ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਤੂੰ ਕੰਮ ਅਜਿਹਾ ਕਰ ਕਦੇ ਉਹ ਭੁੱਲੇ ਨਾਂ।
ਤੂੰ ਦੁੱਖ ਮਾੜੇ ਦਾ ਹਰ ਕਦੇ ਉਹ ਭੁੱਲੇ ਨਾ।
ਤੂੰ ਹੱਥ ਫੜ ਮਜਦੂਰ ਦਾ ਲੈ ਛਾਤੀ ਲਾ,
ਦੇ ਤਾਕਤ ਉਸ 'ਚ ਭਰ ਕਦੇ ਉਹ ਭੁੱਲੇ ਨਾਂ।
ਆ ਸੱਜਣਾ ਦੇ ਸੰਗ ਮਿਲ ਕੇ ਖੇਡੀਏ ,
ਤੂੰ ਜਿੱਤ ਕੇ ਬਾਜੀ ਹਰ ਕਦੇ ਉਹ ਭੁੱਲੇ ਨਾ।
ਸਿਰ ਬੰਨ ਕੱਫਣ ਤੁਰ ਪਈ ਸੀ ਹਿੰਮਤ ਕਰ,
ਜੇ ਜਾਣ ਕੱਚੇ ਤਰ ਕਦੇ ਉਹ ਭੁੱਲੇ ਨਾਂ।
ਰਾਖੀ ਕਰੇ ਬੇਖੌਫ ਲੜਦਾ ਸੱਚ ਲਈ,
ਜੋ ਮੌਤ ਦਾ ਹੈ ਡਰ ਕਦੇ ਉਹ ਭੁੱਲੇ ਨਾ।
ਹੈ ਸੋਚ ਸਿੱਧੂ ਖੰਭ ਕੱਟ ਦਿਆਂ ਉਹਦੇ,
ਕੱਟੇ ਗਏ ਜੇ ਪਰ ਕਦੇ ਉਹ ਭੁੱਲੇ ਨਾ।
ਅਮਰਜੀਤ ਸਿੰਘ ਸਿੱਧੂ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਭੁਲਦੇ ਨਾਂ ਉਹ ਦਿਨ ਤੇਰੇ ਨਾਲ ਬਿਤਾਏ ਜੋ।
ਗਮ ਬਣਗੇ ਸਰਮਾਇਆ ਤੂੰ ਝੋਲੀ ਪਾਏ ਜੋ।
ਉਹ ਤੇਰੇ ਮੱਥੇ ਦਾ ਨਾ ਬਣਨ ਕਲੰਕ ਦਿੱਤੇ,
ਦੂਸ਼ਣ ਸਾਡੇ ਸਿਰ ਇੰਨਾਂ ਲੋਕਾਂ ਲਾਏ ਜੋ।
ਉਹ ਭੁਲ ਜਾਵਣਗੇ ਕਿੱਦਾਂ ਤੂੰ ਸਮਝਾ ਮੈਨੂੰ,
ਮੇਰੇ ਤੇ ਸੀ ਝੂਠੇ ਇਲਜਾਮ ਲਗਾਏ ਜੋ।
ਇਹ ਹੌਕੇ ਹੰਝੂ ਹਾਵੇ ਤੋਹਫੇ ਬਿਰਹੋਂ ਦੇ,
ਤੂੰ ਸਾਡੀ ਝੋਲੀ ਦੇ ਵਿਚ ਯਾਰਾ ਪਾਏ ਜੋ।
ਜਦ ਤਾਈਂ ਚੱਲਣਗੇ ਸਾਹ ਕਦੇ ਭੁਲਣੇ ਨਾਂ,
ਤੂੰ ਸਾਡੇ ਜਖਮਾਂ ਵਿਚ ਸੀ ਲੂਣ ਭਰਾਏ ਜੋ।
ਕਿੱਦਾਂ ਦੱਸ ਭੁਲਾਈਏ ਸਾਨੂੰ ਤੂੰ ਸਮਝਾ,
ਮਚਦੇ ਟਾਇਰ ਸੀ ਸਾਡੇ ਗਲ ਵਿਚ ਪਾਏ ਜੋ।
ਚਮਕੇ ਚੰਦਰਮਾਂ ਵਾਗੂੰ ਜੱਗ ਚ ਉਹਦਾ ਨਾਂ,
ਖਾਤਰ ਦੂਜੇ ਦੀ ਅਪਣਾ ਸੀਸ ਲਗਾਏ ਜੋ।
ਉਹ ਤਾਂ ਸਾਰੀ ਉਮਰ ਜਿਹਨ ਵਿਚ ਰੜਕਣਗੇ,
ਤੂੰ ਸੱਥ ਚ ਖੜਕੇ ਮੈਨੂੰ ਬੋਲ ਸੁਣਾਏ ਜੋ।
ਜੀਵਨ ਵਿਚ ਪਾ ਨੀ ਸਕਦਾ ਅਪਣੀ ਮੰਜਿਲ ਉਹ,
ਪਹਿਲਾ ਕਦਮ ਧਰਨ ਤੋਂ ਸਿੱਧੂ ਘਬਰਾਏ ਜੋ।
ਅਮਰਜੀਤ ਸਿੰਘ ਸਿੱਧੂ
+4917664197996
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਤੇਰੀਆਂ ਯਾਦਾ 'ਚ ਅਸੀਂ ਗਜਰਾਤੇ ਕਰਦੇ ਰਹੇ
ਦੀਪ ਜਗਾ ਕੇ ਆਸਾਂ ਦੇ ਲੋਅ ਅਸੀਂ ਕਰਦੇ ਰਹੇ।
ਚਾਹਤ ਦਿਲ ਵਿਚ ਸੀ ਮੇਰੇ ਤੈਨੂੰ ਖੁਸ਼ ਵੇਖਾਂ ਸਦਾ,
ਜਿਸ ਦੇ ਕਰਕੇ ਹੀ ਜਿੱਤੀ ਬਾਜੀ ਨੂੰ ਹਰਦੇ ਰਹੇ।
ਤੇਰੇ ਆਖੇ ਬੋਲਾਂ ਤੇ ਸੀ ਫੁੱਲ ਚੜਾਉਣ ਲਈ,
ਪੱਥਰ ਰੱਖ ਦਿਲ ਉਪਰ ਸਾਰਾ ਕੁਝ ਜਰਦੇ ਰਹੇ।
ਨਾਂ ਦਾਗੀ ਹੋ ਜਾਵੇ ਚਿੱਟੀ ਇੱਸ਼ਕ ਦੀ ਪੱਗੜੀ,
ਤਾਂ ਹੀ ਤਾਂ ਉਹ ਕੱਚੇ ਤੇ ਰਾਤਾਂ ਨੂੰ ਤਰਦੇ ਰਹੇ।
ਇਹ ਬੱਚੇ ਨੇ ਗਿੱਦੜ ਦੇ ਬੜ ਘੁਰਨੇ ਵਿਚ ਸ਼ੇਰ ਦੇ,
ਨਾਲ ਚਲਾਕੀ ਦੇ ਇਹ ਰਾਜ ਸਦਾ ਹੀ ਕਰਦੇ ਰਹੇ।
ਉਹ ਸਾਡੀ ਹੀ ਭੇਲੀ ਨੂੰ ਘਰ ਅਪਣੇ ਸੀ ਰੱਖਕੇ,
ਇਲਜਾਮ ਕਿਵੇਂ ਚੋਰੀ ਦਾ ਸਾਡੇ ਸਿਰ ਧਰਦੇ ਰਹੇ।
ਮਿੱਠੀ ਬੋਲੀ ਸੁਣ ਸਿੱਧੂ ਵਿਚ ਚਾਲਾਂ ਦੇ ਫਸ ਅਸੀਂ,
ਬਣ ਦੇਸ਼ ਭਗਤ ਵੱਡੇ ਹੁਣ ਤਾਈਂ ਹਾਂ ਮਰਦੇ ਰਹੇ।
ਅਜ਼ਾਦੀ - ਅਮਰਜੀਤ ਸਿੰਘ ਸਿੱਧੂ
ਸੰਨ ਸੰਨਤਾਲੀ ਦੇਸ਼ ਮੇਰੇ ਵਿਚ ਐਸਾ ਕਹਿਰ ਮਚਾਇਆ।
ਘਰ ਘਰ ਅੰਦਰ ਇਸ ਅਜ਼ਾਦੀ ਤਾਂਡਵ ਨਾਚ ਨਚਾਇਆ।
ਨਾਮ ਅਜਾਦੀ ਦਾ ਸੀ ਵਰਤਕੇ ਕੱਢ ਧਰਮ ਦੀਆਂ ਕੰਧਾਂ,
ਭਾਈਆਂ ਹੱਥੋਂ ਭਾਈਆਂ ਦਾ ਸੀ ਇਨ੍ਹਾਂ ਕਤਲ ਕਰਾਇਆ।
ਜਾਤ ਪਾਤ ਤੇ ਧਰਮਾਂ ਵਾਲੀ ਸੀ ਐਸੀ ਚਾਲ ਗਈ ਖੇਡੀ,
ਆਪਣਿਆਂ ਨੂੰ ਪਲ ਦੇ ਵਿਚ ਸੀ ਗਿਆ ਗੈਰ ਬਣਾਇਆ।
ਮਾਵਾਂ ਦੇ ਕੋਲੋਂ ਪੁੱਤ ਵਿੱਛੜ ਗਏ ਭੈਣਾਂ ਤੋਂ ਵਿੱਛੜਗੇ ਭਾਈ,
ਬਾਪੂ ਦਾ ਸਿੰਦਾ ਪੁੱਤ ਗਵਾਚਾ ਹੁਣ ਤਾਈਂ ਨਾ ਥਿਆਇਆ।
ਇਕੱਠੇ ਖੇਡੇ ਇਕੱਠੇ ਪੜੇ ਸਾਂ ਇਕੱਠਿਆਂ ਸੀ ਨੇ ਮੰਗੂ ਚਾਰੇ ,
ਐਸੀ ਚੁੱਕ ਸੀ ਜਾਨ ਲੈਦਿਆਂ ਰਤਾ ਨਾਂ ਦਿਲ ਘਬਰਾਇਆ।
ਜਿੰਨਾਂ ਨੇ ਸੀ ਕੁਰਬਾਨੀ ਕੀਤੀ ਉਹਨਾਂ ਦੇ ਟੁਕੜੇ ਕਰ ਦਿੱਤੇ,
ਰਾਜ ਭਾਗ ਦੇ ਮਾਲਕ ਬਣਗੇ ਉਹ ਜਿੰਨਾਂ ਦਗਾ ਕਮਾਇਆ।
ਅਜਾਦੀ ਲਈ ਜਿੰਨਾਂ ਰੱਸੇ ਚੁੰਮੇ ਖੜ ਫਾਂਸੀ ਦੇ ਤੱਖਤੇ ਤੇ,
ਸੂਰਮਿਆਂ ਦਾ ਸੁਪਨਾਂ ਗਦਾਰਾਂ ਮਿੱਟੀ ਦੇ ਵਿਚ ਮਿਲਾਇਆ।
ਅਜਾਦ ਭਾਰਤ ਦੀ ਹੁਣ ਆਬਰੂ ਨਾ ਸਿੱਧੂਆ ਮਹਿਫੂਜ ਰਹੀ,
ਜਦ ਤੋ ਚੋਰਾਂ ਗੁੰਡਿਆਂ ਨੂੰ ਅਸੀਂ ਕੁਰਸੀ ਉਪਰ ਬਿਠਾਇਆ।
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਜੇ ਹੈ ਇਸ ਦਾ ਨਾਮ ਅਜਾਦੀ।
ਕਿਉਂ ਸਾਡੀ ਹੋਈ ਬਰਬਾਦੀ।
ਵਾਂਗ ਭਰਾਵਾਂ ਵਸਦੀ ਕੱਠੀ,
ਇਸ ਕਿਉਂ ਦਿੱਤੀ ਵੰਡ ਅਬਾਦੀ
ਦੱਸੋ ਕਿਉਂ ਇਹ ਕਾਤਲ ਬਣਗੇ,
ਕੱਠੇ ਰਹਿਣ ਦੇ ਜੋ ਸੀ ਆਦੀ।
ਨਾਰ੍ਹੇ ਲਾ ਕੇ ਨਫਰਤ ਫੈਲਾ,
ਮਾਰੇ ਭਾਰਤ ਦੇ ਪੁਤ ਨਾਦੀ।
ਉਹ ਕਿਉਂ ਸਾਡਾ ਬਾਪੂ ਬਣਿਆ,
ਜੋ ਹੈ ਨੰਗਾ ਜਾਂ ਪਹਿਨੇ ਖਾਦੀ।
ਸਾਨੂੰ ਘਰ ਤੋਂ ਬੇਘਰ ਕਰਗੇ,
ਕੁਰਸੀ ਨਾਲ ਰਚਾਕੇ ਸਾਦੀ।
ਬਿੰਨ ਜਲਾਲਤ ਸਿੱਧੂ ਦੱਸੋ,
ਕੀ ਦਿੱਤਾ ਹੈ ਏਸ ਅਜਾਦੀ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਉਹ ਹੀ ਬੰਦਾ ਚੁਸਤ ਕਹਾਏ।
ਦੋ ਪਾਸੀਂ ਜੋ ਲੂਤੀ ਲਾਏ।
ਕਿਹੜੇ ਅਪਣੇ ਕੌਣ ਪਰਾਏ।
ਸਾਰਾ ਕੁਝ ਹੀ ਵਕਤ ਬਤਾਏ।
ਇਕ ਦੇ ਉੱਪਰ ਰੱਖ ਭਰੋਸਾ,
ਉਹ ਹੀ ਬੇੜੇ ਪਾਰ ਲਗਾਏ।
ਮੰਜਿਲ ਨੂੰ ਉਹ ਪਾ ਨੀ ਸਕਦਾ,
ਚੱਲਣ ਤੋੰ ਜਿਹੜਾ ਘਬਰਾਏ।
ਨੇਤਾ ਉਹ ਹੀ ਬਣ ਸਕਦਾ ਹੈ,
ਜਿਹੜਾ ਉਂਗਲਾਂ ਉਪਰ ਨਚਾਏ
ਰੌਲੇ ਦੀ ਜੜ ਤੰਗੀ ਬਣਦੀ,
ਪੈਸਾ ਝਗੜੇ ਸੱਭ ਮੁਕਾਏ।
ਮਤਲਬ ਖੋਰੇ ਬਣਗੇ ਸਾਰੇ,
ਇਕ ਹੀ ਮਾਂ ਦੇ ਪੇਟੋਂ ਜਾਏ।
ਸੁੱਖ ਸਮੇਂ ਦੇ ਦੋਸਤ ਮਿੱਤਰ,
ਦੁੱਖ ਸਮੇਂ ਨਾਂ ਨੇੜੇ ਆਏ।
ਤਕੜੇ ਉਸ ਨੂੰ ਨਫਰਤ ਕਰਦੇ,
ਮਿਹਨਤ ਦੀ ਜੋ ਰੋਟੀ ਖਾਏ।
ਘਰ 'ਚੋਂ ਰੌਲੇ ਹੀ ਮੁਕ ਜਾਵਣ,
ਜੇਕਰ ਸੱਸੂ ਮਾਂ ਬਣ ਜਾਏ।
ਤੰਤਰ ਫੜ ਕੇ ਜੇਲ੍ਹੀਂ ਡੱਕੇ,
ਹੱਕਾਂ ਦੀ ਜੋ ਅਵਾਜ਼ ਉਠਾਏ।
ਭੁੱਲ ਗਏ ਹਾਂ ਫਤਹਿ ਬੁਲੌਣੀ,
ਸਾਰੇ ਆਖਣ ਵਾਏ ਵਾਏ।
ਅਪਣੇ ਤੋਂ ਮਾੜੇ ਨੂੰ ਸਿੱਧੂ,
ਕੋਈ ਵੀ ਨਾਂ ਹੱਸ ਬੁਲਾਏ।
ਅਮਰਜੀਤ ਸਿੰਘ ਸਿੱਧੂ
+4917664197996
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਨੇਤਾ ਵੇਖੋ ਕਰਨ ਤਮਾਸ਼ਾ।
ਲੋਕਾਂ ਹੱਥ ਫੜਾ ਕੇ ਕਾਸਾ।
ਇਕ ਦੂਜੇ ਤੇ ਲਾ ਤੂੰਹਮਤਾਂ,
ਖੁਦ ਲੋਕਾਂ ਦਾ ਬਣਦੇ ਹਾਸਾ।
ਦੂਜੇ ਦੀ ਇਹ ਮਿੱਟੀ ਪੁੱਟਣ,
ਰੱਖਣ ਸੁਥਰਾ ਅਪਣਾ ਪਾਸਾ।
ਗਿਰਗਟ ਵਾਂਗੂੰ ਰੰਗ ਬਦਲਦੇ,
ਪਲ ਵਿਚ ਤੋਲਾ ਪਲ ਵਿਚ ਮਾਸਾ।
ਅਪਣੀ ਗੱਲ ਲੁਕਾਉਣ ਖਾਤਰ,
ਦੂਜੇ ਦਾ ਇਹ ਕਰਨ ਖੁਲਾਸਾ।
ਨੇਤਾ ਜੀਵਨ ਵਿਚ ਨੀ ਕਰਦਾ,
ਆਪਣਿਆਂ ਤੇ ਵੀ ਭਰਵਾਸਾ।
ਐਬਾਂ ਨਾਲ ਕਮਾਵੇ ਪੈਸਾ,
ਬਣਿਆ ਲੀਡਰ ਦਾ ਹੈ ਖਾਸਾ।
ਚੰਗਾ ਖਾਂਦੇ ਮੰਦਾ ਬੋਲਣ,
ਰੱਖਣ ਮਹਿਲਾਂ ਦੇ ਵਿਚ ਵਾਸਾ।
ਅੰਦਰ ਰੋਵਣ ਬਾਹਰ ਹੱਸਣ,
ਸਿੱਧੂ ਨੇਤਾ ਬਣਗੇ ਤਮਾਸ਼ਾ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ +4917664197996
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਜੱਗ 'ਚ ਜਿਉਂਦੇ ਰਹਿਣ ਸਦਾ ਉਹ ਮਰਦੇ ਨਹੀਂ।
ਵਾਰਨ ਲੱਗੇ ਸੀਸ ਜੋ ਰਤਾ ਡਰਦੇ ਨਹੀਂ।
ਇੱਜ਼ਤ ਜਿੰਨਾਂ ਨੇ ਘਰ ਦੀ ਦਿੱਤੀ ਰੋਲ ਹੈ,
ਮੇਰੀ ਸਮਝ ਚ ਉਹ ਤਾਂ ਬੰਦੇ ਘਰਦੇ ਨਹੀਂ।
ਨਾਲ ਅਣਖ ਦੇ ਲੜਨਾ ਜਿਹੜੇ ਹਨ ਜਾਣਦੇ,
ਰਣ ਵਿਚ ਵੈਰੀ ਦੇ ਹੱਥੋਂ ਉਹ ਹਰਦੇ ਨਹੀਂ।
ਜਿੰਨਾਂ ਦਿੱਲਾਂ ਵਿਚ ਜਗਦੀ ਜੋਤ ਪਿਆਰ ਦੀ,
ਕੱਚੇ ਉਪਰ ਤਰਨ ਤੋਂ ਉਹ ਤਾਂ ਡਰਦੇ ਨਹੀਂ।
ਸਿੱਧੂ ਹੁੰਦੀ ਹੈ ਗੈਰਤ ਜਿਸ ਦੇ ਖੂਨ ਵਿਚ,
ਅੱਖਾਂ ਸਾਵ੍ਹੇਂ ਜਬਰ ਜੁਲਮ ਉਹ ਜਰਦੇ ਨਹੀਂ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ +4917664197996
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਜਖਮ ਵਿਛੋੜੇ ਦੇ, ਜਾਣ ਭਰੇ ਨਾ, ਨੈਣੋ ਨੀਰ ਵਹਾ ਕੇ।
ਜੇ ਜਖਮਾਂ ਨੂੰ, ਭਰਨਾ ਤਾਂ ਯਾਦਾਂ, ਸੀਨੇ ਰੱਖ ਛੁਪਾ ਕੇ।
ਮਾਂ ਬੋਲੀ ਪੰਜਾਬੀ ਨੂੰ ਜੋ ਬੋਲੀ ਕਹਿਣ ਗਵਾਰਾਂ ਦੀ,
ਉਹਨਾਂ ਅੱਗੇ ਤੂੰ ਇਸ ਦੀਆਂ ਖੂਬੀਆਂ ਰੱਖ ਲਿਆ ਕੇ।
ਵਿਚ ਅਣਜਾਣੇ ਜੇਕਰ ਕੋਈ ਗਲਤੀ ਹੋਗੀ ਤੇਰੇ ਤੋਂ,
ਨੀਵੀਂ ਪਾ ਕੇ ਵਿਚ ਪੰਚਾਇਤ ਦੇ ਮੰਗ ਮੁਆਫੀ ਆ ਕੇ।
ਅੱਜ ਮਿਲਣ ਦਾ ਟਾਇਮ ਨਾ ਦਿੰਦੇ ਬਹੁਤੇ ਵਿੱਜੀ ਹੋਗੇ,
ਕਰਦੇ ਮਿੰਨਤ ਸੀ ਵੋਟਾਂ ਵੇਲੇ ਜੋ ਗਲ ਪੱਲੂ ਪਾ ਕੇ।
ਤੇਰੇ ਹੱਕਾਂ ਤੇ ਡਾਕੇ ਮਾਰਨ ਬਣ ਉਹ ਅੱਜ ਲੁਟੇਰੇ,
ਰਾਜੇ ਬਣਾਤਾ ਤੈਂ ਜਿਹਨਾਂ ਨੂੰ ਸਿਰ ਤੇ ਤਾਜ ਸਜਾਕੇ।
ਹੁਸ਼ਨੋ ਸ਼ੋਹਰਤ ਸਦਾ ਨੀ ਰਹਿਣੀ ਉਡਜੂ ਬਣ ਪੰਖੇਰੂ,
ਕੀ ਪਾਵੋਗੇ ਦਿਲ ਜਾਨੀ ਤਾਈਂ ਉਂਗਲਾਂ ਉਪਰ ਨਚਾਕੇ।
ਨਾਲ ਸਮੇਂ ਦੇ ਬਦਲ ਗਈ ਹੈ ਸਿੱਧੂ ਸੋਚ ਜਮਾਨੇ ਦੀ,
ਰਿਸ਼ਤੇਦਾਰੀਆਂ ਭੁੱਲ ਭੁਲਾ ਟਿਕਗੀ ਪੈਸੇ ਤੇ ਆ ਕੇ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ+4917664197996
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਜੇ ਗੁਜਰ ਚੁੱਕੇ ਸਮੇਂ ਨੂੰ ਭੁੱਲ ਜਾਵਾਂਗੇ ਦੋਸਤਾ।
ਅੱਜ ਦੀ ਮਾਂਗ ਚ ਕਿਵੇਂ ਸੰਧੂਰ ਪਾਵਾਂਗੇ ਦੋਸਤਾ।
ਮੱਲਮ ਧਰਾਂਗੇ ਜਖਮ ਤੇ ਸ਼ਾਂਤ ਕਰਨ ਲਈ ਦਰਦ ਨੂੰ ,
ਅੱਗ ਮੱਘ ਰਹੀ ਵਿਛੋੜੇ ਦੀ ਬੁਝਾਵਾਂਗੇ ਦੋਸਤਾ।
ਕਾਫਲੇ ਦੇ ਸਾਥ ਚੱਲੇ ਜੇ ਕਦਮ ਨਾਲ ਕਦਮ ਮਿਲਾ,
ਹੌਸਲੇ ਦੇ ਨਾਲ ਤੁਰਦੇ ਜਿੱਤ ਜਾਵਾਂਗੇ ਦੋਸਤਾ।
ਸੁਪਨਿਆਂ ਦੇ ਮਹਿਲ ਜਿਸ ਵੇਲੇ ਸੁਪਨਿਆਂ ਵਿਚ ਢਹਿ ਗਏ।
ਚੈਨ ਨਾਲ ਕਿਵੇਂ ਅਸੀਂ ਫਿਰ ਸੌਂਅ ਪਾਵਾਂਗੇ ਦੋਸਤਾ।
ਢਾਉਣ ਲਈ ਢਾਰਿਆਂ ਨੂੰ ਹਰ ਦਿਨ ਸਕੀਮ ਬਣਾ ਰਹੇ,
ਅਫਸਰਾਂ ਨੂੰ ਯਾਦ ਨਾਨੀ ਰਲ ਕਰਾਵਾਂਗੇ ਦੋਸਤਾ।
ਹੱਕ ਸਾਡੇ ਦੇਣ ਤੋਂ ਜੋ ਲਾਰਿਆਂ ਚ ਰਹੇ ਰੱਖਦੇ,
ਅੱਜ ਉਹਨਾਂ ਲੀਡਰਾਂ ਨੂੰ ਰਲ ਹਰਾਵਾਂਗੇ ਦੋਸਤਾ।
ਛੱਡ ਔਝੜ ਰਸਤਿਆਂ ਨੂੰ ਪਾ ਜੋ ਨਵੀਆਂ ਲੀਹਾਂ ਗਏ,
ਲੀਹ ਉਸ ਦੇ ਉਪਰ ਸੜਕ ਨਵੀਂ ਬਣਾਵਾਂਗੇ ਦੋਸਤਾ।
ਹਰਫ ਮਰਦੇ ਨਾ ਕਦੇ ਸਿੱਧੂ ਸਦੀਆਂ ਰਹਿਣ ਜਿਉਂਦੇ,
ਬਣ ਸਿਆਹੀ ਤੇ ਹਰਫ ਜੱਗ ਤੋਂ ਜਾਵਾਂਗੇ ਦੋਸਤਾ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ +4917664197996