Ujagar Singh

ਗਿਆਨੀ ਗੁਰਦਿਤ ਸਿੰਘ ਦੇ ਕੋਤਰ ਸੌਵੇਂ ਜਨਮ ਦਿਵਸ 'ਤੇ ਵਿਸ਼ੇਸ਼ ਗੁਰਮਤਿ ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ -  ਉਜਾਗਰ ਸਿੰਘ

ਸੰਸਾਰ ਵਿੱਚ ਬਹੁਤ ਸਾਰੇ ਇਨਸਾਨ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਕੁਝ ਅਜਿਹੇ ਮਹਾਨ ਤੇ ਨਿਵੇਕਲੀ ਕਿਸਮ ਦੇ ਇਨਸਾਨ ਹੁੰਦੇ ਹਨ, ਜਿਹੜੇ ਆਪਣੀ ਵਿਦਵਤਾ ਦੇ ਅਨੇਕਾਂ ਰੰਗ ਬਿਖ਼ੇਰਦੇ ਹੋਏ ਆਪਣੇ ਸਮਾਜ ਦੇ ਸਭਿਅਚਾਰ ਨੂੰ ਅਮੀਰ ਕਰਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਪੰਜਾਬੀ ਅਤੇ ਸਿੱਖੀ ਦੇ ਮੁੱਦਈ ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ, ਬਹੁਰੰਗੀ, ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸ਼ਾਮਲ ਹਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਜਾਬੀ ਸਾਹਿਤ, ਸਭਿਅਚਾਰ ਅਤੇ ਸਿੱਖੀ ਸੋਚ ਨੂੰ ਸਮਰਪਤ ਕਰਦਿਆਂ ਬਸਰ ਕਰ ਦਿੱਤਾ। ਭਾਵੇਂ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਗਿਆਨਵਾਨ ਉਹ ਅਨੋਖੀ ਕਿਸਮ ਦੇ ਸਨ। ਉਨ੍ਹਾਂ ਨੇ ਆਪਣੇ ਗਿਆਨ ਨੂੰ ਸਿੱਖ ਸਮਾਜ ਦੀ ਬਿਹਤਰੀ ਲਈ ਵਰਤਿਆ, ਜਿਸ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਦਿਹਾਤੀ ਰਹਿਤਲ ਹੋਣ ਦੇ ਬਾਵਜੂਦ ਸ਼ਹਿਰੀ ਵਿਦਵਾਨਾ ਤੋਂ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ਉਨ੍ਹਾਂ ਨੂੰ ਵਿਦਵਤਾ ਦਾ ਮੁਜੱਸਮਾ ਕਿਹਾ ਜਾ ਸਕਦਾ ਹੈ। ਉਨ੍ਹਾਂ ਦਾ ਯੋਗਦਾਨ ਚੋਟੀ ਦੇ ਸਿੱਖ ਵਿਦਵਾਨਾ ਤੋਂ ਵਧੇਰੇ ਸੀ, ਸਗੋਂ ਉਨ੍ਹਾਂ ਦੀ ਵਿਦਵਤਾ ਤੇ ਦ੍ਰਿੜ੍ਹਤਾ ਨੇ ਪੰਜਾਬੀ ਅਤੇ ਸਿੱਖ ਵਿਰਾਸਤ ਨੂੰ ਅਮੀਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਗਿਆਨੀ ਗੁਰਦਿੱਤ ਸਿੰਘ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਜਿਨ੍ਹਾਂ 'ਤੇ ਸਿੱਖ ਸਮਾਜ ਹਮੇਸ਼ਾ ਮਾਣ ਕਰਦਾ ਹੋਇਆ ਅਗਵਾਈ ਲੈਂਦਾ ਰਹੇਗਾ। ਉਨ੍ਹਾਂ ਨੇ ਆਪਣੇ ਵਿਲੱਖਣ ਯੋਗਦਾਨ ਨਾਲ ਸਿੱਖ ਸਮਾਜ ਵਿੱਚ ਆਪਣੀ ਨਿਵੇਕਲੀ ਪਛਾਣ ਬਣਾ ਲਈ ਸੀ। ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖੀ ਸੋਚ 'ਤੇ ਪਹਿਰਾ ਦਿੰਦਿਆਂ ਬਤੀਤ ਕੀਤੀ। ਗਿਆਨੀ ਗੁਰਦਿੱਤ ਸਿੰਘ ਦੇ ਸਿੱਖੀ ਸਿਦਕ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਵਿਲੱਖਣ ਯੋਗਦਾਨ ਦੀ ਕਦਰ ਕਰਦਿਆਂ ਉਨ੍ਹਾਂ ਨੂੰ 1956 ਵਿੱਚ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜਦ ਕੀਤਾ ਗਿਆ। ਵਿਧਾਨ ਪ੍ਰੀਸ਼ਦ ਵਿੱਚ ਵੀ ਉਨ੍ਹਾਂ ਸਿੱਖ ਵਿਚਾਰਧਾਰਾ, ਸਾਹਿਤ ਅਤੇ ਸਭਿਅਚਾਰ ਦੀ ਪ੍ਰਫੁਲਤਾ ਲਈ ਆਪਣੇ ਕੀਮਤੀ ਵਿਚਾਰ ਸਰਕਾਰ ਗੋਚਰੇ ਕੀਤੇ ਤਾਂ ਜੋ ਪੰਜਾਬ ਸਰਕਾਰ ਨੂੰ ਸੁਚੱਜੀ ਅਗਵਾਈ ਦਿੱਤੀ ਜਾ ਸਕੇ। ਉਨ੍ਹਾਂ ਆਪਣੀ ਲਿਆਕਤ ਨਾਲ ਕਈ ਅਜਿਹੇ ਕਾਰਜ ਕੀਤੇ ਜਿਸ ਨਾਲ ਉਨ੍ਹਾਂ ਦੀ ਦੇਣ ਇਤਿਹਾਸ ਦਾ ਹਿੱਸਾ ਬਣ ਗਈ। ਉਨ੍ਹਾਂ ਵਿਧਾਨ ਪ੍ਰੀਸ਼ਦ ਵਿੱਚ ਸਿੱਖਾਂ ਦੇ ਪੰਜਵੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਮਤਾ ਪੇਸ਼ ਕਰਕੇ ਪੁਰਜ਼ੋਰ ਸਿਫ਼ਾਰਸ਼ ਨਾਲ ਮੈਂਬਰਾਂ ਨੂੰ ਪ੍ਰਭਾਵਤ ਕੀਤਾ, ਜਿਸਦੇ ਸਿੱਟੇ ਵਜੋਂ ਪੰਜਵੇਂ ਤਖ਼ਤ ਦੀ ਸਥਪਨਾ ਹੋਈ। ਉਹ ਪਹਿਲੇ ਸਿੱਖ ਵਿਦਵਾਨ ਸਨ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿੱਚ ਆਇਆ ਸੀ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਸਿੱਖ ਵਿਦਿਅਕ ਕਾਨਫਰੰਸਾਂ ਕਰਵਾਉਣ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੀ ਦੇਣ ਦਾ ਸਿੱਖ ਜਗਤ ਇਵਜਾਨਾ ਨਹੀਂ ਮੋੜ ਸਕਦਾ ਪ੍ਰੰਤੂ ਊਨ੍ਹਾਂ ਦੀ ਯਾਦ ਨੂੰ ਤਾਜਾ ਰੱਖਣ ਲਈ 2023 ਵਿੱਚ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸਮਾਗਮ ਦੇਸ਼ ਵਿਦੇਸ਼ ਵਿੱਚ ਆਯੋਜਤ ਕੀਤੇ ਗਏ। ਭਾਈ ਜੈਤੇਗ ਸਿੰਘ ਅਨੰਤ ਨੇ ਗੁਰਦੁਆਰਾ ਬਰੁਕ ਸਾਈਡ ਸਰੀ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕੈਨੇਡਾ ਅਤੇ  ਗੁਰਦਆਰਾ ਸਿੰਘ ਸਭਾ ਵਾਸ਼ਿੰਗਟਨ, ਰੈਨਟਨ ਸਿਆਟਲ ਅਮਰੀਕਾ  ਵਿੱਚ ਸਮਾਗਮ ਆਯੋਜਤ ਕੀਤੇ।  ਸਿੱਖ ਨੈਸ਼ਨਲ ਆਰਕਾਈਵ ਆਫ ਟਰਾਂਟੋ ਕੈਨੇਡਾ ਨੇ  ਇਕ ਸ਼ੈਕਸ਼ਨ ਗਿਆਨੀ ਗੁਰਦਿਤ ਸਿੰਘ ਦੇ ਨਾਮ 'ਤੇ ਸਥਾਪਤ ਕੀਤਾ ਹੈ। ਸ਼ਤਾਬਦੀ ਸਮਾਗਮਾ ਦੀ ਲੜੀ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਡਾ.ਜੀਤ ਸਿੰਘ ਜੋਸ਼ੀ ਵੱਲੋਂ ਲਿਖੀ ਗਿਆਨੀ ਗੁਰਦਿੱਤ ਸਿੰਘ ਜੀ ਦੀ ਜੀਵਨੀ ' ਗਿਆਨੀ ਗੁਰਦਿੱਤ ਸਿੰਘ  ਜੀਵਨ ਤੇ ਰਚਨਾ' ਪ੍ਰਕਾਸ਼ਤ ਕਰਵਾਈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਅਰਪਨ ਕੀਤਾ। ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਸੈਂਟਰਲ  ਸਿੱਖ ਅਜਾਇਬ ਘਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਹੈ।
ਗਿਆਨੀ ਗੁਰਦਿੱਤ ਸਿੰਘ ਦਾ ਵਿਆਹ ਵਿਦਿਅਕ ਮਾਹਿਰ ਇੰਦਰਜੀਤ ਕੌਰ ਸੰਧੂ ਨਾਲ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ। ਦੋਹਾਂ  ਵਿਦਵਾਨਾਂ ਦੇ ਸਾਥ ਨੇ ਸਿੱਖ ਜਗਤ ਨੂੰ ਸ਼ਾਹਕਾਰ ਰਚਨਾਵਾਂ ਦਿੱਤੀਆਂ ਜਿਹੜੀਆਂ ਹਮੇਸ਼ਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ, ਸਿੱਖ ਸੋਚ ਦੇ ਮੁੱਦਈ, ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ। ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ। ਆਪਣੇ ਧਰਮ ਦੀ ਪ੍ਰਫੁਲਤਾ ਲਈ ਉਹ ਹਮੇਸ਼ ਤੱਤਪਰ ਰਹਿੰਦੇ ਸਨ। ਉਹ ਸਹੀ ਅਰਥਾਂ ਵਿੱਚ ਸਿੱਖ ਧਰਮ ਦੇ ਚੇਤੰਨ ਚਿੰਤਕ ਸਨ। ਗਿਆਨੀ ਗੁਰਦਿੱਤ ਸਿੰਘ ਦੀ ਜ਼ਿੰਦਗੀ ਦਾ ਮੁੱਖ ਮੰਤਵ ਸਿੱਖ ਕੌਮ ਦੇ ਭਵਿਖ ਨੂੰ ਬਿਹਤਰੀਨ ਅਤੇ ਸੁਨਹਿਰਾ ਬਣਾਉਣਾ ਸੀ। ਉਹ ਬਹੁਰੰਗੀ ਅਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਗੁਰਮਤਿ ਤੇ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਖੋਜੀ ਵਿਦਵਾਨ ਮੰਨੇ ਜਾਂਦੇ ਸਨ। ਉਨ੍ਹਾਂ ਨੇ ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ। ਗਿਆਨੀ ਗੁਰਦਿੱਤ ਸਿੰਘ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੰਸਥਾ ਵੱਲੋਂ ਦੇਸ਼-ਵਿਦੇਸ਼ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਨੌਜਵਾਨਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਆਨੀ ਗੁਰਦਿੱਤ ਸਿੰਘ ਜੀ ਨੂੰ ਜਾਂਦਾ ਹੈ।
ਗਿਆਨੀ ਗੁਰਦਿੱਤ ਸਿੰਘ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ 'ਤੇ ਅਧਾਰਤ ਖੋਜ ਕਰਕੇ ਲਿਖਦੇ ਸਨ। ਖੋਜ ਕਾਰਜ ਲਈ ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਜਿਸ ਇਤਿਹਾਸਕ ਸਥਾਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ, ਜਿਥੇ ਗੁਰੂ ਸਾਹਿਬ ਗਏ ਹੋਣ ਉਥੋਂ ਤੱਥ ਇਕੱਤਰ ਕੀਤੇ। ਸਿੱਖ ਧਰਮ ਵਿੱਚ ਬਹੁਤ ਸਾਰੇ ਨੁਕਤਿਆਂ 'ਤੇ ਵਾਦਵਿਵਾਦ ਹੋਏ ਹਨ ਅਤੇ ਇਸ ਸਮੇਂ ਵੀ ਹੋ ਰਹੇ ਹਨ ਪ੍ਰੰਤੂ ਗਿਆਨੀ ਗੁਰਦਿੱਤ ਸਿੰਘ ਦੀਆਂ ਖੋਜਾਂ ਨੇ ਉਨ੍ਹਾਂ ਵਾਦ ਵਿਵਾਦਾਂ ਨੂੰ ਖ਼ਤਮ ਕਰਨ ਵਿੱਚ ਵਿਲੱਖਣ ਯੋਗਦਾਨ ਪਾਇਆ ਕਿਉਂਕਿ ਉਨ੍ਹਾਂ ਹਰ ਪੁਸਤਕ, ਲੇਖ ਅਤੇ ਕਿਤਾਬਚਿਆਂ ਨੂੰ ਲਿਖਣ ਸਮੇਂ ਪੁਰਾਤਨ ਖਰੜਿਆਂ ਵਿੱਚੋਂ ਉਦਾਹਰਣਾ ਦੇ ਕੇ ਸਹੀ ਤੱਥ ਸਾਹਮਣੇ ਲਿਆਂਦੇ ਸਨ। ਉਨ੍ਹਾਂ ਦੂਜੀਆਂ ਭਾਸ਼ਾਵਾਂ ਦਾ ਵੀ ਤੁਲਨਾਤਮਿਕ ਅਧਿਐਨ ਕਰਕੇ ਇਤਿਹਾਸਕ ਤੱਥਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕੋਈ ਵੀ ਪੁਸਤਕ ਜਲਦਬਾਜ਼ੀ ਵਿੱਚ ਨਹੀਂ ਪ੍ਰਕਾਸ਼ਤ ਕਰਵਾਈ। ਪੁਸਤਕਾਂ ਲਈ ਮੈਟਰ ਇਕੱਤਰ ਕਰਨ ਨੂੰ ਉਹ ਵਰ੍ਹੇ ਲਗਾ ਦਿੰਦੇ ਸਨ ਤਾਂ ਜੋ ਸਿੱਖ ਜਗਤ ਨੂੰ ਸਹੀ ਰਸਤਾ ਵਿਖਾਇਆ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਬਣਕੇ ਨਿਤਰੇ ਸਨ। ਉਹ ਇਕ ਅਜਾਇਬ ਘਰ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਪੁਰਾਤਨ ਬੀੜਾਂ, ਦੁਰਲਭ ਵਸਤਾਂ, ਗੁਰੂ ਸਾਹਿਬਾਨ ਨਾਲ ਸੰਬੰਧਤ ਵਸਤੂਆਂ ਆਦਿ ਨੂੰ 'ਸਿੱਖ ਵਿਰਸਾ ਟਰੱਸਟ' ਦੇ ਰੂਪ ਵਿੱਚ ਪੰਥ ਲਈ ਸੰਭਾਲਿਆ ਜਾ ਸਕੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸੰਬੰਧ ਰੱਖਦੇ ਸਨ, ਜਿਸ ਕਰਕੇ ਉਨ੍ਹਾਂ ਨੇ ਦਿਹਾਤੀ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੰਜਾਬੀ ਪੇਂਡੂੁ ਰਹਿਣੀ ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕੀਤਾ। ਉਨ੍ਹਾਂ ਦੀ ਇਹ ਲੇਖਣੀ ਦ੍ਰਿਸ਼ਟਾਂਤਿਕ ਹੈ। ਪਾਠਕ ਨੂੰ ਪੜ੍ਹਦਿਆਂ ਹੀ ਪਿੰਡ ਦੀ ਰਹਿਤਲ ਵਿਖਾੲਂੀ ਦੇਣ ਲੱਗ ਜਾਂਦੀ ਹੈ। ਉਹ ਬੁੱਧੀਜੀਵੀ ਤੇ ਵਿਦਵਾਨ ਲੇਖਕ ਹੋਏ ਹਨ। ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ ਅਥਾਹ ਪਿਆਰ ਸੀ, ਇਸ ਕਰਕੇ ਹਮੇਸ਼ਾ ਪੰਜਾਬੀਅਤ ਵਿੱਚ ਗੜੁੱਚ ਰਹਿੰਦੇ ਸਨ। ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਦਾਰੀ ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ। ਉਹ ਇੱਕ ਸੁਲਝੇ ਹੋਏ ਸਿੱਖ ਵਿਦਵਾਨ ਸਨ, ਜਿਹਨਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ 1961 ਵਿੱਚ ਪ੍ਰਕਾਸ਼ਤ ਹੋਈ ਸ਼ਾਹਕਾਰ ਪੁਸਤਕ 'ਮੇਰਾ ਪਿੰਡ' ਨੂੰ ਗਿਣਿਆ ਜਾਂਦਾ ਹੈ। ਹੁਣ ਤੱਕ ਇਸ ਪੁਸਤਕ ਦੇ 14 ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ ਰਾਹੀਂ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਪੁਸਤਕ ਮੇਰਾ ਪਿੰਡ ਸ਼ਾਹਕਾਰ ਪੁਸਤਕ ਦੇ ਤੌਰ ਤੇ ਪ੍ਰਵਾਣਿਤ ਕੀਤੀ ਜਾਂਦੀ ਹੈ। ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿੱਚ 'ਮੇਰਾ ਪਿੰਡ' ਪੁਸਤਕ ਇਕ ਮੀਲ ਪੱਥਰ ਸਾਬਤ ਹੋਈ ਹੈ। ਗਿਆਨੀ ਗੁਰਦਿੱਤ ਸਿੰਘ ਚੋਟੀ ਦੇ ਪੱਤਰਕਾਰ ਅਤੇ ਸੰਪਾਦਕ ਸਨ। ਉਨ੍ਹਾਂ ਨੇ ਬਹੁਤ ਹੀ ਛੋਟੀ  24 ਸਾਲ ਦੀ ਉਮਰ ਵਿੱਚ ਪੱਤਰਕਾਰੀ ਦਾ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਹ ਉਚ ਕੋਟੀ ਦੇ ਨਿੱਡਰ ਪੱਤਰਕਾਰ ਤੇ ਸੰਪਾਦਕ ਸਨ। ਉਨ੍ਹਾਂ ਦੀ ਪੱਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ ਪਟਿਆਲੇ ਤੋਂ ਪੰਜਾਬੀ ਦਾ 'ਪ੍ਰਕਾਸ਼' ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਉਹ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ। ਵਿਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ। ਉਹ ਇਸ ਅਖ਼ਬਾਰ ਨੂੰ 1961 ਤੱਕ ਰੋਜ਼ਾਨਾ ਅਤੇ ਫਿਰ 1978 ਤੱਕ ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ। ਉਨ੍ਹਾਂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੀ ਰਹਿਨੁਮਾਈ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਇਸ ਖੇਤਰ ਵਿੱਚ ਬੁਲੰਦੀਆਂ 'ਤੇ ਪਹੁੰਚ ਗਏ। ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਉਨ੍ਹਾਂ ਕੋਲ ਕੰਮ ਕਰਦੇ ਸਨ। ਪੱਤਰਕਾਰੀ ਦਾ ਮੱਸ ਉਹਨਾਂ ਨੂੰ ਸਤਾਉਂਦਾ ਰਿਹਾ, ਇਸ ਕਰਕੇ ਜੀਵਨ ਸੰਦੇਸ਼ ਅਖ਼ਬਾਰ 1949 ਵਿੱਚ ਸ਼ੁਰੂ ਕੀਤਾ ਜਿਸ ਦੇ ਉਹ ਸੰਪਾਦਕ ਸਨ। 1973 ਤੋਂ 1978 ਤੱਕ ਸਿੰਘ ਸਭਾ ਪਤ੍ਰਿਕਾ ਦੇ ਸੰਪਾਦਕ ਰਹੇ। ਗਿਆਨੀ ਗੁਰਦਿੱਤ ਸਿੰਘ ਦੀ ਖੋਜ ਦਾ ਭੰਡਾਰ ਸ਼੍ਰੇਸ਼ਟ ਸੀ। ਉਨ੍ਹਾਂ ਦੀ ਲਾਇਬਰੇਰੀ ਵਿੱਚ ਖੋਜੀ ਪੁਸਤਕਾਂ ਦੀ ਭਰਮਾਰ ਸੀ। ਉਨ੍ਹਾਂ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਗਿਆਨੀ ਗੁਰਦਿੱਤ ਸਿੰਘ ਦੀਆਂ ਤਜਵੀਜਾਂ ਅਨੁਸਾਰ ਕਾਰਵਾਈ ਕਰਦੇ ਸਨ। ਉਨ੍ਹਾਂ ਨੂੰ ਗੁਰਮਤਿ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ। ਸਾਹਿਤ ਦਾ ਕੋਈ ਅਜਿਹਾ ਰੂਪ ਨਹੀਂ, ਜਿਸ 'ਤੇ ਗਿਆਨੀ ਗੁਰਦਿੱਤ ਸਿੰਘ ਨੇ ਹੱਥ ਨਾ ਅਜਮਾਇਆ ਹੋਵੇ।  ਪੰਜਾਬੀ ਦੇ ਸਿਰਕੱਢ ਵਿਦਵਾਨਾਂ ਦੀਆਂ ਜੀਵਨੀਆਂ ਲਿਖਕੇ ਪੰਜਾਬੀ ਸਾਹਿਤ ਦੀ ਵਿਰਾਸਤ ਵਿੱਚ ਵਾਧਾ ਕੀਤਾ। ਉਹ ਸਿਰੜ੍ਹੀ ਅਤੇ ਆਪਣੀ ਧੁਨ ਦੇ ਪੱਕੇ, ਦਰਵੇਸ਼ ਵਿਦਵਾਨ ਸਨ। ਉਨ੍ਹਾਂ ਦੇ ਵਿਅਕਤਿਤਵ ਵਿੱਚ ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਅਜਿਹਾ ਸੁਮੇਲ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ ਹੋਇਆ ਹੈ। 'ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ' ਉਨ੍ਹਾਂ ਛੇ ਜਿਲਦਾਂ ਵਿੱਚ ਸੰਪੂਰਨ ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਜੋ ਲੋਕ ਸਾਹਿਤ ਲੋਕਧਾਰਾ ਦਾ ਅਨਿਖੜ ਅੰਗ ਹੁੰਦਾ ਹੈ। ਸਿੱਖ ਜਗਤ ਗਿਆਨੀ ਗੁਰਦਿੱਤ ਸਿੰਘ ਦਾ ਹਮੇਸ਼ਾ ਰਿਣੀ ਰਹੇਗਾ।

19 ਫਰਵਰੀ 2024 ਨੂੰ 102ਵੇਂ ਜਨਮ ਦਿਨ 'ਤੇ ਵਿਸ਼ੇਸ਼  ਬੇਅੰਤ ਸਿੰਘ ਦਾ ਪੀ.ਜੀ.ਆਈ.ਦੇ ਮਰੀਜ਼ਾਂ ਲਈ ਸਰਾਂ ਬਣਾਉਣ ਦਾ ਸਪਨਾ ਅਧਵਾਟੇ - ਉਜਾਗਰ ਸਿੰਘ

ਬੇਅੰਤ ਸਿੰਘ ਮਾਨਵਤਾ ਦੇ ਹਿੱਤਾਂ ਦੇ ਪੁਜਾਰੀ ਸਨ ਕਿਉਂਕਿ ਉਹ ਸਮਝਦੇ ਸਨ ਕਿ ਲੋਕਤੰਤਤਰ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਭਾਈਵਾਲ ਬਣਨ ਤੋਂ ਬਿਨਾ ਸਫਲਤਾ ਸੰਭਵ ਨਹੀਂ। ਇਸ ਲਈ ਉਨ੍ਹਾਂ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜਾਂ ਦੇ ਰਹਿਣ ਲਈ ਸਰਾਂ ਬਣਾਉਣ ਦਾ ਸੁਪਨਾ ਸਿਰਜਿਆ ਸੀ। ਸਿਆਸਤਦਾਨਾ ਦੇ ਕਿਰਦਾਰ ਅਤੇ ਵਰਤਾਰੇ ਵਿੱਚ ਦਿਨ-ਬਦਿਨ ਨਿਘਾਰ ਵਿਖਾਈ ਦੇ ਰਿਹਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵਿੱਚ ਸਿਆਸਤਦਾਨਾਂ ਨੇ ਸਰਾਂ ਦੀ ਉਸਾਰੀ ਵਿੱਚ ਦਿਲਚਸਪੀ ਹੀ ਨਹੀਂ ਲਈ। ਹੁਣ ਸਿਆਸਤਦਾਨ ਸਿਰਫ ਵੋਟਾਂ ਦੀ ਸਿਆਸਤ ਕਰਦੇ ਹਨ, ਉਨ੍ਹਾਂ ਨੂੰ ਵੋਟਾਂ ਕਿਸ ਢਕਵੰਜ ਕਰਨ ਨਾਲ ਪ੍ਰਾਪਤ ਹੋ ਸਕਦੀਆਂ ਹਨ, ਇਸ ਦੇ ਢੰਗ ਤਰੀਕੇ ਸੋਚਦੇ ਰਹਿੰਦੇ ਹਨ। ਉਹ ਲੋਕਾਂ ਦੀ ਭਲਾਈ ਨੂੰ ਪ੍ਰਮੁੱਖਤਾ ਨਹੀਂ ਦਿੰਦੇ ਸਗੋਂ ਲੰਬਾ ਸਮਾਂ ਰਾਜ ਕਰਨ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਹਨ। ਵੋਟਾਂ ਵਟੋਰਨ ਦੇ ਨਵੇਂ-ਨਵੇਂ ਢੰਗ ਅਪਣਾ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮੰਤਵ ਲਈ ਉਹ ਰਣਨੀਤੀਕਾਰਾਂ ਦੀ ਮਦਦ ਲੈ ਰਹੇ ਹਨ। ਸਿਆਸਤਦਾਨਾ ਵਿੱਚ ਮਨੁੱਖਤਾ ਦੀ ਸੇਵਾ ਭਾਵਨਾ ਖੰਭ ਲਾ ਕੇ ਉਡ ਗਈ ਹੈ। ਇਸ ਲਈ ਲੋਕਾਂ ਦਾ ਪਰਜਾਤੰਤਰ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਸਿਆਸਤਦਾਨਾਂ ਦੀ ਨਵੀਂ ਪੀੜ੍ਹੀ ਨੂੰ ਆਜ਼ਾਦੀ ਪ੍ਰਾਪਤੀ ਲਈ ਜਦੋਜਹਿਦ ਕਰਨ ਵਾਲੇ ਸਵਤੰਤਰਤਾ ਸੈਨਾਨੀਆਂ ਤੋਂ ਪ੍ਰੇਰਨਾ ਲੈ ਕੇ ਸਿਆਸਤ ਕਰਨੀ ਚਾਹੀਦੀ ਹੈ। ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇਕਰ ਉਹ ਲੋਕਾਂ ਦੀ ਸੇਵਾ ਭਾਵਨਾ ਨਾਲ ਰਹਿਨੁਮਾਈ ਕਰਨਗੇ ਤਾਂ ਵੋਟਾਂ ਖੁਦ-ਬਖੁਦ ਮਿਲਣਗੀਆਂ। ਸ੍ਰ.ਬੇਅੰਤ ਸਿੰਘ ਜਦੋਂ ਫ਼ਰਵਰੀ 1992 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਸੈਕਟਰ 15 ਵਿੱਚ ਇੱਕ ਸਰਾਂ ਬਣਾਉਣ ਦਾ ਪ੍ਰਣ ਕੀਤਾ। ਕਾਂਗਰਸ ਭਵਨ ਪੀ.ਜੀ.ਆਈ.ਹਸਪਤਾਲ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਹੈ। ਪੀ.ਜੀ.ਆਈ.ਉਤਰੀ ਭਾਰਤ ਦਾ ਸਰਵੋਤਮ ਇਲਾਜ ਕਰਨ ਵਾਲਾ ਹਸਪਤਾਲ ਹੈ। ਏਥੇ ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਪੰਜਾਬ ਵਿੱਚੋਂ ਮਰੀਜ਼ ਆਉਂਦੇ ਹਨ। ਜਦੋਂ ਉਹ ਪੀ.ਜੀ.ਆਈ.ਵਿੱਚ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਇਲਾਕਿਆਂ ਤੋਂ ਆਉਂਦੇ ਹਨ ਤਾਂ ਮਰੀਜਾਂ ਅਤੇ ਉਨ੍ਹਾਂ ਦੇ ਨਾਲ ਆਏ ਸੰਬੰਧੀਆਂ ਨੂੰ ਇਲਾਜ ਵਾਸਤੇ ਕਈ ਦਿਨ ਰਹਿਣਾ ਪੈਂਦਾ ਹੈ। ਪ੍ਰੰਤੂ ਉਹ ਵਿਚਾਰੇ ਹਸਪਤਾਲ ਦੇ ਵਰਾਂਡਿਆਂ ਵਿੱਚ ਰੁਲਦੇ ਰਹਿੰਦੇ ਹਨ। ਇਸ ਲਈ ਬੇਅੰਤ ਸਿੰਘ ਨੇ ਸਰਾਂ ਦੀ ਉਸਾਰੀ ਦਾ ਪ੍ਰਣ ਕੀਤਾ ਸੀ। ਉਸ ਸਰਾਂ ਵਿੱਚ ਘੱਟ ਦਰਾਂ ਤੇ ਰਹਿਣ ਲਈ ਕਮਰੇ ਅਤੇ ਇਕ ਰਸੋਈ ਬਣਾਉਣੀ ਸੀ, ਜਿਥੇ ਮਰੀਜਾਂ ਦੇ ਵਾਰਸ ਰਹਿ ਸਕਣ ਅਤੇ ਸਸਤਾ ਖਾਣਾ ਮਿਲ ਸਕੇ। ਪੰਜਾਬ ਕਾਂਗਰਸ ਭਵਨ ਵਿੱਚ ਬਰੈਡਲੇ ਹਾਲ ਬਣਾਉਣ ਲਈ ਥਾਂ ਰਾਖਵੀਂ ਰੱਖੀ ਹੋਈ ਸੀ, ਕਿਉਂਕਿ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਬਰੈਡਲੇ ਹਾਲ ਬਣਿਆਂ ਹੋਇਆ ਸੀ। ਉਨ੍ਹਾਂ ਮੁੱਖ ਮੰਤਰੀ ਬਣਦਿਆਂ ਹੀ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਬਰੈਡਲੇ ਹਾਲ ਦੀ ਤਜਵੀਜ ਨੂੰ ਬਦਲ ਕੇ ਸਰਾਂ ਬਣਾਉਣ ਦੀ ਇਜ਼ਾਜ਼ਤ ਦਿੱਤੀ ਜਾਵੇ। ਲੰਬੀ ਦਫ਼ਤਰੀ ਕਾਰਵਾਈ ਤੋਂ ਬਾਅਦ ਲੱਖਾਂ ਰੁਪਏ ਸਰਾਂ ਬਣਾਉਣ ਦੀ ਉਸਾਰੀ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਜਮ੍ਹਾਂ ਕਰਵਾਉਣ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਪ੍ਰਵਾਨਗੀ ਦਿੱਤੀ। ਵੱਡੇ ਆਰਕੀਟੈਕਟ ਤੋਂ ਤਿੰਨ ਮੰਜਲਾ ਇਮਾਰਤ ਦਾ ਨਕਸ਼ਾ ਬਣਵਾਇਆ ਅਤੇ ਦਾਨੀ ਸੱਜਣਾ ਤੋਂ ਪੈਸਾ ਇਕੱਠਾ ਕੀਤਾ। ਨੀਂਹਾਂ ਪੁੱਟੀਆਂ ਗਈਆਂ ਅਤੇ ਦਾਨੀ ਦੋਸਤਾਂ ਮਿਤਰਾਂ ਨੇ ਰੇਤਾ ਬਜਰੀ ਤੇ ਸਰੀਆ ਲਿਆ ਕੇ ਦਿੱਤਾ। ਸੀਨੀਅਰ ਕਾਂਗਰਸੀ ਨੇਤਾਵਾਂ ਦੀ ਕਮੇਟੀ ਬਣਾ ਕੇ ਉਸਾਰੀ ਦੀ ਵੇਖ ਰੇਖ ਦੀ ਜ਼ਿੰਮੇਵਾਰੀ ਦਿੱਤੀ ਗਈ। ਦਾਨੀ ਸੱਜਣਾ ਦੀ ਰਕਮ ਕਾਂਗਰਸ ਪਾਰਟੀ ਦੇ ਖ਼ਜਾਨਚੀ ਕੋਲ ਜਮ੍ਹਾ ਕਰਵਾਈ ਗਈ। ਠੇਕੇਦਾਰ ਨੂੰ ਉਸਾਰੀ ਦਾ ਠੇਕਾ ਦੇ ਦਿੱਤਾ ਗਿਆ। ਨੀਹਾਂ ਭਰੀਆਂ ਗਈਆਂ, ਇਤਨੀ ਦੇਰ ਨੂੰ ਸ੍ਰ.ਬੇਅੰਤ ਸਿੰਘ ਬੰਬ ਧਮਾਕੇ ਵਿੱਚ ਸਵਰਗਵਾਸ ਹੋ ਗਏ। ਸਰਾਂ ਦੀ ਉਸਾਰੀ ਦਾ ਕੰਮ ਉਨ੍ਹਾਂ ਦੀ ਮੌਤ ਤੋਂ ਬਾਅਦ ਖੂਹ ਖਾਤੇ ਪੈ ਗਿਆ। ਕਾਂਗਰਸ ਪਾਰਟੀ ਦੇ ਕਿਸੇ ਵੀ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਨੇ ਸਰਾਂ ਦੀ ਉਸਾਰੀ ਵਿੱਚ ਦਿਲਚਸਪੀ ਨਹੀਂ ਲਈ, ਸਗੋਂ ਜਿਹੜੀ ਦਾਨੀਆਂ ਦੀ ਰਕਮ ਸੀ, ਉਹ ਵੀ ਪਾਰਟੀ ਦੇ ਸਮਾਗਮਾਂ ਵਿੱਚ ਖ਼ਰਚ ਕਰ ਦਿੱਤੀ ਗਈ। ਜਦੋਂ ਉਸ ਸਮੇਂ ਦੇ ਖ਼ਜਾਨਚੀ ਤੋਂ ਉਸ ਰਕਮ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਗਲੇ ਪ੍ਰਧਾਨਾ ਨੇ ਸਾਰੀ ਰਕਮ ਕਾਂਗਰਸ ਪਾਰਟੀ ਲਈ ਖ਼ਰਚ ਦਿੱਤੀ। ਸਰਾਂ ਦੀ ਉਸਾਰੀ ਦੀ ਤਾਂ ਗੱਲ ਹੀ ਛੱਡੋ, ਇਥੋਂ ਤੱਕ ਕਿ ਜਿਹੜਾ ਰੇਤਾ, ਬਜਰੀ, ਸਰੀਆ ਅਤੇ ਸੀਮਿੰਟ ਉਥੇ ਪਿਆ ਸੀ, ਉਹ ਵੀ ਖੁਰਦ-ਬੁਰਦ ਹੋ ਗਿਆ। ਇਹ ਸਿਆਸਤਦਾਨਾਂ ਦੀ ਸੋਚ ਦਾ ਨਤੀਜਾ ਹੈ, ਜਿਸ ਕਰਕੇ ਅੱਜ ਵੀ ਪੀ.ਜੀ.ਆਈ ਵਿੱਚ ਆਉਣ ਵਾਲੇ ਮਰੀਜ ਰੁਲਦੇ ਫਿਰਦੇ ਹਨ ਕਿਉਂਕਿ ਉਹ ਗ਼ਰੀਬ ਲੋਕ ਮਹਿੰਗੇ ਹੋਟਲਾਂ ਵਿੱਚ ਰਹਿ ਨਹੀਂ ਸਕਦੇ। ਰਾਜਨੀਤਕ ਲੋਕ ਤਾਂ ਸਰਕਾਰੀ ਆਰਾਮ ਘਰਾਂ ਅਤੇ ਹੋਟਲਾਂ ਵਿੱਚ ਠਹਿਰਦੇ ਹਨ ਪ੍ਰੰਤੂ ਗ਼ਰੀਬ ਲੋਕਾਂ ਦੀ ਬਾਂਹ ਕੋਈ ਨਹੀਂ ਫੜ੍ਹਦਾ। ਇਹ ਸਾਰਾ ਕਿਰਾਰਡ ਕਾਂਗਰਸ ਭਵਨ ਦੇ ਖੱਲ ਖੂੰਜੇ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਮੌਜੂਦ ਪਿਆ ਹੋਵੇਗਾ। ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਲੋਕ ਪੱਖੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਜੇਕਰ ਕੋਈ ਸੰਜੀਦਾ ਸਿਆਸਤਦਾਨ ਲੋਕ ਭਲਾਈ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਅੱਗੇ ਆ ਕੇ ਸਰਾਂ ਦੀ ਉਸਾਰੀ ਦਾ ਸ਼ੁਭ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਦਾਨੀ ਸੱਜਣ ਬਹੁਤ ਹਨ ਪ੍ਰੰਤੂ ਕੰਮ ਜਰੂਰ ਸ਼ੁਰੂ ਕਰਨਾ ਚਾਹੀਦਾ ਹੈ। ਸਰਾਂ ਦੀ ਉਸਾਰੀ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਅੱਜ 19 ਫਰਵਰੀ 2024 ਨੂੰ ਸ੍ਰ.ਬੇਅੰਤ ਸਿੰਘ ਦੇ ਜਨਮ ਦਿਨ 'ਤੇ 42 ਸੈਕਟਰ ਚੰਡੀਗੜ੍ਹ ਉਨ੍ਹਾਂ ਦੀ ਸਮਾਧੀ ਤੇ ਪਰਿਵਾਰ ਵੱਲੋਂ ਸਰਵ ਧਰਮ ਪ੍ਰਾਰਥਨਾ ਸਭਾ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ ਆਯੋਜਤ ਕੀਤੀ ਜਾ ਰਹੀ ਹੈ।

‘ਮਨੀ ਪਲਾਂਟ ਵਰਗਾ ਆਦਮੀ ’ ਕਾਵਿ ਸੰਗ੍ਰਹਿ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ

ਹਰਦੀਪ ਸੱਭਰਵਾਲ ਦਾ ਕਾਵਿ ਸੰਗ੍ਰਹਿ ‘ਮਨੀ ਪਲਾਂਟ ਵਰਗਾ ਆਦਮੀ’ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ ਦਾ ਪ੍ਰਗਟਾਵਾ ਕਰਦਾ ਹੈ। ਇਸ ਵਿਚਾਰ ਪ੍ਰਧਾਨ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ  ਕਵਿਤਾਵਾਂ ਸਿੰਬਾਲਿਕ ਹਨ, ਜੋ ਇਨਸਾਨ ਦੀ ਮਾਨਸਿਕਤਾ ਅਤੇ ਸਮਾਜਿਕਤਾ ਨਾਲ ਸੰਬੰਧ ਰੱਖਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਹਰਦੀਪ ਸੱਭਰਵਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਾ ਹੈ। ਵਰਤਮਾਨ ਸਮੇਂ ਇਨਸਾਨ ਦੂਹਰੀ ਅਰਥਾਤ ਦੋਗਲੀ ਜ਼ਿੰਦਗੀ ਜੀਅ ਰਿਹਾ ਹੈ। ਉਸ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਲਈ ਉਸ ਦੇ ਮਨ ਦੀ ਕਿਸੇ ਵੀ ਗੱਲ ਦਾ ਸਹੀ ਜਵਾਬ ਲੱਭਣਾ ਅਸੰਭਵ ਹੁੰਦਾ ਜਾ ਰਿਹਾ ਹੈ। ਮਨੁੱਖ ਦੇ ਚਿਹਰੇ ਮੋਹਰੇ ਦੀਆਂ ਹਰਕਤਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਸ ਦੇ ਅੰਦਰ ਕੀ ਵਿਚਰ ਰਿਹਾ ਹੈ? ਇਸ ਲਈ ਕਵੀ ਨੇ ਖੁਲ੍ਹੀਆਂ ਕਵਿਤਾਵਾਂ ਰਾਹੀਂ ਇਨਸਾਨ ਦੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਹੈ। ਕਾਵਿ ਸੰਗ੍ਰਹਿ ਦਾ ਨਾਮ ਵੀ ਸਿੰਬਾਲਿਕ ਹੈ। ਜੇਕਰ ਸਮੁੱਚੇ ਤੌਰ ‘ਤੇ ਵੇਖਿਆ ਜਾਵੇ ਤਾਂ ਸਮਾਜ ਆਰਥਿਕਤਾ ਦੇ ਆਲੇ ਦੁਆਲੇ ਘੁੰਮਦਾ ਹੈ। ਪੁਸਤਕ ਦਾ ਨਾਮ ਮਨੀ ਪਲਾਂਟ ਭਾਵੇਂ ਇਕ ਕਵਿਤਾ ਦੇ ਸਿਰਲੇਖ ਕਰਕੇ ਹੀ ਰੱਖਿਆ ਗਿਆ ਹੈ ਪ੍ਰੰਤੂ ਇਹ ਸਮਾਜ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਮਨੀ ਪਲਾਂਟ ਨਾਮ ਆਰਥਿਕਤਾ ਦਾ ਇਜ਼ਹਾਰ ਕਰਦਾ ਹੈ। ਰੁਪਇਆ ਪੈਸਾ ਭਾਵੇਂ ਜ਼ਿੰਦਗੀ ਜਿਓਣ ਲਈ ਜ਼ਰੂਰੀ ਹੁੰਦਾ ਹੈ ਪ੍ਰੰਤੂ ਸਭ ਕੁਝ ਨਹੀਂ ਹੁੰਦਾ। ਲੋਕ ਪੈਸਾ ਕਮਾਉਣ ਲਈ ਹਰ ਹੀਲਾ ਵਰਤਕੇ ਹਰ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਵਿ ਸੰਗ੍ਰਹਿ ਵਿੱਚ ਇਨ੍ਹਾਂ ਵਿਸੰਗਤੀਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਮ ਤੌਰ ‘ਤੇ ਘਰਾਂ ਵਿੱਚ ਮਨੀ ਪਲਾਂਟ ਲਗਾਕੇ ਵਹਿਮ ਪਾਲਿਆ ਜਾਂਦਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਮਨੁੱਖ ਵੀ ਪੈਸੇ ਕਮਾਉਣ ਦਾ ਸਾਧਨ ਸਮਝਿਆ ਜਾਂਦਾ ਹੈ। ਇਸ ਲਈ ਉਸ ਦੇ ਮਨ ਅੰਦਰ ਹਮੇਸ਼ਾ ਪੈਸੇ ਕਮਾਉਣ ਦੇ ਸਾਧਨ ਬਣਾਉਣ ਲਈ ਉਥਲ ਪੁਥਲ ਹੁੰਦੀ ਰਹਿੰਦੀ ਹੈ। ਇਸ ਲਈ ਮਨੀ ਪਲਾਂਟ ਅਤੇ ਆਦਮੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਸਮਾਜ ਇਕ ਦੂਜੇ ਦੀ ਮਾਨਸਿਕਤਾ ਨੂੰ ਸਮਝਣ ਦੇ ਆਹਰੇ ਲੱਗਿਆ ਰਹਿੰਦਾ ਹੈ ਪ੍ਰੰਤੂ ਇਨਸਾਨ ਦੇ ਅੰਦਰ ਜਿਹੜੇ ਭਾਂਬੜ ਮੱਚਦੇ ਹਨ ਅਤੇ ਜੋ ਅੱਗ ਸੁਲਗਦੀ ਹੈ, ਉਸ ਬਾਰੇ ਜਾਨਣਾ ਮੁਸ਼ਕਲ ਹੁੰਦਾ ਹੈ। ਸਮਾਜ ਵਿੱਚ ਵਹਿਮਾਂ ਭਰਮਾ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵੀ ਇਹੋ ਕੁਝ ਦਰਸਾ ਰਹੀਆਂ ਹਨ। ਕਵੀ ਜੋ ਸਮਾਜਿਕ ਤਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਾ ਰਿਹਾ ਹੈ, ਉਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਜਿਨ੍ਹਾਂ ਨਾਲ ਆਮ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਸਭਿਅਚਾਰਕ ਜਨ ਜੀਵਨ ਤੇ ਮਾੜਾ ਪ੍ਰਭਾਵ ਪੈਂਦਾ ਹੈ, ਉਨ੍ਹਾਂ ਬਾਰੇ ਕਵਿਤਾਵਾਂ ਲਿਖਕੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਹੋਣ ਦਾ ਸਬੂਤ ਦਿੱਤਾ ਹੈ। ਮਨੀ ਪਲਾਂਟ ਕਾਵਿ ਸੰਗ੍ਰਹਿ ਵਿੱਚ 74 ਕਵਿਤਾਵਾਂ ਹਨ ਜੋ ਮਨੁੱਖਤਾ ਦੀ ਮਾਨਸਿਕਤਾ ਅਤੇ ਸਮਾਜਿਕਤਾ ਦੇ ਅਨੇਕਾਂ ਰੰਗ ਖਿਲਾਰ ਰਹੀਆਂ ਹਨ। ਸ਼ਾਇਰ ਦੀਆਂ ਕਵਿਤਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਹਿਤ/ਕਲਾ, ਕਲਾ ਲਈ ਨਹੀਂ ਸਗੋਂ ਲੋਕਾਂ ਦੇ ਦੁੱਖ ਦਰਦ ਦਾ ਪ੍ਰਗਟਾਵਾ ਕਰਨ ਵਾਲੀ ਹੋਣੀ ਚਾਹੀਦੀ ਹੈ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਹੀ ਮਨੁੱਖਤਾ ਦੇ ਮਨ ਦੇ ਵਿਕਾਰਾਂ ਦੀ ਧੂੜ ਨੂੰ ਗੁਰਬਾਣੀ ਦੇ ਪਵਿਤਰ ਕੀਰਤਨ ਨਾਲ ਨਿਰਮਲ ਕਰਨ ਦੀ ਤਾਕੀਦ ਕਰਦੀ ਹੈ। ਦੂਜੀ ਕਵਿਤਾ ਮਾਂ ਤੋਂ ਸ਼ੁਰੂ ਹੋ ਕੇ ਧੀ ਅਤੇ ਫਿਰ ਇਸਤਰੀਆਂ ਨਾਲ ਮਰਦਾ ਪ੍ਰਧਾਨ ਸਮਾਜ ਵੱਲੋਂ ਕੀਤੇ ਜਾਂਦੇ ਬਲਾਤਕਾਰਾਂ ਦੇ ਸੰਤਾਪ ਦਾ ਜ਼ਿਕਰ ਕਰਦੀ ਹੈ। ਉਹ ਮਾਂ ਤੇ ਧੀ ਆਪਣੇ ਪਰਿਵਾਰ ਅਤੇ ਮਰਦ ਦੀ ਬਿਹਤਰੀ ਤੇ ਸਫਲਤਾ ਲਈ ਸੁਪਨੇ ਸਿਰਜਦੀਆਂ ਹਨ ਪ੍ਰੰਤੂ ਮਰਦ ਦੀ ਮਾਨਸਿਕਤਾ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਤੋਂ ਬਾਜ਼ ਨਹੀਂ ਆਉਂਦਾ। ਇਨ੍ਹਾਂ ਕਵਿਤਾਵਾਂ ਵਿੱਚ ਇਨਸਾਨ ਦੀਆਂ ਕੋਝੀਆਂ ਚਾਲਾਂ ਬਾਰੇ ਵੀ ਦੱਸਿਆ ਗਿਆ ਹੈ, ਜਿਵੇਂ ਭਰਿਸ਼ਟਾਚਾਰ ਅਤੇ ਮਰਦ ਦੀ ਮਾਨਸਿਕਤਾ ਬਾਰੇ ਅਸ਼ਲੀਲ ਕਵਿਤਾ ਵਿੱਚ ਸ਼ਾਇਰ ਦੋਹਰੇ ਅਰਥਾਂ ਵਾਲੀ ਗੱਲ ਕਰਦਾ ਲਿਖਦਾ ਹੈ:

Êਪਰ ਕਿੱਥੇ ਹੁੰਦਾ ਹੈ ਕਲਾਤਮਿਕ ਜਿਹਾ

ਭੁੱਖੇ ਢਿੱਡ ਦੀ ਕਥਾ ਕਹਿੰਦੀ ਕਵਿਤਾ ਵਿੱਚ

ਭਿ੍ਰਸ਼ਟਾਚਾਰ ਦੀ ਗੱਲ ਕਰਦੀ ਕਵਿਤਾ

ਨਹੀਂ ਦਮ ਭਰਦੀ ਕਲਾਕਾਰੀ ਦਾ

ਸੜਕ ਦੇ ਵਿੱਚਕਾਰ ਦੌੜਦੀਆਂ

ਔਰਤ ਦੇ ਨੰਗੇ ਸਿਰ ਤੋਂ ਸ਼ੁਰੂ ਹੋ

ਮਰਦ ਦੀ ਨੰਗੀ ਸੋਚ ਤੱਕ ਸਿਮਟਦੀ ਹੈ

Çਲੰਗ ਭੇਦ ਦੀ ਕਥਾ ਕਹਿੰਦੀ ਕਵਿਤਾ।

ਕਵੀ ਬਹੁਤ ਸਾਰੇ ਵਿਸ਼ੇ ਸਿੰਬਾਲਿਕ ਢੰਗ ਨਾਲ ਛੋਂਹਦਾ ਹੈ,  ਮੁੰਡਿਆਂ ਨੂੰ ਫ਼ੌਜੀ ਵਰਦੀ, ਜੰਗ ਤੋਂ ਬਾਅਦ ਦੀ ਦੁਰਦਸ਼ਾ, ਨਾਗਰਿਕਤਾ ਕਾਨੂੰਨ, ਇੱਕ ਭਾਸ਼ਾ ਇਕ ਦੇਸ਼, ਮੁਫ਼ਤਖ਼ੋਰੀ ਦੇ ਨੁਕਸਾਨ, ਚਮਚਿਆਂ ਦਾ ਯੋਗਦਾਨ, ਜ਼ੁਲਮੀ ਲੋਕ, ਧਾਰਮਿਕ ਕੱਟੜਤਾ ਆਦਿ। ਇਨ੍ਹਾਂ ਵਿਸ਼ਿਆਂ ਵਾਲੀਆਂ ਕਵਿਤਾਵਾਂ ਸਮਾਜ ਦਾ ਕੋਝਾ ਰੂਪ ਦਰਸਾਉਂਦੀਆਂ ਹੋਈਆਂ ਇਨਸਾਨੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਕਵੀ ਦੀਆਂ ਕਵਿਤਾਵਾਂ ਸਿਆਸਤਦਾਨਾ ਦੀ ਧਾਰਮਿਕ ਕੱਟੜਤਾ, ਬੇਰੋਜ਼ਗਾਰੀ, ਕਿਸਾਨੀ ਖ਼ੁਦਕਸ਼ੀਆਂ, ਸ਼ੋਸ਼ਲ ਮੀਡੀਆ ਵਿੱਚ ਜ਼ਾਅਲੀ ਅਕਾਊਂਟ, ਸਮੇਂ ਦੀ ਨਜ਼ਾਕਤ ਨੂੰ ਨਾ ਸਮਝਣਾ, ਮਨੁੱਖ ਦਾ ਮਨੀ ਪਲਾਂਟ ਦੀ ਤਰ੍ਹਾਂ ਵਿਚਰਣਾ, ਅਮੀਰ ਗ਼ਰੀਬ ਦਾ ਪਾੜਾ, ਬੇਘਰੇ ਲੋਕਾਂ ਦੀ ਤ੍ਰਾਸਦੀ, ਆਪਣੇ ਅੰਦਰ ਝਾਤ ਨਾ ਮਾਰਨਾ, ਮਿਹਨਤ ਤੋਂ ਪ੍ਰਹੇਜ, ਨੀਰਸ ਹੋਣਾ, ਮਨ ਦੀ ਧੂੜ ਨਾ ਲਾਹੁਣੀ, ਸਚਾਈ ਤੇ ਪਹਿਰਾ ਨਾ ਦੇਣਾ, ਸਾਹਿਤਕਾਰਾਂ ਦਾ ਮੁੱਖ ਮੁਦਿਆਂ ਤੋਂ ਪਾਸਾ ਵੱਟਣਾ, ਸਚਾਈ ਤੇ ਨਾ ਖੜ੍ਹਨਾ, ਜ਼ੁਲਮਾ ਦਾ ਵਿਰੋਧ ਨਾ ਕਰਨਾ, ਫ਼ਿਰਕਾਪ੍ਰਤੀ, ਦੇਸ਼ ਧਰੋਹ ਦੇ ਗ਼ਲਤ ਅਰਥ ਕੱਢਣੇ, ਬਜ਼ੁਰਗਾਂ, ਬੱਚਿਆਂ ਅਤੇ ਨੌਜਵਾਨਾ ਦੀ ਅਣਵੇਖੀ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਬਾਖ਼ੂਬੀ ਕਵਿਤਾਵਾਂ ਵਿੱਚ ਚਿਤਰਿਆ ਹੈ ਤਾਂ ਜੋ ਲੋਕ ਪ੍ਰੇਰਨਾ ਲੈ ਕੇ ਆਪਣਾ ਭਵਿਖ ਸੁਨਹਿਰਾ ਬਣਾ ਸਕਣ। ਕਤਾਰ ਸਿਰਲੇਖ ਵਾਲੀ ਕਵਿਤਾ ਵਿੱਚ ਦਰਸਾਇਆ ਗਿਆ ਹੈ ਕਿ ਮਿਹਨਤਕਸ਼ਾਂ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਸਗੋਂ ਉਨ੍ਹਾਂ ਦੀ ਮਿਹਨਤ ਦਾ ਫਲ ਵਿਓਪਾਰੀ ਆਰਥਾਤ ਵੱਡੇ ਮਗਰਮੱਛ ਨਿਗਲ ਜਾਂਦੇ ਹਨ। ਮੌਕਾਪ੍ਰਸਤੀ ਦਾ ਜ਼ਮਾਨਾ ਹੈ। ਪਿਆਰ ਸਿਰਲੇਖ ਵਾਲੀਆਂ ਦੋਵੇਂ ਕਵਿਤਾਵਾਂ ਦਾ ਸਿੱਟਾ ਨਿਕਲਦਾ ਹੈ ਕਿ ਪਿਆਰ ਦੁਕਾਨਦਾਰੀ ਬਣ ਗਿਆ ਹੈ। ਪਿਆਰ ਵਿੱਚ ਧੋਖੇ, ਫਰੇਬ ਅਤੇ ਚਲਾਕੀਆਂ ਚਲਦੀਆਂ ਹਨ ਅਤੇ ਮਾਸੂਮਾ ਨਾਲ ਹੋ ਰਹੇ ਖਿਲਵਾੜ ਦਾ ਜ਼ਿਕਰ ਕੀਤਾ ਗਿਆ ਹੈ। ਖੋਖਲੇ ਲੋਕਤੰਤਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਕਿੱਸਾ ਕਵਿਤਾ ਵਿੱਚ ਝੂਠੇ ਵਾਅਦਿਆਂ, ਖਾਈ ਵਿੱਚ ਜ਼ਾਤਪਾਤ, ਇਮੋਜੀ ਵਿੱਚ ਪਰਵਾਸ ਦੀ ਚਕਾਚੌਂਦ ਤੇ ਉਸ ਦੀ ਤ੍ਰਾਸਦੀ, ਬੇਬੇ ਵਿੱਚ ਦੇਸ਼ ਦੀ ਵੰਡ ਤੇ ਵਿਰਾਸਤ ਦੀ ਹੂਕ ਦਾ ਵਿਸ਼ਲੇਸ਼ਣ ਹੈ। ਰਿਜ਼ਰਵੇਸ਼ਨ ਕਵਿਤਾ ਵਿੱਚ ਗ਼ਰੀਬ ਅਤੇ ਅਮੀਰ ਬੱਚਿਆਂ ਦੀ ਪੜ੍ਹਾਈ ਦੇ ਮੌਕਿਆਂ ਦਾ ਅੰਤਰ, ਦੋਹਾਂ ਵਿੱਚ ਇਨਸਾਨੀਅਤ ਦਾ ਘਾਣ, ਇਲਕਲਾਬ ਵਿੱਚ ਸੁਪਨਿਆਂ ਦਾ ਮਰਨਾ, ਨਸ਼ਲਕੁਸ਼ੀ ਵਿੱਚ ਚੈਨਲਾਂ ‘ਤੇ ਝੂਠ ਤੇ ਕੁਫਰ ਦੇ ਪ੍ਰਚਾਰ ਨਾਲ ਝੂਠ ਨੂੰ ਸੱਚ ਬਣਾਉਣ, ਸੁਆਹ ਵਿੱਚ 1984 ਦੇ ਕਤਲੇਆਮ ਦੀ ਤ੍ਰਾਸਦੀ ਅਤੇ ਵਹਿਮਾ ਨਾਲ ਨਫ਼ਰਤ ਦਾ ਫ਼ੈਲਾਉਣਾ ਦਰਸਾਇਆ ਗਿਆ ਹੈ। ਜੰਗਲ ਨਾਮ ਦੀ ਕਵਿਤਾ ਵਿੱਚ ਇਨਸਾਨ ਨੂੰ ਆਪਣੇ ਅੰਦਰਲੇ ਜਾਨਵਰ ਨੂੰ ਮਾਰਨ ਦੀ ਨਸੀਅਤ ਦਿੱਤੀ ਗਈ ਹੈ ਤਾਂ ਜੋ ਇਨਸਾਨੀਅਤ ਬਰਕਰਾਰ ਰਹਿ ਸਕੇ। ਕੰਧ ਵਿੱਚ ਸਮੇਂ ਦੇ ਲੰਘਣ ਨਾਲ ਸੋਚ ਬਦਲਦੀ ਹੈ। ਐਤਵਾਰ ਕਵਿਤਾ ਵਿੱਚ ਕਿਹਾ ਕਿ ਚੰਗੀ ਜ਼ਿੰਦਗੀ ਜਿਓਣ ਲਈ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ, ਯੁਗ ਵਿੱਚ ਆਧੁਨਿਕਤਾ ਵਿਰਾਸਤ ਨੂੰ ਖ਼ਤਮ ਕਰਦੀ ਹੈ, ਡਰ ਜਾਣਾ ਵਿੱਚ ਚੁਗਲਖ਼ੋਰੀ, ਮੱਧ ਵਰਗ ਦੀਆਂ ਔਰਤਾਂ ਦੀ ਸੋਚ ਬਦਲਦੀ ਰਹਿੰਦੀ ਹੈ ਤੇ ਉਹ ਆਪਣੀਆਂ ਅਧੂਰੀਆਂ ਇਛਾਵਾਂ ਆਪਣੀ ਔਲਾਦ ਰਾਹੀਂ ਪੂਰੀਆਂ ਕਰਦੀਆਂ ਹਨ। ਹਰਦੀਪ ਸੱਭਰਵਾਲ ਨੇ ਸਮਜ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਸੰਬੰਧੀ ਕਵਿਤਾਵਾਂ ਲਿਖਕੇ ਲੋਕਾਈ ਨੂੰ ਜਾਗ੍ਰਤ ਕਰਨ ਦਾ ਉਪਰਾਲਾ ਕੀਤਾ ਹੈ। 

104 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 ਮੋਬਾਈਲ-94178 13072

   ujagarsingh48@yahoo.com

ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ 'ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ' ਸਿਦਕ ਦਾ ਪ੍ਰਤੀਕ - ਉਜਾਗਰ ਸਿੰਘ

ਅਣਗੌਲਿਆ ਆਜ਼ਾਦੀ ਘੁਲਾਟੀਆ ਬਾਬਾ ਨਿਧਾਨ ਸਿੰਘ ਮਹੇਸਰੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਪ੍ਰਤੀਬੱਧ ਸੁਤੰਤਰਤਾ ਸੰਗਰਾਮੀਆਂ ਸੀ। ਡਾ.ਗੁਰਦੇਵ ਸਿੰਘ ਸਿੱਧੂ ਕਿੱਤੇ ਦੇ ਤੌਰ 'ਤੇ ਪੰਜਾਬੀ ਦਾ ਕਾਲਜ ਅਧਿਆਪਕ ਹੈ ਪ੍ਰੰਤੂ ਉਸ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਇਤਿਹਾਸ ਨਾਲ ਸੰਬੰਧਤ ਵਿਸ਼ਿਆਂ, ਖਾਸ ਤੌਰ 'ਤੇ ਸੁਤੰਤਰਤਾ ਸੰਗਰਾਮ ਅਤੇ ਦੇਸ਼ ਭਗਤੀ ਨਾਲ ਸੰਬੰਧ ਪ੍ਰਕਾਸ਼ਤ ਕਰਵਾਈਆਂ ਹਨ। ਉਸ ਨੇ ਇੱਕ ਸੰਸਥਾ ਤੋਂ ਵਧੇਰੇ ਕੰਮ ਕੀਤਾ ਹੈ।  ਉਸ ਨੂੰ ਅਜਿਹੇ ਵਿਸ਼ਿਆਂ ਬਾਰੇ ਲਿਖਣ ਦੀ ਦਿਲਚਸਪੀ ਉਦੋਂ ਪਈ ਜਦੋਂ ਉਹ ਆਪਣਾ 'ਮਾਲਵੇ ਦਾ ਕਿੱਸਾ ਸਾਹਿਤ' ਦੇ ਵਿਸ਼ੇ 'ਤੇ ਪੀ.ਐਚ.ਡੀ.ਦਾ ਥੀਸਸ ਲਈ ਮੈਟਰ ਇਕੱਠਾ ਕਰ ਰਿਹਾ ਸੀ। ਉਸ ਨੂੰ ਹੋਰ ਹੈਰਾਨੀ ਹੋਈ ਜਦੋਂ ਉਹ ਨੈਸ਼ਨਲ ਆਰਕਾਈਵ ਦਿੱਲੀ ਵਿੱਚ ਫਾਈਲਾਂ ਫਰੋਲ ਰਿਹਾ ਸੀ ਤਾਂ ਉਸ ਨੂੰ ਕੁਝ ਨਾਮ ਅਜਿਹੇ ਪਤਾ ਲੱਗੇ ਜਿਨ੍ਹਾਂ ਦਾ ਆਜ਼ਾਦੀ ਦੇ ਸੰਗਰਾਮ ਦੀ ਜਦੋਜਹਿਦ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੋਇਆ ਸੀ ਪ੍ਰੰਤੂ ਸਿਰਮੌਰ ਇਤਿਹਾਸਕਾਰਾਂ ਨੇ ਸਿੱਖਾਂ/ਪੰਜਾਬੀਆਂ ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ।  ਡਾ.ਫੌਜਾ ਸਿੰਘ ਇਤਿਹਾਸਕਾਰ ਦੀ ਅਗਵਾਈ ਵਿੱਚ ਇਤਿਹਾਸਕਾਰਾਂ  ਦੀ ਟੀਮ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀ ਤਿਆਰ ਕੀਤੀ ਨਾਮਲਵਲੀ  “Who’s Who Punjab Freedom Fighters”  ਵੱਡ-ਆਕਾਰੀ ਪੁਸਤਕ ਵਿੱਚ ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ ਦਾ ਨਾਮ ਹੀ ਨਹੀਂ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਭਾਰਤ ਦੇ ਇਤਿਹਾਸਕਾਰਾਂ ਨੂੰ ਪਤਾ ਨਹੀਂ ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਪੂਰਾ ਵੇਰਵਾ ਫਾਈਲਾਂ ਵਿੱਚ ਲਿਖਿਆ ਹੋਇਆ ਹੈ। ਫਿਰ ਉਸ ਨੇ ਫ਼ੈਸਲਾ ਕਰ ਲਿਆ ਕਿ ਪੀ.ਐਚ.ਡੀ.ਕਰਨ ਤੋਂ ਬਾਅਦ ਅਜਿਹੇ ਅਣਗੌਲੇ ਸੁਤੰਤਰਤਾ ਸੰਗਰਾਮੀਆਂ ਬਾਰੇ ਪੁਸਤਕਾਂ ਦੀ ਲੜੀ ਲਿਖਾਂਗਾ। ਉਸ ਲੜੀ ਵਿੱਚ ਉਸ ਦੀ ਪਹਿਲੀ ਪੁਸਤਕ 'ਅਣਗੌਲਿਆ ਆਜ਼ਾਦੀ ਘੁਲਾਟੀਆ:ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ' ਹੈ। ਡਾ.ਗੁਰਦੇਵ ਸਿੰਘ ਸਿੱਧੂ ਨੇ ਇਸ ਪੁਸਤਕ ਦੇ 11 ਅਧਿਆਇ ਬਣਾਏ ਹਨ। ਇਸ ਤੋਂ ਇਲਾਵਾ ਮਾਣੂੰਕੇ ਗਿੱਲਾਂ ਪਿੰਡ ਦੇ 16 ਕਮਿਊਨਿਸਟਾਂ ਦੀਆਂ ਤਸਵੀਰਾਂ ਅਤੇ ਬਾਬਾ ਨਿਧਾਨ ਸਿੰਘ ਦੇ ਸਹੁਰਾ ਪਰਿਵਾਰ ਵਿੱਚੋਂ ਨਛੱਤਰ ਸਿੰਘ ਗਿੱਲ ਮਾਣੂੰਕੇ ਦਾ ਲੇਖ ਵੀ ਛਾਪਿਆ ਹੈ। ਇਸ ਪੁਸਤਕ ਵਿੱਚ ਨੈਸ਼ਨਲ ਆਰਕਾਈਵ ਦਿੱਲੀ, ਪੰਜਾਬ ਸਟੇਟ ਆਰਕਾਈਵ ਚੰਡੀਗੜ੍ਹ, ਦੇਸ਼ ਭਗਤ ਯਾਦਗਾਰ ਲਾਇਬਰੇਰੀ ਜਲੰਧਰ ਅਤੇ ਉਸ ਦੇ ਪਿੰਡ ਮਹੇਸਰੀ ਤੇ ਸਹੁਰਾ ਪਰਿਵਾਰ ਦੇ ਪਿੰਡ ਦੇ ਬਜ਼ੁਰਗਾਂ ਵੱਲੋਂ ਮਿਲੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਪਹਿਲੇ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਬਾਬਾ ਨਿਧਾਨ ਸਿੰਘ ਦਾ ਜਨਮ  ਉਸ ਸਮੇਂ ਦੇ ਫੀਰੋਜਪੁਰ ਜਿਲ੍ਹੇ ਦੀ ਮੋਗਾ ਤਹਿਸੀਲ ਦੇ ਪਿੰਡ ਮਹੇਸਰੀ ਵਿੱਚ ਹੀਰਾ ਸਿੰਘ ਦੇ ਘਰ ਹੋਇਆ। ਉਹ ਜੱਟ ਸਿੱਖ ਸੰਧੂ ਸਨ। ਨਿਧਾਨ ਸਿੰਘ ਦਾ ਜਨਮ 1890 ਦੇ ਨੇੜੇ ਤੇੜੇ ਹੋਇਆ। ਉਹ ਤਿੰਨ ਭਰਾ ਸਨ। ਨਿਧਾਨ ਸਿੰਘ ਨਿੱਡਰ ਅਤੇ ਅਥਰੇ ਸੁਭਾਅ ਦਾ ਮਾਲਕ ਸੀ। ਪਿੰਡ ਵਿੱਚ ਇਕ ਵਿਅਕਤੀ ਦੇ ਕਤਲ ਕੇਸ ਵਿੱਚ ਜੇਲ੍ਹ ਗਿਆ, ਬਰੀ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਦਾ ਫ਼ੈਸਲਾ ਕਰ ਲਿਆ।  ਦੂਜੇ ਅਧਿਆਇ 'ਨਿਧਾਨ ਸਿੰਘ ਅਮਰੀਕਾ ਵਿੱਚ' ਜਾਣਕਾਰੀ ਦਿੱਤੀ ਹੈ ਕਿ ਉਹ ਪਹਿਲਾਂ 1912 ਵਿੱਚ ਮਨੀਲਾ ਤੇ ਫਿਰ ਫਿਲਪਾਈਨ ਗਿਆ। ਉਸ ਤੋਂ ਬਾਅਦ ਮਈ 1913 ਵਿੱਚ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਸਨ ਫਰਾਂਸਿਸਕੋ ਸ਼ਹਿਰ ਵਿੱਚ ਪਹੁੰਚ ਗਿਆ। ਉਥੇ ਪਹਿਲਾਂ ਰਹਿ ਰਹੇ ਗ਼ਦਰੀਆਂ ਕੋਲ 'ਹੋਲਟ ਖੇਤੀ ਫਾਰਮ' ਜਿਸ ਨੂੰ 'ਭਾਈਆਂ ਦਾ ਡੇਰਾ' ਕਹਿੰਦੇ ਸਨ ਵਿੱਚ ਰਿਹਾ। ਏਥੇ ਕੰਮ ਕਰਦਿਆਂ ਭਾਰਤੀਆਂ ਨੂੰ ਹੀਣਤਾ ਮਹਿਸੂਸ ਹੋਈ ਫਿਰ ਉਨ੍ਹਾਂ ਨੇ 'ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਫਿਕ ਕੋਸਟ' ਨਾਂ ਦੀ ਸੰਸਥਾ ਬਣਾ ਲਈ। ਫਿਰ ਉਹ ਉਥੇ ਗਦਰ ਆਸ਼ਰਮ ਵਿੱਚ ਰਹਿਣ ਲੱਗ ਪਿਆ। ਪਰਿਵਾਰ ਨੇ ਲੜਾਈ ਝਗੜੇ ਦੇ ਡਰ ਕਰਕੇ ਪਿੰਡੋਂ ਭੇਜਿਆ ਪ੍ਰੰਤੂ ਏਥੇ ਆ ਕੇ ਗ਼ਦਰੀਆਂ ਦਾ ਨੇਤਾ ਬਣ ਗਿਆ।  ਉਹ 1915 ਵਿੱਚ ਗ਼ਦਰ ਪਾਰਟੀ ਦਾ ਖਜਾਨਚੀ ਬਣ ਗਿਆ। ਦੋ ਸਾਲ ਇਸ ਅਹੁਦੇ ਤੇ ਰਿਹਾ ਪ੍ਰੰਤੂ ਗ਼ਦਰੀ ਸਰਗਰਮੀਆਂ ਕਰਕੇ ਜਨਵਰੀ 1918 ਵਿੱਚ ਗ੍ਰਿਫ਼ਤਾਰ ਹੋ ਗਿਆ। 4 ਮਹੀਨੇ ਦੀ ਸਜ਼ਾ ਫਰਾਂਸਿਸਕੋ ਦੀ ਕਾਊਂਟੀ ਜੇਲ੍ਹ ਓਕਲੈਂਡ ਵਿੱਚ ਕੱਟੀ। ਗ਼ਦਰੀਆਂ ਵਿੱਚ ਫੁੱਟ ਪੈ ਗਈ ਤੇ ਬਾਬਾ ਨਿਧਾਨ ਸਿੰਘ ਨੂੰ ਗ਼ਦਰ ਪਾਰਟੀ ਦਾ ਕਾਰਜਵਾਹਕ ਪ੍ਰਧਾਨ ਬਣਾ ਦਿੱਤਾ ਗਿਆ। 1928 ਵਿੱਚ ਗ਼ਦਰ ਪਾਰਟੀ ਦਾ ਪੱਕਾ ਪ੍ਰਧਾਨ ਚੁਣਿਆਂ ਗਿਆ। ਤੀਜਾ ਅਧਿਆਇ ' ਅਮਰੀਕਾ ਸਰਕਾਰ ਵੱਲੋਂ ਗ਼ਦਰੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ' ਹੈ, ਜਿਸ ਵਿੱਚ  ਦੱਸਿਆ ਗਿਆ ਹੈ ਕਿ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਵਿੱਚ ਬਿਹਤਰੀਨ ਯੋਗਦਾਨ ਪਾਉਣ ਕਰਕੇ ਅਮਰੀਕਾ ਸਰਕਾਰ ਨੇ ਜੂਨ 1931 ਵਿੱਚ ਨਿਧਾਨ ਸਿੰਘ ਮਹੇਸਰੀ ਨੂੰ ਗ੍ਰਿਫ਼ਤਾਰ ਕਰ ਲਿਆ। ਸਰਕਾਰ ਦੇਸ਼ ਨਿਕਾਲਾ ਦੇਣਾ ਚਾਹੁੰਦੀ ਸੀ ਪ੍ਰੰਤੂ ਕਿਰਤੀ ਅਖ਼ਬਾਰ ਤੋਂ ਬਿਨਾ ਹੋਰ ਦਫ਼ਤਰ ਵਿੱਚੋਂ ਇਤਰਾਜ਼ਯੋਗ ਹੋਰ ਕੁਝ ਨਹੀਂ ਮਿਲਿਆ। ਏਧਰ ਬਰਤਾਨੀਆਂ ਦੀ ਭਾਰਤ ਸਰਕਾਰ ਉਸ ਨੂੰ ਭਾਰਤ ਭੇਜਣ ਨਾਲ ਆਜ਼ਾਦੀ ਮੁਹਿੰਮ ਦੇ ਤੇਜ਼ ਹੋਣ ਦੇ ਡਰ ਤੋਂ ਡਰਦੀ ਸੀ। ਅਧਿਆਇ-4 'ਗ਼ਦਰ ਪਾਰਟੀ ਦੇ ਪ੍ਰਧਾਨ ਵਜੋਂ ਕੀਤਾ ਕੰਮ' ਦੇ ਸਿਰਲੇਖ ਵਿੱਚ ਨਿਧਾਨ ਸਿੰਘ ਵੱਲੋਂ ਸੰਸਾਰ ਦੇ ਬਾਕੀ ਦੇਸ਼ਾਂ ਵਿੱਚ 9 ਸ਼ਾਖ਼ਾਵਾਂ ਬਣਾਉਣ ਦਾ ਜ਼ਿਕਰ ਹੈ। ਕੁਝ ਕਿਤਾਬਚੇ ਅਤੇ ਗ਼ਦਰ ਗੂੰਜ ਦੀ ਲੜੀ ਨੂੰ ਅੱਗੇ ਤੋਰਿਆ ਦੱਸਿਆ ਗਿਆ ਹੈ। ਅਧਿਆਇ 5 ਅਤੇ 6 ਨਿਧਾਨ ਸਿੰਘ ਮਹੇਸਰੀ ਦੇ ਮਾਸਕੋ ਜਾਣ ਅਤੇ ਵਾਪਸ ਪੰਜਾਬ ਆਉਣ ਬਾਰੇ ਹਨ। ਮਾਸਕੋ ਵਿਖੇ ਸਿਖਿਆ ਲੈਣ ਲਈ ਉਹ ਅਪ੍ਰੈਲ 1935 ਵਿੱਚ ਪੁਜਾ। ਉਸਦਾ ਨਾਮ ਡੀਗੋ ਲੀਪੋਜ ਰੱਖਿਆ ਗਿਆ ਤਾਂ ਜੋ ਉਸ ਦੀ ਪਛਾਣ ਗੁਪਤ ਰੱਖੀ ਜਾ ਸਕੇ। ਸਿੱਖਿਆ ਪੂਰੀ ਹੋਣ ਉਪਰੰਤ ਉਹ ਮਾਸਕੋ ਠਹਿਰ ਕੇ ਉਥੇ ਕਿਸਾਨਾ ਤੇ ਮਜ਼ਦੂਰਾਂ ਦੇ ਜੀਵਨ ਪੱਧਰ ਵਿੱਚ ਆਈ ਤਬਦੀਲੀ ਦਾ ਅਧਿਐਨ ਕਰਦਾ ਰਿਹਾ। ਉਸ ਨੂੰ ਸਰਕਾਰੀ ਰਿਕਾਰਡ ਵਿੱਚ ਕੱਟੜ ਕੌਮ ਪ੍ਰਸਤ ਲਿਖਦਾ ਹੈ, ਜੋ ਹਿੰਦੁਸਤਾਨ ਵਿੱਚ ਲੋਕ ਰਾਜ ਸਥਾਪਤ ਕਰਕੇ ਕਿਸਾਨਾ ਅਤੇ ਮਜ਼ਦੂਰਾਂ ਦੇ ਹੱਥ ਦੇਣਾ ਚਾਹੁੰਦਾ ਸੀ। ਭਾਰਤ ਪਹੁੰਚਣ ਤੋਂ ਪਹਿਲਾਂ ਉਸ ਨੇ ਕੇਸ ਦਾੜ੍ਹੀ ਰੱਖ ਲਏ ਸਨ ਅਤੇ ਉਸ ਦੀ ਨਿਗਰਾਨੀ ਲਈ ਇਕ ਸਿਪਾਹੀ ਪੱਕਾ ਲਗਾ ਦਿੱਤਾ ਗਿਆ। 1943 ਵਿੱਚ ਵਾਪਸ ਆਉਣ ਤੇ ਲਾਹੌਰ ਸਰਗਰਮੀਆਂ ਸ਼ੁਰੂ ਕੀਤੀਆਂ। 7ਵਾਂ ਅਧਿਆਇਆ ਆਜ਼ਾਦੀ ਮਿਲਣ ਪਿੱਛੋਂ ਵਿੱਚ ਪਿੰਡ ਪਹੁੰਚਣ ਸਮੇਂ ਪਿੰਡ ਵਾਸੀਆਂ ਨੇ ਹਾਰਦਿਕ ਸਵਾਗਤ ਕਰਦਿਆਂ ਰੇਲਵੇ ਸ਼ਟੇਸ਼ਨ ਤੋਂ ਜਲੂਸ ਦੀ ਸ਼ਕਲ ਵਿੱਚ ਪਿੰਡ ਲਿਆਂਦਾ। ਪਿੰਡ ਆ ਕੇ ਵੀ ਉਨ੍ਹਾਂ ਇਲਾਕੇ ਦੇ ਸੁਤੰਤਰਤਾ ਸੰਗਰਾਮੀਆਂ ਨਾਲ ਤਾਲਮੇਲ ਬਣਾਕੇ ਰੱਖਿਆ। ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ ਪਿੰਡ ਆ ਕੇ ਮਿਲਦੇ ਰਹੇ। 1937 ਵਿੱਚ ਵਿਧਾਨ ਸਭਾ ਦੀ ਚੋਣ ਲੜਿਆ ਪ੍ਰੰਤੂ ਹਾਰ ਗਿਆ। 8ਵੇਂ ਅਧਿਆਇ ਆਜ਼ਾਦੀ ਮਿਲਣ ਪਿੱਛੋਂ ਅਨੁਸਾਰ ਫਿਰ ਪਿੰਡ ਆ ਕੇ ਉਹ ਆਪਣੀ ਪਤਨੀ ਜਿਸਦਾ ਪੇਕਿਆਂ ਦਾ ਨਾਮ ਹਰ ਕੌਰ ਤੇ ਸਹੁਰਿਆਂ ਦਾ ਨਾਮ  ਭਗਵਾਨ ਕੌਰ ਨਾਲ ਸਿਰਫ ਚਾਰ ਸਾਲ ਹੀ ਰਹਿ ਸਕਿਆ। ਭਗਵਾਨ ਕੌਰ ਦੀ ਮੌਤ ਹੋ ਗਈ। ਉਨ੍ਹਾਂ ਦੇ ਇਕ ਬੱਚੀ ਪੈਦਾ ਹੋਈ ਸੀ, ਜਿਸ ਦੀ ਮੌਤ ਹੋ ਗਈ। ਪਿੰਡ ਵਿੱਚ ਤੇਜਾ ਸਿੰਘ ਸੁਤੰਤਰ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਮਿਲਣ ਆਉਂਦੇ ਰਹੇ। ਪਤਨੀ ਦੀ ਮੌਤ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਨਿਧਾਨ ਸਿੰਘ ਨੂੰ ਮਾਣੂੰਕੇ ਲੈ ਆਇਆ। ਏਥੇ ਵੀ ਉਸ ਨੇ ਕਮਿਊਨਿਸਟ ਪਾਰਟੀ ਦੀ ਇਕਾਈ ਬਣਾ ਲਈ। ਇਥੋਂ ਤੱਕ ਇਸਤਰੀਆਂ ਵੀ ਨਾਲ ਜੋੜ ਲਈਆਂ। ਸ਼ਰਨਾਰਥੀਆਂ ਦੇ ਪੁਨਰਵਾਸ ਲਈ ਕੰਮ ਕਰਨਾ ਸ਼ੁਰੂ ਕੀਤਾ। ਜਦੋਂ 17 ਸਤੰਬਰ 1949 ਨੂੰ ਪੰਡਤ ਨਹਿਰੂ ਫੀਰੋਜਪੁਰ ਆਏ ਤਾਂ ਬਾਬਾ ਨਿਧਾਨ ਸਿੰਘ ਸਰਨਾਰਥੀਆਂ ਦੇ ਪੁਨਰਵਾਸ ਲਈ ਉਨ੍ਹਾਂ ਨੂੰ ਮਿਲਿਆ। ਪਿੰਡ ਮਾਣੂੰਕੇ ਵਿੱਚ ਕਮਿਊਨਿਸਟ ਪਾਰਟੀ ਦੀ ਤਿੰਨ ਰੋਜ਼ਾ ਕਾਨਫਰੰਸ 1950 ਵਿੱਚ ਕਰਵਾਈ। ਆਜ਼ਾਦ ਭਾਰਤ ਵਿੱਚ ਪਹਿਲੀ ਵਾਰ 1952 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਵਿੱਚ ਨਿਧਾਨ ਸਿੰਘ ਫੀਰੋਜਪੁਰ ਜਿਲ੍ਹੇ ਦੇ ਮਹਿਣਾ ਹਲਕੇ ਤੋਂ ਵਿਧਾਕਾਰ ਬਣੇ। ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਲੋਕ ਹਿੱਤਾਂ ਦੀ ਵਕਾਲਤ ਕਰਦੇ ਰਹੇ। 9ਵਾਂ ਅਧਿਆਇ ਬਾਬਾ ਨਿਧਾਨ ਸਿੰਘ ਦਾ ਅੰਤਲਾ ਸਮਾਂ ਸਿਰਲੇਖ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ 1953 ਵਿੱਚ ਅਧਰੰਗ ਹੋ ਗਿਆ ਸੀ ਪ੍ਰੰਤੂ ਇਲਾਜ਼ ਕਰਾਉਣ ਦੇ ਬਾਵਜੂਦ ਉਹ 24 ਜੂਨ 1954 ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਲਾਇਬਰੇਰੀ ਅਤੇ ਸਪੋਰਟਸ ਕਲੱਬ ਬਣਾਈ ਗਈ ਅਤੇ ਲੁਧਿਆਣਾ ਫੀਰੋਜਪੁਰ ਮਾਰਗ ਦਾ ਨਾਮ ਬਾਬਾ ਨਿਧਾਨ ਸਿੰਘ ਮਾਰਗ ਰੱਖਿਆ ਗਿਆ, ਜਿਸ ਦਾ ਪੱਥਰ ਹੁਣ ਗਾਇਬ ਹੈ। ਦਸਵਾਂ ਅਧਿਆਇ ਬਾਬਾ ਨਿਧਾਨ ਸਿੰਘ ਦੀ ਸ਼ਖ਼ਸੀਅਤ ਬਾਰੇ ਹੈ। ਬਾਬਾ ਜੀ ਨੂੰ ਪਾਰਟੀ ਦੇ ਕੰਮਾ ਲਈ ਪਰਿਵਾਰ ਨੇ ਘੋੜੀ ਲੈ ਕੇ ਦਿੱਤੀ ਪ੍ਰੰਤੂ ਉਨ੍ਹਾਂ ਉਹ ਘੋੜੀ ਕਿਸੇ ਹੋਰ ਵਰਕਰ ਨੂੰ ਦੇ ਦਿੱਤੀ ਕਿਉਂਕਿ ਉਸ ਦਾ ਕੰਮ ਜ਼ਿਆਦਾ ਸੀ। ਇਸ ਤੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਉਹ ਇਨਸਾਫ ਲਈ ਜਦੋਜਹਿਦ ਕਰਨ ਦੇ ਹਾਮੀ ਸਨ। ਉਹ ਮਹਿਸੂਸ ਕਰਦੇ ਸਨ ਕਿ ਆਜ਼ਾਦੀ ਤੋਂ ਬਾਅਦ ਪਾਰਟੀਬਾਜ਼ੀ ਕਰਕੇ ਸੁਤੰਤਰਤਾ ਸੰਗਰਾਮੀਆਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ। 11ਵਾਂ ਅਧਿਆਇ ਉਨ੍ਹਾਂ ਦੀ ਵਿਧਾਨ ਸਭਾ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਾ ਨਮੂਨਾ ਪੇਸ਼ ਕਰਦਾ ਹੈ। ਉਨ੍ਹਾਂ ਵਿਧਾਨ ਸਭਾ ਵਿੱਚ ਕਿਸਾਨਾ, ਗ਼ਰੀਬਾਂ, ਪੁਲਿਸ ਦੀਆਂ ਜ਼ਿਆਦਤੀਆਂ, ਖੇਤੀਬਾੜੀ ਲਈ ਘੱਟ ਫੰਡਾਂ, ਮੁਰੱਬੰਦੀ ਵਿੱਚ ਘਾਟਾਂ, ਕਰਮਚਾਰੀਆਂ ਦੇ ਹਿੱਤਾਂ ਆਦਿ ਲਈ ਆਵਾਜ਼ ਬੁਲੰਦ ਕੀਤੀ। ਬਜਟ ਤੇ ਬਹੁਤ ਵਧੀਆ ਢੰਗ ਨਾਲ ਬੋਲਦੇ ਸਨ।
100 ਪਨਿਆਂ, 200 ਰੁਪਏ ਕੀਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
       ਮੋਬਾਈਲ-94178 13072
  ujagarsingh48@yahoo.com

ਡਾ.ਸਤਿੰਦਰ ਪਾਲ ਸਿੰਘ ਦੀ ਪੁਸਤਕ ਕ੍ਰੋਧ ਨਿਰਵਾਣ ਅੰਮਿ੍ਰਤ ਬਾਣੀ:ਮਾਰਗ ਦਰਸ਼ਕ -  ਉਜਾਗਰ ਸਿੰਘ

ਡਾ. ਸਤਿੰਦਰ ਪਾਲ ਸਿੰਘ ਗੁਰਬਾਣੀ ਦੇ ਗਿਆਤਾ ਗੁਰਮੁੱਖ ਵਿਦਵਾਨ ਹਨ। ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਹੀ ਮਾਨਵਤਾ ਨੂੰ ਗੁਰਬਾਣੀ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੰਤਵ ਲਈ ਉਹ ਗੁਰਬਾਣੀ ਦੀ ਵਿਆਖਿਆ ਕਰਕੇ ਮਾਨਵਤਾ ਨੂੰ ਵਿਕਾਰਾਂ ਤੋਂ ਖਹਿੜਾ ਛੁਡਾਉਣ ਦੀ ਤਾਕੀਦ ਕਰਦੇ ਹੋਏ ਗੁਰਮਤਿ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਸਲਾਹ ਦਿੰਦੇ ਹਨ। ਵਿਚਾਰ ਅਧੀਨ ਪੁਸਤਕ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਵਿੱਚ ਉਨ੍ਹਾਂ ਦੇ ਪੰਜ ਲੇਖ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’, ‘ਆਤਮ ਪ੍ਰਬੋਧ ਦੀ ਅੰਮਿ੍ਰਤ ਬਾਣੀ’, ‘ ਆਤਮ ਰੱਖਿਆ ਦੀ ਅੰਮਿ੍ਰਤ ਬਾਣੀ’, ‘ਆਤਮ ਆਨੰਦ ਦੀ ਅੰਮਿ੍ਰਤ ਬਾਣੀ’ ਅਤੇ ‘ਕ੍ਰੋਧ ਤੇ ਪ੍ਰੇਮ’ ਹਨ। ਇਨ੍ਹਾਂ ਲੇਖਾਂ ਵਿੱਚ ਲੇਖਕ ਨੇ ਗੁਰਬਾਣੀ ਵਿੱਚੋਂ ਉਦਾਹਰਣਾ ਦੇ ਕੇ ਵਿਕਾਰਾਂ ਤੋਂ ਮੁਕਤੀ ਪਾਉਣ ਦਾ ਰਾਹ ਦੱਸਿਆ ਹੈ। ਮੁੱਖ ਤੌਰ ‘ਤੇ ਉਨ੍ਹਾਂ ਦੱਸਿਆ ਹੈ ਕਿ ਜ਼ਿੰਦਗੀ ਨੂੰ ਗ਼ਲਤ ਰਸਤੇ ਪਾਉਣ ਵਿੱਚ ਪੰਜ ਵਿਕਾਰਾਂ ਦਾ ਯੋਗਦਾਨ ਹੁੰਦਾ ਹੈ। ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾਉਣ ਦਾ ਰਾਹ ਉਨ੍ਹਾਂ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨਾ ਹੀ ਦੱਸਿਆ ਹੈ। ਇਸ ਪੁਸਤਕ ਵਿੱਚ ਪੰਜੇ ਲੇਖ ਇਕ ਦੂਜੇ ਤੇ ਨਿਰਭਰ ਹਨ। ਭਾਵ ਪਹਿਲੇ ਲੇਖ ‘ਤੇ ਅਮਲ ਕਰਨ ਨਾਲ ਦੂਜੇ ਲੇਖ ਦੀ ਲੜੀ ਜੁੜਦੀ ਹੈ। ਕਹਿਣ ਤੋਂ ਭਾਵ ਪੰਜ ਵਿਕਾਰ ਹੀ ਮਾਨਵਤਾ ਨੂੰ  ਗ਼ਲਤ ਰਸਤੇ ਪਾਉਣ ਲਈ ਪੁਆੜੇ ਦੀ ਜੜ੍ਹ ਹਨ। ਲਗਪਗ ਸਾਰੇ ਦਸ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਉਦਾਹਰਨਾ ਜੀਵਨ ਸਫਲ ਬਣਾਉਣ ਲਈ ਦਿੱਤੀਆਂ ਗਈਆਂ ਹਨ। ਪਹਿਲੇ ਲੇਖ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਦੇ ਨਾਮ ਤੇ ਹੀ ਪੁਸਤਕ ਦਾ ਨਾਮ ਰੱਖਿਆ ਗਿਆ ਹੈ। ਪਹਿਲੇ ਲੇਖ ਵਿੱਚ ਲੇਖਕ ਨੇ ਦੱਸਿਆ ਹੈ ਕਿ ਪੰਜ ਵਿਕਾਰ, ਕਾਮੁ, ਕ੍ਰੋਧ, ਲੋਭੁ, ਮੋਹੁ ਅਤੇ ਹੰਕਾਰ ਹੀ ਇਨਸਾਨ ਦੇ ਸੁਖੀ ਜੀਵਨ ਨੂੰ ਕੁਰਾਹੇ ਪਾਉਂਦੇ ਹਨ। ਇਹ ਵਿਕਾਰ ਇਨਸਾਨ ਦੇ ਅੰਦਰ ਹੀ ਬੈਠੇ ਹਨ। ਇਸ ਲਈ ਗੁਰੂ ਸਾਹਿਬ ਨੇ ਇਨ੍ਹਾਂ ਬਾਰੇ ਕਿਹਾ ਹੈ-
ਇਸੁ ਦੇਹੀ ਅੰਦਿਰ ਪੰਚ ਚੋਰ ਕਾਮੁ ਕ੍ਰੋਧੁ, ਲੋਭੁ, ਮੋਹੁ ਅਹੰਕਾਰ॥
ਅੰਮਿ੍ਰਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ॥
ਵੈਸੇ ਤਾਂ ਪੰਜੇ ਹੀ ਖ਼ਰਨਾਕ ਹਨ ਪ੍ਰੰਤੂ ਕ੍ਰੋਧ ਸਭ ਤੋਂ ਜ਼ਿਆਦਾ ਸੋਚ ਅਤੇ ਆਚਾਰ ਨੂੰ ਪ੍ਰਭਾਵਤ ਕਰਦਾ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੋਇਆ, ਆਪਣੇ ਕੰਮਾ ਨੂੰ ਠੀਕ ਸਮਝਦਾ ਹੈ, ਜਿਸ ਕਰਕੇ ਦੁੱਖਾਂ ਵਿੱਚ ਗ੍ਰਸਿਆ ਰਹਿੰਦਾ ਹੈ। ਇੰਦ੍ਰੀਆਂ ਦੀ ਖੁਲ੍ਹ ਵਿਕਾਰਾਂ ਨੂੰ ਜਨਮ ਦਿੰਦੀ ਹੈ। ਕ੍ਰੋਧ ਤੋਂ ਹੀ ਹੰਕਾਰ ਪੈਦਾ ਹੁੰਦਾ ਹੈ। ਵਿਕਾਰ ਝੂਠੇ ਹਨ। ਵਿਕਾਰਾਂ ਤੇ ਮਾਇਆ ਦਾ ਰਾਜ ਹੈ, ਜਿਸ ਨੇ ਮਨੁੱਖ ਨੂੰ ਗਿਆਨ ਤੋਂ ਵਿਹੂਣਾ ਤੇ ਭਾਵਨਾ ਤੋਂ ਅੰਨ੍ਹਾ, ਬੋਲਾ ਕਰ ਦਿੱਤਾ ਹੈ। ਅਗਿਆਨ ਕਾਰਨ ਮਨੁੱਖ ਸੱਚ ਦੀ ਪਛਾਣ ਕਰਨ ਦੇ ਯੋਗ ਨਹੀਂ ਰਹਿੰਦਾ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਅੰਮਿ੍ਰਤ ਜ਼ਰੂਰੀ ਹੈ। ਗੁਰਬਾਣੀ ਵਿੱਚ ਅੰਮਿ੍ਰਤ ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ ਹੈ। ਕਾਮੁ ਕ੍ਰੋਧ ਨਾਲ ਸਰੀਰਕ ਬਲ ਘਟਣ ਲੱਗ ਜਾਂਦਾ ਹੈ। ਬਾਣੀ ਹੀ ਅੰਮਿ੍ਰਤ ਹੈ, ਜਿਸ ਦੇ ਸਹਾਰੇ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਖਹਿੜਾ ਛੁਡਾ ਸਕਦਾ ਹੈ। ਕ੍ਰੋਧ ਚੰਡਾਲ ਦਾ ਰੂਪ ਹੈ, ਮਨੁੱਖ ਦਾ ਨਾਸ਼ ਕਰਦਾ ਹੈ,  ਕਲਜੁਗ ਦੀਆਂ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ,  ਮਨੁੱਖ ਨੂੰ ਬਾਂਦਰ ਬਿਰਤੀ ਵਾਲਾ ਬਣਾ ਦਿੰਦਾ ਹੈ, ਭਟਕਣ ਵਧਾ ਦਿੰਦਾ ਹੈ, ਭਲਾ-ਬੁਰਾ ਤੇ ਸੱਚ-ਝੂਠ ਦਾ ਅੰਤਰ ਪਤਾ ਨਹੀਂ ਲਗਦਾ ਪਛਤਾਵਾ ਪੱਲੇ ਪੈਂਦਾ ਹੈ। ਵਿਕਾਰਾਂ ਵਿੱਚ ਫਸਿਆ ਮਨੁਖ ਖੋਤੇ ਦੇ ਤੁਲ ਹੁੰਦਾ ਹੈ। ਗੁਰੂ ਸਾਹਿਬ ਨੇ ਮਾਨਵਤਾ ਨੂੰ ਸਾਧਾਰਨ ਢੰਗ ਨਾਲ ਵਿਕਾਰਾਂ ਬਾਰੇ ਖੇਤੀ, ਕਿਸਾਨੀ ਤੇ ਫਸਲਾਂ ਦੀਆਂ ਉਦਾਹਰਨਾ ਦੇ ਕੇ ਸਿੱਧੇ ਰਸਤੇ ਪਾਉਣ ਦਾ ਵੁਪਰਾਲਾ ਕੀਤਾ ਹੈ। ਪੰਜੇ ਚੋਰ ਕ੍ਰੋਧ ਕਰਕੇ ਉਤਪਨ ਹੁੰਦੇ ਹਨ। ਲੇਖਕ ਨੇ ਦੱਸਿਆ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨ ਨਾਲ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾ ਸਕਦਾ ਹੈ।  ਦੂਜੇ ਲੇਖ ‘ਆਤਮ ਪ੍ਰਬੋਧ ਦੀ ਅੰਮਿ੍ਰਤ ਬਾਣੀ’ ਵਿੱਚ  ਦਰਸਾਇਆ ਗਿਆ ਹੈ ਕਿ ਮਨੁੱਖ ਆਪਣੇ ਬਾਰੇ ਗ਼ਲਤ ਭਰਮ ਪਾਲ ਬਹਿੰਦਾ ਹੈ, ਜਿਸ ਕਰਕੇ ਉਹ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਅੰਮਿ੍ਰਤ ਬਾਣੀ ਹੀ ਇਸ ਭਰਮ ਤੋਂ ਖਹਿੜਾ ਛੁਡਾ ਸਕਦੀ ਹੈ। ਮੈਂ ਨੀਚ ਕਰਮਾ ਕਾਰਨ ਰੋ ਰਿਹਾ ਹਾਂ। ਅਸਲ ਵਿੱਚ ਕਰਮਾ ਨਹੀਂ ਸਗੋਂ ਕ੍ਰੋਧ ਇਨਸਾਨ ਨੂੰ ਪੁੱਠੇ ਰਸਤੇ ਪਾਉਂਦਾ ਹੈ।  ਕ੍ਰੋਧ ਲੋਭ ਪੈਦਾ ਕਰਦਾ ਹੈ। ਲੋਭ ਵਿੱਚ ਮਨੁੱਖ ਠੱਗੀ ਮਾਰਦਾ ਹੈ। ਇਨਸਾਨ ਅੰਦਰੋਂ ਬਾਹਰੋਂ ਇਕਮਿਕ ਨਹੀਂ। ਦੋਹਰੀ ਜ਼ਿੰਦਗੀ ਜੀਅ ਰਿਹਾ ਹੈ, ਜਿਸ ਕਰਕੇ ਵਿਕਾਰ ਪੈਦਾ ਹੁੰਦੇ ਹਨ। ਜੇਕਰ ਸੁੱਖ ਪ੍ਰਾਪਤ ਕਰਨੇ ਹਨ ਤਾਂ ਆਪਣੀਆਂ ਗੱਲਾਂ ਤੇ ਕਰਮਾ ਦੇ ਫਰਕ ਨੂੰ ਦੋਖੀ ਮੰਨਕੇ ਦੂਰ ਕਰਨਾ ਚਾਹੀਦਾ ਹੈ। ਔਗਣ ਮਨੁੱਖ ਦੀ ਬੇੜੀ ਡੋਬ ਰਹੇ ਹਨ। ਮਨੁੱਖ ਆਪਣੇ ਆਪ ਨੂੰ ਖੇਤ ਦੇ ਰਾਖੇ ਦੀ ਤਰ੍ਹਾਂ ਸਮਝਣ ਲੱਗ ਜਾਂਦਾ ਹੈ। ਰਾਖਾ ਬਣਕੇ ਮਾਲਕ ਸਮਝਣ ਲੱਗ ਜਾਂਦਾ ਹੈ, ਜਿਸ ਕਰਕੇ ਦੁੱਖ ਪੈਦਾ ਹੁੰਦੇ ਹਨ। ਵਿਕਾਰ ਜ਼ਹਿਰ ਹਨ ਪ੍ਰੰਤੂ ਮਨੁੱਖ ਨੂੰ ਅੰਮਿ੍ਰਤ ਲੱਗਣ ਲੱਗ ਜਾਂਦੇ ਹਨ। ਇਸ ਕਰਕੇ ਮਨੁੱਖ ਗ਼ਲਤ ਰਸਤੇ ਪੈ ਜਾਂਦਾ ਹੈ। ਗਿਆਨ ਦਾ ਬੋਧ ਹੋਣਾ ਜ਼ਰੂਰੀ ਹੈ। ਸੱਚੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਅਗਿਆਨਤਾ ਅਤੇ ਵਿਕਾਰਾਂ ਵਾਲਾ ਜੀਵਨ ਜ਼ਿੰਦਗੀ ਦੇ ਮਨੋਰਥ ਨੂੰ ਢਾਹ ਲਾਉਂਦਾ ਹੈ। ਵਿਕਾਰ ਮਨੁੱਖ ਨੂੰ ਸਾੜ ਦਿੰਦੇ ਹਨ ਅਤੇ ਵਿਕਾਰੀ ਮਨੁੱਖ ਪਾਪ ਕਰਨ ਦੇ ਮਾਹਿਰ ਬਣ ਜਾਂਦੇ ਹਨ। ਮਨੁੱਖ ਆਵਾਗਵਨ ਦੇ ਫੇਰ ਨੂੰ ਸੋਚ ਦੇ ਕੇਂਦਰ ਵਿੱਚ ਰੱਖ ਕੇ ਆਪਣੀ ਉਤਪਤੀ ਤੇ ਅੰਤਰ ਅਵਸਥਾ ਦਾ ਵੀਚਾਰ ਤੇ ਗਿਆਨ ਹੀ ਆਤਮਿਕ ਬੋਧ ਹੈ। ਤੀਜਾ ਲੇਖ ‘ਆਤਮ ਰੱਖਿਆ ਦੀ ਅੰਮਿ੍ਰਤ ਬਾਣੀ’ ਵਿੱਚ ਲੇਖਕ ਨੇ ਦੱਸਿਆ ਹੈ ਕਿ ਜਦੋਂ ਮਨੁੱਖ ਨੂੰ ਵਿਕਾਰਾਂ ਦਾ ਆਤਮ ਬੋਧ ਹੋ ਜਾਵੇ ਤਾਂ ਇਸ ਤੋਂ ਖਹਿੜਾ ਛੁਡਾਉਣ ਦੀ ਚਿੰਤਾ ਹੋ ਜਾਂਦੀ ਹੈ। ਵਿਕਾਰਾਂ ਤੋਂ ਦੂਰ ਜਾਣ ਲਈ ਪਰਮਾਤਮਾ ਦੀ ਮਿਹਰ ਜ਼ਰੂਰੀ ਹੈ। ਮਿਹਰ ਨਾਲ ਮਨ ਨਿਰਮਲ ਤੇ ਪਰਮਾਤਮਾ ਵਿੱਚ ਭਰੋਸਾ ਹੋ ਜਾਂਦਾ ਹੈ। ਸਚਾਈ ਨੂੰ ਸਵੀਕਾਰ ਕਰਨ ਨਾਲ ਵਿਕਾਰਾਂ ਦਾ ਨਾਸ ਹੁੰਦਾ ਹੈ, ਕ੍ਰੋਧ ਦੂਰ ਹੋ ਜਾਂਦਾ ਹੈ। ਪਰਮਾਤਮਾ ਨੂੰ ਸਮਰਪਤ ਕਰ ਦਿਓ। ਪਰਮਾਤਮਾ ਮਨ ਦੇ ਸਾਰੇ ਦੁੱਖਾਂ ਦਾ ਜਾਣੀ ਜਾਣ ਹੈ। ਆਪਣੇ ਆਪ ਨੂੰ ਘੋਰ ਪਾਪੀ ਸਮਝ ਪਰਮਾਤਮਾ ਦੇ ਲੜ ਲੱਗਣ ਨਾਲ ਉਸਦੀ ਮਿਹਰ ਹੋ ਜਾਵੇਗੀ। ਵਿਕਾਰਾਂ ਨੂੰ ਸਹੀ ਸਿੱਧ ਨਾ ਕਰੋ, ਅੰਮਿ੍ਰਤ ਦੀ ਥਾਂ ਬਿਖ ਦੀ ਚੋਣ ਕਰਨ ਦਾ ਪਛਤਾਵਾ ਕਰੋ, ਪੰਜਾਂ ਵਿਕਾਰਾਂ ਦਾ ਨਾਸ਼ ਪਰਮਾਤਮਾ ਹੀ ਕਰੇਗਾ। ਪਰਮਾਤਮਾ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ, ਪਰਮਾਤਮਾ ਦੇ ਨਾਲ ਲਿਵ ਲਾਈ ਰੱਖੋ, ਨਾਮ ਜਪਣ ਨਾਲ ਹੀ ਸਾਰੇ ਕਸ਼ਟ ਦੂਰ ਹੁੰਦੇ ਹਨ। ਚੌਥਾ ਲੇਖ ‘ਆਤਮ ਆਨੰਦ ਦੀ ਅੰਮਿ੍ਰਤ ਬਾਣੀ’ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ  ਪਰਮਾਤਮਾ ਦੀ ਕਿਰਪਾ ਨਾਲ ਹੀ ਪੰਜਾਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾ ਕੇ ਲੋਕ, ਪਰਲੋਕ ਵਿੱਚ ਸੱਚੀ ਸ਼ੋਭਾ ਬਣਦੀ ਹੈ। ਗੁਰਬਾਣੀ ਮਨ ਸ਼ੀਤਲ ਕਰ ਦਿੰਦੀ ਹੈ, ਫਿਰ ਜਨਮ-ਜਨਮ  ਦੇ ਪਾਪਾਂ ਦਾ ਭਾਰ ਉਤਰ ਜਾਂਦਾ ਹੈ। ਵਿਕਾਰ ਆਪ ਹੀ ਡਰ ਕੇ ਭੱਜ ਜਾਂਦੇ ਹਨ। ਨਾਮ ਜਪਣ ਨਾਲ ਪੂਰੇ ਪਰਿਵਾਰ ਦਾ ਉਧਾਰ ਹੋ ਜਾਂਦਾ ਹੈ। ਵਾਹਿਗੁਰੂ ਸੱਚੇ ਪ੍ਰੇਮ ਦੇ ਕਾਬਲ ਬਣਾ ਦਿੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਪਰਮਾਤਮਾ ਦੀ ਭਗਤੀ ਵਿੱਚ ਰਸ ਆਉਣ ਲੱਗ ਜਾਂਦਾ ਹੈ। ਹਰ ਥਾਂ ਪਰਮਾਤਮਾ ਸਹਾਈ ਹੁੰਦਾ ਹੈ। ਆਖ਼ਰੀ ਤੇ ਪੰਜਵਾਂ ਲੇਖ ‘ਕ੍ਰੇਧ ਤੇ ਪ੍ਰੇਮ ’ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਪ੍ਰੇਮ ਨਾਲ ਸ਼ੰਕਾ ਤੇ ਦੁਵਿਧਾ ਖ਼ਤਮ ਹੋ ਜਾਂਦੀ ਹੈ। ਹਮੇਸ਼ਾ ਪਰਮਾਤਮਾ ਨਾਲ ਲਿਵ ਲੱਗੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਨਾਮ ਨੂੰ ਔਖਧ ਜਾਂ ਦਵਾਈ ਕਿਹਾ ਹੈ। ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਦਾ ਆਧਾਰ ਹੈ। ਪ੍ਰੇਮ ਦੀ ਪ੍ਰਾਪਤੀ ਲਈ ਸਾਰੇ ਵਿਕਾਰਾਂ ਨੂੰ ਤਿਲਾਂਜਲੀ ਦਿੱਤੀ ਜਾਵੇ। ਫਿਰ ਸੁੱਖ ਆਨੰਦ ਤੇ ਪ੍ਰੇਮ ਦੀ ਪ੍ਰਾਪਤੀ ਅਵੱਸ਼ ਹੋ ਜਾਂਦੀ ਹੈ।
96 ਪੰਨਿਆਂ, 200 ਰੁਪਏ ਭੇਟਾ ਵਾਲੀ ਇਹ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਪੁਸਤਕ ਭਾ.ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾਂ, ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ:ਆਰ.ਸੀ.ਬਾਲੀ - ਉਜਾਗਰ ਸਿੰਘ

ਜ਼ਿੰਦਗੀ ਦੀ ਰਫ਼ਤਾਰ ਵਿੱਚ ਸਮੱਸਿਆਵਾਂ ਦਾ ਆਉਣਾ ਇਨਸਾਨ ਨੂੰ ਅੱਗੇ ਵੱਧਣ ਲਈ ਪ੍ਰੇਰਨਾ ਦਿੰਦਾ ਹੈ। ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਜਦੋਜਹਿਦ ਕਰਨੀ ਪੈਂਦੀ ਹੈ। ਜੇਕਰ ਇਨਸਾਨ ਜਦੋਜਹਿਦ ਕਰਦਿਆਂ ਹੌਸਲਾ ਛੱਡ ਦੇਵੇ ਤਾਂ ਉਹ ਜ਼ਿੰਦਗੀ ਦੀਆਂ ਉਲਝਣਾਂ ਵਿੱਚ ਫਸਕੇ ਹੀ ਰਹਿ ਜਾਂਦਾ ਹੈ। ਜਦੋਜਹਿਦ ਦਾ ਨਾਮ ਹੀ ਜ਼ਿੰਦਗੀ ਹੈ। ਜਦੋਜਹਿਦ ਹੀ ਇਨਸਾਨ ਨੂੰ ਹਰ ਮੁਸ਼ਕਲ ਦੀ ਘੜੀ ਨੂੰ ਪਾਰ ਕਰਨ ਵਿੱਚ ਸਹਾਈ ਹੁੰਦੀ ਹੈ। ਇਸ ਲਈ ਹਰ ਇਨਸਾਨ ਨੂੰ ਮਿਹਨਤ ਕਰਦਿਆਂ ਦਿ੍ਰੜ੍ਹਤਾ ਨਾਲ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਏਥੇ ਮੈਂ ਤੁਹਾਨੂੰ ਮੁਸ਼ਕਲਾਂ ਵਿੱਚ ਘਿਰੇ ਇੱਥ ਬੱਚੇ ਦੀ ਹਿੰਮਤ ਅਤੇ ਦਿ੍ਰੜ੍ਹਤਾ ਨਾਲ ਪ੍ਰਾਪਤ ਕੀਤੀ ਸਫ਼ਲਤਾ ਦੀ ਕਹਾਣੀ ਦੱਸਣ ਜਾ ਰਿਹਾ ਹਾਂ। ਦੇਸ਼ ਨੂੰ ਆਜ਼ਾਦ ਹੋਇਆਂ ਅਜੇ ਮਹਿਜ਼ 15 ਸਾਲ ਹੀ ਹੋਏ ਸਨ। ਪਛੜੇ ਇਲਾਕਿਆਂ ਵਿੱਚ ਪਿੰਡਾਂ ਦੇ ਸਕੂਲਾਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਵਿੱਚ ਬਹੁਤੀ ਜਾਗ੍ਰਤੀ ਨਹੀਂ ਆਈ ਸੀ। ਬੱਚਿਆਂ ਵਿੱਚ ਅਧਿਆਪਕਾਂ ਤੋਂ ਡਰਦਿਆਂ ਹੀਣਤਾ ਭਾਵਨਾ ਪੈਦਾ ਹੋ ਜਾਂਦੀ ਸੀ। ਉਦੋਂ ਅਧਿਆਪਕ ਬੱਚਿਆਂ ਨੂੰ ਸਜ਼ਾ ਦੇਣ ਲਈ ਕੁੱਟਦੇ ਵੀ ਸਨ। ਆਜ਼ਾਦੀ ਤੋਂ ਬਾਅਦ ਵਾਲੇ ਪੰਜਾਬ ਵਿੱਚ ਛਛਰੌਲੀ ਅੱਜ ਕਲ੍ਹ ਹਰਿਆਣਾ ਦੇ ਸਕੂਲ ਵਿੱਚ ਦਿਹਾਤੀ ਬੱਚੇ ਪੜ੍ਹ ਰਹੇ ਸਨ। ਉਨ੍ਹਾਂ ਵਿੱਚ ਇਕ ਬੱਚੇ ਆਰ.ਸੀ.ਬਾਲੀ. (ਰਤਨ ਚੰਦ ਬਾਲੀ) ਨੂੰ ਅਧਿਆਪਕਾਂ ਵੱਲੋਂ ਦਸਵੀਂ ਵਿੱਚ ਪੜ੍ਹਦਿਆਂ ਸਲੇਬਸ ਦੀਆਂ ਪੁਸਤਕਾਂ ਨਾ ਹੋਣ ਕਰਕੇ ਕਲਾਸ ਵਿੱਚ ਖੜ੍ਹਾ ਕਰਕੇ ਸਜਾ ਦਿੱਤੀ ਜਾਂਦੀ ਸੀ। ਰਤਨ ਚੰਦ ਬਾਲੀ ਨੂੰ ਮਾਪੇ ਗ਼ਰੀਬੀ ਕਰਕੇ ਪੁਸਤਕਾਂ ਖ੍ਰੀਦ ਕੇ ਨਹੀਂ ਦੇ ਸਕਦੇ ਸਨ। ਰਤਨ ਚੰਦ ਬਾਲੀ ਨੂੰ ਸਜ਼ਾ ਮਿਲਣ ‘ਤੇ ਹੀਣਤਾ ਮਹਿਸੂਸ ਹੁੰਦੀ ਸੀ ਪ੍ਰੰਤੂ ਉਹ ਆਪਣੀ ਪੜ੍ਹਾਈ ਜ਼ਾਰੀ ਰੱਖਣੀ ਚਾਹੁੰਦਾ ਸੀ। ਮਾਪਿਆਂ ਨੇ ਆਰਥਿਕ ਮਜ਼ਬੂਰੀਆਂ ਕਰਕੇ ਉਸ ਨੂੰ ਆਪਣੀ ਲੜਕੀ (ਰਤਨ ਚੰਦ ਬਾਲੀ ਦੀ ਭੈਣ) ਕੋਲ ਪੜ੍ਹਨ ਲਈ ਭੇਜ ਦਿੱਤਾ ਸੀ। ਉਹ ਆਪਣੀ ਭੈਣ ਅਤੇ ਭਣੋਈਏ ਤੋਂ ਪੁਸਤਕਾਂ ਲਈ ਪੈਸੇ ਮੰਗਣ ਤੋਂ ਸ਼ਰਮਾਉਂਦਾ ਸੀ। ਹਰ ਰੋਜ਼ ਦੀ ਸਜ਼ਾ ਤੋਂ ਤੰਗ ਆ ਕੇ ਇੱਕ ਦਿਨ ਬਾਲ ਵਿਦਿਆਰਥੀ ਰਤਨ ਚੰਦ ਬਾਲੀ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਬਿਨਾ ਦੱਸਿਆਂ ਹੀ ਪੋਸਟ ਕਾਰਡ (ਚਿੱਠੀ) ਲਿਖ ਦਿੱਤਾ ‘‘ ਮੇਰੇ ਕੋਲ ਪੜ੍ਹਾਈ ਜ਼ਾਰੀ ਰੱਖਣ ਲਈ ਸਿਲੇਬਸ ਦੀਆਂ ਪੁਸਤਕਾਂ ਨਹੀਂ ਹਨ। ਇਸ ਲਈ ਮੈਨੂੰ ਪੁਸਤਕਾਂ ਦਿਵਾਈਆਂ ਜਾਣ। ਜੇਕਰ ਮੈਨੂੰ ਪੁਸਤਕਾਂ ਨਾ ਮਿਲੀਆਂ ਤਾਂ ਮੈਂ ਆਪਣੀ ਪੜ੍ਹਾਈ ਜ਼ਾਰੀ ਨਹੀਂ ਰੱਖ ਸਕਾਂਗਾ।’’ ਪੋਸਟ ਕਾਰਡ ਤੇ ਆਪਣਾ ਅਤੇ ਸਕੂਲ ਦਾ ਨਾਮ ਲਿਖ ਦਿੱਤਾ। 1962 ਵਿੱਚ ਜਦੋਂ ਅਜੇ ਵਿਦਿਆਰਥੀਆਂ ਵਿੱਚ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਬਾਰੇ ਸੋਚਿਆ ਵੀ ਨਹੀਂ ਸਕਦਾ ਸੀ, ਵਿਦਿਆਰਥੀ ਤਾਂ ਆਪਣੇ ਅਧਿਆਪਕਾਂ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਸਨ। ਰਤਨ ਚੰਦ ਬਾਲੀ ਦੇ ਪਰਵਿਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਇਸ ਲਈ ਨੌਵੀਂ ਤੋਂ ਬਾਅਦ ਉਸ ਨੂੰ ਉਸ ਦੀ ਭੈਣ ਦੇ ਕੋਲ ਦਸਵੀਂ ਵਿੱਚ ਪੜ੍ਹਨ ਲਈ ਪਾਉਂਟਾ ਸਾਹਿਬ ਦੇ ਨੇੜੇ ਛਛਰੌਲੀ ਭੇਜ ਦਿੱਤਾ। ਉਸ ਸਮੇਂ ਅਜੇ ਹਰਿਆਣਾ ਬਣਿਆਂ ਨਹੀਂ ਸੀ। ਇਥੇ ਉਸ ਨੂੰ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ। ਉਸ ਕੋਲ ਪੁਸਤਕਾਂ ਨਹੀਂ ਹੁੰਦੀਆਂ ਸਨ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਤੋਂ ਪੰਦਰਾਂ ਦਿਨਾਂ ਬਾਅਦ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ 30 ਰੁਪਏ ਦਾ ਮਨੀਆਰਡਰ ਸਕੂਲ ਦੇ ਮੁੱਖ ਅਧਿਆਪਕ ਦੇ ਨਾਮ ਭੇਜ ਦਿੱਤਾ ਤੇ ਲਿਖਿਆ ਹੋਇਆ ਸੀ ਕਿ ਵਿਦਿਆਰਥੀ ਨੂੰ ਪੁਸਤਕਾਂ ਖ੍ਰੀਦ ਕੇ ਦਿੱਤੀਆਂ ਜਾਣ ਪ੍ਰੰਤੂ ਵਿਦਿਆਰਥੀ ਦਾ ਨਾਮ ਨਹੀਂ ਲਿਖਿਆ ਸੀ। ਮੁੱਖ ਅਧਿਆਪਕ ਦੇ ਸਮਝ ਵਿੱਚ ਨਾ ਆਵੇ ਕਿ ਇਹ 30 ਰੁਪਏ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕਿਸ ਵਿਦਿਆਰਥੀ ਲਈ ਆਏ ਹਨ। ਸਾਰੇ ਅਧਿਆਪਕਾਂ ਨੂੰ ਆਪੋ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪਤਾ ਕਰਨ ਲਈ ਕਿਹਾ ਗਿਆ। ਫਿਰ ਕਿਤੇ ਜਾ ਕੇ ਰਤਨ ਚੰਦ ਬਾਲੀ ਦਾ ਪਤਾ ਚੱਲਿਆ। ਮੁੱਖ ਅਧਿਆਪਕ ਅਤੇ ਸਕੂਲ ਦੇ ਸਾਰੇ ਅਧਿਆਪਕ ਹੈਰਾਨ ਵੀ ਸਨ ਕਿ ਵਿਦਿਆਰਥੀ ਨੇ ਕਿਤਨਾ ਹੌਸਲਾ ਵਿਖਾਇਆ ਹੈ ਪ੍ਰੰਤੂ ਡਰ ਵੀ ਰਹੇ ਸਨ ਕਿ ਇਹ ਇਕ ਕਿਸਮ  ਨਾਲ ਸਕੂਲ ਦੀ ਸ਼ਿਕਾਇਤ ਹੋ ਗਈ ਹੈ। ਫਿਰ ਰਤਨ ਚੰਦ ਬਾਲੀ ਨੂੰ ਸਕੂਲ ਦੀਆਂ ਪੁਸਤਕਾਂ ਖ੍ਰੀਦ ਕੇ ਦਿੱਤੀਆਂ ਗਈਆਂ।
   ਦਸਵੀਂ ਪਾਸ ਕਰਨ ਤੋਂ ਬਾਅਦ ਰਤਨ ਚੰਦ ਬਾਲੀ 2 ਅਗਸਤ 1968 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਵਿਭਾਗ ਦੀ ਫੋਟੋ ਸ਼ੈਕਸ਼ਨ ਵਿੱਚ ਪਿ੍ਰੰਟਰ ਦੀ ਨੌਕਰੀ ਮਿਲ ਗਈ। ਰਤਨ ਚੰਦ ਬਾਲੀ ਨੇ ਪਰਿਵਾਰ ਦੀ ਆਰਥਿਕ ਹਾਲਤ ਵੇਖੀ ਸੀ, ਜਿਸ ਕਰਕੇ ਉਸ ਨੇ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਕੀਤਾ। ਉਸ ਦੀ ਮਿਹਨਤ ਤੇ ਆਪਣੇ ਕੰਮ ਦੀ ਕਾਬਲੀਅਤ ਨੂੰ ਮੁੱਖ ਰਖਦਿਆਂ ਵਿਭਾਗ ਨੇ ਉਸ ਨੂੰ 24 ਨਵੰਬਰ 1972 ਨੂੰ ਜੂਨੀਅਰ ਫੋਟੋਗ੍ਰਾਫਰ ਦੀ ਤਰੱਕੀ ਕਰ ਦਿੱਤੀ।  ਉਸ ਤੋਂ ਬਾਅਦ ਉਸ ਦੀ 26 ਫਰਵਰੀ 1979 ਨੂੰ ਸੀਨੀਅਰ ਫੋਟੋਗ੍ਰਾਫਰ, 1 ਜੂਨ 1989 ਨੂੰ ਕੈਮਰਾਮੈਨ ਅਤੇ 13 ਜੁਲਾਈ 2005 ਨੂੰ ਸਿਨਮਾ ਤੇ ਫੋਟੋ ਆਫੀਸਰ ਤਰੱਕੀ ਹੋ ਗਈ। ਉਸ ਨੂੰ ਆਪਣੀ ਨੌਕਰੀ ਦੌਰਾਨ 16 ਪ੍ਰਸੰਸਾ ਪੱਤਰ ਮਿਲੇ। ਹੈਰਾਨੀ ਦੀ ਗੱਲ ਹੈ ਕਿ ਰਤਨ ਚੰਦ ਬਾਲੀ ਦੀ ਦਿਆਨਤਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਕਰਕੇ ਵਿਭਾਗ ਦੇ ਵੱਡੇ ਅਧਿਕਾਰੀ ਉਸ ਦੇ ਪੈਰਾਂ ਨੂੰ ਛੂੰਹਦੇ ਰਹੇ। ਲੋਕ ਸੰਪਰਕ ਵਿਭਾਗ ਦੀਆਂ ਬਹੁਤੀਆਂ ਅਸਾਮੀਆਂ ‘ਤੇ ਕੰਮ ਕਰਨਾ ਵੰਗਾਰ ਦੀ ਤਰ੍ਹਾਂ ਹੁੰਦਾ ਹੈ। ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਤਾਂ ਅਤਿਅੰਤ ਔਖੀਆਂ ਸਮੁੰਦਰ ਵਿੱਚੋਂ ਮੋਤੀ ਲੱਭਣ ਦੇ ਬਰਾਬਰ ਹੁੰਦੀਆਂ ਹਨ, ਜਿਨ੍ਹਾਂ ‘ਤੇ ਸਫਲ ਹੋਣ ਲਈ ਫੁਰਤੀਲਾਪਣ ਹੋਣਾ ਜ਼ਰੂਰੀ ਹੈ। ਉਨ੍ਹਾਂ ਦਾ ਕੰਮ ਸਮੁੰਦਰ ਦੀਆਂ ਲਹਿਰਾਂ ਅਤੇ ਬਿਜਲੀ ਦੀ ਲਿਸ਼ਕ ਨੂੰ ਕੈਦ ਕਰਨ ਵਾਲਾ ਹੁੰਦਾ ਹੈ। ਉਨ੍ਹਾਂ ਵਿੱਚੋਂ ਫੋਟੋਗ੍ਰਾਫਰ ਦਾ ਕੰਮ ਹਵਾ ਦੇ ਝੋਕੇ ਨੂੰ ਪਕੜਨ ਦੀ ਤਰ੍ਹਾਂ ਹੁੰਦਾ ਹੈ। ਮੁੱਖ ਮਹਿਮਾਨ ਨੀਂਹ ਪੱਥਰ ਜਾਂ ਉਦਘਾਟਨ ਫਟਾਫਟ ਕਰ ਦਿੰਦੇ ਹਨ। ਉਨ੍ਹਾਂ ਦੀ ਇਸ ਕਾਰਵਾਈ ਨੂੰ ਕੈਮਰੇ ਵਿੱਚ ਫੁਰਤੀ ਨਾਲ ਕੈਦ ਕਰਨਾ ਫੋਟੋਗ੍ਰਾਫਰ ਦਾ ਕੰਮ ਹੁੰਦਾ ਹੈ, ਅਜਿਹਾ ਹੀ ਇਕ ਫੋਟੋਗ੍ਰਾਫਰ ਆਰ.ਸੀ.ਬਾਲੀ ਹੈ, ਜਿਹੜਾ ਬਹੁਤ ਹੀ ਫੁਰਤੀ ਨਾਲ ਆਪਣੀ ਨੌਕਰੀ ਦੇ 37 ਸਾਲ ਆਪਣੀ ਜ਼ਿੰਦਗੀ ਨੂੰ ਵੀ ਜੋਖ਼ਮ ਵਿੱਚ ਪਾ ਕੇ ਫੋਟੋਗ੍ਰਾਫੀ ਕਰਦਾ ਰਿਹਾ। ਪੰਜਾਬ ਦੇ 80ਵਿਆਂ ਦੇ ਮਾੜੇ ਦਿਨਾ ਵਿੱਚ ਜਦੋਂ ਸ਼ਾਮ ਨੂੰ ਘਰ ਵਾਪਸ ਪਹੁੰਚਣਾ ਗਨੀਮਤ ਸਮਝਿਆ ਜਾਂਦਾ ਸੀ। ਉਸ ਸਮੇਂ ਬੱਸਾਂ ‘ਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਜਾ ਕੇ ਆਪਣੇ ਫਰਜ਼ ਨਿਭਾਉਂਦਾ ਰਿਹਾ। ਉਨ੍ਹਾਂ ਦਿਨਾਂ ਵਿੱਚ ਤਕਨਾਲੋਜੀ ਦਾ ਯੁਗ ਨਹੀਂ ਸੀ। ਪਹਿਲਾਂ ਤਸਵੀਰ ਖਿਚਣੀ ਤੇ ਰੀਲ ਨੂੰ ਧੋਣਾ ਤੇ ਫਿਰ ਤਸਵੀਰ ਬਣਾਉਣੀ ਬਹੁਤ ਹੀ ਮੁਸ਼ਕਲ ਹੁੰਦਾ ਸੀ ਕਿਉਂਕਿ ਇਹ ਤਸਵੀਰਾਂ ਅਖ਼ਬਾਰਾਂ ਵਿੱਚ ਗੱਡੀਆਂ ਰਾਹੀਂ ਭੇਜਣੀਆਂ ਹੁੰਦੀਆਂ ਸਨ। ਜਿਥੇ ਵੀ ਸਮਾਗਮ ਹੁੰਦਾ ਸੀ, ਉਸ ਦੇ ਨਜ਼ਦੀਕ ਦੇ ਸ਼ਹਿਰ ਜਾਂ ਕਸਬੇ ਵਿੱਚ ਕਿਸੇ ਫੋਟੋਗ੍ਰਾਫਰ ਦਾ ਸਟੂਡੀਓ ਵਰਤਕੇ ਕੰਮ ਕੀਤਾ ਜਾਂਦਾ ਸੀ। ਰਤਨ ਚੰਦ ਬਾਲੀ ਇੱਕ ਵਾਰ 12 ਅਗਸਤ 1982 ਨੂੰ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਸਮਾਗਮ ਨੂੰ ਕਵਰ ਕਰਨ ਲਈ ਰਾਹੋਂ ਗਿਆ ਸੀ। ਉਥੇ ਸਮਾਗਮ ਵਾਲੀ ਥਾਂ ‘ਤੇ ਗਰਨੇਡ ਫੱਟ ਗਏ। ਰਤਨ ਚੰਦ ਬਾਲੀ ਸਣੇ 25-30 ਲੋਕ ਜ਼ਖ਼ਮੀ ਹੋ ਗਏ। ਰਤਨ ਚੰਦ ਬਾਲੀ ਨੂੰ ਦੋ ਮਹੀਨੇ ਤੰਦਰੁਸਤ ਹੋਣ ਲਈ ਲੱਗ ਗਏ। ਉਹ ਫਿਰ ਵੀ ਡਰਿਆ ਨਹੀਂ ਸਗੋਂ ਮੁੱਖ ਮੰਤਰੀ ਦੇ ਸਮਾਗਮ ਕਵਰ ਕਰਦਾ ਰਿਹਾ। ਏਸੇ ਤਰ੍ਹਾਂ 31 ਅਗਸਤ 1995 ਨੂੰ ਜਦੋਂ ਸਕੱਤਰੇਤ ਵਿਖੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਤੇ ਬੰਬਾਂ ਨਾਲ ਹਮਲਾ ਹੋਇਆ ਤਾਂ ਰਤਨ ਚੰਦ ਬਾਲੀ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਾ ਹੋਇਆ, ਇਸ ਘਟਨਾ ਤੋਂ ਪ੍ਰਭਾਵਤ ਗੱਡੀਆਂ ਅਤੇ ਲੋਕਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ। ਜੇ ਉਹ ਫੋਟੋਆਂ ਨਾ ਖਿਚਦਾ ਤਾਂ ਹੋ ਸਕਦਾ ਵਿਭਾਗ ਉਸ ਦੀ ਜਵਾਬ ਤਲਬੀ ਕਰਦਾ ਪ੍ਰੰਤੂ ਵਿਭਾਗ ਨੇ ਉਸ  ਵੱਲੋਂ ਖਿਚੀਆਂ ਤਸਵੀਰਾਂ ਦੀ ਵਰਤੋਂ ਨਹੀਂ ਕੀਤੀ। ਉਸ ਦੇ ਜੀਵਤ ਹੋਣ ਬਾਰੇ ਪਰਿਵਾਰ ਨੂੰ ਰਾਤ ਦੇ 11 ਵਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਤੱਕ ਉਹ ਘਰ ਨਹੀਂ ਪਹੁੰਚਿਆ। ਅਜਿਹੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ ਮਾਨਸਿਕ ਤਕਲੀਫ ਝੱਲਣੀ ਪੈਂਦੀ ਹੈ। ਵਿਭਾਗ ਫੋਕੀ ਵਾਹਵਾ ਸ਼ਾਅਵਾ ਕਰਨ ਤੋਂ ਇਲਾਵਾ ਕੋਈ ਮਦਦ ਨਹੀਂ ਕਰਦਾ। । ਂਰਤਨ ਚੰਦ ਬਾਲੀ ਦਾ 31 ਅਗਸਤ 1947 ਨੂੰ ਡੇਰਾ ਬਰਮਿਆਂ ਜਿਲ੍ਹਾ ਰਾਵਲਪਿੰਡੀ ਵਿੱਚ ਰੋਟੀ ਅਤੇ ਰੋਜ਼ੀ ਦੀ ਜਦੋਜਹਿਦ ਕਰ ਰਹੇ ਸਾਧਾਰਨ ਪਰਿਵਾਰ ਵਿੱਚ ਪਿਤਾ ਰਾਏਜਾਦਾ ਕਿਸ਼ਨ ਚੰਦ ਤੇ ਮਾਤਾ ਚੰਦਰਾ ਬਾਲੀ ਦੀ ਕੁੱਖੋਂ ਜਨਮ ਹੋਇਆ। ਜਦੋਂ ਨੌਕਰੀ ‘ਤੇ ਲੱਗਿਆ ਸੀ ਤਾਂ ਉਹ ਦਸਵੀਂ ਪਾਸ ਸੀ। ਫਿਰ ਉਨ੍ਹਾਂ ਬੀ.ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਕੀਤੀ। ਉਸ ਦੇ ਪਿਤਾ ਦਾ ਛੋਟਾ ਜਿਹਾ ਕਾਰੋਬਾਰ ਸੀ। ਜਦੋਂ ਭਾਰਤ ਆਏ ਤਾਂ ਉਨ੍ਹਾਂ ਨੂੰ ਅਲਾਟਮੈਂਟ ਅਧਿਕਾਰੀ ਨੇ ਵੱਡੀ ਹਵੇਲੀ ਅਲਾਟ ਕਰ ਦਿੱਤੀ। ਰਤਨ ਚੰਦ ਬਾਲੀ ਦੇ ਪਿਤਾ ਨੇ ਕਿਹਾ ਕਿ ਉਸ ਦਾ ਘਰ ਬਹੁਤ ਛੋਟਾ ਸੀ। ਇਸ ਲਈ ਛੋਟਾ ਘਰ ਦਿੱਤਾ ਜਾਵੇ। ਇਥੋਂ ਇਸ ਪਰਿਵਾਰ ਦੇ ਸਬਰ ਸੰਤੋਖ ਦੀ ਪ੍ਰਵਿਰਤੀ ਦਾ ਪਤਾ ਚਲਦਾ ਹੈ। ਰਤਨ ਚੰਦ ਬਾਲੀ ਦਾ ਵਿਆਹ 21 ਨਵੰਬਰ 1973 ਨੂੰ ਤੇਜਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਇਕ ਲੜਕਾ ਨੀਰਜ ਬਾਲੀ ਹੈ, ਜੋ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਲੜਕੀ ਨਮਰਤਾ ਪਾਹੂਜਾ ਅਮਰੀਕਾ ਵਿੱਚ ਸਰਕਾਰੀ ਅਧਿਆਪਕ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ ਪ੍ਰਤੀਕ - ਉਜਾਗਰ ਸਿੰਘ

ਕਮਲ ਬੰਗਾ ਸੈਕਰਾਮੈਂਟੋ ਪਰਵਾਸੀ ਪੰਜਾਬੀ ਗ਼ਜ਼ਲਗੋ ਹੈ। ਉਸ ਦੀ ਕਵਿਤਾ ਦੀਆਂ 16 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਨਵੀਂ-ਬੁਲਬੁਲ’ ਉਸ ਦੀ 17ਵੀਂ ਗ਼ਜ਼ਲਾਂ ਤੇ ਨਜ਼ਮਾ ਦੀ ਪੁਸਤਕ ਹੈ। ਉਸ ਦੀਆਂ ਬਹੁਤੀਆਂ ਗ਼ਜ਼ਲਾਂ ਲੋਕਾਈ ਦੇ ਦਰਦ ਦੀ ਪੀੜ ਦਾ ਪ੍ਰਗਟਾਵਾ ਕਰਦੀਆਂ ਹਨ। ਭਾਵੇਂ ਉਹ ਲਗਪਗ ਅੱਧੀ ਸਦੀ ਦੇ ਲੰਬੇ ਸਮੇਂ ਤੋਂ ਪਰਵਾਸ ਵਿੱਚ ਰਹਿ ਰਿਹਾ ਹੈ ਪ੍ਰੰਤੂ ਉਸ ਦੀ ਸ਼ਬਦਾਵਲੀ ਅਮੀਰ ਹੈ। ਜੇਕਰ ਉਸ ਨੂੰ ਸ਼ਬਦਾਂ ਦਾ ਕਾਰੀਗਰ ਕਹਿ ਲਈਏ ਤਾਂ ਵੀ ਕੋਈ ਅਤਕਥਨੀ ਨਹੀਂ। ਉਸ ਦੀ ਜ਼ਿੰਦਗੀ ਦੀ ਜਦੋਜਹਿਦ ਦਾ ਤਜ਼ਰਬਾ ਵੀ ਵਿਸ਼ਾਲ ਹੈ। ਉਹ ਸੰਸਾਰ ਦੇ 35 ਦੇਸ਼ਾਂ ਦਾ ਭਰਮਣ ਕਰ ਚੁੱਕਾ ਹੈ। ਪਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਵਿੱਚੋਂ ਉਹ ਨਗੀਨਾ ਬਣਕੇ ਨਿਕਲਿਆ ਹੈ। ਉਸ ਨੂੰ 18 ਸਾਲ ਦੀ ਉਮਰ ਵਿੱਚ ਹੀ ਸਾਹਿਤਕ ਚੇਟਕ ਲੱਗ ਗਈ ਸੀ। ਪਰਵਾਸ ਵਿੱਚ ਸਾਹਿਤਕ ਮਹਿਫਲਾਂ ਦਾ ਸ਼ਿੰਗਾਰ ਰਿਹਾ ਹੈ। ਉਸ ਦੀ ਸਭਿਆਚਾਰਕ ਸਰਗਰਮੀ ਕਰਕੇ ਸਾਹਿਤਕ ਚੇਤਨਾ ਸੁਚੇਤ ਹੋ ਗਈ।  ਕਮਲ ਬੰਗਾ ਸੈਕਰਾਮੈਂਟੋ ਦੀਆਂ ਗ਼ਜ਼ਲਾਂ ਤੇ ਨਜ਼ਮਾ ਦੇ ਵਿਸ਼ੇ ਲੋਕਾਈ ਦੀ ਜਦੋਜਹਿਦ ਵਿੱਚੋਂ ਲਏ ਹੋਏ ਹਨ। ਵਿਸ਼ਿਆਂ ਦੀ ਵੰਨਗੀ ਬਹੁ-ਰੰਗੀ ਤੇ ਬਹੁ-ਪੱਖੀ ਹੈ। ਉਹ ਕਿਸੇ ਇਕ ਵਿਸ਼ੇ ਜਾਂ ਵਾਦ ਨਾਲ ਜੁੜਿਆ ਹੋਇਆ ਨਹੀਂ। ਇਨਸਾਨ ਨੂੰ ਸਮਾਜ ਵਿੱਚ ਵਿਚਰਦਿਆਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਮੁਸ਼ਕਲਾਂ ਹੀ ਕਮਲ ਬੰਗਾ ਦੇ ਵਿਸ਼ੇ ਹਨ। ਉਸ ਦੇ ਵਿਸ਼ਿਆਂ ਵਿੱਚ ਇਨਸਾਨੀ ਤੇ ਪਰਿਵਾਰਿਕ ਰਿਸ਼ਤਿਆਂ ਦੀਆਂ ਤ੍ਰੇੜਾਂ, ਬੇਇਨਸਾਫ਼ੀ, ਸਮਾਜਿਕ ਪੀੜਾ, ਮਾਨਸਿਕਤਾ, ਆਰਥਿਕ ਕਾਣੀ ਵੰਡ, ਪਿਆਰ-ਮੁਹੱਬਤ, ਇਸ਼ਕ-ਮੁਸ਼ਕ, ਨਫ਼ਰਤੀ ਵਰਤਾਰਾ, ਧਾਰਮਿਕ ਕੱਟੜਤਾ, ਗੰਧਲੀ ਰਾਜਨੀਤੀ, ਅਮੀਰ ਗ਼ਰੀਬ ਦਾ ਪਾੜਾ, ਬਿਰਹਾ, ਵਾਤਵਰਨ, ਰੁੱਖ, ਲਾਲਚ, ਸੰਸਾਰ ਜੰਗਾਂ, ਬਜ਼ੁਰਗਾਂ ਦੀ ਅਣਵੇਖੀ, ਮਾਨਵਤਾ ਤੇ ਸਾਹਿਤਕਾਰਾਂ ਦੇ ਕਿਰਦਾਰ, ਅਵਿਸ਼ਵਾਸ਼ ਅਤੇ ਪੱਖਪਾਤ ਸ਼ਾਮਲ ਹਨ। ਉਸ ਦੀ ਪਹਿਲੀ ਪੁਸਤਕ 2008 ਵਿੱਚ ‘ਪੈਂਤੀ ਸਾਹਿਤਕ ਕਿਰਨਾ’ ਪ੍ਰਕਾਸ਼ਤ ਹੋਈ ਸੀ। ਉਸ ਤੋਂ ਬਾਅਦ ਚਲ ਸੋ ਚਲ ਲਗਾਤਾਰ ਪੁਸਤਕਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ।  ‘ਨਵੀਂ-ਬੁਲਬੁਲ’ 2023 ਵਿੱਚ ਪ੍ਰਕਾਸ਼ਤ ਹੋਈ ਹੈ। ਸਿਆਸਤ ਤੇ ਧਰਮ ਦਾ ਭਾਰੂ ਹੋਣਾ ਸ਼ਾਇਰ ਸਮਾਜ ਲਈ ਖ਼ਤਰਨਾਕ ਦੱਸਦਾ ਹੈ। ਨੋਟਾਂ ਤੇ ਵੋਟਾਂ ਦਾ ਵਿਓਪਾਰ ਵੀ ਦੇਸ਼ ਲਈ ਘਾਤਕ ਹੋਵੇਗਾ। ਸੱਚੇ ਸੁੱਚੇ ਲੋਕਾਂ ਲਈ ਖ਼ਤਰਾ ਵਧੇਰੇ ਹੈ। ਫਰੇਬੀ ਆਨੰਦ ਮਾਣਦੇ ਹਨ। ਲਾਲਚ ਤੇ ਧੋਖਾ ਇਨਸਾਨ ‘ਤੇ ਭਾਰੂ ਹੋ ਗਏ ਹਨ। ਨਕਲੀ ਵਿਖਾਵਾ ਲੋਕਾਂ ਦੀ ਫਿਤਰਤ ਬਣ ਗਈ ਹੈ। ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ। ਦੁੱਖ ਸੁੱਖ ਜੀਵਨ ਦਾ ਹਿੱਸਾ ਹਨ ਪ੍ਰੰਤੂ ਦੁੱਖ ਨਾਲ ਜੀਵਨ ਵਿੱਚ ਹਨ੍ਹੇਰਾ ਆ ਜਾਂਦਾ ਹੈ। ਸ਼ਾਇਰ ਦੀਆਂ ਗ਼ਜ਼ਲਾਂ ਵਿੱਚ ਬਹੁਤ ਸਾਰੀਆਂ ਅਟੱਲ ਸਚਾਈਆਂ ਦਾ ਵਰਣਨ ਕੀਤਾ ਗਿਆ ਹੈ। ਵਹਿਮ ਭਰਮ ਸਮਾਜ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਕਰਦੇ ਹਨ। ਜ਼ਾਤ ਪਾਤ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਸਾਹਿਤਕਾਰ ਆਸ਼ਾਵਾਦੀ ਹੋਣੇ ਚਾਹੀਦੇ ਹਨ। ਫੋਕੀ ਵਾਹਵਾ ਸ਼ਾਹਵਾ ਚੰਗੀ ਨਹੀਂ ਹੁੰਦੀ। ਸਾਹਿਤਕ ਮਹਿਫਲਾਂ ਵਿੱਚ ਝਗੜੇ ਹੋ ਰਹੇ ਹਨ। ਸ਼ਾਇਰ ਕਵੀਆਂ ਨੂੰ ਸਲਾਹ ਦਿੰਦਾ ਹੈ ਕਿ ਉਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਬਾਰੇ ਲਿਖਣਾ ਚਾਹੀਦਾ, ਅਸ਼ਲੀਲ ਲਿਖਣ ਤੋਂ ਗੁਰੇਜ਼ ਕਰਨਾ ਚਾਹੀਦਾ। ਭਾਸ਼ਾ ਸਰਲ ਵਰਤੀ ਜਾਵੇ। ਲਗਪਗ ਉਸ ਦੀਆਂ 125 ਗ਼ਜ਼ਲਾਂ ਤੇ ਨਜ਼ਮਾ ਵਿੱਚ ਸਾਹਿਤਕਾਰਾਂ ਦੇ ਕਿਰਦਾਰ ਦਾ ਜ਼ਿਕਰ ਕੀਤਾ ਗਿਆ। ਕਮਲ ਬੰਗਾ ਦਾ ਮੰਨਣਾ ਹੈ ਕਿ ਕਲਮਕਾਰ ਸਮਾਜ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਦੇ ਸਮਰੱਥ ਹਨ। ਇਸ ਲਈ ਉਹ ਵਾਰ-ਵਾਰ ਸਾਹਿਤਕਾਰਾਂ ਨੂੰ ਕੁਰੇਦਦਾ ਹੈ ਕਿ ਉਹ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਦੇਣ ਤਾਂ ਸਮਾਜ ਬਿਹਤਰੀਨ ਪ੍ਰਣਾਲੀ ਅਪਣਾ ਸਕੇ। ਉਸ ਦਾ ਇਕ ਸ਼ਿਅਰ ਸਾਹਿਤਕਾਰਾਂ ਨੂੰ ਸੰਬੋਧਤ ਹੈ:
ਸਾਨੂੰ ਸਰੋਕਾਰਾਂ ਦਾ ਸ਼ੀਸ਼ਾ ਦੇਖਣਾ ਚਾਹੀਦਾ।
 ਤੇ ਸਮਾਜ ‘ਚ ਕੀ-ਕੀ ਹੁੰਦਾ ਲਿਖਣਾ ਚਾਹੀਦਾ।
ਪ੍ਰਬੰਧਕੀ ਢਾਂਚੇ ਦੇ ਖੋਖਲਾਪਨ ਦੀ ਤਸਵੀਰ ਖਿਚਦਾ ਹੋਇਆ ਉਹ, ਜੇਲ੍ਹਾਂ ਵਿੱਚ ਹੋ ਰਹੀ ਐਸ਼ਪ੍ਰਸਤੀ ਦੀ ਨਿੰਦਿਆ ਕਰਦਾ ਹੈ। ਸ਼ਾਇਰ ਅਨੁਸਾਰ ਹੰਕਾਰ ਸਮਾਜ ਦਾ ਬੇੜਾ ਗਰਕ ਕਰ ਰਿਹਾ ਹੈ। ਜੇਕਰ ਇਨਸਾਨ ਨੇ ਵੱਡਾ ਬਣਨਾ ਹੈ ਤਾਂ ਹੰਕਾਰ ਛੱਡਣਾ ਪਵੇਗਾ। ਧਾਰਮਿਕ ਲੋਕਾਂ ਦੇ ਪਾਖੰਡ ਦਾ ਵੀ ਭਾਂਡਾ ਭੰਨਦਾ ਹੈ। ਧਰਮ ਨਿੱਜੀ ਹੁੰਦਾ ਹੈ, ਇਸ ਨੂੰ ਸਮਾਜ ‘ਤੇ ਠੋਸਣਾ ਨਹੀਂ ਚਾਹੀਦਾ। ਧਾਰਮਿਕ ਦੁਕਾਨਦਾਰੀਆਂ ਸਮਾਜ ਨੂੰ ਖੋਖਲਾ ਕਰ ਰਹੀਆਂ ਹਨ। ਧਾਰਮਿਕ ਲੋਕਾਂ ਬਾਰੇ ਕਮਲ ਬੰਗਾ ਲਿਖਦਾ ਹੈ:
ਚਾਹੇ ਲੋਕ ਪਾਠ ਪੂਜਾ ਤੇ ਕਰਦੇ ਨੇ ਫ਼ਰਿਆਦਾਂ,
 ਫਿਰ ਵੀ ਸ਼ਰੇਆਮ ਕਰੀ ਜਾਂਦੇ ਨੇ ਵੰਡ ਕਾਣੀ।
ਧਰਮ ਤੇ ਰਾਜਨੀਤੀ ਸਖ਼ਤ ਵੀ ਤੇ ਨਰਮ ਵੀ ਬੜੇ,
 ਲੋਕ ਇੱਕ ਥਾਂ ਟਿਕਦੇ ਨਹੀਂ, ਥਾਂ ਥਾਂ ਮੱਥੇ ਰਗੜਦੇ।
ਅਸਲ ਵਿੱਚ ਧਰਮਾਂ ਤੇ ਸੱਚ-ਝੂਠ ਦੀ ਲੜਾਈ ਹੈ,
ਅਕਸਰ ਇਨ੍ਹਾਂ ਵਿਚ ਵੀ, ਸੱਚ ਨੂੰ ਟਾਲੀ ਜਾਂਦੇ ਨੇ।
 ਅਮੀਰ ਲੋਕਾਂ ਨੂੰ ਸਲਾਹ ਦਿੰਦਾ ਸ਼ਾਇਰ ਲਿਖਦਾ ਹੈ ਕਿ ਪੈਸਾ ਸਾਰੀਆਂ ਬਿਮਾਰੀਆਂ ਦਾ ਇਲਾਜ ਨਹੀਂ। ਸਰੀਰਕ ਬਿਮਾਰੀ ਪੈਸੇ ਨਾਲ ਦੂਰ ਨਹੀਂ ਹੁੰਦੀ। ਵਾਤਵਰਨ ਬਾਰੇ ਵੀ ਸ਼ਾਇਰ ਕਾਫ਼ੀ ਚਿੰਤਤ ਹੈ। ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਰੁੱਖਾਂ, ਪਾਣੀ ਅਤੇ ਹਵਾ ਦੇ ਗੰਧਲੇਪਣ ਦਾ ਜ਼ਿਕਰ ਕਰਦਾ ਹੈ। ਰੁੱਖ ਤਾਂ ਹਰ ਦੁੱਖ ਝਲਕੇ ਇਨਸਾਨਾ ਦੀ ਛਤਰੀ ਬਣਦੇ ਹਨ ਪ੍ਰੰਤੂ ਇਨਸਾਨ ਉਨ੍ਹਾਂ ਦੀ ਛਾਂ ਮਾਣਦਾ ਹੋਇਆ ਵੀ ਰਹਿਮ ਨਹੀਂ ਕਰਦਾ। ਰੁੱਖਾਂ ਬਾਰੇ ਲਿਖਦਾ ਹੈ:
ਰੁੱਖ਼ਾਂ ਤੇ ਮਨੁੱਖ਼ਾਂ ਦੇ ਮੁੱਕਣ ਵਾਂਗ ਹੀ, ਪੰਛੀਆਂ ਨੂੰ ਵੀ, ਇਹੋ ਮਿਲਦੀ ਹੈ ਸਜ਼ਾ।
ਸਾਰੇ ਰੁੱਖ ਛਾਂ ਦੀਆਂ, ਛਤਰੀਆਂ ਬਣ ਕੇ ਖੜ੍ਹੇ ਨੇ,
 ਇਨ੍ਹਾਂ ਖੜ੍ਹਿਆਂ-ਖੜ੍ਹਿਆਂ, ਸਭੇ ਸਾਂਝਾ ਪੁਗਾਈਆਂ ਨੇ।
Ñਲੋਕਾਂ ਨੂੰ ਇਨਸਾਫ਼ ਨਾ ਮਿਲਣ ‘ਤੇ ਲਾਲਚੀ ਸਮਾਜ ਬਾਰੇ ਚਿੰਤਤ ਹੋਇਆ ਕਮਲ ਬੰਗਾ ਲਿਖਦਾ ਹੈ-
ਚਾਹੇ ਸਮਾਜੀ ਰੰਗਤ ਹਰਿਕ ਮਨ ਵਿੱਚ ਹੀ, ਫਿਰ ਵੀ ਹਰਿਕ ਨੂੰ, ਇਨਸਾਫ਼ ਦੀ ਭਾਲ ਹੈ।
ਜ਼ੋਰਾਵਰ ਤੇ ਹਓਮੇ ਵਾਲੇ ਵੀ ਬਥੇਰੇ, ਘੱਟ ਹੀ ਗੱਲ ਕਰਦੇ, ਰੱਬੀ ਮਿਹਰ ਦੀ।
ਜ਼ਿੰਦਗੀ ਤਾਂ ਹਰਿਕ ਹੀ, ਮੰਗਦੀ ਸ਼ਾਂਤੀ, ਪਰ ਹਲਚਲ ਘੱਟਦੀ ਨਹੀਂ, ਲਾਲਚੀ-ਲਹਿਰ ਦੀ।
ਵਹਿਮ ਭਰਮ ਤੇ ਜ਼ਾਤ ਪਾਤ ਸਮਾਜ ਲਈ ਕਲੰਕ ਹਨ। ਇਹ ਸਮਾਜ ਦੀ ਮਾਨਸਿਕ ਪ੍ਰਗਤੀ ਦੇ ਰਾਹ ਵਿੱਚ ਰੋੜਾ ਬਣਦੇ ਹਨ-
ਇੰਡੀਅ ‘ਚ ਜ਼ਾਤਾਂ-ਪਾਤਾਂ ਦੀ ਮਧਾਣੀ ਫੇਰੀ ਜਾਂਦੇ,
ਧੱਕੇ ਨਾਲ ਵਹਿਮਾ ਦੀ ਫੜੀ ਪਟਾਰੀ ਹੁੰਦੀ ਹੈ।
ਵੈਸੇ ਤਾਂ ਇਨਸਾਨ ਦੀ, ਆਪਣੀ ਹੈ ਮਰਜ਼ੀ,
ਵਹਿਮਾਂ ਨਾਲ ਵੀ ਸੱਜਣੋ, ਜਿੰਦ ਖ਼ੱਜ਼ਲ ਹੁੰਦੀ ਹੈ।
ਰਾਜਨੀਤਕ ਲੋਕਾਂ ਨੂੰ ਸ਼ਾਇਰ ਆੜੇ ਹੱਥੀਂ ਲੈਂਦਾ ਹੋਇਆ ਲਿਖਦਾ ਹੈ-
ਰਾਜਨੀਤੀ ਵੀ ਮਿੱਠੀ ਜ਼ਹਿਰ, ਲੀਡਰ ਪੀਂਦੇ ਨੇ ਪਰ,
ਕਿਸੇ ਦੇ ਹੱਡ ਨਹੀਂ ਦੁੱਖਦੇ, ਇਸ ਦੀਆਂ ਮਾਰਾਂ ਵਿੱਚ।
ਸੋਨੇ ਰੰਗੀਆਂ ਕੁਰਸੀਆਂ ਦੇ ਵਾਂਗ ਹੀ,
ਉਪਰੋਂ ਉਪਰੋਂ ਚਮਕਦੀ ਹੁੰਦੀ ਸਰਕਾਰ ਹੈ।
ਕਹਿਣ ਨੂੰ ਦੁਨੀਆਂ ਕਹਿੰਦੀ, ਨਸ਼ਿਆਂ ਤੋਂ ਬਚੋ,
 ਪਰ ਆਪ ਹੀ, ਸਭ ਕੁਝ ਬਣਾਉਂਦੀ ਨਸ਼ੀਲਾ ਹੈ।
ਇਕੱਲੇ ਸੱਪਾਂ ਵਿਚ ਹੀ, ਜ਼ਹਿਰ ਨਹੀਂ ਹੁੰਦੀ,
ਠੱਗੀ-ਠੋਰੀ ਵਾਲੇ ਵੀ, ਮਿੱਠੇ ਫ਼ਨੀਅਰ ਬਣੇ ਨੇ।
ਰਿਸ਼ਤੇ ਵੀ ਹੁਣ ਅਮੀਰਤ ਮਗਰ ਘੁੰਮਦੇ, ਚਾਹੇ ਮੁੰਡਾ ਚੰਦ ਵਰਗਾ ਤੇ ਕੁੜੀ ਨੂਰੀ ਹੈ।
ਪਰਵਾਸ ਦੀ ਜ਼ਿੰਦਗੀ ਸੰਬੰਧੀ ਵੀ ਸ਼ਾਇਰ ਕਾਫਪ ਗ਼ਜ਼ਲਾਂ ਲਿਖੀਆਂ ਹਨ-
ਸੜਕਾਂ ‘ਤੇ ਜ਼ੋਰ ਹੈ, ਕਾਰਾਂ ਤੇ ਟਰੱਕਾਂ ਦਾ, ਨਾਲੇ ਲੱਖਾਂ ਮੁਸਾਫ਼ਿਰ, ਜ਼ਾਜ਼ਾਂ ‘ਚ ਚੜ੍ਹਿਆ ਹੈ।
ਕੰਮਾਂ ਕਾਰਾਂ ਤੇ ਸ਼ਿਫਟਾਂ ਦੀ ਮਜ਼ਬੂਰੀ, ਪਹਿਲਾਂ ਵਾਂਗ ਰਹੇ ਨਹੀਂ, ਸਾਂਝੇ ਜਗਰਾਤੇ।
Êਪ੍ਰਦੇਸ ਚਾਹੇ ਦੂਰ ਹੈ, ਬੰਦਾ ਜਾਣ ਲਈ ਮਜ਼ਬੂਰ ਹੈ,
 ਉਂਜ ਵੀ ਸੋਹਣੇ ਜੀਵਨ ਦਾ, ਗੁਜ਼ਾਰਾ ਸੋਹਣਾ ਚਾਹੀਦਾ।
ਰੂਸ ਅਤੇ ਯੂਕਰੇਨ ਦੀ ਲੜਾਈ ਵੀ ਸ਼ਾਇਰ ਨੂੰ ਚੁਭਦੀ ਹੈ। ਇਸ ਲਈ ਉਹ ਰੂਸ ਦੇ ਰਾਸ਼ਟਰਪਤੀ ਪੂਤਿਨ ਦੀ ਹਠਧਰਮੀ ਬਾਰੇ ਲਿਖਦਾ ਹੈ-
ਪੂਟਨ ਕਿਸੇ ਦੀ ਵੀ-ਮੰਨਦਾ ਨਹੀਂ, ਅੰਦਰੋਂ-ਬਾਹਰੋਂ ਖ਼ਾਮੋਸ਼ ਹੋਈ ਲੋਕਾਈ।
ਬੰਦਾ ਤਾਂ ਕੀ? ਂਰੱਬ ਵੀ ਕੀ ਕਰੇ ਕਮਲ, ਪੂਟਨ ਵਰਗੇ ਸ਼ਰੇਆਮ, ਜ਼ੋਰ ਦਿਖਾ ਰਹੇ ਨੇ।
  ਕਮਲ ਬੰਗਾ ਦੀਆਂ ਗ਼ਜ਼ਲਾਂ ਵਿੱਚ ਇਸ਼ਕ-ਮੁਹੱਬਤ ਦਾ ਵੀ ਬੋਲਬਾਲਾ ਹੈ ਪ੍ਰੰਤੂ ਇਸ਼ਕ ਤਾਂ ਹੀ ਵਰਦਾਨ ਸਾਬਤ ਹੋ ਸਕਦਾ ਜੇਕਰ ਪ੍ਰੇਮੀ ਸੱਚੇ ਸੁਚੇ ਹੋਣ ਵਰਨਾ ਸੰਤਾਪ ਹੰਢਾਉਣਾ ਪੈਂਦਾ ਹੈ। ਸੱਚੇ ਪ੍ਰੇਮੀ ਅਮਰ ਹੁੰਦੇ ਹਨ, ਝੂਠੇ ਬਦਨਾਮੀ ਪੱਲੇ ਬੰਨ੍ਹਦੇ ਹਨ। ਇਸ਼ਕ ਵਿੱਚਲਾ ਬਿਰਹਾ ਮਾਨਸਿਕਤਾ ਨੂੰ ਸਾੜ ਦਿੰਦਾ ਹੈ। ਅੱਜ ਕਲ੍ਹ ਨੌਜਵਾਨੀ ਪਿਆਰ ਮੁਹੱਬਤ ਦੇ ਚਕਰ ਵਿੱਚ ਦੀਵਾਨੀ ਹੋਈ ਫਿਰਦੀ ਹੈ। ਵਫ਼ਾਦਾਰੀ ਦੀ ਘਾਟ ਰੜਕਦੀ ਹੈ। ਪਿਆਰ ਵਿਓਪਾਰ ਬਣਦਾ ਜਾ ਰਿਹਾ ਹੈ। ਸ਼ਾਇਰ ਲਿਖਦਾ ਹੈ:
ਜਿਹੜਾ ਹੁਣ ਲੋਚਦਾ ਹੈ ਵਫ਼ਾ ਨੂੰ, ਉਹਨੇ ਵੀ ਕੀਤੀ, ਕਿਸੇ ਨਾਲ ਬੇਵਫ਼ਾਈ ਹੈ।
ਪਾਕ ਮੁਹੱਬਤ ਬਨਾਮ ਹੁੰਦੀ ਵਫ਼ਾ ਯਾਰੋ, ਜੀਵਨ ਵਫ਼ਾ ਦਾ ਵੀ, ਰਾਗ ਛੇੜਦਾ ਹਾਂ।
ਦੋ ਦਿਲ ਸਾਫ਼ ਤਾਂ ਪਾਕ ਮੁਹੱਬਤ ਹੋ ਸਕਦੀ, ਨਾਲੇ ਪਾਕ ਮੁਹੱਬਤ ਦਾ ਬੂਟਾ-ਸੁੱਕਦਾ ਨਹੀਂ।
ਜੱਗ ‘ਤੇ ਮੁਹੱਬਤ ਨੇ, ਕਈ ਦਿਲ ਉਜਾੜੇ, ਪਰ ਕਈਆਂ ਨੇ ਮੁਹੱਬਤੀ ਸਾਂਝੀ ਛਤਰੀ ਤਾਣੀ।  
 ਇਸ ਗ਼ਜ਼ਲ ਸੰਗ੍ਰਹਿ ਵਿੱਚ 222 ਗ਼ਜ਼ਲਾਂ ਅਤੇ 18 ਨਜ਼ਮਾ ਸ਼ਾਮਲ ਹਨ।  ਗ਼ਜ਼ਲ ਸੰਗ੍ਰਹਿ ਦੀ ਦਿਖ ਸੁੰਦਰ ਹੈ ਪ੍ਰੰਤੂ ਬਾਈਂਡਿੰਗ ਸਮੇਂ ਦੋ ਫਰਮੇ ਉਲਟ ਪੁਲਟ ਲਗਾਏ ਹੋਏ ਹਨ। ਪ੍ਰਵਾਸ ਵਿੱਚ ਰਹਿਣ ਕਰਕੇ ਕੁਝ ਸ਼ਬਦ ਵੀ ਸ਼ਾਇਰ ਨੇ ਆਪੇ ਘੜੇ ਹੋਏ ਹਨ।
240 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਵਿਰਸਾ ਟਰੱਸਟ ਰਜਿ. ਪਲਾਹੀ ਫਗਵਾੜਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਸਮਾਜਿਕਤਾ ਦਾ ਪ੍ਰਤੀਕ -  ਉਜਾਗਰ ਸਿੰਘ

ਗੁਰਭਜਨ ਗਿੱਲ ਸਥਾਪਤ ਸ਼ਾਇਰ ਹੈ। ਉਹ ਸਰਬਕਲਾ ਸੰਪੂਰਨ ਤੇ ਹਰਫਨ ਮੌਲਾ ਸਾਹਿਤਕਾਰ ਹੈ। ਉਸ ਨੂੰ ਸਾਹਿਤਕ ਇਤਿਹਾਸਕਾਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਵਰਤਮਾਨ ਸਮੇਂ ਦੀਆਂ ਘਿਨੌਣੀਆਂ ਸਥਿਤੀਆਂ ਨੂੰ ਪਾਠਕਾਂ ਦੀ ਨਜ਼ਰਸਾਨੀ ਕਰਨ ਲਈ ਸਾਹਿਤਕ ਰੂਪ ਦੇ ਕੇ ਪ੍ਰਗਟਾਉਂਦਾ ਹੈ। ਗੁਰਭਜਨ ਗਿੱਲ ਦੀ ਇਕ ਹੋਰ ਵਿਲੱਖਣਤਾ ਹੈ ਕਿ ਉਹ ਖਾਸ ਤੌਰ ‘ਤੇ ਪੰਜਾਬੀ ਅਤੇ ਉਰਦੂ ਸਾਹਿਤ ਦੇ ਹਰ ਰੂਪ ਨੂੰ ਪੜ੍ਹਦਾ ਹੈ। ਇਸ ਕਰਕੇ ਉਸ ਦੀ ਸ਼ਬਦਾਵਲੀ ਅਤੇ ਜਾਣਕਾਰੀ ਬਹੁਤ ਵਿਸ਼ਾਲ ਤੇ ਅਮੀਰ ਹੈ। ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਉਸ ਕੋਲ ਹਰ ਭਾਸ਼ਾ ਦੇ ਸਾਹਿਤਕਾਰਾਂ ਬਾਰੇ ਜਾਣਕਾਰੀ ਦਾ ਖ਼ਜ਼ਾਨਾ ਹੈ। ਉਸ ਨੂੰ ਸਾਹਿਤਕਾਰਾਂ ਦਾ ਇਨਸਾਈਕਲੋਪੀਡੀਆ ਵੀ ਕਿਹਾ ਜਾ ਸਕਦਾ ਹੈ। ਉਸ ਦੀ ਸਾਹਿਤਕ ਸੋਚ ਆਮ ਲੋਕਾਂ ਦੀ ਸੋਚ ਬਣ ਗਈ ਹੈ।  ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਵਿਸ਼ਾ ਵਸਤੂ ਰੰਗ ਬਿਰੰਗੇ ਅਤੇ ਵੰਨ ਸੁਵੰਨੇ ਹਨ। ਗ਼ਰੀਬਾਂ, ਮਜ਼ਲੂਮਾਂ, ਕਿਸਾਨੀ ਅਤੇ  ਕੁਦਰਤ ਦੀ ਕਰੋਪੀ ਦੇ ਦਰਦ, ਵਾਤਾਵਰਨ, ਹਵਾ, ਪਾਣੀ, ਪਰਵਾਸ,  ਵਹਿਮ ਭਰਮ,  ਸ਼ਾਜ਼ਸ਼ਾਂ, ਸ਼ਾਹੂਕਾਰਾਂ, ਪੁਲਿਸ ਜ਼ਿਆਦਤੀਆਂ, ਨਸ਼ੇ, ਰਾਜਨੀਤੀ ਅਤੇ ਜ਼ਾਤ ਪਾਤ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਗ਼ਜ਼ਲਾਂ ਦੇ ਵਿਸ਼ੇ ਬਣਾਇਆ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਬਦ ਆਪ ਮੁਹਾਰੇ ਬੋਲਦੇ ਹਨ। ਉਸ ਦਾ ਗ਼ਜ਼ਲਾਂ ਲਿਖਣ ਦਾ ਅੰਦਾਜ਼ ਵਿਲੱਖਣ ਹੈ। ਗੁਰਭਜਨ ਗਿੱਲ ਦੀਆਂ ਕਵਿਤਾਵਾਂ/ਗ਼ਜ਼ਲਾਂ ਸਮੇਂ ਦੀ ਨਜ਼ਾਕਤ ਨੂੰ ਅਨੁਭਵ ਕਰਕੇ ਲਿਖੀਆਂ ਹੋਈਆਂ ਹਨ। ਉਸ ਦੇ ਹੁਣ ਤੱਕ ਦੋ ਦਰਜਨ ਤੋਂ ਉਪਰ ਕਵਿਤਾ ਅਤੇ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਪ੍ਰੰਤੂ ‘ਹਰ ਧੁਖਦਾ ਪਿੰਡ ਮੇਰਾ ਹੈ’ ਗੁਰਭਜਨ ਗਿੱਲ ਦੇ ਸਾਹਿਤਕ ਸਫ਼ਰ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਤੇ ਦੂਜੀ ਪੁਸਤਕ ਹੈ। ਉਸ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਤੋਂ ਮਹਿਜ ਤਿੰਨ ਸਾਲ ਬਾਅਦ ਪਹਿਲਾ ਕਾਵਿ ਸੰਗ੍ਰਹਿ ‘ਸ਼ੀਸ਼ਾ ਝੂਠ ਬੋਲਦਾ ਹੈ’ ਆਉਣਾ ਆਪਣੇ ਆਪ ਵਿੱਚ ਉਸ ਦੀ ਸਾਹਿਤਕ ਪ੍ਰਤਿਭਾ ਦਾ ਸਬੂਤ ਹੈ। ਉਸ ਤੋਂ 7 ਸਾਲ ਬਾਅਦ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਪ੍ਰਕਾਸ਼ਤ ਹੋਇਆ ਸੀ। ਇਹ ਉਸ ਗ਼ਜ਼ਲ ਸੰਗ੍ਰਹਿ ਦਾ ਤੀਜਾ ਐਡੀਸ਼ਨ ਹੈ, ਜਿਹੜਾ ਵੱਡੇ ਰੂਪ ਵਿੱਚ 2021 ਵਿੱਚ ਪ੍ਰਕਾਸ਼ਤ ਹੋਇਆ ਸੀ। ਇਹ ਗ਼ਜ਼ਲ ਸੰਗ੍ਰ੍ਰਹਿ ਪੜ੍ਹਕੇ ਇੰਜ ਮਹਿਸੂਸ ਹੁੰਦਾ ਹੈ ਕਿ ਗੁਰਭਜਨ ਗਿੱਲ ਚੜ੍ਹਦੀ ਉਮਰ ਵਿੱਚ ਵੀ ਪ੍ਰੌੜ੍ਹ ਗ਼ਜ਼ਲਗੋ ਦੀ ਤਰ੍ਹਾਂ ਲਿਖਦਾ ਰਿਹਾ ਹੈ। ਗੁਰਭਜਨ ਗਿੱਲ ਦੀਆਂ ਮੁੱਢਲੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਵਿਸ਼ਿਆਂ ਵਿੱਚ ਇਸ ਸਮੇਂ ਤੱਕ ਵੀ ਬਹੁਤੀ ਤਬਦੀਲੀ ਨਹੀਂ ਆਈ ਪ੍ਰੰਤੂ ਸੁਰ ਤਾਲ, ਰਦੀਫ ਅਤੇ ਸਾਹਿਤਕ ਮਾਪ ਦੰਡਾਂ ਵਿੱਚ ਪਰਪੱਕਤਾ ਜ਼ਰੂਰ ਆਈ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਨੇ ਗ਼ਜ਼ਲ ਦੇ ਮਾਪ ਦੰਡਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਪ੍ਰੰਤੂ ਵਿਸ਼ੇ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਸੰਬੰਧਤ ਹਨ। ਉਹ ਆਮ ਕਵੀਆਂ ਅਤੇ ਗ਼ਜ਼ਲਗੋ ਵਾਂਗੂੰ ਆਪਣੀਆਂ ਰਚਨਾਵਾਂ ਵਿੱਚ ਪਿਆਰ ਮੁਹੱਬਤ ਤੇ ਬਿਰਹਾ ਦੇ ਰੋਣੇ ਧੋਣੇ ਨਹੀਂ ਰੋਂਦਾ। ਉਸ ਦੀਆਂ ਸਾਰੀਆਂ ਗ਼ਜ਼ਲਾਂ ਵਿੱਚੋਂ ਇਨਸਾਨੀਅਤ ਦੇ ਦਰਦ ਦੀ ਪੀੜ ਦਿ੍ਰਸ਼ਟਾਂਤਿਕ ਰੂਪ ਵਿੱਚ ਝਲਕਦੀ ਹੈ। ਗ਼ਜ਼ਲ ਪੜ੍ਹਦਿਆਂ ਹੀ ਵਾਪਰ ਰਹੀ ਘਟਨਾ ਦਾ ਸੀਨ ਵਿਖਾਈ ਦੇਣ ਲਗਦਾ ਹੈ। ਇਹੋ ਗ਼ਜ਼ਲਗੋ ਦੀ ਕਾਬਲੀਤ ਦਾ ਸਬੂਤ ਹੈ। ਉਸ ਦੀਆਂ ਗ਼ਜ਼ਲਾਂ ਨੀਰਸ ਨਹੀਂ ਹੁੰਦੀਆਂ ਸਗੋਂ ਜੋਸ਼ ਪੈਦਾ ਕਰਦੀਆਂ ਹਨ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਸਮਾਜ ਦੇ ਯਥਾਰਥ ਦਾ ਸ਼ੀਸ਼ਾ ਹਨ। ਸਾਹਿਤਕਾਰ ਦਾ ਮੰਤਵ ਸਿਰਫ ਪਾਠਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ ਪ੍ਰੰਤੂ ਉਸ ਦੀ ਰਚਨਾਵਾਂ ਸਮਾਜ ਵਿੱਚ ਰੋਜ ਮਰ੍ਹਰਾ ਦੀਆਂ ਵਿਸੰਗਤੀਆਂ ਨਾਲ ਸੰਬੰਧਤ ਵੀ ਹੋਣੀਆਂ ਚਾਹੀਦੀਆਂ ਹਨ, ਜਿਹੜੀਆਂ ਲੋਕਾਈ ਲਈ ਪ੍ਰੇਰਨਾ ਸਰੋਤ ਬਣਨ। ਗੁਰਭਜਨ ਗਿੱਲ ਦੀਆਂ ਕੱਚੀ ਉਮਰ ਵਿੱਚ ਲਿਖੀਆਂ ਗ਼ਜ਼ਲਾਂ ਵੀ ਪਾਠਕਾਂ ਅਤੇ ਖਾਸ ਤੌਰ ‘ਤੇ ਨਵੇਂ ਉਭਰ ਰਹੇ ਸਾਹਿਤਕਾਰਾਂ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਉਸ ਦੀਆਂ ਗ਼ਜ਼ਲਾਂ ਪਾਠਕਾਂ ਨੂੰ ਅਜਿਹੇ ਤੁਣਕੇ ਮਾਰਦੀਆਂ ਹਨ ਕਿ ਉਹ ਸਮਾਜਕ ਦੁਖਾਂਤ ਨੂੰ ਸਿਰਫ ਮਹਿਸੂਸ ਹੀ ਨਹੀਂ ਕਰਵਾਉਂਦੀਆਂ ਸਗੋਂ ਉਨ੍ਹਾਂ ਦੇ ਹਲ ਲਈ ਵੀ ਪ੍ਰੇਰਿਤ ਕਰਦੀਆਂ ਹਨ। ਲਗਪਗ ਉਸ ਦੀ ਹਰ ਗ਼ਜ਼ਲ ਸਮਾਜਿਕ ਵਰਤਾਰੇ ਵਿੱਚ ਹੋ ਰਹੇ ਗ਼ਲਤ ਕੰਮਾ ਦਾ ਪਰਦਾ ਫਾਸ਼ ਕਰਦੀ ਹੈ ਪ੍ਰੰਤੂ ਗ਼ਜ਼ਲ ਦਾ ਆਖ਼ਰੀ ਸ਼ਿਅਰ ਉਸ ਦੇ ਹਲ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਤੋਂ ਭਾਵ ਹੈ ਕਿ ਉਸ ਦੀਆਂ ਗ਼ਜ਼ਲਾਂ ਸਮਾਜ ਵਿੱਚ ਵਾਪਰ ਰਹੀਆਂ ਦੁਸ਼ਾਵਰੀਆਂ ਬਾਰੇ ਜਾਣਕਾਰੀ ਹੀ ਨਹੀਂ ਦਿੰਦੀਆਂ ਸਗੋਂ ਉਨ੍ਹਾਂ ਤੋਂ ਖਹਿੜਾ ਕਿਵੇਂ ਛੱਡਵਾਇਆ ਜਾਵੇ, ਉਸ ਲਈ ਹੱਲਾ ਸ਼ੇਰੀ ਦਿੰਦੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਦੀ ਸ਼ਬਦਾਵਲੀ ਅਤੇ ਸ਼ੈਲੀ ਦਿਹਾਤੀ ਧਰਾਤਲ ਵਿੱਚੋਂ ਲਈ ਗਈ ਨਿਵੇਕਲੀ ਹੈ। ਗੁਰਭਜਨ ਗਿੱਲ ਤਿੱਖੀ ਬੁੱਧੀ ਦਾ ਮਾਲਕ ਹੈ, ਉਸ ਦਾ ਜੀਵਨ ਨੂੰ ਵੇਖਣ ਅਤੇ ਪਰਖਣ ਦਾ ਅਨੁਭਵ ਵਿਸ਼ਾਲ ਹੈ, ਜਿਸ ਕਰਕੇ ਉਸ ਨੇ ਵੇਖਕੇ ਜੋ ਮਹਿਸੂਸ ਕੀਤਾ ਉਸ ਨੂੰ ਬੇਬਾਕੀ ਨਾਲ ਲਿਖਿਆ ਹੈ। ਉਸ ਦੀ ਬੇਬਾਕੀ ਆਪਣੇ ਸਾਹਿਤਕਾਰ ਭਾਈਚਾਰੇ ਨੂੰ ਵੀ ਬਖ਼ਸ਼ਦੀ ਨਹੀਂ, ਉਹ ਕਲਮਾ ਵਾਲਿਆਂ ‘ਤੇ ਵਿਅੰਗਮਈ ਸੰਕੇਤਕ ਕਟਾਕਸ਼ ਕਰਦਿਆਂ ਲਿਖਦਾ ਹੈ:
ਡੁੱਲ੍ਹੇ ਖ਼ੂਨ ਦਾ ਲੇਖਾ-ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।
ਕਿਉਂ ਤੇਰੇ ਹੋਠਾਂ ‘ਤੇ ਚੁੱਪ ਦਾ ਪਹਿਰਾ,
ਨਾਗ ਤਾਂ ਜ਼ਹਿਰੀ ਮੁਸਕਣੀਆਂ ਸੰਗ ਖੇਲ੍ਹੇ।
‘ਹਰ ਧੁਖਦਾ ਪਿੰਡ ਮੇਰਾ ਹੈ’ ਗ਼ਜ਼ਲ ਸੰਗ੍ਰਹਿ ਦੇ ਨਾਮ ਤੋਂ ਸਾਬਤ ਹੁੰਦਾ ਹੈ ਕਿ ਇਸ ਵਿੱਚ ਪਿੰਡਾਂ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵਰਣਨ ਹੋਵੇਗਾ, ਜੋ ਸੱਚ ਸਾਬਤ ਹੋ ਰਿਹਾ ਹੈ। ਗ਼ਜ਼ਲਗੋ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਦੀ ਸੋਚਣੀ ਦੇ ਅੰਤਰ ਦਾ ਜ਼ਿਕਰ ਵੀ ਕਰਦਾ ਹੈ। ਸ਼ਹਿਰਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਦੇ ਦਰਦ ਦੀ ਪੀੜ ਬਾਰੇ ਉਤਨੀ ਜਾਣਕਾਰੀ ਨਹੀਂ। ਸਰਕਾਰੀ ਤੰਤਰ ਪਿੰਡਾਂ ਦੇ ਲੋਕਾਂ ਦੀਆਂ ਮਜ਼ਬੂਰੀਆਂ ਦਾ ਲਾਭ ਉਠਾਉਂਦਾ ਹੋਇਆ ਲੁੱਟਦਾ ਹੈ। ਇਨ੍ਹਾਂ ਸਾਰੀਆਂ ਅਲਾਮਤਾਂ ਦੇ ਬਾਵਜੂਦ ਗ਼ਜ਼ਲਗੋ ਨਿਰਾਸ਼ ਨਹੀਂ, ਉਸ ਨੂੰ ਆਸ ਹੈ ਕਿ ਇਕ ਨਾ ਇਕ ਦਿਨ ਪਿੰਡਾਂ ਦੇ ਲੋਕ ਜਾਗ੍ਰਤ ਹੋਣਗੇ ਤੇ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋਣਗੇ। ਉਹ ਕਿਸੇ ਇਨਕਲਾਬ ਦੇ ਸਪਨੇ ਵੇਖ ਰਿਹਾ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿੱਚ ਜ਼ੁਲਮਾਂ, ਵਧੀਕੀਆਂ, ਧੋਖਿਆਂ ਦਾ ਬੋਲਬਾਲਾ ਹੋਣ ਦੇ ਬਾਵਜੂਦ ਆਸ਼ਾ ਦੀ ਕਿਰਨ ਵੀ ਵਿਖਾਈ ਦਿੰਦੀ ਹੈ। ਪਿੰਡਾਂ ਦੇ ਲੋਕਾਂ ਦੀ ਤ੍ਰਾਸਦੀ ਬਾਰੇ ਉਸ ਦੀਆਂ ਗ਼ਜ਼ਲਾਂ ਦੇ ਹੇਠ ਲਿਖੇ ਸ਼ਿਅਰ ਸ਼ਪਸਟ ਕਰਦੇ ਹਨ ਕਿ ਗੁਰਭਜਨ ਗਿੱਲ ਲੋਕਾਈ ਦੇ ਦਰਦ ਬਾਰੇ ਕਿਤਨਾ ਚਿੰਤਾਜਨਕ ਹੈ:
ਜਿੱਥੇ ਕਿਧਰੇ ਚੀਕਾਂ ਤੇ ਕੁਰਲਾਹਟਾਂ ਦੀ ਆਵਾਜ਼ ਸੁਣੇ,
ਹਰ ਬਸਤੀ, ਘਰ, ਸ਼ਹਿਰ, ਦੇਸ਼  ਤੇ ਹਰ ਧੁਖਦਾ ਪਿੰਡ ਮੇਰਾ ਹੈ।
ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਗੜ੍ਹੇਮਾਰ ਦੇ ਮਗਰੋਂ,
ਸ਼ਹਿਰਾਂ ਦੇ ਵਿੱਚ ਲਾਊਡ-ਸਪੀਕਰ ਉੱਚੀ ਉੱਚੀ ਗਾਵੇ।
ਠੰਢਾ-ਚੁੱਲ੍ਹਾ ਖ਼ਾਲੀ-ਬੋਰੀ ਸੱਖਣੇ-ਪੀਪੇ ਰੋਂਦੇ,
ਵੇਖ ਭੜੋਲੀਆਂ ਖ਼ਾਲਮ-ਖ਼ਾਲੀ ਸਾਹ-ਸਤ ਮੁੱਕਦਾ ਜਾਵੇ।
ਧਰਤੀ ਤੇ ਕੁਰਲਾਹਟ ਪਈ ਹੈ ਕੌਣ ਸੁਣੇ ਅਰਜ਼ੋਈ,
ਸਾਡੀਆਂ ਕਣਕਾਂ ਦਾ ਰਖ਼ਵਾਲਾ ਹੈ ਸਰਕਾਰੀ ਸਾਨ੍ਹ।
ਕੁਝ ਮੌਸਮ ਦੀ ਭੇਟ ਚੜ੍ਹ ਗਿਆ ਬਾਕੀ ਜੋ ਵੀ ਬਚਿਆ,
ਦਾਣਾ ਫੱਕਾ ਹੂੰਝ ਕੇ ਲੈ ਗਏ ਰਲ ਮੰਡੀਆਂ ਦੇ ਚੋਰ।
ਆਦਮ-ਬੋ ਆਦਮ-ਬੋ ਕਰਦੇ ਫਿਰਨ ਸ਼ਿਕਾਰੀ ਏਥੇ,
ਖੇਤਾਂ ਤੇ ਮਲਿ੍ਹਆਂ ਦੀ ਥਾਵੇਂ ਫ਼ੋਲਣ ਸ਼ਹਿਰ ਗਿਰਾਂ।
ਜਿਸ ਨੇ ਮੇਰੇ ਵੱਸਦੇ ਪਿੰਡ ਨੂੰ ਮਿੱਟੀ ਵਿੱਚ ਮਿਲਾਇਆ ਹੈ,
ਉਹ ਹੀ ਅੱਜ ਬਿਠਾ ਕੇ ਮੈਨੂੰ ਸਬਕ ਦਏ ਧਰਵਾਸ ਦਾ।
ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ,
ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ।
 ਪੰਜਾਬ ਵਿੱਚ 80ਵਿਆਂ ਤੋਂ ਕਾਲਾ ਦੌਰ ਸ਼ੁਰੂ ਹੋਇਆ, ਜਿਸਦਾ ਸੇਕ ਲਗਪਗ ਹਰ ਪੰਜਾਬੀ ਪਰਿਵਾਰ ਨੂੰ ਹੰਢਾਉਣਾ ਪਿਆ। 1980 ਤੋਂ 85 ਤੱਕ ਜੋ ਪੰਜਾਬ ਵਿਚ ਇਨਸਾਨੀਅਤ ਦਾ ਘਾਣ ਹੋਇਆ, ਉਸ ਬਾਰੇ ਗੁਰਭਜਨ ਗਿੱਲ ਦਾ ਸਾਹਿਤਕ ਮਨ ਪ੍ਰਭਾਵਤ ਹੋਏ ਬਿਨਾ ਰਹਿ ਨਹੀਂ ਸਕਿਆ। ਇਸ ਲਈ ਉਸ ਨੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਦੌਰ ਦੀਆਂ ਕੋਝੀਆਂ ਹਰਕਤਾਂ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਇਹ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਸਿੰਬਾਲਿਕ ਹਨ, ਸਾਹਿਤਕ ਪਿਉਂਦ ਨਾਲ ਉਨ੍ਹਾਂ ਵਿਚ ਕਾਲੇ ਦੌਰ ਦਾ ਜ਼ਿਕਰ ਕੀਤਾ ਗਿਆ ਹੈ। ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਘੋੜ-ਸਵਾਰ ਬੰਦੂਕਾਂ ਵਾਲੇ ਮੱਲ ਖਲੋਤੇ ਬੂਹੇ,
ਅੰਦਰ ਬਾਹਰ ਲੈਣ ਤਲਾਸ਼ੀ ਅਣਦੱਸੇ ਮਹਿਮਾਨ।
ਜਿਨ੍ਹਾਂ ਰੁੱਖਾਂ ਕੋਲ ਫ਼ਲ ਫੁੱਲ ਹਰੇ ਪੱਤੇ ਸਨ,
ਐਸਾ ਸੇਕਿਆ ਹਵਾ  ਨੇ ਹੋਏ ਕੋਲ਼ਿਆਂ ਦੇ ਵਾਂਗ।
ਜੇ ਰਾਤਾਂ ਕਾਲੀਆਂ ਤੇ ਲੰਮੀਆਂ ਏਦਾਂ ਹੀ ਰਹੀਆਂ ਤਾਂ,
ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ।
ਅੰਬਰ ਦੇ ਵਿੱਚ ਤਰਦੀ ਹੋਈ ਕਦੇ ਵੀ ਡੁੱਬ ਸਕਦੀ ਹੈ,
ਅਪਣੀ ਗੁੱਡੀ ਦੀ ਨਾ ਜਦ ਤੱਕ ਆਪ ਸੰਭਾਲੂ ਡੋਰ।
ਝੱਖੜ-ਝਾਂਜਾ ਤੇਜ਼ ਹਨ੍ਹੇਰੀ ਅੱਗ ਬਲੇ ਪਈ ਜੰਗਲ ਵਿਚ,
ਫਿਰ ਵੀ ਬੂਟਾ ਪਾਲ ਰਿਹਾ ਹਾਂ ਰੰਗ-ਬਿਰੰਗੀ ਆਸ ਦਾ।
‘ਵਰਿ੍ਹਆਂ ਤੋਂ ਸਾਂਭਿਆ ਹੈ ਜਿਸ ਚਾਨਣੀ ਦਾ ਸੁਪਨਾ,
ਨੱਚਦੇ ਹਾਂ ਨਾਚ ਕਿਹੜਾ ਕਿਸਦੇ ਇਸ਼ਾਰਿਆਂ ‘ਤੇ।
ਅਖ਼ਬਾਰਾਂ ‘ਚ ਰੋਜ਼ਾਨਾ, ਮਰਿਆਂ ਦੀ ਖ਼ਬਰ ਲੱਗੇ।
ਜ਼ਹਿਰੀਲੀ ਹਵਾ ਦਾ ਹੀ, ਹਰਫਾਂ ਤੇ ਅਸਰ ਲੱਗੇ।
Êਪੰਜਾਬ ਵਿਚ ਅਵਾਰਾ ਪਸ਼ੂਆਂ ਨੇ ਲੋਕਾਈ ਦਾ ਜਿਓਣਾ ਦੁੱਭਰ ਕਰ ਦਿੱਤਾ ਹੈ। ਗਲੀਆਂ, ਮਹੱਲਿਆਂ ਅਤੇ ਬਾਜ਼ਾਰਾਂ ਵਿਚ ਅਨੇਕਾਂ ਪਸ਼ੂ ਘੁੰਮਦੇ ਵਿਖਾਈ ਦਿੰਦੇ ਹਨ, ਜਿਨ੍ਹਾਂ ਨੇ ਕਈ ਮਨੁਖੀ ਜਾਨਾ ਵੀ ਲੈ ਲਈਆਂ ਹਨ। ਇਨ੍ਹਾਂ ਸੰਬੰਧੀ ਗੁਰਭਜਨ ਗਿੱਲ ਦਾ ਸ਼ਿਅਰ ਹੈ:
ਭੁੱਖ ਦੀ ਸਤਾੲਂੀ ਪਈ ਗੰਦਗੀ ਫ਼ਰੋਲਦੀ,
ਜਿਹਨੂੰ ਅਸੀਂ ਆਖਦੇ ਹਾਂ ਗਾਂ ਸਾਡੀ ਮਾਂ ਹੈ।
150 ਰੁਪਏ ਕੀਮਤ, 72 ਪੰਨਿਆਂ ਵਾਲਾ ‘ਹਰ ਧੁਖਦਾ ਪਿੰਡ ਮੇਰਾ ਹੈ’ ਗ਼ਜ਼ਲ ਸੰਗ੍ਰਹਿ ਸਤਵਿਕ ਬੁਕਸ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ। ਇਹ ਗ਼ਜ਼ਲ ਸੰਗ੍ਰਹਿ ਸਿੰਘ ਬਰਦਰਜ਼ ਅੰਮਿ੍ਰਤਸਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072   ujagarsingh48@yahoo.com

ਤੇਜਾ ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਸਾਧੂ ਸਿੰਘ ਬੇਦਿਲ ਜੀਵਨ ਤੇ ਰਚਨਾ’ ਜਦੋਜਹਿਦ ਦਾ ਦਸਤਾਵੇਜ - ਉਜਾਗਰ ਸਿੰਘ

ਤੇਜਾ ਸਿੰਘ ਤਿਲਕ ਦੀ ਸੰਪਾਦਿਤ ‘ਸਾਧੂ ਸਿੰਘ ਬੇਦਿਲ ਦੀ ਜੀਵਨ ਤੇ ਰਚਨਾ’ ਪੁਸਤਕ ਇੱਕ ਬੇਬਾਕ ਸਾਹਿਤਕਾਰ ਦੀ ਜ਼ਿੰਦਗੀ ਦੀ ਸਾਹਿਤਕ ਜੀਵਨ ਅਤੇ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਪਾਉਂਦੀ ਹੈ। ਤੇਜਾ ਸਿੰਘ ਤਿਲਕ ਦੀ ਇੱਕ ਵਿਲੱਖਣ ਖ਼ੂਬੀ ਹੈ ਕਿ ਉਹ ਅਣਗੌਲੇ ਫ਼ੱਕਰ ਕਿਸਮ ਦੇ ਸਾਹਿਤਕਾਰਾਂ ਦੀਆਂ ਜੀਵਨੀਆਂ ਲਿਖਕੇ ਆਉਣ ਵਾਲੀ ਸਾਹਿਤਕਾਰਾਂ ਦੀ ਪਨੀਰੀ ਨੂੰ ਸਾਹਿਤਕਾਰਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਨੂੰ ਸੇਧ ਦੇ ਸਕਣ। ਉਸ ਦਾ ਸਾਹਿਤਕਾਰਾਂ ਦੀ ਜੀਵਨੀ ਬਾਰੇ ਜਾਣਕਾਰੀ ਦੇਣ ਦਾ ਢੰਗ ਤਰੀਕਾ ਵੀ ਨਿਵੇਕਲਾ ਹੈ। ਉਹ ਅਜਿਹੇ ਵਿਅਕਤੀਆਂ ਦੀ ਜੀਵਨੀ ਲਿਖਣ ਲਈ ਉਨ੍ਹਾਂ ਦੇ ਜਿਉਂਦਿਆਂ ਹੀ ਠਾਣ ਲੈਂਦਾ ਹੈ। ਸਾਧੂ ਸਿੰਘ ਬੇਦਿਲ ਦੀ ਜੀਵਨੀ ਵਿੱਚ ਵੀ ਉਹ ਬੇਦਿਲ ਨਾਲ ਸਾਹਿਤਕਾਰਾਂ ਦੇ ਵਿਚਾਰ ਵਟਾਂਦਰੇ ਨੂੰ ਜੀਵਨੀ ਵਿੱਚ ਸ਼ਾਮਲ ਕਰਦਾ ਹੈ। ਸਾਧੂ ਸਿੰਘ ਬੇਦਿਲ ਨੂੰ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਅਤੇ ਉਨ੍ਹਾਂ ਦੇ ਬੇਦਿਲ ਵੱਲੋਂ ਦਿੱਤੇ ਗਏ ਜਵਾਬ ਸ਼ਾਮਲ ਕਰਕੇ ਜੀਵਨੀ ਦੀ ਸਾਰਥਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਹ ਸੁਣੀ ਸੁਣਾਈ ਗੱਲ ਦੀ ਥਾਂ ਅਮਲੀ ਤੌਰ ਤੇ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦਾ ਹੈ। ਜੀਵਨੀ ਦੀ ਇਹ ਤਕਨੀਕ ਨਿਰਾਲੀ ਹੈ। ਇਸ ਤਕਨੀਕ ਸੰਬੰਧੀ ਡਾ.ਜਸਵਿੰਦਰ ਸਿੰਘ ਸਿੱਖ ਸਟੱਡੀ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਆਪਣੀ ਖੋਜ ‘ਤੇ ਅਧਾਰਤ ਦੱਸਿਆ ਹੈ ਕਿ ਪ੍ਰੋ.ਪੂਰਨ ਸਿੰਘ ਨਾਲ ਸਵਰਨ ਸਿੰਘ ਖੇੜਾ ਇੰਦੌਰ ਵਾਲੇ ਸਵਾਲ ਜਵਾਬ ਕਰਕੇ ਡਾਇਰੀ ਲਿਖਦੇ ਸਨ। ਤੇਜਾ ਸਿੰਘ ਤਿਲਕ ਨੇ ਵੀ ਸਾਧੂ ਸਿੰਘ ਬੇਦਿਲ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਜੀਵਨ ਦਾ ਸਾਰ ਕੱਢਿਆ ਹੈ। ਤੇਜਾ ਸਿੰਘ ਤਿਲਕ ਨੇ ਜੀਵਨੀ ਲਿਖਣ ਲੱਗਿਆਂ ਨਿਰਪੱਖ ਸੋਚ ਅਪਣਾਈ ਹੈ। ਉਨ੍ਹਾਂ ਸਾਧੂ ਸਿੰਘ ਬੇਦਿਲ ਦੇ ਗੁਣ ਅਤੇ ਔਗੁਣ ਦੋਵੇਂ ਪੱਖ ਦਰਸਾਏ ਹਨ। ਆਮ ਤੌਰ ਤੇ ਪ੍ਰਸੰਸਾ ਦੇ ਪੁਲ ਬੰਨ੍ਹੇ ਜਾਂਦੇ ਹਨ। ਤੇਜਾ ਸਿੰਘ ਤਿਲਕ ਨੇ ਸਾਧੂ ਸਿੰਘ ਬੇਦਿਲ ਨੂੰ ਨਾਜ਼ੁਕ ਦਿਲ ਤੇ ਪ੍ਰਕਿ੍ਰਤੀ ਨੂੰ ਪਿਆਰ ਕਰਨ ਵਾਲਾ ਫੁੱਲਾਂ ਦੀ ਮਹਿਕ ਦਾ ਸ਼ੈਦਾਈ ਗਰਦਾਨਿਆਂ ਹੈ। ਇਸ ਜੀਵਨੀ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਭਾਵੇਂ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਬਿਨਾ ਡਿਗਰੀਆਂ ਤੋਂ ਵਿਦਵਾਨ ਸਨ। ਉਹ ਆਪ ਭਾਵੇਂ ਕਿਸੇ ਸਕੂਲ ਵਿੱਚ ਨਹੀਂ ਗਿਆ ਪ੍ਰੰਤੂ ਸਿੰਘ ਸਭਾ ਗਿਆਨੀ ਕਾਲਜ ਬਰਨਾਲਾ ਦਾ ਮੁੱਖ ਅਧਿਆਪਕ ਰਿਹਾ ਸੀ। ਗ਼ਜ਼ਲ ਦੀਆਂ ਬਾਰੀਕੀਆਂ ਤੋਂ ਜਾਣੂੰ ਸਨ। ਪਿੰਗਲ, ਅਰੂਜ, ਬਹਿਰ, ਸ਼ਬਦ ਜੋੜਾਂ, ਗੁਰਬਾਣੀ ਦਾ ਸ਼ੁਧ ਉਚਾਰਨ, ਭਾਸ਼ਣ ਕਲਾ ਦੇ ਮਾਹਿਰ ਗੁਰਮਤਿ ਦੇ ਧਾਰਨੀ, ਗ਼ਰੀਬਾਂ ਤੇ ਕਿ੍ਰਤੀਆਂ ਦੇ ਹਮਦਰਦ, ਸਮਾਜਵਾਦੀ ਤੇ ਵਿਗਿਆਨਕ ਦਿ੍ਰਸ਼ਟੀਕੋਨ ਵਾਲੇ, ਗੁੱਸਾ ਜਲਦੀ ਕਰਨ ਵਾਲੇ, ਔਰਤਾਂ ਨੂੰ ਕੁਜਾਤ ਕਹਿਣ ਵਾਲੇ ਅਤੇ ਸਾਦਗੀ ਵਾਲੇ ਬਹੁਪੱਖੀ ਸਾਹਿਤਕਾਰ ਸਨ।  ਤੋਲ, ਤੁਕਾਂਤ, ਭਾਸ਼ਾ, ਮੁਹਾਵਰਾ, ਬਿੰਬ ਰਸ ਤੇ ਰਵਾਨੀ ਪੱਖੋਂ ਚੇਤੰਨ ਅਤੇ ਪ੍ਰਬੁੱਧ ਗ਼ਜ਼ਲਗੋ ਸਨ। ਆਪਣੇ ਦੋਸਤਾਂ ਨਾਲ ਮੁਲਾਕਾਤਾਂ ਵਿੱਚ ਬੇਦਿਲ ਅਖ਼ਬਾਰਾਂ, ਰਸਾਲਿਆਂ ਅਤੇ ਹੋਰ ਥਾਵਾਂ ਤੇ ਪ੍ਰਕਾਸ਼ਤ ਹੋਣ ਵਾਲੀਆਂ ਗ਼ਜ਼ਲਾਂ, ਕਵਿਤਾਵਾਂ ਅਤੇ ਕਹਾਣੀਆਂ ਬਾਰੇ ਬਾਰ-ਬਾਰ ਦੱਸਕੇ ਆਪਣੀ ਪ੍ਰਾਪਤੀ ਦਾ ਪ੍ਰਗਟਾਵਾ ਕਰਦੇ ਸਨ। ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਨੂੰ ਅੱਗੇ ਤਿੰਨ ਹਿਸਿੱਆਂ (ੳ) ਜੀਵਨ ਤੇ ਵਿਅਕਤਿਵ, (ਅ) ਸਾਹਿਤ ਚਿੰਤਨ ਅਤੇ (ੲ) ਕਾਵਿ ਚਿੱਤਰ ਵਿੱਚ ਵੰਡਿਆ ਹੈ। ਦੂਜੇ ਭਾਗ ਦਾ ਸਿਰਲੇਖ ਸਿਰਜਣਾ ਹੈ, ਇਸ ਵਿੱਚ ਸਾਧੂ ਸਿੰਘ ਬੇਦਿਲ  ਦੀਆਂ ਕਵਿਤਾਵਾਂ, ਗੀਤ, ਕਾਵਿ-ਚਿੱਤਰ, ਗ਼ਜ਼ਲਾਂ ਤੇ ਵਿਅੰਗ, ਕਹਾਣੀ, ਮਿੰਨੀ ਕਹਾਣੀ, ਹਾਸ-ਵਿਅੰਗ, ਨਿਬੰਧ ਅਤੇ ਚਿੱਠੀਆਂ ਹਨ। ਪਹਿਲੇ ਭਾਗ (ੳ) ਜੀਵਨ ਤੇ ਵਿਅਕਤਿਵ ਵਿੱਚ ਸਾਹਿਤਕਾਰਾਂ ਨਾਲ ਮੁਲਾਕਾਤਾਂ ਗ਼ਜ਼ਲਾਂ ਅਤੇ ਕਵਿਤਾਵਾਂ ਦੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਣ ਬਾਰੇ ਦਰਸਾਇਆ ਗਿਆ ਹੈ, ਸਾਹਿਤਕ ਸਫਰ ਮਹਿਜ 17 ਸਾਲ ਦੀ ਉਮਰ ਵਿੱਚ ਪਹਿਲੀ ਕਵਿਤਾ 1934-35 ਵਿੱਚ ਬੈਂਤ ਛੰਦ ਵਿੱਚ ਲਿਖਕੇ ਸ਼ੁਰੂ ਕੀਤਾ। ਪਿਤਾ ਦੇ ਕੁਰੱਖਤ ਸੁਭਾਅ ਅਤੇ ਕਿੱਤੇ ਬਾਰੇ ਦਰਸਾਇਆ ਗਿਆ। ਉਨ੍ਹਾਂ ਦਾ ਪਿਤਾ ਗ੍ਰੰਥੀ ਹੋਣ ਕਰਕੇ ਸਾਧੂ ਸਿੰਘ ਬੇਦਿਲ ਵੀ ਗੁਰਮਤਿ ਦਾ ਧਾਰਨੀ ਬਣ ਗਿਆ। ਉਹ ਗ੍ਰੰਥੀਆਂ ਦੇ ਪੜ੍ਹੇ ਲਿਖੇ ਹੋਣ ਦੀ ਵਕਾਲਤ ਵੀ ਕਰਦਾ ਦਰਸਾਇਆ ਹੈ। ਬਹੁਤ ਸਾਰੀਆਂ ਸਾਹਿਤ ਸਭਾਵਾਂ ਵਿੱਚ ਸ਼ਮੂਲੀਅਤ ਕਰਦਾ ਅਤੇ ਅਹੁਦੇਦਾਰ ਰਿਹਾ। ਧਨੌਲੇ ਦੀ ਸਾਹਿਤ ਸਭਾ ਦਾ 31 ਸਾਲ ਪ੍ਰਧਾਨ ਰਿਹਾ। ਇਸ ਤੋਂ ਉਸਦੀ ਸਾਹਿਤਕ ਸੋਚ ਦਾ ਪ੍ਰਗਟਾਵਾ ਹੁੰਦਾ ਹੈ।  ਹੈਰਾਨੀ ਇਸ ਗੱਲ ਦੀ ਹੈ ਸਾਧੂ ਸਿੰਘ ਬੇਦਿਲ ਮਾਰਕਵਾਦੀ ਵਿਚਾਰਧਾਰਾ ਦਾ ਹਾਮੀ ਹੈ ਪ੍ਰੰਤੂ ਗੁਰਬਾਣੀ ਦਾ ਸ਼ੁਧ ਉਚਾਰਣ ਅਤੇ ਵਿਅਕਰਣ ਦੀ ਜਾਣਕਾਰੀ ਦੇ ਮਾਹਿਰ ਖੋਜੀ ਹਾਸ ਵਿਅੰਗ ਦੇ ਤੀਰ ਮਾਰਨ ਵਾਲਾ ਵੀ ਸੀ। ਇਸ ਹਿੱਸੇ ਵਿੱਚ ਸਾਧੂ ਸਿੰਘ ਬੇਦਿਲ ਦੇ ਜਾਣ ਪਛਾਣ ਵਾਲੇ 23 ਲੇਖਕਾਂ ਦੀਆਂ ਬੇਦਿਲ ਬਾਰੇ ਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। (ਅ) ਸਾਹਿਤ ਚਿੰਤਨ ਵਿੱਚ ਡਾ.ਧਰਮਪਾਲ ਸਿੰਗਲ, ਪ੍ਰੋ.ਪ੍ਰੀਤਮ ਸਿੰਘ ਰਾਹੀ, ਕਰਨੈਲ ਸਿੰਘ ਰੋਹੀੜਾ ਅਤੇ ਡਾ. ਭਗਵੰਤ ਸਿੰਘ ਵੱਲੋਂ ਬੇਦਿਲ ਦੇ ਸਾਹਿਤਕ ਯੋਗਦਾਨ ਬਾਰੇ ਆਲੋਚਨਾਤਮਿਕ ਲੇਖ ਪ੍ਰਕਾਸ਼ਤ ਕੀਤੇ ਗਏ ਹਨ, ਭਾਵੇਂ ਇਹ ਸਾਰੀ ਪੁਸਤਕ ਹੀ ਉਨ੍ਹਾਂ ਦੀ ਸਾਹਿਤਕ ਦੇਣ ਸੰਬੰਧੀ ਹੈ। ਡਾ.ਧਰਮਪਾਲ ਸਿੰਗਲ ਬੇਦਿਲ ਨੂੰ ਸਫ਼ਲ ਗ਼ਜ਼ਲਕਾਰ ਮੰਨਦਾ ਹੈ। ਉਸ ਨੇ ਗ਼ਜ਼ਲ ਨੂੰ ਸੌਂਦਰਯ ਬੋਧ ਵਾਲੇ ਕਾਵਿ ਰੂਪ ਵਿੱਚੋਂ ਕੱਢਕੇ ਪ੍ਰਗਤੀਸ਼ੀਲ ਵਲ ਲਿਆਂਦਾ ਹੈ। ਲੇਖਕ ਨੇ ਬੇਦਿਲ ਦੇ ਇਕ ਸ਼ਿਅਰ ਨਾਲ ਉਦਾਹਰਣ ਦਿੱਤੀ ਹੈ-
ਤੀਵੀਂ ਤੇ ਮਦਰਾ ਸੁਰਾਹੀ ਪੈਮਾਨਾ, ਹੁੰਦੇ ਨਾ ਸ਼ਾਇਰ, ਇਹ ਮਰ ਜਾਂਦੇ।
ਬੇਦਿਲ ਕਹਿਣਾ ਚਾਹੁੰਦਾ ਹੈ ਕਿ ਇਹ ਤਿੰਨੋ ਵਸਤਾਂ ਤੋਂ ਬਿਨਾ ਵੀ ਗ਼ਜ਼ਲ ਹੋ ਸਕਦੀ ਹੈ। ਸੱਚ ਦੇ ਰਸਤੇ ‘ਤੇ ਚਲਣ ਦੀ ਗੱਲ ਕਰਦਾ ਬੇਦਿਲ ਲਿਖਦਾ ਹੈ-
ਪਾਂਧੀ ਸੱਚ ਦੇ ਪਿਛਾਂਹ ਨਹੀਂ ਮੁੜਦੇ, ਭਾਵੇਂ ਸਾਹਵੇਂ ਸਲੀਬ ਹੋਂਦੇ ਨੇ।
 ਸਾਧੂ ਸਿੰਘ ਬੇਦਿਲ ਦੀ ਪੰਜਾਬ ਬਾਰੇ ਚਿੰਤਾ ਸੰਬੰਧੀ ਸਿੰਗਲ ਉਸਦੇ ਇਕ ਸ਼ਿਅਰ ਦੀ ਉਦਾਹਰਣ ਦਿੰਦਾ ਹੈ-
ਇਉਂ ਹਾਲ ਹੋ ਗਿਆ ਹੈ ਮੇਰੇ ਪੰਜਾਬ ਦਾ, ਟੁੱਟੇ ਜੇ ਬੂਟ ਵਿੱਚ ਜਿਉਂ ਪਾਟੀ ਜੁਰਾਬ ਦਾ।
ਡਾ.ਧਰਮਪਾਲ ਸਿੰਗਲ ਸਾਧੂ ਸਿੰਘ ਬੇਦਿਲ ਨੂੰ ਪ੍ਰਗਤੀਸ਼ੀਲ ਗ਼ਜ਼ਲਗੋ ਸਮਝਦਾ ਹੈ। ਪ੍ਰੋ.ਪ੍ਰੀਤਮ ਸਿੰਘ ਰਾਹੀ ਅਨੁਸਾਰ ਬੇਦਿਲ ਅਨੁਸ਼ਾਸਨ ਦਾ ਪਾਬੰਦ ਹੈ। ਉਸ ਦਾ ਸਿਨਫ ਕੇਵਲ ਗੁਲੋ-ਬੁਲ ਬੁਲ, ਸ਼ਮਾਅ ਪ੍ਰਵਾਨਾ, ਮੈਅ ਅਤੇ ਪੈਮਾਨਾ ਦੀਆਂ ਗੱਲਾਂ ਕਰਨ ਜਾਂ ਮਾਸ਼ੂਕ ਦੇ ਹੁਸਨ ਤੱਕ ਹੀ ਸੀਮਤ ਨਹੀਂ, ਸਗੋਂ ਉਸ ਦਾ ਕਾਰਜ-ਖੇਤਰ ਵਿਸਤਿ੍ਰਤ ਹੈ। ਆਪਣੀਆਂ ਗ਼ਜ਼ਲਾਂ ਲਈ ਉਹ ਇਨਕਲਾਬੀ ਅਤੇ ਸਿਹਤਮੰਦ ਵਿਸ਼ੇ ਚੁਣਦਾ ਹੈ। ਕਰਨੈਲ ਸਿੰਘ ਰੋਹੀੜਾ ਸਾਧੂ ਸਿੰਘ ਬੇਦਿਲ ਨੂੰ ਮੂਲ ਰੂਪ ਵਿੱਚ ਕਵੀ ਕਹਿੰਦਾ ਹੈ। ਉਸ ਦਾ ਰਾਜਸੀ ਵਿਅਕਤੀਆਂ ਤੇ ਤਿੱਖਾ ਵਿਅੰਗ ਹੁੰਦਾ ਹੈ। ਉਹ ਕੰਮੀਆਂ ਦੀ ਗੱਲ ਕਰਦਾ ਹੈ। ਉਸ ਦੀ ਸ਼ਾਇਰੀ ਵਿੱਚ ਸਮਾਜਵਾਦੀ ਚਿੰਤਨ ਹੈ। ਉਹ ਨੈਤਿਕ ਕਦਰਾਂ ਕੀਮਤਾਂ ਦਾ ਪਹਿਰੇਦਾਰ ਹੈ। ਬੇਦਿਲ ਦੀਆਂ ਗ਼ਜ਼ਲਾਂ ਵਿੱਚ ਸਮਾਜਿਕ ਆਰਥਿਕ ਨਾ-ਬਰਾਬਰੀ, ਮਖੌਟਾਧਾਰੀ ਭਿ੍ਰਸ਼ਟ ਰਾਜਨੀਤਕ ਢਾਂਚੇ ਅਤੇ ਧਾਰਮਿਕ ਦੰਭੀਆਂ ਦਾ ਸ਼ਪਸਟ ਅਤੇ ਬੇਬਾਕ ਪ੍ਰਗਟਾਅ ਕਰਦਾ ਹੈ। ਡਾ.ਭਗਵੰਤ ਸਿੰਘ  ਕਹਿੰਦੇ ਹਨ ਬੇਦਿਲ ਨੈਤਿਕ ਪੱਖਾਂ ਬਾਰੇ ਬਹੁਤ ਪੁਖਤਗੀ ਨਾਲ ਲਿਖਦਾ ਰਿਹਾ ਹੈ। ਉਹ ਸਾਹਿਤ ਦੇ ਕਾਵਿਕ ਗੁਣਾਂ ਤੋਂ ਬਾਖ਼ੂਬੀ ਜਾਣੂੰ ਸੀ। ਉਸ ਦੇ ਵਿਸ਼ੇ ਰੂਪਕ ਪੱਖ ਤੋਂ  ਉਤਮ ਸਨ। ਸਾਹਿਤ  ਦੇ ਪ੍ਰਯੋਜਨ ਸਤਯੰ, ਸਿਵਮ, ਸੁੰਦਰਮ ਦੀ ਕਸੌਟੀ ‘ਤੇ ਪੂਰਾ ਉਤਰਦੇ ਸਨ। (ੲ) ਕਾਵਿ ਚਿੱਤਰ ਵਿੱਚ 16 ਕਵੀਆਂ ਨੇ ਬੇਦਿਲ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਕਾਵਿ ਰੂਪ ਵਿੱਚ ਵਰਣਨ ਕੀਤਾ ਹੈ, ਜੋ ਹੇਠ ਲਿਖੇ ਅਨੁਸਾਰ ਹੈ-
ਡਾ.ਅਮਰ ਕੋਮਲ -
ਉਸ ਰੁੱਖ ਵਰਗਾ, ਜਿਸ ਦੀ ਸੰਘਣੀ ਛਾਂ ਪਿਆਰੀ,
ਫਲ ਮਿੱਠੇ ਫੁੱਲ ਮਹਿਕਦੇ, ਟਹਿਕੇ, ਜਿਸ ਦੀ ਕਾਇਆ ਸਾਰੀ।
ਜੰਗ ਸਿੰਘ ਫੱਟੜ-
ਅੰਧ ਵਿਸ਼ਵਾਸ਼ੀ  ਕਰਮ ਕਾਂਡ ਤੋਂ ਛਿਲਕੇ ਲਾਹੁੰਦਾ ਬਾਹਲਾ ਸੀ,
ਹਸਮੁੱਖ, ਖ਼ੁਸ਼ਹਾਲ, ਸਾਧਾਂ ਵਰਗਾ, ਬੇਦਿਲ ਨਵਾਂ ਉਜਾਲਾ ਸੀ।
ਨਿਰੰਜਣ ਸਿੰਘ ਚੀਮਾ -
ਲਈਂ ਬੈਠੇ ਘਰ ਵਿੱਚ ਆਪਣੇ, ਥੋਹਰਾਂ ਦਾ ਇੱਕ ਵਾੜਾ ਬੇਦਿਲ,
ਬੱਸ ਫੁੱਲਾਂ ਦੀ ਚੋਰੀ ਕਰਦੈ, ਹੋਰ ਨਾ ਮਾਰੇ ਧਾੜਾ ਬੇਦਿਲ।
ਪਰਮਜੀਤ ਪੱਪੂ ਧਨੌਲਾ-
ਧਨੀ ਕਲਮ ਦਾ ਗੂੜ੍ਹ ਗਿਆਨੀ, ਜਗ੍ਹਾ ਜਗ੍ਹਾ ਸਤਿਕਾਰਾ ਬੇਦਿਲ।
ਐਸਾ ਗਿਆਨ ਦਾ ਮਹਿਲ ਉਸਾਰੇ, ਨਾ ਇੱਟਾਂ ਨਾ ਗਾਰਾ ਬੇਦਿਲ।
ਮਲਕੀਤ ਸਿੰਘ ਗਿੱਲ (ਭੱਠਲਾਂ)-
ਸਭਿਆਚਾਰ ਦਾ ਹੈ ਇਹ ਵਾਰਸ, ਦੇਸ ਪੰਜਾਬ ਦੀ ਸ਼ਾਨ ਹੈ ਬੇਦਿਲ।
ਗ਼ਜ਼ਲਾਂ ਗੀਤ ਕਵਿਤਾਵਾਂ ਰਾਹੀਂ, ਵੰਡਦਾ ਗੂੜ੍ਹ-ਗਿਆਨ ਹੈ ਬੇਦਿਲ।
ਸੁਖਦੇਵ ਸਿੰਘ ਔਲਖ-
ਜ਼ਿੰਦਗੀ ਨਾਉਂ ਹੈ ਮੁਸ਼ਕਿਲਾਂ ਸੰਗ ਖਹਿਣ ਦਾ,
ਜ਼ਿੰਦਗੀ ਦੇ ਸਵਾਲਾਂ ਦਾ ਸਹੀ ਜਵਾਬ ਹੈ ਬੇਦਿਲ।
ਗੁਰਜੰਟ ਸਿੰਘ ਸੋਹਲ ਚਿੱਤਰਕਾਰ ਧਨੌਲਾ-
Êਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਕਦੇ ਫਾਰਸੀ ਫੋਲੇ,
ਗੁਰਬਾਣੀ ਦੇ ਅਰਥ ਜੇ ਕਰਦਾ, ਬੂਹੇ ਮਨ ਦੇ ਖੋਲ੍ਹੇ।
ਡਾ.ਹਾਕਮ ਸਿੰਘ ਮਹਿਰਮ, ਕਾਲੇਕਾ-
ਫਿਜ਼ਾ ਬਦਲੀ ਭਾਵੇਂ ਲੱਖਾਂ ਵਾਰ ਯਾਰੋ, ਆਪਣਾ ਬਦਲਿਆ ਨਹੀਂ ਕਿਰਦਾਰ ਬੇਦਿਲ,
ਗੱਲ ਮੂੰਹ ਤੇ ਕਹਿਣ ਦਾ ਰੱਖੇ ਜੇਰਾ, ਹੱਥ ਕਲਮ ਦਾ ਰੱਖਿਆ ਹਥਿਆਰ ਬੇਦਿਲ।
ਵੈਦ ਸਰੂਪ ਚੰਦ ਹਰੀਗੜ੍ਹ-
ਵਿਆਖਿਆ ਕਰ ਸਮਝਾਵੇ ਸਭ ਨੂੰ, ਸ਼ਬਦਾਂ ਦੀ ਇੱਕ ਖਾਣ ਸੀ ਬੇਦਿਲ…।
ਦੱਬੇ ਕੁੱਚਲੇ ਲੋਕਾਂ ਦੇ ਲਈ, ਸੱਚ ਦੀ ਖੁਲ੍ਹੀ ਦੁਕਾਨ ਸੀ ਬੇਦਿਲ।
ਰਘਵੀਰ ਸਿੰਘ ਗਿੱਲ ਕੱਟੂ-
ਚੌਗਿਰਦੇ ਬਾਰੇ ਰੱਖੇ ਚੇਤਨਾ, ਚੁੱਪ ਕਰਕੇ ਨਾ ਬਹਿਣਾ,
ਕਿਰਤੀ ਏਥੇ ਭੁੱਖੇ ਮਰਦੇ, ਸੱਚ ਬੇਦਿਲ ਦਾ ਕਹਿਣਾ।
ਟਿੱਬਿਆਂ ਤਾਈਂ ਪੱਧਰ ਕਰਨਾ, ਸਦਾ ਧੱਕਾ ਨਹੀਂ ਸਹਿਣਾ।
ਊਚ ਨੀਚ ਦਾ ਮੁੱਕੇ ਪੁਆੜਾ, ਭੁੱਖਾ ਕੋਈ ਨਾ ਰਹਿਣਾ,
ਮਿਲ ਕੇ ਟੋਇਆਂ ਨੇ, ਲੇਖਾ ਇਕ ਦਿਨ ਲੈਣਾ।
   ਇਸ ਪੁਸਤਕ ਦਾ ਦੂਜਾ ਭਾਗ ਸਿਰਜਣਾ ਹੈ, ਜਿਸ ਤੋਂ ਭਾਵ ਸਾਧੂ ਸਿੰਘ ਬੇਦਿਲ ਦਾ ਰਚਿਆ ਸਾਹਿਤ। ਇਸ ਭਾਗ ਵਿੱਚ ਬੇਦਿਲ ਦੀਆਂ ਚੋਣਵੀਆਂ ਗ਼ਜ਼ਲਾਂ, ਗੀਤ, ਕਵਿਤਾ, ਕਹਾਣੀਆਂ, ਨਿਬੰਧ ਅਤੇ ਚਿੱਠੀਆਂ ਸ਼ਾਮਲ ਹਨ। ਕਮਾਲ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਧੂ ਸਿੰਘ ਬੇਦਿਲ ਰਣਜੀਤ ਗਿਆਨੀ ਕਾਲਜ ਅਕਾਡਮੀ ਪੁਤਲੀ ਘਰ ਅੰਮਿ੍ਰਤਸਰ ਗਿਆਨੀ ਪਾਸ ਕਰਨ ਲਈ ਪੜ੍ਹਦਾ ਰਿਹਾ ਪ੍ਰੰਤੂ ਦੋ ਵਾਰ ਇਮਤਿਹਾਨ ਦੇਣ ਦੇ ਬਾਵਜੂਦ ਪਾਸ ਨਹੀਂ ਹੋ ਸਕਿਆ, ਉਥੇ ਪੜ੍ਹਦਿਆਂ ਪਿੰਗਲ, ਵਿਆਕਰਣ ਤੇ ਗੁਰਬਾਣੀ ਵਿਆਕਰਣ ਜਿਹੜੇ ਗਿਆਨੀ ਦੇ ਸਲੇਬਸ ਵਿੱਚ ਸਨ, ਉਨ੍ਹਾਂ ਦੀ ਮੁਹਾਰਤ ਹਾਸਲ ਕਰ ਗਿਆ। ਇਥੋਂ ਤੱਕ ਕਿ ਉਨ੍ਹਾਂ ਦੇ ਪੜ੍ਹਾਏ ਅਨੇਕਾਂ ਵਿਦਿਆਰਥੀ ਗਿਆਨੀ ਪਾਸ ਕਰ ਗਏ।  ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਤੇਜਾ ਸਿੰਘ ਤਿਲਕ ਨੇ ਇਹ ਪੁਸਤਕ ਸੰਪਾਦਿਤ ਕਰਕੇ ਸਾਧੂ ਸਿੰਘ ਬੇਦਿਲ ਨੂੰ ਹਮੇਸ਼ਾ ਲਈ ਸਾਹਿਤਕ ਜਗਤ ਵਿੱਚ ਅਮਰ ਕਰ ਦਿੱਤਾ।
  300 ਰੁਪਏ ਕੀਮਤ, 264 ਪੰਨਿਆਂ, ਰੰਗਦਾਰ ਤਸਵੀਰਾਂ ਅਤੇ ਸਚਿਤਰ ਮੁੱਖ ਕਵਰ ਵਾਲੀ ਪੁਸਤਕ ਤਾਲਿਫ਼ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ।
…ਸਾਬਕਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072  
ujagarsingh48@yahoo.com

ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ - ਉਜਾਗਰ ਸਿੰਘ

ਬੇਟੀ ਪੜ੍ਹਾਓ, ਬੇਟੀ ਬਚਾਓ ਦਾ ਪ੍ਰਚਾਰ ਤਾਂ ਥੋੜ੍ਹਾ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਵਿੱਚ ਬੇਟੀਆਂ ਨੂੰ ਪਹਿਲਾਂ ਹੀ ਪੜ੍ਹਾਇਆ ਜਾਂਦਾ ਹੈ, ਜਿਸ ਕਰਕੇ ਬੇਟੀਆਂ ਸਮਾਜ ਦੇ ਹਰ ਖੇਤਰ ਵਿੱਚ ਮਾਹਰਕੇ ਮਾਰ ਰਹੀਆਂ ਹਨ। ਬੇਸ਼ਕ ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਆਟੇ ਵਿੱਚ ਲੂਣ ਦੇ ਬਰਾਬਰ ਹੈ ਪ੍ਰੰਤੂ ਉਹ ਦਿਨ ਦੂਰ ਨਹੀਂ ਜਦੋਂ ਇਸਤਰੀਆਂ/ਲੜਕੀਆਂ ਇਸ ਵਿਭਾਗ ਦੇ ਪੁਲਿਸ ਮੁੱਖੀ ਦੇ ਅਹੁਦੇ ‘ਤੇ ਪਹੁੰਚਕੇ ਅਗਵਾਈ ਕਰਨਗੀਆਂ। ਭਾਵੇਂ ਅੱਜ ਦਿਨ ਵੀ ਗੁਰਪ੍ਰੀਤ ਕੌਰ ਦਿਓ, ਸ਼ਸ਼ੀ ਪ੍ਰਭਾ ਦਿਵੇਦੀ  ਦੋਵੇਂ ਡੀ.ਜੀ.ਪੀ.ਰੈਂਕ ਅਤੇ ਤਿੰਨ ਹੋਰ ਐਡੀਸ਼ਨਲ ਡੀ.ਜੀ.ਪੀ.ਰੈਂਕ ਵਿੱਚ ਹਨ ਪ੍ਰੰਤੂ ਉਨ੍ਹਾਂ ਨੂੰ ਪੁਲਿਸ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਮੁੱਖੀ ਬਣਾਇਆ ਗਿਆ ਹੈ ਪ੍ਰੰਤੂ ਪੂਰੇ ਪੁਲਿਸ ਵਿਭਾਗ ਦੇ ਮੁੱਖੀ ਨਹੀਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਮੁਖ ਮਹੱਤਵਪੂਰਨ ਖੇਤਰੀ ਅਤੇ ਪ੍ਰਬੰਧਕੀ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਕੰਮ ਕਰ ਰਹੀਆਂ ਹਨ। ਆਈ.ਏ.ਐਸ. ਇਸਤਰੀ ਵਿੰਨੀ ਮਹਾਜਨ ਪਹਿਲੀ ਪੰਜਾਬ ਦੀ ਮੁੱਖ ਸਕੱਤਰ ਰਹੀ ਹੈ। ਸੁਰਜੀਤ ਕੌਰ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਪਹਿਲੀ ਇਸਤਰੀ ਆਈ.ਪੀ.ਐਸ.ਅਧਿਕਾਰੀ ਸੀ। ਕਿਰਨ ਬੇਦੀ ਅੰਮਿ੍ਰਤਸਰ ਨਾਲ ਸੰਬੰਧ ਰੱਖਦੀ ਹੈ, ਉਹ ਇਸਤਰੀ ਆਈ.ਪੀ.ਐਸ.ਅਧਿਕਾਰੀ ਸੀ। ਉਹ ਡਾਇਰੈਕਟਰ ਜਨਰਲ ਬਿਓਰੋ ਆਫ਼ ਪੁਲਿਸ, ਕੇਂਦਰੀ ਸ਼ਾਸ਼ਤ ਪ੍ਰਦੇਸ਼ ਦਿੱਲੀ, ਗੋਆ, ਚੰਡੀਗੜ੍ਹ ਅਤੇ ਮੀਜੋਰਾਮ ਦੀ ਡੀ.ਜੀ.ਪੀ.ਅਤੇ ਉਪ ਰਾਜਪਾਲ ਵਰਗੇ ਮਹੱਤਵਪੂਰਨ ਅਹੁਦਿਆਂ ‘ਤੇ ਰਹੀ ਹੈ। ਪੁਲਿਸ ਵਿਭਾਗ ਦੇ ਕੰਮ ਨੂੰ ਜੋਖ਼ਮ ਭਰਿਆ ਗਿਣਿਆਂ ਜਾਂਦਾ ਹੈ ਕਿਉਂਕਿ ਇਸ ਨੇ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਨੂੰ ਰੋਕਣਾ ਹੁੰਦਾ ਹੈ। ਕਰਿਮੀਨਲ ਕਿਸਮ ਦੇ ਅਨਸਰਾਂ ਨਾਲ ਨਿਪਟਣਾ ਹੁੰਦਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਸਖ਼ਤੀ ਵਰਤਣੀ ਪੈਂਦੀ ਹੈ। ਇਹ ਆਮ ਪ੍ਰਭਾਵ ਪਾਇਆ ਜਾਂਦਾ ਹੈ ਕਿ ਮਰਦ ਹੀ ਅਜਿਹੇ ਕੰਮ ਕਰਨ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨ। ਇਸਤਰੀਆਂ/ਲੜਕੀਆਂ ਬਾਰੇ ਮਹਿਸੂਸ ਕੀਤਾ ਜਾਂਦਾ ਹੈ ਕਿ ਉਹ ਅਜਿਹੇ ਕਰਿਮੀਨਲ ਮੁਜ਼ਰਮਾ ਵਿਰੁੱਧ ਕਾਰਵਾਈ ਮਰਦਾਂ ਦੀ ਤਰ੍ਹਾਂ ਨਹੀਂ ਕਰ ਸਕਦੀਆਂ। ਪ੍ਰੰਤੂ ਆਧੁਨਿਕ ਸਮੇਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣ ਅਤੇ ਪੜ੍ਹਾਈ ਦੀਆਂ ਸਹੂਲਤਾਂ ਮਿਲਣ ਕਰਕੇ ਲੋਕਾਂ ਵਿੱਚ ਜਾਗ੍ਰਤੀ ਆ ਗਈ ਹੈ, ਜਿਸ ਕਰਕੇ ਮਨੁੱਖੀ ਹੱਕਾਂ ਦੀ ਰਖਵਾਲੀ ਮੁੱਖ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਪੁਲਿਸ ਵਿਭਾਗ ਵਿੱਚ ਵੀ ਗ਼ੈਰ ਮਨੁੱਖੀ ਕਾਰਵਾਈਆਂ ਨੂੰ ਵੀ ਰੋਕਦੀ ਲੱਗਦੀ ਨਜ਼ਰ ਆ ਰਹੀ ਹੈ। ਸ਼ੋਸ਼ਲ ਮੀਡੀਆ ਦਾ ਯੁਗ ਹੋਣ ਕਰਕੇ ਗ਼ੈਰ ਮਨੁੱਖੀ ਤਸੀਹਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਕਿ ਅਜੋਕੇ ਅਜਿਹੇ ਅਖੌਤੀ ਆਧੁਨਿਕਤਾ ਦੇ ਸਮੇਂ ਵਿੱਚ ਕੁਝ ਇਸਤਰੀਆਂ/ਲੜਕੀਆਂ ਵੀ ਜਰਾਇਮ ਪੇਸ਼ੇ ਵਿੱਚ ਸ਼ਾਮਲ ਹੋ ਗਈਆਂ ਹਨ। ਉਨ੍ਹਾਂ ਨੂੰ ਵਰਗਲਾ ਕੇ ਨਸ਼ਿਆਂ ਆਦਿ ਵਿੱਚ ਕੋਰੀਅਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ। ਇਸ ਲਈ ਅਜਿਹੀਆਂ ਜਰਾਇਮ ਪੇਸ਼ਾ ਇਸਤਰੀਆਂ/ਲੜਕੀਆਂ ਦੇ ਕੇਸਾਂ ਦੀ ਪੜਤਾਲ ਕਰਨ ਵਿੱਚ ਇਸਤਰੀਆਂ/ਲੜਕੀਆਂ ਸਹਾਈ ਸਾਬਤ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨਾਲ ਇਸਤਰੀ ਅਧਿਕਾਰੀਆਂ ਨੂੰ ਹੀ ਲਗਾਇਆ ਜਾ ਸਕਦਾ ਹੈ। ਨਵੇਂ ਹਾਲਾਤਾਂ ਕਰਕੇ ਇਸਤਰੀਆਂ/ਲੜਕੀਆਂ ਦਾ ਪੁਲਿਸ ਵਿਭਾਗ ਦੇ ਅਹਿਮ ਅਹੁਦਿਆਂ ‘ਤੇ ਤਾਇਨਾਤ ਹੋਣਾ ਜ਼ਰੂਰੀ ਬਣ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਸੁਹਜਾਤਮਿਕ ਪ੍ਰਵਿਰਤੀ ਵਾਲੀਆਂ ਨਰਮ ਦਿਲ ਸਮਝਿਆ ਜਾਂਦਾ ਹੈ। ਸੰਸਾਰ ਵਿੱਚ ਇਸਤਰੀਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਗਏ ਹਨ। ਜ਼ਿੰਦਗੀ ਦੇ ਹਰ ਖੇਤਰ ਵਿੱਚ ਇਸਤਰੀਆਂ/ਲੜਕੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾਅ ਰਹੀਆਂ ਹਨ। ਭਾਰਤ ਵਿੱਚ ਵੀ ਸਰੋਜਨੀ ਨਾਇਡੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਸਿਆਸੀ ਖੇਤਰ ਵਿੱਚ ਨਾਮਣਾ ਖੱਟਿਆ ਹੈ। ਪਹਿਲਾਂ ਸ਼੍ਰੀਮਤੀ ਪ੍ਰਤਿਭਾ ਪਾਟਿਲ ਹੁਣ ਸ਼੍ਰੀਮਤੀ ਦਰੋਪਦੀ ਮੂਰਮੂ ਭਾਰਤ ਦੇ ਰਾਸ਼ਟਰਪਤੀ ਹਨ।
 

ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਇਸਤਰੀਆਂ/ਲੜਕੀਆਂ ਲਈ ਰਾਖਵਾਂਕਰਨ ਦੀ ਪ੍ਰਣਾਲੀ ਸ਼ੁਰੂ ਕੀਤੀ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿੱਚ 33 ਫ਼ੀ ਸਦੀ ਰਾਖਵਾਂ ਕਰਨ ਦਾ ਕਾਨੂੰਨ ਬਣਾਇਆ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਅਜੇ ਤੱਕ ਵੀ ਇਸਤਰੀਆਂ/ਲੜਕੀਆਂ ਲਈ ਰਾਖਵਾਂਕਰਨ ਨਹੀਂ ਕੀਤਾ ਗਿਆ, ਇਸ ਦੀ ਲੋੜ ਵੀ ਨਹੀਂ ਕਿਉਂਕਿ ਮੁਕਾਬਲੇ ਦੇ ਸਮੇਂ ਵਿੱਚ, ਜਿਸ ਵਿਅਕਤੀ ਕੋਲ ਕਾਬਲੀਅਤ ਹੋਵੇਗੀ ਉਹ ਉਚ ਅਹੁਦਿਆਂ ਦੇ ਇਮਤਿਹਾਨ ਪਾਸ ਕਰਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ। ਅੱਜ ਕਲ੍ਹ ਲੜਕੀਆਂ ਦੇ ਹਰ ਖੇਤਰ ਵਿੱਚ ਲੜਕਿਆਂ ਤੋਂ ਮੋਹਰੀ ਹੋਣ ਦੇ ਨਤੀਜੇ ਆ ਰਹੇ ਹਨ। ਜਿਸ ਕਰਕੇ ਬਹੁਤ ਸਾਰੇ ਵਿਭਾਗਾਂ ਵਿੱਚ ਉਚ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਕੰਮ ਕਰ ਰਹੀਆਂ ਹਨ। ਸਰਕਾਰੀ ਵਿਭਾਗਾਂ ਖਾਸ ਤੌਰ ਤੇ ਵਿਦਿਆ ਵਿਭਾਗ ਵਿੱਚ ਅਧਿਆਪਕ ਇਸਤਰੀਆਂ/ਲੜਕੀਆਂ ਦੀ ਬਹੁਤਾਤ ਹੈ। ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਅਤੇ ਪੀ.ਪੀ.ਐਸ.ਵਿੱਚ ਭਾਵੇਂ ਰਾਖਵਾਂ ਕਰਨ ਨਹੀਂ ਹੈ ਪ੍ਰੰਤੂ ਇਸਤਰੀਆਂ/ਲੜਕੀਆਂ ਹੁਣ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਨਾਲ ਨਾਮਣਾ ਖੱਟ ਰਹੀਆਂ ਹਨ।  ਪੰਜਾਬ ਦੇ 23 ਜਿਲਿ੍ਹਆਂ ਵਿੱਚੋਂ 10 ਜਿਲਿ੍ਹਆਂ ਵਿੱਚ ਇਸਤਰੀਆਂ/ਲੜਕੀਆਂ ਡਿਪਟੀ ਕਮਿਸ਼ਨਰ ਹਨ ਪ੍ਰੰਤੂ ਪੁਲਿਸ ਦੇ 24 ਜਿਲਿ੍ਹਆਂ ਵਿੱਚੋਂ ਸਿਰਫ਼ 5 ਵਿੱਚ ਇਸਤਰੀਆਂ/ਲੜਕੀਆਂ ਐਸ.ਐਸ.ਪੀ. ਹਨ। ਭਾਵੇਂ ਹੋਰ ਉਚ ਅਹੁਦਿਆਂ ‘ਤੇ ਉਹ ਬਿਰਾਜਮਾਨ ਹਨ। ਪੰਜਾਬ ਪੁਲਿਸ ਵਿੱਚ ਲਗਪਗ 82 ਹਜ਼ਾਰ ਦੀ ਨਫਰੀ ਹੈ, ਜਿਸ ਵਿੱਚ ਇਸਤਰੀਆਂ/ਲੜਕੀਆਂ 5500 ਦੇ ਲਗਪਗ ਹਨ। ਇਹ ਕੁਲ ਨਫਰੀ ਦਾ 3 ਫ਼ੀ ਸਦੀ ਭਾਵ ਨਾ ਮਾਤਰ ਪ੍ਰਤੀਨਿਧਤਾ ਬਣਦੀ ਹੈ। ਜਦੋਂ ਕਿ ਇਸਤਰੀਆਂ ਦੀ ਆਬਾਦੀ ਮਰਦਾਂ ਦੇ ਬਰਾਬਰ ਹੈ। ਦੇਸ਼ ਵਿੱਚ ਪੁਲਿਸ ਵਿਭਾਗ ਵਿੱਚ ਇਨ੍ਹਾਂ ਦੀ ਪ੍ਰਤੀਨਿਧਤਾ 7.28 ਫ਼ੀ ਸਦੀ ਹੈ। ਸੀਨੀਅਰ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਦੀ ਗਿਣਤੀ ਬਹੁਤ ਘੱਟ ਹੈ। ਪ੍ਰੰਤੂ ਇਹ ਵੀ ਮਾਣ ਵਾਲੀ ਗੱਲ ਹੈ ਕਿ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ  ਡੀ.ਜੀ.ਪੀ.ਰੈਂਕ ਅਤੇ 7 ਏ.ਡੀ.ਜੀ.ਪੀ.ਵਿੱਚੋਂ ਤਿੰਨ ਨੀਰਜਾ ਵੋਰੂਗੁਰੂ, ਅਨੀਤਾ ਪੁੰਜ ਅਤੇ ਵਿਭੂ ਰਾਜ  ਏ.ਡੀ.ਜੀ.ਪੀ. ਦੇ ਅਹੁਦੇ ‘ਤੇ ਤਾਇਨਾਤ ਹਨ। ਰੇਂਜ ਵਿੱਚੋਂ ਧੰਨਵੰਤ ਕੌਰ ਲੁਧਿਆਣਾ ਡੀ.ਆਈ.ਜੀ. ਹਨ। ਐਸ.ਐਸ.ਪੀ ਦੇ ਅਹੁਦੇ ‘ਤੇ ਡਾ.ਰਵਜੋਤ ਕੌਰ ਗਰੇਵਾਲ ਫ਼ਤਿਹਗੜ੍ਹ ਸਾਹਿਬ, ਅਮਨੀਤ ਕੌਂਡਲ ਖੰਨਾ, ਅਸ਼ਵਨੀ ਗੋਟਿਆਲ ਬਟਾਲਾ,  ਵਤਸਾਲਾ ਗੁਪਤਾ ਐਸ.ਐਸ.ਪੀ.ਕਪੂਰਥਲਾ, ਅਵਨੀਤ ਕੌਰ ਫ਼ਾਜਿਲਕਾ ਤੇ ਮਾਲੇਰਕੋਟਲਾ ਐਸ.ਐਸ.ਪੀ.ਰਹੀ ਹੈ। ਕੰਵਰਦੀਪ ਕੌਰ ਫੀਰੋਜਪੁਰ ਸਨ ਪ੍ਰੰਤੂ ਹੁਣ ਚੰਡੀਗੜ੍ਹ ਐਸ.ਐਸ.ਪੀ. ਹੈ। ਸੁਮਈਆ ਮਿਸ਼ਰਾ ਆਈ.ਪੀ.ਐਸ.ਜਾਇੰਟ ਕਮਿਸ਼ਨਰ ਪੁਲਿਸ ਲੁਧਿਆਣਾ, ਜਸਰੂਪ ਬਾਠ ਆਈ.ਪੀ.ਐਸ. ਏ.ਸੀ.ਪੀ. ਸਿਵਿਲ ਲਾਈਨ ਲੁਧਿਆਣਾ, ਹਰਵੰਤ ਕੌਰ ਐਸ.ਪੀ.ਹੈਡ ਕੁਆਟਰ ਪਟਿਆਲਾ ਹਨ। 15 ਐਸ.ਪੀ., 7 ਏ.ਐਸ.ਪੀ., 24 ਡੀ.ਐਸ.ਪੀ., 9 ਇਨਸਪੈਕਟਰ, 16 ਸਬ ਇਨਸਪੈਕਟਰ ਅਤੇ 2 ਏ.ਐਸ.ਆਈ. ਤੇ ਕੁਝ ਸਹਾਇਕ ਡਾਇਰੈਕਟਰ ਦੇ ਅਹੁਦਿਆਂ ‘ਤੇ ਕੰਮ ਕਰ ਰਹੀਆਂ ਹਨ। ਪ੍ਰੰਤੂ ਅਜੇ ਵੀ ਸੀਨੀਅਰ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਜਦੋਂ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਇਹ ਇਸਤਰੀਆਂ/ਲੜਕੀਆਂ ਪੁਲਿਸ ਵਿੱਚ ਭਰਤੀ ਹੁੰਦੀਆਂ ਹਨ, ਇਨ੍ਹਾਂ ਦੀ ਕਾਬਲੀਅਤ ਵਿੱਚ ਕਿਹੜੀ ਘਾਟ ਹੈ। ਪਿਛੇ ਜਹੇ ਲੁਧਿਆਣਾ ਵਿਖੇ ਪੁਲਿਸ ਵਿਭਾਗ ਦੀ ਵਿਮੈਨ ਕਾਨਫ਼ਰੰਸ ਹੋਈ ਸੀ, ਜਿਸ ਵਿੱਚ ਏ.ਐਸ.ਪੀ.ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਸੀ ਕਿ ਪੰਜਾਬ ਦੇ 399 ਥਾਣਿਆਂ ਵਿੱਚੋਂ ਸਿਰਫ਼ 10 ਥਾਣਿਆਂ ਵਿੱਚ ਇਸਤਰੀਆਂ/ਲੜਕੀਆਂ ਨੂੰ ਥਾਣੇਦਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਿਆਹਾਂ ਨਾਲ ਸੰਬੰਧਤ ਝਗੜਿਆਂ ਦੇ ਹਲ ਲਈ ਇਸਤਰੀਆਂ ਤੇ ਕੇਸਾਂ ਨਾਲ ਸੰਬੰਧਤ ਥਾਣਿਆਂ ਵਿੱਚ ਇਸਤਰੀਆਂ/ਲੜਕੀਆਂ ਨੂੰ ਲਗਾਇਆ ਹੋਇਆ ਹੈ। ਇਨ੍ਹਾਂ ਨੂੰ ਪੜਤਾਲ ਕਰਨ ਦੇ ਯੋਗ ਹੀ ਨਹੀਂ ਸਮਝਿਆ ਜਾਂਦਾ। ਇਨ੍ਹਾਂ ਨੂੰ ਪੜਤਾਲੀਆ ਅਧਿਕਾਰੀ ਸਿਰਫ਼ ਬਲਾਤਕਾਰ ਅਤੇ ਇਸਤਰੀ ਮਰਦ ਦੇ ਵਿਆਹਾਂ ਸੰਬੰਧੀ ਝਗੜਿਆਂ ਵਿੱਚ ਲਗਾਇਆ ਜਾਂਦਾ ਹੈ। ਹੋਰ ਕਿਸੇ ਵੀ ਮਹੱਤਵਪੂਰਨ ਕੇਸ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ, ਜਦੋਂ ਕਿ ਇਹ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਆਉਂਦੀਆਂ ਹਨ ਤਾਂ ਇਨ੍ਹਾਂ ਨੂੰ ਕਿਉਂ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ? 5500 ਇਸਤਰੀਆਂ/ਲੜਕੀਆਂ ਵਿੱਚੋਂ ਇਕ ਵੀ ਥਾਣੇ ਦੀ ਮੁਣਸ਼ੀ ਨਹੀਂ ਲਗਾਈ ਗਈ। ਇਨ੍ਹਾਂ ਤੋਂ ਕੰਪਿਊਟਰ ਅਪ੍ਰੇਟਰ ਦਾ ਕੰਮ ਲਿਆ ਜਾਂਦਾ ਹੈ। ਪੰਜਾਬ ਵਿੱਚ ਤਿੰਨ ਪੁਲਿਸ ਕਮਿਸ਼ਨਰਟੇਟ ਅÇੰਮ੍ਰਤਸਰ, ਜਲੰਧਰ ਅਤੇ ਲੁਧਿਆਣਾ ਹਨ, 8 ਰੇਂਜ ਡੀ.ਆਈ.ਜੀ. ਅਤੇ 24 ਪੁਲਿਸ ਜਿਲ੍ਹੇ ਹਨ, ਇਨ੍ਹਾਂ ਵਿੱਚੋਂ ਇੱਕ ਡੀ.ਆਈ.ਜੀ.ਅਤੇ 5 ਐਸ.ਐਸ.ਪੀ. ਨਿਯੁਕਤ ਹਨ। ਹੋਰ ਕਈ ਮਹੱਤਵਪੂਰਨ ਅਹੁਦਿਆਂ ਜਿਵੇਂ ਡੀ.ਸੀ.ਪੀ., ਜਾਇੰਟ ਕਮਿਸ਼ਨਰ, ਏ.ਆਈ.ਜੀ., ਐਸ.ਪੀ., ਡੀ.ਐਸ.ਪੀ.ਤੇ ਇਨਸਪੈਕਟਰ ਆਦਿ ਇਸਤਰੀਆਂ/ਲੜਕੀਆਂ ਹਨ। ਇਹ ਕਹਿਕੇ ਇਨ੍ਹਾਂ ਨੂੰ ਲਗਾਇਆ ਨਹੀਂ ਜਾਂਦਾ ਕਿ ਫੀਲਡ ਦਾ ਕੰਮ ਔਖਾ ਤੇ ਰਾਤ ਬਰਾਤੇ ਹੁੰਦਾ ਹੈ। ਜੇਕਰ ਇਨ੍ਹਾਂ ਵਿੱਚੋਂ ਕੁਝ ਜੋ ਡੀ.ਆਈ.ਜੀ., ਐਸ.ਐਸ.ਪੀ., ਡੀ.ਸੀ.ਪੀ. ਅਤੇ ਏ.ਸੀ.ਪੀ.ਲੱਗੀਆਂ ਹੋਈਆਂ ਹਨ, ਉਹ ਖੇਤਰੀ ਕੰਮ ਕਰ ਰਹੀਆਂ ਹਨ ਤਾਂ ਹੋਰ ਬਾਕੀ ਕਿਉਂ ਨਹੀਂ ਕਰ ਸਕਦੀਆਂ? ਇਸ ਲਈ ਉਨ੍ਹਾਂ ਨੂੰ ਵੀ ਜਿਲਿ੍ਹਆਂ ਵਿੱਚ ਲਗਾਉਣਾ ਬਣਦਾ ਹੈ, ਜਿਵੇਂ ਡੀ.ਸੀ.ਕੰਮ ਕਰ ਰਹੀਆਂ ਹਨ। ਇਸਤਰੀਆਂ/ਲੜਕੀਆਂ ਦੀ ਕਾਬਲੀਅਤ ਦਾ ਇਮਤਿਹਾਨ ਉਨ੍ਹਾਂ ਨੂੰ ਖੇਤਰੀ ਅਹੁਦਿਆਂ ‘ਤੇ ਲਗਾਉਣ ਨਾਲ ਹੀ ਪਤਾ ਚਲੇਗਾ। ਜੇਕਰ ਕਿਸੇ ਨੂੰ ਕੋਈ ਅਜਿਹਾ ਕੰਮ ਦਿੱਤਾ ਹੀ ਨਹੀਂ ਜਾਂਦਾ ਤਾਂ ਉਨ੍ਹਾਂ ਬਾਰੇ ਇਹ ਸੋਚਣਾ ਕਿ ਉਹ ਖੇਤਰੀ ਕੰਮ ਕਰ ਨਹੀਂ ਸਕਦੀਆਂ ਜ਼ਾਇਜ਼ ਨਹੀਂ ਹੈ। ਕਿਸੇ ਇੱਕ ਅਧਿਕਾਰੀ ਵੱਲੋਂ ਅਸਫਲ ਹੋਣ ਕਰਕੇ ਸਾਰਿਆਂ ਨੂੰ ਇੱਕੋ ਰੱਸੇ ਬੰਨਿ੍ਹਆਂ ਨਹੀਂ ਜਾ ਸਕਦਾ।
 ਮੋਬਾਈਲ-94178 13072 - ujagarsingh48@yahoo.com