Rewail Singh Italy

ਹੋਤਾ ਹੈ ਵੁਹੀ ਜੋ ਮਨਜੂਰੇ ਖੁਦਾ ਹੋਤਾ ਹੈ - ਰਵੇਲ ਸਿੰਘ ਇਟਲੀ ਪੰਜਾਬ ਹੁਣ ਕੇਨੇਡਾ

ਕੈਨੇਡਾ ਆਉਣ ਤੇ ਮੈਨੂੰ ਕਿਸੇ ਉਰਦੂ ਸ਼ਾਇਰ ਦਾ ਉਪਰੋਕਤ ਸ਼ੇਅਰ ਵਾਰ ਵਾਰ  ਯਾਦ ਆਉਂਦਾ ਹੈ ।
ਇੱਥੇ ਆਪਣੇ ਬੱਚਿਆਂ ਕੋਲ ਆਉਣ ਲਈ ਸੁੱਪਰ ਵੀਜਾ  ਲੁਆਉਣ ਲਈ ਸਾਨੂੰ ਦੋਹਾਂ ਜੀਆਂ ਨੂੰ ਕਾਫੀ ਲੰਮਾ ਸਮਾ ਲੱਗ ਗਿਆ ਭਾਂਵੇ ਮੇਰਾ ਵੀਜਾ ਤਾਂ ਛੇਤੀ ਲੱਗ ਗਿਆ ਪਰ ਮੇਰੀ ਪਤਨੀ ਦਾ ਵੀਜਾ ਢੇਰ ਸਾਰਾ ਸਮਾ ਲੈ ਗਿਆ ।
ਜਿਸ ਦਾ ਕਾਰਣ ਉਸ ਦਾ ਮੈਡੀਕਲੀ ਫਿੱਟਨੈਸ ਹੋਣ ਦਾ ਬਣਿਆ  ।
    ਖੈਰ  ਵੀਜਾ ਤਾਂ ਲੱਗ ਗਿਆ ਪਰ ਪਹਿਲਾ ਮੇਰੇ ਪੁੱਤਾਂ ਵਰਗੇ ਭਤੀਜੇ ਦੀ  ਬੀਮਾਰੀ ਤੇ ਦੂਜਾ ਮੇਰੀ ਧੀ ਦੇ ਇਕਲੋਤੇ ਪੁੱਤਰ ਭਾਵ  ਮੇਰੇ ਦੋਹਤੇ ਦਾ ਵਿਆਹ,ਇਹ ਦੋਵੇਂ ਗਮੀ ਖੁਸ਼ੀ ਦੇ ਮੋਕੇ ਮੇਰੇ ਇੱਥੇ ਆਉਣ ਦੇ ਰਾਹ ਵਿੱਚ ਅੜਿੱਕਾ ਬਣ ਗਏ ।
ਇੱਕ ਮਨ ਕਰਦਾ ਸੀ ਕਿ ਦੋਹਤੇ ਦਾ ਵਿਆਹ ਵੇਖ ਕੇ ਜਾਈਏ ਪਰ ਦੋ ਮਹੀਨੇ ਅਜੇ ਵਿਆਹ ਵਿੱਚ ਪਏ ਹਨ ,ਏਨਾ ਸਮਾ ਹੋਣ ਕਰਕੇ ਏਥੇ ਆਉਣ ਲਈ ਦੇਰੀ ਕਰਨ ਨੂੰ ਵੀ ਮਨ ਨਹੀਂ ਸੀ ਕਰਦਾ ।
ਭਤੀਜੇ ਹਰਜਿੰਦਰ ਨੂੰ ਸਾਡਾ ਦੋਵਾਂ ਦਾ ਉਸ ਨੂੰ ਉਸ ਦੀ ਇਸ ਤਰਸ ਯੋਗ ਹਾਲਤ ਵਿੱਚ ਛੱਡ ਕੇ ਆਉਣ ਨੂੰ ਮਨ ਨਹੀਂ ਸੀ ਕਰਦਾ, ਪਰ ਭਾਣਾ ਵਰਤ ਗਿਆ ਉਸ ਦੀ ਅਸਹਿ   ਦਰਦ ਨਾਕ  ਮੌਤ ਦੇ ਦੁਖਦਾਈ ਦ੍ਰਿਸ਼ ਨੂੰ ਵੇਖ ਕੇ ਤੇ ਸਾਰੇ ਕ੍ਰਿਆ ਕਰਮ ਕਰਕੇ ਇੱਕ ਵਾਰ ਵੇਹਲੇ ਤਾਂ ਹੋ ਗਏ ਪਰ  ਉਸ ਦੀ ਬੀਮਾਰੀ ਦਾ ਸਮਾਂ ਜਦ ਚੇਤੇ ਆਉਂਦਾ ਤਾਂ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ।ਜਿੰਦਗੀ ਦੇ ਹੰਢਾਏ ਇਸ ਸਦਮੇ ਨੂੰ ਫਿਰ ਕਿਤੇ ਲਿਖ ਕੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ।
ਮਨ ਦੁਚਿੱਤੀ ਵਿੱਚ ਸੀ ਕਿ ਕਰੀਏ ਹਾਲਤ ਸੱਪ ਦੇ ਮੂੰਹ ਕੋਹੜ ਕਿਰਲੀ ਵਰਗੀ ਹੋ ਗਈ ਸੀ । ਮੇਰੀ ਘਰ ਵਾਲੀ ਕਹਿਣ ਲੱਗੀ ਕਿ ਤੁਸੀਂ ਚਲੇ ਜਾਓ, ਮੈਂ ਫਿਰ ਆ ਜਾਵਾਂਗੀ ਪਰ ਇਹ ਗੱਲ ਵੀ ਜਚਣ ਵਾਲੀ ਨਹੀਂ ਜਾਪਦੀ ਸੀ ।
ਓਧਰ ਇਹ ਭਾਣਾ ਵਰਤਣ ਤੋਂ ਪਹਿਲਾਂ ਹੀ ਮੇਰੇ ਦੋਹਤੇ ਦੇ ਵਿਆਹ ਦੀ ਤਾਰੀਖ ਰੱਖੀ ਜਾ ਚੁਕੀ ਸੀ।ਜਿਸ ਵਿੱਚ ਅਜੇ ਹਾਲੇ ਲਗ ਪਗ ਦੋ ਮਹੀਨੇ ਪਏ ਸਨ ਇਕ ਦਿਨ ਮੇਰੀ ਬੇਟੀ ਕਮਲ ਜੀਤ ਆਈ ਤੇ ਕਹਿਣ ਲੱਗੀ, ਡੈਡੀ ਵਿਆਹ ਵਿੱਚ ਅਜੇ ਬਹੁਤ ਦਿਨ ਹਨ ਸਮੇ ਦਾ ਕੋਈ ਪਤਾ ਨਹੀਂ ਤੁਹਾਡੀ ਸਿਹਤ ਵੀ ਢਿੱਲੀ ਮੱਠੀ ਰਹਿੰਦੀ ਹੈ ਇੱਥੇ ਤੁਸੀਂ ਦੋਂਵੇਂ ਇੱਕਲੇ ਹੀ ਰਹਿੰਦੇ ਓ ਤੁਸੀਂ ਚਲੇ ਜਾਓ ।ਓਧਰ ਬੱਚੇ ਵੀ ਤੁਹਾਨੂੰ ਹੁਣ ਇੱਕਲਿਆਂ ਛੱਡ ਕੇ ਖੁਸ਼ ਨਹੀਂ ਹਨ ।ਭਾਂਵੇਂ ਮੈਡਮ ਆਪਣੀ ਸੇਹਤ ਵੇਖ ਕੇ ਏਨੇ ਲੰਮੇ ਹਵਾਈ ਸਫਰ ਤੋਂ ਡਰਦੀ ਸੀ ਪਰ ਇੱਸ ਬਿਨਾਂ ਕੋਈ ਹੋਰ ਚਾਰਾ ਵੀ ਤਾਂ ਨਹੀਂ ਸੀ।
 ਮੇਰਾ ਕੈਨੇਡਾ ਆਉਣ ਦਾ ਮੁੱਖ ਮੰਤਵ ਮੇਰੇ ਬੇਟੇ ਦੇ ਪ੍ਰਿਵਾਰ ਦੇ ਦੋ ਜੀਆਂ ਮੇਰੀ ਪਿਆਰੀ ਚੁਲਬਲੀ ਪੋਤੀ ਰਾਜਪਿੰਦਰ ਉਰਫ ਰਾਬੀਆ ਜਿਸਦਾ ਬਚਪਨ ਮੇਰੇ ਹੱਥਾਂ ਵਿੱਚ ਲੰਘਿਆ ਸੀ ਉਸ ਕੋਲ ਰਹਿਕੇ ਮੇਰੇ ਜੀਵਣ ਦਾ ਆਖਰੀ ਹਿੱਸਾ ਗੁਜਾਰਣ ਦਾ ਸੀ ਤੇ ਇਸ ਦੇ ਨਾਲ ਮੇਰੇ ਲਾਡਲੇ ਪੋਤੇ ਆਕਾਸ਼ ਦੀਪ ਨਾਲ ਵੀ ਉਸ ਨਾਲ ਮਿੱਠੀਆਂ ਪਿਆਰੀਆਂ ਕੁਤਕਾੜੀਆਂ ਵਰਗੀਆਂ ਗੱਲਾਂ ਕਰਦੇ ਰਹਿਣ ਸੁਨਹਿਰੀ ਮੌਕਾ ਮਿਲਣਾ ਦਾ ਵੀ ਸੀ ।
  ਕੇਨੇਡਾ ਵਿੱਚ  ਸੁਪਰ ਵੀਜੇ ਤੇ ਵਡੇਰੀ ਉਮਰ ਦੇ ਬਜੁਰਗਾਂ ਦੇ ਆਉਂਣ ਲਈ ਉਨ੍ਹਾਂ ਦੀ ਇਨਸ਼ੋਰੈਂਸ ਹੋਣੀ ਵੀ ਲਾਜਮੀ ਹੈ ਸੋ ਉਸ ਦਾ ਪ੍ਰਬੰਧ ਵੀ ਹੋ ਗਿਆ ਤੇ ਹਵਾਈ ਟਿਕਟ ਵੀ ਯੋਗ ਤਾਰੀਖ ਵੇਖ ਕੇ ਲੈ ਲਈ ਗਈ।
ਪਰ ਆਉਣ ਤੋਂ ਪਹਿਲਾਂ ਘਰ ਦੇ ਸਾਮਾਨ ਦਾ ਖਲਾਰਾ ਸੰਭਾਲਣਾ ਵੀ ਇੱਕ ਵੱਡੀ ਸਮੱਸਿਆ ਸੀ ਜਿਸ ਨੂੰ ਮੇਰੀ ਇਸ ਕਮਲਜੀਤ ਧੀ ਨੇ ਜੋ ਇਸ ਕੰਮ ਵਿੱਚ ਫੁਰਤੀਲੀ ਹੈ ਨੇ ਆਪਣੇ ਜਿੰਮੇ ਲੈ ਲਿਆ,ਤੇ ਸਫਰ ਵਿੱਚ ਲੈ ਜਾਣ ਵਾਲੇ ਸਾਮਾਨ ਨੂੰ ਮੇਰੇ ਸਾਬਕਾ ਫੌਜੀ ਪ੍ਰਾਹੁਣੇ ਲਖਵਿੰਦਿਰ ਨੇ ਬੜੀ ਤਰਤੀਬ ਨਾਲ ਪੈੱਕ ਕਰ ਦਿੱਤਾ ।
ਬਾਹਰ ਪੈਲੀ ਬੰਨੇ ਦੀ ਸੇਵਾ ਸੰਭਾਲ ਦੀ ਜਿੰਮੇ ਵਾਰੀ ਉਸੇ ਨੇ ਲੈ ਲਈ ਕਿਉਂ ਉਸ ਦਾ ਪਿੰਡ ਸਾਡੇ ਪਿੰਡ ਬਹੁਤ ਥੋੜੀ ਦੂਰੀ ਤੇ ਹੈ।
ਫਲਾਈਟ ਸਵੇਰੇ 4 ਵੱਜ ਕੇ 5 ਮਿੰਟ ਤੇ  ਅਮ੍ਰਿਤਸਰ ਹਵਾਈ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਸੀ,ਟੈਕਸੀ ਦਾ ਪ੍ਰਬੰਧ ਕਰਕੇ ਸਾਨੂੰ ਸਮੇ ਸਿਰ ਪਹੁੰਚਾਉ ਦਾ ਸਾਰਾ ਕੰਮ ਜੋ ਮੇਰੀ ਧੀ ਕਮਲਜੀਤ ਦੇ ਪੁੱਤਰ ਸਮਾਨ ਪਿਆਰੇ ਦਾਮਾਦ ਲਖਵਿੰਦਰ ਸਿੰਘ ਨੇ ਕੀਤਾ ਉਹ ਨਾ ਭੁੱਲਣ ਯੋਗ ਹੈ।
ਖੈਰ ਢਾਈ ਘੰਟੇ ਦੀ ਉਡੀਕ ਪਿੱਛੋਂ ਫਲਾਈਟ ਹੋ ਗਈ,ਹਵਾਈ ਜਹਾਜ ਆਪਣੇ ਪਹਿਲੇ ਪੜਾਂ ਮਿਲਾਣ (ਇਟਲੀ) ਲਈ ਰਵਾਨਾ ਹੋ ਗਿਆ,ਤੇ ਅੱਠ ਘੰਟੇ ਦੀ ਲੰਮੀ ਉਡਾਣ ਤੋਂ ਬਾਅਦ ਮੀਲਾਣ ਜਾ ਉਤਰਿਆ ਤੇ ਫਿਰ ਲਗ ਪਗ ਢਾਈ ਘੰਟੇ ਦੀ ਉਡੀਕ ਪਿੱਛੋੰ ਦੂਜੀ ਛੇ ਘੰਟੇ ਦੀ ਉਡਾਨ ਭਰ ਕੇ ਕੇਨੇਡਾ ਟਰਾਂਟੋ ਜਾ ਉਤਰਿਆ । ਰਸਤੇ ਵਿੱਚ ਵੀਲ੍ਹ ਚੇਅਰ ਦੀ ਸਹਾਇਤਾ ਨੇ ਏਅਰ ਪੋਰਟ ਦੇ ਅੰਦਰ ਏਧਰ ਓਧਰ ਜਾਣ ਵਿੱਚ ਕਾਫੀ ਸੁਖਾਲਾ ਪਨ ਕੀਤਾ।
 ਟ੍ਰਾਂਟੋ ਏਅਰ ਪੋਰਟ ਤੇ ਸਾਨੂੰ ਲੈਣ ਲਈ ਮੇਰਾ ਪਿਆਰਾ ਪੋਤਾ ਆਕਾਸ਼ ਦੀਪ,ਨੋਂਹ ਰਾਣੀ ਰੋਜੀ,ਤੇ ਏਥੇ ਰਹਿੰਦੀ ਧੀ ਮਨਜੀਤ  ਸਾਨੂੰ ਲੈਣ ਲਈ ਆਏ ਹੋਏ ਸਨ,ਜੋ ਸਾਨੂੰ ਘਰ ਲੈ ਗਏ । ਘਰ ਜਾ ਸਾਰੇ ਪ੍ਰਿਵਾਰ ਨੂੰ ਮਿਲ  ਕੇ ਇਕ ਵਾਰ ਤਾਂ ਇਵੇਂ ਲੱਗਾ ਜਿਵੇਂ ਰਾਹ ਦੀ ਸਾਰੀ ਥਕਾਵਟ ਲਹਿ ਗਈ ਹੋਵੇ ।
ਆਗਾਜ਼ ਤੋ ਅੱਛਾ ਆਗੇ ਆਗੇ ਦੇਖਈਏ ਹੋਤਾ ਹੈ ਕਿਆ,
ਹੋਤਾ ਹੈ ਵੁਹੀ ਜੋ ਮਨਜੂਰੇ ਖੁਦਾ ਹੋਤਾ ਹੈ।
ਆਮੀਨ
ਰਵੇਲ ਸਿੰਘ ਇਟਲੀ ਪੰਜਾਬ ਹੁਣ ਕੇਨੇਡਾ

ਤੁਰ ਗਿਆ ਛਿੰਦਾ - ਰਵੇਲ ਸਿੰਘ

               1.
ਤੁਰ ਗਿਆ ਛਿੰਦਾ ,   ਕਲਾਕਾਰ ਛਿੰਦਾ ,
ਨਾਮ ਸੀ ਸੁਰਿੰਦਰ,ਨਾਲ ਪਿਆਰ ਛਿੰਦਾ।
ਉੱਚੀ ਸੁਰ ਤਾਣ ਵਾਲਾ,ਗੀਤਕਾਰ ਛਿੰਦਾ,
ਹਸਮੁਖਾ,ਤੇ ਬਹੁਤ ,ਮਿਲਣਸਾਰ ਛਿੰਦਾ।
                2.
ਰਹੇ ਗਾ ਜਿੰਦਾ     , ਸਦ ਬਹਾਰ ਛਿੰਦਾ,
ਗੀਤਾਂ ਵਿੱਚ ਜਿੰਦਾ,   ਰੂਹ ਠਾਰ ਛਿੰਦਾ ।
ਰੁਕਿਆ ਨਾ ਕਦੀ ਤੇਜ਼  ਰਫਤਾਰ ਛਿੰਦਾ.
ਫੁੱਲਾਂ ਵਾਂਗ ਹੌਲਾ,    ਹੌਲੇ ਭਾਰ ਛਿੰਦਾ ।
                 3.
ਦੋਸਤਾਂ ਤੇ ਮਿੱਤਰਾਂ ਦੀ ਲਏ ਸਾਰ ਛਿੰਦਾ,
ਮੁਸ਼ਕਲਾਂ,ਔਕੜਾਂ ਚ,ਮਦਦਗਾਰ ਛਿੰਦਾ।
ਕਈਆਂ ਲਈ ਕੀਮਤੀ,ਖਾਕਸਾਰ ,ਛਿੰਦਾ,
ਜਿੰਦਗੀ ਬਣਾ ਗਿਆ ਸ਼ਾਹਸਵਾਰ ਛਿੰਦਾ।
                    4.
ਟੀਸੀਆਂ ਨੂੰ ਛੋਹ ਗਿਆ,ਫਨਕਾਰ ਛਿੰਦਾ,
ਸ਼ਾਨ ਸੀ ਸਟੇਜਾਂ ਦਾ  , ਰੰਗਦਾਰ ਛਿੰਦਾ।
ਮਾਂ ਬੋਲੀ ਆਪਣੀ ਦਾ ਸੇਵਾਦਾਰ ਛਿੰਦਾ,
ਉਮਰਾਂ ਲਗਾ ਗਿਆ, ਵਫਾਦਾਰ ਛਿੰਦਾ।
                   5.
ਸ਼ੋਖੀਆਂ ਖਿਲਾਰ ਗਿਆ,ਬੇਸ਼ੁਮਾਰ ਛਿੰਦਾ,
ਮਹਿਫ਼ਲਾਂ ਸ਼ਿੰਗਾਰਦਾ ,ਦੰਮਦਾਰ ਛਿੰਦਾ।
ਪੁੱਤ ਸੀ ਪੰਜਾਬ ਦਾ ,   ਵਫਾਦਾਰ ਛਿੰਦਾ,
ਛੱਡ ਗਿਆ,ਆਪਣੀ,ਯਾਦਗਾਰ ਛਿੰਦਾ।

ਰਵੇਲ ਸਿੰਘ
9056016184

ਤੁਰ ਗਿਆ ਕੇਹਰ ਸ਼ਰੀਫ - ਰਵੇਲ ਸਿੰਘ

ਤੁਰ ਗਿਆ ਕੇਹਰ ਸ਼ਰੀਫ , ਤੁਰ ਗਿਆ  ਕੇਹਰ ਸ਼ਰੀਫ ।
ਸਦਾ ਲਈ ਤੁਰ ਜਾਣ ਦੀ ,   ਹੋ ਗਈ ਘਟਨਾ ਅਜੀਬ ।
ਹਿੱਸੇ ਆਉਂਦੀ ਖਤਮ ਕਰਕੇ ਤੁਰ ਗਿਆ , ਹਾੜੀ ਖਰੀਫ।
ਛਿੜ ਗਿਆ ਸ਼ਬਦਾਂ ਨੂੰ ਕਾਂਬਾ,ਇਹ ਕਿਹੀ ਆਈ ਤਾਰੀਖ।
ਆ ਗਈ ਜਦ ਆਣ ਵਾਲੀ ਬਹੁੜਿਆ ਨਾ ਕੋਈ ਤਬੀਬ।
ਲਿਖਤ ਦਾ ਲੇਖਕ  ਅਮੀਰ ,  ਸਿਖਰ ਦਾ ਬੰਦਾ ਅਦੀਬ।
ਕਲਮ ਦਾ ਜੋ ਸੀ ਅਮੀਰ,  ਹਰ ਬਸ਼ਰ ਦਾ ਸੀ   ਹਬੀਬ।
ਆਦਮੀ ਸੀ ਮਿਲਣ ਸਾਰ , ਨਾ ਕੋਈ  ਜਿਸਦਾ ਰਕੀਬ।
ਖੁਭ ਗਈ ਇਕ ਸੂਲ ਤਿੱਖੀ ,  ਪੁੱਜ ਕੇ ਦਿਲ ਦੇ ਕਰੀਬ।
ਖਬਰ  ਓਸ ਦੇ ਜਾਣ ਦੀ ,ਕਰ ਗਈ , ਸਾਨੂੰ    ਗਰੀਬ।
ਕੌਣ ਜਾਂ ਕਿਸ ਨੂੰ ਲੈ ਜਾਣਾ  , ਮੌਤ ਨਾ ਰੱਖਦੀ ਰਦੀਫ ।
ਇਹ ਸ਼ਬਦ ਨੇਂ ਸ਼ਰਧਾਂਜਲੀ , ਆਖਰੀ ਉਸ ਨੂੰ  ਨਸੀਬ।
 ਯਾਦ ਬਣ ਕੇ ਰਹੇ ਗਾ ਉਹ ਸਿਖਰ ਦਾ ਲੇਖਕ ਅਦੀਬ।
ਫੁੱਲ ਕੁੱਝ ਸਤਿਕਾਰ ਦੇ ,   ਭੇਟਾ ਕਰਾਂ ਉਸ ਦੀ ਤਾਰੀਫ।
ਤੁਰ ਗਿਆ ਕੇਹਰ ਸ਼ਰੀਫ,  ਤੁਰ ਗਿਆ ਕੇਹਰ ਸ਼ਰੀਫ ।

ਰਵੇਲ ਸਿੰਘ
90560161 84 

ਇੱਕ ਬੂਟਾ ਹਿਜਰਾਂ ਦਾ - ਰਵੇਲ ਸਿੰਘ

  ਇਕ ਬੂਟਾ ਹਿਜਰਾਂ ਦਾ , ਵੇਹੜੇ ਉੱਗ ਆਇਆ ਨੀਂ ।
  ਅਸਾਂ ਪਾਣੀ ਰੀਝਾਂ ਦਾ ,ਰੱਜ ਉਸ ਨੂੰ   ਪਾਇਆ ਨੀਂ ।
 ਗੰਮ ਖਾ ਕੇ ਪਲਿਆ ਉਹ,ਆਸਾਂ ਵਿੱਚ ਰਲਿਆ ਉਹ,
  ਪਰ ਭੁੱਖਾ ਭਾਣਾ ਨੀਂ  ਉਹ,  ਸਦਾ ਤਿਹਾਇਆ ਨੀਂ।
 ਉਹਦਾ ਪਿਆਰ ਅਨੋਖਾ ਨੀਂ, ਰਿਹਾ ਦੇਂਦਾ ਧੋਖਾ ਨੀਂ,
 ਰਹੀ ਸੁੱਖਾਂ ,ਸੁੱਖਦੀ ਮੈਂ ,ਉਹ ਮੁੜ ਨਾ ਆਇਆ ਨੀਂ।
 ਕੁੱਝ ਪੀੜਾਂ ਹਾਣ ਦੀਆਂ, ਉਸ ਦੇ  ਸੁੱਕ ਜਾਣਦੀਆਂ ,
 ਮੈਂ ਦਰਦ ਛੁਪਾਇਆ ਨੀਂ,ਉਸ ਬੜਾ ਸਤਾਇਆ ਨੀਂ।
ਜੀ ਕਰਦੈ ਪੁੱਟ ਦੇਵਾਂ ਇਹ ,ਕਿਤੇ ਲਾਂਭੇ ਸੁੱਟ ਦੇਵਾਂ,
ਕਦੇ ਸੋਚਾਂ  ਚੰਦਰੀ ਨੇ. ਇਹ ਹੱਥੀਂ ਲਾਇਆ ਨੀਂ ।
ਮੈਂ ਹੋ ਗਈ ਕਮਲੀ, ਹਾਂ ਕਮਲੀ  ਰਮਲੀ ਹਾਂ ,
ਇਹ ਬੂਟਾ ਹਿਜਰਾਂ ਦਾ , ਜੇ ਪੁੱਟ ਗੁਵਾਇਆ ਨੀਂ ।
ਇਸ ਬਾਝੋਂ ,ਕਿਹੜਾ ਨੀਂ , ਕਰ ਸੁੰਞਾ ਵੇਹੜਾ ਨੀਂ ,
ਜਦ ਖਾਣ ਨੂੰ ਆਵੇਗਾ,ਵੇਹੜਾ ਕੁਮਲਾਇਆ ਨੀਂ।
ਫਿਰ ਕਿੱਦਾਂ ਜੀਵਾਂਗੀ , ਜੋ ਗਿਆ ਵਿਦੇਸ਼ੀਂ ਉਹ,
ਭੁੱਲ ਗਿਆ ਪ੍ਰੀਤਾਂ ਉਹ ਨਾ ਮੁੜ ਕੇ ਆਇਆ ਨੀਂ ।
ਕੱਲੀ ਜਿੰਦ ਤਤੜੀ ਦੀ, ਚੰਨ ਦੀ ਗਲਵੱਕੜੀ ਦੀ ,
 ਕਿਸੇ ਰੁੱਤ ਬਸੰਤੀ ਦੀ ਭੁੱਖ ਨੇ ਤੜਫਾਇਆ ਨੀਂ ।
ਇਹ ਬੂਟਾ ਰੀਝਾਂ ਦਾ,  ਕੁੱਝ ਦਰਦਾਂ ਚੀਸਾਂ ਦਾ,
ਬੂਟਾ ਕੰਡਿਆਲਾ ਨੀਂ , ਹੈ ਵੇਹੜੇ  ਛਾਇਆ ਨੀਂ।
ਇਹ ਬੂਟਾ ਹਿਜਰਾਂ ਦਾ ਹੋਏ ਦੂਣ ਸਵਾਇਆ ਨੀਂ।
ਵਸਲਾਂ ਦੀ ਵੱਲ  ਕਦੇ ,  ਵੇਹੜੇ ਵਿੱਚ ਉੱਗੇ ਗੀ  ,
ਕਈ ਸੁਪਨੇ ਮੌਲਣਗੇ ,ਮਨ ਲਾਰੇ ਲਾਇਆ ਨੀਂ।
ਯਾਦਾਂ ਦੀਆਂ ਸੂਲਾਂ ਕਈ ਸੀਨੇ ਵਿੱਚ ਲਹਿ ਜਾਵਣ,
ਪਾਏ ਹੰਝੂ ਭਰ ਭਰ ਕੇ ਉਹ ਰਿਹਾ ਤਿਹਾਇਆ ਨੀਂ।
ਤੇ ਪਾਣੀ ਹਿਜਰਾਂ ਦਾ , ਰੱਜ ਉਸ ਨੂੰ ਪਾਇਆ ਨੀਂ ।
ਇੱਕ ਬੂਟਾ ਹਿਜਰਾਂ ਦਾ ਅੱਜ ਵੇਹੜੇ ਛਾਇਆ ਨੀਂ ।

ਰਵੇਲ ਸਿੰਘ
ਫੋਨ 90560161 84

ਰਿਸ਼ਤਿਆਂ ਦੀ ਮਹਿਕ : ਚਾਚਾ ਮ੍ਹਿੰਦੂ - ਰਵੇਲ ਸਿੰਘ ਇਟਲੀ

 
ਜਦੋਂ ਵੀ ਮੈਂ ਆਪਣੇ ਲੇਖਾਂ.ਕਹਾਣੀਆਂ , ਵਿੱਚ ਕੋਈ ਪਾਤਰ ਸਿਰਜਦਾ ਹਾਂ ਤਾਂ ਭਾਂਵੇਂ ਉਹ ਕਿਵੇਂ ਤੇ ਕਿਸ ਤਰਹਾਂ ਦਾ ,ਛੋਟਾ ਵੱਡਾ ਹੋਵੇ ਸਾਦ ਮੁਰਾਦਾ ਹੋਵੇ,ਦੂਰੂ ਦੇ ਜਾਂ ਨੇੜਲਾ ਸਾਕ ਸਬੰਧੀ ਰਿਸ਼ਤੇ ਦਾਰ ਹੋਵੇ ਮੈਨੂੰ ਉਸ ਵਿੱਚ ਕੋਈ ਨਾ ਕੋਈ ਖਾਸੀਅਤ  ਜ਼ਰੂਰ ਨਜਰ ਆ ਹੀ ਜਾਂਦੀ  ਹੈ ,ਤੇ ਇਹੋ ਜਿਹੇ ਲੋਕ ਜੋ ਮੇਰੀਆਂ ਲਿਖਤਾਂ ਦੇ ਪਾਤਰ ਬਣਦੇ ਹਨ,ਮੇਰੇ ਲਈ ਉਹ ਸਾਰੇ ਸਤਿਕਾਰ  ਦੇ ਯੋਗ ਹਨ।ਕਈ ਵਾਰ ਕਿਸੇ ਮਜਬੂਰੀ ਵੱਸ ਮੈਨੂੰ ਉਨ੍ਹਾਂ ਦੇ ਅਸਲੀ ਨਾਵਾਂ ਦੀ ਥਾਂ ਕਲਪਿਤ ਨਾਂ ਵੀ ਵਰਤਣੇ ਪੈਂਦੇ ਹਨ।
 ਮੈਂ ਉਨ੍ਹਾਂ ਇਹੋ ਜਿਹੇ ਸਾਰਿਆਂ ਪਾਤਰਾਂ ਕੋਲੋਂ ਖਿਮਾ ਚਾਹੁੰਦਾ ਹਾਂ,ਪਰ ਆਪਣੇ ਇਸ ਰਿਸ਼ਤੇ ਦਾਰ ਲਈ ਮੈਂ ਉਸ ਦਾ ਛੋਟਾ ਤੇ ਵੱਡਾ ਅਸਲ ਨਾਂ ਆਪਣੇ ਹੱਥਲੇ ਲੇਖ ਵਿੱਚ ਲਿਖ ਕੇ ਹੀ ਆਪਣੀ ਗੱਲ ਅੱਗੇ ਤੋਰਾਂ ਗਾ।
ਚਾਚਾ ਮ੍ਹਿੰਦੂ ਜਿਸ ਦਾ ਪੂਰਾ ਮਹਿੰਦਰ ਸਿੰਘ ਹੈ,ਜੋ ਇਕ ਪਰਾਣੀ ਰਿਸ਼ਤੇ ਦਾਰੀ ,ਭਾਵ ਬਾਪੂ ਦੇ ਮਾਮਿਆਂ ਵਿੱਚੋਂ ਉਨ੍ਹਾਂ ਦੇ ਛੋਟੇ ਮਾਮੇ ਲਹਿਣਾ ਸਿੰਘ ਦੀ ਉਹ ਸੱਭ ਤੋਂ ਛੋਟੀ ਸੰਤਾਨ ਹੈ।
ਪਿਉ ਵਾਂਗ ਉਹ ਵੀ ਬੜੇ ਸਰਲ ਤੇ ਸਿੱਧੇ ਸਾਦੇ ਸੁਭਾ ਵਾਲਾ ਹੈ।ਉਮਰ ਵਿੱਚ ਉਹ ਮੇਰਾ ਹਵਾਣੀ ਹੈ। ਹਸ ਮੁਖਾ ਹੈ,ਹਰ ਗੱਲ ਕਰਨ ਤੋਂ ਪਹਿਲਾਂ ਜਾਂ ਫਿਰ ਪਿੱਛੋਂ ਖੜਾਕਾ ਮਾਰ ਕੇ ਹੱਸਣਾ ਉਸ ਦੇ ਸੁਭਾ ਦਾ ਹੀ ਇੱਕ ਹਿੱਸਾ ਕਿਹਾ ਜਾ ਸਕਦਾ ਹੈ।
ਛੋਟਾ ਜਿਮੀਂਦਾਰ ਹੋਣ ਦੇ ਨਾਲ ਉਹ, ਮਿਹਣਤੀ ਹੈ ,ਸਿਰ੍ਹੜੀ ਹੈ,ਬਾਕੀ ਪਰਵਾਰ ਖਿੰਡ ਪੁੰਡ ਕੇ ਦੂਰ ਦੁਰਾਡੇ ਦੇਸ਼ ਵਿਦੇਸ਼ ਚਲਾ ਗਿਆ,ਪਰ ਉਸ ਨੇ ਹਲ਼ ਦੀ ਜੰਘੀ ਨਹੀਂ ਛੱਡੀ,ਮੇਰੀ ਚਾਚੀ ਭਾਵ ਉਸ ਦੀ ਘਰ ਵਾਲੀ ਵੀ ਉਸ ਵਾਂਗ ਮੇਹਣਤੀ ਤੇ ਉੱਦਮੀ ਹੈ । ਏਸੇ ਕਰਕੇ ਹੀ ਉਸ ਦੇ ਹਿੱਸੇ ਆਉਂਦੇ ਸਿਆੜ ਸਾਂਭ ਕੇ ਉਸ ਨੇ ਰੱਖੇ ਹਨ,ਭਾਵ ਗਹਿਣੇ,ਜਾਂ ਬੈਅ ਕਰਨ ਤੋਂ ਬਚਾਈ ਰੱਖੇ ਹਨ।
ਤਿੰਨ ਧੀਆਂ ਤੇ ਇਕਲੋਤੇ ਹੋਣਹਾਰ ਪੁੱਤਰ ਚਾਰ ਜੀਆਂ ਦੀ ਉਸ ਦੀ  ਸੰਤਾਨ ਹੈ।ਧੀਆਂ ਆਪਣੀ ਹੈਸੀਅਤ ਅਨੁਸਾਰ ਵਰ ਟੋਲ ਕੇ ਆਪੋ ਆਪਣੇ ਘਰੀਂ ਤੋਰ ਦਿੱਤੀਆਂ।
ਪੁਤਰ  ਫੌਜ ਵਿੱਚ ਨੌਕਰੀ ਕਰਕੇ ਦੋ ਪੈਨਸ਼ਨਾਂ ਲੈ ਕੇ  ਘਰ ਮੁੜਿਆ,ਉਸ ਦੀ ਮਿਹਣਤ ਸਦਕਾ ਉਸ ਦੀ ਸੁਚੱਜੀ ਸੰਤਾਨ ਇੱਕ ਪੁੱਤਰ ਤੇ ਇੱਕ ਧੀ ਉਚੇਰੀ ਪੜ੍ਹਾਈ ਕਰ ਕੇ ਪੁੱਤਰ ਡਾਕਟਰ ਤੇ ਧੀ ਲਾਅ ਦੀ ਪੜ੍ਹਾਈ  ਕਰ ਰਹੀ ਹੈ।
ਏਸੇ ਪੱਖੋਂ ਚਾਚੇ ਦੀ ਨੇਕ ਨੀਅਤੀ ਕਰ ਕੇ  ਉਹ ਭਾਗ ਸ਼ਾਲੀ ਹੈ। ਤੇ ਹੁਣ ਉਹ ਸਾਰੀਆਂ ਪਰਵਾਰਿਕ  ਜੁਮਾਵਾਰੀਆਂ ਤੋਂ ਮੁਕਤ ਹੋ ਕੇ, ਆਪਣੇ ਪਿੰਡ ਵਿੱਚ ਬਣੇ ਆਲੀਸ਼ਾਨ ਘਰ ਵਿੱਚ ਆਪਣੇ ਡਾਕਟਰ ਪੋਤਰੇ ਤੇ ਆਪਣੀ ਡਾਕਟਰ ਪੋਤ ਨੂੰਹ ਨਾਲ  ਆਪਣੇ ਅਗਾਂਹ ਵਧੂ ਸੋਚ ਵਿਚਾਰ ਵਾਲੇ ਪਰਵਾਰ ਨਾਲ ਰਹਿ ਰਿਹਾ ਹੈ।
ਮੈਂ ਜਦੋਂ ਦਾ ਵਿਦੇਸ਼ੋਂ ਆਇਆ ਹਾਂ ਉਚੇਚੇ ਤੌਰ ਤੇ ਕੁਝ ਪਲ ਬਿਤਾਉਣ ਲਈ ਉਸ ਕੋਲ ਜਰੂਰ ਜਾਂਦਾ ਹਾਂ ਤੇ ਉਸ ਨਾਲ ਪਰਾਣੀ ਰਿਸ਼ਤੇ ਦਾਰੀ ਹੋਣ ਕਰਕੇ ਉਸ ਗੋਡੇ ਹੱਥ ਲਾ ਕੇ ਉਸ ਨੂੰ ਮਿਲਦਾ ਹਾਂ।
 ਉਮਰ ਵਡੇਰੀ ਹੋਣ ਕਰਕੇ ਉਸ ਦੀ ਸਿਹਤ ਭਾਂਵੇਂ  ਢਿੱਲੀ ਮੱਠੀ ਕਿਉਂ ਨਾ ਹੋਵੇ, ਪਰ ਉਸ ਦਾ ਕੋਈ ਗੱਲ ਕਰਨ ਤੋਂ ਪਹਿਲਾਂ ਜਾਂ ਪਿੱਛੋਂ ਖੜਾਕਾ ਮਾਰ ਕੇ ਹੱਸਣ ਦਾ ਸੁਭਾ ਅਜੇ ਵੀ ਜਿਉਂ ਦਾ ਤਿਉਂ ਹੀ ਹੈ।
ਵਕਤ ਦੀ ਕੋਈ ਪਤਾ ਨਹੀਂ ਕਿ ਕਦੋਂ ਕਿਸ ਦੀ ਕਿੱਥੇ ਤੇ ਕਿਸ ਵੇਲੇ ਅਹੁਦ ਪੁੱਗ ਜਾਵੇ, ਤਮੰਨਾ ਤਾਂ ਹਰ ਵੇਲੇ ਇਹੋ ਰਹਿੰਦੀ ਹੈ ਕਿ ਜਦ ਤੀਕ ਇਸ ਸਰੀਰ ਵਿੱਚ ਸਾਹਾਂ ਦਾ ਗੇੜ ਚਲਦਾ ਹੈ, ਤਦ ਤੀਕ ਜੀਵਣ ਦੇ  ਕੁੱਝ ਪਲਾਂ ਰਾਹੀਂ  ਇਹੋ ਜਿਹੇ ਰਿਸ਼ਤਿਆਂ ਦੀ ਮਹਿਕ ਜਿਨਾਂ ਕੁ ਸਮਾ ਮਿਲੇ, ਕੱਢ ਕੇ ਰਲ ਮਿਲ ਕੇ ਮਾਣਦੇ ਰਹੀਏ।

ਰਵੇਲ ਸਿੰਘ ਇਟਲੀ
(ਹੁਣ ਪੰਜਾਬ )
90560161 84     

ਡੁੱਡ ਬਜੂੜੇ - ਰਵੇਲ ਸਿੰਘ

 ਬੈਂਕ ਵਿੱਚ ਲੈਣ ਦੇਣ ਕਰਨ ਵਾਲਿਆਂ ਦਾ ਕਾਫੀ ਭੀੜ ਭੜੱਕਾ ਹੈ। ਹਰ ਕਿਸੇ ਨੂੰ ਜਿਵੇਂ ਆਪੋ ਧਾਪੀ ਹੀ ਪਈ ਹੋਈ ਹੈ।
ਕੋਈ ਆਪਣੀ ਵਾਰੀ ਦੀ ਉਡੀਕ ਕਰਨ ਦੀ ਖੇਚਲ ਕਰਨ ਨੂੰ ਤਿਆਰ ਨਹੀਂ ।
ਕਈ ਲੋਕ ਇੱਕ ਦੂਸਰੇ ਤੋਂ ਕਾਹਲੀ ਕਾਹਲੀ ਕਾਹਲੀ ਆਪਣੀਆਂ ਪਾਸ ਬੁੱਕਾਂ ਰਕਮ ਕੱਢਵਾਉਣ ਵਾਲੇ ਫਾਰਮ ਭਰਵਾਉਣ ਲਈ ਕਾਉਂਟਰ ਤੇ ਬੈਠੀ ਹੇਈ ਬੈਂਕ ਮੁਲਾਜ਼ਮ ਕੁੜੀ ਵੱਲ ਧੱਕ ਰਹੇ ਹਨ ।
ਇਨ੍ਹਾਂ ਵਿੱਚ ਕਈ ਐਸੇ ਵੀ ਹਨ ਜੋ ਆਪਣੇ ਫਾਰਮ ਆਪ ਵੀ ਭਰ ਸਕਦੇ ਹਨ। ਪਰ ਉਹ ਇਹ ਕੰਮ ਆਪ ਕਰਨ ਦੀ ਬਜਾਏ ਇਹ ਕੰਮ ਬੈਂਕ ਵਾਲਿਆਂ ਦੀ ਡਿਉਟੀ ਹੀ ਸਮਝਦੇ ਹਨ।ਬੈਂਕ ਵਿੱਚ ਕੰਮ ਕਰਨ ਵਾਲੀ  ਉਹ ਵਿਚਾਰੀ ਕੁੜੀ ਉਸ ਵੱਲ ਉਲਰਦੀਆਂ ਪਾਸ ਬੁੱਕਾਂ ਨੂੰ ਫੜ ਕੇ ਪੈਸੇ ਕਢਵਾਉਂਣ, ਜਮ੍ਹਾਂ ਕਰਾਉਣ ਵਾਲੇ ਲੋਕਾਂ ਦੇ ਝੁਰਮਟ ਵਿੱਚ ਘਿਰੀ ਬੈਠੀ ਉਹ ਕੁੜੀ  ਫਾਰਮ ਭਰ ਰਹੀ ਹੈ ।
ਏਨੇ ਨੂੰ  ਇੱਕ ਅਜੀਬ ਕਿਸਮ ਦਾ ਅੰਗ ਹੀਨ ਵਿਅਕਤੀ ਵੀਲ ਚੇਅਰ ਤੇ ਬੈਠਾ ਬੈਂਕ ਵਿੱਚ ਆਉਂਦਾ ਹੈ ।ਵੀਲ ਚੇਅਰ ਤੇ ਬੈਠੇ ਚਾਲੀ ਕੁ ਵਰ੍ਹਿਆਂ ਦੇ ਇਸ ਅੰਗ ਹੀਣ ਸ਼ਖਸ ਜਿਸ ਦੀਆਂ ਹੱਥਾਂ ਪੈਰਾਂ ਦੀਆਂ ਉੰਗਲਾਂ  ਮੁੜੀਆਂ ਹੋਈਆਂ ਹੋਈਆਂ ਹਨ।ਉਹ ਆਉਂਦੇ ਹੀ ਵੀਲ ਚੇਅਰ ਤੇ ਬੈਠਿਆਂ ਹੀ ਰਕਮ ਕਢਵਾਉਣ ਵਾਲੇ ਫਾਰਮ ਨੂੰ ਆਪ ਆਪਣੇ ਉੰਗਲਾਂ ਮੁੜੇ  ਦੋਹਾਂ ਹੱਥਾਂ ਨਾਲ ਆਪਣੀ ਜੇਬ ਵਿੱਚੋਂ ਪੈੱਨ ਕੱਢ ਕੇ ਉਹ ਆਪ ਆਪਣਾ ਫਾਰਮ ਭਰ ਕੇ ਰਕਮ ਕਢਵਾਉਣ ਵਾਲੀ ਕਿਤਾਰ ਵਿੱਚ ਵੀਲ ਚੇਅਰ ਤੇ  ਬੈਠਾ ਹੀ ਜਾ ਲੱਗਦਾ ਹੈ।
 ਸਾਰਿਆਂ ਨੂੰ ਆਪੋ ਆਪਣੀ  ਪਈ ਹੋਈ ਹੈ। ਕਿਸੇ ਵਿੱਚ ਉਸ ਅੰਗ ਹੀਨ ਅਪਾਹਜ ਨੂੰ ਪਹਿਲ ਦੇਣ ਦੀ ਹਿੰਮਤ ਨਹੀਂ ਪੈ ਰਹੀ ਹੈ ।
ਆਪਣੀ ਵਾਰੀ ਸਿਰ ਖਲੋ ਕੇ  ਉਹ ਅਪਾਹਜ, ਡੁੱਡ ਬਜੂੜਾ, ਜਿਹਾ ਬੰਦਾ ਜਦੋਂ  ਵੀਲ ਚੇਅਰ  ਤੇ ਬੈਠਾ ਆਪਣੇ ਦੋਹਾਂ  ਮੁੜੇ ਹੋਏ ਹੱਥਾਂ ਨਾਲ ਆਪਣੀ ਕਢਵਾਈ ਗਈ ਰਕਮ ਨੂੰ ਗਿਣ ਰਿਹਾ ਹੈ ਤਾਂ ਇਸ ਵੱਲ ਵੇਖ ਕੇ ਮੈਂ ਸੋਚ ਰਿਹਾ ਹਾਂ  ਕਿ ਇਹ ਅਪਾਹਜ ਸ਼ਖਸ ,ਡੁੱਡ ਬਜੂੜਾ, ਨਹੀਂ ਸਗੋਂ ਅਪਾਹਜ, ਡੁੱਡ ਬਜੂੜੇ ਤਾਂ ਉਹ ਹਨ ਜੋ ਚੰਗੇ ਭਲੇ ਹੱਥਾਂ ਪੈਰਾਂ ਦੇ ਹੁੰਦਿਆਂ, ਦੂਜਿਆਂ ਦੀ ਕਿਸੇ ਦੀ ਮਦਦ ਕਰਨ ਦੀ ਬਜਾਏ ਦੂਜਿਆਂ ਤੇ ਨਿਰਭਰ ਰਹਿੰਦੇ ਹਨ।

ਰਵੇਲ ਸਿੰਘ
9056016184     

ਰਿਸ਼ਤਿਆਂ ਦੀ ਮਹਿਕ : ਸੀਤੋ ਮਾਸੀ - ਰਵੇਲ ਸਿੰਘ

 ਕੁੱਝ ਦਿਨਾਂ ਤੋਂ ਸਾਡੇ ਗੁਆਂਢ ਨਵੇਂ ਬਣੇ ਘਰ ਵਿੱਚ ਇੱਕ ਪਰਿਵਾਰ ਆਇਆ ਹੈ। ਜੋ ਦੂਰ ਨੇੜਿਊਂ ਸਾਡਾ ਰਿਸ਼ਤੇ ਦਾਰ  ਹੈ ,ਪਰ ਉਹ ਰਿਸ਼ਤੇਦਾਰ ਹੋਣ ਦੇ ਨਾਲ ਇੱਕ ਵਧੀਆ ਗੁਆਂਢ ਵੀ ਹੈ।
ਘਰ ਦਾ ਮੁਖੀ  ਸਾਬਕਾ ਫੌਜੀ ਹੈ ਤੇ ਫੌਜ ਵਿੱਚੋਂ ਸੇਵਾ ਮੁਕਤ  ਹੋਣ ਪਿੱਛੋਂ ਫਿਰ ਹੁਣ ਕਿਤੇ ਨੌਕਰੀ ਕਰ ਰਿਹਾ ਹੈ।
 ਫੌਜੀ ਹੋਣ ਕਰਕੇ ਸਫਾਈ ਪਸੰਦ, ਹੈ ,ਈਮਾਨ ਦਾਰ ਹੈ, ਤੇ ਕਿਸੇ ਕੋਲੋਂ ਕੰਮ ਕਰਵਾਉਣ ਦੀ ਥਾਂ ਉਹ ਆਪ ਹੱਥੀਂ ਕੰਮ ਕਰਨ ਨੂੰ ਪਹਿਲ ਦੇਂਦਾ ਹੈ।
ਉਸ ਦਾ ਪਛੋਕੜ ਹਿੰਦ ਪਾਕ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ  ਨਾਲ ਹੈ।
 ਤਿੰਨਾਂ ਭਰਾਵਾਂ ਵਿੱਚੋਂ ਉਹ ਸੱਭ ਤੋਂ ਵੱਡਾ ਹੈ। ਛੋਟੇ ਦੋਵੇਂ ਆਪਣੇ ਪਿੰਡ ਰਹਿਕੇ ਕਿਰਸਾਨੀ ਕਰਦੇ ਹਨ।
ਨੌਕਰੀ ਦੇ ਸਿਲਸਲੇ ਵਿੱਚ ਉਹ ਕਿਰਾਏ ਦੇ ਘਰਾਂ ਵਿੱਚ ਹੀ ਰਿਹਾ ,ਉਸ ਦੀ ਤਨਖਾਹ ਦਾ ਬਹੁਤਾ ਹਿੱਸਾ ਕਿਰਾਏ ਵਿੱਚ ਹੀ ਜਾਂਦਾ ਰਿਹਾ,ਬਾਕੀ ਬਚਦਾ ਘਰ ਦੇ ਖਰਚਿਆਂ ਤੇ ਬੱਚਿਆਂ ਦੀ ਪੜ੍ਹਾਈ ਵਿੱਚ ਖਰਚਿਆ ਜਾਣ ਕਰਕੇ ਮਹਿੰਗਾਈ ਦੇ ਇਸ ,ਲੱਕ ਤੋੜ ,ਦੌਰ ਵਿੱਚ ਉਸ ਲਈ ਆਪਣਾ ਘਰ ਖਰੀਦਨਾ  ਮੁਸ਼ਕਲ ਸੀ।
ਏਨਾ ਸ਼ੁਕਰ ਸੀ ਕਿ ਉਸ ਦੀ ਇੱਕ ਪੁੱਤਰ ਤੇ ਇੱਕ ਧੀ ਦੀ ਛੋਟੀ ਸੰਤਾਨ ਹੈ,ਜਿਸ ਵਿੱਚੋਂ ਬੇਟੇ ਨੂੰ ਪੜ੍ਹਾ ਲਿਖਾ ਕੇ ਫਿਰ ਵੱਡਾ ਖਰਚ ਕਰ ਕੇ ਉਸ ਨੂੰ ਉਚੇਰੀ ਪੜ੍ਹਾਈ ਕਰਨ ਲਈ ਵਿਦੇਸ਼ ਭੇਜਿਆ ਹੈ।ਇੱਕ ਹਸ ਮੁਖੀ  ਧੀ ਯੂਨੀਵਰਸਟੀ ਵਿੱਚ ਪੜ੍ਹ ਰਹੀ ਹੈ।
ਇਨ੍ਹਾਂ ਹਾਲਾਤਾਂ ਵਿੱਚ ਆਪਣਾ ਘਰ ਲੈ ਕੇ ਕਿਰਾਏ ਦੇ ਘਰਾਂ ਤੋਂ ਜਾਨ ਛਡਾਉਣੀ ਉਸ ਲਈ ਸੌਖਾ ਕੰਮ ਨਹੀਂ ਸੀ। ਪਰ ਵਾਰ ਵਾਰ ਟਿੰਡ ਫੂੜ੍ਹੀ ਚੁੱਕ ਕੇ ਘਰ ਬਦਲ ਬਦਲ ਕੇ ਹੁਣ ਉਹ ਜਿਵੇਂ ਤੰਗ ਆ ਚੁਕਾ ਸੀ ਤੇ ਕਾਫੀ  ਸਮੇਂ ਤੋਂ ਉਹ ਕਿਸੇ ਘਰ ਖਰੀਦਣ ਦੀ ਭਾਲ ਵਿੱਚ ਸੀ।ਤੇ ਆਖਰ ਉਸ ਨੂੰ ਕੁਝ ਆਸਾਨ ਸ਼ਰਤਾਂ ਤੇ ਇਹ ਘਰ ਪਸੰਦ ਆ ਹੀ ਗਿਆ,ਭਾਵ ਬਿਆਨਾ ਕਰਨ ਤੇ ਘਰ ਦਾ ਕਬਜਾ ਮਿਲ ਗਿਆ,ਤੇ ਹੁਣ ਕੁਝ ਦਿਨਾਂ ਤੋਂ ਉਹ ਸਾਡੇ ਘਰ ਦੇ ਨਾਲ ਇਸ ਨਵੇਂ ਬਣੇ ਘਰ ਵਿੱਚ ਰਹਿ ਰਹੇ ਹਨ।
ਇਸ ਪ੍ਰਿਵਾਰ ਦੀ ਸੱਭ ਤੋਂ ਵਡੇਰੀ ਉਮਰ ਦੀ ਘਰ ਦੇ ਮੁਖੀ ਦੀ ਮਾਂ ਜੋ ਇਸ ਰਿਸ਼ਤੇ ਵਿੱਚੋਂ ਮੇਰੀ ਭੈਣ ਦੀ ਸੱਸ ਹੋਣ ਕਰਕੇ ਮੇਰੀ ਮਾਸੀ ਲਗਦੀ ਹੈ। ਉਮਰ ਵਿੱਚ ਅੱਸੀਵੇਂ ਤੋਂ ਉਪਰ ਟੱਪ ਚੁਕੀ ਹੈ ਬੜੇ ਹੀ ਸਰਲ ਤੇ ਸਿੱਧੇ  ਸੁਭਾ ਵਾਲੀ ਹੈ।
ਉਸ ਦਾ ਪਤੀ ਜੋ ਪੇਂਡੂ ਛੋਟਾ ਕਿਸਾਨ ਸੀ, ਜੋ ਅਚਾਨਕ  ਸੱਟ ਲੱਗਣ ਉਸ ਦਾ ਸਦਾ ਲਈ ਸਾਥ ਛੱਡ ਗਿਆ, ਬੜੀ ਮੇਹਣਤ ਮੁਸ਼ੱਕਤ ਕਰਕੇ ਉਸ ਨੇ ਤਿੰਨ ਪੁੱਤਰਾਂ ਤੇ ਇੱਕ ਧੀ ਚਾਰ ਜੀਆਂ ਦਾ ਪ੍ਰਿਵਾਰ ਪਾਲਿਆ,ਇੱਕ ਸਾਬਕਾ ਫੌਜੀ ਹੈ ਜਿਸ ਕੋਲ ਉਹ ਰਹਿ ਰਹੀ ਹੈ,ਦੂਜੇ ਦੋਵੇਂ ਪਿੰਡ ਵਿੱਚ ਕਿਰਸਾਣੀ ਕਰਦੇ ਹਨ।
ਮਾਸੀ ਭਾਗਾਂ ਵਾਲੀ ਹੈ ਜੋ ਪੋਤੇ ਪੋਤੀਆਂ ਵਾਲੀ ਹੈ।
ਭਾਂਵੇਂ ਉਸ ਦੀ ਪੂਰੀ ਸੇਵਾ ਸੰਭਾਲ ਏਥੇ ਹੁੰਦੀ ਹੈ ਫਿਰ ਵੀ ਉਸ ਦਾ ਮਨ ਆਪਣੇ ਪਿਛੋਕੜਲੇ ਪਿੰਡ ਜਾਣ ਨੂੰ ਅਹੁਲਦਾ  ਹੀ ਰਹਿੰਦਾ ਹੈ, ਆਖਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਕੌਣ ਨਹੀਂ ਚਾਹੁੰਦਾ, ਮਾਸੀ ਨੇ ਤਾਂ ਆਪਣੀ ਉਮਰ ਦਾ ਬਹੁਤਾ ਦੁੱਖ ਸੁੱਖ ਮਾਣਦੇ ਜਿਸ ਖੁਲ੍ਹੇ ਡੁਲ੍ਹੇ ਪੇਂਡੂ ਮਾਹੌਲ ਵਿੱਚ ਗੁਜਾਰਿਆ ਹੋਵੇ ਉਹ ਉਸ ਨੂੰ ਕਿਵੇਂ ਭੁੱਲ ਸਕਦਾ ਹੈ।
ਸ਼ੂਗਰ ਦੇ ਨਾਮੁਰਾਦ ਰੋਗ ਕਾਰਣ ਉਹ ਅੱਖਾਂ ਦੀ ਜੋਤ ਸਦਾ ਵਾਸਤੇ ਗੁਆ ਚੁਕੀ ਹੈ।ਸਾਰਾ ਦਿਨ ਮੂੰਹ ਸਿਰ ਲਪੇਟੀ ਮੰਜੇ ਤੇ ਪਈ ਰਹਿੰਦੀ ਹੈ। ਕਦੇ ਕਦੇ ਆਪ ਮੁਹਾਰੀ  ਗੱਲਾਂ ਕਰਦੀ ਰਹਿੰਦੀ ਹੈ।
ਅੱਖਾਂ ਦੀ ਜੋਤ ਚਲੀ ਜਾਣ ਕਰਕੇ  ਵੇਖ ਤਾਂ ਨਹੀਂ ਸਕਦੀ ਪਰ ਸੁਣਨ ਤੇ ਬੋਲਣ ਸ਼ਕਤੀ ਤੇ ਆਏ ਗਏ ਦੀ ਬਿੜਕ ਰੱਖਣ ਵਿੱਚ ਉਹ ਵਿੱਚ ਪੂਰੀ ਤਾਕ ਹੈ।
ਮੈਂ ਕਦੇ ਕਦੇ, ਉਸ ਕੋਲ ਜਾ ਬੈਠਦਾ ਹਾਂ।ਹੁਣ ਉਹ ਮੇਰੀ ਆਵਾਜ਼ ਪਛਾਣਦੀ ਹੈ।ਜਦੋਂ ਮੈਂ ਉਸ ਨੂੰ ਮਾਸੀ ਕਹਿ ਕੇ ਬੁਲਾਉਂਦਾਂ ਹਾਂ ਤਾਂ ਉਹ ਲੰਮਾ ਘੁੰਡ ਕਰ ਕੇ ਮੇਰੇ ਵੱਲ ਪਿੱਠ ਕਰ ਲੈਂਦੀ ਹਾਂ, ਜਦੋਂ ਮੈਂ ਉਸ ਨੂੰ ਕਹਿੰਦਾਂ ਹਾਂ ਕਿ ਮਾਸੀ ਮੈਂ ਤਾਂ ਤੇਰੇ ਪੁੱਤਰਾਂ ਵਰਗਾ ਹਾਂ ਮੈਥੋਂ ਘੁੰਡ ਨਾ ਕਰਿਆ ਕਰ।ਉਹ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ । ਮੇਰੇ ਬੋਲਾਂ ਤੋਂ ਉਹ ਮੇਰੀ ਉਮਰ ਦਾ ਕਿਆਫਾ ਲਾ ਲੈਂਦੀ ਹੈ।ਪਰ ਹੁਣ ਉਹ ਮੇਰੇ ਨਾਲ ਜਿਵੇਂ ਘੁਲ ਮਿਲ ਗਈ ਜਾਪਦੀ ਹੈ।ਮੇਰੇ ਨਾਲ ਮਖੌਲ ਮਸ਼ਖਰੀ ਵੀ ਕਰ ਲੈਂਦੀ ਹੈ ।ਕਦੇ ਪੁੱਛੇ ਗੀ ਤੇਰੀ ਘਰ ਵਾਲੀ ਕਿੱਥੇ ਹੈ ਕੀ ਕਰਦੀ ਹੈ,ਜਦ ਮੈਂ ਆਪਣੀ ਘਰ ਵਾਲੀ ਨੂੰ ਉਸ ਬਾਰੇ ਦੱਸਦਾ ਹਾਂ ਤਾਂ ਉਹ ਵੀ ਕੁੱਝ ਪਲ ਉਸ ਕੋਲ ਬੈਠ ਕੇ ਉਸ ਨਾਲ ਗੱਲਾਂ ਬਾਤਾਂ ਕਰ ਆਉਂਦੀ ਹੈ।
ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਮੇਰੇ ਸਾਮਣੇ ,ਮੰਜੇ ਤੇ ਬੈਠੀ ਘੁੰਡ ਕੱਢ ਕੇ ਗਿੱਧਾ ਪਾਉਂਦੀ,ਉਹ ,ਘੁੰਡ ਕੱਢ ਲੈ ਪੱਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ, ਗੀਤ ਗਾ ਰਹੀ ਸੀ।ਉਸ ਦੇ ਕੋਲ ਬੈਠੇ ਘਰ ਦੇ ਜੀਅ ਉਸ ਵੱਲ ਵੇਖ ਕੇ ਹੱਸ ਰਹੇ ਸਨ।
ਇੱਕ  ਦਿਨ ਉਸ ਨੂੰ ਜਦੋਂ ਉਸ ਦਾ ਨਾਂ ਤਾਂ ਉਹ ਝੱਟ ਬੋਲ ਉੱਠੀ , ਸੀਤੋ, ਮੈਂ ਕਿਹਾ ਮਾਸੀ ਪੂਰਾ ਨਾਂ ਦੱਸ ,ਸੁਰਜੀਤ.ਕਹਿਕੇ ਉਹ ਫਿਰ ਝੱਟ ਪੱਟ ਚੁੱਪ ਹੋ ਗਈ।
ਉਸ ਨੂੰ ਵੇਖ ਕੇ ਮੈਨੂੰ ਕਈ ਵਾਰ ਮੇਰੀ ਸੱਕੀ ਮਾਸੀ ਕਿਸ਼ਨੋ ਯਾਦ ਆ ਜਾਂਦੀ ਹੈ, ਜੋ ਉਮਰ ਵਿੱਚ ਮੈਥੋਂ ਦੋ ਮਹੀਨੇ ਵੱਡੀ ਸੀ।
ਬਹੁਤਾ ਸਮਾ ਨਾਨਕੇ ਘਰ ਰਹਿਣ ਕਰਕੇ ਅਸੀਂ ਦੋਵੇਂ ਇਕੱਠੇ ਖੇਡਿਆ ਕਰਦੇ ਸਾਂ।ਉਸ ਦਾ ਵਿਆਹ ਹੁੰਦਾ ਵੀ ਮੈਂ ਵੇਖਿਆ ਸੀ।
ਮੈਨੂੰ ਯਾਦ ਹੈ ਕਿ ਇੱਕ ਵੇਰਾਂ  ਜਦੋਂ ਉਹ ਸਹੁਰੇ ਘਰ ਜਾਣੀ ਸੀ ਤਾਂ ਮੈਂ ਸਾਈਕਲ ਤੇ ਉਸ ਦੇ ਸਹੁਰੇ ਘਰ ਛੱਡਨ ਲਈ ਗਿਆ ਸਾਂ ਤਾਂ ਉਸ ਦਾ ਦੁਪੱਟਾ ਸੇਰੇ ਸਾਈਕਲ ਦੀ ਚੇਨ ਵਿੱਚ ਫਸ ਗਿਆ ਸੀ ਜੇ ਖਰਾਬ ਹੋ ਜਾਣ ਕਰਕੇ ਉਸ ਨੂੰ ਨਵਾਂ ਦੁਪੱਟਾ ਲੈ ਕੇ ਸਹੁਰੇ ਘਰ ਜਾਣਾ ਪਿਆ ਸੀ।
ਗੋਲ ਮਟੋਲ ਹੋਣ  ਕਰਕੇ ਉਹ ਮੈਨੂੰ ਮਖੌਲ ਨਾਲ ਗ੍ਹੋਲੂ ਕਹਿਕੇ ਛੇੜਿਆ ਕਰਦੀ ਸੀ.ਤੇ ਮੈਂ ਵੀ ਉਸ ਨੂੰ ,ਮਾਸੀ ਢੀਂਗਰ ਫਾਸੀ, ਕਹਿ ਕੇ ਜਾਂ ਮਾਸੀ ਲੰਮੀ ਬੜੀ ਨਿਕੰਮੀ ਕਹਿ ਕੇ ਵਾਰੀ ਦਾ ਵੱਟਾ ਲਾਹ ਲਿਆ ਕਰਦਾ ਸਾਂ।ਮੇਰੇ ਨਾਨਕਿਆਂ ਦੇ ਕੱਦ ਕਾਠ ਲੰਮੇ ਕਾਠ ਦੇ ਹੋਂਣ ਕਰਕੇ ਉਨ੍ਹਾਂ ਦੀ ਅੱਲ ,ਲੰਮਿਆਂ ਦਾ ਘਰ ਪੈ ਗਈ ਸੀ।
ਮਾਸੀ ਫੌਜੀ ਨਾਲ ਵਿਆਹੀ ਜਾਣ ਕਰਕੇ ਉਸ ਨੂੰ ਫੋਜਣ  ਮਾਸੀ ਕਰਕੇ ਵੀ ਹੱਸ ਖੇਡ ਲਿਆ ਕਰਦੇ ਸਾਂ।
ਹੁਣ ਮਾਸੀ ਕਿਸ਼ਨੋ  ਵੱਡੇ ਪੜ੍ਹ ਲਿਖੇ ਪ੍ਰਿਵਾਰ ਵਾਲੀ ਹੋ ਕੇ ਚਿਰੋਕਣੀ ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਚੁੱਕੀ ਹੈ,ਪਰ ਉਸ ਨਾਲ ਬਿਤਾਏ ਬਚਪਣ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਦੀਆਂ ਰੰਗ ਬਰੰਗੀਆਂ ਲੀਰਾਂ ਦੀ ਪਟਾਰੀ ਜਦੋਂ ਕਿਤੇ ਆਪ ਮੁਹਾਰੀ ਖੁਲ੍ਹ ਕੇ  ਖਿਲਰ ਜਾਂਦੀ ਹੈ ਤਾਂ ਸਮੇਟਣੀ ਬੜੀ ਔਖੀ ਹੋ ਜਾਂਦੀ ਹੈ।
 ਸਮੇਂ ਦੇ ਫੇਰ ਬਾਰੇ ਕੁੱਝ ਕਹਿਣਾ ਔਖਾ ਹੈ,ਪਰ ਜਦ ਕਿਤੇ ਵਿਦੇਸ਼ ਪਰਤਣ ਦਾ ਜੇ ਮੁੜ ਮੌਕਾ ਮਿਲ ਗਿਆ ਤਾਂ ਜਿੱਥੇ ਵੀ ਜਾਂਵਾਂ, ਜਿੱਥੇ ਵੀ ਹੋਵਾਂ,ਜਿਸ ਹਾਲ ਵਿੱਚ ਹੋਵਾਂ , ਅਤੀਤ ਦੇ ਪਰਛਾਂਵਿਆਂ ਵਿੱਚੋਂ  ਮਾਸੀ ਸੀਤੋ ਵਰਗੇ ਰਿਸ਼ਤਿਆਂ ਦੀ ਮਹਿਕ  ਜਰੂਰ ਆਉਂਦੀ ਰਹੇਗੀ।
          , ਇਹ ਰਿਸ਼ਤੇ,ਇਹ ਰਸਤੇ, ਇਹ ਮਹਿਕਾਂ ਤੇ ਪਗਡੰਡੀਆਂ।
           ਜਿੱਥੇ ਵੀ ਤੁਰ ਜਾਈਏ,ਇਹ ਕਦੇ  ਨਾ ਜਾਣੀਆਂ ਵੰਡੀਆਂ ।
ਰਵੇਲ ਸਿੰਘ
ਫੋਨ 9056016184     

 ਹੁਣ ਮੈਂ ਬੁਢਾਪਾ ਮਾਣ ਰਿਹਾ ਹਾਂ - ਰਵੇਲ ਸਿੰਘ

  ਜੀ ਹਾਂ ਹੁਣ ਮੈਂ ਬੁਢਾਪਾ ਮਾਣ ਰਿਹਾ ਹਾਂ,ਤੇ ਉਮਰ ਦੇ ਪਚਾਸੀਵੇਂ ਗੇੜ ਨੂੰ ਪਾਰ ਕਰਨ ਵਾਲਾ ਹਾਂ। ਚੌਂਤੀ ਸਾਲ ਦੀ ਸਰਕਾਰੀ ਨੌਕਰੀ ਦੀ ਪੈਨਸ਼ਨ ਮੇਰੇ ਇਸ ਬੁਢਾਪੇ ਦੀ ਉਮਰ ਦੀ ਡੰਗੋਰੀ ਬਣੀ ਹੋਈ ਹੈ ਜੋ ਮੇਰੇ ਆਖਰੀ ਸਾਹਾਂ ਤੀਕ ਮੇਰਾ ਸਾਥ ਨਿਭਾਏਗੀ।
ਸਿਰਫ ਮੇਰਾ ਹੀ ਨਹੀਂ ਸਗੋਂ ਮੇਰੇ ਪਿੱਛੋਂ ਇਹ ਮੇਰੀ ਜੀਵਣ ਸਾਥਣ ਦਾ ਵੀ ਇਹ  ਸਾਥ ਦਵੇਗੀ।
ਇਹ ਮੇਰੀ ਖੁਸ਼ਕਿਸਮਤੀ ਹੈ ਕਿ ਬੁਢੇਪਾ ਸ਼ੁਰੂ ਹੋਣ ਨਾਲ  ਰੋਜੀ ਰੋਟੀ ਖਾਤਰ  ਗਏ  ਵਿਦੇਸ਼ੀ ਦੋਹਵਾਂ ਆਗਿਆਕਾਰ ਪੁੱਤਰਾਂ ਨੇ ਮੈਨੂੰ ਛੇਤੀ ਹੀ ਆਪਣੋ ਕੋਲ ਰਹਿਣ ਲਈ ਬੁਲਾ ਲਿਆ।
ਮੇਰੇ ਲਈ ਇਹ ਗੱਲ ਵੀ ਬੜੇ ਮਾਨ ਵਾਲੀ ਹੈ ਕਿ ਉਨ੍ਹਾਂ ਮੇਰੀ ਪੈਨਸ਼ਨ ਦੀ ਕਦੇ ਝਾਕ ਨਹੀਂ ਕੀਤੀ।
ਜਿੰਦਗੀ ਦੇ ਕਈ ਕਈ ਉਤਾਰ ਚ੍ਹੜਾ ,ਦੁੱਖ,ਸੁੱਖ, ਖੁਸ਼ੀਆਂ ਗਮੀਆਂ ,ਸਫਲਤਾਵਾਂ,ਅਸਫਲਤਾਂਵਾਂ ਤੇ ਉੱਬੜ ਖੁੱਬੜ ਰਾਹਵਾਂ ਵਾਲਾ ਪੰਧ ਕਰਦੇ ਹੁਣ ਬੁਢੇਪੇ ਦੀ ਗੁਫਾ ਵਿੱਚੋਂ  ਲੰਘ ਰਿਹਾ ਹਾਂ।
ਦੂਸਰਿਆਂ ਤੇ ਗਿਲੇ ਸ਼ਿਕਵੇ ਕਰਨ ਦੀ ਥਾਂ ਉਨ੍ਹਾਂ ਨੂੰ ਦੋਰੋਂ ਹੀ ਫਤਿਹ ਬੁਲਾ ਛੱਡਦਾ ਹਾਂ।ਜਿੰਦਗੀ ਦੀ ਦੌੜ ਵਿੱਚ ਜੋ ਮੈਥੋਂ ਅੱਗੇ ਲੰਘ ਗਏ ਮੈਂ ਉਨ੍ਹਾਂ ਦਾ ਵੀ ਸ਼ੁਕਰ ਗੁਜਾਰ ਹਾਂ,ਜੋ ਮੈਥੋਂ ਪਿੱਛੇ ਰਹਿ ਗਏ ,ਉਨ੍ਹਾਂ ਦਾ ਵੀ ਕਿਉਂ ਜੋ ਮੈਂ ਉਨਾਂ ਸਭਨਾਂ ਤੋਂ ਕੁੱਝ ਨਾ  ਕੁਝ ਸਿੱਖਿਆ ਹੈ।
ਸਮੇਂ ਦੇ ਪਰਛਾਂਵੇ ਕਦੇ ਵੀ ਇਕ ਥਾਂ ਨਹੀਂ ਟਿਕਦੇ ,ਇਹ ਮੋਸਮਾਂ ਵਾਂਗ ਬਦਲਦੇ ਰਹਿੰਦੇ ਹਨ ਜਿੰਦਗੀ ਵੀ ਤਾਂ ਇਨ੍ਹਾਂ ਵਾਂਗ ਹੀ ਹੈ,ਜੇ ਬੁਢੇਪਾ ਆ ਗਿਆ ਤਾਂ ਕਿਹੜੀ ਅਣਹੋਣੀ ਹੋਈ,ਇਸ ਨੇ ਆਉਣਾ ਹੀ ਸੀ, ਜੇ ਆਇਆ ਹੈ ਤਾਂ ਇਸ ਨੂੰ ਖਿੜੇ ਮੱਥੇ ਜੀ ਆਇਆਂ ਕਹਿ ਕੇ ਇਸ ਨੂੰ ਹਰ ਹਾਲ  ਵਿੱਚ ਰਹਿ ਕੇ ਮਾਣਈਏ,ਜੇ ਹੋਰ ਆ ਕੇ ਆਪਣੀ ਵਾਰੀ ਦੇ ਕੇ ਚਲੇ ਗਏ ਤਾਂ ਇਹ ਵੀ ਆਇਆ ਤਾਂ ਆਖਰ ਜਾਣ ਵਾਸਤੇ ਹੀ ਹੈ।
“ਬੀਤੇ ਦੇ ਪਰਛਾਂਵੇਂ ਫੜਿਆਂ,    ਕੁਝ ਨਹੀਂ ਹੋਣਾ।
ਤੁਰ ਗਿਆਂ ਦੇ ਸਿਰਨਾਂਵੇ ਪੜ੍ਹਿਆਂ,ਕੁੱਝ ਨਹੀਂ ਹੋਣਾਂ।“  
ਭਾਂਵੇਂ ਮੈਂ ਕੋਈ ਉਚੇਰੀ ਪੜ੍ਹਾਈ ਕਰਕੇ ਕੋਈ ਡਿਗਰੀ ਆਦ ਤਾਂ ਹਾਸਲ ਨਹੀਂ ਕੀਤੀ ਪਰ ਕਲਮ ਦੀ ਸਾਂਝ ਮੇਰੇ ਨਾਲ ਖਵਰੇ ਧੁਰ ਤੋਂ ਚਲੀ ਆ ਰਹੀ ਹੈ। ਦਰਮਿਆਨੇ ਦਰਜੇ ਦੇ ਕਈ ਅਹੁਦਿਆਂ  ਤੇ ਰਹਿ ਕੇ ਕਈ ਛੋਟੇ ਵੱਡੇ ਅਧਿਕਾਰੀਆਂ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਸਮਾ ਬਿਤਾ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਤੇ ਸਮਝਣ ਦਾ ਯਤਨ ਕੀਤਾ ਹੈ।  ਜੋ ਹੁਣ ਵੀ ਇਸ ਦਾ ਬਹੁਤ ਕੁੱਝ ਬੁਢਾਪੇ ਦੇ ਸਮੇਂ ਵਿੱਚ ਮੇਰੀਆਂ ਲਿਖਤਾਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ ।ਮੈਂ ਦੇਸ਼ ਵਿਦੇਸ਼ ਰਹਿ ਕੇ ਉਥੋਂ ਦੀ ਬੋਲੀ ਨੂੰ ਸਿੱਖਿਆ ਤੇ  ਸਮਝਿਆ ਵੀ ਹੈ ਪਰ ਆਪਣੀ  ਮਾਂ ਬੋਲੀ ਤੇ ਪੰਜਾਬੀ ਸਾਹਿਤ ਨੂੰ  ਪੜ੍ਹਨ ਨੂੰ ਪਹਿਲ ਦੇਂਦਾ ਹਾਂ ਤੇ ਮਾਂ ਬੋਲੀ ਨੂੰ ਪਿਆਰ ਕਰਦਾ ਹਾਂ।
ਬੁਢੇਪੇ ਦੀ ਇਸ ਉਮਰ ਵਿੱਚ ਹੋਣ ਤੇ ਵੀ ਮੈਂ ਆਪਣੇ ਆਪ ਨੂੰ ਇੱਕ ਸਿਖਾਂਦਰੂ ਸਮਝਦਾ ਹਾਂ,ਬੀਤੇ ਅਤੇ ਬੀਤ ਰਹੇ ਸਮੇਂ ਦੇ ਹਰ ਪਲ ਤੇ ਹਰ ਛੋਟੀ ਮੋਟੀ ਘਟਨਾ ਤੋਂ ਮੈਂ ਕੁੱਝ  ਸਿੱਖਣ ਦੀ ਕੋਸ਼ਸ਼ ਕਰਦਾ ਆਇਆ ਹਾਂ। ਕਲਮ ਤੋਂ ਕੰਪਿਊਟਰ ਤੀਕ ਅਨੇਕਾਂ ਜਾਣਕਾਰੀਆਂ ਤੀਕ ਪਹੁੰਚਣਾ ਮੇਰੇ ਇਸ ਸਿਖਾਂਦਰੂ ਸੁਭਾਅ ਦਾ ਹੀ ਸਿੱਟਾ ਕਿਹਾ ਜਾ ਸਕਦਾ ਹੈ । ਹਰ ਕਿਸੇ ਕੋਲ ਕੁੱਝ ਨਾ ਕੁੱਝ ਸਿੱਖਣ ਲਈ ਹੁੰਦਾ ਹੈ,ਜਰਾ ਸਿੱਖਣ ਦੀ ਭਾਵਣਾ ਹੋਣੀ ਚਾਹੀਦੀ ਹੈ। ਇਹ ਗੱਲ ਮੈਂ ਇਸ ਬੁਢੇਪੇ ਦੇ ਸਮੇਂ ਵਿੱਚ ਵੀ ਮੈਂ ਵੱਸ ਲਗਦਿਆਂ ਨਹੀਂ  ਭੁੱਲਦਾ।
ਪਤਾ ਨਹੀਂ ਕਿਉਂ  ਹੁਣ ਇਸ ਉਮਰੇ ਮੈਨੂੰ ਛੋਟੇ ਛੋਟੇ ਬਾਲ  ਬੜੇ ਪਿਆਰੇ ਲਗਦੇ ਹਨ.ਇਨ੍ਹਾਂ ਨਾਲ ਗੱਲਾਂ ਕਰਦਿਆਂ ,ਇਨ੍ਹਾਂ ਦੀ ਮਾਸੂਮੀਅਤ ਵਿੱਚੇਂ ਮੈਨੂੰ ਬਹੁਤ ਕੁਝ ਸਿੱਖਂਣ ਨੂੰ ਮਿਲਦਾ ਹੈ।ਇਨ੍ਹਾਂ ਵਿੱਚ ਘਿਰਿਆ ਮੈਂ ਕਈ ਉਨ੍ਹਾਂ ਵਰਗਾ ਹੀ ਹੋ ਜਾਂਦਾ ਹਾਂ ਤੇ ਕਈ ਵਾਰ ਸੋਚਦਾ ਹਾਂ ਕਿ ਕਦੇ ਮੈਂ ਵੀ ਇਨਾਂ ਵਾਂਗ ਹੁੰਦਾ ਹੋਵਾਂਗਾ ਤੇ ਕਦੇ ਇਹ ਵੀ ਮੇਰੇ ਵਾਂਗ ਹੋ ਜਾਣਗੇ।ਬਾਲ ਭਾਂਵੇਂ ਆਪਣੇ ਹੋਣ ਭਾਂਵੇਂ ਬੇਗਾਨੇ ਜਾਂ ਓਪਰੇ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਦਾ ਕੋਈ ਨਾ ਕੋਈ ਬਹਾਨਾ ਢੂੰਡ ਹੀ ਲੈਂਦਾ ਹਾਂ,ਉਨ੍ਹਾਂ ਦੀਆਂ ਓਪਰੀਆਂ ਤੱਕਣੀਆਂ  ਮਾਸੂਮ ਮੁਸਕਾਨਾਂ ਵਿੱਚ ਬਦਲਦੀਆਂ ਵੇਖ ਕੇ ਮੈਨੂੰ ਅਜੀਬ ਖੁਸ਼ੀ ਮਿਲਦੀ ਹੈ।ਓਦੋਂ ਮੈਂ  ਆਪਣਾ ਬੁਢੇਪਾ ਭੁੱਲ ਬੈਠਦਾ ਹਾਂ।    
ਜੀਵਣ ਦੇ ਕੌੜੇ ਤਲਖ ਤਜਰਬਿਆਂ ਦੀ ਪੰਡ ਸਿਰ ਤੇ ਚੁੱਕੀ ਫਿਰਦਿਆਂ ਹੁਣ ਬੁਢੇਪੇ ਨੇ ਆਣ ਦਸਤਕ ਦਿੱਤੀ ਹੈ।ਸੋਚਦਾ ਹਾਂ,ਇਸ ਰੁਝੇਵਿਆਂ ਭਰੀ ਦੌੜ ਭੱਜ ਦੀ ਦੁਨੀਆ ਵਿੱਚ ਜਿੱਥੇ ਕਿਸੇ ਨੂੰ ਕਿਸੇ ਕੋਲ ਬੈਠਣ ਦਾ ਸਮਾ ਨਹੀਂ ਕੌਂਣ ਸੁਣੇਗਾ, ਜਿੰਦਗੀ ਦੇ ਤੜੇ ਤਜਰਬਿਆਂ ਦੀ ਗੱਲ ਸੁਣਨ ਲਈ ਕਿਸ ਕੋਲ ਵਿਹਲ ਹੈ।,ਜੇ ਬੁਢੇਪਾ ਆਇਆ ਹੈ ਤਾਂ ਇਸ ਨੂੰ ਜੀ ਆਇਆ ਕਹਿ ਕੇ ਇਸ ਨੂੰ ਮਾਣ,ਕੀ ਪਤਾ ਕਦੋਂ ਤੇ ਕਿਸ ਹਾਲ ਵਿੱਚ ਇਹ ਅੰਤ ਦੀ ਘੜੀ ਵਿੱਚ ਅਲੋਪ ਹੋ ਜਾਵੇ। ਪਰ ਜਦ ਤੀਕ ਹੋ ਸਕੇ ਕੁੱਝ ਨਾ ਕੁੱਝ ਕਰਿਆ ਕਰ।ਕਿਉਂ ਜੋ ਕੁੱਝ ਕਰਦੇ ਰਹਿਣਾ ਹੀ ਤਾਂ ਜਿੰਦਗੀ ਹੈ।ਜੇ ਬਚਪਣ ,ਜੁਆਨੀ ,ਦੇ ਹਰ ਹਿੱਸੇ ਨੂੰ ਹਰ ਹਾਲ ਮਾਣਿਆ ਹੈ ਤਾਂ ਬੁਢੇਪੇ ਦੇ ਇਸ ਸਮੇਂ ਨੂੰ ਮਾਣਨ ਤੋਂ ਵੀ ਨਾ ਖੁੰਝੀਂ।ਛਿਂਣ ਛਿਣ ਪਲ ਰੇਤ ਦੀ ਸੁੱਠੀ ਵਾਂਗਰ ਕਿਰ ਰਿਹਾ ਹੈ, ਕੌਂਣ ਕਦੋਂ ਤੇ ਕਿਵੇਂ ਤੇ ਕਿੱਥੇ ਇਹ ਮੁੱਠੀ  ਖਾਲੀ ਹੱਥ  ਦੀ ਤਲੀ ਬਣ ਕੇ ਖੁਲ੍ਹ ਜਾਵੇ,ਤੇ ਇਹ ਬੁਢੇਪਾ ਵੀ ਜੀਵਣ ਦੀ ਅੰਤਮ ਘੜੀ ਤੋੰ  ਵਾਰਿਆ ਜਾਵੇ ਪਰ ਹਾਲ ਦੀ ਘੜੀ ਇਨ੍ਹਾਂ ਬੁਢੇਪੇ ਦੇ ਪਲਾਂ ਨੂੰ ਜਿੰਨਾ ਮਾਣਿਆ ਜਾਵੇ  ਓਨਾ ਹੀ ਇਹ ਲਾਹੇ ਵੰਦ ਹੈ।
ਜੀਵਣ ਦੀ ਇਹ ਲਿਖਤ ਅਧੂਰੀ ਛੱਡ ਜਾਵਾਂਗਾ।
ਇਹ ਦੁਨੀਆਂ,   ਪੂਰੀ ਦੀ ਪੂਰੀ ਛੱਡ ਜਾਵਾਂਗਾ ।
ਰਵੇਲ ਸਿੰਘ
ਫੋਨ 9056016184

ਰਿਸ਼ਤਿਆਂ ਦੀ ਮਹਿਕ : ਮੇਰੀ ਪਲੇਠੀ ਦੀ ਧੀ - ਰਵੇਲ ਸਿੰਘ


ਮੇਰੀ ਮਾਂ ਕਿਹਾ ਕਰਦੀ ਸੀ,ਸੋਈ ਨਾਰ ਸੁਲੱਖਣੀ ਜਿਸ ਪਹਿਲਾਂ ਜੰਮੀ ਲੱਛਮੀ, ਉਸ ਦੀ ਇਹ  ਗੱਲ ਉਸ ਦਿਨ ਸੱਚ ਸਾਬਤ ਹੇਈ ਜਿਸ ਦਿਨ ਮੇਰੇ ਘਰ ਪਲੇਠੀ ਦੀ ਧੀ ਨੇ ਜਨਮ ਲਿਆ , ਓਸੇ ਦਿਨ ਹੀ ਮੇਰੀ ਨੌਕਰੀ ਵੀ ਲੱਗੀ ,ਉਹ ਵੀ ਪਟਵਾਰੀ ਦੀ ,ਉਨ੍ਹੀਂ ਦਿਨੀਂ ਪਟਵਾਰੀ ਦੀ ਨੌਕਰੀ ਕੋਈ ਛੇਟੀ ਮੋਟੀ ਨੌਕਰੀ ਲਹੀਂ ਸੀ ਹੁੰਦੀ, ਪਟਵਾਰ ਦਾ ਕੋਰਸ ਕਰਕੇ ਮੈਂ  ਕਾਫੀ ਸਮਾਂ ਵਿਹਲਾ ਰਿਹਾ ।     ਸਮਾ ਟਪਾਉਂਣ ਲਈ ਕਿਸੇ ਹੋਰ ਨੋਕਰੀ ਲਈ ਵੀ ਮੈਂ  ਬਥੇਰੇ ਹੱਥ ਪੈਰ ਮਾਰੇ ਪਰ ਕਿਤੇ ਗੱਲ ਨਹੀਂ ਬਣੀ ।
ਬਾਪੂ ਨੂੰ ਮੇਰੇ ਵਿਆਹ ਦਾ ਬੜਾ ਚਾਅ ਸੀ। ਉਸ ਨੇ ਵੀ  ਮੇਰਾ ਵਿਆਹ ਕਰਕੇ ਆਪਣਾ ਚਾਅ ਪੂਰਾ ਕਰ ਹੀ ਲਿਆ । ਉਸ ਦੀ ਸੁਲੱਗ ਸੁੱਘੜ ਨੋਂਹ ਨੇ ਸਾਡੇ ਸਾਂਝੇ ਘਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ  ਮਿਹਂਣਤ ਮੁਸ਼ੱਕਤ ਕਰ ਕੇ ਘਰ ਬਾਹਰ ਦੇ ਹਰ ਕੰਮ ਵਿੱਚ ਭਰਪੂਰ ਯੋਗ ਦਾਨ ਪਾ ਕੇ ਘਰ ਨੂੰ ਬਣਾਇਆ ਸੁੰਵਾਰਿਆ । ਵੱਡੇ ਗੁਰਮੁਖ ਘਰ ਵਿੱਚੋਂ ਸੀ, ਮੇਰੀ ਜੀਵਣ ਸਾਥਣ, ਉਹ ਸਕੂਲ ਤਾਂ ਨਹੀਂ ਗਈ,ਪਰ ਗੁਜਾਰੇ ਜੋਗੀ ਗੁਰਮੁਖੀ ਉਹ ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਕੋਲੋਂ ਹੀ ਪੜ੍ਹੀ, ਮਾੜੇ ਮੋਟੇ ਹਸਤਾਖਰ  ਉਹ  ਖਿੱਚ ਧੂਹ ਕੇ ਕਰ ਹੀ ਲੈਂਦੀ ਹੈ।
ਤੇ ਫਿਰ ਥੋੜ੍ਹੇ ਸਮੇਂ ਵਿੱਚ, ਗੋਰੇ ਚਿੱਟੇ ਰੰਗ ਦੀ ਨਰਗਸੀ ਰੰਗ ਦੀਆਂ ਅੱਖਾਂ ਵਾਲੀ ਠੰਡੇ ਮਿੱਠੇ ਸਹਿਜ ਸੁਭਾ ਵਾਲੀ ਮੇਰੀ ਇਸ ਪਲੇਠੀ ਦੀ ਧੀ ਨੇ ਮੇਰੇ ਘਰ ਜਨਮ ਲਿਆ ਜਿਸ  ਦੇ ਇਸ ਸੁਭਾ ਨਾਲ  ਮਿਲਦਾ ਜੁਲਦਾ ਨਾਂ ,ਸੀਤਲ, ਉਸ ਦੀ ਦਾਦੀ ਭਾਵ ਮੇਰੀ ਕਰਮਾਂ ਵਾਲੀ ਮਾਂ ਨੇ ਹੀ ਰੱਖਿਆ ਸੀ।
ਪੜਦਾਦੀ ਪੋਤੇ ਦੀ ਆਸ ਲਾਈ ਬੈਠੀ ਸੀ,ਪਰ ਘਰ ਵਿੱਚ ਆਈ ਉਸ ਦੀ ਤੀਜੀ ਪੀੜ੍ਹੀ  ਦੀ ਨਵ ਜੰਮੀ ਬੱਚੀ ਨੂੰ ਵੇਖ ਕੇ ਉਹ ਵੀ ਖੁਸ਼ ਤਾਂ ਹੋਈ ,ਪਰ ਉਸ ਨੂੰ ਆਪਣੋ ਜੀਉਂਦੇ ਜੀਅ ਪੋਤਾ ਵੇਖਣ ਦੀ ਬੜੀ ਰੀਝ ਸੀ।
ਮੈਨੂੰ ਯਾਦ ਹੈ, ਜਦੋਂ ਮੇਰੇ ਘਰ ਵ਼ਡਾ ਬੇਟਾ ਹੋਣ ਵਾਲਾ ਸੀ ਤਾਂ ਮਰੀ ਇਹ ਦਾਦੀ ਪੋਤੇ ਦੀ ਆਸ ਲਾਈ ਬੈਠੀ ਸੀ,ਉਹ ਆਪਣੇ ਸਰ੍ਹਾਣੇ ਚਾਂਦੀ ਦਾ ਦੁੱਪੜ ਰੁਪੱਈਆ ਰੱਖ ਕੇ  ਸੌਂਦੀ ਹੁੰਦੀ ਸੀ। ਜਿਸ ਦਿਨ ਉਹ ਹੋਇਆ ਤਾਂ ਉਮਰ ਵਡੇਰੀ ਹੋਣ ਕਰਕੇ ਉਹ ਮੰਜੇ ਤੇ ਪਈ ਹੋਈ ਪੋਤਾ ਵੇਖਂਣ ਨੂੰ ਤਰਲੇ ਲੈਂਦੀ ਸੀ,ਇੱਕ ਦਿਨ ਜਦੋਂ ਉਸ ਨੂੰ ਪੋਤੇ ਨੂੰ ਵਿਖਾਉਂਣ ਲਈ ਉਸ ਅੱਗੇ ਕੀਤਾ ਤਾਂ ਉਸ ਨੇ  ਬੜੇ ਪਿਆਰ ਨਾਲ ਉਸ ਵੱਲ ਵੇਖਦੇ ਉਹੋ  ਚਾਂਦੀ ਦਾ ਦੁੱਪੜ ਰੁੱਪਈਆ ਉਸ ਦੇ ਹੱਥ ਵਿੱਚ ਫੜਾ ਦਿੱਤਾ।
 ਉਸੇ ਰਾਤ ਹੀ ਜਿਵੇਂ ਉਸ ਦੀ ਆਖਰੀ ਰੀਝ ਪੂਰੀ ਹੋ ਗਈ ਹੋਵੇ ,ਉਹ  ਸਦਾ ਲਈ ਅੱਖਾਂ ਮੀਟ ਗਈ । ਹੁਣ ਜਦੋਂ ਕਿਤੇ ਮੈਨੂੰ  ਦਾਦੀ ਦੀ ਇਹ ਗੱਲ ਯਾਦ ਆਉਂਦੀ ਹੈ ਤਾਂ ਕੁਦਰਤ ਦੇ ਇਸ ਵਰਤਾਰੇ ਤੇ ਬੜੀ ਹੈਰਾਨਗੀ ਹੁੰਦੀ ਹੈ।
ਸਮੇਂ ਦੇ ਨਾਲ ਨਾਲ ਹੌਲੀ ਹੌਲੀ ਮੇਰਾ ਪ੍ਰਿਵਾਰ ਤਿੰਨ ਧੀਆਂ ਤੇ ਦੋ ਬੇਟਿਆਂ ਦਾ ਬਂਣ ਗਿਆ । ਅੱਜ ਤੋਂ ਪੰਜ ਦਹਾਕੇ ਪਹਿਲਾਂ ਜਦੋਂ ਅਜੇ ਧੀਆਂ ਨੂੰ ਪੜ੍ਹਾਉਣ ਦਾ ਬਹੁਤਾ ਜੋਰ ਨਹੀਂ ਸੀ, ਘਰ ਦੇ ਕੰਮ ਕਾਜ ਕਰਨ ਦੇ ਨਾਲ ਨਾਲ ਉਸ ਨੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਤੇ ਘਰ ਦੇ ਕੰਮ ਧੰਦੇ ਵਿੱਚ ਮਾਂ ਦਾ ਹੱਥ ਵਟਾਉਂਦੀ ਰਹੀ।
ਉਸ ਦੀਆਂ ਬਹੁਤੀਆਂ ਆਦਤਾਂ ਮਾਂ ਵਰਗੀਆਂ ਹਨ।
ਫਿਰ ਥੋੜ੍ਹੇ ਸਮੇਂ ਪਿੱਛੋਂ ਯੋਗ ਵਰ ਵੇਖ ਕੇ ਉਸ ਦੇ ਹੱਥ ਪੀਲੇ ਕਰ ਕੇ ਉਸ ਨੂੰ ਸਹੁਰੇ ਘਰ ਤੋਰਿਆ । ਸਹੁਰਾ ਘਰ ਵੀ ਮੇਰੇ ਪ੍ਰਿਵਾਰ ਵਾਂਗ ਵੱਡੇ ਸਾਂਝੇ ਪ੍ਰਿਵਾਰ ਵਾਲਾ ਸੀ। ਉਸ ਨੇ ਛੇਤੀ ਹੀ ਓਥਾ ਜਾ ਕੇ ਆਪਣੇ ਸੁਚੱਜੇ ਹੱਥਾਂ ਅਤੇ ਮਿੱਠ ਬੋਲੜੇ ਸੁਭਾ ਕਰਕੇ ਆਪਣੀ ਥਾਂ ਬਣਾ ਲਈ। ਕੁੱਝ ਸਮੇਂ ਪਿੱਛੋਂ ਉਸ ਦੇ ਸਹੁਰੇ ਘਰ ਦੇ ਜੀਆਂ ਨੇ ਮਿਲ ਬੈਠ ਕੇ ਘਰ ਜਾਇਦਾਦ ਜਮੀਨ ਭਾਂਡੇ ਦੀ ਆਪਸੀ ਵੰਡ ਕਰ ਲਈ ਤੇ ਕੁਝ ਸਮੇਂ ਤੋੰ ਹੁਣ ਉਹ ਆਪਣਾ ਹਿੱਸੇ ਆਉਂਦਾ ਪਰਾਣਾ ਘਰ ਵੇਚ ਵੱਟ ਕੇ ਨਵਾਂ ਕੋਠੀ ਨੁਮਾ ਘਰ ਬਣਾ ਕੇ ਉਸ ਵਿੱਚ ਰਹਿ ਰਹੀ ਹੈ।
ਉਸ ਦਾ ਦੋ ਧੀਆਂ ਤੇ ਇੱਕ ਪੁੱਤਰ  ਦਾ ਛੋਟਾ ਪ੍ਰਿਵਾਰ ਹੈ, ਧੀਆਂ ਵਿਆਹ ਵਰ ਕੇ ਆਪਣੇ ਘਰੀਂ ਸੁੱਖੀ ਸਾਂਦੀ  ਰਹਿ ਰਹੀਆਂ ਹਨ। ਪੁੱਤਰ ਵੀ ਚੰਗਾ ਪੜ੍ਹ ਲਿਖ ਕੇ  ਵਧੀਆ ਨੌਕਰੀ ਤੇ ਲੱਗਾ ਹੋਇਆ ਹੈ ।
ਮੇਰੀ ਹਰ ਹਾਲ ਵਿੱਚ ਖੁਸ਼ ਰਹਿਣੀ ਪਲੇਠੀ ਦੀ ਧੀ, ਉਹ ਜਦੋਂ ਵੀ ਮੈਨੂੰ ਮਿਲਣ ਆਵੇ ਜਾਂ ਜਦੋਂ ਵੀ ਮੈਂ ਉਸ ਨੂੰ ਮਿਲਣ ਜਾਂਵਾਂ ਉਹ ਮੇਰੇ ਨਾਲ ਬਿਨਾਂ ਕਿਸੇ ਨਾਲ ਕਿਸੇ ਕਿਸਮ ਦਾ ਕੇਈ ਗਿਲਾ ਸਿਕਵਾ ਕੀਤੇ ਖਿੜੇ ਮੱਥੇ ਮਿਲਦੀ ਹੈ।
ਉਸ ਦਾ ਸਬਰ ਸੰਤੋਖ ਵਾਲੇ ਖੁਸ਼ ਰਹਿਣੇ ਮਿਲਾਪੜੇ ਸੁਭਾਅ ਕਰਕੇ ਆਂਢ ਗੁਆਂਢ  ਵਿੱਚ ਜਾਣੀ ਜਾਂਦੀ ਹੈ । ਜਦੋੰ ਕਿਤੇ ਘਰ ਵਿੱਚ ਧੀਆਂ ਦੀ ਗੱਲ ਚਲਦੀ ਹੈ ਤਾਂ ਮੇਰੀ  ਇਸ ਪਲੇਠੀ ਦੀ ਧੀ,ਸੀਤਲ, ਦਾ ਨਾਂ ਸੱਭ ਦੀ ਜੁਬਾਨ ਤੇ ਪਹਿਲਾਂ ਆਉਂਦਾ ਹੈ । 

(ਰਿਸ਼ਤਿਆਂ ਦੀ ਮਹਿਕ) ਮੇਰੀ ਵੱਡੀ ਭੈਣ - ਰਵੇਲ ਸਿੰਘ

ਦੇਸ਼ ਦੀ ਵੰਡ ਵੇਲੇ ਮੈਂ ਮਸਾਂ ਨੌਂ ਦਸ ਵਰ੍ਹਿਆਂ ਦਾ ਹੋਵਾਂਗਾ,ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ।ਪਲੇਠੀ ਦੀ ਮੇਰੀ ਵੱਡੀ ਭੈਣ ਰਵੇਲੋ  ਮੈਥੋਂ ਦੋ ਵਰ੍ਹੇ ਵੱਡੀ ਸੀ, ਉਦੋਂ ਧੀਆਂ ਨੂੰ ਪੜ੍ਹਾਏ ਜਾਣ ਦਾ ਸਮਾਂ ਨਹੀਂ ਸੀ।। ਦਾਦੀ ਬਾਪੂ, ਬੇਬੇ , ਤੇ ਦੋ ਭੈਣ ਭਰਾ ਅਸੀਂ ਓਦੋਂ ਪ੍ਰਿਵਾਰ ਦੇ ਪੰਜ ਜੀਅ ਹੀ ਸਾਂ। ਅਸੀਂ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਾਂ।
ਦਾਦੀ ਜਵਾਨੀ ਵੇਲੇ ਹੀ ਵਿਧਵਾ ਹੋ ਗਈ ਸੀ।ਮੇਰੇ ਦਾਦਾ ਜੀ 1914 ਦੀ ਵਿਸ਼ਵ ਜੰਗ ਵਿੱਚ ਸ਼ਹੀਦ ਹੋ ਜਾਣ ਕਰਕੇ ਦਾਦੀ ਨੂੰ ਪੈਨਸ਼ਨ ਦੇ ਇਲਾਵਾ ਜੰਗੀ ਇਨਾਮ ਵੀ ਮਿਲਿਆ ਹੋਇਆ ਸੀ।
ਬਾਪੂ  ਵੀ ਦੂਜੇ  ਵਿਸ਼ਵ ਯੁੱਧ ਵਿੱਚ ਫੌਜ ਵਿੱਚ ਸੀ, ਦੋ ਸਾਲ ਫੌਜ ਦੀ ਨੌਕਰੀ ਕਰਕੇ ਅੱਖਾਂ ਦੇ ਬੋਰਡ ਕਰਕੇ ਪੈਨਸ਼ਨ ਲੈ ਕੇ ਘਰ ਆ ਗਿਆ ।
ਫਿਰ ਦੂਜੀ ਵਾਰ ਲਾਹੌਰ (ਹਰਬੰਸ ਪੁਰਾ) ਆਰਡੀਨੈਂਸ ਡਿਪੂ ਵਿੱਚ ਬਤੌਰ ਡਰਾਈਵਰ ਨੌਕਰੀ ਕਰਨ ਲਗ ਪਿਆ। ਸਾਰਾ ਪ੍ਰਿਵਾਰ ਸੁੱਖੀਂ ਸਾਂਦੀ ਵੱਸ ਰਿਹਾ ਸੀ।
ਭਾਂਵੇਂ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ,ਪਰ ਭੈਣ ਤਾਂ ਮੇਰੇ ਸਾਹੀਂ ਜੀਂਉਂਦੀ ਸੀ।
ਜਦੋਂ ਕਦੇ ਕਿਸੇ  ਮਾੜੀ ਮੋਟੀ ਗੱਲੇ ਬੇਬੇ ਮੈਨੂੰ ਝਿੜਕਦੀ ਤਾਂ ਦਾਦੀ ਤਾਂ ਕਿਤੇ ਰਹੀ, ਭੈਣ ਹੀ ਮੈਨੂੰ ਬਚਾਉਂਦੀ, ਏਨਾ ਹੀ ਨਹੀਂ ਸਗੋਂ ਇਕ ਵੇਰਾਂ ਕੀ ਹੋਇਆ, ਗਲੀ ਵਿੱਚ ਕਿਸੇ ਛੋਟੀ ਮੋਟੀ ਗੱਲੇ ਮੇਰੀ ਲੜਾਈ ਇਕ ਅੱਥਰੇ ਮੁੰਡੇ ਨਾਲ ਹੋ ਗਈ।ਉਹ ਮੈਥੋਂ ਤਗੜਾ ਸੀ ਇਹ ਵੇਖ ਕੇ ਭੈਣ ਗਲੀ ਵਿੱਚ ਆਈ ਤੇ ਕੜਕ ਕੇ ਬੋਲੀ, ,ਖਬਰਦਾਰ ਜੇ ਮੇਰੇ ਭਰਾ ਨੂੰ ਹੱਥ ਲਾਇਆ ਤਾਂ,  ਹੱਥ ਵੱਢ ਦਿਆਂਗੀ, ਉਹ ਵੀ ਅੱਗੋਂ ਕਿਹੜਾ ਘੱਟ ਸੀ ਜਦੋਂ ਉਸ ਨੇ ਮੈਨੂੰ ਮਾਰਣ ਲਈ ਹੱਥ ਚੁਕਿਆ ਤਾਂ ਭੈਣ ਕੋਲ ਕੋਈ ਹੋਰ ਹੱਥਿਆਰ ਤਾਂ ਨਹੀਂ ਸੀ, ਉਸ ਨੇ ਉਸ ਦਾ ਹੱਥ ਮਰੋੜ ਕੇ ਮੂੰਹ ਤੇ ਐਸਾ ਜੋਰ ਦਾ ਥੱਪੜ ਜੜਿਆ ਕਿ ਉਸ ਨੂੰ ਭੱਜਦੇ ਹੋਏ ਨੂੰ ਰਾਹ ਨਾ ਲੱਭਿਆ।
ਮੈਂ ਖੜਾ ਭੈਣ ਦੀ ਦਲੇਰੀ ਅਤੇ ਉਸ ਨੂੰ ਜਾਨ ਛੁਡਾ ਕੇ ਦੌੜੇ ਜਾਂਦੇ ਵੱਲ ਘੂਰ ਘੂਰ ਕੇ ਦੇਖੀ ਜਾ ਰਿਹਾ ਸਾਂ।
 ਮੇਰੀ ਇਹ ਵੱਡੀ ਭੈਣ ਜਿੰਦਗੀ ਭਰ ਹਰ ਔਖੇ ਸੌਖੀ ਘੜੀ ਵਿੱਚ ਹਰ ਸਮੇਂ ਮੇਰਾ ਸਾਥ ਦੇਂਦੀ ਰਹੀ।
1947 ਦੀ ਦੇਸ਼ ਦੇ ਉਜਾੜੇ ਵਾਲੀ  ਵੰਡ ਦੀ ਤ੍ਰਾਸਦੀ ਜਿਨ੍ਹਾਂ ਨੇ ਵੇਖੀ ਸੁਣੀ  ਜਾਂ ਸਿਰ ਤੇ ਝੱਲੀ , ਇਹ ਉਹ ਹੀ ਜਾਣਦੇ ਸਮਝਦੇ ਹਨ।
ਮੈਂ ਤੇ ਮੇਰਾ ਪ੍ਰਿਵਾਰ ਇਹ ਸੱਭ ਕੁਝ ਹੰਡਾਉਣ ਵਾਲਾ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਬਾਪੂ ਦੇਸ਼ ਦੇ ਹਾਲਾਤ ਵੇਖ ਕੇ ਨੌਕਰੀ ਛੱਡ ਕੇ ਘਰ ਆ ਗਿਆ ਸੀ।
ਡੱਬੀ ਵਾਂਗ ਭਰਿਆ ਭਰਾਇਆ ਘਰ ਛੱਡ ਕੇ ਜਦੋਂ ਅੱਧੀ ਰਾਤ ਨੂੰ ਤਾਰਿਆਂ ਦੀ ਛਾਂਵੇਂ, ਆਪਣੇ ਪਿੰਡ ਦੇ ਲੋਕਾਂ ਦੇ ਕਾਫਿਲੇ ਨਾਲ ਦੋਵੇਂ ਭੈਣ ਭਰਾ ਨੰਗੇ ਪੈਰੀਂ ਜਦੋਂ ਸਹਿਮੇ ਹੋਏ ਦਾਦੀ,ਬੇਬੇ ਦੀ ਉੰਗਲ ਫੜੀ     ਅਣ ਕਿਆਸੀਆਂ ਰਾਹਾਂ ਤੇ ਦੇਸ਼ ਦੀ ਨਵੀਂ ਬਣੀ ਹੱਦ ਪਾਰ ਕਰਨ ਲਈ ਤੁਰੇ ਜਾ ਰਹੇ ਸਾਂ ਤਾਂ ਮੇਰੀ ਵੱਡੀ ਭੈਣ ਮੇਰੇ ਨੰਗੇ ਤੇ ਸੁੱਜੇ ਹੇਏ ਪੈਰਾਂ ਤੇ ਸਹਿਮੇ ਹੋਏ  ਮਾਸੂਮ ਚੇਹਰੇ ਵੱਲ  ਵਾਰ ਵਾਰ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੀ ਜਾ ਰਹੀ  ਸੀ,ਉਸ ਨੂੰ ਆਪਣੇ ਨਾਲੋਂ  ਮੇਰਾ ਖਿਆਲ ਬਹੁਤਾ ਆ ਰਿਹਾ ਸੀ,ਪਰ ਉਸ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ।
ਸਾਨੂੰ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਹਨੇਰੀ , ਅਣਜਾਣ ਦੁਨੀਆ ਵੱਲ ਜਾ ਰਹੇ ਹੋਈਏ।
ਦੇਸ਼ ਦੀ ਨਵੀਂ ਬਣੀ ਹੱਦ ਤੀਕ ਪੁੱਜਣ ਤੱਕ ਦੇ ਭਿਆਨਕ ,ਕੋਝੇ , ਦਰਦ ਨਾਕ ਦਿਲ ਕੰਬਾਊ  ਦ੍ਰਿਸ਼ ਜਦੋਂ ਆਪਣਿਆਂ ਦਾ ਲਹੂ ਚਿੱਟਾ ਹੋ ਗਿਆ ਬਹੁਤ ਕੁਝ, ਜੋ ਵੇਖਿਆ, ਇਸ ਬਾਰੇ  ਪਹਿਲਾਂ ਵੀ ਮੈਂ ਆੱਪਣੇ ਲੇਖਾਂ ਵਿੱਚ ਲਿਖ ਚੁਕਾ ਹਾਂ ਏਥੇ ਮੈਂ ਆਪਣੀ ਵੱਡੀ ਭੈਣ ਬਾਰੇ ਹੀ ਲਿਖਣ ਦਾ ਯਤਨ ਕਰਾਂਗਾ।
ਬਸ ਏਥੋਂ ਹੀ ਸ਼ੁਰੂ ਹੁੰਦਾ ਹੈ ਲਗ ਪਗ ਇਕ ਦਹਾਕੇ ਦਾ ਸਮਾਂ ਟੱਪਰੀ ਵਾਸਾਂ ਵਾਂਗ, ਗੁਰਬਤ, ਮੰਦਹਾਲੀ, ਤੇ ਮੁਸੀਬਤਾਂ, ਵੇਖਣ ਦਾ, ਇਕ ਹੋਰ ਕਿ ਇਸ ਦੇ ਨਾਲ ਸਾਡਾ ਪ੍ਰਿਵਾਰ ਹੁਣ ਪੰਜਾਂ ਜੀਆਂ ਤੋਂ ਵਧ ਕੇ ਦੱਸਾਂ ਜੀਆਂ ਦਾ ਛੇ ਭੈਣਾਂ , ਤਿੰਨ ਭਰਾਂਵਾਂ ਦੇ ਹੋ ਚੁਕਾ ਸੀ। ਪਹਿਲੇ ਲੋਕ ਬਹੁਤੇ ਬੱਚੇ ਹੋਣਾ ਨਿਰਾ ਰੱਬ ਦੀ ਦਾਤ  ਹੀ ਸਮਝਦੇ ਸਨ। ਹੁਣ ਦੇ ਜ਼ਮਾਨੇ ਵਿੱਚ ਪ੍ਰਿਵਾਰ ਨਿਯੋਜਨ ਦੇ ਕਈ ਤਰ੍ਹਾਂ ਦੀਆਂ ਵਿਧੀਆਂ ਰਾਹੀਂ ਵਧ ਰਹੀ ਹੈ। ਇਸੇ ਤਰ੍ਹਾਂ ਹੀ ਪੁੱਤਾਂ ਵਾਂਗ ਧੀਆਂ ਨੂੰ ਬ੍ਰਾਬਰ ਸਮਝ ਕੇ ਪੜ੍ਹਾਉਣ ਦੇ ਉਪਰਾਲੇ ਹੋ ਰਹੇ ਹਨ ।
ਖੈਰ ਕੁਝ ਥਾਂਵਾ ਤੇ ਫਿਰਦੇ  ਫਿਰਾਂਦੇ ਅਸਾਂ ਜਿਲਾ ਹੁਸ਼ਿਆਰ ਪੁਰ ਦੇ ਇੱਕ ਛੋਟੇ ਜਿਹੇ ਪਿੰਡ ਜੋ ਸਾਲਮ ਹੀ ਮੁਸਲਿਮ ਭਰਾਂਵਾਂ ਦਾ ਸੀ, ਜੋ ਇੱਥੋਂ ਹਿਜਰਤ ਕਰ  ਕੇ ਨਵੇਂ ਬਣੇ ਪਾਕਸਤਾਨ ਵਿੱਚ ਚਲੇ  ਜਾਣ ਕਰਕੇ ਉੱਜੜ ਕੇ ਬੇਆਬਾਦ ਖਾਲੀ ਪਿਆ ਸੀ ਜਾ ਡੇਰੇ ਲਾਏ।
ਕੱਚੇ ਕੋਠੇ ਢਾਰੇ, ਲਿੱਪ ਪੋਚ ਕੇ ਸਿਰ ਕੇ ਸਿਰ ਢੱਕਣ ਜੋਗੇ ਕਰ ਲਏ,ਕਮਾਦ,ਝੋਨੇ ਦੀ ਫਸਲ ਦੇ ਖੇਤ ਪਿੰਡ ਨੇ ਕਮੇਟੀ ਬਣਾ ਕੇ ਵੰਡ ਲਏ,ਆਵਾਰਾ ਫਿਰਦੇ ਪਸ਼ੂ ਬੈਲ, ਗਾਂਵਾਂ, ਮੱਝਾਂ, ਬੱਕਰੀਆਂ, ਕਾਬੂ ਕਰਕੇ ਲੋੜ ਅਨੁਸਾਰ ਆਪੋ ਆਪਣੇ ਘਰਾਂ ਵਿੱਚ ਰੱਖ ਲਏ।
ਕੁੱਝ ਦਿਨ ਮੈਂ ਵੀ ਮਾਲ ਡੰਗਰ ਚਾਰੇ, ਇਕ ਦਿਨ ਇਹ ਮੇਰੀ ਵੱਡੀ ਭੈਣ ਕਹਿਣ ਲੱਗੀ, ਡੰਗਰ ਚਾਰਣ ਦਾ ਕੰਮ ਮੈਂ  ਕਰਿਆ ਕਰਾਂਗੀ, ਤੁਸੀਂ ਮੇਰੇ ਵੀਰ ਨੂੰ ਪੜ੍ਹਨੇ ਪਾ ਦਿਓ।
 ਨੇੜੇ ਕੋਈ ਸਕੂਲ ਨਾ ਹੋਣ ਕਰਕੇ ਮੈਨੂੰ ਨਾਨਕੇ ਪਿੰਡ ਪੜ੍ਹਨ ਲਈ ਭੇਜ ਦਿਤਾ ਗਿਆ।ਜਿਥੇ ਰਹਿਕੇ ਮੈਂ ਪੜ੍ਹਾਈ ਕਰਨ ਉਪ੍ਰੰਤ ਪਟਵਾਰੀ ਦਾ ਕੋਰਸ ਕਰਕੇ ਪਟਵਾਰੀ ਦੀ ਨੌਕਰੀ ਤੇ  ਲੱਗ ਗਿਆ।
ਉਹ ਮੈਨੂੰ ਹਾਸੇ ਨਾਲ ਕਿਹਾ ਕਰਦੀ ਸੀ, ਵੇਖੀਂ ਭਰਾ ਮੁੱਠੀ ਗਰਮ ਕਰਾਉਣ  ਤੋਂ ਬਚੀਂ, ਬਰਕਤ ਸਦਾ ਨੇਕ ਕਮਾਈ ਵਿੱਚ ਹੀ ਹੁੰਦੀ ਹੈ।
ਉਸ ਦਾ ਵਿਆਹ ਵੀ  ਅਨੋਖਾ ਵਿਆਹ ਸੀ, ਜਿਸਦਾ ਜਿਕਰ ਫਿਰ ਕਿਤੇ ਕਰਨ ਦਾ ਯਤਨ ਕਰਾਂਗਾ। ਲੰਮੀ ਉਮਰ ਭੋਗ ਕੇ ਆਪਣੇ , ਮਿਹਣਤੀ , ਮਿਲਣ ਸਾਰ, ਸੁਭਾਅ ਕਰਕੇ ਇਕ ਸਫਲ ਤੇ ਚੰਗੇ ਪੜ੍ਹੇ ਲਿਖੇ ਬਾਗ ਪ੍ਰਿਵਾਰ ਵਾਲੀ ਹੋ ਕੇ ਭਾਂਵੇ ਹੁਣ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਤਾਂ ਕਹਿ ਗਈ ਹੈ ਪਰ ਯਾਦਾਂ ਦੇ ਝਰੋਖੇ ਚੋਂ ਜਦ ਕਦੀ ਮੇਰੀ ਇਸ ਵੱਡੀ ਭੈਣ ਦੀ ਯਾਦ ਆਉਂਦੀ ਹੈ ਤਾਂ ਮੇਰੀ ਇਸ ਵੱਡੀ ਭੈਣ, ਦੇ ਮੋਹ ਭਿੱਜੇ ਭੈਣ ਭਰਾ ਦੇ ਇਸ ਪਵਿੱਤ੍ਰ ਰਿਸ਼ਤੇ ਦੀ ਮਹਿਕ ਵਿੱਚ ਗੁਆਚਾ ਆਪਾ ਭੁਲਾ ਬੈਠਦਾ ਹਾਂ।   
ਰਵੇਲ ਸਿੰਘ