ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ - ਉਜਾਗਰ ਸਿੰਘ
ਮੁਜ਼ੱਫ਼ਰਨਗਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਯੋਜਤ ਕੀਤੀ ਗਈ ਮਹਾਂ ਪੰਚਾਇਤ ਵਿੱਚ ਸ਼ਾਮਲ ਮਾਨਵਤਾ ਦੇ ਸਮੁੰਦਰ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਸਾਰਾ ਮੁਜ਼ੱਫ਼ਰਨਗਰ ਸ਼ਹਿਰ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ ਸੀ। ਸ਼ਹਿਰ ਦੀ ਹਰ ਗਲੀ ਮੁਹੱਲਾ ਅਤੇ ਸੜਕਾਂ ਉਪਰ ਤਿਲ ਸੁੱਟਣ ਲਈ ਖਾਲੀ ਥਾਂ ਨਹੀਂ ਸੀ। ਜਿਧਰ ਵੀ ਨਿਗਾਹ ਮਾਰੋ ਉਧਰ ਹੀ ਇਨਸਾਨੀਅਤ ਦਾ ਜਨ ਸਮੂਹ ਠਾਠਾਂ ਮਾਰਦਾ ਦਿਸ ਰਿਹਾ ਸੀ। ਲੱਖਾਂ ਕਿਸਾਨ ਪੰਡਾਲ ਵਿੱਚ ਪਹੁੰਚ ਹੀ ਨਹੀਂ ਸਕੇ ਪ੍ਰੰਤੂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਬੰਧਕਾਂ ਨੇ ਜਨਤਕ ਸੰਬੰਧੋਨ ਪ੍ਰਣਾਲੀ ਦਾ ਸਾਰੇ ਸ਼ਹਿਰ ਵਿੱਚ ਜਾਲ ਵਿਛਾ ਦਿੱਤਾ ਸੀ, ਜਿਸ ਕਰਕੇ ਠਾਠਾਂ ਮਾਰਦਾ ਮਨੁੱਖਤਾ ਦਾ ਸਮੁੰਦਰ ਜਿਥੇ ਵੀ ਜਗ੍ਹਾ ਮਿਲੀ ਉਥੇ ਹੀ ਖੜ੍ਹਕੇ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਦੇ ਭਾਸ਼ਣ ਨੂੰ ਸ਼ਾਂਤਮਈ ਢੰਗ ਨਾਲ ਸੁਣ ਰਹੇ ਸਨ। ਵੱਖ-ਵੱਖ ਸੂਬਿਆਂ, ਧਰਮਾਂ ,ਜ਼ਾਤਾਂ, ਮਜ਼ਹਬਾਂ, ਖ਼ੇਤਰਾਂ ਅਤੇ ਭਾਸ਼ਾਵਾਂ ਬੋਲਣ ਵਾਲੇ ਕਿਸਾਨ ਮਜ਼ਦੂਰ ਹੁੰਮ ਹੁਮਾ ਕੇ ਪਹੁੰਚੇ ਹੋਏ ਸਨ। ਸੰਯੁਕਤ ਕਿਸਾਨ ਮੋਰਚੇ ਨੂੰ ਬੇਮਿਸਾਲ ਸਮਰਥਨ ਮਿਲਿਆ ਹੈ, ਜਿਸਨੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕੰਬਣੀ ਛੇੜ ਦਿੱਤੀ ਹੈ। ਸ਼ਹਿਰ ਤੋਂ ਬਾਹਰ ਵੀ ਕਈ ਕਿਲੋਮੀਟਰ ਤੱਕ ਸੜਕਾਂ ਜਾਮ ਹੋ ਗਈਆਂ ਸਨ। ਦੇਸ਼ ਦੇ 15 ਰਾਜਾਂ ਉਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦਸ਼, ਪੱਛਵੀਂ ਬੰਗਾਲ, ਤਾਮਿਲ ਨਾਡੂ, ਆਸਾਮ, ਬਿਹਾਰ, ਕੇਰਲ, ਕਰਨਾਟਕਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚੋਂ ਵਿਸ਼ੇਸ਼ ਤੌਰ ਤੇ ਕਿਸਾਨ ਮਜ਼ਦੂਰ ਟਰੱਕਾਂ, ਬੱਸਾਂ, ਕਾਰਾਂ, ਟਰੈਕਟਰਾਂ ਅਤੇ ਹੋਰ ਸਾਧਨਾ ਰਾਹੀਂ ਪਹੁੰਚੇ ਹੋਏ ਸਨ। ਇਸਤਰੀਆਂ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹਨ। ਜਿਨ੍ਹਾਂ ਕਿਸਾਨ ਮਜ਼ਦੂਰਾਂ ਨੂੰ ਦੇਸ਼ ਧਰੋਹੀ, ਮਾਓਵਾਦੀ ਅਤੇ ਖਾਲਿਸਤਾਨੀ ਵਰਗੇ ਫਤਵੇ ਦੇ ਕੇ ਨਿੰਦਿਆ ਜਾ ਰਿਹਾ ਸੀ, ਉਹ ਸਾਰੇ ਕੌਮੀ ਝੰਡੇ ਅਤੇ ਆਪੋ ਆਪਣੇ ਸੰਗਠਨਾ ਦੇ ਝੰਡਿਆਂ ਸਮੇਤ ਪਹੁੰਚੇ ਹੋਏ ਸਨ। ਇਸ ਮਹਾਂ ਪੰਚਾਇਤ ਦੀ ਵਿਲੱਖਣਤਾ ਇਹ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਸਾਰੇ ਧਰਮਾ, ਜ਼ਾਤਾਂ ਅਤੇ ਭਾਸ਼ਾਵਾਂ ਵਾਲੀ ਲੋਕਾਈ ਦਾ ਇਤਨਾ ਵੱਡਾ ਸ਼ਾਂਤਮਈ ਜਨ ਸਮੂਹ ਕਦੀਂ ਵੀ ਕਿਸੇ ਜਲਸੇ ਵਿੱਚ ਵੇਖਣ ਨੂੰ ਨਹੀਂ ਮਿਲਿਆ। ਇਸ ਮਹਾਂ ਪੰਚਾਇਤ ਨੇ ਦੇਸ਼ ਦੇ ਇਤਿਹਾਸ ਵਿੱਚ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਯੋਗੀ ਸਰਕਾਰ ਵੱਲੋਂ ਬੱਸਾਂ, ਟਰੱਕਾਂ ਅਤੇ ਕਾਰਾਂ ਦੇ ਕਾਫ਼ਲਿਆਂ ਨੂੰ ਅਨੇਕਾਂ ਰੋਕਾਂ ਲਾ ਕੇ ਰੋਕਣ ਦੇ ਬਾਵਜੂਦ ਕਿਸਾਨ ਮਜ਼ਦੂਰ ਹਰ ਹੀਲਾ ਵਰਤਕੇ ਪਹੁੰਚ ਗਏ। ਕੇਂਦਰ ਸਰਕਾਰ ਨੇ ਰੇਲਾਂ ਨੂੰ ਲੇਟ ਕੀਤਾ ਤਾਂ ਜੋ ਕਿਸਾਨ ਸਮੇਂ ਸਿਰ ਪਹੁੰਚ ਨਾ ਸਕਣ ਅਤੇ ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਸਨ। ਲੋਕਾਂ ਦਾ ਹੜ੍ਹ ਪਹੁੰਚਕੇ ਮੁਜ਼ੱਫ਼ਰਨਗਰ ਦੇ ਇਤਿਹਾਸ ਵਿੱਚ ਨਵੀਂਆਂ ਬੁਲੰਦੀਆਂ ਪ੍ਰਾਪਤ ਕਰ ਗਿਆ। ਇਸ ਮਹਾਂ ਪੰਚਾਇਤ ਵਿੱਚ ਸੈਂਕੜੇ ਲੰਗਰ ਗੁਰਦੁਆਰਾ ਸਿੰਘ ਸਭਾ ਨੇ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਡਾਕਟਰੀ ਸਹੂਲਤਾਂ ਅਤੇ ਮੋਬਾਈਲ ਕਲਿਨਕਾਂ ਸਥਾਪਤ ਕੀਤੀਆਂ ਗਈਆਂ ਸਨ। ਇਹ ਸਾਰੇ ਪ੍ਰਬੰਧ ਸਵੈਇਛਤ ਸੰਸਥਾਵਾਂ ਨੇ ਮਹਾਂ ਪੰਚਾਇਤ ਦੀ ਸਫਲਤਾ ਲਈ ਕੀਤੇ ਸਨ। ਦੇਸ਼ ਅਤੇ ਵਿਦੇਸ਼ ਦਾ ਮੀਡੀਆ ਇਸ ਮਹਾਂ ਪੰਚਾਇਤ ਨੂੰ ਕਵਰ ਕਰਨ ਲਈ ਪਹੁੰਚਿਆ ਹੋਇਆ ਸੀ। ਇਤਨਾ ਵੱਡਾ ਇਕੱਠ ਵੇਖਕੇ ਸੰਸਾਰ ਦੰਗ ਰਹਿ ਗਿਆ। ਸੰਸਾਰ ਵਿੱਚ ਮੋਦੀ ਸਰਕਾਰ ਦੀ ਥੂ ਥੂ ਹੋ ਗਈ। ਸੰਯੁਕਤ ਕਿਸਾਨ ਮੋਰਚੇ ਦੀਆਂ ਆਸਾਂ ਤੋਂ ਵੱਧ ਲੋਕਾਂ ਨੇ ਹਾਜ਼ਰੀ ਲਵਾਈ ਹੈ। 17 ਏਕੜ ਦੇ ਜੀ ਆਈ ਕਾਲਜ ਦਾ ਅਹਾਤਾ 4 ਸਤੰਬਰ ਦੀ ਰਾਤ ਨੂੰ ਹੀ ਖਚਾਖਚ ਭਰ ਗਿਆ ਸੀ। ਇਸ ਨਾਲੋਂ ਦੁਗਣੇ ਲੋਕ ਪੰਡਾਲ ਦੇ ਬਾਹਰ ਬਾਜ਼ਾਰਾਂ ਵਿੱਖ ਖੜ੍ਹੇ ਸਨ। ਭਾਵ 51 ਏਕੜ ਥਾਂ ਵਿਚ ਕਿਸਾਨ ਮਜ਼ਦੂਰ ਅਤੇ ਲੋਕਾਈ ਬੈਠੀ ਹੋਈ ਸੀ। ਭਾਰਤੀ ਜਨਤਾ ਪਾਰਟੀ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 9 ਮਹੀਨੇ ਤੋਂ ਬੇਠੈ ਕਿਸਾਨਾ ਨੂੰ ਮੁੱਠੀ ਭਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਕਹਿ ਰਹੇ ਸਨ। 5 ਸਤੰਬਰ ਦੇ ਜਨ ਸਮੂਹ ਨੇ ਭਾਰਤੀ ਜਨਤਾ ਪਾਰਟੀ ਦੀ ਇਹ ਗ਼ਲਤ ਫ਼ਹਿਮੀ ਵੀ ਦੂਰ ਕਰ ਦਿੱਤੀ ਹੈ। ਕਿਸਾਨ ਅੰਦੋਲਨ ਲੋਕ ਅੰਦੋਲਨ ਬਣ ਗਿਆ ਹੈ, ਜਿਸ ਕਰਕੇ ਇਸਦੀ ਸਭ ਤੋਂ ਵੱਡੀ ਦੇਣ ਲੋਕਾਂ ਦੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਸੰਸਾਰ ਵਿੱਚ ਇਸ ਅੰਦੋਲਨ ਦਾ ਪ੍ਰਭਾਵ ਸਾਫ਼ ਵਿਖਾਈ ਦਿੰਦਾ ਹੈ। ਇਸ ਅੰਦੋਲਨ ਨੇ ਆਮ ਲੋਕਾਂ ਖਾਸ ਤੌਰ ਤੇ ਦੇਸ਼ ਦੇ ਵੋਟਰਾਂ ਵਿੱਚ ਇਤਨੀ ਜਾਗ੍ਰਤੀ ਪੈਦਾ ਕਰ ਦਿੱਤੀ ਹੈ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਅਤੇ ਵਿਸ਼ੇਸ਼ ਤੌਰ ‘ਤੇ ਭਾਰਤੀ ਜਨਤਾ ਪਾਰਟੀ ਨੂੰ ਲੈਣੇ ਦੇ ਦੇਣੇ ਪੈ ਗਏ ਹਨ। ਉਹ ਅਸੰਜਮ ਮਹਿਸੂਸ ਕਰ ਰਹੀ ਹੈ। ਭਾਰਤ ਵਿੱਚ ਉਹ ਬੇਮਾਇਨਾ ਹੋ ਚੁੱਕੀ ਹੈ। ਉਨ੍ਹਾਂ ਨੂੰ ਅਨੁਭਵ ਹੋ ਗਿਆ ਹੈ ਕਿ ਸਿਆਸੀ ਜ਼ਮੀਨ ਉਨ੍ਹਾਂ ਦੇ ਹੱਥੋਂ ਖਿਸਕ ਰਹੀ ਹੈ। ਭਾਰਤੀ ਜਨਤਾ ਪਾਰਟੀ ਸਮੇਤ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਤਨੀਆਂ ਘਬਰਾ ਗਈਆਂ ਹਨ ਕਿ ਉਹ ਆਪਣਾ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਕਰਦੀਆਂ, ਜਿਸ ਨਾਲ ਕਿਸਾਨ ਅੰਦੋਲਨ ਉਪਰ ਬੁਰਾ ਪ੍ਰਭਾਵ ਪਵੇ।
ਮੁਜ਼ੱਫ਼ਰਨਗਰ ਕਿਸਾਨਾ ਦਾ ਮੱਕਾ ਸਾਬਤ ਹੋ ਰਿਹਾ ਹੈ ਕਿਉਂਕਿ ਚੌਧਰੀ ਚਰਨ ਸਿੰਘ ਅਤੇ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਨੇ ਵੀ ਕਿਸਾਨਾ ਦੇ ਹੱਕਾਂ ਲਈ ਮੁਜ਼ੱਫ਼ਰਨਗਰ ਤੋਂ ਹੀ ਅੰਦੋਲਨ ਸ਼ੁਰੂ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ। ਇਸ ਲਈ ਮਹਾਂ ਪੰਚਾਇਤ ਕਰਨ ਲਈ ਹੀ ਮੁਜ਼ੱਫ਼ਰਨਗਰ ਦੀ ਚੋਣ ਕੀਤੀ ਗਈ ਹੈ। ਕਿਸਾਨਾ ਨੇ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਭਾਰਤੀ ਜਨਤਾ ਪਾਰਟੀ ਆਪਣਾ ਭਵਿਖ ਧੁੰਦਲਾ ਵੇਖ ਰਹੀ ਹੈ ਕਿਉਂਕਿ ਕਿਸਾਨਾ ਨੇ ਉਤਰ ਪ੍ਰਦੇਸ਼ ਦੇ 18 ਮੰਡਲਾਂ ਵਿੱਚ ਮਹਾਂ ਪੰਚਾਇਤਾਂ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਜਨ ਸਮੂਹ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਮਹਾ ਪੰਚਾਇਤ ਵਿੱਚ ਸਾਰੇ ਧਰਮਾ, ਜ਼ਾਤਾਂ ਅਤੇ ਵਰਗਾਂ ਦੇ ਲੋਕ ਸ਼ਾਮਲ ਹੋਏ ਹਨ। ਇਹ ਅੰਦੋਲਨ ਧਰਮ ਨਿਰਪੱਖਤਾ, ਸਾਰੀਆਂ ਜ਼ਾਤਾਂ ਅਤੇ ਧਰਮਾਂ ਨੂੰ ਜੋੜਨ ਦੀ ਕੜੀ ਦਾ ਕੰਮ ਕਰੇਗਾ। ਮੰਚ ਤੋਂ ਸਾਰੀਆਂ ਭਾਸ਼ਾਵਾਂ ਵਿੱਚ ਭਾਸ਼ਣ ਦਿੱਤੇ ਗਏ ਜਿਨ੍ਹਾਂ ਦਾ ਨਾਲ ਦੀ ਨਾਲ ਹਿੰਦੀ ਵਿਚ ਉਲਥਾ ਕਰਕੇ ਦੱਸਿਆ ਗਿਆ। ਕਿਸਾਨਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਚੋਣ ਨਹੀਂ ਲੜਨਗੇ ਪ੍ਰੰਤੂ ਰਾਕੇਸ਼ ਟਿਕੈਤ ਨੇ ਕਿਹਾ ਹੈ ਵੋਟ ਦੀ ਚੋਟ ਦਾ ਅਧਿਕਾਰ ਵਰਤਿਆ ਜਾਵੇਗਾ। ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਕਿਸਾਨਾਂ ਨੇ 27 ਸਤੰਬਰ ਨੂੰ ਸਮੁੱਚੇ ਭਾਰਤ ਵਿੱਚ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਕਿਸਾਨ ਮਜ਼ਦੂਰ ਮਹਾਂ ਪੰਚਾਇਤ ਦੀ ਸਫਲਤਾ ਕਰਕੇ ਕਿਸਾਨ ਅੰਦੋਲਨ ਹੋਰ ਤੇਜ਼ ਹੋਵੇਗਾ। ਇਉਂ ਲੱਗ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਕਿਸਾਨਾ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਪੱਛਵੀਂ ਬੰਗਾਲ ਦੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਤਾਂ ਸਾਰੀਆਂ ਪਾਰਟੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ ਕਿ ਉਨ੍ਹਾਂ ਕੋਲ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੋਂ ਇਲਾਵਾ ਆਪਣਾ ਅਸਤਿਤਵ ਬਚਾਉਣ ਲਈ ਕੋਈ ਚਾਰਾ ਹੀ ਬਾਕੀ ਨਹੀਂ ਰਿਹਾ। ਹੁਣ 2022 ਵਿੱਚ ਉਤਰ ਪ੍ਰਦੇਸ਼ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾ ਦੇ ਨਤੀਜੇ ਇਸ ਅੰਦੋਲਨ ਤੋਂ ਸਾਫ਼ ਵਿਖਾਈ ਦੇਣ ਲੱਗ ਪਏ ਹਨ।
ਪੰਜਾਬ ਵਿੱਚ ਇਕੱਲੀ ਭਾਰਤੀ ਜਨਤਾ ਪਾਰਟੀ ਹੀ ਤਿੰਨ ਖੇਤੀ ਕਾਨੂੰਨਾ ਦੇ ਹੱਕ ਵਿੱਚ ਬੋਲ ਰਹੀ ਹੈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਡਰੀਆਂ ਹੋਈਆਂ ਸਿਆਸੀ ਪਾਰਟੀਆਂ ਸੰਯੁਕਤ ਕਿਸਾਨ ਮੋਰਚੇ ਦੇ ਹਰ ਹੁਕਮ ‘ਤੇ ਫੁੱਲ ਚੜ੍ਹਾਉਣ ਲਈ ਮਜ਼ਬੂਰ ਹੋ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਵਿਰੋਧੀ ਪਾਰਟੀਆਂ ਨੂੰ ਵਿਪ ਜ਼ਾਰੀ ਕੀਤਾ ਕਿ ਸੰਸਦ ਵਿੱਚੋਂ ਵਾਕ ਆਊਟ ਕਰਨ ਦੀ ਥਾਂ ਸੰਸਦ ਦੇ ਅੰਦਰ ਰਹਿਕੇ ਆਪਣੀ ਗੱਲ ਕਹੀ ਜਾਵੇ। ਸਾਰੀਆਂ ਵਿਰੋਧੀ ਪਾਰਟੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਹੁਕਮ ਮੁਤਾਬਕ ਹੀ ਕੰਮ ਕੀਤਾ ਹੈ। ਇਕ ਵਾਰ ਵੀ ਸੰਸਦ ਵਿੱਚੋਂ ਨਾ ਤਾਂ ਵਾਕ ਆਊਟ ਕੀਤਾ ਹੈ ਅਤੇ ਨਾ ਹੀ ਸੰਸਦ ਦੇ ਦੋਵੇਂ ਸਦਨਾ ਨੂੰ ਚਲਣ ਦਿੱਤਾ ਹੈ। ਇਹ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਸ਼ਾਇਦ ਪਹਿਲਾ ਮੌਕਾ ਹੈ ਕਿ ਸੰਸਦ ਦੇ ਦੋਵੇਂ ਸਦਨ ਵਿਰੋਧੀ ਪਾਰਟੀਆਂ ਨੇ ਚਲਣ ਹੀ ਨਹੀਂ ਦਿੱਤੇ। ਸਗੋਂ ਵਿਰੋਧੀ ਪਾਰਟੀਆਂ ਦੇ ਮੈਂਬਰ ਇਕ ਦੂਜੇ ਤੋਂ ਅੱਗੇ ਹੋ ਕੇ ਅਜਿਹੇ ਢੰਗ ਨਾਲ ਵਿਰੋਧ ਕਰਦੇ ਰਹੇ ਹਨ ਤਾਂ ਜੋ ਉਹ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਨੂੰ ਖ਼ੁਸ਼ ਕਰ ਸਕਣ। ਉਨ੍ਹਾਂ ਇਥੇ ਹੀ ਬਸ ਨਹੀਂ ਕੀਤਾ ਸਗੋਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਜੰਤਰ ਮੰਤਰ ‘ਤੇ ਹੋ ਰਹੀ ‘‘ਕਿਸਾਨ ਸੰਸਦ’’ ਦੀ ਵਿਜਿਟਰ ਗੈਲਰੀ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹਾਜ਼ਰੀ ਭਰੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਇਹ ਚਾਹੁੰਦੀਆਂ ਸਨ ਕਿ ਲੋਕ ਉਨ੍ਹਾਂ ਕੋਲ ਆਉਣ। ਇਕ ਸ਼ੁਭ ਸ਼ਗਨ ਇਹ ਵੀ ਹੋਇਆ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕਮੁੱਠ ਹੋ ਕੇ ਤਿੰਨ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੀਆਂ ਹਨ। ਸੰਸਦ ਦੇ ਮੁਖ ਦਰਵਾਜ਼ੇ ਕੋਲ ਇਕ ਦੂਜੇ ਨੂੰ ਭੰਡਣ ਵਾਲੇ ਕਾਂਗਰਸੀ ਅਤੇ ਅਕਾਲੀ ਇਕੱਠੇ ਤਿੰਨ ਖੇਤੀ ਕਾਨੂੰਨਾ ਦੇ ਵਿਰੁਧ ਪਲੇ ਕਾਰਡ ਲੈ ਕੇ ਖੜ੍ਹੇ ਰਹੇ ਹਨ। ਕਾਂਗਰਸ ਦੇ ਦੋ ਲੋਕ ਸਭਾ ਮੈਂਬਰਾਂ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਅਤੇ ਗੁਰਜੀਤ ਸਿੰਘ ਅੰਮਿ੍ਰਤਸਰ ਤੋਂ ਨੇ ਤਾਂ ਜਿਤਨੇ ਦਿਨ ਲੋਕ ਸਭਾ ਦਾ ਸ਼ੈਸ਼ਨ ਚਲਦਾ ਰਿਹਾ, ਉਹ ਲੋਕ ਸਭਾ ਦੇ ਹਾਲ ਵਿੱਚ ਹੀ ਸੌਂਦੇ ਰਹੇ ਹਨ। ਕਿਸਾਨ ਅੰਦੋਲਨ ਦੀ ਸਫ਼ਲਤਾ ਦਾ ਰਾਜ਼ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਨੂੰ ਜਾਂਦਾ ਹੈ। ਪਹਿਲੀ ਵਾਰ ਕਿਸਾਨ, ਮਜ਼ਦੂਰ ਅਤੇ ਆੜ੍ਹਤੀਆ ਵਰਗ ਇਕੱਠੇ ਹੋਏ ਹਨ, ਜਦੋਂ ਕਿ ਇਨ੍ਹਾਂ ਤਿੰਨ ਦੇ ਹਿਤ ਵੱਖਰੇ ਹਨ।
ਮੁੱਫ਼ਰਨਗਰ ਦੀ ਮਹਾਂ ਪੰਚਾਇਤ ਨੇ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕਰਨਾਲ ਦੇ ਸਬ ਡਵੀਜ਼ਨਲ ਆਫੀਸਰ ਦੇ ਖਿਾਫ਼ ਜੇ ਕਾਰਵਾਈ ਨਾ ਕੀਤੀ ਤਾਂ 7 ਸਤੰਬਰ ਨੂੰ ਕਰਨਾਲ ਵਿਖੇ ਸੰਯਕਤ ਕਿਸਾਨ ਮੋਰਚਾ ਅੰਦੋਲਨ ਕਰੇਗਾ। ਸਰਕਾਰ ਨੇ ਜੋ ਕਰਨਾ ਹੈ ੁਹ ਕਰ ਲਵੇ ਪ੍ਰੰਤੂ ਕਿਸਾਨ ਮੋਰਚਾ ਬਿਲਕੁਲ ਹੀ ਆਪਣਾ ਫ਼ੈਸਲਾ ਨਹੀਂ ਬਦਲੇਗਾ। ਰਾਕੇਸ਼ ਟਿਕੈਤ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਜਿੱਦੀ ਸਰਕਾਰ ਨੂੰ ਵੋਟ ਦੇ ਅਧਿਕਾਰ ਨਾਲ ਸਬਕ ਸਿਖਾਇਆ ਜਾਵੇਗਾ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਅ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਹੁਣ ਸੰਜੀਦਗੀ ਤੋਂ ਕੰਮ ਲੈਂਦਿਆਂ ਕਿਸਾਨਾ ਨਾਲ ਗਲਬਾਤ ਸ਼ੁਰੂ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ। ਾ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਅਮਰ ਸੂਫ਼ੀ ਦੀ ਪੁਸਤਕ ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ - ਉਜਾਗਰ ਸਿੰਘ
ਅਮਰ ਸੂਫ਼ੀ ਨੇ ਦੋਹਿਆਂ ਦੀ ਪੁਸਤਕ ਰਾਜ ਕਰੇਂਦੇ ਰਾਜਿਆ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕਰ ਰਹੇ ਯੋਧਿਆਂ, ਕਿਰਤੀ ਅਤੇ ਕਿਸਾਨ ਸ਼ਹੀਦਾਂ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਦੀ 127 ਪੰਨਿਆਂ ਅਤੇ 150 ਰੁਪਏ ਕੀਮਤ ਵਾਲੀ ਇਸ ਪੁਸਤਕ ਵਿੱਚ 97 ਪੰਨਿਆਂ ਵਿੱਚ ਕਿਸਾਨੀ ਸਰੋਕਾਰਾਂ ਨਾਲ ਸੰਬੰਧਤ ਦੋਹੇ ਹਨ। ਕਿਸਾਨ ਅੰਦੋਲਨ ਚਰਮ ਸੀਮਾ ਤੇ ਪਹੁੰਚ ਚੁਕਿਆ ਹੈ। ਦੇਸ਼ ਦਾ ਹਰ ਨਾਗਰਿਕ ਇਸ ਅੰਦੋਲਨ ਨਾਲ ਮਾਨਸਿਕ ਤੌਰ ਤੇ ਜੁੜ ਗਿਆ ਹੈ। ਹਰ ਵਰਗ ਇਸ ਅੰਦੋਲਨ ਵਿੱਚ ਆਪੋ ਆਪਣਾ ਯੋਗਦਾਨ ਆਪਣੀ ਦਿਲਚਸਪੀ ਅਤੇ ਅਕੀਦੇ ਅਨੁਸਾਰ ਪਾ ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਬਦਾਂ ਦੀ ਚੋਟ ਤਲਵਾਰ ਦੀ ਚੋਟ ਨਾਲੋਂ ਗਹਿਰੀ ਅਤੇ ਗੰਭੀਰ ਹੁੰਦੀ ਹੈ। ਇਸ ਕਰਕੇ ਅੱਠ ਮਹੀਨਿਆਂ ਦੇ ਇਸ ਅੰਦੋਲਨ ਦੌਰਾਨ ਦਰਜਨਾ ਪੁਸਤਕਾਂ ਸ਼ਾਇਰਾਂ ਨੇ ਕੇਂਦਰ ਸਰਕਾਰ ਦੀ ਬਦਨੀਤੀ ਅਤੇ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਪ੍ਰਕਾਸ਼ਤ ਕਰਵਾਈਆਂ ਹਨ। ਇਨ੍ਹਾਂ ਪੁਸਤਕਾਂ ਵਿੱਚੋਂ ਬਹੁਤੀਆਂ ਕਵਿਤਾ ਦੀਆਂ ਪੁਸਤਕਾਂ ਹਨ। ਪੰਜਾਬੀ ਦੇ ਅਖਬਾਰਾਂ ਵਿੱਚ ਵੀ ਬਹੁਤ ਸਾਰੇ ਲੇਖਕਾਂ ਨੇ ਅੰਦੋਲਨ ਦੇ ਹੱਕ ਵਿੱਚ ਲੇਖ ਲਿਖੇ ਹਨ। ਸਥਾਨਕ ਮੀਡੀਆ ਨੇ ਗੋਦੀ ਮੀਡੀਆ ਦੇ ਗ਼ਲਤ ਪ੍ਰਚਾਰ ਨੂੰ ਰੋਕਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਅਮਰ ਸੂਫ਼ੀ ਨੇ ਕਿਸਾਨ ਦਾ ਸਪੁੱਤਰ ਹੋਣ ਕਰਕੇ ਆਪਣੇ ਦੋਹਿਆਂ ਨਾਲ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖਾਸ ਤੌਰ ਤੇ ਤਿੰਨ ਕਾਲੇ ਕਾਨੂੰਨਾਂ ਦਾ ਪਰਦਾ ਫਾਸ਼ ਕੀਤਾ ਹੈ। ਉਨ੍ਹਾਂ ਬਹੁਤ ਹੀ ਸਰਲ ਪੰਜਾਬੀ ਭਾਸ਼ਾ ਵਿੱਚ ਕਿਸਾਨੀ ਦੇ ਸਮਝ ਵਿੱਚ ਆਉਣ ਵਾਲੇ ਦੋਹੇ ਲਿਖੇ ਹਨ, ਜਿਹੜੇ ਸਿੱਧਾ ਲੋਕ ਮਨਾਂ ‘ਤੇ ਅਸਰ ਕਰਦੇ ਹਨ। ਅਮਰ ਸੂਫ਼ੀ ਹਰ ਦੋਹੇ ਦੇ ਪਹਿਲੇ ਮਿਸਰੇ ਵਿੱਚ ਰਾਜ ਕਰੇਂਦੇ ਰਾਜਿਆ ਲਿਖਦੇ ਹਨ, ਜਿਸਦਾ ਦਾ ਭਾਵ ਕੇਂਦਰ ਸਰਕਾਰ ਦੀ ਖੇਤੀ ਕਾਨੂੰਨਾ ਨੂੰ ਲਾਗੂ ਕਰਨ ਵਿੱਚ ਮੰਦ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ। ਕੁਝ ਦੋਹਿਆਂ ਵਿੱਚ ਸ਼ਾਇਰ ਲਿਖਦਾ ਹੈ ਕਿ ਖੇਤ ਕਿਸਾਨ ਦੀ ਜ਼ਿੰਦ ਜਾਨ ਹੁੰਦੇ ਹਨ। ਖੇਤਾਂ ਵਲ ਝਾਕਣ ਵਾਲੇ ਨਾਲ ਕਿਸਾਨ ਅਤੇ ਮਜ਼ਦੂਰ ਹਰ ਪ੍ਰਕਾਰ ਦਾ ਲੋਹਾ ਲੈਣ ਲਈ ਤਿਆਰ ਹੁੰਦੇ ਹਨ-
ਰਾਜ ਕਰੇਂਦੇ ਰਾਜਿਆ, ਇਹ ਗੱਲ ਚੇਤੇ ਰੱਖ।
ਖੇਤਾਂ ਵੱਲ ਜੋ ਝਾਕਿਆ, ਕੱਢ ਦੇਵਾਂਗੇ ਅੱਖ।
ਰਾਜ ਕਰੇਂਦੇ ਰਾਜਿਆ, ਲੋਕੀਂ ਪੁੱਛਣ ਯਾਰ।
ਦੱਸ ਤਿਰੇ ਕੀ ਲਗਦੇ, ਜੋ ਸਰਮਾਏਦਾਰ।
ਰਾਜ ਕਰੇਂਦੇ ਰਾਜਿਆ, ਡਿੱਗੇ ਕੂੜ ਧੜੰ੍ਹਮ।
ਦੱਸ ਛਪੰਜਾ ਇੰਚ ਦੀ, ਛਾਤੀ ਕਿਹੜੇ ਕੰਮ।
ਰਾਜ ਕਰੇਂਦੇ ਰਾਜਿਆ, ਕੁੱਕੜ ਦੀ ਸੁਣ ਬਾਂਗ।
ਝਾਕੇ ਖੇਤਾਂ ਵੱਲ ਜੋ, ਗਿੱਟੇ ਦੇਣੇ ਛਾਂਗ।
ਦੇਸ਼ ਦੇ ਨਾਗਰਿਕ ਮਹਿਸੂਸ ਕਰਦੇ ਹਨ ਕਿ ਕੇਂਦਰ ਸਰਕਾਰ ਹੰਕਾਰ ਵਿੱਚ ਆ ਕੇ ਆਪਣੀ ਪਰਜਾ ਦੇ ਹਿਤਾਂ ਨੂੰ ਅੱਖੋਂ ਪ੍ਰੋਖੇ ਕਰ ਰਹੀ ਹੈ। ਅਮਰ ਸੂਫ਼ੀ ਆਪਣੇ ਦੋਹਿਆਂ ਵਿੱਚ ਲਿਖਦੇ ਹਨ ਕਿ ਹੰਕਾਰ ਕਰਨ ਵਾਲਾ ਇਨਸਾਨ ਇਕ ਨਾ ਇਕ ਦਿਨ ਮੂੰਹ ਦੇ ਭਾਰ ਡਿਗਦਾ ਹੈ।
ਰਾਜ ਕਰੇਂਦੇ ਰਾਜਿਆ, ਨਾ ਕਰ ਤੂੰ ਹੰਕਾਰ।
ਪੈਂਦੀ ਹੈ ਹੰਕਾਰ ਨੂੰ, ਕੁਦਰਤ ਵੱਲੋਂ ਮਾਰ।
ਰਾਜ ਕਰੇਂਦੇ ਰਾਜਿਆ, ਸਭ ਦੀ ਇਕ ਪੁਕਾਰ।
ਆਓ ਰਲ ਮਿਲ ਤੋੜੀਏ, ਜ਼ਾਲਮ ਦਾ ਹੰਕਾਰ।
ਸ਼ਾਇਰ ਆਪਣੇ ਦੋਹਿਆਂ ਵਿੱਚ ਲਿਖਦੇ ਹਨ ਕਿ ਕੇਂਦਰ ਸਰਕਾਰ ਧਰਮ , ਫਿਰਕਿਆਂ ਅਤੇ ਜ਼ਾਤ ਪਾਤ ਦੇ ਨਾਵਾਂ ਤੇ ਨਫ਼ਰਤ ਫੈਲਾ ਕੇ ਲੋਕਾਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਧ ਦੇ ਭੇਖ ਵਿੱਚ ਅਪਰਾਧਿਕ ਕੰਮ ਕੀਤੇ ਜਾ ਰਹੇ ਹਨ। ਜਿਸ ਤੋਂ ਕੇਂਦਰ ਸਰਕਾਰ ਦੀ ਬਦਨੀਤੀ ਦਾ ਪਰਦਾ ਫਾਸ਼ ਹੁੰਦਾ ਹੈ-
ਰਾਜ ਕਰੇਂਦੇ ਰਾਜਿਆ, ਆਖਾਂ ਸਿੱਧੀ ਗੱਲ।
ਤੇਰੇ ਧਰਮੀ ਸੇਵਕਾਂ, ਪਾ ਦਿੱਤਾ ਤਰਥੱਲ।
ਰਾਜ ਕਰੇਂਦੇ ਰਾਜਿਆ, ਸਮਝ ਜਰਾ ਇਹ ਬਾਤ।
ਮੱਠ ਬਣਾ ਕੇ ਵੰਡ ਨਾ, ਨਫ਼ਰਤ ਵਾਲੀ ਦਾਤ।
ਰਾਜ ਕਰੇਂਦੇ ਰਾਜਿਆ, ਤੂੰ ਹੋ ਨਾ ਬਦਨੀਤ।
ਭਾਈਚਾਰਾ ਤੋੜਦੈਂ, ਖ਼ਲਕਤ ਹੈ ਭੈ ਭੀਤ।
ਰਾਜ ਕਰੇਂਦੇ ਰਾਜਿਆ, ਸ਼ੁੱਧ ਨਾ ਹੋਵੇ ਕਾਜ਼।
ਤੀਲੀ ਬਾਂਦਰ ਹੱਥ ਤੇ, ਮੂਰਖ ਹੱਥੀਂ ਰਾਜ।
ਰਾਜ ਕਰੇਂਦੇ ਰਾਜਿਆ, ਬਾਹਰੋਂ ਦਿਸਦੇ ਸਾਧ।
ਸੁਣ ਕੇ ਕੰਬੇ ਆਦਮੀ, ਕਰਦੇ ਜੋ ਅਪਰਾਧ।
ਰਾਜ ਕਰੇਂਦੇ ਰਾਜਿਆ, ਤੇਰੇ ਰਾਜ ‘ਚ ਸਾਧ।
ਬਦਮਾਸ਼ਾਂ ਤੋਂ ਵੱਧ ਹੁਣ, ਕਰਦੇ ਨੇ ਅਪਰਾਧ।
ਲੋਕ ਰਾਜ ਵਿੱਚ ਪਰਜਾ ਆਪਣੇ ਹੱਕਾਂ ਦੀ ਪੂਰਤੀ ਲਈ ਜਦੋਜਹਿਦ ਕਰ ਸਕਦੀ ਹੈ ਪ੍ਰੰਤੂ ਜਿਹੜੇ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਹਨ, ਕੇਂਦਰ ਸਰਕਾਰ ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ-
ਰਾਜ ਕਰੇਂਦੇ ਰਾਜਿਆ, ਲੋਕੀ ਮੰਗਣ ਹੱਕ।
ਹੱਕ ਜੋ ਮੰਗਣ ਆਪਣਾ, ਜੇਲ੍ਹੀਂ ਦੇਵੇਂ ਧੱਕ।
ਰਾਜ ਕਰੇਂਦੇ ਰਾਜਿਆ, ਕੁਝ ਤਾਂ ਮੂੰਹੋਂ ਬੋਲ।
ਤੂੰ ਕਿਰਤੀ-ਕਿਰਸਾਨ ਨਾ, ਪੈਰਾਂ ਹੇਠ ਮਧੋਲ।
ਅਮਰ ਸੂਫ਼ੀ ਨੇ ਇਕ ਸਾਹਿਤਕਾਰ ਦੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਅਤੇ ਤੇਜ਼ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਆਪਣੇ ਆਪ ਨੂੰ ਵੱਡੇ ਸਾਹਿਤਕਾਰ ਸਮਝਣ ਵਾਲੇ ਵਿਦਵਾਨਾ ਨੂੰ ਬੇਨਤੀ ਹੈ ਕਿ ਕਿਸਾਨ ਅੰਦੋਲਨ ਨੂੰ ਅੱਖੋਂ ਪ੍ਰੋਖੇ ਨਹੀਂ ਕਰਨਾ ਚਾਹੀਦਾ। ਸਗੋਂ ਗੋਦੀ ਮੀਡੀਆ ਨੂੰ ਕਾਟ ਕਰਨ ਲਈ ਆਪਣਾ ਯੋਗਦਾਨ ਪਾ ਕੇ ਆਮ ਜਨਤਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਅਮਰ ਸੂਫ਼ੀ ਨੇ ਪੰਜਾਬ ਸਰਕਾਰ ਨੂੰ ਉਸ ਦੀਆਂ ਗ਼ਲਤੀਆਂ ਕਰਕੇ ਦੋਹਿਆਂ ਰਾਹੀਂ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਮਰ ਸੂਫ਼ੀ ਦੇ ਦੋਹੇ ਕੇਂਦਰ ਸਰਕਾਰ ਦੀ ਬਦਨੀਤੀ ਦਾ ਪਰਦਾ ਫਾਸ਼ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਅਮਰ ਸੂਫੀ ਨਾਲ ਸੰਪਰਕ 9855543660 ਇਸ ਨੰਬਰ ਤੇ ਕੀਤਾ ਜਾ ਸਕਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-9417813072
ujagarsingh48@yahoo.com
ਕਰਨਾਲ ਕੋਲ ਕਿਸਾਨਾ ‘ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ - ਉਜਾਗਰ ਸਿੰਘ
ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਦੀ ਕਠਪੁਤਲੀ ਮਨੋਹਰ ਲਾਲ ਖੱਟਰ ਦੀ ਹਰਿਆਣਾ ਸਰਕਾਰ ਨੇ ਸ਼ਾਂਤਮਈ ਵਿਰੋਧ ਕਰਨ ਲਈ ਕਰਨਾਲ ਕੋਲ ਬਸਤਾੜਾ ਪਲਾਜ਼ਾ ‘ਤੇ ਇਕੱਠੇ ਹੋਏ ਕਿਸਾਨਾ ‘ਤੇ ਕਾਤਲਾਨਾ ਹਮਲਾ ਕਰਕੇ ਕਰਨਾਲ ਜਿਲ੍ਹੇ ਦੇ ਰਾਏਪੁਰ ਜਟਾਨਾ ਪਿੰਡ ਦੇ ਇਕ ਕਿਸਾਨ ਸ਼ੁਸ਼ੀਲ ਕਾਜ਼ਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਸੈਂਕੜੇ ਕਿਸਾਨਾ ਨੂੰ ਬੇਰਹਿਮੀ ਨਾਲ ਜ਼ਖ਼ਮੀ ਕਰਕੇ ਸਿਆਸੀ ਤਾਕਤ ਦੇ ਹੰਕਾਰ ਦਾ ਪ੍ਰਗਟਾਵਾ ਕੀਤਾ ਹੈ। 64 ਕਿਸਾਨ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਸਿਆਸੀ ਤਾਕਤ ਵੀ ਲੋਕ ਜੇ ਦੇਣਾ ਜਾਣਦੇ ਹਨ, ਤਾਂ ਉਹ ਉਸਨੂੰ ਖੋਹਣਾ ਵੀ ਜਾਣਦੇ ਹਨ। ਹਰਿਆਣਾ ਸਰਕਾਰ ਦੀ ਇਹ ਅਣਮਨੁੱਖੀ ਕਾਰਵਾਈ ਖੱਟਰ ਸਰਕਾਰ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰੇਗੀ। ਏਥੇ ਹੀ ਬਸ ਨਹੀਂ ਸਗੋਂ ਕੇਂਦਰ ਸਰਕਾਰ ਦੀ ਸ਼ਾਖ਼ ਨੂੰ ਵੀ ਅਜਿਹਾ ਖ਼ੋਰਾ ਲਾਏਗੀ, ਜਿਸ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਦੇ ਦੁਬਾਰਾ ਬਣਨ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਕਿਉਂਕਿ ਦੇਸ਼ ਦਾ ਕੋਈ ਵੀ ਨਾਗਰਿਕ ਹਰਿਆਣਾ ਸਰਕਾਰ ਦੀ ਇਹ ਅਣਮਨੁੱਖੀ ਬੇਹੂਦਗੀ ਨੂੰ ਪਸੰਦ ਨਹੀਂ ਕਰੇਗਾ। ਜਿਹੜੀ ਖੱਟਰ ਸਰਕਾਰ ਨੇ ਖ਼ੂਨ ਦੀ ਹੋਲੀ ਖੇਡੀ ਹੈ, ਉਸਦਾ ਇਵਜਾਨਾ ਉਸਨੂੰ ਹਰ ਹਾਲਤ ਵਿੱਚ ਭੁਗਤਣਾ ਪਵੇਗਾ। ਪਰਜਾਤੰਤਰ ਵਿੱਚ ਸ਼ਾਂਤਮਈ ਵਿਰੋਧ ਕਰਨਾ ਜ਼ੁਰਮ ਨਹੀਂ ਹੈ। ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਿੱਚ ਜਨਰਲ ਓਡਵਾਇਰ ਰੂਹ ਪ੍ਰਵੇਸ਼ ਕਰ ਗਈ ਹੈ, ਜਿਸਨੂੰ ਭਾਰਤੀ ਕਿਸਾਨਾਂ ਦੀ ਆਜ਼ਾਦੀ ਤੋਂ ਖ਼ਤਰਾ ਪੈਦਾ ਹੋ ਗਿਆ ਹੈ। ਖ਼ੂਨ ਨਾਲ ਲੱਥ ਪੱਥ ਹੋਏ ਕਿਸਾਨਾ ਨੂੰ ਵੇਖਕੇ ਅੰਗਰੇਜ਼ਾਂ ਦੇ ਰਾਜ ਦਾ ਭੁਲੇਖਾ ਪੈਣ ਲੱਗ ਗਿਆ। ਗ਼ਲਤੀ ਲਈ ਮੁਆਫ਼ੀ ਮੰਗਣ ਦੀ ਥਾਂ ਮਨੋਹਰ ਲਾਲ ਖੱਟਰ ਅਜੇ ਵੀ ਹੰਕਾਰ ਵਿੱਚ ਕਿਸਾਨਾਂ ਨੂੰ ਚੇਤਾਵਨੀ ਦੇ ਰਹੇ ਹਨ। ਪਰਜਾਤੰਤਰ ਵਿੱਚ ਸਿਵਲ ਅਤੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਲੋਕਾਂ ਦੇ ਸੇਵਕ ਹੁੰਦੇ ਹਨ। ਉਨ੍ਹਾਂ ਦੀ ਪਰਜਾ ਦੇ ਜਾਨ ਮਾਲ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰੰਤੂ ਹਰਿਆਣਾ ਸਰਕਾਰ ਦੇ ਸਬ ਡਵੀਜ਼ਨਲ ਮੈਜਿਸਟਰੇਟ ਆਯੂਸ਼ ਸਿਨਹਾ ਵਿੱਚ ਕਾਤਲਾਂ ਦੀ ਰੂਹ ਪ੍ਰਵੇਸ਼ ਕਰ ਗਈ ਹੈ, ਜਿਨ੍ਹਾਂ ਆਨ ਰਿਕਾਰਡ ਕਿਹਾ ਹੈ ਕਿ ਕਿਸਾਨ ਮਜ਼ਦੂਰਾਂ ਦੇ ਸਿਰ ਪਾੜ ਦਿਓ, ਜੋ ਵੀਡੀਓ ਵਿੱਚ ਸੁਣਾਈ ਦਿੰਦਾ ਹੈ। ਆਯੂਸ਼ ਸਿਨਹਾ ਕਹਿ ਰਹੇ ਹਨ‘‘ ਜੇਕਰ ਕਿਸਾਨ ਮਜ਼ਦੂਰ ਬੈਰੀਕੇਡ ਦੇ ਸਾਹਮਣੇ ਆ ਜਾਂਦੇ ਹਨ ਤਾਂ ਉਨ੍ਹਾਂ ਦੇ ਸਿਰ ਪਾੜ ਦਿਓ, ਜੇਕਰ ਕੋਈ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੇ ਡਾਂਗਾਂ ਮਾਰੋ। ਮੈਂ ਉਨ੍ਹਾਂ ਦੇ ਸਿਰ ਪਾੜਨ ਦੇ ਆਦੇਸ਼ ਦਿੰਦਾ ਹਾਂ। ਕਿਸੇ ਲਿਖਤੀ ਦਿਸ਼ਾ ਨਿਰਦੇਸ਼ ਦੀ ਜ਼ਰੂਰਤ ਨਹੀਂ। ਇਸ ਬਲਾਕ ਨੂੰ ਕਿਸੇ ਵੀ ਹਾਲਤ ਵਿੱਚ ਟੁੱਟਣ ਨਹੀਂ ਦਿੱਤਾ ਜਾਵੇਗਾ। ਪਿਛੋਂ ਹੋਰ ਫ਼ੋਰਸ ਲੱਗੀ ਹੋਈ ਹੈ। ਹੈਲਮਟ ਪਹਿਨੋ ਇਥੋਂ ਤੱਕ ਕਿ ਇਕ ਵੀ ਵਿਅਕਤੀ ਨੂੰ ਜਾਣ ਨਾ ਦੇਵੋ। ਜੇ ਉਹ ਜਾਂਦਾ ਹੈ ਤਾਂ ਉਸਦਾ ਸਿਰ ਪਾਟਣਾ ਚਾਹੀਦਾ ਹੈ।’’ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਹੁਕਮ ਇਕ ਆਈ ਏ ਐਸ ਅਧਿਕਾਰੀ ਦੇ ਰਿਹਾ ਹੈ, ਜਿਸਦੀ ਜ਼ਿੰਮੇਵਾਰੀ ਸੰਵਿਧਾਨ ਅਨੁਸਾਰ ਪਰਜਾ ਦੇ ਹਿਤਾਂ ਦੀ ਰਾਖੀ ਕਰਨੀ ਹੁੰਦੀ ਹੈ। ਉਹ ਖੁਦ ਹੀ ਸੰਵਿਧਾਨ ਦੀਆਂ ਧਜੀਆਂ ਉਡਾ ਰਿਹਾ ਹੈ। ਇਹ ਹੁਕਮ ਮੈਜਿਸਟਰੇਟ ਬਿਨਾ ਕਿਸੇ ਪ੍ਰੋਵੋਕੇਸ਼ਨ ਤੋਂ ਪਹਿਲਾਂ ਹੀ ਦੇ ਰਿਹਾ ਜਿਸ ਤੋਂ ਇਕ ਗਿਣੀ ਮਿਥੀ ਸ਼ਾਜ਼ਸ਼ ਦਾ ਪਤਾ ਲੱਗਦਾ ਹੈ। ਜੇਕਰ ਕਿਸਾਨ ਕੋਈ ਟਕਰਾਓ ਵਾਲੀ ਕਾਰਵਾਈ ਕਰਦੇ ਫਿਰ ਤਾਂ ਉਹ ਅਥਰੂ ਗੈਸ ਛੱਡਣ ਦੇ ਹੁਕਮ ਦਿੰਦਾ। ਉਸਨੇ ਤਾਂ ਪਹਿਲਾਂ ਹੀ ਇਹ ਹੁਕਮ ਸੁਣਾ ਦਿੱਤੇ ਉਦੋਂ ਤਾਂ ਅਜੇ ਕਿਸਾਨ ਇਕੱਠੇ ਵੀ ਨਹੀਂ ਹੋਏ ਸਨ। ਆਈ ਏ ਐਸ ਅਧਿਕਾਰੀ ਨੂੰ ਚੁਣੇ ਜਾਣ ਤੋਂ ਬਾਅਦ ਟਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਸ ਪ੍ਰਕਾਰ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ। ਕੀ ਉਹ ਅਧਿਕਾਰੀ ਸਾਰੇ ਆਈ ਏ ਐਸ ਅਧਿਕਾਰੀਆਂ ਨੂੰ ਬਦਨਾਮ ਨਹੀਂ ਕਰ ਰਿਹਾ? ਉਹ ਆਈ ਏ ਐਸ ਅਧਿਕਾਰੀ ਕਹਾਉਣ ਦਾ ਹੱਕਦਾਰ ਹੀ ਨਹੀਂ। ਅਜਿਹੇ ਅਧਿਕਾਰੀ ਨੂੰ ਤਾਂ ਨੌਕਰੀ ਵਿੱਚੋਂ ਬਰਖਾਸਤ ਕਰਨ ਦੀ ਮੰਗ ਸੰਯੁਕਤ ਕਿਸਾਨ ਮੋਰਚਾ ਕਰ ਰਿਹਾ ਹੈ। ਇਕ ਗੱਲ ਸੋਚਣ ਵਾਲੀ ਹੈ ਕਿ ਉਹ ਅਧਿਕਾਰੀ ਬਿਨਾ ਸਰਕਾਰ ਦੇ ਹੁਕਮਾ ਤੇ ਅਜਿਹਾ ਨਹੀਂ ਕਰ ਸਕਦਾ। ਅਜਿਹੀ ਹਰਿਆਣਾ ਦੀ ਗ਼ੈਰ ਇਖ਼ਲਾਕੀ ਪੁਲਿਸ ਦੀ ਨਫਰੀ ਹੈ, ਜਿਹੜੀ ਗ਼ੈਰ ਕਾਨੂੰਨੀ ਹੁਕਮਾ ਦੀ ਪਾਲਣਾ ਕਰਕੇ ਆਪਣੇ ਅੰਨ ਦਾਤਾਵਾਂ ‘ਤੇ ਲਾਠੀਆਂ ਵਰ੍ਹਾਉਂਦੀ ਹੋਈ, ਉਨ੍ਹਾਂ ਦੇ ਸਿਰ ਪਾੜਕੇ ਲਹੂ ਲੁਹਾਣ ਕਰ ਦਿੰਦੀ ਹੈ। ਕਾਨੂੰਨ ਦੇ ਰਖਵਾਲੇ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਹਨ। ਨਿਰਦੋਸ਼ ਅਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾ ਦਾ ਡੁਲਿ੍ਹਆ ਖ਼ੂਨ ਅਜਾਈਂ ਨਹੀਂ ਜਾਵੇਗਾ। ਇਸ ਖ਼ੂਨ ਦੀ ਹੋਲੀ ਨੇ ਸਮੁੱਚੇ ਦੇਸ਼ ਦੇ ਕਿਸਾਨਾ ਦਾ ਹੀ ਨਹੀਂ ਸਾਰੇ ਨਾਗਰਿਕਾਂ ਖ਼ੂਨ ਖੌਲਣ ਲਾ ਦਿੱਤਾ ਹੈ। ਹਰਿਆਣਾ ਸਰਕਾਰ ਦੀ ਬੇਹੂਦਗੀ ਨੇ 100 ਸਾਲ ਪਹਿਲਾਂ ਅੰਗਰੇਜ਼ਾਂ ਵੱਲੋਂ ਜਲਿ੍ਹਆਂ ਵਾਲੇ ਬਾਗ ਵਿੱਚ ਖੇਡੀ ਖ਼ੂਨ ਦੀ ਹੋਲੀ ਯਾਦ ਕਰਵਾ ਦਿੱਤੀ ਹੈ। ਹਰਿਆਣਾ ਸਰਕਾਰ ਆਪਣੀ ਪਰਜਾ ਨੂੰ ਵੀ ਅੰਗਰੇਜ਼ੀ ਸਰਕਾਰ ਦੀ ਤਰ੍ਹਾਂ ਵਿਵਹਾਰ ਕਰ ਰਹੀ ਹੈ। ਇਕ ਪਾਸੇ ਉਸੇ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਜਲਿ੍ਹਆਂ ਵਾਲੇ ਬਾਗ ਦੀ ਯਾਦਗਾਰ ਦੇ ਨਵੀਨੀਕਰਨ ਦਾ ਉਦਘਾਟਨ ਕਰ ਰਿਹਾ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਜਲਿ੍ਹਆਂ ਵਾਲਾ ਬਾਗ ਦੀ ਘਟਨਾ ਨੂੰ ਦੁਹਰਾ ਰਹੀ ਹੈ। ਅਸਲ ਵਿੱਚ ਕੇਂਦਰ ਸਰਕਾਰ ਪਿਛਲੇ 9 ਮਹੀਨੇ ਤੋਂ ਤਿੰਨ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਚਲ ਰਹੇ ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬੁਖਲਾਈ ਹੋਈ ਹੈ, ਜਿਸ ਕਰਕੇ ਉਨ੍ਹਾਂ ਮਨੋਹਰ ਲਾਲ ਖੱਟਰ ਰਾਹੀਂ ਕਿਸਾਨਾ ਨੂੰ ਸਬਕ ਸਿਖਾਉਣ ਅਤੇ ਡਰਾਉਣ ਲਈ ਜ਼ਾਲਮਾਨਾ ਕਾਰਵਾਈ ਕੀਤੀ ਹੈ। ਕਿਉਂਕਿ ਕਿਸਾਨਾ ਨੇ ਪੱਛਵੀਂ ਉਤਰ ਪ੍ਰਦੇਸ਼ ਦੇ ਮੁਜ਼ੱਫ਼ਰ ਨਗਰ ਵਿਖੇ 5 ਸਤੰਬਰ ਨੂੰ ਮਹਾਂ ਕਿਸਾਨ ਪੰਚਾਇਤ ਰੱਖੀ ਹੈ, ਜਿਸ ਵਿੱਚ ਲੱਖਾਂ ਕਿਸਾਨਾ ਦੇ ਸ਼ਾਮਲ ਹੋਣ ਦਾ ਡਰ ਸਰਕਾਰ ਨੂੰ ਸਤਾ ਰਿਹਾ ਹੈ। ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ। ਉਨ੍ਹਾਂ ਨੂੰ ਫਰਵਰੀ 2022 ਦੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਡਰ ਸਤਾ ਰਿਹਾ ਹੈ। ਕਿਸੇ ਵੀ ਸਤਿਕਾਰਤ ਢੰਗ ਨਾਲ ਕਿਸਾਨ ਅੰਦੋਲਨ ਖ਼ਤਮ ਕਰਵਾਉਣਾ ਚਾਹੁੰਦੇ ਹਨ। ਪ੍ਰੰਤੂ ਕਰਨਾਲ ਦੀ ਘਟਨਾ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਜਿਸ ਨਾਲ ਕਿਸਾਨ ਅੰਦੋਲਨ ਹੁਣ ਹੋਰ ਮਜ਼ਬੂਤ ਹੋਵੇਗਾ।
ਹਰਿਆਣਾ ਸਰਕਾਰ ਨੂੰ ਇਸ ਜ਼ੁਲਮ ਦਾ ਇਵਜਾਨਾ ਭੁਗਤਣਾ ਪਵੇਗਾ। ਹਾਲਾਂ ਕਿ ਕਿਸਾਨ ਅਜੇ ਬਸਤਾੜਾ ਟੋਲ ਪਲਾਜ਼ਾ ‘ਤੇ ਇਕੱਠੇ ਹੋ ਰਹੇ ਸਨ। ਕਰਨਾਲ ਦੇ ਡਿਪਟੀ ਕਮਿਸ਼ਨਰ ਬਿਆਨ ਦੇ ਰਹੇ ਹਨ ਕਿ ਕਿਸਾਨ ਹਾਈਵੇ ਬੰਦ ਕਰ ਰਹੇ ਸਨ ਅਤੇ ਮੁੱਖ ਮੰਤਰੀ ਦੇ ਜਲਸੇ ਨੂੰ ਰੋਕਣ ਲਈ ਜਾ ਰਹੇ ਸਨ। ਇਹ ਸਾਰੀ ਗ਼ਲਤ ਬਿਆਨੀ ਹੈ। ਮੁੱਖ ਮੰਤਰੀ ਦਾ ਪ੍ਰੋਗਰਾਮ ਲਾਠੀਚਾਰਜ ਵਾਲੇ ਥਾਂ ਤੋਂ 15 ਕਿਲੋਮੀਟਰ ਦੂਰ ਸੀ। ਇਕ ਪਾਸੇ ਡੀ ਸੀ ਕਹਿ ਰਹੇ ਹਨ ਕਿ ਸ਼ਾਮ ਨੂੰ ਨੈਸ਼ਨਲ ਹਾਈਵੇ ਕਿਸਾਨਾ ਨੇ ਤਿੰਨ ਘੰਟੇ ਲਈ ਬੰਦ ਕਰ ਦਿੱਤਾ ਸੀ। ਫਿਰ ਸਵੇਰੇ ਨੈਸ਼ਨਲ ਹਾਈਵੇ ਕਿਉਂ ਬੰਦ ਨਹੀਂ ਕਰਨ ਦਿੱਤਾ? ਜੇ ਕਿਸਾਨਾ ਤੇ ਲਾਠੀ ਚਾਰਜ ਨਾ ਕਰਦੇ ਤਾਂ ਫਿਰ ਇਹ ਹਾਲਤ ਨਾ ਬਣਦੀ। ਬਜ਼ੁਰਗ ਕਿਸਾਨਾ ਨੂੰ ਵੀ ਪਾਣੀ ਪੀ ਪੀ ਕੇ ਭਜ ਭਜਾ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਗੁਰਜੰਟ ਸਿੰਘ ਕਿਸਾਨ ਜਿਸਦੀ ਆਪਣੀ ਅੱਖ ਲਾਠੀਆਂ ਨਾਲ ਭੰਨ ਦਿੱਤੀ ਨੇ ਦੱਸਿਆ ਕਿ ਉਹ ਬਜ਼ੁਰਗ ਕਿਸਾਨਾ ਨੂੰ ਬਚਾਉਣ ਲਈ ਉਨ੍ਹਾਂ ਦ ਉਪਰ ਪੈ ਗਿਆ ਸੀ। ਤਾਊ ਮਹਿੰਦਰ ਸਿੰਘ ਖ਼ੂਨ ਨਾਲ ਲੱਥ ਪੱਥ ਹੋਣ ਦੇ ਬਾਵਜੂਦ ਚੜ੍ਹਦੀ ਕਲਾ ਵਿੱਚ ਵਿਖਾਈ ਦੇ ਰਿਹਾ ਹੈ। ਪਰਜਾਤੰਤਰ ਦੇ ਤਿੰਨ ਮਹੱਤਵਪੂਰਨ ਅੰਗ ਹੁੰਦੇ ਹਨ। ਵਿਧਾਨਕਾਰ, ਐਗਜੈਕਟਿਵ ਅਤੇ ਜੁਡੀਸ਼ਰੀ। ਵਿਧਾਨਕਾਰ ਅਤੇ ਕਾਰਜਕਾਰਨੀ ਆਪਣੇ ਫਰਜਾਂ ਤੋਂ ਕੋਤਾਹੀ ਕਰ ਰਹੇ ਹਨ। ਇਸ ਲਈ ਜੁਡੀਸ਼ਰੀ ਦਾ ਫਰਜ ਬਣਦਾ ਹੈ ਕਿ ਉਹ ਵਾਇਰਲ ਹੋਈਆਂ ਵੀਡੀਓਜ਼ ਅਤੇ ਅਖ਼ਬਾਰਾਂ ਦੀ ਖ਼ਬਰਾਂ ਦੇ ਆਧਾਰ ਤੇ ਆਪ ਹੀ ਨੋਟਿਸ ਲੈ ਕੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰੇ ਕਿਉਂਕਿ ਜਿਹੜੇ ਅਧਿਕਾਰੀਆਂ ਨੇ ਪਰਜਾ ਦੇ ਹਿਤਾਂ ਦੀ ਰੱਖਿਆ ਕਰਨੀ ਹੁੰਦੀ ਹੈ, ਉਹ ਕਹਿ ਰਿਹਾ ਹੈ ਕਿ ਕਿਸਾਨ ਮਜ਼ਦੂਰਾਂ ਦੇ ਸਿਰ ਪਾੜ ਦਿਓ। ਲੋਕਾਂ ਨੂੰ ਇਨਸਾਫ ਕਿਵੇਂ ਮਿਲੇਗਾ ਜਦੋਂ ਚੋਰ ਤੇ ਕੁਤੀ ਆਪਸ ਵਿੱਚ ਮਿਲ ਜਾਣ। ਹਰਿਆਣਾ ਦੇ ਕਿਸਾਨਾ ਨੇ ਨੂੰਹ ਵਿਖੇ ਮਹਾਂ ਪੰਚਾਇਤ ਕਰਕੇ ਮਹੱਤਪੂਰਨ ਫ਼ੈਸਲੇ ਲਏ ਹਨ, ਜਿਹੜੇ ਹਰਿਆਣਾ ਸਰਕਰ ਦੀਆਂ ਜੜ੍ਹਾਂ ਵਿੱਚ ਕਿਲ ਠੋਕਣਗੇ। ਹੈਰਾਨੀ ਇਸ ਗੱਲ ਦੀ ਹੈ ਕਿ ਖੱਟਰ ਸਰਕਾਰ ਦੀ ਸਹਿਯੋਗੀ ਪਾਰਟੀ ਜੇ ਜੇ ਪੀ ਦੇ ਮੁੱਖੀ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਕਿਸਾਨਾ ਦੇ ਹਿਤਾਂ ਤੇ ਪਹਿਰਾ ਦੇਣ ਦੀ ਗੱਲ ਕਰ ਰਹੇ ਹਨ। ਇਕ ਕਿਸਮ ਨਾਲ ਲਾਠੀ ਚਾਰਜ ਦੀ ਕਾਰਵਾਈ ਨੂੰ ਸਹੀ ਦਰਸਾ ਰਹੇ ਹਨ। ਇਹ ਵੀ ਕਹਿ ਰਹੇ ਹਨ ਕਿ ਆਯੂਸ਼ ਸਿਨਹਾ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ। ਜੇ ਦੁਸ਼ਿਅੰਤ ਚੌਟਾਲਾ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਖੱਟਰ ਸਰਕਾਰ ਦੀ ਸਪੋਰਟ ਵਾਪਸ ਲੈ ਕੇ ਕਿਸਾਨਾ ਨਾਲ ਖੜ੍ਹੇ ਹੋ ਜਾਣ। ਜੇਕਰ ਉਹ ਇੰਝ ਨਹੀਂ ਕਰਦੇ ਤਾਂ ਮੁੜਕੇ ਜੇ ਜੇ ਪੀ ਦਾ ਹਰਿਆਣਾ ਵਿੱਚ ਸਫਾਇਆ ਹੋ ਜਾਵੇਗਾ। ਵੈਸੇ ਜੇ ਜੇ ਪੀ ਵਿੱਚੋਂ ਬਗਾਬਤ ਸ਼ੁਰੂ ਹੋ ਗਈ ਹੈ। ਸੀਨੀਅਰ ਨੇਤਾ ਬੀਬੀ ਸੰਤੋਸ਼ ਦਾਹੀਆ ਨੇ ਕਿਸਾਨਾ ਤੇ ਅਣਮਨੁਖੀ ਵਿਵਹਾਰ ਕਰਨ ਕਰਕੇ ਅਤਸੀਫਾ ਦੇ ਦਿੱਤਾ ਹੈ। ਹੋਰ ਵੀ ਅਸਤੀਫੇ ਆਉਣਗੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜੋ ਅੱਜ ਕਲ੍ਹ ਮੇਘਾਲਿਆ ਦੇ ਰਾਜਪਾਲ ਹਨ, ਉਨ੍ਹਾਂ ਨੇ ਇਕ ਟੀ ਵੀ ਦੇ ਨੁਮਾਇੰਦੇ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸ਼ਹਿ ਤੋਂ ਬਿਨਾ ਐਸ ਡੀ ਐਮ ਅਜਿਹੀ ਹਰਕਤ ਨਹੀਂ ਕਰ ਸਕਦਾ। ਉਨ੍ਹਾਂ ਉਸ ਅਧਿਕਾਰੀ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ। ਜੇ ਜੇ ਪੀ ਦੇ ਸੱਪ ਦੇ ਮੂਹ ਵਿੱਚ ਕੋਹੜ ਕਿਰਲੀ ਵਾਲੀ ਹਾਲਾਤ ਬਣੀ ਹੋਈ ਹੈ। ਜੇਕਰ ਹਰਿਆਣਾ ਸਰਕਾਰ ਨੇ ਜ਼ਿੰਮੇਵਾਰ ਅਧਿਕਾਰੀਆਂ ਵਿਰੁਧ ਕਾਵਾਈ ਨਾ ਕੀਤੀ ਤਾਂ ਹਰਿਆਣਾ ਦੇ ਕਿਸਾਨ ਹਰਿਆਣਾ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-9417813072
ujagarsingh48@yahoo.com
ਪੰਜਾਬ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ - ਉਜਾਗਰ ਸਿੰਘ
ਪੰਜਾਬ ਪ੍ਰਦੇਸ਼ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ। ਪੰਜਾਬ ਦੇ ਕਾਂਗਰਸੀਆਂ ਦਾ ਕੁਰਸੀ ਯੁੱਧ ਇਸ ਸਮੇਂ ਚਰਮ ਸੀਮਾ ਤੇ ਪਹੁੰਚ ਗਿਆ ਹੈ। ਪੰਜਾਬੀ ਅਤੇ ਪੰਜਾਬ ਦਾ ਵਿਕਾਸ ਜਾਵੇ ਢੱਠੇ ਖੂਹ ਵਿੱਚ। ਉਨ੍ਹਾਂ ਨੂੰ ਤਾਂ ਕੁਰਸੀ ਚਾਹੀਦੀ ਹੈ। ਉਹ ਪੰਜਾਬੀ ਅਣਡਿਠ ਹੋ ਰਹੇ ਹਨ, ਜਿਨ੍ਹਾਂ ਨੇ ਆਪਣੇ ਨੇਤਾਵਾਂ ‘ਤੇ ਭਰੋਸਾ ਕਰਕੇ ਉਨ੍ਹਾਂ ਨੂੰ ਤਖ਼ਤੇ ਤਾਊਸ ‘ਤੇ ਬਿਠਾਇਆ ਸੀ। ਹੁਣ ਉਹ ਦੋਵੇਂ ਧੜੇ ਮੁੱਖ ਮੰਤਰੀ ਦੀ ਕੁਰਸੀ ਦੀਆਂ ਲੱਤਾਂ ਨੂੰ ਆਪੋ ਆਪਣੇ ਪਾਸੇ ਨੂੰ ਖਿੱਚ ਰਹੇ ਹਨ। ਪੂਰੀ ਜ਼ੋਰ ਅਜ਼ਮਾਈ ਹੋ ਰਹੀ ਹੈ। ਇਹ ਨਾ ਹੋਵੇ ਕਿ ਕੁਰਸੀ ਹੀ ਟੁੱਟ ਜਾਵੇ ਤੇ ਤੁਹਾਡੇ ਦੋਹਾਂ ਦੇ ੲੱਥ ਛੁਣਛੁਣਾ ਅਰਥਾਤ ਰਾਸ਼ਟਰਪਤੀ ਰਾਜ ਲੱਗ ਜਾਵੇ? ਦੋਹਾਂ ਧੜਿਆਂ ਦੇ ਪੱਲੇ ਕੁਝ ਵੀ ਨਾ ਪਵੇ। ਇਸ ਤੋਂ ਤਾਂ ਲੱਗਦਾ ਹੈ ਕਿ ਉਹ ਇਸ ਨੀਤੀ ਤੇ ਚਲ ਰਹੇ ਹਨ ਕਿ ‘‘ਨਾ ਖੇਡਣਾ ਅਤੇ ਨਾ ਖੇਡਣ ਦੇਣਾ ਖੁੱਤੀ ਵਿੱਚ---- ਹੈ’’? ਜੇਕਰ ਪੰਜਾਬ ਕਾਂਗਰਸ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਧੜੇਬੰਦੀ ਕਰਕੇ ਕੁਰਸੀ ਯੁੱਧ ਹਮੇਸ਼ਾ ਹਰ ਕਾਂਗਰਸ ਦੀ ਸਰਕਾਰ ਸਮੇਂ ਹੁੰਦਾ ਰਿਹਾ ਹੈ। ਇਹ ਵੀ ਦਸਣਾ ਜ਼ਰੂਰੀ ਹੈ ਕਿ ਜਦੋਂ ਵੀ ਇਨ੍ਹਾਂ ਨੇ ਆਪਣੇ ਮੁੱਖ ਮੰਤਰੀ ਤੋਂ ਕੁਰਸੀ ਹਥਿਆਉਣ ਲਈ ਲੜਾਈ ਲੜੀ ਹੈ, ਉਸਤੋਂ ਬਾਅਦ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮੂਧੇ ਮੂੰਹ ਗਿਰਦੀ ਰਹੀ ਹੈ, ਭਾਵ ਜਿੱਤ ਦੁਬਾਰਾ ਨਸੀਬ ਨਹੀਂ ਹੋਈ। ਹੈਰਾਨੀ ਇਸ ਗੱਲ ਦੀ ਹੈ ਕਿ ਫਿਰ ਵੀ ਇਹ ਬਿਲੀਆਂ ਦੀ ਤਰ੍ਹਾਂ ਲੜਦੇ ਰਹਿੰਦੇ ਹਨ। ਪ੍ਰਤਾਪ ਸਿੰਘ ਕੈਰੋਂ ਦੇ ਵਿਰੁਧ ਬਗਾਬਤ ਹੋਈ, ਪਹਿਲਾਂ ਗੋਪੀ ਚੰਦ ਭਾਰਗੋ ਅਤੇ ਫਿਰ ਕਾਮਰੇਡ ਰਾਮ ਕਿਸ਼ਨ ਮੁੱਖ ਮੰਤਰੀ ਬਣੇ। ਅਖ਼ੀਰ ਰਾਸ਼ਟਰਪਤੀ ਰਾਜ ਲਾਉਣਾ ਪਿਆ। ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੀ ਖੁੰਦਕ ਦੇ ਸਿੱਟੇ ਵਜੋਂ ਰਾਸ਼ਟਰਪਤੀ ਰਾਜ, ਦਰਬਾਰਾ ਸਿੰਘ ਅਤੇ ਬੇਅੰਤ ਸਿੰਘ ਦੀ ਲੜਾਈ ਤੋਂ ਬਾਅਦ ਫਿਰ 1983 ਵਿੱਚ ਰਾਸ਼ਟਰਪਤੀ ਰਾਜ ਲਾਉਣਾ ਪਿਆ। ਉਸਤੋਂ ਬਾਅਦ 1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਫਿਰ ਹਾਰ ਪੱਲੇ ਪਈ। ਬੇਅੰਤ ਸਿੰਘ ਅਤੇ ਹਰਚਰਨ ਬਰਾੜ ਦਾ ਛੱਤੀ ਦਾ ਅੰਕੜਾ ਰਿਹਾ। ਹਰਚਰਨ ਸਿੰਘ ਬਰਾੜ ਅਤੇ ਰਾਜਿੰਦਰ ਕੌਰ ਭੱਠਲ ਦੀ ਲੜਾਈ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੀ ਪ੍ਰੰਤੂ ਫਰਵਰੀ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਹਾਰ ਗਏ। 2002 ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦੀ ਲੜਈ ਵਿੱਚੋਂ ਭੱਠਲ ਉਪ ਮੁੱਖ ਮੰਤਰੀ ਬਣੀ ਪ੍ਰੰਤੂ 1 ਮਾਰਚ 2007 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਫਿਰ ਹਾਰ ਦਾ ਮੂੰਹ ਵੇਖਣਾ ਪਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਦਾ ਕਲੇਸ਼ ਚਲ ਰਿਹਾ ਹੈ, ਜਿਸਦੇ ਮੋਹਰੇ ਕੁਝ ਮੰਤਰੀ ਅਤੇ ਵਿਧਾਇਕ ਹਨ, ਜਿਸਦਾ ਨਤੀਜਾ ਵੀ ਕਾਂਗਰਸ ਨੂੰ 2022 ਦੀਆਂ ਚੋਣਾ ਵਿੱਚ ਭੁਗਤਣਾ ਪੈ ਸਕਦਾ ਹੈ। ਸਭ ਕੁਝ ਪਤਾ ਹੋਣ ਦੇ ਬਾਵਜੂਦ, ਫਿਰ ਵੀ ਲੜਾਈ ਜ਼ਾਰੀ ਹੈ। ਏਥੇ ਕੌਣ ਗ਼ਲਤ ਅਤੇ ਕੌਣ ਸਹੀ ਹੈ, ਇਸ ਗੱਲ ਦਾ ਸਵਾਲ ਨਹੀਂ। ਸਵਾਲ ਤਾਂ ਪੰਜਾਬੀਆਂ ਦੇ ਹਿੱਤਾਂ ਦਾ ਹੈ। ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਸਹੀ ਰਸਤੇ ‘ਤੇ ਲਿਆਂਦਾ ਜਾ ਸਕਦਾ ਹੈ। ਇਨ੍ਹਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੀ ਥਾਂ ਤੋਹਮਤਾਂ ਲਾਉਣ ਦੀ ਜ਼ੰਗ ਚਲ ਰਹੀ ਹੈ। ਪ੍ਰੋ ਪੂਰਨ ਸਿੰਘ ਵਾਲਾ ਪੰਜਾਬ ਜਿਹੜਾ ਗੁਰਾਂ ਦੇ ਨਾਮ ‘ਤੇ ਵਸਦਾ ਸੀ, ਉਸਨੂੰ ਦਾਗਦਾਰ ਕੀਤਾ ਜਾ ਰਿਹਾ ਹੈ। ਜਿਸਦੀ ਭਰਪਾਈ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਪੰਜਾਬੀ ਕਰ ਸਕਣਗੇ। ਕਾਂਗਰਸੀਆਂ ਦੀ ਲੜਾਈ ਜਿਸ ਸਟੇਜ ਤੇ ਪਹੁੰਚ ਗਈ ਹੈ, ਇਸਨੇ ਕਾਂਗਰਸ ਪਾਰਟੀ ਦੇ ਅਸਤਿਤਵ ‘ਤੇ ਹੀ ਨਹੀਂ ਸਗੋਂ ਪੰਜਾਬ ਦੇ ਭਵਿਖ ‘ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਕਿਉਂਕਿ ਪੰਜਾਬ ਦੇ ਸਮਜਿਕ ਸਰੋਕਾਰਾਂ ਨਾਲ ਸੰਬੰਧਤ ਮੁੱਦੇ ਅਤੇ ਵਿਕਾਸ ਅਣਗੌਲੇ ਹੋ ਰਹੇ ਹਨ। ਇਉਂ ਲਗਦਾ ਹੈ ਕਿ ਸਿਆਸਤਦਾਨਾ ਨੂੰ ਪੰਜਾਬ ਦੀ ਬਿਹਤਰੀ ਦਾ ਕੋਈ ਫ਼ਿਕਰ ਹੀ ਨਹੀਂ। ਉਨ੍ਹਾਂ ਨੂੰ ਤਾਂ ਕੁਰਸੀ ਹੀ ਵਿਖਾਈ ਦਿੰਦੀ ਹੈ। ਦੋਵੇਂ ਧੜੇ ਰਾਤ ਨੂੰ ਸੁੱਤੇ ਪਏ ਵੀ ਸੁਪਨੇ ਵਿਚ ਕੁਰਸੀ ਹਾਸਲ ਕਰਨ ਲਈ ਢੰਗ ਤਰੀਕੇ ਲੱਭਦੇ ਰਹਿੰਦੇ ਹਨ।
ਕਿਸਾਨ ਅੰਦੋਲਨ ਨੇ ਪੰਜਾਬ ਵਿੱਚ ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਹਾਸ਼ੀਏ ‘ਤੇ ਕਰ ਦਿੱਤੀਆਂ ਹਨ। ਉਨ੍ਹਾਂ ਦਾ ਪਿੰਡਾਂ ਵਿੱਚ ਵੜਨਾ ਅਸੰਭਵ ਹੁੰਦਾ ਜਾ ਰਿਹਾ ਹੈ। ਪੰਜਾਬੀਆਂ ਨੂੰ ਥੋੜ੍ਹੀਆਂ ਬਹੁਤੀਆਂ ਆਸਾਂ ਆਮ ਆਦਮੀ ਪਾਰਟੀ ਤੋਂ ਹੀ ਸਨ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਤੀਜੇ ਬਦਲ ਵਜੋਂ ਵੇਖਦੇ ਸਨ ਪ੍ਰੰਤੂ ਉਨ੍ਹਾਂ ਦੀਆਂ ਆਪਣੀਆਂ ਗ਼ਲਤੀਆਂ ਹੀ ਲੈ ਡੁੱਬੀਆਂ। ਆਮ ਆਦਮੀ ਪਾਰਟੀ ਖਖੜੀਆਂ ਖਖੜੀਆਂ ਹੋਈ ਪਈ ਹੈ। ਪੰਜਾਬ ਦੇ ਲੋਕਾਂ ਨੂੰ ਇਹ ਵੀ ਉਮੀਦ ਬਣੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਜੇਕਰ ਮਿਲਕੇ ਚਲਣਗੇ ਤਾਂ ਸ਼ਾਇਦ ਪੰਜਾਬ ਦਾ ਕੁਝ ਬਣ ਸਕੇਗਾ। ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਇਕ ਇਮਾਨਦਾਰ ਅਤੇ ਬਾਕਮਾਲ ਬੁਲਾਰਾ ਸਮਝਿਆ ਜਾਂਦਾ ਹੈ। ਪ੍ਰੰਤੂ ਹੋਇਆ ਬਿਲਕੁਲ ਇਸਦੇ ਉਲਟ, ਇਸ ਸਮੇਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇਕ ਦੂਜੇ ਦੀਆਂ ਲੱਤਾਂ ਨੂੰ ਪਈ ਹੋਈ ਹੈ। ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਖੇਡਣਾ ਚਾਹੁੰਦੇ ਹਨ। ਕਾਂਗਰਸ ਦੀ ਲੀਡਰਸ਼ਿਪ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁਦਿਆਂ ਨੂੰ ਤਰਜ਼ੀਹ ਦੇਣ ਨੂੰ ਪੰਜਾਬ ਦੇ ਲੋਕ ਸ਼ੁਭ ਸ਼ਗਨ ਸਮਝਦੇ ਸਨ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਵਿੱਚ ਆਸ ਦੀ ਕਿਰਨ ਜਾਗੀ ਸੀ। ਪ੍ਰੰਤੂ ਕਾਂਗਰਸ ਪਾਰਟੀ ਦੋ ਮਜ਼ਬੂਤ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ। ਕਾਂਗਰਸ ਦੀ ਪੁਰਾਣੀ ਲੀਡਰਸ਼ਿਪ ਜਿਨ੍ਹਾਂ ਵਿਚੋਂ ਮੁੱਖ ਤੌਰ ਤੇ ਪਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਨਾਲ ਆ ਕੇ ਖੜ੍ਹ ਗਏ ਹਨ, ਜਦੋਂ ਕਿ ਪਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦਾ ਮੁੱਖ ਮੰਤਰੀ ਨਾਲ ਛੱਤੀ ਦਾ ਅੰਕੜਾ ਸੀ। ਸ਼ਮਸ਼ੇਰ ਸਿੰਘ ਦੂਲੋ ਅਤੇ ਰਾਜਿੰਦਰ ਕੌਰ ਭੱਠਲ ਚੁੱਪ ਕਰਕੇ ਤਮਾਸ਼ਾ ਵੇਖ ਰਹੇ ਹਨ। ਕਾਂਗਰਸੀ ਨੇਤਾ ਖ਼ਾਮਖਾਹ ਦੀ ਦੂਸ਼ਣਬਾਜ਼ੀ ਵਿੱਚ ਪਏ ਹੋਏ ਹਨ, ਜਿਸ ਵਿੱਚੋਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਮਿਲਣਾ। ਪ੍ਰਧਾਨ ਦਾ ਕੰਮ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਉਸਨੂੰ ਫਰੀ ਹੈਂਡ ਦੇਣਾ ਚਾਹੀਦਾ ਹੈ ਪ੍ਰੰਤੂ ਉਸਨੂੰ ਸਰਕਾਰ ਦੀ ਨੁਕਤਾਚੀਨੀ ਕਰਨ ਦੀ ਥਾਂ ਸਲਾਹ ਦੇਣੀ ਬਣਦੀ ਹੈ। ਮੁੱਖ ਮੰਤਰੀ ਨੇ ਉਸ ਦੀ ਸਲਾਹ ਅਨੁਸਾਰ ਪਾਰਟੀ ਦਾ ਚੋਣ ਮਨੋਰਥ ਪੱਤਰ ਲਾਗੂ ਕਰਨਾ ਹੁੰਦਾ ਹੈ। ਦੋਹਾਂ ਦੇ ਕਾਰਜ ਖੇਤਰ ਵੱਖਰੇ ਹਨ। ਇਸ ਲਈ ਦੋਹਾਂ ਦਾ ਸੁਚਾਰੂ ਤਾਲਮੇਲ ਹੋਣਾ ਅਤਿਅੰਤ ਜ਼ਰੂਰੀ ਹੈ। ਜੇਕਰ ਤਾਲਮੇਲ ਨਹੀਂ ਹੋਵੇਗਾ ਤਾਂ ਇਸੇ ਤਰ੍ਹਾਂ ਹੋਵੇਗਾ ਜਿਵੇਂ ਹੁਣ ਹੋ ਰਿਹਾ ਹੈ। ਇਸ ਤਰ੍ਹਾਂ ਦੁਬਾਰਾ ਕਾਂਗਰਸ ਪਾਰਟੀ ਦਾ ਸਰਕਾਰ ਬਣਾਉਣ ‘ਤੇ ਸਵਾਲੀਆ ਨਿਸ਼ਾਨ ਲੱਗ ਜਾਵੇਗਾ। ਵਿਰੋਧੀ ਪਾਰਟੀਆਂ ਨੂੰ ਮੁੱਦਾ ਕਾਂਗਰਸੀ ਖੁਦ ਆਪ ਦੇ ਰਹੇ ਹਨ। ਆ ਬੈਲ ਮੁਝੇ ਮਾਰ ਵਾਲੀ ਨੀਤੀ ਅਪਣਾ ਰਹੇ ਹਨ। ਦੋਹਾਂ ਧੜਿਆਂ ਨੂੰ ਪੰਜਾਬ ਦੇ ਹਿਤ ਦਾ ਧਿਆਨ ਰੱਖਣਾ ਚਾਹੀਦਾ ਹੈ।
ਵਰਤਮਾਨ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਲੜਾਈ ਦੀ ਮੁੱਖ ਦੋਸ਼ੀ ਕੇਂਦਰੀ ਕਾਂਗਰਸ ਪਾਰਟੀ ਹੈ। ਉਹ ਦੋਗਲੀ ਨੀਤੀ ਅਪਣਾ ਰਹੀ ਹੈ। ਜਿਹੜੀ ਉਨ੍ਹਾਂ ਨੂੰ ਪੁੱਠੀ ਪੈਂਦੀ ਦਿਸ ਰਹੀ ਹੈ ਕਿਉਂਕਿ ਲਗਪਗ ਪਿਛਲੇ 6 ਮਹੀਨੇ ਤੋਂ ਪੰਜਾਬ ਕਾਂਗਰਸ ਵਿੱਚ ਬਗਾਬਤ ਦੀ ਅੱਗ ਧੁਖ ਰਹੀ ਸੀ, ਜਿਹੜੀ ਹੁਣ ਭਾਂਬੜ ਬਣਕੇ ਮੱਚ ਰਹੀ ਹੈ। ਕੇਂਦਰੀ ਕਾਂਗਰਸ ਨੇ ਇਸ ਲੜਾਈ ਨੂੰ ਸੰਜੀਦਗੀ ਨਾਲ ਨਹੀਂ ਲਿਆ। ਉਹ ਦੋਹਾਂ ਧੜਿਆਂ ਨੂੰ ਹੱਲਾ ਸ਼ੇਰੀ ਦੇ ਰਹੇ ਹਨ। ਹਰ ਨੇਤਾ ਪਾਰਟੀ ਦੇ ਅਨੁਸ਼ਾਸ਼ਨ ਦੀਆਂ ਧਜੀਆਂ ਉਡਾ ਰਿਹਾ ਹੈ। ਪਾਰਟੀ ਦੇ ਮੰਚ ‘ਤੇ ਗੱਲ ਕਰਨ ਦੀ ਥਾਂ ਅਖ਼ਬਾਰਾਂ ਜਾਂ ਟਵੀਟ ਕਰਕੇ ਇਕ ਦੂਜੇ ‘ਤੇ ਦੋਸ਼ ਲਗਾ ਰਿਹਾ ਹੈ। ਕਾਂਗਰਸ ਗੂੜ੍ਹੀ ਨੀਂਦ ਸੁੱਤੀ ਪਈ ਹੈ। ਕੇਂਦਰੀ ਕਾਂਗਰਸ ਵਿਚ ਵੀ ਤਾਕਤ ਦੇ ਦੋ ਧੁਰੇ ਬਣ ਚੁੱਕੇ ਹਨ। ਇਕ ਪਾਸੇ ਸੋਨੀਆਂ ਗਾਂਧੀ ਹੈ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਹਨ। ਉਹ ਵੀ ਆਪਸ ਵਿੱਚ ਸਹਿਮਤ ਨਹੀਂ ਹਨ। ਜਿਵੇਂ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਕਾਂਗਰਸ ਦੇ ਗਲ ਵਿੱਚ ਗੂਠਾ ਦੇ ਕੇ ਪਰਤਾਪ ਸਿੰਘ ਬਾਜਵਾ ਦੀ ਥਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ, ਬਿਲਕੁਲ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਕੇ ਆਏ ਹਨ। ਇਸ ਲਈ ਦੋਵੇਂ ਆਪਣੇ ਆਪ ਨੂੰ ਤਾਕਤਵਰ ਸਮਝਦੇ ਹਨ। ਇਕ ਦੂਜੇ ਨੂੰ ਨੀਵਾਂ ਵਿਖਾਉਣ ਵਿੱਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੱਗੇ ਹੋਏ ਹਨ। ਇਕ ਗੱਲ ਤਾਂ ਸ਼ਪਸ਼ਟ ਹੈ ਕਿ ਪਹਿਲਾਂ ਬੇਸ਼ਕ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਹੈ ਪ੍ਰੰਤੂ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਸੰਜੀਦਗੀ ਨਾਲ ਮੰਝੇ ਹੋਏ ਸਿਆਸਤਦਾਨ ਦੀ ਤਰ੍ਹਾਂ ਵਿਚਰ ਰਹੇ ਹਨ। ਪ੍ਰੰਤੂ ਨਵਜੋਤ ਸਿੰਘ ਸਿੱਧੂ ਆਪਣੀ ਰੜਕ ਬਰਕਰਾਰ ਰੱਖੀ ਬੈਠੇ ਹਨ। ਕਾਂਗਰਸੀ ਨੇਤਾਵਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਲੀਡਰਸ਼ਿਪ ਦੇ ਵਿਸ਼ਵਾਸ਼ ਤੋਂ ਬਿਨਾ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ, ਭਾਵੇਂ ਵਿਧਾਨਕਾਰਾਂ ਦਾ ਬਹੁਮਤ ਉਨ੍ਹਾਂ ਦੇ ਨਾਲ ਹੋਵੇ। ਇਹ ਵੀ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਪਾਰਟੀ ਅਨੁਸ਼ਾਸ਼ਨ ਤੋਂ ਬਗੈਰ ਸਫਲ ਨਹੀਂ ਹੋ ਸਕਦੀ। ਅਨੁਸ਼ਾਸ਼ਨ ਦੋਹਾਂ ਧੜਿਆਂ ਲਈ ਜ਼ਰੂਰੀ ਹੈ। ਬਿਆਨਬਾਜ਼ੀ ਹਮੇਸ਼ਾ ਨੁਕਸਾਨ ਦਾਇਕ ਹੁੰਦੀ ਹੈ। ਧੜੇਬੰਦੀ ਦੇ ਨਤੀਜੇ ਵਜੋਂ ਕਾਂਗਰਸ ਪਾਰਟੀ ਦਾ ਭਵਿਖ ਕੰਧ ‘ਤੇ ਲਿਖਿਆ ਹੋਇਆ ਹੈ, ਜਿਸਨੂੰ ਕਾਂਗਰਸੀ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰ ਰਹੇ।
ਹੁਣ ਜਿਹੜੀ ਮੰਗ ਬਗਾਬਤੀ ਧੜਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਕਰ ਰਿਹਾ ਹੈ, ਉਹ ਅਸੰਭਵ ਲਗਦੀ ਹੈ ਕਿਉਂਕਿ ਸੰਵਿਧਾਨਿਕ ਤੌਰ ‘ਤੇ ਹੁਣ ਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਹੈ। ਜੇਕਰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਸੋਚ ਲਿਆ ਤਾਂ ਕੈਪਟਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਹਿਲਾਂ ਬਾਗੀ ਮੰਤਰੀਆਂ ਨੂੰ ਬਰਖਾਸਤ ਕਰ ਸਕਦੇ ਹਨ ਅਤੇ ਫਿਰ ਨਵੇਂ ਮੰਤਰੀ ਬਣਾਕੇ ਮੰਤਰੀ ਮੰਡਲ ਵਿੱਚ ਵਿਧਾਨ ਸਭਾ ਨੂੰ ਭੰਗ ਕਰਨ ਦਾ ਮਤਾ ਪਾ ਸਕਦੇ ਹਨ? ਰਾਜਪਾਲ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਇਨਕਾਰ ਨਹੀਂ ਕਰ ਸਕਦਾ। ਬਸ਼ਰਤੇ ਕਿ ਕੇਂਦਰ ਸਰਕਾਰ ਬਦਲਵੀਂ ਸਰਕਾਰ ਬਣਾਉਣ ਦੇ ਹੱਕ ਵਿੱਚ ਨਾ ਹੋਵੇ ਕਿਉਂਕਿ ਆਖ਼ਰੀ ਫ਼ੈਸਲਾ ਕੇਂਦਰੀ ਮੰਤਰੀ ਮੰਡਲ ਦੇ ਹੱਥ ਹੁੰਦਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੰਮ ਚਲਾਊ ਮੁੱਖ ਮੰਤਰੀ ਵੀ ਰੱਖ ਸਕਦੇ ਹਨ ਜਾਂ ਰਾਸ਼ਟਰਪਤੀ ਰਾਜ ਵੀ ਲਗਾ ਸਕਦੇ ਹਨ। ਕੇਂਦਰ ਕੋਲ ਤਿੰਨ ਆਪਸ਼ਨਾ ਹਨ। ਬਗ਼ਾਬਤ ਕਰਨ ਵਾਲੇ ਧੜੇ ਨੂੰ ਇਨ੍ਹਾਂ ਗੱਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਜਨੂੰਨੀ ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ - ਉਜਾਗਰ ਸਿੰਘ
ਪਟਿਆਲਾ ਜਿਲ੍ਹੇ ਦੇ ਹਰਪਾਲਪੁਰ ਪਿੰਡ ਵਿਚੋਂ ਪੜ੍ਹਾਈ ਲਈ ਲੁਧਿਆਣਾ ਜਾਣ ਨਾਲ ਰਵੀ ਕੁਮਾਰ ਸ਼ਰਮਾ ਦੀ ਸੋਚ ਹੀ ਬਦਲ ਗਈ। ਦਿਹਾਤੀ ਇਲਾਕੇ ਵਿੱਚ ਰਹਿਣ ਨਾਲ ਖੂਹ ਦਾ ਡੱਡੂ ਬਣਕੇ ਰਹਿਣ ਦੀ ਆਦਤ ਬਣ ਜਾਣੀ ਸੀ ਪ੍ਰੰਤੂ ਸ਼ਹਿਰੀ ਜ਼ਿੰਦਗੀ ਨੇ ਹੋਸ਼ ਅਤੇ ਜੋਸ਼ ਵਿਚ ਵਾਧਾ ਕਰ ਦਿੱਤਾ। ਲੁਧਿਆਣਾ ਜਿਲ੍ਹਾ ਖਾਸ ਤੌਰ ਲੁਧਿਆਣਾ ਸ਼ਹਿਰ ਸੁਤੰਤਰਤਾ ਸੰਗਰਾਮੀਆਂ ਦੀਆਂ ਸਰਗਰਮੀਆਂ ਦਾ ਕੇਂਦਰੀ ਬਿੰਦੂ ਸੀ। ਰਵੀ ਕੁਮਾਰ ਦੇ ਅੱਲ੍ਹੜ੍ਹ ਦਿਮਾਗ਼ ‘ਤੇ ਦੇਸ਼ ਦੀ ਆਜ਼ਾਦੀ ਦਾ ਭੂਤ ਅਜਿਹਾ ਸਵਾਰ ਹੋ ਗਿਆ, ਜਿਸਨੇ ਮੁੜਕੇ ਪਿੱਛੇ ਨਹੀਂ ਵੇਖਿਆ। ਉਨ੍ਹਾਂ 8ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਹਰਪਾਲਪੁਰ ਤੋਂ ਹੀ ਕੀਤੀ ਸੀ। ਸਕੂਲ ਵਿਚ ਪੜ੍ਹਦਿਆਂ ਹੀ ਉਨ੍ਹਾਂ ਦੇਸ਼ ਦੀ ਆਜ਼ਾਦੀ ਦੇ ਪ੍ਰੋਗਰਾਮਾ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 1937 ਵਿਚ ਉਨ੍ਹਾਂ ਆਰੀਆ ਸਕੂਲ ਲੁਧਿਆਣਾ ਤੋਂ ਦਸਵੀਂ ਪਾਸ ਕਰਨ ਤੋਂ ਤੁਰੰਤ ਬਾਅਦ ਉਹ ਫ਼ੌਜ ਵਿਚ ਭਰਤੀ ਹੋ ਗਏ। ਉਨ੍ਹਾਂ ਨੇ ਫ਼ੌਜ ਵਿਚ ਹੀ ਅਕਾਊਂਟਸ ਦੀ ਸਿਖਿਆ ਪ੍ਰਾਪਤ ਕੀਤੀ ਅਤੇ ਉਹ ਲੇਖਾ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਹੋ ਗਏ। ਉਨ੍ਹਾਂ ਫ਼ੌਜ ਦੀ ਨੌਕਰੀ ਨੂੰ ਅੰਗਰੇਜ਼ ਸਰਕਾਰ ਦੀ ਗ਼ੁਲਾਮੀ ਮਹਿਸੂਸ ਕੀਤਾ ਕਿਉਂਕਿ ਲੁਧਿਆਣਾ ਵਿਖੇ ਆਜ਼ਾਦੀ ਸੰਗਰਾਮ ਵਿੱਚ ਕੁੱਦਣ ਦੀ ਲੱਗੀ ਜਾਗ ਨੇ ਫਿਰ ਉਬਾਲਾ ਖਾਧਾ ਅਤੇ ਫ਼ੌਜ ਵਿਚੋਂ ਨਾਮ ਕਟਾਕੇ ਵਾਪਸ ਹਰਪਾਲਪੁਰ ਆਪਣੇ ਪਿੰਡ ਆ ਗਏ। ਫਿਰ ਉਹ ਨਨਿਓਲਾ ਪਿੰਡ ਚਲੇ ਗਏ, ਜਿਥੇ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਐਮ ਬੀ ਬੀ ਐਸ ਡਾਕਟਰ ਸੀ। ਉਨ੍ਹਾਂ ਦੀ ਡਾਕਟਰੀ ਦੀ ਕਲਿਨਕ ਵਿੱਚ ਕੰਪਾਊਡਰ ਦਾ ਕੰਮ ਕਰਨ ਲੱਗ ਗਏ। ਉਥੇ ਰਹਿਕੇ ਉਨ੍ਹਾਂ ਡਾਕਟਰੀ ਦਾ ਕੰਮ ਸਿੱਖ ਲਿਆ ਅਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਦੁਕਾਨ ਆਪਣੇ ਪਿੰਡ ਖੋਲ੍ਹ ਲਈ। ਪ੍ਰੰਤੂ ਦੇਸ਼ ਭਗਤੀ ਦੀ ਜਿਹੜੀ ਚਿਣਗ ਲੱਗੀ ਸੀ, ਉਸਨੇ ਉਨ੍ਹਾਂ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ। ਡਾ ਰਵੀ ਕੁਮਾਰ ਸ਼ਰਮਾ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਛੋੜੋ ਮੁਹਿੰਮ ਵਿਚ ਲਾਹੌਰ ਜਾ ਕੇ ਸ਼ਾਮਲ ਹੋ ਗਏ। ਉਥੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ 1942 ਵਿਚ ਲਾਹੌਰ ਜੇਲ੍ਹ ਵਿਚ ਡੱਕ ਦਿੱਤਾ ਗਿਆ। ਉਹ ਲਗਪਗ ਇਕ ਸਾਲ ਲਾਹੌਰ ਜੇਲ੍ਹ ਵਿਚ ਬੰਦ ਰਹੇ। ਉਸਤੋਂ ਬਾਅਦ ਤਾਂ ਚਲ ਸੋ ਚਲ ਉਹ ਆਜ਼ਾਦੀ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਂਦੇ ਰਹੇ। ਇਸ ਦੌਰਾਨ ਉਨ੍ਹਾਂ ਦਾ ਕਾਂਗਰਸ ਪਾਰਟੀ ਦੇ ਸਿਆਸਤਦਾਨਾ ਨਾਲ ਤਾਲਮੇਲ ਵੱਧ ਗਿਆ। ਡਾਕਟਰੀ ਦੀ ਦੁਕਾਨ ਇਕ ਕਿਸਮ ਨਾਲ ਬੰਦ ਹੀ ਰਹਿੰਦੀ ਸੀ। 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਸਰਗਰਮ ਹੋ ਗਏ। 1958 ਵਿੱਚ ਉਨ੍ਹਾਂ ਦਾ ਪਰਿਵਾਰ ਪਟਿਆਲਾ ਜਿਲ੍ਹੇ ਦੇ ਕਸਬਾ ਘਨੌਰ ਵਿੱਚ ਆ ਕੇ ਰਹਿਣ ਲੱਗ ਪਿਆ। ਇਥੇ ਹੀ ਉਨ੍ਹਾਂ ਆਪਣੀ ਡਾਕਟਰੀ ਦੀ ਦੁਕਾਨ ਖੋਲ੍ਹ ਲਈ। ਇਹ ਦੁਕਾਨ ਤਾਂ ਇਕ ਕਿਸਮ ਨਾਲ ਦੇਸ਼ ਭਗਤਾਂ ਅਤੇ ਕਾਂਗਰਸੀ ਵਰਕਰਾਂ ਦੇ ਬੈਠਣ ਦਾ ਸਥਾਨ ਬਣ ਗਿਆ। ਉਨ੍ਹਾਂ ਦਿਨਾ ਵਿੱਚ ਪਿੰਡਾਂ ਵਿੱਚ ਮੈਡੀਕਲ ਸਹੂਲਤਾਂ ਦੀ ਘਾਟ ਸੀ। ਇਸ ਕਰਕੇ ਡਾ ਰਵੀ ਕੁਮਾਰ ਸ਼ਰਮਾ ਦੀ ਦੁਕਾਨ ਚੰਗੀ ਚਲ ਪਈ ਕਿਉਂਕਿ ਉਨ੍ਹਾਂ ਨੇ ਆਪਣੀ ਦੁਕਾਨ ਦੇ ਨਾਲ ਹੀ ਸਮਾਜ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਾਂਗਰਸ ਪਾਰਟੀ ਦੇ ਮੈਂਬਰ ਉਹ ਲੁਧਿਆਣਾ ਵਿਖੇ ਹੀ ਸਕੂਲ ਦੀ ਪੜ੍ਹਾਈ ਮੌਕੇ ਹੀ ਬਣ ਗਏ ਸਨ। ਘਨੌਰ ਦੇ ਇਲਾਕੇ ਵਿਚ ਉਨ੍ਹਾਂ ਦਿਨਾ ਵਿਚ ਡਾਕਟਰੀ ਦੀ ਕੋਈ ਦੁਕਾਨ ਨਹੀਂ ਹੁੰਦੀ ਸੀ। ਉਨ੍ਹਾਂ ਨੇ ਆਲੇ ਦੁਆਲੇ ਦੇ ਪਿੰਡਾਂ ਵਿਚ ਮਰੀਜ਼ਾਂ ਨੂੰ ਦਵਾਈਆਂ ਪਿੰਡਾਂ ਵਿਚ ਆਪ ਜਾ ਕੇ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦਾ ਦਵਾਈਆਂ ਦੇਣ ਦੇ ਨਾਲ ਪਿੰਡਾਂ ਵਿਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਬਣਾਉਣ ਦਾ ਮੰਤਵ ਵੀ ਪੂਰਾ ਹੋਣ ਲੱਗ ਪਿਆ। ਸਮਾਜ ਸੇਵਾ ਦੀ ਪ੍ਰਵਿਰਤੀ ਕਰਕੇ ਸਥਾਨਕ ਪ੍ਰਬੰਧ ਵਿਚ ਵੀ ਉਨ੍ਹਾਂ ਦੀ ਤੂਤੀ ਬੋਲਣ ਲੱਗ ਪਈ। ਉਹ ਦਵਾਈਆਂ ਦਾ ਖ਼ਰਚਾ ਮਰੀਜਾਂ ਤੋਂ ਨਾਮਾਤਰ ਹਾੜ੍ਹੀ ਸੌਣੀ ਹੀ ਲੈਂਦੇ ਸਨ। ਉਨ੍ਹਾਂ ਦਿਨਾ ਵਿਚ ਪਟਿਆਲਾ ਰਾਜਿੰਦਰਾ ਹਸਪਤਾਲ ਵਾਲੇ ਡਾਕਟਰ ਜਗਦੀਸ਼ ਸਿੰਘ ਲੋਕਾਂ ਦੇ ਚਹੇਤੇ ਡਾਕਟਰ ਸਨ, ਜਿਹੜੇ ਮਰੀਜ਼ਾਂ ਤੋਂ ਨਾਮਾਤਰ ਪੈਸੇ ਹੀ ਲੈਂਦੇ ਸਨ। ਡਾ ਰਵੀ ਕੁਮਾਰ ਸ਼ਰਮਾ ਦੇ ਉਹ ਵੀ ਪ੍ਰੇਰਨਾ ਸਰੋਤ ਸਨ। ਡਾਕਟਰ ਜਗਦੀਸ਼ ਸਿੰਘ ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਲੱਗ ਗਏ। ਉਨ੍ਹਾਂ ਨੂੰ ਰਵੀ ਕੁਮਾਰ ਸ਼ਰਮਾ ਦੀ ਮਰੀਜ਼ਾਂ ਦੀ ਲਗਨ ਨਾਲ ਸੇਵਾ ਕਰਨ ਅਤੇ ਲਾਲਚੀ ਨਾ ਹੋਣ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਰਵੀ ਕੁਮਾਰ ਸ਼ਰਮਾ ਨੂੰ ਫਾਰਮਾਸਿਸਟ ਦੀ ਡਿਗਰੀ ਦੇ ਕੇ ਸਨਮਾਨਤ ਕੀਤਾ। ਉਸ ਤੋਂ ਬਾਅਦ ਉਹ ਡਾਕਟਰ ਰਵੀ ਕੁਮਾਰ ਘਨੌਰ ਦੇ ਨਾਮ ਨਾਲ ਪ੍ਰਸਿੱਧ ਹੋਏ। ਉਨ੍ਹਾਂ ਦੀ ਦੁਕਾਨ ਘਨੌਰ ਦੇ ਇਲਾਕੇ ਦੇ ਕਾਂਗਰਸੀਆਂ ਦੇ ਇਕੱਤਰ ਹੋਣ ਦਾ ਸਥਾਨ ਤਾਂ ਹੁੰਦਾ ਹੀ ਸੀ, ਪ੍ਰੰਤੂ ਲੋਕ ਆਪਣੇ ਨਿੱਜੀ ਕੰਮ ਕਾਰ ਲਈ ਵੀ ਏਥੇ ਰਵੀ ਕੁਮਾਰ ਸ਼ਰਮਾ ਤੋਂ ਮਦਦ ਲੈਣ ਲਈ ਆਉਂਦੇ ਸਨ। ਪਟਿਆਲਾ ਜਿਲ੍ਹੇ ਅਤੇ ਖਾਸ ਤੌਰ ਤੇ ਘਨੌਰ ਦੇ ਇਲਾਕੇ ਦੇ ਵਿਕਾਸ ਕੰਮਾ ਸੰਬੰਧੀ ਉਹ ਹਮੇਸ਼ਾ ਤਤਪਰ ਰਹਿੰਦੇ ਸਨ। ਲੋਕਾਂ ਦੇ ਕੰਮਾ ਲਈ ਉਹ ਪਟਿਆਲਾ, ਚੰਡੀਗੜ੍ਹ ਅਤੇ ਦਿੱਲੀ ਜਾਂਦੇ ਰਹਿੰਦੇ ਸਨ। ਉਹ ਫ਼ਕਰ ਕਿਸਮ ਦੇ ਸਿਆਸਤਦਾਨ ਅਤੇ ਸਮਾਜ ਸੇਵਕ ਸਨ। 1965 ਵਿਚ ਉਹ ਲੋਕ ਸਭਾ ਦੇ ਸਪੀਕਰ ਅਤੇ ਲਾਲ ਬਹਾਦਰ ਸ਼ਾਸ਼ਤਰੀ ਨੂੰ ਇਲਾਕੇ ਦੇ ਵਿਕਾਸ ਲਈ ਵਿਸ਼ੇਸ਼ ਤੌਰ ਤੇ ਮਿਲਣ ਲਈ ਗਏ। ਉਨ੍ਹਾਂ ਦਿਨਾ ਵਿਚ ਕੇਂਦਰੀ ਮੰਤਰੀਆਂ ਨੂੰ ਕਾਂਗਰਸੀਆਂ ਲਈ ਮਿਲਣਾ ਔਖਾ ਨਹੀਂ ਹੁੰਦਾ ਸੀ। ਉਨ੍ਹਾਂ ਦੀ ਲੋਕ ਸੇਵਾ ਦੀ ਪ੍ਰਵਿਰਤੀ ਕਰਕੇ ਪੰਜਾਬ ਦੇ ਸਾਰੇ ਮੁੱਖ ਮੰਤਰੀ, ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੂੰ ਸੁਤੰਤਰਤਾ ਸੰਗਰਾਮੀ ਹੋਣ ਕਰਕੇ ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਸ੍ਰੀਮਤੀ ਇੰਦਰਾ ਗਾਂਧੀ ਨੇ ਤਾਮਰ ਪੱਤਰ ਦੇ ਕੇ ਸਨਮਾਨਤ ਕੀਤਾ ਸੀ। ਘਨੌਰ ਦੇ ਇਲਾਕੇ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੂੰ 1972 ਵਿੱਚ ਬਲਾਕ ਕਾਂਗਰਸ ਕਮੇਟੀ ਘਨੌਰ ਦਾ ਪ੍ਰਧਾਨ ਬਣਾਇਆ ਗਿਆ। ਇਸ ਅਹੁਦੇ ‘ਤੇ ਉਹ ਲਗਾਤਾਰ 19 ਸਾਲ 1991 ਤੱਕ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਦੇ ਸੰਬੰਧ ਪੰਜਾਬ ਦੇ ਚੋਟੀ ਦੇ ਕਾਂਗਰਸੀ ਨੇਤਾਵਾਂ ਨਾਲ ਬਣ ਗਏ। ਘਨੌਰ ਹਲਕੇ ਵਿਚ ਕਾਂਗਰਸ ਪਾਰਟੀ ਦਾ ਬੋਲਬਾਲਾ ਬਣਾਉਣ ਵਿਚ ਡਾ ਰਵੀ ਕੁਮਾਰ ਸ਼ਰਮਾ ਦਾ ਯੋਗਦਾਨ ਇਤਿਹਾਸ ਵਿੱਚ ਦਰਜ ਹੋਣ ਕਰਕੇ ਭੁਲਾਇਆ ਨਹੀਂ ਜਾ ਸਕਦਾ। 1991 ਦੀ ਗੱਲ ਹੈ ਕਿ ਘਨੌਰ ਦੇ ਨਜ਼ਦੀਕ ਘਨੌਰੀ ਖੇੜਾ ਪਿੰਡ ਵਿਚ ਗੈਸ ਦੇ ਟੈਂਕਰ ਵਿਚੋਂ ਗੈਸ ਲੀਕ ਹੋ ਗਈ ਅਤੇ ਕਈ ਲੋਕ ਮਾਰੇ ਗਏ ਸਨ ਤਾਂ ਉਨ੍ਹਾਂ ਤੁਰੰਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰ ਬੇਅੰਤ ਸਿੰਘ ਨੂੰ ਫੋਨ ਕਰਕੇ ਪੀੜਤਾਂ ਦੀ ਮਦਦ ਕਰਨ ਦੀ ਤਾਕੀਦ ਕੀਤੀ ਅਤੇ ਉਨ੍ਹਾਂ ਨੂੰ ਮੌਕੇ ਤੇ ਲੈ ਕੇ ਗਏ।
ਰਵੀ ਚੰਦ ਸ਼ਰਮਾ ਦਾ ਜਨਮ 17 ਮਾਰਚ 1917 ਨੂੰ ਪਟਿਆਲਾ ਜਿਲ੍ਹੇ ਦੇ ਪਿੰਡ ਹਰਪਾਲਪੁਰ ਵਿਖੇ ਪੰਡਿਤ ਹਰਿਵੱਲਭ ਸ਼ਰਮਾ ਦੇ ਘਰ ਹੋਇਆ। ਹਰਪਾਲਪੁਰ ਪਿੰਡ ਦੇ ਵਸਨੀਕ ਪ੍ਰੇਮ ਸਿੰਘ ਪ੍ਰੇਮ ਪੰਜਾਬ ਦੇ ਮੰਤਰੀ ਰਹੇ ਹਨ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪਾਕਿਸਤਾਨ ਤੋਂ ਆ ਕੇ ਪਹਿਲਾਂ ਹਰਪਾਲਪੁਰ ਪਿੰਡ ਵਿਚ ਵਸੇ ਸਨ ਕਿਉਂਕਿ ਉਹ ਪ੍ਰੇਮ ਸਿੰਘ ਪ੍ਰੇਮ ਦੇ ਰਿਸ਼ਤੇਦਾਰ ਸਨ। ਬਾਅਦ ਵਿਚ ਉਹ ਅੰਮਿ੍ਰਤਸਰ ਚਲੇ ਗਏ ਸਨ। ਰਵੀ ਕੁਮਾਰ ਸ਼ਰਮਾ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਨਜ਼ਦੀਕ ਕਸਬਾ ਘਨੌਰ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਲੁਧਿਆਣਾ ਤੋਂ ਕੀਤੀ ਕਿਉਂਕਿ ਪ੍ਰਾਇਮਰੀ ਤੋਂ ਅੱਗੇ ਪੜ੍ਹਾਈ ਕਰਨ ਲਈ ਸਕੂਲ ਨਹੀਂ ਸੀ। ਇਸ ਲਈ ਉਹ ਆਪਣੇ ਵੱਡੇ ਭਰਾ ਕੋਲ ਲੁਧਿਆਣੇ ਪੜ੍ਹਨ ਲਈ ਚਲੇ ਗਏ। ਉਨ੍ਹਾਂ ਦਾ ਵਿਆਹ ਚੰਪਾ ਦੇਵੀ ਨਾਲ ਹੋਇਆ। ਡਾ ਰਵੀ ਕੁਮਾਰ ਸ਼ਰਮਾ ਦੇ ਚਾਰ ਸਪੁੱਤਰ ਅਤੇ ਇਕ ਸਪੁੱਤਰੀ ਹਨ, ਜਿਹੜੇ ਸਾਰੇ ਹੀ ਡਾਕਟਰੀ ਕਿਤੇ ਨਾਲ ਜੁੜੇ ਹੋਏ ਸਨ। ਉਨ੍ਹਾਂ ਦਾ ਵੱਡਾ ਸਪੁੱਤਰ ਰਾਜਿੰਦਰ ਕੁਮਾਰ ਸ਼ਰਮਾ ਜੀ ਏ ਐਮ ਐਸ ਡਾਕਟਰ, ਰਾਜ ਕੁਮਾਰ ਸ਼ਰਮਾ ਫਾਰਮਾਸਿਸਟ, ਰਮੇਸ਼ ਕੁਮਾਰ ਅਤੇ ਸੁਦੇਸ਼ ਕੁਮਾਰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਸਪੁੱਤਰੀ ਬਿਮਲਾ ਨਿਓਡੇ ਵਿਖੇ ਰਹਿੰਦੇ ਹਨ। ਵੱਡੇ ਤਿੰਨੇ ਲੜਕੇ ਸਵਰਗਵਾਸ ਹੋ ਚੁੱਕੇ ਹਨ। ਡਾ ਸੁਦੇਸ਼ ਕੁਮਾਰ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਘਨੌਰ ਵਿਖੇ ਡਾਕਟਰੀ ਦੀ ਦੁਕਾਨ ਕਰਦੇ ਹਨ ਅਤੇ ਕਾਂਗਰਸ ਪਾਰਟੀ ਵਿਚ ਸਰਗਰਮ ਹਨ। ਸੁਦੇਸ਼ ਕੁਮਾਰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ ਹਨ। ਉਨ੍ਹਾਂ ਨੂੰ ਸ੍ਰ ਬੇਅੰਤ ਸਿੰਘਨੇ 1992-93 ਵਿੱਚ ਨੋਟੀਫਾਈਡ ਏਰੀਆ ਕਮੇਟੀ ਘਨੌਰ ਦੇ ਮੈਂਬਰ ਬਣਾਇਆ ਸੀ। ਸੁਦੇਸ਼ ਕੁਮਾਰ ਸ਼ਰਮਾ ਦਾ ਲੜਕਾ ਰਾਹੁਲ ਸ਼ਰਮਾ ਪੰਜਾਬ ਯੂਥ ਕਾਂਗਰਸ ਵਿਚ ਸਰਗਰਮੀ ਨਾਲ ਕੰਮ ਕਰਦਾ ਹੈ। ਡਾ ਰਵੀ ਕੁਮਾਰ ਸ਼ਰਮਾ ਦੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਨਾਲ ਚੰਗੇ ਸੰਬੰਧ ਸਨ। ਇਸ ਲਈ ਜਦੋਂ ਸ੍ਰ ਬੇਅੰਤ ਸਿੰਘ ਦਾ ਪੋਤਰਾ ਰਵਨੀਤ ਸਿੰਘ ਬਿੱਟੂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਲੁਧਿਆਣਾ ਵਿਖੇ ਨਸ਼ਾ ਕੰਟਰੋਲ ਬੋਰਡ ਬਣਾਉਣ ਲਈ ਮਰਨ ਵਰਤ ਰੱਖਿਆ ਸੀ, ਉਸ ਸਮੇਂ ਰਾਹੁਲ ਸ਼ਰਮਾ ਉਨ੍ਹਾਂ ਨਾਲ ਭੁੱਖ ਹੜਤਾਲ ‘ਤੇ ਬੈਠੇ ਸਨ। ਉਹ ਰਵਨੀਤ ਸਿੰਘ ਬਿੱਟੂ ਵਲੋਂ ਨਸ਼ਿਆਂ ਵਿਰੁਧ ਪੰਜਾਬ ਦੇ ਲੋਕਾਂ ਵਿਚ ਜਾਗਿ੍ਰਤੀ ਪੈਦਾ ਕਰਨ ਲਈ ਇਕ ਮਹੀਨੇ ਦੀ ਪਦ ਯਾਤਰਾ ਵਿਚ ਵੀ ਰਾਹੁਲ ਸ਼ਰਮਾ ਸ਼ਾਮਲ ਹੋਏ ਸਨ। ਡਾ ਰਵੀ ਕੁਮਾਰ ਦੀ ਪੋਤਰੀ ਵਨੀਤਾ ਭਾਰਦਵਾਜ਼ ਸ਼ੂਟਿੰਗ ਦੀ ਮਾਹਿਰ ਹੈ ਅਤੇ ਓਲੰਪਿਕ ਖੇਡਣ ਜਾ ਰਹੀ ਹੈ।
ਡਾ ਰਵੀ ਕੁਮਾਰ ਸ਼ਰਮਾ 14 ਸਤੰਬਰ 1995 ਨੂੰ ਸਵਰਗਵਾਸ ਹੋ ਗਏ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ - ਉਜਾਗਰ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਅਨੇਕਾਂ ਨਾਨਕ ਨਾਮ ਲੇਵਾ ਸੰਸਥਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਚਿਰ ਸਥਾਈ ਬਣਾਈ ਰੱਖਣ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਸਮਾਗਮ ਆਯੋਜਤ ਕਰਕੇ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਜਾਣ ਲਈ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ‘ਕਰਤਾਰਪੁਰ ਲਾਂਘਾ’ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਖੋਲਿ੍ਹਆ ਗਿਆ। ਸਾਰੇ ਸੰਸਾਰ ਵਿਚ ਜਿਥੇ ਵੀ ਗੁਰੂ ਨਾਨਕ ਨਾਮ ਲੇਵਾ ਵਸਦੇ ਹਨ, ਉਨ੍ਹਾਂ ਵੱੱਲੋਂ ਵੀ ਉਥੇ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿਤਨੇ ਵੀ ਪ੍ਰੋਗਰਾਮ ਅਤੇ ਸਮਾਗਮ ਹੋਏ, ਉਨ੍ਹਾਂ ਸਾਰਿਆਂ ਦੀ ਆਪੋ ਆਪਣੀ ਮਹੱਤਤਾ ਹੈ। ਬਹੁਤਿਆਂ ਖਾਸ ਤੌਰ ਤੇ ਸਰਕਾਰਾਂ ਨੇ ਤਾਂ ਕਾਰਵਾਈਆਂ ਪਾ ਕੇ ਵਾਹਵਾ ਸ਼ਾਹਵਾ ਖੱਟਣ ਦੇ ਉਪਰਾਲੇ ਕੀਤੇ ਹਨ, ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਫ਼ੈਲਾਉਣ ਅਰਥਾਤ ਲੋਕਾਂ ਨੂੰ ਉਸ ਵਿਚਾਰਧਾਰਾ ਦੀ ਜਾਣਕਾਰੀ ਦੇਣ ਦਾ ਇਕੋ ਇਕ ਸਾਧਨ ਸ਼ਬਦ ਹੁੰਦੇ ਹਨ, ਜੋ ਪੁਸਤਕਾਂ ਦੇ ਰੂਪ ਪ੍ਰਕਾਸ਼ਤ ਹੋਣੇ ਚਾਹੀਦੇ ਹਨ। ਪੁਸਤਕਾਂ ਇਤਿਹਾਸ ਦਾ ਹਿੱਸਾ ਬਣਦੀਆਂ ਹਨ। ਪੰਜਾਬ ਦੇ ਸਿੱਖ ਵਿਦਵਾਨਾ ਦੀ ਜਿੰੰਮੇਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੌਖੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਬਣਦੀ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਸਿੱਖ ਵਿਦਵਾਨ ਸੌਖੀ ਸ਼ਬਦਾਵਲੀ ਵਿਚ ਪੰਜਾਬੀਆਂ ਨੂੰ ਹੀ ਜਾਣੂ ਨਹੀਂ ਕਰਵਾ ਸਕੇ। ਹੋਰ ਭਾਸ਼ਾਵਾਂ ਜਾਨਣ ਵਾਲੇ ਲੋਕਾਂ ਤੱਕ ਪਹੁੰਚਾਉਣਾ ਤਾਂ ਦੂਰ ਦੀ ਗੱਲ ਹੈ। ਇਹ ਵੀ ਸ਼ੁਭ ਸੰਕੇਤ ਹਨ ਕਿ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਬਹੁਤ ਸਾਰੇ ਵਿਦਵਾਨਾ ਨੇ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਸਨ। ਪ੍ਰੰਤੂ ਕੁਝ ਕੁ ਅਖੌਤੀ ਵਿਦਵਾਨਾ ਦੀ ਹਓਮੈ ਨੇ ਆਪਣੀ ਵਿਦਵਾਨੀ ਦਾ ਰੋਹਬ ਪਾਉਣ ਲਈ ਔਖੀ ਸ਼ਬਦਾਵਲੀ ਨੂੰ ਤਰਜੀਹ ਦਿੱਤੀ ਹੈ। ਡਾ ਰਤਨ ਸਿੰਘ ਜੱਗੀ ਦੀ ‘ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ’ ਪੁਸਤਕ ਨਵੇਕਲੀ ਕਿਸਮ ਦੀ ਹੈ, ਜਿਸ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਮਾਣਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਪ੍ਰਥਾ ਤੇ ਰਾਗ-ਕ੍ਰਮ ਅਨੁਸਾਰ ਸੰਕਲਿਤ ਕਰਕੇ ਸਰਲ ਸ਼ਬਦਾਂ ਵਿਚ ਆਮ ਸਾਧਰਨ ਲੋਕਾਂ ਦੇ ਸਮਝ ਵਿਚ ਅਉਣ ਵਾਲੇ ਅਰਥ ਕੀਤੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 20 ਰਾਗਾਂ ਵਿਚ ਹੈ। ਜਪੁਜੀ ਸਾਹਿਬ, ਚਉਪਦੇ, ਅਸਟਪਦੀਆਂ, ਪਹਰੇ, ਸਲੋਕ, ਵਾਰਾਂ, ਪਉੜੀਆਂ, ਛੰਤ, ਅਲਾਹਣੀਆਂ, ਕੁਚਜੀ-ਸੁਚਜੀ, ਪਦੇ ਅਤੇ ਸੋਲਹੇ, ਜਿਨ੍ਹਾਂ ਦੀ ਗਿਣਤੀ 958 ਬਣਦੀ ਹੈ, ਦੀ ਵਿਆਖਿਆ ਭਾਵ ਅਰਥ ਅਜਿਹੇ ਢੰਗ ਨਾਲ ਕੀਤੇ ਗਏ ਹਨ ਤਾਂ ਜੋ ਆਮ ਪਾਠਕ ਦੇ ਸਮਝ ਵਿਚ ਆ ਸਕਣ। 556 ਪੰਨਿਆਂ ਵਾਲੀ ਵੱਡ ਅਕਾਰੀ ਅਤੇ ਰੂਹ ਨੂੰ ਸਕੂਨ ਦੇਣ ਵਾਲੀ ਇਹ ਅਧਿਆਤਮਵਾਦ ਵਿਚ ਪਰੁਚੀ ਇਹ ਪੁਸਤਕ, ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ, ਉਚੇਰੀ ਸਿਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਈ ਹੈ। ਪੰਜਾਬ ਸਰਕਾਰ ਦੇ ਇਸ ਉਦਮ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਸ ਪੁਸਤਕ ਦੀ ਕੀਮਤ 1930 ਰੁਪਏ ਰੱਖੀ ਗਈ ਹੈ। ਇਹ ਸਹੀ ਅਰਥਾਂ ਵਿਚ ਪੰਜਾਬ ਸਰਕਾਰ ਅਤੇ ਡਾ ਰਤਨ ਸਿੰਘ ਜੱਗੀ ਵੱਲੋਂ ਸੱਚੀ ਸੁੱਚੀ ਸ਼ਰਧਾਂਜ਼ਲੀ ਹੈ। ਇਹ ਕੰਮ ਕਿਸੇ ਇਕ ਵਿਅਕਤੀ ਲਈ ਇਕ ਨਿਸਚਤ ਸਮੇਂ ਵਿਚ ਮੁਕੰਮਲ ਕਰਨਾ ਅਸੰਭਵ ਅਤੇ ਅਤਿਅੰਤ ਕਠਨ ਸੀ। ਪ੍ਰੰਤੂ ਡਾ ਰਤਨ ਸਿੰਘ ਜੱਗੀ ਅਤੇ ਉਨ੍ਹਾਂ ਦੀ ਅਰਧਾਂਗਣੀ ਡਾ ਗੁਰਸ਼ਰਨ ਕੌਰ ਜੱਗੀ ਦੀ ਦਿ੍ਰੜ੍ਹਤਾ, ਸੂਝ, ਲਗਨ ਅਤੇ ਪ੍ਰਤੀਬੱਧਤਾ ਨੇ ਇਹ ਸੰਭਵ ਕਰਕੇ ਵਿਖਾਇਆ ਹੈ। ਅਜਿਹਾ ਵੱਡਾ ਅਤੇ ਵਿਦਵਤਾ ਵਾਲਾ ਕੰਮ ਇਕ ਧਰਮ ਅਤੇ ਭਾਸ਼ਾ ਦੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਨਹੀਂ ਕਰ ਸਕਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜਾਬੀ, ਪਾਲੀ, ਸੰਸਕਿ੍ਰਤ, ਬ੍ਰਜ, ਫਾਰਸੀ ਅਤੇ ਉਰਦੂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। ਡਾ ਰਤਨ ਸੰਘ ਜੱਗੀ ਅਤੇ ਇਸ ਕੰਮ ਵਿਚ ਉਨ੍ਹਾਂ ਨਾਲ ਸਹਾਇਕ ਦੇ ਤੌਰ ਤੇ ਕੰਮ ਕਰਨ ਵਾਲੇ ਡਾ ਗੁਰਸ਼ਰਨ ਕੌਰ ਜੱਗੀ ਦੋਵੇਂ ਹੀ ਪੰਜਾਬੀ, ਹਿੰਦੀ, ਸੰਸਕਿ੍ਰਤ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਹਨ। ਸੰਸਾਰ ਦੇ ਬਾਕੀ ਧਰਮਾ ਦਾ ਵੀ ਉਨ੍ਹਾਂ ਨੇ ਅਧਿਐਨ ਕੀਤਾ ਹੋਇਆ ਹੈ। ਉਹ ਦੋਵੇਂ ਅਧਿਆਤਮਕਤਾ ਦੇ ਰੰਗ ਵਿਚ ਰੰਗੇ ਹੋਏ ਹਨ, ਜਿਸ ਕਰਕੇ ਭਾਸ਼ਾ ਦੀ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਇਸ ਸਮੇਂ ਜਦੋਂ ਸੰਸਾਰ ਵਿਚ ਲੋਕ ਕੁਰਾਹੇ ਪਏ ਹੋਏ ਹਨ। ਸਾਰੇ ਪਾਸੇ ਅੰਧਕਾਰ ਫ਼ੈਲਿਆ ਹੋਇਆ ਹੈ। ਜ਼ਾਤ ਪਾਤ ਦਾ ਬੋਲਬਾਲਾ ਹੈ। ਝੂਠ, ਫ਼ਰੇਬ ਕਰਕੇ ਇਨਸਾਨਾਂ ਵਿਚ ਆਪੋਧਾਪੀ ਫ਼ੈਲੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਵੱਲੋਂ ਕਿ੍ਰਤ ਕਰਨ, ਨਾਮ ਜਪਣ ਅਤੇ ਵੰਡ ਛਕੇ ਦੇ ਦਿੱਤੇ ਮਾਰਗ ਦਰਸ਼ਨ ਤੇ ਚਲਣ ਦੀ ਥਾਂ ਲੋਕ ਵਿਹਲੜ ਬਣ ਗਏ ਹਨ। ਨਾਮ ਜਪਣ ਤੋਂ ਵੀ ਮੁਨਕਰ ਹੋ ਗਏ ਹਨ। ਅਜਿਹੇ ਸਮੇਂ ਇਕ ਅਜਿਹੀ ਪੁਸਤਕ ਦੀ ਲੋੜ ਸੀ, ਜਿਸਨੂੰ ਪੜ੍ਹਕੇ ਗੁਰੂ ਦੀ ਦਿੱਤੀ ਨਸੀਅਤ ਉਪਰ ਪਹਿਰਾ ਦੇ ਸਕਣ। ਪ੍ਰੰਤੂ ਇਸ ਪੁਸਤਕ ਦੀ ਕੀਮਤ ਬਹੁਤ ਜ਼ਿਆਦਾ ਰੱਖੀ ਗਈ ਹੈ। ਪੰਜਾਬ ਸਰਕਾਰ ਨੂੰ ਅਜਿਹੀਆਂ ਪੁਸਤਕਾਂ ਨਾ ਮਾਤਰ ਮੁੱਲ ਉਪਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਡਾ ਰਤਨ ਸਿੰਘ ਜੱਗੀ ਵਰਗੇ ਵਿਦਵਾਨ ਦੀ ਮਿਹਨਤ ਦਾ ਲਾਭ ਉਠਾਇਆ ਜਾ ਸਕੇ ਅਤੇ ਗੁਰੂ ਦੀ ਵਿਚਾਰਧਾਰਾ ਆਮ ਲੋਕਾਂ ਵਿਚ ਪਹੁੰਚ ਸਕੇ। ਇਸ ਪੁਸਤਕ ਦੇ ਆਕਾਰ ਅਤੇ ਕੀਤੇ ਕੰਮ ਨੂੰ ਵੇਖਕੇ ਡਾ ਰਤਨ ਸਿੰਘ ਜੱਗੀ ਦੀ ਘਾਲਣਾ ਅੱਗੇ ਸਿਰ ਝੁਕ ਜਾਂਦਾ ਹੈ ਕਿ ਗੁਰੂ ਨੇ ਇਤਨੀ ਵੱਡੀ ਉਮਰ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਇਸ ਪੁਸਤਕ ਨੂੰ ਲਿਖਣ ਦੀ ਅਥਾਹ ਸਮਰੱਥਾ ਬਖ਼ਸ਼ੀ ਹੈ। ਂਡਾ ਰਤਨ ਸਿੰਘ ਜੱਗੀ ਨੇ ਬੜੀ ਸਰਲ ਭਾਸ਼ਾ ਵਿਚ ਅਰਥ ਕੀਤੇ ਹਨ, ਜਿਹੜੇ ਆਮ ਪਾਠਕ ਦੇ ਸਮਝ ਵਿਚ ਆ ਜਾਂਦੇ ਹਨ। ਉਦਾਹਰਣ ਲਈ ਸਿਰੀ ਰਾਗੁ ਵਿਚ ਪੁਸਤਕ ਦੇ ਪੰਨਾ 79 ‘ਤੇ ਸਲੋਕ ਹੈ-
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ॥
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ॥
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦ ਪਛਾਣ॥4॥
ਇਸਦੇ ਅਰਥ ਇਸ ਪ੍ਰਕਾਰ ਹਨ-ਹੇ ਵਣਜਾਰੇ ਮਿਤਰ! ਉਮਰ ਦੇ ਚੌਥੇ ਪਹਿਰ ਵਿਚ (ਜੀਵ) ਬਿਰਧ ਹੋ ਜਾਂਦਾ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਹੇ ਵਣਜਾਰੇ ਮਿਤਰ! ਅੱਖਾਂ ਅਗੇ ਹਨੇਰਾ ਆ ਜਾਣ ਕਾਰਣ ਦਿਸਦਾ ਨਹੀਂ ਅਤੇ ਕੰਨਾਂ ਰਾਹੀਂ ਬੋਲ ਵੀ ਨਹੀਂ ਸੁਣ ਸਕਦਾ। ਅੱਖਾਂ ਤੋਂ ਅੰਨ੍ਹਾ (ਹੋ ਜਾਂਦਾ ਹੈ) ਅਤੇ ਜੀਭ ਰਸ ਮਾਣਨ (ਦੀ ਰੁਚੀ) ਨਹੀਂ ਰਹਿੰਦੀ, ਸ਼ਕਤੀ ਅਤੇ ਪਰਾਕ੍ਰਮ/ ਉਦਮ ਮੁਕ ਜਾਂਦੇ ਹਨ। ਹਿਰਦੇ ਵਿਚ ਗੁਣ ਨਹੀਂ ਹੁੰਦੇ, (ਫਿਰ) ਉਹ ਮਨਮੁਖ ਕਿਵੇਂ ਸੁਖ ਪ੍ਰਾਪਤ ਕਰ ਸਕਦਾ ਹੈ, (ਬਸ) ਆਵਾਗਵਣ ਦੇ ਚੱਕਰ ਵਿਚ (ਪਿਆ ਰਹਿੰਦਾ ਹੈ)। (ਉਮਰ ਰੂਪ) ਖੇਤੀ ਦੇ ਪਕ ਜਾਣ ‘ਤੇ ਕੁੜਕ ਕੇ ਟੁੱਟ ਜਾਂਦਾ ਹੈ (ਭਾਵ ਮਿ੍ਰਤੂ ਹੋ ਜਾਂਦੀ ਹੈ)। (ਸੰਸਾਰ ਵਿਚ) ਜਨਮ ਲੈ ਕੇ ਫਿਰ ਚਲੇ ਜਾਣ ਵਿਚ ਕੋਈ ਮਾਣ ਦੀ ਗੱਲ ਨਹੀਂ ਹੁੰਦੀ। ਨਾਨਕ ਦਾ ਕਥਨ ਹੈ ਕਿ ਹੇ ਪ੍ਰਣੀ! (ਜੀਵਨ ਦੇ) ਚੌਥੇ ਪਹਿਰ ਵਿਚ ਗੁਰੂ ਦੀ ਸਿਖਿਆ ਅਨੁਸਾਰ ਸ਼ਬਦ ਦੀ ਪਛਾਣ ਕਰ।4।
ਡਾ ਰਤਨ ਸਿੰਘ ਜੱਗੀ ਨੇ ਸਰਲ ਢੰਗ ਨਾਲ ਅਰਥ ਦੱਸੇ ਹਨ। ਇਤਨੇ ਵੱਡੇ ਵਿਦਵਾਨ ਦਾ ਆਮ ਪਾਠਕਾਂ ਦੇ ਪੱਧਰ ਤੇ ਪਹੁੰਚਕੇ ਲਿਖਣਾ ਮੁਸ਼ਕਲ ਹੁੰਦਾ ਹੈ ਪ੍ਰੰਤੂ ਡਾ ਜੱਗੀ ਆਮ ਪਾਠਕ ਦੀ ਨਬਜ਼ ਨੂੰ ਸਮਝਦੇ ਹਨ। ਇਸ ਕਰਕੇ ਉਨ੍ਹਾਂ ਨੇ ਉਨ੍ਹਾਂ ਦੀ ਲੋੜ ਅਨੁਸਾਰ ਸਾਧਨਾ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ - ਉਜਾਗਰ ਸਿੰਘ
ਪੰਜਾਬ ਦੀ ਨੌਜਵਾਨੀ ਪਿਛਲੇ 15 ਸਾਲਾਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟਕੜੇ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਖਾਂਦੇ ਪੀਂਦੇ ਸਮਰੱਥ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ ਹਨ। ਅਲ੍ਹੜ ਉਮਰ ਦੇ ਲੜਕੇ ਅਤੇ ਲੜਕੀਆਂ ਨੂੰ ਵੀ ਬਾਹਰ ਭੇਜਣ ਲੱਗ ਪਏ ਜਦੋਂ ਕਿ ਉਨ੍ਹਾਂ ਨੂੰ ਅਜੇ ਜ਼ਿੰਦਗੀ ਵਿੱਚ ਅਡਜਸਟ ਕਰਨ ਦੀ ਸਮਝ ਹੀ ਨਹੀਂ ਹੁੰਦੀ। ਪਿਆਰੇ ਨੌਜਵਾਨੋ/ਵਿਦਿਆਰਥੀਓ/ਪੰਜਾਬੀਓ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਦਾਗ਼ ਨਾ ਲਗਾਓ। ਗੁਰੂਆਂ ਪੀਰਾਂ ਦੀ ਪਵਿਤਰ ਧਰਤੀ ਦੇ ਜਾਇਓ ਪਰਵਾਸ ਵਿੱਚ ਜਾ ਕੇ ਪੰਜਾਬੀਅਤ ਦਾ ਝੰਡਾ ਬਰਦਾਰ ਕਰਨ ਦੀ ਥਾਂ ਦਾਗ਼ਦਾਰ ਨਾ ਕਰੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਸਰਦਾਰੀ ਦੀ ਆਭਾ ਨੂੰ ਹੋਰ ਉਚਾ ਚੁੱਕ ਕੇ ਪੰਜਾਬੀਆਂ ਦਾ ਮਾਣ ਵਧਾਓ। ਸੰਸਾਰ ਤੁਹਾਡੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੀ ਵਿਚਾਰਧਾਰਾ ਦੀ ਕਦਰ ਕਰਦਾ ਹੈ। ਇਸ ਵਿਚਾਰਧਾਰਾ ‘ਤੇ ਪਹਿਰਾ ਦੇਣਾ ਤੁਹਾਡਾ ਫ਼ਰਜ਼ ਹੈ ਪ੍ਰੰਤੂ ਫ਼ਰਜ਼ਾਂ ਦੀ ਪਾਲਣਾ ਕਰਨ ਦੀ ਥਾਂ ਉਨ੍ਹਾਂ ਦੀ ਉਲੰਘਣਾ ਕਰ ਰਹੇ ਹੋ। ਪੰਜਾਬੀਆਂ ਦੀਆਂ ਨਸ਼ਿਆਂ ਦੇ ਵਿਓਪਾਰ ਨਾਲ ਸੰਬਧਤ ਖ਼ਬਰਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਿਹੜੇ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਸ਼ਰਮਿੰਦਰੀ ਮਹਿਸੂਸ ਹੋ ਰਹੀ ਹੈ। ਪੰਜਾਬ ਵਿੱਚ ਬੇਰੋਜ਼ਗਾਰੀ ਅਤੇ ਨਸ਼ਿਆਂ ਦੀ ਦਲਦਲ ਵਿੱਚ ਨੌਜਵਾਨੀ ਦੇ ਫਸ ਜਾਣ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਪਰਵਾਸ ਵਿੱਚ ਭੇਜਣ ਲਈ ਮਜ਼ਬੂਰ ਹਨ। ਇਥੋਂ ਤੱਕ ਕਿ 10+2 ਤੋਂ ਬਾਅਦ ਹੀ ਬੱਚਿਆਂ ਨੂੰ ਅਗਲੇਰੀ ਪੜ੍ਹਾਈ ਦੇ ਬਹਾਨੇ ਪਰਵਾਸ ਵਿੱਚ ਵਸਾਉਣ ਲਈ ਭੇਜ ਰਹੇ ਹਨ। ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਹਨ, ਕਿਉਂਕਿ ਕੈਨੇਡਾ ਦੀਆਂ ਸਰਕਾਰਾਂ ਦੀਆਂ ਨੀਤੀਆਂ ਪੰਜਾਬੀ ਨੂੰ ਉਥੇ ਵਸਣ ਵਿੱਚ ਸਹਾਈ ਹੋ ਰਹੀਆਂ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਿਹੜੇ ਕੁਝ ਪੰਜਾਬੀਆਂ ਦੇ ਮਾਪੇ ਪੰਜਾਬ ਵਿੱਚ ਆਪ ਨਸ਼ਿਆਂ ਦੇ ਕਾਰੋਬਾਰ ਵਿੱਚ ਗਲਤਾਨ ਹਨ ਅਤੇ ਜੋ ਭਰਿਸ਼ਟਾਚਾਰ ਰਾਹੀਂ ਇਕੱਤਰ ਕੀਤੀ ਕਮਾਈ ਕਰਕੇ ਸਰਦੇ ਪੁਜਦੇ ਬਣ ਗਏ ਹਨ, ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਕਿਤੇ ਉਨ੍ਹਾਂ ਦੀ ਤਰ੍ਹਾਂ ਬੱਚੇ ਵੀ ਅਜਿਹੇ ਕਾਰੋਬਾਰ ਵਿੱਚ ਨਾ ਪੈ ਜਾਣ ਜਾਂ ਕਿਤੇ ਨਸ਼ਿਆਂ ਵਿਚ ਫਸ ਨਾ ਜਾਣ। ਅਜਿਹੇ ਪਰਿਵਾਰਾਂ ਦੇ ਬੱਚੇ ਬਾਹਰ ਜਾ ਕੇ ਵੀ ਮਿਹਨਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਪੰਜਾਬ ਵਿੱਚ ਆਪਣੇ ਮਾਪਿਆਂ ਦੇ ਸਿਰ ‘ਤੇ ਮੌਜਾਂ ਮਾਣਦਿਆਂ ਗ਼ੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਹਨ। ਪੰਜਾਬ ਵਿੱਚ ਪੈਸੇ ਦੇ ਜ਼ੋਰ ਜਾਂ ਸਿਆਸੀ ਪ੍ਰਭਾਵ ਵਰਤਕੇ ਬਚਦੇ ਰਹੇ ਹਨ। ਪ੍ਰੰਤੂ ਪਰਵਾਸ ਵਿੱਚ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦੇ ਕਿਉਂਕਿ ਤੁਸੀਂ ਤਾਂ ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ ਦੀ ਕਹਾਵਤ ਅਨੁਸਾਰ ਚਲਦੇ ਹੋ।
ਪਰਵਾਸ ਵਿੱਚ ਕੰਮ ਕੀਤੇ ਬਿਨਾ ਗੁਜ਼ਾਰਾ ਨਹੀਂ। ਉਥੇ ਵਰਕ ਕਲਚਰ ਹੈ। ਮਿਹਨਤ ਕਰਨ ਦੀ ਥਾਂ ਅਲ੍ਹੜ੍ਹ ਉਮਰ ਦੇ ਇਹ ਬੱਚੇ ਸ਼ਾਰਟ ਕੱਟ ਮਾਰਕੇ ਅਮੀਰ ਬਣਨ ਦੇ ਸੁਪਨੇ ਸਿਰਜਣ ਲੱਗ ਜਾਂਦੇ ਹਨ। ਫਿਰ ਉਹ ਗੈਂਗਸਟਰਾਂ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਪਿਛੇ ਜਹੇ ਕੈਨੇਡਾ ਦੇ ਟਰਾਂਟੋ ਸ਼ਹਿਰ ਦੇ ਇਲਾਕੇ ਵਿਚ 16 ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਫੜ੍ਹਿਆ ਹੈ ਅਤੇ 140 ਮਾਮਲੇ ਦਰਜ ਕੀਤੇ ਹਨ, ਜਿਹੜੇ ਆਨ ਲਾਈਨ ਸਾਮਾਨ ਦੀ ਡਲਿਵਰੀ ਦਾ ਸਾਮਾਨ ਚੋਰੀ ਕਰਦੇ ਸਨ। ਉਹ ਸਾਰੇ ਹੀ ਪੰਜਾਬੀ ਹਨ, ਉਨ੍ਹਾਂ ਵਿੱਚ ਪਗੜੀਧਾਰੀ ਅਤੇ ਲੰਬੀਆਂ ਦਾੜੀਆਂ ਵਾਲੇ ਅਲੂੰਏਂ ਨੌਜਵਾਨ ਵੀ ਹਨ। ਇਕ ਲੜਕੀ ਵੀ ਹੈ, ਜਿਸਦੀ ਉਮਰ 25 ਸਾਲ ਹੈ। ਹੈਰਾਨੀ ਦੀ ਗੱਲ ਹੈ ਇਕ ਲੜਕਾ ਨਬਾਲਗ ਹੈ। ਅੱਧੇ 25 ਸਾਲ ਤੋਂ ਘੱਟ ਉਮਰ ਦੇ ਹਨ। ਡੇਢ ਮਹੀਨਾ ਜਾਂਚ ਚਲੀ, ਜਿਸ ਵਿੱਚ ਕੈਨੇਡਾ ਦਾ ਡਾਕ ਵਿਭਾਗ ਅਤੇ ਹੋਰ ਖੇਤਰੀ ਅਤੇ ਪ੍ਰਾਂਤਕ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਸਨ। ਸ਼ੱਕੀ ਵਿਅਕਤੀਆਂ ਕੋਲੋਂ ਚੋਰੀ ਦਾ ਸਾਮਾਨ, ਨਸ਼ੇ ਤੇ ਚੋਰੀ ਕੀਤੇ ਕਰੈਡਿਟ ਕਾਰਡ ਵਗੈਰਾ ਬਰਾਮਦ ਹੋਏ ਹਨ। ਪੁਲਿਸ ਨੂੰ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ ਤੋਂ ਛੇ ਮਹੀਨੇ ਵਿੱਚ ਡਾਕ ਚੋਰੀ ਦੀਆਂ 100 ਸ਼ਿਕਾਇਤਾਂ ਮਿਲੀਆਂ ਹਨ। ਪੁਲਿਸ ਨੈ ਉਨ੍ਹਾਂ ਨੂੰ ਚਾਰਜ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਟਰਾਂਟੋ ਪੁਲਿਸ ਨੇ ਇਕ ਹੋਰ ਕੇਸ ਵਿੱਚ 1000 ਕਿਲੋ ਡਰੱਗ ਪਕੜੀ ਹੈ, ਜਿਸਦੀ ਕੀਮਤ 61 ਮਿਲੀਅਨ ਦੀ ਦੱਸੀ ਜਾਂਦੀ ਹੈ। ਨਵੰਬਰ 2020 ਤੋਂ ਮਈ 2021 ਤੱਕ ਚਲੇ ਇਸ ਓਪ੍ਰੇਸ਼ਨ ਵਿੱਚ 35 ਥਾਵਾਂ ਤੇ ਛਾਪੇ ਮਾਰਕੇ ਇਸ ਡਰੱਗ ਦੀ ਖੇਪ ਪਕੜੀ ਹੈ। ਇਸ ਖੇਪ ਵਿੱਚ 444 ਕਿਲੋ ਕੋਕੀਨ, 182 ਕਿਲੋ ਕਿ੍ਰਸਟਲ, 427 ਕਿਲੋ ਮੇਰੁਆਨਾ ਅਤੇ 300 ਨਸ਼ੀਲੀਆਂ ਗੋਲੀਆਂ ਹਨ। 20 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 13 ਪੰਜਾਬੀ ਹਨ। ਗਿ੍ਰਫ਼ਤਾਰ ਹੋਣ ਵਾਲਿਆਂ ਉਪਰ 182 ਚਾਰਜ ਲਗਾਏ ਗਏ ਹਨ। ਇਸ ਕੇਸ ਵਿੱਚ 18 ਵਿਅਕਤੀ ਪੁਲਿਸ ਨੇ ਪਕੜੇ ਹਨ ਜਿਨ੍ਹਾਂ ਵਿਚੋਂ ਅੱਧੇ ਪੰਜਾਬੀ ਹਨ। ਇਕ ਪੰਜਾਬੀ ਆਪਣੇ ਘਰ ਵਿੱਚ ਹੀ ਸ਼ਰਾਬ ਕੱਢ ਰਿਹਾ ਸੀ, ਉਸਦਾ ਬੁਆਇਲਰ ਫਟ ਗਿਆ ਜਿਸ ਦੇ ਸਿੱਟੇ ਵਜੋਂ ਘਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜੇਕਰ ਬੁਆਇਲਰ ਨਾ ਫਟਦਾ ਤਾਂ ਪਤਾ ਨਹੀਂ ਲੱਗਣਾ ਸੀ। ਜੇਕਰ ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ ਦੀ ਪਾਲਣਾ ਨਹੀਂ ਕਰਨੀ ਤਾਂ ਉਨ੍ਹਾਂ ਨੂੰ ਉਥੇ ਜਾਣਾ ਹੀ ਨਹੀਂ ਚਾਹੀਦਾ। ਜੇ ਉਥੇ ਜਾਣਾ ਹੈ ਤਾਂ ਉਸ ਦੇਸ਼ ਦੇ ਨਿਯਮਾ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਕਿਹੜਾ ਕੈਨੇਡਾ ਸਰਕਾਰ ਆਪ ਸੱਦਾ ਦਿੰਦੀ ਹੈ। ਉਹ ਤਾਂ ਖ਼ੁਦ ਆਪਣੇ ਸੁਨਹਿਰੇ ਭਵਿਖ ਲਈ ਪਰਵਾਸ ਵਿੱਚ ਜਾਂਦੇ ਹਨ ਪ੍ਰੰਤੂ ਜਲਦੀ ਅਮੀਰ ਬਣਨ ਲਈ ਗ਼ੈਰ ਕਾਨੂੰਨੀ ਸਾਧਨਾ ਦੀ ਵਰਤੋਂ ਕਰਕੇ, ਉਹ ਆਪਣਾ ਭਵਿਖ ਖੁਦ ਗੰਧਲਾ ਕਰ ਲੈਂਦੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਦੀ ਪੁਲਿਸ ਐਵੇਂ ਨਹੀਂ ਕਿਸੇ ਦੋਸ਼ੀ ਨੂੰ ਪਕੜਦੀ, ਸੂਚਨਾ ਮਿਲਣ ਤੋਂ ਬਾਅਦ ਪੂਰੀ ਨਿਗਾਹ ਰੱਖਦੀ ਹੈ, ਜਦੋਂ ਉਨ੍ਹਾਂ ਕੋਲ ਪੂਰੇ ਸਬੂਤ ਹੁੰਦੇ ਹਨ ਫਿਰ ਉਨ੍ਹਾਂ ਨੂੰ ਪਕੜਦੀ ਹੈ। ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਚਾਰਜ ਵੀ ਕਰ ਦਿੱਤਾ ਹੈ। ਪੁਲਿਸ ਕੋਲ ਭਾਵੇਂ ਸਬੂਤ ਹੁੰਦੇ ਹਨ ਪ੍ਰੰਤੂ ਜਿਤਨੀ ਦੇਰ ਸਜਾ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਸ਼ੱਕੀ ਹੀ ਕਿਹਾ ਜਾਂਦਾ ਹੈ। ਇਹ ਲੋਕ ਆਪਣਾ ਨੁਕਸਾਨ ਤਾਂ ਕਰਨਗੇ ਹੀ ਪ੍ਰੰਤੂ ਜਿਹੜੇ ਪੰਜਾਬੀ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸ਼ੱਕੀ ਨਿਗਾਹ ਨਾਲ ਵੇਖਿਆ ਜਾਵੇਗਾ। ਹੋ ਸਕਦਾ ਕੈਨੇਡਾ ਸਰਕਾਰ ਪਰਵਾਸ ਵਿੱਚ ਸੈਟਲ ਹੋਣ ਲਈ ਕਾਨੂੰਨ ਹੋਰ ਸਖ਼ਤ ਕਰ ਦੇਵੇ। ਇਸਤੋਂ ਪਹਿਲਾਂ ਆਮ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਪੰਜਾਬੀ ਟਰਾਂਸਪੋਰਟ ਦੇ ਵਿਓਪਾਰ ਵਿੱਚ ਸ਼ਾਮਲ ਲੋਕ ਆਪਣੇ ਹੋਰ ਸਾਮਾਨ ਵਿਚ ਛੁਪਾਕੇ ਨਸ਼ੀਲੀਆਂ ਦਵਾਈਆਂ ਅਤੇ ਹੋਰ ਸਾਮਾਨ ਲਿਆਉਂਦੇ ਵੀ ਪਕੜੇ ਗਏ ਸਨ। ਕੈਨੇਡਾ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਦੀ ਹੁਲੜਬਾਜ਼ੀ ਅਤੇ ਲੜਾਈ ਝਗੜਿਆਂ ਦੇ ਕੇਸ ਵੀ ਹੁੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਵੱਲੋਂ ਕੀਤੇ ਜਾ ਰਹੇ ਅਨੈਤਿਕ ਕੰਮਾ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪਰਵਾਸ ਵਿੱਚ ਆਜ਼ਾਦੀ ਦਾ ਭਾਵ ਅਨੈਤਿਕ ਕੰਮਾ ਦੀ ਪ੍ਰਵਾਨਗੀ ਨਹੀਂ। ਆਜ਼ਾਦੀ ਦੇ ਗ਼ਲਤ ਅਰਥ ਕੱਢਕੇ ਐਸ਼ ਆਰਾਮ ਦੀ ਜ਼ਿੰਦਗੀ ਵਿੱਚ ਗਲਤਾਨ ਹੋ ਰਹੇ ਹਨ। ਪੰਜਾਬੀ ਮਾਪਿਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਵਿੱਚ ਵਰਕ ਕਲਚਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਆਪਣੀ ਕਮਾਈ ਕਰਕੇ ਆਪਣਾ ਗੁਜ਼ਾਰਾ ਕਰਨ ਲਈ ਵੀ ਤਿਆਰ ਕਰਨਾ ਚਾਹੀਦਾ ਹੈ। ਜੇਕਰ ਅਜੇ ਵੀ ਮਾਪੇ ਨਾ ਸਮਝੇ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਪਰਵਾਸ ਵਿੱਚ ਸਖ਼ਤ ਕਾਨੂੰਨਾ ਦਾ ਸਾਹਮਣਾ ਕਰਦੇ ਹੋਏ ਜੇਲ੍ਹਾਂ ਵਿਚ ਜੀਵਨ ਗੁਜ਼ਾਰਨਾ ਪਵੇਗਾ। ਪੰਜਾਬੀ ਭੈਣੋ ਅਤੇ ਭਰਾਵੋ, ਤੁਹਾਡੇ ਦੇਸ਼ ਦੇ ਲੋਕ ਆਪਣੀ ਮਿਹਨਤ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਮੰਤਰੀ, ਰਾਜ ਸਰਕਾਰਾਂ ਵਿੱਚ ਮੰਤਰੀ ਅਤੇ ਹੋਰ ਉਚ ਅਹੁਦਿਆਂ ਤੇ ਬਿਰਾਜਮਾਨ ਹਨ, ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਥਾਂ ਤੁਸੀਂ ਉਨ੍ਹਾਂ ਦੇ ਕਿਰਦਾਰ ਵੀ ਸ਼ੱਕੀ ਬਣਾ ਰਹੇ ਹੋ। ਸੰਭਲ ਜਾਓ, ਜੇ ਨਾ ਸੰਭਲੇ ਤਾਂ ਕੈਨੇਡਾ ਸਰਕਾਰ ਨੇ ਮੱਖਣ ‘ਚੋਂ ਵਾਲ ਦੀ ਤਰ੍ਹਾਂ ਕੱਢ ਕੇ ਵਾਪਸ ਭੇਜ ਦੇਣਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ - ਉਜਾਗਰ ਸਿੰਘ
ਸੁਭਾਸ਼ ਸ਼ਰਮਾ ਨੂਰ ਦਾ ਪਲੇਠਾ ਕਾਵਿ ਸੰਗ੍ਰਹਿ ‘ਕਿਤਾਬ-ਏ-ਜ਼ਿੰਦਗੀ’ ਮੁਹੱਬਤ ਦੀਆਂ ਬਾਤਾਂ ਪਾ ਰਿਹਾ ਹੈ। ਸ਼ੁਭਾਸ਼ ਸਰਮਾ ਅੰਗਰੇਜ਼ੀ ਦੇ ਸੇਵਾ ਮੁਕਤ ਪ੍ਰੋਫ਼ੈਸਰ ਹਨ। ਪ੍ਰੰਤੂ ਉਨ੍ਹਾਂ ਆਪਣੀ ਇਹ ਪਹਿਲੀ ਪੁਸਤਕ ਹੀ ਹਿੰਦੀ ਵਿਚ ਪ੍ਰਕਾਸ਼ਤ ਕਰਵਾਈ ਹੈ। ਇਸ ਪੁਸਤਕ ਦੇ ਪਹਿਲੇ 52 ਪੰਨਿਆਂ ਵਿਚ 30 ਕਵਿਤਾਵਾਂ ਅਤੇ ਨਜ਼ਮਾ ਅਤੇ 17 ਗ਼ਜ਼ਲਾਂ ਹਨ। ਉਸਤੋਂ ਬਾਅਦ 96 ਪੰਨਿਆਂ ਤੱਕ 79 ਰੁਬਾਈਆਂ ਅਤੇ 53 ਸ਼ੇਅਰ ਹਨ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ, ਨਜ਼ਮਾ ਅਤੇ ਰੁਬਾਈਆਂ, ਮੁਹੱਬਤ, ਸਦਭਾਵਨਾ, ਆਪਸੀ ਮਿਲਵਰਤਨ, ਜ਼ਿੰਦਗੀ, ਸੁਖੀ ਜੀਵਨ, ਸ਼ਾਂਤੀ, ਇਸਤਰੀਆਂ, ਪੰਛੀਆਂ, ਬਜ਼ੁਰਗਾਂ ਦਾ ਸਤਿਕਾਰ, ਆਪਸੀ ਪਿਆਰ, ਭਰਿਸ਼ਟਾਚਾਰ, ਮਿਲਵਰਤਨ, ਜ਼ਾਤੀਵਾਦ, ਰਾਜਨੀਤੀ, ਪਾਰਦਰਸ਼ਤਾ, ਗ਼ਰੀਬਾਂ, ਮਜ਼ਲੂਮਾ, ਹਓਮੈ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਮੁੱਢਲੇ ਤੌਰ ‘ਤੇ ਸ਼ੁਭਾਸ਼ ਸ਼ਰਮਾ ਨੂਰ ਇਕ ਬਿਹਤਰੀਨ ਅਧਿਆਪਕ, ਖ਼ੁਸ਼ਮਿਜ਼ਾਜ਼, ਸਲੀਕੇ ਨਾਲ ਵਿਚਰਨ ਵਾਲੇ ਇਨਸਾਨ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦੇ ਸਰਬਪ੍ਰਮਾਣਤ ਮੰਚ ਸੰਚਾਲਕ ਹਨ। ਇਸ ਪੁਸਤਕ ਵਿਚਲੀਆਂ ਰੁਬਾਈਆਂ ਅਤੇ ਸ਼ੇਅਰ ਆਮ ਤੌਰ ਜਦੋਂ ਉਹ ਮੰਚ ਸੰਚਾਲਨ ਕਰਦੇ ਹਨ ਤਾਂ ਉਨ੍ਹਾਂ ਦੀ ਵਰਤੋਂ ਕਰਦੇ ਹਨ। ਪੁਸਤਕ ਵਿਚਲੀਆਂ ਰਚਨਾਵਾਂ ਵਿਚ ਉਨ੍ਹਾਂ ਦੇ ਵਿਅਕਤਿਵ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਰਚਨਾਵਾਂ ਨੂੰ ਜੇ ਉਨ੍ਹਾਂ ਦੀ ਰੂਹ ਦੀ ਆਵਾਜ਼ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਨ੍ਹਾਂ ਨੇ ਆਪਣੀ ਪਹਿਲੀ ਕਵਿਤਾ ਹੀ ਆਪਣੀ ਧਰਮ ਪਤਨੀ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਉਸ ਕਵਿਤਾ ਵਿਚ ਲਿਖਿਅ ਹੈ ਕਿ ਉਸਦੀ ਜ਼ਿੰਦਗੀ ਨੂੰ ਸੁਚੱਜੀ ਬਣਾਉਣ ਵਿਚ ਉਨ੍ਹਾਂ ਦੀ ਪਤਨੀ ਦਾ ਵਿਸ਼ੇਸ਼ ਯੋਗਦਾਨ ਹੈ। ਬਿਹਤਰ ਰਿਸ਼ਤੇ ਬਣਾਉਣ, ਖ਼ੁਸ਼ਹਾਲ ਜੀਵਨ ਬਤੀਤ ਕਰਨ, ਇਨਸਾਨੀਅਤ ਦੀਆਂ ਕਦਰਾਂ ਕੀਮਤ ‘ਤੇ ਪਹਿਰਾ ਦੇਣ, ਸ਼ਾਂਤਮਈ ਵਾਤਾਵਰਨ ਪੈਦਾ ਕਰਨ, ਹਓਮੈ ਤੋਂ ਛੁਟਕਾਰਾ ਪਾਉਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਕੁਲ 46 ਕਵਿਤਾਵਾਂ ਅਤੇ 79 ਰੁਬਾਈਆਂ ਵਿਚੋਂ ਅੱਧ ਤੋਂ ਵੱਧ ਮੁਹੱਬਤ ਦੇ ਗੀਤ ਗਾਉਂਦੀਆਂ ਹਨ। ਬਾਕੀ ਦੀਆਂ ਅੱਧੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਸ਼ਾਇਰੀ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ-
ਸ਼ਾਇਰੀ ਹੁਸਨ ਕਾ ਅੰਦਾਜ਼ ਹੂਆ ਕਰਤੀ ਹੈ,
ਸ਼ਾਇਰੀ ਵਕਤ ਕੀ ਹਮਰਾਜ਼ ਹੂਆ ਕਰਤੀ ਹੈ।
ਸ਼ਾਇਰੀ ਸਿਰਫ਼ ਲਫ਼ਾਜ਼ੀ ਨਹੀਂ ਹੋਤੀ, ਏ ਦੋਸਤ!
ਸ਼ਾਇਰੀ ਰੂਹ ਕੀ ਆਵਾਜ਼ ਹੂਆ ਕਰਤੀ ਹੈ।
ਸ਼ੁਭਾਸ਼ ਸ਼ਰਮਾ ਦੀ ਇਹ ਕਵਿਤਾ ਹੀ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਦਾ ਆਧਾਰ ਹੈ। ਉਹ ਮੁਹੱਬਤ, ਇਸ਼ਕ, ਪਿਆਰ ਅਤੇ ਹੁਸਨ ਨੂੰ ਇਸ਼ਕ ਮਜ਼ਾਜ਼ੀ ਨਹੀਂ ਸਗੋਂ ਇਸ਼ਕ ਹਕੀਕੀ ਮੰਨਦੇ ਹਨ। ਦੁਨੀਆਂ ਇਨਸਾਨ ਦੇ ਚਿਹਰੇ ਮੋਹਰੇ ਦੇ ਮਗਰ ਪਾਗਲ ਹੋਈ ਫਿਰਦੀ ਹੈ। ਦੁਨਿਆਵੀ ਲਾਲਚ ਨੇ ਇਨਸਾਨੀਅਤ ਦੀ ਫਿਤਰਤ ਵਿਚ ਤਬਦੀਲੀ ਲਿਆਕੇ ਇਨਸਾਨ ਨੂੰ ਬੁਰਾਈਆਂ ਵਲ ਧਕੇਲ ਦਿੱਤਾ ਹੈ। ਸਮਾਜ ਵਿਚ ਸੁੱਖ, ਸ਼ਾਂਤੀ ਅਤੇ ਸਦਭਾਵਨਾ ਦਾ ਵਾਤਵਰਨ ਪੈਦਾ ਕਰਨ ਦੇ ਇਰਾਦੇ ਨਾਲ ਸ਼ਾਇਰ ਆਪਣੀ ਇਕ ਰਚਨਾ ਵਿਚ ਲਿਖਦੇ ਹਨ-
ਤੁਮਨੇ ਇਸ ਸ਼ਹਿਰ ਕੋ ਸਦੀਓਂ ਸੇ ਨੂਰ ਬਖ਼ਸ਼ਾ ਹੈ,
ਇਲਮ ਬਖ਼ਸ਼ਾ ਹੈ ਇਸਕੋ ਸ਼ਾਊਰ ਬਖ਼ਸ਼ਾ ਹੈ।
ਤੁਮਨੇ ਇਸ ਸ਼ਹਿਰ ਕੇ ਹਾਥੋਂ ਕੋ ਹਿਨਾ ਬਖ਼ਸ਼ੀ ਹੈ,
ਹੁਸਨ ਬਖ਼ਸ਼ਾ ਹੈ ਇਸੇ ਨਾਜ਼-ਅੋ-ਅਦਾ ਬਖ਼ਸ਼ੀ ਹੈ।
ਸ਼ਾਇਰ ਦਾ ਇਸ ਸ਼ਹਿਰ ਤੋਂ ਭਾਵ ਇਕੱਲੇ ਪਟਿਆਲਾ ਸ਼ਹਿਰ ਬਾਰੇ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਗੱਲ ਕਰ ਰਹੇ ਹਨ। ਸਮੁੱਚੇ ਪੰਜਾਬ/ਦੇਸ਼ ਦੀ ਗੱਲ ਕਰ ਰਹੇ ਹਨ। ਇਸ ਪੁਸਤਕ ਬਾਰੇ ਸ਼ਾਇਰ ਕਹਿੰਦੇ ਹਨ ਕਿ ਇਹ ਪੁਸਤਕ ਮੇਰੀ ਜ਼ਿੰਦਗੀ ਦੇ ਤਜ਼ਰਬਿਆਂ ਦਾ ਸਾਰੰਸ਼ ਹੈ। ਮੇਰੀ ਜ਼ਿੰੰਦਗੀ ਤੋਂ ਉਨ੍ਹਾਂ ਦਾ ਅਰਥ ਹੈ, ਇਨਸਾਨੀਅਤ ਦੀ ਜ਼ਿੰਦਗੀ ਹੈ। ਉਹ ਆਪਣੇ ਨਿੱਜੀ ਤਜ਼ਰਬਿਆਂ ਨੂੰ ਲੋਕਾਈ ਦੇ ਬਣਾਕੇ ਪੇਸ਼ ਕਰਦੇ ਹਨ। ਮਾਨਵਤਾ ਦੁਨਿਆਵੀ ਵਸਤਾਂ ਦੀ ਪ੍ਰਾਪਤੀ ਲਈ ਕਿਸ ਤਰ੍ਹਾਂ ਹਰ ਰੋਜ਼ ਭਟਕਦੀ ਰਹਿੰਦੀ ਹੈ, ਜਦੋਂ ਕਿ ਉਸਨੂੰ ਪਤਾ ਹੈ ਕਿ ਇਹ ਸਭ ਵਸਤਾਂ ਸਥਾਈ ਨਹੀਂ ਹਨ। ਇਸ ਲਈ ਜਿਹੜੀ ਇਹ ਜ਼ਿੰਦਗੀ ਮਿਲੀ ਹੈ, ਇਸਦਾ ਸਦਉਪਯੋਗ ਮਾਨਵਤਾ ਦੀ ਬਿਹਤਰੀ ਲਈ ਕੀਤਾ ਜਾਵੇ। ਇਸ ਨੂੰ ਅਜਾਈਂ ਨਾ ਗੁਆ ਦਿੱਤਾ ਜਾਵੇ। ਵਕਤ ਨੂੰ ਸਾਂਭਣਾ ਹੀ ਇਨਸਾਨੀਅਤ ਦੀ ਮੁੱਢਲੀ ਜ਼ਿੰਮੇਵਾਰੀ ਹੈ।-
ਮੈਂ ਜੋ ਲਮਹਾ-ਲਮਹਾ ਜੀਆ ਕਭੀ, ਮੈਂ ਜੋ ਕਤਰਾ ਕਤਰਾ ਮਰਾ ਕਭੀ।
ਮੇਰੀ ਖੁਵਾਹਸ਼ੇਂ, ਮੇਰੀ ਕੋਸ਼ਿਸ਼ੇਂ, ਮੇਰੀ ਸ਼ੋਹਰਤੇਂ, ਮੇਰੀ ਜ਼ਿਲਤੇਂ।
ਉਨ ਸਭੀ ਪਲੋਂ ਕਾ ਹਿਸਾਬ ਹੈ, ਇਸੇ ਪੜੋ ਜ਼ਰਾ।
ਸ਼ੁਭਾਸ਼ ਸ਼ਰਮਾ ਇਨਸਾਨ ਨੂੰ ਪੰਛੀਆਂ ਤੋਂ ਪ੍ਰੇਰਨਾ ਲੈਣ ਲਈ ਵੀ ਆਪਣੀਆਂ ਕਵਿਤਾਵਾਂ ਵਿਚ ਕਹਿੰਦਾ ਹੈ। ਪੰਛੀਆਂ ਵਿਚ ਕੋਈ ਵੈਰ ਭਾਵ ਨਹੀਂ ਹੁੰਦਾ, ਉਹ ਸਥਾਈ ਘਰ ਵੀ ਨਹੀਂ ਬਣਾਉਂਦੇ, ਉਨ੍ਹਾਂ ਲਈ ਸਰਹੱਦਾਂ ਦਾ ਕੋਈ ਅਰਥ ਨਹੀਂ, ਕੋਈ ਲਾਲਚ ਨਹੀਂ, ਜੋ ਕੁਝ ਮਿਲ ਗਿਆ ਖਾ ਲਿਆ, ਪੀ ਲਿਆ, ਕੋਈ ਕਬਜ਼ਾ ਨਹੀਂ ਕਰਦੇ, ਫਿਰ ਵੀ ਉਹ ਚਹਿਕਦੇ ਰਹਿੰਦੇ ਹਨ। ਉਨ੍ਹਾਂ ਦੀ ਖ਼ੁਸ਼ੀਆਂ ਭਰੀ ਜ਼ਿੰਦਗੀ ਵੇਖਕੇ ਇਨਸਾਨ ਨੂੰ ਵੀ ਖ਼ੁਸ਼ੀਆਂ ਦਾ ਆਨੰਦ ਮਾਨਣਾ ਚਾਹੀਦਾ ਹੈ। ਲੋਭ, ਮੋਹ ਅਤੇ ਅਹੰਕਾਰ ਦੇ ਚੱਕਰ ਵਿਚੋਂ ਬਾਹਰ ਨਿਕਲਕੇ ਇਨਸਾਨ ਨੂੰ ਪਰਮਾਤਮਾ ਦੀਆਂ ਬਰਕਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਪਤਾ ਨਹੀਂ ਉਹ ਇਨ੍ਹਾਂ ਰਹਿਮਤਾਂ ਦਾ ਲਾਭ ਕਿਉਂ ਨਹੀਂ ਉਠਾ ਰਿਹਾ?
ਪਰਿੰਦੇ ਆਬ-ਅੋ-ਦਾਨਾ ਢੂੰਡਤੇ ਹੈਂ, ਵੋਹ ਬਸ ਮੌਸਮ ਸੁਹਾਨਾ ਢੂੰਢਤੇ ਹੈ।
ਪਰਿੰਦੋਂ ਕੀ ਸਿਆਸਤ ਬਸ ਯਹੀ ਹੈ, ਵੋਹ ਮਿਲਨੇ ਕਾ ਬਹਾਨਾ ਢੂੰਢਤੇ ਹੈਂ।
ਸਰਹੱਦੋਂ ਸੇ ਉਨਹੇਂ ਕਿਆ ਲੇਨਾ ਹੈ, ਵੋਹ ਉੜਨੇ ਕਾ ਬਹਾਨਾ ਢੂੰਢਤੇ ਹੈਂ।
ਸ਼ਜ਼ਰ ਕੀ ਟਹਿਨੀਅਓਂ ਪਰ ਬੈਠੇ-ਬੈਠੇ, ਮੁਹੱਬਤ ਕਾ ਜ਼ਮਾਨਾ ਢੂੰਢਤੇ ਹੈਂ।
ਜ਼ਮਾਨੇ ਕੀ ਫ਼ਿਜ਼ਾ ਸੇ ਦੂਰ ਉੜਕਰ, ਖ਼ੁਦਾ ਕਾ ਆਸ਼ਿਆਨਾ ਢੂੰਢਤੇ ਹੈ।
‘ਨੂਰ’ ਕੁਛ ਸੀਖ਼ ਲੇ ਪਰਿੰਦੋਂ ਸੇ, ਜੋ ਖ਼ੁਸ਼ੀਓਂ ਕਾ ਖ਼ਜਾਨਾ ਢੂੰਢਤੇ ਹੈ।
ਸ਼ਾਇਰ ਆਪਣੀ ਸ਼ਾਇਰੀ ਵਿਚ ਇਨਸਾਨ ਨੂੰ ਲੜਾਈ ਝਗੜੇ ਛੱਡ ਕੇ ਕੁਰਕਸ਼ੇਤਰ ਦਾ ਯੁਧ ਖ਼ਤਮ ਕਰਨ ਦੀ ਨਸੀਹਤ ਦੇ ਰਿਹਾ ਹੈ। ਸਾਰਾ ਕੁਝ ਇਥੇ ਹੀ ਰਹਿ ਜਾਣਾ ਹੈ। ਆਪਸੀ ਝਗੜੇ, ਖੁੰਦਕਾਂ ਅਤੇ ਦੁਸ਼ਮਣੀਆਂ ਵਿਚੋਂ ਸੁੱਖ ਨਹੀਂ ਸਗੋਂ ਅਸ਼ਾਂਤੀ ਮਿਲਦੀ ਹੈ, ਸ਼ਾਇਰ ਲਿਖਦੇ ਹਨ-
ਸ਼ਸ਼ਤਰੋਂ ਕੀ ਹੋੜ ਘਟੇ ਜਗ ਮੇਂ, ਸਬ ਦੇਸ਼ ਕੁਟੁੰਬ ਸਮਾਨ ਰਹੇਂ।
ਸਾਰੀ ਸਿਰਸ਼ਟੀ ਸੰਗੀਤ ਬਨੇ, ਨਵ ਵਰਸ਼ ਨਯਾ ਸੰਦੇਸ਼ ਲਿਏ।
ਯੂੰ ਖ਼ੂਨ ਵਹਾਨੇ ਕੇ ਬਹਾਨੇ ਬਹੁਤ ਸੀਖੇ,
ਕੋਈ ਪਿਆਰ ਮੁਹੱਬਤ ਕਾ ਤਰਾਨਾ ਨਹੀਂ ਸੀਖਾ।
ਹਮ ਖ਼ੁਸ਼ ਹੈਂ ਜਮਾ ਕਰਕੇ ਸਾਮਾਨੇ-ਏ-ਜੰਗ ਲੇਕਿਨ,
ਹਮਨੇ ਅਭੀ ਜੰਗੋਂ ਕੋ ਮਿਟਾਨਾ ਨਹੀਂ ਸੀਖਾ।
ਸ਼ੁਭਾਸ਼ ਸ਼ਰਮਾ ਪਰਮਾਤਮਾ ਨੂੰ ਵੀ ਆਪਣੀ ‘ਭਗਵਾਨ ਤੁਮ ਅਸਤੀਫ਼ਾ ਦੇ ਦੋ’ ਦੇ ਸਿਰਲੇਖ ਵਾਲੀ ਕਵਿਤਾ ਵਿਚ ਵਿਅੰਗ ਕਰਦਾ ਲਿਖਦਾ ਹੈ ਕਿ ਇਨਸਾਨੀਅਤ ਤੇਰੇ ਕਾਬੂ ਵਿਚ ਨਹੀਂ ਹੈ। ਰਾਜਨੀਤੀ ‘ਤੇ ਵਿਅੰਗ ਕਰਦੇ ਲਿਖਦੇ ਹਨ, ਆਪਣੀ ਵਿਰਾਸਤ ਸਾਬਤ ਕਰਨ ਲਈ ਸਬੂਤ ਮੰਗੇ ਜਾ ਰਹੇ ਹਨ। ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਤੁਹਾਡੀ ਕੋਈ ਪਰਵਾਹ ਨਹੀਂ ਕਰ ਰਿਹਾ, ਇਸ ਲਈ ਤੁਹਾਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਪੰਜਾਬ ਦੀ ਮਿੱਟੀ ਦੀ ਮਹਿਕ ਦਾ ਜ਼ਿਕਰ ਕਰਦਾ ਸ਼ਾਇਰ ਕਹਿੰਦਾ ਹੈ ਕਿ ਪੰਜਾਬ ਸ਼ਹੀਦਾਂ, ਗੁਰੂਆਂ, ਪੀਰਾਂ, ਸੂਫ਼ੀ ਫ਼ਕੀਰਾਂ, ਧਰਮ ਗ੍ਰੰਥਾ ਦੀ ਪਾਕਿ ਪਵਿਤਰ ਸਰਜ਼ਮੀ ਹੈ। ਇਨਸਾਨ ਆਪਣੀ ਇਸ ਅਮੀਰ ਵਿਰਾਸਤ ਤੋਂ ਸਿੱਖਣ ਤੋਂ ਭੱਜ ਰਿਹਾ ਹੈ। ਚਿੜੀਆਘਰ ਕਵਿਤਾ ਵਿਚ ਚਿੜੀਆਂ ਦੇ ਰਾਹੀਂ ਪਰਜਾਤੰਤਰ ਵਿਚ ਸ਼ਰੀਫ਼ ਮਾਨਵਤਾ ‘ਤੇ ਹੋ ਰਹੇ ਅਤਿਆਚਾਰਾਂ ਦਾ ਜ਼ਿਕਰ ਕਰਦੇ ਸ਼ਾਇਰ ਲਿਖ ਰਹੇ ਹਨ ਕਿ ਤਕੜੇ ਦਾ ਸਤੀਂ ਵੀਹੀਂ ਸੌ ਹੋ ਰਿਹਾ ਹੈ। ਮਾਜ਼ੀ, ਆਜ ਔਰ ਕਲ੍ਹ ਵਿਚ ਸਪੁੱਤਰਾਂ ਵਲੋਂ ਬਜ਼ੁਰਗਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਬਾਰੇ ਲਿਖਦੇ ਹਨ। ਜ਼ਿੰਦਗੀ ਕਵਿਤਾ ਵਿਚ ਸ਼ਾਇਰ ਲਿਖਦੇ ਹਨ ਕਿ ਖ਼ੁਸ਼ੀਆਂ ਭਾਲਣ ਲਈ ਜੰਗਲ , ਗੁਫ਼ਾ ਅਤੇ ਪਹਾੜਾਂ ਵਿਚ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ। ਖ਼ੁਸ਼ੀ ਇਨਸਾਨ ਦੇ ਅੰਦਰ ਹੈ। ਇਸ ਲਈ ਉਸਨੂੰ ਆਪਣੇ ਅੰਦਰ ਝਾਕਣਾ ਚਾਹੀਦਾ। ਕਲ ਕਵਿਤਾ ਵਿਚ ਵਰਤਮਾਨ ਨੂੰ ਸਫਲ ਬਣਾਉਣਾ ਜ਼ਰੂਰੀ ਹੈ, ਬੀਤੇ ਅਤੇ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚਣਾ ਚਾਹੀਦਾ। ਕਰੋਨਾ ਸਿਰਲੇਖ ਵਾਲੀ ਕਵਿਤਾ ਵਿਚ ਇਨਸਾਨੀਅਤ ਨਾਲ ਹੋ ਰਹੇ ਦੁਖਾਂਤ ਦਾ ਜ਼ਿਕਰ ਕੀਤਾ ਹੈ। ਸ਼ਾਇਰ ਲੋਕਾਂ ਨੂੰ ਆਪਣਾ ਭਵਿਖ ਆਪ ਬਣਾਉਣ ਦੀ ਤਾਕੀਦ ਕਰ ਰਿਹਾ ਹੈ।
ਖ਼ੁਸ਼ਨਸੀਬੀ ਯੂੰ ਹੀ ਨਹੀਂ ਮਿਲਤੀ, ਯੇ ਬਜ਼ੁਰਗੋਂ ਕੀ ਮਿਹਰਬਾਨੀ ਹੈ।
ਘਰ ਮੇਂ ਖਿਲਤੇ ਗੁਲਾਬ ਹੋਤੀ ਹੈਂ, ਬੇਟੀਆਂ ਲਾਜਵਾਬ ਹੋਤੀ ਹੈਂ।
ਸ਼ਾਇਰ ਪਿਆਰ ਮੁਹੱਬਤ ਦੇ ਗੀਤ ਗਾਉਂਦੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਮਨੁੱਖੀ ਜੀਵਨ ਇਨਸਾਨ ਲਈ ਪਰਮਾਤਮਾ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਇਸ ਲਈ ਇਸਨੂੰ ਮੁਹੱਬਤ ਨਾਲ ਹੀ ਬਸਰ ਕੀਤਾ ਜਾਵੇ। ਮੁਹੱਬਤ ਨਾਲ ਸੰਬੰਧਤ ਕਵਿਤਾਵਾਂ, ਨਜ਼ਮਾ, ਸ਼ੇਅਰ ਅਤੇ ਰੁਬਾਈਆਂ ਵਿਚੋਂ ਕੁਝ ਸ਼ੇਅਰ ਇਸ ਪ੍ਰਕਾਰ ਹਨ-
ਸੂਰਤੇ ਸ਼ਮਾ ਪਿਘਲ ਜਾਉਂਗੀ, ਵਕਤ ਕੇ ਸਾਂਚੇ ਮੇਂ ਢਲ ਜਾਉਂਗੀ।
ਆਪਨੇ ਸੀਨੇ ਸੇ ਲਗਾਕਰ ਦੇਖੋ, ਜ਼ਿੰਦਗੀ ਬਨ ਜਾਉਂਗੀ।
ਦਿਲ ਕੀ ਨਜ਼ਰੋਂ ਸੇ ਨਿਹਾਰੋ, ਏ ‘ਨੂਰ’, ਜ਼ਲਵਾ-ਏ-ਹੂਰ ਨਜ਼ਰ ਆਉਂਗੀ।
ਕੋਈ ਕਹਿ ਰਹਾ ਫ਼ਲਸਫ਼ਾ-ਏ-ਮੁਹੱਬਤ, ਵੋਹ ਵਾਈਜ਼ ਕਹੇ ਹੁਸਨ ਫ਼ਾਨੀ ਕੀ ਬਾਤੇਂ।
ਮੈਨੇ ਏਕ ਤਾਜ ਮਹਲ ਦਿਲ ਮੇਂ ਬਨਾ ਰੱਖਾ ਹੈ,
ਜਿਸਕੋ ਦੁਨੀਆ ਕੀ ਨਿਗਾਹੋਂ ਸੇ ਛਿਪਾ ਰਖਾ ਹੈ।
ਤੁਮ ਮੁਹੱਬਤ ਕੇ ਗੀਤ ਗਾਇਆ ਕਰੋ,
ਔਰ ਨਈ ਨਸਲ ਕੋ ਸੁਨਾਯਾ ਕਰੋ।
ਯਹਾਂ ਹਰ ਗੁਲ ਕੋ ਮਹਕਨੇ ਕੀ ਅਦਾ ਆਤੀ ਹੈ,
ਯਹਾਂ ਬੁਲਬੁਲ ਕੋ ਚਹਕਨੇ ਕੀ ਅਦਾ ਆਤੀ ਹੈ।
ਮੇਰੇ ਮਹਿਬੂਬ! ਮੇਰੇ ਸ਼ਹਿਰ ਕਾ ਆਲਮ ਤੋ ਦੇਖ,
ਯਹਾਂ ਹਰ ਦਿਲ ਕੋ ਬਹਿਕਨੇ ਕੀ ਅਦਾ ਆਤੀ ਹੈ।
ਤੁਮਹਾਰੀ ਏਕ ਅਦਾ ਨੇ ਲੂਟ ਲੀ ਮਹਿਫ਼ਲ ਮੇਰੇ ਦਿਲ ਕੀ,
ਤੁਮਹਾਰੀ ਏਕ ਅਦਾ ਨੇ ਜ਼ਿੰਦਗੀ ਕਾ ਰੁਖ ਬਦਲ ਡਾਲਾ।
ਵਿਛੜਕਰ ਯਾਰ ਸੇ ਸੋਤਾ ਹੈ ਕੌਨ ਰਾਤੋਂ ਮੇਂ,
ਜ਼ਮੀਂ ਕਰਵਟ ਬਦਲਤੀ ਹੈ, ਫ਼ਲਕ ਬਸ ਆਹੇਂ ਭਰਤਾ ਹੈ।
ਜੋ ਇਸ ਦੁਨੀਆ ਕੀ ਏਕ ਔਰਤ ਕੋ ਅਪਨਾ ਨਾ ਬਨਾ ਪਾਯਾ,
ਉਸੇ ਜ਼ਨਤ ਕੀ ਹੂਰੇਂ ਕਿਸ ਲੀਏ ਆਗੋਸ਼ ਮੇਂ ਲੇਂਗੀ।
ਏਕ ਲੜਕੀ ਮੁਝੇ ਸਲਾਮ ਲਿਖਕਰ ਭੇਜਤੀ ਹੈ,
ਕਭੀ ਗੁਮਨਾਮ, ਕਭੀ ਨਾਮ ਲਿਖਕਰ ਭੇਜਤੀ ਹੈ।
ਕੋਈ ਤੋ ਹੈ ਜੋ ਮੇਰੀ ਆਂਖੋਂ ਸੇ ਸਬ ਦੇਖਤਾ ਹੈ,
ਕੋਈ ਤੋ ਹੈ ਜੋ ਕਲਬ-ਅੋ-ਜਿਗਰ ਮੇਂ ਰਹਤਾ ਹੈ।
ਸੂਰਤੇ ਸ਼ਮਾਂ ਪਿਘਲ ਜਾਉਂਗੀ, ਵਕਤ ਕੇ ਸਾਂਚੇ ਮੇਂ ਢਲ ਜਾਉਂਗੀ,
ਅਪਨੇ ਸੀਨੇ ਸੇ ਲਗਾਕਰ ਦੇਖੋ, ਜ਼ਿੰਦਗੀ ਬਨ ਕੇ ਮਚਲ ਜਾਉਂਗੀ।
ਇਹ ਸ਼ੁਭਾਸ਼ ਸ਼ਰਮਾ ਨੂਰ ਦੀਆਂ ਮੁਹੱਬਤ ਨਾਲ ਸੰਬੰਧਤ ਕਵਿਤਾਵਾਂ ਦੇ ਸ਼ੇਅਰ ਸਨ। ਉਮੀਦ ਹੈ ਕਿ ਸ਼ੁਭਾਸ਼ ਸ਼ਰਮਾ ਭਵਿਖ ਵਿਚ ਹੋਰ ਨਵੇਂ ਉਤਸ਼ਾਹ ਨਾਲ ਵਧੀਆ ਰਚਨਾਵਾਂ ਲਿਖਕੇ ਪਾਠਕਾਂ ਦੀ ਝੋਲੀ ਵਿਚ ਪਾਉਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ 94178 13072
ujagarsingh48@yahoo.com
ਦਲੀਪ ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ - ਉਜਾਗਰ ਸਿੰਘ
ਦਲੀਪ ਸਿੰਘ ਵਾਸਨ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲਾ ਬਹੁਪੱਖੀ, ਬਹੁਮੰਤਵੀ ਅਤੇ ਸਰਬਕਲਾ ਸੰਪੂਰਨ ਵਿਦਵਾਨ ਇਨਸਾਨ ਹੈ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਅਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ ਜਿਹੋ ਜਹੇ ਬਾਹਰੋਂ ਹਨ, ਉਹੋ ਜਹੇ ਹੀ ਅੰਦਰੋਂ ਹਨ। ਕੋਈ ਮੁਲੰਮਾ ਨਹੀਂ। ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਹਨ। ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਜਿਤਨੇ ਵੱਡੇ ਇਨਸਾਨ ਅਤੇ ਵਿਦਵਾਨ ਹਨ, ਉਤਨੀ ਹੀ ਸਰਲ ਭਾਸ਼ਾ ਅਤੇ ਸ਼ੈਲੀ ਵਿਚ ਜੀਵਨ ਦੀ ਵਿਚਾਰਧਾਰਾ ਨੂੰ ਅਜਿਹੇ ਢੰਗ ਨਾਲ ਲਿਖਦੇ ਹਨ ਕਿ ਉਨ੍ਹਾਂ ਦੇ ਹਰ ਸ਼ਬਦ ਨੂੰ ਪਾਠਕ ਪੱਲੇ ਬੰਨ੍ਹਣ ਦਾ ਪ੍ਰਣ ਕਰ ਲੈਂਦਾ ਹੈ। ਵੈਸੇ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਚ 50 ਤੋਂ ਵੱਧ ਪੁਸਤਕਾਂ ਲਿਖੀਆਂ ਪ੍ਰੰਤੂ ਅੱਜ ਮੈਂ ਉਨ੍ਹਾਂ ਦੀ ਲੇਖਾਂ ਦੀ ਪੁਸਤਕ ‘ਜੀਵਨ ਇਕ ਸੱਚਾਈ’ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਵਾਂਗਾ। ਇਸ ਪੁਸਤਕ ਵਿਚ ਛੋਟ-ਛੋਟੇ 55 ਲੇਖ ਹਨ ਪ੍ਰੰਤੂ ਹਰ ਲੇਖ ਆਪਣੇ ਆਪ ਵਿਚ ਇਕ ਅਟੱਲ ਸਚਾਈ ਬਾਰੇ ਬਹੁਮੁਲੀ ਮੁਕੰਮਲ ਜਾਣਕਾਰੀ ਦਿੰਦਾ ਹੈ। ਭਾਵੇਂ ਸਰਸਰੀ ਤੌਰ ਤੇ ਪਾਠਕ ਨੂੰ ਇਹ ਨਿੱਕੀਆਂ-ਨਿੱਕੀਆਂ ਗੱਲਾਂ ਬਹੁਤੀਆਂ ਪਸੰਦ ਨਾ ਆਉਣ ਪ੍ਰੰਤੂ ਜੇਕਰ ਤੁਸੀਂ ਉਨ੍ਹਾਂ ਤੇ ਅਮਲ ਕਰੋਗੇ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਇਸ ਪੁਸਤਕ ਦਾ ਪਹਿਲਾ ਹੀ ਲੇਖ ‘ਝੂਠ ਦਾ ਦਾਇਰਾ’ ਬੜਾ ਦਿਲਚਸਪ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜੀਵਨ ਦਾ ਆਧਾਰ ਝੂਠ ਹੈ। ਕੋਈ ਵੀ ਇਨਸਾਨ ਪੂਰਾ ਸੱਚ ਨਹੀਂ ਬੋਲਦਾ। ਜਿਹੜੇ ਸੱਚ ਬੋਲਣ ਦੀ ਨਸੀਹਤ ਦੇ ਰਹੇ ਹੁੰਦੇ ਹਨ, ਉਹ ਵੀ ਝੂਠ ਬੋਲ ਰਹੇ ਹੁੰਦੇ ਹਨ। ਇਹ ਠੀਕ ਹੈ ਕਿ ਝੂਠ ਮੁਸੀਬਤਾਂ ਖੜ੍ਹੀਆਂ ਕਰਦਾ ਹੈ ਕਿਉਂਕਿ ਇਕ ਝੂਠ ਨੂੰ ਛੁਪਾਉਣ ਲਈ ਅਨੇਕ ਝੂਠ ਬੋਲਣੇ ਪੈਂਦੇ ਹਨ। ਝੂਠ ਨਾਲ ਨੁਕਸਾਨ ਹੁੰਦਾ ਹੈ, ਇਸ ਲਈ ਉਹ ਝੂਠ ਦਾ ਦਾਇਰਾ ਘਟਾਉਣ ਦੀ ਗੱਲ ਕਰਦੇ ਹਨ। ਅਗਲੇ ਲੇਖਾਂ ਵਿਚ ਉਹ ਸਲਾਹ ਦਿੰਦੇ ਹਨ ਕਿ ਜ਼ਿੰਦਗੀ ਵਿਚ ਚੰਗੇ ਕੰਮ ਤਾਂ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਉਹ ਲਿਖਦੇ ਹਨ ਕਿ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਚੁਣੌਤੀਆਂ ਕਬੂਲ ਕਰਨੀਆਂ ਚਾਹੀਦੀਆਂ ਹਨ ਤਾਂ ਹੀ ਸਫਲਤਾ ਮਿਲੇਗੀ। ਸਰੀਰ ਤੰਦਰੁਸਤ ਰੱਖੋ, ਦਿਲ ਤੇ ਦਿਮਾਗ ਤੇ ਕਾਬੂ ਕਰੋ ਅਤੇ ਕਸਰਤ ਕਰੋ ਤਾਂ ਹੀ ਚੰਗਾ ਸੋਚ ਸਕੋਗੇ। ਆਪਣੇ ਕਈ ਨਿਸ਼ਾਨੇ ਜ਼ਰੂਰ ਨਿਸਚਤ ਕਰੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜਿਤਨਾ ਵੀ ਨਿਸ਼ਾਨਾ ਪੂਰਾ ਹੋ ਜਾਵੇ ਉਥੇ ਹੀ ਸੰਤੁਸ਼ਟੀ ਕਰੋ। ਚੰਗੀਆਂ ਆਦਤਾਂ ਬਣਾਓ ਤਾਂ ਹੀ ਤੁਹਾਡੀ ਪਛਾਣ ਬਣੇਗੀ। ਤੁਹਾਡੇ ਬੱਚੇ ਵੀ ਤੁਹਾਡੀਆਂ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨਗੇ। ਕਿਸੇ ਦੂਜੇ ਵਿਅਕਤੀ ‘ਤੇ ਨਿਰਭਰ ਹੋਣਾ ਮੰਗਤਾ ਬਣਨ ਦੇ ਬਰਾਬਰ ਹੈ। ਉਹ ਡੇਰੇਦਾਰ ਧਾਰਮਿਕ ਵਿਅਕਤੀਆਂ ਨੂੰ ਮੰਗਤੇ ਕਹਿੰਦੇ ਹਨ, ਜਿਹੜੇ ਦੂਜਿਆਂ ਦੀ ਕਮਾਈ ਖਾਂਦੇ ਹਨ। ਚਾਦਰ ਵੇਖਕੇ ਪੈਰ ਪਸਾਰਨ ਦੀ ਨਸੀਹਤ ਦਿੰਦੇ ਹਨ। ਆਪਣੇ ਪੈਰਾਂ ‘ਤੇ ਆਪ ਖੜ੍ਹਨ ਦੀ ਕੋਸ਼ਿਸ਼ ਕਰੋ। ਕਿਸੇ ਨੂੰ ਧੋਖਾ ਨਾ ਦਿਓ, ਜੇਕਰ ਤੁਸੀਂ ਆਪ ਧੋਖਾ ਦਿਓਗੇ ਤਾਂ ਦੂਜਿਆਂ ਤੋਂ ਵੀ ਧੋਖਾ ਹੀ ਲਵੋਗੇ। ਨਫਰਤ ਨਾ ਕਰੋ ਕਿਉਂਕਿ ਦੂਜੇ ਵੀ ਤੁਹਾਡਾ ਜਵਾਬ ਨਫਰਤ ਨਾਲ ਹੀ ਦੇਣਗੇ। ਬੁਰਾ ਕਰਕੇ ਚੰਗੇ ਦੀ ਆਸ ਰੱਖਣਾ ਮੂਰਖਤਾ ਹੈ। ਕਿਸੇ ਦੀ ਜ਼ਿਆਦਤੀ ਨੂੰ ਬਰਦਾਸ਼ਤ ਨਾ ਕਰੋ ਪ੍ਰੰਤੂ ਜੇ ਕਿਸੇ ਦੀਆਂ ਆਦਤਾਂ ਤੁਹਾਡੇ ਨਾਲ ਨਹੀਂ ਮਿਲਦੀਆਂ ਤਾਂ ਉਨ੍ਹਾਂ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ। ਬੇਇਨਸਾਫ਼ੀ ਨੂੰ ਸਹਿਣ ਨਾ ਕਰੋ, ਇਨਸਾਫ ਦਿਓ ਅਤੇ ਲਓ। ਅਜਿਹੇ ਕੰਮ ਕਰੋ, ਜਿਨ੍ਹਾਂ ਕਰਕੇ ਸਮਾਜ ਤੁਹਾਨੂੰ ਪ੍ਰਵਾਨ ਕਰੇ। ਸਫਾਈ ਰੱਖੋ, ਤੰਦਰੁਸਤ ਰਹੋ, ਵਿਦਿਆ ਪ੍ਰਾਪਤ ਕਰੋ, ਆਪਣੇ ਗੁਜ਼ਾਰੇ ਦਾ ਆਪ ਪ੍ਰਬੰਧ ਕਰੋ ਅਤੇ 25 ਸਾਲ ਤੋਂ ਪਹਿਲਾਂ ਸ਼ਾਦੀ ਨਾ ਕਰੋ। ਉਨ੍ਹਾਂ ਦੀ ਕਮਾਲ ਇਸ ਗੱਲ ਵਿਚ ਹੈ ਕਿ ਇਹ ਨਸੀਹਤਾਂ ਉਹ ਉਦਾਹਰਨਾ ਦੇ ਕੇ ਕਰਦੇ ਹਨ। ਆਪਣਾ ਨਾਮ ਕਮਾਉਣ ਲਈ ਹਓਮੈ ਦਾ ਸ਼ਿਕਾਰ ਨਾ ਹੋਵੋ। ਸਮਾਜ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੁੰਦਾ ਹੈ। ਇਨਸਾਨੀਅਤ ਦੀ ਬਿਹਤਰੀ ਲਈ ਕੰਮ ਕਰੋ। ਸਵੈ ਮਾਣ ਨਾਲ ਜੀਵਨ ਜਿਓਣਾ ਸਿੱਖੋ। ਹੀਣਤਾ ਦੀ ਭਾਵਨਾ ਨੂੰ ਤਿਲਾਂਜਲੀ ਦਿਓ। ਇਨਸਾਨ ਸਾਰੇ ਬਰਾਬਰ ਹਨ। ਸਾਰੇ ਧਰਮ ਬਰਾਬਰ ਹਨ। ਬਹੁਤਾ ਧਰਮੀ ਬਣਨ ਨਾਲੋਂ ਚੰਗੇ ਨਾਗਰਿਕ ਬਣੋ। ਧਾਰਮਿਕ ਸਥਾਨਾ ਵਿਚ ਸਭ ਅੱਛਾ ਨਹੀਂ। ਧਾਰਮਿਕ ਗ੍ਰੰਥ ਪੜ੍ਹੋ ਪ੍ਰੰਤੂ ਧਾਰਮਿਕ ਵਿਚੋਲਿਆਂ ਤੋਂ ਬਚਕੇ ਰਹੋ ਕਿਉਂਕਿ ਧਾਰਮਿਕ ਸਥਾਨ ਨਿਰਾਸ਼ਾ ਦੂਰ ਕਰਨ ਦੇ ਬਹਾਨੇ ਲੁੱਟ ਕਰ ਰਹੇ ਹਨ। ਧਰਮੀ ਬਣ ਸਕਦੇ ਹੋ ਬਸ਼ਰਤੇ ਕੱਟੜ ਨਾ ਬਣੋ। ਜੀਵਨ ਸਾਥੀ ਨਾਲ ਰਹਿਣਾ ਸਿੱਖੋ ਫਿਰ ਤੁਹਾਡਾ ਜੀਵਨ ਏਥੇ ਹੀ ਸਵਰਗ ਬਣ ਜਾਵੇਗਾ। ਏਥੇ ਹੀ ਸਵਰਗ ਨਰਕ ਹੈ। ਤੁਹਾਡੇ ਕੰਮਾ ਦਾ ਫਲ ਇਥੇ ਹੀ ਮਿਲ ਜਾਂਦਾ ਹੈ। ਚਿੰਤਾ ਨਾ ਕਰੋ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਸੰਘਰਸ਼ ਦਾ ਨਾਮ ਜ਼ਿੰਦਗੀ ਹੈ। ਚੰਗੇ ਤੇ ਮਾੜੇ ਦਿਨ ਸਥਾਈ ਨਹੀਂ ਹੁੰਦੇ। ਹੌਸਲਾ ਰੱਖੋ ਚੰਗਾ ਅਤੇ ਮਾੜਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ। ਰੱਬ ਕੋਲ ਬਹੁਤੀਆਂ ਮੰਗਾਂ ਨਾ ਰੱਖੋ। ਰੱਬ ‘ਤੇ ਵਿਸ਼ਵਾਸ਼ ਕਰੋ, ਉਹ ਤੁਹਾਡੇ ਅੰਦਰ ਹੈ। ਸਬਰ ਸੰਤੋਖ਼ ਦਾ ਪੱਲਾ ਫੜੋ। ਕਾਬਲੀਅਤ ਦਾ ਹਮੇਸ਼ਾ ਮੁੱਲ ਪੈਂਦਾ ਹੈ। ਰੱਬ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਅਮੀਰਾਂ ਨੂੰ ਨੀਂਦ ਨਹੀਂ ਆਉਂਦੀ, ਗ਼ਰੀਬਾਂ ਨੂੰ ਨੀਂਦ ਦੇ ਗੱਫੇ ਮਿਲਦੇ ਹਨ। ਚੋਣ ਤੁਸੀਂ ਕਰਨੀ ਹੈ। ਤਰੱਕੀ ਕਰਨੀ ਚਾਹੀਦੀ ਹੈ ਪ੍ਰੰਤੂ ਕਿਸੇ ਹੋਰ ਦੀ ਕੀਮਤ ‘ਤੇ ਨਹੀਂ। ਕਿਸੇ ਨੂੰ ਨੀਂਵਾਂ ਨਾ ਵਿਖਾਓ। ਆਤਮ ਹੱਤਿਆ ਕਰਨੀ ਰੱਬ ਨੂੰ ਠੋਕਰ ਮਾਰਨ ਬਰਾਬਰ ਹੈ। ਚੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਚੁਗਲਖ਼ੋਰ ਬਾਰੇ ਚੁਗਲੀ ਸਣਨ ਵਾਲੇ ਵੀ ਜਾਣਦੇ ਹੁੰਦੇ ਹਨ। ਆਪਣੇ ਮਨ ਸਾਫ਼ ਰੱਖੋ, ਵਿਖਾਵਾ ਅੰਦਰੋਂ ਖ਼ੁਸ਼ੀ ਨਹੀਂ ਦਿੰਦਾ। ਗ਼ਮ ਮਨ ਸਾਫ਼ ਰੱਖਣ ਨਾਲ ਦੂਰ ਹੋ ਜਾਂਦੇ ਹਨ। ਜੀਵਨ ਦਾ ਆਨੰਦ ਮਾਣੋ, ਇਹ ਮੁੜਕੇ ਨਹੀਂ ਆਉਣਾ। ਨਸ਼ੇ ਵਕਤੀ ਤੌਰ ਤੇ ਗ਼ਮ ਭੁਲਾ ਦਿੰਦੇ ਹਨ ਪ੍ਰੰਤੂ ਹੋਰ ਗ਼ਮ ਲਾ ਦਿੰਦੇ ਹਨ। ਪੈਸਾ ਜ਼ਿੰਦਗੀ ਬਸਰ ਕਰਨ ਲਈ ਜ਼ਰੂਰੀ ਹੈ ਪ੍ਰੰਤੂ ਭਰਿਸ਼ਟਾਚਾਰ ਨਾਲ ਕੀਤੀ ਕਮਾਈ ਮੁਸੀਬਤਾਂ ਖੜ੍ਹੀਆਂ ਕਰਦੀ ਹੈ। ਨੇਕ ਕਮਾਈ ਸੰਤੁਸ਼ਟੀ ਦਿੰਦੀ ਹੈ। ਲੇਖਕ ਇਸਤਰੀਆਂ ਨੂੰ ਸਲਾਹ ਵੀ ਦਿੰਦਾ ਹੈ ਕਿ ਉਨ੍ਹਾਂ ਨੂੰ ਨੂੰਹਾਂ ਨੂੰ ਆਪਣੀਆਂ ਧੀਆਂ ਦੀ ਤਰ੍ਹਾਂ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਆਪਣਾ ਪੇਕਿਆਂ ਦਾ ਘਰ ਛੱਡਕੇ ਤੁਹਾਡੇ ਘਰ ਨੂੰ ਨਿਹਾਰਨ ਆਉਂਦੀਆਂ ਹਨ। ਬੁਢਾਪੇ ਵਿਚ ਵੀ ਉਸਨੇ ਹੀ ਤੁਹਾਡਾ ਸਾਥ ਦੇਣਾ ਹੈ। ਨੂੰਹਾਂ ਨੂੰ ਵੀ ਸਦਭਾਵਨਾ ਅਤੇ ਪ੍ਰੇਮ ਪਿਆਰ ਨਾਲ ਵਿਚਰਨਾ ਚਾਹੀਦਾ। ਕਦੀ ਵੀ ਹਾਰ ਨੂੰ ਸਵੀਕਾਰ ਨਾ ਕਰੋ ਕਿਉਂਕਿ ਹਾਰ ਕਮਜ਼ੋਰੀ ਅਤੇ ਨਿਰਾਸ਼ਾ ਪੈਦਾ ਕਰਦੀ ਹੈ। ਮੈੈੈਂ ਅਤੇ ਅਸੀਂ ਦਾ ਅੰਤਰ ਦਸਦੇ ਹੋਏ ਵਾਸਨ ਸਾਹਿਬ ਮੁਕਾਬਲਾ ਕਰਨ ਲਈ ਮੈਂ ਨੂੰ ਤਾਕਤਵਰ ਮੰਨਦੇ ਹਨ। ਗ਼ੁਰਬਤ ਦੇ ਕਾਰਨ ਲੱਭੋ, ਫਿਰ ਉਨ੍ਹਾਂ ਨੂੰ ਕਿਵੇਂ ਦੂਰ ਕਰਨਾ ਹੈ? ਗ਼ੁਰਬਤ ਅਰਥਾਤ ਗ਼ਰੀਬੀ ‘ਚੋਂ ਮਿਹਨਤ ਨਾਲ ਬਾਹਰ ਨਿਕਲਣਾ ਚਾਹੀਦਾ ਹੈ। ਉਹ ਇਹ ਵੀ ਲਿਖਦੇ ਹਨ ਕਿ ਇਨਸਾਨ ਬਨਾਉਟੀ ਅਰਥਾਤ ਦੋਗਲਾ ਜੀਵਨ ਬਤੀਤ ਕਰ ਰਿਹਾ ਹੈ। ਬਾਹਰੋਂ ਅੰਦਰੋਂ ਇਕ ਨਹੀਂ ਹੁੰਦਾ। ਕਈ ਵਾਰ ਇਨਸਾਨ ਪੁਰਾਣੀਆਂ ਗੱਲਾਂ ਯਾਦ ਕਰਕੇ ਝੂਰਨ ਲੱਗ ਜਾਂਦਾ ਹੈ। ਪੁਰਾਣੀਆਂ ਖ਼ੁਸ਼ ਕਰਨ ਵਾਲੀਆਂ ਗੱਲਾਂ ਯਾਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਘਰਾਂ ਦੇ ਜ਼ਰੂਰੀ ਕਾਗ਼ਜ਼ਾਤ ਜਿਵੇਂ ਸਰਟੀਫੀਕੇਟ, ਰਾਸ਼ਣ ਕਾਰਡ, ਆਧਾਰ ਕਾਰਡ ਆਦਿ ਖੁਦ ਸੰਭਾਲਕੇ ਕਿਸੇ ਟਿਕਾਣੇ ਤੇ ਰੱਖੋ ਤਾਂ ਜੋ ਲੋੜ ਪੈਣ ਤੇ ਤੁਰੰਤ ਲੱਭੇ ਜਾ ਸਕਣ। ਜਨਮ ਦਿਨ ਮਨਾਉਣ ਸੰਬੰਧੀ ਉਹ ਕਹਿੰਦੇ ਹਨ ਕਿ ਇਸ ਦਿਨ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਤਮ ਨਿਰੀਖਣ ਕਰਨਾ ਚਾਹੀਦਾ ਕਿ ਅਸੀਂ ਕੀ ਚੰਗਾ ਤੇ ਮਾੜਾ ਕੰਮ ਕਰ ਰਹੇ ਹਾਂ। ਅੱਗੇ ਵਾਸਤੇ ਆਪਣੇ ਆਪ ਨੂੰ ਸੁਧਾਰਨ ਦਾ ਪ੍ਰਬੰਧ ਕਰੋ। ਅਗਲੇ ਸਾਲ ਦਾ ਪ੍ਰੋਗਰਾਮ ਬਣਾ ਲਓ ਕਿ ਕੀ ਕਰਨਾ ਹੈ? ਦਿਮਾਗ਼ ਤੇ ਬਹੁਤਾ ਬੋਝ ਨਾ ਪਾਓ। ਹਰ ਗੱਲ ਤੇ ਤੁਰੰਤ ਰੀਐਕਟ ਨਾ ਕਰੋ। ਸਮੱਸਿਆਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਨਸਾਨ ਨੂੰ ਉਮਰ ਮੁਤਾਬਕ ਸਮਾਜ ਵਿਚ ਵਿਵਹਾਰ ਅਤੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ। ਬਟਵਾਰੇ ਦੇ ਦਰਦ ਦਾ ਵੀ ਇਜ਼ਹਾਰ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਾਡਾ ਇਤਿਹਾਸ ਸਹੀ ਜਾਣਕਾਰੀ ਨਹੀਂ ਦਿੰਦਾ। ਦਲੀਪ ਸਿੰਘ ਵਾਸਨ ਦਾਨ ਕਰਨ ਨੂੰ ਪਾਪ ਸਮਝਦੇ ਹਨ, ਸਗੋਂ ਕਿਸੇ ਲੋੜਮੰਦ ਦੀ ਮਦਦ ਕਰਨਾ ਪੁੰਨ ਹੁੰਦਾ ਹੈ। ਦਾਨ ਉਪਰ ਵਿਹਲੜ ਪਲਦੇ ਹਨ। ਨੈਤਿਕਤਾ ਖ਼ਤਮ ਹੁੰਦੀ ਜਾ ਰਹੀ ਹੈ। ਦੁਰਘਟਨਾਵਾਂ ਦੇ ਸ਼ਿਕਾਰ ਸੜਕਾਂ ਰੁਲਦੇ ਹਨ, ਲੋਕ ਉਨ੍ਹਾਂ ਦੇ ਕੋਲੋਂ ਲੰਘੀ ਜਾਂਦੇ ਹਨ। ਪ੍ਰੇਮ ਵਿਆਹ ਮਾੜੇ ਨਹੀਂ ਪ੍ਰੰਤੂ ਪ੍ਰੇਮ ਵਿਚ ਅੰਤਰਜ਼ਾਤੀ ਵਿਆਹ ਬਹੁਤੇ ਸਭਿਆਚਾਰ ਦੇ ਵਖਰੇਵੇਂ ਕਰਕੇ ਸਫ਼ਲ ਨਹੀਂ ਹੁੰਦੇ। ਸਾਡੇ ਸਮਾਜ ਵਿਚ ਪੁੱਤਰ ਨੂੰ ਵਿਰਾਸਤ ਦਾ ਵਾਰਸ ਸਮਝਕੇੇ ਖ਼ੁਸ਼ੀ ਮਨਾਈ ਜਾਂਦੀ ਹੈ ਪ੍ਰੰਤੂ ਬੁਢਾਪੇ ਵਿਚ ਪੁੱਤਰ ਬਜ਼ੁਰਗਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ। ਲੇਖਕ ਅਨੁਸਾਰ ਲੋਭ, ਕਾਮ, ਕਰੋਧ, ਮੋਹ ਅਤੇ ਹੰਕਾਰ ਬਹੁਤੇ ਹੋਣ ਤਾਂ ਬੁਰੇ ਹਨ ਪ੍ਰੰਤੂ ਇਨ੍ਹਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਕਾਮ ਉਤਪਤੀ ਦਾ ਸਾਧਨ, ਕ੍ਰੋਧ ਤੋਂ ਅਨੁਸ਼ਾਸ਼ਨ, ਮੋਹ ਤੋਂ ਮੁਹੱਬਤ, ਲੋਭ ਤੋਂ ਮੁਕਾਬਲੇ ਦੀ ਰੁਚੀ ਅਤੇ ਅਹੰਕਾਰ ਤੋਂ ਸਫ਼ਲਤਾ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਦੀ ਮਿਕਦਾਰ ਘਟਾਈ ਵਧਾਈ ਜਾ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh48@yahoo.com
9 ਜੁਲਾਈ ਨੂੰ ਅੰਤਮ ਅਰਦਾਸ ‘ਤੇ ਵਿਸ਼ੇਸ਼ : ਅਲਵਿਦਾ ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ - ਉਜਾਗਰ ਸਿੰਘ
ਇਸ ਸੰਸਾਰ ਵਿੱਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪੋ ਆਪਣਾ ਜੀਵਨ ਬਸਰ ਕਰਕੇ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਇਹ ਇਕ ਸਰਕਲ ਹੈ, ਜਿਹੜਾ ਸਦੀਆਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਸਮਾਜ ਵਿੱਚ ਨਾਮਣਾ ਖੱਟਦੇ ਹੋਏ ਨਵੀਂਆਂ ਪਿ੍ਰਤਾਂ ਪਾ ਜਾਂਦੇ ਹਨ। ਅਜਿਹੇ ਵਿਅਕਤੀਆਂ ਵਿੱਚੋਂ ਡਾ ਰਣਬੀਰ ਸਿੰਘ ਸਰਾਓ ਵੀ ਸਨ, ਜਿਹੜੇ ਆਪਣੀ ਕਾਰਜ਼ਕੁਸ਼ਤਾ, ਦਿਆਨਤਦਾਰੀ ਅਤੇ ਇਮਾਨਦਾਰੀ ਦਾ ਪ੍ਰਤੀਕ ਬਣਕੇ ਸਮਾਜ ਵਿੱਚ ਵਿਚਰੇ ਸਨ। ਉਨ੍ਹਾਂ ਸਿੱਖ ਸਿਧਾਂਤ ਅਤੇ ਮਾਰਕਸ ਦੀ ਥਿਊਰੀ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਉਨ੍ਹਾਂ ਦੀ ਕਾਬਲੀਅਤ ਕਰਕੇ 1994 ਵਿੱਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਉਪਰੰਤ 1962 ਵਿੱਚ ਮਹਿਜ਼ 22 ਸਾਲ ਦੀ ਉਮਰ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਨਿਯੁਕਤ ਕੀਤਾ ਗਿਆ। 1963 ਵਿੱਚ ਉਨ੍ਹਾਂ ਦੀ ਚੋਣ ਪੰਜਾਬ ਸਰਕਾਰ ਵੱਲੋਂ ਵਿਦਿਆ ਵਿਭਾਗ ਵਿੱਚ ਲੈਕਚਰਾਰ ਅੰਗਰੇਜ਼ੀ ਦੀ ਹੋ ਗਈ। ਉਨ੍ਹਾਂ ਨੂੰ ਰਣਬੀਰ ਕਾਲਜ ਸੰਗਰੂਰ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਉਹ ਮਹਿੰਦਰਾ ਕਾਲਜ ਵਿੱਚ ਬਦਲ ਕੇ ਆ ਗਏ ਸਨ। ਮਹਿੰਦਰਾ ਕਾਲਜ ਵਿੱਚ ਉਹ ਐਮ ਏ ਅੰਗਰੇਜ਼ੀ ਦੀਆਂ ਪੋਸਟ ਗ੍ਰੈਜੂਏਟ ਕਲਾਸਾਂ ਨੂੰ ਪੜ੍ਹਾਉਂਦੇ ਰਹੇ। ਡਾ ਰਣਬੀਰ ਸਿੰਘ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿਦਵਾਨ ਸਨ। ਅੰਗਰੇਜ਼ੀ ਪੜ੍ਹਾਉਣ ਦਾ ਉਨ੍ਹਾਂ ਦਾ ਢੰਗ ਵਿਲੱਖਣ ਕਿਸਮ ਦਾ ਸੀ। ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਆਈ ਏ ਐਸ ਵਰਗੇ ਮਹੱਤਵਪੂਰਨ ਅਹੁਦਿਆਂ ਲਈ ਚੁਣੇ ਗਏ ਸਨ। ਉਨ੍ਹਾਂ ਦੇ ਵਿਦਿਆਰਥੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ, ਉਜਲ ਦੁਸਾਂਝ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਰਾਜ ਦੇ ਪ੍ਰੀਮੀਅਰ ਅਤੇ ਦੇਸ ਰਾਜ ਹਰਿਆਣਾ ਦੇ ਮੰਤਰੀ ਦੇ ਮੰਤਰੀ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਉਨ੍ਹਾਂ ਦੇ ਦੋਸਤ ਸਨ। ਉਹ ਆਪਣੀ ਸਾਰੀ ਸਰਵਿਸ ਦੌਰਾਨ ਵਿਦਿਆਰਥੀਆਂ ਵਿੱਚ ਵਿਦਿਅਕ ਖੁਸ਼ਬੂਆਂ ਫੈਲਾਉਂਦੇ ਰਹੇ। 20 ਸਾਲ ਮਹਿੰਦਰਾ ਕਾਲਜ ਵਿੱਚ ਪੜ੍ਹਾਉਣ ਤੋਂ ਬਾਅਦ 1993 ਵਿੱਚ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪੀਟੇਟਿਵ ਵਿਭਾਗ (ਆਈ ਏ ਐਸ ਕੋਚਿੰਗ ਸੈਂਟਰ) ਵਿੱਚ ਬਤੌਰ ਪ੍ਰੋਫ਼ੈਸਰ ਅਤੇ ਡਾਇਰੈਕਟਰ ਦੀ ਹੋ ਗਈ। ਜਦੋਂ ਡਾ ਜੋਗਿੰਦਰ ਸਿੰਘ ਪੁਆਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣਕੇ ਆਏ ਤਾਂ ਉਨ੍ਹਾਂ ਰਜਿਸਟਰਾਰ ਦੇ ਅਹੁਦੇ ਲਈ ਡਾ ਰਣਬੀਰ ਸਿੰਘ ਵਰਗੇ ਬਿਹਤਰੀਨ ਇਨਸਾਨ ਅਤੇ ਵਿਦਿਆ ਸ਼ਾਸ਼ਤਰੀ ਦੀ ਚੋਣ ਕੀਤੀ। ਉਨ੍ਹਾਂ ਦੇ ਰਜਿਸਟਰਾਰ ਹੁੰਦਿਆਂ ਯੂਨੀਵਰਸਿਟੀ ਵਿਚ ਜ਼ਬਰਦਸਤ ਅੰਦੋਲਨ ਵੀ ਹੋਏ ਪ੍ਰੰਤੂ ਡਾ ਰਣਬੀਰ ਸਿੰਘ ਬਾਰੇ ਕਿਸੇ ਨੇ ਕਦੀਂ ਵੀ ਇਕ ਸ਼ਬਦ ਵੀ ਮਾੜਾ ਨਹੀਂ ਬੋਲਿਆ। ਉਨ੍ਹਾਂ ਨੇ ਨੋਬਲ ਇਨਾਮ ਜੇਤੂ ਟੋਨੀ ਮੌਰੀਸਨ ਦੀ ‘‘ਬੀਲਵਡ’’ ਅਤੇ ਅੰਮਿ੍ਰਤਆ ਸੇਨ ਦੀ ‘‘ਦਾ ਆਈਡੀਆ ਆਫ ਜਸਟਿਸ’’ ਦੋ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਸੀ। ਇਸ ਅਨੁਵਾਦ ਨੂੰ ਪੜ੍ਹਕੇ ਇਹ ਪੁਸਤਕਾਂ ਮੌਲਿਕ ਲਗਦੀਆਂ ਹਨ। ਉਨ੍ਹਾਂ ਦੇ ਲਿਖੇ ਖੋਜ ਪੱਤਰ ਅੰਗਰੇਜ਼ੀ ਦੇ ਵਿਦਿਅਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੁੰਦੇ ਰਹੇ ਹਨ। ਉਹ 2001 ਤੋਂ 2004 ਤੱਕ ਫਰਟੇਲਾਈਜ਼ਰ ਐਂਡ ਕੈਮੀਕਲਜ਼ ਟਰਾਵਨਕੋਰ ਲਿਮਿਟਡ ਕੰਪਨੀ ਦੇ ਡਾਇਰੈਕਟਰ ਵੀ ਰਹੇ। ਉਹ ਮਾਲਵਾ ਆਰਟਸ ਸਪੋਰਟਸ ਅਤੇ ਕਲਚਰਲ ਟਰਸਟ ਮਸਕਟ ਦੇ ਤਾਅ ਉਮਰ ਚੇਅਰਮੈਨ ਅਤੇ ‘ਮਿੱਟੀ ਮਾਲਵਾ ਦੀ’ ਮੈਗਜ਼ੀਨ ਦੇ 20 ਸਾਲ ਮੁੱਖ ਸੰਪਾਦਕ ਵੀ ਰਹੇ। ਡਾ ਰਣਬੀਰ ਸਿੰਘ ਸਰਾਓ, ਇਸ ਫਾਨੀ ਸੰਸਾਰ ਤੋਂ 2 ਜੁਲਾਈ 2021 ਨੂੰ ਅਲਵਿਦਾ ਲੈ ਗਏ। ਉਨ੍ਹਾਂ ਨੇ ਆਪਣੀ 82 ਸਾਲ ਦੀ ਜ਼ਿੰਦਗੀ ਵਿਚ ਕਿਸੇ ਦਾ ਕੁਝ ਵੀ ਬੁਰਾ ਨਹੀਂ ਕੀਤਾ ਹੋਵੇ। ਡਾ ਰਣਬੀਰ ਸਿੰਘ ਸਾਫ਼ ਸੁਥਰਾ ਅਤੇ ਸ਼ਾਂਤਮਈ ਜੀਵਨ ਜਿਓਣ ਵਾਲੇ ਇਨਸਾਨ ਸਨ। ਉਨ੍ਹਾਂ ਦੀ ਜ਼ੁਬਾਨ ਵਿਚੋਂ ਹਮੇਸ਼ਾ ਮਿੱਠਾਸ ਭਰੇ ਸ਼ਬਦ ਹੀ ਨਿਕਲਦੇ ਸਨ। ਅੱਜ ਦੇ ਪਦਾਰਥਵਾਦੀ ਅਤੇ ਆਧੁਨਿਕ ਯੁਗ ਦੇ ਵਿੱਚ ਡਾ ਰਣਬੀਰ ਸਿੰਘ ਵਰਗੇ ਵਿਰਲੇ ਇਨਸਾਨ ਹੀ ਹੁੰਦੇ ਹਨ, ਜਿਹੜੇ ਸਾਰੇ ਵਰਗਾਂ ਵੱਲੋਂ ਸਤਿਕਾਰੇ ਜਾਂਦੇ ਹਨ। ਡਾ ਰਣਬੀਰ ਸਿੰਘ ਸਰਾਓ 1994 ਤੋਂ 2000 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਅਹੁਦੇ ‘ਤੇ ਆਪਣੇ ਫ਼ਰਜ਼ ਬਾਖ਼ੂਬੀ ਨਿਭਾਉਂਦੇ ਰਹੇ ਹਨ। ਉਨ੍ਹਾਂ ਇਨ੍ਹਾਂ 6 ਸਾਲਾਂ ਵਿੱਚ ਆਪਣੇ ਫ਼ਰਜ਼ ਨਿਯਮਾ ਅਨੁਸਾਰ ਨਿਭਾਏ, ਕਦੀਂ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਨਾਲ ਕੋਈ ਵਾਦਵਿਵਾਦ ਹੋਇਆ ਹੋਵੇ। ਉਹ ਕਾਜਕੁਸ਼ਲਤਾ, ਮਿਹਨਤ, ਲਗਨ, ਨਮਰਤਾ, ਸਹਿਜਤਾ, ਸ਼ਰਾਫ਼ਤ ਅਤੇ ਸ਼ਹਿਨਸ਼ੀਲਤਾ ਦੇ ਮੁਜੱਸਮਾ ਸਨ। ਔਖੇ ਤੋਂ ਔਖੇ, ਗੁੰਝਲਦਾਰ ਅਤੇ ਤਣਾਓ ਦੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਕਦੀਂ ਕਿਸੇ ਨੂੰ ਉਚਾ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਨਾਲ ਗੁੱਸੇ ਹੋਏ ਹਨ। ਆਪਣੇ ਸਹਿਯੋਗੀਆਂ ਅਤੇ ਮਾਤਹਿਤਾਂ ਤੋਂ ਕੰਮ ਲੈਣਾ ਉਨ੍ਹਾਂ ਨੂੰ ਆਉਂਦਾ ਸੀ। ਉਨ੍ਹਾਂ ਨੂੰ ਸਾਊ ਸੁਭਾਅ ਵਾਲੇ ਇਨਸਾਨ ਗਿਣਿਆਂ ਜਾਂਦਾ ਸੀ। ਡਾ ਰਣਬੀਰ ਸਿੰਘ ਸਕੂਲ ਪੱਧਰ ਦੀ ਪੜ੍ਹਾਈ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀ ਸਨ। ਉਹ ਸਕੂਲ ਅਤੇ ਕਾਲਜ ਦੇ ਪਿ੍ਰੰਸੀਪਲ ਅਤੇ ਮੁੱਖ ਅਧਿਆਪਕਾਂ ਦੇ ਚਹੇਤੇ ਵਿਦਿਆਰਥੀ ਸਨ। ਡਾ ਰਣਬੀਰ ਸਿੰਘ ਸਰਾਓ ਸੰਜੀਦਾ, ਮਿਹਨਤੀ ਅਤੇ ਦਿ੍ਰੜ੍ਹ ਇਰਾਦੇ ਵਾਲੇ ਸਨ। ਉਨ੍ਹਾਂ ਨੇ ਪ੍ਰਾਇਮਰੀ ਘੋੜੇਨਾਬ, ਮਿਡਲ ਬਨਬੌਰੀ ਕਲਾਂ ਅਤੇ ਦਸਵੀਂ 1956 ਵਿੱਚ ਖਾਲਸਾ ਹਾਈ ਸਕੂਲ ਮਾਨਸਾ ਤੋਂ ਪਾਸ ਕੀਤੀ। ਕੁਝ ਸਮਾਂ ਉਹ ਰਣਬੀਰ ਕਾਲਜ ਸੰਗਰੂਰ ਵਿਖੇ ਪੜ੍ਹਦੇ ਰਹੇ। ਜਦੋਂ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਦੋ ਪ੍ਰੋਫ਼ੈਸਰਾਂ ਡਾ ਡੀ ਸੀ ਸ਼ਰਮਾ ਅਤੇ ਪ੍ਰੋ ਐਸ ਪੀ ਸ਼ਰਮਾ ਨੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਪ੍ਰਤਿਭਾ ਦੀ ਪਛਾਣ ਕਰਦਿਆਂ ਰਣਬੀਰ ਸਿੰਘ ਸਰਾਓ ਨੂੰ ਅੰਗਰੇਜ਼ੀ ਦੀ ਐਮ ਏ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੇ ਪਿਤਾ ਅਤੇ ਤਾਇਆ ਗਿਆਨੀ ਤਪੀਆ ਸਿੰਘ ਦੋਵੇਂ ਧਾਰਮਿਕ ਵਿਅਕਤੀ ਸਨ, ਉਨ੍ਹਾਂ ਰਣਬੀਰ ਸਿੰਘ ਨੂੰ ਬੀ ਏ ਮੁਕੰਮਲ ਕਰਨ ਲਈ ਖਾਲਸਾ ਕਾਲਜ ਅੰਮਿ੍ਰਤਸਰ ਦਾਖਲ ਕਰਵਾ ਦਿੱਤਾ। 1960 ਵਿੱਚ ਖਾਲਸਾ ਕਾਲਜ ਅੰਮਿ੍ਰਤਸਰ ਤੋਂ ਬੀ ਏ ਆਨਰਜ਼ ਅੰਗਰੇਜ਼ੀ ਦੇ ਵਿਸ਼ੇ ਵਿੱਚ ਕਰਨ ਉਪਰੰਤ ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਲਈ ਸਰਕਾਰੀ ਕਾਲਜ ਲੁਧਿਆਣਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਥੋਂ ਹੀ 1962 ਵਿੱਚ ਉਨ੍ਹਾਂ ਐਮ ਏ ਪਾਸ ਕੀਤੀ। ਬੀ ਏ ਅਤੇ ਐਮ ਏ ਵਿੱਚ ਸਵਰਨ ਸਿੰਘ ਬੋਪਾਰਾਇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਉਨ੍ਹਾਂ ਦੇ ਜਮਾਤੀ ਸਨ। ਫਿਰ ਉਨ੍ਹਾਂ ਅਮਰੀਕਨ ਲਿਟਰੇਚਰ ‘ਤੇ ਪੀ ਐਚ ਡੀ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ ਹਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ। ਉਨ੍ਹਾਂ ਨੇ ਨੋਬਲ ਇਨਾਮ ਜੇਤੂ ਵਿਲੀਅਮ ਫਾਓਲਕਨਰ ਦੀ ‘‘ ਦੀ ਸਾਊਂਡ ਐਂਡ ਦਾ ਫਰੀ’’ ‘ਤੇ ਡਿਜ਼ਰਟੇਸ਼ਨ ਲਿਖੀ।
ਇਕ ਦਿਹਾਤੀ ਇਲਾਕੇ ਦੇ ਮੱਧ ਵਰਗੀ ਪਰਿਵਾਰ ਵਿੱਚ ਜਨਮ ਲੈ ਕੇ ਇਤਨਾ ਪ੍ਰਤਿਭਾਸ਼ਾਲੀ ਹੋਣਾ ਉਨ੍ਹਾਂ ਦਾ ਵਿਲੱਖਣ ਗੁਣ ਸੀ। ਉਨ੍ਹਾਂ ਦੀ ਜਨਮ ਭੂਮੀ ਦੇ ਇਲਾਕੇ ਨੂੰ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਰਣਬੀਰ ਸਿੰਘ ਸਰਾਓ ਦੀ ਪ੍ਰਤਿਭਾ ਕਿਸੇ ਵੀ ਵਿਕਸਤ ਇਲਾਕੇ ਦੇ ਲੋਕਾਂ ਨਾਲੋਂ ਵਧੇਰੀ ਸੀ। ਉਹ ਗੁਣਾ ਦੀ ਗੁਥਲੀ ਸਨ। ਉਨ੍ਹਾਂ ਦਾ ਜਨਮ ਜੀਂਦ ਰਿਆਸਤ ਦੇ ਪਿੰਡ ਲੇਹਲ ਕਲਾਂ ਨੇੜੇ ਲਹਿਰਾ ਗਾਗਾ ਜਿਲ੍ਹਾ ਸੰਗਰੂਰ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਮੇਵਾ ਸਿੰਘ ਦੇ ਘਰ 25 ਫਰਵਰੀ 1940 ਨੂੰ ਹੋਇਆ। ਇਸ ਪਿੰਡ ਦੇ ਨਜ਼ਦੀਕ ਪਿੰਡ ਧਮਧਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਸ਼ਹੀਦੀ ਦੇਣ ਲਈ ਜਾਂਦੇ ਹੋਏ ਬਿਰਾਜੇ ਸਨ, ਜਿਸ ਗੁਰੂ ਘਰ ਦਾ ਉਨ੍ਹਾਂ ਦੇ ਜੀਵਨ ‘ਤੇ ਗਹਿਰਾ ਪ੍ਰਭਾਵ ਸੀ। ਉਨ੍ਹਾਂ ਦਾ ਤਿੰਨ ਭਰਾ ਅਤੇ ਤਿੰਨ ਭੈਣਾ ਵਾਲਾ ਪਰਿਵਾਰ ਸੀ। ਪਛੜੇ ਇਲਾਕੇ ਵਿੱਚ ਰਹਿਣ ਵਾਲੇ ਮਾਪਿਆਂ ਨੇ ਉਨ੍ਹਾਂ ਸਾਰੇ ਭੈਣ ਭਰਾਵਾਂ ਨੂੰ ਉਚ ਵਿਦਿਆ ਦਿਵਾਕੇ ਆਪਣੀ ਜ਼ਿੰਮੇਵਾਰੀ ਨਿਭਾਈ ਪ੍ਰੰਤੂ ਡਾ ਰਣਬੀਰ ਸਿੰਘ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੇ ਇਕ ਦੋਸਤ ਨੇ ਦੱਸਿਆ ਕਿ ਡਾ ਰਣਬੀਰ ਇਤਨੇ ਗਿਆਨਵਾਨ ਸਨ ਕਿ ਜੇ ਉਹ ਆਈ ਏ ਐਸ ਦੇ ਮੁਕਾਬਲੇ ਦੇ ਇਮਤਿਹਾਨ ਵਿੱਚ ਬੈਠਦੇ ਤਾਂ ਉਹ ਜ਼ਰੂਰ ਸਫ਼ਲ ਹੁੰਦੇ ਅਤੇ ਇਕ ਚੰਗੇ ਕੁਸ਼ਲ ਪ੍ਰਬੰਧਕ ਹੋ ਸਕਦੇ ਸਨ। ਉਸ ਸਮੇਂ ਅੰਗਰੇਜ਼ੀ ਦੇ ਅਧਿਆਪਕ ਬਣਨਾ ਹੀ ਵੱਡੀ ਗੱਲ ਸਮਝਿਆ ਜਾਂਦਾ ਸੀ। 1966 ਵਿੱਚ ਪੰਜਾਬੀ ਸੂਬਾ ਬਣਨ ‘ਤੇ ਉਨ੍ਹਾਂ ਦੀ ਐਲੋਕੇਸ਼ਨ ਹਰਿਆਣਾ ਦੀ ਹੋ ਗਈ ਕਿਉਂਕਿ ਉਨ੍ਹਾਂ ਦੀ ਜ਼ਮੀਨ ਨੜੈਲ ਪਿੰਡ ਵਿੱਚ ਸੀ, ਜੋ ਹਰਿਆਣਾ ਵਿੱਚ ਆ ਗਿਆ ਸੀ। ਫਿਰ ਉਨ੍ਹਾਂ ਆਪਣੀ ਐਲੋਕੇਸ਼ਨ ਪੰਜਾਬ ਵਿਚ ਤਬਦੀਲ ਕਰਵਾਈ। ਰਣਬੀਰ ਸਿੰਘ ਦਾ ਵਿਆਹ ਸੰਗਰੂਰ ਜਿਲ੍ਹੇ ਦੇ ਜਖੇਪਲ ਪਿੰਡ ਦੀ ਅੰਗਰੇਜ਼ੀ ਦੀ ਲੈਕਚਰਾਰ ਸੁਖਦਰਸ਼ਨ ਕੌਰ ਸਿੱਧੂ ਸਪੁੱਤਰੀ ਸੁੰਤਰਤਾ ਸੰਗਰਾਮੀ ਕੈਪਟਨ ਸੰਤੋਖ ਸਿੰਘ ਨਾਲ 1973 ਵਿੱਚ ਹੋਇਆ। ਡਾ ਰਣਬੀਰ ਸਿੰਘ ਸਰਾਓ ਆਪਣੇ ਪਿੱਛੇ ਪੜ੍ਹਿਆ ਲਿਖਿਆ ਪਰਿਵਾਰ ਪਤਨੀ ਪ੍ਰੋ ਸਖੁਦਰਸ਼ਨ ਕੌਰ ਸਰਾਓ ਜੋ ਵੀ ਅੰਗਰੇਜ਼ੀ ਵਿਸ਼ੇ ਦੇ ਸੇਵਾ ਮੁਕਤ ਪ੍ਰੋਫ਼ੈਸਰ, ਲੜਕਾ ਅਜੈਵੀਰ ਸਿੰਘ ਸਰਾਓ ਖ਼ੁਰਾਕ ਅਤੇ ਸਪਲਾਈ ਵਿਭਾਗ ਵਿੱਚ ਜਾਇੰਟ ਡਾਇਰੈਕਟਰ ਅਤੇ ਲੜਕੀ ਡਾ ਸਿਮਰਤ ਕੌਰ ਧੀਰ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੀ ਸੈਂਡੀਆਗੋ ਯੂਨੀਵਰਸਿਟੀ ਵਿੱਚ ਅੰਗਰੇਜੀ ਦੇ ਪ੍ਰੋਫ਼ੈਸਰ ਹਨ ਉਨ੍ਹਾਂ ਨੂੰ ਛੱਡ ਗਏ ਹਨ।
ਉਨ੍ਹਾਂ ਦੀ ਯਾਦ ਵਿੱਚ ਅੰਤਮ ਅਰਦਾਸ 9 ਜੁਲਾਈ 2021 ਦਿਨ ਸ਼ੁਕਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਫਾਟਕ ਨੰਬਰ 23 ਪਟਿਆਲਾ ਵਿਖੇ ਦੁਪਹਿਰ 12-00 ਤੋਂ 1-00 ਵਜੇ ਦੇ ਦਰਮਿਆਨ ਹੋਵੇਗੀ।
ਸਾਬਕਾ ਜਿਲਾ੍ਹ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com