ਗ਼ਜ਼ਲ - ਮੁਨੀਸ਼ ਸਰਗਮ
ਚੱਲ ਅਸਮਾਨੀਂ ਸੂਰਜ ਲੈ ਕੇ ਆਈਏ ਥੌੜ੍ਹਾ
ਮਿਹਨਤ ਕਰਕੇ ਆਪਣਾ ਖ਼ੂਨ ਮਚਾਈਏ ਥੌੜ੍ਹਾ
ਕਿੰਨਾ ਚਿਰ ਸਿਰਹਾਣੇ ਦੇ ਵਿਚੇ ਮੂੰਹ ਲੁਕੋਵਾਂਗੇ
ਚੱਲ ਜ਼ਾਲਮ ਨੂੰ ਆਪਣਾ ਰੁਖ਼ ਵਿਖਾਈਏ ਥੌੜ੍ਹਾ
ਥੌੜ੍ਹਾ-ਥੌੜ੍ਹਾ ਕਰਕੇ ਹੁਣ ਲੜ੍ਹਨਾ ਵੀ ਸਿਖੀਏ
ਸਮੇਂ ਅਤੇ ਹਾਲਾਤ ਨੂੰ ਮੁੱਖ ਵਿਖਾਈਏ ਥੌੜ੍ਹਾ
ਇਕੱਲਾ ਇਕ ਅਤੇ ਇਕ-ਇਕ ਗਿਆਰਾਂ
ਆਪਣਾ-ਆਪਣਾ ਬਣਦਾ ਹਿੱਸਾ ਪਾਈਏ ਥੌੜਾ
ਮੁਕਦਿਆਂ-ਮੁਕਦਿਆਂ ਹੀ ਤਾਂ ਮੁੱਕੇਗਾ ਨੇਰ੍ਹਾ
ਸਿਰ 'ਤੇ ਚਾ' ਕੇ ਚਾਨਣ ਜਗ ਰੁਸ਼ਨਾਈਏ ਥੋੜ੍ਹਾ
ਚੁੱਪ ਨੂੰ ਬੁੱਝਣ ਵਾਲੇ ਸਾਰੇ ਮਰ-ਮੁੱਕ ਗਏ
ਚੁੱਪ ਤੋੜੀਏ ਆਪਾਂ ਸਰਗਮਾਈਏ ਥੌੜ੍ਹਾ
-ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ)
ਫੋਨ: 81465-41700 ਈਮੇਲ: mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਸੱਚਾਈ ਪਿੱਠ ਪਿੱਛੇ ਬੋਲਣੇ ਦਾ ਕੀ ਫਾਇਦਾ ।
ਸੱਚਾਈ ਬੋਲਣੀ ਹੀ ਚਾਹੀਦੀ ਹੈ ਮੁੱਖਾਂ 'ਤੇ ।
ਮੌਸਮਾਂ ਦਾ ਵਿਗੜ ਗਿਆ ਤਾਣਾ-ਬਾਣਾ,
ਯਕੀਨ ਕੁਝ ਵੀ ਨਹੀਂ ਰਿਹਾ ਹੁਣ ਰੁੱਤਾਂ 'ਤੇ ।
ਕੁੜੀਆਂ ਜੇ ਜੰਮ ਪਈਆਂ ਤਾਂ ਪੜ੍ਹ ਵੀ ਜਾਣਗੀਆਂ,
ਕਰ ਦੇਈਏ ਜੇ ਰਹਿਮ ਅਸੀਂ ਕੁੱਖਾਂ 'ਤੇ ।
ਜ਼ਹਿਰ ਘੁਲ ਰਿਹਾ ਏ ਅਸਮਾਨਾਂ ਵਿਚ,
ਆਸ ਜੇ ਕੋਈ ਬਚੀ ਹੈ ਤਾਂ ਬੱਸ ਰੁੱਖਾਂ 'ਤੇ ।
ਜਿਸ ਕਿਸੇ ਨੂੰ ਮਿਲੀ ਰੋਟੀ ਦਿਨਾਂ ਮਗਰੋਂ ,
ਕਿੰਝ ਕਾਬੂ ਰੱਖੇ ਉਹ ਬੰਦਾ ਭੁੱਖਾਂ 'ਤੇ ।
-ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ)
ਫੋਨ: 81465-41700 ਈਮੇਲ: mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਤੂੰ ਬੇੜੀ ਨਾ ਬਣੀਂ,ਨਾ ਕਿਨਾਰਾ,ਨਾ ਨਦੀ ਹੋਵੀਂ
ਜਦੋਂ ਵੀ ਮੌਕਾ ਮਿਲੇ ਤੈਨੂੰ,ਤੂੰ ਬੇੜੀ ਦਾ ਮਲਾਹ ਹੋਵੀਂ
ਨਾ ਗੁੱਸਾ,ਨਾ ਨਫ਼ਰਤ,ਨਾ ਹੀ ਦਿਲ ਦਾ ਮਚਾਅ ਹੋਵੀਂ
ਜਦੋਂ ਵੀ ਹੋਵੀਂ ਉਲਝਿਆਂ ਲਈ ਨੇਕ ਸਲਾਹ ਹੋਵੀਂ
ਨਾ ਜੰਨਤ,ਨਾ ਜਹੱਨੁਮ,ਨਾ ਮੰਜ਼ਿਲ,ਨਾ ਮੁਕਾਮ ਹੋਵੀਂ
ਜਦੋਂ ਵੀ ਹੋਵੀਂ ਕਿਸੇ ਮੰਜ਼ਿਲ ਨੂੰ ਜਾਂਦਾ ਰਾਸਤਾ ਹਵੀਂ
ਤੂੰ ਥਾਵਾਂ ਦੇ 'ਤੇ ਨਾ ਸ਼ਹਿਰ,ਨਾ ਕਸਬਾ,ਨਾ ਹੀ ਗਰਾਂ ਹੋਵੀਂ
ਜਦੋਂ ਵੀ ਹੋਵੀਂ ਕਿਸੇ ਗੁੰਮਨਾਮ ਥਾਂ ਦਾ ਨਾਂ ਹੋਵੀਂ
ਮੇਰੇ ਆਪਣੇ - ਮੁਨੀਸ਼ ਸਰਗਮ
ਮੇਰੇ ਆਪਣੇ ਮੇਰੇ ਆਪਣੇ ਹੋਣ ਦਾ ਢੋਂਗ ਨੇ ਕਰ ਰਹੇ ।
ਉਨ੍ਹਾਂ ਦੇ ਇਹ ਬਿਆਨ ਨੇ ਮੇਰੇ ਲਈ ਉਹ ਮਰ ਰਹੇ ।
ਰੁਕ-ਰੁਕ ਕੇ ਵਾਰ-ਵਾਰ ਉਹ ਆਪਣੇ ਹੀ ਰਾਹੀਂ ਵਧ ਰਹੇ,
ਪਰ ਕਹਿ ਰਹੇ ਤਬਦੀਲ ਮੰਜ਼ਿਲ ਤੇਰੇ ਲਈ ਹਾਂ ਕਰ ਰਹੇ ।
ਆਸ਼ੇ ਦੇ ਤਿੜਕੇ ਠੂਠੇ ਨੂੰ ਠੋਲ੍ਹੇ ਦੀ ਪਰਖ਼ 'ਤੇ ਚਾੜ੍ਹ ਕੇ,
ਹੱਸ ਚੋਂਦੇ ਪਾਣੀਆਂ ਉਪਰ ਬਸ ਸ਼ੌਕ ਪੂਰਾ ਕਰ ਰਹੇ ।
ਇਹ ਯਾਰ ਮੇਰੇ ਅੱਧੇ-ਪੌਣੇ ਯਾਰੀਆਂ 'ਚ ਰਹਿ ਗਏ,
ਦਿਲ ਦੀ ਆਖਣ ਪਰ ਇਹ ਸੁਣਨੋਂ ਅੰਦਰੋਂ-ਅੰਦਰੀਂ ਡਰ ਰਹੇ ।
ਅੱਜ ਬੋਲ ਚਿੱਟੇ ਲਹੂਆਂ ਦੇ ਗਰਮੀ ਦੇ ਵਿਚ ਵੀ ਠਰ ਰਹੇ,
ਇਹ ਲਫ਼ਜ਼ ਅੱਧ ਓਪਰੇ 'ਸਰਗਮ' ਨੂੰ ਛੋਟਾ ਕਰ ਰਹੇ ।
-ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ) ਫੋਨ: 81465-41700
ਈਮੇਲ: mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਬੇ-ਫ਼ਿਕਰੀ ਦੇ ਆਲਮ 'ਚ ਗਾਉਂਦੀ ਬੜੀ
ਜ਼ਿੰਦਗੀ ਹਾਂ ਜ਼ਿੰਦਗੀ ਨੂੰ ਚਾਹੁੰਦੀ ਬੜੀ
ਵੇਖ ਕੇ ਦੁੱਖ-ਦਰਦ ਮਨ ਪੰਘਰਦਾ ਏ
ਇਨਸਾਨ ਹਾਂ ਇਨਸਾਨ 'ਤੇ ਰੋਂਦੀ ਬੜੀ
ਹੈ ਤਾਂ ਬੇ-ਫ਼ਿਕਰੀ ਜਿਹੀ ਤੇਰੇ ਸਾਥ ਵਿਚ
ਤੂੰ ਜੇ ਲਾਗੇ ਹੈਂ ਤਾਂ ਮੈਂ ਸੌਂਦੀ ਬੜੀ
ਘੁੰਮਕੇ ਆਵੋ ਜੇਕਰ ਦੇਸ਼ਾਂ ਦੇ ਵਿਚੋਂ
ਘਰ ਦੀ ਰੋਟੀ ਫੇਰ ਹੈ ਭਾਉਂਦੀ ਬੜੀ
ਸ਼ਮਾਂ ਨੂੰ ਅਹਿਸਾਸ ਜੇਕਰ ਹੋ ਜਾਵੇ
ਘਰ ਮੁਰੀਦਾਂ ਦੇ ਫੇਰਾ ਪਾਉਂਦੀ ਬੜੀ
ਹਵਾ ਜਦ ਚਾਲ ਚੱਲ ਪਵੇ ਆਪਣੀ
ਜ਼ਰਜ਼ਰੇ ਮੰਜਰਾਂ ਨੂੰ ਫੇਰ ਢਾਉਂਦੀ ਬੜੀ
-ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ) ਫੋਨ: 81465-41700
ਈਮੇਲ: mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਇਹ ਨਾ ਸਮਝੀਂ ਐਵੇਂ ਹੰਝੂ ਕੇਰੇ ਨੇ ।
ਦਿਲ ਵਿਚ ਸਾਡੇ ਹਾਲ਼ੇ ਜਖ਼ਮ ਬਥੇਰੇ ਨੇ ।
ਦਿਲ ਦਾ ਪਿਆਰ ਸੁਕਾ ਤਾ ਸਮੇਂ ਦੀ ਧੁੱਪ ਨੇ ,
ਨਫ਼ਰਤ ਦੇ ਅਲਫ਼ਾਜ ਹੀ ਚਾਰ-ਚੁਫ਼ੇਰੇ ਨੇ ।
ਮਿੱਤਰਾ, ਮਿੱਤਰ ਕਦੇ ਨਾ ਹੱਸਦੇ ਮਿੱਤਰਾਂ 'ਤੇ,
ਕਿਉਂ ਤੂੰ ਸਾਡੀ ਗੱਲ 'ਤੇ ਬੁੱਲ ਜਿਹੇ ਟੇਰੇ ਨੇ ।
ਬੋਲ ਕੇ ਜੇ ਦੱਸਿਆ ਤਾਂ ਦੁੱਖ ਦਾ ਕੀ ਦੱਸਿਆ,
ਚੁੱਪ ਤੋਂ ਬੁੱਝ ਲੈ ਦੁਖਾਂ ਨੇ ਦਿਲ ਘੇਰੇ ਨੇ ।
ਸੁਣਕੇ ਜਦ ਤੂੰ ਰੁਕਦਾ-ਰੁਕਦਾ ਰੁਕਦਾ ਨਾ ,
ਮੇਰੇ ਲਈ ਉਹ ਪਲ਼ ਤਾਂ ਖ਼ੂਬ ਹਨ੍ਹੇਰੇ ਨੇ ।
ਚੜ੍ਹਦੇ ਸੂਰਜ ਉਡਦੇ ਪੰਛੀ ਬਣਕੇ ਉਡ ਜਾਂਦੇ,
ਬੁਝ ਚੁਕਿੱਆਂ ਦੇ ਖੰਭ ਵੀ ਜਾਣ ਝੰਮੇੜ੍ਹੇ ਨੇ ।
ਅੱਖ ਚੋਵਣ ਦਾ ਸੱਚ ਕੁੜੱਤਣ ਭਰਿਆ ਏ,
ਆਬਸ਼ਾਰਾਂ ਦੇ ਹੁੰਦੇ ਰਾਗ਼ ਸਹੇੜੇ ਨੇ ।
ਬਚਪਨ ਵਿਚ ਮਿਲ ਜਾਵੇ ਹੱਲਾ ਸ਼ੇਰੀ ਜੇ,
ਤੁਰ ਸਕਦੇ ਫਿਰ ਬੱਚੇ ਪੰਧ ਲੰਮੇਰੇ ਨੇ ।
ਜੇਕਰ ਮਨ ਦੀ ਹਾਲਤ ਨੂੰ ਕੋਈ ਨਾ ਸਮਝੇ,
ਅੱਖੀਆਂ 'ਚੋਂ ਫਿਰ ਚੌਂਦੇ ਨੀਰ ਘਨੇਰੇ ਨੇ ।
ਮੁੱਲ ਵਿਕਦੇ ਨੇ ਦੁੱਧ,ਦਹੀਂ,ਮੱਖਣ, ਲੱਸੀ ,
ਹੁਣ ਨਾ ਦਿਸਦੇ ਬੰਨ੍ਹੇ ਘਰੀਂ ਲਵੇਰੇ ਨੇ ।
ਆਪਣੇ ਦੁਖ ਨੂੰ ਜੇ ਕੋਈ ਗਾਉਣਾ ਸਿੱਖ ਜਾਂਦਾ ,
ਸਰਗਮ ਦੇ ਸੁਰ ਹੁੰਦੇ ਬਹੁਤ ਉਚੇਰੇ ਨੇ ।
ਗ਼ਜਲ - ਮੁਨੀਸ਼ ਸਰਗਮ
ਅਜੇ ਤਾਂ ਸਾਥੋਂ ਬਹੁਤੇ ਦੂਰ ਸਵੇਰੇ ਨੇ ।
ਅਜੇ ਤਾਂ ਫ਼ੈਲੇ ਚਾਰੇ ਪਾਸੇ ਨ੍ਹੇਰੇ ਨੇ ।
ਅਜੇ ਤਾਂ ਸੁਬਹ ਦਾ ਭੁੱਲਿਆ ਘਰ ਨਹੀਂ ਮੁੜਿਆ ,
ਅਜੇ ਉਡੀਕਾਂ ਚਲਦੀਆਂ ਚਾਰ ਚੁਫ਼ੇਰੇ ਨੇ ।
ਅਜੇ ਦਿਵਾਲੀ ਸੁੱਕੀ ਈਦਾਂ ਰੁੱਸੀਆਂ ਨੇ ,
ਅਜੇ ਤਾਂ ਸੁੰਨੇ ਦੀਵਿਆਂ ਬਾਝ ਬਨੇਰੇ ਨੇ ।
ਉਸਰਨ ਨੂੰ ਤਾਂ ਉਸੱਰ ਜਾਂਦੇ ਚਾਨਣ ਵੀ ,
ਪਰ ਧੂੰਏ ਦੇ ਬੱਦਲ ਬਹੁਤ ਘਨੇਰੇ ਨੇ ।
ਅਜੇ ਤਾਂ ਸਫ਼ਰ ਬਥੇਰਾ ਵਾਟਾਂ ਲੰਮੀਆਂ ਨੇ ,
ਚੱਲਣ ਵਾਲੇ ਹਾਲੇ ਪੰਧ ਲੰਮੇਰੇ ਨੇ ।
ਉਮਰਾਂ ਵੱਟੇ ਜੀਵਨ ਮੁੱਕਦਾ ਜਾਂਦੈ ਸਰਗਮ,
ਜੰਮਣ ਦਿਵਸ ਮਨਾਉਂਦੇ ਲੋਕ ਬਥੇਰੇ ਨੇ ।
ਗ਼ਜ਼ਲ - ਮੁਨੀਸ਼ ਸਰਗਮ
ਡੁੱਲ੍ਹਦਾ ਨਾ ਚਾਨਣ ਹਨੇਰਾ ਹੀ ਹੁੰਦਾ ।
ਚੜ੍ਹਦਾ ਨਾ ਸੂਰਜ ਸਵੇਰਾ ਨਾ ਹੁੰਦਾ ।
ਜੇ ਬੀਅ ਨਾ ਹੰਦੇ ਫੁੱਲ ਵੀ ਨਾ ਖਿੜਦੇ ,
ਵੇਲਾਂ ਦਾ ਭਰਿਆ ਬਨੇਰਾ ਨਾ ਹੁੰਦਾ ।
ਅੱਖਰ ਨਾ ਹੁੰਦੇ ਤਾਂ ਵਿੱਿਦਆ ਕੀ ਕਰਦੀ ,
ਖੁੱਲਾ ਤਸੱਵਰ ਨਾ ਘੇਰਾ ਨਾ ਹੁੰਦਾ ।
ਨਾ ਜੰਮਦੇ-ਮਰਦੇ,ਨਾ ਹਸਦੇ-ਰੌਂਦੇ ,
ਜੇ ਮਾਂ ਨਾ ਹੁੰਦੀ ਕੋਈ ਚੇਹਰਾ ਨਾ ਹੁੰਦਾ ।
ਹੁੰਦੇ ਨਾ 'ਕੱਠੇ ਤਾਂ ਕੀ 'ਸਾਬ ਲਾਉਂਦੇ,
ਦੁਨੀਆਂ 'ਚ ਤੇਰਾ ਤੇ ਮੇਰਾ ਨਾ ਹੁੰਦਾ ।
ਜੇ ਦਿਲ ਨਾ ਹੁੰਦਾ, ਦਿਮਾਗ ਨਾ ਹੁੰਦਾ,
ਦੁੱਖ ਵੀ ਤਾਂ ਬਹੁਤਾ ਘਨੇਰਾ ਨਾ ਹੁੰਦਾ ।
ਹੁੰਦਾ ਨਾ ਰਿਜਕ ਤਾਂ ਭੁੱਖੇ ਮਰ ਜਾਂਦੇ ,
ਨਾ ਧਨ ਹੀ ਜੁੜਦਾ, ਲੁਟੇਰਾ ਨਾ ਹੁੰਦਾ ।
ਮੋਬਾਈਲ ਭੱਤਾ - ਮੁਨੀਸ਼ ਸਰਗਮ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ
ਤੇ ਮੈਂ ਮੋਬਾਈਲ਼ ਆਪਣੇ ਘਰਦਿਆਂ ਦੀ ਖ਼ਬਰ ਲਈ ਖ਼ਰੀਦਿਆ ਹੈ
ਜ਼ਰੂਰੀ ਨਹੀਂ ਕਿ ਆਈ ਹਰ ਕਾਲ ਦਾ ਜੁਆਬ ਦੇਵਾਂ
ਮੈਂ ਕੋਈ ਟੈਲੀਫੋਨ ਕੰਪਨੀ ਦੇ ਕਸਟਮਰ ਕੇਅਰ ਦਾ ਅਧਿਕਾਰੀ ਨਹੀਂ
ਅਤੇ ਨਾ ਹੀ ਕਿਸੇ ਟੱਚ ਸਕਰੀਨ ਦਾ ਮਜਬੂਰ ਆਈਕਨ ਹਾਂ
ਕਿ ਟਿਕਣ ਨਾ ਦੇਵੇ ਮੈਨੂੰ ਭਿਣਕਦੀਆਂ ਉਂਗਲ਼ਾਂ ਦੀ ਛੋਹ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ।
ਠੀਕ ਏ ਕਿ ਸਰਕਾਰ ਨੇ ਮੈਨੂੰ ਮੋਬਾਈਲ ਭੱਤਾ ਲਗਾ ਦਿੱਤੈ
ਪਰ ਇਸਦਾ ਮਤਲਬ ਇਹ ਨਹੀਂ
ਕਿ ਮੈਨੂੰ ਮੋਬਾਈਲ ਦੀ ਰਿੰਗ
ਨੇਤਾ ਜੀ ਦੀ ਕਾਰ ਦੇ ਹੂਟਰ ਵਰਗੀ ਲੱਗੇ
ਅਤੇ ਜਦੋਂ ਅਫ਼ਸਰ ਦਾ ਫੋਨ ਆਵੇ ਮੈਂ ਝੱਟ ਦੇਣੇ ਚੁੱਕ ਲਵਾਂ
ਜਿਵੇਂ ਬਿੱਲੀ ਝਪਟਦੀ ਹੈ ਆਪਣੇ ਸ਼ਿਕਾਰ ਚੂਹੇ 'ਤੇ
ਮੈਂ ਕੋਈ ਬਿੱਲੀ ਨਹੀਂ, ਨਾ ਹੀ ਚੂਹਾ ਹਾਂ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ।
ਮੇਰੇ ਮੋਬਾਈਲ ਤੇ ਕੋਈ ਮੇਰੇ ਬੇਲੀ ਦਾ ਸੁੱਖ-ਸੁਨੇਹਾ ਵੀ
ਮੈਂ ਆਪਣੀ ਮਰਜ਼ੀ ਨਾਲ਼ ਸੁਣ ਸਕਨੈਂ
ਮੇਰੀ ਮਰਜ਼ੀ ਹੈ ਕਿ ਕਿਸ ਕਾਲ ਨੂੰ ਅਹਿਮੀਅਤ ਦੇਵਾਂ
ਕਿਸ ਨੂੰ ਵੇਟਿੰਗ 'ਤੇ ਲਾਵਾਂ ਅਤੇ ਕਿਸਨੂੰ ਰਿਜੈਕਟ ਲਿਸਟ ਵਿਚ ਪਾਵਾਂ
ਮੈਂ ਸਰਕਾਰ ਦਾ ਬੰਨ੍ਹਿਆਂ ਮੁਲਜ਼ਮ ਨਹੀਂ, ਮੁਲਾਜ਼ਮ ਹਾਂ
ਅਤੇ ਕੰਮ ਦੀ ਤਨਖ਼ਾਹ ਲੈਂਦਾ ਹਾਂ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ
ਜ਼ਰੂਰੀ ਨਹੀਂ ਕਿ ਆਈ ਹਰ ਕਾਲ ਦਾ ਜੁਆਬ ਦੇਵਾਂ।
ਲਿੰਗ-ਨਿਰਧਾਰਨ ਟੈਸਟ - ਮੁਨੀਸ਼ ਸਰਗਮ
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ 'ਚ ਪਲ਼ ਰਿਹਾ ਭਰੂਣ
ਵੱਡਾ ਹੋ ਕੇ ਕਿਹੋ ਜਿਹਾ ਦਿਖੇਗਾ
ਇਸਦੇ ਦਾੜ੍ਹੀ-ਮੁੱਛਾਂ ਆਉਣਗੀਆਂ
ਜਾਂ ਇਹ ਹੱਥਾਂ 'ਤੇ ਮਹਿੰਦੀ ਰਚਾਏਗਾ।
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ 'ਚ ਪਲ਼ ਰਿਹਾ ਭਰੂਣ
ਵੱਡਾ ਹੋ ਕੇ ਕੀ ਕਰੇਗਾ
ਇਹ ਕਿਸੇ ਨੂੰ ਵਿਆਹ ਕੇ ਘਰ ਲਿਆਏਗਾ
ਜਾਂ ਫਿਰ ਖ਼ੁਦ ਵਿਆਹ ਕੇ ਕਿਸੇ ਦੇ ਘਰ ਜਾਵੇਗਾ।
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ 'ਚ ਪਲ਼ ਰਿਹਾ ਭਰੂਣ
ਕਿਸਦਾ ਯੋਗ ਹੋਵੇਗਾ, ਕਿੰਨਾ-ਕੁ ਕਾਬਿਲ
ਇਹ ਵੱਡਾ ਹੋ ਕੇ ਖ਼ੁਦ ਪੇਟ 'ਚ ਭਰੂਣ ਪਾਲ਼ੇਗਾ
ਜਾਂ ਫਿਰ ਸਿਰਫ ਕਿਸੇ ਨੂੰ ਇਸ ਕਾਬਿਲ ਬਣਾਏਗਾ।
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ।