ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ - ਉਜਾਗਰ ਸਿੰਘ
ਭਾਰਤ ਵਸਦੇ ਪੰਜਾਬੀ ਸਿਆਸਤਦਾਨਾਂ ਲਈ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੰਜਾਬੀ ਪਰਵਾਸ ਵਿੱਚ ਜਾ ਕੇ ਇਮਾਨਦਾਰ ਰਹਿ ਸਕਦੇ ਹਨ ਤਾਂ ਭਾਰਤੀ ਪੰਜਾਬ ਵਿੱਚ ਉਹ ਕਿਉਂ ਨਹੀਂ ਪਾਰਦਰਸ਼ਤਾ ਨਾਲ ਕੰਮ ਕਰਦੇ? ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਮੰਤਰੀਆਂ ਨੂੰ ਕੋਈ ਕਾਰ, ਕੋਠੀ, ਸੁਰੱਖਿਆ ਕਰਮਚਾਰੀ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ ਫਿਰ ਵੀ ਉਹ ਸਿਦਕ ਦਿਲੀ ਨਾਲ ਲੋਕ ਸੇਵਾ ਕਰਕੇ ਨਾਮਣਾ ਖੱਟਦੇ ਹਨ ਅਤੇ ਮੰਤਰੀ ‘ਤੇ ਪ੍ਰੀਮੀਅਰ ਬਣਦੇ ਹਨ। ਬੀ.ਸੀ. ਵਿੱਚ ਜਿਹੜੇ ਹੁਣੇ ਮੰਤਰੀ ਬਣੇ ਹਨ, ਉਹ ਸਾਰੇ ਵੀ ਇਕ ਕਿਸਮ ਨਾਲ ਸਮਾਜ ਸੇਵਕ ਅਤੇ ਮਨੁੱਖੀ ਹਿੱਤਾਂ ਦੇ ਰਖਵਾਲੇ ਦੋ ਤੌਰ ‘ਤੇ ਜਾਣੇ ਜਾਂਦੇ ਹਨ। ਇਸ ਕਰਕੇ ਹੀ ਉਨ੍ਹਾਂ ਦੀ ਕਦਰ ਪਈ ਹੈ। ਇਸ ਲਈ ਪੰਜਾਬ ਵਿੱਚ ਸਿਆਸਤ ਕਰ ਰਹੇ ਪੰਜਾਬੀ ਸਿਆਸਤਦਾਨਾ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਜੇਕਰ ਉਨ੍ਹਾਂ ਵਿੱਚੋਂ ਡਾ.ਮਨਮੋਹਨ ਸਿੰਘ ਇਮਾਨਦਾਰ ਰਹਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ ਤਾਂ ਹੋਰ ਪੰਜਾਬੀ ਸਿਆਸਤਦਾਨ ਕਿਉਂ ਨਹੀਂ? ਇਸ ਲਈ ਪੰਜਾਬ ਦੇ ਸਿਆਸਤਦਾਨਾ ਨੂੰ ਆਪਣੇ ਅੰਦਰ ਝਾਤੀ ਮਾਰਕੇ ਸਿਆਸਤ ਨੂੰ ਮਿਸ਼ਨ ਦੀ ਤਰ੍ਹਾਂ ਲੈਣਾ ਚਾਹੀਦਾ ਹੈ। ਪੰਜਾਬੀ ਸੰਸਾਰ ਵਿੱਚ ਆਪਣੀਆਂ ਵਿਲੱਖਣਤਾਵਾਂ ਕਰਕੇ ਜਾਣੇ ਜਾਂਦੇ ਹਨ। ਪੰਜਾਬੀ ਉਦਮੀਆਂ ਨੇ ਤਾਂ ਪ੍ਰਵਾਸ ਵਿੱਚ ਜਾ ਕੇ ਵੱਡੇ ਮਾਅਰਕੇ ਮਾਰੇ ਹਨ। ਸੰਸਾਰ ਦੇ ਲਗਪਗ ਹਰ ਦੇਸ਼ ਖਾਸ ਕਰਕੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਅਤੇ ਜਰਮਨ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵੱਖਰੀ ਪਛਾਣ ਬਣਾ ਲਈ ਹੈ। ਪ੍ਰਵਾਸ ਦੀ ਸਿਆਸਤ ਵਿੱਚ ਵੀ ਉਹ ਮਾਅਰਕੇ ਮਾਰ ਰਹੇ ਹਨ। ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਤਾਂ ਪਹਿਲਾਂ ਹੀ ਪੰਜਾਬੀ ਮੰਤਰੀ ਆਪਣੀ ਯੋਗਤਾ ਦੇ ਸਿਰ ਤੇ ਧੁੰਮਾ ਪਾ ਰਹੇ ਹਨ। ਕੈਨੇਡਾ ਦੀ ਲਗਪਗ ਹਰ ਸਟੇਟ ਵਿੱਚ ਭਾਰਤੀ ਮੂਲ ਦੇ ਪੰਜਾਬੀ ਮੈਂਬਰ ਪਾਰਲੀਮੈਂਟ ਅਤੇ ਵਿਧਾਨਕਾਰ ਤਾਂ ਹਨ ਹੀ ਪ੍ਰੰਤੂ ਕੁਝ ਰਾਜਾਂ ਵਿੱਚ ਮੰਤਰੀ ਵੀ ਹਨ। ਕੈਨੇਡਾ ਦੀਆਂ ਜਿਹੜੀਆਂ ਸਟੇਟਾਂ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਵਸੋਂ ਜ਼ਿਆਦਾ ਹੈ, ਉਨ੍ਹਾਂ ਸਟੇਟਾਂ ਵਿੱਚ ਪੰਜਾਬੀ ਮੰਤਰੀਆਂ ਦੀ ਗਿਣਤੀ ਵੀ ਵਧੇਰੇ ਹੈ। ਕੈਨੇਡਾ ਦੀ ਬਿ੍ਰਟਿਸ਼ ਕੋਲੰਬੀਆ ਸਟੇਟ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਬਹੁਤਾਤ ਹੈ। ਇਸ ਲਈ ਬਿ੍ਰਟਿਸ਼ ਕੋਲੰਬੀਆ ਰਾਜ ਵਿੱਚ ਉਜਲ ਦੋਸਾਂਝ ਨੇ 2000 ਵਿੱਚ ਪ੍ਰੀਮੀਅਰ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਸੀ। ਇਸ ਵਾਰ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਰਾਜ ਦੇ ਪ੍ਰੀਮੀਅਰ ਡੇਵਿਡ ਇਬੀ ਨੇ ਆਪਣੇ 27 ਮੈਂਬਰੀ ਮੰਤਰੀ ਮੰਡਲ ਵਿੱਚ ਭਾਰਤੀ ਮੂਲ ਦੇ ਪੰਜ ਪੰਜਾਬੀ ਮੰਤਰੀ ਅਤੇ ਦੋ ਪਾਲੀਮੈਂਟਰੀ ਸਕੱਤਰ ਸ਼ਾਮਲ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਰਾਜ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੀ ਭਾਰਤੀ ਮੂਲ ਦੇ ਪੰਜਾਬੀ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜ ਦੇ 9 ਭਾਰਤੀ ਮੂਲ ਦੇ ਪੰਜਾਬੀ ਵਿਧਾਨਕਾਰਾਂ ਜਿੱਤੇ ਹੋਣ ਤੇ ਉਨ੍ਹਾਂ ਵਿੱਚੋਂ 8 ਵਿਧਾਇਕਾਂ ਨੂੰ ਅਹੁਦੇਦਾਰੀਆਂ ਦੇ ਦਿੱਤੀਆਂ ਹੋਣ। ਇਨ੍ਹਾਂ ਵਿੱਚੋਂ ਤਿੰਨ ਇਸਤਰੀਆਂ ਨੂੰ ਮਾਣ ਮਿਲਿਆ ਹੈ। ਇਨ੍ਹਾਂ ਮੰਤਰੀਆਂ ਵਿੱਚ ਰਵਿੰਦਰ ਸਿੰਘ ਕਾਹਲੋਂ ਅਤੇ ਜਗਰੂਪ ਸਿੰਘ ਬਰਾੜ ਖਿਡਾਰੀ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਬਿ੍ਰਟਿਸ਼ ਕੋਲੰਬੀਆ ਰਾਜ ਵਿੱਚ ਇਤਨੇ ਪੰਜਾਬੀ ਮੰਤਰੀ ਹੋਣਗੇ। ਇਕ ਹੋਰ ਮਹੱਤਵਪੂਨ ਗੱਲ ਹੈ ਕਿ ਅਟਾਰਨੀ ਜਨਰਲ ਵਰਗਾ ਮਹੱਤਵਪੂਰਨ ਅਹੁਦਾ ਵੀ ਪੰਜਾਬੀ ਮੂਲ ਦੀ ਵਿਧਾਨਕਾਰ ਨਿੱਕੀ ਸ਼ਰਮਾ ਨੂੰ ਦਿੱਤਾ ਗਿਆ ਹੈ। ਨਿੱਕੀ ਸ਼ਰਮਾ ਪਹਿਲੀ ਪੰਜਾਬਣ ਅਟਾਰਨੀ ਜਨਰਲ ਬਣੀ ਹੈ। ਇਨ੍ਹਾਂ ਮੰਤਰੀਆਂ ਵਿੱਚ ਨਿੱਕੀ ਸ਼ਰਮਾ ਅਟਾਰਨੀ ਜਨਰਲ, ਰਵਿੰਦਰ ਸਿੰਘ ਕਾਹਲੋਂ ਹਾਊਸਿੰਗ ਮੰਤਰੀ ਤੇ ਗੌਰਮਿੰਟ ਹਾਊਸ ਲੀਡਰ, ਰਚਨਾ ਸਿੰਘ ਸਿਖਿਆ ਮੰਤਰੀ, ਹਰਕੰਵਲ ਸਿੰਘ (ਹੈਰੀ ਬੈਂਸ) ਕਿਰਤ ਮੰਤਰੀ, ਜਗਰੂਪ ਸਿੰਘ ਬਰਾੜ ਵਿਓਪਾਰ ਰਾਜ ਮੰਤਰੀ, ਸੰਸਦੀ ਸਕੱਤਰ ਅਮਨਦੀਪ ਸਿੰਘ ਅਤੇ ਹਰਵਿੰਦਰ ਸੰਧੂ ਸ਼ਾਮਲ ਹਨ। ਰਾਜ ਚੌਹਾਨ ਵਿਧਾਨ ਸਭਾ ਦੇ ਸਪੀਕਰ ਹਨ। ਨਿੱਕੀ ਸ਼ਰਮਾ ਨਿਊ ਡੈਮੋਕਰੈਟਿਕ ਪਾਰਟੀ ਦੀ 2020 ਵਿੱਚ ਵੈਨਕੂਵਰ ਹੇਸਟਿੰਗਜ਼ ਤੋਂ ਵਿਧਾਇਕ ਚੁਣੀ ਗਈ ਸੀ। ਪਹਿਲਾਂ ਉਨ੍ਹਾਂ ਨੂੰ 2020 ਵਿੱਚ ਹੀ ਪ੍ਰੀਮੀਅਰ ਜੌਹਨ ਹੌਰਗਨ ਨੇ ਭਾਈਚਾਰਕ ਵਿਕਾਸ ਅਤੇ ਗ਼ੈਰ ਲਾਭਕਾਰੀ ਲੲਂੀ ਸੰਸਦੀ ਸਕੱਤਰ ਨਿਯੁਕਤ ਕੀਤਾ ਸੀ। ਪਹਿਲੀ ਵਾਰ ਹੀ ਵਿਧਾਇਕ ਬਣੇ ਅਤੇ ਪਹਿਲੀ ਵਾਰ ਹੀ ਬਿ੍ਰਟਿਸ਼ ਕੋਲੰਬੀਆ ਸਰਕਾਰ ਵਿੱਚ ਅਟਾਰਨੀ ਜਨਰਲ ਵਰਗੇ ਮਹੱਤਵਪੂਰਨ ਅਹੁਦੇ ਤੇ ਪ੍ਰੀਮੀਅਰ ਡੇਵਿਡ ਇਬੀ ਨੇ ਨਿਯੁਕਤ ਕੀਤੇ ਹਨ। ਨਿੱਕੀ ਸ਼ਰਮਾ ਲੁਧਿਆਣਾ ਨਾਲ ਸੰਬੰਧਤ ਹਨ। ਰਵਿੰਦਰ ਸਿੰਘ ਕਾਹਲੋਂ (ਰਵੀ ਕਾਹਲੋਂ) ਹਾਊਸਿੰਗ ਮੰਤਰੀ ਅਤੇ ਗੌਰਮਿੰਟ ਹਾਊਸ ਲੀਡਰ ਹਨ। ਇਸ ਤੋਂ ਪਹਿਲਾਂ ਨਵੰਬਰ 2020 ਵਿੱਚ ਨੌਕਰੀਆਂ, ਆਰਥਿਕ ਰਿਕਵਰੀ ਅਤੇ ਇਨੋਵੇਸ਼ ਬਾਰੇ ਮੰਤਰੀ ਸਨ। 2017 ਵਿੱਚ ਉਹ ਡੈਲਟਾ ਉਤਰੀ ਤੋਂ ਵਿਧਾਨਕਾਰ ਚੁਣੇ ਗਏ ਸਨ। ਉਦੋਂ ਪਹਿਲਾਂ ਉਨ੍ਹਾਂ ਨੂੰ ਜੰਗਲਾਤ, ਜ਼ਮੀਨਾ, ਕੁਦਰਤੀ ਸਰੋਤ ਸੰਚਾਲਨ ਅਤੇ ਪੇਂਡੂ ਵਿਕਾਸ ਲਈ ਸੰਸਦੀ ਸਕੱਤਰ ਬਣਾਇਆ ਗਿਆ। ਜਿੱਥੇ ਉਨ੍ਹਾਂ ਨੇ ਜੰਗਲਾਤ ਖੇਤਰ ਵਿੱਚ ਵੱਡੇ ਪੱਧਰ ‘ਤੇ ਲੱਕੜ ਦੀ ਵਰਤੋਂ ਅਤੇ ਨਵੀਨਤਾ ਦੀ ਅਗਵਾਈ ਕੀਤੀ। ਉਹ ਸੰਸਦੀ ਸਕੱਤਰ ਖੇਡ ਅਤੇ ਬਹੁ ਸਭਿਆਚਾਰ ਬਣਾਏ ਗਏ। ਬਚਪਨ ਵਿੱਚ ਹੀ ਰਵਿੰਦਰ ਸਿੰਘ ਕਾਹਲੋਂ ਦੇ ਪਿਤਾ ਨੇ ਫੀਲਡ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ। ਉਹ 2000 ਅਤੇ 2008 ਦੀਆਂ ਓਲੰਪਿਕ ਖੇਡਾਂ ਵਿੱਚ ਫੀਲਡ ਹਾਕੀ ਦੀ ਟੀਮ ਕੈਨੇਡਾ ਲਈ ਖੇਡਦੇ ਰਹੇ ਹਨ। ਹੈਰੀ ਬੈਂਸ ਕਿਰਤ ਮੰਤਰੀ ਪਹਿਲੀ ਵਾਰੀ 2005 ਵਿੱਚ ਵਿਧਾਇਕ ਚੁਣੇ ਗਏ ਸਨ। ਉਸ ਤੋਂ ਬਾਅਦ 2009, 2013, 2017 ਅਤੇ 2020 ਤੱਕ ਲਗਾਤਾਰ ਵਿਧਾਇਕ ਬਣਦੇ ਰਹੇ ਹਨ। ਉਹ ਸਰੀ ਕਮਿਊਨਿਟੀ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਦਾ ਕਮਿਊਨਿਟੀ ਸੇਵਾ ਦਾ ਵਿਆਪਕ ਪਿਛੋਕੜ, ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਲਈ ਜੀਵਨ ਭਰ ਵਕੀਲ ਰਹੇ ਹਨ। ਉਹ ਆਪਣੀ ਪਤਨੀ ਰਾਜਵਿੰਦਰ ਨਾਲ ਸਰੀ ਰਹਿੰਦੇ ਹਨ। ਉਨ੍ਹਾਂ ਦੇ ਦੋ ਬੱਚੇ ਕੁੱਲਪ੍ਰੀਤ ਅਤੇ ਜੈਸਮੀਨ ਹਨ। ਰਚਨਾ ਸਿੰਘ ਸਿਖਿਆ ਮੰਤਰੀ ਪੰਜਾਬ ਵਿੱਚ ਜਗਰਾਉਂ ਨੇੜੇੇ ਪਿੰਡ ਭੰਮੀਪੁਰਾ ਨਾਲ ਸੰਬੰਧ ਰਖਦੇ ਹਨ। ਉਹ ਪੰਜਾਬੀ ਦੇ ਵਿਦਵਾਨ ਪ੍ਰੋ.ਰਘਬੀਰ ਸਿੰਘ ਸਿਰਜਣਾ ਰਸਾਲੇ ਦੇ ਸੰਪਾਦਕ ਦੀ ਧੀ ਹਨ। ਰਚਨਾ ਸਿੰਘ 2001 ਵਿੱਚ ਕੈਨੇਡਾ ਆਏ ਸਨ। 2017 ਵਿੱਚ ਪਹਿਲੀ ਵਾਰ ਰਚਨਾ ਸਿੰਘ ਸਰੀ ਗਰੀਨ ਟਿੰਬ੍ਰਜ਼ ਲਈ ਬੀ.ਸੀ.ਨਿਊ ਡੈਮੋਕਰੈਟਿਕ ਪਾਰਟੀ ਦੇ ਵਿਧਾਇਕ ਬਣੇ ਸਨ। ਅਕਤੂਬਰ 2020 ਵਿੱਚ ਦੁਬਾਰਾ ਚੁਣੀ ਗਈ ਸੀ। ਨਸਲਵਾਦ ਵਿਰੋਧੀ ਪਹਿਲਕਦਮੀਆਂ ਦੇ ਸੰਸਦੀ ਸਕੱਤਰ ਵਜੋਂ ਸੇਵਾ ਕੀਤੀ ਹੈ। ਉਨ੍ਹਾਂ ਨੇ ਡਰੱਗ ਅਤੇ ਅਲਕੋਹਲ ਤੋਂ ਪ੍ਰਭਾਵਤ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਇਕ ਸਹਾਇਕ ਵਰਕਰ ਅਤੇ ਇੱਕ ਕਮਿਊਨਿਟੀ ਕਾਰਕੁਨ ਵਜੋਂ ਕੰਮ ਕੀਤਾ। ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦਾ ਪਤੀ ਗੁਰਪ੍ਰੀਤ ਸਿੰਘ ਨਾਮਵਰ ਪੱਤਰਕਾਰ ਹਨ। ਜਗਰੂਪ ਸਿੰਘ ਬਰਾੜ ਵਿਓਪਾਰ ਰਾਜ ਮੰਤਰੀ ਬਠਿੰਡਾ ਜਿਲ੍ਹੇ ਦੇ ਦਿਓਣ ਪਿੰਡ ਨਾਲ ਸੰਬੰਧਤ ਹਨ। ਉਹ ਪਹਿਲੀ ਵਾਰ 2004 ਵਿੱਚ ਸਰੀ ਵਿੱਚ ਵਿਧਾਇਕ ਬਣੇ ਅਤੇ 2013 ਤੱਕ ਸੇਵਾ ਕਰਦੇ ਰਹੇ। 2017 ਅਤੇ 2020 ਵਿੱਚ ਸਰੀ-ਫਲੀਟਵੁੱਡ ਹਲਕੇ ਦੇ ਵਿਧਾਇਕ ਦੁਬਾਰਾ ਚੁਣੇ ਗਏ। ਉਹ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਦਾ ਖਿਡਾਰੀ ਰਿਹਾ ਹੈ, ਉਹ ਐਮ.ਏ. ਫਿਲਾਸਫੀ ਹਨ। ਫਿਰ ਉਹ ਐਮ.ਏ ਪਬਲਿਕ ਐਡਮਨਿਸਟਰੇਸ਼ਨ ਦੀ ਪੜ੍ਹਾਈ ਕਰਨ ਲਈ ਕੈਨੇਡਾ ਆ ਗਿਆ ਅਤੇ ਮੈਨੀਟੋਬਾ ਯੂਨੀਵਰਸਿਟੀ ਤੋਂ ਡਿਗਰੀ ਪਾਸ ਕੀਤੀ ਹੈ। ਉਨ੍ਹਾਂ ਜਨਤਕ ਅਤੇ ਗ਼ੈਰ ਲਾਭਕਾਰੀ ਖੇਤਰਾਂ ਵਿੱਚ ਇੱਕ ਦਹਾਕਾ ਤੋਂ ਵੱਧ ਸਮਾਂ ਕੰਮ ਕੀਤਾ। ਉਹ ਸਰੀ ਵਿੱਚ ਕਈ ਸਾਲਾਂ ਤੋਂ ਸਰਗਰਮ ਹੈ। ਉਹ ਇੱਕ ਸਮਰਪਿਤ ਸਥਾਨਿਕ ਵਾਲੰਟੀਅਰ ਹੈ, ਜੋ ਨੌਜਵਾਨਾਂ, ਬਜ਼ੁਰਗਾਂ, ਬੇਘਰਿਆਂ ਅਤੇ ਨਵੇਂ ਕੈਨੇਡੀਅਨ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨਾਲ ਕੰਮ ਕਰਦੇ ਰਹੇ ਹਨ। ਜਗਰੂਪ ਸਿੰਘ ਬਰਾੜ ਨਿਮਨ ਵਰਗ ਦੇ ਲੋਕਾਂ ਦੇ ਵਕੀਲ, ਗ਼ਰੀਬੀ ਹੰਢਾਅ ਰਹੇ ਲੋਕਾਂ ਦੀ ਭਲਾਈ ਹਿਤ ਕਾਰਜ਼ਸ਼ੀਲ ਹਨ। ਜਗਰੂਪ ਬਰਾੜ ਆਪਣੀ ਪਤਨੀ ਰਾਜਵੰਤ ਬਰਾੜ ਅਤੇ ਦੋ ਬੱਚਿਆਂ ਨੂਰ ਅਤੇ ਫਤਿਹ ਨਾਲ ਸਰੀ ਵਿੱਚ ਰਹਿੰਦਾ ਹੈ। ਅਮਨਦੀਪ ਸਿੰਘ 2020 ਵਿੱਚ ਰਿਚਮੰਡ-ਕਵੀਨਜ਼ਬਰੋ ਤੋਂ ਵਿਧਾਇਕ ਚੁਣੇ ਗਏ। ਉਹ ਇੱਕ ਉਘੇ ਸਿਵਲ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਹਨ। ਬੀ.ਸੀ.ਪ੍ਰੋਵਿੰਸ਼ੀਅਲ ਅਤੇ ਸੁਪਰੀਮ ਕੋਰਟਾਂ ਅਤੇ ਬੀ.ਸੀ ਕੋਰਟ ਆਫ ਅਪੀਲ ਵਿੱਚ ਕਾਰਜ਼ਸ਼ੀਲ ਹਨ। ਉਹ ਇੱਕ ਸਮਾਜਿਕ ਤੌਰ ‘ਤੇ ਚੇਤੰਨ ਸਮਾਲ ਬਿਜਨੈਸਮੈਨ ਹਨ ਅਤੇ ਪ੍ਰੋ.ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਐਸੋਸੀਏਸ਼ਨ ਆਫ ਲੀਗਲ ਏਡ ਲਾਇਰਜ਼, ਸਿੱਖ ਕੈਡੇਟਸ ਸੋਸਾਇਟੀ ਫਰੈਂਡਜ਼, ਪੀਪਲਜ਼ ਲੀਗਲ ਐਜੂਕੇਸ਼ਨ ਸੋਸਾਇਟੀ ਦੇ ਸਰਗਰਮ ਵਰਕਰ ਹਨ ਅਤੇ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਨਸ਼ਿਆਂ ਅਤੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਅਤੇ ਪਰਿਵਾਰਾਂ ਨੂੰ ਦਰਪੇਸ਼ ਚੁਣੌਤੀਆਂ ਦੀ ਡੂੰਘੀ ਸਮਝ ਹੈ। ਅਮਨਦੀਪ ਸਿੰਘ ਦਾ ਜਨਮ ਭਾਰਤ ਵਿੱਚ ਅਤੇ ਪਾਲਣ ਪੋਸ਼ਣ ਹਾਂਗਕਾਂਗ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਰਿਚਮੰਡ ਵਿਖੇ ਰਹਿ ਰਹੇ ਹਨ। ਅਮਨਦੀਪ ਸਿੰਘ ਦੀ ਪਤਨੀ ਕੈਟਰੀਨਾ ਅਤੇ ਇਕ ਬੇਟੀ ਲੇਨੀ ਹੈ। ਹਰਵਿੰਦਰ ਸੰਧੂ ਪਾਲਮੈਂਟਰੀ ਸਕੱਤਰ 2020 ਵਿੱਚ ਵਰਨਨ-ਮੋਨਾਸ਼ੀ ਲਈ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਕੋਵਿਡ ਤੇ ਕੈਬਨਿਟ ਵਰਕਿੰਗ ਗਰੁਪ, ਪੁਲਿਸ ਐਕਟ ਵਿੱਚ ਸੁਧਾਰ ਕਰਨ ਲਈ ਵਿਸ਼ੇਸ਼ ਕਮੇਟੀ ਵਿਤ ਅਤੇ ਸਰਕਾਰੀ ਸੇਵਾਵਾਂ ਤ ਚੁਣੀ ਗਈ ਸਥਾਈ ਕਮੇਟੀ ਦੇ ਮੈਂਬਰ ਵਜੋਂ ਕੰਮ ਕੀਤਾ। ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਉਹ ਵਰਨਨ ਜੁਬਲੀ ਹਸਪਤਾਲ ਵਿੱਚ ਇੱਕ ਰਜਿਸਟਰਡ ਨਰਸ ਸਨ ਅਤੇ ਮਰੀਜ਼ਾਂ ਦੀ ਵੇਖ ਭਾਲ ਕੋਆਰਡੀਨੇਟਰ ਵਜੋਂ ਕੰਮ ਕਰਦੇ ਸਨ। ਬੀ.ਸੀ.ਨਰਸਜ਼ ਯੂਨੀਅਨ ਦੀ ਸਰਗਰਮ ਮੈਂਬਰ ਸਨ। ਬੀ.ਸੀ.ਨਰਸਜ਼ ਯੂਨੀਅਨ ਵਿੱਚ ਉਹ ਲੰਬਾ ਸਮਾਂ ਹੈਲਥ ਐਡਵੋਕੇਟ ਰਹੇ। ਆਪਣੇ ਪਹਿਲੇ ਪਤੀ ਸੈਮੀ ਦੀ ਕੈਂਸਰ ਨਾਲ ਮੌਤ ਹੋਣ ਤੋਂ ਬਾਅਦ ਆਪਣੀਆਂ ਛੋਟੀਆਂ ਬੇਟੀਆਂ ਨਾਲ ਵਰਨਨ ਜਾਣ ਤੋਂ ਪਹਿਲਾਂ 7 ਸਾਲਾਂ ਤੋਂ ਵੱਧ ਸਮੇਂ ਲਈ ਉਨ੍ਹਾਂ ਮਿੱਲਜ਼ ਮੈਮੋਰੀਅਲ ਹਸਪਤਾਲ ਟੇਰੇਸ ਵਿੱਚ ਕੰਮ ਕੀਤਾ। ਆਪਣੇ ਸਾਥੀ ਹੈਲਥਕੇਅਰ ਵਰਕਰ ਬਲਜੀਤ ਨਾਲ ਵਿਆਹ ਤੋਂ ਬਾਅਦ ਹਰਵਿੰਦਰ ਸੰਧੂ ਵਰਨਨ ਦੇ ਸੁੰਦਰ ਕਸਬੇ ਵਿੱਚ ਰਹਿ ਰਹੇ ਹਨ ਅਤੇ ਯੂਨੀਵਰਸਿਟੀ ਤੋਂ ਐਲੀਮੈਂਟਰੀ ਸਕੂਲ ਤੱਕ ਦੀ ਉਮਰ ਦੇ ਤਿੰਨ ਬੱਚਿਆਂ ਦਾ ਪਾਲਣ ਕਰ ਰਹੇ ਹਨ। ਇਹ ਸਾਰੇ ਸਿਆਸਤਦਾਨ ਆਪਣੀ ਬਿਹਤਰੀਨ ਕਾਰਗੁਜ਼ਾਰੀ ਕਰਕੇ ਜਾਣੇ ਜਾਂਦੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ - ਉਜਾਗਰ ਸਿੰਘ
ਕਮਲਜੀਤ ਸਿੰਘ ਬਨਵੈਤ ਪ੍ਰੌੜ੍ਹ ਪੱਤਰਕਾਰ ਅਤੇ ਸੰਜੀਦਾ ਵਿਸ਼ਿਆਂ ਦਾ ਖੋਜੀ ਲੇਖਕ ਹੈ। ਪੱਤਰਕਾਰ ਹੋਣ ਕਰਕੇ ਉਸ ਦਾ ਜ਼ਿੰਦਗੀ ਦਾ ਵਿਸ਼ਾਲ ਤਰਜ਼ਬਾ ਹੈ। ਉਸ ਦੀਆਂ ਹੁਣ ਤੱਕ 8 ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਸਮਰੱਥ ਕਾਲਮ ਨਵੀਸ ਵੀ ਹੈ। ਚਲੰਤ ਮਸਲਿਆਂ ‘ਤੇ ਉਸ ਦੇ ਜਾਣਕਾਰੀ ਭਰਪੂਰ ਲੇਖ ਪੰਜਾਬੀ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ। ਤਿੰਨ ਟੀ.ਵੀ.ਸੀਰੀਅਲ ਜੀ.ਟੀ.ਵੀ. ਲਈ ਲਿਖੇ ਸਨ। ਅੱਜ ਕਲ੍ਹ ਉਹ ਇਕ ਚੈਨਲ ‘ਤੇ ਪ੍ਰੋਗਰਾਮ ਵੀ ਕਰ ਰਿਹਾ ਹੈ। ‘ਅੱਧੇ ਪਾਗਲ ਹੋ ਜਾਈਏ’ ਪੁਸਤਕ ਵਿੱਚ ਉਸ ਦੇ 28 ਲੇਖ ਹਨ, ਜਿਹੜੇ ਸਮਾਜਿਕ ਮੁੱਦਿਆਂ ਦੀ ਤਰਜਮਾਨੀ ਕਰਦੇ ਹਨ। ਸਮਾਜ ਵਿੱਚ ਜੋ ਵਾਪਰ ਰਿਹਾ ਹੈ, ਉਸ ਨੂੰ ਉਹ ਆਪਣੇ ਲੇਖਾਂ ਦੇ ਵਿਸ਼ੇ ਬਣਾਉਂਦਾ ਹੈ। ਉਹ ਬਹੁਤ ਹੀ ਦਬੰਗ ਅਤੇ ਦਲੇਰ ਲੇਖਕ ਹੈ, ਜਿਹੜਾ ਹਰ ਸਮਾਜਿਕ ਬੁਰਿਆਈ ਦਾ ਪਰਦਾ ਫਾਸ਼ ਕਰਨ ਲੱਗਿਆਂ ਕਿਸੇ ਤੋਂ ਡਰਦਾ ਨਹੀਂ। ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ ‘ਤੇ ਲਿਖਣ ਲੱਗਿਆਂ ਉਨ੍ਹਾਂ ਨੂੰ ਲੋਕਾਈ ਦੇ ਮੁੱਦੇ ਬਣਾ ਦਿੰਦਾ ਹੈ। ਭਾਵ ਉਹ ਆਪਣੇ ਇਨ੍ਹਾਂ ਲੇਖਾਂ ਦੇ ਮਾਧਿਅਮ ਰਾਹੀਂ ਆਮ ਲੋਕਾਂ ਦੀ ਆਵਾਜ਼ ਬਣ ਰਿਹਾ ਹੈ। ਉਸ ਦੇ ਇਸ ਪੁਸਤਕ ਵਿਚਲੇ ਲੇਖ ਨਿੱਜੀ ਤਜ਼ਰਬਿਆਂ ‘ਤੇ ਅਧਾਰਤ ਹਨ ਪ੍ਰੰਤੂ ਜੋ ਸਮਾਜ ਵਿੱਚ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਬਾਰੇ ਵੀ ਬੜੀ ਬਾਰੀਕੀ ਨਾਲ ਲਿਖਦਾ ਹੈ। ਉਸ ਦੇ ਲੇਖ ਦੇ ਅਖ਼ੀਰਲੇ ਪਹਿਰੇ ਵਿੱਚ ਸਾਰੇ ਲੇਖ ਦਾ ਤੱਤ ਕੱਢਿਆ ਹੁੰਦਾ ਹੈ। ਇਸ ਪੁਸਤਕ ਦੇ ਪਹਿਲੇ ਹੀ ਲੇਖ ‘ਕਿਹੜਾ ਅੰਬਾਨੀ, ਕੌਣ ਅਡਾਨੀ’ ਰਾਹੀਂ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਮੀਰ ਲੋਕਾਂ ਦੀ ਕਦੀ ਵੀ ਇੱਛਾ ਪੂਰੀ ਨਹੀਂ ਹੁੰਦੀ, ਭਾਵੇਂ ਉਹ ਕਿਤਨੇ ਹੀ ਅਮੀਰ ਹੋ ਜਾਣ ਪਰੰਤੂ ਇਸ ਦੇ ਬਿਲਕੁਲ ਉਲਟ ਆਮ ਗ਼ਰੀਬ ਲੋਕ ਜਿਤਨਾ ਵੀ ਪੈਸਾ ਉਨ੍ਹਾਂ ਕੋਲ ਹੈ, ਉਹ ਉਸ ਨਾਲ ਹੀ ਸੰਤੁਸ਼ਟ ਹਨ। ‘ਸਟੇਟਸ’ ਲੇਖ ਵਿੱਚ ਉਹ ਦਰਸਾ ਰਿਹਾ ਹੈ ਕਿ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਕਿੱਤਾ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ, ਪਰੰਤੂ ਸਭ ਕੁਝ ਇਨਸਾਨ ਦੀ ਸੋਚ ਤੇ ਨਿਰਭਰ ਕਰਦਾ ਹੈ। ਇਨਸਾਨ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ‘ਆਸ ਪਿਆਸੀ’ ਲੇਖ ਵਿੱਚ ਬਜ਼ੁਰਗਾਂ ਦੀ ਉਨ੍ਹਾਂ ਦੇ ਬੱਚਿਆਂ ਵੱਲੋਂ ਕੀਤੀ ਜਾ ਰਹੀ ਅਣਵੇਖੀ ਦੀ ਤਸਵੀਰ ਖਿਚ ਕੇ ਰੱਖ ਦਿੱਤੀ। ਬਜੁਰਗ ਸਾਰੀ ਉਮਰ ਮਿਹਨਤ ਕਰਕੇ ਪਰਿਵਾਰ ਦੀ ਬਿਹਤਰੀ ਲਈ ਕੰਮ ਕਰਦੇ ਹਨ ਪਰੰਤੂ ਬੱਚੇ ਉਨ੍ਹ ਦੀ ਔਕਾਤ ਦਾ ਅੰਦਾਜ਼ਾ ਪਹਿਰਾਵਾ ਅਤੇ ਜੀਵਨ ਸ਼ੈਲੀ ਤੋਂ ਲਾ ਕੇ ਭੁਲੇਖੇ ਵਿੱਚ ਰਹਿੰਦੇ ਹਨ। ‘ਕੋਟਾ’ ਲੇਖ ਵਿੱਚ ਲੇਖਕ ਦਸਦਾ ਹੈ ਕਿ ਮਾਪੇ ਸਾਧਾਰਨ ਸਕੂਲਾਂ ਵਿੱਚ ਪੜ੍ਹਕੇ ਸਫਲ ਹੁੰਦੇ ਰਹੇ ਹਨ ਪਰੰਤੂ ਅੱਜ ਕਲ੍ਹ ਦੇ ਬੱਚੇ ਵੱਡੇ ਸਕੂਲਾਂ, ਵਧੇਰੇ ਫੀਸਾਂ ਦੇ ਚਕਰਾਂ ਵਿੱਚ ਪੈ ਕੇ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਕਮਜ਼ੋਰੀ ਲਿਆ ਦਿੰਦੇ ਹਨ। ਮਾਪੇ ਦਾਖ਼ਲੇ ਲਈ ਸਿਫਾਰਸ਼ ਅਤੇ ਡੋਨੇਸ਼ਨ ਦੇ ਕੇ ਵੀ ਮਠਿਆਈਆਂ ਵੰਡਦੇ ਹਨ। ‘ਪਰੌਨ ਮਸਾਲਾ’ ਲੇਖ ਬੜੇ ਹੀ ਸੰਵੇਦਸ਼ੀਲ ਵਿਸ਼ੇ ‘ਤੇ ਹੈ ਜਦੋਂ ਕਰੋਨਾ ਵਿੱਚ ਗ਼ਰੀਬਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ ਤਾਂ ਘਨ ਸ਼ਾਮ ਨੌਕਰ ਨੂੰ ਉਸ ਦੇ ਮਾਲਕ ਨੇ ਨੌਕਰੀ ਦਿਵਾ ਦਿੱਤੀ। ਨੌਕਰਾਂ ਨਾਲ ਜੋ ਮਾਲਕਾਂ ਦਾ ਵਿਵਹਾਰ ਹੁੰਦਾ ਹੈ, ਉਹ ਵੀ ਵਿਖਾ ਦਿੱਤਾ। ਨੌਕਰਾਂ ਦੇ ਬੱਚੇ ਭੁੱਖ ਨਾਲ ਤੜਪਦੇ ਰਹਿੰਦੇ ਹਨ ਅਤੇ ਮਾਲਕ ਉਸੇ ਘਰ ਵਿੱਚ ਸਵਾਦਿਸ਼ਟ ਭੋਜਨ ਦਾ ਆਨੰਦ ਮਾਣਦੇ ਹਨ। ‘ਲੰਗਰ ਬਾਬਾ’ ਸਮਾਜ ਸੇਵਾ ਦਾ ਨਮੂਨਾ ਹੈ, ਜਿਸ ਨੇ ਆਪਣੇ ਬੱਚੇ ਦੇ ਅੰਗ ਦਾਨ ਅਤੇ ਲੰਗਰ ਦੀ ਸੇਵਾ ਕਰਕੇ ਮਾਨਵਤਾ ਦੀ ਅਹਿਮੀਅਤ ਨੂੰ ਸਮਝਿਆ ਹੈ। ‘ਮਿਸ਼ਨ ਫਤਿਹ’ ਲੇਖ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਹੈ, ਉਸ ਸਮੇਂ ਪਾਰਟੀਆਂ ਬਦਲਕੇ ਚੋਣ ਲੜਨ ਵਾਲੇ ਉਮੀਦਵਾਰਾਂ ਬਾਰੇ ਦੱਸਿਆ ਗਿਆ ਹੈ। ‘ਆਪਣਾ ਘਰ’ ਸਮਾਜ ਸੇਵਾ ਦਾ ਵਿਲੱਖਣ ਨਮੂਨਾ ਹੈ। ਦਸਵੰਦ ਦੀ ਪ੍ਰਥਾ ਪੰਜਾਬੀਆਂ ਦੇ ਦਿਲ ਤੇ ਦਿਮਾਗ ਵਿੱਚ ਬੈਠੀ ਹੋਈ ਹੈ, ਜਿਸ ਦਾ ਗ਼ਰੀਬ ਅਤੇ ਆਮ ਲੋਕਾਂ ਨੂੰ ਲਾਭ ਮਿਲਦਾ ਹੈ। ‘ਹੱਕਾਂ ਦਾ ਰਾਖਾ’ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਕਾਰਗੁਜ਼ਾਰੀ ਦਾ ਪਰਦਾ ਫਾਸ਼ ਕਰਦਾ ਹੈ ਕਿ ਕਿਵੇਂ ਉਹ ਲੋਕ ਹਿੱਤਾਂ ‘ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ‘ਹਰ ਹੱਥ ਕਲਮ’ ਬਹੁਤ ਹੀ ਭਾਵਨਾਤਮਿਕ ਲੇਖ ਹੈ, ਜਿਸ ਵਿੱਚ ਕਿਸਾਨ ਅੰਦੋਲਨ ਦੌਰਾਨ ਇਕ ਲੜਕੀ ਵੱਲੋਂ ਆਪਣੇ ਆਪ ਨੂੰ ਗ਼ਰੀਬ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿਖ ਲਈ ਸਮਾਜ ਸੇਵਾ ਕਰਨ ਦਾ ਬੀੜਾ ਚੁਕਿਆ ਗਿਆ ਹੈ। ‘ਕਾਂਗੜੀ’ ਲੇਖ ਵੀ ਬਹੁਤ ਹੀ ਸੰਜੀਦਾ ਵਿਸ਼ੇ ਨਸ਼ੇ, ਸਰਕਾਰ ਦੀ ਅਣਗਹਿਲੀ ਅਤੇ ਪਿਤਰੀ ਪਿਆਰ ਦੀ ਤਸਵੀਰ ਪੇਸ਼ ਕਰਦਾ ਹੈ। ਇਸੇ ਤਰ੍ਹਾਂ ‘ਗੁਰੂ ਦੀ ਰਸੋਈ’ ਪ੍ਰਵਾਸੀ ਅਤੇ ਦੇਸ਼ ਵਾਸੀਆਂ ਵੱਲੋਂ ਸਮਾਜ ਸੇਵਾ ਦਾ ਕਾਰਜ਼ ਸ਼ੁਰੂ ਕਰਕੇ ਗ਼ਰੀਬ ਲੋਕਾਂ ਦੇ ਹਿੱਤਾਂ ‘ਤੇ ਪਹਿਰਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ‘ਤੀਜ ਤਿਓਹਾਰ’ ਲੇਖ ਵਿੱਚ ਪਿੰਡਾਂ ਦੀ ਮਹਿਮਾਨ ਨਿਵਾਜ਼ੀ, ਮੰਗਤਿਆਂ ਦੀ ਆਧੁਨਿਕ ਤਕਨੀਕ ਅਤੇ ਲੋੜਵੰਦਾਂ ਦੀ ਮਦਦ ਬਾਰੇ ਵਿਲੱਖਣ ਵਿਚਾਰ ਦੱਸੇ ਗਏ ਹਨ। ‘ਹਮ ਲੋਗ’ ਲੇਖ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਬਾਰੇ ਦੱਸਿਆ ਗਿਆ ਹੈ ਕਿ ਉਹ ਸ਼ਾਂਤੀ ਚਾਹੁੰਦੇ ਹਨ ਪਰੰਤੂ ਸਰਕਾਰਾਂ ਸਿਆਸਤ ਕਰ ਰਹੀਆਂ ਹਨ। ‘ਰਿਟਰਨ ਗਿਫ਼ਟ’ ਲੇਖ ਵਿੱਚ ਵਰਤਮਾਨ ਸਮਾਜਿਕ ਵਾਤਾਵਰਨ ਵਿੱਚ ਲੜਕੀਆਂ, ਲੜਕਿਆਂ ਨਾਲੋਂ ਮਾਪਿਆਂ ਬਿਹਤਰੀਨ ਮਦਦਗਾਰ ਸਾਬਤ ਹੋ ਸਕਦੀਆਂ ਹਨ। ‘ਗੋਸ਼ਟੀ ਕਰਾਉਣ ਦਾ ਚੱਜ’ ਲੇਖ ਵਿੱਚ ਬਨਵੈਤ ਨੇ ਸਾਹਿਤਕਾਰਾਂ ਦੀ ਮਾਨਸਿਕਤਾ ਦੇ ਖੋਖਲੇਪਨ ਦਾ ਪਰਦਾ ਫਾਸ਼ ਕਰ ਦਿੱਤਾ ਹੈ। ‘ਮਿੱਠਾ’ ਲੇਖ ਮਰਦਾਂ ਦੀ ਔਰਤ ਪ੍ਰਤੀ ਮਾਨਸਿਕਤਾ ਦਾ ਸਬੂਤ ਹੈ। ‘ਅਮਲੀ ਦੀ ਪਿਆਰੋ’ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਮਿਹਨਤ ਹਰ ਮੁਸ਼ਕਲ ਸਮੱਸਿਆ ਦਾ ਹਲ ਕਰ ਸਕਦੀ ਹੈ। ਇਸ ਦੇ ਨਾਲ ਇਨਸਾਨ ਨੂੰ ਸਮਾਜ ਵਿੱਚ ਵਿਚਰਣ ਦਾ ਸਲੀਕਾ ਹੋਣਾ ਚਾਹੀਦਾ ਹੈ। ‘ਚੈਰੀ ਆਂਟੀ’ ਵਿੱਚ ਲੇਖਕ ਨੇ ਦੱਸਿਆ ਹੈ ਕਿ ਜੇਕਰ ਨੌਜਵਾਨਾ ਨੂੰ ਆਪਣੀ ਜ਼ਿੰਦਗੀ ਦਾ ਆਨੰਦ ਮਾਨਣ ਦਾ ਹੱਕ ਹੈ ਤਾਂ ਬਜ਼ੁਰਗਾਂ ਨੂੰ ਕਿਉਂ ਨਹੀਂ? ਅਜੋਕੇ ਦੌਰ ਵਿੱਚ ਬੱਚੇ ਮਾਪਿਆਂ ਨੂੰ ਅਣਡਿਠ ਕਰ ਰਹੇ ਹਨ, ਮਾਪਿਆਂ ਨੂੰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ‘ਚਿੜੀ ਦੀ ਚੁੰਝ’ ਵਿੱਚ ਦਰਸਾਇਆ ਗਿਆ ਹੈ ਕਿ ਪ੍ਰਾਈਵੇਟ ਹਸਪਤਾਲ ਵਿਓਪਾਰਕ ਅਦਾਰੇ ਬਣ ਗਏ ਹਨ। ਸਰਕਾਰੀ ਹਸਪਤਾਲ ਪ੍ਰਾਈਵੇਟ ਨਾਲੋਂ ਬਿਹਤਰੀਨ ਸਹੂਲਤਾਂ ਦੇ ਸਕਦੇ ਹਨ ਬਸ਼ਰਤੇ ਕਿ ਸਰਕਾਰ ਜਾਂ ਡਾ.ਸ਼ਰਮਾ ਵਰਗੇ ਦਾਨੀ ਸੱਜਣ ਮਦਦ ਕਰਨ। ਇਸ ਤੋਂ ਅਗਲਾ ਲੇਖ ‘ਖ਼ਾਸ ਬੰਦਾ’ ਸਰਕਾਰੀ ਡਾਕਟਰਾਂ ਦੀ ਹਸਪਤਾਲ ਦੀਆਂ ਬਾਹਰਲੀਆਂ ਦੁਕਾਨਾ ਤੋਂ ਸਮਾਨ ਮੰਗਾਉਣ ਦੀ ਲੁੱਟ ਬਾਰੇ ਜਾਣਕਾਰੀ ਦੇ ਰਿਹਾ ਹੈ। ‘ਐਮ.ਐਲ.ਏ.ਨਹੀਂ ਡਾਕੀਆ’ ਲੇਖ ਵਿੱਚ ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵਿਧਾਨਕਾਰਾਂ ਦੇ ਫਰਜਾਂ ਬਾਰੇ ਦੱਸਿਆ ਹੈ। ਪਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਦੀ ਗ੍ਰਾਂਟ ਦਾ ਚੈਕ ਦੇਣ ਸਮੇਂ ਕਹਿੰਦੇ ਸਨ ਕਿ ਥੋੜ੍ਹਾ ਵਿਕਾਸ ‘ਤੇ ਵੀ ਲਾ ਦੇਣਾ। ਇਸ ਦਾ ਅਰਥ ਇਹ ਹੁੰਦਾ ਸੀ ਕਿ ਉਹ ਘੱਟ ਭਰਿਸ਼ਟਾਚਾਰ ਕਰਨ। ਕੈਪਟਨ ਦੇ ਰਾਜ ਵਿੱਚ ਵਿਧਾਨਕਾਰ ਡਾਕੀਏ ਦਾ ਕੰਮ ਹੀ ਕਰਦੇ ਸਨ। ਲੋਕਾਂ ਦੀਆਂ ਅਰਜੀਆਂ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਦੇ ਦਿੰਦੇ ਸਨ। ‘ਲਾਲੇ ਦੀ ਸਿਆਹੀ’ ਲੇਖ ਗ਼ਰੀਬ ਲੋਕਾਂ ਵੱਲੋਂ ਵਿਆਜ਼ ਤੇ ਲਏ ਕਰਜ਼ੇ ਦੀ ਰਕਮ ਉਨ੍ਹਾਂ ਤੋਂ ਮੁੜਦੀ ਨਹੀਂ ਸਗੋਂ ਵਿਆਜ ਲੱਗ ਦੇ ਦੁਗਣੀ ਚੌਗੁਣੀ ਹੁੁੰਦੀ ਰਹਿੰਦੀ ਹੈ। ਵਿਆਜੂ ਪੈਸੇ ਦੇਣ ਵਾਲਿਆਂ ਵਿੱਚ ਇਨਸਾਨੀਅਤ ਹੀ ਨਹੀਂ ਹੁੰਦੀ। ‘ਬੁਲੀ’ ਸੇਵਾ ਮੁਕਤ ਅਧਿਕਾਰੀਆਂ ਦੀਆਂ ਗੱਲਾਂ ਦੇ ਆਧਾਰ ‘ਤੇ ਦੱਸਿਆ ਗਿਆ ਹੈ ਕਿ ਪੁਲਿਸ ਵਾਲੇ ਤਪਦੀਸ਼ ਕਰਨ ਸਮੇਂ ਥਰਡ ਡਿਗਰੀ ਢੰਗ ਤਾਂ ਵਰਤਦੇ ਹੀ ਹਨ ਪ੍ਰੰਤੂ ਜਿਥੋਂ ਪੈਸੇ ਮਿਲ ਜਾਣ ਉਥੇ ਢੰਗ ਬਦਲ ਲੈਂਦੇ ਹਨ। ਸਾਰੇ ਵਿਭਾਗਾਂ ਦੇ ਅਧਿਕਰੀ ਬਦਲਾਖੋਰੀ ਨਾਲ ਕੰਮ ਕਰਦੇ ਸਨ। ‘ਰੱਬ ਦਾ ਬੰਦਾ’ ਲੇਖ ਵਿੱਚ ਪੀ.ਜੀ.ਆਈ.ਵਿੱਚ ਮਰੀਜਾਂ ਦੀ ਭੀੜ ਅਤੇ ਖਾਸ ਤੌਰ ਤੇ ਕਿਡਨੀ ਵਿਭਾਗ ਵਿੱਚ ਮਰੀਜਾਂ ਦੇ ਵਾਰਸਾਂ ਦੇ ਟੈਸਟ ਕਿਡਨੀ ਬਦਲਣ ਲਈ ਨਾ ਮਿਲਣ ਕਰਕੇ ਰੁਲ ਰਹੇ ਹਨ। ਜੇਕਰ ਡਾ.ਸ਼ਰਮਾ ਦੀ ਤਰ੍ਹਾਂ ਹੋਰ ਡਾਕਟਰ ਵੀ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਆਪਸ ਵਿੱਚ ਇਕ ਦੂਜੇ ਦੇ ਮਰੀਜ ਲਈ ਗੁਰਦੇ ਦਾਨ ਕਰਨ ਲਈ ਤਿਆਰ ਕਰਵਾ ਲੈਣ ਜਿਨ੍ਹਾਂ ਦੇ ਟੈਸਟ ਮਿਲਦੇ ਹਨ ਤਾਂ ਸਾਰੇ ਮਸਲੇ ਹਲ ਹੋ ਸਕਦੇ ਹਨ। ਡਾਕਟਰ ਸ਼ਰਮਾ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਰੱਬ ਦੇ ਬੰਦੇ ਕਹਿੰਦੇ ਹਨ। ‘ਬੇਬੇ, ਤੂੰ ਭੁੱਲਦੀ ਨੀ’ ਵਿੱਚ ਇਹ ਦੱਸਿਆ ਗਿਅ ਹੈ ਕਿ ਪੜ੍ਹੇ ਲਿਖੇ ਬੱਚੇ ਬਾਹਰ ਨੌਕਰੀਆਂ ਕਰਨ ਚਲੇ ਜਾਂਦੇ ਹਨ ਤੇ ਮਾਪੇ ਇਕਲਾਪਾ ਹੰਢਾਉਂਦੇ ਹਨ। ਵੱਡੇ ਸ਼ਹਿਰਾਂ ਵਿੱਚ ਰਹਿਣ ਕਰਕੇ ਗੁਜ਼ਾਰੇ ਵੀ ਨਹੀਂ ਹੁੰਦੇ। ਜਿਨ੍ਹਾਂ ਦੇ ਬੱਚੇ ਪੜ੍ਹਦੇ ਨਹੀਂ ਉਹ ਮਾਪਿਆਂ ਦੇ ਕੋਲ ਰਹਿੰਦੇ ਹਨ ਤੇ ਘੱਟ ਤਨਖਾਹਾਂ ਨਾਲ ਗੁਜ਼ਾਰਾ ਕਰਕੇ ਵੀ ਖ਼ੁਸ਼ ਹੁੰਦੇ ਹਨ। ‘ਅੱਧੇ ਪਾਗਲ ਹੋ ਜਾਈਏ’ ਲੇਖ ਪਖੰਡੀ ਸਾਧਾਂ ਦਾ ਪਰਦਾ ਫਾਸ਼ ਕਰਦਾ ਹੋਇਆ, ਲੜਕੀਆਂ ਨੂੰ ਬੈਂਗ ‘ਤੇ ਸੌਣ ਵਾਲੀ ਔਰਤ ਦੀ ਤਰ੍ਹਾਂ ਜਿਸ ਨੂੰ ਅੱਧੀ ਪਾਗਲ ਕਹਿੰਦੇ ਹਨ, ਉਸ ਤੋਂ ਸਬਕ ਸਿੱਖ ਕੇ ਬਲਾਤਕਾਰ ਕਰਨ ਦੀ ਹਿੰਮਤ ਕਰਨ ਵਾਲੇ ਮਰਦਾਂ ਦਾ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀ ਹੈ।
104 ਪੰਨੇ 220 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ - ਉਜਾਗਰ ਸਿੰਘ
ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਜਿੱਤ ਤਾਂ ਗਈ ਹੈ ਪ੍ਰੰਤੂ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਕਰਨਾ ਸਰਵ ਭਾਰਤੀ ਕਾਂਗਰਸ ਕਮੇਟੀ ਲਈ ਟੇਡੀ ਖੀਰ ਸਾਬਤ ਹੋ ਸਕਦੀ ਹੈ। ਤਿੰਨ ਮਹਾਂਰਥੀਆਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਲਈ ਜਦੋਜਹਿਦ ਚਲ ਰਹੀ ਹੈ। ਮਰਹੂਮ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੀ ਸੁਪਤਨੀ ਮੰਡੀ ਤੋਂ ਲੋਕ ਸਭਾ ਦੀ ਮੈਂਬਰ ਸਭ ਤੋਂ ਵੱਡੀ ਦਾਅਵੇਦਾਰ ਸਮਝੀ ਜਾ ਰਹੀ ਹੈ ਪ੍ਰੰਤੂ ਉਹ ਵਿਧਾਨ ਸਭਾ ਦੀ ਮੈਂਬਰ ਨਹੀਂ। ਉਹ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਹੈ, ਇਸ ਲਈ ਉਨ੍ਹਾਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਦੇ ਪੱਖ ਵਿੱਚ ਵੀਰਭੱਦਰ ਸਿੰਘ ਦੇ ਵੱਡੀ ਗਿਣਤੀ ਵਿੱਚ ਜਿੱਤੇ ਸਮਰਥਕ ਵਿਧਾਨਕਾਰ ਹਨ, ਜਿਨ੍ਹਾਂ ਵਿੱਚ ਵੀਰਭੱਦਰ ਸਿੰਘ ਦਾ ਲੜਕਾ ਵਿਕਰਮਦਿੱਤਿਆ ਸਿੰਘ ਵੀ ਹੈ, ਜੋ ਸਿਮਲਾ ਦਿਹਾਤੀ ਤੋਂ ਵਿਧਾਨਕਾਰ ਚੁਣਿਆਂ ਗਿਆ ਹੈ। ਇਸ ਤੋਂ ਇਲਾਵਾ ਨਦੌਣ ਵਿਧਾਨ ਸਭਾ ਹਲਕੇ ਤੋਂ ਜਿੱਤੇ ਵਿਧਾਨਕਾਰ ਹਿਮਾਚਲ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁਖੂ ਅਤੇ ਕਾਂਗਰਸ ਪਾਰਟੀ ਦੇ ਹਿਮਾਚਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰੋਲੀ ਤੋਂ ਵਿਧਾਨਕਾਰ ਮੁਕੇਸ਼ ਅਗਨੀਹੋਤਰੀ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਹਨ। ਹੁਣ ਕਾਂਗਰਸ ਪਾਰਟੀ ਕਮਜ਼ੋਰ ਹੈ, ਇਸ ਲਈ ਮੁੱਖ ਮੰਤਰੀ ਵਿਧਾਨਕਾਰ ਤੋਂ ਬਿਨਾ ਬਾਹਰੋਂ ਠੋਸ ਨਹੀਂ ਸਕਦੀ। ਹਿਮਾਚਲ ਕਾਂਗਰਸ ਲੈਜਿਸਲੇਚਰ ਪਾਰਟੀ ਨੇ ਕਾਂਗਰਸ ਪ੍ਰਧਾਨ ਨੂੰ ਨੇਤਾ ਚੁਣਨ ਦੇ ਅਧਿਕਾਰ ਦੇ ਦਿੱਤੇ ਹਨ ਪ੍ਰੰਤੂ ਇਸ ਵਾਰ ਚੋਣ ਕਰਨੀ ਬਹੁਤ ਹੀ ਮੁਸ਼ਕਲ ਹੋਵੇਗੀ। ਜੇਕਰ ਵਿਧਾਨਕਾਰਾਂ ਤੋਂ ਬਾਹਰ ਦੀ ਸ਼੍ਰੀਮਤੀ ਪ੍ਰਤਿਭਾ ਸਿੰਘ ਨੂੰ ਚੁਣਿਆਂ ਤਾਂ ਰਾਜਸਥਾਨ ਦੀ ਤਰ੍ਹਾਂ ਬਗਾਬਤ ਦੀ ਸੰਭਾਵਨਾ ਵਧੇਰੇ ਹੈ। ਵੇਖਣ ਵਾਲੀ ਗੱਲ ਹੈ ਕਿ ਹਿਮਾਚਲ ਦਾ ਨਤੀਜਾ ਕਾਂਗਰਸ ਪਾਰਟੀ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗਾ ਜਾਂ ਪਾਰਟੀ ਵਿੱਚ ਅਸਥਿਰਤਾ ਪੈਦਾ ਕਰੇਗਾ? ਵੀਰ ਭੱਦਰ ਦਾ ਪਰਿਵਾਰ ਆਪਣੀ ਸਿਆਸੀ ਤਾਕਤ ਨਾਲ ਅਹੁਦੇ ਪ੍ਰਾਪਤ ਕਰਨ ਦਾ ਮਾਹਿਰ ਗਿਣਿਆਂ ਜਾਂਦਾ ਹੈ।
ਮਲਿਕ ਅਰਜਨ ਖੜਗੇ ਦੇ ਸਰਵ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾਵਾਂ ਅਤੇ ਕੁਝ ਉਪ ਚੋਣਾ ਹੋਈਆਂ ਹਨ। ਦੋਹਾਂ ਰਾਜਾਂ ਵਿੱਚੋਂ ਹਿਮਾਚਲ ਪ੍ਰਦੇਸ਼ ਅਤੇ ਅੱਧੀਆਂ ਨਾਲੋਂ ਵੱਧ ਉਪ ਚੋਣਾ ਕਾਂਗਰਸ ਪਾਰਟੀ ਨੇ ਜਿੱਤ ਲਈਆਂ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਕਾਂਗਰਸੀ ਨੇਤਾ ਨੇ ਮਲਿਕ ਅਰਜਨ ਖੜਕੇ ਨੂੰ ਚੋਣਾ ਜਿੱਤਣ ਦਾ ਸਿਹਰਾ ਨਹੀਂ ਦਿੱਤਾ। ਸ਼੍ਰੀਮਤੀ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੇ ਤਾਂ ਚੋਣ ਪ੍ਰਚਾਰ ਵਿੱਚ ਹਿੱਸਾ ਹੀ ਨਹੀਂ ਲਿਆ। ਗਾਂਧੀ ਪਰਿਵਾਰ ਵਿੱਚੋਂ ਸ਼੍ਰੀਮਤੀ ਪਿ੍ਰਅੰਕਾ ਗਾਂਧੀ ਛੁੱਟੀਆਂ ਕੱਟਣ ਲਈ ਹਿਮਾਚਲ ਆਏ ਸਨ ਤਾਂ ਉਨ੍ਹਾਂ ਨੇ ਕੁਝ ਕੁ ਚੋਣ ਰੈਲੀਆਂ ਹਿਮਾਚਲ ਪ੍ਰਦੇਸ਼ ਵਿੱਚ ਕੀਤੀਆਂ ਸਨ। ਅਚੰਭੇ ਦੀ ਗੱਲ ਹੈ ਕਿ ਹਿਮਾਚਲ ਦੀਆਂ ਚੋਣਾ ਜਿੱਤਣ ਦਾ ਸਿਹਰਾ ਸ਼੍ਰੀਮਤੀ ਪਿ੍ਰਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦਿੱਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਸਿਹਰਾ ਹਿਮਾਚਲ ਦੀ ਚੋਣ ਜਿੱਤਣ ਨੂੰ ਚਾਪਲੂਸ ਨੇਤਾ ਦੇ ਰਹੇ ਹਨ। ਇਨ੍ਹਾਂ ਬਿਆਨਾ ਤੋਂ ਇਉਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਚਾਪਲੂਸ ਨੇਤਾ ਕਾਂਗਰਸ ਨੂੰ ਗਾਂਧੀ ਪਰਿਵਾਰ ਤੋਂ ਬਾਹਰ ਨਿਕਲਣ ਨਹੀਂ ਦੇਣਗੇ। ਹਿਮਾਚਲ ਪ੍ਰਦੇਸ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਆਪਸੀ ਬੇਇਤਫਾਕੀ ਦੀ ਮਰੀਜ਼ ਕੌਮਾ ਵਿੱਚ ਪਈ ਕਾਂਗਰਸ ਲਈ ਆਕਸੀਜਨ ਦਾ ਕੰਮ ਕਰੇਗੀ ਕਿਉਂਕਿ ਘੱਟੋ ਘੱਟ ਇਹ ਕਹਿਣ ਜੋਗੇ ਤਾਂ ਹੋ ਗਏ ਹਨ ਕਿ ਕਾਂਗਰਸ ਹਿਮਾਚਲ ਵਿੱਚ ਜਿੱਤ ਗਈ ਹੈ। ਇਹ ਹੋ ਸਕਦਾ ਕਿ ਪੰਜਾਬ ਅਤੇ ਹਰਿਆਣਾ ਕਾਂਗਰਸ ਨੂੰ ਗੁਆਂਢੀ ਰਾਜ ਹੋਣ ਕਰਕੇ ਥੋੜ੍ਹਾਂ ਬਹੁਤ ਫਰਕ ਪੈ ਜਾਵੇ। ਹਿਮਾਚਲ ਵਿਧਾਨ ਸਭਾ ਦੀਆਂ 68 ਸੀਟਾਂ ਵਿੱਚੋਂ ਕਾਂਗਰਸ ਪਾਰਟੀ 40 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ 1985 ਤੋਂ ਲਗਾਤਾਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਉਤਰ ਕਾਟੋ ਮੈਂ ਚੜ੍ਹਾਂ ਦੀ ਸਿਆਸਤ ਕਰਕੇ ਵਾਰੋ ਵਾਰੀ ਰਾਜ ਭਾਗ ਦਾ ਆਨੰਦ ਮਾਣ ਰਹੀਆਂ ਹਨ। 1985 ਤੋਂ ਬਾਅਦ ਲਗਾਤਾਰ ਦੂਜੀ ਵਾਰ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਨਹਂੀ ਮਿਲਿਆ। ਸਿਰਫ 1998 ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਬਰਾਬਰ 31-31 ਸੀਟਾਂ ਮਿਲੀਆਂ ਸਨ। ਉਦੋਂ ਭਾਰਤੀ ਜਨਤਾ ਪਾਰਟੀ ਸੁਖ ਰਾਮ ਵਾਲੀ ਹਿਮਾਚਲ ਵਿਕਾਸ ਪਾਰਟੀ ਦੀਆਂ ਵਿਸਾਖੀਆਂ ਦੀ ਮਦਦ ਨਾਲ ਸਰਕਾਰ ਬਣਾ ਸਕੀ ਸੀ। ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ 25 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਆਮ ਆਦਮੀ ਪਾਰਟੀ ਨੇ 67 ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪ੍ਰੰਤੂ ਉਨ੍ਹਾਂ ਨੂੰ ਇਕ ਵੀ ਸੀਟ ‘ਤੇ ਜਿੱਤ ਨਸੀਬ ਨਹੀਂ ਹੋਈ। ਸਗੋਂ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਕਾਂਗਰਸ ਪਾਰਟੀ ਨੂੰ ਕੁਲ ਪੋਲ ਹੋਈਆਂ ਵੋਟਾਂ ਵਿੱਚੋਂ 43.9 ਫ਼ੀ ਸਦੀ ਵੋਟਾਂ ਪਈਆਂ ਹਨ ਜਦੋਂ ਕਿ 2017 ਵਿਚ 41.7 ਫ਼ੀ ਸਦੀ ਵੋਟਾਂ ਮਿਲੀਆਂ ਸਨ। ਇਸ ਵਾਰ ਕਾਂਗਰਸ ਪਾਰਟੀ ਨੇ 2 ਫ਼ੀ ਸਦੀ ਵੱਧ ਵੋਟਾਂ ਲਈਆਂ ਹਨ। ਭਾਰਤੀ ਜਨਤਾ ਪਾਰਟੀ ਨੂੰ 43 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ ਜਦੋਂ ਕਿ 2017 ਵਿੱਚ ਉਨ੍ਹਾਂ ਨੂੰ 48 ਫ਼ੀ ਸਦੀ ਵੋਟਾਂ ਮਿਲੀਆਂ ਸਨ। ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ 5 ਫ਼ੀ ਸਦੀ ਵੋਟਾਂ ਘੱਟ ਮਿਲੀਆਂ ਹਨ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਵੋਟਾਂ ਦੀ ਸਦੀ ਦਾ ਸਿਰਫ਼ .9 ਦਾ ਹੀ ਅੰਤਰ ਹੈ ਪ੍ਰੰਤੂ ਸੀਟਾਂ ਦਾ ਫਰਕ 15 ਹੈ। ਆਮ ਆਦਮੀ ਪਾਰਟੀ ਜਿਹੜੀ ਦਮਗਜੇ ਮਾਰਦੀ ਸੀ, ਉਸ ਨੂੰ ਸਿਰਫ਼ 1.1 ਫ਼ੀ ਸਦੀ ਵੋਟਾਂ ਪਈਆਂ ਹਨ। ਉਹ ਆਪਣਾ ਖਾਤਾ ਵੀ ਖੋਲ੍ਹ ਨਹੀਂ ਸਕੀ। ਕਾਂਗਰਸ ਪਾਰਟੀ ਦਾ ਗ੍ਰਾਫ ਪਿਛਲੇ ਕਈ ਸਾਲਾਂ ਤੋਂ ਡਿਗਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ‘ਤੇ ਪਰਿਵਾਰਵਾਦ ਦਾ ਦੋਸ਼ ਲੱਗ ਰਿਹਾ ਸੀ ਪ੍ਰੰਤੂ ਇਸ ਵਾਰ ਗਾਂਧੀ ਪਰਿਵਾਰ ਤੋਂ ਬਾਹਰ ਦਾ ਵਿਅਕਤੀ ਮਲਿਕ ਰਜਨ ਖੜਗੇ ਪ੍ਰਧਾਨ ਬਣਾਇਆ ਹੈ, ਸ਼ਾਇਦ ਇਸ ਦਾ ਲਾਭ ਕਾਂਗਰਸ ਪਾਰਟੀ ਨੂੰ ਮਿਲ ਗਿਆ ਹੋਵੇ। 1972 ਅਤੇ 1985 ਵਿੱਚ ਕਾਂਗਰਸ ਪਾਰਟੀ ਨੂੰ 50 ਫ਼ੀ ਸਦੀ ਅਤੇ 1993 ਵਿੱਚ 48.8 ਫੀ ਸਦੀ ਵੋਟਾਂ ਪੋਲ ਹੋਈਆਂ ਸਨ। 2003 ਵਿੱਚ ਕਾਂਗਰਸ ਪਾਰਟੀ ਨੂੰ 43 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ। ਕਾਂਗਰਸ ਪਾਰਟੀ ਦੀ ਦਿਗਜ਼ ਨੇਤਾ ਆਸ਼ਾ ਕੁਮਾਰੀ ਚੋਣ ਹਾਰ ਗਏ ਹਨ। ਭਾਰਤੀ ਜਨਤਾ ਪਾਰਟੀ ਦੇ 8 ਮੰਤਰੀ ਚੋਣ ਹਾਰ ਗਏ ਹਨ। ਹਮੀਰਪੁਰ ਜ਼ਿਲ੍ਹੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਪ੍ਰੇਮ ਕੁਮਾਰ ਧੂਮਲ ਅਤੇ ਸ਼ਾਂਤਾ ਕੁਮਾਰ ਦੋਵੇਂ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰ ਨੌਜਵਾਨ ਮੰਤਰੀ ਅਨੁਰਾਗ ਠਾਕੁਰ ਹਨ, ਇਨ੍ਹਾਂ ਦਿਗਜ਼ ਨੇਤਾਵਾਂ ਦੇ ਜਿਲ੍ਹੇ ਵਿੱਚੋਂ ਚਾਰ ਵਿਧਾਨ ਸਭਾ ਹਲਕਿਆਂ ਵਿੱਚੋਂ 2 ਵਿੱਚ ਚੋਣ ਹਾਰ ਗਏ ਹਨ। ਅਨੁਰਾਗ ਠਾਕੁਰ ਕੇਂਦਰੀ ਮੰਤਰੀ ਹਮੀਰਪੁਰ ਤੋਂ ਲੋਕ ਸਭਾ ਦੇ ਮੈਂਬਰ ਹਨ। ਜੇ.ਪੀ.ਨੱਢਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਬਿਲਾਸਪੁਰ ਜਿਲ੍ਹੇ ਵਿੱਚੋਂ ਵੀ ਕਾਂਗਰਸ ਪਾਰਟੀ ਚਾਰ ਸੀਟਾਂ ਵਿੱਚੋਂ ਦੋ ਹਲਕਿਆਂ ਤੋਂ ਚੋਣ ਜਿੱਤ ਗਈ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਦੇ ਦਿਗਜ਼ ਨੇਤਾਵਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ‘‘ਇਸ ਚੋਣ ਵਿੱਚ ਕੁਝ ਦਿਲਚਸਪ ਗੱਲਾਂ ਹੋਈਆਂ ਹਨ, ਸੋਲਨ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਧਨੀ ਰਾਮ ਸਾਂਦਲ ਅਤੇ ਉਨ੍ਹਾਂ ਦੇ ਜਵਾਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜੇਸ਼ ਕੈਸ਼ਪ ਵਿੱਚ ਫਸਵਾਂ ਮੁਕਾਬਲਾ ਹੋਇਆ ਅਤੇ ਧਨੀ ਰਾਮ ਸਾਂਦਲ ਆਪਣੇ ਜਵਾਈ ਨੂੰ ਹਰਾ ਕੇ ਵਿਧਾਨ ਸਭਾ ਲਈ ਚੁਣੇ ਗਏ ਹਨ। ਧਨੀ ਰਾਮ ਸਾਂਦਲ ਲੋਕ ਸਭਾ ਦੇ ਮੈਂਬਰ ਵੀ ਰਹੇ ਹਨ। ਪਹਿਲੀ ਵਾਰ ਚੋਣ ਲੜਿਆ ਤੇ ਪਹਿਲੀ ਵਾਰ ਹੀ ਚੁਣਿਆਂ ਗਿਆ ਕਾਂਗਰਸ ਪਾਰਟੀ ਦਾ ਉਮੀਦਵਾਰ ਚੇਤੰਨਿਆਂ ਸ਼ਰਮਾ ਸਿਰਫ 28 ਸਾਲ ਦਾ ਹੈ। ਵਿਧਾਨ ਸਭਾ ਵਿੱਚ ਉਹ ਸਭ ਤੋਂ ਘੱਟ ਉਮਰ ਹੈ। ਉਹ ਗਗਰੇਟ ਹਲਕੇ ਤੋਂ ਚੋਣ ਜਿਤਿਆ ਹੈ। ਇਸ ਵਾਰ ਸਿਰਫ ਇਕ ਔਰਤ ਹੀ ਚੋਣ ਜਿੱਤ ਸਕੀ ਹੈ, ਉਹ ਭਾਰਤੀ ਜਨਤਾ ਪਾਰਟੀ ਦੀ ਸਿਰਮੌਰ ਜ਼ਿਲ੍ਹੇ ਦੇ ਪਚਾਡ ਹਲਕੇ ਤੋਂ ਚੁਣੀ ਗਈ ਰੀਨਾ ਕੈਸ਼ਪ ਹੈ।’’ ਹਿਮਾਚਲ ਵਿੱਚ 99 ਆਜ਼ਾਦ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ 21 ਬਾਗੀ ਉਮੀਦਵਾਰ ਅਤੇ ਕਾਂਗਰਸ ਦੇ 12 ਬਾਗੀ ਸ਼ਾਮਲ ਹਨ। ਬੀ.ਜੇ.ਪੀ.ਦੇ ਬਾਗੀਆਂ ਨੇ ਪਾਰਟੀ ਦੀ ਬੇੜੀ ਵਿੱਚ ਵੱਟੇ ਪਾਏ ਹਨ, ਬਾਗੀਆਂ ਕਰਕੇ ਪਾਰਟੀ 8 ਸੀਟਾਂ ਤੇ ਚੋਣ ਹਾਰ ਗਈ। ਕਾਂਗਰਸ ਪਾਰਟੀ ਦੇ ਬਾਗੀਆਂ ਕਰਕੇ ਪਾਰਟੀ ਚਾਰ ਸੀਟਾਂ ਤੇ ਹਾਰ ਗਈ ਹੈ ਪ੍ਰੰਤੂ ਉਹ ਆਪ ਚੋਣ ਜਿੱਤ ਨਹੀਂ ਸਕੇ। ਹਿਮਚਲ ਵਿਧਾਨ ਸਭਾ ਵਿੱਚ 23 ਪਹਿਲੀ ਵਾਰ ਚੁਣੇ ਗਏ ਵਿਧਾਇਕ ਹਨ, ਜਿਨ੍ਹਾਂ ਵਿੱਚ 14 ਕਾਂਗਰਸ ਅਤੇ 8 ਬੀ.ਜੇ.ਪੀ. ਦੇ ਹਨ। 45 ਵਿਧਾਇਕ ਦੁਬਾਰਾ ਚੁਣੇ ਗਏ ਹਨ। ਹਿਮਾਚਲ ਪ੍ਰਦੇਸ ਦੀ ਚੋਣ ਦੇ ਜਿੱਤਣ ਨਾਲ ਸਿਰਫ ਤਿੰਨ ਰਾਜਾਂ ਛਤੀਸਗੜ੍ਹ, ਰਾਜਸਥਾਨ ਅਤੇ ਹਿਮਾਚਲ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ। 1993 ਵਿੱਚ ਮਰਹੂਮ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਹਿਮਾਚਲ ਦੀਆਂ ਚੋਣਾਂ ਦੇ ਕੇਂਦਰੀ ਕਾਂਗਰਸ ਵੱਲੋਂ ਇਨਚਾਰਜ ਸਨ, ਉਦੋਂ ਉਸ ਸਮੇਂ ਦੇ ਮੁੱਖ ਮੰਤਰੀ ਸ਼ਾਂਤਾ ਕੁਮਾਰ ਵੀ ਚੋਣ ਹਾਰ ਗਏ ਸਨ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ। ਇਸ ਵਾਰ ਸਰਵ ਭਾਰਤੀ ਕਾਂਗਰਸ ਦੇ ਹਿਮਾਚਲ ਦੇ ਇਨਚਾਰਜ ਰਾਜੀਵ ਸ਼ੁਕਲਾ, ਸ੍ਰ.ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ ਸੰਯੁਕਤ ਸਕੱਤਰ ਸਰਵ ਭਾਰਤੀ ਕਾਂਗਰਸ ਕਮੇਟੀ ਅਤੇ ਤਜਿੰਦਰ ਸਿੰਘ ਬਿੱਟੂ ਹਿਮਾਚਲ ਦੀਆਂ ਚੋਣਾਂ ਦੇ ਸਹਿ ਇਨਚਾਰਜ ਸਨ ਅਤੇ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
‘‘ਗੁਰ ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ’’ ਪੁਸਤਕ ਪੜਚੋਲ - ਉਜਾਗਰ ਸਿੰਘ
ਭਾਈ ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਸੰਪਾਦਿਤ ਕੀਤੀ ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ : ਭਾਈ ਧੰਨਾ ਸਿੰਘ ਚਹਿਲ ਪਟਿਆਲਵੀ’ ਇਕ ਅਮੋਲਕ ਖ਼ਜਾਨਾ ਹੈ। ਇਹ ਪੁਸਤਕ ਇਕ ਅਣਥੱਕ ਸਿੱਖ ਇਤਿਹਾਸ ਦੇ ਖੋਜੀ ਵਿਦਿਆਰਥੀ ਭਾਈ ਧੰਨਾ ਸਿੰਘ ਚਹਿਲ ਦੀ ਸਿੱਖ ਸੰਗਤ ਲਈ ਵਿਲੱਖਣ ਦੇਣ ਹੈ। ਭਾਈ ਚੇਤਨ ਸਿੰਘ ਨੇ ਬੇਸ਼ਕੀਮਤੀ ਖ਼ਜਾਨਾ ਲੱਭ ਕੇ ਪੰਜਾਬੀਆਂ ਦੀ ਝੋਲੀ ਵਿੱਚ ਪਾਇਆ ਹੈ। ਸਿੱਖ ਇਤਿਹਾਸ ਦੇ ਵਿਦਵਾਨ ਇਤਿਹਾਸਕਾਰ ਅਨੇਕ ਅਣਗੌਲੇ ਧਾਰਮਿਕ ਗੁਰਮੁੱਖ ਵਿਅਕਤੀਆਂ ਦੀਆਂ ਕੁਰਬਾਨੀਆਂ ਨੂੰ ਅਣਡਿਠ ਕਰਦੇ ਆ ਰਹੇ ਹਨ। ਖਾਸ ਤੌਰ ‘ਤੇ ਵੱਡੇ ਵਿਅਕਤੀਆਂ ਬਾਰੇ ਤਾਂ ਭਾਵੇਂ ਲਿਖਿਆ ਹੋਵੇ ਪਰੰਤੂ ਸੱਚੇ ਗੁਰਸਿੱਖ ਸ਼ਰਧਾਲੂਆਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂ ਦੇ ਲੇਖੇ ਲਾ ਦਿੱਤੀ ਹੋਵੇ। ਉਨ੍ਹਾਂ ਵਿੱਚ ਭਾਈ ਧੰਨਾ ਸਿੰਘ ਚਹਿਲ ਵੀ ਸ਼ਾਮਲ ਹੈ, ਜਿਹੜੇ 1930 ਤੋਂ 1934 ਤੱਕ 4 ਸਾਲ ਲਗਾਤਰ ਸਾਈਕਲ ‘ਤੇ ਸਵਾਰ ਹੋ ਕੇ ਸਿਦਕ ਦਿਲੀ ਨਾਲ ਭੁੱਖਣ ਭਾਣਾ 20,000 ਮੀਲ ਦੀ ਯਾਤਰਾ ਕਰਕੇ ਗੁਰ-ਅਸਥਾਨਾ ਬਾਰੇ ਜਾਣਕਾਰੀ ਇਕੱਠੀ ਕਰਦਾ ਰਿਹਾ। ਗੁਰ-ਅਸਥਾਨਾ ਦੀਆਂ ਤਸਵੀਰਾਂ ਖਿਚ ਕੇ ਸੰਭਾਲਦਾ ਗਿਆ ਤਾਂ ਜੋ ਅਣਗੌਲੇ ਗੁਰ-ਅਸਥਾਨਾ ਦੀ ਪੁਸਤਕ ਪ੍ਰਕਾਸ਼ਤ ਕਰਵਾਈ ਜਾ ਸਕੇ। ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਰਕੇ ਉਹ ਇਕ ਅਚਾਨਕ ਹੋਈ ਘਟਨਾ ਨਾਲ ਸਵਰਗ ਸਿਧਾਰ ਗਏ। ਪਰੰਤੂ ਇਨ੍ਹਾਂ ਚਾਰ ਸਾਲਾਂ ਵਿੱਚ ਜਿਹੜਾ ਕੰਮ ਭਾਈ ਧੰਨਾ ਸਿੰਘ ਨੇ ਕੀਤਾ ਹੈ, ਇਤਨਾ ਕੰਮ ਕੋਈ ਸੰਸਥਾ ਵੀ ਨਹੀਂ ਕਰ ਸਕਦੀ। ਭਾਈ ਧੰਨਾ ਸਿੰਘ ਚਹਿਲ ਲਗਨ ਅਤੇ ਦਿਲਚਸਪੀ ਨਾਲ ਕੰਮ ਕਰਦੇ ਰਹੇ। ਉਨ੍ਹਾਂ ਦੇ ਮਨ ਵਿੱਚ ਗੁਰੂ ਦਾ ਪਿਆਰ ਅਜਿਹਾ ਪੈਦਾ ਹੋਇਆ, ਜਿਸਨੇ ਉਸਨੂੰ ਹਿੰਮਤ, ਦਲੇਰੀ ਅਤੇ ਸਮੱਤ ਬਖ਼ਸ਼ੀ, ਜਿਸ ਕਰਕੇ ਉਹ ਲਗਾਤਾਰ ਅਨੇਕਾਂ ਮੁਸੀਬਤਾਂ ਦੇ ਹੁੰਦਿਆਂ ਵੀ ਗੁਰੂ ਘਰਾਂ ਦੀ ਯਾਤਰਾ ਕਰਦਾ ਰਿਹਾ। ਉਹ ਮਹਾਰਾਜਾ ਪਟਿਆਲਾ ਦੀ ਵਰਕਸ਼ਾਪ ਵਿੱਚ ਡਰਾਈਵਰ ਸੀ ਪਰੰਤੂ ਨੌਕਰੀ ਤੋਂ ਅਸਤੀਫ਼ਾ ਦੇ ਕੇ ਬੇਸ਼ਕੀਮਤੀ ਜਾਣਕਾਰੀ ਇਕੱਤਰ ਕਰਨ ਵਿੱਚ ਜੁੱਟ ਗਿਆ। ਹਰ ਇਤਿਹਾਸਿਕ ਗੁਰੂ ਘਰ ਬਾਰੇ ਆਪਣੀ ਡਾਇਰੀ ਵਿੱਚ ਲਿਖਦਾ ਰਿਹਾ। 25 ਰੁਪਏ ਲੈ ਕੇ ਪਟਿਆਲਾ ਤੋਂ ਯਾਤਰਾ ਸ਼ੁਰੂ ਕੀਤੀ ਸੀ। ਗੁਰਸਿੱਖਾਂ ਦੀ ਮਦਦ ਨਾਲ ਕੈਮਰਾ ਖ਼ਰੀਦਿਆ ਅਤੇ ਕੁਲ 900 ਰੁਪਏ ਵਿੱਚ ਸਮੁੱਚੇ ਭਾਰਤ ਦੇ 29 ਵਿੱਚੋਂ 20 ਸੂਬਿਆਂ ਦੇ ਗੁਰੂ ਘਰਾਂ ਦੀ ਯਾਤਰਾ ਕੀਤੀ। ਉਸ ਸਮੇਂ ਭਾਰਤ ਦੇ 29 ਸੂਬੇ ਹੀ ਸਨ। ਇਹ ਰਾਸ਼ੀ ਵੀ ਗੁਰੂ ਘਰ ਦੇ ਸ਼ਰਧਾਲੂਆਂ ਨੇ ਹੀ ਉਸ ਨੂੰ ਦਿੱਤੀ ਸੀ। ਕਈ ਵਾਰ ਰਸਤੇ ਵਿੱਚ ਅਸੁਰੱਖਿਅਤ ਥਾਵਾਂ ‘ਤੇ ਭੁੱਖਣ ਭਾਣਾ ਹੀ ਸੌਣਾ ਪੈਂਦਾ ਸੀ। ਜੰਗਲਾਂ ਵਿੱਚ ਜੰਗਲੀ ਜਾਨਵਰਾਂ ਤੋਂ ਡਰਦਿਆਂ ਦਰਖਤਾਂ ‘ਤੇ ਚੜ੍ਹਕੇ ਰਾਤ ਕੱਟਣੀ ਪੈਂਦੀ, ਕਈ ਵਾਰੀ ਸਰਾਵਾਂ ਵਿੱਚ ਠਹਿਰਨ ਲਈ ਪੈਸੇ ਵੀ ਨਹੀਂ ਹੁੰਦੇ ਸਨ। ਇਕ ਵਾਰ ਨਦੀ ਪਾਰ ਕਰਦਾ ਡੁੱਬਣ ਵੀ ਲੱਗਿਆ ਸੀ। ਸਾਰੀ ਯਾਤਰਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਮੁਕੰਮਲ ਕੀਤੀ। ਹੈਰਾਨੀ ਦੀ ਗੱਲ ਹੈ, ਉਸਨੇ ਉਸ ਹਰ ਦਾਨੀ ਦਾ ਨਾਂ ਆਪਣੀਆਂ ਡਾਇਰੀਆਂ ਵਿੱਚ ਲਿਖਿਆ ਸੀ, ਜਿਸ ਨੇ ਉਸਦੀ ਮਦਦ ਕੀਤੀ। ਇਨ੍ਹਾਂ 4 ਸਾਲਾਂ ਵਿੱਚ ਉਹ ਟਿਕ ਕੇ ਨਹੀਂ ਬੈਠਿਆ। ਸਾਈਕਲ ਦੀ ਮੁਰੰਮਤ ਦਾ ਸਾਰਾ ਸਾਮਾਨ ਅਤੇ ਬੀਮਾਰੀ ਨਾਲ ਸੰਬੰਧਤ ਦਵਾਈਆਂ ਵੀ ਆਪਣੇ ਨਾਲ ਰੱਖਦਾ ਸੀ। ਉਹ ਵਿਆਹਿਆ ਹੋਇਆ ਨਹੀਂ ਸੀ। ਹਰ ਰੋਜ਼ ਕਿਤਨੇ ਮੀਲ ਸਫਰ ਕੀਤਾ, ਕਿਥੇ ਠਹਿਰੇ ਅਤੇ ਕਿਸਨੂੰ ਮਿਲੇ, ਡਾਇਰੀ ਵਿੱਚ ਲਿਖਦੇ ਸੀ। ਉਨ੍ਹਾਂ ਦੀ ਇਕ ਹੋਰ ਕਮਾਲ ਦੀ ਗੱਲ ਸੀ ਕਿ ਉਹ ਤੁਲਨਾਤਮਿਕ ਖੋਜ ਕਰਦੇ ਸਨ। ਸੁਣੀ ਸੁਣਾਈ ਗੱਲ ‘ਤੇ ਵਿਸ਼ਵਾਸ਼ ਨਹੀਂ ਕਰਦੇ ਸਨ। ਜੇਕਰ ਕਿਸੇ ਗੁਰੂ ਘਰ ਬਾਰੇ ਜਾਣਕਾਰੀ ‘ਤੇ ਉਸ ਨੂੰ ਸ਼ੱਕ ਹੁੰਦਾ ਤਾਂ ਉਹ ਇਤਿਹਾਸ ਦੀਆਂ ਪੁਸਤਕਾਂ ਪੜ੍ਹਕੇ, ਉਨ੍ਹਾਂ ਤੋਂ ਕਨਫਰਮ ਕਰਦੇ ਸਨ। ਉਸਨੇ 3259 ਪੰਨਿਆਂ ਦੀਆਂ 8 ਡਾਇਰੀਆਂ ਲਿਖੀਆਂ। ਜਦੋਂ ਕੋਈ ਯਾਤਰਾ ਪੂਰੀ ਕਰਕੇ ਆਉਂਦਾ ਸੀ ਤਾਂ ਉਹ ਡਾਇਰੀ ਅਤੇ ਤਸਵੀਰਾਂ ਦੇ ਪਿ੍ਰੰਟ ਕਢਵਾ ਕੇ ਭਾਈ ਗੁਰਬਖ਼ਸ਼ ਸਿੰਘ ਦੇ ਘਰ ਪਟਿਆਲਾ ਰੱਖ ਜਾਂਦਾ ਸੀ। ਪਹਿਲੀ ਯਾਤਰਾ ਦੀ ਡਾਇਰੀ 11 ਮਾਰਚ 1930 ਤੋਂ 4 ਜੂਨ 1931 ਦੌਰਾਨ , ਦੂਜੀ 5 ਜੂਨ ਤੋਂ 10 ਸਤੰਬਰ ਤੱਕ, ਤੀਜੀ 11 ਸਤੰਬਰ ਤੋਂ 6 ਨਵੰਬਰ, ਚੌਥੀ 7 ਨਵੰਬਰ 1931 ਤੋਂ ਮਾਰਚ 1932, ਪੰਜਵੀਂ 23 ਮਾਰਚ 1932 ਤੋਂ 4 ਜੁਲਾਈ ਤੱਕ, ਛੇਵੀਂ 5 ਜੁਲਾਈ ਤੋਂ 25 ਦਸੰਬਰ 1932 ਤੱਕ, ਸੱਤਵੀਂ 28 ਮਾਰਚ 1933 ਤੋਂ 13 ਜਨਵਰੀ 1934 ਤੱਕ ਅਤੇ ਅੱਠਵੀਂ ਆਖ਼ਰੀ ਯਾਤਰਾ ਪਹਾੜੀ ਇਲਾਕੇ ਦੀ ਹੋਣ ਕਰਕੇ ਪੈਦਲ 5 ਮਈ 1934 ਤੋਂ 26 ਜੂਨ 1934 ਤੱਕ ਕੀਤੀ ਸੀ। ਇਨ੍ਹਾਂ ਯਾਤਰਾਵਾਂ ਦੌਰਾਨ ਹਰ ਗੁਰੂ ਘਰ ਬਾਰੇ ਜਾਣਕਾਰੀ ਲਿਖੀ ਗਈ ਹੈ। ਇਹ ਜਾਣਕਾਰੀ ਅਤੇ ਤਸਵੀਰਾਂ ਲੈਣ ਸਮੇਂ ਕਈ ਥਾਵਾਂ ਤੇ ਪ੍ਰਬੰਧਕਾਂ ਅਤੇ ਲੋਕਾਂ ਨੇ ਝਗੜੇ ਵੀ ਕੀਤੇ। ਕਈ ਵਾਰ ਥਾਣੇ ਜਾਣਾ ਪਿਆ। ਕਈ ਗੁਰੂ ਘਰਾਂ ਵਿੱਚ ਪਈਆਂ ਪੁਰਾਤਨ ਬੀੜਾਂ ਦਾ ਵੀ, ਉਨ੍ਹਾਂ ਜ਼ਿਕਰ ਕੀਤਾ ਅਤੇ ਉਨ੍ਹਾਂ ਗੁਰੂ ਘਰਾਂ ਦੇ ਨਾਮ ਵੀ ਲਿਖੇ ਹਨ। ਉਨ੍ਹਾਂ ਨੇ ਅੰਦਾਜ਼ਨ 1600 ਗੁਰੂ ਘਰਾਂ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਕਲਮਬੱਧ ਕੀਤੀ। ਉਸ ਦੀਆਂ ਡਾਇਰੀਆਂ ਲੱਭਣ ਅਤੇ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਭਾਈ ਚੇਤਨ ਸਿੰਘ ਨੇ ਨਿਭਾਈ ਅਤੇ ਇਨ੍ਹਾਂ ਸਾਰੀਆਂ ਡਾਇਰੀਆਂ ਨੂੰ ਸੰਪਾਦਿਤ ਕਰਕੇ ਪੁਸਤਕ ਦਾ ਰੂਪ ਦਿੱਤਾ। ਸੰਪਾਦਕ ਦਾ ਕੰਮ ਬਹੁਤ ਔਖਾ ਸੀ ਪਰੰਤੂ ਚੇਤਨ ਸਿੰਘ ਦੀ ਦਿ੍ਰੜ੍ਹਤਾ ਨੇ ਸਾਰਾ ਕਾਰਜ ਨੇਪਰੇ ਚਾੜ੍ਹਿਆ। ਗੁਰਬਖ਼ਸ ਸਿੰਘ ਦੇ ਸਪੁੱਤਰ ਜਬਰਜੰਗ ਸਿੰਘ ਦੀ ਦਾਦ ਦੇਣੀ ਬਣਦੀ ਹੈ, ਜਿਨ੍ਹਾਂ 80 ਸਾਲ ਇਹ ਡਾਇਰੀਆਂ ਅਤੇ ਤਸਵੀਰਾਂ ਸਾਂਭ ਕੇ ਰੱਖੀਆਂ। ਹੁਣ ਤੱਕ ਜਿਤਨਾ ਕੁਝ ਮੈਂ ਪੜ੍ਹਿਆ ਹੈ, ਅੱਜ ਤੱਕ ਕਿਸੇ ਵੀ ਖੋਜੀ ਨੇ 1600 ਗੁਰੂ ਘਰਾਂ ਦੇ ਨਾ ਤਾਂ ਦਰਸ਼ਨ ਕੀਤੇ ਹਨ ਅਤੇ ਨਾ ਹੀ ਜਾਣਕਾਰੀ ਇਕ ਪੁਸਤਕ ਵਿੱਚ ਪ੍ਰਕਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਇਕ ਫੋਟੋਗ੍ਰਾਫਰ, ਪੱਤਰਕਾਰ, ਸਾਹਿਤਕਾਰ, ਮਕੈਨਿਕ ਅਤੇ ਇਤਿਹਾਸਕਾਰ ਸੀ। ਹਰ ਤਸਵੀਰ ਦੇ ਪਿਛੇ ਗੁਰੂ ਘਰ, ਸਥਾਨ, ਜਿਲ੍ਹਾ ਅਤੇ ਸੂਬੇ ਦਾ ਨਾਮ ਲਿਖਿਆ ਹੋਇਆ ਸੀ। ਪੁਸਤਕ ਵਿੱਚ ਜਿਸ ਤਾਰੀਖ ਨੂੰ ਪਹਿਲੀ ਯਾਤਰਾ ਸ਼ੁਰੂ ਕੀਤੀ ਹੈ ਤੋਂ ਅਖ਼ੀਰਲੀ ਯਾਤਰਾ ਤੱਕ ਹਰ ਰੋਜ ਜਿਹੜੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਦੀ ਸੂਚੀ ਅਤੇ ਸਫਲ ਮੀਲਾਂ ਵਿੱਚ ਲਿਖਿਆ ਹੋਇਆ ਹੈ। ਭਾਵ 1600 ਗੁਰੂ ਘਰਾਂ ਦੀ ਸੂਚੀ ਦਰਜ ਕੀਤੀ ਹੈ। ਹਰ ਰੋਜ ਵਾਪਰਨ ਵਾਲੀ ਹਰ ਘਟਨਾ ਵੀ ਦਰਜ ਕੀਤੀ ਹੈ। ਪੁਸਤਕ ਦੇ ਅਖ਼ੀਰ ਵਿੱਚ ਵੀ ਸਾਰੇ ਦਾਨੀ ਸੱਜਣਾ ਦੀ ਸੂਚੀ ਲਿਖੀ ਗਈ ਹੈ। ਇਹ ਸੂਚੀ ਸਥਾਨ ਮੁਤੱਲਕ ਹੈ। ਭਾਵ ਇਕ ਸਥਾਨ ‘ਤੇ ਜਿਤਨੇ ਦਾਨੀਆਂ ਨੇ ਮਦਦ ਕੀਤੀ ਹੈ, ਮਦਦ ਵਿੱਚ ਕਿਤਨੀ ਰਕਮ ਜਾਂ ਕੋਈ ਵਸਤੂ ਆਦਿ ਵੀ ਦਰਜ ਹਨ। ਸਾਰੇ ਗੁਰੂ ਘਰਾਂ ਦੀਆਂ ਤਸਵੀਰਾਂ ਨਹੀਂ ਲਗਾਈਆਂ ਗਈਆਂ ਕਿਉਂਕਿ ਕਈ ਗੁਰੂ ਘਰਾਂ ਦੀਆਂ ਇਮਾਰਤਾਂ ਚੰਗੀਆਂ ਨਹੀਂ ਸਨ। ਭਾਈ ਧੰਨਾ ਸਿੰਘ ਚਹਿਲ ਵੱਲੋਂ ਭਾਈ ਗੁਰਬਖ਼ਸ਼ ਸਿੰਘ ਨੂੰ ਲਿਖੀਆਂ ਗਈਆਂ ਚਿੱਠੀਆਂ ਵੀ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਕਈ ਤਸਵੀਰਾਂ ਦੇ ਨੈਗੇਟਿਵ ਵੀ ਮਿਲੇ ਸਨ।
ਭਾਈ ਧੰਨਾ ਸਿੰਘ ਦਾ ਜਨਮ 1905 ਵਿੱਚ ਹੋਇਆ ਸੀ। 3 ਮਾਰਚ 1935 ਨੂੰ 30 ਸਾਲਾਂ ਦੀ ਉਮਰ ਵਿੱਚ ਕਸ਼ਮੀਰ ਵਿੱਚ ਯਾਤਰਾ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ, ਫਿਰ ਉਨ੍ਹਾਂ ਨੂੰ ਮਹਾਰਾਜਾ ਪਟਿਆਲਾ ਦੇ ਯਤੀਮਖਾਨੇ ਵਿੱਚ ਭੇਜ ਦਿੱਤਾ ਗਿਆ। ਉਨ੍ਹਾਂ ਦਾ ਨਾਮ ਲਾਲ ਸਿੰਘ ਸੀ ਪਰੰਤੂ ਅੰਮਿ੍ਰਤ ਪਾਨ ਕਰਨ ਤੋਂ ਬਾਅਦ ਧੰਨਾ ਸਿੰਘ ਰੱਖਿਆ ਗਿਆ ਸੀ।
940 ਪੰਨਿਆਂ, ਰੰਗਦਾਰ ਤਸਵੀਰਾਂ ਅਤੇ 2000 ਰੁਪਏ ਭੇਟਾ ਵਾਲੀ ਇਹ ਪੁਸਤਕ ਯੂਰਪੀ ਪੰਜਾਬੀ ਸੱਥ ਵਾਲਸਾਲ ਬਤਾਨੀਆਂ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਦਲੀਪ ਸਿੰਘ ਉੱਪਲ ਦੀ ਸਵੈ-ਜੀਵਨੀ ਜਦੋਜਹਿਦ ਤੇ ਸਫਲਤਾ ਲਈ ਪ੍ਰੇਰਨਾ ਸ੍ਰੋਤ - ਉਜਾਗਰ ਸਿੰਘ
ਦਲੀਪ ਸਿੰਘ ਉੱਪਲ ਇਕ ਸਾਧਾਰਨ ਕਿਸਾਨ ਪਰਿਵਾਰ ਦੇ ਘਰ ਜਨਮ ਲੈ ਕੇ ਸਮਾਜਿਕ ਰੁਤਬਿਆਂ ਦੀਆਂ ਬੁਲੰਦੀਆਂ 'ਤੇ ਪਹੁੰਚਣ ਵਾਲਾ ਹਿੰਮਤੀ ਇਨਸਾਨ ਹੈ। ਇੱਕ ਆਮ ਵਿਅਕਤੀ ਲਈ ਆਪਣੀ ਮੰਜ਼ਲ ਸਰ ਕਰਨਾ ਵੀ ਵੱਡੀ ਉਪਲਭਦੀ ਹੁੰਦੀ ਹੈ, ਪ੍ਰੰਤੂ ਦੂਜਿਆਂ ਦੀ ਮਦਦ ਲਈ ਤੱਤਪਰ ਰਹਿਣਾ ਅਤੇ ਉਨ੍ਹਾਂ ਦੇ ਭਵਿਖ ਦੀ ਚਿੰਤਾ ਕਰਨਾ ਇਨਸਾਨ ਦਾ ਵਿਲੱਖਣ ਗੁਣ ਹੁੰਦਾ ਹੈ। ਦਲੀਪ ਸਿੰਘ ਉੱਪਲ ਇਸ ਗੁਣ ਦਾ ਮਾਲਕ ਹੈ। ਉਸ ਦੀ 'ਹਿੰਮਤ ਦੇ ਹਾਸਲ' (ਸਵੈ-ਜੀਵਨੀ) ਪੜ੍ਹਕੇ ਦਲੀਪ ਸਿੰਘ ਉੱਪਲ ਦੀ ਜ਼ਿੰਦਗੀ ਦੀਆਂ ਕਈ ਅਜਿਹੀਆਂ ਪਰਤਾਂ ਖੁਲ੍ਹੀਆਂ, ਜਿਨ੍ਹਾਂ ਨੂੰ ਇਨਸਾਨ ਲੋਕਾਂ ਨੂੰ ਦੱਸਣ ਤੋਂ ਗੁਰੇਜ਼ ਕਰਦਾ ਹੈ। ਉਸ ਨੇ ਸਵੈ-ਜੀਵਨੀ ਨੂੰ ਛੋਟੇ-ਛੋਟੇ ਪ੍ਰੰਤੂ ਦਿਲਚਸਪ 43 ਲੇਖਾਂ ਵਿੱਚ ਵੰਡਿਆ ਹੈ। ਸਵੈ-ਜੀਵਨੀਆਂ ਵਿੱਚ ਆਮ ਤੌਰ ਤੇ ਆਪਣੇ ਪ੍ਰਾਪਤ ਕੀਤੇ ਉੱਚੇ ਰੁਤਬਿਆਂ ਜਾਂ ਮਾਰੇ ਮਾਅਰਕਿਆਂ ਦਾ ਹੀ ਜ਼ਿਕਰ ਹੁੰਦਾ ਹੈ। ਆਪਣੇ ਪਰਿਵਾਰਾਂ ਦੇ ਨਿੱਜੀ ਰੁਤਬੇ ਜੇਕਰ ਵੱਡੇ ਨਾ ਹੋਣ ਤਾਂ ਉਨ੍ਹਾਂ ਨੂੰ ਲਕੋਇਆ ਜਾਂਦਾ ਹੈ। ਪ੍ਰੰਤੂ ਲੇਖਕ ਨੇ ਆਪਣੀ ਸਵੈ-ਜੀਵਨੀ ਵਿੱਚ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਦਾ ਜ਼ਿਕਰ ਕਰਦਿਆਂ ਆਪਣੇ ਪਰਿਵਾਰ ਨੂੰ ਬੱਕਰੀਆਂ ਚਾਰਨ ਵਾਲਾ ਪਰਿਵਾਰ ਲਿਖਿਆ ਹੈ। ਉਨ੍ਹਾਂ ਆਪਣੇ ਨਿੱਜੀ ਪਰਿਵਾਰਿਕ ਮਸਲੇ ਵੀ ਲਿਖੇ ਹਨ, ਜਿਹੜੇ ਵਾਧੂ ਲਗਦੇ ਹਨ। ਜਿਨ੍ਹਾਂ ਵਿੱਚ ਮਾਤਾ ਪਿਤਾ ਦੀ ਲੜਾਈ ਅਤੇ ਉਸ ਵਿੱਚ ਦਲੀਪ ਸਿੰਘ ਉੱਪਲ ਦੀ ਦਖ਼ਲਅੰਦਾਜ਼ੀ ਬਹੁਤੀ ਜਾਇਜ਼ ਨਹੀਂ ਲੱਗਦੀ। ਮਾਂ ਦੇ ਹੱਕ ਵਿੱਚ ਖਲੋਣਾ ਔਲਾਦ ਦਾ ਫ਼ਰਜ਼ ਬਣਦਾ ਹੈ ਪਰੰਤੂ ਬਾਪ ਨਾਲ ਦੁਰਵਿਵਹਾਰ ਸ਼ੋਭਾ ਨਹੀਂ ਦਿੰਦਾ। ਹਰ ਘਰ ਵਿੱਚ ਵਿਚਾਰਾਂ ਦਾ ਮਤਭੇਦ ਹੁੰਦਾ ਹੈ। ਉਸ ਨੂੰ ਉਸੇ ਤਰ੍ਹਾਂ ਲਿਖਣਾ ਵੀ ਦਲੀਪ ਸਿੰਘ ਉਪੱਲ ਦਾ ਹੀ ਹੌਸਲਾ ਤੇ ਵਰਤਾਰਾ ਹੈ। ਉਨ੍ਹਾਂ ਲਿਖਿਆ ਹੈ ਕਿ ਮਾਪਿਆਂ ਦੀ ਆਰਥਿਕ ਕਮਜ਼ੋਰੀ ਕਰਕੇ ਬਹੁਤੀ ਪੜ੍ਹਾਈ ਕਠਨਾਤਿਮਿਕ ਸਥਿਤੀਆਂ ਦੌਰਾਨ ਹੀ ਹੋਈ। ਕਈ ਮੀਲ ਸਕੂਲ ਪੈਦਲ ਜਾਣਾ ਪੈਂਦਾ ਸੀ। ਸਾਈਕਲ ਵੀ ਨਸੀਬ ਨਹੀਂ ਹੁੰਦਾ ਸੀ। ਸਰਦੀਆਂ ਵਿੱਚ ਪਾਉਣ ਲਈ ਗਰਮ ਕਪੜੇ ਨਹੀਂ ਮਿਲਦੇ ਸਨ। ਇਕ ਵਾਰ ਪੜ੍ਹਾਈ ਅੱਧ ਵਿਚਕਾਰ ਛੱਡਣੀ ਵੀ ਪਈ। ਆਪਣੀ ਪੜ੍ਹਾਈ ਜ਼ਾਰੀ ਰੱਖਣ ਲਈ ਮਦਦ ਕਰਨ ਵਾਲੇ ਪਰਿਵਾਰ ਦੀ ਮੱਝ ਲਈ ਪੱਠੇ ਵੱਢ ਕੇ ਲਿਆਉਣੇ। ਕਿਰਾਏ ਦੇ ਮਕਾਨ ਵਿੱਚ ਹੀਰ ਵਾਰਿਸ ਗਾਉਣ ਕਰਕੇ ਮਾਲਕ ਮਕਾਨ ਦਾ ਝਿੜਕਣਾ ਆਦਿ। ਦਸਵੀਂ ਤੋਂ ਬਾਅਦ ਬੀ.ਏ. ਪ੍ਰਾਈਵੇਟ ਪਾਸ ਕੀਤੀ। ਐਮ.ਏ. ਅਤੇ ਐਲ.ਐਲ.ਬੀ. ਦੀਆਂ ਡਿਗਰੀਆਂ ਨੌਕਰੀ ਦੌਰਾਨ ਸ਼ਾਮ ਦੀਆਂ ਕਲਾਸਾਂ ਵਿੱਚ ਪੜ੍ਹਕੇ ਪ੍ਰਾਪਤ ਕੀਤੀਆਂ। ਇਨ੍ਹਾਂ ਗੱਲਾਂ ਤੋਂ ਪੜ੍ਹਾਈ ਅਤੇ ਆਪਣੇ ਕੈਰੀਅਰ ਬਾਰੇ ਉਨ੍ਹਾਂ ਦੇ ਸੁਚੇਤ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਥੋੜ੍ਹੀ ਆਮਦਨ ਦੇ ਬਾਵਜੂਦ ਭਰਾ ਦੀ ਬਿਮਾਰੀ ਦਾ ਇਲਾਜ ਵੀ ਔਖਿਆਂ ਸੌਖਿਆਂ ਕਰਵਾਇਆ। ਕਈ ਲੋੜਬੰਦਾਂ ਦੀ ਆਰਥਿਕ ਮਦਦ ਕੀਤੀ ਅਤੇ ਕਈਆਂ ਨੂੰ ਆਪਣੇ ਕੋਲ ਰੱਖਕੇ ਪੜ੍ਹਾਇਆ। ਆਪਣੇ ਪੈਰਾਂ 'ਤੇ ਖੜ੍ਹੇ ਹੋਣ ਤੋਂ ਬਾਅਦ ਅੰਤਰਜਾਤੀ ਵਿਆਹ ਵੀ ਸਾਧਾਰਨ ਢੰਗ ਨਾਲ ਕਰਵਾਇਆ। ਉਸ ਸਮੇਂ ਅੰਤਰਜ਼ਾਤੀ ਵਿਆਹ ਕਰਵਾਉਣਾ ਕੋਈ ਸੌਖਾ ਕਾਰਜ਼ ਨਹੀਂ ਸੀ। ਬੇਲਦਾਰ ਤੋਂ ਨੌਕਰੀ ਸ਼ੁਰੂ ਕਰਕੇ ਪੌੜੀ-ਦਰ-ਪੌੜੀ ਟਾਈਪਿਸਟ, ਜੂਨੀਅਰ ਸਕੇਲ ਸਟੈਨੋ ਗ੍ਰਾਫਰ, ਸੀਨੀਅਰ ਸਕੇਲ ਸਟੈਨੋ ਗ੍ਰਾਫਰ, ਮੰਤਰੀ ਦੇ ਨਿੱਜੀ ਸਹਾਇਕ, ਪ੍ਰਬੰਧ ਅਧਿਕਾਰੀ, ਡਿਪਟੀ ਰਜਿਸਟਰਾਰ ਅਤੇ ਅਖ਼ੀਰ ਪੰਜਾਬੀ ਯੂਨੀਵਰਸਿਟੀ ਦੇ ਵਿਤ ਅਧਿਕਾਰੀ ਸੇਵਾ ਮੁਕਤ ਹੋਏ। ਇਹ ਸਾਰੀਆਂ ਸਫਲਤਾਵਾਂ, ਮਿਹਨਤ, ਲਗਨ, ਦ੍ਰਿੜ੍ਹਤਾ, ਨਮਰਤਾ, ਸਹਿਯੋਗ ਅਤੇ ਮਿਲਵਰਤਨ ਦੀ ਪ੍ਰਵਿਰਤੀ ਕਰਕੇ ਰੰਗ ਲਿਆਈਆਂ ਸਨ। ਇਹ ਸਵੈ-ਜੀਵਨੀ ਪਿੰਡਾਂ ਦੇ ਲੋਕਾਂ ਖਾਸ ਤੌਰ ਤੇ ਜੱਟਾਂ ਦੇ ਸ਼ਰੀਕਿਆਂ ਦੇ ਰਿਸ਼ਤਿਆਂ ਅਤੇ ਸੁਭਾਆ ਦੀ ਤਰਜਮਾਨੀ ਵੀ ਕਰਦੀ ਹੈ। ਕਿਵੇਂ ਉਹ ਆਪਣੇ ਖ਼ੂਨ ਦੇ ਸੰਬੰਧੀਆਂ ਨਾਲ ਵੀ ਖਹਿਬਾਜ਼ੀ ਵਿੱਚ ਪੈ ਜਾਂਦੇ ਹਨ? ਆਮ ਤੌਰ 'ਤੇ ਜੱਟਾਂ ਦੇ ਮੁੰਡਿਆਂ ਨੂੰ ਗਵਾਰ ਸਮਝਿਆ ਜਾਂਦਾ ਸੀ। ਲੇਖਕ ਨੇ ਆਪਣੇ ਆਪ ਨੂੰ ਸਹਿਜ, ਸ਼ਹਿਣਸ਼ੀਲਤਾ ਅਤੇ ਸਬਰ ਸੰਤੋਖ ਦਾ ਪੁਤਲਾ ਦਰਸਾ ਕੇ ਜੱਟ ਦੇ ਗਵਾਰ ਹੋਣ ਦੇ ਭੁਲੇਖੇ ਨੂੰ ਦੂਰ ਕਰ ਦਿੱਤਾ ਹੈ। ਇਸ ਸਵੈ-ਜੀਵਨੀ ਤੋਂ ਸਮਾਜ ਲਈ ਇੱਕ ਗੱਲ ਸਿੱਖਣ ਵਾਲੀ ਹੈ ਕਿ ਨਮਰਤਾ ਦੇ ਗਹਿਣੇ ਨਾਲ ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਮਿਹਰਵਾਨ ਬਣਾਇਆ ਜਾ ਸਕਦਾ ਹੈ। ਫਿਰ ਉਹ ਹਮੇਸ਼ਾ ਦੁੱਖ-ਸੁੱਖ ਵਿੱਚ ਸਾਥ ਦੇ ਸਕਦੇ ਹਨ। ਨਮਰਤਾ ਦਾ ਗਹਿਣਾ ਇਨਸਾਨ ਦੇ ਸਮੁੱਚੇ ਜੀਵਨ ਵਿੱਚ ਵਰਦਾਨ ਸਾਬਤ ਹੁੰਦਾ ਹੈ।
ਦਲੀਪ ਸਿੰਘ ਉਪਲ ਦਾ ਉਸ ਜ਼ਮਾਨੇ ਵਿੱਚ ਅੰਤਰਜ਼ਾਤੀ ਵਿਆਹ ਕਰਵਾ ਕੇ ਪਰੰਪਰਾਤਮਿਕ ਪਰੰਪਰਾਵਾਂ ਨੂੰ ਵੰਗਾਰਨਾ ਇਕ ਵਿਲੱਖਣ ਤੇ ਦਲੇਰੀ ਭਰਿਆ ਕਦਮ ਸੀ। ਅੱਜ ਤੱਕ ਵੀ ਅੰਤਰਜ਼ਾਤੀ ਵਿਆਹ ਕਰਨ ਵਾਲਿਆਂ ਦੇ ਕਤਲ ਹੋ ਜਾਂਦੇ ਹਨ। ਖਾਸ ਤੌਰ 'ਤੇ ਜੱਟ ਪਰਿਵਾਰ ਦੇ ਲੜਕੇ ਲਈ ਤਾਂ ਹੋਰ ਵੀ ਜੋਖ਼ਮ ਭਰਿਆ ਕੰਮ ਹੁੰਦਾ ਹੈ। ਏਥੇ ਹੀ ਦਲੀਪ ਸਿੰਘ ਉਪਲ ਨੇ ਇਹ ਵੀ ਦੱਸਿਆ ਹੈ ਕਿ ਜ਼ਾਤ ਕਈ ਵਾਰ ਨੌਕਰੀ ਵਿੱਚ ਨਿਯੁਕਤੀਆਂ ਅਤੇ ਤਰੱਕੀਆਂ ਦਾ ਰਸਤਾ ਵੀ ਰੋਕ ਲੈਂਦੀ ਹੈ ਅਤੇ ਕਈ ਵਾਰ ਜ਼ਾਤ ਬਰਾਦਰੀ ਲਾਭਦਾਇਕ ਵੀ ਬਣਦੀ ਹੈ। ਸਿਆਸਤਦਾਨਾ ਖਾਸ ਤੌਰ ਤੇ ਮੰਤਰੀਆਂ ਵਿੱਚ ਭਰਿਸ਼ਟਾਚਾਰ ਦੀ ਲਲਕ ਅਤੇ ਲਾਲਸਾ ਦਾ ਪ੍ਰਗਟਾਵਾ ਕਰਨਾ ਤੇ ਆਪ ਇਮਾਨਦਾਰੀ ਦਾ ਪੱਲਾ ਨਾ ਛੱਡਣਾ ਵੀ ਦਲੀਪ ਸਿੰਘ ਉੱਪਲ ਦੀ ਦਲੇਰੀ ਦਾ ਹਾਸਲ ਹੈ। ਮੰਤਰੀਆਂ ਦੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਿੱਜੀ ਸਟਾਫ ਨੂੰ ਭਰਿਸ਼ਟ ਕਰਨ ਦਾ ਪਰਦਾ ਵੀ ਫਾਸ਼ ਕੀਤਾ ਗਿਆ ਹੈ। ਇਹ ਗੱਲਾਂ ਸਾਡੇ ਪਰਜਾਤੰਤਰ ਦੀਆਂ ਕਮਜ਼ੋਰੀਆਂ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਦਲੀਪ ਸਿੰਘ ਉੱਪਲ ਦੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਤੋਂ ਇਲਾਵਾ ਸੰਬੰਧਤ ਅਧਿਕਾਰੀਆਂ ਨਾਲ ਸਦਭਾਵਨਾ ਦਾ ਵਰਤਾਰਾ ਵੀ ਸਹਾਈ ਹੁੰਦਾ ਹੈ। ਉਨ੍ਹਾਂ ਦੱਸਿਆ ਹੈ ਕਿ ਦਫ਼ਤਰਾਂ ਵਿੱਚ ਸਫਲ ਅਧਿਕਰੀ ਹੋਣ ਲਈ ਵਿਭਾਗੀ ਨਿਯਮਾਂ ਦੀ ਜਾਣਕਾਰੀ ਅਤਿਅੰਤ ਜ਼ਰੂਰੀ ਹੈ। ਫਿਰ ਨਿਧੱੜਕ ਹੋ ਕੇ ਆਪਣੇ ਫ਼ਰਜ਼ ਨਿਭਾਏ ਜਾ ਸਕਦੇ ਹਨ। ਜਿਸ ਕਰਕੇ ਕੋਈ ਗ਼ਲਤ ਕੰਮ ਨਹੀਂ ਹੋ ਸਕਦਾ ਅਤੇ ਫਿਰ ਅਧਿਕਾਰੀ ਖੁਦ ਹੀ ਗ਼ਲਤ ਕੰਮ ਕਰਨ ਤੋਂ ਕਤਰਾਉਂਦਾ ਹੈ। ਜੇਕਰ ਗ਼ਲਤ ਕੰਮ ਕਰੋਗੀ ਤਾਂ ਤੁਹਾਡੀ ਜ਼ਮੀਰ ਤੁਹਾਨੂੰ ਜਲੀਲ ਕਰੇਗੀ। ਹਰ ਇਨਸਾਨ ਨੂੰ ਜੇਕਰ ਚੰਗੇ ਗੁਣ ਸਿੱਖਣ ਦਾ ਮੌਕਾ ਮਿਲੇ ਤਾਂ ਅਜਾਈਂ ਨਹੀਂ ਗੁਆਉਣੇ ਚਾਹੀਦੇ। ਫਿਰ ਉਹ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ। ਦਲੀਪ ਸਿੰਘ ਉੱਪਲ ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਉੱਪਲ ਨੂੰ ਜ਼ਿੰਦਗੀ ਵਿੱਚ ਸਫਲਤਾਵਾਂ ਪ੍ਰਾਪਤ ਕਰਨ ਲਈ ਕਈ ਵੇਲਣ ਵੇਲਣੇ ਪਏ। ਪੜ੍ਹਾਈ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰੰਤੂ ਇਸ ਗੱਲ ਦਾ ਉਨ੍ਹਾਂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਆਪ ਵੀ ਉਚੇਰੀ ਪੜ੍ਹਾਈ ਕੀਤੀ ਅਤੇ ਆਪਣੇ ਦੋਵੇਂ ਬੱਚੇ ਲੜਕੀ ਡਾ.ਨਿਵੇਦਤਾ ਸਿੰਘ ਅਤੇ ਲੜਕਾ ਡਾ.ਅਲੰਕਾਰ ਸਿੰਘ ਨੂੰ ਉਚ ਪੜ੍ਹਾਈ ਕਰਵਾਈ, ਜਿਸ ਕਰਕੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਦੋਵੇਂ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਆਪਣੇ ਪਿੰਡ ਦੇ ਸਕੂਲ ਵਿੱਚ ਇਕ ਲਾਇਬਰੇਰੀ ਵੀ ਸਥਾਪਤ ਕੀਤੀ ਹੋਈ ਹੈ, ਜਿਸ ਵਿੱਚ 5000 ਤੋਂ ਵੱਧ ਪੁਸਤਕਾਂ ਹਨ ਤਾਂ ਜੋ ਪਿੰਡ ਦੇ ਬੱਚੇ ਵਿਦਿਅਕ ਚਾਨਣ ਦਾ ਫੈਲਾ ਕਰ ਸਕਣ।
ਦਲੀਪ ਸਿੰਘ ਉੱਪਲ ਦਾ ਜਨਮ ਉਨ੍ਹਾਂ ਦੀ ਮਾਤਾ ਦੇ ਨਾਨਕੇ ਪਿੰਡ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਪੱਛਵੀਂ ਪਾਕਿਸਤਾਨ ਦੇ ਲਾਇਲਪੁਰ (ਸੈਫ਼ਦਾਵਾਦ) ਜਿਲ੍ਹੇ ਦੀ ਜੜ੍ਹਾਂਵਾਲਾ ਤਹਿਸੀਲ ਦੇ ਪਿੰਡ ਚੱਕ ਨੰਬਰ 31 ਵਿਚ 11 ਜੂਨ 1938 ਨੂੰ ਹੋਇਆ। ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਤੋਂ ਅਤੇ ਅੱਠਵੀਂ ਤੱਕ ਦੀ ਖਾਲਸਾ ਹਾਈ ਸਕੂਲ ਨੰਗਲ ਅੰਬੀਆਂ ਤੋਂ ਪ੍ਰਾਪਤ ਕੀਤੀ। ਪੜ੍ਹਾਈ ਲਈ ਉਨ੍ਹਾਂ ਨੂੰ ਬੜੇ ਵੇਲਣ ਵੇਲਣੇ ਪਏ। ਉਨ੍ਹਾਂ ਦਾ ਜੱਦੀ ਪਿੰਡ ਸ਼ਾਹਕੋਟ ਨੇੜੇ ਲਸੂੜੀ ਜਿਲ੍ਹਾ ਜਲੰਧਰ ਵਿੱਚ ਹੈ। ਦਲੀਪ ਸਿੰਘ ਉੱਪਲ ਦੀਆਂ ਇਕ ਦਰਜਨ ਤੋਂ ਉਪਰ ਅਨੁਵਾਦ ਅਤੇ ਮੌਲਿਕ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਸਵੈ-ਜੀਵਨੀ ਤੋਂ ਇਕ ਗੱਲ ਹੋਰ ਸ਼ਪਸ਼ਟ ਹੁੰਦੀ ਹੈ ਕਿ ਹਰ ਵਿਅਕਤੀ ਨੂੰ ਆਪਣਾ ਕੋਈ ਨਾ ਕੋਈ ਨਿਸ਼ਾਨਾ ਨਿਸਚਤ ਕਰਨਾ ਚਾਹੀਦਾ ਹੈ ਫਿਰ ਪ੍ਰਾਪਤੀ ਲਈ ਜਦੋਜਹਿਦ ਕੀਤੀ ਜਾ ਸਕਦੀ ਹੈ।
236 ਪੰਨਿਆਂ, 295 ਰੁਪਏ ਕੀਮਤ ਵਾਲੀ 'ਹਿੰਮਤ ਦੇ ਹਾਸਲ' ਪੁਸਤਕ ਸੰਗਮ ਪਬਲੀਕੇਸ਼ਨਜ਼, ਸਮਾਣਾ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕੀ ਸਿੱਖ ਕੌਮ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਾ ਪ੍ਰਤਿਭਾਸ਼ਾਲੀ ਨੇਤਾ ਮਿਲੇਗਾ ? - ਉਜਾਗਰ ਸਿੰਘ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀਆਂ 9 ਨਵੰਬਰ 2022 ਨੂੰ ਹੋ ਰਹੀਆਂ ਚੋਣਾਂ ਸੰਬੰਧੀ ਬਾਦਲ ਪਰਿਵਾਰ ਵਿਰੁੱਧ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਪਹਿਲੀ ਵਾਰ ਜ਼ਬਰਦਸਤ ਬਗਾਬਤ ਹੋਣ ਦੀ ਸੰਭਾਵਨਾ ਹੈ। ਭਾਵੇਂ ਜਥੇਦਾਰ ਟੌਹੜਾ ਵੀ ਸਫਲ ਨਹੀਂ ਹੋਏ ਸਨ ਪਰੰਤੂ ਇਸ ਵਾਰ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬੀਬੀ ਜਾਗੀਰ ਕੌਰ ਬਾਦਲ ਪਰਿਵਾਰ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦਾ ਪ੍ਰਧਾਨਗੀ ਦੀ ਚੋਣ ਲਈ ਲਿਫ਼ਾਫ਼ਾ ਕਲਚਰ ਚਲ ਰਿਹਾ ਹੈ। ਕਦੀ ਵੀ ਕੋਈ ਤਿੱਖਾ ਵਿਰੋਧ ਨਹੀਂ ਹੋਇਆ। ਆਮ ਤੌਰ 'ਤੇ ਇਹ ਚੋਣ ਦਸੰਬਰ ਦੇ ਅਖ਼ੀਰ ਵਿੱਚ ਹੁੰਦੀ ਸੀ ਪਰੰਤੂ ਇਸ ਵਾਰ ਅਕਾਲੀ ਦਲ ਬਾਦਲ ਦੀ ਸਥਿਤੀ ਡਾਵਾਂਡੋਲ ਹੋਣ ਕਰਕੇ ਅਕਾਲੀ ਦਲ ਬਾਦਲ ਨੇ ਸਿਚਤ ਸਮੇਂ ਤੋਂ ਲਗਪਗ ਦੋ ਮਹੀਨੇ ਪਹਿਲਾਂ ਚੋਣ ਕਰਵਾਉਣ ਦਾ ਫ਼ੈਸਲਾ ਕਰਕੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਇਸ ਕਰਕੇ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਸਿਆਸੀ ਪੜਚੋਲਕਾਰਾਂ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਬੜੀ ਦਿਲਚਸਪ ਅਤੇ ਗਹਿਗੱਚ ਮੁਕਾਬਲੇ ਵਾਲੀ ਰਹਿਣ ਦੀ ਉਮੀਦ ਹੈ। ਅਕਾਲੀ ਦਲ ਬਾਦਲ ਵਿੱਚ ਬਗ਼ਾਬਤੀ ਸੁਰਾਂ ਉਠਣ ਲੱਗ ਗਈਆਂ ਹਨ। ਇਸ ਤੋਂ ਪਹਿਲਾਂ ਇਹ ਚੋਣ ਇਕ ਕਿਸਮ ਨਾਲ ਕਾਗਜ਼ੀ ਕਾਰਵਾਈ ਹੀ ਹੁੰਦੀ ਸੀ ਕਿਉਂਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਭਾਵ ਬਾਦਲ ਪਰਿਵਾਰ ਵੱਲੋਂ ਜੋ ਫ਼ੈਸਲਾ ਕੀਤਾ ਹੁੰਦਾ ਸੀ, ਉਸ ਦਾ ਸਿਰਫ਼ ਐਲਾਨ ਹੀ ਹੁੰਦਾ ਸੀ। ਅਕਾਲੀ ਦਲ ਬਾਦਲ ਦਾ ਕੋਈ ਵੀ ਮੈਂਬਰ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਸੀ, ਸਗੋਂ ਜਨਰਲ ਹਾਊਸ ਦੀ ਪ੍ਰਵਾਨਗੀ ਲਈ ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡ ਦਿੱਤਾ ਜਾਂਦਾ ਸੀ। ਅਕਾਲੀ ਦਲ ਦੇ ਬਾਕੀ ਧੜਿਆਂ ਕੋਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਮੈਂਬਰ ਨਹੀਂ ਹਨ, ਜਿਨ੍ਹਾਂ ਕਰਕੇ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ ਖੜ੍ਹੀ ਹੋ ਸਕੇ। ਵੈਸੇ ਤਾਂ ਬਾਦਲ ਧੜੇ ਵਿੱਚ ਹਰ ਸਾਲ ਪ੍ਰਧਾਨਗੀ ਦੇ ਕਈ ਇੱਛਕ ਹੁੰਦੇ ਹਨ ਪਰੰਤੂ ਇਸ ਵਾਰ ਬਾਦਲ ਪਰਿਵਾਰ ਦੇ ਵਿਸ਼ਵਾਸ ਪਾਤਰ ਰਹੇ ਅਕਾਲੀ ਦਲ ਬਾਦਲ ਦੇ ਸ਼ਰੋਮਣੀ ਕਮੇਟੀ ਮੈਂਬਰਾਂ ਵਿੱਚੋਂ ਬਗ਼ਾਬਤ ਦੀ ਕਨਸੋਅ ਆ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਰਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਕੁਝ ਤਕਨੀਕੀ ਕਾਰਨਾ ਕਰਕੇ ਲੰਬੇ ਸਮੇਂ ਤੋਂ ਨਹੀਂ ਹੋਈਆਂ। ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਦਿਗਜ਼ ਪ੍ਰਤਿਭਾਸ਼ਵਾਨ ਨੇਤਾ ਸਨ। ਉਨ੍ਹਾਂ ਦਾ ਮੁਕਾਬਲਾ ਕਰਨ ਦੀ ਛੇਤੀ ਕੀਤਿਆਂ ਕੋਈ ਹਿੰਮਤ ਨਹੀਂ ਕਰਦਾ ਸੀ ਬਸ਼ਰਤੇ ਬਾਦਲ ਪਰਿਵਾਰ ਪੰਗਾ ਨਾ ਪਾਵੇ। ਗੁਰਚਰਨ ਸਿੰਘ ਟੌਹੜਾ ਵਿੱਚ ਸਹੀ ਅਤੇ ਸੱਚ ਨੂੰ ਸੱਚ ਕਹਿਣ ਦੀ ਸਮਰੱਥਾ ਸੀ। ਛੇਤੀ ਕੀਤਿਆਂ ਪਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਸਾਹਮਣੇ ਕੁਸਕਦੇ ਨਹੀਂ ਸਨ। ਉਹ 27 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਤੇ ਹਰ ਵੰਗਾਰ ਨੂੰ ਸੁਚੱਜੇ ਢੰਗ ਨਾਲ ਨਿਪਟਦੇ ਸਨ। 2004 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਵਰਗਵਾਸ ਹੋਣ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤਾਂ ਹਰ ਸਾਲ ਹੁੰਦੀ ਹੈ ਪਰੰਤੂ ਪ੍ਰਧਾਨ ਦੀ ਚੋਣ ਪਾਰਟੀ ਦੇ ਅੰਦਰੂਨੀ ਪਰਜਾਤੰਤਰਕ ਢੰਗ ਨਾਲ ਨਹੀਂ ਹੋ ਰਹੀ। ਬਾਦਲ ਪਰਿਵਾਰ ਦੀ ਮਰਜ਼ੀ ਅਨੁਸਾਰ ਹੀ ਪ੍ਰਧਾਨ ਬਣਦਾ ਰਿਹਾ ਹੈ। ਇਥੋਂ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਧਾਨ ਦਾ ਲਿਫ਼ਾਫ਼ਾ ਬਾਦਲ ਪਰਿਵਾਰ ਦੀ ਜੇਬ ਵਿੱਚੋਂ ਨਿਕਲਦਾ ਸੀ, ਇਸ ਵਿੱਚ ਸ਼ੱਕ ਦੀ ਗੁੰਜਾਇਸ਼ ਵੀ ਨਹੀਂ ਹੈ।
ਸ੍ਰ.ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਰਾਮ ਰਹੀਮ ਨੂੰ ਤੱਤ ਭੜੱਤ ਵਿੱਚ ਪੰਥ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਲੋਕਾਂ ਅਤੇ ਪੰਥ ਦੇ ਪ੍ਰਚਾਰਕਾਂ ਵੱਲੋਂ ਰੋਸ ਵਿੱਚ ਬਰਗਾੜੀ ਵਿਖੇ ਕੀਤੇ ਜਾ ਰਹੇ ਸ਼ਾਂਤਮਈ ਧਰਨੇ 'ਤੇ ਪੁਲਿਸ ਨੇ ਅਚਾਨਕ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਦੋ ਸਿੰਘ ਸ਼ਹੀਦ ਹੋ ਗਏ। ਇਸ ਘਟਨਾ ਨੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ। ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਸਗੋਂ ਉਲਟਾ ਧਰਨਾਕਾਰੀ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਹੋ ਗਈਆਂ। ਇਨ੍ਹਾਂ ਘਟਨਾਵਾਂ ਦੇ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਹੀ ਗਰਦਾਨਿਆਂ ਗਿਆ ਕਿਉਂਕਿ ਸਰਕਾਰ ਦੇ ਮੁੱਖੀ ਸ੍ਰ.ਪਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਨ। ਇਸ ਦੇ ਸਿੱਟੇ ਵਜੋਂ ਸਿੱਖ ਜਗਤ, ਸ਼ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਵਰਕਰ ਬਾਦਲ ਪਰਿਵਾਰ ਤੋਂ ਨਰਾਜ਼ ਹੋ ਗਏ। ਇਥੋਂ ਤੱਕ ਕਿ ਸਰਕਾਰ ਦਾ ਘਰੋਂ ਬਾਹਰ ਨਿਕਲਣਾ ਵੀ ਕੁਝ ਸਮੇਂ ਲਈ ਬੰਦ ਹੋ ਗਿਆ ਸੀ ਕਿਉਂਕਿ ਲੋਕਾਂ ਦਾ ਗੁੱਸਾ ਸੱਤ ਅਸਮਾਨ ਚੜ੍ਹ ਗਿਆ ਸੀ। ਇਸ ਨਰਾਜ਼ਗੀ ਦੇ ਸਿੱਟੇ ਵਜੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੇ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਨਕਾਰ ਦਿੱਤਾ, ਜਿਸ ਦੇ ਸਿੱਟੇ ਵਜੋਂ ਸਿਰਫ ਤਿੰਨ ਵਿਧਾਨਕਾਰ ਆਪੋ ਆਪਣੇ ਅਸਰ ਰਸੂਖ ਕਰਕੇ ਹੀ ਚੋਣ ਜਿੱਤ ਸਕੇ। ਸਿੱਖ ਜਗਤ ਵਿੱਚ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਹੈ। ਨੇਤਾ ਤਾਂ ਆਪਣੇ ਆਪ ਨੂੰ ਬਿਹਤਰੀਨ ਕਹਾਉਣ ਵਾਲੇ ਬਹੁਤ ਹਨ। ਉਨ੍ਹਾਂ ਦੇ ਸਮਰਥਕ ਵੀ ਆਪੋ ਆਪਣੇ ਨੇਤਾਵਾਂ ਨੂੰ ਸਰਵੋਤਮ ਕਹਿ ਰਹੇ ਹਨ। ਆਪਣੇ ਨੇਤਾਵਾਂ ਦੀ ਚਾਪਲੂਸੀ ਕਰਨ ਦੀ ਦੌੜ ਲੱਗੀ ਹੋਈ ਹੈ। ਸਿੱਖ ਲੀਡਰਸ਼ਿਪ ਬੁਰੀ ਤਰ੍ਹਾਂ ਧੜਿਆਂ ਵਿੱਚ ਵੰਡੀ ਹੋਈ ਹੈ। ਸਾਰੇ ਧੜੇ ਇਕ ਦੂਜੇ ਦੀ ਨਿੰਦਿਆ ਕਰ ਰਹੇ ਹਨ। ਪਰੰਤੂ ਕੋਈ ਵੀ ਇਹ ਨਹੀਂ ਸੋਚ ਰਿਹਾ ਕਿ ਸਿੱਖ ਲੀਡਰਸ਼ਿਪ ਦੀ ਨਿੰਦਿਆ ਪੰਥਕ ਸੋਚ ਦਾ ਨੁਕਸਾਨ ਕਰ ਰਹੀ ਹੈ। ਨੇਤਾ ਇਕ ਦੂਜੇ ਨੂੰ ਚਕਮਾ ਦੇ ਕੇ ਮੋਹਰੀ ਬਣਨਾ ਲੋਚਦੇ ਹਨ। ਸਿੱਖ ਜਗਤ ਦੀ ਖ਼ਾਨਾਜੰਗੀ ਕਰਕੇ ਸਿੱਖੀ ਸੋਚ ਨੂੰ ਖੋਰਾ ਲੱਗ ਰਿਹਾ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇਕੋ-ਇਕ ਜ਼ਮੀਨ ਨਾਲ ਜੁੜੇ ਹੋਏ ਨੇਤਾ ਸਨ, ਜਿਨ੍ਹਾਂ ਨੇ ਪੰਥਕ ਸੋਚ ਨੂੰ ਨੁਕਸਾਨ ਨਹੀਂ ਹੋਣ ਦਿੱਤਾ। ਜੇ ਇਹ ਕਹਿ ਲਿਆ ਜਾਵੇ ਕਿ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਤੋਂ ਬਾਅਦ ਸਿੱਖੀ ਸੋਚ 'ਤੇ ਸਹੀ ਅਰਥਾਂ ਵਿੱਚ ਪਹਿਰਾ ਦੇਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਸਨ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਹ ਸਿੱਖੀ ਨੂੰ ਪ੍ਰਣਾਏ ਹੋਏ ਪੰਥਕ ਸੋਚ ਦੇ ਧਾਰਨੀ ਸਨ। ਸਿੱਖ ਪੰਥ ਵਿੱਚ ਜਦੋਂ ਵੀ ਕੋਈ ਵਾਦਵਿਵਾਦ ਹੋਇਆ ਤਾਂ ਉਸ ਨੂੰ ਨਿਪਟਾਉਣ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਇਥੋਂ ਤੱਕ ਕਿ ਅਕਾਲੀ ਦਲ ਦੇ ਹੋਰ ਧੜਿਆਂ ਦੇ ਨੇਤਾ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਤਿਕਾਰ ਕਰਦੇ ਸਨ। ਜਥੇਦਾਰ ਟੌਹੜਾ ਨੂੰ ਆਪਣੀ ਕਾਬਲੀਅਤ ਨਾਲ ਸਿੱਖਾਂ ਦੇ ਸਾਰੇ ਪ੍ਰਮੁੱਖ ਨੇਤਾਵਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਦਾ ਵਲ ਆਉਂਦਾ ਸੀ। ਉਨ੍ਹਾਂ ਵਿੱਚ ਹਓਮੈ ਨਾ ਦੀ ਕੋਈ ਗੱਲ ਨਹੀਂ ਸੀ। ਉਚੇ ਸੁੱਚੇ ਕਿਰਦਾਰ ਦੇ ਮਾਲਕ ਸਨ। ਗੁਰਬਾਣੀ ਦੇ ਗਿਆਤਾ ਸਨ। ਜ਼ਿੰਦਗੀ ਦਾ ਲੰਬਾ ਪ੍ਰਬੰਧਕੀ ਤਜ਼ਰਬਾ ਉਨ੍ਹਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਦਾ ਸੀ। ਇਥੋਂ ਤੱਕ ਕਿ ਪਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੀ ਕਾਬਲੀਅਤ ਤੋਂ ਭਲੀ ਪ੍ਰਕਾਰ ਜਾਣੂ ਹੋਣ ਕਰਕੇ ਭੈ ਖਾਂਦੇ ਸਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਹਰ ਵਰਗ ਦੇ ਲੋਕ ਜਥੇਦਾਰ ਟੌਹੜਾ ਨੂੰ ਆਪਣਾ ਸਮਝਦੇ ਸਨ। ਸਿੱਖ ਗਰਮਦਲ ਵਾਲੇ ਉਨ੍ਹਾਂ ਨੂੰ ਆਪਣਾ ਹਮਦਰਦ ਮੰਨਦੇ ਸਨ। ਨਰਮਦਲੀਏ ਆਪਣਾ ਕਹਿੰਦੇ ਸਨ, ਧਰਮ ਨਿਰਪੱਖ ਲੋਕ ਉਨ੍ਹਾਂ ਨੂੰ ਧਰਮ ਨਿਰਪੱਖ ਸਮਝਦੇ ਹਨ, ਇਸੇ ਤਰ੍ਹਾਂ ਕਾਮਰੇਡ ਉਨ੍ਹਾਂ ਨੂੰ ਖੱਬੀ ਪੱਖੀ ਸੋਚ ਦੇ ਨੇਤਾ ਕਹਿੰਦੇ ਸਨ। ਇਹ ਟੌਹੜਾ ਸਾਹਿਬ ਦੇ ਵਿਅਕਤਿਵ ਦਾ ਵਿਲੱਖਣ ਹਾਸਲ ਸੀ। ਅਪ੍ਰੈਲ 2004 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਵਰਗ ਸਿਧਾਰ ਜਾਣ ਤੋਂ ਬਾਅਦ ਲੀਡਰਸ਼ਿਪ ਦੀ ਪੰਥਕ ਸੋਚ ਵਿੱਚ ਗਿਰਾਵਟ ਆਈ ਹੈ। ਸਿੱਖ ਧਰਮ ਦੀ ਵਿਚਾਰਧਾਰਾ ਅਤੇ ਪਰੰਪਰਾਵਾਂ 'ਤੇ ਪਹਿਰਾ ਦੇਣ ਦੀ ਥਾਂ ਰਾਜ ਭਾਗ ਨੂੰ ਬਰਕਰਾਰ ਰੱਖਣ ਨੂੰ ਤਰਜ਼ੀਹ ਦਿੱਤੀ ਜਾਣ ਲੱਗ ਪਈ। ਪੰਥ ਸਰਕਾਰ ਤੋਂ ਬਾਅਦ ਦੂਜੇ ਸਥਾਨ 'ਤੇ ਆ ਗਿਆ। ਸਿੱਖ ਸੰਸਥਾਵਾਂ ਜਿਹੜੀਆਂ ਧਾਰਮਿਕ ਵਿਚਾਰਧਾਰਾ 'ਤੇ ਪਹਿਰਾ ਦੇਣ ਲਈ ਅਗਲੀ ਪਨੀਰੀ ਤਿਆਰ ਕਰਦੀਆਂ ਸਨ, ਉਨ੍ਹਾਂ ਦੀ ਅਣਵੇਖੀ ਕਰਨੀ ਸ਼ੁਰੂ ਕਰ ਦਿੱਤੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਢਾਹ ਲਗਾਈ ਜਾਣ ਲੱਗ ਪਈ, ਜਿਸ ਕਰਕੇ ਗੁਰਮਤਿ ਅਤੇ ਪਾਰਟੀ ਦੀ ਫਿਲਾਸਫੀ ਅਣਡਿਠ ਹੋਣ ਲੱਗ ਪਈ। ਜਥੇਦਾਰ ਅਕਾਲ ਤਖ਼ਤ ਸਥਾਈ ਤੌਰ 'ਤੇ ਨਿਯੁਕਤ ਹੀ ਨਹੀਂ ਕੀਤੇ ਜਾ ਰਹੇ। ਕਾਰਜਵਾਹਕ ਜਥੇਦਾਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਰੈਗੂਲਰ ਨਹੀਂ ਲਗਾਇਆ ਜਾ ਰਿਹਾ ਤਾਂ ਜੋ ਅਕਾਲੀ ਦਲ ਬਾਦਲ ਆਪਣੀ ਮਰਜ਼ੀ ਦੇ ਫ਼ੈਸਲੇ ਕਰਵਾ ਸਕੇ। ਵੋਟ ਦੀ ਰਾਜਨੀਤੀ ਲਈ 'ਸਿੱਖ ਸਟੂਡੈਂਟ ਫ਼ੈਡਰੇਸ਼ਨ' ਜਿਸ ਨੂੰ ਸਿੱਖੀ ਦੀ ਪਨੀਰੀ ਕਿਹਾ ਜਾਂਦਾ ਸੀ, ਨੂੰ ਅਣਡਿਠ ਕਰਨ ਲਈ 'ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ' ਬਣਾ ਲਈ ਹੈ। ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਨੂੰ ਖ਼ੋਰਾ ਲੱਗਣ ਲੱਗ ਪਿਆ। ਨੇਤਾਵਾਂ ਵਿੱਚ ਪੰਥ ਨਾਲੋਂ ਕੁਰਸੀ ਦਾ ਮੋਹ ਭਾਰੂ ਹੋ ਗਿਆ। ਨੇਤਾਵਾਂ ਦੀ ਕਾਬਲੀਅਤ ਦੀ ਥਾਂ ਚਮਚਾਗਿਰੀ ਪ੍ਰਧਾਨ ਹੋ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਸ਼ਰੋਮਣੀ ਅਕਾਲੀ ਦਲ ਬਾਦਲ ਵਿੱਚ ਪਹਿਲੀ ਵਾਰ ਬਾਦਲ ਪਰਿਵਾਰ ਨੂੰ ਬਾਦਲ ਅਕਾਲੀ ਦਲ ਵਿੱਚੋਂ ਹੀ ਬਗ਼ਾਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਿਫ਼ਾਫ਼ਾ ਕਲਚਰ ਦਾ ਵਿਰੋਧ ਤਿੰਨ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਬਾਦਲ ਪਰਿਵਾਰ ਦੀ ਵਫ਼ਦਾਰ ਬੀਬੀ ਜਾਗੀਰ ਕੌਰ ਨੇ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਦੀ ਤਿੰਨ ਵਾਰ ਲਿਫ਼ਾਫ਼ਾ ਕਲਚਰ ਨਾਲ ਹੀ ਚੋਣ ਹੋਈ ਸੀ। ਉਨ੍ਹਾਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਇਉਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਧੜੇ ਨੇ ਬਾਦਲ ਦਲ ਵਿੱਚ ਸੰਨ੍ਹ ਲਗਾ ਲਈ ਹੈ। ਬੀਬੀ ਜਾਗੀਰ ਕੌਰ ਨੂੰ ਮਨਾਉਣ ਲਈ ਬਾਦਲ ਪਰਿਵਾਰ ਪੱਬਾਂ ਭਾਰ ਹੋਇਆ ਪਿਆ ਹੈ। ਕਿਹਾ ਜਾਂਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਇਕ ਧੜਾ ਜਿਹੜਾ ਬਾਦਲ ਪਰਿਵਾਰ ਤੋਂ ਦੁਖੀ ਹੈ, ਉਹ ਬੀਬੀ ਜਾਗੀਰ ਕੌਰ ਦੀ ਸਪੋਰਟ ਕਰ ਰਿਹਾ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਸਿਮਰਨਜੀਤ ਸਿੰਘ ਮਾਨ ਦੇ ਧੜੇ ਵੀ ਬੀਬੀ ਜਾਗੀਰ ਕੌਰ ਨੂੰ ਅੰਦਰਖਾਤੇ ਹਵਾ ਦੇ ਰਹੇ ਹਨ। ਵੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਉਹ ਲੋਕ ਜਿਹੜੇ ਬੀਬੀ ਜਾਗੀਰ ਕੌਰ 'ਤੇ ਅਜੀਬ ਤਰ੍ਹਾਂ ਦੇ ਦੋਸ਼ ਲਗਾ ਰਹੇ ਸਨ , ਕੀ ਉਹ ਹੁਣ ਬੀਬੀ ਜਾਗੀਰ ਕੌਰ ਨੂੰ ਵੋਟਾਂ ਪਾ ਸਕਣਗੇ? ਇਹ ਬੁਝਾਰਤ ਬਣੀ ਹੋਈ ਹੈ। ਇਹ ਬੁਝਾਰਤ 9 ਨਵੰਬਰ ਨੂੰ ਹੀ ਖੁਲ੍ਹੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਭਾਰਤੀ ਮੂਲ ਦੇ ਪੰਜਾਬੀ ਦੇ ਪੋਤਰੇ ਰਿਸ਼ੀ ਸੁਨਾਕ ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ - ਉਜਾਗਰ ਸਿੰਘ
ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਸ ਜਾਨਸਨ ਅਤੇ ਲਿਜ ਟਰੱਸ ਵੱਲੋਂ ਵਿਤੀ ਆਰਥਿਕਤਾ ਦੇ ਲੜਖੜਾ ਜਾਣ ਕਰਕੇ ਬੁਰੀ ਤਰ੍ਹਾਂ ਅਸਫ਼ਲ ਹੋਣ ‘ਤੇ ਅਸਤੀਫ਼ੇ ਦੇਣ ਤੋਂ ਬਾਅਦ ਭਾਰਤੀ ਮੂਲ ਦੇ ਪੰਜਾਬੀ 42 ਸਾਲਾ ਰਿਸ਼ੀ ਸੁਨਾਕ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੰਜਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਨੇਤਾ ਚੁਣੇ ਗਏ ਹਨ। ਬਰਤਾਨੀਆਂ ਦੇ ਇਤਿਹਾਸ ਵਿੱਚ ਉਹ 1812 ਤੋਂ ਬਾਅਦ ਪਹਿਲੇ ਨੌਜਵਾਨ ਅਤੇ ਪਹਿਲੇ ਬਕਿੰਗਮ ਪੈਲੇਸ ਦੇ ਕਿੰਗ ਤੋਂ ਵੱਧ ਅਮੀਰ ਪ੍ਰਧਾਨ ਮੰਤਰੀ ਹੋਣਗੇ। ਰਿਸ਼ੀ ਸੁਨਾਕ ਲਈ ਬਰਤਾਨੀਆਂ ਦੀ ਆਰਥਿਕਤਾ ਨੂੰ ਮੁੜ ਲੀਹਾਂ ‘ਤੇ ਲਿਆਉਣਾ ਵੱਡੀ ਚੁਣੌਤੀ ਹੋਵੇਗੀ। ਇਸ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵੀ ਇਕਜੁਟ ਰੱਖਣਾ ਅਤੇ ਮਹਿੰਗਾਈ ‘ਤੇ ਕਾਬੂ ਪਾਉਣਾ ਵੀ ਜ਼ਰੂਰੀ ਹੈ ਕਿਉਂਕਿ ਪਾਰਟੀ ਵਿੱਚ ਹਫੜਾ-ਦਫ਼ੜੀ ਦੇ ਹਾਲਾਤ ਬਣੇ ਹੋਏ ਹਨ। ਜੇਕਰ ਰਿਸ਼ੀ ਸੁਨਕ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ 2025 ਦੀਆਂ ਚੋਣਾ ਕੰਜ਼ਰਵੇਟਿਵ ਪਾਰਟੀ ਵੱਲਂੋ ਉਨ੍ਹਾਂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਅਤੇ ਸੰਭਾਵੀ ਪ੍ਰਧਾਨ ਮੰਤਰੀ ਹੋਣਗੇ। ਜੇਕਰ ਸਫਲ ਨਾ ਹੋਏ ਤਾਂ ਉਨ੍ਹਾਂ ਦਾ ਸਿਆਸੀ ਕੈਰੀਅਰ ਜਿਵੇਂ ਤੁਰੰਤ ਫੁਰਤ ਸਿਖਰ ਤੇ ਪਹੁੰਚਿਆ ਹੈ ਉਸੇ ਤਰ੍ਹਾਂ ਖ਼ਤਮ ਹੋ ਜਾਵੇਗਾ। ਉਹ ਐਥਨਿਕ ਘੱਟ ਗਿਣਤੀਆਂ ਦੇ ਦੂਜੇ ਵਿਅਕਤੀ ਹਨ, ਜਿਹੜੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਜਿਊ ਭਾਈਚਾਰੇ ਦੇ ਬੈਂਜਾਮਿਨ ਡਿਜ਼ਰਾਇਲੀ ਦੋ ਵਾਰ 27 ਫਰਵਰੀ 1868 ਤੋਂ ਦਸੰਬਰ 1868 ਅਤੇ 1874 ਤੋਂ 1880 ਤੱਕ ਲੰਬਾ ਸਮਾਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕਿਸੇ ਸਮੇਂ ਜਿਹੜੀ ਕੰਜ਼ਰਵੇਟਿਵ ਪਾਰਟੀ ਏਸ਼ੀਅਨਜ਼ ਨੂੰ ਘਿ੍ਰਣਾ ਕਰਦੀ ਸੀ, ਉਸੇ ਪਾਰਟੀ ਨੇ ਭਾਰਤੀ ਮੂਲ ਦੇ ਪੰਜਾਬੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਏਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਕੈਮਰੂਨ ਨੇ ਇਕ ਵਾਰ ਕਿਹਾ ਸੀ ਕਿ ਉਹ ਸਮਾਂ ਦੂਰ ਨਹੀਂ ਜਦੋਂ ਭਾਰਤੀ ਮੂਲ ਦਾ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਬਣੇਗਾ? ਉਦੋਂ ਸਾਰੇ ਕੈਮਰੂਨ ਦਾ ਮਖੌਲ ਉਡਾ ਰਹੇ ਸਨ। ਭਾਰਤ ਦੇ ਇਤਿਹਾਸ ਵਿੱਚ ਰਿਸ਼ੀ ਸੁਨਾਕ ਦੇ ਪ੍ਰਧਾਨ ਮੰਤਰੀ ਬਣਨ ਨਾਲ ਸੁਨਹਿਰੀ ਪੰਨਾ ਜੁੜ ਗਿਆ ਹੈ। ਬਰਤਾਨੀਆਂ ਦੇ ਰਾਜ ਦਾ ਕਿਸੇ ਸਮੇਂ ਸੰਸਾਰ ਵਿੱਚ ਸੂਰਜ ਨਹੀਂ ਛਿਪਦਾ ਸੀ, ਅੱਜ ਉਥੇ ਹੀ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਬਣ ਗਿਆ। ਰਿਸ਼ੀ ਸੁਨਾਕ ਆਪਣੀ ਕਾਬਲੀਅਤ ਕਰਕੇ ਪ੍ਰਧਾਨ ਮੰਤਰੀ ਬਣਿਆਂ ਹੈ। ਲਿਜ਼ ਟਰੱਸ ਬਰਤਾਨੀਆਂ ਦੇ ਇਤਿਹਾਸ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਸਭ ਤੋਂ ਘੱਟ 45 ਦਿਨ ਦੇ ਸਮੇਂ ਲਈ ਰਹਿਣ ਵਾਲੀ ਪਹਿਲੀ ਪ੍ਰਧਾਨ ਮੰਤਰੀ ਹੈ। ਉਸ ਦੀ 5 ਸਤੰਬਰ 2022 ਨੂੰ ਚੋਣ ਹੋਈ ਸੀ ਅਤੇ ਉਨ੍ਹਾਂ 6 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ। ਉਸ ਨੇ ਸਿੱਧੇ ਮੁਕਾਬਲੇ ਵਿੱਚ ਰਿਸ਼ੀ ਸੁਨਕ ਨੂੰ ਹਰਾਇਆ ਸੀ। ਬੋਰਸ ਜਾਨਸਨ ਤਿੰਨ ਸਾਲ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਹਨ। ਉਨ੍ਹਾਂ ਦਾ ਕਾਰਜ਼ਕਾਲ ਚੁਣੌਤੀਆਂ ਭਰਿਆ ਰਿਹਾ ਹੈ। ਕੋਵਿਡ 19 ਦੀਆਂ ਉਲੰਘਣਾਵਾਂ ਕਰਕੇ ਉਹ ਆਪਣੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਵਿਖੇ ਜੂਨ 2020 ਵਿੱਚ ਕੀਤੀਆਂ ਪਾਰਟੀਆਂ ਅਤੇ ਤਾਜ਼ਾ ਘਟਨਾਕਰਮ ਬੋਰਸ ਜਾਨਸਨ ਦੇ ਨਜ਼ਦੀਕੀ ਕੰਜ਼ਰਵੇਟਿਵ ਪਾਰਟੀ ਦੇ
ਵਿਪ ਕਿ੍ਰਸ ਪਿੰਚਰ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਨੂੰ ਅੱਖੋਂ ਪ੍ਰੋਖੇ ਕਰਨ ਕਰਕੇ ਵੀ ਚਰਚਾ ਵਿੱਚ ਰਹੇ ਹਨ। ਕੋਵਿਡ ਦੌਰਾਨ ਲਾਕ ਡਾਊਨ ਹੋਣ ਕਰਕੇ ਦੇਸ਼ ਦੀ ਆਰਥਿਕਤਾ ਗੰਭੀਰ ਸੰਕਟ ਵਿੱਚ ਆ ਗਈ ਸੀ। ਆਰਥਿਕ ਵਾਧਾ ਦਰ 2.09 ਦੇ 2.7 ਤੋਂ ਘੱਟ ਕੇ 1.7 ਰਹਿ ਗਈ ਸੀ। ਜਦੋਂ ਬਰਤਾਨੀਆ ਯੂਰਪੀ ਯੂਨੀਅਨ ਤੋਂ ਬਾਹਰ ਆਇਆ ਸੀ ਤਾਂ ਬੋਰਸ ਨੇ ਕਿਹਾ ਸੀ ਕਿ ਕਿਰਤੀ ਲੋਕਾਂ ਲਈ ਸਿਆਸੀ ਫ਼ੈਸਲੇ ਕਰਨ ਦੀ ਵਧੇਰੇ ਆਜ਼ਾਦੀ ਹੋਵੇਗੀ ਪ੍ਰੰਤੂ ਬਰਤਾਨੀਆਂ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਗਈ ਸੀ। ਜੀ-7 ਮੁਲਕਾਂ ਦੇ ਗੁੱਟ ਵਿੱਚੋਂ ਬਰਤਾਨੀਆਂ ਦੀ ਮਹਿੰਗਾਈ ਦਰ ਸਭ ਤੋਂ ਜ਼ਿਆਦਾ ਹੋ ਗਈ ਸੀ। ਪੌਂਡ ਵੀ ਹੇਠਾਂ ਡਿਗ ਰਿਹਾ ਸੀ। ਬੋਰਸ ਜਾਨਸਨ ਇਸ ਦੌਰਾਨ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਥਾਂ ਸਰਮਾਏਦਾਰਾਂ ਨੂੰ ਟੈਕਸਾਂ ਵਿੱਚ ਛੋਟਾਂ ਦੇਣਾ ਚਾਹੁੰਦੇ ਸਨ, ਜਿਸ ਨਾਲ ਆਮ ਲੋਕਾਂ ਨੂੰ ਆਰਥਿਕਤਾ ਦਾ ਹੋਰ ਸੰਤਾਪ ਭੁਗਤਣਾ ਪੈਣਾ ਸੀ। ਰਿਸ਼ੀ ਸੁਨਾਕ ਜੋ ਉਨ੍ਹਾਂ ਦੇ ਵਿਸ਼ਵਾਸ ਪਾਤਰ ਵਿਤ ਮੰਤਰੀ ਸਨ, ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਬਾਅਦ ਰਿਆਇਤਾਂ ਦੇਣ ਦੀ ਪ੍ਰੋੜ੍ਹਤਾ ਕੀਤੀ, ਜਿਸ ਕਰਕੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਾਲ ਮਤਭੇਦ ਪੈਦਾ ਹੋ ਗਏ। ਹਾਲਾਂ ਕਿ ਸਰਮਾਏਦਾਰ ਮੁਲਕਾਂ ਵਿੱਚ ਬਰਤਾਨੀਆ ਦੀ ਆਰਥਿਕਤਾ ਨੂੰ ਸਥਿਰ ਮੰਨਿ੍ਹਆਂ ਜਾਂਦਾ ਸੀ। ਫਿਰ ਰਿਸ਼ੀ ਸੁਨਾਕ ਅਤੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਮੰਤਰੀ ਦੇ ਅਹੁਦਿਆਂ ਤੋਂ 5 ਜੁਲਾਈ ਨੂੰ ਅਸਤੀਫ਼ੇ ਦੇ ਦਿੱਤੇ ਅਤੇ ਪ੍ਰਧਾਨ ਮੰਤਰੀ ਵਿਰੁੱਧ ਬਗਾਬਤ ਦਾ ਝੰਡਾ ਚੁੱਕ ਲਿਆ। ਉਨ੍ਹਾਂ ਦੋਹਾਂ ਮੰਤਰੀਆਂ ਦੇ ਅਸਤੀਫ਼ੇ ਦੇਣ ਤੋਂ ਬਾਅਦ ਕੰਜ਼ਵੇਟਿਵ ਪਾਰਟੀ ਵਿੱਚ ਤੂਫ਼ਾਨ ਵਰਗੀ ਸਥਿਤੀ ਪੈਦਾ ਹੋ ਗਈ। ਕੰਜ਼ਵੇਟਿਵ ਪਾਰਟੀ ਦੇ ਬਹੁਤੇ ਹਾਊਸ ਆਫ਼ ਕਾਮਨਜ਼ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਬੋਰਸ ਜਾਨਸਨ ਨੂੰ ਅਸਤੀਫ਼ਾ ਦੇਣ ਲਈ ਤਾਕੀਦ ਕੀਤੀ ਪ੍ਰੰਤੂ ਬੋਰਸ ਜਾਨਸਨ ਟੱਸ ਤੋਂ ਮੱਸ ਨਾ ਹੋਏ। ਉਨ੍ਹਾਂ ਪਹਿਲਾਂ ਤਾਂ ਮੰਤਰੀ ਮੰਡਲ ਦੇ ਦੋਵੇਂ ਖਾਲੀ ਹੋਏ ਵਿਭਾਗਾਂ ਦੇ ਮੰਤਰੀ ਨਿਯੁਕਤ ਕਰ ਲਏ ਪ੍ਰੰਤੂ ਜਦੋਂ 58 ਅਹੁਦੇਦਾਰਾਂ ਅਤੇ 6 ਹੋਰ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਤਾਂ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਹੋ ਰਹੀ ਬਗਾਬਤ ਹੋਣ ਕਰਕੇ ਮਜ਼ਬੂਰ ਹੋ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ 7 ਜੁਲਾਈ ਨੂੰ ਅਸਤੀਫ਼ਾ ਦੇਣਾ ਪਿਆ। ਬਰਤਾਨੀਆਂ ਦੇ ਸੰਵਿਧਾਨ ਅਨੁਸਾਰ ਕੰਜ਼ਵੇਟਿਵ ਪਾਰਟੀ ਦੇ ਹਾਊਸ ਆਫ਼ ਕਾਮਨਜ਼ ਦੇ ਬਹੁਤੇ ਮੈਂਬਰਾਂ ਦੀ ਸਪੋਰਟ ਵਾਲੇ ਪਹਿਲੇ ਦੋ ਨੇਤਾ ਪ੍ਰਧਾਨ ਮੰਤਰੀ ਦੇ ਉਮੀਦਵਾਰ ਬਣ ਜਾਂਦੇ ਹਨ। ਉਸ ਤੋਂ ਬਾਅਦ ਪਾਰਟੀ ਦੇ ਪ੍ਰਾਇਮਰੀ ਮੈਂਬਰ ਉਨ੍ਹਾਂ ਦੋਹਾਂ ਵਿੱਚੋਂ ਇਕ ਦੀ ਚੋਣ ਕਰਦੇ ਹਨ। ਕੰਜ਼ਰਵੇਟਿਵ ਪਾਰਟੀ ਦੇ ਹਾਊਸ ਆਫ਼ ਕਾਮਨਜ਼ ਦੇ 357 ਮੈਂਬਰਾਂ ਵੱਲੋਂ ਪਹਿਲੇ ਚਾਰ ਰਾਊਂਡ ਵਿੱਚੋਂ ਰਿਸ਼ੀ ਸੁਨਾਕ ਪਹਿਲੇ ਨੰਬਰ ‘ਤੇ ਰਹੇ। ਚੌਥੇ ਰਾਊਂਡ ਵਿੱਚ ਪੈਨੀ ਮੌਰਡੰਟ ਦੂਜੇ ਨੰਬਰ ‘ਤੇ ਰਹੀ। ਪੰਜਵੇਂ ਅਤੇ ਆਖ਼ਰੀ ਰਾਊਂਡ ਵਿੱਚ ਰਿਸ਼ੀ ਸੁਨਾਕ 137 ਵੋਟਾਂ ਲੈ ਕੇ ਪਹਿਲੇ ਨੰਬਰ ਅਤੇ ਵਿਦੇਸ਼ ਮੰਤਰੀ ਲਿਜ਼ ਟਰੱਸ 113 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੀ। ਆਖ਼ਰੀ ਰਾਊਂਡ ਵਿੱਚੋਂ ਪਹਿਲੇ ਅਤੇ ਦੂਜੇ ਨੰਬਰ ‘ਤੇ ਆਉਣ ਵਾਲੇ ਰਿਸ਼ੀ ਸੁਨਾਕ ਅਤੇ ਵਿਦੇਸ਼ ਮੰਤਰੀ ਲਿਜ਼ ਟਰੱਸ ਵਿੱਚੋਂ ਇੱਕ ਦੀ ਚੋਣ ਕੀਤੀ ਜਾਣੀ ਸੀ। ਕੰਜ਼ਵੇਟਿਵ ਪਾਰਟੀ ਦੇ 1 ਲੱਖ 70 ਹਜ਼ਾਰ ਪ੍ਰਾਇਮਰੀ ਮੈਂਬਰਾਂ ਨੇ ਲਿਜ ਟਰੱਸ ਦੀ ਚੋਣ ਕੀਤੀ ਸੀ। ਆਪਣੀ ਚੋਣ ਸਮੇਂ ਲਿਜ਼ ਟਰੱਸ ਨੇ ਬਰਤਾਨੀਆਂ ਦੀ ਆਰਥਿਕ ਹਾਲਤ ਉਧਾਰ ਲੈਣ ਤੋਂ ਬਾਅਦ ਟੈਕਸ ਦੀਆਂ ਕਟੌਤੀਆਂ ਕਰਕੇ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ। ਜਦੋਂ ਲਿਜ਼ ਟਰੱਸ ਪ੍ਰਧਾਨ ਮੰਤਰੀ ਬਣੇ ਸਨ ਤਾਂ ‘ਯੂ ਗੋ ਪੋਲ’ ਨੇ ਆਪਣੇ ਸਰਵੇ ਵਿੱਚ ਕਿਹਾ ਸੀ ਕਿ ਕੰਜ਼ਰਵੇਟਿਵ ਪਾਰਟੀ ਦੇ 12 ਫ਼ੀ ਸਦੀ ਮੈਂਬਰ ਕਹਿੰਦੇ ਸਨ ਕਿ ਲਿਜ਼ ਟਰੱਸ ਸਫਲ ਹੋਵੇਗੀ ਪਰੰਤੂ 52 ਫ਼ੀ ਸਦੀ ਕਹਿੰਦੇ ਸਨ ਕਿ ਉਹ ਅਸਫਲ ਸਾਬਤ ਹੋਵੇਗੀ। ਆਪਣੇ ਰਾਜ ਦੇ 45 ਦਿਨ ਵਿੱਚ ਆਰਥਿਕ ਹਾਲਤ ਤਾਂ ਸੁਧਾਰ ਨਹੀਂ ਸਕੀ ਸਗੋਂ ਬਰਤਾਨੀਆਂ ਦੀ ਆਰਥਿਕਤਾ ਡਾਵਾਂਡੋਲ ਹੋ ਕੇ ਲੜਖੜਾ ਗਈ। ਪ੍ਰਧਾਨ ਮੰਤਰੀ ਨੇ ਕਵਾਸੀ ਵਾਰਟੈਂਗ ਨੂੰ ਆਪਣਾ ਵਿਤ ਮੰਤਰੀ ਬਣਾਇਆ ਸੀ। ਵਿਤ ਮੰਤਰੀ ਨੇ 23 ਸਤੰਬਰ ਨੂੰ ਸੰਸਦ ਵਿੱਚ ਆਪਣਾ ਮਿੰਨੀ ਬਜਟ ਪੇਸ਼ ਕੀਤਾ ਸੀ। ਜਿਸ ਵਿੱਚ ਐਲਾਨ ਕੀਤਾ ਗਿਆ ਸੀ ਕਿ ਪਬਲਿਕ ਤੋਂ ਉਧਾਰ ਲੈ ਕੇ ਲੋਕਾਂ ਨੂੰ ਟੈਕਸਾਂ ਵਿੱਚ ਛੋਟ ਦਿੱਤੀ ਜਾਵੇਗੀ। ਪਰੰਤੂ ਇਸ ਐਲਾਨ ਤੋਂ ਬਾਅਦ ਪੌਂਡ ਦੀ ਕੀਮਤ ਡਾਲਰ ਦੇ ਮੁਕਾਬਲੇ ਘਟ ਗਈ। ਵਿਤ ਮੰਤਰੀ ਨੇ 25 ਸਤੰਬਰ ਨੂੰ ਟੈਕਸਾਂ ਵਿੱਚ ਹੋਰ ਕਟੌਤੀ ਕਰ ਦਿੱਤੀ ਤਾਂ ਜੋ ਪੌਂਡ ਦੀ ਕੀਮਤ ਹੋਰ ਡਿਗਣੋ ਬੰਦ ਹੋ ਜਾਵੇ। 28 ਸਤੰਬਰ ਨੂੰ ਬੌਂਡ ਮਾਰਕੀਟ ਵਿੱਚ ਉਛਾਲ ਆ ਗਿਆ, ਜਿਸ ਕਰਕੇ ਬਿ੍ਰਟਿਸ਼ ਦਾ ਪੈਨਸ਼ਨ ਫੰਡ ਲੜਖੜਾ ਗਿਆ। ਇਸ ਨੂੰ ਰੋਕਣ ਲਈ ਬੈਂਕ ਆਫ ਇੰਗਲੈਂਡ ਨੇ ਲੰਬੇ ਸਮੇਂ ਦੇ ਬੌਂਡ ਵੇਚਣ ਦਾ ਪ੍ਰੋਗਰਾਮ ਬਣਾ ਲਿਆ। ਬਰਤਾਨੀਆਂ ਦੀ ਆਰਥਿਕਤਾ ਵਿੱਚ ਕੋਈ ਫਰਕ ਨਾ ਪਿਆ। ਲੋਕਾਂ ਵਿੱਚ ਰੋਹ ਪੈਦਾ ਹੋ ਗਿਆ। 3 ਅਕਤੂਬਰ ਨੂੰ ਵਿਤ ਮੰਤਰੀ ਨੇ ਟੈਕਸਾਂ ਦੀ ਕਟੌਤੀ ਯੂ.ਟਰਨ ਲੈ ਕੇ ਵਾਪਸ ਲੈ ਲਈ। ਲਿਜ਼ ਟਰੱਸ ਦਾ ਵਾਅਦਾ ਵਫ਼ਾ ਨਾ ਹੋਇਆ। 10 ਅਕਤੂਬਰ ਨੂੰ ਵਿਤ ਮੰਤਰੀ ਨੇ ਐਲਾਨ ਕੀਤਾ ਕਿ ਉਹ ਨਵੰਬਰ ਵਿੱਚ ਪੇਸ਼ ਹੋਣ ਵਾਲੇ ਬਜਟ ਨੂੰ 31 ਅਕਤੂਬਰ ਨੂੰ ਪੇਸ਼ ਕਰਨਗੇ। ਪਰੰਤੂ 12 ਅਕਤੂਬਰ ਨੂੰ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਐਲਾਨ ਕਰ ਦਿੱਤਾ ਕਿ ਉਹ ਪਬਲਿਕ ਖ਼ਰਚੇ ‘ਤੇ ਕਟੌਤੀ ਨਹੀਂ ਕਰਨਗੇ। ਵਿਤ ਮੰਤਰੀ ਅਤੇ ਪ੍ਰਧਾਨ ਮੰਤਰੀ ਵਿੱਚ ਮਤਭੇਦ ਪੈਦਾ ਹੋ ਗਏ। ਪ੍ਰਧਾਨ ਮੰਤਰੀ ਨੇ 14 ਅਕਤੂਬਰ ਨੂੰ ਆਪਣੇ ਵਿਤ ਮੰਤਰੀ ਨੂੰ ਹਟਾ ਕੇ ਵਿਦੇਸ਼ ਮੰਤਰੀ ਜਰਮੀ ਹੰਟ ਨੂੰ ਵਿਤ ਮੰਤਰੀ ਬਣਾ ਦਿੱਤਾ। 19 ਅਕਤੂਬਰ ਨੂੰ ਇਕ ਹੋਰ ਭਾਰਤੀ ਮੂਲ ਦੀ ਮੰਤਰੀ ਮੰਤਰੀ ਸਿਓਲਾ ਬ੍ਰੇਵਰਮੈਨ ਨੇ ਇਮੀਗਰੇਸ਼ਨ ਮੰਤਰੀ ਜਰਮੀ ਹੰਟ ਅਤੇ ਪ੍ਰਧਾਨ ਮੰਤਰੀ ਲਿਜ਼ ਟਰੱਸ ਨਾਲ ਮਤਭੇਦ ਹੋਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। 20 ਅਕਤੂਬਰ ਨੂੰ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ 45 ਦਿਨਾ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਬਰਤਾਨੀਆਂ ਦੇ ਯੂਰਪੀਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ 4 ਮਹੀਨਿਆਂ ਵਿੱਚ 3 ਪ੍ਰਧਾਨ ਮੰਤਰੀ ਅਤੇ 5 ਚਾਂਸਲਰ ਬਦਲੇ ਜਾ ਚੁੱਕੇ ਹਨ। ਪਿਛਲੇ 6 ਸਾਲਾਂ ਵਿੱਚ ਚਾਰ ਪ੍ਰਧਾਨ ਮੰਤਰੀ ਬਦਲੇ ਜਾ ਚੁੱਕੇ ਹਨ। ਰਿਸ਼ੀ ਸੁਨਾਕ ਪੰਜਵੇਂ ਪ੍ਰਧਾਨ ਮੰਤਰੀ ਹਨ।
ਰਿਸ਼ੀ ਸੁਨਾਕ ਭਾਰਤੀ ਮੂਲ ਦੇ ਪੰਜਾਬੀ ਮਾਪਿਆਂ ਦਾ ਸਪੁੱਤਰ ਹੈ। ਉਨ੍ਹਾਂ ਦੇ ਦਾਦਾ ਰਾਮ ਦਾਸ ਸੁਨਾਕ ਗੁਜਰਾਂਵਾਲਾ ਤੋਂ ਸਨ। ਉਹ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਵਿੱਚ ਪੜ੍ਹੇ ਸਨ। ਉਹ 1935 ਵਿੱਚ ਗੁਜਰਾਂਵਾਲਾ ਤੋਂ ਕੀਨੀਆਂ ਪ੍ਰਵਾਸ ਕਰ ਗਏ ਸਨ। ਉਥੇ ਉਨ੍ਹਾਂ ਆਪਣਾ ਕੈਰੀਅਰ ਬਤੌਰ ਕਲਰਕ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਤਰੱਕੀ ਕਰਕੇ ਪ੍ਰਸ਼ਾਸ਼ਨਿਕ ਅਧਿਕਾਰੀ ਬਣ ਗਏ ਸਨ। ਉਨ੍ਹਾਂ ਦੀ ਪਤਨੀ ਸੁਹਾਗ ਰਾਣੀ ਸੁਨਾਕ 1937 ਵਿੱਚ ਕੀਨੀਆਂ ਚਲੇ ਗਏ ਸਨ। ਰਿਸ਼ੀ ਸੁਨਾਕ ਦੇ ਮਾਤਾ ਊਸ਼ਾ ਸੁਨਾਕ ਅਤੇ ਪਿਤਾ ਯਸ਼ਵੀਰ ਸੁਨਾਕ ਉਥੋਂ ਪੂਰਬੀ ਅਫ਼ਰੀਕਾ ਚਲੇ ਗਏ ਸਨ। 1966 ਵਿੱਚ ਉਹ ਇੰਗਲੈਂਡ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਨੇ ਲਿਵਰਪੂਲ ਯੂਨੀਵਰਸਿਟੀ ਤੋਂ ਮੈਡੀਸਨ ਦੀ ਪੜ੍ਹਾਈ ਕੀਤੀ। ਰਿਸ਼ੀ ਸੁਨਾਕ ਦੀ ਮਾਤਾ ਊਸ਼ਾ ਸੁਨਾਕ ਨੇ 1972 ਵਿੱਚ ਏਸਟਨ ਯੂਨੀਵਰਸਿਟੀ ਤੋਂ ਫਾਰਮੇਸੀ ਦੀ ਡਿਗਰੀ ਪਾਸ ਕੀਤੀ। 1977 ਵਿੱਚ ਯਸ਼ਵੀਰ ਸੁਨਕ ਅਤੇ ਉਸ਼ਾ ਦਾ ਵਿਆਹ ਹੋ ਗਿਆ, ਫਿਰ ਉਨ੍ਹਾਂ ਨੇ ਮੈਡੀਸਨ ਦੀ ਦੁਕਾਨ ਖੋਲ੍ਹ ਲਈ। ਰਿਸ਼ੀ ਸੁਨਕ ਦਾ ਜਨਮ 1980 ਵਿੱਚ ਸਾਊਥ ਹੈਂਪਟਨ ਵਿੱਚ ਹੋਇਆ ਸੀ। ਰਿਸ਼ੀ ਸੁਨਾਕ ਨੇ ਮੁੱਢਲੀ ਸਿਖਿਆ ਬਰਤਾਨੀਆਂ ਦੇ ਸਰਵੋਤਮ ਪਬਲਿਕ ਸਕੂਲ ਵਿਨਚੈਸਟਰ ਤੋਂ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਉਹ ਬਹੁਤ ਹੁਸ਼ਿਆਰ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਨੇ ਵਿਨਚੈਸਟਰ ਸਕੂਲ ਦਾ ਵਜੀਫਾ ਪ੍ਰਾਪਤ ਕੀਤਾ। ਰਿਸ਼ੀ ਸੁਨਾਕ ਨੇ ਬੀ.ਏ.Çਲੰਕਨ ਕਾਲਜ, ਆਕਸਫੋਰਡ ਯੂਨੀਵਰਸਿਟੀ ਤੋਂ ਪਾਸ ਕੀਤੀ। ਫਿਰ ਉਹ ਅਮਰੀਕਾ ਚਲੇ ਗਏ, ਜਿਥੋਂ ਸਟੈਂਫੋਰਡ ਯੂਨੀਵਰਸਿਟੀ ਤੋਂ ਉਨ੍ਹਾਂ ਫੁੱਲ ਬਰਾਈਟ ਵਜ਼ੀਫ਼ੇ ਨਾਲ ਐਮ.ਬੀ.ਏ. ਪਾਸ ਕੀਤੀ। ਉਥੇ ਉਹ ਬੈਂਕਿੰਗ ਖੇਤਰ ਵਿੱਚ ਕੰਮ ਕਰਦੇ ਰਹੇ ਅਤੇ ਚੰਗਾ ਨਾਮਣਾ ਖੱਟਿਆ। ਰਿਸ਼ੀ ਸੁਨਾਕ ਦਾ ਵਿਆਹ ਇਨਫੋਸਿਸ ਕੰਪਨੀ ਦੇ ਕੋ ਫ਼ਾਊਂਡਰ ਨਰਾਇਣ ਮੂਰਥੀ ਦੀ ਸਪੁੱਤਰੀ ਅਕਰਸ਼ਤਾ ਨਾਲ ਹੋਇਆ। ਆਕਰਸ਼ਤਾ ਬਰਤਾਨੀਆਂ ਦੇ 222 ਅਮੀਰ ਵਿਅਕਤੀਆਂ ਵਿੱਚੋਂ ਇਕ ਹੈ। ਬਰਤਾਨੀਆਂ 200 ਸਾਲ ਭਾਰਤ ਵਿੱਚ ਰਾਜ ਕਰਦਾ ਰਿਹਾ ਹੈ। ਭਾਰਤ ਛੱਡਣ ਤੋਂ 75 ਸਾਲ ਬਾਅਦ ਭਾਰਤੀ ਮੂਲ ਦੇ ਪੰਜਾਬੀ ਰਿਸ਼ੀ ਸੁਨਾਕ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ - ਉਜਾਗਰ ਸਿੰਘ
ਦੀਵਾਲੀ ਦੇ ਸ਼ੁਭ ਦਿਨ ਜਦੋਂ ਸਾਰਾ ਭਾਰਤੀ ਸੰਸਾਰ ਦੀਵੇ ਰੌਸ਼ਨਾ ਕੇ ਖ਼ੁਸ਼ੀਆਂ ਮਨਾ ਰਿਹਾ ਹੋਵੇ ਤੇ ਉਸ ਦਿਨ ਇਕ ਇਕੱਲੀ ਕਹਿਰੀ ਮਾਂ ਦਾ ਚਿਰਾਗ ਬੁਝ ਜਾਵੇ ਤਾਂ ਉਸ ਮਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਂ37 ਸਾਲ ਪਹਿਲਾਂ 1985 ਨੂੰ ਦੀਵਾਲੀ ਵਾਲੇ ਦਿਨ ਮਾਤਾ ਸੰਤ ਕੌਰ ਦਾ ਚਿਰਾਗ ਬੁਝਣ ਨਾਲ ਚਾਰੇ ਪਾਸੇ ਭਵਿਖ ਅੰਧੇਰਾ ਪਸਰ ਗਿਆ। ਮਾਂ ਦੇ ਭਵਿਖ ਨੂੰ ਵੀ ਗ੍ਰਹਿਣ ਲੱਗ ਗਿਆ। ਮਾਂ ਦੇ ਸਤਿਕਾਰ ਲਈ ਕੁਰਬਾਨੀ ਦੇਣ ਵਾਲਾ ਸਪੁੱਤਰ ਪੰਜਾਬੀ ਅਤੇ ਉਰਦੂ ਦਾ ਕਵੀ ਅਤੇ ਸੰਪਾਦਕ ਸੁਰਿੰਦਰ ਸਿੰਘ ਮਾਹੀ ਆਪਣੀ ਹੀ ਮਾਂ ਨੂੰ ਬੇਸਹਾਰਾ ਛੱਡ ਕੇ ਅਣਦੱਸੇ ਰਾਹ ਪੈ ਗਿਆ। ਸੁਰਿੰਦਰ ਸਿੰਘ ਮਾਹੀ ਆਪਣੇ ਪਿਤਾ ਵੱਲੋਂ ਮਾਂ ਨੂੰ ਅਣਡਿਠ ਕਰਕੇ ਦੂਜਾ ਵਿਆਹ ਕਰਵਾਉਣ ਦੇ ਗੁੱਸੇ ਵਜੋਂ ਮਾਂ ਦਾ ਸਤਿਕਾਰ ਬਰਕਰਾਰ ਰੱਖਣ ਲਈ ਸਾਰੀ ਉਮਰ ਵਿਆਹ ਨਾ ਕਰਵਾਕੇ ਮਾਂ ਦੀ ਸੇਵਾ ਕਰਨ ਵਾਲਾ ਸਰਵਣ ਸਪੁੱਤਰ ਬਣਕੇ ਵਿਚਰਿਆ। ਸੰਸਾਰ ਬਹੁਰੰਗਾ ਹੈ, ਇਸ ਵਿੱਚ ਰੰਗ ਬਰੰਗੇ ਲੋਕ ਰਹਿੰਦੇ ਹਨ। ਇਨ੍ਹਾਂ ਬਹੁਰੰਗੇ ਲੋਕਾਂ ਦੀ ਖ਼ੁਸ਼ਬੋ ਮਾਨਣ ਦਾ ਇਤਫ਼ਾਕ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਅਜਿਹੇ ਬਹੁਰੰਗੇ ਮਹਿਕ ਵੰਡਣ ਵਾਲੇ ਲੋਕਾਂ ਵਿੱਚੋਂ ਸੁਰਿੰਦਰ ਸਿੰਘ ਮਾਹੀ ਇੱਕ ਸੀ। ਜਿਸਦਾ ਸਾਥ ਮਾਣਕੇ ਮੈਂ ਉਸਦੀ ਸਾਹਿਤਕ ਖੁਸ਼ਬੋ ਦਾ ਆਨੰਦ ਮਾਣਦਾ ਰਿਹਾ ਹਾਂ। ਉਹ ਹਮੇਸ਼ਾ ਹਰ ਔਕੜ ਦੇ ਸਮੇਂ ਵੀ ਮੱਥੇ ਤੇ ਵੱਟ ਨਹੀਂ ਪਾਉਂਦਾ ਸੀ ਸਗੋਂ ਮੁਸਕਰਾਹਟ ਨਾਲ ਹੀ ਦੁੱਖ ਨੂੰ ਪੀ ਜਾਂਦਾ ਸੀ। ਉਹ ਕਿਹੜੀਆਂ ਜਹਿਮਤਾਂ ਦਾ ਮੁਕਾਬਲਾ ਕਰਦਾ ਰਿਹਾ, ਉਸ ਬਾਰੇ ਉਸਨੇ ਕਦੀਂ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕੀਤੀ। ਜੇਕਰ ਉਸਤੋਂ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਸਿਰਫ ਮੁਸਕਰਾਹਟ ਨਾਲ ਹੀ ਟਾਲ ਜਾਂਦਾ ਸੀ। ਮਿੱਤਰਾਂ ਦੋਸਤਾਂ ਦਾ ਮਾਹੀ ਆਪਣੀ ਮਹਿਬੂਬਾ ‘ਰੂਪ’ ਦੇ ਦਿਲ ਵਿੱਚ ਭਾਵੇਂ ਵਸਦਾ ਰਿਹਾ ਹੋਵੇਗਾ ਪ੍ਰੰਤੂ ਉਸ ਦਾ ਮਾਹੀ ਨਾ ਬਣ ਸਕਿਆ। ਜੇ ਮਾਹੀ ਬਣਿਆਂ ਤਾਂ ਆਪਣੀ ਮਾਂ ਦਾ ਸਰਬਣ ਪੁਤਰ ਬਣਕੇ ਮਾਹੀ ਬਣਿਆਂ ਕਿਉਂਕਿ ਸਾਰੀ ਉਮਰ ਆਪਣੀ ਮਾਂ ਦੀ ਖਿਦਮਤ ਹੀ ਕਰਦਾ ਰਿਹਾ। ਸੁਰਿੰਦਰ ਸਿੰਘ ਮਾਹੀ ਪੰਜਾਬ ਸਿਵਲ ਸਕੱਤਰੇਤ ਦੇ ਗਲਿਆਰਿਆਂ, ਮੰਤਰੀਆਂ ਦੇ ਕਮਰਿਆਂ, 17 ਸੈਕਟਰ ਦੇ ਕਾਫ਼ੀ ਹਾਊਸ, 18 ਸੈਕਟਰ ਦੀ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਪਿ੍ਰੰਟਿੰਗ ਪ੍ਰੈਸ ਅਤੇ 22 ਸੈਕਟਰ ਦੇ ਰਾਈਟਰਜ਼ ਕਾਰਨਰ ‘ਤੇ ਸ਼ਬਦਾਂ ਦੀ ਮਹਿਕ ਖਿਲਾਰਦਾ ਅਤੇ ਮੁਸਕਰਾਹਟਾਂ ਵੰਡਦਾ ਆਮ ਤੌਰ ‘ਤੇ ਵੇਖਿਆ ਜਾ ਸਕਦਾ ਸੀ। ਲੋਭ ਦੇ ਮੋਹ ਤੋਂ ਬਿਨਾ ਭਿੰਨੀ ਭਿੰਨੀ ਖ਼ੁਸ਼ਬੋ ਵੰਡਦਾ ਰਹਿੰਦਾ ਸੀ। ਸੁਰਿੰਦਰ ਸਿੰਘ ਮਾਹੀ ਬਹੁਪੱਖੀ ਸ਼ਖ਼ਸ਼ੀਅਤ ਦਾ ਮਾਲਕ ਸੀ। ਸ਼ਾਇਰ, ਲੇਖਕ, ਸੰਪਾਦਕ, ਸਿਆਸਤਦਾਨ, ਸਮਾਜ ਸੇਵਕ ਅਤੇ ਬਿਹਤਰੀਨ ਇਨਸਾਨ ਸੀ। ਉਹ ਦੋਸਤਾਂ ਦਾ ਦੋਸਤ, ਯਾਰਾਂ ਦਾ ਯਾਰ, ਸਾਹਿਤਕ ਮਹਿਫ਼ਲਾਂ ਦਾ ਸ਼ਿੰਗਾਰ ਸੀ। ਉਹ ਆਪਣੇ ਲਈ ਨਹੀਂ ਸਗੋਂ ਲੋਕਾਂ ਤੇ ਦੋਸਤਾਂ ਲਈ ਜੀਵਿਆ। ਜਿਸਨੂੰ ਇਕ ਵਾਰ ਮਿਲ ਲਿਆ ਫਿਰ ਉਹ ਸਾਰੀ ਉਮਰ ਉਸਦਾ ਹੀ ਬਣਕੇ ਰਹਿ ਗਿਆ। ਅਸੂਲਾਂ ਦਾ ਪੱਕਾ ਅਤੇ ਜ਼ਿੰਦਾਦਿਲ ਇਨਸਾਨ ਸੀ। ਉਸਨੂੰ ਸੱਚ ਵਰਗੀ ਹਰ ਸ਼ੈ ਭਾਉਂਦੀ ਸੀ। ਸਾਧਾਰਨ ਪ੍ਰੰਤੂ ਸਲੀਕੇ ਵਾਲਾ ਜੀਵਨ ਜਿਉਣ ਵਾਲਾ ਦਿਆਨਤਦਾਰ ਇਨਸਾਨ ਸੀ। ਉਨ੍ਹਾਂ ਦਾ ਖਾਣਾ, ਪੀਣਾ ਅਤੇ ਪਹਿਨਣਾ ਫ਼ਕਰਾਂ ਵਾਲਾ ਸੀ। ਉਹ ਸਿੱਧਾ ਸਾਦਾ ਜਿਹਾ ਫ਼ਕੀਰ ਸੀ। ਵੇਖਣ ਵਾਲੇ ਨੂੰ ਉਹ ਸਫ਼ੈਦ ਪਹਿਰਾਵੇ ਵਿੱਚ ਸ਼ਾਂਤੀ ਦਾ ਪੁਜਾਰੀ ਲੱਗਦਾ ਸੀ। ਕੋਈ ਰੜਕ ਅਤੇ ਮੜਕ ਨਹੀਂ ਸੀ। ਚਿੱਟੇ ਦੁੱਧ ਵਰਗੇ ਕਮੀਜ਼ ਦੇ ਕਾਲਰ ਦਾ ਫਟਣਾ, ਪੈਂਟ ਦੀ ਕਰੀਜ਼ ਦਾ ਟੁੱਟਣਾ ਅਤੇ ਪੱਗ ਦੇ ਲੜਾਂ ਵਿੱਚ ਸਿਲਵਟ ਦਾ ਪੈਣਾ ਉਸਦੀ ਹੋਂਦ ‘ਤੇ ਕਦੇ ਭਾਰੂ ਨਹੀਂ ਹੋ ਸਕੇ। ਹਮੇਸ਼ਾ ਬਣ ਠਣ ਕੇ ਰਹਿੰਦਾ ਸੀ। ਕਦੀਂ ਕਿਸੇ ਦਾ ਮਾੜਾ ਨਹੀਂ ਸੋਚਣਾ, ਬੁਰਾ ਨਹੀਂ ਕਰਨਾ ਅਤੇ ਹਮੇਸ਼ਾ ਚੁਭਵੀਂ ਗੱਲ ਕਰਨ ਵਾਲੇ ਤੋਂ ਗੁਰੇਜ਼ ਕਰਨਾ, ਉਸਦੀ ਜ਼ਿੰਦਗੀ ਦਾ ਵਿਲੱਖਣ ਗੁਣ ਸੀ। ਸੱਚੀ ਸੁੱਚੀ ਗੱਲ ਬੇਬਾਕੀ ਨਾਲ ਮੂੰਹ ‘ਤੇ ਕਹਿ ਦੇਣਾ ਉਸਦਾ ਸੁਭਾਅ ਸੀ। ਉਹ ਹਰ ਇਨਸਾਨ ਦੀ ਮਜ਼ਬੂਰੀ ਸਾਹਿਤਕ ਰੁਚੀਆਂ ਵਾਲਾ ਹੋਣ ਕਰਕੇ ਭਲੀ ਭਾਂਤ ਸਮਝ ਜਾਂਦਾ ਅਤੇ ਮਦਦ ਲਈ ਤਤਪਰ ਹੋ ਜਾਂਦਾ ਸੀ। ਪੰਜਾਬੀ, ਉਰਦੂ ਅਤੇ ਫਾਰਸੀ ਦਾ ਵਿਦਵਾਨ ਹੋਣ ਕਰਕੇ ਨਾਪ ਤੋਲ ਕੇ ਠਰੰਮੇ ਨਾਲ ਗੱਲ ਕਰਦਾ ਸੀ। ਯਾਰਾਂ ਦਾ ਯਾਰ ਹਮੇਸ਼ਾ ਮੁਸਕਰਾਹਟ ਖਿਲਾਰਦਾ ਰਹਿੰਦਾ ਸੀ। ਬਚਪਨ ਵਿੱਚ ਹੀ ਉਹ ਉਦੋਂ ਆਪਣੀ ਮਾਂ ਦਾ ਸਹਾਰਾ ਬਣਿਆਂ ਜਦੋਂ ਉਸਦੇ ਆਪਣੇ ਖ਼ੂਨ ਦੇ ਰਿਸ਼ਤੇ ਪਿਤਾ ਤੋਂ ਧੋਖ਼ਾ ਖਾਣ ਮਗਰੋਂ ਕੇਵਲ ਮਾਂ ਦੀ ਕੁੱਖ ਦਾ ਕਰਜ਼ਾ ਚੁਕਾਉਣ ਲਈ ਜੀਵਿਆ। ਉਸਦੀ ਮਾਂ ਹੀ ਉਸਦਾ ਰੱਬ ਸੀ ਕਿਉਂਕਿ ਉਸਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਉਸਨੇ ਆਪਣੇ ਪਿਤਾ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਤਾਅ ਉਮਰ ਆਪਣੀ ਮਾਂ ਦਾ ਸਾਥ ਦਿੱਤਾ ਤੇ ਮਾਂ ਦੀ ਸਰਪ੍ਰਸਤੀ ਦਾ ਆਨੰਦ ਮਾਣਿਆਂ। ਸਾਰੀ ਉਮਰ ਉਸਨੇ ਵਿਆਹ ਨਹੀਂ ਕਰਵਾਇਆ ਤਾਂ ਜੋ ਉਸਦੀ ਮਾਂ ਦੀ ਵੇਖ ਭਾਲ ਦੇ ਰਾਹ ਵਿੱਚ ਉਸਦੀ ਪਤਨੀ ਅੜਿਕਾ ਨਾ ਬਣ ਜਾਵੇ ਕਿਉਂਕਿ ਉਸਨੇ ਆਪਣੀ ਮਾਂ ਦੀ ਭਰ ਜਵਾਨੀ ਵਿੱਚ ਅਣਵੇਖੀ ਦੀ ਤ੍ਰਾਸਦੀ ਨੂੰ ਅੱਖੀਂ ਵੇਖਿਆ ਸੀ। ਉਹ ਆਪਣੀ ਮਾਂ ਨੂੰ ਸਾਰੀ ਉਮਰ ਹਰ ਹਾਲਾਤ ਵਿੱਚ ਖ਼ੁਸ਼ ਰੱਖਣਾ ਚਾਹੁੰਦਾ ਸੀ। ਮਾਂ ਦਾ ਚੂਲਾ ਟੁੱਟਣ ਤੋਂ ਬਾਅਦ ਸਵੇਰੇ ਉਠਕੇ ਆਪ ਭਾਵੇਂ ਚਾਹ ਨਹੀਂ ਪੀਂਦਾ ਸੀ ਪ੍ਰੰਤੂ ਮਾਂ ਲਈ ਚਾਹ ਦਾ ਕੱਪ ਬਣਾ ਕੇ ਦੇਣਾ ਕਦੀਂ ਭੁਲਦਾ ਨਹੀਂ ਸੀ। ਨਾਸ਼ਤਾ ਤਿਆਰ ਕਰਕੇ ਖੁਆਉਣਾ ਅਤੇ ਫਿਰ ਦਫ਼ਤਰ ਜਾਣਾ। ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਘਰ ਆ ਕੇ ਮਾਂ ਲਈ ਰੋਟੀ ਬਣਾਉਣੀ ਤੇ ਫਿਰ ਦਫਤਰ ਜਾਣਾ ਅਤੇ ਸ਼ਾਮ ਨੂੰ ਦਫ਼ਤਰੋਂ ਆ ਕੇ ਚਾਹ ਬਣਾ ਕੇ ਦੇਣਾ , ਉਸਦਾ ਰੋਜ਼ ਮਰਰ੍ਹਾ ਦਾ ਕੰਮ ਸੀ। ਮਾਂ ਨੂੰ ਖਾਣਾ ਖੁਆ ਕੇ ਉਸਦੇ ਸੌਣ ਤੋਂ ਬਾਅਦ ਆਪ ਸੌਂਦਾ ਸੀ। ਮਾਂ ਦੇ ਕਪੜੇ ਆਪ ਧੋਂਦਾ ਸੀ। ਸਾਹਿਤਕ ਮਸ ਹੋਣ ਕਰਕੇ ਸ਼ਾਮ ਨੂੰ ਸਹੀ 6 ਵਜੇ ਚੰਡੀਗੜ੍ਹ ਦੇ 22 ਸੈਕਟਰ ਵਿਖੇ ਰਾਈਟਰ ਕਾਰਨਰ ‘ਤੇ ਲੇਖਕਾਂ ਦੀ ਮਹਿਫਲ ਦਾ ਹਿੱਸਾ ਬਣ ਜਾਣਾ ਉਸਦਾ ਸ਼ੌਕ ਸੀ। ਰਾਈਟਰ ਕਾਰਨਰ ‘ਤੇ ਭਾਗ ਸਿੰਘ, ਸਿਰੀ ਰਾਮ ਅਰਸ਼, ਭਗਵੰਤ ਸਿੰਘ, ਭੂਸ਼ਨ ਧਿਆਨਪੁਰੀ, ਰਤਨੀਵ ਅਤੇ ਕਦੇ ਕਦੇ ਸ਼ਿਵ ਕੁਮਾਰ ਬਟਾਲਵੀ ਦੇ ਪਹੁੰਚਣ ਨਾਲ ਮਹਿਫਲ ਰੰਗੀਨ ਹੋ ਜਾਂਦੀ ਸੀ। ਇਸ ਮਹਿਫਲ ਦਾ ਆਨੰਦ ਮਾਨਣ ਤੋਂ ਬਾਅਦ ਫਿਰ ਆਪਣੀ ਮਾਂ ਦੀ ਸੇਵਾ ਵਿਚ ਪਹੁੰਚ ਜਾਣਾ, ਇਹ ਉਨ੍ਹਾਂ ਦਾ ਰੋਟੀਨ ਸੀ। ਚੰਡੀਗੜ੍ਹ ਦੀਆਂ ਸਾਹਿਤ ਸਭਾਵਾਂ ਦਾ ਉਹ ਸ਼ਿੰਗਾਰ ਸਨ। ਉਹ ਲੋਕ ਸੰਪਰਕ ਵਿਭਾਗ ਦੇ ਉਰਦੂ ਦੇ ਮਾਸਕ ਰਸਾਲੇ ‘ਪਾਸਵਾਨ’ ਦਾ ਸੰਪਾਦਕ ਸੀ। ਉਸਦਾ ਖਾਸਾ ਤਾਂ ਸੀ ਆਪਣੇ ਕੰਮ ਵਿੱਚ ਮਗਨ ਰਹਿਣਾ। ਆਪਣੇ ਦਫ਼ਤਰੀ ਫ਼ਰਜ਼ਾਂ ਨੂੰ ਨਿਭਾਉਂਦੇ ਤੁਰੀ ਜਾਣਾ। ਉਸ ਦਾ ਉਰਦੂ ਦੇ ਉਚ ਕੋਟੀ ਦੇ ਕਵੀਆਂ ਨਾਲ ਗੂੜ੍ਹਾ ਸਹਿਚਾਰ ਸੀ। ਉਹ ਖੁਦ ਉਰਦੂ ਅਤੇ ਪੰਜਾਬੀ ਵਿੱਚ ਗ਼ਜ਼ਲਾਂ ਲਿਖਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਹੀ ਦੀ ਨਿੱਜੀ ਡਾਇਰੀ ਤੋਂ ਉਸਦੇ ਰੂਪਾ ਨਾਮ ਦੀ ਲੜਕੀ ਨਾਲ ਪਿਆਰ ਦੇ ਅਧਵਾਟੇ ਟੁੱਟਣ ਦਾ ਇਜ਼ਹਾਰ ਹੋਇਆ। ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਉਨ੍ਹਾਂ ਦੀ ਗ਼ਜ਼ਲਾਂ ਅਤੇ ਨਜ਼ਮਾ ਦੀ ਇਕ ਪੁਸਤਕ ‘ਕੰਡੇ ਦਾ ਜ਼ਖ਼ਮ’ ਪ੍ਰਕਾਸ਼ਤ ਕਰਵਾਈ।
ਪੰਜਾਬ ਸਿਵਲ ਸਕੱਤਰੇਤ ਵਿਖੇ ਸੁਰਿੰਦਰ ਸਿੰਘ ਮਾਹੀ ਦੇ ਕੈਬਿਨ ਵਿੱਚ ਸਾਹਿਤਕਾਰਾਂ ਅਤੇ ਪੱਤਰਕਾਰਾਂ ਦਾ ਜਮਘਟਾ ਲੱਗਿਆ ਰਹਿੰਦਾ ਸੀ। ਚਾਹ ਦੇ ਗੱਫ਼ੇ ਚਲਦੇ ਰਹਿੰਦੇ ਸਨ ਪ੍ਰੰਤੂ ਉਹ ਖੁਦ ਚਾਹ ਨਹੀਂ ਪੀਂਦਾ ਸੀ। ਚਿੱਟੇ ਪੈਂਟ ਕਮੀਜ਼ ਅਤੇ ਚਿੱਟੀ ਦੀ ਗੁਰਗਾਬੀ ਨਾਲ ਇਕ ਸੰਤ ਮਹਾਤਮਾ ਦਾ ਭੁਲੇਖਾ ਪੈਂਦਾ ਸੀ। ਭਰ ਜਵਾਨੀ ਵਿੱਚ ਸਾਹਿਤਕ ਹੋਣ ਕਰਕੇ ਉਹ ਜਲੰਧਰ ਵਿਖੇ ਪੰਜਾਬ ਕਵੀ ਮੰਡਲ ਦੇ ਪ੍ਰਧਾਨ ਵੀ ਰਹੇ ਸਨ। ਇਸ ਦੌਰਾਨ ਹੀ ਉਨ੍ਹਾਂ ਜਲੰਧਰ ਤੋਂ ਇਕ ਸਪਤਾਹਕ ਪਰਚਾ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਪ੍ਰਫ਼ੈਸਰ ਮੋਹਨ ਸਿੰਘ ਲੁਧਿਆਣਾ ਤੋਂ ‘ਪੰਜ ਦਰਿਆ’ ਰਸਾਲਾ ਪ੍ਰਕਾਸ਼ਤ ਕਰਦੇ ਸਨ। ਜਦੋਂ ਪ੍ਰੋ. ਮੋਹਨ ਸਿੰਘ ਨੇ ਆਰਥਿਕ ਮਜ਼ਬੂਰੀਆਂ ਕਰਕੇ ‘ਪੰਜ ਦਰਿਆ’ ਸਿਆਸਤਦਾਨ ਦਵਿੰਦਰ ਸਿੰਘ ਗਰਚਾ ਨੂੰ ਵੇਚ ਦਿੱਤਾ ਤਾਂ ਸੁਰਿੰਦਰ ਸਿੰਘ ਮਾਹੀ ਲੁਧਿਆਣਾ ਆ ਕੇ ‘ਪੰਜ ਦਰਿਆ’ ਦਾ ਸੰਪਾਦਕ ਬਣ ਗਿਆ। ਇਸ ਪ੍ਰਕਾਰ ਉਹ ਇਕੋ ਸਮੇਂ ਦੋ ਮਾਸਕ ਪੱਤਰਾਂ ਦਾ ਸੰਪਾਦਕ ਰਿਹਾ। ਮਾਹੀ ਨੂੰ ਦੋਸਤੀਆਂ ਬਣਾਉਣੀਆਂ ਅਤੇ ਨਿਭਾਉਣੀਆ ਆਉਂਦੀਆਂ ਸਨ। ਉਸ ਦੇ ਦੋਸਤਾਂ ਦਾ ਘੇਰਾ ਵਿਸ਼ਾਲ ਸੀ। ਸਿਆਸਤਦਾਨ, ਅਧਿਕਾਰੀ ਅਤੇ ਸਾਹਿਤਕਾਰ ਉਸਦੇ ਦੋਸਤ ਸਨ। ਜਿਸ ਕਰਕੇ ਉਹ ਹਮੇਸ਼ਾ ਦੋਸਤਾਂ ਦੀ ਮਹਿਫਲਾਂ ਵਿੱਚ ਵਿਚਰਦਾ ਰਹਿੰਦਾ ਸੀ। ਆਪਣੀ ਜ਼ਿੰਦਗੀ ਦੀ ਜਦੋਜਹਿਦ ਬਾਰੇ ਮਾਹੀ ਲਿਖਦੈ:
ਬੜੀ ਹੋਈ ਵਾਹਵਾ ਬੜੀ ਬੱਲੇ ਬੱਲੇ, ਮੁਹੱਬਤ ‘ਚ ਆਖ਼ਰ ਪਈ ਹਾਰ ਪੱਲੇ।
ਕਿਵੇਂ ਸਫਰ ਜੀਵਨ ਦਾ ਮੁੱਕਾ ਨਾ ਪੁੱਛੋ, ਬੜੇ ਜਫ਼ਰ ਜਾਲੇ ਬੜੇ ਜ਼ਬਰ ਝੱਲੇ।
ਕਾਲਜ ਦੀ ਪੜ੍ਹਾਈ ਦੌਰਾਨ ਉਹ ਵਿਦਿਆਰਥੀ ਜਥੇਬੰਦੀ ਦੇ ਸਰਗਰਮ ਮੈਂਬਰ ਸਨ। ਇਸ ਸਮੇਂ ਹੀ ਉਹ ਕਾਂਗਰਸ ਪਾਰਟੀ ਨਾਲ ਜੁੜ ਗਏ। ਫਿਰ ਉਹ ਸਾਂਝੇ ਪੰਜਾਬ ਦੀ1952 ਵਿੱਚ ਪਹਿਲਾਂ ‘ਪੰਜਾਬ ਸਟੂਡੈਂਟ ਕਾਂਗਰਸ’ ਦਾ ਜਨਰਲ ਸਕੱਤਰ ਅਤੇ ਬਾਅਦ ਵਿੱਚ ਪ੍ਰਧਾਨ ਰਿਹਾ। 1959 ਤੱਕ ਉਹ ਇਸਦੇ ਪ੍ਰਧਾਨ ਰਹੇ। ਉਨ੍ਹਾਂ ਦਿਨਾਂ ਵਿੱਚ ਯੂਥ ਕਾਂਗਰਸ ਨੂੰ ਸਟੂਡੈਂਟ ਕਾਂਗਰਸ ਕਿਹਾ ਜਾਂਦਾ ਸੀ। ਉਨ੍ਹਾਂ ਦਾ ਸੁਭਾਅ ਸੀ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਸਨ, ਜਿਸ ਕਰਕੇ ਉਨ੍ਹਾਂ ਦੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨਾਲ ਮਤਭੇਦ ਪੈਦਾ ਹੋ ਗਏ। 1962 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਹ ਉਮੀਦਵਾਰ ਸਨ ਪ੍ਰੰਤੂ ਕਾਂਗਰਸ ਦੀ ਧੜੇਬੰਦੀ ਕਰਕੇ ਉਨ੍ਹਾਂ ਦਾ ਟਿਕਟ ਪਰਤਾਪ ਸਿੰਘ ਕੈਰੋਂ ਨੇ ਕਟਵਾ ਦਿੱਤਾ। ਜਿਸ ਕਰਕੇ ਉਨ੍ਹਾਂ ਸਿਆਸਤ ਨੂੰ ਹਮੇਸ਼ਾ ਲਈ ਤਿਲਾਂਜ਼ਲੀ ਦੇ ਦਿੱਤੀ। ਫਿਰ ਉਹ ਲੋਕ ਸੰਪਰਕ ਵਿਭਾਗ ਵਿੱਚ ਫੀਲਡ ਪਬਲਿਸਿਟੀ ਅਸਿਸਟੈਂਟ ਭਰਤੀ ਹੋ ਗਏ ਅਤੇ ਆਪਣੀ ਮਾਤਾ ਨੂੰ ਲੈ ਕੇ ਚੰਡੀਗੜ੍ਹ ਆ ਗਏ। ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਹੰਸ ਰਾਜ ਸ਼ਰਮਾ ਸੁਰਿੰਦਰ ਸਿੰਘ ਮਾਹੀ ਦੇ ਦੋਸਤ ਖਜਾਨਾ ਮੰਤਰੀ ਸਨ। ਸੁਰਿੰਦਰ ਸਿੰਘ ਮਾਹੀ ਕੋਲ ਕੋਈ ਮਕਾਨ ਨਹੀਂ ਸੀ। ਹੰਸ ਰਾਜ ਸ਼ਰਮਾ ਉਨ੍ਹਾਂ ਨੂੰ ਸਰਕਾਰੀ ਕੋਟੇ ਵਿੱਚੋਂ ਮੁਹਾਲੀ ਵਿਖੇ ਮਕਾਨ ਦੇਣਾ ਚਾਹੁੰਦੇ ਸਨ ਪ੍ਰੰਤੂ ਮਾਹੀ ਖੁਦਦਾਰ ਸੀ, ਇਸ ਲਈ ਉਸਨੇ ਅਰਜੀ ਹੀ ਲਿਖਕੇ ਨਹੀਂ ਦਿੱਤੀ। ਲੋਕਾਂ ਦੇ ਕੰਮਾ ਲਈ ਉਹ ਮੰਤਰੀਆਂ ਕੋਲ ਜਾਂਦਾ ਰਹਿੰਦਾ ਸੀ ਪ੍ਰੰਤੂ ਆਪ ਕਦੀਂ ਲਾਭ ਨਹੀਂ ਲਿਆ। ਉਹ ਇਕ ਸਮਾਜ ਸੇਵਕ ਵੀ ਸੀ। ਹਰ ਇਕ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ।
ਸੁਰਿੰਦਰ ਸਿੰਘ ਮਾਹੀ ਆਪਣੀ ਮਾਂ ਤੋਂ ਬਿਨਾ ਕਿਸੇ ਦਾ ਮਾਹੀ ਨਾ ਬਣ ਸਕਿਆ। ਉਹ ਕਿਸੇ ਨੂੰ ਦਿਲ ਤਾਂ ਨਹੀਂ ਦੇ ਸਕਿਆ ਪ੍ਰੰਤੂ ਦਿਲ ਦਾ ਮਰੀਜ਼ ਬਣਕੇ 12 ਨਵੰਬਰ 1985 ਨੂੰ ਦੀਵਾਲੀ ਵਾਲੇ ਦਿਨ ਬਜ਼ੁਰਗ ਮਾਂ ਨੂੰ ਬੇਸਹਾਰਾ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਦੁੱਖ ਦੀ ਗੱਲ ਹੈ ਕਿ ਉਸਦੀ ਮਾਂ ਸੰਤ ਕੌਰ ਬੈਡ ਰਿਡਨ ਹੋਣ ਕਰਕੇ ਹਸਪਤਾਲ ਨਹੀਂ ਜਾ ਸਕਦੇ ਸਨ। ਇਸ ਲਈ ਬਲਜੀਤ ਸਿੰਘ ਸੈਣੀ ਅਤੇ ਮੈਂ ਉਸਦੇ ਭਰਾ ਬਣਕੇ ਹਸਪਤਾਲ ਤੋਂ ਪਾਰਥਿਕ ਸਰੀਰ ਲੈ ਖ਼ੂਨ ਕੇ ਆਏ ਅਤੇ ਅੰਤਮ ਸਸਕਾਰ ਕੀਤਾ। ਖ਼ੂਨ ਦੇ ਰਿਸ਼ਤੇ ਵੀ ਅੰਤਮ ਮੌਕੇ ਬਹੁੜੇ ਨਹੀਂ। ਉਸਦੀ ਮਾਤਾ ਦੇ ਬੁਢਾਪੇ ਦੀ ਡੰਗੋਰੀ ਮਨਜੀਤ ਸਿੰਘ ਸ਼ੇਖ਼ੂਰੀਆ ਹੀ ਬਣਿਆਂ। ਹੋਰ ਕੋਈ ਵੀ ਰਿਸ਼ਤੇਦਾਰ ਨਹੀਂ ਆਇਆ। 37 ਸਾਲ ਬਾਅਦ ਵੀ ਮਾਹੀ ਦੀ ਯਾਦ ਤਾਜਾ ਹੈ। ਉਸ ਨਾਲ ਬਿਤਾਏ ਪਲ ਹਮੇਸ਼ਾ ਯਾਦ ਰਹਿਣਗੇ। ਮਾਹੀ ਨੂੰ ਅੰਦਾਜ਼ਾ ਸੀ ਕਿ ਉਹ ਮਾਂ ਤੋਂ ਪਹਿਲਾਂ ਤੁਰ ਜਾਵੇਗਾ, ਮਾਂ ਸਿਰਲੇਖ ਵਾਲੀ ਕਵਿਤਾ ਦਾ ਸ਼ੇਅਰ ਸਾਰੀ ਕਹਾਣੀ ਬਿਆਨ ਕਰਦਾ ਹੈ:
ਕੀ ਕਰੇਗੀ ਇਹ ਵਿਚਾਰੀ, ਬਾਝ ਤੇਰੇ ਬੇਸਹਾਰੀ।
ਕੀ ਕਰੋਗੇ ਫੋਲਕੇ, ਹੈ ਦੁੱਖਾਂ ਦੀ ਇਕ ਪਟਾਰੀ।
ਆ ਵੀ ਜਾਓ ਜ਼ਿੰਦਗੀ ਦੇ ਮਾਲਕੋ, ਕਰ ਹੀ ਨਾ ਜਾਏ ਤਿਆਰੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸਿੱਖ ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ - ਉਜਾਗਰ ਸਿੰਘ
ਸਮਾਜ ਵਿੱਚ ਹਰ ਪੰਜਾਬੀ ਆਪੋ ਆਪਣਾ ਯੋਗਦਾਨ ਸਿੱਖ/ਪੰਜਾਬੀ ਵਿਰਾਸਤ ਨੂੰ ਬਰਕਰਾਰ ਰੱਖਣ ਅਤੇ ਇਸ ਉਪਰ ਪਹਿਰਾ ਦੇਣ ਦਾ ਪਾ ਰਿਹਾ ਹੈ। ਪੰਜਾਬ ਦੀ ਵਿਰਾਸਤ ਅਤਿਅੰਤ ਅਮੀਰ ਹੈ। ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਨੇ ਆਪਣੀ ਬਹਾਦਰੀ, ਵਿਦਵਤਾ, ਉਦਮੀਅਤਾ ਅਤੇ ਮਿਹਨਤੀ ਰੁਚੀ ਦਾ ਡੰਕਾ ਵਜਾਇਆ ਹੋਇਆ ਹੈ। ਸਿੱਖ /ਪੰਜਾਬੀ ਭਾਵੇਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਵਸਿਆ ਹੋਇਆ ਹੋਵੇ ਪਰੰਤੂ ਉਥੇ ਹੀ ਉਹ ਆਪਣੀ ਮਿਹਨਤ ਅਤੇ ਖੋਜੀ ਪ੍ਰਵਿਰਤੀ ਨਾਲ ਆਪਣਾ ਵਿਲੱਖਣ ਸਥਾਨ ਬਣਾ ਲੈਂਦਾ ਹੈ। ਅਜਿਹੇ ਹੀ ਵਿਲੱਖਣ ਵਿਅਕਤੀਆਂ ਵਿੱਚ ਭੁਪਿੰਦਰ ਸਿੰਘ ਹਾਲੈਂਡ ਦਾ ਨਾਮ ਵਰਣਨਯੋਗ ਹੈ। ਭੁਪਿੰਦਰ ਸਿੰਘ ਖੋਜੀ ਕਿਸਮ ਦਾ ਵਿਦਵਾਨ ਇਤਿਹਾਸਕਾਰ ਹੈ। ਉਨ੍ਹਾਂ ਦੀ ਖੋਜ ਦਾ ਖੇਤਰ ਸਿੱਖ/ਪੰਜਾਬੀ ਵਿਰਾਸਤ ਹੈ। ਯੂਰਪ ਵਿੱਚ ਉਨ੍ਹਾਂ ਨੇ ਸਿੱਖ/ਪੰਜਾਬੀ ਵਿਰਾਸਤ ਦਾ ਪਹਿਰੇਦਾਰ ਬਣਕੇ ਪ੍ਰਵਾਸ ਵਿੱਚ ਸਿੱਖਾਂ/ਪੰਜਾਬੀਆਂ ਦੀ ਬਹਾਦਰੀ ਦੀਆਂ ਗਾਥਾਵਾਂ ਨੂੰ ਪੁਸਤਕਾਂ ਦੇ ਵਿੱਚ ਪ੍ਰਕਾਸ਼ਤ ਕਰਕੇ ਇਤਿਹਾਸ ਦਾ ਹਿੱਸਾ ਬਣਾਇਆ ਹੈ। ਪ੍ਰਵਾਸ ਵਿੱਚ ਸਿੱਖਾਂ/ਪੰਜਾਬੀਆਂ ਦੀ ਬਹਾਦਰੀ ਦੇ ਗੌਰਵ ਨੂੰ ਅਣਡਿਠ ਕੀਤਾ ਗਿਆ ਸੀ। ਉਹ ਇਸ ਸਮੇਂ ਹਾਲੈਂਡ ਵਿੱਚ ਰਹਿੰਦਾ ਹੈ ਪਰੰਤੂ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਬਾਖ਼ੂਬੀ ਜੁੜਿਆ ਹੋਇਆ ਹੈ। ਏਥੇ ਹੀ ਬਸ ਨਹੀਂ ਸਗੋਂ ਉਹ ਪੰਜਾਬ ਦੀ ਪਵਿਤਰ ਧਰਤੀ ਦਾ ਵਰੋਸਾਇਆ ਹੋਣ ਕਰਕੇ ਇਸ ਦੀ ਖ਼ੁਸ਼ਬੋ ਸੰਸਾਰ ਵਿੱਚ ਆਪਣੀ ਲਿਆਕਤ ਨਾਲ ਫੈਲਾ ਰਿਹਾ ਹੈ। ਉਹ 1973 ਵਿੱਚ ਨੀਦਰਲੈਂਡ ਚਲੇ ਗਏ ਸਨ, ਜਿਥੇ ਉਹ ਕਮਪਿਊਟਰ ਦੀ ਅੰਤਰਾਸ਼ਟਰੀ ਕੰਪਨੀ ਆਈ.ਬੀ.ਐਮ.ਵਿੱਚ 30 ਸਾਲ ਕੰਮ ਕਰਦੇ ਰਹੇ ਹਨ, ਜਿਥੋਂ ਉਹ ਅਕਾਊਂਟਿੰਗ ਅਨੈਲਿਸਟ ਸੇਵਾ ਮੁਕਤ ਹੋਏ ਹਨ। ਉਨ੍ਹਾਂ ਨੂੰ ਭੁਪਿੰਦਰ ਸਿੰਘ ਹਾਲੈਂਡ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।
%ਪੰਜਾਬ ਉਤੇ ਅੰਗਰੇਜ਼ਾਂ ਦੇ ਰਾਜ ਹੋਣ ਤੋਂ ਬਾਅਦ ਬਹੁਤ ਸਾਰੇ ਸਿੱਖ ਆਰਥਿਕ ਮਜ਼ਬੂਰੀਆਂ ਕਰਕੇ ਫ਼ੌਜ ਵਿੱਚ ਭਰਤੀ ਹੋ ਗਏ। ਸਿੱਖਾਂ ਨੂੰ ਬਹਾਦਰ ਕੌਮ ਸਮਝਿਆ ਜਾਂਦਾ ਹੈ। ਇਸ ਲਈ ਅੰਗਰੇਜ਼ ਸਰਕਾਰ ਨੇ ਵਧੇਰੇ ਗਿਣਤੀ ਵਿੱਚ ਸਿੱਖਾਂ ਨੂੰ ਫ਼ੌਜ ਵਿੱਚ ਭਰਤੀ ਕਰ ਲਿਆ। ਅੰਗਰੇਜ਼ ਉਸ ਸਮੇਂ ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਰਾਜ ਕਰ ਰਹੇ ਸਨ। ਆਪਣੀ ਰਾਜ ਸੱਤਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਸਿੱਖਾਂ ਦੀ ਬਹਾਦਰੀ ਨੂੰ ਵਰਤਣ ਦੀ ਸਕੀਮ ਤਹਿਤ ਪਹਿਲੀ ਅਤੇ ਦੂਜੀ ਸੰਸਾਰ ਵਿੱਚ ਉਤਾਰ ਦਿੱਤਾ। ਜਦੋਂ ਪਹਿਲੀ ਅਤੇ ਦੂਜੀ ਸੰਸਰ ਜੰਗ ਲੱਗੀ ਤਾਂ ਸਿੱਖ ਫ਼ੌਜੀਆਂ ਦੀ ਬਹਾਦਰੀ ਦਾ ਅੰਗਰੇਜ਼ਾਂ ਨੇ ਪੂਰਾ ਲਾਭ ਉਠਾਇਆ। ਦੋਹਾਂ ਜੰਗਾਂ ਵਿੱਚ ਸਿੱਖ ਫ਼ੌਜੀ ਦਲੇਰੀ ਅਤੇ ਬਹਾਦਰੀ ਨਾਲ ਲੜੇ, ਜਿਸ ਤੋਂ ਅੰਗਰੇਜ਼ ਸਰਕਾਰ ਪ੍ਰਭਾਵਤ ਹੋਈ। ਅੰਗਰੇਜ਼ ਸਰਕਾਰ ਨੇ ਸਿੱਖ ਫ਼ੌਜੀਆਂ ਨੂੰ ਸਰਵੋਤਮ ਮਾਨ ਸਨਮਾਨ ਵੀ ਦਿੱਤੇ। ਇਨ੍ਹਾਂ ਦੋਹਾਂ ਜੰਗਾਂ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਫ਼ੌਜੀ ਸ਼ਹੀਦ ਵੀ ਹੋ ਗਏ। ਭੁਪਿੰਦਰ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੇ ਭਾਰਤ ਵਿੱਚ ਤਾਂ ਕੁਰਬਾਨੀਆਂ ਕਰਕੇ ਆਪਣੇ ਹੱਕ ਪ੍ਰਾਪਤ ਕੀਤੇ ਹਨ ਪਰੰਤੂ ਪਰਵਾਸ ਵਿੱਚ ਵੀ ਸਿੱਖਾਂ ਨੇ ਅਗਰੇਜ਼ ਸਰਕਾਰ ਵੱਲੋਂ ਸੰਸਾਰ ਜੰਗ ਵਿੱਚ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਭਾਵੇਂ ਉਸ ਸਮੇਂ ਅੰਗਰੇਜ਼ਾਂ ਨੇ ਮੁੱਲ ਪਾਏ ਪਰੰਤੂ ਇਤਿਹਾਸ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਕਿਸੇ ਇਤਿਹਾਸਕਾਰ ਨੇ ਸਹੀ ਸਥਾਨ ਨਹੀਂ ਦਿੱਤਾ। ਇਸ ਕਰਕੇ ਭੁਪਿੰਦਰ ਸਿੰਘ ਨੇ 1996 ਵਿੱਚ ਇਸ ਖੇਤਰ ਵਿੱਚ ਖੋਜ ਕਾਰਜ ਕਰਨ ਦਾ ਬੀੜਾ ਚੁੱਕਿਆ। ਉਨ੍ਹਾਂ ਨੇ ਕਈ ਦੇਸ਼ਾਂ ਜਿਨ੍ਹਾਂ ਵਿੱਚ ਇਟਲੀ, ਜਰਮਨੀ, ਰੰਗੂਨ, ਬੈਲਜੀਅਮ ਅਤੇ ਸਿੰਗਾਪੁਰ ਸ਼ਾਮਲ ਹਨ, ਵਿੱਚ ਜਾ ਕੇ ਅਜਿਹੀ ਜਾਣਕਾਰੀ ਇਕੱਤਰ ਕੀਤੀ, ਜਿਸ ਬਾਰੇ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀ। ਲਗਾਤਾਰ ਖੋਜ ਕਾਰਜ ਕਰਨ ਤੋਂ ਬਾਅਦ ਉਨ੍ਹਾਂ ਸੰਸਾਰ ਜੰਗ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਦੋ ਪੁਸਤਕਾਂ ਅੰਗਰੇਜ਼ੀ ਵਿੱਚ 'ਪਹਿਲਾ ਸੰਸਾਰ ਯੁੱਧ (1914-18)' ਅਤੇ 'ਦੂਜਾ ਸੰਸਾਰ ਯੁੱਧ (1939-45)' ਪ੍ਰਕਾਸ਼ਤ ਕਰਵਾਈਆਂ, ਜਿਨ੍ਹਾਂ ਨੂੰ ਸਿੱਖਾਂ ਦਾ ਮਿੰਨੀ ਪੁਰਾਤਤਵ ਕਿਹਾ ਜਾ ਸਕਦਾ ਹੈ। ਉਨ੍ਹਾਂ ਇਨ੍ਹਾਂ ਦੋਵੇਂ ਪੁਸਤਕਾਂ ਵਿੱਚ ਸਿੱਖ ਫ਼ੌਜੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਫ਼ੌਜੀ ਕਿਹੜੇ ਸਥਾਨ 'ਤੇ ਕਿਹੋ ਜਹੇ ਹਾਲਾਤ ਵਿੱਚ ਲੜੇ ਅਤੇ ਉਨ੍ਹਾਂ ਨੇ ਕਿਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਨ੍ਹਾਂ ਪੁਸਤਕਾਂ ਲਈ ਜਾਣਕਾਰੀ ਇਕੱਤਰ ਕਰਨ ਲਈ ਭੁਪਿੰਦਰ ਸਿੰਘ ਨੇ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ ਅਤੇ ਉਨ੍ਹਾਂ ਦੀਆਂ ਸਰਕਾਰਾਂ ਤੋਂ ਸਿੱਖ ਫ਼ੌਜੀਆਂ ਦਾ ਪੂਰਾ ਰਿਕਾਰਡ ਲੈ ਕੇ ਤੱਥਾਂ ਸਮੇਤ ਪੁਸਤਕਾਂ ਵਿੱਚ ਸ਼ਾਮਲ ਕੀਤਾ। ਇਥੋਂ ਤੱਕ ਕਿ ਉਨ੍ਹਾਂ ਸਾਰੇ ਸ਼ਹੀਦ ਸਿੱਖ ਫ਼ੌਜੀਆਂ ਦੀਆਂ ਕਬਰਾਂ 'ਤੇ ਲੱਗੀਆਂ ਯਾਦਗਾਰੀ ਪਲੇਟਾਂ ਦੀਆਂ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਹਨ। ਇਨ੍ਹਾਂ ਪੁਸਤਕਾਂ ਦੀ ਸਮਗਰੀ ਇਕੱਤਰ ਕਰਨ ਨੂੰ ਉਨ੍ਹਾਂ ਨੂੰ 10-12 ਸਾਲ ਲੱਗ ਗਏ। ਇਨ੍ਹਾਂ ਦੋ ਪੁਸਤਕਾਂ ਦੇ ਪ੍ਰਕਾਸ਼ਤ ਹੋਣ ਨਾਲ ਉਨ੍ਹਾਂ ਦੀ ਸਿੱਖ ਜਗਤ ਅਤੇ ਸੰਸਾਰ ਵਿੱਚ ਪ੍ਰਤਿਭਾ ਦੀ ਪ੍ਰਸੰਸਾ ਹੋਈ। ਉਨ੍ਹਾਂ ਦੀਆਂ ਇਹ ਪੁਸਤਕਾਂ ਇਤਿਹਾਸਕ, ਪੁਰਾਤਤਵੀ ਪੱਖੋਂ ਬੇਸ਼ਕੀਮਤੀ ਤੋਹਫ਼ੇ ਹਨ। ਉਨ੍ਹਾਂ ਦਾ ਤੀਜਾ ਮਹੱਤਵਪੂਰਨ ਕੰਮ ਨੀਦਰਲੈਂਡ ਵਿੱਚ ਵਸਦੇ ਸਿੱਖਾਂ ਬਾਰੇ ਖੋਜ ਭਰਪੂਰ ਜਾਣਕਾਰੀ ਹੈ, ਜਿਸ ਨੂੰ 'ਸਿੱਖਾਂ ਦਾ ਪੁਰਾਤਤਵੀ ਅਜਾਇਬ ਘਰ ਆਫ ਹਾਲੈਂਡ' ਕਿਹਾ ਜਾ ਸਕਦਾ ਹੈ। ਬੈਲਜੀਅਮ ਵਿੱਚ ਉਨ੍ਹਾਂ ਨੂੰ ''ਅਮਬੈਸਡਰ ਆਫ ਪੀਸ ਫਾਰ ਹਿਸਟੌਰੀਕਲ ਸਿਟੀ ਆਫ ਲੀਪਰ'' ਦਾ ਦਰਜਾ ਦਿੱਤਾ ਗਿਆ ਹੈ, ਜਿਥੇ ਸਿੱਖ ਜਵਾਨਾਂ ਨੇ ਦੋ ਸੰਸਾਰ ਜੰਗਾਂ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੂੰ 31 ਅਕਤੂਬਰ 2019 ਨੂੰ ਉਥੋਂ ਦੀ ਮੇਅਰ ਸ਼੍ਰੀਮਤੀ ਐਮਲੀ ਟੇਪਲ ਅਤੇ ਸ਼੍ਰੀ.ਡਿਮਿਟੀ ਸੀਓਨਨ ਅਲਡਰਮੈਨ ਅਤੇ ਚੇਅਰਮੈਨ 'ਇਨਫਲੈਂਡਰਜ ਫੀਲਡਜ਼ ਅਜਾਇਬ ਘਰ' ਨੇ ਸਾਂਝੇ ਤੌਰ 'ਤੇ ''ਲੈਟਰ ਆਫ ਐਪ੍ਰੀਸੀਏਸ਼ਨ ਐਂਡ ਏ ਗਿਫਟ' ਸ਼ਹਿਰ ਦੇ ਟਾਊਨ ਹਾਲ ਵਿੱਚ ਇਕ ਸਮਾਗਮ ਵਿੱਚ ਪ੍ਰਦਾਨ ਕੀਤਾ। ਇਸ ਤੋਂ ਇਲਾਵਾ 8 ਨਵੰਬਰ 2017 ਨੂੰ ਨਵੀਂ ਦਿੱਲੀ ਵਿਖੇ 'ਇੰਡੀਆ ਇਨ ਫਲੈਂਡਰਜ਼ ਫੀਲਡ' ਨੁਮਾਇਸ਼ ਦੇ ਉਦਘਾਟਨ ਸਮੇਂ ਬੈਲਜੀਅਮ ਦੇ ਰਾਜਾ ਅਤੇ ਰਾਣੀ ਦੇ ਨਾਲ ਸ਼ਾਮਲ ਹੋਣ ਦਾ ਮੌਕਾ ਮਿਲਿਆ। ਭੁਪਿੰਦਰ ਸਿੰਘ ਵੱਲੋਂ ਸਿੱਖ ਧਰਮ ਦੀ ਕੀਤੀ ਸੇਵਾ ਬਦਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ 2008 ਅਤੇ 2018, ਚੀਫ਼ ਖਾਲਸਾ ਦੀਵਾਨ ਵੱਲੋਂ ਤਰਨਤਾਰਨ ਵਿਖੇ 2014 ਅਤੇ 2018 ਵਿੱਚ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2018 ਵਿੱਚ ਸਨਮਾਨਤ ਕੀਤਾ। ਉਨ੍ਹਾਂ ਨੂੰ 'ਖਾਲਸਾ ਕਾਰਜ ਹੈਰੀਟੇਜ ਅਵਾਰਡ' ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 2008, 17 ਤੇ 18 ਵਿੱਚ ਖਾਲਸਾ ਕਾਲਜ ਵਿੱਚ ਸਨਮਾਨਤ ਕੀਤਾ ਗਿਆ ਸੀ। ਇਸੇ ਤਰ੍ਹਾਂ 2014 ਵਿੱਚ ਖਾਲਸਾ ਕਾਲਜ ਆਫ ਐਜੂਕੇਸ਼ਨ ਨੇ ਵੀ ਸਨਮਾਨਤ ਕੀਤਾ ਸੀ। ਭੁਪਿੰਦਰ ਸਿੰਘ ਹਾਲੈਂਡ ਦੀਆਂ ਪੁਸਤਕਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਯੂਰਪ ਵਿੱਚ ਸ਼ਹੀਦ ਹੋਏ ਫ਼ੌਜੀ ਪਰਿਵਾਰਾਂ ਦੇ ਵਾਰਸਾਂ ਨੂੰ ਇਨ੍ਹਾਂ ਯਾਦਗਾਰਾਂ ਬਾਰੇ ਜਾਣਕਾਰੀ ਮਿਲੀ ਹੈ, ਜਿਸ ਤੋਂ ਸਿੱਖ ਫ਼ੌਜੀਆਂ ਦੇ ਵਾਰਿਸ ਕਾਫੀ ਸੰਤੁਸ਼ਟ ਹਨ। ਜਦੋਂ ਮੈਂ ਆਪਣੇ ਪਿੰਡ ਕੱਦੋਂ ਜਿਲ੍ਹਾ ਲੁਧਿਆਣਾ ਬਾਰੇ 'ਪਿੰਡ ਕੱਦੋਂ ਦੇ ਵਿਰਾਸਤੀ ਰੰਗ' ਪੁਸਤਕ ਲਈ ਸਮਗਰੀ ਇਕੱਤਰ ਕਰ ਰਿਹਾ ਸੀ ਤਾਂ ਭੁਪਿੰਦਰ ਸਿੰਘ ਹਾਲੈਂਡ ਨੇ ਕੱਦੋਂ ਪਿੰਡ ਦੇ ਦੋ ਸ਼ਹੀਦ ਫ਼ੌਜੀ ਜਵਾਨਾ ਦੀਆਂ ਰੰਗੂਨ ਅਤੇ ਸਿੰਗਾਪੁਰ ਵਿਖੇ ਸਥਾਪਤ ਹੋਈਆਂ ਯਾਦਗਾਰਾਂ ਦੀ ਤਸਵੀਰਾਂ ਸਮੇਤ ਜਾਣਕਾਰੀ ਦਿੱਤੀ, ਜਿਸ ਬਾਰੇ ਜਾਣਕੇ ਸ਼ਹੀਦਾਂ ਦੇ ਪਰਿਵਾਰਾਂ ਨੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ।
ਭੁਪਿੰਦਰ ਸਿੰਘ ਦਾ ਜਨਮ ਅੰਮ੍ਰਿਤਸਰ ਵਿਖੇ ਮਾਤਾ ਸਰਦਾਰਨੀ ਸੁਰਜੀਤ ਕੌਰ ਅਤੇ ਪਿਤਾ ਸਰਦਾਰ ਈਸ਼ਰ ਸਿੰਘ ਦੇ ਘਰ 13 ਅਕਤੂਬਰ 1949 ਨੂੰ ਹੋਇਆ। ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1967-72 ਵਿੱਚ ਬੀ.ਐਸ.ਸੀ. ਅਤੇ ਬੀ.ਐਡ. ਦੀਆਂ ਡਿਗਰੀਆਂ ਪਾਸ ਕੀਤੀਆਂ। ਕਾਲਜ ਸਮੇਂ ਉਨ੍ਹਾਂ ਨੂੰ ਫੁਟਬਾਲ ਦਾ ਸਰਵੋਤਮ ਖਿਡਾਰੀ ਐਲਾਨਿਆਂ ਗਿਆ ਸੀ। ਉਹ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਲੋਬਲ ਅਲੂਮਨੀ ਐਸੋਸੀਏਸ਼ਨ ਦੇ ਯੂਰਪੀਅਨ ਚੇਅਰਮੈਨ ਹਨ। ਭੁਪਿੰਦਰ ਸਿੰਘ ਨੇ ਯੂਰਪ ਵਿੱਚ ਸਿੱਖ ਵਿਰਾਸਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਯੂਰਪ ਦੇ ਮਹੱਤਵਪੂਰਨ ਸਿੱਖਾਂ ਵਿੱਚ ਉਹ ਬਹੁਤ ਹੀ ਸਤਿਕਾਰ ਵਿਦਵਾਨ, ਪ੍ਰਚਾਰਕ, ਸਮਾਜ ਸੇਵਕ ਅਤੇ ਲੋਕ ਨਾਇਕ ਦੇ ਤੌਰ ਤੇ ਜਾਣੇ ਜਾਂਦੇ ਹਨ। ਇਥੋਂ ਤੱਕ ਕਿ ਡੱਚ ਸਮਾਜ ਲਈ ਮਹੱਤਪੂਰਨ ਕੰਮ ਕਰਨ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਸਨਮਾਨ ਦਿੱਤੇ ਗਏ ਜਿਨ੍ਹਾਂ ਵਿੱਚ 'ਅਮਬੈਸਡਰ ਆਫ਼ ਪੀਸ' ਵਰਣਨਯੋਗ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਵੈਇਛੱਤ ਸੰਸਥਾਵਾਂ ਅਤੇ ਗੁਰੂ ਘਰਾਂ ਵਿੱਚ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਉਹ ਨੀਦਰਲੈਂਡ ਦੇ ਸਿੱਖਾਂ ਦੀ ਇੰਟਰਨੈਸ਼ਨਲ ਮਨੁੱਖੀ ਅਧਿਕਾਰ ਸੰਸਥਾ ਦੇ ਮੁੱਖੀ ਹਨ। ਉਹ ਨਨਕਾਣਾ ਸਾਹਿਬ ਫ਼ਾਊਂਡੇਸ਼ਨ ਵਾਸ਼ਿੰਗਟਨ ਡੀ.ਸੀ.ਦੇ ਮੈਂਬਰ ਹਨ। ਇਸ ਸਮੇਂ ਉਹ ਯੂਰਪ ਵਿੱਚ ਗੁਰੂ ਘਰਾਂ ਨਾਲ ਸੰਪਰਕ ਕਰਕੇ ਫ਼ੌਜੀ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕਰਨ ਦੇ ਕੰਮ ਵਿੱਚ ਜੁੱਟੇ ਹੋਏ ਹਨ। ਕੁਝ ਥਾਵਾਂ 'ਤੇ ਇਹ ਯਾਦਗਾਰਾਂ ਸਥਾਪਤ ਵੀ ਹੋ ਚੁੱਕੀਆਂ ਹਨ। ਭੁਪਿੰਦਰ ਸਿੰਘ ਹਾਲੈਂਡ ਵੱਲੋਂ ਯੂਰਪ ਵਿੱਚ ਸਿੱਖ ਫ਼ੌਜੀਆਂ ਦੇ ਯੋਗਦਾਨ ਬਾਰੇ ਕੀਤਾ ਗਿਆ ਕੰਮ ਇਕ ਮੀਲ ਪੱਥਰ ਹੈ। ਅਜਿਹੇ ਕਾਰਜ ਸਾਡੀਆਂ ਸਿੱਖ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ। ਭੁਪਿੰਦਰ ਸਿੰਘ ਹਾਲੈਂਡ ਨੇ ਇਕ ਸੰਸਥਾ ਦੇ ਬਰਾਬਰ ਕੰਮ ਕਰਕੇ ਸਿੱਖ ਜਗਤ ਵਿੱਚ ਨਾਮਣਾ ਖੱਟਿਆ ਹੈ, ਜਿਸ ਕਰਕੇ ਸਿੱਖ ਜਗਤ ਉਨ੍ਹਾਂ ਦਾ ਰਿਣੀ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਖਦੇਵ ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ - ਉਜਾਗਰ ਸਿੰਘ
ਗੁਰਬਾਣੀ ਦੀ ਵਿਚਾਰਧਾਰਾ ਮਾਨਵਤਾ ਨੂੰ ਨੈਤਿਕ ਜ਼ਿੰਦਗੀ ਜਿਓਣ ਲਈ ਮਾਰਗ ਦਰਸ਼ਨ ਕਰਦੀ ਹੈ। ਇਨਸਾਨ ਗੁਰਬਾਣੀ ਪ੍ਰਤੀ ਸ਼ਰਧਾ ਕਰਕੇ ਉਸ ਦਾ ਪਾਠ ਕਰਦਾ ਹੈ। ਇਹ ਚੰਗਾ ਹੋਵੇਗਾ ਜੇਕਰ ਪਾਠ ਦੇ ਨਾਲ ਇਨਸਾਨ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ ਅਤੇ ਫਿਰ ਜ਼ਿੰਦਗੀ ਵਿੱਚ ਉਸ ‘ਤੇ ਅਮਲ ਕਰੇ। ਸਿੱਖ ਧਰਮ ਦੇ ਅਨੁਆਈ ਪਾਠ ਕਰਨ ਵਿੱਚ ਵਧੇਰੇ ਵਿਸ਼ਵਾਸ਼ ਰੱਖਦੇ ਹਨ। ਸੁਖਦੇਵ ਸਿੰਘ ਨੇ ‘ਜੀਵਨ ਜੁਗਤਾਂ’ ਪੁਸਤਕ ਪ੍ਰਕਾਸ਼ਤ ਕਰਵਾਕੇ ਮਾਨਵਤਾ ਨੂੰ ਗੁਰਬਾਣੀ ਦੇ ਅਰਥ ਸਰਲ ਸ਼ਬਦਾਂ ਵਿੱਚ ਕਰਕੇ ਦਿੱਤੇ ਹਨ ਤਾਂ ਜੋ ਇਨਸਾਨ ਗੁਰਬਾਣੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ ਸਕੇ। ਸੁਖਦੇਵ ਸਿੰਘ ਗੁਰਮੁੱਖ ਪ੍ਰਾਣੀ ਹੈ। ਗੁਰਬਾਣੀ ਦੇ ਅਰਥ ਕਰਨਾ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ਕਿਉਂਕਿ ਅੰਤਰ ਅਵਸਥਾ ਵਿੱਚ ਪਹੁੰਚੇ ਤੋਂ ਬਿਨਾ ਅਰਥ ਸੰਭਵ ਨਹੀਂ ਹਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ‘ਤੇ ਪਹਿਰਾ ਦੇ ਰਿਹਾ ਹੈ। ਉਸ ਨੇ ਇਕ ਪੁਸਤਕ ‘ਆਤਮਾ ਦੇ ਬੋਲ’ ਪਹਿਲਾਂ ਹੀ ਪ੍ਰਕਾਸ਼ਤ ਕਰਵਾਈ ਹੋਈ ਹੈ। ਜੀਵਨ ਜੁਗਤਾਂ ਉਸ ਦੀ ਦੂਜੀ ਪੁਸਤਕ ਹੈ। ਉਸ ਦਾ ਇਹ ਉਦਮ ਸ਼ਲਾਘਾਯੋਗ ਹੈ। ਇਸ ਪੁਸਤਕ ਵਿੱਚ ਗੁਰਬਾਣੀ ਦੀਆਂ ਪੰਕਤੀਆਂ ‘ਤੇ ਅਧਾਰਤ 117 ਲਘੂ ਨਿਬੰਧ ਹਨ। ਇਨ੍ਹਾਂ ਵਿੱਚੋਂ 86 ਲੇਖ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਉਦਾਹਰਣਾ ਦੇ ਕੇ ਕੀਤੇ ਗਏ ਹਨ। ਬਾਕੀ 31 ਲੇਖ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਵੱਖ-ਵੱਖ ਖੇਤਰਾਂ ਬਾਰੇ ਹਨ। ਹਰ ਲੇਖ ਇਕ ਵਿਚਾਰ ਦੀ ਵਿਆਖਿਆ ਕਰਦਾ ਹੈ। ਅਸਲ ਵਿੱਚ ਇਨ੍ਹਾਂ ਪੰਕਤੀਆਂ ਨੂੰ ਆਧਾਰ ਬਣਾਕੇ ਉਸ ਨੇ ਸਰਲ ਸ਼ਬਦਾਂ ਵਿੱਚ ਉਨ੍ਹਾਂ ਦੀ ਵਿਆਖਿਆ ਕਰਕੇ ਇਨਸਾਨੀਅਤ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਮਾਰਗ ਦਰਸ਼ਕ ਦਾ ਕੰਮ ਕੀਤਾ ਹੈ। ਉਸ ਨੇ ਵਿਆਖਿਆ ਕਰਨ ਸਮੇਂ ਬਰਾਬਰ ਉਦਾਹਰਣਾ ਵੀ ਦਿੱਤੀਆਂ ਹਨ। ਲੇਖਕ ਅਨੁਸਾਰ ਵਾਹਿਗੁਰੂ ਇਨਸਾਨ ਦੇ ਅੰਦਰ ਹੀ ਵਸਦਾ ਹੈ। ਉਹ ਹੀ ਸਾਨੂੰ ਗਿਆਨ ਦਿੰਦਾ ਹੈ। ਸਾਡਾ ਗਿਆਨ ਹਰ ਥਾਂ ਸਾਡਾ ਰਖਵਾਲਾ ਬਣਦਾ ਹੈ। ਬਿਬੇਕ ਬੁੱਧ ਅੰਦਰਮੁਖੀ ਹੁੰਦਾ ਹੈ ਤੇ ਗਿਆਨ ਬਾਹਰਮੁਖੀ ਵੀ ਹੁੰਦਾ ਹੈ। ਇਸ ਲਈ ਸਾਨੂੰ ਗੁਰਬਾਣੀ ਦੇ ਸ਼ਬਦੀ ਅਰਥਾਂ ਨੂੰ ਨਹੀਂ ਸਗੋਂ ਭਾਵਨਾ ਨੂੰ ਸਮਝਣਾ ਚਾਹੀਦਾ ਹੈ। ਗੁਰਬਾਣੀ ਵਿੱਚ ਕਈ ਤੁਕਾਂ ਨੂੰ ਪਾਠਕ ਪੜ੍ਹ ਕੇ ਗ਼ਲਤ ਅਰਥ ਕੱਢਦੇ ਹਨ, ਉਨ੍ਹਾਂ ਆਪਣੇ ਲੇਖਾਂ ਵਿੱਚ ਦੱਸਿਆ ਹੈ ਕਿ ਉਸ ਦੇ ਨਾਲ ਦੀ ਅਗਲੀ ਤੁਕ ਪੜ੍ਹਕੇ ਅਰਥ ਸਮਝਣੇ ਚਾਹੀਦੇ ਹਨ ਤਾਂ ਜੋ ਵਹਿਮ ਭਰਮਾ ਤੋਂ ਖਹਿੜਾ ਛੁਡਾਇਆ ਜਾ ਸਕੇ। ਗੁਰਬਾਣੀ ਸਰਬਵਿਆਪੀ ਹੈ। ਹਰ ਇਕ ਇਨਸਾਨ ‘ਤੇ ਇਕਸਾਰਤਾ ਨਾਲ ਲਾਗੂ ਹੁੰਦੀ ਹੈ। ਹਰ ਕੰਮ ਕਿਸੇ ਨਿਯਮ ਅਧੀਨ ਹੁੰਦਾ ਹੈ। ਸੰਸਾਰ ਨਿਯਮ ਅਨੁਸਾਰ ਚਲਦਾ ਹੈ। ਗੁਰਬਣੀ ਦੇ ਸਿਰਫ਼ ਸ਼ਬਦੀ ਅਰਥ ਨਾ ਕੱਢੇ ਜਾਣ ਸਗੋਂ ਉਨ੍ਹਾਂ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਉਸ ਦੇ ਸਾਰੇ ਲਘੂ ਲੇਖਾਂ ਵਿੱਚ ਗੁਰਬਾਣੀ ਦੇ ਸ਼ਬਦੀ ਅਰਥਾਂ ਦੀ ਥਾਂ ਭਾਵਨਾ ਨੂੰ ਸਮਝਣ ‘ਤੇ ਜ਼ੋਰ ਦਿੱਤਾ ਗਿਆ ਹੈ, ਜਿਸ ਕਰਕੇ ਕਈ ਵਾਰ ਦੁਹਰਾਓ ਮਹਿਸੂਸ ਹੁੰਦਾ ਹੈ। ਹਰ ਲੇਖ ਵਿੱਚ ਉਹ ਢੁਕਵੀਂ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਪੁਸਤਕ ਲਿਖਣ ਦੀ ਉਸਦੀ ਭਾਵਨਾ ਹੈ ਕਿ ਕੋਈ ਵੀ ਗੁਰਮੁੱਖ ਗੁਰਬਾਣੀ ਦਾ ਪਾਠ ਕਰਨ ਅਤੇ ਸਮਝਣ ਲੱਗਿਆਂ ਮਨਮਤ ਨਾ ਹੋਵੇ। ਸਗੋਂ ਗੁਰਬਾਣੀ ਦੀ ਭਾਵਨਾ ਅਨੁਸਾਰ ਵਿਵਹਾਰ ਕਰੇ। ਮਨ ਬਾਹਰਮੁਖੀ ਹੁੰਦਾ ਹੈ। ਇਸ ਲਈ ਉਹ ਲਾਲਚ ਵਸ ਹੁੰਦਾ ਹੈ। ਲੇਖਕ ਅਨੁਸਾਰ ਇਨਸਾਨ ਵਿੱਚ ਆਤਮਾ, ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਹੁੰਦੀਆਂ ਹਨ, ਭਾਵ ਸੋਚ ਸ਼ਕਤੀ, ਵਿਚਾਰ ਸ਼ਕਤੀ ਅਤੇ ਕਾਰਜ ਸ਼ਕਤੀ, ਗੁਰਬਾਣੀ ਦਾ ਉਪਦੇਸ਼ ਇਨ੍ਹਾਂ ਦੇ ਆਲੇ ਦੁਆਲੇ ਘੁੰਮਦਾ ਹੈ। ਕਈ ਕਥਾਵਾਚਕ ਗੁਰਬਾਣੀ ਦੀ ਵਿਆਖਿਆ ਕਰਨ ਸਮੇਂ ਕਈ ਸ਼ੰਕੇ ਖੜ੍ਹੇ ਕਰ ਜਾਂਦੇ ਹਨ। ਪੁਜਾਰੀਕਰਨ ਦੀ ਪ੍ਰਵਿਰਤੀ ਭਾਰੂ ਹੋਣ ਨਾਲ ਗੁਰਬਾਣੀ ਦੇ ਸਹੀ ਅਰਥ ਨਹੀਂ ਹੋ ਰਹੇ। ਗੁਰਬਾਣੀ ਕਰਮਕਾਂਡ ਦਾ ਖੰਡਨ ਕਰਦੀ ਹੈ। ਇਨ੍ਹਾਂ ਲੇਖਾਂ ਵਿੱਚ ਲੇਖਕ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਚੰਗਾ ਮਾੜਾ ਜੋ ਇਨਸਾਨ ਕਰਦਾ ਹੈ? ਉਹ ਆਪਣੀ ਵਿਵੇਕ ਬੁੱਧੀ ਦੀ ਵਰਤੋਂ ਕਰਦਿਆਂ ਕਰਦਾ ਹੈ। ਪਰਮਾਤਮਾ ਲਈ ਤਾਂ ਸਾਰੇ ਪ੍ਰਾਣੀ ਬਰਾਬਰ ਹਨ। ਰੱਬ ਹਰ ਇਨਸਾਨ ਦੇ ਅੰਦਰ ਵਸਦਾ ਹੈ। ਇਸ ਦੀ ਪਛਾਣ ਕਰਨੀ ਅਤਿਅੰਤ ਜ਼ਰੂਰੀ ਹੈ। ਰੱਬ ਕੁਦਰਤੀ ਸ਼ਕਤੀ ਹੈ। ਬਾਹਰਮੁੱਖੀ ਪਹਿਰਾਵੇ ਵਾਲਾ ਗੁਰਮੁਖ ਨਹੀਂ ਸਗੋਂ ਚੰਗੇ ਗੁਣਾ ਦਾ ਧਾਰਨੀ ਪੂਰਨ ਸਿੱਖ ਹੈ। ਰੱਬੀ ਗੁਣਾ ਨੂੰ ਧਾਰਨ ਕਰਨ ਵਾਲਾ ਸਿੱਖ ਹੈ, ਉਸਨੂੰ ਮਾਨਸਿਕ ਪ੍ਰੇਸ਼ਾਨੀ ਨਹੀਂ ਆਵੇਗੀ। ਗੁਰਬਾਣੀ ਮਨ ਅਤੇ ਆਤਮਾ ਲਈ ਹੈ। ਨਕਾਰਤਮਿਕਤਾ ਛੱਡਣ ਨਾਲ ਸੁੱਖ ਮਿਲਦਾ ਹੈ। ਇਨਸਾਨ ਨੂੰ ਸਾਕਾਰਾਤਮਿਕ ਹੋਣਾ ਚਾਹੀਦਾ ਹੈ। ਭਗਤੀ ਮਾਲਾ ਫੇਰਨ, ਮੱਥੇ ਟੇਕਣ ਜਾਂ ਸ਼ਬਦ ਜਪਣ ਨੂੰ ਨਹੀਂ ਕਿਹਾ ਗਿਆ। ਸਦਗੁਣਾ ਤੇ ਅਮਲ ਕਰਨਾ ਭਗਤੀ ਹੈ। ਜਦੋਂ ਭਗਤੀ ਨੂੰ ਲਾਲਚ ਨਾਲ ਜੋੜ ਦਿੰਦੇ ਹਾਂ ਤਾਂ ਨਾ ਲਾਲਚ ਪੂਰਾ ਹੁੰਦਾ ਤੇ ਨਾ ਹੀ ਸ਼ਾਂਤੀ ਮਿਲਦੀ ਹੈ। ਇਹ ਕਰਮਕਾਂਡ ਹਨ। ਲੋਕਾਂ ਨੂੰ ਆਪਣੀ ਸੋਚ ਬਦਲਣੀ ਹੋਵੇਗੀ। ਹਰ ਇੱਕ ਦਾ ਬਿਬੇਕ ਹੀ ਉਸ ਦਾ ਰੱਬ ਹੈ। ਜਿਹੜਾ ਇਨਸਾਨ ਆਪਣੀ ਬਿਬੇਕ ਅਨੁਸਾਰ ਕੰਮ ਨਹੀਂ ਕਰਦਾ ਤਾਂ ਉਹ ਕਈ ਵਾਰ ਆਤਮਿਕ ਮੌਤ ਮਰਦਾ ਹੈ। ਜਦੋਂ ਵਿਅਕਤੀ ਰੱਬੀ ਗੁਣਾਂ ਨਾਲ ਜੀਵਨ ਜਿਓਣ ਲੱਗ ਜਾਂਦਾ ਹੈ ਤਾਂ ਮੌਤ ਦਾ ਡਰ ਖ਼ਤਮ ਹੋ ਜਾਂਦਾ ਹੈ। ਜਦੋਂ ਇਨਸਾਨ ਗੁਰਬਾਣੀ ਰਾਹੀਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਲਾਲਚ ਵੱਸ ਪੈ ਜਾਂਦੇ ਹਨ ਤਾਂ ਰਾਹੋਂ ਕੁਰਾਹੇ ਪੈ ਜਾਂਦੇ ਹਨ। ਗੁਰਬਾਣੀ ਵਿੱਚ ਜਦੋਂ ਸ਼ਬਦ ਸੰਤ, ਭਗਤ, ਸਾਧ ਤੇ ਬ੍ਰਹਮਗਿਆਨੀ ਆਦਿ ਆਉਂਦਾ ਹੈ ਤਾਂ ਗੁਣਵਾਚਕ ਸਮਝਣੇ ਚਾਹੀਦੇ ਹਨ, ਵਿਅਕਤੀ ਵਾਚਕ ਨਹੀਂ। ਇਹ ਸ਼ਬਦ ਕਿਰਦਾਰ ਲੲਂੀ ਹਨ, ਪਹਿਰਾਵੇ ਲਈ ਨਹੀਂ। ਧਰਮ ਇਕ ਸੱਚਾ ਸੁੱਚਾ ਕਿਰਦਾਰ ਹੈ। ਕਿਰਦਾਰ ਤੋਂ ਭਾਵ ਰੱਬੀ ਗੁਣਾਂ ਵਾਲੀ ਸੋਚ ਨਾਲ ਵਿਵਹਾਰ ਕਰਨਾ। ਸਾਕਾਰਾਤਮਿਕ ਜ਼ਿੰਦਗੀ ਜਿਓਣ ਨੂੰ ਸਫ਼ਲ ਜਿਓਣਾ ਕਿਹਾ ਜਾਂਦਾ ਹੈ। ਨਾਮ ਸਿਮਰਨ ਨਾਲ ਮਾਨਸਿਕ ਦੁੱਖਾਂ ਦਾ ਖ਼ਤਮਾ ਹੁੰਦਾ ਹੈ। ਸਰੀਰਕ ਦੁੱਖਾਂ ਲਈ ਡਾਕਟਰ ਕੋਲ ਜਾਣਾ ਜ਼ਰੂਰੀ ਹੈ। ਜਦੋਂ ਇਨਸਾਨ ਭਗਤਾਂ, ਸੰਤਾਂ ਅਤੇ ਬ੍ਰਹਮਵਿਆਨੀਆਂ ਵਾਲੇ ਗੁਣ ਗ੍ਰਹਿਣ ਕਰ ਲਵੇਗਾ ਤਾਂ ਉਹ ਆਪ ਹੀ ਸੰਤ ਬਣ ਜਾਵੇਗਾ। ਗੁਰਬਾਣੀ ਮਨ ਅਤੇ ਆਤਮਾ ਦੀ ਖ਼ੁਰਾਕ ਹੈ, ਮਨ ਤੇ ਆਤਮਾ ਲਈ ਉਪਦੇਸ਼ ਹੈ। ਗੁਰਬਾਣੀ ਗੁਰੂ ਜੀ ਅਤੇ ਰੱਬ ਜੀ ਦਾ ਆਪਸੀ ਵਾਰਤਾਲਾਪ ਹੈ। ਰੱਬੀ ਗੁਣਾਂ ਭਰਪੂਰ ਜ਼ਿੰਦਗੀ ਜਿਓਣ ਨਾਲ ਹੀ ਦੁੱਖ, ਸੰਤਾਪ ਤੇ ਕਲੇਸ਼ ਖ਼ਤਮ ਹੋ ਸਕਦੇ ਹਨ। ਇਹ ਸਭ ਕੁਝ ਇਨਸਾਨ ਦੇ ਆਪਣੇ ਹੱਥ ਵਿੱਚ ਹੈ। ਭਾਵ ਆਤਮਾ ਦੀ ਸ਼ਾਂਤੀ ਜਾਂ ਸੁੱਖ ਆਪ ਕਮਾਉਣੇ ਪੈਂਦੇ ਹਨ। ਜਦ ਤੱਕ ਰੱਬੀ ਗੁਣਾਂ ਦੇ ਧਾਰਨੀ ਨਹੀਂ ਬਣਾਂਗੇ ਕੋਈ ਲਾਭ ਸੰਭਵ ਨਹੀਂ ਹੋ ਸਕਦਾ। ਗੁਰਬਾਣੀ ਇਨਸਾਨ ਨੂੰ ਸਬਰ ਸੰਤੋਖ ਦਾ ਸੰਦੇਸ਼ ਦਿੰਦੀ ਹੈ, ਸੱਚਾ ਸੁੱਚਾ ਤੇ ਧਰਮੀ ਜੀਵਨ ਜਿਓਣ ਦੀ ਜਾਚ ਸਿਖਾਉਂਦੀ ਹੈ। ਇਸ ਲਈ ਸਿੱਖੀ ਵਿੱਚ ਕਿਸੇ ਵੀ ਮਸਲੇ ਤੇ ਧਾਰਮਿਕ ਸੇਧ ਲੈਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵਸ੍ਰੇਸ਼ਟ ਮੰਨਿਆਂ ਗਿਆ ਹੈ। ਮਨ ਤੇ ਆਤਮਾ ਦੀ ਬੇਚੈਨੀ ਇਨਸਾਨ ਲਈ ਬਿਮਾਰੀ ਦਾ ਕਾਰਨ ਬਣਦੀ ਹੈ। ਇਨਸਾਨ ਪੁਜਾਰੀਵਾਦ ਨੂੰ ਜ਼ਿਆਦਾ ਮਹੱਤਵ ਦੇ ਰਿਹਾ ਜੋ ਸਹੀ ਨਹੀਂ। ਕੀਰਤਨਂੀ ਜੱਥਿਆਂ ਅਤੇ ਧਾਰਮਿਕ ਪ੍ਰਚਾਰਕਾਂ ਨੂੰ ਸੰਗਤ ਨੂੰ ਭੁਲੇਖਿਆਂ ‘ਚੋਂ ਬਾਹਰ ਕੱਢਣ ਦੇ ਯਤਨ ਕਰਨੇ ਚਾਹੀਦੇ ਹਨ। ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਸ਼ੁਭ ਕਰਮ ਭਾਵ ਚੰਗੇ ਕੰਮ, ਲੋਕ ਭਲਾਈ, ਲੋੜਵੰਦ ਦੀ ਮਦਦ, ਦੁੱਖੀ ਦਾ ਦੁੱਖ ਵੰਡਾਉਣਾ ਆਦਿ ਸੇਵਾ ਹੈ। ਬਾਕੀ ਸਭ ਕਰਮਕਾਂਡ ਹਨ। ਸਤਿਗੁਰ ਦਿਆਲ ਉਦੋਂ ਹੁੰਦਾ ਹੈ ਜਦੋਂ ਇਨਸਾਨ ਰੱਬੀ ਗੁਣਾਂ ਨਾਲ ਇਕਮਿਕ ਹੋ ਜਾਂਦਾ ਹੈ। ਗੁਰਬਾਣੀ ਅੰਤਰਮੁਖੀ ਮਸਲਿਆਂ ਬਾਰੇ ਗੱਲ ਕਰਦੀ ਹੈ, ਉਹ ਸਾਡੇ ਅੰਦਰਮੁਖੀ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਸਰੀਰਕ ਕਿਰਿਆ ਨਾਲ ਨਹੀਂ ਸਰਨਾ ਮਨ ਅਤੇ ਆਤਮਾ ਨੂੰ ਵੀ ਪਵਿਤਰ ਰੂਪ ਵਿੱਚ ਉਸ ਕਿਰਿਆ ਵਿੱਚ ਸ਼ਾਮਲ ਕਰਨਾ ਹੋਵੇਗਾ।
ਜੀਵਨ ਜੁਗਤਾਂ ਪੁਸਤਕ ਦਾ ਮੁੱਖ ਕਵਰ ਸਚਿਤਰ ਰੰਗਦਾਰ ਅਤੇ ਦਿਲ ਨੂੰ ਮੋਹਣ ਵਾਲਾ ਹੈ। 220 ਪੰਨਿਆਂ, 280 ਰੁਪਏ ਕੀਮਤ ਵਾਲੀ ਇਹ ਪੁਸਤਕ ਦੇਵਸ਼ੀਲਾ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਭਵਿਖ ਵਿੱਚ ਸੁਖਦੇਵ ਸਿੰਘ ਤੋਂ ਹੋਰ ਸਿਖਿਆਦਾਇਕ ਪੁਸਤਕਾਂ ਲਿਖਣ ਦੀ ਉਮੀਦ ਕਰਦਾ ਹਾਂ। ਇਸ ਪੁਸਤਕ ਲਈ ਵਧਾਈ ਦਿੰਦਾ ਹਾਂ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com