ਪ੍ਰੋ ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜ਼ਰਬੇ ਦਾ ਚਿੰਤਨ - ਉਜਾਗਰ ਸਿੰਘ
ਪ੍ਰੋ ਜਸਵੰਤ ਸਿੰਘ ਗੰਡਮ ਬਹੁਪਰਤੀ ਵਿਦਵਾਨ ਲੇਖਕ ਹੈ। ਉਨ੍ਹਾਂ ਨੇ ਸਾਹਿਤ ਦੀ ਹਰ ਵੰਨਗੀ ਤੇ ਨਿੱਠ ਕੇ ਲਿਖਿਆ ਹੈ। ਉਨ੍ਹਾਂ ਦੀ ‘ਸੁੱਤੇ ਸ਼ਹਿਰ ਦਾ ਸਫ਼ਰ’ ਚਰਚਾ ਅਧੀਨ ਪੁਸਤਕ ਇਕ ਨਿਵੇਕਲੀ ਅਤੇ ਨਿਵੇਕਲੇ ਸਮੇਂ ਬਾਰੇ ਲਿਖੀ ਆਪਣੀ ਕਿਸਮ ਦੀ ਵਿਲੱਖਣ ਪੁਸਤਕ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਕ ਸਾਲ ਦੇ ਸੰਤਾਪ ਨੂੰ ਉਨ੍ਹਾਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੇ ਆਧਾਰ ‘ਤੇ ਕਲਮਬੰਦ ਕੀਤਾ ਹੈ ਤਾਂ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। 2020-2021 ਦਾ ਸਮਾਂ ਸੰਸਾਰ ਵਿੱਚ ਅਣਕਿਆਸੀ ਕੁਦਰਤ ਦੀ ਕਰੋਪੀ ਦਾ ਸਮਾਂ ਸੀ, ਜਿਸ ਬਾਰੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਸੀ। ਇਹ ਕਰੋਨਾ ਕਾਲ ਕਦੋਂ ਖ਼ਤਮ ਹੋਵੇਗਾ, ਇਸ ਬਾਰੇ ਵੀ ਕੋਈ ਡਵਲਯੂ ਐਚ ਓ ਦਾ ਅਧਿਕਾਰੀ ਕੁਝ ਵੀ ਕਹਿਣ ਤੋਂ ਝਿਜਕਦਾ ਸੀ। ਇਸ ਸਮੇਂ ਦੌਰਾਨ ਇਕ ਵਿਦਵਾਨ ਨੇ ਵਿਹਲ ਦੇ ਸਮੇਂ ਜੋ ਆਪਣੇ ਅੱਖੀਂ ਵੇਖਿਆ, ਮਹਿਸੂਸ ਕੀਤਾ, ਸੁਣਿਆਂ ਉਸਨੂੰ ਕਲਮਬੱਧ ਕਰਕੇ ਪੁਸਤਕ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਲਿਆਂਦਾ। ਵਿਦਵਾਨ ਲੇਖਕ ਦੀ ਕਮਾਲ ਇਸ ਵਿੱਚ ਹੈ ਕਿ ਸਾਰੀ ਪੁਸਤਕ ਛੋਟੇ-ਛੋਟੇ ਵਾਕਾਂ ਨਾਲ ਲਿਖੀ ਗਈ ਹੈ, ਜਿਸ ਵਿੱਚੋਂ ਲੇਖਕ ਦੀ ਸ਼ਬਦਾਵਲੀ ਦੀ ਸਰਲਤਾ ਅਤੇ ਰਵਾਨਗੀ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿੰਦੀ ਹੋਈ ਪਾਠਕ ਨੂੰ ਅੱਗੇ ਕੀ ਹੋਇਆ ਦੀ ਉਤਸੁਕਤਾ ਪੈਦਾ ਕਰਦੀ ਰਹਿੰਦੀ ਹੈ। ਪੁਸਤਕ ਨੂੰ ਪੜ੍ਹਦਿਆਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਸੰਸਾਰ ਦਾ ਸਾਹਿਤ ਪੜ੍ਹਿਆ ਹੋਇਆ ਹੈ, ਉਸਦੇ ਗਿਆਨ ਦਾ ਭੰਡਾਰ ਵਿਸ਼ਾਲ ਹੈ, ਜਿਸ ਕਰਕੇ ਉਨ੍ਹਾਂ ਦੀ ਲੇਖਣੀ ਦਿਲਚਸਪ ਬਣਦੀ ਹੈ। ਇਕ ਹੋਰ ਵਿਲੱਖਣਤਾ ਹੈ ਕਿ ਲੇਖਕ ਨੇ ਅਖਾਣਾ, ਲੁਕੋਕਤੀਆਂ ਅਤੇ ਮਿਸਾਲਾਂ ਅਜਿਹੀਆਂ ਵਰਤੀਆਂ ਹਨ, ਜਿਨ੍ਹਾਂ ਨਾਲ ਘਟਨਾ ਦਾ ਦਿ੍ਰਸ਼ਟਾਤਿਕ ਰੂਪ ਸਾਹਮਣੇ ਆ ਜਾਂਦਾ ਹੈ। ਜਸਵੰਤ ਸਿੰਘ ਗੰਡਮ ਨੇ ਕੁਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਵਿਚਾਰਾਂ ਦਾ ਹੜ੍ਹ ਲਿਆਂਦਾ ਪਿਆ ਹੈ। ਇਤਨੇ ਵਿਦਵਾਨ ਬਾਰੇ ਲਿਖਣਾ ਅਸੰਭਵ ਜਾਪਦਾ ਹੈ ਪ੍ਰੰਤੂ ਫਿਰ ਵੀ ਆਪਣੀ ਜਾਣਕਾਰੀ ਅਨੁਸਾਰ ਕੋਸ਼ਿਸ਼ ਕਰ ਰਿਹਾ ਹਾਂ। ਹਰ ਲੇਖ ਆਪਣੇ ਆਪ ਵਿੱਚ ਗਿਆਨ ਦਾ ਸਮੁੰਦਰ ਲਗ ਰਿਹਾ ਹੈ। ਉਨ੍ਹਾਂ ਇਸ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ 11 ਲੇਖ, ਦੂਜੇ ਭਾਗ ਵਿੱਚ 8 ਵਿਅੰਾਤਮਿਕ ਲੇਖ ਅਤੇ ਤੀਜੇ ਭਾਗ ਵਿੱਚ 9 ਅਨੁਵਾਦਿਤ ਕਹਾਣੀਆਂ ਹਨ। ਪਹਿਲੇ ਭਾਗ ਦੇ ਲੇਖ ਕਰੋਨਾ ਦੇ ਸਮੇਂ ਅੱਖੀਂ ਡਿਠਾ ਅਤੇ ਮਹਿਸੂਸ ਕੀਤਾ ਕਲਮਬੰਦ ਕੀਤਾ ਹੈ। ਇਹ ਸਾਰੇ ਲੇਖ ਮਨੁੱਖਤਾ ਨੂੰ ਚੰਗਾ ਇਨਸਾਨ ਬਣਨ ਲਈ ਗੁਮੰਤਰ ਸਾਬਤ ਹੋ ਸਕਦੇ ਹਨ। ਸਕੂਲੀ ਵਿਦਿਆਰਥੀਆਂ ਲਈ ਇਹ ਪੁਸਤਕ ਮਾਰਗ ਦਰਸ਼ਕ ਬਣ ਸਕਦੀ ਹੈ। ਪਹਿਲਾ ਹੀ ਲੇਖ ‘ਸੁੱਤੇ ਸ਼ਹਿਰ ਦਾ ਸਫ਼ਰ’ ਉਸ ਸਮੇਂ ਦੀਆਂ ਅਟੱਲ ਸਚਾਈਆਂ ਦਾ ਪ੍ਰਤੀਕ ਬਣਕੇ ਸਮੇਂ ਦੇ ਸੰਤਾਪ ਨੂੰ ਬਿਆਨ ਕਰਦਾ ਹੈ। ਇਨਸਾਨ ਹਰ ਵਸਤੂ ਤੋਂ ਡਰਨ ਲੱਗ ਜਾਂਦਾ ਹੈ। ‘ ’ਕੱਲਾ ਤਾਂ ਰੁੱਖ ਨਾ ਹੋਵੇ’ ਲੇਖ ਭਾਵੇਂ ਕਰੋਨਾ ਦੀ ਮਹਾਂਮਾਰੀ ਨਾਲ ਸੰਬੰਧਤ ਹੀ ਹੈ ਪ੍ਰੰਤੂ ਇਸ ਲੇਖ ਵਿੱਚ ਜਿਹੜੇ ਅੰਕੜੇ ਦਿੱਤੇ ਹਨ, ਉਹ ਪਾਠਕ ਦੇ ਗਿਆਨ ਵਿੱਚ ਵਾਧਾ ਕਰਨ ਦਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਸੰਸਾਰ ਦੇ ਵਿਦਵਾਨਾ ਦੇ ਵਿਚਾਰਾਂ ਰਾਹੀਂ ਲੇਖ ਦੀ ਸਾਰਥਿਕਤਾ ਵਿੱਚ ਵਾਧਾ ਹੁੰਦਾ ਹੈ। ‘ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ’ ਲੇਖ ਵਿੱਚ ਲੇਖਕ ਨੇ ਮਨੁ ਦੀਆਂ ਸਥਿਤੀਆਂ ਦਾ ਬਾਖ਼ੂਬੀ ਵਰਣਨ ਕੀਤਾ ਹੈ। ਮਨੁ ਹੀ ਇਨਸਾਨ ਦੇ ਜੀਵਨ ਨੂੰ ਸਿੱਧੇ ਜਾਂ ਪੁੱਠੇ ਰਸਤੇ ਪਾਉਂਦਾ ਹੈ। ਗੁਰਬਾਣੀ ਅਨੁਸਾਰ ਜਿਸ ਵਿਅਕਤੀ ਨੇ ਮਨੁ ਤੇ ਕਬੂ ਕਰ ਲਿਆ ਉਸਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ‘ਹਮਸਾਏ ਮਾਂ-ਪਿਉ ਜਾਏ’ ਵਾਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਆਂਢ ਗੁਆਂਢ ਵਿੱਚ ਰਹਿਣ ਵਾਲੇ ਲੋਕ ਮਾਂ ਬਾਪ ਦੇ ਬਰਾਬਰ ਹੁੰਦੇ ਹਨ। ਅਰਥਾਤ ਹਰ ਦੁੱਖ ਸੁੱਖ ਦੇ ਸਾਥੀ ਹੁੰਦੇ ਹਨ। ‘ਕਰ ਕੁਛ ਦਰਦ ਬਿਗਾਨੇ ਦਰਦੋਂ’ ਲੇਖ ਲੇਖਕ ਦੇ ਜ਼ਿੰਦਗੀ ਦੇ ਤਜਰਬੇ ‘ਤੇ ਅਧਾਰਤ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਕਿਸੇ ਇਨਸਾਨ ਦੀ ਖ਼ੁਸ਼ੀ ਨੂੰ ਆਪਣੀ ਖ਼ੁਸ਼ੀ ਸਮਝਣਾ ਹੀ ਸੱਚੇ-ਸੁੱਚੇ ਵਿਅਕਤੀ ਦੀ ਨਿਸ਼ਾਨੀ ਹੈ। ਕਿਸੇ ਦੁਖੀ ਵੇਖ ਕੇ ਖ਼ੁਸ਼ ਨਹੀਂ ਹੋਣਾ ਚਾਹੀਦਾ। ਗੁਰਬਾਣੀ ਵੀ ਸਰਬਤ ਦਾ ਭਲਾ ਮੰਗਦੀ ਹੈ। ‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ’ ਅਤੇ ‘ਵਖਤੁ ਵੀਚਾਰੇ ਸੁ ਬੰਦਾ’ ਦੋਵੇਂ ਲੇਖ ਇਨਸਾਨ ਨੂੰ ਸੰਪੂਰਨ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੇ ਹਨ। ‘ਸਚ ਸੁਣਾਇਸੀ ਸਚ ਕੀ ਬੇਲਾ’ ਹੱਕ ਸੱਚ ਤੇ ਪਹਿਰਾ ਦਿੰਦਿਆਂ ਇਨਸਾਨੀਅਤ ਦੀ ਭਲਾਈ ਲਈ ਵਿਚਰਨ ਦਾ ਸੰਦੇਸ਼ ਦਿੰਦਾ ਹੈ। ‘ਸਾਡੇ ਪਿੰਡ ਦੇ ਤਿੰਨ ਸਿਆਣੇ’ ਲੇਖ ਪ੍ਰਗਤੀਵਾਦੀ ਸੋਚ ਦਾ ਲਖਾਇਕ ਹੈ। ਇਸ ਲੇਖ ਤੋਂ ਪ੍ਰੇਰਨਾ ਮਿਲਦੀ ਹੈ ਕਿ ਸਮਾਜਿਕ ਅਨਿਆਏ, ਪਰੰਪਰਾਵਾਂ ਅਤੇ ਬੁਰਾਈਆਂ ਦੇ ਵਿਰੁੱਧ ਲਾਮਬੰਦ ਹੋਣ ਤੋਂ ਆਨਾਕਾਨੀ ਨਹੀਂ ਕਰਨੀ ਚਾਹੀਦੀ, ਸਗੋਂ ਇਨ੍ਹਾਂ ਨੂੰ ਦੂਰ ਕਰਨ ਲਈ ਮੋਹਰੀ ਬਣਕੇ ਨਾਮਣਾ ਖੱਟਣਾ ਚਾਹੀਦਾ ਹੈ। ‘ਫੱਬਵੀਂ ਦਿੱਖ ਦੀ ਉਡੀਕ ਵਿੱਚ-ਕਲਾਨੌਰ ਦਾ ਦਾ ਇਤਿਹਾਸਕ ਤਖਤ-ਏ-ਅਕਬਰੀ’ ਪੁਰਾਤਤਵ ਵਸਤਾਂ ਦੀ ਸੰਭਾਲ ਕਰਨ ਦੀ ਤਾਕੀਦ ਕਰਦਾ ਹੈ। ‘ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ’ ਲੇਖ ਆਪਣੇ ਹੱਥੀਂ ਕਿਰਤ ਕਰਨ ਲਈ ਪ੍ਰੇਰਨਾ ਦਿੰਦਾ ਹੈ।
ਦੂਜਾ ਭਾਗ ਵਿਅੰਗਾਤਮਿਕ ਲੇਖਾਂ ਦਾ ਹੈ। ਇਨ੍ਹਾਂ ਸਾਰੇ ਲੇਖਾਂ ਦੇ ਸਿਰਲੇਖ ਦਿਲਚਸਪ ਹਨ, ਜਿਨ੍ਹਾਂ ਨੂੰ ਪੜ੍ਹਕੇ ਸਾਰਾ ਲੇਖ ਪੜ੍ਹਨ ਦੀ ਉਤਸੁਕਤਾ ਪੈਦਾ ਹੁੰਦੀ ਹੈ। ਵਿਅੰਗ ਵਾਲੇ ਲੇਖ ਲਿਖਣ ਦਾ ਢੰਗ ਵੀ ਲੇਖਕ ਦਾ ਨਿਰਾਲਾ ਹੈ। ਚੰਗੀ ਮਾੜੀ ਗੱਲ ਨੂੰ ਸੁਚੱਜੇ ਢੰਗ ਨਾਲ ਕਹਿ ਕਿ ਉਸਦੀ ਚੰਗਿਆਈ ਅਤੇ ਬੁਰਿਆਈ ਦੋਹਾਂ ਬਾਰੇ ਅਨੋਖੇ ਢੰਗ ਨਾਲ ਕਹਿ ਜਾਂਦਾ ਹੈ। ਇਹੋ ਲੇਖਕ ਦੀ ਵਿਲੱਖਣਤਾ ਹੈ। ਜਿਸ ਵਿੱਚ ਪਹਿਲਾ ਲੇਖ ‘ਟੱਲੀਆਂ ਵਜਾਉਂਦਾ ਜਾਊਂ, ਬਹਿ ਜਾ ਸਾਈਕਲ ਤੇ’ ਬੜਾ ਦਿਲਚਸਪ ਹੈ। ਪਹਿਲਾਂ ਸਾਈਕਲ ਦੀ ਲੋੜ ਆਵਾਜਾਈ ਲਈ ਹੁੰਦੀ ਸੀ, ਉਦੋਂ ਇਹ ਅਦਭੁਤ ਵਸਤੂ ਸੀ। ਮਨੋਰੰਜਨ ਲਈ ਵੀ ਵਰਤੀ ਜਾਂਦੀ ਸੀ। ਸਮੇਂ ਦੀ ਤਬਦੀਲੀ ਨਾਲ ਇਹ ਸਿਹਤਮੰਦ ਰਹਿਣ ਲਈ ਵਰਤੀ ਜਾਣ ਲੱਗ ਪਈ। ਸਾਈਕਲ ਦੀ ਕਾਢ ਦੀ ਪੂਰੀ ਕਹਾਣੀ ਦੱਸ ਦਿੱਤੀ ਹੈ। ‘ਚੌਦਵੀਂ ਕਾ ਚਾਂਦ’ ਵਿੱਚ ਵੀ ਇਸ ਦੀ ਵੱਖ-ਵੱਖ ਮੌਕਿਆਂ ‘ਤੇ ਇਸ਼ਕ ਮੁਸ਼ਕ, ਹੁਸਨ ਦੀ ਤਾਰੀਫ ਆਦਿ ਕਹਿ ਕੇ ਕੀਤੀ ਜਾਂਦੀ ਵਰਤੋਂ ਬਾਰੇ ਦੱਸਿਆ ਗਿਆ ਹੈ। ‘ਜੇ ਮੋਟੇ ਹਾਂ ਤਾਂ ਕੀ ਮਰ ਜਾਈਏ? ’ ਦੇ ਸੰਤਾਪ ਨੂੰ ਬੜੇ ਦਿਲਚਸਪ ਢੰਗ ਨਾਲ ਲਿਖਦਿਆਂ ਵਿਅੰਗਾਤਮਿਕ ਢੰਗ ਵਰਤ ਕੇ ਮੋਟੇ ਹੋਣ ਨੂੰ ਸ਼ੁਭ ਸ਼ਗਨ ਬਣਾ ਦਿੱਤਾ ਹੈ। ‘ਬਹੁਤਾ ਬੋਲਣ ਝਖਣ ਹੋਇ’ ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਬਹੁਤਾ ਬੋਲਣਾ ਚੰਗਾ ਨਹੀਂ ਹੁੰਦਾ ਪ੍ਰੰਤੂ ਨਾਪ ਤੋਲ ਕੇ ਬੋਲਣ ਨਾਲ ਮੁੱਲ ਪੈਂਦਾ ਹੈ। ਭਾਵ ਇਜ਼ਤ ਬਣਦੀ ਹੈ। ‘ਬੁੱਢਾ ਹੋਊ ਤੇਰਾ ਬਾਪ!’ ਇਸ ਲੇਖ ਵਿੱਚ ਵਿਦਵਾਨ ਲੇਖਕ ਦਸਦਾ ਹੈ ਕਿ ਬੁੱਢਾਪਾ ਭਾਵੇਂ ਜ਼ਿੰਦਗੀ ਦਾ ਹਿੱਸਾ ਹੈ ਪ੍ਰੰਤੂ ਇਸ ਨੂੰ ਮੰਨਣ ਲਈ ਕੋਈ ਤਿਆਰ ਨਹੀਂ। ਲੇਖਕ ਅਨੁਸਾਰ ਬੁਢਾਪਾ ਮਹਿਸੂਸ ਕਰਨ ਨਾਲ ਹੀ ਆਉਂਦਾ ਹੈ, ਇਸ ਲਈ ਇਸਤੋਂ ਡਰਨ ਦੀ ਲੋੜ ਨਹੀਂ। ‘ਨਾਮ ‘ਚ ਕੀ ਰੱਖਿਐ?’ ਵਿੱਚ ਲੇਖਕ ਦੱਸਦਾ ਹੈ ਕਿ ਨਾਮ ਇਨਸਾਨ ਦੀਪਛਾਣ ਹੁੰਦੀ ਹੈ ਪ੍ਰੰਤੂ ਨਾਮ ਦੇ ਨਾਲ ਇਨਸਾਨ ਦਾ ਕਿਰਦਾਰ ਵੀ ਨਾਮ ਦੀ ਪਛਾਣ ਬਰਕਰਾਰ ਰੱਖਣ ਵਾਲਾ ਹੋਵੇ। ਕਈ ਵਾਰੀ ਨਾਮ ਪੁਛਣ ਨਾਲ ਬਦਖੋਈ ਵੀ ਹੋ ਜਾਂਦੀ ਹੈ। ‘ਦਿਨ ਦੇਸੀ ‘ਡੌਗੀਆਂ’ ਦੇ ਆਏ ਲੇਖ ਬੜਾ ਦਿਲਚਸਪ ਹੈ ਜਿਸ ਵਿੱਚ ਕਮਾਲ ਦੇ ਵਿਅੰਗ ਦੀ ਕਿਸਮ ਚੋਭਾਂ ਮਾਰ ਰਹੀ ਹੈ। ਭਾਵ ਸਰਕਾਰੀ ਸ਼ਹਿ ਵਾਲੇ ਜਾਨਵਰ ਵੀ ਬੰਦਿਆਂ ਦੀ ਕਦਰ ਕਰਨੋ ਹਟ ਗਏ ਹਨ। ‘ਹਸਦਿਆਂ ਦੇ ਘਰ ਵਸਦੇ’ ਦੇ ਲੇਖ ਦਾ ਭਾਵ ਇਨਸਾਨ ਨੂੰ ਹਰ ਦੁੱਖ ਸੁੱਖ ਨੂੰ ਹਸਦਿਆਂ ਕਬੂਲ ਕਰਨਾਚਾਹੀਦਾ ਹੈ। ਹਰ ਕੰਮ ਖ਼ੁਸ਼ੀ ਨਾਲ ਕਰਨ ਵਿੱਚ ਹੀ ਭਲਾ ਹੈ। ਲੇਖਕ ਉਦਾਹਰਨਾ ਦੇਣ ਦੀਕਸਰ ਨਹੀਂ ਛੱਡਦਾ। ਆਪਣੀ ਗੱਲ ਨੂੰ ਸਾਰਥਿਕ ਬਣਾਉਣ ਲਈ ਵਿਚਾਰਵਾਨਾ ਦੇ ਵਿਚਾਰਾਂ ਦੀਆਂ ਉਦਾਹਰਨਾ ਦੇ ਕੇ ਆਪਣਾ ਪੱਖ ਪੇਸ਼ ਕਰਦਾ ਹੈ।
ਪੁਸਤਕ ਦੇ ਤੀਜੇ ਭਾਗ ਵਿੱਚ ਅਨੁਵਾਦਤ ਕਹਾਣੀਆਂ ਅਤੇ ਲੇਖ ਹਨ। ਲੇਖਕ ਨੇ ਅਨੁਵਾਦ ਸਰਲ ਅਤੇ ਠੇਠ ਪੰਜਾਬੀ ਵਿੱਚ ਇਸ ਪ੍ਰਕਾਰ ਕੀਤਾ ਹੈ ਕਿ ਪਾਠਕ ਨੂੰ ਮੌਲਿਕ ਕਹਾਣੀਆਂ ਲਗਦੀਆਂ ਹਨ। ਸੰਸਾਰ ਦੇ ਨਾਮਵਰ ਕਹਾਣੀਕਾਰਾਂ ਦੀਆਂ ਬਿਹਤਰੀਨ ਕਹਾਣੀਆਂ ਦੀ ਚੋਣ ਕੀਤੀ ਗਈ ਹੈ, ਜਿਹੜੀਆਂ ਸਾਹਿਤਕ ਅਤੇ ਸਮਾਜਿਕ ਪੱਖਾਂ ਤੇ ਚਾਨਣਾ ਪਾਉਂਦੀਆਂ ਹਨ। ਕਹਾਣੀਕਾਰਾਂ ਵਿੱਚ ਐਂਤਨ ਚੈਖੋਵ, ਓ ਹੈਨਰੀ, ਵਿਲੀਅਮ ਸਮਰਸੈਟ ਮਾਮ ਅਤੇ ਕਿ੍ਰਸ਼ਨ ਚੰਦਰ ਸ਼ਾਮਲ ਹਨ। 144 ਪੰਨਿਆਂ ਅਤੇ 200 ਰੁਪਏ ਕੀਮਤ ਵਾਲੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਪੰਜਾਬੀ ਵਿਰਸਾ ਟਰੱਸਟ (ਰਜਿ) ਫਗਵਾੜਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
‘ਅਮੋਲਕ ਹੀਰਾ’ ਪੁਸਤਕ ਅਮੋਲਕ ਸਿੰਘ ਜੰਮੂ ਦੀ ਜਦੋਜਹਿਦ ਦੀ ਦਾਸਤਾਂ - ਉਜਾਗਰ ਸਿੰਘ
ਪੰਜਾਬੀ ਟਿ੍ਰਬਿਊਨ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਦੁਆਰਾ ਸੰਪਾਦਿਤ ਪੁਸਤਕ ‘ਅਮੋਲਕ ਹੀਰਾ’ ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ, ਅਮੋਲਕ ਸਿੰਘ ਜੰਮੂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਬਿਆਨ ਕਰਦੀ ਹੈ। 400 ਪੰਨਿਆਂ ਦੀ ਇਸ ਪੁਸਤਕ ਵਿੱਚ ਅਮੋਲਕ ਸਿੰਘ ਜੰਮੂ ਵੱਲੋਂ ਪੰਜਾਬ ਟਾਈਮਜ਼ ਯੂ ਐਸ ਏ ਸਪਤਾਹਿਕ ਅਖ਼ਬਾਰ ਵਿੱਚ ਲਿਖੇ ਗਏ ਲੇਖ ਪਹਿਲੇ 161 ਪੰਨਿਆਂ ਵਿੱਚ ਦਿੱਤੇ ਗਏ ਹਨ। ਬਾਕੀ 239 ਪੰਨਿਆਂ ਵਿੱਚ ਵੱਖ-ਵੱਖ ਵਿਦਵਾਨ ਪੱਤਰਕਾਰਾਂ, ਲੇਖਕਾਂ ਅਤੇ ਸਾਹਿਤਕਾਰਾਂ ਵੱਲੋਂ ਅਮੋਲਕ ਸਿੰਘ ਦੀ ਪੱਤਰਕਾਰੀ ਅਤੇ ‘ਪੰਜਾਬ ਟਾਈਮਜ਼ ਯੂ ਐਸ ਏ’ ਦੇ ਪੱਤਰਕਾਰੀ ਵਿੱਚ ਪਾਏ ਯੋਗਦਾਨ ਬਾਰੇ ਲਿਖੇ ਗਏ ਲੇਖ ਹਨ। ਸੰਪਾਦਕ ਨੇ ਪੁਸਤਕ ਨੂੰ ਮੁੱਖ ਤੌਰ ‘ਤੇ ‘ਲਿਖ਼ਤੁਮ ਖ਼ੁਦ’, ‘ਯਾਦਾਂ ਆਪਣੀ ਜੂਹ ਦੀਆਂ’, ‘ਆਗ਼ਾਜ਼ ਨਵੀਂ ਜਦੋਜਹਿਦ ਦਾ’, ‘ਸਿਰੜ ਸ਼ਖ਼ਸੀਅਤ ਅਤੇ ‘ਪੈਗ਼ਾਮ ਦਾ ਮਿਆਰ’ ਪੰਜ ਭਾਗਾਂ ਵਿੱਚ ਵੰਡਿਆ ਹੈ। ਮੇਰਾ ਅਮੋਲਕ ਸਿੰਘ ਜੰਮੂ ਨਾਲ ਬਹੁਤਾ ਤਾਲਮੇਲ ਨਹੀਂ ਰਿਹਾ ਪ੍ਰੰਤੂ ਮੇਰੇ ਬੀ ਏ ਤੱਕ ਦੇ ਜਮਾਤੀ ਰਾਜਿੰਦਰ ਸੋਢੀ ਪ੍ਰੂਫ਼ ਰੀਡਰ ਪੰਜਾਬੀ ਟਿ੍ਰਬਿਊਨ ਨਾਲ ਟਿ੍ਰਬਿਊਨ ਦੇ ਦਫ਼ਤਰ ਮਿਲਦਾ ਰਿਹਾ ਹਾਂ। ਜਦੋਂ ਪੰਜਾਬੀ ਟਿ੍ਰਬਿਊਨ ਸ਼ੁਰੂ ਹੋਇਆ ਉਦੋਂ ਮੈਂ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਸੀ। ਰਾਜਿੰਦਰ ਸੋਢੀ ਵੀ ਸਾਹਿਤਕ ਰੁਚੀ ਕਰਕੇ ਸਕੂਲ ਵਿੱਚੋਂ ਲਬਾਰਟਰੀ ਅਟੈਂਡੈਂਟ ਦੀ ਸਰਕਾਰੀ ਨੌਕਰੀ ਛੱਡ ਕੇ ਪੰਜਾਬੀ ਟਿ੍ਰਬਿਊਨ ਵਿੱਚ ਆਇਆ ਸੀ। ਫਿਰ ਜਦੋਂ ਮੈਂ ਪਟਿਆਲਾ ਵਿਖੇ ਸਹਾਇਕ ਲੋਕ ਸੰਪਰਕ ਅਧਿਕਾਰੀ ਲੱਗਿਆ ਤਾਂ ਖ਼ਬਰਾਂ ਲਗਵਾਉਣ ਲਈ ਟਿ੍ਰਬਿਊਨ ਦੇ ਦਫਤਰ ਜਾਂਦਾ ਰਹਿੰਦਾ ਸੀ। ਅਮੋਲਕ ਸਿੰਘ ਨਾਲ ਉਦੋਂ ਵੀ ਰਾਜਿੰਦਰ ਸੋਢੀ ਰਾਹੀਂ ਮੇਲ ਜੋਲ ਹੁੰਦਾ ਰਹਿੰਦਾ ਸੀ। ਇਕ ਦੋ ਵਾਰ ਗੁਰਦਿਆਲ ਬਲ ਦੇ ਨਾਲ ਵੀ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਪਹਿਲੇ ਭਾਗ ‘ਲਿਖ਼ਤੁਮ ਖ਼ੁਦ’ ਵਿੱਚ ਪੰਜਾਬ ਟਾਈਮਜ਼ ਦੇ ਸਾਲ 2009 ਦੇ ਅੰਕਾਂ ਵਿੱਚ ਸੰਪਾਦਕ ਅਮੋਲਕ ਸਿੰਘ ਜੰਮੂ ਦੀ ਕਲਮ ਵਿੱਚੋਂ ਨਿਕਲੀ ‘ਕਮਲਿਆਂ ਦਾ ਟੱਬਰ’ ਲੇਖ ਲੜੀ ਪ੍ਰਕਾਸ਼ਤ ਕੀਤੀ ਗਈ ਹੈ। ਇਸ ਭਾਗ ਵਿੱਚ 7 ਲੇਖ ਹਨ। ਦੂਜੇ ਭਾਗ ਵਿੱਚ ‘ਯਾਦਾਂ ਆਪਣੀ ਜੂਹ ਦੀਆਂ’ ਵਿੱਚ 8 ਲੇਖ ਪਿੰਡ ਵਿੱਚ ਬਿਤਾਏ ਬਚਪਨ ਤੇ ਉਸ ਤੋਂ ਅਗਲੇ ਵਰਿ੍ਹਆਂ ਦੀਆਂ ਨਮਕੀਨ ਤੇ ਹੁਸੀਨ ਯਾਦਾਂ ਦਾ ਸਿਲਸਿਲਾ ਹੈ। ਇਸ ਵਿੱਚ ਆਪਣੇ ਪਿੰਡ ਕੁੱਤੇਵੱਡ ਵਿਚਲੀ ਪਿੰਡਾਂ ਦੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬੇ ਬਹੁਤ ਹੀ ਦਿਲਚਸਪ ਹਨ, ਜਿਨ੍ਹਾਂ ਨੂੰ ਪੜ੍ਹਕੇ ਵਿਦਿਆਰਥੀ ਜੀਵਨ ਅਤੇ ਆਪੋ ਆਪਣੇ ਪਿੰਡਾਂ ਦੀ ਤਸਵੀਰ ਦਿਮਾਗ ਦੇ ਚਿਤਰਪਟ ਤੇ ਉਕਰ ਜਾਂਦੀ ਹੈ, ਕਿਉਂਕਿ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ। ਸਾਰੇ ਪਿੰਡਾਂ ਵਿੱਚ ਵੀ ਪਾਰਟੀਬਾਜ਼ੀ ਅਤੇ ਦੋਸਤੀ ਆਮ ਵੇਖਣ ਨੂੰ ਮਿਲਦੀ ਹੈ। ਕਈ ਲੇਖ ਪੜ੍ਹਕੇ ਬਚਪਨ ਯਾਦ ਆ ਜਾਂਦਾ ਹੈ। ਕਹਿਣ ਤੋਂ ਭਾਵ ਅਮੋਲਕ ਸਿੰਘ ਦੇ ਹਰ ਲੇਖ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ। 2010 ਵਿੱਚ ਅਮੋਲਕ ਸਿੰਘ ਦੇ ਲਿਖੇ 6 ਲੇਖ ਸ਼ਾਮਲ ਹਨ, ਜਿਨ੍ਹਾਂ ਵਿੱਚ ਆਪਣੇ ਅਧਿਆਪਕਾਂ ਬਾਰੇ ਦਿਲਚਸਪ ਲੇਖ, ਕਾਲਜ ਦੀ ਜ਼ਿੰਦਗੀ, ਐਮ ਫਿਲ ਅਤੇ ਡਾ ਦਿਲਗੀਰ ਦੇ ਸਾਥ ਬਾਰੇ ਰੌਚਿਕਤਾ ਨਾਲ ਲਿਖਿਆ ਹੋਇਆ ਹੈ। ਉਸਤੋਂ ਬਾਅਦ ‘ਆਗਾਜ਼ ਨਵੀਂ ਜਦੋਜਹਿਦ ਦਾ’ ਭਾਗ ਵਿੱਚ ਪੰਜਾਬੀ ਟਿ੍ਰਬਿਊਨ ਵਿੱਚ ਨੌਕਰੀ ਤੇ ਉਸ ਨਾਲ ਜੁੜੀਆਂ ਯਾਦਾਂ ਦੀ ਚੰਗੇਰ ਵਿੱਚ 9 ਲੇਖ ਹਨ, ਜਿਹੜੇ ਉਨ੍ਹਾਂ ਦੀ ਪੰਜਾਬੀ ਟਿ੍ਰਬਿਊਨ ਵਿੱਚ ਜਦੋਜਹਿਦ ਸੰਬੰਧੀ ਹਨ, ਜਿਨ੍ਹਾਂ ਨੂੰ ਪੜ੍ਹਕੇ ਪੰਜਾਬੀ ਟਿ੍ਰਬਿਊਨ ਵਰਗੇ ਨਾਮੀ ਅਦਾਰੇ ਦੀ ਸੌੜੀ ਰਾਜਨੀਤੀ ਦਾ ਪਾਜ ਉਘੜਕੇ ਸਾਹਮਣੇ ਆਉਂਦਾ ਹੈ। ਹਾਲਾਂ ਕਿ ਲੋਕ ਸੰਪਰਕ ਵਿਭਾਗ ਵਿੱਚ ਹੋਣ ਕਰਕੇ ਮੇਰਾ ਪੰਜਾਬੀ ਟਿ੍ਰਬਿਊਨ ਦੇ ਬਹੁਤੇ ਅਮਲੇ ਨਾਲ ਵਾਹ ਪੈਂਦਾ ਰਿਹਾ ਹੈ। ਮੈਂ ਸਮਝਦਾ ਸੀ ਕਿ ਮੈਂ ਉਨ੍ਹਾਂ ਬਾਰੇ ਬਹੁਤ ਕੁਝ ਜਾਣਦਾ ਹਾਂ ਪ੍ਰੰਤੂ ਇਹ ਲੇਖ ਪੜ੍ਹਕੇ ਕਈ ਨਾਮੀ ਪੱਤਰਕਾਰਾਂ ਦੀ ਮਿਕਨਾਤੀਸੀ ਸੋਚ ਦਾ ਵੀ ਪਤਾ ਲਗਿਆ ਹੈ, ਜਿਹੜੇ ਅਖ਼ਬਾਰ ਤੋਂ ਬਾਹਰ ਆਪਣਾ ਬਿਹਤਰੀਨ ਅਕਸ ਬਣਾਈ ਬੈਠੇ ਸਨ। ਅਸਲੀਅਤ ਕੁਝ ਹੋਰ ਹੀ ਸੀ। ਚਾਪਲੂਸੀ ਅਤੇ ਧੜੇਬੰਦੀ ਵੀ ਅਹੁਦਿਆਂ ਦੀ ਪ੍ਰਾਪਤੀ ਲਈ ਯੋਗ ਉਮੀਦਵਾਰਾਂ ਦੀਆਂ ਆਸਾਂ ਤੋ ਪਾਣੀ ਫੇਰਨ ਵਿੱਚ ਵੱਡਾ ਯੋਗਦਾਨ ਪਾਉਂਦੀ ਰਹੀ ਹੈ। ‘ਸਿਰੜੀ ਸ਼ਖ਼ਸੀਅਤ’ ਵਾਲੇ ਭਾਗ ਵਿੱਚ 8 ਲੇਖਕਾਂ ਗੁਰਦਿਆਲ ਬੱਲ, ਪਿ੍ਰੰਸੀਪਲ ਸਰਵਣ ਸਿੰਘ, ਸੁਰਿੰਦਰ ਸੋਹਲ, ਪ੍ਰੋ ਹਰਪਾਲ ਸਿੰਘ, ਨੀਲਮ ਲਾਜ ਸੈਣੀ, ਮੇਜਰ ਸਿੰਘ ਕੁਲਾਰ, ਕਰਮਜੀਤ ਸਿੰਘ ਅਤੇ ਕੁਲਜੀਤ ਦਿਆਲਪੁਰੀ ਦੇ ਲੇਖ ਹਨ, ਜਿਹੜੇ ਅਮੋਲਕ ਸਿੰਘ ਜੰਮੂ ਦੀ ਜ਼ਿੰਦਗੀ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਕੰਮ ਇਕ ਸੰਸਥਾ ਤੋਂ ਵੀ ਵੱਧ ਸੀ। ਉਨ੍ਹਾਂ ਨੇ ਪੱਤਰਕਾਰੀ ਦੇ ਮਿਆਰ ਵਿੱਚ ਵਾਧਾ ਹੀ ਨਹੀਂ ਕੀਤਾ ਸਗੋਂ ਪੱਤਰਕਾਰੀ ਨੂੰ ਸਹੀ ਲੀਹਾਂ ‘ਤੇ ਲਿਆਉਣ ਵਿੱਚ ਵਡਮੁਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਸੰਪਾਦਕੀ ਸੂਝ ਦਾ ਕੋਈ ਮੁਕਾਬਲਾ ਨਹੀਂ ਸੀ। ਇਹ ਪੁਸਤਕ ਪੜ੍ਹਕੇ ਅਮੋਲਕ ਸਿੰਘ ਦੀ ਸ਼ਕਲ ਜਿਹਨ ਵਿੱਚ ਘੁੰਮਣ ਲੱਗ ਜਾਂਦੀ ਹੈ। ਅਮੋਲਕ ਸਿੰਘ ਦੀ ਇਕ ਹੋਰ ਕਮਾਲ ਦੀ ਗੱਲ ਸੀ ਕਿ ਉਨ੍ਹਾਂ ਦੀਆਂ ਲਿਖਤਾਂ ਪੜ੍ਹਕੇ ਸੀਨ ਸਾਹਮਣੇ ਆ ਜਾਂਦੇ ਹਨ। ਉਹ ਅਖ਼ਬਾਰ ਲਈ ਆਏ ਮੈਟਰ ਦਾ ਇਕ-ਇਕ ਸ਼ਬਦ ਬੜੀ ਨੀਝ ਨਾਲ ਪੜ੍ਹਦੇ ਸਨ, ਜੇਕਰ ਲੇਖਕ ਕੋਲੋਂ ਕੋਈ ਗ਼ਲਤ ਗੱਲ ਲਿਖੀ ਗਈ ਤਾਂ ਉਨ੍ਹਾਂ ਦੀ ਬਰੀਕ ਨੀਝ ਉਸਨੂੰ ਦਰੁਸਤ ਕਰਨ ਦਾ ਕੰਮ ਕਰਦੀ ਸੀ। ਉਨ੍ਹਾਂ ਦੀ ਇਕ ਹੋਰ ਬਿਹਤਰੀਨ ਗੱਲ ਇਹ ਸੀ ਕਿ ਉਹ ਸਾਰੇ ਮੈਟਰ ਨੂੰ ਬਰੀਕ ਛਾਨਣੀ ਨਾਲ ਪੁਣਦੇ ਸਨ। ਉਨ੍ਹਾਂ ਨੇ ਆਪਣੇ ਅਖ਼ਬਾਰ ਵਿੱਚ ਕੁਝ ਕਾਲਮ ਸ਼ੁਰੂ ਕੀਤੇ ਹੋਏ ਸਨ, ਜਿਨ੍ਹਾਂ ਨੂੰ ਪਾਠਕ ਦਿਲਚਸਪੀ ਨਾਲ ਪੜ੍ਹਦੇ ਸਨ ਅਤੇ ਅਖ਼ਬਾਰ ਦੀ ਹਰ ਹਫ਼ਤੇ ਉਡੀਕ ਕਰਦੇ ਰਹਿੰਦੇ ਸਨ। ‘ਪੈਗ਼ਾਮਾ ਦਾ ਮਿਆਰ’ ਭਾਗ ਵਿੱਚ ਚੋਟੀ ਦੇ ਲੇਖਕਾਂ ਦੀਆਂ ਮਿਆਰੀ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਮੋਲਕ ਸਿੰਘ ਮੈਟਰ ਦੀ ਚੋਣ ਕਰਨ ਸਮੇਂ ਪਰਖਣ ਤੋਂ ਬਾਅਦ ਹੀ ਪ੍ਰਕਾਸ਼ਤ ਕਰਦੇ ਸਨ। ਅਭੈ ਸਿੰਘ, ਚੰਡੀਗੜ੍ਹ ਦਾ ‘ਇਹ ਬੇਲਾ ਸੱਚ ਕੀ ਨਹੀਂ ਹੈ’ ਸਿਰਲੇਖ ਵਾਲਾ ਲੰਬਾ ਖਤ ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ ਬਾਰੇ ਲਿਖਿਆ ਸ਼ਾਮਲ ਕੀਤਾ ਹੈ। ਜਦੋਂ ਕੋਈ ਅਜਿਹੀ ਬਹਿਸ ਛਿੜਦੀ ਸੀ ਤਾਂ ਉਹ ਦੋਹਾਂ ਪੱਖਾਂ ਦੇ ਲੇਖ ਲਗਾਉਂਦੇ ਸਨ। ਇਸ ਤੋਂ ਇਲਾਵਾ ਦਰਿਆਈ ਪਾਣੀਆਂ ਬਾਰੇ ਇੰਜ ਪਾਲ ਸਿੰਘ ਢਿੱਲੋਂ ਦਾ ਲੇਖ ‘ਕਹਾਣੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਜਨੀਤਕ ਬਰਬਾਦੀ ਦੀ’ ਦਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ ਤਾਂ ਜੋ ਪੰਜਾਬ ਟਾਈਮਜ਼ ਦੇ ਪਾਠਕਾਂ ਨੂੰ ਅਸਲੀਅਤ ਪਤਾ ਲੱਗ ਸਕੇ। ਇਸੇ ਤਰ੍ਹਾਂ ਸਿਰਦਾਰ ਕਪੂਰ ਸਿੰਘ ਆਈ ਸੀ ਐਸ ਦਾ ‘ਸ੍ਰੀ ਅਨੰਦਪੁਰ ਸਾਹਿਬ ਦਾ 1973 ਵਾਲਾ ਮਤਾ’ ਸਿਰਲੇਖ ਵਾਲਾ ਲੇਖ ਅਤੇ ਇਸਦੇ ਨਾਲ ਹੀ 1978 ਵਾਲਾ ਅਨੰਦਪੁਰ ਸਾਹਿਬ ਮਤਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਡਾ ਜਸਬੀਰ ਸਿੰਘ ਆਹਲੂਵਾਲੀਆ ਦਾ ‘ ਅਨੰਦਪੁਰ ਸਾਹਿਬ ਦੇ ਮਤਿਆਂ ਦੇ ਜਨਮ ਦੀ ਸਾਚੀ ਸਾਖੀ’ ਸਿਰਲੇਖ ਵਾਲਾ ਲੇਖ ਵੀ ਪ੍ਰਕਾਸ਼ਤ ਕੀਤਾ ਕਿਉਂਕਿ ਅਮੋਲਕ ਸਿੰਘ ਹਮੇਸ਼ਾ ਸਾਰੇ ਪੱਖਾਂ ਦੇ ਲੇਖ ਪ੍ਰਕਾਸ਼ਤ ਕਰਦੇ ਸਨ ਤਾਂ ਜੋ ਪਾਠਕ ਕਿਸੇ ਭੁਲੇਖੇ ਵਿੱਚ ਨਾ ਰਹਿ ਜਾਣ। ਅਮੋਲਕ ਸਿੰਘ ਜੰਮੂ ਭਾਵੇਂ ਕਿਸੇ ਪੱਖ ਨਾਲ ਪ੍ਰਤੀਬੱਧ ਨਹੀਂ ਸਨ ਅਤੇ ਨਾ ਹੀ ਕਿਸੇ ਧੜੇ ਨਾਲ ਜੁੜੇ ਹੋਏ ਸਨ ਪ੍ਰੰਤੂ ਸਿੱਖ ਮਸਲਿਆਂ ਬਾਰੇ ਵਾਦਵਿਵਾਦ ਸੰਬੰਧੀ ਲੇਖ ਜ਼ਰੂਰ ਪ੍ਰਕਾਸ਼ਤ ਕਰਦੇ ਸਨ। ਇਸ ਪੁਸਤਕ ਵਿੱਚ ਵੀ ਅਮਰਜੀਤ ਪਰਾਗ ਦਾ ‘ ਮੁੱਦਾ ਸਿੱਖਾਂ ਦੀ ਅਕਾਂਖਿਆ ਦਾ’ ਗੁਰਦੀਪ ਸਿੰਘ ਦੇਹਰਾਦੂਨ ਦਾ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦੇ ਪ੍ਰਸੰਗ, ਗੁਰਬਚਨ ਦਾ ‘ਹਿੰਦੂ ਰਾਸ਼ਟਰ ਦਾ ਅਵਚੇਤਨ ਤੇ ਪੰਜਾਬੀ ਅਤੇ ਗੁਰਭਗਤ ਸਿੰਘ ਦਾ ਪੰਜਾਬ, ਪੰਜਾਬੀ ਸਭਿਆਚਾਰ ਦੀ ਮੌਲਿਕਤਾ ਲੇਖ, ਉਨ੍ਹਾਂ ਪੰਜਾਬ ਟਾਈਮਜ਼ ਵਿੱਚ ਪ੍ਰਕਾਸ਼ਤ ਕੀਤੇ, ਜਿਨ੍ਹਾਂ ਨੂੰ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਤੇਜ ਅਤੇ ਗੁਰਦਿਆਲ ਸਿੰਘ ਬਲ ਨੇ ਹੋਰ ਵੀ ਇਕ ਦਰਜਨ ਦੇ ਲੇਖ ਸ਼ਾਮਲ ਕੀਤੇ ਹਨ।
ਮੁਢਲੇ ਤੌਰ ਇਸ ਪੁਸਤਕ ਵਿੱਚ ਅਮੋਲਕ ਸਿੰਘ ਜੰਮੂ ਦੇ ਇਕ ਬਿਹਤਰੀਨ ਇਨਸਾਨ , ਪੱਤਰਕਾਰ ਅਤੇ ਸੁਜੱਗ ਸੰਪਾਦਕ ਹੋਣ ਬਾਰੇ ਵਿਦਵਾਨ ਵਿਅਕਤੀਆਂ ਦੀ ਰਾਏ ਨੂੰ ਦਿੱਤਾ ਗਿਆ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸਬ ਕਮੇਟੀ ਦੀਆਂ ਸਿਫ਼ਰਸ਼ਾਂ : ਅਕਾਲੀ ਲੀਡਰਸ਼ਿਪ ਨੂੰ ਘੁੰਮਣਘੇਰੀ - ਉਜਾਗਰ ਸਿੰਘ
ਅਕਾਲੀ ਦਲ ਬਾਦਲ ਆਪਣੀ ਖੁੱਸੀ ਸਿਆਸੀ ਜ਼ਮੀਨ ਦੀ ਤਲਾਸ਼ ਵਿੱਚ ਹੈ। ਪੰਥਕ ਸੋਚ ਤੋਂ ਕਿਨਾਰਾ ਕਰਨ ਤੋਂ ਬਾਅਦ ਗ਼ਲਤੀ ਦਰ ਗ਼ਲਤੀ ਦਾ ਨਤੀਜਾ ਭੁਗਤ ਰਿਹਾ ਹੈ। ਬਾਦਲ ਦਲ ਦੀ ਕੋਰ ਕਮੇਟੀ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਨਮੋਸ਼ੀਜਨਕ ਹਾਰ ਦੀ ਸਮੀਖਿਆ ਕਰਨ ਲਈ ਵਿਧਾਨਕਾਰ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਬਣਾਈ ਗਈ 13 ਮੈਂਬਰੀ ਸਬ ਕਮੇਟੀ ਨੇ ਸਰਬਸੰਮਤੀ ਨਾਲ ਦੋ ਮਹੱਤਵਪੂਰਨ ਸਿਫ਼ਰਸ਼ਾਂ ਕੀਤੀਆਂ ਹਨ। ਪਹਿਲੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਅਤੇ ਦੂਜੀ 2007 ਤੋਂ 2017 ਵਿੱਚ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਜਿਹੜੀਆਂ ਗ਼ਲਤੀਆਂ ਕੀਤੀਆਂ ਹਨ, ਉਨ੍ਹਾਂ ਦੀ ਅਕਾਲ ਤਖ਼ਤ ‘ਤੇ ਜਾ ਕੇ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਦੀ ਸਿਫ਼ਾਰਸ਼ ਕੀਤੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੁਆਫੀ ਤਾਂ ਇਕ ਵਾਰ ਪਹਿਲਾਂ ਵੀ ਲੀਡਰਸ਼ਿਪ ਮੰਗ ਚੁੱਕੀ ਹੈ ਪ੍ਰੰਤੂ ਉਦੋਂ ਜਨਰਲ ਮੁਆਫ਼ੀ ਮੰਗੀ ਸੀ। ਹੁਣ ਸਬ ਕਮੇਟੀ ਨੇ ਹਰ ਗ਼ਲਤੀ ਬਾਰੇ ਸ਼ਪਸ਼ਟ ਲਿਖਕੇ ਗ਼ਲਤੀ ਮੰਗਣ ਲਈ ਕਿਹਾ ਹੈ। ਹੋਰ ਵੀ ਬਹੁਤ ਸਾਰੀਆਂ ਮਹੱਤਪੂਰਨ ਸਿਫ਼ਰਸ਼ਾਂ ਹਨ, ਵੇਖਣ ਵਾਲੀ ਗੱਲ ਇਹ ਹੈ ਕਿ ਕੀ ਇਸ ਸਿਫ਼ਾਰਸ਼ ਨੂੰ ਮੰਨਿਆਂ ਵੀ ਜਾਵੇਗਾ? ਇਸ ਤੋਂ ਪਹਿਲਾਂ ਵੀ ਇਕ ਵਾਰ ਇਹ ਸੁਝਾਅ ਆਇਆ ਕਿ ਪਾਰਟੀ ਪ੍ਰਧਾਨ 6 ਮਹੀਨੇ ਲਈ ਪਿਛੇ ਹਟ ਜਾਣ ਤੇ ਪ੍ਰੀਜੀਡੀਅਮ ਬਣਾ ਦਿੱਤੀ ਜਾਵੇ ਪ੍ਰੰਤੂ ਸੁਖਬੀਰ ਸਿੰਘ ਬਾਦਲ ਨੇ ਇਹ ਸਲਾਹ ਮੰਨੀ ਨਹੀਂ ਸੀ। ਕੁਰਸੀ ਛੱਡਣੀ ਸੌਖੀ ਗੱਲ ਨਹੀਂ। ਹੁਣ ਵੀ ਇਸ ਸਬ ਕਮੇਟੀ ਦੀ ਰਿਪੋਰਟ ਮੰਨੀ ਜਾਣ ਦੀ ਕੋਈ ਉਮੀਦ ਨਹੀਂ। ਕੀ ਪੰੰਥਕ ਹਿਤਾਂ ਤੋਂ ਕਿਨਾਰਾ ਕਰਕੇ ਮੁੜ ਸਥਾਪਤ ਹੋਣ ਲਈ ਅਕਾਲੀ ਦਲ ਬਾਦਲ ਪੰਥ ਨੂੰ ਮੋਹਰਾ ਬਣਾ ਕੇ ਵਰਤਣ ਦੀ ਕੋਸ਼ਿਸ਼ ਕਾਰਗਰ ਸਾਬਤ ਹੋ ਸਕਦੀ ਹੈ? ਸਿੱਖ ਵਿਚਾਰਧਾਰਾ ਦੀ ਪਹਿਰੇਦਾਰ ਕਹਾਉਣ ਵਾਲੀ ਪੰਥਕ ਪਾਰਟੀ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਜਦੋਂ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਦਾ ਮੌਕਾ ਵੋਟਰਾਂ ਨੇ ਲਗਾਤਰ 10 ਸਾਲ ਦਿੱਤਾ ਤਾਂ ਉਹ ਸਿਆਸੀ ਤਾਕਤ ਦੇ ਨਸ਼ੇ ਵਿੱਚ ਭਟਕ ਕੇ ਸਿੱਖ ਵਿਚਾਰਧਾਰਾ ਅਤੇ ਪੰਥਕ ਸੋਚ ਨੂੰ ਅਣਗੌਲਿਆਂ ਕਰਨ ਲੱਗ ਪਈ। ਇਥੇ ਹੀ ਬਸ ਨਹੀਂ ਸਗੋਂ ਸਿੱਖ ਸਿਧਾਂਤਾਂ ਦੇ ਉਲਟ ਹੁਕਮ ਕਰਨੇ ਜ਼ਾਰੀ ਕਰ ਦਿੱਤੇ। ਸਿੱਖ ਸੰਸਥਾਵਾਂ ਅਤੇ ਪਰੰਪਰਾਵਾਂ ਨੂੰ ਤਿਲਾਂਜ਼ਲੀ ਦੇ ਦਿੱਤੀ ਹੁਣ ਜਦੋਂ ਸਿਆਸੀ ਤਾਕਤ ਖੁਸ ਗਈ ਤਾਂ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਦੀ ਹਾਲ ਦੁਹਾਈ ਪਾਈ ਜਾ ਰਹੀ ਹੈ। ਜਿਵੇਂ ਇਕ ਕਹਾਵਤ ਹੈ ‘ਵਕਤੋਂ ਖੁੰਝੀ ਡੂਮਣੀ ਕਰਦੀ ਆਲ ਮਟੋਲੇ’ ਉਹ ਹਾਲਤ ਹੁਣ ਬਾਦਲ ਅਕਾਲੀ ਦੀ ਬਣੀ ਪਈ ਹੈ। ਹੁਣ ਪਲਾਹ ਸੋਟੇ ਮਾਰੇ ਜਾ ਰਹੇ ਹਨ। ਨਮੋਸ਼ੀ ਨੂੰ ਜੋਸ਼ ਵਿੱਚ ਬਦਲਣ ਲਈ ਅੰਤਰਝਾਤ ਮਾਰਕੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਹੁੰਦੀ ਹੈ। ਗ਼ਲਤੀਆਂ, ਸਫਲਤਾਵਾਂ ਅਤੇ ਅਸਫਲਤਾਵਾਂ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ। ਪ੍ਰੰਤੂ ਉਨ੍ਹਾਂ ਤੋਂ ਸਬਕ ਸਿੱਖਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਸਿਆਸੀ ਪਾਰਟੀਆਂ ਹਮਖਿਆਲੀ ਵਿਚਾਰਧਾਰਾਵਾਂ ਵਾਲੇ ਇਨਸਾਨਾ ਦਾ ਸੰਗਠਨ ਹੁੰਦੇ ਹਨ। ਜਦੋਂ ਅਜਿਹੇ ਸੰਗਠਨਾ ‘ਤੇ ਇਕ ਪਰਿਵਾਰ ਦਾ ਏਕਾ ਅਧਿਕਾਰ ਹੋ ਜਾਂਦਾ ਹੈ ਤਾਂ ਸੰਗਠਨ ਦਾ ਪਤਨ ਹੋਣਾ ਅਵਸ਼ਕ ਹੁੰਦਾ ਹੈ ਕਿਉਂਕਿ ਹਮਖਿਆਲ ਲੋਕਾਂ ਦੇ ਵਿਚਾਰਾਂ ਨੂੰ ਅਣਡਿਠ ਕੀਤਾ ਜਾਣ ਲੱਗ ਜਾਂਦਾ ਹੈ। ਸ਼ਰੋਮਣੀ ਅਕਾਲੀ ਦਲ ਬਾਦਲ ਦਾ ਵੀ ਇਸੇ ਕਰਕੇ ਇਹ ਹਸ਼ਰ ਹੋਇਆ ਹੈ ਕਿ ਇਸ ਸੰਗਠਨ ਵਿੱਚ ਹਮਖਿਆਲੀਆਂ ਨੂੰ ਦਰਕਿਨਾਰ ਕੀਤਾ ਗਿਆ। ਪਾਰਟੀ ਦੇ ਨੇਤਾ ਪਰਿਵਾਰਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਵਿੱਚ ਅਸਫਲ ਰਹੇ।
ਅਹੁਦਿਆਂ ਦੇ ਲਾਲਚ ਅਤੇ ਚਾਪਲੂਸੀ ਨੇ ਇਕ ਸਦੀ ਤੋਂ ਵੀ ਪੁਰਾਣੇ ਜੁਝਾਰੂਆਂ ਸੰਗਠਨ ਨੂੰ ਖੋਰਾ ਲਾ ਦਿੱਤਾ। ਕਿਸੇ ਸਮੇਂ ਅਕਾਲੀ ਦਲ ਵਿੱਚ ਅਹੁਦੇ ਮਹੱਤਵਪੂਰਨ ਨਹੀਂ, ਸਗੋਂ ਵਿਚਾਰਧਾਰਾ ਮਹੱਤਵਪੂਰਨ ਹੁੰਦੀ ਸੀ। ਚਮਚਾਗਿਰੀ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਸੀ। ਜਦੋਂ ਸੰਗਠਨ ਵਿੱਚ ਚਮਚਾਗਿਰੀ ਭਾਰੂ ਹੋ ਗਈ ਤਾਂ ਸੰਗਠਨ ਦਾ ਅੰਤ ਨਜ਼ਦੀਕ ਆ ਗਿਆ। ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਸਿੱਖ ਸੰਸਥਾਵਾਂ ਅਤੇ ਸਿੱਖ ਵਿਦਿਅਕ ਕਾਨਫਰੰਸਾਂ ਨੇ ਆਪਣੀ ਵਿਚਾਰਧਾਰਾ ਨਾਲ ਸਿੰਜਿਆ ਸੀ। ਦੇਸ਼ ਦੀ ਆਜ਼ਾਦੀ ਦੀ ਜਦੋਜਹਿਦ ਅਤੇ ਮਨੁੱਖੀ ਹੱਕਾਂ ‘ਤੇ ਪਹਿਰਾ ਦੇਣ ਵਾਲੀ ਜੁਝਾਰੂਆਂ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ 20 ਫਰਵਰੀ 2022 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਅਜਿਹਾ ਖ਼ੋਰਾ ਲੱਗਿਆ, ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ।
ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਚੜ੍ਹਕੇ ਹਿਸਾ ਇਸ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੇ ਲਿਆ ਸੀ। ਇਸ ਲੜਾਈ ਵਿੱਚ ਕੁਰਬਾਨੀਆਂ ਵੀ ਸ਼ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਹੀ ਦਿੱਤੀਆਂ ਸਨ। ਜਿਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਕੌਮੀ ਪਰਵਾਨਿਆਂ ਦੀ ਪਾਰਟੀ ਕਿਹਾ ਜਾਂਦਾ ਹੈ। ਵਰਕਰਾਂ ਅਤੇ ਨੇਤਾਵਾਂ ਦੀ ਜੀਵਨ ਸ਼ੈਲੀ ਸਮਾਜ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਸੀ। ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਨੈਤਿਕਤਾ ਦੀਆਂ ਲੀਹਾਂ ‘ਤੇ ਖੜ੍ਹਾ ਹੈ। ਸ਼ਰੋਮਣੀ ਅਕਾਲੀ ਦੀ ਸਥਾਪਨਾ ਗੁਰੂ ਘਰਾਂ ਦੀ ਵੇਖ ਭਾਲ ਕਰਨ ਦੇ ਇਰਾਦੇ ਨਾਲ ਹੋਈ ਸੀ। ਇਸ ਦੇ ਮੁੱਖੀਆਂ ਦੇ ਕਿਰਦਾਰ ਮਾਨਵਤਾ ਲਈ ਰਾਹ ਦਸੇਰਾ ਦੇ ਕੰਮ ਕਰਦੇ ਸਨ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਖਾਲੀ ਕਰਵਾਉਣ ਅਤੇ ਗੁਰੂ ਘਰਾਂ ਵਿੱਚ ਰਹਿਤ ਮਰਿਆਦਾ ਨੂੰ ਕਾਇਮ ਰੱਖਣ ਲਈ ਪਾਰਟੀ ਦੇ ਮੋਹਰੀਆਂ ਨੇ ਵਿਲੱਖਣ ਕੁਰਬਾਨੀਆਂ ਕਰਕੇ ਉਨ੍ਹਾਂ ਦੀ ਪਵਿਤਰਤਾ ਨੂੰ ਕਾਇਮ ਕੀਤਾ ਸੀ। ਅਜਿਹੇ ਸੂਰਬੀਰਾਂ ਦੀ ਪਾਰਟੀ ਦਾ ਸਫਾਇਆ ਹੋ ਜਾਣਾ ਖਾਸ ਤੌਰ ‘ਤੇ ਪਾਰਟੀ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪਾਰਟੀ ਦੇ ਸਰਪ੍ਰਸਤ ਦਿਗਜ਼ ਨੇਤਾ ਅਤੇ ਪ੍ਰਧਾਨ ਦੋਹਾਂ ਦਾ ਚੋਣ ਹਾਰ ਜਾਣਾ, ਇਸ ਤੋਂ ਵੱਡੀ ਨਮੋਸ਼ੀ ਹੋਰ ਕਿਹੜੀ ਹੋ ਸਕਦੀ ਹੈ। ਦੋਹਾਂ ਦਾ ਬੁਰੀ ਤਰ੍ਹਾਂ ਹਾਰ ਜਾਣਾ ਅਕਾਲੀ ਦਲ ਲਈ ਨਮੋਸ਼ੀ ਦਾ ਕਾਰਨ ਨਹੀਂ ਬਣਿਆਂ ਸਗੋਂ ਬਾਦਲ ਪਰਿਵਾਰ ਦੇ ਏਕਾ ਅਧਿਕਾਰ ਦਾ ਪਤਨ ਹੋਇਆ ਹੈ। ਜੇਕਰ ਸ਼ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਇਤਿਹਾਸ ਵਲ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਸ਼ਖ਼ਸੀਅਤਾਂ ਅੱਗੇ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ, ਜਿਹੜੇ ‘ਮੈਂ ਮਰਾਂ ਪੰਥ ਜੀਵੇ’ ਦੇ ਅਸੂਲ ‘ਤੇ ਪਹਿਰਾ ਦਿੰਦੇ ਸਨ। 2020 ਵਿੱਚ ਸਿੱਖ ਕੌਮ ਸ਼ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਮਨਾ ਕੇ ਹਟਿਆ ਹੈ। ਪ੍ਰੰਤੂ ਵਰਤਮਾਨ ਸਿੱਖ ਕੌਮ ਦੇ ਨੇਤਾਵਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਨੂੰ ਵੇਖਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ।
ਸ਼ਰੋਮਣੀ ਅਕਾਲੀ ਦਲ ਦੇ ਪਤਨ ਦਾ ਕੋਈ ਇਕ ਕਾਰਨ ਨਹੀਂ ਸਗੋਂ ਜਦੋਂ ਤੋਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਬਣਕੇ ਰਾਜ ਭਾਗ ਚਲਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਪੜਾਅਵਾਰ ਅਕਾਲੀ ਦਲ ਦੀ ਰਾਜ ਸਤਾ ਹਾਸਲ ਕਰਨ ਲਈ ਅਜਿਹੇ ਕਦਮ ਚੁਕਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨਾਲ ਅਕਾਲੀ ਦਲ ਦਾ ਪੰਥਕ ਖਾਸਾ ਖ਼ਤਮ ਕੀਤਾ ਜਾਵੇ। ਉਸ ਸਮੇਂ ਕਿਸੇ ਨੇ ਪਰਕਾਸ਼ ਸਿੰਘ ਬਾਦਲ ਦੀ ਗੁਝੀ ਸਿਆਸਤ ਨੂੰ ਸਮਝਿਆ ਹੀ ਨਹੀਂ। ਬਾਦਲ ਪਰਿਵਾਰ ਨੇ ਮਹਿਸੂਸ ਕਰ ਲਿਆ ਕਿ ਜੇਕਰ ਰਾਜ ਭਾਗ ‘ਤੇ ਕਬਜ਼ਾ ਕਰਨਾ ਹੈ ਤਾਂ ਅਕਾਲੀ ਦਲ ਦੀ ਪੰਥਕ ਸੋਚ ਦੀ ਥਾਂ ਪੰਜਾਬੀਅਤ ਦੀ ਸੋਚ ਨੂੰ ਅਪਣਾਇਆ ਜਾਵੇ। ਜਦੋਂ ਕਿ ਅਕਾਲੀ ਦਲ ਹਮੇਸ਼ਾ ਸੰਕਟ ਦੀ ਘੜੀ ਵਿੱਚ ਸਿੱਖਾਂ ਦੀ ਅਵਾਜ਼ ਬਣਦਾ ਰਿਹਾ ਸੀ। ਸਿੱਖ ਪੰਥ ਦੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਹਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤੀਜੀ ਸ਼ਰੋਮਣੀ ਅਕਾਲੀ ਦਲ। ਅਕਾਲੀ ਦਲ ਨੇ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੀ ਸਰਵਉਚਤਾ ਖ਼ਤਮ ਕਰ ਦਿੱਤੀ ਤਾਂ ਅਕਾਲੀ ਦਲ ਆਪਣੇ ਆਪ ਖ਼ਤਮ ਹੋ ਗਿਆ। ਕਿਉਂਕਿ ਅਕਾਲੀ ਦਲ ਇਨ੍ਹਾਂ ਸੰਸਥਾਵਾਂ ਦੇ ਸਹਾਰੇ ਸਿਆਸੀ ਤਾਕਤ ਹਾਸਲ ਕਰਦਾ ਸੀ। ਪ੍ਰੰਤੂ ਅਕਾਲੀ ਦਲ ਨੇ ਇਨ੍ਹਾਂ ਸੰਸਥਾਵਾਂ ਨੂੰ ਆਪਣੇ ਵਿੰਗ ਬਣਾ ਲਿਆ ਜਦੋਂ ਕਿ ਅਕਾਲੀ ਦਲ ਇਨ੍ਹਾਂ ਸੰਸਥਾਵਾਂ ਦੀ ਪ੍ਰਾਪਤੀ ਕਰਕੇ ਸਫਲਤਾ ਪ੍ਰਾਪਤ ਕਰਦਾ ਸੀ। ਇਕ ਹੋਰ ਮਹੱਤਵਪੂਰਨ ਸਿੱਖ ਸੰਸਥਾ ਸਿੱਖ ਸਟੂਡੈਂਟਸ ਫੈਡਰੇਸ਼ਨ ਸੀ, ਜਿਸਨੂੰ ਅਕਾਲੀ ਦਲ ਦੀ ਨਰਸਰੀ ਕਿਹਾ ਜਾਂਦਾ ਸੀ। ਜਿਸ ਵਿੱਚੋਂ ਸਿਖਿਅਤ ਹੋਣ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਦਿਗਜ਼ ਨੇਤਾ ਬਣਕੇ ਆਉਂਦੇ ਸਨ। ਪਰਕਾਸ਼ ਸਿੰਘ ਬਾਦਲ ਨੇ ਉਸਦੀ ਥਾਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਬਣਾ ਲਿਆ ਤਾਂ ਜੋ ਸਿੱਖੀ ਸੋਚ ਤੋਂ ਕਿਨਾਰਾ ਕੀਤਾ ਜਾ ਸਕੇ। ਰਾਮ ਰਹੀਮ ਨੂੰ ਪੰਥ ਵਿੱਚ ਸ਼ਾਮਲ ਕਰਨ ਲਈ ਜਥੇਦਾਰ ਸਾਹਿਬਾਨਾ ਨੂੰ ਫ਼ੈਸਲੇ ਕਰਨ ਲਈ ਅਕਾਲ ਤਖ਼ਤ ਤੋਂ ਬਾਹਰ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਵਿੱਚ ਬੁਲਾਉਣਾ ਤੇ ਹੁਕਮਨਾਮਾ ਜਾਰੀ ਕਰਨ ਲਈ ਕਹਿਣਾ, ਦੂਜੀ ਵਾਰ ਢਾਹ ਲਾਈ ਸੀ। ਇਸਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਹੋਈ ਤਾਂ ਉਸਦੇ ਵਿਰੋਧ ਵਿੱਚ ਇਨਸਾਫ ਮੰਗ ਰਹੀ ਸੰਗਤ ‘ਤੇ ਅਕਾਲੀ ਸਰਕਾਰ ਦੇ ਨੁਮਾਇੰਦਿਆਂ ਵਲੋਂ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨਾ ਪੰਥਕ ਸੋਚ ਦਾ ਘਾਣ ਕਰਨਾ ਸੀ। ਅਤਵਾਦ ਦੇ ਦੌਰਾਨ ਸਿੱਖਾਂ ਤੇ ਜ਼ਿਆਦਤੀਆਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਉਚ ਅਹੁਦਿਆਂ ਤੇ ਲਗਾਇਆ ਗਿਆ। ਇਨ੍ਹਾਂ ਕਦਮਾਂ ਨੇ ਸਿੱਖਾਂ ਦੇ ਜ਼ਖ਼ਮਾ ‘ਤੇ ਲੂਣ ਛਿੜਕਣ ਦਾ ਕੰਮ ਕੀਤਾ। ਜਦੋਂ ਸਿੱਖ ਜਗਤ ਵਿੱਚ ਸਰਕਾਰ ਦੀਆਂ ਆਪ ਹੁਦਰੀਆਂ ਦਾ ਵਿਰੋਧ ਹੋਇਆ ਤਾਂ ਅਕਾਲ ਤਖ਼ਤ ਮਾਫੀ ਮੰਗਣ ਦਾ ਢਕਵੰਜ ਰਚਿਆ ਗਿਆ। ਮੁਆਫੀ ਮੰਗਣ ਵਾਲਿਆਂ ਲਈ ਪਹਿਲੀ ਵਾਰ ਮਰਿਆਦਾ ਦੀ ਉਲੰਘਣਾ ਕਰਕੇ ਦਰਬਾਰ ਸਾਹਿਬ ਵਿੱਚ ਰੈਡ ਕਾਰਪੈਟ ਵਿਛਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਜਿਵੇਂ ਉਹ ਕੋਈ ਸ਼ੁਭ ਕੰਮ ਕਰਨ ਆ ਰਹੇ ਹਨ। ਮੁਆਫੀ ਕਿਸ ਚੀਜ ਦੀ ਮੰਗੀ, ਉਹ ਵੀ ਸ਼ਪਸ਼ਟ ਨਹੀਂ ਕੀਤੀ ਗਈ। ਇਹ ਗੁਨਾਹ ਮੁਆਫ਼ੀ ਯੋਗ ਨਹੀਂ ਹਨ। 1996 ਤੋਂ ਲਗਾਤਾਰ ਅਕਾਲੀ ਦਲ ਨੂੰ 26 ਸਾਲ ਗੁੱਝੀ ਸੱਟ ਲੱਗਣ ਤੋਂ ਬਾਅਦ ਸਿੱਖ ਜਗਤ ਦੇ ਗੁੱਸੇ ਦੀ ਚਰਮ ਸੀਮਾ ਦੇ ਨਤੀਜੇ ਅਕਾਲੀ ਦਲ ਦੀ ਪੰਥਕ ਸੋਚ ਨੂੰ ਖ਼ਤਮ ਕਰਨ ਦੇ 2022 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆਏ ਹਨ। ‘ਅਬ ਪਛਤਾਇਆ ਕਿਆ ਬਣੇ ਜਬ ਚਿੜੀਆ ਚੁਗ ਗਈ ਖੇਤ’। ਸਿੱਖ ਜਗਤ ਨੂੰ ਇਸ ਹਾਰ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਪੰਥਕ ਸੋਚ ਨੂੰ ਬਹਾਲ ਕਰਨਾ ਚਾਹੀਦਾ ਹੈ। ਪੰਥਕ ਸੋਚ ਬਹਾਲ ਕਰਨ ਲਈ ਸਿੱਖ ਸੰਸਥਾਵਾਂ ਦੀ ਮਹੱਤਤਾ ਬਰਕਰਾਰ ਕਰਨੀ ਪਵੇਗੀ, ਇਹ ਤਾਂ ਹੀ ਸੰਭਵ ਹੈ, ਜੇਕਰ ਸ਼ਰੋਮਣੀ ਅਕਾਲੀ ਦਲ ਵਿੱਚੋਂ ਪਰਿਵਾਰਵਾਦ ਖ਼ਤਮ ਕੀਤਾ ਜਾਵੇ ਅਤੇ ਸਿੱਖ ਸੋਚ ਵਾਲੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਧੜੇਬੰਦੀ ਤੋਂ ਉਪਰ ਉਠਕੇ ਇਕ ਮੰਚ ਤੇ ਵਿਚਾਰ ਵਟਾਂਦਰਾ ਕਰਕੇ ਫ਼ੈਸਲੇ ਕੀਤੇ ਜਾਣ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼ - ਮੋਹ ਦੀਆਂ ਤੰਦਾਂ ਜੋੜਨ ਵਾਲਾ ਤੁਰ ਗਿਆ ਕਿ੍ਰਸ਼ਨ ਲਾਲ ਰੱਤੂ - ਉਜਾਗਰ ਸਿੰਘ
ਮੋਹ ਦੀਆਂ ਤੰਦਾਂ ਜੋੜਨ ਵਾਲਾ ਰੰਗਲਾ ਸੱਜਣ ਕਿ੍ਰਸ਼ਨ ਲਾਲ ਰੱਤੂ ਬਿਨ ਦੱਸਿਆਂ ਦੀ ਤੁਰ ਗਿਆ, ਜਿਵੇਂ ਦੋਸਤਾਂ ਮਿਤਰਾਂ ਨਾਲ ਉਸਦਾ ਮੋਹ ਹੀ ਭੰਗ ਹੋ ਗਿਆ ਹੋਵੇ। ਮੁਹੱਬਤ ਦਾ ਮੁਜੱਸਮਾ ਅਤੇ ਦੋਸਤਾਂ ਦਾ ਨਿੱਘਾ ਤੇ ਪਿਆਰਾ ਦੋਸਤ, ਦੋਸਤੀ ਦੀ ਨਵੀਂ ਪਰੀਭਾਸ਼ਾ ਬਣਾ ਕੇ ਅਲਵਿਦਾ ਕਹਿ ਗਿਆ ਹੈ। ਪਿਤਾ ਭਾਗ ਰਾਮ ਦੀ ਗੋਦੜੀ ਦਾ ਲਾਲ ਖ਼ੁਸ਼ਬੋਆਂ ਦਾ ਵਣਜਾਰਾ ਬਣਕੇ ਸੁਗੰਧੀਆਂ ਵੰਡਦਾ ਹੋਇਆ, ਇਸ ਫਾਨੀ ਸੰਸਾਰ ਤੋਂ ਅਲੋਪ ਹੋ ਗਿਆ ਹੈ। ਖ਼ੁਸ਼ੀਆਂ ਅਤੇ ਖੇੜੇ ਦਾ ਆਨੰਦ ਮਾਣਦੇ ਰੱਤੂ ਪਰਿਵਾਰ ਦਾ ਬਾਗ ਬੈਰਾਨ ਹੋ ਗਿਆ। ਰੇਸ਼ਮੋ ਰੱਤੂ ਉਰਫ ਮਨਿੰਦਰ ਕੌਰ ਦੇ ਹੱਥ ਰੱਤੂ ਪਰਿਵਾਰ ਦੀ ਵਾਗ ਡੋਰ ਫੜਾ ਕੇ 21 ਮਈ 2022 ਨੂੰ ਆਪ ਸੁਰਖੁਰੂ ਹੋ ਕੇ ਤਾਰਿਆਂ ਵਿੱਚ ਵਿਲੀਨ ਹੋ ਗਿਆ ਹੈ। ਜਦੋਜਹਿਦ ਵਾਲੀ ਜ਼ਿੰਦਗੀ ਦਾ ਪ੍ਰਤੀਕ, ਕਿ੍ਰਸ਼ਨ ਲਾਲ ਰੱਤੂ ਇੱਕ ਸਾਧਾਰਨ ਦਿਹਾਤੀ ਪਰਿਵਾਰ ਦੇ ਕੱਚੇ ਕੋਠਿਆਂ ਵਾਲੇ ਘਰ ਵਿੱਚੋਂ ਉਠਕੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਸੰਚਾਲਕ ਦੇ ਅਹੁਦੇ ਤੱਕ ਪਹੁੰਚ ਗਿਆ ਸੀ, ਜਿਥੇ ਸਾਧਾਰਨ ਪ੍ਰਤਿਭਾ ਵਾਲਾ ਵਿਅਕਤੀ ਪਹੁੰਚ ਨਹੀਂ ਸਕਦਾ। ਜਦੋਂ ਪਰਿਵਾਰ ਆਰਥਿਕ ਮਜ਼ਬੂਰੀਆਂ ਵਿੱਚੋਂ ਲੰਘ ਰਿਹਾ ਹੋਵੇ ਅਤੇ ਪਰਿਵਾਰ ਲਈ ਰੋਜ਼ ਮਰਰ੍ਹਾ ਦੇ ਖ਼ਰਚੇ ਕਰਨ ਦੀ ਸਮਰੱਥਾ ਨਾ ਹੋਵੇ। ਪਿਤਾ ਦਾ ਸਾਇਆ ਬੱਚਿਆਂ ‘ਤੇ ਬਚਪਨ ਵਿੱਚ ਹੀ ਉਠ ਜਾਵੇ ਤਾਂ ਹਰ ਨਿੱਕੀ ਮੋਟੀ ਮੁਸ਼ਕਲ ਪਹਾੜ ਬਣ ਕੇ ਖੜ੍ਹ ਜਾਂਦੀ ਹੈ। ਅਜਿਹੇ ਪਰਿਵਾਰ ਵਿੱਚ ਕਿ੍ਰਸ਼ਨ ਲਾਲ ਰੱਤੂ ਦਾ ਜਨਮ 5 ਜਨਵਰੀ 1964 ਨੂੰ ਜਲੰਧਰ ਜਿਲ੍ਹੇ ਦੇ ਮਹਿਤਪੁਰ ਪਿੰਡ ਵਿੱਚ ਭਾਗ ਰਾਮ ਦੇ ਘਰ ਹੋਇਆ। ਉਨ੍ਹਾਂ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਪੜ੍ਹਾਈ ਦੇ ਨਾਲ ਹੀ ਫ਼ੈਕਟਰੀਆਂ ਵਿੱਚ ਮਿਹਨਤ ਮਜ਼ਦੂਰੀ ਕਰਨੀ ਪਈ। ਉਨ੍ਹਾਂ ਮੁਢਲੀ ਪੜ੍ਹਾਈ ਪਿੰਡ ਮਹਿਤਪੁਰ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਫਿਰ ਗ੍ਰੈਜੂਏਸ਼ਨ ਨੈਸ਼ਨਲ ਕਾਲਜ ਨਕੋਦਰ ਤੋਂ ਪਾਸ ਕੀਤੀ। ਸਿਆਸਤ ਵਿੱਚ ਠੁੰਗਾ ਮਾਰਨ ਦੇ ਨਾਲ ਹੀ ਉਸਨੇ ਐਮ ਏ ਪੰਜਾਬੀ ਵੀ ਪਾਸ ਕਰ ਲਈ। ਚੰਗਾ ਹੋਇਆ ਜਲਦੀ ਹੀ ਸਿਆਸਤ ਤੋਂ ਕਿਨਾਰਾ ਕਰ ਗਿਆ ਕਿਉਂਕਿ ਸੱਚੇ ਸੁੱਚੇ ਇਨਸਾਨ ਨੂੰ ਸਿਆਸਤ ਵਾਰਾ ਨਹੀਂ ਖਾਂਦੀ। ਅਜਿਹੇ ਸਮੇਂ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਦਿਨ ਸਮੇਂ ਕੰਮ ਕਰਨਾ ਪੈਂਦਾ ਸੀ, ਜਿਸ ਕਰਕੇ ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ (ਬੀ ਜੇ ਐਮ ਸੀ) ਬੈਚੂਲਰ ਆਫ਼ ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਜਲੰਧਰ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਪਾਸ ਕੀਤੀ। ਫਿਰ ਉਨ੍ਹਾਂ ਆਪਣੇ ਵੱਡੇ ਪਰਿਵਾਰ ਦੀ ਆਰਥਿਕ ਮਦਦ ਦੇ ਇਰਾਦੇ ਨਾਲ ਬੂਟਾਂ ਦੀ ਦੁਕਾਨ ਖੋਲ੍ਹ ਲਈ। ਉਹ ਨਮਰਤਾ ਦੇ ਪੁਜਾਰੀ ਸਨ, ਸੌਦੇਬਾਜ਼ੀ ਕਰਨ ਵਿੱਚ ਅਣਭੋਲ ਸਨ ਕਿਉਂਕਿ ਦੁਕਾਨਦਾਰੀ ਵਾਲੇ ਗੁਰ ਅਪਣਾ ਨਹੀਂ ਸਕੇ, ਜਿਸ ਕਰਕੇ ਦੁਕਾਨਦਾਰੀ ਵਿੱਚ ਸਫਲ ਨਾ ਹੋਏ। ਉਹ ਗਾਹਕਾਂ ਤੋਂ ਪੈਸੇ ਮੰਗਣ ਵਿੱਚ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਸਨ, ਇਸ ਵਜਾਹ ਨਾਲ ਦੁਕਾਨ ਦਾ ਉਧਾਰ ਬਹੁਤ ਵੱਧ ਗਿਆ। ਉਧਾਰ ਦੇ ਨਾ ਮੁੜਨ ਕਰਕੇ ਦੁਕਾਨਦਾਰੀ ਕਰਨੀ ਸੰਭਵ ਨਾ ਰਹੀ, ਫਿਰ ਉਨ੍ਹਾਂ ਦੁਕਾਨ ਤਾਲਾ ਲਾ ਕੇ 1989 ਵਿੱਚ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕਰਨ ਲਈ ਜਲੰਧਰ ਵਿਖੇ ਹੀ ਰੋਜ਼ਾਨਾ ‘ਅੱਜ ਦੀ ਆਵਾਜ਼’ ਅਖ਼ਬਾਰ ਵਿੱਚ ਉਪ ਸੰਪਾਦਕ ਦੀ ਨੌਕਰੀ ਕਰ ਲਈ। ਇਸ ਨੌਕਰੀ ਤੋਂ ਤਜ਼ਰਬਾ ਤਾਂ ਹਾਸਲ ਕਰ ਲਿਆ ਪ੍ਰੰਤੂ ਤਨਖ਼ਾਹ ਬਹੁਤੀ ਜ਼ਿਆਦਾ ਨਹੀਂ ਸੀ, ਜਿਸ ਕਰਕੇ ਉਨ੍ਹਾਂ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰਜ਼ ਡਿਗਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖ਼ਲਾ ਲੈ ਲਿਆ। ਦਾਖ਼ਲਾ ਤਾਂ ਲੈ ਲਿਆ ਪ੍ਰੰਤੂ ਫੀਸ ਭਰਨ ਲਈ ਮੁਸ਼ਕਲਾਂ ਆਉਣ ਕਰਕੇ ਉਹ ਹੌਸਲਾ ਢਾਹ ਬੈਠਾ। ਦੋਸਤਾਂ ਦਾ ਦੋਸਤ ਸੀ, ਇਸ ਕਰਕੇ ਉਸਦੇ ਇਕ ਦੋਸਤ ਨੇ ਫੀਸ ਦਾ ਹੰਭਲਾ ਮਾਰਿਆ, ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਡਿਗਰੀ ਪ੍ਰਾਪਤ ਕੀਤੀ। ਉਹ ਇਤਨਾ ਸਿਰੜ੍ਹੀ ਅਤੇ ਮਿਹਨਤੀ ਸੀ ਕਿ ਹਰ ਰੋਜ਼ ਜਲੰਧਰ ਅੱਜ ਦੀ ਆਵਾਜ਼ ਵਿੱਚ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਪਹਿਲੀ ਬਸ ਫੜਕੇ ਕਲਾਸ ਲਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਦਾ ਸੀ। ਏਸੇ ਤਰ੍ਹਾਂ ਕਲਾਸ ਖ਼ਤਮ ਕਰਨ ਤੋਂ ਬਾਅਦ ਜਲੰਧਰ ਲਈ ਬਸ ਫੜ ਲੈਂਦਾ ਸੀ। ਪਰਿਵਾਰ ਦਾ ਗੁਜ਼ਾਰਾ ਕਰਨ ਲਈ ਨੌਕਰੀ ਜ਼ਰੂਰੀ ਸੀ। ਉਸਨੂੰ ਇਹ ਡਿਗਰੀ ਕਰਨ ਲਈ ਬੜੀ ਸਖ਼ਤ ਮਿਹਨਤ ਕਰਨੀ ਪਈ। ਫਿਰ ਰੋਜ਼ਾਨਾ ਅਜੀਤ ਵਿੱਚ ਉਪ ਸੰਪਾਦਕ ਦੀ ਨੌਕਰੀ ਕਰ ਲਈ। ਉਪ ਸੰਪਾਦਕ ਨੂੰ ਰਾਤ ਦੀਆਂ ਸ਼ਿਫਟਾਂ ਵਿੱਚ ਵੀ ਡਿਊਟੀ ਕਰਨੀ ਪੈਂਦੀ ਸੀ, ਉਹ ਆਪਣੇ ਪਿੰਡ ਮਹਿਤਪੁਰ ਤੋਂ ਸਾਈਕਲ ਤੇ ਹੀ ਅੱਤ ਦਰਜੇ ਦੀ ਗਰਮੀ ਅਤੇ ਕੜਾਕੇ ਦੀ ਸਰਦੀ ਵਿੱਚ ਆਉਂਦੇ ਜਾਂਦੇ ਸਨ। 1999 ਵਿੱਚ ਉਹ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ‘ਤੇ ਭਰਤੀ ਹੋ ਗਏ। ਨੌਕਰੀ ਦੌਰਾਨ ਭਾਵੇਂ ਉਨ੍ਹਾਂ ਆਪਣੀ ਡਿਊਟੀ ਵਿੱਚ ਤਨਦੇਹੀ ਨਾਲ ਕੰਮ ਕੀਤਾ ਪ੍ਰੰਤੂ ਫਿਰ ਵੀ ਪਰਖ ਕਾਲ ਦੇ ਸਮੇਂ ਹੀ ਅਜਿਹਾ ਮੌਕਾ ਬਣਿਆਂ ਜਦੋਂ ਉਹ ਛੁੱਟੀ ਵਾਲੇ ਦਿਨ ਸਕੱਤਰੇਤ ਵਿਖੇ ਬਤੌਰ ਡਿਊਟੀ ਅਧਿਕਾਰੀ ਦੇ ਤੌਰ ਕੰਮ ਕਰ ਰਹੇ ਸਨ ਤਾਂ ਇਕ ਪੱਤਰਕਾਰ ਵੱਲੋਂ ਸ਼ਿਕਾਇਤ ਲਗਾਉਣ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਦੁਬਾਰਾ ਖੜੋਤ ਆ ਗਈ ਸੀ। ਜਿਸ ਕਰਕੇ ਉਨ੍ਹਾਂ ‘ਤੇ ਇਕ ਵਿਭਾਗੀ ਅਧਿਕਾਰੀ ਖਫਾ ਹੋ ਗਏ, ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋ ਕੇ ਭੁਗਤਣਾ ਪਿਆ। ਅਖ਼ੀਰ ਵਿਭਾਗ ਦੇ ਸਾਥੀ ਅਧਿਕਾਰੀਆਂ ਵੱਲੋਂ ਕਿ੍ਰਸ਼ਨ ਲਾਲ ਰੱਤੂ ਦਾ ਤਨਦੇਹੀ ਨਾਲ ਸਾਥ ਦੇਣ ਕਰਕੇ ਵਿਭਾਗ ਨੇ ਆਪਣੀ ਗ਼ਲਤੀ ਨੂੰ ਦਰੁਸਤ ਕਰਦਿਆਂ ਮੁੜ ਨੌਕਰੀ ਤੇ ਬਹਾਲ ਕਰ ਦਿੱਤਾ ਕਿਉਂਕਿ ਉਹ ਬੇਕਸੂਰ ਸਨ। ਸ਼ਰਾਫ਼ਤ, ਨੇਕ ਨੀਤੀ ਅਤੇ ਨਮਰਤਾ ਦਾ ਮੁਜੱਸਮਾ ਹੋਣ ਕਰਕੇ ਕਿ੍ਰਸ਼ਨ ਲਾਲ ਰੱਤੂ ਵਿਭਾਗ ਦਾ ਸਰਮਾਇਆ ਬਣ ਗਏ ਸਨ। ਲੋਕ ਸੰਪਰਕ ਵਿਭਾਗ ਵਿੱਚ ਸਾਰੀ ਉਮਰ ਨੌਕਰੀ ਦੌਰਾਨ ਉਨ੍ਹਾਂ ਨੂੰ ਕਦੀਂ ਵੀ ਕਿਸੇ ਨਾਲ ਉਚਾ ਬੋਲਦਾ ਨਹੀਂ ਵੇਖਿਆ। ਇਕ ਕਿਸਮ ਨਾਲ ਉਹ ਕਰਮਯੋਗੀ ਸਨ, ਆਪਣੇ ਕੰਮ ਤੱਕ ਮਤਲਬ ਰੱਖਦੇ ਸਨ। ਉਹ ਆਪਣੇ ਫ਼ਰਜ ਬੜੀ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ। ਜਿਸ ਕਰਕੇ ਉਹ ਤਰੱਕੀ ਕਰਦੇ ਹੋਏ ਪਹਿਲਾਂ ਡਿਪਟੀ ਡਾਇਰੈਕਟਰ ਅਤੇ ਬਾਅਦ ਵਿੱਚ ਸੰਯੁਕਤ ਸੰਚਾਲਕ ਦੇ ਅਹੁਦੇ ਤੱਕ ਪਹੁੰਚ ਗਏ। ਉਨ੍ਹਾਂ ਨੇ ਅਜੇ ਹੋਰ ਤਰੱਕੀਆਂ ਕਰਨੀਆਂ ਸਨ ਪ੍ਰੰਤੂ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਉਨ੍ਹਾਂ ਦੀ ਸਾਰੀ ਜ਼ਿੰਦਗੀ ਜਦੋਜਹਿਦ ਵਾਲੀ ਰਹੀ ਅਤੇ ਜੀਵਨ ਦੀ ਤਾਣੀ ਹਮੇਸ਼ਾ ਉਲਝੀ ਹੀ ਰਹੀ ਹੈ। ਪ੍ਰੰਤੂ ਕਿ੍ਰਸ਼ਨ ਲਾਲ ਰੱਤੂ ਨੇ ਹੌਸਲਾ ਨਹੀਂ ਹਾਰਿਆ ਕਿਉਂਕਿ ਉਨ੍ਹਾਂ ਦੀ ਪਤਨੀ ਹਮੇਸ਼ਾ ਸਾਥ ਅਤੇ ਹੌਸਲਾ ਦਿੰਦੀ ਰਹੀ। ਹਰ ਮੁਸ਼ਕਲ ਸਮੇਂ ਦਾ ਦਲੇਰੀ ਨਾਲ ਮੁਕਾਬਲਾ ਕਰਦੇ ਰਹੇ। ਉਨ੍ਹਾਂ ਦੇ ਕਈ ਵਾਰੀ ਐਕਸੀਡੈਂਟ ਹੋਏ। 2014 ਵਿੱਚ ਉਨ੍ਹਾਂ ਦਾ ਘਾਤਕ ਐਕਸੀਡੈਂਟ ਹੋਇਆ, ਜਦੋਂ ਉਹ ਆਪਣੇ ਸਪੁੱਤਰ ਨਾਲ ਸਕੂਟਰ ਦੇ ਪਿਛੇ ਬੈਠਾ ਜਾ ਰਿਹਾ ਸੀ। ਜਿਸ ਕਰਕੇ ਉਨ੍ਹਾਂ ਦੀ ਲੱਤ ਵਿੱਚ ਰਾਡ ਪਾਉਣੀ ਪਈ। ਬਦਕਿਸਮਤੀ ਇਹ ਰਹੀ ਕਿ ਲੱਤ ਵਿੱਚ ਇਨਫੈਕਸ਼ਨ ਹੋ ਗਿਆ, ਜਿਸ ਕਰਕੇ ਪਹਿਲਾਂ ਅੱਧਾ ਪੈਰ ਕੱਟਣਾ ਪਿਆ। ਇਸ ਦੌਰਾਨ ਹੀ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪਿਆ, ਜਿਸ ਕਰਕੇ ਉਨ੍ਹਾਂ ਦੀ ਇਕ ਲੱਤ ਅਤੇ ਬਾਂਹ ਪ੍ਰਭਾਵਤ ਹੋ ਗਈ। ਐਕਸੀਡੈਂਟ ਤੋਂ ਪ੍ਰਭਾਵਤ ਲੱਤ ਠੀਕ ਨਾ ਹੋਈ ਕਿਉਂਕਿ ਇਨਫੈਕਸ਼ਨ ਹੋਰ ਵੱਧ ਗਈ, ਜਿਸ ਕਰਕੇ ਗੈਂਗਰੀਨ ਹੋ ਗਈ ਫਿਰ ਅੱਧੀ ਲੱਤ ਕਟਵਾਉਣੀ ਪਈ। ਜਦੋਂ ਲੱਤ ਦੇ ਟੰਕੇ ਕਟਵਾਉਣ ਲਈ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਜ਼ਬਰਦਸਤ ਦਿਲ ਦਾ ਦੌਰਾ ਪੈ ਗਿਆ, ਜੋ ਘਾਤਕ ਸਾਬਤ ਹੋਇਆ। ਹਮੇਸ਼ਾ ਹੰਸੂ ਹੰਸੂ ਕਰਦਾ ਕਿ੍ਰਸ਼ਨ ਲਾਲ ਰੱਤੂ ਸਾਡੇ ਕੋਲੋਂ 21 ਮਈ 2022 ਨੂੰ ਹਮੇਸ਼ਾ ਲਈ ਵਿਛੜ ਗਿਆ। ਜ਼ਿੰਦਗੀ ਵਿੱਚ ਅਨੇਕ ਮੁਸ਼ਕਲਾਂ ਆਉਣ ਦੇ ਬਾਵਜੂਦ ਰੱਤੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਦਿਲ ਦਰਿਆ ਅਤੇ ਦਲੇਰ ਇਨਸਾਨ ਸਨ। ਅਧਿਕਾਰੀ ਤਾਂ ਉਹ ਵਧੀਆ ਹੈ ਹੀ ਸਨ ਪ੍ਰੰਤੂ ਵਿਭਾਗ ਵਿੱਚ ਬਿਹਤਰੀਨ ਇਨਸਾਨ ਦੇ ਤੌਰ ਤੇ ਜਾਣੇ ਜਾਂਦੇ ਸਨ।
ਉਨ੍ਹਾਂ ਦੇ ਦੋ ਲੜਕੇ ਨਵੀਨ ਰੱਤੂ ਅਤੇ ਦਿਨੇਸ਼ ਰੱਤੂ ਹਨ। ਉਨ੍ਹਾਂ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ, ਜਿਸ ਕਰਕੇ ਨਵੀਨ ਰੱਤੂ ਆਈ ਏ ਐਸ ਯੂ ਟੀ ਕੇਡਰ ਵਿੱਚ ਚੁਣੇ ਗਏ। ਦੂਜਾ ਲੜਕਾ ਦਿਨੇਸ਼ ਰੱਤੂ ਕੈਨੇਡਾ ਵਿਖੇ ਰਹਿ ਰਿਹਾ ਹੈ। ਕਿ੍ਰਸ਼ਨ ਲਾਲ ਰੱਤੂ ਦੀ ਯਾਦ ਵਿੱਚ ਅੰਤਮ ਅਰਦਾਸ 30 ਮਈ 2022 ਨੂੰ ਗੁਰਦੁਆਰਾ ਸਾਹਿਬ, ਸ਼ਾਹਪੁਰ ਸੈਕਟਰ-38 ਬੀ ਚੰਡੀਗੜ੍ਹ ਵਿਖੇ ਦੁਪਹਿਰ 12-00 ਵਜੇ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸਿਹਤ ਮੰਤਰੀ ਦੀ ਬਰਖਾਸਤਗੀ ਸ਼ੁਭ ਸੰਕੇਤ: ਭਰਿਸ਼ਟਾਚਾਰੀਆਂ ਲਈ ਚੇਤਾਵਨੀ - ਉਜਾਗਰ ਸਿੰਘ
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਆਪਣੇ ਹੀ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਆਮ ਆਦਮੀ ਪਾਰਟੀ ਦਾ ਪਹਿਲਾ ਦਲੇਰਾਨਾ ਫ਼ੈਸਲਾ ਕਿਹਾ ਜਾ ਸਕਦਾ ਹੈ। ਦੇਸ ਦੇ ਆਜ਼ਾਦ ਹੋਣ ਤੋਂ ਬਾਅਦ ਸਾਰੀਆਂ ਸਰਕਾਰਾਂ ਦਾ ਮੁੱਖ ਮੁੱਦਾ ਵਿਕਾਸ ਅਤੇ ਭਰਿਸ਼ਟਾਚਾਰ ਨੂੰ ਜੜੋਂ ਪੁੱਟਣ ਦਾ ਬਣਿਆਂ ਆ ਰਿਹਾ ਹੈ। ਪ੍ਰੰਤੂ 75 ਸਾਲ ਤੋਂ ਭਰਿਸ਼ਟਾਚਾਰ ਖ਼ਤਮ ਹੋਣ ਦੀ ਥਾਂ ਬਾਦਸਤੂਰ ਲਗਾਤਾਰ ਪ੍ਰਫੁਲਤ ਹੋ ਰਿਹਾ ਹੈ। ਹਰ ਵਾਰ ਜਦੋਂ ਨਵੀਂ ਸਰਕਾਰ ਬਣਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਭਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਮਗਜ਼ੇ ਮਾਰਦੀ ਹੈ ਪ੍ਰੰਤੂ ਬਿਆਨਾ ਤੱਕ ਹੀ ਸੀਮਤ ਰਹਿ ਜਾਂਦੀ ਹੈ ਕਿਉਂਕਿ ਭਰਿਸ਼ਟਾਚਾਰ ਸਮਾਜਿਕ ਤਾਣੇ ਬਾਣੇ ਦੀ ਰਗ-ਰਗ ਵਿੱਚ ਲਾਇਲਾਜ਼ ਬਿਮਾਰੀ ਦੀ ਤਰ੍ਹਾਂ ਘਰ ਕਰ ਗਿਆ ਹੈ। ਕੈਂਸਰ ਦਾ ਤਾਂ ਇਲਾਜ਼ ਹੋਣ ਲੱਗ ਗਿਆ ਪ੍ਰੰਤੂ ਭਰਿਸ਼ਟਾਚਾਰ ਨੂੰ ਠੱਲ ਨਹੀਂ ਪੈ ਰਹੀ। ਭਗਵੰਤ ਸਿੰਘ ਮਾਨ ਦਾ ਇਹ ਕਦਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਰਵੀ ਸਿੱਧੂ ਨੂੰ ਭਰਿਸ਼ਟਾਚਾਰ ਦੇ ਮੁੱਦੇ ਤੇ ਗ੍ਰਿਫ਼ਤਾਰ ਕਰਨ ਦੀ ਤਰ੍ਹਾਂ ਹੀ ਕਿਤੇ ਰਾਜਨੀਤਕ ਤਿਗੜਮਬਾਜ਼ੀ ਨਾ ਬਣਕੇ ਰਹਿ ਜਾਵੇਂ ਕਿਉਂਕਿ ਕੈਪਟਨ ਦੀ ਸਰਕਾਰ ਨੇ ਇਕ ਸੱਪ ਮਾਰ ਕੇ ਪੰਜ ਸਾਲ ਉਸਦੇ ਨਾਮ 'ਤੇ ਹੀ ਨਾਮਣਾ ਖੱਟਦੇ ਰਹੇ। ਸਿਹਤ ਮੰਤਰੀ 'ਤੇ ਕਾਰਵਾਈ ਕਰਨਾ 'ਕਾਂ ਮਾਰਕੇ ਦਰਵਾਜੇ 'ਤੇ ਟੰਗਣ ਵਾਲੀ ਗੱਲ ਹੈ' ਭਾਵ ਬਾਕੀਆਂ ਲਈ ਸੰਕੇਤ ਹੈ। ਮਾਨ ਸਾਹਿਬ ਭਰਿਸ਼ਟਾਚਾਰ ਦਾ ਧੁਰਾ ਤਾਂ ਬੇਸ਼ਕ ਕੁਝ ਸਿਆਸਦਾਨ ਸਮਝੇ ਜਾਂਦੇ ਹਨ ਪ੍ਰੰਤੂ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲੀ ਭੁਗਤ ਤੋਂ ਬਿਨਾ ਸੰਭਵ ਨਹੀਂ। ਉਨ੍ਹਾਂ 'ਤੇ ਵੀ ਕੋਈ ਕਾਰਵਾਈ ਕਰੋ ਤਾਂ ਜੋ ਉਨ੍ਹਾ ਨੂੰ ਵੀ ਕੰਨ ਹੋ ਜਾਣ। ਦਫਤਰਾਂ ਵਿੱਚ ਫਾਈਲ ਉਨ੍ਹਾਂ ਦੀ ਮੁੱਠੀ ਗਰਮ ਹੋਣ ਤੋਂ ਬਿਨਾ ਸਰਕਦੀ ਹੀ ਨਹੀਂ। ਹੁਣ ਤੱਕ ਪੰਜਾਬ ਵਿੱਚ ਦੋ ਪਾਰਟੀਆਂ ਅਰਥਾਤ ਕਾਂਗਰਸ ਅਤੇ ਅਕਾਲੀ ਦਲ/ਬੀ ਜੇ ਪੀ ਦੀਆਂ ਸਰਕਾਰਾਂ ਹੀ ਬਦਲ-ਬਦਲ ਕੇ ਬਣਦੀਆਂ ਆ ਰਹੀਆਂ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟਰਾਂ ਨੇ ਤੀਜੇ ਬਦਲ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਸਥਾਪਤ ਪਾਰਟੀਆਂ ਨੇ ਆਪਣੀਆਂ ਲੂੰਬੜ ਚਾਲਾਂ ਨਾਲ ਉਨ੍ਹਾਂ ਦੀ ਸਰਕਾਰ ਬਣਨ ਨਹੀਂ ਦਿੱਤੀ ਸੀ। ਇਸ ਵਾਰ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਨੇ ਤੀਜੇ ਬਦਲ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਤਿਹਾਈ ਬਹੁਮਤ ਦੇ ਕੇ ਬਣਾ ਦਿੱਤੀ। ਹੁਣ ਪੰਜਾਬ ਦੇ ਲੋਕ ਇਸ ਸਰਕਾਰ ਦੇ ਚਮਤਕਾਰਾਂ ਦੀ ਉਡੀਕ ਵਿੱਚ ਹਨ ਪ੍ਰੰਤੂ ਵਿਧਾਨਕ ਪ੍ਰਣਾਲੀ/ਸਰਕਾਰੀਤੰਤਰ ਸਰਕਾਰ ਨੂੰ ਸਫਲ ਹੋਣ ਵਿੱਚ ਰੁਕਾਵਟਾਂ ਪਾ ਰਹੀ ਹੈ/ ਪੈਦਾ ਕਰੇਗੀ ਜਾਂ ਸਰਕਾਰ ਨੂੰ ਕੰਮ ਕਰਨ ਵਿੱਚ ਸਹਿਯੋਗ ਦੇਵੇਗੀ, ਸਾਰਾ ਕੁਝ ਇਸ ਤੇ ਹੀ ਨਿਰਭਰ ਕਰਦਾ ਹੈ। ਪੰਜਾਬ ਵਿੱਚ ਚੋਣਾ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਜ਼ਾਰੀ ਕਰਦੀਆਂ ਹਨ। ਉਹ ਇਨ੍ਹਾਂ ਚੋਣ ਮਨੋਰਥ ਪੱਤਰਾਂ ਵਿੱਚ ਵੋਟਰਾਂ ਨੂੰ ਵੱਡੇ-ਵੱਡੇ ਵਾਅਦੇ ਕਰਕੇ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਨ੍ਹਾਂ ਵਾਅਦਿਆਂ ਵਿੱਚ ਸਾਰੀਆਂ ਪਾਰਟੀਆਂ ਭਰਿਸ਼ਟਾਚਾਰ ਖ਼ਤਮ ਕਰਨ ਦਾ ਵਾਅਦਾ ਵੀ ਕਰਦੀਆਂ ਹਨ ਪ੍ਰੰਤੂ ਵਾਅਦਿਆਂ ਨੂੰ ਬਹੁਤਾ ਬੂਰ ਨਹੀਂ ਪੈਂਦਾ। ਭਾਵ ਵਾਅਦੇ ਵਫ਼ਾ ਨਹੀਂ ਹੁੰਦੇ। ਸਰਕਾਰ ਬਣਨ ਤੇ ਹਰ ਪਾਰਟੀ ਇਹੋ ਕਹਿੰਦੀ ਹੈ ਕਿ ਉਨ੍ਹਾਂ ਨੇ ਭਰਿਸ਼ਟਾਚਾਰ ਨੂੰ ਨੱਥ ਪਾ ਲਈ ਹੈ। ਅਰਵਿੰਦ ਕੇਜਰੀਵਾਲ ਨੇ ਗੁਜਰਾਤ ਜਾ ਕੇ ਕਿਹਾ ਸੀ 10 ਦਿਨਾ ਵਿੱਚ ਭਗਵੰਤ ਮਾਨ ਸਰਕਾਰ ਨੇ ਭਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਤੁਸੀਂ ਸਿਹਤ ਮੰਤਰੀ ਗ੍ਰਿਫ਼ਤਾਰ ਕਰਕੇ ਆਪ ਹੀ ਦਸ ਦਿੱਤਾ ਹੈ ਕਿ ਅਜੇ ਵੀ ਭਰਿਸ਼ਟਾਚਾਰ ਬਾਦਸਤੂਰ ਜ਼ਾਰੀ ਹੈ। ਪੰਚਾਇਤ ਦਾ ਕਹਿਣਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ਵਾਲੀ ਕਹਾਵਤ ਸਹੀ ਸਾਬਤ ਹੁੰਦੀ ਹੈ।
ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਉਪਰ ਬਹੁਤ ਵੱਡੀਆਂ ਆਸਾਂ ਹਨ। ਸਰਕਾਰ ਵੱਲੋਂ ਭਰਿਸ਼ਟਾਚਾਰ ਸੰਬੰਧੀ ਇਕ ਵਟਸਅਪ ਨੰਬਰ ਵੀ ਜ਼ਾਰੀ ਕੀਤਾ ਹੈ। ਉਸ ਨੰਬਰ 'ਤੇ ਹਰ ਰੋਜ਼ ਹਜ਼ਾਰਾਂ ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਸਾਰੀਆਂ ਸ਼ਿਕਾਇਤਾਂ ਦੇ ਹਲ ਲੱਭਣੇ ਅਸੰਭਵ ਜਾਪਦੇ ਹਨ। ਇਕਾ ਦੁਕਾ ਕੇਸ ਰਜਿਸਟਰ ਕਰਕੇ ਭਰਿਸ਼ਟਾਂ ਨੂੰ ਆਗਾਹ ਕਰਨ ਵਿੱਚ ਸਫਲ ਵੀ ਹੋਏ ਹਨ ਪ੍ਰੰਤੂ ਬਹੁਤਾ ਫਰਕ ਦਿਸਣ ਨੂੰ ਮਿਲ ਨਹੀਂ ਰਿਹਾ। ਵੈਸੇ ਸਰਕਾਰ ਦੀ ਕਾਰਗੁਜ਼ਾਰੀ 6 ਮਹੀਨੇ ਬਾਅਦ ਪਰਖਣੀ ਬਣਦੀ ਹੈ ਪ੍ਰੰਤੂ ਜਦੋਂ ਸਰਕਾਰ ਖਾਮਖਾਹ ਦਮਗਜ਼ੇ ਮਾਰਦੀ ਹੈ ਕਿ ਭਰਿਸ਼ਟਾਚਾਰ ਖ਼ਤਮ ਕਰ ਦਿੱਤਾ ਤਾਂ ਅਜਿਹੇ ਹਾਲਾਤ ਵਿੱਚ ਨਿੱਜੀ ਤਜਰਬੇ ਦੇ ਆਧਾਰ 'ਤੇ ਸਿਰਫ ਇਕ ਕੇਸ ਦੀ ਉਦਾਹਰਣ ਦੇਵਾਂਗਾ। ਮੈਂ 33 ਸਾਲ ਸਰਕਾਰੀ ਤਾਣੇ ਬਾਣੇ ਵਿੱਚ ਨੌਕਰੀ ਕੀਤੀ ਹੈ। ਹਰ ਕਦਮ 'ਤੇ ਹੋਣ ਵਾਲੇ ਭਰਿਸ਼ਟਾਚਾਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਉਹ ਬੇਬਸ ਹਨ। ਉਹ ਹਰ ਥਾਂ 'ਤੇ ਜਾ ਕੇ ਚੈਕ ਨਹੀਂ ਕਰ ਸਕਦੇ। ਇਹ ਜ਼ਿੰਮੇਵਾਰੀ ਵਿਭਾਗੀ ਮੁਖੀਆਂ ਦੀ ਬਣਦੀ ਹੈ। ਵਿਭਾਗੀ ਮੁਖੀ ਆਪਣੇ ਅਧੀਨ ਕੰਮ ਕਰ ਰਹੇ ਅਧਿਕਾਰੀਆਂ 'ਤੇ ਕਰਮਚਾਰੀਆਂ 'ਤੇ ਨਿਰਭਰ ਹਨ। ਫਿਰ ਹੇਠਲੇ ਅਮਲੇ ਦੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ। ਇਹ ਠੀਕ ਹੈ ਕਿ ਸਾਰੇ ਨਾ ਤਾਂ ਭਰਿਸ਼ਟ ਹੁੰਦੇ ਹਨ ਅਤੇ ਨਾ ਹੀ ਇਮਾਨਦਾਰ ਪ੍ਰੰਤੂ ਜਿਹੜੇ ਭਰਿਸ਼ਟਾਚਾਰ ਵਿੱਚ ਲੁਪਤ ਹੋ ਗਏ ਹਨ, ਉਹ ਦੂਜਿਆਂ ਨੂੰ ਬਦਨਾਮ ਵੀ ਕਰਦੇ ਹਨ ਅਤੇ ਉਨ੍ਹਾਂ ਨੂੰ ਸਫਲ ਵੀ ਨਹੀਂ ਹੋਣ ਦਿੰਦੇ। ਉਲਟਾ ਇਮਾਨਦਾਰਾਂ ਨੂੰ ਸਜਾਵਾਂ ਭੁਗਤਣੀਆਂ ਪੈਂਦੀਆਂ ਹਨ। ਇਸ ਦੇ ਖਾਤਮੇ ਲਈ ਸਾਰੇ ਸਮਾਜ ਨੂੰ ਇਕਮੁੱਠ ਹੋ ਕੇ ਇਮਾਨਦਾਰਾਂ ਦਾ ਸਾਥ ਦੇਣਾ ਹੋਵੇਗਾ। ਮੈਂ ਮੋਹਾਲੀ ਆਪਣਾ ਮਕਾਨ ਵੇਚਣਾ ਸੀ। ਨੋ ਆਬਜੈਕਸ਼ਨ ਲੈਣ ਲਈ ਬੇਨਤੀ ਦਿੱਤੀ। ਅਲਾਟਮੈਂਟ ਲੈਟਰ ਅਤੇ ਰਜਿਸਟਰੀ ਦੀ ਕਾਪੀ ਨਾਲ ਨੱਥੀ ਕੀਤੀ। ਜਦੋਂ ਪਤਾ ਕੀਤਾ ਕਹਿੰਦੇ ਤੁਹਾਡੀ ਤਾਂ ਫਾਈਲ ਹੀ ਗੁੰਮ ਹੈ। ਸੀ ਡੀ ਨਹੀਂ ਹੋ ਸਕਦੀ। ਇਸੇ ਸਮੇਂ ਮੇਰੇ ਵੱਡੇ ਭਰਾ ਸਵਰਗਵਾਸ ਹੋ ਗਏ। ਮੈਂ ਦਫ਼ਤਰ ਨਹੀਂ ਜਾ ਸਕਿਆ। ਇਕ ਸੀਨੀਅਰ ਸਾਬਕਾ ਪੀ ਸੀ ਐਸ ਅਧਿਕਾਰੀ ਜਿਹੜਾ ਇਮਾਨਦਾਰੀ ਦਾ ਪ੍ਰਤੀਕ ਰਿਹਾ ਹੈ, ਜਿਸ ਨੇ ਭਰਿਸ਼ਟਾਚਾਰ ਦੇ ਕੇਸਾਂ ਦੀ ਪੜਤਾਲ ਕਰਕੇ ਵੱਡੇ ਮਗਰ ਮੱਛ ਜੇਲ੍ਹ ਭੇਜੇ ਸਨ, ਉਹ ਤਿੰਨ ਵਾਰ ਮੇਰੇ ਨੋ ਅਬਜੈਕਸ਼ਨ ਦੇ ਕੇਸ ਬਾਰੇ ਸੰਬੰਧਤ ਅਧਿਕਾਰੀ ਅਤੇ ਬਾਬੂਆਂ ਕੋਲ ਗਿਆ। ਕੁਝ ਪੱਲੇ ਨਹੀਂ ਪਿਆ। ਫਸਿਆ ਕੀ ਨਹੀਂ ਕਰਦਾ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਰਲ ਸਕੱਤਰ, ਦੋ ਵਿਧਾਨਕਾਰਾਂ ਅਤੇ ਇਕ ਉਸ ਅਧਿਕਾਰੀ ਦੇ ਨਜ਼ਦੀਕੀ ਤੋਂ ਫੋਨ ਕਰਵਾਏ। ਪੱਲੇ ਨਿਰਾਸਤਾ ਹੀ ਪਈ। ਉਧਰੋਂ ਮੇਰੀ ਰਜਿਸਟਰੀ ਕਰਵਾਉਣ ਦੀ ਤਾਰੀਕ ਨੇੜੇ ਆ ਰਹੀ ਸੀ ਪ੍ਰੰਤੂ ਉਨ੍ਹਾਂ ਦੇ ਕੰਨਾ ਤੇ ਜੂੰ ਨਹੀਂ ਸਰਕੀ। ਜਦੋਂ ਦਲਾਲ ਨੇ ਦਲਾਲੀ ਕੀਤੀ ਤਾਂ ਸੀ ਡੀ ਹੋ ਗਈ। ਗੱਲ ਏਥੇ ਹੀ ਖ਼ਤਮ ਨਹੀਂ ਹੁੰਦੀ, ਫਿਰ ਆਈ ਬਿਲਡਿੰਗ ਸ਼ਾਖਾ ਤੋਂ ਕਲੀਅਰੈਂਸ ਲੈਣ ਦੀ। ਉਸੇ ਦਫ਼ਤਰ ਵਿੱਚ ਕੰਮ ਕਰਦਾ ਇਕ ਐਕਸੀਅਨ ਮੇਰੇ ਨਾਲ ਬਿਲਡਿੰਗ ਸ਼ਾਖ਼ਾ ਵਿੱਚ ਗਏ ਉਨ੍ਹਾਂ ਦੀ ਵੀ ਸੁਣੀ ਨਹੀਂ ਗਈ, ਪ੍ਰੰਤੂ ਉਥੇ ਵੀ ਉਹੀ ਢੰਗ ਕੰਮ ਆਇਆ। ਅਖ਼ੀਰ ਫਾਈਲ ਚਲੀ ਗਈ ਲੇਖਾ ਸ਼ਾਖ਼ਾ ਵਿੱਚ। ਲੇਖਾ ਸ਼ਾਖ਼ਾ ਵਾਲੇ ਕਹਿਣ ਲੱਗੇ ਕਿ ਪੁਡਾ ਦੇ ਰਿਕਾਰਡ ਵਿੱਚ ਤੁਸੀਂ ਤਾਂ 5 ਲੱਖ ਰੁਪਿਆ ਹੀ ਨਹੀਂ ਜਮ੍ਹਾਂ ਕਰਵਾਇਆ। ਮੈਂ 26 ਸਾਲ ਮਕਾਨ ਦਾ ਮਾਲਕ ਬਿਨਾ ਰਕਮ ਜਮ੍ਹਾ ਕਰਵਾਏ ਕਿਵੇਂ ਬਣ ਗਿਆ? ਪੁਡਾ ਰਜਿਸਟਰੀ ਉਦੋਂ ਕਰਵਾਉਂਦਾ ਹੈ ਜਦੋਂ ਸਾਰੀ ਰਕਮ ਜਮ੍ਹਾ ਹੋ ਜਾਂਦੀ ਹੈ। ਦਫ਼ਤਰ ਵਾਲੇ ਕਹਿ ਰਹੇ ਹਨ ਕਿ ਰਕਮ ਹੀ ਨਹੀਂ ਆਈ। ਜਦੋਂ ਮੈਂ ਸਾਰੀਆਂ ਰਸੀਦਾਂ ਵਿਖਾਈਆਂ ਤਾਂ ਵੀ ਆਨਾਕਾਨੀ ਕਰਨ। ਫਿਰ ਦਲਾਲ ਦੀ ਦਖ਼ਅੰਦਾਜ਼ੀ ਹੋਈ ਤਾਂ ਕਲੀਅਰੈਂਸ ਹੋਈ। ਜਦੋਂ ਸਾਰੇ ਪਾਸੇ ਤੋਂ ਕਲੀਅਰੈਂਸ ਹੋ ਗਈ ਤਾਂ ਅਖ਼ੀਰ ਬਾਬੂ ਨੇ ਲਿਖ ਦਿੱਤਾ ਕਾਨੂੰਨੀ ਰਾਏ ਲਈ ਜਾਵੇ। ਏਥੇ ਇਹ ਵੀ ਲਿਖਣਾ ਜ਼ਰੂਰੀ ਹੈ ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਕੋਈ ਬੂਟਾ ਹਰਿਓ ਰਹਿਓ ਤਾਂ ਸੁਪਰਇਨਟੈਂਡੈਂਟ ਨੇ ਲਿਖ ਦਿੱਤਾ ਕਾਨੂੰਨੀ ਰਾਏ ਦੀ ਕੋਈ ਲੋੜ ਨਹੀਂ ਨੋ ਅਬਜੈਕਸ਼ਨ ਜ਼ਾਰੀ ਕੀਤਾ ਜਾਵੇ। ਸਾਰੇ ਕੇਸ ਵਿੱਚ ਸੁਪਰਇਨਟੈਂਡੈਂਟ ਦਾ ਰੋਲ ਸ਼ਲਾਘਾਯੋਗ ਰਿਹਾ ਹੈ। ਫਿਰ ਮੈਂ ਇਕ ਸਾਬਕਾ ਆਈ ਏ ਐਸ ਅਫਸਰ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਪੁਡਾ ਦੇ ਚੀਫ ਦੇ ਦਫਤਰ ਵਿੱਚ ਫੋਨ ਕਰਕੇ ਸਾਰੀ ਕਹਾਣੀ ਦੱਸੀ। ਫਿਰ ਚੀਫ ਦੇ ਦਫਤਰ ਵਿੱਚ ਸੰਬੰਧਤ ਕਰਮਚਾਰੀਆਂ ਨੂੰ ਬੁਲਾਕੇ ਤਾੜਨਾ ਕਰਕੇ ਉਸੇ ਦਿਨ ਐਨ ਓ ਸੀ ਜ਼ਾਰੀ ਕਰਨ ਦੇ ਹੁਕਮ ਦਿੱਤੇ ਤਾਂ ਸ਼ਾਮ ਨੂੰ ਸਰਬਰ ਡਾਊਨ ਹੋਣ ਦਾ ਬਹਾਨਾ ਮਾਰਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਐਨੀ ਜਦੋਜਹਿਦ ਤੋਂ ਬਾਅਦ ਜਿਹੜਾ ਐਨ ਓ ਸੀ ਜ਼ਾਰੀ ਕੀਤਾ, ਉਸ ਵਿੱਚ ਦੋ ਗ਼ਲਤੀਆਂ ਜਾਣ ਬੁਝਕੇ ਛੱਡ ਦਿੱਤੀਆਂ ਗਈਆਂ। ਉਧਰੋਂ ਮੇਰਾ ਐਗਰੀਮੈਂਟ ਖ਼ਤਮ ਹੋਣ ਦਾ ਆਖਰੀ ਦਿਨ ਸੀ। ਫਿਰ ਦਲਾਲ ਦੀ ਮਿਹਰਬਾਨੀ ਨਾਲ ਗ਼ਲਤੀਆਂ ਦਰੁਸਤ ਹੋਈਆਂ। ਏਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਤਹਿਸੀਲ ਦਫ਼ਤਰ ਵਿੱਚ ਬਿਨਾਂ ਭਰਿਸ਼ਟਾਚਾਰ ਦੇ ਰਜਿਸਟਰੀ ਮਿੰਟਾਂ ਵਿੱਚ ਹੀ ਹੋ ਗਈ। ਹੁਣ ਤੁਸੀਂ ਖੁਦ ਹੀ ਸੋਚੋ ਭਗਵੰਤ ਸਿੰਘ ਮਾਨ ਸੰਸਥਾਗਤ ਭਰਿਸ਼ਟਾਚਾਰ ਨੂੰ ਕਿਵੇਂ ਖ਼ਤਮ ਕਰ ਸਕਣਗੇ? ਪਾਰਦਰਸ਼ਤਾ ਲਿਆਉਣ ਲਈ ਲੋਕ ਲਹਿਰ ਸਥਾਪਤ ਕਰਨ ਦੀ ਲੋੜ ਹੈ। ਅਧਿਕਾਰੀ ਦਫਤਰੀ ਪ੍ਰਣਾਲੀ ਤੋਂ ਖਹਿੜਾ ਛੁਡਾ ਕੇ ਇਮਾਨਦਾਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਹਿਤਾਂ ਤੇ ਪਹਿਰਾ ਦੇਣ ਤਾਂ ਹੀ ਸੰਭਵ ਹੋ ਸਕਦਾ ਹੈ। ਇਸਦੇ ਨਾਲ ਹੀ ਸਾਨੂੰ ਸਾਰੇ ਸਮਾਜਿਕ ਤਾਣੇ ਬਾਣੇ ਨੂੰ ਇਮਾਨਦਾਰ ਹੋਣਾ ਪਵੇਗਾ। ਕੋਈ ਐਸਾ ਕੰਮ ਨਹੀਂ ਜਿਸਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਇਕੱਲੀ ਸਰਕਾਰ ਲੋਕਾਂ ਦੇ ਸਹਿਯਗ ਤੋਂ ਬਿਨਾ ਕੁਝ ਨਹੀਂ ਕਰ ਸਕਦੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
ਰਵੀ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ 'ਕਿਤੇ ਉਹ ਨਾ ਹੋਵੇ' ਅਹਿਸਾਸਾਂ ਦਾ ਪੁਲੰਦਾ - ਉਜਾਗਰ ਸਿੰਘ
ਪੰਜਾਬੀ ਕਹਾਣੀ ਵਿੱਚ ਅਨੇਕਾਂ ਨਵੇਂ ਤਜ਼ਰਬੇ ਹੋ ਰਹੇ ਹਨ। ਖਾਸ ਤੌਰ 'ਤੇ ਨਵੇਂ ਕਹਾਣੀਕਾਰ ਪੰਜਾਬੀ ਕਹਾਣੀ ਦੀ ਵਿਰਾਸਤ ਵਿੱਚ ਵਡਮੁਲਾ ਯੋਗਦਾਨ ਪਾ ਰਹੇ ਹਨ। ਇਸ ਤੋਂ ਸਾਫ ਹੋ ਰਿਹਾ ਹੈ ਕਿ ਪੰਜਾਬੀ ਕਹਾਣੀ ਪ੍ਰੌੜ੍ਹ ਅਵਸਥਾ ਨੂੰ ਪਾਰ ਕਰਦੀ ਵਿਖਾਈ ਦੇ ਰਹੀ ਹੈ। ਪਰਵਾਸ ਵਿੱਚ ਪੰਜਾਬੀ ਸੰਸਾਰ ਵਸਣ ਕਰਕੇ ਪ੍ਰਵਾਸ ਅਤੇ ਆਧੁਨਿਕਤਾ ਦਾ ਅਸਰ ਪੰਜਾਬੀ ਦੀਆਂ ਕਹਾਣੀਆਂ ਨੂੰ ਨਵੀਂਆਂ ਦਿਸ਼ਾਵਾਂ ਦੇ ਰਿਹਾ ਹੈ। ਰਵੀ ਸ਼ੇਰਗਿੱਲ ਭਾਵੇਂ ਅਜੇ ਉਭਰਦਾ ਕਹਾਣੀਕਾਰ ਹੈ ਪ੍ਰੰਤੂ ਬਾਲ ਕਹਾਣੀਆਂ ਤੋਂ ਸ਼ੁਰੂਆਤ ਕਰਕੇ ਹੁਣ ਬਾਲਗ ਕਹਾਣੀਕਾਰਾਂ ਵਿੱਚ ਪਲੇਠੇ ਕਹਾਣੀ ਸੰਗ੍ਰਹਿ ' ਕਿਤੇ ਉਹ ਨਾ ਹੋਵੇ' ਰਾਹੀਂ ਪ੍ਰਵੇਸ਼ ਕਰ ਚੁੱਕਾ ਹੈ। ਉਸ ਦੀਆਂ ਕਹਾਣੀਆਂ ਦੀ ਸ਼ਬਦਾਵਲੀ ਠੇਠ ਮਲਵਈ, ਬਿਰਤਾਂਤਿਕ, ਮੁਹਾਵਰਿਆਂ ਵਾਲੀ, ਛੋਟੇ ਛੋਟੇ ਫਿਕਰੇ ਅਤੇ ਚੁਲਬੁਲੀ ਹੈ। ਉਸ ਦੀਆਂ 10 ਕਹਾਣੀਆਂ ਵਾਲੀ ਇਸ ਕਹਾਣੀ ਸੰਗ੍ਰਹਿ ਵਿੱਚ ਭਾਵੇਂ ਬਹੁਤੀਆਂ ਕਹਾਣੀਆਂ ਮਾਨਵਤਾ ਦੇ ਮਾਨਸਿਕ ਅਹਿਸਾਸਾਂ ਦਾ ਪ੍ਰਗਟਾਵਾ ਕਰ ਰਹੀਆਂ ਹਨ ਪ੍ਰੰਤੂ ਇਸ ਪੁਸਤਕ ਵਿੱਚ ਹਰ ਕਹਾਣੀ ਦੇ ਵੱਖਰੇ ਰੰਗ ਹਨ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ' ਓ ਮੇਰਿਆ ਮਾਲਕਾ' ਵਿੱਚ ਵੀ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਹਨ। ਦਿਹਾਤੀ ਸ਼ਬਦਾਵਲੀ ਰਾਹੀਂ ਪਿੰਡਾਂ ਦਾ ਭਰਾਤਰੀ ਭਾਵ, ਭਾਵਨਾਤਮਿਕ ਸਾਂਝ, ਦੇਸ਼ ਦੀ ਵੰਡ ਸਮੇਂ ਮਿਲਵਰਤਨ, ਲੜਕੇ ਅਤੇ ਲੜਕੀ ਦੀ ਬਰਾਬਰਤਾ, ਪੱਤਰਕਾਰਾਂ ਦਾ ਕਿਰਦਾਰ, ਪਰਵਾਸੀ ਲਾੜਿਆਂ ਦੇ ਪਾਏ ਮਖੌਟੇ ਅਤੇ ਪਰਵਾਸ ਦੇ ਬਹਾਨੇ ਲੜਕੀਆਂ ਨਾਲ ਹੋ ਰਹੇ ਧੋਖਿਆਂ ਦਾ ਵਿਵਰਣ ਵਧੀਆ ਢੰਗ ਨਾ ਦਿੱਤਾ ਗਿਆ ਹੈ। ਇਸ ਕਹਾਣੀ ਦਾ ਮੂਲ ਆਧਾਰ ਕਹਾਣੀਕਾਰ ਨੇ ਪਰਵਾਸ ਵਿੱਚ ਵਿਆਹਾਂ ਦੇ ਬਹਾਨੇ ਕੀਤੇ ਜਾ ਰਹੇ ਧੋਖਿਆਂ ਬਾਰੇ ਜ਼ੈਲਦਾਰ ਦੀ ਲੜਕੀ ਜੱਸੀ ਨਾਲ ਹੋਏ ਦੁਖਾਂਤ ਰਾਹੀਂ ਦਰਸਾਇਆ ਗਿਆ ਹੈ। 'ਇੱਕ ਘੁੱਗੀ ਹੋਰ' ਕਹਾਣੀ ਭਾਵਨਾਵਾਂ ਅਤੇ ਮਨੁੱਖੀ ਮਨਾਂ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀ ਹੈ। ਇਸਤਰੀਆਂ ਦੀ ਇਸਤਰੀਆਂ ਪ੍ਰਤੀ ਮਾਨਸਿਕਾ ਦਾ ਵੀ ਪਰਦਾ ਫਾਸ਼ ਕਰਦੀ ਹੈ। ਜਦੋਂ ਜੀਤ ਅਲਟਰਾਸਾਊਂਡ ਕਰਵਾਉਣ ਦਾ ਵਿਰੋਧ ਕਰਦਾ ਹੈ ਤਾਂ ਮਨਦੀਪ ਅਤੇ ਜੀਤ ਦੀ ਮਾਂ ਦੋਵੇਂ ਭਰੂਣ ਹੱਤਿਆ ਦੀ ਪ੍ਰੋੜ੍ਹਤਾ ਕਰਦੀਆਂ ਹਨ। ਸਰਦਾਰਾਂ ਦੀਆਂ ਫੋਕੀਆਂ ਸਰਦਾਰੀਆਂ ਦੀ ਹਓਮੈ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰਨ ਤੋਂ ਵੀ ਗੁਰੇਜ ਨਹੀਂ ਕਰਦੀ। ਜਦੋਂ ਕਿ ਕੁੜੀਆਂ ਸੰਸਾਰ ਵਿੱਚ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ, ਫਿਰ ਵੀ ਉਨ੍ਹਾਂ ਦੇ ਕਤਲ ਕੀਤੇ ਜਾਂਦੇ ਹਨ। ਇਕ ਪਾਸੇ ਧੀਆਂ ਨੂੰ ਪਰਿਵਾਰਾਂ ਦੀ ਇਜ਼ਤ ਕਿਹਾ ਜਾਂਦਾ ਹੈ, ਦੂਜੇ ਪਾਸੇ ਬੇਕਿਰਕੀ ਨਾਲ ਉਨ੍ਹਾਂ ਦੀ ਭਰੂਣ ਹੱਤਿਆ ਕੀਤੀ ਜਾ ਰਹੀ ਹੈ। ਹਾਲਾਂ ਕਿ ਲੜਕੇ ਮਾਪਿਆਂ ਨੂੰ ਦੁਰਕਾਰਦੇ ਹਨ ਅਤੇ ਲੜਕੀਆਂ ਸੰਭਾਲਦੀਆਂ ਹਨ। 'ਹੰਝੂ ਹਮੇਸ਼ਾ ਖਾਰੇ ਨਹੀਂ ਹੁੰਦੇ' ਕਹਾਣੀ ਵਿੱਚ ਇਕ ਪਾਸੇ ਤਾਂ ਅਮੀਰ ਸਰਦਾਰਾਂ ਦੇ ਖੋਖਲੇਪਨ ਦੀ ਜਾਣਕਾਰੀ ਦਿੱਤੀ ਹੈ ਪ੍ਰੰਤੂ ਇਸਦੇ ਨਾਲ ਹੀ ਅਜੀਤ ਸਿੰਘ ਨੂੰ ਇਕ ਆਦਰਸ਼ਕ ਪਾਤਰ ਵਿਖਾਇਆ ਗਿਆ ਹੈ। ਕਹਾਣੀ ਵਿੱਚ ਸਵੈ ਵਿਰੋਧਤਾ ਹੈ। ਇਸ ਕਹਾਣੀ ਵਿੱਚ ਇਨਸਾਨ ਦੀ ਮਾਨਸਿਕਤਾ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ ਗਿਆ ਹੈ ਕਿ ਉਹ ਕਿਸ ਪ੍ਰਕਾਰ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਮਾਰਦਾ ਹੋਇਆ ਅਣਹੋਣੀ ਵਾਪਰਨ ਦੀਆਂ ਕਿਆਸ ਅਰਾਈਆਂ ਲਈ ਜਾਂਦਾ ਹੈ, ਜਦੋਂ ਕਿ ਵਾਪਰਦਾ ਕੁਝ ਵੀ ਨਹੀਂ। ਇਸ ਕਹਾਣੀ ਵਿੱਚ ਮੁਹਾਵਰਿਆਂ ਦੀ ਭਰਮਾਰ ਹੈ, ਜਿਵੇਂ 'ਦੁੱਧ ਦਾ ਸੜਿਆ ਫੂਕਾਂ ਮਾਰ ਮਾਰ ਕੇ ਪੀਂਦਾ ਹੈ' ਅਤੇ 'ਅੱਜ ਕਲ੍ਹ ਦੁੱਧ ਧੋਤਾ ਕੌਣ ਹੈ' ਆਦਿ। ਭੈੜੇ ਰਸਮਾ ਰਿਵਾਜਾਂ ਨੂੰ ਤੋੜਨ ਦੀ ਹੂਕ ਵੀ ਵਿਖਾਈ ਦਿੰਦੀ ਹੈ। 'ਕਿਤੇ ਉਹ ਨਾ ਹੋਵੇ' ਕਹਾਣੀ ਵਿੱਚ ਕਹਾਣੀਕਾਰ ਨੇ ਫਰਜੀ ਵਿਆਹ ਕਰਕੇ ਪਰਵਾਸ ਵਿੱਚ ਕੁੜੀਆਂ ਨੂੰ ਧੋਖਾ ਦੇਣ ਦੇ ਤੌਰ ਤਰੀਕਿਆਂ ਬਾਰੇ ਲਿਖਿਆ ਹੈ। ਇਸ ਕਹਾਣੀ ਵਿੱਚ ਅਜਿਹੀਆਂ ਕਰਤੂਤਾਂ ਕਰਨ ਵਾਲੇ ਲਾੜਿਆਂ ਦੀ ਜ਼ਿੰਦਗੀ ਹਮੇਸ਼ਾ ਡਰ ਦੇ ਸਾਏ ਵਿੱਚ ਗੁਜਰਦੀ ਵਿਖਾਈ ਗਈ ਹੈ। ਇਸ ਕਹਾਣੀ ਤੋਂ ਪ੍ਰੇਰਨਾ ਮਿਲਦੀ ਹੈ ਕਿ ਪਰਵਾਸ ਵਿੱਚ ਸੈਟਲ ਹੋਣ ਲਈ ਵਰਤੇ ਜਾਣ ਵਾਲੇ ਗ਼ੈਰ ਕਾਨੂੰਨੀ ਹੱਥ ਕੰਡੇ ਇਨਸਾਨ ਨੂੰ ਹਮੇਸ਼ਾ ਸੂਲੀ 'ਤੇ ਟੰਗੀ ਰੱਖਦੇ ਹਨ। 'ਬੁਝ ਰਹੇ ਦੀਵੇ ਦੀ ਲੋਅ' ਕਹਾਣੀ ਏਡਜ ਵਰਗੀ ਘਾਤਕ ਬਿਮਾਰੀ ਦੀ ਤ੍ਰਾਸਦੀ ਬਾਰੇ ਹੈ, ਜਿਸ ਕਰਕੇ ਦੋ ਅਲੜ੍ਹ ਪਿਆਰ ਦੀਆਂ ਪੀਂਘਾਂ ਝੂਟਦੇ ਬੇਬਸ ਹੋ ਜਾਂਦੇ ਹਨ। ਇਹ ਕਹਾਣੀ ਹਸਪਤਾਲਾਂ ਦੀ ਲਾਪ੍ਰਵਾਹੀ ਦੀ ਗਵਾਹੀ ਵੀ ਭਰਦੀ ਹੈ। 'ਹੁਣ ਦਿਲ ਬਹੁਤ ਖ਼ੁਸ਼ ਸੀ' ਪਰਵਾਸ ਵਿੱਚ ਗਏ ਨੌਜਵਾਨਾਂ ਦੇ ਦਰਦ ਦੀ ਕਹਾਣੀ ਹੈ, ਜਿਨ੍ਹਾਂ ਦੇ ਮਾਪੇ ਪਿਛੇ ਪੰਜਾਬ ਵਿੱਚ ਸੰਤਾਪ ਭੋਗ ਰਹੇ ਹਨ। ਪ੍ਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਮੂੰਹ ਬੋਲਦੀ ਤਸਵੀਰ ਹੈ, ਜਿਸ ਕਰਕੇ ਬੱਚੇ ਆਪਣੇ ਮਾਪਿਆਂ ਦੀ ਦੁਰਦਸ਼ਾ ਦੇ ਜ਼ਿੰਮੇਵਾਰ ਬਣਦੇ ਵਿਖਾਏ ਗਏ ਹਨ। ਰਿਸ਼ਤਿਆਂ ਦਾ ਨਿੱਘ ਖ਼ਤਮ ਹੋ ਜਾਂਦਾ ਹੈ। ਖਾਸ ਕਰਕੇ ਇਕਲੌਤੇ ਬੱਚੇ ਨੂੰ ਪ੍ਰਵਾਸ ਵਿੱਚ ਬਿਲਕੁਲ ਨਾ ਜਾਣ ਦੀ ਤਾਕੀਦ ਕਰਦੀ ਹੈ। ਪ੍ਰਵਾਸ ਵਿੱਚ ਪਰਿਵਾਰਿਕ ਸੰਬੰਧ ਵੀ ਮਿੰਟਾਂ ਸਕਿੰਟਾਂ ਵਿੱਚ ਹੀ ਟੁੱਟ ਜਾਂਦੇ ਵਿਖਾਏ ਗਏ ਹਨ। ਫਿਰ ਉਹ ਲੋਕ ਪਾਲਤੂ ਜਾਨਵਰਾਂ ਦੇ ਸਹਾਰੇ ਜ਼ਿੰਦਗੀ ਗੁਜ਼ਾਰਦੇ ਹਨ। ਡਾ ਸਿੰਘ ਦਾ ਪਿਤਾ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਪ੍ਰੰਤੂ ਉਸ ਦੇ ਦਿਮਾਗ ਵਿੱਚ ਹਸਪਾਤਾਲ ਬੰਦ ਕਰਨ ਨਾਲ ਹੋਣ ਵਾਲੇ ਨੁਕਸਾਨ ਦਾ ਫਿਕਰ ਘੁੰਮ ਰਿਹਾ ਹੈ। ਜਦੋਂ ਡੇਵਿਡ ਦਾ ਆਪਣੇ ਕੁੱਤੇ ਕੋਬੀ ਲਈ ਵਿਖਾਏ ਪਿਆਰ ਨੂੰ ਵੇਖਦਾ ਹੈ ਤਾਂ ਉਸ ਦੀਆਂ ਅੱਖਾਂ ਖੁਲ੍ਹਦੀਆਂ ਹਨ ਕਿ ਗੋਰੇ ਤਾਂ ਪਾਲਤੂ ਜਾਨਵਰਾਂ ਦੇ ਪਿਆਰ ਦੇ ਮੁੱਦਈ ਹਨ ਪ੍ਰੰਤੂ ਉਹ ਹਸਪਤਾਲ ਦੇ ਬੰਦ ਹੋਣ ਦੇ ਡਰ ਕਰਕੇ ਜ਼ਿੰਦਗੀ ਦੀ ਆਖਰੀ ਲੜਾਈ ਲੜ ਰਹੇ ਪਿਤਾ ਕੋਲ ਜਾਣ ਤੋਂ ਵੀ ਪਾਸਾ ਵੱਟ ਰਿਹਾ ਹੈ। ਮਾਪਿਆਂ ਦੀ ਦੇਣ ਕਦੀ ਵੀ ਭੁਲਾੲਂੀ ਨਹੀਂ ਜਾ ਸਕਦੀ। 'ਭਾਰ ਮੁਕਤ' ਕਹਾਣੀ ਦਿਹਾਤੀ ਇਲਾਕਿਆਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ ਨਾਲ ਅਮੀਰ ਪਰਿਵਾਰਾਂ ਦੇ ਸ਼ਹਿਜਾਦਿਆਂ ਵਲੋਂ ਕੀਤੇ ਜਾਂਦੇ ਬਲਾਤਕਾਰਾਂ ਦੀ ਦਾਸਤਾਂ ਹੈ, ਜਿਹੜੀ ਇਨਸਾਨੀਅਤ ਦੀ ਦੁਰਦਸ਼ਾ ਦਾ ਪ੍ਰਗਟਾਵਾ ਕਰਦੀ ਹੈ। ਇਨ੍ਹਾਂ ਪਰਿਵਾਰਾਂ ਦੀਆਂ ਇਸਤਰੀਆਂ ਦੀ ਕਿਸਾਨਾ ਦੇ ਖੇਤਾਂ ਵਿੱਚੋਂ ਘਾਹ ਅਤੇ ਚਾਰਾ ਲਿਆਉਣ ਦੀ ਮਜ਼ਬੂਰੀ ਦਾ ਭੂਤਰੇ ਨੌਜਵਾਨ ਫਾਇਦਾ ਉਠਾਉਂਦੇ ਹਨ। ਇਸ ਕਹਾਣੀ ਦਾ ਦੂਜਾ ਪੱਖ ਇਹ ਵੀ ਹੈ ਕਿ ਇਨ੍ਹਾਂ ਭਾਈਚਾਰਿਆਂ ਦੀਆਂ ਇਸਤਰੀਆਂ ਕਿਤੇ ਵੀ ਸੇਫ ਨਹੀਂ ਹਨ। ਬੇਗਾਨਿਆਂ ਦੀ ਤਾਂ ਗੱਲ ਹੀ ਛੱਡੋ ਪ੍ਰੰਤੂ ਆਪਣੇ ਵੀ ਹਾਲਾਤ ਦਾ ਨਜ਼ਾਇਜ ਲਾਭ ਉਠਾ ਜਾਂਦੇ ਹਨ, ਜਿਵੇਂ ਮੱਖਣ ਦਾ ਦੋਸਤ ਬਿਲੂ, ਉਸਦੀ ਪਤਨੀ ਬਿੰਦਰੋ ਨਾਲ ਵਿਵਹਾਰ ਕਰਦਾ ਹੈ। 'ਸੰਗਲਾਂ ਵਿੱਚ ਬੰਨ੍ਹਿਆਂ ਸੱਚ' ਕਹਾਣੀ ਤਕੜੇ ਦਾ ਸੱਤੀਂ ਵੀਹੀਂ ਸੌ ਦੀ ਕਹਾਵਤ 'ਤੇ ਪੂਰੀ ਢੁਕਦੀ ਹੈ। ਇਹ ਕਹਾਣੀ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਕੁਰੀਤੀਆਂ ਦਾ ਪਰਦਾ ਫਾਸ਼ ਕਰਦੀ ਹੋਈ ਕਈ ਪੱਖਾਂ ਦੀ ਪੋਲ ਖੋਲ੍ਹਦੀ ਹੈ। ਪਿੰਡਾਂ ਦੇ ਮੋਹਤਬਰ ਲੋਕ ਆਮ ਲੋਕਾਂ ਨਾਲ ਜ਼ੋਰ ਜਬਰਦਸਤੀ ਕਰਕੇ ਉਲਟੇ ਫੌਜਦਾਰੀ ਕੇਸਾਂ ਵਿੱਚ ਬੇਕਸੂਰਾਂ ਨੂੰ ਪੁਲਿਸ ਦੀ ਮਦਦ ਨਾਲ ਕਸੂਰਵਾਰ ਬਣਾ ਦਿੰਦੇ ਹਨ। ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਦਿੰਦੇ ਹਨ। ਕਾਕੂ ਉਨ੍ਹਾਂ ਦੀਆਂ ਵਧੀਕੀਆਂ ਦਾ ਸਬੂਤ ਹੈ। ਪੁਲਿਸ ਅਤੇ ਡਾਕਟਰਾਂ ਦੇ ਭਰਿਸ਼ਟਾਚਾਰੀ ਨਕਾਬ ਇਸ ਕਹਾਣੀ ਵਿੱਚ ਲਾਹੇ ਗਏ ਹਨ। ਸਰਪੰਚ ਦੇ ਲੜਕੇ ਗੁਡੋ ਨਾਲ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੰਦੇ ਹਨ ਅਤੇ ਆਪਣੀ ਭੈਣ ਨੂੰ ਛੁਡਾਉਣ ਆਏ ਕਾਕੂ ਨੂੰ ਉਸ ਦੀ ਭੈਣ ਦਾ ਕਾਤਲ ਬਣਾ ਦਿੰਦੇ ਹਨ। 'ਪਹਾੜਾਂ ਤੋਂ ਖ਼ੁਰ ਰਹੀ ਬਰਫ' ਸਿੰਬਾਲਿਕ ਕਹਾਣੀ ਹੈ, ਜਿਸ ਵਿੱਚ ਕਹਾਣੀਕਾਰ ਨੇ ਦੱਸਿਆ ਹੈ ਕਿ ਜਿਹੜਾ ਅਮਰੀਕਾ ਹਥਿਆਰ ਵੇਚਕੇ ਸੰਸਾਰ ਨੂੰ ਬੇਵਕੂਫ ਬਣਾ ਰਿਹਾ ਹੈ, ਉਹੀ ਹਥਿਆਰ ਅਮਰੀਕਾ ਵਿੱਚ ਅਫਰਾ ਤਫਰੀ ਦੇ ਹਾਲਾਤ ਪੈਦਾ ਕਰ ਰਹੇ ਹਨ। ਦੇਸ਼ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਸਿਰ ਫਿਰੇ ਲੋਕ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰ ਰਹੇ ਹਨ। ਭਰਿਟਾਚਾਰ ਕਰਕੇ ਐਨ ਆਰ ਏ ਦੀ ਤਕੜੀ ਲਾਬੀ ਗੰਨ ਕਲਚਰ 'ਤੇ ਪਾਬੰਦੀਆਂ ਲਾਉਣ ਲਈ ਕਾਨੂੰਨ ਬਣਾਉਣ ਨਹੀਂ ਦਿੰਦੀ। ਗੰਨ ਵਾਇਲੈਂਸ ਦਾ ਇਹ ਮਾਰੂ ਵਰਤਾਰਾ ਦਿਨ ਬਦਿਨ ਵਧ ਰਿਹਾ ਹੈ। 'ਰੇਤ ਦੇ ਟਿੱਲੇ' ਵੀ ਸਿੰਬਾਲਿਕ ਕਹਾਣੀ ਹੈ, ਜਿਸ ਵਿੱਚ ਇਕ ਕਲਾਕਰ ਦੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਬਾਰੇ ਦੱਸਿਆ ਗਿਆ ਹੈ। ਬਿਲਕੁਲ ਭਾਰਤ ਦੇ ਕਲਾਕਾਰਾਂ ਦੀ ਤਰ੍ਹਾਂ ਪ੍ਰਵਾਸ ਵਿੱਚ ਵੀ ਕਲਾ ਕ੍ਰਿਤਾਂ ਬਣਾਉਣ ਵਾਲੇ ਲੋਕ ਭਾਵਨਾਵਾਂ ਵਿੱਚ ਵਹਿਣ ਵਾਲੇ ਹੁੰਦੇ ਹਨ। ਸੰਸਾਰ ਵਿੱਚ ਬਹੁਤੇ ਲੋਕ ਮਤਲਵ ਨਾਲ ਹੀ ਵਿਵਹਾਰ ਕਰਦੇ ਹਨ। ਜੌਹਨ ਨਾਲ ਵੀ ਉਸਦੇ ਦੋਸਤਾਂ ਨੇ ਉਸੇ ਤਰ੍ਹਾਂ ਕੀਤਾ। ਲੋਕ ਕਲਾਕਾਰਾਂ ਦੇ ਕਦਰਦਾਨ ਨਹੀਂ ਹਨ। ਪੰਜਾਬੀਆਂ ਬਾਰੇ ਵੀ ਇਸ਼ਾਰੇ ਮਾਤਰ ਦੱਸਿਆ ਗਿਆ ਹੈ ਕਿ ਉਹ ਗ਼ੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਵਿੱਚ ਜਾਂਦੇ ਹਨ ਅਤੇ ਪੰਜਾਬੀ ਹੀ ਉਨ੍ਹਾਂ ਦਾ ਉਥੇ ਸ਼ੋਸ਼ਣ ਕਰਦੇ ਹਨ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਰਵੀ ਸ਼ੇਰਗਿੱਲ ਭਵਿਖ ਵਿੱਚ ਹੋਰ ਵਧੀਆ ਕਹਾਣੀਆਂ ਲਿਖਣ ਦੇ ਸਮਰੱਥ ਬਣਦਾ ਜਾ ਰਿਹਾ ਹੈ। 120 ਪੰਨਿਆਂ, 195 ਰੁਪਏ ਕੀਮਤ ਵਾਲਾ ਇਹ ਕਹਾਣੀ ਸੰਗ੍ਰਹਿ ਸੰਗਮ ਪਬਲੀਕੇਸ਼ਨਜ਼ ਸਮਾਣਾ ਜਿਲ੍ਹਾ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਰਿੰਦਰ ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ ਚੋਭ - ਉਜਾਗਰ ਸਿੰਘ
ਪੰਜਾਬ ਦੀ ਤ੍ਰਾਸਦੀ ਦੇ ਸਮੇਂ ਸਿੱਖ ਕੌਮ ਨਾਲ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਸੰਜੀਦਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਿਅੰਗਮਈ ਢੰਗ ਨਾਲ ਤਿੱਖੇ ਤੁਣਕੇ ਲਾ ਕੇ ਸੁਰਿੰਦਰ ਸਿੰਘ ਜੱਬਲ ਨੇ ਸਿੱਖ ਕੌਮ ਨੂੰ ਸਿਆਣਪ ਤੋਂ ਕੰਮ ਲੈਣ ਲਈ ਪ੍ਰੇਰਨਾ ਦੇਣ ਦੇ ਇਰਾਦੇ ਨਾਲ ‘ਚਾਚਾ ਵੈਨਕੂਵਰੀਆ’ ਕਾਲਮ ਸ਼ੁਰੂ ਕੀਤਾ ਸੀ। ਇਸ ਕਾਲਮ ਵਿੱਚ ਪ੍ਰਕਾਸ਼ਤ ਹੋਏ ਲੇਖਾਂ ਦੀ ‘ਚਾਚਾ ਵੈਨਕੂਵਰੀਆ’ ਪੁਸਤਕ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਵਿੱਚ ਜਿਹੜੀਆਂ ਗੰਭੀਰ ਹਰਿਦੇਵੇਦਿਕ ਘਟਨਾਵਾਂ ਸਿੱਖ ਜਗਤ ਨਾਲ ਵਾਪਰੀਆਂ, ਉਨ੍ਹਾਂ ਨੂੰ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨਾਲ ਸਿੱਖ ਜਗਤ ਦੇ ਦਿਲ ਵਲੂੰਧਰੇ ਗਏ ਸਨ। ਅਜਿਹੇ ਨਾਜ਼ੁਕ ਸਮੇਂ ਵਿੱਚ ਵੀ ਸਿੱਖ ਜਗਤ ਨੇ ਸਿਆਣਪ ਤੋਂ ਕੰਮ ਲੈਣ ਦੀ ਥਾਂ ਪੰਥ ਦੋਖੀਆਂ ਦੀਆਂ ਚਾਲਾਂ ਵਿੱਚ ਆ ਕੇ ਵੱਖਰੀਆਂ ਸੁਰਾਂ ਅਲਾਪਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਦੇ ਜ਼ਖ਼ਮਾ ਤੇ ਮਰਹਮ ਲਾਉਣ ਦੀ ਥਾਂ ਲੂਣ ਛਿੜਕਿਆ। ਭਾਵ ਪੰਥ ਵਿੱਚ ਫੁੱਟ ਪੈ ਗਈ, ਕਈ ਸੰਸਥਾਵਾਂ ਅਤੇ ਧੜੇ ਬਣਕੇ ਆਪਸ ਵਿੱਚ ਲੜਦੇ ਝਗੜਦੇ ਹੋਏ ਨਿੱਜੀ ਖੁੰਦਕਾਂ ਕੱਢਦੇ ਰਹੇ। ਸੁਰਿੰਦਰ ਸਿੰਘ ਜੱਬਲ ਦਾ ‘ਚਾਚਾ ਵੈਨਕੂਵਰੀਆ’ ਕਾਲਮ ਅਖਬਾਰ ਦੀਆਂ ਸੁਰਖੀਆਂ ਬਣਕੇ ਉਨ੍ਹਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰਦਾ ਰਿਹਾ ਤਾਂ ਜੋ ਸਿੱਖ ਜਗਤ ਧੋਖੇ ਤੋਂ ਬਚ ਸਕੇ। ਇਸ ਪੁਸਤਕ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਵੱਖ-ਵੱਖ ਸਮੇਂ ਲਿਖੇ 21 ਲੇਖ ਸ਼ਾਮਲ ਕੀਤੇ ਹਨ। ਇਹ ਸਾਰੇ ਲੇਖ ਬੜੇ ਦਿਲਚਸਪੀ ਵਾਲੇ ਹਨ, ਇਕ ਵਾਰ ਪੁਸਤਕ ਪੜ੍ਹਨ ਲਈ ਸ਼ੁਰੂ ਕਰਕੇ ਸਾਰੀ ਖ਼ਤਮ ਕਰਨ ਤੇ ਹੀ ਤਸੱਲੀ ਹੁੰਦੀ ਹੈ। ਹਰ ਲੇਖ ਵਿੱਚ ਅੱਗੋਂ ਕੀ ਹੋਵੇਗਾ ਬਾਰੇ ਜਾਨਣ ਦੀ ਦਿਲਚਸਪੀ ਬਣੀ ਰਹਿੰਦੀ ਹੈ। ਪੁਸਤਕ ਪੜ੍ਹਨ ਤੋਂ ਬਾਅਦ ਇਕ ਗੱਲ ਸ਼ਪਸ਼ਟ ਹੋ ਜਾਂਦੀ ਹੈ ਕਿ ਸੁਰਿੰਦਰ ਸਿੰਘ ਜੱਬਲ ਇਕ ਚੇਤੰਨ, ਚਿੰਤਨਸ਼ੀਲ ਅਤੇ ਸੰਜੀਦਾ ਵਿਅਕਤੀ ਹੈ, ਜਿਨ੍ਹਾਂ ਦੀ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਜਾਣਕਾਰੀ ਵਿਸ਼ਾਲ ਹੈ। ਇਹ ਵੀ ਪ੍ਰਤੀਤ ਹੁੰਦਾ ਹੈ ਕਿ ਉਹ ਜਾਗਰੂਕ ਪਾਠਕ ਵੀ ਹਨ, ਜਿਹੜੇ ਇਨ੍ਹਾਂ ਘਟਨਾਵਾਂ ਬਾਰੇ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਨੂੰ ਵੀ ਘੋਖਵੀਂ ਖੋਜੀ ਰੁਚੀ ਨਾਲ ਪੜ੍ਹਦੇ ਰਹੇ ਹਨ, ਜਿਸਦੀ ਗਵਾਹੀ ਉਨ੍ਹਾਂ ਦੇ ਸਾਰੇ ਲੇਖ ਦੇ ਰਹੇ ਹਨ। ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਸਿੱਖ ਨੌਜਵਾਨ ਜਲਦੀ ਹੀ ਭਾਵਨਾਵਾਂ ਵਿੱਚ ਬੈਠਕੇ ਫ਼ੈਸਲੇ ਕਰ ਲੈਂਦੇ ਹਨ ਪ੍ਰੰਤੂ ਉਹ ਸਿਆਸੀ ਲੋਕਾਂ ਦੀਆਂ ਚਾਲਾਂ ਨੂੰ ਸਮਝਣ ਤੋਂ ਅਸਮਰੱਥ ਰਹਿੰਦੇ ਹਨ, ਜਿਸਦੇ ਨਤੀਜੇ ਸਿੱਖ ਜਗਤ ਲਈ ਘਾਤਕ ਨਿਕਲਦੇ ਰਹੇ ਹਨ। ਪੁਸਤਕ ਦਾ ਪਹਿਲਾ ਲੇਖ ‘ਚਾਚੇ ਵੈਨਕੂਵਰੀਏ ਦਾ ਲੌਂਗ ਵੀਕਐਂਡ’ ਸਿੱਖਾਂ ਦੀ ਦੁਖਦੀ ਰਗ ‘ਤੇ ਹੱਥ ਰਖਦਾ ਹੈ। ਕਿਵੇਂ ਖਾਨਾਜੰਗੀ ਦਾ ਰਾਹ ਖੁਲ੍ਹ ਰਿਹਾ ਹੈ। ਏਸੇ ਤਰ੍ਹਾਂ ‘ਚਾਚੇ ਵੈਨਕੂਵਰੀਏ ਦੇ ਲੋਕ ਸੇਵਾ ਲਈ ਕਮਰਕੱਸੇ’ ਲੇਖ ਵਿੱਚ ਸਿੱਖ ਸਮੁਦਾਇ ਵੱਲੋਂ ਸਿੱਖਾਂ ਦੀ ਭਲਾਈ ਲਈ ਸਾਂਝੇ ਕੰਮਾ ਵਿੱਚ ਦਿਲਚਸਪੀ ਨਾ ਲੈਣ ਬਾਰੇ ਹੈ, ਜਿਸ ਵਿੱਚ ਚਾਚੇ ਨੇ ਲੋਕਾਂ ਨੂੰ ਜਾਗ੍ਰਤ ਕਰਨ ਵਿੱਚ ਯੋਗਦਾਨ ਪਾ ਕੇ ਲੋਕਾਂ ਨੂੰ ਪ੍ਰੇਰਿਆ ਹੈ। ‘ਚਾਚਾ ਵੈਨਕੂਵਰੀਆ ਅਤੇ ਠੱਕਰ ਰਿਪੋਰਟ’ ਵਾਲੇ ਲੇਖ ਤੋਂ ਪਤਾ ਲਗਦਾ ਹੈ ਕਿ ਸੁਰਿੰਦਰ ਸਿੰਘ ਜੱਬਲ ਭਾਂਪ ਗਏ ਸਨ ਕਿ ਇੰਦਰਾ ਗਾਂਧੀ ਦਾ ਕਤਲ ਇਕ ਅੰਦਰੋਂ ਹੋਈ ਸ਼ਾਜ਼ਸ਼ ਅਧੀਨ ਹੋਇਆ ਪ੍ਰੰਤੂ ਸਿੱਖਾਂ ਦੇ ਨਾਮ ਮੜ੍ਹ ਦਿੱਤਾ ਗਿਆ। ‘ਚਾਚਾ ਵੈਨਕੂਵਰੀਆ ਤੇ ਵਿਸਾਖੀ ਦਾ ਜਲੂਸ’ ਲੇਖ ਵਿੱਚ ਲੇਖਕ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਵਾਸ ਵਿੱਚ ਸਿੱਖ ਆਪਣੀ ਵਿਰਾਸਤ ਨਾਲ ਗੜੂੰਦ ਹਨ ਪ੍ਰੰਤੂ ਏਥੇ ਵੀ ਨੌਜਵਾਨੀ ਅਤੇ ਕੁਝ ਸਿੱਖ ਜਥੇਬੰਦੀਆਂ ਪੰਜਾਬ ਦੀ ਤਰ੍ਹਾਂ ਵਖਵਾਦੀ ਵਿਚਾਰਾਂ ਦੀ ਪ੍ਰਦਰਸ਼ਨੀ ਕਰਕੇ ਸਰਕਾਰੀ ਏਜੰਸੀਆਂ ਦਾ ਹੱਥਠੋਕਾ ਬਣਦੀਆਂ ਹਨ। ‘ਚਾਚੇ ਵੈਨਕੂਵਰੀਏ ਦਾ ਕੌਮੀ ਸੰਦੇਸ਼-1’ ਵਿੱਚ ਜੱਬਲ ਸਾਹਿਬ ਨੇ ਭਾਰਤੀ ਸਟੇਟ ਦਾ ਧਰਮ ਨਿਪੱਖ ਹੋਣ ਦੇ ਮਖੌਟੇ ਦਾ ਪਰਦਾ ਫਾਸ਼ ਕੀਤਾ ਹੈ। ਉਨ੍ਹਾਂ ਅੱਗੋਂ ਧਰਮ ਦੇ ਨਾਮ ‘ਤੇ ਬਣਾਏ ਗਏ ਦਲਾਂ ਦੀ ਦਲਦਲ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਧਰਮ ਅਤੇ ਸਿਆਸਤ ਦੇ ਆਪਸ ਵਿੱਚ ਸੰਬੰਧਾਂ ਬਾਰੇ ਆਪਣੇ ਦਿ੍ਰਸ਼ਟੀਕੋਣ ਰਾਹੀਂ ਵਖਵਾਦ ਦਾ ਮਖੌਟਾ ਪਾ ਕੇ ਬਦਨਾਮ ਕਰਨ ‘ਤੇ ਵੀ ਚਿੰਤਨ ਕਰਨ ਦੀ ਲੋੜ ਤਾਕੀਦ ਕੀਤੀ ਹੈ। ‘ਚਾਚੇ ਵੈਨਕੂਵਰੀਏ ਦਾ ਕੌਮੀ ਸੰਦੇਸ਼-2’ ਵਿੱਚ ਪੰਥਕ ਨੇਤਾਵਾਂ ਦੀਆਂ ਸ਼ੱਕੀ ਸਰਗਰਮੀਆਂ, ਵੱਖਵਾਦ ਸਰਕਾਰੀ ਸ਼ਾਜ਼ਸ਼, ਜੋਸ਼ ਤੇ ਹੋਸ਼ ਦੋਵੇਂ ਜ਼ਰੂਰੀ ਅਤੇ ਬੁੱਧੀਜੀਵੀਆਂ ਦੇ ਯੋਗਦਾਨ ਬਾਰੇ ਲਿਖਿਆ ਹੈ। ਕਾਮਾ ਗਾਟਾ ਮਾਰੂ ਕਮੇਟੀਆਂ ਵਾਲੇ ਲੇਖ ਵਿੱਚ ਵੀ ਇਸਦੀ 75ਵੀਂ ਵਰ੍ਹੇ ਗੰਢ ਦੀ ਆੜ ਵਿੱਚ ਵੱਖੋ ਵੱਖਰੀਆਂ ਸੰਸਥਾਵਾਂ ਆਪਣੇ ਨਿੱਜੀ ਹਿੱਤਾਂ ਲਈ ਲੜਦੀਆਂ ਰਹੀਆਂ ਹਨ। ਨਸਲਵਾਦ ਉਸੇ ਤਰ੍ਹਾਂ ਬਰਕਰਾਰ ਹੈ। ਬਰਸਾਤੀ ਡੱਡੂਆਂ ਵਾਂਗ ਬਣੀਆਂ ਸੰਸਥਾਵਾਂ ਫੇਲ੍ਹ ਰਹੀਆਂ ਹਨ। ਘਲੂਘਾਰਾ ਸਪਤਾਹ ਮਨਾਉਣ ਵਾਲੇ ਲੇਖ ਵਿੱਚ ਸਿੱਖਾਂ ਦੇ ਹਮੇਸ਼ਾ ਦੋਫਾੜ ਰਹਿਣ, ਕਾਂਗਰਸ ਦੇ ਵਿਸ਼ਵਾਸ਼ਘਾਤ, ਅਕਾਲ ਤਖ਼ਤ ਤੋਂ ਜਾਰੀ ਕੀਤੇ ਹੁਕਮਨਾਮਿਆਂ ਤੇ ਕਿੰਤੂ ਪ੍ਰੰਤੂ ਅਤੇ ਖਾਲਿਸਤਾਨ ਦੀ ਮੰਗ ਲਗਾਤਾਰ ਸਿੱਖਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਦਾ ਸਿੱਟਾ ਹੈ। ਸਾਫਟ ਟਾਰਗੈਟ-1 ਵਿੱਚ ਸੁਰਿੰਦਰ ਸਿੰਘ ਜੱਬਲ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਪਤਚਰ ਏਜੰਸੀਆਂ ਖਾਲਿਸਤਾਨ ਦਾ ਪ੍ਰਚਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਸਰਕਾਰ ਦੀ ਦੋਗਲੀ ਨੀਤੀ ਕਰਕੇ ਡਬਲ ਰੋਲ ਕਰਦੀ ਰਹੀ ਹੈ। ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨ ਦੇ ਪ੍ਰਤੀਨਿਧਾਂ ਅਤੇ ਗੁਪਤਚਰ ਏਜੰਸੀਆਂ ਰਾਹੀਂ ਢੌਂਗ ਤਾਂ ਖਾਲਿਸਤਾਨ ਨੂੰ ਦਬਾਉਣ ਦਾ ਵਿਖਾ ਰਹੀਆਂ ਸਨ, ਅਸਲ ਵਿੱਚ ਉਹ ਖਾਲਿਸਤਾਨ ਨੂੰ ਉਤਸ਼ਾਹਤ ਕਰ ਰਹੀਆਂ ਸਨ। ਸਿੱਖਾਂ ਨੂੰ ਅਤਵਾਦੀ ਸਾਬਤ ਕਰਨ ਦੇ ਉਪਰਾਲੇ ਹੋ ਰਹੇ ਸਨ। ਸਾਫਟ ਟਾਗੈਟ ਭਾਗ-2 ਵਿੱਚ ਵੀ ਭਾਰਤੀ ਡਿਪਲੋਮੈਟ ਦੇ ਸਟਾਫ ਵੱਲੋਂ ਸਿੱਖਾਂ ਨੂੰ ਅਤੇ ਕੈਨੇਡੀਅਨ ਸਰਕਾਰ ਨੂੰ ਬਦਨਾਮ ਕਰਨ ਦਾ ਪਰਦਾ ਫਾਸ਼ ਕੀਤਾ ਹੈ। ਏਅਰ ਇੰਡੀਆ ਦੀ ਫਲਾਈਟ 182 ਨੂੰ ਬੰਬ ਨਾਲ ਉਡਾਉਣ ਦੀ ਸ਼ਾਜ਼ਸ਼ ਦਾ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉਪਰਾਲਿਆਂ ਅਤੇ ਸਿੱਖਾਂ ਨੂੰ ਬੇਕਸੂਰ ਸਾਬਤ ਕਰਨ ਦੀ ਜਾਣਕਾਰੀ ਸਬੂਤਾਂ ਤਹਿਤ ਦਿੱਤੀ ਗਈ ਹੈ। ਘੋਖ਼ਵੀਂ ਨਜ਼ਰ ਵਾਲੇ ਲੇਖ ਵਿੱਚ ਵੀ ਸੁਰਿੰਦਰ ਸਿੰਘ ਜੱਬਲ ਦੀ ਤਿੱਖੀ ਨਜ਼ਰ ਨੇ ਕਾਮਾਗਾਟਾ ਮਾਰੂ ਕਮੇਟੀਆਂ ਦੀ ਦੋਗਲੀ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਨੇਤਾਵਾਂ ਦੀਆਂ ਖੁਦਗਰਜੀ ਵਾਲੀਆਂ ਕੋਝੀਆਂ ਚਾਲਾਂ ਦਾ ਪ੍ਰਗਟਾਵਾ ਕੀਤਾ ਹੈ। ਭਾਰਤੀ ਪੱਤਰਕਾਰ ਵਾਲੇ ਲੇਖ ਵਿੱਚ ਉਨ੍ਹਾਂ ਭਾਰਤ ਸਰਕਾਰ ਦੀਆਂ ਏਜੰਸੀਆਂ ਵੱਲੋਂ ਪੱਤਰਕਾਰਾਂ ਤੋਂ ਮਨਭਾਉਂਦੇ ਲੇਖ ਲਿਖਵਾਉਣ ਅਤੇ ਖਾਲਿਸਤਾਨ ਪੱਖੀ ਨੇਤਾਵਾਂ ਦੇ ਖੋਖਲੇਪਨ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਊਂਟੀਜ਼ ਦਸਤਾਰਬੰਦੀ ਬਾਰੇ ਲੇਖਕ ਨੇ ਸਿੱਖ ਨੇਤਾਵਾਂ ਅਤੇ ਸੰਸਥਾਵਾਂ ਦੇ ਦਸਤਾਰਬੰਦੀ ਬਾਰੇ ਖੋਖਲੇਪਨ ਦੇ ਬਿਆਨਾ ਅਤੇ ਕੈਨੇਡਾ ਸਰਕਾਰ ਦੀ ਮਾਊਂਟੇਜ਼ ਦਸਤਾਰਬੰਦੀ ਦੀ ਜਰੂਰਤ ਬਾਰੇ ਦਸਦਿਆਂ ਕਿਹਾ ਹੈ ਕਿ ਅਸਲ ਵਿੱਚ ਵਿਸ਼ਵ ਸਿੱਖ ਸੰਸਥਾ ਦਾ ਯੋਗਦਾਨ ਵਰਨਣਯੋਗ ਹੈ, ਜਿਸਨੇ ਸਹੀ ਅਰਥਾਂ ਵਿੱਚ ਕੋਸ਼ਿਸ਼ ਕੀਤੀ ਸੀ। ਸ਼ਰਧਾਂਜਲੀ ਵਾਲੇ ਲੇਖ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਸਿੱਖ ਸੰਸਥਾਵਾਂ ਵਿੱਚ ਭਰਾ ਮਾਰੂ ਜੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਵਿੱਚੋਂ ਬਹੁਤੀਆਂ ਸਰਕਾਰੀ ਏਜੰਸੀਆਂ ਦਾ ਹੱਥਠੋਕਾ ਬਣੀਆਂ ਹੋਈਆਂ ਸਨ। ਖਾਲਿਸਤਾਨ ਮੁਹਿੰਮ ਅਗਾਂਹ ਤੋਰੀ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ, ਬਾਰੇ ਲਿਖਦਿਆਂ ਉਨ੍ਹਾਂ ਕਿਹਾ ਹੈ ਕਿ ਲੋਕ ਸ਼ਕਤੀ, ਪੈਸਾ, ਵਿਉਂਤਬੰਦੀ ਅਤੇ ਇਕਮੁਠਤਾ ਵਾਲੀ ਜੁਝਾਰੂਆਂ ਦੀ ਦਿ੍ਰੜ੍ਹਤਾ ਜ਼ਰੂਰੀ ਹਨ, ਜਿਹੜੀਆਂ ਸਿੱਖ ਜਗਤ ਕੋਲ ਸੰਭਵ ਨਹੀਂ ਹਨ। ਕਿਸਾ ਅਤੇ ਫੋਟੋ ਵਾਲੇ ਲੇਖ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਹੈ ਕਿ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਆਪਣੇ ਸਮਰਥੱਕਾਂ ਨੂੰ ਭਰੋਸੇ ਵਿੱਚ ਲੈ ਲੈਣਾ ਚਾਹੀਦਾ ਹੈ। ਸਿਆਸਤ ਦੀਆਂ ਵੀ ਮਰਿਆਦਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਪਰਜਾਤੰਤਰ ਵਿੱਚ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਖਾਮਖਾਹ ਆਪਣੇ ਨੇਤਾਵਾਂ ਤੇ ਸ਼ੱਕ ਕਰਨੀ ਜਾਇਜ਼ ਨਹੀਂ ਹੁੰਦੀ। ਬੁੱਧੀਮਾਨਾ ਨੂੰ ਵੰਗਾਰ ਵਿੱਚ ਲੇਖਕ ਸਿੱਖ ਨੇਤਾਵਾਂ ਦੇ ਆਪਸ ਵਿੱਚ ਵਿਰੋਧੀ ਬਿਆਨਾ ਦੀ ਨਜ਼ਰ ਵਿੱਚ ਵਿਦਵਾਨਾ ਨੂੰ ਸਲਾਹ ਦਿੰਦੇ ਹਨ ਕਿ ਉਹ ਸਿੱਖ ਪੰਥ ਦੀ ਅਗਵਾਈ ਕਰਦਿਆਂ ਹੋਸ਼ ਅਤੇ ਜੋਸ਼ ਦੋਹਾਂ ਤੋਂ ਕੰਮ ਲੈਣ ਲਈ ਪੇ੍ਰਰਨਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਵਤਨੀ ਮਹਿਮਾਨ ਵਿੱਚ ਵੀ ਸਿੱਖ ਕੌਮ ਦੇ ਨੇਤਾਵਾਂ ਦੇ ਵਿਚਾਰਾਂ ਵਿੱਚ ਮਤਭੇਦ ਅਤੇ ਪਰਵਾਸ ਵਿੱਚ ਰਹਿੰਦੇ ਸਿੱਖਾਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਪੰਜਾਬ ਦੇ ਨੇਤਾਵਾਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ। ਖਾਲਿਸਤਾਨ ਦੀ ਪ੍ਰਾਪਤੀ ਰਾਜਨੀਤਕ ਤਰੀਕਿਆਂ ਨਾਲ ਹੀ ਹੋ ਸਕਦੀ ਹੈ। ਇਕਨਾਮਿਕ ਬਾਈਕਾਟ ਚੁਣਿਐ ਸਿਰਲੇਖ ਵਿੱਚ ਜੱਬਲ ਸਾਹਿਬ ਨੇ ਜਸਟਿਸ ਅਜੀਤ ਸਿੰਘ ਬੈਂਸ ਦੇ ਗੁਰਦੁਆਰਾ ਸਾਹਿਬ ਰੌਸ ਸਟਰੀਟ ਵਿੱਚ ਦਿੱਤੇ ਭਾਸ਼ਣ ਵਿੱਚ ਸਿੱਖਾਂ ਨਾਲ ਹੋਈਆਂ ਜ਼ਿਆਦਤੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਆਪਣੇ ਵੱਲੋਂ ਸਰਕਾਰ ਦੇ ਨਾਸੀਂ ਧੂੰਆਂ ਲਿਆਉਣ ਲਈ ਆਰਥਿਕ ਬਾਈਕਾਟ ਦੀ ਸਲਾਹ ਦੇ ਰਹੇ ਹਨ। ਇਸ ਪੁਸਤਕ ਦੇ ਆਖ਼ਰੀ ਲੇਖ ਦਾਓ ਪੇਚ ਦੇਖੇ ਵਿੱਚ ਲੇਖਕ ਨੇ ਰਾਜੀਵ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਵੀ ਪੀ ਸਿੰਘ ਵਿਰੁੱਧ ਪ੍ਰਚਾਰ ਕਰਨ ਲਈ ਸਰਕਾਰੀ ਤੰਤਰ ਦੀ ਵਰਤੋਂ ਕੀਤੀ, ਬਿਲਕੁਲ ਏਸੇ ਤਰ੍ਹਾਂ ਸਿੱਖਾਂ ਵਿਰੁੱਧ ਪ੍ਰਚਾਰ ਕਰਨ ਲਈ ਭਾਰਤ ਸਰਕਾਰ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਦੀ ਰਹੀ ਹੈ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸੁਰਿੰਦਰ ਸਿੰਘ ਜੱਬਲ ਨੇ ਚਾਚਾ ਵੈਨਕੂਵਰੀਆ ਅਤੇ ਚਾਚੀ ਦੇ ਪਾਤਰਾਂ ਰਾਹੀਂ ਪਰੀਚਰਚਾ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੀ ਲਹਿਰ ਨੂੰ ਬਦਨਾਮ ਕਰਨ ਲਈ ਨਰਮ ਅਤੇ ਗਰਮ ਦਲੀਏ ਨੇਤਾਵਾਂ ਰਾਹੀਂ ਕੇਂਦਰ ਸਰਕਾਰ ਆਪਣਾ ਉਲੂ ਸਿੱਧਾ ਕਰਦੀ ਰਹੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਨਰਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ - ਉਜਾਗਰ ਸਿੰਘ
ਸਾਹਿਤ ਅਤੇ ਸੰਗੀਤ ਮਨੁਖੀ ਮਨਾਂ ਨੂੰ ਸਕੂਨ ਦਿੰਦਾ ਹੈ। ਇਸ ਲਈ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿੱਚ ਵੱਡੀ ਮਾਤਰਾ ਵਿੱਚ ਸਾਤਿ ਲਿਖਿਆ ਜਾ ਰਿਹਾ ਹੈ। ਕਵਿਤਾ ਸਭ ਤੋਂ ਵਧੇਰੇ ਮਾਤਰਾ ਵਿੱਚ ਲਿਖੀ ਜਾ ਰਹੀ ਹੈ। ਕਵਿਤਾ ਛੰਦ ਰੱਧ ਅਤੇ ਖੁਲ੍ਹੀ ਦੋ ਤਰ੍ਹਾਂ ਦੀ ਲਿਖੀ ਜਾ ਰਹੀ ਹੈ। ਇਸ ਵਿੱਚ ਵੀ ਖੁਲ੍ਹੀ ਕਵਿਤਾ ‘ਤੇ ਜ਼ਿਆਦਾ ਹੱਥ ਅਜਮਾਇਆ ਜਾ ਰਿਹਾ ਹੈ। ਕੁਝ ਲੋਕ ਤਾਂ ਖੁਲ੍ਹੀ ਕਵਿਤਾ ਨੂੰ ਕਵਿਤਾ ਮੰਨਣ ਲਈ ਤਿਆਰ ਹੀ ਨਹੀਂ। ਪ੍ਰੰਤੂ ਖੁਲ੍ਹੀ ਕਵਿਤਾ ਦੀ ਆਪਣੀ ਮਹੱਤਤਤਾ ਹੈ। ਖੁਲ੍ਹੀ ਕਵਿਤਾ ਲਿਖਣ ਵਾਲੀ ਕਵਿਤਰੀ ਨਰਿੰਦਰਪਾਲ ਕੌਰ ਬਹੁ ਪਰਤੀ ਅਤੇ ਬਹੁ ਦਿਸ਼ਾਵੀ ਕਵਿਤਰੀ ਹੈ। ਉਹ ਕਿਸੇ ਇਕ ਵਾਦ ਨਾਲ ਜੁੜੀ ਹੋਈ ਨਹੀਂ। ਉਸਦਾ ਕਸ਼ੀਦ ਕਾਵਿ ਸੰਗ੍ਰਹਿ ਰਹੱਸਵਾਦੀ, ਵਿਸਮਾਦੀ, ਰੁਮਾਂਸਵਾਦੀ, ਅਧਿਆਤਮਵਾਦੀ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਦਾ ਗੋਹੜਾ ਹੈ। ਜਿਥੇ ਉਸਦੀਆਂ ਕਵਿਤਾਵਾਂ ਰੂਹ ਨੂੰ ਸਕੂਨ ਦਿੰਦੀਆਂ ਹਨ, ਉਥੇ ਨਾਲ ਹੀ ਰੁਮਾਂਸਵਾਦ ਦੇ ਸੰਕੇਤਕ ਝਉਲੇ ਪੈਂਦੇ ਹਨ। ਭਾਵ ਬਹੁ ਦਿਸ਼ਾਵੀ ਕਵਿਤਰੀ ਹੈ। ਉਸ ਦੀਆਂ ਕਵਿਤਾਵਾਂ ਸੰਕੇਤਾਂ ਰਾਹੀ ਬਹੁਤ ਕੁਝ ਸਮਝਾ ਜਾਂਦੀਆਂ ਹਨ। ਇਸ ਦੇ ਨਾਲ ਹੀ ਉਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਵੀ ਕਰਦੀਆਂ ਹਨ। ਇਹ ਸਾਰਾ ਕੁਝ ਤਾਂ ਹੀ ਸੰਭਵ ਹੁੰਦਾ ਹੈ ਕਿਉਂਕਿ ਇਸਤਰੀ ਮਰਦ ਅਤੇ ਔਰਤ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਸਮਝਣ ਵਿੱਚ ਵਧੇਰੇ ਸਮਰੱਥ ਹੁੰਦੀ ਹੈ। ਜੇਕਰ ਇਸਤਰੀਆਂ ਨੂੰ ਅੰਤਰਜਾਮੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਉਹ ਮਰਦ ਦੇ ਅੰਦਰ ਝਾਕਣ ਦੀ ਸਮਰੱਥਾ ਰੱਖਦੀਆਂ ਹਨ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਦੀ ਸ਼ਬਦਾਵਲੀ ਆਮ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਸਰਲ ਅਤੇ ਸ਼ਪਸ਼ਟ ਹੈ। ਉਹ ਆਪਣੀ ਭਾਵਨਾ ਨੂੰ ਵਿੰਗ ਵਲ ਪਾਉਣ ਦੀ ਥਾਂ ਸਾਦ ਮੁਰਾਦੇ ਢੰਗ ਨਾਲ ਕਹਿ ਦਿੰਦੀ ਹੈ। ਕਵਿਤਰੀ ਦੀਆਂ ਕਵਿਤਾਵਾਂ ਭਾਵਨਾਵਾਂ ਅਤੇ ਅਹਿਸਾਸਾਂ ਦਾ ਪੁਲੰਦਾ ਹਨ। ਉਹ ਆਪਣੇ ਵਿਚਾਰਾਂ ਨੂੰ ਗਲਬਾਤੀ ਢੰਗ ਨਾਲ ਛੋਟੇ ਬਹਿਰ ਦੀ ਖੁਲ੍ਹੀ ਕਵਿਤਾ ਵਿੱਚ ਕਹਿ ਦਿੰਦੀ ਹੈ। ਉਸਦੀਆਂ ਕਵਿਤਾਵਾਂ ਵਿੱਚ ਵਿਚਾਰਧਾਰਾ ਭਾਰੂ ਨਹੀਂ ਹੁੰਦੀ। ਕੋਈ ਵੀ ਕਵਿਤਾ ਭਾਵੇਂ ਰੁਮਾਂਟਿਕ ਜਾਂ ਸਮਾਜਿਕ ਸਰੋਕਾਰਾਂ ਵਿੱਚ ਲਪੇਟੀ ਹੋਵੇ ਪ੍ਰੰਤੂ ਵਿਚਾਰਧਾਰਾ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ। ਜੇਕਰ ਕਵਿਤਾ ਮਾਨਵਤਾ ਨੂੰ ਕੋਈ ਸੇਧ ਨਹੀਂ ਦਿੰਦੀ ਤਾਂ ਉਸਦਾ ਕੋਈ ਅਰਥ ਨਹੀਂ ਹੁੰਦਾ। ਕਿਉਂਕਿ ਸਾਹਿਤ ਲੋਕਾਈ ਲਈ ਲਿਖਿਆ ਜਾਂਦਾ ਹੈ। ਉਸਦੀਆਂ ਕਵਿਤਾਵਾਂ ਦਿ੍ਰਸ਼ਟਾਂਤਿਕ ਵੀ ਹਨ। ਅਧਿਆਤਮਵਾਦ ਅਤੇ ਰੁਮਾਂਸਵਾਦ ਦਾ ਸੁਮੇਲ ਵੀ ਕਹੀਆਂ ਜਾ ਸਕਦੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿੱਚ ਸੰਕੇਤਾਂ ਰਾਹੀਂ ਦਰਸਾਉਂਦੀ ਹੈ ਕਿ ਮਰਦ ਅਤੇ ਔਰਤ ਇਕ ਦੂਜੇ ਦੇ ਪੂਰਕ ਹਨ। ਸੰਕੇਤ ਪ੍ਰਧਾਨ ਕਵਿਤਾ ਵੀ ਕਹੀ ਜਾ ਸਕਦੀ ਹੈ। ਪ੍ਰਸਿੰਨੀ, ਰਾਂਝਾ, ਹਮਲਾ, ਪੱਗ ਪਿੰਨ, ਦੀਪੋ, ਦੇਵਨੀਤ 1, 2, 3, ਸੂਰਜਮੁਖੀ, ਬੁੱਧ ਤੇ ਨਿਰਵਾਣ ਵਿੱਚ ਸੰਕੇਤਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹ ਭਾਵਨਾਵਾਂ ਵੀ ਲੋਕਾਈ ਦੀਆਂ ਹੀ ਹਨ ਕਿਉਂਕਿ ਕਵੀ ਲੋਕਾਈ ਦੇ ਮਨ ਨੂੰ ਮਹਿਸੂਸ ਕਰਕੇ ਹੀ ਕਵਿਤਾਵਾਂ ਲਿਖਦੇ ਹਨ। ਪ੍ਰਸਿੰਨੀ ਦੇਸ਼ ਦੀ ਵੰਡ ਸਮੇਂ ਮਨੁਖਤਾ ਦੇ ਵਹੇ ਖ਼ੂਨ ਦੇ ਦਰਦ ਦੀ ਦਾਸਤਾਂ ਹੈ। ਜੰਡ ਕਵਿਤਾ ਵਫ਼ਾ ਅਤੇ ਬੇਵਫ਼ਾਈ ਦੀਆਂ ਭਾਵਨਾਵਾਂ ਦੀ ਚੀਸ ਹੈ। ਮਾਂ ਅਤੇ ਬਾਪੂ ਕਵਿਤਾਵਾਂ ਬੇਰੋਜ਼ਗਾਰੀ, ਕਿਸਾਨੀ ਸੰਕਟ ਦੇ ਹੁੰਦਿਆਂ ਕਰਜ਼ਿਆਂ ਵਿੱਚ ਗ੍ਰਸੇ ਕਿਸਾਨਾ ਦੀ ਦੁਰਦਸ਼ਾ ਦੀਆਂ ਪ੍ਰਤੀਕ ਹਨ। ਖ਼ੁਦਕਸ਼ੀਆਂ ਵੀ ਵਰਤਮਾਨ ਸਮਾਜਿਕ ਅਸਾਵੇਂਪਣ ਕਰਕੇ ਹੁੰਦੀਆਂ ਹਨ। ਪੱਜ ਅਤੇ ਰਾਣੋ ਦੋਵੇਂ ਕਵਿਤਾਵਾਂ ਬਨਾਵਟੀ ਜ਼ਿੰਦਗੀ ਦਾ ਪ੍ਰਗਟਾਵਾ ਕਰਦੀਆਂ ਹਨ। ਫੇਸ ਬੁੱਕ ਦੀਆਂ ਪੋਸਟਾਂ ਬਿਲਕੁਲ ਉਸ ਤਰ੍ਹਾਂ ਹੁੰਦੀਆਂ ਹਨ, ਜਿਵੇਂ ਔਰਤ ਨੂੰ ਸ਼ਿੰਗਾਰ ਖ਼ੂਬਸੂਰਤ ਬਣਾਕੇ ਪੇਸ਼ ਕਰਦਾ ਹੈ। ਅਸਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਸਿਫ਼ਾ ਇਸਤਰੀ ਜ਼ਾਤੀ ਨਾਲ ਵੱਡੇ ਪੱਧਰ ‘ਤੇ ਹੋ ਰਹੇ ਬਲਾਤਕਾਰਾਂ ਦੀ ਤ੍ਰਾਸਦੀ ਵਾਲੀ ਕਵਿਤਾ ਹੈ। ਹੈਵਾਨੀਅਤ ਦੀ ਇਸਤੋਂ ਵੱਡੀ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ, ਜਿਸ ਵਿੱਚ ਮਜ਼ਹਬ ਅਤੇ ਧਾਰਮਿਕ ਸਥਾਨਾ ਦੀ ਦੁਰਵਰਤੋਂ ਇਨਾਸਨੀਅਤ ਦੀ ਸੌੜੀ ਸੋਚ ਨੂੰ ਪ੍ਰਗਟਾਉਂਦੀ ਹੈ। ਨੁਸਰਤ ਅਤੇ ਮਾਰਫ਼ਤ ਕਵਿਤਾਵਾਂ ਵਿੱਚ ਸੰਗੀਤ ਨੂੰ ਇਨਸਾਨ ਦੇ ਦੁੱਖਾਂ ਦੀ ਮਰਹਮ ਲਾਉਣ ਵਾਲਾ ਕਿਹਾ ਗਿਆ ਹੈ। ਖਿਤਾਬ, ਚੈਰੀ ਤੋੜਦੀਆਂ ਕੁੜੀਆਂ ਇਸਤਰੀ ਦੀ ਕੋਮਲਤਾ ਦੇ ਸੁਪਨਮਈ ਜੀਵਨ ਦੇ ਅਹਿਸਾਸ ਨੂੰ ਕੜਵੜਾਹਟ ਵਿੱਚ ਬਦਲਦੀਆਂ ਵਿਖਾਈ ਦਿੰਦੀਆਂ ਹਨ। ਮਨ ਧਰਤੀ ਕਵਿਤਾ ਇਨਸਾਨ ਦੀ ਮਾਨਸਿਕਤਾ ਦੀ ਬਦਲਦੀ ਸਥਿਤੀ ਦਾ ਵਰਣਨ ਕਰਦੀ ਹੈ। ਕੁੜੀਆਂ, ਘਾਹ ਦੀ ਤਿੜ ਅਤੇ ਪੌਪੀ ਦੇ ਫੁੱਲ ਕਵਿਤਾਵਾਂ ਰਾਹੀਂ ਕਵਿਤਰੀ ਦਸਦੀ ਹੈ ਕਿ ਇਸਤਰੀ ਦੀ ਮੁਹੱਬਤ ਖ਼ੁਸ਼ਹਾਲੀ ਲਿਆਉਂਦੀ, ਸੰਬੰਧ ਬਣਾਉਂਦੀ ਅਤੇ ਮਿਹਨਤ ਦੀਆਂ ਬਰਕਤਾਂ ਪਾਉਂਦੀ ਹੈ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਆਮ ਖੁਲ੍ਹੀਆਂ ਕਵਿਤਾਵਾਂ ਨਹੀਂ, ਜਿਨ੍ਹਾਂ ਨੂੰ ਕੁਝ ਆਲੋਚਕ ਕਵਿਤਾ ਹੀ ਨਹੀਂ ਮੰਨਦੇ। ਛੋਟੇ ਬਹਿਰ ਦੀਆਂ ਕਵਿਤਰੀ ਦੀਆਂ ਸਾਰੀਆਂ ਹੀ ਕਵਿਤਾਵਾਂ ਵੱਡੀ ਗੱਲ ਕਰਦੀਆਂ ਹਨ ਕਿਉਂਕਿ ਸਾਹਿਤ ਮਨ ਪ੍ਰਚਾਵੇ ਦਾ ਸਾਧਨ ਨਹੀਂ ਹੁੰਦਾ ਸਗੋਂ ਸਮਾਜ ਦਾ ਰਾਹ ਦਸੇਰਾ ਬਣਨਾ ਹੁੰਦਾ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਦੀ ਵਿਧਾ ਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੈ। ਲੁਕਣਮੀਟੀ ਕਵਿਤਾ ਮੁਹੱਬਤ ਵਿੱਚ ਵਫ਼ਾਦਾਰੀ ਨਿਭਾਉਣ ਦੀ ਤਾਕੀਦ ਕਰਦੀ ਹੈ। ਕਿਸੇ ਹੋਰ ਬਾਰੇ ਸੁਪਨੇ ਸਿਰਜਣੇ ਘਾਤਕ ਹੋ ਸਕਦੇ ਹਨ। ਕਵਿਤਰੀ ਦੀਆਂ ਕਵਿਤਾਵਾਂ ਵਿੱਚ ਰੰਗਾਂ ਦੇ ਵਖਰੇਵੇਂ ਉਨ੍ਹਾਂ ਦੀ ਸਚਾਈ ਵਰਨਣ ਕਰਦੀਆਂ ਹਨ। ਇਨਸਾਨ ਨੂੰ ਆਪਣੇ ਆਪ ‘ਤੇ ਵਿਸ਼ਵਾਸ਼ ਹੋਣਾ ਚਾਹੀਦਾ ਹੈ। ਲੋਕਾਂ ਤੇ ਵਿਅੰਗ ਕਰਦੀ ਸੈਮੀਨਾਰਾਂ, ਧਾਰਮਿਕ, ਸਮਾਜਿਕ, ਸਾਹਿਤਕ ਸਮਾਗਮਾਂ ਨੂੰ ਖ਼ਬਰਾਂ ਲਗਵਾਉਣ ਲਈ ਕੀਤੇ ਜਾਂਦੇ ਉਪਰਾਲੇ ਕਹਿੰਦੀ ਹੈ, ਉਨ੍ਹਾਂ ਦੇ ਅਸਲ ਮੰਤਵ ਦੀ ਪ੍ਰਪਤੀ ਇਕ ਵਿਖਾਵਾ ਹੁੰਦਾ ਹੈ। ਉਹ ਮੁਹੱਬਤ ਦੇ ਤਿੱਖੇ ਦਰਦ ਦੇ ਰੰਗਾਂ ਨੂੰ ਪ੍ਰਗਟਾਉਣ ਲਈ ਵੀ ਵਿਲੱਖਣ ਸ਼ਬਦਾਵਲੀ ਵਰਤਦੀ ਹੈ। ਕਵਿਤਰੀ ਦੀ ਸ਼ਬਦਾਵਲੀ ਡੱਡੂਆਂ ਦੀ ਟ੍ਰੈਂ-ਟ੍ਰੈਂ, ਸਜਣ-ਫਬਣ, ਕੱਖ, ਬੱਬਲ-ਬੱਤੇ, ਵਿਕੇਂਦਾ, ਲਹੂ-ਲੁਹਾਣ, ਗਲੀਆਂ-ਚੌਕਾਂ, ਗੋਡੇ-ਗੋਡੇ, ਤਿਣਕਾ-ਤਿਣਕਾ, ਘੁੰਗਰੂ, ਖੰਡ! ਮੰਡਲ! ਬ੍ਰਹਿਮੰਡ, ਹਰੇ ਕਚੂਰ, ਸਲ੍ਹਾਬ, ਚੰਡੋਲ, ਪਿੰਨ-ਕੁਸ਼ਨ, ਤ੍ਰੇੜੀਂ, ਬੋੜੇ ਚੁਲ੍ਹੇ, ਚਿੱਬ ਖੜਿੱਬੀ, ਬਾਟੀ, ਡੋਡੀਆਂ,ਆਦਿ ਪਾਠਕ ਦੇ ਦਿਲ ਦੀਆਂ ਕੁੰਦਰਾਂ ਵਿੱਚ ਹਲਚਲ ਪੈਦਾ ਕਰ ਦਿੰਦੇ ਹਨ। ਨਰਿੰਦਰਪਾਲ ਕੌਰ ਦੇ ਵਿਸ਼ੇ ਕਿਸਾਨੀ ਕਰਜ਼ੇ, ਖ਼ੁਦਕਸ਼ੀਆਂ, ਬੇਰੋਜ਼ਗਾਰੀ, ਬਲਾਤਕਾਰ, ਧਾਰਮਿਕ ਕਟੜਤਾ, ਆਦਿ ਹਨ, ਜਿਨ੍ਹਾਂ ਰਾਹੀਂ ਉਹ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਵਕਾਲਤ ਕਰਦੀ ਹੈ। ਖੂਹ ਦੀ ਮੌਣ ਕਵਿਤਾ ਵਿੱਚ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜਿਹੋ ਜਿਹਾ ਤੁਸੀਂ ਬੀਜੋਗੇ ਉਹੋ ਜਿਹਾ ਹੀ ਵੱਢੋਗੇ। ਭਾਵ ਚੰਗੇ ਕੰਮਾਂ ਦੇ ਫਲ ਚੰਗੇ ਮਿਲਦੇ ਹਨ। ਇਸੇ ਤਰ੍ਹਾਂ ਰੰਗ ਤੇ ਕੈਨਵਸ ਵਿੱਚ ਇਨਸਾਨ ਨੂੰ ਇਛਾਵਾਂ ਸੀਮਤ ਰੱਖਣ ਦੀ ਪੁਰਜ਼ੋਰ ਤਾਕੀਦ ਕਰਦੀ ਹੈ। ਰੇਲਵੇ ਟਰੈਕ ਅਤੇ ਕੱਚ ਦੀ ਦੀਵਾਰ ਕਵਿਤਾਵਾਂ ਵਿੱਚ ਉਹ ਦੱਸਦੀ ਹੈ ਕਿ ਇਸਤਰੀ ਰੇਲਵੇ ਦਾ ਟਰੈਕ ਨਹੀਂ ਭਾਵ ਸਿਰਫ ਜਿਸਮਾਨੀਂ ਭੁੱਖ ਪੂਰਤੀ ਲਈ ਨਹੀਂ। ਇਸ ਲਈ ਇਨਸਾਨ ਨੂੰ ਇਸਤਰੀ ਨਾਲ ਵਿਵਹਾਰ ਕਰਨ ਸਮੇਂ ਆਪਣੇ ਅੰਦਰ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਲੋਹੜੀ ਅਤੇ ਸਪੇਰਾ ਕਵਿਤਾਵਾਂ ਵਹਿਮਾ ਭਰਮਾ ਦਾ ਖੰਡਨ ਕਰਦੀਆਂ ਹਨ। ਦਰੋਣਾਚਾਰੀਆ, ਆਜੜੀ, ਮੰਡੀ, ਕਿਚਨ ਗਾਰਡਨ-1, ਕਿਚਨ ਗਾਰਡਨ-2 ਕਵਿਤਾਵਾਂ ਇਨਸਾਨ ਨੂੰ ਵਕਤ ਨੂੰ ਅਜਾਈਂ ਜਾਣ ਤੋਂ ਰੋਕਣ ਅਤੇ ਸੋਚਣ ਦੀ ਤਾਕੀਦ ਕਰਦੀਆਂ ਹਨ। ਇਨਸਾਨ ਨੂੰ ਆਪਣੀ ਖ਼ੁਸ਼ਬੋ ਦਾ ਆਪ ਆਨੰਦ ਮਾਣਦਿਆਂ ਸੰਸਾਰ ਨੂੰ ਵੀ ਸ਼ਰਸ਼ਾਰ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ। ਤਲਾਕ, ਆਤਮ ਹਿੱਤ, ਤੁਰਲਾ, ਗੁਲਾਬ, ਮਿਲਣ, ਅਹਿਸਾਸ, ਚਿੜੀ, ਪਤੰਗ ਅਤੇ ਕਿਸ਼ਤੀ ਤੇ ਕੁੜੀ ਕਵਿਤਾਵਾ ਵਿੱਚ ਇਸਤਰੀ ਬਰਾਬਰਤਾ ਬਾਰੇ ਸੋਚਦੀ ਤਾਂ ਹੈ ਪ੍ਰੰਤੂ ਹੌਸਲਾ ਨਹੀਂ ਕਰਦੀ, ਮਰਦ ਦੀਆਂ ਵਧੀਕੀਆਂ ਵਿਰੁੱਧ ਬੋਲਣ ਨੂੰ ਤਰਜ਼ੀਹ ਨਹੀਂ ਦੇਂਦੀ ਸਗੋਂ ਚੁੱਪ ਚਾਪ ਬਰਦਾਸ਼ਤ ਕਰਦੀ ਹੋਈ ਆਪਣੀਆਂ ਭਾਵਨਾਵਾਂ ਦਾ ਕਤਲ ਕਰ ਦਿੰਦੀ ਹੈ। 96 ਪੰਨਿਆਂ, 150 ਰੁਪਏ ਕੀਮਤ ਅਤੇ 61 ਕਵਿਤਾਵਾਂ ਵਾਲਾ ‘ਕਸ਼ੀਦ’ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਕਵਿਤਰੀ ਤੋਂ ਭਵਿਖ ਵਿੱਚ ਹੋਰ ਚੰਗਾ ਯੋਗਦਾਨ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ 94178 13072
ujagarsingh48@yahoo.com
ਕੁਲਵੰਤ ਕੌਰ ਸੰਧੂ ਦੀ ਪੁਸਤਕ ਕਿਤੇ ਮਿਲ ਨੀ ਮਾਏ ਪੰਜਾਬੀ ਵਿਰਾਸਤੀ ਗੀਤਾਂ ਦੀ ਪ੍ਰਤੀਕ - ਉਜਾਗਰ ਸਿੰਘ
ਪੰਜਾਬ ਦੀ ਵਿਰਾਸਤ ਬਹੁਤ ਅਮੀਰ ਹੈ। ਇਸਦੀ ਸਮਾਜਿਕ, ਸਾਹਿਤਕ, ਸੰਗੀਤਕ ਅਤੇ ਸਭਿਆਚਾਰਕ ਵਿਰਾਸਤ ਨਾਲ ਹੀ ਪੰਜਾਬੀਆਂ ਦੇ ਦਿਲ ਧੜਕਦੇ ਹਨ। ਹਰ ਪੰਜਾਬੀ ਉਠਦਾ ਬਹਿੰਦਾ, ਖਾਂਦਾ-ਪੀਂਦਾ, ਖੇਤਾਂ ਵਿੱਚ ਹਲ ਵਾਹੁੰਦਾ, ਮਜ਼ਦੂਰੀ ਕਰਦਾ, ਲਹਿ ਲਹਿਰਾਉਂਦੀਆਂ ਫਸਲਾਂ ਦਾ ਆਨੰਦ ਮਾਣਦਾ ਹੈ ਤਾਂ ਹੀ ਉਸਦੇ ਦਿਲ ਵਿੱਚ ਸੰਗੀਤ ਦੀਆਂ ਤਰੰਗਾਂ ਉਠਦੀਆਂ ਰਹਿੰਦੀਆਂ ਹਨ। ਇਹ ਪੰਜਾਬ ਦੀ ਵਿਰਾਸਤ ਨਾਲ ਜੁੜੇ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਪ੍ਰੋ ਪੂਰਨ ਸਿੰਘ ਅਨੁਸਾਰ ਪੰਜਾਬ ਜਿਓਂਦਾ ਗੁਰਾਂ ਦੇ ਨਾਮ 'ਤੇ। ਪੰਜਾਬੀਆਂ ਦੇ ਰਗ ਰਗ ਵਿੱਚ ਸੰਗੀਤ ਉਸਲਵੱਟੇ ਲੈ ਰਿਹਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਵਿਰਾਸਤ ਵਿੱਚ ਗੁਰੂਆਂ, ਪੀਰਾਂ, ਮੁਰਸ਼ਦਾਂ, ਕਿਸਾਕਾਰਾਂ, ਰਾਗੀਆਂ, ਢਾਡੀਆਂ ਦੇ ਸੰਗੀਤ ਦੀ ਮਹਿਕ ਦੀਆਂ ਸੁਗੰਧੀਆਂ ਆ ਰਹੀਆਂ ਹੁੰਦੀਆਂ ਹਨ। ਸੁਹਾਣੀਆਂ ਘਰ ਦੇ ਕੰਮ ਕਰਦੀਆਂ, ਬੱਚਿਆਂ ਦੀ ਪਰਵਰਿਸ਼ ਕਰਦੀਆਂ, ਬਹੁਕਰਾਂ ਲਗਾਉਂਦੀਆਂ, ਦੁੱਧ ਰਿੜਕਦੀਆਂ, ਚਰਖੇ ਕਤਦੀਆਂ, ਪੀਂਘਾਂ ਝੂਟਦੀਆਂ, ਵੀਰਾਂ ਦੀਆਂ ਘੋੜੀਆਂ ਗਾਉਂਦੀਆਂ ਅਤੇ ਕਿਕਲੀ ਪਾਉਂਦੀਆਂ ਗੀਤ ਬੁੜਬੜਾਉਂਦੀਆਂ ਰਹਿੰਦੀਆਂ ਸਨ। ਉਹ ਲੋਕ ਗੀਤ ਸੰਗੀਤ ਪੀੜ੍ਹੀ ਦਰ ਪੀੜ੍ਹੀ ਅਗਲੀਆਂ ਨਸਲਾਂ ਤੱਕ ਪਹੁੰਚਦੇ ਰਹੇ ਹਨ। ਭਾਵ ਲੋਕ ਗੀਤ ਸੰਗੀਤ ਪੰਜਾਬੀਆਂ ਦੇ ਬੁਲਾਂ ਤੇ ਜਿਉਂਦਾ ਰਿਹਾ ਅਤੇ ਜਿਉਂ ਰਿਹਾ ਹੈ। ਆਧੁਨਿਕ ਸਮੇਂ ਦੀ ਤਰੱਕੀ ਨਾਲ ਜਦੋਂ ਛਾਪੇਖਾਨੇ ਆ ਗਏ ਤਾਂ ਪੁਰਾਤਨ ਲੋਕ ਗੀਤ, ਬੋਲੀਆਂ, ਘੋੜੀਆਂ ਅਤੇ ਟੱਪੇ ਪੁਸਤਕਾਂ ਦਾ ਸ਼ਿੰਗਾਰ ਬਣ ਗਏ ਹਨ। ਉਸੇ ਕੜੀ ਵਿੱਚ ਕੁਲਵੰਤ ਕੌਰ ਸੰਧੂ ਨੇ ਆਪਣੀ ਵਿਰਾਸਤ ਵਿੱਚੋਂ ਆਪਣੀ ਮਾਂ, ਨਾਨੀਆਂ, ਦਾਦੀਆਂ, ਮਾਸੀਆਂ-ਮਾਮੀਆਂ, ਚਾਚੀਆਂ-ਤਾਈਆਂ, ਨਣਦਾਂ-ਭਰਜਾਈਆਂ ਤੋਂ ਸੁਣੇ ਸੁਣਾਏ ਪਰਿਵਾਰਿਕ ਸਭਿਅਚਾਰਕ ਲੋਕ ਗੀਤ ਜਿਹੜੇ ਪਰਿਵਾਰਾਂ ਵਿੱਚ ਬੈਠਕੇ ਗਾਏ ਜਾਂਦੇ ਸਨ, ਉਨ੍ਹਾਂ ਨੂੰ ਇਕੱਤਰ ਕਰਕੇ ਆਪਣੀ ਮਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ 'ਕਿਤੇ ਮਿਲ ਨੀ ਮਾਏ' ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਤ ਕਰਵਾਕੇ ਸਾਂਭ ਲਿਆ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਵਿਰਾਸਤੀ ਸਭਿਅਚਾਰਕ ਲੋਕ ਗੀਤਾਂ ਦਾ ਆਨੰਦ ਮਾਣ ਸਕੇ। ਉਨ੍ਹਾਂ ਦੇ ਇਸ ਉਦਮ ਨਾਲ ਅਲੋਪ ਹੋ ਰਹੀ ਇਨ੍ਹਾਂ ਸਮਾਗਮਾ ਦੀ ਸ਼ਬਦਾਵਲੀ ਵੀ ਸਾਂਭੀ ਜਾਵੇਗੀ। ਵੈਸੇ ਇਹ ਕੰਮ ਯੂਨੀਵਰਸਿਟੀਆਂ ਦੇ ਭਾਸ਼ਵਾਂ ਵਿਗਿਆਨ ਵਿਭਾਗਾਂ ਦਾ ਹੈ। ਇਸ ਲਈ ਕੁਲਵੰਤ ਕੌਰ ਸੰਧੂ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਹ ਆਪਣੀ ਵਿਰਾਸਤ ਨਾਲ ਕਿਤਨੇ ਗੜੁਚ ਹਨ। ਇਨ੍ਹਾਂ ਲੋਕ ਗੀਤਾਂ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਸਾਰੇ ਕਿਸੇ ਨਾ ਕਿਸੇ ਵਿਆਹ, ਤਿਓਹਾਰ, ਸਮਾਜਿਕ, ਸਭਿਆਚਾਰਕ ਸਮਾਗਮਾ ਵਿੱਚ ਗਾਏ ਜਾਂਦੇ ਸਨ। ਭੈਣਾਂ, ਮਾਵਾਂ-ਧੀਆਂ, ਨਣਦਾਂ-ਭਰਜਾਈਆਂ, ਪਤਨੀਆਂ, ਚਾਚੀਆਂ-ਤਾਈਆਂ, ਮਾਮੀਆਂ-ਮਾਸੀਆਂ ਅਤੇ ਭੂਆ ਆਪਣੇ ਸੰਬੰਧੀਆਂ ਦੀ ਉਸਤਤ ਵਿੱਚ ਗਾਉਂਦੀਆਂ ਸਨ, ਜਿਸ ਕਰਕੇ ਉਨ੍ਹਾਂ ਦੇ ਇਨ੍ਹਾਂ ਗੀਤਾਂ ਨਾਲ ਨਿੱਜੀ ਤੌਰ 'ਤੇ ਜੁੜ ਜਾਂਦੇ ਹਨ। ਹੁਣ ਤੱਕ ਵੀ ਬਜ਼ੁਰਗ ਮਾਤਾਵਾਂ ਸਮਾਜਿਕ ਸਮਾਗਮਾ ਵਿੱਚ ਇਹ ਲੋਕ ਗੀਤ ਗਾਉਂਦੀਆਂ ਹਨ। ਇਸ ਪੁਸਤਕ ਵਿੱਚ ਸ਼ਾਮਲ ਇਹ ਲੋਕ ਗੀਤ ਵਿਆਹ ਦੇ ਸਮਾਗਮ ਦੇ ਸ਼ਰੂ ਤੋਂ ਅਖੀਰ ਤੱਕ ਜਿਵੇਂ ਨਾਨਕਾ ਮੇ ਆਉਣਾ, ਦਾਦਕਿਆਂ ਅਤੇ ਦਾਦਕਿਆਂ ਦੀਆਂ ਸਿਠਣੀਆਂ, ਨਾਈ ਧੋਈ, ਸੇਹਰੇ ਲਈ ਮਾਲਣ ਦਾ ਬਾਬਲ ਦੇ ਬਾਗ 'ਚੋਂ ਕਲੀਆਂ ਚੁਣਨਾ, ਗਾਨਾ ਬੰਨ੍ਹਣਾ, ਛੱਜ ਤੋੜਨਾ, ਸੇਹਰਾ ਬੰਨ੍ਹਣਾ, ਕੈਂਠਿਆਂ ਦੀ ਤਾਰੀ, ਘੋੜੀ ਚੜ੍ਹਨਾ, ਬਰਾਤ ਦਾ ਢੁਕਣਾ, ਬਰਾਤ ਬੰਨ੍ਹਣੀ, ਡੋਲੇ ਦੇ ਆਉਣ 'ਤੇ ਅਤੇ ਸੁਹਾਗ ਦੇ ਗੀਤ ਆਦਿ ਹਨ। ਇਸ ਤੋਂ ਇਲਾਵਾ ਬੋਲੀਆਂ, ਗਹਿਣੇ ਘੜਾਉਣ, ਮਾਹੀਆ, ਦਿਓਰ ਭਾਬੀਆਂ, ਗਿੱਧੇ ਅਤੇ ਖੇਤਾਂ ਨਾਲ ਸੰਬਧਤ ਗੀਤ ਵੀ ਸ਼ਾਮਲ ਹਨ। ਇਹ ਪੁਸਤਕ ਇਕ ਕਿਸਮ ਨਾਲ ਪੰਜਾਬੀ ਲੋਕ ਗੀਤਾਂ ਦਾ ਖ਼ਜਾਬਨਾ ਬਣ ਗਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆਧੁਨਿਕਤਾ ਦੇ ਵਹਿਣ ਵਿੱਚ ਵਹਿ ਰਹੀਆਂ ਹਨ,ਉਨ੍ਹਾਂ ਲਈ ਅਚੰਭਾ ਹੋਵੇਗੀ। ਉਦਾਹਰਣ ਲਈ ਭੈਣਾ ਦੇ ਵੀਰ ਬਾਰੇ-
ਖੱਟੀਆਂ ਤੇ ਰੱਤੀਆਂ ਵੀਰ ਦੀਆਂ ਘੋੜੀਆਂ,
ਵੀਰ ਦੀ ਘੋੜੀ ਦਾ ਰੰਗ ਸੂਹਾ ਲਾਲ।
ਜੀ ਚੁਗ ਲਿਆਵੋ, ਗੁੰਦ ਲਿਆਵੋ ਚੰਬਾ ਤੇ ਗੁਲਾਬ।
ਜੀ ਗੁੰਦ ਲਿਆਵੋ, ਗੁੰਦ ਲਿਆਵੋ ਵੀਰੇ ਦਾ ਸੇਹਰਾ।
ਘੋੜੀ ਤੇ ਮੇਰੇ ਵੀਰ ਦੀ, ਹਰਿਆਂ ਬਾਗਾਂ ਨੂੰ ਜਾਵੇ,
ਇਸਦਾ ਕੌਣ ਸੋ ਰਸੀਆ, ਘੋੜੀ ਮੋੜ ਲਿਆਵੇ।
ਘੋੜੀ ਉਹ ਲੈਣੀ, ਜਿਹੜੀ ਨਹਿਰ ਟੱਪ ਜਾਵੇ,
ਮੇਰਿਆ ਸੋਹਣਿਆਂ ਵੀਰਾ ਦਾਣਾ ਨੌਂਗਾਂ ਦਾ ਖਾਵੇ।
ਇਨ੍ਹਾਂ ਲੋਕ ਗੀਤਾਂ ਦੀ ਕਮਾਲ ਇਹ ਹੁੰਦੀ ਹੈ ਕਿ ਇਨ੍ਹਾਂ ਵਿੱਚ ਵੱਡੀਆਂ ਗੱਲਾਂ ਮਿਹਣਿਆਂ ਦੇ ਰੂਪ ਵਿਚ ਕਹੀਆਂ ਜਾਂਦੀਆਂ ਹਨ ਪ੍ਰੰਤੂ ਅਸ਼ਲੀਲ ਨਹੀਂ ਹੁੰਦੀਆਂ। ਇਸਤਰੀਆਂ ਸਗੋਂ ਇਨ੍ਹਾਂ ਨੂੰ ਪਸੰਦ ਕਰਦੀਆਂ ਹਨ।
ਨਾਨਕਾ ਮੇਲ ਆਉਣ ਸਮੇਂ ਨਾਨਕੀਆਂ ਅਤੇ ਦਾਦਕੀਆਂ ਦੇ ਲੋਕ ਗੀਤ। ਇਨ੍ਹਾਂ ਗੀਤਾਂ ਵਿੱਚ ਮਿੱਠੇ ਮਿੱਠੇ ਨਿਹੋਰੇ ਸਿਠਣੀਆਂ ਦੇ ਰੂਪ ਵਿੱਚ ਹੁੰਦੇ ਸਨ ਜਿਵੇਂ-
ਨਾਨਕੀਆਂ: ਖਾਧੇ ਸੀ ਲੱਡੂ, ਜੰਮੇ ਸੀ ਡੱਡੂ,
ਹੁਣ ਛੱਪੜਾਂ ਦੇ ਗਈਆਂ, ਵੇ ਕਰਮਪਾਲ ਤੇਰੀਆਂ ਦਾਦਕੀਆਂ,
ਹੁਣ ਛੱਪੜਾਂ ਤੇ ਗੜੈਂ ਗੜੈਂ ਕਰਦੀਆਂ ਤੇਰੀਆਂ ਦਾਦਕੀਆਂ।
ਦਾਦਕੀਆਂ: ਖਾਧੀ ਸੀ ਪਿਛ, ਜੰਮੇ ਸੀ ਰਿਛ, ਹੁਣ ਕਲੰਦਰਾਂ ਦੇ ਗਈਆਂ ਵੇ,
ਵੇ ਕਰਮਪਾਲ ਤੇਰੀਆਂ ਨਾਨਕੀਆਂ।
ਨਾਨਕੀਆਂ: ਖਾਧੇ ਸੀ ਪਕੌੜੇ, ਜੰਮੇ ਸੀ ਜੌੜੇ, ਹੁਣ ਜੌੜੇ ਖਿਡਾਉਂਦੀਆਂ ਵੇ।
ਵੇ ਕਰਮਪਾਲ ਤੇਰੀਆਂ ਦਾਦਕੀਆਂ।
ਦਾਦਕੀਆਂ: ਖਾਧੀਆਂ ਸੀ ਖਿੱਲਾਂ, ਜੰਮੀਆਂ ਸੀ ਇੱਲਾਂ, ਹੁਣ ਭਾਉਂਦੀਆਂ ਵੇ।
ਵੇ ਕਰਮਪਾਲ ਤੇਰੀਆਂ ਨਾਨਕੀਆਂ।
ਜਾਗੋ ਬਾਰੇ ਨਾਨਕੀਆਂ ਦਾਦਕੀਆਂ ਦੀ ਨੋਕ ਝੋਕ-
ਨਾਨਕੀਆਂ:ਲੰਬੜਾ ਜੋਤ ਜਗਾ ਲੈ ਵੇ, ਹੁਣ ਜਾਗੋ ਆਈ ਆ।
ਲੋਰੀ ਦੇ ਕੇ ਪਾਈ ਆ, ਮਸਾਂ ਸਵਾਈ ਆ, ਜਾਗ ਪਊਗੀ, ਤੰਗ ਕਰੂਗੀ।
ਜੱਕਣੀ ਪਊਗੀ, ਅੜੀ ਕਰੂਗੀ, ਸ਼ਾਵਾ ਜੀ ਹੁਦ ਜਾਗੋ ਆਈ ਆ।
ਦਾਦਕੀਆਂ: ਛੋਲੇ ਛੋਲੇ ਛੋਲੇ, ਇਨ੍ਹਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ,
ਇਨ੍ਹਾਂ ਨਾਨਕੀਆਂ ਦੇ ਂ।
ਵਿਆਹ ਸੰਪੂਰਨ ਹੋਣ ਤੇ ਨਾਨਕੇ ਮੇਲ ਦੀ ਤਿਆਰੀ-
ਨਾਨਕੀਆਂ: ਸਈਓ ਨੀ ਮੇਰਾ ਤਾਰਾ ਮੀਰਾ ਵੱਢੀਦਾ,
ਪਹਿਲਾਂ ਸਾਨੂੰ ਸੱਦੇ ਘੱਲੇ, ਹੁਣ ਕਿਉਂ ਸਾਨੂੰ ਕੱਢੀਦਾ।
ਦਾਦਕੀਆਂ:ਸਈਓ ਨੀ ਮੇਰਾ ਤਾਰਾ ਮੀਰਾ ਵੱਢੀਦਾ,
ਟੇਸ਼ਨ ਤੱਕ ਪੁਚਾ ਦੇਵਾਂਗੇ, ਦੇ ਕੇ ਭਾੜਾ ਗੱਡੀ ਦਾ।
ਖੇਤੀਬਾੜੀ ਨਾਲ ਸੰਬੰਧਤ ਬੋਲੀਆਂ ਤੇ ਟੱਪੇ ਇਸ ਪ੍ਰਕਾਰ ਹਨ-
ਕੀਹਨੇ ਬਣਾਏ ਤੇਰੇ ਹਲ ਤੇ ਪੰਜਾਲੀਆਂ,
ਕੀਹਨੇ ਬਣਾਏ ਤੇਰੇ ਤੀਰ ਮੁੰਡਿਆ,
ਤੇਰੀ ਨੱਚੇ ਗਿੱਧੇ ਦੇ ਵਿੱਚ ਹੀਰ ਮੁੰਡਿਆ।
ਕਣਕ ਤੇ ਛੋਲਿਆਂ ਦੇ ਖੇਤ, ਹੌਲੀ ਹੌਲੀ ਨਿਸਰ ਗਿਆ,
ਬਾਬਲ ਧਰਮੀ ਦਾ ਦੇਸ਼, ਹੌਲੀ ਹੌਲੀ ਵਿਸਰ ਗਿਆ।
ਗਿੱਧੇ ਅਤੇ ਵਿਓਰ ਭਾਬੀਆਂ ਸੰਬੰਧੀ ਬੋਲੀਆਂ ਤੇ ਟੱਪੇ-
ਪਾਵੇ-ਪਾਵੇ-ਪਾਵੇ ਗਿੱਧੇ ਵਿੱਚ ਨੱਚ ਭਾਬੀਏ, ਨੀ ਤੇਰਾ ਦਿਓਰ ਬੋਲੀਆਂ ਪਾਵੇ।
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ,
ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ।
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਉਏ,
ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆ ਈ ਉਏ।
ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ,
ਤੂੰ ਕਰੇਂਗਾ ਆਕੜ ਵੇ ਮੈਂ ਸਹਿੰਦੀ ਨਾ।
ਨੂੰਹ ਸੱਸ ਦੇ ਤਾਅਨੇ ਮਿਹਣੇ ਆਮ ਚਲਦੇ ਸਨ ਜਿਵੇਂ-
ਬੱਲੇ-ਬੱਲੇ ਨੀ ਬਹੁਤਿਆਂ ਭਰਾਵਾਂ ਵਾਲੀਏ,
ਤੈਨੂੰ ਤੀਆਂ ਨੂੰ ਲੈਣ ਨਾ ਆਏ।
ਬੱਲੇ-ਬੱਲੇ ਨੀ ਸੱਸੇ ਤੇਰੀ ਮੱਝ ਮਰ ਜੇ,
ਮੇਰੇ ਵੀਰ ਨੂੰ ਸੁਕੀ ਖੰਡ ਪਾਈ।
ਇਸ਼ਕ ਮੁਸ਼ਕ ਵਾਲੇ ਟੱਪੇ-
ਦੁੱਧ ਬਣ ਜਾਨੇਂ ਆਂ, ਮਲਾਈ ਬਣ ਜਾਨੀ ਆਂ,
ਜੇਬ ਵਿੱਚ ਪਾ ਲੈ ਵੇ ਰੁਮਾਲ ਬਣ ਜਾਨੀ ਆਂ।
ਇਕ ਤਾਰਾ ਵੱਜਦਾ ਵੇ ਰਾਂਝਣ, ਨੂਰ ਮਹਿਲ ਦੀ ਮੋਰੀ,
ਚਲ ਆਪਾਂ ਵੀ ਸੁਣੀਏ, ਵੇ ਰਾਂਝਣਾ ਸਾਨੂੰ ਕਾਹਦੀ ਚੋਰੀ।
ਅੰਬਰਸਰੀਆ ਮਾਹ ਵੇ, ਕੱਚੀਆਂ ਕਲੀਆਂ ਨਾ ਤੋੜ,
ਮਾਤਾ ਤੇਰੀ ਮਾਹੀ ਵੇ, ਬੋਲੇ ਮੰਦੜੇ ਬੋਲ।
ਕੈਂਠਾ ਘੜ੍ਹਾ ਲਾਲ ਵੇ, ਘੜ੍ਹਾਈ ਉਹਦੀ ਮੈਂ ਦੇਨੀ ਆਂ,
ਨੌਕਰ ਨਾ ਜਾਈਂ ਵੇ ਸਿੰਘਾ ਵਹਿਮਣ ਹੋ ਰਹਿਨੀ ਆਂ।
ਕਾਦ੍ਹੇ ਲਈ ਛੱਤੀਆਂ ਨੇ ਕੋਠੜੀਆਂ, ਵੇ ਕਾਦ੍ਹੇ ਲਈ ਰੱਖਿਆ ਸੀ ਵਿਹੜਾ,
ਤੇਰੇ ਵਸਣੇ ਲਈ ਛੱਤੀਆਂ ਕੋਠੜੀਆਂ, ਤੇਰੇ ਕੱਤਣੇ ਨੂੰ ਵਿਹੜਾ।
ਕੁਲਵੰਤ ਕੌਰ ਸੰਧੂ ਦੇ ਇਕੱਤਰ ਕੀਤੇ ਲੋਕ ਗੀਤ, ਬੋਲੀਆਂ ਅਤੇ ਟੱਪੇ ਉਨ੍ਹਾਂ ਦੀ ਸਪੁੱਤਰੀ ਪੰਜਾਬੀ ਸਾਹਿਤ ਦੀ ਮੁੱਦਈ ਅਰਵਿੰਦਰ ਕੌਰ ਸੰਧੂ ਨੇ ਪ੍ਰਕਾਸ਼ਤ ਕੀਤੀ ਹੈ। 247 ਪੰਨਿਆਂ, 425 ਰੁਪਏ ਕੀਮਤ ਵਾਲੀ ਇਸ ਪੁਸਤਕ ਨੂੰ ਤਸਵੀਰ ਪ੍ਰਕਾਸ਼ਨ ਕਾਲਾਂ ਵਾਲੀ ਜਿਲ੍ਹਾ ਸਿਰਸਾ (ਹਰਿਆਣਾ) ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪਹਿਲੀ ਬਰਸੀ 'ਤੇ ਵਿਸ਼ੇਸ਼ : ਸਮਾਜ ਸੇਵਾ ਦਾ ਧਰੂ ਤਾਰਾ ਅਤੇ ਮਾਨਵਤਾ ਦਾ ਮੁਦਈ: ਜੁਗਰਾਜ ਸਿੰਘ ਗਿੱਲ - ਉਜਾਗਰ ਸਿੰਘ
ਸਮਾਜ ਸੇਵਾ ਰਾਹੀਂ ਸਿਆਸਤ ਵਿਚ ਆਉਂਦੇ ਬਹੁਤ ਸਿਆਸਤਦਾਨ ਵੇਖੇ ਹਨ ਪ੍ਰੰਤੂ ਸਿਆਸਤ ਛੱਡ ਕੇ ਸਮਾਜ ਸੇਵਾ ਵਿਚ ਆਉਣ ਵਾਲਾ ਇਕੋ ਇਕ ਵਿਅਕਤੀ ਜੁਗਰਾਜ ਸਿੰਘ ਗਿੱਲ ਹੋਇਆ ਹੈ। ਜੁਗਰਾਜ ਸਿੰਘ ਗਿੱਲ 1957 ਵਿਚ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਵਿਧਾਨਕਾਰ ਚੁਣਿਆਂ ਗਿਆ ਸੀ। ਦੁਬਾਰਾ ਉਹ ਚੋਣ ਨਹੀਂ ਲੜੇ ਸਨ। ਪ੍ਰੰਤੂ ਸਮਾਜ ਸੇਵਾ ਕਰਦੇ ਰਹੇ। ਜਦੋਂ ਵਿਧਾਨਕਾਰ ਸੀ ਉਸ ਸਮੇਂ ਵੀ ਉਨ੍ਹਾਂ ਦਾ ਮੁਖੱ ਮੰਤਵ ਸਮਾਜ ਸੇਵਾ ਹੀ ਰਿਹਾ ਹੈ। ਉਹ ਸਮਾਜ ਸੇਵਾ ਵਲ ਕਿਉਂ ਪਰਤੇ ਇਸ ਪਿਛੇ ਵੀ ਇਕ ਦਿਲ ਨੂੰ ਹਲੂੰਣਨ ਵਾਲੀ ਕਹਾਣੀ ਹੈ? ਜਦੋਂ ਉਹ ਅਜੇ ਸਤਵੀਂ ਕਲਾਸ ਵਿਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਵਰਗਵਾਸ ਹੋ ਗਏ। ਉਨ੍ਹਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਜ਼ਿੰਦਗੀ ਵਿਚ ਖੜ੍ਹੋਤ ਆ ਗਈ। ਹਾਲਾਂ ਕਿ ਉਨ੍ਹਾਂ ਦੇ ਦਾਦਾ ਬਦਨ ਸਿੰਘ ਬਹੁਤ ਵੱਡੇ ਜ਼ਿਮੀਦਾਰ ਅਤੇ ਖ਼ਾਨਦਾਨੀ ਖਾਂਦੇ ਪੀਂਦੇ ਸਰਦਾਰ ਸਨ। ਪਰਿਵਾਰਿਕ ਝਗੜੇ ਸ਼ੁਰੂ ਹੋ ਗਏ, ਉਨ੍ਹਾਂ ਦੇ ਭਰਾ ਨੇ ਸਾਰੀ ਜਾਇਦਾਦ ਤੇ ਆਪਣਾ ਕਬਜ਼ਾ ਜਮ੍ਹਾ ਲਿਆ। ਦਾਦਾ ਬੇਬਸ ਸਾਬਤ ਹੋ ਰਿਹਾ ਸੀ। ਜਿਵੇਂ ਦਿਹਾਤੀ ਪਰਿਵਾਰਾਂ ਵਿਚ ਆਮ ਹੁੰਦਾ ਹੈ, ਵਿਧਵਾ ਇਸਤਰੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਣਡਿਠ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਜੁਗਰਾਜ ਸਿੰਘ ਅਤੇ ਉਨ੍ਹਾਂ ਦੀ ਵਿਧਵਾ ਮਾਤਾ ਨਾਲ ਹੋਣ ਲੱਗ ਪਿਆ। ਜਦੋਂ ਉਹ ਬੀ ਏ ਵਿਚ ਪੜ੍ਹਦੇ ਸਨ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਜੋ ਵਿਵਹਾਰ ਉਨ੍ਹਾਂ ਨਾਲ ਹੋ ਰਿਹਾ ਹੈ। ਅਜਿਹਾ ਵਿਵਹਾਰ ਸਮਾਜ ਵਿਚ ਕਿਸੇ ਵੀ ਇਨਸਾਨ ਨਾਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਪ੍ਰਣ ਕਰ ਲਿਆ ਕਿ ਉਹ ਅਜਿਹੇ ਇਨਸਾਨਾ ਦੀ ਹਮੇਸ਼ਾ ਸਹਾਇਤਾ ਕਰਿਆ ਕਰਨਗੇ। ਜਿਵੇਂ ਆਮ ਕਹਾਵਤ ਹੈ ਕਿ 'ਮੂਲ ਨਾਲੋਂ ਵਿਆਜ ਪਿਆਰਾ' ਹੁੰਦਾ ਹੈ। ਉਸੇ ਤਰ੍ਹਾਂ ਭਾਵੇਂ ਉਨ੍ਹਾਂ ਦਾ ਭਰਾ ਪਰਿਵਾਰ ਵਿਚ ਫ਼ੈਸਲੇ ਲੈਣ ਲਈ ਭਾਰੂ ਸੀ ਪ੍ਰੰਤੂ ਉਨ੍ਹਾਂ ਦੇ ਦਾਦਾ ਜੁਗਰਾਜ ਸਿੰਘ ਦੀ ਇਛਾ ਅਨੁਸਾਰ ਜੁਗਰਾਜ ਸਿੰਘ ਦੇ ਸਮਾਜ ਸੇਵਾ ਦੇ ਉਦਮ ਵਿਚ ਸਹਾਈ ਹੋਣ ਲੱਗੇ। ਜੁਗਰਾਜ ਸਿੰਘ ਨੂੰ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨ ਵਿਚ ਉਤਸ਼ਾਹ ਮਿਲਿਆ। 1945 ਵਿਚ ਉਨ੍ਹਾਂ ਨੇ ਬੀ ਏ ਕਰਨ ਤੋਂ ਬਾਅਦ ਆਜ਼ਾਦੀ ਦੀ ਜਦੋਜਹਿਦ ਸੰਬੰਧੀ ਹੋਣ ਵਾਲੇ ਪ੍ਰੋਗਰਾਮਾ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੋਗਾ ਦਾ ਇਲਾਕਾ ਸੁੰਤਰਤਾ ਸੰਗਰਾਮੀਆਂ ਦੀ ਕਰਮ ਭੂਮੀ ਸੀ। ਇਹ ਸਮਾਂ ਭਾਵੇਂ ਉਨ੍ਹਾਂ ਲਈ ਪਰਿਵਾਰਿਕ ਸਮੱਸਿਆਵਾਂ ਕਰਕੇ ਸੰਘਰਸ਼ੀਲ ਰਿਹਾ ਪ੍ਰੰਤੂ ਸਿਆਸਤ ਵਿਚ ਉਨ੍ਹਾਂ ਦੀ ਦਿਲਚਸਪੀ ਵੱਧ ਗਈ ਕਿਉਂਕਿ ਸਿਆਸਤ ਵਿਚ ਆ ਕੇ ਉਹ ਸਮਾਜ ਵਿਚ ਤਬਦੀਲੀ ਕਰਨ ਦੇ ਚਾਹਵਾਨ ਸਨ। 1952 ਵਿਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਮੋਗਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਿੱਤੀ ਅਤੇ ਉਹ ਚੋਣ ਜਿੱਤਕੇ ਵਿਧਾਨਕਾਰ ਬਣ ਗਏ। ਵਿਧਾਨਕਾਰ ਬਣਕੇ ਜੋ ਕੰਮ ਉਹ ਕਰਨਾ ਚਾਹੁੰਦੇ ਸੀ, ਸਰਕਾਰੀ ਪ੍ਰਣਾਲੀ ਦੀਆਂ ਖਾਮੀਆਂ ਕਰਕੇ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ। ਵਿਧਾਨਕਾਰ ਹੁੰਦਿਆਂ ਹੀ ਉਨ੍ਹਾਂ ਆਪਣੀ ਜਾਇਦਾਦ ਵਿਚੋਂ ਸਰਕਾਰੀ ਇਮਾਰਤਾਂ ਦੀ ਉਸਾਰੀ ਲਈ ਜ਼ਮੀਨਾ ਦਿੱਤੀਆਂ ਪ੍ਰੰਤੂ ਉਨ੍ਹਾਂ ਇਮਾਰਤਾਂ ਦੀ ਉਸਾਰੀ ਉਸ ਰਫ਼ਤਾਰ ਨਾਲ ਨਾ ਹੋਈ, ਜਿਸਦੇ ਉਹ ਇਛਕ ਸਨ। ਉਨ੍ਹਾਂ ਨੇ ਮੋਗਾ ਹਲਕੇ ਵਿਚ ਬਾਘਾਪੁਰਾਣਾ ਵਿਖੇ ਇਕ ਆਈ ਟੀ ਆਈ ਅਤੇ ਪਾਲੀਟਿਕਨਿਕ ਕਾਲਜ ਰੋਡੇ ਸਥਾਪਤ ਕਰਵਾਏ ਤਾਂ ਜੋ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ। ਮੰਡੀ ਬੋਰਡ ਦੇ ਕਰਮਚਾਰੀਆਂ ਦੇ ਬੱਚਿਆਂ ਲਈ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖਲੇ ਲਈ ਰਾਖਵਾਂ ਕਰਵਾਇਆ। ਕਪਾਹ ਪੱਟੀ ਵਿਚ ਨਰਮੇ ਦੀ ਵਿਕਰੀ ਦਾ ਸਵਾਲ ਪੈਦਾ ਹੋ ਗਿਆ ਤਾਂ ਉਨ੍ਹਾਂ ਗਿਆਨੀ ਜ਼ੈਲ ਸਿੰਘ ਨੂੰ ਬੇਨਤੀ ਕਰਕੇ ਨਰਮਾ ਖੁਲ੍ਹੀ ਮੰਡੀ ਵਿਚ ਵੇਚਣ ਦਾ ਪ੍ਰਬੰਧ ਕਰਵਾਇਆ। 1958 ਵਿਚ ਉਨ੍ਹਾਂ ਨੇ ਮੋਗਾ ਵਿਖੇ ਨੈਸਲੇ ਕੰਪਨੀ ਨੂੰ ਸਥਾਪਤ ਕਰਵਾਉਣ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਾ ਵਿਚਾਰ ਸੀ ਕਿ ਹਰ ਜਿਲ੍ਹੇ ਵਿਚ ਇਕ-ਇਕ ਵੱਡੀ ਸਨਅਤਾਂ ਸਥਾਪਤ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨਾ ਨੂੰ ਰੋਜ਼ਗਾਰ ਮਿਲ ਸਕੇ। 1962 ਤੋਂ ਬਾਅਦ ਉਨ੍ਹਾਂ ਪੂਰਾ ਸਮਾਂ ਲਗਾਤਾਰ ਸਮਾਜ ਸੇਵਾ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਨਾਲ ਜੁਗਰਾਜ ਸਿੰਘ ਦੀ ਦੋਸਤੀ ਸੀ, ਜਿਸ ਕਰਕੇ ਉਨ੍ਹਾਂ 1972 ਵਿਚ ਜੁਗਰਾਜ ਸਿੰਘ ਨੂੰ ਮੋਗਾ ਤੋਂ ਫਿਰ ਚੋਣ ਲੜਨ ਲਈ ਮਜ਼ਬੂਰ ਕੀਤਾ। ਜੁਗਰਾਜ ਸਿੰਘ ਨੇ ਆਪ ਤਾਂ ਚੋਣ ਨਹੀਂ ਲੜੀ ਪ੍ਰੰਤੂ ਆਪਣੀ ਪਤਨੀ ਗੁਰਦੇਵ ਕੌਰ ਨੂੰ ਚੋਣ ਲੜਾਈ ਅਤੇ ਉਹ ਵੀ ਚੋਣ ਜਿੱਤ ਗਏ। ਗਿਆਨੀ ਜ਼ੈਲ ਸਿੰਘ ਨਾਲ ਦੋਸਤੀ ਕਰਕੇ ਉਨ੍ਹਾਂ ਜੁਗਰਾਜ ਸਿੰਘ ਨੂੰ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ਉਨ੍ਹਾਂ ਕਿਸਾਨਾ ਲਈ ਬਹੁਤ ਸਾਰੇ ਮਾਅਰਕੇ ਦੇ ਕੰਮ ਕੀਤੇ। ਉਨ੍ਹਾਂ ਪਹਿਲੀ ਵਾਰੀ ਪੰਜਾਬ ਦੀਆਂ 200 ਮੰਡੀਆਂ ਦੇ ਪਹਿਲੇ ਪੜਆ ਵਿਚ ਫੜ੍ਹ ਪੱਕੇ ਕੀਤੇ। ਆਪਣੀ ਟਰਮ ਵਿਚ ਉਨ੍ਹਾਂ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਖੰਨਾ ਮੰਡੀ ਵਿਚ ਫੜ੍ਹ ਪੱਕਾ ਕਰਕੇ ਸ਼ੈਡ ਬਣਾਇਆ। ਇਸ ਤੋਂ ਇਲਾਵਾ ਪੰਜਾਬ ਦੀਆਂ ਚੋਣਵੀਆਂ ਵੰਡੀਆਂ ਮੰਡੀਆਂ ਵਿਚ ਸ਼ੈਡ ਬਣਵਾਏ ਤਾਂ ਜੋ ਕਿਸਾਨਾ ਦੀਆਂ ਫਸਲਾਂ ਬਰਸਾਤਾਂ ਵਿਚ ਮੰਡੀ ਵਿਚ ਆ ਕੇ ਭਿਜ ਨਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਚੰਡੀਗੜ੍ਹ ਦੇ 17 ਸੈਕਟਰ ਵਿਖੇ ਪੰਜਾਬ ਮੰਡੀ ਬੋਰਡ ਦਾ ਦਫ਼ਤਰ ਅਤੇ ਸੈਕਟਰ 35 ਵਿਚ ਕਿਸਾਨ ਭਵਨ ਦੀ ਉਸਾਰੀ ਕਰਵਾਈ। 1975 ਵਿਚ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਰਾਜ ਹਾਊਸਿੰਗ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਬਣਾ ਦਿੱਤਾ। ਇਥੇ ਵੀ ਉਨ੍ਹਾਂ ਨੇ ਦੂਰਦ੍ਰਿਸਟੀ ਨਾਲ ਵੱਡੇ ਮਾਅਰਕੇ ਮਾਰੇ। ਉਨ੍ਹਾਂ ਮੋਹਾਲੀ ਵਿਖੇ ਸਰਕਾਰੀ ਕੁਆਟਰ ਅਤੇ ਕਚਹਿਰੀਆਂ ਦੀ ਇਮਾਰਤ ਦੀ ਉਸਾਰੀ ਕਰਵਾਈ। ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਸਸਤੇ ਮਕਾਨਾ ਦੀ ਉਸਾਰੀ ਕਰਵਾਈ ਸੀ। ਉਨ੍ਹਾਂ ਫਰੀਦਕੋਟ ਵਿਚ ਸੋਸਾਇਟੀ ਬਣਾਕੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਥਾਪਤ ਕਰਵਾਇਆ। ਗੁਰੂ ਗੋਬਿੰਦ ਸਿੰਘ ਮਾਰਗ ਦੀ ਉਸਾਰੀ ਮੰਡੀ ਬੋਰਡ ਤੋਂ ਆਪਣੀ ਨਿਗਰਾਨੀ ਵਿਚ ਕਰਵਾਈ। ਮਟੌਰ ਚੰਡੀਗੜ੍ਹ ਵਿਖੇ ਜਦੋਂ ਸਰਬ ਭਾਰਤੀ ਕਾਂਗਰਸ ਕਮੇਟੀ ਨੇ ਸਾਲਾਨਾ ਕਾਂਗਰਸ ਸ਼ੈਸ਼ਨ ਕਰਵਾਇਆ ਤਾਂ ਉਨ੍ਹਾਂ ਨੇ ਆਪਣੇ ਖ਼ਰਚੇ 'ਤੇ ਤਿੰਨ ਦਿਨ ਚਲੇ ਇਸ ਸ਼ੈਸ਼ਨ ਵਿਚ 20 ਹਜ਼ਾਰ ਲੋਕਾਂ ਦੇ ਖਾਣੇ ਦਾ ਖ਼ਰਚਾ ਕੀਤਾ। 1974 ਵਿਚ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਸਰਕਾਰੀ ਅਧਿਆਪਕਾਂ ਦੇ ਬਰਾਬਰ ਤਨਖ਼ਾਹ ਸਕੇਲ ਦਿਵਾਉਣ ਵਿਚ ਉਨ੍ਹਾਂ ਨੇ ਅਧਿਆਪਕਾਂ ਦੀ ਐਸਸੀਏਸ਼ਨ ਨਾਲ ਸਰਕਾਰ ਦਾ ਸਮਝੌਤਾ ਕਰਵਾਇਆ। ਇਸੇ ਤਰ੍ਹਾਂ ਜਦੋਂ ਮੋਗਾ ਵਿਖੇ ਵਿਦਿਆਥੀਆਂ ਦੀ ਬੜੀ ਵੱਡੀ ਅਤੇ ਲੰਬੀ ਐਜੀਟੇਸ਼ਨ ਹੋਈ ਤਾਂ ਉਨ੍ਹਾਂ ਦਾ ਵੀ ਸਰਕਾਰ ਨਾਲ ਸਮਝੌਤਾ ਕਰਵਾਉਣ ਉਨ੍ਹਾਂ ਦਾ ਵੱਡਾ ਯਗਦਾਨ ਸੀ। ਉਨ੍ਹਾਂ ਨੇ ਸਿਆਸਤ ਵਿਚੋਂ ਸੇਵਾ ਮੁਕਤੀ ਲੈ ਕੇ ਸਮਾਜ ਸੇਵਾ ਬੀੜਾ ਚੁਕਿਆ। ਇਸ ਮੰਤਵ ਲਈ ਉਨ੍ਹਾਂ 2013 ਵਿਚ ਇਸੇ ਤਰ੍ਹਾਂ ਪਿੰਡ ਝਨੇਰ ਵਿਚ ਓਲਡ ਏਜ਼ ਹੋਮ ਅਤੇ ਨਸ਼ਾ ਛੁਡਾਊ ਕੇਂਦਰ ਬਣਵਾਇਆ। ਖਰੜ ਵਿਖੇ ਆਪਣੀ 5 ਏਕੜ ਜ਼ਮੀਨ ਵਿਚ ਇਕ ਓਲਡ ਏਜ ਹੋਮ ਬਣਵਾਇਆ।ਮਾਤਾ ਗੁਜਰੀ ਸੁਖ ਨਿਵਾਸ ਆਰਮ ਖਰੜ ਬਣਾਇਆ ਜਿਸ ਵਿਚ ਸਿੱਖ ਜੂਝਾਰੂ ਪਰਿਵਾਰਾਂਦੇ ਬੱਚਿਆਂ ਨੂੰ ਸਿਖਿਆ ਦਿੱਤੀ ਜਾਂਦੀ ਹੈ। ਚੰਡੀਗੜ੍ਹ ਦੇ ਸੈਕਟਰ 28 ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਂਟਰ ਦੀ ਗਰਾਊਂਡ ਫਲੋਅਰ ਦੀ ਉਸਾਰੀ 20 ਲੱਖ ਰੁਪਏ ਨਾਲ ਕਰਵਾਈ ਸੀ। ਰੈਡਕਰਾਸ ਰਾਹੀਂ ਧਰਮ ਕੋਟ ਵਿਖੇ ਆਪਣੀ 5 ਏਕੜ ਜ਼ਮੀਨ ਦੇ ਕੇ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤਾ। ਇਸਦੀ ਉਸਾਰੀ ਲਈ ਉਨ੍ਹਾਂ ਵੱਖ-ਵੱਖ ਵਸੀਲਿਆਂ ਤੋਂ 35 ਲੱਖ ਰੁਪਏ ਇਕੱਤਰ ਕਰਕੇ ਦਿੱਤਾ। 2 ਲੱਖ ਰੁਪਿਆ ਆਪਣੇ ਕੋਲੋਂ ਦਿੱਤਾ। ਉਨ੍ਹਾਂ ਕਿਸਾਨ ਅੰਦੋਲਨ ਵਿਚ ਉਗਰਾਹਾਂ ਅਤੇ ਰਾਜੇਵਾਲ ਧੜਿਆਂ ਨੂੰ ਸਿੰਘੂ ਅਤੇ ਟਿਕਰੀ ਕੈਂਪਾ ਵਿਚ 5-50 ਲੱਖ ਰੁਪਏ ਦੀਆਂ ਮੱਛਰਦਾਨੀਆਂ, ਬਿਸਤਰੇ ਅਤੇ ਪੱਖੇ ਲੈ ਕੇ ਦਿੱਤੇ। ਜੁਗਰਾਜ ਸਿੰਘ ਸ੍ਰੀ ਗੁਰੂ ਨਾਨਕ, ਸ੍ਰੀ ਗੁਰੂ ਗੋਬਿੰਦ ਸਿੰਘ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਬਾਰੇ ਡਾ ਗੋਪਾਲ ਸਿੰਘ ਅਤੇ ਟੀਕਾਕਾਰ ਖ਼ਾਨ ਬਹਾਦਰ ਖ਼ਵਾਜ਼ਾ ਦਿਲ ਮੁਹੰਮਦ ਲਾਹੌਰ ਤੋਂ ਪੁਸਤਕਾਂ ਲਿਖਵਾਕੇ ਸਕੂਲਾਂ, ਕਾਲਜਾਂ ਅਤੇ ਸਿੱਖ ਸੰਸਥਾਵਾਂ ਵਿਚ ਮੁਫ਼ਤ ਵੰਡਦੇ ਸਨ ਤਾਂ ਨੌਜਵਾਨ ਲੜਕੇ ਅਤੇ ਲੜਕੀਆਂ। ਉਹ ਸਾਰਾਗੜ੍ਹੀ ਅਤੇ ਚੇਲਿਆਂ ਵਾਲੀ ਲੜਾਈ ਵਿਚ ਸਿੱਖਾਂ ਵੱਲੋਂ ਕੀਤੇ ਗਏ ਬਹਾਦਰੀ ਦੇ ਕਾਰਨਾਮਿਆਂ ਨੂੰ ਵੀ ਪ੍ਰਕਾਸ਼ਤ ਕਰਵਾਕੇ ਮੁਫ਼ਤ ਵੰਡਦੇ ਰਹੇ ਸਨ। ਸਿੱਖ ਵਿਚਾਰਧਾਰਾ ਦੇ ਮੁਦਈ ਬਣ ਸਕਣ। ਉਹ ਸਿੱਖ ਸੋਚ ਨੂੰ ਪ੍ਰਣਾਏ ਹੋਏ ਸਨ। ਉਹ ੁਹੁਤ ਸਾਰੀਆਂ ਸਿੱਖ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਅਤੇ ਮੈਂਬਰ ਸਨ ਜਿਨ੍ਹਾਂ ਵਿਚ ਸਿੱਖ ਐਜੂਕੇਸ਼ਨਲ ਟਰੱਸਟ, ਗੁਰਦੁਆਰਾ ਬੀਬੀ ਕਰਨ ਕੌਰ, ਸ੍ਰੀ ਗੁਰੂ ਨਾਨਕ ਸਕੂਲ ਸੈਕਟਰ-36 ਚੰਡੀਗੜ੍ਹ ਅਤੇ ਪੰਜਾਬ ਰੈਡ ਕਰਾਸ ਚੰਡੀਗੜ੍ਹ ਸ਼ਾਮਲ ਹਨ। ਉਨ੍ਹਾਂ ਕਈ ਸੰਸਥਾਵਾਂ ਨੂੰ ਐਂਬੂਲੈਂਸ ਵੈਨਖ੍ਰੀਦਕੇ ਦਿੱਤੀਆਂ ਸਨ।
ਜੁਗਰਾਜ ਸਿੰਘ ਗਿੱਲ ਦਾ ਜਨਮ ਮੋਗਾ ਨੇੜੇ ਚੜਿਕ ਪਿੰਡ ਵਿਚ 10 ਨਵੰਬਰ 1925 ਨੂੰ ਪਿਤਾ ਪੂਰਨ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ ਗੁਰਦੇਵ ਕੌਰ ਨਾਲ ਹੋਇਆ। ਉਨ੍ਹਾਂ ਦੇ 2 ਸਪੁੱਤਰ ਸਨ। 1982 ਉਨ੍ਹਾਂ ਦਾ ਵੱਡਾ ਸਪੁੱਤਰ ਦਿੱਲੀ ਤੋਂ ਆਪਣੀ ਪਤਨੀ ਨੂੰ ਇੰਗਲੈਂਡ ਜਾਣ ਲਈ ਏਅਰਪੋਰਟ 'ਤੇ ਛੱਡਕੇ ਵਾਪਸ ਆ ਰਿਹਾ ਸੀ, ਹਰਿਆਣਾ ਵਿਚ ਪਿਪਲੀ ਕੋਲ ਐਕਸੀਡੈਂਟ ਹੋ ਗਿਆ ਅਤੇ ਉਹ ਸਵਰਗਵਾਸ ਹੋ ਗਏ। ਦੂਜਾ ਲੜਕਾ ਕੰਵਰਜੀਤ ਸਿੰਘ ਏਅਰਫੋਰਸ ਵਿਚ ਫਲਾਇੰਗ ਆਫ਼ੀਸਰ ਸਨ। ਉਹ ਵੀ 1985 ਵਿਚ ਏਅਰ ਫੋਰਸ ਦੇ ਇਕ ਏਅਰ ਕਰੈਸ਼ ਵਿਚ ਸਵਰਗਵਾਸ ਹੋ ਗਏ ਸਨ। ਇਤਨੀਆਂ ਵੱਡੀਆਂ ਮੁਸੀਬਤਾਂ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ, ਸਗੋਂ ਸਮਾਜ ਸੇਵਾ ਹੋਰ ਤੇਜ਼ੀ ਨਾਲ ਕਰਦੇ ਰਹੇ। ਕੋਈ ਵੀ ਗ਼ਰੀਬ ਗੁਰਬਾ ਲੋੜਬੰਦ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਖਾਲੀ ਨਹੀਂ ਮੋੜਿਆ। ਮਾਨਵਤਾ ਦਾ ਸੂਰਜ ਜੁਗਰਾਜ ਸਿੰਘ ਗਿੱਲ 21 ਅਪ੍ਰੈਲ 2012 ਨੂੰ ਸੰਖੇਪ ਬਿਮਾਰੀ ਤੋਂ ਬਾਅਦ ਅਸਤ ਹੋ ਗਿਆ। ਉਨ੍ਹਾਂ ਦੇ ਵੱਡੇ ਲੜਕੇ ਦੀਆਂ ਦੋ ਲੜਕੀਆਂ ਹਨ ਜਿਹੜੀਆਂ ਇੰਗਲੈਂਡ ਰਹਿ ਰਹੀਆਂ ਹਨ। ਉਨ੍ਹਾਂ ਆਪਣੇ 5 ਸੈਕਟਰ ਵਾਲੇ ਮਕਾਨ ਦੀ ਵਸੀਅਤ ਆਪਣੀਆਂ ਪੋਤਰੀਆਂ ਦੇ ਨਾਮ ਕਰਵਾਈ ਹੈ। ਬਾਕੀ ਸਾਰੀ ਜਾਇਦਾਦ ਲਈ ਇਕ ਟਰੱਸਟ ਬਣਾਈ ਹੋਈ ਹੈ।ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh48@yahoo.com