ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਤੇਰੀਆਂ ਯਾਦਾ 'ਚ ਅਸੀਂ ਗਜਰਾਤੇ ਕਰਦੇ ਰਹੇ
ਦੀਪ ਜਗਾ ਕੇ ਆਸਾਂ ਦੇ ਲੋਅ ਅਸੀਂ ਕਰਦੇ ਰਹੇ।
ਚਾਹਤ ਦਿਲ ਵਿਚ ਸੀ ਮੇਰੇ ਤੈਨੂੰ ਖੁਸ਼ ਵੇਖਾਂ ਸਦਾ,
ਜਿਸ ਦੇ ਕਰਕੇ ਹੀ ਜਿੱਤੀ ਬਾਜੀ ਨੂੰ ਹਰਦੇ ਰਹੇ।
ਤੇਰੇ ਆਖੇ ਬੋਲਾਂ ਤੇ ਸੀ ਫੁੱਲ ਚੜਾਉਣ ਲਈ,
ਪੱਥਰ ਰੱਖ ਦਿਲ ਉਪਰ ਸਾਰਾ ਕੁਝ ਜਰਦੇ ਰਹੇ।
ਨਾਂ ਦਾਗੀ ਹੋ ਜਾਵੇ ਚਿੱਟੀ ਇੱਸ਼ਕ ਦੀ ਪੱਗੜੀ,
ਤਾਂ ਹੀ ਤਾਂ ਉਹ ਕੱਚੇ ਤੇ ਰਾਤਾਂ ਨੂੰ ਤਰਦੇ ਰਹੇ।
ਇਹ ਬੱਚੇ ਨੇ ਗਿੱਦੜ ਦੇ ਬੜ ਘੁਰਨੇ ਵਿਚ ਸ਼ੇਰ ਦੇ,
ਨਾਲ ਚਲਾਕੀ ਦੇ ਇਹ ਰਾਜ ਸਦਾ ਹੀ ਕਰਦੇ ਰਹੇ।
ਉਹ ਸਾਡੀ ਹੀ ਭੇਲੀ ਨੂੰ ਘਰ ਅਪਣੇ ਸੀ ਰੱਖਕੇ,
ਇਲਜਾਮ ਕਿਵੇਂ ਚੋਰੀ ਦਾ ਸਾਡੇ ਸਿਰ ਧਰਦੇ ਰਹੇ।
ਮਿੱਠੀ ਬੋਲੀ ਸੁਣ ਸਿੱਧੂ ਵਿਚ ਚਾਲਾਂ ਦੇ ਫਸ ਅਸੀਂ,
ਬਣ ਦੇਸ਼ ਭਗਤ ਵੱਡੇ ਹੁਣ ਤਾਈਂ ਹਾਂ ਮਰਦੇ ਰਹੇ।