ਖਿਡਾਰੀਆਂ ਦੇ ਮਸੀਹਾ ਸਨ- ਉਲੰਪੀਅਨ ਵਰਿੰਦਰ ਸਿੰਘ

ਅਜੀਮ ਸਖਸ਼ੀਅਤ ਉਲੰਪਅਿਨ ਵਰਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ

ਉਲੰਪੀਅਨ ਵਰਿੰਦਰ ਸਿੰਘ 5-ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ

ਸ਼ਾਂਤ ਸੁਬਾਓ, ਮਿੱਠ ਬੋਲੜੇ ਅਤੇ ਬਹੁਤ ਦਿਆਲੂ ਇਨਸਾਨ ਉਲੰਪੀਅਨ ਵਰਿੰਦਰ ਸਿੰਘ ਖੇਡਾਂ ਅਤੇ ਸਮਾਜਿਕ ਖੇਤਰ ਵਿੱਚ ਅਜੀਮ ਸਖਸ਼ੀਅਤ ਸਨ। ਕੁਆਲਾਲੰਪੁਰ 1975 ਵਿੱਚ ਵਿਸ਼ਵ ਕੱਪ ਹਾਕੀ ਮੁਕਾਬਲੇ ਦੇ ਸੋਨ ਤਮਗਾ ਜੇਤੂ ਉਲੰਪੀਅਨ ਵਰਿੰਦਰ ਸਿੰਘ ਨੇ ਆਪਣੀ ਸਾਰੀ ਉਮਰ ਹਾਕੀ ਦੀ ਖੇਡ ਨੂੰ ਹੀ ਸਮਰਪਿਤ ਕੀਤੀ ਸੀ।ਉਲੰਪੀਅਨ ਵਰਿੰਦਰ ਸਿੰਘ ਦਾ ਜਨਮ ਇਕ ਸਧਾਰਨ ਪਰਿਵਾਰ ਵਿੱਚ ਜਲੰਧਰ ਲਾਗਲੇ ਪਿੰਡ ਧੰਨੋਵਾਲੀ ਵਿੱਖੇ 16 ਮਈ 1947 ਨੂੰ ਹੋਇਆ। ਉਨ੍ਹਾਂ ਨੇ ਐਮ ਏ ਦੀ ਡਿਗਰੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਹਾਸਲ ਕੀਤੀ ਅਤੇ ਕਲਾਜ ਦੀ ਪੜ੍ਹਾਈ ਸਮੇਂ ਹੀ ਭਾਰਤੀ ਹਾਕੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ। 1972 ਵਿੱਚ ਮਿਊਨਿਖ ਉਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦਾ ਹਿੱਸਾ ਰਹੇ ਜਿਸ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। 1973 ਵਿੱਚ ਐਮਸਟਰਡਮ ਵਿੱਚ ਵਿਸ਼ਵ ਕੱਪ ਹਾਕੀ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ। 1974 ਅਤੇ 1978 ਵਿੱਚ ਤਹਿਰਾਨ ਅਤੇ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਚਾਂਦੀ ਦੇ ਤਮਗੇ ਹਾਸਲ ਕੀਤੇ। ਭਾਰਤੀ ਰੇਲਵੇ ਦੇ ਉੱਚ ਅਹੁਦੇ ਤੋਂ ਰਿਟਾਇਰਮੈਂਟ ਹਾਸਲ ਕੀਤੀ। ਪਰ ਰਿਟਾਇਰਮੈਂਟ ਤੋਂ ਬਾਅਦ ਘਰ ਆਰਾਮ ਕਰਨ ਨਾਲੋਂ ਉਨ੍ਹਾਂ ਨੇ ਪੰਜਾਬ ਖੇਡ ਵਿਭਾਗ ਵਿੱਚ ਬਤੌਰ ਸੀਨੀਅਰ ਹਾਕੀ ਕੋਚ ਡਿਊਟੀ ਕਰਨੀ ਜ਼ਿਆਦਾ ਬੇਹਤਰ ਸਮਝੀ ਅਤੇ ਹਮੇਸ਼ਾਂ ਆਪਣੀ ਖੇਡ ਨਾਲ ਜੁੜੇ ਰਹੇ। ਉਹ ਲਗਾਤਾਰ 13 ਸਾਲ ਪੰਜਾਬ ਖੇਡ ਵਿਭਾਗ ਨਾਲ ਜੁੜੇ ਰਹੇ ਅਤੇ ਲਗਾਤਾਰ ਹਾਕੀ ਪੰਜਾਬ ਦੀ ਚੋਣ ਕਮੇਟੀ ਦੇ ਮੁੱਖੀ ਰਹੇ। ਉਨ੍ਹਾਂ ਨੇ ਲਗਾਤਾਰ 8 ਸਾਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿੱਚ ਬੱਚੀਆਂ ਨੂੰ ਹਾਕੀ ਦੀ ਟਰੇਨਿੰਗ ਦਿੱਤੀ। ਉਲੰਪੀਅਨ ਗੁਰਜੀਤ ਕੌਰ, ਜੋ ਕਿ ਇਸ ਸਮੇਂ ਭਾਰਤੀ ਮਹਿਲਾ ਹਾਕੀ ਦੀ ਸੀਨੀਅਰ ਖਿਡਾਰਣ ਹੈ, ਨੇ ਵੀ ਉਲੰਪੀਅਨ ਵਰਿੰਦਰ ਸਿੰਘ ਤੋਂ ਖੇਡ ਦੇ ਅਹਿਮ ਗੁਰ ਸਿੱਖੇ। ਪਿਛਲੇ ਤਿੰਨ ਸਾਲ ਤੋਂ ਉਨ੍ਹਾਂ ਵਲੋਂ ਰਾਊਂਡ ਗਲਾਸ ਸਪੋਰਟਸ ਨਾਲ ਜੁੜ ਕੇ ਪੂਰੇ ਪੰਜਾਬ ਵਿੱਚ ਵੱਖ ਵੱਖ ਹਾਕੀ ਅਕੈਡਮੀਆਂ ਦੀ ਸ਼ੁਰੂਆਤ ਕਰਵਾਈ। ਉਲੰਪੀਅਨ ਵਰਿੰਦਰ ਸਿੰਘ ਨੂੰ 29 ਅਗਸਤ 2007 ਨੂੰ ਭਾਰਤ ਸਰਕਾਰ ਨੇ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਸੀ।  

ਸ਼ਾਂਤ ਸੁਭਾਅ ਅਤੇ ਹੰਸੂ-ਹੰਸੂ ਕਰਦੇ ਚਿਹਰੇ ਨੇ ਉਨ੍ਹਾਂ ਦੀ ਖੇਡ ਜਗਤ ਵਿੱਚ ਵੱਖਰੀ ਪਛਾਣ ਬਣਾਈ।ਹਮੇਸ਼ਾਂ ਹਾਂ ਪੱਖੀ ਸੋਚ ਕਰਕੇ ਉਹ 75 ਸਾਲ ਦੀ ਉਮਰ ਤੱਕ ਪੂਰੀ ਤਰ੍ਹਾਂ ਫਿੱਟ ਰਹੇ ਅਤੇ 11 ਜੂਨ 2022 ਤੱਕ ਖੇਡ ਮੈਦਾਨ ਵਿੱਚ ਲਗਾਤਾਰ ਆਪਣੀ ਹਾਜ਼ਰੀ ਲਗਵਾਉਂਦੇ ਰਹੇ। 28 ਜੂਨ 2022 ਨੂੰ ਜਦੋਂ ਉਲੰਪੀਅਨ ਵਰਿੰਦਰ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਖੇਡ ਜਗਤ ਨੂੰ ਮਿਲੀ ਤਾਂ ਕਿਸੇ ਨੂੰ ਵਿਸ਼ਵਾਸ਼ ਨਹੀਂ ਸੀ ਹੋ ਰਿਹਾ ਸੀ ਇੰਨਾ ਫਿੱਟ ਵਿਅਕਤੀ ਇੰਨੀ ਜਲਦੀ ਵਾਹਿਗੁਰੂ ਪਿਆਰਾ ਹੋ ਸਕਦਾ ਹੈ।  ਉਨ੍ਹਾਂ ਦੇ ਪ੍ਰਸ਼ੰਸ਼ਕ ਹਰ ਵਰਗ ਵਿੱਚ ਮੋਜੂਦ ਹਨ, ਚਾਹੇ ਉਹ ਵਡੇਰੀ ਉਮਰ ਦੇ ਹੋਣ, ਚਾਹੇ ਨੌਜਵਾਨ ਹੋਣ ਚਾਹੇ ਉਭਰਦੇ ਹੋਏ ਖਿਡਾਰੀ। ਆਪਣੇ ਉਤਰੀ ਰੇਲਵੇ ਦੇ ਕਾਰਜਕਾਲ ਦੌਰਾਨ ਵਰਿੰਦਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਦੇ ਵੀ ਕਈ ਸਾਲ ਕੋਚ ਰਹੇ।  ਸਾਦਗੀ ਭਰੇ ਜੀਵਨ ਦੌਰਾਨ ਉਨ੍ਹਾਂ ਨੂੰ ਹਰ ਹਾਕੀ ਪ੍ਰੇਮੀ ਨੇ ਹਮੇਸ਼ਾ ਸਕੂਟਰ ਤੇ ਹੀ ਮੈਦਾਨ ਵਿੱਚ ਆਉਂਦੇ ਦੇਖਿਆ। 1972 ਅਤੇ 1976 ਉਲੰਪੀਅਨ ਖੇਡਾਂ ਵਿੱਚ ਭਾਰਤੀ ਦੀ ਪ੍ਰਤੀਨਿਧਤਾ ਕਰਨ ਵਾਲੇ ਵਰਿੰਦਰ ਸਿੰਘ ਉਮਰ ਭਰ ਹਾਕੀ ਦੀ ਖੇਡ ਤੋਂ ਕਦੇ ਵੱਖ ਨਹੀਂ ਹੋਏ।

ਇੰਨੀ ਵੱਡੀ ਸਖਸ਼ੀਅਤ ਨੂੰ ਨਾਂ ਤਾਂ ਭਾਰਤੀ ਰੇਲਵੇ ਵਲੋਂ ਅਤੇ ਨਾ ਹੀ ਪੰਜਾਬ ਖੇਡ ਵਿਭਾਗ ਵਲੋਂ ਕਿਸੇ ਤਰ੍ਹਾਂ ਦੀ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਗਈ। 17 ਮਈ 2022 ਨੂੰ ਜਿਸ ਦਿਨ ਉਲੰਪੀਅਨ ਵਰਿੰਦਰ ਸਿੰਘ ਦਾ ਆਖਰੀ ਜਨਮ ਦਿਨ ਸੀ, ਉਨ੍ਹਾਂ ਵਲੋਂ ਇਹ ਜਨਮ ਦਿਨ ਵੀ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੇ ਖੇਡ ਮੈਦਾਨ ਵਿੱਚ ਮਨਾਇਆ ਅਤੇ ਉਸ ਸਮੇਂ ਕਿਹਾ ਕਿ ਉਨ੍ਹਾਂ ਦੀ ਦਿੱਲੀ ਇਛਾ ਹੈ ਕਿ ਲੜਕੀਆਂ ਲਈ ਇਕ 5-ਏ ਸਾਇਡ ਹਾਕੀ ਟੂਰਨਾਮੇਂਟ ਇਸੇ ਮੈਦਾਨ ਤੇ ਕਰਵਾਇਆ ਜਾਵੇ। ਉਨ੍ਹਾਂ ਦੀ ਇਸ ਦਿੱਲੀ ਇਛਾ ਨੂੰ ਸ਼ਾਹਮਣੇ ਰੱਖਦੇ ਹੋਏ, ਉਲੰਪੀਅਨ ਵਰਿੰਦਰ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲੇ ਅਤੇ ਕਾਫੀ ਸਮਾਂ ਉਨ੍ਹਾਂ ਨਾਲ ਬਿਤਾਉਣ ਵਾਲੇ ਕੁਲਬੀਰ ਸਿੰਘ, ਪਰਮਿੰਦਰ ਕੌਰ, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਕੰਚਨ ਨੇ ਉਨ੍ਹਾਂ ਦੇ ਵੱਡੇ ਬੇਟੇ ਗੁਰਪ੍ਰੀਤ ਸਿੰਘ ਨਾਲ ਸਲਾਹ ਕਰਕੇ ਉਲੰਪੀਅਨ ਵਰਿੰਦਰ ਸਿੰਘ 5-ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ਉਲੀਕਿਆ ਅਤੇ ਫਲੱਡ ਲਾਇਟਾਂ ਵਿੱਚ ਬੇਹਤਰੀਨ ਤਰੀਕੇ ਨਾਲ ਨੇਪਰੇ ਚਾੜ੍ਹ ਕੇ ਖਿਡਾਰੀਆਂ ਦੇ ਮਸੀਹੇ ਨੂੰ ਸੱਚੀ ਸ਼ਰਧਾਂਜਲੀ ਦਿੱਤੀ।

ਇਸ ਟੂਰਨਾਮੈਂਟ ਵਿੱਚ ਕੁਲ 6 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦਾ ਖਿਤਾਬ ਰਾਊਂਡ ਗਲਾਸ ਰਾਇਲਜ਼ ਨੇ ਰਾਊਂਡ ਗਲਾਸ ਰਾਇਡਰਜ਼ ਨੂੰ ਸਖਤ ਮੁਕਾਬਲੇ ਮਗਰੋਂ ਪੈਨਲਟੀ ਸ਼ੂਟ ਆਊਟ ਰਾਂਹੀ 8-7 ਨਾਲ ਹਰਾ ਕੇ ਜਿੱਤ ਲਿਆ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੇ ਖੇਡ ਮੈਦਾਨ ਤੇ ਸਪੰਨ ਹੋਏ ਉਕਤ ਟੂਰਨਾਮੇਂਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਉਲੰਪੀਅਨ ਵਰਿੰਦਰ ਸਿੰਘ ਦੇ ਪਰਿਵਾਰ ਵਲੋਂ ਕੀਤੀ ਗਈ। ਜੇਤੂ ਟੀਮ ਨੂੰ ਜੇਤੂ ਟਰਾਫੀ, ਸੋਨ ਤਮਗੇ ਅਤੇ 10000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਜਦਕਿ ਪੈਥਰਜ਼ ਦੀ ਗੋਲਕੀਪਰ ਜਸਦੀਪ ਕੌਰ ਨੂੰ ਬੇਹਤਰੀਨ ਗੋਲ ਕੀਪਰ ਅਤੇ ਰਾਇਲਜ਼ ਦੀ ਕਪਤਾਨ ਕਮਲਪ੍ਰੀਤ ਕੌਰ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਣ ਐਲਾਨਿਆ ਗਿਆ। ਇਨਹਾਂ ਦੋਵਾਂ ਨੂੰ ਟਰਾਫੀਆਂ ਦੇ ਨਾਲ ਨਾਲ 5100-5100 ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਮੈਡਲ ਅਤੇ ਦੋ–ਦੋ ਕਿਲੋ ਬਦਾਮਾਂ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ 6 ਜੂਨੀਅਰ ਖਿਡਾਰਣਾਂ ਮਨਪ੍ਰੀਤ ਕੌਰ, ਜਸਕਰਨ ਕੌਰ, ਸਾਇਨਾ, ਬਰਖਾ, ਮਟੀਆ ਅਤੇ ਹਰਜੋਤ ਕੌਰ ਨੂੰ ਕੈਪੀਅਟਲ ਸਮਾਲ ਫਾਇਨੈਂਸ ਬੈਂਕ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਲੋਂ ਪ੍ਰਿੰਸੀਪਲ ਡਾਕਟਰ ਨਵਜੋਤ ਵਲੋਂ ਉਲੰਪੀਅਨ ਵਰਿੰਦਰ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਮਨਜੀਤ ਕੌਰ ਅਤੇ ਪਰਿਵਾਰਿਕ ਮੈਂਬਰਾਂ, ਉਲੰਪੀਅਨ ਰਜਿੰਦਰ ਸਿੰਘ ਅਤੇ ਡਾਕਟਰ ਕੁਲਵੰਤ ਸਿੰਘ (ਕੇਜੀਐਮ) ਨੂੰ  ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਾਊਂਡ ਗਲਾਸ ਦੇ ਡਾਇਰੈਕਟਰ ਟਰੇਨਿੰਗ ਉਲੰਪੀਅਨ ਰਜਿੰਦਰ ਸਿੰਘ (ਸੀਨੀਅਰ), ਅੰਤਰਰਾਸ਼ਟਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਅਤੇ ਉਲੰਪੀਅਨ ਵਰਿੰਦਰ ਸਿੰਘ ਦੇ ਸਪੁੱਤਰ ਗੁਰਪ੍ਰੀਤ ਸਿੰਘ ਨੇ ਉਲੰਪੀਅਨ ਵਰਿੰਦਰ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਸੁਰਜੀਤ ਹਾਕੀ ਸੋਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ, ਸ੍ਰਮਤੀ ਸੰਗੀਤਾ ਸਰੀਨ ਸਾਬਕਾ ਮੁੱਖੀ ਖੇਡ ਵਿਭਾਗ ਐਲਕੇਸੀਡਬਲਿਊ, ਕਮਲਦੀਪ ਸਿੰਘ, ਅਸ਼ਫਾਕ ਉਲਾ ਖਾਨ, ਜਸਵਿੰਦਰ ਸਿੰਘ, ਡਾ. ਨਵਜੋਤ ਸਿੰਘ, ਡਾ. ਜਸਲੀਨ ਕੌਰ, ਉਲੰਪੀਅਨ ਵਰਿੰਦਰ ਸਿੰਘ ਦੀ ਨੂੰਹਾਂ ਕੁਲਦੀਪ ਕੌਰ, ਮੇਘਾ, ਪੋਤਰੇ ਕਮਲਪ੍ਰਤਿ ਸਿੰਘ ਅਤੇ ਸਰਵਪ੍ਰਤਿ ਸਿੰਘ, ਨਵਜੀਤ ਕੌਰ, ਬਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਟੂਰਨਾਮੈਂਟ ਨੂੰ ਡਾਕਟਰ ਕੁਲਵੰਤ ਸਿੰਘ (ਕੇਜੀਐਮ ਹਸਪਤਾਲ), ਰਾਊਂਡ ਗਲਾਸ ਸਪੋਰਟਸ, ਵਕਤ ਏ ਆਗਾਜ਼ ਐਨਜੀਓ), ਮਨਪ੍ਰੀਤ ਸਿੰਘ ਸੈਣੀ (ਨਿਊਜੀਲੈਂਡ), ਰਮਨਪ੍ਰੀਤ ਸਿੰਘ (ਕੈਨੇਡਾ) ਅਤੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਲੋਂ ਸਪਾਂਸਰ ਕੀਤਾ ਗਿਆ। ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਹਾਕੀ ਦੇ ਇਸ ਮਹਾਨ ਖਿਡਾਰੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਇਸ ਤਰ੍ਹਾਂ ਦਾ ਟੂਰਨਾਮੇਂਟ ਕਰਵਾਇਆ ਜਾਵੇਗਾ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਵਲੋਂ ਅਹਿਮ ਯੋਗਦਾਨ ਪਾਇਆ ਜਾਵੇਗਾ।

  ਲੇਖਕ- ਕੁਲਬੀਰ ਸਿੰਘ

9815600810