10 ਅਪ੍ਰੈਲ ਤੇ ਵਿਸ਼ੇਸ਼ - ਦੁਨੀਆਂ ਨੂੰ ਹੋਮਿਓਪੈਥਿਕ ਦਵਾਈ ਦੇ ਰੂਪ ਵਿੱਚ ਇੱਕ ਵੱਡੀ ਸੌਗਾਤ ਦੇਣ ਵਾਲੇ ਡਾ. ਹੈਨੇਮਨ - ਡਾ. ਅਮਿਤਾ
ਹੋਮਿਓਪੈਥਿਕ ਕੁਦਰਤ ਦਾ ਇਕ ਅਨਮੋਲ ਖਜ਼ਾਨਾ ਹੈ। ਲ਼ਾ-ਇਲਾਜ ਰੋਗੀਆਂ ਨੂੰ ਹੀ ਸਿਰਫ ਹੋਮੀਓਪੈਥੀ ਦਵਾਈ ਹੀ ਠੀਕ ਕਰਦੀ ਹੈ। ਇਸ ਗੱਲ ਦਾ ਦਾਅਵਾ ਹੋਰਨਾਂ ਪ੍ਰਣਾਲੀਆਂ ਨਾਲ ਇਲਾਜ ਕਰ ਰਹੇ ਡਾਕਟਰਾਂ ਨੇ ਭਲੀਭਾਂਤ ਮੰਨ ਲਿਆ ਹੈ, ਤੇ ਆਪਣਾ ਝੁਕਾਓ ਵੀ ਹੁਣ ਹੋਮਿਓਪੈਥੀ ਵੱਲ ਕਰ ਲਿਆ ਹੈ।ਹੈਮਿਓਪੈਥਿਕ ਇਕ ਕੁਦਰਤੀ ਇਲਾਜ ਪ੍ਰਣਾਲੀ ਹੈ, ਇਹ ਦੁਨੀਆਂ ਦੀ ਇਕੋ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜੋ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਦੀ ਹੈ, ਅਤੇ ਇਸ ਦਾ ਕੋਈ ਸਾਈਡਇਫੈਕਟ ਨਹੀ ਹੈ॥ ਇਹ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਨ ਦੀ ਤਾਕਤ ਰੱਖਦੀ ਹੈ। ਜਰਮਨ ਤੋ ਸ਼ੁਰੂ ਹੋ ਕੇ ਦੁਨੀਆਂ ਦੇ ਹਰ ਕੋਨੇ ਮਸ਼ਹੂਰ ਹੋਣ ਵਾਲੀ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ ਹੈ। ਡਾਕਟਰ ਸੈਮਿਉਲ ਹੈਨੇਮਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨ (ਯੂਰਪ) ਦੇ ਪਿੰਡ ਮੀਸ਼ਨ ਵਿਚ ਹੋਇਆ। ਆਪ ਦੇ ਘਰ ਅੰਤਾਂ ਦੀ ਗਰੀਬੀ ਸੀ, ਪਿਤਾ ਚੀਨੀ ਦੇ ਬਰਤਨਾਂ ਉਪਰ ਚਿਤਰਕਾਰੀ ਕਰਦੇ ਸਨ। ਆਪ ਨੇ ਵੀ ਪੜ੍ਹਾਈ ਦੇ ਨਾਲ ਨਾਲ ਪਿਤਾ ਨਾਲ ਕੰਮ ਵਿਚ ਹੱਥ ਵਟਾਉਣਾ ਸ਼ੁਰੂ ਕੀਤਾ। ਗਰੀਬੀ ਅਤੇ ਪਰਿਵਾਰਿਕ ਦੁੱਖ ਉਨ੍ਹਾਂ ਦੇੁ ਰਾਹ ਵਿਚ ਕਾਫੀ ਵੱਡੀਆਂ ਮੁਸੀਬਤਾਂ ਲੈ ਕੇ ਆਏ ਪਰ ਆਪ ਨੇ ਬੜੀ ਦਲੇਰੀ ਨਾਲ ਇਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਵਿੱਚ ਅੱਗੇ ਵਧਦੇ ਗਏ। ਇਹੀ ਕਾਰਨ ਸੀ ਕਿ ਡਾਕਟਰ ਸੈਮਿਉਲ ਹੈਨੇਮਨ ਦੁਨੀਆਂ ਦੀਆਂ 11 ਭਾਸਾਵਾਂ ਦਾ ਗਿਆਨ ਰੱਖਦੇ ਸਨ। ਡਾਕਟਰ ਸੈਮਿਉਲ ਹੈਨੇਮਨ ਨੇ 24 ਸਾਲ ਦੀ ਉਮਰ ਵਿਚ ਮੈਡੀਕਲ ਸਾਇੰਸ ਵਿਚ ਵੱਡੀਆਂ ਮੱਲ੍ਹਾਂ ਮਾਰਦੇ ਹੋਏ ਡਾਕਟਰੀ ਦੀ ਵੱਡੀ ਡਿਗਰੀ ਐਮ.ਡੀ. ਕਰ ਲਈ ਸੀ, ਇਹ ਡਿਗਰੀ ਮਿਲਦਿਆਂ ਹੀ ਡਰੂਸਡਿਨ ਹਸਪਤਾਲ ਵਿਚ ਬਤੌਰ ਮੁੱਖ ਡਾਕਟਰ ਨਿਯੁਕਤ ਹੋਏ।ਉਨ੍ਹਾਂ ਨੂੰ ਬਚਪਨ ਤੋ ਹੀ ਘਰ ਤੋ ਮਿਲੀ ਸੇਵਾ ਕਰਨ ਦੀ ਲਗਨ ਕਾਰਨ ਰੋਗੀਆਂ ਨੂੰ ਰੋਗ ਮੁਕਤ ਕਰਨ ਦੀ ਦਿਲਚਸਪੀ ਸੀ। ਇੱਥੇ ਨੌਕਰੀ ਕਰਦੇ ਸਮੇਂ ਡਾਕਟਰ ਹੈਨੇਮਨ ਦੇ ਦਿਮਾਗ ਵਿਚ ਦਵਾਈਆਂ ਦੇ ਅਸਰਾਂ ਬਾਰੇ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਕਾਰਨ ਆਪ ਦੀ ਪ੍ਰੇਸ਼ਾਨੀ ਬਹੁਤ ਵਧ ਗਈ, ਉਨ੍ਹਾਂ ਨੇ ਦਵਾਈਆਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਜਦੋ ਡਾਕਟਰ ਹੈਨੇਮਨ ਨੇ ਦੇਖਿਆ ਕਿ ਇਕੋ ਦਵਾਈ ਇਕ ਤਰ੍ਹਾਂ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਗਰ ਵਾਰ ਠੀਕ ਨਹੀ ਕਰ ਸਕਦੀ ਤਾਂ ਖੋਜ ਕਰਦਿਆਂ ਇਸ ਸਿੱਟੇ 'ਤੇ ਪੁਜੇ ਕਿ ਇਕ ਦਵਾਈ ਦਾ ਅਲੱਗ ਅਲੱਗ ਰੋਗੀਆਂ ਤੇ ਅਲੱਗ ਅਲੱਗ ਅਸਰ ਹੁੰਦਾ ਹੈ। ਉਨ੍ਹਾਂ ਨੇ ਖੋਜ ਦੌਰਾਨ ਪਤਾ ਲਗਾਇਆ ਕਿ ਅਲੱਗ ਅਲੱਗ ਰੋਗੀਆਂ ਵਿਚ ਰੋਗ ਭਾਵੇਂ ਇਕੋ ਜਿਹਾ ਹੋਵੇ ਪਰ ਰੋਗੀਆਂ ਦੇ ਸੁਭਾਅ ਮੁਤਾਬਿਕ ਅਲੱਗ ਤਰ੍ਹਾਂ ਦੀ ਹੀ ਅਸਰ ਕਰਦੀ ਹੈ। ਰੋਗੀ ਦੇ ਰੋਗ ਨਾਲ ਨਾਲ ਸੁਭਾਅ, ਮਾਨਸਿਕ ਅਤੇ ਸਰੀਰਕ ਇਲਾਜ ਕਰਨਾ ਵੀ ਬਹੁਤ ਜਰੂਰੀ ਹੁੰਦਾ ਹੈ, ਇਸ ਖੋਜ ਨੂੰ ਹੋਰ ਡੂੰਘਾਈ ਤੱਕ ਲੈ ਕੇ ਜਾਣ ਲਈ ਡਾਕਟਰ ਹੈਨੇਮਨ ਨੇ ਆਪਣੀ ਨੌਕਰੀ ਤੋ ਅਸਤੀਫਾ ਦੇ ਕੇ ਦਵਾਈਆਂ ਦੀ ਖੋਜ ਕਰਨ ਵੱਲ ਜੁੱਟ ਗਏ। ਸੰਨ 1790 ਵਿਚ ਡਾਕਟਰ ਹੈਨੇਮਨ ਨੇ ਇਕ ਕਿਤਾਬ ਦਾ ਅਨੁਵਾਦ ਕਰਦਿਆਂ ਹੋਇਆ ਨੂੰ ਖਿਆਲ ਆਇਆ ਕਿ ਕੋਕੀਨ ਖਾਣ ਨਾਲ ਬੁਖਾਰ ਚੜ੍ਹ ਜਾਂਦਾ ਹੈ, ਇਹ ਖਿਆਲ ਪੂਰੀ ਦੁਨੀਆਂ ਲਈ ਸੁਭ ਸ਼ਗਨ ਸੀ, ਇਸ ਖਿਆਲ ਦੇ ਆਉਂਦੇ ਹੀ ਡਾ. ਹੈਨੇਮਨ ਨੇ ਕੋਨੀਨ ਦਿਨ ਵਿਚ ਦੋ ਵਾਰ ਖਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ ਅਤੇ ਬਾਅਦ ਵਿਚ ਇਸੇ ਨਾਲ ਹੀ ਠੀਕ ਹੋ ਗਿਆ। ਇਸ ਤਜਰਬੇ ਨਾਲ ਡਾ. ਹੈਨੇਮਨ ਖੁਸ਼ੀ ਵਿਚ ਖੀਵੇ ਹੁੰਦੇ ਹੋਏ ਗਦਗਦ ਕਰ ਉਠੇ, ਉਹ ਇਸ ਨਾਲ ਇਹ ਸਿੱਟੇ 'ਤੇ ਪੁਜੇ ਕਿ ਜੋ ਦਵਾਈ ਰੋਗ ਨੂੰ ਜਨਮ ਦੇ ਸਕਦੀ ਹੈ ਤਾਂ ਉਹ ਉਸੇ ਰੋਗ ਨੂੰ ਖਤਮ ਵੀ ਕਰ ਸਕਦੀ ਹੈ। ਇਹੋ ਹੋਮਿਓਪੈਥੀ ਦਵਾਈ ਦਾ ਅਸਲੀ ਸਿਧਾਂਤ ਹੈ। ਹੋਮਿਓਪੈਥੀ ਨਿਯਮ ਅਨੁਸਾਰ ਦਵਾਈ ਰੋਗ ਅਤੇ ਰੋਗੀ ਨਾਲੋ ਵਧੇਰੇ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ।ਸੰਨ 1795 ਵਿਚ ਡਾ. ਹੈਨੇਮਨ ਨੇ ਹੋਮਿਓਪੈਥੀ ਉਪਰ ਇਕ ਹੋਰ ਕਿਤਾਬ ਦੀ ਰਚਨਾ ਕੀਤੀ, ਜਿਸ ਵਿਚ 27 ਦਵਾਈਆਂ ਦਾ ਜ਼ਿਕਰ ਕੀਤਾ ਅਤੇ ਅਲਾਮਤਾਂ ਦੱਸੀਆਂ ਗਈਆਂ। ਸੰਨ 1810 ਵਿਚ ਇਕ ਹੋਰ ਕਿਤਾਬ ਲਿਖੀ ੳਤੇ ਹੋਮਿਓਪੈਥੀ ਦੇ ਬੁਨਿਆਦੀ ਅਸੂਲਾਂ ਨੂੰ ਇਸ ਵਿਚ ਦਰਸਾਇਆ ਗਿਆ। ਇਹ ਕਿਤਾਬ ਹੋਮਿਓਪੈਥੀ ਵਿਚ ਇਕ ਵੱਡੇ ਧਾਰਮਿਕ ਗ੍ਰੰਥ ਦੀ ਤਰਾਂ ਮੰਨੀ ਜਾਂਦੀ ਹੈ। ਸੰਨ 1821 ਤੱਕ ਡਾਕਟਰ ਹੈਨੇਮਨ ਦੀ ਜ਼ਿੰਦਗੀ ਵਿਚ ਮਿੱਤਰਾਂ ਦੇ ਨਾਲ-ਨਾਲ ਵਿਰੋਧੀਆਂ ਦੀ ਗਿਣਤੀ ਵੀ ਵਧ ਗਈ। ਜਿਸ ਕਾਰਨ ਡਾ. ਹੈਨੇਮਨ ਨੂੰ ਲਿਪਜਿਕ ਦਾ ਸ਼ਹਿਰ ਛੱਡ ਕੇ ਜਾਣਾ ਪਿਆ।ਜਿਸ ਜਗ੍ਹਾਂ 'ਤੇ ਰਹਿੰਦਿਆਂ ਵੱਡੀਆਂ ਖੋਜਾਂ ਅਤੇ ਪ੍ਰਾਪਤੀਆਂ ਕੀਤੀਆਂ ਸਨ, ਨੂੰ ਛੱਡ ਕੁ ਜਾਣ ਦਾ ਦੁੱਖ ਹੋਇਆ। ਇਸ ਦੁੱਖ ਨੂੰ ਆਪਣੇ ਅੰਦਰ ਸਮੋ ਕੇ ਸ਼ਹਿਰ ਛੱਡ ਕੇ ਤੁਰ ਪਏ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਰਸਤੇ ਵਿਚ ਜਾਂਦਿਆ ਇਕ ਹਾਦਸਾ ਵਾਪਰਿਆ, ਇਸ ਹਾਦਸੇ ਦੌਰਾਨ ਡਾ. ਹੈਨੇਮਨ ਦੇ ਦੋ ਨੌਜਵਾਨ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ। ਐਨੇ ਵੱਡੇ ਦੁੱਖ ਦੇ ਬਾਵਜੂਦ ਉਨ੍ਹਾਂ ਹੌਸਲਾ ਨਾ ਹਾਰਿਆ, ਸਗੋ ਦਵਾਈ ਦੀਆਂ ਖੋਜਾਂ ਵਿਚ ਜੁਟੇ ਰਹੇ। ਸੰਨ 1828 ਵਿਚ ਹੈਨੇਮਨ ਨੇ ਗੰਭੀਰ ਬਿਮਾਰੀਆਂ ਤੇ ਖੋਜ ਕਰਦਿਆ ਇਕ ਕਿਤਾਬ ਲਿਖੀ, ਜਿਸ ਤੋ ਬਾਅਦ ੳਹ ਮੈਡੀਕਲ ਸਾਇੰਸ ਦੀ ਦੁਨੀਆਂ ਅੰਦਰ ਕਾਫੀ ਮਸ਼ਹੂਰ ਹੋ ਗਏ, ਇਸ ਪੁਸਤਕ ਵਿਚ ਬੜੀ ਬਾਰੀਕੀ ਨਾਲ ਖੋਜ ਦੇ ਵੇਰਵੇ ਦਿੰਦਿਆਂ ਲਿਖਿਆ ਕਿ ਕਿਸੇ ਵੀ ਦਵਾਈ ਨੂੰ ਜਿਨ੍ਹਾਂ ਸੂਖਸ਼ਮ ਰੂਪ ਵਿਚ ਬਣਾਇਆ ਜਾਵੇ, ਉਨੀ ਹੀ ਦਵਾਈ ਦੀ ਤਾਕਤ ਵਧਦੀ ਹੈ। ਕਈ ਛੋਟੀ ਸੋਚ ਵਾਲੇਲੋਕਾਂ ਨੇ ਡਾ. ਹੈਨੇਮਨ ਦਾ ਮਜ਼ਾਕ ਉਡਾਉਂਦਿਆ ਗਲਤ ਸਬਦ ਵੀ ਬੋਲੇ। ਉਨ੍ਹਾਂ ਲੋਕਾਂ ਨੇ ਕਿਹਾ ਕਿ ਇਹ ਸੂਖਸ਼ਮ ਦਵਾਈਆਂ ਵੱਡੀ ਤੋ ਵੱਡੀ ਬਿਮਾਰੀ ਨੂੰ ਖਤਮ ਕਰਨ ਦੀ ਤਾਕਤ ਕਿਵੇ ਰੱਖ ਸਕਦੀ ਹੈ। ਪਰ ਇਹ ਗੱਲ ਹੁਣ ਵਿਗਿਆਨੀਆਂ ਦੀ ਸਮਝ ਵਿਚ ਵੀ ਆ ਚੁੱਕੀ ਹੈ। ਸੰਨ 1830 ਵਿਚ ਡਾ. ਹੈਨੇਮਨ ਦੀ ਪਤਨੀ ਦਾ ਦਿਹਾਂਤ ਹੋ ਗਿਆ, ਜਿਸ ਤੋ ਬਾਅਦ ਹੈਨੇਮਨ ਇਕੱਲੇਪਣ ਮਹਿਸੂਸ ਕਰਦਿਆ 80 ਸਾਲ ਦੀ ਉਮਰ ਵਿਚ ਦੂਸਰਾ ਵਿਆਹ ਮਾਲਿਨੀ ਨਾਮ ਦੀ ਔਰਤ ਨਾਲ ਕਰਵਾ ਲਿਆ ਅਤੇ ਵਿਆਹ ਤੋ ਤੇਰਾਂ ਸਾਲ ਬਾਅਦ 2 ਜੁਲਾਈ 1843 ਨੂੰ ਪੈਰਿਸ, ਫਰਾਂਸ, ਵਿਖੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਪਰ ਡਾ. ਹੈਨੇਮਨ ਦੀ ਮ੍ਰਿਤਕ ਦੇਹ ਨੂੰ ਸਮਸ਼ਾਨ ਘਾਟ ਮੋਟਮਿਟਰੀ ਵਿਖੇ ਲਿਜਾਣ ਲਈ 4 ਨੇੜਲੇ ਰਿਸ਼ਤੇਦਾਰਾਂ ਨੇ ਹੀ ਮੋਢਾ ਦਿੱਤਾ, ਉਨ੍ਹਾ ਦੇ ਲਈ ਅਫਸੋਸ ਕਰਨ ਲਈ ਹੋਰ ਕੋਈ ਵੀ ਨਹੀ ਗਿਆ। ਸਮਾਂ ਬੀਤਦੇ ਵਿਰੋਧੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਡਾ. ਹੈਨੇਮਨ ਨਾਲ ਗਲਤ ਸਲੂਕ ਬਹੁਤ ਵੱਡੀ ਗਲਤੀ ਕੀਤੀ ਹੈ, ਸਗੋ ਉਹ ਤਾਂ ਦੁਨੀਆ ਲਈ ਦਵਾਈ ਦੇ ਰੂਪ ਵਿਚ ਇਕ ਬਹੁਤ ਵੱਡੀ ਸੁਗਾਤ ਦੇ ਗਏ ਹਨ, ਤਾਂ ਉਨ੍ਹਾਂ ਨੇ ਆਪਣਾ ਕੀਤੇ 'ਤੇ ਪਛਤਾਵਾ ਕਰਦੇ ਹੋਏ ਸੰਨ 1899 ਵਚ ਡਾ. ਹੈਨੇਮਨ ਦੀ ਮੌਤ ਤੋ 56 ਸਾਲ ਬਾਅਦ ਉਨ੍ਹਾਂ ਦੀ ਕਬਰ 'ਚੋ ਮ੍ਰਿਤਕ ਦੇਹ ਨੂੰ ਕੱਢ ਕੇ ਬੜੀ ਸ਼ਾਨੋ ਸ਼ੌਕਤ ਨਾਲ ਸਾਹੀ ਕਬਰ ਵਿਚ ਦਫਨਾਇਆ। ਹੁਣ ਡਾਕਟਰ ਸੈਮਿਓਲ ਹੈਨੇਮਨ ਦੀ ਯਾਦਗਾਰ ਵਜੋ ਜਰਮਨ ਦੇ ਲਿਪਜਿਕ ਸ਼ਹਿਰ ਵਿਚ ਬੁੱਤ ਲੱਗਿਆ ਹੋਇਆ ਹੈ, ਜਿਸ ਨੂੰ ਲੋਕ ਸਿਰ ਝੁਕਾਅ ਕੇ ਲੰਘਦੇ ਹਨ। ਡਾਕਟਰ ਹੈਨੇਮਨ ਦੀ ਖੋਜ ਦੁਨੀਆ ਅੰਦਰ ਇਕ ਮਿਸਾਲ ਬਣ ਚੁੱਕੀ ਹੈ।
ਡਾ. ਅਮਿਤਾ
+919915769020
ਡਾਕਟਰਾਂ 'ਤੇ ਹਮਲਾ ਤੇ ਉਸ ਤੋਂ ਬਾਅਦ ਦੀ ਸਿਆਸਤ - ਡਾ. ਅੰਮ੍ਰਿਤ
ਲੰਘੇ ਸੋਮਵਾਰ ਕੋਲਕਾਤਾ ਵਿਚ ਮੁਲਕ ਦੇ ਮਸ਼ਹੂਰ 'ਨੀਲ ਰਤਨ ਸਰਕਾਰੀ ਮੈਡੀਕਲ ਕਾਲਜ' ਵਿਚ ਇਕ ਬਜ਼ੁਰਗ ਮਰੀਜ਼ ਦੀ ਮੌਤ ਤੋਂ ਬਾਅਦ ਮਰੀਜ਼ ਦੇ ਰਿਸ਼ਤੇਦਾਰਾਂ ਨੇ ਮੌਕੇ ਉੱਤੇ ਹਾਜ਼ਰ ਜੂਨੀਅਰ ਡਾਕਟਰਾਂ ਉੱਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ ਦੇ ਰਿਸ਼ਤੇਦਾਰ ਦੋ ਟਰੱਕ ਭਰ ਕੇ ਆਏ ਅਤੇ ਮੌਜੂਦ ਡਾਕਟਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਮਰੀਜ਼ ਦੇ ਇਲਾਜ ਵਿਚ ਲਾਪ੍ਰਵਾਹੀ ਵਰਤੀ ਗਈ। ਹਮਲੇ ਵਿਚ ਦੋ ਡਾਕਟਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਆਈਸੀਯੂ ਵਿਚ ਜ਼ੇਰੇ-ਇਲਾਜ ਹਨ।
ਇਸ ਘਟਨਾ ਤੋਂ ਬਾਅਦ ਪੱਛਮੀ ਬੰਗਾਲ ਦੇ ਸਮੁੱਚੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੜਤਾਲ ਉੱਤੇ ਚਲੇ ਗਏ ਅਤੇ ਉਨ੍ਹਾਂ ਦੀ ਹਮਾਇਤ ਵਿਚ ਮੁਲਕ ਦੇ ਅਲੱਗ ਅਲੱਗ ਸੂਬਿਆਂ ਵਿਚ ਡਾਕਟਰ ਆਪੋ-ਆਪਣੇ ਢੰਗਾਂ ਨਾਲ ਰੋਸ ਵਿਖਾਵੇ ਕਰ ਰਹੇ ਹਨ। ਡਾਕਟਰਾਂ ਦੇ ਰੋਸ ਵਿਖਾਵਿਆਂ ਦੀ ਅਗਵਾਈ ਜੂਨੀਅਰ ਡਾਕਟਰਾਂ ਦੀਆਂ ਜਥੇਬੰਦੀਆਂ ਦੇ ਨਾਲ਼ ਨਾਲ਼ ਮੁੱਖ ਰੂਪ ਵਿਚ ਡਾਕਟਰਾਂ ਦੀ ਸਰਬ ਭਾਰਤੀ ਜਥੇਬੰਦੀ ਇੰਡੀਅਨ ਮੈਡੀਕਲ ਅਸੋਸੀਏਸ਼ਨ (ਆਈਐੱਮਏ) ਕਰ ਰਹੀ ਹੈ। ਹਮਲੇ ਦੀ ਘਟਨਾ ਤੋਂ ਬਾਅਦ ਮਮਤਾ ਸਰਕਾਰ ਨੇ ਮਾਮਲੇ ਦੀ ਗੰਭੀਰਤਾ ਸਮਝਣ ਦੀ ਥਾਂ ਸਰਕਾਰਾਂ ਦੀ ਜਾਣੀ-ਪਛਾਣੀ ਧਮਕੀਆਂ-ਡਰਾਵਿਆਂ ਦੀ ਰਣਨੀਤੀ ਰਾਹੀਂ ਹੜਤਾਲ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ਼ ਡਾਕਟਰਾਂ ਦੀ ਹੜਤਾਲ ਨੇ ਹੋਰ ਸਖ਼ਤ ਰੁਖ਼ ਫੜ ਲਿਆ।
ਇਕ ਪਾਸੇ ਹੜਤਾਲ ਹੈ, ਦੂਜੇ ਪਾਸੇ ਇਸ ਉੱਤੇ ਮੁਲਕ ਦੀ ਨਿੱਘਰ ਚੁੱਕੀ ਸਿਆਸਤ ਇੱਲਾਂ ਵਾਂਗ ਝਪਟ ਪਈ ਹੈ। ਪੱਛਮੀ ਬੰਗਾਲ ਵਿਚ ਮਮਤਾ ਸਰਕਾਰ ਨੂੰ ਕਿਨਾਰੇ ਲਾਉਣ ਨੂੰ ਮੌਕਾ ਤਲਾਸ਼ ਰਹੀ ਭਾਜਪਾ ਦੇ ਸੀਨੀਅਰ ਨੇਤਾ ਮੁਕੁਲ ਰਾਏ ਨੇ ਤੁਰੰਤ ਬਿਆਨ ਦਿੱਤਾ : ''ਹਮਲਾ ਖ਼ਾਸ ਸਮੁਦਾਇ (ਭਾਈਚਾਰੇ) ਵੱਲੋਂ ਕੀਤਾ ਗਿਆ ਹੈ, ਉਹ ਤ੍ਰਿਣਮੂਲ ਨਾਲ਼ ਜੁੜੇ ਹੋਏ ਹਨ ਅਤੇ ਡਾਕਟਰ ਜਿਸ ਉੱਤੇ ਹਮਲਾ ਹੋਇਆ ਹੈ, ਉਸ ਦਾ ਨਾਮ ਪਰਿਬਾਹਾ ਮੁਖਰਜੀ ਹੈ।" ਜਦੋਂ ਪੁੱਛਿਆ ਗਿਆ ਕਿ ਉਹ ਇਸ ਘਟਨਾ ਨੂੰ ਫ਼ਿਰਕੂ ਰੰਗਤ ਕਿਉਂ ਦੇ ਰਿਹਾ ਹੈ ਤਾਂ ਉਸ ਦਾ ਜਵਾਬ ਸੀ : ''ਮੁਖਰਜੀ ਤੇ ਉਸ ਦੇ ਸਾਥੀਆਂ ਉੱਤੇ ਹੋਇਆ ਇਹ ਹਮਲਾ ਸਾਧਾਰਨ ਨਹੀਂ ਹੈ। ਇਹ ਖ਼ਾਸ ਸਮੁਦਾਇ ਵੱਲੋਂ ਯੋਜਨਾਬੱਧ ਹਮਲਾ ਹੈ ਅਤੇ ਹਮਲਾਵਰਾਂ ਨੂੰ ਸਰਕਾਰ ਚਲਾ ਰਹੀ ਪਾਰਟੀ ਦੀ ਸ਼ਹਿ ਹੈ।"
ਬੰਗਾਲ ਭਾਜਪਾ ਦੇ ਡਾਕਟਰਾਂ ਦੇ ਸੈੱਲ ਦੇ ਕਨਵੀਨਰ ਵਿਵੇਕਨੰਦਾ ਮਜੂਮਦਾਰ ਜਿਹੜਾ ਖੁਦ ਪ੍ਰਾਈਵੇਟ ਡਾਕਟਰ ਹੈ, ਨੇ ਇਕ ਕਦਮ ਅੱਗੇ ਜਾਂਦੇ ਹੋਏ ਕਿਹਾ : ''ਪਿਛਲੇ ਕੁਝ ਸਮੇਂ ਤੋਂ ਬੰਗਾਲ ਵਿਚ ਡਾਕਟਰਾਂ ਉੱਤੇ ਹਮਲੇ ਵਰਤਾਰਾ ਬਣ ਗਿਆ ਹੈ। ਇਸ ਦੀ ਯੋਜਨਾ ਖ਼ਾਸ ਸਮੁਦਾਇ ਨਾਲ਼ ਜੁੜੇ ਗੁੰਡਿਆਂ ਵੱਲੋਂ ਬਣਾਈ ਗਈ ਹੈ।" (ਦ ਟੈਲੀਗ੍ਰਾਫ਼, 12 ਜੂਨ 2019)। ਹੁਣ ਇਹ ਕਿਸ ਨੂੰ ਨਹੀਂ ਪਤਾ ਕਿ ਭਾਜਪਾ ਲਈ 'ਖ਼ਾਸ ਸਮੁਦਾਇ' ਤੋਂ ਕੀ ਭਾਵ ਹੈ? ਉਧਰ ਭਾਜਪਾ ਆਗੂ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਡਾਕਟਰਾਂ ਦੀ ਗੱਲ ਸੁਣਨ ਲਈ ਮਮਤਾ ਸਰਕਾਰ ਨੂੰ ਚਿੱਠੀ ਲਿਖੀ ਹੈ। ਨਾਲ਼ ਹੀ ਮੰਤਰੀ ਜੀ ਨੇ ਡਾਕਟਰਾਂ ਉੱਤੇ ਹਮਲੇ ਰੋਕਣ ਲਈ ਕਾਨੂੰਨ ਬਣਾਉਣ ਦੀ ਜ਼ਰੂਰਤ ਬਾਰੇ ਕਿਹਾ ਹੈ। ਮੰਤਰੀ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਪਿਛਲੇ ਪੰਜ ਸਾਲ ਤੋਂ ਉਨ੍ਹਾਂ ਨੂੰ ਕਾਨੂੰਨ ਬਣਾਉਣ ਤੋਂ ਕੌਣ ਰੋਕ ਰਿਹਾ ਸੀ, ਇਨ੍ਹਾਂ ਸਾਲਾਂ ਦੌਰਾਨ ਤਾਂ ਮੁਲਕ ਦੇ ਹਰ ਕੋਨੇ ਵਿਚ ਡਾਕਟਰਾਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਹੋ ਰਹੀਆਂ ਹਨ।
ਇਸ ਤੋਂ ਬਿਨਾ, ਭਾਜਪਾ ਦੇ ਅਚਾਨਕ ਜਾਗੇ 'ਡਾਕਟਰ ਪ੍ਰੇਮ' ਨੂੰ ਘੋਖਣਾ ਵੀ ਜ਼ਰੂਰੀ ਹੈ। ਪਿਛਲੇ ਸਾਲ ਜੁਲਾਈ ਵਿਚ ਮੱਧ ਪ੍ਰਦੇਸ਼ ਦੇ ਜੂਨੀਅਰ ਡਾਕਟਰਾਂ ਦੀ ਹੜਤਾਲ ਕੁਚਲਣ ਲਈ ਭਾਜਪਾ ਦੀ ਸ਼ਿਵਰਾਜ ਸਰਕਾਰ ਨੇ ਕੀ ਕੁਝ ਨਹੀਂ ਕੀਤਾ- ਬਰਤਰਫੀਆਂ, ਧਮਕੀਆਂ, ਹਾਈਕੋਰਟ ਰਾਹੀਂ ਕਾਨੂੰਨੀ ਡਰਾਵੇ ਸਮੇਤ ਸਭ ਕੁਝ। ਪਿਛਲੇ 2-3 ਸਾਲਾਂ ਵਿਚ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਨੇ ਵੀ ਵਾਰ ਵਾਰ ਜੂਨੀਅਰ ਡਾਕਟਰਾਂ ਨਾਲ਼ ਇਹੀ ਕੁਝ ਕੀਤਾ ਹੈ। ਰਾਜਸਥਾਨ ਦੀ ਵੀ ਇਹੀ ਕਹਾਣੀ ਹੈ। ਉੱਤਰ ਪ੍ਰਦੇਸ਼ ਦੀ ਗੋਰਖਪੁਰ-ਆਕਸੀਜਨ ਤਰਾਸਦੀ ਨੂੰ ਕੋਈ ਸ਼ਾਇਦ ਹੀ ਭੁੱਲਿਆ ਹੋਵੇ। ਹੋਰ ਤਾਂ ਹੋਰ, ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਫ਼ੀਸਾਂ ਲੱਖਾਂ ਵਿਚ ਪਹੁੰਚਾ ਦਿੱਤੀਆਂ।
ਬੰਗਾਲ ਵਿਚ ਵੀ ਇਹ ਕੋਈ ਪਹਿਲਾਂ ਹਮਲਾ ਨਹੀਂ ਹੈ ਪਰ ਭਾਜਪਾ ਦੀ ਕੇਂਦਰੀ ਸਰਕਾਰ ਅਤੇ ਇਸ ਨਾਲ਼ ਜੁੜੇ ਡਾਕਟਰ ਸੈੱਲ ਚੁੱਪ ਹੀ ਰਹੇ। ਦੂਜੇ ਪਾਸੇ, ਮਮਤਾ ਬੈਨਰਜੀ ਦਾ ਰਵੱਈਆ ਵੀ ਸਾਫ਼ ਦਿਖਾ ਰਿਹਾ ਹੈ ਕਿ ਲੋਕਾਂ ਨਾਲ਼ ਜੁੜੇ ਮਸਲਿਆਂ ਬਾਰੇ ਸਭ ਸਿਆਸੀ ਪਾਰਟੀਆਂ ਕੋਲ ਇਕੋ ਹੀ ਇਲਾਜ ਹ ੈ: ਲਾਰੇ, ਧੋਖਾ, ਧਮਕੀਆਂ, ਕਾਨੂੰਨੀ ਡਰਾਵੇ, ਆਪਣੇ ਸੰਗਠਨ ਰਾਹੀਂ ਲੋਕਾਂ ਦਾ ਵਿਰੋਧ ਤੋੜਨ ਦੇ ਯਤਨ ਆਦਿ।
ਕੁਝ ਗੱਲਾਂ ਆਈਐੱਮਏ ਬਾਰੇ ਵੀ : ਇਹ ਜਥੇਬੰਦੀ ਭਾਵੇਂ ਕਹਿਣ ਨੂੰ ਭਾਰਤ ਦੇ ਸਮੁੱਚੇ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ ਤੇ ਮੈਡੀਕਲ ਵਿਗਿਆਨ ਦੀ ਰਾਖੀ ਵੀ ਕਰਦੀ ਹੈ ਪਰ ਕਿਉਂਕਿ ਭਾਰਤ ਦੇ ਸਮੁੱਚੇ ਡਾਕਟਰਾਂ ਵਿਚੋਂ ਤਿੰਨ-ਚੌਥਾਈ ਤੋਂ ਵੱਧ ਪ੍ਰਾਈਵੇਟ ਡਾਕਟਰ ਹਨ ਤੇ 80% ਵੱਡੇ ਸ਼ਹਿਰਾਂ ਵਿਚ ਬੈਠੇ ਹਨ, ਇਸ ਲਈ ਇਹ ਜਥੇਬੰਦੀ ਮੁੱਖ ਰੂਪ ਵਿਚ ਪ੍ਰਾਈਵੇਟ ਡਾਕਟਰਾਂ ਦਾ ਸਮੂਹ ਬਣ ਚੁੱਕਾ ਹੈ। ਇਸ ਦਾ ਮੁੱਖ ਕਾਰਜ ਪ੍ਰਾਈਵੇਟ ਕਾਰੋਬਾਰ ਦੇ ਹਿਤਾਂ ਦੀ ਰਾਖੀ ਬਣ ਚੁੱਕਾ ਹੈ। ਸਾਲ ਪਹਿਲਾਂ ਮਹਾਂਰਾਸ਼ਟਰ ਵਿਚ ਜੂਨੀਅਰ ਡਾਕਟਰਾਂ ਦੀ ਹੜਤਾਲ ਵਿਚ ਇਸ ਦੀ ਸ਼ੱਕੀ ਭੂਮਿਕਾ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।
ਉਂਜ ਵੀ, ਆਈਐੱਮਏ ਕਿਸ ਤਰ੍ਹਾਂ ਕੰਮ ਕਰਦੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਹੋ ਜਾਂਦਾ ਹੈ ਕਿ ਸਾਲ ਕੁ ਪਹਿਲਾਂ ਇਸ ਦੇ ਕੌਮੀ ਸੰਮੇਲਨ ਵਿਚ ਪ੍ਰਵੀਨ ਤੋਗੜੀਆ ਮੁੱਖ ਬੁਲਾਰਿਆਂ ਵਿਚ ਸੀ। ਇਸ ਦਾ ਕਈ ਲੋਕ-ਪੱਖੀ ਡਾਕਟਰਾਂ ਨੇ ਤਿੱਖਾ ਵਿਰੋਧ ਕੀਤਾ। ਅਜੇ ਕੁਝ ਦਿਨ ਪਹਿਲਾਂ ਹੀ ਆਪਣੀ ਪੂਰੀ ਜ਼ਿੰਦਗੀ ਆਮ ਲੋਕਾਂ ਲਈ ਲਗਾਉਣ ਵਾਲੇ ਡਾ. ਅਰੁਣ ਗਦਰੇ ਨੂੰ ਦਿੱਲੀ ਵਿਚ ਘੇਰ ਕੇ 'ਜੈ ਸ਼੍ਰੀ ਰਾਮ' ਦੇ ਨਾਹਰੇ ਲਗਵਾਏ ਗਏ ਪਰ ਆਈਐੱਮਏ ਚੁੱਪ ਰਹੀ। ਵੱਖ ਵੱਖ ਸਰਕਾਰਾਂ ਨੇ ਪਿਛਲੇ ਦੋ-ਢਾਈ ਦਹਾਕਿਆਂ ਤੋਂ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਦਾ ਲਗਾਤਾਰ ਬੇੜਾ ਗਰਕ ਕੀਤਾ ਗਿਆ ਪਰ ਆਈਐੱਮਏ ਚੁੱਪ ਹੀ ਰਹੀ। ਜਦ ਵੀ ਕਿਸੇ ਸਰਕਾਰ ਨੇ ਜਨਤਕ ਦਬਾਅ ਹੇਠ ਪ੍ਰਾਈਵੇਟ ਅਤੇ ਕਾਰਪੋਰੇਟ ਹਸਪਤਾਲਾਂ ਨੂੰ ਕੁਝ ਨਿਗਰਾਨੀ ਹੇਠ ਲਿਆਉਣ ਦੀ ਗੱਲ ਕੀਤੀ ਹੈ ਤਾਂ ਆਈਐੱਮਏ 'ਲਹਿਰ' ਖੜ੍ਹੀ ਕਰਦੀ ਰਹੀ ਹੈ।
ਖ਼ੈਰ!, ਫ਼ਿਲਹਾਲ ਮਸਲਾ ਜੂਨੀਅਰ ਡਾਕਟਰਾਂ ਉੱਤੇ ਹਮਲਿਆਂ ਦਾ ਹੈ। ਮੈਡੀਕਲ ਕਾਲਜਾਂ ਵਿਚ ਕੰਮ ਕਰਦੇ ਜੂਨੀਅਰ ਡਾਕਟਰਾਂ ਉੱਤੇ ਹਮਲੇ ਬਿਨਾ ਸ਼ੱਕ ਚਿੰਤਾ ਦਾ ਵਿਸ਼ਾ ਹਨ। ਹਮਲਿਆਂ ਪਿੱਛੇ ਕਈ ਕਾਰਨ ਮੌਜੂਦ ਹਨ। ਪਹਿਲਾ, ਸਰਕਾਰੀ ਹਸਪਤਾਲਾਂ ਵਿਚ ਆਮ ਕਰਕੇ ਗਰੀਬ ਲੋਕ ਆਉਂਦੇ ਹਨ ਪਰ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਲਗਾਤਾਰ ਨਿੱਘਰ ਰਹੀਆਂ ਹਨ। ਦਵਾਈਆਂ ਦੀ ਅਣਹੋਂਦ, ਸਟਾਫ਼ ਦੀ ਘਾਟ, ਟੈਸਟ ਨਾ ਹੋਣੇ, ਸਫ਼ਾਈ ਦਾ ਬੁਰਾ ਹਾਲ ਆਦਿ ਕਰਕੇ ਜਦੋਂ ਆਮ ਲੋਕਾਂ ਦਾ ਸਾਹਮਣਾ ਇਨ੍ਹਾਂ ਅਣਮਨੁੱਖੀ ਹਾਲਾਤ ਨਾਲ ਹੁੰਦਾ ਹੈ ਤਾਂ ਉਨ੍ਹਾਂ ਦੇ ਮਨਾਂ ਵਿਚ ਸਰਕਾਰੀ ਢਾਂਚੇ ਪ੍ਰਤੀ ਗੁੱਸਾ ਭਰ ਜਾਂਦਾ ਹੈ।
ਅਜਿਹੀ ਸੂਰਤ ਵਿਚ ਜਦੋਂ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਇਸ ਲਈ ਸਰਕਾਰੀ ਢਾਂਚੇ ਨੂੰ ਜ਼ਿੰਮੇਵਾਰ ਸਮਝਦੇ ਹਨ ਅਤੇ ਉਨ੍ਹਾਂ ਦਾ ਗੁੱਸਾ ਜੂਨੀਅਰ ਡਾਕਟਰਾਂ ਉੱਤੇ ਫੁੱਟਦਾ ਹੈ ਕਿਉਂਕਿ ਸਰਕਾਰੀ ਢਾਂਚੇ ਦੇ ਨੁਮਾਇੰਦਗੀ ਉਸ ਸਮੇਂ ਉਹੀ ਕਰ ਰਹੇ ਹੁੰਦੇ ਹਨ, ਹਾਲਾਂਕਿ ਸਰਕਾਰੀ ਹਸਪਤਾਲ ਚਲਾਉਣ ਵਿਚ ਉਨ੍ਹਾਂ ਦੀ ਭੂਮਿਕਾ ਸਿਫ਼ਰ ਹੈ। ਦੂਸਰਾ, ਪਿਛਲੇ ਕੁਝ ਸਮੇਂ ਤੋਂ ਸਿਆਸੀ ਸ਼ਹਿ ਪ੍ਰਾਪਤ ਗੁੰਡਾ ਤੇ ਚੌਧਰੀ ਕਿਸਮ ਦੇ ਤੱਤਾਂ ਵਿਚ ਬੇਮਿਸਾਲ ਵਾਧਾ ਹੋਇਆ ਹੈ। ਇਹ ਤੱਤ ਕਿਸੇ ਨਾ ਕਿਸੇ ਬਹਾਨੇ ਆਪਣਾ ਨਾਮ ਚਮਕਾਉਣ ਦੀ ਤਾਕ ਵਿਚ ਰਹਿੰਦੇ ਹਨ ਅਤੇ 'ਉੱਪਰਲੀ' ਸ਼ਹਿ ਕਰਕੇ ਇਹ ਹਰ ਕਿਸੇ ਜਗ੍ਹਾ ਉੱਤੇ 'ਮੇਰੀ ਵਾਰੀ ਪਹਿਲਾਂ' ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਤੱਤ ਸਰਕਾਰੀ ਹਸਪਤਾਲਾਂ ਵਿਚ ਜੂਨੀਅਰ ਡਾਕਟਰਾਂ ਉੱਤੇ ਹਮਲਿਆਂ ਦੀ ਅਹਿਮ ਕੜੀ ਹਨ।
ਇਸ ਤੋਂ ਇਲਾਵਾ ਡਾਕਟਰਾਂ ਦੇ ਭੇਸ ਵਿਚ ਲੁਕੇ ਕਾਰੋਬਾਰੀਆਂ ਦੇ ਕਾਰਿਆਂ ਨੇ ਡਾਕਟਰਾਂ ਦੀ ਚੋਖੀ ਮਿੱਟੀ ਪਲੀਤ ਕੀਤੀ ਹੈ ਜਿਸ ਕਰਕੇ ਆਮ ਲੋਕਾਂ ਵਿਚ ਡਾਕਟਰਾਂ ਬਾਰੇ ਇਕ ਨਕਾਰਾਤਮਕ ਭਾਵਨਾ ਬੈਠ ਚੁੱਕੀ ਹੈ। ਮੌਕੇ ਉੱਤੇ ਇਹ ਪਲੀਤੇ ਦਾ ਕੰਮ ਕਰਦੀ ਹੈ। ਮੈਡੀਕਲ ਸਿੱਖਿਆ ਦੇ ਤੌਰ-ਤਰੀਕੇ ਅਤੇ ਮੈਡੀਕਲ ਕਾਲਜਾਂ ਦੇ ਅਧਿਆਪਕਾਂ ਦੀ ਕਮਜ਼ੋਰ ਪੈ ਚੁੱਕੀ ਨੈਤਿਕ 'ਅਥਾਰਿਟੀ' (ਜਿਸ ਲਈ ਉਹ ਖੁਦ ਜ਼ਿੰਮੇਵਾਰ ਹਨ) ਨੇ ਨਵੀਂ ਪਨੀਰੀ ਦੇ ਡਾਕਟਰਾਂ ਨੂੰ ਮੈਡੀਕਲ ਵਿਗਿਆਨ ਦੀ ਮਹਾਨ ਵਿਰਾਸਤ ਅਤੇ ਇਸ ਦੀਆਂ ਕਦਰਾਂ-ਕੀਮਤਾਂ ਤੋਂ ਕੋਰਾ ਕਰ ਦਿੱਤਾ ਹੈ।
ਰਹਿੰਦੀ-ਖੂੰਹਦੀ ਕਸਰ ਮੈਡੀਕਲ ਕਾਲਜਾਂ ਵਿਚ ਪਹੁੰਚਦੇ ਵਿਦਿਆਰਥੀਆਂ ਦੇ ਸਮਾਜਿਕ ਪਿਛੋਕੜ ਕੱਢ ਦਿੰਦਾ ਹੈ। 90-95% ਵਿਦਿਆਰਥੀ ਸਮਾਜ ਦੇ ਅਮੀਰ ਅਤੇ ਅੱਤ ਅਮੀਰ ਹਿੱਸੇ ਵਿਚੋਂ ਹਨ ਜਿਨ੍ਹਾਂ ਦਾ ਆਮ ਲੋਕਾਂ ਨਾਲ਼ ਨਾ ਤਾਂ ਕੋਈ ਵਾਹ ਪਿਆ ਹੁੰਦਾ ਹੈ, ਤੇ ਨਾ ਉਹ ਆਮ ਲੋਕਾਂ ਦੀ ਬੋਲਚਾਲ, ਹਾਵ-ਭਾਵ ਸਮਝਦੇ ਹਨ। ਮੈਡੀਕਲ ਵਿਗਿਆਨ ਦੀਆਂ ਚਾਰ ਕਿਤਾਬਾਂ ਨੂੰ ਰੱਟਾ ਮਾਰ ਕੇ 'ਯੂਨੀਵਰਸ ਬੌਸ' ਸਮਝਣ ਵਾਲ਼ੇ ਇਹ ਲੋਕ ਬਾਕੀ ਮਾਮਲਿਆਂ ਵਿਚ ਤਰਸਯੋਗ ਹਾਲਤ ਤੱਕ ਬੌਧਿਕ ਕੰਗਾਲੀ ਦਾ ਸ਼ਿਕਾਰ ਹਨ ਜਿਸ ਕਰਕੇ ਉਹ ਆਪਣੀ ਸਿਆਸੀ ਆਜ਼ਾਦੀ ਵੀ ਬਰਕਰਾਰ ਰੱਖਣ ਦੇ ਕਾਬਿਲ ਵੀ ਨਹੀਂ ਹਨ। ਉਨ੍ਹਾਂ ਨੂੰ ਪਹਿਲਾਂ ਆਈਐੱਮਏ ਜਿਹੀਆਂ ਜਥੇਬੰਦੀਆਂ ਇਸਤੇਮਾਲ ਕਰਦੀਆਂ ਰਹੀਆਂ ਹਨ ਅਤੇ ਹੁਣ ਭਾਜਪਾ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਮੋਹਰਾ ਬਣਾ ਲਿਆ ਹੈ।
ਬੜੀ ਸਿੱਧੀ ਜਿਹੀ ਗੱਲ ਹੈ ਕਿ ਹਮਲਿਆਂ ਦੇ ਕਾਰਨਾਂ ਨੂੰ ਸਮਝ ਕੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ, ਭਾਵ ਜੂਨੀਅਰ ਡਾਕਟਰਾਂ ਦੀ 'ਐਜੀਟੇਸ਼ਨ' ਦੀ ਮੁੱਖ ਦਿਸ਼ਾ ਸਰਕਾਰੀ ਸਿਹਤ ਸੰਸਥਾਵਾਂ ਦੀ ਹਾਲਤ ਸੁਧਾਰਨ ਦੀ ਮੰਗ ਕਰਨ, ਮੈਡੀਕਲ ਸਿੱਖਿਆ ਦਾ ਪ੍ਰਬੰਧ ਬਿਹਤਰ ਬਣਾਉਣ, ਫ਼ੀਸਾਂ ਘਟਾਉਣ ਅਤੇ ਸਿਆਸੀ ਸ਼ਹਿ ਪ੍ਰਾਪਤ ਗੁੰਡਾ ਤੱਤਾਂ ਨੂੰ ਸਜ਼ਾਵਾਂ ਦਿਵਾਉਣ ਵੱਲ ਹੋਣੀ ਚਾਹੀਦੀ ਹੈ। ਜੇ ਉਹ ਇਨ੍ਹਾਂ ਮੰਗਾਂ ਨੂੰ ਅੱਗੇ ਰੱਖ ਕੇ ਲੜਦੇ ਹਨ ਤਾਂ ਉਨ੍ਹਾਂ ਨੂੰ ਸਮਾਜ ਵਿਚੋਂ ਵਿਆਪਕ ਹਮਾਇਤ ਮਿਲਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।
ਇਸ ਨਾਲ ਡਾਕਟਰਾਂ ਅਤੇ ਆਮ ਲੋਕਾਂ ਵਿਚ ਪੈ ਚੁੱਕੀ ਦਰਾੜ ਨੂੰ ਘੱਟ ਕਰਨ ਦਾ ਮੌਕਾ ਪੈਦਾ ਹੋ ਸਕਦਾ ਹੈ ਪਰ ਹੋ ਬਿਲਕੁਲ ਉਲਟ ਰਿਹਾ ਹੈ। ਕੁਝ ਲੋਕਾਂ ਨੇ ਹਮਲਿਆਂ ਲਈ ਸਮੁੱਚੇ ਆਮ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਵੱਲ ਗੱਲ ਤੋਰ ਦਿੱਤੀ ਹੈ। ਡਾਕਟਰਾਂ ਦੀ ਐਜੀਟੇਸ਼ਨ ਨੂੰ ਹਰ ਵਾਰ ਡਾਕਟਰ ਬਨਾਮ ਆਮ ਲੋਕ ਬਣਾ ਦਿੱਤਾ ਜਾਂਦਾ ਹੈ। ਹੁਣ ਹਮਲਿਆਂ ਨਾਲ ਨਜਿੱਠਣ ਲਈ ਦਹਿਸ਼ਤਗਰਦੀ ਨਾਲ਼ ਨਜਿੱਠਣ ਵਾਲ਼ੇ ਖੂੰਖਾਰ ਕਾਨੂੰਨਾਂ ਜਿਹੇ ਕਾਨੂੰਨ ਬਣਾਉਣ ਦੀ ਮੰਗ ਨੂੰ ਇਕੋ-ਇਕ ਮੰਗ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਪਿੱਛੇ ਮੁੱਖ ਦਿਮਾਗ ਪ੍ਰਾਈਵੇਟ ਅਤੇ ਕਾਰਪੋਰੇਟ ਹਸਪਤਾਲਾਂ ਦੇ ਝੋਲੀਚੁੱਕ ਬਣ ਚੁੱਕੇ ਡਾਕਟਰਾਂ ਦਾ ਹੈ।
ਸੰਪਰਕ : 83602-79818