ਗ਼ਜ਼ਲ - ਮੁਨੀਸ਼ ਸਰਗਮ
ਇਹ ਨਾ ਸਮਝੀਂ ਐਵੇਂ ਹੰਝੂ ਕੇਰੇ ਨੇ ।
ਦਿਲ ਵਿਚ ਸਾਡੇ ਹਾਲ਼ੇ ਜਖ਼ਮ ਬਥੇਰੇ ਨੇ ।
ਦਿਲ ਦਾ ਪਿਆਰ ਸੁਕਾ ਤਾ ਸਮੇਂ ਦੀ ਧੁੱਪ ਨੇ ,
ਨਫ਼ਰਤ ਦੇ ਅਲਫ਼ਾਜ ਹੀ ਚਾਰ-ਚੁਫ਼ੇਰੇ ਨੇ ।
ਮਿੱਤਰਾ, ਮਿੱਤਰ ਕਦੇ ਨਾ ਹੱਸਦੇ ਮਿੱਤਰਾਂ 'ਤੇ,
ਕਿਉਂ ਤੂੰ ਸਾਡੀ ਗੱਲ 'ਤੇ ਬੁੱਲ ਜਿਹੇ ਟੇਰੇ ਨੇ ।
ਬੋਲ ਕੇ ਜੇ ਦੱਸਿਆ ਤਾਂ ਦੁੱਖ ਦਾ ਕੀ ਦੱਸਿਆ,
ਚੁੱਪ ਤੋਂ ਬੁੱਝ ਲੈ ਦੁਖਾਂ ਨੇ ਦਿਲ ਘੇਰੇ ਨੇ ।
ਸੁਣਕੇ ਜਦ ਤੂੰ ਰੁਕਦਾ-ਰੁਕਦਾ ਰੁਕਦਾ ਨਾ ,
ਮੇਰੇ ਲਈ ਉਹ ਪਲ਼ ਤਾਂ ਖ਼ੂਬ ਹਨ੍ਹੇਰੇ ਨੇ ।
ਚੜ੍ਹਦੇ ਸੂਰਜ ਉਡਦੇ ਪੰਛੀ ਬਣਕੇ ਉਡ ਜਾਂਦੇ,
ਬੁਝ ਚੁਕਿੱਆਂ ਦੇ ਖੰਭ ਵੀ ਜਾਣ ਝੰਮੇੜ੍ਹੇ ਨੇ ।
ਅੱਖ ਚੋਵਣ ਦਾ ਸੱਚ ਕੁੜੱਤਣ ਭਰਿਆ ਏ,
ਆਬਸ਼ਾਰਾਂ ਦੇ ਹੁੰਦੇ ਰਾਗ਼ ਸਹੇੜੇ ਨੇ ।
ਬਚਪਨ ਵਿਚ ਮਿਲ ਜਾਵੇ ਹੱਲਾ ਸ਼ੇਰੀ ਜੇ,
ਤੁਰ ਸਕਦੇ ਫਿਰ ਬੱਚੇ ਪੰਧ ਲੰਮੇਰੇ ਨੇ ।
ਜੇਕਰ ਮਨ ਦੀ ਹਾਲਤ ਨੂੰ ਕੋਈ ਨਾ ਸਮਝੇ,
ਅੱਖੀਆਂ 'ਚੋਂ ਫਿਰ ਚੌਂਦੇ ਨੀਰ ਘਨੇਰੇ ਨੇ ।
ਮੁੱਲ ਵਿਕਦੇ ਨੇ ਦੁੱਧ,ਦਹੀਂ,ਮੱਖਣ, ਲੱਸੀ ,
ਹੁਣ ਨਾ ਦਿਸਦੇ ਬੰਨ੍ਹੇ ਘਰੀਂ ਲਵੇਰੇ ਨੇ ।
ਆਪਣੇ ਦੁਖ ਨੂੰ ਜੇ ਕੋਈ ਗਾਉਣਾ ਸਿੱਖ ਜਾਂਦਾ ,
ਸਰਗਮ ਦੇ ਸੁਰ ਹੁੰਦੇ ਬਹੁਤ ਉਚੇਰੇ ਨੇ ।