ਦਰਦ ਦੀ ਦਵਾ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਗਰਮੀਆਂ ਦੇ ਦਿਨ ਸਨ। ਰਾਤ ਦੇ ਦਸ ਕੁ ਵੱਜਣ ਵਾਲੇ ਸਨ। ਪਿੰਡ ਨੂੰ ਆਉਂਦੀ ਲਿੰਕ ਰੋਡ ਤੇ ਪਿੰਡ ਵਿੱਚ ਦਾਖਲ ਹੋਣ ਲੱਗਿਆਂ ਸਭ ਤੋਂ ਪਹਿਲਾਂ ਮੱਖਣ ਸਿੰਘ ਦਾ ਘਰ ਹੀ ਆਉਂਦਾ ਹੈ। ਅਚਾਨਕ ਉਸ ਦੇ ਘਰ ਦਾ ਗੇਟ ਕਿਸੇ ਨੇ ਖੜਕਾਇਆ। ਉਸ ਨੇ ਆਪਣੇ ਕਮਰੇ ਤੋਂ ਬਾਹਰ ਆ ਕੇ ਗੇਟ ਖੋਲ੍ਹਿਆ। ਇੱਕ 25 ਕੁ ਸਾਲ ਦਾ ਨੌਜਵਾਨ ਗੇਟ ਵਿੱਚ ਖੜ੍ਹਾ ਸੀ। ਸੜਕ ਤੇ ਖੜ੍ਹੀ ਕਾਰ ਵਿੱਚ ਕੋਈ ਔਰਤ ਦਰਦ ਨਾਲ ਕੁਰਲਾ ਰਹੀ ਸੀ। ਨੌਜਵਾਨ ਨੇ ਉਸ ਨੂੰ ਆਖਿਆ," ਇੱਥੇ ਡਾਕਟਰ ਰਵੀ  ਦਾ ਘਰ ਕਿੱਥੇ ਕੁ ਆ? ਉਸ ਨੇ ਸਾਡੇ ਪਿੰਡ ਕਲੀਨਿਕ ਖੋਲ੍ਹਿਆ ਹੋਇਐ। ਕਾਰ 'ਚ ਬੈਠੀ ਮੇਰੀ ਛੋਟੀ ਭੈਣ ਦੇ ਦਿਲ ਤੇ ਬਹੁਤ ਦਰਦ ਹੋ ਰਿਹੈ। ਅਸੀਂ ਉਸ ਨੂੰ ਫੋਨ ਕਰਨ ਦਾ ਬਹੁਤ ਯਤਨ ਕੀਤਾ, ਪਰ ਉਸ ਦਾ ਫੋਨ ਬੰਦ ਆ ਰਿਹੈ। ਮੇਰੀ ਛੋਟੀ ਭੈਣ ਪਹਿਲਾਂ ਵੀ ਉਸ ਤੋਂ ਦਵਾਈ ਲੈਂਦੀ ਆ।"
" ਉਸ ਦਾ ਘਰ ਪਿੰਡ 'ਚ ਤੰਗ ਗਲੀ 'ਚ ਆ। ਤੁਹਾਨੂੰ ਲੱਭਣ 'ਚ ਔਖ ਆਵੇਗੀ। ਇਸ ਕਰਕੇ ਮੈਂ ਤੁਹਾਡੇ ਨਾਲ ਚੱਲਦਾਂ," ਕੁੜੀ ਨੂੰ ਦਰਦ ਨਾਲ ਕੁਰਲਾਂਦੇ ਵੇਖ ਕੇ ਮੱਖਣ ਸਿੰਘ ਨੇ ਆਖਿਆ।
ਨੌਜਵਾਨ ਨੇ ਮੱਖਣ ਸਿੰਘ ਨੂੰ ਕਾਰ ਵਿੱਚ ਬਿਠਾ ਕੇ ਕਾਰ ਸਟਾਰਟ ਕੀਤੀ। ਅੱਧਾ ਕੁ ਕਿਲੋਮੀਟਰ ਜਾ ਕੇ ਮੱਖਣ ਸਿੰਘ ਨੇ ਨੌਜਵਾਨ ਨੂੰ ਕਾਰ ਰੋਕਣ ਲਈ ਕਿਹਾ। ਮੱਖਣ ਸਿੰਘ, ਨੌਜਵਾਨ ਤੇ ਉਸ ਦੀ ਛੋਟੀ ਭੈਣ ਕਾਰ ਚੋਂ ਉਤਰ ਕੇ ਡਾਕਟਰ ਰਵੀ ਦੇ ਘਰ ਵੱਲ ਨੂੰ ਤੁਰ ਪਏ। ਉਸ ਦੇ ਘਰ ਪਹੁੰਚ ਕੇ ਮੱਖਣ ਸਿੰਘ ਨੇ ਉਸ ਦੇ ਘਰ ਦਾ ਗੇਟ ਖੜਕਾਇਆ। ਉਸ ਦੇ ਡੈਡੀ ਨੇ ਗੇਟ ਖੋਲ੍ਹਿਆ ਤੇ ਉਹ ਕੁਰਸੀਆਂ ਤੇ ਬੈਠ ਕੇ ਉਸ ਦਾ ਇੰਤਜ਼ਾਰ ਕਰਨ ਲੱਗੇ। ਉਸ ਨੇ ਆਉਂਦੇ ਸਾਰ ਕੁੜੀ ਦਾ ਬਲੱਡ ਪ੍ਰੈਸ਼ਰ ਵੇਖਿਆ, ਜੋ ਕਿ ਨਾਰਮਲ ਤੋਂ ਕੁੱਝ ਵੱਧ ਸੀ। ਫੇਰ ਉਸ ਨੇ ਕੁੜੀ ਦੇ ਦਰਦ ਦਾ ਟੀਕਾ ਲਾਇਆ ਤੇ ਖਾਣ ਨੂੰ ਦੋ ਗੋਲੀਆਂ ਦਿੱਤੀਆਂ। ਦਸ ਕੁ ਮਿੰਟਾਂ ਵਿੱਚ ਉਸ ਨੂੰ ਦਰਦ ਤੋਂ ਕਾਫੀ ਰਾਹਤ ਮਿਲ ਗਈ। ਡਾਕਟਰ ਰਵੀ ਦਾ ਹਾਲੇ ਵਿਆਹ ਨਹੀਂ ਸੀ ਹੋਇਆ। ਉਹ ਵੇਖਣ ਨੂੰ ਬੜਾ ਸੋਹਣਾ ਲੱਗਦਾ ਸੀ। ਉਸ ਦੇ ਡੈਡੀ ਨੇ ਸੋਚਿਆ, ਕਿਤੇ ਉਸ ਦਾ ਮੁੰਡਾ ਇਸੇ ਕੁੜੀ ਨਾਲ ਵਿਆਹ ਨਾ ਕਰਵਾ ਲਵੇ। ਆਣ ਵਾਲੇ ਖਤਰੇ ਨੂੰ ਭਾਂਪਦੇ ਹੋਏ  ਉਸ ਨੇ ਕੁੜੀ ਦੇ ਵੱਡੇ ਭਰਾ ਨੂੰ ਆਖਿਆ," ਵੇਖ ਪੁੱਤ, ਮੇਰੀ ਗੱਲ ਦਾ ਗੁੱਸਾ ਨਾ ਕਰੀਂ। ਇਸ ਵੇਲੇ ਤੇਰੀ ਭੈਣ ਵਿਆਹੇ ਜਾਣ ਦੇ ਯੋਗ ਆ। ਇਦ੍ਹੇ ਲਈ ਚੰਗਾ ਜਿਹਾ ਮੁੰਡਾ ਲੱਭੋ। ਇਸ ਦੇ ਦਿਲ ਤੇ ਜਿਹੜਾ ਦਰਦ ਹੁੰਦਾ ਆ, ਇਹ ਟੈਂਪਰੇਰੀ ਆ। ਇਹ ਕੋਈ ਗੰਭੀਰ ਬੀਮਾਰੀ ਨਹੀਂ। ਇਸ ਦਾ ਵਿਆਹ ਹੋਣ ਨਾਲ  ਸਭ ਕੁੱਝ ਠੀਕ ਹੋ ਜਾਵੇਗਾ।"
ਇਸ ਤੋਂ ਪਹਿਲਾਂ ਕਿ ਉਹ ਹੋਰ ਕੁੱਝ ਬੋਲਦਾ, ਉਹ ਡਾਕਟਰ ਰਵੀ ਦੇ ਘਰ ਤੋਂ ਬਾਹਰ ਆ ਗਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554