Mandeep Kaur Pannu

ਮਸਤਾਨੇ-ਸਿੱਖ ਇਤਿਹਾਸ ਦੀ ਗੋਰਵਮਈ ਗਾਥਾ - ਮਨਦੀਪ ਕੌਰ ਪੰਨੂ

ਸਿੱਖ ਕੌਮ ਦੇ ਵਿੱਚ ਕਿਰਦਾਰ,ਰਫ਼ਤਾਰ,ਗੁੱਫਤਾਰ ਤੇ ਦਸਤਾਰ ਦੀ ਬਹੁੱਤ ਮਹਤੱਤਾ ਹੈ।ਸਿੱਖ ਯੋਧਿਆਂ ਦੇ ਕਿਰਦਾਰ ਦੀ ਬਾਤ ਦੁਸ਼ਮਣ ਵੀ ਪਾਉਂਦੇ ਹਨ,ਜੋ ਹਰ ਕਿਸੇ ਦੇ ਸੀਨੇ ਵਿੱਚ ਗੂੜੀ ਛਾਪ ਛੱਡ ਜਾਂਦੇ ਹਨ।ਸਿੱਖਾਂ ਦੇ ਜੀਵਨ ਤੋ ਪ੍ਰਭਾਵਿਤ ਹੋ ਕੇ ਬਹੁੱਤ ਸਾਰੇ ਗੈਰ-ਸਿੱਖਾਂ ਨੇ ਸਿੱਖੀ ਨੂੰ ਅਪਨਾ ਲਿਆ ਹੈ।

ਪੰਜਾਬੀ ਫਿਲਮ ਇੰਡਸਟਰੀ ਵਿੱਚ ਸਮੇਂ-ਸਮੇਂ ਤੇ ਬਹੁੱਤ ਫਿਲਮਾਂ ਬਣਦੀਆਂ ਹਨ ਤੇ ਉਹ ਲੋਕਾਂ ਦਾ ਮਨੋਰੰਜਨ ਕਰਦੀਆਂ ਹਨ। ਕੁੱਝ ਇਨਸਾਨ ਅਜਿਹੇ ਵੀ ਹੁੰਦੇ ਹਨ,ਜੋ ਲਕੀਰ ਤੋ ਹੱਟ ਕੇ ਕੰਮ ਕਰਦੇ ਹਨ।

ਉਸੇ ਕਤਾਰ ਵਿੱਚ ਨਾਗਪੁਰ ਵਾਸੀ,ਗੁਰਵਿੰਦਰ ਸਿੰਘ ਸਰਪੰਚ ਉਰਫ ਗੁੱਲੂ ਢਿੱਲੋ ਤੇ ਰਾਜਵਿੰਦਰ ਸਿੰਘ ਉਰਫ ਜਿੰਦਾ ਢਿੱਲੋ ਹੁਣਾ ਦਾ ਨਾਮ ਆਉਂਦਾ ਹੈ।ਇਹ ਦੋਵੇਂ ਭਰਾ ਕਿਸੇ ਜਾਣਕਾਰੀ ਦੇ ਮੁਹਾਥ ਨਹੀਂ ਹਨ। ਕੌਮ ਦੀ ਸੇਵਾ,ਕਰੋਨਾ ਕਾਲ ਵਿੱਚ ਲੋਕ ਭਲਾਈ ਦੇ ਕੰਮ ਤੇ ਸਮਾਜਿਕ ਸਮੱਸਿਆ ਵਿੱਚ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਣ ਦਾ ਇਹਨਾਂ ਵਿੱਚ ਜਨੂੰਨ ਹੈ। ਸੰਨ 2018 ਵਿੱਚ ਜਦੋ ਜਿੰਦਾ ਢਿੱਲੋ ਦੀ ਮੁਲਾਕਾਤ ਸ਼ਰਨ ਆਰਟਸ ਵਾਲਿਆਂ ਨਾਲ ਹੋਈ ਤਾਂ ਫ਼ਿਲਮ ਦੀ ਕਹਾਣੀਸੁਨਣ ਤੋ ਬਾਅਦ ਜ਼ਿੰਦਾ ਢਿੱਲੋ ਨੇ ਆਪਣੇ ਵੱਡੇ ਵੀਰ,ਗੁੱਲੂ ਢਿੱਲੋ ਨੂੰ ਫੋਨ ਤੇ ਫ਼ਿਲਮ ਬਾਰੇ ਦੱਸਿਆ ਤਾਂ ਉਹਨਾਂ ਨੇ ਇੱਕ ਦਮ ਫ਼ਿਲਮ ਬਨਾਉਣ ਲਈ ਹਾਂ ਕਰ ਦਿੱਤੀ।

ਇਸ ਫ਼ਿਲਮ ਵਿੱਚ ਮੁੱਖ ਰੋਲ ਵਿੱਚ ਤਰਸੇਮ ਜੱਸੜ,ਜਿਸਦੀ ਆਸਥਾ ਫਤਹਿਗੜ ਸਾਹਿਬ ਨਾਲ ਜੁੜੀ ਹੋਈ ਹੈ ਤੇ ਹਰ ਵੇਲੇ ਉਸਦੇ ਗੀਤਾਂ ਵਿੱਚ ਕੌਮ ਦਾ ਪ੍ਰਚਾਰ ਤੇਸਿੱਖ ਦੇ ਕਿਰਦਾਰ ਦੀ ਗੱਲ ਹੁੰਦੀ ਹੈ।ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਵਰਗੇ ਸੀਨੀਅਰ ਕਲਾਕਾਰ,ਜੋ ਹਮੇਸ਼ਾ ਹੀ ਪੰਜਾਬ,ਪੰਜਾਬੀ ਤੇ ਪੰਜਾਬੀਅਤ ਲਈ ਤੱਤਪਰ ਰਹਿੰਦੇ
ਹਨ।ਉਹਨਾਂ ਦੀ ਇਸ ਫਿਲਮ ਵਿੱਚ ਅਦਾਕਾਰੀ ਵੀ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ।


ਇਸ ਫਿਲਮ ਵਿੱਚ ਨਾਦਰ ਸ਼ਾਹ ਨੂੰ ਲੁੱਟ ਕੇ ਸਿੱਖਾਂ ਦੀ ਬਹਾਦਰੀ ਦੀ ਗੱਲ ਹੋਈ ਹੈ,ਜੋ ਕਿ ਅੱਜ ਤੱਕ ਸਿਰਫ ਕਿਤਾਬਾਂ ਵਿੱਚ ਪੜੀ ਜਾਂਦੀ ਰਹੀ ਹੈ ਤੇ ਇਸ ਫਿਲਮਰਾਹੀਂ ਉਸ ਨੂੰ ਫਿਲਮਾ ਕੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।

ਆਮ ਤੋਰ ਤੇ ਅਸੀ ਸ਼ਿਕਾਇਤ ਕਰਦੇ ਹਾਂ ਕਿ ਪੰਜਾਬੀ ਸਿਨੇਮਾ ਵਧੀਆ ਫ਼ਿਲਮਾਂ ਨਹੀ ਬਣਾਉਦਾ ਤੇ ਬਹੁਤੀਆਂ ਫ਼ਿਲਮ ਨਕਲੀ ਹਾਸੇ,ਨਸ਼ਾ,ਲੱਚਰਤਾ ਤੇਗੈਂਗਸਟਰਵਾਦ ਵਰਗੇ ਵਿਸ਼ੇ ਨੂੰ ਲੈਕੇ ਬਣਦੀਆਂ ਹਨ। ਜਦੋ ਕਿ ਪੰਜਾਬ ਦੀ ਧਰਤੀ ਦਾ ਇਤਿਹਾਸ ਬਹੁਤ ਸਾਰੀਆਂ ਸੂਰਬੀਰਤਾ ਵਾਲੀਆਂ ਗਾਥਾਵਾਂ ਦੀ ਬਾਤਪਾਉਂਦਾ ਹੈ।ਇਹੋ ਜਿਹੇ ਵਿਸ਼ਿਆਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਈ ਕੋਸ਼ਿਸ਼ ਨਹੀ ਕੀਤੀ ਗਈ। ਇਹ ਫ਼ਿਲਮ ਕੇਵਲ ਆਮ ਫਿਲਮ ਨਹੀ ਹੈ,ਇਹ ਸਾਡੇ ਕਿਰਦਾਰ,ਵਿਹਾਰ,ਬੁਲੰਦ ਪ੍ਰੰਪਰਾਵਾਂ,ਸੁਭਾਅ,ਅਣਖ-ਗ਼ੈਰਤ ਦਾ ਪ੍ਰਚੰਡ ਪ੍ਰਗਟਾਅ ਹੈ।

ਢਿੱਲੋ ਭਰਾ,ਤਰਸੇਮ ਜੱਸੜ ਤੇ ਸ਼ਰਨ ਆਰਟਸ ਨੇ ਇਸ ਕੋਸ਼ਿਸ਼ ਨੂੰ ਅਮਲੀ ਜਾਮਾ ਪਵਾਇਆ ਹੈ।ਵਾਹਿਗੁਰੂ ਸਮੁੱਚੀ ਟੀਮ ਨੂੰ ਕਾਮਯਾਬੀ ਤੇ ਚੜ੍ਹਦੀਕਲਾ ਬਖਸ਼ਣ।

ਮੇਰੇ ਵੱਲੋ ਸਮੁੱਚੀ ਟੀਮ ਨੂੰ ਬਹੁੱਤ-ਬਹੁੱਤ ਮੁਬਾਰਕਾਂ।

ਮਨਦੀਪ ਕੌਰ ਪੰਨੂ

ਖਾਲਸਾ ਰਾਜ ਦੀ ਸਥਾਪਨਾ ਦਿਵਸ ਤੇ ਵਿਸ਼ੇਸ਼ - ਮਨਦੀਪ ਕੌਰ ਪੰਨੂ

ਸਿੱਖ ਕੌਮ ਦੁਨੀਆ ਦੇ ਇਤਿਹਾਸ ਵਿੱਚ ਬਹੁੱਤ ਹੀ ਬਾਲੜੀ ਉਮਰ ਦਾ ਧਰਮ ਹੈ। ਇਸ ਕੌਮ ਨੇ ਜਨਮ ਤੋ ਲੈ ਕੇ ਅਜੌਕੇ ਸਮੇਂ ਤੱਕ ਕਦੀ ਵੀ ਸੁੱਖ ਦਾ ਸਾਹ ਨਹੀ ਲਿਆ। ਨਿੱਤ ਦਿਨ ਕੋਈ ਨਾ ਕੋਈ ਦੁਸ਼ਵਾਰੀ ਨੇ ਅਚਾਨਕ ਘੇਰਾ ਪਾਇਆ,ਪਰ ਗੁਰੂ ਦੇ ਸਿੱਖ ਸਰਬੱਤ ਦੇ ਭਲੇ ਦੀ ਅਰਦਾਸ ਦੇ ਫਲਸਫੇ ਤੇ ਪਹਿਰਾ ਦਿੰਦੇ ਹੋਏ ਕਈ ਸਦੀਆਂ ਤੋ ਪਹਾੜਾਂ ਵਰਗੀਆਂ ਬਾਦਸ਼ਾਹੀਆਂ ਨਾਲ ਟਾਕਰਾ ਲੈਦੇ ਹੋਏ ਹਮੇਸ਼ਾ ਫਤਹਿ ਹਾਸਿਲ ਕਰਦੇ ਰਹੇ ਹਨ।

ਸਿੱਖਾਂ ਨੇ ਮਨੁੱਖੀ ਹੱਕਾਂ ਦੀ ਰਾਖੀ ਕਰਦਿਆ,ਲੋਕਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਕੋਸ਼ਿਸ਼ ਕਰਦਿਆਂ,ਭਾਰੀ ਨੁਕਸਾਨ ਵੀ ਝੱਲੇ। ਅਜਿਹੀਆਂ ਅਨੇਕਾਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਦਰਜ਼ ਹਨ, ਜਿਹਨਾਂ ਵਿੱਚੋ ਇੱਕ ਨਾਮ ਸਾਡੇ ਜਿਹਨ ਵਿੱਚ ਆਉਦੇ ਹੀ ਸਾਡਾ ਸਿਰ ਅਦਬ ਨਾਲ ਝੁਕਦਾ ਹੈ,ਉਹ ਨਾਮ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ।

ਕਲਗੀਧਰ ਪਾਤਸ਼ਾਹ ਆਪਣਾ ਸਾਰਾ ਸਰਬੰਸ, ਕੌਮ ਦੇ ਲੇਖੇ ਲਾਉਣ ਉਪਰੰਤ,ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਦਿੱਲੀ ਦੇ ਰਾਜ ਤਖਤ ਦਾ ਮਾਲਕ ਬਣਾ ਕੇ, ਜਦੋ ਦੱਖਣੀ ਭਾਰਤ ਵੱਲ ਨੂੰ ਮਾਧੋ ਦਾਸ ਬੈਰਾਗੀ ਨੂੰ ਮਿਲਣ ਦੇ ਮਕਸਦ ਨਾਲ ਰਵਾਨਾ ਹੋਏ।
ਮਾਧੋ ਦਾਸ ਬੈਰਾਗੀ ਜੋ ਜਿੰਦਗੀ ਤੋ ਉਪਰਾਮ ਹੋ ਕੇ,ਮੌਤ ਤੋ ਭੈਅ-ਭੀਤ ਹੋ ਕੇ ਘਰ-ਬਾਹਰ ਛੱਡ ਕੇ ਰਾਜੌਰੀ ਤੋ ਵੱਖ-ਵੱਖ ਥਾਵਾਂ ਤੋ ਹੁੰਦਾ ਹੋਇਆ ਦੱਖਣ ਵਿੱਚ ਪਹੁੰਚਿਆ। ਜਿਸ ਵਿੱਚ ਮਾਧੋ ਦਾਸ ਨੇ ਕਈ ਗੁਰੂ ਜਾਨਕੀ ਦਾਸ,ਔਗੜਨਾਥ ਤੇ ਰਾਮ ਚੰਦਰ ਬਦਲੇ। ਆਪਣੀ ਜਿੰਦਗੀ ਵਿੱਚ ਵੇਸ,ਭੇਸ,ਗੁਰੂ,ਨਾਮ ਤੇ ਥਾਂ ਬਦਲੇ ਪਰ ਜਿੰਦਗੀ ਜੀਣ ਦਾ ਮਕਸਦ ਨਾ ਪਾਇਆ। ਦਸ਼ਮੇਸ਼ ਪਿਤਾ ਜੀ ਨੂੰ ਮਿਲ ਕੇ ਜਿੰਦਗੀ ਦਾ ਮਕਸਦ ਮਿਲਿਆ। ਗੁਰੂ ਸਾਹਿਬ ਦੇ ਚਰਨਾਂ ਤੇ ਕੇਵਲ ਮੱਥਾ ਹੀ ਨਹੀ ਟੇਕਿਆ ਸਗੋ ਆਪਣੀ ਸੋਚ ਰੱਖੀ ਤੇ ਕਿਹਾ ਮੈ ਸਾਰਿਆਂ ਦੀ ਮੁਹਥਾਜੀ ਛੱਡ ਕੇ ਤੁਹਾਡਾ ਬੰਦਾ ਹਾਂ। ਫਿਰ ਉਸ ਗੁਰੂ ਦੇ ਬੰਦੇ ਨੇ ਜੋ ਕਾਰਜ਼ ਕੀਤੇ, ਉਹ ਇਤਿਹਾਸ ਦੇ ਸੁਨਹਿਰੀ ਪੰਨਿਆ ਤੇ ਦਰਜ਼ ਹੋਏ।

ਗੁਰੂ ਸਾਹਿਬ ਦੀ ਪਾਰਖੂ ਨਜਰ ਨੇ ਹੀਰੇ ਦੀ ਪਹਿਚਾਣ ਕੀਤੀ ਤੇ ਆਪਣੇ ਆਰੰਭੇ ਹੋਏ ਮਿਸ਼ਨ ਜ਼ੁਲਮ ਦੇ ਰਾਜ ਨੂੰ ਖਤਮ ਕਰਨ ਲਈ ਬਾਬਾ ਜੀ ਨੂੰ ਕਮਾਂਡ ਦਿੱਤੀ। ਗੁਰੂ ਸਾਹਿਬ ਨੇ ਆਪਣੇ ਵਿਚਾਰਾਂ ਨਾਲ ਬੰਦਾ ਸਿੰਘ ਨੂੰ ਅਜਿਹਾ ਤਰਾਸ਼ਿਆ ਕਿ ਅਖੀਰ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਕੋਲੋ ਜੁਲਮ ਦਾ ਨਾਸ਼ ਕਰਨ ਲਈ ਆਗਿਆ ਮੰਗੀ। ਗੁਰੂ ਸਾਹਿਬ ਨੇ ਪੰਜ ਸਿੰਘਾਂ,ਜਿਹਨਾਂ ਵਿੱਚ ਭਾਈ ਬਾਜ ਸਿੰਘ,ਭਾਈ ਦਯਾ ਸਿੰਘ,ਭਾਈ ਕਾਹਨ ਸਿੰਘ,ਭਾਈ ਬਿਨੋਦ ਸਿੰਘ,ਭਾਈ ਰਣ ਸਿੰਘ ਤੋ ਇਲਾਵਾ 20 ਹੋਰ ਸਿੰਘਾਂ ਦੀ ਫੌਜ ਅਤੇ ਗੁਰਦੇਵ ਨੇ ਆਪਣੇ ਭੱਥੇ ਵਿੱਚੋ ਪੰਜ ਤੀਰ,ਨਗਾਰਾ ਤੇ ਖਾਲਸਾਈ ਪ੍ਰੰਚਮ ਦੇ ਕੇ ਪੰਜਾਬ ਵੱਲ ਰਵਾਨਾ ਕੀਤਾ। ਬਾਬਾ ਜੀ ਨੂੰ ਜਿਸ ਵੇਲੇ ਪੰਜਾਬ ਵੱਲ ਰਵਾਨਾ ਕੀਤਾ ਗਿਆ ਸੀ ਤਾਂ ਉਸ ਵੇਲੇ ਕੋਈ ਨਹੀ ਜਾਣਦਾ ਸੀ ਕਿ ਇਸ ਯੋਧੇ ਨੇ 750 ਸਾਲ ਪੁਰਾਣੀ ਸਲਤਨਤ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਮੇਰੀ ਸੱਚੀ ਸਰਕਾਰ ਨੇ ਇਸ ਜਰਨੈਲ ਦੀ ਚੋਣ ਆਪ ਕੀਤੀ ਸੀ ਤੇ ਉਹਨਾਂ ਨੂੰ ਬਾਬਾ ਜੀ ਦੀ ਕਾਬਲੀਅਤ ਤੇ ਪੂਰਾ ਭਰੋਸਾ ਸੀ। ਬਾਜਾਂ ਵਾਲੇ ਸਤਿਗੁਰੂ ਜਿਹੜੇ ਆਪ ਇੰਨੇ ਵੱਡੇ ਜਰਨੈਲ ਹਨ ਕਿ ਉਹਨਾਂ ਵੱਲੋ ਮਾਰਿਆ ਤੀਰ ਗੁਰਦੁਆਰਾ ਮੋਤੀ ਬਾਗ ਸਾਹਿਬ ਤੋ ਲਾਲ ਕਿਲੇ ਵਿੱਚ ਬਹਾਦਰ ਸ਼ਾਹ ਦੇ ਤਖਤ ਦੇ ਪੀੜੇ ਵਿੱਚ ਜਾ ਵੱਜਦਾ ਹੈ,ਉਹਨਾਂ ਦੇ ਥਾਪੜੇ ਨਾਲ ਬਾਬਾ ਜੀ ਦੁਨੀਆ ਦੀ ਹਰ ਹਕੂਮਤ ਨਾਲ ਲੋਹਾ ਲੈਣ ਦੇ ਯੋਗ ਸਨ। ਇਹ ਪੰਜ ਤੀਰ,ਅਸਲ ਵਿੱਚ ਖਾਲਸਾ ਰਾਜ ਦੀ ਮੁਕਾਮੀ ਸਨ। ਨਗਾਰਾ ਸਾਡੀ ਆਜਾਦ ਸੋਚ ਦਾ ਪ੍ਰਤੀਕ ਹੈ,ਸਿੱਖ ਕਿਸੇ ਵੀ ਹਾਲਾਤ ਵਿੱਚ ਹੋਣ ਉਹ ਕਦੀ ਸੋਚ ਕਰਕੇ ਗੁਲਾਮ ਨਹੀ ਹੋ ਸਕਦੇ।
ਬਾਬਾ ਜੀ ਦੱਖਣ ਤੋ ਚੱਲ ਕੇ ਜਦੋ ਦਿੱਲੀ ਪਹੁੰਚਦੇ ਹਨ ਤਾਂ ਕੁੱਝ ਸਿੱਖਾਂ ਨੂੰ ਜਦੋ ਪਤਾ ਲੱਗਾ ਕਿ ਇਹ ਬਾਬਾ ਜੀ ਤੇ ਸਾਥੀ ਪੰਜਾਬ ਵਿੱਚ ਦੁਸ਼ਟਾਂ ਨੂੰ ਸੋਧਣ ਜਾ ਰਹਾ ਹਨ ਤਾਂ ਉਹਨਾਂ ਨੇ ਸਿੰਘਾਂ ਨੂੰ ਖੱਚਰਾਂ ਭਰ ਕੇ ਪੈਸਾ ਦਿੱਤਾ। ਬਾਬਾ ਜੀ ਤੇ ਉਹਨਾਂ ਦੇ ਸਾਥੀ ਰੋਹਤਕ ਦੇ ਨੇੜੇ ਮੁਕਾਮ ਕਰਦੇ ਹਨ। ਇਥੋ ਭਾਈ ਭਗਤੂ ਹੁਣਾ ਨੂੰ,ਫੂਲਕਿਆਂ ਨੂੰ,ਭਾਈ ਰੂਪੇ ਕਿਆ ਨੂੰ,ਦੁਆਬਾ ਤੇ ਮਾਝਾ ਖੇਤਰ ਦੇ ਮਝੈਲਾਂ ਨੂੰ ਹੁਕਮਨਾਮੇ ਭੇਜਦੇ ਹਨ। ਢਾਡੀ ਕਲਾ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ,
"ਕੋਈ ਜਾਂਦੀ ਸੁਆਣੀ ਖੇਤ ਨੂੰ,ਪਤੀ ਨੂੰ ਤਲਵਾਰ ਫੜਾ ਕੇ।
ਮੁੜੀ ਨਾ ਸਾਈਆ ਮੇਰਿਆ ਰਣ ਕੰਡ ਵਿਖਾ ਕੇ"
ਪਿਆਰਾ ਸਿੰਘ ਪਦਮ ਅਨੁਸਾਰ ਤਕਰੀਰ ਲਿੱਖ ਕੇ ਭੇਜੀ,"ਤੁਸੀ ਮੇਰਾ ਸਾਥ ਦਿਉ,ਸਾਨੂੰ ਸਰਹੰਦ ਦੀਆਂ ਨੀਹਾਂ ਤੇ ਚਮਕੌਰ ਸਾਹਿਬ ਦਾ ਖੂਨ ਆਵਾਜਾਂ ਮਾਰਦਾ ਹੈ"

ਪਹਿਲਾਂ ਸਿੰਘਾਂ ਨੇ ਸੋਨੀਪਤ ਜਿੱਤਿਆ,ਫਿਰ ਸਮਾਣਾ ਵਿੱਚ ਜਲਾਲੂਦੀਨ,ਸ਼ਾਸ਼ਨ ਬੇਗ ਤੇ ਬਾਸ਼ਨ ਬੇਗ(ਇਹ ਉਹ ਜੱਲਾਦ ਸਨ,ਜਿਹਨਾਂ ਨੇ ਗੁਰੂ ਤੇਗ ਬਹਾਦਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ) ਨੂੰ ਮੌਤ ਦੇ ਘਾਟ ਉਤਾਰਿਆ। ਉਦੋ ਤੱਕ ਦੱਸ ਹਜਾਰ ਸਿੱਖ ਇਕੱਠੇ ਹੋ ਚੁੱਕੇ ਸਨ। ਭਾਈ ਬਾਜ ਸਿੰਘ ਹੁਣਾ ਨੂੰ ਸਮਾਣਾ ਦਾ ਫੌਜਦਾਰ ਥਾਪਿਆ। ਇਸ ਤੋ ਬਾਅਦ ਸੰਢੋਰੇ ਤੇ ਹਮਲਾ ਕੀਤਾ,ਜਿੱਥੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਿਆਂ ਦਾ ਸੋਧਾ ਲਾਇਆ।
ਇਸ ਤੋ ਬਾਅਦ ਚਪੱੜਚਿੜੀ ਦੇ ਮੈਦਾਨ ਤੱਕ ਪਹੁੰਚਦੇ ਹੋਏ ਦੁਆਬਾ ਤੇ ਮਾਝਾ ਖੇਤਰ ਦੇ ਸਿੱਖਾਂ ਨਾਲ ਮੇਲ ਹੋਇਆ ਤੇ ਚਾਲੀ ਹਜਾਰ ਦੇ ਕਰੀਬ ਫੌਜ ਪਹੁੰਚ ਚੁੱਕੀ ਸੀ। ਅੱਤ ਦੀ ਗਰਮੀ ਵਿੱਚ ਬਹੁੱਤ ਗਹਿ-ਗੱਚ ਜੰਗ ਹੋਈ। ਭਾਈ ਫਤਹਿ ਸਿੰਘ ਹੁਣਾ ਨੇ ਵਜੀਦੇ ਨੂੰ ਮਾਰਿਆ ਤੇ ਉਪਰੰਤ ਉਹ ਨੂੰ ਬਲਦਾਂ ਦੇ ਪਿੱਛੇ ਬੰਨ ਕੇ ਪੂਰੀ ਸਰਹਿੰਦ ਵਿੱਚ ਘੁੰਮਾਇਆ ਗਿਆ। ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਦੁਸ਼ਟਾਂ ਦਾ ਨਾਸ਼ ਕੀਤਾ ਗਿਆ।
ਇਸ ਭਾਰੀ ਜੰਗ ਵਿੱਚ ਕਿਸੇ ਵੀ ਮਸਜਿਦ ਤੇ ਹਮਲਾ ਨਹੀ ਕੀਤਾ ਗਿਆ। ਇਸ ਜੁਲਮੀ ਰਾਜ ਦੇ ਕਿੰਗਰੇ ਢਾਹੇ ਗਏ ਤੇ ਸੰਜਮ ਤੇ ਜਾਬਤੇ ਦਾ ਧਿਆਨ ਰੱਖਿਆ ਗਿਆ,ਜੋ ਕਿ ਬਾ-ਕਮਾਲ ਸੀ। ਇਸ ਵਰਤਾਰੇ ਤੋ ਇਹ ਸਾਬਿਤ ਕੀਤਾ ਗਿਆ ਕਿ ਖਾਲਸਾ ਜਾਲਮਾਂ ਦੇ ਖਿਲਾਫ ਹੈ ਨਾ ਕਿ ਕਿਸੇ ਧਾਰਮਿਕ ਸਥਾਨ ਦੇ ਖਿਲਾਫ।

ਇਸ ਤੋ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਜ ਦੇ ਦਿਨ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਜਾਰੀ ਕੀਤੇ। ਉਹਨਾਂ ਸਿੱਕਿਆਂ ਤੇ ਫਾਰਸੀ ਨਾਲ ਲਿਖਿਆ ਹੋਇਆ ਹੀ ਦੇਗ ਤੇ ਤੇਗ ਦੀ ਫਤਹਿ, ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਮਿਲੀ ਹੈ। ਕਿਸੇ ਕਵੀ ਨੇ ਬਾ-ਕਮਾਲ ਲਿਖਿਆ ਹੈ,

ਜਿੰਨਾ ਕੰਢਿਆਂ ਨੇ ਨਾ ਦਿੱਤਾ ਸੌਣ ਤੈਨੂੰ,ਖੰਡਾ ਉਸ ਥਾਂ ਐਸਾ ਖੜਕਾਵਾਗਾ ਮੈ।
ਜਿੰਨਾਂ ਕੰਧਾਂ ਵਿੱਚ ਚਿਣੇ ਸੀ ਪੁੱਤ ਤੇਰੇ,ਖਾਲਸਾਈ ਪ੍ਰਚਮ ਉੱਥੇ ਝੁਲਾਵਾਗਾ ਮੈ।
ਮੇਰੇ ਦਾਤਿਆ! ਸਿਰ ਤੇ ਅਸੀਸ ਬਖਸ਼ੀ,ਸਿੱਕਾ ਤੇਰੇ ਨਾਮ ਦਾ ਉੱਥੇ ਚਲਾਵਾਗਾ ਮੈ।

ਇਸ ਰਾਜ ਵਿੱਚ ਲੋਕ ਫਰਿਆਦਾਂ ਲੈ ਕੇ ਆਉਣ ਲੱਗੇ ਤਾਂ ਲੋਕਾਂ ਨੂੰ ਇਨਸਾਫ ਮਿਲਣ ਲੱਗਾ। ਆਮ ਲੋਕ ਆਪਣੀਆਂ ਜਮੀਨਾਂ ਦੇ ਮਾਲਕ ਬਣੇ, ਜਿਹੜੀਆਂ ਵੱਡੇ ਜਿਮੀਦਾਰਾਂ ਦੇ ਕਬਜ਼ੇ ਵਿੱਚ ਸਨ। ਉਹਨਾਂ ਦੇ ਮਾਲਕੀ ਦੇ ਹੱਕ ਦੇ ਕੇ ਇੱਕ ਲੋਕਰਾਜ ਸਥਾਪਤ ਕੀਤਾ। ਹਰ ਵਰਗ ਦੇ ਲੋਕਾਂ ਨੂੰ ਖੁਸ਼ਹਾਲੀ ਵਾਲਾ ਰਾਜ ਦੇਖਣ ਲਈ ਮਿਲਿਆ। ਇਸ ਸਾਰੇ ਵਰਤਾਰੇ ਵਿੱਚ ਬਾਬਾ ਜੀ ਨੇ ਪੰਥ ਦੀ ਤਾਕਤ ਨੂੰ ਇੱਕ ਕੀਤਾ। ਪੂਰੇ ਕੌਮ ਦਾ ਏਕਾ ਹੋਇਆ ਤਾਂ ਹੀ ਉਸੇ ਧਰਤੀ ਤੇ ਹਰ ਮੈਦਾਨ ਫਤਹਿ ਹੋਇਆ ਤੇ ਖਾਲਾਸਾ ਰਾਜ ਦੀ ਸਥਾਪਨਾ ਹੋਈ ਸੀ।

ਅੱਜ ਖਾਲਸਾ ਰਾਜ ਸਥਾਪਨਾ ਦਿਵਸ ਦੇ ਦਿਹਾੜੇ ਤੇ ਸਮੂੰਹ ਪੰਥ ਨੂੰ ਲੋੜ ਹੈ ਕਿ ਆਪਸੀ ਵਿਤਕਰੇ ਭੁਲਾ ਕੇ ਅਸੀ ਇੱਕ ਮੰਚ ਤੇ ਇੱਕਠੇ ਹੋਈਏ। ਜੇਕਰ ਕਿਸੇ ਧਿਰ ਵਿੱਚ ਕੋਈ ਕਮੀ ਹੈ ਤਾਂ ਖਾਲਸਾ ਪੰਥ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਅਸੀ ਉਸ ਧਿਰ ਨੂੰ ਸਮਝਾਈਏ ਨਾ ਕਿ ਛੱਜ ਵਿੱਚ ਪਾ ਕੇ ਛੱਟਈਏ। ਜਦੋ ਵੀ ਸਾਡੇ ਵਿੱਚ ਫੁੱਟ ਪਈ ਹੈ ਤਾਂ ਛੋਟੇ-ਛੋਟੇ ਵਿਵਾਦਾਂ ਕਰਕੇ ਪਈ ਹੈ। ਇਹ ਗੱਲ ਸਾਡੇ ਵਿਰੋਧੀ ਵੀ ਜਾਣਦੇ ਹਨ ਤੇ ਸਾਡੇ ਵਿੱਚ ਮਸਲੇ ਖੜੇ ਕਰਕੇ ਪੰਥ ਦੀ ਏਕਤਾ ਨੂੰ ਤੋੜਣ ਦਾ ਯਤਨ ਕਰ ਰਹੇ ਹਨ। ਸਾਡਾ ਸਾਰਿਆਂ ਦਾ ਫਰਜ ਹੈ ਕਿ ਅਸੀ ਆਪਣੇ ਸਿਧਾਂਤਾਂ,ਪ੍ਰੰਪਰਾਵਾਂ ਤੇ ਅਕੀਦੇ ਨੂੰ ਬਚਾਈਏ। ਜੋ ਬਾਬਾ ਜੀ ਨੇ 300 ਸਾਲ ਪਹਿਲਾਂ ਕੀਤਾ,ਅੱਜ ਸਾਨੂੰ ਵੀ ਉਹੀ ਕਰਨਾ ਪਵੇਗਾ।
ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰਨ ਤੇ ਅਸੀ ਵੀ ਸੂਰਬੀਰ ਯੋਧਿਆਂ ਦੇ ਦਰਸਾਏ ਮਾਰਗ ਤੇ ਚੱਲ ਸਕੀਏ।
ਧੰਨਵਾਦ ਸਹਿਤ,
ਮਨਦੀਪ ਕੌਰ ਪੰਨੂ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਵਿਸ਼ੇਸ਼ - ਮਨਦੀਪ ਕੌਰ ਪਨੂੰ

ਜਗਤ ਗੁਰੂ ਨਾਨਕ ਦੇਵ ਜੀ,ਇੱਕ ਅਜਿਹੇ ਮਹਾਨ ਦਾਰਸ਼ਨਿਕ,ਵਿਗਿਆਨੀ ਅਤੇ ਕਿਰਤੀ ਸਨ, ਜਿਨ੍ਹਾਂ ਨੇ ਆਪਣੇ ਸਮੇਂ ਦੀਆਂ ਰੂੜੀਵਾਦੀ ਪਰੰਪਰਾਵਾਂ ਅਤੇ ਪਖੰਡਾਂ ਵਹਿਮਾ ਭਰਮਾਂ ਦਾ ਆਪਣੇ ਨਿਵੇਕਲੇ ਅੰਦਾਜ ਨਾਲ ਭਾਂਡਾ ਭੰਨਿਆ।
ਉਹਨਾਂ ਵਲੋਂ ਜਨੇਊ ਨਾ ਪਾਉਣਾ, ਕਿਸੇ ਫਿਰਕੇ ਦੇ ਉਲਟ ਨਹੀ ਸੀ ਸਗੋਂ ਬਾਹਰੀ ਦਿਖਾਵੇ ਦਾ ਵਿਰੋਧ ਕਰਨਾ ਸੀ। 'ਗਲੀ ਅਸੀਂ ਚੰਗੀਆਂ' ਸਬਦ ਦਾ ਉਚਾਰਨ ਵੀ ਇਨਸਾਨ ਨੂੰ ਬਾਹਰੋਂ ਅੰਦਰੋਂ ਇੱਕ ਹੋਣ ਦੀ ਨਸੀਹਤ ਹੈ। ਕਿਰਤ ਦੀ ਮਹਾਨਤਾ ਦਾ ਪ੍ਰਗਟਾਵਾ ਗੁਰੂ ਨਾਨਕ ਸਾਹਿਬ ਨੇ ਆਪ ਕਿਰਤ ਕਰਕੇ ਕੀਤਾ,ਜੋ ਅੱਜਕਲ ਦੇ ਅਖੌਤੀ ਸਾਧਾਂ ਦੇ ਮੂੰਹ ਤੇ ਚਪੇੜ ਹੈ।

"ਕੰਮ ਹੀ ਪੂਜਾ ਹੈ" ਦਾ ਸਿਧਾਂਤ ਗੁਰੂ ਸਾਹਿਬ ਦੀ ਹੀ ਦੇਣ ਹੈ। ਬਦਕਿਸਮਤੀ ਨਾਲ ਕੁੱਝ ਲੋਕ ਆਪਣੇ ਨਿੱਜੀ ਸਵਾਰਥਾਂ ਲਈ 'ਪੂਜਾ ਹੀ ਕੰਮ ਹੈ' ਲੋਕਾਂ ਨੂੰ ਸਮਝਾ ਰਹੇ ਹਨ। ਇੱਕ ਬਿਹਤਰ ਸਮਾਜ ਦੀ ਉਸਾਰੀ ਲਈ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦਿੱਤੇ ਉਹ ਬੜੇ ਹੀ ਬੇਸ਼ਕੀਮਤੀ ਤੇ ਅਮੁੱਲੇ ਹਨ।
ਅਫਸੋਸ ਅੱਜ ਅਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੱਸੇ ਮਾਰਗ ਨੂੰ ਛੱਡ ਕੇ ਹੋਰਾ ਥਾਵਾਂ ਤੇ ਧੱਕੇ ਖਾ ਰਹੇ ਹਾ,ਅਸੀ ਸਿਰਫ ਗੁਰਪੁਰਬ ਮਨਾਉਣ ਲਈ ਲੰਗਰਾਂ ਤਕ ਹੀ ਸੀਮਤ ਰਹਿ ਗਏ ਹਾਂ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭੁੱਲ ਗਏ ਹਾਂ
ਅੱਜ ਵੀ ਸਿੱਖ ਪੱਥਰ ਦੀ ਪੂਜਾ ਕਰ ਰਿਹਾ ਹੈ ਅਤੇ ਹੱਥ-ਗਲੇ ਵਿੱਚ ਪਾ ਰਿਹਾ ਹੈ,ਧਾਗੇ-ਤਵੀਤਾ ਦੇ ਪਿੱਛੇ ਤੁਰਿਆ ਫਿਰਦਾ ਹੈl

ਆਉ ਅੱਜ ਦੇ ਪਵਿੱਤਰ ਦਿਹਾੜੇ ਤੇ ਅਸੀ ਪ੍ਰਣ ਕਰੀਏ ਕਿ ਅਸੀਂ ਗੁਰੂ ਸਾਹਿਬ ਦੇ ਹਰ ਹੁਕਮ ਨੂੰ ਹਿਰਦੇ ਵਿਚ ਵਸਾਵਾਗੇ ਤਾਂ ਹੀ ਸਾਡੇ ਗੁਰਪੁਰਬ ਮਨਾਏ ਸਫਲ ਹਨl ਗੁਰੂ ਸਾਹਿਬ ਮਿਹਰ ਕਰਨ ਸਾਰਿਆਂ ਦੇ ਘਰਾਂ ਵਿੱਚ ਤਰੱਕੀ,ਆਪਸੀ ਤਾਲਮੇਲ ਤੇ ਸੁੱਖ-ਸ਼ਾਂਤੀ ਬਖਸ਼ਣ।
ਭਵਿੱਖ ਵਿੱਚ ਚੰਗੇ ਦੀ ਆਸ ਵਿੱਚ,
ਮਨਦੀਪ ਕੌਰ ਪਨੂੰ

ਦੇਹਧਾਰੀ ਗੁਰੂ ਡੰਮ ਤੇ ਆਰਥਿਕ ਸ਼ੋਸ਼ਣ - ਮਨਦੀਪ ਕੌਰ ਪੰਨੂ

ਦੇਹਧਾਰੀ ਗੁਰੂ ਡੰਮ ਸਮਾਜ ਨੂੰ ਲੱਗਾ ਉਹ ਕੋਹੜ ਹੈ,ਜਿਸਦਾ ਇਲਾਜ ਅਜੋਕੇ ਸਮੇਂ ਵਿੱਚ ਬਹੁੱਤ ਜਰੂਰੀ ਹੈ,ਇਸ ਦੇ ਵਿਰੋਧ ਵਿੱਚ ਬਹੁੱਤ ਕੁੱਝ ਲਿਖਿਆ ਜਾ ਚੁੱਕਾ ਹੈ ਤੇ ਸਮੇਂ-ਸਮੇਂ ਤੇ ਸਮਾਜ ਨੂੰ ਸੇਧ ਦੇਣ ਲਈ ਕਲਮਾਂ ਦੇ ਲਿੱਖਣ ਦੇ ਬਾਵਜੂਦ ਵੀ ਜਿਹੜੇ ਲੋਕਾਂ ਦੀ ਮਾਨਸਿਕ ਹਾਲਾਤ ਠੀਕ ਨਹੀ ਹੁੰਦੀ,ਉਹ ਫਿਰ ਸਾਧਾਂ ਦੇ ਪੈਰਾਂ ਵਿੱਚ ਨੱਕ ਰਗੜਦੇ ਹਨ। ਅਸਲ ਵਿੱਚ ਜਿਹੜੇ ਲੋਕਾਂ ਨੂੰ ਆਪਣੇ ਹਾਲਾਤਾਂ ਦਾ ਤੁਰੰਤ ਜਵਾਬ ਚਾਹੀਦਾ ਹੁੰਦਾ ਹੈ,ਉਹ ਲੋਕ ਹੀ ਬਾਬਿਆਂ ਦੇ ਧੱਕੇ ਚੜਦੇ ਹਨ ਤੇ ਬਾਬੇ ਉਹਨਾਂ ਦਾ ਰੱਜ ਕੇ ਸ਼ੋਸ਼ਣ ਕਰਦੇ ਹਨ। ਇਹ ਸ਼ੋਸ਼ਣ ਆਰਥਿਕ ਪੱਖੋ ਦੇ ਨਾਲ-ਨਾਲ ਜਿਸਮਾਨੀ ਪੱਖੋ ਵੀ ਹੁੰਦਾ ਹੈ।

ਸਾਧਾਂ ਜਾਂ ਪੰਡਿਤਾਂ ਦੇ ਕੋਲ ਸਿਰਫ ਤੇ ਸਿਰਫ ਗਿਣੇ-ਚੁਣੇ ਤਿੰਨ ਕਾਰਨ ਹੀ ਹੁੰਦੇ ਹਨਃ
1) ਤੁਹਾਡੇ ਰਿਸ਼ਤੇਦਾਰ ਤੁਹਾਡੇ ਕੋਲੋ ਸੜਦੇ ਹਨ।
ਕਿਸੇ ਨਾ ਕਿਸੇ ਦਾ ਕੋਈ ਰਿਸ਼ਤੇਦਾਰ ਸੜਦਾ ਹੀ ਹੁੰਦਾ ਹੈ,ਇਸ ਕਰਕੇ ਸਾਧਾਂ ਦਾ ਤੀਰ-ਤੁੱਕਾ ਚੱਲੀ ਜਾਂਦਾ ਹੈ।
2)ਤੁਸੀ ਮਰਦੇ-ਮਰਦੇ ਮਸਾ ਬਚੇ ਹੋ।
ਅੱਜ-ਕਲ ਇੰਨੀ ਭੀੜ ਦੇ ਵਿੱਚ ਹਰ ਕਿਸੇ ਦਾ ਇੱਕ-ਦੋ ਵਾਰ ਐਕਸੀਡੈਟ ਹੋਇਆ ਹੁੰਦਾ ਹੈ ਤੇ ਮਾਨਸਿਕ ਪੀੜਿਤ ਵਿਅਕਤੀ ਨੂੰ ਲੱਗਦਾ ਹੈ ਕਿ ਬਾਬਾ ਜੀ ਕਰਨੀ ਵਾਲੇ ਹੀ ਬਹੁੱਤ ਹਨ।
3)ਤੁਹਾਡੇ ਕੋਲ ਪੈਸੇ ਨਹੀ ਜੁੜਦੇ।
ਹਰ ਇਨਸਾਨ ਦੀ ਪੈਸੇ ਦੀ ਭੁੱਖ ਨਹੀ ਮੁੱਕਦੀ ਤੇ ਉਹ ਹੋਰ ਪੈਸਾ ਇੱਕਠਾ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਸਾਧ ਅੰਤਰਜਾਮੀ ਲੱਗਦਾ ਹੈ।


ਜਦੋ ਪੰਡਤਾਂ ਨੂੰ ਮੁਸੀਬਤ ਆਈ ਤਾਂ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਮਦਦ ਮੰਗਣ ਆਏ,ਅੱਜ ਸਮੇਂ ਦੀ ਐਸੀ ਪੁੱਠੀ ਚਾਲ ਚੱਲੀ ਹੈ ਕਿ ਸਾਡੇ ਸਿੱਖ ਅੱਜ ਜਦੋ ਮੁਸੀਬਤ ਹੁੰਦੀ ਹੈ ਤਾਂ ਪੰਡਤਾਂ ਤੋ ਉਪਾਅ ਪੁੱਛਣ ਜਾਂਦੇ ਹਾਂ। ਅਸੀ ਕਿੱਧਰ ਨੂੰ ਤੁੱਰ ਪਏ ਹਾਂ?????
ਹੈਰਾਨੀ ਦੀ ਗੱਲ ਹੈ ਕਿ ਬਹੁਗਿਣਤੀ ਸਿੱਖ ਡੇਰਾਵਾਦ ਦੇ ਮੁੱਦੇ ਦੀ ਗੰਭੀਰਤਾ ਨੁੰ ਨਾ ਸਮਝ ਕੇ ਹਾਸਾ-ਠੱਠਾ ਤੇ ਸ਼ੁਗਲ ਮੇਲਾ ਕਰ ਕੇ ਗੰਭੀਰ ਸਚਾਈਆਂ ਤੋਂ ਟਾਲਾ ਵੱਟ ਰਹੇ ਹਨ। ਗੁਰਾਂ ਦੇ ਨਾਂ ਤੇ ਵੱਸਦੇ ਇਸ ਪੰਜਾਬ ਦੀ ਫਿਕਰ ਕਰਦਿਆਂ ਸਾਨੂੰ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ,ਵਿਦਵਾਨਾਂ, ਜਾਣਕਾਰਾਂ ਅਤੇ ਆਮ-ਖਾਸ ਸਿੱਖਾਂ ਨੁੰ ਇਸ ਮਾਮਲੇ ਤੇ ਗੰਭੀਰਤਾ ਨਾਲ ਸੋਚਣ ਤੇ ਕੁਝ ਕਰਨ ਦਾ ਸਮਾਂ ਹੈ।


ਇਹੋ ਜਿਹੇ ਡੇਰੇ ਜੋ 1984 ਤੋ ਬਾਅਦ ਹੀ ਹੋਦ ਵਿੱਚ ਕਿਉ ਆਏ,ਕਿਉਕਿ ਸਿੰਘਾਂ ਨੇ ਜੋ ਜੂਨ 1984 ਵਿੱਚ ਜੋ ਇਤਿਹਾਸ ਸਿਰਜਿਆ ਹੈ,ਉਹ ਚਮਕੋਰ ਦੀ ਗੜੀ ਦੇ ਇਤਿਹਾਸ ਨੂੰ ਯਾਦ ਕਰਵਾਉਦਾ ਹੈ ਅਤੇ ਸਰਕਾਰਾਂ ਡਰ ਗਈਆ ਤੇ ਉਹਨਾ ਡੇਰਿਆਂ ਨੂੰ ਜਨਮ ਦਿੱਤਾ। ਇਹ ਸਾਧ ਖੁੰਬਾਂ ਵਾਗੂ ਉਗਣ ਲੱਗੇ ਅਤੇ ਸਿੱਖੀ ਨੂੰ ਸਿਉਕ ਵਾਂਗੂ ਲਗ ਗਏ।ਮੈਨੂੰ ਇਹ ਮਹਿਸੂਸ ਹੁੰਦਾ ਕਿ ਇਹ ਡੇਰੇ ਉਹ ਫੜੀਆ ਵਰਗੇ ਹਨ,ਜਿਥੇ ਕੋਈ ਵੀ ਪਹੁੰਚ ਜਾਂਦਾ ਹੈ।ਆਪਣੇ ਪਿੰਡਾਂ ਕਸਬਿਆਂ ਵਿੱਚ ਚੌਧਰ ਲਈ ਹੁੰਦੀਆਂ ਲੜਾਈਆਂ, ਜਾਤੀ-ਪਾਤੀ ਵਿਧਾਨ,ਨਸ਼ਾ, ਆਰਥਿਕ ਤੇ ਕਾਮੁਕ ਸਮੱਸਿਆਵਾਂ ਬੰਦਿਆਂ ਅਤੇ ਜਨਾਨੀਆਂ ਨੁੰ ਇਨ੍ਹਾਂ ਡੇਰਿਆਂ ਵੱਲ ਲੈ ਕੇ ਜਾਂਦੀਆਂ ਹਨ,ਸਿਆਸੀ ਪਾਰਟੀਆਂ ਦਾ ਇਹਨਾ ਡੇਰਿਆ ਦੇ ਸਿਰ ਉੱਤੇ ਹੱਥ ਇਹਨਾਂ ਦੀਆਂ ਕਰਤੂਤਾਂ ਦੇ ਨੰਗੇ ਨਾਚ ਵਿੱਚ ਸਹਾਇਕ ਸਿੱਧ ਹੁੰਦਾ ਹੈ।ਹਿਦੂਸਤਾਨੀ ਹੁਕਮਰਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਹ ਡੇਰੇ ਸਿੱਖਾਂ ਨੁੰ ਹਰ ਪੱਖੋ ਚਣੌਤੀ ਦੇਣ ਦੇ ਕਾਬਲ ਹਨ।ਕਿਸੇ ਮਸਲੇ ਵੇਲੇ ਸਰਕਾਰਾਂ ਉਨ੍ਹਾਂ ਦੀ ਪਿੱਠ ਤੇ ਹੁੰਦੀਆਂ ਹਨ,ਪੁਲਿਸ ਫੋਰਸਾਂ ਉਨ੍ਹਾਂ ਦੀ ਸੁਰੱਖਿਆ ਕਰਦੀਆਂ ਹਨ।
ਭਾਵੇ ਇਸਦੇ ਰਾਜਨੀਤਕ ਕਾਰਨ ਕੁੱਝ ਵੀ ਹੋਣ ਪੰਰਤੂ ਕਸੂਰ ਉਹਨਾਂ ਦਾ ਵੀ ਹੈ,ਜੋ ਇਹਨਾਂ ਡੇਰਿਆ ਵਿੱਚ ਜਾਦੇ ਹਨ।

ਜਗਤ ਗੁਰੂ ਨਾਨਕ ਸਾਹਿਬ ਨੇ ਤਾ ਅੱਜ ਤੋ 500 ਸਾਲ ਤੋ ਵੱਧ ਸਮਾਂ ਪਹਿਲਾ ਸਾਨੂੰ ਇਸ ਬਾਰੇ ਸੁਚੇਤ ਕਰ ਦਿੱਤਾ ਸੀ।
ਗੁਰੂ ਸਾਹਿਬ ਫਰਮਾਉਦੇ ਹਨ,
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ।।
ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ।।       
(ਸ੍ਰੀ ਗੁਰੂ ਗਰੰਥ ਸਾਹਿਬ ਜੀ- ਅੰਗ 1286)

ਅੰਤ ਵਿੱਚ ਮੇਰੀ ਹੱਥ ਜੋੜਕੇ ਬੇਨਤੀ ਹੈ ਕਿ ਇਹਨਾ ਡੇਰਿਆਂ ਦਾ ਖਹਿੜਾ ਛਡੋ ਤੇ "ਸ਼ਬਦ ਗੁਰੂ" ਦੇ ਚਰਨਾਂ ਵਿੱਚ ਆਓ,ਕਿਉਕਿ ਇਹਨਾ ਸਾਧਾਂ ਦਾ ਤਾਂ ਆਪਣਾ ਕੋਈ ਵਜੂਦ ਨਹੀ,ਇਹ ਸਿਰਫ ਮਾਇਆ ਅਤੇ ਕਾਮੁਕ ਲੋੜਾਂ ਬਾਰੇ ਸੋਚਦੇ।

ਧੰਨਵਾਦ ਸਾਹਿਤ,
ਮਨਦੀਪ ਕੌਰ ਪੰਨੂ

ਢਾਡੀ ਜਗਤ ਦੇ ਪਿਤਾਮਾ,ਗਿਆਨੀ ਸੋਹਣ ਸਿੰਘ ਜੀ ਸੀਤਲ - ਮਨਦੀਪ ਕੌਰ ਪੰਨੂ

ਢਾਡੀ ਜਗਤ ਦੇ ਪਿਤਾਮਾ,ਯੁੱਗ ਪੁਰਸ਼,ਮਹਾਨ ਇਤਿਹਾਸਕਾਰ,ਨਾਵਲਕਾਰ ਅਤੇ ਉਚਕੋਟੀ ਦੇ ਲੇਖਕ ਗਿਆਨੀ ਸੋਹਣ ਸਿੰਘ ਜੀ ਸੀਤਲ ਦੀ ਨਾਮ ਕਿਸੇ ਜਾਣਕਾਰੀ ਦੀ ਮੁਥਾਜ ਨਹੀ।ਗਿਆਨੀ ਸੋਹਣ ਸਿੰਘ ਸੀਤਲਜੀ ਦਾ ਜਨਮ 7 ਅਗਸਤ 1909 ਈਸਵੀ ਨੂੰ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ(ਪਾਕਿਸਤਾਨ) ਵਿੱਚ ਸ.ਖੁਸ਼ਹਾਲ ਸਿੰਘ ਪੰਨੂ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ। ਗਿਆਨੀ ਜੀ ਨੇ ਪੰਜਾਬ ਯੂਨੀਵਰਸਿਟੀ  ਲਾਹੌਰ ਤੋ ਮੈਟ੍ਰਿਕ ਅਤੇ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਗਿਆਨੀ  ਜੀ ਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੀ ਵਸਨੀਕ ਬੀਬੀ ਕਰਤਾਰ ਕੌਰ ਨਾਲ ਹੋਇਆ,ਉਹਨਾ ਦੇ ਘਰ ਦੋ ਪੁੱਤਰਾਂ ਅਤੇ ਇੱਕ ਪੁੱਤਰੀ ਨੇ ਜਨਮ ਲਿਆ।


ਸੀਤਲ ਸਾਹਿਬ ਕੁਝ ਸਮਾਂ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨਾਲ  ਜੁੜੇ ਸਨ, ਪਰ ਕੁਝ ਸਮਾਂ ਬਾਅਦ ਉਹਨਾ ਨੇ ਇਸ ਕਿੱਤੇ ਨੂੰ ਕਰਦਿਆਂ ਹੀ ਉਨ੍ਹਾਂ ਦੇ ਅੰਦਰ ਕੁੱਝ ਵੱਖਰਾ ਕਰਨ ਦੀ ਇੱਛਾ ਹੋਈ,ਜੋਬਨ ਰੁੱਤ ਆਈ ਤਾਂ ਉਹਨਾ ਦੀ ਇਸ ਇੱਛਾ ਨੇ ਇੱਕ ਦਿਨ ਉਹਨਾ ਨੂੰ ਢਾਡੀ ਕਲਾ ਵੱਲ ਮੋੜ ਦਿੱਤਾ। ਇਸ ਮੋੜ ਵੱਲ ਮੁੜਦਿਆਂ ਉਹਨਾਂ ਨੇ ਆਪਣੇ ਸਾਥੀਆਂ ਗੁਰਚਰਨ ਸਿੰਘ,ਅਮਰੀਕ ਸਿੰਘ ਅਤੇ ਹਰਨਾਮ ਸਿੰਘ ਨੂੰ ਨਾਲ ਲੈ ਲਿਆ ਅਤੇ ਲਲਿਆਣੀ ਦੇ ਭਰਾਈ ਬਾਬਾ ਚਿਰਾਗਦੀਨ ਨੂੰ ਉਸਤਾਦਧਾਰਨ ਕੀਤਾ, ਉਸਤਾਦ ਜੀ ਕੋਲੋਂ ਢਾਡੀ-ਕਲਾ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਗਿਆਤ ਹੋ ਕੇ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਦੂਰ-ਦੁਰਾਡੇਦੀਵਾਨਾਂ ਵਿੱਚ ਆਪਣੀ ਹਾਜ਼ਰੀ ਭਰਨ ਲੱਗ ਗਏ।

ਉਹਨਾ ਦੀ ਕਲਮ ਤੋ ਸਭ ਤੋ ਪਹਿਲੀ ਕਵਿਤਾ  ੧੯੨੪ ਵਿਚ ਅਕਾਲੀ ਅਖਬਾਰ ਵਿਚ ਪ੍ਰਕਾਸ਼ਿਤ ਹੋਈ, ਕਵਿਤਾ ਤੋ ਇਲਾਵਾ ਉਹਨਾ ਨੇ ਕਹਾਣੀਆਂ ਵੀ ਲਿੱਖੀਆਂ,ਜਿਹਨਾਂ ਵਿਚ ਕਦਰਾਂ ਬਦਲ ਗਈਆਂ’, ‘ਅਜੇ ਦੀਵਾ ਬਲ ਰਿਹਾ ਸੀ’ ਅਤੇ ‘ਜੇਬ ਕੱਟੀ ਗਈ’ ਕਾਫੀ ਚਰਚਿਤ ਹੋਈਆਂ ਹਨ। ਨਾਵਲਕਾਰ ਦੇ ਤੋਰ ਤੇ ਸੀਤਲ ਸਾਹਿਬ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਵੱਡੀ ਦੇਣ ਹੈ,ਉਹਨਾਂ ਨੇ 2 ਦਰਜਨ ਤੋ ਵੱਧ ਨਾਵਲ ਪੰਜਾਬੀ ਪਾਠਕਾਂ ਦੀ ਝੋਲੀ ਪਾਏ ਹਨ। ਉਹਨਾਂ ਦਾ ਲਿਖਿਆ ਨਾਵਲ "ਤੂਤਾਂ ਵਾਲਾ ਖੂਹ" ਇਕ ਸ਼ਾਹਕਾਰ ਰਚਨਾ ਹੈ,ਜਿਸ ਨੂੰ ਕਿ ਲਗਭਗ ਹਰ ਇਕ ਪੰਜਾਬੀ ਨੇ ਪੜਿਆ ਹੈ, ਜਿਸ ਵਿਚ ਦੇਸ਼ ਦੀ ਵੰਡ ਦਾ ਦਰਦ ਬਿਆਨ ਕੀਤਾ ਗਿਆ ਹੈ,ਜਿਸ ਵਿਚ “ਬਾਬਾ ਅਕਾਲੀ” ਨਾਮ ਦਾ ਪਾਤਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੋਕਿ ਇਕ ਸਿੱਖ ਦੇ ਉੱਚੇ-ਸੁੱਚੇਕਿਰਦਾਰ ਨੂੰ ਦਰਸਾਉਦਾ ਹੈ,ਇਸ ਤੋ ਇਲਾਵਾ ’ਜੁੱਗ ਬਦਲ ਗਿਆ’ ਚਰਚਿਤ ਨਾਵਲ ਹੈ ਜਿਸ ਨੂੰ 1974 ਈ. ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋ ਪੁਰਸਕਾਰਿਤ ਕੀਤਾ ਗਿਆ ਸੀ। ਇਹਨਾ ਦੋ ਨਾਵਲਾਂ ਤੋਂ ਇਲਾਵਾ ‘ਮੁੱਲ ਦਾ ਮਾਸ’, ‘ਜੰਗ ਜਾਂ ਅਮਨ,‘ਈਚੋਗਿਲ ਦੀ ਨਹਿਰ ਤੱਕ’,ਜਵਾਲਾਮੁੱਖੀ,ਪਤਵੰਤੇਕਾਤਲ,ਬਦਲਾ ‘ਵਿਯੋਗਣ’, ਅਤੇ ‘ਅੰਨ੍ਹੀ ਸੁੰਦਰਤਾ’ ਦੇ ਨਾਮ ਵਰਣਯੋਗ ਹਨ। ਸੀਤਲ ਸਾਹਿਬ ਦੇ ਨਾਵਲ ਕਿਸੇ ਕਲਪਨਾ ਵਿਚੋ ਜਨਮ ਨਹੀ ਲੇਂਦੇ ਬਲਕਿ ਹਕੀਕੀ ਜਮੀਨ ਦੀ ਕੁੱਖ ਵਿੱਚੋ ਜਨਮ ਲੈਦੇ ਹਨ। ਇੱਕ ਖੋਜੀ(ਸਿੱਖ) ਇਤਿਹਾਸਕਾਰ ਦੇ ਤੌਰ ‘ਤੇ ਸੋਹਣ ਸਿੰਘ ਸੀਤਲ ਦਾ ਇੱਕ ਅਹਿਮ ਸਥਾਨ ਹੈ,ਉਹਨਾਂ ਦੇ ਇਸ ਉਪਰਾਲੇ ਜਿਥੇ ਸਿੱਖ ਇਤਿਹਾਸ ਬਾਰੇ ਪਾਏ ਜਾਂਦੇ ਕੁਝ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਉਥੇ ਸਿੱਖ ਇਤਿਹਾਸ ਨੂੰ ਨਵੀਂ ਦਿੱਖ ਵੀ ਪ੍ਰਦਾਨ ਕੀਤੀ, ਸੀਤਲ ਸਾਹਿਬ ਦੀਆਂ ਇਤਿਹਾਸਕ ਲਿਖਤਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ’ ਇੱਕ ਬਹੁਮੁੱਲੀ ਰਚਨਾ ਮੰਨੀ ਜਾਂਦੀ ਹੈ।’ਦੁਖੀਏ ਮਾਂ-ਪੁੱਤ’ ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, “ਮਨੁੱਖਤਾ ਦੇ ਗੁਰੂ ਗੋਬਿੰਦ ਸਿੰਘ ਜੀ”,‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ‘ਧਰਮ ਦਾ ਰਾਖਾ’ ਅਤੇ ‘ਸਿੱਖ ਸ਼ਹੀਦ ਅਤੇ ਯੋਧੇ’ ਸੀਤਲ ਸਾਹਿਬ ਦੀਆਂ ਵਰਨਣਯੋਗ ਇਤਿਹਾਸਕ ਕਿਤਾਬਾਂ ਹਨ। ਉਹਨਾ ਦਾ ਖੋਜ ਭਰਪੂਰ ਕੰਮ ‘ਸਿੱਖ ਇਤਿਹਾਸ ਦੇ ਸੋਮੇ’ ਪੰਜ ਜਿਲਦਾਂ ਵਿੱਚ ਤਿਆਰ ਹੈ। ਉਹਨਾ ਦੀ ਇਸ ਤੱਪਸਿਆ ਨੇ ਸਿੱਖ ਇਤਿਹਾਸ ਨੂੰ ਕਾਫੀ ਹੱਦ ਤੱਕ ਸਰਲਤਾ ਅਤੇ ਸ਼ੁੱਧਤਾ ਪ੍ਰਦਾਨ ਕੀਤੀ ਹੈ। ਵਾਰਾਂ ਵਿਚ ਸੀਤਲ ਸੁਨੇਹੇ,ਸੀਤਲ ਕਿਰਣਾਂ,ਸੀਤਲ ਸੁਨੇਹੇ,

ਸੀਤਲਸੁਗਾਤਾ,ਮੇਰੀਆਂ ਢਾਡੀ ਵਾਰਾਂ (ਚਾਰ ਭਾਗ) ਦੇ ਨਾਮ ਪ੍ਰਮੁੱਖ ਹਨ।

ਇਸ ਤੋ ਇਲਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ “ਸ਼੍ਰੋਮਣੀ ਢਾਡੀ “ ਦਾ ਸਨਮਾਨ ਅਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋ “ਸ਼੍ਰੋਮਣੀ ਢਾਡੀ” ਅਤੇ“ਸ਼੍ਰੋਮਣੀ ਸਾਹਿਤਕਾਰ” ਵਜੋ ਸਨਮਾਨਿਤ ਕੀਤਾ ਗਿਆ, ਪੰਜਾਬ ਦੀ ਧਰਤੀ ਦੇ ਇਸ ਕੋਹਿਨੂਰ ਹੀਰੇ ਅਤੇ ਬਹੁਗੁਣੀ ਇਨਸਾਨ ਆਖਿਰ ਆਪਣਾ ਜੀਵਨ ਪੰਧ ਮੁੱਕਾਕੇ ਅਖੀਰ 23 ਸਤੰਬਰ 1998 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਕੇ ਅਤੇ ਸਦੀਵੀ ਨੀਦ ਸੌ ਗਏ,ਪੰਜਾਬੀ ਅਤੇ ਸਿੱਖ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ।

ਸਿੱਖੀ_ਫਲਸਫਾ_ਬਨਾਮ_ਅਖੌਤੀ_ਲੋਕਤੰਤਰ - ਮਨਦੀਪ ਕੌਰ ਪੰਨੂ

ਧਰਮ ਦੁਨੀਆ ਦੇ ਇਤਿਹਾਸ ਵਿੱਚ ਸਰਬ ਸਾਂਝੀਵਾਲਤਾ ਤੇ ਸੇਵਾ ਲਈ ਆਪਣੀਆਂ ਵੱਖਰੀ ਮਿਸਾਲਾਂ ਪੇਸ਼ ਕਰਦਾ ਰਿਹਾ ਹੈ। ਕੌਮ ਦੇ ਹੀਰਿਆਂ ਨੂੰ ਮਨੁੱਖਤਾ ਦੇ ਭਲੇ ਤੇ ਦੂਜਿਆਂ ਦੇ ਧਰਮ ਦੀ ਰਾਖੀ,ਬਿਗਾਨੀਆਂ ਧੀਆਂ ਨੂੰ ਬਚਾਉਣ ਲਈ ਹਮੇਸ਼ਾ ਹੀ ਭਾਰੀ ਮੁੱਲ ਤਾਰਨਾ ਪਿਆ।
ਜਿਹੜੀਆਂ ਕੌਮਾਂ ਅੱਣਖੀ ਹੁੰਦੀਆਂ ਹਨ,ਉਹਨਾਂ ਨੂੰ ਆਪਣੀ ਅਣੱਖ ਤੇ ਗੈਰਤ ਦਾ ਮੁੱਲ ਦੇਣਾ ਹੀ ਪੈਦਾ ਹੈ। ਇਸ ਗੱਲ ਦਾ ਕੋਈ ਦੁੱਖ ਨਹੀ ਕਿ ਜੂਨ 1984 ਵਿੱਚ ਆਪਣੇ ਹੀ ਦੇਸ਼ ਦੇ ਫੌਜੀਆਂ ਨੇ ਸਾਡੇ ਨਾਲ ਜੰਗ ਕਿਉ ਲੜੀ??? ਦੁੱਖ ਤਾਂ ਇਸ ਗੱਲ ਦਾ ਇਹ ਹੈ ਕਿ ਜਦੋ ਉਹਨਾਂ ਲੋਕਾਂ ਨੇ ਲੜਾਈ ਅਨੈਤਿਕਤਾ ਨਾਲ ਲੜੀ ਤੇ ਉਹਨਾਂ ਦੀਆਂ ਕਰਤੂਤਾਂ ਤੇ ਇਨਸਾਨੀਅਤ ਵੀ ਸ਼ਰਮਸਾਰ ਹੋਈਂ। ਜੇਕਰ ਸੂਰਮਗਤੀ ਨਾਲ ਲੜਦੇ ਤਾਂ ਕੋਈ ਇੰਤਰਾਜ ਨਹੀ।

ਮੈ ਸਿੱਖ ਇਤਿਹਾਸ ਵਿੱਚ ਵਾਪਰੀਆਂ ਕੁੱਝ ਘਟਨਾਵਾਂ ਦਾ ਜਿਕਰ ਕਰਨਾ ਚਾਹੁੰਦੀ ਹਾਂ,ਜਿਸ ਵਿੱਚ ਸਿੱਖਾਂ ਨੇ ਦੁਸ਼ਮਣਾਂ ਨੂੰ ਵੀ ਪੂਰਾ ਸਤਿਕਾਰ ਦਿੱਤਾ।
ਪਹਿਲੀ ਉਦਾਹਰਨ:
ਮਿਸਲਾਂ ਵੇਲੇ ਜਲੰਧਰ ਕੋਲ ਸਿੰਘਾਂ ਨੇ ਇਕ ਜੰਗ ਲੜਿਆ ਸੀ ਤੇ ਸਾਹਮਣੇ ਵਾਲਾ ਸੂਰਮਾ ਬਹੁੱਤ ਹੀ ਬਹਾਦਰੀ ਨਾਲ ਲੜਿਆ। ਜੰਗ ਦੌਰਾਨ ਹੋਈ ਉਸਦੀ ਮੌਤ ਤੋ ਬਾਅਦ ਸਿੱਖਾਂ ਨੇ ਉਹਦੇ ਲਈ ਕਫਨ ਮੰਗਵਾਇਆ ਤੇ ਦੁਸ਼ਮਣਾਂ ਦੇ ਯੋਧੇ ਤੇ ਕਫਨ ਪਾ ਕੇ ਇਕ ਗੱਲ ਸਪਸ਼ਟ ਕੀਤੀ ਤੂੰ ਲੜਿਆ ਚਾਹੇ ਸਾਡੇ ਖਿਲਾਫ ਹੈ ਪਰ ਲੜਿਆ ਬਹਾਦਰੀ ਨਾਲ ਹੈ। ਅਸੀ ਤੈਨੂੰ ਕਫਨ ਪਾ ਕੇ ਵਿਦਾ ਕਰਦੇ ਹਾਂ। ਸਿੱਖ ਕੌਮ ਉਹ ਹੈ ਜਿਹਨਾਂ ਨੇ ਆਪਣੇ ਦੁਸ਼ਮਣਾਂ ਤੇ ਵੀ ਕਫਨ ਪਾਏ ਹਨ।

ਦੂਜੀ ਉਦਾਹਰਨ:
ਕਰਤਾਰਪੁਰ ਸਾਹਿਬ ਦੀ ਜੰਗ ਵੇਲੇ ਪੈਂਦੇ ਖਾਨ ਗੁਰੂ ਘਰ ਦੇ ਵਿਰੁੱਧ ਲੜਣ ਆਇਆ ਤਾਂ ਉਹਨੇ ਤਿੰਨ ਵਾਰ ਕੀਤੇ ਤਾਂ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਹ ਤਿੰਨੋ ਵਾਰ ਰੋਕ ਲਏ। ਫਿਰ ਗੁਰਦੇਵ ਨੇ ਇਕ ਵਾਰ ਕੀਤਾ ਤਾਂ ਪੈਂਦੇ ਖਾਨ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਤਾਂ ਉਸ ਨੂੰ ਗੁਰੂ ਸਾਹਿਬ ਨੇ ਆਪਣੀ ਗੋਦ ਵਿੱਚ ਲੈ ਕੇ ਕਿਹਾ ਸੀ ਤੇਰਾ ਜਨਮ ਤੁਰਕਾਂ ਦੇ ਘਰ ਹੋਇਆ ਹੈ,ਤੂੰ ਮੇਰੇ ਨਾਲ ਰਿਸ਼ਤਾ ਤਾਂ ਤੋੜ ਚੱਲਿਆ। ਤੂੰ ਆਪਣੀਆਂ ਕਲਮਾਂ ਪੜ੍ਹ ਲੈ ਤੇ ਆਪਣੀ ਢਾਲ ਦੀ ਛਾਂ ਕਰਦਾ ਹਾਂ ਤੇ ਜਦੋ ਤੱਕ ਤੇਰੀਆਂ ਕਲਮਾਂ ਪੜ੍ਹੀਆਂ ਨਹੀ ਜਾਂਦੀਆਂ ਉਦੋ ਤੱਕ ਮੈ ਤੈਨੂੰ ਮੌਤ ਦੇ ਨੇੜੇ ਨਹੀ ਜਾਣ ਦੇਵਾਂਗਾ।

ਤੀਜੀ ਉਦਾਹਰਨ:
ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋ ਦਸ਼ਮੇਸ਼ ਪਿਤਾ ਜੀ ਨੇ ਜੰਗ ਲੜੇ ਤਾਂ ਭਾਈ ਘਨੱਈਆ ਜੀ ਨੂੰ ਪਾਣੀ ਨਾਲ ਮਲ੍ਹਮ ਪੱਟੀ ਵੀ ਦਿੱਤੀ। ਮੇਰਾ ਤਾਂ ਮੰਨਣਾ ਹੈ ਕਿ ਰੈਡ ਕਰਾਸ ਜਿਹੀ ਸੰਸਥਾ ਦੇ ਬਾਨੀ ਭਾਈ ਘਨੱਈਆ ਜੀ ਨੂੰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।

ਚੌਥੀ ਉਦਾਹਰਨ:
ਦਸ਼ਮੇਸ਼ ਪਿਤਾ ਜੀ ਆਪਣੇ ਤੀਰ ਦੀ ਨੋਕ ਨਾਲ ਹਮੇਸ਼ਾ ਸਵਾ ਤੋਲਾ ਸੋਨਾ ਲਗਾ ਕੇ ਰੱਖਦੇ ਸਨ ਤਾਂ ਕਿ ਮਰਨ ਵਾਲੇ ਦੇ ਪਰਿਵਾਰ ਦੇ ਮੈਂਬਰ ਇਸ ਸੋਨੇ ਨਾਲ ਉਸਦੀਆਂ ਅੰਤਿਮ ਰਸਮਾਂ ਕਰ ਸਕਣ। ਮੇਰੀ ਸੱਚੀ ਸਰਕਾਰ ਦੀਆਂ ਗੱਲਾਂ ਹੀ ਜੱਗ ਤੋ ਨਿਆਰੀਆਂ ਹਨ,ਜਿਹਨਾਂ ਦਾ ਕੋਈ ਸਾਨੀ ਨਹੀ ਹੈ।
ਇਹ ਹੈ ਸਿੱਖੀ ਦਾ ਫਲਸਫਾ,ਜੋ ਚੜ੍ਹ ਕੇ ਆਏ ਦੁਸ਼ਮਣ ਨੂੰ ਵੀ ਕਲਾਵੇ ਵਿੱਚ ਲੈਂਦਾ ਹੈ।

ਹੁਣ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਹਨਾਂ ਨੇ ਸਿੱਖ ਕੌਮ ਨਾਲ ਜੋ ਵਿਸ਼ਵਾਸਘਾਤ ਕੀਤਾ,ਉਹ ਭਾਰਤ ਦੇ ਮੱਥੇ ਤੇ ਲੱਗਾ ਉਹ ਕਲੰਕ ਹੈ। ਜਿਸ ਨੂੰ ਮਿਟਾਇਆ ਨਹੀ ਜਾ ਸਕਦਾ। ਤੀਜਾ ਘੱਲੂਘਾਰਾ ਬਾਬਾ-ਏ-ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ ਤੇ ਹਮਲਾ ਨਹੀ ਸੀ,ਇਹ ਸਿੱਖਾਂ ਦੀ ਅੱਣਖ ਤੇ ਗੈਰਤ ਉੱਪਰ ਹਮਲਾ ਸੀ।
ਪਹਿਲੀ ਜੂਨ ਨੂੰ ਰਾਤ ਦੇ ਨੋ ਵਜੇ ਤਕ ਗੋਲਾਬਾਰੀ ਹੁੰਦੀ ਰਹੀ ਤੇ
ਫੌਜ ਨੇ ਘੇਰਾ ਪਾਈ ਰੱਖਿਆ ਸੀ। ਮੇਰਾ ਤਾਂ ਮੰਨਣਾ ਹੈ ਕਿ ਉਹ ਗੋਲਾਬਾਰੀ ਇਸ ਕਰਕੇ ਹੁੰਦੀ ਰਹੀ ਕਿ ਦੇਖਿਆ ਜਾਵੇ ਕਿ ਇਹਨਾਂ ਕੋਲ ਅੰਦਰ ਕਿਹੜੇ-ਕਿਹੜੇ ਹਥਿਆਰ ਹਨ ਤੇ ਕਿੱਥੇ-ਕਿੱਥੇ ਮੋਰਚੇ ਹਨ। ਇਹ ਇਕ ਟੈਸਟ ਪ੍ਰਕਿਰਿਆ ਦਾ ਰੂਪ ਸੀ।
ਦੋ ਜੂਨ ਨੂੰ ਸੰਗਤਾਂ ਦਾ ਵਿਸ਼ਵਾਸ ਜਿੱਤਣ ਲਈ ਕੋਈ ਕਾਰਵਾਈ ਨਹੀ ਕੀਤੀ ਗਈ। ਤਿੰਨ ਜੂਨ ਨੂੰ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ ਸੀ।ਸੰਗਤਾਂ ਨੂੰ ਅੰਦਰ ਆਉਣ ਤੋ ਨਹੀ ਰੋਕਿਆ ਗਿਆ ਤਾਂ ਕਿ ਸਿੱਖਾਂ ਦਾ ਵੱਧ ਤੋ ਵੱਧ ਘਾਣ ਕੀਤਾ ਜਾਵੇ। ਜਦੋ ਸਭ ਕੁੱਝ ਪਹਿਲਾਂ ਹੀ ਯੋਜਨਾਬੱਧ ਕੀਤਾ ਗਿਆ ਸੀ ਤਾਂ ਸੰਗਤਾਂ ਨੂੰ ਇਕੱਠੇ ਕਿਉ ਹੋਣ ਦਿੱਤਾ ਗਿਆ। ਜਦੋ ਕਿ ਫੌਜ ਨੇ ਘੇਰਾਬੰਦੀ ਕੀਤੀ ਹੋਈ ਸੀ ਤੇ ਟੈਂਕ ਤੇ ਬਖਤਰਬੰਦ ਗੱਡੀਆਂ ਦਰਬਾਰ ਸਾਹਿਬ ਵਿੱਚ ਆ ਚੁੱਕੇ ਸਨ। ਮੁੱਕਦੀ ਗੱਲ ਇਹ ਹੈ ਕਿ ਸੰਗਤਾਂ ਨੂੰ ਭੁਲੇਖੇ ਵਿੱਚ ਰੱਖਿਆ ਗਿਆ ਕਿ ਅੰਦਰ ਮਾਹੌਲ ਠੀਕ ਹੈ।

***ਅਕਾਲ ਤਖ਼ਤ ਸਾਹਿਬ ਦੀ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ।
***ਸ਼ਹੀਦਾਂ ਦੀਆਂ ਲਾਸ਼ਾਂ ਨੂੰ ਗੰਨਿਆਂ ਵਾਂਗ ਲੱਦ ਕੇ ਲੈ ਕੇ ਜਾਇਆ ਗਿਆ।
****ਸੂਰਮੇ ਸਿੱਖਾਂ(ਨੇਤਰਹੀਣ) ਨੂੰ ਵੀ ਮਾਰਿਆ ਗਿਆ,ਉਹਨਾਂ ਨੇ ਕਿਹੜਾ ਹਥਿਆਰ ਚਲਾਉਣੇ ਸਨ????
***UNO ਦੇ ਫੈਸਲੇ ਅਨੁਸਾਰ ਹਰ ਲੜਾਈ ਵਿੱਚ ਰੈਡ ਕਰਾਸ ਜਾਣੀ ਚਾਹੀਦੀ ਹੈ। ਇੱਥੋ ਤੱਕ ਕਿ ਦੂਸਰੇ ਵਿਸ਼ਵ ਯੁੱਧ ਵਿੱਚ ਵੀ ਰੈਡ ਕਰਾਸ ਸੰਸਥਾ ਦੇ ਮੈਂਬਰ ਜ਼ਖਮੀਆਂ ਦੀ ਮਲੱਹਮ ਪੱਟੀ ਕਰਨ ਗਏ ਪਰ ਦਰਬਾਰ ਸਾਹਿਬ ਵਿੱਚ ਅਜਿਹੀ ਸਹੂਲਤ ਕਿਉ ਨਹੀ ਦਿੱਤੀ ਗਈ??? ਜਿਹੜੇ ਲੋਕ ਮਰੇ ਸੀ,ਉਹਨਾਂ ਦੀਆਂ ਲਾਸ਼ਾਂ ਸੜ ਗਈਆਂ ਕਿਉਕਿ ਗਰਮੀ ਬਹੁੱਤ ਸੀ। ਉਹਨਾਂ ਦੀਆਂ ਬਾਹਾਂ ਫੜ ਕੇ ਰੱਖਣ ਲਗਦੇ ਸੀ ਤਾਂ ਬਾਂਹ ਹੀ ਨਿਕਲ ਜਾਂਦੀ ਸੀ।
***ਪਾਣੀ ਵਾਲੀ ਟੈਂਕੀ ਦੇ ਮੋਰਚੇ ਤੇ ਜਦੋ ਟੈਂਕੀ ਟੁੱਟ ਗਈ ਤਾਂ ਪਾਣੀ ਦਾ ਸਿਸਟਮ ਬੰਦ ਹੋ ਗਿਆ। ਕਹਿਰ ਦੀ ਗਰਮੀ ਪੈਂਦੀ ਸੀ ਤੇ ਲੋਕ ਪਿਆਸੇ ਮਰ ਰਹੇ ਸੀ। 4 ਜੂਨ ਤੋ 6 ਜੂਨ ਤੱਕ ਸੰਗਤਾਂ ਨੂੰ ਪਾਣੀ ਨਹੀ ਮਿਲਿਆ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋ ਘਿਨਾਉਣੀ ਗੱਲ ਇਹ ਮੰਨੀ ਜਾਂਦੀ ਹੈ ਕਿ ਜਦੋ ਦੁਸ਼ਮਣ ਨੂੰ ਪਿਆਸੇ ਰੱਖ ਕੇ ਮਾਰਨਾ।
***ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਮਾਰਨ ਬਦਲੇ ਬਰਾੜ ਤੇ ਹੋਰਾਂ ਨੂੰ ਤਰੱਕੀਆਂ ਦਿੱਤੀਆਂ। ਲਾਹਨਤ ਹੈ ਇਹੋ ਜਿਹੇ ਐਵਾਰਡਾਂ ਤੇ ਤਰੱਕੀਆਂ ਤੇ ਜੋ ਮਨੁੱਖਤਾ ਦਾ ਘਾਣ ਕਰਨ ਪਿੱਛੇ ਮਿਲੀਆਂ।
ਮਸਲਾ ਇਹ ਨਹੀ ਕਿ ਜੰਗ ਉਹ ਕੋਣ ਜਿੱਤਿਆ??
ਗੱਲ ਤਾਂ ਇਹ ਹੈ ਕਿ ਅੰਤਿਮ ਸਵਾਸਾਂ ਤਕ ਜੁੱਅਰਤ ਤੇ ਜਜਬੇ ਨਾਲ ਕੌਣ ਲੜਿਆ???
ਸਿੰਘਾਂ ਨੇ ਚਮਕੌਰ ਦੀ ਗੜ੍ਹੀ ਤੇ ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਦੁਹਰਾਇਆ ਤਾਂ ਵੱਡਿਆਂ-ਵੱਡਿਆਂ ਨੇ ਮੂੰਹ ਵਿੱਚ ਉਂਗਲਾਂ ਪਾ ਲਈਆ।

ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 2% ਆਬਾਦੀ ਹੋਣ ਦੇ ਬਾਵਜੂਦ 85% ਕੁਰਬਾਨੀਆਂ ਦੇ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੋਵੇ। ਉਸੇ ਦੇਸ਼ ਦੇ ਅਖੌਤੀ ਲੋਕਤੰਤਰ ਨੇ ਸਮੁੱਚੀ ਮਾਨਵਤਾ ਦੇ ਰੂਹਾਨੀ ਕੇਂਦਰ ਦੇ ਸਰੋਤ ਦਰਬਾਰ ਸਾਹਿਬ ਉਪਰ ਹਮਲਾ ਕਰਕੇ ਇੱਕ ਵਾਰ ਕੁਦਰਤ ਦੀ ਰੂਹ ਨੂੰ ਹਿਲਾ ਦਿੱਤਾ ਹੈ।
ਮੈ ਸੋਚਦੀ ਹਾਂ ਕਿ ਜੇਕਰ ਇਹੀ ਕੁਰਬਾਨੀਆਂ ਅਸੀ ਦੇਸ਼ ਪੰਜਾਬ ਦੀ ਸਥਾਪਨਾ ਲਈ ਦਿੱਤੀਆਂ ਹੁੰਦੀਆਂ ਤਾਂ ਸ਼ਾਇਦ ਸਾਨੂੰ 20% ਕੁਰਬਾਨੀਆਂ ਦੇਣੀਆਂ ਪੈਂਦੀਆਂ।
ਆਉ! ਅੱਜ ਤੀਜੇ ਘੱਲੂਘਾਰੇ ਦੇ ਸਮੂੰਹ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਅਸੀ ਸਾਰੇ ਇਕ ਨਿਸ਼ਾਨ ਸਾਹਿਬ ਦੇ ਥੱਲੇ ਇੱਕਠੇ ਹੋਈਏ ਤੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ।
ਸਰਬੱਤ ਦੇ ਭਲੇ ਦੀ ਅਰਦਾਸ ਨਾਲ,
ਮਨਦੀਪ ਕੌਰ ਪੰਨੂ

ਕਰੋਨਾ ਵਾਇਰਸ ਤੇ ਸਾਡੀ ਮਾਨਸਿਕ ਸਥਿਤੀ - ਮਨਦੀਪ ਕੌਰ ਪੰਨੂ

ਅਜੋਕੇ ਸਮੇਂ ਵਿੱਚ ਪੂਰੀ ਦੁਨੀਆ ਕੋਰੋਨਾ ਵਾਇਰਸ ਤੋ ਪੈਦਾ ਹੋਏ ਗੰਭੀਰ ਸੰਕਟ ਨਾਲ ਜੂਝ ਰਹੀ ਹੈ। ਇਸ ਸਮੇਂ ਤੱਕ ਵਿਸ਼ਵ ਭਰ ਵਿਚ ਇਸ ਬੀਮਾਰੀ ਨਾਲ ਲੋਕ ਵੱਡੀ ਗਿਣਤੀ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦਾ ਸਭ ਤੋ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਚੀਨ, ਇਟਲੀ ਅਤੇ ਸਪੇਨ ਆਦਿ ਸ਼ਾਮਿਲ ਹਨ। ਚਾਹੇ ਚੀਨ ਨੇ ਲੰਮੀ ਜੱਦੋ-ਜਹਿਦ ਤੋ ਬਾਅਦ ਇਸ ਮਹਾਂਮਾਰੀ ਤੇ ਕੁੱਝ ਹੱਦ ਤੱਕ ਕਾਬੂ ਪਾ ਲਿਆ ਹੈ,ਪਰੰਤੂ ਅਮਰੀਕਾ, ਕੈਨੇਡਾ, ਯੂਰਪ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਅਜੇ ਵੀ ਇਹ ਮਹਾਂਮਾਰੀ ਕੰਟਰੋਲ ਵਿੱਚ ਨਹੀ ਹੋ ਰਹੀ ਅਤੇ ਹੋਰ ਵੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਹੁਣ ਤੱਕ 258 ਕੇਸ ਸਾਹਮਣੇ ਆ ਚੁੱਕੇ ਹਨ। ਇਸ ਨਾਲ 4 ਦੇ ਲਗਪਗ ਮੌਤਾਂ ਵੀ ਹੋ ਚੁੱਕੀਆਂ ਹਨ। ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ ਦਿਨੋ-ਦਿਨ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਕੱਲੇ 20 ਮਾਰਚ ਨੂੰ ਹੀ 63 ਨਵੇਂ ਕੇਸ ਸਾਹਮਣੇ ਆਏ ਸਨ। ਸਿਹਤ ਮਾਹਿਰਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਅਜੇ ਕੋਰੋਨਾ ਵਾਇਰਸ ਦੇ ਫੈਲਾਅ ਦੇ ਪੱਖ ਤੋਂ ਦੂਜੇ ਪੜਾਅ ਉੱਤੇ ਹੀ ਹੈ।ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਅਤੇ ਵੱਖ-ਵੱਖ ਰਾਜਾਂ ਨੇ ਹੋਟਲ, ਰੈਸਟੋਰੈਂਟ, ਕਾਰਖਾਨੇ, ਫੈਕਟਰੀਆਂ ਅਤੇ ਸ਼ਾਪਿੰਗ ਮਾਲਜ਼ ਆਦਿ ਬੰਦ ਕਰਨ ਸਬੰਧੀ ਕਦਮ ਚੁੱਕੇ ਹਨ। ਅੰਤਰਰਾਸ਼ਟਰੀ ਤੇ ਰਾਸ਼ਟਰੀ ਹਵਾਈ ਉਡਾਣਾਂ ਤੇ ਜਨਤਕ ਆਵਾਜਾਈ ਦੇ ਸਾਧਨ ਵੀ ਬੰਦ ਕਰਨ ਦੇ ਨਾਲ-ਨਾਲ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਹਨ। ਇਹ ਬੰਦੀ ਅਜੇ ਤੱਕ 22 ਮਾਰਚ ਤੋਂ 31 ਮਾਰਚ ਤੱਕ ਕੀਤੀ ਗਈ ਹੈ,ਜੇਕਰ ਇਸ ਸਮੇਂ ਦੌਰਾਨ ਇਸ ਵਾਇਰਸ ਦਾ ਫੈਲਾਅ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਰੁਕਦਾ ਤਾਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਦੀ ਮਿਆਦ ਅੱਗੇ ਹੋਰ ਵੀ ਵਧਾਉਣੀ ਪੈ ਸਕਦੀ ਹੈ।


ਸਰਕਾਰ ਨੇ ਇਸ ਬੀਮਾਰੀ ਤੋ ਬੱਚਣ ਲਈ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਜਿਸ ਦੇ ਤਹਿਤ 22 ਮਾਰਚ ਨੂੰ "ਜਨਤਾ ਕਰਫਿਊ" ਲਾਇਆ ਗਿਆ,ਪਰ ਇਸ ਕਰਫਿਊ ਤੋ ਬਾਅਦ ਭਾਰਤੀਆਂ ਨੇ ਜੋ ਹੁੱਲੜਬਾਜ਼ੀ ਕੀਤੀ ਹੈ। ਉਹ ਅਤਿਅੰਤ ਨਿੰਦਣਯੋਗ ਘਟਨਾ ਸੀ। ਕੁੱਝ ਲੋਕ ਇਸ ਨੂੰ ਹਿੰਦੂ ਰਾਸ਼ਟਰ ਨਾਲ ਮਿਲਾ ਕੇ ਦੇਖ ਰਹੇ ਹਨ,ਕਿਉਕਿ ਥਾਲੀਆਂ,ਸ਼ੰਖ ਤੇ ਘੰਟੀਆਂ ਹਿੰਦੂ ਧਰਮ ਦੇ ਚਿੰਨ ਹਨ।
ਸਿਆਣੇ ਕਹਿੰਦੇ ਹਨ ਕਿ ਜਦੋ ਗਵਾਂਢੀ ਦਾ ਮੂੰਹ ਲਾਲ ਹੋਵੇ ਤਾਂ ਆਪਣਾ ਮੂੰਹ ਥੱਪੜ ਮਾਰ ਕੇ ਕਰ ਲਈਦਾ। ਕੱਲ ਪੂਰੇ ਭਾਰਤ ਵਿੱਚ ਭਾਰਤੀਆਂ ਨੇ ਜੋ ਆਪਣੀ ਅਕਲ ਦਾ ਜਨਾਜਾ ਦਿਖਿਆ,ਉਸ ਤੋ ਪੂਰੀ ਮਨੁੱਖਤਾ ਸ਼ਰਮਸਾਰ ਹੋਈ ਹੈ। ਦੁਨੀਆ ਦੇ ਵਿੱਚ ਜਦੋ ਵੀ ਇਤਿਹਾਸ ਲਿਖਿਆ ਜਾਵੇਗਾ ਤਾਂ ਭਾਰਤੀਆਂ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿ ਜਦੋ ਪੂਰੇ ਦੁਨੀਆਂ ਦੇ ਵਿੱਚ ਜਦੋ ਮਨੁੱਖ ਜਾਤੀ ਕਰੋਨਾ ਵਾਇਰਸ ਦੀ ਬੀਮਾਰੀ ਨਾਲ ਜੂਝ ਰਹੀ ਸੀ ਤਾਂ ਸਾਡੇ ਭਾਰਤ ਦੇ ਲੋਕਾਂ ਨੇ ਥਾਲੀਆਂ ਕੁੱਟੀਆਂ ਤੇ ਭੰਗੜੇ ਪਾਏ। ਸਰਕਾਰ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ ਪਰ ਸਾਡੇ ਲੋਕ ਅਵੇਸਲੇ ਹੋ ਕੇ ਸੜਕਾਂ ਵਿੱਚ ਘੁੰਮ ਫਿਰ ਰਹੇ ਹਨ। ਜਿਸਦੇ ਫਲਸਰੂਪ ਪੰਜਾਬ ਵਿੱਚ ਅੱਜ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ,ਜੋ ਕਿ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ।


ਇਸ ਤੋ ਇਲਾਵਾ ਸਾਡੇ ਲੋਕਾਂ ਨੂੰ ਇਹ ਬੀਮਾਰੀ ਸਿਰਫ ਮਜ਼ਾਕ ਲੱਗ ਰਹੀ ਹੈ ਤੇ ਸਾਡੇ ਕੋਲ ਚੁਟਕਲੇ/ਬੋਲੀਆਂ ਬਣਾ ਕੇ ਮਜ਼ਾਕ ਉੱਡਾ ਰਹੇ ਹਨ। ਚੀਨ,ਇਟਲੀ ਤੋ ਬਾਅਦ ਇਹ ਬੀਮਾਰੀ ਇਗਲੈਡ ਵਿੱਚ ਵੀ ਦਸਤਕ ਦੇ ਚੁੱਕੀ ਸੀ ਤਾਂ ਇੰਗਲੈਂਡ ਦੇ ਇਕ ਸੱਜਰੇ ਬਣੇ ਕਲਾਕਾਰ ਨੇ ਸਿਰ ਤੇ ਤੌਲੀਆ ਲੈ ਕੇ tiktok ਤੇ ਖੂਬ ਬੋਲੀਆਂ ਪਾ ਕੇ ਵੀਡਿਉ ਬਣਾਈਆਂ। ਜਦੋ ਉਸ ਕਲਾਕਾਰ ਨੂੰ ਕੁੱਝ ਸਿਆਣੇ ਬੰਦਿਆਂ ਨੇ ਸਮਝਾਉਣਾ ਚਾਹਿਆ ਤਾਂ ਉਸਨੇ ਪਤਵੰਤੇ ਸੱਜਣਾਂ ਨੂੰ ਗਾਲਾਂ ਕੱਢੀਆਂ। ਇਹ ਸਾਡੀ ਘਟੀਆ ਮਾਨਸਿਕਤਾ ਦਾ ਸਬੂਤ ਨਹੀ ਤਾਂ ਹੋਰ ਕੀ ਹੈ??????
ਜਦੋ ਦੁਨੀਆਂ ਦੀ ਇੰਨੀ ਵੱਡੀ ਤਾਕਤ ਅਮਰੀਕਾ ਵਰਗੇ ਦੇਸ਼ ਦੇ ਹੱਥ ਖੜੇ ਹਨ ਤਾਂ ਅਸੀ ਕਿਹੜੇ ਬਾਗ ਦੀ ਮੂਲੀ ਹਾਂ। ਸਾਨੂੰ ਇਸ ਭਿਅੰਕਰ ਸਕੰਟ ਵਿੱਚ ਸਹਿਜ ਤੋ ਕੰਮ ਲੈਣਾ ਚਾਹੀਦਾ ਹੈ।


ਇਸ ਤੋ ਇਲਾਵਾ ਸ਼ੋਸ਼ਲ ਮੀਡੀਆ ਤੇ ਬੈਠਾ ਹਰ ਵਿਅਕਤੀ ਆਪਣੇ-ਆਪ ਨੂੰ ਪੱਤਰਕਾਰ ਸਮਝਦਾ। ਲਾਈਕ ਤੇ ਸ਼ੇਅਰ ਦੇ ਚੱਕਰ ਵਿੱਚ ਪਤਾ ਨਹੀ ਕੀ-ਕੀ ਪੋਸਟ ਕਰੀ ਜਾਂਦੇ ਹਨ।
ਪਹਿਲਾਂ UK ਦੀ ਬੀਬੀ ਦੀ ਵੀਡਿਉ ਨੂੰ ਟਰੂਡੋ ਦੀ ਪਤਨੀ ਦੱਸਦੇ ਰਹੇ ਤੇ ਹੁਣ ਬ੍ਰਾਜ਼ੀਲ ਦੇ ਪ੍ਰਧਾਨ ਮੰਤਰੀ ਜੈਰ ਬਲੋਸਨਾਰੋ ਨੂੰ ਇਟਲੀ ਦਾ ਪ੍ਰਧਾਨ ਮੰਤਰੀ ਦੱਸ ਕੇ ਪੋਸਟਾਂ ਨੂੰ ਧੜਾਧੜ ਸ਼ੇਅਰ ਕੀਤਾ ਜਾ ਰਿਹਾ ਹੈ। ਘਟੋ- ਘੱਟ ਪੋਸਟ ਲਿੱਖਣ ਵੇਲੇ ਗੂਗਲ ਬਾਬੇ ਨੂੰ ਹੀ ਪੁੱਛ ਲਿਆ ਕਰੋ।


ਅੱਗੇ ਗਲ ਕਰਦੇ ਹਾਂ,ਉਹਨਾਂ ਅਖੌਤੀ ਸਮਾਜ ਸੇਵਕਾਂ ਦੀ,ਜਿਹੜੇ ਲਾਈਵ ਹੋ ਕੇ ਧਾਰਮਿਕ ਸਥਾਨਾਂ ਨੂੰ ਬੰਦ ਕਰਕੇ ਹਸਪਤਾਲ ਬੰਦ ਕਰਨ ਲਈ ਸੰਘ ਪਾੜ ਰਹੇ ਹਨ। ਜਦੋ ਕਿ SGPC ਨੇ ਗੁਰੂ ਦੀ ਗੋਲਕ ਅਤੇ ਸਰਾਵਾਂ ਨੂੰ ਲੋੜਵੰਦਾ ਲਈ ਖੋਲਣ ਲਈ ਆਦੇਸ਼ ਦਿੱਤੇ ਹਨ। ਅਮਰੀਕਾ ਵਰਗੇ ਦੇਸ਼ ਨੇ ਸਿੱਖ ਪਾਰਲੀਮੈਂਟ ਨੂੰ ਲੋੜਵੰਦ ਲੋਕਾਂ ਦੀ ਮਦਦ ਲਈ ਲੰਗਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ।


ਇਸ ਭਿਆਨਕ ਬਿਮਾਰੀ ਦੇ ਤੂਫਾਨ ਵਿੱਚ ਸਭ ਤੋ ਵੱਡੀ ਲੋੜ ਇਹ ਵੀ ਹੈ ਕਿ ਦਵਾਈਆਂ ਵੇਚਣ ਵਾਲੇ ਅਤੇ ਮੁੱਢਲੀਆਂ ਲੋੜ ਦੀਆਂ ਵਸਤਾਂ ਵੇਚਣ ਵਾਲੇ ਲੋਕ ਮੁਨਾਫ਼ਾ ਕਮਾਉਣ ਦੀ ਹੋੜ ਵਿਚ ਲੋਕਾਂ ਦਾ ਸ਼ੋਸ਼ਣ ਨਾ ਕਰਨ,ਕਿਉਂਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਵੱਡੀ ਪੱਧਰ ਤੇ ਆ ਰਹੀਆਂ ਹਨ। ਲੋੜੀਂਦੀਆਂ ਦਵਾਈਆਂ ਤਾਂ ਇਕ ਪਾਸੇ ਰਹੀਆਂ, ਸੈਨੀਟਾਈਜ਼ਰ ਅਤੇ ਮਾਸਕਾਂ ਦੀਆਂ ਕੀਮਤਾਂ ਹੀ ਕਈ ਗੁਣਾਂ ਦਵਾਈਆਂ ਵੇਚਣ ਵਾਲਿਆਂ ਵਲੋਂ ਵਧਾ ਦਿੱਤੀਆਂ ਗਈਆਂ ਹਨ। ਜਿੰਨਾ ਤੇ ਸਰਕਾਰ ਵੱਲੋ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਤੋ ਇਲਾਵਾ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵੀ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ।
ਇਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵੀ ਭਾਰੀ ਵਾਧਾ ਹੋ ਸਕਦਾ ਹੈ। ਬਿਨਾਂ ਸ਼ੱਕ ਇਸ ਸਮੇਂ ਸਰਕਾਰਾਂ ਅਤੇ ਹੇਠਾਂ ਤੱਕ ਆਮ ਲੋਕਾਂ ਦੇ ਆਪਸੀ ਸਹਿਯੋਗ ਨਾਲ ਹੀ ਇਸ ਵੱਡੀ ਮਹਾਂਮਾਰੀ ਨੂੰ ਹਰਾਇਆ ਜਾ ਸਕਦਾ ਹੈ। ਜੇਕਰ ਇਸ ਤਰ੍ਹਾਂ ਦੀ ਲਾਮਬੰਦੀ ਕਰਨ ਵਿਚ ਭਾਰਤ ਸਫਲ ਹੁੰਦਾ ਹੈ ਤਾਂ ਉਹ ਨਿਸਚੇ ਹੀ ਇਸ ਮਹਾਂਮਾਰੀ ਨੂੰ ਦੂਜੇ ਪੜਾਅ 'ਤੇ ਹੀ ਰੋਕਣ ਦੇ ਸਮਰੱਥ ਹੋ ਸਕਦਾ ਹੈ।

ਸਰਬੱਤ ਦੇ ਭਲੇ ਦੀ ਅਰਦਾਸ ਨਾਲ,
ਮਨਦੀਪ ਕੌਰ ਪੰਨੂ

ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਵੋਟ ਪਾਉਣ ਲਈ ਸਿਮਰ ਬੇਨਤੀ - ਮਨਦੀਪ ਕੌਰ ਪੰਨੂ

ਬੀਬੀ ਪਰਮਜੀਤ ਕੌਰ ਖਾਲੜਾ ਜੀ ਕਿਸੇ ਜਾਣਕਾਰੀ ਦੇ ਮੁਥਾਜ ਨਹੀ ਹਨ। ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਬਹੁੱਤ ਵੱਡੀ ਹੈ। ਪੰਜਾਬ ਤੇ ਪੰਜਾਬੀਅਤ ਦੇ ਹੱਕ ਵਿੱਚ ਭਾਈ ਖਾਲੜਾ ਵਲੋ ਨਿਭਾਈ ਇਤਿਹਾਸਕ ਭੂਮਿਕਾ ਨੂੰ ਅਸੀ ਸਦਾ ਸਨਮਾਨ ਦਿੰਦੇ ਰਹਾਂਗੇ।


ਮੈਨੂੰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਲੋਕ 6 ਸਤੰਬਰ ਨੂੰ ਫੇਸਬੁਕ ਤੇ ਵਟਸਐਪ ਤੇ ਗੁਰੂ ਤੇਗ ਬਹਾਦਰ ਜੀ ਦੇ "ਵਾਰਿਸ ਭਾਈ ਜਸਵੰਤ ਸਿੰਘ ਖਾਲੜਾ ਜੀ" ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹਨ ਤੇ ਭਾਈ ਖਾਲੜਾ ਜੀ ਦੀ ਯਾਦ ਵਿੱਚ ਬਣੇ ਪਾਰਕ ਲਈ ਅਮਰੀਕਾ ਦੇ ਸਿੱਖਾਂ ਨੂੰ ਥਾਪੜਾ ਦਿੰਦੇ ਹਨ। ਉਹੀ ਲੋਕ ਅੱਜ ਖਾਲੜਾ ਮੈਡਮ ਦੇ ਖਿਲਾਫ ਚੋਣ ਲੜ ਰਹੇ ਹਨ।
ਬੀਬੀ ਖਾਲੜਾ ਜੀ ਦੇ ਪਰਿਵਾਰ ਦੀ ਕੁਰਬਾਨੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਚੱਕਰ ਤਾਂ ਸਾਰਿਆਂ ਨੂੰ ਆਪਣੀ-ਆਪਣੀ ਕੁਰਸੀ ਦਾ ਪਿਆ ਹੋਇਆ,ਨਹੀ ਤਾਂ ਉਹਨਾਂ ਨੂੰ ਸਮਰਥਨ ਦੇ ਸਕਦੇ ਸੀ।


ਮੈ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਸਿਰਫ ਤੇ ਸਿਰਫ ਬਾਹਰਲੇ ਮੁਲਕਾਂ ਦੇ ਸਿੱਖ ਹੀ ਖਾਲੜਾ ਪਰਿਵਾਰ ਨੂੰ ਸਤਿਕਾਰ ਦੇ ਸਕਦੇ ਹਨ,ਅਸੀ ਪੰਜਾਬ ਵਿੱਚ ਰਹਿਣ ਵਾਲੇ ਕਿਉ ਨਹੀ??????
ਸਾਡੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਕਿਉ ਹੈ???
ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਬੀਬੀ ਜੀ ਦੀ ਜਿੱਤ ਯਕੀਨੀ ਬਣਾਉ। ਜੇਕਰ ਅੱਜ ਖਡੂਰ ਸਾਹਿਬ ਦੇ ਲੋਕਾਂ ਨੇ ਬੀਬੀ ਖਾਲੜਾ ਜੀ ਨੂੰ ਵੋਟ ਨਾ ਪਾਈ ਤਾਂ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਕਦੀ ਮਾਫ ਨਹੀ ਕਰਨ ਗਈਆਂ ਕਿਉਕਿ ਸਿਆਣੇ ਕਹਿੰਦੇ ਹਨ ਕਿ ਅਕ੍ਰਿਤਘਣ ਦਾ ਭਾਰ ਤਾਂ ਧਰਤੀ ਵੀ ਨਹੀ ਝਲਦੀ।


ਬੀਬੀ ਖਾਲੜਾ ਜੀ ਦੇ ਪਰਿਵਾਰ ਦੀ ਕੁਰਬਾਨੀ ਅੱਗੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਦਾ ਸਿਰ ਝੁੱਕਦਾ ਹੈ।ਉਹਨਾਂ ਦੇ ਸਿਦਕ ਤੇ ਸਿਰੜ ਅੱਗੇ ਵੋਟ ਬਹੁਤ ਮਮੂਲੀ ਜਿਹੀ ਗੱਲ ਹੈ।ਬੀਬੀ ਖਾਲੜਾ ਜੀ ਤਾਂ ਬਹੁਤ ਪਹਿਲਾਂ ਪੰਜਾਬ ਦੀ ਅਵਾਜ਼ ਬਣ ਕੇ ਲੋਕ ਸਭਾ ਵਿੱਚ ਬਹੁੱਤ ਪਹਿਲਾਂ ਹੋਣੇ ਚਾਹੀਦੇ ਸੀ।


ਬੇਨਤੀ ਕਰਤਾ,
ਮਨਦੀਪ ਕੌਰ ਪੰਨੂ

ਪੰਜਾਬ ਦੀ ਥੱਪੜ ਰਾਜਨੀਤੀ - ਮਨਦੀਪ ਕੌਰ ਪੰਨੂ

ਸਾਡੇ ਲੀਡਰ ਪੰਜਾਬ ਨੂੰ ਕੈਲੇਫੋਰਨੀਆ ਤੇ ਪੈਰਿਸ ਬਣਾਉਣ ਦੀਆਂ ਵੱਡੀਆਂ ਟਾਹਰਾਂ ਮਾਰਦੇ ਹਨ ਪਰ ਜਦੋ ਸਾਡੇ ਵੋਟਰ ਉਹਨਾਂ ਨੂੰ ਕੁਝ ਪੁੱਛਣ ਦੀ ਹਿੰਮਤ ਕਰਦੇ ਹਨ ਤਾਂ ਉਹਨਾਂ ਨੂੰ ਥੱਪੜ ਖਾਣੇ ਪੈਂਦੇ ਹਨ। ਕਨੇਡਾ-ਅਮਰੀਕਾ ਦੇ ਨੇਤਾ ਜਮੀਨੀ ਪੱਧਰ ਤੇ ਅਵਾਮ ਨਾਲ ਜੁੜੇ ਹੋਏ ਹੁੰਦੇ ਹਨ ਤੇ ਉਹਨਾਂ ਨੇਤਾਵਾਂ ਨਾਲ ਲਗਭਗ ਹਰ ਪੰਜਾਬੀ ਦੀ ਤਸਵੀਰ ਦੇਖੀ ਜਾ ਸਕਦੀ,ਉਹਨਾਂ ਦੇਸ਼ਾਂ ਵਿੱਚ ਨੇਤਾ ਹਰ ਇਕ ਨਾਲ ਦੋਸਤਾਂ ਵਾਂਗ ਵਿਚਰਦੇ ਹਨ।


ਕੁੱਝ ਦਿਨ ਪਹਿਲਾਂ ਰਾਜਾ ਵੜਿੰਗ ਵਲੋ ਇਕ ਵਿਅਕਤੀ ਨੂੰ ਸਵਾਲ ਕਰਨ ਪਿੱਛੇ ਥੱਪੜ ਮਾਰਨ ਤੇ ਗਾਲਾਂ ਕੱਢਣ  ਦਾ ਬਾਜ਼ਾਰ  ਅਜੇ ਠੰਢਾ ਨਹੀ ਹੋਇਆ ਸੀ ਕਿ ਬੀਬੀ ਰਜਿੰਦਰ ਕੌਰ ਭੱਠਲ ਵੱਲੋ "ਤਾਏ ਦੀ ਧੀ ਚੱਲੀ ਤੇ ਮੈ ਕਿਉ ਰਹਾ ਕੱਲੀ" ਵਾਂਗ ਇਕ ਹੋਰ ਵਿਅਕਤੀ ਦੇ ਥੱਪੜ ਮਾਰਿਆ ਗਿਆ। ਜਦੋ ਪੱਤਰਕਾਰਾਂ ਨੇ ਇਸਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਆਪਣੀ ਨਲਾਇਕੀ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਆਪ ਪਾਰਟੀ ਵਾਲਿਆਂ ਨੇ ਭੇਜਿਆ ਸੀ। ਦੂਜੇ ਪਾਸੇ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਜੱਦੀ-ਪੁਸ਼ਤੀ ਕਾਂਗਰਸ ਪਾਰਟੀ ਦਾ ਸਮਰਥਨ ਕਰਦੇ ਰਹੇ ਹਨ ਤੇ ਹੁਣ ਉਹ ਕਦੀ ਵੀ ਕਾਂਗਰਸ ਨੂੰ ਵੋਟ ਨਹੀ ਪਾਉਣਗੇ।


ਇਹ ਗੱਲ ਦੀ ਚਰਚਾ ਅਜੇ ਖਤਮ ਨਹੀ ਹੋਈ ਸੀ ਕਿ ਕੱਲ ਡਾਕਟਰ ਅਮਰ ਸਿੰਘ,ਜੋ ਕਿ ਕਾਂਗਰਸ ਦੇ ਫਤਿਹਗੜ੍ਹ ਸਾਹਿਬ ਤੋ ਉਮੀਦਵਾਰ ਹਨ।ਉਹਨਾਂ ਦੀ ਰੈਲੀ ਵਿੱਚ ਸਾਬਕਾ ਫੌਜੀ ਵੱਲੋ ਪ੍ਰਸ਼ਨ ਪੁੱਛੇ ਜਾਣ ਤੇ ਉਸਨੂੰ ਬੇਇੱਜ਼ਤ ਕਰਨਾ ਕਿਥੋਂ ਦੀ ਬਹਾਦਰੀ ਹੈ?? ਇਹੀ ਲੀਡਰ ਫੌਜੀਆਂ ਦੇ ਨਾਮ ਤੇ ਰਾਜਨੀਤੀ ਕਰਦੇ ਦੇਖੇ ਜਾਂਦੇ ਹਨ।


ਪਹਿਲੇ ਸਮੇਂ ਵਿੱਚ ਪਿੰਡ ਦੇ ਕਿਸੇ ਨੇ ਮੋਹਤਬਰ ਨੇ ਜਿੱਥੇ ਕਹਿਣਾ,ਸਾਰੇ ਪਿੰਡ ਨੇ ਉੱਥੇ ਵੋਟ ਪਾਉਣੀ ਹੁੰਦੀ ਸੀ। ਪੂਰੇ ਪਿੰਡ ਵਿੱਚ ਕੋਈ ਇੱਕ-ਅੱਧਾ ਵਿਅਕਤੀ ਪੜਿਆ-ਲਿਖਿਆ ਹੁੰਦਾ ਸੀ ਤੇ ਉਹਨੂੰ ਦਾਤੀ-ਪੱਲੀ ਲੈ ਕੇ ਖੇਤਾਂ ਵਿੱਚ ਜਾਂਦੇ ਬੰਦਿਆਂ ਨੇ ਕਹਿਣਾ,"ਸੁਣਾ ਪਾੜਿਆ! ਕੀ ਖਬਰ ਹੈ ਸ਼ਹਿਰ ਦੀ?"


ਅਜੋਕੇ ਸਮਾਂ ਕੰਪਿਊਟਰ ਯੁੱਗ ਦਾ ਹੈ ਤੇ ਨੌਜਵਾਨਾਂ ਵਿੱਚ ਸ਼ੋਸ਼ਲ ਮੀਡੀਆ ਦੀ ਹੋਂਦ ਕਰਕੇ ਜਾਗਰੂਕਤਾ ਆ ਚੁੱਕੀ ਹੈ।
ਹਰ ਉਹ ਬੰਦਾ ਜੋ ਪੜ੍ਹਾਈ ਕਰ ਕੇ ਬੇਰੁਜ਼ਗਾਰ ਹੈ ਜਿਸ ਨੂੰ ਇਹ ਲੱਗਦਾ ਸਰਕਾਰਾਂ ਸਿਰਫ ਲਾਰੇ ਲਾਉਦੀਆ ਉਹ ਆਪੋ-ਆਪੇ ਲੀਡਰ ਨੂੰ ਸਵਾਲ ਕਰ ਰਿਹਾ ਹੈ ਤੇ ਨੇਤਾਵਾਂ ਨੂੰ ਇਹ ਸਭ ਗਲੇ ਤੋ  ਨਹੀ ਉਤਰ ਰਿਹਾ। ਇਹੀ ਲੀਡਰ ਸਾਡੀਆਂ ਵੋਟਾਂ ਨਾਲ ਮੰਤਰੀ ਬਣ ਕੇ ਲੱਖਾਂ ਰੁਪਏ ਤਨਖਾਹਾਂ ਤੇ ਭੱਤੇ ਲੈਦੇ ਹਨ। ਇਸ ਲਈ  ਸਵਾਲ ਕਰਨਾ ਸਾਡਾ ਹੱਕ ਹੈ। ਜਿਹੜਾ ਲੀਡਰ ਜਵਾਬ ਨਹੀ ਦੇ ਸਕਦਾ,ਉਹਦਾ ਅੱਜ ਹੀ ਬਾਈਕਾਟ ਕਰੋ ਵਰਨਾ ਭਵਿੱਖ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।