Harpal Singh Lakha

ਬਰਬਾਦੀ ਦੀ ਦਾਸਤਾਨ - ਭਾਈ ਹਰਪਾਲ ਸਿੰਘ ਲੱਖਾ

ਗਲੋਂ ਗ਼ੁਲਾਮੀ ਲਾਹਵਣ ਖਾਤਿਰ, ਸੂਰਮਿਆਂ ਸਿਰ ਵਾਰੇ ਸੀ।
ਅੱਗੇ ਵਧ ਕੇ ਗੁਰਸਿੱਖਾਂ ਨੇ, ਲੱਖਾਂ ਕਸ਼ਟ ਸਹਾਰੇ ਸੀ।
ਧਨ ਦੌਲਤ ਪਰਿਵਾਰ ਵਾਰ 'ਤੇ, ਉਜੜ ਗਏ ਘਰ-ਬਾਰ ਤਾਂ ਦੇਖੋ।
ਆਜ਼ਾਦ ਨਹੀਂ, ਬਰਬਾਦ ਹੋਏ ਹਾਂ, ਕਰਕੇ ਜਰਾ ਵਿਚਾਰ ਤਾਂ ਦੇਖੋ।

ਹਿੰਦੋਸਤਾਨ ਦੇ ਹਾਕਮ ਰਹਿੰਦੇ, ਦਿੱਲੀ ਰਾਜਧਾਨੀ ਜੀ।
ਨਸਲਕੁਸ਼ੀ ਸਿੱਖਾਂ ਦੀ ਕੀਤੀ, ਕਹਿ ਕੇ ਕੌਮ ਬਿਗਾਨੀ ਜੀ।
ਦੁਸ਼ਟਾਂ ਥਾਂ-ਥਾਂ ਅੱਗ ਲਗਾਈ, ਸਾੜੇ ਗੁਰ-ਦਰਬਾਰ ਤਾਂ ਦੇਖੋ।
ਆਜ਼ਾਦ ਨਹੀਂ, ਬਰਬਾਦ ਹੋਏ ਹਾਂ, ਕਰਕੇ ਜਰਾ ਵਿਚਾਰ ਤਾਂ ਦੇਖੋ।

ਸੱਤਾਧਾਰੀ ਮੰਨੂਵਾਦੀ, ਝੂਠੇ ਲਾਰੇ ਲਾਉਂਦੇ ਨੇ।
ਘੱਟ ਗਿਣਤੀਆਂ ਦੇ ਜੋ ਕਾਤਿਲ, ਮੂੰਹੋਂ ਕੂੜ ਅਲਾਉਂਦੇ ਨੇ।  
ਕੀਤੀ ਭੁੱਲ ਸੰਤਾਲੀ ਵੇਲੇ, ਆਪ ਫੜਾਈ ਮੁਹਾਰ ਤਾਂ ਦੇਖੋ।
ਅਜ਼ਾਦ ਨਹੀਂ, ਬਰਬਾਦ ਹੋਏ ਹਾਂ, ਕਰਕੇ ਜਰਾ ਵਿਚਾਰ ਤਾਂ ਦੇਖੋ।

ਜ਼ਾਲਮ ਦੀ ਜੜ ਪੁੱਟਣ ਖਾਤਿਰ, ਕਸਰ ਨਾ ਕੋਈ ਛੱਡੀ ਆ।
ਬੇਈਮਾਨ ਸ਼ੈਤਾਨ ਦੁਬਾਰਾ, ਅੱਜ ਫਿਰਦੇ ਮੂੰਹ ਅੱਡੀ ਆ।
ਜਿਹਨਾਂ ਨੇ ਸੀ ਹਾੜ੍ਹੇ ਕੱਢੇ, ਨੇਤਾ ਬਣੇ ਗ਼ਦਾਰ ਤਾਂ ਦੇਖੋ।
ਆਜ਼ਾਦ ਨਹੀਂ, ਬਰਬਾਦ ਹੋਏ ਹਾਂ, ਕਰਕੇ ਜਰਾ ਵਿਚਾਰ ਤਾਂ ਦੇਖੋ।

 ਨੰਗ ਭੁਖ ਤੇ ਮੰਦਹਾਲੀ ਨੇ, ਪੱਕੇ ਡੇਰੇ ਲਾਏ ਨੇ।
ਕਿਤੇ ਅਡਾਨੀ ਅਤੇ ਅੰਬਾਨੀ, ਉਚੇ ਮਹਿਲ ਬਣਾਏ ਨੇ।
ਨੇਕ ਅਤੇ ਸ਼ੁਭ-ਕਰਮੀ ਔਖੇ, ਕਰਦੇ ਜੋ ਉਪਕਾਰ ਤਾਂ ਦੇਖੋ।
ਆਜ਼ਾਦ ਨਹੀਂ, ਬਰਬਾਦ ਹੋਏ ਹਾਂ, ਕਰਕੇ ਜਰਾ ਵਿਚਾਰ ਤਾਂ ਦੇਖੋ।

ਭਟਕੇ ਗੱਭਰੂ ਤੇ ਮੁਟਿਆਰਾਂ, ਚੁੰਨੀ ਤੇ ਪੱਗ ਲਾਹ ਹੈ ਸੁੱਟੀ।
ਗੰਦਾ-ਮੰਦਾ ਗਾਉਂਣ ਵਾਲਿਆਂ, ਸੱਭਿਆਚਾਰ ਦੀ ਜੜ੍ਹ ਹੈ ਪੁੱਟੀ।
ਅੱਜ ਨਸ਼ਿਆਂ ਨੇ ਸੋਹਣੀ ਜਵਾਨੀ, ਡੋਬੀ ਵਿਚ ਮੰਝਧਾਰ ਤਾਂ ਦੇਖੋ।
ਆਜ਼ਾਦ ਨਹੀਂ, ਬਰਬਾਦ ਹੋਏ ਹਾਂ, ਕਰਕੇ ਜਰਾ ਵਿਚਾਰ ਤਾਂ ਦੇਖੋ।

ਮੁੰਡਿਓ ਕੁੜੀਓ ਵਿੱਦਿਆ ਲੈ ਕੇ, ਕੌਮ ਨੂੰ ਉਚਾ ਕਰ ਲਈਏ।
ਗੁਰਬਾਣੀ ਤੋਂ ਸਿੱਖਿਆ ਲੈ ਕੇ, ਸ਼ੁਭ-ਗੁਣ ਧਾਰਨ ਕਰ ਲਈਏ।
ਦੁਨੀਆਂ ਦੇ ਵਿਚ ਮਾਣ ਵਧੇਗਾ, ਬਣ ਕੇ ਸਿੰਘ ਸਰਦਾਰ ਤਾਂ ਦੇਖੋ।
ਆਜ਼ਾਦ ਨਹੀਂ, ਬਰਬਾਦ ਹੋਏ ਹਾਂ, ਕਰਕੇ ਜਰਾ ਵਿਚਾਰ ਤਾਂ ਦੇਖੋ।

ਹਰਪਾਲ ਸਿੰਘ ਦੀ ਇਹੀ ਗੁਜ਼ਾਰਿਸ਼, ਜੇ ਆਜ਼ਾਦੀ ਪਾਉਣੀ ਹੈ।
ਸਾਰੀ ਕੌਮ ਇਕੱਠੀ ਹੋ ਜਾਓ, ਇੱਕੋ ਸਫ਼ਾ ਵਿਛਾਉਣੀ ਹੈ।
ਗੁਰੂ ਗ੍ਰੰਥ ਦੇ ਬਚਨਾਂ ਉਤੇ, ਕਰਕੇ ਸਭ ਇਤਬਾਰ ਤਾਂ ਦੇਖੋ।
ਆਜ਼ਾਦ ਨਹੀਂ, ਬਰਬਾਦ ਹੋਏ ਹਾਂ, ਕਰਕੇ ਜਰਾ ਵਿਚਾਰ ਤਾਂ ਦੇਖੋ।
ਭਾਈ ਹਰਪਾਲ ਸਿੰਘ ਲੱਖਾ

ਧੰਨ ਗੁਰੂ ਰਾਮਦਾਸ ਜੀ ਦੀ ਮਿਹਰ - ਭਾਈ ਹਰਪਾਲ ਸਿੰਘ ਲੱਖਾ

   ਹਵਾ ਤਿੱਖੀ ਚੱਲੇ ਬੜੀ ਪਵੇ ਠੰਡ ਜੀ।
   ਠੰਡ ਦਿੰਦੀ ਸੀ ਸਰੀਰ ਤਾਂਈ ਗੰਢ ਜੀ।
   ਨਹੀਂ ਬਾਲਣ ਦੀ ਕਿਸੇ ਕੋਲ ਪੰਡ ਜੀ।
   ਅੱਜ ਸਰਦੀ ਦੇ ਮੌਸਮ ਦੀ ਹੋਈ ਹੱਦ ਜੀ।
   ਜਿਹਨੇ ਬਰਫ ਹਿਮਾਲਾ ਦੀ ਵੀ ਕੀਤੀ ਰੱਦ ਜੀ।

   ਸਭ ਸੰਗਤਾਂ ਨੂੰ ਪਾਲ਼ਾ ਕਰੇ ਤੰਗ ਜੀ।
   ਠੰਡੇ ਹੱਥ ਪੈਰ ਨੀਲੇ ਹੋਏ ਅੰਗ ਜੀ।
   ਬੁੱਢੇ, ਬਾਲਾਂ ਦੇ ਵੱਜਣ ਲੱਗੇ ਦੰਦ ਜੀ।
   ਬਾਬੇ ਆਦਮ ਨੇ ਲੱਕ ਬੰਨ ਲਿਆ ਘੁੱਟ ਕੇ।
  ਗੁਰੂ ਰਾਮ ਦਾਸ ਕਰਦੇ ਮਿਹਰ ਤੁੱਠ ਕੇ।

   ਭਰੀ ਬੰਨ ਘਰੋਂ ਚੁੱਕ ਕੇ ਲਿਆਵੇ ਜੀ।
   ਸਭ ਡੇਰਿਆਂ 'ਚ ਬਾਲਣ ਪੁਚਾਵੇ ਜੀ।
   ਲਾਕੇ ਧੂਣੀਆਂ ਤੇ ਅੱਗ ਨੂੰ ਸੇਕਾਵੇ ਜੀ।
   ਅੱਗ ਸੇਕ ਪਾਲ਼ਾ ਸਾਰਾ ਹੋਵੇ ਦੂਰ ਜੀ।
   ਸਭ ਸੰਗਤਾਂ ਦੇ ਵਿਚ ਹੈ ਗੁਰੂ ਦਾ ਨੂਰ ਜੀ।

   ਗੁਰੂ ਰਾਮਦਾਸ ਉਚੇ ਥਾਂ ਤੋਂ ਦੇਖਦੇ।
   ਸਿੱਖ ਡੇਰਿਆਂ ਦੇ ਵਿਚ ਅੱਗ ਸੇਕਦੇ।
   ਲੱਗੇ ਪੁੱਛਣ ਜੋ ਸਿੱਖ ਮੱਥਾ ਟੇਕ ਦੇ।
   ਕੌਣ ਬਾਲਣ ਗਿਆ ਹੈ ਡੇਰਿਆਂ 'ਚ ਸੁੱਟ ਕੇ।
   ਗੁਰੂ ਰਾਮ ਦਾਸ ਕਰਦੇ ਮਿਹਰ ਤੁੱਠ ਕੇ।

   ਸਿੱਖ ਹੱਥ ਜੋੜ ਗੁਰਾਂ ਤਾਂਈ ਦੱਸਦੇ।
   ਇਕ ਸਿੱਖਣੀ ਤੇ ਸਿੱਖ ਏਥੇ ਵੱਸ ਦੇ।
   ਦਿਨੇ ਰਾਤ ਸੇਵਾ ਕਰਦੇ ਨੀਂ ਥੱਕ ਦੇ।
   ਬਾਬਾ ਬਾਲਣ ਲਿਆਵੇ ਭਾਂਡੇ ਮਾਂਜੇ ਮਾਈ ਜੀ।
   ਅੱਜ ਸੰਗਤਾਂ ਨੂੰ ਅੱਗ ਓਨਾਂ ਨੇ ਸੇਕਾਈ ਜੀ।

   ਬੋਲੇ ਗੁਰੂ ਜੀ ਲਿਆਵੋ ਉਹ ਨੂੰ ਟੋਲ ਕੇ।
   ਕਿਹੜੀ ਮੰਗ ਉਹ ਦੀ ਦੱਸੇ ਸਾਨੂੰ ਬੋਲ ਕੇ।
   ਦਾਤਾਂ ਦੇ ਦੀਏ ਭੰਡਾਰੇ ਅੱਜ ਖੋਲ੍ਹ ਕੇ।
   ਜਦੋਂ ਮਿਲਿਆ ਸੁਨੇਹਾ ਬਾਬਾ ਆਇਆ ਉਠ ਕੇ।
   ਗੁਰੂ ਰਾਮ ਦਾਸ ਕਰਦੇ ਮਿਹਰ ਤੁੱਠ ਕੇ।

  ਮੱਥਾ ਆਦਮ ਨੇ ਚਰਨਾਂ 'ਤੇ ਲਾਇਆ ਜੀ।
  ਗੁਰਾਂ ਬਾਂਹੋ ਫੜ ਪਿਆਰ ਦੇ ਉਠਾਇਆ ਜੀ।
  ਹੱਥ ਮਿਹਰ ਵਾਲਾ ਮੋਢ 'ਤੇ ਟਿਕਾਇਆ ਜੀ।
  ਹੋ ਗਈ ਸਫਲ ਕਮਾਈ ਸਾਰੀ ਅੱਜ ਤੇਰੀ ਐ।
  ਮੰਗੋ ਦਿਲੋਂ ਜੋ ਵੀ ਮੰਗਣਾ ਨਾ ਲਾਉਣੀ ਦੇਰੀ ਐ।

   ਬਾਬਾ ਆਦਮ ਜੀ ਹੱਥ ਜੋੜ ਆਖਦਾ।
   'ਨਾਮ ਵਿੱਸਰੇ ਨਾ ਕਦੇ ਮੈਨੂੰ ਆਪ ਦਾ।
   ਰਹਾਂ ਜਸ ਗਾਉਂਦਾ ਥੋਡੇ ਪ੍ਰਤਾਪ ਦਾ।'
   ਆ ਗਿਆ ਬੁਢੇਪਾ ਜੁਆਨੀ ਗਈ ਉਠ ਕੇ।
   ਗੁਰੂ ਰਾਮ ਦਾਸ ਕਰਦੇ ਮਿਹਰ ਤੁੱਠ ਕੇ।

  ਘਰੇ ਦੱਸਿਆ ਗੁਰੂ ਜੀ ਅੱਜ ਮਿਲੇ ਸੀ।
  ਹੱਸ ਹੱਸ ਕੇ ਬਚਨ ਸੋਹਣੇ ਕਰੇ ਸੀ।
  ਵਰ ਦੇਣ ਲਈ ਖੁਸ਼ੀਆਂ 'ਚ ਵਰ੍ਹੇ ਸੀ।
  ਪੁੱਤ ਮੰਗਣ ਤੋਂ ਦਿਲ ਵਿਚ ਗਿਆ ਸੰਗ ਮੈਂ।
  ਲਿਆ ਨਾਮ ਦੇ ਰੰਗਣ ਵਿੱਚ ਮਨ ਰੰਗ ਮੈਂ।

    ਨਾਮ ਨਾਲ ਲੈਣੀ ਪੁੱਤਰ ਦੀ ਦਾਤ ਸੀ।
    ਸੰਗ ਗੁਰਾਂ ਕੋਲੋਂ ਲੱਗੀ ਕਿਹੜੀ ਬਾਤ ਦੀ।
    ਮਸਾਂ ਚੱਕਵੀ ਨੂੰ ਆਈ ਪਰਭਾਤ ਸੀ।
    ਚਲੋ ਚੱਲੀਏ ਗੁਰਾਂ ਦੇ ਕੋਲ ਛੇਤੀ ਉੱਠ ਕੇ।
    ਗੁਰੂ ਰਾਮ ਦਾਸ ਕਰਦੇ ਮਿਹਰ ਤੁੱਠ ਕੇ।

    ਸਿੱਖ ਸਿੱਖਣੀ ਗੁਰਾਂ ਦੇ ਕੋਲ ਪੁੱਜ ਗਏ।
    ਮਨ ਪੁੱਤਰ ਪਿਆਰ ਵਿਚ ਰੁੱਝ ਗਏ।
    ਬਿਨਾਂ ਕਹਿਣ ਤੋਂ ਗੁਰੂ ਜੀ ਸਭ ਬੁੱਝ ਗਏ।
    ਮੰਗੋ ਜਿਹੜਾ ਕੁਝ ਥੋਨੂੰ ਅੱਜ ਚੰਗਾ ਲੱਗ ਦਾ।
    ਹੱਥ ਜੋੜ ਕਹਿੰਦੇ 'ਦੀਵਾ ਸਾਡਾ ਰਹੇ ਜਗਦਾ'।

    ਬੋਲੇ ਗੁਰੂ ਜੀ ਬਖ਼ਸ਼ ਦਿੱਤਾ ਲਾਲ ਐ।
    ਬ੍ਰਹਿਮ ਗਿਆਨੀ ਹੋਊ ਮੱਥੇ 'ਤੇ ਜਲਾਲ ਐ।
    ਨਾਮ ਰੱਖ ਲਇਉ 'ਭਗਤੂ' ਸੰਭਾਲ ਐ।
    ਹਰਪਾਲ ਸਿੰਘਾ ਸੇਵਾ ਕਰੂ ਸਦਾ ਜੁੱਟ ਕੇ।
    ਗੁਰੂ ਰਾਮ ਦਾਸ ਕਰਦੇ ਮਿਹਰ ਤੁੱਠ ਕੇ।

ਗੁਰੂ ਮਾਨਿਓ ਗ੍ਰੰਥ॥ - ਭਾਈ ਹਰਪਾਲ ਸਿੰਘ ਲੱਖਾ

ਉਸ ਨੂੰ ਕਹੀਏ 'ਸਿੱਖ' ਸਦਾ ਜੋ, 'ਚੜ੍ਹਦੀ ਕਲਾ' 'ਚ ਰਹਿੰਦਾ ਏ॥
'ਬਾਣੀ' ਦੇ ਵਿੱਚ ਮਨ ਚਿੱਤ ਲਾ ਕੇ, ਮੁੱਖੋਂ 'ਵਾਹਿਗੁਰੂ' ਕਹਿੰਦਾ ਏ॥
ਬਾਣੀ ਸਦਕਾ ਹਿਰਦਾ ਠਰ੍ਹਿਆ, ਜੀਵਨ ਸਫਲਾ ਕਰਿਆ ਏ॥
'ਗੁਰੂ' ਗ੍ਰੰਥ ਨੂੰ ਮੰਨਣ ਵਾਲਾ, ਭਵ ਸਾਗਰ ਤੋਂ ਤਰਿਆ ਏ॥
ਰੱਬ ਹੈ ਜੱਗ ਦਾ ਪਾਲਣਹਾਰਾ, ਬਾਣੀ ਉਸ ਦੀ ਸ਼ੋਭਾ ਏ॥
'ਗੁਰ ਪਰਮੇਸ਼ਰ ਇਕੋ' ਹੀ ਨੇ, ਸਿੱਖ ਸਤਿਗੁਰੂ 'ਜੋਗਾ' ਏ॥
ਗੁਰਬਾਣੀ ਹੈ 'ਰੱਬੀ ਉਸਤਤ', ਅੰਮ੍ਰਿਤ ਦਾ ਰਸ ਭਰਿਆ ਏ॥
ਗੁਰੂ ਗ੍ਰੰਥ 'ਦੀ' ਮੰਨਣ ਵਾਲਾ, ਭਵ ਸਾਗਰ ਤੋਂ ਤਰਿਆ ਏ॥
'ਸਚਾ ਸਤਿਗੁਰੁ' 'ਰੂਪ ਰੱਬ ਦਾ', ਨਾ ਆਉਂਦਾ ਨਾ ਜਾਂਦਾ ਏ॥
'ਪਰਮੇਸ਼ਰ ਦੀ ਬਾਣੀ' ਸੇਵਕ, ਮਨ ਦੇ ਵਿਚ ਵਸਾਂਦਾ ਏ॥
ਸਤਿਗੁਰੂ ਨੇ 'ਅੰਮ੍ਰਿਤ' ਦੇ ਕੇ, ਅਮਰ 'ਖਾਲਸਾ' ਕਰਿਆ ਏ॥
'ਗੁਰੂ' ਗ੍ਰੰਥ ਨੂੰ ਮੰਨਣ ਵਾਲਾ, ਭਵ ਸਾਗਰ ਤੋਂ ਤਰਿਆ ਏ॥
'ਬਾਣੀ' ਸਦਕਾ 'ਅਮਰ' ਖਾਲਸਾ, ਪੰਥ ਲਈ ਸੁਖਦਾਈ ਏ॥
'ਉਹੀ ਖਾਲਸਾ' ਰੂਪ ਗੁਰੂ ਦਾ, ਜਿਸ ਨੇ 'ਸੁਰਤ' ਟਿਕਾਈ ਏ॥
ਤਨ ਚਰਵਾਏ ਸੀਸ ਕਟਾਏ, 'ਮੌਤੋਂ ਕਦੇ ਨਾ ਡਰਿਆ' ਏ॥
ਗੁਰੂ ਗ੍ਰੰਥ 'ਦੀ' ਮੰਨਣ ਵਾਲਾ, ਭਵ ਸਾਗਰ ਤੋਂ ਤਰਿਆ ਏ॥
'ਇੱਕੋ ਗੁਰੂ' ਗ੍ਰੰਥ ਨੂੰ ਮੰਨੇ, 'ਸੱਚਾ ਗੁਰਸਿੱਖ' ਜਿਹੜਾ ਏ॥
ਥਾਂ-ਥਾਂ ਜਾ ਕੇ ਨੱਕ ਰਗੜਿਆਂ, ਪਾਰ ਨਾ ਲੱਗਣਾ ਬੇੜਾ ਏ॥
'ਲੋਕ ਸੁਖੀ ਪਰਲੋਕ ਸੁਹੇਲਾ', ਵਾਸਾ 'ਸੱਚਖੰਡ' ਕਰਿਆ ਏ॥
'ਗੁਰੂ' ਗ੍ਰੰਥ ਨੂੰ ਮੰਨਣ ਵਾਲਾ, ਭਵ ਸਾਗਰ ਤੋਂ ਤਰਿਆ ਏ॥
'ਮਨ ਨੀਵਾਂ ਮੱਤ ਉਚੀ' ਰੱਖੇ, ਜੋ ਬਾਣੀ 'ਤੇ ਚਲਦਾ ਏ॥
ਬਾਣੀ ਤੋਂ ਜੋ ਮੁਨਕਰ ਹੋਵੇ, ਨਾ ਫੁਲਦਾ ਨਾ ਫਲਦਾ ਏੇ॥
ਮੈਂ-ਮੇਰੀ ਨੂੰ ਮਾਰਨ ਵਾਲਾ, 'ਆਤਮ ਮੌਤ ਨਾ ਮਰਿਆ' ਏ॥
ਗੁਰੂ ਗ੍ਰੰਥ 'ਦੀ' ਮੰਨਣ ਵਾਲਾ, ਭਵ ਸਾਗਰ ਤੋਂ ਤਰਿਆ ਏ॥
ਸੁਰਤ 'ਸ਼ਬਦ' ਦੇ ਵਿਚ ਜੋੜ ਕੇ, ਬਾਣੀ 'ਰਿਦੇ ਵਸਾਈਏ ਜੀ॥
ਗੁਰਬਾਣੀ ਦੀ ਲੈ 'ਸੰਥਿਆ', 'ਰਾਗਾਂ' ਦੇ ਵਿਚ ਗਾਈਏ ਜੀ॥
ਉਸ ਦਾ ਹੋਇਆ ਜੀਵਨ ਸਫਲਾ, ਜਿਸ ਨੇ 'ਕੀਰਤਨ' ਕਰਿਆ ਏ॥
'ਗੁਰੂ' ਗ੍ਰੰਥ ਨੂੰ ਮੰਨਣ ਵਾਲਾ, ਭਵ ਸਾਗਰ ਤੋਂ ਤਰਿਆ ਏ॥
ਗੁਰਬਾਣੀ 'ਤੇ ਚਲਣ ਵਾਲਾ, 'ਪੀੜਤ ਵੱਲੀਂ' ਖੜਦਾ ਏ॥
'ਨਾ ਡਰਦਾ ਤੇ ਨਾ ਡਰਾਉਂਦਾ', 'ਜ਼ਾਲਮ ਮੂਹਰੇ' ਅੜਦਾ ਏ॥
ਹਰਪਾਲ ਸਿੰਘਾ ਕਹੇ ਖਾਲਸਾ, 'ਜੋ ਅੜਿਆ ਸੋ ਝੜਿਆ' ਏ॥
ਗੁਰੂ ਗ੍ਰੰਥ 'ਦੀ' ਮੰਨਣ ਵਾਲਾ, ਭਵ ਸਾਗਰ ਤੋਂ ਤਰਿਆ ਏ॥

ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ - ਪੰਜਵੇਂ ਗੁਰੂ ਨਾਨਕ - ਭਾਈ ਹਰਪਾਲ ਸਿੰਘ ਲੱਖਾ

ਗੋਵਿੰਦਵਾਲ ਸਿੱਖੀ ਦਾ ਕੇਂਦਰ, ਰਚਿਆ ਨਦੀ ਕਿਨਾਰੇ॥
ਤੀਜੇ ਸਤਿਗੁਰ ਅਮਰ ਦਾਸ ਜੀ, ਸੱਭੇ ਕਾਜ ਸਵਾਰੇ॥
ਚੌਥੇ ਸਤਿਗੁਰ ਰਾਮਦਾਸ ਜੀ, ਗੁਰਗੱਦੀ ਬਖਸ਼ਾਏ॥
ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ॥

ਬਾਣੀ ਦਾ ਹੈ ਬੋਹਿਥਾ ਦੋਹਤਾ, ਨਾਨਾ ਜੀ ਵਰ ਦਿਤਾ॥
ਬੀਬੀ ਭਾਨੀ ਦਾ ਏ ਪੁੱਤਰ, ਪ੍ਰੇਮ ਨਾਲ ਭਰ ਦਿਤਾ॥
ਬਾਬਾ ਮੋਹਨ ਤੇ ਮੋਹਰੀ ਜੀ ਨੇ, ਆਪਣੀ ਗੋਦ ਖਿਡਾਏ॥
ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ॥

ਚੱਕ ਰਾਮਦਾਸਪੁਰੇ ਦੇ ਅੰਦਰ , ਸੱਚਖੰਡ ਰਚਿਆ ਸੋਹਣਾ॥
ਅੰਮ੍ਰਿਤਸਰ ਦੇ ਵਿੱਚ ਸਰੋਵਰ, ਪਾਵਨ ਤੇ ਮਨ ਮੋਹਣਾ॥
ਤਨ ਮਨ ਦੇ ਦੁਖ ਦੂਰ ਹੋਂਵਦੇ, ਜੋ ਸ਼ਰਧਾ ਕਰ ਨਾਇ॥
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

ਸਾਰੀ ਬਾਣੀ ਇਕ ਥਾਂ ਕਰਕੇ, ਗੁਰੂ ਗਰੰਥ ਬਣਾਏ॥
ਰੱਬੀ ਰੰਗ 'ਚ ਰੰਗੇ ਭਗਤ ਜੋ, ਓਹ ਵੀ ਨਾਲ ਬੈਠਾਏ॥
ਪੜੇ ਸੁਣੇ ਜੋ ਗਾਵੈ ਬਾਣੀ, ਜੀਵਨ ਮੁਕਤ ਕਰਾਏ॥
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

ਤਰਨ ਤਾਰਨ ਗੁਰਧਾਮ ਸਰੋਵਰ ਪੰਜਵੇਂ ਗੁਰਾਂ ਵਸਾਇਆ॥
 ਦੁਖੀਆਂ ਦੇ ਇਲਾਜ ਕਰਨ ਲਈ, ਸੇਵਾ ਲੰਗਰ ਲਾਇਆ॥
 ਰੋਗੀ ਸੋਗੀ ਭੋਗੀ ਦੁਖੀਏ, ਬੇੜੇ ਪਾਰ ਲੰਘਾਏ॥
 ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

ਪਿੰਡ ਵਡਾਲੀ ਜਾਕੇ ਸਤਿਗੁਰ, ਮਿੱਠਾ ਖੂਹ ਲਗਾਇਆ॥
 ਹਰਿਗੋਬਿੰਦ ਜੀ ਪ੍ਰਗਟ ਹੋਏ, ਸੀ ਆਲਮ ਰੁਸ਼ਨਾਇਆ॥
 ਦਲ ਭੰਜਨ ਉਪਕਾਰੀ ਸੂਰਾ , ਜ਼ਾਲਮ ਨਾਸ਼ ਕਰਾਏ॥
 ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

ਪੜੀ-ਸੁਣੀ ਜਿਨਾਂ ਨੇ ਬਾਣੀ, ਪੀਰ ਮਨਾਉਣੋ ਹਟਗੇ॥
 ਬਿਪਰਾਂ ਵਾਲੀ ਸੋਚ ਤਿਆਗੀ, ਰੋਟ ਪਕਾਉਣੋ ਹਟਗੇ॥
 ਜੋ ਵੀ ਸਰਣ ਗੁਰਾਂ ਦੀ ਆਏ, ਬੰਧਨ ਤੇ ਛੁਟਕਾਏ॥
 ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

 ਕੱਟੜ ਕਾਜੀ ਮਨੂਵਾਦੀ , ਕੱਠੇ ਹੋ ਗਏ ਸਾਰੇ॥
 ਨਾਲ ਮਿਲਾਏ ਬਾਹਮਣ ਚੰਦੂ, ਪੁੱਜੇ ਰਾਜ ਦੁਆਰੇ॥
 ਬੀੜ ਸਾਹਿਬ ਦੇ ਬਰਖਿਲਾਫ ਹੋ ਝੂਠੇ ਦੋਸ਼ ਲਗਾਏ॥
 ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

ਜਹਾਂਗੀਰ ਨਫਰਤ ਸੀ ਕਰਦਾ, ਭੇਜ ਦਿਤਾ ਹਰਕਾਰਾ॥
 ਸਿੱਖੀ ਤਾਈਂ ਖਤਮ ਕਰਾਂਗਾ, ਬੰਦ ਕਰੂੰ ਗੁਰਦੁਆਰਾ॥
 ਬਾਗੀ ਖੁਸਰੋ ਕੰਠ ਲਗਾਏ, ਜੋ ਆਇ ਸ਼ਰਣਾਏ॥
 ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

ਸੰਗਤ ਨੂੰ ਫਰਮਾਇਆ ਸਤਿਗੁਰ, ਅਸਾਂ ਸ਼ਹੀਦੀ ਪਾਣਾ॥
 ਹਰਿਗੋਬਿੰਦ ਜੀ ਗੁਰੂ ਹੋਣਗੇ, ਸਭ ਨੇ ਮੰਨਣਾ ਭਾਣਾ॥
 ਮੀਰੀ ਪੀਰੀ ਬਖ਼ਸ਼ਿਸ ਕਰਕੇ, ਸੱਚੇ ਤਖਤ ਬੈਠਾਏ॥
 ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

ਛੱਡੋ ਧਰਮ ਜਾਂ ਪਾਓ ਸ਼ਹੀਦੀ, ਰਾਜੇ ਹੁਕਮ ਸੁਣਾਇਆ॥
ਚੰਦੂ ਪਿਰਥੀ ਦੁਸ਼ਟ ਚੌਕੜੀ, ਰਲ ਕੇ ਕਹਿਰ ਕਮਾਇਆ
'ਯਾਸਾਂ' ਰਾਹੀਸ਼ ਕਸ਼ਟ ਦਵਾਏ, ਤੱਤੀ ਤਵੀ ਬਿਠਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

 ਤੱਤਾ ਕਰਕੇ ਰੇਤਾ ਦੁਸ਼ਟਾਂ, ਸੀਸ ਗੁਰਾਂ ਦੇ ਪਾਇਆ॥
 ਫੇਰ ਉਬੱਲਦੇ ਪਾਣੀ ਦੇ ਵਿਚ, ਸਤਿਗੁਰ ਤਾਈਂ ਬੈਠਾਇਆ॥
 ਹਰਪਾਲ ਸਿੰਘਾ ਸ਼ਹੀਦੀ ਪਾਕੇ, ਹਾਕਮ ਦੁਸ਼ਟ ਹਰਾਏ॥
 ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥

ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ (ਸ਼ਹੀਦੀ-ਪ੍ਰਸੰਗ) - ਭਾਈ ਹਰਪਾਲ ਸਿੰਘ ਲੱਖਾ

ਕੈਨੇਡਾ 'ਚ ਪੰਜਾਬੀਆਂ ਦੀ ਚੜਦੀ ਕਲਾ
ਮੰਗਦੇ ਪੰਜਾਬੀ ਸਰਬੱਤ ਦਾ ਭਲਾ

ਜਿੱਤਦੇ ਨੇ ਚੋਣਾਂ ਮਾਣਦੇ ਵਜ਼ੀਰੀਆਂ
ਵੱਧ ਫੁਲ ਰਹੀਆਂ ਸਾਡੀਆਂ ਪਨੀਰੀਆਂ

ਬਣੀਆਂ ਨੇ ਜੱਜ ਗੁਰਸਿੱਖ ਬੀਬੀਆਂ
ਹਰ ਪਾਸੇ ਹੈਣ ਚੰਗੀਆਂ ਨਸੀਬੀਆਂ

ਪਰ ਫੁੱਲ ਖੁਸ਼ੀਆਂ ਦੇ ਐਵੇਂ ਨੀ ਖਿਲੇ
ਥਾਲੀ 'ਚ ਪਰੋਸ ਕੇ ਮੁਕਾਮ ਨੀਂ ਮਿਲੇ

ਜਾਨ ਦੇ ਕੇ ਹੱਕ ਲਏ ਜਿਹੜੇ ਸਿੰਘ ਜੀ
 ਉਹਦਾ ਨਾਂ ਸ਼ਹੀਦ ਭਾਈ ਮੇਵਾ ਸਿੰਘ ਸੀ

 ਉਸ ਸੱਚੇ ਸੂਰਮੇ ਦੀ ਸਾਖੀ ਸੁਣਿਓਂ
ਆਪਾ ਵਾਰ ਕੀਤੀ ਕਿਵੇਂ ਰਾਖੀ ਸੁਣਿਓਂ

 ਪਿੰਡ ਲੋਪੋਕੇ ਤੇ ਪਿਤਾ ਨੰਦ ਸਿੰਘ ਸੀ
ਔਲਖਾਂ ਦੇ ਘਰ ਜੰਮੇ ਮੇਵਾ ਸਿੰਘ ਜੀ

'ਠਾਰਾਂ ਸੌ ਤੇ ਅੱਸੀ ਵਿਚ ਜਨਮ ਲਿਆ
 ਇੱਕੀ ਸਾਲ ਮਗਰੋਂ ਕੈਨੇਡਾ ਮੱਲਿਆ

ਜਦੋਂ ਬੰਦੇ ਦੇਸ ਦੁੱਖ ਨੇ ਹੰਢਾਂਵਦੇ
 ਹੋਕੇ ਮਜਬੂਰ ਪਰਦੇਸ ਆਂਵਦੇ

ਮੇਵਾ ਸਿੰਘ ਵੀ ਪੰਜਾਬੋਂ ਚਾਲੇ ਪਾਏ ਸੀ
ਸਾਡੇ ਵਾਂਗਰਾਂ ਹੀ ਉਹ ਕੈਨੇਡਾ ਆਏ ਸੀ

ਪਰ ਇਥੇ ਜਦੋਂ ਵਿਤਕਰਾ ਤੱਕਿਆ
ਦਿਲ ਤੇ ਨਾ ਉਦੋਂ ਕਾਬੂ ਗਿਆ ਰੱਖਿਆ

ਗੋਰੀ ਸਰਕਾਰ ਦੀਆਂ ਧੱਕੇ-ਸ਼ਾਹੀਆਂ
ਭਾਈ ਮੇਵਾ ਸਿੰਘ ਦੇ ਨਾ ਰਾਸ ਆਈਆਂ

ਨਸਲੀ ਵਧੀਕੀਆਂ ਸਿਖਰ ਛੋਹਿਆ
ਹੱਕ ਵੋਟ ਵਾਲਾ ਵੀ ਸੀ ਗਿਆ ਖੋਹਿਆ

 ਭਾਰਤੀ ਕੈਨੇਡਾ ਅਖੇ ਨਹੀਂ ਰੱਖਣੇ
ਹੌਂਡੂਰਸ ਮੱਛਰਾਂ ਦੇ ਅੱਗੇ ਧੱਕਣੇ

ਜ਼ੁਲਮ ਦਾ ਉਦੋਂ ਹੱਦ ਬੰਨਾ ਤੋੜਿਆ
ਜਦ 'ਗੁਰੂ ਨਾਨਕ ਜਹਾਜ਼' ਮੁੜਿਆ

ਕਾਲੇ ਦਿਲ ਵਾਲੀ ਚਿੱਟੀ ਸਰਕਾਰ ਨੇ
ਸ਼ੁਰੂ ਕਰ ਦਿੱਤੇ ਸਿੱਖ ਆਗੂ ਮਾਰਨੇ

ਭਾਈ ਭਾਗ ਸਿੰਘ ਤੇ ਬਦਨ ਸਿੰਘ ਜੋ
ਗੁਰੂ ਦੀ ਹਜ਼ੂਰੀ ਮਾਰੇ ਮੋਢੀ ਸਿੰਘ ਦੋ

ਮੇਵਾ ਸਿੰਘ ਜਦੋਂ ਅੱਖੀਂ ਕਹਿਰ ਤੱਕਿਆ
 ਰੋਸ ਦਿਲ ਅੰਦਰ ਗਿਆ ਨਾ ਡੱਕਿਆ

ਡਿੱਗੀ ਪੱਗ ਸਿਰ 'ਤੇ ਟਿਕਾਈ ਸਿੰਘ ਨੇ
ਹਾਪਕਿਨਸਨ ਸੋਧ ਦਿੱਤਾ ਸਿੰਘ ਨੇ

ਕਰਕੇ ਕਤਲ ਯੋਧਾ ਨਹੀਂ ਭੱਜਿਆ
ਖਿੜੇ ਮੱਥੇ ਮੇਵਾ ਸਿੰਘ ਫਾਂਸੀ ਲੱਗਿਆ

ਜੇ ਨਾ ਭਾਈ ਮੇਵਾ ਸਿੰਘ ਜਾਨ ਵਾਰਦੇ
ਨਸਲੀ ਜਬਰ ਨ ਕਦੇ ਵੀ ਹਾਰਦੇ
 
ਹਾਪਕਿਨਸਨ ਨੂੰ ਜੇ ਸੋਧਾ ਲਾਉਂਦੇ ਨਾ
ਭਾਰਤੀ ਕੈਨੇਡਾ 'ਚ ਕਦੇ ਵੀ ਆਉਂਦੇ ਨਾ

 ਜੇ ਨਾ ਮੇਵਾ ਸਿੰਘ ਜੀ ਸ਼ਹੀਦ ਗੱਜਦੇ
ਹਰਪਾਲ ਸਿੰਘਾ ਫੇਰ ਨਾ ਜੈਕਾਰੇ ਵੱਜਦੇ

 ਵਾਰਦੇ ਨਾ ਉਹ ਜੇ ਸਾਹਾਂ ਦੀਆਂ ਡੋਰੀਆਂ
ਕੈਨੇਡਾ 'ਚ ਪੰਜਾਬੀ ਨਾ ਮਨਾਉਂਦੇ ਲੋਹੜੀਆਂ

ਗੁਰੂ ਅੰਗਦ ਸਾਹਿਬ (ਜੀਵਨ ਲੀਲਾ 'ਚੋਂ ਕਾਵਿ-ਗਾਥਾ) - ਭਾਈ ਹਰਪਾਲ ਸਿੰਘ ਲੱਖਾ

ਹਰੀ ਕੇ ਪੱਤਣ ਕੋਲ ਹਰੀ ਕੇ ਪਿੰਡ ਹੈ। ਗੁਰੂ ਅੰਗਦ ਸਾਹਿਬ ਨੇ ਆਰੰਭਿਕ ਜੀਵਨ ਵਿੱਚ, ਬਾਬਾ ਲੈਹਣਾ ਜੀ ਦੇ ਰੂਪ ਵਿੱਚ ਕੁਝ ਸਮਾਂ ਇੱਥੇ ਆਪਣੇ ਪਿਤਾ ਨਾਲ ਦੁਕਾਨਦਾਰੀ ਕੀਤੀ ਸੀ। ਉਥੋਂ ਦੇ ਸਿੱਖਾਂ ਨੇ ਗੁਰ ਅੰਗਦ ਜੀ ਦੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਮਗਰੋਂ, ਉਹਨਾਂ ਕੋਲ ਆ ਕੇ, ਪਿੰਡ ਵਿਚ ਚਰਨ ਪਾਉਣ ਦੀ ਬੇਨਤੀ ਕੀਤੀ। ਉਥੋਂ ਦੇ ਕਈ ਪਿੰਡਾਂ ਦਾ ਚੌਧਰੀ 'ਬਖਤਾਵਰ' ਸੀ, ਜਿਸ ਦਾ ਹਾਲ ਦਵਈਆ ਛੰਦ ਵਿੱਚ ਲਿਖੀ ਇਸ ਕਵਿਤਾ ਵਿਚ ਹੈ :
               
   ਹਰੀ ਕੇ ਪੱਤਣ ਕੋਲ ਹਰੀ ਕੇ, ਉਥੇ ਜੋ ਸਤਸੰਗੀ॥
   ਪਾਸ ਗੁਰੂ ਅੰਗਦ ਦੇ ਆ ਕੇ, ਉਹਨਾਂ ਤੋਂ ਮੰਗ ਮੰਗੀ॥
   ਪਿੰਡ ਅਸਾਡੇ ਦਰਸਨ ਦੇਵੋ, ਹਰ ਇੱਕ ਸਿੱਖ ਹੈ ਚਾਹੁੰਦਾ॥
   ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

   ਗੁਰੂ ਅੰਗਦ ਜੀ ਸੁਣੀ ਬੇਨਤੀ, ਸਤਿ ਕਰਤਾਰ ਪਿਆਰੇ॥
    ਸਾਰੇ ਪਿੰਡ ਦੇ ਜੋ ਸਤਸੰਗੀ, ਮਿਲਕੇ ਕਰੋ ਤਿਆਰੇ॥
    ਜਾਤ -ਪਾਤ ਦਾ ਫਰਕ ਨਾ ਰੱਖਣਾ, ਮੈਨੂੰ ਏਹੋ ਭਾਉਂਦਾ॥
    ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

   ਉੱਦਮ ਕਰਕੇ ਪਿੰਡ ਵਾਸੀਆਂ, ਇੱਕ ਪੰਡਾਲ ਬਣਾਇਆ॥
   ਪੱਟੀਆਂ ਦਰੀਆਂ ਖੇਸ ਲਿਆਕੇ, ਸੋਹਣਾ ਫਰਸ਼ ਸਜਾਇਆ॥
   ਗੁਰੂ ਅੰਗਦ ਲਈ ਸਿੱਖ ਸ਼ਰਧਾਲੂ, ਸੋਹਣਾ ਆਸਣ ਲਾਉਂਦਾ॥
   ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

  ਸੋਹਣੇ ਬੈਲ ਜੋੜ ਕੇ ਰੱਥ ਨੂੰ, ਲੈਣ ਗੁਰਾਂ ਨੂੰ ਆਏ॥
  ਬੇਨਤੀ ਕਰਕੇ ਗੁਰੂ ਅੰਗਦ ਜੀ, ਰੱਥ ਦੇ ਵਿਚ ਬੈਠਾਏ॥
  ਹਰੀ ਕੇ ਪਿੰਡ ਵਿਚ ਪਹੁੰਚੇ ਸਤਿਗੁਰ, ਹਰ ਕੋਈ ਸੀਸ ਨਿਵਾਉਂਦਾ॥
  ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

   ਇਕ ਸਿੱਖ ਨੇ ਕਿਹਾ ਚੌਧਰੀ ਬਖਤਾਵਰ ਨੇ ਆਉਂਦੇ॥
   ਸੁਣ ਕੇ ਸਿੱਖ ਸਤਿਕਾਰ ਵਾਸਤੇ, ਮੂੜਾ ਇਕ ਡੁਹਾਉਂਦੇ॥
   ਚੌਧਰ ਦਾ ਹੰਕਾਰ ਉਸ ਦੀ ਮੱਤ ਕਿਵੇਂ ਮਰਵਾਉਂਦਾ॥
   ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

   ਇੱਕ ਸਿੱਖ ਨੇ ਕਿਹਾ ਚੌਧਰੀ,  ਮੂੜਾ ਤੈਨੂੰ ਡਾਹਿਆ॥
   ਉਸਦੀ ਗੱਲ 'ਤੇ ਬਖਤਾਵਰ ਨੂੰ ਡਾਹਢਾ ਗੁੱਸਾ ਆਇਆ॥
   ਕੋਲੇ ਆਕੇ ਸਤਿਗੁਰ ਜੀ ਦੇ, ਆਕੜ ਫਿਰੇ ਦਿਖਾਉਂਦਾ॥
   ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

   ਗੁਰੂ ਸਾਹਿਬ ਦੇ ਪਲੰਗ ਦੇ ਲਾਗੇ ਖੜਾ ਚੌਧਰੀ ਆ ਕੇ॥  
   ਕਰੀ ਅਦਬ ਦੀ ਹੇਠੀ ਉਸ ਨੇ, ਬੈਠ ਸਿਰਾਹਣੇ ਜਾ ਕੇ॥
   ਰੁਤਬੇ ਦਾ ਹੰਕਾਰ ਬੰਦੇ ਤੋਂ ਪੁੱਠੇ ਕੰਮ ਕਰਵਾਉਂਦਾ॥
   ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

   ਮਨ ਤੇ ਚਿੱਤ ਕਠੋਰ ਜਿਨਾਂ ਦੇ, ਸਤਿਗੁਰ ਪਾਸ ਨਾ ਟਿਕਦੇ॥
   ਦੌਲਤ ਤੇ ਸ਼ੋਹਰਤ ਦੇ ਲੋਭੀ  ਟਕੇ ਟਕੇ 'ਤੇ ਵਿਕਦੇ॥
   ਸਤਿਗੁਰ ਸਦਾ ਦਇਆਲ ਹੈ ਭਾਈ, ਸਭ ਦਾ ਭਲਾ ਮਨਾਉਂਦਾ॥
   ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

    ਸਾਰੀ ਸੰਗਤ ਦੇਖ ਰਹੀ ਸੀ, ਜੋ ਬਖਤਾਵਰ ਕਰਿਆ॥
    ਕੰਮ ਮੂਰਖਾਂ ਵਾਲਾ ਕੀਤਾ, ਪੈਰ ਕੁਹਾੜਾ ਜੜਿਆ॥
    ਜਿਤਨੇ ਮਾਈ ਭਾਈ ਬੈਠੇ, ਹਰ ਕੋਈ ਬੁਰਾ ਮਨਾਉਂਦਾ॥
    ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

   ਮੂੜਾ ਬੈਠਣ ਨੂੰ ਸੀ ਦਿਤਾ, ਪਰ ਨਾ ਬੈਠਾ ਮੂੜਾ॥
   ਆਕੜ ਖਾਂ ਤੇ ਜਾਤ-ਭਿਮਾਨੀ, ਕੂੜ ਦਾ ਭਰਿਆ ਕੂੜਾ॥
   ਸਾਰਾ ਨਗਰ ਓਸ ਦੀ ਗਲਤੀ, ਹੱਥ ਜੋੜ ਬਖ਼ਸ਼ਾਉਂਦਾ॥
   ਜੋ ਸ਼ਰਧਾ ਧਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ

 ਸਿੱਖ ਸੰਗਤ ਸੀ ਮੋੜਾ ਦਿੱਤਾ, ਫੇਰ ਕਿਸੇ ਨਾਂ ਡੌਹਣਾ॥
 ਗੁਰ ਸਿੱਖਾਂ ਦਾ ਕਿਹਾ ਨਾ ਮੰਨਿਆ, ਹੁਣ ਪੈਣਾ ਪਛਤਾਉਣਾ॥
 ਸਤਿਗੁਰ ਦੀ ਜੋ ਕਰੇ ਬੇਅਦਬੀ, ਰੱਬ ਨੂੰ ਓਹ ਨਾ ਭਾਉਂਦਾ॥
 ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

    ਅਹੰਕਾਰ ਨੇ ਮੱਤ ਸੀ ਮਾਰੀ, ਹਉਮੈ ਅੱਗ ਵਿੱਚ ਸੜਦਾ॥
    ਲੜਦਾ ਲੜਦਾ ਪਾਗਲ ਹੋਇਆ, ਕੋਲ ਕੋਈ ਨਾ ਖੜਦਾ॥
    ਗੁਰੂ ਅੰਗਦ ਦੇ ਫਿਟਕਾਰੇ ਨੂੰ, ਮੂੰਹ ਕੋਈ ਨਾ ਲਾਉਂਦਾ॥
    ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥

    ਅਹੁਦੇ, ਜਾਤ ਅਤੇ ਦੌਲਤ ਦੇ, ਹਉਮੈ ਬੰਧਨ ਤੋੜੋ॥
    ਗੁਰਮਤਿ ਦੇ ਵਿੱਚ ਸੁੱਖ ਨੇ ਬਹੁਤੇ, ਮਨਮਤਿ ਤੋਂ ਮੂੰਹ ਮੋੜੋ॥
    ਹਰਪਾਲ ਸਿੰਘ ਗੁਰੂ ਅੰਗਦ ਦੇ, ਚਰਨੀ ਸੀਸ ਨਿਵਾਉਂਦਾ॥
    ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
      ਭਾਈ ਹਰਪਾਲ ਸਿੰਘ ਲੱਖਾ