Jaspal Loham

ਭੋਜਨ ਵੀ ਹੈ ਇੱਕ ਦਵਾਈ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਅਕਸਰ ਹੀ ਸ਼ਾਮ ਨੂੰ ਸੈਰ ਕਰਨ ਦੇ ਲਈ ਮੈਂ ਕਸ਼ਮੀਰੀ ਪਾਰਕ ਚਲਿਆ ਜਾਂਦਾ ਸੀ ਤੇ ਦੱਬ ਕੇ ਪਾਰਕ ਦੇ ਗੇੜੇ ਲਾਉਂਦਾ ਤੇ ਕਸਰਤ ਕਰਦਾ ਸੀ। ਸਰੀਰ ਨੂੰ ਫਿਟ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਸੀ ਤੇ ਉੱਥੇ ਬੈਠ ਕੇ ਗੱਲਾਂ ਕਰਨ ਵਾਲਿਆਂ ਤੋਂ ਦੂਰੀ ਰੱਖਦਾ ਸੀ ਕਿਉਂਕਿ ਅਗਰ ਪਾਰਕ ਵਿਚ ਗੱਲਾਂ ਮਾਰਨ ਬੈਠ ਗਏ ਤਾਂ ਸੈਰ ਨਹੀਂ ਹੋਵੇਗੀ ਸਿਰਫ ਗੱਲਾਂ ਹੀ ਹੋਣਗੀਆਂ। ਪਾਰਕ ਦੇ ਟਰੈਕ ਤੇ ਪੈਦਲ ਤੁਰਨ ਦੇ ਵਿਚ ਮਸ਼ਰੂਫ ਰਹਿੰਦਾ ਸੀ। ਸੈਰ ਸਾਡੇ ਸਰੀਰ ਲਈ ਤਾਂ ਬਹੁਤ ਜਰੂਰੀ ਹੈ ਤੇ ਇਸ ਤੋਂ ਬਿਨਾਂ ਸਭ ਅਧੂਰਾ ਲੱਗਦਾ ਹੈ। ਮੇਰੀ ਖਾਣ ਪੀਣ ਦੀ ਰੋਜ਼ਾਨਾ ਵੱਖਰੀ ਜਿਹੀ ਰੁਟੀਨ ਸੀ। ਸਵੇਰ ਸਮੇਂ ਦੋ ਪਰੋਠੇ, ਮੱਖਣ ਅਤੇ ਲੱਸੀ ਤੇ ਬਾਅਦ ਵਿਚ ਇੱਕ ਮੱਗ ਚਾਹ ਦਾ ਪੀਂਦਾ ਸੀ। ਗਰਮੀ ਦੇ ਦਿਨਾਂ ਵਿਚ ਚਾਹ ਤਿੰਨ ਕੁ ਵਾਰੀ ਅਤੇ ਸਰਦੀਆਂ ਵਿਚ ਪੰਜ ਛੇ ਵਾਰੀ ਪੀਂਦਾ ਸੀ। ਕਈ ਵਾਰ ਪਕੌੜੇ, ਸਮੋਸੇ, ਪਨੀਰ, ਕੁਲਚੇ ਛੋਲੇ, ਆਂਡਾ ਬਰਗਰ, ਟਿੱਕੀਆਂ ਦਾ ਵੀ ਸ਼ਕੀਨ ਸੀ। ਸ਼ਾਮ ਨੂੰ ਬਾਜ਼ਾਰ ਜਾ ਕੇ ਕੁੱਝ ਨਾ ਕੁੱਝ ਖਾ ਹੀ ਲੈਂਦਾ ਸੀ। ਸ਼ਾਮ ਦੀ ਚਾਹ ਘਰ ਵਿਚ ਬੈਠ ਕੇ ਪੀ ਲਈ ਦੀ ਸੀ। ਅਸਲ ਵਿਚ ਮੈਂ ਨਮਕੀਨ ਤੇ ਮਸਾਲੇਦਾਰ ਚੀਜ਼ਾਂ ਦਾ ਸ਼ੌਕੀਨ ਸੀ ਪਰ ਮਿੱਠੇ ਤੋਂ ਪਹਿਲਾਂ ਤੋਂ ਹੀ ਦੂਰ ਰਹਿੰਦਾ ਸੀ। ਉਦੋਂ ਵੀ ਧਾਰਨਾ ਸੀ ਕਿ ਜਿੰਨਾ ਚਿਰ ਸਰੀਰ ਹਜ਼ਮ ਕਰਦਾ ਹੈ ਖਾਈ ਚੱਲੋ, ਕੋਈ ਗੱਲ ਨਹੀਂ। ਰਾਤ ਨੂੰ ਮੀਟ, ਮੱਛੀ ਅਤੇ ਆਂਡੇ ਵੀ ਖਾ ਲੈਂਦਾ ਸੀ। ਇਹ ਵੀ ਉਹ ਸਮਾਂ ਸੀ ਕਿ ਇਕੱਠੇ ਮਿਲ ਬੈਠ ਕੇ ਗੱਲਾਂ ਬਾਤਾਂ ਮਾਰਦੇ ਸਨ। ਬਾਜ਼ਾਰ ਦੇ ਡੱਬਾ ਬੰਦ ਭੋਜਨ ਪਦਾਰਥਾਂ ਨੂੰ ਖਾਣਾ ਵੀ ਇੱਕ ਸ਼ੌਕ ਸੀ। ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਿਹਾ। ਇੱਕ ਦਿਨ ਇੰਝ ਮਹਿਸੂਸ ਹੋਇਆ ਸੀ ਕਿ ਪਿੰਜਣੀਆਂ ਦੁਖ ਰਹੀਆਂ ਸਨ, ਸਰੀਰ ਟੁੱਟ ਭੱਜ ਰਿਹਾ ਸੀ। ਕਈ ਦਿਨਾਂ ਤੋਂ ਇਸ ਤਰਾਂ ਮਹਿਸੂਸ ਹੋ ਰਿਹਾ ਸੀ। ਮੈਂ ਜਾ ਕੇ ਡਾਕਟਰ ਸਾਹਿਬ ਨੂੰ ਦਿਖਾਇਆ। ਉਹਨਾਂ ਨੇ ਚੈੱਕ ਕਰਨ ਉਪਰੰਤ ਬਲੱਡ ਟੈਸਟ ਕਰਵਾਏ ਤਾਂ ਡਾਇਬਿਟੀਜ਼ ਆ ਗਈ। ਡਾਕਟਰ ਸਾਹਿਬ ਨੇ ਪਰਚੀ ਤੇ ਕਾਫੀ ਦਵਾਈਆਂ ਲਿਖ ਦਿੱਤੀਆਂ। ਮੈਂ ਅਕਸਰ ਹੀ ਯੂ-ਟਿਊਬ ਦੇਖਦਾ ਹੁੰਦਾ ਸੀ। ਇੱਕ ਦਿਨ ਮੈਂ ਡਾਕਟਰ ਬਿਸਵਾਰੂਪ ਰਾਓ ਚੌਧਰੀ ਦੀ ਵੀਡੀਓ ਦੇਖੀ ਜਿਸ ਵਿਚ ਉਹਨਾਂ ਨੇ ਕਿਹਾ ਕਿ ਜੇਕਰ ਬਲੱਡ ਸ਼ੂਗਰ 250 ਤੋਂ ਘੱਟ ਹੈ ਤਾਂ ਤੁਸੀਂ ਡਾਇਬਟਿਕ ਨਹੀਂ ਹੋ ਜੇ 250 ਹੈ  ਜਾਂ 250 ਤੋਂ ਵੱਧ ਆਉਂਦੀ ਹੈ ਤਾਂ ਤੁਸੀਂ ਡਾਇਬਟਿਕ ਹੋ, ਇਹ ਉਹਨਾਂ ਦਾ ਮੰਨਣਾ ਹੈ। ਉਹਨਾਂ ਕਿਹਾ ਇਹ ਤਾਂ ਖਾਣ ਪੀਣ ਦੀ ਆਦਤ ਸਹੀ ਕਰਕੇ 72 ਘੰਟੇ ਵਿਚ ਠੀਕ ਹੋ ਜਾਂਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਤੁਸੀਂ ਆਪਣਾ ਖਾਣ ਪੀਣ ਦਾ ਢੰਗ ਬਦਲ ਦਿਓ ਫਿਰ ਬਿਮਾਰੀਆਂ ਦੂਰ ਭੱਜਣਗੀਆਂ। ਉਹਨਾਂ ਦਾ ਕਹਿਣਾ ਹੈ ਕਿ ਦੁੱਧ, ਦੁੱਧ ਤੋਂ ਬਣੇ ਪਦਾਰਥ, ਮਿੱਠਾ, ਮਠਿਆਈਆਂ, ਮਾਸ, ਮੱਛੀ, ਆਂਡਾ, ਡੱਬਾ ਬੰਦ ਭੋਜਨ, ਰਿਫਾਈਂਡ, ਤਾਕਤ ਵਾਲੀਆਂ ਦਵਾਈਆਂ, ਚਾਹ ਅਤੇ ਕਾਫੀ ਬੰਦ ਖਾਣਾ ਬੰਦ ਕਰ ਦਿਓ। ਕਦੇ ਵੀ ਰਾਤ ਨੂੰ 8 ਵਜੇ ਤੋਂ ਬਾਅਦ ਖਾਣਾ ਨਾ ਖਾਓ। ਸਲਾਦ, ਹਰੀਆਂ ਸਬਜ਼ੀਆਂ, ਫਰੂਟ, ਡਰਾਈ ਫਰੂਟ, ਨਾਰੀਅਲ ਪਾਣੀ, ਹੂੰਝਾ ਚਾਹ, ਪੁੰਗਰੀਆਂ ਦਾਲਾਂ, ਖਾਓ। ਕੁੱਝ ਸਮਾਂ ਧੁੱਪ ਵਿਚ ਬਤੀਤ ਕਰੋ। ਆਪਣਾ ਭਾਰ ਤੋਲੋ। ਆਪਣੇ ਭਾਰ ਨੂੰ 10 ਨਾਲ ਗੁਣਾਂ ਕਰੋ। ਉਦਾਹਰਨ ਵਜੋਂ ਜੇ ਭਾਰ 70 ਕਿਲੋ ਹੈ ਤਾਂ 70 ਕਿੱਲੋ ਨੂੰ 10 ਨਾਲ ਗੁਣਾਂ ਕਰਕੇ 700 ਬਣਦਾ ਹੈ। ਕੋਈ ਤਿੰਨ ਚਾਰ ਫਰੂਟ 700 ਗ੍ਰਾਮ ਲੈ ਕੇ 12 ਵਜੇ ਤੋਂ ਪਹਿਲਾਂ ਖਾ ਲਓ। ਹੋਰ ਕੁੱਝ ਨਹੀਂ ਖਾਣਾ। ਜਦੋਂ ਦੁਪਹਿਰ ਦਾ ਖਾਣਾ, ਖਾਣਾ ਹੋਵੇ ਤਾਂ ਉਸ ਵੇਲੇ ਸਾਡੇ ਭਾਰ ਨੂੰ ਪੰਜ ਨਾਲ ਗੁਣਾ ਕਰੋ। ਜੇਕਰ ਸਾਡਾ ਭਾਰ 70 ਕਿਲੋ ਹੈ ਤਾਂ 70 ਨੂੰ 5 ਨਾਲ ਗੁਣਾ ਕਰਕੇ ਇਹ 350 ਬਣ ਜਾਂਦਾ ਹੈ। ਇਸ ਲਈ ਖਾਣਾ ਖਾਣ ਤੋਂ ਪਹਿਲਾਂ 350 ਗ੍ਰਾਮ ਸਲਾਦ ਖਾ ਲਓ ਤੇ ਫਿਰ ਘਰ ਵਿਚ ਜੋ ਦੁਪਹਿਰ ਦਾ ਖਾਣਾ ਬਣਿਆ ਹੈ ਉਹ ਖਾ ਲਓ। ਇਸੇ ਤਰ੍ਹਾਂ ਰਾਤ ਦਾ ਖਾਣਾ ਖਾਣ ਤੋਂ ਪਹਿਲਾਂ, ਆਪਣੇ ਭਾਰ ਅਨੁਸਾਰ ਬਣਦਾ 350 ਗ੍ਰਾਮ ਸਲਾਦ ਖਾ ਲਓ ਤੇ ਫਿਰ ਘਰ ਵਿਚ ਜੋ ਖਾਣਾਂ ਬਣਿਆ ਹੈ ਉਹ ਖਾ ਲਓ। ਰਾਤ ਦਾ ਖਾਣਾਂ 8 ਵਜੇ ਤੱਕ ਜਰੂਰ ਖਾ ਲਓ, ਬਾਅਦ ਵਿਚ ਨਹੀਂ ਖਾਣਾ। ਇਹ ਉਹਨਾਂ ਦੀ ਥਿਊਰੀ ਹੈ। ਇਸ ਲਈ ਮੈਂ ਇਸ ਨੂੰ ਆਧਾਰ ਬਣਾ ਕੇ ਡਾਇਟ ਚਾਰਟ ਬਣਾ ਕੇ ਅਮਲ ਸ਼ੁਰੂ ਕਰ ਦਿੱਤਾ। ਮੈਂ ਪੂਰੀ ਮਿਹਨਤ ਨਾਲ ਪੂਰਾ ਪਰਹੇਜ ਕੀਤਾ। ਪੰਜ ਕੁ ਦਿਨਾਂ ਬਾਅਦ ਜਦੋਂ ਬਲੱਡ ਸ਼ੂਗਰ ਚੈੱਕ ਕਰਾਈ ਤਾਂ ਠੀਕ ਆਈ। ਮੇਰਾ ਮਨ ਬੜਾ ਖੁਸ਼ ਹੋਇਆ। ਫਿਰ ਮੈਂ ਆਪਣੇ ਖਾਣ ਪੀਣ ਦਾ ਢੰਗ ਇਸੇ ਤਰ੍ਹਾਂ ਕਰਦਾ ਰਿਹਾ। ਇੱਕ ਦਿਨ ਡਾਕਟਰ ਸਾਹਿਬ ਨੂੰ ਚੈੱਕ ਕਰਾਉਣ ਲਈ ਗਿਆ। ਉਹਨਾਂ ਨੇ ਰਿਪੋਰਟ ਦੇਖ ਕੇ ਕਿਹਾ ਹੁਣ ਤਾਂ ਟੈਸਟ ਰਿਪੋਰਟ ਨਾਰਮਲ ਹੈ। ਮੈਂ ਕਿਹਾ ਹਾਂ ਜੀ। ਮੈਂ ਆਪਣੇ ਮਨ ਵਿਚ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ, ਮੈਂ ਡਾਇਟ ਪਲੈਨ ਬਣਾ ਕੇ, ਖਾਣਾ ਖਾਧਾ ਤੇ ਤੁਹਾਡੇ ਵੱਲੋਂ ਦਿੱਤੀ ਕੋਈ ਵੀ ਦਵਾਈ ਨਹੀਂ ਖਾਧੀ ਤੇ ਮੈਂ ਖਾਣ ਪੀਣ ਨਾਲ ਹੀ ਆਪਣੇ ਆਪ ਨੂੰ ਠੀਕ ਕਰ ਲਿਆ ਹੈ। ਡਾਕਟਰ ਸਾਹਿਬ ਨੇ ਚੈੱਕ ਕਰਨ ਉਪਰੰਤ ਆਪਣੀ ਪਰਚੀ ਤੇ ਦਵਾਈਆਂ ਲਿਖ ਦਿੱਤੀਆਂ। ਇਹ ਦਵਾਈ ਮੈਂ ਖਰੀਦੀ ਹੀ ਨਹੀਂ। ਹੁਣ ਕਰੀਬ ਚਾਰ ਕੁ ਸਾਲ ਹੋ ਗਏ ਹਨ। ਮੈਂ ਕੁਦਰਤੀ ਸ਼ਾਕਾਹਾਰੀ ਭੋਜਨ ਖਾਂਦਾ ਹਾਂ। ਉਦੋਂ ਤੋਂ ਹੀ ਖਾਣ ਪੀਣ ਬਦਲ ਲਿਆ। ਹਰ ਹਫਤੇ ਬਲੱਡ ਸ਼ੂਗਰ ਚੈੱਕ ਕਰ ਲੈਂਦਾ ਹਾਂ। ਹੁਣ ਇਹ 120 ਤੋਂ ਥੱਲੇ ਰਹਿੰਦੀ ਹੈ ਜਿਹੜੀ ਅਜੋਕੇ ਡਾਕਟਰਾਂ ਦੀ ਰੇਂਜ ਅਨੁਸਾਰ ਹੈ।  ਹੁਣ ਮੈਂ ਪਰਹੇਜ਼ ਵੀ ਦੱਬ ਕੇ ਕਰਦਾ ਹਾਂ। ਹੁਣ ਮੈਂ ਡਾਕਟਰ ਚੌਧਰੀ ਦੇ ਡੀ.ਆਈ.ਪੀ. ਡਾਈਟ ਪਲੈਨ ਤੇ ਅਮਲ ਕਰ ਰਿਹਾ ਤੇ ਇਸ ਨੂੰ ਰੋਜ਼ਾਨਾ ਦੀ ਕਾਰਜਸ਼ੈਲੀ ਵਿਚ ਸ਼ਾਮਿਲ ਕਰ ਲਿਆ ਹੈ। ਹੁਣ ਜ਼ਿੰਦਗੀ ਜਿਉਣ ਲਈ ਖਾ ਰਿਹਾ। ਡਾਕਟਰ ਚੌਧਰੀ ਦਾ ਕਹਿਣਾ ਹੈ ਕਿ ਬਿਲ ਕਲਿੰਟਨ ਨੇ ਆਪਣੇ ਪੰਜ ਸਰਜਰੀ ਆਪਰੇਸ਼ਨ ਕਰਵਾਏ ਸਨ ਜੋ ਸਫਲ ਨਹੀਂ ਹੋਏ ਸਨ ਤੇ ਫਿਰ ਉਹਨਾਂ ਨੇ ਭੋਜਨ ਪਦਾਰਥ ਖਾਣ ਵਿਚ ਤਬਦੀਲੀ ਕੀਤੀ ਤੇ ਸ਼ਾਕਾਹਾਰੀ ਭੋਜਨ ਖਾਧਾ। ਡਾਕਟਰ ਚੌਧਰੀ ਅਨੁਸਾਰ ਡੀ.ਆਈ.ਪੀ. ਡਾਇਟ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭੋਜਨ ਇੱਕ ਦਵਾਈ ਹੈ।
ਪਤਾ: ਮਕਾਨ ਨੰਬਰ 166, ਗਲੀ ਹਜਾਰਾ ਸਿੰਘ, ਮੋਗਾ-142001
ਮੋਬਾਈਲ ਵਟਸਐਪ:+91-97-810-40140

ਸੰਨ 1984 ਵਿੱਚ ਦਿੱਤੇ ਫਾਈਨਲ ਪੇਪਰ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਸੰਨ 1984 ਦੀ ਗੱਲ ਹੈ ਉਦੋਂ ਮੇਰੇ ਵੱਡੇ ਵੀਰ ਸਤਿਕਾਰਯੋਗ ਸਰਦਾਰ ਇਕਬਾਲ ਸਿੰਘ ਲੋਹਾਮ ਜੀ ਦੀ ਪ੍ਰੇਰਨਾ ਸਦਕਾ, ਮੈਂ ਬੀਐਸਸੀ ਦੇ ਵਿੱਚ ਦਾਖਲਾ ਲਿਆ ਸੀ ਤੇ ਫਾਈਨਲ ਵਿਭਾਗ ਵਿੱਚ ਪੜ੍ਹਦਾ ਸੀ। ਮੇਰਾ ਇੱਕੋ ਹੀ ਟੀਚਾ ਸੀ ਕਿ ਦੱਬ ਕੇ ਪੜਾਈ ਕਰਨੀ ਹੈ, ਸਮਾਂ ਬਰਬਾਦ ਨਹੀਂ ਕਰਨਾ ਤੇ ਫਾਲਤੂ ਦੇ ਕੰਮ ਨਹੀਂ ਕਰਨੇ। ਘਰ ਦੇ ਕੰਮ ਵੀ ਘੱਟ ਕਰਦਾ ਸੀ ਤਾਂ ਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਪੂਰਾ ਮਨ ਪੜ੍ਹਾਈ ਵੱਲ ਲਗਾਇਆ ਹੋਇਆ ਸੀ। ਡੀਐਮ ਕਾਲਜ ਮੋਗਾ ਵਿੱਚ ਕਰੀਬ ਸਵੇਰੇ ਅੱਠ ਤੋਂ ਤਿੰਨ ਵਜੇ ਤੱਕ ਸਾਰੇ ਪੀਰੀਅਡ  ਲੱਗ ਜਾਂਦੇ ਸਨ। ਮੇਰਾ ਆਰਟਸ ਗਰੁੱਪ ਵਾਲਿਆਂ ਨਾਲੋਂ ਵੱਧ ਸਮਾਂ ਲੱਗਦਾ ਸੀ। ਕਾਲਜ ਵਿੱਚ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਨੋਟਿਸ ਬੋਰਡ ਦੇਖਦੇ ਸੀ ਤੇ ਫਿਰ ਕਲਾਸਾਂ ਲਗਾਉਣ ਚਲਾ ਜਾਂਦਾ ਸੀ। ਮੇਰੇ ਫਿਜਿਕਸ, ਕੈਮਿਸਟਰੀ, ਮੈਥ ਅਤੇ ਇੰਗਲਿਸ਼ ਪੀਰੀਅਡ ਲੱਗਦੇ ਸਨ। ਅੰਗਰੇਜੀ ਦੇ ਹਫਤੇ ਵਿੱਚ ਸਿਰਫ ਦੋ ਪੀਰੀਅਡ ਹੀ ਲੱਗਦੇ ਸਨ ਤੇ ਸਾਰਾ ਜੋਰ ਬਾਕੀ ਦੇ ਸਾਇੰਸ ਵਿਸ਼ਿਆਂ ਤੇ ਲਗਾਇਆ ਜਾਂਦਾ ਸੀ। ਰੋਜਾਨਾ ਹੀ ਸਾਰੇ ਪੀਰੀਅਡ ਲੱਗਦੇ ਸਨ। ਸਾਰੇ ਪ੍ਰੋਫੈਸਰ ਸਾਹਿਬਾਨ ਬਹੁਤ ਹੀ ਤਜਰਬੇਕਾਰ ਤੇ ਮਿਹਨਤੀ ਸਨ ਅਤੇ ਸਮੇਂ ਸਿਰ ਆਪਣਾ ਸਲੇਬਸ ਮੁਕਾ ਲੈਂਦੇ ਸਨ। ਆਖਰੀ ਸਾਲ ਸੀ, ਮੈਂ ਪਹਿਲਾਂ ਦੱਬ ਕੇ ਕਾਲਜ ਦੀ ਪੜ੍ਹਾਈ ਗ੍ਰਹਿਣ ਕਰਦਾ ਸੀ ਤੇ ਫਿਰ ਘਰ ਆ ਕੇ ਦੁਬਾਰਾ ਉਹੀ ਪੜ੍ਹਾਈ ਕਰਦਾ ਸੀ। ਮੇਰੇ ਕੋਲ ਬਚਪਨ ਦੀ ਸਲੇਟ ਸੀ ਜੋ ਮੈਂ ਨਿੱਕੇ ਹੁੰਦੇ ਸਕੂਲ ਸਮੇਂ ਲਿਖਦਾ ਸੀ।ਉਸ ਦੇ ਦੁਆਲੇ ਲੱਕੜ ਦਾ ਫਰੇਮ ਸੀ ਜੋ ਸਮੇਂ ਦੇ ਨਾਲ ਟੁੱਟ ਗਿਆ ਸੀ ਪਰ ਬਾਕੀ ਦੀ ਸਲੇਟ ਵਧੀਆ ਕੰਮ ਦੇ ਰਹੀ ਸੀ। ਸਲੇਟੀਆਂ ਦਾ ਡੱਬਾ ਮੇਰੇ ਕੋਲ ਰੱਖਿਆ ਹੁੰਦਾ ਸੀ। ਮੈਂ ਪੜ੍ਹ ਪੜ੍ਹ ਕੇ ਯਾਦ ਕਰਦਾ ਸੀ ਫਿਰ ਲਿਖ ਲਿਖ ਕੇ ਦੇਖਦਾ ਸੀ, ਦੁਹਰਾਉਂਦਾ ਸੀ, ਰੱਟਾ ਲਗਾਉਂਦਾ ਸੀ, ਇਹ ਰੋਜਾਨਾ ਦਾ ਕੰਮ ਸੀ। ਅਕਸਰ ਹੀ ਲਿਖਣ ਦਾ ਕੰਮ ਮੈਂ ਆਪਣੀ ਸਲੇਟ ਤੇ ਕਰਦਾ ਸੀ। ਇੱਕ ਕੌਲੀ ਪਾਣੀ ਅਤੇ ਇੱਕ ਲੀਰ ਆਪਣੇ ਕੋਲ ਰੱਖਦਾ ਸੀ ਜਿਸ ਦੇ ਨਾਲ ਸਲੇਟ ਨੂੰ ਪੂੰਝਦਾ ਸੀ। ਇਸ ਨੇ ਵੀ ਮੇਰਾ ਬਚਪਨ ਤੋਂ ਲੈ ਕੇ ਕਾਲਜ ਤੱਕ ਦਾ ਸਾਥ ਨਿਭਾਇਆ ਤੇ ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਾਉਣ ਤੱਕ ਅਹਿਮ ਰੋਲ ਨਿਭਾਇਆ।ਅੱਜ ਵੀ ਮੈਂ ਸਲੇਟ ਸਾਂਭ ਕੇ ਰੱਖੀ ਹੋਈ ਹੈ। ਜਦੋਂ ਮੈਂ ਕਾਲਜ ਦੇ ਵਿੱਚ ਪ੍ਰੈਕਟੀਕਲ ਕਰਦਾ ਸੀ ਤਾਂ ਪ੍ਰੈਕਟੀਕਲ ਦੀ ਰੀਡਿੰਗ ਸਾਰੇ ਵੇਰਵੇ ਕਾਪੀ ਤੇ ਨੋਟ ਕਰਦਾ ਸੀ ਤੇ ਫਿਰ ਘਰ ਆ ਕੇ ਪੱਕੀ ਪ੍ਰੈਕਟੀਕਲ ਦੀ ਕਾਪੀ ਤੇ ਲਿਖਦਾ ਸੀ। ਰੋਜਾਨਾ ਘਰ ਆ ਕੇ ਨਾਲ ਦੀ ਨਾਲ ਮੁਕੰਮਲ ਯਾਦ ਕਰਦਾ ਸੀ। ਪ੍ਰੈਕਟੀਕਲ ਦੀ ਕਾਪੀ ਬਹੁਤ ਹੀ ਵਧੀਆ ਤੇ ਸਾਫ ਸੁਥਰੀਆਂ ਬਣਾਉਂਦਾ ਸੀ। ਫਿਰ ਅਗਲੇ ਦਿਨ ਪ੍ਰੈਕਟੀਕਲ ਦੀ ਕਾਪੀ ਪ੍ਰੋਫੈਸਰ ਸਾਹਿਬ ਤੋਂ ਚੈੱਕ ਕਰਾਉਂਦਾ ਸੀ। ਮੇਰੇ ਘਰ ਤੋਂ ਮੇਰੇ ਕਾਲਜ ਦਾ ਰਸਤਾ ਸਿਰਫ ਪੰਜ ਮਿੰਟ ਦਾ ਸੀ, ਇਹ ਘਰ ਦੇ ਨੇੜੇ ਸੀ। ਕਈ ਵਾਰੀਂ ਘਰ ਤੋਂ ਕਾਲਜ ਸਾਈਕਲ ਤੇ ਚਲਿਆ ਜਾਂਦਾ ਸੀ। ਇੱਕ ਵਾਰ ਕਾਲਜ ਸਾਥੀ ਜੋ ਹੁਣ ਐਡਵੋਕੇਟ ਹੈ, ਅਸੀਂ ਸਾਈਕਲ ਤੇ ਗੱਲਾਂ ਮਾਰਦੇ ਜਾ ਰਹੇ ਸੀ, ਉਹ ਡੰਡੇ ਤੇ ਬੈਠਾ ਸੀ ਮੈਂ ਚਲਾ ਰਿਹਾ ਸੀ। ਅਜੇ ਗਲੀ ਨੰਬਰ 9 ਅਤੇ ਆਰੀਆ ਸਕੂਲ ਰੋਡ ਚੌਂਕ ਤੇ ਪੁੱਜੇ ਸੀ ਕਿ ਅਚਾਨਕ ਸਾਈਕਲ ਦਾ ਚਿਮਟਾ ਟੁੱਟ ਗਿਆ ਤੇ ਅਸੀਂ ਦੋਨੇ ਜਾਣੇ ਹੇਠਾਂ ਡਿੱਗ ਪਏ। ਉਹਦੇ ਬੁੱਲ ਤੇ ਸੱਟ ਵੱਜ ਗਈ। ਅਸੀਂ ਡਾਕਟਰ ਕੋਲ ਜਾ ਕੇ ਦਵਾਈ ਲਈ। ਕੁੱਝ ਦਿਨਾਂ ਵਿੱਚ ਹੀ ਉਹ ਠੀਕ ਹੋ ਗਿਆ। ਮੇਰੇ ਘਰ ਵਿੱਚ ਇੱਕ ਲੈਂਪ ਸੀ ਜਿਹੜਾ ਮਿੱਟੀ ਦੇ ਤੇਲ ਨਾਲ ਜਗਦਾ ਸੀ ਉਹਦੀ ਬੱਤੀ ਦਾ ਖਾਸ ਧਿਆਨ ਰੱਖਦਾ ਸੀ, ਕਈ ਵਾਰ ਕੈਂਚੀ ਨਾਲ ਕੱਟ ਕੇ ਉਹਦਾ ਸਿਰਾ ਠੀਕ ਕਰਦਾ ਸੀ, ਉਹਦੀਆਂ ਕੰਨੀਆਂ ਕੱਟ ਕੇ ਗੁਲਾਈ ਵਿੱਚ ਕਰ ਦਿੰਦਾ ਸੀ ਤਾਂ ਜੋ ਉਹ ਵਧੇਰੇ ਰੋਸ਼ਨੀ ਦੇਵੇ। ਉਹਦਾ ਆਧਾਰ ਕੱਚ ਦਾ ਸੀ ਤੇ ਉੱਪਰ ਚਿਮਨੀ ਲੱਗੀ ਹੋਈ ਸੀ ਇਸ ਲੈਂਪ ਨੇ ਮੇਰੀ ਜਿੰਦਗੀ ਰੌਸ਼ਨ ਕਰਨ ਵਿੱਚ ਦੋਸਤਾਨਾ ਰੋਲ ਨਿਭਾਇਆ। ਜਦੋਂ ਵੀ ਬਿਜਲੀ ਚਲੀ ਜਾਂਦੀ ਸੀ ਮੈਂ ਲੈਂਪ ਜਗਾ ਕੇ ਪੜ੍ਹਾਈ ਕਰਦਾ ਸੀ।ਬਿਜਲੀ ਦਾ ਜਾਣਾ ਆਮ ਹੀ ਸੀ ਇੱਥੇ ਹੀ ਬਸ ਨਹੀਂ ਸੀ।ਘਰ ਵਿੱਚ ਇਕ ਲਾਲਟਿਨ ਵੀ ਸੀ ਕਦੇ ਕਦੇ ਉਹ ਵੀ ਕੰਮ ਦੇ ਦਿੰਦੀ ਸੀ। ਘਰ ਵਿੱਚ ਇੱਕ ਤੇਲ ਵਾਲਾ ਛੋਟਾ ਦੀਵਾ ਸੀ ਜੋ ਸਦਾ ਹੀ ਮੱਝਾਂ ਵਾਲੇ ਬਰਾਂਡੇ ਵਿੱਚ ਉੱਚੇ ਥਾਂ ਤੇ ਲਗਾਇਆ ਹੁੰਦਾ ਸੀ। ਮੈਂ ਰਾਤ ਨੂੰ ਅਕਸਰ ਹੀ 12 ਵਜੇ ਤੱਕ ਪੜਦਾ ਸੀ।ਸਾਰਾ ਕੰਮ ਮੁਕਾ ਕੇ, ਸੌਂਦਾ ਸੀ। ਕਈ ਵਾਰ ਪੜ੍ਹਦੇ ਪੜ੍ਹਦੇ ਦੀ ਝਪਕੀ ਲੱਗ ਜਾਂਦੀ ਸੀ ਕਿਤਾਬ ਗੋਦੀ ਵਿੱਚ ਰਹਿ ਜਾਂਦੀ ਸੀ। ਕੋਲ ਪਈ ਮਾਂ ਨੇ ਹਲੂਣਾ ਦੇ ਕੇ ਕਹਿਣਾ ਪੁੱਤ ਹੁਣ ਬਸ ਕਰ, ਤੈਨੂੰ ਨੀਂਦ ਆ ਰਹੀ ਹੈ, ਤੂੰ ਥੱਕ ਗਿਆ ਹੈ, ਤੂੰ ਸੌ ਜਾ। ਕਈ ਵਾਰ ਬੀਬੀ ਦੀ ਗੱਲ ਸੁਣ ਕੇ ਮੈਂ ਸੌ ਜਾਂਦਾ ਸੀ।ਪਰ ਜਦੋਂ ਕੰਮ ਰਹਿੰਦਾ ਹੁੰਦਾ ਸੀ ਤਾਂ ਮੈਂ ਬੀਬੀ ਨੂੰ ਕਹਿ ਦਿੰਦਾ ਸੀ ਕਿ ਮਾਂ ਮੇਰੀਏ !ਮੇਰੀ ਪੜਾਈ ਅਜੇ ਰਹਿੰਦੀ ਹੈ, ਥੋੜਾ ਜਿਹਾ ਹੋਰ ਪੜ੍ਹ ਲਵਾਂ, ਕੰਮ ਮੁਕਾ ਕੇ ਹੀ ਸੌਵਾਂਗਾ। ਫਿਰ ਉੱਠ ਕੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰਦਾ, ਥੋੜਾ ਮੋਟਾ ਤੁਰਦਾ ਫਿਰਦਾ, ਫਿਰ ਪੜਨ ਲੱਗ ਜਾਂਦਾ। ਇਹ ਰੋਜਾਨਾ ਦਾ ਕੰਮ ਸੀ। ਪੱਕੇ ਪੇਪਰਾਂ ਦੇ ਦਿਨਾਂ ਵਿੱਚ ਸਾਰਾ ਦਿਨ ਸਾਰੀ ਰਾਤ ਪੜਦਾ ਰਹਿੰਦਾ ਸੀ ਫਿਰ ਮਸਾ ਜਾ ਕੇ ਸਾਰਾ ਸਲੇਬਸ ਪੂਰਾ ਹੁੰਦਾ ਸੀ। ਮਨ ਵਿੱਚ ਇਹ ਸੀ ਕਿ ਕੋਈ ਵੀ ਵਿਸ਼ਾ ਰਹਿ ਨਾ ਜਾਵੇ, ਪੇਪਰ ਨੇ ਪਤਾ ਨਹੀਂ ਕਿੱਥੋਂ, ਕਿਸ ਪਾਠ ਵਿਚੋਂ ਆਉਣਾ ਹੈ। ਰਾਤ ਦੇ ਸਮੇਂ ਵਿੱਚੋਂ ਸਿਰਫ ਤਿੰਨ ਕੁ ਘੰਟੇ ਸੌ ਕੇ ਗੁਜ਼ਾਰਾ ਕਰਦਾ ਸੀ। ਸਵੇਰੇ ਫਿਰ ਪੜ੍ਹਨ ਲੱਗ ਜਾਂਦਾ ਸੀ। ਅੱਖਾਂ ਵਿੱਚ ਨੀਂਦ ਰੜਕਦੀ ਸੀ ਪਰ ਪੜ੍ਹਾਈ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ।ਸਮਾਂ ਬਰਬਾਦ ਨਹੀਂ ਕੀਤਾ। ਇਹੋ ਜਿਹੇ ਸਮੇਂ ਵਿੱਚ ਪੱਕੇ ਪੇਪਰ ਦੇਣ ਸਮੇਂ ਜੋ ਹਾਲਤ ਹੁੰਦੀ ਸੀ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੀ। ਇੱਕ ਪੇਪਰ ਦੇ ਕੇ, ਘਰ ਜਾ ਕੇ ਕਿਤਾਬਾਂ ਚੱਕ ਕੇ, ਅਗਲੇ ਪੇਪਰ ਦੀ ਪੜ੍ਹਾਈ ਨਾਲ ਹੀ ਸ਼ੁਰੂ ਕਰ ਦਿੰਦਾ ਸੀ। ਇਕੋ ਹੀ ਮਿਸ਼ਨ ਹੁੰਦਾ ਸੀ, ਪੜ੍ਹਾਈ ਹੀ ਭਗਤੀ ਹੈ।ਦੱਬ ਕੇ ਪੜ੍ਹਦਾ ਸੀ ਢਿੱਲ ਨਹੀਂ ਰੱਖਦਾ ਸੀ।ਸਾਰਾ ਸਲੇਬਸ ਕਰਦਾ। ਸਮੇਂ ਦੀ ਸਹੀ ਵਰਤੋਂ ਕਰਦਾ। ਇਹ ਗੱਲ ਦਿਮਾਗ ਵਿੱਚ ਬੈਠੀ ਹੋਈ ਸੀ। ਪੇਪਰਾਂ ਵਿੱਚ ਸਾਰੇ ਪ੍ਰਸ਼ਨਾਂ ਦੇ ਉੱਤਰ ਕਰਕੇ ਆਉਂਦਾ ਸੀ ਗੱਲ ਕੀ ਪੇਪਰਾਂ ਦੇ ਚਿੱਬ ਕੱਢ ਦਿੰਦਾ ਸੀ। ਸਾਰਾ ਪੇਪਰ ਕਰਕੇ ਆਉਂਦਾ। ਮੈਂ ਕਾਲਜ ਪ੍ਰੋਫੈਸਰਾਂ ਦਾ ਦਿਲੋਂ ਸਤਿਕਾਰ ਕਰਦਾ ਸੀ। ਉਹਨਾਂ ਦੀ ਕਾਰਜਸ਼ੈਲੀ ਨੂੰ ਨਮਨ ਕਰਦਾ ਹੈ। ਸੰਨ 1984 ਦੇ ਵਿੱਚ ਵਿਦਿਆਰਥੀਆਂ ਨੇ ਪੱਕੇ ਪੇਪਰਾਂ ਦਾ ਬਾਈਕਾਟ ਕਰ ਦਿੱਤਾ ਸੀ ਤੇ ਜਿਸ ਕਰਕੇ ਨਤੀਜੇ ਆਉਣ ਵਿੱਚ ਦੇਰੀ ਹੋ ਰਹੀ ਸੀ। ਯੂਨੀਵਰਸਿਟੀ ਨੇ ਇੱਕ ਫੈਸਲਾ ਕਰਕੇ ਜਿਨਾਂ ਵਿਦਿਆਰਥੀਆਂ ਨੇ ਪੇਪਰ ਨਹੀਂ ਦਿੱਤੇ ਸੀ ਉਹਨਾਂ ਨੂੰ ਦੁਬਾਰਾ ਪੇਪਰ ਦੇਣ ਦਾ ਮੌਕਾ ਦਿੱਤਾ ਸੀ। ਇਸ ਤਰਾਂ ਜਦੋਂ ਸਾਰੇ ਵਿਦਿਆਰਥੀਆਂ ਦੇ ਪੇਪਰ ਹੋ ਗਏ ਤਾਂ ਮਨ ਨੂੰ ਇੱਕਦਮ ਸ਼ਾਂਤੀ ਜਿਹੀ ਆ ਗਈ ਕਿਉਂਕਿ ਹੁਣ ਕੁਝ ਸਮੇਂ ਲਈ ਵਿਹਲੇ ਹੋ ਗਏ। ਨਤੀਜੇ ਵਾਲੇ ਦਿਨ, ਮੈਂ ਨਤੀਜਾ ਪਤਾ ਕਰਨ ਲਈ ਸਵੇਰ 4 ਵਜੇ ਅੰਗਰੇਜ਼ੀ ਦਾ ਅਖਬਾਰ ਲੈਣ ਲਈ, ਜੇਲ ਵਾਲੀ ਗਲੀ ਵਿੱਚ ਗਿਆ ਇੱਥੇ ਹੀ ਕਿਸੇ ਬੰਦੇ ਕੋਲ ਸਵੇਰੇ ਸਾਰੇ ਮੋਗੇ ਦੇ ਅਖਬਾਰ ਆਉਂਦੇ ਸਨ। ਉਸ ਦਿਨ ਉਸ ਗਲੀ ਵਿੱਚ ਮੇਲਾ ਲੱਗਿਆ ਹੋਇਆ ਸੀ। ਮੇਰੇ ਕਾਲਜ ਦੇ ਸਾਰੇ ਸਾਥੀ ਉਥੇ ਪੁੱਜੇ ਹੋਏ ਸਨ। ਮੇਰੇ ਸਾਥੀਆਂ ਨੇ ਜਾਂਦਿਆਂ ਹੀ, ਮੇਰੇ ਨਤੀਜੇ ਬਾਰੇ ਮੈਨੂੰ ਦੱਸ ਦਿੱਤਾ। ਉਹਨਾਂ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਪਰ ਖੁਦ ਅਖਬਾਰ ਵਿੱਚ ਦੇਖ ਕੇ ਤਸੱਲੀ ਹੋ ਗਈ।ਮੈਨੂੰ ਬੜੀ ਖੁਸ਼ੀ ਹੋਈ। ਇਸ ਤਰਾਂ ਮੈਂ ਬੀਐਸਸੀ ਨਾਨ ਮੈਡੀਕਲ ਡੀਐਮ ਕਾਲਜ ਮੋਗਾ ਤੋਂ ਪਾਸ ਕਰ ਲਈ। 
ਪਤਾ: ਮਕਾਨ ਨੰਬਰ 166, ਵਾਰਡ ਨੰਬਰ 29, ਗਲੀ ਹਜ਼ਾਰਾ ਸਿੰਘ ਮੋਗਾ-142001 
ਮੋਬਾਇਲ (ਵਟਸਐਪ) 97-810-40140

ਪੁਰਾਣੇ ਸਮੇਂ ਦੀ ਸਿੱਖਿਆ ਪ੍ਰਣਾਲੀ ਤੋਂ ਨਵੀਂ ਸਿੱਖਿਆ ਪ੍ਰਣਾਲੀ ਦੇ ਬਦਲਦੇ ਰੂਪ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਕੋਈ ਸਮਾਂ ਸੀ ਜਦੋਂ ਸਕੂਲ ਵਿਚ ਸਾਰਾ ਕੰਟਰੋਲ ਅਧਿਆਪਕ ਕੋਲ ਸੀ। ਅਧਿਆਪਕ ਖੁਦ ਹੀ ਪਾਠਕ੍ਰਮ ਦੀ ਵੰਡ ਕਰਦਾ ਸੀ ਪਹਿਲੀ ਟਰਮ, ਦੂਸਰੀ ਟਰਮ ਅਤੇ ਸਾਲਾਨਾ ਪੇਪਰ ਤਿੰਨ ਹਿੱਸਿਆਂ ਵਿਚ ਵੰਡਿਆਂ ਜਾਂਦਾ ਸੀ। ਕਿਤਾਬ ਵਿੱਚੋਂ ਪਾਠਕ੍ਰਮ ਲੈ ਕੇ ਵੰਡ ਕਰ ਲਈ ਜਾਂਦੀ ਸੀ। ਇਸੇ ਤਰ੍ਹਾਂ ਪ੍ਰਸ਼ਨ ਪੱਤਰ ਵੀ ਖੁਦ ਆਪ ਤਿਆਰ ਕਰਦਾ। ਕਈ ਵਾਰ ਕਾਰਬਨ ਪੇਪਰ ਰੱਖ ਕੇ ਕਾਪੀਆਂ ਤਿਆਰ ਕੀਤੀਆਂ ਜਾਂਦੀਆਂ ਸੀ। ਆਪ ਹੀ ਪੇਪਰ ਲੈਦੇ ਅਤੇ ਫਿਰ ਆਪ ਹੀ ਪੇਪਰ ਚੈਕ ਕਰਨੇ ਹੁੰਦੇ ਸੀ। ਖੁਦ ਆਪਣੇ ਨਤੀਜੇ ਤਿਆਰ ਕਰਦੇ ਸੀ। ਉਸ ਸਮੇਂ ਫੰਡਾਂ ਦੀ ਘਾਟ ਸੀ। ਸਕੂਲ ਨੂੰ ਗ੍ਰਾਟਾਂ ਬਹੁਤ ਘੱਟ ਮਿਲਦੀਆਂ ਸੀ। ਪਿੰਡ ਵਾਸੀ ਰਲਮਿਲ ਕੇ ਪੈਸੇ ਇਕੱਠੇ ਕਰਕੇ ਸਕੂਲ ਤੇ ਲਗਾਉਂਦੇ ਸਨ। ਸਮਾਜ ਸੇਵੀਆਂ ਦਾ ਸਕੂਲ ਵਿਚ ਤਕੜਾ ਰੋਲ ਹੁੰਦਾ ਸੀ। ਇੱਕ ਇੱਕ ਕਰਕੇ ਕਮਰੇ ਉਸਾਰੇ ਜਾਂਦੇ ਸੀ। ਇਮਾਰਤ ਔਖੇ ਸੌਖੇ ਤਿਆਰ ਕਰ ਲੈਂਦੇ ਸੀ। ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਟੀਮ ਸਾਰੇ ਰਲਮਿਲ ਕੇ ਕੰਮ ਕਰਦੇ ਸੀ। ਸਾਰਾ ਖਰਚਾ ਪਿੰਡ ਵਾਸੀਆਂ ਦਾ ਹੁੰਦਾ ਸੀ। ਹਰ ਇੱਕ ਨੂੰ ਸਮੇਂ ਸਿਰ ਨਿਬੇੜ ਲੈਂਦੇ ਸੀ। ਬਿਜਲੀ ਦੇ ਚਲੇ ਜਾਣ ਤੇ ਕਲਾਸਾਂ ਦਰਖਤਤਾਂ ਥੱਲੇ ਆ ਜਾਂਦੀਆਂ ਸੀ ਚੱਕਵੇਂ ਤਿੰਨ ਲੱਤਾਂ ਵਾਲੇ ਬਲੈਕਬੋਰਡ ਵੀ ਦਰਖਤਾਂ ਥੱਲੇ ਆ ਜਾਂਦੇ ਸੀ। ਧੜਾਧੜ ਮੈਥ ਦੇ ਸਵਾਲ ਕਰਵਾਏ ਜਾਂਦੇ ਸੀ। ਪ੍ਰਯੋਗ ਵੀ ਦਰਖਤਾਂ ਹੇਠਾਂ ਲਿਜਾ ਕੇ ਬੱਚਿਆਂ ਨੂੰ ਕਰਾਏ ਜਾਂਦੇ ਸਨ। ਬਿਜਲੀ ਦੀ ਘਾਟ ਵਿਚ ਹਵਾ ਦੇ ਬੁੱਲਿਆਂ ਤੇ ਦਰਖਤਾਂ ਥੱਲੇ ਪੀਰੀਅਡ ਲਗਾਉਣ ਦਾ ਵੱਖਰਾ ਹੀ ਆਨੰਦ ਸੀ। ਕਲਾਸਾਂ ਤੋਂ ਵੱਧ ਦਰਖਤ ਹੁੰਦੇ ਸੀ। ਕਈ ਅਧਿਆਪਕਾਂ ਨੇ ਜਗ੍ਹਾ ਪੱਕੀ ਮੱਲੀ ਹੁੰਦੀ ਸੀ ਵਈ ਮੈਂ ਇਥੇ ਹੀ ਆਪਣੇ ਪੀਰਅਡ ਲਗਾਉਣੇ ਹਨ। ਮੈਂ ਤਾਂ ਮੈਥ ਦੇ ਤਿੰਨ ਤਿੰਨ ਪੀਰੀਅਡ ਇਕੱਠੇ ਹੀ ਲਗਾ ਲੈਂਦਾ ਸੀ। ਫਿਰ ਬੱਚਿਆਂ ਨੂੰ ਸਾਹ ਦਿਵਾਉਂਦਾ ਸੀ। ਡਾਕ ਦਾ ਕੰਮ ਬਹੁਤ ਘੱਟ ਸੀ ਨਾ ਮਾਤਰ ਸੀ ਕੋਈ ਜਰੂਰੀ ਡਾਕ ਆਉਂਦੀ ਸੀ ਤਾਂ ਰਲਕੇ ਬਣਾ ਕੇ ਭੇਜ ਦਿੰਦੇ ਸੀ। ਸਾਰਾ ਕੰਮ ਹੱਥੀਂ ਕਰਦੇ ਸੀ। ਕਾਰਬਨ ਪੇਪਰ ਨਾਲ ਇੱਕ ਨਕਲ ਹੋਰ ਬਣਾ ਲੈਂਦੇ ਸੀ। ਘਰੋਂ ਸਾਈਕਲ ਤੇ ਜਾਣਾ ਫਿਰ ਅੱਗੋਂ ਬੱਸ ਤੇ ਜਾਣਾ ਫਿਰ ਅੱਗੇ ਸਾਈਕਲ ਤੇ ਸਕੂਲ ਜਾਣਾ। ਇਸ ਤਰ੍ਹਾਂ ਸਰਦੀਆਂ ਵਿਚ ਸਾਰਾ ਦਿਨ ਲੰਘ ਜਾਂਦਾ ਸੀ। ਅੱਜ ਦੀ ਸਿੱਖਿਆ ਪ੍ਰਣਾਲੀ ਪੁਰਾਤਨ ਸਮੇਂ ਦੀ ਪ੍ਰਣਾਲੀ ਤੋਂ ਬਹੁਤ ਭਿੰਨ ਹੈ ਜ਼ਮੀਨ ਆਸਮਾਨ ਦਾ ਫਰਕ ਹੈ। ਹਰ ਸਮੇਂ ਪੱਖ ਚੰਗੇ ਮਾੜੇ ਹੁੰਦੇ ਹਨ। ਹੁਣ ਮੋਬਾਇਲ ਅਤੇ ਕੰਪਿਊਟਰ ਤੇ ਡਾਕ ਆਉਂਦੀ ਹੈ ਦਫਤਰਾਂ ਵਿਚ ਜਿੰਨੇ ਮੁਲਾਜ਼ਮ ਉਨ੍ਹੀਆਂ ਹੀ ਡਾਕਾਂ ਆਉਂਦੀਆਂ ਹਨ। ਹੁਣ ਆਈ ਤੇ ਹੁਣੇ ਹੀ ਜਵਾਬ ਦਿਓ। ਡਾਕ ਵਿਚ ਸਮਾਂ ਬੱਧ ਮਿਤੀ ਬੱਧ ਲਿਖ ਕੇ ਭੇਜਿਆ ਜਾਂਦਾ ਹੈ। ਸਾਰੇ ਕੰਮ ਛੱਡ ਕੇ ਡਾਕ ਭੇਜਣੇ ਪੈਂਦੀ ਹੈ। ਸਾਨੂੰ ਸਮੇਂ ਦੇ ਹਾਣੀ ਬਣਨਾ ਪੈਣਾ ਹੈ ਨਹੀਂ ਤਾਂ ਪਿੱਛੇ ਰਹਿ ਜਾਵਾਂਗੇ। ਮਹਿਕਮਾਂ ਏਹੋ ਜਿਹੇ ਲੇਟ ਲਤੀਫ ਤੇ ਢਿੱਲੇ ਕੰਮ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦਾ। ਸਕੂਲ ਦੇ ਕੰਮ ਪੋਰਟਲ ਤੇ ਹੁੰਦੇ ਹਨ ਅਤੇ ਸਾਰਾ ਰਿਕਾਰਡ ਦਰਜ ਕੀਤਾ ਜਾਂਦਾ ਹੈ ਤੇ ਇਹ ਕੰਮ ਅਧਿਆਪਕ ਖੁਦ ਕਰਦੇ ਹਨ। ਅਕਸਰ ਸਕੂਲਾਂ ਵਿਚ ਕਲਰਕਾਂ ਦੀ ਘਾਟ ਹੈ ਫਿਰ ਤਾਂ ਅਜਿਹੇ ਕੰਮ ਖੁਦ ਹੀ ਕਰਨੇ ਪੈਣੇ ਹਨ। ਕਈ ਸਕੂਲ ਅਜਿਹੇ ਹਨ ਜਿੱਥੇ ਕਲਰਕ ਦੀ ਪੋਸਟ ਹੀ ਨਹੀਂ ਦੱਸੋ ਉਥੇ ਕਲਰਕ ਕਿਵੇਂ ਆਵੇਗਾ। ਅਧਿਆਪਕ ਨੇ ਪੜ੍ਹਾਈ ਦੇ ਨਾਲ ਨਾਲ ਹਰ ਤਰ੍ਹਾ ਦੇ ਗੈਰ ਵਿਦਿਅਕ ਕੰਮ ਕਰਨੇ ਪੈਂਦੇ ਹਨ। ਭਾਵੇਂ ਉਹ ਮੋਬਾਇਲਾਂ ਤੇ ਕਰੇ ਭਾਵੇਂ ਕਰੇ ਕੰਪਿਊਟਰ ਤੇ ਭਾਵੇਂ ਹੱਥ ਲਿਖਤ ਹੋਵੇ। ਇਹ ਡਾਕਾਂ ਤੇਜ਼ੀ ਨਾਲ ਆਉਂਦੀਆਂ ਹਨ ਅਤੇ ਉਦੋਂ ਹੀ ਜਵਾਬ ਮੰਗਿਆ ਜਾਂਦਾ ਹੈ ਡਾਕ ਵਿਚ ਇੱਕ ਲਾਇਨ ਪੱਕੀ ਲਿਖੀ ਹੁੰਦੀ ਹੈ ਕਿ ਜੇ ਡਾਕ ਸਮੇਂ ਸਿਰ ਨਾ ਭੇਜੀ ਤਾਂ ਸਕੂਲ ਮੁਖੀ ਜੁੰਮੇਵਾਰ ਹੋਵੇਗਾ। ਕਈ ਵਾਰ ਕੰਮਾਂ ਦੀ ਬਹੁਤਾਦ ਕਰਕੇ ਡਾਕ ਭੇਜਣ ਤੋਂ ਰਹਿ ਜਾਂਦੀ ਹੈ। ਇਸ ਤਰ੍ਹਾਂ ਦੇ ਕੇਸਾਂ ਵਿਚ ਜ਼ਿਲ੍ਹਾ ਪੱਧਰ ਤੇ ਦਫ਼ਤਰਾਂ ਵਿਚ ਪੁੱਛ ਪੜਤਾਲ ਕੀਤੀ ਜਾਂਦੀ ਹੈ ਕਈ ਵਾਰ ਲਿਖ ਕੇ ਲੈਂਦੇ ਹਨ। ਅਫ਼ਸਰ ਵੀ ਰੱਜ ਕੇ ਬੇਇੱਜਤੀ ਕਰਦੇ ਹਨ। ਇੱਕ ਗੱਲ ਤਾਂ ਜਰੂਰ ਹੈ ਅੱਜ ਦੇ ਸਮੇਂ ਵਿਚ ਸਕੂਲਾਂ ਦੀ ਨੁਹਾਰ ਬਦਲ ਗਈ ਹੈ ਸੋਹਣੇ ਬਣ ਗਏ ਹਨ ਜਿਹੜੇ ਪਰਾਤਨ ਸਮੇਂ ਨਹੀਂ ਸਨ। ਹੁਣ ਧੜਾਧੜ ਗ੍ਰਾਂਟਾਂ ਆਉਂਦੀਆਂ ਹਨ ਅਤੇ ਸਮੇਂ ਅੰਦਰ ਕੰਮ ਪੂਰਾ ਕਰਕੇ ਵਰਤੋਂ ਸਰਟੀਫਿਕੇਟ ਦਿੱਤੇ ਜਾਂਦੇ ਹਨ। ਪਹਿਲਾਂ ਤਾਂ ਨਲਕੇ ਦੀ ਬੋਕੀ ਪਵਾਉਂਣੀ ਵੀ ਔਖੀ ਹੁੰਦੀ ਸੀ। ਨਵੇਂ ਤਜਰਬੇ ਨਵੀਆਂ ਸਕੀਮਾਂ ਉਹ ਚੰਗੀਆਂ ਮਾੜੀਆਂ ਹੋ ਸਕਦੀਆਂ ਹਨ। ਸਕੂਲ ਦਾ ਰਿਕਾਰਡ ਸਕੂਲ ਵਿਚ ਮੁਕੰਮਲ ਹੋਣਾ ਚਾਹੀਦਾ ਹੈ ਉਹਨੂੰ ਆਨਲਾਇਨ ਕਰਨ ਦੀ ਕੋਈ ਜਰੂਰਤ ਨਹੀਂ ਹੋਣੀ ਚਾਹੀਦੀ। ਇੱਕ ਗੱਲ ਸਮਝ ਨਹੀਂ ਆ ਰਹੀ ਨਾਲੇ ਤਾਂ ਰਜਿਸਟਰਾਂ ਵਿਚ ਰਿਕਾਰਡ ਦਰਜ਼ ਕਰੋ ਫਿਰ ਆਨਲਾਇਨ ਵੀ ਕਰੋ। ਇਹ ਦੁਕੱਮਣ ਕਿਉਂ ਕਰਾਇਆ ਜਾਂਦਾ ਹੈ। ਇਹ ਫਾਲਤੂ ਦੀਆਂ ਟੱਕਰਾਂ ਮਰਾਉਣ ਦੀ ਪ੍ਰਣਾਲੀ ਲੱਗਦੀ ਜਾਪਦੀ ਹੈ। ਅਧਿਆਪਕਾਂ ਦੀ ਫੌਜ ਸਕੂਲਾਂ ਤੋਂ ਬਾਹਰ ਭੇਜੀ ਹੋਈ ਹੈ। ਉਹ ਅਧਿਆਪਕ, ਸਕੂਲ ਅਧਿਆਪਕਾਂ ਤੇ ਅਫਸਰ ਲਗਾਏ ਹੋਏ ਹਨ। ਉਹ ਆਪਣੇ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਛੱਡ ਕੇ ਤੁਰੇ ਫਿਰਦੇ ਹਨ। ਅਧਿਆਪਕ, ਅਧਿਆਪਕਾਂ ਨੂੰ ਚੈਕ ਕਰਦੇ ਹਨ, ਗਾਈਡ ਕਰਦੇ ਹਨ। ਬਹੁਤੇ ਅਧਿਆਪਕ ਆਪਣੇ ਕੰਮ ਸਮੇਂ ਸਿਰ ਕਰ ਰਹੇ ਹਨ। ਦਾਲ ਵਿਚ ਕੋੜਕੂ ਤਾਂ ਹੁੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ। ਅੱਜ ਦਾ ਅਧਿਆਪਕ ਸਿੱਖਿਆ ਪ੍ਰਣਾਲੀ ਦੇ ਕਾਰਜਾਂ ਵਿਚ ਉਲਝ ਜਾਂਦਾ ਹੈ। ਦਿਮਾਗੀ ਬੋਝ ਪਾ ਲੈਂਦਾ ਹੈ। ਪੁਰਾਤਨ ਸਮੇਂ ਆਪਣੇ ਆਪ ਸਮੇਂ ਸਿਰ ਡੀ.ਏ. ਲੱਗਦਾ ਸੀ, ਨਗਦ ਬਕਾਇਆ ਮਿਲਦਾ ਸੀ ਪਰ ਹੁਣ ਕਈ ਕਈ ਡੀ.ਏ. ਲੱਗਣ ਵਾਲੇ ਪਏ ਹਨ ਜਦੋਂ ਕਿ ਕੇਂਦਰ ਨੇ ਸਭ ਦਿੱਤੇ ਹੋਏ ਹਨ। ਅਜੇ ਤੱਕ ਪੁਰਾਣੇ ਬਿਕਾਏ ਨਹੀਂ ਦਿੱਤੇ। ਨਵੇਂ ਅਧਿਆਪਕਾਂ ਦੀਆਂ ਤਨਖਾਹਾਂ ਬਹੁਤ ਘੱਟ ਹਨ ਕੰਮ ਬਹੁਤ ਜਿਆਦਾ ਹੈ। ਪਹਿਲਾਂ ਪ੍ਰੋਬੇਸ਼ਨ ਪੀਰੀਅਡ ਨਹੀਂ ਹੁੰਦਾ ਸੀ ਸ਼ੁਰੂ ਵਿਚ ਹੀ ਤਨਖਾਹ ਫਿਕਸ ਹੋ ਜਾਂਦੀ ਸੀ ਉਵੇਂ ਹੀ ਚੱਲੀ ਜਾਂਦੀ ਸੀ। ਅੱਜ ਅਧਿਆਪਕ ਕਈ ਸਾਲ ਮੁੱਢਲੀ ਤਨਖਾਹ ਤੇ ਹੀ ਕੰਮ ਕਰ ਰਹੇ ਹਨ ਫਿਰ ਪ੍ਰੋਬੇਸ਼ਨ ਖਤਮ ਹੋਣ ਤੇ ਤਨਖਾਹ ਪੂਰੀ ਮਿਲਦੀ ਹੈ। ਇਹ ਕੋਈ ਚੰਗੀ ਨੀਤੀ ਨਹੀਂ ਅਧਿਆਪਕ ਦੀ ਤਨਖਾਹ ਨੂੰ ਖੋਰਾ ਲਾਉਣਾ ਮਾੜੀ ਸੋਚ ਦੀ ਨਿਸ਼ਾਨੀ ਹੈ। ਜਿਹੜੇ ਨੀਤੀਆਂ ਘਾੜੇ ਹਨ ਉਨ੍ਹਾਂ ਨੇ ਕਦੇ ਵੀ ਆਪ ਮੁੱਢਲੀ ਤਨਖਾਹ ਤੇ ਕੰਮ ਨਹੀਂ ਕੀਤਾ ਹੋਣਾ। ਨਵੇਂ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਥਾਂ ਤੇ ਨਵੀਂ ਪੈਨਸ਼ਨ ਸਕੀਮ ਦਿੱਤੀ ਜਾਂਦੀ ਹੈ ਜਿਹੜੀ ਕਿ ਪਹਿਲਾਂ ਦੇ ਮੁਕਾਬਲੇ ਵਧੀਆ ਨਹੀਂ। ਸੇਵਾਮੁਕਤੀ ਸਮੇਂ ਵੱਧ ਤੋਂ ਵੱਧ 20 ਫੀਸਦੀ ਮਹੀਨੇਵਾਰ ਰਕਮ ਮਿਲਦੀ ਹੈ ਅਤੇ ਬਾਕੀ ਦੇ 80 ਫੀਸਦੀ ਪੈਨਸ਼ਨ ਦੇ ਰੂਪ ਵਿਚ ਮਿਲਦੀ ਹੈ। ਇੱਕ ਅਧਿਆਪਕ ਮੁੱਢਲੀ ਤਨਖਾਹ ਤੇ ਕੰਮ ਕਰੇ ਅਤੇ ਹਾਕਮ ਨੂੰ ਅੱਸੀ ਹਜਾਰ ਰੁਪਏ ਪ੍ਰਤੀ ਮਹੀਨਾ ਮਿਲਣ ਇਹ ਗੱਲ ਚੰਗੀ ਨਹੀਂ। ਜਿਨ੍ਹਾਂ ਨੇ ਅਧਿਆਪਕ ਲਹਿਰਾਂ ਦੇ ਨਾਲ ਮੱਥਾ ਲਾਇਆ ਉਹ ਸਮਾਂ ਪਾ ਮਿੱਟੀ ਹੋ ਗਏ ਉਹ ਕਦੇ ਵੀ ਜਿੱਤੇ ਨਹੀਂ। ਜਦੋਂ ਅਧਿਆਪਕ ਝੰਡਾ ਮਾਰਚ ਕੱਢਦੇ ਹਨ ਤਾਂ ਕਈ ਹਾਕਮਾਂ ਦੀ ਫੱਟੀ ਪੋਚੀ ਜਾਂਦੀ ਹੈ। ਉਹ ਅਰਸ਼ੋਂ ਫਰਸ਼ ਤੇ ਆ ਗਏ ਹਨ। ਅੱਜ ਤੱਕ ਅਜਿਹਾ ਕੋਈ ਨਹੀਂ ਕਰ ਸਕਿਆ ਕਿ ਕਿਸੇ ਸਕੂਲ ਵਿਚ ਅਧਿਆਪਕ ਸੇਵਾਮੁਕਤ ਹੋ ਜਾਵੇ ਤਾਂ ਉਹਦੀ ਥਾਂ ਤੁਰੰਤ ਹੀ ਅਧਿਆਪਕ ਨਿਯੁਕਤ ਹੋ ਜਾਵੇ। ਅਗੇਤੀ ਲਿਸਟ ਤਿਆਰ ਹੋਣੀ ਚਾਹੀਦੀ ਹੈ, ਪੋਸਟ ਖਾਲੀ ਹੋਵੇ ਤੇ ਨਾਲ ਹੀ ਅਗਲੇ ਦਿਨ ਨਵਾਂ ਅਧਿਆਪਕ ਸਕੂਲ ਵਿਚ ਆ ਜਾਵੇ। ਸਕੂਲਾਂ ਦੀਆਂ ਸਾਰੀਆਂ ਪੋਸਟਾਂ ਭਰੀਆਂ ਜਾਣੀਆਂ ਚਾਹੀਦੀਆਂ ਹਨ। ਇੱਕ ਬੱਚਾ ਦੇ ਦੁਆਲੇ ਅਧਿਆਪਕ, ਸਿੱਖਿਆ ਅਫਸਰ, ਮਾਪੇ ਅਤੇ ਸਮਾਜ ਦਾ ਸਹੀ ਯੋਗਦਾਨ, ਉਹਦੀਆਂ ਨੀਹਾਂ ਨੂੰ ਮਜਬੂਤ ਕਰਕੇ ਬੁਲੰਦੀਆਂ ਤੇ ਪਹੁੰਚਾ ਸਕਦਾ ਹੈ।
ਪਤਾ: ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ, ਮੋਗਾ-142001
ਮੋਬਾਇਲ: 9781040140
ਈਮੇਲ: jaspal.loham@gmail.com 

ਭਾਜੀ ਗੁਰਸ਼ਰਨ ਸਿੰਘ ਜੀ ਇੱਕ ਲਹਿਰ ਸਨ - ਜਸਪਾਲ ਸਿੰਘ ਲੋਹਾਮ

ਜੇ ਦਰਿਆਵਾਂ ਦੇ ਰੁਖ ਮੋੜੇ ਜਾ ਸਕਦੇ ਹਨ ਤਾਂ ਜਿੰਦਗੀ ਦੇ ਰੁਖ ਵੀ ਮੋੜ ਸਕਦੇ ਹਾਂ, ਸਮਾਜ ਦੇ ਰੁਖ ਨੂੰ ਕਿਉਂ ਨਹੀਂ ਮੋੜਿਆ ਜਾ ਸਕਦਾ? ਮੇਰਾ ਨਾਟਕੀ ਮੰਚ ਥੜੇ ਤੋਂ ਤਿਆਰ ਹੋਇਆ ਸੀ ਅਤੇ ਕ੍ਰਾਂਤੀ ਸਾਡੀ ਇਬਾਦਤ ਹੈ। ਇਹ ਵਿਚਾਰ ਭਾਜੀ ਗੁਰਸ਼ਰਨ ਸਿੰਘ ਜੀ ਦੇ ਸਨ। ਉਨ੍ਹਾਂ ਦਾ ਜਨਮ 16.9.1929 ਨੂੰ ਮੁਲਤਾਨ ਬ੍ਰਿਟਿਸ਼ ਭਾਰਤ ਪਰ ਹੁਣ ਪਾਕਿਸਤਾਨ ਵਿਚ ਹੋਇਆ ਸੀ। ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਪਾਕਿਸਤਾਨ ਵਿਚ ਰੁਕਣਾ ਚਾਹੁੰਦੇ ਸਨ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਆਪ ਬਣਾਈਆਂ ਹੱਦਾਂ ਦੀ ਕੋਈ ਕੀਮਤ ਨਹੀਂ। ਉਨ੍ਹਾਂ ਦੇ ਪਿਤਾ ਨੇ ਆਪਣੇ ਪ੍ਰਵਾਰ ਨੂੰ ਭਾਰਤ ਭੇਜਿਆ। ਉਹ ਬਚਪਨ ਵਿਚ ਸਾਹਿਤ ਨਾਲ ਜੁੜੇ ਹੋਏ ਸਨ ਇਸ ਕਰਕੇ ਚੁਟਕਲੇ, ਸਕਿੱਟ ਅਤੇ ਨਾਟਕ ਸਕੂਲ ਵਿਚ ਕਰਦੇ ਸਨ। ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਸੰਨ 1951 ਵਿਚ ਉਨ੍ਹਾਂ ਨੇ ਦਿੱਲੀ ਤੋਂ ਐਮ.ਐਸ.ਸੀ. ਟੈਕਨੀਕਲ ਕਮਿਸਟਰੀ ਕੀਤੀ। ਉਹ ਭਾਖੜਾ ਨੰਗਲ ਚਲੇ ਗਏ। ਉੱਥੇ ਇੱਕ ਰੀਸਰਚ ਅਫ਼ਸਰ ਗਜਟਿਡ ਪੋਸਟ ਤੇ ਕੰਮ ਕੀਤਾ। ਉੱਥੇ ਲੋਕਾਂ ਨੂੰ ਬਹੁਤ ਨੇੜੇ ਹੋ ਕੇ ਦੇਖਿਆ। ਇਥੇ ਦਸ ਹਜਾਰ ਵਰਕਰ ਕੰਮ ਕਰਦੇ ਸਨ। ਉਨ੍ਹਾਂ ਨੰਗਲ ਵਿਖੇ ਲੇਬਰ ਕਲੱਬ ਅਤੇ ਸਟਾਫ਼ ਕਲੱਬ ਬਣਾਈ। ਆਮ ਲੋਕਾਂ ਦੀਆਂ ਗੱਲਾਂ ਨਾਟਕਾਂ ਵਿਚ ਕਰਨ ਦੀ ਉਨ੍ਹਾਂ ਗੱਲ ਕੀਤੀ।  ਸੰਨ 1955 ਵਿਚ ਪੰਡਤ ਜਵਾਹਰ ਲਾਲ ਨਹਿਰੂ ਕੋਲ ਗੱਲਬਾਤ ਕਰਨ ਲਈ ਬਾਹਰਲੇ ਦੇਸ਼ਾਂ ਦੀਆਂ ਸ਼ਖਸੀਅਤਾਂ ਕਰੁਸਟੀਵ ਅਤੇ ਬਲਗੈਨਿਨ ਨੇ ਇਥੇ ਨੰਗਲ ਵਿਚ ਆਉਣਾ ਸੀ। ਇਸ ਲਈ ਦਰਿਆ ਵਿਚ ਇੱਕ ਕਿਸ਼ਤੀ ਤੇ ਕਮਰਾ ਬਣਾ ਕੇ ਗੁਪਤ ਮੀਟਿੰਗ ਕਰਨ ਲਈ ਸਥਾਨ ਤਿਆਰ ਕੀਤਾ ਗਿਆ। ਇਥੇ ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ ਹੋਣਾ ਸੀ। ਉਸ ਸਮੇਂ ਨਹਿਰੂ ਨੇ ਕਿਹਾ ਕਿ ਡੈਮ ਸਾਡੇ ਵਾਸਤੇ ਨਵੇਂ ਜ਼ਮਾਨੇ ਦਾ ਮੰਦਰ ਹੈ। ਭਾਜੀ ਦੀ ਡਿਊਟੀ ਮਹਿਮਾਨ ਨਿਵਾਜੀ ਕਰਨ ਵਿਚ ਲਗਾਈ ਗਈ ਸੀ। ਉਨ੍ਹਾਂ ਨੇ ਉਸ ਸਮੇਂ ਵਰਕਰਾਂ ਨੂੰ ਵੀ ਇਹ ਰੰਗਾਰੰਗ ਪ੍ਰੋਗਰਾਮ ਦਿਖਾਉਣ ਬਾਰੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪਰ ਇਸਦੀ ਇਜਾਜਤ ਨਹੀਂ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਇਹ ਸੁਰੱਖਿਆ ਦਾ ਮਾਮਲਾ ਹੈ ਅਤੇ ਇਸ ਵਿਚ ਸਿਰਫ਼ ਦਿੱਲੀ ਅਤੇ ਪੰਜਾਬ ਦੇ ਵੱਡੇ ਅਫ਼ਸਰ ਹੀ ਜਾਣਗੇ। ਅਗਲੇ ਦਿਨ ਉਨ੍ਹਾਂ ਨੇ ਸਕੂਲ ਦੀ ਗਰਾਊਂਡ ਵਿਚ ਵਰਕਰਾਂ ਲਈ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ। ਉੱਥੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਟਕ ਖੇਡਿਆ। ਉੱਥੇ ਉਸ ਸਮੇਂ 2600-00 ਰੁਪਏ ਇਕੱਤਰ ਹੋਏ ਉਸ ਸਮੇਂ ਦੇ ਮੁਤਾਬਿਕ ਇਹ ਘੱਟ ਨਹੀਂ ਸਨ। ਉਹ ਕਹਿੰਦੇ ਸਨ ਕਿ ਜੇ ਲੋਕਾਂ ਨਾਲ ਗੱਲਾਂ ਕੀਤੀਆਂ ਜਾਣ ਤਾਂ ਕਲਾ ਲੋਕਾਂ ਤੱਕ ਪਹੁੰਚ ਸਕਦੀ ਹੈ। ਨਿਜ਼ਾਮ 'ਚ ਅਣਖ ਵਾਲੇ ਦਾ ਜੀਣ ਨਹੀਂ ਹੈ। ਅਣਖ ਵਾਲਾ ਬਗਾਵਤੀ ਸੁਰ ਵਿਚ ਜਦੋਂ ਬੋਲਦਾ ਹੈ ਤਾਂ ਹਾਕਮ ਧਿਰ ਨੂੰ ਬੁਰਾ ਲੱਗਦਾ ਸੀ। ਉਨ੍ਹਾਂ ਨੇ ਲੋਕਾਂ ਦੀ ਅਵਾਜ਼ ਬਣ ਕੇ ਨਾਟਕ ਪੇਸ਼ ਕੀਤੇ। ਉਹ ਅਕਸਰ ਹੀ ਕਹਿੰਦੇ ਹੱਥ ਜੋੜਨ ਦੀ ਪ੍ਰਥਾ ਛੱਡ ਕੇ ਬਗਾਵਤ ਵੱਲ ਆਓ। ਪੰਜਾਬ ਸਟੂਡੈਂਟ ਯੂਨੀਅਨ ਨੇ ਸ਼ਹੀਦ ਭਗਤ ਸਿੰਘ ਨੂੰ ਨਾਇਕ ਮੰਨ ਕੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਲਿਆਂਦਾ। ਉਹ ਕੱਟੜਵਾਦ ਦੇ ਵਿਰੁੱਧ ਸਨ ਅਤੇ ਸਰਕਾਰੀ ਜਬਰ ਦੇ ਵੀ ਵਿਰੁੱਧ ਸਨ। ਉਨ੍ਹਾਂ ਨੇ ਔਰਤ ਵਰਗ ਨੂੰ ਚੇਤਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਖੁਸ਼ ਹਾਂ ਜਿੰਨੇ ਕੁ ਸਾਧਨ ਮੇਰੇ ਕੋਲ ਸਨ ਉਹਦੇ ਅਨੁਸਾਰ ਮੈਂ ਕੰਮ ਕੀਤਾ। ਹੁਣ ਮੇਰੇ ਕੰਮ ਨੂੰ ਅੱਗੇ ਲਿਜਾਣ ਦੀ ਲੋੜ ਹੈ। ਸੱਤ ਗਰੁੱਪ ਚੰਗੇ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਲਵੰਤ ਗਾਰਗੀ ਦੇ ਨਾਟਕਾਂ ਦੀ ਵਾਰਤਾਲਾਪ ਕਮਾਲ ਦੀ ਸੀ। ਭਾਖੜਾ ਡੈਮ ਦੇ ਵਰਕਰ ਲੋਹੜੀ ਦੇ ਦਿਨ ਆਪਣੇ ਅਧਿਕਾਰੀਆਂ ਤੋਂ ਛੁੱਟੀ ਦੀ ਮੰਗ ਕਰਦੇ ਸਨ ਪਰ ਅਧਿਕਾਰੀਆਂ ਨੇ ਛੁੱਟੀ ਨਹੀਂ ਦਿੱਤੀ। ਇਸ ਲਈ ਵਰਕਰ ਹੜਤਾਲ ਤੇ ਚਲੇ ਗਏ। ਫਿਰ ਆਪ ਨੇ ''ਲੋਹੜੀ ਦੀ ਹੜਤਾਲ'' ਨਾਟਕ ਲਿਖਿਆ। ਸੰਨ 1970 ਵਿਚ ਨਕਸਲਾਇਟ ਮੂਵਮੈਂਟ ਸਮੇਂ ਜਾਅਲੀ ਮੁਕਾਬਲੇ ਬਣਾ ਕੇ ਨੌਜਵਾਨ ਮੁੰਡਿਆਂ ਨੂੰ ਮਾਰਿਆ ਸੀ ਉਦੋਂ ''ਕਿਵ ਕੂੜੇ ਤੁਟੇ ਪਾਲ'' ਨਾਟਕ ਰਾਹੀ ਅਸਲੀਅਤ ਬਿਆਨ ਕੀਤੀ ਸੀ। ਸੰਨ 1976 ਦੇ ਸਤੰਬਰ ਮਹੀਨੇ ਵਿਚ ਜੰਮੂ ਯੂਨੀਵਰਸਿਟੀ ਵਿਚ ਇੱਕ ਨਾਟਕ ਖੇਡਿਆ ਗਿਆ। ਇਸ ਤੋਂ ਚਾਰ ਦਿਨ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿਚੋਂ ਗ੍ਰਿਫ਼ਤਾਰ ਕਰ ਗਿਆ ਗਿਆ। ਉਨ੍ਹਾਂ ਤੇ ਪੁੱਲ ਉਡਾਉਣ ਦਾ ਦੋਸ਼ ਲਗਾਇਆ ਗਿਆ। ਬਾਅਦ ਵਿਚ ਮਾਣਯੋਗ ਕੋਰਟ ਨੇ ਛੱਡਣ ਦੇ ਹੁਕਮ ਜਾਰੀ ਕੀਤੇ। ਜਦੋਂ ਐਮਰਜੈਂਸੀ ਵਿਚ ਬੋਲਣ ਤੇ ਦਬਾਇਆ ਜਾਂਦਾ ਸੀ ਤਾਂ ਉਦੋਂ ਉਨ੍ਹਾਂ ਨੇ ''ਬੰਦ ਕਮਰੇ'' ਨਾਟਕ ਖੇਡਿਆ। ਜਦੋਂ ਪੰਜਾਬ ਦੇ ਹਾਲਾਤ ਸਧਾਰਨ ਨਹੀਂ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਆਪਣੇ ਨਾਟਕ ਜਾਰੀ ਰੱਖੇ। ਇਸੇ ਤਰ੍ਹਾਂ ਸਿੱਖਿਆ ਬੋਰਡ ਵਿਚ ਇੱਕ ਨਾਟਕ ਖੇਡਿਆ ਗਿਆ। ਉੱਥੇ ਉਨ੍ਹਾਂ ਨੇੇ ਔਰਤਾਂ ਦੇ ਹੱਕ ਵਿਚ ਕਿਹਾ ਕਿ ਸਕੂਲ ਸਰਟੀਫਿਕੇਟਾਂ ਵਿਚ ਸਿਰਫ਼ ਪਿਤਾ ਦਾ ਨਾਂਅ ਲਿਖਿਆ ਹੁੰਦਾ ਹੈ ਮਾਂ ਦਾ ਨਾਂਅ ਕਿਉਂ ਨਹੀਂ ਲਿਖਿਆ ਜਾਂਦਾ। ਇਹ ਪ੍ਰਚਾਰ ਲਗਾਤਾਰ ਹਰ ਥਾਂ ਕਰਦੇ ਸਨ। ਉਸ ਸਮੇਂ ਚੇਅਰਮੈਨ ਨੇ ਮੌਕੇ ਤੇ ਹੀ ਐਲਾਨ ਕਰ ਦਿੱਤਾ ਕਿ ਹੁਣ ਸਕੂਲਾਂ ਵਿਚ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਵਿਚ ਮਾਂ ਬਾਪ ਦੋਹਾਂ ਦਾ ਨਾਂਅ ਦਰਜ ਹੋਵੇਗਾ। ਅਗਲੇ ਸਾਲ ਸਰਟੀਫਿਕੇਟਾਂ ਤੇ ਦੋਨੇ ਨਾਂਅ ਛਪ ਕੇ ਆਏ। ਇਹ ਉਨ੍ਹਾਂ ਦੀ ਦੇਣ ਸੀ। ਉਹ ਗੁਰੂ ਨਾਨਕ ਦੇਵ ਜੀ ਦੀ ਤਰਕਸ਼ੀਲ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ। ਉਨ੍ਹਾਂ ਸੁਨੇਹਾਂ ਦਿੱਤਾ ਕਿ ਜਿੱਥੇ ਰਹਿ ਰਹੇ ਹਾਂ ਉਥੇ ਦੀਆਂ ਕਦਰਾਂ ਕੀਮਤਾਂ ਦਾ ਧਿਆਨ ਰੱਖੀਏ ਅਤੇ ਮਨੱਖੀ ਕਦਰਾਂ ਕੀਮਤਾਂ ਬਣਾਈ ਰੱਖੀਏ। ਸਾਡਾ ਸੱਭਿਆਚਾਰ ਅੱਗੇ ਵਧਣਾ ਚਾਹੀਦਾ ਹੈ ਤਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੈ। ਉਨ੍ਹਾਂ ਨੇ ਪੰਜਾਬ ਦੇ ਪਿੰਡਾਂ ਤੇ ਗਲੀਆਂ ਵਿਚ ਨਾਟਕ ਖੇਡੇ। ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਕੁੱਝ ਹੋਰ ਨਾ ਬਣਾਓ ਪੰਜਾਬ ਨੂੰ ਪੰਜਾਬ ਰਹਿਣ ਦਿਓ। ਉਨ੍ਹਾਂ ਦਾ ਕਹਿਣਾ ਸੀ ਕਿ ਨਾਟਕ ਲੋਕਾਂ ਨੂੰ ਚੇਤਨ ਕਰਨ ਦਾ ਇੱਕ ਕਦਮ ਹੈ। ਹਰ ਇੱਕ ਬੱਚੇ ਨੂੰ ਬਰਾਬਰ ਦੀ ਪੜ੍ਹਾਈ ਮਿਲਣੀ ਚਾਹੀਦੀ ਹੈ। ਉਨ੍ਹਾਂ ਨਾਟਕਾਂ ਵਿਚ ਕਿਹਾ ਕਿ ਮਰਾਸੀਆ ਤੂੰ ਹੁਣ ਚੱਲ। ਮੈਂ ਆਪੇ ਗੱਲ ਲੀਡਰਾਂ ਨਾਲ ਕਰਾਂਗਾ। ਭਾਈ ਮੰਨਾ ਸਿੰਘ ਮਰਾਸੀ ਨੂੰ ਦੱਸਦੇ ਕਿ ਇਨ੍ਹਾਂ ਲੀਡਰਾਂ ਨੇ ਆਪਣੀ ਬੇੜੀ ਤਾਂ ਰੋੜਨੀ ਹੀ ਰੋੜਨੀ ਹੈ ਪਰ ਨਾਲ ਦੇਸ਼ ਦੀ ਬੇੜੀ ਵੀ ਰੋੜ ਦੇਣੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਸੀਂ ਕਿਸੇ ਜ਼ੁਲਮ ਨੂੰ ਤਮਾਸ਼ਾ ਹੀ ਬਣ ਕੇ ਦੇਖਾਂਗੇ। ਸਾਨੂੰ ਉਸ ਤਮਾਸ਼ੇ ਦੀ ਕੀਮਤ ਦੇਣੀ ਪਵੇਗੀ। ਉਨ੍ਹਾਂ ਨੇ ਘੁੰਮਣਘੇਰੀ, ਕੰਪਨੀ ਰੁੜ ਗਈ, ਸਾਡਾ ਵਿਰਸਾ, ਗਦਰ ਦੀ ਗੂੰਜ, ਅਗਨੀ, ਇਨਕਲਾਬ ਦੇ ਰਾਹ ਤੇ, ਇੱਕ ਮਾਂ ਦੋ ਮੁਲਕ, ਭਗੌਤੀ ਦੀ ਸ਼ਕਤੀ, ਇਹ ਲਹੂ ਕਿਸਦਾ ਹੈ, ਜਦੋਂ ਰੌਸ਼ਨੀ ਹੁੰਦੀ ਹੈ, ਮਾਂ, ਸਿਊਂਕ, ਪੁਰਜਾ ਪੁਰਜਾ ਕੱਟ ਮਰੇ, ਕਿਵ ਕੂੜੇ ਤੁਟੇ ਪਾਲ, ਚਾਂਦਨੀ ਚੌਂਕ, ਦਾਸਤਾਨੇ-ਏ-ਪੰਜਾਬ, ਸ਼ਹੀਦ, ਟੋਇਆ, ਕੁਰਸੀਵਾਲਾ ਤੇ ਮੰਜੀ ਵਾਲਾ ਆਦਿ ਨਾਟਕ ਖੇਡੇ। ਉਨ੍ਹਾਂ ਨੇ ਮਨਜੀਤੇ ਜਗਜੀਤ, ਮੁਟਿਆਰ ਅਤੇ ਸੂਰਮਾ ਭਗਤ ਫ਼ਿਲਮ ਵਿਚ ਕੰਮ ਕੀਤਾ। ਦੂਰਦਰਸ਼ਨ ਪੰਜਾਬੀ ਜਲੰਧਰ ਤੇ ਭਾਈ ਮੰਨਾ ਸਿੰਘ ਨਾਟਕ ਪ੍ਰਦਰਸ਼ਿਤ ਹੋਇਆ ਜਿਹੜਾ ਕਿ ਬਹੁਤ ਹਰਮਨ ਪਿਆਰਾ ਹੋਇਆ ਅਤੇ ਭਾਜੀ ਨੂੰ ਭਾਈ ਮੰਨਾ ਸਿੰਘ ਨਾਲ ਜਾਣਨ ਲੱਗ ਪਏ। ਸਾਲ 2004 ਵਿਚ ਨੈਸ਼ਨਲ ਸੰਗੀਤ ਨਾਟਕ ਅਕੈਡਮੀ ਨੇ ਉਨ੍ਹਾਂ ਨੂੰ ਕਾਲੀਦਾਸ ਸਨਮਾਨ ਅਤੇ ਕਾਲਾ ਰਤਨ ਪੁਰਸਕਾਰ ਨਾਲ ਨਿਵਾਜਿਆ। ਉਨ੍ਹਾਂ ਦੇ ਵਿਚਾਰ ਲੱਖਾਂ ਲੋਕਾਂ ਨੇ ਆਪਣੇ ਅੰਦਰ ਪਰੋਏ ਹੋਏ ਹਨ। ਭਾਜੀ ਗੁਰਸ਼ਰਨ ਸਿੰਘ ਆਪਣੇ ਆਪ ਵਿਚ ਇੱਕ ਲਹਿਰ ਸਨ। ਉਨ੍ਹਾਂ ਦੇੇ ਪੰਜਾਬੀ ਨਾਟਕਾਂ ਨੇ ਲੋਕਾਂ ਦੀ ਸੋਚ ਨੂੰ ਬਦਲਿਆ। ਉਹ ਮਿਤੀ 27.9.2011 ਨੂੰ 82 ਸਾਲ ਦੀ ਉਮਰ ਵਿਚ ਇਸ ਦੁਨੀਆ ਤੋਂ ਰੁਕਸਤ ਹੋ ਗਏ। ਉਨ੍ਹਾਂ ਦਾ ਘਰ ਸੈਕਟਰ 43 ਵਿਚ ਸੀ ਤੇ ਉਸ ਘਰ ਨੂੰ ''ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ'' ਵਿਚ ਬਦਲ ਦਿੱਤਾ।
ਪਤਾ: ਮਕਾਨ ਨੰਬਰ 166, ਵਾਰਡ ਨੰਬਰ: 29,  ਗਲੀ ਹਜਾਰਾ ਸਿੰਘ ਮੋਗਾ-142001
ਮੋਬ: 97 810 40140
ਈਮੇਲ: jaspal.loham@gmail.com

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਵਿਦਿਆਰਥੀ ਬਚਪਨ ਵਿਚ ਵਧੇਰੇ ਸਮਾਂ ਖੇਡ ਮਸਤੀ ਵਿਚ ਬਤੀਤ ਕਰਦੇ ਹਨ ਅਤੇ ਪੜ੍ਹਾਈ ਵੱਲ ਧਿਆਨ ਘੱਟ ਕਰਦੇ ਹਨ ਜਿਸ ਕਰਕੇ ਕਈ ਪਛੜ ਜਾਂਦੇ ਹਨ। ਪਰ ਜਿਹੜੇ ਰੋਜ਼ਾਨਾ ਕੰਮ ਕਰਦੇ ਹਨ, ਘਰ ਦਾ ਕੰਮ ਬਾਕੀ ਨਹੀਂ ਛੱਡਦੇ, ਨਾਲ ਦੀ ਨਾਲ ਯਾਦ ਕਰਦੇ ਰਹਿੰਦੇ ਹਨ, ਲਿਖ ਲਿਖ ਕੇ ਦੇਖਦੇ ਹਨ, ਸਮੇਂ ਦੀ ਸਹੀ ਵਰਤੋਂ ਕਰਦੇ ਹਨ। ਉਹ ਬੱਚੇ ਕਦੇ ਵੀ ਪਿੱਛੇ ਨਹੀਂ ਰਹਿੰਦੇ ਸਗੋਂ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ ਅਤੇ ਇੱਕ ਦਿਨ ਆਪਣੇ ਟੀਚੇ ਤੇ ਪਹੁੰਚ ਜਾਂਦੇ ਹਨ। ਉਹ ਆਪਣੇ ਮਾਂ ਬਾਪ, ਪਿੰਡ, ਸਕੂਲ, ਅਧਿਆਪਕਾਂ ਦਾ ਨਾਂਅ ਰੌਸ਼ਨ ਕਰਦੇ ਹਨ। ਅਕਸਰ ਹੀ ਪ੍ਰਾਇਮਰੀ ਸਕੂਲਾਂ ਦੇ ਬੱਚੇ ਅੱਗੇ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਛੇਵੀਂ ਕਲਾਸ ਵਿਚ ਪੜ੍ਹਨ ਲਈ ਜਾਂਦੇ ਹਨ। ਸਾਰੇ ਬੱਚੇ ਮਿਹਨਤੀ ਹੁੰਦੇ ਹਨ ਪਰ ਕੋਈ ਕਿਸੇ ਪਾਸੇ ਮਿਹਨਤ ਲਗਾ ਦਿੰਦਾ, ਕੋਈ ਕਿਸੇ ਪਾਸੇ। ਮੈਨੂੰ ਯਾਦ ਹੈ ਕਿ ਮੈਂ ਬਦਲੀ ਕਰਵਾ ਕੇ ਸ਼ਹਿਰ ਦੇ ਨੇੜਲੇ ਸਕੂਲ ਵਿਚ ਚਲਾ ਗਿਆ। ਅਜੇ ਗਏ ਨੂੰ ਕੁੱਝ ਕੁ ਦਿਨ ਹੋਏ ਸੀ ਫਿਰ ਜ਼ਿਲ੍ਹਾ ਦਫਤਰ ਨੇ ਦੁਬਾਰਾ ਫ਼ਿਰ ਪੁਰਾਣੇ ਸਕੂਲ ਆਰਡਰ ਕਰ ਦਿੱਤੇ ਪਰ ਅਸੀਂ ਪੰਚਾਇਤ ਦੀ ਮੱਦਦ ਨਾਲ ਆਪਣੇ ਆਰਡਰ ਰੱਦ ਕਰਵਾ ਲਏ। ਇਸ ਨਵੇਂ ਸਕੂਲ ਵਿਚ ਇਮਾਰਤ ਸੰਪੂਰਨ ਨਹੀਂ ਸੀ। ਕਮਰੇ ਬਣੇ ਸਨ ਕੋਈ ਬਾਰ ਦਰਵਾਜਾ ਨਹੀਂ ਸੀ, ਕੋਈ ਫਰਨੀਚਰ ਨਹੀਂ ਸੀ, ਨਾ ਕੋਈ ਚਾਰਦੀਵਾਰੀ। ਸਕੂਲ ਵਿਚ ਕੋਈ ਵੀ ਬਲੈਕਬੋਰਡ ਨਹੀਂ ਸੀ। ਪਾਣੀ ਦਾ ਪ੍ਰਬੰਧ ਨਹੀਂ ਸੀ। ਕੋਈ ਵੀ ਬਾਥਰੂਮ ਹੈ ਹੀ ਨਹੀਂ ਸੀ। ਬਿਜਲੀ ਦਾ ਕੋਈ ਕੁਨੈਕਸ਼ਨ ਨਹੀਂ ਸੀ। ਇੱਕ ਸਮਾਜਸੇਵੀ ਸ਼ਖਸੀਅਤ ਇੱਕ ਦਿਨ ਸਕੂਲ ਆਏ। ਉਨ੍ਹਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਸਭ ਤੋਂ ਪਹਿਲਾਂ ਸਾਨੂੰ ਉਨ੍ਹਾਂ ਨੇ ਇੱਕ ਪੁਰਾਣਾ ਟਰੰਕ ਮੁਹੱਈਆ ਕਰਵਾਇਆ ਜਿਸ ਵਿਚ ਕੁੱਝ ਸਕੂਲ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ। ਜਦੋਂ ਸਾਰੀ ਛੁੱਟੀ ਹੁੰਦੀ ਤਾਂ ਟਰੰਕ ਨੂੰ ਸਕੂਲ ਦੇ ਗੁਆਂਢ ਵਿਚ ਇੱਕ ਘਰ ਵਿਚ ਰੱਖ ਦਿੰਦੇ ਸੀ ਤੇ ਅਗਲੇ ਦਿਨ ਫਿਰ ਲੈ ਆਉਂਦੇ ਸੀ। ਕੁੱਝ ਦਿਨਾਂ ਬਾਅਦ ਇੱਕ ਦਾਨੀ ਪੁਰਖ ਸਕੂਲ ਆਇਆ ਤੇ ਜਦੋਂ ਉਸਨੇ ਦੇਖਿਆ ਕਿ ਬੱਚੇ ਪਾਣੀ ਪੀਣ ਲਈ ਨਾਲ ਦੇ ਪ੍ਰਾਇਮਰੀ ਸਕੂਲ ਜਾਂ ਨੇੜੇ ਦੇ ਘਰਾਂ ਵਿਚ ਜਾਂਦੇ ਹਨ ਤਾਂ ਉਸਨੇ ਇੱਕ ਨਲਕਾ ਲਗਾਉਣ ਦੀ ਸੇਵਾ ਲਈ ਅਤੇ ਕੁੱਝ ਦਿਨਾਂ ਵਿਚ ਸਕੂਲ ਵਿਚ ਨਲਕਾ ਲੱਗ ਗਿਆ ਅਤੇ ਸਾਨੂੰ ਸਭ ਨੂੰ ਚਾਅ ਚੜ੍ਹ ਗਿਆ। ਸਾਡੇ ਬੱਚੇ ਸਾਡੇ ਸਕੂਲ ਵਿਚ ਪਾਣੀ ਪੀਂਦੇ ਸਨ। ਇਸੇ ਤਰ੍ਹਾਂ ਇੱਕ ਬਜ਼ੁਰਗ ਬੰਦਾ ਆਇਆ ਤੇ ਉਨ੍ਹਾਂ ਨੇ ਕਾਫੀ ਸਾਰੀ ਰਕਮ ਸਕੂਲ ਤੇ ਖਰਚ ਕਰਨੀ ਸੀ। ਇਸ ਲਈ ਉਨ੍ਹਾਂ ਸਾਡੇ ਤੋਂ ਪੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ। ਅਸੀਂ ਤਾਂ ਸਾਰਾ ਕੁੱਝ ਦੱਸ ਦਿੱਤਾ। ਉਨ੍ਹਾਂ ਨੇ ਸਾਰੇ ਸਕੂਲ ਦੇ ਕਮਰਿਆਂ ਦੇ ਪੱਲੇ, ਬਾਰ ਬਾਰੀਆਂ ਲਗਾਉਣ ਲਈ ਕਿਹਾ। ਕੁੱਝ ਹਫਤਿਆਂ ਵਿਚ ਇਹ ਕੰਮ ਮੁਕੰਮਲ ਜਿਹਾ ਹੋ ਗਿਆ। ਸਕੂਲ ਵਿਚ ਇੱਟਾਂ ਦੇ ਢੇਰ ਲੱਗੇ ਪਏ ਸਨ ਇਸ ਲਈ ਇਨ੍ਹਾਂ ਨੂੰ ਚੁੱਕ ਕੇ ਸਕੂਲ ਦੇ ਪਿਛਲੇ ਪਾਸੇ ਲੈ ਗਏ ਅਤੇ ਬਿਨ੍ਹਾਂ ਗਾਰੇ ਤੋਂ ਚਿਣ ਕੇ ਉਹਲਾ ਜਿਹਾ ਕਰ ਦਿੱਤਾ ਅਤੇ ਸਭ ਲਈ ਆਰਜੀ ਜਿਹਾ ਬਾਥਰੂਮ ਬਣ ਗਿਆ। ਬਾਅਦ ਵਿਚ ਸਰਪੰਚ ਸਾਹਿਬ ਅਤੇ ਪੰਚਾਇਤ ਰਲ ਕੇ ਸਕੂਲ ਲਈ ਉਪਰਾਲੇ ਕਰਦੇ ਰਹੇ ਇਸ ਤਰ੍ਹਾਂ ਚਾਰਦੀਵਾਰੀ ਵੀ ਕਰ ਦਿੱਤੀ ਗਈ ਅਤੇ ਨਲਕੇ ਤੇ ਮੋਟਰ ਲੱਗ ਗਈ ਅਤੇ ਬਿਜਲੀ ਦਾ ਕੁਨੈਕਸ਼ਨ ਲਗਾ ਦਿੱਤਾ ਅਤੇ ਸਾਰੇ ਪਾਸੇ ਬਿਜਲੀ ਦੀ ਫਿਟਿੰਗ ਹੋ ਗਈ। ਅਜੇ ਵੀ ਬੱਚੇ ਟਾਟਾਂ ਤੇ ਬੈਠਦੇ ਸੀ ਇੱਕ ਸ਼ਖਸੀਅਤ ਨੇ ਸਕੂਲ ਦੀ ਹਾਲਤ ਦੇਖ ਕੇ ਬੈਂਚ ਡੈਸਕ ਬਣਾ ਦਿੱਤੇ। ਮੈਨੂੰ ਯਾਦ ਹੈ ਸ਼ੁਰੂ ਵਿਚ ਮੈਂ ਬਲੈਕਬੋਰਡ ਨਾ ਹੋਣ ਕਰਕੇ ਕੰਧ ਦੇ ਪਲਸਤਰ ਤੇ ਰੰਗ ਕਰਕੇ ਹੀ ਕੰਮ ਚਲਾ ਲਿਆ। ਬਾਅਦ ਵਿਚ ਕਮਰਿਆਂ ਵਿਚ ਵੀ ਬਲੈਕਬੋਰਡ ਬਣ ਗਏ ਅਤੇ ਤਿੰਨ ਲੱਤਾਂ ਵਾਲੇ ਚੱਕਵੇਂ ਬਲੈਕਬੋਰਡ ਵੀ ਲੈ ਆਂਦੇ। ਗੱਲ ਕੀ ਸਮੇਂ ਦੇ ਨਾਲ ਨਾਲ ਸਕੂਲ ਵਿਚ ਸਾਰਾ ਕੁੱਝ ਬਣ ਗਿਆ। ਇਥੇ ਦੇ ਬੱਚੇ ਤਿੰਨ ਸਾਲ ਦੀ ਪੜ੍ਹਾਈ ਕਰਕੇ ਅਗਲੇ ਸਕੂਲਾਂ ਵਿਚ ਚਲੇ ਗਏ। ਜਿਹੜੇ ਬੱਚੇ ਹੁਸ਼ਿਆਰ ਸਨ ਉਹ ਅਜੇ ਵੀ ਯਾਦ ਹਨ। ਸ਼ਰਾਰਤੀ ਵੀ ਯਾਦ ਹਨ। ਉਹ ਆਪਣੀ ਪੜ੍ਹਾਈ ਵਿਚ ਵਿਅਸਥ ਹੋ ਗਏ। ਮੈਂ ਇਥੋਂ ਬਦਲੀ ਕਰਵਾ ਕੇ ਕਿਸੇ ਹੋਰ ਸਕੂਲ ਚਲਾ ਗਿਆ। ਇਸ ਸਕੂਲ ਵਿਚ ਸਾਰੀਆਂ ਸਹੂਲਤਾਂ ਸਨ। ਸ਼ੁਰੂ ਵਿਚ ਮੈਨੂੰ ਇੱਕ ਬਾਰੀ ਕੰਧ ਵਿਚਲੀ ਮਿਲੀ। ਉਹਨੂੰ ਆਮ ਦੇਸੀ ਜਿੰਦਾ ਲਗਾਉਂਦੇ ਸੀ। ਇੱਕ ਮੌਜ ਸੀ ਇਹ ਸਟਾਫ਼ ਰੂਮ ਵਿਚ ਸੀ। ਇਥੋਂ ਦੇ ਸਾਥੀ ਅਧਿਆਪਕ ਬੜੇ ਮਿਹਨਤੀ ਸਨ। ਸਾਰੇ ਡਟ ਕੇ ਪੜ੍ਹਾੲ ਕਰਾਉਂਦੇ ਸਨ। ਮੈਂ ਤਾਂ ਸਾਇੰਸ  ਅਤੇ ਮੈਥ ਦੋਨੇ ਵਿਸ਼ੇ ਕਰਾਉਂਦਾ ਸੀ। ਕਈ ਸਾਲ ਇਥੇ ਲਗਾਏ ਬੱਚਿਆਂ ਨੂੰ ਤਨਦੇਹੀ ਨਾਲ ਪੜ੍ਹਾਇਆ। ਕਈ ਸਕੂਲਾਂ ਵਿਚ ਨੌਕਰੀ ਕਰਨ ਉਪਰੰਤ ਮੇਰੀ ਤਰੱਕੀ ਬਤੌਰ ਮੁੱਖਅਧਿਆਪਕ ਹੋ ਗਈ ਅਤੇ ਨਵੇਂ ਸਕੂਲ ਵਿਚ ਬਤੌਰ ਮੁੱਖੀ ਕੰਮ ਕੀਤਾ। ਮੈਂ ਘਰ ਤੋਂ ਹੀ ਕੰਮਾਂ ਦੀ ਪਰਚੀ ਬਣਾ ਕੇ ਲਿਜਾਂਦਾ ਤੇ ਉਹ ਕੰਮ ਕਰਕੇ ਆਉਂਦਾ। ਇਸ ਰੋਜ਼ਾਨਾ ਦਾ ਸਿਲਸਲਾ ਸੀ। ਇੱਕ ਦਿਨ ਦਫ਼ਤਰ ਵਿਚ ਬੈਠੇ ਕੰਮ ਕਰ ਰਹੇ ਸੀ ਕਿ ਇੱਕ ਲੜਕੀ ਦਫਤਰ ਵੱਲ ਤੁਰੀ ਆ ਰਹੀ ਸੀ । ਬਾਹਰੋਂ ਪੁੱਛ ਕੇ ਅੰਦਰ ਆ ਗਈ। ਉਹਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈ ਵੀ ਜਵਾਬ ਦਿੱਤਾ। ਮੈਂ ਉਨ੍ਹਾਂ ਨੂੰ ਪੁਛਿਆ ਤੁਸੀਂ ਕਿਸ ਕੰਮ ਆਏ ਹੋ। ਦੱਸੋ। ਉਹਨੇ ਕਿਹਾ ਕਿ ਸਰ! ਤੁਸੀਂ ਮੈਨੂੰ ਪਛਾਣਿਆਂ ਨਹੀਂ। ਉਸਦੀ ਗੱਲ ਸੁਣ ਕੇ ਮੈਂ ਧਿਆਨ ਦਿੱਤਾ ਤਾਂ ਮੈਨੂੰ ਯਾਦ ਆ ਗਿਆ ਇਹ ਲੜਕੀ ਮੇਰੇ ਪਿਛਲੇ ਸਕੂਲ ਵਿਚੋਂ ਮੇਰੇ ਪੜ੍ਹੀ ਸੀ। ਫਿਰ ਮੈਂ ਕਿਹਾ ਹਾਂ ਬੇਟਾ ਯਾਦ ਆ ਗਿਆ। ਮੈਂ ਤੁਹਾਨੂੰ ਪੜ੍ਹਾਉਂਦਾ ਰਿਹਾ ਸੀ। ਉਹਨੇ ਕਿਹਾ ਕਿ ਸਰ! ਮੈਂ ਸਰਕਾਰੀ ਟੀਚਰ ਹਾਂ ਅਤੇ ਮਿਡਲ ਸਕੂਲ ਵਿਚ ਪੜ੍ਹਾ ਰਹੀ ਹਾਂ। ਉਹਦੀ ਗੱਲ ਸੁਣ ਮਨ ਬਹੁਤ ਪ੍ਰਸੰਨ ਹੋਇਆ। ਉਹਨੂੰ ਅਸ਼ੀਰਵਾਦ ਦਿੱਤਾ। ਬੈਠਣ ਨੂੰ ਕਿਹਾ। ਉਹਨੇ ਸਕੂਲ ਦੇ ਨਾਲ ਬਲਾਕ ਦਫਤਰ ਵਿਚ ਕੰਮ ਜਾਣਾ ਸੀ। ਉਹਨੂੰ ਬਲਾਕ ਦਫ਼ਤਰ ਵੱਲ ਭੇਜ ਦਿੱਤਾ। ਮੈਂ ਇਹ ਗੱਲ ਆਪਣੇ ਸਟਾਫ਼ ਨਾਲ ਸਾਂਝੀ ਕੀਤੀ ਕਿ ਇਹ ਮੇਰੀ ਬੱਚੀ ਮੇਰੇ ਕੋਲੋਂ ਪੜ੍ਹ ਕੇ ਅਧਿਆਪਕ ਲੱਗੀ ਹੈ। ਅੱਜ ਮੈਂ ਫੁੱਲਿਆ ਨਹੀਂ ਸਮਾ ਰਿਹਾ ਸੀ। ਸਾਡੀ ਡਿਊਟੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਲਗਾ ਦਿੱਤੀ ਸੀ। ਅਸੀਂ ਰਜਿਸਟ੍ਰੇਸ਼ਨ ਟੇਬਲ ਦੇ ਕੋਲ ਬੈਠੇ ਸੀ। ਗੇਟ ਵੱਲ ਧਿਆਨ ਸੀ ਬਾਹਰਲੇ ਸਕੂਲਾਂ ਦੇ ਅਧਿਆਪਕ ਬੱਚਿਆਂ ਨਾਲ ਆਈਟਮਾਂ ਸਮੇਤ ਆ ਰਹੇ ਸਨ। ਸਾਰੇ ਰਜਿਸਟ੍ਰੇਸ਼ਨ ਕਰਵਾ ਕੇ ਕਮਰਿਆਂ ਵਿਚ ਜਾ ਰਹੇ ਸਨ। ਆਪਣੀਆਂ ਆਈਟਮਾਂ ਨੂੰ ਸਜਾ ਰਹੇ ਸਨ। ਦੋ ਅਧਿਆਪਕ ਹੋਰ ਬੱਚਿਆਂ ਨੂੰ ਲੈ ਕੇ ਆ ਰਹੇ ਸਨ ਜਦੋਂ ਨਜਦੀਕ ਆਏ ਤਾਂ ਮੇਰੇ ਕੋਲੋਂ ਪੜ੍ਹੀ ਬੱਚੀ ਵੀ ਬੱਚਿਆਂ ਨਾਲ ਆਈ। ਮੈਂ ਪੁੱਛਿਆ ਬੇਟਾ! ਤੁਸੀਂ ਕਿਵੇਂ ਆਏ। ਉਸਨੇ ਦੱਸਿਆ ਕਿ ਮੈਂ ਸਰਕਾਰੀ ਸਕੂਲ ਵਿਚ ਬਤੌਰ ਸਾਇੰਸ ਮਿਸਟ੍ਰੈਸ ਕੰਮ ਕਰ ਰਹੀ ਹਾਂ ਅਤੇ ਅੱਜ ਬੱਚੇ ਪ੍ਰਦਰਸ਼ਨੀ ਲਿਆਂਦੇ ਹਨ। ਮੈਨੂੰ ਚਾਅ ਚੜ੍ਹ ਗਿਆ ਕਿ ਮੇਰੀ ਤੋਂ ਪੜ੍ਹੀ ਬੱਚੀ ਅੱਜ ਅਧਿਆਪਕ ਹੈ। ਮੇਰੇ ਨਾਲ ਬੈਠੇ ਸਾਰੇ ਸਟਾਫ਼ ਨੂੰ ਮੈਂ ਫ਼ਿਰ ਪੂਰੀ ਹਿਸਟਰੀ ਬਿਆਨ ਕਰ ਦਿੱਤੀ। ਜਦੋਂ ਇਸ ਤਰ੍ਹਾਂ ਬੱਚੇ ਮਿਲਦੇ ਹਨ ਜਿਨ੍ਹਾਂ ਨੇ ਪੜ੍ਹ ਲਿਖ ਕੇ ਆਪਣੇ ਟੀਚੇ ਹਾਸਿਲ ਕੀਤੇ ਹਨ ਸੱਚੀਂ ਰੱਜ ਕੇ ਖੁਸ਼ੀ ਹੁੰਦੀ ਹੈ। ਮੈਂ ਆਖਰਕਾਰ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋ ਗਿਆ ਸੀ। ਅਕਸਰ ਮੇਰੇ ਵਿਦਿਆਰਥੀ ਕਿਤੇ ਨਾ ਕਿਤੇ ਮਿਲ ਹੀ ਜਾਂਦੇ ਹਨ ਜਦੋਂ ਆਪਣੇ ਬਾਰੇ ਦੱਸਦੇ ਹਨ ਤਾਂ ਮਨ ਖੁਸ਼ ਹੋ ਜਾਦਾ ਹੈ। ਇਹ ਹੀ ਇੱਕ ਅਧਿਆਪਕ ਦੀ ਅਸਲ ਕਮਾਈ ਹੈ।
***
ਪਤਾ: ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ ਮੋਗਾ-142001
ਮੋਬਾਇਲ ਨੰਬਰ: 97-810-40140
ਈਮੇਲ: jaspal.loham@gmail.com

ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਕਰੀਬ 38 ਕੁ ਸਾਲ ਪਹਿਲਾਂ ਦੀ ਗੱਲ ਹੈ। ਕਿਸੇ ਨਜ਼ਦੀਕੀ ਨੇ ਮੇਰੇ ਕੋਲ ਗੱਲ ਕੀਤੀ ਕਿ ਤੁਸੀਂ ਵੀ ਆ ਜਾਉ ਇਥੇ ਤੁਹਾਡੇ ਲਈ ਸਕੂਲ ਪਤਾ ਕਰਕੇ ਰੱਖਦੇ ਹਾਂ, ਨਾਲੇ ਤੁਹਾਡਾ ਤਜ਼ਰਬਾ ਹੋ ਜਾਵੇਗਾ। ਮੈਂ ਆਪਣੀ ਪੜ੍ਹਾਈ ਪੂਰੀ ਕਰੀ ਬੈਠਾ ਸੀ ਇਸ ਲਈ ਮੈਂ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਦਿੱਤੀ। ਜਦੋਂ ਉਨ੍ਹਾਂ ਨੇ ਮੇਰੇ ਲਈ ਸਕੂਲ ਲੱਭ ਲਿਆ ਤਾਂ ਮੈਂ ਮੋਗਾ ਤੋਂ ਲੁਧਿਆਣਾ ਚਲਾ ਗਿਆ। ਉਨ੍ਹਾਂ ਨੇ ਮੇਰੇ ਵਾਸਤੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਕਮਰਾ ਕਿਰਾਏ ਤੇ ਲੈ ਲਿਆ ਸੀ। ਆਪਾਂ ਇਥੇ ਆਪਣਾ ਸਮਾਨ ਰੱਖ ਲਿਆ। ਅਗਲੇ ਦਿਨ ਉਹ ਮੈਨੂੰ ਮੇਰੇ ਸੈਂਟਰਲ ਹਾਈ ਸਕੂਲ ਛੱਡ ਗਏ। ਪ੍ਰਿੰਸੀਪਲ ਸਰ ਨਾਲ ਵਿਚਾਰਾਂ ਹੋਈਆਂ। ਉਨ੍ਹਾਂ ਨੇ ਮੈਨੂੰ ਤਨਖਾਹ ਪੰਜ ਸੋ ਰੁਪਏ ਦੇਣ ਦੀ ਗੱਲ ਕੀਤੀ। ਚਲੋ ਮੈਂ ਕਹਿ ਦਿੱਤਾ ਠੀਕ ਹੈ ਸਰ। ਪ੍ਰਿੰਸੀਪਲ ਸਰ ਨੇ ਪੀਰੀਅਡਾਂ ਦੀ ਲਿਸਟ ਮੈਨੂੰ ਦੇ ਦਿੱਤੀ। ਸਰ ਨੇ ਮੈਨੂੰ ਇੱਕ ਕਲਾਸ ਵਿਚ ਲੈ ਕੇ ਗਏ ਅਤੇ ਬੱਚਿਆਂ ਨੂੰ ਦੱਸਿਆ ਕਿ ਇਹ ਸਰ ਤੁਹਾਨੂੰ ਮੈਥ ਸਾਇੰਸ ਪੜ੍ਹਾਇਆ ਕਰਨਗੇ ਅਤੇ ਤੁਸੀਂ ਚੰਗੀ ਤਰ੍ਹਾਂ ਇਨ੍ਹਾਂ ਤੋਂ ਗਿਆਨ ਹਾਸਲ ਕਰਨਾ। ਇਨ੍ਹਾਂ ਕਹਿ ਕੇ ਉਹ ਦਫ਼ਤਰ ਵੱਲ ਚਲੇ ਗਏ। ਅੱਜ ਬੱਚਿਆਂ ਨਾਲ ਜਾਣ ਪਛਾਣ ਕੀਤੀ ਅਤੇ ਨਾਲ ਹੀ ਪੜ੍ਹਾਈ ਦਾ ਕੰਮ ਸ਼ੁਰੂ ਕਰ ਦਿੱਤਾ। ਬਹੁਤ ਵਧੀਆ ਲੱਗਿਆ। ਸਾਰਾ ਦਿਨ ਬੱਚਿਆਂ ਵਿਚ ਰਿਹਾ। ਪਹਿਲੇ ਹਫ਼ਤੇ ਸ਼ਨੀਵਾਰ ਸ਼ਾਮ ਨੂੰ ਮੈਂ ਆਪਣੇ ਘਰ ਚਲਾ ਗਿਆ ਸੀ। ਇਥੇ ਮਾਂ ਬਾਪ ਵੀ ਇਕੱਲੇ ਸਨ। ਸਾਰੇ ਬਾਹਰ ਹੀ ਡਿਊਟੀ ਤੇ ਜਾਣ ਵਾਲੇ ਸਨ। ਘਰ ਵੀ ਪੂਰੀ ਰੌਣਕ ਲੱਗ ਗਈ। ਸਾਡੇ ਮੁਹੱਲੇ ਦੇ ਇੱਕ ਲੜਕੇ ਨੇ ਸਾਈਕਲ ਵੇਚਣਾ ਸੀ ਉਹਦਾ ਸਾਈਕਲ ਮੈਂ 150 ਰੁਪਏ ਵਿਚ ਖਰੀਦ ਲਿਆ। ਸੋਮਵਾਰ ਦਾ ਦਿਨ ਸੀ ਮੈਂ ਘਰ ਤੋਂ ਮੋਗਾ ਅੱਡੇ ਤੱਕ ਸਾਈਕਲ ਤੇ ਗਿਆ ਅਤੇ ਸਾਈਕਲ ਨੂੰ ਬੱਸ ਦੇ ਉੱਪਰ ਰੱਖ ਦਿੱਤਾ। ਲੁਧਿਆਣਾ ਬੱਸ ਅੱਡੇ ਤੇ ਪਹੁੰਚ ਕੇ ਉਤਾਰ ਲਿਆ। ਮੈਂ ਆਪਣੇ ਕਮਰੇ ਤੱਕ ਸਾਈਕਲ ਤੇ ਗਿਆ। ਮੇਰੇ ਕਮਰੇ ਤੋਂ ਮੇਰਾ ਸਕੂਲ ਦੂਰ ਸੀ ਇਸ ਲਈ ਮੇਰੇ ਦੋਸਤ ਨੇ ਕਿਹਾ ਕਿ ਤੂੰ ਮੇਰੇ ਕੋਲ ਆਜਾ, ਆਪਾਂ ਇਕੱਠੇ ਰਹਾਂਗੇ। ਮੈਂ ਪਹਿਲੀ ਤਰੀਕ ਨੂੰ ਦੋਸਤ ਦੇ ਕੋਲ ਸਮਾਨ ਚੱਕ ਕੇ ਚਲਾ ਗਿਆ। ਦੋਨੋ ਹੀ ਢਾਬੇ ਤੇ ਰੋਟੀ ਖਾਂਦੇ ਸੀ। ਇੱਕ ਦਿਨ ਮਨ ਬਣ ਗਿਆ ਕਿ ਯਾਰ ਘਰ ਹੀ ਰੋਟੀ ਬਣਾ ਲਿਆ ਕਰੀਏ। ਸਾਰਾ ਸਮਾਨ ਕੋਲ ਸੀ ਘਰ ਰੋਟੀ ਸਬਜੀ ਬਣਾਉਣ ਲੱਗ ਪਏ। ਜਿਹੋ ਜੀ ਬਣਦੀ ਉਹੋ ਜੀ ਖਾ ਲੈਂਦੇ। ਰਸੋਈ ਦੇ ਕੰਮ ਵਿਚ ਸੁਧਾਰ ਆਉਣ ਲੱਗ ਪਿਆ। ਰੋਟੀ ਬਣਾਉਣ ਦਾ ਕੰਮ ਜਿਆਦਾਤਰ ਮੇਰਾ ਦੋਸਤ ਕਰਦਾ ਸੀ ਉਹ ਕੰਮ ਵਿਚ ਪੂਰੀ ਤਰ੍ਹਾਂ ਮਾਹਿਰ ਸੀ। ਮੈਂ ਸਬਜੀ ਵਗੈਰਾ ਬਣਾ ਦਿੰਦਾ ਸੀ। ਉਪਰਲਾ ਕੰਮ ਕਰ ਦਿੰਦਾ ਸੀ। ਇਸ ਤਰ੍ਹਾਂ ਚੱਲਦਾ ਰਿਹਾ। ਸਵੇਰੇ ਤਿਆਰ ਹੋ ਕੇ ਸਕੂਲ ਚਲੇ ਜਾਂਦੇ। ਮੇਰਾ ਸਕੂਲ ਤਾਂ ਸਾਡੇ ਕਮਰੇ ਦੇ ਨੇੜੇ ਸੀ। ਦੋ ਮਿੰਟ ਦਾ ਰਾਹ ਸੀ। ਇਥੇ ਸਕੂਲ ਦਾ ਸਮਾਂ 8 ਤੋਂ 2 ਸੀੇ ਅਤੇ ਬਾਅਦ ਵਿਚ ਟਿਊਸ਼ਨ 2 ਤੋਂ 4 ਵਜੇ ਲੱਗਦੀ ਸੀ। ਟਿਊਸ਼ਨ ਤੋਂ ਵੀ 300 ਰੁਪਏ ਬਣ ਜਾਂਦੇ ਸੀ। ਮੈਂ ਸਵੇਰ ਦੇ ਸਮੇਂ 6 ਵਜੇ ਮਾਡਲ ਟਾਊਨ ਵਿਚ ਇੱਕ ਡਾਕਟਰ ਦੇ ਬੱਚੇ ਨੂੰ ਘਰ ਟਿਊਸ਼ਨ ਪੜ੍ਹਾਉਣ ਲਈ ਜਾਂਦਾ ਸੀ। ਜਦੋਂ ਆਰਥਿਕ ਵਸੀਲਿਆਂ ਦੀ ਘਾਟ ਹੋਵੇ ਤਾਂ ਬੜੇ ਹੰਬਲੇ ਮਾਰਨੇ ਪੈਂਦੇ ਹਨ। ਸਕੂਲ ਦੀਆਂ ਦੋ ਇਮਾਰਤਾਂ ਸਨ। ਇੱਕ ਇਮਾਰਤ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਅਤੇ ਦੂਸਰੀ ਵਿਚ ਛੇਵੀਂ ਤੋਂ ਦਸਵੀਂ ਜਮਾਤ ਸੀ। ਖੇਡਾਂ ਲਈ ਇੱਕ ਵੱਖਰੀ ਥਾਂ ਸੀ। ਮੇਰੇ ਖੁਦ ਵਿਚ ਬੜੀ ਊਰਜਾ ਸੀ ਇਸ ਕਰਕੇ ਬੱਚਿਆਂ ਨੂੰ ਹੱਦ ਤੋਂ ਵੱਧ ਮਿਹਨਤ ਕਰਾਉਂਦਾ ਸੀ ਅਤੇ ਬੱਚਿਆਂ ਤੋਂ ਉਨ੍ਹੀਂ ਉਮੀਦ ਰੱਖਦਾ। ਮੇਰੀ ਅਵਾਜ਼ ਹਰ ਬੱਚੇ ਤੱਕ ਤੱਕ ਜਾਂਦੀ ਸੀ। ਪ੍ਰਿੰਸੀਪਲ ਸਰ! ਆਪ ਵੀ ਖੁਦ ਪੜ੍ਹਾਉਂਦੇ ਸਨ। ਉਹ ਦੂਰੋਂ ਹੀ ਸਭ ਵੱਲ ਧਿਆਨ ਰੱਖਦੇ ਸਨ। ਮੇਰੀ ਪੜ੍ਹਾਈ ਦੇ ਤਰੀਕੇ ਤੋਂ ਖਾਕਫ਼ ਸਨ। ਸਰ ਨੇ ਇੱਕ ਦਿਨ ਨੀਲੇ, ਲਾਲ ਅਤੇ ਹਰੇ ਪਿੰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦਾ ਬੱਚਾ ਸਨੀ ਵੀ ਇਸੇ ਸਕੂਲ ਵਿਚ ਪੜ੍ਹਦਾ ਸੀ। ਬਹੁਤ ਹੀ ਪਿਆਰ ਬੱਚਾ ਸੀ। ਇਸ ਸਕੂਲ ਵਿਚ ਇੱਕ ਹਲਵਾਰੇ ਤੋਂ ਡਰਾਇੰਗ ਮਾਸਟਰ ਸੀ ਸਾਡੀ ਆਪਸ ਵਿਚ ਕਾਫ਼ੀ ਨੇੜਤਾ ਸੀ। ਕਾਫ਼ੀ ਮਿਲਵਰਤਨ ਵਾਲੀ ਸ਼ਖਸੀਅਤ ਸਨ। ਉਨ੍ਹਾਂ ਨਾਲ ਸ਼ਾਮ ਨੂੰ ਸਮਾਂ ਬਤੀਤ ਕਰ ਲਈਦਾ ਸੀ। ਸਾਡਾ ਇਹ ਸਕੂਲ ਪੂਰਾ ਪ੍ਰਾਈਵੇਟ ਸੀ ਇਸ ਕਰਕੇ ਇਥੇ ਮੈਂ ਛੇ ਮਹੀਨੇ ਲਗਾਏ। ਸਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਰ ਜੀ ਤੁਹਾਡੇ ਸਕੂਲ ਵਿਚ ਵਧੀਆ ਤਜਰਬਾ ਹਾਸਲ ਕੀਤਾ ਅਤੇ ਇਥੇ ਮੇਰਾ ਮਨ ਵੀ ਲੱਗਾ ਹੈ, ਪਰ ਨੌਕਰੀ ਲੈਣ ਵੇਲੇ ਇਸਦਾ ਲਾਭ ਨਹੀਂ ਮਿਲਣਾ। ਉਨ੍ਹਾਂ ਨੇ ਮੈਨੂੰ ਕਹਿ ਦਿੱਤਾ ਕਿ ਜਿਵੇਂ ਤੁਹਾਡਾ ਮਨ ਕਰਦਾ ਹੈ ਉਵੇਂ ਕਰ ਲਉ ਕੋਈ ਗੱਲ ਨਹੀਂ। ਚਲੋ ਮੈਂ ਇਸੇ ਇਲਾਕੇ ਵਿਚ ਖਾਲਸਾ ਸਕੂਲ ਵਿਚ ਬਤੌਰ ਸਾਇੰਸ ਮਾਸਟਰ ਦੀ ਪੋਸਟ ਤੇ ਨੌਕਰੀ ਸ਼ੁਰੂ ਕਰ ਦਿੱਤੀ। ਇਸ ਸਕੂਲ ਦੇ ਕਾਇਦੇ ਕਾਨੂੰਨ ਵੱਖਰੇ ਸਨ। ਇਥੇ ਸਿੱਖ ਮਰਿਆਦਾ ਦਾ ਮਹੱਤਵਪੂਰਨ ਰੋਲ ਸੀ। ਪ੍ਰਿੰਸੀਪਲ ਸਰ ਖੁਦ ਅੰਮ੍ਰਿਤਧਾਰੀ ਸਨ ਇਸ ਲਈ ਸਵੇਰ ਦੀ ਸਭਾ ਵਿਚ ਖੁਦ ਕੀਰਤਨ ਕਰਦੇ ਸਨ। ਇਹ ਬਹੁਤ ਵਧੀਆ ਉਪਰਾਲਾ ਸੀ। ਇਥੇ ਹੀ ਹਲਵਾਰੇ ਤੋਂ ਇੱਕ ਹੋਰ ਸਾਥੀ ਅਧਿਆਪਕ ਡਿਊਟੀ ਕਰਦਾ ਸੀ। ਬਾਕੀ ਦੇ ਨੇੜਲੇ ਪਿੰਡਾਂ ਦੇ ਸਨ। ਸਟਾਫ਼ ਨੂੰ ਸ਼ਰਟਾਂ ਬਾਹਰ ਰੱਖਣ ਦੀ ਹਦਾਇਤ ਸੀ। ਕੋਈ ਵੀ ਸ਼ਰਟ ਪਿੰਟ ਵਿਚ ਅੰਦਰ ਨਹੀਂ ਰੱਖਦਾ ਸੀ। ਜਮਾਤਾਂ ਵਿਚ ਕੋਈ ਕੁਰਸੀ ਨਹੀਂ ਸੀ ਅਧਿਆਪਕ ਨੂੰ ਖੜ੍ਹ ਕੇ ਪੜਾਉਣਾ ਪੈਂਦਾ ਸੀ। ਦੂਜਿਆਂ ਨਾਲੋਂ ਨਿਯਮ ਵੱਖਰੇ ਸਨ। ਸਾਡੇ ਬੱਚੇ ਪੱਕੇ ਪੇਪਰ ਦੇਣ ਲਈ ਤੇਜਾ ਸਿੰਘ ਸਕੂਲ ਵਿਚ ਜਾਂਦੇ ਸਨ ਇਥੇ ਵੀ ਕਈ ਅਧਿਆਪਕ ਜਾਣ ਪਛਾਣ ਵਾਲੇ ਸਨ ਇੱਕ ਸਾਥੀ ਗੁਰਦਾਸਪੁਰ ਦਾ ਸੀ। ਤਿੰਨ ਸਾਥੀ ਗਿੱਲ ਰੋਡ ਤੇ ਰਹਿੰਦੇ ਸਨ। ਕਈ ਵਾਰ ਗਿੱਲ ਚੌਂਕ ਵਿਚ ਬਾਹਰ ਸ਼ਾਮ ਨੂੰ ਘੁੰਮਣ ਫ਼ਿਰਨ ਲਈ ਜਾਂਦੇ। ਸਾਡਾ ਸਕੂਲ ਦੇ ਆਸਪਾਸ ਸੀ.ਟੀ.ਆਈ. ਦੇ ਪਿੱਛੇ, ਢਾਬਾ ਰੋਡ, ਚਿਮਨੀ ਰੋਡ, ਗਿੱਲ ਰੋਡ ਅਤੇ ਸ਼ਿਮਲਾ ਪੁਰੀ ਇਲਾਕਾ ਪੈਂਦਾ ਸੀ। ਸਾਡਾ ਇਹ ਸਕੂਲ ਫ਼ੀਸਾਂ ਦੇ ਆਸਰੇ ਹੀ ਚੱਲਦਾ ਸੀ ਕੋਈ ਗ੍ਰਾਂਟ ਵੀ ਨਹੀਂ ਮਿਲਦੀ ਸੀ ਕਿਉਂਕਿ ਸਕੂਲ ਪ੍ਰਾਈਵੇਟ ਮਾਣਤਾ ਪ੍ਰਾਪਤ ਸੀ। ਇਸ ਕਰਕੇ ਫ਼ੀਸਾਂ ਥੋੜੀਆਂ ਜਿਹੀਆਂ ਵੱਧ ਲਈਆਂ ਜਾਂਦੀਆਂ ਸਨ। ਇਥੇ ਪੜ੍ਹਾਈ ਦੱਬ ਕੇ ਹੁੰਦੀ ਸੀ। ਪੜ੍ਹਾਈ ਸਬੰਧੀ ਕੋਈ ਸਮਝੌਤਾ ਨਹੀਂ ਸੀ। ਹਰ ਵੇਲੇ ਕੋਈ ਗੱਲ ਹੁੰਦੀ ਤਾਂ ਬੱਚੇ ਦੀ ਵੱਧ ਸੁਣੀ ਜਾਂਦੀ ਸੀ। ਪ੍ਰਿੰਸੀਪਲ ਸਰ ਸੁਭਾਅ ਦੇ ਨਰਮ ਸੀ ਪਰ ਸਖ਼ਤ ਪ੍ਰਬੰਧਕ ਸਨ। ਇੱਕ ਦਿਨ ਕਿਸੇ ਨੇ ਦੱਸਿਆ ਕਿ ਮੋਗੇ ਵੀ ਸਕੂਲ ਵਿਚ ਅਧਿਆਪਕ ਦੀ ਲੋੜ ਹੈ ਇਸ ਲਈ ਮੈਂ ਮੋਗਾ ਵਿਚ ਗੱਲ ਕਰ ਆਇਆ। ਖਾਲਸਾ ਸਕੂਲ ਦੇ ਪ੍ਰਿੰਸੀਪਲ ਸਰ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਹੁਣ ਮੈਂ ਆਪਣੇ ਸ਼ਹਿਰ ਜਾਣਾ ਚਾਹੁੰਦਾ ਹਾਂ ਮਾਂ ਬਾਪ ਵੀ ਘਰ ਇਕੱਲੇ ਸਨ। ਪ੍ਰਿੰਸੀਪਲ ਸਰ ਨੇ ਕਿਹਾ ਕਿ ਤੁਹਾਡੇ ਵਰਗੇ ਮਿਹਨਤੀ ਅਧਿਆਪਕ ਨਹੀਂ ਮਿਲਣੇ ਪਰ ਤੁਹਾਡੀ ਵੀ ਮਜਬੂਰੀ ਹੈ ਇਸ ਲਈ ਕੋਈ ਗੱਲ ਨਹੀਂ ਤੁਸੀਂ ਸਕੂਲ ਛੱਡ ਕੇ ਜਾ ਸਕਦੇ ਹੋ। ਇਸ ਸ਼ਹਿਰ ਵਿਚੋਂ ਪੜ੍ਹਾਉਣ ਦਾ ਚੰਗਾ ਵੱਲ ਸਿੱਖ ਲਿਆ ਜਿਹੜਾ ਸਾਰੀ ਉਮਰ ਕੰਮ ਆਇਆ। ਫ਼ਿਰ ਮੈਂ ਆਪਣੇ ਸ਼ਹਿਰ ਵੱਲ ਨੂੰ ਚਾਲੇ ਪਾ ਦਿੱਤੇ।
ਪਤਾ: ਮਕਾਨ ਨੰਬਰ 166, ਵਾਰਡ ਨੰਬਰ: 29,  ਗਲੀ ਹਜਾਰਾ ਸਿੰਘ ਮੋਗਾ-142001
ਮੋਬ: 97 810 40140
ਈਮੇਲ: jaspal.loham@gmail.com

ਐਨ.ਸੀ.ਸੀ. ਇੰਚਾਰਜ ਮੰਗਤ ਰਾਮ ਜੀ ਦੀਆਂ ਯਾਦਾਂ - ਜਸਪਾਲ ਸਿੰਘ ਲੋਹਾਮ

ਪੰਜਾਬੀ ਸਾਡੀ ਮਾਂ ਬੋਲੀ ਹੈ ਇਹ ਸਭ ਤੋਂ ਪਿਆਰੀ ਬੋਲੀ ਹੈ। ਇਸ ਤੋਂ ਬਿਨ੍ਹਾਂ ਅਧੂਰੇ ਹਾਂ। ਅੰਗਰੇਜ਼ੀ ਵਿਸ਼ੇ ਦਾ ਵੀ ਬਹੁਤ ਮਹੱਤਵ ਹੈ ਇਸ ਵਿਚ ਪਰਪੱਕ ਹੋਣਾ ਬਹੁਤ ਜਰੂਰੀ ਹੈ। ਬਾਕੀ ਦੀਆਂ ਭਸ਼ਾਵਾਂ ਦੇ ਨਾਲ ਨਾਲ ਇਹ ਅੰਤਰਰਾਸ਼ਟਰੀ ਭਾਸ਼ਾ ਦਾ ਗਿਆਨ ਵੀ ਜਰੂਰੀ ਹੈ ਅਤੇ ਇਹ ਹੀ ਸਾਰੇ ਸੰਸਾਰ ਨੂੰ ਮਿਲਾਉਂਦੀ ਹੈ। ਗਿਆਨ ਜਿਸ ਭਾਸ਼ਾ ਵਿਚ ਮਿਲ ਜਾਵੇ ਉਹ ਚੰਗਾ ਹੀ ਹੈ। ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਸ੍ਰੀ ਮੰਗਤ ਰਾਮ ਜੀ ਸਾਡੀ ਛੇਵੀਂ ਕਲਾਸ ਦੇ ਇੰਚਾਰਜ਼ ਸਨ ਅਤੇ ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਹ ਕਲਾਸ ਵਿਚ ਬਹੁਤ ਸਖ਼ਤ ਸਨ ਅਤੇ ਕਿਸੇ ਨੂੰ ਵੀ ਕੁਸਕਣ ਨਹੀਂ ਸੀ। ਉਹ ਹਰੇਕ ਬੱਚੇ ਵੱਲ ਧਿਆਨ ਦਿੰਦੇ ਸਨ। ਇਸ ਲਈ ਸਾਰੇ ਬੱਚੇ ਚੁਸਤ ਹੋ ਕੇ ਰਹਿੰਦੇ ਸਨ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੇ ਸਨ। ਉਹ ਬੜੀ ਮਿਹਨਤ ਕਰਾਉਂਦੇ ਸਨ। ਉਹ ਐਨ.ਸੀ.ਸੀ. ਦੇ ਇੰਚਾਰਜ਼ ਸਨ ਅਤੇ ਇਸ ਕੰਮ ਲਈ ਉਨ੍ਹਾਂ ਕੋਲ ਐਨ.ਸੀ.ਸੀ. ਵਾਸਤੇ ਇੱਕ ਵੱਖਰਾ ਕਮਰਾ ਸੀ। ਸਾਡਾ ਐਨ.ਸੀ.ਸੀ. ਵਾਲਾ ਕਮਰਾ ਸਕੂਲ ਦੇ ਦਫ਼ਤਰ ਦੇ ਨਜਦੀਕ ਸੀ ਅਤੇ ਇਸ ਕਮਰੇ ਵਿਚ ਵੱਡੀਆਂ ਪੇਟੀਆਂ ਪਈਆਂ ਸਨ ਜਿੰਨਾਂ ਵਿਚ ਐਨ.ਸੀ.ਸੀ. ਦੀਆਂ ਵਰਦੀਆਂ ਪਈਆਂ ਸਨ। ਇਹ ਕਮਰਾ ਪੂਰੀ ਤਰ੍ਹਾਂ ਸ਼ਿੰਗਾਰ ਕੇ ਰੱਖਿਆ ਹੋਇਆ ਸੀ। ਮੈਂ ਵੀ ਉਨ੍ਹਾਂ ਕੋਲ ਗਿਆ ਤੇ ਐਨ.ਸੀ.ਸੀ. ਵਿਚ ਆਪਣਾ ਨਾਂਅ ਲਿਖਵਾਉਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਮੇਰੇ ਵੱਲ ਮੁਸਕਰਾ ਕੇ ਦੇਖਿਆ ਤੇ ਮੇਰਾ ਨਾਂਅ ਐਨ.ਸੀ.ਸੀ. ਰਜਿਸਟਰ ਵਿਚ ਦਰਜ ਕਰ ਦਿੱਤਾ। ਉਸ ਸਮੇਂ ਉਨ੍ਹਾਂ ਨੇ ਮੈਨੂੰ ਕਈ ਹਦਾਇਤਾਂ ਦਿੱਤੀਆਂ। ਕੁੱਝ ਦਿਨਾਂ ਬਾਅਦ ਸਾਨੂੰ ਐਨ.ਸੀ.ਸੀ. ਦੀਆਂ ਵਰਦੀਆਂ ਜਾਰੀ ਕਰ ਦਿੱਤੀਆਂ ਜਿਸ ਸ਼ਰਟ, ਪੈਂਟ, ਟਾਈ, ਬੈਜ, ਬਿਲਟ ਆਦਿ ਸਨ। ਮੈਨੂੰ ਤਾਂ ਵਰਦੀ ਦਾ ਚਾਅ ਚੜ੍ਹ ਗਿਆ ਕਿਉਂਕਿ ਫੌਜੀ ਦਿੱਖ ਮੈਨੂੰ ਪਹਿਲਾਂ ਤੋਂ ਹੀ ਚੰਗੀ ਲੱਗਦੀ ਹੈ। ਮੈਂ ਘਰ ਜਾ ਕੇ ਵਰਦੀ ਚੰਗੀ ਧੁਆ ਲਈ ਅਤੇ ਪ੍ਰੈਸ ਕਰਕੇ ਆਪਣੀ ਬਾਰੀ ਵਿਚ ਰੱਖ ਲਈ। ਬਿਲਟ ਤੇ ਪਾਊਡਰ ਮਲ ਕੇ ਬਿਲਟ ਚੰਗੀ ਤਰ੍ਹਾਂ ਚਮਕਾ ਲਈ। ਇੱਕ ਦਿਨ ਸਰ ਨੇ ਸਾਰਿਆਂ ਨੂੰ ਸ਼ਾਮ ਨੂੰ 4.00 ਵਜੇ ਬੁਲਾਇਆ। ਅਸੀਂ ਸਾਰੇ ਸਮੇਂ ਸਿਰ ਪਹੁੰਚ  ਗਏ। ਇਸ ਮੌਕੇ ਫ਼ੌਜੀ ਸਰ ਵੀ ਆਏ ਹੋਏ ਸਨ। ਉਨ੍ਹਾਂ ਨੇ ਸਾਰਿਆਂ ਨੂੰ ਤਿੰਨ ਲਾਇਨਾਂ ਵਿਚ ਖੜ੍ਹੇ ਕਰਵਾ ਲਿਆ। ਉਨ੍ਹਾਂ ਨੇ ਪਹਿਲਾਂ ਜਾਣਕਾਰੀ ਦਿੱਤੀ। ਫਿਰ ਦੱਬ ਕੇ ਪਰੇਡ ਕਰਵਾਈ। ਥੋੜੇ ਸਮੇਂ ਬਾਅਦ ਰਿਫਰੈਸ਼ਮੈਂਟ ਵੀ ਆ ਗਈ। ਸਾਰੇ ਵਿਦਿਆਰਥੀਆਂ ਨੂੰ ਪਲੇਟ ਵਿਚ ਇੱਕ ਇੱਕ ਸਮੋਸਾ ਅਤੇ ਇੱਕ ਇੱਕ ਬਰਫੀ ਦਾ ਪੀਸ ਦਿੱਤਾ ਗਿਆ। ਇਸ ਤਰ੍ਹਾਂ ਕਈ ਵਾਰ ਸ਼ਾਮ ਨੂੰ ਪਰੇਡ ਕਰਵਾਈ ਗਈ ਅਤੇ ਸਾਨੂੰ ਪਰੇਡ ਵਿਚ ਮਾਹਿਰ ਬਣਾ ਦਿੱਤਾ। ਇਸ ਤਰ੍ਹਾਂ ਅਸੀਂ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਪਰੇਡ ਕਰਨ ਲਈ ਜਾਂਦੇ ਸਨ। ਬੜੀ ਖੁਸ਼ੀ ਹੁੰਦੀ ਸੀ। ਇੱਕ ਦਿਨ ਸਰ ਸਾਨੂੰ ਡੀ.ਐਮ. ਕਾਲਜ ਦੀਆਂ ਬਾਹਰਲੀਆਂ ਗਰਾਂਊਡਾਂ ਵਿਚ ਲੈ ਕੇ ਗਏ। ਉੱਥੇ ਸਾਰਾ ਦਿਨ ਐਨ.ਸੀ.ਸੀ. ਦੀਆਂ ਗਤੀਧਿੀਆਂ ਚੱਲਣੀਆਂ ਸਨ। ਇਥੇ ਇੱਕ ਪਾਸੇ ਇੱਕ ਬਹੁਤ ਉੱਚੀ ਕੰਧ ਕੱਢੀ ਹੋਈ ਸੀ। ਕੰਧ ਦੇ ਅਧਾਰ ਦੇ ਆਲੇ ਦੁਆਲੇ ਉੱਚੀ ਕਰਕੇ ਮਿੱਟੀ ਚੜ੍ਹਾਈ ਹੋਈ ਸੀ। ਇਥੇ ਟਾਰਗੇਟ ਫਿੱਟ ਕੀਤੇ ਗਏ ਸਨ ਅਤੇ ਦੂਰ ਇੱਕ ਥਾਂ ਤੇ ਪੁਜੀਸ਼ਨ ਲੈਣ ਲਈ ਜਗ੍ਹਾ ਤੇ ਮਾਰਕ ਕੀਤਾ ਸੀ। ਦੂਰ ਦੂਰ ਤੱਕ ਫੌਜੀ ਖੜਾਏ ਹੋਏ ਸਨ ਜੋ ਲੰਘਣ ਵਾਲੇ ਲੋਕਾਂ ਨੂੰ ਦੂਰ ਦੀ ਜਾਣ ਲਈ ਕਹਿੰਦੇ ਸਨ। ਫੌਜੀ ਸਰ ਨੇ ਪਹਿਲਾਂ ਸਾਨੂੰ ਰਾਈਫ਼ਲ ਚਲਾਉਣੀ ਸਿਖਾਈ। ਕਿਵੇਂ ਰਾਈਫਲ ਫੜ੍ਹਨੀ ਹੈ, ਕਿਵੇਂ ਗੋਲੀ ਪਾਉਣੀ ਹੈ, ਕਿਵੇਂ ਸਾਹ ਰੋਕ ਨਿਸ਼ਾਨਾ ਸਾਧਣਾ ਹੈ। ਅਸੀਂ ਚੰਗੀ ਤਰ੍ਹਾਂ ਸਿੱਖ ਲਿਆ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਰਾਈਫਲ ਫੜੀ ਤੇ ਗੋਲੀ ਰਾਈਫਲ ਵਿਚ ਪਾ ਕੇ ਅੱਖ ਮੀਚ ਕੇ ਦੋਨੇ ਨਿਸ਼ਾਨਾਂ ਨੂੰ ਸੇਧ ਵਿਚ ਕਰਕੇ ਨਿਸ਼ਾਨਾਂ ਟਾਰਗੇਟ ਤੇ ਸਾਧਿਆ। ਗੋਲੀ ਸਿੱਧੀ ਕੇਂਦਰ ਵਿਚ ਜਾ ਵੱਜੀ। ਅੱਜ ਜਿੰਦਗੀ ਵਿਚ ਪਹਿਲੀ ਵਾਰ ਰਾਈਫਲ ਹੱਥ ਵਿਚ ਫੜੀ ਸੀ ਅਤੇ ਰਾਈਫਲ ਚਲਾ ਕੇ ਬਹੁਤ ਮਜ਼ਾ ਆਇਆ। ਬਾਕੀ ਦੇ ਸਮੇਂ ਵਿਚ ਪਰੇਡ ਕਰਵਾਈ ਗਈ। ਸਾਨੂੰ ਵੱਡੀ ਮਸ਼ੀਨਗੰਨ ਅਤੇ ਸਟੇਨਗੰਨ ਵੀ ਵਿਖਾਈ ਗਈ। ਸ਼ਾਮ ਹੋ ਗਈ ਸੀ ਤੇ ਸਾਨੂੰ ਘਰਾਂ ਨੂੰ ਵਾਪਸ ਭੇਜ ਦਿੱਤਾ। ਇਸੇ ਤਰ੍ਹਾਂ ਇੱਕ ਦਿਨ ਸਰ ਨੇ ਕਲਾਸਾਂ ਵਿਚ ਸੁਨੇਹਾ ਭਜਵਾਇਆ ਕਿ ਐਨ.ਸੀ.ਸੀ. ਦਾ ਕੈਂਪ ਪਾਲਮਪੁਰ ਵਿਖੇ ਲੱਗਣਾ ਹੈ ਅਤੇ ਆਪਣੀ ਤਿਆਰੀ ਖਿੱਚ ਲਓ ਅਤੇ ਘਰ ਜਾ ਕੇ ਦੱਸ ਦਿਓ। ਇਹ ਸੁਣ ਕੇ ਅਸੀਂ ਬਹੁਤ ਖੁਸ਼ ਹੋਏ ਕਿ ਕੈਂਪ ਲਾਉਣ ਲਈ ਬਾਹਰ ਜਾ ਰਹੇ ਹਾਂ। ਬੜਾ ਮਜ਼ਾ ਆਵੇਗਾ। ਮੈਂ ਘਰ ਜਾ ਕੇ ਭਾਪਾ ਜੀ ਨੂੰ ਦੱਸਿਆ ਤੇ ਉਨ੍ਹਾਂ ਨੇ ਮੈਨੂੰ ਐਨ.ਸੀ.ਸੀ. ਕੈਂਪ ਤੇ ਜਾਣ ਦੀ ਆਗਿਆ ਦੇ ਦਿੱਤੀ। ਘਰ ਵਿਚ ਇੱਕ ਲੋਹੇ ਦਾ ਟਰੰਕ ਪਿਆ ਸੀ ਉਸ ਵਿਚ ਮੈਂ ਆਪਣੇ ਕੱਪੜੇ, ਵਰਦੀ, ਚੀਨੀ ਦੇ ਭਾਂਡੇ ਆਦਿ ਪਾ ਲਏ ਅਤੇ ਸਕੂਲ ਚਲਾ ਗਿਆ। ਇਥੇ ਫੌਜੀ ਟਰੱਕ ਖੜਾ ਸੀ ਜਿਸਨੇ ਸਾਨੂੰ ਰੇਲਵੇ ਸਟੇਸ਼ਨ ਤੇ ਪਹੁੰਚਾ ਦਿੱਤਾ। ਅਸੀਂ ਆਪਣਾ ਸਮਾਨ ਰੇਲਗੱਡੀ ਵਿਚ ਰੱਖ ਦਿੱਤਾ। ਇਸ ਤਰ੍ਹਾਂ ਰੇਲਗੱਡੀ ਪਾਲਮਪੁਰ ਪਹੁੰਚ ਗਈ। ਅਸੀਂ ਸਟੇਸ਼ਨ ਤੇ ਉੱਤਰ ਗਏ ਅਤੇ ਸਮਾਨ ਬਾਹਰ ਕੱਢ ਲਿਆ। ਇਥੇ ਸਾਨੂੰ ਕੁੱਝ ਹਦਾਇਤਾਂ ਦੇ ਕੇ ਫੌਜੀ ਟਰੱਕ ਵਿਚ ਬਿਠਾ ਲਿਆ। ਕੁੱਝ ਸਮੇਂ ਬਾਅਦ ਅਸੀਂ ਆਪਣੇ ਕੈਂਪ ਵਿਚ ਪਹੁੰਚ ਗਏ ਇਹ ਥਾਂ ਸ਼ਹਿਰ ਤੋਂ ਦੂਰ ਸੀ। ਇਹ ਪੱਧਰੀ ਥਾਂ ਸੀ ਅਤੇ ਅਸੀਂ ਆਪਣਾ ਸਮਾਨ ਆਪਣੇ ਟੈਂਟ ਵਿਚ ਰੱਖ ਲਿਆ। ਸਾਡਾ ਇਹ ਕੈਂਪ ਦਸ ਦਿਨ ਦਾ ਸੀ। ਕੈਂਪ ਵਿਚ ਸਵੇਰ ਦੇ ਸਮੇਂ ਜਲਦੀ ਬੁਲਾ ਕੇ ਸੈਰ ਕਰਵਾਈ ਜਾਂਦੀ। ਫਿਰ ਨਾਸ਼ਤਾ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਵੱਖ ਵੱਖ ਸਮੇਂ ਤੇ ਗਤੀਵਿਧੀਆਂ ਚੱਲਦੀਆਂ ਸਨ। ਫਿਰ ਦੁਪਹਿਰ ਦਾ ਖਾਣਾ ਅਤੇ ਫਿਰ ਸ਼ਾਮ ਨੂੰ ਚਾਹ ਅਤੇ ਰਾਤ ਦਾ ਖਾਣਾ। ਵੈਸੇ ਤਾਂ ਨਹਾਉਣ ਲਈ ਟੈਂਕੀ ਟੂਟੀਆਂ ਸਨ ਪਰ ਕਈ ਵਾਰ ਨੇੜੇ ਛੋਟੀ ਜਿਹੀ ਨਦੀ ਵਿਚ ਨਹਾਉਣ ਲਈ ਚਲੇ ਜਾਂਦੇ ਸੀ। ਨਦੀ ਵਿਚ ਖੂਬ ਅਨੰਦ ਆਉਂਦਾ ਸੀ। ਕੈਂਪ ਵਿਚ ਇੱਕ ਦਿਨ ਨਿਸ਼ਾਨੇਬਾਜੀ ਮੁਕਾਬਲੇ ਸਨ। ਇਸ ਵਿਚ ਮੈਂ ਵੀ ਭਾਗ ਲਿਆ ਅਤੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਹੇਠਾਂ ਪੁਜੀਸ਼ਨ ਲੈ ਕੇ ਰਾਈਫ਼ਲ ਫੜ੍ਹ ਲਈ। ਮੈਂ ਆਪਣੇ ਟਾਰਗੇਟ ਤੇ ਸਾਰੀਆਂ ਗੋਲੀਆਂ ਕੇਂਦਰ ਵਿਚ ਲਗਾ ਦਿੱਤੀਆਂ। ਮੈਨੂੰ ਬਹੁਤ ਖੁਸ਼ੀ ਹੋਈ। ਸਾਡੇ ਮੰਗਤ ਰਾਮ ਸਰ ਜੀ ਨੇ ਮੈਨੂੰ ਸ਼ਬਾਸ਼ ਦਿੱਤੀ। ਇਥੇ ਫਿਰ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਗੰਨਾਂ ਦਿਖਾਈਆਂ ਗਈਆਂ ਜਿਹੜੀਆਂ ਗੋਲੀਆਂ ਇਸ ਵਿਚ ਪੈਂਦੀਆਂ ਉਹ ਵੀ ਦਿਖਾਈਆਂ ਗਈਆਂ। ਜੇਤੂਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਤਰ੍ਹਾਂ ਦਸ ਦਿਨ ਐਨ.ਸੀ.ਸੀ. ਕੈਂਪ ਵਿਚ ਬਤੀਤ ਕਰਕੇ ਘਰ ਵਾਪਸ ਆਏ। ਐਨ.ਸੀ.ਸੀ. ਦੇ ਕੈਂਪ ਵਿਚ ਲਿਜਾਣ ਦਾ ਸਾਰਾ ਸਿਹਰਾ ਮੰਗਤ ਰਾਮ ਸਰ ਜੀ ਨੂੰ ਜਾਂਦਾ ਹੈ ਜਿਹੜੇ ਸਾਨੂੰ ਚੁਣ ਕੇ ਨਾਲ ਲੈ ਕੇ ਗਏ। ਸਰ ਅਕਸਰ ਹੀ ਸ਼ਾਮ ਨੂੰ ਕਸ਼ਮੀਰੀ ਪਾਰਕ ਸੈਰ ਲਈ ਜਾਂਦਿਆਂ ਕਈ ਵਾਰ ਰਸਤੇ ਵਿਚ ਅਤੇ ਕਈ ਵਾਰ ਪਾਰਕ ਵਿਚ ਮਿਲਦੇ ਸਨ। ਉਨ੍ਹਾਂ ਦੇ ਚਰਨ ਸਪਰਸ਼ ਕਰਕੇ ਮਨ ਨੂੰ ਸਾਕੂਨ ਮਿਲਦਾ ਸੀ। ਮੈਂ ਸਰ ਦਾ ਹਾਲ ਚਾਲ ਪੁੱਛ ਕੇ ਫ਼ਿਰ ਅੱਗੇ ਸੈਰ ਨੂੰ ਨਿਕਲਦਾ ਸੀ। ਉਹ ਹੌਲੀ ਹੌਲੀ ਤੁਰਦੇ ਸਨ। ਬੇਸ਼ੱਕ ਉਹ ਅੱਜ ਨਹੀਂ ਹਨ ਫਿਰ ਵੀ ਉਨ੍ਹਾਂ ਦੀਆਂ ਯਾਦਾਂ ਮੇਰੇ ਮਨ ਵਿਚ ਵੱਸੀਆਂ ਹੋਈਆਂ ਹਨ।
ਪਤਾ: ਲੇਖਕ: ਜਸਪਾਲ ਸਿੰਘ ਲੋਹਾਮ
ਮਕਾਨ ਨੰਬਰ: AFF, ਗਲੀ ਹਜਾਰਾ ਸਿੰਘ ਮੋਗਾ-ADB@@A
ਮੋਬਾਇਲ: IGHA@-D@AD@
ਈਮੇਲ: jaspal.loham@gmail.com

ਵਾਲੀਬਾਲ ਖਿਡਾਰੀ ਸਵਰਨ ਮਹੇਸਰੀ - ਪ੍ਰਿੰ: ਜਸਪਾਲ ਸਿੰਘ ਲੋਹਾਮ

ਡੀ.ਐਮ.ਕਾਲਜ ਮੋਗਾ ਵਿਚ ਮੈਂ ਬੀ.ਐਸ.ਸੀ. ਕਰਦਿਆਂ ਕਦੇ ਵੀ ਕਿਸੇ ਖੇਡ ਵਿਚ ਭਾਗ ਨਹੀਂ ਲਿਆ ਸਿਰਫ਼ ਪੜ੍ਹਾਈ ਵੱਲ ਧਿਆਨ ਸੀ। ਕਾਲਜ ਵਿਚ ਪਹਿਲੇ ਪੀਰੀਅਡ ਥਿਊਰੀ ਦੇ ਲੱਗਦੇ ਸਨ ਅਤੇ ਬਾਅਦ ਵਿਚ ਪ੍ਰਯੋਗੀ ਹੁੰਦੇ ਸਨ। ਸਵੇਰ ਤੋਂ ਸ਼ਾਮ ਤੱਕ ਪੜ੍ਹਾਈ ਹੀ ਪੜ੍ਹਾਈ ਕਰਦੇ ਸੀ। ਕਦੇ ਪੀਰੀਅਡ ਛੱਡਣ ਦੀ ਹਿੰਮਤ ਹੀ ਨਹੀਂ ਸੀ। ਕਾਲਜ ਵਿਚ ਸ਼ਾਮ ਪੈ ਜਾਂਦੀ ਸੀ। ਫਿਰ ਘਰ ਜਾ ਕੇ ਸਾਰੀ ਪੜ੍ਹਾਈ ਕਰਨੀ, ਜਦੋਂ ਕੰਮ ਨਿੱਬੜਦਾ ਸੀ ਉਦੋਂ ਕੁੱਝ ਅਰਾਮ ਕਰੀ ਦਾ ਸੀ। ਬੀ.ਐਸ.ਸੀ.ਕਰਨ ਉਪਰੰਤ ਸ਼ੈਸ਼ਨ 1984-85 ਵਿਚ ਮੈਂ ਦਾਖਲਾ ਡੀ.ਐਮ.ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਖੇ ਲੈ ਲਿਆ। ਇਨ੍ਹਾਂ ਦੋਹਾਂ ਕਾਲਜਾਂ ਦੀ ਕੰਧ ਸਾਂਝੀ ਸੀ। ਘਰ ਤੋਂ ਕਾਲਜ ਪੈਦਲ ਪੰਜ ਮਿੰਟ ਵਿਚ ਪਹੁੰਚ ਜਾਈਦਾ ਸੀ। ਇਥੇ ਵੀ ਮੈਂ ਪੜ੍ਹਾਈ ਵਿਚ ਮਗਨ ਰਹਿੰਦਾ ਸੀ। ਮੈਂ ਸ਼ਹਿਰੀ ਹੋਣ ਕਰਕੇ ਮੇਰੇ ਸ਼ਹਿਰੀ ਹਮ ਜਮਾਤੀਆਂ ਨਾਲ ਨੇੜਤਾ ਸੀ ਪਰ ਮੇਰੀ ਪੇਂਡੂ ਸਾਥੀਆਂ ਨਾਲ ਵੀ ਨਜਦੀਕੀ ਸੀ। ਜਿੰਨੇ ਸ਼ਹਿਰੀ ਸਾਥੀ ਸਨ ਉਹ ਖਾਲੀ ਪੀਰੀਅਡ ਵਿਚ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ। ਹੌਲੀ ਹੌਲੀ ਮੇਰੀ ਨੇੜਤਾ ਸਭ ਨਾਲ ਹੋ ਗਈ। ਪੀਰੀਅਡ ਤੋਂ ਬਾਅਦ ਕੰਟੀਨ ਤੇ ਚਲੇ ਜਾਂਦੇ ਸੀ। ਇਥੇ ਬੈਠ ਕੇ ਚਾਹ ਪਾਣੀ ਪੀ ਲੈਂਦੇ ਸੀ ਫਿਰ ਜਮਾਤਾਂ ਵਿਚ ਵਾਪਸ ਚਲੇ ਜਾਂਦੇ ਸੀ ਇਹ ਰੋਜਾਨਾ ਰੁਟੀਨ ਸੀ। ਕਈ ਵਾਰ ਸਾਡੇ ਪੇਂਡੂ ਸਾਥੀ ਕਾਲਜ ਤੋਂ ਬਾਅਦ ਖਾਣ ਪੀਣ ਲਈ ਗਲੀ ਨੰਬਰ ਦੋ ਵਿਚ ਚਲੇ ਜਾਂਦੇ ਅਤੇ ਉੱਥੇ ਸਮੋਸੇ, ਟਿੱਕੀਆਂ, ਪਕੌੜੇ, ਬਰੈਡ ਪੀਸ ਆਦਿ ਰਲਮਿਲ ਕੇ ਖਾਂਦੇ। ਉਹ ਬੈਠਣੀ ਦਾ ਵੀ ਵੱਖਰਾ ਅਨੰਦ ਸੀ। ਇੱਕ ਹਮ ਜਮਾਤੀ ਸਾਥੀ ਸਵਰਨ ਸਿੰਘ ਸੀ ਉਹਦਾ ਪਿੰਡ ਮਹੇਸਰੀ ਸੀ। ਉਹ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ। ਉਹ ਬਹੁਤ ਹੀ ਨਰਮ, ਮਿਲਣਸਾਰ ਅਤੇ ਸਲੀਕੇ ਨਾਲ ਗੱਲ ਕਰਦਾ ਸੀ। ਉਹਨੇ ਇੱਕ ਦਿਨ ਕਿਹਾ ਕਿ ਆਪਾਂ ਕਾਲਜ ਵਿਚ ਵਾਲੀਬਾਲ ਖੇਡ ਲਿਆ ਕਰੀਏ ਨਾਲੇ ਸਮਾਂ ਚੰਗਾ ਲੰਘ ਜਿਆ ਕਰੂ। ਮੈਂ ਵੀ ਸਵਰਨ ਨੂੰ ਹਾਂ ਕਰ ਦਿੱਤੀ। ਹੋਰਾਂ ਨੇ ਵੀ ਹਾਂ ਕਰ ਦਿੱਤੀ। ਮੈਂ ਦੇਵ ਸਮਾਜ ਸਕੂਲ ਵਿਚ ਵਾਲੀਵਾਲ ਦੀ ਟੀਮ ਵਿਚ ਖੇਡਦਾ ਸੀ ਅਤੇ ਕਾਫੀ ਸਮਾਂ ਖੇਡਦਾ ਰਿਹਾ। ਇਸ ਤਰ੍ਹਾਂ ਕਾਲਜ ਵਿਚ ਇੱਕ ਪਾਸੇ ਖਾਲੀ ਥਾਂ ਸੀ ਕਾਲਜ ਪ੍ਰੋਫੈਸਰਾਂ ਤੋਂ ਪੁੱਛ ਕੇ ਵਾਲੀਬਾਲ ਦੀ ਗਰਾਊਂਡ ਤਿਆਰ ਕਰ ਲਈ। ਉਦੋਂ ਇਹ ਕਾਲਜ ਦੀ ਇਮਾਰਤ ਦੇ ਬਿਲਕੁੱਲ ਸਾਹਮਣੇ ਸੀ। ਵਾਲੀਬਾਲ ਦੀ ਖੇਡ ਵਿਚ ਕੁੱਲ ਛੇ ਖਿਡਾਰੀ ਖੇਡਦੇ ਹਨ। ਤਿੰਨ ਅਗਲੇ ਪਾਸੇ ਨੈਟ ਕੋਲ ਅਤੇ ਬਾਕੀ ਤਿੰਨ ਉਨ੍ਹਾਂ ਦੇ ਪਿਛਲੇ ਪਾਸੇ ਖਡਦੇ ਹਨ। ਇੱਕ ਖਿਡਾਰੀ ਬਾਲ ਨੂੰ ਦੋ ਵਾਰੀ ਛੂਹ ਨਹੀਂ ਸਕਦਾ ਸੀ। ਖੇਡਦੇ ਸਮੇਂ ਜਦੋਂ ਬਾਲ ਲਾਇਨ ਨੂੰ ਛੂਹ ਜਾਵੇ ਤਾਂ ਅੰਦਰ/ਇੰਨ ਗਿਣਿਆ ਜਾਂਦਾ ਹੈ। ਕੁੱਲ ਤਿੰਨ ਖੇਡਾਂ ਹੁੰਦੀਆਂ ਸੀ ਅਤੇ ਜਿਹੜੀਆਂ ਦੋ ਜਿੱਤ ਜਾਂਦਾ ਸੀ ਉਹ ਜੇਤੂ ਹੋ ਜਾਂਦਾ ਸੀ। ਇਥੇ ਨੈਟ ਲਗਾ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਹ ਵਾਲੀਬਾਲ ਦਾ ਬਹੁਤ ਤਕੜਾ ਖਿਡਾਰੀ ਸੀ। ਉਹਦੇ ਵਰਗਾ ਕੋਈ ਸਾਹਨੀ ਨਹੀਂ ਸੀ। ਉਹ ਸੁਪਰ ਸੀ। ਉਹਦੀ ਖੇਡ ਦੇਖ ਕੇ ਸਾਰੇ ਦੰਗ ਰਹਿ ਜਾਂਦੇ ਸਨ। ਅਸੀਂ ਕਾਲਜ ਵਿਚ ਇੱਕ ਦੋ ਪੀਰੀਅਡ ਜਰੂਰ ਖੇਡਦੇ ਸੀ। ਇਸ ਤਰ੍ਹਾਂ ਕਾਲਜ ਵਿਚ ਖੇਡਣ ਦਾ ਸਿਲਸਲਾ ਲਗਾਤਾਰ ਬਰਕਰਾਰ ਰੱਖਿਆ। ਇਸ ਤਰ੍ਹਾਂ ਸਾਡੀ ਕਾਲਜ ਦੀ ਇੱਕ ਟੀਮ ਤਿਆਰ ਹੋ ਗਈ। ਇੱਕ ਵਾਰ ਸਾਡਾ ਬੀ.ਐਡ. ਕਾਲਜ ਫਰੀਦਕੋਟ ਨਾਲ ਦੋਸਤਾਨਾ ਮੈਚ ਲਗਾਉਣ ਦਾ ਸਬੱਬ ਬਣਿਆ। ਅਸੀਂ ਮੈਚ ਵਾਲੇ ਦਿਨ ਬੱਸ ਅੱਡੇ ਇਕੱਠੇ ਹੋਏ ਤੇ ਫਰੀਦਕੋਟ ਲਈ ਬੱਸ ਲੈ ਲਈ। ਬੱਸ ਫਰੀਦਕੋਟ ਅੱਡੇ ਤੇ ਪਹੁੰਚ ਗਈ। ਇਥੋਂ ਬੀ.ਐਡ. ਕਾਲਜ ਨੇੜੇ ਹੀ ਸੀ। ਅਸੀਂ ਪੈਦਲ ਹੀ ਚਲੇ ਗਏ। ਉਦੋਂ ਦੋਵੇਂ ਕਾਲਜ ਡਿਗਰੀ ਅਤੇ ਬੀ.ਐਡ. ਆਹਮਣੇ ਸਾਹਮਣੇ ਸਨ। ਅਸੀਂ ਕਾਲਜ ਵਿਚ ਚਲੇ ਗਏ। ਇਹ ਕਾਲਜ ਵੀ ਸਾਡੇ ਕਾਲਜ ਵਾਂਗ ਬਣਿਆ ਸੀ। ਉਹਨਾਂ ਕੁ ਖੇਤਰ ਇਸ ਕਾਲਜ ਦਾ ਸੀ। ਕਾਲਜ ਦੇ ਖੱਬੇ ਪਾਸੇ ਵਾਲੀਵਾਲ ਦੀ ਗਰਾਊਂਡ ਸੀ। ਕਾਲਜ ਵਿਚ ਕਾਫੀ ਚਹਿਲ ਪਹਿਲ ਸੀ। ਸਾਰੇ ਮੈਚ ਦੇਖਣ ਲਈ ਉਤਾਵਲੇ ਸਨ। ਸਮਾਂ ਹੋ ਗਿਆ ਸੀ। ਰੈਫਰੀ ਨੇ ਵਿਸਲ ਮਾਰੀ। ਦੋਵੇਂ ਟੀਮਾਂ ਮੈਦਾਨ ਵਿਚ ਆ ਗਈਆਂ। ਖਿਡਾਰੀਆਂ ਨੇ ਇੱਕ ਦੂਜੇ ਨਾਲ ਮਿਲਣੀ ਕੀਤੀ। ਅਸੀਂ ਆਪਣੇ ਪਾਲੇ ਵਿਚ ਆ ਗਏ। ਮੈਂ ਤਾਂ ਨੈਟ ਦੇ ਕੋਲ ਖੱਬੇ ਪਾਸੇ ਸੀ। ਬਾਕੀ ਖਿਡਾਰੀ ਵੀ ਆਪਣੀਆਂ ਥਾਵਾਂ ਤੇ ਖੜ੍ਹੇ ਸਨ। ਸਾਡਾ ਯੋਧਾ ਸਵਰਨ ਕੇਂਦਰ ਵਿਚ ਸੀ। ਖੇਡ ਸ਼ੁਰੂ ਹੋ ਗਈ। ਉਹਦੀ ਸਰਵਿਸ ਬੜੀ ਕਮਾਲ ਦੀ ਸੀ। ਉਹ ਬਾਲ ਨੂੰ ਬਹੁਤ ਹੀ ਨੱਪ ਕੇ ਮਾਰਦਾ ਸੀ ਤੇ ਅਗਲੀ ਟੀਮ ਨੂੰ ਬਾਲ ਚੁੱਕਣ ਵਿਚ ਮੁਸ਼ਕਿਲ ਆਉਂਦੀ ਸੀ। ਇਸ ਮੈਚ ਵਿਚ ਸਵਰਨ ਦੂਜੀ ਟੀਮ ਦਾ ਧੂੰਆਂ ਕਢਾਈ ਜਾ ਰਿਹਾ ਸੀ। ਉਹਨੇ ਖੇਡ ਬਹੁਤ ਵਧੀਆ ਢੰਗ ਨਾਲ ਖੇਡੀ। ਹਰ ਪਾਸੇ ਸਵਰਨ ਸਿੰਘ ਮਹੇਸਰੀ ਦੀ ਬੱਲੇ ਬੱਲੇ ਹੋਈ ਪਈ ਸੀ। ਸਾਥੀ ਸਵਰਨ ਸਿੰਘ ਮਹੇਸਰੀ ਨੇ ਡੀ.ਐਮ.ਕਾਲਜ ਆਫ਼ ਐਜੂਕੇਸ਼ਨ ਮੋਗਾ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਚਮਕਾ ਦਿੱਤਾ। ਬੇਸ਼ੱਕ ਇਹ ਮੈਚ ਦੋਸਤਾਨਾ ਸੀ ਪਰ ਉਹਦੇ ਜੌਹਰ ਦੇਖਣ ਵਾਲੇ ਸਨ। ਉਹਨੇ ਕਮਾਲ ਦੀ ਖੇਡ ਖੇਡੀ, ਫੱਟੇ ਚੱਕ ਦਿੱਤੇ। ਅੱਜ ਬੜੇ ਲੰਬੇ ਸਮੇਂ ਬਾਅਦ ਯਾਦਾਂ ਦੀ ਪਟਾਰੀ ਵਿਚੋਂ ਸਵਰਨ ਸਿੰਘ ਯਾਦ ਆਏ ਅਤੇ ਬੀਤੇ ਪਲ ਸਾਂਝੇ ਕਰਨ ਦਾ ਮੌਕਾ ਮਿਲਿਆ। ਬੇਸ਼ੱਕ ਉਹ ਇਸ ਦੁਨੀਆ ਵਿਚ ਨਹੀਂ ਹਨ ਪਰ ਉਸਦੀਆਂ ਯਾਦਾਂ ਉਹਦੇ ਨਾਲ ਬਿਤਾਏ ਪਲ ਸਦਾ ਯਾਦ ਰਹਿਣਗੇ ਅਤੇ ਜਿੰਦਗੀ ਦੇ ਨਾਲ ਨਾਲ ਚੱਲਣਗੇ।
ਪਤਾ: ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ ਮੋਗਾ-142001
ਮੋਬਾਇਲ ਨੰਬਰ: 97-810-40140
ਈਮੇਲ: jaspal.loham@gmail.com

ਪ੍ਰਿੰਸੀਪਲ ਗਿਰਵਰ ਪ੍ਰਸਾਦ ਜੀ ਨੂੰ ਯਾਦ ਕਰਦਿਆਂ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਪੁਰਾਣੀ ਗੱਲ ਹੈ ਜਦੋਂ ਮੈਂ ਦੇਵ ਸਮਾਜ ਹਾਇਰ ਸੈਕੰਡਰੀ ਸਕੂਲ ਮੋਗਾ ਵਿਚ ਪੜ੍ਹਦਾ ਸੀ। ਉਦੋਂ ਦਸਵੀਂ ਤੋਂ ਬਅਦ ਗਿਆਰਵੀਂ ਜਮਾਤ ਹੁੰਦੀ ਸੀ। ਹੁਣ ਪਲੱਸ ਵਨ ਅਤੇ ਪਲੱਸ ਟੂ ਹੈ। ਦਸਵੀਂ ਜਮਾਤ ਪਾਸ ਕਰ ਲਈ ਅਤੇ ਹੁਣ ਅਗਲੀ ਜਮਾਤ ਵਿਚ ਦਾਖਲਾ ਲੈਣਾ ਸੀ। ਇਸ ਦਾਖਲੇ ਦੇ ਸਬੰਧ ਵਿਚ ਮੇਰੇ ਭਰਾ ਸ੍ਰ: ਇਕਬਾਲ ਸਿੰਘ ਜੀ ਨੇ ਮੈਨੂੰ ਗਾਇਡ ਕੀਤਾ ਤੇ ਕਿਹਾ ਕਿ ਤੂੰ ਗਿਆਵੀਂ ਵਿਚ ਆਰਟਸ ਗਰੁੱਪ ਨਹੀਂ ਰੱਖਣਾ ਸਾਇੰਸ ਗਰੁੱਪ ਨਾਨ ਮੈਡੀਕਲ ਲੈਣਾ ਹੈ। ਮੈਂ ਉਨ੍ਹਾਂ ਦਾ ਹੁਕਮ ਸਿਰ ਮੱਥੇ ਮੰਨ ਲਿਆ। ਮੈਂ ਦਾਖਲਾ ਲੈਣ ਲਈ ਆਪਣੇ ਸਕੂਲ ਚਲਾ ਗਿਆ ਅਤੇ ਜਮਾਤ ਦੇ ਇਚਾਰਜ ਅਧਿਆਪਕ ਨੂੰ ਮਿਲਿਆ ਤੇ ਸਾਇੰਸ ਗਰੁੱਪ ਨਾਨ ਮੈਡੀਕਲ ਵਿਚ ਦਾਖਲਾ ਲੈਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਮੈਨੂੰ ਦਾਖਲ ਕਰ ਲਿਆ। ਗਿਆਰਵੀਂ ਵਿਚ ਫ਼ਿਜਿਕਸ, ਮੈਥ, ਕਮਿਸਟਰੀ ਅਤੇ ਅੰਗਰੇਜੀ ਵਿਸ਼ੇ ਸਨ। ਮੇਰਾ ਸਕੂਲ ਮੇਰੇ ਘਰ ਤੋਂ ਦੋ ਮਿੰਟ ਦੀ ਦੂਰੀ ਤੇ ਸੀ। ਸਕੂਲ ਦੇ ਸਾਰੇ ਅਧਿਆਪਕ ਮਿਹਨਤੀ ਸਨ। ਪਰ ਇਥੇ ਮੈਂ ਸਿਰਫ਼ ਜਿਕਰ ਪ੍ਰਿੰਸੀਪਲ ਗਿਰਵਰ ਪ੍ਰਸਾਦ ਜੀ ਦਾ ਕਰਾਂਗਾ। ਉਹ ਬਾਹਰਲੇ ਸੂਬੇ ਤੋਂ ਆਏ ਸਨ ਅਤੇ ਪਤਲੇ ਜਿਹੇ ਲੰਬੇ ਕੱਦ ਦੇ ਸਨ। ਇਥੇ ਖੁਦ ਸਕੂਲ ਦੇ ਵਿਚ ਆਪ ਹੀ ਰਹਿੰਦੇ ਸਨ ਉਨ੍ਹਾਂ ਦਾ ਪ੍ਰਵਾਰ ਉਨ੍ਹਾਂ ਦੇ ਪਿੰਡ ਹੀ ਰਹਿੰਦਾ ਸੀ। ਉਹ ਸ਼ੁੱਧ ਸ਼ਾਕਾਹਾਰੀ ਸਨ। ਉਨ੍ਹਾਂ ਦੀ ਯੋਗਤਾ ਅਤੇ ਪੜ੍ਹਾਉਣ ਦੀ ਕਾਬਲੀਅਤ ਅਵਲ ਦਰਜੇ ਦੀ ਸੀ। ਉਨ੍ਹਾਂ ਦੀ ਰਹਿਣੀ ਸਹਿਣੀ ਸਧਾਰਨ ਸੀ ਅਕਸਰ ਹੀ ਉਹ ਚਿੱਟਾ ਕੁੜਤਾ, ਧੋਤੀ ਅਤੇ ਕੰਨਾਂ ਤੋਂ ਉੱਪਰ ਲੰਬੇ ਪੂੰਜੇ ਵਾਲੀ ਪੱਗ ਬੰਨਦੇ ਸਨ। ਉਹ ਹਿੰਦੀ ਵਿਚ ਗੱਲ ਕਰਦੇ ਸਨ। ਨੰਗੇ ਸਿਰ ਨਹੀਂ ਰਹਿੰਦੇ ਸਨ। ਪ੍ਰਿੰਸੀਪਲ ਸਰ ਦੇ ਦਫ਼ਤਰ ਦੇ ਨਜਦੀਕ ਹੀ ਸਾਡਾ ਕਲਾਸ ਰੂਮ ਸੀ। ਅਕਸਰ ਸਾਡੇ ਪੀਰੀਅਡ ਫ਼ਿਜਿਕਸ ਲੈਬ, ਕਮਿਸਟਰੀ ਲੈਬ, ਬੋਹੜ ਹੇਠਾਂ ਅਤੇ ਕਈ ਵਾਰ ਕਲਾਸ ਵਿਚ ਲੱਗਦੇ ਸਨ। ਅਸੀਂ ਜਮਾਤੀ ਚੱਕਵਾਂ ਬਲੈਕਬੋਰਡ ਚੱਕ ਕੇ ਲਿਆਉਂਦੇ ਸਨ ਅਤੇ ਬੋਹੜ ਥੱਲੇ ਰੱਖ ਦਿੰਦੇ ਸਨ। ਪ੍ਰਿੰਸੀਪਲ ਸਰ ਅਕਸਰ ਹੀ ਬੋਹੜ ਥੱਲੇ ਕਲਾਸ ਲਾਉਂਦੇ ਸਨ। ਇਥੋਂ ਉਨ੍ਹਾਂ ਦੀ ਨਜ਼ਰ ਸਾਰੇ ਸਕੂਲ ਤੱਕ ਜਾਂਦੀ ਸੀ। ਬਲੈਕ ਬੋਰਡ ਤੇ ਸਵਾਲ ਕਰਾਉਂਦੇ ਸਨ ਅਤੇ ਫ਼ਿਜਿਕਸ ਦੀ ਪੜ੍ਹਾਈ ਤਾਂ ਉਹ ਆਪਣੇ ਕਲਾਸ ਟੇਬਲ ਦੇ ਨਜਦੀਕ ਸਾਨੂੰ ਬੈਂਚਾਂ ਤੇ ਬਿਠਾ ਕੇ ਕਰਾਉਂਦੇ ਸਨ। ਇੱਕ ਬੱਚੇ ਦੀ ਕਾਪੀ ਲੈ ਕੇ ਉਸ ਉੱਪਰ ਸਮਝਾ ਦਿੰਦੇ ਸੀ ਉਹ ਆਪਣੇ ਵਿਸ਼ੇ ਦੇ ਬਹੁਤ ਜਿਆਦਾ ਮਾਹਰ ਸਨ। ਉਨ੍ਹਾਂ ਦੇ ਅੰਦਰ ਪੜ੍ਹਾਉਣ ਦਾ ਜਜਬਾ ਸੀ। ਉਹ ਕਦੇ ਵੀ ਕਲਾਸ ਨਹੀਂ ਛੱਡਦੇ ਸਨ। ਉਹ ਕਦੇ ਵੀ ਥੱਕਦੇ ਨਹੀਂ ਸਨ। ਜਿਹੋ ਜਿਹਾ ਗੁਰੂ ਉਹੇ ਜਿਹੇ ਚੇਲੇ ਸਨ। ਸਾਡੇ ਵਿਚ ਵੀ ਪੜ੍ਹਣ ਦੀ ਲਾਲਸਾ ਅਤੇ ਸਵਾਲ ਕਰਨ ਦੀ ਹਿੰਮਤ ਸੀ। ਉਹ ਸਵਾਲ ਕਰਾਉਂਦੇ ਸਨ ਅਸੀਂ ਨਾਲ ਦੀ ਨਾਲ ਬੋਲੀ ਜਾਂਦੇ ਸਨ। ਉਹ ਸਾਡੇ ਪ੍ਰਤੀਕਰਮ ਤੋਂ ਖੁਸ਼ ਸਨ। ਅਸੀਂ ਵੀ ਸਾਰਾ ਕੰਮ ਨਾਲ ਦੀ ਨਾਲ ਯਾਦ ਕਰ ਲੈਂਦੇ ਸੀ। ਉਹ ਬਹੁਤ ਹੀ ਪਿਆਰ ਨਾਲ ਸਮਝਾਉਂਦੇ ਸਨ। ਗੁੱਸੇ ਕਦੇ ਵੀ ਨਹੀਂ ਹੁੰਦੇ ਸਨ। ਉਨ੍ਹਾਂ ਨੇ ਫ਼ਿਜਿਕਸ ਪ੍ਰਯੋਗਸ਼ਲਾ ਲਈ ਸਮਾਨ ਖਰੀਦ ਕੇ ਲੈਬ ਭਰ ਦਿੱਤੀ ਸੀ  ਜਿਸ ਦਾ ਲਾਭ ਵਿਦਿਆਰਥੀਆਂ ਨੂੰ ਜਰੂਰ ਹੋਇਆ ਹੋਵੇਗਾ। ਕਈ ਵਾਰ ਫਿਜਿਕਸ ਦੇ ਪ੍ਰਯੋਗ ਕਰਨ ਲਈ ਲੈਬ ਵਿਚ ਬੁਲਾ ਲੈਂਦੇ ਸਨ। ਇਥੇ ਪਹਿਲਾਂ ਆਪ ਖੁਦ ਪ੍ਰਯੋਗ ਕਰਕੇ ਦਿਖਾਉਂਦੇ ਫਿਰ ਸਾਨੂੰ ਕਰਨ ਨੂੰ ਕਹਿ ਦਿੰਦੇ। ਇਸ ਤਰ੍ਹਾਂ ਉਨ੍ਹਾਂ ਨੇ ਸਕੂਲ ਵਿਚ ਦੱਬ ਕੇ ਪੜ੍ਹਾਈ ਕਰਵਾਈ। ਉਹ ਰੋਜਾਨਾ ਸਾਨੂੰ ਸ਼ਾਮ ਨੂੰ 5 ਵਜੇ ਸਕੂਲ ਦੀ ਪਾਰਕ ਵਿਚ ਬੁਲਾ ਕੇ ਕਲਾਸ ਲਗਾਉਂਦੇ ਸਨ ਇਹ ਇੱਕ ਸ਼ਾਮ ਦੀ ਕਲਾਸ ਸੀ ਟਿਊਸ਼ਨ ਨਹੀਂ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਅਸੀਂ ਇੱਕ ਕੁਰਸੀ ਲੈ ਆਉਂਦੇ ਅਤੇ ਅਸੀਂ ਘਾਹ ਤੇ ਅਰਾਮ ਨਾਲ ਬੈਠ ਜਾਂਦੇ। ਸ਼ਾਮ ਨੂੰ ਉਹ ਸਾਨੂੰ ਇੱਕ ਥਿਊਰਮ ਕਰਾਉਂਦੇ ਸਨ। ਜਿਹੜੀ ਥਿਊਰਮ ਕਰਨੀ ਹੁੰਦੀ ਸੀ ਪਹਿਲਾਂ ਅਸੀਂ ਥਿਊਰਮ ਬੋਲਦੇ ਫਿਰ ਉਹ ਜੁਬਾਨੀ ਸਮਝਾ ਦਿੰਦੇ ਸਨ। ਫਿਰ ਉਹ ਪਾਰਕ ਵਿਚੋਂ ਡੱਕੇ ਚੱਕ ਲੈਂਦੇ ਤੇ ਉਨ੍ਹਾਂ ਨੂੰ ਜ਼ਮੀਨ ਵਿਚ ਗੱਡ ਕੇ ਅਧਾਰ, ਲੰਬ ਅਤੇ ਕਰਨ ਬਣਾ ਕੇ ਸਵਾਲ ਕਰਾਉਂਦੇ ਸਨ। ਇਸ ਤਰ੍ਹਾਂ ਉਹ ਥੀ੍ਰ ਡਾਇਮੈਂਸ਼ਨ ਚਿੱਤਰ ਬਣਾ ਕੇ ਪੜ੍ਹਾਈ ਕਰਾਉਂਦੇ ਸਨ। ਇਸ ਤਰ੍ਹਾਂ ਸਾਨੂੰ ਵੀ ਜਲਦੀ ਸਮਝ ਆ ਜਾਂਦੀ ਸੀ। ਫਿਰ ਉਹ ਸਾਡੇ ਕੋਲੋਂ ਥਿਊਰਮ ਸੁਣਦੇ। ਅਸੀਂ ਵੀ ਉਨ੍ਹਾਂ ਵਾਗ ਥਿਊਰਮ ਸੁਣਾ ਦਿੰਦੇ।  ਉਹ ਵਾਰੀ ਵਾਰੀ ਸਾਡੇ ਤੋਂ ਪੁੱਛਦੇ ਰਹਿੰਦੇ। ਉਹ ਹਰ ਤਰ੍ਹਾਂ ਦੇ ਫਾਰਮੂਲੇ ਸਾਨੂੰ ਰਟਾ ਦਿੰਦੇ ਸਨ ਅਤੇ ਸੌਖੇ ਤਰੀਕੇ ਦੱਸ ਕੇ ਯਾਦ ਕਰਨ ਦਾ ਢੰਗ ਦੱਸਦੇ ਸਨ। ਵੱਡੀ ਗੱਲ ਇਹ ਸੀ ਕਿ ਉਹ ਮੁਫ਼ਤ ਪੜ੍ਹਾਉਂਦੇ ਸਨ। ਉਹ ਕਈ ਵਾਰ ਦੇਵ ਸਮਾਜ ਦੀ ਪਾਠਸ਼ਾਲਾ ਵਿਚ ਹਾਲ ਵਿਚ ਵੀ ਸਾਨੂੰ ਲੈ ਜਾਂਦੇ ਸੀ ਅਤੇ ਉਥੇ ਕਈ ਸ਼ਖਸੀਅਤਾਂ ਦੇ ਵਿਚਾਰ ਸੁਣਨ ਨੂੰ ਮਿਲਦੇ ਸਨ। ਮੈਂ ਉਨ੍ਹਾਂ ਦੇ ਜ਼ਜਬੇ ਨੂੰ ਸਲਾਮ ਕਰਦਾ ਹਾਂ। ਸਾਡੇ ਉਂਗਲਾਂ ਤੇ ਹਰ ਚੀਜ ਯਾਦ ਸੀ। ਬੇਸ਼ੱਕ ਅੱਜ ਦੇ ਜ਼ਮਾਨੇ ਵਿਚ ਕਈ ਅਧਿਆਪਕ ਦੱਬ ਕੇ ਮਿਹਨਤ ਕਰਕੇ ਟਿਊਸ਼ਨਾਂ ਕਰਦੇ ਹਨ ਜਿਸ ਨਾਲ ਆਰਥਿਕ ਤੌਰ ਤੇ ਤਕੜੇ ਹੋ ਜਾਂਦੇ ਹਨ। ਇੱਕ ਤਾਂ ਸਾਇੰਸ ਮੈਥ ਨਾਲ ਸਾਡਾ ਮੋਹ ਸੀ ਤੇ ਦੂਜੇ ਸਾਡੇ ਸਰ ਬਹੁਤ ਵਧੀਆ ਸਨ। ਅੱਜ ਵੀ ਉਨ੍ਹਾਂ ਦੀ ਪਿਆਰ ਭਰੀ ਨਿੱਘੀ ਯਾਦ ਆਉਂਦੀ ਹੈ। ਉਨ੍ਹਾਂ ਦੇ ਨਿਵੇਕਲੇ ਢੰਗਾਂ ਨਾਲ ਪੜਾਈ ਕਰਾਈ ਅਤੇ ਪੜ੍ਹਾਏ ਹੋਏ ਬਹੁਤ ਸਾਰੇ ਵਿਦਿਆਰਥੀ ਬੁਲੰਦੀਆਂ ਤੇ ਪੁੱਜੇ ਹੋਏ ਹੋਣਗੇ। ਮੈਂ ਉਨ੍ਹਾਂ ਦੀ ਬਦੋਲਤ ਸਾਇੰਸ ਵਿਸ਼ੇ ਦੀ ਪੜ੍ਹਾਈ ਕੀਤੀ ਤੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਪਹਿਲਾਂ ਸਾਇੰਸ ਮਾਸਟਰ, ਫਿਰ ਮੁੱਖਅਧਿਆਪਕ ਅਤੇ ਫਿਰ ਪ੍ਰਿੰਸੀਪਲ ਬਣ ਕੇ ਸੇਵਾਮੁਕਤ ਹੋ ਗਿਆ ਹਾਂ।
ਪਤਾ: ਮਕਾਨ ਨੰਬਰ: 166, ਗਲੀ ਹਜਾਰਾ ਸਿੰਘ ਮੋਗਾ-142001
ਮੋਬਾਇਲ: 97-810-40140
ਈਮੇਲ: jaspal.loham@gmail.com

ਮੇਰੇ ਪੰਜ ਵਿਦਿਆਰਥੀ ਪੜ੍ਹਨ ਵਿਚ ਬਰਾਬਰ ਦੀ ਦਿੰਦੇ ਸਨ ਟੱਕਰ - ਜਸਪਾਲ ਸਿੰਘ ਲੋਹਾਮ

ਕਈ ਸਾਲ ਹੋ ਗਏ ਇੱਕ ਗੱਲ ਯਾਦ ਆ ਗਈ ਜਿਹੜੀ ਸਾਂਝੀ ਕਰ ਰਿਹਾ ਹਾਂ। ਮੈਂ ਸਰਕਾਰੀ ਸਕੂਲ ਵਿਚ ਸਾਇੰਸ ਮਾਸਟਰ ਵਜੋਂ ਕੰਮ ਕਰ ਰਿਹਾ ਸੀ। ਉਦੋਂ ਮੇਰੇ ਕੋਲ ਦਸਵੀਂ ਜਮਾਤ ਸੀ ਅਤੇ ਸਾਇੰਸ ਦੀ ਪੜ੍ਹਾਈ ਕਰਾਉਂਦਾ ਸੀ। ਮੈਨੂੰ  ਛੁੱਟੀ ਲੈਣ ਦਾ ਚਾਅ ਹੀ ਨਹੀਂ ਹੁੰਦਾ ਸੀ ਅਤੇ ਫ਼ਾਲਤੂ ਦੀਆਂ ਡਿਊਟੀਆਂ ਤੋਂ ਦੂਰ ਰਹਿੰਦਾ ਸੀ। ਪਰ ਕਈ ਵਾਰ ਮਹਿਕਮੇ ਦਾ ਜਿੰਨ ਹੀ ਮਗਰ ਪੈ ਜਾਂਦਾ ਸੀ। ਮੇਰੀਆਂ ਹੋਰ ਸਕੂਲਾਂ ਵਿਚ ਸਾਲਾਨਾ ਪ੍ਰੀਖਿਆਵਾਂ ਵਿਚ ਡਿਊਟੀ ਬਤੌਰ ਡਿਪਟੀ ਸੁਪਰਡੈਂਟ ਲੱਗ ਜਾਂਦੀ ਸੀ ਹੋਰ ਭਾਵੇਂ ਕਿਸੇ ਦੀ ਲੱਗੇ ਨਾ ਲੱਗੇ ਮੇਰੀ ਜਰੂਰ ਲੱਗਦੀ ਸੀ। ਪਰ ਆਪਣੇ ਸਕੂਲ ਵਿਚ ਰਹਿ ਕੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਦੱਬ ਕੇ ਪੜ੍ਹਾ ਕੇ ਜੋ ਖੁਸ਼ੀ ਹੁੰਦੀ ਸੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੀ। ਵਿਭਾਗ ਦੇ ਕੰਮ ਤਾਂ ਸਾਰੇ ਕਰਨੇ ਪੈਂਦੇ ਹਨ। ਕਿਸੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ। ਮੇਰਾ ਨਾਂਅ ਤਾਂ ਵੱਟ ਤੇ ਪਿਆ ਹੁੰਦਾ ਸੀ। ਡਿਊਟੀਆਂ ਆ ਜਾਣ ਦੇ ਬਾਵਜੂਦ ਵੀ ਮੈਂ ਬੱਚਿਆਂ ਦੀ ਪੜ੍ਹਾਈ ਤੋਂ ਕਦੇ ਵੀ ਪਾਸੇ ਨਹੀਂ ਗਿਆ। ਇਸ ਲਈ ਮੈਂ ਆਪਣੇ ਕੇਂਦਰ ਸੁਪਰਡੈਂਟ ਨਾਲ ਗੱਲਬਾਤ ਕਰਕੇ ਮੈਂ ਖੁਦ ਡਿਊਟੀਆਂ ਘੱਟ ਕਰਵਾ ਲੈਂਦਾ ਅਤੇ ਹੋਰ ਚਾਹਵਾਨ ਅਧਿਆਪਕਾਂ ਦੀ ਡਿਊਟੀ ਵੱਧ ਕਰਵਾ ਲੈਂਦਾ। ਇਸ ਤਰ੍ਹਾਂ ਰਲਮਿਲ ਕੇ ਮਸਲਾ ਹੱਲ ਕਰ ਲਈਦਾ ਸੀ। ਇਸ ਲਈ ਬੱਚਿਆਂ ਨੂੰ ਪਤਾ ਉਦੋਂ ਹੀ ਲੱਗਦਾ ਸੀ ਕਿ ਸਾਡੇ ਮਾਸਟਰ ਸਕੂਲ ਆ ਗਏ ਹਨ। ਬੱਸ ਫਿਰ ਕਿ ਉਹ ਉਦੋਂ ਹੀ ਮੇਰੇ ਦਿੱਤੇ ਘਰ ਦੇ ਕੰਮ ਵਾਲੇ ਪ੍ਰਸ਼ਨਾਂ ਦੇ ਉੱਤਰ ਪੱਕੀ ਕਾਪੀ ਤੋਂ ਯਾਦ ਕਰਨ ਲੱਗ ਜਾਂਦੇ। ਉਨ੍ਹਾਂ ਨੂੰ ਵੀ ਤਾਅ ਚੜ ਜਾਂਦਾ। ਇਸ ਸਾਲ ਤਾਂ ਤਹੱਈਆ ਕਰ ਲਿਆ ਕਿ ਮੈਂ ਆਪਣੀ ਜਮਾਤ ਦਾ ਨਤੀਜਾ 100 ਫ਼ੀਸਦੀ ਦੇ ਨਾਲ ਨਾਲ ਬੱਚਿਆਂ ਦੇ ਵੱਧ ਨੰਬਰ ਲਿਆ ਕੇ ਦਿਖਾਵਾਂਗਾ। ਇਸ ਲਈ ਪਹਿਲਾਂ ਵਾਂਗ ਹੀ ਦੱਬ ਕੇ ਮਿਹਨਤ ਕਰਨ ਦਾ ਫੈਸਲਾ ਕੀਤਾ। ਸਲੇਬਸ ਸਮੇਂ ਸਿਰ ਖਤਮ ਕਰਨਾ, ਰੋਜ਼ਾਨਾ ਪ੍ਰਸ਼ਨ ਯਾਦ ਕਰਾਉਣੇ, ਸੁਣਨੇ, ਟੈਸਟ ਲੈਣੇ, ਪ੍ਰਯੋਗ ਨਾਲ ਦੀ ਨਾਲ ਕਰਾਉਣ ਦਾ ਸਿਲਸਲਾ ਜਾਰੀ ਕਰ ਦਿੱਤਾ। ਇਸ ਮਿਸ਼ਨ ਨੂੰ ਲੈ ਕੇ ਮੈਂ ਦੱਬ ਕੇ ਮਿਹਨਤ ਕਰਾਉਂਦਾ, ਰੋਜ਼ਾਨਾ ਹਾਜਰੀ ਦੇਖਦਾ, ਗੈਰਹਾਜਰਾਂ ਨੂੰ ਹਾਜਰ ਕਰਾਉਂਦਾ, ਬੱਚਿਆਂ ਦੇ ਘਰਾਂ ਵਿਚ ਸੁਨੇਹੇ ਭੇਜਦਾ। ਫਿਰ ਤਾਂ ਮਾਪੇ ਵੀ ਆਪਣੇ ਜੁਆਕਾਂ ਨੂੰ ਛੁੱਟੀ ਦਿਵਾਉਣ ਵੀ ਨਹੀਂ ਆਉਂਦੇ ਸੀ ਉਹ ਵੀ ਸੋਚਣ ਲੱਗ ਪਏ ਕਿ ਸਾਡੇ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਬੱਚਿਆਂ ਦੀ ਵੀ ਰੁਟੀਨ ਬਣ ਗਈ। ਕਲਾਸ ਟੈਸਟ ਲੈ ਕੇ, ਮੈਂ ਬੱਚਿਆਂ ਦੇ ਨੰਬਰ ਲਾਉਂਦਾ। ਕਲਾਸ ਵਿਚ ਪੰਜ ਬੱਚੇ ਬਹੁਤ ਹੁਸ਼ਿਆਰ ਸਨ। ਜਦੋਂ ਮੈਂ ਟੈਸਟ ਚੈਕ ਕਰਕੇ ਵੰਡਦਾ ਤਾਂ ਪੰਜਾਂ ਵਿਚੋਂ ਕਈ ਚੰਗੇ ਨੰਬਰ ਲੈ ਜਾਂਦੇ ਇੱਕ ਦੋ ਪਛੜ ਜਾਂਦੇ। ਜਿਸ ਬੱਚੇ ਦੇ ਨੰਬਰ ਘਟ ਜਾਂਦੇ ਸੀ ਉਹ ਕਲਾਸ ਵਿਚ ਹੀ ਆਪਣੇ ਹੰਝੂ ਭਰ ਆਉਂਦਾ। ਉਹਦੇ ਮਨ ਵਿਚ ਇਹ ਆਉਂਦਾ ਕਿ ਮੇਰੇ ਨੰਬਰ ਦੂਜਿਆਂ ਨਾਲੋਂ ਘਟ ਗਏ। ਉਹ ਉਦਾਸ ਹੋ ਜਾਂਦੇ। ਅਗਲੇ ਦਿਨ ਫਿਰ ਪੜ੍ਹਾਈ ਤੋਂ ਬਾਅਦ ਕਲਾਸ ਟੈਸਟ ਤੇ ਫਿਰ ਉਹੀ ਬੱਚੇ ਅੱਗੇ ਨਿੱਕਲ ਜਾਂਦੇ। ਸਿਲਸਲਾ ਇਸ ਤਰ੍ਹਾਂ ਚੱਲਦਾ ਰਿਹਾ। ਇੱਕ ਗੱਲ ਪੱਕੀ ਸੀ ਕਿ ਟੈਸਟ ਦੇ ਸਮੇਂ ਪੰਜੇ ਬੱਚੇ ਕਿਸੇ ਨੂੰ ਵੀ ਨਹੀਂ ਦੱਸਦੇ ਸੀ ਤੇ ਨਾ ਕਿਸੇ ਤੋਂ ਪੁੱਛਦੇ ਸੀ। ਇਹ ਉਨ੍ਹਾਂ ਦਾ ਪੱਕਾ ਨਿਯਮ ਸੀ। ਮੇਰੀ ਕਲਾਸ ਵਿਚ ਕੁੱਝ ਕੁ ਬੱਚੇ ਹੀ ਢਿੱਲੇ ਸਨ ਪਰ ਉਨ੍ਹਾਂ ਦੀ ਪੜ੍ਹਾਈ ਦੀ ਰਫਤਾਰ ਵੀ ਬਣਾ ਦਿੱਤੀ। ਕੁੱਝ ਬੱਚਿਆਂ ਦੇ ਗਰੁੱਪ ਬਣਾ ਦਿੱਤੇ। ਇੱਕ ਹੁਸ਼ਿਆਰ ਬੱਚੇ ਦੇ ਨਾਲ ਦੂਜੇ ਪੰਜ ਬੱਚੇ ਲਾ ਦਿੱਤੇ। ਇਨ੍ਹਾਂ ਨੂੰ ਗਰੁੱਪ ਦੇ ਕਮਾਂਡਰ ਬਣਾ ਦਿੱਤਾ। ਗਰੁੱਪ ਦੇ ਬੱਚੇ ਵੀ ਰਲਮਿਲ ਕੇ ਪੜ੍ਹਨ ਲੱਗ ਪਏ। ਇੱਕ ਦੂਸਰੇ ਤੋਂ ਪੁੱਛਣ ਦੱਸਣ ਲੱਗ ਪਏ। ਕਮਾਂਡਰ ਖੁਦ ਦੱਬ ਕੇ ਪੜ੍ਹਦੇ ਤੇ ਦੂਜੇ ਗਰੁੱਪ ਦੇ ਬੱਚਿਆਂ ਨੂੰ ਵੀ ਯਾਦ ਕਰਾਉਂਦੇ ਅਤੇ ਧਿਆਨ ਰੱਖਦੇ। ਜਦੋਂ ਮੇਰਾ ਸਾਰੀ ਕਲਾਸ ਵੱਲ ਇੱਕ ਇੱਕ ਬੱਚੇ ਵੱਲ ਧਿਆਨ ਜਾਂਦਾ ਤਾਂ ਦੇਖਦਾ ਹਾਂ ਕਿ ਸਾਰੇ ਬੱਚੇ ਪੜ੍ਹਾਈ ਵਿਚ ਮਗਨ ਹੁੰਦੇ ਸਨ। ਇਸ ਤਰ੍ਹਾਂ ਕਮਾਂਡਰ ਬੱਚੇ ਕਦੇ ਕੋਈ ਅੱਗੇ ਤੇ ਕਦੇ ਕੋਈ ਇਸ ਤਰ੍ਹਾਂ ਸਿਲਸਲਾ ਚੱਲਦਾ ਰਿਹਾ। ਸਾਰਾ ਸਾਲ ਬੱਚਿਆਂ ਨੇ ਵੀ ਸਖਤ ਮਿਹਨਤ ਕੀਤੀ। ਹੁਣ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਉਂਗਲਾਂ ਤੇ ਸਨ। ਸਾਲਾਨਾ ਪ੍ਰੀਖਿਆਵਾਂ ਸਿਰ ਤੇ ਆ ਗਈਆਂ। ਬੱਚਿਆਂ ਨੂੰ ਫਿਰ ਸਮਝਾ ਦਿੱਤਾ ਕਿ ਬੇਟਾ ਪ੍ਰੀਖਿਆਵਾਂ ਅਸੀਂ ਨਹੀਂ ਲੈਣੀਆਂ ਬਾਹਰਲੇ ਸਕੂਲਾਂ ਦੇ ਅਧਿਆਪਕ ਆ ਕੇ ਤੁਹਾਡੇ ਪੇਪਰ ਲੈਣਗੇ। ਉਹ ਵੀ ਸਾਡੇ ਵਰਗੇ ਹਨ ਪਰ ਤੁਸੀਂ ਘਬਰਾਉਣਾ ਨਹੀਂ, ਡਰਨਾ ਨਹੀਂ, ਝਿਜਕਣਾ ਨਹੀਂ, ਤੁਸੀਂ ਕਿਸੇ ਕਿਸਮ ਦੀ ਚਿੰਤਾ ਨਹੀਂ ਕਰਨੀ। ਤੁਸੀਂ ਸਾਰਾ ਸਾਲ ਤਿਆਰੀ ਕੀਤੀ ਹੈ ਸਾਰੇ ਪ੍ਰਸ਼ਨ ਤੁਹਾਨੂੰ ਆਉਂਦੇ ਹਨ। ਤੁਹਾਨੂੰ ਯਾਦ ਹਨ। ਪੇਪਰ ਵਿਚ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਡੇ ਯਾਦਾਂ ਦੇ ਸ੍ਰੋਤ ਵਿਚੋਂ ਪ੍ਰਸ਼ਨਾਂ ਦੇ ਉੱਤਰ ਭੱਜੇ ਆਉਣਗੇ ਤੇ ਤੁਸੀਂ ਵਧੀਆ ਪੇਪਰ ਕਰਕੇ ਆਉਗੇ। ਬੱਚਿਆਂ ਦੇ ਮਨ ਵਿਚ ਮੇਰੀਆਂ ਗੱਲਾਂ ਪੱਲੇ ਪੈ ਗਈਆਂ। ਪੇਪਰਾਂ ਦੇ ਦਿਨ ਆ ਗਏ ਤੇ ਬੱਚੇ ਪੇਪਰਾਂ ਵਿਚ ਵਿਅਸਥ ਹੋ ਗਏ। ਜਿਸ ਦਿਨ ਸਾਇੰਸ ਦਾ ਪੇਪਰ ਸੀ ਉਸ ਦਿਨ ਬੱਚੇ ਪੇਪਰ ਤੋਂ ਬਾਅਦ ਮੇਰੇ ਕੋਲ ਆਏ ਤੇ ਸਾਰੇ ਬੱਚਿਆਂ ਨੇ ਆਪਣੇ ਪ੍ਰਸ਼ਨ ਪੱਤਰ ਦਿਖਾ ਕੇ ਆਪਣੇ ਹੱਲ ਕੀਤੇ ਪੇਪਰਾਂ ਬਾਰੇ ਜਿਕਰ ਕੀਤਾ। ਮੈਂ ਇੱਕ ਇੱਕ ਬੱਚੇ ਨਾਲ ਗੱਲਬਾਤ ਕੀਤੀ। ਸਾਰੇ ਖੁਸ਼ ਸਨ। ਬਾਗੋਬਾਗ ਸਨ। ਸਰ! ਆਹ ਵੀ ਕੀਤਾ, ਸਰ ਆਹ ਵੀ ਕੀਤਾ, ਸਾਰੇ ਚੱਕਤੇ, ਸਾਰੇ ਕਰਤੇ। ਕਈ ਬੱਚਿਆਂ ਨੇ ਆਪਣੇ ਪੇਪਰ ਦੇ ਅੰਦਾਜਨ ਨੰਬਰ ਵੀ ਲਗਾ ਲਏ। ਉਨ੍ਹਾਂ ਕਮਾਲ ਕਰ ਦਿੱਤੀ। ਉਨ੍ਹਾਂ ਦੇ ਹਾਵ ਭਾਵ ਦੇਖਕੇ ਮੈਂ ਵੀ ਬਹੁਤ ਖੁਸ਼ ਹੋਇਆ। ਅੰਤ ਮੈਂ ਬੱਚਿਆਂ ਨੂੰ ਕਿਹਾ ਕਿ ਬੇਟਾ ਤੁਸੀਂ ਆਪਣੀ ਜਿੰਦਗੀ ਵਿਚ ਕਦੇ ਵੀ ਰੁਕਣਾ ਨਹੀਂ ਸਦਾ ਚੱਲਦੇ ਜਾਣਾ ਹੈ, ਲਹਿਰਾਂ ਦੇ ਵਾਂਗ ਸਦਾ ਅੱਗੇ ਵਧਦੇ ਜਾਣਾ ਹੈ ਤੇ ਇੱਕ ਦਿਨ ਤੁਸੀਂ ਆਪਣੇ ਨਿਸ਼ਾਨੇ ਤੇ ਜਰੂਰ ਪਹੁੰਚਣਾ। ਆਪਣੀ ਇਹ ਹਿੰਮਤ ਬਣਾਈ ਰੱਖਣੀ ਹੈ। ਇਸ ਤਰ੍ਹਾਂ ਬੱਚਿਆਂ ਦੇ ਲਿਖਤੀ ਪ੍ਰਯੋਗੀ ਪੇਪਰ ਹੋ ਗਏ। ਕਾਫੀ ਸਮੇਂ ਬਾਅਦ ਦਸਵੀਂ ਦਾ ਨਤੀਜਾ ਆਇਆ। ਸਾਰੇ ਬੱਚੇ ਪਾਸ ਹੋ ਗਏ ਅਤੇ ਪੰਜ ਬੱਚਿਆਂ ਨੇ ਸ਼ਾਨਦਾਰ ਨੰਬਰ ਹਾਸਿਲ ਕੀਤੇ। ਨਤੀਜੇ ਵਾਲੇ ਦਿਨ ਸਾਰੇ ਬੱਚੇ ਮੈਨੂੰ ਮਿਲ ਕੇ ਗਏ। ਮੈਂ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ। ਮੇਰੇ ਪੰਜ ਟਾਪਰ ਵਿਦਿਆਰਥੀ ਬੱਚਿਆਂ ਵਿਚ ਚਾਰ ਕੁੜੀਆਂ ਅਤੇ ਇੱਕ ਮੁੰਡਾ ਸੀ। ਇਹ ਮੁੰਡਾ ਹੁਣ ਲੇਖਕ ਵੀ ਹੈ ਅਤੇ ਪੰਜਾਬੀ ਅਖ਼ਬਾਰਾਂ ਵਿਚ ਬਹੁਤ ਵਧੀਆ ਲੇਖ ਵੀ ਲਿਖਦਾ ਹੈ। ਰੱਬ ਖੈਰ ਕਰੇ। ਮੇਰੇ ਇਹ ਬੱਚੇ ਤਰੱਕੀ ਦੀਆਂ ਮੰਜ਼ਲਾਂ ਸਰ ਕਰਨ।
ਪਤਾ: ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ, ਮੋਗਾ-142001
ਈਮੇਲ: jaspal.loham@gmail.com
ਮੋਬਾਇਲ: 97-810-40140