ਜਦੋਂ ਗੰਗਾ ਗਈਆਂ ਹੱਡੀਆਂ ਮੁੜ ਆਈਆਂ। - ਨਿਰਮਲ ਸਿੰਘ ਕੰਧਾਲਵੀ
ਉਪਰੋਕਤ ਸਿਰਲੇਖ ਪੜ੍ਹ ਕੇ ਪਾਠਕ ਜ਼ਰੂਰ ਹੈਰਾਨ ਹੋਣਗੇ ਕਿ ਅੱਜ ਤੱਕ ਤਾਂ ਸੁਣਦੇ ਆਏ ਸਾਂ ਕਿ ਗੰਗਾ ਗਈਆਂ ਹੱਡੀਆ ਕਦੇ ਨਹੀਂ ਮੁੜਦੀਆਂ ਪਰ ਇਹ ਕ੍ਰਿਸ਼ਮਾ ਕਿਵੇਂ ਹੋਣ ਜਾ ਰਿਹੈ? ਲਉ ਜੀ, ਜਦੋਂ ਮੈਂ ਇਸ ਘਟਨਾ ਨੂੰ ਬਿਆਨ ਕਰਾਂਗਾ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ ਕਿ ਵਾਕਿਆ ਹੀ ਹੱਡੀਆਂ ਗੰਗਾ ਤੋਂ ਮੁੜ ਆਈਆਂ ਹਨ। ਪਰ ਇਹ ਨਾ ਸਮਝਣਾ ਕਿ ਪੰਜਾਬ ਵਿਚ ਇਹ ਵਰਤਾਰਾ ਆਮ ਹੋ ਗਿਆ ਹੈ। ਪਾਠਕ ਹਰ ਰੋਜ਼ ਹੀ ਮੀਡੀਆ ‘ਚ ਪੜ੍ਹਦੇ, ਸੁਣਦੇ ਹਨ ਕਿ ਪੁਲਿਸ, ਮਾਲ ਮਹਿਕਮਾ, ਬਿਜਲੀ ਮਹਿਕਮਾ ਤੇ ਹੋਰ ਸਰਕਾਰੀ ਅਦਾਰਿਆਂ ਦੇ ਕਰਮਚਾਰੀ ਰਿਸ਼ਵਤ ਲੈਂਦੇ ਫੜੇ ਜਾਂਦੇ ਹਨ। ਪਿਛਲੀਆਂ ਸਰਕਾਰਾਂ ਵੇਲੇ ਅਖ਼ਬਾਰਾਂ ਅਜਿਹੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਸਨ ਤੇ ਫਿਰ ਇਕ ਪਾਰਟੀ ‘ਬਦਲਾਅ’ ਦੇ ਨਾਅਰੇ ਹੇਠ ਸੱਤਾ ਵਿਚ ਆਈ। ਸਰਕਾਰ ਵਲੋਂ ਟੈਲੀਫੂਨ ਨੰਬਰ ਜਾਰੀ ਕੀਤੇ ਗਏ ਕਿ ਜੋ ਕੋਈ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਬਸ ਉਸੇ ਵੇਲੇ ਫ਼ੂਨ ਘੁਮਾਉਣ ਦੀ ਲੋੜ ਹੈ, ਸਮਝੋ ਕਰਮਚਾਰੀ ਫੜਿਆ ਗਿਆ। ਪੰਜਾਬ ਦੇ ਲੋਕ ਆਪ ਹੀ ਦੱਸ ਸਕਦੇ ਹਨ ਕਿ ਕੀ ਕੋਈ ਫ਼ਰਕ ਪਿਆ? ਆਮ ਲੋਕਾਂ ਦਾ ਤਾਂ ਇਹੀ ਕਹਿਣਾ ਹੈ ਕਿ ਸਭ ਕੁਝ ਉਵੇਂ ਹੀ ਚਲ ਰਿਹਾ ਹੈ ਜਿਵੇਂ ਪਹਿਲਾਂ ਚਲਦਾ ਸੀ। ਪੰਜਾਬ ਰਹਿੰਦੇ ਮੇਰੇ ਇਕ ਮਿੱਤਰ ਨੇ ਮੈ ਨੂੰ ਦੱਸਿਆ ਕਿ ਹੁਣ ਰਿਸ਼ਵਤ ਮੰਗਣ ਵਾਲੇ ਰਿਸ਼ਵਤ ਦੇ ਨਾਲ ਨਾਲ ‘ਰਿਸਕ ਫੈਕਟਰ’ ਦੇ ਪੈਸੇ ਵੀ ਮੰਗਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਖ਼ਤਰੇ ਦੇ ਡਰੋਂ ਉਨ੍ਹਾਂ ਨੇ ਰਿਸ਼ਵਤ ਉੱਪਰ ਜੀ.ਐਸ.ਟੀ. ਵਾਂਗ ਇਹ ਟੈਕਸ ਲਗਾਇਆ ਹੋਇਆ ਹੈ। ਰ, ਹੱਡੀਆਂ ਦੀ ਦਾਸਤਾਨ ਇਸ ਪ੍ਰਕਾਰ ਹੈ। ਮੇਰੇ ਇਕ ਰਿਸ਼ਤੇਦਾਰ ਦਾ ਆਪਣੇ ਭਰਾਵਾਂ ਨਾਲ ਸਾਂਝੇ ਘਰ ਦੇ ਥਾਂ ਬਦਲੇ ਝਗੜਾ ਸੀ। ਭਾਵੇਂ ਕਿ ਕਾਫ਼ੀ ਦੇਰ ਤੋਂ ਭਰਾਵਾਂ ਵਿਚਕਾਰ ਵੰਡ ਵੰਡਾਈਆ ਹੋ ਗਿਆ ਹੋਇਆ ਸੀ ਪਰ ਮੇਰਾ ਰਿਸ਼ਤੇਦਾਰ ਪਰਦੇਸ ਰਹਿੰਦਾ ਹੋਣ ਕਰ ਕੇ ਉਸ ਦੇ ਇਕ ਭਰਾ ਨੇ ਉਸ ਦੇ ਥੋੜ੍ਹੇ ਜਿਹੇ ਹਿੱਸੇ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ। ਮੇਰੇ ਰਿਸ਼ਤੇਦਾਰ ਨੇ ਆ ਕੇ ਹਾਲ ਪਾਹਰਿਆ ਕੀਤੀ ਪਰ ਉਹਦਾ ਭਰਾ ਸੁਣੇ ਹੀ ਨਾ। ਅਖੀਰ ਪੰਚਾਇਤ ਕੋਲ ਸ਼ਿਕਾਇਤ ਕੀਤੀ ਤੇ ਕਈ ਮੀਟਿੰਗਾਂ ਤੋਂ ਬਾਅਦ ਉਹਦੇ ਭਰਾ ਨੇ ਡੇਢ ਲੱਖ ਰੁਪਇਆ ਦੇਣਾ ਮੰਨ ਲਿਆ। ਹੁਣ ਗੱਲ ਸਾਰੀ ਪੈਸੇ ਦੇਣ ‘ਤੇ ਆ ਕੇ ਰੁਕ ਗਈ। ਪੰਚਾਇਤ ਨੇ ਵੀ ਦੋ ਚਾਰ ਵਾਰੀ ਪੈਸਿਆਂ ਦੀ ਅਦਾਇਗੀ ਲਈ ਕਿਹਾ ਪਰ ਪੰਚਾਇਤ ਦਾ ਕਿਹਾ ਸਿਰ ਮੱਥੇ ਪਰ ਪਰਨਾਲ਼ਾ ਉੱਥੇ ਦਾ ਉੱਥੇ। ਆਖਰ ਨੂੰ ਅੱਕ ਕੇ ਕੁਝ ਮਿੱਤਰਾਂ ਨਾਲ ਸਲਾਹ ਕਰ ਕੇ ਥਾਣੇ ਰਿਪੋਰਟ ਕਰ ਦਿਤੀ ਗਈ। ਥਾਣੇ ਵਾਲੇ ਵੀ ਆਨਾ-ਕਾਨੀ ਕਰਨ ਤੇ ਅਦਾਲਤ ਜਾਣ ਦੀ ਸਲਾਹ ਦੇਣ ਲੱਗੇ। ਅਦਾਲਤਾਂ ਦੇ ਕੰਮ ਜਿਵੇਂ ਉਸ ਦੇਸ਼ ਵਿਚ ਚਲਦੇ ਹਨ, ਸਭ ਨੂੰ ਪਤਾ ਹੀ ਹੈ। ਸੱਜਣਾਂ ਮਿੱਤਰਾਂ ਨੇ ਵੀ ਸਲਾਹ ਦਿਤੀ ਕਿ ਅਦਾਲਤ ਦਾ ਕੰਮ ਬਹੁਤ ਮਹਿੰਗਾ ਪਵੇਗਾ, ਕਈ ਡੇਢ ਲੱਖ ਉੱਪਰ ਲੱਗ ਜਾਣਗੇ ਤੇ ਇਹ ਵੀ ਨਹੀਂ ਪਤਾ ਕਿ ਫ਼ੈਸਲੇ ਨੂੰ ਕਿੰਨੇ ਸਾਲ ਲੱਗ ਜਾਣ। ਤਾਂ ਹੀ ਸੁਰਜੀਤ ਪਾਤਰ ਨੇ ਲਿਖਿਆ ਸੀ, ‘ ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ........’
ਇਕ ਮਿੱਤਰ ਦਾ ਵਿਚਾਰ ਸੀ ਕਿ ਪੁਲਿਸ ਨੇ ਸ਼ਾਇਦ ਇਸ ਕਰ ਕੇ ਕੋਈ ਮਦਦ ਨਹੀਂ ਸੀ ਕੀਤੀ ਕਿਉਂਕਿ ਉਨ੍ਹਾਂ ਨੂੰ ‘ਚੜ੍ਹਾਵਾ’ ਨਹੀਂ ਸੀ ਚਾੜ੍ਹਿਆ ਗਿਆ। ਉਸ ਨੇ ਸਲਾਹ ਦਿਤੀ ਕਿ ਉਨ੍ਹਾਂ ਦੇ ਪਿੰਡ ਦਾ ਇਕ ਸਿਪਾਹੀ ਉਸੇ ਥਾਣੇ ‘ਚ ਲੱਗਾ ਹੋਇਆ ਸੀ, ਉਹ ਉਸ ਨਾਲ ਗੱਲ ਕਰ ਕੇ ਦੇਖੇਗਾ ਕਿ ਜੇ ਉਸ ਰਾਹੀਂ ਕੰਮ ਬਣ ਜਾਵੇ। ਬਸ ਉਹੋ ਗੱਲ ਹੋਈ, ਸੌਦਾ ਦਸ ਹਜ਼ਾਰ ‘ਚ ਤੈਅ ਹੋ ਗਿਆ। ਉਸ ਸਿਪਾਹੀ ਰਾਹੀਂ ਦਸ ਹਜ਼ਾਰ ਪਹੁੰਚਾ ਦਿਤਾ ਗਿਆ। ਪਰ ਪੁਲਿਸ ਵਲੋਂ ਕੋਈ ਵੀ ਹਾਂ-ਪੱਖੀ ਜਵਾਬ ਨਾ ਆਇਆ। ਮੇਰੇ ਰਿਸ਼ਤੇਦਾਰ ਅਤੇ ਇਕ ਦੋ ਮਿੱਤਰਾਂ ਨੇ ਪੁਲਿਸ ਵਲ ਕਈ ਗੇੜੇ ਮਾਰੇ ਪਰ ਹਰ ਵਾਰੀ ਝੂਠੇ ਲਾਰਿਆਂ ਤੋਂ ਸਿਵਾ ਕੁਝ ਨਾ ਮਿਲਿਆ। ਫਿਰ ਪਤਾ ਲੱਗਿਆ ਕਿ ਇਲਾਕੇ ਦਾ ਇਕ ਗੁੰਡਾ ਟਾਈਪ ਸਿਆਸੀ ਲੀਡਰ ਮੇਰੇ ਰਿਸ਼ਤੇਦਾਰ ਦੇ ਭਰਾ ਦੇ ਪੱਖ ਵਿਚ ਨਿੱਤਰ ਪਿਆ ਸੀ ਤੇ ਪੁਲਿਸ ਉਸ ਦੀ ਗੱਲ ਮੰਨਦੀ ਸੀ। ਮੇਰੇ ਰਿਸ਼ਤੇਦਾਰ ਨੇ ਪੁਲਿਸ ਦੇ ਵੱਡੇ ਅਫ਼ਸਰ ਨੂੰ ਦਰਖ਼ਾਸਤ ਦਿਤੀ ਤੇ ਉਨ੍ਹਾਂ ਨੈ ਦਰਖ਼ਾਸਤ ਫਿਰ ਉਸੇ ਹੀ ਥਾਣੇ ਨੂੰ ਮਾਰਕ ਕਰ ਦਿਤੀ, ਜਿੱਥੋਂ ਅੱਜ ਤੱਕ ਕੁਝ ਵੀ ਪੱਲੇ ਨਹੀਂ ਸੀ ਪਿਆ। ਇਕ ਦਿਨ ਸ਼ਾਮ ਨੂੰ ਉਹੀ ਸਿਪਾਹੀ, ਜਿਸ ਰਾਹੀਂ ਸੌਦਾ ਹੋਇਆ ਸੀ, ਮੇਰੇ ਰਿਸ਼ਤੇਦਾਰ ਨੂੰ ਮਿਲਣ ਆਇਆ ਤੇ ਦਸ ਹਜ਼ਾਰ ਰੁਪਏ ਵਾਪਸ ਕਰ ਕੇ ਕਹਿਣ ਲੱਗਾ, ‘ ਸਰਦਾਰ ਸਾਹਿਬ, ਸਾਬ੍ਹ ਜੀ ਨੇ ਕਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਵਸ ਤੋਂ ਬਾਹਰ ਹੈ, ਅਦਾਲਤ ਦਾ ਦਰਵਾਜ਼ਾ ਖੜਕਾ ਕੇ ਦੇਖ ਲਵੋ’। ਪਾਠਕ ਜਨੋਂ! ਸਾਬਤ ਹੋ ਗਿਆ ਨਾ ਕਿ ਹੱਡੀਆਂ ਗੰਗਾ ਤੋਂ ਮੁੜ ਆਈਆਂ।