ਜਲਗਾਹਾਂ : ਇਕ ਅਨਮੋਲ ਤੋਹਫਾ
ਕਹਿੰਦੇ ਹਨ ਕਿ ਜੇਕਰ ਪੌਦੇ ਧਰਤੀ ਦੇ ਫੇਫੜੇ ਹਨ ਤਾਂ ਜਲਗਾਹਾਂ ਧਰਤੀ ਦੀਆਂ ਕਿਡਨੀਆਂ।ਜਲਗਾਹਾਂ ਬੇਅੰਤ ਪੌਦਿਆਂ, ਛੋਟੇ ਜੀਵਾਂ, ਪੰਛੀਆਂ, ਥਣਧਾਰੀ ਜੀਵਾਂ, ਮੱਛੀਆਂ ਆਦਿ ਦਾ ਰਹਿਣ ਬਸੇਰਾ ਹਨ।ਜਲਗਾਹਾਂ ਕੇਵਲ ਦੇਸੀ ਪੰਛੀਆਂ ਨੂੰ ਹੀ ਨਹੀ ਸਗੋਂ ਪਰਵਾਸੀ ਪੰਛੀ ਜੋ ਬਾਹਰਲੇ ਦੇਸ਼ਾ ਤੋ ਪਰਵਾਸ ਕਰਕੇ ਆਉਂਦੇ ਹਨ, ਨੂੰ ਵੀ ਰਹਿਣ ਸਥਾਨ ਪ੍ਰਦਾਨ ਕਰਦੀਆਂ ਹਨ।ਲੱਖਾਂ ਹੀੇ ਦੇਸੀ ਅਤੇ ਵਿਦੇਸੀ ਜਲਗਾਹਾਂ ਤੇ ਦੇਖਣ ਨੂੰ ਮਿਲਦੇ ਹਨ।ਇਹ ਨਜ਼ਾਰਾ ਇੰਨਾ ਸੁੰਦਰ ਹੁੰਦਾ ਹੈ ਕਿ ਇਸ ਨੂੰ ਸਬਦਾਂ ਵਿਚ ਬਿਆਨ ਹੀ ਨਹੀ ਕੀਤਾ ਜਾ ਸਕਦਾ।ਜਲਗਾਹਾਂ ਛੋਟੀਆਂ ਵੀ ਨੇ, ਵੱਡੀਆਂ ਵੀ, ਰਾਸਟਰੀ ਵੀ ਅਤੇ ਅੰਤਰ ਰਾਸਟਰੀ ਵੀ।ਸਭ ਤੋ ਪਹਿਲਾ ਗੱਲ ਕਰਦੇ ਹਾਂ ਜਲਗਾਹਾਂ ਦੇ ਸਿੱਧੇ ਅਤੇ ਅਸਿੱਧੇ ਲਾਭਾਂ ਵਾਰੇ। ਜੋ ਲੋਕਾਂ ਨੂੰ ਹਨ ,ਚੋਗਿਰਦੇ ਨੂੰ ਹਨ ਅਤੇ ਦੇਸ ਨੂੰ ਹਨ।ਜਲਗਾਹਾਂ ਜਿੱਥੇ ਲੱਖਾਂ ਹੀ ਦੇਸੀ ਵਿਦੇਸੀ ਪੰਛੀਆਂ, ਜੀਵਾਂ ,ਮੱਛੀਆਂ ਆਦਿ ਦਾ ਰਹਿਣ ਬਸੇਰਾ ਹਨ ਉੱਥੇ ਹੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਮਨੁੱਖੀ ਜੀਵਨ ਵਿਚ ਵੀ ਹੈ।ਜਲਗਾਹਾਂ ਜੈਵ ਵਿਭਿੰਨਤਾ ਪੱਖੋ ਬਹੁਤ ਅਮੀਰ ਸਥਾਨ ਹੁੰਦੇ ਹਨ।ਕਈ ਪ੍ਰਕਾਰ ਦੀਆਂ ਬਹੁਤ ਹੀ ਉਪਯੋਗੀ ਜੜ੍ਹੀ ਬੂਟੀਆਂ ਜਲਗਾਹਾਂ ਦੇ ਨੇੜੇ ਤੇੜੇ ਪਾਈਆਂ ਜਾਂਦੀਆਂ ਹਨ।ਅਨੇਕਾਂ ਪ੍ਰਕਾਰ ਦੀਆਂ ਮੱਛੀਆਂ ਤੋ ਇਲਾਵਾ ਅਸੁੱਰਖਿਅਤ ਅਤੇ ਸੰਕਟਕਾਲ਼ੀਨ ਪ੍ਰਜਾਤੀਆਂ ਦਾ ਰਹਿਣ ਬਸੇਰਾ ਵੀ ਜਲਗਾਹਾਂ ਹਨ।ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਵਿਚ ਵੀ ਜਲਗਾਹਾਂ ਦਾ ਅਹਿਮ ਯੋਗਦਾਨ ਹੈ।ਜਿਕਰਯੋਗ ਹੈ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਤੇਜੀ ਨਾਲ ਘੱਟਦਾ ਜਾ ਰਿਹਾ ਹੈ।ਬੇਹਿਸਾਬਾ ਪਾਣੀ ਧਰਤੀ ਵਿਚੋ ਕੱਢਣਾ , ਧਰਤੀ ਹੇਠਲੇ ਪਾਣੀ ਨੂੰ ਸੰਭਾਲ ਕੇ ਰੱਖਣ ਵਾਲੀ ਏਜੰਸੀ ''ਰੁੱਖ'' ਆਦਿ ਦਾ ਲਗਾਤਾਰ ਘੱਟਣਾ ਆਦਿ ਕੁਝ ਪ੍ਰਮੁੱਖ ਕਾਰਨ ਹਨ ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ।ਡਾਟੇ ਦੱਸਦੇ ਹਨ ਕਿ ਸਿਰਫ ਏਸੀਆ ਵਿਚ ਹੀ ਕਰੀਬ ਇਕ ਮਿਲੀਅਨ ਤੋ ਵੱਧ ਲੋਕ ਸਿੱਧੇ ਤੋਰ ਤੇ ਧਰਤੀ ਹੇਠਲੇ ਪਾਣੀ ਤੇ ਨਿਰਭਰ ਕਰਦੇ ਹਨ।ਉੱਥੇ ਹੀ ਇਹ ਆਂਕੜਾ ਯੂਰਪ ਵਿਚ 65% ਤੋ ਵੱਧ ਹੈ।ਜਲਗਾਹਾਂ ਧਰਤੀ ਹੇਠਲੇ ਪਾਣੀ ਨੂੰ ਸੰਭਾਲਣ ਵਿਚ ਆਪਣੀ ਇਕ ਅਹਿਮ ਭੂਮਿਕਾ ਨਿਭਾ ਰਹੀਆਂ ਹਨ।ਪਾਣੀ ਨੂੰ ਸਾਫ ਕਰਨ ਵਿਚ ਵੀ ਜਲਗਾਹਾਂ ਦਾ ਅਹਿਮ ਰੋਲ ਹੈ।ਇਸ ਤੋ ਇਲਾਵਾ ਜਲਗਾਹਾਂ ਤੇ ਆਉਂਦੇ ਦੇਸੀ ਵਿਦੇਸੀ ਪੰਛੀ ਹਮੇਸਾ ਹੀ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਹੇ ਹਨ।ਬਹੁਤ ਸਾਰ ਸੋਧਕਰਤਾ ਪੰਛੀਆਂ ਦੇ ਪਰਵਾਸ ਅਤੇ ਪਰਵਾਸ ਦੌਰਾਨ ਪ੍ਰਜਣਨ ਆਦਿ ਉੱਤੇ ਆਪਣੀਆਂ ਖੋਜਾਂ ਕਰਦੇ ਹਨ।ਦੇਸੀ ਵਿਦੇਸੀ ਪੰਛੀਆਂ ਦੀ ਆਮਦ ਨਾਲ ਸੈਰ ਸਪਾਟੇ ਨੂੰ ਹੁੰਗਾਰਾ ਮਿਲਦਾ ਹੈ।ਜਿਸ ਨਾਲ ਦੇਸ ਨੂੰ ਆਰਥਿਕ ਪੱਧਰ ਤੇ ਲਾਭ ਹੁੰਦਾ ਹੈ।ਕੁਲ ਮਿਲਾ ਕੇ ਸਾਡੇ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ 'ਜਲਗਾਹਾਂ'।
ਪੂਰੇ ਸੰਸਾਰ ਵਿਚ ਖਾਰੇ ਅਤੇ ਤਾਜੇ ਪਾਣੀ ਦੀਆਂ ਦੋਨਾਂ ਪ੍ਰਕਾਰ ਦੀਆਂ ਜਲਗਾਹਾਂ ਪਾਈਆਂ ਜਾਂਦੀਆਂ ਹਨ।ਵਿਸਵ ਦੀਆਂ ਕੁਝ ਵੱਡੀਆਂ ਜਲਗਾਹਾਂ ਜਿਵੇ ਐਮਾਜੋਨ ,ਸੁੰਦਰਬਨ ,ਗੰਗਾ ਬ੍ਰਾਹਮਪੁਤਰ ਡੈਲਟਾ, ਪੈਟਾਨਲ ਜਲਗਾਹ ,ਦੱਖਣੀ ਅਮਰੀਕਾ ਆਦਿ।ਜਲਗਾਹਾਂ ਉਤੇ 1971 ਵਿਚ ਯੂਨੀਸਕੋ (UNESCO) ਨੇ ਇਕ ਸੰਮੇਲਨ ਕਰਵਾਈਆ ,ਜਿਸ ਨੂੰ ਰਾਮਸਰ ਸੰਮੇਲਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਸ ਸੰਮੇਲਨ ਦੌਰਾਨ ਜਲਗਾਹਾਂ ਦੀ ਸਾਂਭ ਸੰਭਾਲ, ਮਹੱਤਵ, ਅਤੇ ਜਲਗਾਹਾਂ ਦੇ ਸ੍ਰੋਤਾਂ ਦੀ ਸਥਾਈ ਵਰਤੋਂ ਉੱਤੇ ਚਰਚਾ ਕੀਤੀ ਗਈ।ਕੁਝ ਜਲਗਾਹਾਂ ਨੂੰ, ਜਿੰਨ੍ਹਾਂ ਦਾ ਅੰਤਰ ਰਾਸਟਰੀ ਪੱਧਰ ਤੇ ਮਹੱਤਵ ਹੈ , ਨੂੰ ਵਿਸੇਸ ਦਰਜਾ ਦਿੱਤਾ ਗਿਆ।ਇਨ੍ਹਾ ਜਲਗਾਹਾਂ ਨੂੰ ਰਾਮਸਰ ਜਲਗਾਹ ਜਾ ਰਾਮਸਰ ਸਥਾਨ ਕਿਹਾ ਜਾਂਦਾ ਹੈ।ਪੂਰੀ ਦੁਨੀਆਂ ਵਿਚ ਲਗਭਗ 2331 ਰਾਮਸਰ ਜਲਗਾਹਾਂ ਹਨ।
ਆਓ ਜਾਣਦੇ ਹਾਂ ਭਾਰਤ ਦੀਆਂ ਰਾਮਸਰ ਜਲਗਾਹਾਂ ਵਾਰੇ :
ਹਰੀਕੇ ਜਲਗਾਹ (Harike Lake ) ,ਪੰਜਾਬ
ਕਾਂਜਲੀ ਜਲਗਾਹ (Kanjli ) ,ਪੰਜਾਬ
ਰੋਪੜ ਜਲਗਾਹ (Ropar) ,ਪੰਜਾਬ
ਕੋਲੀਰੂ ਜਲਗਾਹ, (Kolleru Lake) ਆਂਧਰਾ ਪ੍ਰਦੇਸ
ਦੀਪੁਰ ਬੇਲ ਜਲਗਾਹ (Deepor Beel) , ਅਸਾਮ
ਨਾਲ ਸਰੋਵਰ ਜਲਗਾਹ (Nalsarovar Bird Sanctuary) ,ਗੁਜਰਾਤ
ਚੰਦਰ ਤਾਲ (Chandertal Wetland) , ਹਿਮਾਚਲ ਪ੍ਰਦੇਸ
ਪੌਂਗ ਡੈਮ (Pong Dam Lake) ,ਹਿਮਾਚਲ ਪ੍ਰਦੇਸ
ਰੇਣੁਕਾ ਝੀਲ (Renuka Wetland) , ਹਿਮਾਚਲ ਪ੍ਰਦੇਸ
ਹੋਕੀਰਾ ਜਲਗਾਹ (Hokera Wetland) ,ਜੰਮੂ ਅਤੇ ਕਸਮੀਰ
ਮਾਨਸਰ ਜਲਗਾਹ (Mansar Lakes) ,ਜੰਮੂ ਅਤੇ ਕਸਮੀਰ
ਮੋਰਿਰੀ ਜਲਗਾਹ (Tsomoriri) ,ਜੰਮੂ ਅਤੇ ਕਸਮੀਰ
ਵੁੱਲਰ ਝੀਲ (Wular lake) ,ਜੰਮੂ ਅਤੇ ਕਸਮੀਰ
ਅਸਟਮੂਡੀ ਜਲਗਾਹ (Ashtamudi Wetland), ਕੇਰਲਾ
ਸਸਥਮਕੋਟਾ ਜਲਗਾਹ (Sasthamkotta Lake) , ਕੇਰਲਾ
ਬਿੰਬਨਾਦ ਜਲਗਾਹ (Vembanad Wetland), ਕੇਰਲਾ
ਭੁੱਜ ਜਲਗਾਹ (Bhoj wetland) , ਮੱਧ ਪ੍ਰਦੇਸ
ਲ਼ੋਕਤਕ ਜਲਗਾਹ (Loktak Lake) ,ਮਨੀਪੁਰ
ਭਿਤਰਕਾਨਿਕਾ ਜਲਗਾਹ (Bhitarkanika) , ਉੜੀਸਾ
ਚਿਲਕਾ ਝੀਲ (Chilika lake) ,ਉੜੀਸਾ
ਸ਼ਾਭਰ ਜਲਗਾਹ (Sambhar Lake) , ਰਾਜਸਥਾਨ
ਕਿਓਲਾਦਿਓ ਜਲਗਾਹ (Keoladeo National Park) , ਰਾਜਸਥਾਨ
ਪੁਆਇੰਟ ਕੈਲੀਮਰੇ ਪੰਛੀ ਅਤੇ ਜੰਗਲੀ ਜੀਵ ਰੱਖ ( Point Calimere Wildlife and Bird Sanctuary) , ਤਾਮਿਲਨਾਡੂ
ਰੁਦਰਸਾਗਰ ਝੀਲ (Rudrasagar Lake) , ਤ੍ਰਿਪੁਰਾ
ਅੱਪਰ ਗੰਗਾ ਨਦੀ ਜਾ ਗੰਗਾ ਨਹਿਰ (Upper Ganga River) , ਉੱਤਰ ਪ੍ਰਦੇਸ
ਪੂਰਵੀ ਕਲਕੱਤਾ ਜਲਗਾਹ ( East Calcuttta wetland) , ਪੱਛਮੀ ਬੰਗਾਲ
ਬੜੇ ਹੀ ਮਾਣ ਅਤੇ ਖੁਸੀ ਦੀ ਗੱਲ ਹੈ ਕਿ ਪੰਜਾਬ ਦੀਆਂ ਤਿੰਨ ਜਲਗਾਹਾਂ : ਹਰੀਕੇ ਜਲਗਾਹ , ਕਾਂਜਲੀ ਜਲਗਾਹ ਅਤੇ ਰੋਪੜ ਜਲਗਾਹ ਰਾਮਸਰ ਜਲਗਾਹਾਂ ਦੀ ਸ੍ਰੇਣੀ ਵਿਚ ਸਾਮਿਲ ਹਨ।ਆਓ ਜਾਣਦੇ ਹਾਂ ਇਨ੍ਹਾਂ ਤਿੰਨਾਂ ਜਲਗਾਹਾਂ ਵਾਰੇ:-
ਕਾਂਜਲੀ ਜਲਗਾਹ: ਕਾਂਜਲੀ ਜਲਗਾਹ ਪੰਜਾਬ ਦੇ ਕਪੂਰਥਲਾ ਜਿਲੇ ਵਿਚ ਸਥਿਤ ਹੈ।ਇਹ ਜਲਗਾਹ ਕਾਲੀ ਵੇਈ ਉਤੱ ਬਣੀ ਹੋਈ ਹੈ।ਇਹ ਇਕ ਮਸਨੂਈ ਜਲਗਾਹ ਹੈ।ਇਸ ਜਲਗਾਹ ਦਾ ਬਹੁਤ ਵੱਡਾ ਧਾਰਮਿਕ ਮਹੱਤਵ ਵੀ ਹੈ।ਇਹ ਜਲਗਾਹ ਇਕ ਵਧੀਆ ਪਿਕਨਿਕ ਸਥਾਨ ਤੋ ਇਲਾਵਾ ਦੇਸੀ ਵਿਦੇਸੀ ਪੰਛੀਆਂ ਦਾ ਇਕ ਕ੍ਰਿਰਿਆਸ਼ੀਲ ਸਥਾਨ ਹੈ।ਇੰਟਰਨੈਟ ਤੋ ਪ੍ਰਾਪਤ ਡਾਟੇ ਅਨੁਸਾਰ ਇੱਥੇ ਲਗਭਗ 4 ਥਣਧਾਰੀ ,90 ਤੋ ਵੱਧ ਜਾਤੀਆਂ ਦੇ ਪੰਛੀ ਅਤੇ ਹੋਰ ਅਨੇਕਾਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
ਹਰੀਕੇ ਪੱਤਣ ਜਾ ਹਰੀਕੇ ਜਲਗਾਹ: ਇਹ ਇਕ ਮਸਨੂਈ ਜਲਗਾਹ ਹੈ।ਇੱਥੇ ਵੱਖ ਵੱਖ ਪ੍ਰਕਾਰ ਦੀਆਂ ਜਾਤੀਆਂ ਦੇ ਲੱਖਾਂ ਹੀ ਪੰਛੀ ਆਉਂਦੇ ਹਨ।ਸਰਦੀਆਂ ਵਿਚ ਇਹ ਨਜ਼ਾਰਾ ਵੇਖਦਿਆਂ ਹੀ ਬਣਦਾ ਹੈ।
ਰੋਪੜ ਜਲਗਾਹ: ਰੋਪੜ ਜਲਗਾਹ ਪੰਜਾਬ ਦੇ ਰੋਪੜ ਜਿਲੇ ਵਿਚ ਸਥਿਤ ਹੈ।ਇੱਥੇ ਹਜਾਰਾਂ ਹੀ ਦੇਸੀ ਵਿਦੇਸੀ ਪੰਛੀਆਂ ਤੋ ਇਲਾਵਾ ਮੱਛੀਆਂ , ਪ੍ਰੋਟੋਜੋਆ ਅਤੇ ਹੋਰ ਜੀਵਾਂ ਦੀਆਂ ਅਨੇਕਾਂ ਕਿਸਮਾਂ ਪਾਈਆਂ ਜਾਦੀਆਂ ਹਨ।
ਇਹਨਾਂ ਤੋ ਇਲਾਵਾ ਰਣਜੀਤ ਸਾਗਰ ਅਤੇ ਨੰਗਲ ਜਲਗਾਹ ਨੂੰ ਰਾਸਟਰੀ ਜਲਗਾਹ ਦਾ ਦਰਜਾ ਪ੍ਰਾਪਤ ਹੈ।ਨੰਗਲ ਜਲਗਾਹ ਵਿਚ ਅਨੇਕਾਂ ਹੀ ਪੰਛੀ ਰੂਸ ,ਚੀਨ,ਯੁਕਰੇਨ, ਕਜਾਕਿਸਤਾਨ ਆਦਿ ਮੁਲਕਾਂ ਤੋ ਆਉਦੇ ਹਨ।ਭਾਵੇ ਨੰਗਲ ਰਾਸਟਰੀ ਜਲਗਾਹ ਹੈ ਪਰ ਦੇਸੀ ਵਿਦੇਸੀ ਪੰਛੀਆਂ ਦੀ ਆਮਦ ਨਾਲ ਇੱਥੇ ਚਾਰ ਚੰਨ ਲੱਗ ਜਾਦੇ ਹਨ।
ਕਿਹਾ ਜਾਵੇ ਤਾ ਜਲਗਾਹਾਂ ਪਰਮਾਤਮਾ ਵਲੋਂ ਮਨੁੱਖ ਅਤੇ ਹੋਰਨਾਂ ਜੀਵ ਜੰਤੂਆਂ ,ਪੰਛੀਆਂ ਆਦਿ ਲਈ ਇਕ ਅਹਿਮ ਤੋਹਫਾ ਹੈ।ਪਰ ਅੱਜ ਜਲਗਾਹਾਂ ਆਪਣਾ ਅਸਤਿਤਤਵ ਖੋਹਦੀਆਂ ਜਾ ਰਹੀਆਂ ਹਨ।ਜਲਗਾਹਾਂ ਹੇਠਲਾ ਰਕਬਾ ਹੁਣ ਘੱਟਦਾ ਜਾ ਰਿਹਾ ਹੈ।ਮਨੁੱਖ ਦੀਆਂ ਗੈਰ ਕੁਦਰਤੀ ਗਤੀਵਿਧੀਆਂ ਕਾਰਨ ਅੱਜ ਜਲਗਾਹਾਂ ਤੇ ਖਤਰਾਂ ਮੰਡਰਾ ਰਿਹਾ ਹੈ। ਬੇਅੰਤ ਪ੍ਰਦੂਸਣ , ਜਲਗਾਹਾਂ ਦਾ ਭਰਨਾ, ਸਹਿਰੀਕਰਣ, ਵਧਦੀ ਜਨਸੰਖਿਆਂ ਆਦਿ ਪ੍ਰਮੁੱਖ ਸਮੱਸਿਆਵਾਂ ਵਿਚ ਸਾਮਿਲ ਹਨ।ਕਾਂਜਲੀ ਜਲਗਾਹ ਵਿਚ ਵੱਧਦੀ ਹੋਈ ਜਲਕੁੰਭੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ।ਜਲਵਾਯੂ ਵਿਚ ਬਦਲਾਵ ਕਾਰਨ ਪੰਛੀਆਂ ਦਾ ਪਰਵਾਸ ਘੱਟ ਰਿਹਾ ਹੈ।ਰਸਾਇਣਿਕ ਖਾਂਦਾ ਦੇ ਪਾਣੀ ਨਾਲ ਰਲੇਵਾਂ ਹੋਣ ਕਾਰਨ ਜਲੀ ਪਰਿਸਥਿਤਿਕ ਪ੍ਰਬੰਧ ਗੜਬੜਾ ਰਿਹਾ ਹੈ।ਪੰਛੀਆਂ ਦੇ ਰਹਿਣ ਬਸੇਰੇ ਨਸਟ ਹੋ ਰਹੇ ਹਨ।ਮਹਿਮਾਨ ਪੰਛੀਆਂ ਦਾ ਸਿਕਾਰ ਵੀ ਇਕ ਵੱਡੀ ਸਮੱਸਿਆ ਹੈ।ਜਿੱਥੇ ਸਰਕਾਰਾਂ ਨੂੰ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਜਲਗਾਹਾਂ ਦਾ ਸਾਂਭ ਸੰਭਾਲ ਲਈ ਪੁੱਖਤਾ ਕਦਮ ਚੁੱਕਣ ਦੀ ਲੋੜ ਹੈ , ਉੱਥੇ ਹੀ ਸਥਾਨਕ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਮਹਿਮਾਨ ਪੰਛੀਆਂ ਅਤੇ ਹੋਰ ਜੀਵਾਂ ਦੀ ਰੱਖਿਆ ਕਰਨ।ਵਧਦੇ ਪ੍ਰਦੂਸਣ ਕਾਰਨ ਕਈ ਜੀਵ ਪ੍ਰਜਣਨ ਨਹੀ ਕਰ ਪਾਉਂਦੇ ਜਿਸ ਕਾਰਨ ਉਹਨਾਂ ਦੀ ਜਨਸੰਖਿਆ ਘੱਟਦੀ ਜਾ ਰਹੀ ਹੈ।
ਜਲਗਾਹਾਂ ਸਾਡੀਆਂ ਅਨਮੋਲ ਧਰੋਹਰ ਹਨ ।ਇਹਨਾਂ ਦੀ ਰੱਖਿਆ ਲਈ ਸਾਨੂੰ ਸਭ ਨੂੰ ਅੱਗੇ ਅਉਣਾਂ ਪਵੇਗਾ।ਹਰ ਸਾਲ 2 ਫਰਵਰੀ ਨੂੰ ਅੰਤਰ ਰਾਸਟਰੀ ਜਲਗਾਹ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿਚ ਜਲਗਾਹਾਂ ਦੇ ਮਹੱਤਵ ਅਤੇ ਉਹਨਾਂ ਦੀ ਸਾਂਭ ਸੰਭਾਲ ਪ੍ਰਤਿ ਜਾਗਰੁਕਤਾ ਪੈਦਾ ਕੀਤੀ ਜਾ ਸਕੇ।
ਆਓ ਆਪਾਂ ਵੀ ਇਸ ਜਲਗਾਹ ਦਿਵਸ ਨੂੰ ਮਨਾਈਏ ਅਤੇ ਜਲਗਾਹਾਂ ਦੇ ਸਾਂਭ ਸੰਭਾਲ ਦਾ ਪ੍ਰਣ ਕਰੀਏ।
ਫੈਸਲ ਖਾਨ
(ਚੋਗਿਰਦਾ ਪ੍ਰੇਮੀ)
ਜਿਲ੍ਹਾਂ ਰੋਪੜ
ਮੋਬ: 99149-65937
17 Jan. 2019