Faisal Khan

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਚੌਗਿਰਦਾ ਪ੍ਰੇਮੀ ਬਣ ਕੇ ਮਨਾਈਏ - ਫੈਸਲ ਖਾਨ

ਸਾਰੀ ਦੁਨੀਆਂ ਵਿਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮ-ਧਾਮ ਅਤੇ ਸ਼ਾਨੋ-ਸੌਕਤ ਨਾਲ਼ ਮਨਾਇਆ ਜਾ ਰਿਹਾ ਹੈ।ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਵਿਚ ਘੁੰਮ ਘੁੰਮ ਕੇ ਸਾਝੀਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।ਗੁਰੂ ਨਾਨਕ ਦੇਵ ਜੀ ਚੌਗਿਰਦੇ ਨੂੰ ਬਹੁਤ ਜਿਆਦਾ ਪਿਆਰ ਕਰਦੇ ਸਨ।ਆਪ ਜੀ ਨੇ ਸਦਾ ਹੀ ਲੋਕਾਂ ਨੂੰ ਵਾਤਾਵਰਨ ਨਾਲ਼ ਜੁੜਨ ਅਤੇ ਵਾਤਾਵਰਨ ਦੀ ਸਾਂਭ ૶ਸੰਭਾਲ ਕਰਨ ਦਾ ਸੰਦੇਸ਼ ਦਿੱਤਾ।ਆਪ ਜੀ ਨੇ ਕਿਹਾ:
''ਪਾਵਣੁ ਗੁਰੁੂ    ਪਾਣੀ ਪਿਤਾ    ਮਾਤਾ ਧਰਤਿ ਮਹਤੁ''
ਪਰ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਲੋਕ ਚੌਗਿਰਦੇ ਦੀ ਸੰਭਾਲ ਪ੍ਰਤਿ ਉਦਾਸੀਨ ਨਜ਼ਰ ਆ ਰਹੇ ਹਨ।ਜੇਕਰ ਅਸੀਂ ਹਵਾ ਨੂੰ ਗੁਰੁ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਵਰਗਾ ਸਨਮਾਨ ਨਹੀਂ ਦਿੰਦੇ ਤਾਂ ਅਸੀਂ ਕਦੇ ਵੀ ਕੁਦਰਤ ਨਾਲ਼ ਨਜ਼ਦੀਕੀ ਰਿਸ਼ਤਾ ਕਾਇਮ ਨਹੀਂ ਕਰ ਸਕਦੇ।ਮਨੁੱਖ ਦੇ ਕੁਦਰਤ ਤੋਂ ਦੂਰ ਹੋਣ ਦਾ ਹੀ ਨਤੀਜਾ ਹੈ ਕਿ ਅੱਜ ਪ੍ਰਦੂਸ਼ਣ ਗੰਭੀਰ ਪੱਧਰ ਤੱਕ ਪਹੁੰਚ ਚੁੱਕਾ ਹੈ।ਅਨੇਕਾਂ ਬੀਮਾਰੀਆਂ ਦਾ ਅਸਾਨੀ ਨਾਲ਼ ਪਸਾਰ ਹੋ ਰਿਹਾ ਹੈ।ਪਿੱਛੇ ਜਿਹੇ ਬਿਹਾਰ ਵਿਚ ਚਮਕੀ ਬੁਖਾਰ ਨਾਲ਼ ਮਚੀ ਹਾਹਾਕਾਰ ਨੂੰ ਕੋਣ ਭੁੱਖ ਸਕਦਾ ਹੈ।ਕੁਦਰਤ ਨਾਲ਼ ਛੇੜ-ਛਾੜ ਕਾਰਨ ਮੌਸਮ ਵਿਚ ਤਬਦੀਲੀਆਂ ਆ ਰਹੀਆਂ ਹਨ, ਜਿਸ ਕਰਕੇ ਵਰਖਾ ਦੀ ਮਾਤਰਾ ਵਿਚ ਅਸਮਾਨਤਾ ਆ ਰਹੀ ਹੈ ਜਿਸ ਨਾਲ਼ ਵੱਡੇ ਪੱਧਰ ਤੇ ਹੜ੍ਹ ਆ ਰਹੇ ਹਨ ।ਜਦੋਂਕਿ ਕਈ ਇਲਾਕੇ ਸੁੱਕੇ ਹੀ ਰਹਿ ਜਾਂਦੇ ਹਨ।ਅੱਜ ਜ਼ਰੂਰੀ ਹੈ ਕਿ ਅਸੀਂ ਕੁਦਰਤ ਨਾਲ਼ ਨੇੜਤਾ ਵਧਾਈਏ।ਜਿੱਥੇ ਅੱਜ ਸਾਨੂੰ ਖੁਦ ਕੁਦਰਤ ਨਾਲ਼ ਜੁੜਨ ਦੀ ਲੋੜ ਹੈ ਉੱਥੇ ਹੀ ਹੋਰਨਾਂ ਨੂੰ ਕੁਦਰਤ ਨਾਲ਼ ਜੋੜਨ ਲਈ ਕੋਸ਼ਿਸ ਕਰਨੀ ਚਾਹੀਦੀ ਹੈ।
ਅੱਜ ਤ੍ਰਾਸਦੀ ਇਹ ਹੈ ਕਿ ਮਨੁੱਖ ਨਾ ਤਾਂ ਗੁਰੂ ਸਾਹਿਬ ਦੀਆਂ ਗੱਲਾਂ ਮੰਨ ਰਿਹਾ ਹੈ ਤੇ ਨਾ ਹੀ ਉਹਨਾਂ ਦੀ ਬਾਣੀ ਦੇ ਅਮਲ ਕਰ ਰਿਹਾ ਹੈ।
ਅੰਮ੍ਰਿਤ ਵਰਗੇ ਦਰਿਆਵਾਂ ਵਿਚ ਜਹਿਰ ਘੋਲ਼ ਦਿੱਤਾ ਹੈ।ਕਈ ਇਲਾਕਿਆਂ ਵਿਚ ਪੀਣ ਨੂੰ ਸਾਫ ਪਾਣੀ ਨਹੀਂ ਰਿਹਾ।ਹਵਾ ਸਾਹ ਲੈਣ ਯੋਗ ਨਹੀਂ ਰਹੀ।ਦੇਸ਼ ਵਿਚ ਬੇਸ਼ਕ ਪ੍ਰਦੂਸ਼ਣ ਰੋਕਣ ਲਈ ਕਾਨੂੰਨ ਤਾਂ ਹਨ ਪਰ ਉਹਨਾਂ ਨੂੰ ਸੁਚਾਰੂ ਰੂਪ ਵਿਚ ਲਾਗੂ ਨਹੀਂ ਕੀਤਾ ਜਾਂਦਾ।ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਖਾਣ ਪੀਣ ਵਾਲੀਆਂ ਚੀਜਾਂ ਵਿਚ ਨਿਰੇ ਜਹਿਰ ਦੀ ਮਿਲਾਵਟ ਹੈ।ਦੁੱਧ ,ਦਹੀ,ਚਾਵਲ,ਮਸਾਲੇ,ਪਨੀਰ ,ਮੱਖਣ, ਘਿਓ , ਫਲ਼ਾਂ ਆਦਿ ਸਭ ਵਿਚ ਹੀ ਮਿਲਾਵਟ ਹੋ ਰਹੀ ਹੈ।ਇੱਥੋਂ ਤੱਕ ਕਿ ਸਬਜੀਆਂ ਵਿਚ ਬਹੁਤ ਸਾਰੇ ਰਸਾਇਣਾਂ ਦੇ ਤੱਤ ਪਾਏ ਜਾਂਦੇ ਹਨ।ਸਿਹਤ ਨਾਲ਼ ਪੂਰੀ ਤਰਾ੍ਹਂ ਖਿਲਵਾੜ ਹੋ ਰਿਹਾ ਹੈ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ।ਅੱਜ ਲੋੜ ਹੈ ਸਾਨੂੰ ਸਾਵਧਾਨ ਹੋਣ ਦੀ।ਕਈ ਥਾਂਵਾਂ ਦੇ ਲੋਕੀ ਰੁੱਖਾਂ ਦੇ ਲੰਗਰ ਲਗਾ ਰਹੇ ਹਨ।ਇਹ ਕੰਮ ਬਹੁਤ ਹੀ ਪ੍ਰਸ਼ੰਸ਼ਾ ਯੋਗ ਹੈ।ਮੈਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪ੍ਰਾਪਤ ਰੁੱਖ ਨੂੰ ਚੰਗੀ ਥਾਂ ਲਾ ਕੇ ਉਸ ਦੀ ਸਾਂਭ ਸੰਭਾਲ ਕਰਨ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਾਡਾ ਸਭ ਦਾ ਇਹ ਫਰਜ਼ ਹੈ ਕਿ ਆਪਾਂ ਸਭ ਗੁਰੂ ਸਾਹਿਬ ਜੀ ਦੇ ਦੱਸੇ ਰਾਹਾਂ ਤੇ ਚੱਲੀਏ।ਆਪਣੇ ਆਲ਼ੇ-ਦੁਆਲ਼ੇ ਨੂੰ ਸਾਫ ਸੁਥਰਾ ਅਤੇ ਵੱਧ ਤੋ ਵੱਧ ਰੁੱਖ ਲਗਾ ਕੇ ਹਰਾ ਭਰਾ ਬਣਾਈਏ।ਮੈਂ ਸਮਝਦਾ ਹਾਂ ਕਿ ਇਹੀ ਗੁਰੂ ਸਾਹਿਬ ਨੂੰ ਸੱਚੀ ਸਰਧਾਂਜਲੀ ਹੋਵੇਗੀ।

ਫੈਸਲ ਖਾਨ
(ਚੌਗਿਰਦਾ ਪ੍ਰੇਮੀ)
ਜਿਲ੍ਹਾਂ : ਰੋਪੜ
ਮੋਬ: 99149-65937

ਗ਼ਜ਼ਲ - ਫੈਸਲ ਖਾਨ

ਜੀਵਨ ਦਾ ਸੰਘਰਸ਼ ਨਿਰੰਤਰ ਜਾਰੀ ਹੈ।
ਹੁਣ ਤਾ ਕੁਝ ਵੱਡਾ ਕਰਨੇ ਦੀ ਤਿਆਰੀ ਹੈ।
ਸੱਚ ਲੁਕਾਉਂਣਾ ਇੰਨਾ ਸੌਖਾ ਨਈਂ ਯਾਰੋ,
ਬੇਸ਼ਕ ਦੁਨੀਆਂ ਝੂਠਾਂ ਦੀ ਹੀ ਪੁਜਾਰੀ ਹੈ।
ਓਹੀ ਵੱਡਾ ਹਾਕਮ ਬਣਦਾ ਹੈ ਅਜ ਕੱਲ੍ਹ,
ਜਿਸ ਨੇਤਾ ਦੇ ਜ਼ਹਿਨ ਵਿੱਚ ਮੱਕਾਰੀ ਹੈ।
ਫਲ਼ਦਾਰ ਰੁੱਖ ਤਾਂ ਖੁਦ ਹੀ ਝੁਕ ਜਾਂਦਾ ਹੈ,
ਤੇਰੀ ਸ਼ੁਹਰਤ ਤਾਂ ਲਗਦੀ ਅਖ਼ਬਾਰੀ ਹੈ।
ਫਸ ਗੀ ਜੰਤਾ,ਝੂਠੇ ਲਾਰਿਆਂ ਲਪਿਆਂ ਵਿਚ,
ਹਰ ਇਕ ਨੇਤਾ ਬਣਿਆਂ ਫਿਰੇ ਸ਼ਿਕਾਰੀ ਹੈ।
ਮਾਂ ਦਾ ਦਰਜਾ ਰਬ ਨਾਲੋਂ ਵੀ ਵੱਡਾ ਏ,
ਕੁਲ ਦੁਨੀਆਂ ਵਿਚ ਮਾਂ ਹੀ ਸਭ ਤੋਂ ਪਿਆਰੀ ਹੈ।
ਕਿਵੇਂ ਆਖ ਦਾਂ ਦੇਸ਼ ਮੇਰਾ ਖ਼ੁਸਹਾਲ ਬੜਾ,
ਹਰ ਪਾਸੇ ਹੀ ਗੁਰਬਤ ਹੈ,ਲਾਚਾਰੀ ਹੈ।
ਹਰ ਮਹਿਫਲ ਵਿਚ ਜ਼ਿਕਰ ਤੇਰਾ ਹੁੰਦਾ ਹੈ ਯਾਰ,
ਤੇਰੀ 'ਫੈਸਲ' ਹਰ ਥਾਂ ਤੇ ਸਰਦਾਰੀ ਹੈ।

ਫੈਸਲ ਖਾਨ
ਜਿਲ੍ਹਾ:- ਰੋਪੜ
ਮੋਬ:- 99149-65937

ਕੀ ਪਾਣੀ ਬਿਨ ਜੀਵਨ ਸੰਭਵ ਹੈ??? - ਫੈਸਲ ਖਾਨ

ਜੇਕਰ ਕੋਈ ਮੈਨੂੰ ਪੁੱਛੇ ਕਿ ਦੁਨੀਆਂ ਵਿਚ ਸਭ ਤੋ ਕੀਮਤੀ ਚੀਜਾਂ ਕਿਹੜੀਆਂ ਹਨ ਤਾਂ ਮੈਂ ਬਿਨਾਂ ਇਕ ਮਿੰਟ ਸੋਚੇ ਕਹਾਂਗਾਂ ਕਿ ਸਾਫ ਪਾਣੀ, ਸਾਫ ਹਵਾ , ਉਪਜਾਊ ਧਰਤੀ ਤੇ ਹਰਾ ਭਰਾ ਚੌਗਿਰਦਾ ਕਿਉਂਕਿ ਇਹਨਾਂ ਤੋ ਬਿਨਾਂ ਨਾ ਤਾ ਜੀਵਨ ਸੰਭਵ ਹੈ ਤੇ ਨਾ ਹੀ ਕੁਝ ਹੋਰ। ਇਸ ਲੇਖ ਵਿਚ ਮੈਂ ਸਭ ਤੋ ਕੀਮਤੀ ਚੀਜਾਂ ਵਿਚੋਂ ਇਕ ਪਾਣੀ ਦੀ ਗੱਲ ਕਰਾਂਗਾਂ।ਪਾਣੀ ਵਾਰੇ ਬ੍ਰਿਟਿਸ ਦੇ ਇਕ ਕਵੀ ਨੇ ਦਿਲ ਨੂੰ ਛੂੰਹਣ ਵਾਲੀ ਗੱਲ ਕਹੀ ਕਹਿੰਦਾ '' ਹਜਾਰਾ ਲੋਕ ਪਿਆਰ ਤੋ ਬਿਨਾ ਰਹਿ ਸਕਦੇ ਹਨ ਪਰੰਤੂ ਇਕ ਵੀ ਵਿਅਕਤੀ ਪਾਣੀ ਤੋ ਬਿਨਾਂ ਨਹੀ ਰਹਿ ਸਕਦਾ''।ਪਾਣੀ ਸਾਡੀ ਮੂਲ ਲੋੜਾਂ ਵਿਚੋਂ ਇਕ ਹੈ।ਨਿਰਮਲ ਪਾਣੀ ਨਿਰੋਗ ਸਰੀਰ ਦਾ ਅਧਾਰ ਹੁੰਦਾ ਹੈ।ਸਾਰੇ ਹੀ ਧਰਮਾਂ ਵਿਚ ਵੀ ਪਾਣੀ ਦਾ ਦਰਜਾ ਜਾ ਸਥਾਨ ਬਹੁਤ ਉਚਾ ਹੈ। ਸਿੱਖ ਧਰਮ ਦੇ ਵਿਚ ਪਾਣੀ ਪਿਤਾ ਦੇ ਸਮਾਨ ਹੈ।ਹਿੰਦੂ ਧਰਮ ਵਿਚ ਪਾਣੀ ਦੇਵਤਾ ਹੈ।ਮੁਸਲਿਮ ਧਰਮ ਵਿਚ ਪਾਣੀ ਦਾ ਸਥਾਨ ਬਹੁਤ ਆਲਾ ਹੈ।ਨਦੀਆਂ, ਦਰਿਆ ,ਧਰਤੀ ਹੇਠਲਾ ਪਾਣੀ ਹਜਾਰਾ ਲੋਕਾਂ ਦੀ ਪਿਆਸ ਬੁਝਾਉਂਦਾ ਹੈ।ਲੱਖਾਂ ਹੈਕਟੇਅਰ ਜਮੀਨਾਂ ਨੂੰ ਸਿੰਜਦਾ ਹੈ।ਲੱਖਾਂ ਜਲੀ ਜੀਵਾਂ ਨੂੰ ਆਸਰਾ ਦਿੰਦਾ ਹੈ।ਵਿਸ਼ਵ ਭਰ ਦੀਆਂ ਸੰਸਥਾਵਾਂ ਅਨੁਸਾਰ ਹੁਣ ਪਾਣੀ ਦੀ ਖੁਦ ਦੀ ਹੀ ਸਿਹਤ ਖਰਾਬ ਹੁੰਦੀ ਜਾ ਰਹੀ ਹੈ।ਮਨੁੱਖ ਦੀਆਂ ਗੈਰ ਕੁਦਰਤੀ ਗਤੀਵਿਧੀਆਂ ਕਾਰਨ ਪਾਣੀ ਬੁਰੀ ਤਰ੍ਹਾਂ ਪ੍ਰਦੂਸਿਤ ਹੋ ਚੁੱਕਾ ਹੈ।ਜਿੱਥੇ ਮਨੁੱਖ ਲਈ ਨਿਰਮਲ ਪਾਣੀ ਵਰ ਹੈ ਉੱਥੇ ਹੀ ਦੂਸ਼ਿਤ ਪਾਣੀ ਸਰਾਪ।
ਇੰਟਰਨੈੱਟ ਤੋ ਪ੍ਰਾਪਤ ਡਾਟੇ ਅਨੁਸਾਰ ਵਿਸ਼ਵ ਦੀ ਕੁਲ ਜੰਨਸੰਖਿਆਂ ਲਗਭਗ 7.7 ਬਿਲੀਅਨ ਦੇ ਕਰੀਬ ਹੈ।ਇਹ ਰਿਪੋਰਟ ਦਿਲ ਨੂੰ ਦਹਿਲਾ ਦੇਣ ਵਾਲੀ ਹੈ ਕਿ ਇਸ ਅਤਿ ਆਧੁਨਿਕ ਯੁੱਗ ਵਿਚ ਵੀ 2.3 ਬਿਲੀਅਨ ਲੋਕ ਹਲੇ ਵੀ ਬੁਨਿਆਦੀ ਲੋੜਾਂ ਤੋ ਵਾਝੇ ਹਨ।ਆਧੁਨਿਕਤਾ ਨੇ ਕੁਦਰਤੀ ਸ੍ਰੋਤਾਂ ਨੂੰ ਸਭ ਤੋ ਵੱਧ ਪ੍ਰਭਾਵਿਤ ਕੀਤਾ ਹੈ।ਧਰਤੀ ਹੋਵੇ ਜਾ ਅਕਾਸ ਸਭ ਕੁਝ ਪ੍ਰਦੂਸਿਤ ਹੁੰਦਾ ਜਾ ਰਿਹਾ ਹੈ।ਕਈ ਇਲਾਕਿਆਂ ਵਿਚ ਅੱਜ ਵੀ ਪਾਣੀ ਨਸੀਬ ਨਹੀ ਹੁੰਦਾ ਤੇ ਲੋਕਾਂ ਨੂੰ ਦੂਜੇ ਸਥਾਨਾਂ ਤੋ ਪਾਣੀ ਸਿਰਾਂ ਤੇ ਢੋਅ ਕੇ ਲਿਆਉਂਣਾ ਪੈਦਾ ਹੈ।ਅਫਰੀਕਾ ਦੇ ਪੇਡੂ ਖੇਤਰਾਂ ਵਿਚ ਔਰਤਾਂ ਅੋਸਤਨ  6 ਕਿਲੋਮੀਟਰ ਤੱਕ ਪਾਣੀ ਦੀ ਭਾਲ ਵਿਚ ਘੁੰਮਦੀਆਂ ਹਨ।ਪਾਣੀ ਦੇ ਦੂਸਿਤ ਹੋਣ ਨਾਲ ਹਰ ਤਬਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।ਦੂਸਿਤ ਪਾਣੀ ਪੀਣ ਨਾਲ ਬੱਚੇ ਜਿੰਨਾਂ ਦੀ ਉਮਰ ਪੰਜ ਸਾਲ ਜਾ ਇਸ ਤੋ ਘੱਟ ਹੈ ਸਭ ਤੋ ਵੱਧ ਪ੍ਰਭਾਵਿਤ ਹੁੰੰਦੇ  ਹਨ।ਇਕ ਰਿਪੋਰਟ ਦਸਦੀ ਹੈ ਕਿ ਹਰ ਰੋਜ ਲਗਭਗ 800 ਤੋ ਵੱਧ ਬੱਚੇ ਦੂਸਿਤ ਪਾਣੀ ਪੀਣ ਨਾਲ ਮਰ ਜਾਂਦੇ ਹਨ ਜਿਨਾਂ ਦੀ ਉਮਰ ਪੰਜ ਸਾਲ ਜਾ ਇਸ ਤੋ ਘੱਟ ਹੈ।ਇਸ ਗੱਲ ਨੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ।ਇਕ ਰਿਪੋਰਟ ਮੁਤਾਬਿਕ ਲਗਭਗ 80% ਤੋ ਵੱਧ ਵਿਕਾਸਸੀਲ ਦੇਸ਼ਾ ਵਿਚ ਸੀਵਰੇਜ ਦਾ ਪਾਣੀ ਬਿਨਾਂ ਕਿਸੇ ਟ੍ਰੀਟਮੈਂਟ ਤੋ ਸਿੱਧੇ ਹੀ ਜਲ ਸ੍ਰੋਤਾਂ ਵਿਚ ਸੁੱਟ ਦਿੱਤਾ ਜਾਂਦਾ ਹੈ।ਇਹ ਇਕ ਬਹੁਤ ਵੱਡਾ ਕਾਰਨ ਹੈ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ।ਲੱਖਾਂ ਹੀ ਜਲੀ ਜੀਵ ਪ੍ਰਦੂਸਿਤ ਹੋਏ ਪਾਣੀ ਕਾਰਨ ਮਰ ਜਾਂਦੇ ਹਨ।ਜਲੀ ਵਿਭਿੰਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ ਪਰਿਸਥਿਤਿਕ ਪ੍ਰਬੰਧਾ ਵਿਚ ਵਿਗਾੜ ਆ ਰਿਹਾ ਹੈ।ਨਾਈਟ੍ਰੋਜਨ ਅਤੇ ਫਾਸਫੋਰਸ ਦੇ ਅੰਸ਼ਾ ਦਾ ਪਾਣੀ ਵਿਚ ਮਿਲਣਾ ਸਭ ਤੋ ਵੱਧ ਖਤਰਨਾਕ ਹੈ।ਡਾਟੇ ਦੱਸਦੇ ਹਨ ਕਿ ਸਲਾਨਾ ਹੋਣ ਵਾਲੀਆਂ ਮੌਤਾਂ ਵਿਚ ਸਭ ਤੋ ਵੱਧ ਮੌਤਾਂ ਪ੍ਰਦੂਸਿਤ ਪਾਣੀ ਪੀਣ ਨਾਲ ਹੁੰਦੀਆਂ ਹਨ।ਭਿਆਨਕ , ਅਤਿ ਭਿਆਨਕ ਅਤੇ ਲਾਇਲਾਜ ਬਿਮਾਰੀਆ ਦੁਸ਼ਿਤ ਪਾਣੀ ਪੀਣ ਨਾਲ ਅਸਾਨੀ ਨਾਲ ਫੈਲਦੀਆਂ ਹਨ।
ਸਾਡੇ ਦੇਸ ਭਾਰਤ ਵਿਚ ਵੀ ਪਾਣੀ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ।ਇਕ ਰਿਪੋਰਟ ਦੱਸਦੀ ਹੈ ਕਿ ਲਗਭਗ 200,000 ਭਾਰਤੀ ਹਰ ਸਾਲ ਸਾਫ ਪਾਣੀ ਨਾ ਮਿਲਣ ਕਰਕੇ ਮਰ ਜਾਂਦੇ ਹਨ।ਜਿਸ ਪ੍ਰਕਾਰ ਭਾਰਤ ਦੀ ਜੰਨਸੰਖਿਆਂ ਵੱਧ ਰਹੀ ਹੈ ਉਵੇਂ ਹੀ ਜਲ ਸ੍ਰੋਤਾਂ ਨੇ ਵੀ ਬੋਝ ਵੱਧ ਰਿਹਾ ਹੈ।ਧਰਤੀ ਹੇਠਲੇ ਪਾਣੀ ਨੂੰ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ।ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ।ਇਹ ਇਕ ਬਹੁਤ ਵੱਡਾ ਚਿੰਤਾ ਦਾ ਮਸਲਾ ਹੈ।ਜੇਕਰ ਹਾਲਾਤ ਇਹੀ ਰਹੇ ਤਾਂ ਉਹ ਦਿਨ ਦੂਰ ਨਹੀ ਜਦੋਂ ਪਾਣੀ ਬਿਲਕੁਲ ਖਤਮ ਹੋ ਜਾਵੇਗਾ ਤੇ ਹਰ ਪਾਸੇ ਤ੍ਰਹੀ ਤ੍ਰਹੀ ਮੱਚ ਜਾਵੇਗੀ।ਤਾਮਿਲਨਾਡੂ ਵਿਚ ਇਹ ਗੱਲ ਸੱਚ ਵੀ ਹੋਈ।ਉੱਥੇ ਪਾਣੀ ਦੀ ਕਮੀ ਕਾਰਣ ਬਹੁਤ ਸਾਰੇ ਜੰਗਲੀ ਜੀਵ ਮਰ ਗਏ।ਕਈਆਂ ਨੇ ਪਾਣੀ ਦੀ ਭਾਲ ਕਰਦਿਆਂ ਖੂੰਹਾਂ ਵਿਚ ਛਲਾਂਗ ਲਗਾ ਦਿੱਤੀ।ਰਸਾਇਣਾਂ ਦੇ ਅੰਸ਼ਾ ਦਾ ਪਾਣੀ ਵਿਚ ਰਲਣਾ ਇਕ ਚਿੰਤਾ ਦਾ ਵਿਸ਼ਾ ਹੈ।ਫਲੋਰਾਈਡ ਹੋਵੇ,ਜਾ ਆਰਸੈਨਿਕ ਹੋਵੇ ਜਾ ਨਾਈਟ੍ਰੇਟ ਦੇ ਅੰਸ ਹੋਣ ਜਾ ਕੋਈ ਹੋਰ ਕੋਈ ਰਸਾਇਣ। ਸਭ ਹੀ ਸਿਹਤ ਲਈ ਬਹੁਤ ਖਤਰਨਾਕ ਹਨ।ਮੁਰਸ਼ਿਦਾਬਾਦ ,ਨੋਇਡਾ ,ਪੱਛਮੀ ਬੰਗਾਲ ਦੇ ਕਈ ਜਿਲ੍ਹੀਆ ਆਦਿ ਦੇ ਪਾਣੀ ਵਿਚ ਆਰਸੈਨਿਕ ਦੇ ਸਭ ਤੋ ਵੱਧ ਅੰਸ਼ ਮਿਲੇ ਹਨ।
ਮੱਧ ਪ੍ਰਦੇਸ , ਯੂ.ਪੀ. ,ਪੰਜਾਬ ,ਹਰਿਆਣਾ, ਦਿੱਲੀ ,ਕਰਨਾਟਕ ,ਤਾਮਿਲਨਾਡੂ ਆਦਿ ਦੇ ਖੇਤਰਾਂ ਦੇ ਧਰਤੀ ਹੇਠਲੇ ਪਾਣੀ ਵਿਚ ਨਾਈਟ੍ਰੇਟ ਦੇ ਅੰਸ਼ ਵੱਡੀ ਮਾਤਰਾ ਵਿਚ ਮਿਲੇ ਹਨ ।ਰਸਾਇਣਾਂ ਦਾ ਪਾਣੀ ਵਿਚ ਮਿਲਣਾ ਸਭ ਲਈ ਖਤਰੇ ਦੀ ਘੰਟੀ ਹੈ।ਸੋਧਕਰਤਾ ਦੱਸਦੇ ਹਨ ਕਿ ਦੂਸ਼ਿਤ ਪਾਣੀ ਪੀਣ ਨਾਲ ਪੀਲੀਆ, ਡਾਇਰੀਆ, ਹੈਜਾ ,ਹੇਪੇਟਾਈਟਸ ,ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਵੱਡੇ ਪੈਮਾਨੇ ਉੱਤੇ ਅਪਣੇ ਪੈਰ ਪਸਾਰ ਲੈਣਗੀਆਂ।ਬੰਗਲੋਰ ਦੇ ਵਿਚ ਕਈ ਵਿਗਿਆਨੀਆਂ ਨੇ ਧਰਤੀ ਹੇਠਲੇ ਪਾਣੀ ਤੇ ਅਧਿਐਨ ਕੀਤਾ।ਉਹਨਾਂ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਬੰਗਲੋਰ ਵਿਚ 75% ਬੋਰਵੈੱਲਾਂ ਦਾ ਪਾਣੀ ਦੂਸ਼ਿਤ ਹੋ ਚੁੱਕ ਹੈ।ਧਰਤੀ ਉੱਤੇ ਪੀਣ ਯੋਗ ਪਾਣੀ ਤਾਂ ਪਹਿਲਾਂ ਹੀ ਬਹੁਤ ਘੱਟ ਹੈ ਉਸਦੇ ਉੱਤੋਂ ਅਸੀਂ ਇਸ ਨੂੰ ਵੀ ਦੂਸ਼ਿਤ ਕਰੀ ਜਾ ਰਹੇ ਹਾਂ।ਜੇਕਰ ਪਾਣੀ ਹੀ ਨਾ ਰਿਹਾ ਤਾ ਧਰਤੀ ਤੇ ਕੋਣ ਰਹੇਗਾ?? ਪਾਣੀ ਦੇ ਖਤਮ ਹੋਣ ਨੇ ਨਾਲ ਹੀ ਧਰਤੀ ਉਪਰਲਾ ਜੀਵਨ ਵੀ ਖਤਮ ਹੋ ਜਾਵੇਗਾ।ਨੀਤੀ ਆਯੋਗ ਦੀ ਇਕ ਰਿਪੋਰਟ ਮੁਤਾਬਿਕ 2030 ਤੱਕ 40% ਭਾਰਤੀ ਪਾਣੀ ਤੋ ਵਾਝੇ ਹੋ ਜਾਣਗੇ ।ਸੋਧ ਕਰਤਾ ਮੰਨਦੇ ਹਨ ਕਿ ਧਰਤੀ ਹੇਠਲੇ ਪਾਣੀ ਤੇ ਵਧਿਆ ਬੇ ਲੋੜਾਂ ਬੋਝ ਅਤੇ ਧਰਤੀ ਹੇਠਲੇ ਪਾਣੀ ਦਾ ਦੂਸ਼ਿਤ ਹੋਣਾ ਸਭ ਤੋ ਵੱਧ ਖਤਰਨਾਕ ਹੈ।ਜਾਣਕਾਰ ਮੰਨਦੇ ਹਨ ਕਿ ਸਰਕਾਰਾਂ ਧਰਤੀ ਹੇਠਲੇ ਪਾਣੀ ਦੀ ਖੁਦ ਹੀ ਲੁੱਟ ਕਰਵਾ ਰਹੀਆਂ ਹਨ।ਟਿਊਵੈੱਲਾਂ ਆਦਿ ਨੂੰ ਬਿੱਜਲੀ ਬਿੱਲ ਮੁਕਤ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਲੁੱਟ ਵਧੀ ਹੈ।ਇਹ ਲੁੱਟ ਜਿੱਥੇ 2004 ਵਿਚ 58% ਦੇ ਕਰੀਬ ਸੀ ਉੱਥੇ ਹੀ 2011 ਵਿਚ ਇਹ ਵੱਧ ਕੇ 62% ਹੋ ਗਈ।ਭਾਰਤ ਲਗਾਤਾਰ ਧਰਤੀ ਹੇਠਲੇ ਪਾਣੀ ਤੇ ਅਪਣੀ ਨਿਰਭਰਤਾ ਵਧਾ ਰਿਹਾ ਹੈ।ਇਕ ਰਿਪੋਰਟ ਅਨੁਸਾਰ ਭਾਰਤ ਸੰਯੁਕਤ ਰਾਸ਼ਟਰ ਅਤੇ ਚੀਨ ਤੋ ਵੱਧ ਧਰਤੀ ਹੇਠਲੇ ਪਾਣੀ ਦੀ ਵਰਤੋ ਕਰ ਰਿਹਾ ਹੈ।ਮਹਿਰ ਮੰਨਦੇ ਹਨ ਕਿ ਭਾਰਤ ਵਿਚ ਸਿੰਚਾਈ ਤਕਨੀਕਾਂ ਬਹੁਤ ਖਰਾਬ ਹਨ।ਤੁਬਕਾ ਸਿੰਚਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਜਲ ਸੰਕਟ ਦਾ ਕੁਝ ਹਲ ਹੋ ਸਕਦਾ ਸੀ ਪਰ ਤੁਬਕਾ ਸਿੰਚਾਈ ਦੀ ਤਕਨੀਕ ਕੁਝ ਮਹਿੰਗੀ ਹੈ ਤੇ ਝੋਨੇ ਦੀ ਸਿੱਧੀ ਬਿਜਾਈ ਦੀ ਜਮੀਨੀ ਹਕੀਕਤ ਤੋ ਆਪਾਂ ਸਭ ਜਾਣੂੰ ਹੀ ਹਾਂ।
ਸਾਡੇ ਕੋਲ 4% ਵਿਸ਼ਵ ਦਾ ਪਾਣੀ ਹੈ ਤੇ 16% ਆਬਾਦੀ ।ਆਬਾਦੀ ਪ੍ਰਤੀਸ਼ਤ ਆਉਣ ਵਾਲੇ ਸਾਲਾਂ ਵਿਚ ਵੱਧ ਸਕਦੀ ਹੈ ਪਰ ਪਾਣੀ ਦਾ ਪ੍ਰਤੀਸ਼ਤ ਘੱਟਣ ਦੇ ਹੀ ਆਸਾਰ ਹਨ।ਇਕ ਰਿਪੋਰਟ ਦੱਸਦੀ ਹੈ ਕਿ ਭਾਰਤ ਕੋਲ ਲੋੜੀਂਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਹਨ।ਜਿਸ ਕਾਰਨ ਕਈ ਥਾਂਵਾ ਤੇ ਸੀਵਰੇਜ ਦੇ ਪਾਣੀ ਨੂੰ ਸਿੱਧੇ ਹੀ ਜਲ ਸ੍ਰੋੋਤਾਂ ਵਿਚ ਸੁੱਟ ਦਿੱਤਾ ਜਾਂਦਾ ਹੈ।ਜਿੱਥੇ ਇਸ ਨਾਲ ਜਲੀ ਵਿਭਿੰਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਉੱਥੇ ਹੀ ਕਈ ਇਲਾਕਿਆਂ ਵਿਚ ਇਸ ਪਾਣੀ ਨੂੰ ਪੀਣ ਲਈ ਵੀ ਵਰਤ ਲਿਆ ਜਾਂਦਾ ਹੈ।ਹੁਣ ਅੱਗੇ ਕੀ ਹੋਵੇਗਾ ਆਪਾਂ ਸਮਝ ਹੀ ਚੁੱਕੇ ਹਾਂ।
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੁਣ ''ਬੇ-ਆਬ'' ਹੋਣ ਵੱਲ ਵੱਧ ਰਿਹਾ ਹੈ।ਧਰਤੀ ਹੇਠਲਾ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਬਾਕੀ ਕਸਰ ਪਾਣੀ ਨੂੰ ਦੂਸ਼ਿਤ ਕਰ ਕੇ ਪੂਰੀ ਕਰ ਦਿੱਤੀ ਹੈ।ਪੁਰਾਣੇ ਸਮਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਪਾਣੀ ਦੀ ਸੰਭਾਲ ਲਈ ਪਿੰਡ ਦਾ ਇਕ ਟੋਭਾ ਹੁੰਦਾ ਸੀ । ਜਿਸ ਦਾ ਜਿਕਰ ਕਈ ਲੋਕ ਗੀਤਾਂ ਵਿਚ ਵੀ ਆਉਂਦਾ ਹੈ।ਹੁਣ ਨਾ ਹੀ ਟੋਭੇ ਰਹੇ ਤੇ ਸੰਬੰਧਿਤ ਲੋਕ ਗੀਤ ਵੀ ਲੁਪਤ ਹੀ ਹੋ ਚੁੱਕੇ ਹਨ।ਪਾਣੀ ਦੀ ਮੰਗ ਲਗਾਤਾਰ ਵੱਧ ਰਹੀ ਪਰ ਧਰਤੀ ਹੇਠਲੇ ਪਾਣੀ ਦੀ ਰਿ-ਚਾਰਜਿੰਗ ਦਰ ਨਾ ਬਰਾਬਰ ਹੀ ਹੈ।ਬਠਿੰਡਾ, ਮਾਨਸਾ , ਮੁਕਤਸਰ , ਫਰੀਦਕੋਟ ਅਤੇ ਕੁਝ ਹਿੱਸੇ ਫਿਰੋਜਪੁਰ ਦਾ ਪਾਣੀ ਖਾਰਾ ਅਤੇ ਕਲੋਰਾਈਡ ਯੁਕਤ ਹੋ ਚੁੱਕਾ ਹੈ।ਸ. ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਖੇਤਰਾਂ ਵਿਚ ਪਾਣੀ ਵਿਚ ਸੈਲੇਨੀਅਮ ਦੇ ਅੰਸ਼ ਪ੍ਰਾਪਤ ਹੋਏ ਹਨ।ਖੇਤਾਂ ਵਿਚ ਪ੍ਰਯੋਗ ਹੋਣ ਵਾਲੀਆਂ ਰਸਾਇਣਕ ਖਾਦਾਂ ਦਾ ਜਲ ਸ੍ਰੋਤਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਵਿਚ ਬਹਤ ਵੱਡਾ ਹੱਥ ਹੈ।ਖਾਦਾਂ ਦੀ ਮੰਗ ਦੇਖ ਕੇ ਹੈਰਾਨੀ ਹੁੰਦੀ ਹੈ ।ਹੁਣ ਦਾ ਇੰਝ ਲੱਗਦਾ ਹੀ ਕਿ ਅਸੀਂ ਨਿਰਾ ਜ਼ਹਿਰ ਹੀ ਖਾ ਰਹੇ ਹਾਂ।ਇਕ ਸੰਸਥਾ ਦੀ ਰਿਪੋਰਟ ਪੜ ਕੇ ਹੈਰਾਨੀ ਹੁੰਦੀ ਹੈ ਕਿ ਦੇਸ ਵਿਚ 1951 ਵਿਚ ਖਾਦਾਂ ਦਾ ਉਤਪਾਦਨ 5.2 ਕਰੋੜ ਟਨ ਸੀ ਜੋ ਕਿ 2017-18 ਵਿਚ ਵੱਧ ਕੇ 27.7 ਕਰੋੜ ਟਨ ਦੇ ਕਰੀਬ ਹੋ ਗਿਆ।ਜਾਣਕਾਰ ਮੰਨਦੇ ਹਨ ਕਿ ਜੇਕਰ ਇਹ ਸਭ ਕੁਝ ਇੰਝ ਹੀ ਚੱਲਦਾ ਰਿਹਾ ਤਾਂ ਧਰਤੀ ਬੰਜਰ ਤਾ ਹੋ ਹੀ ਜਾਵੇਗੀ ਨਾਲ ਹੀ ਪਾਣੀ ਵੀ ਪੀਣ ਯੋਗ ਨਹੀਂ ਰਹੇਗਾ।ਜੇਕਰ ਆਉਣ ਵਾਲੀ ਪੀੜੀ ਨੂੰ ਪਾਣੀ ਅਤੇ ਉਪਜਾਊ ਧਰਤੀ ਦੇਣਾ ਚਾਹੁੰਦੇ ਹਾਂ ਤਾ ਪਾਣੀ ਅਤੇ ਖਾਦਾਂ ਦੀ ਖਪਤ ਨੂੰ ਘਟਾਉਣਾ ਪਵੇਗਾ।
ਪਿੱਛੇ ਜਿਹੇ ਹੋਈਆ ਲੋਕ ਸਭਾ ਚੋਣਾਂ ਵਿਚ ਵਾਤਾਵਰਨ ਦੇ ਮੁੱਦੇ ਉਦਾਸੀਨ ਹੀ ਰਹੇ।ਇਹ ਕਿੰਨੇ ਦੁੱਖ ਅਤੇ ਚਿੰਤਾ ਦੀ ਗੱਲ ਹੈ।ਹਰੇਕ ਸਰਕਾਰ ਵਿਕਾਸ ਦੀ ਗੱਲ ਕਰਦੀ ਹੈ ਪਰ ਸਥਾਈ ਵਿਕਾਸ ਦੀ ਨਹੀਂ।ਜੇਕਰ ਤੰਦਰੁਸਤ ਚੋਗਿਰਦਾ ਹੀ ਨਾ ਰਿਹਾ ਤਾ ਸਰਤੀਸ਼ਾਲੀ ਰਾਸ਼ਟਰ ਦਾ ਨਿਰਮਾਣ ਕਿਵੇਂ ਹੋ ਸਕਦਾ ਹੈ??
ਅੱਜ ਲੋੜ ਹੈ ਸਾਨੂੰ ਸਭ ਨੂੰ ਸਾਵਧਾਨ ਹੋਣ ਦੀ ਤੇ ਚੋਗਿਰਦੇ ਨੂੰ ਹਰਾ ਭਰਾ ਬਣਾਉਣ ਦੀ।ਅੱਜ ਲੋੜ ਹੈ ਕਿ ਅਸੀਂ ਪਾਣੀ ਦੀ ਹਰ ਬੂੰਦ ਦੀ ਅਹਿਮੀਅਤ ਨੂੰ ਸਮਝੀਏ ਤਾਂ ਜੋ ਸਾਡੀ ਆਉਣ ਵਾਲੀਆਂ ਪੀੜੀਆਂ ਸਾਨੂੰ ਇਹ ਤਾਅਨਾ ਨਾ ਮਾਰਨ ਕਿ ਤੁਸੀਂ ਸਾਨੂੰ ਦਿੱਤਾ ਹੀ ਕੀ??
ਪੈਸੇ ਨਾਲ ਹੋਰ ਭਾਵੇਂ ਸਭ ਕੁਝ ਮਿਲ ਜਾਵੇ ਪਰ ਸਾਫ ਪਾਣੀ , ਸੁੱਧ ਹਵਾ , ਤੰਦਰੁਸਤ ਚੌਗਿਰਦਾ ਚੰਗੀ ਸਿਹਤ ਤੇ ਸਮਾਈਲ ਨਹੀ ਮਿਲਣੀ।

ਫੈਸਲ ਖਾਨ
ਜਿਲ੍ਹਾ : ਰੋਪੜ
ਮੋਬ: 99149-65937

ਅਕਾਸ ਵਿੱਚ ਵੱਧਦਾ ਕਚਰਾ ਚਿੰਤਾ ਦਾ ਵਿਸ਼ਾ - ਫੈਸਲ ਖਾਨ

ਦਿਨ ਪ੍ਰਤਿ ਦਿਨ ਵੱਧਦਾ ਜਾ ਰਿਹਾ ਕਚਰਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।ਆਲੇ ਦੁਆਲ਼ੇ ਲੱਗੇ ਵੱਡੇ ਵੱਡੇ ਕਚਰੇ ਦੇ ਢੇਰ ਆਮ ਹੀ ਦੇਖਣ ਨੂੰ ਮਿਲਦੇ ਹਨ।ਬੇਸਕ ਸਰਕਾਰਾਂ ਨਿਰੰਤਰ ਕੰਮ ਕਰ ਰਹੀਆਂ ਹਨ ਕਿ ਇਹ ਕਚਰਾ ਘਟਾਇਆ ਜਾਵੇ ਪਰ ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰਦੀ ਹੈ।ਕਈ ਥਾਂਵਾਂ ਤੇ ਤਾਂ ਕੂੜੇ ਦੇ ਵੱਡੇ ਵੱਡੇ ਪਹਾੜ ਹੀ ਬਣ ਚੁੱਕੇ ਹਨ।ਇਕ ਰਿਪੋਰਟ ਦੇ ਅਨੁਸਾਰ ਭਾਰਤ ਵਿਚ ਹਰ ਦਿਨ ਲਗਭਗ 15000 ਟਨ ਤੋ ਵੱਧ ਪਲਾਸਟਿਕ ਦਾ ਕਚਰਾ ਪੈਦਾ ਹੁੰਦਾ ਹੈ ਜਿਸ ਵਿਚੋਂ ਲਗਭਗ 6000 ਟਨ ਤੋਂ ਵੱਧ ਕਚਰਾ ਇੱਧਰ ਉਧਰ ਸੁੱਟ ਦਿੱਤਾ ਜਾਂਦਾ ਹੈ।ਸਾਡੀ ਰਾਜਧਾਨੀ ਦਿੱਲੀ ਪਲਾਸਟਿਕ ਕੂੜਾ ਪੈਦਾ ਕਰਨ ਵਿੱਚ ਸਭ ਤੋ ਅੱਗੇ ਹੈ।ਜਲ , ਥਲ ਦੇ ਨਾਲ ਨਾਲ ਅਕਾਸ ਵਿਚ ਵੀ ਕੂੜਾ ਵੱਧਦਾ ਜਾ ਰਿਹਾ ਹੈ।ਹੁਣ ਤੱਕ ਤਾਂ ਜਮੀਨੀ ਕਚਰਾ ਹੀ ਸਿਰ ਦਰਦ ਸੀ ਪਰ ਹੁਣ ਅਕਾਸ ਵਿਚ ਵੱਧਦਾ ਕਚਰਾ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।ਸਮੁੰਦਰਾਂ ਵਿਚ ਵੱਧਦਾ ਜਾ ਰਿਹਾ ਕਚਰਾ ਉੱਥੋਂ ਦੇ ਜੀਵਾਂ ਲਈ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ।ਕਈ ਥਾਂਵਾ ਤੇ ਤਾਂ ਸਮੁੰਦਰੀ ਕਚਰਾ ਇੰਨਾ ਵੱਧ ਚੁੱਕਿਆ ਹੈ ਕਿ ਉਹ ਇਕ 'ਦੀਪ' ਦੀ ਤਰਾ੍ਹਂ ਨਜ਼ਰ ਆਉਂਦਾ ਹੈ।ਸੋਧ ਕਰਤਾ ਦੱਸਦੇ ਹਨ ਕਿ ਜੇਕਰ ਜਲ ਸ੍ਰੋਤਾਂ ਵਿਚ ਕਚਰਾ ਇੰਝ ਹੀ ਵੱਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਜਲ ਸ੍ਰੋਤਾਂ ਵਿਚ ਜਲੀ ਜੀਵ ਘੱਟ ਅਤੇ ਕਚਰਾ ਵੱਧ ਹੋਵੇਗਾ।ਗੱਲ ਕਰਦੇ ਹਾਂ ਅਕਾਸੀ ਕਚਰੇ ਵਾਰੇ ।ਪਹਿਲਾਂ ਪਹਿਲ ਕੇਵਲ ਕੁਦਰਤੀ ਕਚਰੇ ਨੂੰ ਹੀ ਅਕਾਸੀ ਕਚਰਾ ਜਾ ਅਸਮਾਨੀ ਮਲਵਾ ਕਿਹਾ ਜਾਂਦਾ ਸੀ ਜਿਸ ਵਿਚ ਛੋਟੇ ਛੋਟੇ ਪੱਥਰ, ਉਲਕਾਵਾਂ ,ਧੂਮਕੇਤੂ ਆਦਿ ਸਾਮਿਲ ਸਨ ਪਰ ਬਾਅਦ ਵਿਚ ਬਨਾਉਟੀ ਕਚਰੇ ਦੀ ਮਾਤਰਾ ਵੱਧਦੀ ਹੀ ਚਲੀ ਗਈ।ਅਕਾਸ ਵਿਚ ਬਨਾਉਟੀ ਕਚਰੇ ਵਿਚ ਪ੍ਰਮੁੱਖ ਤੌਰ ਤੇ ਮ੍ਰਿਤ ਉਪਗ੍ਰਹਿ ਅਤੇ ਰਾਕੇਟਾਂ ਦੇ ਅਵਸੇਸ ਆਦਿ ਸਾਮਿਲ ਹਨ।ਜਦੋਂ ਵੀ ਕੋਈ ਉਪਗ੍ਰਹਿ ਖਰਾਬ ਹੋ ਜਾਂਦਾ ਹੈ ਤਾਂ ਉਹ ਵੀ ਪ੍ਰਿਥਵੀ ਦੇ ਗ੍ਰਹਿ ਪੱਥ ਵਿਚ ਘੁੰਮਦਾ ਰਹਿੰਦਾ ਹੈ।ਇਸੇ ਤਰ੍ਹਾਂ ਹੀ ਜਦੋ ਕੋਈ ਉਪਗ੍ਰਹਿ ਜਾ ਹੋਰ ਕੋਈ ਪੁਲਾੜੀ ਯੰਤਰ ਪੁਲਾੜ ਵਿਚ ਛੱਡਿਆ ਜਾਂਦਾ ਹੈ ਤਾਂ ਰਾਕੇਟਾਂ ਦੀ ਮਦਦ ਲਈ ਜਾਂਦੀ ਹੈ।ਇਹ ਰਾਕੇਟ ਵੱਖ ਵੱਖ ਪੜਾਵਾਂ ਵਿਚ ਅਲੱਗ ਹੋ ਜਾਂਦੇ ਹਨ ਅਤੇ ਕਚਰੇ ਦੇ ਰੂਪ ਵਿਚ ਅਕਾਸ ਵਿਚ ਘੁੰਮਦੇ ਰਹਿੰਦੇ ਹਨ।ਸੋਧ ਕਰਤਾ ਦੱਸਦੇ ਹਨ ਕਿ ਪ੍ਰਿਥਵੀ ਦੇ ਗ੍ਰਹਿਪਥ ਵਿਚ ਸਭ ਤੋ ਜਿਆਦਾ ਮਲਵਾ ਹੈ।ਜਿਸ ਵਿਚ ਸਭ ਤੋ ਅਧਿਕ ਮਾਤਰਾ ਵਿਚ ਬਨਾਉਟੀ ਕਚਰਾ ਸਾਮਿਲ ਹੈ।ਨਾਸਾ ਨੇ 1979 ਵਿਚ ਪ੍ਰਿਥਵੀ ਤੇ ਗ੍ਰਹਿ ਪਥ ਵਿਚ ਮੌਜੂਦ ਕਚਰੇ ਦੇ ਅਧਿਐਨ ਲਈ ਇਕ ਪ੍ਰੋਗਰਾਮ ਉਲੀਕਿਆ ਸੀ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਿਥਵੀ ਦੇ ਗ੍ਰਹਿਪੱਥ ਵਿਚ ਬਨਾਉਟੀ ਕਚਰੇ ਜਿਵੇਂ ਪੁਰਾਣੇ ਉਪਗ੍ਰਹਿ ,ਰਾਕੇਟਾਂ ਦਾ ਮਲਵਾ ਆਦਿ ਦਾ ਅਧਿਐਨ ਕਰਨਾ ਸੀ।ਕਈ ਮਿਲੀਅਨ ਕਚਰੇ ਦੇ ਟੁਕੜੇ ਅਕਾਸ ਵਿਚ ਲਗਾਤਾਰ ਘੁੰਮ ਰਹੇ ਹਨ।ਜਿਸ ਵਿਚ ਇਕ ਸੈਟੀਮੀਟਰ ਤੋ ਘੱਟ ਅਕਾਰ ਤੋ ਲੈ ਕੇ ਵੱਡੇ ਵੱਡੇ ਆਕਾਰ ਦੇ ਕਚਰੇ ਦੇ ਟੁਕੜੇ ਸਾਮਿਲ ਹਨ।ਅਕਾਸੀ ਦੁਨੀਆਂ ਇਹਨਾਂ ਟੁਕੜਿਆਂ ਤੋ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੀ ਹੈ।ਅਕਾਸੀ ਕਚਰਾ ਉੱਥੇ ਕੰਮ ਕਰ ਰਹੇ ਯੰਤਰਾਂ ਲਈ ਇਕ ਭਿਆਨਕ ਸਮੱਸਿਆ ਹੈ।ਜਦੋਂ ਕਦੇ ਵੀ ਅਕਾਸੀ ਯੰਤਰ ਇਹਨਾਂ ਟੁਕੜਿਆਂ ਨਾਲ ਟਕਰਾਉਂਦੇ ਹਨ ਤਾਂ ਉਹ ਨਸ਼ਟ ਹੋ ਜਾਂਦੇ ਹਨ।ਇਸ ਪ੍ਰਕਾਰ ਜਿੱਥੇ ਪੁਲਾੜੀ ਯੰਤਰਾਂ ਦੀ ਉਮਰ ਘੱਟ ਰਹੀ ਹੈ ਉੱਥੇ ਹੀ ਅਕਾਸੀ ਕਚਰਾ ਵੀ ਵੱਧਦਾ ਜਾ ਰਿਹਾ ਹੈ।ਅਕਾਸੀ ਕਚਰੇ ਦੇ ਟੁਕੜੇ ਬਹੁਤ ਜਿਆਦਾ ਰਫਤਾਰ ਨਾਲ ਪੁਲਾੜ ਵਿਚ ਘੁੰਮਦੇ ਹਨ।ਜੇਕਰ ਇਹਨਾਂ ਦੀ ਰਫਤਾਰ ਦੀ ਗੱਲ ਕਰਾਂ ਤਾਂ ਇਹਨਾਂ ਦੀ ਰਫਤਾਰ ਲਗਭਗ 17500 ਮੀਲ ਪ੍ਰਤਿ ਘੰਟਾ ਹੈ।ਇਹ ਰਫਤਾਰ ਇਕ ਗੋਲੀ ਦੀ ਰਫਤਾਰ ਨਾਲੋਂ ਲਗਭਗ ਸੱਤ ਗੁਣਾਂ ਜਿਆਦਾ ਹੈ।ਜਿਵੇਂ ਜਿਵੇਂ ਅਕਾਸੀ ਕਚਰਾ ਵੱਧਦਾ ਜਾ ਰਿਹਾ ਹੈ ਉਵੇਂ ਉੇਵੇਂ ਨਵੀਆਂ ਨਵੀਆਂ ਸਮੱਸਿਆਵਾਂ ਵੀ ਉਤਪੰਨ ਹੋ ਰਹੀਆਂ ਹਨ।ਸੋਧ ਕਰਤਾਵਾਂ ਦਾ ਇਹ ਮੰਨਣਾ ਹੈ ਕਿ ਇਹ ਅਕਾਸੀ ਕਚਰਾ ਪੁਲਾੜ ਦੇ ਮਿਸਨਾਂ ਲਈ ਬਹੁਤ ਵੱਡਾ ਖਤਰਾ ਹੈ।ਇਸ ਕਚਰੇ ਨਾਲ ਜਿੱਥੇ ਉਪਗ੍ਰਹਿਆਂ ਦੇ ਜੀਵਨ ਕਾਲ ਨੂੰ ਬਹੁਤ ਵੱਡਾ ਫਰਕ ਪਵੇਗਾ ਉੱਥੇ ਹੀ ਇਹਨਾਂ ਦੇ ਜਲਦੀ ਨਸ਼ਟ ਹੋਣ ਦਾ ਖਤਰਾ ਵੀ ਬਣਿਆਂ ਰਹੇਗਾ।ਇਹ ਗੱਲ ਉਦੋਂ ਸੱਚ ਹੋ ਗਈ ਜਦ 1996 ਵਿਚ ਇਕ ਫਰਾਂਸੀਸੀ ਉਪਗ੍ਰਹਿ ਇਕ ਫਰਾਂਸੀਸੀ ਰਾਕੇਟ ਦੇ ਮਲਵੇ ਨਾਲ ਟਕਰਾ ਕੇ ਨਸ਼ਟ ਹੋ ਗਿਆ।ਵਿਚਾਰਨਯੋਗ ਗੱਲ ਇਹ ਹੈ ਕਿ ਜਿਸ ਰਾਕੇਟ ਦੇ ਨਾਲ ਇਹ ਉਪਗ੍ਰਹਿ ਟਕਰਾਇਆ ਸੀ ਉਹ ਲਗਭਗ ਇਕ ਦਹਾਕੇ ਪਹਿਲਾਂ ਵਿਸਫੋਟ ਹੋ ਚੁੱਕਾ ਸੀ।ਇਸ ਪ੍ਰਕਾਰ ਜਿੱਥੇ ਇਕ ਕੀਮਤੀ ਉਪਗ੍ਰਹਿ ਨਸ਼ਟ ਹੋ ਗਿਆ ਉੱਥੇ ਹੀ ਅਕਾਸੀ ਕਚਰੇ ਵਿਚ ਵੀ ਵਾਧਾ ਹੋਇਆ।ਇਸੇ ਪ੍ਰਕਾਰ ਹੀ 2009 ਦੇ ਵਿਚ ਇਕ ਮ੍ਰਿਤ ਰੂਸੀ ਉਪਗ੍ਰਹਿ ਯੂ.ਐਸ. ਦੇ ਇਕ ਉਪਗ੍ਰਹਿ ਨਾਲ ਟਕਰਾ ਗਿਆ।ਇਹ ਧਮਾਕਾ ਬਹੁਤ ਜਿਆਦਾ ਜਬਰਦਸਤ ਸੀ ਇਸ ਵਿਚ ਉਪਗ੍ਰਹਿ ਦੇ ਕਰੀਬ 2000 ਟੁਕੜੇ ਹੋਏ।ਇਸੇ ਪ੍ਰਕਾਰ ਹੀ ਚੀਨ ਨੇ ਆਪਣੇ ਇਕ ਪੁਰਾਣੇ ਉਪਗ੍ਰਹਿ ਨੂੰ ਨਸ਼ਟ ਕਰਨ ਲਈ ਇਕ ਮਿਸਾਇਲ ਦਾ ਪ੍ਰਯੋਗ ਕੀਤਾ।ਉਪਗ੍ਰਹਿ ਤਾਂ ਨਸ਼ਟ ਹੋ ਗਿਆ ਪਰ ਇਸ ਦੇ ਲਗਭਗ 3000 ਟੁਕੜੇ ਅਕਾਸ ਵਿਚ ਫੈਲ ਗਏ।ਇਸ ਪ੍ਰਕਾਰ ਅਕਾਸੀ ਕਚਰਾ ਦਿਨ ਪ੍ਰਤਿ ਦਿਨ ਵੱਧਦਾ ਜਾ ਰਿਹਾ ਹੈ।ਜਿੱਥੇ ਇਹ ਅਕਾਸੀ ਕਚਰਾ ਉਪਗ੍ਰਹਿਆਂ ਦੇ ਜੀਵਨ ਕਾਲ ਨੂੰ ਘਟਾ ਰਿਹਾ ਹੈ ਉੱਥੇ ਹੀ ਇਹ ਅੰਤਰਿਕਸ਼ ਯਾਤਰੀਆਂ ਲਈ ਵੀ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।ਦੁਨੀਆਂ ਭਰ ਦੀ ਸੰਸਥਾਂਵਾਂ ਅਕਾਸੀ ਕਚਰੇ ਨੂੰ ਲੈ ਕੇ ਸੰਜੀਦਾ ਹਨ।ਰਾਹਤ ਦੀ ਗੱਲ ਇਹ ਹੈ ਕਿ ਅਕਾਸੀ ਕਚਰਾ ਧਰਤੀ ਵਾਸੀਆਂ ਲਈ ਬਹੁਤ ਵੱਡਾ ਖਤਰਾ ਨਹੀਂ ਹੈ।ਜਦੋਂ ਕੋਈ ਅਕਾਸੀ ਕਚਰੇ ਦਾ ਟੁਕੜਾ ਧਰਤੀ ਦੀ ਸਤਹ ਵੱਲ ਆਉਂਦਾ ਹੈ ਤਾਂ ਵਾਯੂਮੰਡਲ ਦੀ ਸੰਘਣਤਾ ਕਾਰਨ ਇਸ ਨੂੰ ਅੱਗ ਲੱਗ ਜਾਂਦੀ ਹੈ ਤੇ ਇਹ ਨਸ਼ਟ ਹੋ ਜਾਂਦਾ ਹੈ ਪਰ ਭਾਰੀ ਕਚਰੇ ਦੇ ਟੁਕੜੇ ਕਈ ਵਾਰੀ ਧਰਤੀ ਦੀ ਸਤਹ ਤੇ ਪਹੁੰਚ ਵੀ ਜਾਂਦੇ ਹਨ।ਬੇਸ਼ਕ ਧਰਤੀ ਵਾਸੀਆਂ ਨੂੰ ਹਾਲ ਦੀ ਘੜੀ ਅਕਾਸੀ ਕਚਰੇ ਦਾ ਬਹੁਤਾ ਨੁਕਸਾਨ ਨਹੀਂ ਹੈ ਪਰ ਜਿਸ ਪ੍ਰਕਾਰ ਅਕਾਸੀ ਕਚਰਾ ਵੱਧ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਇਕ ਵੱਡੀ ਚੁਣੌਤੀ ਬਣ ਜਾਵੇ।ਇਸ ਲਈ ਵਿਗਿਆਨਿਕ ਸੰਸਥਾਂਵਾਂ ਅਤੇ ਸਰਕਾਰਾਂ ਨੂੰ ਇਸ ਪ੍ਰਤਿ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਫੈਸਲ ਖਾਨ
ਜਿਲ੍ਹਾ : ਰੋਪੜ
ਮੋਬ: 99149-65937 

ਜਲਗਾਹਾਂ : ਇਕ ਅਨਮੋਲ ਤੋਹਫਾ

ਕਹਿੰਦੇ ਹਨ ਕਿ ਜੇਕਰ ਪੌਦੇ ਧਰਤੀ ਦੇ ਫੇਫੜੇ ਹਨ ਤਾਂ ਜਲਗਾਹਾਂ ਧਰਤੀ ਦੀਆਂ ਕਿਡਨੀਆਂ।ਜਲਗਾਹਾਂ ਬੇਅੰਤ ਪੌਦਿਆਂ, ਛੋਟੇ ਜੀਵਾਂ, ਪੰਛੀਆਂ, ਥਣਧਾਰੀ ਜੀਵਾਂ, ਮੱਛੀਆਂ ਆਦਿ ਦਾ ਰਹਿਣ ਬਸੇਰਾ ਹਨ।ਜਲਗਾਹਾਂ ਕੇਵਲ ਦੇਸੀ ਪੰਛੀਆਂ ਨੂੰ ਹੀ ਨਹੀ ਸਗੋਂ ਪਰਵਾਸੀ ਪੰਛੀ ਜੋ ਬਾਹਰਲੇ ਦੇਸ਼ਾ ਤੋ ਪਰਵਾਸ ਕਰਕੇ ਆਉਂਦੇ ਹਨ, ਨੂੰ ਵੀ ਰਹਿਣ ਸਥਾਨ ਪ੍ਰਦਾਨ ਕਰਦੀਆਂ ਹਨ।ਲੱਖਾਂ ਹੀੇ ਦੇਸੀ ਅਤੇ ਵਿਦੇਸੀ ਜਲਗਾਹਾਂ ਤੇ ਦੇਖਣ ਨੂੰ ਮਿਲਦੇ ਹਨ।ਇਹ ਨਜ਼ਾਰਾ ਇੰਨਾ ਸੁੰਦਰ ਹੁੰਦਾ ਹੈ ਕਿ ਇਸ ਨੂੰ ਸਬਦਾਂ ਵਿਚ ਬਿਆਨ ਹੀ ਨਹੀ ਕੀਤਾ ਜਾ ਸਕਦਾ।ਜਲਗਾਹਾਂ ਛੋਟੀਆਂ ਵੀ ਨੇ,  ਵੱਡੀਆਂ ਵੀ, ਰਾਸਟਰੀ ਵੀ ਅਤੇ ਅੰਤਰ ਰਾਸਟਰੀ ਵੀ।ਸਭ ਤੋ ਪਹਿਲਾ ਗੱਲ ਕਰਦੇ ਹਾਂ ਜਲਗਾਹਾਂ ਦੇ ਸਿੱਧੇ ਅਤੇ ਅਸਿੱਧੇ ਲਾਭਾਂ ਵਾਰੇ। ਜੋ ਲੋਕਾਂ ਨੂੰ ਹਨ ,ਚੋਗਿਰਦੇ ਨੂੰ ਹਨ ਅਤੇ ਦੇਸ ਨੂੰ ਹਨ।ਜਲਗਾਹਾਂ ਜਿੱਥੇ ਲੱਖਾਂ ਹੀ ਦੇਸੀ ਵਿਦੇਸੀ ਪੰਛੀਆਂ, ਜੀਵਾਂ ,ਮੱਛੀਆਂ ਆਦਿ ਦਾ ਰਹਿਣ ਬਸੇਰਾ ਹਨ ਉੱਥੇ ਹੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਮਨੁੱਖੀ ਜੀਵਨ ਵਿਚ ਵੀ ਹੈ।ਜਲਗਾਹਾਂ ਜੈਵ ਵਿਭਿੰਨਤਾ ਪੱਖੋ ਬਹੁਤ ਅਮੀਰ ਸਥਾਨ ਹੁੰਦੇ ਹਨ।ਕਈ ਪ੍ਰਕਾਰ ਦੀਆਂ ਬਹੁਤ ਹੀ ਉਪਯੋਗੀ ਜੜ੍ਹੀ ਬੂਟੀਆਂ ਜਲਗਾਹਾਂ ਦੇ ਨੇੜੇ ਤੇੜੇ ਪਾਈਆਂ ਜਾਂਦੀਆਂ ਹਨ।ਅਨੇਕਾਂ ਪ੍ਰਕਾਰ ਦੀਆਂ ਮੱਛੀਆਂ ਤੋ ਇਲਾਵਾ ਅਸੁੱਰਖਿਅਤ ਅਤੇ ਸੰਕਟਕਾਲ਼ੀਨ ਪ੍ਰਜਾਤੀਆਂ ਦਾ ਰਹਿਣ ਬਸੇਰਾ ਵੀ ਜਲਗਾਹਾਂ ਹਨ।ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਵਿਚ ਵੀ ਜਲਗਾਹਾਂ ਦਾ ਅਹਿਮ ਯੋਗਦਾਨ ਹੈ।ਜਿਕਰਯੋਗ ਹੈ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਤੇਜੀ ਨਾਲ ਘੱਟਦਾ ਜਾ ਰਿਹਾ ਹੈ।ਬੇਹਿਸਾਬਾ ਪਾਣੀ ਧਰਤੀ ਵਿਚੋ ਕੱਢਣਾ , ਧਰਤੀ ਹੇਠਲੇ ਪਾਣੀ ਨੂੰ ਸੰਭਾਲ ਕੇ ਰੱਖਣ ਵਾਲੀ ਏਜੰਸੀ ''ਰੁੱਖ'' ਆਦਿ ਦਾ ਲਗਾਤਾਰ ਘੱਟਣਾ ਆਦਿ ਕੁਝ ਪ੍ਰਮੁੱਖ ਕਾਰਨ ਹਨ ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ।ਡਾਟੇ ਦੱਸਦੇ ਹਨ ਕਿ ਸਿਰਫ ਏਸੀਆ ਵਿਚ ਹੀ ਕਰੀਬ ਇਕ ਮਿਲੀਅਨ ਤੋ ਵੱਧ ਲੋਕ ਸਿੱਧੇ ਤੋਰ ਤੇ ਧਰਤੀ ਹੇਠਲੇ ਪਾਣੀ ਤੇ ਨਿਰਭਰ ਕਰਦੇ ਹਨ।ਉੱਥੇ ਹੀ ਇਹ ਆਂਕੜਾ ਯੂਰਪ ਵਿਚ 65% ਤੋ ਵੱਧ ਹੈ।ਜਲਗਾਹਾਂ ਧਰਤੀ ਹੇਠਲੇ ਪਾਣੀ ਨੂੰ ਸੰਭਾਲਣ ਵਿਚ ਆਪਣੀ ਇਕ ਅਹਿਮ ਭੂਮਿਕਾ ਨਿਭਾ ਰਹੀਆਂ ਹਨ।ਪਾਣੀ ਨੂੰ ਸਾਫ ਕਰਨ ਵਿਚ ਵੀ ਜਲਗਾਹਾਂ  ਦਾ ਅਹਿਮ ਰੋਲ ਹੈ।ਇਸ ਤੋ ਇਲਾਵਾ ਜਲਗਾਹਾਂ ਤੇ ਆਉਂਦੇ ਦੇਸੀ ਵਿਦੇਸੀ ਪੰਛੀ ਹਮੇਸਾ ਹੀ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਹੇ ਹਨ।ਬਹੁਤ ਸਾਰ ਸੋਧਕਰਤਾ ਪੰਛੀਆਂ ਦੇ ਪਰਵਾਸ ਅਤੇ ਪਰਵਾਸ ਦੌਰਾਨ ਪ੍ਰਜਣਨ ਆਦਿ ਉੱਤੇ ਆਪਣੀਆਂ ਖੋਜਾਂ ਕਰਦੇ ਹਨ।ਦੇਸੀ ਵਿਦੇਸੀ ਪੰਛੀਆਂ ਦੀ ਆਮਦ ਨਾਲ ਸੈਰ ਸਪਾਟੇ ਨੂੰ ਹੁੰਗਾਰਾ ਮਿਲਦਾ ਹੈ।ਜਿਸ ਨਾਲ ਦੇਸ ਨੂੰ ਆਰਥਿਕ ਪੱਧਰ ਤੇ ਲਾਭ ਹੁੰਦਾ ਹੈ।ਕੁਲ ਮਿਲਾ ਕੇ ਸਾਡੇ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ 'ਜਲਗਾਹਾਂ'।
ਪੂਰੇ ਸੰਸਾਰ ਵਿਚ ਖਾਰੇ ਅਤੇ ਤਾਜੇ ਪਾਣੀ ਦੀਆਂ ਦੋਨਾਂ ਪ੍ਰਕਾਰ ਦੀਆਂ ਜਲਗਾਹਾਂ ਪਾਈਆਂ ਜਾਂਦੀਆਂ ਹਨ।ਵਿਸਵ ਦੀਆਂ ਕੁਝ ਵੱਡੀਆਂ ਜਲਗਾਹਾਂ ਜਿਵੇ ਐਮਾਜੋਨ ,ਸੁੰਦਰਬਨ ,ਗੰਗਾ ਬ੍ਰਾਹਮਪੁਤਰ ਡੈਲਟਾ, ਪੈਟਾਨਲ ਜਲਗਾਹ ,ਦੱਖਣੀ ਅਮਰੀਕਾ ਆਦਿ।ਜਲਗਾਹਾਂ ਉਤੇ 1971 ਵਿਚ ਯੂਨੀਸਕੋ (UNESCO) ਨੇ ਇਕ ਸੰਮੇਲਨ ਕਰਵਾਈਆ ,ਜਿਸ ਨੂੰ ਰਾਮਸਰ ਸੰਮੇਲਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਸ ਸੰਮੇਲਨ ਦੌਰਾਨ ਜਲਗਾਹਾਂ ਦੀ ਸਾਂਭ ਸੰਭਾਲ, ਮਹੱਤਵ, ਅਤੇ ਜਲਗਾਹਾਂ ਦੇ ਸ੍ਰੋਤਾਂ ਦੀ ਸਥਾਈ ਵਰਤੋਂ ਉੱਤੇ ਚਰਚਾ ਕੀਤੀ ਗਈ।ਕੁਝ ਜਲਗਾਹਾਂ ਨੂੰ, ਜਿੰਨ੍ਹਾਂ ਦਾ ਅੰਤਰ ਰਾਸਟਰੀ ਪੱਧਰ ਤੇ ਮਹੱਤਵ ਹੈ , ਨੂੰ ਵਿਸੇਸ ਦਰਜਾ ਦਿੱਤਾ ਗਿਆ।ਇਨ੍ਹਾ ਜਲਗਾਹਾਂ ਨੂੰ ਰਾਮਸਰ ਜਲਗਾਹ ਜਾ ਰਾਮਸਰ ਸਥਾਨ ਕਿਹਾ ਜਾਂਦਾ ਹੈ।ਪੂਰੀ ਦੁਨੀਆਂ ਵਿਚ ਲਗਭਗ 2331 ਰਾਮਸਰ ਜਲਗਾਹਾਂ ਹਨ।
ਆਓ ਜਾਣਦੇ ਹਾਂ ਭਾਰਤ ਦੀਆਂ ਰਾਮਸਰ ਜਲਗਾਹਾਂ ਵਾਰੇ :
ਹਰੀਕੇ ਜਲਗਾਹ (Harike Lake ) ,ਪੰਜਾਬ 
ਕਾਂਜਲੀ ਜਲਗਾਹ (Kanjli )  ,ਪੰਜਾਬ
ਰੋਪੜ ਜਲਗਾਹ (Ropar)  ,ਪੰਜਾਬ
ਕੋਲੀਰੂ ਜਲਗਾਹ, (Kolleru Lake)  ਆਂਧਰਾ ਪ੍ਰਦੇਸ
ਦੀਪੁਰ ਬੇਲ ਜਲਗਾਹ (Deepor Beel)  , ਅਸਾਮ
ਨਾਲ ਸਰੋਵਰ ਜਲਗਾਹ (Nalsarovar Bird Sanctuary)  ,ਗੁਜਰਾਤ
ਚੰਦਰ ਤਾਲ (Chandertal Wetland) ,  ਹਿਮਾਚਲ ਪ੍ਰਦੇਸ
ਪੌਂਗ ਡੈਮ (Pong Dam Lake)  ,ਹਿਮਾਚਲ ਪ੍ਰਦੇਸ
ਰੇਣੁਕਾ ਝੀਲ (Renuka Wetland) , ਹਿਮਾਚਲ ਪ੍ਰਦੇਸ
ਹੋਕੀਰਾ ਜਲਗਾਹ (Hokera Wetland) ,ਜੰਮੂ ਅਤੇ ਕਸਮੀਰ
ਮਾਨਸਰ ਜਲਗਾਹ (Mansar Lakes) ,ਜੰਮੂ ਅਤੇ ਕਸਮੀਰ
ਮੋਰਿਰੀ ਜਲਗਾਹ (Tsomoriri)      ,ਜੰਮੂ ਅਤੇ ਕਸਮੀਰ
ਵੁੱਲਰ ਝੀਲ (Wular lake)  ,ਜੰਮੂ ਅਤੇ ਕਸਮੀਰ
ਅਸਟਮੂਡੀ ਜਲਗਾਹ (Ashtamudi Wetland), ਕੇਰਲਾ
ਸਸਥਮਕੋਟਾ ਜਲਗਾਹ (Sasthamkotta Lake) , ਕੇਰਲਾ
ਬਿੰਬਨਾਦ ਜਲਗਾਹ (Vembanad Wetland), ਕੇਰਲਾ
ਭੁੱਜ ਜਲਗਾਹ (Bhoj wetland) , ਮੱਧ ਪ੍ਰਦੇਸ
ਲ਼ੋਕਤਕ ਜਲਗਾਹ (Loktak Lake) ,ਮਨੀਪੁਰ
ਭਿਤਰਕਾਨਿਕਾ ਜਲਗਾਹ (Bhitarkanika)  , ਉੜੀਸਾ
ਚਿਲਕਾ ਝੀਲ (Chilika lake)  ,ਉੜੀਸਾ
ਸ਼ਾਭਰ ਜਲਗਾਹ (Sambhar Lake) , ਰਾਜਸਥਾਨ
ਕਿਓਲਾਦਿਓ ਜਲਗਾਹ (Keoladeo National Park) , ਰਾਜਸਥਾਨ
ਪੁਆਇੰਟ ਕੈਲੀਮਰੇ ਪੰਛੀ ਅਤੇ ਜੰਗਲੀ ਜੀਵ ਰੱਖ ( Point Calimere Wildlife and Bird Sanctuary) , ਤਾਮਿਲਨਾਡੂ
ਰੁਦਰਸਾਗਰ ਝੀਲ (Rudrasagar Lake) , ਤ੍ਰਿਪੁਰਾ
ਅੱਪਰ ਗੰਗਾ ਨਦੀ ਜਾ ਗੰਗਾ ਨਹਿਰ (Upper Ganga River)  , ਉੱਤਰ ਪ੍ਰਦੇਸ
ਪੂਰਵੀ ਕਲਕੱਤਾ ਜਲਗਾਹ ( East Calcuttta wetland) , ਪੱਛਮੀ ਬੰਗਾਲ
ਬੜੇ ਹੀ ਮਾਣ ਅਤੇ ਖੁਸੀ ਦੀ ਗੱਲ ਹੈ ਕਿ ਪੰਜਾਬ ਦੀਆਂ ਤਿੰਨ ਜਲਗਾਹਾਂ : ਹਰੀਕੇ ਜਲਗਾਹ , ਕਾਂਜਲੀ ਜਲਗਾਹ ਅਤੇ ਰੋਪੜ ਜਲਗਾਹ ਰਾਮਸਰ ਜਲਗਾਹਾਂ ਦੀ ਸ੍ਰੇਣੀ ਵਿਚ ਸਾਮਿਲ ਹਨ।ਆਓ ਜਾਣਦੇ ਹਾਂ ਇਨ੍ਹਾਂ ਤਿੰਨਾਂ ਜਲਗਾਹਾਂ ਵਾਰੇ:-
ਕਾਂਜਲੀ ਜਲਗਾਹ: ਕਾਂਜਲੀ ਜਲਗਾਹ ਪੰਜਾਬ ਦੇ ਕਪੂਰਥਲਾ ਜਿਲੇ ਵਿਚ ਸਥਿਤ ਹੈ।ਇਹ ਜਲਗਾਹ ਕਾਲੀ ਵੇਈ ਉਤੱ ਬਣੀ ਹੋਈ ਹੈ।ਇਹ ਇਕ ਮਸਨੂਈ ਜਲਗਾਹ ਹੈ।ਇਸ ਜਲਗਾਹ ਦਾ ਬਹੁਤ ਵੱਡਾ ਧਾਰਮਿਕ ਮਹੱਤਵ ਵੀ ਹੈ।ਇਹ ਜਲਗਾਹ ਇਕ ਵਧੀਆ ਪਿਕਨਿਕ ਸਥਾਨ ਤੋ ਇਲਾਵਾ ਦੇਸੀ ਵਿਦੇਸੀ ਪੰਛੀਆਂ ਦਾ ਇਕ ਕ੍ਰਿਰਿਆਸ਼ੀਲ ਸਥਾਨ ਹੈ।ਇੰਟਰਨੈਟ ਤੋ ਪ੍ਰਾਪਤ ਡਾਟੇ ਅਨੁਸਾਰ ਇੱਥੇ ਲਗਭਗ 4 ਥਣਧਾਰੀ ,90 ਤੋ ਵੱਧ ਜਾਤੀਆਂ ਦੇ ਪੰਛੀ ਅਤੇ ਹੋਰ ਅਨੇਕਾਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
ਹਰੀਕੇ ਪੱਤਣ ਜਾ ਹਰੀਕੇ ਜਲਗਾਹ: ਇਹ ਇਕ ਮਸਨੂਈ ਜਲਗਾਹ ਹੈ।ਇੱਥੇ ਵੱਖ ਵੱਖ ਪ੍ਰਕਾਰ ਦੀਆਂ ਜਾਤੀਆਂ ਦੇ ਲੱਖਾਂ ਹੀ ਪੰਛੀ ਆਉਂਦੇ ਹਨ।ਸਰਦੀਆਂ ਵਿਚ ਇਹ ਨਜ਼ਾਰਾ ਵੇਖਦਿਆਂ ਹੀ ਬਣਦਾ ਹੈ।
ਰੋਪੜ ਜਲਗਾਹ: ਰੋਪੜ ਜਲਗਾਹ ਪੰਜਾਬ ਦੇ ਰੋਪੜ ਜਿਲੇ ਵਿਚ ਸਥਿਤ ਹੈ।ਇੱਥੇ ਹਜਾਰਾਂ ਹੀ ਦੇਸੀ ਵਿਦੇਸੀ ਪੰਛੀਆਂ ਤੋ ਇਲਾਵਾ ਮੱਛੀਆਂ , ਪ੍ਰੋਟੋਜੋਆ ਅਤੇ ਹੋਰ ਜੀਵਾਂ ਦੀਆਂ ਅਨੇਕਾਂ ਕਿਸਮਾਂ ਪਾਈਆਂ ਜਾਦੀਆਂ ਹਨ।
ਇਹਨਾਂ ਤੋ ਇਲਾਵਾ ਰਣਜੀਤ ਸਾਗਰ ਅਤੇ ਨੰਗਲ ਜਲਗਾਹ ਨੂੰ ਰਾਸਟਰੀ ਜਲਗਾਹ ਦਾ ਦਰਜਾ ਪ੍ਰਾਪਤ ਹੈ।ਨੰਗਲ ਜਲਗਾਹ ਵਿਚ ਅਨੇਕਾਂ ਹੀ ਪੰਛੀ ਰੂਸ ,ਚੀਨ,ਯੁਕਰੇਨ, ਕਜਾਕਿਸਤਾਨ ਆਦਿ ਮੁਲਕਾਂ ਤੋ ਆਉਦੇ ਹਨ।ਭਾਵੇ ਨੰਗਲ ਰਾਸਟਰੀ ਜਲਗਾਹ ਹੈ ਪਰ ਦੇਸੀ ਵਿਦੇਸੀ ਪੰਛੀਆਂ ਦੀ ਆਮਦ ਨਾਲ ਇੱਥੇ ਚਾਰ ਚੰਨ ਲੱਗ ਜਾਦੇ ਹਨ।
ਕਿਹਾ ਜਾਵੇ ਤਾ ਜਲਗਾਹਾਂ ਪਰਮਾਤਮਾ ਵਲੋਂ ਮਨੁੱਖ ਅਤੇ ਹੋਰਨਾਂ ਜੀਵ ਜੰਤੂਆਂ ,ਪੰਛੀਆਂ ਆਦਿ ਲਈ ਇਕ ਅਹਿਮ ਤੋਹਫਾ ਹੈ।ਪਰ ਅੱਜ ਜਲਗਾਹਾਂ ਆਪਣਾ ਅਸਤਿਤਤਵ ਖੋਹਦੀਆਂ ਜਾ ਰਹੀਆਂ ਹਨ।ਜਲਗਾਹਾਂ ਹੇਠਲਾ ਰਕਬਾ ਹੁਣ ਘੱਟਦਾ ਜਾ ਰਿਹਾ ਹੈ।ਮਨੁੱਖ ਦੀਆਂ ਗੈਰ ਕੁਦਰਤੀ ਗਤੀਵਿਧੀਆਂ ਕਾਰਨ ਅੱਜ ਜਲਗਾਹਾਂ ਤੇ ਖਤਰਾਂ ਮੰਡਰਾ ਰਿਹਾ ਹੈ। ਬੇਅੰਤ ਪ੍ਰਦੂਸਣ , ਜਲਗਾਹਾਂ ਦਾ ਭਰਨਾ, ਸਹਿਰੀਕਰਣ, ਵਧਦੀ ਜਨਸੰਖਿਆਂ ਆਦਿ ਪ੍ਰਮੁੱਖ ਸਮੱਸਿਆਵਾਂ ਵਿਚ ਸਾਮਿਲ ਹਨ।ਕਾਂਜਲੀ ਜਲਗਾਹ ਵਿਚ ਵੱਧਦੀ ਹੋਈ ਜਲਕੁੰਭੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ।ਜਲਵਾਯੂ ਵਿਚ ਬਦਲਾਵ ਕਾਰਨ ਪੰਛੀਆਂ ਦਾ ਪਰਵਾਸ ਘੱਟ ਰਿਹਾ ਹੈ।ਰਸਾਇਣਿਕ ਖਾਂਦਾ ਦੇ ਪਾਣੀ ਨਾਲ ਰਲੇਵਾਂ ਹੋਣ ਕਾਰਨ ਜਲੀ ਪਰਿਸਥਿਤਿਕ ਪ੍ਰਬੰਧ ਗੜਬੜਾ ਰਿਹਾ ਹੈ।ਪੰਛੀਆਂ ਦੇ ਰਹਿਣ ਬਸੇਰੇ ਨਸਟ ਹੋ ਰਹੇ ਹਨ।ਮਹਿਮਾਨ ਪੰਛੀਆਂ ਦਾ ਸਿਕਾਰ ਵੀ ਇਕ ਵੱਡੀ ਸਮੱਸਿਆ ਹੈ।ਜਿੱਥੇ ਸਰਕਾਰਾਂ ਨੂੰ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਜਲਗਾਹਾਂ ਦਾ ਸਾਂਭ ਸੰਭਾਲ ਲਈ ਪੁੱਖਤਾ ਕਦਮ ਚੁੱਕਣ ਦੀ ਲੋੜ ਹੈ , ਉੱਥੇ ਹੀ ਸਥਾਨਕ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਮਹਿਮਾਨ ਪੰਛੀਆਂ ਅਤੇ ਹੋਰ ਜੀਵਾਂ ਦੀ ਰੱਖਿਆ ਕਰਨ।ਵਧਦੇ ਪ੍ਰਦੂਸਣ ਕਾਰਨ ਕਈ ਜੀਵ ਪ੍ਰਜਣਨ ਨਹੀ ਕਰ ਪਾਉਂਦੇ ਜਿਸ ਕਾਰਨ ਉਹਨਾਂ ਦੀ ਜਨਸੰਖਿਆ ਘੱਟਦੀ ਜਾ ਰਹੀ ਹੈ।
ਜਲਗਾਹਾਂ ਸਾਡੀਆਂ ਅਨਮੋਲ ਧਰੋਹਰ ਹਨ ।ਇਹਨਾਂ ਦੀ ਰੱਖਿਆ ਲਈ ਸਾਨੂੰ ਸਭ ਨੂੰ ਅੱਗੇ ਅਉਣਾਂ ਪਵੇਗਾ।ਹਰ ਸਾਲ 2 ਫਰਵਰੀ ਨੂੰ ਅੰਤਰ ਰਾਸਟਰੀ ਜਲਗਾਹ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿਚ ਜਲਗਾਹਾਂ ਦੇ ਮਹੱਤਵ ਅਤੇ ਉਹਨਾਂ ਦੀ ਸਾਂਭ ਸੰਭਾਲ ਪ੍ਰਤਿ ਜਾਗਰੁਕਤਾ ਪੈਦਾ ਕੀਤੀ ਜਾ ਸਕੇ।
ਆਓ ਆਪਾਂ ਵੀ ਇਸ ਜਲਗਾਹ ਦਿਵਸ ਨੂੰ ਮਨਾਈਏ ਅਤੇ ਜਲਗਾਹਾਂ ਦੇ ਸਾਂਭ ਸੰਭਾਲ ਦਾ ਪ੍ਰਣ ਕਰੀਏ।

ਫੈਸਲ ਖਾਨ
(ਚੋਗਿਰਦਾ ਪ੍ਰੇਮੀ)
ਜਿਲ੍ਹਾਂ ਰੋਪੜ
ਮੋਬ: 99149-65937 

17 Jan. 2019

ਜਿੰਦਗੀ ਦੀ ਲੁੱਕਣ ਮੀਚੀ - ਫੈਸਲ ਖਾਨ

ਹਮੀਦਾ ਉੱਚੀ ਉੱਚੀ ਬੋਲਦਾ ਘਰੋਂ ਸਾਈਕਲ ਲੈ ਕੇ ਨਿਕਲ ਗਿਆ।ਅੱਜ ਕੱਲ ਉਹ ਆਮ ਨਾਲੋਂ ਬਹੁਤ ਜਿਆਦਾ ਬੋਲਦਾ ਹੈ।ਘਰੇਂ ਵੀ ਬਿਨਾਂ ਮਤਲਬ ਤੋ ਗਾਲਾਂ ਕੱਢਦਾ ਰਹਿੰਦਾ ਹੈ।ਕਹਿੰਦੇ ਹਨ ਕਿ ਉਸ ਦੀ ਸੁਰਤੀ ਚਲੀ ਗਈ ਹੈ।ਕਿੰਨੇ ਹੀ ਚਾਵਾਂ ਨਾਲ ਉਸ ਨੇ ਆਪਣੀ ਵੱਡੀ ਕੁੜੀ ਦਾ ਵਿਆਹ ਕੀਤਾ ਸੀ।ਮੁੰਡੇ ਦਾ ਕੰਮ ਵਧੀਆ ਚਲਦਾ ਸੀ ਜਿਸ ਕਰਕੇ ਘਰ ਦੀ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਉਸ ਨੇ ਸਿਰ ਤੋਂ ਉਚਾ ਕਰਜ਼ਾ ਲੈ ਕੇ ਬੜੀ ਹੀ ਧੂਮ ਧਾਮ ਨਾਲ ਵਿਆਹ ਕੀਤਾ ਸੀ।ਮੁੰਡੇ ਦਾ ਕੰਮ ਚੰਗਾ ਹੋਣ ਕਰਕੇ ਲੋਕਾਂ ਨੇ ਵੀ ਬੜੀ ਅਸਾਨੀ ਨਾਲ ਵਿਆਜ ਤੇ ਕਰਜ਼ਾ ਦੇ ਦਿੱਤਾ।ਸਮਾਂ ਆਪਣੀ ਚਾਲ ਚੱਲਦਾ ਰਿਹਾ।ਮੁੰਡਾ ਇੱਕ ਵੱਡੇ ਸਹਿਰ ਵਿਚ ਸਬਜੀ ਅਤੇ ਫਲਾਂ ਦੀ ਰੇਹੜੀ ਲਗਾਉਂਦਾ ਸੀ।ਦਿਹਾੜੀ ਦੇ ਹਜਾਰ, ਦੋ ਹਜਾਰ ਬਚ ਹੀ ਜਾਂਦੇ ਸਨ।ਪੂਰਾ ਪਰਿਵਾਰ ਬਹੁਤ ਖੁਸ ਸੀ ਪਰ ਕੁੜੀ ਦੇ ਵਿਆਹ ਤੋ ਬਾਅਦ ਤਾਂ ਮੰਨੋਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਸਰਕਾਰ ਨੇ ਸਫਾਈ ਅਤੇ ਹੋਰ ਕਾਰਨਾਂ ਕਰਕੇ ਸਹਿਰ ਵਿਚ ਲੱਗਦੀਆਂ ਰੇਹੜੀਆਂ ਬੰਦ ਕਰਵਾ ਦਿੱਤੀਆਂ।ਆਮਦਨ ਦਾ ਇਕੋ ਇਕ ਵਸੀਲਾ ਖਤਮ ਹੋ ਗਿਆ।ਕਰਜ਼ਦਾਰ ਪੂਰੇ ਪਰਿਵਾਰ ਦੀ ਜਾਨ ਖਾਣ ਲੱਗੇ ਤੇ ਉਹ ਘਰ ਆ ਕੇ ਗਾਲਾਂ ਕੱਢਦੇ। ਹਮੀਦਾ ਦੀ ਪਤਨੀ ਇਸ ਰੋਜ਼ ਰੋਜ਼ ਦੇ ਕਲੇਸ ਤੋ ਤੰਗ ਆ ਕੇ ਰੋ-ਰੋ ਕੇ ਮਰ ਗਈ।ਕੁਝ ਕਹਿੰਦੇ ਹਨ ਕਿ ਉਸ ਨੇ ਕੁਝ ਖਾ ਹੀ ਲਿਆ ਹੋਵੇ। ਪਤਨੀ ਦੀ ਮੌਤ ਤੋਂ ਬਾਅਦ ਹਮੀਦਾ ਆਪਣੀ ਸੋਚਣ ਅਤੇ ਸਮਝਣ ਦੀ ਸਕਤੀ ਲਗਭਗ ਖੋ ਚੁੱਕਾ ਹੈ।ਮੁੰਡਾ ਜਿਹਨੇ ਆਪਣੀ ਨਵੀਂ ਵਹੁਟੀ ਨਾਲ ਲੁੱਕਣ ਮੀਚੀ ਖੇਡਣੀ ਸੀ ਹੁਣ ਕਾਰਜਦਾਰਾਂ ਨਾਲ ਲੁੱਕਣ ਮੀਚੀ ਖੇਡਦਾ ਫਿਰਦਾ ਹੈ।
ਫੈਸਲ ਖਾਨ
ਜਿਲਾ ਰੋਪੜ
ਮੋਬ:99149-65937

ਪਾਣੀ ਦੀ ਬਰਬਾਦੀ : ਇੱਕ ਚਿੰਤਾ ਦਾ ਵਿਸ਼ਾ - ਫੈਸਲ ਖਾਨ

''ਪਾਣੀ ਹੀ ਜੀਵਨ ਹੈ'' ਵਾਕ ਬੜਾ ਹੀ ਛੋਟਾ ਹੈ ਪਰ ਇਸ ਦੇ ਅਰਥ ਬਹੁਤ ਹੀ ਵੱਡੇ ਹਨ।ਜੇਕਰ ਪਾਣੀ ਨਾ ਹੁੰਦਾ ਤਾ ਕੀ ਹੁੰਦਾ?ਕੀ ਮਨੁੱਖ ਹੁੰਦਾ?ਕੀ ਬਾਕੀ ਜੀਵ ਹੁੰਦੇ? ਨਹੀ,ਇਸ ਲਈ ਹੀ ਕਿਹਾ ਗਿਆ ਹੈ ਪਾਣੀ ਹੀ ਜੀਵਨ ਹੈ।ਜੇਕਰ ਧਰਤੀ ਤੇ ਜੀਵਨ ਸੰਭਵ ਹੋਇਆ ਤਾ ਉਸ ਦਾ ਇਕ ਵੱਡਾ ਕਾਰਨ ਸੁੱਧ ਪਾਣੀ ਹੈ।ਪਾਣੀ ਨੂੰ ਤਾ ਦੇਵਤਾ ਮੰਨਿਆ ਗਿਆ।ਅੱਜ ਵੀ ਲੋਕ ਪਾਣੀ ਦੀ ਪੂਜਾ ਕਰਦੇ ਹਨ।ਲੋਕ ਨਦੀਆਂ ਤੇ ਜਾ ਕੇ ਦੀਵੇ ਜਲਾਉਦੇ ਹਨ,ਫੁੱਲ ਭੇਟ ਕਰਦੇ ਹਨ ਤੇ ਹੋਰ ਬਹੁਤ ਕੁਝ।ਜੇਕਰ ਪੁਲਾੜ ਵਿਚੋ ਲਾਈਆ ਗਈਆ ਤਸਵੀਰਾਂ ਦੇਖਿਏ ਤਾ ਧਰਤੀ ਨੀਲੀ ਨਜਰ ਆਉਦੀ ਹੈ,ਤਾ ਹੀ ਇਸ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ।ਇਸ ਦਾ ਕਾਰਨ ਇਹ ਹੈ ਕਿ ਧਰਤੀ ਤੇ ਵੱਡੀ ਮਾਤਰਾ ਵਿਚ ਪਾਣੀ ਮੋਜੂਦ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਜਿਆਦਾ ਮਾਤਰਾ ਵਿਚ ਪਾਣੀ ਹੋਣ ਦੇ ਬਾਵਜੂਦ ਵੀ ਸਾਡੇ ਪੀਣ ਲਈ ਤਾਜਾ ਤੇ ਸੁੱਧ ਪਾਣੀ ਬਹੁਤ ਘੱਟ ਮਾਤਰਾ ਵਿਚ ਹੈ।ਇਸ ਸੱਚਾਈ ਨੂੰ ਜਾਣਦੇ ਹੋਏ ਵੀ ਪਾਣੀ ਦੀ ਬਰਬਾਦੀ ਅਤੇ ਪਾਣੀ ਦਾ ਪ੍ਰਦੂਸਣ ਇਕ ਚਿੰਤਾ ਦਾ ਮੁੱਦਾ ਬਣਿਆ ਹੋਇਆ ਹੈ।ਪਾਣੀ ਦੇ ਪ੍ਰਦੂਸਣ ਕਾਰਨ ਜਿੱਥੇ ਪੀਣ ਵਾਲੇ ਪਾਣੀ ਦੀ ਮਾਤਰਾ ਘੱਟ ਵਿਚੋ ਘੱਟਦੀ ਜਾ ਰਹੀ ਹੈ, ਉਥੇ ਹੀ ਪਾਣੀ ਦੀ ਬਰਬਾਦੀ ਕਰਕੇ ਅਸੀਂ ਆਪਣੇ ਲਈ ਹੋਰ ਭਿਆਨਕ ਸੰਕਟ ਪੈਦਾ ਕਰ ਰਹੇ ਹਾਂ।ਵਿਸਵ ਸਿਹਤ ਸੰਸਥਾ (WHO) ਦੀ ਇਕ ਰਿਪੋਰਟ ਪੜ੍ਹਨ ਤੇ ਪਤਾ ਲਗਦਾ ਹੈ ਕਿ ਹਰ ਸਾਲ 3.4 ਮਿਲੀਅਨ ਲੋਕ ਜਿਸ ਵਿਚ ਜਿਆਦਾਤਰ ਬੱਚੇ ਹੁੰਦੇ ਹਨ,ਪਾਣੀ ਨਾਲ ਸੰਬੰਧਿਤ ਬਿਮਾਰੀਆ ਕਾਰਨ ਮਰਦੇ ਹਨ।ਅੱਜ ਕਈ ਦੇਸਾਂ ਵਿਚ ਸੁੱਧ ਪਾਣੀ ਪੀਣ ਨੂੰ ਨਹੀ ਮਿਲ ਰਿਹਾ ਜਿਸ ਕਾਰਨ ਲੋਕਾਂ ਦੀ ਸਿਹਤ ਦਾ ਪਾਰਾ ਲਗਾਤਾਰ ਥੱਲੇ ਡਿਗਦਾ ਜਾ  ਰਿਹਾ ਹੈ।ਜੋ ਕਿ ਇਕ ਬਹੁਤ ਵੱਡਾ ਚਿੰਤਾ ਦਾ ਵਿਸਾ ਹੈ।ਪਾਣੀ ਨੂੰ ਬਚਾਉਣ ਅਤੇ ਪਾਣੀ ਨੂੰ ਦੂਸਿਤ ਹੋਣ ਤੋ ਬਚਾਉਣ ਲਈ ਸਰਕਾਰ ਦੇ ਨਾਲ ਨਾਲ ਜਨ ਭਾਗੀਦਾਰੀ ਬਹੁਤ ਜਰੂਰੀ ਹੈ।ਕਈ ਥਾਵਾ ਤੇ ਚੋਰੀ ਛਿਪੇ ਸੀਵਰੇਜ ਦਾ ਗੰਦਾ ਪਾਣੀ ਸਿੱਧੇ ਹੀ ਜਲ ਸ੍ਰੋਤਾਂ ਵਿਚ ਮਿਲਾ ਦਿੱਤਾ ਜਾਂਦਾ ਹੈ।ਅਜਿਹੇ ਸਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।ਕੋਈ ਵੀ ਜੋ ਜਲ ਸ੍ਰੋਤਾਂ ਨੂੰ ਕਿਸੇ ਵੀ ਪ੍ਰਕਾਰ ਦੂਸਿਤ ਕਰਦਾ ਹੈ ਉਸ ਦਾ ਸਖਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ।ਦੂਸਿਤ  ਪਾਣੀ ਨਾਲ ਕਈ ਪ੍ਰਕਾਰ ਦੀਆ ਬਿਮਾਰੀਆ ਫੈਲਣ ਦਾ ਖਤਰਾ ਰਹਿੰਦਾ ਹੈ।ਕਈ ਵਿਕਾਸਸ਼ੀਲ ਦੇਸਾਂ ਵਿਚ ਜਿੱਥੇ ਸੁੱਧ ਪਾਣੀ ਦੀ ਸਪਲਾਈ ਨਹੀ ਹੈ,ਉਥੇ ਬਹੁਤ ਸਾਰੇ ਬੱਚੇ ਡਾਇਰੀਆ ਨਾਲ ਹੀ ਮਰ ਜਾਂਦੇ ਹਨ।ਪਾਣੀ ਦੀ ਬਰਬਾਦੀ ਦਾ ਮੁੱਦਾ ਵੀ ਅਸੀ ਸਭ ਨੇ ਮਿਲ ਕੇ ਹੀ ਹੱਲ ਕਰਨਾ ਹੈ।ਸਭ ਤੋ ਪਹਿਲਾ ਸਾਨੂੰ ਘਰ ਵਿਚ ਹੀ ਹੋ ਰਹੀ ਪਾਣੀ ਦੀ ਬਰਬਾਦੀ ਰੋਕਣੀ ਹੋਵੇਗੀ ਤੇ ਫਿਰ ਬਾਹਰ।
22 ਮਾਰਚ ਨੂੰ ਪਾਣੀ ਦੀ ਮਹੱਤਤਾ ਬਾਰੇ ਸਭ ਲੋਕਾਂ ਵਿਚ ਜਾਗਰੁਕਤਾ ਲਈ ਹੀ ''ਵਿਸਵ ਜਲ ਦਿਵਸ'' ਮਨਾਇਆ ਜਾਦਾ ਹੈ।ਇਸ ਦਿਵਸ ਦਾ ਮੁੱਖ ਉਦੇਸ ਇਹੀ ਹੈ ਕਿ ਲੋਕਾਂ ਵਿਚ ਜਾਗਰੁਕਤਾ ਪੈਦਾ ਕੀਤੀ ਜਾ ਸਕੇ ਤਾ ਜੋ ਲੋਕ ਪਾਣੀ ਦੀ ਮਹੱਤਤਾ ਸਮਝ ਕੇ ਪਾਣੀ ਨੂੰ ਦੂਸਿਤ ਹੋਣ ਅਤੇ ਪਾਣੀ ਦੀ ਬਰਬਾਦੀ ਨੂੰ ਰੋਕ ਸਕਣ ਕਿਉਕਿ ਪਾਣੀ ਦਾ ਸਿੱਧਾ ਸਬੰਧ ਸਿਹਤ ਨਾਲ ਹੁੰਦਾ ਹੈ ਤੇ ਸਿਹਤ ਦਾ ਸਿੱਧਾ ਸਬੰਧ ਵਿਕਾਸ ਨਾਲ॥

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲਾ ਰੋਪੜ
ਮੋਬ:99149-65937

24 Nov. 2018

ਸਿਆਸਤ ਅਤੇ ਵਾਤਾਵਰਨ - ਫੈਸਲ ਖਾਨ

''ਜਲਗਾਹਾਂ ਸਾਡੀਆਂ ਅਨਮੋਲ ਧਰੋਹਰ ਹਨ,ਜਿਨਾ੍ਹਂ ਦੀ ਦੇਖਭਾਲ ਕਰਨਾ ਸਾਡਾ ਸਭ ਦਾ ਨੈਤਿਕ ਫਰਜ ਹੈ'' ਇਸ ਵਾਕ ਦੀ ਪੂਰਤੀ ਹਿਤ ਹਰ ਸਾਲ 2 ਫਰਵਰੀ  ਜਲਗਾਹ ਦਿਵਸ ਵਜੋ ਮਨਾਇਆ ਜਾਂਦਾ ਹੈ।ਜਲਗਾਹਾਂ ਜਿੱਥੇ ਛੋਟੇ ਵੱਡੇ ਜੀਵਾਂ,ਅਨੇਕ ਪ੍ਰਕਾਰ ਦੀਆਂ ਮੱਛੀਆਂ ਅਤੇ ਦੇਸੀ ਵਿਦੇਸੀ  ਪੰਛੀਆਂ ਦਾ ਰਹਿਣ ਵਸੇਰਾ ਹਨ,ਉਥੇ ਹੀ ਇਹਨਾਂ ਦੀ ਮਨੁੱਖੀ ਜੀਵਨ ਵਿਚ ਵੀ ਅਹਿਮ ਭੂਮਿਕਾ ਹੈ।ਜਲਗਾਹਾਂ ਕਈ ਪ੍ਰਕਾਰ ਦੇ ਲੁਪਤ ਹੋਣ ਦੀ ਕਗਾਰ ਤੇ ਖੜੀ੍ਹਆ ਪ੍ਰਜਾਤੀਆ ਨੂੰ ਵੀ ਆਸਰਾ ਦੇ ਰਹੀਆ ਹਨ।ਕਿਹਾ ਜਾਂਦਾ ਹੈ ਕਿ ਜੇਕਰ ਪੋਦੇ ਧਰਤੀ ਦੇ ਫੇਫੜੇ ਹਨ, ਤਾ  ਜਲਗਾਹਾਂ ਧਰਤੀ ਦੀਆਂ ਕਿਡਨੀਆ ।ਜਲਗਾਹਾਂ ਆਮਦਨ ਦਾ ਵੀ ਇਕ ਸੋਮਾ ਹਨ।ਹੜਾ ਨੂੰ ਰੋਕਣ ਵਿਚ ਵੀ ਇਹ ਆਪਣੀ ਇਕ ਅਹਿਮ ਭੂਮਿਕਾ ਨਿਭਾਉਦੀਆਂ ਹਨ।ਕੁੱਲ ਮਿਲਾ ਕੇ ਇਹ ਪਰਮਾਤਮਾ ਵਲੋਂ ਮਨੁੱਖ ਅਤੇ ਹੋਰਨਾਂ ਜਾਤੀਆ ਲਈ ਇਕ ਅਹਿਮ ਤੋਹਫਾ ਹੈ।ਅੱਜ ਸਾਰਾ ਪੰਜਾਬ ਚੋਣਾਂ ਦੇ ਰੰਗ ਵਿਚ ਰੰਗਿਆ ਪਿਆ ਹੈ।ਹਰ ਪਾਸੇ ਚੋਣਾਂ ਦੀਆ ਹੀ ਗੱਲਾ ਚਲ ਰਹੀਆਂ ਹਨ।ਸਾਰੀਆ ਰਾਜਨੀਤਿਕ ਪਾਰਟੀਆ ਦੇ ਉਮੀਦਵਾਰ ਇਕ ਦੂਜੇ ਤੋ ਅੱਗੇ ਨਿਕਲ ਕੇ ਵਾਅਦੇ ਕਰ ਰਹੇ ਹਨ।ਵੱਖ-ਵੱਖ ਪਾਰਟੀਆ ਵਲੋ ਵੱਡੇ ਵੱਡੇ ਮੈਨੀਫੈਸਟੋ ਲੋਕਾਂ ਨੂੰ ਲੁਭਾਉਣ ਲਈ ਜਾਰੀ ਕੀਤੇ ਗਏ ਹਨ ਪਰ ਜਿਆਦਾਤਰ ਰਾਜਨੀਤਿਕ ਪਾਰਟੀਆ ਦੇ ਮੈਨੀਫੈਸਟੋ ਵਿਚ ''ਵਾਤਾਵਰਨ ਬਚਾਓ'' ਦਾ ਮੁੱਦਾ ਕਿਤੇ ਨਾ ਕਿਤੇ ਅਣਛੂਹਿਆ ਰਹਿ ਗਿਆ।ਬੜੇ ਹੀ ਦੁਰਭਾਗ ਦੀ ਗੱਲ ਹੈ ਕਿ ਅੱਜ ਚੋਣਾ ਦੇ ਮਾਹੋਲ ਵਿਚ ਹਰ ਮੁੱਦੇ ਤੇ ਗੱਲ ਹੋ ਰਹੀ ਹੈ ਤਾਂ ਵਾਤਾਵਰਨ ਤੇ ਕਿਉਂ ਨਹੀ??? ਜਿੱਥੇ ਅਸੀ ਸਭ ਨੇ ਵਿਚਰਨਾ ਹੈ,ਉਸ ਵਾਤਾਵਰਨ ਦੀ ਹੀ ਗੱਲ ਬਾਕੀ ਮੁੱਦਿਆ ਥੱਲੇ ਦੱਬੀ ਹੋਈ ਜਾਪਦੀ ਹੈ।ਜੇਕਰ ਸਾਡਾ ਵਾਤਾਵਰਨ ਅਤੇ ਅਸੀ ਹੀ ਤੰਦਰੁਸਤ ਨਾ ਹੋਏ ਤਾ ਬਾਕੀ ਵਾਅਦਿਆ ਦਾ ਕੀ ਫਾਇਦਾ।ਜ਼ਰ ਜ਼ਰ ਹੋਏ ਦਿੱਲੀ ਦੇ ਹਲਾਤਾਂ ਤੋ ਆਪਾਂ ਸਭ ਜਾਣੂ ਹਾ ।ਸੋਚੋ ਜੇਕਰ ਦਿੱਲੀ ਵਰਗੀ ਹਾਲਤ ਸਾਡੇ ਪੰਜਾਬ ਵਿਚ ਹੋ ਗਈ ਤਾ ਕੀ ਹੋਵੇਗਾ???ਸੋ ਅੱਜ ਲੋੜ ਹੈ ਕਿ ਅਸੀ ਉਸ ਉਮੀਦਵਾਰ ਨੂੰ ਚੁਣੀਏ ਜੋ ਸਾਡੇ ਵਿਕਾਸ ਦੇ ਨਾਲ ਨਾਲ ਸਾਡੇ ਵਾਤਾਵਰਨ ਦੀ ਵੀ ਰਾਖੀ ਕਰੇ।

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲ੍ਹਾ ਰੋਪੜ
ਮੋਬ: 99149-65937              

ਕੀ ''ਕਚਰਾ ਗ੍ਰਹਿ'' ਬਣ ਜਾਵੇਗੀ ਸਾਡੀ ਧਰਤੀ - ਫੈਸਲ ਖਾਨ

ਦੁਨੀਆਂ ਭਰ ਦੇ ਸੋਧ ਕਰਤਾ ਪ੍ਰਿਥਵੀ ਤੇ ਵਧਦੇ ਹੋਏ ਕਚਰੇ ਕਾਰਨ ਚਿੰਤਾ ਵਿਚ ਹਨ।ਜਿਸ ਪ੍ਰਕਾਰ ਧਰਤੀ ਤੇ ਕਚਰਾ ਵਧਦਾ ਜਾ ਰਿਹਾ ਹੈ ਉਸ ਤੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ ਸਮੁਚੀ ਧਰਤੀ ਤੇ ਹਰ ਪਾਸੇ ਕਚਰਾ ਹੀ ਕਚਰਾ ਹੋਵੇਗਾ।ਜੈਵ ਅਵਿਘਨਸੀਲ ਕਚਰਾ ਸਭ ਤੋ ਜਿਆਦਾ ਖਤਰਨਾਕ ਹੈ ਕਿਉਕਿ ਇਹ ਸਾਲਾ ਦੇ ਸਾਲ ਉਵੇ ਦਾ ਉਵੇ ਹੀ ਰਹਿੰਦਾ ਹੈ, ਨਾ ਹੀ ਗਲ੍ਹਦਾ ਹੈ ਤੇ ਨਾ ਹੀ ਸੜਦਾ ਹੈ।ਵੱਡੇ ਵੱਡੇ ਸਹਿਰਾਂ ਵਿਚ ਤਾ ਕੂੜੇ ਦੇ ਪਹਾੜ ਹੀ ਖੜੇ ਹੋ ਗਏ ਹਨ।ਦੁਨੀਆਂ ਭਰ ਵਿਚ ਹਰ ਸਾਲ ਹਜਾਰਾਂ ਹੀ ਟਨ ਪਲਾਸਟਿਕ ਦਾ ਨਿਰਮਾਣ ਹੁੰਦਾ ਹੈ।ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਵਿਚੋ ਕੇਵਲ 9% ਕਚਰਾ ਹੀ ਰਿ-ਸਾਈਕਲ ਕੀਤਾ ਜਾਦਾ ਹੈ।79% ਪਲਾਸਟਿਕ ਵਰਤੋ ਤੋ ਬਾਅਦ ਕਚਰੇ ਦੇ ਰੂਪ ਵਿਚ ਬਾਹਰ ਸੁੱਟ ਦਿੱਤਾ ਜਾਂਦਾ ਹੈ।ਬਾਕੀ ਬਚਦਾ 12% ਪਲਾਸਟਿਕ ਜਲਾ ਦਿੱਤਾ ਜਾਂਦਾ ਹੈ।ਇਸ ਵਿਚੋ ਨਿਕਲਣ ਵਾਲੀਆਂ ਅਤਿ ਖਤਰਨਾਕ ਗੈਸਾਂ ਸਾਡੇ ਨਾਲ ਨਾਲ ਜੀਵ ਜੰਤੂਆਂ ਅਤੇ ਬਨਸਪਤੀ ਲਈ ਵੀ ਬਹੁਤ ਖਤਰਨਾਕ ਹਨ। ਹਲਾਤ ਇਹ ਹਨ ਕਿ ਅੱਜ ਜਲ ਸ੍ਰੋਤਾਂ ਵਿਚ ਵੀ ਕਚਰਾ/ਪਲਾਸਟਿਕ ਆਮ ਦੇਖਣ ਨੂੰ ਮਿਲਦਾ ਹੈ। ਦੱਖਣੀ ਪ੍ਰਸਾਤ ਮਹਾਸਾਗਰ ਵਿਚ ਵਧਦਾ ਕੂੜਾ ਕਰਕਟ ਬਹੁਤ ਹੀ ਚਿੰਤਾ ਦਾ ਵਿਸਾ ਬਣਦਾ ਜਾ ਰਿਹਾ ਹੈ।ਹੁਣ ਜਿਆਦਾਤਰ ਸਾਗਰਾਂ ਅਤੇ ਮਹਾਸਾਗਰਾਂ ਵਿਚ ਕਚਰਾ ਆਮ ਹੀ ਦੇਖਣ ਨੂੰ ਮਿਲਦਾ ਹੈ।ਸੋਧ ਕਰਤਾ ਦਸਦੇ ਹਨ ਕਿ ਇਹ ਕੂੜਾ ਕਰਕਟ ਅਤੇ ਪਲਾਸਟਿਕ ਸਮੁੰਦਰੀ ਜੀਵਾਂ ਲਈ ਬਹੁਤ ਹੀ ਖਤਰਨਾਕ ਹੈ।ਬਹੁਤ ਸਾਰੀਆਂ ਮੱਛੀਆਂ ਦੇ ਪੇਟ ਵਿਚੋ ਭੋਜਨ ਨਲੋ ਵੱਧ ਪਲਾਸਟਿਕ ਦੀ ਮਾਤਰਾ ਪਾਈ ਗਈ।ਪਲਾਸਟਿਕ ਦੇ ਅਤਿ ਸੂਖਮ ਕਣ ਜੇਕਰ ਮਨੁਖੀ ਪੇਟ ਵਿਚ ਚਲੇ ਜਾਣ ਤਾ ਇਹ ਬਹੁਤ ਹੀ ਵਿਨਾਸਕਾਰੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ।ਹਲਾਤ ਇਥੇ ਹੀ ਨਹੀ ਰੁਕਦੇ ਅੱਜ ਕੇਵਲ ਧਰਤੀ ਤੇ ਹੀ ਨਹੀ ਸਗੋ ਅਕਾਸ ਵਿਚ ਵੀ ਕੂੜਾ ਕਰਕਟ ਵਧਦਾ ਜਾ ਰਿਹਾ ਹੈ।ਜੋ ਸਾਡੇ ਉਪ ਗ੍ਰਹਿਆ ਲਈ ਬਹੁਤ ਵੱਡ ਸਮੱਸਿਆਂ ਬਣਦਾ ਜਾ ਰਿਹਾ ਹੈ।ਬ੍ਰਹਿਮੰਡ ਵਿਚ ਮੋਜੂਦ ਕਚਰਾ ਉਪ ਗ੍ਰਹਿਆ ਦੀ ਉਮਰ ਨੂੰ ਘੱਟ ਕਰ ਰਿਹਾ ਹੈ।ਸੋਧ ਕਰਤਾ ਮੰਨਦੇ ਹਨ ਕਿ ਇਹ ਕਚਰਾ ਭਵਿੱਖ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਸਕਦਾ ਹੈ ਤੇ ਕਰ ਵੀ ਰਿਹਾ ਹੈ।
ਮੁੜ ਧਰਤੀ ਦੇ ਕਚਰੇ ਦੀ ਗੱਲ ਕਰਾਂ ਤਾ ਸੋਧ ਕਰਤਾ ਮੰਨਦੇ ਹਨ ਕਿ ਵਧਦੇ ਕਚਰੇ ਦੇ ਮੁੱਖ ਕਾਰਨਾਂ ਵਿਚੋ ਵਧਦੀ ਅਬਾਦੀ ਇਕ ਬਹੁਤ ਹੀ ਵੱਡਾ ਕਾਰਨ ਹੈ।ਸਾਡੀ ਪਲਾਸਟਿਕ ਦੇ ਸਮਾਨ ਤੇ ਵੱਧਦੀ ਹੋਈ ਨਿਰਭਰਤਾ ਕਾਰਨ ਹੀ ਕਚਰਾ ਵੱਧਦਾ ਜਾ ਰਿਹ ਹੈ।ਖੁਲੇ ਵਿਚ ਜਲਦੇ ਹੋਏ ਕਚਰੇ ਵਿਚੋ ਨਿਕਲਣ ਵਾਲੇ ਜਹਿਰੀਲੇ ਕਣ ਸਾਹ ਦੇ ਰੋਗਾਂ ਨੂੰ ਬੜੀ ਹੀ ਅਸਾਨੀ ਨਾਲ ਫੈਲਾਉਦੇ ਹਨ।ਕੂੜੇ ਕਰਕਟ ਵਿਚ ਮੱਛਰ ਬੜੀ ਹੀ ਅਸਾਨੀ ਨਾਲ ਵੱਧਦੇ  ਫੁਲਦੇ ਹਨ ਅਤੇ ਗੰਭੀਰ ਬਿਮਾਰੀਆਂ ਫੈਲਾਉਦੇ ਹਨ।
ਪਲਾਸਟਿਕ ਵਰਗੇ ਜੈਵ ਅਵਿਘਟਨਸੀਲ ਕਚਰੇ ਤੋ ਨਿਪਟਣ ਲਈ ਦੁਨੀਆਂ ਭਰ ਦੇ ਸੋਧ ਕਰਤਾ  ਕਾਰਜਸੀਲ ਹਨ।ਅੱਜ ਲੋੜ ਹੈ ਕਚਰੇ ਪ੍ਰਤਿ ਆਪਣੀ ਸੋਚ ਬਦਲਣ ਦੀ।ਸਾਨੂੰ ਪਲਾਸਟਿਕ ਵਰਗੇ ਅਵਿਘਟਨਸੀਲ ਚੀਜਾਂ ਤੋ ਆਪਣੀ ਨਿਰਭਰਤਾ ਘਟਾਉਣੀ ਚਾਹੀਦੀ ਹੈ ਤਾ ਜੋ ਧਰਤੀ ਨੂੰ ''ਕਚਰਾ ਗ੍ਰਹਿ'' ਬਣਨ ਤੋ ਰੋਕਿਆ ਜਾ ਸਕੇ।

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲ੍ਹਾ :- ਰੋਪੜ
ਮੋਬ:- 99149-65937

20 Nov. 2018

ਪਲਾਸਟਿਕ ਅਤੇ ਵਾਤਾਵਰਨ - ਫੈਸਲ ਖਾਨ

ਜੇਕਰ ਸਾਧਾਰਨ ਵਿਗਿਆਨ ਦੀ ਭਾਸਾਂ 'ਚ ਗੱਲ ਕਰਾਂ ਤਾਂ ਪਲਾਸਟਿਕ ਕਾਰਬਨ ਦੀ ਇਕ ਲੰਬੀ ਲੜੀ ਹੁੰਦੀ ਹੈ।ਪਲਾਸਟਿਕ ਜੈਵ ਅਵਿਘਟਨਸੀਲ ਹੁੰਦੇ ਹਨ ਮਤਲਬ ਇਹ ਗਲ੍ਹਦੇ ਸੜ੍ਹਦੇ ਨਹੀਂ ਹਨ।ਇਸ ਦਾ ਮਤਲਬ ਹੋਇਆ ਕਿ ਜਿਹੜਾ ਪਲਾਸਟਿਕ ਪਦਾਰਥ ਆਪਾਂ ਵਰਤ ਕੇ ਸੁੱਟ ਦਿੰਦੇ ਹਾਂ ਉਹ ਉੱਥੇ ਹੀ ਪਿਆ ਰਹਿਦਾ ਹੈ।ਸੋਚਣ ਵਾਲ਼ੀ ਗੱਲ ਹੈ ਕਿ ਇਸ ਤਰ੍ਹਾ ਤਾ ਸਾਰੀ ਧਰਤੀ ਤੇ ਹੀ ਪਲਾਸਟਿਕ ਪਲਾਸਟਿਕ ਹੋ ਜਾਣਾ।ਇਹ ਬਿਲਕੁਲ ਸਹੀ ਹੈ, ਸਾਡੀ ਪੂਰੀ ਧਰਤੀ ਕਚਰਾ  ਗ੍ਰਹਿ ਬਣਦੀ ਜਾ ਰਹੀ ਹੈ।ਸਿਰਫ ਧਰਤੀ ਤੇ ਹੀ ਨਹੀ ਸਗੋ ਬ੍ਰਹਿਮੰਡ ਵਿਚ ਵੀ ਕਚਰਾ ਫੈਲ ਰਿਹਾ ਹੈ।
ਚਲੋ ਗੱਲ ਕਰਦੇ ਹਾ ਪੋਲੀਥੀਨ ਦੀ, ਜਿਸ ਨੂੰ ਆਪਾਂ ਦਿਨ ਵਿਚ ਕਈ ਵਾਰ ਵਰਤਦੇ ਹਾਂ। ਆਪਾ ਕੀ ਕਰਦੇ ਹਾਂ, ਪੋਲੀਥੀਨ ਵਰਤਿਆ ਤੇ ਇਕੱਠਾ ਕੀਤਾ ਤੇ ਸੁੱਟ ਤਾ ਬਾਹਰ।ਉਸ ਤੋ ਬਾਅਦ ਕੀ ਹੋਇਆ ਜਾ ਉਸ ਪੋਲੀਥੀਨ ਨੇ ਕੀ ਕੀਤਾ।ਇਹ ਵਿਚਾਰ ਕਰਨ ਵਾਲੀ ਗੱਲ ਹੈ।ਮੰਨ ਲਉ ਜੇਕਰ ਉਹ ਪੋਲੀਥੀਨ ਹਵਾ ਨਾਲ ਉਡ ਕੇ ਨਾਲੀ ਵਿਚ ਗਿਰ ਗਿਆ ਤਾ ਕੀ ਹੋਵੇਗਾ? ਇਹ ਪਲਾਸਟਿਕ ਹੈ ਸੋ ਇਸ ਨੇ ਗਲ੍ਹਣਾ ਸੜ੍ਹਨਾ ਤਾ ਹੈ ਨੀ। ਫਿਰ ਇਸ ਨੇ ਕਰਨਾ ਕੀ ਹੈ? ਇਸਨੇ ਕਰਨੀ ਹੈ ਨਾਲੀ ਬੰਦ ਤੇ ਜੇਕਰ ਬਰਸਾਤ ਦੇ ਦਿਨਾਂ ਵਿਚ ਵਰਖਾ ਪੈ ਜਾਵੇ ਤਾ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਵੜ੍ਹਨਾ ਸੁਰੂ ਹੋ ਜਾਦਾ ਹੈ।ਗੰਦਾ ਪਾਣੀ ਨਾਲ ਬਿਮਾਰੀਆਂ ਨਾਲ ਕੀੜੇ ਮਕੋੜੇ।ਦੂਜੀ ਗੱਲ, ਕਈ ਲੋਕ ਕੀ ਕਰਦੇ ਹਨ ਕਿ ਚਲੋ ਪਲਾਸਟਿਕ ਨੂੰ ਜਲਾ ਦਿੰਦੇ ਹਨ।ਬੜਾ ਸੋਖਾ ਹੈ ਪਲਾਸਟਿਕ ਨੂੰ ਜਲਾਉਣਾ ਪਰ ਜਦੋ ਪਲਾਸਟਿਕ ਜਲਦਾ ਹੈ ਤਾ ਬਹੁਤ ਵੱਡੀ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ।ਇਹ ਵੀ ਇਕ ਵੱਡਾ ਕਾਰਨ ਹੈ ਜਲਵਾਯੂ ਪਰਿਵਰਤਨ ਦਾ।
ਹੋਰ ਸੁਣੋ ਜਦੋਂ ਆਪਾ ਕਿਸੇ ਧਾਰਮਿਕ ਸਥਾਨ ਤੇ ਜਾਦੇ ਹਾਂ । ਆਪਾਂ ਸਰਧਾ ਨਾਲ ਕੁਝ ਖਾਣ ਦੀਆਂ ਵਸਤਾ ਉੱਥੇ ਕਿਸੇ ਗਾ ਜਾ ਹੋਰ ਕਿਸੇ ਜੀਵ ਅੱਗੇ ਪੋਲੀਥੀਨ ਸਣੇ ਹੀ ਰੱਖ ਦਿੰਦੇ ਹਾਂ।ਉਹ ਮਾਸੂਮ ਜਿਹਾ ਜੀਵ ਖਾਂਦਾ ਖਾਂਦਾ ਪਲਾਸਟਿਕ ਦਾ ਲਿਫਾਫਾ ਵੀ ਨਾਲ ਹੀ ਖਾ ਜਾਦਾ ਹੈ।ਫਿਰ ਆਖੀਰ ਉਸ ਦੀ ਮੋਤ ਹੋ ਜਾਦੀ ਹੈ।ਸੋਚਣ ਵਾਲੀ ਗੱਲ ਹੈ ਕਿ ਆਪਾ ਆਪ ਕੀਤਾ ਜਾ ਪੁੰਨ?
ਪਲਾਸਟਿਕ ਦੇ ਲਿਫਾਫਿਆਂ ਨਾਲ ਕੈਸਰ ਵਗਰੀ ਭਿਆਨਕ ਬਿਮਾਰੀਆਂ ਹੋਣ ਦਾ ਵੀ ਖਤਰਾ ਹੈ।ਗੱਲ ਸਿਰਫ ਇੰਨੀ ਨਹੀ ਕਿ ਪਲਾਸਟਿਕ ਸਿਰਫ ਸਾਨੂੰ ਹੀ ਤੰਗ ਕਰ ਰਿਹਾ ਹੈ।ਪਲਾਸਟਿਕ ਨਾਲ ਜਲੀ ਜੀਵਾਂ ਅਤੇ ਪੰਛੀਆਂ ਦੇ ਜੀਵਨ ਤੇ ਵੀ ਸੰਕਟ ਮੰਡਰਾ ਰਿਹਾ ਹੈ।
ਅਣਗਿਣਤ ਕੱਛੂਕੁਮੇ,ਮੱਛੀਆਂ ਅਤੇ ਹੋਰ ਜਲੀ ਜੀਵ ਮਰਦੇ ਹਨ ਜਿਸ ਦਾ ਪ੍ਰਮੁੱਖ ਕਾਰਨ ਪਲਾਸਟਿਕ ਹੈ।ਸਿਕਾਰੀ ਪੰਛੀ ਜੋ ਮੱਛੀਆਂ ਖਾਂਦੇ ਹਨ ਉਹਨਾ ਲਈ ਵੀ ਪਲਾਸਟਿਕ ਇਕ ਬਹੁਤ ਵੱਡਾ ਖਤਰਾ ਹੈ।ਕਈ ਵਾਰੀ ਜਦੋਂ ਉਹ ਮੱਛੀ ਫੜ੍ਹਨ ਲਈ ਗੋਤਾ ਲਗਾਉਂਦੇ ਹਨ ਤਾ ਕਈ ਵਾਰ ਉਹ ਕਿਸੇ ਪਲਾਸਟਿਕ ਦੇ ਲਿਫਾਫੇ ਵਿਚ ਹੀ ਫਸ ਜਾਦੇ ਹਨ ਤੇ ਉੱਥੇ ਹੀ ਉਹਨਾ ਦੀ ਮੋਤ ਹੋ ਜਾਦੀ ਹੈ।ਮੱਛੀਆ ਰਾਹੀਂ ਛੋਟੇ ਛੋਟੇ ਪਲਾਸਟਿਕ ਦੇ ਕਣ ਪੰਛੀਆ ਦੇ ਪੇਟ ਵਿਚ ਚਲੇ ਜਾਂਦੇ ਹਨ ਤੇ ਆਖੀਰ ਉਹ ਵੀ ਮੋਤ ਦਾ ਸਿਕਾਰ ਹੋ ਜਾਂਦੇ ਹਨ।
ਹੁਣ ਗੱਲ ਕਰੀਏ ਕਿ ਪਲਾਸਟਿਕ ਦੇ ਇੰਨੇ ਨੁਕਸਾਨ ਹਨ ਤਾ ਇਸਨੂੰ ਕਿਵੇ ਰੋਕਿਆ ਜਾ ਸਕਦਾ ਹੈ ਜਾ ਇਸਦਾ ਬਦਲ ਕੀ ਹੈ? ਪਲਾਸਟਿਕ ਨੂੰ ਘਟਾਉਣ ਲਈ ਪ੍ਰਮੁੱਖ ਤੋਰ ਤੇ ਸਾਨੂੰ ਆਪਣੀਆ ਆਦਤਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ।ਉਦਾਹਰਣ ਲਈ, ਜਦੋ ਅਸੀ ਬਾਜਾਰ ਜਾਦੇ ਹਾ ਤਾ ਜੇਕਰ ਅਸੀ ਆਪਣੇ ਨਾਲ ਇਕ ਕੱਪੜੇ ਦਾ ਥੈਲਾ ਲੈ ਜਾਈਏ ਤਾ ਘੱਟੋ ਘੱਟ ਇਕ ਪਲਾਸਟਿਕ ਦਾ ਲਿਫਾਫਾ ਤਾ ਘਟੇਗਾ।ਮਤਲਬ ਮਹੀਨੇ ਦੇ 30 ਤੇ ਸਾਲ ਦੇ 365 ਇਹੀ ਗੱਲ ਆਪਣੇ ਗੁਆਢੀ ਨੂੰ ਸਮਝਾ ਦਿਓ। ਜੇਕਰ ਤੁਸੀ ਦਸ ਘਰਾਂ ਵਿਚ ਇਹ ਲਾਗੂ ਕਰਵਾ ਦਿੰਦੇ ਹੋ ਤਾ ਮੰਨੋ ਤੁਸੀ ਇਕ ਬਹੁਤ ਵੱਡੇ ਪਰਿਆਵਰਨ ਮਿੱਤਰ ਹੋ।ਦੂਜੀ ਗੱਲ ਸਾਨੂੰ ਅਜਿਹੇ ਪਦਾਰਥਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜਿਹਨਾ ਦੀ ਆਪਾ ਮੁੜ ਵਰਤੋ ਕਰ ਸਕੀਏ ਜਾ ਰਿਸਾਈਕਲ ਕਰ ਸਕੀਏ।ਅੱਜ ਕਈ ਦੁਕਾਨਦਾਰ ਕਪੜੇ ਦੇ ਲਿਫਾਫੇ ਵਿਚ ਸਮਾਨ ਦਿੰਦੇ ਹਨ ਸਾਨੂੰ ਉਹਨਾ ਤੋ ਸਮਾਨ ਲੈ ਲੈਣਾ ਚਾਹੀਦਾ ਹੈ।
ਸੋ ਅੱਜ ਲੋੜ ਹੈ ਸਾਵਧਾਨ ਹੋਣ ਦੀ, ਪਲਾਸਟਿਕ ਤੇ ਆਪਣੀ ਨਿਰਭਰਤਾ ਘਟਾਉਣ ਦੀ ਅਤੇ ਇਕ ਪਰਿਆਵਰਨ ਮਿੱਤਰ ਬਣਨ ਦੀ।

ਫੈਸਲ ਖਾਨ
ਜਿਲਾ ਰੋਪੜ
ਮੋਬ: 99149-65937