ਖਿਡਾਰੀਆਂ ਦੇ ਮਸੀਹਾ ਸਨ- ਉਲੰਪੀਅਨ ਵਰਿੰਦਰ ਸਿੰਘ
ਅਜੀਮ ਸਖਸ਼ੀਅਤ ਉਲੰਪਅਿਨ ਵਰਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ
ਉਲੰਪੀਅਨ ਵਰਿੰਦਰ ਸਿੰਘ 5-ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ
ਸ਼ਾਂਤ ਸੁਬਾਓ, ਮਿੱਠ ਬੋਲੜੇ ਅਤੇ ਬਹੁਤ ਦਿਆਲੂ ਇਨਸਾਨ ਉਲੰਪੀਅਨ ਵਰਿੰਦਰ ਸਿੰਘ ਖੇਡਾਂ ਅਤੇ ਸਮਾਜਿਕ ਖੇਤਰ ਵਿੱਚ ਅਜੀਮ ਸਖਸ਼ੀਅਤ ਸਨ। ਕੁਆਲਾਲੰਪੁਰ 1975 ਵਿੱਚ ਵਿਸ਼ਵ ਕੱਪ ਹਾਕੀ ਮੁਕਾਬਲੇ ਦੇ ਸੋਨ ਤਮਗਾ ਜੇਤੂ ਉਲੰਪੀਅਨ ਵਰਿੰਦਰ ਸਿੰਘ ਨੇ ਆਪਣੀ ਸਾਰੀ ਉਮਰ ਹਾਕੀ ਦੀ ਖੇਡ ਨੂੰ ਹੀ ਸਮਰਪਿਤ ਕੀਤੀ ਸੀ।ਉਲੰਪੀਅਨ ਵਰਿੰਦਰ ਸਿੰਘ ਦਾ ਜਨਮ ਇਕ ਸਧਾਰਨ ਪਰਿਵਾਰ ਵਿੱਚ ਜਲੰਧਰ ਲਾਗਲੇ ਪਿੰਡ ਧੰਨੋਵਾਲੀ ਵਿੱਖੇ 16 ਮਈ 1947 ਨੂੰ ਹੋਇਆ। ਉਨ੍ਹਾਂ ਨੇ ਐਮ ਏ ਦੀ ਡਿਗਰੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਹਾਸਲ ਕੀਤੀ ਅਤੇ ਕਲਾਜ ਦੀ ਪੜ੍ਹਾਈ ਸਮੇਂ ਹੀ ਭਾਰਤੀ ਹਾਕੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ। 1972 ਵਿੱਚ ਮਿਊਨਿਖ ਉਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦਾ ਹਿੱਸਾ ਰਹੇ ਜਿਸ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। 1973 ਵਿੱਚ ਐਮਸਟਰਡਮ ਵਿੱਚ ਵਿਸ਼ਵ ਕੱਪ ਹਾਕੀ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ। 1974 ਅਤੇ 1978 ਵਿੱਚ ਤਹਿਰਾਨ ਅਤੇ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਚਾਂਦੀ ਦੇ ਤਮਗੇ ਹਾਸਲ ਕੀਤੇ। ਭਾਰਤੀ ਰੇਲਵੇ ਦੇ ਉੱਚ ਅਹੁਦੇ ਤੋਂ ਰਿਟਾਇਰਮੈਂਟ ਹਾਸਲ ਕੀਤੀ। ਪਰ ਰਿਟਾਇਰਮੈਂਟ ਤੋਂ ਬਾਅਦ ਘਰ ਆਰਾਮ ਕਰਨ ਨਾਲੋਂ ਉਨ੍ਹਾਂ ਨੇ ਪੰਜਾਬ ਖੇਡ ਵਿਭਾਗ ਵਿੱਚ ਬਤੌਰ ਸੀਨੀਅਰ ਹਾਕੀ ਕੋਚ ਡਿਊਟੀ ਕਰਨੀ ਜ਼ਿਆਦਾ ਬੇਹਤਰ ਸਮਝੀ ਅਤੇ ਹਮੇਸ਼ਾਂ ਆਪਣੀ ਖੇਡ ਨਾਲ ਜੁੜੇ ਰਹੇ। ਉਹ ਲਗਾਤਾਰ 13 ਸਾਲ ਪੰਜਾਬ ਖੇਡ ਵਿਭਾਗ ਨਾਲ ਜੁੜੇ ਰਹੇ ਅਤੇ ਲਗਾਤਾਰ ਹਾਕੀ ਪੰਜਾਬ ਦੀ ਚੋਣ ਕਮੇਟੀ ਦੇ ਮੁੱਖੀ ਰਹੇ। ਉਨ੍ਹਾਂ ਨੇ ਲਗਾਤਾਰ 8 ਸਾਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿੱਚ ਬੱਚੀਆਂ ਨੂੰ ਹਾਕੀ ਦੀ ਟਰੇਨਿੰਗ ਦਿੱਤੀ। ਉਲੰਪੀਅਨ ਗੁਰਜੀਤ ਕੌਰ, ਜੋ ਕਿ ਇਸ ਸਮੇਂ ਭਾਰਤੀ ਮਹਿਲਾ ਹਾਕੀ ਦੀ ਸੀਨੀਅਰ ਖਿਡਾਰਣ ਹੈ, ਨੇ ਵੀ ਉਲੰਪੀਅਨ ਵਰਿੰਦਰ ਸਿੰਘ ਤੋਂ ਖੇਡ ਦੇ ਅਹਿਮ ਗੁਰ ਸਿੱਖੇ। ਪਿਛਲੇ ਤਿੰਨ ਸਾਲ ਤੋਂ ਉਨ੍ਹਾਂ ਵਲੋਂ ਰਾਊਂਡ ਗਲਾਸ ਸਪੋਰਟਸ ਨਾਲ ਜੁੜ ਕੇ ਪੂਰੇ ਪੰਜਾਬ ਵਿੱਚ ਵੱਖ ਵੱਖ ਹਾਕੀ ਅਕੈਡਮੀਆਂ ਦੀ ਸ਼ੁਰੂਆਤ ਕਰਵਾਈ। ਉਲੰਪੀਅਨ ਵਰਿੰਦਰ ਸਿੰਘ ਨੂੰ 29 ਅਗਸਤ 2007 ਨੂੰ ਭਾਰਤ ਸਰਕਾਰ ਨੇ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
ਸ਼ਾਂਤ ਸੁਭਾਅ ਅਤੇ ਹੰਸੂ-ਹੰਸੂ ਕਰਦੇ ਚਿਹਰੇ ਨੇ ਉਨ੍ਹਾਂ ਦੀ ਖੇਡ ਜਗਤ ਵਿੱਚ ਵੱਖਰੀ ਪਛਾਣ ਬਣਾਈ।ਹਮੇਸ਼ਾਂ ਹਾਂ ਪੱਖੀ ਸੋਚ ਕਰਕੇ ਉਹ 75 ਸਾਲ ਦੀ ਉਮਰ ਤੱਕ ਪੂਰੀ ਤਰ੍ਹਾਂ ਫਿੱਟ ਰਹੇ ਅਤੇ 11 ਜੂਨ 2022 ਤੱਕ ਖੇਡ ਮੈਦਾਨ ਵਿੱਚ ਲਗਾਤਾਰ ਆਪਣੀ ਹਾਜ਼ਰੀ ਲਗਵਾਉਂਦੇ ਰਹੇ। 28 ਜੂਨ 2022 ਨੂੰ ਜਦੋਂ ਉਲੰਪੀਅਨ ਵਰਿੰਦਰ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਖੇਡ ਜਗਤ ਨੂੰ ਮਿਲੀ ਤਾਂ ਕਿਸੇ ਨੂੰ ਵਿਸ਼ਵਾਸ਼ ਨਹੀਂ ਸੀ ਹੋ ਰਿਹਾ ਸੀ ਇੰਨਾ ਫਿੱਟ ਵਿਅਕਤੀ ਇੰਨੀ ਜਲਦੀ ਵਾਹਿਗੁਰੂ ਪਿਆਰਾ ਹੋ ਸਕਦਾ ਹੈ। ਉਨ੍ਹਾਂ ਦੇ ਪ੍ਰਸ਼ੰਸ਼ਕ ਹਰ ਵਰਗ ਵਿੱਚ ਮੋਜੂਦ ਹਨ, ਚਾਹੇ ਉਹ ਵਡੇਰੀ ਉਮਰ ਦੇ ਹੋਣ, ਚਾਹੇ ਨੌਜਵਾਨ ਹੋਣ ਚਾਹੇ ਉਭਰਦੇ ਹੋਏ ਖਿਡਾਰੀ। ਆਪਣੇ ਉਤਰੀ ਰੇਲਵੇ ਦੇ ਕਾਰਜਕਾਲ ਦੌਰਾਨ ਵਰਿੰਦਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਦੇ ਵੀ ਕਈ ਸਾਲ ਕੋਚ ਰਹੇ। ਸਾਦਗੀ ਭਰੇ ਜੀਵਨ ਦੌਰਾਨ ਉਨ੍ਹਾਂ ਨੂੰ ਹਰ ਹਾਕੀ ਪ੍ਰੇਮੀ ਨੇ ਹਮੇਸ਼ਾ ਸਕੂਟਰ ਤੇ ਹੀ ਮੈਦਾਨ ਵਿੱਚ ਆਉਂਦੇ ਦੇਖਿਆ। 1972 ਅਤੇ 1976 ਉਲੰਪੀਅਨ ਖੇਡਾਂ ਵਿੱਚ ਭਾਰਤੀ ਦੀ ਪ੍ਰਤੀਨਿਧਤਾ ਕਰਨ ਵਾਲੇ ਵਰਿੰਦਰ ਸਿੰਘ ਉਮਰ ਭਰ ਹਾਕੀ ਦੀ ਖੇਡ ਤੋਂ ਕਦੇ ਵੱਖ ਨਹੀਂ ਹੋਏ।
ਇੰਨੀ ਵੱਡੀ ਸਖਸ਼ੀਅਤ ਨੂੰ ਨਾਂ ਤਾਂ ਭਾਰਤੀ ਰੇਲਵੇ ਵਲੋਂ ਅਤੇ ਨਾ ਹੀ ਪੰਜਾਬ ਖੇਡ ਵਿਭਾਗ ਵਲੋਂ ਕਿਸੇ ਤਰ੍ਹਾਂ ਦੀ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਗਈ। 17 ਮਈ 2022 ਨੂੰ ਜਿਸ ਦਿਨ ਉਲੰਪੀਅਨ ਵਰਿੰਦਰ ਸਿੰਘ ਦਾ ਆਖਰੀ ਜਨਮ ਦਿਨ ਸੀ, ਉਨ੍ਹਾਂ ਵਲੋਂ ਇਹ ਜਨਮ ਦਿਨ ਵੀ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੇ ਖੇਡ ਮੈਦਾਨ ਵਿੱਚ ਮਨਾਇਆ ਅਤੇ ਉਸ ਸਮੇਂ ਕਿਹਾ ਕਿ ਉਨ੍ਹਾਂ ਦੀ ਦਿੱਲੀ ਇਛਾ ਹੈ ਕਿ ਲੜਕੀਆਂ ਲਈ ਇਕ 5-ਏ ਸਾਇਡ ਹਾਕੀ ਟੂਰਨਾਮੇਂਟ ਇਸੇ ਮੈਦਾਨ ਤੇ ਕਰਵਾਇਆ ਜਾਵੇ। ਉਨ੍ਹਾਂ ਦੀ ਇਸ ਦਿੱਲੀ ਇਛਾ ਨੂੰ ਸ਼ਾਹਮਣੇ ਰੱਖਦੇ ਹੋਏ, ਉਲੰਪੀਅਨ ਵਰਿੰਦਰ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲੇ ਅਤੇ ਕਾਫੀ ਸਮਾਂ ਉਨ੍ਹਾਂ ਨਾਲ ਬਿਤਾਉਣ ਵਾਲੇ ਕੁਲਬੀਰ ਸਿੰਘ, ਪਰਮਿੰਦਰ ਕੌਰ, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਕੰਚਨ ਨੇ ਉਨ੍ਹਾਂ ਦੇ ਵੱਡੇ ਬੇਟੇ ਗੁਰਪ੍ਰੀਤ ਸਿੰਘ ਨਾਲ ਸਲਾਹ ਕਰਕੇ ਉਲੰਪੀਅਨ ਵਰਿੰਦਰ ਸਿੰਘ 5-ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ਉਲੀਕਿਆ ਅਤੇ ਫਲੱਡ ਲਾਇਟਾਂ ਵਿੱਚ ਬੇਹਤਰੀਨ ਤਰੀਕੇ ਨਾਲ ਨੇਪਰੇ ਚਾੜ੍ਹ ਕੇ ਖਿਡਾਰੀਆਂ ਦੇ ਮਸੀਹੇ ਨੂੰ ਸੱਚੀ ਸ਼ਰਧਾਂਜਲੀ ਦਿੱਤੀ।
ਇਸ ਟੂਰਨਾਮੈਂਟ ਵਿੱਚ ਕੁਲ 6 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦਾ ਖਿਤਾਬ ਰਾਊਂਡ ਗਲਾਸ ਰਾਇਲਜ਼ ਨੇ ਰਾਊਂਡ ਗਲਾਸ ਰਾਇਡਰਜ਼ ਨੂੰ ਸਖਤ ਮੁਕਾਬਲੇ ਮਗਰੋਂ ਪੈਨਲਟੀ ਸ਼ੂਟ ਆਊਟ ਰਾਂਹੀ 8-7 ਨਾਲ ਹਰਾ ਕੇ ਜਿੱਤ ਲਿਆ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੇ ਖੇਡ ਮੈਦਾਨ ਤੇ ਸਪੰਨ ਹੋਏ ਉਕਤ ਟੂਰਨਾਮੇਂਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਉਲੰਪੀਅਨ ਵਰਿੰਦਰ ਸਿੰਘ ਦੇ ਪਰਿਵਾਰ ਵਲੋਂ ਕੀਤੀ ਗਈ। ਜੇਤੂ ਟੀਮ ਨੂੰ ਜੇਤੂ ਟਰਾਫੀ, ਸੋਨ ਤਮਗੇ ਅਤੇ 10000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਜਦਕਿ ਪੈਥਰਜ਼ ਦੀ ਗੋਲਕੀਪਰ ਜਸਦੀਪ ਕੌਰ ਨੂੰ ਬੇਹਤਰੀਨ ਗੋਲ ਕੀਪਰ ਅਤੇ ਰਾਇਲਜ਼ ਦੀ ਕਪਤਾਨ ਕਮਲਪ੍ਰੀਤ ਕੌਰ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਣ ਐਲਾਨਿਆ ਗਿਆ। ਇਨਹਾਂ ਦੋਵਾਂ ਨੂੰ ਟਰਾਫੀਆਂ ਦੇ ਨਾਲ ਨਾਲ 5100-5100 ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਮੈਡਲ ਅਤੇ ਦੋ–ਦੋ ਕਿਲੋ ਬਦਾਮਾਂ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ 6 ਜੂਨੀਅਰ ਖਿਡਾਰਣਾਂ ਮਨਪ੍ਰੀਤ ਕੌਰ, ਜਸਕਰਨ ਕੌਰ, ਸਾਇਨਾ, ਬਰਖਾ, ਮਟੀਆ ਅਤੇ ਹਰਜੋਤ ਕੌਰ ਨੂੰ ਕੈਪੀਅਟਲ ਸਮਾਲ ਫਾਇਨੈਂਸ ਬੈਂਕ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਲੋਂ ਪ੍ਰਿੰਸੀਪਲ ਡਾਕਟਰ ਨਵਜੋਤ ਵਲੋਂ ਉਲੰਪੀਅਨ ਵਰਿੰਦਰ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਮਨਜੀਤ ਕੌਰ ਅਤੇ ਪਰਿਵਾਰਿਕ ਮੈਂਬਰਾਂ, ਉਲੰਪੀਅਨ ਰਜਿੰਦਰ ਸਿੰਘ ਅਤੇ ਡਾਕਟਰ ਕੁਲਵੰਤ ਸਿੰਘ (ਕੇਜੀਐਮ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਾਊਂਡ ਗਲਾਸ ਦੇ ਡਾਇਰੈਕਟਰ ਟਰੇਨਿੰਗ ਉਲੰਪੀਅਨ ਰਜਿੰਦਰ ਸਿੰਘ (ਸੀਨੀਅਰ), ਅੰਤਰਰਾਸ਼ਟਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਅਤੇ ਉਲੰਪੀਅਨ ਵਰਿੰਦਰ ਸਿੰਘ ਦੇ ਸਪੁੱਤਰ ਗੁਰਪ੍ਰੀਤ ਸਿੰਘ ਨੇ ਉਲੰਪੀਅਨ ਵਰਿੰਦਰ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਸੁਰਜੀਤ ਹਾਕੀ ਸੋਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ, ਸ੍ਰਮਤੀ ਸੰਗੀਤਾ ਸਰੀਨ ਸਾਬਕਾ ਮੁੱਖੀ ਖੇਡ ਵਿਭਾਗ ਐਲਕੇਸੀਡਬਲਿਊ, ਕਮਲਦੀਪ ਸਿੰਘ, ਅਸ਼ਫਾਕ ਉਲਾ ਖਾਨ, ਜਸਵਿੰਦਰ ਸਿੰਘ, ਡਾ. ਨਵਜੋਤ ਸਿੰਘ, ਡਾ. ਜਸਲੀਨ ਕੌਰ, ਉਲੰਪੀਅਨ ਵਰਿੰਦਰ ਸਿੰਘ ਦੀ ਨੂੰਹਾਂ ਕੁਲਦੀਪ ਕੌਰ, ਮੇਘਾ, ਪੋਤਰੇ ਕਮਲਪ੍ਰਤਿ ਸਿੰਘ ਅਤੇ ਸਰਵਪ੍ਰਤਿ ਸਿੰਘ, ਨਵਜੀਤ ਕੌਰ, ਬਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਟੂਰਨਾਮੈਂਟ ਨੂੰ ਡਾਕਟਰ ਕੁਲਵੰਤ ਸਿੰਘ (ਕੇਜੀਐਮ ਹਸਪਤਾਲ), ਰਾਊਂਡ ਗਲਾਸ ਸਪੋਰਟਸ, ਵਕਤ ਏ ਆਗਾਜ਼ ਐਨਜੀਓ), ਮਨਪ੍ਰੀਤ ਸਿੰਘ ਸੈਣੀ (ਨਿਊਜੀਲੈਂਡ), ਰਮਨਪ੍ਰੀਤ ਸਿੰਘ (ਕੈਨੇਡਾ) ਅਤੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਲੋਂ ਸਪਾਂਸਰ ਕੀਤਾ ਗਿਆ। ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਹਾਕੀ ਦੇ ਇਸ ਮਹਾਨ ਖਿਡਾਰੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਇਸ ਤਰ੍ਹਾਂ ਦਾ ਟੂਰਨਾਮੇਂਟ ਕਰਵਾਇਆ ਜਾਵੇਗਾ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਵਲੋਂ ਅਹਿਮ ਯੋਗਦਾਨ ਪਾਇਆ ਜਾਵੇਗਾ।
ਲੇਖਕ- ਕੁਲਬੀਰ ਸਿੰਘ
9815600810
39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ - ਕੁਲਬੀਰ ਸਿੰਘ ਸੈਣੀ
ਸੁਰਜੀਤ ਆਖਰ ਸੁਰਜੀਤ ਹੋ ਗਿਆ....... !
ਵਿਸ਼ਵ ਵਿੱਚ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਤੋਂ ਇਲਾਵਾ ਸ਼ਾਇਦ ਹੀ ਕੋਈ ਐਸਾ ਹਾਕੀ ਖਿਡਾਰੀ ਹੋਵੇਗਾ ਜਿਸ ਨੂੰ ਮਰਨ ਉਪੰਰਤ ਲਗਾਤਾਰ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰੱਖਿਆ ਗਿਆ ਹੋਵੇ ਅਤੇ ਹਰ ਸਾਲ ਉਸ ਨੂੰ ਯਾਦ ਕਰਨ ਦੇ ਨਾਲ ਨਾਲ ਉਸ ਨੂੰ ਸੱਚੀ ਸ਼ਰਧਾਜਲੀ ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਟੂਰਨਾਂਮੈਂਟ ਕਰਵਾਇਆ ਜਾਂਦਾ ਹੋਵੇ। ਵਿਸ਼ਵ ਵਿੱਚ ਅਹਿਮ ਸਥਾਨ ਬਣਾਉਣ ਵਾਲੀ ਸੁਰਜੀਤ ਹਾਕੀ ਸੋਸਾਇਟੀ ਇਸ ਲਈ ਵਧਾਈ ਦੀ ਹੱਕਦਾਰ ਹੈ ਕਿ ਉਸ ਨੇ ਵਿਸ਼ਵ ਦੇ ਮਹਾਨ ਖਿਡਾਰੀ ਇਸ ਵਾਰ ਫਿਰ ਸੁਰਜੀਤ ਕੀਤਾ ਹੈ। ਉਲੰਪੀਅਨ ਸੁਰਜੀਤ ਰੰਧਾਵਾ 70-80 ਦੇ ਦਹਾਕੇ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ। ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਕਰਮ ਭੂਮੀ ਮੰਨੀ ਜਾਂਦੀ ਜਲੰਧਰ ਦੀ ਧਰਤੀ ਤੇ ਸੁਰਜੀਤ ਹਾਕੀ ਸੋਸਾਇਟੀ ਵਲੋਂ ਪਿਛਲੇ 39 ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ ਦਾ ਸੁਰਜੀਤ ਹਾਕੀ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ। ਸੁਰਜੀਤ ਹਾਕੀ ਸੋਸਾਇਟੀ ਨੇ ਉਲੰਪੀਅਨ ਸੁਰਜੀਤ ਸਿੰਘ ਨੂੰ ਯਾਦ ਨੂੰ ਸਦੀਵੀ ਬਣਾਉਣ ਦੇ ਨਜਰੀਏ ਨਾਲ ਜਲੰਧਰ ਦੇ ਹਾਕੀ ਸਟੇਡੀਅਮ ਦਾ ਨਾਂਅ ਪੰਜਾਬ ਸਰਕਾਰ ਤੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਪਾਸ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਨੇ ਜਿਥੇ ਭਾਰਤ ਦੀ ਕਪਤਾਨੀ ਕੀਤੀ ਉਥੇ ਅਜੋਕੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਵੀ ਹੈ। ਉਸਦੀ ਖੇਡ ਤੋਂ ਅੱਜ ਵੀ ਵਿਸ਼ਵ ਦੇ ਹਾਕੀ ਖਿਡਾਰੀ ਪ੍ਰਭਾਵਿਤ ਹਨ। ਉਸਦੇ ਸਾਹਮਣੇ ਵੱਡੇ ਵੱਡੇ ਫਾਰਵਰਡ ਢੇਰੀ ਹੋ ਜਾਂਦੇ ਸਨ। ਉਸ ਨੂੰ ਭਾਰਤੀ ਹਾਕੀ ਦੀ ਕੰਧ ਵੀ ਕਿਹਾ ਜਾਂਦਾ ਸੀ। ਉਲੰਪੀਅਨ ਸੁਰਜੀਤ ਸਿੰਘ ਦਾ ਦੇਹਾਂਤ 7 ਜਨਵਰੀ 1984 ਨੂੰ ਜਲੰਧਰ ਲਾਗੇ ਬਿੱਧੀਪੁਰ ਫਾਟਕ ਤੇ ਹੋਇਆ ਸੀ ਉਸ ਰਾਤ ਵੀ ਉਹ ਪਾਕਿਸਤਾਨ ਦੀ ਟੀਮ ਨਾਲ ਹਾਕੀ ਮੈਚ ਕਰਵਾਉਣ ਸਬੰਧੀ ਮੀਟਿੰਗ ਕਰਕੇ ਆਪਣੇ ਸਾਥੀਆਂ ਸਮੇਤ ਵਾਪਸ ਪਰਤ ਰਿਹਾ ਸੀ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਭਾਰਤ ਦੀ ਦੀਵਾਰ ਢਹਿ ਢੇਰੀ ਹੋ ਗਈ।
ਉਸੇ ਵਰ੍ਹੇ ਤੋਂ ਸੁਰਜੀਤ ਹਾਕੀ ਸੋਸਾਇਟੀ ਦਾ ਗਠਨ ਕੀਤਾ ਗਿਆ ਅਤੇ ਉਸਦੀ ਯਾਦ ਵਿੱਚ ਜਲੰਧਰ ਦੇ ਗੁਰੁ ਗੋਬਿੰਦ ਸਿੰਘ ਸਟੇਡੀਅਮ ਵਿਖੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਹੋਲੀ ਹੋਲੀ ਇਹ ਕਾਰਵਾਂ ਵੱਧਦਾ ਗਿਆ ਅਤੇ ਇਸ ਸੋਸਾਇਟੀ ਨੇ ਵਿਸ਼ਾਲ ਰੂਪ ਅਖਤਿਆਰ ਕਰ ਲਿਆ। ਇਸ ਸੋਸਾਇਟੀ ਨਾਲ ਸਿਵਲ ਅਧਿਕਾਰੀ, ਪੁਲਿਸ ਅਧਿਕਾਰੀ, ਸਿਆਸਤਦਾਨ ਅਤੇ ਵੱਖ ਵੱਖ ਖੇਡਾਂ ਦੇ ਸਿਰਕੱਢ ਖਿਡਾਰੀ ਜੁੜਦੇ ਗਏ ਜਿਸ ਨਾਲ ਟੂਰਨਾਂਮੈਂਟ ਦੀ ਸ਼ਕਲ ਲਗਾਤਾਰ ਨਿਖਰਦੀ ਗਈ।
ਇਸ ਵਰ੍ਹੇ ਇਹ ਟੂਰਨਾਮੈਂਟ 39ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਗਿਆ, ਇਸ ਵਾਰ ਇਹ ਟੂਰਨਾਮੈਂਟ 27 ਅਕਤੂਬਰ ਤੋਂ 4 ਨਵੰਬਰ ਤੱਕ ਕਰਵਾਇਆ ਗਿਆ। ਇਸ ਵਾਰ ਟੂਰਨਾਮੈਂਟ ਵਿੱਚ ਟੀਮਾਂ ਦੀ ਗਿਣਤੀ 16 ਹੋਣ ਕਰਕੇ ਪਹਿਲਾਂ ਨਾਟ ਆਊਟ ਦੌਰ ਕਰਵਾਉਣਾ ਪਿਆ ਜਿਸ ਵਿਚੋਂ ਇਮਡੀਅਨ ਏਅਰ ਫੋਰਸ ਅਤੇ ਏਐਸਸੀ ਦੀਆਂ ਲੀਗ ਦੌਰ ਲਈ ਕਵਾਲੀਫਾਈ ਕਰ ਗਈਆਂ। ਇਸ ਤੋ ਇਲਾਵਾ 6 ਟੀਮਾਂ ਨੂੰ ਸਿੱਧਾ ਲੀਗ ਦੌਰ ਵਿੱਚ ਦਾਖਲਾ ਦਿੱਤਾ ਗਿਆ। ਇਨ੍ਹਾਂ ਕੁਲ 8 ਟੀਮਾਂ ਨੂੰ ਲੀਗ ਦੌਰ ਲਈ ਦੋ ਪੂਲਾਂ ਵਿੱਚ ਵੰਡਿਆ ਗਿਆ। ਜਿਨ੍ਹਾਂ ਵਿਚੋਂ ਦੋ ਦੋ ਟੀਮਾਂ ਸੈਮੀਫਾਇਨਲ ਲਈ ਕਵਾਲੀਫਾਈ ਕੀਤੀਆਂ। ਪੂਲ ਏ ਵਿਚੋਂ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਰੇਲਵੇ ਸੈਮੀਫਾਇਨਲ ਵਿੱਚ ਪਹੁੰਚੀਆਂ ਜਦਕਿ ਪੂਲ ਬੀ ਵਿਚੋਂ ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਸਕੀਆਂ। ਸੈਮੀਫਾਇਨਲ ਵਿਚ ਭਾਰਤੀ ਰੇਲਵੇ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਅਤੇ ਇੰਡੀਅਨ ਆਇਲ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਮਾਤ ਦੇ ਕੇ ਫਾਇਨਲ ਵਿੱਚ ਸਥਾਨ ਬਣਾਇਆ। ਫਾਇਨਲ ਵਿੱਚ ਭਾਰਤੀ ਰੇਲਵੇ ਨੇ ਇੰਡੀਅਨ ਆਇਲ ਨੂੰ 3-1 ਦੇ ਫਰਕ ਨਾਲ ਹਰਾ ਕੇ ਖਿਤਾਬ ਤੀਸਰੀ ਵਾਰ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਭਾਰਤੀ ਰੇਲਵੇ 2015 ਅਤੇ 2021 ਵਿੱਚ ਇਹ ਖਿਤਾਬ ਜਿੱਤ ਚੁੱਕੀ ਹੈ। ਭਾਂਵੇ ਇੰਡੀਅਨ ਆਇਲ ਟੀਮ ਅੰਤਰਰਾਸ਼ਟਰੀ ਸਿਤਾਰਿਆਂ ਨਾਲ ਭਰੀ ਪਈ ਪਰ ਭਾਰਤੀ ਰੇਲਵੇ ਵਲੋਂ ਗੁਰਸਾਹਿਬ ਸਿੰਘ ਅਤੇ ਜਸਜੀਤ ਸਿੰਘ ਕੁਲਾਰ ਜਿਹੇ ਖਿਡਾਰੀਆਂ ਨੇ ਆਪਣੀ ਟੀਮ ਲਈ ਜੀਅ ਜਾਨ ਲਾ ਦਿੱਤੀ। ਜੇਤੂ ਟੀਮ ਨੂੰ ਅਮਰੀਕਾ ਵਸਦੇ ਪੰਜਾਬੀ ਅਮੋਲਕ ਸਿੰਘ ਗਾਖਲ ਵਲੋਂ 5 ਲੱਖ ਰੁਪਏ ਨਕਦ ਅਤੇ ਸੋਸਾਇਟੀ ਵਲੋਂ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਦੂਜੇ ਤੇ ਰਹਿਣ ਵਾਲੀ ਇੰਡੀਅਨ ਆਇਲ ਨੂੰ 2.51 ਲੱਖ ਰੁਪਏ, ਜੋ ਕਿ ਜਰਮਨੀ ਵਸਦੇ ਬਲਵਿੰਦਰ ਸਿੰਘ ਸੈਣੀ ਵਲੋਂ ਆਪਣੇ ਪਿਤਾ ਦੀ ਯਾਦ ਵਿੱਚ ਦਿੱਤੇ ਅਤੇ ਉਪ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਰੇਲਵੇ ਦੇ ਗੁਰਸਾਹਿਬ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ, ਉਸ ਨੂੰ 51000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇੰਡੀਅਨ ਆਇਲ ਦੇ ਗੋਲਕੀਪਰ ਪ੍ਰਕਾਸ਼ ਨੂੰ ਉਭਰਦਾ ਖਿਡਾਰੀ ਐਲਾਨਿਆ ਗਿਆ ਉਸ ਨੂੰ 31000 ਰੁਪਏ ਨਾਲ ਸਨਮਾਨਤ ਕੀਤਾ ਗਿਆ।ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਇਸ ਟੂਰਨਾਮੈਂਟ ਨੂੰ ਭਰਵਾਂ ਹੁੰਗਾਰਾ ਦਿੱਤਾ। ਫਾਇਨਲ ਮੈਚ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਐਕਟਰ ਕੁਲਵਿੰਦਰ ਬਿੱਲਾ ਨੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਨਾਲ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਸਕੂਲੀ ਬੱਚੀਆਂ ਨੇ ਗਿੱਧੇ ਰਾਹੀਂ ਪੰਜਾਬ ਸਭਿਆਚਾਰ ਨੂੰ ਉਜਾਗਰ ਕੀਤਾ।
ਇਹ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਭਾਰਤ ਦੀ ਪ੍ਰਸਿੱਧ ਤੇਲ ਕੰਪਨੀ ਇੰਡੀਅਨ ਆਇਲ ਵਲੋਂ ਪਿਛਲੇ 31 ਸਾਲਾਂ ਤੋਂ ਲਗਾਤਾਰ ਇਸ ਟੂਰਨਾਮੈਂਟ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਸਮੇਂ ਇਹ ਦੇਸ਼ ਦਾ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ ਬਣ ਚੁਕਾ ਹੈ। ਪੀਟੀਸੀ ਚੈਨਲ ਵਲੋਂ ਵੀ ਇਸ ਟੂਰਨਾਮੈਂਟ ਦੇ ਸੈਮੀਫਾਇਨਲ ਅਤੇ ਫਾਇਨਲ ਮੁਕਾਬਲਿਆਂ ਦਾ ਸਿੱਧਾ ਪ੍ਰਸਾਰਣ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ।
ਹਰ ਵਾਰ ਪੰਜਾਬ ਸਰਕਾਰ ਵਲੋਂ ਇਸ ਟੂਰਨਾਮੈਂਟ ਨੂੰ ਸਤਿਕਾਰ ਦਿੰਦੇ ਹੋਏ, ਇਸ ਸੋਸਾਇਟੀ ਦੀ ਜਿਥੇ ਵਿੱਤੀ ਮਦਦ ਕਰਦੀ ਹੈ ਉਥੇ ਹੀ ਪੰਜਾਬ ਸਰਕਾਰ ਦੇ ਮੰਤਰੀ ਇਥੋਂ ਤੱਕ ਕਿ ਪਿਛਲੇ ਸਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਸੀ। ਪੰਜਾਬ ਦੀਆਂ ਖੇਡਾਂ ਲਈ ਇਸ ਨੂੰ ਮੰਦਭਾਗਾ ਹੀ ਕਿਹਾ ਜਾਵੇਗਾ ਕਿ ਪੰਜਾਬ ਦੀ ਮੋਜੂਦਾ ਸਰਕਾਰ ਨੇ ਇਸ ਟੂਰਨਾਮੈਂਟ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਭਾਂਵੇ ਟੂਰਨਾਮੈਂਟ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ ਪਰ ਉਨ੍ਹਾਂ ਵਲੋਂ ਵੀ ਸੋਸਾਇਟੀ ਨੂੰ ਵਿੱਤੀ ਮਦਦ ਦੇਣੀ ਮੁਨਾਸਿਬ ਨਹੀਂ ਸਮਝੀ। ਇਸ ਤੋਂ ਇਲਾਵਾ ਫਾਇਨਲ ਵਾਲੇ ਦਿਨ ਮੁੱਖ ਮਹਿਮਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਨ ਪਰ ਉਨ੍ਹਾਂ ਵਲੋਂ ਐਨ ਮੌਕੇ ਤੇ ਟੂਰਨਾਮੈਂਟ ਦੇ ਫਾਇਨਲ ਤੇ ਆਉਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਇਲਾਵਾ ਪੰਜਾਬ ਸਰਕਾਰ ਦਾ ਹੋਰ ਕੋਈ ਵੀ ਨੁਮਾਇੰਦਾ ਇਥੋਂ ਤੱਕ ਕਿ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਗੈਰਹਾਜ਼ਰੀ ਖਲਕਦੀ ਰਹੀ।
ਕੁਝ ਵੀ ਹੋਵੇ ਸੁਰਜੀਤ ਹਾਕੀ ਸੋਸਾਇਟੀ ਇਕ ਇਹੋ ਜਿਹਾ ਕਾਰਵਾਂ ਬਣ ਚੁੱਕਾ ਹੈ ਕਿ ਉਲੰਪੀਅਨ ਸੁਰਜੀਤ ਸਿੰਘ ਦੀ ਯਾਦ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਣ ਲਈ ਅਲੱਗ ਹੀ ਪੱਧਰ ਤੇ ਪਹੁੰਚ ਚੁੱਕੀ ਹੈ। ਇਹ ਕਾਮਨਾ ਕੀਤੀ ਜਾਂਦੀ ਹੈ ਕਿ ਵਿਸ਼ਵ ਦੇ ਮਹਾਨ ਖਿਡਾਰੀ ਨੂੰ ਸੁਰਜੀਤ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਕੁਲਬੀਰ ਸਿੰਘ ਸੈਣੀ