ਮੇਰੀ ਮਾਂ/ ਕਵਿਤਾ - ਮਹਿੰਦਰ ਸਿੰਘ ਮਾਨ
ਤੂੰ ਮੈਨੂੰ ਗੋਦੀ ਚੁੱਕ ਕੇ ਖਿਡਾਇਆ,
ਮੈਨੂੰ ਰੋਂਦੇ ਨੂੰ ਗਲ਼ ਨਾਲ ਲਾਇਆ।
ਤੇਰੀਆਂ ਸੁਣ ਕੇ ਲੋਰੀਆਂ ਤੇ ਬਾਤਾਂ,
ਮੇਰੀਆਂ ਚੰਗੀਆਂ ਲੰਘਦੀਆਂ ਸੀ ਰਾਤਾਂ।
ਹੌਲੀ ਹੌਲੀ ਮੈਨੂੰ ਬੋਲਣਾ ਸਿਖਾਇਆ,
ਵੱਡਿਆਂ ਦਾ ਆਦਰ ਕਰਨਾ ਸਿਖਾਇਆ।
ਤੂੰ ਮੇਰੇ ਲਈ ਕੀਤੀਆਂ ਦਿਨ ਰਾਤ ਦੁਆਵਾਂ,
ਤਾਂ ਹੀ ਨੇੜੇ ਮੇਰੇ ਆਈਆਂ ਨਾ ਬਲਾਵਾਂ।
ਫਿਰ ਤੂੰ ਮੈਨੂੰ ਸਕੂਲੇ ਪੜ੍ਹਨਾ ਪਾਇਆ,
ਘਰ ਆਏ ਨੂੰ ਹੋਮ ਵਰਕ ਕਰਾਇਆ।
ਹੌਲੀ ਹੌਲੀ ਕੀਤੀ ਪੜ੍ਹਾਈ ਮੈਂ ਪੂਰੀ,
ਮੈਨੂੰ ਮਿਲੇ ਨੌਕਰੀ, ਖਾਹਿਸ਼ ਸੀ ਤੇਰੀ।
ਫਿਰ ਮੈਂ ਕੀਤਾ ਬੈਂਕ ਦਾ ਟੈਸਟ ਪਾਸ,
ਨੌਕਰੀ ਮਿਲਣ ਦੀ ਬੱਝ ਗਈ ਆਸ।
ਇੰਟਰਵਿਊ ਪਿੱਛੋਂ ਮਿਲ ਗਈ ਨੌਕਰੀ,
ਰੱਬ ਨੇ ਤੇਰੀ ਫਰਿਆਦ ਸੁਣ ਲਈ।
ਮਾਏ ਮੇਰੀਏ ਇਹੋ ਹੈ ਖਾਹਿਸ਼ ਮੇਰੀ,
ਮਿਲਦੀ ਰਹੇ ਮੈਨੂੰ ਸਦਾ ਠੰਢੀ ਛਾਂ ਤੇਰੀ।
ਮੇਰੇ ਪਿਤਾ/ ਕਵਿਤਾ - ਮਹਿੰਦਰ ਸਿੰਘ ਮਾਨ
ਤੂੰ ਉਂਗਲ ਫੜ ਕੇ ਪਹਿਲੀ ਵਾਰ
ਮੈਨੂੰ ਤੁਰਨਾ ਸਿਖਾਇਆ।
ਮੇਰੀਆਂ ਲੋੜਾਂ ਪੂਰੀਆਂ ਕਰਨ ਲਈ
ਅੱਡੀ ਚੋਟੀ ਦਾ ਜ਼ੋਰ ਲਾਇਆ।
ਜਦ ਵੀ ਕੋਈ ਰੋੜਾ ਬਣ ਕੇ
ਖੜ੍ਹਾ ਹੋਇਆ ਮੇਰੇ ਅੱਗੇ,
ਤੂੰ ਮੇਰੇ ਨਾਲ ਡਟ ਕੇ ਖੜ੍ਹਾ ਹੋ ਕੇ
ਉਸ ਨੂੰ ਲਾਇਆ ਆਪਣੇ ਅੱਗੇ।
ਕਦੇ ਕਦੇ ਸਖਤ ਭਾਸ਼ਾ 'ਚ ਬੋਲਿਆ
ਮੈਨੂੰ ਚੰਗਾ ਨਹੀਂ ਸੀ ਲੱਗਾ,
ਪਰ ਇਹ ਬਹੁਤ ਕੰਮ ਆਇਆ
ਸੁਆਰਨ ਲਈ ਮੇਰਾ ਅੱਗਾ।
ਤੇਰੇ ਸਹਿਯੋਗ ਤੇ ਸੇਧ ਨਾਲ
ਮੈਂ ਪੁੱਜਾ ਆਪਣੇ ਮੁਕਾਮ ਤੱਕ।
ਤੇਰੇ ਕਰਕੇ ਹੀ ਮਿਲੀਆਂ ਨੇ
ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ।
ਮੈਨੂੰ ਤੇਰੀ ਵਧਦੀ ਉਮਰ ਨੇ
ਹੈ ਡਾਢਾ ਫਿਕਰਾਂ ਵਿੱਚ ਪਾਇਆ।
ਡਰਦਾ ਹਾਂ ਕਿਤੇ ਖੋਹ ਨਾ ਲਵੇ
ਰੱਬ ਮੇਰੇ ਕੋਲੋਂ ਇਹ ਸਰਮਾਇਆ।
ਮਿਲਦਾ ਰਹੇ ਮੈਨੂੰ ਤੇਰਾ ਪਿਆਰ
ਰੱਬ ਅੱਗੇ ਕਰਾਂ ਇਹੋ ਦੁਆਵਾਂ।
'ਮਾਨ' ਮੈਂ ਤੇਰੇ ਨਾਲ ਰਹਾਂ
ਸਦਾ ਬਣ ਤੇਰਾ ਪ੍ਰਛਾਵਾਂ।
ਕਰਵਾ ਚੌਥ - ਮਹਿੰਦਰ ਸਿੰਘ ਮਾਨ
ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀ ਸੀ,ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ ਤੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ। ਉਸ ਨੇ ਹੌਸਲਾ ਕਰਕੇ ਪੁੱਛ ਹੀ ਲਿਆ, "ਪੰਮੀ, ਮੈਂ ਤੈਨੂੰ ਹਰ ਸਾਲ ਵਰਤ ਰੱਖਣ ਦਾ ਸਾਰਾ ਸਾਮਾਨ, ਸੂਟ ਤੇ ਚੂੜੀਆਂ ਲੈ ਕੇ ਦਿੰਦਾ ਰਿਹਾਂ। ਫੇਰ ਤੂੰ ਐਤਕੀਂ ਵਰਤ ਕਿਉਂ ਨ੍ਹੀ ਰੱਖਿਆ?"
" ਦੇਖੋ ਜੀ, ਮੈਂ ਅੱਜ ਤੋਂ ਇਹ ਮਨ ਬਣਾਇਐ ਕਿ ਮੈਂ ਇੱਕ ਦਿਨ ਵਰਤ ਰੱਖ ਕੇ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਨ ਦੀ ਥਾਂ ਹਰ ਰੋਜ਼ ਸਾਰੇ ਪਰਿਵਾਰ ਦੀ
ਚੰਗੀ ਸਿਹਤ ਤੇ ਸੁੱਖ, ਸ਼ਾਂਤੀ ਪ੍ਰਮਾਤਮਾ ਪਾਸੋਂ ਮੰਗਿਆ ਕਰਾਂਗੀ।ਤੁਹਾਨੂੰ ਕੋਈ ਇਤਰਾਜ਼ ਤਾਂ ਨ੍ਹੀ।"
"ਮੈਨੂੰ ਇਤਰਾਜ਼ ਕੀ ਹੋ ਸਕਦਾ? ਮੈਨੂੰ ਤਾਂ ਇਸ ਗੱਲ ਦੀ ਖ਼ੁਸ਼ੀ ਆ ਕਿ ਤੇਰੇ ਵਿਚਾਰਾਂ 'ਚ ਕਿੰਨੀ ਵੱਡੀ ਤਬਦੀਲੀ ਆ ਗਈ ਆ। ਪਰਿਵਾਰ ਦੇ ਇਕ ਜੀਅ ਦੇ ਥਾਂ ਸਾਰੇ ਜੀਆਂ ਨੂੰ ਸਿਹਤਮੰਦ ਤੇ ਖ਼ੁਸ਼ ਦੇਖਣ ਦੀ ਕਾਮਨਾ ਕਰਨੀ ਕੋਈ ਸਾਧਾਰਨ ਗੱਲ ਨ੍ਹੀ।ਮੇਰੇ ਦਿਲ 'ਚ ਪਹਿਲਾਂ ਵੀ ਤੇਰੇ ਲਈ ਬਹੁਤ ਸਤਿਕਾਰ ਸੀ, ਹੁਣ ਇਹ ਹੋਰ ਵੀ ਵੱਧ ਗਿਆ ਆ।"
ਏਨਾ ਕਹਿ ਕੇ ਉਹ ਪੰਮੀ ਵੱੱਲ ਵੇਖਣ ਲੱਗ ਪਿਆ ਤੇ ਫਿਰ ਉਹ ਦੋਵੇਂ ਜਣੇ ਮੁਸਕਰਾ ਪਏ।
**********
ਪਲਾਟ - ਮਹਿੰਦਰ ਸਿੰਘ ਮਾਨ
ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਮਾਸਟਰ ਹਰੀ ਰਾਮ ਨੇ ਮਾਹਿਲਪੁਰ ਇੱਕ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਸ ਕੋਲ ਦੋ ਜਣੇ ਆ ਕੇ ਖੜ੍ਹ ਗਏ, ਜਿਨ੍ਹਾਂ ਚੋਂ ਇੱਕ ਲੜਕੀ ਸੀ। ਲੜਕੀ ਉਸ ਨੂੰ ਆਖਣ ਲੱਗੀ,"ਅੰਕਲ ਜੀ, ਕੀ ਤੁਸੀਂ ਰਵਨਜੀਤ ਦੇ ਫਾਦਰ ਇਨ ਲਾਅ ਹੋ?"
ਮਾਸਟਰ ਹਰੀ ਰਾਮ ਨੇ "ਹਾਂ" ਵਿੱਚ ਉੱਤਰ ਦਿੱਤਾ।
ਫੇਰ ਉਹ ਆਖਣ ਲੱਗੀ,"ਮੈਂ ਰਵਨਜੀਤ ਦੀ ਸਹੇਲੀ ਆਂ। ਕੁੱਝ ਦਿਨ ਪਹਿਲਾਂ ਉਹ ਮੈਨੂੰ ਹੁਸ਼ਿਆਰਪੁਰ ਬੱਸ ਸਟੈਂਡ ਤੇ ਮਿਲੀ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਮਾਹਿਲਪੁਰ ਪਲਾਟ ਲੈ ਕੇ ਨਵਾਂ ਘਰ ਬਣਵਾ ਰਹੇ ਹੋ ਤੇ ਤੁਹਾਡੇ ਪਲਾਟ ਦੇ ਸਾਮ੍ਹਣੇ ਕਈ ਪਲਾਟ ਵਿਕਾਊ ਪਏ ਆ। ਅਸੀਂ ਵੀ ਇੱਕ ਦਸ ਕੁ ਮਰਲੇ ਦਾ ਪਲਾਟ ਲੈਣਾ ਚਾਹੰਨੇ ਆਂ। ਪਿੰਡ ਵਾਲਾ ਘਰ ਰਹਿਣ ਲਈ ਬੜਾ ਛੋਟਾ ਆ। ਨਾਲੇ ਸ਼ਹਿਰ ਦਾ ਮਹੌਲ ਕੁੱਝ ਵੱਖਰਾ ਹੁੰਦਾ ਆ। ਪਲਾਟ ਤਾਂ ਹੋਰ ਵੀ ਆਲੇ, ਦੁਆਲੇ ਬਥੇਰੇ ਖਾਲੀ ਪਏ ਆ, ਪਰ ਮੈਂ ਚਾਹੰਨੀ ਆਂ ਕਿ ਕੋਈ ਜਾਣ, ਪਛਾਣ ਵਾਲਾ ਕੋਲ ਰਹਿੰਦਾ ਹੋਵੇ, ਤਾਂ ਚੰਗੀ ਗੱਲ ਆ।"
"ਠੀਕ ਆ ਬੇਟੀ, ਆਉ ਫੇਰ ਪਲਾਟ ਵੇਖ ਲਈਏ।"ਮਾਸਟਰ ਹਰੀ ਰਾਮ ਨੇ ਆਖਿਆ।
ਇੱਕ ਘੰਟਾ ਫਿਰ, ਤੁਰ ਕੇ ਪਲਾਟ ਵੇਖਣ ਪਿੱਛੋਂ ਉਨ੍ਹਾਂ ਨੂੰ ਇੱਕ ਦਸ ਮਰਲੇ ਦਾ ਪਲਾਟ ਪਸੰਦ ਆ ਗਿਆ, ਜਿਹੜਾ ਕਿ ਉਸ ਦੇ ਬਣ ਰਹੇ ਘਰ ਦੇ ਬਿਲਕੁਲ ਸਾਮ੍ਹਣੇ ਸੀ।
ਫੇਰ ਲੜਕੀ ਦੇ ਡੈਡੀ ਨੇ ਉਸ ਨੂੰ ਆਖਿਆ,"ਤੁਹਾਡੇ ਨਾਲ ਲੱਗਦੇ ਦੋ ਘਰ ਕਿਨ੍ਹਾਂ ਦੇ ਆ?"
"ਇਹ ਦੋਵੇਂ ਘਰ ਕੰਮੀਆਂ ਦੇ ਆ।" ਮਾਸਟਰ ਹਰੀ ਰਾਮ ਨੇ ਸੱਚ ਆਖ ਦਿੱਤਾ।
ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਉਹ ਬਗੈਰ ਕੁੱਝ ਬੋਲੇ ਆਪਣੀ ਧੀ ਨੂੰ ਲੈ ਕੇ ਤੁਰਦਾ ਬਣਿਆ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ -9915803554
ਦਰਦ ਦੀ ਦਵਾ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ
ਗਰਮੀਆਂ ਦੇ ਦਿਨ ਸਨ। ਰਾਤ ਦੇ ਦਸ ਕੁ ਵੱਜਣ ਵਾਲੇ ਸਨ। ਪਿੰਡ ਨੂੰ ਆਉਂਦੀ ਲਿੰਕ ਰੋਡ ਤੇ ਪਿੰਡ ਵਿੱਚ ਦਾਖਲ ਹੋਣ ਲੱਗਿਆਂ ਸਭ ਤੋਂ ਪਹਿਲਾਂ ਮੱਖਣ ਸਿੰਘ ਦਾ ਘਰ ਹੀ ਆਉਂਦਾ ਹੈ। ਅਚਾਨਕ ਉਸ ਦੇ ਘਰ ਦਾ ਗੇਟ ਕਿਸੇ ਨੇ ਖੜਕਾਇਆ। ਉਸ ਨੇ ਆਪਣੇ ਕਮਰੇ ਤੋਂ ਬਾਹਰ ਆ ਕੇ ਗੇਟ ਖੋਲ੍ਹਿਆ। ਇੱਕ 25 ਕੁ ਸਾਲ ਦਾ ਨੌਜਵਾਨ ਗੇਟ ਵਿੱਚ ਖੜ੍ਹਾ ਸੀ। ਸੜਕ ਤੇ ਖੜ੍ਹੀ ਕਾਰ ਵਿੱਚ ਕੋਈ ਔਰਤ ਦਰਦ ਨਾਲ ਕੁਰਲਾ ਰਹੀ ਸੀ। ਨੌਜਵਾਨ ਨੇ ਉਸ ਨੂੰ ਆਖਿਆ," ਇੱਥੇ ਡਾਕਟਰ ਰਵੀ ਦਾ ਘਰ ਕਿੱਥੇ ਕੁ ਆ? ਉਸ ਨੇ ਸਾਡੇ ਪਿੰਡ ਕਲੀਨਿਕ ਖੋਲ੍ਹਿਆ ਹੋਇਐ। ਕਾਰ 'ਚ ਬੈਠੀ ਮੇਰੀ ਛੋਟੀ ਭੈਣ ਦੇ ਦਿਲ ਤੇ ਬਹੁਤ ਦਰਦ ਹੋ ਰਿਹੈ। ਅਸੀਂ ਉਸ ਨੂੰ ਫੋਨ ਕਰਨ ਦਾ ਬਹੁਤ ਯਤਨ ਕੀਤਾ, ਪਰ ਉਸ ਦਾ ਫੋਨ ਬੰਦ ਆ ਰਿਹੈ। ਮੇਰੀ ਛੋਟੀ ਭੈਣ ਪਹਿਲਾਂ ਵੀ ਉਸ ਤੋਂ ਦਵਾਈ ਲੈਂਦੀ ਆ।"
" ਉਸ ਦਾ ਘਰ ਪਿੰਡ 'ਚ ਤੰਗ ਗਲੀ 'ਚ ਆ। ਤੁਹਾਨੂੰ ਲੱਭਣ 'ਚ ਔਖ ਆਵੇਗੀ। ਇਸ ਕਰਕੇ ਮੈਂ ਤੁਹਾਡੇ ਨਾਲ ਚੱਲਦਾਂ," ਕੁੜੀ ਨੂੰ ਦਰਦ ਨਾਲ ਕੁਰਲਾਂਦੇ ਵੇਖ ਕੇ ਮੱਖਣ ਸਿੰਘ ਨੇ ਆਖਿਆ।
ਨੌਜਵਾਨ ਨੇ ਮੱਖਣ ਸਿੰਘ ਨੂੰ ਕਾਰ ਵਿੱਚ ਬਿਠਾ ਕੇ ਕਾਰ ਸਟਾਰਟ ਕੀਤੀ। ਅੱਧਾ ਕੁ ਕਿਲੋਮੀਟਰ ਜਾ ਕੇ ਮੱਖਣ ਸਿੰਘ ਨੇ ਨੌਜਵਾਨ ਨੂੰ ਕਾਰ ਰੋਕਣ ਲਈ ਕਿਹਾ। ਮੱਖਣ ਸਿੰਘ, ਨੌਜਵਾਨ ਤੇ ਉਸ ਦੀ ਛੋਟੀ ਭੈਣ ਕਾਰ ਚੋਂ ਉਤਰ ਕੇ ਡਾਕਟਰ ਰਵੀ ਦੇ ਘਰ ਵੱਲ ਨੂੰ ਤੁਰ ਪਏ। ਉਸ ਦੇ ਘਰ ਪਹੁੰਚ ਕੇ ਮੱਖਣ ਸਿੰਘ ਨੇ ਉਸ ਦੇ ਘਰ ਦਾ ਗੇਟ ਖੜਕਾਇਆ। ਉਸ ਦੇ ਡੈਡੀ ਨੇ ਗੇਟ ਖੋਲ੍ਹਿਆ ਤੇ ਉਹ ਕੁਰਸੀਆਂ ਤੇ ਬੈਠ ਕੇ ਉਸ ਦਾ ਇੰਤਜ਼ਾਰ ਕਰਨ ਲੱਗੇ। ਉਸ ਨੇ ਆਉਂਦੇ ਸਾਰ ਕੁੜੀ ਦਾ ਬਲੱਡ ਪ੍ਰੈਸ਼ਰ ਵੇਖਿਆ, ਜੋ ਕਿ ਨਾਰਮਲ ਤੋਂ ਕੁੱਝ ਵੱਧ ਸੀ। ਫੇਰ ਉਸ ਨੇ ਕੁੜੀ ਦੇ ਦਰਦ ਦਾ ਟੀਕਾ ਲਾਇਆ ਤੇ ਖਾਣ ਨੂੰ ਦੋ ਗੋਲੀਆਂ ਦਿੱਤੀਆਂ। ਦਸ ਕੁ ਮਿੰਟਾਂ ਵਿੱਚ ਉਸ ਨੂੰ ਦਰਦ ਤੋਂ ਕਾਫੀ ਰਾਹਤ ਮਿਲ ਗਈ। ਡਾਕਟਰ ਰਵੀ ਦਾ ਹਾਲੇ ਵਿਆਹ ਨਹੀਂ ਸੀ ਹੋਇਆ। ਉਹ ਵੇਖਣ ਨੂੰ ਬੜਾ ਸੋਹਣਾ ਲੱਗਦਾ ਸੀ। ਉਸ ਦੇ ਡੈਡੀ ਨੇ ਸੋਚਿਆ, ਕਿਤੇ ਉਸ ਦਾ ਮੁੰਡਾ ਇਸੇ ਕੁੜੀ ਨਾਲ ਵਿਆਹ ਨਾ ਕਰਵਾ ਲਵੇ। ਆਣ ਵਾਲੇ ਖਤਰੇ ਨੂੰ ਭਾਂਪਦੇ ਹੋਏ ਉਸ ਨੇ ਕੁੜੀ ਦੇ ਵੱਡੇ ਭਰਾ ਨੂੰ ਆਖਿਆ," ਵੇਖ ਪੁੱਤ, ਮੇਰੀ ਗੱਲ ਦਾ ਗੁੱਸਾ ਨਾ ਕਰੀਂ। ਇਸ ਵੇਲੇ ਤੇਰੀ ਭੈਣ ਵਿਆਹੇ ਜਾਣ ਦੇ ਯੋਗ ਆ। ਇਦ੍ਹੇ ਲਈ ਚੰਗਾ ਜਿਹਾ ਮੁੰਡਾ ਲੱਭੋ। ਇਸ ਦੇ ਦਿਲ ਤੇ ਜਿਹੜਾ ਦਰਦ ਹੁੰਦਾ ਆ, ਇਹ ਟੈਂਪਰੇਰੀ ਆ। ਇਹ ਕੋਈ ਗੰਭੀਰ ਬੀਮਾਰੀ ਨਹੀਂ। ਇਸ ਦਾ ਵਿਆਹ ਹੋਣ ਨਾਲ ਸਭ ਕੁੱਝ ਠੀਕ ਹੋ ਜਾਵੇਗਾ।"
ਇਸ ਤੋਂ ਪਹਿਲਾਂ ਕਿ ਉਹ ਹੋਰ ਕੁੱਝ ਬੋਲਦਾ, ਉਹ ਡਾਕਟਰ ਰਵੀ ਦੇ ਘਰ ਤੋਂ ਬਾਹਰ ਆ ਗਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਿਰਫ ਸੌ ਰੁਪਿਆ/ ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ
ਛੇ ਦਿਨ ਪਹਿਲਾਂ ਮਾਸਟਰ ਹਰਦਿਆਲ ਸਿੰਘ ਆਪਣੀ ਬੇਟੀ ਦੇ ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ ਮੈਨੂੰ ਘਰ ਆ ਕੇ ਦੇ ਗਿਆ ਸੀ। ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ ਦੇਣ ਵੇਲੇ ਉਸ ਨੇ ਮੈਨੂੰ ਆਖਿਆ ਸੀ ਕਿ ਭਾਵੇਂ ਵਿਆਹ ਨਵਾਂ ਸ਼ਹਿਰ ਬਲਿਊ ਮੂਨ ਪੈਲੇਸ ਵਿੱਚ ਹੋਣਾ ਹੈ ਪਰ ਅਨੰਦ ਕਾਰਜ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਹੋਣੇ ਹਨ।
ਅੱਜ ਪਿੰਡ ਦੇ ਗੁਰਦੁਆਰੇ ਤੋਂ ਅਨਾਊਂਸਮੈਂਟ ਹੋ ਰਹੀ ਸੀ," ਮਾਸਟਰ ਹਰਦਿਆਲ ਸਿੰਘ ਦੀ ਬੇਟੀ ਦੇ ਅਨੰਦ ਕਾਰਜ ਸ਼ੁਰੂ ਹੋਣ ਲੱਗੇ ਆ। ਪਿੰਡ ਵਾਸੀ ਗੁਰਦੁਆਰਾ ਸਾਹਿਬ ਪਹੁੰਚ ਜਾਓ।" ਇਹ ਅਨਾਊਂਸਮੈਂਟ ਸੁਣ ਕੇ ਮੈਂ ਪਿੰਡ ਦੇ ਗੁਰਦੁਆਰੇ ਪਹੁੰਚ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਪਿੱਛੋਂ ਮੈਂ ਮਾਸਟਰ ਹਰਦਿਆਲ ਸਿੰਘ ਦੇ ਲਾਗੇ ਜਾ ਕੇ ਬਹਿ ਗਿਆ। ਉਸ ਦੇ ਖੱਬੇ, ਸੱਜੇ ਤਿੰਨ, ਚਾਰ ਮਾਸਟਰ ਵੀ ਬੈਠੇ ਸਨ ਜੋ ਕਿ ਉਸ ਦੇ ਨਾਲ ਪੜ੍ਹਾਉਂਦੇ ਸਨ। ਪਾਠੀ ਸਿੰਘ ਨੇ ਚਾਰ ਲਾਵਾਂ ਪੜ੍ਹ ਕੇ ਅਨੰਦ ਕਾਰਜ ਪੂਰੇ ਕੀਤੇ। ਮੈਂ ਆਪਣੀ ਜੇਬ ਵਿੱਚੋਂ ਸ਼ਗਨ ਦਾ ਲਿਫਾਫਾ ਕੱਢ ਕੇ ਮਾਸਟਰ ਹਰਦਿਆਲ ਸਿੰਘ ਦੇ ਅੱਗੇ ਕਰਦਿਆਂ ਕਿਹਾ," ਤੁਹਾਨੂੰ ਬੇਟੀ ਦੇ ਵਿਆਹ ਦੀਆਂ ਬਹੁਤ, ਬਹੁਤ ਵਧਾਈਆਂ।"
ਮਾਸਟਰ ਹਰਦਿਆਲ ਸਿੰਘ ਨੇ ਆਖਿਆ," ਹਾਲੇ ਇਹ ਲਿਫਾਫਾ ਰਹਿਣ ਦਿਓ। ਗੁਰਦੁਆਰੇ ਤੋਂ ਬਾਹਰ ਜਾ ਕੇ ਲਵਾਂਗੇ।" ਮੈਨੂੰ ਉਸ ਦੇ ਇਸ ਵਰਤਾਓ ਤੇ ਕੁਝ ਗੁੱਸਾ ਚੜ੍ਹ ਗਿਆ। ਫਿਰ ਮਨ ਮਾਰ ਕੇ ਉਸ ਦੇ ਗੁਰਦੁਆਰੇ ਚੋਂ ਬਾਹਰ ਜਾਣ ਦਾ ਇੰਤਜ਼ਾਰ ਕਰਨ ਲੱਗਾ। ਪ੍ਰਸ਼ਾਦ ਲੈਣ ਪਿੱਛੋਂ ਲੜਕੇ ਨਾਲ ਆਏ ਬਰਾਤੀ ਤੇ ਪਿੰਡ ਦੇ ਲੋਕ ਗੁਰਦੁਆਰੇ ਤੋਂ ਬਾਹਰ ਆ ਗਏ। ਮੈਂ ਵੀ ਮਾਸਟਰ ਹਰਦਿਆਲ ਸਿੰਘ ਦੇ ਨਾਲ ਬਾਹਰ ਆ ਗਿਆ।
" ਮਾਸਟਰ ਜੀ, ਹੁਣ ਤਾਂ ਸ਼ਗਨ ਲੈ ਲਓ।" ਮੈਂ ਆਖਿਆ। ਉਹ ਬੜੀ ਨਿਮਰਤਾ ਨਾਲ ਆਖਣ ਲੱਗਾ," ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਸ ਗੱਲ ਦੀ ਮਾਫੀ ਮੰਗਦਾਂ ਕਿ ਮੈਂ ਗੁਰਦੁਆਰੇ ਦੇ ਅੰਦਰ ਤੁਹਾਡੇ ਕੋਲੋਂ ਲਿਫਾਫਾ ਨਹੀਂ ਫੜਿਆ। ਦੂਜੀ ਗੱਲ ਮੈਂ ਕਿਸੇ ਤੋਂ ਵੀ ਲਿਫਾਫੇ ਵਿੱਚ ਸ਼ਗਨ ਨਹੀਂ ਲਿਆ। ਹਰ ਇਕ ਤੋਂ ਸਿਰਫ ਸੌ ਰੁਪਿਆ ਲਿਆ। ਤੁਹਾਨੂੰ ਪਤਾ ਹੀ ਆ, ਮੈਂ ਤੇ ਮੇਰੀ ਪਤਨੀ ਦੋਵੇਂ ਟੀਚਰ ਹਾਂ। ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਬੇਟੀ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਵਿਆਹ ਕਰਾਣ ਲਈ ਆਈ ਸੀ। ਕੁਝ ਦਿਨਾਂ ਪਿੱਛੋਂ ਉਸ ਨੇ ਮੁੜ ਆਸਟ੍ਰੇਲੀਆ ਚਲੇ ਜਾਣਾ ਆਂ। ਇਸ ਕਰਕੇ ਤੁਸੀਂ ਮੈਨੂੰ ਸਿਰਫ ਸੌ ਰੁਪਿਆ ਸ਼ਗਨ ਦਾ ਦੇ ਦਿਓ।"
ਮੈਂ ਆਪਣੇ ਬਟੂਏ ਚੋਂ ਸੌ ਰੁਪਏ ਦਾ ਨੋਟ ਕੱਢ ਕੇ ਉਸ ਦੇ ਹੱਥਾਂ ਤੇ ਰੱਖ ਦਿੱਤਾ। ਮੈਂ ਸੋਚ ਰਿਹਾ ਸਾਂ ਕਿ ਜੇ ਸਾਰੇ ਲੋਕ ਉਸ ਵਾਂਗ ਕਰਨ ਲੱਗ ਪੈਣ ਤਾਂ ਕਿੰਨਾ ਪੈਸਾ ਬਚ ਸਕਦਾ ਅਤੇ ਵਾਧੂ ਦੇ ਲੜਾਈ, ਝਗੜੇ ਤੇ ਕਲੇਸ਼ ਜਿਹੜੇ ਲੈਣ-ਦੇਣ ਪਿੱਛੇ ਹੁੰਦੇ ਹਨ, ਵੀ ਘੱਟ ਸਕਦੇ ਹਨ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554
ਜੰਗ/ ਕਵਿਤਾ - ਮਹਿੰਦਰ ਸਿੰਘ ਮਾਨ
ਜਦ ਸ਼ੁਰੂ ਹੋ ਜਾਵੇ ਜੰਗ,
ਇਹ ਕਰ ਦੇਵੇ ਸਭ ਨੂੰ ਤੰਗ।
ਝੁਲਸ ਜਾਵੇ ਕੋਈ ਪੂਰਾ ਹੀ,
ਜਲ ਜਾਣ ਕਿਸੇ ਦੇ ਅੰਗ।
ਮਾਰੂ ਹਥਿਆਰਾਂ ਬਾਰੇ ਸੁਣ ਕੇ,
ਹਰ ਕੋਈ ਰਹਿ ਜਾਵੇ ਦੰਗ।
ਅੰਤ 'ਚ ਕਿਸੇ ਨੂੰ ਕੁਝ ਨਾ ਮਿਲੇ,
ਇਹ ਕਰੇ ਦੋਹਾਂ ਦੇਸ਼ਾਂ ਨੂੰ ਨੰਗ।
ਜਿਹੜਾ ਜੰਗ ਜਾਣ ਕੇ ਛੇੜੇ,
ਉਸ ਨੇ ਪੀਤੀ ਹੁੰਦੀ ਆ ਭੰਗ।
ਲੋਕਾਂ ਤੋਂ ਪੈਣ ਲਾਅਨਤਾਂ ਇਸ ਨੂੰ,
ਜਦ ਜੰਗ ਪਾਵੇ ਰੰਗ 'ਚ ਭੰਗ।
ਸ਼ਾਲਾ! ਕਿਸੇ ਮੁਟਿਆਰ ਦੀ,
ਜੰਗ ਕਰਕੇ ਨਾ ਟੁੱਟੇ ਵੰਗ।
ਬੈਠ ਕੇ ਸਾਰੇ ਮਸਲੇ ਹੱਲ ਕਰੋ,
ਹਾਕਮਾਂ ਤੋਂ ਹੈ ਸਾਡੀ ਇਹ ਮੰਗ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੇਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
ਸਹੀ ਫੈਸਲਾ/ ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ
" ਭਾਅ ਜੀ, ਤੁਹਾਡੇ ਭਾਣਜੇ ਦਾ ਵਿਆਹ ਅਗਲੇ ਮਹੀਨੇ ਆਣ ਨੂੰ ਫਿਰਦਾ। ਤੁਹਾਡਾ ਭਾਣਜਾ ਕਿਸੇ ਗਾਇਕ ਜੋੜੀ ਨੂੰ ਵਿਆਹ ਲਈ ਬੁੱਕ ਕਰਵਾਣ ਲਈ ਕਹਿੰਦਾ ਆ। ਤੁਹਾਡੇ ਨਾਲ ਜਿਹੜੀ ਰੋਪੜ ਵਾਲੀ ਮੈਡਮ ਪੜ੍ਹਾਂਦੀ ਆ, ਉਸ ਦੀ ਸਹੇਲੀ ਵੀ ਵਧੀਆ ਗਾ ਲੈਂਦੀ ਆ। ਪਿਛਲੇ ਸਾਲ ਉਹ ਸਾਡੇ ਪਿੰਡ ਦੌਲਤ ਪੁਰ ਆਪਣੇ ਗਾਇਕ ਸਾਥੀ ਨਾਲ ਵਿਆਹ ਤੇ ਆਈ ਸੀ। ਉਦੋਂ ਉਸ ਦਾ ਰੇਟ ਡੇਢ ਲੱਖ ਸੀ। ਹੁਣ ਉਸ ਦਾ ਰੇਟ ਪੁੱਛ ਕੇ ਦੱਸਿਓ।" ਮਨਜੀਤ ਨੇ ਟੈਲੀਫੋਨ ਤੇ ਆਪਣੇ ਮਾਸਟਰ ਵੀਰ ਕੁਲਵਿੰਦਰ ਸਿੰਘ ਨੂੰ ਕਿਹਾ।
" ਅੱਛਾ ਭੈਣ, ਮੈਂ ਮੈਡਮ ਤੋਂ ਹੁਣੇ ਪੁੱਛ ਕੇ ਦੱਸਦਾਂ।" ਮਨਜੀਤ ਦੇ ਮਾਸਟਰ ਵੀਰ ਕੁਲਵਿੰਦਰ ਸਿੰਘ ਨੇ ਅੱਗੋਂ ਜਵਾਬ ਦਿੱਤਾ। ਉਸ ਨੇ ਮੈਡਮ ਨੂੰ ਫੋਨ ਕਰਕੇ ਆਖਿਆ," ਮੈਡਮ ਜੀ, ਆਪਣੀ ਰੋਪੜ ਵਾਲੀ ਗਾਇਕਾ ਸਹੇਲੀ ਨੂੰ ਪੁੱਛਿਓ ਕਿ ਉਸ ਦਾ ਅੱਜ ਕੱਲ੍ਹ ਵਿਆਹਾਂ ਵਿੱਚ ਗਾਣ ਦਾ ਕੀ ਰੇਟ ਆ?"
ਮੈਡਮ ਨੇ ਆਪਣੀ ਗਾਇਕਾ ਸਹੇਲੀ ਨੂੰ ਟੈਲੀਫੋਨ ਕਰਕੇ ਪਹਿਲਾਂ ਉਸ ਦਾ ਹਾਲ-ਚਾਲ ਪੁੱਛਿਆ ਤੇ ਫਿਰ ਵਿਆਹਾਂ ਵਿੱਚ ਗਾਣ ਦਾ ਰੇਟ ਪੁੱਛਿਆ। ਮੈਡਮ ਦੀ ਗਾਇਕਾ ਸਹੇਲੀ ਨੇ ਅੱਗੋਂ ਜਵਾਬ ਦਿੱਤਾ," ਭੈਣੇ ਅੱਜ ਕੱਲ੍ਹ ਸਾਡਾ ਵਿਆਹਾਂ ਵਿੱਚ ਗਾਣ ਦਾ ਰੇਟ ਦੋ ਲੱਖ ਆ। ਤੇਰੇ ਕਰਕੇ ਦਸ, ਪੰਦਰਾਂ ਹਜ਼ਾਰ ਘਟਾ ਲਵਾਂਗੇ।"
ਜਦੋਂ ਮਾਸਟਰ ਕੁਲਵਿੰਦਰ ਸਿੰਘ ਨੇ ਆਪਣੀ ਭੈਣ ਨੂੰ ਰੇਟ ਬਾਰੇ ਦੱਸਿਆ, ਤਾਂ ਉਹ ਬੋਲੀ," ਭਾਅ ਜੀ, ਅਸੀਂ ਏਨੀ ਮਹਿੰਗੀ ਗਾਇਕ ਜੋੜੀ ਕੀ ਕਰਨੀ ਆਂ? ਇੱਥੋਂ ਕੋਈ ਲੋਕਲ ਗਾਇਕ ਵਿਆਹ ਵਿੱਚ ਗਾਣ ਲਈ ਲੈ ਚੱਲਾਂਗੇ। ਵੀਹ, ਪੱਚੀ ਹਜ਼ਾਰ ਲੈ ਕੇ ਉਸ ਨੇ ਮੰਨ ਜਾਣਾ ਆਂ। ਬਾਕੀ ਪੌਣੇ ਦੋ ਲੱਖ ਦੇ ਨੂੰਹ ਨੂੰ ਗਹਿਣੇ ਪਾ ਦਿਆਂਗੇ। ਨਾਲੇ ਨੂੰਹ ਵੀ ਖੁਸ਼ ਹੋ ਜਾਊਗੀ।
" ਭੈਣੇ ਗੱਲ ਤਾਂ ਤੇਰੀ ਠੀਕ ਆ। ਨੂੰਹ ਨੂੰ ਖੁਸ਼ ਕਰਨਾ ਵੀ ਜ਼ਰੂਰੀ ਆ।" ਮਨਜੀਤ ਦੇ ਮਾਸਟਰ ਵੀਰ ਕੁਲਵਿੰਦਰ ਸਿੰਘ ਨੇ ਆਖਿਆ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
ਗਹਿਣੇ/ ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ
ਮਹਿੰਗਾ ਸਿੰਘ ਦੇ ਘਰ ਉਸ ਦੇ ਛੋਟੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਰੱਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਪਿੱਛੋਂ ਕੁਝ ਲੋਕ ਰੋਟੀ ਖਾ ਰਹੇ ਸਨ ਅਤੇ ਕੁਝ ਰੋਟੀ ਖਾਣ ਪਿੱਛੋਂ ਮਹਿੰਗਾ ਸਿੰਘ ਨੂੰ ਵਿਆਹ ਦਾ ਸ਼ਗਨ ਫੜਾ ਰਹੇ ਸਨ। ਮਹਿੰਗਾ ਸਿੰਘ ਦੇ ਗੁਆਂਢੀ ਦੀ ਪਤਨੀ ਜੀਤੋ ਵੀ ਉਸ ਨੂੰ ਵਿਆਹ ਦਾ ਸ਼ਗਨ ਫੜਾ ਕੇ ਜਾਣ ਹੀ ਲੱਗੀ ਸੀ ਕਿ ਅਚਾਨਕ ਉਸ ਦੀ ਨਜ਼ਰ ਮਹਿੰਗਾ ਸਿੰਘ ਦੀ ਵੱਡੀ ਲੜਕੀ ਕੁਲਵਿੰਦਰ ਤੇ ਪੈ ਗਈ, ਜਿਸ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਕੁਲਵਿੰਦਰ ਨੂੰ ਮੁਖਾਤਿਬ ਹੋ ਕੇ ਉਹ ਬੋਲੀ, " ਨੀ ਕੁਲਵਿੰਦਰੇ,
ਤੂੰ ਆਹ ਕੀਤਾ ਹੋਇਐ? ਤੂੰ ਸਾਰੇ ਗਹਿਣੇ ਆਰਟੀਫਿਸ਼ੀਅਲ ਪਾਏ ਹੋਏ ਆ। ਮੈਨੂੰ ਹਾਲੇ ਵੀ ਯਾਦ ਆ, ਤੇਰੇ ਘਰਦਿਆਂ ਨੇ ਤਾਂ ਤੈਨੂੰ ਤੇਰੇ ਵਿਆਹ 'ਚ ਰੱਜ ਕੇ ਸੋਨੇ ਦੇ ਗਹਿਣੇ ਪਾਏ ਸਨ।"
ਕੁਲਵਿੰਦਰ ਨੇ ਆਪਣੇ ਆਪ ਨੂੰ ਸੰਭਾਲਦਿਆਂ ਆਖਿਆ," ਚਾਚੀ ਸ਼ਾਇਦ ਤੈਨੂੰ ਪਤਾ ਨ੍ਹੀ, ਮੇਰੇ ਘਰ ਵਾਲੇ ਨੂੰ ਛੇ ਮਹੀਨੇ ਪਹਿਲਾਂ ਇਕ ਖਤਰਨਾਕ ਬੀਮਾਰੀ ਲੱਗ ਗਈ ਸੀ। ਉਸ ਬੀਮਾਰੀ ਦਾ ਇਲਾਜ ਕਰਵਾਉਣ ਲਈ ਮੈਂ ਆਪਣੇ ਘਰਦਿਆਂ ਤੋਂ ਸੱਠ ਹਜ਼ਾਰ ਰੁਪਏ ਫੜੇ ਸਨ ਅਤੇ ਮੈਨੂੰ ਆਪਣੇ ਸੋਨੇ ਦੇ ਸਾਰੇ ਗਹਿਣੇ ਵੇਚਣੇ ਪਏ ਸਨ। ਮੇਰੇ ਘਰ ਵਾਲੇ ਦਾ ਉਸ ਖਤਰਨਾਕ ਬੀਮਾਰੀ ਤੋਂ ਬਚਾ ਹੋ ਗਿਆ, ਮੇਰੇ ਲਈ ਇਹੋ ਬਹੁਤ ਆ। ਗਹਿਣਿਆਂ ਦਾ ਕੀ ਆ, ਕੰਮ ਕਰਕੇ ਹੋਰ ਬਣ ਜਾਣਗੇ।"
ਕੁਲਵਿੰਦਰ ਦੀਆਂ ਇਹ ਗੱਲਾਂ ਸੁਣ ਕੇ ਜੀਤੋ ਨੂੰ ਕੋਈ ਗੱਲ ਨਾ ਆਈ ਅਤੇ ਉਹ ਚੁੱਪ ਕਰਕੇ ਆਪਣੇ ਘਰ ਨੂੰ ਤੁਰ ਪਈ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
ਗ਼ਜ਼ਲ - ਮਹਿੰਦਰ ਸਿੰਘ ਮਾਨ
ਜਿਨ੍ਹਾਂ ਨੇ ਟਿੱਚ ਸਮਝੀ ਦੋਸਤੀ ਸਾਡੀ,
ਕਿਵੇਂ ਉਹ ਜਰਨਗੇ ਕੋਈ ਖ਼ੁਸ਼ੀ ਸਾਡੀ?
ਅਸੀਂ ਹਾਂ ਧੰਨਵਾਦੀ ਬਹੁਤ ਦੁੱਖਾਂ ਦੇ,
ਇਹ ਕੁਝ ਲਿਸ਼ਕਾ ਗਏ ਨੇ ਜ਼ਿੰਦਗੀ ਸਾਡੀ।
ਗੁਜ਼ਾਰਨ ਲੱਗੇ ਜੀਵਨ ਸਾਡੇ ਵਾਂਗੂੰ ਉਹ,
ਜਿਨ੍ਹਾਂ ਨੂੰ ਚੰਗੀ ਲੱਗੀ ਸਾਦਗੀ ਸਾਡੀ।
ਅਸੀਂ ਮੌਕੇ ਮੁਤਾਬਕ ਕਦਮ ਚੁੱਕਦੇ ਹਾਂ,
ਨਾ ਇਸ ਨੂੰ ਸਮਝੋ ਯਾਰੋ, ਬੁਜ਼ਦਿਲੀ ਸਾਡੀ।
ਸ਼ਬਦ ਔਖੇ ਨਾ ਗ਼ਜ਼ਲਾਂ ਵਿੱਚ ਵਰਤਦੇ ਹਾਂ,
ਹਰਿਕ ਨੂੰ ਸਮਝ ਆਵੇ ਸ਼ਾਇਰੀ ਸਾਡੀ।
ਕਰਾਂਗੇ ਦੂਰ ਨ੍ਹੇਰਾ ਚਾਰੇ ਪਾਸੇ ਦਾ,
ਹੋਈ ਸੂਰਜ ਤਰ੍ਹਾਂ ਜਦ ਰੌਸ਼ਨੀ ਸਾਡੀ।
ਅਸੀਂ ਹਾਜ਼ਰ ਹੋ ਜਾਵਾਂਗੇ ਉਦੋਂ 'ਮਾਨਾ',
ਜਦੋਂ ਮਹਿਸੂਸ ਕੀਤੀ ਤੂੰ ਕਮੀ ਸਾਡੀ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
ਠੀਕ ਆ ਡੈਡੀ ਜੀ/ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ
ਕੁਲਜਿੰਦਰ ਸਿੰਘ ਦਾ ਛੋਟਾ ਲੜਕਾ ਹਰਪ੍ਰੀਤ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ। ਅੱਜ ਦੀਵਾਲੀ ਹੋਣ ਕਰਕੇ ਸਕੂਲ ਵਿੱਚ ਛੁੱਟੀ ਸੀ। ਕੁਲਜਿੰਦਰ ਸਿੰਘ ਨੇ ਉਸ ਨੂੰ ਆਖਿਆ," ਹਰਪ੍ਰੀਤ ਜੇ ਪਟਾਕੇ ਲੈਣੇ ਆਂ ਤਾਂ ਆ ਤੈਨੂੰ ਮਜਾਰੀ ਤੋਂ ਪਟਾਕੇ ਲੈ ਕੇ ਦੇ ਦਿਆਂ। ਫੇਰ ਰਾਤ ਨੂੰ ਮੈਨੂੰ ਕਹੀਂ ਨਾ ਕਿ ਡੈਡੀ ਨੇ ਮੈਨੂੰ ਪਟਾਕੇ ਵੀ ਲੈ ਕੇ ਨਹੀਂ ਦਿੱਤੇ।" ਇਹ ਸੁਣ ਕੇ ਹਰਪ੍ਰੀਤ ਇਕ ਦਮ ਬੋਲ ਪਿਆ," ਡੈਡੀ ਜੀ, ਐਤਕੀਂ ਮੈਂ ਪਟਾਕੇ ਨਹੀਂ ਲੈਣੇ। ਸਾਡੇ ਪੰਜਾਬੀ ਵਾਲੇ ਮਾਸਟਰ ਕਹਿੰਦੇ ਸੀ ਕਿ ਪਟਾਕਿਆਂ ਦੇ ਧੂੰਏਂ ਨਾਲ ਪ੍ਰਦੂਸ਼ਣ ਫੈਲਦਾ ਆ। ਉਨ੍ਹਾਂ ਦੀ ਆਵਾਜ਼ ਨਾਲ ਮਰੀਜ਼ਾਂ ਨੂੰ ਬੇਆਰਾਮੀ ਹੁੰਦੀ ਆ, ਪਸ਼ੂ, ਪੰਛੀ ਡਰ ਜਾਂਦੇ ਆ, ਸਾਡੇ ਕੰਨ ਵੀ ਬੋਲ਼ੇ ਹੋ ਸਕਦੇ ਆ। ਆਤਸ਼ਬਾਜ਼ੀਆਂ ਲਾਗੇ ਦੇ ਘਰਾਂ ਵਿੱਚ ਡਿੱਗ ਜਾਂਦੀਆਂ ਆਂ ਤੇ ਅੱਗਾਂ ਲੱਗ ਜਾਂਦੀਆਂ ਆਂ।" ਹਰਪ੍ਰੀਤ ਦੀਆਂ ਗੱਲਾਂ ਸੁਣ ਕੇ ਕੁਲਜਿੰਦਰ ਸਿੰਘ ਬੜਾ ਖੁਸ਼ ਹੋਇਆ। ਉਸ ਨੂੰ ਯਾਦ ਹੈ , ਪਿਛਲੀ ਦੀਵਾਲੀ ਤੇ ਹਰਪ੍ਰੀਤ ਨੇ ਉਸ ਦਾ ਹਜ਼ਾਰ ਰੁਪਿਆ ਪਟਾਕਿਆਂ ਤੇ ਖਰਚਾ ਦਿੱਤਾ ਸੀ।
" ਚੱਲ ਫੇਰ ਏਦਾਂ ਕਰ, ਤੂੰ ਪਟਾਕੇ ਨਾ ਲਈਂ, ਮੋਮਬੱਤੀਆਂ ਤੇ ਫੁੱਲਝੜੀਆਂ ਲੈ ਲਈਂ।" ਕੁਲਜਿੰਦਰ ਸਿੰਘ ਨੇ ਆਖਿਆ।
ਹਰਪ੍ਰੀਤ ਇਕ ਦਮ ਮੰਨ ਗਿਆ ਅਤੇ ਉਹ ਕੁਲਜਿੰਦਰ ਸਿੰਘ ਨਾਲ ਮੋਮਬੱਤੀਆਂ ਤੇ ਫੁੱਲਝੜੀਆਂ ਲੈਣ ਲਈ ਮਜਾਰੀ ਨੂੰ ਤੁਰ ਪਿਆ। ਮਜਾਰੀ ਪਹੁੰਚ ਕੇ ਉਸ ਨੇ ਦੋਹੀਂ ਪਾਸੀਂ ਨਜ਼ਰਾਂ ਦੌੜਾਈਆਂ। ਦੁਕਾਨਦਾਰਾਂ ਨੇ ਛੋਟੇ, ਵੱਡੇ ਪਟਾਕੇ, ਅਨਾਰ, ਚੱਕੀਆਂ, ਆਤਸ਼ਬਾਜ਼ੀਆਂ, ਫੁੱਲਝੜੀਆਂ ਤੇ ਮੋਮਬੱਤੀਆਂ ਬੈਂਚਾਂ ਤੇ ਸਜਾ ਕੇ ਰੱਖੀਆਂ ਹੋਈਆਂ ਸਨ। ਅਚਾਨਕ ਕੁਲਜਿੰਦਰ ਸਿੰਘ ਦਾ ਹੱਥ ਫੜ ਕੇ ਉਹ ਆਖਣ ਲੱਗਾ," ਡੈਡੀ ਜੀ, ਔਹ ਸਾਮ੍ਹਣੇ ਸਾਡੇ ਪੰਜਾਬੀ ਵਾਲੇ ਮਾਸਟਰ ਤੇ ਉਨ੍ਹਾਂ ਦਾ ਮੁੰਡਾ ਪਟਾਕਿਆਂ ਦੀ ਦੁਕਾਨ ਤੇ ਪਤਾ ਨਹੀਂ ਕਿਉਂ ਖੜ੍ਹੇ ਆ?"
" ਪੁੱਤ ਉਹ ਦੁਕਾਨ ਤੇ ਖੜ੍ਹੇ ਨਹੀਂ, ਉਨ੍ਹਾਂ ਨੇ ਵੀ ਪਟਾਕਿਆਂ ਦੀ ਦੁਕਾਨ ਪਾਈ ਹੋਈ ਆ। ਅੱਜ ਕੱਲ੍ਹ ਲੋਕ ਆਖਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ। ਪਰ ਤੂੰ ਉਨ੍ਹਾਂ ਨੂੰ ਦੇਖ ਕੇ ਹੁਣ ਆਪਣਾ ਮਨ ਨਾ ਬਦਲ ਲਈਂ। ਜੋ ਕੁਝ ਲੈਣ ਆਇਆਂ, ਲੈ ਲੈ।"
" ਠੀਕ ਆ ਡੈਡੀ ਜੀ।" ਹਰਪ੍ਰੀਤ ਨੇ ਹੌਲੀ ਜਹੀ ਆਖਿਆ।
ਉਸ ਨੇ ਦੋ ਮੋਮਬੱਤੀਆਂ ਦੇ ਪੈਕਟ ਤੇ ਦੋ ਫੁੱਲਝੜੀਆਂ ਦੇ ਪੈਕਟ ਲਏ ਤੇ ਕੁਲਜਿੰਦਰ ਸਿੰਘ ਨਾਲ ਘਰ ਵੱਲ ਨੂੰ ਵਾਪਸ ਤੁਰ ਪਿਆ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ - 144514
ਫੋਨ -9915803554