ਦੇਹਧਾਰੀ ਗੁਰੂ ਡੰਮ ਤੇ ਆਰਥਿਕ ਸ਼ੋਸ਼ਣ - ਮਨਦੀਪ ਕੌਰ ਪੰਨੂ
ਦੇਹਧਾਰੀ ਗੁਰੂ ਡੰਮ ਸਮਾਜ ਨੂੰ ਲੱਗਾ ਉਹ ਕੋਹੜ ਹੈ,ਜਿਸਦਾ ਇਲਾਜ ਅਜੋਕੇ ਸਮੇਂ ਵਿੱਚ ਬਹੁੱਤ ਜਰੂਰੀ ਹੈ,ਇਸ ਦੇ ਵਿਰੋਧ ਵਿੱਚ ਬਹੁੱਤ ਕੁੱਝ ਲਿਖਿਆ ਜਾ ਚੁੱਕਾ ਹੈ ਤੇ ਸਮੇਂ-ਸਮੇਂ ਤੇ ਸਮਾਜ ਨੂੰ ਸੇਧ ਦੇਣ ਲਈ ਕਲਮਾਂ ਦੇ ਲਿੱਖਣ ਦੇ ਬਾਵਜੂਦ ਵੀ ਜਿਹੜੇ ਲੋਕਾਂ ਦੀ ਮਾਨਸਿਕ ਹਾਲਾਤ ਠੀਕ ਨਹੀ ਹੁੰਦੀ,ਉਹ ਫਿਰ ਸਾਧਾਂ ਦੇ ਪੈਰਾਂ ਵਿੱਚ ਨੱਕ ਰਗੜਦੇ ਹਨ। ਅਸਲ ਵਿੱਚ ਜਿਹੜੇ ਲੋਕਾਂ ਨੂੰ ਆਪਣੇ ਹਾਲਾਤਾਂ ਦਾ ਤੁਰੰਤ ਜਵਾਬ ਚਾਹੀਦਾ ਹੁੰਦਾ ਹੈ,ਉਹ ਲੋਕ ਹੀ ਬਾਬਿਆਂ ਦੇ ਧੱਕੇ ਚੜਦੇ ਹਨ ਤੇ ਬਾਬੇ ਉਹਨਾਂ ਦਾ ਰੱਜ ਕੇ ਸ਼ੋਸ਼ਣ ਕਰਦੇ ਹਨ। ਇਹ ਸ਼ੋਸ਼ਣ ਆਰਥਿਕ ਪੱਖੋ ਦੇ ਨਾਲ-ਨਾਲ ਜਿਸਮਾਨੀ ਪੱਖੋ ਵੀ ਹੁੰਦਾ ਹੈ।
ਸਾਧਾਂ ਜਾਂ ਪੰਡਿਤਾਂ ਦੇ ਕੋਲ ਸਿਰਫ ਤੇ ਸਿਰਫ ਗਿਣੇ-ਚੁਣੇ ਤਿੰਨ ਕਾਰਨ ਹੀ ਹੁੰਦੇ ਹਨਃ
1) ਤੁਹਾਡੇ ਰਿਸ਼ਤੇਦਾਰ ਤੁਹਾਡੇ ਕੋਲੋ ਸੜਦੇ ਹਨ।
ਕਿਸੇ ਨਾ ਕਿਸੇ ਦਾ ਕੋਈ ਰਿਸ਼ਤੇਦਾਰ ਸੜਦਾ ਹੀ ਹੁੰਦਾ ਹੈ,ਇਸ ਕਰਕੇ ਸਾਧਾਂ ਦਾ ਤੀਰ-ਤੁੱਕਾ ਚੱਲੀ ਜਾਂਦਾ ਹੈ।
2)ਤੁਸੀ ਮਰਦੇ-ਮਰਦੇ ਮਸਾ ਬਚੇ ਹੋ।
ਅੱਜ-ਕਲ ਇੰਨੀ ਭੀੜ ਦੇ ਵਿੱਚ ਹਰ ਕਿਸੇ ਦਾ ਇੱਕ-ਦੋ ਵਾਰ ਐਕਸੀਡੈਟ ਹੋਇਆ ਹੁੰਦਾ ਹੈ ਤੇ ਮਾਨਸਿਕ ਪੀੜਿਤ ਵਿਅਕਤੀ ਨੂੰ ਲੱਗਦਾ ਹੈ ਕਿ ਬਾਬਾ ਜੀ ਕਰਨੀ ਵਾਲੇ ਹੀ ਬਹੁੱਤ ਹਨ।
3)ਤੁਹਾਡੇ ਕੋਲ ਪੈਸੇ ਨਹੀ ਜੁੜਦੇ।
ਹਰ ਇਨਸਾਨ ਦੀ ਪੈਸੇ ਦੀ ਭੁੱਖ ਨਹੀ ਮੁੱਕਦੀ ਤੇ ਉਹ ਹੋਰ ਪੈਸਾ ਇੱਕਠਾ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਸਾਧ ਅੰਤਰਜਾਮੀ ਲੱਗਦਾ ਹੈ।
ਜਦੋ ਪੰਡਤਾਂ ਨੂੰ ਮੁਸੀਬਤ ਆਈ ਤਾਂ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਮਦਦ ਮੰਗਣ ਆਏ,ਅੱਜ ਸਮੇਂ ਦੀ ਐਸੀ ਪੁੱਠੀ ਚਾਲ ਚੱਲੀ ਹੈ ਕਿ ਸਾਡੇ ਸਿੱਖ ਅੱਜ ਜਦੋ ਮੁਸੀਬਤ ਹੁੰਦੀ ਹੈ ਤਾਂ ਪੰਡਤਾਂ ਤੋ ਉਪਾਅ ਪੁੱਛਣ ਜਾਂਦੇ ਹਾਂ। ਅਸੀ ਕਿੱਧਰ ਨੂੰ ਤੁੱਰ ਪਏ ਹਾਂ?????
ਹੈਰਾਨੀ ਦੀ ਗੱਲ ਹੈ ਕਿ ਬਹੁਗਿਣਤੀ ਸਿੱਖ ਡੇਰਾਵਾਦ ਦੇ ਮੁੱਦੇ ਦੀ ਗੰਭੀਰਤਾ ਨੁੰ ਨਾ ਸਮਝ ਕੇ ਹਾਸਾ-ਠੱਠਾ ਤੇ ਸ਼ੁਗਲ ਮੇਲਾ ਕਰ ਕੇ ਗੰਭੀਰ ਸਚਾਈਆਂ ਤੋਂ ਟਾਲਾ ਵੱਟ ਰਹੇ ਹਨ। ਗੁਰਾਂ ਦੇ ਨਾਂ ਤੇ ਵੱਸਦੇ ਇਸ ਪੰਜਾਬ ਦੀ ਫਿਕਰ ਕਰਦਿਆਂ ਸਾਨੂੰ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ,ਵਿਦਵਾਨਾਂ, ਜਾਣਕਾਰਾਂ ਅਤੇ ਆਮ-ਖਾਸ ਸਿੱਖਾਂ ਨੁੰ ਇਸ ਮਾਮਲੇ ਤੇ ਗੰਭੀਰਤਾ ਨਾਲ ਸੋਚਣ ਤੇ ਕੁਝ ਕਰਨ ਦਾ ਸਮਾਂ ਹੈ।
ਇਹੋ ਜਿਹੇ ਡੇਰੇ ਜੋ 1984 ਤੋ ਬਾਅਦ ਹੀ ਹੋਦ ਵਿੱਚ ਕਿਉ ਆਏ,ਕਿਉਕਿ ਸਿੰਘਾਂ ਨੇ ਜੋ ਜੂਨ 1984 ਵਿੱਚ ਜੋ ਇਤਿਹਾਸ ਸਿਰਜਿਆ ਹੈ,ਉਹ ਚਮਕੋਰ ਦੀ ਗੜੀ ਦੇ ਇਤਿਹਾਸ ਨੂੰ ਯਾਦ ਕਰਵਾਉਦਾ ਹੈ ਅਤੇ ਸਰਕਾਰਾਂ ਡਰ ਗਈਆ ਤੇ ਉਹਨਾ ਡੇਰਿਆਂ ਨੂੰ ਜਨਮ ਦਿੱਤਾ। ਇਹ ਸਾਧ ਖੁੰਬਾਂ ਵਾਗੂ ਉਗਣ ਲੱਗੇ ਅਤੇ ਸਿੱਖੀ ਨੂੰ ਸਿਉਕ ਵਾਂਗੂ ਲਗ ਗਏ।ਮੈਨੂੰ ਇਹ ਮਹਿਸੂਸ ਹੁੰਦਾ ਕਿ ਇਹ ਡੇਰੇ ਉਹ ਫੜੀਆ ਵਰਗੇ ਹਨ,ਜਿਥੇ ਕੋਈ ਵੀ ਪਹੁੰਚ ਜਾਂਦਾ ਹੈ।ਆਪਣੇ ਪਿੰਡਾਂ ਕਸਬਿਆਂ ਵਿੱਚ ਚੌਧਰ ਲਈ ਹੁੰਦੀਆਂ ਲੜਾਈਆਂ, ਜਾਤੀ-ਪਾਤੀ ਵਿਧਾਨ,ਨਸ਼ਾ, ਆਰਥਿਕ ਤੇ ਕਾਮੁਕ ਸਮੱਸਿਆਵਾਂ ਬੰਦਿਆਂ ਅਤੇ ਜਨਾਨੀਆਂ ਨੁੰ ਇਨ੍ਹਾਂ ਡੇਰਿਆਂ ਵੱਲ ਲੈ ਕੇ ਜਾਂਦੀਆਂ ਹਨ,ਸਿਆਸੀ ਪਾਰਟੀਆਂ ਦਾ ਇਹਨਾ ਡੇਰਿਆ ਦੇ ਸਿਰ ਉੱਤੇ ਹੱਥ ਇਹਨਾਂ ਦੀਆਂ ਕਰਤੂਤਾਂ ਦੇ ਨੰਗੇ ਨਾਚ ਵਿੱਚ ਸਹਾਇਕ ਸਿੱਧ ਹੁੰਦਾ ਹੈ।ਹਿਦੂਸਤਾਨੀ ਹੁਕਮਰਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਹ ਡੇਰੇ ਸਿੱਖਾਂ ਨੁੰ ਹਰ ਪੱਖੋ ਚਣੌਤੀ ਦੇਣ ਦੇ ਕਾਬਲ ਹਨ।ਕਿਸੇ ਮਸਲੇ ਵੇਲੇ ਸਰਕਾਰਾਂ ਉਨ੍ਹਾਂ ਦੀ ਪਿੱਠ ਤੇ ਹੁੰਦੀਆਂ ਹਨ,ਪੁਲਿਸ ਫੋਰਸਾਂ ਉਨ੍ਹਾਂ ਦੀ ਸੁਰੱਖਿਆ ਕਰਦੀਆਂ ਹਨ।
ਭਾਵੇ ਇਸਦੇ ਰਾਜਨੀਤਕ ਕਾਰਨ ਕੁੱਝ ਵੀ ਹੋਣ ਪੰਰਤੂ ਕਸੂਰ ਉਹਨਾਂ ਦਾ ਵੀ ਹੈ,ਜੋ ਇਹਨਾਂ ਡੇਰਿਆ ਵਿੱਚ ਜਾਦੇ ਹਨ।
ਜਗਤ ਗੁਰੂ ਨਾਨਕ ਸਾਹਿਬ ਨੇ ਤਾ ਅੱਜ ਤੋ 500 ਸਾਲ ਤੋ ਵੱਧ ਸਮਾਂ ਪਹਿਲਾ ਸਾਨੂੰ ਇਸ ਬਾਰੇ ਸੁਚੇਤ ਕਰ ਦਿੱਤਾ ਸੀ।
ਗੁਰੂ ਸਾਹਿਬ ਫਰਮਾਉਦੇ ਹਨ,
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ।।
ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ।।
(ਸ੍ਰੀ ਗੁਰੂ ਗਰੰਥ ਸਾਹਿਬ ਜੀ- ਅੰਗ 1286)
ਅੰਤ ਵਿੱਚ ਮੇਰੀ ਹੱਥ ਜੋੜਕੇ ਬੇਨਤੀ ਹੈ ਕਿ ਇਹਨਾ ਡੇਰਿਆਂ ਦਾ ਖਹਿੜਾ ਛਡੋ ਤੇ "ਸ਼ਬਦ ਗੁਰੂ" ਦੇ ਚਰਨਾਂ ਵਿੱਚ ਆਓ,ਕਿਉਕਿ ਇਹਨਾ ਸਾਧਾਂ ਦਾ ਤਾਂ ਆਪਣਾ ਕੋਈ ਵਜੂਦ ਨਹੀ,ਇਹ ਸਿਰਫ ਮਾਇਆ ਅਤੇ ਕਾਮੁਕ ਲੋੜਾਂ ਬਾਰੇ ਸੋਚਦੇ।
ਧੰਨਵਾਦ ਸਾਹਿਤ,
ਮਨਦੀਪ ਕੌਰ ਪੰਨੂ