ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਚ ਚੌਥਾ ਗੁਰਦੁਆਰਾ ਸਾਹਿਬ - ਗਿਆਨੀ ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ
ਪਹਿਲਾਂ ਸੋਚ ਇਹ ਆਵੇਗੀ ਕਿ ਸਿਡਨੀ, ਮੈਲਬਰਨ ਸ਼ਹਿਰਾਂ ਦੇ ਮੁਕਾਬਲੇ ਨਿੱਕੇ ਜਿਹੇ ਸ਼ਹਿਰ ਅਡੀਲੇਡ ਵਿਚ ਚੌਥਾ ਗੁਰਦੁਆਰਾ ਬਣਾਉਣ ਦੀ ਕਿਉਂ ਲੋੜ ਪਈ? ਵੈਸੇ ਤੇ ਆਮ ਹੀ ਇਕ ਤੋਂ ਦੂਜਾ ਗੁਰਦੁਆਰਾ ਓਦੋਂ ਹੀ ਬਣਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਜਦੋਂ ਸੰਗਤ ਦੇ ਇਕ ਹਿੱਸੇ ਦੇ ਧਾਰਮਿਕ ਮਰਯਾਦਾ ਜਾਂ ਪ੍ਰਬੰਧਕ ਵਿਚਾਰਾਂ ਬਾਰੇ ਮੱਤਭੇਦ ਪੈਦਾ ਹੋ ਜਾਂਦਾ ਹਨ। ਜੇਕਰ ਜਤਨ ਕਰਨ ‘ਤੇ ਵੀ ਸਹਿਮਤੀ ਨਾ ਹੋ ਸਕੇ ਤਾਂ ਝਗੜਾ ਕਰਨ, ਮੁਕੱਦਮਿਆਂ ਵਿਚ ਧਨ ਰੋੜ੍ਹਨ ਨਾਲੋਂ ਕਿਤੇ ਚੰਗਾ ਹੋਵੇਗਾ ਕਿ ਜਿਨ੍ਹਾਂ ਨਾਲ਼ ਵਿਚਾਰਾਂ ਦੀ ਸਾਂਝ ਹੈ, ਉਹਨਾਂ ਨਾਲ਼ ਮਿਲ਼ ਕੇ ਇਕ ਹੋਰ ਗੁਰਦੁਆਰਾ ਉਸਾਰ ਲਿਆ ਜਾਵੇ। ਵੈਸੇ ਸਮਾ ਆਉਣ ‘ਤੇ ਪਰਵਾਰਾਂ ਵਿਚੋਂ ਵੀ ਹੋਰ ਵੱਖਰੇ ਘਰ ਬਣਾਉਣ ਦੀ ਲੋੜ ਪੈ ਹੀ ਜਾਂਦੀ ਹੈ। ਜੇਕਰ ਇਹ ਕਾਰਜ ਰਜਾਮੰਦੀ ਨਾਲ਼ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਜੇਕਰ ਰਜਾਮੰਦੀ ਨਾ ਹੋਵੇ ਤਾਂ ਫਿਰ ਲੜ ਕੇ ਵੀ ਪਰਵਾਰਕ ਮੈਂਬਰ ਵੱਖ ਹੋ ਜਾਂਦੇ ਹਨ। ਇਸ ਨਾਲ਼ ਪਰਵਾਰਕ ਸਾਂਝ ਟੁੱਟਦੀ ਹੈ ਤੇ ਦੋਹੀਂ ਧਿਰੀਂ ਨੁਕਸਾਨ ਹੁੰਦਾ ਹੈ।
1988 ਵਿਚ ਐਡੀਲੇਡ ਵਿਚ ਸੰਗਤ ਨੇ ਪਹਿਲਾ ਗੁਰਦੁਆਰਾ ਸਾਹਿਬ ਬਣਾਇਆ ਸੀ। ਉਸ ਸਮੇ ਹੀ ਪਹਿਲਾ ਅਖੰਡ ਪਾਠ ਦੱਖਣੀ ਆਸਟ੍ਰੇਲੀਆ ਵਿਚ ਹੋਇਆ ਸੀ ਤੇ ਇਸ ਸ਼ੁਭ ਅਵਸਰ ਉਪਰ ਹੀ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਆਰੰਭ ਹੋਈਆਂ ਸਨ, ਜੋ ਕਿ ਇਸ ਸਮੇ ਆਸਟ੍ਰੇਲੀਆ ਦੇ ਸਿੱਖਾਂ ਦੀ ਸਭ ਤੋਂ ਵੱਡੀ ਤੇ ਵਿਸ਼ਾਲ ਸੰਸਥਾ ਬਣ ਚੁੱਕੀ ਹੈ।
ਪਹਿਲਾ ਗੁਰਦੁਆਰਾ ਗਲੈਨ ਓਸਮੰਡ ਸਬਅਰਬ ਵਿਚ ਬਣੀ ਹੋਈ ਇਮਾਰਤ ਖਰੀਦ ਕੇ ਉਸ ਵਿਚ ਦੀਵਾਨ ਸਜਾਇਆ ਜਾਂਦਾ ਹੈ। ਦੂਜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਐਲਨਬੀ ਗਾਰਡਨ ਦੇ ਇਕ ਚਰਚ ਦੀ ਇਮਾਰਤ ਵਿਚ ਅਤੇ ਤੀਜਾ ਪ੍ਰਾਸਪੈਕਟ ਸਬਅਰਬ ਵਿਚ ਵੀ ਇਕ ਚਰਚ ਦੀ ਇਮਾਰਤ ਵਿਚ, ਸਿੱਖਾਂ ਸੰਗਤਾਂ ਨੂੰ ਧਾਰਮਿਕ ਸੇਵਾਵਾਂ ਦੇ ਰਹੇ ਹਨ। ਮੇਰੇ ਖਿਆਲ ਵਿਚ ਇਹਨਾਂ ਇਮਾਰਤਾਂ ਵਿਚ ਸ਼ਾਇਦ ਹੋਰ ਵਾਧਾ ਨਾ ਕੀਤਾ ਜਾ ਸਕਦਾ ਹੋਵੇ। ਜਦੋਂ ਇਹ ਗੁਰਦੁਆਰਾ ਸਾਹਿਬ ਆਰੰਭ ਹੋਏ ਸਨ ਓਦੋਂ ਐਡੀਲੇਡ ਵਿਚ ਸੰਗਤ ਬਹੁਤ ਘੱਟ ਹੁੰਦੀ ਸੀ ਅਤੇ ਇਹਨਾਂ ਗੁਰਦੁਆਰਿਆਂ ਵਿਚ ਸੰਗਤ ਸਮਾ ਜਾਂਦੀ ਸੀ ਪਰ ਸਿੱਖ ਵਿਦਿਆਰਥੀਆਂ ਦੇ ਆਉਣ ਨਾਲ਼ ਸੰਗਤ ਵਿਚ ਬਹੁਤ ਵਾਧਾ ਹੋ ਚੁੱਕਿਆ ਹੈ। ਏਥੇ ਇਕ ਵਿਸ਼ਾਲ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦੀ ਲੋੜ ਸੀ। ਫਿਰ ਇਹ ਗੁਰਦੁਆਰਾ ਸਾਹਿਬ ਸ਼ਹਿਰ ਤੋਂ ਵਾਹਵਾ ਦੂਰ ਉਤਰ ਵੱਲ ਮੌਡਬਰੀ ਸਬਅਰਬ ਵਿਚ ਆਰੰਭ ਕੀਤਾ ਗਿਆ ਹੈ, ਜਿਥੇ ਸੈਕੜਿਆਂ ਦੀ ਗਿਣਤੀ ਵਿਚ ਨਵੇਂ ਆਉਣ ਵਾਲੇ ਸਿੱਖ ਆਪਣੇ ਘਰ ਖਰੀਦ ਕੇ ਵੱਸ ਰਹੇ ਹਨ। ਉਸ ਸੰਗਤ ਵਾਸਤੇ ਇਹ ਸਥਾਨ ਹਰ ਪੱਖੋਂ ਬਹੁਤ ਹੀ ਢੁਕਵਾਂ ਹੈ।
ਆਸਟ੍ਰੇਲੀਆ ਵਿਚ ਨਵੇਂ ਆਏ ਜਵਾਨ ਸੇਵਕਾਂ ਨੇ ਇਸ ਗੁਰਦੁਆਰੇ ਦੀ ਆਰੰਭਤਾ, ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕ ਤਰੀਕੇ ਨਾਲੋਂ ਵੱਖਰੇ ਢੰਗ ਦੇ ਪ੍ਰਬੰਧ ਨਾਲ਼ ਸ਼ੁਰੂ ਕੀਤੀ ਹੈ। ਪਹਿਲਾਂ 1920 ਵਿਚ ਸ੍ਰੀ ਅੰਮ੍ਰਿਤਸਰ ਤੋਂ ਲੈ ਕੇ ਹੁਣ ਤੱਕ, ਸਾਰੇ ਸੰਸਾਰ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਸਿੱਖ ਮੈਂਬਰਾਂ ਦੀਆਂ ਵੋਟਾਂ ਨਾਲ਼ ਚੁਣੀਆਂ ਜਾਂਦੀਆਂ ਹਨ ਜੋ ਨਿਸਚਿਤ ਸਮੇ ਤੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਦੀਆਂ ਹਨ। ਉਹਨਾਂ ਦਾ ਨਿਸਚਿਤ ਸਮਾ ਪੂਰਾ ਹੋਣ ‘ਤੇ ਫਿਰ ਕਮੇਟੀ ਦੀ ਚੋਣ ਹੁੰਦੀ ਹੈ। ਇਸ ਚੋਣ ਸਿਸਟਮ ਦੇ ਕੀ ਨੁਕਸਾਨ ਹੋਏ ਅਤੇ ਹੋ ਰਹੇ ਨੇ, ਪਾਠਕ ਉਹਨਾਂ ਤੋਂ ਭਲੀ ਭਾਂਤ ਜਾਣੂ ਨੇ। ਉਹਨਾਂ ਵਿਚ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਮੀਤ ਸਕੱਤਰ, ਖਜਾਨਚੀ, ਮੀਤ ਖ਼ਜਾਨਚੀ, ਸਟੇਜ ਸੈਕਟਰੀ ਆਦਿ ਅਹੁਦੇਦਾਰ ਵੀ ਬਣਾਏ ਜਾਂਦੇ ਹਨ।
ਇਹ ਗੁਰਦੁਆਰਾ ਸਾਹਿਬ ਆਰੰਭ ਕਰਨ ਵਾਲੇ ਨੌਜਵਾਨਾਂ ਨੇ ਇਕ ਵੱਖਰੀ ਲੀਹ ਤੋਰੀ ਹੈ। ਉਹਨਾਂ ਅਨੁਸਾਰ ਇਸ ਗੁਰਦੁਆਰਾ ਸਾਹਿਬ ਦਾ ਕੋਈ ਪ੍ਰਧਾਨ ਜਾਂ ਹੋਰ ਅਹੁਦੇਦਾਰ ਨਹੀਂ ਹੋਵੇਗਾ ਤੇ ਨਾ ਹੀ ਕੋਈ ਇਸ ਦਾ ਦਫ਼ਤਰ ਹੋਵੇਗਾ। ਗੋਲਕ ਦੀ ਗਿਣਤੀ ਏਸੇ ਤਰ੍ਹਾਂ ਆਨ ਲਾਈਨ ਸਾਂਝੀ ਕੀਤੀ ਜਾਂਦੀ ਰਹੇਗੀ। ਫੋਟੋ ਸਭਿਆਚਾਰ ਤੋਂ ਦੂਰ, ਸਿਰਫ਼ ਸ਼ਬਦ ਗੁਰੂ ਨੂੰ ਸਮੱਰਪਤ, ਦਰਬਾਰ ਹਾਲ ਵਿਚ ਗ੍ਰੰਥੀ, ਰਾਗੀ ਜਾਂ ਪ੍ਰਚਾਰਕ ਤੋਂ ਬਿਨਾ ਹੋਰ ਕਿਸੇ ਵੀ ਸੱਜਣ ਨੂੰ ਬੋਲਣ ਦੀ ਆਗਿਆ ਨਹੀਂ ਹੋਵੇਗੀ। ਇਹਨਾਂ ਬੁਲਾਰਿਆਂ ਨੂੰ ਵੀ ਸ਼ਬਦ ਗੁਰੂ ਜਾਂ ਸਿੱਖ ਇਤਿਹਾਸ ਤੋਂ ਬਿਨਾ ਹੋਰ ਕੁਝ ਬੋਲਣ ਦੀ ਮਨਾਹੀ ਹੋਵੇਗੀ। ਸੰਗਤ ਵਾਸਤੇ ਲੋੜੀਂਦੀਆਂ ਸੂਚਨਾਵਾਂ ਵੀ ਗ੍ਰੰਥੀ ਸਿੰਘ ਹੀ ਸੰਗਤ ਨਾਲ਼ ਸਾਂਝੀਆਂ ਕਰਿਆ ਕਰਨਗੇ। ਖੂਨਦਾਨ ਦੀ ਲੜੀ ਹਰ ਵਕਤ ਚੱਲਦੀ ਰਹੇਗੀ। ਸਿਆਸੀ ਅਤੇ ਨਿਜੀ ਸੂਚਨਾਵਾਂ ਦਰਬਾਰ ਹਾਲ ਵਿਚ ਕਦੇ ਵੀ ਸਾਂਝੀਆਂ ਨਹੀਂ ਕੀਤੀਆਂ ਜਾਣਗੀਆਂ। ਗੁਰਮੁਖੀ ਅਤੇ ਸਿੱਖ ਵਿਰਾਸਤ ਬੱਚਿਆਂ ਨੂੰ ਸਿਖਾਉਣ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ।
ਇਹ ਨਵਾਂ ਤਜੱਰਬਾ ਨੌਜਵਾਨ ਕਰ ਰਹੇ ਹਨ। ਕਿਉਂਕਿ ਹੁਣ ਤੱਕ ਪਹਿਲੀ ਤਰ੍ਹਾਂ ਦੇ ਪ੍ਰਬੰਧਾਂ ਕਰਕੇ ਗੁਰਦੁਆਰਾ ਸਾਹਿਬਾਨ ਵਿਚ ਬਹੁਤ ਸਾਰੀਆਂ ਅਧਾਰਮਿਕ ਗਤੀਵਿਧੀਆਂ ਹੋ ਰਹੀਆਂ ਹਨ। ਉਹਨਾਂ ਕੁਰੀਤੀਆਂ ਤੋਂ ਬਚਣ ਲਈ ਇਸ ਪ੍ਰਕਾਰ ਨਵੇਂ ਤਰੀਕੇ ਨਾਲ਼ ਗੁਰੂ ਘਰ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਉਦਮ ਕੀਤਾ ਜਾ ਰਿਹਾ ਹੈ।
ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੁਚਾਰੂ ਰੂਪ ਵਿਚ ਚਲਾਉਣ ਲਈ ਯੂਨਾਈਟਿਡ ਸਿਖਜ਼ ਆਫ਼ ਸਾਊਥ ਆਸਟ੍ਰੇਲੀਆ United Sikhs of South Australia ਦੇ 9 ਸੇਵਾਦਾਰ ਹੋਣਗੇ। ਇਸ ਦੇ ਸੰਵਿਧਾਨ ਮੁਤਾਬਿਕ, ਇਸ ਦੀ ਕਦੀ ਵੀ ਇਲੈਕਸ਼ਨ ਨਹੀਂ ਹੋਵੇਗੀ। ਸੇਵਾਦਾਰਾਂ ਦੀ ਚੋਣ, ਉਹਨਾਂ ਦੀ ਸੇਵਾ ਦੇ ਆਧਾਰ ਉਪਰ ਕੀਤੀ ਜਾਇਆ ਕਰੇਗੀ। ਜੋ ਸੇਵਾਦਾਰ ਲਗਾਤਾਰ ਗੁਰਦੁਆਰਾ ਸਾਹਿਬ ਦੀ ਸੇਵਾ ਕਰਨਗੇ, ਉਹਨਾਂ ਵਿਚੋਂ ਪਰਚੀ ਪਾ ਕੇ 9 ਸੇਵਾਦਾਰ ਚੁਣੇ ਜਾਇਆ ਕਰਨਗੇ।
ਸਮਾ ਹੀ ਦੱਸੂਗਾ ਕਿ ਗੁਰੂ ਸਾਹਿਬ ਇਹਨਾਂ ਨੌਜਵਾਨਾਂ ਨੂੰ ਇਸ ਨਵੇਂ ਕਿਸਮ ਦੇ ਸੇਵਕ ਢਾਂਚੇ ਵਿਚ, ਗੁਰਸਿੱਖੀ ਪ੍ਰਚਾਰ ਦੇ ਖੇਤਰ ਵਿਚ ਕਿੰਨੀ ਕੁ ਸਫ਼ਲਤਾ ਬਖ਼ਸ਼ਦੇ ਹਨ।
ਐਡੀਲੇਡ ਦੀ ਯਾਤਰਾ ਅਪ੍ਰੈਲ -- ਮਈ 2021 - ਗਿਆਨੀ ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ
ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨਾਂ ਤੋਂ ਤੇ ਭਾਵੇਂ ਮੈਂ 1979 ਦੀਆਂ ਗਰਮੀਆਂ ਦੇ ਸਮੇ ਦੌਰਾਨ ਸਿੰਘਾਪੁਰ ਤੋਂ ਹੀ ਜਾਣੂ ਹੋ ਗਿਆ ਸਾਂ ਪਰ ਯਾਤਰਾ ਆਸਟ੍ਰੇਲੀਆ ਦੇ ਇਸ ਖ਼ੂਬਸੂਰਤ ਦੱਖਣੀ ਸ਼ਹਿਰ ਦੀ ਕਰਨ ਦਾ ਸੁਭਾਗ, ਅਪ੍ਰੈਲ 1988 ਵਿਚ ਹੋਇਆ। ਇਸ ਯਾਤਰਾ ਦੀ ਗੱਲ ਮੈਂ ਅੱਗੇ ਜਾ ਕੇ ਕਰੂੰਗਾ, ਪਹਿਲਾਂ ਸਿੰਘਾਪੁਰ ਵਾਲ਼ੀ ਗੱਲ ਪੂਰੀ ਕਰ ਲਵਾਂ। ਸਬੱਬ ਇਹ ਇਉਂ ਬਣਿਆ ਕਿ ਦੱਖਣੀ ਏਸ਼ੀਆ ਦੇ ਮੁਲਕਾਂ ਦੀ ਯਾਤਰਾ ਦੌਰਾਨ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਿੰਘਾਪੁਰ ਦੇ ਦਫ਼ਤਰ ਵਿਚ ਕੁਝ ਸੱਜਣਾਂ ਨਾਲ਼ ਵਾਰਤਾਲਾਪ ਕਰ ਰਿਹਾ ਸਾਂ ਕਿ ਇਕ ਚਿੱਟੀ ਦਾਹੜੀ, ਜੇਹੜੀ ਸੋਹਣੀ ਤਰ੍ਹਾਂ ਸੰਤੋਖੀ ਹੋਈ ਸੀ, ਅਤੇ ਚਿੱਟੇ ਝੱਗੇ ਪਜਾਮੇ ਅਤੇ ਚਿੱਟੀ ਹੀ ਦਸਤਾਰ ਵਿਚ ਸਜੇ ਹੋਏ ਸੱਜਣ ਆਏ। ਉਹਨਾਂ ਨੇ ਖ਼ਜਾਨਚੀ ਨੂੰ ਕੁਝ ਮਾਇਆ ਦਿਤੀ ਅਤੇ ਰਸੀਦ ਪ੍ਰਾਪਤ ਕੀਤੀ। ਪਤਾ ਲੱਗਾ ਕਿ ਇਹ ਸੁਘੜ ਸੱਜਣ ਸਿੰਘਾਪੁਰ ਤੋਂ ਪ੍ਰਕਾਸ਼ਤ ਹੋ ਰਹੇ ਪੰਜਾਬੀ ਅਖ਼ਬਾਰ ’ਨਵਜੀਵਨ’ ਦੇ ਮਾਲਕ/ਸੰਪਾਦਕ ਸ. ਦੀਵਾਨ ਸਿੰਘ ਰੰਧਾਵਾ ਜੀ ਹਨ। ਇਹ ਗੁਰਦੁਆਰਾ ਸਾਹਿਬ ਨੂੰ ਭੇਟਾ ਕੀਤੀ ਜਾਣ ਵਾਲ਼ੀ ਮਾਇਆ, ਉਹਨਾਂ ਦੇ ਸਪੁਤਰ ਸ. ਅਜਮੇਰ ਸਿੰਘ ਰੰਧਾਵਾ ਜੀ ਨੇ, ਜੋ ਉਹਨਾਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਸਮੇ ਇਕੱਤਰ ਹੋਈ ਸੀ, ਐਡੀਲੇਡ ਤੋਂ ਭੇਜੀ ਹੈ। ਮਾਇਆ ਵਾਲ਼ੀ ਰਸੀਦ ਉਪਰ ਜੇਹੜਾ ਸਿਰਨਾਵਾਂ ਸੀ ਉਸ ਵਿਚ ਐਡੀਲੇਡ ਸ਼ਹਿਰ ਦਾ ਨਾਂ ਲਿਖਿਆ ਹੋਇਆ ਮੈਂ ਪੜ੍ਹ ਲਿਆ ਤੇ ਆਪਣੀ ਯਾਦ ਦੇ ਵਿਚੇ ਵਿਚ ਘੋਟਾ ਵੀ ਲਾ ਲਿਆ ਤਾਂ ਕਿ ਜੇ ਕਦੀ ਐਡੀਲੇਡ ਦਾ ਚੱਕਰ ਲੱਗੇ ਤਾਂ ਓਥੇ ਇਸ ਚੰਗੇ ਵਿਅਕਤੀ ਦੇ ਵੀ ਦਰਸ਼ਨ ਕੀਤੇ ਜਾ ਸਕਣ।
ਘੁੰਮਦੇ ਘੁੰਮਾਉਂਦੇ 25 ਅਕਤੂਬਰ 1979 ਵਾਲ਼ੇ ਦਿਨ, ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਸ਼ਹਿਰ ਵਿਚ ਆ ਉਤਾਰਾ ਕੀਤਾ। ਏਥੇ ਆ ਕੇ ਕੀ ਕੀ ਪਾਪੜ ਵੇਲ਼ੇ! ਇਹਨਾਂ ਦਾ ਜ਼ਿਕਰ ਪ੍ਰਸੰਗ ਵੱਸ ਕਈ ਲੇਖਾਂ ਵਿਚ ਸਮੇ ਸਮੇ ਆ ਚੁੱਕਾ ਹੈ। ਕਰਦੇ ਕਰਾਉਂਦੇ 1988 ਆ ਗਿਆ। ਐਡੀਲੇਡ ਦੇ ਸਿੱਖਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਦੀ ਕਮੇਟੀ ਨੂੰ ਸੱਦਾ ਆਇਆ ਕਿ ਓਥੇ ਪਹਿਲੇ ਅਖੰਡ ਪਾਠ ਦੇ ਭੋਗ ਉਪ੍ਰੰਤ, ਪਹਿਲੇ ਹੀ ਗੁਰਦੁਆਰੇ ਦਾ ਉਦਘਾਟਨ ਹੋਣਾ ਹੈ। ਉਸ ਵਿਚ ਸ਼ਾਮਲ ਹੋਣ ਲਈ ਆਇਆ ਜਾਵੇ। ਉਸ ਸਮੇ ਕਮੇਟੀ ਵਿਚ ਮੈਂ ਹੀ ਇਕੱਲਾ ਵੇਹਲਾ ਮੈਂਬਰ ਸੀ ਤੇ ਇਸ ਲਈ ਓਥੇ ਜਾਣ ਲਈ ਗੁਣਾ ਮੇਰੇ ਉਪਰ ਹੀ ਪਿਆ।
ਮੈਂ ਬੱਸ ਰਾਹੀਂ ਡੇਢ ਹਜਾਰ ਕਿਲੋਮੀਟਰ ਦਾ ਸਫ਼ਰ ਕਰਕੇ, ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ, ਐਡੀਲੇਡ ਪਹੁੰਚ ਗਿਆ। ਅੱਗੋਂ ਓਥੋਂ ਦੇ ਸਿੱਖਾਂ ਦੇ ਮੁਖੀ ਸ. ਮਹਾਂਬੀਰ ਸਿੰਘ ਗਰੇਵਾਲ ਨੇ ਮੈਨੂੰ ਬੱਸ ਅੱਡੇ ਤੋਂ ਚੁੱਕਿਆ ਤੇ ਆਪਣੇ ਘਰ ਲੈ ਗਏ। ਸਰਦਾਰਨੀ ਬਲਬੀਰ ਕੌਰ ਗਰੇਵਾਲ ਨੌਕਰੀ ‘ਤੇ ਗਏ ਹੋਣ ਕਰਕੇ ਸਰਦਾਰ ਗਰੇਵਾਲ ਜੀ ਨੇ ਖ਼ੁਦ ਹੀ ਮੈਨੂੰ ਚਾਹ ਨਾਲ਼ ਸੈਂਡਵਿਚ ਬਣਾ ਕੇ ਛਕਾਇਆ ਤੇ ਮੇਰੀਆਂ ਅੱਖਾਂ ਖੁਲ੍ਹੀਆਂ।
ਓਥੇ, ਐਡੀਲੇਡ ਵਿਚ, ਤਿੰਨ ਦਿਨ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਦਾ ਪ੍ਰਬੰਧ ਕੀਤਾ। ਭੋਗ ਪਿੱਛੋਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ। ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਦਾ ਆਰੰਭ ਹੋਇਆ, ਜੇਹੜੀਆਂ ਓਦੋਂ ਤੋਂ ਲੈ ਕੇ, ਹੁਣ ਤੱਕ, ਹਰੇਕ ਸਾਲ ਵਾਰੀ ਵਾਰੀ ਆਸਟ੍ਰੇਲੀਆ ਦੇ ਕਿਸੇ ਨਾ ਕਿਸੇ ਸ਼ਹਿਰ ਵਿਚ ਹੁੰਦੀਆਂ ਹਨ। ਖੇਡਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ‘ਸਿੱਖ ਫੋਰਮ’, ਜੋ ਕਿ ਇਹਨਾਂ ਖੇਡਾਂ ਦਾ ਇਕ ਖਾਸ ਹਿੱਸਾ ਹੈ, ਵੀ ਸਫ਼ਲਤਾ ਸਹਿਤ ਹੋਇਆ। ਰਾਤ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਵੀ ਸ਼ਾਮਲ ਹੋ ਕੇ, ਸਾਰੇ ਸੱਜਣਾਂ ਨੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
ਅਪ੍ਰੈਲ 1988 ਗਿਆ ਤੇ ਮਾਰਚ 2021 ਆਇਆ। ਇਸ ਦੌਰਾਨ ਕਈ ਚੱਕਰ ਰਾਜਧਾਨੀ ਐਡੀਲੇਡ ਸ਼ਹਿਰ ਸਮੇਤ ਸਾਊਥ ਆਸਟ੍ਰੇਲੀਆ ਦੇ ਲੱਗੇ ਜਿਨ੍ਹਾਂ ਦੀ ਗਿਣਤੀ ਇਸ ਵੇਲ਼ੇ ਯਾਦ ਨਹੀਂ ਰਹੀ। ਇਸ ਵਾਰੀਂ ਵਾਹਵਾ ਸਮਾ ਰਹਿੰਦਿਆਂ ਹੀ ਐਡੀਲੇਡ ਤੋਂ ਸੂਝਵਾਨ ਸੱਜਣ, ਰੋਜ਼ਾਨਾ ਅਜੀਤ ਦੇ ਪੱਤਰਕਾਰ, ਸ. ਗੁਰਮੀਤ ਸਿੰਘ ਵਾਲ਼ੀਆ ਜੀ ਦਾ ਫ਼ੋਨ ਆਇਆ ਕਿ 21 ਅਪ੍ਰੈਲ ਤੋਂ 3 ਮਈ ਤੱਕ ਦਾ ਸਮਾ, ਵੈਸਾਖੀ ਨਾਲ਼ ਸਬੰਧਤ ਧਾਰਮਿਕ ਕਾਰਜਾਂ ਵਿਚ ਹਿੱਸਾ ਲੈਣ ਲਈ, ਮੈਂ ਉਹਨਾਂ ਵਾਸਤੇ ਰੱਖਾਂ। ਖਿੱਚ ਤੇ ਮੇਰੀ ਸਾਲਾਨਾ ਸਿੱਖ ਖੇਡਾਂ ਸਮੇ ਪਰਥ ਜਾਣ ਦੀ ਸੀ ਪਰ ਉਹਨਾਂ ਵੱਲੋਂ ਅਜੇ ਕੱਚ/ਪੱਕ ਹੋਣ ਕਰਕੇ ਏਧਰ ਐਡੀਲੇਡ ਹਾਜਰ ਹੋਣ ਦੀ ਹਾਂ ਹੋ ਗਈ। ਪਿਛਲੇ ਸਾਲ ਵੀ ਪਰਥ ਵਿਚ ਖੇਡਾਂ ਹੋਣੀਆਂ ਸਨ ਪਰ ਕਰੋਨਾ ਦੇ ਕਹਿਰ ਕਰਕੇ ਨਾ ਹੋ ਸਕੀਆਂ, ਇਸ ਲਈ ਇਸ ਵਾਰੀ ਵੀ ਕੰਮ ਕੁਝ ਭੰਬਲ਼ਭੂਸੇ ਜਿਹੇ ਵਿਚ ਹੀ ਸੀ। ਅਖੀਰ ਸਿਆਣੇ ਪ੍ਰਬੰਧਕਾਂ ਨੇ ਸਿਆਣਾ ਫੈਸਲਾ ਕਰ ਲਿਆ ਕਿ ਕਰੋਨੇ ਕਾਰਨ ਯਾਤਰਾ ਵਿਚ ਵਿਘਨ ਪੈਣ ਕਰਕੇ, ਹਰੇਕ ਸਟੇਟ ਆਪਣੀ ਆਪਣੀ ਰਾਜਧਾਨੀ ਵਿਚ, ਸਥਾਨਕ ਪਧਰ ਉਪਰ ਹੀ ਖੇਡਾਂ ਕਰਵਾ ਲੈਣ। ਮੈਨੂੰ ਪ੍ਰਬੰਧਕਾਂ ਵੱਲੋਂ ਸੱਦਾ ਆਇਆ ‘ਸਿੱਖ ਫੋਰਮ’ ਵਿਚ ਹਰੇਕ ਸਾਲ ਵਾਂਗ ਸਰਗਰਮ ਹਿੱਸਾ ਪਾਉਣ ਲਈ ਪਰ ਮੈ ਐਡੀਲੇਡ ਵਾਸਤੇ ਵਾਲੀਆ ਜੀ ਨਾਲ਼ ਪਹਿਲਾਂ ਇਕਰਾਰ ਕਰ ਚੁੱਕਾ ਸਾਂ।
ਸ. ਗੁਰਮੀਤ ਸਿੰਘ ਵਾਲੀਆ ਜੀ ਦੇ ਸੱਦੇ ਉਪਰ 21 ਦੀ ਬਜਾਇ 22 ਮਾਰਚ ਨੂੰ ਐਡੀਲੇਡ ਦੇ ਹਵਾਈ ਅੱਡੇ ਉਪਰ ਉਤਰਿਆ ਤਾਂ ਬਾਹਰ ਨਿਕਲਣ ਲਈ ਬਹੁਤ ਲੰਮੀ ਕਤਾਰ ਵਿਚ ਲੱਗਣਾ ਪਿਆ ਕਿਉਂਕਿ ਕਰੋਨਾ ਕਰਕੇ ਓਥੇ ਵਾਹਵਾ ਸਾਰੀ ਪੁੱਛ ਪੜਤਾਲ ਹੋ ਰਹੀ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੇਰਾ ਵਾਹ ਇਕ ਕੁਝ ਕੁ ਵਡੇਰੀ ਉਮਰ ਦੀ ਮੇਮ ਬੀਬੀ ਨਾਲ਼ ਪਿਆ। ਉਸ ਨੇ ਜਦੋਂ ਇਹ ਪੁੱਛਿਆ ਕਿ ਕੀ ਮੇਰੇ ਕੋਲ਼ ਇਕ ਸਟੇਟ ਤੋਂ ਦੂਜੀ ਸਟੇਟ ਵਿਚ ਜਾਣ ਦੀ ਮਨਜ਼ੂਰੀ ਹੈ! ਤਾਂ ਮੇਰੀ ਤੇ ਖਾਨਿਉਂ ਗਈ! ਮੈਂ ਸੋਚਿਆ ਕਿ ਇਹ ਬੀਬੀ ਹੁਣ ਮੈਨੂੰ ਖੋਟੇ ਪੈਸੇ ਵਾਂਗ ਵਾਪਸ ਸਿਡਨੀ ਨੂੰ ਮੋੜੂਗੀ! ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਕੀ ਹੁੰਦੀ ਹੈ! ਮੇਰੀ ਧੀ ਨੇ ਮੇਰੀ ਸੀਟ ਬੁੱਕ ਕੀਤੀ ਸੀ ਤੇ ਜੋ ਕੁਝ ਵੀ ਕਰਨਾ ਬਣਦਾ ਹੈ ਉਸ ਨੇ ਹੀ ਕੀਤਾ ਹੈ; ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਖੈਰ, ਉਸ ਸਿਆਣੀ ਅਤੇ ਹਮਦਰਦ ਮੇਮ ਨੇ ਮੇਰਾ ਮੋਬਾਇਲ ਵੇਖਿਆ ਤੇ ਕੁਝ ਸਵਾਲ ਪੁੱਛਣ ਪਿੱਛੋਂ ਮੈਨੂੰ ਇਕ ਪਰਚੀ ਜਿਹੀ ਫੜਾ ਕੇ ਤੇ ਇਹ ਕਹਿ ਕੇ ਤੋਰ ਦਿਤਾ ਕਿ ਇਹ ਪੁਲਿਸ ਵਾਲ਼ੇ ਨੂੰ ਵਿਖਾ ਕੇ ਬਾਹਰ ਨਿਕਲ਼ ਜਾਵੀਂ। ਇਉਂ ਹਵਾਈ ਅੱਡੇ ਤੋਂ ਮੇਰੀ ਬੰਦ ਖਲਾਸੀ ਹੋ ਗਈ।
ਹਵਾਈ ਅੱਡੇ ਤੋਂ ਬਾਹਰ ਨਿਕਲ਼ ਕੇ ਵਾਲੀਆ ਜੀ ਨੂੰ ਫ਼ੋਨ ਕੀਤਾ ਤੇ ਉਹ ਛੇਤੀ ਹੀ ਆ ਕੇ ਮੈਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਲੈ ਗਏ, ਜਿਥੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ। ਚੱਲ ਰਹੀ ਲੜੀ ਵਿਚ ਮੈਂ ਵੀ ਸ਼ਾਮਲ ਹੋ ਗਿਆ। ਪਹਿਲੇ ਪ੍ਰੋਗਰਾਮ ਦੀ ਸਮਾਪਤੀ ਪਿੱਛੋਂ, 25 ਮਾਰਚ ਨੂੰ, ਬੱਸ ਰਾਹੀਂ ਰਿਵਰਲੈਂਡ ਨੂੰ ਜਾਣ ਦਾ ਵਿਚਾਰ ਬਣਾ ਲਿਆ। ਤੁਰਨ ਤੋਂ ਪਹਿਲਾਂ ਬਹੁਤ ਪੁਰਾਣੇ ਮਿੱਤਰ ਸ. ਕੁਲਦੇਵ ਸਿੰਘ ਨੂੰ ਰਿੰਗ ਕੀਤਾ ਪਰ ਉਹ ਨਾ ਮਿਲ਼ ਸਕੇ ਤੇ ਘਰੋਂ ਹੁੰਗਾਰਾ ਵੀ ਕੋਈ ਉਤਸ਼ਾਹਜਨਕ ਨਾ ਮਿਲਣ ਕਰਕੇ, ਇਕ ਹੋਰ ਪੁਰਾਣੇ ਮਿੱਤਰ ਰੈਨਮਾਰਕ ਵਾਸੀ ਸ. ਪਿਆਰਾ ਸਿੰਘ ਅਟਵਾਲ ਵੱਲ ਜਾਣ ਦਾ ਵਿਚਾਰ ਬਣਾ ਲਿਆ। ਮਨਪ੍ਰੀਤ ਸਿੰਘ ਦੇ ਨਾਲ਼ ਜਾ ਕੇ ਸ਼ਹਿਰੋਂ ਰੈਨਮਾਰਕ ਦੀ ਟਿਕਟ ਖ਼ਰੀਦ ਲਈ। ਅਗਲੇ ਦਿਨ ਬੱਸ ਵਿਚ ਬਹਿ ਕੇ ਰੈਨਮਾਰਕ ਵੱਲ ਚਾਲੇ ਪਾ ਦਿਤੇ। “ਅੰਨ੍ਹੇ ਕੁੱਤੇ ਹਰਨਾਂ ਦੇ ਸ਼ਿਕਾਰੀ” ਦੀ ਤਰਜ ਉਪਰ, ਸਦਾ ਵਾਂਗ ਅਜਿਹੀਆਂ ਯਾਤਰਾਵਾਂ ਲਈ, ਦੇਸ ਹੋਵੇ ਜਾਂ ਪਰਦੇਸ, ਤੁਰ ਪੈਣਾ ਤੇ ਮੇਰੀ ਮੁੱਢ ਦੀ ਵਾਦੀ ਹੈ। ਉਸ ਬੱਸ ਵਿਚ ਇਕ ਸਿੱਖ ਬੱਚੀ ਵੀ ਬੈਠੀ ਹੋਈ ਸੀ। ਮੇਰੀ ਨਿਸਚਿਤ ਸੀਟ ਲੱਭਣ ਵਿਚ ਮੈਨੂੰ ਕੁਝ ਭੰਬਲ਼ਭੂਸਾ ਜਿਹਾ ਪੈ ਜਾਣ ਕਰਕੇ ਉਸ ਬੱਚੀ ਨੇ ਮੇਰੀ ਸਹਾਇਤਾ ਕਰਨ ਸਮੇ ਜਦੋਂ ਪੰਜਾਬੀ ਬੋਲੀ ਤਾਂ ਸਾਡੀ ਗੱਲ ਬਾਤ ਸ਼ੁਰੂ ਹੋ ਗਈ। ਬੱਚੀ ਵੱਲੋਂ ਕਿੱਥੇ ਜਾਣਾ, ਕਿਉਂ ਜਾਣਾ, ਉਹਨਾਂ ਨੂੰ ਪਤਾ ਕਿ ਤੁਸੀਂ ਆ ਰਹੇ ਹੋ, ਉਹਨਾਂ ਦਾ ਫ਼ੋਨ ਨੰਬਰ ਹੈਗਾ ਤੁਹਾਡੇ ਕੋਲ਼ ਆਦਿ ਦੇ ਪੁੱਛ ਪੁਛੱਈਏ ਕਰਕੇ, ਉਸ ਬੱਚੀ ਨੂੰ ਮੇਰੀ ‘ਹਾਲਤ’ ਦਾ ਪਤਾ ਲੱਗ ਗਿਆ ਕਿ ਮੈਂ ਹਨੇਰੇ ਵਿਚ ਹੀ ਟੱਕਰਾਂ ਮਾਰ ਰਿਹਾਂ। ਜਦੋਂ ਰਾਤ ਦੇ ਹਨੇਰੇ ਵਿਚ ਬੱਸ ਬੈਰੀ ਟਾਊਨ ਜਾ ਕੇ ਰੁਕੀ ਤਾਂ ਅੱਗੋਂ ਪ੍ਰਕਾਸ਼ਤ ਦਾਹੜੇ ਵਾਲ਼ਾ ਨੌਜਵਾਨ, ਉਸ ਦਾ ਪਤੀ, ਉਸ ਨੂੰ ਲੈਣ ਵਾਸਤੇ ਆਇਆ ਹੋਇਆ ਸੀ। ਉਹ ਬੱਸ ਤੋਂ ਉਤਰ ਕੇ ਜਾ ਕੇ ਕਾਰ ਵਿਚ ਬੈਠ ਗਈ ਪਰ ਕੁਝ ਪਲ ਰੁਕ ਕੇ ਉਹ ਨੌਜਾਵਨ ਮੁੜ ਆਇਆ ਤੇ ਮੈਨੂੰ ਉਸ ਨੇ ਬੜਾ ਹੀ ਜੋਰ ਲਾਇਆ ਕਿ ਰਾਤ ਮੈਂ ਉਹਨਾਂ ਕੋਲ਼ ਰਹਾਂ ਤੇ ਸਵੇਰੇ ਮੈਂ ਜਿਥੇ ਜਾਣਾ ਹੋਵੇਗਾ, ਉਹ ਮੈਨੂੰ ਛੱਡ ਆਉਣਗੇ ਪਰ ਮੈਂ ਇਕੋ ਨੰਨਾ ਹੀ ਫੜੀ ਰੱਖਿਆ ਤੇ ਉਹਨਾਂ ਦੇ ਨਾਲ਼ ਨਾ ਹੀ ਗਿਆ। ਉਸ ਬੀਬੀ ਨੇ ਆਪਣੇ ਪਤੀ ਨੂੰ ਮੇਰੀ ਅਨਿਸਚਤ ਜਿਹੀ ਹਾਲਤ ਬਾਰੇ ਜਾ ਕੇ ਦੱਸਿਆ ਹੋਊਗਾ ਤਾਂ ਹੀ ਉਹ ਮੈਨੂੰ ਬੱਸੋਂ ਲਾਹ ਕੇ ਆਪਣੇ ਨਾਲ਼ ਖੜਨ ਲਈ ਆਇਆ। ਨਾ ਮੈਂ ਉਸ ਸੁਭਾਗੀ ਜੋੜੀ ਨੂੰ ਪਹਿਲਾਂ ਜਾਣਾ ਤੇ ਨਾ ਉਹ ਮੈਨੂੰ ਜਾਨਣ।
ਅਗਲਾ ਕਸਬਾ ਰੈਨਮਾਰਕ ਸੀ ਜਿੱਥੇ ਮੈਂ ਜਾਣਾ ਸੀ। ਓਥੇ ਨਾ ਕਿਸੇ ਨੂੰ ਪਤਾ ਕਿ ਮੈਂ ਆ ਰਿਹਾਂ ਤੇ ਨਾ ਹੀ ਕਿਸੇ ਦਾ ਮੇਰੇ ਕੋਲ਼ ਫ਼ੋਨ ਨੰਬਰ। ਜਿਸ ਦੇ ਘਰ ਐਡੀਲੇਡੋਂ ਤੁਰਨ ਤੋਂ ਪਹਿਲਾਂ ਰਿੰਗ ਕੀਤਾ ਸੀ, ਉਹ ਨੰਬਰ ਵੀ ਨਾਲ਼ ਨਾ ਚੁੱਕਿਆ। ਸੋਚ ਇਹ ਸੀ ਕਿ ਰੈਨਮਾਰਕ, ਜਿੱਥੇ ਦਰਿਆ ਦੇ ਕਿਨਾਰੇ ਜਾ ਕੇ ਬੱਸ ਰੁਕਣੀ ਹੈ, ਓਥੋਂ ਦੋ ਸੜਕਾਂ ਅਤੇ ਉਹਨਾਂ ਦੋਹਾਂ ਦੇ ਵਿਚਾਲ਼ੇ ਇਕ ਛੋਟਾ ਜਿਹਾ ਕਾਰ ਪਾਰਕਿੰਗ ਸਥਾਨ ਤੇ ਦੂਜੀ ਸੜਕ ਦੇ ਕਿਨਾਰੇ ਗੁਰਦੁਆਰਾ ਹੈ, ਤੇ ਗ੍ਰੰਥੀ ਗਿਆਨੀ ਹਰਦਿਆਲ ਸਿੰਘ ਜੀ ਗੁਰਦੁਆਰੇ ਵਿਚ ਹੋਣਗੇ ਹੀ। ਚੱਲ ਮੇਰੇ ਭਾਈ। ਹੋਰ ਕਿਸੇ ਗੱਲ ਬਾਰੇ ਫਿਕਰ ਕਰਨ ਦੀ ਕੀ ਲੋੜ! ਪਰ, “ਨਰੁ ਚਾਹਤ ਕਛੁ ਔਰ ਅਉਰੈ ਕੀ ਅਉਰੈ ਭਈ॥“ ਪਹਿਲਾਂ ਤੇ ਬੱਸ ਨਿਸਚਤ ਸਮੇ ਤੋਂ ਕੁਝ ਲੇਟ ਹੋ ਗਈ। ਦੂਜਾ ਉਸ ਨੇ ਮੈਨੂੰ ਅਸਲੀ ਅੱਡੇ ਤੋਂ ਇਕ ਅੱਡਾ ਪਹਿਲਾਂ, ਸ਼ਹਿਰ ਦੇ ਸ਼ੁਰੂ ਵਿਚ ਹੀ ਉਤਾਰ ਦਿਤਾ। ਮੇਰੇ ਪੁੱਛਣ ‘ਤੇ ਦੱਸਿਆ ਕਿ ਸ਼ਹਿਰ ਦੀ ਕਮੇਟੀ ਨੇ ਦਰਿਆ ਤੱਕ ਬੱਸ ਖੜਨੀ ਚਿਰੋਕਣੀ ਬੰਦ ਕੀਤੀ ਹੋਈ ਹੈ। ਚਾਰ ਚੁਫੇਰੇ ਹਨੇਰਾ। ਕੋਲ਼ ਮੇਰੇ, ਭਾਵੇਂ ਛੋਟਾ ਹੀ ਪਰ ਕਿਤਾਬਾਂ ਦਾ ਭਰਿਆ ਅਟੈਚੀ ਕੇਸ। ਡਰਾਈਵਰ ਦੇ ਦੱਸਣ ਅਨੁਸਾਰ ਮੈਂ ਗੁਰਦੁਆਰੇ ਨੂੰ ਜਾਣ ਵਾਲ਼ੀ ਸਿਧੀ ਸੜਕੇ ਪੈ ਗਿਆ। ਅਟੈਚੀ ਧੂੰਹਦਾ ਦਸ ਕੁ ਵਜੇ ਜਾ ਗੁਰਦੁਆਰੇ ਦਾ ਬਾਹਰਲਾ ਗੇਟ ਖੜਕਾਇਆ ਪਰ ਆਵਾਜ਼ ਕੋਈ ਨਾ ਅੰਦਰੋਂ ਆਈ। ਇਮਾਰਤ ਦੇ ਆਲ਼ੇ ਦੁਆਲ਼ੇ ਚੱਕਰ ਵੀ ਲਾਇਆ ਪਰ ਚੁੱਪਚਾਪ। ਆਵਾਜ਼ਾਂ ਦਿਤੀਆਂ ਰੌਲ਼ਾ ਬੜਾ ਪਾਇਆ ਪਰ ਕਿਸੇ ਨਾ ਮੇਰੀ ਹਾਮੀ ਭਰੀ। ਓਧਰੋਂ ‘ਲਘੂਸ਼ੰਕਾ’ ਆਖੇ ਕਿ ਮੈਂ ਵੀ ਅੱਜ ਹੀ ਆਪਣੀ ਮਹੱਤਤਾ ਵਿਖਾਉਣੀ ਹੈ। ਇਸ ਦਾ ਹੱਲ ਤਾਂ ਕੱਢਣਾ ਹੀ ਕੱਢਣਾ ਸੀ। ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀਂ ਸੀ। ਕਿਵੇਂ ਨਾ ਕਿਵੇਂ ਇਹ ਮਸਲਾ ਤੇ ਹੱਲ ਕਰ ਹੀ ਲਿਆ। ਰਹੀ ਰਾਤ ਕੱਟਣ ਦੀ ਗੱਲ! ਉਸ ਬਾਰੇ ਬਹੁਤੇ ਫਿਕਰ ਵਾਲ਼ੀ ਗੱਲ ਕੋਈ ਨਹੀਂ ਸੀ ਕਿਉਂਕਿ ਗੁਰਦੁਆਰੇ ਦੇ ਨਾਲ਼ ਹੀ ਵਾਹਵਾ ਵੱਡਾ ਹੋਟਲ ਹੈਗਾ। ਹੋਟਲਾਂ, ਟੈਕਸੀਆਂ ਵਰਗੀਆਂ ਫੈਲਸੂਫੀਆਂ ਕਰਨ ਤੋਂ ਤੇ ਮੈਂ ਵਾਹ ਲੱਗਦੀ ਸੰਕੋਚ ਹੀ ਕਰਦਾ ਹਾਂ ਪਰ ਜੇ ਕਿਤੇ “ਫਸੀ ਨੂੰ ਫਟਕਣ ਕੀ!” ਵਾਲੀ ਹਾਲਤ ਬਣ ਹੀ ਜਾਵੇ ਤਾਂ ਫਿਰ ਇਹ ਅੱਗ ਵੀ .... ਹੀ ਲਈਦੀ ਹੈ ਪਰ ਇਸ ਤੋਂ ਪਹਿਲਾਂ ਸਾਰਾ ਜਤਨ ਇਸ ਬੇਲੋੜੇ ਖ਼ਰਚ ਨੂੰ ਬਚਾਉਣ ਵਾਸਤੇ ਕਰ ਲਈਦਾ ਹੈ।
ਗੁਰਦੁਆਰੇ ਦੇ ਨੇੜੇ ਇਕ ਘਰ ਵਿਚ ਭਾਰਤੀ ਪਰਵਾਰ ਰਹਿੰਦਾ ਹੁੰਦਾ ਸੀ। ਉਸ ਦਾ ਬੂਹਾ ਖੜਕਾਇਆ ਪਰ ਓਥੋਂ ਇਕ ਗੋਰੇ ਨੌਜਵਾਨ ਨੇ ਬੂਹਾ ਖੋਹਲਿਆ। ਅਸੀਂ ਇਕ ਦੂਜੇ ਨੂੰ ਆਪਣੀ ਗੱਲ ਸਮਝਾ ਹੀ ਰਹੇ ਸੀ ਕਿ ਗਵਾਂਢ ਤੋਂ ਇਕ ਹੋਰ ਗੋਰਾ, ਪਹਿਲੇ ਨਾਲ਼ੋਂ ਕੁਝ ਵਡੇਰੀ ਉਮਰ ਦਾ ਆਪਣੇ ਘਰੋਂ ਨਿਕਲ਼ ਕੇ ਸਾਡੇ ਕੋਲ਼ ਆ ਗਿਆ। ਮੇਰੀ ਸਮੱਸਿਆ ਸੁਣ ਕੇ ਉਸ ਨੇ ਕਿਹਾ ਕਿ ਬੈਰੀ ਟਾਊਨ ਵਿਚ ਇਕ ਇੰਡੀਅਨ ਦਾ ਰੈਸਟੋਰੈਂਟ ਹੈ ਤੇ ਉਸ ਦਾ ਫ਼ੋਨ ਨੰਬਰ ਉਸ ਪਾਸ ਹੈ। ਉਸ ਨੇ ਨੰਬਰ ਮਿਲ਼ਾ ਕੇ ਫ਼ੋਨ ਮੇਰੇ ਹੱਥ ਫੜਾਇਆ ਤੇ ਅਗੋਂ ਪੰਜਾਬੀ ਵਿਚ ਇਕ ਸੱਜਣ ਬੋਲਿਆ। ਮੇਰੇ ਸਮੱਸਿਆ ਦੱਸਣ ‘ਤੇ ਉਸ ਨੇ ਗਿਆਨੀ ਹਰਦਿਆਲ ਸਿੰਘ ਜੀ ਦਾ ਨੰਬਰ ਦੇ ਦਿਤਾ। ਮੈਂ ਗਿਆਨੀ ਜੀ ਨੂੰ ਰਿੰਗਿਆ ਤੇ ਉਹ ਦੋਵੇਂ ਜੀ ਫੌਰਨ ਕਾਰ ਲੈ ਕੇ ਆ ਗਏ। ਕਹਿੰਦੇ ਬੈਠੋ ਕਾਰ ਵਿਚ ਤੇ ਘਰ ਚੱਲ ਕੇ ਰੋਟੀ ਖਾ ਕੇ ਫਿਰ ਗੁਰਦੁਆਰੇ ਆ ਜਾਣਾ। ਮੈਂ ਕਿਹਾ ਕਿ ਗੁਰਦੁਆਰਾ ਖੋਹਲ ਦਿਓ। ਲੰਗਰ ਵਿਚ ਬਰੈਡ ਪਈ ਹੋਵੇਗੀ। ਮੈਂ ਚਾਹ ਬਣਾ ਕੇ ਉਸ ਨਾਲ਼ ਖਾ ਲਊਂਗਾ। ਤੁਸੀਂ ਰਾਤ ਸਮੇ ਖੇਚਲ਼ ਨਾ ਕਰੋ। ਤੁਸੀਂ ਵੀ ਸਵੇਰ ਦੇ ਕੰਮ ਤੋਂ ਆਏ ਹੋ ਤੇ ਸਵੇਰੇ ਫੇਰ ਕੰਮ ‘ਤੇ ਜਾਣਾ ਹੈ।
ਮੁੱਕਦੀ ਗੱਲ ਕਿ ਉਹ ਭਲੇ ਪੁਰਸ਼ ਮੈਨੂੰ ਆਪਣੇ ਘਰ ਲੈ ਗਏ ਪ੍ਰਸ਼ਾਦਾ ਛਕਾਇਆ ਤੇ ਘਰੋਂ ਦੁਧ ਵਾਲ਼ੀ ਬੋਤਲ ਅਤੇ ਬਰੈਡ ਚੁੱਕੀ ਤੇ ਮੈਨੂੰ ਗੁਰਦੁਆਰਾ ਖੋਹਲ ਕੇ, ਸੌਣ ਕਮਰਾ ਵਿਖਾਇਆ। ਫਰਿਜ ਵਿਚ ਦੁਧ ਅਤੇ ਬਰੈਡ ਰੱਖੀ। ਸਾਰਾ ਕੁਝ ਮੈਨੂੰ ਸਮਝਾਇਆ ਤੇ ਤੁਰਨ ਸਮੇ ਸਵੇਰ ਦੇ ਪ੍ਰੋਗਰਾਮ ਬਾਰੇ ਪੁੱਛਿਆ। ਮੈਂ ਸਵੇਰ ਬਾਰੇ ਉਹਨਾਂ ਨੂੰ ਬੇਫਿਕਰ ਹੋ ਜਾਣ ਲਈ ਕਿਹਾ ਕਿ ਤੁਸੀਂ ਆਪਣਾ ਕਾਰਜ ਕਰੋ। ਮੈਂ ਆਪਣੇ ਪਿਓੁ ਦੇ ਘਰ ਆ ਵੜਿਆ ਹਾਂ। ਹੁਣ ਟੁੰਡੇ ਲਾਟ ਦੀ ਪਰਵਾਹ ਨਹੀਂ ਮੈਨੂੰ।
ਅਗਲੇ ਸਵੇਰੇ ਨਿਤ ਕਿਰਿਆ ਤੋਂ ਵੇਹਲਾ ਹੋ ਕੇ, ਸ. ਪਿਆਰਾ ਸਿੰਘ ਅਟਵਾਲ ਨੂੰ ਰਿੰਗ ਮਾਰਿਆ। ਉਹਨਾਂ ਦਾ ਜਵਾਬ ਆਇਆ, “ਟਿੰਡ ਫਹੁੜੀ ਚੁੱਕ ਕੇ ਤਿੰਨ ਮਿੰਟਾਂ ਵਿਚ ਗੁਰਦੁਆਰੇ ਤੋਂ ਬਾਹਰ ਨਿਕਲ਼ ਕੇ ਸੜਕ ਉਪਰ ਖਲੋ ਜਾਓ। ਮੈਂ ਆ ਰਿਹਾਂ।“ ਅਟਵਾਲ ਜੀ ਆਏ ਅਤੇ ਮੈਨੂੰ, ਸਣੇ ਮੇਰੀ ਟਿੰਡ ਫਹੁੜੀ ਦੇ, ਆਪਣੇ ਫਾਰਮ ਹਾਊਸ ਵਿਚ ਲੈ ਗਏ ਤੇ ਘਰ ਦੇ ਨਾਲ਼ ਬਣੇ ਸਪੈਸ਼ਲ ਗੈਸਟ ਹਾਊਸ ਦੇ ਬੈਡ ਰੂਮ ਵਿਚ ਮੇਰਾ ਡੇਰਾ ਲਵਾ ਦਿਤਾ, ਜਿਸ ਵਿਚ ਚਾਰ ਡਬਲ ਬੈਡ ਲੱਗੇ ਹੋਏ ਸਨ। ਪਰਵਾਰਕ ਘਰ ਦੇ ਬਿਲਕੁਲ ਨਾਲ਼ ਪਰ ਵੱਖਰਾ ਵੱਡਾ ਸਾਰਾ ਬੈਡਰੂਮ, ਲਾਂਜ ਰੂਮ ਕਿਚਨ ਅਤੇ ਇਕ ਵੱਡਾ ਸਾਰਾ ਬਰਾਂਡਾ ਬਣਿਆ ਹੋਇਆ ਹੈ, ਜਿਥੇ ਹਰੇਕ ਆਏ ਗਏ ਦਾ ਉਤਾਰਾ ਕਰਵਾਉਂਦੇ ਹਨ। “ਪਿਆਰਾ ਸਿੰਘ ਜੀ, ਏਥੇ ਤੇ ਵੱਡੇ ਵੱਡੇ ਚਾਰ ਡਬਲ ਬਿਸਤਰੇ ਲੱਗੇ ਹੋਏ ਨੇ ਜਿਨ੍ਹਾਂ ਉਪਰ ਅੱਠ ਵਿਅਕਤੀ ਸੌਂ ਸਕਦੇ ਹਨ ਪਰ ਮੈਂ ਤੇ ਇਕੋ ਹੀ ਹਾਂ। ਫਿਰ ਕਿਵੇਂ ਇਹਨਾਂ ਚੌਹਾਂ ਬਿਸਤਰਿਆਂ ਉਪਰ ਸੌਵਾਂਗਾ?” ਕੁਝ ਨਕਲੀ ਫਿਕਰ ਜਿਹਾ ਜਤਾਉਂਦੇ ਹੋਏ ਮੈਂ ਸ਼ੰਕਾ ਪਰਗਟ ਕੀਤੀ। ਮੇਰਾ ਅਜਿਹਾ ਫਿਕਰ ਸੁਣ ਕੇ ਉਹ ਵੀ ਕੁਝ ਫਿਕਰ ਜਿਹੇ ਵਿਚ ਪੈ ਗਏ ਦਿਸੇ ਤੇ ਗੰਭੀਰਤਾ ਸਹਿਤ ਨੀਵੀਂ ਜਿਹੀ ਪਾ ਕੇ, ਕੰਨ ਕੋਲ਼ ਧੌਣ ‘ਤੇ ਖੁਰਕਦੇ ਹੋਏ, ਕਹਿਣ ਲੱਗੇ, “ਹੂੰਅ, ਜੇ ਤੁਹਾਡੇ ਚਾਰ ਟੋਟੇ ਕੀਤੇ ਗਏ ਤਾਂ ਫਿਰ ਜੋੜਨੇ ਮੁਸ਼ਕਲ ਹੋ ਜਾਣਗੇ। ਚੰਗਾ ਹੈ ਕਿ ਤੁਸੀਂ ਰਾਤ ਦੇ ਸਮੇ ਦੀ ਵੰਡ ਕਰਕੇ, ਇਕੋ ਜਿਹਾ ਸੌਣ ਦਾ ਸਮਾ ਹਰੇਕ ਬਿਸਤਰੇ ਉਪਰ ਪੈ ਲੈਣਾ। ਇਸ ਤਰ੍ਹਾਂ ਕਰਨ ਨਾਲ਼ ਕਿਸੇ ਬਿਸਤਰੇ ਨਾਲ਼ ਵਿਤਕਰਾ ਨਹੀਂ ਹੋਵੇਗਾ।“ ਸਿਆਣਾ ਬੰਦਾ ਸਿਆਣੀ ਸਲਾਹ ਹੀ ਦਿੰਦਾ ਹੈ। ਐਵੇਂ ਤੇ ਨਹੀਂ ਸੀ ਜੰਞ ਨਾਲ ਬਜ਼ੁਰਗ ਨੂੰ ਸੰਦੂਕ ਵਿਚ ਬੰਦ ਕਰਕੇ ਲੈ ਗਏ!
ਆਏ ਗਏ ਲਈ ਪ੍ਰਸ਼ਾਦਾ ਤੇ ਦੋਵੇਂ ਵੇਲ਼ੇ ਭਾਵੇਂ ਘਰ ਵਿਚੋਂ ਸੁਚੱਜੀ ਨੋਹ ਬਣਾ ਕੇ ਭੇਜ ਦਿੰਦੀ ਹੈ ਪਰ ਚਾਹ ਪਾਣੀ, ਛਾਹ ਵੇਲ਼ਾ ਆਦਿ ਦਾ ਪ੍ਰਬੰਧ ਗੈਸਟ ਹਾਊਸ ਵਿਚ ਹੀ ਹੋ ਜਾਂਦਾ ਹੈ।
ਸ. ਪਿਆਰਾ ਸਿੰਘ ਅਟਵਾਲ ਪੁਰਾਣੇ ਅਕਾਲੀ ਪਰਵਾਰ ਵਿਚੋਂ ਹਨ। ਇਹਨਾਂ ਦੇ ਬਾਬਾ ਜੀ ਦੇ ਵੇਲ਼ੇ ਤੋਂ ਸੰਤ ਫਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ ਜੀ, ਸ. ਜਗਦੇਵ ਸਿੰਘ ਤਲਵੰਡੀ ਵਰਗੇ ਅਕਾਲੀ ਆਗੂ ਅਤੇ ਵਰਕਰ ਆਦਿ ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ। ਉਸ ਸਮੇ ਬਚਪਨ ਤੋਂ ਹੀ ਸ. ਪਿਆਰਾ ਸਿੰਘ ਉਹਨਾਂ ਸਾਰਿਆਂ ਦੇ ਛਕਣ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ। ਇਹੋ ਸੇਵਾ ਭਾਵਨਾ ਇਹਨਾਂ ਦੀ ਸੋਚ ਵਿਚ ਬਚਪਨ ਤੋਂ ਹੀ ਪਰਵਾਰਕ ਪਿਛੋਕੜ ਕਾਰਨ ਭਰੀ ਹੋਈ ਹੋਣ ਕਰਕੇ, ਹੁਣ ਵੀ ਰੈਨਮਾਰਕ ਵਿਚ ਉਹ ਹਰੇਕ ਆਏ ਗਏ ਦੇ ਰਹਿਣ ਬਹਿਣ ਖਾਣ ਪੀਣ ਦੀ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕਰਦੇ ਹਨ। ਮੈਂ ਜਦੋਂ ਵੀ ਜਾਵਾਂ ਮੈਨੂੰ ਪ੍ਰੇਮ ਨਾਲ਼ ਆਪਣੇ ਘਰ ਲੈ ਜਾਂਦੇ ਹਨ ਤੇ ਮੈਂ ਓਥੇ ਆਪਣੇ ਘਰ ਵਾਂਗ ਹੀ ਮਹਿਸੂਸ ਕਰਦਾ ਹਾਂ। ਭਾਵੇਂ ਮੇਰੇ ਨਾਲ਼ ਕੋਈ ਹੋਰ ਵੀ ਹੋਵੇ ਤਾਂ ਵੀ ਮੱਥੇ ਵੱਟ ਨਹੀਂ ਪਾਉਂਦੇ। ਇਸ ਵਾਰ ਵੀ ਮੈਂ ਪੰਜ ਰਾਤਾਂ ਓਥੇ ਰਿਹਾ। ਛਨਿਛਰਵਾਰ ਗਲਾੱਸਪ ਦੇ ਗੁਰਦੁਆਰਾ ਸਾਹਿਬ ਵਿਖੇ ਸਜਣ ਵਾਲ਼ੇ ਦੀਵਾਨ ਵਿਚ ਮੈਨੂੰ ਲੈ ਕੇ ਗਏ। ਉਸ ਦਿਨ, ਪੰਥ ਸੇਵਕ, ਕੌਮੀ ਵਿਚਾਰਾਂ ਦੇ ਧਾਰਨੀ ਸ. ਅਜੀਤ ਸਿੰਘ ਜੀ ਦੇ ਪਰਵਾਰ ਵੱਲੋਂ ਸੰਗਤ ਵਾਸਤੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ ਗਈ ਸੀ। “ਜਾ ਕੈ ਮਸਤਕ ਭਾਗ ਸਿ ਸੇਵਾ ਲਾਇਆ॥” ਸਜੇ ਦੀਵਾਨ ਅੰਦਰ ਸਤਿਗੁਰੂ ਜੀ ਦੀ ਹਜੂਰੀ ਵਿਚ, ਸੰਗਤ ਦੇ ਸਨਮੁਖ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਐਤਵਾਰ ਦੇ ਦੀਵਾਨ ਦੀ ਹਾਜਰੀ ਰੈਨਮਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਗੁਰੂ ਸ਼ਬਦ ਰਾਹੀਂ ਸੰਬੋਧਨ ਕਰਨ ਦਾ ਸ਼ੁਭ ਅਵਸਰ ਮਿਲ਼ਿਆ। ਇਹ ਪੰਜ ਰਾਤਾਂ ਵੀ ਅਟਵਾਲ ਭਵਨ ਵਿਚ, “ਗੁਨ ਗਾਵਤ ਰੈਨ ਬਿਹਾਨੀ॥” ਵਾਂਗ ਬੀਤੀਆਂ। ਹਾਲਾਂ ਕਿ ਮੈਂ ਇਕ ਘਰ ਵਿਚ ਇਕ ਰਾਤ ਤੋਂ ਵਧੇਰੇ ਟਿਕ ਕੇ ਖ਼ੁਸ਼ ਨਹੀਂ ਹੁੰਦਾ।
ਮੇਰੇ ਕੋਲ਼ ਮੰਗਲਵਾਰ ਦੀ ਰਾਤ ਖਾਲੀ ਸੀ। ਬੁਧਵਾਰ ਸਵੇਰੇ ਬੱਸ ਰਾਹੀਂ ਵਾਪਸ ਐਡੀਲੇਡ ਨੂੰ ਚਾਲੇ ਪਾਉਣੇ ਸਨ। ਇਸ ਸ਼ਾਮ ਨੂੰ ਮੈਂ ਆਪਣੇ ਚਿਰਕਾਲੀ ਦੋ ਮਿੱਤਰਾਂ ਨਾਲ਼ “ਦੁਖ ਸੁਖ ਫੋਲਣ” ਲਈ ਮਿਲਣਾ ਚਾਹੁੰਦਾ ਸਾਂ ਪਰ ਸ਼ਾਇਦ ਕੁਝ ਨਾਸਾਜ਼ ਘਰੇਲੂ ਹਾਲਾਤ ਕਾਰਨ ਉਹਨਾਂ ਮਿੱਤਰਾਂ ਵੱਲੋਂ ਇਸ ਮਿਲਣੀ ਲਈ ਉਤਸ਼ਾਹ ਨਾ ਵਿਖਾਇਆ ਗਿਆ। ਦੋਵੇਂ ਸੱਜਣ ਧਾਰਮਿਕ ਵਿਚਾਰਾਂ ਵਾਲ਼ੇ ਦਸਵੰਧ ਦੀ ਮਰਯਾਦਾ ਦੀ ਦ੍ਰਿੜ੍ਹਤਾ ਸਹਿਤ ਪਾਲਣਾ ਕਰਨ ਵਾਲ਼ੇ, ਜਿਨ੍ਹਾਂ ਨਾਲ਼ ਮੇਰੀ ਮਿੱਤਰਤਾ ਜਨਵਰੀ 1980 ਤੋਂ ਹੈ, ਏਥੇ ਪਰਵਾਰਾਂ ਸਮੇਤ ਰਹਿ ਰਹੇ ਹਨ। ਕਈ ਵਾਰ ਮਾਨਸਕ ਜਾਂ ਪਰਵਾਰਕ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਜੀ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਸੱਜਣ ਮਿੱਤਰ ਨਾਲ਼, ਪਹਿਲਾਂ ਵਾਂਗ ਖੁਲ੍ਹੇ ਮਾਹੌਲ ਵਿਚ ਖੁਲ੍ਹੇ ਵਿਚਾਰ ਸਾਂਝੇ ਕੀਤੇ ਜਾ ਸਕਣ। ਵੈਸੇ ਇਕ ਸੱਜਣ ਦੇ ਦਰਸ਼ਨ ਗੁਰਦੁਆਰਾ ਸਾਹਿਬ ਵਿਚ ਹੋ ਗਏ ਸਨ ਤੇ ਦੂਜੇ ਸੱਜਣ ਦੇ ਘਰ ਲਿਜਾ ਕੇ ਅਟਵਾਲ ਸਾਹਿਬ ਮਿਲ਼ਾ ਲਿਆਏ ਸਨ। ਸਾਡੀ ਧਾਰਮਿਕ, ਪੰਥਕ ਵਿਚਾਰਧਾਰਾ ਸਾਂਝੀ ਹੋਣ ਕਰਕੇ ਵੀ ਗੂਹੜੀ ਮਿੱਤਰਤਾ ਹੈ। ਚਲੋ, ਅਗਲੀ ਵਾਰ ਸਹੀ।
ਬੁਧਵਾਰ ਦੁਪਹਿਰ ਤੋਂ ਬਾਅਦ ਮੈਂ ਐਡੀਲੇਡ ਪਹੁੰਚ ਗਿਆ ਤੇ ਅਗੋਂ ਅੱਡੇ ਤੋਂ ਸਦਾ ਵਾਂਙ ਕਾਕਾ ਮਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਲੈ ਗਿਆ। ਰਾਤ ਪੈਣ ਤੋਂ ਪਹਿਲਾਂ ਸ. ਮਹਾਂਬੀਰ ਸਿੰਘ ਗਰੇਵਾਲ ਜੀ ਦਾ ਫ਼ੋਨ ਆ ਗਿਆ ਕਿ ਸਵੇਰੇ ਪੋਰਟ ਅਗੱਸਤਾ ਜਾਣ ਲਈ ਤਿਆਰ ਰਹਾਂ। ਅਗਲੇ ਦਿਨ ਉਹਨਾਂ ਨਾਲ਼ ਕਾਰ ਉਪਰ ਸਵਾਰ ਹੋ ਕੇ ਪੋਰਟ ਅਗੱਸਤਾ ਵੱਲ ਨੂੰ ਚਾਲੇ ਪਾ ਦਿਤੇ।
ਇਹ ਟਾਊਨ ਰਾਜਧਾਨੀ ਐਡੀਲੇਡ ਤੋਂ ਉਤਰ ਅਰਥਾਤ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਾਲ਼ੇ ਪਾਸੇ ਸਵਾ ਕੁ ਤਿੰਨ ਸੌ ਕਿਲੋ ਮੀਟਰ ਉਪਰ ਮੌਜੂਦ ਹੈ। ਏਥੋਂ ਦੀ ਆਬਾਦੀ ਚੌਦਾਂ ਪੰਦਰਾਂ ਕੁ ਹਜਾਰ ਹੈ। ਐਡੀਲੇਡ, ਮੈਲਬਰਨ ਆਦਿ ਸ਼ਹਿਰਾਂ ਤੋਂ ਸੜਕੀ ਅਤੇ ਰੇਲ ਦਾ ਰਾਹ ਇਸ ਦੇ ਵਿਚਦੀ ਲੰਘਦਾ ਹੈ ਤੇ ਇਹ ਹਾਈਵੇ ਦੇ ਐਨ ਉਪਰ ਵਾਕਿਆ ਹੈ। ਗਰੇਵਾਲ ਪਰਵਾਰ ਓਥੇ ਵੱਸਦਾ ਹੈ। ਸ਼ਹਿਰ ਦੇ ਦੋਹੀਂ ਪਾਸੀਂ ਇਹਨਾਂ ਦੇ ਮੋਟਲ ਹਨ। ਇਕ ਅੰਦਰ ਜਾਣ ਤੋਂ ਪਹਿਲਾਂ ਅਤੇ ਦੂਜਾ ਬਾਹਰ ਨਿਕਲਣ ਵਾਲ਼ੇ ਸਥਾਨ ਉਪਰ। ਪਰਵਾਰ ਦੇ ਵਿਚਕਾਰਲੇ ਭਰਾ ਡਾ. ਦਵਿੰਦਰ ਸਿੰਘ ਦੀ ਵੱਡੀ ਸਰਜਰੀ ਏਥੇ ਹੈ ਤੇ ਉਸ ਦਾ ਪਰਵਾਰ ਵੀ ਏਥੇ ਹੀ ਰਹਿੰਦਾ ਹੈ। ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੀ ਉਹਨਾਂ ਦੀਆਂ ਸਰਜਰੀਆਂ ਹਨ। ਮਲੇਸ਼ੀਆ ਤੋਂ ਸ. ਮਹਾਂਬੀਰ ਸਿੰਘ 1980 ਦੇ ਸ਼ੁਰੂ ਵਿਚ ਪਹਿਲਾਂ ਏਥੇ ਹੀ ਆਪਣੇ ਭਰਾ ਅਤੇ ਪਿਤਾ ਡਾ. ਮਨਮੋਹਨ ਸਿੰਘ ਗਰੇਵਾਲ ਜੀ ਕੋਲ਼ ਆਏ ਸਨ। ਉਹਨਾਂ ਦੀਆਂ ਸਰਗਰਮੀਆਂ ਦਾ ਦਾਇਰਾ ਤੇ ਭਾਵੇਂ ਬਹੁਤ ਵਿਸ਼ਾਲ ਹੈ ਪਰ ਹੈਡ ਕੁਆਰਟਰ ਏਥੇ ਹੀ ਰਖਿਆ। ਹੁਣ ਕੁਝ ਸਾਲਾਂ ਤੋਂ ਐਡੀਲੇਡ ਵਿਚ ਰਹਿੰਦੇ ਹਨ। ਗਰੇਵਾਲ ਪਰਵਾਰ ਨੇ ਆਪਣੇ ਵਿਸ਼ਾਲ ਕਾਰੋਬਾਰਾਂ ਰਾਹੀਂ ਬਹੁਤ ਸਾਰੇ ਸਿੱਖ ਨੌਜਵਾਨ ਵਿਦਿਆਰਥੀ ਬੱਚੇ ਬੱਚੀਆਂ ਨੂੰ ਕੰਮਾਂ ਉਪਰ ਲਾ ਕੇ ਪੱਕੇ ਕਰਵਾਇਆ ਹੈ।
ਪਰਵਾਰ ਦਾ ਇਕ ਸ਼ਾਪਿੰਗ ਸੈਂਟਰ ਸੀ ਜਿਸ ਨੂੰ ਖਾਲੀ ਕਰਵਾ ਕੇ ਗੁਰਦੁਆਰੇ ਵਿਚ ਬਦਲ ਕੇ, ਇਕ ਗ੍ਰੰਥੀ ਸਿੰਘ ਪੱਕੇ ਤੌਰ ਤੇ ਰੱਖ ਕੇ, ਚਿਰੋਕਣਾ ਗੁਰਦਆਰਾ ਸਾਹਿਬ ਸ਼ੁਰੂ ਕਰਵਾ ਦਿਤਾ ਹੋਇਆ ਹੈ। ਵਿੱਦਵਾਨ ਕੀਰਤਨੀਏ ਭਾਈ ਸੁਖਦੇਵ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਹਨ। ਹਾਈਵੇ ਉਪਰ ਹੋਣ ਕਰਕੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਲੋੜ ਅਨੁਸਾਰ ਰਾਤ ਦਾ ਟਿਕਾਣਾ, ਲੰਗਰ ਚਾਹ ਪਾਣੀ ਪ੍ਰਾਪਤ ਹੋ ਜਾਂਦਾ ਹੈ।
ਦੁਪਹਿਰ ਤੋਂ ਪਹਿਲਾਂ ਹੀ ਅਸੀਂ ਗੁਰਦੁਆਰਾ ਸਾਹਿਬ ਅੱਪੜ ਗਏ। ਗਰੇਵਾਲ ਸਾਹਿਬ ਮੈਨੂੰ ਭਾਈ ਸੁਖਦੇਵ ਸਿੰਘ ਪਾਸ ਗੁਰਦੁਆਰੇ ਉਤਾਰ ਕੇ ਆਪ ਆਪਣੇ ਕੁਝ ਜਰੂਰੀ ਕਾਰਜ ਨਿਬੇੜਨ ਲਈ ਚਲੇ ਗਏ।
ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਜੋ ਕਿ ਹਰ ਸਾਲ ਹੁੰਦੀਆਂ ਹਨ, ਕਰੋਨੇ ਦਾ ਕਹਿਰ ਕਰਕੇ ਪਿਛਲੇ ਸਾਲ ਨਹੀਂ ਸਨ ਹੋਈਆਂ ਤੇ ਇਸ ਵਾਰੀ ਵੀ ਇਹ ਕਹਿਰ ਕਾਇਮ ਸੀ। ਖੇਡ ਕਮੇਟੀ ਨੇ ਫੈਸਲਾ ਕਰ ਲਿਆ ਕਿ ਇਸ ਵਾਰ, ਕੇਵਲ ਇਕ ਸ਼ਹਿਰ ਪਰਥ ਵਿਚ ਹੀ ਸਾਰਾ ਇਕੱਠ ਕਰਨ ਦੀ ਬਜਾਇ ਹਰੇਕ ਸਟੇਟ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਾਲ਼ੇ ਸ਼ਹਿਰ ਵਿਚ, ਛੋਟੇ ਪੈਮਾਨੇ ਉਪਰ ਹੀ ਇਹ ਖੇਡਾਂ ਖੇਡ ਲੈਣ। ਪਰਥ ਵਿਚ ਸ਼ੁੱਕਰਵਾਰ ਨੂੰ ਇਹਨਾਂ ਨਾਲ਼ ਸਬੰਧਤ ‘ਸਿੱਖ ਫੋਰਮ’ ਦਾ ਵੀ ਆਰੰਭ ਹੋਇਆ। ਸੱਦੇ ਜਾਣ ਦੇ ਬਾਵਜੂਦ, ਮੈਂ ਪਹਿਲਾਂ ਐਡੀਲੇਡ ਦਾ ਸੱਦਾ ਪ੍ਰਵਾਨ ਕਰ ਲੈਣ ਕਰਕੇ, ਹਾਜਰ ਨਾ ਹੋ ਸਕਿਆ। ਇਸ ਲਈ ਸੁਚੱਜੇ ਪ੍ਰਬੰਧਕਾਂ ਨੇ ਇੰਟਰਨੈਟ ਰਾਹੀਂ ਮੇਰੇ ਲੈਕਚਰ ਦਾ ਪ੍ਰਬੰਧ ਕਰ ਲਿਆ। ਸਮਾਗਮ ਦੇ ਆਰੰਭਲੇ ਭਾਸ਼ਨ ਦੇਣ ਦਾ ਮਾਣ ਮੈਨੂੰ ਬਖ਼ਸ਼ਿਆ। ਇਹ ਮੌਕਾ ਮੇਲ਼ ਹੀ ਸਮਝ ਲਵੋ ਕਿ ਮੈਂ ਇਹ ਭਾਸ਼ਨ ਉਸ ਸ਼ਹਿਰ ਵਿਚੋਂ ਦੇ ਰਿਹਾ ਸਾਂ ਜਿੱਥੋਂ, 1986 ਵਿਚ, ਇਹਨਾਂ ਖੇਡਾਂ ਦਾ ਮੁੱਢ ਬੱਝਾ ਸੀ ਤੇ ਫਿਰ ਇਕ ਸਾਲ ਦੇ ਨਾਗੇ ਨਾਲ਼, 1988 ਵਿਚ, ਐਡੀਲੇਡ ਸ਼ਹਿਰ ਤੋਂ ਵਿਧੀਵੱਤ ਹਰੇਕ ਸਾਲ ਇਹ ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ। 1986 ਵਿਚ ਗਰੇਵਾਲ ਪਰਵਾਰ ਨੇ ਉਦਮ ਕਰਕੇ, ਆਪਣੇ ਦਾਦਾ ਜੀ ਸ. ਸਰਦਾਰਾ ਸਿੰਘ ਗਰੇਵਾਲ਼ ਦੀ ਯਾਦ ਵਿਚ ਹਾਕੀ ਦਾ ਟੂਰਨਾਮੈਂਟ ਕਰਵਾ ਕੇ, ਆਸਟ੍ਰੇਲੀਆ ਵਿਚ ਸਿੱਖ ਖੇਡਾਂ ਦਾ ਮੁੱਢ ਬੱਧਾ ਸੀ। ਸ. ਸਰਦਾਰਾ ਸਿੰਘ ਗਰੇਵਾਲ਼ ਕੱਪ ਮੈਲਬਰਨ ਦੀ ਟੀਮ ਜਿੱਤ ਕੇ ਲੈ ਗਈ ਸੀ।
ਦੁਪਹਿਰ ਦਾ ਪ੍ਰਸ਼ਾਦਾ ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਤਾਜਾ ਤਿਆਰ ਕਰਕੇ ਛਕਾਇਆ। ਦਿਨੇ ਟਾਵੀਂ ਟਾਵੀਂ ਸੰਗਤ ਵੀ ਮੱਥਾ ਟੇਕਣ ਆਉਂਦੀ ਰਹੀ। ਇਕ ਨੌਜਵਾਨ ਬੱਚੀ ਨੇ ਕਾਰ ਤੋਂ ਉਤਰ ਕੇ ਕਾਹਲ਼ੀ ਕਾਹਲ਼ੀ ਬੂਟ ਉਤਾਰ ਕੇ ਮੱਥਾ ਟੇਕਿਆ ਤੇ ਬੂਟ ਪਾਉਂਦੀ ਨੇ ਹੀ ਮੇਰੇ ਨਾਲ਼ ਦੋ ਚਾਰ ਗੱਲਾਂ ਕੀਤੀਆਂ ਤੇ ਤੇਜੀ ਨਾਲ਼ ਹੀ ਕਾਰ ਚਲਾ ਕੇ ਚਲੀ ਗਈ।
ਲੌਢੇ ਕੁ ਵੇਲ਼ੇ ਆਪਣੇ ਕਾਰਜ ਮੁਕਾ ਕੇ ਸ. ਮਹਾਂਬੀਰ ਸਿੰਘ ਜੀ ਨੇ ਮੈਨੂੰ ਆ ਚੁੱਕਿਆ ਤੇ ਆਪਣੇ ਮੋਟਲ ਦੇ ਇਕ ਕਮਰੇ ਵਿਚ ਮੇਰਾ ਡੇਰਾ ਜਾ ਲਵਾਇਆ ਤੇ ਕਿਹਾ ਕਿ ਰਾਤ ਤੁਸੀਂ ਏਥੇ ਹੀ ਕੱਟਣੀ ਹੈ ਤੇ ਰਾਤ ਦਾ ਪ੍ਰਸ਼ਾਦਾ ਆਪਾਂ ਸਾਰੇ ਏਥੇ ਮੋਟਲ ਵਿਚ ਹੀ ਛਕਾਂਗੇ। ਆਦਤ ਮੁਤਾਬਕ ਮੈਂ ਪਿੰਡਾ ਗਿੱਲਾ ਕਰਕੇ ਤੇ ਝੱਗਾ ਬਦਲ ਕੇ ਤਕਾਲੀਂ ਜਿਹੀਂ ਬਾਹਰ ਨਿਕਲ਼ਿਆ ਤੇ ਇਕ ਕਾਲ਼ੇ ਰੰਗ ਦੇ ਵੱਡੇ ਸਾਰੇ ਲੈਂਡਰੋਵਰ ਦੀ ਨੰਬਰ ਪਲੇਟ ਉਪਰ ਸ.ਸਿੰਘ ਲਿਖਿਆ ਹੋਇਆ ਦਿਸਿਆ। ਉਸ ਵਿਚੋਂ ਇਕ ਦਰਮਿਆਨੇ ਕੱਦ ਦਾ ਨੌਜਵਾਨ ਫੁਰਤੀ ਨਾਲ਼ ਨਿਕਲਿਆ ਤੇ ਮੈਨੂੰ ਆਣ ਸਤਿ ਸ੍ਰੀ ਅਕਾਲ ਬੁਲਾਈ। ਮੈਂ ਪੁੱਛਿਆ, “ਤੁਸੀਂ ਏਥੇ ਮੋਟਲ ਵਿਚ ਕੰਮ ਕਰਦੇ ਹੋ?” “ਨਹੀਂ ਮੇਰਾ ਨਾਂ ਬਲਦੇਵ ਸਿੰਘ ਹੈ ਤੇ ਮੇਰੀ ਘਰ ਵਾਲ਼ੀ ਨੇ ਤੁਹਾਨੂੰ ਅੱਜ ਗੁਰਦੁਆਰੇ ਵਿਚ ਵੇਖਿਆ ਸੀ ਤੇ ਉਸ ਨੇ ਦੱਸਿਆ ਕਿ ਕੋਈ ਨਵਾਂ ਹੀ ਗਿਆਨੀ ਧਿਆਨੀ ਜਿਹਾ ਬੰਦਾ ਗੁਰਦੁਆਰੇ ਵਿਚ ਆਇਆ ਹੈ, ਜਾ ਕੇ ਪਤਾ ਕਰੋ ਕਿ ਉਸ ਨੂੰ ਕਿਸੇ ਚੀਜ ਦੀ ਲੋੜ ਨਾ ਹੋਵੇ! ਮੈਨੂੰ ਗਰੇਵਾਲ ਸਾਹਿਬ ਤੋਂ ਪਤਾ ਲੱਗਾ ਕਿ ਤੁਸੀਂ ਏਥੇ ਮੋਟਲ ਵਿਚ ਹੋ। ਤੁਹਾਨੂੰ ਮੈਂ ਲੈਣ ਲਈ ਆਇਆ ਹਾਂ।“ ਉਸ ਦੀ ਪਤਨੀ ਓਹੀ ਬੱਚੀ ਸੀ ਜੇਹੜੀ ਦਿਨੇ ਕਾਹਲ਼ੀ ਕਾਹਲ਼ੀ ਗੁਰਦੁਆਰੇ ਆਈ ਸੀ। ਮੈਂ ਦੱਸਿਆ ਕਿ ਗਰੇਵਾਲ ਸਾਹਿਬ ਦਾ ਹੁਕਮ ਹੈ ਕਿ ਰਾਤ ਮੈਂ ਏਥੇ ਹੀ ਰਹਿਣਾ ਹੈ ਤੇ ਰੋਟੀ ਵੀ ਅਸੀਂ ਸਾਰਿਆਂ ਨੇ ਏਥੇ ਹੀ ਖਾਣੀ ਹੈ। ਫਿਰ ਇਸ ਗੱਲ ਤੇ ਸਹਿਮਤੀ ਹੋਈ ਕਿ ਉਹ ਮੈਨੂੰ ਚਾਨਣ ਰਹਿੰਦੇ ਸਮੇ ਵਿਚ ਸ਼ਹਿਰ ਦੇ ਆਲ਼ੇ ਦੁਆਲ਼ੇ ਹੂਟਾ ਦੁਆਵੇਗਾ। ਉਸ ਨੇ ਫਿਰ ਆਪਣੇ ਘਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਦੇ ਘਰ ਵੀ ਵਿਖਾਏ ਪਰ ਕਿਸੇ ਦੇ ਘਰ ਅੰਦਰ ਜਾਣ ਦਾ ਸਮਾ ਨਹੀਂ ਸੀ।
ਕੁਝ ਸਿਖ ਨੌਜਵਾਨ ਵਿਦਿਆਰਥੀ ਏਥੇ ਗਰੇਵਾਲਾਂ ਦੇ ਕਾਰੋਬਾਰਾਂ ਵਿਚ ਕੰਮ ਕਰਦੇ ਹਨ ਤੇ ਕੁਝ ਟੈਕਸੀਆਂ ਚਲਾਉਂਦੇ ਹਨ। ਏਸੇ ਸੁਖਾਵੀਂ ਯਾਤਰਾ ਦੌਰਾਨ ਹੀ ਉਸ ਨੇ, ਵਿਦਿਆਰਥੀ ਦੇ ਰੂਪ ਵਿਚ ਆਰੰਭਲੀਆਂ ਤੰਗੀਆਂ ਤੋਂ ਲੈ ਕੇ ਹੁਣ ਤੱਕ ਦੀ ਆਪਣੀ ਯਾਤਰਾ ਦਾ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਅੱਜ ਉਹ ਇਸ ਸ਼ਹਿਰ ਦੀ ਕੌਂਸਲ ਦਾ ਸਭ ਤੋਂ ਵਧ ਵੋਟਾਂ ਲੈ ਕੇ ਚੁਣਿਆ ਗਿਆ ਕੌਸਲਰ ਹੈ। ਇਸ ਨੌਜਵਾਨ ਦਾ ਨਾਂ ਬਲਦੇਵ ਸਿੰਘ ਹੈ ਤੇ ਵੱਸ ਲੱਗਦੇ ਹਰੇਕ ਲੋੜਵੰਦ ਦੀ ਸਹਾਇਤਾ ਵਾਸਤੇ ਹਰ ਸਮੇ ਇਹ ਨੌਜਵਾਨ ਜੋੜਾ ਤਿਆਰ ਰਹਿੰਦਾ ਹੈ।
ਰਾਤ ਦਾ ਪ੍ਰਸ਼ਾਦਾ ਓਥੇ ਰਹਿ ਰਹੇ ਗਰੇਵਾਲ ਦੇ ਸਾਰੇ ਪਰਵਾਰ ਨੇ ਮੋਟਲ ਵਿਚ ਹੀ ਛਕਿਆ। ਸਾਡੇ ਪ੍ਰਸ਼ਾਦਾ ਛਕਦਿਆਂ ਹੀ ਇਕ ਹੋਰ ਸਿੱਖ ਪਰਵਾਰ, ਜੋ ਕਿ ਮੈਲਬਰਨ ਤੋਂ ਐਲਿਸ ਸਪਰਿੰਗ ਨੂੰ ਸੈਰ ਸਪਾਟੇ ਲਈ ਜਾਂਦਾ ਹੋਇਆ, ਕਿਸੇ ਹੋਰ ਮੋਟਲ ਵਿਚ ਰੁਕਿਆ ਹੋਇਆ ਸੀ ਪਰ ਪੰਜਾਬੀ ਰੋਟੀ ਖਾਣ ਲਈ ਏਥੇ ਆ ਗਿਆ ਸੀ। ਕੁਝ ਸਮਾ ਵਿਚਾਰਾਂ ਹੋਈਆਂ ਤੇ ਉਹ ਰੋਟੀ ਖਾ ਕੇ ਆਪਣੇ ਮੋਟਲ ਵਿਚ ਚਲੇ ਗਏ। ਅਗਲੇ ਦਿਨ ਸਵੇਰੇ, ਅੱਗੇ ਦੀ ਯਾਤਰਾ ਉਪਰ ਤੁਰਨ ਤੋਂ ਪਹਿਲਾਂ, ਉਹ ਪਰਵਾਰ ਗੁਰਦੁਆਰੇ ਮੱਥਾ ਟੇਕਣ ਆਇਆ ਤੇ ਮੇਰੀਆਂ ਕਿਤਾਬਾਂ ਬੜੇ ਚਾਅ ਨਾਲ਼ ਲੈ ਕੇ ਗਿਆ।
ਓਥੇ ਟਿਕਣ ਸਮੇ ਦੌਰਾਨ ਉਸ ਸ਼ਹਿਰ ਦੇ ਆਲ਼ੇ ਦੁਆਲ਼ੇ ਦੇ ਛੋਟੇ ਛੋਟੇ ਟਾਊਨਾਂ ਵਿਚੋਂ ਕੁਝ ਨੌਜਵਾਨਾਂ ਦੇ ਫ਼ੋਨ ਆਏ ਜੇਹੜੇ ਹਰਮਨ ਰੇਡੀਉ, ਅਖ਼ਬਾਰਾਂ ਅਤੇ ਫੇਸਬੁੱਕ ਰਾਹੀਂ ਮੈਨੂੰ ਜਾਣਦੇ ਸਨ। ਉਹਨਾਂ ਵਿਚੋਂ ਇਕ ਮਨਪ੍ਰੀਤ ਸਿੰਘ ਮਾਨ ਵਾਅਲਾ ਤੋਂ ਸੀ। ਉਸ ਨੇ ਕਿਹਾ ਕਿ ਉਸ ਨੂੰ ਮੇਰੇ ਆਉਣ ਦਾ ਪਤਾ ਲੱਗਾ ਹੈ ਤੇ ਉਹ ਮੈਨੂੰ ਮਿਲਣ ਆ ਰਿਹਾ ਹੈ। ਉਹ ਮੈਨੂੰ ਮਿਲਣ ਦੇ ਨਾਲ਼ ਨਾਲ਼ ਮੇਰੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਚਾਹੁੰਦਾ ਹੈ। ਮੈਂ ਕਿਹਾ ਕਿ ਹੁਣ ਤੇ ਅਸੀਂ ਵਾਪਸ ਐਡੀਲੇਡ ਜਾ ਰਹੇ ਹਾਂ। ਓਥੇ ਸ. ਮਨਪ੍ਰੀਤ ਸਿੰਘ ਕੋਲ਼ੋਂ ਮੇਰੀਆਂ ਚਾਰ ਕਿਤਾਬਾਂ, ਜਦੋਂ ਗਿਆ ਲੈ ਆਵੀਂ।
ਸ਼ੁੱਕਰਵਾਰ ਸ਼ਾਮ ਤੱਕ ਅਸੀਂ ਵਾਪਸ ਐਡੀਲੇਡ ਪਹੁੰਚ ਗਏ। ਸੁਭਾ ਛਨਿਛਰਵਾਰ ਸ. ਗੁਰਮੀਤ ਸਿੰਘ ਅਤੇ ਬੀਬੀ ਜਸਬੀਰ ਕੌਰ ਵਾਲ਼ੀਆ ਜੀ ਵੱਲੋਂ, ਸਾਥੀਆਂ ਦੇ ਸਹਿਯੋਗ ਨਾਲ਼, ਵੈਸਾਖੀ ਦੇ ਸਬੰਧ ਵਿਚ ਸਜਾਉਣ ਵਾਲ਼ਾ ਦੀਵਾਨ ਧਾਰਮਿਕ ਰੰਗ ਵਿਚ ਸਜਾਇਆ ਜਾਣਾ ਸੀ। ਇਸ ਮੇਲੇ ਵਿਚ ਹਾਜਰ ਹੋਣ ਲਈ ਹੀ ਉਚੇਚਾ ਮੈਨੂੰ ਸੱਦਿਆ ਗਿਆ ਸੀ। ਗਰਾਊਂਡ ਵਿਚ ਬਣੀ ਸਟੇਜ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਸਰਦਾਰਨੀ ਜਸਬੀਰ ਕੌਰ ਜੀ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜਿਸ ਵਿਚ ਹੋਰ ਸੰਗਤਾਂ ਨੇ ਵੀ ਸਹਿਯੋਗ ਦਿਤਾ। ਪਾਠ ਉਪ੍ਰੰਤ ਸ਼ਹਿਰ ਦੇ ਤਿੰਨਾਂ ਹੀ ਗੁਰਦੁਆਰਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਸਰਦਾਰਨੀ ਜਸਬੀਰ ਕੌਰ ਜੀ ਨੇ ਵੀ ਦੋ ਸ਼ਬਦਾਂ ਦੇ ਕੀਰਤਨ ਦੀ ਹਾਜਰੀ ਲਵਾਈ। ਰਿਵਰਲੈਂਡ ਤੋਂ ਪਹੁੰਚੇ ਭਾਈ ਰਵਿੰਦਰ ਸਿੰਘ ਜੀ, ਮੈਲਬਰਨ ਤੋਂ ਗਿਆਨੀ ਹਰਜੀਤ ਸਿੰਘ ਜੀ ਪੱਟੀਵਾਲ਼ੇ ਅਤੇ ਮੈਂ ਵੀ ਖ਼ਾਲਸੇ ਦੇ ਜਨਮ ਦਿਨ (ਵੈਸਾਖੀ) ਬਾਰੇ ਸੰਗਤਾਂ ਨਾਲ਼ ਵਿਚਾਰ ਸਾਂਝੇ ਕੀਤੇ।
ਧਾਰਮਿਕ ਮਰਯਾਦਾ ਉਪ੍ਰੰਤ ਦੁਪਹਿਰ ਤੋਂ ਪਿੱਛੋਂ ਵੈਸਾਖੀ ਮੇਲੇ ਦੀਆਂ ਰੌਣਕਾਂ ਲੱਗ ਗਈਆਂ। ਨਿੱਕਿਆਂ ਵੱਡਿਆਂ, ਬੰਦੇ ਬੰਦੀਆਂ ਦੀਆਂ, ਕਈ ਪ੍ਰਕਾਰ ਦੀਆਂ ਖੇਡਾਂ ਹੋਈਆਂ। ਸਭਿਆਚਾਰਕ ਪ੍ਰੋਗਰਾਮ ਹੋਏ। ਹਨੇਰਾ ਹੋਣ ਤੱਕ ਮੇਲੇ ਦੀਆਂ ਰੌਣਕਾਂ ਲੱਗੀਆਂ ਰਹੀਆਂ।
ਅਗਲੇ ਦਿਨ ਐਤਵਾਰ ਨੂੰ ਪਰਥ ਵਿਚ ਹੋ ਰਹੀਆਂ ਖੇਡਾਂ ਦੇ ਹਿੱਸੇ ਵਜੋਂ, ਦੱਖਣੀ ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਦੇ ਹਿੱਸੇ ਦੇ ਰੂਪ ਵਿਚ ਹੋਈਆਂ। ਉਸ ਵਿਚ ਵੀ ਹਾਜਰੀ ਭਰੀ। ਸਾਰੀ ਸਟੇਟ ਵਿਚੋਂ ਆਏ ਸੱਜਣਾਂ ਨਾਲ਼ ਮੇਲ ਮਿਲਾਪ ਹੋਇਆ। ਕੁਝ ਨਵੇਂ ਸੂਝਵਾਨ ਸੱਜਣਾਂ ਨਾਲ਼ ਵੀ ਜਾਣ ਪਛਾਣ ਹੋਈ। ਮੇਰੇ ਪਹਿਲਾਂ ਤੋਂ ਮਿੱਤਰ ਪੰਥਕ ਸੋਚ ਦੇ ਧਾਰਨੀ, ਸ ਬਖ਼ਸ਼ੀਸ਼ ਸਿੰਘ ਜੀ ਨੇ ਉਸ ਮੇਲੇ ਵਿਚ ਇਕ ਅਜਿਹੀ ਸ਼ਖ਼ਸ਼ੀਅਤ ਨਾਲ਼ ਮੇਲ ਕਰਵਾਇਆ ਜੇਹੜੀ ਜਿੰਨੀ ਪ੍ਰਭਾਵਸ਼ਾਲੀ ਬਾਹਰੋਂ ਦਿਸਦੀ ਸੀ ਓਨੀ ਹੀ ਅੰਦਰੋਂ ਵੀ ਖ਼ੂਬਸੂਰਤ ਨਿਕਲ਼ੀ। ਇਸ ਸ਼ਾਨਦਾਰ ਗੁਰਸਿੱਖੀ ਸਰੂਪ ਦੇ ਧਾਰਨੀ ਗੁਰਮੁਖ ਪਿਆਰੇ ਦਾ ਨਾਂ ਸ. ਜੁਗਰਾਜ ਸਿੰਘ ਖਹਿਰਾ ਹੈ। ਛਨਿਛਰਵਾਰ ਵਾਲ਼ੇ ਮੇਲੇ ਵਿਚ ਕੁਝ ਉਹਨਾਂ ਨੌਜਵਾਨਾਂ ਦੇ ਵੀ ਦਰਸ਼ਨ ਹੋਏ ਜੇਹੜੇ ਅੰਮ੍ਰਿਤਸਰ ਦੇ ਆਲ਼ੇ ਦਆਲ਼ੇ ਦੇ ਪਿੰਡਾਂ ਤੋਂ ਆਏ ਹਨ। ਉਹਨਾਂ ਨੇ ਦੱਸਿਆ ਕਿ ਉਹ ਮੈਨੂੰ ਹਰਮਨ ਰੇਡੀਉ ਤੋਂ ਸੁਣਦੇ ਹਨ ਤੇ ਮਿੰਟੂ ਬਰਾੜ ਜੀ ਦੀ ‘ਪੰਜਾਬੀ ਅਖ਼ਬਾਰ’ ਵਿਚੋਂ ਪੜ੍ਹਦੇ ਵੀ ਹਨ। ਉਹ ਸਾਰੇ ਪਰਵਾਰਕ ਵਾਤਾਵਰਨ ਵਿਚ ਚਾਹ ਦੇ ਕੱਪ ਉਪਰ ਬੈਠਣ ਦਾ ਵਿਚਾਰ ਰੱਖਦੇ ਹਨ। ਮੇਲੇ ਦੀ ਸਮਾਪਤੀ ਉਪ੍ਰੰਤ ਇਕ ਘਰ ਵਿਚ ਇਕੱਤਰ ਹੋਏ, ਚਾਹ ਪਾਣੀ ਛਕਿਆ ਅਤੇ ਖ਼ੁਸ਼ਗਵਾਰ ਮਾਹੌਲ ਵਿਚ ਵਿਚਾਰਾਂ ਹੋਈਆਂ।
ਸਦਾ ਵਾਂਗ ਠਾਹਰ ਮੇਰੀ ਕਾਕਾ ਮਨਪ੍ਰੀਤ ਸਿੰਘ ਅਤੇ ਬੱਚੀ ਮਨਦੀਪ ਕੌਰ ਕੋਲ਼ ਹੀ ਸੀ। ਉਹਨਾਂ ਨੂੰ ਰਾਤ ਦੇ ਪ੍ਰਸ਼ਾਦੇ ਵਾਸਤੇ ਕਿਸੇ ਘਰੋਂ ਸੱਦਾ ਸੀ। ਮੈਨੂੰ ਨਾਲ਼ ਚੱਲਣ ਲਈ ਕਿਹਾ ਪਰ ਮੈਂ ਸੀ.ਐਮ. ਮੂਵੀ ਵੇਖਣ ਦੇ ਲਾਲਚ ਵਿਚ ਨਾ ਜਾਣਾ ਹੀ ਠੀਕ ਸਮਝਿਆ ਤੇ ਉਹਨਾਂ ਨੂੰ ਕਿਹਾ ਕਿ ਵੱਡੇ ਸਕਰੀਨ ਉਪਰ ਮੈਨੂੰ ਇਹ ਮੂਵੀ ਖੋਹਲ ਕੇ ਦੇ ਜਾਓ ਤੇ ਤੁਸੀਂ ਜਾਓ। ਮੈਂ ਤੇ ਗੁਰਦੁਆਰਾ ਸਾਹਿਬ ਦੇ ਨਾਲ਼ ਲੱਗਵੇਂ ਘਰ ਵਿਚ ਮੂਵੀ ਵੇਖਦਾ ਰਿਹਾ ਤੇ ਓਧਰ ਸ਼ਾਮ ਵੇਲ਼ੇ ਸ. ਤੇਜਸ਼ਦੀਪ ਸਿੰਘ ਅਜਨੌਦਾ ਅਤੇ ਕੁਝ ਹੋਰ ਸੱਜਣ ਮਿਲਣ ਲਈ ਆਏ ਅਤੇ ਰਾਗੀ ਸਿੰਘਾਂ ਤੋਂ ਪੁੱਛ ਕੇ ਤੇ ਮੱਥਾ ਟੇਕ ਕੇ ਮੁੜ ਜਾਂਦੇ ਰਹੇ। ਰਾਗੀ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਮੈਂ ਨਾਲ਼ ਦੇ ਘਰ ਵਿਚ ਹੀ ਬੈਠਾ ਸਾਂ।
ਐਡੀਲੇਡ ਦਾ ਵਾਸੀ ਸਾਹਿਤ ਰਸੀਆ ਅਤੇ ਰਚੀਆ ਮਲਹਾਂਸ ਜੋੜਾ, ਸ. ਮੋਹਨ ਸਿੰਘ ਅਤੇ ਬੀਬਾ ਬਲਜੀਤ ਕੌਰ ਜੀ, 2005 ਤੋਂ ਹੀ ਮੇਰੇ ਨਾਲ਼ ਸਨੇਹ ਕਰਦੇ ਆ ਰਹੇ ਹਨ। ਇਕ ਦਿਨ ਮੈਨੂੰ ਮਿਲਣ ਆਏ। ਅਸੀਂ ਤਿੰਨੇ ਜਣੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਬੈਠੇ ਵਿਚਾਰਾਂ ਕਰ ਰਹੇ ਸਾਂ। ਬਲਜੀਤ ਕੌਰ ਬੀਬਾ ਜੀ, ਕਹਿੰਦੇ, “ਅਸੀਂ ਤਾਇਆ ਜੀ, ਤੁਹਾਡਾ ਐਡੀਲੇਡ ਦੇ ਸਾਹਿਤਕਾਰਾਂ ਵੱਲੋਂ ਰੂ-ਬ-ਰੂ ਅਤੇ ਸਨਮਾਨ ਕਰਨਾ ਚਾਹੁੰਦੇ ਹਾਂ ਪਰ ਕਰੋਨੇ ਦੇ ਕਹਿਰ ਕਰਕੇ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ; ਇਸ ਲਈ ਛੋਟੇ ਪੈਮਾਨੇ ਉਪਰ, ਆਪਣੇ ਘਰ ਵਿਚ ਹੀ ਕੁਝ ਤੁਹਾਡੇ ਪ੍ਰੇਮੀ ਸਾਹਿਤਕਾਰਾਂ ਨੂੰ ਸੱਦ ਕੇ ਤੁਹਾਡਾ ਮਾਣ ਸਤਿਕਾਰ ਕਰਨ ਦਾ ਵਿਚਾਰ ਬਣਾ ਲਿਆ ਹੈ।“ ਮੈਂ ਕਿਹਾ, “ਕੋਈ ਗੱਲ ਨਹੀਂ ਬੀਬਾ ਜੀ, ਅਗਲੀ ਵਾਰ ਸਹੀ।” “ਨਹੀਂ, ਪਹਿਲਾਂ ਹੀ ਬਹੁਤ ਪਛੜ ਗਏ ਹਾਂ, ਅਗਲੀ ਵਾਰ ਅਗਲੀ ਵਾਰ ਕਰਦਿਆਂ। ਇਸ ਵਾਰੀ ਛੋਟਾ ਈ ਸਹੀ, ਵੱਡਾ ਹਾਲਾਤ ਸੁਧਰ ਜਾਣ ਤੇ ਕਰਾਂਗੇ।“ ਮੁਕਦੀ ਗੱਲ, ਫੈਸਲਾ ਹੋ ਗਿਆ ਕਿ ਮੰਗਲਵਾਰ ਦੀ ਸ਼ਾਮ ਉਹਨਾਂ ਦੇ ਘਰ ਸਾਹਿਤ ਪ੍ਰੇਮੀਆਂ ਨਾਲ਼ ਬਿਤਾਈ ਜਾਵੇ।
ਮੈਂ ਨਵੇਂ ਬਣੇ ਮਿੱਤਰ ਸ. ਜੁਗਰਾਜ ਸਿੰਘ ਜੀ ਦੇ ਘਰ ਸਾਂ। ਉਹਨਾਂ ਨੂੰ ਵੀ ਆਪਣੇ ਨਾਲ਼ ਜਾਣ ਲਈ ਸਹਿਮਤ ਕਰ ਲਿਆ। ਉਹਨਾਂ ਦਾ ਪੁੱਤਰ ਸਾਨੂੰ ਮਲਹਾਂਸ ਜੋੜੀ ਦੇ ਘਰ ਛੱਡ ਕੇ ਬਾਹਰੋਂ ਹੀ ਮੁੜ ਗਿਆ। ਅੱਧਾ ਘੰਟਾ ਟਾਈਮ ਦੇ ਅੱਗੇ ਪਿੱਛੇ ਹੋਣ ਦਾ ਭੁਲੇਖਾ ਪੈ ਜਾਣ ਕਰਕੇ, ਸਾਡੇ ਜਾਂਦਿਆਂ ਨੂੰ ਸਾਰੇ ਸੁਹਿਰਦ ਸੱਜਣ ਆਏ ਬੈਠੇ ਸਨ। “ਆਓ ਜੀ, ਆਓ ਜੀ, ਬੈਠੋ ਜੀ, ਬੈਠੋ ਜੀ, ਲੇਟ ਹੋ ਗਏ ਜੀ, ਲੇਟ ਹੋ ਗਏ ਜੀ, ਤੁਸੀਂ ਵੀ ਚੰਗੇ ਜੀ, ਅਸੀਂ ਵੀ ਚੰਗੇ ਜੀ” ਵਰਗੇ ਸਤਿਕਾਰ ਮਈ ਸ਼ਬਦਾਂ ਦੇ ਵਟਾਂਦਰੇ ਪਿਛੋਂ ਚਾਹ ਪਾਣੀ ਛਕ ਕੇ, ਆਪੋ ਆਪਣੀਆਂ ਰਚਨਾਵਾਂ ਸੁਣਨ ਸੁਣਾਉਣ ਦਾ ਦੌਰ ਸ਼ੁਰੂ ਹੋਇਆ। ਹਾਜਰ ਸਾਰੇ ਸੱਜਣਾਂ ਦੇ ਨਾਂ ਯਾਦ ਨਹੀਂ ਤੇ ਜਿਨ੍ਹਾਂ ਦੇ ਯਾਦ ਹਨ ਜੇ ਉਹਨਾਂ ਦੇ ਲਿਖ ਦਿਤੇ ਤਾਂ ਭੁੱਲ ਗਿਆਂ ਨਾਲ਼ ਬੇਇਨਸਾਫ਼ੀ ਹੋਵੇਗੀ। ਇਸ ਲਈ ਮੈਂ ਏਨਾ ਕਹਿ ਕੇ ਹੀ ਸਾਰ ਲੈਂਦਾ ਹਾਂ ਕਿ ਸਾਹਿਤਕ ਨਾਲ਼ੋਂ ਵੀ ਵਧੇਰੇ ਇਹ ਪਰਵਾਰਕ ਮੇਲ਼ ਬਣ ਗਿਆ। ਇਸ ਵਿਚ, ਵਾਰਤਕ ਲਿਖਾਰੀ, ਕਵੀ, ਰੰਗ ਮੰਚ ਕਰਮੀ ਸਾਰੇ ਹੀ ਸਾਹਿਤ ਰਚੀਏ ਅਤੇ ਸਾਹਿਤ ਰਸੀਏ ਹੀ, ਸ਼ਾਮਲ ਹੋਏ ਅਤੇ ਇਹ “ਗੁਣ ਗਾਵਤ ਰੈਨ ਬਿਹਾਨੀ॥” ਵਾਲ਼ਾ ਸਮਾਗਮ ਹੋ ਨਿੱਬੜਿਆ। ਸਾਰੇ ਸ਼ਾਮਲ ਸੱਜਣਾਂ ਦਾ ਵਿਚਾਰ ਸੀ ਕਿ ਅਜਿਹੇ ਸਾਹਿਤਕ ਸਮਾਗਮ ਸਮੇ ਸਮੇ ਰਚੇ ਜਾਂਦੇ ਰਹਿਣੇ ਚਾਹੀਦੇ ਹਨ। ਅੰਤ ਵਿਚ ਪੰਜਾਬੀ ਸਾਹਿਤ ਰਸੀਆਂ ਵਾਸਤੇ ਮਲਹਾਂਸ ਪਰਵਾਰ ਵੱਲੋਂ ਪ੍ਰੇਮ ਸਹਿਤ ਤਿਆਰ ਕੀਤਾ ਪ੍ਰਸ਼ਾਦਾ ਛਕ ਕੇ ਵਿਦਿਆ ਹੋਏ।
ਮੁੜਦਿਆਂ ਰਸਤੇ ਵਿਚ ਸ. ਜੁਗਰਾਜ ਸਿੰਘ ਖਹਿਰਾ ਜੀ ਨੇ ਬੜੀ ਖ਼ੁਸ਼ੀ ਪਰਗਟ ਕਰਦਿਆਂ ਇਸ ਸੁਹਾਵਣੀ ਸ਼ਾਮ ਸਮੇ ਦੀ ਸਰਗਰਮੀ ਬਾਰੇ ਪ੍ਰਸੰਸਕ ਵਿਚਾਰ ਪਰਗਟ ਕੀਤੇ।
ਸ. ਮੋਹਨ ਸਿੰਘ ਮਲਹਾਂਸ ਨੇ, ਕਈ ਸਾਲ ਪਹਿਲਾਂ ਇਕ ਅਧਿਆਪਕਾ, ਬੀਬਾ ਮਹੇਸ਼ ਕੌਰ ਜੀ ਵੱਲੋਂ, ਮੇਰੇ ਬਾਰੇ ਲਿਖੇ ਗਏ ਲੇਖ ਦੇ ਸਿਰਲੇਖ ‘ਬਿਨਾ ਸਕੂਲੋਂ ਸਾਹਿਤਕਾਰ’ ਤੋਂ ਪ੍ਰਭਾਵਤ ਹੋ ਕੇ, ਵਿਚਾਰ ਪਰਗਟ ਕੀਤਾ ਸੀ ਕਿ ਉਹ ਵੀ ਮੇਰੇ ਬਾਰੇ ਇਕ ਲੇਖ ਲਿਖੇਗਾ ਜਿਸ ਦਾ ਸਿਰਲੇਖ ਹੋਵੇਗਾ ‘ਕਾਪੀ ਰਾਈਟ ਰਹਿਤ ਲੇਖਕ’ ਪਰ ਅਜੇ ਤੱਕ ਉਸ ਨੇ ਇਸ ਪਾਸੇ ਉਦਮ ਨਹੀਂ ਕੀਤਾ। ਚਲੋ, “ਦੇਰ ਆਇਦ ਦਰੁਸਤ ਆਇਦ।” ਇਸ ਦੇਰੀ ਵਿਚ ਵੀ ਕੋਈ ਚੰਗੇ ਤੋਂ ਚੰਗੇਰਾ ਹੋ ਜਾਣ ਦੀ ਆਸ ਹੀ ਰੱਖਣੀ ਚਾਹੀਦੀ ਹੈ।
ਬੁਧਵਾਰ 7 ਮਈ ਨੂੰ ਵਾਪਸੀ ਸੀ। ਸਦਾ ਵਾਂਗ ਵਿਚਾਰ ਸੀ ਕਿ ਮੇਰਾ ਮੂੰਹ ਬੋਲਿਆ ਭਤੀਜਾ ਮਨਪ੍ਰੀਤ ਸਿੰਘ ਹੀ ਹਵਾਈ ਅੱਡੇ ਉਪਰ ਛੱਡ ਆਵੇਗਾ। ਹਵਾਈ ਅੱਡਾ ਵੀ ਗੁਰਦੁਆਰਾ ਸਾਹਿਬ ਤੋਂ ਏਨਾ ਨੇੜੇ ਹੈ ਕਿ ਕਦੀ ਕਦਾਈਂ ਮੈਂ ਪੈਦਲ ਹੀ ਓਥੋਂ ਤੱਕ ਆਉਣਾ/ਜਾਣਾ ਕਰ ਲੈਂਦਾ ਹਾਂ। ਪਰ ਇਕ ਦਿਨ ਪਹਿਲਾਂ ਸ. ਗੁਰਮੀਤ ਸਿੰਘ ਵਾਲੀਆ ਜੀ ਵੱਲੋਂ ਫ਼ੋਨ ਆ ਗਿਆ ਕਿ ਉਹ ਖ਼ੁਦ, ਜਿਵੇਂ ਮੈਨੂੰ ਅੱਡੇ ਤੋਂ ਲੈਣ ਗਏ ਸਨ ਓਵੇਂ ਛੱਡ ਕੇ ਵੀ ਓਹੀ ਆਉਣਗੇ। ਬੁਧਵਾਰ ਸਵੇਰ ਦਾ ਛਾਹਵੇਲ਼ਾ ਕਰਨ ਤੇ ਵੀ ਉਹਨਾਂ ਨੇ ਮੇਰੇ ਉਪਰ ਪਾਬੰਦੀ ਲਾ ਦਿਤੀ। ਕਿਹਾ ਕਿ ਇਹ ਕਾਰਜ ਉਹਨਾਂ ਦੇ ਘਰ ਵਿਚ ਉਹਨਾਂ ਦੇ ਨਾਲ਼ ਹੀ ਕਰਨਾ ਪਊਗਾ। ਸਮੇ ਸਿਰ ਵਾਲੀਆ ਜੀ ਮੈਨੂੰ ਆ ਕੇ ਆਪਣੇ ਘਰ ਲੈ ਗਏ। ਉਹਨਾਂ ਦੀ ਜੀਵਨ ਸਾਥਣ ਸਤਿਕਾਰਯੋਗ ਭੈਣ ਜਸਬੀਰ ਕੌਰ ਜੀ ਨੇ ਤਾਜੀਆਂ ਪੂਰੀਆਂ ਤਲ਼ ਕੇ ਪ੍ਰੇਮ ਸਹਿਤ ਛਾਹਵੇਲ਼ਾ ਕਰਵਾਇਆ। ਤਾਜੀਆਂ ਪੂਰੀਆਂ ਵੇਖ ਕੇ 1964,65,66 ਵਾਲ਼ਾ ਸਮਾ ਯਾਦ ਆ ਗਿਆ। ਓਦੋਂ ਮੈਂ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰਾਗੀ ਦੀ ਸੇਵਾ ਕਰਦਾ ਸਾਂ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਉਪ੍ਰੰਤ ਗੁਰਦੁਆਰੇ ਦੇ ਗੇਟ ਮੂਹਰਲੀ ਸੜਕ ਦੇ ਦੂਜੇ ਕਿਨਾਰੇ ਉਪਰ, ਪਾਕਿਸਤਾਨੋ ਆਏ ਸਿੱਖਾਂ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਉਹਨਾਂ ਵੱਲੋਂ ਤਲ਼ੀਆਂ ਜਾ ਰਹੀਆਂ ਗਰਮਾ ਗਰਮ ਪੂਰੀਆਂ, ਮਿੱਠੀ ਚਾਹ ਦੇ ਨਾਲ਼ ਛਕ ਕੇ ਆਨੰਦ ਮਾਨਣਾ। ਓਦੋਂ ਇਹ ਸਾਡਾ ਛਾਹਵੇਲ਼ਾ ਹੋਇਆ ਕਰਦਾ ਸੀ।
ਇਉਂ ਮੇਰੀ ਪੇਟ ਪੂਜਾ ਕਰਵਾ ਕੇ ਤੇ ਬਣਦੇ ਨਾਲ਼ੋਂ ਵਧੇਰੇ ਮਾਣ ਸਤਿਕਾਰ ਸਹਿਤ, ਸ. ਗੁਰਮੀਤ ਸਿੰਘ ਵਾਲੀਆ ਜੀ, ਮੈਨੂੰ ਹਵਾਈ ਅੱਡੇ ਉਪਰ ਉਤਾਰ ਕੇ ਵਾਪਸ ਮੁੜ ਗਏ ਤੇ ਜਹਾਜੇ ਮੈਂ ਖ਼ੁਦ ਹੀ ਚੜ੍ਹ ਕੇ ਤਕਾਲ਼ਾਂ ਤੱਕ ਸਿਡਨੀ ਵਿਚਲੇ ਆਪਣੇ ਰੈਣ ਬਸੇਰੇ ਵਿਚ ਆ ਵੜਿਆ। ਏਨੀ ਮੇਰੀ ਬਾਤ .....।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਸਮੇ (ਸਤੰਬਰ ਤੋਂ ਨਵੰਬਰ, ੨੦੧੯) - ਗਿਆਨੀ ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ
ਪੰਜਾਬ ਦੀ ਯਾਤਰਾ
੧੯੬੪ ਵਿਚ ਸੰਗਮ ਫਿਲਮ ਵਿਚੋਂ ਇਟਲੀ ਦੇ ਬੇੜੀਆਂ ਵਾਲੇ ਸ਼ਹਿਰ ਵੀਨਸ ਅਤੇ ਸਵਿਟਜ਼ਰਲੈਂਡ ਦੀ ਖ਼ੂਬਸੂਰਤੀ ਨੂੰ ਵੇਖਣ ਦਾ ਪੈਦਾ ਹੋਇਆ ਚਾ ਪੂਰਾ ਕਰਨ ਵਾਸਤੇ, ਮੈਂ ਨੌਂ ਸਾਲ ਤਿਆਰੀ ਕਰਦਾ ਰਿਹਾ ਤੇ ਫੇਰ ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਚੋਂ ਦੋ ਸਾਲ ਦਾ ਵਰਕ ਵੀਜ਼ਾ ਮਿਲਿਆ ਤੇ ਨਾਲ ਹੀ ਪਰਵਾਰ ਸਮੇਤ ਹਵਾਈ ਜਹਾਜ ਦੀਆਂ ਟਿਕਟਾਂ ਵੀ। ਓਥੋਂ ਦੀ ਨੌਕਰੀ ਵਿਚੋਂ ਪੈਸੇ ਜੋੜ ਕੇ, ਦੁਨੀਆ ਦੀਆਂ ਯਾਤਰਾਵਾਂ ਦਾ ਆਰੰਭ ਹੋਇਆ। ਕਦੀ ਵੀ ਸੋਚ ਵਿਚ ਇਹ ਇੱਛਾ ਪੈਦਾ ਨਹੀਂ ਸੀ ਹੋਈ ਕਿ ਪੰਜਾਬੋਂ ਬਾਹਰ ਹੀ ਕਿਸੇ ਦੇਸ ਵਿਚ ਪੱਕੇ ਤੌਰ ਤੇ ਟਿਕਣਾ ਹੈ। ਇਸ ਲਈ ਜਦੋਂ ਹੀ ਪੰਜਾਬ ਮੁੜਨ ਲਈ ਟਿਕਟ ਖ਼ਰੀਦਣ ਦੇ ਜੋਗ ਹੋਣਾ, ਦੇਸ ਨੂੰ ਭੱਜ ਤੁਰਨਾ। ਏਸੇ ਕਰਕੇ ਹੀ ਬਾਹਰ ਜਾਣ ਵਾਲੇ ਉਦਮੀਆਂ ਵੱਲੋਂ, ਬਾਹਰ ਦੀ ਕਮਾਈ ਨਾਲ ਬਣਾਏ ਗਏ ਧਨ ਨਾਲ ਖੁਲ੍ਹਾ ਡੁਲ੍ਹਾ ਖਰਚ ਕਰਨ ਵਾਲਿਆਂ ਦੇ ਬਰਾਬਰ ਨਾ ਪਹੁੰਚ ਸਕਿਆ। ਇਉਂ ਮਾਰਚ ੧੯੭੩ ਤੋਂ ਲੈ ਕੇ ਸਤੰਬਰ ੧੯੮੩ ਤੱਕ ਸਾਢੇ ਦਸ ਸਾਲ 'ਲਟਕਣ ਕਲਾਸ' ਵਿਚ ਹੀ ਰਿਹਾ ਪਰ ਇਸ ਦਾ ਪਛਤਾਵਾ ਕੋਈ ਨਹੀਂ।
੧੯੮੩ ਦੇ ਅਗਸਤ ਮਹੀਨੇ ਵਿਚ, ਸਿਡਨੀ ਵਿਚਲੀ ਵੈਸਟਪੈਕ ਬੈਂਕ ਤੋਂ ਇਕ ਮਹੀਨੇ ਦੀ ਸਾਲਾਨਾ ਛੁੱਟੀ ਮਿਲਣ 'ਤੇ, ਡਾਂਡੇ ਮੀਂਡੇ ਜਿਹੇ ਸਫ਼ਰ ਰਾਹੀਂ ਪੰਜਾਬ ਨੂੰ ਤੁਰ ਪਿਆ। ਉਸ ਸਮੇ ਦੇਸ ਵਿਚ ਧਰਮ ਯੁਧ ਮੋਰਚਾ ਪੂਰਾ ਗਰਮੀ ਵਿਚ ਚੱਲ ਰਿਹਾ ਸੀ। ਕੁਝ ਸੱਜਣ ਮਿੱਤਰ ਜੇਹਲਾਂ ਵਿਚ ਬੈਠੇ ਸਨ, ਕੁਝ ਅੰਮ੍ਰਿਤਸਰੋਂ ਚਲੇ ਗਏ ਤੇ ਕੁਝ ਹੋਰ ਕਾਰਨਾਂ ਕਰਕੇ ਨਾ ਮਿਲ ਸਕੇ। ਇਸ ਤੋਂ ਇਲਾਵਾ ਪੰਜਾਬ ਵਿਚੋਂ ਮੈਨੂੰ ੧੯੪੭ ਵਰਗੇ ਹਾਲਾਤ ਭਾਸਣ ਲੱਗ ਪਏ। ਮੇਰੇ ਚਿਰਕਾਲੀ ਇਕ ਮਿੱਤਰ ਖੱਬੇ ਪੱਖੀ ਸੋਚ ਵਾਲੇ, ਵੈਦ ਰਾਮ ਪਾਲ ਸ਼ਰਮਾ ਜੀ ਨਾਲ, ਇਸ ਧਰਮ ਯੁਧ ਮੋਰਚੇ ਬਾਰੇ ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਕਾਲੀਆਂ ਦਾ ਮੋਰਚਾ ਸਹੀ ਹੈ। ਮੈਂ ਕਿਹਾ, "ਜੇ ਤੁਸੀਂ ਅਕਾਲੀਆਂ ਨੂੰ ਸਹੀ ਮੰਨਦੇ ਹੋ ਤਾਂ ਤੁਹਾਡੀ ਪਾਰਟੀ ਅਕਾਲੀਆਂ ਦਾ ਸਾਥ ਕਿਉਂ ਨਹੀਂ ਦਿੰਦੀ?" ਦਾ ਜਵਾਬ ਉਹਨਾਂ ਨੇ ਇਉਂ ਦਿਤਾ, "ਅਕਾਲੀ ਗੁਰਦੁਆਰੇ ਦੇ ਅੰਦਰੋਂ ਮੋਰਚਾ ਚਲਾ ਰਹੇ ਹਨ। ਜੇ ਬਹਰੋਂ ਚਲਾਉਣ ਤਾਂ ਅਸੀਂ ਵੀ ਅਕਾਲੀਆਂ ਨਾਲ ਸ਼ਮਲ ਹੋ ਸਕਦੇ ਹਾਂ।" ਖੈਰ, ਇਹ ਵੈਦ ਜੀ ਦੀ ਦਲੀਲਬਾਜੀ ਸੀ। ਜਦੋਂ ਮੈਂ ਇਹ ਕਿਹਾ ਕਿ ਸ਼ਾਂਤਮਈ ਮੋਰਚੇ ਤਾਂ ਸਰਕਾਰਾਂ ਨਾਲ ਅਕਾਲੀਆਂ ਦੇ ਲੱਗਦੇ ਹੀ ਰਹਿੰਦੇ ਹਨ; ਇਹ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮੈਨੂੰ ਪੰਜਾਬ ਦੇ ਵਾਤਾਵਰਣ ਵਿਚੋਂ ਫਿਰਕੂ ਖਿੱਚੋਤਾਣ ਦਾ ਝੌਲਾ ਜਿਹਾ ਪੈਂਦਾ ਹੈ। ਇਸ ਦੇ ਜਵਾਬ ਵਿਚ ਉਸ ਨੇ ਜੋ ਕਿਹਾ ਉਸ ਨੇ ਮੇਰੀ ਹੋਰ ਵੀ ਹੌਸਲਾ ਸ਼ਿਕਨੀ ਕੀਤੀ। ਉਸ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਸੀ: ਮੇਰਾ ਜੋਤਸ਼ ਦੱਸਦਾ ਹੈ ਕਿ ਏਥੇ ਫਿਰਕੂ ਫਸਾਦ ਹੋਣੇ ਹਨ। ੧੯੪੭ ਵਾਂਗ ਹਿੰਦੂ ਸਿੱਖਾਂ ਨੇ ਇਕ ਦੂਜੇ ਨੂੰ ਮਾਰਨਾ ਹੈ। ਅਜਿਹੀ ਹੀ ਭਿਆਨਕ ਪੇਸ਼ੀਨਗੋਈ, ਮਈ ੧੯੭੭ ਵਿਚ ਹਾਲੈਂਡ ਦੇ ਸ਼ਹਿਰ ਐਮਸਟਰਡੈਮ ਵਿਚ, ਇਕ ਨੌਜਵਾਨ ਚੈਨ ਸਿੰਘ ਸੈਣੀ ਨੇ ਵੀ ਕੀਤੀ ਸੀ। ਸਾਰ ਉਸ ਦਾ ਇਹ ਸੀ ਕਿ ਦਰਬਾਰ ਸਾਹਿਬ ਉਪਰ ਫੌਜਾਂ ਹਮਲਾ ਕਰਨਗੀਆਂ। ਓਥੇ ਉਹ ਸਿੱਖ ਵਿਰੋਧੀ ਕੁਕਰਮ ਕਰਨਗੀਆਂ। ਉਸ ਸਮੇ ਮੇਰੇ ਮੰਨਣ ਵਿਚ ਅਜਿਹੀ ਹੋਣੀ ਵਾਪਰ ਜਾਣ ਵਾਲੀ ਸੋਚ ਬਿਲਕੁਲ ਨਹੀਂ ਸੀ ਆਈ। ਮੇਰੇ ਵੱਲੋਂ ਅਜਿਹਾ ਹੋ ਸਕਣ ਬਾਰੇ ਸ਼ੰਕਾ ਪਰਗਟ ਕਰਨ 'ਤੇ ਉਸ ਨੇ ਕਿਹਾ, "ਪਹਿਲਾਂ ਨਹੀਂ ਸੀ ਮੱਸੇ ਰੰਘੜ ਵੇਲੇ ਇਸ ਤਰ੍ਹਾਂ ਹੋਇਆ?" ਜੋ ਕੁਝ ਜੂਨ ੧੯੮੪ ਵਿਚ ਹੋਇਆ, ਉਸ ਬਾਰੇ ਉਸ ਨੇ ਮਈ ੧੯੭੭ ਵਿਚ ਹੀ ਦੱਸ ਦਿਤਾ ਸੀ।
ਪੰਥ ਅਤੇ ਪੰਜਾਬ ਦੀ ਅਜਿਹੀ ਹਾਲਤ ਵੇਖ ਕੇ ਵਿਚਾਰ ਆਈ ਕਿ ਪੰਜਾਬ ਹੁਣ ਮੇਰੇ ਤੋਂ ਬਹੁਤ ਅੱਗੇ ਲੰਘ ਗਿਆ ਹੈ ਅਤੇ ਮੇਰਾ ਹੁਣ ਇਸ ਦੇ ਬਰਾਬਰ ਪਹੁੰਚ ਸਕਣਾ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਅਤੇ ਫਿਰ ਇਸ ਹਾਲਤ ਵਿਚ ਮੈਂ ਪੰਜਾਬ ਦੀ ਸਮਾਜਕ ਅਵੱਸਥਾ ਵਿਚ ਕੋਈ ਉਸਾਰੂ ਹਿੱਸਾ ਪਾ ਸਕਣ ਦੇ ਜੋਗ ਵੀ ਨਹੀਂ ਰਿਹਾ। ਫਿਰ ਸਿਡਨੀ ਵਿਚ ਮੇਰੀ ਪਰਵਾਰਕ ਹਾਲਤ ਵੀ ਇਉਂ ਸੀ ਕਿ ਛੇ ਜੀਆਂ ਦਾ ਟੱਬਰ। ਸਭ ਤੋਂ ਛੋਟਾ ਬੱਚਾ ਅਜੇ ਤਿੰਨ ਕੁ ਮਹੀਨੇ ਦਾ। ਸੋਹਣੀ ਬੈਂਕ ਦੀ ਨੌਕਰੀ। ਬੈਂਕ ਤੋਂ ਕਰਜਾ ਲੈ ਕੇ ਲਏ ਮਕਾਨ ਦੀ ਕਿਸ਼ਤ ਹਰੇਕ ਮਹੀਨੇ ਭਰਨੀ। ਸਹਿੰਦਾ ਸਹਿੰਦਾ ਜਿਹਾ ਭਾਈਚਾਰੇ ਵਿਚ ਮਾਣ ਸਤਿਕਾਰ ਵੀ। ਦੂਜੇ ਬੰਨੇ ਪੰਜਾਬ ਵਿਚ ਕੁਝ ਵੀ ਨਾ, ਜਿਸ ਨੂੰ ਮੈਂ ਆਪਣਾ ਕਹਿ ਸਕਾਂ ਤੇ ਉਸ ਆਸਰੇ ਦਿਨ ਕਟੀ ਕਰ ਸਕਾਂ। ਹਰੇਕ ਫੇਰੀ ਦੌਰਾਨ ਰਿਸ਼ਤੇਦਾਰਾਂ ਅਤੇ ਸੱਜਣਾਂ ਪਾਸੋਂ ਪ੍ਰਸ਼ਾਦਾ ਪਾਣੀ ਛਕ ਕੇ ਅਤੇ ਰਾਤਾਂ ਕੱਟ ਕੇ ਵਾਪਸ ਮੁੜਿਆ ਕਰਦਾ ਸਾਂ। ਪੰਜਾਬ ਦੇ ਇਕ ਚੱਕਰ ਵਿਚ ਹੀ ਲੱਖ ਰੁਪਇਆ ਰੁੜ੍ਹ ਜਾਂਦਾ ਸੀ। ਇਹੋ ਜਿਹੇ ਵਾਤਾਵਰਨ ਵਿਚ ਸੋਚ ਆਈ ਕਿ ਬਾਬਾ ਜੀ ਦੀ ਬਾਣੀ ਆਖਦੀ ਹੈ, "ਜਿਥੈ ਰਖਹਿ ਬੈਕੁੰਠ ਤਿਥਾਈ" ਅਨੁਸਾਰ, ਜਿਥੇ ਵੀ ਹੁਣ ਉਸ ਦੀ ਰਜ਼ਾ ਹੈ ਓਸੇ ਨੂੰ ਹੀ ਬੈਕੁੰਠ ਜਾਣ ਕੇ ਰਹੀ ਜਾਣਾ ਚਾਹੀਦਾ ਹੈ। ਕੀ ਪਤਾ ਕਦੋਂ ਗੁਰੂ ਰਾਮ ਦਾਸ ਜੀ ਦੀ ਮੇਹਰ ਹੋ ਜਾਵੇ ਤੇ ਉਹ ਜੇਬ ਵਿਚ ਏਨੀ ਕੁ ਮਾਇਆ ਪਾ ਦੇਵੇ ਕਿ ਹਰੇਕ ਸਾਲ ਹੀ ਆਪਣੀ ਨਗਰੀ ਦੀ ਯਾਤਰਾ ਕਰਨ ਦੇ ਜੋਗ ਬਣਾ ਦੇਵੇ। ਉਸ ਦੇ ਦਰ ਉਪਰ ਸਿਰ ਝੁਕਾਉਣ ਦੇ ਨਾਲ ਨਾਲ ਸੱਜਣਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ ਨਾਲ ਵੀ 'ਸਾਹਬ ਸਲਾਮਤ' ਹੋ ਜਾਇਆ ਕਰੇ।
ਗੁਰੂ ਜੀ ਦੀ ਕਿਰਪਾ ਸਦਕਾ ਕੁਝ ਸਾਲਾਂ ਤੋਂ ਬੁਢਾਪਾ ਪੈਨਸ਼ਨ ਲੱਗ ਜਾਣ ਕਰਕੇ ਹੱਥ ਕੁਝ ਕੁਝ ਸੌਖਾ ਹੋ ਗਿਆ ਤੇ ਤਕਰੀਬਨ ਹਰੇਕ ਸਾਲ ਹੀ ਦੇਸ਼ ਦਾ ਚੱਕਰ ਲੱਗ ਜਾਂਦਾ ਹੈ। ਨਾਲੇ ਕਦੀ ਇਕ ਤੇ ਕਦੀ ਪਹਿਲਾਂ ਛਪੀ ਕਿਤਾਬ ਦੀ ਹੋਰ ਅਗਲੀ ਐਡੀਸ਼ਨ ਛਪਵਾ ਕੇ, ਇਕ ਜਾਂ ਦੋ ਕਿਤਾਬਾਂ ਛਪਵਾ ਲਿਆਉਂਦਾ ਹਾਂ ਤੇ ਨਾਲੇ ਸਜਣਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ।
ਏਸੇ ਸਿਲਸਲੇ ਵਿਚ ਇਸ ਵਾਰੀ ਵੀ ਅੰਮ੍ਰਿਤਸਰ ਜਾਣ ਦਾ ਵਿਚਾਰ ਸੀ। ਓਥੇ ਦੇ ਮੌਸਮੀ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਅਕਤੂਬਰ ਨਵੰਬਰ ਜਾਂ ਫਿਰ ਫਰਵਰੀ ਮਾਰਚ ਵਿਚ ਜਾਣ ਲਈ ਵਿਚਾਰ ਕੀਤਾ ਜਾਂਦਾ ਹੈ। ਸਿਡਨੀ ਵਿਚਲੇ ਆਪਣੇ ਸ਼ੁਭਚਿੰਤਕ ਖੇਲਾ ਪਰਵਾਰ ਦੇ ਮੁਖੀ ਸ. ਮਨਮੋਹਨ ਸਿੰਘ ਖੇਲਾ ਜੀ ਤੋਂ ਖ਼ਬਰ ਅਤੇ ਸੱਦਾ ਮਿਲਿਆ ਕਿ ਉਹਨਾਂ ਦੇ ਪਰਵਾਰ ਵਿਚ, ਉਹਨਾਂ ਦੇ ਪਿੰਡ ਸਜਾਵਲਪੁਰ ਵਿਚ, ਅਕਤੂਬਰ ਦੇ ਸ਼ੁਰੂ ਵਿਚ ਵਿਆਹ ਹੈ, ਉਸ ਵਿਚ ਸ਼ਾਮਲ ਹੋਵਾਂ। ਇਸ ਕਰਕੇ ਅਤੇ ਸਤੰਬਰ ਵਿਚ ਕਰਾਇਆ ਕੁਝ ਸਸਤਾ ਹੋਣ ਕਰਕੇ, ਅਕਤੂਬਰ ਉਡੀਕਣ ਦੀ ਬਜਾਇ ਸਤੰਬਰ ਵਿਚ ਹੀ ਦੇਸ ਨੂੰ ਚਾਲੇ ਪਾ ਲਏ।
ਅੱਧੀ ਰਾਤ ਨੂੰ ਅੰਮ੍ਰਿਤਸਰ ਉਤਰ ਕੇ ਛੋਟੇ ਭਰਾ ਸ. ਸੇਵਾ ਸਿੰਘ ਕੋਲ ਟਿੰਡ ਫਹੁੜੀ ਟਿਕਾ ਲਿਆ। ਅਗਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਕੇ, ਉਸ ਦਿਨ ਤੋਂ ਆਪਣੀ ਦਸਵੀਂ ਕਿਤਾਬ ਦੀ ਛਪਵਾਈ ਵਾਸਤੇ ਭੱਜ ਦੌੜ ਸ਼ੁਰੂ ਕਰ ਦਿਤੀ। ਸਾਰਾ ਮਸੌਦਾ ਸਿੰਘ ਬ੍ਰਦਰਜ਼ ਵਾਲੇ ਸ. ਗੁਰਸਾਗਰ ਸਿੰਘ ਦੇ ਹਵਾਲੇ ਕਰਕੇ ਇਸ ਪਾਸਿਉਂ ਬੇਫਿਕਰ ਹੋ ਗਿਆ ਤੇ ਕੁਝ ਪਰਵਾਰਕ ਅਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਸੱਜਣਾਂ ਦੇ ਦਰਸ਼ਨ ਮੇਲੇ, ਕਰਨੇ ਅਤੇ ਸਮਾਗਮਾਂ ਵਿਚ ਹਾਜਰੀ ਭਰਨ ਦਾ ਕਾਰਜ ਸ਼ੁਰੂ ਕਰ ਦਿਤਾ।
੨੦ ਸਤੰਬਰ ਵਾਲੇ ਦਿਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਨਾਨਕ ਭਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸੈਮੀਨਾਰ ਕੀਤਾ ਗਿਆ ਸੀ। ਇਸ ਵਿਸ਼ਾਲ ਭਵਨ ਵਿਚ ਦੂਰ ਦੁਰਾਡੇ ਦੇਸ ਅਤੇ ਪਰਦੇਸਾਂ ਵਿਚੋਂ ਪਹੁੰਚੇ ਹੋਏ ਵਿੱਦਵਾਨਾਂ ਨੇ ਭਾਗ ਲਿਆ। ਸੈਮੀਨਾਰ ਦੇ ਅੰਤ ਵਿਚ ਸਟੇਜ ਉਪਰ, ਬਾਕੀ ਵਿਸ਼ੇਸ਼ ਵਿਅਕਤੀਆਂ ਦੇ ਨਾਲ, ਪ੍ਰਬੰਧਕਾਂ ਵੱਲੋਂ ਦਾਸ ਨੂੰ ਵੀ ਸਿਰੋਪਾ, ਮੋਮੈਂਟੋ, ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ।
ਅੰਤ ਵਿਚ ਲੰਗਰ ਛਕਦਿਆਂ, ਸਿੱਖ ਪੰਥ ਦੀ ਸਿਰਮੌਰ ਧਾਰਮਿਕ ਵਿੱਦਿਆ ਦੀ ਸੰਸਥਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪ੍ਰਿੰਸੀਪਲ ਸਾਹਿਬਾ, ਬੀਬਾ ਮਨਜੀਤ ਕੌਰ ਜੀ, ਆਪਣੇ ਹੋਰ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ, ਮਿਲੇ ਅਤੇ ਸਦਾ ਵਾਂਗ ਕਾਲਜ ਵਿਚ ਆ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸੱਦਾ ਦਿਤਾ। ਫਿਰ ਇਕ ਦਿਨ ਇਹ ਸੇਵਾ ਵੀ ਨਿਭਾ ਕੇ ਮਾਣ ਮਹਿਸੂਸ ਕੀਤਾ। ਕੁਝ ਸਾਲਾਂ ਤੋਂ ਆਪਣੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ ਕਾਲਜ ਦੇ ਮੁਖੀ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮਾਣ ਬਖ਼ਸ਼ਿਆ ਜਾਂਦਾ ਹੈ। ਇਸ ਸੰਸਥਾ ਤੋਂ ਪ੍ਰਾਪਤ ਕੀਤੀ ਗਈ ਵਿੱਦਿਆ ਕਰਕੇ ਹੀ ਮੈਂ ਸੰਸਾਰ ਵਿਚ ਵਿਚਰਨ ਦੇ ਨਾ ਕੇਵਲ ਜੋਗ ਹੀ ਹੋਇਆ ਹਾਂ ਬਲਕਿ ਸਮੂੰਹ ਸੰਸਾਰ ਵਿਚ ਵੱਸਦੀਆਂ ਸਿੱਖ ਸੰਗਤਾਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਮੇ ਸਮੇ ਮਾਣ ਸਨਮਾਨ ਵੀ ਪ੍ਰਾਪਤ ਹੁੰਦਾ ਆ ਰਿਹਾ ਹੈ।
੨੨ ਸਤੰਬਰ ੨੦੧੯ ਵਾਲੇ ਦਿਨ, ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਚ, ਸ਼੍ਰੋਮਣੀ ਗੁ.ਪ੍ਰ. ਕਮੇਟੀ ਵੱਲੋਂ ਰਚੇ ਗਏ ਸੈਮੀਨਾਰ ਸਮੇ, ਸਾਰੇ ਸਮਾਗਮਾਂ ਦੇ ਮੁਖੀ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਜੀ ਵੱਲੋਂ, ਗਿ. ਸੰਤੋਖ ਸਿੰਘ ਨੂੰ ਸਿਰੋੇਪੇ ਅਤੇ ਕਿਤਾਬਾਂ ਦੇ ਸੈਟ ਨਾਲ ਸਨਮਾਨਤ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ, ਸੰਸਾਰ ਭਰ ਤੋਂ ਸੱਦੇ ਗਏ ਸਿੱਖਾਂ ਦੇ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੀ ਗਰੁਪ ਫ਼ੋਟੋ। ਅੰਮ੍ਰਿਤਸਰ ਦੀ ਆਬਾਦੀ ਰਣਜੀਤ ਐਵੇਨਿਊ ਦੇ ਹੌਲੀਡੇ ਇਨ ਵਿਚ ਖਿੱਚੀ ਗਈ।
ਪ੍ਰਿੰਸੀਪਲ ਹਰਜੀਤ ਸਿੰਘ ਜੀ ਦੇ ਸਮੇ ਤੋਂ ਹੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ, ਵੇਲੇ ਦੇ ਮੁਖੀ ਜੀ ਵੱਲੋਂ, ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੈਨੂੰ ਮਾਣ ਬਖ਼ਸ਼ਿਆ ਜਾਂਦਾ ਹੈ। ਧੰਨਭਾਗ! ਉਹ ਸਾਲ ਤੇ ਮੈਨੂੰ ਯਾਦ ਨਹੀਂ ਪਰ ਉਸ ਦਿਨ ਭਾਰਤੀ ਪਾਰਲੀਮੈਂਟ ਉਪਰ ਅੱਤਵਾਦੀਆਂ ਦਾ ਹਮਲਾ ਹੋਇਆ ਸੀ। ਉਸ ਦਿਨ ਦੀ ਘਟਨਾ ਦਾ ਮੈਂ ਪਹਿਲਾਂ ਕਿਸੇ ਹੋਰ ਲੇਖ ਵਿਚ ਜ਼ਿਕਰ ਕਰ ਚੁੱਕਾ ਹਾਂ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਸ਼ਹੀਦ ਜੀ ਦੀ ਯਾਦ ਵਿਚ, ਗੁਰਦਾਸ ਨੰਗਲ ਵਿਚ ਸਥਾਪਤ ਕੀਤੇ ਗਏ ਖ਼ਾਲਸਾ ਕਾਲਜ ਵਿਚਲੇ ਸੈਮੀਨਾਰ ਵਿਚ ਸ਼ਾਮਲ ਹੋ ਕੇ, ਵਿਦਵਾਨਾਂ ਦੀ ਹਾਜਰੀ ਵਿਚ, ਵਿਦਿਆਰਥੀਆਂ ਅਤੇ ਹੋਰ ਸੂਝਵਾਨ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਮਾਣ ਪ੍ਰਾਪਤ ਹੋਇਆ।
ਏਥੋਂ ਹੀ ਧਾਰੀਵਾਲ ਵਿਚ ਹਿੰਦੂ ਕੰਨਿਆ ਮਹਾਂ ਵਿਦਿਆਲੇ ਦੇ ਸੈਮੀਨਾਰ ਵਿਚ ਬੋਲਣ ਦਾ ਸੱਦਾ ਪ੍ਰਾਪਤ ਹੋਇਆ ਤੇ ਓਥੇ ਵੀ ਹਾਜਰੀ ਭਰੀ। ਇਸ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਵਿਚ ਪੰਡਤ ਮੋਹਨ ਲਾਲ ਹਿੰਦੂ ਗਰਲਜ਼ ਕਾਲਜ ਦੇ ਸੈਮੀਨਾਰ ਵਿਚ ਸੱਦੇ ਜਾਣ 'ਤੇ, ਮੁਖ ਮਹਿਮਾਨ ਵਜੋਂ ਭਾਗ ਲਿਆ। ਓਸੇ ਸ਼ਾਮ ਨੂੰ ਪੰੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਾਲਿਆਂ ਵੀ ਸ਼ਹਿਰ ਦੇ ਸਾਹਿਤਕਾਰਾਂ ਦੇ ਸੰਖੇਪ ਇਕੱਠ ਵਿਚ ਸਨਮਾਨਤ ਕੀਤਾ।
ਜਥੇਦਾਰ ਕੇਵਲ ਸਿੰਘ ਜੀ ਦੇ ਸੱਦੇ ਉਪਰ ਉਹਨਾਂ ਦੀ ਵਿਦਿਅਕ ਸੰਸਥਾ ਭਾਈ ਗੁਰਦਾਸ ਅਕੈਡਮੀ, ਪਿੰਡ ਪੰਡੋਰੀ ਰਣ ਸਿੰਘ ਵਿਚਲੇ ਸਮਾਗਮ ਵਿਚ ਵੀ ਹਾਜਰੀ ਭਰੀ। ਇਸ ਸਮਾਗਮ ਵਿਚ ਹਾਜਰ ਹੋਣ ਲਈ ਮੈਨੂੰ ਬਹੁਪੱਖੀ ਸ਼ਖ਼ਸੀਅਤ ਪ੍ਰਿੰਸੀਪਲ ਬਲਵਿੰਦਰ ਸਿੰਘ ਪਧਰੀ ਜੀ ਆਪਣੀ ਕਾਰ ਉਪਰ ਲੈ ਗਏ ਸਨ।
ਸਤੰਬਰ ਮੁੱਕਣ 'ਤੇ ਸ. ਮਨਮੋਹਨ ਸਿੰਘ ਖੇਲਾ ਜੀ ਦੇ ਪਿੰਡ ਸਜਾਵਲਪੁਰ ਨੂੰ ਤੁਰ ਪਿਆ। ਓਥੋਂ ਜੰਞ ਗਈ ਹੁਸ਼ਿਆਰਪੁਰ। ਆਨੰਦ ਕਾਰਜ ਸਮੇ ਕੁਝ ਸ਼ਬਦ ਅਸ਼ੀਰਵਾਦ ਵਜੋਂ ਬੋਲੇ। ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਮੈਨੂੰ ਸੋਸ਼ਲ ਮੀਡੀਆ ਰਾਹੀਂ ਜਾਣਦੇ ਸਨ। ਉਹਨਾਂ ਨੇ ਮੇੇਰੇ ਬਾਰੇ ਸੰਗਤ ਅਤੇ ਕਮੇਟੀ ਨੂੰ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ। ਇਸ ਪਿੰਡ ਦੀ ਫੇਰੀ ਸਮੇ ਦੋ ਕੁ ਰਾਤਾਂ ਖੇਲਾ ਪਰਵਾਰ ਦੇ ਵਿਸ਼ਾਲ ਅਤੇ ਸੋਹਣੇ ਘਰ ਦੀ ਅਖੀਰਲੀ ਛੱਤ ਉਪਰਲੇ ਕਮਰੇ ਵਿਚ ਡੇਰਾ ਰੱਖਿਆ ਸੀ। ਉਹਨਾਂ ਦੇ ਘਰ ਵਿਖੇ ਹੀ ਨਿੰਦਰ ਘੁਗਿਆਣਵੀ ਅਤੇ ਕੁਝ ਹੋਰ ਸਾਹਿਤਕਾਰਾਂ ਅਤੇ ਚੰਗੇ ਵਿਅਕਤੀਆਂ ਦੀ ਸੰਗਤ ਪ੍ਰਾਪਤ ਹੋਈ। ਕੁਝ ਦਿਨਾਂ ਪਿਛੋਂ ਪਿੰਡ ਦੇ ਸਕੂਲ ਦੇ ਬੱਚਿਆਂ ਵਾਸਤੇ ਖੇਲਾ ਪਰਵਾਰ ਵੱਲੋਂ ਲਿਆਂਦੇ ਲੈਪਟਾੱਪ, ਜ਼ਿਲੇ ਦੇ ਆਹਲਾ ਅਫ਼ਸਰਾਂ ਦੀ ਹਾਜਰੀ ਵਿਚ ਬੱਚਿਆਂ ਨੂੰ ਦਿਤੇ ਜਾਣੇ ਸਨ।ਇਸ ਸਮਾਗਮ ਵਿਚ ਸ਼ਾਮਲ ਹੋਣ ਲਈ, ਪਰਵਾਰ ਵੱਲੋਂ ਉਹਨਾਂ ਦੇ ਘਰ ਹੀ ਟਿਕੇ ਰਹਿਣ ਲਈ ਕਿਹਾ ਗਿਆ ਪਰ ਮੈਂ ਹੋਰ ਰੁਝੇਵਿਆਂ ਕਰਕੇ ਮੁਆਫ਼ੀ ਮੰਗ ਲਈ।
ਵਿਸਥਾਰਤ ਖੇਲਾ ਪਰਵਾਰ ਦੇ ਬੱਚੇ ਦੇ ਅਨੰਦ ਕਾਰਜ ਸਮੇ, ਹੁਸ਼ਿਆਰ ਪੁਰ ਦੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਅਤੇ ਪ੍ਰਧਾਨ ਸਾਹਿਬ ਜੀ ਦੁਆਰਾ ਦਾਸ ਨੂੰ ਗੁਰੂ ਘਰੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ।
ਖਾਸ ਕਰਕੇ ਓਸੇ ਦਿਨ ਹੀ ਸਾਡੇ ਗਵਾਂਢੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ, ਉਹਨਾਂ ਦੇ ਪਿੰਡ ਖੱਖ ਵਿਖੇ ਭੋਗ ਦਾ ਸੋਗ ਸਮਾਗਮ ਹੋਣ ਕਰਕੇ ਮਜਬੂਰੀ ਦੱਸੀ। ਉਹਨਾਂ ਦੇ ਸਸਕਾਰ ਸਮੇ ਮੈਂ ਜਾ ਨਹੀਂ ਸੀ ਸਕਿਆ। ਗਿਆਨੀ ਜੀ ਦੇ ਸਪੁੱਤਰ ਨਾਲ ਓਥੇ ਹਾਜਰ ਹੋਣ ਲਈ ਇਕਰਾਰ ਵੀ ਕੀਤਾ ਹੋਇਆ ਸੀ। ਸ. ਮਨਮੋਹਨ ਸਿੰਘ ਜੀ ਨੇ ਕਿਹਾ ਕਿ ਸਕੂਲ ਵਾਲਾ ਸਮਾਗਮ ਸਵੇਰ ਵੇਲੇ ਭੁਗਤ ਜਾਣਾ ਹੈ ਤੇ ਸੋਗ ਦਾ ਸਮਾਗਮ ਦੁਪਹਿਰ ਤੋਂ ਬਾਅਦ ਹੁੰਦਾ ਹੈ। ਤੁਹਾਨੂੰ ਕਾਰ ਤੇ ਉਸ ਸਮਗਾਮ ਵਿਚ ਪੁਚਾ ਦਿਆਂਗੇ। ਜਤਨ ਕੀਤਾ ਪਰ ਸੋਗ ਸਮਾਗਮ ਵਿਚ ਸਮੇ ਸਿਰ ਨਾ ਪਹੁੰਚਿਆ ਗਿਆ। ਸਾਡੇ ਜਾਂਦਿਆਂ ਨੂੰ ਸੋਗ ਸਮਾਗਮ ਸਮਾਪਤ ਹੋ ਚੁੱਕਾ ਸੀ ਤੇ ਸੰਗਤਾਂ ਵਾਪਸ ਮੁੜ ਰਹੀਆਂ ਸਨ। ਅਸੀਂ ਬਾਹਰੋਂ ਹੀ ਮੁੜ ਆਏ ਤੇ ਜੀਟੀ ਰੋਡ ਤੇ ਆਣ ਕੇ ਖੇਲਾ ਜੀ ਦੀ ਕਾਰ ਤੇ ਓਥੋਂ ਹੀ ਉਹਨਾਂ ਦੇ ਪਿੰਡ ਨੂੰ ਵਾਪਸ ਮੋੜ ਦਿਤੀ ਤੇ ਆਪ ਮੈਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚ ਗਿਆ। ਨਵਾਂ ਤਜਰਬਾ ਹੋਇਆ ਕਿ ਇਕੋ ਦਿਨ ਵਿਚ ਦੋ ਸਮਾਗਮਾਂ ਵਿਚ ਪਹੁੰਚਣਾ ਸਹਿਲਾ ਕਾਰਜ ਨਹੀਂ ਹੁੰਦਾ।
ਅਜਿਹਾ ਕੁਝ ਮੇਰੇ ਨਾਲ ਪੰਜਾਹ ਸਾਲ ਪਹਿਲਾਂ, ੧੯੬੯ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌਵੇਂ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਸਮੇ ਵੀ ਵਾਪਰਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇ ਮੇਰੀ ਡਿਊਟੀ ਦੋ ਥਾਵਾਂ ਉਪਰ ਲਗਾ ਦਿਤੀ ਗਈ ਸੀ। ਮੇਰੀ ਬੜੀ ਖਿੱਚ ਸੀ ਕਿ ਅੰਮ੍ਰਿਤਸਰ ਦੇ ਗੋਲ ਬਾਗ ਵਿਚ ਹੋ ਰਹੇ ਮੁਖ ਸਮਾਗਮ ਵਿਚ ਪਹੁੰਚਾਂ। ਇਸ ਲਈ ਰਾਹੋਂ ਵਾਲੇ ਸਮਾਗਮ ਸਮੇ ਇਕ ਦਿਨ ਪਹਿਲਾਂ ਨਿਕਲਣ ਵਾਲੇ ਜਲੂਸ ਵਿਚ ਸ਼ਾਮਲ ਹੋ ਕੇ, ਅਗਲੇ ਦੀਵਾਨਾਂ ਵਿਚ ਸ਼ਾਮਲ ਹੋਣ ਤੋਂ ਛੁੱਟੀ ਲੈ ਲਈ ਤੇ ਦੂਸਰਾ ਪ੍ਰੋਗਰਾਮ ਰੁੜਕਾ ਕਲਾਂ ਵਿਚ ਸੀ। ਓਥੇ ਦੇ ਸਮਾਗਮ ਵਿਚਲੇ ਰਾਤ ਦੇ ਇਕ ਦੀਵਾਨ ਵਿਚ ਹਾਜਰੀ ਭਰ ਕੇ, ਅਗਲੇ ਦੀਵਾਨ ਤੋਂ ਛੁੱਟੀ ਲੈ ਕੇ, ਬੱਸ ਰਾਹੀਂ ਅੰਮ੍ਰਿਤਸਰ ਨੂੰ ਭੱਜਾ। ਬੱਸ ਅੱਡੇ ਤੋਂ ਰਿਕਸ਼ਾ ਰਾਹੀਂ ਗੋਲ ਬਾਗ ਗਿਆ ਪਰ ਮੇਰੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਸਮਾਗਮ ਦੀ ਸਮਾਪਤੀ ਹੋ ਚੁੱਕੀ ਸੀ। ਇਸ ਤਰ੍ਹਾਂ, "ਸ਼ਾਹ ਵੇਲਿਉਂ ਵੀ ਰਹੀ ਤੇ ਗੋਹਲਾਂ ਤੋਂ ਵੀ ਰਹੀ। ਨਾ ਖ਼ੁਦਾ ਹੀ ਮਿਲਾ ਨਾ ਵਸਾਲੇ ਸਨਮ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।" ਮੇਰੇ ਨਾਲ ਹੋਈ।
੨੨ ਅਕਤੂਬਰ, ੨੦੧੯ ਵਾਲੇ ਦਿਨ, ੯੧ ਦੇਸਾਂ ਦੇ ਐਂਬੈਸਡਰ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਲਈ ਆਏ ਸਨ। ਉਸ ਸਮੇ ਸਿਡਨੀ ਵਾਸੀ ਸ. ਅਜਾਇਬ ਸਿੰਘ ਸਿੱਧੂ ਦੀ ਹੋਣਹਾਰ ਸਪੁੱਤਰੀ, ਹਰਿੰਦਰ ਕੌਰ ਸਿੱਧੂ ਆਸਟ੍ਰੇਲੀਆ ਸਰਕਾਰ ਵੱਲੋਂ ਦਿੱਲੀ ਵਿਚ ਹਾਈ ਕਮਿਸ਼ਨਰ ਹਨ, ਨਾਲ ਉਸ ਸਮੇ ਖਿੱਚੀ ਗਈ ਫ਼ੋਟੋ।
੨੨ ਅਕਤੂਬਰ, ੨੦੨੦ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਵਾਸਤੇ ਵੱਖ ਵੱਖ ਦੇਸ਼ਾਂ ਦੇ ੯੦ ਤੋਂ ਵਧੇਰੇ ਐਂਬੈਸਡਰਾਂ ਅਤੇ ਹਾਈ ਕਮਿਸ਼ਨਰਾਂ ਨੇ ਆਉਣਾ ਸੀ। ਬੜੀ ਇੱਛਾ ਸੀ ਕਿ ਇਸ ਰੌਣਕ ਮੇਲੇ ਨੂੰ ਵੇਖਿਆ ਜਾਵੇ ਜੋ ਕਿ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਪਰ ਓਸੇ ਦਿਨ ਹੀ ਦਰਬਾਰ ਸਾਹਿਬ ਤੋਂ ਵਾਹਵਾ ਹੀ ਦੂਰ ਗੁਰਦੁਆਰਾ ਪਲਾਹ ਸਾਹਿਬ ਵਿਖੇ, ਸਾਡੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦਾ ਸੋਗ ਸਮਾਗਮ ਸੀ। ਦੋਵੇਂ ਸਮਾਗਮ ਇਕੋ ਦਿਨ ਆ ਜਾਣ ਕਰਕੇ ਦੁਬਿਧਾ ਜਿਹੀ ਬਣ ਗਈ। ਏਧਰ ਜਾਇਆ ਜਾਵੇ ਕਿ ਓਧਰ! ਅਖੀਰ ਸੋਗ ਸਮਾਗਮ ਵਿਚ ਜਾਣ ਦਾ ਵਿਚਾਰ ਬਣਾ ਕੇ ਓਧਰ ਨੂੰ ਤੁਰ ਪਿਆ ਪਰ ਰਸਤੇ ਵਿਚ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਜੀ ਵਿਖੇ, ਆਪਣੇ ਸਾਹਿਤਕਾਰ ਮਿੱਤਰ ਸ. ਦਿਲਜੀਤ ਸਿੰਘ ਬੇਦੀ ਜੀ ਨੂੰ ਮਿਲਣ ਦਾ ਵਿਚਾਰ ਬਣਾ ਲਿਆ। ਉਹਨਾਂ ਕੋਲ ਬੈਠ ਕੇ ਗੱਲਾਂ ਗੱਲਾਂ ਵਿਚ ਸਮਾ ਯਾਦ ਹੀ ਨਾ ਰਿਹਾ ਤੇ ਸੋਗ ਸਮਾਗਮ ਵੱਲ ਪਬਲਿਕ ਟ੍ਰਾਂਸਪੋਰਟ ਰਾਹੀਂ ਤੁਰ ਪਿਆ ਪਰ ਜਾਂਦਿਆਂ ਨੂੰ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋ ਰਹੀ ਸੀ।
ਬਾਅਦ ਵਿਚ ਦੂਰ ਨੇੜੇ ਦੇ ਪਰਵਾਰਕ ਮਹੈਣ ਦੇ ਮੈਂਬਰਾਂ ਨਾਲ ਵਿਚਾਰਾਂ ਕਰਦਿਆਂ, ਲੰਗਰ ਛਕਦਿਆਂ ਸਮਾ ਬੀਤਿਆ ਕਿਉਂਕਿ ਦਰਬਾਰ ਸਾਹਿਬ ਵਾਲੇ ਸਮਾਗਮ ਵਿਚ ਪਹੁੰਚ ਸਕਣ ਦੀ ਤੇ ਕੋਈ ਆਸ ਹੀ ਨਹੀਂ ਸੀ। ਸਾਰਿਆਂ ਨਾਲ ਮਿਲ ਮਿਲਾ ਕੇ ਦਰਬਾਰ ਸਾਹਿਬ ਨੂੰ ਤੁਰ ਪਿਆ। ਜਦੋਂ ਘੰਟਾ ਘਰ ਪਹੁੰਚਿਆ ਤਾਂ ਵੇਖਿਆ ਕਿ ਸੂਚਨਾ ਕੇਂਦਰ ਦੇ ਬਾਹਰਵਾਰ ਖੁਲ੍ਹੇ ਮੈਦਾਨ ਵਿਚ ਲੱਗੇ ਵਿਸ਼ਾਲ ਸ਼ਾਮਿਆਨੇ ਅੰਦਰ ਅਜੇ ਸਮਾਗਮ ਦੀ ਸਮਾਪਤੀ ਹੀ ਹੋ ਰਹੀ ਹੈ। ਮੈਂ ਅੰਦਰ ਜਾਣ ਲੱਗਾ ਤਾਂ ਪੁਲਿਸ ਨੇ ਰੋਕ ਦਿਤਾ ਕਿਉਂਕਿ ਸੰਸਾਰ ਭਰ ਦੇ ਰਾਜਦੂਤ ਆਏ ਹੋਣ ਕਰਕੇ ਸੈਕਿਉਰਟੀ ਦਾ ਬੜਾ ਸਖ਼ਤ ਪ੍ਰਬੰਧ ਸੀ। ਮੈਂ ਹੌਸਲਾ ਨਾ ਹਾਰਿਆ ਤੇ ਪਿਛਿਲੇ ਪਾਸਿਉਂ ਜਾ ਕੇ ਸੂਚਨਾ ਕੇਂਦਰ ਦੇ ਅੰਦਰ ਰਾਹੀਂ ਹੋ ਕੇ ਪੰਡਾਲ ਵਿਚ ਜਾ ਵੜਿਆ। ਰਾਜਦੂਤਾਂ ਦੇ ਸਨਮਾਨ ਕਰਨ ਦਾ ਸਮਾਗਮ ਭਾਵੇਂ ਉਸ ਸਮੇ ਸਮਾਪਤ ਹੋ ਚੁੱਕਾ ਸੀ ਪਰ ਰਾਜਦੂਤਾਂ ਸਮੇਤ ਸੰਗਤ ਅਜੇ ਸਾਰੀ ਓਥੇ ਹੀ ਸੀ। ਦੂਰੋਂ ਮੈਨੂੰ ਸਿਡਨੀ ਵਾਲੇ ਆਪਣੇ ਮਿਤਰ ਸ. ਅਜਾਇਬ ਸਿੰਘ ਸਿੱਧੂ ਜੀ ਦੀ ਸੁਯੋਗ ਸਪੁੱਤਰੀ, ਬੀਬਾ ਹਰਿੰਦਰ ਕੌਰ ਜੀ, ਜੋ ਉਸ ਸਮੇ ਦਿੱਲੀ ਵਿਖੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸਨ, ਨੇ ਵੇਖ ਲਿਆ। ਉਹ ਬੜੇ ਉਤਸ਼ਾਹ ਨਾਲ ਮੇਰੇ ਵੱਲ ਆਏ ਅਤੇ ਆ ਕੇ ਜੱਫੀ ਪਾ ਕੇ ਬੋਲੇ, "ਹੈਲੋ ਗਿਆਨੀ ਅੰਕਲ ਜੀ, ਤੁਸੀਂ ਏਥੇ ਰਹਿੰਦੇ ਹੋ? ਮੈਂ ਕਿਹਾ, "ਨਹੀਂ ਪੁੱਤਰ ਜੀ, ਮੈਂ ਰਹਿੰਦਾ ਤੇ ਸਿਡਨੀ ਵਿਚ ਹੀ ਹਾਂ ਪਰ ਏਥੇ ਆਉਂਦਾ ਜਾਂਦਾ ਰਹਿੰਦਾ ਹਾਂ।" ਬੱਚੀ ਬੋਲੀ, "ਬੜੀ ਖ਼ੁਸ਼ੀ ਹੋਈ ਤੁਹਾਨੂੰ ਏਥੇ ਵੇਖ ਕੇ। ਮੈਂ ਤੁਹਾਡੇ ਨਾਲ ਸੈਲਫੀ ਲੈਣੀ ਹੈ। ਮੇਰੇ ਮਮ ਡੈਡ ਵੀ ਮੇਰੇ ਕੋਲ ਦਿੱਲੀ ਆਏ ਹੋਏ ਹਨ। ਉਹਨਾਂ ਨੂੰ ਵਿਖਾਵਾਂਗੀ ਕਿ ਮੈਂ ਅੰਮ੍ਰਿਤਸਰ ਵਿਚ ਗਿਆਨੀ ਅੰਕਲ ਜੀ ਨੂੰ ਮਿਲ ਕੇ ਆਈ ਹਾਂ।" ਬੱਚੀ ਨੇ ਦੋ ਚਾਰ ਸੈਲਫੀਆਂ ਲੈ ਲਈਆਂ ਤੇ ਇਕ ਫ਼ੋਟੋ ਸਾਡੀ ਦੋਹਾਂ ਦੀ, ਸ੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਸ. ਰਣਧੀਰ ਸਿੰਘ ਜੀ ਨੇ ਮੇਰੇ ਕਹਿਣ 'ਤੇ ਖਿੱਚ ਲਈ। ਇਹ ਫ਼ੋਟੋ ਮੇਰੀ ਸਿੰਘਣੀ ਕੋਲ ਸਿਡਨੀ ਪਹੁੰਚ ਗਈ ਤੇ ਉਹਨਾਂ ਅੱਗੇ ਮੈਨੂੰ ਭੇਜ ਦਿਤੀ। ਮੈਂ ਜਤਨ ਕਰਾਂਗਾ ਕਿ ਉਹ ਫ਼ੋਟੋ, ਕੁਝ ਹੋਰ ਫ਼ੋਟੋਆਂ ਸਮੇਤ ਇਸ ਲੇਖ ਵਿਚ ਵੀ ਸ਼ਾਮਲ ਹੋ ਜਾਵੇ।
ਰਾਜਦੂਤਾਂ ਦੀ ਵਿਦਾਇਗੀ ਵਾਲੇ ਪ੍ਰੋਗਰਾਮ ਦੀ ਸਫ਼ਲਤਾ ਸਹਿਤ ਸਮਾਪਤੀ ਪਿੱਛੋਂ ਓਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਅਤੇ ਬਾਕੀ ਮੁਖੀ ਦਫ਼ਤਰੀ ਸਟਾਫ਼ ਨਾਲ ਖ਼ੁਸ਼ਗਵਾਰ ਮਾਹੌਲ ਵਿਚਾਲੇ ਖੁਲ੍ਹੀਆਂ ਵਿਚਾਰਾਂ ਹੋਈਆਂ।
ਇਕ ਦਿਨ ਮੇਰੇ ਕੋਲ ਵੇਹਲ ਸੀ ਤੇ ਮੈਂ ਵੀਚਾਰ ਕੀਤਾ ਕਿ ਸੁਲਤਾਨਪੁਰ ਲੋਧੀ ਦੀ ਯਾਤਰਾ ਹੀ ਕਰ ਲਈ ਜਾਵੇ। ਅੰਮ੍ਰਿਤਸਰ ਦੇ ਬੱਸ ਅੱਡੇ ਚਲਿਆ ਗਿਆ। ਓਥੇ ਰੌਣਕ ਮੇਲਾ, ਭੀੜ ਭੜੱਕਾ, ਕੰਡਕਟਰਾਂ ਦੀਆਂ ਆਵਾਜ਼ਾਂ ਦਾ ਰਾਮ ਰੌਲਾ ਜਿਹਾ। ਮੈਨੂੰ ਵੇਖ ਕੇ ਇਕ ਕੰਡਕਟਰ ਮੇਰੇ ਦੁਆਲੇ ਹੋ ਗਿਆ। ਮੇਰੇ ਸੁਲਤਾਨਪੁਰ ਜਾਣ ਬਾਰੇ ਦੱਸਣ ਤੇ ਕਹਿੰਦਾ, "ਬੈਠੋ ਜੀ ਬੈਠੋ, ਆਹ ਬੱਸ ਜਾ ਰਹੀ ਹੈ ਸੁਲਤਾਨਪੁਰ ਨੂੰ।" ਮੈਂ ਬੱਸ ਦੇ ਅੰਦਰ ਵੜ ਕੇ ਬਹਿ ਗਿਆ। ਬੱਸ ਤਰਨ ਤਾਰਨ ਪਹੁੰਚ ਕੇ ਅੱਗੇ ਤੁਰੇ ਈ ਨਾ। ਫੇਰ ਦੱਸਿਆ ਗਿਆ ਜੀ ਕਿ ਅਹੁ ਬੱਸ ਸੁਲਤਨਪੁਰ ਨੂੰ ਜਾਣੀ ਹੈ। ਉਸ ਵਿਚ ਜਾ ਬੈਠਿਆ। ਉਹ ਗੋਇੰਦਵਾਲ ਸਾਹਿਬ ਜਾ ਕੇ ਮੁੱਕ ਗਈ। ਓਥੋਂ ਵਾਹਵਾ ਚਿਰ ਪਿੱਛੋਂ ਇਕ ਹੋਰ ਬੱਸ ਨੇ, ਰੱਬ ਰੱਬ ਕਰਕੇ ਦੁਪਹਿਰ ਪਿੱਛੋਂ, ਸੁਲਤਾਨਪੁਰ ਦੀ ਪਾਵਨ ਧਰਤੀ 'ਤੇ ਸਾਡਾ ਸਵਾਰਾ ਜਾ ਉਤਾਰਿਆ। ਜਿਧਰ ਨਿਗਾਹ ਜਾਵੇ ਬੱਸਾਂ ਹੀ ਬੱਸਾਂ ਦਿਸਣ। ਤੰਬੂਆਂ ਕਨਾਤਾਂ ਦਾ ਸ਼ਹਿਰ ਬਣਿਆ ਪਿਆ। ਥਾਂ ਥਾਂ ਲੰਗਰ ਲੱਗੇ ਹੋਏ। ਚਾਰ ਚੁਫੇਰੇ ਰੌਣਕਾਂ ਹੀ ਰੌਣਕਾਂ। ਪੁਛਦਿਆਂ ਪੁਛਾਂਦਿਆਂ, ਵਾਹਵਾ ਸਾਰਾ ਤੁਰ ਕੇ ਅਖੀਰ ਵੇਈਂ ਨਦੀ ਦੇ ਪੁਲ ਉਤੋਂ ਦੀ ਲੰਘ ਕੇ ਗੁਰਦੁਆਰਾ ਸਾਹਿਬ ਜਾ ਮੱਥਾ ਟੇਕਿਆ। ਗੁਰਦੁਆਰਾ ਬੇਰ ਸਾਹਿਬ ਜੀ ਦੇ ਨਾਲ ਹੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿਚ, ਸਜਣ ਵਾਲੇ ਸਮਾਗਮਾਂ ਵਾਸਤੇ ਬਹੁਤ ਵਿਸ਼ਾਲ ਦੀਵਾਨ ਸਥਾਨ ਸਿਰਜਿਆ ਹੋਇਆ ਦਿਸਿਆ। ਉਪਰ ਚਾਨਣੀਆਂ, ਪਾਸਿਆਂ ਤੇ ਕਨਾਤਾਂ, ਥੱਲੇ ਗੱਦਿਆਂ ਦਾ ਪੋਲਾਪਣ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਸਨ। ਉਸ ਦਿਨ ਵਿਦਿਅਕ ਸੰਸਥਾਵਾਂ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਕੀਰਤਨੀ ਜਥਿਆਂ ਵੱਲੋਂ ਆਪਣੀ ਆਪਣੀ ਕੀਰਤਨ ਕਲਾ ਦੇ ਜੌਹਰ ਵਿਖਾਏ ਜਾ ਰਹੇ ਸਨ। ਸਟੇਜ ਦੇ ਪ੍ਰਬੰਧ ਦੀ ਸੇਵਾ ਬੀਬੀ ਜਾਗੀਰ ਕੌਰ ਜੀ ਭਲੀ ਭਾਂਤ ਨਿਭਾ ਰਹੇ ਸਨ। ਕਈ ਹੋਰ ਗੁਣਾਂ ਦੇ ਮਾਲਕ ਹੋਣ ਤੋਂ ਇਲਾਵਾ ਬੀਬੀ ਜੀ ਦੀ ਕਿਸੇ ਸਮਾਗਮ ਦੀ ਸਟੇਜ ਨੂੰ ਚਲਾਉਣ ਦੀ ਕਲਾ ਵਿਚ ਵੀ ਕੋਈ ਵਿਰਲਾ ਹੀ ਇਹਨਾਂ ਦਾ ਸਾਨੀ ਹੋਵੇਗਾ। ਜਦੋਂ ਕਦੀ ਇਸ ਗੱਲ ਦੀ ਸ਼ੰਕਾ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿਚ ਵਿਰੋਧੀਆਂ ਵੱਲੋਂ ਭਾਰੀ ਹੰਗਾਮੇ ਕੀਤੇ ਜਾਣਗੇ ਤਾਂ ਸਟੇਜ ਦਾ ਕੰਟ੍ਰੋਲ ਬੀਬੀ ਜੀ ਨੂੰ ਹੀ ਸੰਭਾਲਿਆ ਜਾਂਦਾ ਹੈ ਤੇ ਬੀਬੀ ਜੀ ਸੰਕਟ ਭਰੇ ਸਮਾਗਮ ਨੂੰ ਭਲੀ ਭਾਂਤ ਨੇਪਰੇ ਚਾਹੜ ਦਿੰਦੇ ਹਨ।
ਕੁਝ ਸਮਾ ਪੰਡਾਲ ਵਿਚ ਬੈਠ ਕੇ ਨੌਜਵਾਨਾਂ ਦੇ ਕੀਰਤਨ ਦਾ ਅਨੰਦ ਮਾਣਿਆ। ਬੁਢੇ ਜੌਹੜ ਦੇ ਮਿਸ਼ਨਰੀ ਕਾਲਜ ਦੇ ਕੀਰਤਨ ਕਲਾਸ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਾ ਕਿ ਮੈਂ ਕਦੀ ਓਥੇ ਦੇ ਕੀਰਤਨ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਵੀ ਕਰਦਾ ਰਿਹਾਂ ਤਾਂ ਉਹਨਾਂ ਸਾਰੇ ਬੱਚਿਆਂ ਨੇ ਬੜਾ ਉਤਸ਼ਾਹ ਵਿਖਾਇਆ ਅਤੇ ਸਤਿਕਾਰ ਕੀਤਾ।
ਕਿਉਂਕਿ ਰਾਤ ਤੱਕ ਵਾਪਸ ਮੁੜਨ ਦਾ ਪਹਿਲਾਂ ਹੀ ਵਿਚਾਰ ਸੀ, ਇਸ ਲਈ ਕਛਹਿਰਾ, ਬਨੈਣ, ਤੌਲੀਆ, ਦਵਾਈ ਆਦਿ ਨਾਲ ਨਹੀਂ ਸੀ ਲੈ ਕੇ ਗਿਆ। ਮੁੜਨ ਲਈ ਪੰਡਾਲ ਛੱਡਣ ਲਈ ਤਿਆਰ ਹੀ ਸਾਂ ਕਿ ਸ. ਹਰਵਿੰਦਰ ਸਿੰਘ ਖ਼ਾਲਸਾ ਜੀ ਉਪਰ ਨਿਗਾਹ ਪੈ ਗਈ। ਪਹਿਲਾਂ ਕਦੀ ਮਿਲੇ ਤਾਂ ਨਹੀਂ ਸਾਂ ਪਰ ਫ਼ੋਨ ਆਦਿ ਰਾਹੀਂ ਇਕ ਦੂਜੇ ਤੋਂ ਜਾਣੂ ਸਾਂ। ਸਤਿਕਾਰ ਸਹਿਤ ਮਿਲੇ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹੀਦਾਂ ਬਾਰੇ ਨੁਮਾਇਸ਼ ਲਾਈ ਗਈ ਹੈ ਉਸ ਉਪਰ ਜਰੂਰ ਝਾਤੀ ਮਾਰ ਕੇ ਜਾਣਾ। ਇਹ ਸਾਰਾ ਕੁਝ ਏਨੇ ਵਿਸ਼ਾਲ ਘੇਰੇ ਵਿਚ ਫੈਲਿਆ ਹੋਇਆ ਸੀ ਕਿ ਸੰਗਤਾਂ ਦੀ ਸਹੂਲਤ ਲਈ ਹਰੇਕ ਪਾਸੇ ਈ-ਰਿਕਸ਼ੇ, ਟੈਂਪੂ ਆਦਿ ਸਵਾਰੀਆਂ ਏਧਰ ਓਧਰ ਪੁਚਾਉਣ ਲਈ ਲੱਗੇ ਹੋਏ ਸਨ। ਇਹਨਾਂ ਦਾ ਕਰਾਇਆ ਕੋਈ ਨਹੀਂ ਸੀ ਲੱਗਦਾ। ਅਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਨ ਪਰ ਮੈਨੂੰ ਕਦੀ ਕਿਸੇ ਉਪਰ ਸਵਾਰ ਹੋਣ ਦਾ ਮੌਕਾ ਨਾ ਮਿਲਿਆ। ਇਸ ਲਈ ਤੁਰ ਤੁਰ ਕੇ ਹੀ ਹਰੇਕ ਥਾਂ ਅੱਪੜਨ ਲਈ ਵਾਹਵਾ ਸਮਾ ਲੱਗ ਜਾਂਦਾ ਸੀ। ਖੈਰ, ਮੈਂ ਨੁਮਾਇਸ਼ ਵਿਚ ਪਹੁੰਚ ਗਿਆ। ਨੇੜ ਭੂਤਕਾਲ ਵਿਚ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ, ਸ਼ਹੀਦਾਂ ਆਦਿ ਨੂੰ ਤਸਵੀਰਾਂ ਅਤੇ ਉਹਨਾਂ ਥੱਲੇ ਲਿਖੀਆਂ ਕੈਪਸ਼ਨਾਂ ਰਾਹੀਂ ਸਫ਼ਲਤਾ ਸਹਿਤ ਦਰਸਾਇਆ ਹੋਇਆ ਸੀ।
ਵਾਪਸ ਮੁੜਨ ਦੀ ਵੀ ਕਾਹਲੀ ਸੀ। ਬੱਸਾਂ ਵਾਲੇ ਥਾਂ ਪਹੁੰਚਿਆ। ਕੁਝ ਪਤਾ ਨਾ ਲੱਗੇ ਕਿ ਕਿਧਰੋਂ ਆਇਆ ਸਾਂ ਤੇ ਹੁਣ ਕੇਹੜੀ ਬੱਸ ਵਿਚ ਚੜ੍ਹਾਂ। ਜਿਸ ਨੂੰ ਵੀ ਪੁੱਛਾਂ ਉਹ ਵੱਖ ਵੱਖ ਬੱਸਾਂ ਦੀ ਹੀ ਦਸ ਪਾਵੇ। ਅਖੀਰ ਇਕ ਬੱਸ ਵਿਚ ਵੜ ਗਿਆ। ਉਸ ਵਿਚਲੀਆਂ ਸਵਾਰੀਆਂ ਨੂੰ ਵੀ ਪੁੱਛੀ ਗਿਆ। ਕਿਉਂਕਿ ਕਦੀ ਬਹੁਤ ਪਹਿਲਾਂ ਕਿਸੇ ਤੋਂ ਸੁਣਿਆ ਹੋਇਆ ਸੀ ਕਿ ਪੁੱਛਦਾ ਪੁੱਛਦਾ ਤੇ ਬੰਦਾ ਲਾਹੌਰ ਜਾ ਵੜਦਾ ਹੈ। ਉਹ ਬੱਸ ਮੈਨੂੰ ਮਖੂ ਨੂੰ ਜਾਣ ਵਾਲੀ ਸੜਕ ਤੇ ਲੈ ਆਈ। ਓਥੇ ਕਿਸੇ ਦੇ ਦੱਸਣ ਤੇ ਕਿ ਏਥੋਂ ਬੱਸ ਮਖੂ ਵਾਲੀ ਮਿਲੂਗੀ ਤੇ ਓਥੋਂ ਅੱਗੇ ਤਰਨ ਤਾਰਨ ਜਾਂ ਅੰਮ੍ਰਿਤਸਰ ਵਾਲੀ ਮਿਲੂਗੀ, ਮੈਂ ਉਤਰ ਗਿਆ। ਓਥੇ ਮੈਂ ਕੁਝ ਸਵਾਰੀਆਂ ਖਲੋਤੀਆਂ ਨੂੰ ਵੇਖ ਕੇ, ਕਦੀ ਸੜਕ ਦੇ ਇਕ ਪਾਸੇ ਦੇ ਅੱਡੇ ਤੇ ਖਲੋਵਾਂ ਤੇ ਕਦੇ ਕਿਸੇ ਦੇ ਦੱਸਣ ਤੇ ਸੜਕ ਦੇ ਦੂਜੇ ਪਾਸੇ ਦੌੜ ਕੇ ਜਾਵਾਂ। ਅਖੀਰ ਇਕ ਬੱਸ ਵਿਚ ਮੈਂ ਧੁੱਸ ਦੇ ਕੇ ਘੁਸਰ ਹੀ ਗਿਆ। ਉਸ ਵਿਚਲੀਆਂ ਸਵਾਰੀਆਂ ਵੀ ਆਖਣ ਕਿ ਇਹ ਬੱਸ ਮਖੂ ਨੂੰ ਨਹੀਂ ਜਾਣੀ ਪਰ ਮੈਂ ਇਹ ਸੋਚ ਕੇ ਨਾ ਉਤਰਿਆ ਕਿ ਕੋਈ ਗੱਲ ਨਹੀਂ ਜਾ ਤੇ ਉਸ ਪਾਸੇ ਹੀ ਰਹੀ ਆ ਨਾ! ਕੁਝ ਸਮੇ ਬਾਅਦ ਮੈਂ ਵੇਖਿਆ ਕਿ ਉਹ ਬੱਸ ਉਸ ਏਰੀਏ ਵਿਚ ਲੱਗੀਆਂ ਫਰੀ ਬੱਸਾਂ ਵਿਚ ਹੀ ਜਾ ਕੇ ਖਲੋ ਗਈ। ਸਵਾਰੀਆਂ ਉਤਰਨ ਲੱਗੀਆਂ ਤੇ ਮੈਂ ਵੀ ਉਤਰ ਕੇ ਸੜਕ ਉਪਰ ਫੇਰ ਖਲੋ ਗਿਆ। ਹਰੇਕ ਬੱਸ, ਸਕੂਟਰ, ਟੈਂਪੂ ਆਦਿ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਅਖੀਰ ਇਕ ਮੋਟਰ ਸਾਈਕਲ ਵਾਲਾ ਰੁਕਿਆ ਤੇ ਕਹਿੰਦਾ ਮੈਂ ਤੇ ਨੇੜੇ ਹੀ ਜਾ ਕੇ ਆਪਣੇ ਪਿੰਡ ਨੂੰ ਮੁੜ ਜਾਣਾ ਹੈ। ਮੈਂ ਕਿਹਾ, "ਚਲ ਓਥੋਂ ਤੱਕ ਤੇ ਲੈ ਕੇ ਚੱਲ।" ਸੋਚਿਆ ਕਿ ਕੁਝ ਨਾ ਕੁਝ ਤੇ ਮਖੂ ਦੇ ਨੇੜੇ ਵੱਲ ਜਾਵਾਂਗਾ ਹੀ। ਉਹ ਕੁਝ ਕਿਲੋ ਮੀਟਰ ਤੱਕ ਲੈ ਗਿਆ। ਓਥੇ ਸੜਕ ਕੇ ਖਲੋ ਕੇ ਮੈਂ ਫੇਰ ਹਰੇਕ ਬੱਸ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਇਕ ਕਾਰ ਨੇੜੇ ਆ ਕੇ ਰੁੱਕੀ। ਵਿਚੋਂ ਗਿਅਨੀ ਜਿਹਾ ਬੰਦਾ ਨਿਕਲਿਆ। ਵੇਖਿਆ ਤਾਂ ਉਹ ਗਿ. ਗੁਰਦੀਪ ਸਿੰਘ ਦੀਪਕ ਢਾਡੀ ਜੀ ਸਨ। ਸਿਡਨੀ ਵਿਚ ਉਹਨਾਂ ਦੇ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਿਆ ਸੀ ਤੇ ਅਸੀਂ ਇਕ ਦੂਜੇ ਨੂੰ ਜਾਣਦੇ ਸਾਂ। ਸਮੱਸਿਆ ਪੁੱਛੀ ਦੱਸੀ। ਉਹਨਾਂ ਨੇ ਆਪਣੇ ਪਿੰਡ ਰਾਤ ਰਹਿਣ ਲਈ ਸੁਲਾਹ ਮਾਰੀ। ਨਾਂਹ ਤੇ ਕਰਨੀ ਹੀ ਸੀ। ਮਖੂ ਤੱਕ ਪੁਚਾਉੁਣ ਦੀ ਉਹਨਾਂ ਦੀ ਪੇਸ਼ਕਸ਼ ਨੂੰ ਵੀ ਸਵੀਕਾਰਨਾ ਸਹੀ ਨਾ ਸਮਝ ਕੇ ਮੈਂ ਸਿਰ ਫੇਰ ਦਿਤਾ। ਇਸ ਵਿਚਾਰ ਨਾਲ ਅਸੀਂ ਸਹਿਮਤ ਹੋ ਗਏ ਕਿ ਉਹ ਮੈਨੂੰ ਅਗਲੇ ਵੱਡੇ ਬੱਸ ਅੱਡੇ ਤੇ ਛੱਡ ਕੇ ਅਪਣੇ ਪਿੰਡ ਚਲੇ ਨੂੰ ਜਾਣਗੇ। ਹੋ ਸਕਦਾ ਹੈ ਕਿ ਇਹ ਨਿੱਕਾ ਅੱਡਾ ਹੋਣ ਕਰਕੇ ਬੱਸ ਨਾ ਰੁਕਦੀ ਹੋਵੇ ਤੇ ਓਥੇ ਰੁਕ ਜਾਂਦੀ ਹੋਵੇ! ਜਦੋਂ ਮੈਂ ਵੇਖਿਆ ਕਿ ਓਥੇ ਵੀ ਇਹੋ ਹਾਲ ਹੈ ਤੇ ਹਨੇਰਾ ਵੀ ਹੋਈ ਜਾ ਰਿਹਾ ਹੈ ਤਾਂ ਫਿਰ ਸੜਕ ਦੇ ਨੇੜੇ ਹੀ ਮੈਂ ਠਾਣੇ ਵਿਚ ਜਾ ਵੜਿਆ ਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ। ਇਕ ਹੌਲਦਾਰ ਉਠ ਕੇ ਮੇਰੇ ਨਾਲ ਤੁਰ ਪਿਆ ਤੇ ਤੁਰੇ ਜਾਂਦਿਆਂ ਕਹਿੰਦਾ, "ਗਿਆਨੀ ਜੀ, ਫਿਕਰ ਨਾ ਕਰੋ। ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਭੇਜ ਹੀ ਦਿਆਂਗੇ।" ਛੇਤੀ ਹੀ ਚਿੱਟੇ ਰੰਗ ਦੀ ਇਕ ਕਾਰ ਆਉਂਦੀ ਦਿਸੀ ਤਾਂ ਉਸ ਨੇ ਰੁਕਵਾ ਲਈ। ਉਸ ਵਿਚ ਚੰਗੀ ਪੁਜ਼ੀਸ਼ਨ ਵਲੇ ਦੋ ਹਿੰਦੂ ਜੈਂਟਲਮੈਨ ਬੈਠੇ ਸਨ। ਹੌਲਦਾਰ ਨੇ ਮੇਰੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਪਿੰਡ ਤੇ ਸਾਡਾ ਭਾਵੇਂ ਪੰਜ ਕੁ ਮੀਲ ਪਹਿਲਾਂ ਆਉਂਦਾ ਹੈ ਪਰ ਅਸੀਂ ਗਿਆਨੀ ਜੀ ਨੂੰ ਮਖੂ ਦੇ ਬੱਸ ਅੱਡੇ ਤੱਕ ਛੱਡ ਆਵਾਂਗੇ ਪਰ ਰਾਹ ਵਿਚ ਇਕ ਸਾਮੀ ਤੋਂ ਅਸੀਂ ਉਗਰਾਹੀ ਕਰਨੀ ਹੈ, ਓਥੇ ਕੁਝ ਮਿੰਟ ਰੁਕਣਾ ਪੈ ਸਕਦਾ ਹੈ।
ਮੁਕਦੀ ਗੱਲ ਕਿ ਉਹਨਾਂ ਨੇ ਮੈਨੂੰ ਮਖੂ ਦੀ ਸੜਕ ਉਤੇ ਉਤਾਰ ਦਿਤਾ। ਉਸ ਸਮੇ ਤੱਕ ਵਾਹਵਾ ਹਨੇਰਾ ਹੋ ਚੁੱਕਾ ਸੀ। ਮੈਂ ਸੋਚਿਆ ਕਿ ਕਿਤੇ ਅੱਡਾ ਹੋਵੇਗਾ ਪਰ ਅੱਡਾ ਉਡਾ ਕੋਈ ਨਹੀਂ ਸੀ ਓਥੇ। ਆਲੇ ਦੁਆਲਿਉਂ ਪੁੱਛਣ ਤੇ ਪਤਾ ਲੱਗਾ ਕਿ ਇਹੋ ਹੀ ਸੜਕ ਦਾ ਕਿਨਾਰਾ ਹੈ ਜਿੱਥੋਂ ਬੱਸਾਂ ਤਰਨ ਤਾਰਨ ਵੱਲ ਦੀਆਂ ਸਵਾਰੀਆਂ ਚੁੱਕਦੀਆਂ ਹਨ। ਚਾਰ ਚੁਫੇਰੇ ਘੁੱਪ ਹਨੇਰਾ ਸੀ ਪਰ ਇਸ ਹਨੇਰੇ ਦਾ ਇਕ ਲਾਭ ਇਹ ਸੀ ਕਿ ਲੰਘਣ ਵਾਲੇ ਭਾਰੀ ਟਰੱਕਾਂ ਅਤੇ ਹੋਰ ਟਰੈਫਿਕ ਦਾ ਉਡਾਇਆ ਘੱਟਾ ਆਪਣੇ ਸਿਰ ਮੂੰਹ ਉਪਰ ਪੈਂਦਾ ਦਿਸਦਾ ਨਹੀਂ ਸੀ।
ਵਾਹਵਾ ਚਿਰ ਉਸ ਘੱਟੇ ਭਰੇ ਹਨੇਰੇ ਵਿਚ ਖਲੋਤੇ ਰਹਿਣ ਪਿਛੋਂ, "ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ" ਇਕ ਬੱਸ ਆ ਹੀ ਗਈ ਤੇ ਉਹ ਮੇਰੇ ਨੇੜੇ ਖਲੋ ਵੀ ਗਈ। ਕੁਝ ਸਵਾਰੀਆਂ ਉਤਰ ਗਈਆਂ ਤੇ ਮੈਂ ਇਕੱਲਾ ਹੀ ਓਥੋਂ ਉਸ ਬੱਸ ਵਿਚ ਸਵਾਰ ਹੋ ਗਿਆ। ਟਿਕਟ ਲੈਣ ਸਮੇ ਕੰਡਕਟਰ ਨੇ ਦੱਸਿਆ ਕਿ ਇਹ ਬੱਸ ਅੰਮ੍ਰਿਤਸਰ ਤੱਕ ਜਾਣੀ ਹੈ। ਅੱਧੀ ਰਾਤ ਤੋਂ ਵਾਹਵਾ ਪਿੱਛੋਂ ਅੰਮ੍ਰਿਤਸਰ ਵਿਚ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਬੱਸੋਂ ਉਤਰ ਕੇ ਜਾ ਭਰਾ ਦੇ ਘਰ ਦਾ ਬੂਹਾ ਖੜਕਾਇਆ। ਇਉਂ ਹੋਈ ਮੇਰੀ ਯਾਤਰਾ ਸੁਲਤਨਪੁਰ ਲੋਧੀ ਦੀ। ਰਾਤ ਤੱਕ ਵਾਪਸ ਮੁੜਨ ਦਾ ਵਿਚਾਰ ਬਣਾ ਕੇ ਮੈਂ ਆਪਣਾ ਕੋਈ ਟਿੰਡ ਫਹੁੜੀ ਨਾ ਲੈ ਕੇ ਗਿਆ, ਨਹੀਂ ਤਾਂ ਓਥੇ ਰਾਤ ਰਹਿਣ ਦੀ ਕੋਈ ਸਮੱਸਿਆ ਨਹੀਂ ਸੀ। ਪਿਛਲੇ ਸਾਲ ਦੀ ਯਾਤਰਾ ਸਮੇ ਓਥੇ ਦੇ ਮੈਨੇਜਰ ਸਾਹਿਬ ਨੇ ਮੇਰੀ ਰਿਹਾਇਸ਼ ਅਤੇ ਪ੍ਰਸ਼ਾਦੇ ਦਾ ਬਹੁਤ ਸੋਹਣਾ ਪ੍ਰਬੰਧ ਕਰਵਾ ਦਿਤਾ ਸੀ। ਹੈਡ ਗ੍ਰੰਥੀ ਗਿ. ਗੁਰਦੀਪ ਸਿੰਘ ਜੀ ਵੀ ਮੇਰੇ ਮਿੱਤਰ ਬਣ ਗਏ ਸਨ। ਸ਼ਹੀਦ ਸਿਖ ਮਿਸ਼ਨਰੀ ਕਾਲਜ ਦੀ ਸੁਲਤਾਨਪੁਰ ਲੋਧੀ ਵਾਲੀ ਬਰਾਂਚ ਦੇ ਇਨਚਾਰਜ ਸ. ਦਇਆ ਸਿੰਘ ਸੰਧੂ ਵੀ ਰਾਤ ਰਹਿਣ ਦਾ ਪ੍ਰਬੰਧ ਕਰ ਸਕਦੇ ਸਨ। ਇਹਨਾਂ ਤੋਂ ਇਲਾਵਾ ਸਿਡਨੀਉਂ ਗਏ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਵੀ, ਸੰਤ ਸੀਂਚੇਵਾਲ ਦੇ ਆਸ਼ਰਮ ਵਿਚ ਮੇਰੇ ਰਾਤ ਕੱਟਣ ਦਾ ਪ੍ਰਬੰਧ ਕਰ ਸਕਦੇ ਸਨ ਪਰ ਮਨ ਵਿਚ ਮੁੜ ਜਾਣ ਦਾ ਵਿਚਾਰ ਹੀ ਹਾਵੀ ਰਿਹਾ, ਹੋਰ ਕੁਝ ਸੋਚ ਆਈ ਹੀ ਨਹੀਂ। ਵੈਸੇ ਸ਼ੂਗਰ ਦੀ ਦਵਾਈ ਦੀ ਇਕ ਗੋਲੀ ਵੀ ਕਿਤਿਉਂ ਮਿਲ ਸਕਦੀ ਸੀ, ਏਡੀ ਵੱਡੀ ਕੇਹੜੀ ਗੱਲ ਸੀ। ਕਛਹਿਰੇ ਤੌਲੀਏ ਦਾ ਪ੍ਰਬੰਧ ਵੀ ਹੋ ਈ ਸਕਦਾ ਸੀ। ਬਨੈਣ ਇਕ ਦਿਨ ਨਾ ਵੀ ਬਦਲਦਾ ਤਾਂ ਕੇਹੜੀ ਆਖਰ ਆ ਚੱਲੀ ਸੀ। ਮੇਲੇ ਦਾ ਭਾਰੀ ਰਸ਼ ਕਰਕੇ ਨਾ ਵੀ ਕੋਈ ਸੌਣ ਦਾ ਪ੍ਰਬੰਧ ਹੁੰਦਾ ਤਾਂ ਦੀਵਾਨ ਦੇ ਪੰਡਾਲ ਵਿਚ ਵੀ ਰਾਤ ਕੱਟੀ ਜਾ ਸਕਦੀ ਸੀ। ਰਹੀ ਸਵੇਰੇ ਨਹਾਉਣ ਵਾਲੀ ਗੱਲ, ਉਸ ਵਾਸਤੇ ਓਥੋਂ ਕਿਸੇ ਨਾ ਕਿਸੇ ਜਥੇਦਾਰ ਦਾ ਕਛਹਿਰਾ ਵਰਤਿਆ ਹੀ ਜਾ ਸਕਦਾ ਸੀ ਪਰ.....।
ਇਸ ਤਰ੍ਹਾਂ ਪਰਵਾਰਕ, ਭਾਈਚਾਰਕ, ਵਿਦਿਅਕ ਸਮਾਗਮਾਂ ਵਿਚ ਵੱਖ ਵੱਖ ਸਥਾਨਾਂ ਉਪਰ ਭਾਗ ਲੈਂਦਾ ਹੋਇਆ ਪੁਰਾਣੇ ਸੱਜਣਾਂ ਦੇ ਦਰਸ਼ਨ ਮੇਲੇ ਕਰ ਰਿਹਾ ਸਾਂ ਕਿ ਸਿਡਨੀ ਤੋਂ ਛੋਟੇ ਭਰਾ ਸ. ਦਲਬੀਰ ਸਿੰਘ ਜੀ ਨੇ ਫ਼ੋਨ ਰਾਹੀਂ ਦੱਸਿਆ ਕਿ ਏਥੇ ਦੇ ਭਾਰਤੀ ਦੂਤਾਵਾਸ ਵਾਲੇ ਮੈਨੂੰ ਲੱਭ ਰਹੇ ਹਨ। ਜਿਵੇਂ ਭਾਰਤ ਸਰਕਾਰ ਨੇ ਦੂਜੀਆਂ ਕਈ ਸਿੱਖ ਧਰਮ ਨਾਲ ਸਬੰਧਤ ਸ਼ਤਾਬਦੀਆਂ ਮਨਾਈਆਂ ਸਨ ਓਵੇਂ ਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਵੀ ਭਾਰਤ ਸਰਕਾਰ ਵੱਲੋਂ ਮਨਾਈ ਜਾ ਰਹੀ ਹੈ। ਉਸ ਸ਼ਤਾਬਦੀ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਬਾਹਰਲੇ ਦੇਸਾਂ ਵਿਚੋਂ ਕੁਝ ਕੁ ਚੋਣਵੇਂ ਸਿੱਖਾਂ ਨੂੰ ਸੱਦਿਆ ਗਿਆ ਹੈ। ਉਹਨਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦੇਣ ਵਾਸਤੇ ਉਹ ਮੈਨੂੰ ਵੀ ਲੱਭ ਰਹੇ ਸਨ। ਪੁੱਛਦੇ ਪੁਛਾਉਂਦੇ ਉਹ ਮੈਨੂੰ ਸੰਪਰਕ ਕਰਨ ਵਿਚ ਸਫ਼ਲ ਹੋ ਗਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਭਾ ਜੀ ਹੋਰੀਂ ਤੇ ਪਹਿਲਾਂ ਹੀ ਅੰਮਿਤ੍ਰਸਰ ਵਿਚ ਹਨ। ਅਧਿਕਾਰੀ ਨੇ ਕਿਹਾ ਕਿ ਚੰਗਾ ਉਹ ਓਥੋਂ ਹੀ ਇਸ ਡੈਲੀਗੇਸ਼ਨ ਨਾਲ ਸ਼ਾਮਲ ਹੋ ਜਾਣ। ਆਸਟ੍ਰੇਲੀਆ ਵਿਚਲੇ ਭਾਰਤੀ ਸਰਕਾਰੀ ਅਧਿਕਾਰੀ ਅਤੇ ਮੇਰੇ ਵਿਚਕਾਰ ਫ਼ੋਨ ਰਾਹੀਂ ਹੋਈ ਦੋਵੱਲੀ ਗੱਲ ਬਾਤ ਅਨੁਸਾਰ, ਮੈਂ ਸ੍ਰੀ ਅੰਮ੍ਰਿਤਸਰੋਂ ਹੀ ਉਸ ਡੈਲੀਗੇਸ਼ਨ ਵਿਚ ਸ਼ਾਮਲ ਹੋ ਗਿਆ। ਮੈਨੂੰ ਉਸ ਡੈਲੀਗੇਸ਼ਨ ਵਿਚ ਸੰਸਾਰ ਭਰ ਦੀਆਂ ਪ੍ਰਸਿਧ ਮੁਖੀ ਅਤੇ ਆਗੂ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਹੈਰਾਨੀ ਭਰੀ ਖ਼ੁਸ਼ੀ ਪ੍ਰਾਪਤ ਹੋਈ। ੬ ਨਵੰਬਰ ਸ਼ਾਮ ਤੋਂ ਲੈ ਕੇ ੧੨ ਨਵੰਬਰ, ੨੦੧੯ ਸ਼ਾਮ ਤੱਕ, ਸਾਡੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਬਣਾਏ ਗਏ ਪ੍ਰੋਗਰਾਮ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ ਉਪਰ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਵਾਈ ਗਈ।
੯ ਨਵੰਬਰ ਵਾਲੇ ਦਿਨ ਸ੍ਰੀ ਕਰਤਾਰ ਸਾਹਿਬ ਜੀ ਦੇ ਲਾਂਘੇ ਦੇ ਉਦਘਾਟਨ ਸਮੇ ਗੁਰਦੁਆਰਾ ਕਤਰਤਾਰ ਸਾਹਿਬ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹ ਭਰਿਆ ਇਕੱਠ।
ਅਸੀਂ ਮੁਕੰਮਲ ਤੌਰ ਤੇ ਬਣਾਏ ਗਏ ਪ੍ਰੋਗਰਾਮ ਅਨੁਸਾਰ ਭਾਰਤ ਸਰਕਾਰ ਦੇ ਕੰਟਰੋਲ ਵਿਚ ਸਾਂ। ਰਣਜੀਤ ਐਵੇਨਿਊ ਵਿਚਲੇ ਹੌਲੀਡੇ ਇੰਨ ਵਿਚ ਸਾਨੂੰ ਰੱਖਿਆ ਗਿਆ ਸੀ ਤੇ ਓਥੋਂ ਹੀ ਸਵੇਰ ਵੇਲੇ ਛਾਹ ਵੇਲਾ ਕਰਵਾ ਕੇ, ਸਾਨੂੰ ਬੱਸਾਂ ਵਿਚ ਬੈਠਾ ਕੇ ਹਰੇਕ ਦਿਨ ਵਾਸਤੇ ਬਣਾਏ ਗਏ ਪ੍ਰੋਗਰਾਮ ਦੀ ਸੂਚੀ ਅਨੁਸਾਰ ਹੀ ਉਹਨਾਂ ਸਥਾਨਾਂ ਉਪਰ ਲਿਜਾਇਆ ਜਾਂਦਾ ਸੀ। ੭ ਨਵੰਬਰ ਵਾਲੇ ਦਿਨ ਸਾਨੂੰ ਸ੍ਰੀ ਦਰਬਾਰ ਸਾਹਿਬ ਜੀ, ਜਲ੍ਹਿਆਂ ਵਾਲਾ ਬਾਗ, ਦੇਸ ਵੰਡ ਵਾਲਾ ਅਜਾਇਬ ਘਰ ਆਦਿ ਦੀ ਯਾਤਰਾ ਕਰਵਾਈ ਗਈ। ੮ ਨਵੰਬਰ ਨੂੰ ਦੁਰਗਿਆਣਾ ਮੰਦਰ, ਗੋਬਿੰਦਗੜ੍ਹ ਕਿਲ੍ਹਾ, ਅਟਾਰੀ ਸਰਹੱਦ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਗਈ।
੯ ਨਵੰਬਰ ਵਾਲੇ ਸ੍ਰੀ ਕਰਤਾਰ ਸਾਹਿਬ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਜਥੇ ਨੇ ਜਾਣਾ ਸੀ। ਜਦੋਂ ਜਾਣ ਵਾਲਿਆਂ ਦੀ ਲਿਸਟ ਵੇਖੀ ਤਾਂ ਉਸ ਵਿਚ ਮੇਰਾ ਨਾਂ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਏਥੋਂ ਸ਼ਾਮਲ ਹੋਇਆ ਹੋਣ ਕਰਕੇ ਪੁਲਿਸ ਦੀ ਵੈਰੀਫੀਕੇਸ਼ਨ ਵਾਲੀ ਕਾਰਵਾਈ ਵਿਚ ਨਾ ਆਇਆ ਹੋਵਾਂ ਪਰ ਮੇਰੇ ਇਲਾਵਾ ੧੦ ਜਣੇ ਹੋਰਾਂ ਦਾ ਵੀ ਇਹੋ ਹਾਲ ਸੀ। ਮੈਂ ਇਹ ਵੀ ਕਿਹਾ ਕਿ ਡੇਹਰਾ ਬਾਬਾ ਨਾਨਕ ਤੱਕ ਮੈਨੂੰ ਲੈ ਚੱਲੋ। ਓਥੋਂ ਜੇ ਸੈਕਿਉਰਟੀ ਵਾਲਿਆਂ ਨੇੇ ਮੈਨੂੰ ਅੱਗੇ ਨਾ ਜਾਣ ਦਿਤਾ ਤਾਂ ਮੈਂ ਵਾਪਸ ਆ ਜਾਵਾਂਗਾ ਪਰ ਮੇਰੀ ਇਹ ਬੇਨਤੀ ਅਧਿਕਾਰੀ ਨਹੀਂ ਮੰਨੇ। ਵੈਸੇ ਇਕ ਬੀਬੀ ਚੁੱਪ ਚੁਪੀਤੇ ਕਿਸੇ ਤਰ੍ਹਾਂ ਬੱਸ ਵਿਚ ਬੈਠ ਗਈ ਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਜਾ ਵੀ ਆਈ। ਮੈਨੂੰ ਇਸ ਗੱਲ ਦਾ ਅਫ਼ਸੋਸ ਵੀ ਕੋਈ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਦੋ ਵਾਰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਆਇਆ ਹੋਇਆ ਸਾਂ। ਹੁਣ ਓਥੇ ਦੀ ਹੋਈ ਨਵੀਂ ਡਿਵੈਲਮਪੈਂਟ ਹੀ ਵੇਖਣੀ ਸੀ ਜੇਹੜੀ ਕਿ ਫ਼ੋਟੋਆਂ ਰਾਹੀਂ ਵੀ ਵੇਖੀ ਜਾ ਰਹੀ ਹੈ। ਵੈਸੇ ਇਹ ਗੱਲ ਤੇ ਹੋਈ ਕਿ ਮੈਂ ਦੋਹਾਂ ਦੇਸ਼ਾਂ ਦੇ, ਇਸ ਅਦੁਤੀ ਮਹਾਨ ਧਾਰਮਿਕ ਸਥਾਨ ਉਪਰ ਸਦਭਾਵਨਾ ਭਰੇ ਮਹਾਨ ਇਕੱਠ ਦਾ ਹਿੱਸਾ ਨਾ ਬਣ ਸਕਿਆ। ਮੇਰੇ ਛੋਟੇ ਭਰਾ ਸ. ਦਲਬੀਰ ਸਿੰਘ ਜੀ ਅਤੇ ਸਾਡੇ ਚਚੇਰੇ ਭਰਾ ਨਿਊ ਯਾਰਕ ਤੋਂ, ਭਾਈ ਰਣਜੀਤ ਸਿੰਘ ਜੀ, ਇਸ ਆਪਣੀ ਕਿਸਮ ਦੇ ਪਹਿਲੇ ਮਹਾਨ ਧਾਰਮਿਕ ਸਮਾਗਮ ਵਿਚ ਭਰਪੂਰ ਹਿੱਸਾ ਪਾ ਆਏ। ਸਾਨੂੰ ਯਾਰਾਂ ਯਾਤਰੂਆਂ ਨੂੰ, ਜੇਹੜੇ ਓਥੇ ਜਾਣੋ ਰਹਿ ਗਏ ਸਨ, ਉਹਨਾਂ ਸਾਰਿਆਂ ਨੂੰ ਬੱਸ ਉਪਰ ਬੈਠਾ ਕੇ ਸਾਡੀ ਇੱਛਾ ਅਨੁਸਾਰ ਹੀ ਪ੍ਰਬੰਧਕ ਸਾਨੂੰ ਸ੍ਰੀ ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਆਦਿ ਸਥਾਨਾਂ ਦੇ ਦਰਸ਼ਨ ਕਰਵਾ ਲਿਆਏ। ਖਡੂਰ ਸਾਹਿਬ ਸੰਤ ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਵਾਤਾਵਰਨ ਦੀ ਸ਼ੁਧਤਾਈ ਹਿਤ ਕੀਤੀਆਂ ਜਾ ਰਹੀਆਂ ਮਹਾਨ ਸੇਵਾਵਾਂ ਦੇ ਦਰਸ਼ਨ ਕਰਕੇ ਸੰਗਤ ਨੇ ਹਾਰਦਿਕ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਬਾਬਾ ਜੀ ਨੇ, ਯਾਦਗਾਰ ਵਜੋਂ, ਸਾਡੇ ਹੱਥੀ ਆਪਣੇ ਔਰਗੈਨਿਕ ਬਾਗ ਵਿਚ ਇਕ ਬੂਟਾ ਵੀ ਲਗਵਾਇਆ। ਲੰਗਰ ਵੀ ਅਸੀਂ ਸਾਰਿਆਂ ਨੇ ਓਥੇ ਹੀ ਛਕਿਆ।
੧੦ ਨਵੰਬਰ ਵਾਲੇ ਦਿਨ ਭਾਰਤ ਸਰਕਾਰ ਦੇ ਮੰਤਰੀ ਸ. ਹਰਦੀਪ ਸਿੰਘ ਪੁਰੀ ਵੱਲੋਂ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਮਹਾਨ ਹਸਤੀਆਂ ਵੀ ਸ਼ਾਮਲ ਹੋਈਆਂ। ਉਸ ਦਿਨ ਕੁਝ ਹੋਰ ਵੀ ਸਰਗਰਮੀਆਂ ਰਹੀਆਂ।
ਯਾਰਾਂ ਨਵੰਬਰ ੨੦੧੯ ਵਾਲੇ ਦਿਨ, ਜਲੰਧਰ ਦੇ ਇਕ ਹੋਟਲ ਵਿਚ, ਪੰਜਾਬ ਦੇ ਮੁਖ ਮੰਤਰੀ ਵੱਲੋਂ ਦਿਤੇ ਗਏ ਡਿੱਨਰ ਸਮੇ ਬੈਠੇ ਖੱਬਿਉਂ ਸੱਜੇ: ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ, ਸ. ਅਵਤਾਰ ਸਿੰਘ ਬਰਮਿੰਘਮ ਤੋਂ, ਫਰਾਂਸ ਤੋਂ ਇਕ ਗੁਰਸਿੱਖ ਜੋੜਾ, ਸ. ਦਲਬੀਰ ਸਿੰਘ ਅਤੇ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਤੋਂ ਅਤੇ ਇਕ ਹੋਰ ਸਰਦਾਰ ਜੀ।
ਡਿੱਨਰ ਸਮੇ ਹੀ ਖੱਬਿਉਂ: ਗਿ. ਸੰਤੋਖ ਸਿੰਘ, ਨੀਨਾ ਗਿੱਲ ਐਮ.ਪੀ, ਇੰਗਲੈਂਡ ਤੋਂ ਯੂਰਪੀਅਨ ਪਾਰਲੀਮੈਂਟ ਦੀ ਮੈਂਬਰ, ਬਰਮਿੰਘ ਤੋਂ ਸ. ਅਵਤਾਰ ਸਿੰਘ, ਲੰਡਨੋ ਸ. ਜਸਵੰਤ ਸਿੰਘ ਠੇਕੇਦਾਰ ਅਤੇ ਸਿਡਨੀ ਤੋਂ ਸ. ਦਲਬੀਰ ਸਿੰਘ
੧੧ ਨਵੰਬਰ ਵਾਲੇ ਦਿਨ ਨੂੰ ਰਾਤ ਦਾ ਖਾਣਾ ਪੰਜਾਬ ਦੇ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਦੇ ਇਕ ਹੋਟਲ ਵਿਚ ਸੀ ਤੇ ਓਥੇ ਹੀ ਹੋਟਲ ਵਿਚ ਰਾਤ ਦਾ ਟਿਕਾਣਾ ਵੀ ਸੀ, ਜਿੱਥੋਂ ਅਗਲੇ ਦਿਨ ੧੨ ਨਵੰਬਰ ਨੂੰ ਸਾਨੂੰ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮ ਵਿਚ ਲੈ ਕੇ ਜਾਣਾ ਸੀ। ਸਾਨੂੰ ਬੱਸਾਂ ਰਾਹੀਂ ਪਹਿਲਾਂ ਡੇਹਰਾ ਬਾਬਾ ਨਾਨਕ ਖੜ ਕੇ, ਓਥੇ ਭਾਰਤ ਸਰਕਾਰ ਵੱਲੋਂ ਬਣਾਏ ਜਾ ਰਹੇ ਦਫ਼ਤਰ ਵਿਖਾਏ ਗਏ। ਭਾਰਤ ਵਾਲੇ ਪਾਸਿਉਂ ਸੜਕ ਅਤੇ ਪੁਲ ਬਣਾ ਕੇ ਐਨ ਸਰਹੱਦ ਤੱਕ ਦਰਿਆ ਰਾਵੀ ਦੇ ਉਪਰ ਤੱਕ ਤਿਆਰ ਹੋ ਚੁੱਕਿਆ ਸੀ ਤੇ ਉਸ ਤੋਂ ਅੱਗੇ ਪਾਕਿਸਤਾਨ ਵਾਲੇ ਪਾਸਿਉਂ ਸੜਕ ਅਤੇ ਪੁਲ ਬਣ ਕੇ ਉਸ ਨਾਲ ਜੋੜਿਆ ਜਾਣਾ ਸੀ ਤੇ ਫੇਰ ਉਸ ਸੜਕ ਅਤੇ ਰਾਵੀ ਉਪਰ ਬਣੇ ਪੁਲ ਰਾਹੀਂ, ਸ੍ਰੀ ਕਰਤਾਰਪੁਰ ਸਾਹਿਬ ਨੂੰ ਆਵਾਜਾਈ ਸ਼ੁਰੂ ਹੋਣੀ ਸੀ। ਉਸ ਸਮੇ ਪਾਕਿਸਤਾਨ ਵਾਲੇ ਪਾਸਿਉਂ ਅਜੇ ਸੜਕ ਆਰੰਭ ਹੋਈ ਨਹੀਂ ਸੀ ਦਿਸ ਰਹੀ।
ਡਿੱਨਰ ਸਮੇ ਹੀ ਮੁਖ ਮੰਤਰੀ ਵੱਲੋਂ ਡੇਲੀਗੇਸ਼ਨ ਦੇ ਮੈਂਬਰਾਂ ਦਾ ਕਿਤਾਬਾਂ ਅਤੇ ੴ ਵਾਲਾ ਮੋਮੈਂਟੋ ਭੇਟਾ ਕਰਕੇ ਸਨਮਾਨ ਕੀਤਾ ਗਿਆ।
ਸਾਡੇ ਜਥੇ ਵਿਚ ਜੇਹੜਾ ਸੱਜਣ, ਜਿਸ ਦਾ ਇਸ ਵੇਲੇ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਤਰੀ ਆਇਰਲੈਂਡੋ ਆਇਆ ਹੋਇਆ ਸੀ, ਉਹ ਅੰਮ੍ਰਿਤਸਰ ਵਾਲੇ ਹੋਟਲ ਵਿਚ ਇਕ ਦਿਨ ਮੈਨੂੰ ਆਖਣ ਲੱਗਾ ਕਿ ਉਸ ਦੇ ਪੁਰਖਿਆਂ ਦਾ ਪਿੰਡ ਡੇਹਰਾ ਬਾਬਾ ਨਾਨਕ ਦੇ ਨੇੜੇ ਹੈ। ਉਸ ਦਾ ਪੜਦਾਦਾ ਇਸ ਪਿੰਡ ਤੋਂ ਕੀਨੀਆ ਚਲਿਆ ਗਿਆ ਸੀ ਤੇ ਉਸ ਦੇ ਬਜ਼ੁਰਗਾਂ ਦੇ ਜਨਮ ਵੀ ਕੀਨੀਆ ਵਿਚ ਹੀ ਹੋਏ ਸਨ। ਕੁਦਰਤੀਂ ਉਸ ਦਾ ਜਨਮ ਇਸ ਪਿੰਡ ਵਿਚ ਹੀ ਹੋਇਆ ਸੀ ਕਿਉਂਕਿ ਉਸ ਸਮੇ ਉਹਨਾਂ ਦਾ ਸਾਰਾ ਪਰਵਾਰ ਕੀਨੀਆ ਤੋਂ ਛੁੱਟੀਆਂ ਮਨਾਉਣ ਪਿੰਡ ਵਿਚ ਆਇਆ ਹੋਇਆ ਸੀ। ਉਸ ਦੇ ਪਿੰਡ ਦਾ ਨਾਂ ਝੰਗੀ ਸ਼ਾਹ ਜਹਾਨ ਸੀ। ਉਸ ਨੇ ਇੱਛਾ ਪਰਗਟ ਕੀਤੀ ਕਿ ਚੰਗਾ ਹੋਵੇ ਜੇ ਉਹ ਆਪਣੇ ਬਜ਼ੁਰਗਾਂ ਦੇ ਪਿੰਡ ਦੀ ਯਾਤਰਾ ਕਰ ਲਵੇ।
ਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਨੇ ਸਾਨੂੰ ੧੨ ਨਵੰਬਰ ਨੂੰ ਗੁਰਪੁਰਬ ਦੇ ਸਮਾਗਮਾਂ ਤੋਂ ਬਾਅਦ ਵੇਹਲਿਆਂ ਕਰ ਦੇਣਾ ਹੈ ਤੇ ੧੩ ਨੂੰ ਆਪਾਂ ਬੱਸ ਰਾਹੀਂ ਤੁਹਾਡੇ ਪਿੰਡ ਜਾ ਆਵਾਂਗੇ। ਉਸ ਨੇ ਕਿਹਾ ਕਿ ਤੇਰਾਂ ਰਾਤ ਨੂੰ ਉਸ ਦੀ ਅੰਮ੍ਰਿਤਸਰੋਂ ਫਲਾਈਟ ਹੈ। ਮੈਂ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਫਿਰ ਟੈਕਸੀ ਰਾਹੀਂ ਦਿਨੇ ਦਿਨੇ ਪਿੰਡ ਜਾ ਆਵਾਂਗੇ ਤੇ ਫਲਾਈਟ ਦੇ ਸਮੇ ਤੋਂ ਪਹਿਲਾਂ ਹੀ ਵਾਪਸ ਆ ਜਾਵਾਂਗੇ।
ਹੁਣ ਜਦੋਂ ਡੇਹਰਾ ਬਾਬਾ ਨਾਨਕ ਦੀ ਯਾਤਰਾ ਕਰ ਰਹੇ ਸਾਂ ਤਾਂ ਉਸ ਨੇ ਆਪਣਾ ਵਿਚਾਰ ਮੈਨੂੰ ਦੱਸਿਆ ਕਿ ਚੰਗਾ ਹੋਵੇ ਜੇ ਆਪਾਂ ਏਥੋਂ ਹੀ ਸਰਕਾਰੀ ਅਧਿਕਾਰੀਆਂ ਤੋਂ ਛੁੱਟੀ ਲੈ ਕੇ ਪਿੰਡ ਦਾ ਫੇਰਾ ਵੀ ਮਾਰ ਆਈਏ। ਮੈਂ ਆਪਣੇ ਜਥੇ ਨਾਲ ਦੀ ਪੁਲਿਸ ਪਾਰਟੀ ਦੇ ਮੁਖੀ ਅਫ਼ਸਰ ਨਾਲ ਗੱਲ ਕੀਤੀ ਤੇ ਉਸ ਨੂੰ ਆਪਣਾ ਵਿਚਾਰ ਦੱਸ ਕੇ ਕਿਹਾ ਕਿ ਤੁਸੀਂ ਆਪਣੇ ਪ੍ਰੋਗਰਾਮ ਅਨੁਸਾਰ ਆਪਣੀ ਯਾਤਰਾ ਜਾਰੀ ਰੱਖੋ; ਅਸੀਂ ਪਿੰਡ ਦਾ ਚੱਕਰ ਲਾ ਕੇ, ਰਾਤ ਦੇ ਖਾਣੇ ਦੇ ਸਮੇ ਤੱਕ ਜਲੰਧਰ ਹੋਟਲ ਵਿਚ ਪਹੁੰਚ ਜਾਵਾਂਗੇ ਪਰ ਉਸ ਨੇ ਸਪੱਸ਼ਟ ਨਾਂਹ ਕਰ ਦਿਤੀ। ਕੁਝ ਕੁ ਪਲਾਂ ਪਿੱਛੋਂ ਉਸ ਨੇ ਇਕ ਸਾਦੇ ਕੱਪੜਿਆਂ ਵਾਲੇ ਵੱਡੇ ਸਿਵਿਲ ਅਫਸਰ ਵੱਲ ਇਸ਼ਾਰਾ ਕਰ ਕੇ, ਮੈਨੂੰ ਉਸ ਨਾਲ ਗੱਲ ਕਰਨ ਲਈ ਕਿਹਾ। ਮੈਂ ਉਸ ਨੂੰ ਸਾਰਾ ਕੁਝ ਜਾ ਦੱਸਿਆ। ਪਹਿਲਾਂ ਤੇ ਉਸ ਨੇ ਵੀ ਨਾਂਹ ਕਰ ਦਿਤੀ ਪਰ ਥੋਹੜੇ ਕੁ ਪਲ ਸੋਚ ਕੇ ਮੱਥੇ ਉਪਰ ਵਲ ਜਿਹੇ ਪਾ ਕੇ ਆਖਿਆ, "ਸਾਡੀ ਕਾਰ ਅਤੇ ਨਾਲ ਸਾਡੇ ਦੋ ਬੰਦੇ ਤੁਹਾਡੇ ਨਾਲ ਸੈਕਿਉਰਟੀ ਵਾਲੇ ਜਾਣਗੇ ਤਾਂ ਤੁਸੀਂ ਪਿੰਡ ਵੇਖਣ ਜਾ ਸਕਦੇ ਹੋ।" ਸਾਡੇ ਲਈ ਤੇ ਸਗੋਂ ਇਹ ਹੋਰ ਵੀ ਚੰਗੀ ਗੱਲ ਹੋਈ; ਨਹੀਂ ਤੇ ਸਾਨੂੰ ਓਥੋਂ ਕੋਈ ਟੈਕਸੀ ਟੂਕਸੀ ਭਾੜੇ 'ਤੇ ਕਰਨ ਲਈ ਲੱਭਣੀ ਪੈਣੀ ਸੀ।
ਉਹਨਾਂ ਦੀ ਕਾਰ ਵਿਚ ਅਸੀਂ ਚਾਰ ਜਣੇ, ਦੋ ਅਸੀਂ ਅਤੇ ਦੋ ਸਰਕਾਰੀ ਅਫਸਰ ਉਸ ਦੇ ਪਿੰਡ, ਜਿਸ ਦਾ ਨਾਂ ਝੰਗੀ ਸ਼ਾਹ ਜਹਾਨ ਤੋਂ ਬਦਲ ਕੇ ਹੁਣ ਝੰਗੀ ਪੰਨੂਆਂ ਰੱਖਿਆ ਜਾ ਚੁੱਕਾ ਸੀ, ਪਹੁੰਚ ਗਏ।
ਪਿੰਡ ਵਿਚ ਪਹੁੰਚ ਕੇ ਜਿਸ ਪਹਿਲੇ ਹੀ ਚੁਬਾਰੇ ਉਪਰਲੇ ਖੁਲ੍ਹੇ ਥਾਂ ਸਾਨੂੰ ਘਰ ਵਾਲੇ ਦਿਸੇ, ਓਥੇ ਹੀ ਅਸੀਂ ਚਾਰੇ ਜਣੇ ਪਹੁੰਚ ਗਏ। ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਪਹਿਲਾਂ ਤੇ ਘਰ ਵਾਲਿਆਂ ਨੇ ਅਣਜਾਣਤਾ ਪਰਗਟ ਕੀਤੀ ਪਰ ਜਦੋਂ ਉਸ ਸੱਜਣ ਨੇ ਆਪਣੇ ਦਾਦੇ ਪੜਦਾਦੇ ਦਾ ਨਾਂ ਲਿਆ ਤਾਂ ਉਸ ਘਰ ਦੇ ਬਜ਼ੁਰਗ ਨੂੰ ਯਾਦ ਆ ਗਿਆ। ਉਸ ਨੇ ਉਹਨਾਂ ਦੀ ਜ਼ਮੀਨ ਜਾਇਦਾਦ ਦੀਆਂ ਨਿਸ਼ਾਨੀਆਂ ਦੱਸੀਆਂ। ਇਹ ਵੀ ਦੱਸਿਆ ਕਿ ਜਿਥੇ ਉਹਨਾਂ ਦਾ ਖੂਹ ਹੁੰਦਾ ਸੀ, ਉਸ ਉਪਰ ਦੀ ਹੁਣ ਸੜਕ ਲੰਘਦੀ ਹੈ ਤੇ ਖੂਹ ਸੜਕ ਦੇ ਥੱਲੇ ਆ ਗਿਆ ਹੈ। ਘਰ ਦੀ ਸੁਘੜ ਸੁਆਣੀ ਨੇ ਚਾਹ ਰੋਟੀ ਲਈ ਜੋਰ ਲਾਇਆ ਪਰ ਲੋੜ ਨਾ ਹੋਣ ਕਰਕੇ ਅਸੀਂ ਨਾਂਹ ਹੀ ਕਰਨੀ ਸੀ। ਸੱਜਣ ਜੀ ਵਾਪਸ ਮੁੜਨ ਲਈ ਤਿਅਰ ਹੋ ਗਏ। ਮੈਂ ਇਕ ਤੋਂ ਵਧੇਰੀ ਵਾਰ ਕਿਹਾ ਵੀ ਕਿ ਪਿੰਡ ਵਿਚ ਆਪਾਂ ਗੇੜਾ ਦੇ ਲੈਂਦੇ ਹਾਂ। ਹੋਰ ਲੋਕਾਂ ਨੂੰ ਮਿਲ ਲਵੋ। ਆਪਣੀ ਜ਼ਮੀਨ ਵਗੈਰਾ ਦਾ ਚੱਕਰ ਲਾ ਲਵੋ ਪਰ ਪਤਾ ਨਹੀਂ ਕੀ ਕਾਰਨ ਹੋਇਆ, ਉਸ ਨੇ ਕਿਹਾ ਕਿ ਬੱਸ ਮੇਰੀ ਏਨੇ ਨਾਲ ਹੀ ਤਸੱਲੀ ਹੋ ਗਈ ਹੈ। ਸ਼ਾਇਦ ਉਸ ਨੂੰ ਆਪਣੇ ਪੁਰਖਿਆਂ ਦੇ ਪਿੰਡ ਵਿਚ ਜਾ ਕੇ ਉਹਨਾਂ ਦੀ ਯਾਦ ਆ ਗਈ ਹੋਵੇ ਅਤੇ ਉਸ ਦਾ ਹੋਰ ਆਪਣੇ ਜਜ਼ਬਾਤ ਉਪਰ ਕਾਬੂ ਨਾ ਰਿਹਾ ਹੋਵੇ ਪਰ ਜ਼ਾਹਰਾ ਤੌਰ ਤੇ ਮੈਨੂੰ ਅਜਿਹਾ ਕੁਝ ਉਸ ਦੇ ਚੇਹਰੇ ਤੋਂ ਨਹੀਂ ਦਿਸਿਆ। ਭਾਵੇਂ ਕਿ ਨਾਲ ਵਾਲੇ ਸਰਕਾਰੀ ਅਫ਼ਸਰਾਂ ਨੇ ਵੀ ਵਾਪਸ ਮੁੜਨ ਦੀ ਕੋਈ ਕਾਹਲੀ ਨਹੀਂ ਸੀ ਵਿਖਾਈ ਪਰ ਉਸ ਦੇ ਜੋਰ ਦੇਣ 'ਤੇ ਅਸੀਂ ਓਥੋਂ ਹੀ ਵਾਪਸ ਮੁੜ ਆਏ। ਸਾਡੀਆਂ ਬੱਸਾਂ ਜਾ ਚੁੱਕੀਆਂ ਸਨ। ਅਸੀਂ ਓਸੇ ਕਾਰ ਵਿਚ ਜਲੰਧਰ ਵੱਲ ਤੁਰ ਪਏ। ਰਸਤੇ ਵਿਚ ਕਰਤਾਰਪੁਰ ਵਿਖੇ ਬਣੇ ਵਾਰ ਮੈਮੋਰੀਅਲ ਦੇ ਸਾਹਮਣੇ ਸਾਡੀ ਇਕ ਬੱਸ ਖਲੋਤੀ ਸੀ। ਅਸੀਂ ਵੀ ਰੁਕ ਕੇ ਉਹਨਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਦੂਜੀ ਬੱਸ ਅੱਗੇ ਤੁਰ ਗਈ ਹੈ ਤੇ ਉਹ ਵੀ ਤੁਰ ਰਹੇ ਹਨ। ਅਸੀਂ ਵੀ ਕਾਰ ਵਿਚ ਹੀ ਅੱਗੇ ਜਲੰਧਰ ਨੂੰ ਚੱਲ ਪਏ ਅਤੇ ਸਾਰੇ ਜਣਿਆਂ ਨੇ ਜਲੰਧਰ ਵਿਚਲੇ ਨਿਸਚਿਤ ਹੋਟਲ ਵਿਚ ਜਾ ਕੇ ਡੇਰਾ ਲਾ ਲਿਆ। ਹੋਟਲ ਦਾ ਨਾਂ ਹੁਣ ਭੁੱਲ ਗਿਆ ਹੈ। ਰਾਤ ਦਾ ਖਾਣਾ ਸ਼ੁਰੂ ਹੋਣ ਤੋਂ ਵਾਹਵਾ ਚਿਰ ਪਹਿਲਾਂ ਮੁਖ ਮੰਤਰੀ ਸਾਹਿਬ ਵੀ, ਆਪਣੀ ਪਤਨੀ ਬੀਬੀ ਪ੍ਰਨੀਤ ਕੌਰ ਐਮ.ਪੀ. ਜੀ ਸਮੇਤ, ਆਪਣੇ ਲਾਓ ਲਸ਼ਕਰ ਨੂੰ ਨਾਲ ਲੈ ਕੇ ਆ ਗਏ। ਬੜਾ ਖ਼ੁਸ਼ਗਵਾਰ ਮਾਹੌਲ ਬਣਿਆਂ। ਮੁਖ ਮੰਤਰੀ ਜੀ ਨੇ ਡੇਲੀਗੇਸ਼ਨ ਦੇ ਇਕੱਲੇ ਇਕਲੇ ਮੈਂਬਰ ਨੂੰ ਮਿਲ ਕੇ ਹਾਲ ਚਾਲ ਅਤੇ ਪੰਜਾਬ ਵਿਚਲੇ ਪਿਛੋਕੜ ਬਾਰੇ ਜਾਣਕਾਰੀ ਪੁੱਛੀ। ਜਦੋਂ ਮੇਰੇ ਛੋਟੇ ਭਰਾ ਜੀ, ਸੂਬੇਦਾਰ ਦਲਬੀਰ ਸਿੰਘ ਦੀ ਛਾਤੀ ਉਪਰ ਲੱਗਾ ਮੈਡਲਾਂ ਦਾ ਥੱਬਾ ਸਾਰਾ ਵੇਖਿਆ ਤਾਂ ਵਾਹਵਾ ਸਮਾ ਦੋ ਸਾਬਕਾ ਫੌਜੀਆਂ ਦੀ ਆਪਸ ਵਿਚ ਗੱਲ ਬਾਤ ਹੁੰਦੀ ਰਹੀ। ਉਨੀ ਸੌ ਪੈਂਹਠ ਅਤੇ ਇਕੱਧਰ ਵਾਲੀਆਂ ਜੰਗਾਂ ਦੋਹਾਂ ਨੇ ਲੜੀਆਂ ਹੋਣ ਕਰਕੇ, ਉਹਨਾਂ ਨੇ ਆਪਸ ਵਿਚ ਜੰਗਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਖਾਣੇ ਤੋਂ ਬਾਅਦ ਜਥੇ ਵਿਚੋਂ ਦੋ ਸੱਜਣਾਂ ਨੇ ਸੰਖੇਪ ਭਾਸ਼ਨ ਦਿਤੇ। ਬੋਲਣ ਵਾਲੇ ਇਕ ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ ਅਤੇ ਦੂਜੇ ਸ. ਅਵਤਾਰ ਸਿੰਘ ਬਰਮਿੰਘਮ ਤੋਂ ਸਨ। ਸ. ਅਵਤਾਰ ਸਿੰਘ ਨੇ ਮੁਖ ਮੰਤਰੀ ਅੱਗੇ ਤਿੰਨ ਮੰਗਾਂ ਰੱਖੀਆਂ: ਇਕ ਤੇ ਸ਼ਰੀਕਾਂ ਵੱਲੋਂ ਬਾਹਰ ਗਿਆਂ ਉਪਰ ਝੂਠੀਆਂ ਐਫ.ਆਈ.ਆਰ. ਦਰਜ ਕਰਵਾਈਆਂ ਜਾਂਦੀਆਂ ਨੇ; ਉਹਨਾਂ ਦਾ ਛੇਤੀ ਤੋਂ ਛੇਤੀ ਅਤੇ ਸਹੀ ਨਿਪਟਾਰਾ ਹੋਣਾ ਚਾਹੀਦਾ ਹੈ। ਦੂਜਾ ਨਾਜਾਇਜ਼ ਫੜੇ ਸਿੱਖ ਰਿਹਾ ਹੋਣੇ ਚਾਹੀਦੇ ਹਨ। ਤੀਜੀ ਮੰਗ ਸੀ ਕਿ ਸਜ਼ਾ ਭੁਗਤ ਚੁੱਕੇ ਸਿੱਖਾਂ ਨੂੰ ਜੇਹਲਾਂ ਵਿਚੋਂ ਰਿਹਾ ਕੀਤਾ ਜਾਵੇ। ਤਿੰਨਾਂ ਹੀ ਮੰਗਾਂ ਦੇ ਮੁਖ ਮੰਤਰੀ ਸਾਹਿਬ ਨੇ, ਸਿਆਸੀ ਪੱਖੋਂ ਢੁਕਵੇਂ, ਉਤਰ ਦੇ ਕੇ ਡੇਲੀਗੇਟ ਦੇ ਮੈਂਬਰਾਂ ਦੀ ਤਸੱਲੀ ਕਰਵਾ ਦਿਤੀ। ਉਪ੍ਰੰਤ ਜਥੇ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਂ ਬਾਰੇ ਛਪਵਾਈਆਂ ਕਿਤਾਬਾਂ ਅਤੇ ਚਾਂਦੀ ਦੇ ਬਣੇ ੴ ਵਾਲੇ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।
ਰਾਤ ਹੋਟਲ ਵਿਚ ਕੱਟ ਕੇ ਅਗਲੇ ਸਵੇਰੇ ਸ਼ਾਹ ਵੇਲਾ ਹੋਟਲ ਵਿਚੋਂ ਹੀ ਕਰਕੇ ਜਥੇ ਵੱਲੋਂ ਬੱਸਾਂ ਰਾਹੀਂ ਗੁਰਦੁਆਰਾ ਸੁਲਤਾਨਪੁਰ ਵਿਚ ਸਜੇ ਸਮਾਗਮ ਵੱਲ ਚਾਲੇ ਪਾ ਦਿਤੇ ਗਏ। ਭੀੜ ਭੜੱਕੇ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਖੜਨ ਦੀ ਬਜਾਇ ਸਿਧਾ ਸਰਕਾਰੀ ਪੰਡਾਲ ਵਿਚ ਹੀ ਲੈ ਗਏ। ਮੁਖ ਦਰਵਾਜੇ ਦੀ ਬਜਾਇ ਸਟੇਜ ਦੇ ਕੋਲੋਂ ਇਕ ਛੋਟੇ ਜਿਹੇ ਰਾਹ ਥਾਣੀ ਲੰਘਾ ਕੇ ਸਾਨੂੰ ਮੋਹਰਲੀ ਕਤਾਰ ਵਿਚ ਜਾ ਬੈਠਾਇਆ। ਬਹੁਤ ਵਿਸ਼ਾਲ ਸਟੇਜ ਉਪਰ, ਵਿਚਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਗੁਰੂ ਸਾਹਿਬ ਜੀ ਦੇ ਖੱਬੇ ਪਾਸੇ ਸਟੇਜ ਉਪਰ ਬਹੁਤ ਸਾਰੇ ਵੱਖ ਵਖ ਸੰਪਰਦਾਵਾਂ ਦੇ ਸਾਧੂ ਸਜੇ ਹੋਏ ਸਨ। ਸੱਜੇ ਪਾਸੇ ਮਾਈਕ ਵਾਲੀ ਸਟੇਜ ਸੀ ਅਤੇ ਨਾਲ ਹੀ ਮੁਖ ਮੰਤਰੀ ਜੀ ਦੀ ਅਗਵਾਈ ਹੇਠ ਬਹੁਤ ਸਾਰੇ ਕਾਂਗਰਸੀ ਅਤੇ ਪੰਜਾਬ ਸਰਕਾਰ ਦੇ ਆਗੂ ਬੈਠੇ ਹੋਏ ਸਨ। ਏਥੇ ਪ੍ਰਧਾਨ ਮੰਤਰੀ ਜੀ, ਰਾਸ਼ਟਰਪਤੀ ਜੀ ਅਤੇ ਹੋਰ ਵੀ ਵੱਡੇ ਵੱਡੇ ਪਦਵੀਧਾਰੀ ਸੱਜਣ ਵੀ ਆਉਂਦੇ ਰਹੇ ਤੇ ਬੋਲਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਏ ਅਤੇ ਥੋਹੜਾ ਕੁ ਸਮਾ ਬੈਠ ਕੇ ਵਾਪਸ ਚਲੇ ਗਏ। ਇਸ ਸਾਰੇ ਕੁਝ ਵਿਚੋਂ ਮੈਨੂੰ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਦੀਵਾਨਾਂ ਵਾਲੀ ਰੌਣਕ ਅਤੇ ਉਤਸ਼ਾਹ ਨਾ ਦਿਖਾਈ ਦਿਤਾ।
੧੨ ਨਵੰਬਰ ਗੁਰਪੁਰਬ ਵਾਲੇ ਦਿਨ, ਗੁਰਦਆਰਾ ਸਾਹਿਬ ਸੁਲਤਾਨ ਪੁਰ ਵਿਖੇ ਸਜੇ ਪੰਜਾਬ ਵਿਚ ਡੈਲੀਗੇਸ਼ਨ ਨੂੰ ਲਿਜਾ ਕੇ ਮੋਹਰਲੀ ਕਤਾਰ ਵਿਚ ਬੈਠਾਇਆ ਗਿਆ: ਬੈਠੇ: ਸ. ਦਲਬੀਰ ਸਿੰਘ ਗਿ. ਸੰਤੋਖ ਸਿੰਘ ਅਤੇ ਸ. ਇਕਬਾਲ ਸਿੰਘ ਭੱਟੀ।
ਕੁਝ ਸਮੇ ਬਾਅਦ ਸਾਨੂੰ ਸਮਾਗਮ ਵਿਚੋਂ ਉਠਾ ਕੇ ਲੰਗਰ ਵਿਚ ਲੈ ਗਏ। ਕਹਿੰਦੇ ਲੰਗਰ ਛਕ ਲਓ। ਅਸੀਂ ਬੈਠੇ ਉਡੀਦੇ ਰਹੇ ਕਿ ਲੰਗਰ ਹੁਣ ਆਉਂਦਾ, ਹੁਣ ਆਉਂਦਾ ਪਰ ਆਇਆ ਈ ਨਾ। ਇਕ ਬੰਦਾ ਆਣ ਕੇ ਸਾਨੂੰ ਉਠਣ ਲਈ ਕਹਿੰਦਾ ਕਿ ਇਹ ਥਾਂ ਵੇਹਲਾ ਕਰ ਦਿਓ; ਏਥੇ ਸੰਤਾਂ ਦੀ ਪੰਗਤ ਲੱਗਣੀ ਆਂ। ਅਸੀਂ ਉਠ ਕੇ ਖਲੋ ਗਏ। ਵਾਹਵਾ ਸਮਾ ਏਧਰ ਓਧਰ ਝਾਤੀਆਂ ਮਾਰੀਆਂ ਪਰ ਸਾਡੇ ਪੱਲੇ ਕੁਝ ਨਾ ਪਿਆ। ਫੇਰ ਮੈਂ ਆਪਣੇ ਜਥੇ ਵਿਚ ਸ਼ਾਮਲ, ਯੂਰਪੀਅਨ ਯੂਨੀਅਨ ਦੀ ਐਮ.ਪੀ. ਨੀਨਾ ਗਿੱਲ ਜੀ ਨੂੰ ਕਿਹਾ, "ਜਾਹ ਬੀਬਾ, ਤੂੰ ਜਾ ਕੇ ਲੰਗਰ ਵਿਚੋਂ ਕੁਝ ਰੋਟੀਆਂ ਚੁੱਕ ਲਿਆ!" ਉਹ ਗਈ ਤੇ ਕੁਝ ਸਮੇ ਬਾਅਦ ਪਕੌੜਿਆਂ ਦੀ ਪਰਾਤ ਭਰੀ ਚੁੱਕ ਲਿਆਈ ਤੇ ਕਿਹਾ, ਰੋਟੀਆਂ ਤੇ ਮੈਨੂੰ ਲੱਭੀਆਂ ਨਹੀਂ, ਮੈਂ ਆਹ ਗਰਮਾ ਗਰਮ ਪਕੌੜੇ ਕਢਵਾ ਲਿਆਈ ਆਂ।
"ਮੈਂ ਆ ਵੇਖਿਆ ਨਾ, ਤਾ। ਦੋ ਗਰਮ ਗਰਮ ਪਕੌੜੇ ਪਰਾਤੋਂ ਚੁੱਕੇ ਤੇ ਤੁਰੇ ਜਾਂਦੇ ਖਾ ਕੇ ਟੂਟੀ ਤੋਂ ਪਾਣੀ ਪੀ ਲਿਆ। ਦੂਜਿਆਂ ਨੇ ਵੀ ਇਉਂ ਹੀ ਕੀਤਾ ਹੋਵੇਗਾ!
ਫਿਰ ਸਾਨੂੰ ਸਾਰਿਆਂ ਨੂੰ ਇਕ ਥਾਂ ਇਕੱਠੇ ਕਰਕੇ ਖਲ੍ਹਿਆਰ ਲਿਆ। ਅਸੀਂ ਸੋਚਿਆ ਕਿ ਹੁਣ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਲਈ ਖੜਨਗੇ ਪਰ ਪਤਾ ਲੱਗਾ ਕਿ ਹੁਣ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਵਾਲੇ ਹੋਟਲ ਜਾਂ ਜਿੱਥੇ ਅਸੀਂ ਜਾਣਾ ਚਾਹੀਏ ਓਥੇ ਆਪਣੇ ਆਪਣੇ ਟਿਕਾਣਿਆਂ 'ਤੇ ਛੱਡਣਗੇ। ਅਸੀਂ ਮੱਥਾ ਟੇਕਣ ਜਾਣ ਲਈ ਆਖਿਆ ਤਾਂ ਜਵਾਬ ਮਿਲਿਆ ਕਿ ਹੁਣ ਸਮਾ ਨਹੀਂ। ਵੈਸੇ ਵੀ ਲੌਢਾ ਵੇਲਾ ਹੋ ਗਿਆ ਸੀ। ਉਹਨਾਂ ਕਿਹਾ ਕਿ ਉਹ ਸਾਨੂੰ ਸਾਰਿਆਂ ਨੂੰ ਲੋਇ ਲੋਇ ਹੋਟਲ ਜਾਂ ਸਾਡੇੇੇ ਟਿਕਾਣਿਆਂ 'ਤੇ ਪੁਚਾਉਣਗੇ ਤੇ ਫਿਰ ਉਹ ਆਪੋ ਆਪਣੇ ਘਰੀਂ ਜਾ ਸਕਣਗੇ। ਸਾਰੇ ਜਣੇ ਬੱਸਾਂ ਵਿਚ ਵੜ ਗਏ। ਸਾਡੇ ਵਾਲੀ ਬੱਸ ਅੰਮ੍ਰਿਤਸਰ ਨੂੰ ਤੁਰ ਪਈ। ਜਦੋਂ ਜੀ.ਟੀ. ਰੋਡ ਤੋਂ ਬਾਈਪਾਸ ਨੂੰ ਹੋ ਗਈ ਤੇ ਜਦੋਂ ਵੱਲਾ ਪਿੰਡ ਦੇ ਬਰਾਬਰ ਆਈ ਤਾਂ ਅਸੀਂ ਕਿਹਾ ਕਿ ਸਾਨੂੰ ਦੋਹਾਂ ਭਰਾਵਾਂ ਨੂੰ ਏਥੇ ਉਤਾਰ ਦਿਓ। ਅਸੀ ਦੋਵੇਂ ਥਰੀ ਵੀ੍ਹਲਰ ਰਾਹੀਂ ਗੁਰਦੁਆਰਾ ਸ਼ਹੀਦਾਂ ਵੱਲ ਚੱਲ ਪਏ। ਮੈਂ ਤੇ ਛੋਟੇ ਭਰਾ ਸ. ਸੇਵਾ ਸਿੰਘ ਦੇ ਘਰ ਚਲਿਆ ਗਿਆ ਤੇ ਭਰਾ ਸ. ਦਲਬੀਰ ਸਿੰਘ ਆਪਣੀ ਬੱਚੀ ਦੇ ਘਰ ਨੂੰ ਚਲੇ ਗਏ।
ਇਸ ਤਰ੍ਹਾਂ ਅਸੀਂ ਸੱਤ ਦਿਨਾਂ ਦੀ ਸਰਕਾਰੀ ਮਿੱਠੀ ਕੈਦ ਵਿਚੋਂ ਰਿਹਾ ਹੋ ਕੇ ਮੁਕੰਮਲ ਤੌਰ ਤੇ ਆਜ਼ਾਦ ਹੋ ਗਏ। ਇਹ ੧੨ ਨਵੰਬਰ ਤਕਾਲਾਂ ਦਾ ਵੇਲਾ ਸੀ।
ਇਸ ਪਾਸਿਉਂ ਵੇਹਲਾ ਹੋ ਕੇ ਮੈਂ ਫਿਰ ਅਗਲੇ ਦਿਨ ਬਾਕੀ ਰੁਝੇਵਿਆਂ ਵਿਚ ਰੁੱਝਣ ਦੇ ਨਾਲ ਨਾਲ ਸਿੰਘ ਬ੍ਰਦਰਜ਼ ਵਾਲੇ ਸ. ਗੁਰਸਾਗਰ ਸਿੰਘ ਜੀ ਦੀ ਪਹਿਲਾਂ ਨਾਲੋਂ ਵੇਧੇਰੇ ਹਾਜਰੀ ਭਰਨੀ ਸ਼ੁਰੂ ਕਰ ਦਿਤੀ। ਹਰੇਕ ਯਾਤਰਾ ਵਾਂਗ ਇਸ ਵਾਰੀ ਵੀ ਮੈਂ ਆਪਣੀ ਇਕ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਉਹਨਾਂ ਨੂੰ ਛਾਪਣ ਵਾਸਤੇ ਆਉਂਦੇ ਸਾਰ ਹੀ ਦੇ ਦਿਤੀ ਸੀ। ਸ. ਗੁਰਸਾਗਰ ਸਿੰਘ ਜੋ ਇਕਰਾਰ ਕਰੇ ਉਸ ਉਪਰ ਪੂਰਾ ਉਤਰਦਾ ਹੈ। ਉਸ ਦੀ ਇਸ ਪ੍ਰੋਫ਼ੈਸ਼ਨਲ ਕਾਰੋਬਾਰੀ ਇਮਾਨਦਾਰੀ ਦਾ ਮੈਂ ਬਹੁੁਤ ਪ੍ਰਸੰਸਕ ਹਾਂ। ਆਪਣੀ ਆਦਤ ਤੋਂ ਮਜਬੂਰ ਮੈਂ ਇਸ ਗੱਲ ਦੀ ਗਾਹੇ ਬਗਾਹੇ ਪ੍ਰਸੰਸਾ ਵੀ ਕਰ ਦਿੰਦਾ ਹਾਂ। ਭਾਵੇਂ ਗੁਰਬਾਣੀ ਦਾ ਉਪਦੇਸ਼ ਤਾਂ ਸਪੱਸ਼ਟ ਹੈ, "ਉਸਤਤਿ ਨਿੰਦਾ ਦੋਊ ਤਿਆਗੈ" ਪਰ ਮੇਰੀ ਇਹ ਕਮਜੋਰੀ ਹੈ ਕਿ ਹਰੇਕ ਚੰਗੀ ਗੱਲ ਦੀ ਪ੍ਰਸੰਸਾ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕਦਾ। ਸ਼ਾਇਦ ਇਸ ਵਾਰੀ ਮੇਰੀ ਮੰਦੀ ਨਜਰ ਲੱਗ ਗਈ ਉਸ ਨੂੰ, ਉਹ ਮੇਰੀ ਕਿਤਾਬ ਛਾਪਣ ਬਾਰੇ, ਜਦੋਂ ਵੀ ਜਾ ਕੇ ਪੁੱਛਾਂ, ਮੁਸਕਰਾ ਕੇ ਲਾਰੇ ਲੱਪੇ ਲਾ ਦਿਆ ਕਰੇ। ਇਸ ਵਾਰ ਪਹਿਲਾਂ ਵਾਂਗ ਉਸ ਨੇ ਪੱਕਾ ਦਿਨ ਨਹੀਂ ਸੀ ਦੱਸਿਆ ਕਿ ਕਿਸ ਦਿਨ ਕਿਤਾਬ ਛਪ ਕੇ ਤਿਆਰ ਹੋ ਜਾਵੇਗੀ। ਇਸ ਲਈ ਇਕਰਾਰ ਤੋਂ ਝੂਠੇ ਪੈਣ ਦਾ ਇਲਜਾਮ ਉਸ ਤੇ ਲੱਗ ਨਹੀਂ ਸੀ ਸਕਦਾ। ਆਪਣੇ ਮਿੱਠੇ ਤੇ ਨਿੱਘੇ ਸੁਭਾ ਅਨੁਸਾਰ ਹਰੇਕ ਵਾਰੀ ਮੁਸਕਰਾ ਕੇ ਕਹਿ ਦੇਣਾ ਕਿ ਛੇਤੀ ਹੀ ਕੰਮ ਹੋ ਜਾਵੇਗਾ ਪਰ ਪੱਕਾ ਦਿਨ ਨਹੀਂ ਦੱਸਣਾ। ਮੇਰੇ ਇਹ ਆਖਣ ਤੇ ਕਿ ਮੈਂ ਦੂਜੇ ਸ਼ਹਿਰਾਂ ਵਿਚਲੇ ਸੱਜਣਾਂ ਮਿੱਤਰਾਂ ਨੂੰ ਮਿਲਣਾ ਇਸ ਲਈ ਰੋਕਿਆ ਹੋਇਆ ਹੈ ਕਿ ਜਦੋਂ ਮੈਂ ਜਾਵਾਂ ਨਵੀਂ ਕਿਤਾਬ ਵੀ ਨਾਲ ਹੀ ਉਹਨਾਂ ਨੂੰ ਭੇਟਾ ਕਰ ਆਵਾਂ। ਇਸ ਦੇ ਜਵਾਬ ਵਿਚ ਮੈਨੂੰ ਸੁਝਾਉ ਦਿਤਾ ਕਿ ਮੈਂ ਪੁਰਾਣੀ ਕੋਈ ਕਿਤਾਬ ਹੀ ਲੈ ਜਾਵਾਂ ਪਰ ਪੁਰਾਣੀਆਂ ਤੇ ਬਿਨਾ ਚਿਰ ਲਾਇਆਂ ਮੈਂ ਨਾਲੋ ਨਾਲ ਹੀ, ਪਾਠਕਾਂ ਦੇ ਹੱਥਾਂ ਤੱਕ ਪੁਚਾ ਕੇ ਮੁਕਾਈ ਜਾਂਦਾ ਰਹਿੰਦਾ ਹਾਂ। ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਖ਼ੁਸ਼ ਕਰਕੇ, ਬਿਸਕੁਟਾਂ ਨਾਲ ਚਾਹ ਦਾ ਕੱਪ ਪਿਆ ਕੇ ਤੋਰ ਦੇਣਾ। ਇਸ ਤਰ੍ਹਾਂ, "ਆਲੇ ਕੌਡੀ, ਛਿੱਕੇ ਕੌਡੀ" ਕਰਦਿਆਂ ਗਿਣਤੀ ਮਿਣਤੀ ਦੇ ਦਿਨ ਲੰਘੀ ਜਾ ਰਹੇ ਸਨ। ਮੇਰੇ ਕੋਲ, ਵਾਪਸ ਮੁੜਨ ਲਈ ਦਿਨ ਥੋਹੜੇ ਰਹਿ ਗਏ ਤੇ ਦੂਜੇ ਸ਼ਹਿਰਾਂ ਵਿਚ ਰਹਿੰਦੇ ਸੱਜਣਾਂ ਨੂੰ ਆਪਣੀ ਇਸ ਕਿਤਾਬ ਦੀ ਕਾਪੀ ਕਿਸੇ ਨੂੰ ਭੇਟਾ ਨਾ ਕਰ ਸਕਿਆ ਤੇ ਨਾ ਹੀ ਪਹਿਲਾਂ ਵਾਂਗ ਵਿਦਿਅਕ, ਧਾਰਮਿਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਹੀ ਭੇਟਾ ਕਰ ਸਕਿਆ। ਮੈਂ ਆਪਣੀ ਹਰੇਕ ਕਿਤਾਬ ਦੀ ਇਕ ਐਡੀਸ਼ਨ ਦੀਆਂ ੧੦੦੦ ਕਾਪੀਆਂ ਛਪਵਾਉਂਦਾ ਹਾਂ ਤੇ ਉਸ ਵਿਚੋਂ ਅਧੀਆਂ ਕਾਪੀਆਂ ਓਥੇ ਹੀ ਸਾਹਿਤਕਾਰਾਂ, ਸੱਜਣਾਂ, ਲਾਇਬ੍ਰੇਰੀਆਂ ਨੂੰ ਭੇਟਾ ਕਰ ਆਉਂਦਾ ਹਾਂ। ਏਥੇ ਸਿਡਨੀ ਵਿਚ ਕੋਰੀਅਰ ਰਾਹੀਂ ਮੰਗਵਾਉਣ 'ਤੇ ਛਪਾਈ ਨਾਲੋਂ ਦੂਣਾ ਖ਼ਰਚ ਆ ਜਾਂਦਾ ਹੈ।
ਆਖਰ ਰਾਜੇ ਦੀ ਘੋੜੀ ਸੂ ਈ ਪਈ। ਸ. ਗੁਰਸਾਗਰ ਸਿੰਘ ਜੀ ਨੇ ਇਹ ਖ਼ੁਸ਼ਖ਼ਬਰੀ ਇਕ ਦਿਨ ਮੈਨੂੰ ਸੁਣਾ ਹੀ ਦਿਤੀ ਕਿ ਕਿਤਾਬ ਛਪ ਗਈ ਹੈ ਤੇ ਆਪਣੇ ਕੋਲੋਂ ਇਕ ਕਾਪੀ ਮੇਰੇ ਹੱਥ ਫੜਾ ਦਿਤੀ। ਕਿਤਾਬ ਦੀ ਬਣਤਰ ਵੇਖ ਕੇ ਹਰੇਕ ਵਾਰ ਵਾਂਗ ਦਿਲ ਜਾਣੀ ਕਿ ਬਾਗੋ ਬਾਗ ਜਿਹਾ ਹੋ ਗਿਆ ਤੇ ਦੇਰੀ ਦਾ ਸਾਰਾ ਗਿਲ੍ਹਾ ਜਾਂਦਾ ਰਿਹਾ। ਕਾਹਲੀ ਕਾਹਲੀ ਵਿਚ ਇਸ ਲਈ ਇਕ ਬੰਡਲ ਹਾਲ ਬਾਜ਼ਾਰ ਵਿਚਲੇ ਆਜ਼ਾਦ ਬੁੱਕ ਡੀਪ ਵਾਲੇ, ਸ. ਕੁਲਦੀਪ ਸਿੰਘ ਕੋਲ ਪੁਚਾ ਦਿਤਾ ਤੇ ਥੋਹੜੀਆਂ ਕੁ ਨੇੜੇ ਤੇੜੇ ਦੇ ਸੱਜਣਾਂ ਅਤੇ ਸਥਾਨਾਂ ਨੂੰ ਭੇਟਾ ਕਰ ਆਇਆ। ਆਪਣੇ ਪਿੰਡਾਂ ਸੂਰੋ ਪੱਡਾ, ਵੈਰੋ ਨੰਗਲ ਆਦਿ ਸਥਾਨਾਂ ਤੇ ਦੇਣ ਦੇ ਨਾਲ ਨਾਲ ਬਟਾਲੇ ਆਪਣੇ ਸੱਜਣ ਵੀ ਅਤੇ ਰਿਸ਼ਤੇਦਾਰ ਵੀ, ਸ. ਦੀਦਾਰ ਸਿੰਘ ਅਟਵਾਲ ਨੂੰ ਵੀ ਭੇਟਾ ਕਰ ਆਇਆ, ਜੋ ਖ਼ੁਦ ਦਵਿੰਦਰ ਦੀਦਾਰ ਦੇ ਕਲਮੀ ਨਾਂ ਹੇਠ ਉਚ ਪਾਏ ਦੇ ਸਾਹਿਤਕਾਰ ਹਨ। ਬਟਾਲੇ ਵਿਚ ਹੀ ਆਪਣੇ ਪੁਰਾਣੇ ਮਿੱਤਰਾਂ ਵਿਚੋਂ ਬਚੇ ਮਿੱਤਰ, ਸ. ਹਰਭਜਨ ਸਿੰਘ ਬਾਜਵਾ ਫ਼ੋਟੋਗਰਾਫ਼ਰ ਨੂੰ ਵੀ, ਉਹਨਾਂ ਦੇ ਸਟੁਡੀਓ/ਘਰ ਕਾਹਨੂੰਵਾਨ ਰੋਡ ਉਪਰ ਉਚੇਚਾ ਜਾ ਕੇ ਭੇਟਾ ਕਰ ਆਇਆ।
ਜਿੱਥੇ ਪਹਿਲਾਂ ਚਾਰ ਪੰਜ ਸੌ ਕਾਪੀਆਂ ਸਿਡਨੀ ਵਿਚ ਮੰਗਵਾਉਂਦਾ ਸਾਂ ਓਥੇ ਇਸ ਵਾਰੀ ਸਾਢੇ ਛੇ ਸੌ ਮੰਗਵਾ ਲਈਆਂ। ਕਰੋਨੇ ਦੇ ਕਹਿਰ ਕਰਕੇ ਉਹਨਾਂ ਪੰਜ ਬੰਡਲਾਂ ਵਿਚੋਂ ਸਾਢੇ ਤਿੰਨ ਬੰਡਲ ਅਜੇ ਪਏ ਹੋਏ ਹਨ। ਆਸ ਸੀ ਕਿ ਅਪ੍ਰੈਲ ਵਿਚ ਪਰਥ ਵਾਲੀਆਂ ਸਿੱਖ ਖੇਡਾਂ ਅਤੇ ਜੂਨ ਵਿਚਲੇ ਗ੍ਰਿਫ਼ਿਥ ਵਾਲੇ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਵਾਸਤੇ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਅਤੇ ਗਵਾਂਢੀ ਮੁਲਕਾਂ ਵਿਚੋਂ ਆਏ ਪੰਜਾਬੀ ਪਾਠਕਾਂ ਨੂੰ ਭੇਟਾ ਹੋ ਜਾਣਗੀਆਂ। ਰਹਿੰਦੀਆਂ ਸਮੇ ਸਮੇ ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੰਡ ਦਿਤੀਆਂ ਜਾਣਗੀਆਂ। ਪਰ, "ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥" ਵਾਲੇ ਮਹਾਂਵਾਕ ਅਨੁਸਾਰ, "ਨਹਾਤੀ ਧੋਤੀ ਰਹਿ ਗਈ ਤੇ ਉਤੇ ਮੱਖੀ ਬਹਿ ਗਈ।" ਮਨ ਹੀ ਮਨ ਬਣਾਏ ਸ਼ੇਖ਼ ਚਿੱਲੀ ਵਾਲੇ ਪਲਾਨ ਨੇਪਰੇ ਚੜ੍ਹਨ ਵਾਲੇ ਰੁੱਖ ਦੀਆਂ ਜੜ੍ਹਾਂ ਵਿਚ ਇਹ ਨਾਮੁਰਾਦ ਕਰੋਨਾ ਬਹਿ ਗਿਆ।
ਅੰਮ੍ਰਿਤਸਰੋਂ ੨੨ ਨਵੰਬਰ ਨੂੰ ਜਹਾਜੇ ਬਹਿ ਗਿਆ ਤਾਂ ਕਿ ੨੩ ਨੂੰ ਸਿਡਨੀ ਪਹੁੰਚ ਕੇ, ੨੪ ਨੂੰ ਮੈਲਬਰਨ ਵਿਚ ਹੋਣ ਵਾਲੇ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਇਆ ਜਾ ਸਕੇ। ਸਮਾਗਮ ੨੪ ਦੀ ਸ਼ਾਮ ਨੂੰ ਹੋਣਾ ਸੀ। ਇਸ ਕਰਕੇ ਜਹਾਜ ਰਾਹੀਂ ਸ਼ਾਮ ਤੱਕ ਮੈਲਬਰਨ ਸੌਖਾ ਹੀ ਪਹੁੰਚਿਆ ਜਾ ਸਕਦਾ ਸੀ। ਉਸ ਸਮਾਗਮ ਵਿਚ ਮੇਰੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਨੂੰ ਪਾਠਕ ਅਰਪਣ ਕਰਨ ਦਾ ਵੀ ਪ੍ਰੋਗਰਾਮ ਸੀ।
ਆਪਣੇ ਚਿਰਕਾਲੀ ਮਿੱਤਰ ਬਟਾਲਾ ਨਿਵਾਸੀ ਸ. ਹਰਭਜਨ ਸਿੰਘ ਬਾਜਵਾ ਫ਼ੋਟੋ ਗਰਾਫ਼ਰ ਨੂੰ, ਉਹਨਾਂ ਦੇ ਸਟੁਡੀਉ ਦੇ ਸਾਹਮਣੇ ਆਪਣੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਭੇਟਾ ਕਰਦੇ ਸਮੇ।
ਸਿਡਨੀ ਤੇ ਸਮੇ ਸਿਰ ਪਹੁੰਚ ਗਿਆ ਪਰ ਸਿਡਨੀ ਵਿਚ ਹੀ ਕੁਝ ਜਰੂਰੀ ਸਮਾਗਮਾਂ ਕਰਕੇ ਮੈਲਬਰਨ ਨਾ ਜਾ ਸਕਿਆ। ਇਹ ਵੀ ਸੋਚ ਲਿਆ ਕਿ ਮੇਰੇ ਇਕ ਜਣੇ ਦੇ ਓਥੇ ਜਾਣ ਜਾਂ ਨਾ ਜਾਣ ਕਰਕੇ ਕੋਈ ਫਰਕ ਨਹੀਂ ਪੈਣ ਲੱਗਾ ਪਰ ਏਥੇ ਖਾਹਮਖਾਹ ਨਾਰਾਜ਼ਗੀ ਪੈਦਾ ਹੋ ਜਾਣ ਦੀ ਸੰਭਾਵਨਾ ਹੋ ਸਕਦੀ ਸੀ। ਫਿਰ ਮੈਲਬਰਨ ਦੀ ਇਹ ਯਾਤਰਾ ਅੱਗੇ ਨੂੰ ਖਿਸਕਦੀ ਖਿਸਕਦੀ ਮਾਰਚ, ੨੦੨੦ ਤੇ ਜਾ ਪਈ। (ਸੰਖੇਪ ਲੇਖ ਸਮਾਪਤ)
ਪਿੱਛਲ ਲਿਖਤ:
ਸਾਰੀ ਦੁਨੀਆਂ ਤੋਂ ਸਰਕਾਰੀ ਸੱਦੇ ਉਪਰ ਮੁਲਕਾਂ ਵਿਚੋਂ ੬੫/੭੦ ਸਿੱਖ ਇਸ ਮਹਾਨ ਸਮਾਗਮ ਵਿਚ ਭਾਗ ਲੈਣ ਲਈ ਪਹੁੰਚੇ ਹੋਏ ਸਨ। ਉਹਨਾਂ ਵਿਚੋ ਜਿੰਨਿਆਂ ਦੇ ਨਾਂ ਇਸ ਸਮੇ ਮੈਨੂੰ ਯਾਦ ਹਨ ਉਹ ਇਸ ਪ੍ਰਕਾਰ ਹਨ:
ਆਸ੍ਰਟੇਲੀਆ ਤੋਂ ਅਸੀਂ ਦੋਵੇਂ ਭਰਾ ਮੈਂ ਅਤੇ ਮੇਰਾ ਛੋਟਾ ਭਰਾ ਸ. ਦਲਬੀਰ ਸਿੰਘ। ਸਾਡਾ ਚਚੇਰਾ ਭਰਾ ਭਾਈ ਰਣਜੀਤ ਸਿੰਘ, ਆਪਣੇ ਇਕ ਸਾਥੀ ਢਿੱਲੋਂ ਸਾਹਿਬ ਨਾਲ ਨਿਊ ਯਾਰਕ ਤੋਂ। ਇਸ ਤੋਂ ਇਲਾਵਾ ਸ. ਰੇਸ਼ਮ ਸਿੰਘ ਸੰਧੂ ਲੈਸਟਰ ਤੋਂ, ਸ. ਇੰਦਰਜੀਤ ਸਿੰਘ ਬੱਲ ਕੈਨੇਡਾ ਤੋਂ, ਇਹ ਦੋਵੇਂ ਸੱਜਣ ਅਤੇ ਮੈਂ, ੨੦੧੬ ਵਿਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਢੇ ਤਿੰਨ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮ ਸਮੇ, ਪਟਨਾ ਸਾਹਿਬ ਵਿਚ ਵੀ ਇਕੱਠੇ ਇਕੋ ਹੋਟਲ ਵਿਚ ਠਹਿਰੇ ਸਾਂ। ਸ. ਸੁਰਜੀਤ ਸਿੰਘ, ਸ. ਜਗਦੀਸ਼ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਮਾਨ ਅਤੇ ਡਾ. ਸੁਰਿੰਦਰ ਸਿੰਘ ਅਮ੍ਰੀਕਾ ਤੋਂ, ਭਾਈ ਮਹਿੰਦਰ ਸਿੰਘ ਮੁਖੀ ਨਸ਼ਕਾਮ ਸੇਵਕ ਜਥਾ ਅਤੇ ਸ. ਅਵਤਾਰ ਸਿੰਘ ਗੁਰਦੁਆਰਿਆਂ ਦੀ ਸਾਂਝੀ ਕਮੇਟੀ ਦੇ ਚੇਅਰਮੈਨ ਬਰਮਿੰਘਮ ਤੋਂ, ਪੈਰਿਸ ਤੋਂ ਸ. ਇਕਬਾਲ ਸਿੰਘ ਭੱਟੀ ਅਤੇ ਇਕ ਜਵਾਨ ਗੁਰਸਿੱਖ ਜੋੜਾ, ਨੀਨਾ ਗਿੱਲ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸਾਂਝੀ ਪਾਰਲੀਮੈਂਟ ਦੀ ਮੈਂਬਰ ਵਲੈਤੋਂ, ਲੰਡਨ ਤੋਂ ਸ. ਜਸਵੰਤ ਸਿੰਘ ਠੇਕੇਦਾਰ, ਡਾ. ਸ.ਪ. ਸਿੰਘ ਓਬਰਾਇ, ਇਹਨਾਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਘਾਪੁਰ ਆਦਿ ਮੁਲਕਾਂ ਤੋਂ ਵੀ ਕੁਝ ਮੁਖੀ ਸਿੱਖ ਆਏ ਸਨ। ਸ. ਬਲਬੀਰ ਸਿੰਘ ੩੯੩੨੯੦੩੨੪੫, ਸ. ਸੁਖਪਾਲ ਸਿੰਘ ਧਨੋਆ ੧੮੦੪੫੬੪੪੨੦੮, ਸ. ਪਰਵਿੰਦਰ ਸਿੰਘ ੪੪੭੯੫੬੪੬੪੦੩੪, ਸ. ਰੌਮੀ ਰੇਂਜਰ ੪੪੭੮੩੬੨੬੧੧੯੬, ਸ. ਗੁਰਮੀਤ ਸਿੰਘ ੪੪੭੯੭੧੭੦੧੭੯੧, ਸ. ਕੰਵਲਜੀਤ ਸਿੰਘ ਸੋਨੀ ੧ (੨੪੦) ੪੬੧੪੬੭੧, ਸ. ਤੇਜਿੰਦਰ ਸਿੰਘ ੧ (੨੦੨) ੫੦੩੮੦੫੨, ਸ. ਬਲਜਿੰਦਰ ਸਿੰਘ ੧ (੪੪੩) ੬੭੬੫੬੮੭, ਸ. ਦਿਲਵੀਰ ਸਿੰਘ ੧ (੪੪੩) ੮੨੯੬੨੦੬, ਬੌਬ ਕੈਨੇਡਾ ੧ (੪੧੬) ੪੧੯੭੭੭੭, ਸ. ਬਿੱਲ ਸੰਧੂ ਕੈਨੇਡਾ ੧ (੬੦੪) ੮੨੫੪੩੭੦, ਸ. ਰਾਮੇਸ਼ ਸਿੰਘ ਸੰਘਾ ਐਮ.ਪੀ. ਕੈਨੇਡਾ, ਸ. ਭੂਪਿੰਦਰ ਸਿੰਘ ਊਭੀ ਕੈਨੇਡਾ ੧ (੬੪੭) ੨੮੪੭੧੦੭, ਸ. ਸਰਬਜੀਤ ਸਿੰਘ ਥਾਈਲੈਂਡ ੬੬੮੧੬੧੧੯੯੪੭, ਲਾੱਰਡ ਰਾਮਿੰਦਰ ਸਿੰਘ ਰਾਣਾ ਆਪਣੀ ਸਿੰਘਣੀ ਸਮੇਤ ਯੂ.ਕੇ., ੪੪੭੭੬੮੪੮੪੫੭੭, ਸ. ਪਰਮਜੀਤ ਸਿੰਘ ੩੪੬੭੧੩੬੯੨੭੭, ਸ. ਸੰਦੀਪ ਸਿੰਘ ੪੪੭੫੭੦੭੯੫੬੩੭, ਸ. ਜਗਤਾਰ ਸਿੰਘ ੪੪੭੭੨੫੭੯੭੦੬੧, ਸ. ਹਰਚਰਨ ਸਿੰਘ ਮਲੇਸ਼ੀਆ ੬੦੧੨੬੫੭੫੪੫੯, ਸ. ਸੁਰਜੀਤ ਸਿੰਘ ੯੮੭੬੨੫੧੨੧੩, ਸ. ਰੇਂਜਰ ਸਿੰਘ ਸਿੰਘਣੀ ਸਮੇਤ, ਸ. ਜਗਤਾਰ ਸਿੰਘ ਅਜੀਮਲ ਸਿੰਘਣੀ ਸਮੇਤ, ਸ. ਗੁਰਮੇਲ ਸਿੰਘ ਯੂ.ਕੇ., ਸ. ਬਲਬੀਰ ਸਿੰਘ ਇਟਲੀ, ਸਰਦਾਰਨੀ ਅਵਤਾਰ ਕੌਰ ਊਭੀ ਕੈਨੇਡਾ, ਸਰਦਾਰਨੀ ਸੰਦੀਪ ਕੌਰ ਯੂ.ਕੇ., ਸ. ਜਗਵੰਤ ਸਿੰਘ ਇਟਲੀ, ਸ. ਕੁਲਦੀਪ ਸਿੰਘ ਊਭੀ, ਬਰਮਿੰਘਮ, ਸ. ਨਾਨਕ ਸਿੰਘ ਮਲੇਸ਼ੀਆ, ਡਾ. ਜਸਦੇਵ ਸਿੰਘ ਰਾਇ ਲੰਡਨ, ਸ. ਜਗਦੇਵ ਸਿੰਘ ਮਾਵੀ ਵਾਲਸਾਲ ਯੂ.ਕੇ., ਸਰਦਾਰ ਅਤੇ ਸਰਦਾਰਨੀ ਹਰਬਿੰਦਰ ਕੌਰ ਜੀ ਅਤੇ ਸ. ਗੁਰਮੀਤ ਸਿੰਘ ਰੰਧਾਵਾ ਵੇਲਜ਼ ਤੋਂ Gurmit Singh Randhawa MBE; BCHA Chairman Sikh Council of Wales President Sikh Gurdwara Cardiff,
ਇਕ ਅਫ਼੍ਰੀਕਾ ਦੇ ਮੁਲਕ ਕੀਨੀਆ ਵਿਚ ਪਲ ਕੇ ਓਥੋਂ ਉਤਰੀ ਆਇਰਲੈਂਡ ਵਿਚ ਜਾ ਵਸੇ ਸਿੱਖ ਆਗੂ (ਨਾਂ ਯਾਦ ਨਹੀਂ ਆ ਰਿਹਾ) ਵੀ ਸਾਡੇ ਨਾਲ ਸਨ।
ਸੰਤੋਖ ਸਿੰਘ
ਸਿਡਨੀ, ਆਸਟ੍ਰੇਲੀਆ
ਫ਼ੋਨ: +੬੧ ੪੮੭ ੦੧੫ ੮੪੫
ਲੈਂਡਲਾਈਨ: +੬੧ ੨ ੯੮੬੪ ੫੨੬੮
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ, ਸੰਸਾਰ ਭਰ ਤੋਂ ਸੱਦੇ ਗਏ ਸਿੱਖਾਂ ਦੇ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੀ ਗਰੁਪ ਫ਼ੋਟੋ। ਅੰਮ੍ਰਿਤਸਰ ਦੀ ਆਬਾਦੀ ਰਣਜੀਤ ਐਵੇਨਿਊ ਦੇ ਹੌਲੀਡੇ ਇਨ ਵਿਚ ਖਿੱਚੀ ਗਈ।
ਯਾਰਾਂ ਨਵੰਬਰ ੨੦੧੯ ਵਾਲੇ ਦਿਨ, ਜਲੰਧਰ ਦੇ ਇਕ ਹੋਟਲ ਵਿਚ, ਪੰਜਾਬ ਦੇ ਮੁਖ ਮੰਤਰੀ ਵੱਲੋਂ ਦਿਤੇ ਗਏ ਡਿੱਨਰ ਸਮੇ ਬੈਠੇ ਖੱਬਿਉਂ ਸੱਜੇ: ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ, ਸ. ਅਵਤਾਰ ਸਿੰਘ ਬਰਮਿੰਘਮ ਤੋਂ, ਫਰਾਂਸ ਤੋਂ ਇਕ ਗੁਰਸਿੱਖ ਜੋੜਾ, ਸ. ਦਲਬੀਰ ਸਿੰਘ ਅਤੇ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਤੋਂ ਅਤੇ ਇਕ ਹੋਰ ਸਰਦਾਰ ਜੀ।
ਡਿੱਨਰ ਸਮੇ ਹੀ ਖੱਬਿਉਂ: ਗਿ. ਸੰਤੋਖ ਸਿੰਘ, ਨੀਨਾ ਗਿੱਲ ਐਮ.ਪੀ, ਇੰਗਲੈਂਡ ਤੋਂ ਯੂਰਪੀਅਨ ਪਾਰਲੀਮੈਂਟ ਦੀ ਮੈਂਬਰ, ਬਰਮਿੰਘ ਤੋਂ ਸ. ਅਵਤਾਰ ਸਿੰਘ, ਲੰਡਨੋ ਸ. ਜਸਵੰਤ ਸਿੰਘ ਠੇਕੇਦਾਰ ਅਤੇ ਸਿਡਨੀ ਤੋਂ ਸ. ਦਲਬੀਰ ਸਿੰਘ।
ਮੋਹਰਲੀ ਕਤਾਰ ਵਾਲੇ ਪੰਜ ਜਣੇ ਖੱਬਿਉਂ: ਇਕ ਜੋੜਾ ਸਰਦਾਰ ਅਤੇ ਸਰਦਾਰਨੀ ਕੈਨੇਡਾ ਤੋਂ, ਸ. ਦਲਬੀਰ ਸਿੰਘ ਸ. ਇਕਬਾਲ ਸਿੰਘ ਭੱਟੀ ਪੈਰਿਸ ਤੋਂ ਅਤੇ ਗਿਆਨੀ ਸੰਤੋਖ ਸਿੰਘ।
੨੨ ਅਕਤੂਬਰ, ੨੦੧੯ ਵਾਲੇ ਦਿਨ, ੯੧ ਦੇਸਾਂ ਦੇ ਐਂਬੈਸਡਰ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਲਈ ਆਏ ਸਨ। ਉਸ ਸਮੇ ਸਿਡਨੀ ਵਾਸੀ ਸ. ਅਜਾਇਬ ਸਿੰਘ ਸਿੱਧੂ ਦੀ ਹੋਣਹਾਰ ਸਪੁੱਤਰੀ, ਹਰਿੰਦਰ ਕੌਰ ਸਿੱਧੂ ਆਸਟ੍ਰੇਲੀਆ ਸਰਕਾਰ ਵੱਲੋਂ ਦਿੱਲੀ ਵਿਚ ਹਾਈ ਕਮਿਸ਼ਨਰ ਹਨ, ਨਾਲ ਉਸ ਸਮੇ ਖਿੱਚੀ ਗਈ ਫ਼ੋਟੋ।
੨੨ ਸਤੰਬਰ ੨੦੧੯ ਵਾਲੇ ਦਿਨ, ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਚ, ਸ਼੍ਰੋਮਣੀ ਗੁ.ਪ੍ਰ. ਕਮੇਟੀ ਵੱਲੋਂ ਰਚੇ ਗਏ ਸੈਮੀਨਾਰ ਸਮੇ, ਸਾਰੇ ਸਮਾਗਮਾਂ ਦੇ ਮੁਖੀ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਜੀ ਵੱਲੋਂ, ਗਿ. ਸੰਤੋਖ ਸਿੰਘ ਨੂੰ ਸਿਰੋੇਪੇ ਅਤੇ ਕਿਤਾਬਾਂ ਦੇ ਸੈਟ ਨਾਲ ਸਨਮਾਨਤ ਕੀਤਾ ਗਿਆ।
ਡਿੱਨਰ ਸਮੇ ਹੀ ਮੁਖ ਮੰਤਰੀ ਵੱਲੋਂ ਡੇਲੀਗੇਸ਼ਨ ਦੇ ਮੈਂਬਰਾਂ ਦਾ ਕਿਤਾਬਾਂ ਅਤੇ ੴ ਵਾਲਾ ਮੋਮੈਂਟੋ ਭੇਟਾ ਕਰਕੇ ਸਨਮਾਨ ਕੀਤਾ ਗਿਆ।
੧੨ ਨਵੰਬਰ ਗੁਰਪੁਰਬ ਵਾਲੇ ਦਿਨ, ਗੁਰਦਆਰਾ ਸਾਹਿਬ ਸੁਲਤਾਨ ਪੁਰ ਵਿਖੇ ਸਜੇ ਪੰਜਾਬ ਵਿਚ ਡੈਲੀਗੇਸ਼ਨ ਨੂੰ ਲਿਜਾ ਕੇ ਮੋਹਰਲੀ ਕਤਾਰ ਵਿਚ ਬੈਠਾਇਆ ਗਿਆ: ਬੈਠੇ: ਸ. ਦਲਬੀਰ ਸਿੰਘ ਗਿ. ਸੰਤੋਖ ਸਿੰਘ ਅਤੇ ਸ. ਇਕਬਾਲ ਸਿੰਘ ਭੱਟੀ।
ਆਪਣੇ ਚਿਰਕਾਲੀ ਮਿੱਤਰ ਬਟਾਲਾ ਨਿਵਾਸੀ ਸ. ਹਰਭਜਨ ਸਿੰਘ ਬਾਜਵਾ ਫ਼ੋਟੋ ਗਰਾਫ਼ਰ ਨੂੰ, ਉਹਨਾਂ ਦੇ ਸਟੁਡੀਉ ਦੇ ਸਾਹਮਣੇ ਆਪਣੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਭੇਟਾ ਕਰਦੇ ਸਮੇ।
੯ ਨਵੰਬਰ ਵਾਲੇ ਦਿਨ ਸ੍ਰੀ ਕਰਤਾਰ ਸਾਹਿਬ ਜੀ ਦੇ ਲਾਂਘੇ ਦੇ ਉਦਘਾਟਨ ਸਮੇ ਗੁਰਦੁਆਰਾ ਕਤਰਤਾਰ ਸਾਹਿਬ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹ ਭਰਿਆ ਇਕੱਠ।
ਵਿਸਥਾਰਤ ਖੇਲਾ ਪਰਵਾਰ ਦੇ ਬੱਚੇ ਦੇ ਅਨੰਦ ਕਾਰਜ ਸਮੇ, ਹੁਸ਼ਿਆਰ ਪੁਰ ਦੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਅਤੇ ਪ੍ਰਧਾਨ ਸਾਹਿਬ ਜੀ ਦੁਆਰਾ ਦਾਸ ਨੂੰ ਗੁਰੂ ਘਰੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ।
ਮਨਵਿੰਦਰ ਸਿੰਘ ਜੀਓ, ਫ਼ੋਟੋਆਂ ਦੀ ਬਹੁਲਤਾ ਹੋਣ ਕਾਰਨ ਲੇਖ ਬੇਲੋੜਾ ਵਧਦਾ ਵੇਖੋ ਤਾਂ ੭ ਅਤੇ ੧੦ ਨੰਬਰ ਵਾਲੀਆਂ ਫ਼ੋਟੋਜ਼ ਛੱਡ ਵੀ ਸਕਦੇ ਹੋ।
ਅੰਤ ਵਿਚ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੇ ਜੇਹੜੇ ਨਾਂ ਲਿਖੇ ਹਨ, ਜੇ ਉਹਨਾਂ ਤੁਸੀਂ ਬੇਲੋੜੇ ਸਮਝੋ ਤਾਂ ਉਹ ਵੀ ਡੀਲੀਟੇ ਜਾ ਸਕਦੇ ਹਨ।
ਮੇਰੇ ਫੇਸਬੁੱਕ ਖਾਤੇ ਦੀ ਦਾਸਤਾਨ - ਗਿਆਨੀ ਸੰਤੋਖ ਸਿੰਘ
ਇਹ ਜਾਦੂਮਈ ਕਾਢ ਇਕ ਅੰਗ੍ਰੇਜ਼ੀ ਬੋਲਣ ਵਾਲ਼ੇ ਸੱਜਣ ਮਾਰਕ ਜ਼ੁਕਰਬਰਗ ਨੇ ਕੱਢੀ ਹੋਣ ਕਰਕੇ, ਇਸ ਦਾ ਨਾਂ ਵੀ ਉਸ ਨੇ ਅੰਗ੍ਰੇਜ਼ੀ ਵਿਚ ਫੇਸਬੁੱਕ ਹੀ ਰੱਖਿਆ। ਸਾਬਕਾ ਡਿਪਟੀ ਕਮਿਸ਼ਨਰ ਸ. ਗੁਰਤੇਜ ਸਿੰਘ ਆਈ.ਏ.ਐਸ. ਜੀ ਨੇ ਇਸ ਦਾ ਨਾਂ ਪੰਜਾਬੀ ਵਿਚ ‘ਮੁਖੜਾ ਪੋਥੀ’ ਰੱਖਿਆ ਹੈ। ਐਡੀਲੇਡ ਦੇ ਵਾਸੀ ਨੌਜਵਾਨ ਪੱਤਰਕਾਰ ਸ. ਤੇਜਸ਼ਦੀਪ ਸਿੰਘ ਅਜਨੌਦਾ ਨੇ ਇਸ ਦਾ ਨਾਂ ‘ਬੂਥਾਪੋਥੀ’ ਧਰ ਦਿਤਾ ਹੈ। ਮੈਂ, ਸਦਾ ਵਾਂਗ ਹੀ, ਇਸ ਦਾ ਪੰਜਾਬੀ ਵਿਚ ਤਰਜਮਾ ਕਰਨ ਦੇ ਖਲਜਗਣ ਵਿਚ ਪੈਣਾ ਜਰੂਰੀ ਨਹੀਂ ਸਮਝਦਾ। ਮੈਂ ਇਸ ਵਿਚਾਰ ਦਾ ਧਾਰਨੀ ਹਾਂ ਕਿ ਜੇਹੜੀ ਚੀਜ ਜਿਸ ਕਿਸੇ ਨੇ ਈਜਾਦ ਕੀਤੀ ਹੈ ਤੇ ਉਸ ਨੇ ਜੋ ਉਸ ਦਾ ਨਾਂ ਰੱਖਿਆ ਹੈ, ਓਸੇ ਨੂੰ ਗੁਰਮੁਖੀ ਅੱਖਰਾਂ ਵਿਚ ਲਿਖ ਕੇ, ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਵਿਚ ਵਾਧਾ ਕਰ ਲੈਣਾ ਚਾਹੀਦਾ ਹੈ ਤੇ ਤਰਜਮਿਆਂ, ਨਵੇਂ ਨਾਵਾਂ ਆਦਿ ਦੇ ਚੱਕਰਾਂ ਵਿਚ ਪਾਠਕਾਂ ਨੂੰ ਨਾ ਉਲ਼ਝਾਇਆ ਜਾਵੇ।
ਆਪਣੀ ਚੌਥੀ ਅਤੇ ਵਡੇਰੀ ਕਿਤਾਬ ‘ਬਾਤਾਂ ਬੀਤੇ ਦੀਆਂ’ ਪਾਠਕਾਂ ਦੇ ਹੱਥਾਂ ਵਿਚ ਅਪੜਾਉਣ ਲਈ, ਅਕਤੂਬਰ, 2010 ਵਿਚ, ਮੈਂ ਨਿਊ ਜ਼ੀਲੈਂਡ ਵਿਚ ਚਲਿਆ ਗਿਆ। ਓਥੇ ਆਪਣੇ ਮੂੰਹ ਬੋਲੇ ਭਤੀਜੇ, ਗੁਰਿੰਦਰ ਸਿੰਘ ਢੱਟ ਦੇ ਘਰ ਵਿਚ ਡੇਰਾ ਲਾ ਲਿਆ। ਉਸ ਨੇ ਮੇਰੇ ਵੱਲੋਂ ਮੁੜ ਮੁੜ ਨਾਂਹ ਕਰਨ ਦੇ ਬਾਵਜੂਦ, ਕਈ ਲਾਭ ਗਿਣਾ ਗਿਣਾ ਕੇ ਮੇਰਾ ਫੇਸਬੁੱਕ ਅਕਾਊਂਟ ਬਣਾ ਦਿਤਾ। ਮੇਰੇ ਵਾਸਤੇ ਉਹ ਨਵਾਂ ‘ਘੀਚਮ-ਚੋਲ਼ਾ’ ਜਿਹਾ ਬਣ ਗਿਆ। ਮੈਂ ਇਸ ਨਵੇਂ ਯੱਭ ਜਿਹੇ ਨੂੰ ਬੰਦ ਕਰਨ ਲਈ ਢੱਟ ਨੂੰ ਕਿਹਾ ਪਰ ਉਸ ਨੇ ਇਸ ਨੂੰ ਬੰਦ ਕਰਨ ਤੋਂ ਹੱਥ ਖੜ੍ਹੇ ਕਰ ਦਿਤੇ। ਫਿਰ ਮੈਂ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਕਿਹਾ ਕਿ ਇਸ ਨੂੰ ਬੰਦ ਕਰ ਦਏ। ਉਸ ਨੇ ਇਹ ਕਹਿ ਕੇ, “ਮੈਂ ਵੀ ਸੋਚਦਾ ਸਾਂ ਕਿ ਪਾਪਾ ਨੇ ਬੁੱਢੇ ਵਾਰੇ ਇਹ ਕੀ ਬਿਪਤਾ ਸਹੇੜ ਲਈ ਹੈ!” ਮੈਨੂੰ ਦੱਸ ਦਿਤਾ ਕਿ ਮੇਰਾ ਖਾਤਾ ਬੰਦ ਕਰ ਦਿਤਾ ਹੈ।
ਦੋ ਕੁ ਸਾਲਾਂ ਵਿਚ ਹੋਰਨਾਂ ਨੂੰ ਫੇਸਬੁੱਕ ਵਰਤਦਾ ਵੇਖ ਕੇ, ਮੇਰਾ ਵੀ ਫਿਰ ਇਸ ਨੂੰ ਵਰਤਣ ਲਈ ਜੀ ਕਰ ਆਇਆ। ਪੁੱਤਰ ਨੂੰ ਕਿਹਾ ਕਿ ਮੇਰਾ ਵੀ ਖਾਤਾ ਖੋਹਲ ਦੇਹ। ਉਸ ਨੇ, ਜੇਹੜਾ ਮੈਨੂੰ ਕਿਹਾ ਸੀ ਕਿ ਉਸ ਨੇ ਬੰਦ ਕਰ ਦਿਤਾ ਸੀ, ਅਸਲ ਵਿਚ ਬੰਦ ਨਹੀਂ ਸੀ ਕੀਤਾ ਬੱਸ ਉਸ ਨੂੰ ਚੁੱਪ ਹੀ ਕਰਵਾ ਦਿਤਾ ਸੀ, ਓਸੇ ਖਾਤੇ ਨੂੰ ਫਿਰ ਬੋਲਣ ਲਾ ਦਿਤਾ। ਉਸ ਵੇਲ਼ੇ ਤੋਂ ਫਿਰ ਮੈਂ ਵੀ ਟੋਹ ਟੋਹ ਕੇ ਫੇਸਬੁੱਕ ਵਰਤਣਾ ਸ਼ੁਰੂ ਕਰ ਦਿਤਾ ਤੇ ਹੌਲ਼ੀ ਹੌਲ਼ੀ ਇਸ ਵਿਚ ਵਾਹਵਾ ਸਮਾ ਖ਼ਰਚਣ ਲੱਗ ਪਿਆ।
ਫਿਰ ਸਾਰੇ ਲੋਕ ਵਹਾਟਸਅਪ ਵਰਤਦੇ ਹੋਣ ਕਰਕੇ, ਮੈਨੂੰ ਵੀ ਮਜਬੂਰੀ ਵੱਸ ਇਸ ਨਵੇਂ ‘ਜੰਘ-ਪਲਾਂਘੇ’ ਵਿਚ ਫਸਣਾ ਪਿਆ। ਇਸ ਵਿਚੋਂ ਇਕ ਕੰਮ ਕਰਨ ਦੀ ਜਾਚ ਆ ਗਈ (ਹੁਣ ਫੇਰ ਭੁੱਲ ਗਈ ਹੈ) ਕਿ ਓਥੋਂ ਕਿਸੇ ਪਸੰਦੀਦਾ ਪੋਸਟ ਨੂੰ ਫੇਸਬੁੱਕ ਉਪਰ ਕਿਵੇਂ ਚਾਹੜਨਾ ਹੈ। ਹੁਣ ਮੇਰੀ ਹਾਲਤ, “ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ” ਵਾਲ਼ੀ ਹੋ ਗਈ। ਰੋਜ਼ਾਨਾ ਅਜੀਤ ਤੋਂ ਕਈ ਖ਼ਬਰਾਂ/ਲੇਖਾਂ ਨੂੰ ਬਿਨਾ ਕਿਸੇ ਝਿਜਕ ਦੇ, ਫੇਸਬੁੱਕ ਉਪਰ ਪਾਉਣ ਲੱਗ ਪਿਆ। ਕਿਸੇ ਹੋਰ ਦਾ ਲੇਖ ਵੀ ਸ਼ੇਅਰ ਅਤੇ ਕਾਪੀ ਪੇਸਟ ਕਰੀ ਗਿਆ। ਕਿਤੇ ਸ਼ੇਅਰ ਦਾ ਆਈਕਨ ਨਾ ਹੋਣ ਕਰਕੇ, ਕਾਪੀ ਪੇਸਟ ਕਰ ਦਤਿੀ। ਕਈ ਚੰਗੇ ਲੇਖਾਂ ਦੇ ਸ਼ਬਦ ਜੋੜ ਵੀ ਆਪਣੀ ਮਰਜੀ ਅਨੁਸਾਰ ਬਦਲ ਕੇ ਪੋਸਟ ਕਰੀ ਗਿਆ। ਇਹ ਸਾਰਾ ਕੁਝ ਕਰਦਿਆਂ ਇਹ ਖਿਆਲ ਜਰੂਰ ਰੱਖਿਆ ਕਿ ਲੇਖਕ ਦਾ ਨਾਂ ਨਾ ਲੁਕਾਇਆ ਜਾਵੇ।
ਇਕ ਦਿਨ ਮੈਂ ਇੰਡੋ ਚਾਈਨਾ ਦੇ ਕਿਸੇ ਮੁਲਕ ਵਿਚ, ਬਹੁਤ ਹੀ ਛੋਟੀ ਉਮਰ ਦੇ ਬੱਚੇ ਦੀ ਖੇਤ ਵਿਚ ਵਹਾਟਸਅਪ ਤੋਂ, ਕੱਦੂ ਕਰਦੇ ਦੀ ਵੀਡੀਓ ਪੋਸਟ ਕਰ ਦਿਤੀ। ਮੈਨੂੰ ਉਸ ਬੱਚੇ ਦੀ ਦ੍ਰਿੜ੍ਹਤਾ ਬਹੁਤ ਚੰਗੀ ਲੱਗੀ ਸੀ। ਅਗਲੇ ਦਿਨ ਮੈਨੂੰ ਸਜ਼ਾ ਵਜੋਂ ਇਕ ਦਿਨ ਲਈ ਫੇਸਬੁੱਕ ਵਰਤਣੋ ਰੋਕ ਦਿਤਾ ਗਿਆ। ਕੁਝ ਸਮੇ ਪਿੱਛੋਂ ਮੇਰੀ ਇਕ ਹੋਰ ਫ਼ੋਟੋ ਨਾ ਪਸੰਦ ਕਰਕੇ ਦੋ ਦਿਨਾਂ ਲਈ ਮੇਰਾ ਬਾਈਕਾਟ ਕਰ ਦਿਤਾ ਗਿਆ। ਫਿਰ ਮੈਂ ਸਾਵਧਨ ਹੋ ਗਿਆ ਤੇ ਕੁਝ ਸਮਾ ਇਸ ਪਾਇਉਂ ਆਰਾਮ ਰਿਹਾ।
2021 ਦੇ ਸਤੰਬਰ ਮਹੀਨੇ ਦੇ ਦੂਜੇ ਹਫ਼ਤੇ ਸੁਨੇਹਾ ਆਇਆ ਕਿ ਮੈਂ ਕੋਈ ਕਾਪੀ ਰਾਈਟ ਇਨਫ਼ਰਿੰਜ ਕੀਤਾ ਹੈ। ਕੇਹੜਾ ਇਨਫਰਿੰਜ ਕੀਤਾ ਹੈ? ਦਾ ਜਵਾਬ ਨਹੀਂ ਮਿਲ਼ਿਆ। ਇਸ ਲਈ ਤਿੰਨ ਦਿਨਾਂ ਲਈ ਮੇਰੇ ਮੂੰਹ ਨੂੰ ਛਿੱਕਾ ਦਿਤਾ ਜਾਂਦਾ ਹੈ। ਮੈਂ ਫੇਸਬੁੱਕ ਖੋਹਲ ਕੇ ਪੋਸਟਾਂ ਪੜ੍ਹ ਸਕਦਾ ਸੀ ਪਰ ਖ਼ੁਦ ਉਹਨਾਂ ਨਾਲ਼ ਕੋਈ ‘ਛੇੜ ਛਾੜ’ ਨਹੀਂ ਸੀ ਕਰ ਸਕਦਾ। ਸੋਚਿਆ ਕਿ ਤਿੰਨ ਦਿਨਾਂ ਦੀ ਹੀ ਤੇ ਸਾਰੀ ਗੱਲ ਹੈ? ਛੇਤੀ ਹੀ ਲੰਘ ਜਾਣੇ ਹਨ ਤੇ ਫਿਰ ਮੈਂ ਪੋਸਟਾਂ ਪੜ੍ਹ ਤੇ ਸਕਦਾ ਹੀ ਹਾਂ! ਪਰ ਤਿੰਨ ਦਿਨ ਮੁੱਕਣ ਤੋਂ ਪਹਿਲਾਂ ਹੀ ਸੁਨੇਹਾ ਮਿਲ਼ ਗਿਆ ਕਿ ਮੇਰਾ ਖਾਤਾ ਡਿਸਏਬਲ ਕਰ ਦਿਤਾ ਗਿਆ ਹੈ। ਕਾਰਨ ਕੋਈ ਨਹੀਂ ਦੱਸਿਆ। ਈ-ਮੇਲ ਰਾਹੀਂ ਕਾਰਨ ਪੁੱਛਣ ‘ਤੇ ਜਵਾਬ ਆਇਆ ਕਿ ਦੋ ਦਿਨ ਜਾਂ ਕੋਵਿਡ ਕਰਕੇ, ਵਧੇਰੇ ਦਿਨ ਵੀ ਜਵਾਬ ਦੇਣ ਵਿਚ ਲੱਗ ਸਕਦੇ ਹਨ। ਉਸ ਪਿੱਛੋਂ ਕਿਸੇ ਵੀ ਰੀਮਾਈਂਡਰ ਦਾ ਜਵਾਬ ਨਹੀਂ ਮਿਲ਼ਿਆ। ਕੈਨਬਰੇ ਵਿਚ ਇਕ ਸੱਜਣ ਸ. ਜਸਪਾਲ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈ.ਟੀ. ਵਿਭਾਗ ਦੇ ਸਾਬਕਾ ਇੰਚਾਰਜ ਏਥੇ ਆਏ ਹੋਏ ਹਨ। ਇਕ ਦਿਨ ਉਹ ਕਹਿੰਦੇ ਕਿ ਮੈਂ ਪਤਾ ਕਰਦਾ ਹਾਂ। ਉਹ ਫੇਸਬੁੱਕੀਆਂ ਤੋਂ ਜਵਾਬ ਲੈਣ ਵਿਚ ਤੇ ਕਾਮਯਾਬ ਹੋ ਗਏ ਪਰ ਜਵਾਬ ਇਹ ਆਇਆ ਕਿ ਬਹੁਤ ਸਮਾ ਹੋ ਗਿਆ ਹੈ ਖਾਤਾ ਬੰਦ ਹੋਏ ਨੂੰ; ਇਸ ਲਈ ਹੁਣ ਕੁਝ ਨਹੀਂ ਹੋ ਸਕਦਾ।
ਪਰ ਮੈਨੂੰ ਤੇ ਇਸ ‘ਕਲੇਸ਼ਬੁੱਕ’ ਦਾ ਨਸ਼ਾ ਹੋ ਗਿਆ ਸੀ ਤੇ ਇਸ ਰਾਹੀਂ ‘ਉਚਪਾਏ’ ਦੀ ਨਿੰਦਿਆ ਚੁਗਲੀ ਪੜ੍ਹਨ ਦਾ ਅਜਿਹਾ ਭੁਸ ਪੈ ਗਿਆ ਹੈ ਕਿ ਇਸ ਤੋਂ ਬਿਨਾ ਤਾਂ, “ਇਕ ਘੜੀ ਨ ਮਿਲਤੇ ਤਾਂ ਕਲਜੁਗ ਹੋਤਾ” ਵਾਲ਼ੀ ਮੇਰੀ ਹਾਲਤ ਹੋ ਜਾਂਦੀ ਹੈ। ਏਥੋਂ ਤੱਕ ਮੇਰਾ ਨਸ਼ਾ ਵਧ ਚੁੱਕਾ ਹੈ ਕਿ ਮੈਨੂੰ ਇਸ ਵਿਚ ਖੁਭੇ ਹੋਏ ਨੂੰ ਹਵਾਈ ਅੱਡੇ ਉਪਰ ਬੈਠੇ ਨੂੰ ਹੀ ਛੱਡ ਕੇ ਹਵਾਈ ਜਹਾਜ ਉਡ ਗਿਆ ਸੀ ਤੇ ਫਿਰ ਮੈਂ ਅਗਲੇ ਦਿਨ ਗਿਆ ਸੀ। ਇਸ ਘਟਨਾ ਨੂੰ ਵੀ ਮੈਂ ‘ਫੇਸਬੁੱਕ ਕਿ ਫਸੇਬੁੱਕ?’ ਦਾ ਨਾਂ ਦੇ ਕੇ ਇਕ ਲੇਖ ਹੀ ਲਿਖ ਮਾਰਿਆ ਸੀ। ਫਿਰ ਮੈਂ ਖ਼ੁਦ ਵੀ ਇਸ ਕਲਜੁਗੀ ‘ਨਿੰਦਿਆ ਪੁਰਾਣ’ ਵਿਚ ਸੱਬਰਕੱਤਾ ਹਿੱਸਾ ਪਾਉਣ ਲੱਗ ਪਿਆ ਸਾਂ। ਫਿਰ ਮੈਂ ਇਕ ਹੋਰ ਖਾਤਾ ਖੋਹਲਿਆ। ਉਹ ਇਕ ਦਿਨ ਚੱਲਿਆ। ਫਿਰ ਇਕ ਹੋਰ ਖੋਹਲਿਆ ਤੇ ਉਹ ਦੋ ਦਿਨ ਚੱਲ ਕੇ ਜਵਾਬ ਦੇ ਗਿਆ। ਫਿਰ ਕੁਝ ‘ਨੀਤੀ’ ਵਰਤ ਕੇ ਮੈਂ ਇਹ ਖਾਤਾ ਖੋਹਲਿਆ ਹੈ ਜੇਹੜਾ ਅਜੇ ਤੱਕ ਸਾਥ ਨਿਭਾਈ ਜਾ ਰਿਹਾ ਹੈ। ਵੇਖੋ, ਕਦੋਂ ਕੁ ਤੱਕ ਇਹ ਮੇਰੀਆਂ ‘ਅੱਲਵਲੱਲੀਆਂ ਟਬਲ਼ੀਆਂ’ ਦਾ ਭਾਰ ਸਹਿੰਦਾ ਹੈ! ਕਿਸੇ ਨੇ ਪੇਂਡੂ ਲੋਕਾਂ ਨੂੰ ਧਰਮ ਦੇ ਨਾਂ ‘ਤੇ ਬੁਧੂ ਬਣਾਉਣ ਲਈ ਅਜਪਾ ਜਾਪ ਦਾ ਅਖੰਡ ਪਾਠ ਸ਼ੁਰੂ ਕਰਵਾ ਦਿਤਾ। ਪਾਠੀਆਂ ਦੀ ਤੋਟ ਆਉਣ ‘ਤੇ ਉਸ ਨੇ ਇਕ ਅਨਪੜ੍ਹ ਬੰਦੇ ਨੂੰ ਵਾਰੀ ‘ਤੇ, ਇਹ ਸਿਖਾ ਕੇ ਬਹਾ ਦਿਤਾ ਕਿ ਤੂੰ ਬਸ “ਅਜਪਾ ਜਾਪ, ਅਜਪਾ ਜਾਪ” ਬੋਲੀ ਜਾਈਂ। ਕੁਝ ਸਮੇ ਬਾਅਦ ਉਸ ਦਾ ਕੋਈ ਮਿੱਤਰ ਆ ਗਿਆ ਤੇ ਇਹ ਅਜੀਬ ਵਰਤਾਰਾ ਵੇਖ ਕੇ ਬੋਲਿਆ, “ਯੇਹ ਕਬ ਤੱਕ ਚਲੇਗਾ? ਯੇਹ ਕਬ ਤੱਕ ਚਲੇਗਾ?” ਅੱਗੋਂ ਵਾਰੀ ਵਾਲ਼ਾ ਸੱਜਣ ਜਵਾਬ ਵਿਚ ਬੋਲਿਆ, “ਜਬ ਤੱਕ ਚਲੇਗਾ ਚਲਾਏਂਗੇ, ਜਬ ਤੱਕ ਚਲੇਗਾ ਚਲਾਏਂਗੇ।” ਸੋ ਵੇਖੋ, ਇਹ ਖਾਤਾ ਵੀ ਜਬ ਤੱਕ ਚਲੇਗਾ ਚਲਾਏਂਗੇ।
ਪਾਠਕ ਕਿਤੇ ਇਹ ਨਾ ਸਮਝ ਲੈਣ ਕਿ ਸ਼ਾਇਦ ਮੈਂ ਇਸ ਫੇਸਬੁੱਕ ਦੇ ਖਾਤੇ ਬਣਾਉਣ ਅਤੇ ਢਾਹੁਣ ਵਿਚ ਏਨਾ ਮਾਹਰ ਹੋ ਗਿਆ ਹਾਂ! ਅਜਿਹਾ ਕਾਰਜ ਮੈਂ ਮੇੇਰੇ ਕੋਲ਼ ਰਹਿੰਦੇ ਆਪਣੇ ਭਤੀਜੇ, ਯੁਵਰਾਜ ਸਿੰਘ ਤੋਂ ਕਰਵਾਉਂਦਾ ਹਾਂ।
ਐਡੀਲੇਡ ਦੀ ਯਾਤਰਾ ਮਾਰਚ -- ਅਪ੍ਰੈਲ 2021 - ਗਿਆਨੀ ਸੰਤੋਖ ਸਿੰਘ
ਸਾਊਥ ਆਸਟ੍ਰੇਲੀਆ ਰਾਜਧਾਨੀ ਐਡੀਲੇਡ ਦੇ ਨਾਂ ਤੋਂ ਤੇ ਭਾਵੇਂ ਮੈਂ 1979 ਦੀਆਂ ਗਰਮੀਆਂ ਦੇ ਸਮੇ ਦੌਰਾਨ ਸਿੰਘਾਪੁਰ ਤੋਂ ਹੀ ਜਾਣੂ ਹੋ ਗਿਆ ਸਾਂ ਪਰ ਯਾਤਰਾ ਆਸਟ੍ਰੇਲੀਆ ਦੇ ਇਸ ਖ਼ੂਬਸੂਰਤ ਦੱਖਣੀ ਸ਼ਹਿਰ ਦੀ ਕਰਨ ਦਾ ਸੁਭਾਗ, ਅਪ੍ਰੈਲ 1988 ਵਿਚ ਹੋਇਆ। ਇਸ ਯਾਤਰਾ ਦੀ ਗੱਲ ਮੈਂ ਅੱਗੇ ਜਾ ਕੇ ਕਰੂੰਗਾ, ਪਹਿਲਾਂ ਸਿੰਘਾਪੁਰ ਵਾਲ਼ੀ ਗੱਲ ਪੂਰੀ ਕਰ ਲਵਾਂ। ਸਬੱਬ ਇਹ ਇਉਂ ਬਣਿਆ ਕਿ ਦੱਖਣੀ ਏਸ਼ੀਆ ਦੇ ਮੁਲਕਾਂ ਦੀ ਯਾਤਰਾ ਦੌਰਾਨ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਿੰਘਾਪੁਰ ਦੇ ਦਫ਼ਤਰ ਵਿਚ ਕੁਝ ਸੱਜਣਾਂ ਨਾਲ਼ ਵਾਰਤਾਲਾਪ ਕਰ ਰਿਹਾ ਸਾਂ ਕਿ ਇਕ ਚਿੱਟੀ ਦਾਹੜੀ, ਜੇਹੜੀ ਸੋਹਣੀ ਤਰ੍ਹਾਂ ਸੰਤੋਖੀ ਹੋਈ ਸੀ, ਅਤੇ ਚਿੱਟੇ ਝੱਗੇ ਪਜਾਮੇ ਅਤੇ ਚਿੱਟੀ ਹੀ ਦਸਤਾਰ ਵਿਚ ਸਜੇ ਹੋਏ ਸੱਜਣ ਆਏ। ਉਹਨਾਂ ਨੇ ਖ਼ਜਾਨਚੀ ਨੂੰ ਕੁਝ ਮਾਇਆ ਦਿਤੀ ਅਤੇ ਰਸੀਦ ਪ੍ਰਾਪਤ ਕੀਤੀ। ਪਤਾ ਲੱਗਾ ਕਿ ਇਹ ਸੁਘੜ ਸੱਜਣ ਸਿੰਘਾਪੁਰ ਤੋਂ ਪ੍ਰਕਾਸ਼ਤ ਹੋ ਰਹੇ ਪੰਜਾਬੀ ਅਖ਼ਬਾਰ ’ਨਵਜੀਵਨ’ ਦੇ ਮਾਲਕ/ਸੰਪਾਦਕ ਸ. ਦੀਵਾਨ ਸਿੰਘ ਰੰਧਾਵਾ ਜੀ ਹਨ। ਇਹ ਗੁਰਦੁਆਰਾ ਸਾਹਿਬ ਨੂੰ ਭੇਟਾ ਕੀਤੀ ਜਾਣ ਵਾਲ਼ੀ ਮਾਇਆ, ਉਹਨਾਂ ਦੇ ਸਪੁਤਰ ਸ. ਅਜਮੇਰ ਸਿੰਘ ਰੰਧਾਵਾ ਜੀ ਨੇ, ਜੋ ਉਹਨਾਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਸਮੇ ਇਕੱਤਰ ਹੋਈ ਸੀ, ਐਡੀਲੇਡ ਤੋਂ ਭੇਜੀ ਹੈ। ਮਾਇਆ ਵਾਲ਼ੀ ਰਸੀਦ ਉਪਰ ਜੇਹੜਾ ਸਿਰਨਾਵਾਂ ਸੀ ਉਸ ਵਿਚ ਐਡੀਲੇਡ ਸ਼ਹਿਰ ਦਾ ਨਾਂ ਲਿਖਿਆ ਹੋਇਆ ਮੈਂ ਪੜ੍ਹ ਲਿਆ ਤੇ ਆਪਣੀ ਯਾਦ ਦੇ ਵਿਚੇ ਵਿਚ ਘੋਟਾ ਵੀ ਲਾ ਲਿਆ ਤਾਂ ਕਿ ਜੇ ਕਦੀ ਐਡੀਲੇਡ ਦਾ ਚੱਕਰ ਲੱਗੇ ਤਾਂ ਓਥੇ ਇਸ ਚੰਗੇ ਵਿਅਕਤੀ ਦੇ ਵੀ ਦਰਸ਼ਨ ਕੀਤੇ ਜਾ ਸਕਣ।
ਘੁੰਮਦੇ ਘੁੰਮਾਉਂਦੇ 25 ਅਕਤੂਬਰ 1979 ਵਾਲ਼ੇ ਦਿਨ, ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਸ਼ਹਿਰ ਵਿਚ ਆ ਉਤਾਰਾ ਕੀਤਾ। ਏਥੇ ਆ ਕੇ ਕੀ ਕੀ ਪਾਪੜ ਵੇਲ਼ੇ! ਇਹਨਾਂ ਦਾ ਜ਼ਿਕਰ ਪ੍ਰਸੰਗ ਵੱਸ ਕਈ ਲੇਖਾਂ ਵਿਚ ਸਮੇ ਸਮੇ ਆ ਚੁੱਕਾ ਹੈ। ਕਰਦੇ ਕਰਾਉਂਦੇ 1988 ਆ ਗਿਆ। ਐਡੀਲੇਡ ਦੇ ਸਿੱਖਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਦੀ ਕਮੇਟੀ ਨੂੰ ਸੱਦਾ ਆਇਆ ਕਿ ਓਥੇ ਪਹਿਲੇ ਅਖੰਡ ਪਾਠ ਦੇ ਭੋਗ ਉਪ੍ਰੰਤ, ਪਹਿਲੇ ਹੀ ਗੁਰਦੁਆਰੇ ਦਾ ਉਦਘਾਟਨ ਹੋਣਾ ਹੈ। ਉਸ ਵਿਚ ਸ਼ਾਮਲ ਹੋਣ ਲਈ ਆਇਆ ਜਾਵੇ। ਉਸ ਸਮੇ ਕਮੇਟੀ ਵਿਚ ਮੈਂ ਹੀ ਇਕੱਲਾ ਵੇਹਲਾ ਮੈਂਬਰ ਸੀ ਤੇ ਇਸ ਲਈ ਓਥੇ ਜਾਣ ਲਈ ਗੁਣਾ ਮੇਰੇ ਉਪਰ ਹੀ ਪਿਆ।
ਮੈਂ ਬੱਸ ਰਾਹੀਂ ਡੇਢ ਹਜਾਰ ਕਿਲੋਮੀਟਰ ਦਾ ਸਫ਼ਰ ਕਰਕੇ, ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ, ਐਡੀਲੇਡ ਪਹੁੰਚ ਗਿਆ। ਅੱਗੋਂ ਓਥੋਂ ਦੇ ਸਿੱਖਾਂ ਦੇ ਮੁਖੀ ਸ. ਮਹਾਂਬੀਰ ਸਿੰਘ ਗਰੇਵਾਲ ਨੇ ਮੈਨੂੰ ਬੱਸ ਅੱਡੇ ਤੋਂ ਚੁੱਕਿਆ ਤੇ ਆਪਣੇ ਘਰ ਲੈ ਗਏ। ਸਰਦਾਰਨੀ ਬਲਬੀਰ ਕੌਰ ਗਰੇਵਾਲ ਨੌਕਰੀ ‘ਤੇ ਗਏ ਹੋਣ ਕਰਕੇ ਸਰਦਾਰ ਗਰੇਵਾਲ ਜੀ ਨੇ ਖ਼ੁਦ ਹੀ ਮੈਨੂੰ ਚਾਹ ਨਾਲ਼ ਸੈਂਡਵਿਚ ਬਣਾ ਕੇ ਛਕਾਇਆ ਤੇ ਮੇਰੀਆਂ ਅੱਖਾਂ ਖੁਲ੍ਹੀਆਂ।
ਓਥੇ, ਐਡੀਲੇਡ ਵਿਚ, ਤਿੰਨ ਦਿਨ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਦਾ ਪ੍ਰਬੰਧ ਕੀਤਾ। ਭੋਗ ਪਿੱਛੋਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ। ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਦਾ ਆਰੰਭ ਹੋਇਆ। ਜੇਹੜੀਆਂ ਓਦੋਂ ਤੋਂ ਲੈ ਕੇ, ਹੁਣ ਤੱਕ, ਹਰੇਕ ਸਾਲ ਵਾਰੀ ਵਾਰੀ ਆਸਟ੍ਰੇਲੀਆ ਦੇ ਕਿਸੇ ਨਾ ਕਿਸੇ ਸ਼ਹਿਰ ਵਿਚ ਹੁੰਦੀਆਂ ਹਨ। ਖੇਡਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ‘ਸਿੱਖ ਫੋਰਮ’, ਜੋ ਕਿ ਇਹਨਾਂ ਖੇਡਾਂ ਦਾ ਇਕ ਖਾਸ ਹਿੱਸਾ ਹੈ, ਵੀ ਸਫ਼ਲਤਾ ਸਹਿਤ ਹੋਇਆ। ਰਾਤ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਵੀ ਸ਼ਾਮਲ ਹੋ ਕੇ, ਸਾਰੇ ਸੱਜਣਾਂ ਨੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
ਅਪ੍ਰੈਲ 1988 ਗਿਆ ਤੇ ਮਾਰਚ 2021 ਆਇਆ। ਇਸ ਦੌਰਾਨ ਕਈ ਚੱਕਰ ਰਾਜਧਾਨੀ ਐਡੀਲੇਡ ਸ਼ਹਿਰ ਸਮੇਤ ਸਾਊਥ ਆਸਟ੍ਰੇਲੀਆ ਦੇ ਲੱਗੇ ਜਿਨ੍ਹਾਂ ਦੀ ਗਿਣਤੀ ਇਸ ਵੇਲ਼ੇ ਯਾਦ ਨਹੀਂ ਰਹੀ। ਇਸ ਵਾਰੀਂ ਵਾਹਵਾ ਸਮਾ ਰਹਿੰਦਿਆਂ ਹੀ ਐਡੀਲੇਡ ਤੋਂ ਸੂਝਵਾਨ ਸੱਜਣ, ਰੋਜ਼ਾਨਾ ਅਜੀਤ ਦੇ ਪੱਤਰਕਾਰ, ਸ. ਗੁਰਮੀਤ ਸਿੰਘ ਵਾਲ਼ੀਆ ਜੀ ਦਾ ਫ਼ੋਨ ਆਇਆ ਕਿ 21 ਮਾਰਚ ਤੋਂ 3 ਅਪ੍ਰੈਲ ਤੱਕ ਦਾ ਸਮਾ, ਵੈਸਾਖੀ ਨਾਲ਼ ਸਬੰਧਤ ਧਾਰਮਿਕ ਕਾਰਜਾਂ ਵਿਚ ਹਿੱਸਾ ਲੈਣ ਲਈ, ਮੈਂ ਉਹਨਾਂ ਵਾਸਤੇ ਰੱਖਾਂ। ਖਿੱਚ ਤੇ ਮੇਰੀ ਸਾਲਾਨਾ ਸਿੱਖ ਖੇਡਾਂ ਸਮੇ ਪਰਥ ਜਾਣ ਦੀ ਸੀ ਪਰ ਉਹਨਾਂ ਵੱਲੋਂ ਅਜੇ ਕੱਚ/ਪੱਕ ਹੋਣ ਕਰਕੇ ਏਧਰ ਐਡੀਲੇਡ ਹਾਜਰ ਹੋਣ ਦੀ ਹਾਂ ਹੋ ਗਈ। ਪਿਛਲੇ ਸਾਲ ਵੀ ਪਰਥ ਵਿਚ ਖੇਡਾਂ ਹੋਣੀਆਂ ਸਨ ਪਰ ਕਰੋਨਾ ਦੇ ਕਹਿਰ ਕਰਕੇ ਨਾ ਹੋ ਸਕੀਆਂ, ਇਸ ਲਈ ਇਸ ਵਾਰੀ ਵੀ ਕੰਮ ਕੁਝ ਭੰਬਲ਼ਭੂਸੇ ਜਿਹੇ ਵਿਚ ਹੀ ਸੀ। ਅਖੀਰ ਸਿਆਣੇ ਪ੍ਰਬੰਧਕਾਂ ਨੇ ਸਿਆਣਾ ਫੈਸਲਾ ਕਰ ਲਿਆ ਕਿ ਕਰੋਨੇ ਕਾਰਨ ਯਾਤਰਾ ਵਿਚ ਵਿਘਨ ਪੈਣ ਕਰਕੇ, ਹਰੇਕ ਸਟੇਟ ਆਪਣੀ ਆਪਣੀ ਰਾਜਧਾਨੀ ਵਿਚ, ਸਥਾਨਕ ਪਧਰ ਉਪਰ ਹੀ ਖੇਡਾਂ ਕਰਵਾ ਲੈਣ। ਮੈਨੂੰ ਪ੍ਰਬੰਧਕਾਂ ਵੱਲੋਂ ਸੱਦਾ ਆਇਆ ‘ਸਿੱਖ ਫੋਰਮ’ ਵਿਚ ਹਰੇਕ ਸਾਲ ਵਾਂਗ ਸਰਗਰਮ ਹਿੱਸਾ ਪਾਉਣ ਲਈ ਪਰ ਮੈ ਐਡੀਲੇਡ ਵਾਸਤੇ ਵਾਲੀਆ ਜੀ ਨਾਲ਼ ਪਹਿਲਾਂ ਇਕਰਾਰ ਕਰ ਚੁੱਕਾ ਸਾਂ।
ਸ. ਗੁਰਮੀਤ ਸਿੰਘ ਵਾਲੀਆ ਜੀ ਦੇ ਸੱਦੇ ਉਪਰ 21 ਦੀ ਬਜਾਇ 22 ਮਾਰਚ ਨੂੰ ਐਡੀਲੇਡ ਦੇ ਹਵਾਈ ਅੱਡੇ ਉਪਰ ਉਤਰਿਆ ਤਾਂ ਬਾਹਰ ਨਿਕਲਣ ਲਈ ਬਹੁਤ ਲੰਮੀ ਕਤਾਰ ਵਿਚ ਲੱਗਣਾ ਪਿਆ ਕਿਉਂਕਿ ਕਰੋਨਾ ਕਰਕੇ ਓਥੇ ਵਾਹਵਾ ਸਾਰੀ ਪੁੱਛ ਪੜਤਾਲ ਹੋ ਰਹੀ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੇਰਾ ਵਾਹ ਇਕ ਕੁਝ ਕੁ ਵਡੇਰੀ ਉਮਰ ਦੀ ਮੇਮ ਬੀਬੀ ਨਾਲ਼ ਪਿਆ। ਉਸ ਨੇ ਜਦੋਂ ਇਹ ਪੁੱਛਿਆ ਕਿ ਕੀ ਮੇਰੇ ਕੋਲ਼ ਇਕ ਸਟੇਟ ਤੋਂ ਦੂਜੀ ਸਟੇਟ ਵਿਚ ਜਾਣ ਦੀ ਮਨਜ਼ੂਰੀ ਹੈ! ਤਾਂ ਮੇਰੀ ਤੇ ਖਾਨਿਉਂ ਗਈ! ਮੈਂ ਸੋਚਿਆ ਕਿ ਇਹ ਬੀਬੀ ਹੁਣ ਮੈਨੂੰ ਖੋਟੇ ਪੈਸੇ ਵਾਂਗ ਵਾਪਸ ਸਿਡਨੀ ਨੂੰ ਮੋੜੂਗੀ! ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਕੀ ਹੁੰਦੀ ਹੈ! ਮੇਰੀ ਧੀ ਨੇ ਮੇਰੀ ਸੀਟ ਬੁੱਕ ਕੀਤੀ ਸੀ ਤੇ ਜੋ ਕੁਝ ਵੀ ਕਰਨਾ ਬਣਦਾ ਹੈ ਉਸ ਨੇ ਹੀ ਕੀਤਾ ਹੈ; ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਖੈਰ, ਉਸ ਸਿਆਣੀ ਅਤੇ ਹਮਦਰਦ ਮੇਮ ਨੇ ਮੇਰਾ ਮੋਬਾਇਲ ਵੇਖਿਆ ਤੇ ਕੁਝ ਸਵਾਲ ਪੁੱਛਣ ਪਿੱਛੋਂ ਮੈਨੂੰ ਇਕ ਪਰਚੀ ਜਿਹੀ ਫੜਾ ਕੇ ਤੇ ਇਹ ਕਹਿ ਕੇ ਤੋਰ ਦਿਤਾ ਕਿ ਇਹ ਪੁਲਿਸ ਵਾਲ਼ੇ ਨੂੰ ਵਿਖਾ ਕੇ ਬਾਹਰ ਨਿਕਲ਼ ਜਾਵੀਂ। ਇਉਂ ਹਵਾਈ ਅੱਡੇ ਤੋਂ ਮੇਰੀ ਬੰਦ ਖਲਾਸੀ ਹੋ ਗਈ।
ਬਾਹਰ ਨਿਕਲ਼ ਕੇ ਵਾਲੀਆ ਜੀ ਨੂੰ ਫ਼ੋਨ ਕੀਤਾ ਤੇ ਉਹ ਛੇਤੀ ਹੀ ਆ ਕੇ ਮੈਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਲੈ ਗਏ, ਜਿਥੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ। ਚੱਲ ਰਹੀ ਲੜੀ ਵਿਚ ਮੈਂ ਵੀ ਸ਼ਾਮਲ ਹੋ ਗਿਆ। ਪਹਿਲੇ ਪ੍ਰੋਗਰਾਮ ਦੀ ਸਮਾਪਤੀ ਪਿੱਛੋਂ, 25 ਮਾਰਚ ਨੂੰ, ਬੱਸ ਰਾਹੀਂ ਰਿਵਰਲੈਂਡ ਨੂੰ ਜਾਣ ਦਾ ਵਿਚਾਰ ਬਣਾ ਲਿਆ। ਤੁਰਨ ਤੋਂ ਪਹਿਲਾਂ ਬਹੁਤ ਪੁਰਾਣੇ ਮਿੱਤਰ ਸ. ਕੁਲਦੇਵ ਸਿੰਘ ਨੂੰ ਰਿੰਗ ਕੀਤਾ ਪਰ ਉਹ ਨਾ ਮਿਲ਼ ਸਕੇ ਤੇ ਘਰੋਂ ਹੁੰਗਾਰਾ ਵੀ ਕੋਈ ਉਤਸ਼ਾਹਜਨਕ ਨਾ ਮਿਲਣ ਕਰਕੇ, ਇਕ ਹੋਰ ਪੁਰਾਣੇ ਮਿੱਤਰ ਰੈਨਮਾਰਕ ਵਾਸੀ ਸ. ਪਿਆਰਾ ਸਿੰਘ ਅਟਵਾਲ ਵੱਲ ਜਾਣ ਦਾ ਵਿਚਾਰ ਬਣਾ ਲਿਆ। ਮਨਪ੍ਰੀਤ ਸਿੰਘ ਦੇ ਨਾਲ਼ ਜਾ ਕੇ ਸ਼ਹਿਰੋਂ ਰੈਨਮਾਰਕ ਦੀ ਟਿਕਟ ਖ਼ਰੀਦ ਲਈ। ਅਗਲੇ ਦਿਨ ਬੱਸ ਵਿਚ ਬਹਿ ਕੇ ਰੈਨਮਾਰਕ ਵੱਲ ਚਾਲੇ ਪਾ ਦਿਤੇ। “ਅੰਨ੍ਹੇ ਕੁੱਤੇ ਹਰਨਾਂ ਦੇ ਸ਼ਿਕਾਰੀ” ਦੀ ਤਰਜ ਉਪਰ, ਸਦਾ ਵਾਂਗ ਅਜਿਹੀਆਂ ਯਾਤਰਾਵਾਂ ਲਈ, ਦੇਸ ਹੋਵੇ ਜਾਂ ਪਰਦੇਸ, ਤੁਰ ਪੈਣਾ ਤੇ ਮੇਰੀ ਮੁੱਢ ਦੀ ਵਾਦੀ ਹੈ। ਉਸ ਬੱਸ ਵਿਚ ਇਕ ਸਿੱਖ ਬੱਚੀ ਵੀ ਬੈਠੀ ਹੋਈ ਸੀ। ਮੇਰੀ ਨਿਸਚਿਤ ਸੀਟ ਲੱਭਣ ਵਿਚ ਮੈਨੂੰ ਕੁਝ ਭੰਬਲ਼ਭੂਸਾ ਜਿਹਾ ਪੈ ਜਾਣ ਕਰਕੇ ਉਸ ਬੱਚੀ ਨੇ ਮੇਰੀ ਸਹਾਇਤਾ ਕਰਨ ਸਮੇ ਜਦੋਂ ਪੰਜਾਬੀ ਬੋਲੀ ਤਾਂ ਸਾਡੀ ਗੱਲ ਬਾਤ ਸ਼ੁਰੂ ਹੋ ਗਈ। ਬੱਚੀ ਵੱਲੋਂ ਕਿੱਥੇ ਜਾਣਾ, ਕਿਉਂ ਜਾਣਾ, ਉਹਨਾਂ ਨੂੰ ਪਤਾ ਕਿ ਤੁਸੀਂ ਆ ਰਹੇ ਹੋ, ਉਹਨਾਂ ਦਾ ਫ਼ੋਨ ਨੰਬਰ ਹੈਗਾ ਤੁਹਾਡੇ ਕੋਲ਼ ਆਦਿ ਦੇ ਪੁੱਛ ਪੁਛਈਏ ਕਰਕੇ, ਉਸ ਬੱਚੀ ਨੂੰ ਮੇਰੀ ‘ਹਾਲਤ’ ਦਾ ਪਤਾ ਲੱਗ ਗਿਆ ਕਿ ਮੈਂ ਹਨੇਰੇ ਵਿਚ ਹੀ ਟੱਕਰਾਂ ਮਾਰ ਰਿਹਾਂ। ਜਦੋਂ ਰਾਤ ਦੇ ਹਨੇਰੇ ਵਿਚ ਬੱਸ ਬੈਰੀ ਟਾਊਨ ਜਾ ਕੇ ਰੁਕੀ ਤਾਂ ਅੱਗੋਂ ਪ੍ਰਕਾਸ਼ਤ ਦਾਹੜੇ ਵਾਲ਼ਾ ਨੌਜਵਾਨ, ਉਸ ਦਾ ਪਤੀ, ਉਸ ਨੂੰ ਲੈਣ ਵਾਸਤੇ ਆਇਆ ਹੋਇਆ ਸੀ। ਉਹ ਬੱਸ ਤੋਂ ਉਤਰ ਕੇ ਜਾ ਕੇ ਕਾਰ ਵਿਚ ਬੈਠ ਗਈ ਪਰ ਕੁਝ ਪਲ ਰੁਕ ਕੇ ਉਹ ਨੌਜਾਵਨ ਮੁੜ ਆਇਆ ਤੇ ਮੈਨੂੰ ਉਸ ਨੇ ਬੜਾ ਹੀ ਜੋਰ ਲਾਇਆ ਕਿ ਰਾਤ ਮੈਂ ਉਹਨਾਂ ਕੋਲ਼ ਰਹਾਂ ਤੇ ਸਵੇਰੇ ਮੈਂ ਜਿਥੇ ਜਾਣਾ ਹੋਵੇਗਾ, ਉਹ ਮੈਨੂੰ ਛੱਡ ਆਉਣਗੇ ਪਰ ਮੈਂ ਇਕੋ ਨੰਨਾ ਹੀ ਫੜੀ ਰੱਖਿਆ ਤੇ ਉਹਨਾਂ ਦੇ ਨਾਲ਼ ਨਾ ਹੀ ਗਿਆ। ਉਸ ਬੀਬੀ ਨੇ ਆਪਣੇ ਪਤੀ ਨੂੰ ਮੇਰੀ ਅਨਿਸਚਤ ਜਿਹੀ ਹਾਲਤ ਬਾਰੇ ਜਾ ਕੇ ਦੱਸਿਆ ਹੋਊਗਾ ਤਾਂ ਹੀ ਉਹ ਮੈਨੂੰ ਬੱਸੋਂ ਲਾਹ ਕੇ ਆਪਣੇ ਨਾਲ਼ ਖੜਨ ਲਈ ਆਇਆ। ਨਾ ਮੈਂ ਉਸ ਸੁਭਾਗੀ ਜੋੜੀ ਨੂੰ ਪਹਿਲਾਂ ਜਾਣਾ ਤੇ ਨਾ ਉਹ ਮੈਨੂੰ ਜਾਨਣ।
ਅਗਲਾ ਕਸਬਾ ਰੈਨਮਾਰਕ ਸੀ ਜਿੱਥੇ ਮੈਂ ਜਾਣਾ ਸੀ। ਓਥੇ ਨਾ ਕਿਸੇ ਨੂੰ ਪਤਾ ਕਿ ਮੈਂ ਆ ਰਿਹਾਂ ਤੇ ਨਾ ਹੀ ਕਿਸੇ ਦਾ ਮੇਰੇ ਕੋਲ਼ ਫ਼ੋਨ ਨੰਬਰ। ਜਿਸ ਦੇ ਘਰ ਐਡੀਲੇਡੋਂ ਤੁਰਨ ਤੋਂ ਪਹਿਲਾਂ ਰਿੰਗ ਕੀਤਾ ਸੀ, ਉਹ ਨੰਬਰ ਵੀ ਨਾਲ਼ ਨਾ ਚੁੱਕਿਆ। ਸੋਚ ਇਹ ਸੀ ਕਿ ਰੈਨਮਾਰਕ, ਜਿੱਥੇ ਦਰਿਆ ਦੇ ਕਿਨਾਰੇ ਜਾ ਕੇ ਬੱਸ ਰੁਕਣੀ ਹੈ, ਓਥੋਂ ਦੋ ਸੜਕਾਂ ਅਤੇ ਉਹਨਾਂ ਦੋਹਾਂ ਦੇ ਵਿਚਾਲ਼ੇ ਇਕ ਛੋਟਾ ਜਿਹਾ ਕਾਰ ਪਾਰਕਿੰਗ ਸਥਾਨ ਤੇ ਦੂਜੀ ਸੜਕ ਦੇ ਕਿਨਾਰੇ ਗੁਰਦੁਆਰਾ ਹੈ, ਤੇ ਗ੍ਰੰਥੀ ਗਿਆਨੀ ਹਰਦਿਆਲ ਸਿੰਘ ਜੀ ਗੁਰਦੁਆਰੇ ਵਿਚ ਹੋਣਗੇ ਹੀ। ਚੱਲ ਮੇਰੇ ਭਾਈ। ਹੋਰ ਕਿਸੇ ਗੱਲ ਬਾਰੇ ਫਿਕਰ ਕਰਨ ਦੀ ਕੀ ਲੋੜ! ਪਰ, “ਨਰੁ ਚਾਹਤ ਕਛੁ ਔਰ ਅਉਰੈ ਕੀ ਅਉਰੈ ਭਈ॥“ ਪਹਿਲਾਂ ਤੇ ਬੱਸ ਨਿਸਚਤ ਸਮੇ ਤੋਂ ਕੁਝ ਲੇਟ ਹੋ ਗਈ। ਦੂਜਾ ਉਸ ਨੇ ਮੈਨੂੰ ਅਸਲੀ ਅੱਡੇ ਤੋਂ ਇਕ ਅੱਡਾ ਪਹਿਲਾਂ, ਸ਼ਹਿਰ ਦੇ ਸ਼ੁਰੂ ਵਿਚ ਹੀ ਉਤਾਰ ਦਿਤਾ। ਮੇਰੇ ਪੁੱਛਣ ‘ਤੇ ਦੱਸਿਆ ਕਿ ਸ਼ਹਿਰ ਦੀ ਕਮੇਟੀ ਨੇ ਦਰਿਆ ਤੱਕ ਬੱਸ ਖੜਨੀ ਚਿਰੋਕਣੀ ਬੰਦ ਕੀਤੀ ਹੋਈ ਹੈ। ਚਾਰ ਚੁਫੇਰੇ ਹਨੇਰਾ। ਕੋਲ਼ ਮੇਰੇ, ਭਾਵੇਂ ਛੋਟਾ ਹੀ ਪਰ ਕਿਤਾਬਾਂ ਦਾ ਭਰਿਆ ਅਟੈਚੀ ਕੇਸ। ਡਰਾਈਵਰ ਦੇ ਦੱਸਣ ਅਨੁਸਾਰ ਮੈਂ ਗੁਰਦੁਆਰੇ ਨੂੰ ਜਾਣ ਵਾਲ਼ੀ ਸਿਧੀ ਸੜਕੇ ਪੈ ਗਿਆ। ਅਟੈਚੀ ਧੂੰਹਦਾ ਦਸ ਕੁ ਵਜੇ ਜਾ ਗੁਰਦੁਆਰੇ ਦਾ ਬਾਹਰਲਾ ਗੇਟ ਖੜਕਾਇਆ ਪਰ ਆਵਾਜ਼ ਕੋਈ ਨਾ ਅੰਦਰੋਂ ਆਈ। ਇਮਾਰਤ ਦੇ ਆਲ਼ੇ ਦੁਆਲ਼ੇ ਚੱਕਰ ਵੀ ਲਾਇਆ ਪਰ ਚੁੱਪਚਾਪ। ਆਵਾਜ਼ਾਂ ਦਿਤੀਆਂ ਰੌਲ਼ਾ ਬੜਾ ਪਾਇਆ ਪਰ ਕਿਸੇ ਨਾ ਮੇਰੀ ਹਾਮੀ ਭਰੀ। ਓਧਰੋਂ ‘ਲਘੂਸ਼ੰਕਾ’ ਆਖੇ ਕਿ ਮੈਂ ਵੀ ਅੱਜ ਹੀ ਆਪਣੀ ਮਹੱਤਤਾ ਵਿਖਾਉਣੀ ਹੈ। ਇਸ ਦਾ ਹੱਲ ਤਾਂ ਕੱਢਣਾ ਹੀ ਕੱਢਣਾ ਸੀ। ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀਂ ਸੀ। ਕਿਵੇਂ ਨਾ ਕਿਵੇਂ ਇਹ ਮਸਲਾ ਤੇ ਹੱਲ ਕਰ ਹੀ ਲਿਆ। ਰਹੀ ਰਾਤ ਕੱਟਣ ਦੀ ਗੱਲ! ਉਸ ਬਾਰੇ ਬਹੁਤੇ ਫਿਕਰ ਵਾਲ਼ੀ ਗੱਲ ਕੋਈ ਨਹੀਂ ਸੀ ਕਿਉਂਕਿ ਗੁਰਦੁਆਰੇ ਦੇ ਨਾਲ਼ ਹੀ ਵਾਹਵਾ ਵੱਡਾ ਹੋਟਲ ਹੈਗਾ। ਹੋਟਲਾਂ, ਟੈਕਸੀਆਂ ਵਰਗੀਆਂ ਫੈਲਸੂਫੀਆਂ ਕਰਨ ਤੋਂ ਤੇ ਮੈਂ ਵਾਹ ਲੱਗਦੀ ਸੰਕੋਚ ਹੀ ਕਰਦਾ ਹਾਂ ਪਰ ਜੇ ਕਿਤੇ “ਫਸੀ ਨੂੰ ਫਟਕਣ ਕੀ!” ਵਾਲੀ ਹਾਲਤ ਬਣ ਹੀ ਜਾਵੇ ਤਾਂ ਫਿਰ ਇਹ ਅੱਗ ਵੀ .... ਹੀ ਲਈਦੀ ਹੈ ਪਰ ਇਸ ਤੋਂ ਪਹਿਲਾਂ ਸਾਰਾ ਜਤਨ ਇਸ ਬੇਲੋੜੇ ਖ਼ਰਚ ਨੂੰ ਬਚਾਉਣ ਵਾਸਤੇ ਕਰ ਲਈਦਾ ਹੈ।
ਗੁਰਦੁਆਰੇ ਦੇ ਨੇੜੇ ਇਕ ਘਰ ਵਿਚ ਭਾਰਤੀ ਪਰਵਾਰ ਰਹਿੰਦਾ ਹੁੰਦਾ ਸੀ। ਉਸ ਦਾ ਬੂਹਾ ਖੜਕਾਇਆ ਪਰ ਓਥੋਂ ਇਕ ਗੋਰੇ ਨੌਜਵਾਨ ਨੇ ਬੂਹਾ ਖੋਹਲਿਆ। ਅਸੀਂ ਇਕ ਦੂਜੇ ਨੂੰ ਆਪਣੀ ਗੱਲ ਸਮਝਾ ਹੀ ਰਹੇ ਸੀ ਕਿ ਗਵਾਂਢ ਤੋਂ ਇਕ ਹੋਰ ਗੋਰਾ, ਪਹਿਲੇ ਨਾਲ਼ੋਂ ਕੁਝ ਵਡੇਰੀ ਉਮਰ ਦਾ ਆਪਣੇ ਘਰੋਂ ਨਿਕਲ਼ ਕੇ ਸਾਡੇ ਕੋਲ਼ ਆ ਗਿਆ। ਮੇਰੀ ਸਮੱਸਿਆ ਸੁਣ ਕੇ ਉਸ ਨੇ ਕਿਹਾ ਕਿ ਬੈਰੀ ਟਾਊਨ ਵਿਚ ਇਕ ਇੰਡੀਅਨ ਦਾ ਰੈਸਟੋਰੈਂਟ ਹੈ ਤੇ ਉਸ ਦਾ ਫ਼ੋਨ ਨੰਬਰ ਉਸ ਪਾਸ ਹੈ। ਉਸ ਨੇ ਨੰਬਰ ਮਿਲ਼ਾ ਕੇ ਫ਼ੋਨ ਮੇਰੇ ਹੱਥ ਫੜਾਇਆ ਤੇ ਅਗੋਂ ਪੰਜਾਬੀ ਵਿਚ ਇਕ ਸੱਜਣ ਬੋਲਿਆ। ਮੇਰੇ ਸਮੱਸਿਆ ਦੱਸਣ ‘ਤੇ ਉਸ ਨੇ ਗਿਆਨੀ ਹਰਦਿਆਲ ਸਿੰਘ ਜੀ ਦਾ ਨੰਬਰ ਦੇ ਦਿਤਾ। ਮੈਂ ਗਿਆਨੀ ਜੀ ਨੂੰ ਰਿੰਗਿਆ ਤੇ ਉਹ ਦੋਵੇਂ ਜੀ ਫੌਰਨ ਕਾਰ ਲੈ ਕੇ ਆ ਗਏ। ਕਹਿੰਦੇ ਬੈਠੋ ਕਾਰ ਵਿਚ ਤੇ ਘਰ ਚੱਲ ਕੇ ਰੋਟੀ ਖਾ ਕੇ ਫਿਰ ਗੁਰਦੁਆਰੇ ਆ ਜਾਣਾ। ਮੈਂ ਕਿਹਾ ਕਿ ਗੁਰਦੁਆਰਾ ਖੋਹਲ ਦਿਓ। ਲੰਗਰ ਵਿਚ ਬਰੈਡ ਪਈ ਹੋਵੇਗੀ। ਮੈਂ ਚਾਹ ਬਣਾ ਕੇ ਉਸ ਨਾਲ਼ ਖਾ ਲਊਂਗਾ। ਤੁਸੀਂ ਰਾਤ ਸਮੇ ਖੇਚਲ਼ ਨਾ ਕਰੋ। ਤੁਸੀਂ ਵੀ ਸਵੇਰ ਦੇ ਕੰਮ ਤੋਂ ਆਏ ਹੋ ਤੇ ਸਵੇਰੇ ਫੇਰ ਕੰਮ ‘ਤੇ ਜਾਣਾ ਹੈ।
ਮੁੱਕਦੀ ਗੱਲ ਕਿ ਉਹ ਭਲੇ ਪੁਰਸ਼ ਮੈਨੂੰ ਆਪਣੇ ਘਰ ਲੈ ਗਏ ਪ੍ਰਸ਼ਾਦਾ ਛਕਾਇਆ ਤੇ ਘਰੋਂ ਦੁਧ ਵਾਲ਼ੀ ਬੋਤਲ ਅਤੇ ਬਰੈਡ ਚੁੱਕੀ ਤੇ ਮੈਨੂੰ ਗੁਰਦੁਆਰਾ ਖੋਹਲ ਕੇ, ਸੌਣ ਕਮਰਾ ਵਿਖਾਇਆ। ਫਰਿਜ ਵਿਚ ਦੁਧ ਅਤੇ ਬਰੈਡ ਰੱਖੀ। ਸਾਰਾ ਕੁਝ ਮੈਨੂੰ ਸਮਝਾਇਆ ਤੇ ਤੁਰਨ ਸਮੇ ਸਵੇਰ ਦੇ ਪ੍ਰੋਗਰਾਮ ਬਾਰੇ ਪੁੱਛਿਆ। ਮੈਂ ਸਵੇਰ ਬਾਰੇ ਉਹਨਾਂ ਨੂੰ ਬੇਫਿਕਰ ਹੋ ਜਾਣ ਲਈ ਕਿਹਾ ਕਿ ਤੁਸੀਂ ਆਪਣਾ ਕਾਰਜ ਕਰੋ। ਹੁਣ ਮੈਂ ਆਪਣੇ ਪਿਓ ਦੇ ਘਰ ਆ ਵੜਿਆ ਹਾਂ। ਹੁਣ ਟੁੰਡੇ ਲਾਟ ਦੀ ਪਰਵਾਹ ਨਹੀਂ ਮੈਨੂੰ।
ਅਗਲੇ ਸਵੇਰੇ ਨਿਤ ਕਿਰਿਆ ਤੋਂ ਵੇਹਲਾ ਹੋ ਕੇ, ਸ. ਪਿਆਰਾ ਸਿੰਘ ਅਟਵਾਲ ਨੂੰ ਰਿੰਗ ਮਾਰਿਆ। ਉਹਨਾਂ ਦਾ ਜਵਾਬ ਆਇਆ, “ਟਿੰਡ ਫਹੁੜੀ ਚੁੱਕ ਕੇ ਤਿੰਨ ਮਿੰਟਾਂ ਵਿਚ ਗੁਰਦੁਆਰੇ ਤੋਂ ਬਾਹਰ ਨਿਕਲ਼ ਕੇ ਸੜਕ ਉਪਰ ਖਲੋ ਜਾਓ। ਮੈਂ ਆ ਰਿਹਾਂ।“ ਅਟਵਾਲ ਜੀ ਆਏ ਅਤੇ ਮੈਨੂੰ, ਸਣੇ ਮੇਰੀ ਟਿੰਡ ਫਹੁੜੀ ਦੇ, ਆਪਣੇ ਫਾਰਮ ਵਿਚ ਲੈ ਗਏ ਤੇ ਘਰ ਦੇ ਨਾਲ਼ ਬਣੇ ਸਪੈਸ਼ਲ ਗੈਸਟ ਹਾਊਸ ਦੇ ਬੈਡ ਰੂਮ ਵਿਚ ਮੇਰਾ ਡੇਰਾ ਲਵਾ ਦਿਤਾ, ਜਿਸ ਵਿਚ ਚਾਰ ਡਬਲ ਬੈਡ ਲੱਗੇ ਹੋਏ ਸਨ। ਪਰਵਾਰਕ ਘਰ ਦੇ ਬਿਲਕੁਲ ਨਾਲ਼ ਪਰ ਵੱਖਰਾ ਵੱਡਾ ਸਾਰਾ ਬੈਡਰੂਮ, ਲਾਂਜ ਰੂਮ ਕਿਚਨ ਅਤੇ ਇਕ ਵੱਡਾ ਸਾਰਾ ਬਰਾਂਡਾ ਬਣਿਆ ਹੋਇਆ ਹੈ, ਜਿਥੇ ਹਰੇਕ ਆਏ ਗਏ ਦਾ ਉਤਾਰਾ ਕਰਵਾਉਂਦੇ ਹਨ। “ਪਿਆਰਾ ਸਿੰਘ ਜੀ, ਏਥੇ ਤੇ ਵੱਡੇ ਵੱਡੇ ਚਾਰ ਡਬਲ ਬਿਸਤਰੇ ਲੱਗੇ ਹੋਏ ਨੇ ਜਿਨ੍ਹਾਂ ਉਪਰ ਅੱਠ ਵਿਅਕਤੀ ਸੌਂ ਸਕਦੇ ਹਨ ਪਰ ਮੈਂ ਤੇ ਇਕੋ ਹੀ ਹਾਂ। ਫਿਰ ਕਿਵੇਂ ਇਹਨਾਂ ਚੌਹਾਂ ਬਿਸਤਰਿਆਂ ਉਪਰ ਸੌਵਾਂਗਾ?” ਕੁਝ ਨਕਲੀ ਫਿਕਰ ਜਿਹਾ ਜਤਾਉਂਦੇ ਹੋਏ ਮੈਂ ਸ਼ੰਕਾ ਪਰਗਟ ਕੀਤੀ। ਮੇਰਾ ਅਜਿਹਾ ਫਿਕਰ ਸੁਣ ਕੇ ਉਹ ਵੀ ਕੁਝ ਫਿਕਰ ਜਿਹੇ ਵਿਚ ਪੈ ਗਏ ਦਿਸੇ ਤੇ ਗੰਭੀਰਤਾ ਸਹਿਤ ਨੀਵੀਂ ਜਿਹੀ ਪਾ ਕੇ, ਕੰਨ ਕੋਲ਼ ਧੌਣ ‘ਤੇ ਖੁਰਕਦੇ ਹੋਏ, ਕਹਿਣ ਲੱਗੇ, “ਹੂੰਅ, ਜੇ ਤੁਹਾਡੇ ਚਾਰ ਟੋਟੇ ਕੀਤੇ ਗਏ ਤਾਂ ਫਿਰ ਜੋੜਨੇ ਮੁਸ਼ਕਲ ਹੋ ਜਾਣਗੇ। ਚੰਗਾ ਹੈ ਕਿ ਤੁਸੀਂ ਰਾਤ ਦੇ ਸਮੇ ਦੀ ਵੰਡ ਕਰਕੇ, ਇਕੋ ਜਿਹਾ ਸੌਣ ਦਾ ਸਮਾ ਹਰੇਕ ਬਿਸਤਰੇ ਉਪਰ ਪੈ ਲੈਣਾ। ਇਸ ਤਰ੍ਹਾਂ ਕਰਨ ਨਾਲ਼ ਕਿਸੇ ਬਿਸਤਰੇ ਨਾਲ਼ ਵਿਤਕਰਾ ਨਹੀਂ ਹੋਵੇਗਾ।“ ਸਿਆਣਾ ਬੰਦਾ ਸਿਆਣੀ ਸਲਾਹ ਹੀ ਦਿੰਦਾ ਹੈ। ਐਵੇਂ ਤੇ ਨਹੀਂ ਸੀ ਜੰਞ ਨਾਲ ਬਜ਼ੁਰਗ ਨੂੰ ਸੰਦੂਕ ਵਿਚ ਬੰਦ ਕਰਕੇ ਲੈ ਗਏ!
ਆਏ ਗਏ ਲਈ ਪ੍ਰਸ਼ਾਦਾ ਤੇ ਦੋਵੇਂ ਵੇਲ਼ੇ ਭਾਵੇਂ ਘਰ ਵਿਚੋਂ ਸੁਚੱਜੀਆਂ ਨੋਹਾਂ ਬਣਾ ਕੇ ਭੇਜ ਦਿੰਦੀਆਂ ਹਨ ਪਰ ਚਾਹ ਪਾਣੀ, ਛਾਹ ਵੇਲ਼ਾ ਆਦਿ ਦਾ ਪ੍ਰਬੰਧ ਗੈਸਟ ਹਾਊਸ ਵਿਚ ਹੀ ਹੋ ਜਾਂਦਾ ਹੈ।
ਸ. ਪਿਆਰਾ ਸਿੰਘ ਅਟਵਾਲ ਪੁਰਾਣੇ ਅਕਾਲੀ ਪਰਵਾਰ ਵਿਚੋਂ ਹਨ। ਇਹਨਾਂ ਦੇ ਬਾਬਾ ਜੀ ਦੇ ਵੇਲ਼ੇ ਤੋਂ ਸੰਤ ਫ਼ਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ ਜੀ, ਸ. ਜਗਦੇਵ ਸਿੰਘ ਤਲਵੰਡੀ ਵਰਗੇ ਅਕਾਲੀ ਆਗੂ ਅਤੇ ਵਰਕਰ ਆਦਿ ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ। ਉਸ ਸਮੇ ਬਚਪਨ ਤੋਂ ਹੀ ਸ. ਪਿਆਰਾ ਸਿੰਘ ਉਹਨਾਂ ਸਾਰਿਆਂ ਦੇ ਛਕਣ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ। ਇਹੋ ਸੇਵਾ ਭਾਵਨਾ ਇਹਨਾਂ ਦੀ ਸੋਚ ਵਿਚ ਬਚਪਨ ਤੋਂ ਹੀ ਪਰਵਾਰਕ ਪਿਛੋਕੜ ਕਾਰਨ ਭਰੀ ਹੋਈ ਹੋਣ ਕਰਕੇ, ਹੁਣ ਵੀ ਰੈਨਮਾਰਕ ਵਿਚ ਉਹ ਹਰੇਕ ਆਏ ਗਏ ਦੇ ਰਹਿਣ ਬਹਿਣ ਖਾਣ ਪੀਣ ਦੀ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕਰਦੇ ਹਨ। ਮੈਂ ਜਦੋਂ ਵੀ ਜਾਵਾਂ ਮੈਨੂੰ ਪ੍ਰੇਮ ਨਾਲ਼ ਆਪਣੇ ਘਰ ਲੈ ਜਾਂਦੇ ਹਨ ਤੇ ਮੈਂ ਓਥੇ ਆਪਣੇ ਘਰ ਵਾਂਗ ਹੀ ਮਹਿਸੂਸ ਕਰਦਾ ਹਾਂ। ਭਾਵੇਂ ਮੇਰੇ ਨਾਲ਼ ਕੋਈ ਹੋਰ ਵੀ ਹੋਵੇ ਤਾਂ ਵੀ ਮੱਥੇ ਵੱਟ ਨਹੀਂ ਪਾਉਂਦੇ। ਇਸ ਵਾਰ ਵੀ ਮੈਂ ਪੰਜ ਰਾਤਾਂ ਓਥੇ ਰਿਹਾ। ਛਨਿਛਰਵਾਰ ਗਲੌਸਪ ਦੇ ਗੁਰਦੁਆਰਾ ਸਾਹਿਬ ਵਿਖੇ ਸਜਣ ਵਾਲ਼ੇ ਦੀਵਾਨ ਵਿਚ ਮੈਨੂੰ ਲੈ ਕੇ ਗਏ। ਉਸ ਦਿਨ, ਪੰਥ ਸੇਵਕ, ਕੌਮੀ ਵਿਚਾਰਾਂ ਦੇ ਧਾਰਨੀ ਸ. ਅਜੀਤ ਸਿੰਘ ਜੀ ਦੇ ਪਰਵਾਰ ਵੱਲੋਂ ਸੰਗਤ ਵਾਸਤੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ ਗਈ ਸੀ। “ਜਾ ਕੈ ਮਸਤਕ ਭਾਗ ਸਿ ਸੇਵਾ ਲਾਇਆ॥” ਸਜੇ ਦੀਵਾਨ ਅੰਦਰ ਸਤਿਗੁਰੂ ਜੀ ਦੀ ਹਜੂਰੀ ਵਿਚ, ਸੰਗਤ ਦੇ ਸਨਮੁਖ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਐਤਵਾਰ ਦੇ ਦੀਵਾਨ ਦੀ ਹਾਜਰੀ ਰੈਨਮਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਗੁਰੂ ਸ਼ਬਦ ਰਾਹੀਂ ਸੰਬੋਧਨ ਕਰਨ ਦਾ ਸ਼ੁਭ ਅਵਸਰ ਮਿਲ਼ਿਆ। ਇਹ ਪੰਜ ਰਾਤਾਂ ਵੀ ਅਟਵਾਲ ਭਵਨ ਵਿਚ, “ਗੁਨ ਗਾਵਤ ਰੈਨ ਬਿਹਾਨੀ॥” ਵਾਂਗ ਬੀਤੀਆਂ। ਹਾਲਾਂ ਕਿ ਮੈਂ ਇਕ ਘਰ ਵਿਚ ਇਕ ਰਾਤ ਤੋਂ ਵਧੇਰੇ ਟਿਕ ਕੇ ਖ਼ੁਸ਼ ਨਹੀਂ ਹੁੰਦਾ।
ਮੇਰੇ ਕੋਲ਼ ਮੰਗਲਵਾਰ ਦੀ ਰਾਤ ਖਾਲੀ ਸੀ। ਬੁਧਵਾਰ ਸਵੇਰੇ ਬੱਸ ਰਾਹੀਂ ਵਾਪਸ ਐਡੀਲੇਡ ਨੂੰ ਚਾਲੇ ਪਾਉਣੇ ਸਨ। ਇਸ ਸ਼ਾਮ ਨੂੰ ਮੈਂ ਆਪਣੇ ਚਿਰਕਾਲੀ ਦੋ ਮਿੱਤਰਾਂ ਨਾਲ਼ “ਦੁਖ ਸੁਖ ਫੋਲਣ” ਲਈ ਮਿਲਣਾ ਚਾਹੁੰਦਾ ਸਾਂ ਪਰ ਸ਼ਾਇਦ ਕੁਝ ਨਾਸਾਜ਼ ਘਰੇਲੂ ਹਾਲਾਤ ਕਾਰਨ ਉਹਨਾਂ ਮਿੱਤਰਾਂ ਵੱਲੋਂ ਇਸ ਮਿਲਣੀ ਲਈ ਉਤਸ਼ਾਹ ਨਾ ਵਿਖਾਇਆ ਗਿਆ। ਦੋਵੇਂ ਸੱਜਣ ਧਾਰਮਿਕ ਵਿਚਾਰਾਂ ਵਾਲ਼ੇ ਦਸਵੰਧ ਦੀ ਮਰਯਾਦਾ ਦੀ ਦ੍ਰਿੜ੍ਹਤਾ ਸਹਿਤ ਪਾਲਣਾ ਕਰਨ ਵਾਲ਼ੇ, ਜਿਨ੍ਹਾਂ ਨਾਲ਼ ਮੇਰੀ ਮਿੱਤਰਤਾ ਜਨਵਰੀ 1980 ਤੋਂ ਹੈ, ਏਥੇ ਪਰਵਾਰਾਂ ਸਮੇਤ ਰਹਿ ਰਹੇ ਹਨ। ਕਈ ਵਾਰ ਮਾਨਸਕ ਜਾਂ ਪਰਵਾਰਕ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਜੀ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਸੱਜਣ ਮਿੱਤਰ ਨਾਲ਼, ਪਹਿਲਾਂ ਵਾਂਗ ਖੁਲ੍ਹੇ ਮਾਹੌਲ ਵਿਚ ਖੁਲ੍ਹੇ ਵਿਚਾਰ ਸਾਂਝੇ ਕੀਤੇ ਜਾ ਸਕਣ। ਵੈਸੇ ਇਕ ਸੱਜਣ ਦੇ ਦਰਸ਼ਨ ਗੁਰਦੁਆਰਾ ਸਾਹਿਬ ਵਿਚ ਹੋ ਗਏ ਸਨ ਤੇ ਦੂਜੇ ਸੱਜਣ ਦੇ ਘਰ ਲਿਜਾ ਕੇ ਅਟਵਾਲ ਸਾਹਿਬ ਮਿਲ਼ਾ ਲਿਆਏ ਸਨ। ਸਾਡੀ ਧਾਰਮਿਕ, ਪੰਥਕ ਵਿਚਾਰਧਾਰਾ ਸਾਂਝੀ ਹੋਣ ਕਰਕੇ ਵੀ ਗੂਹੜੀ ਮਿੱਤਰਤਾ ਹੈ। ਚਲੋ, ਅਗਲੀ ਵਾਰ ਸਹੀ।
ਬੁਧਵਾਰ ਦੁਪਹਿਰ ਤੋਂ ਬਾਅਦ ਮੈਂ ਐਡੀਲੇਡ ਪਹੁੰਚ ਗਿਆ ਤੇ ਅਗੋਂ ਅੱਡੇ ਤੋਂ ਸਦਾ ਵਾਂਗ ਕਾਕਾ ਮਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਲੈ ਗਿਆ। ਰਾਤ ਪੈਣ ਤੋਂ ਪਹਿਲਾਂ ਸ. ਮਹਾਂਬੀਰ ਸਿੰਘ ਗਰੇਵਾਲ ਜੀ ਦਾ ਫ਼ੋਨ ਆ ਗਿਆ ਕਿ ਸਵੇਰੇ ਪੋਰਟ ਅਗੱਸਤਾ ਜਾਣ ਲਈ ਤਿਆਰ ਰਹਾਂ। ਅਗਲੇ ਦਿਨ ਉਹਨਾਂ ਨਾਲ਼ ਕਾਰ ਉਪਰ ਸਵਾਰ ਹੋ ਕੇ ਪੋਰਟ ਅਗੱਸਤਾ ਵੱਲ ਨੂੰ ਚਾਲੇ ਪਾ ਦਿਤੇ।
ਇਹ ਟਾਊਨ ਰਾਜਧਾਨੀ ਐਡੀਲੇਡ ਤੋਂ ਉਤਰ ਅਰਥਾਤ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਾਲ਼ੇ ਪਾਸੇ ਸਵਾ ਕੁ ਤਿੰਨ ਸੌ ਕਿਲੋ ਮੀਟਰ ਉਪਰ ਮੌਜੂਦ ਹੈ। ਏਥੋਂ ਦੀ ਅਬਾਦੀ ਚੌਦਾਂ ਪੰਦਰਾਂ ਕੁ ਹਜਾਰ ਹੈ। ਐਡੀਲੇਡ, ਮੈਲਬਰਨ ਆਦਿ ਸ਼ਹਿਰਾਂ ਤੋਂ ਸੜਕੀ ਅਤੇ ਰੇਲ ਦਾ ਰਾਹ ਇਸ ਦੇ ਵਿਚਦੀ ਲੰਘਦਾ ਹੈ ਤੇ ਇਹ ਹਾਈਵੇ ਦੇ ਐਨ ਉਪਰ ਵਾਕਿਆ ਹੈ। ਗਰੇਵਾਲ ਪਰਵਾਰ ਓਥੇ ਵੱਸਦਾ ਹੈ। ਸ਼ਹਿਰ ਦੇ ਦੋਹੀਂ ਪਾਸੀਂ ਇਹਨਾਂ ਦੇ ਮੋਟਲ ਹਨ। ਇਕ ਅੰਦਰ ਜਾਣ ਤੋਂ ਪਹਿਲਾਂ ਅਤੇ ਦੂਜਾ ਬਾਹਰ ਨਿਕਲਣ ਵਾਲ਼ੇ ਸਥਾਨ ਉਪਰ। ਪਰਵਾਰ ਦੇ ਵਿਚਕਾਰਲੇ ਭਰਾ ਡਾ. ਦਵਿੰਦਰ ਸਿੰਘ ਦੀ ਵੱਡੀ ਸਰਜਰੀ ਏਥੇ ਹੈ ਤੇ ਉਸ ਦਾ ਪਰਵਾਰ ਵੀ ਏਥੇ ਹੀ ਰਹਿੰਦਾ ਹੈ। ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੀ ਉਹਨਾਂ ਦੀਆਂ ਸਰਜਰੀਆਂ ਹਨ। ਮਲੇਸ਼ੀਆ ਤੋਂ ਸ. ਮਹਾਂਬੀਰ ਸਿੰਘ 1980 ਦੇ ਸ਼ੁਰੂ ਵਿਚ ਪਹਿਲਾਂ ਏਥੇ ਹੀ ਆਪਣੇ ਭਰਾ ਅਤੇ ਪਿਤਾ ਡਾ. ਮਨਮੋਹਨ ਸਿੰਘ ਗਰੇਵਾਲ ਜੀ ਕੋਲ਼ ਆਏ ਸਨ। ਉਹਨਾਂ ਦੀਆਂ ਸਰਗਰਮੀਆਂ ਦਾ ਦਾਇਰਾ ਤੇ ਭਾਵੇਂ ਬਹੁਤ ਵਿਸ਼ਾਲ ਹੈ ਪਰ ਹੈਡ ਕੁਆਰਟਰ ਏਥੇ ਹੀ ਰਖਿਆ। ਹੁਣ ਕੁਝ ਸਾਲਾਂ ਤੋਂ ਐਡੀਲੇਡ ਵਿਚ ਰਹਿੰਦੇ ਹਨ। ਗਰੇਵਾਲ ਪਰਵਾਰ ਨੇ ਆਪਣੇ ਵਿਸ਼ਾਲ ਕਾਰੋਬਾਰਾਂ ਰਾਹੀਂ ਬਹੁਤ ਸਾਰੇ ਸਿੱਖ ਨੌਜਵਾਨ ਵਿਦਿਆਰਥੀ ਬੱਚੇ ਬੱਚੀਆਂ ਨੂੰ ਕੰਮਾਂ ਉਪਰ ਲਾ ਕੇ ਪੱਕੇ ਕਰਵਾਇਆ ਹੈ।
ਪਰਵਾਰ ਦਾ ਇਕ ਸ਼ਾਪਿੰਗ ਸੈਂਟਰ ਸੀ ਜਿਸ ਨੂੰ ਖਾਲੀ ਕਰਵਾ ਕੇ ਗੁਰਦੁਆਰੇ ਵਿਚ ਬਦਲ ਕੇ, ਇਕ ਗ੍ਰੰਥੀ ਸਿੰਘ ਪੱਕੇ ਤੌਰ ਤੇ ਰੱਖ ਕੇ, ਚਿਰੋਕਣਾ ਗੁਰਦਆਰਾ ਸਾਹਿਬ ਸ਼ੁਰੂ ਕਰਵਾ ਦਿਤਾ ਹੋਇਆ ਹੈ। ਵਿੱਦਵਾਨ ਕੀਰਤਨੀਏ ਭਾਈ ਸੁਖਦੇਵ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਹਨ। ਹਾਈਵੇ ਉਪਰ ਹੋਣ ਕਰਕੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਲੋੜ ਅਨੁਸਾਰ ਰਾਤ ਦਾ ਟਿਕਾਣਾ, ਲੰਗਰ ਚਾਹ ਪਾਣੀ ਪ੍ਰਾਪਤ ਹੋ ਜਾਂਦਾ ਹੈ।
ਦੁਪਹਿਰ ਤੋਂ ਪਹਿਲਾਂ ਹੀ ਅਸੀਂ ਗੁਰਦੁਆਰਾ ਸਾਹਿਬ ਅੱਪੜ ਗਏ। ਗਰੇਵਾਲ ਸਾਹਿਬ ਮੈਨੂੰ ਭਾਈ ਸੁਖਦੇਵ ਸਿੰਘ ਪਾਸ ਗੁਰਦੁਆਰੇ ਉਤਾਰ ਕੇ ਆਪ ਆਪਣੇ ਕੁਝ ਜਰੂਰੀ ਕਾਰਜ ਨਿਬੇੜਨ ਲਈ ਚਲੇ ਗਏ।
ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਜੋ ਕਿ ਹਰ ਸਾਲ ਹੁੰਦੀਆਂ ਹਨ, ਕਰੋਨੇ ਦਾ ਕਹਿਰ ਕਰਕੇ ਪਿਛਲੇ ਸਾਲ ਨਹੀਂ ਸਨ ਹੋਈਆਂ ਤੇ ਇਸ ਵਾਰੀ ਵੀ ਇਹ ਕਹਿਰ ਕਾਇਮ ਸੀ। ਖੇਡ ਕਮੇਟੀ ਨੇ ਫੈਸਲਾ ਕਰ ਲਿਆ ਕਿ ਇਸ ਵਾਰ, ਕੇਵਲ ਇਕ ਸ਼ਹਿਰ ਪਰਥ ਵਿਚ ਹੀ ਸਾਰਾ ਇਕੱਠ ਕਰਨ ਦੀ ਬਜਾਇ ਹਰੇਕ ਸਟੇਟ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਾਲ਼ੇ ਸ਼ਹਿਰ ਵਿਚ, ਛੋਟੇ ਪੈਮਾਨੇ ਉਪਰ ਹੀ ਇਹ ਖੇਡਾਂ ਖੇਡ ਲੈਣ। ਪਰਥ ਵਿਚ ਸ਼ੁੱਕਰਵਾਰ ਨੂੰ ਇਹਨਾਂ ਨਾਲ਼ ਸਬੰਧਤ ‘ਸਿੱਖ ਫੋਰਮ’ ਦਾ ਵੀ ਆਰੰਭ ਹੋਇਆ। ਸੱਦੇ ਜਾਣ ਦੇ ਬਾਵਜੂਦ, ਮੈਂ ਪਹਿਲਾਂ ਐਡੀਲੇਡ ਦਾ ਸੱਦਾ ਪ੍ਰਵਾਨ ਕਰ ਲੈਣ ਕਰਕੇ, ਹਾਜਰ ਨਾ ਹੋ ਸਕਿਆ। ਇਸ ਲਈ ਸੁਚੱਜੇ ਪ੍ਰਬੰਧਕਾਂ ਨੇ ਇੰਟਰਨੈਟ ਰਾਹੀਂ ਮੇਰੇ ਲੈਕਚਰ ਦਾ ਪ੍ਰਬੰਧ ਕਰ ਲਿਆ। ਸਮਾਗਮ ਦੇ ਆਰੰਭਲੇ ਭਾਸ਼ਨ ਦੇਣ ਦਾ ਮਾਣ ਮੈਨੂੰ ਬਖ਼ਸ਼ਿਆ। ਇਹ ਮੌਕਾ ਮੇਲ਼ ਹੀ ਸਮਝ ਲਵੋ ਕਿ ਮੈਂ ਇਹ ਭਾਸ਼ਨ ਉਸ ਸ਼ਹਿਰ ਵਿਚੋਂ ਦੇ ਰਿਹਾ ਸਾਂ ਜਿੱਥੋਂ, 1986 ਵਿਚ, ਇਹਨਾਂ ਖੇਡਾਂ ਦਾ ਮੁੱਢ ਬੱਝਾ ਸੀ ਤੇ ਫਿਰ ਇਕ ਸਾਲ ਦੇ ਨਾਗੇ ਨਾਲ਼, 1988 ਵਿਚ, ਐਡੀਲੇਡ ਸ਼ਹਿਰ ਤੋਂ ਵਿਧੀਵੱਤ ਹਰੇਕ ਸਾਲ ਇਹ ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ। 1986 ਵਿਚ ਗਰੇਵਾਲ ਪਰਵਾਰ ਨੇ ਉਦਮ ਕਰਕੇ, ਆਪਣੇ ਦਾਦਾ ਜੀ ਸ. ਸਰਦਾਰਾ ਸਿੰਘ ਗਰੇਵਾਲ਼ ਦੀ ਯਾਦ ਵਿਚ ਹਾਕੀ ਦਾ ਟੂਰਨਾਮੈਂਟ ਕਰਵਾ ਕੇ, ਆਸਟ੍ਰੇਲੀਆ ਵਿਚ ਸਿੱਖ ਖੇਡਾਂ ਦਾ ਮੁੱਢ ਬੱਧਾ ਸੀ। ਸ. ਸਰਦਾਰਾ ਸਿੰਘ ਗਰੇਵਾਲ਼ ਕੱਪ ਮੈਲਬਰਨ ਦੀ ਟੀਮ ਜਿੱਤ ਕੇ ਲੈ ਗਈ ਸੀ।
ਦੁਪਹਿਰ ਦਾ ਪ੍ਰਸ਼ਾਦਾ ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਤਾਜਾ ਤਿਆਰ ਕਰਕੇ ਛਕਾਇਆ। ਦਿਨੇ ਟਾਵੀਂ ਟਾਵੀਂ ਸੰਗਤ ਵੀ ਮੱਥਾ ਟੇਕਣ ਆਉਂਦੀ ਰਹੀ। ਇਕ ਨੌਜਵਾਨ ਬੱਚੀ ਨੇ ਕਾਰ ਤੋਂ ਉਤਰ ਕੇ ਕਾਹਲ਼ੀ ਕਾਹਲ਼ੀ ਬੂਟ ਉਤਾਰ ਕੇ ਮੱਥਾ ਟੇਕਿਆ ਤੇ ਬੂਟ ਪਾਉਂਦੀ ਨੇ ਹੀ ਮੇਰੇ ਨਾਲ਼ ਦੋ ਚਾਰ ਗੱਲਾਂ ਕੀਤੀਆਂ ਤੇ ਤੇਜੀ ਨਾਲ਼ ਹੀ ਕਾਰ ਚਲਾ ਕੇ ਚਲੀ ਗਈ।
ਲੌਢੇ ਕੁ ਵੇਲ਼ੇ ਆਪਣੇ ਕਾਰਜ ਮੁਕਾ ਕੇ ਸ. ਮਹਾਂਬੀਰ ਸਿੰਘ ਜੀ ਨੇ ਮੈਨੂੰ ਆ ਚੁੱਕਿਆ ਤੇ ਆਪਣੇ ਮੋਟਲ ਦੇ ਇਕ ਕਮਰੇ ਵਿਚ ਮੇਰਾ ਡੇਰਾ ਜਾ ਲਵਾਇਆ ਤੇ ਕਿਹਾ ਕਿ ਰਾਤ ਤੁਸੀਂ ਏਥੇ ਹੀ ਕੱਟਣੀ ਹੈ ਤੇ ਰਾਤ ਦਾ ਪ੍ਰਸ਼ਾਦਾ ਆਪਾਂ ਸਾਰੇ ਏਥੇ ਮੋਟਲ ਵਿਚ ਹੀ ਛਕਾਂਗੇ। ਆਦਤ ਮੁਤਾਬਕ ਮੈਂ ਪਿੰਡਾ ਗਿੱਲਾ ਕਰਕੇ ਤੇ ਝੱਗਾ ਬਦਲ ਕੇ ਤਕਾਲੀਂ ਜਿਹੀਂ ਬਾਹਰ ਨਿਕਲ਼ਿਆ ਤੇ ਇਕ ਕਾਲ਼ੇ ਰੰਗ ਦੇ ਵੱਡੇ ਸਾਰੇ ਲੈਂਡਰੋਵਰ ਦੀ ਨੰਬਰ ਪਲੇਟ ਉਪਰ ਸਸਿੰਘ ਲਿਖਿਆ ਹੋਇਆ ਦਿਸਿਆ। ਉਸ ਵਿਚੋਂ ਇਕ ਦਰਮਿਆਨੇ ਕੱਦ ਦਾ ਨੌਜਵਾਨ ਫੁਰਤੀ ਨਾਲ਼ ਨਿਕਲਿਆ ਤੇ ਮੈਨੂੰ ਆਣ ਸਤਿ ਸ੍ਰੀ ਅਕਾਲ ਬੁਲਾਈ। ਮੈਂ ਪੁੱਛਿਆ, “ਤੁਸੀਂ ਏਥੇ ਮੋਟਲ ਵਿਚ ਕੰਮ ਕਰਦੇ ਹੋ?” “ਨਹੀਂ ਮੇਰਾ ਨਾਂ ਬਲਦੇਵ ਸਿੰਘ ਹੈ ਤੇ ਮੇਰੀ ਘਰ ਵਾਲ਼ੀ ਨੇ ਤੁਹਾਨੂੰ ਅੱਜ ਗੁਰਦੁਆਰੇ ਵਿਚ ਵੇਖਿਆ ਸੀ ਤੇ ਉਸ ਨੇ ਦੱਸਿਆ ਕਿ ਕੋਈ ਨਵਾਂ ਹੀ ਗਿਆਨੀ ਧਿਆਨੀ ਜਿਹਾ ਬੰਦਾ ਗੁਰਦੁਆਰੇ ਵਿਚ ਆਇਆ ਹੈ, ਜਾ ਕੇ ਪਤਾ ਕਰੋ ਕਿ ਉਸ ਨੂੰ ਕਿਸੇ ਚੀਜ ਦੀ ਲੋੜ ਨਾ ਹੋਵੇ! ਮੈਨੂੰ ਗਰੇਵਾਲ ਸਾਹਿਬ ਤੋਂ ਪਤਾ ਲੱਗਾ ਕਿ ਤੁਸੀਂ ਏਥੇ ਮੋਟਲ ਵਿਚ ਹੋ। ਤੁਹਾਨੂੰ ਮੈਂ ਲੈਣ ਲਈ ਆਇਆ ਹਾਂ।“ ਉਸ ਦੀ ਪਤਨੀ ਓਹੀ ਬੱਚੀ ਸੀ ਜੇਹੜੀ ਦਿਨੇ ਕਾਹਲ਼ੀ ਕਾਹਲ਼ੀ ਗੁਰਦੁਆਰੇ ਆਈ ਸੀ। ਮੈਂ ਦੱਸਿਆ ਕਿ ਗਰੇਵਾਲ ਸਾਹਿਬ ਦਾ ਹੁਕਮ ਹੈ ਕਿ ਰਾਤ ਮੈਂ ਏਥੇ ਹੀ ਰਹਿਣਾ ਹੈ ਤੇ ਰੋਟੀ ਵੀ ਅਸੀਂ ਸਾਰਿਆਂ ਨੇ ਏਥੇ ਹੀ ਖਾਣੀ ਹੈ। ਫਿਰ ਇਸ ਗੱਲ ਤੇ ਸਹਿਮਤੀ ਹੋਈ ਕਿ ਉਹ ਮੈਨੂੰ ਚਾਨਣ ਰਹਿੰਦੇ ਸਮੇ ਵਿਚ ਸ਼ਹਿਰ ਦੇ ਆਲ਼ੇ ਦੁਆਲ਼ੇ ਹੂਟਾ ਦੁਆਵੇਗਾ। ਉਸ ਨੇ ਫਿਰ ਆਪਣੇ ਘਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਦੇ ਘਰ ਵੀ ਵਿਖਾਏ ਪਰ ਕਿਸੇ ਦੇ ਘਰ ਅੰਦਰ ਜਾਣ ਦਾ ਸਮਾ ਨਹੀਂ ਸੀ।
ਕੁਝ ਸਿਖ ਨੌਜਵਾਨ ਵਿਦਿਆਰਥੀ ਏਥੇ ਗਰੇਵਾਲਾਂ ਦੇ ਕਾਰੋਬਾਰਾਂ ਵਿਚ ਕੰਮ ਕਰਦੇ ਹਨ ਤੇ ਕੁਝ ਟੈਕਸੀਆਂ ਚਲਾਉਂਦੇ ਹਨ। ਏਸੇ ਸੁਖਾਵੀਂ ਯਾਤਰਾ ਦੌਰਾਨ ਹੀ ਉਸ ਨੇ, ਵਿਦਿਆਰਥੀ ਦੇ ਰੂਪ ਵਿਚ ਆਰੰਭਲੀਆਂ ਤੰਗੀਆਂ ਤੋਂ ਲੈ ਕੇ ਹੁਣ ਤੱਕ ਦੀ ਆਪਣੀ ਯਾਤਰਾ ਦਾ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਅੱਜ ਉਹ ਇਸ ਸ਼ਹਿਰ ਦੀ ਕੌਂਸਲ ਦਾ ਸਭ ਤੋਂ ਵਧ ਵੋਟਾਂ ਲੈ ਕੇ ਚੁਣਿਆ ਗਿਆ ਕੌਸਲਰ ਹੈ। ਇਸ ਨੌਜਵਾਨ ਦਾ ਨਾਂ ਬਲਦੇਵ ਸਿੰਘ ਹੈ ਤੇ ਵੱਸ ਲੱਗਦੇ ਹਰੇਕ ਲੋੜਵੰਦ ਦੀ ਸਹਾਇਤਾ ਵਾਸਤੇ ਹਰ ਸਮੇ ਇਹ ਨੌਜਵਾਨ ਜੋੜਾ ਤਿਆਰ ਰਹਿੰਦਾ ਹੈ।
ਰਾਤ ਦਾ ਪ੍ਰਸ਼ਾਦਾ ਓਥੇ ਰਹਿ ਰਹੇ ਗਰੇਵਾਲ ਦੇ ਸਾਰੇ ਪਰਵਾਰ ਨੇ ਮੋਟਲ ਵਿਚ ਹੀ ਛਕਿਆ। ਸਾਡੇ ਪ੍ਰਸ਼ਾਦਾ ਛਕਦਿਆਂ ਹੀ ਇਕ ਹੋਰ ਸਿੱਖ ਪਰਵਾਰ, ਜੋ ਕਿ ਮੈਲਬਰਨ ਤੋਂ ਐਲਿਸ ਸਪਰਿੰਗ ਨੂੰ ਸੈਰ ਸਪਾਟੇ ਲਈ ਜਾਂਦਾ ਹੋਇਆ, ਕਿਸੇ ਹੋਰ ਮੋਟਲ ਵਿਚ ਰੁਕਿਆ ਹੋਇਆ ਸੀ ਪਰ ਪੰਜਾਬੀ ਰੋਟੀ ਖਾਣ ਲਈ ਏਥੇ ਆ ਗਿਆ ਸੀ। ਕੁਝ ਸਮਾ ਵਿਚਾਰਾਂ ਹੋਈਆਂ ਤੇ ਉਹ ਰੋਟੀ ਖਾ ਕੇ ਆਪਣੇ ਮੋਟਲ ਵਿਚ ਚਲੇ ਗਏ। ਅਗਲੇ ਦਿਨ ਸਵੇਰੇ, ਅੱਗੇ ਦੀ ਯਾਤਰਾ ਉਪਰ ਤੁਰਨ ਤੋਂ ਪਹਿਲਾਂ, ਉਹ ਪਰਵਾਰ ਗੁਰਦੁਆਰੇ ਮੱਥਾ ਟੇਕਣ ਆਇਆ ਤੇ ਮੇਰੀਆਂ ਕਿਤਾਬਾਂ ਬੜੇ ਚਾਅ ਨਾਲ਼ ਲੈ ਕੇ ਗਿਆ।
ਓਥੇ ਟਿਕਣ ਸਮੇ ਦੌਰਾਨ ਉਸ ਸ਼ਹਿਰ ਦੇ ਆਲ਼ੇ ਦੁਆਲ਼ੇ ਦੇ ਛੋਟੇ ਛੋਟੇ ਟਾਊਨਾਂ ਵਿਚੋਂ ਕੁਝ ਨੌਜਵਾਨਾਂ ਦੇ ਫ਼ੋਨ ਆਏ ਜੇਹੜੇ ਹਰਮਨ ਰੇਡੀਉ, ਅਖ਼ਬਾਰਾਂ ਅਤੇ ਫੇਸਬੁੱਕ ਰਾਹੀਂ ਮੈਨੂੰ ਜਾਣਦੇ ਸਨ। ਉਹਨਾਂ ਵਿਚੋਂ ਇਕ ਮਨਪ੍ਰੀਤ ਸਿੰਘ ਮਾਨ ਵਾਅਲਾ ਤੋਂ ਸੀ। ਉਸ ਨੇ ਕਿਹਾ ਕਿ ਉਸ ਨੂੰ ਮੇਰੇ ਆਉਣ ਦਾ ਪਤਾ ਲੱਗਾ ਹੈ ਤੇ ਉਹ ਮੈਨੂੰ ਮਿਲਣ ਆ ਰਿਹਾ ਹੈ। ਉਹ ਮੈਨੂੰ ਮਿਲਣ ਦੇ ਨਾਲ਼ ਨਾਲ਼ ਮੇਰੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਚਾਹੁੰਦਾ ਹੈ। ਮੈਂ ਕਿਹਾ ਕਿ ਹੁਣ ਤੇ ਅਸੀਂ ਵਾਪਸ ਐਡੀਲੇਡ ਜਾ ਰਹੇ ਹਾਂ। ਓਥੇ ਸ. ਮਨਪ੍ਰੀਤ ਸਿੰਘ ਕੋਲ਼ੋਂ ਮੇਰੀਆਂ ਚਾਰ ਕਿਤਾਬਾਂ, ਜਦੋਂ ਗਿਆ ਲੈ ਆਵੀਂ।
ਸ਼ੁੱਕਰਵਾਰ ਸ਼ਾਮ ਤੱਕ ਅਸੀਂ ਵਾਪਸ ਐਡੀਲੇਡ ਪਹੁੰਚ ਗਏ। ਸੁਭਾ ਛਨਿਛਰਵਾਰ ਸ. ਗੁਰਮੀਤ ਸਿੰਘ ਅਤੇ ਬੀਬੀ ਜਸਬੀਰ ਕੌਰ ਵਾਲ਼ੀਆ ਜੀ ਵੱਲੋਂ ਸਾਥੀਆਂ ਦੇ ਸਹਿਯੋਗ ਨਾਲ਼, ਵੈਸਾਖੀ ਦੇ ਸਬੰਧ ਵਿਚ ਸਜਾਉਣ ਵਾਲ਼ਾ ਦੀਵਾਨ ਧਾਰਮਿਕ ਰੰਗ ਵਿਚ ਸਜਾਇਆ ਜਾਣਾ ਸੀ। ਇਸ ਮੇਲੇ ਵਿਚ ਹਾਜਰ ਹੋਣ ਲਈ ਹੀ ਉਚੇਚਾ ਮੈਨੂੰ ਸੱਦਿਆ ਗਿਆ ਸੀ। ਗਰਾਊਂਡ ਵਿਚ ਬਣੀ ਸਟੇਜ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਸਰਦਾਰਨੀ ਜਸਬੀਰ ਕੌਰ ਜੀ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜਿਸ ਵਿਚ ਹੋਰ ਸੰਗਤਾਂ ਨੇ ਵੀ ਸਹਿਯੋਗ ਦਿਤਾ। ਪਾਠ ਉਪ੍ਰੰਤ ਸ਼ਹਿਰ ਦੇ ਤਿੰਨਾਂ ਹੀ ਗੁਰਦੁਆਰਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਸਰਦਾਰਨੀ ਜਸਬੀਰ ਕੌਰ ਜੀ ਨੇ ਵੀ ਦੋ ਸ਼ਬਦਾਂ ਦੇ ਕੀਰਤਨ ਦੀ ਹਾਜਰ ਲਵਾਈ। ਰਿਵਰਲੈਂਡ ਤੋਂ ਪਹੁੰਚੇ ਭਾਈ ਰਵਿੰਦਰ ਸਿੰਘ ਜੀ, ਮੈਲਬਰਨ ਤੋਂ ਗਿਆਨੀ ਹਰਜੀਤ ਸਿੰਘ ਜੀ ਪੱਟੀਵਾਲ਼ੇ ਅਤੇ ਮੈਂ ਵੀ ਖ਼ਾਲਸੇ ਦੇ ਜਨਮ ਦਿਨ (ਵੈਸਾਖੀ) ਬਾਰੇ ਸੰਗਤਾਂ ਨਾਲ਼ ਵਿਚਾਰ ਸਾਂਝੇ ਕੀਤੇ।
ਧਾਰਮਿਕ ਮਰਯਾਦਾ ਉਪ੍ਰੰਤ ਦੁਪਹਿਰ ਤੋਂ ਪਿੱਛੋਂ ਵੈਸਾਖੀ ਮੇਲੇ ਦੀਆਂ ਰੌਣਕਾਂ ਲੱਗ ਗਈਆਂ। ਨਿੱਕਿਆਂ ਵੱਡਿਆਂ, ਬੰਦੇ ਬੰਦੀਆਂ ਦੀਆਂ ਕਈ ਪ੍ਰਕਾਰ ਦੀਆਂ ਖੇਡਾਂ ਹੋਈਆਂ। ਸਭਿਆਚਾਰਕ ਪ੍ਰੋਗਰਾਮ ਹੋਏ। ਹਨੇਰਾ ਹੋਣ ਤੱਕ ਮੇਲੇ ਦੀਆਂ ਰੌਣਕਾਂ ਲੱਗੀਆਂ ਰਹੀਆਂ।
ਅਗਲੇ ਦਿਨ ਐਤਵਾਰ ਨੂੰ ਪਰਥ ਵਿਚ ਹੋ ਰਹੀਆਂ ਖੇਡਾਂ ਦੇ ਹਿੱਸੇ ਵਜੋਂ, ਦੱਖਣੀ ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਦੇ ਹਿੱਸੇ ਦੇ ਰੂਪ ਵਿਚ ਹੋਈਆਂ। ਉਸ ਵਿਚ ਵੀ ਹਾਜਰੀ ਭਰੀ। ਸਾਰੀ ਸਟੇਟ ਵਿਚੋਂ ਆਏ ਸੱਜਣਾਂ ਨਾਲ਼ ਮੇਲ ਮਿਲਾਪ ਹੋਇਆ। ਕੁਝ ਨਵੇਂ ਸੂਝਵਾਨ ਸੱਜਣਾਂ ਨਾਲ਼ ਵੀ ਜਾਣ ਪਛਾਣ ਹੋਈ। ਮੇਰੇ ਪਹਿਲਾਂ ਤੋਂ ਮਿੱਤਰ ਪੰਥਕ ਸੋਚ ਦੇ ਧਾਰਨੀ, ਸ ਬਖ਼ਸ਼ੀਸ਼ ਸਿੰਘ ਜੀ ਨੇ ਉਸ ਮੇਲੇ ਵਿਚ ਇਕ ਅਜਿਹੀ ਸ਼ਖ਼ਸ਼ੀਅਤ ਨਾਲ਼ ਮੇਲ ਕਰਵਾਇਆ ਜੇਹੜੀ ਜਿੰਨੀ ਪ੍ਰਭਾਵਸ਼ਾਲੀ ਬਾਹਰੋਂ ਦਿਸਦੀ ਸੀ ਓਨੀ ਹੀ ਅੰਦਰੋਂ ਵੀ ਖ਼ੂਬਸੂਰਤ ਨਿਕਲ਼ੀ। ਇਸ ਸ਼ਾਨਦਾਰ ਗੁਰਸਿੱਖੀ ਸਰੂਪ ਦੇ ਧਾਰਨੀ ਗੁਰਮੁਖ ਪਿਆਰੇ ਦਾ ਨਾਂ ਸ. ਜੁਗਰਾਜ ਸਿੰਘ ਖਹਿਰਾ ਹੈ। ਛਨਿਛਰਵਾਰ ਵਾਲ਼ੇ ਮੇਲੇ ਵਿਚ ਕੁਝ ਉਹਨਾਂ ਨੌਜਵਾਨਾਂ ਦੇ ਵੀ ਦਰਸ਼ਨ ਹੋਏ ਜੇਹੜੇ ਅੰਮ੍ਰਿਤਸਰ ਦੇ ਆਲ਼ੇ ਦਆਲ਼ੇ ਦੇ ਪਿੰਡਾਂ ਤੋਂ ਆਏ ਹਨ। ਉਹਨਾਂ ਨੇ ਦੱਸਿਆ ਕਿ ਉਹ ਮੈਨੂੰ ਹਰਮਨ ਰੇਡੀਉ ਤੋਂ ਸੁਣਦੇ ਹਨ ਤੇ ਮਿੰਟੂ ਜੀ ਦੀ ‘ਪੰਜਾਬੀ ਅਖ਼ਬਾਰ’ ਵਿਚੋਂ ਪੜ੍ਹਦੇ ਵੀ ਹਨ। ਉਹ ਸਾਰੇ ਪਰਵਾਰਕ ਵਾਤਾਵਰਨ ਵਿਚ ਚਾਹ ਦੇ ਕੱਪ ਉਪਰ ਬੈਠਣ ਦਾ ਵਿਚਾਰ ਰੱਖਦੇ ਹਨ। ਮੇਲੇ ਦੀ ਸਮਾਪਤੀ ਉਪ੍ਰੰਤ ਇਕ ਘਰ ਵਿਚ ਇਕੱਤਰ ਹੋਏ, ਚਾਹ ਪਾਣੀ ਛਕਿਆ ਅਤੇ ਖ਼ੁਸ਼ਗਵਾਰ ਮਾਹੌਲ ਵਿਚ ਵਿਚਾਰਾਂ ਹੋਈਆਂ।
ਸਦਾ ਵਾਂਗ ਠਾਹਰ ਮੇਰੀ ਕਾਕਾ ਮਨਪ੍ਰੀਤ ਸਿੰਘ ਅਤੇ ਬੱਚੀ ਮਨਦੀਪ ਕੌਰ ਕੋਲ਼ ਹੀ ਸੀ। ਉਹਨਾਂ ਨੂੰ ਰਾਤ ਦੇ ਪ੍ਰਸ਼ਾਦੇ ਵਾਸਤੇ ਕਿਸੇ ਘਰੋਂ ਸੱਦਾ ਸੀ। ਮੈਨੂੰ ਨਾਲ਼ ਚੱਲਣ ਲਈ ਕਿਹਾ ਪਰ ਮੈਂ ਸੀ.ਐਮ. ਮੂਵੀ ਵੇਖਣ ਦੇ ਲਾਲਚ ਵਿਚ ਨਾ ਜਾਣਾ ਹੀ ਠੀਕ ਸਮਝਿਆ ਤੇ ਉਹਨਾਂ ਨੂੰ ਕਿਹਾ ਕਿ ਵੱਡੇ ਸਕਰੀਨ ਉਪਰ ਮੈਨੂੰ ਇਹ ਮੂਵੀ ਖੋਹਲ ਕੇ ਦੇ ਜਾਓ ਤੇ ਤੁਸੀਂ ਜਾਓ। ਮੈਂ ਤੇ ਗੁਰਦੁਆਰਾ ਸਾਹਿਬ ਦੇ ਨਾਲ਼ ਲੱਗਵੇਂ ਘਰ ਵਿਚ ਮੂਵੀ ਵੇਖਦਾ ਰਿਹਾ ਤੇ ਓਧਰ ਸ਼ਾਮ ਵੇਲ਼ੇ ਸ. ਤੇਜਸ਼ਦੀਪ ਸਿੰਘ ਅਜਨੌਦਾ ਅਤੇ ਕੁਝ ਹੋਰ ਸੱਜਣ ਮਿਲਣ ਲਈ ਆਏ ਅਤੇ ਰਾਗੀ ਸਿੰਘਾਂ ਤੋਂ ਪੁੱਛ ਕੇ ਤੇ ਮੱਥਾ ਟੇਕ ਕੇ ਮੁੜ ਜਾਂਦੇ ਰਹੇ। ਰਾਗੀ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਮੈਂ ਨਾਲ਼ ਦੇ ਘਰ ਵਿਚ ਹੀ ਬੈਠਾ ਸਾਂ।
ਐਡੀਲੇਡ ਦਾ ਵਾਸੀ ਸਾਹਿਤ ਰਸੀਆ ਅਤੇ ਰਚੀਆ ਮਲਹਾਂਸ ਜੋੜਾ, ਸ. ਮੋਹਨ ਸਿੰਘ ਅਤੇ ਬੀਬਾ ਬਲਜੀਤ ਕੌਰ ਜੀ, 2005 ਤੋਂ ਹੀ ਮੇਰੇ ਨਾਲ਼ ਸਨੇਹ ਕਰਦੇ ਆ ਰਹੇ ਹਨ। ਇਕ ਦਿਨ ਮੈਨੂੰ ਮਿਲਣ ਆਏ। ਅਸੀਂ ਤਿੰਨੇ ਜਣੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਬੈਠੇ ਵਿਚਾਰਾਂ ਕਰ ਰਹੇ ਸਾਂ। ਬਲਜੀਤ ਕੌਰ ਬੀਬਾ ਜੀ, ਕਹਿੰਦੇ, “ਅਸੀਂ ਤਾਇਆ ਜੀ, ਤੁਹਾਡਾ ਐਡੀਲੇਡ ਦੇ ਸਾਹਿਤਕਾਰਾਂ ਵੱਲੋਂ ਰੂ-ਬ-ਰੂ ਅਤੇ ਸਨਮਾਨ ਕਰਨਾ ਚਾਹੁੰਦੇ ਹਾਂ ਪਰ ਕਰੋਨੇ ਦੇ ਕਹਿਰ ਕਰਕੇ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ; ਇਸ ਲਈ ਛੋਟੇ ਪੈਮਾਨੇ ਉਪਰ, ਆਪਣੇ ਘਰ ਵਿਚ ਹੀ ਕੁਝ ਤੁਹਾਡੇ ਪ੍ਰੇਮੀ ਸਾਹਿਤਕਾਰਾਂ ਨੂੰ ਸੱਦ ਕੇ ਤੁਹਾਡਾ ਮਾਣ ਸਤਿਕਾਰ ਕਰਨ ਦਾ ਵਿਚਾਰ ਬਣਾ ਲਿਆ ਹੈ।“ ਮੈਂ ਕਿਹਾ, “ਕੋਈ ਗੱਲ ਨਹੀਂ ਬੀਬਾ ਜੀ, ਅਗਲੀ ਵਾਰ ਸਹੀ।” “ਨਹੀਂ, ਪਹਿਲਾਂ ਹੀ ਬਹੁਤ ਪਛੜ ਗਏ ਹਾਂ, ਅਗਲੀ ਵਾਰ ਅਗਲੀ ਵਾਰ ਕਰਦਿਆਂ। ਇਸ ਵਾਰੀ ਛੋਟਾ ਈ ਸਹੀ, ਵੱਡਾ ਹਾਲਾਤ ਸੁਧਰ ਜਾਣ ਤੇ ਕਰਾਂਗੇ।“ ਮੁਕਦੀ ਗੱਲ, ਫੈਸਲਾ ਹੋ ਗਿਆ ਕਿ ਮੰਗਲਵਾਰ ਦੀ ਸ਼ਾਮ ਉਹਨਾਂ ਦੇ ਘਰ ਸਾਹਿਤ ਪ੍ਰੇਮੀਆਂ ਨਾਲ਼ ਬਿਤਾਈ ਜਾਵੇ।
ਮੈਂ ਨਵੇਂ ਬਣੇ ਮਿੱਤਰ ਸ. ਜੁਗਰਾਜ ਸਿੰਘ ਜੀ ਦੇ ਘਰ ਸਾਂ। ਉਹਨਾਂ ਨੂੰ ਵੀ ਆਪਣੇ ਨਾਲ਼ ਜਾਣ ਲਈ ਸਹਿਮਤ ਕਰ ਲਿਆ। ਉਹਨਾਂ ਦਾ ਪੁੱਤਰ ਸਾਨੂੰ ਮਲਹਾਂਸ ਜੋੜੀ ਦੇ ਘਰ ਛੱਡ ਕੇ ਬਾਹਰੋਂ ਹੀ ਮੁੜ ਗਿਆ। ਅੱਧਾ ਘੰਟਾ ਟਾਈਮ ਦੇ ਅੱਗੇ ਪਿੱਛੇ ਹੋਣ ਦਾ ਭੁਲੇਖਾ ਪੈ ਜਾਣ ਕਰਕੇ, ਸਾਡੇ ਜਾਂਦਿਆਂ ਨੂੰ ਸਾਰੇ ਸੁਹਿਰਦ ਸੱਜਣ ਆਏ ਬੈਠੇ ਸਨ। “ਆਓ ਜੀ, ਆਓ ਜੀ, ਬੈਠੋ ਜੀ, ਬੈਠੋ ਜੀ, ਲੇਟ ਹੋ ਗਏ ਜੀ, ਲੇਟ ਹੋ ਗਏ ਜੀ, ਤੁਸੀਂ ਵੀ ਚੰਗੇ ਜੀ, ਅਸੀਂ ਵੀ ਚੰਗੇ ਜੀ” ਵਰਗੇ ਸਤਿਕਾਰ ਮਈ ਸ਼ਬਦਾਂ ਦੇ ਵਟਾਂਦਰੇ ਪਿਛੋਂ ਚਾਹ ਪਾਣੀ ਛਕ ਕੇ, ਆਪੋ ਆਪਣੀਆਂ ਰਚਨਾਵਾਂ ਸੁਣਨ ਸੁਣਾਉਣ ਦਾ ਦੌਰ ਸ਼ੁਰੂ ਹੋਇਆ। ਹਾਜਰ ਸਾਰੇ ਸੱਜਣਾਂ ਦੇ ਨਾਂ ਯਾਦ ਨਹੀਂ ਤੇ ਜਿਨ੍ਹਾਂ ਦੇ ਯਾਦ ਹਨ ਜੇ ਉਹਨਾਂ ਦੇ ਲਿਖ ਦਿਤੇ ਤਾਂ ਭੁੱਲ ਗਿਆਂ ਨਾਲ਼ ਬੇਇਨਸਾਫ਼ੀ ਹੋਵੇਗੀ। ਇਸ ਲਈ ਮੈਂ ਏਨਾ ਕਹਿ ਕੇ ਹੀ ਸਾਰ ਲੈਂਦਾ ਹਾਂ ਕਿ ਸਾਹਿਤਕ ਨਾਲ਼ੋਂ ਵੀ ਵਧੇਰੇ ਇਹ ਪਰਵਾਰਕ ਮੇਲ਼ ਬਣ ਗਿਆ। ਇਸ ਵਿਚ, ਵਾਰਤਕ ਲਿਖਾਰੀ, ਕਵੀ, ਰੰਗ ਮੰਚ ਕਰਮੀ ਸਾਰੇ ਹੀ ਸਾਹਿਤ ਰਚੀਏ ਅਤੇ ਸਾਹਿਤ ਰਸੀਏ ਹੀ, ਸ਼ਾਮਲ ਹੋਏ ਅਤੇ ਇਹ “ਗੁਣ ਗਾਵਤ ਰੈਨ ਬਿਹਾਨੀ॥” ਵਾਲ਼ਾ ਸਮਾਗਮ ਹੋ ਨਿੱਬੜਿਆ। ਸਾਰੇ ਸ਼ਾਮਲ ਸੱਜਣਾਂ ਦਾ ਵਿਚਾਰ ਸੀ ਕਿ ਅਜਿਹੇ ਸਾਹਿਤਕ ਸਮਾਗਮ ਸਮੇ ਸਮੇ ਰਚੇ ਜਾਣੇ ਚਾਹੀਦੇ ਹਨ। ਅੰਤ ਵਿਚ ਪੰਜਾਬੀ ਸਾਹਿਤ ਰਸੀਆਂ ਵਾਸਤੇ ਮਲਹਾਂਸ ਪਰਵਾਰ ਵੱਲੋਂ ਪ੍ਰੇਮ ਸਹਿਤ ਤਿਆਰ ਕੀਤਾ ਪ੍ਰਸ਼ਾਦਾ ਛਕ ਕੇ ਵਿਦਿਆ ਹੋਏ।
ਮੁੜਦਿਆਂ ਰਸਤੇ ਵਿਚ ਸ. ਜੁਗਰਾਜ ਸਿੰਘ ਖਹਿਰਾ ਜੀ ਨੇ ਬੜੀ ਖ਼ੁਸ਼ੀ ਪਰਗਟ ਕਰਦਿਆਂ ਇਸ ਸੁਹਾਵਣੀ ਸ਼ਾਮ ਸਮੇ ਦੀ ਸਰਗਰਮੀ ਬਾਰੇ ਪ੍ਰਸੰਸਕ ਵਿਚਾਰ ਪਰਗਟ ਕੀਤੇ।
ਸ. ਮੋਹਨ ਸਿੰਘ ਮਲਹਾਂਸ ਨੇ, ਕਈ ਸਾਲ ਪਹਿਲਾਂ ਇਕ ਅਧਿਆਪਕਾ, ਬੀਬਾ ਮਹੇਸ਼ ਕੌਰ ਜੀ ਵੱਲੋਂ, ਮੇਰੇ ਬਾਰੇ ਲਿਖੇ ਗਏ ਲੇਖ ਦੇ ਸਿਰਲੇਖ ‘ਬਿਨਾ ਸਕੂਲੋਂ ਸਾਹਿਤਕਾਰ’ ਤੋਂ ਪ੍ਰਭਾਵਤ ਹੋ ਕੇ, ਵਿਚਾਰ ਪਰਗਟ ਕੀਤਾ ਸੀ ਕਿ ਉਹ ਵੀ ਮੇਰੇ ਬਾਰੇ ਇਕ ਲੇਖ ਲਿਖੇਗਾ ਜਿਸ ਦਾ ਸਿਰਲੇਖ ਹੋਵੇਗਾ ‘ਕਾਪੀ ਰਾਈਟ ਰਹਿਤ ਲੇਖਕ’ ਪਰ ਅਜੇ ਤੱਕ ਉਸ ਨੇ ਇਸ ਪਾਸੇ ਉਦਮ ਨਹੀਂ ਕੀਤਾ। ਚਲੋ, “ਦੇਰ ਆਇਦ ਦਰੁਸਤ ਆਇਦ।” ਇਸ ਦੇਰੀ ਵਿਚ ਵੀ ਕੋਈ ਚੰਗੇ ਤੋਂ ਚੰਗੇਰਾ ਹੋ ਜਾਣ ਦੀ ਆਸ ਹੀ ਰੱਖਣੀ ਚਾਹੀਦੀ ਹੈ।
ਬੁਧਵਾਰ 7 ਮਈ ਨੂੰ ਵਾਪਸੀ ਸੀ। ਸਦਾ ਵਾਂਗ ਵਿਚਾਰ ਸੀ ਕਿ ਮੇਰਾ ਮੂੰਹ ਬੋਲਿਆ ਭਤੀਜਾ ਮਨਪ੍ਰੀਤ ਸਿੰਘ ਹੀ ਹਵਾਈ ਅੱਡੇ ਉਪਰ ਛੱਡ ਆਵੇਗਾ। ਹਵਾਈ ਅੱਡਾ ਵੀ ਗੁਰਦੁਆਰਾ ਸਾਹਿਬ ਤੋਂ ਏਨਾ ਨੇੜੇ ਹੈ ਕਿ ਕਦੀ ਕਦਾਈਂ ਮੈਂ ਪੈਦਲ ਹੀ ਓਥੋਂ ਤੱਕ ਆਉਣਾ/ਜਾਣਾ ਕਰ ਲੈਂਦਾ ਹਾਂ। ਪਰ ਇਕ ਦਿਨ ਪਹਿਲਾਂ ਸ. ਗੁਰਮੀਤ ਸਿੰਘ ਵਾਲੀਆ ਜੀ ਵੱਲੋਂ ਫ਼ੋਨ ਆ ਗਿਆ ਕਿ ਉਹ ਖ਼ੁਦ, ਜਿਵੇਂ ਮੈਨੂੰ ਅੱਡੇ ਤੋਂ ਲੈਣ ਗਏ ਸਨ ਓਵੇਂ ਛੱਡ ਕੇ ਵੀ ਓਹੀ ਆਉਣਗੇ। ਬੁਧਵਾਰ ਸਵੇਰ ਦਾ ਛਾਹਵੇਲ਼ਾ ਕਰਨ ਤੇ ਵੀ ਉਹਨਾਂ ਨੇ ਮੇਰੇ ਉਪਰ ਪਾਬੰਦੀ ਲਾ ਦਿਤੀ। ਕਿਹਾ ਕਿ ਇਹ ਕਾਰਜ ਉਹਨਾਂ ਦੇ ਘਰ ਵਿਚ ਉਹਨਾਂ ਦੇ ਨਾਲ਼ ਹੀ ਕਰਨਾ ਪਊਗਾ। ਸਮੇ ਸਿਰ ਵਾਲੀਆ ਜੀ ਮੈਨੂੰ ਆ ਕੇ ਆਪਣੇ ਘਰ ਲੈ ਗਏ। ਉਹਨਾਂ ਦੀ ਜੀਵਨ ਸਾਥਣ ਸਤਿਕਾਰਯੋਗ ਭੈਣ ਜਸਬੀਰ ਕੌਰ ਜੀ ਨੇ ਤਾਜੀਆਂ ਪੂਰੀ ਤਲ਼ ਕੇ ਪ੍ਰੇਮ ਸਹਿਤ ਛਾਹਵੇਲ਼ਾ ਕਰਵਾਇਆ। ਤਾਜੀਆਂ ਪੂਰੀਆਂ ਵੇਖ ਕੇ 1964,65,66 ਵਾਲ਼ਾ ਸਮਾ ਯਾਦ ਆ ਗਿਆ। ਓਦੋਂ ਮੈਂ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰਾਗੀ ਦੀ ਸੇਵਾ ਕਰਦਾ ਸਾਂ। ਸਵੇਰੇ ਆਸਾ ਕੀ ਵਾਰ ਦੇ ਕੀਰਤਨ ਉਪ੍ਰੰਤ ਗੁਰਦੁਆਰੇ ਦੇ ਗੇਟ ਮੂਹਰਲੀ ਸੜਕ ਦੇ ਦੂਜੇ ਕਿਨਾਰੇ ਉਪਰ, ਪਾਕਿਸਤਾਨੋ ਆਏ ਸਿੱਖਾਂ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਉਹਨਾਂ ਵੱਲੋਂ ਤਲ਼ੀਆਂ ਜਾ ਰਹੀਆਂ ਗਰਮਾ ਗਰਮ ਪੂਰੀਆਂ, ਮਿੱਠੀ ਚਾਹ ਦੇ ਨਾਲ਼ ਛਕ ਕੇ ਆਨੰਦ ਮਾਨਣਾ। ਓਦੋਂ ਇਹ ਸਾਡਾ ਛਾਹਵੇਲ਼ਾ ਹੋਇਆ ਕਰਦਾ ਸੀ।
ਇਉਂ ਮੇਰੀ ਪੇਟ ਪੂਜਾ ਕਰਵਾ ਕੇ ਤੇ ਬਣਦੇ ਨਾਲ਼ੋਂ ਵਧੇਰੇ ਮਾਣ ਸਤਿਕਾਰ ਸਹਿਤ, ਸ. ਗੁਰਮੀਤ ਸਿੰਘ ਵਾਲੀ ਜੀ, ਮੈਨੂੰ ਹਵਾਈ ਅੱਡੇ ਉਪਰ ਉਤਾਰ ਕੇ ਵਾਪਸ ਮੁੜ ਗਏ ਤੇ ਜਹਾਜੇ ਮੈਂ ਖ਼ੁਦ ਹੀ ਚੜ੍ਹ ਕੇ ਤਕਾਲ਼ਾਂ ਤੱਕ ਸਿਡਨੀ ਵਿਚਲੇ ਆਪਣੇ ਝੌਂਪੜੇ ਵਿਚ ਆ ਵੜਿਆ। ਏਨੀ ਮੇਰੀ ਬਾਤ .....।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਸਮੇ (ਸਤੰਬਰ ਤੋਂ ਨਵੰਬਰ, ੨੦੧੯)
ਪੰਜਾਬ ਦੀ ਯਾਤਰਾ
੧੯੬੪ ਵਿਚ ਸੰਗਮ ਫਿਲਮ ਵਿਚੋਂ ਇਟਲੀ ਦੇ ਬੇੜੀਆਂ ਵਾਲ਼ੇ ਸ਼ਹਿਰ ਵੀਨਸ ਅਤੇ ਸਵਿਟਜ਼ਰਲੈਂਡ ਦੀ ਖ਼ੂਬਸੂਰਤੀ ਨੂੰ ਵੇਖਣ ਦਾ ਪੈਦਾ ਹੋਇਆ ਚਾ ਪੂਰਾ ਕਰਨ ਵਾਸਤੇ, ਮੈਂ ਨੌਂ ਸਾਲ ਤਿਆਰੀ ਕਰਦਾ ਰਿਹਾ ਤੇ ਫੇਰ ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਚੋਂ ਦੋ ਸਾਲ ਦਾ ਵਰਕ ਵੀਜ਼ਾ ਮਿਲ਼ਿਆ ਤੇ ਨਾਲ਼ ਹੀ ਪਰਵਾਰ ਸਮੇਤ ਹਵਾਈ ਜਹਾਜ ਦੀਆਂ ਟਿਕਟਾਂ ਵੀ। ਓਥੋਂ ਦੀ ਨੌਕਰੀ ਵਿਚੋਂ ਪੈਸੇ ਜੋੜ ਕੇ, ਦੁਨੀਆ ਦੀਆਂ ਯਾਤਰਾਵਾਂ ਦਾ ਆਰੰਭ ਹੋਇਆ। ਕਦੀ ਵੀ ਸੋਚ ਵਿਚ ਇਹ ਇੱਛਾ ਪੈਦਾ ਨਹੀਂ ਸੀ ਹੋਈ ਕਿ ਪੰਜਾਬੋਂ ਬਾਹਰ ਹੀ ਕਿਸੇ ਦੇਸ ਵਿਚ ਪੱਕੇ ਤੌਰ ਤੇ ਟਿਕਣਾ ਹੈ। ਇਸ ਲਈ ਜਦੋਂ ਹੀ ਪੰਜਾਬ ਮੁੜਨ ਲਈ ਟਿਕਟ ਖ਼ਰੀਦਣ ਦੇ ਜੋਗ ਹੋਣਾ, ਦੇਸ ਨੂੰ ਭੱਜ ਤੁਰਨਾ। ਏਸੇ ਕਰਕੇ ਹੀ ਬਾਹਰ ਜਾਣ ਵਾਲ਼ੇ ਉਦਮੀਆਂ ਵੱਲੋਂ, ਬਾਹਰ ਦੀ ਕਮਾਈ ਨਾਲ਼ ਬਣਾਏ ਗਏ ਧਨ ਨਾਲ਼ ਖੁਲ੍ਹਾ ਡੁਲ੍ਹਾ ਖਰਚ ਕਰਨ ਵਾਲ਼ਿਆਂ ਦੇ ਬਰਾਬਰ ਨਾ ਪਹੁੰਚ ਸਕਿਆ। ਇਉਂ ਮਾਰਚ ੧੯੭੩ ਤੋਂ ਲੈ ਕੇ ਸਤੰਬਰ ੧੯੮੩ ਤੱਕ ਸਾਢੇ ਦਸ ਸਾਲ 'ਲਟਕਣ ਕਲਾਸ' ਵਿਚ ਹੀ ਰਿਹਾ ਪਰ ਇਸ ਦਾ ਪਛਤਾਵਾ ਕੋਈ ਨਹੀਂ।
੧੯੮੩ ਦੇ ਅਗਸਤ ਮਹੀਨੇ ਵਿਚ, ਸਿਡਨੀ ਵਿਚਲੀ ਵੈਸਟਪੈਕ ਬੈਂਕ ਤੋਂ ਇਕ ਮਹੀਨੇ ਦੀ ਸਾਲਾਨਾ ਛੁੱਟੀ ਮਿਲਣ 'ਤੇ, ਡਾਂਡੇ ਮੀਂਡੇ ਜਿਹੇ ਸਫ਼ਰ ਰਾਹੀਂ ਪੰਜਾਬ ਨੂੰ ਤੁਰ ਪਿਆ। ਉਸ ਸਮੇ ਦੇਸ ਵਿਚ ਧਰਮ ਯੁਧ ਮੋਰਚਾ ਪੂਰਾ ਗਰਮੀ ਵਿਚ ਚੱਲ ਰਿਹਾ ਸੀ। ਕੁਝ ਸੱਜਣ ਮਿੱਤਰ ਜੇਹਲਾਂ ਵਿਚ ਬੈਠੇ ਸਨ, ਕੁਝ ਅੰਮ੍ਰਿਤਸਰੋਂ ਚਲੇ ਗਏ ਤੇ ਕੁਝ ਹੋਰ ਕਾਰਨਾਂ ਕਰਕੇ ਨਾ ਮਿਲ਼ ਸਕੇ। ਇਸ ਤੋਂ ਇਲਾਵਾ ਪੰਜਾਬ ਵਿਚੋਂ ਮੈਨੂੰ ੧੯੪੭ ਵਰਗੇ ਹਾਲਾਤ ਭਾਸਣ ਲੱਗ ਪਏ। ਮੇਰੇ ਚਿਰਕਾਲੀ ਇਕ ਮਿੱਤਰ ਖੱਬੇ ਪੱਖੀ ਸੋਚ ਵਾਲ਼ੇ, ਵੈਦ ਰਾਮ ਪਾਲ ਸ਼ਰਮਾ ਜੀ ਨਾਲ਼, ਇਸ ਧਰਮ ਯੁਧ ਮੋਰਚੇ ਬਾਰੇ ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਕਾਲੀਆਂ ਦਾ ਮੋਰਚਾ ਸਹੀ ਹੈ। ਮੈਂ ਕਿਹਾ, ''ਜੇ ਤੁਸੀਂ ਅਕਾਲੀਆਂ ਨੂੰ ਸਹੀ ਮੰਨਦੇ ਹੋ ਤਾਂ ਤੁਹਾਡੀ ਪਾਰਟੀ ਅਕਾਲੀਆਂ ਦਾ ਸਾਥ ਕਿਉਂ ਨਹੀਂ ਦਿੰਦੀ?'' ਦਾ ਜਵਾਬ ਉਹਨਾਂ ਨੇ ਇਉਂ ਦਿਤਾ, ''ਅਕਾਲੀ ਗੁਰਦੁਆਰੇ ਦੇ ਅੰਦਰੋਂ ਮੋਰਚਾ ਚਲਾ ਰਹੇ ਹਨ। ਜੇ ਬਹਰੋਂ ਚਲਾਉਣ ਤਾਂ ਅਸੀਂ ਵੀ ਅਕਾਲੀਆਂ ਨਾਲ਼ ਸ਼ਮਲ ਹੋ ਸਕਦੇ ਹਾਂ।'' ਖੈਰ, ਇਹ ਵੈਦ ਜੀ ਦੀ ਦਲੀਲਬਾਜੀ ਸੀ। ਜਦੋਂ ਮੈਂ ਇਹ ਕਿਹਾ ਕਿ ਸ਼ਾਂਤਮਈ ਮੋਰਚੇ ਤਾਂ ਸਰਕਾਰਾਂ ਨਾਲ਼ ਅਕਾਲੀਆਂ ਦੇ ਲੱਗਦੇ ਹੀ ਰਹਿੰਦੇ ਹਨ; ਇਹ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮੈਨੂੰ ਪੰਜਾਬ ਦੇ ਵਾਤਾਵਰਣ ਵਿਚੋਂ ਫਿਰਕੂ ਖਿੱਚੋਤਾਣ ਦਾ ਝੌਲ਼ਾ ਜਿਹਾ ਪੈਂਦਾ ਹੈ। ਇਸ ਦੇ ਜਵਾਬ ਵਿਚ ਉਸ ਨੇ ਜੋ ਕਿਹਾ ਉਸ ਨੇ ਮੇਰੀ ਹੋਰ ਵੀ ਹੌਸਲਾ ਸ਼ਿਕਨੀ ਕੀਤੀ। ਉਸ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਸੀ: ਮੇਰਾ ਜੋਤਸ਼ ਦੱਸਦਾ ਹੈ ਕਿ ਏਥੇ ਫਿਰਕੂ ਫਸਾਦ ਹੋਣੇ ਹਨ। ੧੯੪੭ ਵਾਂਗ ਹਿੰਦੂ ਸਿੱਖਾਂ ਨੇ ਇਕ ਦੂਜੇ ਨੂੰ ਮਾਰਨਾ ਹੈ। ਅਜਿਹੀ ਹੀ ਭਿਆਨਕ ਪੇਸ਼ੀਨਗੋਈ, ਮਈ ੧੯੭੭ ਵਿਚ ਹਾਲੈਂਡ ਦੇ ਸ਼ਹਿਰ ਐਮਸਟਰਡੈਮ ਵਿਚ, ਇਕ ਨੌਜਵਾਨ ਚੈਨ ਸਿੰਘ ਸੈਣੀ ਨੇ ਵੀ ਕੀਤੀ ਸੀ। ਸਾਰ ਉਸ ਦਾ ਇਹ ਸੀ ਕਿ ਦਰਬਾਰ ਸਾਹਿਬ ਉਪਰ ਫੌਜਾਂ ਹਮਲਾ ਕਰਨਗੀਆਂ। ਓਥੇ ਉਹ ਸਿੱਖ ਵਿਰੋਧੀ ਕੁਕਰਮ ਕਰਨਗੀਆਂ। ਉਸ ਸਮੇ ਮੇਰੇ ਮੰਨਣ ਵਿਚ ਅਜਿਹੀ ਹੋਣੀ ਵਾਪਰ ਜਾਣ ਵਾਲ਼ੀ ਸੋਚ ਬਿਲਕੁਲ ਨਹੀਂ ਸੀ ਆਈ। ਮੇਰੇ ਵੱਲੋਂ ਅਜਿਹਾ ਹੋ ਸਕਣ ਬਾਰੇ ਸ਼ੰਕਾ ਪਰਗਟ ਕਰਨ 'ਤੇ ਉਸ ਨੇ ਕਿਹਾ, ''ਪਹਿਲਾਂ ਨਹੀਂ ਸੀ ਮੱਸੇ ਰੰਘੜ ਵੇਲ਼ੇ ਇਸ ਤਰ੍ਹਾਂ ਹੋਇਆ?'' ਜੋ ਕੁਝ ਜੂਨ ੧੯੮੪ ਵਿਚ ਹੋਇਆ, ਉਸ ਬਾਰੇ ਉਸ ਨੇ ਮਈ ੧੯੭੭ ਵਿਚ ਹੀ ਦੱਸ ਦਿਤਾ ਸੀ।ਪੰਥ ਅਤੇ ਪੰਜਾਬ ਦੀ ਅਜਿਹੀ ਹਾਲਤ ਵੇਖ ਕੇ ਵਿਚਾਰ ਆਈ ਕਿ ਪੰਜਾਬ ਹੁਣ ਮੇਰੇ ਤੋਂ ਬਹੁਤ ਅੱਗੇ ਲੰਘ ਗਿਆ ਹੈ ਅਤੇ ਮੇਰਾ ਹੁਣ ਇਸ ਦੇ ਬਰਾਬਰ ਪਹੁੰਚ ਸਕਣਾ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਅਤੇ ਫਿਰ ਇਸ ਹਾਲਤ ਵਿਚ ਮੈਂ ਪੰਜਾਬ ਦੀ ਸਮਾਜਕ ਅਵੱਸਥਾ ਵਿਚ ਕੋਈ ਉਸਾਰੂ ਹਿੱਸਾ ਪਾ ਸਕਣ ਦੇ ਜੋਗ ਵੀ ਨਹੀਂ ਰਿਹਾ। ਫਿਰ ਸਿਡਨੀ ਵਿਚ ਮੇਰੀ ਪਰਵਾਰਕ ਹਾਲਤ ਵੀ ਇਉਂ ਸੀ ਕਿ ਛੇ ਜੀਆਂ ਦਾ ਟੱਬਰ। ਸਭ ਤੋਂ ਛੋਟਾ ਬੱਚਾ ਅਜੇ ਤਿੰਨ ਕੁ ਮਹੀਨੇ ਦਾ। ਸੋਹਣੀ ਬੈਂਕ ਦੀ ਨੌਕਰੀ। ਬੈਂਕ ਤੋਂ ਕਰਜਾ ਲੈ ਕੇ ਲਏ ਮਕਾਨ ਦੀ ਕਿਸ਼ਤ ਹਰੇਕ ਮਹੀਨੇ ਭਰਨੀ। ਸਹਿੰਦਾ ਸਹਿੰਦਾ ਜਿਹਾ ਭਾਈਚਾਰੇ ਵਿਚ ਮਾਣ ਸਤਿਕਾਰ ਵੀ। ਦੂਜੇ ਬੰਨੇ ਪੰਜਾਬ ਵਿਚ ਕੁਝ ਵੀ ਨਾ, ਜਿਸ ਨੂੰ ਮੈਂ ਆਪਣਾ ਕਹਿ ਸਕਾਂ ਤੇ ਉਸ ਆਸਰੇ ਦਿਨ ਕਟੀ ਕਰ ਸਕਾਂ। ਹਰੇਕ ਫੇਰੀ ਦੌਰਾਨ ਰਿਸ਼ਤੇਦਾਰਾਂ ਅਤੇ ਸੱਜਣਾਂ ਪਾਸੋਂ ਪ੍ਰਸ਼ਾਦਾ ਪਾਣੀ ਛਕ ਕੇ ਅਤੇ ਰਾਤਾਂ ਕੱਟ ਕੇ ਵਾਪਸ ਮੁੜਿਆ ਕਰਦਾ ਸਾਂ। ਪੰਜਾਬ ਦੇ ਇਕ ਚੱਕਰ ਵਿਚ ਹੀ ਲੱਖ ਰੁਪਇਆ ਰੁੜ੍ਹ ਜਾਂਦਾ ਸੀ। ਇਹੋ ਜਿਹੇ ਵਾਤਾਵਰਨ ਵਿਚ ਸੋਚ ਆਈ ਕਿ ਬਾਬਾ ਜੀ ਦੀ ਬਾਣੀ ਆਖਦੀ ਹੈ, ''ਜਿਥੈ ਰਖਹਿ ਬੈਕੁੰਠ ਤਿਥਾਈ'' ਅਨੁਸਾਰ, ਜਿਥੇ ਵੀ ਹੁਣ ਉਸ ਦੀ ਰਜ਼ਾ ਹੈ ਓਸੇ ਨੂੰ ਹੀ ਬੈਕੁੰਠ ਜਾਣ ਕੇ ਰਹੀ ਜਾਣਾ ਚਾਹੀਦਾ ਹੈ। ਕੀ ਪਤਾ ਕਦੋਂ ਗੁਰੂ ਰਾਮ ਦਾਸ ਜੀ ਦੀ ਮੇਹਰ ਹੋ ਜਾਵੇ ਤੇ ਉਹ ਜੇਬ ਵਿਚ ਏਨੀ ਕੁ ਮਾਇਆ ਪਾ ਦੇਵੇ ਕਿ ਹਰੇਕ ਸਾਲ ਹੀ ਆਪਣੀ ਨਗਰੀ ਦੀ ਯਾਤਰਾ ਕਰਨ ਦੇ ਜੋਗ ਬਣਾ ਦੇਵੇ। ਉਸ ਦੇ ਦਰ ਉਪਰ ਸਿਰ ਝੁਕਾਉਣ ਦੇ ਨਾਲ਼ ਨਾਲ਼ ਸੱਜਣਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ ਨਾਲ਼ ਵੀ 'ਸਾਹਬ ਸਲਾਮਤ' ਹੋ ਜਾਇਆ ਕਰੇ।
ਗੁਰੂ ਜੀ ਦੀ ਕਿਰਪਾ ਸਦਕਾ ਕੁਝ ਸਾਲਾਂ ਤੋਂ ਬੁਢਾਪਾ ਪੈਨਸ਼ਨ ਲੱਗ ਜਾਣ ਕਰਕੇ ਹੱਥ ਕੁਝ ਕੁਝ ਸੌਖਾ ਹੋ ਗਿਆ ਤੇ ਤਕਰੀਬਨ ਹਰੇਕ ਸਾਲ ਹੀ ਦੇਸ਼ ਦਾ ਚੱਕਰ ਲੱਗ ਜਾਂਦਾ ਹੈ। ਨਾਲ਼ੇ ਕਦੀ ਇਕ ਤੇ ਕਦੀ ਪਹਿਲਾਂ ਛਪੀ ਕਿਤਾਬ ਦੀ ਹੋਰ ਅਗਲੀ ਐਡੀਸ਼ਨ ਛਪਵਾ ਕੇ, ਇਕ ਜਾਂ ਦੋ ਕਿਤਾਬਾਂ ਛਪਵਾ ਲਿਆਉਂਦਾ ਹਾਂ ਤੇ ਨਾਲ਼ੇ ਸਜਣਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ।
ਏਸੇ ਸਿਲਸਲੇ ਵਿਚ ਇਸ ਵਾਰੀ ਵੀ ਅੰਮ੍ਰਿਤਸਰ ਜਾਣ ਦਾ ਵਿਚਾਰ ਸੀ। ਓਥੇ ਦੇ ਮੌਸਮੀ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਅਕਤੂਬਰ ਨਵੰਬਰ ਜਾਂ ਫਿਰ ਫਰਵਰੀ ਮਾਰਚ ਵਿਚ ਜਾਣ ਲਈ ਵਿਚਾਰ ਕੀਤਾ ਜਾਂਦਾ ਹੈ। ਸਿਡਨੀ ਵਿਚਲੇ ਆਪਣੇ ਸ਼ੁਭਚਿੰਤਕ ਖੇਲਾ ਪਰਵਾਰ ਦੇ ਮੁਖੀ ਸ. ਮਨਮੋਹਨ ਸਿੰਘ ਖੇਲਾ ਜੀ ਤੋਂ ਖ਼ਬਰ ਅਤੇ ਸੱਦਾ ਮਿਲ਼ਿਆ ਕਿ ਉਹਨਾਂ ਦੇ ਪਰਵਾਰ ਵਿਚ, ਉਹਨਾਂ ਦੇ ਪਿੰਡ ਸਜਾਵਲਪੁਰ ਵਿਚ, ਅਕਤੂਬਰ ਦੇ ਸ਼ੁਰੂ ਵਿਚ ਵਿਆਹ ਹੈ, ਉਸ ਵਿਚ ਸ਼ਾਮਲ ਹੋਵਾਂ। ਇਸ ਕਰਕੇ ਅਤੇ ਸਤੰਬਰ ਵਿਚ ਕਰਾਇਆ ਕੁਝ ਸਸਤਾ ਹੋਣ ਕਰਕੇ, ਅਕਤੂਬਰ ਉਡੀਕਣ ਦੀ ਬਜਾਇ ਸਤੰਬਰ ਵਿਚ ਹੀ ਦੇਸ ਨੂੰ ਚਾਲੇ ਪਾ ਲਏ।
ਅੱਧੀ ਰਾਤ ਨੂੰ ਅੰਮ੍ਰਿਤਸਰ ਉਤਰ ਕੇ ਛੋਟੇ ਭਰਾ ਸ. ਸੇਵਾ ਸਿੰਘ ਕੋਲ਼ ਟਿੰਡ ਫਹੁੜੀ ਟਿਕਾ ਲਿਆ। ਅਗਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਕੇ, ਉਸ ਦਿਨ ਤੋਂ ਆਪਣੀ ਦਸਵੀਂ ਕਿਤਾਬ ਦੀ ਛਪਵਾਈ ਵਾਸਤੇ ਭੱਜ ਦੌੜ ਸ਼ੁਰੂ ਕਰ ਦਿਤੀ। ਸਾਰਾ ਮਸੌਦਾ ਸਿੰਘ ਬ੍ਰਦਰਜ਼ ਵਾਲ਼ੇ ਸ. ਗੁਰਸਾਗਰ ਸਿੰਘ ਦੇ ਹਵਾਲੇ ਕਰਕੇ ਇਸ ਪਾਸਿਉਂ ਬੇਫਿਕਰ ਹੋ ਗਿਆ ਤੇ ਕੁਝ ਪਰਵਾਰਕ ਅਤੇ ਅੰਮ੍ਰਿਤਸਰ ਦੇ ਆਲ਼ੇ ਦੁਆਲ਼ੇ ਦੇ ਸੱਜਣਾਂ ਦੇ ਦਰਸ਼ਨ ਮੇਲੇ, ਕਰਨੇ ਅਤੇ ਸਮਾਗਮਾਂ ਵਿਚ ਹਾਜਰੀ ਭਰਨ ਦਾ ਕਾਰਜ ਸ਼ੁਰੂ ਕਰ ਦਿਤਾ।
੨੦ ਸਤੰਬਰ ਵਾਲ਼ੇ ਦਿਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਨਾਨਕ ਭਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸੈਮੀਨਾਰ ਕੀਤਾ ਗਿਆ ਸੀ। ਇਸ ਵਿਸ਼ਾਲ ਭਵਨ ਵਿਚ ਦੂਰ ਦੁਰਾਡੇ ਦੇਸ ਅਤੇ ਪਰਦੇਸਾਂ ਵਿਚੋਂ ਪਹੁੰਚੇ ਹੋਏ ਵਿੱਦਵਾਨਾਂ ਨੇ ਭਾਗ ਲਿਆ। ਸੈਮੀਨਾਰ ਦੇ ਅੰਤ ਵਿਚ ਸਟੇਜ ਉਪਰ, ਬਾਕੀ ਵਿਸ਼ੇਸ਼ ਵਿਅਕਤੀਆਂ ਦੇ ਨਾਲ਼, ਪ੍ਰਬੰਧਕਾਂ ਵੱਲੋਂ ਦਾਸ ਨੂੰ ਵੀ ਸਿਰੋਪਾ, ਮੋਮੈਂਟੋ, ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ।
ਅੰਤ ਵਿਚ ਲੰਗਰ ਛਕਦਿਆਂ, ਸਿੱਖ ਪੰਥ ਦੀ ਸਿਰਮੌਰ ਧਾਰਮਿਕ ਵਿੱਦਿਆ ਦੀ ਸੰਸਥਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪ੍ਰਿੰਸੀਪਲ ਸਾਹਿਬਾ, ਬੀਬਾ ਮਨਜੀਤ ਕੌਰ ਜੀ, ਆਪਣੇ ਹੋਰ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ, ਮਿਲ਼ੇ ਅਤੇ ਸਦਾ ਵਾਂਗ ਕਾਲਜ ਵਿਚ ਆ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸੱਦਾ ਦਿਤਾ। ਫਿਰ ਇਕ ਦਿਨ ਇਹ ਸੇਵਾ ਵੀ ਨਿਭਾ ਕੇ ਮਾਣ ਮਹਿਸੂਸ ਕੀਤਾ। ਕੁਝ ਸਾਲਾਂ ਤੋਂ ਆਪਣੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ ਕਾਲਜ ਦੇ ਮੁਖੀ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮਾਣ ਬਖ਼ਸ਼ਿਆ ਜਾਂਦਾ ਹੈ। ਇਸ ਸੰਸਥਾ ਤੋਂ ਪ੍ਰਾਪਤ ਕੀਤੀ ਗਈ ਵਿੱਦਿਆ ਕਰਕੇ ਹੀ ਮੈਂ ਸੰਸਾਰ ਵਿਚ ਵਿਚਰਨ ਦੇ ਨਾ ਕੇਵਲ ਜੋਗ ਹੀ ਹੋਇਆ ਹਾਂ ਬਲਕਿ ਸਮੂੰਹ ਸੰਸਾਰ ਵਿਚ ਵੱਸਦੀਆਂ ਸਿੱਖ ਸੰਗਤਾਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਮੇ ਸਮੇ ਮਾਣ ਸਨਮਾਨ ਵੀ ਪ੍ਰਾਪਤ ਹੁੰਦਾ ਆ ਰਿਹਾ ਹੈ।
੨੨ ਸਤੰਬਰ ੨੦੧੯ ਵਾਲ਼ੇ ਦਿਨ, ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਚ, ਸ਼੍ਰੋਮਣੀ ਗੁ.ਪ੍ਰ. ਕਮੇਟੀ ਵੱਲੋਂ ਰਚੇ ਗਏ ਸੈਮੀਨਾਰ ਸਮੇ, ਸਾਰੇ ਸਮਾਗਮਾਂ ਦੇ ਮੁਖੀ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਜੀ ਵੱਲੋਂ, ਗਿ. ਸੰਤੋਖ ਸਿੰਘ ਨੂੰ ਸਿਰੋੇਪੇ ਅਤੇ ਕਿਤਾਬਾਂ ਦੇ ਸੈਟ ਨਾਲ਼ ਸਨਮਾਨਤ ਕੀਤਾ ਗਿਆ।
ਪ੍ਰਿੰਸੀਪਲ ਹਰਜੀਤ ਸਿੰਘ ਜੀ ਦੇ ਸਮੇ ਤੋਂ ਹੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ, ਵੇਲ਼ੇ ਦੇ ਮੁਖੀ ਜੀ ਵੱਲੋਂ, ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੈਨੂੰ ਮਾਣ ਬਖ਼ਸ਼ਿਆ ਜਾਂਦਾ ਹੈ। ਧੰਨਭਾਗ! ਉਹ ਸਾਲ ਤੇ ਮੈਨੂੰ ਯਾਦ ਨਹੀਂ ਪਰ ਉਸ ਦਿਨ ਭਾਰਤੀ ਪਾਰਲੀਮੈਂਟ ਉਪਰ ਅੱਤਵਾਦੀਆਂ ਦਾ ਹਮਲਾ ਹੋਇਆ ਸੀ। ਉਸ ਦਿਨ ਦੀ ਘਟਨਾ ਦਾ ਮੈਂ ਪਹਿਲਾਂ ਕਿਸੇ ਹੋਰ ਲੇਖ ਵਿਚ ਜ਼ਿਕਰ ਕਰ ਚੁੱਕਾ ਹਾਂ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਸ਼ਹੀਦ ਜੀ ਦੀ ਯਾਦ ਵਿਚ, ਗੁਰਦਾਸ ਨੰਗਲ ਵਿਚ ਸਥਾਪਤ ਕੀਤੇ ਗਏ ਖ਼ਾਲਸਾ ਕਾਲਜ ਵਿਚਲੇ ਸੈਮੀਨਾਰ ਵਿਚ ਸ਼ਾਮਲ ਹੋ ਕੇ, ਵਿਦਵਾਨਾਂ ਦੀ ਹਾਜਰੀ ਵਿਚ, ਵਿਦਿਆਰਥੀਆਂ ਅਤੇ ਹੋਰ ਸੂਝਵਾਨ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਮਾਣ ਪ੍ਰਾਪਤ ਹੋਇਆ।
ਏਥੋਂ ਹੀ ਧਾਰੀਵਾਲ ਵਿਚ ਹਿੰਦੂ ਕੰਨਿਆ ਮਹਾਂ ਵਿਦਿਆਲੇ ਦੇ ਸੈਮੀਨਾਰ ਵਿਚ ਬੋਲਣ ਦਾ ਸੱਦਾ ਪ੍ਰਾਪਤ ਹੋਇਆ ਤੇ ਓਥੇ ਵੀ ਹਾਜਰੀ ਭਰੀ। ਇਸ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਵਿਚ ਪੰਡਤ ਮੋਹਨ ਲਾਲ ਹਿੰਦੂ ਗਰਲਜ਼ ਕਾਲਜ ਦੇ ਸੈਮੀਨਾਰ ਵਿਚ ਸੱਦੇ ਜਾਣ 'ਤੇ, ਮੁਖ ਮਹਿਮਾਨ ਵਜੋਂ ਭਾਗ ਲਿਆ। ਓਸੇ ਸ਼ਾਮ ਨੂੰ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਾਲ਼ਿਆਂ ਵੀ ਸ਼ਹਿਰ ਦੇ ਸਾਹਿਤਕਾਰਾਂ ਦੇ ਸੰਖੇਪ ਇਕੱਠ ਵਿਚ ਸਨਮਾਨਤ ਕੀਤਾ।
ਜਥੇਦਾਰ ਕੇਵਲ ਸਿੰਘ ਜੀ ਦੇ ਸੱਦੇ ਉਪਰ ਉਹਨਾਂ ਦੀ ਵਿਦਿਅਕ ਸੰਸਥਾ ਭਾਈ ਗੁਰਦਾਸ ਅਕੈਡਮੀ, ਪਿੰਡ ਪੰਡੋਰੀ ਰਣ ਸਿੰਘ ਵਿਚਲੇ ਸਮਾਗਮ ਵਿਚ ਵੀ ਹਾਜਰੀ ਭਰੀ। ਇਸ ਸਮਾਗਮ ਵਿਚ ਹਾਜਰ ਹੋਣ ਲਈ ਮੈਨੂੰ ਬਹੁਪੱਖੀ ਸ਼ਖ਼ਸੀਅਤ ਪ੍ਰਿੰਸੀਪਲ ਬਲਵਿੰਦਰ ਸਿੰਘ ਪਧਰੀ ਜੀ ਆਪਣੀ ਕਾਰ ਉਪਰ ਲੈ ਗਏ ਸਨ।
ਸਤੰਬਰ ਮੁੱਕਣ 'ਤੇ ਸ. ਮਨਮੋਹਨ ਸਿੰਘ ਖੇਲਾ ਜੀ ਦੇ ਪਿੰਡ ਸਜਾਵਲਪੁਰ ਨੂੰ ਤੁਰ ਪਿਆ। ਓਥੋਂ ਜੰਞ ਗਈ ਹੁਸ਼ਿਆਰਪੁਰ। ਆਨੰਦ ਕਾਰਜ ਸਮੇ ਕੁਝ ਸ਼ਬਦ ਅਸ਼ੀਰਵਾਦ ਵਜੋਂ ਬੋਲੇ। ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਮੈਨੂੰ ਸੋਸ਼ਲ ਮੀਡੀਆ ਰਾਹੀਂ ਜਾਣਦੇ ਸਨ। ਉਹਨਾਂ ਨੇ ਮੇਰੇ ਬਾਰੇ ਸੰਗਤ ਅਤੇ ਕਮੇਟੀ ਨੂੰ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ। ਇਸ ਪਿੰਡ ਦੀ ਫੇਰੀ ਸਮੇ ਦੋ ਕੁ ਰਾਤਾਂ ਖੇਲਾ ਪਰਵਾਰ ਦੇ ਵਿਸ਼ਾਲ ਅਤੇ ਸੋਹਣੇ ਘਰ ਦੀ ਅਖੀਰਲੀ ਛੱਤ ਉਪਰਲੇ ਕਮਰੇ ਵਿਚ ਡੇਰਾ ਰੱਖਿਆ ਸੀ। ਉਹਨਾਂ ਦੇ ਘਰ ਵਿਖੇ ਹੀ ਨਿੰਦਰ ਘੁਗਿਆਣਵੀ ਅਤੇ ਕੁਝ ਹੋਰ ਸਾਹਿਤਕਾਰਾਂ ਅਤੇ ਚੰਗੇ ਵਿਅਕਤੀਆਂ ਦੀ ਸੰਗਤ ਪ੍ਰਾਪਤ ਹੋਈ। ਕੁਝ ਦਿਨਾਂ ਪਿਛੋਂ ਪਿੰਡ ਦੇ ਸਕੂਲ ਦੇ ਬੱਚਿਆਂ ਵਾਸਤੇ ਖੇਲਾ ਪਰਵਾਰ ਵੱਲੋਂ ਲਿਆਂਦੇ ਲੈਪਟਾੱਪ, ਜ਼ਿਲ਼ੇ ਦੇ ਆਹਲਾ ਅਫ਼ਸਰਾਂ ਦੀ ਹਾਜਰੀ ਵਿਚ ਬੱਚਿਆਂ ਨੂੰ ਦਿਤੇ ਜਾਣੇ ਸਨ।ਇਸ ਸਮਾਗਮ ਵਿਚ ਸ਼ਾਮਲ ਹੋਣ ਲਈ, ਪਰਵਾਰ ਵੱਲੋਂ ਉਹਨਾਂ ਦੇ ਘਰ ਹੀ ਟਿਕੇ ਰਹਿਣ ਲਈ ਕਿਹਾ ਗਿਆ ਪਰ ਮੈਂ ਹੋਰ ਰੁਝੇਵਿਆਂ ਕਰਕੇ ਮੁਆਫ਼ੀ ਮੰਗ ਲਈ।ਖਾਸ ਕਰਕੇ ਓਸੇ ਦਿਨ ਹੀ ਸਾਡੇ ਗਵਾਂਢੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ, ਉਹਨਾਂ ਦੇ ਪਿੰਡ ਖੱਖ ਵਿਖੇ ਭੋਗ ਦਾ ਸੋਗ ਸਮਾਗਮ ਹੋਣ ਕਰਕੇ ਮਜਬੂਰੀ ਦੱਸੀ। ਉਹਨਾਂ ਦੇ ਸਸਕਾਰ ਸਮੇ ਮੈਂ ਜਾ ਨਹੀਂ ਸੀ ਸਕਿਆ। ਗਿਆਨੀ ਜੀ ਦੇ ਸਪੁੱਤਰ ਨਾਲ਼ ਓਥੇ ਹਾਜਰ ਹੋਣ ਲਈ ਇਕਰਾਰ ਵੀ ਕੀਤਾ ਹੋਇਆ ਸੀ। ਸ. ਮਨਮੋਹਨ ਸਿੰਘ ਜੀ ਨੇ ਕਿਹਾ ਕਿ ਸਕੂਲ ਵਾਲ਼ਾ ਸਮਾਗਮ ਸਵੇਰ ਵੇਲ਼ੇ ਭੁਗਤ ਜਾਣਾ ਹੈ ਤੇ ਸੋਗ ਦਾ ਸਮਾਗਮ ਦੁਪਹਿਰ ਤੋਂ ਬਾਅਦ ਹੁੰਦਾ ਹੈ। ਤੁਹਾਨੂੰ ਕਾਰ ਤੇ ਉਸ ਸਮਗਾਮ ਵਿਚ ਪੁਚਾ ਦਿਆਂਗੇ। ਜਤਨ ਕੀਤਾ ਪਰ ਸੋਗ ਸਮਾਗਮ ਵਿਚ ਸਮੇ ਸਿਰ ਨਾ ਪਹੁੰਚਿਆ ਗਿਆ। ਸਾਡੇ ਜਾਂਦਿਆਂ ਨੂੰ ਸੋਗ ਸਮਾਗਮ ਸਮਾਪਤ ਹੋ ਚੁੱਕਾ ਸੀ ਤੇ ਸੰਗਤਾਂ ਵਾਪਸ ਮੁੜ ਰਹੀਆਂ ਸਨ। ਅਸੀਂ ਬਾਹਰੋਂ ਹੀ ਮੁੜ ਆਏ ਤੇ ਜੀਟੀ ਰੋਡ ਤੇ ਆਣ ਕੇ ਖੇਲਾ ਜੀ ਦੀ ਕਾਰ ਤੇ ਓਥੋਂ ਹੀ ਉਹਨਾਂ ਦੇ ਪਿੰਡ ਨੂੰ ਵਾਪਸ ਮੋੜ ਦਿਤੀ ਤੇ ਆਪ ਮੈਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚ ਗਿਆ। ਨਵਾਂ ਤਜਰਬਾ ਹੋਇਆ ਕਿ ਇਕੋ ਦਿਨ ਵਿਚ ਦੋ ਸਮਾਗਮਾਂ ਵਿਚ ਪਹੁੰਚਣਾ ਸਹਿਲਾ ਕਾਰਜ ਨਹੀਂ ਹੁੰਦਾ।
ਅਜਿਹਾ ਕੁਝ ਮੇਰੇ ਨਾਲ਼ ਪੰਜਾਹ ਸਾਲ ਪਹਿਲਾਂ, ੧੯੬੯ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌਵੇਂ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਸਮੇ ਵੀ ਵਾਪਰਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇ ਮੇਰੀ ਡਿਊਟੀ ਦੋ ਥਾਵਾਂ ਉਪਰ ਲਗਾ ਦਿਤੀ ਗਈ ਸੀ। ਮੇਰੀ ਬੜੀ ਖਿੱਚ ਸੀ ਕਿ ਅੰਮ੍ਰਿਤਸਰ ਦੇ ਗੋਲ਼ ਬਾਗ ਵਿਚ ਹੋ ਰਹੇ ਮੁਖ ਸਮਾਗਮ ਵਿਚ ਪਹੁੰਚਾਂ। ਇਸ ਲਈ ਰਾਹੋਂ ਵਾਲ਼ੇ ਸਮਾਗਮ ਸਮੇ ਇਕ ਦਿਨ ਪਹਿਲਾਂ ਨਿਕਲਣ ਵਾਲ਼ੇ ਜਲੂਸ ਵਿਚ ਸ਼ਾਮਲ ਹੋ ਕੇ, ਅਗਲੇ ਦੀਵਾਨਾਂ ਵਿਚ ਸ਼ਾਮਲ ਹੋਣ ਤੋਂ ਛੁੱਟੀ ਲੈ ਲਈ ਤੇ ਦੂਸਰਾ ਪ੍ਰੋਗਰਾਮ ਰੁੜਕਾ ਕਲਾਂ ਵਿਚ ਸੀ। ਓਥੇ ਦੇ ਸਮਾਗਮ ਵਿਚਲੇ ਰਾਤ ਦੇ ਇਕ ਦੀਵਾਨ ਵਿਚ ਹਾਜਰੀ ਭਰ ਕੇ, ਅਗਲੇ ਦੀਵਾਨ ਤੋਂ ਛੁੱਟੀ ਲੈ ਕੇ, ਬੱਸ ਰਾਹੀਂ ਅੰਮ੍ਰਿਤਸਰ ਨੂੰ ਭੱਜਾ। ਬੱਸ ਅੱਡੇ ਤੋਂ ਰਿਕਸ਼ਾ ਰਾਹੀਂ ਗੋਲ ਬਾਗ ਗਿਆ ਪਰ ਮੇਰੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਸਮਾਗਮ ਦੀ ਸਮਾਪਤੀ ਹੋ ਚੁੱਕੀ ਸੀ। ਇਸ ਤਰ੍ਹਾਂ, ''ਸ਼ਾਹ ਵੇਲਿਉਂ ਵੀ ਰਹੀ ਤੇ ਗੋਹਲਾਂ ਤੋਂ ਵੀ ਰਹੀ। ਨਾ ਖ਼ੁਦਾ ਹੀ ਮਿਲ਼ਾ ਨਾ ਵਸਾਲੇ ਸਨਮ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।'' ਮੇਰੇ ਨਾਲ਼ ਹੋਈ।
੨੨ ਅਕਤੂਬਰ, ੨੦੨੦ ਵਾਲ਼ੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਵਾਸਤੇ ਵੱਖ ਵੱਖ ਦੇਸ਼ਾਂ ਦੇ ੯੦ ਤੋਂ ਵਧੇਰੇ ਐਂਬੈਸਡਰਾਂ ਅਤੇ ਹਾਈ ਕਮਿਸ਼ਨਰਾਂ ਨੇ ਆਉਣਾ ਸੀ। ਬੜੀ ਇੱਛਾ ਸੀ ਕਿ ਇਸ ਰੌਣਕ ਮੇਲੇ ਨੂੰ ਵੇਖਿਆ ਜਾਵੇ ਜੋ ਕਿ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਪਰ ਓਸੇ ਦਿਨ ਹੀ ਦਰਬਾਰ ਸਾਹਿਬ ਤੋਂ ਵਾਹਵਾ ਹੀ ਦੂਰ ਗੁਰਦੁਆਰਾ ਪਲਾਹ ਸਾਹਿਬ ਵਿਖੇ, ਸਾਡੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦਾ ਸੋਗ ਸਮਾਗਮ ਸੀ। ਦੋਵੇਂ ਸਮਾਗਮ ਇਕੋ ਦਿਨ ਆ ਜਾਣ ਕਰਕੇ ਦੁਬਿਧਾ ਜਿਹੀ ਬਣ ਗਈ। ਏਧਰ ਜਾਇਆ ਜਾਵੇ ਕਿ ਓਧਰ! ਅਖੀਰ ਸੋਗ ਸਮਾਗਮ ਵਿਚ ਜਾਣ ਦਾ ਵਿਚਾਰ ਬਣਾ ਕੇ ਓਧਰ ਨੂੰ ਤੁਰ ਪਿਆ ਪਰ ਰਸਤੇ ਵਿਚ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਜੀ ਵਿਖੇ, ਆਪਣੇ ਸਾਹਿਤਕਾਰ ਮਿੱਤਰ ਸ. ਦਿਲਜੀਤ ਸਿੰਘ ਬੇਦੀ ਜੀ ਨੂੰ ਮਿਲਣ ਦਾ ਵਿਚਾਰ ਬਣਾ ਲਿਆ। ਉਹਨਾਂ ਕੋਲ਼ ਬੈਠ ਕੇ ਗੱਲਾਂ ਗੱਲਾਂ ਵਿਚ ਸਮਾ ਯਾਦ ਹੀ ਨਾ ਰਿਹਾ ਤੇ ਸੋਗ ਸਮਾਗਮ ਵੱਲ ਪਬਲਿਕ ਟ੍ਰਾਂਸਪੋਰਟ ਰਾਹੀਂ ਤੁਰ ਪਿਆ ਪਰ ਜਾਂਦਿਆਂ ਨੂੰ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋ ਰਹੀ ਸੀ।
ਬਾਅਦ ਵਿਚ ਦੂਰ ਨੇੜੇ ਦੇ ਪਰਵਾਰਕ ਮਹੈਣ ਦੇ ਮੈਂਬਰਾਂ ਨਾਲ਼ ਵਿਚਾਰਾਂ ਕਰਦਿਆਂ, ਲੰਗਰ ਛਕਦਿਆਂ ਸਮਾ ਬੀਤਿਆ ਕਿਉਂਕਿ ਦਰਬਾਰ ਸਾਹਿਬ ਵਾਲ਼ੇ ਸਮਾਗਮ ਵਿਚ ਪਹੁੰਚ ਸਕਣ ਦੀ ਤੇ ਕੋਈ ਆਸ ਹੀ ਨਹੀਂ ਸੀ। ਸਾਰਿਆਂ ਨਾਲ਼ ਮਿਲ਼ ਮਿਲ਼ਾ ਕੇ ਦਰਬਾਰ ਸਾਹਿਬ ਨੂੰ ਤੁਰ ਪਿਆ। ਜਦੋਂ ਘੰਟਾ ਘਰ ਪਹੁੰਚਿਆ ਤਾਂ ਵੇਖਿਆ ਕਿ ਸੂਚਨਾ ਕੇਂਦਰ ਦੇ ਬਾਹਰਵਾਰ ਖੁਲ੍ਹੇ ਮੈਦਾਨ ਵਿਚ ਲੱਗੇ ਵਿਸ਼ਾਲ ਸ਼ਾਮਿਆਨੇ ਅੰਦਰ ਅਜੇ ਸਮਾਗਮ ਦੀ ਸਮਾਪਤੀ ਹੀ ਹੋ ਰਹੀ ਹੈ। ਮੈਂ ਅੰਦਰ ਜਾਣ ਲੱਗਾ ਤਾਂ ਪੁਲਿਸ ਨੇ ਰੋਕ ਦਿਤਾ ਕਿਉਂਕਿ ਸੰਸਾਰ ਭਰ ਦੇ ਰਾਜਦੂਤ ਆਏ ਹੋਣ ਕਰਕੇ ਸੈਕਿਉਰਟੀ ਦਾ ਬੜਾ ਸਖ਼ਤ ਪ੍ਰਬੰਧ ਸੀ। ਮੈਂ ਹੌਸਲਾ ਨਾ ਹਾਰਿਆ ਤੇ ਪਿਛਿਲੇ ਪਾਸਿਉਂ ਜਾ ਕੇ ਸੂਚਨਾ ਕੇਂਦਰ ਦੇ ਅੰਦਰ ਰਾਹੀਂ ਹੋ ਕੇ ਪੰਡਾਲ ਵਿਚ ਜਾ ਵੜਿਆ। ਰਾਜਦੂਤਾਂ ਦੇ ਸਨਮਾਨ ਕਰਨ ਦਾ ਸਮਾਗਮ ਭਾਵੇਂ ਉਸ ਸਮੇ ਸਮਾਪਤ ਹੋ ਚੁੱਕਾ ਸੀ ਪਰ ਰਾਜਦੂਤਾਂ ਸਮੇਤ ਸੰਗਤ ਅਜੇ ਸਾਰੀ ਓਥੇ ਹੀ ਸੀ। ਦੂਰੋਂ ਮੈਨੂੰ ਸਿਡਨੀ ਵਾਲ਼ੇ ਆਪਣੇ ਮਿਤਰ ਸ. ਅਜਾਇਬ ਸਿੰਘ ਸਿੱਧੂ ਜੀ ਦੀ ਸੁਯੋਗ ਸਪੁੱਤਰੀ, ਬੀਬਾ ਹਰਿੰਦਰ ਕੌਰ ਜੀ, ਜੋ ਉਸ ਸਮੇ ਦਿੱਲੀ ਵਿਖੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸਨ, ਨੇ ਵੇਖ ਲਿਆ। ਉਹ ਬੜੇ ਉਤਸ਼ਾਹ ਨਾਲ਼ ਮੇਰੇ ਵੱਲ ਆਏ ਅਤੇ ਆ ਕੇ ਜੱਫੀ ਪਾ ਕੇ ਬੋਲੇ, ''ਹੈਲੋ ਗਿਆਨੀ ਅੰਕਲ ਜੀ, ਤੁਸੀਂ ਏਥੇ ਰਹਿੰਦੇ ਹੋ? ਮੈਂ ਕਿਹਾ, ''ਨਹੀਂ ਪੁੱਤਰ ਜੀ, ਮੈਂ ਰਹਿੰਦਾ ਤੇ ਸਿਡਨੀ ਵਿਚ ਹੀ ਹਾਂ ਪਰ ਏਥੇ ਆਉਂਦਾ ਜਾਂਦਾ ਰਹਿੰਦਾ ਹਾਂ।'' ਬੱਚੀ ਬੋਲੀ, ''ਬੜੀ ਖ਼ੁਸ਼ੀ ਹੋਈ ਤੁਹਾਨੂੰ ਏਥੇ ਵੇਖ ਕੇ। ਮੈਂ ਤੁਹਾਡੇ ਨਾਲ਼ ਸੈਲਫੀ ਲੈਣੀ ਹੈ। ਮੇਰੇ ਮਮ ਡੈਡ ਵੀ ਮੇਰੇ ਕੋਲ਼ ਦਿੱਲੀ ਆਏ ਹੋਏ ਹਨ। ਉਹਨਾਂ ਨੂੰ ਵਿਖਾਵਾਂਗੀ ਕਿ ਮੈਂ ਅੰਮ੍ਰਿਤਸਰ ਵਿਚ ਗਿਆਨੀ ਅੰਕਲ ਜੀ ਨੂੰ ਮਿਲ਼ ਕੇ ਆਈ ਹਾਂ।'' ਬੱਚੀ ਨੇ ਦੋ ਚਾਰ ਸੈਲਫੀਆਂ ਲੈ ਲਈਆਂ ਤੇ ਇਕ ਫ਼ੋਟੋ ਸਾਡੀ ਦੋਹਾਂ ਦੀ, ਸ੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਸ. ਰਣਧੀਰ ਸਿੰਘ ਜੀ ਨੇ ਮੇਰੇ ਕਹਿਣ 'ਤੇ ਖਿੱਚ ਲਈ। ਇਹ ਫ਼ੋਟੋ ਮੇਰੀ ਸਿੰਘਣੀ ਕੋਲ਼ ਸਿਡਨੀ ਪਹੁੰਚ ਗਈ ਤੇ ਉਹਨਾਂ ਅੱਗੇ ਮੈਨੂੰ ਭੇਜ ਦਿਤੀ। ਮੈਂ ਜਤਨ ਕਰਾਂਗਾ ਕਿ ਉਹ ਫ਼ੋਟੋ, ਕੁਝ ਹੋਰ ਫ਼ੋਟੋਆਂ ਸਮੇਤ ਇਸ ਲੇਖ ਵਿਚ ਵੀ ਸ਼ਾਮਲ ਹੋ ਜਾਵੇ।
ਰਾਜਦੂਤਾਂ ਦੀ ਵਿਦਾਇਗੀ ਵਾਲ਼ੇ ਪ੍ਰੋਗਰਾਮ ਦੀ ਸਫ਼ਲਤਾ ਸਹਿਤ ਸਮਾਪਤੀ ਪਿੱਛੋਂ ਓਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਅਤੇ ਬਾਕੀ ਮੁਖੀ ਦਫ਼ਤਰੀ ਸਟਾਫ਼ ਨਾਲ਼ ਖ਼ੁਸ਼ਗਵਾਰ ਮਾਹੌਲ ਵਿਚਾਲ਼ੇ ਖੁਲ੍ਹੀਆਂ ਵਿਚਾਰਾਂ ਹੋਈਆਂ।
ਇਕ ਦਿਨ ਮੇਰੇ ਕੋਲ਼ ਵੇਹਲ਼ ਸੀ ਤੇ ਮੈਂ ਵੀਚਾਰ ਕੀਤਾ ਕਿ ਸੁਲਤਾਨਪੁਰ ਲੋਧੀ ਦੀ ਯਾਤਰਾ ਹੀ ਕਰ ਲਈ ਜਾਵੇ। ਅੰਮ੍ਰਿਤਸਰ ਦੇ ਬੱਸ ਅੱਡੇ ਚਲਿਆ ਗਿਆ। ਓਥੇ ਰੌਣਕ ਮੇਲਾ, ਭੀੜ ਭੜੱਕਾ, ਕੰਡਕਟਰਾਂ ਦੀਆਂ ਆਵਾਜ਼ਾਂ ਦਾ ਰਾਮ ਰੌਲ਼ਾ ਜਿਹਾ। ਮੈਨੂੰ ਵੇਖ ਕੇ ਇਕ ਕੰਡਕਟਰ ਮੇਰੇ ਦੁਆਲ਼ੇ ਹੋ ਗਿਆ। ਮੇਰੇ ਸੁਲਤਾਨਪੁਰ ਜਾਣ ਬਾਰੇ ਦੱਸਣ ਤੇ ਕਹਿੰਦਾ, ''ਬੈਠੋ ਜੀ ਬੈਠੋ, ਆਹ ਬੱਸ ਜਾ ਰਹੀ ਹੈ ਸੁਲਤਾਨਪੁਰ ਨੂੰ।'' ਮੈਂ ਬੱਸ ਦੇ ਅੰਦਰ ਵੜ ਕੇ ਬਹਿ ਗਿਆ। ਬੱਸ ਤਰਨ ਤਾਰਨ ਪਹੁੰਚ ਕੇ ਅੱਗੇ ਤੁਰੇ ਈ ਨਾ। ਫੇਰ ਦੱਸਿਆ ਗਿਆ ਜੀ ਕਿ ਅਹੁ ਬੱਸ ਸੁਲਤਨਪੁਰ ਨੂੰ ਜਾਣੀ ਹੈ। ਉਸ ਵਿਚ ਜਾ ਬੈਠਿਆ। ਉਹ ਗੋਇੰਦਵਾਲ ਸਾਹਿਬ ਜਾ ਕੇ ਮੁੱਕ ਗਈ। ਓਥੋਂ ਵਾਹਵਾ ਚਿਰ ਪਿੱਛੋਂ ਇਕ ਹੋਰ ਬੱਸ ਨੇ, ਰੱਬ ਰੱਬ ਕਰਕੇ ਦੁਪਹਿਰ ਪਿੱਛੋਂ, ਸੁਲਤਾਨਪੁਰ ਦੀ ਪਾਵਨ ਧਰਤੀ 'ਤੇ ਸਾਡਾ ਸਵਾਰਾ ਜਾ ਉਤਾਰਿਆ। ਜਿਧਰ ਨਿਗਾਹ ਜਾਵੇ ਬੱਸਾਂ ਹੀ ਬੱਸਾਂ ਦਿਸਣ। ਤੰਬੂਆਂ ਕਨਾਤਾਂ ਦਾ ਸ਼ਹਿਰ ਬਣਿਆ ਪਿਆ। ਥਾਂ ਥਾਂ ਲੰਗਰ ਲੱਗੇ ਹੋਏ। ਚਾਰ ਚੁਫੇਰੇ ਰੌਣਕਾਂ ਹੀ ਰੌਣਕਾਂ। ਪੁਛਦਿਆਂ ਪੁਛਾਂਦਿਆਂ, ਵਾਹਵਾ ਸਾਰਾ ਤੁਰ ਕੇ ਅਖੀਰ ਵੇਈਂ ਨਦੀ ਦੇ ਪੁਲ਼ ਉਤੋਂ ਦੀ ਲੰਘ ਕੇ ਗੁਰਦੁਆਰਾ ਸਾਹਿਬ ਜਾ ਮੱਥਾ ਟੇਕਿਆ। ਗੁਰਦੁਆਰਾ ਬੇਰ ਸਾਹਿਬ ਜੀ ਦੇ ਨਾਲ਼ ਹੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿਚ, ਸਜਣ ਵਾਲ਼ੇ ਸਮਾਗਮਾਂ ਵਾਸਤੇ ਬਹੁਤ ਵਿਸ਼ਾਲ ਦੀਵਾਨ ਸਥਾਨ ਸਿਰਜਿਆ ਹੋਇਆ ਦਿਸਿਆ। ਉਪਰ ਚਾਨਣੀਆਂ, ਪਾਸਿਆਂ ਤੇ ਕਨਾਤਾਂ, ਥੱਲੇ ਗੱਦਿਆਂ ਦਾ ਪੋਲਾਪਣ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਸਨ। ਉਸ ਦਿਨ ਵਿਦਿਅਕ ਸੰਸਥਾਵਾਂ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਕੀਰਤਨੀ ਜਥਿਆਂ ਵੱਲੋਂ ਆਪਣੀ ਆਪਣੀ ਕੀਰਤਨ ਕਲਾ ਦੇ ਜੌਹਰ ਵਿਖਾਏ ਜਾ ਰਹੇ ਸਨ। ਸਟੇਜ ਦੇ ਪ੍ਰਬੰਧ ਦੀ ਸੇਵਾ ਬੀਬੀ ਜਾਗੀਰ ਕੌਰ ਜੀ ਭਲੀ ਭਾਂਤ ਨਿਭਾ ਰਹੇ ਸਨ। ਕਈ ਹੋਰ ਗੁਣਾਂ ਦੇ ਮਾਲਕ ਹੋਣ ਤੋਂ ਇਲਾਵਾ ਬੀਬੀ ਜੀ ਦੀ ਕਿਸੇ ਸਮਾਗਮ ਦੀ ਸਟੇਜ ਨੂੰ ਚਲਾਉਣ ਦੀ ਕਲਾ ਵਿਚ ਵੀ ਕੋਈ ਵਿਰਲਾ ਹੀ ਇਹਨਾਂ ਦਾ ਸਾਨੀ ਹੋਵੇਗਾ। ਜਦੋਂ ਕਦੀ ਇਸ ਗੱਲ ਦੀ ਸ਼ੰਕਾ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿਚ ਵਿਰੋਧੀਆਂ ਵੱਲੋਂ ਭਾਰੀ ਹੰਗਾਮੇ ਕੀਤੇ ਜਾਣਗੇ ਤਾਂ ਸਟੇਜ ਦਾ ਕੰਟ੍ਰੋਲ ਬੀਬੀ ਜੀ ਨੂੰ ਹੀ ਸੰਭਾਲ਼ਿਆ ਜਾਂਦਾ ਹੈ ਤੇ ਬੀਬੀ ਜੀ ਸੰਕਟ ਭਰੇ ਸਮਾਗਮ ਨੂੰ ਭਲੀ ਭਾਂਤ ਨੇਪਰੇ ਚਾਹੜ ਦਿੰਦੇ ਹਨ।
ਕੁਝ ਸਮਾ ਪੰਡਾਲ ਵਿਚ ਬੈਠ ਕੇ ਨੌਜਵਾਨਾਂ ਦੇ ਕੀਰਤਨ ਦਾ ਅਨੰਦ ਮਾਣਿਆ। ਬੁਢੇ ਜੌਹੜ ਦੇ ਮਿਸ਼ਨਰੀ ਕਾਲਜ ਦੇ ਕੀਰਤਨ ਕਲਾਸ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਾ ਕਿ ਮੈਂ ਕਦੀ ਓਥੇ ਦੇ ਕੀਰਤਨ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਵੀ ਕਰਦਾ ਰਿਹਾਂ ਤਾਂ ਉਹਨਾਂ ਸਾਰੇ ਬੱਚਿਆਂ ਨੇ ਬੜਾ ਉਤਸ਼ਾਹ ਵਿਖਾਇਆ ਅਤੇ ਸਤਿਕਾਰ ਕੀਤਾ।
ਕਿਉਂਕਿ ਰਾਤ ਤੱਕ ਵਾਪਸ ਮੁੜਨ ਦਾ ਪਹਿਲਾਂ ਹੀ ਵਿਚਾਰ ਸੀ, ਇਸ ਲਈ ਕਛਹਿਰਾ, ਬਨੈਣ, ਤੌਲੀਆ, ਦਵਾਈ ਆਦਿ ਨਾਲ਼ ਨਹੀਂ ਸੀ ਲੈ ਕੇ ਗਿਆ। ਮੁੜਨ ਲਈ ਪੰਡਾਲ਼ ਛੱਡਣ ਲਈ ਤਿਆਰ ਹੀ ਸਾਂ ਕਿ ਸ. ਹਰਵਿੰਦਰ ਸਿੰਘ ਖ਼ਾਲਸਾ ਜੀ ਉਪਰ ਨਿਗਾਹ ਪੈ ਗਈ। ਪਹਿਲਾਂ ਕਦੀ ਮਿਲ਼ੇ ਤਾਂ ਨਹੀਂ ਸਾਂ ਪਰ ਫ਼ੋਨ ਆਦਿ ਰਾਹੀਂ ਇਕ ਦੂਜੇ ਤੋਂ ਜਾਣੂ ਸਾਂ। ਸਤਿਕਾਰ ਸਹਿਤ ਮਿਲ਼ੇ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹੀਦਾਂ ਬਾਰੇ ਨੁਮਾਇਸ਼ ਲਾਈ ਗਈ ਹੈ ਉਸ ਉਪਰ ਜਰੂਰ ਝਾਤੀ ਮਾਰ ਕੇ ਜਾਣਾ। ਇਹ ਸਾਰਾ ਕੁਝ ਏਨੇ ਵਿਸ਼ਾਲ ਘੇਰੇ ਵਿਚ ਫੈਲਿਆ ਹੋਇਆ ਸੀ ਕਿ ਸੰਗਤਾਂ ਦੀ ਸਹੂਲਤ ਲਈ ਹਰੇਕ ਪਾਸੇ ਈ-ਰਿਕਸ਼ੇ, ਟੈਂਪੂ ਆਦਿ ਸਵਾਰੀਆਂ ਏਧਰ ਓਧਰ ਪੁਚਾਉਣ ਲਈ ਲੱਗੇ ਹੋਏ ਸਨ। ਇਹਨਾਂ ਦਾ ਕਰਾਇਆ ਕੋਈ ਨਹੀਂ ਸੀ ਲੱਗਦਾ। ਅਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਨ ਪਰ ਮੈਨੂੰ ਕਦੀ ਕਿਸੇ ਉਪਰ ਸਵਾਰ ਹੋਣ ਦਾ ਮੌਕਾ ਨਾ ਮਿਲ਼ਿਆ। ਇਸ ਲਈ ਤੁਰ ਤੁਰ ਕੇ ਹੀ ਹਰੇਕ ਥਾਂ ਅੱਪੜਨ ਲਈ ਵਾਹਵਾ ਸਮਾ ਲੱਗ ਜਾਂਦਾ ਸੀ। ਖੈਰ, ਮੈਂ ਨੁਮਾਇਸ਼ ਵਿਚ ਪਹੁੰਚ ਗਿਆ। ਨੇੜ ਭੂਤਕਾਲ ਵਿਚ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ, ਸ਼ਹੀਦਾਂ ਆਦਿ ਨੂੰ ਤਸਵੀਰਾਂ ਅਤੇ ਉਹਨਾਂ ਥੱਲੇ ਲਿਖੀਆਂ ਕੈਪਸ਼ਨਾਂ ਰਾਹੀਂ ਸਫ਼ਲਤਾ ਸਹਿਤ ਦਰਸਾਇਆ ਹੋਇਆ ਸੀ।
ਵਾਪਸ ਮੁੜਨ ਦੀ ਵੀ ਕਾਹਲ਼ੀ ਸੀ। ਬੱਸਾਂ ਵਾਲ਼ੇ ਥਾਂ ਪਹੁੰਚਿਆ। ਕੁਝ ਪਤਾ ਨਾ ਲੱਗੇ ਕਿ ਕਿਧਰੋਂ ਆਇਆ ਸਾਂ ਤੇ ਹੁਣ ਕੇਹੜੀ ਬੱਸ ਵਿਚ ਚੜ੍ਹਾਂ। ਜਿਸ ਨੂੰ ਵੀ ਪੁੱਛਾਂ ਉਹ ਵੱਖ ਵੱਖ ਬੱਸਾਂ ਦੀ ਹੀ ਦਸ ਪਾਵੇ। ਅਖੀਰ ਇਕ ਬੱਸ ਵਿਚ ਵੜ ਗਿਆ। ਉਸ ਵਿਚਲੀਆਂ ਸਵਾਰੀਆਂ ਨੂੰ ਵੀ ਪੁੱਛੀ ਗਿਆ। ਕਿਉਂਕਿ ਕਦੀ ਬਹੁਤ ਪਹਿਲਾਂ ਕਿਸੇ ਤੋਂ ਸੁਣਿਆ ਹੋਇਆ ਸੀ ਕਿ ਪੁੱਛਦਾ ਪੁੱਛਦਾ ਤੇ ਬੰਦਾ ਲਾਹੌਰ ਜਾ ਵੜਦਾ ਹੈ। ਉਹ ਬੱਸ ਮੈਨੂੰ ਮਖੂ ਨੂੰ ਜਾਣ ਵਾਲ਼ੀ ਸੜਕ ਤੇ ਲੈ ਆਈ। ਓਥੇ ਕਿਸੇ ਦੇ ਦੱਸਣ ਤੇ ਕਿ ਏਥੋਂ ਬੱਸ ਮਖੂ ਵਾਲ਼ੀ ਮਿਲ਼ੂਗੀ ਤੇ ਓਥੋਂ ਅੱਗੇ ਤਰਨ ਤਾਰਨ ਜਾਂ ਅੰਮ੍ਰਿਤਸਰ ਵਾਲ਼ੀ ਮਿਲ਼ੂਗੀ, ਮੈਂ ਉਤਰ ਗਿਆ। ਓਥੇ ਮੈਂ ਕੁਝ ਸਵਾਰੀਆਂ ਖਲੋਤੀਆਂ ਨੂੰ ਵੇਖ ਕੇ, ਕਦੀ ਸੜਕ ਦੇ ਇਕ ਪਾਸੇ ਦੇ ਅੱਡੇ ਤੇ ਖਲੋਵਾਂ ਤੇ ਕਦੇ ਕਿਸੇ ਦੇ ਦੱਸਣ ਤੇ ਸੜਕ ਦੇ ਦੂਜੇ ਪਾਸੇ ਦੌੜ ਕੇ ਜਾਵਾਂ। ਅਖੀਰ ਇਕ ਬੱਸ ਵਿਚ ਮੈਂ ਧੁੱਸ ਦੇ ਕੇ ਘੁਸਰ ਹੀ ਗਿਆ। ਉਸ ਵਿਚਲੀਆਂ ਸਵਾਰੀਆਂ ਵੀ ਆਖਣ ਕਿ ਇਹ ਬੱਸ ਮਖੂ ਨੂੰ ਨਹੀਂ ਜਾਣੀ ਪਰ ਮੈਂ ਇਹ ਸੋਚ ਕੇ ਨਾ ਉਤਰਿਆ ਕਿ ਕੋਈ ਗੱਲ ਨਹੀਂ ਜਾ ਤੇ ਉਸ ਪਾਸੇ ਹੀ ਰਹੀ ਆ ਨਾ! ਕੁਝ ਸਮੇ ਬਾਅਦ ਮੈਂ ਵੇਖਿਆ ਕਿ ਉਹ ਬੱਸ ਉਸ ਏਰੀਏ ਵਿਚ ਲੱਗੀਆਂ ਫਰੀ ਬੱਸਾਂ ਵਿਚ ਹੀ ਜਾ ਕੇ ਖਲੋ ਗਈ। ਸਵਾਰੀਆਂ ਉਤਰਨ ਲੱਗੀਆਂ ਤੇ ਮੈਂ ਵੀ ਉਤਰ ਕੇ ਸੜਕ ਉਪਰ ਫੇਰ ਖਲੋ ਗਿਆ। ਹਰੇਕ ਬੱਸ, ਸਕੂਟਰ, ਟੈਂਪੂ ਆਦਿ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਅਖੀਰ ਇਕ ਮੋਟਰ ਸਾਈਕਲ ਵਾਲ਼ਾ ਰੁਕਿਆ ਤੇ ਕਹਿੰਦਾ ਮੈਂ ਤੇ ਨੇੜੇ ਹੀ ਜਾ ਕੇ ਆਪਣੇ ਪਿੰਡ ਨੂੰ ਮੁੜ ਜਾਣਾ ਹੈ। ਮੈਂ ਕਿਹਾ, ''ਚਲ ਓਥੋਂ ਤੱਕ ਤੇ ਲੈ ਕੇ ਚੱਲ।'' ਸੋਚਿਆ ਕਿ ਕੁਝ ਨਾ ਕੁਝ ਤੇ ਮਖੂ ਦੇ ਨੇੜੇ ਵੱਲ ਜਾਵਾਂਗਾ ਹੀ। ਉਹ ਕੁਝ ਕਿਲੋ ਮੀਟਰ ਤੱਕ ਲੈ ਗਿਆ। ਓਥੇ ਸੜਕ ਕੇ ਖਲੋ ਕੇ ਮੈਂ ਫੇਰ ਹਰੇਕ ਬੱਸ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਇਕ ਕਾਰ ਨੇੜੇ ਆ ਕੇ ਰੁੱਕੀ। ਵਿਚੋਂ ਗਿਅਨੀ ਜਿਹਾ ਬੰਦਾ ਨਿਕਲ਼ਿਆ। ਵੇਖਿਆ ਤਾਂ ਉਹ ਗਿ. ਗੁਰਦੀਪ ਸਿੰਘ ਦੀਪਕ ਢਾਡੀ ਜੀ ਸਨ। ਸਿਡਨੀ ਵਿਚ ਉਹਨਾਂ ਦੇ ਪ੍ਰੋਗਰਾਮ ਸੁਣਨ ਦਾ ਮੌਕਾ ਮਿਲ਼ਿਆ ਸੀ ਤੇ ਅਸੀਂ ਇਕ ਦੂਜੇ ਨੂੰ ਜਾਣਦੇ ਸਾਂ। ਸਮੱਸਿਆ ਪੁੱਛੀ ਦੱਸੀ। ਉਹਨਾਂ ਨੇ ਆਪਣੇ ਪਿੰਡ ਰਾਤ ਰਹਿਣ ਲਈ ਸੁਲਾਹ ਮਾਰੀ। ਨਾਂਹ ਤੇ ਕਰਨੀ ਹੀ ਸੀ। ਮਖੂ ਤੱਕ ਪੁਚਾਉਣ ਦੀ ਉਹਨਾਂ ਦੀ ਪੇਸ਼ਕਸ਼ ਨੂੰ ਵੀ ਸਵੀਕਾਰਨਾ ਸਹੀ ਨਾ ਸਮਝ ਕੇ ਮੈਂ ਸਿਰ ਫੇਰ ਦਿਤਾ। ਇਸ ਵਿਚਾਰ ਨਾਲ਼ ਅਸੀਂ ਸਹਿਮਤ ਹੋ ਗਏ ਕਿ ਉਹ ਮੈਨੂੰ ਅਗਲੇ ਵੱਡੇ ਬੱਸ ਅੱਡੇ ਤੇ ਛੱਡ ਕੇ ਅਪਣੇ ਪਿੰਡ ਚਲੇ ਨੂੰ ਜਾਣਗੇ। ਹੋ ਸਕਦਾ ਹੈ ਕਿ ਇਹ ਨਿੱਕਾ ਅੱਡਾ ਹੋਣ ਕਰਕੇ ਬੱਸ ਨਾ ਰੁਕਦੀ ਹੋਵੇ ਤੇ ਓਥੇ ਰੁਕ ਜਾਂਦੀ ਹੋਵੇ! ਜਦੋਂ ਮੈਂ ਵੇਖਿਆ ਕਿ ਓਥੇ ਵੀ ਇਹੋ ਹਾਲ ਹੈ ਤੇ ਹਨੇਰਾ ਵੀ ਹੋਈ ਜਾ ਰਿਹਾ ਹੈ ਤਾਂ ਫਿਰ ਸੜਕ ਦੇ ਨੇੜੇ ਹੀ ਮੈਂ ਠਾਣੇ ਵਿਚ ਜਾ ਵੜਿਆ ਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ। ਇਕ ਹੌਲਦਾਰ ਉਠ ਕੇ ਮੇਰੇ ਨਾਲ਼ ਤੁਰ ਪਿਆ ਤੇ ਤੁਰੇ ਜਾਂਦਿਆਂ ਕਹਿੰਦਾ, ''ਗਿਆਨੀ ਜੀ, ਫਿਕਰ ਨਾ ਕਰੋ। ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਭੇਜ ਹੀ ਦਿਆਂਗੇ।'' ਛੇਤੀ ਹੀ ਚਿੱਟੇ ਰੰਗ ਦੀ ਇਕ ਕਾਰ ਆਉਂਦੀ ਦਿਸੀ ਤਾਂ ਉਸ ਨੇ ਰੁਕਵਾ ਲਈ। ਉਸ ਵਿਚ ਚੰਗੀ ਪੁਜ਼ੀਸ਼ਨ ਵਲ਼ੇ ਦੋ ਹਿੰਦੂ ਜੈਂਟਲਮੈਨ ਬੈਠੇ ਸਨ। ਹੌਲਦਾਰ ਨੇ ਮੇਰੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਪਿੰਡ ਤੇ ਸਾਡਾ ਭਾਵੇਂ ਪੰਜ ਕੁ ਮੀਲ ਪਹਿਲਾਂ ਆਉਂਦਾ ਹੈ ਪਰ ਅਸੀਂ ਗਿਆਨੀ ਜੀ ਨੂੰ ਮਖੂ ਦੇ ਬੱਸ ਅੱਡੇ ਤੱਕ ਛੱਡ ਆਵਾਂਗੇ ਪਰ ਰਾਹ ਵਿਚ ਇਕ ਸਾਮੀ ਤੋਂ ਅਸੀਂ ਉਗਰਾਹੀ ਕਰਨੀ ਹੈ, ਓਥੇ ਕੁਝ ਮਿੰਟ ਰੁਕਣਾ ਪੈ ਸਕਦਾ ਹੈ।
ਮੁਕਦੀ ਗੱਲ ਕਿ ਉਹਨਾਂ ਨੇ ਮੈਨੂੰ ਮਖੂ ਦੀ ਸੜਕ ਉਤੇ ਉਤਾਰ ਦਿਤਾ। ਉਸ ਸਮੇ ਤੱਕ ਵਾਹਵਾ ਹਨੇਰਾ ਹੋ ਚੁੱਕਾ ਸੀ। ਮੈਂ ਸੋਚਿਆ ਕਿ ਕਿਤੇ ਅੱਡਾ ਹੋਵੇਗਾ ਪਰ ਅੱਡਾ ਉਡਾ ਕੋਈ ਨਹੀਂ ਸੀ ਓਥੇ। ਆਲ਼ੇ ਦੁਆਲ਼ਿਉਂ ਪੁੱਛਣ ਤੇ ਪਤਾ ਲੱਗਾ ਕਿ ਇਹੋ ਹੀ ਸੜਕ ਦਾ ਕਿਨਾਰਾ ਹੈ ਜਿੱਥੋਂ ਬੱਸਾਂ ਤਰਨ ਤਾਰਨ ਵੱਲ ਦੀਆਂ ਸਵਾਰੀਆਂ ਚੁੱਕਦੀਆਂ ਹਨ। ਚਾਰ ਚੁਫੇਰੇ ਘੁੱਪ ਹਨੇਰਾ ਸੀ ਪਰ ਇਸ ਹਨੇਰੇ ਦਾ ਇਕ ਲਾਭ ਇਹ ਸੀ ਕਿ ਲੰਘਣ ਵਾਲ਼ੇ ਭਾਰੀ ਟਰੱਕਾਂ ਅਤੇ ਹੋਰ ਟਰੈਫਿਕ ਦਾ ਉਡਾਇਆ ਘੱਟਾ ਆਪਣੇ ਸਿਰ ਮੂੰਹ ਉਪਰ ਪੈਂਦਾ ਦਿਸਦਾ ਨਹੀਂ ਸੀ।
ਵਾਹਵਾ ਚਿਰ ਉਸ ਘੱਟੇ ਭਰੇ ਹਨੇਰੇ ਵਿਚ ਖਲੋਤੇ ਰਹਿਣ ਪਿਛੋਂ, ''ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ'' ਇਕ ਬੱਸ ਆ ਹੀ ਗਈ ਤੇ ਉਹ ਮੇਰੇ ਨੇੜੇ ਖਲੋ ਵੀ ਗਈ। ਕੁਝ ਸਵਾਰੀਆਂ ਉਤਰ ਗਈਆਂ ਤੇ ਮੈਂ ਇਕੱਲਾ ਹੀ ਓਥੋਂ ਉਸ ਬੱਸ ਵਿਚ ਸਵਾਰ ਹੋ ਗਿਆ। ਟਿਕਟ ਲੈਣ ਸਮੇ ਕੰਡਕਟਰ ਨੇ ਦੱਸਿਆ ਕਿ ਇਹ ਬੱਸ ਅੰਮ੍ਰਿਤਸਰ ਤੱਕ ਜਾਣੀ ਹੈ। ਅੱਧੀ ਰਾਤ ਤੋਂ ਵਾਹਵਾ ਪਿੱਛੋਂ ਅੰਮ੍ਰਿਤਸਰ ਵਿਚ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਬੱਸੋਂ ਉਤਰ ਕੇ ਜਾ ਭਰਾ ਦੇ ਘਰ ਦਾ ਬੂਹਾ ਖੜਕਾਇਆ। ਇਉਂ ਹੋਈ ਮੇਰੀ ਯਾਤਰਾ ਸੁਲਤਨਪੁਰ ਲੋਧੀ ਦੀ। ਰਾਤ ਤੱਕ ਵਾਪਸ ਮੁੜਨ ਦਾ ਵਿਚਾਰ ਬਣਾ ਕੇ ਮੈਂ ਆਪਣਾ ਕੋਈ ਟਿੰਡ ਫਹੁੜੀ ਨਾ ਲੈ ਕੇ ਗਿਆ, ਨਹੀਂ ਤਾਂ ਓਥੇ ਰਾਤ ਰਹਿਣ ਦੀ ਕੋਈ ਸਮੱਸਿਆ ਨਹੀਂ ਸੀ। ਪਿਛਲੇ ਸਾਲ ਦੀ ਯਾਤਰਾ ਸਮੇ ਓਥੇ ਦੇ ਮੈਨੇਜਰ ਸਾਹਿਬ ਨੇ ਮੇਰੀ ਰਿਹਾਇਸ਼ ਅਤੇ ਪ੍ਰਸ਼ਾਦੇ ਦਾ ਬਹੁਤ ਸੋਹਣਾ ਪ੍ਰਬੰਧ ਕਰਵਾ ਦਿਤਾ ਸੀ। ਹੈਡ ਗ੍ਰੰਥੀ ਗਿ. ਗੁਰਦੀਪ ਸਿੰਘ ਜੀ ਵੀ ਮੇਰੇ ਮਿੱਤਰ ਬਣ ਗਏ ਸਨ। ਸ਼ਹੀਦ ਸਿਖ ਮਿਸ਼ਨਰੀ ਕਾਲਜ ਦੀ ਸੁਲਤਾਨਪੁਰ ਲੋਧੀ ਵਾਲ਼ੀ ਬਰਾਂਚ ਦੇ ਇਨਚਾਰਜ ਸ. ਦਇਆ ਸਿੰਘ ਸੰਧੂ ਵੀ ਰਾਤ ਰਹਿਣ ਦਾ ਪ੍ਰਬੰਧ ਕਰ ਸਕਦੇ ਸਨ। ਇਹਨਾਂ ਤੋਂ ਇਲਾਵਾ ਸਿਡਨੀਉਂ ਗਏ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਵੀ, ਸੰਤ ਸੀਂਚੇਵਾਲ ਦੇ ਆਸ਼ਰਮ ਵਿਚ ਮੇਰੇ ਰਾਤ ਕੱਟਣ ਦਾ ਪ੍ਰਬੰਧ ਕਰ ਸਕਦੇ ਸਨ ਪਰ ਮਨ ਵਿਚ ਮੁੜ ਜਾਣ ਦਾ ਵਿਚਾਰ ਹੀ ਹਾਵੀ ਰਿਹਾ, ਹੋਰ ਕੁਝ ਸੋਚ ਆਈ ਹੀ ਨਹੀਂ। ਵੈਸੇ ਸ਼ੂਗਰ ਦੀ ਦਵਾਈ ਦੀ ਇਕ ਗੋਲ਼ੀ ਵੀ ਕਿਤਿਉਂ ਮਿਲ਼ ਸਕਦੀ ਸੀ, ਏਡੀ ਵੱਡੀ ਕੇਹੜੀ ਗੱਲ ਸੀ। ਕਛਹਿਰੇ ਤੌਲੀਏ ਦਾ ਪ੍ਰਬੰਧ ਵੀ ਹੋ ਈ ਸਕਦਾ ਸੀ। ਬਨੈਣ ਇਕ ਦਿਨ ਨਾ ਵੀ ਬਦਲਦਾ ਤਾਂ ਕੇਹੜੀ ਆਖਰ ਆ ਚੱਲੀ ਸੀ। ਮੇਲੇ ਦਾ ਭਾਰੀ ਰਸ਼ ਕਰਕੇ ਨਾ ਵੀ ਕੋਈ ਸੌਣ ਦਾ ਪ੍ਰਬੰਧ ਹੁੰਦਾ ਤਾਂ ਦੀਵਾਨ ਦੇ ਪੰਡਾਲ ਵਿਚ ਵੀ ਰਾਤ ਕੱਟੀ ਜਾ ਸਕਦੀ ਸੀ। ਰਹੀ ਸਵੇਰੇ ਨਹਾਉਣ ਵਾਲ਼ੀ ਗੱਲ, ਉਸ ਵਾਸਤੇ ਓਥੋਂ ਕਿਸੇ ਨਾ ਕਿਸੇ ਜਥੇਦਾਰ ਦਾ ਕਛਹਿਰਾ ਵਰਤਿਆ ਹੀ ਜਾ ਸਕਦਾ ਸੀ ਪਰ.....।
ਇਸ ਤਰ੍ਹਾਂ ਪਰਵਾਰਕ, ਭਾਈਚਾਰਕ, ਵਿਦਿਅਕ ਸਮਾਗਮਾਂ ਵਿਚ ਵੱਖ ਵੱਖ ਸਥਾਨਾਂ ਉਪਰ ਭਾਗ ਲੈਂਦਾ ਹੋਇਆ ਪੁਰਾਣੇ ਸੱਜਣਾਂ ਦੇ ਦਰਸ਼ਨ ਮੇਲੇ ਕਰ ਰਿਹਾ ਸਾਂ ਕਿ ਸਿਡਨੀ ਤੋਂ ਛੋਟੇ ਭਰਾ ਸ. ਦਲਬੀਰ ਸਿੰਘ ਜੀ ਨੇ ਫ਼ੋਨ ਰਾਹੀਂ ਦੱਸਿਆ ਕਿ ਏਥੇ ਦੇ ਭਾਰਤੀ ਦੂਤਾਵਾਸ ਵਾਲ਼ੇ ਮੈਨੂੰ ਲੱਭ ਰਹੇ ਹਨ। ਜਿਵੇਂ ਭਾਰਤ ਸਰਕਾਰ ਨੇ ਦੂਜੀਆਂ ਕਈ ਸਿੱਖ ਧਰਮ ਨਾਲ਼ ਸਬੰਧਤ ਸ਼ਤਾਬਦੀਆਂ ਮਨਾਈਆਂ ਸਨ ਓਵੇਂ ਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਵੀ ਭਾਰਤ ਸਰਕਾਰ ਵੱਲੋਂ ਮਨਾਈ ਜਾ ਰਹੀ ਹੈ। ਉਸ ਸ਼ਤਾਬਦੀ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਬਾਹਰਲੇ ਦੇਸਾਂ ਵਿਚੋਂ ਕੁਝ ਕੁ ਚੋਣਵੇਂ ਸਿੱਖਾਂ ਨੂੰ ਸੱਦਿਆ ਗਿਆ ਹੈ। ਉਹਨਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦੇਣ ਵਾਸਤੇ ਉਹ ਮੈਨੂੰ ਵੀ ਲੱਭ ਰਹੇ ਸਨ। ਪੁੱਛਦੇ ਪੁਛਾਉਂਦੇ ਉਹ ਮੈਨੂੰ ਸੰਪਰਕ ਕਰਨ ਵਿਚ ਸਫ਼ਲ ਹੋ ਗਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਭਾ ਜੀ ਹੋਰੀਂ ਤੇ ਪਹਿਲਾਂ ਹੀ ਅੰਮਿਤ੍ਰਸਰ ਵਿਚ ਹਨ। ਅਧਿਕਾਰੀ ਨੇ ਕਿਹਾ ਕਿ ਚੰਗਾ ਉਹ ਓਥੋਂ ਹੀ ਇਸ ਡੈਲੀਗੇਸ਼ਨ ਨਾਲ਼ ਸ਼ਾਮਲ ਹੋ ਜਾਣ। ਆਸਟ੍ਰੇਲੀਆ ਵਿਚਲੇ ਭਾਰਤੀ ਸਰਕਾਰੀ ਅਧਿਕਾਰੀ ਅਤੇ ਮੇਰੇ ਵਿਚਕਾਰ ਫ਼ੋਨ ਰਾਹੀਂ ਹੋਈ ਦੋਵੱਲੀ ਗੱਲ ਬਾਤ ਅਨੁਸਾਰ, ਮੈਂ ਸ੍ਰੀ ਅੰਮ੍ਰਿਤਸਰੋਂ ਹੀ ਉਸ ਡੈਲੀਗੇਸ਼ਨ ਵਿਚ ਸ਼ਾਮਲ ਹੋ ਗਿਆ। ਮੈਨੂੰ ਉਸ ਡੈਲੀਗੇਸ਼ਨ ਵਿਚ ਸੰਸਾਰ ਭਰ ਦੀਆਂ ਪ੍ਰਸਿਧ ਮੁਖੀ ਅਤੇ ਆਗੂ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਹੈਰਾਨੀ ਭਰੀ ਖ਼ੁਸ਼ੀ ਪ੍ਰਾਪਤ ਹੋਈ। ੬ ਨਵੰਬਰ ਸ਼ਾਮ ਤੋਂ ਲੈ ਕੇ ੧੨ ਨਵੰਬਰ, ੨੦੧੯ ਸ਼ਾਮ ਤੱਕ, ਸਾਡੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਬਣਾਏ ਗਏ ਪ੍ਰੋਗਰਾਮ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ ਉਪਰ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਵਾਈ ਗਈ।
ਅਸੀਂ ਮੁਕੰਮਲ ਤੌਰ ਤੇ ਬਣਾਏ ਗਏ ਪ੍ਰੋਗਰਾਮ ਅਨੁਸਾਰ ਭਾਰਤ ਸਰਕਾਰ ਦੇ ਕੰਟਰੋਲ਼ ਵਿਚ ਸਾਂ। ਰਣਜੀਤ ਐਵੇਨਿਊ ਵਿਚਲੇ ਹੌਲੀਡੇ ਇੰਨ ਵਿਚ ਸਾਨੂੰ ਰੱਖਿਆ ਗਿਆ ਸੀ ਤੇ ਓਥੋਂ ਹੀ ਸਵੇਰ ਵੇਲ਼ੇ ਛਾਹ ਵੇਲਾ ਕਰਵਾ ਕੇ, ਸਾਨੂੰ ਬੱਸਾਂ ਵਿਚ ਬੈਠਾ ਕੇ ਹਰੇਕ ਦਿਨ ਵਾਸਤੇ ਬਣਾਏ ਗਏ ਪ੍ਰੋਗਰਾਮ ਦੀ ਸੂਚੀ ਅਨੁਸਾਰ ਹੀ ਉਹਨਾਂ ਸਥਾਨਾਂ ਉਪਰ ਲਿਜਾਇਆ ਜਾਂਦਾ ਸੀ। ੭ ਨਵੰਬਰ ਵਾਲ਼ੇ ਦਿਨ ਸਾਨੂੰ ਸ੍ਰੀ ਦਰਬਾਰ ਸਾਹਿਬ ਜੀ, ਜਲ੍ਹਿਆਂ ਵਾਲ਼ਾ ਬਾਗ, ਦੇਸ ਵੰਡ ਵਾਲ਼ਾ ਅਜਾਇਬ ਘਰ ਆਦਿ ਦੀ ਯਾਤਰਾ ਕਰਵਾਈ ਗਈ। ੮ ਨਵੰਬਰ ਨੂੰ ਦੁਰਗਿਆਣਾ ਮੰਦਰ, ਗੋਬਿੰਦਗੜ੍ਹ ਕਿਲ੍ਹਾ, ਅਟਾਰੀ ਸਰਹੱਦ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਗਈ।
੯ ਨਵੰਬਰ ਵਾਲ਼ੇ ਸ੍ਰੀ ਕਰਤਾਰ ਸਾਹਿਬ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਜਥੇ ਨੇ ਜਾਣਾ ਸੀ। ਜਦੋਂ ਜਾਣ ਵਾਲ਼ਿਆਂ ਦੀ ਲਿਸਟ ਵੇਖੀ ਤਾਂ ਉਸ ਵਿਚ ਮੇਰਾ ਨਾਂ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਏਥੋਂ ਸ਼ਾਮਲ ਹੋਇਆ ਹੋਣ ਕਰਕੇ ਪੁਲਿਸ ਦੀ ਵੈਰੀਫੀਕੇਸ਼ਨ ਵਾਲ਼ੀ ਕਾਰਵਾਈ ਵਿਚ ਨਾ ਆਇਆ ਹੋਵਾਂ ਪਰ ਮੇਰੇ ਇਲਾਵਾ ੧੦ ਜਣੇ ਹੋਰਾਂ ਦਾ ਵੀ ਇਹੋ ਹਾਲ ਸੀ। ਮੈਂ ਇਹ ਵੀ ਕਿਹਾ ਕਿ ਡੇਹਰਾ ਬਾਬਾ ਨਾਨਕ ਤੱਕ ਮੈਨੂੰ ਲੈ ਚੱਲੋ। ਓਥੋਂ ਜੇ ਸੈਕਿਉਰਟੀ ਵਾਲ਼ਿਆਂ ਨੇ ਮੈਨੂੰ ਅੱਗੇ ਨਾ ਜਾਣ ਦਿਤਾ ਤਾਂ ਮੈਂ ਵਾਪਸ ਆ ਜਾਵਾਂਗਾ ਪਰ ਮੇਰੀ ਇਹ ਬੇਨਤੀ ਅਧਿਕਾਰੀ ਨਹੀਂ ਮੰਨੇ। ਵੈਸੇ ਇਕ ਬੀਬੀ ਚੁੱਪ ਚੁਪੀਤੇ ਕਿਸੇ ਤਰ੍ਹਾਂ ਬੱਸ ਵਿਚ ਬੈਠ ਗਈ ਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਜਾ ਵੀ ਆਈ। ਮੈਨੂੰ ਇਸ ਗੱਲ ਦਾ ਅਫ਼ਸੋਸ ਵੀ ਕੋਈ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਦੋ ਵਾਰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਆਇਆ ਹੋਇਆ ਸਾਂ। ਹੁਣ ਓਥੇ ਦੀ ਹੋਈ ਨਵੀਂ ਡਿਵੈਲਮਪੈਂਟ ਹੀ ਵੇਖਣੀ ਸੀ ਜੇਹੜੀ ਕਿ ਫ਼ੋਟੋਆਂ ਰਾਹੀਂ ਵੀ ਵੇਖੀ ਜਾ ਰਹੀ ਹੈ। ਵੈਸੇ ਇਹ ਗੱਲ ਤੇ ਹੋਈ ਕਿ ਮੈਂ ਦੋਹਾਂ ਦੇਸ਼ਾਂ ਦੇ, ਇਸ ਅਦੁਤੀ ਮਹਾਨ ਧਾਰਮਿਕ ਸਥਾਨ ਉਪਰ ਸਦਭਾਵਨਾ ਭਰੇ ਮਹਾਨ ਇਕੱਠ ਦਾ ਹਿੱਸਾ ਨਾ ਬਣ ਸਕਿਆ। ਮੇਰੇ ਛੋਟੇ ਭਰਾ ਸ. ਦਲਬੀਰ ਸਿੰਘ ਜੀ ਅਤੇ ਸਾਡੇ ਚਚੇਰੇ ਭਰਾ ਨਿਊ ਯਾਰਕ ਤੋਂ, ਭਾਈ ਰਣਜੀਤ ਸਿੰਘ ਜੀ, ਇਸ ਆਪਣੀ ਕਿਸਮ ਦੇ ਪਹਿਲੇ ਮਹਾਨ ਧਾਰਮਿਕ ਸਮਾਗਮ ਵਿਚ ਭਰਪੂਰ ਹਿੱਸਾ ਪਾ ਆਏ। ਸਾਨੂੰ ਯਾਰਾਂ ਯਾਤਰੂਆਂ ਨੂੰ, ਜੇਹੜੇ ਓਥੇ ਜਾਣੋ ਰਹਿ ਗਏ ਸਨ, ਉਹਨਾਂ ਸਾਰਿਆਂ ਨੂੰ ਬੱਸ ਉਪਰ ਬੈਠਾ ਕੇ ਸਾਡੀ ਇੱਛਾ ਅਨੁਸਾਰ ਹੀ ਪ੍ਰਬੰਧਕ ਸਾਨੂੰ ਸ੍ਰੀ ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਆਦਿ ਸਥਾਨਾਂ ਦੇ ਦਰਸ਼ਨ ਕਰਵਾ ਲਿਆਏ। ਖਡੂਰ ਸਾਹਿਬ ਸੰਤ ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਆਲ਼ੇ ਦੁਆਲ਼ੇ ਵਾਤਾਵਰਨ ਦੀ ਸ਼ੁਧਤਾਈ ਹਿਤ ਕੀਤੀਆਂ ਜਾ ਰਹੀਆਂ ਮਹਾਨ ਸੇਵਾਵਾਂ ਦੇ ਦਰਸ਼ਨ ਕਰਕੇ ਸੰਗਤ ਨੇ ਹਾਰਦਿਕ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਬਾਬਾ ਜੀ ਨੇ, ਯਾਦਗਾਰ ਵਜੋਂ, ਸਾਡੇ ਹੱਥੀ ਆਪਣੇ ਔਰਗੈਨਿਕ ਬਾਗ ਵਿਚ ਇਕ ਬੂਟਾ ਵੀ ਲਗਵਾਇਆ। ਲੰਗਰ ਵੀ ਅਸੀਂ ਸਾਰਿਆਂ ਨੇ ਓਥੇ ਹੀ ਛਕਿਆ।
੧੦ ਨਵੰਬਰ ਵਾਲ਼ੇ ਦਿਨ ਭਾਰਤ ਸਰਕਾਰ ਦੇ ਮੰਤਰੀ ਸ. ਹਰਦੀਪ ਸਿੰਘ ਪੁਰੀ ਵੱਲੋਂ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਮਹਾਨ ਹਸਤੀਆਂ ਵੀ ਸ਼ਾਮਲ ਹੋਈਆਂ। ਉਸ ਦਿਨ ਕੁਝ ਹੋਰ ਵੀ ਸਰਗਰਮੀਆਂ ਰਹੀਆਂ।