ਹੁਣ ਅਗਲਾ ਨਿਸ਼ਾਨਾ ਪੰਜਾਬ ਹੋਵੇਗਾ ! - ਬਘੇਲ ਸਿੰਘ ਧਾਲੀਵਾਲ

ਭਾਰਤ ਦੀ ਮੌਜੂਦਾ ਸਮੇ ਦੀ ਰਾਜਨੀਤੀ ਨੂੰ ਸਮਝਣਾ ਕੋਈ ਸੁਖਾਲਾ ਨਹੀ ਰਿਹਾ ਹੈ,ਕਿਉਂਕਿ  ਇਹ ਇੱਕੋ ਇੱਕ ਅਜਿਹਾ ਖੇਤਰ ਹੈ,ਜਿਸ ਦਾ ਨਾ ਕੋਈ ਮਿਆਰ ਹੈ ਅਤੇ ਨਾ ਹੀ ਕੋਈ ਮਾਪਦੰਡ।ਭਾਰਤੀ ਰਾਜਨੀਤੀ ਦੇ ਇਸ ਦੌਰ ਨੂੰ ਜੇ ਧਿਆਨ ਨਾਲ ਵੇਖੀਏ ਤਾਂ ਪੁਰਾਣੀਆਂ ਕਹਾਵਤਾਂ ਦਾ ਅਸਲ ਅਰਥ ਆਪਣੇ ਆਪ ਸਾਹਮਣੇ ਆ ਜਾਂਦਾ ਹੈ।ਇਹ ਪੰਜਾਬੀ ਕਹਾਵਤ “ਡਾਢੇ ਦਾ ਸੱਤੀਂ ਵੀਹੀਂ ਸੌ”, ਜਿੱਥੇ ਸਕਤੇ ਦੇ ਧੋਖੇ ਜਾਂ ਚਲਾਕੀ ਦੀ ਪਰਤੀਕ ਹੈ,ਓਥੇ ਇਹ ਅਜੋਕੇ ਰਾਜਨੀਤਿਕ ਪ੍ਰਬੰਧ ਦੀ ਉਸ ਸੱਚਾਈ ਨੂੰ ਵੀ ਨੰਗਿਆਂ ਕਰਦੀ ਹੈ,ਜਿੱਥੇ ਰਾਜਨੀਤਕ ਤਾਕਤ ਕਾਨੂੰਨ ਤੋਂ ਵੀ ਵੱਡੀ ਹੋ ਜਾਂਦੀ ਹੈ। ਅੱਜ ਦਾ ਭਾਰਤ ਉਸੇ ਖ਼ਤਰਨਾਕ ਮੋੜ ’ਤੇ ਖੜਾ ਦਿਖਾਈ ਦਿੰਦਾ ਹੈ।ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਦੇਖ ਕੇ ਇਹ ਅਹਿਸਾਸ ਹੋਰ ਵੀ ਗਹਿਰਾ ਉੱਤਰ ਜਾਂਦਾ ਹੈ ਕਿ ਹੁਣ ਭਾਰਤ ਦਾ ਲੋਕਤੰਤਰ ਆਪਣੇ ਆਖਰੀ ਸਾਹਾਂ ਤੇ ਹੈ।ਇਸ ਲਈ ਹੁਣ ਵੋਟਾਂ ਮਹਿਜ਼ ਫੌਰਮੈਲਿਟੀ ਰਹਿ ਗਈਆਂ ਹਨ,ਜਦੋਂਕਿ ਡੰਡੇ ਦੇ ਜੋਰ ਨਾਲ ਸੂਬਿਆਂ,ਸੰਸਥਾਵਾਂ ਉੱਤੇ ਕਬਜ਼ਾ ਕਰਨ ਦੀ ਅਣ ਐਲਾਨੀ ਜੰਗ ਸ਼ੁਰੂ ਹੋ ਚੁੱਕੀ ਹੈ। ਭਾਜਪਾ ਨੇ ਬੰਗਾਲ ਨੂੰ ਜਿੱਤਣ ਲਈ ਜਿਹੜਾ ਜ਼ੋਰ ਲਾਇਆ, ਉਹ ਕਿਸੇ ਆਮ ਚੋਣ ਮੁਹਿੰਮ ਵਰਗਾ ਨਹੀਂ ਸੀ। ਕੇਂਦਰੀ ਮੰਤਰੀਆਂ ਦੇ ਲਗਾਤਾਰ ਹਮਲਾਵਰ ਦੌਰੇ, ਗੋਦੀ ਮੀਡੀਆ ਦੀ ਇਕਤਰਫ਼ਾ ਮੁਹਿੰਮ, ਚੋਣ ਕਮਿਸ਼ਨ ਦੀ ਚੁੱਪ, ਸੁਰੱਖਿਆ ਬਲਾਂ ਦੀ ਅਸਧਾਰਨ ਤਾਇਨਾਤੀ, ਧੱਕੇਸ਼ਾਹੀ ਅਤੇ ਵੋਟਰਾਂ ਦੇ ਅਧਿਕਾਰਾਂ ਦਾ ਇਹ ਕਾਤਲ ਵਰਤਾਰਾ ਅਨੇਕਾਂ ਸਵਾਲ ਖੜੇ ਕਰ ਗਿਆ ਹੈ।ਇਹ ਸਾਰਾ ਕੁਝ ਲੋਕਤੰਤਰਕ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ।ਇਹ ਉਸ ਸੱਤੀਂ ਵੀਹੀਂ ਸੌ ਵਾਲੀ ਰਾਜਨੀਤੀ ਦਾ ਆਧੁਨਿਕ ਰੂਪ ਹੈ ਜਿੱਥੇ ਜਨ ਮਤ ਨਹੀਂ, ਸਗੋਂ ਤਾਨਾਸ਼ਾਹੀ ਪ੍ਰਬੰਧ ਦਾ ਡੰਡਾ ਜਿੱਤਦਾ ਹੈ।ਕਪਿਲ ਸਿਬਲ ਵਰਗੇ ਸੀਨੀਅਰ ਕਾਨੂੰਨਦਾਨ ਨੇ ਖੁੱਲ੍ਹੇ ਤੌਰ ’ਤੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਭਾਜਪਾ ਨੇ ਨਹੀਂ ਹਰਾਇਆ, ਸਗੋਂ ਚੋਣ ਕਮਿਸ਼ਨ, ਸੁਰੱਖਿਆ ਬਲਾਂ ਅਤੇ ਵੋਟਰਾਂ ਦੇ ਹੱਕ ਖੋਹਣ ਵਾਲੀ ਪ੍ਰਕਿਰਿਆ ਨੇ ਹਰਾਇਆ ਹੈ। ਉਹਨਾਂ ਦਾ ਇਹ ਬਿਆਨ ਭਾਰਤੀ ਲੋਕਤੰਤਰ ਦੀ ਡਿੱਗਦੀ ਭਰੋਸੇਯੋਗਤਾ ਦੇ ਦਰਦ ਨੂੰ ਦਰਸਾਉਂਦਾ ਹੈ?ਜੇ ਚੋਣਾਂ ਦੇ ਨਤੀਜੇ ਪਹਿਲਾਂ ਹੀ ਤੈਅ ਕੀਤੇ ਜਾਣ ਲੱਗ ਪੈਣ, ਜੇ ਪ੍ਰਬੰਧ ਇੱਕ ਪੱਖ ਦੇ ਹੱਕ ਵਿੱਚ ਖੜ੍ਹ ਜਾਵੇ, ਫਿਰ ਲੋਕਤੰਤਰ ਅਤੇ ਤਾਨਾਸ਼ਾਹੀ ਵਿੱਚ ਫਰਕ ਹੀ ਕੀ ਰਹਿ ਜਾਂਦਾ ਹੈ। ਅੱਜ ਹਾਲਾਤ ਇਹ ਹਨ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ, ਉੱਥੇ ਹਰ ਛੋਟੀ ਘਟਨਾ ਨੂੰ ਰਾਸ਼ਟਰੀ ਸੰਕਟ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਮੀਡੀਆ ਦਾ ਵੱਡਾ ਹਿੱਸਾ ਕੇਂਦਰੀ ਤਾਕਤਾਂ ਦੇ ਹੱਕ ਵਿੱਚ ਮਨੋਵਿਗਿਆਨਕ ਜੰਗ ਲੜਦਾ ਦਿਖਾਈ ਦਿੰਦਾ ਹੈ। ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਬਦਨਾਮ ਕਰਨ ਲਈ ਜਿਹੜੀ ਭਾਸ਼ਾ ਵਰਤੀ ਗਈ, ਉਹ ਰਾਜਨੀਤਿਕ ਅਸਹਿਮਤੀ ਨਹੀਂ,ਬਲਕਿ ਇੱਕ ਚੁਣੀ ਹੋਈ ਸਰਕਾਰ ਨੂੰ ਲੋਕਾਂ ਦੀ ਨਜ਼ਰ ਵਿੱਚ ਗਿਰਾਉਣ ਦੀ ਕੋਝੀ ਅਤੇ ਸੋਚੀ ਸਮਝੀ ਮੁਹਿੰਮ ਸੀ। ਮਮਤਾ ਲਈ ਹਰ ਉਹ ਸਬਦ ਵਰਤੋਂ ਵਿੱਚ ਲਿਆਂਦਾ ਗਿਆ,ਜਿਹੜਾ ਉਹਨਾਂ ਦੀ ਇਮਾਨਦਾਰ ਸਬੀ ਨੂੰ ਖਰਾਬ ਕਰਨ ਲਈ ਢੁਕਵਾਂ ਜਾਪਿਆ।ਮਿਸਾਲ ਦੇ ਤੌਰ ਤੇ ਕਦੇ ਉਹਨੂੰ ਅਨਾਰਕੀ,ਕਦੇ ਰਾਸ਼ਟਰ ਵਿਰੋਧੀ,ਕਦੇ ਘੁਸਪੈਠੀਆਂ ਦੀ ਹਮਾਇਤੀ ਕਿਹਾ ਗਿਆ।ਇਹ ਹਰ ਤਾਨਾਸ਼ਾਹੀ ਸੋਚ ਦਾ ਤਰੀਕਾਕਾਰ ਹੈ, ਕਿ ਪਹਿਲਾਂ ਵਿਰੋਧੀ ਨੂੰ ਬਦਨਾਮ ਕਰੋ, ਫਿਰ ਉਸਦੀ ਰਾਜਨੀਤਕ ਜ਼ਮੀਨ ਖੋਹਣੀ ਅਸਾਨ ਹੋ ਜਾਂਦੀ ਹੈ।ਮੁੱਢੋ ਹੀ ਹਰ ਹਾਕਮ ਨੂੰ ਇਹ ਭਰਮ ਰਿਹਾ ਹੈ ਕਿ ਉਹ ਸਦੀਵੀ ਹੈ। ਔਰੰਗਜ਼ੇਬ ਨੂੰ ਵੀ ਇਹੋ ਜਿਹਾ ਭਰਮ ਸੀ। ਉਸਨੇ ਤਲਵਾਰ ਦੇ ਜ਼ੋਰ ’ਤੇ ਪੂਰੇ ਭਾਰਤ ਨੂੰ ਇੱਕ ਮਜ਼ਹਬੀ ਰਾਜ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ। ਪਰ ਉਹ ਖ਼ੁਦ ਥੱਕ ਗਿਆ, ਉਸਦਾ ਸਾਮਰਾਜ ਟੁੱਟ ਗਿਆ। ਸਿਕੰਦਰ ਨੇ ਦੁਨੀਆ ਜਿੱਤਣ ਦਾ ਸੁਪਨਾ ਵੇਖਿਆ, ਪਰ ਪੰਜਾਬ ਦੀ ਧਰਤੀ ਨੇ ਉਸਦਾ ਹੰਕਾਰ ਤੋੜ ਦਿੱਤਾ। ਅੰਗਰੇਜ਼ਾਂ ਨੂੰ ਲੱਗਦਾ ਸੀ ਕਿ ਸੂਰਜ ਕਦੇ ਉਹਨਾਂ ਦੇ ਸਾਮਰਾਜ ਵਿੱਚ ਡੁੱਬੇਗਾ ਨਹੀਂ, ਪਰ ਅਖ਼ੀਰ ਉਹਨਾਂ ਦਾ ਭਰਮ ਵੀ ਚਕਨਚੂਰ ਹੋ ਗਿਆ।ਇਹ  ਸਦੀਵੀ ਸੱਚ ਹੈ ਕਿ ਜਿਹੜੀ ਤਾਕਤ ਲੋਕਾਂ ਦੇ ਹੱਕਾਂ ਨੂੰ ਕੁਚਲਦੀ ਹੈ, ਉਹ ਕੁਝ ਸਮੇਂ ਲਈ ਤਾਂ ਡਰ,ਦਹਿਸ਼ਤ ਪੈਦਾ ਕਰ ਸਕਦੀ ਹੈ, ਪਰ ਇਤਿਹਾਸ ਵਿੱਚ ਕਦੇ ਸਦੀਵੀ ਨਹੀਂ ਰਹਿੰਦੀ।ਅੱਜ ਭਾਜਪਾ ਵੀ ਇੱਕ ਅਜਿਹੇ ਹੀ ਭਰਮ ਵਿੱਚ ਜਿਉਂ ਰਹੀ ਪਰਤੀਤ ਹੁੰਦੀ ਹੈ। ਉਸਨੂੰ ਜਾਪਦਾ ਹੈ ਕਿ ਕੇਂਦਰੀ ਏਜੰਸੀਆਂ, ਮੀਡੀਆ, ਪੈਸਾ ਅਤੇ ਤਾਕਤ ਦੀ ਦੁਰ-ਵਰਤੋਂ ਨਾਲ ਹਰ ਸੂਬੇ ਨੂੰ ਕਾਬੂ ਕੀਤਾ ਜਾ ਸਕਦਾ ਹੈ,ਪਰ ਹਰ ਸੂਬਾ ਇੱਕੋ ਜਿਹਾ ਨਹੀਂ ਹੁੰਦਾ। ਪੰਜਾਬ, ਬੰਗਾਲ ਜਾਂ ਕਸ਼ਮੀਰ ਸਿਰਫ਼ ਭੂਗੋਲਿਕ ਦਾਇਰਾ  ਨਹੀਂ ਹਨ; ਇਹ ਆਪਣੀ ਵੱਖਰੀ ਹੋਣੀ ਅਤੇ ਇਤਿਹਾਸਿਕ ਪਛਾਣ ਵਾਲੇ ਇਲਾਕੇ ਹਨ,ਪਰ ਪੰਜਾਬ ਆਪਣੀ ਨਾਬਰੀ ਕਰਕੇ ਬਾਕੀ ਸੂਬਿਆਂ ਤੋਂ ਵੀ ਵੱਖਰਾ ਹੈ। ਬੰਗਾਲ ਤੋਂ ਬਾਅਦ ਹੁਣ ਨਿਸ਼ਾਨਾ ਪੰਜਾਬ ਹੈ। ਇਹ ਕਹਿਣਾ ਹੁਣ ਕੋਈ ਲੁਕਿਆ ਭੇਦ ਜਾਂ ਭੁਲੇਖੇ ਵਾਲੀ ਗੱਲ ਨਹੀਂ ਕਿ ਪੰਜਾਬ ਦੀ ਭੂਗੋਲਿਕ ਸਥਿਤੀ, ਪਾਣੀ, ਖੇਤੀ, ਜਵਾਨੀ,ਕਿਸਾਨੀ ਅਤੇ ਰਾਜਨੀਤਿਕ ਚੇਤਨਾ, ਦਿੱਲੀ ਲਈ ਹਮੇਸ਼ਾ ਸਿਰਦਰਦੀ ਅਤੇ ਕੰਟਰੋਲ ਕਰਨ ਵਾਲਾ ਮਸਲਾ ਰਿਹਾ ਹੈ। ਜਿਵੇਂ ਹੀ ਬੰਗਾਲ ਵਿੱਚ ਸਫਲਤਾ ਦਾ ਦਾਅਵਾ ਕੀਤਾ ਗਿਆ, ਪੰਜਾਬ ਦੇ ਭਾਜਪਾਈ ਲੀਡਰ ਵੀ ਜੋਸ਼ ਵਿੱਚ ਆ ਗਏ। ਉਹਨਾਂ ਦੇ ਬਿਆਨ ਸਾਫ਼ ਦੱਸ ਰਹੇ ਹਨ ਕਿ ਹੁਣ 2027 ਦੀਆਂ ਪੰਜਾਬ ਚੋਣਾਂ ਉਹਨਾਂ ਦਾ ਅਗਲਾ ਨਿਸ਼ਾਨਾ ਹਨ।ਪਰ ਉਹ ਸ਼ਾਇਦ ਪੰਜਾਬ ਚ ਰਹਿੰਦੇ ਹੋਏ ਵੀ ਇਹਦੀ ਗੈਰਤੀ ਮਾਨਸਿਕਤਾ ਨੂੰ ਸਮਝਣ ਵਿੱਚ ਅਸਮਰੱਥ ਰਹੇ ਹਨ। ਪੰਜਾਬ ਕੋਈ ਆਮ ਧਰਤੀ ਨਹੀਂ ਹੈ। ਇੱਥੇ ਹਮੇਸ਼ਾ ਨਾਬਰੀ ਫਲੀ ਅਤੇ ਸ਼ਹਾਦਤਾਂ ਦੇ ਬੀਜ ਪੁੰਗਰਦੇ ਰਹੇ ਹਨ।ਇਹ ਇਤਿਹਾਸਿਕ ਸਚਾਈ ਹੈ ਕਿ ਇਸ ਧਰਤੀ ਨੇ ਦੁਨੀਆਂ ਦੇ ਅਜੇਤੂਆਂ ਦੀਆਂ ਗੋਡਣੀਆਂ ਲਗਵਾਈਆਂ ਹਨ।ਪੰਜਾਬ ਨੇ ਮੁਗਲਾਂ ਦੇ ਸਮੇ ਤੋ ਲੈ ਕੇ ਮੌਜੂਦਾ ਦੌਰ ਤੱਕ ਪੁੱਜਦਿਆਂ ਦਿੱਲੀ ਦੇ ਤਖ਼ਤ ਨੂੰ ਇੱਕ ਨਹੀ ਅਨੇਕਾਂ ਵਾਰੀ ਚੁਣੌਤੀ ਦਿੱਤੀ ਹੈ।ਦਿੱਲੀ ਦਾ ਕਿਸਾਨੀ ਅੰਦੋਲਨ  ਇਸਦੀ ਸਭ ਤੋਂ ਵੱਡੀ ਮਿਸਾਲ ਹੈ।ਸੱਤ ਸੌ ਤੋਂ ਵੱਧ ਕਿਸਾਨ ਅਤੇ ਮਜ਼ਦੂਰ ਸ਼ਹੀਦ ਹੋ ਗਏ, ਪਰ ਪੰਜਾਬ ਨੇ ਪਿੱਛੇ ਮੁੜਨਾ ਪਰਵਾਨ ਨਾ  ਕੀਤਾ,ਬਲਕਿ ਤਿੰਨ ਕਿਸਾਨੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਦੇ ਦਾਅਵੇ ਕਰਨ ਵਾਲੀ ਕੇਂਦਰੀ ਹਕੂਮਤ ਨੂੰ ਝੁਕਣਾ ਪਿਆ।ਪੰਜਾਬ ਨਾਲ ਧੱਕੇ ਦੀ ਸੂਚੀ ਵੀ ਬਹੁਤ ਲੰਮੀ ਹੈ। ਹਰ ਵਾਰੀ ਪੰਜਾਬ ਦੇ ਹੱਕਾਂ ਨੂੰ ਰਾਸ਼ਟਰੀ ਹਿਤ ਦੇ ਨਾਂ ’ਤੇ ਦਬਾਉਣ ਦੀ ਕੋਸ਼ਿਸ਼ ਹੋਈ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਕੇਂਦਰੀ ਦਖ਼ਲਅੰਦਾਜ਼ੀ ਪ੍ਰਤੀ ਹਮੇਸ਼ਾ ਸ਼ੱਕ ਅਤੇ ਗੁੱਸਾ ਬਰਕਰਾਰ ਰਿਹਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਇਸ ਦੇਸ਼ ਦੀ ਆਰਥਿਕ, ਸੱਭਿਆਚਾਰਕ ਅਤੇ ਜਜ਼ਬਾਤੀ ਤਾਕਤ ਵੀ ਰਿਹਾ ਹੈ। ਇਸ ਧਰਤੀ ਨੇ ਦੇਸ਼ ਨੂੰ ਅੰਨ ਦਿੱਤਾ, ਸਰਹੱਦਾਂ ਦੀ ਰੱਖਿਆ ਕੀਤੀ, ਅਤੇ ਹਰ ਸੰਕਟ ਵੇਲੇ ਆਪਣਾ ਲਹੂ ਦਿੱਤਾ। ਪਰ ਇਸ ਦੇ ਬਾਵਜੂਦ ਵੀ ਪੰਜਾਬ ਤੇ ਕੇਂਦਰੀ ਤਾਕਤਾਂ ਦੀ ਹਮੇਸ਼ਾ ਮਾੜੀ ਨਜ਼ਰ ਹੀ ਰਹੀ ਹੈ। ਪਹਿਲਾ ਹਮਲਾ ਪਾਣੀਆਂ ’ਤੇ, ਫਿਰ ਚੱਲ ਸੋ ਚੱਲ ਹਮਲਿਆਂ ਦੀ ਕੋਈ ਗਿਣਤੀ ਨਹੀ ਹੈ,ਜ਼ਮੀਨ ’ਤੇ, ਕਿਸਾਨੀ ’ਤੇ, ਜਵਾਨੀ ’ਤੇ ਅਤੇ ਸਭ ਤੋ ਵੱਡਾ ਹਮਲਾ ਬਾਬੇ ਕਿਆਂ ਦੀ ਸੋਚ ’ਤੇ ਹੈ,ਜੇ ਲੋਕ ਅਜੇ ਵੀ ਨਾ ਸਮਝੇ ਤਾਂ ਆਉਣ ਵਾਲਾ ਸਮਾਂ ਬਹੁਤ ਖ਼ਤਰਨਾਕ ਹੋ ਸਕਦਾ ਹੈ।ਇਸ ਲਈ ਪੰਜਾਬੀਆਂ ਨੂੰ ਹੁਣੇ ਤੋਂ ਤਿਆਰ ਹੋਣਾ ਪਵੇਗਾ। ਪਿੰਡਾਂ, ਸ਼ਹਿਰਾਂ, ਯੂਨੀਵਰਸਿਟੀਆਂ ਅਤੇ ਸਮਾਜਿਕ ਸੰਸਥਾਵਾਂ ਵਿੱਚ ਚੇਤਨਾ ਪੈਦਾ ਕਰਨੀ ਪਵੇਗੀ। ਇੱਥੋ ਦੇ ਰਾਜਨੀਤਕ ਨੇਤਾਵਾਂ ਵਿੱਚ ਮਮਤਾ ਜਿੰਨੀ ਦਲੇਰੀ ਅਤੇ ਸੂਬੇ ਪ੍ਰਤੀ ਇਮਾਨਦਾਰੀ ਵਾਲੀ ਸੋਚ ਨੂੰ ਦ੍ਰਿੜ ਕਰਨਾ ਪਵੇਗਾ।ਲੋਕਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਚੋਣ ਸਿਰਫ਼ ਸਰਕਾਰ ਚੁਣਨ ਲਈ ਹੀ ਨਹੀਂ, ਸਗੋਂ ਭਵਿੱਖ ਦੀ ਦਿਸ਼ਾ ਚੁਣਨ ਦਾ ਮੌਕਾ ਹੋਣਾ ਚਾਹੀਦੀਆਂ ਹਨ। ਪੱਛਮੀ ਬੰਗਾਲ ਦੀ ਅਣਖੀਲੀ ਔਰਤ ਮਮਤਾ ਬੈਨਰਜੀ ਨੇ ਬੰਗਾਲ ਵਿੱਚ ਹਾਰ ਮੰਨਣ ਤੋਂ ਇਨਕਾਰ ਕਰਕੇ ਇਹ ਸਪੱਸਟ ਸੰਦੇਸ਼ ਦਿੱਤਾ ਹੈ ਕਿ ਕੇਂਦਰ ਦੀਆਂ ਫਿਰਕੂ ਧੱਕੇਸ਼ਾਹੀਆਂ ਦੇ ਖਿਲਾਫ ਲੜਾਈ ਜਾਰੀ ਰਹੇਗੀ। ਮਮਤਾ ਬੈਨਰਜੀ ਵੱਲੋਂ ਅਸਤੀਫ਼ਾ ਨਾ ਦੇਣ ਦੇ ਐਲਾਨ ਤੋਂ ਸਾਫ ਹੁੰਦਾ ਹੈ ਕਿ ਉਹ ਦਬਾਅ ਅੱਗੇ ਝੁਕੇਗੀ ਨਹੀਂ। ਇਹ ਸਮਝ ਲੈਣ ਦੀ ਲੋੜ ਹੈ ਕਿ ਇਹ ਸਿਰਫ਼ ਬੰਗਾਲ ਦੀ ਲੜਾਈ ਨਹੀਂ ਰਹੀ; ਇਹ ਹੁਣ ਉਹਨਾਂ ਸਾਰੇ ਸੂਬਿਆਂ ਦੀ ਲੜਾਈ ਬਣਨੀ ਚਾਹੀਦੀ ਹੈ ਜੋ ਕੇਂਦਰੀਕਰਨ ਅਤੇ ਸੰਸਥਾਵਾਂ ਦੇ ਦੁਰ-ਉਪਯੋਗ ਦੇ ਸਤਾਏ ਹੋਏ ਹਨ। ਪੰਜਾਬ ਨੂੰ ਵੀ ਇਹ ਸਮਝਣਾ ਪਵੇਗਾ ਕਿ ਆਉਣ ਵਾਲਾ ਸਮਾਂ ਸਿਰਫ਼ ਰਾਜਨੀਤਿਕ ਨਹੀਂ,ਬਲਕਿ ਇਹ ਸਵੈਮਾਣ ਦੀ ਲੜਾਈ ਦਾ ਸਮਾਂ ਵੀ ਹੋ ਸਕਦਾ ਹੈ। ਜੇ ਪੰਜਾਬ ਦੀ ਜਨਤਾ ਜਾਤਾਂ, ਧੜਿਆਂ,ਛੋਟੇ ਲਾਲਚਾਂ ਅਤੇ ਝੂਠੇ ਨਾਰਿਆਂ ਵਿੱਚ ਫਸੀ ਰਹੀ ਤਾਂ ਫਿਰ ਇਤਿਹਾਸ ਮਾਫ਼ ਨਹੀਂ ਕਰੇਗਾ।ਸਮਾਂ ਆ ਗਿਆ ਹੈ ਕਿ ਪੰਜਾਬ ਆਪਣੀ ਨਾਬਰੀ ਦੇ ਦਾਅਵੇ ਨੂੰ ਮਜਬੂਤ ਕਰੇ,ਆਪਣੇ ਪਾਣੀਆਂ, ਆਪਣੀ ਭਾਸ਼ਾ, ਆਪਣੀ ਜੁਆਨੀ,ਕਿਸਾਨੀ ਅਤੇ ਆਪਣੀ ਅਣਖ ਨੂੰ ਪਛਾਣੇ,ਕਿਉਂਕਿ ਹੁਣ ਫਿਰਕੂ ਤਾਕਤਾਂ ਦਾ ਅਗਲਾ ਨਿਸ਼ਾਨਾ ਪੰਜਾਬ ਹੋਵੇਗਾ।
ਬਘੇਲ ਸਿੰਘ ਧਾਲੀਵਾਲ
99142-58142