਵਿੱਚ ਦੁਵਿਧਾ ਪਾਕੇ ਨਿੱਜੀ ਲਾਭ ਪ੍ਰਾਪਤ ਕਰਨਾ ਹੈ, ਅਤੇ ਅਤੇ ਅਜਿਹੀਆਂ ਨਿੱਜੀ ਲਾਲਸਾਵਾਂ ਕਾਰਨ ਸਿੱਖ ਇਤਿਹਾਸ ਨੂੰ ਕਲੰਕਤ ਕਰਨਾ ਹੈ, ਉਹਨਾਂ ਵੱਲੋਂ ਇੱਕ ਵਾਰ ਫਿਰ ਕੌਮ ਘਾਤ ਦਾ ਰਾਹ ਚੁਣਿਆ ਗਿਆ ਹੈ।
ਉਹਨਾਂ ਲੇਖਕਾਂ ਵਿੱਚ ਇੱਕ ਅਜਿਹੇ ਵਿਅਕਤੀ ਦਾ ਨਾਮ ਵੀ ਆਉਂਦਾ ਹੈ ਜਿਸਨੇ ਨੇ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਬਦਲੇ ਵਿੱਚ ਭਾਵੇਂ ਸਿੱਖਾਂ ਵੱਲੋਂ ਉਹਨਾਂ ਨੂੰ ਰੱਜ ਕੇ ਕੋਸਿਆ ਗਿਆ,ਪਰ ਇਹ ਲਾਲਸਾ ਅਜਿਹੀ ਬੁਰੀ ਬਲਾਅ ਹੈ ਕਿ ਬੰਦਾ ਜੁੱਤੀਆਂ ਨੂੰ ਵੀ  ਤੁੱਸ ਸਮਝਣ ਲੱਗ  ਜਾਂਦਾ ਹੈ।ਹੁਣ ਇਹ ਭਾਈ ਜੀਵਨ ਸਿੰਘ ਅਤੇ ਭਾਈ ਸੰਗਤ ਸਿੰਘ ਵਾਲੀ ਦੁਵਿਧਾ ਨੂੰ ਵਧਾਕੇ ਲਾਭ ਲੈਣਾ ਚਾਹੁੰਦਾ ਹੈ, ਉਕਤ ਲੇਖਕ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ “ਗੁਰੂ ਸਾਹਿਬ ਬਾਕੀ ਸਿੰਘਾਂ ਤੋ ਵੱਧ ਭਾਈ ਜੀਵਨ ਸਿੰਘ ਤੇ ਭਰੋਸ਼ਾ ਕਰਦੇ ਸਨ,ਇਸ ਕਰਕੇ ਉਹਨਾਂ ਨੇ ਕੱਚੀ ਗੜੀ ਚੋ ਜਾਣ ਸਮੇ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਨਹੀ ਬਲਕਿ ਭਾਈ ਜੀਵਨ ਸਿੰਘ ਨੂੰ ਦਿੱਤਾ ਸੀ”,ਪਹਿਲ8 ਗੱਲ ਇਹ ਹੈ ਕਿ ਗੁਰੂ ਸਾਹਿਬ ਸਿੰਘਾਂ ਅਤੇ ਆਪਣੇ ਸਾਹਿਬਜ਼ਾਦਿਆਂ ਵਿੱਚ ਵੀ ਕੋਈ ਫਰਕ ਨਹੀਂ ਸਨ ਸਮਝਦੇ, ਭਾਈ ਜੀਵਨ ਸਿੰਘ ਨੂੰ ਉਹ ਸ੍ਰੀ ਗੁਰ7 ਤੇਗ ਬਹਤਦਰ ਸਾਹਿਬ ਜੀ ਦਾ ਸੀਸ ਲੈ ਕੇ ਆਉਣ ਸਮੇ ਹੀ ਆਪਣਾ ਬੇਟਾ ਮੰਨ ਚੁੱਕੇ ਸਨ, ਇਹਦੇ ਵਿੱਚ ਕੋਈ ਅਤਿਕਥਨੀ ਨਹੀਂ ਅਤੇ ਇਤਿਹਾਸ ਇਹ ਵੀ ਦੱਸਦਾ ਹੈ ਕਿ ਸਰਸਾ ਨਦੀ ਦੇ ਕੰਢੇ ਭਾਈ ਜੀਵਨ ਸਿੰਘ ਮੁਗਲ ਅਤੇ ਪਹਾੜੀ ਫੌਜਾਂ ਦੇ ਨਾਲ ਹੋਏ ਮੁਕਾਬਲੇ ਵਿੱਚ ਲੜਦੇ ਸ਼ਹਾਦਤ ਪ੍ਰਾਪਤ ਕਰ ਗਏ ਸਨ। ਤੇ ਜਦੋਂ ਭਾਈ ਜੀਵਨ ਸਿੰਘ ਪਹਿਲਾਂ ਹੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਹਨ ਕੀ ਫਿਰ ਉਹਨਾਂ ਦੇ ਨਾਮ ਕਲਗੀ ਚੋਲਾ ਸਜਾਉਣ ਦੀ ਗੱਲ ਨੂੰ ਤੂਲ ਦੇਣ ਦਾ ਕੋਈ ਅਧਾਰ ਹੈ ? ਇਤਿਹਾਸਕ ਹਵਾਲੇ ਇਹ ਵੀ ਦੱਸਦੇ ਹਨ ਕਿ ਭਾਈ ਸੰਗਤ ਸਿੰਘ ਦਾ ਮੜ੍ਹੰਗਾ ਗੁਰੂ ਸਾਹਿਬ ਨਾਲ ਮੇਲ ਖਾਂਦਾ ਸੀ ਜਿਸ ਲਈ ਗੁਰੂ ਸਾਹਿਬ ਨੇ ਅਤੇ ਸਿੰਘਾਂ ਨੇ ਵਿਚਾਰ ਵਟਾਂਦਰੇ ਦੌਰਾਨ ਭਾਈ ਸੰਗਤ ਸਿੰਘ ਨੂੰ ਗੁਰੂ ਸਾਹਿਬ ਦਾ ਚੋਲਾ ਪਹਿਨਾਇਆ ਅਤੇ ਕਲਗੀਧਰ ਸਜਾਈ, ਤਾਂ ਕਿ ਮੁਗਲ ਅਤੇ ਪਹਾੜੀ ਫੌਜਾਂ ਨੂੰ ਭੁਲੇਖੇ ਵਿੱਚ ਰੱਖਿਆ ਜਾ ਸਕੇ, ਸੋ ਗੜੀ ਵਿਚਲੇ ਸਿੰਘ ਬੇਸ਼ੱਕ ਖੁਦ ਸਾਰੇ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ ਪ੍ਰੰਤੂ ਇਸ ਗੱਲ ਵਿੱਚ ਸਫਲ ਹੋਏ ਸਨ ਕਿਉਂਕਿ ਦੁਸ਼ਮਣ ਫੌਜਾਂ ਭਾਈ ਸੰਗਤ ਸਿੰਘ ਨੂੰ ਸ਼ਹੀਦ ਕਰਨ ਤੋਂ ਬਾਅਦ ਇਸ ਗੱਲ ਦੀ ਖੁਸ਼ੀ ਮਨਾਉਂਦੀਆਂ ਰਹੀਆਂ ਕਿ ਉਹਨਾਂ ਨੇ ਗੁਰੂ ਨੂੰ ਮਾਰ ਮੁਕਾਇਆ ਹੈ।ਇੱਥੇ ਇੱਕ ਸਵਾਲ ਹੋਰ ਅਜਿਹੇ ਅਖੌਤੀ ਲੇਖਕਾਂ ਨੂੰ ਪੁੱਛਣਾ ਬਣਦਾ ਹਾਂ ਕਿ ਕੀ ਜਿਸ ਸਿੰਘ ਨੂੰ ਗੁਰੂ ਸਾਹਿਬ ਨੇ ਆਪਣਾ ਬੇਟਾ ਬਣਾ ਲਿਆ ਹੋਵੇ ਉਸ ਤੋਂ ਵੱਡਾ ਸਤਿਕਾਰ ਜਾਂ ਅਜਿਹਾ ਰੁਤਬਾ ਹੈ ਜਿਹੜਾ ਪੁੱਤਰ ਦੇ ਰਿਸ਼ਤੇ ਤੋਂ ਵੀ ਉੱਪਰ ਹੋਵੇ‌? ਅਖੌਤੀ ਲੇਖਕ ਦੇ ਮੁਤਾਬਿਕ ਗੁਰੂ ਸਾਹਿਬ ਨੇ "ਆਪਣੇ ਵੱਧ ਭਰੋਸੇ ਵਾਲੇ ਸਿੰਘ ਨੂੰ ਆਪਣਾ ਕਲਗੀ ਚੋਲਾ ਦਿੱਤਾ" ਜੇ ਇਹ ਗੱਲ ਹੋਵੇ ਤਾਂ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਚੁਣਿਆ ਜਾ ਪੰਜ ਪਿਆਰਿਆਂ ਵਿੱਚੋਂ ਕਿਸੇ ਸਿੰਘ ਨੂੰ ਕਿਉਂ ਨਹੀਂ ਦਿੱਤਾ ?,ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਸੀ, ਇਹ ਅਜਿਹੇ ਲੇਖਕਾਂ ਅਤੇ ਕੁਝ ਹੋਰ ਜਾਤੀਵਾਦ ਨੂੰ ਸਿੱਖ ਕੌਮ ਵਿੱਚ ਮੁੜ ਤੋਂ ਉਤਸਾਹਿਤ ਕਰਨ ਵਾਲੇ  ਲਾਲਚੀ ਅਨਸਰਾਂ ਵੱਲੋਂ ਜਾਣ ਬੁਝ ਕੇ ਦੁਵਿਧਾ ਖੜੀ ਕੀਤੀ ਗਈ ਹੈ ਜਿਸ ਨੂੰ ਸਖਤੀ ਨਾਲ ਰੱਦ ਕਰਨ ਦੀ ਜਰੂਰਤ ਹੈ ਅਤੇ ਖਾਸ ਕਰਕੇ ਅਜਿਹੇ ਲੇਖਕਾਂ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਇਹਨਾਂ ਨੂੰ ਕੌਮ ਵਿੱਚ ਦੁਵਿਧਾ ਖੜੀ ਕਰਨ ਦੀ ਸਖਤ ਸਜ਼ਾ ਦੇਣ ਦੀ ਜਰੂਰਤ ਹੈ।
ਬਘੇਲ ਸਿੰਘ ਧਾਲੀਵਾਲ
99142-58142

ਚਮਕੌਰ ਦੀ ਕੱਚੀ ਗੜੀ, ਜਿੱਥੇ ਸਿੰਘਾਂ ਨੇ ਸਵਾ ਸਵਾ ਲੱਖ ਨਾਲ ਲੜ ਕੇ ਗੁਰੁ ਦੇ ਸੰਕਲਪ ਨੂੰ ਸੱਚ ਕਰ ਦਿਖਾਇਆ   - ਬਘੇਲ ਸਿੰਘ ਧਾਲੀਵਾਲ

ਸਿੱਖ ਇਤਿਹਾਸ ਦੇ ਪੰਨਿਆਂ ‘ਤੇ ਕੁਝ ਅਜਿਹੀਆਂ ਅਦੁੱਤੀ  ਘਟਨਾਵਾਂ ਦਰਜ ਹਨ ਜੋ ਸਮੇਂ ਦੀਆਂ ਹੱਦਾਂ ਤੋਂ ਪਾਰ ਹੋ ਕੇ ਵੀ ਮਨੁੱਖਤਾ ਨੂੰ ਹੌਂਸਲਾ ਅਤੇ ਜ਼ੁਲਮ ਵਿਰੁੱਧ ਲੜਨ ਦੀ ਪ੍ਰੇਰਨਾ ਦਾ ਸਬੱਬ ਬਣਦੀਆਂ ਹਨ। ਚਮਕੌਰ ਦੀ ਕੱਚੀ ਗੜ੍ਹੀ ਵਿੱਚ ਹੋਈ ਲੜਾਈ ਅਜਿਹੀ ਹੀ ਇਕ ਅਮਰ ਘਟਨਾ ਹੈ,ਜਿਸਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ  ਸਾਹਿਬ ਦੇ “ਸਵਾ ਲਾਖ ਸੇ ਏਕ ਲੜਾਊਂ” ਦੇ ਸੰਕਲਪ ਨੂੰ ਸਾਕਾਰ ਕੀਤਾ।ਇਹ ਅਸਾਵੀਂ ਜੰਗ ਦੁਨਿਆਵੀ ਹਾਉਮੈ ਅਤੇ ਰੁਹਾਨੀਅਤ ਦੇ ਸਹਿਜ ਦਰਮਿਆਨ ਅਟੱਲ ਟੱਕਰ ਸੀ, ਇਹ ਲੜਾਈ ਧਰਮ, ਨਿਆਂ ਅਤੇ ਆਜ਼ਾਦ ਸੋਚ ਦੀ ਉਹ ਪਰਚੰਡ ਲਲਕਾਰ ਸੀ, ਜਿਸ ਨੇ ਸਾਬਤ ਕਰ ਦਿੱਤਾ ਕਿ ਗਿਣਤੀ ਨਹੀਂ, ਹੌਸਲਾ,ਹਿੰਮਤ,ਗੁਰੂ ‘ਤੇ ਭਰੋਸਾ ਅਤੇ ਸਿਧਾਂਤ ਵੱਡੇ ਹੁੰਦੇ ਹਨ। 1704 ਈਸਵੀ ਵਿੱਚ ਮੁਗਲ ਸਲਤਨਤ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਲੰਮੇ ਸਮੇਂ ਲਈ ਘੇਰੇ ‘ਚ ਰੱਖਿਆ। ਭੁੱਖ, ਤਰੇਹ ਅਤੇ ਅਣਗਿਣਤ ਤਕਲੀਫਾਂ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਅਤੇ ਖਾਲਸੇ ਨੇ ਹੌਂਸਲਾ ਨਹੀਂ ਹਾਰਿਆ। ਜਦੋਂ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਗਊ ਅਤੇ ਕੁਰਾਨ ਦੀਆਂ ਝੂਠੀਆਂ ਕਸਮਾਂ ਅਤੇ ਵਾਅਦੇ ਦੇ ਕਰਕੇ ਗੁਰੂ ਸਾਹਿਬ ਤੋਂ ਅਨੰਦਪੁਰ ਸਾਹਿਬ ਦਾ ਕਿਲਾ ਛਡਵਾਇਆ, ਜਦੋਂਕਿ ਬਾਅਦ ਵਿੱਚ ਉਹੀ ਵਾਅਦੇ ਤੋੜ ਕੇ ਪਿੱਛੇ ਤੋਂ ਹਮਲੇ ਕੀਤੇ ਗਏ। ਇਹ ਧੋਖਾ ਸਿੱਖ ਇਤਿਹਾਸ ਦਾ ਦਰਦਨਾਕ ਪਰ ਸਿਖਾਉਣ ਵਾਲਾ ਅਧਿਆਇ ਬਣਿਆ।ਚਮਕੌਰ ਵਿੱਚ ਇਕ ਕੱਚੀ ਗੜ੍ਹੀ ਮਿੱਟੀ ਦੀਆਂ ਕੰਧਾਂ ਵਾਲੀ ਅਸਧਾਰਨ ਹਵੇਲੀ ਨੂੰ ਗੁਰੂ ਸਾਹਿਬ ਨੇ ਧਰਮ ਯੁੱਧ ਦਾ ਮੋਰਚਾ ਬਣਾਇਆ।ਗੁਰੂ ਸਾਹਿਬ ਦੀ ਕੱਚੀ ਗੜ੍ਹੀ ਦੀ ਚੋਣ ਤੋ ਸਪੱਸਟ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਯੁੱਧ ਨੀਤੀ ਵਿੱਚ ਕਿੰਨੀ ਨਿਪੁੰਨਤਾ ਰੱਖਦੇ ਸਨ।ਇਸ ਉੱਚੀ ਗੜੀ ਦੇ ਨੇੜੇ ਲੱਗਣਾ ਵੀ ਦੁਸ਼ਮਣ ਲਈ ਅਸਾਨ ਨਹੀ ਸੀ। ਗੁਰੂ ਜੀ ਨਾਲ  ਦੋ ਸਾਹਿਬਜ਼ਾਦਿਆਂ ਸਮੇਤ 40 ਕੁ ਸਿੰਘ ਸਨ, ਜਦਕਿ ਸਾਹਮਣੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ 10 ਲੱਖ ਫੌਜ ਸੀ। ਇਹ ਅਸਾਵੀਂ ਟੱਕਰ ਹੀ ਚਮਕੌਰ ਦੀ ਲੜਾਈ ਨੂੰ ਦੁਨੀਆਂ ਦੀ ਹਰ ਛੋਟੀ ਅਤੇ ਵੱਡੀ ਜੰਗ ਤੋ ਅਲੱਗ ਕਰਦੀ ਹੈ।ਫੌਜਾਂ ਅਤੇ ਸਿੰਘਾਂ ਦੀ ਗਿਣਤੀ ਬਾਰੇ ਗੁਰੂ ਸਾਹਿਬ ਖੁਦ ਹੀ  ਜਫਰਨਾਮਾ ਵਿੱਚ ਔਰੰਗਜੇਵ ਨੂੰ ਸੰਬੋਧਨ ਕਰਦੇ ਹੋਏ ਸਪੱਸਟ ਕਰ ਚੁੱਕੇ ਹਨ,ਇਸ ਲਈ ਦੋਵਾਂ ਪਾਸਿਆਂ ਦੀ ਇਸ ਅਸਾਵੀਂ ਗਿਣਤੀ  ਪ੍ਰਤੀ ਕੋਈ ਸੰਦੇਹ ਨਹੀ ਰਹਿ ਜਾਂਦਾ।ਜਦੋਂ ਦੁਸ਼ਮਣ ਫੌਜਾਂ ਨੇ ਕੱਚੀ ਗੜ੍ਹੀ ਨੂੰ ਚਾਰੋਂ ਪਾਸਿਓਂ ਘੇਰ ਲਿਆ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਹ ਜੰਗ ਜਿੱਤ-ਹਾਰ ਦੀ ਨਹੀਂ, ਸਗੋਂ ਧਰਮ ਅਤੇ ਜੁਲਮ ਵਿਚਕਾਰ ਹੈ।ਸੋ ਸਿੰਘਾਂ ਨੇ  ਗੁਰੂ ਸਾਹਿਬ ਦੇ ਬਚਨਾਂ ਨੂੰ ਜੈਕਾਰੇ ਦੀ ਗੂੰਜ ਨਾਲ ਸਵੀਕਾਰਦਿਆਂ ਮੌਤ ਦੇ ਅੱਖਾਂ ਚ ਅੱਖਾਂ ਪਾ ਲਈਆਂ। ਜੰਗ ਸ਼ੁਰੂ ਹੋਈ। ਕੱਚੀ ਗੜ੍ਹੀ ਦੇ ਛੋਟੇ ਦਰਵਾਜ਼ੇ ਤੋਂ ਇਕ-ਇਕ ਸਿੰਘ ਨਿਕਲਦਾ ਅਤੇ ਵੱਡੀ ਫੌਜ ‘ਚ ਕਹਿਰ ਮਚਾ ਕੇ ਵਾਪਸ ਨਾ ਮੁੜਦਾ। ਹਰ ਸ਼ਹਾਦਤ ਦੁਸ਼ਮਣ ਲਈ ਡਰ,ਕਹਿਰ ਅਤੇ ਖਾਲਸੇ ਲਈ ਹੌਂਸਲਾ ਬਣਦੀ ਗਈ। ਮੁਗਲ ਫੌਜ ਨੂੰ ਹੈਰਾਨੀ ਸੀ ਕਿ ਇਹ ਥੋੜ੍ਹੇ ਜਿਹੇ ਸਿੱਖ ਕਿਵੇਂ ਅਜਿਹਾ ਮੁਕਾਬਲਾ ਕਰ ਰਹੇ ਹਨ।ਉਹ ਨਹੀ ਸਨ ਜਾਣਦੇ ਕਿ ਰੁਹਾਨੀ ਤਾਕਤਾਂ ਨਾਲ ਲੜਨਾ ਐਨਾ ਆਸਾਨ ਨਹੀ ਹੁੰਦਾ,ਜਿੰਨਾਂ ਸਮਝ ਕੇ ਮਗਲ ਅਤੇ ਪਹਾੜੀ ਸੈਨਾ ਗੁਰੂ ਸਾਹਿਬ ਨੂੰ ਫੜਨ ਦਾ ਅਨੁਮਾਨ ਲਾਈ ਬੈਠੀ ਸੀ।  ਚਮਕੌਰ ਦੀ ਲੜਾਈ ਦਾ ਸਭ ਤੋਂ ਭਾਵੁਕ ਅਤੇ ਪ੍ਰੇਰਕ ਅਧਿਆਇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ (ਉਮਰ ਲਗਭਗ 18 ਸਾਲ) ਨੇ ਗੁਰੂ ਪਿਤਾ ਕੋਲੋਂ ਆਗਿਆ ਲੈ ਕੇ ਜੰਗ ਭੂਮੀ ਵਿੱਚ ਛਾਲ ਮਾਰੀ। ਗੁਰੂ ਪਿਤਾ ਦੀ ਬਖਸ਼ਿਸ਼ ਅਤੇ ਥਾਪੜੇ ਸਦਕਾ ਵੱਡੀ ਫੌਜ ‘ਤੇ ਟੁੱਟ ਪਏ ਅਤੇ ਅਨੇਕਾਂ ਦੁਸ਼ਮਣਾਂ ਨੂੰ ਸੋਧਾ ਲਾਉਂਦੇ ਹੋਏ ਰਣ ਤੱਤੇ ਵਿੱਚ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ (ਉਮਰ ਲਗਭਗ 14 ਸਾਲ) ਨੇ ਵੀ ਜੰਗ ‘ਚ ਜਾਣ ਦੀ ਅਰਜ਼ ਕੀਤੀ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਵੀ ਹੱਥੀ ਤਿਆਰ ਕਰਕੇ ਤੋਰਿਆ।ਨਿੱਕੇ ਸਾਹਿਬਜ਼ਾਦੇ ਨੇ ਅਦੁੱਤੀ ਸਾਹਸ ਨਾਲ ਲੜਦਿਆਂ ਸ਼ਹਾਦਤ ਦਾ ਅਮ੍ਰਿਤ ਪੀਤਾ ਅਤੇ ਵੱਡੇ ਭਰਾਤਾ ਨਾਲ ਜਾ ਰਲੇ। ਸਾਹਿਬਜ਼ਾਦਿਆਂ ਤੋਂ ਇਲਾਵਾ ਅਨੇਕਾਂ ਸਿੰਘ ਇਕ-ਇਕ ਕਰਕੇ ਸ਼ਹੀਦ ਹੋਏ। ਹਰ ਸਿੰਘ ਦੀ ਸ਼ਹਾਦਤ ਨਾਲ ਕੱਚੀ ਗੜ੍ਹੀ ਦੀ ਮਿੱਟੀ ਪਵਿੱਤਰ ਹੁੰਦੀ ਗਈ। ਇਹ ਸਾਰੀਆਂ ਕੁਰਬਾਨੀਆਂ ਮਿਲ ਕੇ ਖਾਲਸੇ ਦੀ ਅਟੱਲ ਅਤੇ ਅਜੇਤੂ ਆਤਮਾ ਦਾ ਪ੍ਰਤੀਕ ਬਣ ਗਈਆਂ। ਜਦੋਂ ਸਥਿਤੀ ਬਹੁਤ ਨਾਜ਼ੁਕ ਹੋ ਗਈ ਅਤੇ ਗੁਰੂ ਜੀ ਕੋਲ ਕੁਝ ਹੀ ਸਾਥੀ ਬਚੇ, ਤਾਂ ਪੰਜ ਸਿੰਘਾਂ ਨੇ ਇਕ ਇਤਿਹਾਸਕ ਗੁਰਮਤਾ ਪਾਸ ਕੀਤਾ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਖਾਲਸੇ ਦੀ ਅਗਵਾਈ ਜਾਰੀ ਰੱਖਣ ਲਈ ਉਹ ਇਥੋਂ ਨਿਕਲ ਜਾਣ। ਇਹ ਉਹ ਪਲ ਸੀ ਜਦੋਂ ਗੁਰੂ ਨੇ ਨਾ ਚਾਹੁੰਦੇ ਹੋਏ ਵੀ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਸਿੱਖੀ ਦੇ ਲੋਕਤਾਂਤਰਿਕ ਅਸੂਲ ਨੂੰ ਜਿਹੜੇ ਉਹਨਾਂ ਨੇ ਖੁਦ ਘੜੇ ਸਨ ਨੂੰ ਮਜ਼ਬੂਤ ਕੀਤਾ। ਰਾਤ ਦੇ ਹਨੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੱਚੀ ਗੜ੍ਹੀ ਤੋਂ ਜੈਕਾਰੇ ਗੁੰਜਾਉਂਦੇ ਨਿਕਲ ਗਏ। ਭਾਈ ਸੰਗਤ ਸਿੰਘ ਨੇ ਗੁਰੂ ਵਰਗੀ ਦਿੱਖ ਧਾਰਨ ਕਰਕੇ ਦੁਸ਼ਮਣ ਨੂੰ ਭਰਮ ‘ਚ ਰੱਖਿਆ ਅਤੇ ਆਪ ਸ਼ਹੀਦ ਹੋ ਗਏ। ਇਹ ਕੁਰਬਾਨੀ ਸਿੱਖ ਇਤਿਹਾਸ ਵਿੱਚ ਅਦੁੱਤੀ ਮਿਸਾਲ ਹੈ, ਜਿਸ ਨੇ ਦਿਖਾਇਆ ਕਿ ਖਾਲਸਾ ਆਪਣੇ ਗੁਰੂ ਲਈ ਕਿੰਨੀ ਵੱਡੀ ਕੁਰਬਾਨੀ ਦੇ ਸਕਦਾ ਹੈ।  ਚਮਕੌਰ ਦੀ ਕੱਚੀ ਗੜ੍ਹੀ ਦੀ ਲੜਾਈ ਨੇ ਸਾਬਤ ਕੀਤਾ ਕਿ ਜ਼ੁਲਮ ਦੇ ਸਾਹਮਣੇ ਝੁਕਣਾ ਖਾਲਸੇ ਦੀ ਫ਼ਿਤਰਤ ਨਹੀਂ। ਇਹ ਅਸਾਵੀਂ ਲੜਾਈ ਖਾਲਸੇ ਦੀ ਆਜ਼ਾਦ ਸੋਚ, ਅਡਿੱਗ ਵਿਸ਼ਵਾਸ ਅਤੇ ਅਦੁੱਤੀ ਜਿੱਤ ਦੀ ਪ੍ਰਤੀਕ ਬਣ ਗਈ। ਅੱਜ ਜਦੋਂ ਸਿੱਖ ਸਮਾਜ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਚਮਕੌਰ ਦੀ ਕੱਚੀ ਗੜ੍ਹੀ ਯਾਦ ਦਿਵਾਉਂਦੀ ਹੈ ਕਿ ਡਰ ਤੋਂ ਉੱਪਰ ਉੱਠ ਕੇ ਸਿਧਾਂਤਾਂ ਨਾਲ ਜੁੜੇ ਰਹਿਣਾ ਹੀ ਅਸਲੀ ਜਿੱਤ ਹੈ। ਗੁਰੂ ਸਾਹਿਬ ਜੀ ਦੀ ਅਗਵਾਈ ਵਿੱਚ ਲੜੀ ਗਈ ਕੱਚੀ ਗੜੀ ਦੀ ਇਹ ਅਸਾਂਵੀਂ ਲੜਾਈ ਇਤਿਹਾਸ ਦਾ ਗੌਰਵਮਈ ਅਧਿਆਇ ਹੋਣ ਦੇ ਨਾਲ ਸਿੱਖ ਕੌਂਮ ਦੇ ਵਰਤਮਾਨ ਅਤੇ ਭਵਿੱਖ ਲਈ ਰਾਹ ਦਿਸੇਰਾ ਵੀ ਹੈ।ਇਸ ਸਿਧਾਂਤ ਤੇ ਪਹਿਰਾ ਦਿੰਦਿਆਂ ਹੀ ਵੀਹਵੀ ਸਦੀ ਦੇ ਸਿੱਖਾਂ ਨੇ ਜੰਗ ਦੇ ਅਤਿ ਆਧੁਨਿਕ ਸਾਜੋ ਸਮਾਨ ਨਾਲ ਲੈਸ ਭਾਰਤੀ ਫੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ‘ਤੇ ਕੀਤੇ ਗਏ ਜੂਨ 1984 ਦੇ ਅਸਾਵੇਂ ਹਮਲੇ ਮੌਕੇ ਕੱਚੀ ਗੜ੍ਹੀ ਦੇ ਇਤਿਹਾਸ ਨੂੰ ਮੁੜ ਦੁਹਰਾਇਆ ਗਿਆ ਸੀ,ਜਿੱਥੇ ਮੁੱਠੀ ਭਰ ਸਿੱਖ ਜੁਝਾਰੂਆਂ ਨੇ ਲੱਖਾਂ ਦੀ ਗਿਣਤੀ ਵਿੱਚ ਆਈ ਫੌਜ ਨੂੰ ਹਫਤਾ ਭਰ ਨੇੜੇ ਨਹੀ ਸੀ ਲੱਗਣ ਦਿੱਤਾ ਅਤੇ ਹਕੂਮਤ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜਿਉਂਦੇ ਗ੍ਰਿਫਤਾਰ ਕਰਨ ਦੀਆਂ ਤਰਕੀਬਾਂ ਨੂੰ ਪੈਰਾਂ ਹੇਠ ਦਰੜਦਿਆਂ ਫੇਲ ਕਰ ਦਿੱਤਾ ਸੀ।ਚਮਕੌਰ ਦੀ ਕੱਚੀ ਗੜ੍ਹੀ ਵਿੱਚ ਹੋਈ ਲੜਾਈ ਸਿੱਖ ਇਤਿਹਾਸ ਦਾ ਉਹ ਪੰਨਾ ਹੈ,ਜਿਸ ਨੇ ਗੁਰੂ ਦੇ “ਸਵਾ ਲਾਖ ਸੇ ਏਕ ਲੜਾਊਂ” ਦੇ ਕਥਨ ਨੂੰ ਸੱਚ ਕੀਤਾ ਹੈ। ਕੱਚੀ ਗੜੀ ਦੀ ਅਸਾਂਵੀਂ ਜੰਗ ਖਾਲਸਾ ਪੰਥ ਲਈ ਪਰੇਰਨਾ ਹੀ ਨਹੀ ਬਲਕਿ ਸਿਧਾਂਤ ਬਣ ਗਈ ਹੈ,ਜਿਹੜੀ ਖਾਲਸਾ ਪੰਥ ਨੂੰ ਆਪਣੇ ਧਰਮ,ਆਪਣੀ ਨਿਆਰੀ ਹੋਂਦ ਹਸਤੀ ਨੂੰ ਬਣਾਈ ਰੱਖਣ ਲਈ ਸਾਹਸ ਅਤੇ ਜਬਰ ਜੁਲਮ ਦੇ ਖਿਲਾਫ ਲੜਦੇ ਰਹਿਣ ਲਈ ਹਮੇਸਾ ਪਰੇਰਤ ਕਰਦੀ ਰਹੇਗੀ। 
ਬਘੇਲ ਸਿੰਘ ਧਾਲੀਵਾਲ
99142-58142

ਖੁੱਲਾ ਖ਼ਤ,ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਮ - ਬਘੇਲ ਸਿੰਘ ਧਾਲੀਵਾਲ

ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨੀ ਜੀ
ਸਿੰਘ ਸਾਹਿਬ ਜੀਓ, ਮੈ ਇਹ ਖੁੱਲਾ ਖ਼ਤ ਗੁਰੂ ਸਾਹਿਬ ਨੂੰ ਹਾਜਰ ਨਾਜਰ ਮੰਨਕੇ ਸਮੁੱਚੇ ਪੰਥ ਦੀਆਂ ਡੂੰਘੀਆਂ ਚਿੰਤਾਵਾਂ, ਭੁੰਨਦੇ ਪ੍ਰਸ਼ਨਾਂ ਅਤੇ ਧਾਰਮਿਕ ਤਰਕਾਂ ਸਹਿਤ ਤੁਹਾਡੇ ਸਾਮ੍ਹਣੇ ਰੱਖ ਰਿਹਾ ਹਾਂ।ਸਿੰਘ ਸਾਹਿਬ ਜੀਓ, ਇਹ ਖ਼ਤ ਕਿਸੇ ਨਿੱਜੀ ਖ਼ਾਹਿਸ਼ ਦਾ ਜਾਂ ਲਾਲਸਾਵਾਂ ਦਾ ਪ੍ਰਗਟਾਵਾ ਵੀ ਨਹੀਂ ਹੈ, ਬਲਕਿ ਇਹ ਸਿੱਖ ਪੰਥ ਦੇ ਸਵਰਾਂ ਦਾ ਉਹ ਪ੍ਰਚੰਡ ਰੂਪ ਹੈ, ਜੋ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦਾ ਘਾਣ ਹੁੰਦੇ ਦੇਖ ਨਹੀਂ ਸਕਦਾ।ਜਥੇਦਾਰ ਸਾਹਿਬ ਜੀਓ ! ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰਫ਼ ਇਕ ਇਮਾਰਤ ਨਹੀਂ ਬਣਾਈ ਸੀ,ਸਗੋਂ ਉਹ ਉੱਚੀ ਸੁੱਚੀ ਸਿਧਾਂਤਿਕ ਸੰਸਥਾ ਹੈ,ਜਿਹੜੀ ਪੰਥ ਨੂੰ ਅਜਾਦ ਪ੍ਰਭੂ ਸੱਤਾ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਹਰ ਪਲ ਯਾਦ ਦਿਵਾਉਂਦੀ ਹੈ। ਇਸ ਰੁਹਾਨੀ ਤਖਤ ‘ਤੇ ਰਾਜਨੀਤਿਕ ਦਬਾਅ ਨਹੀਂ, ਸੱਚ ਅਤੇ ਨਿਆਂ ਦੀ ਅਡੋਲਤਾ ਦਾ ਪਹਿਰਾ ਹੋਣਾ ਚਾਹੀਦਾ ਹੈ। ਇਹ ਰੁਹਾਨੀ ਤਖ਼ਤ ਉਹ ਪਵਿੱਤਰ ਥਾਂ ਹੈ ਜਿੱਥੇ ਗੁਰੂ ਦੀ ਪੰਥਕ ਸੂਝ ਬੋਲਦੀ ਹੈ, ਨਾ ਕਿ ਕੋਈ ਸਿਆਸੀ ਲਹਿਰ, ਕੋਈ ਦਬਾਅ, ਜਾਂ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੀ ਵਕਾਲਤ। ਪਰ ਅੱਜ ਸੰਗਤ ਦੇ ਮਨ ਵਿੱਚ ਇਹ ਡਰ ਅਤੇ ਗਹਿਰਾ ਸੰਦੇਹ ਕਿਉਂ ਪੈਦਾ ਹੋ ਰਿਹਾ ਹੈ?  ਕੀ ਅਕਾਲ ਤਖ਼ਤ ਮੁੜ ਕਿਸੇ ਰਾਜਨੀਤਿਕ ਪਰਛਾਵੇਂ ਹੇਠ ਤਾਂ ਨਹੀਂ ਆ ਰਿਹਾ? ਵੈਸੇ ਤਾਂ 1849 ਵਿੱਚ ਖਾਲਸਾ ਰਾਜ ਦਾ ਸੂਰਜ ਮੁਕੰਮਲ ਰੂਪ ਚ ਛਿਪ ਜਾਣ ਤੋ ਬਾਅਦ ਕਦੇ ਵੀ ਰਾਜਨੀਤਕ ਦਬਾਅ ਤੋ ਮੁਕਤ ਨਹੀ ਰਿਹਾ,ਪਰ ਫਿਰ ਵੀ ਕਦੇ ਨਾ ਕਦੇ ਗੁਰੂ ਅਜਿਹੀ ਖੇਡ ਵਰਤਾ ਹੀ ਦਿੰਦਾ ਹੈ,ਜਦੋ ਇਸ ਰੁਹਾਨੀ ਤਖਤ ਤੋ ਪੰਥ ਦੀ ਭਾਵਨਾ ਆਪਣੇ ਆਪ ਪ੍ਰਗਟ ਹੁੰਦੀ ਪਰਤੱਖ ਦਿਖਾਈ ਦੇਣ ਲੱਗਦੀ ਹੈ।ਸੋ ਅਜਿਹੀ ਖੇਡ ਇੱਕ ਵਾਰ ਨਹੀ ਬਲਕਿ ਕਈ ਵਾਪਰਦੀ ਸੰਸਾਰ ਦੇ ਲੋਕ ਦੇਖ ਚੁੱਕੇ ਹਨ।ਸੋ ਤੁਹਾਨੂੰ ਇਹ ਸਵਾਲ ਇਸ ਲਈ ਕਰਨੇ ਬਣਦੇ ਹਨ,ਕਿਉਂਕਿ ਤੁਹਾਡੇ ਤੋ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਤੁਸੀ ਗੁਰੂ ਸਿਧਾਂਤ ਨਾਲ ਖਿਲਵਾੜ ਨਹੀ ਹੋਣ ਦੇਵੋਗੇ।ਪਰੰਤੂ ਅਸੀ ਦੁਨਿਆਵੀ ਲੋਕ ਫਿਰ ਡੋਲ ਜਾਂਦੇ ਹਾਂ ਅਤੇ ਆਪਣੇ ਮਨ ਨੂੰ ਧਰਵਾਸ ਦੇਣ ਲਈ ਤੁਹਾਨੂੰ ਇਹ ਸਵਾਲ ਕਰਦੇ ਹਾਂ ਕਿ ਕੀ ਗੁਰੂ ਸਾਹਿਬ ਦੇ ਰੁਹਾਨੀ ਤਖਤ ਦੀ ਅਜ਼ਾਦੀ ਨਾਲ  ਖਿਲਵ੍ਹਾੜ ਤਾਂ ਨਹੀ  ਕੀਤੀ ਜਾ ਰਹੀ  ? ਜਥੇਦਾਰ ਸਾਹਿਬ ਜੀਓ, ਡੇਰਾ ਸਿਰਸਾ ਮੁਖੀ ਨੂੰ “ਮੁਆਫੀ” ਦੇਣ ਵਾਲਾ ਹੁਕਮਨਾਮਾ ਤਤਕਾਲੀ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਹੋਇਆ ਸੀ। ਇਸ ’ਤੇ ਗਿਆਨੀ ਗੁਰਬਚਨ ਸਿੰਘ (ਸ੍ਰੀ ਅਕਾਲ ਤਖਤ ਸਾਹਿਬ),ਗਿਆਨੀ ਇਕਬਾਲ ਸਿੰਘ (ਤਖਤ ਸ੍ਰੀ ਪਟਨਾ ਸਾਹਿਬ),ਬਾਬਾ ਰਾਮ ਸਿੰਘ (ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ) ਗਿਆਨੀ ਗੁਰਮੁੱਖ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਮਰਹੂਮ ਗਿਆਨੀ ਮੱਲ ਸਿੰਘ (ਤਖਤ ਸ੍ਰੀ ਕੇਸਗੜ ਸਾਹਿਬ)ਦੇ ਸਪਸ਼ਟ ਦਸਤਖ਼ਤ ਮੌਜੂਦ ਹਨ।ਮੰਨਿਆ ਕਿ ਗੁਰਮੁੱਖ ਸਿੰਘ ਦਾ ਮਾਮਲਾ ਪਹਿਲਾਂ ਵਿਚਾਰਿਆ ਜਾ ਚੁੱਕਾ ਹੈ ਅਤੇ ਗਿਆਨੀ ਮੱਲ ਸਿੰਘ ਇਹ ਬੋਝ ਲੈ ਕੇ ਹੀ ਇਸ ਦੁਨੀਆਂ ਤੋ ਕੂਚ ਕਰ ਚੁੱਕੇ ਹਨ,ਪਰੰਤੂ ਤੁਹਾਡੇ ਵੱਲੋਂ ਬਾਕੀ ਬਚਦੇ ਤਿੰਨ ਦੋਸ਼ੀਆਂ ਦੀ ਬਜਾਏ ਇਕ ਹੀ ਦੋਸ਼ੀ ਗੁਰਬਚਨ ਸਿੰਘ  ਨੂੰ ਤਲਬ  ਕਰਨ ਪਿੱਛੇ ਕੀ ਮਜਬੂਰੀ ਹੈ ? ਜਦ ਗਲਤੀ ਸਾਂਝੀ ਸੀ, ਤਾਂ ਤਨਖਾਹ ਲਾਉਣ ਸਮੇ ਤੁਸੀ ਇਕ ਤਰਫੇ ਕਿਵੇਂ ਹੋ ਗਏ ?  ਕੀ ਬਾਕੀ ਦੋ ਜਥੇਦਾਰਾਂ ਨੂੰ ਤਲਬ ਨਾ ਕਰਕੇ ਤੁਸੀ ਇਹ ਗੁਰੂ ਦੀ ਸਰਬ ਉੱਚ ਅਦਾਲਤ ਦਾ ਅਪਮਾਨ ਨਹੀ ਕੀਤਾ ?  ਕੀ ਇਹ ਦੋ ਜਥੇਦਾਰ ਕਿਸੇ ਰਾਜਨੀਤਿਕ ਛੱਤ ਹੇਠ ਹਨ, ਇਸ ਲਈ ਬਚਾਏ ਗਏ ਹਨ ਜਾਂ ਅਜੇ ਪ੍ਰਕਿਰਿਆ ਅਧੂਰੀ ਹੈ ?ਇਹ ਵੀ ਸਪੱਸਟ ਹੋਣਾ ਚਾਹੀਦਾ ਹੈ। ਇਹ ਪ੍ਰਸ਼ਨ ਅੱਜ ਹਰ ਗੁਰਸਿਖ ਦੇ ਮਨ ਨੂੰ ਬੇਚੈਨ ਕਰ ਰਿਹਾ ਹੈ। ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠਾ “ਰੁਤਬੇਦਾਰ” ਸੇਵਕ ਅਧੂਰਾ ਨਿਆਂ ਕਰੇ,ਤਾਂ ਉਹ ਨਿਆਂ ਨਹੀਂ—ਫ਼ਰਕ-ਭੇਦ ਹੈ, ਤੇ ਫ਼ਰਕ-ਭੇਦ ਧਾਰਮਿਕ ਅਦਾਲਤ ਦੀ  ਸੇਵਾ ਨਹੀਂ, ਬਲਕਿ ਉਸਦੀ ਬੇਇਜ਼ਤੀ ਹੁੰਦਾ ਹੈ ਸਿੰਘ ਸਾਹਿਬ ਜੀ। ਏਥੇ ਹੀ ਬੱਸ ਨਹੀ ਜਥੇਦਾਰ ਜੀ !ਸਮੁੱਚੇ ਪੰਥ ਦੇ ਮਨਾਂ ਅੰਦਰ ਇੱਕ ਹੋਰ ਵੀ ਤੌਖਲਾ ਅਤੇ ਡਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ,ਉਹ ਹੈ ਮਰਹੂਮ ਸ੍ਰ ਪ੍ਰਕਾਸ਼ ਸਿੰਘ ਬਾਦਲ ਤੋ ਵਾਪਸ ਲਏ ਗਏ ਪੁਰਸ਼ਕਾਰ ਦੇ ਸਬੰਧ ਵਿੱਚ। ਦੋ ਦਸੰਬਰ 2024 ਦੇ ਗੁਰਮਤੇ ਅਨੁਸਾਰ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ “ਫ਼ਖ਼ਰੇ ਕੌਮ” ਅਵਾਰਡ ਵਾਪਸ ਲਿਆ ਗਿਆ ਸੀ, ਇਹ ਫੈਸਲਾ ਪੰਥ ਦੇ ਦੁੱਖਾਂ ਦੀ ਕੁੱਝ ਕੁ ਭਰਪਾਈ ਦਾ ਯਤਨ ਸਮਝਿਆ ਗਿਆ ਸੀ।ਇਸ ਫੈਸਲੇ ਨੂੰ ਮੁੜ ਖੋਲ੍ਹਣ ਦੀ ਚਰਚਾ ਨੇ ਪੰਥ ਨੂੰ ਬੇਚੈਨ ਕੀਤਾ ਹੋਇਆ ਹੈ।ਜਥੇਦਾਰ ਜੀ ! ਕੌਮ ਦੇ ਜ਼ਖ਼ਮਾਂ ’ਤੇ ਰਾਜਨੀਤਿਕ ਪਲਾਸਤਰ ਲਾਉਣ ਦੀ ਗੁਸਤਾਖੀ ਭੁੱਲ ਕੇ ਵੀ ਨਾ ਕਰਿਓ। ਜੇ ਤੁਸੀਂ ਇਹ ਫੈਸਲਾ ਰੱਦ ਕਰਨ ਜਾਂ ਬਦਲਣ ਦੀ ਕੋਸ਼ਿਸ਼ ਕਰਦੇ ਹੋ,ਤਾਂ ਇਹ ਤੁਹਾਡੇ ਵੱਲੋਂ ਸ੍ਰੀ ਅਕਾਲ ਤਖਤ ਦੀ ਨੀਂਹ ਨੂੰ ਹਿਲਾਉਣ ਵਾਲਾ ਗੁਨਾਹ ਹੋਵੇਗਾ, ਸਿੰਘ ਸਾਹਿਬ ਜੀ ! ਤੁਹਾਨੂੰ ਇਹ ਅਹਿਸਾਸ ਹਰ ਪਲ ਹੋਣਾ ਚਾਹੀਦਾ ਹੈ ਕਿ ਜੇਕਰ ਤੁਸੀ ਰਾਜਨੀਤਕ ਦਬਾਅ ਮੰਨਕੇ ਤਖਤ ਸਾਹਿਬ ਦੀ ਮਰਯਾਦਾ ਨਾਲ ਛੇੜ ਛਾੜ ਕਰਦੇ ਹੋ ਤਾਂ ਇਤਹਾਸ ਵਿੱਚ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦੋਸ਼ੀਆਂ ਵਿੱਚ  ਗੁਰਬਚਨ ਸਿੰਘ ਤੋ ਵੱਡਾ ਗੁਨਾਹਗਾਰ ਸਮਝਿਆ ਜਾਵੇਗਾ। ਅਕਾਲ ਤਖ਼ਤ ਦੇ ਫੈਸਲੇ ਗੁਰੂ ਦੀ ਹਜੂਰੀ ਵਿੱਚ ਬਦਲੇ ਨਹੀਂ ਜਾਂਦੇ।ਗੁਰਮਤਿ ਅਨੁਸਾਰ “ਪੰਥ ਦੇ ਸਾਂਝੇ ਫੈਸਲੇ ਨੂੰ ਚੁਣਿੰਦੇ ਹਿੱਤਾਂ ਲਈ ਤੋੜਨਾ ਮਹਾਂ ਗੁਨਾਹ ਹੋਵੇਗਾ ਅਤੇ ਤੁਸ8 ਗੁਨਾਹਗਾਰ ਜਥੇਦਾਰ ਜੀ ! ਤੁਸੀ ਇਹ ਤਾਂ ਭਲੀ ਭਾਤ ਜਾਣਦੇ ਹੀ ਹੋਂ ਕਿ  ਪੰਜ ਸਿੰਘ ਸਾਹਿਬਾਨ ਦਾ ਇਕੱਠੇ ਲਿਆ ਫੈਸਲਾ ਅੰਤਿਮ ਹੁੰਦਾ ਹੈ, ਜੇਕਰ ਤਿੰਨ ਤਖਤਾਂ ਦੀ ਸਹਿਮਤੀ ਹੋਵੇ।”ਕੀ ਤਿੰਨ ਤਖ਼ਤਾਂ ਨੇ ਇਹ ਮੰਗ ਕੀਤੀ ?ਕੀ ਪੰਥ ਨੇ ਇਹ ਮੰਗ ਕੀਤੀ ?ਜੇਕਰ  ਨਹੀਂ ਕੀਤੀ ਤਾਂ ਫਿਰ ਇਹ ਫੈਸਲਾ ਬਦਲਣ ਲਈ ਕੌਣ ਯਤਨਸ਼ੀਲ ਹੈ,ਇਹ ਵੀ ਦੱਸਣ ਦੀ ਜਰੂਰ ਕਿਰਪਾ ਕਰਿਓ ਜੀ।
ਸਿੰਘ ਸਾਹਿਬ ਜੀ, ਤਖ਼ਤ ਗੁਰੂ ਦਾ ਹੈ ਕਿਸੇ ਰਾਜਨੀਤਿਕ ਪਰਿਵਾਰ ਦਾ ਨਹੀਂ, ਅਕਾਲ ਤਖਤ ਮੀਰੀ ਪੀਰੀ ਦੇ ਪਾਤਸ਼ਾਹ ਛੇਵੇਂ ਗੁਰੂ ਸਾਹਿਬ ਦਾ ਤਖ਼ਤ ਹੈ , ਇਸ ਲਈ ਤੁਹਾਡਾ ਕਿਸੇ ਰਾਜਨੀਤਕ ਦਬਾਅ ਅੱਗੇ ਝੁਕਣਾ ਮੀਰੀ ਪੀਰੀ ਦੇ ਸਿਧਾਂਤ ਦੀ ਹੇਠੀ ਹੈ।ਤੁਹਾਡੇ ਵੱਲੋਂ ਦਿਖਾਈ ਗਈ ਥੋੜੀ ਜਿਹੀ ਕਮਜ਼ੋਰੀ ਪੰਥਕ ਰਹੁ ਰੀਤਾਂ ਦਾ ਵੱਡਾ ਘਾਣ ਹੋ ਸਕਦਾ ਹੈ।ਪੰਥ ਨੂੰ ਡਰ ਹੈ ਕਿ ਦੋ ਦਸੰਬਰ ਵਾਲੇ ਫੈਸਲੇ ਨੂੰ ਰਾਜਨੀਤਿਕ ਦਬਾਅ ਦੇ ਤਹਿਤ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ।ਜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਰਾਜਨੀਤਿਕ ਦਬਾਅ ਹੇਠ ਫ਼ੈਸਲੇ ਬਦਲਣ ਲੱਗ ਪਏ,ਤਾਂ ਤਖ਼ਤ ਦੀ ਅਜ਼ਾਦੀ ਦਾ ਹੀ ਅੰਤ ਨਹੀ ਹੋ ਜਾਵੇਗਾ, ਬਲਕਿ ਸਿਧਾਂਤਾਂ ਦਾ ਵੀ ਕਤਲ ਹੋਵੇਗਾ। ਜਥੇਦਾਰ ਜੀ ਖਤ ਵਿੱਚ ਪ੍ਰਗਟ ਕੀਤੇ ਗਏ ਜਜ਼ਬਾਤਾਂ ਨੂੰ ਪੰਥਕ ਨਜਰੀਏ ਤੋ ਵਿਚਾਰਿਆ ਜਾਵੇ ਜੀ,ਕਿਉਂਕਿ ਮੇਰੀ ਇਹ ਲਿਖਤ ਪੰਥਕ ਭਾਵਨਾਵਾਂ ਦੀ ਹੀ ਤਰਜਮਾਨੀ ਹੈ। ਪੰਥ ਦੇ ਮਨਾਂ ਵਿੱਚੋਂ ਗਲਤ ਫਹਿਮੀਆਂ ਦੂਰ ਕਰਨ ਲਈ ਤੁਹਾਨੂੰ ਤਖ਼ਤ ਦੀ ਅਜ਼ਾਦੀ ਬਾਰੇ ਸਪਸ਼ਟ ਅਤੇ ਜਨਤਕ ਬਿਆਨ ਜਾਰੀ ਕਰਨਾ ਚਾਹੀਦਾ ਹੈ,ਤਾਂ ਕਿ ਸੰਗਤ ਨੂੰ ਇਹ ਭਰੋਸਾ ਹੋ ਸਕੇ ਕਿ ਅੱਗੇ ਤੋਂ ਕੋਈ ਫੈਸਲਾ ਰਾਜਨੀਤਿਕ ਦਬਾਅ ਹੇਠ ਨਹੀਂ ਲਿਆ ਜਾਵੇਗਾ। ਸੋ ਅਖੀਰ ਵਿੱਚ ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਤੁਹਾਨੂੰ ਗੁਰੂ ਦੀ ਰਜ਼ਾ ਵਿੱਚ ਰਹਿ ਕੇ ਪੰਥਕ ਹਿਤ ਦੇ ਅਡੋਲ ਫ਼ੈਸਲੇ ਕਰਨ ਦੀ ਬੇਅੰਤ ਤਾਕਤ ਬਖ਼ਸ਼ੇ।ਭੁਲ ਚੁੱਕ ਦੀ ਖਿਮਾ, ਆਪ ਜੀ ਦੀ ਦ੍ਰਿੜਤਾ,ਨਿੱਡਰਤਾ ਅਤੇ ਨਿਰਪੱਖਤਾ ਦਾ ਆਸਮੰਦ/
ਬਘੇਲ ਸਿੰਘ ਧਾਲੀਵਾਲ
99142-58142

ਚਿੰਤਾਜਨਕ ਹੈ ਸਿੱਖਾਂ ਪ੍ਰਤੀ ਰਾਜਸਥਾਨ ਸਰਕਾਰ ਦੀ ਮੰਦ ਭਾਵਨਾ - ਬਘੇਲ ਸਿੰਘ ਧਾਲੀਵਾਲ

ਉਂਜ ਤਾਂ ਆਏ ਦਿਨ ਭਾਰਤ ਅੰਦਰ ਸਿੱਖਾਂ ਸਮੇਤ ਸਮੁੱਚੀਆਂ  ਹੀ ਘੱਟ ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ,ਪਰ ਜਿਸ ਤਰਾਂ ਰਾਜਸਥਾਨ ਦੀ ਭਾਜਪਾ ਸਰਕਾਰ ਵੱਲੋਂ ਸਿੱਖਾਂ ਨੂੰ ਜਾਣ ਬੁੱਝ ਕੇ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਹੈ,ਇਹ ਬੇਹੱਦ ਹੀ ਨਿੰਦਣ ਯੋਗ ਅਤੇ ਚਿੰਤਾਜਨਕ ਵਰਤਾਰਾ ਹੈ।ਦੇਖਣ ਵਿੱਚ ਆਇਆ ਹੈ ਕਿ ਰਾਜਸਥਾਨ ਸਰਕਾਰ 1984 ਵੇਲੇ ਦੇ ਕੇਸਾਂ ਵਿੱਚੋਂ ਸਜਾਵਾਂ ਪੂਰੀਆਂ ਕਰਕੇ ਬਾਹਰ ਆ ਚੁੱਕੇ ਜਾਂ ਬਰੀ ਹੋ ਚੁੱਕੇ ਸਿੱਖਾਂ ਦੀ ਮੁੜ ਸਨਾਖਤ ਕਰਕੇ ਉਹਨਾਂ ਨੂੰ ਥਾਣਿਆਂ ਵਿੱਚ ਸੱਦ ਕੇ ਹੈਰਾਨ ਪਰੇਸ਼ਾਨ ਕਰ ਰਹੀ ਹੈ।ਸੋਚਣ ਵਾਲੀ ਗੱਲ ਹੈ ਕਿ ਜਿੰਨਾਂ ਕੇਸਾਂ ਵਿੱਚ ਸਿੱਖ ਬਰੀ ਹੋ ਚੁੱਕੇ ਹਨ ਜਾਂ ਸਜਾਵਾਂ ਭੁਗਤ ਕੇ ਆਪਣੇ ਘਰਾਂ ਵਿੱਚ ਰਹਿ ਕੇ ਆਪਣਾ ਕੰਮ ਧੰਦਾ ਕਰ ਕੇ ਪਰਿਵਾਰ ਪਾਲ਼ ਰਹੇ ਹਨ,ਉਹਨਾਂ ਕੇਸਾਂ ਵਿੱਚੋਂ ਸਿੱਖਾਂ ਨੂੰ  ਫਾਰਗ ਹੋਇਆਂ ਨੂੰ ਵੀ ਦਹਾਕਿਆਂ ਬੱਧੀ ਸਮਾ ਬੀਤ ਚੁੱਕਾ ਹੈ, ਹੁਣ 40,40 ਸਾਲ ਬਾਅਦ  ਬਜ਼ੁਰਗ ਹੋ ਚੁੱਕੇ ਸਿੱਖਾਂ ਨੂੰ ਉਹਨਾਂ ਪੁਰਾਣੇ  ਕੇਸਾਂ ਦਾ ਹਵਾਲਾ  ਦੇ ਕੇ ਮੁੜ ਥਾਣਿਆਂ ਵਿੱਚ ਬੁਲਾ ਕੇ ਪੁੱਛ ਪੜਤਾਲ ਦੇ ਨਾਮ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।ਉਹਨਾਂ ਦੀ ਜਾਇਦਾਦ ਦੇ ਵੇਰਵੇ ਮੰਗੇ ਜਾ ਰਹੇ ਹਨ, ਕੀ ਅਜਿਹਾ ਕਰਨਾ ਜਾਇਜ਼ ਹੈ ? ਅਦਾਲਤਾਂ ਤੋ ਬਰੀ ਹੋ ਚੁੱਕੇ ਵਿਅਕਤੀਆਂ ਨੂੰ ਮੁੜ ਥਾਣਿਆਂ ਚ ਸੱਦਿਆ ਜਾਣਾ ਬਣਦਾ ਹੈ,ਉਹ ਵੀ ਬਗੈਰ ਕਿਸੇ ਦੋਸ਼ ਤੋ, ਬਗੈਰ ਕਿਸੇ ਸ਼ਿਕਾਇਤ ਤੋ ਅਤੇ ਬਗੈਰ ਕਿਸੇ ਕਨੂੰਨੀ ਨੋਟਿਸ ਤੋਂ ? ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ,ਤਾਂ ਆਮ ਸਿੱਖ ਭਾਂਵੇਂ ਉਹ ਕਿਤੇ ਵੀ ਰਹਿ ਰਿਹਾ ਹੋਵੇ ਉਹਦਾ ਦਾ ਮਨ ਵੀ ਗੁਲਾਮੀ ਦਾ ਅਨੁਭਵ ਕਰਨ ਲੱਗਦਾ ਹੈ। ਰਾਜਸਥਾਨ ਦੇ ਸ੍ਰੀ ਗੰਗਾ ਨਗਰ ਦੇ ਬੱਸ ਸਟੈਂਡ ਪੁਲਿਸ ਚੌਂਕੀ ਤੋ ਜਨਤਕ ਹੋਈ ਵੀਡੀਓ ਵਿੱਚ ਪੀੜਤ ਸਿੱਖਾਂ ਵੱਲੋਂ ਭਾਜਪਾ ਚ ਬੈਠੇ ਸਿੱਖ ਚੌਧਰੀਆਂ ਅਤੇ ਸੰਘੀ ਸਿੱਖਾਂ ਨੂੰ ਵੀ ਨਿਹੋਰੇ ਦਿੱਤੇ ਗਏ ਹਨ।ਖਾਸ ਕਰਕੇ ਦਿੱਲੀ ਅਤੇ ਪੰਜਾਬ ਵਾਲੇ ਸਿੱਖਾਂ ‘ਤੇ ਇਸ ਗੱਲ ਦਾ ਗਿਲਾ ਜਤਾਇਆ ਗਿਆ ਹੈ ਕਿ ਜਿਹੜੀ ਪਾਰਟੀ ਸਿੱਖਾ ਦੀ ਹੋਂਦ ਮਿਟਾਉਣ ਲਈ ਜਤਨਸ਼ੀਲ ਹੈ,ਤੁਸੀ ਉਹਨਾਂ ਤੋ ਚੇਅਰਮੈਨੀਆਂ,ਵਜ਼ੀਰੀਆਂ  ਮਾਨਣ ਦੇ ਲਾਲਚ ਵਿੱਚ ਆਪਣੀ ਹੀ ਕੌਂਮ ਨਾਲ ਹੁੰਦੀਆਂ ਬੇ ਇਨਸਾਫੀਆਂ ਵੱਲ ਪਿੱਠ ਕਰ ਲਈ ਹੈ।ਰਾਜਸਥਾਨ ਦੇ ਉਹਨਾਂ ਪੀੜਤ ਸਿੱਖਾਂ ਦਾ ਕਹਿਣਾ ਹੈ ਕਿ ਜਦੋ ਕਿਸੇ ਜਾਟ ਸਮਾਜ,ਰਾਜਪੂਤ ਸਮਾਜ ਬਾਗੜੀ ਜਾ ਮੀਣੇ ਸਮਾਜ ਦੇ ਲੋਕਾਂ ਤੇ ਅਜਿਹੀ ਕੋਈ ਬਿਪਤਾ ਪੈਂਦੀ ਹੈ ਤਾਂ ਝੱਟ ਉਹ ਸਾਰਾ ਸਮਾਜ ਇਕੱਠਾ ਹੋ ਜਾਂਦਾ ਹੈ ਤੇ ਇਨਸਾਫ ਲਈ ਇੱਕਜੁੱਟਤਾ ਨਾਲ ਅਵਾਜ ਬੁਲੰਦ ਕਰਦਾ ਹੈ,ਜਿਸ ਦੇ ਫਲ ਸਰੂਪ ਉਹ ਲੋਕ ਆਪਣੇ ਹੱਕ ਅਤੇ ਇਨਸਾਫ ਪਰਾਪਤ ਕਰ ਲੈਂਦੇ ਹਨ,ਪਰ ਸਿੱਖਾਂ ਲਈ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਹ ਆਪਣੇ ਨਾਲ ਹੁੰਦੇ ਅਨਿਆਂ ਦੇ ਖਿਲਾਫ ਬੋਲਣ ਤੋਂ ਵੀ ਟਾਲ਼ਾ ਵੱਟਣ ਲੱਗੀ ਹੈ।ਇੱਕੋ ਇੱਕ ਸਿੱਖ ਕੌਂਮ ਹੀ ਅਜਿਹੀ ਕੌਂਮ ਹੈ,ਜਿਹੜੀ ਆਪਣੇ ਹੱਕ ਹਿਤ ਤਲਵਾਰ ਨਾਲ ਲੈਣਾ ਜਾਣਦੀ ਹੈ,ਅਤੇ ਤਲਵਾਰ ਦੀ ਬਹਾਦਰੀ ਨਾਲ ਵੱਡੇ ਰਾਜ ਭਾਗ ਹੰਢਾ ਵੀ ਚੁੱਕੀ ਹੈ,ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਸਭ ਤੋ ਵੱਧ ਕੁਰਬਾਨੀਆਂ ਵੀ  ਸਿੱਖ ਕੌਂਮ ਦੇ ਹਿੱਸੇ  ਆਈਆਂ ਹਨ,ਪਰੰਤੂ ਇਸ ਦੇ ਬਾਵਜੂਦ ਹੁਣ ਉਹਨਾਂ ਦੀ ਗੈਰਤ ਉਹਨਾਂ ਨੂੰ ਆਪਣੇ ਸਮਾਜ ਨਾਲ ਖੜਨ  ਲਈ ਗਫਲਤ ਦੀ ਨੀਂਦ ਚੋਂ ਨਹੀ ਜਗਾਉਂਦੀ,ਆਪਣੇ ਫਿਰਕੇ ਦੇ ਲੋਕਾਂ ਨਾਲ ਹੁੰਦੇ ਅਨਿਆ ਦੇ ਖਿਲਾਫ ਇਕੱਠਿਆਂ ਹੋਣ ਲਈ ਸਿੱਖ ਮਨਾਂ ਅੰਦਰ ਤਾਂਘ ਪੈਦਾ ਨਹੀ ਕਰਦੀ,ਲਿਹਾਜ਼ਾ ਭਾਰਤ ਵਰਸ਼ ਅੰਦਰ ਸਮੁੱਚੀ ਸਿੱਖ ਕੌਂਮ ਦੀ ਦੁਰਗਤੀ ਇੱਕ ਆਮ ਵਰਤਾਰਾ ਬਣ ਗਿਆ ਹੈ। ਇੱਕ ਪਾਸੇ ਕੇਂਦਰ ਅਤੇ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਸਿੱਖ ਗੁਰੂ ਸਾਹਿਬਾਨਾਂ ਅਤੇ  ਸਾਹਿਬਜ਼ਾਦਿਆਂ  ਦੇ ਸ਼ਹੀਦੀ ਦਿਹਾੜਿਆਂ ਨੂੰ ਜੋਰ ਸ਼ੋਰ ਨਾਲ ਪਰਚਾਰਦੀ ਹੈ,ਦੂਜੇ ਪਾਸੇ ਗੁਰਦੁਆਰੇ ਢਾਹੁਣ ਦੀਆਂ ਵੀਡੀਓ ਜਨਤਕ ਹੋ ਜਾਂਦੀਆਂ ਹਨ। ਇਹ ਕਿਹੋ ਜਿਹੀ ਦੰਭੀ ਸਿਆਸਤ ਹੈ ਇੱਕ ਪਾਸੇ ਸਿੱਖਾਂ ਨੂੰ ਵਡਿਆਉਣ ਲਈ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣ ਦੀ ਗੱਲ ਪਰਚਾਰੀ ਜਾਂਦੀ ਹੈ,ਉਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਕੌਂਮ ਦੇ ਸੋਹਿਲੇ ਵੀ ਖੂਬ ਗਾਏ ਜਾਂਦੇ ਹਨ,ਪਰ ਉਸ ਸਮੇ ਹੀ ਦੂਜੇ ਪਾਸੇ ਸਿੱਖਾਂ ਨਾਲ ਅਨਿਆਂ ਦੀਆਂ ਖਬਰਾਂ ਆ ਜਾਂਦੀਆਂ ਹਨ।ਹੁਣ ਵੀ ਇਸਤਰਾਂ ਦਾ ਹੀ ਵਰਤਾਰਾ ਸਾਹਮਣੇ ਆਇਆ ਹੈ।ਇੱਕ ਪਾਸੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਵੱਡੀ ਪੱਧਰ ਤੇ ਮਨਾਉਣ ਦਾ ਪਰਚਾਰ ਕਰ ਰਹੀਆਂ ਹਨ, ਪਰ ਦੂਜੇ ਪਾਸੇ ਗੁਆਂਢੀ ਸੂਬੇ ਰਾਜਸਥਾਨ ਅੰਦਰ 80, 90 ਦੇ ਦਹਾਕੇ ਵਿੱਚ ਸਿੱਖ ਹਿਤਾਂ ਦੀ ਲੜਾਈ ਵਿੱਚ ਸ਼ਾਮਲ ਉਹਨਾਂ ਸਿੱਖਾਂ ਨੂੰ ਥਾਣਿਆਂ ਵਿੱਚ ਸੱਦ ਕੇ ਪੁਲਿਸ ਕਾਰਵਾਈ ਇਸ ਕਰਕੇ ਸ਼ੁਰੂ ਕੀਤੀ ਜਾ ਰਹੀ ਹੈ ਕਿ 1984 ਵਿੱਚ ਉਹਨਾਂ ਨੇ ਪੰਥਕ ਕਾਰਜਾਂ ਲਈ ਜੇਲ ਕੱਟੀ ਸੀ। ਜਿਹੜੇ ਸਿੱਖ ਬਜ਼ੁਰਗ ਉਮਰ ਵਿੱਚ ਵੀ 80, 80 ਸਾਲਾਂ ਦੇ ਕਰੀਬ ਹੋ ਚੁੱਕੇ ਹਨ ਅਤੇ ਉਹਨਾਂ ਦੇ ਪੁਲਿਸ, ਕਚਹਿਰੀਆਂ ਵਿੱਚੋਂ ਕੇਸ ਨਿਬੜਿਆਂ ਨੂੰ ਵੀ 25,25  ਸਾਲ ਗੁਜਰ ਚੁੱਕੇ ਹਨ,ਉਹਨਾਂ ਨੂੰ ਹੁਣ ਦੁਵਾਰਾ ਥਾਣਿਆਂ ਵਿੱਚ ਬੁਲਾ ਕੇ ਇਹ ਕਹਿਕੇ ਤੰਗ ਪਰੇਸ਼ਾਨ ਕਰਨਾ ਕੀ ਇਹ ਦੂਹਰੇ ਮਾਪਦੰਡ ਨਹੀ ? ਕੀਇਹ ਸਿੱਖਾ ਦੇ ਜਖਮਾਂ ਤੇ ਲੂਣ ਪਾਉਣ ਵਰਗਾ ਵਿਰਤਾਂਤ ਨਹੀ ਹੈ ? ਅਜਿਹੇ ਵਿਤਕਰੇਵਾਜੀ ਵਾਲੇ ਅਤੇ  ਨਫਰਤੀ ਹਾਲਾਤਾਂ ਨੂੰ ਪੈਦਾ ਹੋਣ ਤੋ ਰੋਕਣਾ ਕੇਂਦਰ ਦੀ  ਜਿੰਮੇਵਾਰੀ ਬਣਦੀ ਹੈ। ਜੇਕਰ ਕੇਂਦਰ ਸਰਕਾਰ ਸੱਚਮੁੱਚ ਹੀ ਸਿੱਖਾਂ ਦੀ ਅਹਿਸਾਨਮੰਦ ਹੈ ਅਤੇ ਸਿੱਖਾਂ ਨਾਲ ਚੰਗੇ ਸਬੰਧ ਰੱਖਣਾ ਚਾਹੁੰਦੀ ਹੈ,ਤਾਂ ਉਹਨਾਂ ਨੂੰ ਰਾਜਸਥਾਨ ਵਰਗੇ ਸੂਬਿਆਂ  ਦੀਆਂ ਸਰਕਾਰਾਂ ਨੂੰ ਅਜਿਹਾ ਕਰਨ ਤੋ ਸਖ਼ਤੀ ਨਾਲ ਵਰਜਣਾ ਚਾਹੀਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖ ਮਨਾਂ ਵਿੱਚ ਬੇਗਾਨਗੀ ਦੀ ਭਾਵਨਾ ਹੋਰ ਵਧੇਗੀ,ਜਿਸ ਦੇ ਦੂਰਗਾਮੀ ਨਤੀਜੇ ਹਕੂਮਤਾਂ ਦੇ ਕਿਆਫ਼ਿਆਂ ਦੇ ਅਨੁਕੂਲ ਨਹੀ ਹੋ ਸਕਣਗੇ।
ਬਘੇਲ ਸਿੰਘ ਧਾਲੀਵਾਲ
99142-58142

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ  -  ਬਘੇਲ ਸਿੰਘ ਧਾਲੀਵਾਲ

ਅਣਖਾਂ ਦੀ ਜਰਖੇਜ ਮਿੱਟੀ ਚੋ ਪੈਦਾਂ ਹੋਏ ਪੰਜਾਬੀਆਂ ਦੀ ਅਣਖ ਨੂੰ ਜਦੋ ਵੀ ਕਿਸੇ ਨੇ ਵੰਗਾਰਨ ਦੀ ਕੋਸ਼ਿਸ਼ ਕੀਤੀ ਹੈ,ਉਹਨੂੰ ਮੂੰਹ ਦੀ ਖਾਣੀ ਪਈ ਹੈ।ਇਹ ਕੋਈ ਕਹਿਣ ਦੀਆਂ ਗੱਲਾਂ ਨਹੀ ਹਨ,ਬਲਕਿ ਪੰਜਾਬ ਦਾ ਇਤਿਹਾਸ ਅਜਿਹਾ ਸਮਝਾ ਰਿਹਾ ਹੈ।ਇਹ ਬਾਬਰ,ਜਹਾਂਗੀਰ ਤੋ ਲੈ ਕੇ ਔਰੰਗਜੇਬ,ਫਰਖ਼ਸ਼ੀਅਰ, ਦੁਰਾਨੀਆਂ ਅਵਦਾਲੀਆਂ ਤੋ ਹੁੰਦਾ ਹੋਇਆ ਗੋਰੇ ਫਰੰਗੀਆਂ ਤੋ ਇੰਦਰਾ ਗਾਂਧੀ ਤੱਕ ਅਤੇ ਉਸ ਤੋ ਵੀ ਅੱਗੇ ਦਿੱਲੀ ਅੰਦੋਲਨ ਤੱਕ ਦਾ ਵਰਤਾਰਾ ਇਸ ਇਤਿਹਾਸਿਕ ਸਚਾਈ ਦੀ ਗਵਾਹੀ ਭਰਦਾ ਹੈ,ਕਿ ਪੰਜਾਬ ਨੇ ਕਦੇ ਵੀ ਆਪਣੀ ਅਣਖ ਨੂੰ ਆਂਚ ਨਹੀ ਆਉਣ ਦਿੱਤੀ।ਹੁਣ ਜਦੋ ਪੰਜਾਬ ਵਿੱਚ ਉਸ ਪਾਰਟੀ ਦੀ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ,ਜਿਸ ਦੀ  ਬੁਨਿਆਦ ਹੀ ਪੰਜਾਬ ਦੇ ਸਿਰ ਤੇ ਖੜੀ ਹੈ ਅਤੇ ਜੇਕਰ 2014 ਵਿੱਚ ਪੰਜਾਬ ਦੇ ਵੋਟਰ ਚਾਰ ਮੈਬਰ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਵਿੱਚ ਨਾ ਭੇਜਦੇ ਤਾਂ ਅੱਜ ਤੋ ਕਾਫੀ ਸਮਾ ਪਹਿਲਾਂ ਹੀ ਇਹ ਪਾਰਟੀ ਆਪਣੀ ਹੋਂਦ ਗਵਾ ਚੁੱਕੀ ਹੁੰਦੀ।ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਆਸ ਨਾਲ ਬਣਾਈ ਸੀ ਕਿ ਇਹ ਪੰਜਾਬ ਵਿੱਚ ਅਜਿਹਾ ਬਦਲਾਓ ਲੈ ਕੇ ਆਵੇਗੀ,ਜਿਹੜਾ ਉਹਨਾਂ ਦੇ ਪਿਛਲੇ 70,75 ਸਾਲਾਂ ਵਿੱਚ ਬਦ ਤੋ ਬਦਤਰ ਹੋਏ ਹਾਲਾਤਾਂ ਨੂੰ ਸੁਧਾਰਨ ਦੇ ਉਪਰਾਲੇ ਕਰੇਗਾ,ਪਰ ਹੋਇਆ ਕੀ ? ਸਾਰਾ ਕੁੱਝ ਹੀ ਉਲਟ। ਕਹਿਣੀ ਤੇ ਕਰਨੀ ਵਿੱਚ ਜਮੀਨ ਅਸਮਾਨ ਦੇ ਫਰਕ ਤੋ ਵੀ ਜਿਆਦਾ ਫਰਕ,ਬਲਕਿ ਮੋਮੋਠਗਣੀਆਂ ਦੇ ਮਾਹਰ ਦਿੱਲੀ ਦੀ ਨਵੀ ਸਿਆਸਤ ਨੇ ਪੰਜਾਬ ਨੂੰ ਅਸਲੋਂ ਹੀ ਬੁੱਧੂ ਸਮਝ ਲਿਆ।ਉਹ ਇਹ ਗੱਲ ਸਾਇਦ ਅਜੇ ਤੱਕ ਵੀ ਨਹੀ ਸਮਝੇ ਕਿ ਉਹਨਾਂ ਦੀ ਪੰਜਾਬ ‘ਤੇ ਜਿੱਤ ਜਿੱਥੇ ਉਹਨਾਂ ਦੇ ਸਬਜ ਬਾਗਾਂ ਦੀ ਭਰਮਾਰ ਕਰਕੇ ਵੀ ਸੀ,ਓਥੇ ਇਸ ਦਾ ਮੁੱਖ ਕਾਰਨ ਤਾਂ ਲੋਕਾਂ ਦਾ ਇੱਥੋ ਦੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਤੋ ਮੋਹ ਭੰਗ ਹੋਣ ਕਰਕੇ ਸੀ,ਪਰ ਆਪ ਦੀ ਦਿੱਲੀ ਦੀ ਲੀਡਰਸ਼ਿੱਪ ਇਸ ਜਿੱਤ ਨੂੰ ਪੰਜਾਬ  ਦੇ ਲੋਕਾਂ ਨੂੰ ਮੂਰਖ ਬਨਾਉਣ ਦੀ ਆਪਣੀ ਕਾਬਲੀਅਤ ਸਮਝਣ ਦੀ ਭੁੱਲ ਕਰ ਬੈਠੀ। ਇਹ ਦੁਖਾਂਤ ਹੀ ਸਮਝਣਾ ਹੋਵੇਗਾ ਕਿ ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ,ਬਲਕਿ ਗਲਤ ਅੰਦਾਜੇ ਲਾਕੇ ਭਵਿੱਖ ਦੀ ਰਾਜਨੀਤੀ ਤਹਿ ਕਰਨ ਦੇ ਮਨਸੂਬੇ ਬਣਾ ਰਹੀ ਹੈ। ਲਿਹਾਜ਼ਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਦੇ ਨੇਤਾ ਮੁਨੀਸ਼ ਸ਼ਿਸ਼ੋਦੀਆ ਦੀ ਵਾਇਰਲ ਹੋਈ ਵੀਡੀਓ ਤੋ ਸਪੱਸਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਪੰਜਾਬ  ਦੇ ਲੋਕਾਂ ਨੂੰ ਅਸਲ ਵਿੱਚ ਕੀ ਸਮਝ ਬੈਠੀ ਹੈ।ਉਹਨਾਂ ਦਾ ਮੰਨਣਾ ਹੈ ਕਿ ਜਿਸਤਰਾਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਾਗ ਦਿਖਾ ਕੇ ਅਤੇ ਝੂਠ ਮੂਠ ਦੇ ਇਨਕਲਾਬ ਦੇ ਨਾਹਰਿਆਂ ਨਾਲ 2014 ਤੋ ਲੈ ਕੇ ਭਰਮਾਉਂਦੇ ਆ ਰਹੇ ਹਨ,ਸ਼ਾਇਦ ਹੁਣ ਵੀ ਕੁੱਝ ਇਹੋ ਜਿਹਾ ਹੀ ਕਰਕੇ ਮੁੜ ਸੱਤਾ ਤੇ ਕਾਬਜ਼ ਹੋ ਸਕਣਗੇ।ਬਲਕਿ ਇਸ ਵਾਰ ਤਾਂ ਮੁਨੀਸ ਸ਼ਿਸ਼ੋਦੀਆ “ਸਾਮ ਦਾਮ ਦੰਡ ਭੇਦ ਦੇ ਨਾਲ ਲੜਾਈਆਂ ਝਗੜੇ“ ਕਰਵਾਉਣ ਦੀ ਗੱਲ ਵੀ ਬੜੇ ਹੰਕਾਰ ਨਾਲ ਕਰਦੇ ਸਾਫ ਦਿਖਾਈ ਦਿੰਦੇ ਹਨ, ਜਿਸ ਤੋ ਸਪੱਸਟ ਹੁੰਦਾ ਹੈ ਕਿ ਉਹ ਪੰਜਾਬ ਵਿੱਚ ਨਸਲੀ ਫਸਾਦ ਕਰਵਾਉਣ ਦਾ ਮਨ  ਬਣਾਈ ਬੈਠੇ ਹਨ,ਜਿਸ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਗਏ ਹਨ।ਉਹਨਾਂ ਦੀ ਇਸ ਵੀਡੀਓ ਨੇ ਆਪ ਨੇਤਾ ਦੇ ਮਸੂਮ ਚਿਹਰੇ  ਦੀ ਅਸਲ ਪਛਾਣ ਕਰਵਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ। ਪੰਜਾਬ ਦੇ ਆਮ  ਆਦਮੀ ਪਾਰਟੀ ਦੇ ਆਗੂ, ਵਰਕਰ,ਪੁਰਸ਼, ਮਹਿਲਾਵਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ  ਤੋ ਉਪਰੋਕਤ ਤੇ ਸਹੀ ਪਵਾਉਂਦੇ ਹੋਏ ਜਦੋ ਵਾਅਦਾ ਲੈ ਰਹੇ ਹਨ ਤਾਂ ਉਸ ਮੌਕੇ ਮੁੱਖ ਮੰਤਰੀ ਦੇ ਬੁੱਲਾਂ ਦੀ ਮੁਸਕਾਨ ਪ੍ਰਤੀ ਜਿੱਥੇ ਭਾਰੀ ਰੰਜਸ਼ ਹੈ,ਉੱਥੇ  ਸੂਬਾ ਪ੍ਰਧਾਨ ਦੇ ਚਿਹਰੇ ਦੀ ਗੰਭੀਰਤਾ ਭਾਵੇਂ ਕੁੱਝ ਹੋਰ ਬਿਆਨ ਕਰਦੀ ਹੈ,ਪਰ ਦਿੱਲੀ ਵਾਲੇ ਨੇਤਾ ਦੇ ਪ੍ਰਵਚਨ ਸੁਣਕੇ ਚੁੱਪ ਬੈਠੇ ਰਹਿਣ ਕਾਰਨ ਉਹਨਾਂ ਦੀ  ਪੰਜਾਬ ਪ੍ਰਤੀ ਇਮਾਨਦਾਰੀ ਅਤੇ ਦਿਆਨਤਦਾਰੀ ਤੇ ਸਵਾਲੀਆ ਨਿਸ਼ਾਨ ਵੀ ਲੱਗਦਾ ਹੈ। ਬਲਕਿ ਉਹਨਾਂ ਨੂੰ ਰੋਸ ਪਰਗਟ ਕਰਨਾ ਚਾਹੀਦਾ ਸੀ ਅਤੇ ਆਪ ਦੀ ਹਾਈਕਮਾਂਡ ਨੂੰ ਇਹ ਦੱਸਣਾ ਵੀ ਬਣਦਾ ਸੀ ਕਿ ਪੰਜਾਬ ਦੇ ਲੋਕ ਮੂਰਖ ਨਹੀ ਹਨ ਅਤੇ ਐਨੇ ਭੋਲ਼ੇ ਵੀ ਨਹੀ ਜਿਹੜੇ ਫਿਰਕੂ ਅਤੇ ਮਾਰੂ ਚਲਾਕੀਆਂ ਨੂੰ  ਵੀ ਸਮਝ ਨਹੀ ਸਕਣਗੇ। ਇਹ ਪੰਜਾਬ ਦੇ ਲੋਕਾਂ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦੀ ਪਾਰਟੀ ‘ਤੇ ਪ੍ਰਗਟਾਏ ਗਏ ਅਥਾਹ ਭਰੋਸ਼ੇ ਦਾ ਹੀ ਨਤੀਜਾ  ਹੈ ਕਿ ਆਪ ਦੇ ਆਗੂ ਪੰਜਾਬ ਦੇ ਲੋਕਾਂ ਦੀ ਲਿਆਕਤ ਨੂੰ ਬੇਵਕੂਫੀ ਸਮਝ ਬੈਠੇ ਹਨ।ਉਹ ਆਪਣੀ ਪਾਰਟੀ ਦੇ ਵਰਕਰਾਂ ਨੂੰ 2027 ਦੀਆਂ ਚੋਣਾਂ ਜਿੱਤਣ ਲਈ ਲੜਾਈ ਝਗੜੇ ਕਰਵਾ ਕੇ ਵੋਟਾਂ ਵਟੋਰਨ ਲਈ ਉਕਸਾ ਰਹੇ ਸਾਫ ਦਿਖਾਈ ਦਿੰਦੇ ਹਨ। ਉਹ ਮੀਸ਼ਣੀ ਹਾਸੀ ਹੱਸਦੇ ਹੋਏ ਹਾਜਰੀਨ ਤੋ ਵਾਅਦਾ ਲੈਂਦੇ ਕਹਿ ਰਹੇ  ਹਨ, ਕੀ ਤੁਸੀ ਅਜਿਹਾ ਸਭ ਕੁੱਝ ਕਰਨ ਲਈ ਤਿਆਰ ਹੋ।ਸ਼ਿਸ਼ੋਦੀਆ ਦਾ ਅਜਿਹਾ ਫਿਰਕੂ ਭਾਸ਼ਣ ਸੁਣਕੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀ ਰਹਿ  ਜਾਂਦੀ ਕਿ ਇਸ ਪਾਰਟੀ ਨੂੰ ਵੀ ਦਿਸ਼ਾ ਨਿਰਦੇਸ਼ ਕਿੱਥੋ ਮਿਲਦੇ ਹੋਣਗੇ।ਮੈ ਪਹਿਲਾਂ ਵੀ ਬਹੁਤ ਵਾਰੀ ਇਹ ਲਿਖ ਚੁੱਕਾ ਹਾਂ ਕਿ ਭਾਰਤੀ ਜਨਤਾ ਪਾਰਟੀ ਸਿਰੇ ਦੀ ਫਿਰਕੂ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੋ ਵੱਧ ਖਤਰਨਾਕ ਨਹੀ ਹੋ ਸਕਦੀ,ਕਿਉਕਿ  ਭਾਜਪਾ ਆਪਣੇ ਏਜੰਡੇ ਪ੍ਰਤੀ ਸਪੱਸਟ ਹੈ,ਉਹਨਾਂ ਨੇ ਜੋ ਕਰਨਾ ਹੈ ਉਹ ਡੰਕੇ ਦੀ ਚੋਟ ਤੇ ਕਰਨ ਦਾ ਦਾਅਵਾ ਕਰਦੀ ਹੈ। ਮਿਸਾਲ ਦੇ ਤੌਰ ਤੇ ,ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ,ਉਹਦੇ ਲਈ ਬਿਲਕੁਲ ਸਪੱਸਟ ਹਨ,ਉਹ  ਘੱਟ ਗਿਣਤੀਆਂ ਪ੍ਰਤੀ ਚੰਗੀ ਸੋਚ ਨਹੀ ਰੱਖਦੇ,ਉਹਦੇ ਲਈ ਵੀ ਉਹਨਾਂ ਦੀਆਂ ਨੀਤੀਆਂ ਸਪੱਸਟ ਹਨ,ਪਰ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਕਿਤੇ ਵੱਧ ਫਿਰਕੂ ਅਤੇ ਘੱਟ ਗਿਣਤੀਆਂ ਪ੍ਰਤੀ ਉਹਨਾਂ ਤੋ ਵੀ ਮਾੜੀ ਸੋਚ ਮਨ ਵਿੱਚ ਕੈ ਕੇ ਲੁਕਮੇ ਏਜੰਡੇ ਨਾਲ ਅੱਗੇ ਵਧ ਰਹੀ ਹੈ,ਜਿਹੜਾ ਘੱਟ  ਗਿਣਤੀਆਂ ਲਈ ਭਾਜਪਾ ਤੋ ਵੱਧ ਖਤਰਨਾਕ  ਅਤੇ ਜਹਿਰੀਲਾ ਹੈ।ਇਸ ਤੋ ਵੀ ਵੱਧ ਦੰਭ ਅਤੇ ਅਕਿਰਤਘਣਤਾ  ਇਹ ਹੈ ਕਿ ਜਿਹੜੇ ਸੂਬੇ ਦੇ ਲੋਕਾਂ ਨੇ ਉਹਨਾਂ ਦੀ ਪਾਰਟੀ ਦੀ ਜੜ ਲਾਈ ਉਹਨਾਂ ਦੀਆਂ ਝੂਠੀਆਂ ਨੀਤੀਆਂ ਵਿੱਚ ਵਿਸਵਾਸ਼ ਪ੍ਰਗਟਾ ਕੇ ਰਿਕਾਰਡ ਤੋੜ ਜਿੱਤ ਉਹਨਾਂ ਦੀ ਝੋਲੀ ਵਿੱਚ ਪਾਈ,ਅੱਜ ਉਹਨਾਂ ਲੋਕਾਂ ਨੂੰ ਇਹ ਲੋਕ ਬੇ-ਗੈਰਤੇ,ਬੇ-ਅਣਖੇ ਅਤੇ ਬੇ-ਅਕਲੇ ਸਮਝਣ ਦੀ ਭੁੱਲ ਕਰਕੇ ਆਪਣੇ ਪੈਰ ਤੇ ਖੁਦ  ਕੁਹਾੜਾ ਮਾਰਨ ਵਾਲੀ ਬੇਵਕੂਫੀ ਖੁਦ ਕਰ ਰਹੇ ਹਨ। ਸਿਆਣੇ ਕਹਿੰਦੇ ਹਨ ਜੋ ਪਰਮਾਤਮਾ ਕਰਦਾ ਹੈ ਉਹ ਠੀਕ ਹੀ ਕਰਦਾ ਹੈ।ਜੇਕਰ ਸ਼ਿਸ਼ੋਦੀਆ ਹੁਰਾਂ ਨੇ ਪੰਜਾਬ ਦੇ ਲੋਕਾਂ ਦੀ ਲਿਆਕਤ ਅਤੇ ਸਿਆਣਪ ਦਾ ਗਲਤ ਅੰਦਾਜਾ ਨਾ ਲਾਇਆ ਹੁੰਦਾ ਤਾਂ ਉਹਨਾਂ ਦੀ ਅਜਿਹੀ ਵੀਡੀਓ ਸਾਹਮਣੇ ਨਹੀ ਸੀ ਆਉਣੀ।ਸੋ ਇਸ ਵੀਡੀਓ ਨੇ ਆਮ ਆਦਮੀ ਪਾਰਟੀ ਦੇ ਅੰਦਰਲੀ ਦੰਭੀ ਸੋਚ ਨੂੰ ਜਨਤਕ ਕਰ ਦਿੱਤਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਉਸ ਇਕੱਠ ਵਿੱਚ ਬੈਠੇ ਪੰਜਾਬ ਦੀ ਆਮ  ਆਦਮੀ ਪਾਰਟੀ ਦੇ ਬਹਾਦਰ ਸਿਪਾਹੀਆਂ ਅਤੇ ਸਿਪਾਹ ਸਲਾਰਾਂ ਦੀ ਅਣਖ ਹਲੂਣਾ ਖਾਵੇਗੀ,ਜਾਂ ਡੇਢ ਕੁ ਸਾਲ ਦੀ ਬਾਕੀ ਬਚੀ ਸੱਤਾ ਦੇ ਅਨੰਦ ਦੀ ਲਾਲਸਾ ਉਹਨਾਂ ਦੀ ਅਣਖ ਤੇ ਭਾਰੂ ਹੀ ਰਹੇਗੀ। ਪਰੰਤੂ ਪੰਜਾਬ ਦਾ ਇਤਿਹਾਸ ਅਜਿਹਾ ਹੀ  ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਨਾ ਕਦੇ ਚੰਗਾ ਕਰਨ ਵਾਲਿਆਂ ਨੂੰ ਵਿਸਾਰਦੇ ਹਨ ਅਤੇ ਨਾ ਹੀ ਮਾੜਾ ਕਰਨ ਵਾਲਿਆਂ ਨੂੰ ਚੇਤਿਆਂ ਵਿੱਚੋਂ ਮਨਫੀ ਹੋਣ ਦਿੰਦੇ ਹਨ। ਪੰਜਾਬ ਪ੍ਰਤੀ ਅਜਿਹੀ ਮੰਦ ਭਾਵਨਾ ਨੂੰ ਵੀ ਲੋਕ ਚੇਤਿਆਂ ਵਿੱਚੋ ਕੱਢਿਆ ਨਹੀ ਜਾ ਸਕੇਗਾ।
ਬਘੇਲ ਸਿੰਘ ਧਾਲੀਵਾਲ
99142-58142

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ - ਬਘੇਲ ਸਿੰਘ ਧਾਲੀਵਾਲ

ਅਣਖਾਂ ਦੀ ਜਰਖੇਜ ਮਿੱਟੀ ਚੋ ਪੈਦਾਂ ਹੋਏ ਪੰਜਾਬੀਆਂ ਦੀ ਅਣਖ ਨੂੰ ਜਦੋ ਵੀ ਕਿਸੇ ਨੇ ਵੰਗਾਰਨ ਦੀ ਕੋਸ਼ਿਸ਼ ਕੀਤੀ ਹੈ,ਉਹਨੂੰ ਮੂੰਹ ਦੀ ਖਾਣੀ ਪਈ ਹੈ।ਇਹ ਕੋਈ ਕਹਿਣ ਦੀਆਂ ਗੱਲਾਂ ਨਹੀ ਹਨ,ਬਲਕਿ ਪੰਜਾਬ ਦਾ ਇਤਿਹਾਸ ਅਜਿਹਾ ਸਮਝਾ ਰਿਹਾ ਹੈ।ਇਹ ਬਾਬਰ,ਜਹਾਂਗੀਰ ਤੋ ਲੈ ਕੇ ਔਰੰਗਜੇਬ,ਫਰਖ਼ਸ਼ੀਅਰ, ਦੁਰਾਨੀਆਂ ਅਵਦਾਲੀਆਂ ਤੋ ਹੁੰਦਾ ਹੋਇਆ ਗੋਰੇ ਫਰੰਗੀਆਂ ਤੋ ਇੰਦਰਾ ਗਾਂਧੀ ਤੱਕ ਅਤੇ ਉਸ ਤੋ ਵੀ ਅੱਗੇ ਦਿੱਲੀ ਅੰਦੋਲਨ ਤੱਕ ਦਾ ਵਰਤਾਰਾ ਇਸ ਇਤਿਹਾਸਿਕ ਸਚਾਈ ਦੀ ਗਵਾਹੀ ਭਰਦਾ ਹੈ,ਕਿ ਪੰਜਾਬ ਨੇ ਕਦੇ ਵੀ ਆਪਣੀ ਅਣਖ ਨੂੰ ਆਂਚ ਨਹੀ ਆਉਣ ਦਿੱਤੀ।ਹੁਣ ਜਦੋ ਪੰਜਾਬ ਵਿੱਚ ਉਸ ਪਾਰਟੀ ਦੀ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ,ਜਿਸ ਦੀ  ਬੁਨਿਆਦ ਹੀ ਪੰਜਾਬ ਦੇ ਸਿਰ ਤੇ ਖੜੀ ਹੈ।ਜੇਕਰ 2014 ਵਿੱਚ ਪੰਜਾਬ ਦੇ ਵੋਟਰ ਚਾਰ ਮੈਬਰ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਵਿੱਚ ਨਾ ਭੇਜਦੇ ਤਾਂ ਅੱਜ ਤੋ ਕਾਫੀ ਸਮਾ ਪਹਿਲਾਂ ਹੀ ਇਹ ਪਾਰਟੀ ਆਪਣੀ ਹੋਂਦ ਗਵਾ ਚੁੱਕੀ ਹੁੰਦੀ।ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਆਸ ਨਾਲ ਬਣਾਈ ਸੀ ਕਿ ਇਹ ਪੰਜਾਬ ਵਿੱਚ ਅਜਿਹਾ ਬਦਲਾ ਲੈ ਕੇ ਆਵੇਗੀ,ਜਿਹੜਾ ਉਹਨਾਂ ਦੇ ਪਿਛਲੇ 70,75 ਸਾਲਾਂ ਵਿੱਚ ਬਦ ਤੋ ਬਦਤਰ ਹੋਏ ਹਾਲਾਤਾਂ ਨੂੰ ਸੁਧਾਰਨ ਦੇ ਉਪਰਾਲੇ ਕਰੇਗਾ,ਪਰ ਹੋਇਆ ਕੀ ? ਸਾਰਾ ਕੁੱਝ ਹੀ ਉਲਟ। ਕਹਿਣੀ ਤੇ ਕਰਨੀ ਵਿੱਚ ਜਮੀਨ ਅਸਮਾਨ ਦੇ ਫਰਕ ਤੋ ਵੀ ਜਿਆਦਾ ਫਰਕ,ਬਲਕਿ ਮੋਮੋਠਗਣੀਆਂ ਦੇ ਮਾਹਰ ਦਿੱਲੀ ਦੀ ਨਵੀ ਸਿਆਸਤ ਨੇ ਪੰਜਾਬ ਨੂੰ ਅਸਲੋਂ ਹੀ ਬੁੱਧੂ ਸਮਝ ਲਿਆ।ਉਹ ਇਹ ਗੱਲ ਸਾਇਦ ਅਜੇ ਤੱਕ ਵੀ ਨਹੀ ਸਮਝੇ ਕਿ ਉਹਨਾਂ ਦੀ ਪੰਜਾਬ ‘ਤੇ ਜਿੱਤ ਜਿੱਥੇ ਉਹਨਾਂ ਦੇ ਸਬਜ ਬਾਗਾਂ ਦੀ ਭਰਮਾਰ ਕਰਕੇ ਵੀ ਸੀ,ਓਥੇ ਇਸ ਦਾ ਮੁੱਖ ਕਾਰਨ ਤਾਂ ਲੋਕਾਂ ਦਾ ਇੱਥੋ ਦੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਤੋ ਮੋਹ ਭੰਗ ਹੋਣ ਕਰਕੇ ਸੀ,ਪਰ ਆਪ ਦੀ ਦਿੱਲੀ ਦੀ ਲੀਡਰਸ਼ਿੱਪ ਇਸ ਜਿੱਤ ਨੂੰ ਪੰਜਾਬ  ਦੇ ਲੋਕਾਂ ਨੂੰ ਮੂਰਖ ਬਨਾਉਣ ਦੀ ਆਪਣੀ ਕਾਬਲੀਅਤ ਸਮਝਣ ਦੀ ਭੁੱਲ ਕਰ ਬੈਠੀ। ਇਹ ਦੁਖਾਂਤ ਹੀ ਸਮਝਣਾ ਹੋਵੇਗਾ ਕਿ ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ। ਲਿਹਾਜ਼ਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਦੇ ਨੇਤਾ ਮੁਨੀਸ਼ ਸ਼ਿਸ਼ੋਦੀਆ ਦੀ ਵਾਇਰਲ ਹੋਈ ਵੀਡੀਓ ਤੋ ਸਪੱਸਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਪੰਜਾਬ  ਦੇ ਲੋਕਾਂ ਨੂੰ ਅਸਲ ਵਿੱਚ ਕੀ ਸਮਝ ਬੈਠੀ ਹੈ।ਉਹਨਾਂ ਦਾ ਮੰਨਣਾ ਹੈ ਕਿ ਜਿਸਤਰਾਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਾਗ ਦਿਖਾ ਕੇ ਅਤੇ ਝੂਠ ਮੂਠ ਦੇ ਇਨਕਲਾਬ ਦੇ ਨਾਹਰਿਆਂ ਨਾਲ 2014 ਤੋ ਲੈ ਕੇ ਭਰਮਾਉਂਦੇ ਆ ਰਹੇ ਹਨ,ਸ਼ਾਇਦ ਹੁਣ ਵੀ ਕੁੱਝ ਇਹੋ ਜਿਹਾ ਹੀ ਕਰਕੇ ਮੁੜ ਸੱਤਾ ਤੇ ਕਾਬਜ਼ ਹੋ ਸਕਣਗੇ।ਬਲਕਿ ਇਸ ਵਾਰ ਤਾਂ  ਮੁਨੀਸ ਸ਼ਿਸ਼ੋਦੀਆ ਸਾਮ ਦਾਮ ਦੰਡ ਭੇਦ ਦੇ ਨਾਲ ਲੜਾਈਆਂ ਝਗੜੇ ਕਰਵਾਉਣ ਦੀ ਗੱਲ ਵੀ ਬੜੀ ਬੇਸ਼ਰਮੀ ਨਾਲ ਕਰਦੇ ਸਾਫ ਦਿਖਾਈ ਦਿੰਦੇ ਹਨ, ਜਿਸ ਤੋ ਸਪੱਸਟ ਹੁੰਦਾ ਹੈ ਕਿ ਉਹ ਪੰਜਾਬ ਵਿੱਚ ਨਸਲੀ ਫਸਾਦ ਕਰਵਾਉਣ ਦਾ ਮਨ  ਬਣਾਈ ਬੈਠੇ ਹਨ,ਜਿਸ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਗਏ ਹਨ।ਉਹਨਾਂ ਦੀ ਇਸ ਵੀਡੀਓ ਨੇ  ਜਿੱਥੇ ਉਹਨਾਂ ਦੇ ਮਸੂਮ ਚਿਹਰੇ  ਦੇ ਮਖੌਟੇ ਨੂੰ ਉਤਾਰਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ,ਓਥੇ ਪੰਜਾਬ ਦੇ ਆਮ  ਆਦਮੀ ਪਾਰਟੀ ਦੇ ਆਗੂ ਵਰਕਰ ਪੁਰਸ਼ ਮਹਿਲਾਵਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਦੀ ਹਾਜਰੀ ਵਿੱਚ ਉਹਨਾਂ ਨੂੰ ਸੰਬੋਧਨ ਹੋ ਕੇ ਪਾਰਟੀ ਕਾਰਕੁਨਾਂ ਤੋ ਉਪਰੋਕਤ ਦਾ ਲਿਆ ਗਿਆ ਵਾਅਦਾ ਪੰਜਾਬ ਦੀ ਅਣਖ ਨੂੰ ਹਲੂਣਾ ਵੀ ਦੇ ਗਿਆ ਹੈ। ਪੰਜਾਬ ਦੇ ਲੋਕ ਮੂਰਖ ਨਹੀ ਹਨ ਅਤੇ ਐਨੇ ਭੋਲ਼ੇ ਵੀ ਨਹੀ ਜਿਹੜੇ ਫਿਰਕੂ ਅਤੇ ਮਾਰੂ ਚਲਾਕੀਆਂ ਨੂੰ  ਵੀ ਸਮਝ ਨਹੀ ਸਕਣਗੇ। ਇਹ ਪੰਜਾਬ ਦੇ ਲੋਕਾਂ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦੀ ਪਾਰਟੀ ‘ਤੇ ਪ੍ਰਗਟਾਏ ਗਏ ਅਥਾਹ ਭਰੋਸ਼ੇ ਦਾ ਹੀ ਨਤੀਜਾ  ਹੈ ਕਿ ਆਪ ਦੇ ਆਗੂ ਪੰਜਾਬ ਦੇ ਲੋਕਾਂ ਦੀ ਲਿਆਕਤ ਨੂੰ ਬੇਵਕੂਫੀ ਸਮਝ ਬੈਠੇ ਹਨ।ਉਹ ਆਪਣੀ ਪਾਰਟੀ ਦੇ ਵਰਕਰਾਂ ਨੂੰ 2027 ਦੀਆਂ ਚੋਣਾਂ ਜਿੱਤਣ ਲਈ ਲੜਾਈ ਝਗੜੇ ਕਰਵਾ ਕੇ ਵੋਟਾਂ ਵਟੋਰਨ ਲਈ ਉਕਸਾ ਰਹੇ ਸਾਫ ਦਿਖਾਈ ਦਿੰਦੇ ਹਨ। ਉਹ ਮੀਸ਼ਣੀ ਹਾਸੀ ਹੱਸਦੇ ਹੋਏ ਹਾਜਰੀਨ ਤੋ ਵਾਅਦਾ ਲੈਂਦੇ ਕਹਿ ਰਹੇ  ਹਨ, ਕੀ ਤੁਸੀ ਅਜਿਹਾ ਸਭ ਕੁੱਝ ਕਰਨ ਲਈ ਤਿਆਰ ਹੋ।ਸ਼ਿਸ਼ੋਦੀਆ ਦਾ ਅਜਿਹਾ ਫਿਰਕੂ ਭਾਸ਼ਣ ਸੁਣਕੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀ ਰਹਿ  ਜਾਂਦੀ ਕਿ ਇਸ ਪਾਰਟੀ ਨੂੰ ਵੀ ਦਿਸ਼ਾ ਨਿਰਦੇਸ਼ ਕਿੱਥੋ ਮਿਲਦੇ ਹੋਣਗੇ।ਮੈ ਪਹਿਲਾਂ ਵੀ ਬਹੁਤ ਵਾਰੀ ਇਹ ਲਿਖ ਚੁੱਕਾ ਹਾਂ ਕਿ ਭਾਰਤੀ ਜਨਤਾ ਪਾਰਟੀ ਸਿਰੇ ਦੀ ਫਿਰਕੂ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੋ ਵੱਧ ਖਤਰਨਾਕ ਨਹੀ ਹੋ ਸਕਦੀ,ਕਿਉਕਿ  ਭਾਜਪਾ ਆਪਣੇ ਏਜੰਡੇ ਪ੍ਰਤੀ ਸਪੱਸਟ ਹੈ,ਉਹਨਾਂ ਨੇ ਜੋ ਕਰਨਾ ਹੈ ਉਹ ਡੰਕੇ ਦੀ ਚੋਟ ਤੇ ਕਰਨ ਦਾ ਦਾਅਵਾ ਕਰਦੀ ਹੈ। ਮਿਸਾਲ ਦੇ ਤੌਰ ਤੇ ,ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ,ਉਹਦੇ ਲਈ ਬਿਲਕੁਲ ਸਪੱਸਟ ਹਨ,ਉਹ  ਘੱਟ ਗਿਣਤੀਆਂ ਪ੍ਰਤੀ ਚੰਗੀ ਸੋਚ ਨਹੀ ਰੱਖਦੇ,ਉਹਦੇ ਲਈ ਵੀ ਉਹਨਾਂ ਦੀਆਂ ਨੀਤੀਆਂ ਸਪੱਸਟ ਹਨ,ਪਰ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਕਿਤੇ ਵੱਧ ਫਿਰਕੂ ਅਤੇ ਘੱਟ ਗਿਣਤੀਆਂ ਪ੍ਰਤੀ ਉਹਨਾਂ ਤੋ ਵੀ ਮਾੜੀ ਸੋਚ ਮਨ ਵਿੱਚ ਕੈ ਕੇ ਲੁਕਮੇ ਏਜੰਡੇ ਨਾਲ ਅੱਗੇ ਵਧ ਰਹੀ ਹੈ,ਜਿਹੜਾ ਘੱਟ  ਗਿਣਤੀਆਂ ਲਈ ਭਾਜਪਾ ਤੋ ਵੱਧ ਖਤਰਨਾਕ  ਅਤੇ ਜਹਿਰੀਲਾ ਹੈ।ਇਸ ਤੋ ਵੀ ਵੱਧ ਦੰਭ ਅਤੇ ਅਕਿਰਤਘਣਤਾ  ਇਹ ਹੈ ਕਿ ਜਿਹੜੇ ਸੂਬੇ ਦੇ ਲੋਕਾਂ ਨੇ ਉਹਨਾਂ ਦੀ ਪਾਰਟੀ ਦੀ ਜੜ ਲਾਈ ਉਹਨਾਂ ਦੀਆਂ ਝੂਠੀਆਂ ਨੀਤੀਆਂ ਵਿੱਚ ਵਿਸਵਾਸ਼ ਪ੍ਰਗਟਾ ਕੇ ਰਿਕਾਰਡ ਤੋੜ ਜਿੱਤ ਉਹਨਾਂ ਦੀ ਝੋਲੀ ਵਿੱਚ ਪਾਈ,ਅੱਜ ਉਹਨਾਂ ਲੋਕਾਂ ਨੂੰ ਇਹ ਲੋਕ ਬੇ-ਗੈਰਤੇ,ਬੇ-ਅਣਖੇ ਅਤੇ ਬੇ-ਅਕਲੇ ਸਮਝਣ ਦੀ ਭੁੱਲ ਕਰਕੇ ਆਪਣੇ ਪੈਰ ਤੇ ਖੁਦ  ਕੁਹਾੜਾ ਮਾਰਨ ਵਾਲੀ ਬੇਵਕੂਫੀ ਖੁਦ ਕਰ ਰਹੇ ਹਨ। ਸਿਆਣੇ ਕਹਿੰਦੇ ਹਨ ਜੋ ਪਰਮਾਤਮਾ ਕਰਦਾ ਹੈ ਉਹ ਠੀਕ ਹੀ ਕਰਦਾ ਹੈ।ਜੇਕਰ ਸ਼ਿਸ਼ੋਦੀਆ ਹੁਰਾਂ ਨੇ ਪੰਜਾਬ ਦੇ ਲੋਕਾਂ ਦੀ ਲਿਆਕਤ ਅਤੇ ਸਿਆਣਪ ਦਾ ਗਲਤ ਅੰਦਾਜਾ ਨਾ ਲਾਇਆ ਹੁੰਦਾ ਤਾਂ ਉਹਨਾਂ ਦੀ ਅਜਿਹੀ ਵੀਡੀਓ ਸਾਹਮਣੇ ਨਹੀ ਸੀ ਆਉਣੀ।ਸੋ ਇਸ ਵੀਡੀਓ ਨੇ ਆਮ ਆਦਮੀ ਪਾਰਟੀ ਦੇ ਅੰਦਰਲੀ ਦੰਭੀ ਸੋਚ ਨੂੰ ਜਨਤਕ ਕਰ ਦਿੱਤਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਉਸ ਇਕੱਠ ਵਿੱਚ ਬੈਠੇ ਪੰਜਾਬ ਦੀ ਆਮ  ਆਦਮੀ ਪਾਰਟੀ ਦੇ ਬਹਾਦਰ ਸਿਪਾਹੀਆਂ ਅਤੇ ਸਿਪਾਹ ਸਲਾਰਾਂ ਦੀ ਅਣਖ ਹਲੂਣਾ ਖਾਵੇਗੀ,ਜਾਂ ਡੇਢ ਕੁ ਸਾਲ ਦੀ ਬਾਕੀ ਬਚੀ ਸੱਤਾ ਦੇ ਅਨੰਦ ਦੀ ਲਾਲਸਾ ਉਹਨਾਂ ਦੀ ਅਣਖ ਤੇ ਭਾਰੂ ਹੀ ਰਹੇਗੀ। ਪਰੰਤੂ ਪੰਜਾਬ ਦਾ ਇਤਿਹਾਸ ਅਜਿਹਾ ਹੀ  ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਨਾ ਕਦੇ ਚੰਗਾ ਕਰਨ ਵਾਲਿਆਂ ਨੂੰ ਵਿਸਾਰਦੇ ਹਨ ਅਤੇ ਨਾ ਹੀ ਮਾੜਾ ਕਰਨ ਵਾਲਿਆਂ ਨੂੰ ਚੇਤਿਆਂ ਵਿੱਚੋਂ ਮਨਫੀ ਹੋਣ ਦਿੰਦੇ ਹਨ। ਪੰਜਾਬ ਪ੍ਰਤੀ ਅਜਿਹੀ ਮੰਦ ਭਾਵਨਾ ਨੂੰ ਵੀ ਲੋਕ ਚੇਤਿਆਂ ਵਿੱਚੋ ਕੱਢਿਆ ਨਹੀ ਜਾ ਸਕੇਗਾ।
ਬਘੇਲ ਸਿੰਘ ਧਾਲੀਵਾਲ
99142-58142

ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ-ਬਘੇਲ ਸਿੰਘ ਧਾਲੀਵਾਲ

ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੋਏ ਗੁਰਮਤਿਆਂ ਦੀ ਰੌਸ਼ਨੀ ਵਿੱਚ ਕੁੱਝ ਵਿਚਾਰਾਂ ਕਰਨੀਆਂ ਇਸ ਲਈ ਜ਼ਰੂਰੀ ਬਣਦੀਆਂ ਹਨ ਕਿਉਂਕਿ ਜਦੋ ਇਹ ਲਿਖਤ ਛਪ ਰਹੀ ਹੈ,ਉਸ ਸਮੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਲਈ ਬਣਾਈ ਗਈ ਭਰਤੀ ਕਮੇਟੀ, ਸ੍ਰੋਮਣੀ ਅਕਾਲੀ ਦਾ ਨਵਾਂ ਪ੍ਰਧਾਨ ਚੁਣਨ  ਜਾ ਰਹੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜ ਮੈਂਬਰੀ ਭਰਤੀ ਕਮੇਟੀ ਨੇ ਬੜੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਅਕਾਲੀ ਦਲ ਦੀ ਭਰਤੀ ਕੀਤੀ ਹੈ।ਇਸ ਭਰਤੀ ਕਮੇਟੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲਦਾ ਰਿਹਾ ਹੈ।ਪਰ ਇਸ ਦੇ ਬਾਵਜੂਦ ਹੁਣ ਜਦੋ ਪ੍ਰਧਾਨਗੀ ਦੀ ਵਾਰੀ ਆਈ ਹੈ,ਤਾਂ ਉਕਤ ਕਮੇਟੀ ਸਮੇਤ ਮੂਹਰਲੀ ਕਤਾਰ ਦੀ ਲੀਡਰਸ਼ਿੱਪ ਵੱਲੋਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਨੂੰ ਪਾਰਦਰਸੀ ਢੰਗ ਨਾਲ ਨੇਪਰੇ ਚੜ੍ਹਨ ਦੀ ਬਜਾਏ ਮਹਿਜ਼ ਵੋਟ ਪਰਾਪਤੀ ਦਾ ਲਾਹਾ ਲੈਣ ਵਾਲੀ ਸੋਚ ਨੂੰ ਹੀ ਅਪਣਾਏ ਜਾਣ ਦੀ ਚਰਚਾ  ਚੱਲ ਪਈ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਬਣਨ ਵਾਲੇ ਅਕਾਲੀ ਦਲ ਨੂੰ ਪੁਰਾਣੇ ਧੜਿਆਂ ਤੋ ਵੱਖ ਕਰਕੇ ਨਹੀ ਦੇਖਿਆ ਜਾ ਸਕੇਗਾ।ਜਦੋਕਿ ਚਾਹੀਦਾ ਇਹ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਚੰਗੇ ਸੱਚੇ ਸੁੱਚੇ ਗੁਰਸਿੱਖ ਤੁਜਰਬੇਕਾਰ ਅਤੇ ਨਵੇਂ ਅਤੇ ਪੁਰਾਣੇ ਚਿਹਰਿਆਂ ਦੀ ਸਨਾਖਤ ਕਰਕੇ ਉਹਨਾਂ ਵਿੱਚੋਂ ਉਹਨਾਂ ਵਿਅਕਤੀਆਂ ਨੂੰ ਪਰਧਾਨਗੀ ਲਈ ਅੱਗੇ ਲੈ ਕੇ ਆਉਣ ਚਾਹੀਦਾ ਸੀ,ਜਿਹੜੇ ਪੰਥਕ ਹਿਤਾਂ ਦੇ ਹਾਮੀ,ਸਿਧਾਂਤ ਦੇ ਰਾਖੇ ਅਤੇ ਦ੍ਰਿੜ-ਵਿਸਵਾਸ਼ੀ ਹੋਣ।ਪੰਥ ਵਿੱਚ ਅਜਿਹੇ ਵਿਅਕਤੀ ਇੱਕ ਨਹੀ ਬਲਕਿ ਅਨੇਕਾਂ ਮਿਲ ਸਕਦੇ ਸਨ,ਪਰ ਜੋ ਨਾਮ ਪ੍ਰਧਾਨਗੀ ਲਈ ਸੁਝਾਏ ਜਾ ਰਹੇ ਹਨ,ਉਹਨਾਂ ਤੋ ਜਾਪਦਾ ਹੈ ਕਿ ਸੁਧਾਰਵਾਦੀ ਨੇਤਾ ਵੀ ਸੱਤਾ ਪਰਾਪਤੀ ਤੋਂ ਅੱਗੇ ਕੁੱਝ ਵੀ ਸੋਚਣਾ ਨਹੀ ਚਾਹੁੰਦੇ,ਸਗੋਂ ਇੱਕੋ ਇੱਕ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਆਪਣੇ ਪੱਖੀ ਕਿਸੇ ਅਜਿਹੇ ਵਿਅਕਤੀ ਨੂੰ ਅਕਾਲੀ ਦਲ ਦੀ ਵਾਗਡੋਰ ਸੰਭਾਲਣ ਦਾ ਹੀ ਰਹਿ ਗਿਆ ਜਾਪਦਾ ਹੈ,ਜਿਸਦਾ ਕੱਦ ਬੁੱਤ ਪੰਥ ਦੇ ਵਿਹੜੇ ਵਿੱਚ ਪਰਵਾਨ ਚੜ ਸਕੇ।ਇਹਦੇ ਵਿੱਚ ਵੀ ਕੋਈ ਝੂਠ ਜਾ ਸ਼ੱਕ ਦੀ ਗੁੰਜਾਇਸ਼ ਨਹੀ ਕਿ ਉਕਤ ਸੁਧਾਰਵਾਦੀਆਂ ਵਿੱਚ ਵੀ ਬਹੁ ਗਿਣਤੀ ਵਿੱਚ ਉਹ ਲੋਕ ਹੀ ਅੱਗੇ ਹਨ ਜਿਹੜੇ ਕੇਂਦਰੀ ਸੱਤਾ ਤੇ ਕਾਬਜ ਧਿਰ ਨਾਲ ਮੁੜ ਤੋ ਗੈਰ ਸਿਧਾਂਤਕ ਗੱਠਜੋੜ  ਕਰਕੇ ਸੱਤਾ ਪਰਾਪਤੀ ਦੇ ਇੱਛਕ ਹਨ ਅਤੇ ਇਹ ਵੀ ਸੱਚ ਹੈ ਕਿ ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਨੂੰ ਛੱਡ ਕੇ ਬਾਕੀ ਬਹੁ ਗਿਣਤੀ ਉਹਨਾਂ ਆਗੂਆਂ ਦੀ ਹੈ,ਜਿਹੜੇ ਪਹਿਲਾਂ ਹੀ ਲੋਕਾਂ ਵੱਲੋਂ ਨਕਾਰੇ ਹੋਏ ਹਨ,ਜਿੰਨਾਂ ਨੂੰ ਅੱਜ ਵੀ ਸਿੱਖ ਓਨਾ ਹੀ ਕਸੂਰਵਾਰ ਮੰਨਦੇ ਹਨ,ਜਿੰਨਾ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਹਨ,ਕਿਉਂਕਿ ਸੁਧਾਰ ਲਹਿਰ ਦਾ ਕੋਈ ਇੱਕ ਵੀ ਨੇਤਾ ਅਜਿਹਾ ਨਹੀ ਹੈ,ਜਿਸਨੇ ਅਕਾਲੀ ਦਲ ਦੇ ਸੱਤਾ ਵਿੱਚ ਹੁੰਦਿਆਂ ਪਾਰਟੀ ਦੇ ਪੰਥ ਵਿਰੋਧੀ ਫੈਸਲਿਆਂ ਦਾ ਵਿਰੋਧ ਕੀਤਾ ਹੋਵੇ,ਕਿਸੇ ਇੱਕ ਨੇ ਵੀ ਬਾਦਲ ਸਰਕਾਰ ਦੀਆਂ ,ਮਨਮਾਨੀਆਂ, ਪੰਜਾਬ ਅਤੇ ਪੰਥ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਅਸਤੀਫਾ ਦਿੱਤਾ ਹੋਵੇ,ਬਲਕਿ  ਬਾਦਲ ਪਰਿਵਾਰ ਦੇ ਗਲਤ  ਫੈਸਲਿਆਂ ਤੇ ਸਹੀ ਪਾਉਂਦੇ ਰਹੇ ਹਨ।ਇੱਥੋਂ ਤੱਕ ਕਿ ਕਿਸੇ ਇੱਕ ਵੀ ਨੇਤਾ ਨੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਵਿਰੋਧ ਵਿੱਚ ਵੀ ਕਦੇ ਬੋਲਣ ਦੀ ਹਿੰਮਤ ਨਹੀ ਸੀ ਕੀਤੀ। ਹਾਂ ਇਹ ਜਰੂਰ ਕੀਤਾ ਕਿ ਜਦੋ ਤਤਕਾਲੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਪੰਜ ਸਿੰਘ  ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋ ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਮੁਆਫੀ ਦੇਣ ਦਾ ਗੁਰਮਤਾ ਪਾਸ ਕੀਤਾ ਗਿਆ ਤਾਂ ਉਹਦੇ ਪ੍ਰਤੀਕਰਮ ਵਿੱਚ ਮੌਜੂਦਾ ਸੁਧਾਰ ਲਹਿਰ ਦੇ ਆਗੂਆਂ ਨੇ ਵੀ ਉਕਤ ਫੈਸਲੇ ਦੀ ਸਲਾਘਾ ਕੀਤੀ ਸੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ ਸ੍ਰੀ ਅਕਾਲ ਤਖਤ  ਸਾਹਿਬ ਦਾ ਇਹ ਫੈਸਲਾ ਡੇਰਾ ਸੱਚਾ ਸੌਦਾ ਅਤੇ ਸਿੱਖਾਂ ਦਰਮਿਆਨ ਪਿਛਲੇ ਲੰਮੇ ਸਮੇ ਤੋ ਚੱਲ ਰਹੇ ਆਪਸੀ ਤਣਾਅ ਨੂੰ ਘਟਾਉਣ ਵਿੱਚ ਮਦਦ ਕਰੇਗਾ।ਪਰੰਤੂ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਪੰਜ ਸਿੰਘ ਸਾਹਿਬਾਨ ਵੱਲੋਂ ਪੁੱਛੇ ਸਵਾਲ ਤੇ ਚੰਦੂਮਾਜਰਾ ਆਪਣੇ ਉਸ ਬਿਆਨ ਤੋ ਸਾਫ ਤੌਰ ਤੇ ਮੁਕਰ ਗਏ ਸਨ।ਸੋ  ਕਹਿਣ ਦਾ ਭਾਵ ਇਹ  ਹੈ ਕਿ ਉਕਤ ਸਾਰੇ ਅਕਾਲੀ ਨੇਤਾਵਾਂ ਨੇ ਅਕਾਲੀ ਦਲ ਤੋ ਕਿਨਾਰਾ ਉਦੋਂ ਨਹੀ ਸੀ ਕੀਤਾ ਜਦੋਂ ਉਹ ਸੱਤਾ ਦੇ  ਹੰਕਾਰ ਵਿੱਚ ਪੰਥ ਨੂੰ ਵਿਸਾਰ ਚੁੱਕਾ ਸੀ,ਬਲਕਿ ਉਦੋਂ ਕੀਤਾ ਹੈ,ਜਦੋ ਅਕਾਲੀ ਦਲ ਦੀ ਹੋਂਦ ਹੀ ਖਤਮ ਹੋਣ ਦੀ ਕਾਗਾਰ ਤੇ ਆ ਖੜੀ ਸੀ,ਇਸ ਲਈ ਉਕਤ ਆਗੂਆਂ ਤੇ ਸਿੱਖਾਂ ਦਾ ਵਿਸਵਾਸ਼ ਬੱਝਣਾ ਬੇਹੱਦ ਮੁਸ਼ਕਲ ਜਾਪਦਾ ਹੈ।ਭਾਂਵੇਂ ਸਿੰਘ ਸਾਹਿਬ  ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੋਵੇਂ ਹੀ ਚਿਹਰੇ ਪੰਥਕ ਸਫਾਂ ਵਿੱਚ ਸਤਿਕਾਰਿਤ ਹਨ,ਪਰ ਇਸ ਦੇ ਬਾਵਜੂਦ ਵੀ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਨੂੰ ਮੁੜ ਤੋ ਤਕੜਾ ਕਰਨ ਲਈ ਬਹੁਤ ਸਾਰੇ ਪਹਿਲੂਆਂ ਨੂੰ ਵਿਚਾਰਨਾ ਬਣਦਾ ਹੈ।ਜੇਕਰ ਬੀਬੀ ਸਤਵੰਤ ਕੌ੍ਰ ਦੀ ਗੱਲ ਕੀਤੀ ਜਾਵੇ,ਤਾਂ ਬਿਨਾ ਸ਼ੱਕ ਉਹ ਬਹੁਤ ਹੀ ਸਤਿਕਾਰਿਤ ਸ਼ਹੀਦੀ ਪਰਿਵਾਰ ਦੇ ਵਿੱਚੋਂ ਹਨ,ਜਿੰਨਾਂ ਨੂੰ ਪੰਥ ਦਿਲ ਜਾਨ ਤੋ ਵੱਧ ਸਤਿਕਾਰ ਦਿੰਦਾ ਹੈ,ਪ੍ਰੰਤੂ ਨਾਲ ਹੀ ਇਹ ਵਿਚਾਰ ਵੀ  ਬੜੀ ਸ਼ਿੱਦਤ ਨਾਲ ਸਾਹਮਣੇ ਆ ਰਿਹਾ ਹੈ ਕਿ ਬੀਬੀ ਸਤਵੰਤ ਕੌਰ ਦਾ ਕੌਂਮੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੋਣਾ ਹੀ ਪ੍ਰਧਾਨਗੀ ਲਈ ਸਹੀ ਪੈਮਾਨਾ ਨਹੀ ਹੋ ਸਕਦਾ,ਕਿਉਂਕਿ ਇਸ ਤੋ ਪਹਿਲਾਂ ਸ਼ਹੀਦ ਭਾਈ ਅਮਰੀਕ ਸਿੰਘ ਦੇ ਛੋਟੇ ਭਰਾਤਾ ਭਾਈ ਮਨਜੀਤ ਸਿੰਘ ਨੂੰ ਵੀ ਸਿੱਖ ਪੰਥ ਨੇ ਬਹੁਤ ਸਤਿਕਾਰ ਦਿੱਤਾ ਸੀ ਅਤੇ ਦੇ ਵੀ ਰਿਹਾ ਹੈ,ਪਰ ਉਹਨਾਂ  ਨੇ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦੀ ਬਜਾਏ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਰਲਕੇ ਸੱਤਾ ਸੁਖ ਭੋਗਣ ਨੂੰ ਪਹਿਲ ਦਿੱਤੀ। ਇਸ ਦਾ ਮਤਲਬ ਇਹ ਵੀ ਨਹੀ ਕੱਢਣਾ ਚਾਹੀਦਾ ਕਿ ਬੀਬੀ ਸਤਵੰਤ ਕੌਰ ਯੋਗ ਨਹੀ ਹਨ,ਪਰ ਕਹਿਣ ਦਾ ਮਤਲਬ ਇਹ ਹੈ ਕਿ ਭਾਵੇਂ ਪ੍ਰਧਾਨ ਬੀਬੀ ਸਤਵੰਤ ਕੌਰ ਹੀ ਬਣ ਜਾਣ ਪਰ ਬਣਾਏ ਜਾਣ ਦੀ ਪ੍ਰਕਿਰਿਆ ਦਰੁਸਤ ਹੋਣਿ ਚਾਹੀਦੀ ਹੈ।ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਬੇਸ਼ੱਕ ਚੰਗੇ ਬੁਲਾਰੇ,ਇਤਿਹਾਸ ਦੇ ਗਿਆਤਾ ਅਤੇ ਦੁਨਿਆਵੀ ਵਿੱਦਿਆ ਵਿੱਚ ਵੀ ਉੱਚਾ ਮੁਕਾਮ ਹਾਸਲ ਕਰਨ ਵਾਲੇ ਸਤਿਕਾਰਿਤ ਆਗੂ ਹਨ,ਪਰ ਉਹ ਪਹਿਲਾਂ ਹੀ ਐਨੇ ਸਤਿਕਾਰਿਤ ਅਤੇ ਸਰਬ ਉੱਚ ਰੁਤਬੇ ‘ਤੇ (ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਵਿਰਾਜਮਾਨ ਰਹਿ ਚੁੱਕੇ ਹਨ,ਜਿੰਨਾਂ ਦੇ ਸਾਹਮਣੇ ਕਿਸੇ ਵੀ ਸਿਆਸੀ ਪਾਰਟੀ ਦੀ ਪ੍ਰਧਾਨਗੀ ਵਰਗੇ ਆਹੁਦੇ ਬੌਨੇ ਰਹਿ ਜਾਂਦੇ ਹਨ,ਇਸ ਲਈ ਉਹਨਾਂ ਨੂੰ ਇਸ ਦੌੜ ਵਿੱਚ ਇਸ ਲਈ ਘਸੀਟਣਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦੇ ਸਕਦੇ ਹਨ,ਚੰਗੀ ਸੋਚ ਦਾ ਫੈਸਲਾ ਨਹੀ ਸਮਝਿਆ ਜਾ ਸਕਦਾ ਹੈ।ਜਿਸਤਰਾਂ ਉਪਰ ਲਿਖਿਆ ਜਾ ਚੁੱਕਾ ਹੈ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪਾਰਟੀ ਦਾ ਪ੍ਰਧਾਨ ਪੰਥਕ ਹਿਤਾਂ ਨੂੰ ਪਰਨਾਇਆ ਹੋਇਆ  ਬੇਦਾਗ,ਗੁਰਸਿੱਖ,ਨਿਰ ਸੁਆਰਥ ਅਤੇ ਸਿੱਖ ਜਜ਼ਬੇ ਵਾਲਾ ਅਡੋਲ ਅਤੇ ਨਿੱਡਰ ਆਗੂ ਹੋਣਾ ਚਾਹੀਦਾ ਹੈ,ਜਿਸਨੂੰ ਪੂ੍ਰੀ ਪਾਰਦਰਸ਼ੀ ਪ੍ਰਕਿਰਿਆ ਨਾਲ ਪਰ ਸਰਬ ਸੰਮਤੀ ਨਾਲ ਹੀ ਚੁਣਿਆ ਜਾਣਾ ਚਾਹੀਦਾ ਹੈ।ਭਾਵਨਾਵਾਂ ਚ ਬਹਿ ਕੇ ਲਏ ਗਏ ਫੈਸਲੇ ਕਦੇ ਵੀ ਦੂਰ ਅੰਦੇਸੀ ਵਾਲੇ ਨਹੀ ਹੋ ਸਕਦੇ।  ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਮਹਿਜ਼ ਭਾਵਨਾਵਾਂ ਦਾ ਬਹਿਣ ਨਹੀ ਹੈ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਦੀ ਸਖਤ ਜ਼ਰੂਰਤ ਹੈ। ਸੋ ਅਖੀਰ ਵਿੱਚ ਇਹ ਆਸ ਅਤੇ ਅਰਦਾਸ ਕੀਤੀ ਜਾਣੀ ਬਣਦੀ ਹੈ ਕਿ ਵਾਹਿਗੁਰੂ ਸਮੁੱਚੀ ਲੀਡਰਸ਼ਿੱਪ ਅਤੇ ਪੰਥ ਨੂੰ ਸੁਮੱਤ ਬਖਸ਼ੇ ਤਾਂ ਕਿ ਬੁਰੀ ਤਰਾਂ ਖਿੰਡ ਪੁੰਡ ਚੁੱਕੀ ਪੰਥਕ ਸੋਚ ਮੁੜ ਤਾਕਤਵਰ ਸਿਆਸੀ ਧਿਰ ਵਿੱਚ ਬਦਲ ਜਾਵੇ,ਜਿਸ ਨਾਲ ਪੰਥ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਕਿਨਾਰਾ ਮਿਲ ਸਕੇ। ਬਘੇਲ ਸਿੰਘ ਧਾਲੀਵਾਲ 99142-58142