ਅਦੁੱਤੀ ਸ਼ਹਾਦਤ - ਰਵੇਲ ਸਿੰਘ
ਜਦੋਂ ਯਾਦ ਆਉਂਦੀ ਸ਼ਹਾਦਤ ਉਨ੍ਹਾਂ ਦੀ ,
ਬੜਾ ਹੈ ਰੁਆਂਉਦੀ ਸ਼ਹਾਦਤ ਉਨ੍ਹਾਂ ਦੀ,
ਉਹ ਮਾਸੂਮ ਮੁਖੜੇ , ਸਹੀ ਜਾਣ ਦੁੱਖੜੇ ,
ਅਦੁਤੀ ਸ਼ਹਾਦਤ, ਇਬਾਦਤ ਉਨ੍ਹਾਂ ਦੀ।
ਉਹ ਮਾਸੂਮ ਜਿੰਦਾਂ,ਉਹ ਫਤਵੇ ਤੇ ਕੰਧਾਂ,
ਤਸੀਹੇ ,ਡਰਾਵੇ, ਅਦਾਵਤ ਉਨ੍ਹਾਂ ਦੀ।
ਜੋ ਧਰਮਾਂ ਦੀ ਪਉੜੀ ਤੋਂ ਥਿੜਕੇ ਜ਼ਰਾ ਨਾ,
ਉਹ ਕਿਸ ਨੇ ਘੜੀ ਸੀ ਬਣਾਵਟ ਉਨ੍ਹਾਂ ਦੀ।
ਬੜੇ ਹੌਸਲੇ ਸਨ ,ਨੇਂ ,ਪਰਬਤ ਵੀ ਛੋਟੇ ,
ਨਹੀਂ ਕਿਧਰੇ ਵੀ ਵੇਖੀ, ਥਕਾਵਟ ਉਨ੍ਹਾਂ ਦੀ ।
ਨਾ ਡੋਲੇ ਨਾ ਖਿਸਕੇ,ਨਾ ਕਦਮ ਡਗਮਗਾਏ,
ਮੈਂ ਵੇਖੀ ਸੁਣੀ ਨਾ ਗਿਰਾਵਟ ਉਨ੍ਹਾਂ ਦੀ ।
ਮੇਰੇ ਮਨ ਦੇ ਅੰਦਰ ਹੈ , ਸ਼ਰਧਾ ਉਨ੍ਹਾਂ ਲਈ,
ਸਜਾਇਆ ਨਜਾਰਾ , ਸਜਾਵਟ ਉਨ੍ਹਾਂ ਦੀ ।
ਜਦੋਂ ਤੀਕ ਅੰਬਰ ਤੇ , ਧਰਤੀ ਰਹੇ ਗੀ ,
ਇਹ ਕੰਧਾਂ ਗੁਵਾਹ ਨੇ ਕਹਾਵਤ ਉਨ੍ਹਾਂ ਦੀ ।
ਬੜਾ ਕੁਝ ਰਿਹਾ ਹੈ , ਕਹੇ ਜਾਣ ਵਾਲਾ ,
ਮੈਂ ਯਾਦਾਂ ਚ, ਕਰਦਾਂ ਜਿਆਰਤ ਉਨ੍ਹਾਂ ਦੀ ।
ਫਤਿਹ ਦੇ ਜੈਕਾਰੇ, ਸਦਾ ਗੂੰਜਣੇ ਨੇ ,
ਉਹ ਧੰਨ ਸਾਹਿਬਜਾਦੇ ਸ਼ਹਾਦਤ ਉਨ੍ਹਾਂ ਦੀ।
ਰਵੇਲ ਸਿੰਘ ਬ੍ਰਾਂਪਟਨ ਕੈਨੇਡਾ