ਡਾ ਸਤਿੰਦਰ ਪਾਲ ਸਿੰਘ ਦੀ ਪੁਸਤਕ 'ਸਿੱਖੀ ਸੁੱਖ ਸਾਗਰ' ਸਹਿਜਤਾ ਤੇ ਵਿਸਮਾਦ ਦਾ ਸੁਮੇਲ - ਉਜਾਗਰ ਸਿੰਘ
ਡਾ ਸਤਿੰਦਰ ਪਾਲ ਸਿੰਘ ਸਿੱਖ ਵਿਦਵਾਨ ਹਨ ਜੋ ਕਿ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਹਨ। ਉਨ੍ਹਾਂ ਦੀ ਪੁਸਤਕ 'ਸਿੱਖੀ ਸੁੱਖ ਸਾਗਰ' ਸਿੱਖ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਸਿੱਖੀ ਸੋਚ ਨੂੰ ਪ੍ਰਫੁਲਤ ਕਰਨ ਵਿੱਚ ਸਹਾਈ ਸਾਬਤ ਹੋ ਰਹੀ ਹੈ। ਡਾ ਸਤਿੰਦਰ ਪਾਲ ਸਿੰਘ ਦੀ ਇਸ ਪੁਸਤਕ 'ਸਿੱਖੀ ਸੁੱਖ ਸਾਗਰ' ਵਿੱਚ 7 ਲੇਖ ਹਨ। ਇਹ ਸਾਰੇ ਲੇਖ ਹੀ ਇਕ ਦੂਜੇ ਦੇ ਪੂਰਕ ਹਨ। ਭਾਵ ਪਹਿਲੇ ਲੇਖ ਦਾ ਮੰਤਵ ਉਸਤੋਂ ਅਗਲੇ ਲੇਖ ਦੇ ਅਮਲ ਤੋਂ ਬਿਨਾਂ ਅਸੰਭਵ ਹੈ। ਜਿਵੇਂ 'ਇੱਕੋ ਸੁੱਖ ਦਾਤਾ' ਲੇਖ ਵਿੱਚ ਪਰਮਾਤਮਾ ਸੁੱਖ ਦਾਤਾ ਹੈ। ਇਸ ਸੁੱਖ ਨੂੰ ਪ੍ਰਾਪਤ ਕਰਨ ਲਈ 'ਅ੍ਰੰਮਿਤ ਵੇਲਾ' ਫਿਰ 'ਅੰਮ੍ਰਿਤ ਇਸ਼ਨਾਨ' ਤੋਂ ਬਾਅਦ 'ਅੰਮ੍ਰਿਤ ਬਾਣੀ' ਤੇ ਫਿਰ 'ਦੁੱਖ ਕੀ ਹੈ' ਉਸ ਤੋਂ ਪਿਛੋਂ 'ਸੁੱਖ' ਅਤੇ ਅਖ਼ੀਰ 'ਪਰਮ ਸੁੱਖ' ਮਿਲਦਾ ਹੈ। ਇਹ ਸਾਰੇ ਲੇਖ ਸਿੱਖ ਵਿਚਾਰਧਾਰਾ ਦੇ ਪ੍ਰਤੀਕ ਹਨ। ਇਹ ਲੇਖ ਜ਼ਿੰਦਗੀ ਜਿਓਣ, ਸਮਾਜ ਵਿੱਚ ਵਿਚਰਨ ਅਤੇ ਦੁੱਖਾਂ ਅਤੇ ਭਟਕਣਾ 'ਤੇ ਕਾਬੂ ਪਾ ਕੇ ਸਹਿਜਤਾ ਨਾਲ ਜੀਵਨ ਬਸਰ ਕਰਦਿਆਂ ਮਾਰਗ ਦਰਸ਼ਨ ਕਰਦੇ ਹਨ। ਸਮਾਜਿਕ ਤਾਣਾ ਬਾਣਾ ਅਨੇਕਾਂ ਦੁਸ਼ਾਵਰੀਆਂ, ਅਲਾਮਤਾਂ, ਖਾਹਿਸ਼ਾਂ ਅਤੇ ਬੇਬਸੀਆਂ ਨਾਲ ਉਲਝਿਆ ਪਿਆ ਹੈ। ਇਨਸਾਨ ਚਤੋ ਪਹਿਰ ਖਾਹਿਸ਼ਾਂ ਅਤੇ ਪ੍ਰਾਪਤੀਆਂ ਦੀ ਦੌੜ ਵਿੱਚ ਭੱਜਿਆ ਫਿਰਦਾ ਹੈ। ਉਹ ਇਹ ਸਮਝ ਰਿਹਾ ਹੈ ਕਿ ਉਸ ਨਾਲੋਂ ਸਮਝਦਾਰ ਇਸ ਦੁਨੀਆਂ ਤੇ ਕੋਈ ਨਹੀਂ, ਇਸ ਲਈ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਰਥਾਤ ਹਓਮੈ ਦਾ ਸ਼ਿਕਾਰ ਹੋਇਆ ਫਿਰਦਾ ਹੈ। ਇਸ ਪੁਸਤਕ ਦੇ ਸਾਰੇ ਲੇਖ ਇਨਸਾਨ ਨੂੰ ਆਪਣੇ ਆਪ ਸਹੇੜੀ ਹਓਮੈ ਦੀ ਉਲਝਣ ਵਿੱਚੋਂ ਬਾਹਰ ਕੱਢਣ ਦੀਆਂ ਤਰਕੀਬਾਂ ਦਾ ਮੁਜੱਸਮਾ ਹਨ। ਜ਼ਿੰਦਗੀ ਆਪਣੇ ਆਪ ਵਿੱਚ ਵਾਹਿਗੁਰੂ ਦਾ ਸਰਵੋਤਮ ਤੋਹਫ਼ਾ ਹੈ। ਇਸ ਤੋਹਫ਼ੇ ਦਾ ਮੁੱਖ ਮੰਤਵ ਇਨਸਾਨ ਨੇ ਇਸ ਦਾ ਸਦਉਪਯੋਗ ਕਿਸੇ ਹੋਰ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਿਨਾ ਕਿਵੇਂ ਕਰਨਾ ਹੈ? ਇਹ ਸਾਰੇ ਗੁਰ 'ਸਿੱਖੀ ਸੁੱਖ ਸਾਗਰ' ਪੁਸਤਕ ਦੱਸਦੀ ਹੈ। ਪੁਸਤਕ ਦਾ ਪਹਿਲਾ ਲੇਖ 'ਇੱਕੋ ਸੁੱਖ ਦਾਤਾ' ਲੋਕਾਈ ਨੂੰ ਸਮਝਾਉਂਦਾ ਹੈ ਕਿ ਸੁੱਖ ਦੀ ਪ੍ਰਾਪਤੀ ਲਈ ਇਨਸਾਨ ਨੂੰ ਕੋਈ ਮਾਰਗ ਦਰਸ਼ਕ ਅਰਥਾਤ ਗੁਰੂ ਲੱਭਣਾ ਪਵੇਗਾ। ਉਹ ਗੁਰੂ ਤਾਂ ਹੀ ਪ੍ਰਾਪਤ ਹੋਵੇਗਾ ਜੇਕਰ ਵਾਹਿਗੁਰੂ ਦੀ ਮਿਹਰ ਹੋਵੇਗੀ। ਮਨ ਤੇ ਕਾਬੂ ਪਾ ਕੇ ਇਕਾਗਰ ਚਿਤ ਹੋਣਾ ਪਵੇਗਾ। ਦੁਨਿਆਵੀ ਪ੍ਰਾਪਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ। ਜਿਸਨੇ ਸਿੱਖੀ ਸੋਚ ਨੂੰ ਪਹਿਚਾਣ ਕੇ ਅਪਣਾ ਲਿਆ, ਉਸਦੀ ਰੂਹ ਰੌਸ਼ਨ ਹੋ ਗਈ। ਸੱਚੇ ਗੁਰੂ ਨਾਲ ਮੇਲ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮਨ ਬਹੁਤ ਚੰਚਲ ਹੁੰਦਾ ਹੈ। ਇਸ 'ਤੇ ਕਾਬੂ ਰੱਖਕੇ ਪਰਮਾਤਮਾ ਦੇ ਅੰਗ ਸੰਗ ਹੋਵੋ ਫਿਰ ਕਾਮ, ਕ੍ਰੋਧ, ਮੋਹ ਅਤੇ ਹੰਕਾਰ ਵਸ 'ਚ ਆ ਜਾਂਦੇ ਹਨ। ਸਹਿਜ, ਸੰਜਮ, ਸੰਤੋਖ, ਪ੍ਰੇਮ ਦਇਆ ਵਰਗੇ ਗੁਣ ਨਿਰਮਲ ਅੰਤਰ ਅਵਸਥਾ ਬਣਾਉਂਦੇ ਹਨ। ਪਰਮਾਤਮਾ ਸੁੱਖ ਦੇ ਕੇ ਮਨੁੱਖ ਦੇ ਜੀਵਨ ਵਿੱਚ ਅਨੰਦ ਭਰਦਾ ਹੈ। 'ਅੰਮ੍ਰਿਤ ਵੇਲਾ' ਲੇਖ ਵੀ ਸਿੱਖੀ ਵਿਚਾਰਧਾਰਾ ਅਨੁਸਾਰ ਅੰਮ੍ਰਿਤ ਵੇਲੇ ਦਾ ਸਦਉਪਯੋਗ ਕਰਨ ਦੀ ਸਲਾਹ ਦਿੰਦਾ ਹੈ। ਅੰਮ੍ਰਿਤ ਵੇਲਾ ਰਾਤ ਦੇ ਹਨ੍ਹੇਰੇ ਦੀ ਸਮਾਪਤੀ ਅਰਥਾਤ ਇਨਸਾਨ ਦੇ ਮਨ ਦੇ ਹਨ੍ਹੇਰੇ ਨੂੰ ਖ਼ਤਮ ਕਰਨ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਸਿੱਖ ਵਿਚਾਰਧਾਰਾ ਅਨੁਸਾਰ ਇਸ ਵੇਲੇ ਦਾ ਲਾਭ ਉਠਾਕੇ ਪਰਮਾਤਮਾ ਨਾਲ ਜੁੜਕੇ ਵਾਹਿਗੁਰੂ ਦੀਆਂ ਰਹਿਮਤਾਂ ਦਾ ਆਨੰਦ ਮਾਨਣ ਦਾ ਸਭ ਤੋਂ ਉਤਮ ਸਮਾਂ ਹੈ। ਅੰਮ੍ਰਿਤ ਵੇਲੇ ਸਿਮਰਨ ਕਰਨ ਨਾਲ ਤਨ ਦੇ ਨਾਲ ਮਨ ਦੇ ਅੰਦਰ ਚਲਣ ਵਾਲੇ ਵਿਕਾਰਾਂ ਦਾ ਖ਼ਤਮਾ ਹੁੰਦਾ ਹੈ। ਜਿਵੇਂ ਇਹ ਭਾਵਨਾ ਦ੍ਰਿੜ੍ਹ ਹੁੰਦੀ ਹੈ, ਤਿਵਂੇ ਮਨ ਪਰਮਤਮਾ ਦੀ ਪ੍ਰੀਤ ਵਿੱਚ ਰੰਗਿਆ ਜਾਂਦਾ ਹੈ। ਫਿਰ ਇਨਸਾਨ ਨੂੰ ਲੋੜ ਤੋਂ ਵੱਧ ਸੰਸਾਰਕ ਪਦਾਰਥਾਂ ਦੀ ਲੋੜ ਨਹੀਂ ਰਹਿੰਦੀ। ਇਨਸਾਨ ਆਲਸ ਤਿਆਗ ਕੇ ਕਿਰਿਆਸ਼ੀਲ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਜਾਗਣ ਦੀ ਪਹਿਲਾਂ ਆਪਣੀ ਮਿਸਾਲ ਦਿੱਤੀ, ਬਾਅਦ ਵਿੱਚ ਗੁਰਸਿੱਖਾਂ ਨੂੰ ਪ੍ਰੇਰਿਆ। 'ਅੰਮ੍ਰਿਤ ਇਸ਼ਨਾਨ' ਚੈਪਟਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਗੁਰਸਿੱਖ ਦਾ ਇਸ਼ਨਾਨ ਕਰਨਾ ਪਰਮਾਤਮਾ ਦਾ ਸਿਮਰਨ ਕਰਨ ਦੀ ਤਿਆਰੀ ਹੈ। ਇਸ਼ਨਾਨ ਤੋਂ ਬਾਅਦ ਕੀਤੀ ਜਾਣ ਵਾਲੀ ਪਰਮਾਤਮਾ ਦੀ ਭਗਤੀ ਮਨ ਤੇ ਤਨ ਨੂੰ ਅਰੋਗ ਕਰਨ ਵਾਲੀ ਹੋਵੇ ਤਾਂ ਇਸ਼ਨਾਨ ਕਿਰਿਆ ਵੀ ਆਨੰਦ ਕਿਰਿਆ ਬਣ ਜਾਂਦੀ ਹੈ। ਇਸ਼ਨਾਨ ਭਾਵਨਾ ਕਾਰਨ ਅੰਮ੍ਰਿਤ ਇਸ਼ਨਾਨ ਬਣ ਜਾਂਦਾ ਹੈ। ਭਾਵਨਾ ਨਾਲ ਇਸ਼ਨਾਨ ਕੀਤਾ ਹੋਵੇ ਤਾਂ ਮਨ ਨਿਰਮਲ ਹੋ ਜਾਂਦਾ ਹੈ, ਜੋ ਪਰਮਾਤਮਾ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਤ ਕਰਦੀ ਹੈ। ਇਹ ਭਾਵਨਾ ਸ਼੍ਰੇਸ਼ਟ ਗੁਣਾਂ ਦਾ ਪ੍ਰਤੀਕ ਹੈ। ਗੁਰਸਿੱਖ ਭਾਵੇਂ ਜਲ ਇਸ਼ਨਾਨ ਕਰਦਾ ਹੈ ਪਰ ਉਸਦੀ ਭਾਵਨਾ ਅੰਮ੍ਰਿਤ ਫਲ ਦੇਣ ਵਾਲੀ ਬਣ ਜਾਂਦੀ ਹੈ। ਗੁਰਬਾਣੀ ਮਨ ਅੰਦਰ ਵਸਾਉਣ ਦਾ ਫਲ ਹੁੰਦਾ ਹੈ, ਜਿਸ ਕਰਕੇ ਸਹਿਜ, ਸੰਤੋਖ, ਨਿਮ੍ਰਤਾ, ਸੰਜਮ ਅਤੇ ਸੇਵਾ ਆਦਿ ਦਾ ਗੁਣ ਪੈਦਾ ਹੋ ਜਾਂਦਾ ਹੈ। ਜਦੋਂ ਮਨ ਅੰਦਰ ਨਾਮ ਦਾ ਜਾਪ ਚਲ ਰਿਹਾ ਹੋਵੇ ਤਾਂ ਮਨ ਦੀਆਂ ਸ਼ਰਧਾ, ਪ੍ਰੇਮ ਅਤੇ ਸਮਰਪਣ ਦੀਆਂ ਤਰੰਗਾਂ ਬਾਹਰ ਦੇ ਜਲ ਨੂੰ ਨਿਰਮਲ ਤੇ ਗੁਣੀ ਬਣਾ ਦਿੰਦੀਆਂ ਹਨ। ਇਸ਼ਨਾਨ ਮਨ ਦੇ ਅੰਦਰਲੀ ਤੇ ਬਾਹਰਲੀ ਮੈਲ ਲਾਹ ਦਿੰਦਾ ਹੈ। ਸੱਚਾ ਇਸ਼ਨਾਨ ਤਾਂ ਸਾਧ ਸੰਗਤ ਵਿੱਚ ਤਨ, ਮਨ ਦੀ ਮੈਲ ਉਤਾਰਨਾ ਹੈ। ਤਨ ਦਾ ਇਸ਼ਨਾਨ ਤਾਂ ਮਨ ਦੇ ਇਸ਼ਨਾਨ ਵਲ ਵੱਧਣਾ ਹੈ। 'ਅੰਮ੍ਰਿਤ ਬਾਣੀ' ਲੇਖ ਵਿੱਚ ਲਿਖਿਆ ਹੈ ਕਿ 'ਅੰਮ੍ਰਿਤ ਬਾਣੀ' ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਗੁਰੂਆਂ, ਭਗਤਾਂ ਅਤੇ 11 ਭੱਟਾਂ ਦੀ ਬਾਣੀ ਸੰਕਲਨ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਮਿਲਤ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ। ਆਦਿ ਗ੍ਰੰਥ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਪ੍ਰਦਾਨ ਕੀਤੀ। ਸ਼ਬਦ ਸ਼ਕਤੀ ਹੈ। ਗੁਰਸਿੱਖ ਉਹ ਹੈ ਜੋ ਗੁਰੂ ਤੇ ਗੁਰਸ਼ਬਦ ਵਿੱਚ ਕੋਈ ਭੇਦ ਨਾ ਕਰੇ। ਗੁਰੂ ਨਾਲ ਮੇਲ ਲਈ ਗੁਰਸਿੱਖ, ਗੁਰ ਸ਼ਬਦ ਨਾਲ ਮਨ ਜੋੜਦਾ ਹੈ। ਸ਼ਬਦ ਤੇ ਸੁਰਤ ਦੋਵੇਂ ਨਾਲ ਨਾਲ ਚਲਣੇ ਚਾਹੀਦੇ ਹਨ। ਗੁਰਬਾਣੀ ਸਤ, ਸੰਤੋਖ ਆਦਿ ਸਾਰੇ ਉਤਮ ਗੁਣਾਂ ਨਾਲ ਜੋੜਦੀ ਹੈ। ਭਗਤੀ ਦਾ ਮਨੋਰਥ ਵੰਦਨਾ ਕਰਨਾ ਹੈ। ਇਨਸਾਨ ਨੂੰ ਚਾਕਰੀ ਇਕੋ ਇਕ ਪਰਮਾਤਮਾ ਦੀ ਕਰਨੀ ਚਾਹੀਦੀ ਹੈ। ਗੁਰਬਾਣੀ ਅਜਿਹਾ ਅੰਮ੍ਰਿਤ ਹੈ, ਜਿਸ ਦਾ ਪਾਠ ਕਰਨ ਨਾਲ ਸੁਚੱਜ ਤੇ ਕੁਚੱਜ ਦਾ ਫਰਕ ਪਤਾ ਲੱਗ ਜਾਂਦਾ ਹੈ। ਭਾਵ ਅੰਮ੍ਰਿਤ ਪ੍ਰਾਪਤ ਕਰਨ ਲਈ ਅੰਮ੍ਰਿਤ ਦ੍ਰਿਸ਼ਟੀ ਚਾਹੀਦੀ ਹੈ। ਵਿਕਾਰਾਂ ਤੇ ਮਾਇਆ ਜ਼ਰੀਏ ਜੋ ਪ੍ਰਾਪਤੀ ਹੁੰਦੀ ਹੈ, ਉਸ ਦਾ ਸੁੱਖ ਥੋੜ੍ਹੇ ਸਮੇਂ ਲਈ ਹੁੰਦਾ ਹੈ। ਗੁਰਬਾਣੀ ਸੱਚ ਦਾ ਗਿਆਨ ਹੈ। ਜੇ ਮਨ ਵੇਚ ਕੇ ਪਰਮਾਤਮਾ ਮਿਲ ਜਾਏ ਤਾਂ ਇਸ ਤੋਂ ਸਸਤਾ ਸੌਦਾ ਕੋਈ ਨਹੀਂ। ਗੁਰਬਾਣੀ ਦੇ ਅੰਮ੍ਰਿਤ ਫਲ ਦੀ ਮਿਠਾਸ ਤ੍ਰਿਪਤ ਕਰਦੀ ਹੈ। ਪਰਮਾਤਮਾ ਦਾ ਨਾਮ ਸੁੱਖਾਂ ਦਾ ਸਾਗਰ ਹੈ। ਗੁਰਬਾਣੀ ਮਨ ਅੰਦਰ ਜਲ ਰਹੀ ਤ੍ਰਿਸ਼ਨਾ ਦੀ ਅਗਨੀ ਨੂੰ ਬਝਾਉਂਦੀ ਹੈ। ਜਦੋਂ ਗੁਰਬਾਣੀ ਅੰਮ੍ਰਿਤ ਹੈ ਤਾਂ ਉਸ 'ਚੋਂ ਪ੍ਰਾਪਤ ਨਾਮ ਦੀ ਦਾਤ ਅੰਮ੍ਰਿਤ ਹੀ ਹੋਵੇਗੀ। ਗੁਰਬਾਣੀ ਸੁੱਖਾਂ ਦਾ ਅਨੰਤ ਸ੍ਰੋਤ ਹੈ। ਗੁਰਬਾਣੀ ਦਾ ਅੰਮ੍ਰਿਤ ਗੁਰਸਿੱਖ ਲਈ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਹੈ। 'ਦੁੱਖ ਕੀ ਹੈ' ਇਹ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਇਨਸਾਨ ਨੂੰ ਸੁੱਖ ਤੇ ਦੁੱਖ ਦੇ ਅੰਤਰ ਦਾ ਪਤਾ ਹੋਵੇ। ਮਨੁੱਖ ਦਾ ਆਚਰਣ ਹੀ ਦੁੱਖਾਂ ਦੀ ਪੰਡ ਭਾਰੀ ਕਰਨ ਵਾਲਾ ਹੋ ਗਿਆ ਹੈ। ਦੁੱਖ ਦੀ ਖੇਡ ਬਹੁਤ ਰਹੱਸਮਈ ਹੈ। ਦੁੱਖਾਂ ਦੇ ਕਾਰਨਾ ਦਾ ਅਸਰ ਵਿਆਪਕ ਹੈ। ਮੋਹ ਵੀ ਦੁੱਖ ਦਾ ਕਾਰਨ ਬਣਦਾ ਹੈ। ਗੁਰਸਿੱਖ ਤਾਂ ਗ੍ਰਹਿਸਤ ਜੀਵਨ ਦਾ ਪਾਲਨ ਕਰਨ ਵਾਲਾ ਹੈ ਪ੍ਰੰਤੂ ਉਸਦਾ ਜੀਵਨ ਜਲ ਵਿੱਚ ਕਮਲ ਦੇ ਫੁੱਲ ਵਰਗਾ ਨਿਰਲੇਪ ਹੋਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਸੰਸਰਿਕ ਭੋਗ ਵਿਲਾਸ ਲਈ ਸ਼ੈਦਾਈ ਹੈ। ਇਹ ਸੁੱਖ ਦੀ ਥਾਂ ਦੁੱਖ ਦਾ ਕਾਰਨ ਬਣਦੇ ਹਨ। ਮਨੁੱਖ ਸੁੱਖ ਭੋਗਣ ਲਈ ਠੱਗੀ ਮਾਰਦਾ ਹੈ। ਪਰਮਾਤਮਾ ਨੂੰ ਚੇਤੇ ਨਾ ਕਰਨਾ ਦੁੱਖਾਂ ਦੀ ਖੇਤੀ ਹੈ। ਧਰਮ ਦੇ ਨਾਂ ਤੇ ਪਾਣੀ ਰਿੜਕਿਆ ਜਾ ਰਿਹਾ ਹੈ। ਜਿਨ੍ਹਾਂ ਦੇ ਮਨ ਮੈਲੇ ਅਤੇ ਆਚਾਰ ਮੰਦੇ ਹਨ, ਉਹ ਵੀ ਧਰਮ ਕਰਮ ਦੇ ਠੇਕੇਦਾਰ ਬਣੇ ਫਿਰਦੇ ਹਨ। ਆਵਾਗਮਨ ਦਾ ਚਕ੍ਰ ਦੁੱਖ ਹੈ। ਜਨਮ ਤੇ ਮਰਨ ਦੋਵੇਂ ਹੀ ਦੁੱਖ ਹਨ। ਜਿਸ ਨੇ ਜਨਮ ਲਿਆ ਹੈ, ਉਸ ਦੀ ਮੌਤ ਤੈਅ ਹੈ। ਮਨੁੱਖ ਕਿਤਨੇ ਵੱਡੇ ਘਰ ਬਣਾ ਲਵੇ, ਰਾਤ ਤਾਂ ਬਸ ਇਕ ਕਮਰੇ ਵਿੱਚ ਹੀ ਗੁਜਰਦੀ ਹੈ। ਦੁੱਖ ਨੂੰ ਦੁੱਖ ਸਮਝਣਾ ਤੇ ਸਵੀਕਾਰ ਕਰਨਾ ਮਨੁੱਖ ਦੇ ਹੱਥ ਵਿੱਚ ਹੈ। ਰਸਨਾ ਦਾ ਰਸ ਮਨੁੱਖ ਨੂੰ ਬਹੁਤ ਦੁੱਖ ਦਿੰਦਾ ਹੈ। ਕਲਪਨਾਂ ਤੇ ਭੁਲੇਖਾ ਮਨੁੱਖ ਨੂੰ ਸੱਚ ਤੋਂ ਦੂਰ ਕਰ ਦਿੰਦਾ ਹੈ। ਪਰਮਾਤਮਾ ਤੋਂ ਵੇਮੁੱਖ ਮਨੁੱਖ ਦਾ ਚਿਤ ਸਦਾ ਵਾਸ਼ਨਵਾਂ ਵਿੱਚ ਲਗਦਾ ਹੈ। ਕਾਮ ਦਾ ਫਲ ਦੁੱਖ ਹੈ। ਸੇਵਾ ਦਾ ਫਲ ਸੁੱਖ ਹੈ। ਮੂਰਖ ਵਿਅਕਤੀ ਸੁੱਖ ਦੇ ਜੋ ਉਪਾਏ ਕਰਦਾ ਹੈ, ਉਨ੍ਹਾਂ ਤੋਂ ਹੀ ਰੋਗ ਤੇ ਦੁੱਖ ਉਪਜਦੇ ਹਨ। ਸੰਜਮ ਭਰਿਆ ਜੀਵਨ ਹੋਵੇ ਤਾਂ ਲੋੜਾਂ ਪੂਰੀਆਂ ਹੋਣ ਤੇ ਮਨ 'ਚ ਆਨੰਦ ਪੈਦਾ ਹੁੰਦਾ ਹੈ। ਜੋ ਸਮਝ ਨਾ ਆ ਸਕੇ ਉਹ ਮਾਇਆ ਹੈ। ਵਿਕਾਰ ਮਨੁੱਖ 'ਤੇ ਸੁਹਾਗੇ ਦਾ ਕੰਮ ਕਰਦੇ ਹਨ। 'ਸੁੱਖ' ਅਗਿਆਨਤਾ ਕਰਕੇ ਮਨੁੱਖ ਜਿਸ ਨੂੰ ਸੁੱਖ ਮੰਨ ਕੇ ਜੀਵਨ ਬਤੀਤ ਕਰਦਾ ਹੈ, ਅਸਲ ਵਿੱਚ ਉਹ ਸੁੱਖ ਦੇ ਭੇਖ ਵਿੱਚ ਦੁੱਖ ਸੀ। ਮਨੁੱਖ ਸੁੱਖ ਚਾਹੁੰਦਾ ਹੈ ਪ੍ਰੰਤੂ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਸੰਸਾਰ ਦੇ ਰਸ ਵਿੱਚ ਰਚਿਆ ਹੋਇਆ ਹੈ। ਮਨੁੱਖ ਨੂੰ ਭੁਲੇਖਾ ਹੈ ਕਿ ਉਸ ਕੋਲ ਜੋ ਹੈ, ਉਸ ਨੇ ਆਪ ਕਮਾਇਆ ਹੈ ਪ੍ਰੰਤੂ ਇਹ ਪਰਮਾਤਮਾ ਦੀ ਦੇਣ ਹੈ। ਜੇ ਉਹ ਸੁੱਖ ਚਾਹੁੰਦਾ ਹੈ ਤਾਂ ਪਰਮਾਤਮਾ ਦੀ ਭਗਤੀ ਕਰੇ। ਪਰਮਾਤਮਾ ਗੁਣਾਂ ਦਾ ਸਾਗਰ ਹੈ। ਇਹ ਨਹੀਂ ਹੋ ਸਕਦਾ ਕਿ ਮਨੁੱਖ ਦੁੱਖਾਂ ਦੇ ਰਾਹ 'ਤੇ ਚਲਦਾ ਵੀ ਰਹੇ ਤੇ ਸੁੱਖਾਂ ਦੀ ਆਸ ਵੀ ਕਰੇ। ਸੁੱਖ ਪਰਮਾਤਮਾ ਦੀ ਕਿਰਪਾ ਨਾਲ ਮਿਲਦੇ ਹਨ। ਸੁੱਖ ਤੇ ਦੁੱਖ ਦਾ ਅੰਤਰ ਜਾਨਣ ਲਈ ਦੋਹਾਂ ਨੂੰ ਸਮਝਣਾ ਪਵੇਗਾ। ਨਿੰਦਾ ਦੁੱਖ ਹੈ, ਲੋਭ, ਮੋਹ, ਹੰਕਾਰ, ਕਾਮ, ਕ੍ਰੋਧ ਆਦਿਕ ਦੁੱਖ ਹਨ। ਸੰਸਾਰੀ ਸੁੱਖਾਂ ਦਾ ਮੋਹ ਤਿਆਗਣਾ ਔਖਾ ਹੈ। ਪਰਮਾਤਮਾ ਦੇ ਹੁਕਮ ਅੰਦਰ ਰਹਿਣਾ ਸੁੱਖ ਹੈ। ਪਰਮਾਤਮਾ ਸੁੱਖ ਨਿਧਾਨ ਹੈ। ਜੇ ਉਹ ਮਨ ਅੰਦਰ ਵਸ ਗਿਆ ਤਾਂ ਸੁੱਖ ਹੀ ਸੁੱਖ ਹਨ। 'ਪਰਮ ਸੁੱਖ' ਸਾਰੀ ਪੁਸਤਕ ਦਾ ਸਾਰੰਸ਼ ਹੈ। ਮਾਇਆ ਤੇ ਵਿਕਾਰਾਂ ਦੀ ਕੈਦ ਤੋਂ ਆਜ਼ਾਦ ਹੋ ਜਾਣਾ ਸੁੱਖ ਦਾ ਸ਼ਿਖ਼ਰ ਹੈ। ਆਵਾਗਵਨ ਤੋਂ ਮੁਕਤ ਹੋ ਜਾਣਾ 'ਪਰਮ ਸੁੱਖ' ਹੈ। ਮਨ ਕਿਸਾਨ ਹੈ, ਜਿਸ ਨੇ ਖੇਤ ਤਿਆਰ ਕਰਨਾ ਹੈ, ਬੀਜ ਬੀਜਣੇ ਹਨ ਤੇ ਫ਼ਸਲ ਦੀ ਪੈਦਾਵਾਰ ਕਰਨੀ ਹੈ। ਮਨ ਸੁੱਖਾਂ ਦੀ ਖੇਤੀ ਕਰਨ ਜੋਗ ਬਣਦਾ ਹੈ। ਨਿਰਬਾਨ ਪਦ ਜਾਂ ਜੀਵਨ ਮੁਕਤ ਹੋਣ ਵਿੱਚ ਹੀ ਪਰਮ ਸੁੱਖ ਹੈ। ਗੁਰਸਿੱਖ ਨੇ ਜੋ ਕਰਨਾਂ ਹੈ, ਉਹ ਸਹਿਜ ਹੈ। ਉਹ ਹੀ ਸੰਪੂਰਨ ਮਨੁੱਖ ਹੈ, ਜਿਸਨੇ ਉਸਦੀ ਰਜਾ ਵਿੱਚ ਰਹਿ ਕੇ ਸਹਿਜਤਾ ਪ੍ਰਾਪਤ ਕਰ ਲਈ ਹੈ। ਡਾ ਸਤਿੰਦਰ ਸਿੰਘ ਨੇ ਸਿੱਖੀ ਸੋਚ ਤੇ ਵਿਚਾਰਧਾਰਾਂ ਨੂੰ ਸੰਖੇਪ ਵਿੱਚ ਪਾਠਕਾਂ ਨੂੰ ਪ੍ਰੋਸਕੇ ਦਿੱਤੀ ਹੈ। ਪਾਠਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।
200 ਪੰਨਿਆਂ ਅਤੇ 300 ਰੁਪਏ ਭੇਟਾ ਵਾਲੀ ਇਹ ਪੁਸਤਕ ਭਾ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪਹਿਲੀ ਕਬਾਇਲੀ ਇਸਤਰੀ ਰਾਸ਼ਟਰਪਤੀ : ਦਰੋਪਦੀ ਮੁਰਮੂ - ਉਜਾਗਰ ਸਿੰਘ
ਦੇਸ਼ ਦੇ ਸਰਬਉਚ ਅਹੁਦੇ ‘ਤੇ ਪਹੁੰਚਣ ਵਾਲੀ ਸ਼੍ਰੀਮਤੀ ਦਰੋਪਦੀ ਮੁਰਮੂ ਦੇਸ਼ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਹੋਵੇਗੀ। ਉਹ ਭਾਰਤ ਦੀ 15ਵੀਂ ਰਾਸ਼ਟਰਪਤੀ ਹੈ। ਉਸਨੇ ਯੂ ਪੀ ਏ ਦੇ ਉਮੀਦਵਾਰ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ 2 ਲੱਖ 96 ਹਜ਼ਾਰ 626 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ। ਉਹ ਐਨ ਡੀ ਏ ਦੇ ਸਾਂਝੇ ਉਮੀਦਵਾਰ ਸਨ। ਸ਼੍ਰੀਮਤੀ ਦਰੋਪਦੀ ਮੁਰਮੂ ਝਾਰਖੰਡ ਦੀ ਸਾਬਕਾ ਰਾਜਪਾਲ ਉਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼ ਤਰਾਰ ਇਸਤਰੀ ਆਗੂ ਰਹੇ ਹਨ। ਰਾਸ਼ਟਰਪਤੀ ਦੀ ਚੋਣ ਲਈ ਵੋਟਾਂ18 ਜੁਲਾੲਂੀ 2022 ਨੂੰ ਪਈਆਂ ਸਨ। ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਇਹ ਤੀਜੀ ਵਾਰ ਚੋਣ ਹੋਈ ਹੈ। ਇਸ ਤੋਂ ਪਹਿਲਾਂ 2002 ਵਿੱਚ ਏ ਪੀ ਜੇ ਅਬਦੁਲ ਕਲਾਮ ਅਤੇ 2012 ਵਿੱਚ ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਜਿੱਤੇ ਸਨ। ਇਹ ਦੋਵੇਂ ਉਮੀਦਵਾਰ ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਿੱਚੋਂ ਉਮੀਦਵਾਰ ਬਣਾਕੇ ਅਗਲੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਇਸ ਪਾਸੇ ਉਹ ਸਫਲ ਵੀ ਹੋਏ ਸਨ। 2022 ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਕਬਾਇਲੀ ਇਸਤਰੀ ਨੇਤਾ ਦਰੋਪਤੀ ਮੁਰਮੂ ਨੂੰ ਉਮੀਦਵਾਰ ਬਣਾਕੇ 2024 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਬਾਇਲੀਆਂ, ਅਨੁਸੂਚਿਤ ਜਾਤੀਆਂ ਅਤੇ ਇਸਤਰੀਆਂ ਦੀ ਵੋਟਾਂ ਵਟੋਰਨ ਦਾ ਪੈਂਤੜਾ ਵਰਤਿਆ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਬਿਜਲੀ ਵਿਭਾਗ ਦੀ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਤੱਕ ਪਹੁੰਚਣ ਵਾਲੀ ਪਹਿਲੀ ਕਬਾਇਲੀ ਇਸਤਰੀ ਹੈ। ਆਜ਼ਾਦੀ ਤੋਂ ਬਾਅਦ 1958 ਵਿੱਚ ਪੈਦਾ ਹੋਣ ਵਾਲੀ ਦੀ ਉਹ ਪਹਿਲੀ ਇਸਤਰੀ ਰਾਸ਼ਟਰਪਤੀ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿਖਿਆ ਆਪਣੇ ਗ੍ਰਹਿ ਜਨਪਦ ਤੋਂ ਪ੍ਰਾਪਤ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਭੁਵਨੇਸ਼ਵਰ ਦੇ ਰਮਾਦੇਵੀ ਮਹਿਲਾ ਕਾਲਜ ਤੋਂ ਹਾਸਲ ਕੀਤੀ। ਉਨ੍ਹਾਂ ਨੇ ਸਿੰਜਾਈ ਵਿਭਾਗ ਵਿੱਚ ਜੂਨੀਅਰ ਸਹਾਇਕ ਦੀ ਨੌਕਰੀ ਵੀ ਕੀਤੀ। 1994 ਤੋਂ 1997 ਤੱਕ ਉਨ੍ਹਾਂ ਨੈ ਰਾਏਰੰਗਪੁਰ ਦੇ ਸ੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਸੈਂਟਰ ‘ਚ ਆਨਰੇਰੀ ਐਸਿਸਟੈਂਟ ਅਧਿਆਪਕ ਦੇ ਤੋ+ ‘ਤੇ ਸੇਵਾਵਾਂ ਵੀ ਦਿੱਤੀਆਂ ਸਨ। ਉਨ੍ਹਾਂ ਆਪਣਾ ਸਿਆਸੀ ਕੈਰੀਅਰ 1997 ਵਿੱਚ ਰਾਏਰੰਗਪੁਰ ਨਗਰ ਪੰਚਾਇਤ ਦੇ ਕੌਂਸਲਰ ਤੋਂ ਸ਼ੁਰੂ ਕੀਤਾ ਅਤੇ ਨਗਰ ਪੰਚਾਇਤ ਦੀ ਉਪ ਚੇਅਰਪਰਸਨ ਬਣੀ। 2000 ਵਿੱਚ ਹੀ ਪਹਿਲੀ ਵਾਰ ਵਿਧਾਇਕਾ ਬਣਨ ਤੋਂ ਬਾਅਦ ਉਡੀਸ਼ਾ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਉਨ੍ਹਾਂ ਬੜੇ ਮਹੱਤਵਪੂਰਨ ਵਿਭਾਗਾਂ ਦੀ ਮੰਤਰੀ ਰਹਿੰਦਿਆ ਪ੍ਰਸ਼ਾਸ਼ਕੀ ਤਜ਼ਰਬਾ ਹਾਸਲ ਕੀਤਾ। ਉਡੀਸ਼ਾ ਵਿਧਾਨ ਸਭਾ ਵੱਲੋਂ ਉਨ੍ਹਾਂ ਨੂੰ 2007 ਵਿੱਚ ਸਰਵੋਤਮ ਵਿਧਾਇਕਾ ਲਈ ‘‘ਨੀਲਕੰਠ ਪੁਰਸਕਾਰ’’ ਦੇ ਕੇ ਸਨਮਾਨਤ ਕੀਤਾ ਗਿਆ ਸੀ। 2015 ਵਿੱਚ ਉਨ੍ਹਾਂ ਨੂੰ ਝਾਰਖੰਡ ਦੀ ਰਾਜਪਾਲ ਬਣਾਇਆ ਗਿਆ। ਝਾਰਖੰਡ ਦੀ ਵੀ ਉਹ ਪਹਿਲੀ ਇਸਤਰੀ ਰਾਜਪਾਲ ਸੀ। 64 ਸਾਲਾ ਸ਼੍ਰੀਮਤੀ ਦਰੋਪਦੀ ਮੁਰਮੂ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ। ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚਣ ਵਾਲੀ ਦੂਜੀ ਇਸਤਰੀ ਹਨ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਕਾਰਜਕਾਲ ਦਾ ਆਖ਼ਰੀ ਦਿਨ 24 ਜੁਲਾਈ 2022 ਹੈ। ਸ਼੍ਰੀਮਤੀ ਦਰੋਪਦੀ ਮੁਰਮੂ 25 ਜੁਲਾਈ ਨੂੰ ਆਪਣੇ ਅਹੁਦੇ ਦੀ ਸੌਂਹ ਚੁੱਕਣਗੇ।
ਉਹ ਬੇਹੱਦ ਮੁਸ਼ਕਲਾਂ ਵਿੱਚੋਂ ਲੰਘ ਕੇ ਰਾਏਸਿਨਾ ਹਿਲਜ਼ ਤੱਕ ਪਹੁੰਚੇ ਹਨ। ਉਨ੍ਹਾਂ ਦੇ ਪਤੀ ਸ਼ਿਆਮ ਚਰਣ ਮਰਮੂ ਦਾ 2014 ਵਿੱਚ ਦੇਹਾਂਤ ਹੋ ਗਿਆ ਸੀ। ਉਹ ਆਦੀਵਾਸੀ ਜਾਤੀ ਸਮੂਹ ਸੰਥਾਲ ਨਾਲ ਸੰਬੰਧ ਰੱਖਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਆਪਣੇ ਆਪ ਨੂੰ ਸੰਭਾਲਿਆ ਅਤੇ ਮੈਡੀਟੇਸ਼ਨ ਕਰਨ ਲੱਗ ਗਏ ਸਨ। ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਦੀ ਚੋਣ ਕਰਕੇ ਆਦੀਵਾਸੀ ਸ਼ਖ਼ਸੀਅਤ ਨੂੰ ਵੱਡਾ ਮਾਣ ਦਿੱਤਾ ਹੈ। ਇਸ ਸਿਆਣਪ ਦਾ ਅਸਰ ਭਾਰਤੀ ਜਨਤਾ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾ ਵਿੱਚ ਦਿਖਣ ਨੂੰ ਮਿਲੇਗਾ। ਦੇਸ਼ ਵਿੱਚ ਵੱਖ-ਵੱਖ ਕਬੀਲਿਆਂ ਨਾਲ ਸੰਬੰਧਤ 10 ਕਰੋੜ ਤੋਂ ਵਧੇਰੇ ਵਸੋਂ ਹੈ। ਇਹ ਚੋਣ ਦੂਰ ਦਰਾਜ ਇਲਾਕਿਆਂ ਦੇ ਕਬੀਲਿਆਂ ਨੂੰ ਦੇਸ਼ ਨਾਲ ਜੋੜਨ ਦੇ ਸਮਰੱਥ ਹੋਵੇਗੀ। ਭਾਰਤੀ ਜਨਤਾ ਪਾਰਟੀ ਆਪਣਾ ਹਰ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖਕੇ ਲੈ ਰਹੀ ਹੈ। ਉਹ ਆਪਣਾ ਹਿੰਦੂਤਵ ਦਾ ਰਾਗ ਅਲਾਪ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਲਗਾਤਾਰ ਦੋ ਵਾਰ 2014 ਅਤੇ 2019 ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਚੁੱਕੀ ਹੈ। ਤੀਜੀ ਵਾਰ ਵੀ ਉਹ ਹਰ ਹੀਲਾ ਵਰਤਕੇ ਸਰਕਾਰ ਬਣਾਉਣ ਦੀਆਂ ਤਰਕੀਬਾਂ ਬਣਾ ਰਹੀ ਹੈ। 2014 ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਹੋਣ ਕਰਕੇ ਵਿਰੋਧੀ ਧਿਰਾਂ ਨੂੰ ਵਿਸ਼ਵਾਸ਼ ਵਿੱਚ ਲਏ ਤੋਂ ਬਿਨਾ ਫ਼ੈਸਲੇ ਲੈਂਦੀ ਆ ਰਹੀ ਹੈ। ਜਿਹੜਾ ਵੀ ਫ਼ੈਸਲਾ ਲੈ ਲੈਂਦੀ ਹੈ, ਉਸ ‘ਤੇ ਟੱਚ ਤੇ ਮਸ ਨਹੀਂ ਹੁੰਦੀ। 2014 ਤੋਂ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਬਹੁਤੇ ਫ਼ੈਸਲਿਆਂ ਕਰਕੇ ਵਾਦਵਿਵਾਦ ਵਿੱਚ ਹੀ ਰਹੀ ਹੈ ਕਿਉਂਕਿ ਉਨ੍ਹਾਂ ਦੇ ਫ਼ੈਸਲੇ ਆਰ ਐਸ ਐਸ ਦੀਆਂ ਨੀਤੀਆਂ ਅਨੁਸਾਰ ਹੁੰਦੇ ਹਨ। ਇਕ ਕਿਸਮ ਨਾਲ ਪਾਰਟੀ ਦਾ ਥਿੰਕ ਟੈਂਕ ਆਰ ਐਸ ਐਸ ਹੀ ਹੈ। ਉਨ੍ਹਾਂ ਨੇ ਆਰ ਐਸ ਐਸ ਦੇ ਕੱਟੜ ਸਮੱਰਥਕ ਨੂੰ ਹੀ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ। ਹੁਣ ਤੱਕ ਦੇ ਮਹੱਤਵਪੂਰਨ ਫ਼ੈਸਲੇ ਜਿਨ੍ਹਾਂ ਦੀ ਵਜਾਹ ਕਰਕੇ ਵਾਦਵਿਵਾਦ ਖੜ੍ਹੇ ਹੁੰਦੇ ਰਹੇ ਹਨ, ਉਨ੍ਹਾਂ ਵਿੱਚ ਨੋਟ ਬੰਦੀ ਕਰਕੇ ਕਾਲਾ ਧਨ ਵਾਪਸ ਮੰਗਵਾਉਣਾ, ਨਾਗਰਿਕ ਸੋਧ ਕਾਨੂੰਨ, ਏਅਰ ਪੋਰਟ ਤੇ ਰੇਲਵੇ ਵੇਚਣਾ, ਕੋਵਿਡ ਸਮੇਂ ਬੁਰੀ ਤਰ੍ਹਾਂ ਫੇਲ ਹੋਣਾ, ਮਹਿੰਗਾਈ ਦਾ ਵੱਧਣਾ, ਪੈਟਰੌਲ ਅਤੇ ਗੇੈਸ ਦੀਆਂ ਕੀਮਤਾਂ ਦਾ ਦੁਗਣਾ ਹੋਣਾ, ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕਰਨਾ ਅਤੇ ਕੇਂਦਰੀ ਸ਼ਾਸ਼ਤ ਸੂਬਾ ਬਣਾਉਣਾ, ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਬਣਾਉਣਾ, ਆਯੋਧਿਆ ਵਿੱਚ ਮੰਦਰ ਬਣਾਉਣਾ, ਘੱਟ ਗਿਣਤੀਆਂ ਦਾ ਆਪਣੇ ਆਪ ਨੂੰ ਮਹਿਫੂਜ ਨਾ ਸਮਝਣਾ, ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਪ੍ਰਾਈਵੇਟਸ਼ਨਜ਼ ਨੂੰ ਪਹਿਲ ਦੇਣਾ ਅਤੇ ਫ਼ੌਜ ਵਿੱਚ ਰੈਗੂਲਰ ਭਰਤੀ ਬੰਦ ਕਰਕੇ ਅਗਨੀਪਥ ਸ਼ੁਰੂ ਕਰਨਾ, ਸੂਬਿਆਂ ਦੀਆਂ ਫ਼ੌਜ ਦੀਆਂ ਰੈਗੂਲਰ ਯੂਨਿਟਾਂ ਖ਼ਤਮ ਕਰਨੀਆਂ ਆਦਿ ਹਨ। ਉਪਰੋਕਤ ਸਾਰੇ ਫ਼ੈਸਲਿਆਂ ਦਾ ਆਮ ਜਨਤਾ ਨੇ ਹਮੇਸ਼ਾ ਵਿਰੋਧ ਕੀਤਾ ਪ੍ਰੰਤੂ ਸਰਕਾਰ ਨੇ ਇਨ੍ਹਾਂ ਵਿੱਚੋਂ ਸਿਰਫ ਖੇਤੀ ਕਾਨੂੰਨ ਵਾਪਸ ਲਏ ਹਨ ਬਾਕੀਆਂ ਬਾਰੇ ਲੋਕਾਈ ਅਤੇ ਵਿਰੋਧੀ ਪਾਰਟੀਆਂ ਦੀ ਸੁਣੀ ਨਹੀਂ ਗਈ। ਅਗਨੀਪਥ ਸਕੀਮ ਬਾਰੇ ਭਾਰਤ ਦੇ ਲੋਕਾਂ ਵਿੱਚ ਸ਼ੰਕਾ ਹੈ ਕਿ ਆਰ ਐਸ ਐਸ ਦੇ ਮੈਂਬਰਾਂ ਨੂੰ ਅਸਲੇ ਚਲਾਉਣ ਦੀ ਸਿਖਿਆ ਦੇਣ ਲਈ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗ਼ੈਰ ਭਾਰਤੀ ਜਨਤਾ ਪਾਰਟੀ ਦੀਆਂ ਸੂਬਾ ਸਰਕਾਰਾਂ ਤੋਂ ਬਿਨਾ ਬਾਕੀ ਸਾਰੀਆਂ ਸਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਵੀ ਲੋਕਾਂ ਵਿੱਚ ਗੁੱਸੇ ਦਾ ਵਧਣਾ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਕੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਦੇ ਪ੍ਰਾਪੇਗੰਡੇ ਨੂੰ ਠਲ ਪਾਉਣ ਵਿੱਚ ਸਫਲ ਹੋਈ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਜ਼ਮੀਨੀ ਪੱਧਰ ਦੀ ਫਾਇਰ ਬਰਾਂਡ ਆਗੂ ਹੈ। ਉਸਦੀ ਚੋਣ ਅਗਲੇ ਦੋ ਸਾਲਾਂ ਵਿੱਚ ਦੋ ਕਬਾਇਲੀ ਇਲਾਕਿਆਂ ਵਾਲੇ ਛਤੀਸ਼ਗੜ੍ਹ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਲਗਦੀ ਹੈ। ਅਜਿਹੇ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਇਕ ਵੰਗਾਰ ਹੋਵੇਗੀ। ਸਿਆਸਤਦਾਨਾ ਵਿੱਚ ਵਿਚਾਰਧਾਰਾ ਦੀ ਥਾਂ ਮੌਕਾ ਪ੍ਰਸਤੀ ਭਾਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸਰਕਾਰੀ ਅਸਰ ਰਸੂਖ ਨਾਲ ਕਈ ਰਾਜਾਂ ਵਿੱਚ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜਕੇ ਸਰਕਾਰਾਂ ਬਣਾ ਲਈਆਂ ਹਨ। ਤਾਜ਼ਾ ਘਟਨਾਕਰਮ ਮਹਾਰਾਸ਼ਟਰ ਵਿੱਚ ਵਿਰੋਧੀ ਪਾਰਟੀਆਂ ਦੀ ਸਾਂਝੀ ਸਰਕਾਰ ਤੋੜਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ। ਅਗਲੀਆਂ ਲੋਕ ਸਭਾ ਚੋਣਾ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾ ਮਿਲਿਆ ਤਾਂ ਰਾਸ਼ਟਰਪਤੀ ਦਾ ਅਹੁਦਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਜਿਸ ਕਰਕੇ ਉਹ ਗਿਆਨੀ ਜ਼ੈਲ ਸਿੰਘ ਦੇ ਸਮੇਂ ਹੋਏ ਘਟਨਾਕਰਮ ਨੂੰ ਮੁੱਖ ਰੱਖਕੇ ਰਣਨੀਤੀ ਬਣਾ ਰਹੇ ਹਨ। ਉਦਾਹਰਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗਿਆਨੀ ਜ਼ੈਲ ਸਿੰਘ ਦੇ 1982 ਤੋਂ 87 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਦੌਰਾਨ ਕਾਂਗਰਸ ਪਾਰਟੀ ਨਾਲ ਸੰਬੰਧ ਚੰਗੇ ਨਹੀਂ ਰਹੇ ਸਨ। ਉਨ੍ਹਾਂ ਪੋਸਟਲ ਬਿਲ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਹਾਲਾਂ ਕਿ ਗਿਆਨੀ ਜ਼ੈਲ ਸਿੰਘ ਦੇ ਸੰਜੇ ਗਾਂਧੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਬਹੁਤ ਚੰਗੇ ਸੰਬੰਧ ਸਨ। ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਉਹ ਆਪਣੇ ਨੇਤਾ ਦੇ ਕਹਿਣ ‘ਤੇ ਝਾੜੂ ਲਗਾਉਣ ਲਈ ਤਿਆਰ ਹਨ, ਜਿਨ੍ਹਾਂ ਨੇ ਉਸ ਵਿੱਚ ਇਤਨਾ ਵੱਡਾ ਭਰੋਸਾ ਪ੍ਰਗਟ ਕੀਤਾ ਹੈ। ਫਿਰ ਵੀ ਗਿਆਨੀ ਜ਼ੈਲ ਸਿੰਘ ਦੇ ਇੰਦਰਾ ਗਾਂਧੀ ਨਾਲ ਸੰਬੰਧ ਚੰਗੇ ਨਾ ਰਹਿਣਾ ਇਕ ਬੁਝਾਰਤ ਸੀ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੂਨ 1984 ਵਿੱਚ ਬਲਿਊ ਸਟਾਰ ਅਪ੍ਰੇਸ਼ਨ ਕਰਨ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ ਜਦੋਂ ਕਿ ਉਹ ਤਿੰਨਾ ਫ਼ੌਜਾਂ ਦੇ ਕਮਾਂਡਰ ਇਨ ਚੀਫ਼ ਸਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨਾ ਸੈਨਾਵਾਂ ਦਾ ਮੁੱਖੀ ਹੀ ਬਣਾਕੇ ਰਾਸ਼ਟਰਪਤੀ ਦੇ ਅਹੁਦੇ ਦੇ ਪਰ ਕੁਤਰ ਦਿੱਤੇ ਹਨ। ਜਦੋਂ ਸ਼੍ਰੀਮਤੀ ਇੰਦਰਾ ਦਾ ਕਤਲ ਹੋਇਆ ਸੀ ਤਾਂ ਗਿਆਨੀ ਜ਼ੈਲ ਸਿੰਘ ਨੇ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਸ਼੍ਰੀ ਪ੍ਰਣਾਬ ਮੁਕਰਜੀ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰੋਟੋਕੋਲ ਤੋੜਕੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ, ਫਿਰ ਵੀ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਦੇ ਸੰਬੰਧਾਂ ਵਿੱਚ ਖਟਾਸ ਆ ਗਈ ਸੀ। ਅਜਿਹੇ ਹਾਲਤ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾਕੇ ਆਪਣੇ ਹੱਥ ਮਜ਼ਬੂਤ ਕੀਤੇ ਹਨ ਕਿਉਂਕਿ ਉਹ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸਤਿੰਦਰ ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ - ਉਜਾਗਰ ਸਿੰਘ
ਸਤਿੰਦਰ ਸਿੰਘ ਨੰਦਾ ਆਪਣੇ ਜ਼ਮਾਨੇ ਦਾ ਜਾਣਿਆਂ ਪਹਿਚਾਣਿਆਂ ਰੰਗ ਕਰਮੀ ਹੈ। ਉਸਨੇ ਆਪਣਾ ਸਾਰਾ ਜੀਵਨ ਰੰਗ ਮੰਚ ਨੂੰ ਸਮਰਪਤ ਕੀਤਾ ਹੈ। ਨਾਟਕ ਹੀ ਉਸਦੀ ਜ਼ਿੰਦ ਜਾਨ ਹਨ। ਉਨ੍ਹਾਂ ਦੇ ਨਾਟਕਾਂ ਨੂੰ ਵੇਖਕੇ ਜਿਉਂਦੀ ਜਾਗਦੀ ਜ਼ਿੰਦਗੀ ਦੇ ਦਰਸ਼ਨ ਹੋ ਜਾਂਦੇ ਹਨ। ਹੁਣ ਤੱਕ ਉਨ੍ਹਾਂ ਦੀਆਂ ਇਕ ਦਰਜਨ ਦੇ ਕਰੀਬ ਨਾਟਕ, ਅੱਧੀ ਦਰਜਨ ਇਕਾਂਗੀ, ਦੋ ਨਾਵਲ ਅਤੇ ਦੋ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਬਹੁਪੱਖੀ ਅਤੇ ਬਹੁਪਰਤੀ ਲੇਖਕ ਤੇ ਰੰਗ ਕਰਮੀ ਹੈ। ਰੰਗ ਤਮਾਸ਼ੇ ਪੁਸਤਕ ਵਿੱਚ ਉਨ੍ਹਾਂ ਦੇ 9 ਨਾਟਕ ਹਨ। ਇਹ ਨਾਟਕ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚਲੇ ਕੁਝ ਪਾਤਰ ਇਤਿਹਾਸਿਕ ਹਨ। ਕਈ ਨਾਟਕ ਵੀ ਇਤਿਹਾਸਕ ਅਤੇ ਧਾਰਮਿਕ ਘਟਨਾਵਾਂ ਨਾਲ ਸੰਬੰਧਤ ਹਨ। ਅਜਿਹੇ ਨਾਟਕ ਲਿਖਣ ਲਈ ਇਤਿਹਾਸ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਸਤਿੰਦਰ ਸਿੰਘ ਨੰਦਾ ਨੇ ਇਤਿਹਾਸਿਕ ਪ੍ਰਸਿਥਿਤੀਆਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਸਨੂੰ ਇਤਿਹਾਸ ਬਾਰੇ ਵੀ ਪੂਰੀ ਜਾਣਕਾਰੀ ਹੈ। ਭਾਵ ਉਸਨੇ ਇਤਿਹਾਸ ਪੜ੍ਹਿਆ ਹੋਇਆ ਹੈ। ਭਾਸ਼ਾ ਵਿਭਾਗ ਪੰਜਾਬ ਵਿੱਚ ਜ਼ਿੰਮੇਵਾਰੀ ਨਿਭਾਉਣ ਕਰਕੇ ਸਾਹਿਤ ਅਤੇ ਇਤਿਹਾਸ ਨਾਲ ਉਹ ਬਾਵਾਸਤਾ ਰਹੇ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਉਸਦੇ ਨਾਟਕਾਂ ਵਿੱਚ ਸਮਾਜਿਕ, ਆਰਥਿਕ, ਧਾਰਮਿਕ ਅਤੇ ਇਤਿਹਾਸਿਕਤਾ ਦਾ ਸੁਮੇਲ ਹੈ ਤਾਂ ਕੋਈ ਅਤਕਥਨੀ ਨਹੀਂ। ਇਨ੍ਹਾਂ ਸਾਰੇ ਨਾਟਕਾਂ ਦੀ ਬੋਲੀ ਅਤੇ ਸ਼ੈਲੀ ਆਮ ਘਰਾਂ ਵਿੱਚ ਬੋਲਚਾਲ ਵਾਲੀ ਬੋਲੀ ਹੈ। ਪਾਤਰਾਂ ਦੀ ਬੋਲੀ ਦਰਸ਼ਕਾਂ ਦੇ ਮਨਾਂ ਨੂੰ ਮੋਂਹਦੀ ਹੋਈ ਆਪਣੇ ਨਾਲ ਜੋੜ ਲੈਂਦੀ ਹੈ। ਸਮੇਂ, ਸਥਾਨ, ਹਾਲਾਤ ਅਤੇ ਪਾਤਰ ਅਨੁਸਾਰ ਬੋਲੀ ਬੁਲਾਈ ਗਈ ਹੈ। ਉਦਾਹਰਣ ਦੇ ਤੌਰ ‘ਤੇ ਧੂੰਏ ਦੇ ਬੱਦਲ’ ਨਾਟਕ ਵਿੱਚ ਲਤਾ ਦੀ ਆਵਾਜ ਆਉਂਦੀ ਹੈ, ‘ਗੋਡੇ ਗੋਡੇ ਦਿਨ ਉਤਰ ਆਇਐ ਤੇ ਇਥੇ ਸਾਰੇ ਲੰਮੀਆਂ ਤਾਣ ਕੇ ਸੁਤੇ ਹੋਏ ਨੇ। ਵੇ ਕੋਈ ਸੁਣਦਾ ਏ ਮੇਰੀ ਵਾਜ’? ਅਰਵਿੰਦ ਕਹਿੰਦਾ, ‘ਇਸ ਕਲਮੂੰਹੀ ਨੂੰ ਆਪਾਂ ਚੰਗਾ ਸਮਝਦੇ ਸੀ, ਪਰ ਇਹੀ ਨੱਕ ਡਬੋਣ ਲੱਗੀ ਏ ਆਪਣਾ।’ ‘ਪੂਰਨ ਖਸਮ ਹਮਾਰੇ’ ਨਾਟਕ ਵਿੱਚ ਚੰਦੂ ਕਹਿੰਦਾ ‘ਬਹੁਤ ਬਕੜਵਾਹ ਕਰ ਰਿਹਾ ਹੈ। ਹਨੇਰ ਕੋਠੜੀ ਵਿਚ ਲਿਜਾ ਕੇ ਭੁਗਤ ਸਵਾਰੋ ਤਾਂ ਜੋ ਇਸ ਦੀ ਟੈਂ ਟੈਂ ਨੂੰ ਕੋਈ ਹੋਰ ਨਾ ਸੁਣ ਲਵੇ।’ ਕਿਰਾਏਦਾਰ ਵਿਚ ਕੁਲਦੀਪ ਕਹਿੰਦਾ ‘ਸਿਵਾਏ ਫ਼ਜ਼ੂਲ ਦੀਆਂ ਗੱਲਾਂ ਤੋਂ ਤੁਹਾਨੂੰ ਕੁਝ ਹੋਰ ਵੀ ਆਉਂਦਾ ਏ?’ ਸੁਆਹ ਤੇ ਖੇਹ ਆਉਂਦਾ ਏ। ਦਫ਼ਤਰ ਵਿਚ ਅਫ਼ਸਰਾਂ ਦੀ ਚਪਲੂਸੀ ਤੇ ਘਰ ਵਿੱਚ। ‘ਕਰਮਯੋਗੀ’ ਵਿਚ ਦਸੌਂਧੀ ਰਾਮ ਕਹਿੰਦਾ ‘ਪਿਉ ਮਰ ਗਿਆ। ਭਰਾਵਾਂ ਜਾਇਦਾਦ ਹੜੱਪ ਲੲਂੀ ਤੇ ਅੱਧ ਮਰਿਆ ਕਰਕੇ ਘਰੋਂ ਕੱਢ ਦਿੱਤਾ’। ‘ਥਿੜਕਦੇ ਕਦਮ’ ਵਿਚ ਅਮਰ ਨਾਂ ਦਾ ਪਾਤਰ ਕਹਿੰਦਾ ‘ ਕਿਤਨੀ ਵਾਰ ਕਹਿ ਚੁੱਕੇ ਹਾਂ ਚੋਂਦੇ ਚੋਂਦੇ ਗਾਣੇ ਲਾਇਆ ਕਰ, ਪਰ ਕੀ ਮਜ਼ਾਲ ਕਿ ਕੰਨਾਂ ਉਤੇ ਜੂੰ ਸਰਕ ਜਾਵੇ’। ‘ਸਿੱਖੀ ਸਿਦਕ’ ਵਿੱਚ ਹੀਰਾ ਸਿੰਘ ਪਾਤਰ ਕਹਿੰਦਾ ਹੈ ‘ ਮੇਰੇ ਗੁਰੂ ਦੇ ਸਿੰਘੋ, ਜੋ ਕੰਮ ਕਰਨ ਦਾ ਮੈਨੂੰ ਹੁਕਮ ਸੀ, ਸੋ ਹੋ ਚੁਕਾ ਹੈ। ਅੱਗੇ ਕਹਿੰਦਾ ਹੈ, ਜਿਨ੍ਹਾਂ ਨੇ ਸੀਸ ਤਲੀ ਉਤੇ ਰੱਖਿਆ ਹੋਇਆ ਹੈ, ਉਹ ਇਥੇ ਠਹਿਰ ਜਾਣ’। ‘ਭਲਕ ਅਜੇ ਦੂਰ ਹੈ’ ਵਿੱਚ ਥਾਣੇਦਾਰ ਕਹਿੰਦਾ ਹੈ ‘ ਜਾਹ ਬੰਦ ਕਰ ਓਏ ਬੰਤਿਆ ਏਸ ਢਕਵੰਜ ਨੂੰ’। ਮਹੰਤ ਥਾਣੇਦਾਰ ਨੂੰ ਕਹਿੰਦਾ ‘ਜਨਤਾ ਨੂੰ ਬੇਫ਼ਜ਼ੂਲ ਤੰਗ ਕਰਨਾ ਤਾਂ ਥੋਡਾ ਕਿੱਤੈ।’ ‘ਨਿਰੰਜਨੀ ਜੋਤ’ ਵਿੱਚ ਗੁਰਸੇਵਕ ਕਹਿੰਦਾ ‘ ਹਨੇਰੇ ਵਿੱਚ ਰੱਖਣ ਵਾਲੀ ਕੋਈ ਗੱਲ ਨਹੀਂ, ਭੁਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਇਰਾਦਾ ਹੈ।’ ਜਹਾਂਗੀਰ ਕਹਿੰਦਾ ‘ਇਹ ਤਾਂ ਬਚਪਨ ਦਾ ਭੂਤ ਹੈ, ਜੋ ਹੌਲੀ ਹੌਲੀ ਉਤਰ ਜਾਵੇਗਾ।’ ‘ਕਉਣੁ ਜਾਣੈ ਪੀਰ ਪਰਾਈ’ ਵਿੱਚ ‘ਸੁਲੀਨਾ : ਮੱਥਾ ਟੇਕਦੀ ਆਂ ਮਾਤਾ! ਮਾਤਾ: ਜਾਹ, ਜਾ ਕੇ ਕੰਮ ਕਰ ਆਪਣਾ ’ ਆਦਿ। ਵਿਸ਼ਿਆਂ ਦੀ ਚੋਣ ਵੀ ਕਮਾਲ ਦੀ ਹੈ। ‘ਧੂੰਏਂ ਦੇ ਬੱਦਲ’ ਦੇ ਵਿਸ਼ੇ ਦੋਵੇਂ ਨੌਕਰੀ ਰਹੇ ਪਤਨੀ ਦੀਆਂ ਸਮੱਸਿਆਵਾਂ, ਮਹਿੰਗਾਈ, ਬੱਚਿਆਂ ਦੇ ਪਿਆਰ ਸੰਬੰਧ, ਟੈਲੀਵਿਜਨ ਦੇ ਪ੍ਰੋਗਰਾਮਾ ਦਾ ਬੱਚਿਆਂ ‘ਤੇ ਪ੍ਰਭਾਵ, ਸ਼ਹਿਰਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ, ਮਾਪਿਆਂ ਦੀ ਅਣਗਹਿਲੀ ਆਦਿ ਹਨ, ਜਿਨ੍ਹਾਂ ਦਾ ਪ੍ਰਭਾਵ ਆਮ ਲੋਕਾਂ ਦੇ ਜੀਵਨ ‘ਤੇ ਪੈ ਰਿਹਾ ਹੈ। ‘ਪੂਰਨ ਖਸਮ ਹਮਾਰੇ’ ਦਾ ਵਿਸ਼ਾ ਮੁਗਲ ਸ਼ਾਸ਼ਕਾਂ ਦੇ ਸਿੱਖਾਂ ਉਤੇ ਕੀਤੇ ਜ਼ੁਲਮ ਖਾਸ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸਿਖਾਂ ਵੱਲੋਂ ਵਿਰੋਧ ਤੇ ਇਨਸਾਫ ਲਈ ਜਦੋਜਹਿਦ ਬਾਰੇ ਹੈ। ਸ਼ਹਿਨਸ਼ਾਹਾਂ ਦੇ ਚੋਚਲੇ ਅਤੇ ਐਸ਼ ਪ੍ਰਸਤੀ ਨੂੰ ਵੀ ਵਿਸ਼ਾ ਬਣਾਇਆ ਗਿਆ ਹੈ। ਇਹ ਨਾਟਕ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ‘ਕਿਰਾਏਦਾਰ’ ਵਿੱਚ ਨਾਟਕਕਾਰ ਨੇ ਕਈ ਵਿਸ਼ੇ ਲਏ ਹਨ। ਤਾਈ ਰਾਮਭਜਨੀ ਫਫੇਕੁਟਣੀ ਜਿਹੜੀ ਲਾਈ ਲੂਤੀ ਲਾ ਕੇ ਲੜਾਈ ਕਰਵਾਉਂਦੀ ਹੈ। ਬਜ਼ੁਰਗਾਂ ਦੀ ਬੇਕਦਰੀ ਅਤੇ ਹਮ ਉਮਰਾਂ ਦਾ ਮੋਹ, ਇਕ ਦੂਜੇ ਦਾ ਨੁਕਸਾਨ ਕਰਨ ਦਾ ਸੋਚਣਾ, ਆਂਢ ਗੁਆਂਢ ਦੇ ਝਗੜੇ, ਮਾਲਕ ਮਕਾਨ ਤੇ ਕਿਰਾਏਦਾਰਾਂ ਦੀ ਖਹਿਬਾਜ਼ੀ, ਜਨਾਨੀਆਂ ਦੀ ਸ਼ਰੀਕੇਬਾਜ਼ੀ, ਇਕ ਦੂਜੀ ਜਨਾਨੀ ਤੇ ਸ਼ੱਕ ਕਰਨਾ ਆਦਿ ਆਮ ਜਿਹੀ ਗੱਲ ਹੈ, ਜਿਸਨੂੰ ਇਸ ਨਾਟਕ ਵਿੱਚ ਦਰਸਾਇਆ ਗਿਆ ਹੈ। ‘ਕਰਮਯੋਗੀ’ ਪਟਿਆਲਾ ਦੇ ਇਕ ਸਿਰਮੌਰ ਸਮਾਜ ਸੇਵਕ ਜਿਹੜਾ ਲਾਵਾਰਸ਼ ਲਾਸ਼ਾਂ ਦੇ ਸਸਕਾਰ ਕਰਦਾ ਸੀ ਅਤੇ ਅਜਿਹੇ ਲੂਲੇ ਲੰਗੜੇ, ਮੰਦਬੁੱਧੀ ਬਸਹਾਰਾ ਲੋਕਾਂ ਦੀ ਖੁਦ ਵੇਖ ਭਾਲ ਕਰਦਾ ਸੀ, ਉਸਦਾ ਨਾਂ ਸੀ ਵੀਰ ਜੀ ਦਸੌਂਧੀ ਰਾਮ। ਇਹ ਨਾਟਕ ਉਸ ਮਹਾਨ ਵਿਅਕਤੀ ਦੀ ਜ਼ਿੰਦਗੀ ‘ਤੇ ਲਿਖਿਆ ਗਿਆ ਨਾਟਕ ਸੀ, ਜਿਸਦੀ ਪ੍ਰੇਰਨਾ ਸਦਕਾ ਅੱਜ ਪਟਿਆਲਾ ਨੂੰ ਸਮਾਜ ਸੇਵਕਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ‘ਥਿੜਕਦੇ ਕਦਮ’ ਸਮਾਜਿਕ ਤਾਣੇ ਬਾਣੇ ‘ਤੇ ਆਧੁਨਿਕਤਾ ਦੀ ਚੜ੍ਹੀ ਪਾਣ ਦਾ ਸਬੂਤ ਹੈ। ਬਦਲਦੇ ਹਾਲਾਤ ਵਿੱਚ ਮਰਦ ਔਰਤ ਦੇ ਸੰਬੰਧਾਂ ਦੀ ਤਰਜਮਾਨੀ ਹੁੰਦੀ ਹੈ। ਮਰਦ ਔਰਤ ਹੁਣ ਪੁਰਾਤਨ ਘਸੇ ਪਿਟੇ ਵਿਚਾਰਾਂ ਦੀ ਗ਼ੁਲਾਮ ਨਹੀਂ ਹਨ। ਉਹ ਤਾਂ ਖੁਲ੍ਹ ਦਿਲੀ ਨਾਲ ਵਿਚਰਦੇ ਹਨ। ‘ਸਿੱਖੀ ਸਿਦਕ’ ਮਾਲੇਰਕੋਟਲਾ ਵਿਖੇ ਨਾਮਧਾਰੀ ਕੂਕਿਆਂ ਨੂੰ ਅੰਗਰੇਜ਼ਾ ਵੱਲੋਂ ਤੋਪਾਂ ਨਾਲ ਉੜਾਉਣ ਦੀ ਗਾਥਾ ਹੈ, ਕਿਸ ਤਰ੍ਹਾਂ ਨਾਮਧਾਰੀ ਸਿੱਖੀ ਸਿਦਕ ਦਾ ਸਬੂਤ ਦਿੰਦੇ ਹੋਏ ਜਾਨਾ ਵਾਰ ਜਾਂਦੇ ਹਨ। ਇਥੇ ਹੀ ਬਰਕਤ ਖ਼ਾਂ ਵਰਗੇ ਹਾਅਦਾ ਨਾਅਰਾ ਵੀ ਮਾਰਦੇ ਹਨ। ਉਨ੍ਹਾਂ ਦੇ ਸਿਦਕ ਦੀ ਵੀ ਕਮਾਲ ਹੈ। ਛੋਟੇ ਬਿਸ਼ਨ ਸਿੰਘ ਵਰਗੇ ਬੱਚੇ ਵੀ ਦਲੇਰੀ ਨਾਲ ਕੁਰਬਾਨੀ ਦਿੰਦੇ ਹਨ ਪ੍ਰੰਤੂ ਸਿੱਖੀ ਤੋਂ ਮੂੰਹ ਮੋੜਨ ਤੋਂ Çੲਨਕਾਰ ਕਰਦੇ ਹਨ। ‘ਭਲਕ ਅਜੇ ਦੂਰ ਹੈ’ ਨਾਟਕ ਵਿੱਚ ਰਾਜਨੀਤੀ ਵਿੱਚ ਭਰਿਸ਼ਟਾਚਾਰ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਰਾਜਨੀਤਕ ਲੋਕ ਚੋਣਾ ਜਿੱਤਣ ਲਈ ਜਿਹੜੇ ਹੱਥਕੰਡੇ ਵਰਤਦੇ ਹਨ। ਨਸ਼ੇ ਅਫੀਮ ਅਤੇ ਪੈਸੇ ਆਦਿ ਵੰਡਦੇ ਹਨ। ਚੋਣਾ ਜਿੱਤਣ ਤੋਂ ਬਾਅਦ ਲੋਕਾਂ ਨੂੰ ਅੱਖੋਂ ਪ੍ਰੋਖੇ ਕਰਦੇ ਹਨ। ਕਾਰਜਕਾਰੀ ਨਾਲ ਮਿਲੀਭੁਗਤ ਕਰਕੇ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਕਰਦੇ ਹਨ। ਵਿਭਚਾਰੀ ਵੀ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਪ੍ਰੰਤੂ ਹੁਣ ਨੌਜਵਾਨਾ ਵਿੱਚ ਜਾਗ੍ਰਤੀ ਆਉਣ ਨਾਲ ਹਾਲਾਤ ਬਦਲ ਰਹੇ ਹਨ। ਇਸ ਪੁਸਤਕ ਦਾ ਨੌਵਾਂ ਅਤੇ ਆਖ਼ਰੀ ਨਾਟਕ ‘ਕਉਣ ਜਾਣੈ ਪੀਰ ਪਰਾਈ’ ਵੀ ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਨਾਲ ਸੰਬੰਧਤ ਹੈ। ਇਸ ਵਿੱਚ ਦੁਹਰਾਓ ਵੀ ਹੈ। ਮੁਗਲਾਂ ਦੇ ਜ਼ੁਲਮਾ ਦੀ ਦਾਸਤਾਂ ਹੈ। ਖਾਲਸਾ ਸਿਰਜਣਾ ਦਾ ਬਿਰਤਾਂਤ ਹੈ। ਸਤਿੰਦਰ ਸਿੰਘ ਨੰਦਾ ਦੇ ਨਾਟਕ ਖੇਡਣ ਲਈ ਵਧੇਰੇ ਪਾਤਰਾਂ, ਸਾਜੋ ਸਾਮਾਨ ਅਤੇ ਢਾਂਚੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਜੋ ਅਜੋਕੇ ਸਮੇਂ ਮਹਿੰਗੀ ਪੈ ਸਕਦੀ ਹੈ। ਜਿਸ ਸਮੇਂ ਇਹ ਨਾਟਕ ਲਿਖੇ ਗਏ ਹਨ, ਸ਼ਾਇਦ ਉਸ ਸਮੇਂ ਬਹੁਤੀ ਮੁਸ਼ਕਲ ਨਾ ਹੁੰਦੀ ਹੋਵੇਗੀ।
436 ਪੰਨਿਆਂ, 375 ਰੁਪਏ ਕੀਮਤ ਵਾਲੀ ਇਹ ਪੁਸਤਕ ਆਰਸੀ ਪਬਲਿਸ਼ਰਜ਼ ਚਾਂਦਨੀ ਚੌਕ, ਦਿੱਲੀ ਨੇ ਪ੍ਰਕਾਸ਼ਤ ਕੀਤੀ ਹੈ। ਪੁਸਤਕ ਦੇ ਮੁੱਖ ਕਵਰ ‘ਤੇ ਰੰਗਦਾਰ ਸੰਸਾਰ ਦੀ ਪ੍ਰਾਚੀਨਤਮ ਰੰਗਸ਼ਾਲਾ ਕਲੋਸ਼ੀਅਮ ਇਟਲੀ ਦੀ ਰਾਜਧਾਨੀ ਰੋਮ ਦੀ ਤਸਵੀਰ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ ਮੇਘਾ ਸਿੰਘ ਦੀ ‘ਸਮਕਾਲੀ ਮਸਲੇ 2011’ ਪੁਸਤਕ ਲੋਕ ਪੱਖੀ ਸਰੋਕਾਰਾਂ ਦੀ ਗਵਾਹੀ - ਉਜਾਗਰ ਸਿੰਘ
ਡਾ ਮੇਘਾ ਸਿੰਘ ਇਕ ਪ੍ਰਬੁੱਧ ਲੋਕ ਪੱਖੀ ਸਰੋਕਾਰਾਂ ਦਾ ਹਮਾਇਤੀ ਲੇਖਕ ਹੈ। ਹੁਣ ਤੱਕ ਉਨ੍ਹਾਂ ਦੀਆਂ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀਆਂ ਪੁਸਤਕਾਂ ਗਹਿਰ ਗੰਭੀਰ ਪਾਠਕਾਂ ਦੀ ਮਾਨਸਿਕ ਖੁਰਾਕ ਹਨ ਕਿਉਂਕਿ ਉਹ ਮਨ ਪ੍ਰਚਾਵੇ ਲਈ ਇਸ਼ਕ ਮੁਸ਼ਕ ਵਾਲੀਆਂ ਪੁਸਤਕਾਂ ਲਿਖਣ ਵਿੱਚ ਯਕੀਨ ਨਹੀਂ ਰੱਖਦੇ ਸਗੋਂ ਉਹ ਚਲੰਤ ਮਸਲਿਆਂ ਬਾਰੇ ਸੰਪਾਦਕੀ ਵਿੱਚ ਲਿਖਦੇ ਰਹੇ ਹਨ। ਭਾਵੇਂ ਉਨ੍ਹਾਂ ਨੇ ਇਕ ਬਾਲ ਉਡਾਰੀ ਕਾਵਿ ਸੰਗ੍ਰਹਿ ਵੀ ਲਿਖਿਆ ਹੈ ਪ੍ਰੰਤੂ ਉਹ ਵੀ ਗਿਆਨਦਾਇਕ ਪ੍ਰੇਰਨਾ ਦੇਣ ਵਾਲਾ ਹੈ। ਉਨ੍ਹਾਂ ਦੀਆਂ ਬਾਕੀ ਪੁਸਤਕਾਂ ਪੱਤਰਕਾਰੀ ਅਤੇ ਕਾਨੂੰਨਾਂ ਦੀ ਵਿਆਖਿਆ ਦੇ ਸਿਧਾਂਤਾਂ ਬਾਰੇ ਹਨ। ਇਕ ਪੁਸਤਕ ਕਿਸਾਨੀ ਦਰਦ ਬਾਰੇ ਹੈ। ਲਗਪਗ ਸਾਰੀਆਂ ਹੀ ਪੁਸਤਕਾਂ ਲੋਕ ਹਿਤਾਂ ਤੇ ਪਹਿਰਾ ਦਿੰਦੀਆਂ ਹਨ। ‘ਸਮਕਾਲੀ ਮਸਲੇ 2011’ ਵੀ ਉਸੇ ਤਰ੍ਹਾਂ ਦੀ ਪੁਸਤਕ ਹੈ। ਇਸ ਪੁਸਤਕ ਵਿੱਚ ਉਨ੍ਹਾਂ ਸਾਲ 2011 ਵਿੱਚ ਪੰਜਾਬੀ ਟਿ੍ਰਬਿਊਨ ਵਿੱਚ ਸਹਾਇਕ ਸੰਪਾਦਕ ਹੁੰਦਿਆਂ, ਜਿਹੜੇ 155 ਆਲੋਚਨਾਤਮਿਕ ਅਤੇ ਸਮਤੁਲ ਸੰਪਾਦਕੀ ਲੇਖ ਲਿਖੇ ਸਨ, ਉਹ ਹੀ ਸ਼ਾਮਲ ਕੀਤੇ ਗਏ ਹਨ। ਇਸਦਾ ਭਾਵ ਹੈ ਕਿ ਲਗਪਗ ਹਰ ਦੂਜੇ ਦਿਨ ਉਹ ਸੰਪਾਦਕੀ ਲਿਖਦੇ ਰਹੇ ਹਨ, ਜੋ ਕਿ ਬਹੁਤ ਹੀ ਕਠਨ ਕੰਮ ਹੈ। ਸੰਪਾਦਕੀ ਲਿਖਣਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਲੇਖਕ ਨੂੰ ਵਰਤਮਾਨ ਸਥਿਤੀ ਦੀ ਸੰਪੂਰਨ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਇਸ ਮੰਤਵ ਲਈ ਸੁਚੇਤ ਹੋ ਕੇ ਚਲੰਤ ਮਸਲਿਆਂ ਨਾਲ ਬਾਵਾਸਤਾ ਹੋਣਾ ਚਾਹੀਦਾ ਹੈ। ਚਲੰਤ ਮਸਲੇ ਬਾਰੇ ਲਿਖਣ ਲਈ ਸਮਾਂ ਵੀ ਨਿਸਚਤ ਹੁੰਦਾ ਹੈ। ਉਸੇ ਸਮੇਂ ਵਿੱਚ ਸੰਪਾਦਕੀ ਲਿਖਣੀ ਹੁੰਦੀ ਹੈ, ਜਿਹੜੀ ਅਗਲੇ ਦਿਨ ਦੇ ਅਖ਼ਬਾਰ ਵਿੱਚ ਪ੍ਰਕਾਸ਼ਤ ਹੋਣੀ ਹੁੰਦੀ ਹੈ। ਇਸ ਲਈ ਅਜਿਹੇ ਵਿਸ਼ਿਆਂ ਤੇ ਲਿਖਣ ਲਈ ਚੇਤੰਨ, ਚਿੰਤਨਸ਼ੀਲ ਅਤੇ ਕਰਮਯੋਗੀ ਹੋਣਾ ਜ਼ਰੂਰੀ ਹੁੰਦਾ ਹੈ। ਡਾ ਮੇਘਾ ਸਿੰਘ ਸਹੀ ਅਰਥਾਂ ਵਿੱਚ ਕਰਮਯੋਗੀ ਹਨ। ਡਾ ਮੇਘਾ ਸਿੰਘ ਦੇ ਇਨ੍ਹਾ ਲੇਖਾਂ ਵਿੱਚ ਬੜੀ ਦਲੇਰੀ ਨਾਲ ਨਿਰਪੱਖ ਹੋ ਕੇ ਕੀਤੀਆਂ ਹੋਈਆਂ ਟਿਪਣੀਆਂ, ਉਨ੍ਹਾਂ ਦੇ ਸੰਜੀਦਾ ਵਿਅਕਤਿਵ ਦਾ ਪ੍ਰਗਟਾਵਾ ਕਰਦੀਆਂ ਹਨ। ਭਾਵੇਂ ਅਜਿਹੇ ਲੇਖ ਪੜ੍ਹਨ ਵਿੱਚ ਦਿਲਚਸਪ ਨਹੀਂ ਹੁੰਦੇ ਪ੍ਰੰਤੂ ਡਾ ਮੇਘਾ ਸਿੰਘ ਦੇ ਲੇਖ ਪੜ੍ਹਨ ਲਈ ਉਤੇਜਨਾ ਮਿਲਦੀ ਹੈ ਕਿਉਂਕਿ ਜਾਣਕਾਰੀ ਵਿੱਚ ਵਾਧਾ ਕਰਨ ਵਾਲੇ ਹੁੰਦੇ ਹਨ। ਮੈਂ ਇਹ ਸੰਪਾਦਕੀ ਭਾਵੇਂ ਅਖ਼ਬਾਰ ਵਿੱਚ ਵੀ ਪੜ੍ਹਦਾ ਰਿਹਾ ਹਾਂ ਪ੍ਰੰਤੂ ਦੁਬਾਬਾ ਪੜ੍ਹਨ ਨਾਲ ਮਾਨਸਿਕ ਤਸੱਲੀ ਹੋਈ ਹੈ ਕਿਉਂਕਿ ਇਹ ਲੇਖ ਇਨਸਾਨ ਦੀ ਜਦੋਜਹਿਦ ਦੀ ਕਹਾਣੀ ਦੀ ਪ੍ਰੋੜ੍ਹਤਾ ਕਰਦੇ ਹਨ। ਡਾ ਮੇਘਾ ਸਿੰਘ ਦਾ ਬਚਪਨ ਤੋਂ ਲੈ ਕੇ ਜੀਵਨ ਕਠਨ ਸਮੱਸਿਆਵਾਂ ਦਾ ਮੁਕਾਬਲਾ ਕਰਦਾ ਰਿਹਾ ਹੈ। ਇਸ ਲਈ ਉਨ੍ਹਾਂ ਵਾਸਤੇ ਅਜਿਹੇ ਕਠਨ ਅਤੇ ਜੋਖ਼ਮ ਭਰੇ ਕੰਮ ਕਰਨ ਵਿੱਚ ਕੋਈ ਔਖਿਆਈ ਨਹੀਂ ਆਈ। ਜਿਸ ਕਰਕੇ ਉਹ ਆਪਣੇ ਕੰਮ ਵਿੱਚ ਹਮੇਸ਼ਾ ਸਫਲ ਹੋਏ ਹਨ। ਉਨ੍ਹਾਂ ਦੇ ਇਸ ਪੁਸਤਕ ਦੇ ਲੇਖ ਬਹੁਤ ਹੀ ਗੰਭੀਰ ਚਲੰਤ ਮਸਲਿਆਂ ਬਾਰੇ ਲਿਖੇ ਗਏ ਹਨ। ਇਹ ਲੇਖ ਲਿਖਣ ਲੱਗਿਆਂ ਉਨ੍ਹਾਂ ਬੇਬਾਕ ਹੋ ਕੇ ਧੜੱਲੇਦਾਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਵਿਸ਼ਿਆਂ ਦੀ ਚੋਣ ਕਰਨ ਸਮੇਂ ਵੀ ਕਮਾਲ ਕੀਤੀ ਹੈ। ਵਿਸ਼ੇ ਗਹਿਰ ਗੰਭੀਰ ਸਮਸਿਆਵਾਂ ਵਾਲੇ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਲੋਕਾਂ ਦੀ ਬਿਹਤਰੀ ਨਾਲ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਭਿ੍ਰਸ਼ਟਾਚਾਰ ਖਿਲਾਫ਼ ਅੰਦੋਲਨ, ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧਾ, ਵਧ ਰਹੇ ਸੜਕ ਹਾਦਸੇ, ਔਰਤਾਂ ਉਤੇ ਵਧੀਕੀਆਂ, ਸੁਧਾਰ ਘਰ ਜਾਂ ਆਰਾਮ ਘਰ, ਜ਼ਮੀਨ ਲਈ ਜੰਗ, ਸਿਖਿਆ ਦਾ ਅਧਿਕਾਰ, ਨਸ਼ੀਲੇ ਪਦਾਰਥਾਂ ਦਾ ਤੰਦੂਆਜਾਲ, ਕਿਸਾਨਾ ਦਾ ਉਜਾੜਾ, ਮਹਿੰਗਾਈ ਬੇਲਗਾਮ ਸਰਕਾਰ ਰਹੀ ਨਾਕਾਮ, ਸੜਕਾਂ ਬਣੀਆਂ ਮੌਤ ਦੀਆਂ ਸੌਦਾਗਰ, ਹੜ੍ਹਾਂ ਦੀ ਸਮੱਸਿਆ, ਰੇਤਾ-ਬਜਰੀ ਮਾਫੀਏ ਦੀ ਸੀਨਾਜ਼ੋਰੀ, ਮੌਤ ਦੇ ਫਰਿਸ਼ਤੇ ਬਣੇ ਮਾਰੂ ਹਥਿਆਰ, ਵਿਦਿਆਰਥੀਆਂ ਵਿੱਚ ਆਤਮ ਹੱਤਿਆਵਾਂ ਦਾ ਰੁਝਾਨ, ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਠੇਡੇ, ਵੋਟਾਂ ਲਈ ਰਿਆਇਤਾਂ ਅਤੇ ਹਵਾ ਵਿੱਚ ਲਟਕਿਆ ਲੋਕਪਾਲ ਆਦਿ ਮਹੱਤਵਪੂਰਨ ਹਨ। ਇਨ੍ਹਾਂ ਵਿਸ਼ਿਆਂ ਦੀ ਚੋਣ ਤੋਂ ਹੀ ਡਾ ਮੇਘਾ ਸਿੰਘ ਦੀ ਉਸਾਰੂ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਸ ਪੁਸਤਕ ਵਿਚਲੀਆਂ ਉਨ੍ਹਾਂ ਦੀਆਂ ਸੰਪਾਦਕੀਆਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਪੰਜਾਬ ਨਾਲ ਸੰਬੰਧਤ ਮਸਲੇ, ਕੌਮੀ ਮਸਲੇ, ਅੰਤਰਰਾਸ਼ਟਰੀ ਘਟਨਾਵਾਂ ਅਤੇ ਫੁਟਕਲ। ਪੰਜਾਬ ਨਾਲ ਸੰਬੰਧਤ ਉਨ੍ਹਾਂ ਵੱਲੋਂ ਲਿਖੀਆਂ ਸੰਪਾਦਕੀਆਂ ਤੋਂ ਪਤਾ ਲਗਦਾ ਹੈ ਕਿ ਉਹ ਪੰਜਾਬ ਪ੍ਰਤੀ ਕਿਤਨੇ ਸੰਜੀਦਾ ਅਤੇ ਸੁਚੇਤ ਹਨ। ਇਨ੍ਹਾਂ ਲੇਖਾਂ ਵਿੱਚ ਉਹ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਹਿਤਾਂ ‘ਤੇ ਪਹਿਰਾ ਦਿੰਦੇ ਵਿਖਾਈ ਦੇ ਰਹੇ ਹਨ। ਪੰਜਾਬੀਆਂ ਅਤੇ ਖਾਸ ਤੌਰ ਤੇ ਸਮਾਜ ਦੇ ਗ਼ਰੀਬ ਵਰਗਾਂ ਬਾਰੇ ਉਨ੍ਹਾਂ ਦੀ ਵਚਨਬੱਧਤਾ ਉਨ੍ਹਾਂ ਦੇ ਲੇਖਾਂ ਵਿੱਚੋਂ ਸਾਫ਼ ਵਿਖਾਈ ਦਿੰਦੀ ਹੈ। ਉਨ੍ਹਾਂ ਨੇ ਕਦੇ ਵੀ ਕੋਈ ਸੰਪਾਦਕੀ ਉਲਾਰ ਹੋ ਕੇ ਨਹੀਂ ਲਿਖੀ। ਉਨ੍ਹਾਂ ਕਿਸੇ ਦਾ ਕਦੀਂ ਵੀ ਪੱਖਪਾਤ ਨਹੀਂ ਕੀਤਾ ਪ੍ਰੰਤੂ ਉਨ੍ਹਾਂ ਦੇ ਲੇਖਾਂ ਵਿੱਚੋਂ ਇਨਸਾਨੀਅਤ ਦੀ ਝਲਕ ਜ਼ਰੂਰ ਮਿਲਦੀ ਹੈ। ਪੰਜਾਬ ਵਿੱਚ ਗ਼ਰੀਬਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਦੇ ਵਿਰੁੱਧ ਠੋਸ ਦਲੀਲਾਂ ਨਾਲ ਉਨ੍ਹਾਂ ਲੇਖ ਲਿਖੇ ਹਨ। ਕਿਸਾਨਾ, ਮਜ਼ਦੂਰਾਂ, ਨਸ਼ਿਆਂ, ਆਤਮ ਹੱਤਿਆਵਾਂ, ਬੇਰੋਜ਼ਗਾਰੀ, ਵਿਦਿਆਰਥੀਆਂ ਦਾ ਪਰਵਾਸ ਵਿੱਚ ਬਰੇਨ ਡਰੇਨ ਹੋਣਾ ਆਦਿ ਭਖਵੇਂ ਮਸਲਿਆਂ ਬਾਰੇ ਉਨ੍ਹਾਂ ਬਾਖ਼ੂਬੀ ਲਿਖਿਆ ਹੈ। ਕਿਸਾਨਾ ਦੀ ਤ੍ਰਾਸਦੀ ਅਤੇ ਮਜ਼ਦੂਰਾਂ ਦੀ ਲੁੱਟ ਦੇ ਵਿਰੁੱਧ ਵੀ ਉਨ੍ਹਾਂ ਡੱਟਕੇ ਲਿਖਿਆ ਹੈ। ਇਨ੍ਹਾਂ ਲੇਖਾਂ ਵਿੱਚੋਂ ਉਨ੍ਹਾਂ ਦੀ ਖੱਬੇ ਪੱਖੀ ਉਸਾਰੂ ਸੋਚ ਦਾ ਝਲਕਾਰਾ ਵੀ ਮਿਲਦਾ ਹੈ। ਉਨ੍ਹਾਂ ਦੀ ਖੋਜੀ ਪ੍ਰਵਿਰਤੀ ਨੇ ਕੌਮੀ ਮਸਲਿਆਂ ਬਾਰੇ ਲਿਖਦਿਆਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਤੱਥਾਂ ‘ਤੇ ਅਧਾਰਤ ਲੇਖ ਲਿਖਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਕੌਮੀ ਮਸਲਿਆਂ ਵਿੱਚ ਸਲੱਮ ਮੁਕਤ ਭਾਰਤ, ਚੁਰਾਸੀ ਦੀ ਕਸਕ, ਪੈਟਰੋਲੀਅਮ ਕੀਮਤਾਂ ਵਿੱਚ ਵਾਧਾ, ਜੰਮੂ ਕਸ਼ਮੀਰ ਦੇ ਨੌਜਵਾਨਾ ਲਈ ਪੈਕੇਜ਼, ਵਧ ਰਹੇ ਰੇਲ ਹਾਦਸੇ, ਮੁੰਬਈ ਵਿੱਚ ਬੰਬ ਧਮਾਕੇ, ਕਾਲੇ ਧਨ ਸੰਬੰਧੀ ਵਿਸ਼ੇਸ਼ ਜਾਂਚ ਕਮੇਟੀ, ਸਰਕਾਰ ਅਤੇ ਅੰਨਾ ਹਜ਼ਾਰੇ ‘ਚ ਟਕਰਾਅ, ਫ਼ਿਰਕੂ ਹਿੰਸਾ ਬਿਲ ਦਾ ਵਿਰੋਧ, ਪਿਆਜ਼ ਤੇ ਸਿਆਸਤ, ਕੌਮੀ ਅਤੇ ਕੌਮਾਂਤਰੀ ਚੁਣੌਤੀਆਂ, ਸ਼ੋਸ਼ਲ ਨੈਟਵਰਕਿੰਗ ਸਾਈਟਸ ਤੇ ਪਾਬੰਦੀ, ਕਾਲੇ ਧਨ ਤੇ ਵਾਈਟ ਪੇਪਰ ਅਤੇ ਆਨੰਦ ਮੈਰਿਜ ਐਕਟ ਨੂੰ ਹਰੀ ਝੰਡੀ ਆਦਿ ਸ਼ਾਮਲ ਹਨ। ਉਨ੍ਹਾਂ ਦੇ ਕੌਮੀ ਮਸਲਿਆਂ ਬਾਰੇ ਲਿਖੇ ਲੇਖਾਂ ਤੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਲ ਵਿਤਕਰਾ ਕਰਦੀ ਆਈ ਹੈ। ਇਨ੍ਹਾਂ ਲੇਖਾਂ ਵਿੱਚ ਉਨ੍ਹਾਂ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ, ਉਨ੍ਹਾਂ ਦਾ ਡਟਕੇ ਵਿਰੋਧ ਕੀਤਾ ਹੈ। ਕੇਂਦਰ ਬਾਰੇ ਉਨ੍ਹਾਂ ਦੀ ਸ਼ਬਦਾਵਲੀ ਆਮ ਲੇਖਾਂ ਨਾਲੋਂ ਥੋੜ੍ਹੀ ਸਖਤ ਵਿਖਾਈ ਦਿੰਦੀ ਹੈ। ਡਾ ਮੇਘਾ ਸਿੰਘ ਦੀ ਸਿਆਣਪ, ਸੂਝ ਅਤੇ ਵਿਦਵਤਾ ਦਾ ਇਥੋਂ ਵੀ ਪਤਾ ਲਗਦਾ ਹੈ ਕਿ ਉਨ੍ਹਾਂ ਅੰਤਰਰਾਸ਼ਟਰੀ ਮਸਲਿਆਂ ਅਤੇ ਚਲੰਤ ਘਟਨਾਵਾਂ ਬਾਰੇ ਵੀ ਨਿਠ ਕੇ ਲਿਖਿਆ ਹੈ। ਅੰਤਰਰਾਸ਼ਟਰੀ ਸੰਬੰਧਾਂ ਅਤੇ ਮਸਲਿਆਂ ਤੇ ਲਿਖਣ ਲਈ ਲੇਖਕ ਨੂੰ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਸੰਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ। ਡਾ ਮੇਘਾ ਸਿੰਘ ਇਨ੍ਹਾਂ ਮਸਲਿਆਂ ਤੇ ਵੀ ਸਾਰਥਕ ਦਲੀਲਾਂ ਸਹਿਤ ਲੇਖ ਲਿਖਦੇ ਰਹੇ ਹਨ। ਅੰਤਰਰਾਸ਼ਟਰੀ ਲੇਖਾਂ ਦੇ ਵਿਸ਼ਿਆਂ ਵਿੱਚ ਪਾਕਿ ਦੀ ਮਦਦ ਵਿੱਚ ਕਟੌਤੀ, ਅਮਰੀਕਾ ਮੰਦਵਾੜੇ ਦੀ ਕਗਾਰ ‘ਤੇ, ਤਾਲਿਬਾਨ ਦੀ ਅਮਰੀਕਾ ਨੂੰ ਚੁਣੌਤੀ, ਸੀਰੀਆ ਦਾ ਸੰਕਟ, ਲਿਬੀਆ ਵਿੱਚ ਤਾਨਾਸ਼ਾਹੀ ਦਾ ਅੰਤ, ਨਿਊਯਾਰਕ ਵਿੱਚ ਧਾਰਮਿਕ ਆਜ਼ਾਦੀ ਬਿਲ, ਅਮਰੀਕਾ ਪਾਕਿ ਸੰਬੰਧਾਂ ਵਿੱਚ ਤਰੇੜਾਂ, ਇਬਸਾ ਸਿਖਰ ਸਮੇਲਨ, ਅਫਗਾਨਿਸਤਾਨ ਲਈ ਕੌਮਾਂਤਰੀ ਪੁਲਾਂਗ, ਪੁਤਿਨ ਨੂੰ ਚੋਣ ਝਟਕਾ ਅਤੇ ਪ੍ਰਚੂਨ ਵਪਾਰ ‘ਚ ਵਿਦੇਸ਼ੀ ਨਿਵੇਸ਼ ਆਦਿ ਮਹੱਤਵਪੂਰਨ ਹਨ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਡਾ ਮੇਘਾ ਸਿੰਘ ਦੀ ਸੰਪਾਦਕੀਆਂ ਲਿਖਣ ਲਈ ਕੀਤੀ ਮਿਹਨਤ ਜਿਥੇ ਉਸ ਸਮੇਂ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੀ ਰਹੀ ਹੈ, ਉਥੇ ਭਵਿਖ ਵਿੱਚ ਇਹ ਇਤਿਹਾਸ ਦਾ ਹਿੱਸਾ ਬਣਕੇ ਖੋਜਾਰਥੀਆਂ ਲਈ ਲਾਹੇਬੰਦ ਸਾਬਤ ਹੋਵੇਗੀ।
‘ਸਮਕਾਲੀ ਮਸਲੇ 2011’ 282 ਪੰਨਿਆਂ, 450 ਰੁਪਏ ਕੀਮਤ ਵਾਲੀ ਰੰਗਦਾਰ ਮੁੱਖ ਕਵਰ ਪੁਸਤਕ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਮੋਹਾਲੀ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ - ਉਜਾਗਰ ਸਿੰਘ
ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਹੈ। ਇਸ ਕਾਵਿ ਸੰਗ੍ਰਹਿ ਵਿੱਚ 91 ਕਵਿਤਾਵਾਂ ਹਨ, ਜਿਨ੍ਹਾਂ ਵਿੱਚੋਂ 62 ਪਿਆਰ-ਮੁਹੱਬਤ, ਇਸ਼ਕ ਅਤੇ ਬਿ੍ਰਹਾ ਨਾਲ ਸੰਬੰਧਤ ਹਨ। ਬਾਕੀ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀਆਂ ਹਨ। ਮੁੱਢਲੇ ਤੌਰ ਤੇ ਅਰਜ਼ਪ੍ਰੀਤ ਨੂੰ ਮੁਹੱਬਤ ਦਾ ਕਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਵਿੱਚ ਵੀ ਇਸ਼ਕ ਦੇ ਤੁਣਕੇ ਲਾਏ ਹੋਏ ਹਨ। ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਵਿੱਚ ਦਾਜ਼-ਦਹੇਜ, ਭਰੂਣ ਹੱਤਿਆ, ਬਲਾਤਕਾਰ, ਸਭਿਅਚਾਰ ਤੋਂ ਬੇਮੁੱਖ ਹੋਣਾ, ਆਰਥਿਕ ਨਾ ਬਰਾਬਰੀ, ਧੋਖ਼ੇ, ਫ਼ਰੇਬ, ਖੁਦਕਸ਼ੀਆਂ, ਨਸ਼ੇ, ਰਾਜਨੀਤੀ, ਕਿਸਾਨੀ, ਧਰਮ ਅਤੇ ਦੇਸ਼ ਭਗਤੀ ਨੂੰ ਵਿਸ਼ਾ ਬਣਾਇਆ ਹੈ। ਪਿਆਰ ਮੁਹੱਬਤ ਦੀਆਂ ਕਵਿਤਾਵਾਂ ਵਿੱਚ ਬਿ੍ਰਹਾ ਦੇ ਦਰਦ ਦੀ ਅਤਿਅੰਤ ਚੀਸ ਵਿਖਾਈ ਦਿੰਦੀ ਹੈ। ਇੰਜ ਵੀ ਲਗਦਾ ਹੈ ਕਿ ਕਵੀ ਲੋਕਾਈ ਦੇ ਪਿਆਰ ਮੁਹੱਬਤ ਵਿੱਚ ਅਸਫਲ ਰਹਿਣ ਨੂੰ ਮਹਿਸੂਸ ਕਰਨ ਦੀ ਸਮਰੱਥਾ ਰਖਦਾ ਹੈ ਜਾਂ ਫਿਰ ਉਹ ਖੁਦ ਮੁਹੱਬਤ ਦਾ ਤਜ਼ਰਬਾ ਹਾਸਲ ਕਰ ਚੁੱਕਿਆ ਹੈ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਨ ਤੋਂ ਮਹਿਸੂਸ ਹੋ ਰਿਹਾ ਹੈ ਕਿ ਬਹੁਤੀਆਂ ਕਵਿਤਾਵਾਂ ਵਿੱਚ ਪਿਆਰ ਮੁਹੱਬਤ ਦੇ ਦਰਦ ਦੀ ਕਸਕ ਕਾਫੀ ਡੂੰਘੀ ਹੈ। ਜਿੰਦ ਦਾ ਸਰਮਾਇਆ ਕਵਿਤਾ ਵਿੱਚ ਲਿਖਿਆ ਹੈ-
ਆਜਾ ਮੇਰਿਆ ਸੱਜਣਾ ਵੇ, ਸ਼ਾਮਾ ਪੈ ਗਈਆਂ।
ਯਾਦਾਂ ਤੇਰੀ ਕੁਲਹਿਣੀਆਂ, ਦਰ ਤੇ ਬਹਿ ਗਈਆਂ।
ਸੂਰਜ ਢੱਲਦਾ ਢੱਲਦਾ ਮੈਨੂੰ ਟਿੱਚਰਾਂ ਕਰ ਜਾਂਦਾ।
ਉਸ ਨੇ ਘਰ ਮੁੜਨਾ, ਮੈਨੂੰ ਧੁੱਪਾਂ ਕਹਿ ਗਈਆਂ।
Êਪ੍ਰੇਮੀਆਂ ਨੂੰ ਬਿ੍ਰਹਾ ਦੀ ਅੱਗ ਦਾ ਸੇਕ ਅਜੀਬ ਸਥਿਤੀ ਵਿੱਚ ਪਾ ਦਿੰਦਾ ਹੈ। ਉਹ ਖਾਣਾ, ਪੀਣਾ, ਪਹਿਨਣਾ ਅਤੇ ਸਮਾਜ ਵਿੱਚ ਸਲੀਕੇ ਨਾਲ ਵਿਚਰਣਾ ਹੀ ਭੁੱਲ ਜਾਂਦੇ ਹਨ। ਹਰ ਵਕਤ ਬੇਗਾਨਿਆਂ ਦੀ ਤਰ੍ਹਾਂ ਓਪਰੀਆਂ ਗੱਲਾਂ ਕਰਦੇ ਸਮਾਜਿਕ ਤਾਣੇ ਬਾਣੇ ਵਿੱਚੋਂ ਪ੍ਰੇਮੀ ਨੂੰ ਲੱਭਦੇ ਹੋਏ ਪਾਗਲਾਂ ਦੀ ਤਰ੍ਹਾਂ ਵਿਵਹਾਰ ਕਰਦੇ ਹਨ। ਅਜਿਹੇ ਹਾਲਾਤ ਵਿੱਚ ਪ੍ਰੇਮੀਆਂ ਦੇ ਰੰਗ ਰੂਪ ਬਦਲ ਜਾਂਦੇ ਹਨ। ਇਸ਼ਕ ਵਿੱਚੋਂ ਉਪਜੇ ਗ਼ਮ ਦੇ ਦਰਦ ਦੀ ਦਾਸਤਾਂ ‘ਮੁੱਖ ਤੇ ਵਾਛੜ’ ਕਵਿਤਾ ਵਿੱਚ ਕਵੀ ਪ੍ਰਗਟਾਉਂਦੇ ਹਨ-
ਗ਼ਮ ਤੇਰੇ ਨੇ ਨੂਰ ਉਡਾਇਆ, ਆਖੇਂ ਧੁੱਪੇ ਕਾਲਾ ਹੋ ਗਿਆ।
ਡਰਿਆ ਰਾਤੀ ਕੰਬਣ ਲੱਗਾ, ਆਖੇਂ ਪਾਲਾ ਹੋ ਗਿਆ ਹੈ।
ਪ੍ਰੇਮੀਆਂ ਲਈ ਪਿਆਰੇ ਜਿੰਦ ਜਾਨ ਹੁੰਦੇ ਹਨ। ਆਪਣੇ ਪਿਆਰੇ ਬਾਰੇ ਕੋਈ ਮੰਦਾ ਸ਼ਬਦ ਨਾ ਬੋਲਦੇ ਹਨ ਅਤੇ ਨਾ ਹੀ ਬੋਲਣ ਵਾਲੇ ਨੂੰ ਬਰਦਾਸ਼ਤ ਕਰਦੇ ਹਨ ਕਿਉਂਕਿ ਮੋਹ ਦਾ ਜਾਦੂ ਸਿਰ ਚੜ੍ਹਕੇ ਬੋਲਦਾ ਹੁੰਦਾ ਹੈ। ਸੁਪਨਿਆਂ ਦੀ ਦੁਨੀਆਂ ਵਿੱਚ ਰਹਿੰਦੇ ਹੋਏ ਦਿਨ ਨੂੰ ਵੀ ਯਾਰ ਨੂੰ ਮਿਲਣ ਦੇ ਸੁਪਨੇ ਵੇਖਦੇ ਰਹਿੰਦੇ ਹਨ। ਇਸ ਲਈ ‘ਸੁਰਮੇ ਵਾਲੇ ਦਾਗ਼’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਿਆ ਹੈ-
ਯਾਰ ਦੀ ਗੱਲ ਕਰੇ ਜੇ ਕੋਈ, ਨਫ਼ਾ ਕਰੋ।
ਯਾਰ ਨੂੰ ਜੇ ਮੰਦਾ ਬੋਲੇ, ਉਸਨੂੰ ਖ਼ਫ਼ਾ ਕਰੋ।
ਜਿਹੜੀ ਨੀਂਦ ‘ਚ ਯਾਰ ਦਾ ਸੁਫ਼ਨਾ ਨਾ ਆਵੇ।
ਅਰਜਾ ਐਸੀ ਨੀਂਦ ਨੂੰ ਵੀ ਦਫ਼ਾ ਕਰੋ।
ਅਰਜ਼ਪ੍ਰੀਤ ਦੀਆਂ ਭਾਵੇਂ ਬਹੁਤੀਆਂ ਕਵਿਤਾਵਾਂ ਰੁਮਾਂਸਵਾਦ ਨਾਲ ਸੰਬੰਧਤ ਹਨ ਪ੍ਰੰਤੂ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਕਵਿਤਾਵਾਂ ਵਿੱਚ ਵੀ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦਾ ਰਹੇ। ਕਵੀ ਲਗਪਗ ਹਰ ਕਵਿਤਾ ਵਿੱਚ ਲੋਕਾਈ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦਾ ਜ਼ਿਕਰ ਕਰਨਾ ਨਹੀਂ ਭੁਲਦਾ। ਗ਼ਰੀਬ ਨਾਲ ਹੋ ਰਹੀਆਂ ਜ਼ਿਆਦਤੀਆਂ, ਧੱਕੇਸ਼ਾਹੀ ਨਾ ਬਰਾਬਰਤਾ ਬਾਰੇ ਆਪਣੀਆਂ ਕਵਿਤਾਵਾਂ ਲਿਖਦਾ ਰਹਿੰਦਾ ਹੈ। ਬੱਚਿਆਂ ਦਾ ਬਚਪਨ ਰੁਲ ਜਾਣ ਦਾ ਹੰਦੇਸ਼ਾ ਆਪਣੀ ਕਵਿਤਾ ‘ਬੱਚੇ’ ਵਿੱਚ ਕਰਦਾ ਹੋਇਆ, ਉਹ ਸਮਾਜ ਨੂੰ ਚੇਤੰਨ ਕਰਦਾ ਹੈ ਕਿ ਜੇਕਰ ਅਸੀਂ ਬੱਚਿਆਂ ਦੇ ਭਵਿਖ ਨੂੰ ਧਿਆਨ ਵਿੱਚ ਨਾ ਰੱਖਿਆ ਤਾਂ ਆਉਣ ਵਾਲਾ ਸਮਾਂ ਖ਼ਤਰਨਾਕ ਸਾਬਤ ਹੋਵੇਗਾ। ਸਮਾਜ ਦਾ ਭਵਿਖ ਧੁੰਧਲਾ ਹੋ ਜਾਵੇਗਾ। ਬੱਚੇ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਨੂੰ ਦੁਰਕਾਰਨ ਦੀ ਥਾਂ ਪਿਆਰ ਕਰੋ। ਬੱਚੇ ਰੱਬ ਦਾ ਰੂਪ ਹੁੰਦੇ ਹਨ। ਇਨ੍ਹਾਂ ਵਿੱਚ ਰੱਬ ਵਸਦਾ ਹੈ। ਕਵੀ ਲਿਖਦਾ ਹੈ-
ਇਹ ਜੋ ਕੂੜਾ ਚੁੱਕਦੇ ਫ਼ਿਰਦੇ ਨੇ, ਜੋ ਨਿਤ ਕੁੱਤਿਆਂ ਨਾਲ ਘਿਰਦੇ ਨੇ।
ਇਹ ਕਿੰਨੇ ਸੋਹਣੇ ਬੱਚੇ ਨੇ, ਪਰ ਉਮਰ ਤੋਂ ਹਾਲੇ ਕੱਚੇ ਨੇ।
ਇਹ ਤੇਰੀ ਆਦਤ ਗੰਦਿਆ ਵੇ, ਤੂੰ ਸੁਣ ਲੈ ਸ਼ਹਿਰੀ ਬੰਦਿਆ ਵੇ।
ਤੂੰ ਖਾ ਕੇ ਕੂੜਾ ਸੁੱਟਦਾ ਐਂ, ਇਹ ਚੁੱਕਦੇ ਨੇ ਤੂੰ ਕੁੱਟਦਾ ਐਂ।
ਤੁਹਾਨੂੰ ਰੱਬ ਦਿਖ ਜਾਂਦੈ, ਜੋ ਬਣੀ ਪੱਥਰ ਦੀ ਮੂਰਤ,
ਪਰ ਇਹ ਰੱਬ ਜਿਹੇ ਵਿਲਕਦੇ, ਬਾਲ ਨਹੀਂ ਦਿਖਦੇ।
ਧਰਤੀ ਦੀ ਮਹੱਤਤਾ ਦਾ ਜ਼ਿਕਰ ਕਰਦਾ ‘ਮਿੱਟੀ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਮਿੱਟੀ ਦਾ ਦਰਜਾ ਸਰਵੋਤਮ ਹੈ। ਮਿੱਟੀ ਰੱਬ ਤੋਂ ਵੀ ਉਤਮ ਹੈ। ਇਹ ਇਨਸਾਨੀਅਤ ਦੀ ਜਿਸਮਾਨੀ ਭੁੱਖ ਦੀ ਤਿ੍ਰਪਤੀ ਕਰਦੀ ਹੈ। ਸਮੁੱਚਾ ਸਮਾਜ ਮਿੱਟੀ ‘ਤੇ ਨਿਰਭਰ ਹੈ। ਮਿੱਟੀ ‘ਚੋਂ ਅਨਾਜ ਦਾ ਉਤਪਾਦਨ ਕਰਨ ਵਾਲਾ ਮਿਹਨਤੀ ਕਿਸਾਨ ਵੀ ਜ਼ਿੰਦਗੀ ਦਾ ਧੁਰਾ ਹੈ। ਉਹ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ। ਮਿੱਟੀ ਖ਼ਜਾਨਾ ਹੈ। ਰਾਸ਼ਨ ਦੇ ਨਾਂ ‘ਤੇ ਠੱਗੀ ਮਾਰਨ ਵਾਲਿਆਂ ਅਤੇ ਦਾਨ ਵਿੱਚ ਅਨਾਜ ਮੰਗਣ ਬਾਰੇ ਵੀ ਕਿੰਤੂ ਪ੍ਰੰਤੂ ਕੀਤਾ ਗਿਆ ਹੈ। ਮਿੱਟੀ ਵਿਚੋਂ ਹੀ ਮਜ਼ਦੂਰਾਂ ਨੂੰ ਪੇਟ ਪਾਲਣ ਲਈ ਮਜ਼ਦੂਰੀ ਮਿਲਦੀ ਹੈ। ਮਿੱਟੀ ਕਵਿਤਾ ਵਿੱਚ ਲਿਖਿਆ ਹੈ-
ਜਦ ਕਿਸਾਨ ਦੀ ਫਸਲ ਸੜੇ, ਜਦ ਜੱਟ ਮੰਡੀਆਂ ‘ਚ ਲੜੇ।
ਉਦੋਂ ਕਿਥੇ ਤੁਸੀਂ ਲੁਕ ਜਾਂਦੇ ਓ, ਐਡੀ ਗਿਣਤੀ ਮੁਕ ਜਾਂਦੇ ਓ।
ਸਮਾਜ ਵਿੱਚ ਆਪੋ ਧਾਪੀ ਪਈ ਹੋਈ ਹੈ। ਹਰ ਪਾਸੇ ਲਾਲਚ ਅਧੀਨ ਪੈਸਾ ਕਮਾਉਣ ਦੀ ਲਾਲਸਾ ਵਧੀ ਹੋਈ ਹੈ। ਭਰਿਸ਼ਟ ਲੋਕ ਗਿਰਝਾਂ ਦੀ ਤਰ੍ਹਾਂ ਚਾਰ ਚੁਫ਼ੇਰੇ ਘੁੰਮ ਰਹੇ ਹਨ। ਧੋਖ਼ੇਬਾਜਾਂ ਦਾ ਬੋਲਬਾਲਾ ਹੈ। ਇਸ ਹਾਲਾਤ ਬਾਰੇ ‘ਜੂਠੀ ਚਾਹ’ ਕਵਿਤਾ ਵਿੱਚ ਕਵੀ ਵਿਅੰਗ ਨਾਲ ਲਿਖਦੈ-
ਧੋਖੇ ਸਾਜਿਸ਼ ਮਹਿਕਾਂ ਆਵਣ, ਸ਼ਹਿਰ ਤੇਰੇ ਦੀ ਹਵਾ ‘ਤੇ ਨਈਂ ਐ?
ਗਿਰਝਾਂ ਘੁੰਮਣ ਚਾਰ ਚੁਫ਼ੇਰੇ, ਤੇਰਾ ਲੱਗਿਆ ਦਾਅ ‘ਤੇ ਨਹਂੀਂ ਐ?
ਧਾਰਮਿਕ ਸਥਾਨਾ ਵਿੱਚ ਵਾਪਰ ਰਹੀਆਂ ਅਪਮਾਨਜਨਕ ਘਟਨਾਵਾਂ ਨੇ ਸਮਾਜ ਨੂੰ ਸ਼ਰਮਸ਼ਾਰ ਕੀਤਾ ਹੋਇਆ ਹੈ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ। ਭਾਈਚਾਰਕ ਸਾਂਝ ਤਾਰ ਤਾਰ ਹੋਈ ਪਈ ਹੈ। ਇਨਸਾਨ ਇਕ ਦੂਜੇ ਤੋਂ ਡਰ ਰਿਹਾ ਹੈ। ਇਹ ਸਾਰਾ ਕੁਝ ਵੇਖਦਿਆਂ ਵੀ ਜੇ ਸ਼ਾਇਰ ਸਚਾਈ ਨਹੀਂ ਲਿਖਦੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਵਿਅੰਗਮਈ ਕਵਿਤਾ ‘ਤੂੰ ਖ਼ੁਸ਼ਨਸੀਬ ਐਂ ਦੋਸਤ’ ਵਿੱਚ ਅਰਜ਼ਪ੍ਰੀਤ ਲਿਖਦੈ-
ਜੇ ਤੇਰੇ ਸ਼ਹਿਰ ਦੇ ਮੰਦਿਰਾਂ ‘ਚ ਬਲਾਤਕਾਰ ਨਈਂ ਹੁੰਦੇ,
ਜੇ ਸਾਧਾਂ ਦੇ ਮਗਰ ਲੋਕ ਮਰਨ ਨੂੰ ਤਿਆਰ ਨਈਂ ਹੁੰਦੇ,
ਤੂੰ ਖ਼ੁਸ਼ਨਸੀਬ ਐਂ ਦੋਸਤ…………… …..।
ਜੇ ਤੇਰੇ ਸ਼ਹਿਰੇ ਗੰਗਾ ਨ੍ਹਹਾ ਕੇ ਪਾਪ ਨੀਂ ਧੁਲਦੇ,
ਜੇ ਤੇਰੇ ਸ਼ਹਿਰ ਦੇ ਬੱਚੇ ਸੜਕਾਂ ‘ਤੇ ਨਹੀਂ ਰੁਲਦੇ
ਤੂੰ ਖ਼ੁਸ਼ਨਸੀਬ ਹੈਂ।
ਸਾਰਾ ਸੰਸਾਰ ਇਸਤਰੀ ਨੂੰ ਪਵਿਤਰ ਕਹਿੰਦਾ ਹੈ। ਇਥੋਂ ਤੱਕ ਕਿ ਜਨਮਦਾਤੀ ਹੋਣ ਕਰਕੇ ਰੱਬ ਦਾ ਰੂਪ ਕਹਿੰਦਾ ਹੈ। ਪ੍ਰੰਤੂ ਅਮਲੀ ਰੂਪ ਵਿੱਚ ਇਨਸਾਨ ਖੁਦਦਾਰ ਹੈ। ਔਰਤ ਦੀ ਪ੍ਰਸੰਸਾ ਕਰਨ ਦਾ ਢੌਂਗ ਰਚਦਾ ਹੈ। ਕਵੀ ਨੇ ਮਰਦ ਦੀ ਮਾਨਸਿਕਤਾ ਨੂੰ ਬੜੇ ਸੋਹਣੇ ਢੰਗ ਨਾਲ ਆਪਣੀ ‘ਦੇਸ਼ ਦੀ ਲੜਕੀ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਕੇ ਪਰਦਾ ਫ਼ਾਸ਼ ਕੀਤਾ ਹੈ-
ਮੇਰੇ ਜਨਮ ਤੋਂ ਬਾਪੂ ਡਰ ਗਿਆ, ਮੇਰਾ ਦਾਜ ਉਸ ਬਣਵਾਣਾ।
ਮੇਰੀ ਮਾਂ ਵੀ ਦਰੀਆਂ ਬੁਣਨੀਆਂ, ਮੈਨੂੰ ਇੱਜ਼ਤਾਂ ਨਾਲ ਵਿਆਹੁਣਾ।
ਕੰਜਕ ਵਾਂਗ ਬਿਠਾ ਕੇ, ਸਾਰਾ ਜੱਗ ਪੂਜੀ ਜਾਂਵਦਾ।
ਪਰ ‘ਕੱਲੀ ਕਹਿਰੀ ਦੇਖ ਕੇ, ਮੇਰਾ ਫਾਇਦਾ ਫਿਰ ਉਠਾਂਵਦਾ।
ਤੇਜ਼ਾਬ ਨਾਲ ਮੈਨੂੰ ਸਾੜ ਗਿਆ, ਜੋ ਸੀ ਗੀਤ ਪਿਆਰ ਦੇ ਗਾਂਵਦਾ।
ਆਹ ਕੈਸੀ ਦੋਗਲੀ ਦੁਨੀਆ, ਮੈਨੂੰ ਰੱਤੀ ਸਮਝ ਨਾ ਆਂਵਦਾ।
ਅੱਬਾ ਇਹ ਨਾ ਕਹਿਰ ਕਮਾਵੀਂ, ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ।
ਤੇਰਾ ਤੇ ਮਾਂ ਦਾ ਮੈਂ ਹਿੱਸਾ, ਦੋਹਾਂ ਦਾ ਇੱਕ ਸਾਂਝਾ ਕਿੱਸਾ।
ਪੁਰਾਤਨ ਪਰੰਪਰਾਵਾਂ ਤੋਂ ਮੂੰਹ ਮੋੜਨ ਦਾ ਹੰਦੇਸ਼ਾ ਪ੍ਰਗਟਾਉਂਦਾ ਕਵੀ ਲਿਖਦਾ ਹੈ-
ਦਾਤੀ ਤੇ ਰੰਬੀ ਤੇ ਹਲ ਪੰਜਾਲ਼ੀ, ਮਰ ਗਏ ਹਾਂ ਲੋਕੋ ਗਈ ਨਾ ਸੰਭਾਲੀ।
ਹਵੇਲੀ ਤੇ ਫਿਰਨੀ ਝਲਾਨੀ ਬਰਾਂਡੇ, ਗੁੜ ਦੀ ਕੁਲਹਾੜੀ ਤੇ ਪਿਤਲ ਦੇ ਭਾਂਡੇ।
ਇਸ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ਭਾਵਨਾਤਮਿਕ ਹੈ, ਜਿਸ ਵਿੱਚ ਉਹ ਸਿੱਟਾ ਕੱਢਦਾ ਹੈ ਕਿ ਦੁੱਖ ਸੁੱਖ ਇਸੇ ਤਰ੍ਹਾਂ ਸੰਸਾਰ ਵਿੱਚ ਬਰਕਰਾਰ ਰਹਿਣਗੇ ਇਹ ਬਰਦਾਸ਼ਤ ਵੀ ਕਰਨੇ ਪੈਣਗੇ ਤੇ ਇਨ੍ਹਾਂ ਦਾ ਹੱਲ ਵੀ ਕੱਢਣਾ ਪਵੇਗਾ। ਕਵਿਤਾ ਦਾ ਸ਼ੇਅਰ ਹੈ:
ਆ ਬਹਿ ਜਾ ਕੋਲੇ, ਕਿਉਂ ਰੋਂਦਾ ਐਂ ਰੋਣੇਂ।
ਚਲਦੇ ਈ ਰਹਿਣੇਂ ਕੀ ਪਾਉਣੇ ਤੇ ਖੋਣੇਂ।
ਇਹ ਸੁਰਮੇ ਦੇ ਦਾਗ਼, ਸਿਰਹਾਣੇ ਦੇ ਉਤੇ,।
ਨਾ ਚਾਹੁੰਦੇ ਹੋਏ ਵੀ, ਇਹ ਪੈਣੇ ਨੇ ਧੋਣੇ।
ਅਰਜ਼ਪ੍ਰੀਤ ਦੀ ਇਹ ਤੀਜਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ’ਅਰਜ਼ੋਈਆਂ’ ਮੌਲਿਕ ਕਾਵਿ ਸੰਗ੍ਰਹਿ ਅਤੇ ‘ਅਜੋਕਾ ਕਾਵਿ’ ਸੰਗ੍ਰਹਿ ਸੰਪਾਦਿਤ ਪ੍ਰਕਾਸ਼ਤ ਹੋ ਚੁੱਕੀਆਂ ਹਨ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਰਜ਼ਪ੍ਰੀਤ ਭਵਿਖ ਵਿੱਚ ਹੋਰ ਵਧੀਆ ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਵਿੱਚ ਸਫਲ ਹੋ ਸਕਦਾ ਹੈ। 127 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ‘ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਪਿੰਡ ਭੁੰਦੜ ਜਿਲ੍ਹਾ ਬਠਿੰਡਾ’ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਮਤਿ ਦਿ੍ਰਸ਼ਟੀ’ ਖੋਜੀ ਪੁਸਤਕ - ਉਜਾਗਰ ਸਿੰਘ
ਸੁਖਦੇਵ ਸਿੰਘ ਸ਼ਾਂਤ ਸਰਬਾਂਗੀ ਲੇਖਕ ਹੈ। ਉਨ੍ਹਾਂ ਦੀਆਂ ਹੁਣ ਤੱਕ ਗੁਰਮਤਿ ਸਾਹਿਤ, ਬਾਲ ਸਾਹਿਤ, ਕਵਿਤਾ ਅਤੇ ਮਿੰਨੀ ਕਹਾਣੀ ਦੀਆਂ ਲਗਪਗ ਇਕ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਗੁਰਮਤਿ ਦਿ੍ਰਸ਼ਟੀ ਚਰਚਾ ਅਧੀਨ ਪੁਸਤਕ ਸਿੱਖ ਧਰਮ ਦੀ ਵਿਚਾਰਧਾਰਾ ਦੇ ਪੰਜ ਰੰਗਾਂ ਨੂੰ ਦਰਸਾਉਂਦੀ ਹੈ। ਭਾਵ ਇਸ ਪੁਸਤਕ ਵਿੱਚ 5 ਖੋਜ ਪੱਤਰ ‘ਗੁਰਮਤਿ-ਸੰਪੂਰਨ ਜੀਵਨ ਮਾਰਗ, ਗੁਰਮਤਿ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ, ਮਨਿ ਜੀਤੈ ਜਗੁ ਜੀਤੁ (ਗੁਰਮਤਿ ਵਿੱਚ ਮਨ ਦਾ ਸੰਕਲਪ), 1699 ਦੀ ਵਿਸਾਖੀ (ਗੁਰਮਤਿ ਦੇ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ) ਅਤੇ ਗੁਰਦੁਆਰਾ ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਸ਼ਾਮਲ ਹਨ। ਲੇਖਕ ਨੇ ਮਨੁੱਖ ਦੀ ਹੋਂਦ ਸੰਬੰਧੀ, ਮਨੁੱਖ ਦੀ ਉਮਰ ਸੰਬੰਧੀ ਅਤੇ ਮਨੁੱਖ ਦੇ ਵਿਹਾਰਿਕ ਜੀਵਨ ਸੰਬੰਧੀ ਲਿਖਦੇ ਹੋਏ ਗੁਰਮਤਿ-ਸੰਪੂਰਨ ਜੀਵਨ ਮਾਰਗ ਖੋਜ ਪੱਤਰ ਵਿੱਚ ਦੱਸਿਆ ਹੈ ਕਿ ਤਨ ਮਨ ਵਿੱਚ ਵਸਦਾ ਹੈ। ਮਨ ਵਿੱਚ ਜੀਵਨ ਹੈ। ਜਦੋਂ ਸਰੀਰ ਵਿੱਚ ਜੀਵਾਤਮਾ ਮਿਲ ਜਾਂਦੀ ਹੈ ਤਾਂ ਉਹ ਇਕਮਿਕ ਹੋ ਜਾਂਦੀ ਹੈ। ਗੁਰਮਤਿ ਰਾਹੀਂ ਹੀ ਸੰਪੂਰਨ ਜੀਵਨ ਮਾਰਗ ਬਣਦਾ ਹੈ। ਇਨਸਾਨ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਹੁੰਦੀਆਂ ਹਨ। ਨੈਤਿਕ ਕਦਰਾਂ ਕੀਮਤਾਂ ਦਾ ਸਿੱਧਾ ਸੰਬੰਧ ਮਨ ਨਾਲ ਹੈ। ਮਨੁੱਖੀ ਜੀਵਨ ਦੇ ਅਨੇਕ ਪੱਖ ਹਨ। ਵਿਅਕਤੀਗਤ, ਪਰਿਵਾਰਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਆਦਿ। ਸੁਖਦੇਵ ਸਿੰਘ ਸ਼ਾਂਤ ਨੇ ਅੱਗੇ ਇਸ ਲੇਖ ਨੂੰ 7 ਭਾਗਾਂ ਵਿੱਚ ਵੰਡਿਆ ਹੈ। ਇਨਸਾਨ ਦਾ ਵਿਅਕਤੀਗਤ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਜਿਸ ਵਿੱਚ ਇਕੱਲ, ਇਕਾਂਤ ਅਤੇ ਇਕਾਗਰਤ ਦਾ ਗੂੜ੍ਹਾ ਸੰਬੰਧ ਕਿਹਾ ਹੈ। ਪਰਿਵਾਰਿਕ ਜੀਵਨ ਗ੍ਰਹਿਸਤ ਦਾ ਜੀਵਨ ਹੈ। ਇਸ ਵਿੱਚ ਇਨਸਾਨ ਨੂੰ ਆਪਣੇ ਸਾਰੇ ਰਿਸ਼ਤੇ ਸਹੀ ਢੰਗ ਨਾਲ ਨਿਭਾਉਣੇ ਚਾਹੀਦੇ ਹਨ। ਸਮਾਜਿਕ ਜੀਵਨ ਵਿੱਚ ਦੱਸਿਆ ਹੈ ਕਿ ਮਨੁੱਖ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਤੱਕ ਸੀਮਤ ਨਹੀਂ, ਸਗੋਂ ਉਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਹਨ, ਜਿਨ੍ਹਾਂ ਨੂੰ ਨਿਭਾਉਣਾ ਵੀ ਜ਼ਰੂਰੀ ਹੁੰਦਾ ਹੈ। ਆਰਥਿਕ ਜੀਵਨ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਮਨੁੱਖ ਆਰਥਿਕ ਤੌਰ ਤੇ ਆਜ਼ਾਦ ਨਹੀਂ ਤਾਂ ਉਸ ਦੀਆਂ ਬਾਕੀ ਆਜ਼ਾਦੀਆਂ ਵੀ ਖ਼ਤਰੇ ਵਿੱਚ ਪੈ ਜਾਂਦੀਆਂ ਹਨ। ਭਾਵ ਆਪਣੀ ਰੋਜ਼ੀ ਰੋਟੀ ਲਈ ਦਸਾਂ ਨਹੁੰਾਂ ਦੀ ਕਿਰਤ ਕਰਨੀ ਚਾਹੀਦੀ ਹੈ। ਧਾਰਮਿਕ ਜੀਵਨ ਨੂੰ ਗੁਰਮਤਿ ਵਿੱਚ ਅਸਲ ਜੀਵਨ ਮੰਨਿਆਂ ਹੈ। ਇਸ ਲਈ ਮਨੁੱਖ ਨੂੰ ਗੁਰਬਾਣੀ ਅਨੁਸਾਰ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਗੁਰਮਤਿ ਵਾਲੇ ਸਮਾਜ ਵਿੱਚ ਰਾਜਸੀ ਸ਼ਕਤੀ ਵੀ ਅਧਿਆਤਮਿਕ ਸ਼ਕਤੀ ਦਾ ਹੀ ਪ੍ਰਗਟਾਵਾ ਹੁੰਦੀ ਹੈ। ਇਸ ਵਿੱਚ ਬਰਾਬਰਤਾ ਦਾ ਸੰਦੇਸ਼ ਹੈ। ਰੋਜ਼ਾਨਾ ਜੀਵਨ ਨਾਲ ਸੰਬੰਧਤ ਕਿਰਿਆਵਾਂ ਖਾਣਾ, ਪੀਣਾ, ਪਹਿਨਣਾ, ਖੇਡਣਾ, ਪੜ੍ਹਨਾ ਆਦਿ ਬਾਰੇ ਬਾਕਾਇਦਾ ਗੁਰਬਾਣਂੀ ਵਿੱਚ ਸਿਖਿਆ ਦਿੱਤੀ ਗਈ ਹੈ। ਗੁਰਮਤਿ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ ਬਾਰੇ ਲਿਖਦੇ ਹਨ ਕਿ ਪਸ਼ੂ-ਪੰਛੀ ਵੀ ਆਪਣੇ ਜੀਵਨ ਵਿੱਚ ਕਾਰਜ ਕਰਦੇ ਹਨ। ਪ੍ਰੰਤੂ ਸਮਾਜਿਕ ਰੂਪ ਵਿੱਚ ਉਨ੍ਹਾਂ ਦੇ ਕਾਰਜਾਂ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਉਂਦਾ। ਗੁਰਮਤਿ ਅਨੁਸਾਰ ਮਨੁੱਖ ਦੇ ਕਰਮ-ਕਾਂਡ ਜਾਂ ਕਰੜੀ ਤਪੱਸਿਆ ਦੇ ਬੰਧਨਾ ਤੋਂ ਮੁਕਤ ਹਨ। ਗ੍ਰਹਿਸਤ ਮਾਣਨ ਦੀ ਸੁਤੰਤਰਤਾ ਨੇ ਮਨੁੱਖ ਦੇ ਜੀਵਨ ਵਿੱਚ ਉਤਸ਼ਾਹ-ਜਨਕ ਵਾਧਾ ਕੀਤਾ ਹੈ। ਗੁਰਮਤਿ ਅਨੁਸਾਰ ਸਵਰਗ-ਨਰਕ ਜਾਂ ਜਨਤ-ਦੋਜਖ਼ ਦੇ ਵਿਚਾਰ ਨਾਲੋਂ ਵਧੇਰੇ ਜ਼ੋਰ ਵਰਤਮਾਨ ਜੀਵਨ ਦੇ ਕਾਰਜਾਂ ਨੂੰ ਚੰਗਾ ਬਣਾਉਣ ਵਲ ਦਿੱਤਾ ਗਿਆ ਹੈ। ਅਧਿਆਤਮਿਕ ਖੇਤਰ ਵਿੱਚ ਸੁਤੰਤਰਤਾ ਪਰਮਾਤਮਾ ਦੀ ਭਗਤੀ ਅਤੇ ਉਸਦੀ ਮਿਹਰ ਰਾਹੀਂ ਜਨਮਾ-ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਹਨ। ਇਸ ਲਈ ਭਗਤੀ ਕਰਨੀ ਤੇ ਚੰਗੇ ਕਾਰਜ ਕਰਨੇ ਜ਼ਰੂਰੀ ਹਨ। ਦੁਨਿਆਵੀ ਖੇਤਰ ਵਿੱਚ ਸੁਤੰਤਰਤਾ ਗੁਰਬਾਣੀ ਵਿੱਚ ਦੁਨਿਆਵੀ ਕਾਰ-ਵਿਹਾਰ ਕਰਦਿਆਂ ਹੀ ਮਨੁੱਖ ਨੂੰ ਅਧਿਆਤਮਿਕ ਜੀਵਨ ਜੀਣ ਦੀ ਸਿਖਿਆ ਦਿੱਤੀ ਗਈ ਹੈ। ਲੇਖਕ ਨੇ ਬਾਕੀ ਧਰਮਾ ਦੀਆਂ ਉਦਾਹਰਨਾ ਦੇ ਕੇ ਸਾਰੀ ਜਾਣਕਾਰੀ ਦਿੱਤੀ ਹੈ। ਮਨਿ ਜੀਤੈ ਜਗੁ ਜੀਤੁ (ਗੁਰਮਤਿ ਵਿੱਚ ਮਨ ਦਾ ਸੰਕਲਪ) ਵਿੱਚ ਮਨ ਆਤਮਾ ਨਾਲ ਇੱਕਮਿਕ ਤਾਂ ਹੀ ਹੋ ਸਕਦਾ ਹੈ ਜੇਕਰ ਉਸਦਾ ਰੂਪ ਵੀ ਆਤਮਾ ਵਾਂਗ ਸੂਖ਼ਮ ਹੋਵੇ। ਜਦੋਂ ਇਹ ਸੂਖ਼ਮ ਵਸਤਾਂ ਮਿਲ ਜਾਂਦੀਆਂ ਹਨ ਤਾਂ ਸ਼ਾਂਤੀ ਮਿਲ ਜਾਂਦੀ ਹੈ। ਮਨ ‘ਤੇ ਕਾਬੂ ਪਾ ਕੇ ਗਿਆਨ ਇੰਦਰੀਆਂ ‘ਤੇ ਕਾਬੂ ਪੈ ਜਾਂਦਾ ਹੈ। ਜਦੋਂ ਇਨ੍ਹਾਂ ਤੇ ਕਾਬੂ ਹੋ ਗਿਆ ਤਾਂ ਮਨ ਜਿੱਤਿਆ ਜਾਂਦਾ ਹੈ। ਮਨ ਜਿੱਤਕੇ ਸੰਸਾਰ ਜਿੱਤਿਆ ਜਾ ਸਕਦਾ ਹੈ। ਮਨ ਨੂੰ ਜਿੱਤਣ ਨਾਲ ਸਬਰ, ਸੰਤੋਖ ਪ੍ਰਾਪਤ ਹੋ ਜਾਂਦਾ ਹੈ। ਮਨ ਨੂੰ ਜਿੱਤ ਲੈਣਾ ਹੀ ਇਨਸਾਨ ਦੀ ਸਭ ਤੋਂ ਵੱਡੀ ਉਪਲਭਦੀ ਹੈ। ਫਿਰ ਜਨਮ-ਜਨਮਾਂਤਰਾਂ ਦੀ ਭੁੱਖ ਖ਼ਤਮ ਹੋ ਜਾਂਦੀ ਹੈ। ਭਟਕਣਾ ਦੂਰ ਹੋ ਜਾਂਦੀ ਹੈ। ਇਹੋ ਗੁਰਬਾਣੀ ਸਿਖਿਆ ਦਿੰਦੀ ਹੈ। ਇਨਸਾਨ ਗਿਆਨੀ ਹੋ ਜਾਂਦਾ ਹੈ। ਉਸ ਨੂੰ ਆਪਣੇ ਆਪੇ ਦੀ ਪਛਾਣ ਹੋ ਜਾਂਦੀ ਹੈ। ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹ ਖੁਦ ਕੀ ਹੈ ਅਤੇ ਉਸਦੇ ਜੀਵਨ ਦਾ ਮਨੋਰਥ ਕੀ ਹੈ? ਇਹ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦੇ ਨਾਮ ਦੀ ਬਖ਼ਸ਼ਿਸ਼ ਨਾਲ ਹੀ ਮਨ ਪਵਿਤਰ ਹੋ ਕੇ ਜਿੱਤਿਆ ਜਾ ਸਕਦਾ ਹੈ। ਮਨ ਜਿੱਤਣ ਨਾਲ ਇਨਸਾਨ ਅਧਿਆਤਮਿਕ ਜਿੱਤ ਪ੍ਰਾਪਤ ਕਰਦਾ ਹੈ। 1699 ਦੀ ਵਿਸਾਖੀ (ਗੁਰਮਤਿ ਦੇ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ) ਅਤੇ ਗੁਰਦੁਆਰਾ ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਵੈਸਾਖ ਮਹੀਨੇ ਵਿੱਚ ਫਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਵਿਸਾਖੀ ਦਾ ਦਿਨ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਪ੍ਰਕਾਰ ਵਿਸਾਖੀ ਦਾ ਦਿਨ ਧਾਰਮਿਕ ਅਤੇ ਆਰਥਿਕ ਤੌਰ ‘ਤੇ ਪਵਿਤਰ ਅਤੇ ਮਹੱਤਵਪੂਰਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਦੇ ਦਿਨ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾਇਆ ਅਤੇ ਆਪ ਉਨ੍ਹਾਂ ਤੋਂ ਅੰਮਿ੍ਰਤ ਛਕਿਆ ਸੀ। ਉਨ੍ਹਾਂ ਖਾਲਸਾ ਪੰਥ ਸਾਜਕੇ ਖਾਲਸੇ ਦੀ ਰਹਿਤ ਮਰਿਆਦਾ ਸੰਬੰਧੀ ਫੁਰਮਾਨ ਜਾਰੀ ਕੀਤਾ ਸੀ। ਗੁਰ-ਦੀਖਿਆ ਪ੍ਰਾਪਤ ਕਰਕੇ ਹੀ ਇਨਸਾਨ ਗੁਰੂ ਵਾਲਾ ਬਣ ਕੇ ਗਿਆਨ ਪ੍ਰਾਪਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ‘ਖੰਡੇ ਦੀ ਪਾਹੁਲ’ ਦੇਣ ਦਾ ਜਿਹੜਾ ਫੈਸਲਾ ਕੀਤਾ, ਉਹ ਗੁਰਬਾਣੀ ਵਿੱਚ ਦਰਸਾਏ ‘ਅੰਮਿ੍ਰਤ’ ਸ਼ਬਦ ਦੀ ਪਾਲਣਾ ਹੀ ਸੀ। ਗੁਰੂ ਜੀ ਨੇ ਪੰਜ ਸਿੱਖਾਂ ਦੁਆਰਾ ਗੁਰ-ਦੀਖਿਆ ਦੇਣ ਦਾ ਨਿਵੇਕਲਾ ਵਿਚਾਰ ਸੰਸਾਰ ਸਾਹਮਣੇ ਪੇਸ਼ ਕੀਤਾ। 1699 ਦੀ ਵਿਸਾਖੀ ਨੇ ਕੁਝ ਸਿਧਾਂਤਾਂ ਦੀ ਸਥਾਪਨਾ ਕੀਤੀ, ਜਿਨ੍ਹਾਂ ਵਿੱਚ ਸ਼ਕਤੀ ਦਾ ਵਿਕੇਂਦਰੀਕਰਨ, ਲੋਕ-ਤੰਤਰੀ ਢਾਂਚੇ ਦੀ ਸਥਾਪਨਾ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਸਭਿਆਚਾਰਿਕ ਸੁਤੰਤਰਤਾ ਦਾ ਆਦਰਸ਼ ਅਤੇ ਨੈਤਿਕਤਾ ‘ਤੇ ਜ਼ੋਰ ਸ਼ਾਮਲ ਹਨ। ਲੇਖਕ ਨੇ ਵਿਸਾਖੀ ਦੇ ਪ੍ਰਸੰਗ ਵਿੱਚ ਸਿਰਲੇਖ ਹੇਠ ਕੁਝ ਚਿੰਤਾਵਾਂ ਵੀ ਕੀਤੀਆਂ ਹਨ। ਡ੍ਰਗਜ਼ ਅਤੇ ਨਸ਼ੇ ਪੰਜਾਬ ਵਿੱਚ ਆਮ ਹੋ ਗਏ ਹਨ, ਜਦੋਂ ਕਿ ਗੁਰੂ ਸਾਹਿਬਾਨ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਇਸੇ ਤਰ੍ਹਾਂ ਗੁਰੂ ਜੀ ਨੇ ‘ਏਕਾ ਨਾਰੀ ਜਤੀ’ ਦਾ ਸੰਦੇਸ਼ ਦਿੱਤਾ ਸੀ ਪ੍ਰੰਤੂ ਏਡਜ਼ ਦੀ ਬਿਮਾਰੀ ਇਸਦੀ ਉਲੰਘਣਾ ਦਾ ਸਬੂਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਸਰਵੋਤਮ ਮੰਨਿਆਂ ਪ੍ਰੰਤੂ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਮਾਰਿਆ ਜਾ ਰਿਹਾ ਹੈ। ਨੈਤਿਕ ਗਿਰਾਵਟ ਤੇ ਵੀ ਲੇਖਕ ਨੇ ਚਿੰਤਾ ਪ੍ਰਗਟ ਕੀਤੀ ਹੈ ਕਿਉਂਕਿ ਫੈਸ਼ਨ, ਮਾਡÇਲੰਗ ਦੇ ਨਾਂ ਤੇ ਅਸ਼ਲੀਲਤਾ ਪੇਸ਼ ਕੀਤੀ ਜਾਂਦੀ ਹੈ। ਇਹ ਵੀ ਸਿੱਖ ਵਿਚਾਰਧਾਰਾ ਦੇ ਵਿਰੁੱਧ ਹੈ। ਏਸੇ ਤਰ੍ਹਾਂ ਭਿ੍ਰਸ਼ਟਾਚਾਰ ਗੁਰੂ ਨਾਨਕ ਦੇਵ ਜੀ ਨੇ ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਕਿਹਾ ਸੀ ਪ੍ਰੰਤੂ ਇਸ ਸਮੇਂ ਸਮਾਜ ਵਿੱਚ ਭਰਿਸ਼ਟਾਚਾਰ ਭਾਰੂ ਹੈ। ਗੁਰਬਾਣੀ ਦਾ ਫਰਮਾਨ ਹੈ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ਭਾਵ ਵਿਸ਼ਵ ਸ਼ਾਂਤੀ ਦੀ ਲੋੜ ਤੇ ਜ਼ੋਰ ਦਿੱਤਾ ਸੀ ਪ੍ਰੰਤੂ ਵਰਮਾਨ ਸਥਿਤੀ ਵਿੱਚ ਇਸਦੇ ਉਲਟ ਕੰਮ ਹੋ ਰਿਹਾ ਹੈ। ਪ੍ਰਦੂਸ਼ਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਗੁਰਦੁਆਰਾ-ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਖੋਜ ਪੱਤਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਧਰਮਸਾਲ ਦੇ ਰੂਪ ਵਿੱਚ ਗੁਰਦੁਆਰਾ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਪ੍ਰਚਾਰ ਹਿੱਤ 22 ਮੰਜੀਆਂ ਸਥਾਪਤ ਕਰਨ ਬਾਰੇ ਬਚਨ ਕੀਤੇ ਸਨ। ਪ੍ਰੰਤੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿੰਦਰ ਸਾਹਿਬ ਦੀ ਉਸਾਰੀ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਾਮਜਦ ਕਰਕੇ ਗੁਰਦੁਆਰਾ ਸਹਿਬ ਦਾ ਮੁੱਢ ਬੰਨਿਆਂ ਸੀ। ਭਾਵੇਂ ਗੁਰਬਾਣੀ ਵਿੱਚ ਧਰਮਸਾਲਾ ਜਾਂ ਗੁਰਦੁਆਰੇ ਦੀ ਨਿਸ਼ਚਿਤ ਸਥਾਨ ਵਜੋਂ ਅਹਿਮੀਅਤ ਨੂੰ ਪ੍ਰਵਾਨ ਕੀਤਾ ਗਿਆ ਸੀ ਅਤੇ ਸੰਸਥਾਗਤ ਪੱਖ ਤੋਂ ਗੁਰਦੁਆਰੇ ਨੂੰ ਇਕ ਸੰਸਥਾ ਵਜੋਂ ਮਾਣਤਾ ਦਿੱਤੀ ਗਈ ਸੀ। ਗੁਰਦੁਆਰੇ ਦੀ ਸੰਸਥਾ ਵਜੋਂ ਲੋੜ ਵਾਲੇ ਭਾਗ ਵਿੱਚ ਲੇਖਕ ਨੇ ਲਿਖਿਆ ਹੈ ਕਿ ਸਤਿਗੁਰੂ ਦੇ ਦਰਸ਼ਨ, ਸਤਿਸੰਗਤ ਅਤੇ ਸੇਵਾ ਤਿੰਨ ਅਜਿਹੇ ਸੰਕਲਪ ਹਨ, ਜਿਨ੍ਹਾਂ ਦੀ ਪੂਰਤੀ ਲਈ ਸੰਸਥਾ ਵਜੋਂ ਗੁਰਦੁਆਰੇ ਦੀ ਹੋਂਦ ਜ਼ਰੂਰੀ ਹੈ। ਘਰ ਵਿੱਚ ਇਨਸਾਨ ਅੰਮਿ੍ਰਤ ਵੇਲੇ ਉਠ ਕੇ ਨਿਤਨੇਮ ਤਾਂ ਕਰ ਸਕਦਾ ਹੈ ਪ੍ਰੰਤੂ ਉਥੇ ਸਤਿਗੁਰ ਦੇ ਦਰਸ਼ਨ, ਸੰਤਿਸੰਗਤ ਦਾ ਮਿਲਾਪ ਅਤੇ ਗੁਰਸਿੱਖਾਂ ਦੀ ਸੇਵਾ ਨਸੀਬ ਨਹੀਂ ਹੋ ਸਕਦੀ। ਇਸ ਲਈ ਗੁਰਦੁਆਰੇ ਦੀ ਲੋੜ ਹੈ। ਗੁਰਦੁਆਰੇ ਦੀ ਸੰਸਥਾ ਵਜੋਂ ਮਰਿਯਾਦਾ: ਸਿੱਖ ਧਰਮ ਵਿੱਚ ‘ਸਿੱਖ ਰਹਿਤ ਮਰਯਾਦਾ’ ਗੁਰਦੁਆਰੇ ਵਿੱਚ ਹੋਣੀ ਜ਼ਰੂਰੀ ਹੈ। ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਨਿਸ਼ਾਨ ਸਾਹਿਬ ਅਤੇ ਨਗਾਰਾ ਤਿੰਨ ਗੱਲਾਂ ਜ਼ਰੂਰੀ ਹਨ। ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਉਥੇ ਸ਼ਰਧਾਲੂ ਅਨੁਸ਼ਾਸ਼ਨ ਵਿੱਚ ਰਹਿਣਗੇ। ਨੈਤਿਕ ਜ਼ਿੰਮੇਵਾਰੀ ਮਹਿਸੂਸ ਕਰਨਗੇ। ਸਿਰ ਢੱਕੇ ਹੋਣਗੇ, ਪਾਠ, ਕੀਰਤਨ ਹੁੰਦਾ ਹੋਵੇਗਾ। ਕੁਦਰਤੀ ਹੈ ਕਿ ਸੰਗਤ ਗੁਰਦੁਆਰੇ ਦੀ ਸਿੱਖ ਰਹਿਤ ਮਰਿਯਾਦਾ ਵਿੱਚ ਰਹਿੰਦੇ ਹੋਏ ਵਿਚਰਣਗੇ। ਗੁਰਦੁਆਰੇ ਦੀ ਸੰਸਥਾ ਵਜੋਂ ਪ੍ਰਬੰਧ: ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਚਲਾਉਣ ਲਈ ਪ੍ਰਬੰਧਕ, ਕਰਮਚਾਰੀ, ਪਾਠੀ, ਰਾਗੀ ਅਤੇ ਕੀਰਤਨੀਏ ਹੋਣਗੇ। ਇਨ੍ਹਾਂ ਸਾਰਿਆਂ ਦਾ ਨਿਗਰਾਨ ਮੈਨੇਜਰ ਹੋਵੇਗਾ। ਇਹ ਸਾਰੇ ਕਰਮਚਾਰੀ ਅਧਆਤਮਿਕ ਸੋਚ ਅਨੁਸਾਰ ਕੰਮ ਕਰਨਗੇ। ਇਹ ਪੁਸਤਕ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਰਾਹ ਦਸੇਰਾ ਸਾਬਤ ਹੋਵੇਗੀ ਕਿਉਂਕਿ ਇਸ ਵਿੱਚ ਦਿੱਤੇ ਵਿਚਾਰ ਵੱਖ-ਵੱਖ ਵਿਦਵਾਨਾ ਦੇ ਵਿਚਾਰਾਂ ਦਾ ਨਿਚੋੜ ਹੈ। ਅਖ਼ੀਰ ਵਿੱਚ ਲੇਖਕ ਨੇ ਸਾਰੇ ਗੁਰਦੁਆਰਿਆਂ ਵਿੱਚ ਇਕਸੁਰਤਾ ਦੀ ਲੋੜ ਤੇ ਜ਼ੋਰ ਦਿੰਦੇ ਹੋਏ 10 ਸੁਝਾਆ ਦਿੱਤੇ ਹਨ। 135 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਜਿਲ੍ਹਾ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੰਗਰੂਰ ਲੋਕ ਸਭਾ ਦੀ ਚੋਣ ਦਾ ਨਤੀਜਾ : ਆਮ ਆਦਮੀ ਪਾਰਟੀ ਨੂੰ ਝਟਕਾ - ਉਜਾਗਰ ਸਿੰਘ
ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੜ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਹਲਕੇ ਸੰਗਰੂਰ ਵਿੱਚ ਸਨ੍ਹ ਲਗਾ ਦਿੱਤੀ ਹੈ। ਇਹ ਉਪ ਚੋਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਹੋਈ ਹੈ। ਉਨ੍ਹਾਂ ਆਪਣੀ ਪਸੰਦ ਦਾ ਉਮੀਦਵਾਰ ਚੁਣਿਆਂ ਸੀ ਪ੍ਰੰਤੂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਨਕਾਰ ਦਿੱਤਾ ਹੈ। ਸੰਗਰੂਰ ਉਪ ਚੋਣ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਪੰਜਾਬ ਦੀਆਂ ਹੌਸਲੇ ਛੱਡੀ ਬੈਠੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀਆਂ ਵਿੱਚ ਮੁੜ ਜਾਨ ਪੈ ਗਈ ਹੈ। ਉਨ੍ਹਾਂ ਦੇ ਭਾਵੇਂ ਉਮੀਦਵਾਰ ਜਿੱਤ ਤਾਂ ਨਹੀਂ ਸਕੇ ਪ੍ਰੰਤੂ ਵਿਧਾਨ ਸਭਾ ਵਿੱਚ ਪਈਆਂ ਵੋਟਾਂ ਦੇ ਮੁਕਾਬਲੇ ਆਪਣੀ ਪੋਜ਼ੀਸ਼ਨ ਕਨਸੌਲੀਡੇਟ ਕਰਨ ਵਿੱਚ ਸਫਲ ਹੋਏ ਹਨ। ਦੂਜਾ ਸਥਾਪਤ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਲਾਭ ਹੋਵੇਗਾ ਕਿਉਂਕਿ ਹੁਣ ਉਹ ਆਉਂਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਣਗੀਆਂ। ਆਮ ਆਦਮੀ ਪਾਰਟੀ ਦਾ ਗ੍ਰਾਫ ਜਿਵੇਂ ਯਕਲਖਤ ਅਸਮਾਨ ‘ਤੇ ਚੜ੍ਹ ਗਿਆ ਸੀ, ਉਸੇ ਤਰ੍ਹਾਂ ਸੰਗਰੂਰ ਉਪ ਚੋਣ ਹਾਰਨ ਨਾਲ ਮਿੰਟਾਂ ਸਕਿੰਟਾਂ ਵਿੱਚ ਹੀ ਨੀਚੇ ਗਿਰ ਗਿਆ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੋਵਾਂ ਨੂੰ ਬਰਾਬਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵੇਂ ਪਾਰਟੀਆਂ ਹਾਸ਼ੀਏ ਤੇ ਪਹੁੰਚ ਗਈਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਨੀਮੂਨ ਪੀਰੀਅਡ ਵਿੱਚ ਅਨੇਕਾਂ ਦਾਅਵਿਆਂ ਦੇ ਬਾਵਜੂਦ ਵੀ ਉਨ੍ਹਾਂ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਾਰ ਦਾ ਮੂੰਹ ਵੇਖਣਾ ਪੈ ਗਿਆ। ਸਰਕਾਰ ਦੇ ਭਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਆਪਣੇ ਹੀ ਸਿਹਤ ਮੰਤਰੀ ਦੀ ਦਿੱਤੀ ਬਲੀ ਵੀ ਕਾਰਗਰ ਸਾਬਤ ਨਹੀਂ ਹੋਈ। ਹੈਰਾਨੀ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਨੂੰ 2014 ਦੀ ਲੋਕ ਸਭਾ ਦੀ ਚੋਣ ਸਮੇਂ 48 ਫ਼ੀ ਸਦੀ ਵੋਟਾਂ ਪਈਆਂ ਸਨ। 2019 ਵਿੱਚ ਇਹ ਲੀਡ ਘਟਕੇ 37 ਫ਼ੀ ਸਦੀ ਰਹਿ ਗਈ ਸੀ। ਇਸ ਵਾਰ 34 ਫ਼ੀ ਸਦੀ ਰਹਿ ਗਈ ਹੈ। ਮੁੱਖ ਮੰਤਰੀ ਦੀ ਆਪਣੀ ਸੀਟ ਤੋਂ ਹਾਰਨ ਨਾਲ ਭਗਵੰਤ ਸਿੰਘ ਮਾਨ ਦੀ ਸ਼ਾਖ਼ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿਉਂਕਿ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ ਸੀ, ਉਨ੍ਹਾਂ ਦੀ ਖਾਲੀ ਕੀਤੀ ਸੀਟ ‘ਤੇ ਚੋਣ ਹੋਈ ਹੈ। ਇਹ ਵੀ ਅਚੰਭੇ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਦੇ ਆਪਣੇ ਜੱਦੀ ਪਿੰਡ ਸਤੌਜ ਵਿਚੋਂ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸਿਮਰਨਜੀਤ ਸਿੰਘ ਮਾਨ ਤੋਂ ਹਾਰ ਗਿਆ ਹੈ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਅਜੇ 3 ਮਹੀਨੇ ਹੀ ਹੋਏ ਹਨ। ਅਜੇ ਉਨ੍ਹਾਂ ਦਾ ਹਨੀਮੂਨ ਪੀਰੀਅਡ ਖ਼ਤਮ ਨਹੀਂ ਹੋਇਆ ਸੀ ਪ੍ਰੰਤੂ ਸਰਕਾਰ ਦੀ ਕਾਰਗੁਜ਼ਾਰੀ ਕਟਹਿਰੇ ਵਿੱਚ ਖੜੀ ਹੋ ਗਈ ਹੈ। ਵੱਡੀਆਂ ਟਾਹਰਾਂ ਮਾਰਨ ਵਾਲੀ ਸਰਕਾਰ ਨੂੰ ਮੂੰਹ ਦੀ ਖਾਣੀ ਪੈ ਗਈ ਹੈ। ਇਸ ਉਪ ਚੋਣ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਅਕਸ ਦਾਅ ਤੇ ਲੱਗਿਆ ਹੋਇਆ ਸੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੇ 8 ਮੰਤਰੀ, ਦੋ ਦਰਜਨ ਤੋਂ ਵੱਧ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਰਾਜ ਅਤੇ ਜਿਲਿ੍ਹਆਂ ਦੇ ਅਹੁਦੇਦਾਰ ਪਿਛਲੇ 15 ਦਿਨ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਇਕ ਕਰਕੇ ਅੱਡੀ ਤੋਂ ਚੋਟੀ ਦਾ ਜ਼ੋਰ ਲਗਾ ਰਹੇ ਸਨ। ਪ੍ਰੰਤੂ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਉਹ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਹਨ। ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। ਸੁਨਾਮ ਹਲਕੇ ਤੋਂ ਅਮਨ ਅਰੋੜਾ 76 ਹਜ਼ਾਰ ਵੋਟਾਂ ਦੇ ਫਰਕ ਨਾਲ ਜਿਤਿਆ ਸੀ। ਸੁਨਾਮ, ਸੰਗਰੂਰ ਅਤੇ ਲਹਿਰਾਗਾਗਾ ਵਿਧਾਂਨ ਸਭਾ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਿਮਰਨਜੀਤ ਸਿੰਘ ਮਾਨ ਤੋਂ ਵੱਧ ਵੋਟਾਂ ਮਿਲੀਆਂ ਹਨ। ਭਗਵੰਤ ਸਿੰਘ ਮਾਨ ਦੀ ਵਜ਼ਾਰਤ ਦੇ ਸੰਗਰੂਰ ਅਤੇ ਬਰਨਾਲਾ ਜਿਲ੍ਹੇ ਦੇ ਦੋਵੇਂ ਮੰਤਰੀ ਹਰਪਾਲ ਸਿੰਘ ਚੀਮਾ ਦਿੜ੍ਹਬਾ ਅਤੇ ਮੀਤ ਹੇਅਰ ਬਰਨਾਲਾ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਵੱਡੇ ਫਰਕ ਨਾਲ ਹਾਰ ਗਿਆ ਹੈ। ਮੰਤਰੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਇਸ ਉਪ ਚੋਣ ਤੇ ਨਤੀਜੇ ਨਾਲ ਆਮ ਆਦਮੀ ਪਾਰਟੀ ਦਾ ਭਵਿਖ਼ ਖ਼ਤਰੇ ਵਿੱਚ ਪੈ ਗਿਆ ਹੈ। ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਦਮਗਜ਼ੇ ਮਾਰਨ ਵਾਲੇ ਅਰਵਿੰਦ ਕੇਜਰੀਵਾਲ ਦੇ ਸਪਨੇ ਚਕਨਾਚੂਰ ਹੋ ਗਏ ਹਨ। ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਵੀ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਗਈ ਹੈ। ਪੰਜਾਬ ਸਰਕਾਰ ਦਾ ਸੰਗਰੂਰ ਲੋਕ ਸਭਾ ਦੇ ਵੋਟਰਾਂ ਨੇ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਅਤੇ ਇਨ੍ਹਾਂ ਹੁਕਮਾਂ ਨੂੰ ਸ਼ੋਸ਼ਲ ਮੀਡੀਆ ‘ਤੇ ਪਾਉਣ ਨਾਲ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸੱਦਾ ਦੇਣ ਦੇ ਬਰਾਬਰ ਗਿਣਿਆਂ ਹੈ। ਸਿੱਧੂ ਮੂਸੇਵਾਲਾ ਦਾ ਕਤਲ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਦਾ ਜਿਉਂਦਾ ਜਾਗਦਾ ਸਬੂਤ ਸਾਬਤ ਹੋਇਆ ਹੈ, ਜਿਸਦਾ ਸੰਗਰੂਰ ਲੋਕ ਸਭਾ ਦੇ ਵੋਟਰਾਂ ਨੇ ਬਦਲਾ ਲੈ ਲਿਆ ਹੈ। ਪੰਜਾਬ ਦੇ ਪਾਣੀਆਂ ਬਾਰੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਆਮ ਆਦਮੀ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾ ਗਿਆ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਸਤਲੁਜ ਯਮੁਨਾ ਨਹਿਰ ਬਾਰੇ ਦੋਹਰਾ ਮਾਪ ਦੰਡ ਲੋਕਾਂ ਨੇ ਚੰਗਾ ਨਹੀਂ ਸਮਝਿਆ।
Êਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਇਹ ਚੋਣ ਪਹਿਲਾ ਇਮਤਿਹਾਨ ਸੀ। ਉਹ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਖੁਦ ਚਲਾਉਂਦਾ ਰਿਹਾ, ਜਿਸ ਕਰਕੇ ਕਾਂਗਰਸ ਪਾਰਟੀ ਭਾਵੇਂ ਆਪਣੀ ਜ਼ਮਾਨਤ ਤਾਂ ਨਹੀਂ ਬਚਾ ਸਕੀ ਪ੍ਰੰਤੂ ਤੀਜੇ ਨੰਬਰ ਤੇ ਆ ਗਈ ਹੈ। ਪੰਜਾਬ ਕਾਂਗਰਸ ਪਾਰਟੀ ਦੇ ਲੈਜਿਸਲੇਚਰ ਪਾਰਟੀ ਦੇ ਮੁੱਖੀ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਵਿਧਾਨਕਾਰ ਵੀ ਚੋਣ ਮੁਹਿੰਮ ਵਿੱਚ ਲੱਗੇ ਰਹੇ ਸਨ ਪ੍ਰੰਤੂ ਕਾਂਗਰਸ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਹਾਰ ਗਈ ਹੈ। ਸਭ ਤੋਂ ਜ਼ਿਆਦਾ ਲਾਭ ਭਾਰਤੀ ਜਨਤਾ ਪਾਰਟੀ ਨੂੰ ਹੋਇਆ ਹੈ, ਉਨ੍ਹਾਂ ਦਾ ਉਮੀਦਵਾਰ ਕੇਵਲ ਸਿੰਘ ਢਿਲੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਜੀਤ ਕੌਰ ਤੋਂ ਵੀ ਵੱਧ ਵੋਟਾਂ ਲੈ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨਾਲ ਭਾਈਵਾਲੀ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਵੱਡਾ ਭਰਾ ਕਹਿੰਦੀ ਸੀ। ਇਸ ਚੋਣ ਵਿੱਚ ਅਕਾਲੀ ਦਲ ਨੇ ਆਪਣਾ ਅਕਸ ਬਚਾਉਣ ਲਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਬਣਾਕੇ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਅਕਾਲੀ ਦਲ ਦੀ ਹੋਰ ਕਿਰਕਰੀ ਹੋ ਗਈ ਹੈ। ਸਿਮਰਨਜੀਤ ਸਿੰਘ ਮਾਨ 5822 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ। ਉਨ੍ਹਾਂ ਨੂੰ 253154, ਆਮ ਆਦਮੀ ਦੇ ਗੁਰਮੇਲ ਸਿੰਘ ਘਰਾਚੋਂ ਨੂੰ 247332, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿਲੋਂ ਨੂੰ 66298 ਅਤੇ ਪੰਜਵੇਂ ਨੰਬਰ ਤੇ ਅਕਾਲੀ ਦਲ ਦੀ ਬੀਬੀ ਕਮਲਜੀਤ ਕੌਰ ਨੂੰ 44428 ਵੋਟਾਂ ਮਿਲੀਆਂ ਹਨ। ਸਿਮਰਨਜੀਤ ਸਿੰਘ ਮਾਨ ਨੂੰ ਸਭ ਤੋਂ ਵੱਧ ਵੋਟਾਂ ਮਾਲੇਰਕੋਟਲਾ ਤੋਂ ਪਈਆਂ ਹਨ। ਇਸ ਚੋਣ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਸ਼ਾਇਦ ਆਪਣੀ ਸਰਕਾਰ ਚਲਾਉਣ ਦੀ ਕਾਰਜਸ਼ੈਲੀ ਵਿੱਚ ਤਬਦੀਲੀ ਕਰਨ ਲਈ ਮਜ਼ਬੂਰ ਹੋ ਜਾਵੇਗੀ। 2019 ਦੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਦੇ ਵਿਜੇਇੰਦਰ ਸਿੰਗਲਾ ਨੂੰ 3 ਲੱਖ , ਅਕਾਲੀ ਦਲ ਦੇ ਉਮੀਦਵਾਰ ਨੂੰ 2 ਲੱਖ 6000 ਵੋਟਾਂ ਪੋਲ ਹੋਈਆਂ ਸਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਬੀ ਜੇ ਪੀ ਦਾ ਮਾਸਟਰ ਸਟਰੋਕ : ਕਬਾਇਲੀ ਇਸਤਰੀ ਰਾਸ਼ਟਰਪਤੀ ਦੀ ਉਮੀਦਵਾਰ - ਉਜਾਗਰ ਸਿੰਘ
ਭਾਰਤੀ ਜਨਤਾ ਪਾਰਟੀ ਨੇ ਐਨ ਡੀ ਏ ਦਾ ਸਾਂਝਾ ਉਮੀਦਵਾਰ ਝਾਰਖੰਡ ਦੀ ਸਾਬਕਾ ਰਾਜਪਾਲ ਉਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼ ਤਰਾਰ ਇਸਤਰੀ ਆਗੂ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣਾਕੇ ਮਾਸਟਰ ਸਟਰੋਕ ਮਾਰਿਆ ਹੈ। ਯੂ ਪੀ ਏ ਨੇ ਵੀ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਬਣਾਕੇ ਆਪਣੇ ਜਾਣੀ ਕੱਦੂ ਵਿੱਚ ਤੀਰ ਮਾਰਿਆ ਹੈ। ਇਕ ਕਿਸਮ ਨਾਲ ਭਾਜਪਾ ਦਾ ਭਾਜਪਾ ਨਾਲ ਮੁਕਾਬਲਾ ਹੈ ਕਿਉਂਕਿ ਯਸ਼ਵੰਤ ਸਿਨਹਾ ਵੀ ਕਿਸੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਦਿਗਜ਼ ਨੇਤਾ ਤੇ ਮੰਤਰੀ ਸਨ। ਇਸ ਸਮੇਂ ਉਹ ਤ੍ਰਿਮਨੂਲ ਕਾਂਗਰਸ ਵਿੱਚ ਹਨ। ਯਸ਼ਵੰਤ ਸਿਨਹਾ ਨੂੰ ਜਿਤਾਉਣ ਲਈ ਮਮਤਾ ਬੈਨਰਜ਼ੀ ਅੱਡੀ ਤੋਂ ਚੋਟੀ ਦਾ ਜ਼ੋਰ ਲਾਉਣਗੇ। ਉਹ ਬੀ ਜੇ ਪੀ ਦੇ ਨੇਤਾਵਾਂ ਨੂੰ ਪਹਿਲਾਂ ਵੀ ਤ੍ਰਿਮਨੂਲ ਕਾਂਗਰਸ ਵਿੱਚ ਸ਼ਾਮਲ ਕਰ ਚੁੱਕੇ ਹਨ। ਹੋ ਸਕਦਾ ਬੀ ਜੇ ਪੀ ਦੀਆਂ ਵੋਟਾਂ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਨ। ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ 18 ਜੁਲਾੲਂੀ 2022 ਨੂੰ ਹੋਣ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਇਹ ਤੀਜੀ ਵਾਰ ਚੋਣ ਹੋ ਰਹੀ ਹੈ। ਇਸ ਤੋਂ ਪਹਿਲਾਂ 2002 ਵਿੱਚ ਏ ਪੀ ਜੇ ਅਬਦੁਲ ਕਲਾਮ ਅਤੇ 2012 ਵਿੱਚ ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਚੋਣ ਜਿੱਤੇ ਸਨ। ਇਹ ਦੋਵੇਂ ਉਮੀਦਵਾਰ ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਿੱਚੋਂ ਉਮੀਦਵਾਰ ਬਣਾਕੇ ਅਗਲੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਇਸ ਪਾਸੇ ਉਹ ਸਫਲ ਵੀ ਹੋਏ ਸਨ। 2022 ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਕਬਾਇਲੀ ਇਸਤਰੀ ਨੇਤਾ ਦਰੋਪਤੀ ਮੁਰਮੂ ਨੂੰ ਉਮੀਦਵਾਰ ਬਣਾਕੇ 2024 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਬਾਇਲੀਆਂ, ਅਨੁਸੂਚਿਤ ਜਾਤੀਆਂ ਅਤੇ ਇਸਤਰੀਆਂ ਦੀ ਵੋਟਾਂ ਵਟੋਰਨ ਦਾ ਪੈਂਤੜਾ ਵਰਤਿਆ ਹੈ। ਵੇਖਣ ਵਾਲੀ ਗੱਲ ਹੋਵੇਗੀ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਨਵਾਂ ਪੈਂਤੜਾ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਿਤਨਾ ਕਾਰਗਰ ਸਾਬਤ ਹੋਵੇਗਾ। ਕਿਉਂਕਿ ਉਹ ਹਰ ਹਾਲਤ ਵਿੱਚ 2024 ਦੀਆਂ ਚੋਣਾ ਜਿੱਤਣਾ ਚਾਹੁੰਦੇ ਹਨ। ਸ਼੍ਰੀਮਤੀ ਦਰੋਪਤੀ ਮੁਰਮੂ ਬਿਜਲੀ ਵਿਭਾਗ ਦੀ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਤੱਕ ਪਹੁੰਚਣ ਵਾਲੀ ਪਹਿਲੀ ਕਬਾਇਲੀ ਇਸਤਰੀ ਹੈ। ਆਜ਼ਾਦੀ ਤੋਂ ਬਾਅਦ 1958 ਵਿੱਚ ਪੈਦਾ ਹੋਣ ਵਾਲੀ ਰਾਸ਼ਟਰਪਤੀ ਦੀ ਉਮੀਦਵਾਰ ਵੀ ਉਹ ਪਹਿਲੀ ਇਸਤਰੀ ਹੈ। ਉਨ੍ਹਾਂ ਆਪਣਾ ਸਿਆਸੀ ਕੈਰੀਅਰ 1997 ਵਿੱਚ ਰਾਏਰੰਗਪੁਰ ਨਗਰ ਪੰਚਾਇਤ ਦੇ ਕੌਂਸਲਰ ਤੋਂ ਸ਼ੁਰੂ ਕੀਤਾ ਅਤੇ ਨਗਰ ਪੰਚਾਇਤ ਦੀ ਉਪ ਚੇਅਰਪਰਸਨ ਬਣੀ। 2000 ਵਿੱਚ ਹੀ ਪਹਿਲੀ ਵਾਰ ਵਿਧਾਇਕਾ ਬਣਨ ਤੋਂ ਬਾਅਦ ਉਡੀਸ਼ਾ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਉਨ੍ਹਾਂ ਬੜੇ ਮਹੱਤਵਪੂਰਨ ਵਿਭਾਗਾਂ ਦੀ ਮੰਤਰੀ ਰਹਿੰਦਿਆ ਪ੍ਰਸ਼ਾਸ਼ਕੀ ਤਜ਼ਰਬਾ ਹਾਸਲ ਕੀਤਾ। ਉਡੀਸ਼ਾ ਵਿਧਾਨ ਸਭਾ ਵੱਲੋਂ ਉਨ੍ਹਾਂ ਨੂੰ 2007 ਵਿੱਚ ਸਰਵੋਤਮ ਵਿਧਾਇਕਾ ਲਈ ''ਨੀਲਕੰਠ ਪੁਰਸਕਾਰ'' ਦੇ ਕੇ ਸਨਮਾਨਤ ਕੀਤਾ ਗਿਆ ਸੀ। 2015 ਵਿੱਚ ਉਨ੍ਹਾਂ ਨੂੰ ਝਾਰਖੰਡ ਦੀ ਰਾਜਪਾਲ ਬਣਾਇਆ ਗਿਆ। ਝਾਰਖੰਡ ਦੀ ਵੀ ਉਹ ਪਹਿਲੀ ਇਸਤਰੀ ਰਾਜਪਾਲ ਸੀ। ਜੇ ਉਹ ਚੁਣੀ ਗਈ ਤਾਂ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੀ ਅਤੇ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ।
ਭਾਰਤੀ ਜਨਤਾ ਪਾਰਟੀ ਆਪਣਾ ਹਰ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖਕੇ ਲੈ ਰਹੀ ਹੈ। ਉਹ ਆਪਣਾ ਹਿੰਦੂਤਵ ਦਾ ਰਾਗ ਅਲਾਪ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਲਗਾਤਾਰ ਦੋ ਵਾਰ 2014 ਅਤੇ 2019 ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਚੁੱਕੀ ਹੈ। ਤੀਜੀ ਵਾਰ ਵੀ ਉਹ ਹਰ ਹੀਲਾ ਵਰਤਕੇ ਸਰਕਾਰ ਬਣਾਉਣ ਦੀਆਂ ਤਰਕੀਬਾਂ ਬਣਾ ਰਹੀ ਹੈ। 2014 ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਹੋਣ ਕਰਕੇ ਵਿਰੋਧੀ ਧਿਰਾਂ ਨੂੰ ਵਿਸ਼ਵਾਸ਼ ਵਿੱਚ ਲਏ ਤੋਂ ਬਿਨਾ ਫ਼ੈਸਲੇ ਲੈਂਦੀ ਆ ਰਹੀ ਹੈ। ਜਿਹੜਾ ਵੀ ਫ਼ੈਸਲਾ ਲੈ ਲੈਂਦੀ ਹੈ, ਉਸ 'ਤੇ ਟੱਚ ਤੇ ਮਸ ਨਹੀਂ ਹੁੰਦੀ। 2014 ਤੋਂ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਬਹੁਤੇ ਫ਼ੈਸਲਿਆਂ ਕਰਕੇ ਵਾਦਵਿਵਾਦ ਵਿੱਚ ਹੀ ਰਹੀ ਹੈ ਕਿਉਂਕਿ ਉਨ੍ਹਾਂ ਦੇ ਫ਼ੈਸਲੇ ਆਰ ਐਸ ਐਸ ਦੀਆਂ ਨੀਤੀਆਂ ਅਨੁਸਾਰ ਹੁੰਦੇ ਹਨ। ਇਕ ਕਿਸਮ ਨਾਲ ਪਾਰਟੀ ਦਾ ਥਿੰਕ ਟੈਂਕ ਆਰ ਐਸ ਐਸ ਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਹੰਦੇਸ਼ਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਭਾਰੀ ਬਹੁਮਤ ਨਾਲ ਜਿੱਤ ਨਹੀਂ ਸਕਣਗੇ, ਇਸ ਲਈ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਰ ਐਸ ਐਸ ਦੇ ਕੱਟੜ ਸਮੱਰਥਕ ਨੂੰ ਹੀ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ। ਹੁਣ ਤੱਕ ਦੇ ਮਹੱਤਵਪੂਰਨ ਫ਼ੈਸਲੇ ਜਿਨ੍ਹਾਂ ਦੀ ਵਜਾਹ ਕਰਕੇ ਵਾਦਵਿਵਾਦ ਖੜ੍ਹੇ ਹੁੰਦੇ ਰਹੇ ਹਨ, ਉਨ੍ਹਾਂ ਵਿੱਚ ਨੋਟ ਬੰਦੀ ਕਰਕੇ ਕਾਲਾ ਧਨ ਵਾਪਸ ਮੰਗਵਾਉਣਾ, ਨਾਗਰਿਕ ਸੋਧ ਕਾਨੂੰਨ, ਏਅਰ ਪੋਰਟ ਤੇ ਰੇਲਵੇ ਵੇਚਣਾ, ਕੋਵਿਡ ਸਮੇਂ ਬੁਰੀ ਤਰ੍ਹਾਂ ਫੇਲ ਹੋਣਾ, ਮਹਿੰਗਾਈ ਦਾ ਵੱਧਣਾ, ਪੈਟਰੌਲ ਅਤੇ ਗੇੈਸ ਦੀਆਂ ਕੀਮਤਾਂ ਦਾ ਦੁਗਣਾ ਹੋਣਾ, ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕਰਨਾ ਅਤੇ ਕੇਂਦਰੀ ਸ਼ਾਸ਼ਤ ਸੂਬਾ ਬਣਾਉਣਾ, ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਬਣਾਉਣਾ, ਆਯੋਧਿਆ ਵਿੱਚ ਮੰਦਰ ਬਣਾਉਣਾ, ਘੱਟ ਗਿਣਤੀਆਂ ਦਾ ਆਪਣੇ ਆਪ ਨੂੰ ਮਹਿਫੂਜ ਨਾ ਸਮਝਣਾ, ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਪ੍ਰਾਈਵੇਟਸ਼ਨਜ਼ ਨੂੰ ਪਹਿਲ ਦੇਣਾ ਅਤੇ ਫ਼ੌਜ ਵਿੱਚ ਰੈਗੂਲਰ ਭਰਤੀ ਬੰਦ ਕਰਕੇ ਅਗਨੀਪਥ ਸ਼ੁਰੂ ਕਰਨਾ, ਸੂਬਿਆਂ ਦੀਆਂ ਫ਼ੌਜ ਦੀਆਂ ਰੈਗੂਲਰ ਯੂਨਿਟਾਂ ਖ਼ਤਮ ਕਰਨੀਆਂ ਆਦਿ ਹਨ। ਉਪਰੋਕਤ ਸਾਰੇ ਫ਼ੈਸਲਿਆਂ ਦਾ ਆਮ ਜਨਤਾ ਨੇ ਹਮੇਸ਼ਾ ਵਿਰੋਧ ਕੀਤਾ ਪ੍ਰੰਤੂ ਸਰਕਾਰ ਨੇ ਇਨ੍ਹਾਂ ਵਿੱਚੋਂ ਸਿਰਫ ਖੇਤੀ ਕਾਨੂੰਨ ਵਾਪਸ ਲਏ ਹਨ ਬਾਕੀਆਂ ਬਾਰੇ ਲੋਕਾਈ ਅਤੇ ਵਿਰੋਧੀ ਪਾਰਟੀਆਂ ਦੀ ਸੁਣੀ ਨਹੀਂ ਗਈ। ਅਗਨੀਪਥ ਸਕੀਮ ਬਾਰੇ ਭਾਰਤ ਦੇ ਲੋਕਾਂ ਵਿੱਚ ਸ਼ੰਕਾ ਹੈ ਕਿ ਆਰ ਐਸ ਐਸ ਦੇ ਮੈਂਬਰਾਂ ਨੂੰ ਅਸਲੇ ਚਲਾਉਣ ਦੀ ਸਿਖਿਆ ਦੇਣ ਲਈ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗ਼ੈਰ ਭਾਰਤੀ ਜਨਤਾ ਪਾਰਟੀ ਦੀਆਂ ਸੂਬਾ ਸਰਕਾਰਾਂ ਤੋਂ ਬਿਨਾ ਬਾਕੀ ਸਾਰੀਆਂ ਸਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਵੀ ਲੋਕਾਂ ਵਿੱਚ ਗੁੱਸੇ ਦਾ ਵਧਣਾ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਕੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਦੇ ਪ੍ਰਾਪੇਗੰਡੇ ਨੂੰ ਠਲ ਪਾਉਣ ਵਿੱਚ ਸਫਲ ਹੋਣਾ ਚਾਹੁੰਦੀ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਜ਼ਮੀਨੀ ਪੱਧਰ ਦੀ ਫਾਇਰ ਬਰਾਂਡ ਆਗੂ ਹੈ। ਉਸਦੀ ਚੋਣ ਅਗਲੇ ਦੋ ਸਾਲਾਂ ਵਿੱਚ ਦੋ ਕਬਾਇਲੀ ਇਲਾਕਿਆਂ ਵਾਲੇ ਛਤੀਸ਼ਗੜ੍ਹ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਲਗਦੀ ਹੈ। ਅਜਿਹੇ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਇਕ ਵੰਗਾਰ ਹੋਵੇਗੀ। ਭਾਵੇਂ ਭਾਰਤੀ ਜਨਤਾ ਪਾਰਟੀ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਪ੍ਰੰਤੂ ਵਿਰੋਧੀ ਪਾਰਟੀਆਂ ਦਾ ਇਕ ਮੰਚ 'ਤੇ ਲਾਮਬੰਦ ਹੋਣਾ ਤੇ ਪੁਰਾਣੈ ਭਾਰਤੀ ਜਨਤਾ ਪਾਰਟੀ ਦੇ ਨੇਤਾ ਯਸ਼ਵੰਤ ਸਿਨਹਾ ਨੂੰ ਉਮੀਦਵਾਰ ਬਣਾਉਣਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਵਿਰੋਧੀ ਪਾਰਟੀਆਂ ਨੇ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੂੰ ਉਮੀਦਵਾਰ ਇਸ ਆਸ ਨਾਲ ਬਣਾਇਆ ਹੈ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਕੁਝ ਵੋਟਾਂ ਪੈ ਸਕਦੀਆਂ ਹਨ। ਸਿਆਸਤਦਾਨਾ ਵਿੱਚ ਵਿਚਾਰਧਾਰਾ ਦੀ ਥਾਂ ਮੌਕਾ ਪ੍ਰਸਤੀ ਭਾਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸਰਕਾਰੀ ਅਸਰ ਰਸੂਖ ਨਾਲ ਕਈ ਰਾਜਾਂ ਵਿੱਚ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜਕੇ ਸਰਕਾਰਾਂ ਬਣਾ ਲਈਆਂ ਹਨ। ਤਾਜ਼ਾ ਘਟਨਾਕਰਮ ਮਹਾਰਾਸ਼ਟਰ ਵਿੱਚ ਵਿਰੋਧੀ ਪਾਰਟੀਆਂ ਦੀ ਸਾਂਝੀ ਸਰਕਾਰ ਤੋੜਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ। ਪ੍ਰੰਤੂ ਇਸ ਕਰਕੇ ਸਰਕਾਰ ਡਰ ਵੀ ਰਹੀ ਹੈ ਕਿ ਜਿਹੜੇ ਪਾਰਟੀ ਬਦਲ ਕੇ ਉਨ੍ਹਾਂ ਨਾਲ ਆ ਸਕਦੇ ਹਨ, ਉਹ ਰਾਸ਼ਟਰਪਤੀ ਦੀ ਚੋਣ ਵਿੱਚ ਕਰਾਸ ਵੋਟਿੰਗ ਵੀ ਕਰ ਸਕਦੇ ਹਨ। ਅਗਲੀਆਂ ਲੋਕ ਸਭਾ ਚੋਣਾ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾ ਮਿਲਿਆ ਤਾਂ ਰਾਸ਼ਟਰਪਤੀ ਦਾ ਅਹੁਦਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਜਿਸ ਕਰਕੇ ਉਹ ਗਿਆਨੀ ਜ਼ੈਲ ਸਿੰਘ ਦੇ ਸਮੇਂ ਹੋਏ ਘਟਨਾਕਰਮ ਨੂੰ ਮੁੱਖ ਰੱਖਕੇ ਰਣਨੀਤੀ ਬਣਾ ਰਹੇ ਹਨ। ਉਦਾਹਰਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗਿਆਨੀ ਜ਼ੈਲ ਸਿੰਘ ਦੇ 1982 ਤੋਂ 87 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਦੌਰਾਨ ਕਾਂਗਰਸ ਪਾਰਟੀ ਨਾਲ ਸੰਬੰਧ ਚੰਗੇ ਨਹੀਂ ਰਹੇ ਸਨ। ਉਨ੍ਹਾਂ ਪੋਸਟਲ ਬਿਲ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਹਾਲਾਂ ਕਿ ਗਿਆਨੀ ਜ਼ੈਲ ਸਿੰਘ ਦੇ ਸੰਜੇ ਗਾਂਧੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਬਹੁਤ ਚੰਗੇ ਸੰਬੰਧ ਸਨ। ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਉਹ ਆਪਣੇ ਨੇਤਾ ਦੇ ਕਹਿਣ 'ਤੇ ਝਾੜੂ ਲਗਾਉਣ ਲਈ ਤਿਆਰ ਹਨ, ਜਿਨ੍ਹਾਂ ਨੇ ਉਸ ਵਿੱਚ ਇਤਨਾ ਵੱਡਾ ਭਰੋਸਾ ਪ੍ਰਗਟ ਕੀਤਾ ਹੈ। ਫਿਰ ਵੀ ਗਿਆਨੀ ਜ਼ੈਲ ਸਿੰਘ ਦੇ ਇੰਦਰਾ ਗਾਂਧੀ ਨਾਲ ਸੰਬੰਧ ਚੰਗੇ ਨਾ ਰਹਿਣਾ ਇਕ ਬੁਝਾਰਤ ਸੀ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੂਨ 1984 ਵਿੱਚ ਬਲਿਊ ਸਟਾਰ ਅਪ੍ਰੇਸ਼ਨ ਕਰਨ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ ਜਦੋਂ ਕਿ ਉਹ ਤਿੰਨਾ ਫ਼ੌਜਾਂ ਦੇ ਕਮਾਂਡਰ ਇਨ ਚੀਫ਼ ਸਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨਾ ਸੈਨਾਵਾਂ ਦਾ ਮੁੱਖੀ ਹੀ ਬਣਾਕੇ ਰਾਸ਼ਟਰਪਤੀ ਦੇ ਅਹੁਦੇ ਦੇ ਪਰ ਕੁਤਰ ਦਿੱਤੇ ਹਨ। ਜਦੋਂ ਸ਼੍ਰੀਮਤੀ ਇੰਦਰਾ ਦਾ ਕਤਲ ਹੋਇਆ ਸੀ ਤਾਂ ਗਿਆਨੀ ਜ਼ੈਲ ਸਿੰਘ ਨੇ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਸ਼੍ਰੀ ਪ੍ਰਣਾਬ ਮੁਕਰਜੀ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰੋਟੋਕੋਲ ਤੋੜਕੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ, ਫਿਰ ਵੀ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਦੇ ਸੰਬੰਧਾਂ ਵਿੱਚ ਖਟਾਸ ਆ ਗਈ ਸੀ। ਅਜਿਹੇ ਹਾਲਤ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਮੰਥਨ ਕਰਨ ਤੋਂ ਬਾਅਦ ਬਣਾਇਆ ਹੈ। ਕਿਉਂਕਿ ਉ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗੁਰਮੀਤ ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ ਪੁਲੰਦਾ - ਉਜਾਗਰ ਸਿੰਘ
ਗੁਰਮੀਤ ਸਿੰਘ ਪਲਾਹੀ ਜਾਣਿਆਂ ਪਛਾਣਿਆਂ ਕਾਲਮ ਨਵੀਸ, ਕਹਾਣੀਕਾਰ ਅਤੇ ਕਵੀ ਹੈ। ਮੁਢਲੇ ਤੌਰ ‘ਤੇ ਉਹ ਸੂਖ਼ਮ ਦਿਲ ਵਾਲਾ ਕਵੀ ਹੈ ਪ੍ਰੰਤੂ ਅੱਜ ਕਲ੍ਹ ਪ੍ਰਬੁੱਧ ਕਾਲਮ ਨਵੀਸ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਉਸ ਦੇ ਕਵੀ ਹੋਣ ਕਰਕੇ ਵਾਰਤਕ ਕਾਵਮਈ ਬਣ ਗਈ ਹੈ। ਉਸ ਦੀਆਂ ਹੁਣ ਤੱਕ 7 ਪੁਸਤਕਾਂ ਜਿਨ੍ਹਾਂ ਵਿੱਚ ਦੋ ਕਹਾਣੀਆਂ, ਚਾਰ ਲੇਖਾਂ ਅਤੇ ਇਕ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕਾ ਹੈ। ‘ਕੁੱਝ ਤਾਂ ਬੋਲ’ ਉਸਦੀ 8ਵੀਂ ਤੇ ਦੂਜਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ 61 ਲੰਬੀਆਂ ਅਤੇ ਛੋਟੀਆਂ ਕਵਿਤਾਵਾਂ ਹਨ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹੁੰਦੇ ਹਨ। ਇਨਸਾਨੀ ਦਰਦ, ਨਸ਼ੇ, ਖੁਦਕਸ਼ੀਆਂ, ਬੇਰੋਜ਼ਗਾਰੀ, ਮਾਪਿਆਂ ਦੀ ਅਣਵੇਖੀ, ਵਾਤਾਵਰਨ, ਧੀਆਂ ਦੇ ਦਰਦ, ਕਿਸਾਨ-ਮਜ਼ਦੂਰ ਦੀ ਦੁਰਦਸ਼ਾ, ਸਿਆਸਤਦਾਨਾਂ ਦੇ ਲਾਰੇ ਅਤੇ ਹੋਰ ਸਮਾਜ ਵਿੱਚ ਵਾਪਰ ਰਹੀਆਂ ਅਨੇਕ ਦੁਸ਼ਾਵਰੀਆਂ ਸ਼ਾਮਲ ਹਨ। ਭਾਵ ਸਮਾਜਿਕ ਵਿਸੰਗਤੀਆਂ ਨਾਲ ਸੰਬੰਧਤ ਕਵਿਤਾਵਾਂ ਹਨ। ਗੁਰਮੀਤ ਸਿੰਘ ਪਲਾਹੀ ਖੁਲ੍ਹੀ ਕਵਿਤਾ ਲਿਖਦਾ ਹੈ। ਖੁਲ੍ਹੀ ਕਵਿਤਾ ਵਿਚਾਰ ਪ੍ਰਧਾਨ ਹੁੰਦੀ ਹੈ। ਕਵੀ ਦੀ ਇਕ ਕਵਿਤਾ ਵਿੱਚ ਹੀ ਲੋਕਾਈ ਦੇ ਅਨੇਕਾਂ ਦਰਦਾਂ ਦੀ ਦਾਸਤਾਂ ਹੁੰਦੀ ਹੈ। ਭਾਵ ਇਕ ਕਵਿਤਾ ਵਿੱਚ ਅਨੇਕ ਵਿਸ਼ੇ ਛੂਹੇ ਹੁੰਦੇ ਹਨ। ਕਵੀ ਦਾ ਦਿਲ ਨਾਜ਼ਕ ਹੁੰਦਾ ਹੈ, ਉਹ ਜਲਦੀ ਹੀ ਲੋਕਾਈ ਦੀਆਂ ਮੁਸ਼ਕਲਾਂ ਵੇਖ ਕੇ ਭਾਵਕ ਹੋ ਜਾਂਦਾ ਹੈ। ਉਸੇ ਤਰ੍ਹਾਂ ਗੁਰਮੀਤ ਸਿੰਘ ਪਲਾਹੀ ਦੀਆਂ ਕਵਿਤਾਵਾਂ ਜਿਥੇ ਵਿਚਾਰਾਂ ਨਾਲ ਲਬਰੇਜ ਹੁੰਦੀਆਂ ਹਨ, ਉਥੇ ਹੀ ਉਨ੍ਹਾਂ ਵਿੱਚ ਜ਼ਜ਼ਬਾਤਾਂ ਦੀ ਭਰਮਾਰ ਹੁੰਦੀ ਹੈ। ਕਿਤੇ ਕਿਤੇ ਇਸ਼ਕ ਮੁਸ਼ਕ ਦੇ ਤੁਣਕੇ ਵੀ ਹਨ ਪ੍ਰੰਤੂ ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਕੁਰੀਤੀਆਂ ਦਾ ਪਰਦਾ ਫਾਸ਼ ਕਰਦੀਆਂ ਹਨ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਬਥੇਰਾ ਕੁਫ਼ਰ ਤੋਲ ਲਿਆ ਤੂੰ’ ਲੰਬੀ ਕਵਿਤਾ ਹੈ। ਕਵਿਤਾ ਦਾ ਬਗਾਬਤੀ ਸੁਰ ਅਸਿਧੇ ਤੌਰ ਤੇ ਸਿਆਸਤਦਾਨਾ ਖਾਸ ਕਰਕੇ ਭਾਰਤ ਦੇ ਇਕ ਮੁੱਖ ਸਿਆਸਤਦਾਨ ਨੂੰ ਚਟਕਾਰੇ ਲਾ ਕੇ ਵਿਅੰਗ ਕਸ ਰਿਹਾ ਹੈ। ਇਸ ਕਵਿਤਾ ਤੋਂ ਪਤਾ ਲਗਦਾ ਹੈ ਕਿ ਕਵੀ ਵਰਤਮਾਨ ਸਿਆਸਤਦਾਨਾ ਦੀਆਂ ਕੋਝੀਆਂ ਚਾਲਾਂ ਤੋਂ ਲੋਕਾਂ ਦਾ ਖਹਿੜਾ ਛੁਡਾਉਣਾ ਚਾਹੁੰਦਾ ਹੈ। ਵੈਸੇ ਤਾਂ ਗੁਰਮੀਤ ਸਿੰਘ ਪਲਾਹੀ ਸੂਝਵਾਨ ਸਲੀਕੇ ਨਾਲ ਵਿਚਰਨ ਵਾਲਾ ਇਨਸਾਨ ਹੈ ਪ੍ਰੰਤੂ ਤੂੰ ਸ਼ਬਦ ਦੀ ਵਰਤੋਂ ਕਰਨੀ ਕਵੀ ਦੇ ਗੁੱਸੇ ਅਤੇ ਵੇਦਨਾ ਦਾ ਪ੍ਰਗਟਾਵਾ ਹੈ। ‘ਉਹ ਮੁੜ ਨਹੀਂ ਪਰਤਿਆ’ ਪੰਜਾਬ ਦੀ ਬੇਰੋਜ਼ਗਾਰੀ ਦੀ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਹੈ। ਮਾਪੇ ਮਜ਼ਬੂਰੀ ਵਸ ਬੱਚਿਆਂ ਵਿੱਚ ਬੇਰੋਜ਼ਗਾਰੀ ਕਰਕੇ ਆਈ ਉਦਾਸੀ ਨੂੰ ਵੇਖ ਕੇ ਪਰਵਾਸ ਵਿੱਚ ਭੇਜ ਦਿੰਦੇ ਹਨ। ਫਿਰ ਉਨ੍ਹਾਂ ਦੇ ਫਿਕਰ ਵਿਚ ਗ੍ਰਸੇ ਰਹਿੰਦੇ ਹਨ ਕਿ ਉਹ ਆਪਣੀ ਵਿਰਾਸਤ ਤੋਂ ਬਗ਼ੈਰ ਕਿਸ ਤਰ੍ਹਾਂ ਜੀਵਨ ਬਸਰ ਕਰ ਰਹੇ ਹੋਣਗੇ। ਪਰਵਾਸ ਵਿੱਚ ਨਸਲੀ ਵਿਤਕਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ‘ ਆਪਾਂ ਪੰਜਾਬ ਕਦੋਂ ਜਾਣਾ?’ ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਅਤੇ ਖੁਦਕਸ਼ੀਆਂ ਦੇ ਅੰਬਾਰ ਲੱਗੇ ਹੋਏ ਦਰਸਾਉਂਦੀ ਹੈ। ‘ ਇਹ ਕੇਹੀ ਹਵਾ ਚਲੀ ਹੈ ’ ਕਵਿਤਾ ਵਿੱਚ ਮੋਬਾਈਲ ਕਰਕੇ ਰਿਸ਼ਤਿਆਂ ਵਿੱਚ ਗਿਰਾਵਟ, ਸ਼ਾਜ਼ਸ਼ੀ ਕਰਤੂਤਾਂ, ਭੈੜੀ ਰਾਜਨੀਤੀ, ਸਵਾਰਥ, ਭੁਖਮਰੀ, ਚਾਪਲੂਸੀ, ਫਰੇਬ ਅਤੇ ਸਭਿਆਚਾਰ ਤੋਂ ਮੁਨਕਰ ਹੋਣਾ ਆਦਿ ਭਾਰੂ ਹੋ ਗਿਆ ਹੈ। ਇਨਸਾਨ, ਇਨਸਾਨ ਦਾ ਦੁਸ਼ਮਣ ਬਣ ਗਿਆ ਹੈ। ‘ਸਮਾ ਤੁਰਦਾ ਰਿਹਾ, ਮੈਂ ਖੜ੍ਹਾ ਰਿਹਾ’ ਕਵਿਤਾ ਵਿੱਚ ਅਨੁਸ਼ਾਸ਼ਨ ਵਿੱਚ ਰਹਿਣ ਵਾਲੇ, ਆਦਰਸ਼ਵਾਦੀ ਅਤੇ ਆਪਣੇ ਰਾਹ ਆਪ ਬਣਾਉਣ ਵਾਲੇ ਧੋਖੇ ਖਾ ਰਹੇ ਹਨ ਪ੍ਰੰਤੂ ਗ਼ੈਰ ਸਮਾਜੀ ਲੋਕ ਫਰੇਬ ਕਰਕੇ ਆਨੰਦ ਮਾਣਦੇ ਰਹੇ। ‘ਚਿੜੀ ਵਿਚਾਰੀ ਕੀ ਕਰੇ’ ਚਿੜੀ ਦੇ ਸਿੰਬਲ ਰਾਹੀਂ ਔਰਤ ਦੀ ਵਰਤਮਾਨ ਸਮਾਜ ਵਿੱਚ ਹੋ ਰਹੀ ਦੁਰਦਸ਼ਾ ਦਾ ਪ੍ਰਗਟਾਵਾ ਕਰਦੀ ਹੈ। ‘ਤਾਰਾ ਚੰਦਾ ਆਏਂਗਾ ਤੂੰ’ ਸਮਾਜ ਵਿੱਚ ਕਈ ਤਰ੍ਹਾਂ ਦੇ ਚਲ ਰਹੇ ਮਾਫੀਏ ਬਾਰੇ ਹੈ, ਜਿਸ ਕਰਕੇ ਆਮ ਜਨਤਾ ਪਿਸਦੀ ਜਾ ਰਹੀ ਹੈ। ਕਵੀ ਭਲੇ ਵੇਲੇ ਦੀ ਆਸ ਕਰਦਾ ਹੈ ਕਿ ਲੋਕ ਸੁਖ ਦਾ ਸਾਹ ਲੈਣਗੇ। ‘ਤੂੰ ਅਤੇ ਮੈਂ’ ਕਵਿਤਾ ਪਤੀ ਪਤਨੀ ਦੇ ਰੂਪ ਵਿੱਚ ਵਿਚਰਦੇ ਹੋਏ ਡਰ ਅਤੇ ਸਹਿਮ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨ। ਔਰਤ ਘਰਾਂ ਵਿੱਚ ਦੁੱਖ ਸਹਿੰਦੀ ਕੁੱਖਾਂ ਵਿੱਚ ਕਤਲ ਕਰਾਉਂਦੀ ਜੀਵਨ ਬਸਰ ਕਰਦੀ ਹੈ। ਬਾਬੇ ਨਾਨਕ ਦੀ ਨਸੀਹਤ ਦਾ ਦੁਨੀਆਂ ਤੇ ਕੋਈ ਅਸਰ ਨਹੀਂ ਹੁੰਦਾ ਪ੍ਰੰਤੂ ਔਰਤ ਫਿਰ ਵੀ ਆਸਮੰਦ ਰਹਿੰਦੀ ਹੈ। ‘ਤੂੰ ਫੇਰ ਕਦੇ ਆਈਂ’ ਅਤੇ ‘ਮੈਂ ਇਕ ਬੱਚਾ, ਮੈਂ ਇਕ ਮਰਦ’ ਦੋਵੇਂ ਭਾਵਨਾਤਮਿਕ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਇਨਸਾਨੀ ਦੁਸ਼ਾਵਰੀਆਂ ਨਸ਼ੇ ਅਤੇ ਮਾਪਿਆਂ ਦੀ ਅਣਵੇਖੀ ਵਰਗੇ ਵਿਸ਼ੇ ਸਨਸਨੀ ਪੈਦਾ ਕਰਦੇ ਹਨ। ‘ਲਾਸ਼’ ਕਵਿਤਾ ਸਿਆਸਤਦਾਨਾ ਦੀਆਂ ਕੂੜ ਚਾਲਾਂ ਨਾਲ ਹੋ ਰਹੇ ਇਨਸਾਨੀ ਨੁਕਸਾਨ ਦਾ ਪ੍ਰਗਟਾਵਾ ਕਰਦੀ ਹੈ। ਹਾਕਮਾ ਅੱਗੇ ਲੋਕਾਈ ਬੇਬਸ ਹੈ। ਲੋਕਾਂ ਨੂੰ ਬੇਵਜਾਹ ਹੀ ਆਪਸ ਵਿੱਚ ਲੜਾਈ ਰੱਖਦੇ ਹਨ। ‘ਵੇ ਤੂੰ ਰਾਜੇ ਖੇਤ ਨਾ ਜਾਈਂ ਵੇ!’ ਇਹ ਕਵਿਤਾ ਵੀ ਸਿੰਬਾਲਿਕ ਹੈ। ਰਾਜਾ ਅਤੇ ਤੋਤਾ ਦੋਵੇਂ ਪ੍ਰਤੀਕ ਹਨ। ਭਾਵ ਸਿਆਸਤਦਾਨ ਲੋਕਾਂ ਨੂੰ ਲੜਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਕਵੀ ਫਿਰ ਵੀ ਉਮੀਦ ਲਾਈ ਬੈਠਾ ਹੈ ਕਿ ਇਕ ਦਿਨ ਇਕਲਾਬ ਜਰੂਰ ਆਵੇਗਾ। ‘ਉਡਾਰੀ’ ਕਵਿਤਾ ਵੀ ਇਸਤਰੀ ਦੀ ਦੁਰਦਸ਼ਾ ਦਾ ਪ੍ਰਤੀਕ ਹੈ। ਕਾਵਿ ਸੰਗ੍ਰਹਿ ਦੇ ਨਾਮ ਵਾਲੀ ਕਵਿਤਾ ‘ਕੁੱਝ ਤਾਂ ਬੋਲ’ ਪੰਜਾਬ ਦਾ ਪ੍ਰਤੀਕ ਹੈ। ਇਸ ਕਵਿਤਾ ਵਿੱਚ ਕਵੀ ਪੰਜਾਬੀਆਂ ਦੀ ਦਲੇਰੀ, ਬਹਾਦਰੀ ਅਤੇ ਨਿਡਰਤਾ ਦੀ ਪ੍ਰਸੰਸਾ ਕਰਦਾ ਪੰਜਾਬੀਆਂ ਨੂੰ ਤਾਕੀਦ ਕਰਦਾ ਹੈ ਕਿ ਹੁਣ ਤਾਂ ਅੱਤ ਹੋ ਗਈ ਹੈ। ਹੁਣ ਤੁਹਾਨੂੰ ਸਮਾਜਿਕ ਬੁਰਾਈਆਂ ਦੇ ਵਿਰੁੱਧ ਲਾਮਬੰਦ ਹੋਣਾ ਪਵੇਗਾ। ‘ਇਨਸਾਫ’ ਕਿਸਾਨ ਅੰਦੋਲਨ ਦੀ ਤਸਵੀਰ ਪੇਸ਼ ਕਰਦੀ ਹੈ। ‘ਸੰਕਟ ਮੋਚਕ’ ਸਿਆਸਤਦਾਨਾ ਦੀਆਂ ਲੂੰਬੜਚਾਲਾਂ ਦਾ ਚਿੱਠਾ ਹੈ। ‘ਇਛਾਵਾਂ ਦਾ ਕਤਲ’ ਵੀ ਸਮਾਜ ਦੇ ਸਤਾਏ ਹੋਏ ਇਨਸਾਨ ਦੀ ਦਾਸਤਾਂ ਬਿਆਨ ਕਰਦੀ ਹੋਈ ਲੋਕਾਈ ਨੂੰ ਜਦੋਜਹਿਦ ਕਰਨ ਲਈ ਪ੍ਰੇਰਦੀ ਹੈ। ‘ਨਜ਼ਮ’ ਦੇ ਵਿੱਚ ਕਵੀ ਲਿਖਦਾ ਹੈ ਕਿ ਕਵੀਆਂ ਨੂੰ ਸੁੰਦਰ ਲੜਕੀਆਂ ਦੇ ਨੰਗੇਜ਼ ਦੀਆਂ ਕਵਿਤਾਵਾਂ ਨਹੀਂ ਲਿਖਣੀਆਂ ਚਾਹੀਦੀਆਂ ਸਗੋਂ ਮਨੁੱਖੀ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਲਿਖਣੀਆਂ ਚਾਹੀਦੀਆਂ ਹਨ। ‘ਮਾਂ’ ਕਵਿਤਾ ਬੜੀ ਭਾਵਨਾਤਮਿਕ ਹੈ, ਜਿਸ ਵਿੱਚ ਮਾਂ ਦੇ ਰਹਿਮੋ ਕਰਮ ਅਤੇ ਦਿਆਨਤਦਾਰੀ ਦੇ ਤੋਹਫਿਆਂ ਦਾ ਜ਼ਿਕਰ ਕੀਤਾ ਗਿਆ ਹੈ। ਮਾਂ ਨੂੰ ਰੱਬ ਦਾ ਦੂਜਾ ਨਾਮ ਦਿੱਤਾ ਹੈ। ‘ਮੇਰੇ ਨਾਲ ਤੁਰ’ ਕਵਿਤਾ ਵਿੱਚ ਇਸਤਰੀ ਨੂੰ ਉਤਸ਼ਾਹਤ ਕੀਤਾ ਗਿਆ ਹੈ ਕਿ ਤੂੰ ਅੱਗੇ ਵਧ ਸਮਾਂ ਤੇਰਾ ਸਾਥ ਦੇਵੇਗਾ। ਹਮੇਸ਼ਾ ਸੱਚਾਈ ਸਥਾਈ ਹੁੰਦੀ ਹੈ। ‘ਮੈਂ ਕਹਿਨੀ ਆਂ’ ਕਵਿਤਾ ਵਿੱਚ ਇਸਤਰੀ ਸਮਾਜ ਵਿੱਚ ਵਿਚਰਦੀ ਹੋਈ ਜੋ ਮਹਿਸੂਸ ਕਰਦੀ ਹੈ, ਉਹ ਲਿਖਿਆ ਗਿਆ ਹੈ। ਸੰਸਾਰ ਇਸਤਰੀ ਨੂੰ ਹਮੇਸ਼ਾ ਮਾੜੀਆਂ ਨਿਗਾਹਾਂ ਨਾਲ ਵੇਖਦਾ ਹੈ। ‘ਲਾਟ ਦਾ ਸੇਕ’ ਸੋਚ ਦਾ ਪ੍ਰਤੀਕ ਹੈ। ਸੋਚ ਹਮੇਸ਼ਾ ਸਥਾਈ ਰਹਿੰਦੀ ਹੈ। ਸੋਚ ਨਾਲ ਹੀ ਸੰਸਾਰ ਵਿੱਚ ਅੱਗੇ ਵਧਿਆ ਜਾ ਸਕਦਾ ਹੈ। ‘ਭੋਲੇ ਭਾਲੇ ਸ਼ਬਦ’ ਕਵਿਤਾ ਇਨਸਾਨ ਦੇ ਬਚਪਨ ਤੋਂ ਬੁਢਾਪੇ ਤੱਕ ਦੇ ਸਫਰ ਦੀ ਬਾਤ ਪਾਉਂਦੀ ਹੈ। ਕਿਸ ਪ੍ਰਕਾਰ ਦੇ ਹਾਲਾਤ ਵਿੱਚੋਂ ਲੰਘਦਿਆਂ ਤਸੀਹੇ ਝਲਣੇ ਪੈਂਦੇ ਹਨ। ‘ਸੂਰਜ ਨਹੀਂ ਚੜ੍ਹਿਆ’ ਅਤੇ ‘ਬਚਕੇ ਮੋੜ ਤੋਂ’ ਕਵਿਤਾਵਾਂ ਵਿੱਚ ਕਵੀ ਨੂੰ ਹਾਲਾਤ ਮਾੜੇ ਹੋਣ ਦੇ ਬਾਵਜੂਦ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਕਵੀਆਂ ਨੂੰ ਲੋਕ ਹਿੱਤਾਂ ‘ਤੇ ਪਹਿਰਾ ਦੇਣ ਲਈ ਪ੍ਰੇਰਦੀਆਂ ਹਨ। ‘ਧਰਤ ਸੁਹਾਗਣ‘, ‘ ਕਦੇ ਮੈਂ ਤੁਰਦੇ ਰਹੋ’ ਅਤੇ ‘ਚੰਗਾ ਬਈ ਦੋਸਤੋ’ ਕਵਿਤਾਵਾਂ ਬਚਪਨ, ਜਵਾਨੀ, ਬੇਰੋਜਗਾਰੀ, ਭਟਕਣਾ, ਦੋਸਤੀਆਂ ਅਤੇ ਜ਼ਬਰ ਸਹਿ ਸਹਿ ਕੇ ਜ਼ਿੰਦਗੀ ਜੀਣ ਦੀ ਬਾਤ ਪਾਉਂਦੀਆਂ ਹਨ। ‘ਕੈਦ’ ਕਵਿਤਾ ਵਿੱਚ ਇਸਤਰੀ ਦੀ ਦੁੱਖ ਭਰੀ ਜ਼ਿੰਦਗੀ ਕਹਾਣੀ ਹੈ। ‘ਇਕ ਖ਼ਤ ਪ੍ਰਦੇਸੀ ਯਾਰ ਨੂੰ’ ਕਵਿਤਾ ਵਿੱਚ ਦੇਸ਼ ਵਿੱਚ ਪਈ ਹਨ੍ਹੇਰ ਗਰਦੀ ਬਾਰੇ ਦੱਸਿਆ ਗਿਆ ਹੈ। ‘ਤੇਰੀ ਬਹੁਤੀ ਲੋੜ ਬਾਬਾ’ ਕਵਿਤਾ ਵਿੱਚ ਗੁਰੂ ਵਿਚਾਰਧਾਰਾ ‘ਤੇ ਪਹਿਰਾ ਨਾ ਦੇਣ ਦਾ ਸੰਤਾਪ ਦੱਸਿਆ ਗਿਆ ਹੈ। ‘ਆ ਰਲ ਬਹੀਏ’ ‘ਸੱਚ ਜਾਣੀ’ ‘ਤੂੰ ਆ’ ‘ਮੇਰੀ ਅੱਖੀਆਂ ਰਾਹ ਬਣਾਇਆ’ ‘ਲੋਕੋ ਵੇ!’ ‘ਦਸਤਕ’ ‘ਸੰਗੀਤ ਦੀ ਦੇਵੀ’ ਅਤੇ ‘ਸੱਜਣ ਵੇ’ ‘ਨੀ ਕੁੜੀਏ’ ਅਤੇ ‘ਗੱਲ ਏਥੇ ਹੀ ਨਹੀਂ ਮੁਕਦੀ’ ਵੈਰਾਗ, ਵਿਛੋੜੇ ਅਤੇ ਇਸ਼ਕ ਮੁਸ਼ਕ ਦੀਆਂ ਪਿਆਰ ਪਰੁਚੀਆਂ ਕਵਿਤਾਵਾਂ ਹਨ। ‘ਖਿਡੌਣਾ’ ਭਾਵਨਾਤਮਿਕ ਕਵਿਤਾ ਹੈ। ‘ਕੁਰਸੀ’, ਅਤੇ ‘ਰਾਜਨੀਤੀ’ ਸਿਆਸਤਦਾਨਾ ਦੀਆਂ ਚਾਲਾਂ ਦੇ ਪੋਤੜੇ ਖੋਲ੍ਹਦੀਆਂ ਹਨ। ‘ਐ ਜ਼ਿੰਦਗੀ’ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਹੈ। ਇਸ ਤੋਂ ਇਲਾਵਾ ਕੁਝ ਗੀਤ ਅਤੇ ਛੋਟੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੇ ਸੋਹਲੇ ਗਾਉਣ ਵਾਲੀਆਂ ਹਨ। 144 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਪਰਮਿੰਦਰਜੀਤ ਸਿੰਘ ਨੇ ਸੰਪਾਦਿਤ ਕੀਤੀ ਹੈ ਅਤੇ ਪੰਜਾਬੀ ਵਿਰਸਾ ਟਰੱਸਟ (ਰਜਿ) ਪਲਾਹੀ, ਫਗਵਾੜਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
ਪੰਜਾਬੀਆਂ ਲਈ ਸਿਆਸਤ ਤੋਂ ਉਪਰ ਉਠ ਕੇ ਸੋਚਣ ਦਾ ਸਮਾਂ - ਉਜਾਗਰ ਸਿੰਘ
ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੇ ਦਰਦਨਾਕ ਕਤਲ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਪੈਦਾ ਹੋਈ ਡਰ ਦੀ ਭਾਵਨਾ ਕਰਕੇ ਹਰ ਪੰਜਾਬ ਨੂੰ ਪਿਆਰ ਕਰਨ ਵਾਲੇ ਦਾ ਦਿਲ ਦਹਿਲ ਗਿਆ ਹੈ। ਮੌਤ ਭਾਵੇਂ ਕਿਸੇ ਵੀ ਸੈਲੀਬਰਿਟੀ ਜਿਨ੍ਹਾਂ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ, ਗੁਰਲਾਲ ਬਰਾੜ ਅਤੇ ਨੌਜਵਾਨ ਅਕਾਲੀ ਲੀਡਰ ਵਿਕੀ ਮਿਡੂਖੇੜਾ ਵਰਗੇ ਨੌਜਵਾਨਾਂ ਦੀ ਜਾਂ ਕਿਸੇ ਹੋਰ ਅਜਿਹੇ ਵਿਅਕਤੀ ਦੀ ਹੋਵੇ, ਉਹ ਵੀ ਉਤਨੀ ਹੀ ਦਰਦਨਾਕ ਸੀ, ਜਿਤਨੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੋਈ ਹੈ। ਮੌਤ ਇੱਕ ਅਟੱਲ ਸਚਾਈ ਹੈ ਪ੍ਰੰਤੂ ਇਹ ਕਿਵੇਂ ਤੇ ਕਿਉਂ ਹੋਈ, ਇਹ ਇਨਸਾਨ ਨੂੰ ਹਲੂਣ ਕੇ ਰੱਖ ਦਿੰਦੀ ਹੈ? ਕੁਦਰਤੀ ਢੰਗ ਨਾਲ ਹੋਈ ਮੌਤ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ ਪ੍ਰੰਤੂ ਜਿਹੜੀ ਅਚਾਨਕ ਮੌਤ ਹੋਵੇ ਉਹ ਬਹੁਤ ਦੁੱਖਦਾਈ ਹੁੰਦੀ ਹੈ। ਮੌਤ ਭਾਵੇਂ ਕਿਸੇ ਵੀ ਮਾਂ ਦੇ ਪੁੱਤ-ਧੀ ਦੀ ਹੋਵੇ, ਉਹ ਹਮੇਸ਼ਾ ਦੁੱਖਦਾਈ ਅਤੇ ਅਤਿਅੰਤ ਦਰਦਨਾਕ ਹੁੰਦੀ ਹੈ। ਅਜਿਹੀਆਂ ਮੌਤਾਂ ਨੂੰ ਤਥਾ ਕਥਿਤ ਗੈਂਗਸਟਰਾਂ ਦੇ ਨਾਮ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇਹ ਕੌਣ ਲੋਕ ਹਨ? ਇਹ ਵੀ ਕਿਸੇ ਮਾਂ-ਪਿਓ ਦੇ ਪੁੱਤ-ਧੀ, ਭੈਣ-ਭਰਾ ਅਤੇ ਪਤੀ-ਪਤਨੀ ਹੁੰਦੇ ਹਨ। ਉਨ੍ਹਾਂ ਨੂੰ ਵੀ ਹਮਦਰਦੀ, ਪਿਆਰ ਅਤੇ ਸਤਿਕਾਰ ਦੀ ਲੋੜ ਹੁੰਦੀ ਹੈ। ਫਿਰ ਉਹ ਕਿਉਂ ਅਜਿਹੇ ਕੰਮਾ ਵਿੱਚ ਪੈ ਕੇ ਮਾਂ-ਪਿਓ, ਭੈਣ-ਭਰਾ ਅਤੇ ਪਤੀ-ਪਤਨੀ ਨੂੰ ਸੰਤਾਪ ਭੋਗਣ ਲਈ ਮਜ਼ਬੂਰ ਕਰਦੇ ਹਨ। ਸਮਾਜ ਨੂੰ ਇਹ ਸੋਚਣਾ ਹੋਵੇਗਾ ਕਿ ਉਹ ਕਿਹੜੇ ਹਾਲਾਤ ਵਿੱਚ ਇਸ ਪਾਸੇ ਨੂੰ ਮੁੱਖ ਮੋੜਦੇ ਹਨ? ਜਦੋਂ ਕਿ ਉਨ੍ਹਾਂ ਦੇ ਪਰਿਵਾਰ ਇਹ ਕੁਝ ਨਹੀਂ ਚਾਹੁੰਦੇ ਹੁੰਦੇ, ਕਿਉਂਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਮੇਸ਼ਾ ਜਾਨ ਤਲੀ ‘ਤੇ ਧਰੀ ਹੁੰਦੀ ਹੈ। ਸਮਾਜ ਵਿੱਚ ਵੀ ਬਦਨਾਮੀ ਹੁੰਦੀ ਹੈ। ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜੀਵਨ ਬਤੀਤ ਕਰਨਾ ਪੈਂਦਾ ਹੈ। ਸਰਕਾਰੀ ਤੰਤਰ ਉਨ੍ਹਾਂ ਦਾ ਜੀਣਾ ਦੁੱਭਰ ਕਰ ਦਿੰਦਾ। ਉਹ ਹਮੇਸ਼ਾ ਪੁਲਿਸ ਦੀ ਹਿਟ ਲਿਸਟ ਤੇ ਹੁੰਦੇ ਹਨ। ਪੁਲਿਸ ਪਰਿਵਾਰਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਇਹ ਪੰਜਾਬੀਆਂ ਲਈ ਗੰਭੀਰਤਾ ਨਾਲ ਸੋਚਣ ਦਾ ਸਮਾਂ ਹੈ। ਸਭ ਤੋਂ ਪਹਿਲੀ ਗੱਲ ਉਨ੍ਹਾਂ ਨੂੰ ਅਜਿਹੇ ਪਾਸੇ ਜਾਣ ਤੋਂ ਰੋਕਣ ਲਈ ਵਾਤਾਵਰਨ ਭਾਈਚਾਰਕ ਸਾਂਝੀਵਾਲਤਾ ਵਾਲਾ ਬਣਾਇਆ ਜਾਵੇ। ਇਹ ਸਮੁੱਚੇ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ ਹੈ। ਸਾਡੇ ਸਾਰੇ ਧਰਮਾ ਦੇ ਮੁੱਖੀਆਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਕੋਈ ਵੀ ਧਰਮ ਮਾਰਧਾੜ ਅਤੇ ਕਤਲੇਆਮ ਵਿੱਚ ਯਕੀਨ ਨਹੀਂ ਰੱਖਦਾ। ਪੰਜਾਬੀਆਂ ਨੂੰ ਉਸ ਤੇ ਪਹਿਰਾ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਆਪਸੀ ਪਿਆਰ ਨਾਲ ਵਿਚਰਣ ਦੀ ਸਿਖਿਆ ਦਿੱਤੀ ਜਾਵੇ। ਉਨ੍ਹਾਂ ਨੂੰ ਆਤਮ ਨਿਰਭਰ ਅਤੇ ਹੱਥੀਂ ਕੰਮ ਕਰਨ ਦੀ ਸਿਖਿਆ ਦਿੱਤੀ ਜਾਵੇ ਕਿਉਂਕਿ ਸਰਕਾਰੀ ਨੌਕਰੀਆਂ ਦਾ ਸਮਾਂ ਖ਼ਤਮ ਹੋ ਗਿਆ ਹੈ। ਸੰਸਾਰ ਵਿੱਚ ਪ੍ਰਾਈਵੇਟ ਕਾਰੋਬਾਰ ਦਾ ਯੁਗ ਹੈ। ਸਰਕਾਰਾਂ ਫੇਲ੍ਹ ਹੋ ਚੁੱਕੀਆਂ ਹਨ। ਸਰਕਾਰਾਂ ਨੂੰ ਵੀ ਆਪਣੀਆਂ ਨੀਤੀਆਂ ਵਿੱਚ ਤਬਦੀਲੀਆਂ ਕਰਕੇ ਨੌਜਾਵਾਨਾ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਅਤੇ ਰੋਜ਼ਗਾਰ ਮੁਹੱਈਆਂ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਪਾਸੇ ਸਿਆਸੀ ਪਾਰਟੀਆਂ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ, ਬਸ਼ਰਤੇ ਕਿ ਉਹ ਸਿਆਸਤ ਤੋਂ ਉਪਰ ਉਠਕੇ ਪੰਜਾਬ ਦੇ ਭਲੇ ਬਾਰੇ ਸੰਜੀਦਾ ਹੋਣ। ਘਿਰਣਾ ਦੀ ਸਿਆਸਤ ਨੂੰ ਤਿਲਾਂਜਲੀ ਦਿੱਤੀ ਜਾਵੇ। ਜਿਸ ਤਰ੍ਹਾਂ ਹੁਣ ਸਮੁੱਚਾ ਪੰਜਾਬ ਅਤੇ ਸਿਆਸੀ ਪਾਰਟੀਆਂ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਰਹੀਆਂ ਹਨ, ਉਸੇ ਤਰ੍ਹਾਂ ਉਨ੍ਹਾਂ ਨੂੰ ਹਰ ਅਜਿਹੀ ਮੌਤ ‘ਤੇ ਦੁੱਖ ਪ੍ਰਗਟ ਕਰਨਾ ਚਾਹੀਦਾ ਹੈ। ਅਜੇ ਵੀ ਸਮਾਂ ਹੈ ਕਿ ਜਿਵੇਂ ਇਹ ਸਾਰੀਆਂ ਸਿਆਸੀ ਪਾਰਟੀਆਂ ਹਮਦਰਦੀ ਵਿਖਾਉਣ ਲਈ ਇਕ ਦੂਜੇ ਤੋਂ ਅੱਗੇ ਹੋ ਰਹੀਆਂ ਹਨ, ਉਸੇ ਤਰ੍ਹਾਂ ਆਪਸੀ ਦੁਸ਼ਮਣੀ, ਰੰਜ਼ਸ਼ ਅਤੇ ਵਿਰੋਧ ਨੂੰ ਤਿਲਾਂਜ਼ਲੀ ਦੇ ਕੇ ਇਕੱਮੁੱਠਤਾ ਨਾਲ ਇਸ ਸਮੱਸਿਆ ਦੇ ਹਲ ਲਈ ਸਾਂਝੇ ਤੌਰ ਲੋਕ ਰਾਇ ਬਣਾਉਣ ਤਾਂ ਜੋ ਕਿਸੇ ਵੀ ਮਾਂ-ਪਿਓ ਦੇ ਪੁੱਤ ਦੀ ਮੌਤ ਇਸ ਪ੍ਰਕਾਰ ਨਾ ਹੋਵੇ। ਘਿਰਣਾ ਦੀ ਥਾਂ ਪਿਆਰ ਅਤੇ ਸਦਭਾਵਨਾ ਦਾ ਵਾਤਾਵਰਨ ਪੈਦਾ ਕੀਤਾ ਜਾਵੇ। ਸਿਆਸੀ ਰੋਟੀਆਂ ਸੇਕਣ ਤੋਂ ਪ੍ਰਹੇਜ਼ ਕੀਤਾ ਜਾਵੇ। ਹਰ ਇਕ ਇਨਸਾਨ ਨੇ ਇਕ ਨਾ ਇਕ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿਣੀ ਹੈ, ਫਿਰ ਕਿਸੇ ਦਾ ਬੁਰਾ ਕਿਉਂ ਕੀਤਾ ਜਾਵੇ। ਸਮੇਂ ਤੋਂ ਪਹਿਲਾਂ ਨਾ ਕਿਸੇ ਨੂੰ ਮਾਰਿਆ ਜਾਵੇ। ਵਿਓਪਾਰੀਆਂ ਲਈ ਵੀ ਇਕ ਬੇਨਤੀ ਹੈ ਕਿ ਉਹ ਆਪਣਾ ਕਾਰੋਬਾਰ ਸਾਫ਼ ਸੁਥਰੇ ਢੰਗ ਨਾਲ ਕਰਨ, ਮੁਨਾਫਾ ਜ਼ਾਇਜ ਲਿਆ ਜਾਵੇ। ਲੋਕਾਂ ਦੇ ਗਲ ਘੁੱਟ ਕੇ ਮੁਨਾਫਾ ਨਾ ਕਮਾਇਆ ਜਾਵੇ। ਮਜ਼ਦੂਰਾਂ ਨੂੰ ਮਜ਼ਦੂਰੀ ਦਾ ਸਹੀ ਮੁੱਲ ਦਿੱਤਾ ਜਾਵੇ। ਕਿਸੇ ਇਨਸਾਨ ਨਾਲ ਜ਼ਿਆਦਤੀ ਨਾ ਕੀਤੀ ਜਾਵੇ।
ਪੰਜਾਬ ਦਾ ਇਤਿਹਾਸ ਅਮੀਰ ਵਿਰਾਸਤ ਦਾ ਪ੍ਰਤੀਕ ਹੈ। ਗੁਰੂਆਂ ਪੀਰਾਂ ਦੀ ਧਰਤੀ ਦੀ ਪਵਿਤਰਤਾ ਮੁੜ ਬਹਾਲ ਕੀਤੀ ਜਾਵੇ। ਕਿਉਂਕਿ ਕੋਈ ਵੀ ਧਰਮ ਗ੍ਰੰਥ ਇਨਸਾਨੀਅਤ ਦਾ ਕਤਲ ਕਰਨ ਦੀ ਇਜ਼ਾਜਤ ਨਹੀਂ ਦਿੰਦਾ। ਫਿਰ ਸਾਡੇ ਨੌਜਵਾਨ ਕਿਉਂ ਗੁਮਰਾਹ ਹੋ ਰਹੇ ਹਨ। ਅਜਿਹੇ ਜੀਵਨ ਦਾ ਕੀ ਲਾਭ ਜਿਸ ਵਿੱਚ ਇਨਸਾਨ ਹਮੇਸ਼ਾ ਡਰ ਦੀ ਭਾਵਨਾ ਨਾਲ ਸੂਲੀ ‘ਤੇ ਟੰਗਿਆ ਰਹੇ। ਸਿਆਸੀ ਪਾਰਟੀਆਂ ਲਈ ਚੋਣਾ ਤਾਂ ਆਉਂਦੀਆਂ ਰਹਿਣਗੀਆਂ ਪ੍ਰੰਤੂ ਪੰਜਾਬੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨੀ ਅਸੰਭਵ ਹੈ। ਅੱਸੀਵਿਆਂ ਵਿੱਚ ਪੰਜਾਬ ਨੇ ਸੰਤਾਪ ਭੋਗ ਕੇ ਵੇਖਿਆ ਹੈ। ਹਜ਼ਾਰਾਂ ਮਾਵਾਂ ਦੇ ਨੌਜਵਾਨ ਪੁੱਤ ਅਖਾਉਤੀ ਅਤਿਵਾਦ, ਆਪਸੀ ਧੜੇਬੰਦੀ ਅਤੇ ਸਰਕਾਰੀ ਤੰਤਰ ਦੀਆਂ ਕਾਰਵਾਈਆਂ ਦਾ ਸ਼ਿਕਾਰ ਹੋ ਕੇ ਜਾਨਾ ਗੁਆ ਚੁੱਕੇ ਹਨ। ਉਨ੍ਹਾਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰੂ ਘਰਾਂ ਵਿੱਚ ਜ਼ੁਲਮ ਹੋਏ ਤੇ ਜਾਨਾ ਗਈਆਂ। ਅਨੇਕਾਂ ਮਾਵਾਂ ਦੇ ਪੁੱਤ, ਭੈਣਾ ਦੇ ਭਰਾ ਅਤੇ ਇਸਤਰੀਆਂ ਦੇ ਪਤੀ ਮੌਤ ਦੇ ਮੂੰਹ ਵਿੱਚ ਚਲੇ ਗਏ। ਬੱਚੇ ਅਨਾਥ ਹੋ ਗਏ। ਪੰਜਾਬ ਦੀ ਆਰਥਿਕਤਾ ਸੁਰੱਖਿਆ ਏਜੰਸੀਆਂ ਤੇ ਹੋਏ ਖ਼ਰਚੇ ਕਰਕੇ ਡਾਵਾਂ ਡੋਲ ਹੋ ਗਈ, ਜਿਸਦਾ ਸੰਤਾਪ ਅੱਜ ਤੱਕ ਪੰਜਾਬ ਭੁਗਤ ਰਿਹਾ ਹੈ। ਅਜੇ ਤੱਕ ਉਹ ਜ਼ਖ਼ਮ ਅੱਲੇ ਹਨ। ਇਸ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਕੇ ਵਰਤਮਾਨ ਅਸਥਿਰਤਾ ਦੀ ਸਥਿਤੀ ਦਾ ਮੁਕਾਬਲਾ ਕਰਨ ਲਈ ਸਰਬ ਪਾਰਟੀ ਦੀ ਮੀਟਿੰਗ ਬੁਲਾਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਪਹਿਲ ਕਰਨਾ ਸਰਕਾਰ ਦਾ ਫਰਜ ਬਣਦਾ ਹੈ। ਅਜਿਹੇ ਕਤਲਾਂ ਨੂੰ ਟਾਰਗੈਟ ਕਿÇਲੰਗ ਕਹਿਕੇ ਸਰਕਾਰ ਆਪਣੇ ਫਰਜ਼ਾਂ ਤੋਂ ਮੁਨਕਰ ਨਹੀਂ ਹੋ ਸਕਦੀ। ਸਰਕਾਰ ਨੂੰ ਕੋਈ ਠੋਸ ਨੀਤੀ ਬਣਾਕੇ ਸਰਬਸੰਮਤੀ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ। ਜੇਕਰ ਸਿਆਸੀ ਲੋਕ ਹੁਣ ਵੀ ਨਾ ਸਮਝੇ ਤਾਂ ਪੰਜਾਬ ਦੀ ਜਵਾਨੀਂ ਨੂੰ ਬਚਾਉਣਾ ਅਸੰਭਵ ਹੋ ਜਾਵੇਗਾ। ਪਹਿਲਾਂ ਹੀ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਲਪੇਟ ਵਿੱਚ ਆਈ ਹੋਈ ਹੈ। ਨੌਜਵਾਨਾ ਦੀ ਕਾਊਂਸÇਲੰਗ ਕਰਨ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਨੌਜਵਾਨਾਂ ਨੂੰ ਵੀ ਕਿਸੇ ਦੀ ਤਰੱਕੀ ‘ਤੇ ਖ਼ਾਰ ਨਹੀਂ ਖਾਣੀ ਚਾਹੀਦੀ ਸਗੋਂ ਮੁਕਾਬਲੇ ਦੀ ਭਾਵਨਾ ਨਾਲ ਖੁਦ ਤਰੱਕੀ ਕਰਨ ਦੇ ਉਪਰਾਲ ਕਰਨੇ ਚਾਹੀਦੇ ਹਨ। ਜੇਲ੍ਹਾਂ ਵਿੱਚ ਬੰਦ ਨੌਜਵਾਨਾ ਨੂੰ ਸਿੱਧੇ ਰਸਤੇ ਪਾਉਣ ਲਈ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਨਾਲ ਕਾਊਂਸÇਲੰਗ ਕਰਨ ਵਾਲੀਆਂ ਟੀਮਾ ਜੇਲ੍ਹਾਂ ਦੇ ਦੌਰੇ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨ । ਨੌਜਵਾਨਾ ਦੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਤਾਂ ਜੋ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ। ਪੁਲਿਸ, ਜੇਲ੍ਹ ਅਤੇ ਸਿਵਲ ਅਧਿਕਾਰੀਆਂ ਨੂੰ ਵੀ ਆਪਣੀ ਸੋਚ ਬਦਲਨੀ ਪਵੇਗੀ ਤਾਂ ਜੋ ਨੌਜਵਾਨਾ ਨੂੰ ਸਿੱਧ ਰਸਤੇ ਪਾਇਆ ਜਾ ਸਕੇ।ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com