Nirmal Singh Kandhalvi

ਕੁਰਸੀ ਤੇ ਦਿਲ - ਕੰਧਾਲਵੀ

ਹਸਪਤਾਲ ਦੇ ਬਿਸਤਰ ਉੱਤੇ,
ਇਕ ਬੰਦਾ ਹੋ ਗਿਆ ਪੂਰਾ।
ਜਮਦੂਤਾਂ ਨੇ ਲਾ ਲਿਆ ਅੱਗੇ,
ਜੋ ਬਣਦਾ ਸੀ ਬੜਾ ਸੂਰਾ।
ਤੂੜੀ ਦੀ ਪੰਡ ਵਾਂਗੂੰ ਸੁੱਟਿਆ,
ਉਨ੍ਹੀਂ ਧਰਮ ਰਾਜ ਦੇ ਅੱਗੇ।
ਕਹਿੰਦੇ ਐਡੀ ਲਾਸ਼ ਧੂਣ ਨੂੰ,
ਕਈ ਘੰਟੇ ਸਾਨੂੰ ਘੰਟੇ ਲੱਗੇ।

ਲੋਹਾ ਲਾਖਾ ਧਰਮ ਰਾਜ,
ਓਏ ਆਹ ਕੀ ਚੁੱਕ ਲਿਆਏ,
ਦਿਲ ਕਿੱਥੇ ਰੱਖ ਆਏ ਏਹਦਾ?
ਖਾਲੀ ਪਿੰਜਰ ਹੀ ਲੈ ਆਏ।
ਹਸਪਤਾਲ ਨੂੰ ਫੂਨ ਲਗਾ ਕੇ,
ਗੱਲ ਧਰਮਰਾਜ ਨੇ ਪੁੱਛੀ।
ਮਰਨ ਵਾਲਾ ਕੀ ਕੰਮ ਕਰਦਾ ਸੀ?
ਤੇ ਖੁੱਲ੍ਹ ਗਈ ਸਾਰੀ ਗੁੱਥੀ।

ਪਤਾ ਲੱਗਾ ਮਨਿਸਟਰ ਸੀ ਉਹ,
ਕਰਦਾ ਸੀ ਵੱਡੇ ਘੁਟਾਲੇ।
ਦਲ ਬਦਲੂ ਸੀ ਰੱਜ ਕੇ ਪੂਰਾ,
ਬੜੇ ਪੁੱਠੇ ਸੀ ਇਹਦੇ ਚਾਲੇ।
ਚੋਣਾਂ ਵੇਲੇ ਉਧਰ ਹੁੰਦਾ,
ਜਿਧਰ ਪੱਲੜਾ ਭਾਰੀ।
ਜੋੜ-ਤੋੜ ਵਿਚ ਸ਼ਾਤਰ ਪੂਰਾ,
ਜਿੱਤ ਲੈਂਦਾ ਬਾਜ਼ੀ ਹਾਰੀ।

ਦੀਨ ਈਮਾਨ ਵੇਚ ਕੇ ਖਾਂਦਾ,
ਹੰਢਿਆ ਹੋਇਆ ਸ਼ਿਕਾਰੀ,
ਹਰ ਸਰਕਾਰ ‘ਚ ਬਣੇ ਮੰਤਰੀ,
ਇਹਨੂੰ ਕੁਰਸੀ ਬੜੀ ਪਿਆਰੀ,

ਧਰਮ ਰਾਜ ਕਹਿੰਦਾ ਜਮਦੂਤੋ,
ਤੁਸੀਂ ਦਫ਼ਤਰ ਇਹਦੇ ਜਾਉ।
ਦਿਲ ਇਹਦਾ ਕੁਰਸੀ ਵਿਚ ਫ਼ਸਿਆ,
ਉੱਥੋਂ ਚੁੱਕ ਲਿਆਉ।

ਕੰਧਾਲਵੀ

ਇਕ ਰੁਪਏ ਦੇ ਧਾਗੇ ਦਾ ਕਮਾਲ   - ਨਿਰਮਲ ਸਿੰਘ ਕੰਧਾਲਵੀ

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਭਾਰਤ ਵਿਚ ਕੰਪਿਊਟਰ ਅਜੇ ਆਮ ਨਹੀਂ ਸੀ ਹੋਇਆ। ਮੇਰਾ ਇਕ ਦੋਸਤ, ਜਿਸ ਦੀ ਇਕ ਲੱਤ ਨੂੰ ਪੋਲੀਓ ਨੇ ਬਚਪਨ ਵਿਚ ਹੀ ਕਜ ਪਾ ਦਿਤਾ ਸੀ, ਕੰਪਿਊਟਰ ਦੀ ਪੜ੍ਹਾਈ ‘ਚ ਬੜਾ ਤੇਜ਼ ਨਿਕਲਿਆ। ਪਿੰਡ ਦੇ ਲੋਕ ਗੱਲਾਂ ਕਰਦੇ ਸਨ ਕਿ ਜੇ ਇਕ ਲੱਤ ਉਹਦੀ ਮਾਰੀ ਗਈ ਸੀ ਤਾਂ ਰੱਬ ਨੇ ਪਤਾ ਨਹੀਂ ਕਿਹੜਾ ਐਸਾ ਪੁਰਜ਼ਾ ਉਹਦੇ ਦਿਮਾਗ਼ ‘ਚ ਫਿੱਟ ਕਰ ਦਿਤਾ ਸੀ ਕਿ ਉਹ ਪੜ੍ਹਾਈ ‘ਚ ਏਨਾ ਹੁਸ਼ਿਆਰ ਹੋ ਗਿਆ ਸੀ। ਕੰਪਿਊਟਰ ਦਾ ਕੋਰਸ ਕਰ ਕੇ ਉਸ ਨੇ ਨੌਕਰੀ ਦੀ ਭਾਲ਼ ਕੀਤੀ, ਪਰ ਪੰਜਾਬ ਵਿਚ ਉਸ ਨੂੰ ਕੋਈ ਨੌਕਰੀ ਨਾ ਮਿਲੀ। ਦਿੱਲੀ ਦੀ ਇਕ ਕੰਪਨੀ ‘ਚ ਅਰਜ਼ੀ ਦਿਤੀ ਤੇ ਉਹ ਨੌਕਰੀ ਲਈ ਚੁਣਿਆਂ ਗਿਆ।
ਉਸ ਦਾ ਦਫ਼ਤਰ ਇਕ ਰਿਹਾਇਸ਼ੀ ਇਲਾਕੇ ‘ਚ ਸੀ। ਕੁਝ ਦਿਨ ਤਾਂ ਉਸ ਨੇ ਇਕ ਸਸਤੇ ਜਿਹੇ ਹੋਟਲ ਵਿਚ ਰਿਹਾਇਸ਼ ਰੱਖੀ ਤੇ ਨਾਲ਼ ਨਾਲ਼ ਉਹ ਕਮਰੇ ਦੀ ਤਲਾਸ਼ ਵੀ ਕਰਦਾ ਰਿਹਾ ਪਰ ਉਸ ਨੇ ਭਾਂਪ ਲਿਆ ਕਿ ਕਈ ਮਾਲਕ ਮਕਾਨਾਂ ਕੋਲ ਕਮਰਾ ਤਾਂ ਖ਼ਾਲੀ ਹੁੰਦਾ ਸੀ ਪਰ ਉਹ ਜ਼ਾਤ ਬਰਾਦਰੀ ਦੇ ਸਵਾਲਾਂ ‘ਚ ਉਲਝਾ ਲੈਂਦੇ ਸਨ ਤੇ ਕਮਰਾ ਦੇਣ ਤੋਂ ਨਾਂਹ ਕਰ ਦਿੰਦੇ ਸਨ। ਤੁਰਨ ‘ਚ ਬਹੁਤੀ ਮੁਸ਼ਕਿਲ ਹੋਣ ਕਰ ਕੇ ਉਹ ਚਾਹੁੰਦਾ ਸੀ ਕਿ ਰਿਹਾਇਸ਼ ਦਫ਼ਤਰ ਦੇ ਨੇੜੇ ਤੇੜੇ ਹੀ ਹੋਵੇ। ਉਸ ਨੇ ਆਪਣੇ ਨਾਲ਼ ਕੰਮ ਕਰਦੇ ਇਕ ਕਰਮਚਾਰੀ ਨਾਲ਼ ਕਮਰਾ ਲੱਭਣ ‘ਚ ਆਉਂਦੀ ਔਕੜ ਸਾਂਝੀ ਕੀਤੀ ਤਾਂ ਉਸ ਨੇ ਦੱਸਿਆ ਕਿ ਇਸ ਇਲਾਕੇ ‘ਚ ਅਖਾਉਤੀ ‘ਉੱਚੀਆਂ ਜ਼ਾਤਾਂ’ ਵਾਲ਼ੇ ਲੋਕ ਹੀ ਬਹੁਤਾ ਕਰ ਕੇ ਮਕਾਨ ਮਾਲਕ ਹਨ ਤੇ ਉਹ ਜ਼ਾਤ ਬਰਾਦਰੀ ਦਾ ਭਿੰਨ-ਭੇਦ ਬਹੁਤ ਕਰਦੇ ਹਨ ਤੇ ਛੇਤੀ ਕੀਤੇ ਕਿਸੇ ਨੂੰ ਕਿਰਾਏਦਾਰ ਨਹੀਂ ਰੱਖਦੇ ਤੇ ਕਮਰਾ ਮੰਗਣ ਵਾਲ਼ੇ ਨੂੰ ਬਹੁਤ ਸਵਾਲ ਜਵਾਬ ਕਰਦੇ ਹਨ।
ਮੇਰੇ ਦੋਸਤ ਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਕਮਰਾ ਕਿਉਂ ਨਹੀ ਸੀ ਮਿਲਦਾ।
ਉਹ ਬਾਜ਼ਾਰ ਗਿਆ ਤੇ ਇਕ ਰੁਪਏ ਦਾ ਚਿੱਟੇ ਰੰਗ ਦਾ ਧਾਗਾ ਖ਼ਰੀਦਿਆ। ਧਾਗੇ ਨੂੰ ਵਟੇ ਚਾੜ੍ਹ ਕੇ ਤੇ ਗੰਢਾਂ ਦੇ ਕੇ ਉਸ ਨੇ ਜਨੇਊ ਦੀ ਸ਼ਕਲ ਦਾ ਬਣਾ ਕੇ ਗਲ਼ ‘ਚ ਪਾ ਲਿਆ ਤੇ ਅਗਲੇ ਦਿਨ ਐਤਵਾਰ ਹੋਣ ਕਰ ਕੇ ਉਸ ਨੇ ਕਮਰੇ ਦੀ ਖੋਜ ਆਰੰਭ ਕੀਤੀ। ਦੂਸਰੀ ਗਲ਼ੀ ਵਿਚ ਹੀ ਇਕ ਘਰ ਦੇ ਬਾਹਰ ‘ਕਮਰਾ ਕਿਰਾਏ ਕੇ ਲੀਏ ਖ਼ਾਲੀ’ ਦਾ ਬੋਰਡ ਲੱਗਿਆ ਦਿਸਿਆ ਤਾਂ ਉਸ ਨੇ ਘੰਟੀ ਦਾ ਬਟਣ ਦਬਾ ਦਿਤਾ ਤੇ ਅੰਦਰੋਂ ਇਕ ਵਿਅਕਤੀ ਆਪਣੇ ਜਨੇਊ ਨੂੰ ਕੰਨ ‘ਚ ਟੰਗਦਾ ਹੋਇਆ ਬਾਹਰ ਆਇਆ। ਮੇਰੇ ਦੋਸਤ ਨੇ ਜਦੋਂ ਕਮਰੇ ਬਾਰੇ ਪੁੱਛਿਆ ਤਾਂ ਉਸ ਵਿਅਕਤੀ ਨੇ ਪਹਿਲਾ ਹੀ ਸਵਾਲ ਠੋਕਿਆ, “ ਕੌਨ ਹੋਤੇ ਹੋ, ਕੌਨ ਸੀ ਜ਼ਾਤ, ਕੌਨ ਬਰਾਦਰੀ?”
ਮੇਰੇ ਦੋਸਤ ਨੇ ਕੁਝ ਬੋਲਣ ਦੀ ਬਜਾਇ ਆਪਣੀ ਕਮੀਜ਼ ਉਤਾਂਹ ਚੁੱਕੀ ਤੇ ਉਸ ਨੂੰ ਆਪਣਾ ‘ਜਨੇਊ’ ਦਿਖਾਇਆ ਤੇ ਉਹ ਵਿਅਕਤੀ ਮੇਰੇ ਦੋਸਤ ਨੂੰ ਕਮਰਾ ਦਿਖਾਉਣ ਲਈ ਅੰਦਰ ਲੈ ਗਿਆ।  
ਨਿਰਮਲ ਸਿੰਘ ਕੰਧਾਲਵੀ 

ਫੱਟੇ- ਚੁੱਕ ਕਾਰੋਬਾਰ - ਨਿਰਮਲ ਸਿੰਘ ਕੰਧਾਲਵੀ

ਮੇਰੀ ਜਾਣ-ਪਛਾਣ ਵਾਲਾ ਇਕ ਸੱਜਣ ਕਈ ਦੇਰ ਬਾਅਦ ਮੈਨੂੰ ਮਿਲਿਆ। ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਹ ਛੇ ਮਹੀਨੇ ਪੰਜਾਬ ਰਹਿ ਕੇ ਆਇਆ ਹੈ। ਛੇ ਮਹੀਨੇ ਉੱਥੇ ਰਹਿਣ ਦਾ ਕਾਰਨ ਪੁੱਛਿਆ ਤਾਂ ਮੈਨੂੰ ਇਉਂ ਜਾਪਿਆ ਕਿ ਜਿਵੇਂ ਉਹ ਕੁਝ ਲੁਕਾ ਰਿਹਾ ਹੋਵੇ। ਮੈਂ ਜਦੋਂ ਕੁਰੇਦਿਆ ਤਾਂ ਅਖ਼ੀਰ ਉਹ ਬੋਲ ਹੀ ਪਿਆ ਤੇ ਕਹਿਣ ਲੱਗਾ, “ ਯਾਰ ਕੀ ਦੱਸਾਂ, ਮੈਂ ਤਾਂ ਫ਼ਸ ਗਿਆ ਉੱਥੇ ਇਕ ਬੰਦੇ ਦੀਆਂ ਗੱਲਾਂ ‘ਚ। ਉਸ ਨੇ ਮੈਨੂੰ ਪੰਜਾਬ ਵਿਚ ਕਾਰੋਬਾਰ ਕਰਨ ਦੇ ਅਜਿਹੇ ਸਬਜ਼ਬਾਗ਼ ਦਿਖਾਏ ਕਿ ਮੈਨੂੰ ਉਸ ਕਾਰੋਬਾਰ ‘ਚ ਨੋਟਾਂ ਦੀਆਂ ਢੇਰੀਆਂ ਦਿਸਣ ਲੱਗੀਆਂ। ਵੱਡੇ ਵੱਡੇ ਅਫ਼ਸਰਾਂ ਅਤੇ ਸਿਆਸਤਦਾਨਾਂ ਨਾਲ ਉਸ ਦੀਆਂ ਗੱਲਾਂ ਮੈਨੂੰ ਪੂਰੀ ਤਸੱਲੀ ਕਰਵਾਉਂਦੀਆਂ ਕਿ ਸਭ ਠੀਕ-ਠਾਕ ਹੀ ਹੋਵੇਗਾ, ਕਿਸੇ ਕਿਸਮ ਦੀ ਖ਼ਤਰੇ ਦੀ ਗੁਜਾਇੰਸ਼ ਨਹੀਂ ਸੀ ਲਗਦੀ। ਹਰ ਵੇਲੇ ਉਸ ਦਾ ਇਕੋ ਹੀ ਤਕੀਆ-ਕਲਾਮ ਹੁੰਦਾ ਸੀ ਕਿ “ ਇਹ ਤਾਂ ਫੱਟੇ-ਚੁੱਕ ਕਾਰੋਬਾਰ ਐ।” ਮੈਂ ਕਿਸ਼ਤਾਂ ‘ਚ ਉਸ ਨੂੰ ਪੈਸੇ ਦੇਣੇ ਸ਼ੁਰੂ ਕਰ ਦਿਤੇ। ਕਿਉਂਕਿ ਮੈਨੂੰ ਤਾਂ ਉੱਥੋਂ ਦੇ ਸਿਸਟਮ ਬਾਰੇ ਕੋਈ ਜਾਣਕਾਰੀ ਨਹੀਂ ਸੀ, ਮੈਂ ਜਦੋਂ ਵੀ ਉਸ ਨੂੰ ਪੁੱਛਦਾ ਕਿ ਦਫ਼ਤਰੀ ਕਾਰਵਾਈ ਕਿੱਥੇ ਕੁ ਤੱਕ ਪਹੁੰਚੀ ਹੈ ਤਾਂ ਉਹ ਇਸ ਢੰਗ ਨਾਲ ਜਵਾਬ ਦਿੰਦਾ ਕਿ ਮੈਨੂੰ ਲਗਦਾ ਕਿ ਵਾਕਿਆ ਹੀ ਇਨ੍ਹਾਂ ਕੰਮਾਂ ਨੂੰ ਇੰਨਾ ਚਿਰ ਲੱਗ ਜਾਂਦਾ ਹੈ। ਕਈ ਵਾਰ ਮੇਰਾ ਦਿਲ ਕਰਦਾ ਮੈਂ ਉਸ ਨੂੰ ਪੁੱਛਾਂ ਕਿ ਜਿਨ੍ਹਾਂ ਅਫ਼ਸਰਾਂ ਤੇ ਸਿਆਸੀ ਬੰਦਿਆਂ ਦੇ ਸੋਹਿਲੇ ਉਹ ਗਾਉਂਦਾ ਸੀ ਹੁਣ ਉਹਦੇ ਕੰਮ ਕਿਉਂ ਨਹੀਂ ਆਉਂਦੇ? ਫਿਰ ਮੈਂ ਸੋਚਦਾ ਕਿ ਕਿਤੇ ਉਹ ਮੇਰੀ ਗੱਲ ਦਾ ਗੁੱਸਾ ਹੀ ਨਾ ਕਰ ਜਾਵੇ।
ਚਾਰ ਪੰਜ ਮਹੀਨੇ ਉਹ ਮੈਨੂੰ ਇਹੀ ਕਹਿੰਦਾ ਰਿਹਾ ਕਿ ਅੱਜ ਆਪਣੀ ਫ਼ਾਈਲ ਫ਼ਲਾਣੇ ਮਹਿਕਮੇ ਕੋਲ ਐ, ਅੱਜ ਫ਼ਲਾਣੇ ਮਹਿਕਮੇ ਕੋਲ ਐ। ਉੱਧਰੋਂ ਮੇਰੀ ਵਾਪਸੀ ਦੀ ਤਰੀਕ ਨੇੜੇ ਆ ਰਹੀ ਸੀ। ਮੇਰੀ ਵਾਪਸੀ ਦੀ ਤਰੀਕ ਤੱਕ ਵੀ ਸਾਡੇ ਪ੍ਰਾਜੈਕਟ ਦੀ ਫ਼ਾਈਲ ਅਜੇ ਦਫ਼ਤਰਾਂ ਦੇ ਗੇੜੇ ਕੱਢ ਰਹੀ ਸੀ ਜਾਂ ਕਿਸੇ ਬਾਬੂ ਦੇ ਦਫ਼ਤਰ ‘ਚ ਧੂੜ ਚੱਟ ਰਹੀ ਸੀ।
ਹੁਣ ਮੈਨੂੰ ਵਾਪਸ ਆਏ ਨੂੰ ਵੀ ਛੇ ਮਹੀਨੇ ਹੋ ਗਏ ਹਨ। ਉਹ ਸੱਜਣ ਹੁਣ ਫ਼ੂਨ ‘ਤੇ ਵੀ ਘੱਟ ਵੱਧ ਹੀ ਮਿਲਦਾ ਹੈ, ਜੇ ਕਦੇ ਗੱਲ ਹੋ ਵੀ ਜਾਵੇ ਤਾਂ ਉਸ ਦਾ ਇਕੋ ਹੀ ਜਵਾਬ ਹੁੰਦਾ ਹੈ ਕਿ ਬੱਸ ਆਪਣਾ ਕੰਮ ਹੋਣ ਵਾਲ਼ਾ ਹੀ ਹੈ। ਸੱਚ ਪੁੱਛੋ ਤਾਂ ਮੈਂ ਹੁਣ ਉਮੀਦ ਹੀ ਛੱਡ ਦਿੱਤੀ ਹੈ। ਸਮਝ ਲਿਆ ਹੈ ਕਿ ਮੈਂ ਰਕਮ ਖੂਹ-ਖਾਤੇ ਸੁੱਟ ਦਿਤੀ ਹੈ। ਹੁਣ ਮੈਂ ਦੋਸਤਾਂ ਮਿੱਤਰਾਂ ਤੋਂ ਪੈਸਾ ਵਾਪਸ ਲੈਣ ਦੇ ਢੰਗ ਤਰੀਕੇ ਪੁੱਛਦਾ ਫਿਰਦਾ ਹਾਂ। ਸੋਚਦਾ ਹਾਂ ਕਿ ਜੇ ਇਹੀ ਪੈਸਾ ਮੈਂ ਕਿਸੇ ਭਲੇ ਕੰਮ ਲਈ ਉੱਥੇ ਦਿਤਾ ਹੁੰਦਾ ਤਾਂ ਮੇਰੇ ਮਨ ਨੂੰ ਵੀ ਸਕੂਨ ਹੁੰਦਾ। ਪੈਸਾ ਵੀ ਖ਼ਰਾਬ ਕੀਤਾ ਤੇ ਮਨ ਦਾ ਸਕੂਨ ਵੀ ਗੁਆਇਆ, ਤੂੰ ਵੀ ਕੋਈ ਸਲਾਹ ਦੇਹ ਮੈਨੂੰ।”
ਮੇਰੇ ਦਿਲ ਵਿਚ ਭਾਵੇਂ ਉਸ ਲਈ ਹਮਦਰਦੀ ਸੀ ਪਰ ਮੈਂ ਗੁੱਝੀ ਜਿਹੀ ਮਸ਼ਕਰੀ ਕਰਨੋਂ ਰਹਿ ਨਾ ਸਕਿਆ ਤੇ ਪੁੱਛ ਲਿਆ, “ ਹੁਣ ਕਦੋਂ ਵਿਚਾਰ ਹੈ ਜਾ ਕੇ ਆਪਣਾ ਪ੍ਰਾਜੈਕਟ ਦੇਖਣ ਦਾ?
ਉਹ ਥੋੜ੍ਹਾ ਮੁਸਕਰਾਇਆ ਤੇ ਬੋਲਿਆ, “ ਕੁਝ ਪੈਸੇ ਜੋੜ ਲਵਾਂ, ਫੇਰ ਹੀ ਜਾਵਾਂਗਾ।”
ਉਸ ਦੇ ਬੋਲਾਂ ‘ਚ ਵਿਅੰਗ ਸੀ, ਪਰ ਚਿਹਰਾ ਬਹੁਤ ਉਦਾਸ ਸੀ। ਮੈਂ ਉਸ ਨੂੰ ਦਿਲਾਸਾ ਦਿਤਾ ਤੇ ਕਿਹਾ, “ ਲੈ ਸੁਣ, ਤੈਨੂੰ ਮੈਂ ਇਕ ਏਦਾਂ ਦੀ ਹੀ ਕਹਾਣੀ ਸੁਣਾਉਂਦਾ ਹਾਂ।”
ਪੁਰਾਣੇ ਸਮੇਂ ਦੀ ਗੱਲ ਐ ਜਦੋਂ ਚਾਂਦੀ ਦੇ ਰੁਪਏ ਚਲਦੇ ਹੁੰਦੇ ਸੀ। ਇਕ ਜੱਟ ਖੇਤੋਂ ਮੁੜ ਰਿਹਾ ਸੀ ਕਿ ਰਾਹ ਦੇ ਕਿਨਾਰੇ ਝਾੜੀਆਂ ‘ਚੋਂ ਖਣਖਣ ਦੀ ਆਵਾਜ਼ ਆਈ। ਉਸ ਨੇ ਪੋਲੇ ਪੋਲੇ ਪੈਰੀਂ ਜਾ ਕੇ ਦੇਖਿਆ ਕਿ ਇਕ ਸਾਧ ਚਾਂਦੀ ਦੇ ਰੁਪਏ ਗਿਣ ਰਿਹਾ ਸੀ। ਗਿਣ ਕੇ ਪੂਰੇ ਦਸ ਰੁਪਏ ਉਸ ਨੇ ਧੋਤੀ ਦੇ ਲੜ ਬੰਨ੍ਹ ਲਏ ਉੱਠ ਖੜ੍ਹਾ ਹੋਇਆ। ਜੱਟ ਫੇਰ ਰਾਹ ਵਿਚ ਆ ਖੜ੍ਹਾ ਹੋਇਆ ਤੇ ਸਾਧ ਨੂੰ ਘਰ ਲਿਜਾ ਕੇ ਪਰਸ਼ਾਦਾ ਛਕਾਉਣ ਦੀ ਬੇਨਤੀ ਕੀਤੀ। ਸਾਧ ਨੂੰ ਤਾਂ ਪਹਿਲਾਂ ਹੀ ਭੁੱਖ ਲੱਗੀ ਹੋਈ ਸੀ। ਸਾਧ ਖੁਸ਼ੀ ਖੁਸ਼ੀ ਨਾਲ ਤੁਰ ਪਿਆ। ਪਰਸ਼ਾਦਾ ਛਕਾ ਕੇ ਜੱਟ ਘਰ ਵਾਲ਼ੀ ਨੂੰ ਕਹਿੰਦਾ,” ਭਾਗਵਾਨੇ, ਆਲ਼ੇ ਵਿੱਚ ਪਏ ਪੈਸਿਆਂ ‘ਚੋਂ ਇਕ ਰੁਪਇਆ ਤਾਂ ਲਿਆ ਬਾਬਾ ਜੀ ਨੂੰ ਦੰਦ ਘਸਾਈ ਵੀ ਦੇਈਏ।”
ਘਰ ਵਾਲੀ ਆਲ਼ੇ ‘ਚ ਹੱਥ ਮਾਰ ਕੇ ਕਹਿੰਦੀ ਕਿ ਉੱਥੇ ਤਾਂ ਕੋਈ ਪੈਸਾ ਨਹੀਂ ਪਿਆ। ਜੱਟ ਕਹਿੰਦਾ ਮੈਂ ਤਾਂ ਅਜੇ ਕੱਲ੍ਹ ਸ਼ਾਮੀਂ ਉੱਥੇ ਪੈਸੇ ਰੱਖੇ ਸੀ। ਜੱਟ ਘਰ ਵਾਲੀ ਨੂੰ ਉੱਚਾ-ਨੀਵਾਂ ਬੋਲਣ ਲੱਗ ਪਿਆ। ਰੌਲਾ-ਰੱਪਾ ਸੁਣ ਕੇ ਆਂਢ-ਗੁਆਂਢ ਦੇ ਦੋ ਚਾਰ ਬੰਦੇ ਆ ਗਏ ਕਿ ਕੀ ਮਾਜਰਾ ਹੋ ਗਿਆ। ਜੱਟ ਨੇ ਪੈਸੇ ਗੁਆਚਣ ਬਾਰੇ ਦੱਸਿਆ ਤਾਂ ਇਕ ਬੰਦਾ ਪੁੱਛਣ ਲੱਗਾ, “ ਤੁਹਾਡੇ ਘਰ ਕੌਣ ਕੌਣ ਆਇਆ ਸੀ?”
ਜੱਟ ਕਹਿੰਦਾ, “ ਬਸ ਐਹ ਬਾਬਾ ਜੀ ਆਏ ਐ ਥੋੜ੍ਹੀ ਦੇਰ ਹੋਈ, ਹੋਰ ਤਾਂ ਕੋਈ ਨਹੀਂ ਆਇਆ।”
ਇਕ ਹੋਰ ਬੰਦੇ ਨੇ ਪੁੱਛਿਆ ਕਿ ਕਿੰਨੇ ਰੁਪਏ ਗੁਆਚੇ ਹਨ।
ਜੱਟ ਨੇ ਦੱਸਿਆ ਕਿ ਦਸ ਰੁਪਏ ਸਨ।
ਇਕ ਬੰਦਾ ਬੋਲਿਆ, “ ਜਦ ਹੋਰ ਕੋਈ ਨਹੀਂ ਆਇਆ, ਸਿਰਫ਼ ਬਾਬਾ ਜੀ ਹੀ ਆਏ ਐ ਤਾਂ ਬਾਬਾ ਜੀ ਦੀ ਤਲਾਸ਼ੀ ਲਉ।”
ਜੱਟ ਕਹਿੰਦਾ, “ ਨਾ ਜੀ ਨਾ, ਬਾਬਾ ਜੀ ਤਾਂ ਸੰਤ ਪੁਰਸ਼ ਨੇ, ਇਹ ਅਜਿਹਾ ਕੰਮ ਥੋੜ੍ਹੀ ਕਰਨਗੇ।”
ਉਹੀ ਬੰਦਾ ਬੋਲਿਆ, “ ਤੂੰ ਰਹਿਣ ਦੇ, ਸਾਧਾਂ, ਬਾਬਿਆਂ ਦੇ ਰੂਪ ‘ਚ ਅੱਜ ਕਲ ਠੱਗ ਚੋਰ ਵੀ ਘੁੰਮਦੇ ਐ ਤੇ ਇੰਨਾ ਕਹਿ ਕੇ ਉਸ ਨੇ ਬਾਬੇ ਦੀ ਧੋਤੀ ਖਿੱਚ ਦਿਤੀ ਤੇ ਵਿਚੋਂ ਖਣ ਖਣ ਕਰਦੇ ਰੁਪਏ ਆ ਡਿਗੇ ਤੇ ਉਹ ਵੀ ਪੂਰੇ ਦਸ।
ਸਾਧ ਕੋਲ ਕੋਈ ਜਵਾਬ ਨਹੀਂ ਸੀ। ਉਹ ਡੌਰ- ਭੌਰਾ ਹੋ ਗਿਆ, ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਨਾਲ ਕੀ ਭਾਣਾ ਵਾਪਰ ਗਿਆ ਸੀ। ਲੋਕਾਂ ਨੇ ਉਸ ਨੂੰ ਲਾਹਨਤਾਂ ਪਾਈਆਂ, ਧੱਕਾ-ਮੁੱਕੀ ਵੀ ਕੀਤੀ ਤੇ ਪਿੰਡੋਂ ਨਿਕਲ ਜਾਣ ਦਾ ਹੁਕਮ ਸੁਣਾਇਆ। ਸਾਧ ਜਾਣ ਲੱਗਾ ਤਾਂ ਜੱਟ ਨੇ ਪੁੱਛਿਆ “ ਬਾਬਾ ਜੀ ਫੇਰ ਕਦੋਂ ਦਰਸ਼ਨ ਦਿਉਗੇ?”
ਸਾਧ ਕਹਿੰਦਾ, “ ਜਦੋਂ ਮੇਰੇ ਕੋਲ਼ ਦਸ ਰੁਪਏ ਜਮ੍ਹਾਂ ਹੋ ਜਾਣਗੇ।”
ਮੇਰਾ ਮਿੱਤਰ ਖਿੜ ਖਿੜਾ ਕੇ ਹੱਸਿਆ ਜਿਵੇਂ ਉਹ ਦਿਲ ਦੀ ਪੀੜ ਨੂੰ ਹਾਸੇ ‘ਚ ਉਡਾਉਣੀ ਚਾਹੁੰਦਾ ਹੋਵੇ।
ਨਿਰਮਲ ਸਿੰਘ ਕੰਧਾਲਵੀ

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ - ਨਿਰਮਲ ਸਿੰਘ ਕੰਧਾਲਵੀ

ਹੈ ਸ਼ਾਂਤੀ ਦਾ ਅਵਤਾਰ,  ਮੇਰਾ ਅਰਜਨ ਗੁਰੂ।
ਹੈ ਸੱਚ ਦਾ ਪਹਿਰੇਦਾਰ, ਮੇਰਾ ਅਰਜਨ ਗੁਰੂ।
ਤਵੀ ਤੱਤੀ, ਰੇਤ ਤੱਤੀ, ਦੇਗ਼ਾ ਉਬਾਲ਼ੇ ਮਾਰਦਾ,
ਅੰਦਰੋਂ ਸੀ ਠੰਢਾ ਠਾਰ,  ਮੇਰਾ ਅਰਜਨ ਗੁਰੂ।
ਸੂਰਜ ਤਪੇਂਦਾ ਜੇਠ ਦਾ, ਹਰ ਸ਼ੈਅ ਨੂੰ ਸਾੜਦਾ,
ਹਿਮਾਲਾ ਦੀ ਗੰਗਧਾਰ , ਮੇਰਾ ਅਰਜਨ ਗੁਰੂ।
ਦੇਣ ਦੇ ਲਈ ਹੌਸਲਾ, ਨਿਮਾਣੇ ਨਿਤਾਣਿਆਂ ਨੂੰ,
ਧੀਰਜ ਦਾ ਇਕ ਅੰਬਾਰ, ਮੇਰਾ ਅਰਜਨ ਗੁਰੂ।
ਪੀੜ ਪੀਤੀ ਜਗਤ ਦੀ, ਤੱਤੀ ਤਵੀ ‘ਤੇ ਬੈਠ ਕੇ,
ਹੈ ਦੁਖੀਆਂ ਦਾ ਗ਼ਮਖਾਰ, ਮੇਰਾ ਅਰਜਨ ਗੁਰੂ।
ਡਿੱਠਾ ਨਾ ਕਿਧਰੇ ਹੋਰ, ਹਰਿਮੰਦਰ ਜੋ ਸਾਜਿਆ,
ਐਸਾ ਉਹ ਇਮਾਰਤਕਾਰ, ਮੇਰਾ ਅਰਜਨ ਗੁਰੂ।
ਪਰੋਸ ਕੇ ਵਿਚ ਥਾਲ ਦੇ, ਮਨੁੱਖਤਾ ਨੂੰ ਦੇ ਗਿਆ,
ਸੱਤ, ਸੰਤੋਖ ਅਤੇ ਵਿਚਾਰ, ਮੇਰਾ ਅਰਜਨ ਗੁਰੂ।
ਸਿਰੜ, ਸਿਦਕ,  ਸਦਾਕਤ ਦਾ ਉਹ ਮੁਜੱਸਮਾ,
ਹੈ ਬਾਣੀ ਦਾ ਸ਼ਾਹਸਵਾਰ, ਮੇਰਾ ਅਰਜਨ ਗੁਰੂ।
ਇਕੋ ਖੁਦਾ ਦਾ ਨੂਰ , ਸਭਨਾਂ ਵਿਚ ਉਹ ਦੇਖਦਾ,
ਮੀਆਂ ਮੀਰ ਦਾ ਯਾਰ ਉਹ, ਮੇਰਾ ਅਰਜਨ ਗੁਰੂ।
ਕੋਹੜੀਆਂ ਦੇ ਬੰਨ੍ਹੇ ਪੱਟੀਆਂ, ਉਹ ਹੱਥੀਂ ਆਪਣੀਂ,
ਉਹ  ਦੂਖ ਨਿਵਾਰਣਹਾਰ, ਮੇਰਾ ਅਰਜਨ ਗੁਰੂ।
ਜ਼ੁਲਮ ਕਰਨੇ ਵਾਲਿਆਂ ਦਾ, ਭਲਾ ਹਮੇਸ਼ਾ ਮੰਗਦਾ,
ਹੈ ਸਭ  ਨੂੰ  ਬਖ਼ਸ਼ਣਹਾਰ,  ਮੇਰਾ ਅਰਜਨ ਗੁਰੂ।
ਐਸੀ ਨਾ ਦੇਖੀ ਇੰਤਹਾ, ਜ਼ੁਲਮ ਦੀ ਪਹਿਲਾਂ ਕਦੇ,
ਸ਼ਹੀਦਾਂ ਦਾ ਸਿਰਦਾਰ ਤਾਂਹੀਂ, ਮੇਰਾ ਅਰਜਨ ਗੁਰੂ।
ਨਿਰਮਲ ਸਿੰਘ ਕੰਧਾਲਵੀ

ਵਿਕਾਸ - ਨਿਰਮਲ ਸਿੰਘ ਕੰਧਾਲਵੀ

ਮਾਰਕੀਟ ‘ਚ ਇਕ ਦਿਨ ਇਕ ਮਿੱਤਰ ਮਿਲਿਆ ਜੋ ਅਠਾਰਾਂ ਸਾਲ ਬਾਅਦ ਪੰਜਾਬ ਜਾ ਕੇ ਆਇਆ ਸੀ। ਮੈਂ ਪੰਜਾਬ ਦਾ ਹਾਲ ਚਾਲ ਪੁੱਛਿਆ ਤਾਂ ਉਹ ਬੜੀ ਬੁਝੀ ਹੋਈ ਆਵਾਜ਼ ‘ਚ ਬੋਲਿਆ, “ ਕੀ ਦੱਸਾਂ ਯਾਰ, ਪੰਜਾਬ ਉਹ ਪੰਜਾਬ ਹੀ ਨਹੀਂ ਲਗਦਾ। ਸਭ ਕੁਝ ਹੀ ਬਦਲਿਆ ਬਦਲਿਆ ਲਗਦਾ ਉਥੇ ਜਾ ਕੇ। ਲੋਕਾਂ ‘ਚ ਉਹ ਮੋਹ ਪਿਆਰ ਨਹੀਂ, ਤੁਸੀਂ ਕਿਸੇ ਨੂੰ ਅੱਗੇ ਹੋ ਕੇ ਬੁਲਾ ਲਉ ਤਾਂ ਬੁਲਾ ਲਉ ਨਹੀਂ ਤਾਂ ਅਗਲਾ ਹੋਰੂੰ ਜਿਹਾ ਝਾਕਦਾ ਅਗਾਂਹ ਨਿਕਲ ਜਾਂਦਾ ਹੈ, ਹਾਲਾਂਕਿ ਐਸੀ ਗੱਲ ਨਹੀਂ ਕਿ ਉਹ ਤੁਹਾਨੂੰ ਜਾਣਦਾ ਨਹੀਂ ਹੁੰਦਾ।”
ਮੈਂ ਉਸ ਨੂੰ ਤਸੱਲੀ ਦੇਣ ਲਈ ਕਿਹਾ, “ ਇਹ ਤਾਂ ਸਾਰੀ ਦੁਨੀਆਂ ‘ਚ ਹੀ ਹੋ ਰਿਹੈ, ਜਿਉਂ ਜਿਉਂ ਸਮਾਜਾਂ ਵਿਚ ਵਧੇਰੇ ਪੈਸਾ, ਵਧੇਰੇ ਮਟੀਰੀਅਲ ਵਧ ਰਿਹਾ ਉਵੇਂ ਉਵੇਂ ਹੀ ਮਨੁੱਖ, ਮਨੁੱਖ ਤੋਂ ਦੂਰ ਹੋਈ ਜਾ ਰਿਹੈ, ਪਰ ਚਲੋ ਵਿਕਾਸ ਤਾਂ ਹੋ ਰਿਹੈ ਨਾ, ਹਰ ਵੇਲੇ ਵਿਕਾਸ ਵਿਕਾਸ ਹੀ ਸਰਕਾਰਾਂ ਕੂਕਦੀਆਂ, ਇਸ ਬਾਰੇ ਤੇਰਾ ਕੀ ਵਿਚਾਰ ਐ?”
“ ਲੈ ਵਿਕਾਸ ਵੀ ਦੇਖ ਲੈ,” ਕਹਿ ਕੇ ਉਸ ਨੇ ਜੇਬ ‘ਚੋਂ ਮੋਬਾਈਲ ਫੂਨ ਕੱਢਿਆ ਤੇ ਦੋ ਦੋ ਤਿੰਨ ਤਿੰਨ ਮਿਨਟ ਦੀਆਂ ਵੀਡੀਓ ਦਿਖਾਈਆਂ। ਇਕ ਵੀਡੀਓ ਕਿਸੇ ਵੱਡੇ ਸ਼ਹਿਰ ਦੀ ਸੀ ਜਿੱਥੇ ਸੜਕ ਦੇ ਕੰਢੇ ਕੂੜੇ ਦਾ ਇਕ ਬਹੁਤ ਵੱਡਾ ਢੇਰ ਲੱਗਿਆ ਹੋਇਆ ਸੀ। ਕੂੜੇ ਨੂੰ ਕਾਂ, ਕੁੱਤੇ ਫੋਲ ਰਹੇ ਸਨ। ਗਰਮੀ ਦਾ ਮੌਸਮ ਸੀ ਤੇ ਕੂੜੇ ਦੀ ਬਦਬੂ ਵੀ ਦੂਰ ਦੂਰ ਤੱਕ ਜਾਂਦੀ ਹੋਵੇਗੀ। ਹੈਰਾਨੀ ਵਾਲ਼ੀ ਗੱਲ ਇਹ ਸੀ ਕਿ ਕੂੜੇ ਦੇ ਢੇਰ ਤੋਂ ਥੋੜ੍ਹੀ ਦੂਰ ਹੀ ਦੁਲਹਨਾਂ ਵਾਂਗ ਸਜੀਆਂ ਰੇਹੜ੍ਹੀਆਂ ‘ਤੇ ਖੜ੍ਹੇ ਲੋਕ ਗੋਲ-ਗੱਪੇ, ਚਾਟ ਅਤੇ ਆਈਸ ਕਰੀਮ ਆਦਿਕ ਚਟਕਾਰੇ ਲੈ ਲੈ ਕੇ ਖਾ ਰਹੇ ਸਨ ਤੇ ਨੇੜੇ ਹੀ ਕੁੱਤੇ ਸੁੱਟੇ ਹੋਏ ਡੂਨਿਆਂ ਤੇ ਆਈਸ-ਕਰੀਮ ਦੇ ਕੱਪਾਂ ਵਿਚ ਮੂੰਹ ਮਾਰ ਰਹੇ ਸਨ।
ਵੀਡੀਓ ਦੇਖ ਕੇ ਮੈਂ ਫੂਨ ਉਸ ਨੂੰ ਫੜਾਇਆ ਤਾਂ ਉਹ ਸਵਾਲੀਆ ਲਹਿਜ਼ੇ ‘ਚ ਬੋਲਿਆ, “ ਕਿਹੜੇ ਵਿਕਾਸ ਦੀ ਗੱਲ ਕਰਦੈਂ ਯਾਰ? ਜਿਹੜਾ ਦੇਸ਼ ਪੰਝੱਤਰ ਸਾਲਾਂ ‘ਚ ਆਪਣੇ ਕੂੜੇ ਦਾ ਬੰਦੋਬਸਤ ਹੀ ਨਹੀਂ ਕਰ ਸਕਿਆ, ਉੱਥੇ ਕਿਹੜਾ ਵਿਕਾਸ, ਕਾਹਦਾ ਵਿਕਾਸ।”
ਵੀਡੀਓ ਦੇਖ ਕੇ ਮੈਨੂੰ ਅੱਜ ਤੋਂ ਪੰਜਤਾਲੀ ਸਾਲ ਪਹਿਲਾਂ ਦਾ ਅਜਿਹਾ ਹੀ ਸੀਨ ਯਾਦ ਆ ਗਿਆ। ਕਾਲਜ ਦੀ ਪੜ੍ਹਾਈ ਲਈ ਮੈਂ ਸ਼ਹਿਰ ਦੇ ਕਾਲਜ ‘ਚ ਦਾਖਲਾ ਲੈ ਲਿਆ। ਰੋਜ਼ਾਨਾ ਹੀ ਬਸ ‘ਤੇ ਆਉਣ ਜਾਣ ਕਰਦਾ। ਨੇੜਲੇ ਇਕ ਪਿੰਡ ਦੇ ਦੋ ਮੁੰਡੇ ਨਛੱਤਰ ਅਤੇ ਸੁਰਜੀਤ ਵੀ ਉਸੇ ਬਸ ਵਿਚ ਹੀ ਜਾਂਦੇ। ਹੌਲੀ ਹੌਲੀ ਸਾਡੀ ਤਿੰਨਾਂ ਦੀ ਦੋਸਤੀ ਹੋ ਗਈ। ਨਛੱਤਰ ਬੜਾ ਟਿੱਚਰੀ ਤੇ ਗੱਲਕਾਰ ਤੇ ਸੁਰਜੀਤ ਬਹੁਤ ਘੱਟ ਬੋਲਣ ਵਾਲਾ। ਬਸ ਅੱਡੇ ‘ਤੇ ਉੱਤਰ ਕੇ ਅਸੀਂ ਬੜਾ ਘੁੰਮ ਕੇ ਕਾਲਜ ਨੂੰ ਜਾਂਦੇ। ਫਿਰ ਪਤਾ ਲੱਗਿਆ ਕਿ ਗਲੀਆਂ ਵਿਚੀਂ ਲੰਘ ਕੇ ਕਾਲਜ ਬਹੁਤੀ ਦੂਰ ਨਹੀਂ ਸੀ। ਅਸੀਂ ਇਹ ਰਸਤਾ ਲੱਭ ਲਿਆ। ਮਹੀਨੇ ਕੁ ਬਾਅਦ ਇਕ ਦਿਨ ਨਛੱਤਰ ਕਹਿਣ ਲੱਗਾ, “ ਮੇਰੀ ਅੰਤਰਆਤਮਾ ਕਹਿੰਦੀ ਐ ਬਈ ਜੇ ਐਸ ਗਲੀ ਰਾਹੀਂ ਜਾਈਏ ਤਾਂ ਬਸ ਅੱਡਾ ਹੋਰ ਵੀ ਨੇੜੇ ਪਊ।”
ਸੁਰਜੀਤ ਬੋਲਿਆ, “ ਜੇ ਅੱਗਿਉਂ ਰਸਤਾ ਬੰਦ ਹੋਇਆ ਤਾਂ ਫੇਰ ਮੁੜ ਕੇ ਆਉਣਾ ਪਊ।”
ਮੈਂ ਕਿਹਾ, “ ਕੋਈ ਨਾ, ਮੁੜ ਆਵਾਂਗੇ, ਬਥੇਰੀਆਂ ਬੱਸਾਂ ਜਾਂਦੀਆਂ ਆਪਣੇ ਵਲ ਨੂੰ।”
ਥੋੜ੍ਹਾ ਅਗਾਂਹ ਗਏ ਤਾਂ ਇਕ ਮਾਤਾ ਜੀ ਆਪਣੇ ਘਰ ਅੱਗੇ ਖੜ੍ਹੀ ਸੀ। ਉਸ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ, “ ਪੁੱਤ ਰਿਸ਼ਕਾ ਸ਼ੈਂਕਲ ਬਗੈਰਾ ਤਾਂ ਨਈਂ ਲੰਘਦਾ, ਊਂ ਬੰਦਾ ਲੰਘਣ ਜੋਗਾ ਲਾਂਘਾ ਹੈਗਾ।” ਮਾਤਾ ਦੇ ਦੱਸਣ ਨਾਲ ਸਾਨੂੰ ਹੌਸਲਾ ਹੋਇਆ ਤੇ ਅਸੀਂ ਅਗਾਂਹ ਤੁਰ ਪਏ।
ਥੋੜ੍ਹੀ ਦੂਰ ਗਏ ਤਾਂ ਤੰਦੂਰੀ ਰੋਟੀਆਂ ਤੇ ਮਾਂਹ ਦੀ ਤੜਕੇ ਵਾਲ਼ੀ ਦਾਲ਼ ਦੀ ਖ਼ੁਸ਼ਬੂ ਨੇ ਸਾਡੀਆਂ ਨਾਸਾਂ ਫ਼ਰਕਣ ਲਾ ਦਿਤੀਆਂ। ਸੁਰਜੀਤ ਬੋਲਿਆ, “ ਬਈ ਸੱਜਣੋਂ ਕਿਸੇ ਦੇ ਘਰੇ ਤੰਦੂਰੀ ਰੋਟੀਆਂ ਬਣਦੀਆਂ।”
ਨਛੱਤਰ ਇਕ ਦਮ ਬੋਲ ਉੱਠਿਆ, “ ਬਈ ਮੇਰੀ ਅੰਤਰਆਤਮਾ ਕਹਿੰਦੀ ਐ ਇਧਰ ਨੇੜੇ ਤੇੜੇ ਜ਼ਰੂਰ ਕੋਈ ਢਾਬਾ ਐ।”
ਮੈਂ ਕਿਹਾ, “ ਯਾਰ ਕੋਈ ਅਕਲ ਦੀ ਦੁਆਈ ਖਾਹ, ਢਾਬੇ ਵੱਡੀਆਂ ਸੜਕਾਂ ਦੇ ਕੰਢੇ ਹੁੰਦੇ ਆ, ਇਥੇ ਗਲੀਆਂ ‘ਚ ਢਾਬਾ ਕਿੱਥੋਂ ਆ ਗਿਆ, ਨਾਲੇ ਇਹ ਤਾਂ ਗਲ਼ੀ ਵੀ ਅੱਗਿਉਂ ਬੰਦ ਐ, ਢਾਬੇ ਵਾਲ਼ੇ ਨੇ ਭੁੱਖੇ ਮਰਨਾ।”
ਉਹੋ ਗੱਲ ਹੋਈ ਥੋੜ੍ਹਾ ਅੱਗੇ ਗਏ ਤਾਂ ਸੱਚੀਂ ਇਕ ਖਾਲੀ ਪਲਾਟ ਵਿਚ ਢਾਰੇ ਜਿਹੇ ਦੇ ਹੇਠਾਂ ਉਚੀ ਜਿਹੀ ਥਾਂ ‘ਤੇ ਢਾਬਾ ਸੀ। ਹੱਥ ਧੋਣ ਵਾਲ਼ੀ ਪਾਣੀ ਦੀ ਟੈਂਕੀ ਉਪਰ ‘ਭਲਵਾਨ ਭਰਾਵਾਂ ਦਾ ਵੈਸ਼ਨੂੰ ਢਾਬਾ’ ਲਿਖਿਆ ਹੋਇਆ ਸੀ। ਨਛੱਤਰ ਨੇ ਜੇਤੂ ਅੰਦਾਜ਼ ਨਾਲ ਸਾਡੇ ਵਲ ਦੇਖਿਆ। ਸੁਰਜੀਤ ਮੇਰੇ ਨੇੜੇ ਹੋ ਕੇ ਕਹਿਣ ਲੱਗਾ, “ ਲਗਦੈ ਇਹ ਸਹੁਰੀ ਦਾ ਪਿਛਲੇ ਜਨਮ ‘ਚ ਕੋਈ ਰਿਸ਼ੀ ਮੁਨੀ ਸੀਗਾ ਜਿਹੜਾ ਆਪਣੀ ਅੰਤਰਆਤਮਾ ਵੀ ਨਾਲ ਹੀ ਚੁੱਕ ਲਿਆਇਆ ਏਸ ਮਾਤਲੋਕ ਵਿਚ।”
ਤੰਦੂਰੀ ਰੋਟੀਆਂ ਦੀ ਮਹਿਕ ਨੇ ਸਾਡੇ ਪੈਰਾਂ ਨੂੰ ਬਰੇਕਾਂ ਲਾ ਦਿਤੀਆਂ। ਸਾਡੀਆਂ ਅੱਖਾਂ ਨੇ ਆਪਸ ਵਿਚ ਹੀ ਗਿਟਮਿਟ ਕੀਤੀ ਤੇ ਫ਼ੈਸਲਾ ਕਰ ਲਿਆ ਕਿ ਰੋਟੀ ਖਾਧੀ ਜਾਵੇ ਤੇ ਅਸੀਂ ਹੱਥ ਧੋ ਕੇ ਥੜ੍ਹੇ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਜਾ ਬੈਠੇ। ਅਨਘੜਤ ਜਿਹੇ ਮੇਜ ਅਤੇ ਬੈਂਚ ਬੈਠਣ ਲਈ।
ਗੱਦੀ ਉੱਪਰ ਪੰਜਾਹ ਕੁ ਸਾਲ ਦੀ ਉਮਰ ਦਾ ਇਕ ਸੱਜਣ ਬੈਠਾ ਸੀ, ਉਸ ਦੇ ਅੱਗੇ ਚਾਰ ਪੰਜ ਪਤੀਲੇ, ਨਿਹੰਗਾਂ ਦੇ ਡੋਲ ਵਾਂਗ ਮਾਂਜੇ ਹੋਏ, ਪਏ ਸਨ ਤੇ ਇਕ ਪਾਸੇ ਗੱਲਾ ਪਿਆ ਸੀ। ਉਸ ਨੇ ਇਸ਼ਾਰੇ ਨਾਲ ਹੀ ਸਾਨੂੰ ਜੀ ਆਇਆਂ ਕਿਹਾ। ਥੋੜ੍ਹੀ ਹੀ ਦੂਰ ‘ਤੇ ਤੰਦੂਰ ਸੀ ਜਿਸ ਦੇ ਨੇੜੇ ਰੋਟੀਆਂ ਲਾਉਣ ਵਾਲਾ ਸੱਜਣ ਬੈਠਾ ਸੀ। ਉਨ੍ਹਾਂ ਦੋਵਾਂ ਦੀ ਵਰਦੀ ਇਕੋ ਜਿਹੀ ਤੇ ਉਨ੍ਹਾਂ ਦੀਆਂ ਸ਼ਕਲਾਂ ਵੀ ਇਕ ਦੂਜੇ ਨਾਲ ਮਿਲਦੀਆਂ। ਪਿਛਲੇ ਪਾਸੇ ਦੀ ਕੰਧ ਵਿਚ ਇਕ ਦਰਵਾਜ਼ਾ ਸੀ ਜਿਸ ਉੱਪਰ ਇਕ ਚਾਦਰ ਜਿਹੀ ਟੰਗ ਕੇ ਪਰਦਾ ਕੀਤਾ ਹੋਇਆ ਸੀ। ਪਰਦਾ ਚੁੱਕ ਕੇ ਇਕ ਬੰਦਾ ਅੰਦਰ ਆਇਆ, ਉਸ ਦਾ ਪਹਿਰਾਵਾ ਵੀ ਦੂਜੇ ਦੋਵਾਂ ਵਰਗਾ ਤੇ ਸ਼ਕਲ ਵੀ ਉਨ੍ਹਾਂ ਵਰਗੀ। ਸਾਨੂੰ ਸਮਝਣ ‘ਚ ਦੇਰ ਨਾ ਲੱਗੀ ਕਿ ਢਾਬੇ ਦਾ ਨਾਮ ਭਰਾਵਾਂ ਦਾ ਢਾਬਾ ਕਿਉਂ ਸੀ। ਬਾਹਰੋਂ ਆਏ ਬੰਦੇ ਨੇ ਸਾਨੂੰ ਪੁੱਛਿਆ, “ ਹਾਂ ਜੀ, ਤਿੰਨ ਥਾਲ਼ੀਆਂ!
ਅਸੀਂ ਜਦੋਂ ਪੁੱਛਿਆ ਕਿ ਕੀ ਕੀ ਬਣਾਇਐ ਤਾਂ ਉਹ ਬੋਲਿਆ, “ ਸਾਢੇ ਢਾਬੇ ਦੀ ਤਾਂ ਮਾਂਹ ਦੀ ਦਾਲ਼ ਮਸ਼ਹੂਰ ਐ ਜੀ, ਬਾਕੀ ਇਕ ਅੱਧੀ ਮੌਸਮੀ ਸਬਜ਼ੀ ਹੁੰਦੀ ਐ ਜੀ, ਨਾਲ ਰਾਇਤਾ ਤੇ ਸਲਾਦ ਹੁੰਦੈ ਬੱਸ।”
ਅਸੀਂ ਉਸ ਨੂੰ ਤਿੰਨ ਥਾਲ਼ੀਆਂ ਲਿਆਉਣ ਲਈ ਕਹਿ ਦਿਤਾ। ਸ਼ਾਇਦ ਪਹਿਲੀ ਵਾਰ ਢਾਬੇ ‘ਤੇ ਆਉਣ ਕਰ ਕੇ ਸਾਡੀ ਦਾਲ਼ ‘ਚ ਵਿਸ਼ੇਸ਼ ਤੌਰ ‘ਤੇ ਇਕ ਇਕ ਚਮਚਾ ਮੱਖਣ ਦਾ ਵੀ ਪਾਇਆ ਗਿਆ। ਖਾਣਾ ਵਾਕਿਆ ਹੀ ਬਹੁਤ ਸੁਆਦ ਸੀ। ਰੋਟੀ ਖਾ ਕੇ ਜਦੋਂ ਟੰਕੀ ‘ਤੇ ਹੱਥ ਧੋਣ ਗਏ ਤਾਂ ਟੰਕੀ ਖਾਲੀ ਸੀ। ਸਾਨੂੰ ਕਿਹਾ ਗਿਆ ਕਿ ਪਿਛਲੇ ਪਾਸੇ ਨਲਕੇ ‘ਤੇ ਹੱਥ ਧੋ ਲਈਏ। ਪਰਦਾ ਚੁੱਕ ਕੇ ਜਦੋਂ ਨਲਕੇ ਤਾਂ ਪਹੁੰਚੇ ਤਾਂ ਖਾਧੀ ਹੋਈ ਰੋਟੀ ਦਾ ਸਾਰਾ ਸੁਆਦ ਕਿਰਕਿਰਾ ਹੋ ਗਿਆ। ਰੋਟੀ ਬਾਹਰ ਆਉਣ ਨੂੰ ਕਰੇ। ਨਲਕੇ ਦੇ ਨੇੜੇ ਜੂਠੇ ਭਾਂਡਿਆਂ ਦਾ ਢੇਰ ਲੱਗਿਆ ਹੋਇਆ ਸੀ ਤੇ ਦੋ ਤਿੰਨ ਕੁੱਤੇ ਜੂਠੇ ਭਾਂਡਿਆਂ ਨੂੰ ਚੱਟ ਕੇ ‘ਸੇਵਾ’ ਕਰ ਰਹੇ ਸਨ। ਬੜੇ ‘ਭਲੇਮਾਣਸ’ ਜਿਹੇ ਕੁੱਤੇ ਸਨ। ਸਾਡੇ ਵਲ ਉਨ੍ਹਾਂ ਨੇ ਕੋਈ ਧਿਆਨ ਨਾ ਦਿਤਾ ਤੇ ਆਪਣੀ ‘ਸੇਵਾ’ ‘ਚ ਮਸਤ ਰਹੇ। ਹੱਥ ਧੋ ਕੇ ਅੰਦਰ ਆਏ ਤਾਂ ਨਛੱਤਰ ਗੱਦੀ ‘ਤੇ ਬੈਠੇ ਸੱਜਣ ਨੂੰ ਮੁਖਾਤਿਬ ਹੋ ਕੇ ਬੋਲਿਆ, “ ਭਲਵਾਨ ਜੀ, ਔਹ ਕੁੱਤੇ ਅਵਾਰਾ ਨੇ ਜਾਂ ਜੂਠੇ ਭਾਂਡਿਆਂ ਦੀ ‘ਸੇਵਾ’ ਲਈ ਰੱਖੇ ਹੋਏ ਐ।”
ਭਲਵਾਨ ਨਛੱਤਰ ਦੀ ਟਿੱਚਰ ਨੂੰ ਸਮਝ ਗਿਆ ਤੇ ਹੀਂ ਹੀਂ ਕਰ ਕੇ ਬੋਲਿਆ, “ ਓ ਜੀ ਅੱਜ ਮੁੰਡੂ ਨੀ ਆਇਆ ਕੰਮ ‘ਤੇ ਉਹਦੀ ਮਾਂ ਬਿਮਾਰ ਐ, ਟੰਕੀ ‘ਚ ਪਾਣੀ ਵੀ ਉਹੀ ਭਰਦੈ ਹੁੰਦੈ ਜੀ।” ਤੇ ਨਾਲ ਹੀ ਉਸ ਨੇ ਨਲਕੇ ਵਲ ਨੂੰ ਇਸ਼ਾਰਾ ਕਰ ਕੇ ਹੋਕਰਾ ਮਾਰਿਆ, “ ਓਏ ਜੱਗਿਆ, ਔਹ ਕਤੀੜ ਨੂੰ ਕੱਢ ਬਾਹਰ, ਮਾਰ ਇਹਨਾਂ ਦੇ ਇਕ ਇਕ ਢੂਈ ‘ਤੇ।”
“ਭਲਵਾਨ ਜੀ, ਜੇ ਕਿਧਰੇ ਹੈਲਥ ਵਾਲਿਆਂ ਨੇ ਛਾਪਾ ਮਾਰ ਲਿਆ ਤਾਂ ਹੋਰ ਪੰਗਾ ਖੜ੍ਹਾ ਹੋ ਜਾਊ ਤੁਹਾਡੇ ਲਈ,” ਨਛੱਤਰ ਕਦੋਂ ਟਲਣ ਵਾਲ਼ਾ ਸੀ, ਉਹਨੇ ਹੋਰ ਟੋਣਾ ਲਾ ਦਿਤਾ।
“ ਆਉਂਦੇ ਈ ਰਹਿੰਦੇ ਆ ਜੀ, ਨਾਲ਼ੇ ਰੋਟੀ ਖਾ ਜਾਂਦੇ ਐ ਤੇ ਨਾਲ਼ ਡੱਬਿਆਂ ‘ਚ ਦਾਲ਼ ਪੁਆ ਕੇ ਲੈ ਜਾਂਦੇ ਐ ਘਰ ਵਾਲ਼ੀਆਂ ਲਈ,” ਭਲਵਾਨ ਬੜੀ ਬੇਪਰਵਾਹੀ ਨਾਲ਼ ਬੋਲਿਆ।
ਮੁੜ ਅਸੀਂ ਉਸ ਗਲ਼ੀ ਵਿਚੀਂ ਨਹੀਂ ਲੰਘੇ।

ਪ੍ਰਧਾਨਗੀ ਦਾ ਡਰਾਮਾ - ਨਿਰਮਲ ਸਿੰਘ ਕੰਧਾਲਵੀ

ਹੁਣੇ ਹੁਣੇ 28 ਅਕਤੂਬਰ 2024 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਡਰਾਮਾ ਖੇਡਿਆ ਗਿਆ। ਬਾਦਲ ਦਲ ਉਸੇ ਦਿਨ ਤੋਂ ਹੀ ਜਸ਼ਨ ਮਨਾ ਰਿਹੈ ਕਿ ਇਹ ਪੰਥ ਦੀ ਜਿੱਤ ਹੋਈ ਐ। ਕਿਹੜੇ ਪੰਥ ਦੀ ਜਿੱਤ ਬਈ? ਕੀ ਬਾਦਲ ਦਲ ਇਕੱਲਾ ਹੀ ਪੰਥ ਹੈ? ਪੰਥ ਤਾਂ ਬਾਹਰ ਬੈਠਾ ਹੈ ਜਿਸ ਨੇ ਇਨ੍ਹਾਂ ਨੂੰ 2017 ਤੋਂ ਅੱਜ ਤਾਈਂ ਚੋਣਾਂ ‘ਚ ਧੂੜ ਚਟਾਈ ਹੈ। ਹੁਣ ਤਾਂ ਇਹ ਹਾਲ ਹੋ ਗਿਐ ਕਿ ਬਾਦਲ ਦਲ ਜ਼ਿਮਨੀ ਚੋਣਾਂ ‘ਚੋਂ ਹੀ ਭਗੌੜਾ ਹੋ ਗਿਐ। ਵਿਰੋਧੀ ਇਨ੍ਹਾਂ ਨੂੰ ਬੋਲੀਆਂ ਮਾਰ ਰਹੇ ਹਨ। ਸਿਆਸੀ ਮਾਹਰ ਇਹ ਵੀ ਕਹਿ ਰਹੇ ਹਨ ਕਿ ਬਾਦਲ ਦਲ ਇਹ ਚਾਲ ਚਲ ਕੇ ਆਪਣੇ ਧੜੇ ਦੀ ਸਾਰੀ ਵੋਟ ਭਾਜਪਾ ਉਮੀਦਵਾਰਾਂ ਨੂੰ ਭੁਗਤਾ ਕੇ ਉਸ ਨਾਲ ਨੇੜਤਾ ਵਧਾਉਣ ਦੇ ਯਤਨ ‘ਚ ਹੈ। ਜਿਵੇਂ ਪਿੰਡਾਂ ਵਿਚ ਕਿਸਾਨਾਂ ਦਾ ਵੱਟ ਦਾ ਰੌਲ਼ਾ ਹੁੰਦਾ ਹੈ, ਇਹ ਚੋਣ ਵੀ ਇਨ੍ਹਾਂ ਦਾ ਏਸੇ ਪ੍ਰਕਾਰ ਦਾ ਮਸਲਾ ਸੀ। ਸੂਝਵਾਨ ਲੋਕਾਂ ਨੂੰ ਤਾਂ ਇਸ ਚੋਣ ਦੇ ਨਤੀਜੇ ਦਾ ਪਹਿਲਾਂ ਹੀ ਪਤਾ ਸੀ ਪਰ ਕੁਝ ਲੋਕ ਹਵਾ ‘ਚ ਤਰਦੇ ਅੱਖਰਾਂ ਨੂੰ ਹੀ ਜੋੜ ਕੇ ਸਮਝ ਰਹੇ ਸਨ ਕਿ ਸ਼ਾਇਦ ਕੋਈ ਬਦਲਾਅ ਆ ਜਾਵੇਗਾ। ਬੀਬੀ ਜਗੀਰ ਕੌਰ ਨੇ ਆਪਣੇ ਧੜੇ ਦੀ ਹਾਰ ਦਾ ਭਾਂਡਾ ਮਰੀ ਹੋਈ ਜ਼ਮੀਰ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸਿਰ ਭੰਨਿਆਂ ਹੈ। ਬਾਦਲ ਦਲ ਦੀ ਇਸ ਜਿੱਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਹੇਠ ਲਿਖੀ ਕਹਾਣੀ ਪਾਠਕਾਂ ਲਈ ਹਾਜ਼ਰ ਹੈ।
ਮੁਗ਼ਲਾਂ ਦੇ ਦੌਰ ਦੀ ਗੱਲ ਹੈ ਕਿ ਇਕ ਤੇਲੀ ਅਤੇ ਜੁਲਾਹੇ ਦਾ ਥਾਂ ਦਾ ਝਗੜਾ ਸੀ, ਅਸਲ ‘ਚ ਤੇਲੀ ਧੱਕੇ ਨਾਲ ਹੀ ਜੁਲਾਹੇ ਦਾ ਥੋੜ੍ਹਾ ਜਿਹਾ ਥਾਂ ਦੱਬ ਰਿਹਾ ਸੀ। ਜੁਲਾਹੇ ਨੇ ਕਾਜ਼ੀ ਕੋਲ ਸ਼ਿਕਾਇਤ ਕੀਤੀ। ਉਨ੍ਹਾਂ ਸਮਿਆਂ ‘ਚ ਜੱਜਾਂ ਦਾ ਕੰਮ ਕਾਜ਼ੀ ਹੀ ਕਰਿਆ ਕਰਦੇ ਸਨ। ਜੁਲਾਹੇ ਨੂੰ ਪਤਾ ਸੀ ਕਿ ਕਾਜ਼ੀ ਰਿਸ਼ਵਤਖੋਰ ਹੈ। ਉਸ ਗ਼ਰੀਬ ਬੰਦੇ ਨੇ ਬੜੀ ਮਿਹਨਤ ਨਾਲ ਆਪਣੀ ਖੱਡੀ ‘ਤੇ ਇਕ ਪੱਗ ਤਿਆਰ ਕੀਤੀ ਤੇ ਕਾਜ਼ੀ ਨੂੰ ਭੇਂਟ ਕੀਤੀ ਤੇ ਬੇਨਤੀ ਕੀਤੀ ਕਿ ਉਸ ਨਾਲ਼ ਇਨਸਾਫ਼ ਕੀਤਾ ਜਾਵੇ। ਵੱਢੀਖੋਰ ਕਾਜ਼ੀਆਂ ਬਾਰੇ ਤਾਂ ਗੁਰੂ ਪਾਤਸ਼ਾਹ ਨੇ ਵੀ ਆਪਣੀ ਬਾਣੀ ‘ਚ ਲਿਖਿਆ ਹੈ, ‘…… ਕਾਜ਼ੀ ਹੋਇ ਕੈ ਬਹੈ ਨਿਆਇ।। ਫੇਰੇ ਤਸਬੀ ਕਰੇ ਖੁਦਾਇ।। ਵਢੀ ਲੈ ਕੇ ਹਕ ਗਵਾਇ।।............ਗੁ.ਗ੍ਰੰ.ਸਾ. ਅੰਗ 951
ਉਧਰ ਤੇਲੀ ਵੀ ਕਾਜ਼ੀ ਦੇ ਕਿਰਦਾਰ ਨੂੰ ਜਾਣਦਾ ਸੀ। ਉਸ ਪਾਸ ਇਕ ਬਹੁਤ ਵਧੀਆ ਨਸਲ ਦਾ ਬਲਦ ਸੀ। ਤੇਲੀ ਨੇ ਇਕ ਦਿਨ ਉਹ ਬਲਦ ਕਾਜ਼ੀ ਦੇ ਤਬੇਲੇ ‘ਚ ਜਾ ਬੰਨ੍ਹਿਆਂ ਤੇ ਕਾਜ਼ੀ ਨੂੰ ਅਰਜ਼ ਕੀਤੀ ਕਿ ਫ਼ੈਸਲਾ ਉਸ ਦੇ ਹੱਕ ਵਿਚ ਕਰੇ।
ਖ਼ੈਰ, ਮਿਥੇ ਦਿਨ ‘ਤੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ। ਕਾਜ਼ੀ ਦਾ ਝੁਕਾਉ ਵਾਰ ਵਾਰ ਤੇਲੀ ਵਲ ਨੂੰ ਜਾਵੇ। ਉਧਰ ਜੁਲਾਹਾ ਵੀ ਆਪਣੀ ਪੱਗ ਨੂੰ ਹੱਥ ਲਾ ਕੇ ਕਾਜ਼ੀ ਨੂੰ ਦਿਤੀ ਹੋਈ ਪੱਗ ਯਾਦ ਕਰਵਾਵੇ ਤੇ ਇਸ਼ਾਰੇ ਨਾਲ ਕਹੇ ਕਿ ਉਹ ਉਸ ਦੀ ਪੱਗ ਦੀ ਲਾਜ ਰੱਖੇ ਤੇ ਫ਼ੈਸਲਾ ਉਸ ਦੇ ਹੱਕ ‘ਚ ਦੇਵੇ, ਪਰ ਕਾਜ਼ੀ ਉਸ ਦੀ ਗੱਲ ਹੀ ਨਾ ਸੁਣੇ ਤੇ ਤੇਲੀ ਦੇ ਹੱਕ ਵਿਚ ਹੀ ਦਲੀਲਾਂ ਦੇਵੇ। ਜੁਲਾਹੇ ਦੇ ਮਿੰਨਤ ਤਰਲੇ ਕੁਝ ਨਹੀਂ ਸਨ ਕਰ ਰਹੇ। ਪਰ੍ਹਿਆ ‘ਚ ਬੈਠੇ ਇਕ ਸੱਜਣ ਨੂੰ ਤੇਲੀ ਵਲੋਂ ਕਾਜ਼ੀ ਨੂੰ ਦਿਤੇ ਗਏ ਬਲਦ ਬਾਰੇ ਪਤਾ ਸੀ। ਉਸ ਨੇ ਹੌਲੀ ਜਿਹੇ ਜੁਲਾਹੇ ਦੇ ਕੰਨ ‘ਚ ਕਿਹਾ, ‘ ਭਲਿਆ ਲੋਕਾ, ਤੈਨੂੰ ਇਥੋਂ ਕੁਝ ਨਹੀਂ ਲੱਭਣਾ, ਤੇਰੀ ਪੱਗ ਨੂੰ ਬਲਦ ਖਾ ਗਿਐ।“
ਸੋ ਬੀਬੀ ਜਗੀਰ ਕੌਰ ਜੀ, ਜਿਹੜੇ ਕਮੇਟੀ ਮੈਂਬਰਾਂ ਨੇ ਪਿਛਲੇ ਪੱਚੀ ਤੀਹ ਸਾਲਾਂ ‘ਚ ਮੈਂਬਰੀ ਰਾਹੀਂ ਆਪਣੀਆਂ ਨਿੱਕੀਆਂ ਨਿੱਕੀਆਂ ਸਲਤਨਤਾਂ ਕਾਇਮ ਕੀਤੀਆਂ ਹੋਈਆਂ ਹਨ, ਜਿੱਥੇ ਉਹ ਬੁੱਲ੍ਹੇ ਵੱਢ ਰਹੇ ਹਨ, ਕਿਹੜਾ ਮੂਰਖ ਚਾਹੇਗਾ ਕਿ ਉਹ ਆਪਣੇ ਹੱਥੀਂ ਆਪ ਹੀ ਆਪਣੀ ਸਲਤਨਤ ਨੂੰ ਤਬਾਹ ਕਰ ਲਵੇ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸਾਰਾ ਹੀਜ-ਪਿਆਜ਼ ਸੋਸ਼ਲ ਮੀਡੀਆ ‘ਤੇ ਉਘਾੜ ਕੇ ਸੰਗਤਾਂ ਦੇ ਸਾਹਮਣੇ ਰੱਖ ਦਿਤਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਦੀ ਬਾਂਦਰ-ਵੰਡ ਕਿਵੇਂ ਹੁੰਦੀ ਹੈ। ਇਸ ਚੋਣ ਵਿਚ ਵੀ ਸੁਣਿਆਂ ਜਾਂਦਾ ਹੈ ਕਿ ਕਰੋੜਾਂ ਰੁਪਏ ਦੀ ਖੇਡ ਹੋਈ ਹੈ। ਅੱਜ ਹੀ ਇਕ ਰੇਡੀਉ ‘ਤੇ ਪੰਜਾਬ ਤੋਂ ਇਕ ਬੁਲਾਰਾ ਦੱਸ ਰਿਹਾ ਸੀ ਕਿ ਕਈ ਸ਼੍ਰੋਮਣੀ ਕਮੇਟੀ ਮੈਂਬਰ ਦੋਵਾਂ ਪਾਸਿਉਂ ਤੋਂ ਹੀ ਗੱਫੇ ਲੈ ਗਏ। ਬਾਕੀ ਰਹੀ ਜ਼ਮੀਰਾਂ ਦੀ ਗੱਲ! ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਸੁਧਾਰ ਲਹਿਰ ਵਾਲੇ ਵੀ ਤਾਂ ਉਸ ਵੇਲੇ ਬਾਦਲਾਂ ਦੀ ਜੀ ਹਜ਼ੂਰੀ ‘ਚ ਸਨ ਜਦੋਂ ਬੇਅਦਬੀਆਂ ਹੋਈਆਂ, ਜਦੋਂ ਰਾਮ ਰਹੀਮ ਕੋਲ ਵੋਟਾਂ ਲਈ ਲੇਲ੍ਹੜੀਆਂ ਕੱਢਣ ਜਾਂਦੇ ਸੀ ਤੇ ਉਸ ਨੁੰ ਮੁਆਫ਼ੀਆਂ ਦਿੰਦੇ ਸੀ, ਪਾਠ ਕਰਦੀਆਂ ਸੰਗਤਾਂ ‘ਤੇ ਪੁਲਿਸ ਗੋਲੀਆਂ ਵਰ੍ਹਾਉਂਦੀ ਸੀ ਤੇ ਇਹ ਵੀ ਇਲਜ਼ਾਮ ਹੈ ਕਿ ਸੌਦਾ ਸਾਧ ਨੂੰ ਪੁਸ਼ਾਕ ਵੀ ਤੁਹਾਡੇ ਵਿਚੋਂ ਹੀ ਕੋਈ ਜਣਾ ਦੇਣ ਗਿਆ ਸੀ। ਬੀਬੀ ਜੀ, ਉਸ ਵੇਲੇ ਤੁਹਾਡੀਆਂ ਸਭ ਦੀਆਂ ਹੀ ਜ਼ਮੀਰਾਂ ਮਰੀਆਂ ਹੋਈਆਂ ਸਨ। ਹੁਣ ਤਾਂ ਗੁਰੂ ਸਾਹਿਬ ਨੂੰ ਹੀ ਸੰਗਤਾਂ ਬੇਨਤੀ ਕਰਨ ਕਿ ਉਹ ਪੰਥ ਨੂੰ ਕੋਈ ਰਾਹ ਦਿਖਾਵੇ।
===================================================================

ਮਹਾਂ-ਦਾਨੀ - ਨਿਰਮਲ ਸਿੰਘ ਕੰਧਾਲਵੀ

ਮੈਂ ਆਪਣੇ ਦੋਸਤ ਨਾਲ਼ ਉਸ ਦੇ ਜਾਣੂੰ, ਇਕ ਬਹੁਤ ਹੀ ਅਮੀਰ ਪਰਵਾਰ ਦੇ ਘਰੇ ਬੈਠਾ ਸਾਂ, ਜਿਨ੍ਹਾਂ ਦਾ ਕਾਫ਼ੀ ਵੱਡਾ ਕਾਰੋਬਾਰ ਹੈ। ਅਜੇ ਥੋੜ੍ਹਾ ਚਿਰ ਹੀ ਬੈਠਿਆਂ ਨੂੰ ਹੋਇਆ ਸੀ ਕਿ ਦਰਵਾਜ਼ੇ ‘ਤੇ ਘੰਟੀ ਖੜਕੀ। ਘਰ ਦੇ ਮਾਲਕ ਨੇ ਉਨ੍ਹਾਂ ਦੀ ਪੁੱਛ-ਗਿੱਛ ਕੀਤੀ ਅਤੇ ਸੀ.ਸੀ.ਟੀ.ਵੀ. ਤੋਂ ਚੰਗੀ ਤਰ੍ਹਾਂ ਉਨ੍ਹਾਂ ਦੀਆਂ ਸ਼ਕਲਾਂ ਦੇਖਣ ਤੋਂ ਬਾਅਦ ਇਲੈਕਟਰਾਨਿਕ ਦਰਵਾਜ਼ਾ ਖੋਲ੍ਹਿਆ ਤਾਂ ਦੋ ਸੱਜਣ ਅੰਦਰ ਆਏ। ਜਾਣ ਪਛਾਣ ਤੋਂ ਪਤਾ ਚਲਿਆ ਕਿ ਆਉਣ ਵਾਲੇ ਦੋਵੇਂ ਸੱਜਣ ਇਕ ਚੈਰਿਟੀ ਸੰਸਥਾ ਨਾਲ ਸਬੰਧਤ ਸਨ ਜਿਹੜੀ ਇਥੇ ਅਤੇ ਪੰਜਾਬ ਵਿਚ ਅਨੇਕਾਂ ਹੀ ਲੋੜਵੰਦ ਪਰਵਾਰਾਂ ਦੀ ਸਹਾਇਤਾ ਕਰਦੀ ਹੈ ਤੇ ਉਹ ਇਸੇ ਸਬੰਧ ਵਿਚ ਮਾਇਆ ਇਕੱਤਰ ਕਰ ਰਹੇ ਸਨ।
ਉਨ੍ਹਾਂ ਨੇ ਅੰਗਰੇਜ਼ੀ ਤੇ ਪੰਜਾਬੀ ‘ਚ ਲਿਖੇ ਹੋਏ ਪੈਂਫ਼ਲਿਟ ਦਿਤੇ ਜਿਨ੍ਹਾਂ ‘ਚ ਕੀਤੇ ਗਏ ਕੰਮਾਂ ਦੇ ਅਤੇ ਚਲ ਰਹੇ ਪਰਾਜੈਕਟਾਂ ਬਾਰੇ ਵੇਰਵੇ ਦਿਤੇ ਹੋਏ ਸਨ। ਉਨ੍ਹਾਂ ਨੇ ਬੜੀ ਨਿਮਰਤਾ ਨਾਲ ਘਰ ਦੇ ਮਾਲਕ ਮੀਆਂ ਬੀਵੀ ਨੂੰ ਵਧ ਚੜ੍ਹ ਕੇ ਮਾਇਆ ਦਾ ਯੋਗਦਾਨ ਪਾਉਣ ਲਈ ਬੇਨਤੀ ਕੀਤੀ।
ਘਰ ਦਾ ਮਾਲਕ, ਜੋ ਕਿ ਵੱਡੀ ਸਾਰੀ ਟੀ.ਵੀ.ਸਕਰੀਨ’ਤੇ ਕਰਿਕਟ ਦਾ ਮੈਚ ਵੇਖਣ ‘ਚ ਮਸਰੂਫ਼ ਸੀ, ਖੰਘੂਰਾ ਮਾਰ ਕੇ ਕਹਿਣ ਲੱਗਾ, “ ਅਸੀਂ ਤਾਂ ਜੀ ਚੈਰਿਟੀ ਦੇ ਕੰਮਾਂ ‘ਚ ਪਹਿਲਾਂ ਹੀ ਬਹੁਤ ਹਿੱਸਾ ਪਾ ਰਹੇ ਹਾਂ,”   ਕਹਿ ਕੇ ਉਸ ਨੇ ਆਪਣੀ ਪਤਨੀ ਵਲ ਵੇਖਿਆ ਜਿਵੇਂ ਆਪਣੀ ਗੱਲ ‘ਤੇ ਮੋਹਰ ਲੁਆਉਣੀ ਚਾਹੁੰਦਾ ਹੋਵੇ। ਮੇਰੇ ਦੋਸਤ ਨੇ ਪੁੱਛ ਹੀ ਲਿਆ ਕਿ ਉਹ ਕਿਹੜੀ ਚੈਰਿਟੀ ਦੀ ਸਹਾਇਤਾ ਕਰਦੇ ਹਨ।
ਘਰ ਦੀ ਮਾਲਕਣ ਬੋਲੀ, “ ਭਾ ਜੀ, ਸਾਡੇ ਘਰ ਦੇ ਨਾਲ਼ ਹੀ ਯੂਨੀਵਰਸਿਟੀ ਦੀ ਗਰਾਊਂਡ ਲਗਦੀ ਹੈ, ਮੈਂ ਤੇ ਤੇਰੇ ਭਾ ਜੀ, ਅਸੀਂ ਦੋਵੇਂ ਜਣੇ ਸਵੇਰੇ ਸ਼ਾਮ ਉਥੇ ਸੈਰ ਕਰਨ ਜਾਂਦੇ ਹਾਂ। ਯੂਨੀਵਰਸਿਟੀ ‘ਚ ਪੜ੍ਹਦੇ ਬੱਚੇ ਵੀ ਉਥੇ ਘੁੰਮਣ ਫਿਰਨ ਆਉਂਦੇ ਹਨ, ਤੁਹਾਨੂੰ ਤਾਂ ਪਤਾ ਈ ਐ ਕਿ ਅੱਜ ਕਲ ਦੇ ਬੱਚੇ ਥੋੜ੍ਹੀ ਬਹੁਤੀ ਡਿਗੀ ਹੋਈ ਚੇਂਜ ਦੀ ਤਾਂ ਪ੍ਰਵਾਹ ਹੀ ਨਹੀਂ ਕਰਦੇ। ਅਸੀਂ ਉਹ ਚੇਂਜ ਇਕੱਠੀ ਕਰਦੇ ਰਹੀਦਾ ਤੇ ਮਨੀ-ਬਾਕਸ ‘ਚ ਪਾਈ ਜਾਈਦੀ ਐ। ਸਾਲ ਬਾਅਦ ਤਕਰੀਬਨ ਪੱਚੀ ਤੀਹ ਪੌਂਡ ਇਕੱਠੇ ਹੋ ਜਾਂਦੇ ਐ ਤੇ ਇਹ ਸਾਰੇ ਪੈਸੇ ਅਸੀਂ ਦੋ ਤਿੰਨ ਚੈਰਿਟੀਆਂ ਨੂੰ ਬਰਾਬਰ ਬਰਾਬਰ ਵੰਡ ਦਿੰਨੇ ਆਂ। ਵੀਰ ਜੀ, ਸਹੁੰ ਬਾਬੇ ਦੀ ਸਾਨੂੰ, ਜੇ ਅਸੀਂ ਇਨ੍ਹਾਂ ਪੈਸਿਆਂ ‘ਚੋਂ ਕਦੀ ਇਕ ਪੈਨੀ ਵੀ ਰੱਖੀ ਹੋਵੇ,” ਇੰਨਾ ਕਹਿ ਕੇ ਉਸ ਨੇ ਬੜੇ ਜੇਤੂ ਅੰਦਾਜ਼ ਨਾਲ਼ ਆਪਣੇ ਪਤੀ ਵਲ ਦੇਖਿਆ।
ਸਮਾਜ ਸੇਵੀ ਸੱਜਣਾਂ ਨੇ ਇਕ ਦੂਜੇ ਨੂੰ ਇਸ਼ਾਰਾ ਕੀਤਾ ਤੇ ਸਾਰਿਆਂ ਨੂੰ ਸਤਿ ਸ੍ਰੀ ਬੁਲਾ ਕੇ ਜਾਣ ਦੀ ਆਗਿਆ  ਲਈ।
ਨਿਰਮਲ ਸਿੰਘ ਕੰਧਾਲਵੀ

 ਜਦੋਂ ਗੰਗਾ ਗਈਆਂ ਹੱਡੀਆਂ ਮੁੜ ਆਈਆਂ। - ਨਿਰਮਲ ਸਿੰਘ ਕੰਧਾਲਵੀ

ਉਪਰੋਕਤ ਸਿਰਲੇਖ ਪੜ੍ਹ ਕੇ ਪਾਠਕ ਜ਼ਰੂਰ ਹੈਰਾਨ ਹੋਣਗੇ ਕਿ ਅੱਜ ਤੱਕ ਤਾਂ ਸੁਣਦੇ ਆਏ ਸਾਂ ਕਿ ਗੰਗਾ ਗਈਆਂ ਹੱਡੀਆ ਕਦੇ ਨਹੀਂ ਮੁੜਦੀਆਂ ਪਰ ਇਹ ਕ੍ਰਿਸ਼ਮਾ ਕਿਵੇਂ ਹੋਣ ਜਾ ਰਿਹੈ? ਲਉ ਜੀ, ਜਦੋਂ ਮੈਂ ਇਸ ਘਟਨਾ ਨੂੰ ਬਿਆਨ ਕਰਾਂਗਾ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ ਕਿ ਵਾਕਿਆ ਹੀ ਹੱਡੀਆਂ ਗੰਗਾ ਤੋਂ ਮੁੜ ਆਈਆਂ ਹਨ। ਪਰ ਇਹ ਨਾ ਸਮਝਣਾ ਕਿ ਪੰਜਾਬ ਵਿਚ ਇਹ ਵਰਤਾਰਾ ਆਮ ਹੋ ਗਿਆ ਹੈ। ਪਾਠਕ ਹਰ ਰੋਜ਼ ਹੀ ਮੀਡੀਆ ‘ਚ ਪੜ੍ਹਦੇ, ਸੁਣਦੇ ਹਨ ਕਿ ਪੁਲਿਸ, ਮਾਲ ਮਹਿਕਮਾ, ਬਿਜਲੀ ਮਹਿਕਮਾ ਤੇ ਹੋਰ ਸਰਕਾਰੀ ਅਦਾਰਿਆਂ ਦੇ ਕਰਮਚਾਰੀ ਰਿਸ਼ਵਤ ਲੈਂਦੇ ਫੜੇ ਜਾਂਦੇ ਹਨ। ਪਿਛਲੀਆਂ ਸਰਕਾਰਾਂ ਵੇਲੇ ਅਖ਼ਬਾਰਾਂ ਅਜਿਹੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਸਨ ਤੇ ਫਿਰ ਇਕ ਪਾਰਟੀ ‘ਬਦਲਾਅ’ ਦੇ ਨਾਅਰੇ ਹੇਠ ਸੱਤਾ ਵਿਚ ਆਈ। ਸਰਕਾਰ ਵਲੋਂ ਟੈਲੀਫੂਨ ਨੰਬਰ ਜਾਰੀ ਕੀਤੇ ਗਏ ਕਿ ਜੋ ਕੋਈ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਬਸ ਉਸੇ ਵੇਲੇ ਫ਼ੂਨ ਘੁਮਾਉਣ ਦੀ ਲੋੜ ਹੈ, ਸਮਝੋ ਕਰਮਚਾਰੀ ਫੜਿਆ ਗਿਆ। ਪੰਜਾਬ ਦੇ ਲੋਕ ਆਪ ਹੀ ਦੱਸ ਸਕਦੇ ਹਨ ਕਿ ਕੀ ਕੋਈ ਫ਼ਰਕ ਪਿਆ? ਆਮ ਲੋਕਾਂ ਦਾ ਤਾਂ ਇਹੀ ਕਹਿਣਾ ਹੈ ਕਿ ਸਭ ਕੁਝ ਉਵੇਂ ਹੀ ਚਲ ਰਿਹਾ ਹੈ ਜਿਵੇਂ ਪਹਿਲਾਂ ਚਲਦਾ ਸੀ। ਪੰਜਾਬ ਰਹਿੰਦੇ ਮੇਰੇ ਇਕ ਮਿੱਤਰ ਨੇ ਮੈ ਨੂੰ ਦੱਸਿਆ ਕਿ ਹੁਣ ਰਿਸ਼ਵਤ ਮੰਗਣ ਵਾਲੇ ਰਿਸ਼ਵਤ ਦੇ ਨਾਲ ਨਾਲ ‘ਰਿਸਕ ਫੈਕਟਰ’ ਦੇ ਪੈਸੇ ਵੀ ਮੰਗਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਖ਼ਤਰੇ ਦੇ ਡਰੋਂ ਉਨ੍ਹਾਂ ਨੇ ਰਿਸ਼ਵਤ ਉੱਪਰ ਜੀ.ਐਸ.ਟੀ. ਵਾਂਗ ਇਹ ਟੈਕਸ ਲਗਾਇਆ ਹੋਇਆ ਹੈ। ਰ, ਹੱਡੀਆਂ ਦੀ ਦਾਸਤਾਨ ਇਸ ਪ੍ਰਕਾਰ ਹੈ। ਮੇਰੇ ਇਕ ਰਿਸ਼ਤੇਦਾਰ ਦਾ ਆਪਣੇ ਭਰਾਵਾਂ ਨਾਲ ਸਾਂਝੇ ਘਰ ਦੇ ਥਾਂ ਬਦਲੇ ਝਗੜਾ ਸੀ। ਭਾਵੇਂ ਕਿ ਕਾਫ਼ੀ ਦੇਰ ਤੋਂ ਭਰਾਵਾਂ ਵਿਚਕਾਰ ਵੰਡ ਵੰਡਾਈਆ ਹੋ ਗਿਆ ਹੋਇਆ ਸੀ ਪਰ ਮੇਰਾ ਰਿਸ਼ਤੇਦਾਰ ਪਰਦੇਸ ਰਹਿੰਦਾ ਹੋਣ ਕਰ ਕੇ ਉਸ ਦੇ ਇਕ ਭਰਾ ਨੇ ਉਸ ਦੇ ਥੋੜ੍ਹੇ ਜਿਹੇ ਹਿੱਸੇ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ। ਮੇਰੇ ਰਿਸ਼ਤੇਦਾਰ ਨੇ ਆ ਕੇ ਹਾਲ ਪਾਹਰਿਆ ਕੀਤੀ ਪਰ ਉਹਦਾ ਭਰਾ ਸੁਣੇ ਹੀ ਨਾ। ਅਖੀਰ ਪੰਚਾਇਤ ਕੋਲ ਸ਼ਿਕਾਇਤ ਕੀਤੀ ਤੇ ਕਈ ਮੀਟਿੰਗਾਂ ਤੋਂ ਬਾਅਦ ਉਹਦੇ ਭਰਾ ਨੇ ਡੇਢ ਲੱਖ ਰੁਪਇਆ ਦੇਣਾ ਮੰਨ ਲਿਆ। ਹੁਣ ਗੱਲ ਸਾਰੀ ਪੈਸੇ ਦੇਣ ‘ਤੇ ਆ ਕੇ ਰੁਕ ਗਈ। ਪੰਚਾਇਤ ਨੇ ਵੀ ਦੋ ਚਾਰ ਵਾਰੀ  ਪੈਸਿਆਂ ਦੀ ਅਦਾਇਗੀ  ਲਈ ਕਿਹਾ ਪਰ ਪੰਚਾਇਤ ਦਾ ਕਿਹਾ ਸਿਰ ਮੱਥੇ ਪਰ ਪਰਨਾਲ਼ਾ ਉੱਥੇ ਦਾ ਉੱਥੇ। ਆਖਰ ਨੂੰ ਅੱਕ ਕੇ ਕੁਝ ਮਿੱਤਰਾਂ ਨਾਲ ਸਲਾਹ ਕਰ ਕੇ ਥਾਣੇ ਰਿਪੋਰਟ ਕਰ ਦਿਤੀ ਗਈ। ਥਾਣੇ ਵਾਲੇ ਵੀ ਆਨਾ-ਕਾਨੀ ਕਰਨ ਤੇ ਅਦਾਲਤ ਜਾਣ ਦੀ ਸਲਾਹ ਦੇਣ ਲੱਗੇ। ਅਦਾਲਤਾਂ ਦੇ ਕੰਮ ਜਿਵੇਂ ਉਸ ਦੇਸ਼ ਵਿਚ ਚਲਦੇ ਹਨ, ਸਭ ਨੂੰ ਪਤਾ ਹੀ ਹੈ। ਸੱਜਣਾਂ ਮਿੱਤਰਾਂ ਨੇ ਵੀ ਸਲਾਹ ਦਿਤੀ ਕਿ ਅਦਾਲਤ ਦਾ ਕੰਮ ਬਹੁਤ ਮਹਿੰਗਾ ਪਵੇਗਾ, ਕਈ ਡੇਢ ਲੱਖ ਉੱਪਰ ਲੱਗ ਜਾਣਗੇ ਤੇ ਇਹ ਵੀ  ਨਹੀਂ ਪਤਾ ਕਿ ਫ਼ੈਸਲੇ ਨੂੰ ਕਿੰਨੇ ਸਾਲ ਲੱਗ ਜਾਣ। ਤਾਂ ਹੀ ਸੁਰਜੀਤ ਪਾਤਰ ਨੇ ਲਿਖਿਆ ਸੀ, ‘ ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ........’

ਇਕ ਮਿੱਤਰ ਦਾ ਵਿਚਾਰ ਸੀ ਕਿ ਪੁਲਿਸ ਨੇ ਸ਼ਾਇਦ ਇਸ ਕਰ ਕੇ ਕੋਈ ਮਦਦ ਨਹੀਂ ਸੀ ਕੀਤੀ ਕਿਉਂਕਿ ਉਨ੍ਹਾਂ ਨੂੰ ‘ਚੜ੍ਹਾਵਾ’ ਨਹੀਂ ਸੀ ਚਾੜ੍ਹਿਆ ਗਿਆ। ਉਸ ਨੇ ਸਲਾਹ ਦਿਤੀ ਕਿ ਉਨ੍ਹਾਂ ਦੇ ਪਿੰਡ ਦਾ ਇਕ ਸਿਪਾਹੀ ਉਸੇ ਥਾਣੇ ‘ਚ ਲੱਗਾ ਹੋਇਆ ਸੀ, ਉਹ ਉਸ ਨਾਲ ਗੱਲ ਕਰ ਕੇ ਦੇਖੇਗਾ ਕਿ ਜੇ ਉਸ ਰਾਹੀਂ ਕੰਮ ਬਣ ਜਾਵੇ। ਬਸ ਉਹੋ ਗੱਲ ਹੋਈ, ਸੌਦਾ ਦਸ ਹਜ਼ਾਰ ‘ਚ ਤੈਅ ਹੋ ਗਿਆ। ਉਸ ਸਿਪਾਹੀ ਰਾਹੀਂ ਦਸ ਹਜ਼ਾਰ ਪਹੁੰਚਾ ਦਿਤਾ ਗਿਆ। ਪਰ ਪੁਲਿਸ ਵਲੋਂ ਕੋਈ ਵੀ ਹਾਂ-ਪੱਖੀ ਜਵਾਬ ਨਾ ਆਇਆ। ਮੇਰੇ ਰਿਸ਼ਤੇਦਾਰ ਅਤੇ ਇਕ ਦੋ ਮਿੱਤਰਾਂ ਨੇ ਪੁਲਿਸ ਵਲ ਕਈ ਗੇੜੇ ਮਾਰੇ ਪਰ ਹਰ ਵਾਰੀ ਝੂਠੇ ਲਾਰਿਆਂ ਤੋਂ ਸਿਵਾ ਕੁਝ ਨਾ ਮਿਲਿਆ। ਫਿਰ ਪਤਾ ਲੱਗਿਆ ਕਿ ਇਲਾਕੇ ਦਾ ਇਕ ਗੁੰਡਾ ਟਾਈਪ ਸਿਆਸੀ ਲੀਡਰ ਮੇਰੇ ਰਿਸ਼ਤੇਦਾਰ ਦੇ ਭਰਾ ਦੇ ਪੱਖ ਵਿਚ ਨਿੱਤਰ ਪਿਆ ਸੀ ਤੇ ਪੁਲਿਸ ਉਸ ਦੀ ਗੱਲ ਮੰਨਦੀ ਸੀ। ਮੇਰੇ ਰਿਸ਼ਤੇਦਾਰ ਨੇ ਪੁਲਿਸ ਦੇ ਵੱਡੇ ਅਫ਼ਸਰ ਨੂੰ ਦਰਖ਼ਾਸਤ ਦਿਤੀ ਤੇ ਉਨ੍ਹਾਂ ਨੈ ਦਰਖ਼ਾਸਤ ਫਿਰ ਉਸੇ ਹੀ ਥਾਣੇ ਨੂੰ ਮਾਰਕ ਕਰ ਦਿਤੀ, ਜਿੱਥੋਂ ਅੱਜ ਤੱਕ ਕੁਝ ਵੀ ਪੱਲੇ ਨਹੀਂ ਸੀ ਪਿਆ। ਇਕ ਦਿਨ ਸ਼ਾਮ ਨੂੰ ਉਹੀ ਸਿਪਾਹੀ, ਜਿਸ ਰਾਹੀਂ ਸੌਦਾ ਹੋਇਆ ਸੀ, ਮੇਰੇ ਰਿਸ਼ਤੇਦਾਰ ਨੂੰ ਮਿਲਣ ਆਇਆ ਤੇ ਦਸ ਹਜ਼ਾਰ ਰੁਪਏ ਵਾਪਸ ਕਰ ਕੇ ਕਹਿਣ ਲੱਗਾ, ‘ ਸਰਦਾਰ ਸਾਹਿਬ, ਸਾਬ੍ਹ ਜੀ ਨੇ ਕਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਵਸ ਤੋਂ ਬਾਹਰ ਹੈ, ਅਦਾਲਤ ਦਾ ਦਰਵਾਜ਼ਾ ਖੜਕਾ ਕੇ ਦੇਖ ਲਵੋ’। ਪਾਠਕ ਜਨੋਂ! ਸਾਬਤ ਹੋ ਗਿਆ ਨਾ ਕਿ ਹੱਡੀਆਂ ਗੰਗਾ ਤੋਂ ਮੁੜ ਆਈਆਂ।


ਸ਼ਹੀਦ ਭਗਤ ਸਿੰਘ (ਜਨਮ ਦਿਨ ‘ਤੇ) - ਨਿਰਮਲ ਸਿੰਘ ਕੰਧਾਲਵੀ

ਆ ਵੇ ਵੀਰਾ ਭਗਤ ਸਿਆਂ, ਤੈਨੂੰ ਭਾਰਤ ਦੀ ਤਸਵੀਰ ਵਿਖਾਵਾਂ
ਦੇਸ਼ ਦੇ ‘ਰਾਖੇ’ ਕਿੱਦਾਂ ਕਰਦੇ, ਇਦ੍ਹਾ ਦਾਮਨ ਲੀਰੋ ਲੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ..........................................
ਵਾਅਦਾ ਆਪਣਾ ਕੀਤਾ ਤੂੰ ਪੂਰਾ, ਸਾਮਰਾਜ ਨੂੰ ਮਾਰ ਭਜਾਇਆ
ਪਾ ਕੇ ਆਪਣਾ ਖ਼ੂਨ ਤੂੰ ਵੀਰਿਆ, ਆਜ਼ਾਦੀ ਦਾ ਬੂਟਾ ਲਾਇਆ
ਟੋਡੀਆਂ ਲੁੱਟੀ ਕਿਵੇਂ ਆਜ਼ਾਦੀ, ਦਿਲ ਨੂੰ ਕਿੱਦਾਂ ਚੀਰ ਵਿਖਾਵਾਂ        
ਆ ਵੇ ਵੀਰਾ ਭਗਤ ਸਿਆਂ....................................
ਕਿਰਤੀ ਰਾਤ ਨੂੰ ਭੁੱਖਾ ਸੌਂਵੇਂ, ਅੰਨ- ਦਾਤਾ ਖ਼ੁਦਕੁਸ਼ੀਆਂ ਕਰਦਾ
ਸਾਰਾ ਦਿਨ ਜੋ ਕਰੇ ਮਜੂਰੀ, ਉਦ੍ਹਾ ਡੰਗ ਦੇ ਡੰਗ ਨਹੀਂ ਸਰਦਾ
ਵੇਚ ਵੇਚ ਕੇ ਪਰਮਿਟ ਕੋਟੇ, ਬਣਦੇ ਕਿਵੇਂ  ਅਮੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ.........................................
ਪੁਲਿਸ ਦਿਨੇ ਹੀ ਜੇਬਾਂ ਕੱਟਦੀ, ਅੱਜ ਵਾੜ ਖੇਤ ਨੂੰ ਖਾਈ ਜਾਵੇ
ਲੱਠ ਜੇਸ ਦੀ ਮੱਝ ਹੱਕ ਲਿਜਾਂਦਾ, ਸੱਤੀਂ ਵੀਹੀਂ ਨਾਲੇ ਸੌ ਕਰਾਵੇ
ਭਲੇਮਾਣਸ ਦੇ ਗਲ਼ ਵਿਚ ਪੈ ਜਾਂਦੀ, ਲੋਹੇ ਦੀ ਜ਼ੰਜੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ..............................
ਅਮਲੀ  ਭੋਰਾ ਫ਼ੀਮ ਜੇ  ਖਾ ਲਏ, ਝੱਟ  ਪੁਲਿਸ ਠਾਣੇ ਲੈ ਜਾਂਦੀ
ਖੀਸੇ ਕਰ ਦਏ ਉਹਦੇ ਖਾਲੀ,  ਹੱਡਾਂ  ਵਿਚ ਨਾਲ਼ੇ ਪਾਣੀ ਪਾਂਦੀ
ਐਪਰ  ਕਾਰਾਂ ਲੱਦੀ ਫਿਰਦੇ,  ਅਫ਼ਸਰ  ਅਤੇ ਵਜ਼ੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ......................................
ਡਿਗਰੀਆਂ ਵਾਲ਼ੇ ਵਿਹਲੇ ਫਿਰਦੇ, ਅੱਧਪੜ੍ਹ ਕਿੱਥੇ ਜਾਣ ਵਿਚਾਰੇ
ਜੇ ਕਰ ਹੱਕ ਮੰਗਣ ਉਹ ਜਾਂਦੇ,  ਭੁੱਜਦੇ ਗੋਲ਼ੀਆਂ ਨਾਲ ਵਿਚਾਰੇ
ਪਰਾਏ  ਮੁਲਕੀਂ  ਜੋ ਧੱਕੇ ਖਾਵਣ,  ਤੈਨੂੰ ਤੇਰੇ ਆ ਵੀਰ ਵਿਖਾਵਾਂ  
ਆ ਵੇ ਵੀਰਾ ਭਗਤ ਸਿਆਂ..........................................

ਮਾਇਆਧਾਰੀ ਅਤਿ ਅੰਨਾ ਬੋਲਾ - ਨਿਰਮਲ ਸਿੰਘ ਕੰਧਾਲਵੀ

ਰੇਡੀਓ ‘ਤੇ ਖ਼ਬਰ ਆ ਰਹੀ ਸੀ ਕਿ ਮੋਟਰਵੇਅ ‘ਤੇ ਕੋਈ ਦੁਰਘਟਨਾ ਹੋਣ ਕਰ ਕੇ ਆਵਾਜਾਈ ਹੌਲੀ ਚਲ ਰਹੀ ਸੀ। ਮੈਂ ਇਕ ਬਹੁਤ ਹੀ ਜ਼ਰੂਰੀ ਮੀਟਿੰਗ ‘ਤੇ ਜਾਣਾ ਸੀ, ਸੋ ਮੈਂ ਕਾਫ਼ੀ ਸਮਾਂ ਪਹਿਲਾਂ ਹੀ ਚਲ ਪਿਆ ਤਾਂ ਕਿ ਜੇ ਮੋਟਰਵੇਅ ‘ਤੇ ਕੁਝ ਵਾਧੂ ਸਮਾਂ ਲੱਗਿਆ ਤਾਂ ਫੇਰ ਵੀ ਮੀਟਿੰਗ ‘ਚ ਸਮੇਂ ਸਿਰ ਪਹੁੰਚ ਜਾਵਾਂਗਾ।
ਸ਼ਾਇਦ ਮਾਮੂਲੀ ਘਟਨਾ ਹੀ ਹੋਈ ਸੀ, ਸੋ ਮੋਟਰਵੇਅ ‘ਤੇ ਆਵਾਜਾਈ ਆਮ ਵਾਂਗ ਹੀ ਚਲ ਰਹੀ ਸੀ, ਮੇਰੇ ਪਾਸ ਹੁਣ ਕਾਫ਼ੀ ਸਮਾਂ ਵਾਧੂ ਸੀ। ਮੈਂ ਸੋਚਿਆ ਕਿ ਰਾਹ ‘ਚ ਪੈਂਦੇ ਗੁਰਦੁਆਰਾ ਸਾਹਿਬ ‘ਚ ਕਿਉਂ ਨਾ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਲਈ ਜਾਵੇ। ਗੁਰਦੁਆਰੇ ਦੇ ਗਰਾਊਂਡ ਫਲੋਰ ਦੇ ਮੇਨ ਹਾਲ ‘ਚ ਮੁਰੰਮਤ ਦਾ ਕੰਮ ਚਲ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਪਰਲੇ ਹਾਲ ‘ਚ ਸੀ ਤੇ ਉੱਥੇ ਬੀਬੀਆਂ ਆਪਣਾ ਹਫ਼ਤਾਵਾਰੀ ਕੀਰਤਨ ਦਾ ਪ੍ਰੋਗਰਾਮ ਕਰ ਰਹੀਆਂ ਸਨ। ਮੈਂ ਮੱਥਾ ਟੇਕ ਕੇ ਕੀਰਤਨ ਦਾ ਆਨੰਦ ਲੈਣ ਲੱਗਾ। ਮੈਨੂੰ ਬੜੀ ਬੇਚੈਨੀ ਹੋਈ ਜਦੋਂ ਮੈਂ ਦੇਖਿਆ ਕਿ ਬੀਬੀਆਂ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਆਪਣੀਆਂ ਮਨਘੜਤ ਤੁਕਾਂ ਵੀ ਜੋੜ ਕੇ ਪੜ੍ਹ ਰਹੀਆਂ ਸਨ।
ਉੱਥੇ ਪੰਜ ਚਾਰ ਬਜ਼ੁਰਗ ਬੈਠੇ ਬੈਠੇ ਉਂਘਲਾ ਰਹੇ ਸਨ। ਮੈਂ ਇਕ ਬਜ਼ੁਰਗ ਨੂੰ ਜਦੋਂ ਇਸ ਬਾਰੇ ਦੱਸਿਆ ਤਾਂ ਉਸ ਨੇ ਕੁੱਕੜ ਵਾਂਗ ਅੱਧੀਆਂ ਕੁ ਅੱਖਾ ਖੋਲ੍ਹੀਆਂ ਤੇ ਆਪਣੀ ਅਣਜਾਣਤਾ ਪ੍ਰਗਟ ਕੀਤੀ। ਮੈਂ ਸਮਝ ਗਿਆ ਕਿ ਇਹ ਵਿਚਾਰੇ ਇਸ ਬਾਰੀਕੀ ਨੂੰ ਨਹੀਂ ਸਮਝ ਸਕਦੇ, ਇਹਨਾਂ ਨੂੰ ਤਾਂ ਵਾਜਾ ਢੋਲਕੀ ਵੱਜਦੀ ਹੀ ਸੁਣਦੀ ਹੈ।
ਮੈਂ ਸੋਚਿਆ ਕਿ ਕਿਸੇ ਜ਼ਿੰਮੇਵਾਰ ਕਮੇਟੀ ਮੈਂਬਰ ਨਾਲ ਹੀ ਗੱਲ ਕੀਤੀ ਜਾਵੇ ਤਾਂ ਠੀਕ ਰਹੇਗਾ। ਹੇਠਾਂ ਲੰਗਰ ਹਾਲ ‘ਚ ਤਿੰਨ ਚਾਰ ਸੱਜਣ ਬੈਠੇ ਪੰਜਾਬ ਦੀ ਸਿਆਸਤ ਦਾ ਕਚੀਰਾ ਕਰ ਰਹੇ ਸਨ। ਮੈਂ ਜਦੋਂ ਕਿਸੇ ਕਮੇਟੀ ਮੈਂਬਰ ਨੂੰ ਮਿਲਣ ਦੀ ਗੱਲ ਕਹੀ ਤਾਂ ਇਕ ਸੱਜਣ ਨੇ ਦੱਸਿਆ ਕਿ ਪ੍ਰਧਾਨ ਹੋਰੀਂ ਪੰਜ ਸੱਤ ਮਿੰਟ ‘ਚ ਹੀ ਆਉਣ ਵਾਲੇ ਹਨ। ਮੈਂ ਵੀ ਇਕ ਕੁਰਸੀ ‘ਤੇ ਬੈਠ ਕੇ ਪ੍ਰਧਾਨ ਹੋਰਾਂ ਨੂੰ ਉਡੀਕਣ ਲੱਗਾ।
ਦਸ ਕੁ ਮਿੰਟ ਬਾਅਦ ਹੀ ਪ੍ਰਧਾਨ ਹੋਰੀਂ ਆ ਗਏ। ਮੈਂ ਬੜੀ ਨਿਮਰਤਾ ਨਾਲ ਫ਼ਤਿਹ ਬੁਲਾਈ ਤੇ ਅਪਣੀ ਗੱਲ ਦੱਸੀ ਕਿ ਕਿਵੇਂ ਬੀਬੀਆਂ ਗੁਰਬਾਣੀ ਦੇ ਨਾਲ ਆਪਣੀਆਂ ਮਨਘੜਤ ਤੁਕਾਂ ਜੋੜ ਕੇ ਗੁਰਬਾਣੀ ਦਾ ਨਿਰਾਦਰ ਕਰ ਰਹੀਆਂ ਹਨ। ਪ੍ਰਧਾਨ ਹੋਰਾਂ ਦੇ ਚਿਹਰੇ ਦਾ ਰੰਗ ਬਦਲਿਆ ਤੇ ਉਹ ਬੋਲੇ,” ਭਾਈ ਸਾਹਿਬ, ਕੀ ਤੁਹਾਨੂੰ ਪਤੈ ਕਿ ਇਹ ਬੀਬੀਆਂ ਸਾਲ ਦੀ ਕਿੰਨੀ ਮਾਇਆ ਕੀਰਤਨ ਰਾਹੀਂ ਇਕੱਠੀ ਕਰ ਕੇ ਗੁਰਦੁਆਰੇ ਨੂੰ ਦਿੰਦੀਆਂ ਨੇ, ਇਹੋ ਜਿਹੀਆਂ ਵਾਧੂ ਦੀਆਂ ਗੱਲਾਂ ਹੀ ਸੰਗਤਾਂ ਨੂੰ ਗੁਰੂ ਘਰ ਨਾਲੋਂ ਤੋੜਦੀਆਂ ਨੇ ਭਾਈ ਸਾਹਿਬ, ਸੰਗਤਾਂ ਨੂੰ ਗੁਰੂ-ਘਰ ਨਾਲ ਜੋੜੋ, ਤੋੜੋ ਨਾ।”
ਪ੍ਰਧਾਨ ਹੋਰਾਂ ਦੀ ਦਲੀਲ ਸੁਣ ਕੇ ਮੈਂ ਸਮਝ ਗਿਆ ਕਿ ਜਿਸ ਵਿਅਕਤੀ ਦੇ ਸਿਰ ਦੀ ਸੂਈ ਮਾਇਆ ‘ਤੇ ਹੀ ਅਟਕੀ ਹੋਈ ਹੈ, ਉਸ ਨਾਲ ਸਿੱਖ- ਸਿਧਾਂਤ ਦੀ ਗੱਲ ਕਰਨੀ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੋਵੇਗੀ। ਮੈਂ ਜਾਣ ਲਿਆ ਕਿ ਜੇ ਗੱਲ ਅਗ਼ਾਂਹ ਵਧਾਈ ਤਾਂ ਹੋ ਸਕਦੈ ਕਿ ਪ੍ਰਧਾਨ ਹੋਰੀਂ ਮੇਰੀ ਵੀ ਲਾਹ ਪਾਹ ਕਰ ਦੇਣ, ਸੋ ਮੈਂ ਝੱਟ ਪੱਟ ਗੱਲ ਦਾ ਰੁਖ਼ ਬਦਲਿਆ।
ਪ੍ਰਧਾਨ ਹੋਰੀਂ ਜੇਤੂ ਅੰਦਾਜ਼ ‘ਚ ਮੇਰੇ ਵਲ ਦੇਖ ਰਹੇ ਸਨ। ਮੈਂ ਫ਼ਤਿਹ ਬੁਲਾਈ ਤੇ ਆਪਣੇ ਰਾਹ ਪਿਆ।
ਨਿਰਮਲ ਸਿੰਘ ਕੰਧਾਲਵੀ