ਕਿਤਾਬ ਦਾ ਨਾਂ: ਕੁਝ ਏਧਰੋਂ ਕੁਝ ਓਧਰੋਂ
ਲੇਖਕ : ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਹਾਲ ਬਾਜ਼ਾਰ, ਅੰਮ੍ਰਿਤਸਰ
ਪੰਨੇ : 208, ਸਹਿਯੋਗ ਰਾਸ਼ੀ : $10
ਲੇਖਕ ਭਾਵੇਂ ਸੰਤਾਲੀ ਸਾਲਾਂ ਦੇ ਸਮੇ ਤੋਂ ਸੱਤ ਸਮੁੰਦਰੋਂ ਪਾਰ ਰਹਿ ਰਿਹਾ ਹੈ ਪਰ ਉਸ ਦੇ ਦਿਲ ਦੀ ਤਾਰ ਆਪਣੀ ਮੂਲ ਜਨਮ ਭੂਮੀ, ਸਭਿਆਚਾਰ, ਰੀਤੀ ਰਿਵਾਜਾਂ ਨਾਲ਼ ਪੂਰੀ ਤਰ੍ਹਾਂ ਜੁੜੀ ਹੋਈ ਹੈ। ਹੋਰਨਾਂ ਦੇਸ਼ਾਂ ਦੀ ਯਾਤਰਾ ਦੇ ਨਾਲ਼ ਨਾਲ਼ ਹਰੇਕ ਸਾਲ ਇਕ ਅੱਧ ਗੇੜਾ ਪੰਜਾਬ ਦਾ ਵੀ ਉਸ ਦੇ ਗੋਡੀਂ ਗਿੱਟੀਂ ਚੜ੍ਹਿਆ ਹੋਇਆ ਹੈ। ਧਰਤੀ ਦੇ ਕਰੀਬ ਹਰ ਕੋਨੇ ‘ਤੇ ਦਸਤਕ ਦੇਣ ਵਾਲੇ ਗਿਆਨੀ ਸੰਤੋਖ ਸਿੰਘ ਜੀ ਆਪਣੇ ਅਨੁਭਵਾਂ ਨੂੰ ਕਲਮ ਬੱਧ ਜਰੂਰ ਕਰੀ ਜਾਂਦੇ ਹਨ। ਫਲ ਸਰੂਪ ਹੁਣ ਤੱਕ ਦਸ ਕਿਤਾਬਾਂ ਪੰਜਾਬੀ ਸਾਹਿਤ ਦੀ ਭੇਟ ਅਤੇ ਪਾਠਕ ਅਰਪਣ ਕਰ ਚੁੱਕੇ ਹਨ। ਯਾਤਰਾ, ਬੋਲਣ ਅਤੇ ਲਿਖਣ ਦਾ ਸ਼ੌਕ ਗਿਆਨੀ ਜੀ ਨੇ ਇਸ ਉਮਰ ਵਿਚ ਵੀ ਨਹੀਂ ਤਿਆਗਿਆ।
ਹਥਲੀ ਗਿਆਨੀ ਜੀ ਦੀ ਦਸਵੀਂ ਪੁਸਤਕ ‘ਕੁਝ ਏਧਰੋਂ ਕੁਝ ਓਧਰੋਂ’ ਨਾਂ ਦੀ, ਇਸ ਸਾਲ 2019 ਵਿਚ ਛਪਵਾ ਕੇ ਪਾਠਕਾਂ ਦੇ ਹੱਥਾਂ ਤੱਕ ਪੁਚਾਈ ਜਾ ਚੁੱਕੀ ਹੈ। ਇਸ ਹਥਲੀ ਪੁਸਤਕ ਵਿਚ ਉਹਨਾਂ ਨੇ ਆਪਣੇ ਜੀਵਨ ਦੇ ਹੰਢਾਏ ਯਥਾਰਥ, ਤਜਰਬਿਆਂ, ਕੌੜੇ ਮਿੱਠੇ ਪਲਾਂ ਦੇ ਮਾਣਕ ਮੋਤੀਆਂ ਦੀ ਮਾਲਾ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਆਸਟ੍ਰੇਲੀਆ ਵਿਚ ਵੱਸਣ ਦੀ ਜਦੋ ਜਹਿਦ ‘ਆ ਉਤਰਨਾ ਮੇਰਾ ਵੀ ਆਸਟ੍ਰੇਲੀਆ ਵਿਚ’, ਆਸਟ੍ਰੇਲੀਆ ਦੇ ਹਸਪਤਾਲਾਂ ਦਾ ਪ੍ਰਬੰਧ ‘ਯਾਤਰਾ ਸਿਡਨੀ ਦੇ ਚਾਰ ਹਸਪਤਾਲਾਂ ਦੀ’, ਪਹਿਲੇ ਸਮਿਆਂ ਵਿਚ ਸਿਨੇਮਾ ਵੇਖਣ ‘ਤੇ ਬੰਧਸ਼ ਤੇ ਹੁਣ ਬੇਲੋੜੀ ਆਜ਼ਾਦੀ ‘ਸਿਨੇਮਾ ਤੇ ਮੈਂ’, ਬਿਹਾਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ‘ਤੇ ਸੱਦਾ, ਪ੍ਰਾਹੁਣਚਾਰੀ ਆਦਿ, ਪਹਿਲੀ ਯਾਤਰਾ ਪਟਨਾ ਸਾਹਿਬ ਜੀ ਦੀ, ਨੋਟਬੰਦੀ, ਜ਼ੁਲਮੀ ਦਿਨਾਂ ਦੀ ਯਾਦ, ਪੀਐਚ.ਡੀ., ਅਖ਼ਬਾਰਾਂ ਅਤੇ ਮੈਂ, ਸਿਡਨੀ ਵਾਲੀਆਂ ਸਾਲਾਨਾ ਸਿੱਖ ਖੇਡਾਂ, ਹੋ-ਹੱਲਾ ਤੇ ਵਾ-ਵੇਲਾ ਆਦਿ ਲੇਖਾਂ ਰਾਹੀਂ ਕਾਫੀ ਮੁੱਦਿਆਂ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਗਿਆ ਹੈ।
ਸ੍ਰੀ ਮਾਨ ਸੰਤ ਚੰਨਣ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ, ਸ. ਦਵਿੰਦਰ ਸਿੰਘ ਧਾਰੀਆ, ਬੀਬੀ ਸੁਖਵੰਤ ਕੌਰ ਪੰਨੂੰ ਦੇ ਜੀਵਨਾਂ ਦੀ ਵਿਲੱਖਣਤਾ ਇਸ ਪੁਸਤਕ ਵਿਚ ਪੜ੍ਹਨ ਨੂੰ ਮਿਲ਼ਦੀ ਹੈ। ‘ਮੇਰੇ ਸ਼ਬਦ ਜੋੜਾਂ ਵਿਚਲਾ ਘੀਚਮਚੋਲਾ’ ਲੇਖ ਗਿਆਨੀ ਜੀ ਦੀ ਵਿਦਵਤਾ ਨੂੰ ਉਘਾੜ ਕੇ ਪਾਠਕਾਂ ਦੀ ਕਚਹਿਰੀ ਵਿਚ ਰੱਖਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਕਿ ਪੰਜਾਬੀ ਭਾਸ਼ਾ ਦਾ ਅਨਾੜੀ ਲੋਕ ਕਿਵੇਂ ਸਤਿਆਨਾਸ ਕਰਨ ਵਿਚ ਲੱਗੇ ਹੋਏ ਹਨ। ਸੋਧਾਂ ਕਰਨ ਦੇ ਬਾਵਜੂਦ ਇਹ ਲੋਕ ਆਪਣੀਆਂ ਗ਼ਲਤੀਆਂ ਵਾਲਾ ਪਰਨਾਲਾ ਓਥੇ ਦਾ ਓਥੇ ਹੀ ਰੱਖਦੇ ਹਨ।
ਇਸ ਪੁਸਤਕ ਦੇ ਅੰਤ ਵਿਚ ਦਿਤਾ ਗਿਆ ਸ. ਬਲਵੰਤ ਸਿੰਘ ਰਾਮੂਵਾਲੀਆ ਨਾਲ਼ ਹੋਇਆ ਪੱਤਰ ਵਟਾਂਦਰਾ ਵੀ ਇਸ ਦਾ ਵਿਸ਼ੇਸ਼ ਹਾਲ ਹੈ।
ਕੁੱਲ ਮਿਲਾ ਕੇ ‘ਕੁਝ ਏਧਰੋਂ ਕੁਝ ਓਧਰੋਂ’ ਪੁਸਤਕ ਪਾਠਕਾਂ ਵਿਚ ਗਿਆਨ ਵੰਡਣ ਦੀ ਪੂਰੀ ਯੋਗਤਾ ਰੱਖਦੀ ਹੈ। ਆਸ ਹੈ ਜਿਥੇ ਪਾਠਕ ਇਸ ਨੂੰ ਪੜ੍ਹ ਕੇ ਲਾਹਾ ਤਾਂ ਜਰੂਰ ਖਟਣਗੇ ਹੀ ਖੱਟਣਗੇ ਓਥੇ ਗਿਆਨੀ ਸੰਤੋਖ ਸਿੰਘ ਜੀ ਵੀ ਆਪਣਾ ਗੂਹੜ ਗਿਆਨ ਵੰਡਣ ਲਈ ਏਸੇ ਤਰ੍ਹਾਂ ਕਲਮ ਨੂੰ ਨਿਰੰਤਰ ਲੈਪਟਾੱਪ ‘ਤੇ ਚਲਾਈ ਰੱਖਣਗੇ।
ਲਖਵਿੰਦਰ ਸਿੰਘ ਮਾਨ
ਹਵੇਲੀਆਣਾ