ਕੌਮਾਂਤਰੀ ਮਾਂ-ਬੋਲੀ ਦਿਹਾੜੇ 'ਤੇ ਵਿਸ਼ੇਸ਼ - ਸਾਡੀ ਸ਼ਾਨ, ਪਛਾਣ, ਮਾਣ ਤੇ ਜਿੰਦ-ਜਾਨ : ਪੰਜਾਬੀ - ਡਾ. ਗੁਰਵਿੰਦਰ ਸਿੰਘ
ਵਿਸ਼ਵ ਭਰ 'ਚ 21 ਫਰਵਰੀ ਨੂੰ ਲੋਕ ਮਾਂ ਬੋਲੀ ਦਿਹਾੜੇ ਵਜੋਂ ਮਨਾਉਂਦਿਆਂ, ਕੋਈ ਨਾ ਕੋਈ ਅਜਿਹਾ ਸੰਕਲਪ ਲੈਂਦੇ ਹਨ , ਜਿਸ 'ਤੇ ਸਾਲ ਭਰ ਕੰਮ ਕਰਕੇ ਉਹ ਆਪਣੀ ਬੋਲੀ ਨੂੰ ਪ੍ਰਫੁੱਲਤ ਕਰਨ 'ਚ ਬਣਦਾ ਹਿੱਸਾ ਪਾ ਸਕਣ। 21 ਫਰਵਰੀ ਦਾ ਆਲਮੀ ਮਾਂ-ਬੋਲੀ ਦਿਨ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਆਪਣੀ ਮਾਂ-ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋਏ ਵਿਦਿਆਰਥੀਆਂ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉਦ-ਦੀਨ ਅਹਿਮਦ, ਅਬਦੁਲ ਜਬਾਰ ਤੇ ਸ਼ਫ਼ੀਉਰ ਰਹਿਮਾਨ ਅਤੇ ਸੈਂਕੜੇ ਫੱਟੜਾਂ ਦੀ ਯਾਦ ਦਿਵਾਉਂਦਾ ਹੈ। 21 ਫਰਵਰੀ 1972 ਨੂੰ ਬੰਗਲਾ ਦੇਸ਼ ਦੇ ਸੰਵਿਧਾਨ ਮੁਤਾਬਕ ਬੰਗਾਲੀ ਨੂੰ ਕੌਮੀ ਬੋਲੀ ਬਣਾਇਆ ਗਿਆ। ਬੰਗਲਾ ਦੇਸ਼ ਵਲੋਂ ਯੁਨੈਸਕੋ ਨੂੰ ਫੌਰਨ ਇਹ ਸੁਝਾਅ ਭੇਜਿਆ ਗਿਆ ਕਿ ਸਾਡੀ ਮਾਤ ਬੋਲੀ ਨੂੰ ਇਸ ਦਿਨ ਬਣਦਾ ਸਤਿਕਾਰ ਮਿਲਿਆ ਹੈ, ਇਸ ਲਈ ਇਸ ਦਿਨ ਨੂੰ ਕੌਮਾਂਤਰੀ ਮਾਂ ਬੋਲੀ ਦਿਨ ਵਜੋਂ ਮਨਾਇਆ ਜਾਵੇ। 17 ਨਵੰਬਰ 1999 ਨੂੰ ਜਨਰਲ ਕਾਨਫਰੰਸ ਵਿੱਚ ਯੁਨੈਸਕੋ ਵੱਲੋਂ, 21 ਫਰਵਰੀ ਨੂੰ ਮਾਂ ਬੋਲੀ ਦਿਨ ਵੱਜੋਂ ਮਨਾਉਣ ਦਾ ਸਮਰਥਨ ਦੇ ਦਿੱਤਾ ਗਿਆ। ਇਸ ਦਿਨ ਸੰਸਾਰ ਪੱਧਰ ‘ਤੇ ਹਰ ਖਿੱਤੇ ਵਿੱਚ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ। ਵਿਸ਼ਵ ਪੱਧਰ 'ਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੁਆਰਾ ਅੱਜਕੱਲ੍ਹ ਲਗਭਗ 6500 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਬਾਰੇ ਯੂਨੈਸਕੋ ਨੇ ਰਿਪੋਰਟ ਜਾਰੀ ਕੀਤੀ ਹੈ। ਵਿਸ਼ਵ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਵੀ ਹੈ। ਇਹ 11ਵੇਂ ਸਥਾਨ 'ਤੇ ਆਉਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਪੰਜਾਬੀ ਵਿਸ਼ਵ ਦੇ 15 ਕਰੋੜ ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਹੈ।
ਕੈਨੇਡਾ ਵਿਚ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ ਪੰਜਾਬ ਦੀ ਧਰਤੀ 'ਤੇ ਵੀ ਦਿੱਤੀਆਂ ਜਾਂਦੀਆਂ ਹਨ। 8 ਜੁਲਾਈ 1994 ਵਾਲੇ ਦਿਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਖੇ, ਪੰਜਾਬੀ ਨੂੰ ਦੂਜੀ ਜ਼ੁਬਾਨ ਦਾ ਦਰਜਾ ਹਾਸਲ ਹੋਇਆ: ਕੈਨੇਡਾ ਵਸਦੇ ਪੰਜਾਬੀਆਂ ਅੰਦਰ ਮਾਂ-ਬੋਲੀ ਲਈ ਠਾਠਾਂ ਮਾਰਦੇ ਪਿਆਰ ਦੀ ਗੱਲ ਕਰਦਿਆਂ ਆਮ ਹੀ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ 'ਦੂਜਾ ਪੰਜਾਬ' ਵਸਦਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਸੌ ਸਾਲ ਤੋਂ ਵੱਧ ਸਮੇਂ ਤੋਂ ਇਥੇ ਵਸੇ ਪੰਜਾਬੀਆਂ ਨੇ ਆਪਣੀ ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱੱਖਿਆ ਹੈ। ਇਥੋਂ ਦੇ ਕਈ ਸ਼ਹਿਰਾਂ 'ਚ ਪੰਜਾਬ ਤੋਂ ਘੁੰਮਣ ਆਇਆ ਪੰਜਾਬੀ ਜਦੋਂ ਘਰੋਂ ਬਾਹਰ ਨਿਕਲਦਾ ਹੈ, ਤਾਂ ਉਸ ਨੂੰ ਭੁਲੇਖਾ ਪੈਣ ਲੱਗ ਪੈਂਦਾ ਹੈ ਕਿ ਉਹ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ 'ਚ ਘੁੰਮ ਰਿਹਾ ਹੋਵੇ। ਪੰਜਾਬੀ ਵਿਚ ਲੱਗੇ ਸਾਈਨ ਬੋਰਡ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕੈਨੇਡਾ ਵਿੱਚ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਦੀ ਚੜ੍ਹਤ ਹੈ। ਮਾਂ-ਬੋਲੀ ਪੰਜਾਬੀ ਨਾਲੋਂ ਟੁੱਟੇ ਪੰਜਾਬੀ, ਆਪਣੀ ਬੋਲੀ ਨਾਲ ਕੈਨੇਡਾ ਆ ਕੇ ਕਿਵੇਂ ਜੁੜਦੇ ਹਨ, ਇਸ ਦੀ ਮਿਸਾਲ ਉੱਘੇ ਸਾਹਿਤਕਾਰ ਰਾਜਿੰਦਰ ਸਿੰਘ ਬੇਦੀ ਦੇ ਪੋਤਰੇ ਤੇ ਫ਼ਿਲਮ ਨਿਰਮਾਤਾ ਨਰਿੰਦਰ ਬੇਦੀ ਦੇ ਪੁੱਤਰ, ਫਿਲਮ ਅਦਾਕਾਰ ਅਤੇ ਨਿਰਮਾਤਾ ਰਜਤ ਬੇਦੀ ਨੇ ਸਾਂਝੀ ਕੀਤੀ। ਉਸਨੇ ਕਿਹਾ ਕਿ ਬੰਬਈ ਵਿਚ ਰਹਿੰਦਿਆਂ ਉਹ ਪੰਜਾਬੀ ਨਹੀਂ ਸੀ ਬੋਲਦਾ, ਪਰ ਜਦੋਂ ਉਹ ਕੈਨੇਡਾ ਆਇਆ, ਤਾਂ ਇਥੇ ਆ ਕੇ ਨਾ ਸਿਰਫ਼ ਪੰਜਾਬੀ ਬੋਲਣ ਹੀ ਲੱਗਿਆ, ਸਗੋਂ ਪੰਜਾਬੀ ਫਿਲਮਾਂ ਵੱਲ ਵੀ ਉਤਸ਼ਾਹਤ ਹੋ ਗਿਆ। ਰਜਤ ਬੇਦੀ ਨੇ ਕਿਹਾ ਕਿ ਉਸ ਨੂੰ ਅਤੇ ਉਸ ਵਰਗੇ ਅਨੇਕਾਂ ਹੋਰਨਾਂ ਨੂੰ ਕੈਨੇਡਾ ਨੇ ਪੰਜਾਬ ਨਾਲ ਜੁੜਿਆ ਹੈ।
ਕੈਨੇਡਾ ਦੀਆਂ ਵੱਖ-ਵੱਖ ਸਮੇਂ ਦੀਆਂ ਮਰਦਮਸ਼ੁਮਾਰੀਆਂ ਦੇ ਅੰਕੜੇ ਇਥੇ ਪੰਜਾਬੀ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕੈਨੇਡਾ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ 0.43 ਫ਼ੀਸਦੀ ਤੋਂ 2 ਫ਼ੀਸਦੀ ਦੇ ਨੇੜੇ ਜਾ ਪਹੁੰਚੀ ਹੈ। ਕੈਨੇਡਾ ਦੀ ਮੌਜੂਦਾ ਸਮੇਂ ਆਬਾਦੀ 4 ਕਰੋੜ 15 ਲੱਖ ਤੱਕ ਪਹੁੰਚ ਚੁੱਕੀ ਹੈ। ਜੇਕਰ ਕੈਨੇਡਾ 'ਚ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ 1991 ਵਿਚ 113, 220 (0.43 ਫ਼ੀਸਦੀ), 1996 ਵਿਚ 201, 780 (0.70 ਫ਼ੀਸਦੀ), 2001 ਵਿਚ 271, 220 (0.90 ਫ਼ੀਸਦੀ), 2006 ਵਿਚ 367, 505 (1.18 ਫ਼ੀਸਦੀ), 2011 ਵਿਚ 459, 990 (1.30 ਫ਼ੀਸਦੀ) 2016 ਵਿਚ 543, 495 (1.7 ਫ਼ੀਸਦੀ) ਅਤੇ 2021 ਵਿਚ 763, 785 (2 ਫੀਸਦੀ) ਤੱਕ ਪਹੁੰਚ ਚੁੱਕੀ ਹੈ, ਜਦ ਕਿ ਅਗਲੀ ਮਰਦਮਸ਼ੁਮਾਰੀ 2026 ਵਿਚ ਹੋਵੇਗੀ।
ਮਰਦਮ ਸ਼ੁਮਾਰੀ ਦੇ ਇਕ ਹੋਰ ਵਰਗ ਅਨੁਸਾਰ ਘਰਾਂ ਵਿੱਚ ਬਹੁਤਾ ਸਮਾਂ ਪੰਜਾਬੀ ਬੋਲਣ ਵਾਲਿਆਂ ਦੀ 2021 ਦੀ ਮਰਦਮਸ਼ੁਮਾਰੀ ਦੌਰਾਨ ਗਿਣਤੀ 827,150 ਹੈ, ਜਦ ਕਿ ਕੈਨੇਡਾ ਦੀਆਂ ਨਾਨ-ਆਫੀਸ਼ੀਅਲ ਬੋਲੀਆਂ ਤੋਂ ਇਲਾਵਾ ਪੰਜਾਬੀ ਬੋਲੀ ਦੀ ਜਾਣਕਾਰੀ ਰੱਖਣ ਵਾਲਿਆਂ ਦੀ ਸੰਖਿਆ 942, 170 ( 2016 ਤੋਂ 41 ਗੁਣਾ ਵੱਧ) ਹੈ। 2021 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਵਿਚ ਪਹਿਲੇ ਨੰਬਰ 'ਤੇ ਉਨਟੈਰੀਉ ਪ੍ਰੋਵਿੰਸ (397, 865), ਦੂਜੇ 'ਤੇ ਬ੍ਰਿਟਿਸ਼ ਕਲੰਬੀਆ (315,000) ਅਤੇ ਤੀਜੀ ਨੰਬਰ 'ਤੇ ਐਲਬਰਟਾ (126,365) ਆਉਂਦਾ ਹੈ।
ਬੋਲੀ ਆਧਾਰਿਤ ਅੰਕੜਿਆਂ ਅਨੁਸਾਰ ਸੰਨ 2011 ਦੀ ਜਨਗਣਨਾ ਅਨੁਸਾਰ ਅੰਗਰੇਜ਼ੀ ਤੇ ਫਰੈਂਚ ਤੋਂ ਮਗਰੋਂ, ਇੰਮੀਗਰੈਂਟ ਭਾਈਚਾਰਿਆਂ ਦੀਆਂ ਮਾਂ-ਬੋਲੀਆਂ ਦੀ ਸੂਚੀ 'ਚ ਪੰਜਾਬੀ ਪਹਿਲੇ ਥਾਂ 'ਤੇ ਸੀ, ਭਾਵ ਕੁੱਲ ਮਿਲਾ ਕੇ ਤੀਜੇ ਸਥਾਨ 'ਤੇ ਸੀ। ਸੰਨ 2011 ਦੇ ਅੰਕੜਿਆਂ ਮੁਤਾਬਿਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 459, 990 ਸੀ, ਜਦ ਕਿ ਚੀਨੀ ਭਾਈਚਾਰੇ ਵਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਚ ਕੈਂਟਨੀਜ਼ ਬੋਲਣ ਵਾਲੇ 388, 935 ਅਤੇ ਮੈਂਡਰੀਨ ਬੋਲਣ ਵਾਲੇ 255,160 ਸਨ। ਪੰਜ ਸਾਲਾਂ ਮਗਰੋਂ 2016 ਦੇ ਅੰਕੜਿਆਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 18.2 ਫ਼ੀਸਦੀ ਵਧਣ ਨਾਲ ਇਹ ਸੰਖਿਆ 543, 495 ਹੋ ਗਈ ਤੇ ਮਹਿਜ਼ 85,505 ਹੋਰ ਪੰਜਾਬੀਆਂ ਨੇ, ਪੰਜ ਸਾਲਾਂ 'ਚ ਮਾਂ-ਬੋਲੀ ਪੰਜਾਬੀ ਲਿਖਵਾਈ। ਦੂਜੇ ਪਾਸੇ ਮੈਂਡਰੀਨ ਬੋਲਣ ਵਾਲੇ 610,835 ਅਤੇ ਕੈਂਟਨੀਜ਼ ਬੋਲਣ ਵਾਲੇ 594,030 ਦੀ ਗਿਣਤੀ ਤੱਕ ਪਹੁੰਚ ਗਏ। ਇੰਜ ਪੰਜਾਬੀ ਬੋਲਣ ਵਾਲੇ ਤੀਜੇ ਥਾਂ ਤੋਂ ਪੰਜਵੇਂ 'ਤੇ ਆ ਡਿਗੇ, ਜਦ ਕਿ ਤੀਜੀ ਤੇ ਚੌਥੀ ਥਾਂ ਮੈਂਡਰੀਨ ਤੇ ਕੈਂਟਨੀਜ਼ ਨੇ ਲੈ ਲਈ।
21 ਮਈ 2021 ਦੀ ਮਰਦਮਸ਼ੁਮਾਰੀ ਦੀ ਗੱਲ ਕਰਦੇ ਹਾਂ, ਤਾਂ ਅੰਕੜਿਆਂ ਦੇ ਹਿਸਾਬ ਨਾਲ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 942,170 ਪੰਜਵੇਂ ਸਥਾਨ 'ਤੇ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਵਰਗ ਵਿਚ ਅੰਗਰੇਜ਼ੀ ਅਤੇ ਫਰੈਂਚ ਤੋਂ ਮਗਰੋਂ, ਤੀਜੇ ਨੰਬਰ 'ਤੇ ਸਪੈਨਿਸ਼ (1,171,450) ਅਤੇ ਚੌਥੇ ਨੰਬਰ 'ਤੇ ਮੈਂਡਰੀਨ ਚੀਨੀ ਬੋਲੀ (987, 300) ਹੈ।
ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਕੈਨੇਡਾ ਵਿੱਚ ਪੰਜਾਬੀ ਬੋਲੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ, ਉਥੇ ਅਜੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਮਰਦਮਸ਼ੁਮਾਰੀ ਸਮੇਂ ਪੰਜਾਬੀਆਂ ਵਲੋਂ ਮਾਂ-ਬੋਲੀ ਲਿਖਵਾਉਣ ਲਈ ਉਤਸ਼ਾਹ ਅਜੇ ਵੀ ਓਨਾ ਨਹੀਂ, ਜਿੰਨਾ ਹੋਣਾ ਚਾਹੀਦਾ ਹੈ। ਕੈਨੇਡਾ ਵਿਚ ਘੱਟੋ-ਘੱਟ 5 ਲੱਖ ਤੋਂ ਵੱਧ ਗਿਣਤੀ ਵਿੱਚ ਅਜਿਹੇ ਹੋਰ ਪੰਜਾਬੀ ਵੀ ਵਸਦੇ ਹਨ, ਜਿਹੜੇ ਮਰਦਮਸ਼ੁਮਾਰੀ ਦੌਰਾਨ ਆਪਣੀ ਮਾਂ-ਬੋਲੀ ਪੰਜਾਬੀ ਨਹੀਂ ਲਿਖਵਾਉਂਦੇ ਜਾਂ ਮਰਦਮਸ਼ੁਮਾਰੀ ਵਿੱਚ ਮਾਂ- ਬੋਲੀ ਵਾਲੇ ਖਾਨੇ ਭਰਦੇ ਹੀ ਨਹੀ। ਇਥੇ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਆਏ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਪੰਜਾਬੀ ਵੀ ਮਰਦਮ ਸ਼ੁਮਾਰੀ ਵਿਚ ਅਪਣੇ ਫ਼ਾਰਮਾਂ ਵਿਚ ਮਾਂ ਬੋਲੀ ਪੰਜਾਬੀ ਲਿਖ ਸਕਦੇ ਹਨ।
ਕੈਨੇਡਾ ਦੇ ਪੰਜਾਬੀ ਮੀਡੀਏ ਵਲੋਂ ਵਾਰ-ਵਾਰ ਪ੍ਰਚਾਰਨ ਦੇ ਬਾਵਜੂਦ, ਬਹੁਤ ਸਾਰੇ ਪੰਜਾਬੀ ਕਾਗਜ਼ਾਂ 'ਚ ਆਪਣੀ ਮਾਂ-ਬੋਲੀ ਲਿਖਵਾਉਣ ਤੋਂ ਹੀ ਘੇਸਲ ਮਾਰ ਜਾਂਦੇ ਹਨ। ਜੇ ਰੁਝਾਨ ਇਹੀ ਰਿਹਾ, ਤਾਂ 2026 ਦੀ ਮਰਦਮਸ਼ੁਮਾਰੀ ਵਿਚ ਪੰਜਾਬੀ ਬੋਲੀ ਦਾ ਪੰਜਵਾਂ ਸਥਾਨ ਵੀ ਖੁੱਸਣ 'ਚ ਦੇਰ ਨਹੀਂ ਲੱਗਣੀ। ਦੂਜੀ ਗੱਲ ਇਹ ਹੈ ਕਿ ਪੰਜਾਬੀ ਕੈਨੇਡਾ 'ਚ ਅਜੇ ਵੀ ਵਿਦੇਸ਼ੀ ਬੋਲੀ ਹੀ ਹੈ, ਕੈਨੇਡੀਅਨ ਬੋਲੀ ਵਜੋਂ ਮਾਨਤਾ ਹਾਸਲ ਨਹੀਂ ਕਰ ਸਕੀ। ਇਹ ਗੱਲ ਜ਼ਿਕਰਯੋਗ ਹੈ ਕਿ ਕੈਨੇਡਾ 'ਚ ਅੰਗਰੇਜ਼ੀ ਤੇ ਫਰੈਂਚ ਦਫ਼ਤਰੀ ਰੂਪ 'ਚ ਸਰਕਾਰੀ ਭਾਸ਼ਾਵਾਂ ਹਨ, ਪਰ ਇਥੇ ਕੌਮੀ ਬੋਲੀ ਦੇ ਨਾਂਅ 'ਤੇ ਝਗੜੇ ਖੜ੍ਹੇ ਕਰਨ ਵਾਲਾ ਅਜਿਹਾ ਕੋਈ ਰੇੜਕਾ ਨਹੀਂ, ਜਿਵੇਂ ਕਿ ਭਾਰਤ 'ਚ ਹਿੰਦੀ ਨੂੰ ਲੈ ਕੇ 'ਇਕ ਭਾਸ਼ਾ ਤੇ ਇਕ ਰਾਸ਼ਟਰ' ਆਦਿ ਦੇ ਬੇਤੁਕੇ ਨਾਅਰੇ ਲਾਏ ਜਾਂਦੇ ਹਨ।
ਇਥੇ ਚੁਣੌਤੀ ਇਹ ਹੈ ਕਿ ਇੰਮੀਗਰਾਂਟ ਭਾਈਚਾਰੇ ਦੀ ਬੋਲੀ ਹੋਣ ਕਾਰਨ ਪੰਜਾਬੀ ਅਜੇ ਵੀ ਸੰਘਰਸ਼ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਅੱਜ ਕੈਨੇਡਾ 'ਚ ਵਸਦੇ ਪੰਜਾਬੀ ਜੇਕਰ ਆਪਣੀ ਨਾਗਰਿਕਤਾ ਕਾਰਨ 'ਕੈਨੇਡੀਅਨ' ਹਨ ਤਾਂ ਫਿਰ ਉਨ੍ਹਾਂ ਦੀ ਬੋਲੀ ਵਿਦੇਸ਼ੀ ਕਿਵੇਂ ਹੋਈ? ਜੇਕਰ ਪਾਰਲੀਮੈਂਟ 'ਚ ਪੰਜਾਬੀਆਂ ਦੀ ਗਿਣਤੀ 2 ਦਰਜਨ ਹੈ ਤੇ ਕਈ ਸੂਬਿਆਂ 'ਚ ਵੀ ਪੰਜਾਬੀ ਸਿਆਸਤਦਾਨਾਂ ਦਾ ਬੋਲਬਾਲਾ ਹੈ, ਫਿਰ ਉਹ ਆਪਣੀ ਮਾਂ-ਬੋਲੀ ਲਈ ਦ੍ਰਿੜ੍ਹ ਇਰਾਦਾ ਕਿਉਂ ਨਹੀਂ ਰੱਖਦੇ? ਯਕੀਨਨ ਤੌਰ 'ਤੇ ਜੇਕਰ ਸਾਡੇ ਰਾਜਸੀ ਲੀਡਰ ਪ੍ਰਣ ਕਰਨ ਕਿ ਉਨ੍ਹਾਂ ਪੰਜਾਬੀ ਨੂੰ ਕੈਨੇਡੀਅਨ ਬੋਲੀ ਵਜੋਂ ਮਾਨਤਾ ਦਿਵਾਉਣੀ ਹੈ ਤੇ ਵਿਦੇਸ਼ੀ ਬੋਲੀ ਨਹੀਂ ਰਹਿਣ ਦੇਣਾ, ਤਾਂ ਪੰਜਾਬੀ ਵੀ ਕੈਨੇਡਾ 'ਚ ਬੇਗਾਨੀ ਨਹੀਂ ਰਹੇਗੀ ਤੇ ਉਹ ਕੈਨੇਡਾ ਦੀ ਬੋਲੀ ਵਜੋਂ ਮਾਨਤਾ ਹਾਸਲ ਕਰ ਲਵੇਗੀ।
ਤੀਜੀ ਗੱਲ, ਪੰਜਾਬੀ ਮਾਪਿਆਂ 'ਤੇ ਆਉਂਦੀ ਹੈ। ਜੇਕਰ ਬੀ.ਸੀ. ਸੂਬੇ ਦੀ ਹੀ ਗੱਲ ਕਰੀਏ ਤਾਂ ਇਥੋਂ ਦੇ ਸਾਬਕਾ ਵਿੱਦਿਆ ਮੰਤਰੀ ਮਨਮੋਹਣ ਸਿੰਘ ਮੋਅ ਸਹੋਤਾ ਦੇ ਉੱਦਮ ਨਾਲ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਸੀ ਤੇ ਪੰਜਾਬੀ ਸਕੂਲਾਂ 'ਚ ਪੜ੍ਹਾਉਣ ਦਾ ਰਾਹ ਪੱਧਰਾ ਹੋ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਪੜ੍ਹਾਉਣ ਵਾਲੇ ਸਕੂਲ, ਅਕੈਡਮੀਆਂ ਤੇ ਹੋਰ ਅਦਾਰੇ ਆਪੋ-ਆਪਣੇ ਉਪਰਾਲੇ ਕਰ ਰਹੇ ਹਨ ਪਰ ਪਬਲਿਕ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਣ ਲਈ ਬੱਚਿਆਂ ਦਾ ਨਾਂਅ ਖ਼ਾਸ ਤੌਰ 'ਤੇ ਦਾਖ਼ਲ ਕਰਨ ਦੀ ਲੋੜ ਹੁੰਦੀ ਹੈ।
ਕੈਨੇਡਾ 'ਚ ਪੰਜਾਬੀ ਬੋਲੀ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਅੱਜ ਇਹ ਹੈ ਕਿ ਇਥੇ ਪੰਜਾਬੀ ਨੂੰ ਗਿਣੇ-ਮਿਥੇ ਢੰਗ ਨਾਲ ਖੂੰਜੇ ਲਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪੰਜਾਬੀ ਬੋਲੀ ਦੇ ਨਾਂਅ 'ਤੇ ਪੰਜਾਬੀ ਸੂਬਾ ਬਣਨ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਤੇ ਫ਼ਿਰਕੂ ਵਿਚਾਰ ਪੰਜਾਬ ਵਿਚ ਜ਼ੋਰ ਫੜ ਰਹੇ ਸਨ, ਅੱਜ ਉਹੀ ਸਥਿਤੀ ਕੈਨੇਡਾ ਵਿਚ ਬਣਦੀ ਜਾ ਰਹੀ ਹੈ। ਕੈਨੇਡਾ 'ਚ ਜੇਕਰ ਸੰਘਣੀ ਪੰਜਾਬੀ ਵਸੋਂ ਵਾਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਿੱਖ, ਹਿੰਦੂ, ਮੁਸਲਮਾਨ ਭਾਵ ਵੱਖ-ਵੱਖ ਧਰਮਾਂ, ਰੰਗਾਂ, ਨਸਲਾਂ ਤੇ ਫ਼ਿਰਕਿਆਂ ਦੇ ਲੋਕ ਵਸਦੇ ਹਨ। ਇਥੋਂ ਤੱਕ ਕਿ 'ਭਾਰਤੀ ਪੰਜਾਬੀ' ਤੇ 'ਪਾਕਿਸਤਾਨੀ ਪੰਜਾਬੀ' ਵਾਲਾ ਫ਼ਰਕ ਵੀ ਇਥੇ ਨਜ਼ਰ ਨਹੀਂ ਆਉਂਦਾ, ਬਲਕਿ ਸਾਰੇ 'ਕੈਨੇਡੀਅਨ ਪੰਜਾਬੀ' ਹੀ ਅਖਵਾਉਂਦੇ ਹਨ। ਉਂਜ ਵੀ ਅਸੀਂ ਅਕਸਰ ਆਖਦੇ ਹਾਂ ਕਿ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਭਾਰਤੀ ਪੰਜਾਬ ਨਾਲੋਂ ਕਿਤੇ ਵੱਧ ਹੈ।
ਕੈਨੇਡਾ ਵਿਚ ਪੰਜਾਬੀ ਆਬਾਦੀ ਵਾਲੇ ਸ਼ਹਿਰਾਂ 'ਚ ਵਸਣ ਵਾਲੇ ਲਹਿੰਦੇ ਪੰਜਾਬ ਦੇ ਪੰਜਾਬੀ ਜ਼ਿਆਦਾਤਰ ਲਾਹੌਰ ਦੇ ਨੇੜੇ-ਤੇੜੇ ਦੇ ਹੀ ਹਨ। ਉਨ੍ਹਾਂ 'ਚੋਂ ਵਧੇਰੇ ਬੋਲਦੇ ਵੀ ਪੰਜਾਬੀ ਹੀ ਹਨ, ਪਰ ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਜਦੋਂ ਉਨ੍ਹਾਂ ਮਾਂ-ਬੋਲੀ ਲਿਖਾਉਣੀ ਹੁੰਦੀ ਹੈ, ਤਾਂ ਇੱਕਾ-ਦੁੱਕਾ ਨੂੰ ਛੱਡ ਕੇ ਕੋਈ ਵੀ ਮਾਂ-ਬੋਲੀ ਪੰਜਾਬੀ ਨਹੀਂ ਲਿਖਦਾ, ਬਲਕਿ ਉਰਦੂ ਹੀ ਲਿਖਵਾਉਂਦੇ ਹਨ।
ਹੁਣ ਗੱਲ ਕਰੀਏ ਭਾਰਤੀ ਪੰਜਾਬ ਦੇ ਕੈਨੇਡਾ ਵਸਦੇ ਭਾਈਚਾਰਿਆਂ ਦੀ। ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ 'ਚ ਪੰਜਾਬ ਦੇ ਪਿੰਡਾਂ-ਸ਼ਹਿਰਾਂ ਨਾਲ ਸਬੰਧਿਤ ਸਿੱਖ ਤੇ ਹਿੰਦੂ ਹੀ ਵਧੇਰੇ ਹਨ, ਜਦ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀ ਭਾਰਤੀ ਭਾਈਚਾਰੇ 'ਚੋਂ ਵੀ ਕੇਰਲਾ, ਤਾਮਿਲ, ਗੁਜਰਾਤੀ, ਬੰਗਾਲੀ ਆਦਿ ਵਸਦੇ ਹਨ, ਜਿਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਹਨ ਤੇ ਉਹ ਕੈਨੇਡਾ ਤੇ ਭਾਰਤ ਅੰਦਰ ਵੀ ਉਨ੍ਹਾਂ ਭਾਸ਼ਾਵਾਂ ਨੂੰ ਹੀ ਮਾਨਤਾ ਦਿੰਦੇ ਹਨ। ਇਨ੍ਹਾਂ ਦੇ ਮੁਕਾਬਲਤਨ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਆਦਿ ਸੂੁਬਿਆਂ 'ਚੋਂ ਕੈਨੇਡਾ ਵਸਣ ਵਾਲਿਆਂ ਦੀ ਗਿਣਤੀ ਘੱਟ ਹੈ, ਜਿਹੜੇ 'ਹਿੰਦੀ' ਨੂੰ ਆਪਣੀ ਮਾਂ-ਬੋਲੀ ਸਵੀਕਾਰਦੇ ਹਨ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਅੰਦਰਲੇ ਭਾਰਤੀ ਸਫ਼ਾਰਤਖਾਨੇ ਹਿੰਦੀ ਨੂੰ ਮੁਫ਼ਤ ਪੜ੍ਹਾਉਣ ਲਈ ਤਾਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਜਦ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਨਾਲ ਸਰਾਸਰ ਵਿਤਕਰਾ ਕਰ ਰਹੇ ਹਨ।
ਭਾਰਤੀ ਸਿਆਸਤ 'ਚ ਵਧ ਰਿਹਾ ਫਾਸ਼ੀਵਾਦ, ਧਰੁਵੀਕਰਨ ਅਤੇ 'ਇਕ ਬੋਲੀ ਤੇ ਇਕ ਰਾਸ਼ਟਰ' ਦਾ ਨਾਅਰਾ ਕੇਵਲ ਭਾਰਤ ਵਿੱਚ ਹੀ ਹਿੰਦੀ ਭਾਸ਼ਾ ਨੂੰ ਛੱਡ ਕੇ ਬਾਕੀ ਭਾਸ਼ਾਵਾਂ ਦਾ ਨੁਕਸਾਨ ਨਹੀਂ ਕਰ ਰਿਹਾ, ਸਗੋਂ ਕੈਨੇਡਾ ਵਿੱਚ ਵੀ ਪੰਜਾਬੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਸਭ ਤੋਂ ਵੱਧ ਘਾਤਕ ਬਣ ਰਿਹਾ ਹੈ। ਕੁਝ ਵਰ੍ਹੇ ਪਹਿਲਾਂ ਕੈਨੇਡਾ 'ਚ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਦਿੱਤਾ ਵਿਵਾਦਗ੍ਰਸਤ ਬਿਆਨ 'ਇਕ ਬੋਲੀ ਇਕ ਦੇਸ਼' ਅਤੇ ਮਾਂ-ਮਾਸੀ ਦਾ ਰੇੜਕਾ ਵੀ ਪੰਜਾਬੀਆਂ ਅੰਦਰ ਬੋਲੀ ਦੇ ਆਧਾਰ 'ਤੇ ਪਾੜਾ ਪਾਉਣ ਵਾਲਾ 'ਘਾਤਕ ਪ੍ਰਚਾਰ' ਹੋ ਨਿਬੜਿਆ ਹੈ। ਕੈਨੇਡਾ ਵਸਦੇ ਪੰਜਾਬੀਆਂ ਨੂੰ ਇਨ੍ਹਾਂ ਵਲਗਣਾਂ ਤੋਂ ਉੱਪਰ ਉੱਠ ਕੇ ਸੱਚ 'ਤੇ ਪਹਿਰਾ ਦੇਣ ਦੀ ਲੋੜ ਹੈ। ਜੇਕਰ ਉਹ ਪੰਜਾਬੀ ਹਨ, ਤਾਂ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ, ਨਾ ਕਿ ਆਪਣੇ ਫ਼ਿਰਕੇ, ਜਾਤ ਜਾਂ ਸਿਆਸੀ ਪ੍ਰਭਾਵ ਅਧੀਨ ਮਾਂ-ਬੋਲੀ ਨਾਲ ਧੋਖਾ ਕਰਨ। ਅਸੀਂ ਆਪਣੇ ਕਾਰੋਬਾਰ ਅਤੇ ਵਪਾਰ ਮੌਕੇ ਵੱਧ ਤੋਂ ਵੱਧ ਪੰਜਾਬੀ ਬੋਲੀ ਬੋਲੀਏ ਅਤੇ ਸਾਇਨ ਬੋਰਡਾਂ ਅਤੇ ਬਿਜਨਸ ਕਾਰਡਾਂ 'ਤੇ ਅੰਗਰੇਜ਼ੀ ਦੇ ਨਾਲ-ਨਾਲ 'ਗੁਰਮੁਖੀ' ਵਿੱਚ ਜਾਣਕਾਰੀ ਅਤੇ ਨਾਂ ਲਿਖਵਾਈਏ।
ਆਓ, ਚੇਤਾ ਨਾ ਭੁੱਲੀਏ, ਘਰਾਂ ਵਿਚ ਬੋਲੀ ਜਾਣ ਵਾਲੀ ਜ਼ੁਬਾਨ ਮਾਂ ਬੋਲੀ ਪੰਜਾਬੀ ਲਿਖਾਈਏ ਅਤੇ ਰੋਜ਼ ਆਪੋ-ਆਪਣੇ ਪੱਧਰ 'ਤੇ ਪੰਜਾਬੀ ਲਈ ਦੋ ਸ਼ਬਦ ਜ਼ਰੂਰ ਲਿਖੀਏ। ਕਿਸੇ ਵੀ ਰੂਪ ਵਿੱਚ ਬੋਲੀ ਲਈ ਪ੍ਰਚਾਰ ਕਰੀਏ। ਕੈਨੇਡਾ ਵਸਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਆਪਣੀ 'ਜ਼ਬਾਨ' ਅਤੇ 'ਪਛਾਣ' ਨਾਲ ਜੋੜੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਮਾਂ ਬੋਲੀ ਪੰਜਾਬੀ ਵੱਧ ਤੋਂ ਵੱਧ ਬੋਲੀਏ ਅਤੇ ਇਹ ਗੱਲ ਕਦੇ ਨਾ ਭੁੱਲੀਏ; ਕਿਉਂਕਿ ਪੰਜਾਬੀ ਸਾਡੀ ਸ਼ਾਨ ਹੈ, ਪਛਾਣ ਹੈ, ਮਾਣ ਹੈ ਤੇ ਜਿੰਦ-ਜਾਨ ਹੈ !!
ਬੋਲੀ ਸਾਡਾ ਮਾਣ ਹੈ, ਬੋਲੀ ਲਵੋ ਸੰਭਾਲ।
ਜੋ ਬੋਲੀ ਨਹੀਂ ਸਾਂਭਦੇ, ਉਹ ਨੇ ਮਨੋ ਕੰਗਾਲ।
ਬਰਸੀ 'ਤੇ ਵਿਸ਼ੇਸ਼ ਮਨੁੱਖੀ ਹੱਕਾਂ ਦੇ ਮਹਾਨ ਯੋਧੇ : 'ਲੋਕ ਨਾਇਕ' ਜਸਟਿਸ ਅਜੀਤ ਸਿੰਘ ਬੈਂਸ - ਡਾ ਗੁਰਵਿੰਦਰ ਸਿੰਘ
ਪੰਜਾਬ ਦੀ ਧਰਤੀ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਮਹਾਨ ਯੋਧੇ, ਸੇਵਾ-ਮੁਕਤ ਜੱਜ ਸਰਦਾਰ ਅਜੀਤ ਸਿੰਘ ਬੈਂਸ 'ਲੋਕ ਨਾਇਕ' ਕਹੇ ਜਾ ਸਕਦੇ ਹਨ। ਉਨ੍ਹਾਂ ਆਪਣਾ ਸਾਰਾ ਜੀਵਨ ਮਨੁੱਖੀ ਹੱਕਾਂ ਦੇ ਸੰਘਰਸ਼ ਨੂੰ ਸਮਰਪਿਤ ਕੀਤਾ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜਸਟਿਸ ਅਜੀਤ ਸਿੰਘ ਜੀ ਦੀ ਦੇਣ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਬੈਂਸ ਸਾਹਿਬ ਨੇ ਮਨੁੱਖੀ ਹੱਕਾਂ ਲਈ ਸੌ ਸਾਲਾ ਜ਼ਿੰਦਗੀ ਸਮਰਪਿਤ ਕਰ ਦਿੱਤੀ, ਜੱਜ ਹੋਣ ਦੇ ਬਾਵਜੂਦ ਸਜ਼ਾਵਾਂ ਕੱਟੀਆਂ, ਉੱਜੜੇ ਪੰਜਾਬ ਨੂੰ ਵਸਾਉਣ ਲਈ 'ਸਰਕਾਰ ਨੂੰ ਦਹਿਸ਼ਤਗਰਦ' ਆਖਿਆ ਅਤੇ ਹਕੂਮਤ ਨਾਲ ਲੋਹਾ ਲਿਆ। ਸੌ ਸਾਲ ਦੀ ਲੰਮੀ ਉਮਰ, ਚੜ੍ਹਦੀ ਕਲਾ ਵਿੱਚ ਗੁਜ਼ਾਰਨ ਵਾਲੇ ਜਸਟਿਸ ਬੈਂਸ ਸਾਹਿਬ ਮਨੁੱਖੀ ਅਧਿਕਾਰਾਂ ਲਈ ਦੇਣ ਸਬੰਧੀ ਡੂੰਘਾ ਵਿਚਾਰ ਚਿੰਤਨ ਕਰਨਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ। ਜਸਟਿਸ ਸਾਹਿਬ ਦੇ ਸੰਘਰਸ਼ ਨੂੰ 'ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਇਕ ਪੀੜ੍ਹੀ ਦਾ ਸਫ਼ਰ' ਕਿਹਾ ਜਾ ਸਕਦਾ ਹੈ। ਉਨ੍ਹਾਂ ਦੀ ਮਨੁੱਖੀ ਅਧਿਕਾਰਾਂ ਲਈ ਦੇਣ ਸਬੰਧੀ ਅਨੇਕਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਜਸਟਿਸ ਬੈਂਸ ਸਾਹਿਬ ਦੇ ਜੀਵਨ ਸਫ਼ਰ 'ਤੇ ਪੰਛੀ ਝਾਤ ਮਾਰਦਿਆਂ, ਕੁਝ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਜਸਟਿਸ ਅਜੀਤ ਸਿੰਘ ਦਾ ਜਨਮ 14 ਮਈ 1922 ਨੂੰ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਗੁਰਾਇਆ ਦੇ ਪਿੰਡ 'ਬੜਾ ਪਿੰਡ' ਵਿਖੇ, ਨਾਨਕਾ ਪਰਿਵਾਰ ਵਿੱਚ ਹੋਇਆ। ਉਂਜ ਆਪ ਦਾ ਜੱਦੀ ਪਿੰਡ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਸੀ। ਆਪ ਜੀ ਦੀ ਮਾਤਾ ਜੀ ਬੀਬੀ ਅੰਮ੍ਰਿਤ ਕੌਰ ਅਤੇ ਪਿਤਾ ਜੀ ਬਾਬੂ ਗੁਰਬਖਸ਼ ਸਿੰਘ ਬੈਂਸ ਸਨ। ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਦਿਆਂ, ਪਿਤਾ ਜੀ ਨੇ ਕਈ ਵਾਰ ਜੇਲ੍ਹ ਯਾਤਰਾ ਕੀਤੀ ਅਤੇ ਅਤਿਅੰਤ ਕਸ਼ਟ ਸਹਾਰੇ। ਆਪ ਜੀ ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਚਾਰ ਭਰਾਵਾਂ ਅਤੇ ਤਿੰਨ ਭੈਣਾਂ ਦੇ ਵੱਡੇ ਪਰਿਵਾਰ ਵਿੱਚ ਅਜੀਤ ਸਿੰਘ ਬੈਂਸ ਹੁਰਾਂ ਨੇ ਅਣਥੱਕ ਸੇਵਾ ਕੀਤੀ, ਜਿਸ ਲਈ ਸਾਰੇ ਭੈਣ- ਭਰਾ ਸਦਾ ਆਪ ਦੇ ਸ਼ੁਕਰਗੁਜ਼ਾਰ ਰਹੇ। ਆਪ ਨੇ ਮੁੱਢਲੀ ਵਿੱਦਿਆ ਜੱਦੀ ਪਿੰਡ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਸਲ ਕੀਤੀ। ਆਪਣੇ ਜੱਦੀ ਪਿੰਡ ਵਿੱਦਿਆ ਦੇ ਪਸਾਰ ਲਈ ਆਪ ਜੀ ਦੀ ਸੇਵਾ ਭਾਵਨਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਲੰਮਾ ਸਮਾਂ ਮਗਰੋਂ ਆਪ ਨੇ ਮਾਹਿਲਪੁਰ ਕਾਲਜ ਲਈ ਆਪਣੀ ਜ਼ਮੀਨ ਦਾਨ ਕਰ ਦਿੱਤੀ ਸੀ। ਉੱਚ- ਵਿੱਦਿਆ ਲਈ ਅਜੀਤ ਸਿੰਘ ਬੈਂਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿਤਾ ਜੀ ਆਜ਼ਾਦੀ ਘੁਲਾਟੀਏ ਹੋਣ ਕਾਰਨ ਵਾਰ -ਵਾਰ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਆਉਂਦੀ। ਇੱਕ ਵਾਰ ਤਾਂ ਬਾਲਕ ਅਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਨ ਦੇ ਹਾਲਾਤ ਬਣ ਗਏ, ਜਿਸ ਨੂੰ ਧਿਆਨ ਵਿੱਚ ਰੱਖਦਿਆਂ, ਫੌਜ ਵਿੱਚ ਨੌਕਰੀ ਕਰਦੇ ਚਾਚਾ ਜੀ ਆਪ ਨੂੰ ਲਖਨਊ ਲੈ ਗਏ, ਜਿੱਥੇ ਜਾ ਕੇ ਆਪ ਨੇ ਉੱਚ ਵਿੱਦਿਆ ਹਾਸਲ ਕੀਤੀ। ਆਪ ਨੇ ਲਖਨਊ ਤੋਂ ਬੀ.ਏ. ਐਲ.ਐਲ.ਬੀ. ਅਤੇ ਅਰਥ ਸ਼ਾਸਤਰ ਦੀ ਐਮ.ਏ. ਦੀ ਪੜ੍ਹਾਈ ਕੀਤੀ। ਜਸਟਿਸ ਅਜੀਤ ਸਿੰਘ ਬੈਂਸ ਦਾ ਆਨੰਦ ਕਾਰਜ ਬੀਬੀ ਮਨਜੀਤ ਕੌਰ ਨਾਲ ਹੋਇਆ ਅਤੇ ਆਪ ਦੇ ਗ੍ਰਹਿ ਵਿਖੇ ਸਪੁੱਤਰੀਆਂ ਬੀਬੀ ਸੁਜੀਤ ਕੌਰ ਅਤੇ ਬੀਬੀ ਹਰਿੰਦਰ ਕੌਰ ਅਤੇ ਸਪੁੱਤਰ ਰਾਜਵਿੰਦਰ ਸਿੰਘ ਬੈਂਸ ਨੇ ਜਨਮ ਲਿਆ। ਸੰਨ 1959 ਵਿੱਚ ਬੀਬੀ ਮਨਜੀਤ ਕੌਰ ਜੀ ਦਾ ਦੇਹਾਂਤ ਹੋ ਗਿਆ। ਮਗਰੋਂ ਬੀਬੀ ਮਨਜੀਤ ਕੌਰ ਦੀ ਭੈਣ ਰਛਪਾਲ ਕੌਰ ਨਾਲ ਆਨੰਦ ਕਾਰਜ ਹੋਇਆ, ਜਿਸ ਤੋਂ ਸਪੁੱਤਰ ਮਨਜਿੰਦਰ ਸਿੰਘ ਦਾ ਜਨਮ ਹੋਇਆ। ਆਪ ਦੇ ਪਰਿਵਾਰ ਵਿੱਚ ਚਾਰ ਪੋਤਰੀਆਂ, ਦੋ ਪੋਤਰੇ ਅਤੇ ਦੋਹਤੇ -ਦੋਹਤੀਆਂ ਸ਼ਾਮਿਲ ਹਨ। ਆਪ ਜੀ ਦਾ ਪੋਤਰਾ ਉਤਸਵ ਸਿੰਘ ਬੈਂਸ ਸੁਪਰੀਮ ਕੋਰਟ ਦਾ ਵਕੀਲ ਹੈ, ਜੋ ਕਿ ਪੰਜਾਬ ਅਤੇ ਹਰਿਆਣਾ ਕੋਰਟ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਦਾ ਸਪੁੱਤਰ ਹੈ।
ਸੰਨ 1950 ਵਿੱਚ ਆਪ ਅਧਿਆਪਨ ਖੇਤਰ ਵਿਚ ਦਾਖ਼ਲ ਹੋਏ ਅਤੇ ਲਾਇਲਪੁਰ ਖਾਲਸਾ ਜਲੰਧਰ ਤੋਂ ਅਧਿਆਪਨ ਸੇਵਾਵਾਂ ਦਾ ਸਫ਼ਰ ਸ਼ੁਰੂ ਕੀਤਾ। ਆਪ ਨੇ ਤਿੰਨ ਸਾਲ ਅਰਥ ਸ਼ਾਸਤਰ ਦੇ ਲੈਕਚਰਾਰ ਦੀ ਸੇਵਾ ਨਿਭਾਈ। ਇਸ ਦੌਰਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪ੍ਰਬੰਧਕਾਂ ਖ਼ਿਲਾਫ਼ ਹੜਤਾਲ ਕਰ ਦਿੱਤੀ, ਜਿਸ ਦਾ ਅਜੀਤ ਸਿੰਘ ਬੈਂਸ ਸਮੇਤ ਤਿੰਨ ਪ੍ਰੋਫੈਸਰਾਂ ਨੇ ਸਾਥ ਦਿੱਤਾ। ਇਸ ਤੋਂ ਦੁਖੀ ਹੋ ਕੇ ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਨੇ ਆਪ ਤਿੰਨਾਂ ਪ੍ਰੋਫੈਸਰਾਂ ਨੂੰ ਕਾਲਜ ਵਿਚੋਂ ਬਰਤਰਫ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਲੰਮਾ ਸਮਾਂ ਮਗਰੋਂ ਜਸਟਿਸ ਅਜੀਤ ਸਿੰਘ ਬੈਂਸ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕਾਨਵੋਕੇਸ਼ਨ ਮੌਕੇ 'ਮੁੱਖ ਮਹਿਮਾਨ' ਵਜੋਂ ਸੱਦਾ ਦਿੱਤਾ ਗਿਆ। ਉਸ ਮੌਕੇ ਆਪ ਨੇ ਕਿਹਾ ਕਿ ਉਚੇਚੇ ਤੌਰ 'ਤੇ ਉਹ ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਦੇ ਧੰਨਵਾਦੀ ਹਨ, ਕਿਉਂਕਿ ਇਸ ਕਾਲਜ ਤੋਂ ਹੀ ਕਿਸੇ ਵੇਲੇ ਉਨ੍ਹਾਂ ਨੂੰ ਹਟਾਇਆ ਗਿਆ ਸੀ, ਜਿਸ ਕਾਰਨ ਉਹ ਵਕਾਲਤ ਦੇ ਖੇਤਰ ਵਿੱਚ ਆਏ। ਜੇਕਰ ਉਨ੍ਹਾਂ ਨੂੰ ਬਰਤਰਫ਼ ਨਾ ਕੀਤਾ ਜਾਂਦਾ, ਤਾਂ ਅੱਜ ਇਸ ਅਹੁਦੇ ਤੇ ਨਾ ਪਹੁੰਚਦੇ। ਇਹ ਦਾਸਤਾਨ ਸੁਣਦਿਆਂ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੀਆਂ ਅੱਖਾਂ ਨਮ ਹੋ ਗਈਆਂ।
ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਲੈਕਚਰਾਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਆਪ ਨੇ ਫ਼ੈਸਲਾ ਕੀਤਾ ਕਿ ਨੌਕਰੀ ਕਰਨ ਦੀ ਥਾਂ, ਵਕਾਲਤ ਹੀ ਹੀ ਕਰਨੀ ਹੈ। ਅਜੀਤ ਸਿੰਘ ਬੈਂਸ ਨੇ ਸੰਨ 1954 ਵਿਚ ਵਕਾਲਤ ਦਾ ਸਫ਼ਰ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ।1960 ਵਿੱਚ ਜਦੋਂ ਪੰਜਾਬ ਹਾਈ ਕੋਰਟ ਚੰਡੀਗੜ੍ਹ ਸਥਾਪਤ ਹੋਈ, ਤਾਂ ਆਪ ਨੇ ਚੰਡੀਗੜ੍ਹ ਵਿਖੇ ਲਾਅ ਪ੍ਰੈਕਟਿਸ ਆਰੰਭ ਕਰ ਦਿੱਤੀ। ਸੰਨ 1964 ਵਿੱਚ ਆਪ ਪੰਜਾਬ ਹਾਈ ਕੋਰਟ ਵਿੱਚ ਐਡਵੋਕੇਟ ਵਜੋਂ ਸੇਵਾਵਾਂ ਦੇਣ ਲੱਗ ਪਏ ਅਤੇ ਉਸ ਸਾਲ ਹੀ ਪੰਜਾਬ ਬਾਰ ਕੌਂਸਲ ਲਈ ਚੁਣੇ ਗਏ। ਪੰਜਾਬ ਸਰਕਾਰ ਨੇ ਆਪ ਨੂੰ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ। ਸੰਨ 1972 ਵਿਚ ਸ. ਅਜੀਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਪ੍ਰਧਾਨ ਚੁਣੇ ਗਏ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਸੇਵਾਵਾਂ : ਸੰਨ 1974 ਵਿੱਚ ਸ. ਅਜੀਤ ਸਿੰਘ ਬੈਂਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਨਿਯੁਕਤ ਹੋਏ ਅਤੇ ਇਹ ਸੇਵਾਵਾਂ ਆਪ ਨੇ 14 ਮਈ 1984 ਤੱਕ ਨਿਭਾਈਆਂ। ਆਪ ਨੇ ਨਿਆਂਕਾਰ ਵਜੋਂ ਕਈ ਇਤਿਹਾਸਕ ਫ਼ੈਸਲੇ ਕੀਤੇ, ਜਿਨ੍ਹਾਂ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਵਿਚੋਂ ਇਕ ਹਿੰਦੂ ਸ਼ਬਦ ਦੇ ਕੋਸ਼ੀ ਅਰਥਾਂ ਬਾਰੇ ਮਹੱਤਵਪੂਰਨ ਫ਼ੈਸਲਾ ਸੀ। ਇਸ ਤੋਂ ਇਲਾਵਾ ਆਪ ਨੇ ਪੰਜਾਬੀ ਸਮਾਜ ਵਿਚ ਸ਼ਰੀਕੇਬਾਜ਼ੀ ਸਬੰਧੀ ਆਏ ਮਾਮਲਿਆਂ ਬਾਰੇ ਵੀ ਇਤਿਹਾਸਕ ਫ਼ੈਸਲੇ ਸੁਣਾਏ। ਜਸਟਿਸ ਅਜੀਤ ਸਿੰਘ ਬੈਂਸ ਨੇ ਸੈਸ਼ਨ ਕੋਰਟ ਦੇ ਗ਼ਲਤ ਫ਼ੈਸਲੇ ਨੂੰ ਦਰੁਸਤ ਕੀਤਾ, ਜਿਸ ਵਿਚ ਜਿਊਂਦੇ ਆਦਮੀ ਦੇ ਕਤਲ ਦੇ ਮਾਮਲੇ ਵਿਚ ਕਿਸੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਆਪ ਰਿਟਾਇਰਮੈਂਟ ਤਕ ਤੇਜ਼- ਤਰਾਰ ਨਿਆਂਕਾਰ ਵਜੋਂ ਆਪਣੀ ਗਹਿਰੀ ਛਾਪ ਛੱਡਣ ਵਿੱਚ ਕਾਮਯਾਬ ਹੋ ਗਏ।
ਜਸਟਿਸ ਅਜੀਤ ਸਿੰਘ ਬੈਂਸ ਦੀ ਰਿਟਾਇਰਮੈਂਟ ਤੋਂ ਕੁਝ ਸਮੇਂ ਮਗਰੋਂ ਹੀ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਕੀਤੇ ਫੌਜੀ ਹਮਲੇ ਨੇ ਆਪ ਨੂੰ ਝੰਜੋੜ ਦਿੱਤਾ। ਭਾਰਤ ਸਰਕਾਰ ਦੀ ਘੱਟ ਗਿਣਤੀਆਂ ਅਤੇ ਖਾਸਕਰ ਸਿੱਖਾਂ ਖ਼ਿਲਾਫ਼ ਵਰਤੀ ਫੌਜੀ ਸ਼ਕਤੀ ਦੇ ਦੁਖਾਂਤ ਨੂੰ ਜਸਟਿਸ ਸਾਹਿਬ ਨੇ ਦੁਨੀਆਂ ਭਰ ਵਿੱਚ ਬਿਆਨਿਆ ਅਤੇ ਸੰਸਾਰ ਨੂੰ ਅਖੌਤੀ ਲੋਕਰਾਜ ਦੀ ਸਚਾਈ ਤੋਂ ਜਾਣੂ ਕਰਾਇਆ। ਲਿਖਤ 'ਸਿੱਖਾਂ ਦੀ ਘੇਰਾਬੰਦੀ' ਅਨੁਸਾਰ ਜਸਟਿਸ ਬੈਂਸ ਨੇ ਕੌਮਾਂਤਰੀ ਪੱਧਰ 'ਤੇ ਜਿੱਥੇ ਲੈਕਚਰ ਦਿੱਤੇ ਜਾਂ ਸੰਬੋਧਨ ਕੀਤਾ, ਉਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਵਿਖੇ ਜਨੇਵਾ 'ਚ ਇੰਟਰਨੈਸ਼ਨਲ ਕਮਿਸ਼ਨ ਫਾਰ ਜੁਰਿਸਟਸ (ਜੱਜਾਂ ਦਾ ਅੰਤਰਰਾਸ਼ਟਰੀ ਕਮਿਸ਼ਨ), ਯੂਨੀਵਰਸਿਟੀ ਆਫ਼ ਹਾਰਵਰਡ ਲਾਅ ਸਕੂਲ (ਮਨੁੱਖੀ ਅਧਿਕਾਰ ਸਮਾਗਮ), ਲੰਡਨ ਸਕੂਲ ਆਫ ਇਕਨੌਮਿਕਸ, ਬਰਲਿਨ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਲਾਸ ਏਂਜਲਸ, ਕੈਲੇਫੋਰਨੀਆ ਯੂਨੀਵਰਸਿਟੀ, ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ, ਐਨ ਆਰਬਰ ਵਿੱਚ ਮਿਸ਼ੀਗਨ ਯੂਨੀਵਰਸਿਟੀ, ਮਾਂਟਰੀਅਲ ਵਿਚ ਮੈਕਗਿਲ ਯੂਨੀਵਰਸਿਟੀ, ਯੂਨੀਵਰਸਿਟੀ ਆਫ ਟੋਰਾਂਟੋ, ਕਾਰਡਿਫ ਯੂਨੀਵਰਸਿਟੀ, ਯੂਨੀਵਰਸਿਟੀ ਆਫ ਨਿਊ ਕੈਸਲ, ਵੀਅਨ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ ਗੁਏਲਫ ਅਤੇ ਮੈਸਾਚੂਸੈੱਟਸ ਇੰਸਟੀਚਿਊਟ ਆਫ ਟੈਕਨਾਲੋਜੀ ਆਦਿ ਸ਼ਾਮਲ ਹਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰ ਜੱਜ ਦੇ ਤੌਰ 'ਤੇ ਆਪ ਜੀ ਨੂੰ ਸੰਨ 1985 ਵਿਚ ਪੰਜਾਬ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ। ਜਸਟਿਸ ਅਜੀਤ ਸਿੰਘ ਬੈਂਸ ਕਮਿਸ਼ਨ ਅਧੀਨ ਤਿੰਨ ਮੈਂਬਰੀ ਕਮੇਟੀ ਦੇ ਚੇਅਰਮੈਨ ਵਜੋਂ ਆਪ ਨੇ ਇਹ ਜ਼ਿੰਮੇਵਾਰੀ ਕੁਝ ਮਹੀਨਿਆਂ ਵਿੱਚ ਹੀ ਮੁਕੰਮਲ ਕਰਦਿਆਂ, ਸੱਚਾਈ ਬਾਹਰ ਲਿਆਂਦੀ ਅਤੇ ਅੱਠ ਹਜ਼ਾਰ ਸਿੱਖ ਨੌਜਵਾਨਾਂ ਨੂੰ ਬੇਕਸੂਰ ਕਰਾਰ ਦਿੰਦਿਆਂ ਰਿਹਾਈ ਦੇ ਫ਼ੈਸਲੇ ਸੁਣਾਏ। ਸਰਕਾਰ ਨੂੰ ਮਜਬੂਰਨ ਤਿੰਨ ਹਜ਼ਾਰ ਸਿੱਖ ਨੌਜਵਾਨ ਤੁਰੰਤ ਛੱਡਣੇ ਪਏ। ਜਦੋਂ ਆਪ ਤੋਂ ਇਹ ਪੁੱਛਿਆ ਗਿਆ ਕਿ ਇੰਨੀ ਜਲਦੀ ਇੰਨੇ ਨੌਜਵਾਨਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਬੇਕਸੂਰ ਕਿਵੇਂ ਕਰਾਰ ਦੇ ਦਿੱਤਾ, ਤਾਂ ਜਸਟਿਸ ਬੈਂਸ ਦਾ ਕਹਿਣਾ ਸੀ ਜਿਵੇਂ ਇਨ੍ਹਾਂ ਨੂੰ ਧੱਕੇ ਨਾਲ ਝੂਠੇ ਮਾਮਲਿਆਂ ਵਿਚ ਜੇਲ੍ਹੀਂ ਡੱਕਿਆ ਗਿਆ ਸੀ, ਉਸੇ ਤਰ੍ਹਾਂ ਹੀ ਮੈਂ ਜਾਂਚ ਕਰਦਿਆਂ ਇੱਕੋ ਪਲ ਵਿੱਚ ਇਨ੍ਹਾਂ ਨੂੰ ਰਿਹਾਈ ਦੇ ਹੁਕਮ ਸੁਣਾਏ ਹਨ। ਜਸਟਿਸ ਬੈਂਸ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਜੇਲ੍ਹ ਸੁਧਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ, ਪਰ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਉੱਪਰ ਨੀਮ-ਫੌਜੀ ਦਲਾਂ ਦੇ ਦਾਖ਼ਲੇ ਵਿਰੁੱਧ ਰੋਸ ਵਜੋਂ, ਆਪ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਪੰਜਾਬ ਵਿਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੀ ਖੋਜ ਪੜਤਾਲ ਅਤੇ ਸੱਚਾਈ ਸਾਹਮਣੇ ਲਿਆਉਣ ਲਈ, ਮਨੁੱਖੀ ਅਧਿਕਾਰ ਸੰਗਠਨ 'ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ' ਦੀ ਸਥਾਪਨਾ ਕੀਤੀ ਗਈ, ਜਿਸਦੇ ਜਸਟਿਸ ਬੈਂਸ ਚੇਅਰਮੈਨ ਸਨ। ਇਸ ਦੇ ਹੋਰਨਾਂ ਮੈਂਬਰਾਂ ਵਿੱਚ ਵਾਈਸ ਚੇਅਰਮੈਨ ਜਨਰਲ ਨਰਿੰਦਰ ਸਿੰਘ, ਸ. ਇੰਦਰਜੀਤ ਸਿੰਘ ਜੇਜੀ, ਸ ਗੁਰਤੇਜ ਸਿੰਘ, ਬੀਬੀ ਬਲਜੀਤ ਕੌਰ, ਬਹੁਤ ਸਾਰੇ ਵਕੀਲ ਬੁੱਧੀਜੀਵੀ ਅਤੇ ਐਕਟੀਵਿਸਟ ਸ਼ਾਮਿਲ ਸਨ। ਇਸ ਮਨੁੱਖੀ ਅਧਿਕਾਰ ਸੰਗਠਨ ਨੇ ਹੈਬੀਅਸ ਕਾਰਪਸ ਲਾ ਕੇ ਬਹੁਤ ਸਾਰੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਪੁਲਸ ਮਾਮਲਿਆਂ ਅਤੇ ਕਾਰਨ ਗੈਰ-ਕਾਨੂੰਨੀ ਹਿਰਾਸਤ 'ਚੋਂ ਛੁਡਾਇਆ। ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਪ੍ਰਕਾਸ਼ਤ ਇਤਿਹਾਸਕ ਦਸਤਾਵੇਜ਼ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਦੀ ਦਾਸਤਾਨ ਬਿਆਨ ਕਰਦੇ ਹਨ। ਇਸ ਸੰਗਠਨ ਦੇ ਚੇਅਰਮੈਨ ਵਜੋਂ ਆਪ ਸੰਨ 1987 -1988 ਦੌਰਾਨ ਯੂਰਪ ਅਤੇ ਉੱਤਰੀ ਅਮਰੀਕਾ ਦੇ ਵੱਖ- ਵੱਖ ਦੇਸ਼ਾਂ ਵਿੱਚ ਗਏ, ਜਿੱਥੇ ਆਪ ਵਿਧਾਇਕਾਂ, ਕਾਨੂੰਨਦਾਨਾਂ, ਕੌਮਾਂਤਰੀ ਕਮਿਸ਼ਨ ਮੈਬਰਾਂ ਅਤੇ ਪੱਤਰਕਾਰਾਂ ਨੂੰ ਮਿਲੇ ਅਤੇ ਭਾਰਤ ਵਿੱਚ ਘੱਟ ਗਿਣਤੀਆਂ 'ਤੇ ਹੁੰਦੇ ਤਸ਼ੱਦਦ ਤੋਂ ਜਾਣੂ ਕਰਵਾਇਆ। ਆਪ ਬੇਬਾਕੀ ਨਾਲ ਕਿਹਾ ਕਰਦੇ ਸਨ ਕਿ ਭਾਰਤ ਵਿੱਚ ਦਹਿਸ਼ਤਗਰਦ ਸਿੱਖ ਨਹੀਂ, ਬਲਕਿ ਸਰਕਾਰ ਹੈ, ਜਿਸ ਨੇ ਸਿੱਖ ਨਸਲਕੁਸ਼ੀ 1984 ਤੋਂ ਲੈ ਕੇ ਲੰਮਾ ਸਮਾਂ ਪੰਜਾਬ ਅੰਦਰ ਅੰਨ੍ਹੇਵਾਹ ਤਸ਼ੱਦਦ ਕਰਦਿਆਂ, ਸਿੱਖਾਂ ਅੰਦਰ ਬੇਗਾਨਗੀ ਦਾ ਭਾਵ ਪੈਦਾ ਕੀਤਾ ਹੈ ਅਤੇ ਸਿੱਖਾਂ ਦੀ ਘੇਰਾਬੰਦੀ ਕੀਤੀ ਹੈ।
ਜਸਟਿਸ ਬੈਂਸ ਨੂੰ ਸਰਕਾਰ ਵੱਲੋਂ 'ਅਗਵਾ' ਕਰ ਕੇ ਤਸ਼ੱਦਦ ਕਰਨ ਅਤੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ : ਦੇਸ਼ ਦੀ ਵੰਡ ਮਗਰੋਂ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੋਵੇਗਾ, ਜਦੋਂ ਇੱਕ ਸਾਬਕਾ ਜਸਟਿਸ ਨੂੰ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਕੇ, ਤਸ਼ੱਦਦ ਢਾਹਿਆ ਗਿਆ ਹੋਵੇ। 3 ਅਪਰੈਲ 1992 ਨੂੰ ਜਸਟਿਸ ਅਜੀਤ ਸਿੰਘ ਬੈਂਸ ਨੂੰ ਆਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਪੰਥਕ ਇਕੱਤਰਤਾ ਵਿੱਚ, 'ਦੇਸ਼- ਵਿਰੋਧੀ ਭਾਸ਼ਣ ਦੇਣ ਦਾ ਝੂਠਾ ਮਾਮਲਾ' ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਪੰਜਾਬ ਦੇ ਜ਼ਕਰੀਏ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੁਕਮ 'ਤੇ ਪੰਜਾਬ ਪੁਲਿਸ ਦੇ ਬੁੱਚੜ ਮੁਖੀ ਕੇਪੀਐੱਸ ਗਿੱਲ ਦੁਆਰਾ, ਅਤਿ-ਜ਼ੁਲਮੀ ਪੁਲਿਸ ਅਧਿਕਾਰੀ ਸੁਮੇਧ ਸੈਣੀ ਵੱਲੋਂ ਕੀਤੀ ਗਈ ਅਤੇ ਸਾਬਕਾ ਨਿਆਂਕਾਰ ਨੂੰ ਹੱਥਕੜੀਆਂ ਲਾ ਕੇ ਜੇਲ੍ਹ ਲਿਜਾਇਆ ਗਿਆ। ਜਸਟਿਸ ਬੈਂਸ ਆਪਣੀ ਟਿੱਪਣੀ ਵਿੱਚ ਲਿਖਦੇ ਹਨ ਕਿ ਉਨ੍ਹਾਂ ਨੂੰ 'ਗ੍ਰਿਫ਼ਤਾਰ ਨਹੀਂ, ਅਗਵਾ' ਕੀਤਾ ਗਿਆ ਸੀ। ਉਨ੍ਹਾਂ ਨੂੰ ਮੂੰਹ ਬੰਦ ਕਰ ਕੇ, ਚੁੱਕ ਕੇ ਥਾਣੇ ਵਿੱਚ ਲਿਜਾਇਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਇਹ 'ਅਗਵਾ ਕਰਨ ਦਾ' ਇੱਕ ਸਪਸ਼ਟ ਕੇਸ ਸੀ ਅਤੇ ਅਗਵਾਕਾਰ ਭਾਰਤੀ ਪੁਲਿਸ ਸੀ। ਜਸਟਿਸ ਸਾਹਿਬ ਦੀ ਕਿਤਾਬ 'ਦਹਿਸ਼ਤਗਰਦ ਕੌਣ ? ਸਿੱਖ ਕਿ ਸਰਕਾਰ' ਵਿੱਚ ਟਿੱਪਣੀ ਅਨੁਸਾਰ ਉਨ੍ਹਾਂ ਦੇ ਘਰ ਤਲਾਸ਼ੀ ਲੈ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ, ਜੋ ਡਾਕੇ ਤੋਂ ਘੱਟ ਨਹੀਂ ਸੀ, ਪਰ 'ਇਹ ਡਾਕੂ ਪੁਲਿਸ' ਗਏ ਸਨ। ਉਨ੍ਹਾਂ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਇਹ ਮੁਜਰਮਾਨਾ ਡਰਾਵਾ ਦੇਣ ਵਾਲੇ ਬੰਦਿਆਂ ਨੇ 'ਰਾਜ ਦੀਆਂ ਵਰਦੀਆਂ' ਪਹਿਨੀਆਂ ਹੋਈਆਂ ਸਨ। ਜਸਟਿਸ ਅਜੀਤ ਸਿੰਘ ਦੇ ਕਥਨ ਵਿਚ ਉਹ ਇਸ ਨੂੰ 'ਰਾਜ ਦੀ ਦਹਿਸ਼ਤਗਰਦੀ' ਕਹਿੰਦੇ ਹਨ ਅਤੇ ਰਾਜ ਨੂੰ 'ਦਹਿਸ਼ਤਗਰਦੀ ਦੀ ਜੜ੍ਹ' ਕਹਿੰਦੇ ਹਨ। ਮਈ 1992 ਵਿੱਚ ਬੁੜੈਲ ਜੇਲ੍ਹ ਚੰਡੀਗੜ੍ਹ ਤੋਂ, ਜਸਟਿਸ ਅਜੀਤ ਸਿੰਘ ਬੈਂਸ ਦੇ ਲਿਖੇ ਇਹ ਸ਼ਬਦ ਦਿਲ ਝੰਜੋੜਨ ਵਾਲੇ ਹਨ। ਚਾਰ ਮਹੀਨੇ ਗ਼ੈਰ-ਕਾਨੂੰਨੀ ਢੰਗ ਨਾਲ ਜੇਲ੍ਹ ਵਿੱਚ ਰੱਖਣ ਮਗਰੋਂ ਆਪ ਨੂੰ ਜ਼ਮਾਨਤ ਮਿਲੀ। ਜਸਟਿਸ ਬੈਂਸ 'ਤੇ ਪਾਏ ਝੂਠੇ ਮਾਮਲੇ ਦੇ ਸਬੰਧ ਵਿੱਚ ਉੱਘੀਆਂ ਸ਼ਖ਼ਸੀਅਤਾਂ ਨਿਰਮਲ ਕੁਮਾਰ ਮੁਖਰਜੀ ਸਾਬਕਾ ਗਵਰਨਰ ਪੰਜਾਬ, ਆਰ ਐਸ ਨਰੂਲਾ ਸਾਬਕਾ ਚੀਫ਼ ਜਸਟਿਸ ਪੰਜਾਬ ਹਾਈਕੋਰਟ, ਰਜਨੀ ਕੋਠਾਰੀ, ਇੰਦਰਮੋਹਨ ਅਤੇ ਪਤਵੰਤ ਸਿੰਘ ਸਮੇਤ ਅਹਿਮ ਸ਼ਹਿਰੀਆਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ, ਪਰ ਡੇਢ ਵਰ੍ਹਾ ਲੰਘ ਜਾਣ ਦੇ ਬਾਵਜੂਦ ਵੀ ਸੁਣਵਾਈ ਦੀ ਤਾਰੀਖ ਨਿਸ਼ਚਤ ਨਾ ਹੋਈ। ਆਖਰਕਾਰ ਸੰਨ 1996 ਵਿੱਚ ਜਸਟਿਸ ਅਜੀਤ ਸਿੰਘ ਬੈਂਸ ਨੂੰ ਝੂਠੇ ਮਾਮਲਿਆਂ 'ਚ ਬਰੀ ਕੀਤਾ ਗਿਆ, ਪਰ ਭਾਰਤ ਸਰਕਾਰ ਦੇ ਮੱਥੇ ਤੋਂ ਇੱਕ ਸਾਬਕਾ ਜਸਟਿਸ ਨੂੰ ਝੂਠੇ ਮਾਮਲੇ 'ਚ ਜੇਲ੍ਹ ਚ ਸੁੱਟਣ ਦਾ ਕਲੰਕ ਕਦੇ ਨਹੀਂ ਮਿਟੇਗਾ।
ਜਸਟਿਸ ਅਜੀਤ ਸਿੰਘ ਬੈਂਸ ਦੀ ਕੈਨੇਡਾ ਨਾਲ ਸਾਂਝ : ਜਸਟਿਸ ਬੈਂਸ ਸਾਹਿਬ ਦੀ ਕੈਨੇਡਾ ਨਾਲ ਡੂੰਘੀ ਸਾਂਝ ਦੀ ਕੜੀ, ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਹਰਦਿਆਲ ਬੈਂਸ, ਛੋਟੀ ਭੈਣ ਬੀਬੀ ਰਣਜੀਤ ਕੌਰ ਹੁੰਦਲ ਸਮੇਤ ਸਮੂਹ ਨਜ਼ਦੀਕੀ ਪਰਿਵਾਰ, ਸਿੱਖ ਪੰਥ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਕਹੇ ਜਾ ਸਕਦੇ ਹਨ ਜਿਨ੍ਹਾਂ ਨੂੰ ਬੈਂਸ ਸਾਹਿਬ ਵਾਰ-ਵਾਰ ਮਿਲਦੇ ਰਹੇ। ਸੰਨ 1975 ਵਿੱਚ ਜਦੋਂ ਭਾਰਤ ਅੰਦਰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਈ ਗਈ ਸੀ, ਉਸ ਸਮੇਂ ਜਸਟਿਸ ਬੈਂਸ ਕੈਨੇਡਾ ਵਿਚ ਸਨ ਅਤੇ ਇੱਕ ਵਾਰ ਉਨ੍ਹਾਂ ਮਨ ਵੀ ਬਣਾਇਆ ਕਿ ਉਹ ਵਾਪਸ ਪਰਤਣ ਦੀ ਥਾਂ, ਇੱਥੋਂ ਹੀ ਮਨੁੱਖੀ ਅਧਿਕਾਰਾਂ ਦਾ ਸੰਘਰਸ਼ ਕਰਨਗੇ, ਜਿੱਥੇ ਉਨ੍ਹਾਂ ਦੇ ਭਰਾ ਅਤੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਦੇ ਆਗੂ ਹਰਦਿਆਲ ਬੈਂਸ ਸਰਕਾਰ ਵਿਰੁੱਧ, ਮਨੁੱਖੀ ਹੱਕਾਂ ਲਈ ਸੰਘਰਸ਼ ਕਰ ਰਹੇ ਸਨ। ਮਗਰੋਂ ਪਰਿਵਾਰਕ ਸੂਤਰਾਂ ਦੇ ਜ਼ੋਰ ਪਾਉਣ 'ਤੇ ਆਪ ਵਾਪਸ ਪਰਤੇ। ਦੂਸਰੇ ਪਾਸੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਹਰਦਿਆਲ ਬੈਂਸ ਨੂੰ ਭਾਰਤ ਸਰਕਾਰ ਵੱਲੋਂ 1975 'ਚ 'ਬਲੈਕ ਲਿਸਟ' ਕਰ ਦਿੱਤਾ ਗਿਆ ਸੀ। ਸੰਨ 1988 ਵਿੱਚ ਜਦੋਂ ਭਾਰਤ ਦਾ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੈਨੇਡਾ ਵਿੱਚ ਵੈਨਕੂਵਰ ਦੇ ਦੌਰੇ 'ਤੇ ਸੀ, ਉਸ ਵੇਲੇ ਵੀ ਵੈਨਕੂਵਰ ਵਿੱਚ ਹੀ ਹੋ ਰਹੀ ਮਨੁੱਖੀ ਅਧਿਕਾਰਾਂ ਸਬੰਧੀ ਕਾਨਫ਼ਰੰਸ ਵਿੱਚ ਜਸਟਿਸ ਸਾਹਿਬ ਸੰਬੋਧਨ ਕਰਦੇ ਰਹੇ ਅਤੇ ਭਾਰਤ ਵਿੱਚ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਸੰਸਾਰ ਸਾਹਮਣੇ ਰੱਖਦੇ ਰਹੇ। ਸੰਨ 1995 ਵਿੱਚ ਮਨੁੱਖੀ ਅਧਿਕਾਰਾਂ ਦੇ ਜਾਂਬਾਜ਼ ਯੋਧੇ ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਜਸਟਿਸ ਅਜੀਤ ਸਿੰਘ ਬੈਂਸ ਇਕੱਠੇ, ਕੈਨੇਡਾ ਦੀ ਰਾਜਧਾਨੀ ਔਟਵਾ ਸਥਿਤ ਪਾਰਲੀਮੈਂਟ ਵਿਖੇ, ਮਨੁੱਖੀ ਅਧਿਕਾਰਾਂ ਦੀ ਕਾਨਫ਼ਰੰਸ ਵਿੱਚ ਸ਼ਾਮਲ ਹੋਏ। ਦੋਹਾਂ ਨੇ ਭਾਰਤ ਦੀਆਂ ਫਾਸ਼ੀਵਾਦੀ ਨੀਤੀਆਂ ਦੀ ਸੱਚਾਈ ਸੰਸਾਰ ਸਾਹਮਣੇ ਰੱਖੀ। ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਪੱਚੀ ਹਜ਼ਾਰ ਲਾਵਾਰਸ ਲਾਸ਼ਾਂ ਦੀ ਦਾਸਤਾਨ ਬਿਆਨ ਕੀਤੀ, ਉਥੇ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਲੱਖ ਤੋਂ ਵੱਧ ਸਿੱਖ ਨੌਜਵਾਨ ਸਰਕਾਰ ਵੱਲੋਂ ਸ਼ਹੀਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਪੰਜਾਬ ਵਿੱਚ ਅਸਲ ਵਿੱਚ 'ਕਬਰਾਂ ਦੀ ਸ਼ਾਂਤੀ' ਦੇ ਮਾਹੌਲ ਦੱਸਦਿਆਂ, ਅੰਤਰਰਾਸ਼ਟਰੀ ਭਾਈਚਾਰੇ ਤੋਂ ਮੰਗ ਕੀਤੀ ਕਿ ਟਾਡਾ ਅਤੇ ਹੋਰ ਕਾਲੇ ਕਾਨੂੰਨ ਵਾਪਸ ਲੈਣ ਲਈ, ਭਾਰਤ ਸਰਕਾਰ 'ਤੇ ਦਬਾਅ ਪਾਇਆ ਜਾਏ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੀ ਵਾਪਸੀ ਮਗਰੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ, ਪੰਜਾਬ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ।
ਜਸਟਿਸ ਅਜੀਤ ਸਿੰਘ ਬੈਂਸ ਨੇ ਜੀਵਨ ਭਰ ਮਨੁੱਖੀ ਅਧਿਕਾਰਾਂ ਦਾ ਘੋਲ ਕਰਦਿਆਂ, ਸਿੱਖ ਸੰਘਰਸ਼ ਦੇ ਨੌਜਵਾਨਾਂ ਲਈ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਦੀਆਂ ਵੈਦਿਆ ਕਤਲ ਕੇਸ ਵਿੱਚ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨਾਲ ਪੂਨਾ ਜੇਲ੍ਹ 'ਚ ਮੁਲਾਕਾਤਾਂ, ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿੱਚ ਸ਼ਾਮਲ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਜਗਤਾਰ ਸਿੰਘ ਤਾਰਾ ਨਾਲ ਬੁੜੈਲ ਜੇਲ੍ਹ ਚ ਮੁਲਾਕਾਤਾਂ ਸਮੇਤ ਅਨੇਕਾਂ ਹੋਰ ਖਾੜਕੂਆਂ ਨਾਲ ਮੁਲਾਕਾਤਾਂ ਅਤੇ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਸ਼ਮੂਲੀਅਤ ਇਤਿਹਾਸਿਕ ਵੇਰਵੇ ਹਨ। ਆਪ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਦੇ ਵਿਰੁੱਧ ਲੰਮਾ ਸੰਘਰਸ਼ ਕਰਦਿਆਂ, ਜਰਮਨ ਸਰਕਾਰ ਦੇ ਚਾਂਸਲਰ ਤੱਕ ਪਹੁੰਚ ਕੀਤੀ। ਦੂਸਰੇ ਪਾਸੇ 'ਗੋਲ਼ੀ ਬਦਲੇ ਗੋਲ਼ੀ' ਦੀ ਘਿਨਾਉਣੀ ਸੋਚ ਧਾਰਨੀ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਜੂਲੀਓ ਐਫ ਰਿਬੀਰੋ ਦੀਆਂ ਧੱਕੇਸ਼ਾਹੀਆਂ ਅਤੇ ਜਬਰ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ।
ਪੰਜਾਬ ਪੀਪਲਜ਼ ਕਮਿਸ਼ਨ ਅਤੇ 'ਕੋ- ਆਰਡੀਨੇਸ਼ਨ ਕਮੇਟੀ ਫਾਰ ਡਿਸਅਪੀਰੈਂਸ ਇਨ ਪੰਜਾਬ' ਰਾਹੀਂ ਸੇਵਾਵਾਂ : ਸੰਨ 1997 ਵਿਚ ਜਸਟਿਸ ਕੁਲਦੀਪ ਸਿੰਘ ਨਾਲ ਮਿਲ ਕੇ ਪੰਜਾਬ ਪੀਪਲਜ਼ ਕਮਿਸ਼ਨ ਕਾਇਮ ਕਰਦਿਆਂ ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਜ਼ੋਰਦਾਰ ਸੰਘਰਸ਼ ਕੀਤਾ ਗਿਆ, ਪਰ ਸਰਕਾਰੀ ਤਸ਼ੱਦਦ, ਵਿਕਾਊ ਪ੍ਰੈੱਸ- ਮੀਡੀਆ, ਅਖੌਤੀ ਖੱਬੇ ਪੱਖੀਆਂ ਅਤੇ ਜਾਅਲੀ ਕਾਮਰੇਡਾਂ ਦੀਆਂ ਜ਼ਾਲਮ ਸਰਕਾਰ -ਪੱਖੀ ਸਾਜਿਸ਼ਾਂ ਕਾਰਨ, ਇਹ ਕਮਿਸ਼ਨ ਰੱਦ ਕਰ ਦਿੱਤਾ ਗਿਆ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੀਪਲਜ਼ ਕਮਿਸ਼ਨ ਤੇ ਪਾਬੰਦੀ ਲਗਾ ਦਿੱਤੀ। ਆਪ ਨੇ ਉੱਘੇ ਕਾਨੂੰਨ ਮਾਹਰ ਰਾਮ ਨਰਾਇਣ ਨਾਲ ਮਿਲ ਕੇ, 'ਕੋ- ਆਰਡੀਨੇਸ਼ਨ ਕਮੇਟੀ ਫਾਰ ਡਿਸਅਪੀਰੈਂਸ ਇਨ ਪੰਜਾਬ' ਰਾਹੀਂ ਵੀ ਵਡਮੁੱਲੀਆਂ ਸੇਵਾਵਾਂ ਨਿਭਾਈਆਂ।
ਵਡਮੁੱਲੀਆਂ ਲਿਖਤਾਂ ਅਤੇ ਰਿਪੋਰਟਾਂ : ਜਸਟਿਸ ਅਜੀਤ ਸਿੰਘ ਬੈਂਸ ਦੀਆਂ ਬਤੌਰ ਜੱਜ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਵਜੋਂ ਲਿਖੀਆਂ ਕਿਤਾਬਾਂ ਇਤਿਹਾਸਕ ਦਸਤਾਵੇਜ਼ ਹਨ। ਆਪ ਦੀ ਲਿਖਤ 'ਸਿੱਖਾਂ ਦੀ ਘੇਰਾਬੰਦੀ' ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਤ ਹੈ, ਜਿਸ ਵਿੱਚ ਆਪ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੱਥ ਵਿਸਥਾਰ ਸਹਿਤ ਪੇਸ਼ ਕਰਕੇ, ਸੰਸਾਰ ਦੇ ਅੱਗੇ ਸਾਹਮਣੇ ਰੱਖੇ ਹਨ। ਜਸਟਿਸ ਸਾਹਿਬ ਦੇ ਕਿਤਾਬ 'ਦਹਿਸ਼ਤਗਰਦ ਕੌਣ ? ਸਿੱਖ ਕਿ ਸਰਕਾਰ' ਵਿੱਚ ਹਕੂਮਤੀ ਦਹਿਸ਼ਤਗਰਦੀ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ ਵਿੱਚ ਭਾਰਤ ਦੀ ਹਾਲਤ ਬਿਆਨ ਕੀਤੀ ਗਈ ਹੈ। ਇਸ ਕਿਤਾਬ ਰਾਹੀਂ ਉਨ੍ਹਾਂ ਭਰ ਦੀਆਂ ਸਮੂਹ ਘੱਟ ਗਿਣਤੀਆਂ, ਅਗਾਂਹਵਧੂ ਤਾਕਤਾਂ ਐਕਟੀਵਿਸਟ ਅਤੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ, ਸਰਕਾਰੀ ਦਹਿਸ਼ਤਵਾਦ ਖ਼ਿਲਾਫ਼ ਡਟਣ ਦਾ ਸੁਨੇਹਾ ਦਿੱਤਾ ਹੈ। ਇਸ ਤੋਂ ਇਲਾਵਾ ਜਸਟਿਸ ਸਾਹਿਬ ਦੇ ਮਨੁੱਖੀ ਅਧਿਕਾਰਾਂ ਸਬੰਧੀ ਬਹੁਤ ਸਾਰੇ ਅਹਿਮ ਦਸਤਾਵੇਜ਼ ਅਤੇ ਰਿਪੋਰਟਾਂ ਵੀ ਜ਼ਿਕਰਯੋਗ ਹਨ। ਆਪ ਜੀ ਬਾਰੇ ਕਈ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 'ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ' (ਲੇਖਕ ਖੋਜੀ ਕਾਫ਼ਰ) ਅਤੇ ਮਲਿਕਾ ਸਿੰਘ ਦੀ ਅੰਗਰੇਜ਼ੀ ਵਿਚ ਕਿਤਾਬ ਆਦਿ ਸ਼ਾਮਿਲ ਹਨ।
ਜਸਟਿਸ ਅਜੀਤ ਸਿੰਘ ਬੈਂਸ ਆਖ਼ਰੀ ਸਮੇਂ ਤੱਕ ਸੰਘਰਸ਼ ਕਰਦੇ ਰਹੇ। ਇਕ ਜਾਣਕਾਰੀ ਅਨੁਸਾਰ ਜਨਵਰੀ 1922 ਵਿਚ ਵੀ ਇੱਕ ਕੇਸ ਲਈ ਜਸਟਿਸ ਸਾਹਿਬ ਆਪਣੀ ਸਟੇਟਮੈਂਟ ਦਰਜ ਕਰਵਾ ਕੇ ਗਏ। ਦਿਲਚਸਪ ਪਹਿਲੂ ਇਹ ਵੀ ਹੈ ਕਿ ਬੈਂਸ ਸਾਹਿਬ ਦੇ 100 ਵਰ੍ਹੇ ਦੀ ਆਰੰਭਤਾ ਮੌਕੇ, ਚੰਡੀਗੜ੍ਹ ਪੁਲੀਸ ਵੱਲੋਂ ਉਨ੍ਹਾਂ ਨੂੰ ਜਨਮ ਦਿਨ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲੀਸ ਨੇ ਹੀ ਕਿਸੇ ਸਮੇਂ ਬੈਂਸ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੀ। 11 ਫਰਵਰੀ 2022 ਨੂੰ ਜਸਟਿਸ ਅਜੀਤ ਸਿੰਘ ਬੈਂਸ, ਕਰੀਬ 100 ਸਾਲ ਦੀ ਲੰਮੀ ਉਮਰ ਭੋਗਦਿਆਂ, ਚੜ੍ਹਦੀ ਕਲਾ ਵਿੱਚ, ਗੁਰੂ ਚਰਨਾਂ ਵਿਚ ਜਾ ਬਿਰਾਜੇ। ਮਨੁੱਖੀ ਿਚ ਜਾ ਬਿਰਾਜੇ। ਮਨੁੱਖੀ
ਆਓ, ਨਵੇਂ ਵਰ੍ਹੇ 'ਚ 'ਕਿਤਾਬ ਇਨਕਲਾਬ' ਲਿਆਈਏ ! ਆਪਾਂ ਕੌਮ ਹਾਂ ਸ਼ਬਦ ਦੀ, ਕਿੱਥੇ ਗਈ ਕਿਤਾਬ? - ਗੁਰਵਿੰਦਰ ਸਿੰਘ
ਅਸੀਂ ਸ਼ਬਦ ਦੀ ਕੌਮ ਹਾਂ। ਅਸੀਂ ਵਡਭਾਗੇ ਹਾਂ ਕਿ ਸਾਨੂੰ ਗੁਰੂ ਸਾਹਿਬਾਨ ਨੇ ਸ਼ਬਦ ਨਾਲ ਜੋੜਿਆ ਹੈ। ਗੁਰੂ ਗ੍ਰੰਥ ਸਾਹਿਬ, ਮਨੁੱਖ ਦੇ ਜੀਵਨ ਦਾ ਰੂਹਾਨੀ ਮਕਸਦ ਬਿਆਨਦੇ ਹੋਇਆਂ, ਸਾਨੂੰ ਸੱਚ ਹੱਕ ਅਤੇ ਇਨਸਾਫ ਦਾ ਸਬਕ ਸਿਖਾਉਂਦੇ ਹਨ। ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ “ਆਸਾ ਮਹਲਾ ਪਹਿਲਾ ਚਉਪਦੇ॥ ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ (ਗੁਰੂ ਗ੍ਰੰਥ ਸਾਹਿਬ, ਅੰਗ 356) ਭਾਵ ਵਿਦਿਆ ਪ੍ਰਾਪਤ ਕਰ ਕੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ, ਤਾਂ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਪੜ੍ਹਾਈ ਕਰਨੀ ਤਾਂ ਹੀ ਸਫ਼ਲ ਹੈ, ਜੇਕਰ ਪੜ੍ਹਾਈ ਕਰਨ ਨਾਲ ਜੀਵਨ ਅੰਦਰ ਪਰਉਪਕਾਰ ਪੈਦਾ ਹੋਵੇ। ਇਉਂ ਹੀ ਗੁਰੂ ਅੰਗਦ ਸਾਹਿਬ ਦਾ ਫੁਰਮਾਨ ਹੈ, "ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ (ਸਲੋਕ ਮਃ ਦੂਜਾ, ਗੁਰੂ ਗ੍ਰੰਥ ਸਾਹਿਬ ਅੰਗ : 146) ਭਾਵ ਸੱਤ ਪਹਰ ਭਲਾ ਆਚਰਨ ਬਣਾੳਣ ਲਈ, ਪੜ੍ਹਿਆਂ -ਲਿਖਿਆਂ ਭਾਵ ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ।
ਕਿਤਾਬ ਵਰਗਾ ਤੋਹਫ਼ਾ ਹੋਰ ਕੋਈ ਨਹੀਂ ਹੋ ਸਕਦਾ। ਅਸੀਂ ਨਵੇਂ ਵਰ੍ਹੇ, ਜਨਮ ਦਿਨ, ਵਿਆਹ-ਸ਼ਾਦੀ, ਵਿਸ਼ੇਸ਼ ਦਿਹਾੜੇ ਅਤੇ ਸਨਮਾਨ ਆਦਿ ਮੌਕੇ ਖਾਣ - ਪੀਣ ਜਾਂ ਪਹਿਨਣ ਲਈ ਤਾਂ ਬਹੁਤ ਕੁਝ ਭੇਂਟ ਕਰਦੇ ਹਾਂ, ਪਰ ਪੜ੍ਹਨਯੋਗ ਭੇਟਾ ਵਿੱਚ ਹੱਥ ਤੰਗ ਰੱਖਦੇ ਹਾਂ, ਜਦ ਕਿ ਸਭ ਤੋਂ ਵੱਧ ਯਾਦਗਾਰੀ ਸੌਗਾਤ ਪੁਸਤਕ ਹੀ ਕਹੀ ਜਾ ਸਕਦੀ ਹੈ। ਆਪਣੇ ਜੀਵਨ ਸਫ਼ਰ 'ਚ ਉਹ ਘੜੀ ਮੇਰੇ ਲਈ ਅਭੁੱਲ ਰਹੀ ਹੈ, ਜਦੋਂ ਵਿਆਹ ਮੌਕੇ ਅਨੇਕਾਂ ਪਿਆਰਿਆਂ ਦੇ ਵੱਖ-ਵੱਖ ਤੋਹਫ਼ਿਆਂ ਨਾਲੋਂ, ਬਲਜੀਤ ਦੀ ਭੇਂਟ ਕੀਤੀ 'ਸ਼ਿਵ ਕੁਮਾਰ ਬਟਾਲਵੀਂ ਦੇ ਸੰਪੂਰਨ ਕਾਵਿ ਰਚਨਾ' ਵਧੇਰੇ ਕੀਮਤੀ ਹੋ ਨਿਬੜੀ। ਕੈਨੇਡਾ ਰਵਾਨਾ ਹੋਣ ਵੇਲੇ ਬੈਗ 'ਚ ਟਿਕਾਏ ਹੋਰ ਸਾਮਾਨ ਤੋਂ ਪਹਿਲਾਂ ਜਗ੍ਹਾ, ਉਸ ਕਿਤਾਬ ਦੀ ਹੀ ਸੀ। ਮਗਰੋਂ ਪੰਜਾਬ ਤੋਂ ਕੈਨੇਡਾ ਪਰਤਦਿਆਂ ਹਰ ਗੇੜ੍ਹੇ ਦਰਜਨਾਂ ਕਿਤਾਬਾਂ ਨਾਲ ਲਿਆਉਣ ਅਤੇ ਸੰਗੀਆਂ ਸਾਥੀਆਂ ਤੋਂ ਮੰਗਵਾਉਣ ਦੇ ਸੁਭਾਅ ਕਾਰਨ , ਪੰਜਾਬ ਵਾਂਗ ਕੈਨੇਡਾ ਵਿਚਲੇ ਘਰ ਅੰਦਰ ਹਜ਼ਾਰ ਤੋਂ ਵੱਧ ਕਿਤਾਬਾਂ ਦੀ ਲਾਇਬਰੇਰੀ ਸ਼ਿੰਗਾਰ ਬਣ ਚੁੱਕੀ ਹੈ। ਪੰਜਾਬੀ ਜੇ ਖ਼ਰੀਦੋ-ਫ਼ਰੋਖ਼ਤ ਕਰਦਿਆਂ, ਕਿਤਾਬਾਂ ਅਤੇ ਹੋਰ ਲੋੜੀਂਦੇ ਸਮਾਨ ਵਿਚਕਾਰ ਸੰਤੁਲਨ ਹੀ ਕਾਇਮ ਕਰ ਲੈਣ, ਤਾਂ ਵੀ ਗਿਆਨ ਦੀ ਲਹਿਰ ਪੈਦਾ ਹੋ ਸਕਦੀ ਹੈ। ਇਸ ਦਾ ਅਸਰ ਕਬੂਲਦਿਆਂ ਲੋਕਾਂ ਨੂੰ ਪੁਸਤਕਾਂ ਪੜ੍ਹਨ ਲਈ ਹਲੂਣਾ ਮਿਲੇਗਾ।
ਜਿਸ ਦਿਨ ਪੰਜਾਬੀਆਂ ਅੰਦਰ 'ਕਿਤਾਬ ਸੱਭਿਆਚਾਰ' ਪੈਦਾ ਹੋ ਗਿਆ, ਉਸ ਦਿਨ ਗਿਆਨ ਦੇ ਸੂਰਜ ਦੇ ਮਘਣ ਨਾਲ, ਮਨ ਦਾ ਵਿਹੜਾ ਸਚਮੁੱਚ ਪ੍ਰਕਾਸ਼ਮਾਨ ਹੋ ਜਾਏਗਾ ਅਤੇ ਉਹ ਦਿਹਾੜਾ ਮਾਂ ਬੋਲੀ ਪੰਜਾਬੀ ਦਾ ਸੁਨਹਿਰੀ ਸਮਾਂ ਹੋਵੇਗਾ। ਆਓ! ਪੰਜਾਬੀਓ, ਨਵੇ ਵਰ੍ਹੇ 'ਤੇ ਨਵਾਂ ਸੰਕਲਪ ਲੈ ਕੇ ਸ਼ਰਾਬ ਦਾ ਛੇਵਾਂ ਦਰਿਆ ਬੰਦ ਕਰਕੇ, ਕਿਤਾਬ ਦੇ ਗਿਆਨ ਰੂਪੀ ਦਰਿਆ ਦੇ ਵਹਿਣ ਦੇਸ਼-ਵਿਦੇਸ਼ਾਂ 'ਚ ਵਹਾ ਦਈਏ। ਕਿਤਾਬ ਇਨਕਲਾਬ ਲਿਆਉਣ ਲਈ ਵਾਰ-ਵਾਰ ਆਪਣੇ ਆਪ ਨੂੰ ਇਸ ਸਵਾਲ ਕਰੀਏ ;
'ਘਰ-ਘਰ ਅੰਦਰ 'ਬਾਰ' ਕਿਉਂ, ਕਿਸਮੋਂ-ਕਿਸਮ ਸ਼ਰਾਬ।
ਆਪਾਂ ਕੌਮ ਹਾਂ ਸ਼ਬਦ ਦੀ, ਕਿੱਥੇ ਗਈ ਕਿਤਾਬ ?'
ਇਸ ਸਮੇਂ ਆਪਣੇ ਆਪ ਨਾਲ ਇਹ ਗੰਭੀਰ ਵਿਚਾਰ ਕਰਨਾ ਲਾਹੇਵੰਦ ਹੋਏਗਾ ਕਿ ਕਿਤਾਬ ਦੀ ਸਾਡੇ ਜੀਵਨ ਵਿਚ ਕੀ ਅਹਿਮੀਅਤ ਹੈ। ਸੰਸਾਰ ਪ੍ਰਸਿੱਧ ਲੇਖਕ ਹੈਨਰੀ ਮਿਲਰ ਦਾ ਕਥਨ ਹੈ ਕਿ ਕਿਤਾਬ ਤੁਹਾਡੀ ਸਭ ਤੋਂ ਵਧੀਆ ਮਿੱਤਰ ਹੀ ਨਹੀਂ ਹੁੰਦੀ, ਸਗੋਂ ਇਹ ਤੁਹਾਡੇ ਮਿੱਤਰ ਬਣਾਉਂਦੀ ਵੀ ਹੈ। ਕਈ ਵਾਰ ਗੰਭੀਰ ਸਮੱਸਿਆਵਾਂ ਮੌਕੇ, ਕਿਤਾਬ ਹੀ ਸਾਨੂੰ ਢਾਰਸ ਦਿੰਦੀ ਹੈ। ਰੋਗੀਆਂ ਦੇ ਇਲਾਜ ਲਈ ਵੀ 'ਕਿਤਾਬ ਦੁੱਖਾਂ ਦੀ ਦਾਰੂ' ਹੈ। ਮਨੋਰੋਗਾਂ ਵਿਚ ਡੁਬਦੇ ਮਨੁੱਖ ਲਈ ਕਿਤਾਬ ਸਹਾਰਾ ਬਣਦੀ ਹੈ। ਫਰਾਂਸ ਦੇ ਲਿਖਾਰੀ ਮਾਰਸ਼ਲ ਪਰਾਊਸਤ ਦਾ ਕਹਿਣਾ ਹੈ ਕਿ ਕਿਤਾਬ, ਥੈਰੇਪੀ ਭਾਵ ਇਲਾਜ ਹੈ, ਜਦਕਿ ਪ੍ਰਸਿੱਧ ਚਿੰਤਕ ਸੈਮਮੂਅਲ ਕਰੋਥਰ ਨੇ, ਬਿਬਲੀਓਥੈਰਪੀ ਭਾਵ ਕਿਤਾਬ ਇਲਾਜ ਦੀ ਸੋਚ ਦਿੱਤੀ ਹੈ।
ਕਿਤਾਬ ਮਨੁੱਖ ਨੂੰ ਨਿਰਾਸ਼ਾ ਦੇ ਆਲਮ 'ਚੋਂ ਬਾਹਰ ਕੱਢਦੀ ਹੈ ਤੇ ਜਿਉਣ ਦਾ ਮਕਸਦ ਦਿੰਦੀ ਹੈ। ਕਿਤਾਬ ਦੀ ਮਹੱਤਤਾ ਬਾਰੇ ਪ੍ਰਸਿੱਧ ਵਿਦਵਾਨ ਜੰਗ ਬਹਾਦਰ ਗੋਇਲ ਦੀ ਕਿਤਾਬ 'ਸਾਹਿਤ ਸੰਜੀਵਨੀ' ਪੜ੍ਹਨ ਦਾ ਸੁਭਾਗ ਹਾਸਿਲ ਹੋਇਆ, ਜਿਸ ਨੇ ਮਨ ਅੰਦਰ ਭਰਪੂਰ ਉਤਸ਼ਾਹ ਜਗਾਇਆ। ਉਹ ਲਿਖਦੇ ਹਨ,"ਹਰ ਆਦਮੀ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਵਾ-ਵਰੋਲੇ, ਝੱਖੜ, ਤੂਫਾਨ ਆਉਂਦੇ ਰਹਿੰਦੇ ਹਨ, ਜੋ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਡਾਵਾਂ-ਡੋਲ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜਾਂ ਤਾਂ ਕੋਈ ਸੁਗੜ ਸਿਆਣਾ ਰਾਹ-ਦਿਸੇਰਾ ਬਣ ਸਕਦਾ ਹੈ ਤੇ ਜਾਂ ਕੋਈ ਪੁਸਤਕ ਸਹਾਈ ਸਿੱਧ ਹੋ ਸਕਦੀ ਹੈ। ਪੁਸਤਕ ਤੱਕ ਪਹੁੰਚਣਾ ਆਸਾਨ ਹੈ, ਕਦੇ ਕਦੇ ਤਾਂ ਇਹ ਇੱਕ ਹੱਥ ਦੇ ਫਾਸਲੇ 'ਤੇ ਹੀ ਪਈ ਮਿਲ ਜਾਂਦੀ ਹੈ, ਜਿਸਦਾ ਕੋਈ ਵਾਕ, ਕੋਈ ਸਤਰ, ਕੋਈ ਦ੍ਰਿਸ਼ਟਾਂਤ, ਕਿਸੇ ਜੀਵਨ-ਰੱਖਿਅਕ ਦਵਾਈ ਵਾਂਗ ਫੌਰੀ ਅਸਰ ਕਰਦਾ ਹੈ ਅਤੇ ਪਸਤ ਹੋਇਆ ਆਦਮੀ ਮੁੜ ਸਾਵਾਂ, ਤੰਦਰੁਸਤ ਅਤੇ ਉਰਜਾਵਾਨ ਮਹਿਸੂਸ ਕਰਨ ਲੱਗਦਾ ਹੈ।" ਪਰ ਅੱਜ ਪੂੰਜੀਵਾਦੀ ਸੋਚਾਂ ਵਿੱਚ ਗ੍ਰਸਿਆ ਹੋਇਆ ਮਨੁੱਖ ਕਿਤਾਬ ਨਾਲੋਂ ਟੁੱਟ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ :
ਅੱਜ ਪਦਾਰਥਵਾਦ ਨੇ, ਕੀਤੀ ਸੋਚ ਖ਼ਰਾਬ।
ਐਯਾਸ਼ੀ ਵਿੱਚ ਆਦਮੀ,ਬੈਠਾ ਛੱਡ ਕਿਤਾਬ।
ਦੂਜੇ ਪਾਸੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਇਹ ਹੈ ਕਿ ਅੱਜ ਦੁਨੀਆ ਭਰ ਵਿੱਚ ਅਜਿਹੇ ਸਰਵੇਖਣ ਹੋ ਰਹੇ ਹਨ, ਜਿੰਨਾਂ ਰਾਹੀਂ ਇਹ ਸੱਚ ਸਾਹਮਣੇ ਆ ਰਿਹਾ ਹੈ ਕਿ ਕਿਤਾਬਾਂ ਮਨੁੱਖ ਨੂੰ ਨਾ ਸਿਰਫ ਰੋਗ-ਮੁਕਤ ਕਰਦੀਆਂ ਹਨ, ਬਲਕਿ ਗਿਆਨਵਾਨ ਵੀ ਬਣਾਉਂਦੀਆਂ ਹਨ। ਦੁਨੀਆ ਦੀ ਪ੍ਰਕਾਸ਼ਨ ਸੰਸਥਾ 'ਗਲੈਕਸੀ ਕੁਇਕ ਰੀਡਜ਼' ਨੇ ਲਿਵਰਪੂਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਰਵੇ ਕਰਵਾਇਆ, ਜਿਸ ਅਨੁਸਾਰ 57 ਫੀਸਦੀ ਪਾਠਕਾਂ ਨੇ ਇਹ ਮੰਨਿਆ ਕਿ ਸਾਹਿਤ ਅਧਿਐਨ ਦੁਆਰਾ ਉਹਨਾਂ ਦੀ ਜ਼ਿੰਦਗੀ ਵਿੱਚ ਉਸਾਰੂ ਬਦਲਾਓ ਆਇਆ ਹੈ। 68 ਫੀਸਦੀ ਲੋਕਾਂ ਨੇ ਇਹ ਮੰਨਿਆ ਕਿ ਕਿਤਾਬਾਂ ਰਾਹੀਂ ਆਪਣੇ 'ਸੀਮਤ ਸੰਸਾਰ' ਚੋਂ ਬਾਹਰ ਨਿਕਲ ਕੇ, ਉਹ ਕਿੰਨੇ ਹੀ ਦੇਸ਼ਾਂ ਦੇਸ਼ਾਂਤਰਾਂ ਵਿਚ ਘੁੰਮ ਆਏ ਅਤੇ ਉਹਨਾਂ ਨੂੰ ਇਹ ਅਨੁਭਵ ਹੋਇਆ ਕਿ ਮਨੁੱਖ ਹਰ ਥਾਂ 'ਤੇ ਇੱਕੋ ਜਿਹਾ ਦੁੱਖ ਸੁੱਖ ਭੋਗ ਰਿਹਾ ਹੈ। 73 ਫੀਸਦੀ ਲੋਕਾਂ ਨੇ ਮੰਨਿਆ ਕਿ ਪੜ੍ਹਨ ਦੇ ਨਾਲ ਉਹਨਾਂ ਦੀ ਸੋਚ ਅਤੇ ਸਿਹਤ ਵਿੱਚ ਵਡਮੁੱਲਾ ਸੁਧਾਰ ਹੋਇਆ ਹੈ, ਜਦਕਿ 65 ਫੀਸਦੀ ਲੋਕਾਂ ਦਾ ਇਹ ਕਹਿਣਾ ਸੀ ਕਿ ਜਦੋਂ ਉਹਨਾਂ ਦੀ ਮਨੋਦਿਸ਼ਾ ਢਹਿੰਦੀ ਕਲਾ ਵਿੱਚ ਸੀ, ਤਾਂ ਪੁਸਤਕ ਨੇ ਉਹਨਾਂ ਦੀ ਸੋਚ ਸਕਾਰਾਤਮ ਅਤੇ ਚੜ੍ਹਦੀ ਕਲਾ ਵਿੱਚ ਬਦਲ ਦਿੱਤੀ। ਅਜਿਹੇ ਸਰਵੇਖਣਾ ਤੋਂ ਸੱਚ ਸਾਬਤ ਹੁੰਦਾ ਹੈ ਕਿ ਕਿਤਾਬਾਂ ਮਨੁੱਖੀ ਮਨ ਦੀਆਂ ਖਿੜਕੀਆਂ ਹਨ, ਜਿੰਨਾ ਰਾਹੀਂ ਤਾਜ਼ਾ ਗਿਆਨ ਮਨੁੱਖ ਅੰਦਰ ਜਾਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ;
ਬਿਨਾਂ ਕਿਤਾਬੋਂ ਘੱਟ ਹੀ, ਹਾਸਲ ਹੋਏ ਗਿਆਨ।
ਘੁੱਪ ਹਨੇਰਾ ਹੋਏ ਜਿਓਂ, ਘਰ, ਬਿਨ ਰੌਸ਼ਨਦਾਨ।
ਕਿਤਾਬ ਦੀ ਮਹਾਨਤਾ ਤੋਂ ਜਾਣੂੰ ਹੋਣ ਦੇ ਬਾਵਜੂਦ ਪੰਜਾਬੀਆਂ ਅੰਦਰ ਕਿਤਾਬ ਸਭਿਆਚਾਰ ਅਜੇ ਤੱਕ ਮਜ਼ਬੂਤ ਨਹੀਂ ਹੋ ਸਕਿਆ, ਜਿਸ ਦਾ ਸਬੂਤ ਸਾਡੇ ਵੱਲੋਂ ਜੀਵਨ ਦੀਆਂ ਲੋੜਾਂ ਵਿੱਚ ਕਿਤਾਬ ਨੂੰ ਮੁੱਖ ਨਾ ਰੱਖਣਾ ਹੈ। ਇਸ ਦੀ ਮਿਸਾਲ ਇਥੋਂ ਮਿਲਦੀ ਹੈ ਕਿ ਅਸੀਂ ਖਰੀਦੋ ਫਰੋਖਤ ਵੇਲੇ, ਕਿਤਾਬ ਦੀ ਥਾਂ ਤੇ ਹੋਰਨਾਂ ਵਸਤੂਆਂ ਨੂੰ ਪਹਿਲ ਦਿੰਦੇ ਹਾਂ। ਢਾਈ ਦਹਾਕੇ ਪਹਿਲਾਂ ਵਾਪਰੀ ਇਕ ਘਟਨਾ ਅੱਜ ਪੂਰੀ ਤਰ੍ਹਾਂ ਚੇਤੇ ਹੈ, ਜਦੋਂ ਕੈਨੇਡਾ ਜਾਂਦਿਆਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਲੋੜੋਂ ਵੱਧ ਭਾਰ ਲਿਜਾ ਰਹੇ ਮੁਸਾਫਿਰਾਂ ਨੂੰ ਇਕ-ਇਕ ਕਰਕੇ ਰੋਕਿਆ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਅਤੇ ਏਅਰ ਲਾਈਨਜ਼ ਸਟਾਫ਼ ਮੈਂਬਰਾਨ ਦੇ ਨਿਰਦੇਸ਼ ਅਨੁਸਾਰ ਸਮਾਨ ਨਿਸ਼ਚਿਤ ਵਜ਼ਨ ਤੋਂ ਵਧੇਰੇ ਹੋਣ ਦੀ ਸੂਰਤ 'ਚ, ਹਜ਼ਾਰਾਂ ਰੁਪਏ ਦੇਣ ਦੀਆਂ ਸ਼ਰਤਾਂ ਸਨ। ਬੱਸ ਫੇਰ ਕੀ ਸੀ, ਜਿਵੇਂ ਏਅਰਪੋਰਟ 'ਤੇ 'ਮੋਤੀਆ ਬਾਜ਼ਾਰ' ਹੀ ਲੱਗ ਗਿਆ ਹੋਵੇ। ਬਹੁਤ ਸਾਰੇ ਮੁਸਾਫਿਰ ਆਪਣੇ ਅਟੈਚੀ ਖੋਲ ਰਹੇ ਸਨ ਤੇ ਵਾਧੂ ਸਮਾਨ ਕੱਢ ਰਹੇ ਸਨ। ਹੈਰਾਨੀ ਇਸ ਗੱਲ ਦੀ ਸੀ ਕਿ ਹਰ ਕਿਸੇ ਦੇ ਬੈਗ ਕੱਪੜਿਆਂ ਨਾਲ ਤੁੰਨੇ ਹੋਏ ਸਨ। ਆਦਮੀਆਂ ਦੇ ਕੋਟ-ਪੈਂਟਾਂ ਸਣੇ, ਇਸਤਰੀਆਂ ਦੇ ਸੂਟਾਂ ਦੀ ਗਿਣਤੀ ਦਰਜਨਾਂ ਤੋਂ ਵੱਧ ਜਾਪ ਰਹੀ ਸੀ। ਵੱਡਾ ਦੁੱਖ ਇਸ ਗੱਲ ਦਾ ਸੀ ਕਿ ਇਕ-ਅੱਧੇ ਨੂੰ ਛੱਡ ਕੇ, ਕਿਸੇ ਦੇ ਸਮਾਨ 'ਚ 'ਕਿਤਾਬ' ਨਾਂਅ ਦੀ ਸ਼ੈਅ ਸ਼ਾਮਿਲ ਨਹੀਂ ਸੀ। ਜੇਕਰ ਕਿਸੇ ਭਲੇ-ਪੁਰਖ ਨੇ ਜ਼ੋਰ ਪਾ ਕੇ, ਕੁਝ ਪੁਸਤਕਾਂ ਖ਼ਰੀਦੀਆਂ ਵੀ ਸਨ, ਤਾਂ ਸਮਾਨ ਵਧਣ ਦੀ ਸੂਰਤ ਵਿਚ, ਅਟੈਚੀਆਂ 'ਚੋਂ ਬਾਹਰ ਕੱਢਣ ਦੇ ਲਈ ਕਿਤਾਬਾਂ ਦੀ ਹੀ ਚੋਣ ਹੇ ਰਹੀ ਸੀ। ਕਿਤਾਬਾਂ ਤੋਂ ਸੱਖਣੇ ਕੱਪੜਿਆਂ ਲੱਦੇ ਅਟੈਚੀ, ਗਿਆਨ ਵਿਹੂਣੇ ਲੋਕਾਂ ਦੀ ਮੂੰਹ ਬੋਲਦੀ ਤਸਵੀਰ ਜਾਪ ਰਹੇ ਸਨ।
ਕਿਤਾਬ ਮਨੁੱਖ ਦੀ ਸਭ ਤੋਂ ਮਹਾਨ ਸਰਮਾਇਆ ਹੈ ਅਤੇ ਗਿਆਨ ਨਾ- ਗੁਆਚਣ ਯੋਗ ਅਨਮੋਲ ਗਹਿਣਾ ਹੈ, ਪਰ ਪੰਜਾਬੀ ਕਿਤਾਬ ਅਤੇ ਗਿਆਨ ਤੋਂ ਵਿਹੂਣੇ ਹੁੰਦੇ ਜਾ ਰਹੇ ਹਨ। ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀ ਗੱਲ ਵਿਸ਼ੇਸ਼ ਤੌਰ 'ਤੇ ਕੀਤੀ ਜਾਵੇ, ਤਾਂ ਹਰ ਵਰ੍ਹੇ ਵੱਖ- ਵੱਖ ਦੇਸ਼ਾਂ ਤੋਂ ਪੰਜਾਬੀ ਵਤਨ ਆ ਕੇ, ਕੁਝ ਹਫ਼ਤਿਆਂ ਵਿੱਚ ਹੀ ਲੱਖਾਂ ਰੁਪਏ ਖਰਚਦੇ ਹਨ। ਪੰਜਾਬੀਆਂ ਦਾ ਝੁਰਮਟ ਲੀੜੇ- ਲੱਤਿਆਂ ਦੀ ਮੰਡੀ 'ਚ ਤਾਂ ਠਾਠਾਂ ਮਾਰਦਾ ਨਜ਼ਰ ਆਵੇਗਾ, ਪਰ ਕਿਤਾਬਾਂ ਦੀਆਂ ਦੁਕਾਨਾਂ 'ਤੇ ਕੋਈ ਵਿਰਲਾ ਹੀ ਪੰਜਾਬੀ ਬੱਚਿਆਂ ਨੂੰ ਲੈ ਕੇ ਪੁੱਜੇਗਾ। ਇਹੀ ਕਾਰਨ ਹੈ ਕਿ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਦੇ ਬੱਚੇ ਪੰਜਾਬ ਦੀ ਵਿਰਾਸਤ, ਭਾਸ਼ਾ ਤੇ ਇਤਿਹਾਸ ਦੇ ਗਿਆਨ ਤੋਂ ਸੱਖਣੇ ਰਹਿ ਜਾਂਦੇ ਹਨ।
ਸਮੱਸਿਆ ਦੇ ਹੱਲ ਲਈ ਕਾਰਨਾਂ ਦੀ ਪੜਚੋਲ ਜ਼ਰੂਰੀ ਹੁੰਦੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬੀ ਚਾਹੇ ਵਿਦੇਸ਼ਾਂ 'ਚੋਂ ਆਉਣ ਜਾਂ ਪੰਜਾਬ 'ਚ ਹੀ ਰਹਿੰਦੇ ਹੋਣ, ਉਨ੍ਹਾਂ ਦੇ ਘਰਾਂ ਅੰਦਰ 'ਬੀਅਰ ਬਾਰ' ਤਾਂ 'ਆਮ' ਮਿਲ ਜਾਵੇਗੀ, ਪਰ 'ਲਾਇਬਰੇਰੀ' ਕਿਸੇ 'ਖਾਸ' ਘਰ 'ਚ ਹੀ ਨਜ਼ਰ ਆਵੇਗੀ। 'ਪਿਆਓ- ਪੀਓ ਐਸ਼ ਕਰੋ ਮਿੱਤਰੋ' ਵਾਲਾ ਸੁਭਾਅ ਸਾਨੂੰ ਗੰਭੀਰਤਾ ਤੋਂ ਕੋਹਾਂ ਦੂਰ ਲਿਜਾ ਰਿਹਾ ਹੈ। ਹੋਰ ਫ਼ਿਕਰਮੰਦੀ ਦੀ ਗੱਲ ਬਾਜ਼ਾਰ ਦੀ ਇਸ਼ਤਿਹਾਰਬਾਜ਼ੀ ਦੀ ਵੀ ਹੈ। ਜਿੰਨਾ ਪ੍ਰਚਾਰ ਬਾਜ਼ਾਰ 'ਚ ਸ਼ਰਾਬ ਦਾ ਹੋ ਰਿਹਾ ਹੈ, ਉਨਾਂ ਕਿਤਾਬਾਂ ਦਾ ਨਹੀਂ। ਪੰਜਾਬੀਆਂ ਦੀ ਮਾਨਸਿਕ ਦਿਵਾਲੀਏਪਣ ਦੀ ਨਿਸ਼ਾਨੀ ਹੈ ਕਿ ਉਹਨਾਂ "ਘਰ ਦੀ ਸ਼ਰਾਬ ਹੋਵੇ" ਗਾਉਣ ਵਾਲੇ ਗਾਇਕ ਨੂੰ ਤਾਂ ਪੰਜਾਬ ਦਾ ਮਾਣ ਕਹਿ ਕੇ ਸਨਮਾਨਿਆ, ਪਰ "ਹੱਥ ਚ ਕਿਤਾਬ ਹੋਵੇ" ਗਾਉਣ ਵਾਲਿਆਂ ਨੂੰ ਕਦੇ ਸਨਮਾਨ ਤੇ ਬਣਦਾ ਸਥਾਨ ਨਹੀਂ ਦਿੱਤਾ। ਇਸੇ ਕਾਰਨ ਤਾਂ ਇਉਂ ਜਾਪਦਾ ਹੈ ;
ਬੌਧਿਕ ਗਿਆਨ ਵਧਾਉਣ ਨੂੰ, ਮਿਲਦੀ ਨਹੀਂ ਕਿਤਾਬ।
ਨਸ਼ਿਆਂ ਤਾਈਂ ਫੈਲਾਉਣ ਨੂੰ, ਘਰ ਘਰ ਮਿਲੇ ਸ਼ਰਾਬ।
'ਪੁਸਤਕਾਂ ਸੱਭਿਆਚਾਰ' ਨੂੰ ਪ੍ਰਫੁਲਿਤ ਕਰਨ ਲਈ ਭਾਸ਼ਾਈ ਅਦਾਰਿਆਂ ਨੂੰ ਸਰਗਰਮੀ ਵਿਖਾਉਣੀ ਹੋਵੇਗੀ। ਇਸ ਸੰਦਰਭ ਵਿੱਚ ਪੰਜਾਬ ਅੰਦਰ ਅਦਾਰਾ ਭਾਸ਼ਾ ਵਿਭਾਗ, ਪੰਜਾਬ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਮਿਸਾਲ ਵਜੋਂ ਪੰਜਾਬ ਦੀ ਹਰ ਜ਼ਿਲ੍ਹੇ ਅੰਦਰ ਭਾਸ਼ਾ ਮਹਿਕਮੇ ਦਾ ਦਫ਼ਤਰ ਹੈ ਤੇ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀ ਜ਼ਿੰਮੇਵਾਰੀ ਹੋਵੇ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਂਵਾਂ 'ਤੇ ਬੋਰਡ ਲਾ ਕੇ, ਚੰਗੀਆਂ ਪੁਸਤਕਾਂ ਖਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀਆਂ ਦੀਆਂ ਲੋੜਾਂ ਮੁੱਖ ਰਖਦਿਆਂ ਜੇਕਰ ਇਹ ਅਦਾਰੇ ਸੇਵਾਵਾਂ ਦਾ ਪ੍ਰਬੰਧ ਕਰਨ, ਤਾਂ ਯਕੀਨਨ ਤੌਰ ਤੇ ਪਾਠਕਾਂ ਦੀ ਗਿਣਤੀ 'ਚ ਚੋਖਾ ਵਾਧਾ ਹੋਵੇਗਾ। ਵਿਦੇਸ਼ਾਂ ਵਿੱਚ ਵੀ ਵੱਧ ਤੋਂ ਵੱਧ ਕਿਤਾਬ ਘਰ ਸਥਾਪਿਤ ਕਰਨੇ ਚਾਹੀਦੇ ਹਨ ਜਿਵੇਂ ਕਿ ਨਵਨੀਤ ਕੌਰ ਨੇ ਪਿੱਛੇ ਜਿਹੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ 'ਨਵ ਸਵੇਰ ਕਿਤਾਬ ਘਰ' ਸਥਾਪਿਤ ਕਰਕੇ ਅਜਿਹਾ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸੇ ਤਰ੍ਹਾਂ ਸਰੀ ਵਿੱਚ ਖਾਲਸਾ ਲਾਇਬ੍ਰੇਰੀ ਅਤੇ ਟੋਰਾਂਟੋ, ਐਲਬਰਟਾ ਆਦਿ ਵਿੱਚ ਹੋਰ ਉਪਰਾਲੇ ਹੋਏ ਹਨ। ਅੱਜ ਪੰਜਾਬੀਆਂ ਨੂੰ ਹੋਰ ਬਾਜ਼ਾਰਾਂ ਨਾਲੋਂ 'ਮੋਬਾਇਲ ਲਾਇਬਰੇਰੀ' ਦੀ ਵੱਧ ਜ਼ਰੂਰਤ ਹੈ, ਤਾਂ ਕਿ ਅਗਲੀ ਪੀੜ੍ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੂਲ ਭਾਵਨਾ ਤੋਂ ਜਾਣੂੰ ਹੋ ਸਕੇ। ਕਿਤਾਬਾਂ ਖਰੀਦਣ ਲਈ ਉਤਸ਼ਾਹ ਵਧਾਉਣ ਵਾਸਤੇ ਚੰਗੇ 'ਪੈਕੇਜ' ਬਣਾਏ ਜਾਣ, ਜਿਸ ਅਧੀਨ ਕੀਮਤੀ ਸਾਹਿਤਕ ਰਚਨਾਵਾਂ ਖਰੀਦਣ 'ਤੇ ਕੁਝ ਗਿਆਨ-ਵਧਾਊ ਪੁਸਤਕਾਂ ਵੀ ਦਿੱਤੀਆਂ ਜਾਣ। ਪੁਸਤਕਾਂ ਵੱਧ ਤੋਂ ਵੱਧ ਵੰਡੀਆਂ ਜਾਣ, ਤਾਂ ਕਿ ਪਾਠਕ ਵਰਗ ਵਿਚ ਵਾਧਾ ਹੋ ਸਕੇ। ਪੰਜਾਬ ਅੰਦਰ ਜਿਹੜਾ ਜ਼ਿਲ੍ਹਾ, ਨਗਰ ਜਾਂ ਪਿੰਡ ਅਜਿਹਾ ਕਰਨ ਵਿਚ ਵਧੇਰੇ ਸਫ਼ਲ ਹੋਵੇ, ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ, ਤਾਂ ਕਿ ਹੋਰਨਾਂ ਅੰਦਰ ਵੀ ਅਜਿਹਾ ਚਾਅ ਪੈਦਾ ਕੀਤਾ ਜਾ ਸਕੇ। ਅਜਿਹਾ ਕਾਰਜ ਹੀ ਯੂਨੀਵਰਸਿਟੀਆਂ ਤੇ ਕਾਲਜ ਵੀ ਕਰ ਸਕਦੇ ਹਨ।
ਵਿਦਿਆ ਮਨੁੱਖ ਨੂੰ ਢਹਿੰਦੀ ਕਲਾ ਦੇ ਮਾਹੌਲ 'ਚੋਂ ਬਾਹਰ ਕੱਢਦੀ ਹੈ ਅਤੇ ਹੌਸਲਾ ਦੇ ਕੇ ਚੜੵਦੀ ਕਲਾ ਦੇ ਰਾਹ 'ਤੇ ਤੋਰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਿਦਿਆ ਦੀ ਮਹਾਨਤਾ ਨੂੰ ਵਿਚਾਰਿਆ ਹੈ। ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ, ਪੜ੍ਹਾਈ ਦਾ ਉਹ ਰੂਪ ਜਿਹੜਾ ਲਭ, ਲੋਭ ਅਤੇ ਹੰਕਾਰ ਨੂੰ ਜਨਮ ਦਿੰਦਾ ਹੈ, ਉਸ ਦਾ ਗੁਰਬਾਣੀ ਨੇ ਖੰਡਨ ਕੀਤਾ ਹੈ। “ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ।।” (ਗੁਰੂ ਗ੍ਰੰਥ ਸਾਹਿਬ, ਅੰਗ 140) ਇਸ ਤਰ੍ਹਾਂ ਹੀ “ਲਿਖਿ ਲਿਖਿ ਪੜਿਆ॥ ਤੇਤਾ ਕੜਿਆ।।” (ਅੰਗ 467) ਜਾਂ “ਪੜਿਆ ਹੋਵੈ ਗੁਨਹਾਗਾਰੁ, ਤਾ ਓਮੀ ਸਾਧੁ ਨ ਮਾਰੀਐ।।” (ਗੁਰੂ ਗ੍ਰੰਥ ਸਾਹਿਬ, ਅੰਗ 469) “ਪੜਿ ਪੜਿ ਲੂਝਹਿ ਬਾਦੁ ਵਖਾਣਹਿ, ਮਿਲਿ ਮਾਇਆ ਸੁਰਤਿ ਗਵਾਈ।। “ (ਗੁਰੂ ਗ੍ਰੰਥ ਸਾਹਿਬ ਅੰਗ :1131)
‘ਆਸਾ ਕੀ ਵਾਰ’ ਵਿਚਲੇ ਸਲੋਕ, ਸਲੋਕੁ ਮਃ ਪਹਿਲਾ ॥
"ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥"
(ਗੁਰੂ ਗ੍ਰੰਥ ਸਾਹਿਬ, ਅੰਗ 467)
ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ, ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ, ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ-ਪੜ੍ਹ ਕੇ ਸਾਲ ਦੇ ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ-ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ-ਪੜ੍ਹ ਕੇ ਚਾਹੇ ਕੋਈ ਮਨੁੱਖ ਜੀਵਨ ਦੇ ਸਾਰੇ ਸੁਆਸ ਹੀ ਪੜ੍ਹਾਈ `ਤੇ ਲਗਾ ਦੇਵੇ। ਇੱਥੇ ਗੁਰੂ ਸਾਹਿਬ ਚੇਤਾਵਨੀ ਦੇ ਰਹੇ ਹਨ “ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।।” ਭਾਵ ਹੇ ਮਨੁੱਖ! ਤੂੰ ਪੜ੍ਹਾਈ ਤਾਂ ਕੀਤੀ, ਪਰ ਪੜ੍ਹਾਈ ਦੇ ਅਸਲ ਮਕਸਦ ਤੋਂ ਅਣਜਾਣ ਹੋਣ ਕਾਰਨ ਤੂੰ ਆਪਣੇ ਜੀਵਨ `ਚ ਹਉਮੈ-ਵਿਕਾਰਾਂ ਨੂੰ ਹੀ ਪੱਠੇ ਪਾਏ ਤੇ ਝੱਖ ਹੀ ਮਾਰੀ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਪੜ੍ਹਾਈ ਦਾ ਖੰਡਨ ਨਹੀਂ ਕਰ ਰਹੇ, ਬਲਕਿ ਪੜ੍ਹਾਈ ਦੇ ਸੱਚੇ ਸੁੱਚੇ ਇਲਾਹੀ ਮਕਸਦ ਤੋਂ ਬੇਮੁਖ ਵਿਅਕਤੀ ਨੂੰ ਸੇਧ ਰਹੇ ਹਨ। ਮੁਕਦੀ ਗੱਲ, ਨਵੇ ਵਰੇ ਦੀਆਂ ਬਰੂਹਾਂ 'ਤੇ ਖੜ ਕੇ ਜੇਕਰ ਗੁਰਬਾਣੀ ਦਾ ਇਹ ਸ਼ਬਦ ਅਸੀਂ ਆਤਮਸਾਤ ਕਰ ਲਈਏ, ਤਾਂ ਜੀਵਨ ਬਦਲ ਜਾਏਗਾ :
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
{ ਗੁਰੂ ਗ੍ਰੰਥ ਸਾਹਿਬ, ਅੰਗ : 356}
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਸਫੋਰਡ, ਕੈਨੇਡਾ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੀ 30ਵੀਂ ਵਰ੍ਹੇਗੰਢ ਨੂੰ ਸਮਰਪਿਤ - ਡਾ. ਗੁਰਵਿੰਦਰ ਸਿੰਘ
'ਜੋ ਰਾਖ ਹੋ ਗਏ... ਪੰਜਾਬ ਵਿੱਚ ਬਗ਼ਾਵਤ ਅਤੇ ਮਨੁੱਖੀ ਅਧਿਕਾਰ'
ਹਜ਼ਾਰਾਂ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਮਗਰੋਂ, ਉਹਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਮੂਹਿਕ ਤੌਰ ਤੇ ਖਪਾ ਦੇਣ ਦੇ ਸੱਚ ਨੂੰ ਸੰਸਾਰ ਦੇ ਮੰਚ 'ਤੇ ਲਿਆਉਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਇਹ ਦੀ 30ਵੀਂ ਵਰ੍ਹੇਗੰਢ ਹੈ। ਇਸ ਮੌਕੇ 'ਤੇ 21 ਦਸੰਬਰ, ਦਿਨ ਐਤਵਾਰ ਨੂੰ ਗਰੈਂਡ ਅੰਪਾਇਰ ਬੈਂਕੁਟ ਹਾਲ ਸਰੀ ਵਿਖੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨਾਲ-ਨਾਲ ਬੀਸੀ ਦੀਆਂ ਸਿੱਖ ਸੰਸਥਾਵਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਵਿਰਾਸਤ, ਯਾਦ ਅਤੇ ਮਨੁੱਖੀ ਅਧਿਕਾਰਾਂ ਦੇ ਸੰਘਰਸ਼ ਤੋਂ ਲੈ ਕੇ ਮੌਜੂਦਾ ਸਮੇਂ ਤੱਕ, ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਕਰ ਰਹੀਆਂ ਹਨ। ਇਸ ਮੌਕੇ 'ਤੇ ਵਿਸ਼ੇਸ਼ ਕਰਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਸ਼ਾਮਲ ਹੋ ਰਹੇ ਹਨ, ਜਿਨਾਂ ਨੂੰ ਪੰਥਕ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਹੀਦ ਖਾਲੜਾ ਦੀ ਯਾਦ ਵਿੱਚ 6 ਸਤੰਬਰ 2025 ਨੂੰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਹਾਲ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਹੋਏ ਵੱਡੇ ਪੰਥਕ ਇਕੱਠ ਵਿਚ ਸ਼ਹੀਦ ਖਾਲੜਾ ਦੇ ਛੋਟੇ ਭਾਈ ਭਾਈ ਅਮਰਜੀਤ ਸਿੰਘ ਖਾਲੜਾ ਅਤੇ ਉੱਘੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਨੇ ਸੈਮੀਨਾਰ ਕੀਤਾ ਸੀ ਅਤੇ ਕੈਨੇਡਾ ਭਰ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਅਜਿਹੇ ਹੋਰ ਪ੍ਰੋਗਰਾਮ ਉਲੀਕੇ ਸਨ।
ਇਸ ਦੌਰਾਨ ਹੀ ਕੈਨੇਡਾ ਦੀ ਸੰਸਦ ਵਿਚ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ 30ਵੇਂ ਸ਼ਹੀਦੀ ਵਰ੍ਹੇ ‘ਤੇ 18 ਨਵੰਬਰ 2025 ਨੂੰ ਲਿਬਰਲ ਐਮਪੀ ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ, ਭਾਈ ਖਾਲੜਾ ਨੂੰ ਸ਼ਹੀਦ ਕੀਤੇ ਜਾਣ ਦੀ ਦਾਸਤਾਨ ਸਾਂਝੀ ਕੀਤੀ, ਜਿਸ ‘ਤੇ ਸਮੁੱਚੀ ਸੰਸਦ ਨੇ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਬੀ.ਸੀ. ਵਿਧਾਨ ਸਭਾ ਵੱਲੋਂ 6 ਸਤੰਬਰ ਦੇ ਦਿਹਾੜੇ ਨੂੰ ‘ਸ਼ਹੀਦ ਜਸਵੰਤ ਸਿੰਘ ਖਾਲੜਾ ਦਿਵਸ’ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਸਾਬਕਾ ਮੁਖੀ ਸ. ਜਗਮੀਤ ਸਿੰਘ ਨੇ ਸ਼ਹੀਦ ਖਾਲੜਾ ਅਤੇ ਲਵਾਰਿਸ ਲਾਸ਼ਾਂ ਦਾ ਮੁੱਦਾ, ਕਈ ਵਾਰ ਕੈਨੇਡੀਅਨ ਪਾਰਲੀਮੈਂਟ ਵਿਚ ਉਠਾਇਆ ਹੈ। ਕੈਨੇਡਾ ਦੇ ਕਈ ਹੋਰਨਾਂ ਸੂਬਿਆਂ ਤੇ ਬਹੁਤ ਸਾਰੇ ਦੇਸ਼ਾਂ ਵਿਚ ਵੀ ਸ਼ਹੀਦ ਖਾਲੜਾ ਦੇ 30ਵੇਂ ਸ਼ਹੀਦੀ ਦਿਹਾੜੇ ਨੂੰ 'ਮਨੁੱਖੀ ਅਧਿਕਾਰ ਦਿਵਸ' ਵਜੋਂ ਚੇਤੇ ਕੀਤਾ ਗਿਆ ਹੈ। ਅਜਿਹੇ ਮੌਕੇ ‘ਤੇ ‘ਜੋ ਰਾਖ ਹੋ ਗਏ …ਪੰਜਾਬ ਵਿੱਚ ਬਗ਼ਾਵਤ ਅਤੇ ਮਨੁੱਖੀ ਅਧਿਕਾਰ’ (Reduced to Ashes ਦਾ ਗੁਰਮੁਖੀ ਵਿੱਚ ਲਿਪੀ ਅੰਤਰ) ਪਾਠਕ ਜਗਤ ਤੱਕ ਪਹੁੰਚਣਾ, ਭਾਈ ਖਾਲੜਾ ਦੇ ਮਹਾਨ ਕਾਰਜਾਂ ਨੂੰ ਸੀਸ ਝੁਕਾਉਣ ਦਾ, ਸਤਿਕਾਰਤ ਉਪਰਾਲਾ ਹੈ।
ਮਨੁੱਖੀ ਹੱਕਾਂ ਦੇ ਚੈਂਪੀਅਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ 30ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ‘ਜੋ ਰਾਖ ਹੋ ਗਏ…’ ਛੇਤੀ ਹੀ ਪਾਠਕਾਂ ਦੇ ਹੱਥਾਂ ਚ ਹੋਏਗੀ। ਇਸ ਦਾ ਪ੍ਰਭਾਵਸ਼ਾਲੀ ਸਰਵਰਕ ਪੰਜਾਬੀ ਅਤੇ ਅੰਗਰੇਜ਼ੀ ਦੇ ਰੂਪਾਂ ਨੂੰ ਬਾਖੂਬ ਪੇਸ਼ ਕਰਦਾ ਹੈ। ਇਹ ਕਿਤਾਬ, ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲੀ ਗੁਰੂਆਂ ਦੀ ਧਰਤੀ ‘ਤੇ, 20ਵੀਂ ਸਦੀ ਦੇ ਆਖਰੀ ਦੋ ਦਹਾਕਿਆਂ ‘ਚ, ਇੰਡੀਅਨ ਸਟੇਟ ਦੇ ਸਿੱਖਾਂ ‘ਤੇ ਕਹਿਰ ਨੂੰ, ਤੱਥਾਂ ਰਾਹੀਂ ਬਿਆਨ ਕਰਨ ਦਾ ਦਲੇਰਾਨਾ ਅਤੇ ਅਣਖੀਲਾ ਕਦਮ ਹੈ। ਸ਼ਹੀਦ ਭਾਈ ਖਾਲੜਾ ਦੀਆਂ ਗਵਾਹੀਆਂ ਸਮੇਤ, ਪੀੜਤ ਵਰਗ ਦੇ ਅਣ-ਸੁਣੇ ਦਰਦ ਨੂੰ, ਸ਼ਬਦਾਂ ਦਾ ਜਾਮਾ ਪਹਿਨਾਉਣ ਵਾਲੇ ਲਿਖਾਰੀ ਰਾਮ ਨਰਾਇਣ ਕੁਮਾਰ ਅਤੇ ਅਮਰੀਕ ਸਿੰਘ ਮੁਕਤਸਰ, ਅਸ਼ੋਕ ਅਗਰਵਾਲ ਅਤੇ ਜਸਕਰਨ ਕੌਰ ਧੰਨਵਾਦ ਦੇ ਪਾਤਰ ਹਨ। ਕਿਤਾਬ ਦੇ ਪਿਛਲੇ ਪੰਨੇ 'ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਲਿਖੇ ਸ਼ਬਦ ਬੜੇ ਭਾਵਪੂਰਤ ਹਨ, "ਜੋ ਰਾਖ ਹੋ ਗਏ.: ਪੰਜਾਬ ਵਿੱਚ ਬਗਾਵਤ ਅਤੇ ਮਨੁੱਖੀ ਅਧਿਕਾਰ" ਪੰਜਾਬ ਅੰਦਰਲੇ ਅਸੀਂਵਿਆਂ ਅਤੇ 90ਵਿਆਂ ਦੇ ਦਹਾਕੇ ਦੌਰਾਨ ਹੋਏ ਪੁਲਿਸ ਦੇ ਅਣਮਨੁੱਖੀ ਜ਼ੁਲਮ ਅਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਨੂੰ ਉਜਾਗਰ ਕਰਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਕਿਤਾਬ ਇਸ ਤੱਥ ਨੂੰ ਪ੍ਰਮਾਣਿਤ ਕਰਦੀ ਹੈ ਕਿ ਜਦੋਂ ਤੱਕ ਇਨਸਾਨੀਅਤ ਦੀ ਆਵਾਜ਼ ਬਚੀ ਰਹੇਗੀ, ਸਰਦਾਰ ਜਸਵੰਤ ਸਿੰਘ ਖਾਲੜਾ ਵਰਗੇ ਲੋਕਾਂ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ। ਇਹ ਪੁਸਤਕ ਸਿਰਫ਼ ਉਹਨਾਂ ਦੀ ਯਾਦ ਨੂੰ ਹੀ ਨਹੀਂ, ਸਗੋਂ ਉਸ ਸੰਘਰਸ਼ ਨੂੰ ਜਿਉਂਦਾ ਰੱਖਣ ਦੀ ਵੀ ਇਕ ਕੋਸ਼ਿਸ਼ ਹੈ, ਜੋ ਅਣਸੁਣੀਆਂ ਆਵਾਜ਼ਾਂ ਨੂੰ ਤਥਾਂ ਸਹਿਤ ਦੁਨੀਆ ਤੱਕ ਪਹੁੰਚਾਉਂਦੀ ਹੈ। "ਜੋ ਰਾਖ ਹੋ ਗਏ.." ਨਾ ਸਿਰਫ ਸਾਡੇ ਸਮਿਆਂ ਦਾ ਇਤਿਹਾਸ ਹੈ, ਬਲਕਿ ਇਕ ਅਜਿਹੀ ਤਕਰੀਰ ਹੈ, ਜੋ ਇਨਸਾਫ਼ ਅਤੇ ਸੱਚਾਈ ਦੀ ਅਹਿਮੀਅਤ ਨੂੰ ਅੱਜ ਵੀ ਕਾਇਮ ਰੱਖਦੀ ਹੈ।
ਮੂਲ ਰੂਪ ‘ਚ ਛਪੀ REDUCED TO ASHES ਵਡਮੁੱਲੀ ਰਚਨਾ ਦਾ ਪੰਜਾਬੀ ‘ਚ ਅਨੁਵਾਦ ਡਾ. ਪਰਮਿੰਦਰ ਸਿੰਘ ਸ਼ੌਕੀ ਨੇ, ਕਰੜੀ ਮਿਹਨਤ ਨਾਲ ਕੀਤਾ ਹੈ ਰੀਥਿੰਕ ਬੁਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।ਕਿਤਾਬ ਦੀ ਤਿਆਰੀ ਦੌਰਾਨ ਹੱਡਬੀਤੀ ਬਿਆਨਦਿਆਂ ਡਾ ਪਰਮਿੰਦਰ ਸਿੰਘ ਲਿਖਦੇ ਹਨ, ਮੈਂ "ਪੰਜਾਬ 'ਚ ਜ਼ੁਲਮ” ਤੇ ਕੰਮ ਕਰਦਿਆਂ ਏਨਾ ਤਣਾਅ ਨਹੀਂ ਸਹਿਆ ਸੀ, ਜਿੰਨਾ “ਜੋ ਰਾਖ ਹੋ ਗਏ…” ਵੇਲੇ ਮਹਿਸੂਸ ਹੋਇਆ. ਇਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਇਸ ਵਿੱਚ ਮੇਰੇ ਤੋਂ ਵੀ ਅੱਧੀ ਉਮਰ ਦੇ ਬੱਚੇ ਕਾਨੂੰਨ ਦੁਆਰਾ ਮੌਤ ਦੇ ਘਾਟ ਉਤਾਰ ਦੇਣ ਦੀਆਂ ਦਰਦਨਾਕ ਕਹਾਣੀਆਂ ਦੇ ਪਾਤਰ ਸਨ।ਕਿਸੇ ਸਮੇਂ ਜੋ ਕਾਰਜ ਸ. ਜਸਵੰਤ ਸਿੰਘ ਖਾਲੜਾ ਦੇ ਨਾਲ ਸ਼ੁਰੂ ਹੋਇਆ, ਉਹ ਆਖ਼ਰ ਸੀਸੀਡੀਪੀ ਦੀ ਇਸ ਰਿਪੋਰਟ ਨਾਲ ਲਗਭਗ ਆਪਣਾ ਅੱਧਾ ਸਫ਼ਰ ਕਰ ਗਿਆ ਹੈ। ਇਹ ਕਿਤਾਬ ਨਾ ਸਿਰਫ ਖਾਲੜਾ ਸਾਹਿਬ ਦੀ ਜੀਵਨੀ ਤੋਂ ਤੁਰ ਕੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹਾਂ ਤੇ ਉਨ੍ਹਾਂ ਦੀਆਂ ਲੜਾਈਆਂ ਤੱਕ ਚੱਲਦੀ ਹੈ, ਬਲਕਿ ਪੰਜਾਬ ਦੇ ਖੂਨੀ ਇਤਿਹਾਸ ਨੂੰ ਵੀ ਬੜੀ ਬਾਰੀਕੀ ਨਾਲ ਆਪਣੇ ਕਲਾਵੇ ਵਿੱਚ ਲੈਂਦੀ ਹੈ। ਇਹ ਕਿਤਾਬ ਇੱਕ ਮਹੱਤਵਪੂਰਨ ਦਸਤਾਵੇਜ਼ੀ ਕਿਤਾਬ ਹੈ, ਜੋ 1984 ਦੀ ਸਿੱਖ ਨਸਲਕੁਸ਼ੀ ਅਤੇ ਉਸ ਤੋਂ ਬਾਅਦ ਭਾਰਤ ਦੇ ਰਾਜਨੀਤਿਕ–ਨਿਆਂ ਪ੍ਰਣਾਲੀ ਦੀ ਨਾਕਾਮੀ ਨੂੰ ਤਿੱਖੇ ਤੌਰ ’ਤੇ ਉਜਾਗਰ ਕਰਦੀ ਹੈ। ਇਹ ਕਿਤਾਬ Human Rights Watch ਅਤੇ Ensaaf ਵਰਗੀਆਂ ਸੰਸਥਾਵਾਂ ਦੁਆਰਾ ਤਿਆਰ ਕੀਤੀ ਗਈ ਸੁਚੱਜੀ ਰਿਪੋਰਟ ਹੈ, ਜਿਸ ਵਿੱਚ ਪੀੜਤ ਪਰਿਵਾਰਾਂ ਦੇ ਦਰਦ, ਗਵਾਹੀਆਂ, ਅਤੇ ਉਹ ਅੰਧੇਰੇ ਤੱਥ ਦਰਜ ਹਨ, ਜੋ ਰਾਜ ਨੇ ਦਬਾਉਣ ਦੀ ਕੋਸ਼ਿਸ਼ ਕੀਤੀ। ਕਿਤਾਬ ਇਹ ਦਰਸਾਉਂਦੀ ਹੈ ਕਿ ਕਿਵੇਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ, ਕਿਵੇਂ ਦੋਸ਼ੀ ਆਜ਼ਾਦ ਘੁੰਮਦੇ ਰਹੇ, ਅਤੇ ਕਿਵੇਂ ਨਿਆਂ ਦੇ ਵਾਅਦੇ ਸਿਰਫ਼ ਕਾਗਜ਼ੀ ਹੀ ਰਹਿ ਗਏ। ਇਹ ਸਿਰਫ਼ ਇੱਕ ਰਿਪੋਰਟ ਨਹੀਂ, ਇਹ ਸਿੱਖ ਕੌਮ ਦੇ ਸਾਂਝੇ ਦੁੱਖ, ਰਾਜਕੀ ਹਿੰਸਾ, ਅਤੇ ਇਨਸਾਫ਼ ਲਈ ਚੱਲ ਰਹੀ ਲੜਾਈ ਦਾ ਸੱਚਾ ਰਿਕਾਰਡ ਹੈ—ਇੱਕ ਐਸਾ ਰਿਕਾਰਡ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਨਸਲਘਾਤ ਇਤਿਹਾਸ ਦੀ ਧੁੰਦ ਵਿੱਚ ਗਾਇਬ ਨਾ ਹੋ ਜਾਵੇ। ਕਰੀਬ ਇਕ ਹਜ਼ਾਰ ਪੰਨਿਆਂ ਵਿੱਚ ਫੈਲਿਆ ਇਹ ਗ੍ਰੰਥ, ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਸਿੱਖ ਹੋਣੀ ਦੀ ਜੋ ਤਸਵੀਰ ਖਿੱਚਦਾ, ਉਹ ਏਨੀ ਅਹਿਮ ਹੈ ਕਿ ਇਹ ਹਰ ਘਰ ਤੇ ਹਰ ਪਾਠਕ ਦੇ ਕੋਲ ਹੋਣੀ, ਸਾਡੀ ਕੌਮ ਦੇ ਭਵਿੱਖ ਦੀ ਇੱਕ ਅਹਿਮ ਲੋੜ ਹੈ।
ਪੁਲਿਸ ਤੇ ਸਰਕਾਰ ਦੇ ਅੱਤਵਾਦ ਦੀ ਪੁਸ਼ਤਪਨਾਹੀ ਕਰਨ ਵਾਲੇ 'ਰਾਜਸੀ ਸੰਦਾਂ' ਲਈ ਤਾਂ ਬੇਸ਼ੱਕ ਇਹ ਕਿਤਾਬ, ਜਾਬਰਾਂ ਦਾ 'ਮਨੋਬਲ ਤੋੜਨ ਵਾਲੀ' ਹੈ, ਪਰ ਮਨੁੱਖੀ ਅਧਿਕਾਰਾਂ ਲਈ ਤੱਤਪਰ ਲੋਕਾਂ ਲਈ, ਹੌਂਸਲੇ ਬੁਲੰਦ ਕਰਨ ਤੇ ਸਥਾਪਤੀ ਖਿਲਾਫ਼ 'ਆਖਰੀ ਦਮ ਤੱਕ ਜੂਝਣ ਲਈ ਪ੍ਰੇਰਨਾ' ਹੈ। ਗੁਰਮੁਖੀ ਲਿੱਪੀ ਤੇ ਪੰਜਾਬੀ ਜ਼ਬਾਨ ‘ਚ ‘ਜੋ ਰਾਖ ਹੋ ਗਏ …’ ਸਿਰਨਾਵਾਂ ਜਿੱਥੇ ਡੂੰਘੇ ਭਾਵ-ਅਰਥ ਰੱਖਦਾ ਹੈ, ਉਥੇ ਕਿਤਾਬ ਪਾਠਕਾਂ ਨੂੰ ਜ਼ਜਬੇ ਅਤੇ ਚੇਤਨਾ ਦੇ ਪੱਧਰ ‘ਤੇ ਕੀਲ ਕੇ ਰੱਖਦੀ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ ਅਖਵਾਉਣ ਵਾਲੇ ਦੇਸ ਭਾਰਤ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ ਮੁਕਾਉਣਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਰਾਰ ਦੇ ਕੇ ਸਾੜ ਦੇਣਾ, ਸ਼ੈਤਾਨੀਅਤ ਦਾ ਨੰਗਾ ਨਾਚ ਸੀ। ਨਵੰਬਰ 1984 ‘ਚ ਸਿੱਖ ਨਸਲਕੁਸ਼ੀ ਦੌਰਾਨ ਭਾਰਤ ਦੇ ਕੋਨੇ-ਕੋਨੇ ‘ਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਨਾ, ਸਮੂਹਿਕ ਬਲਾਤਕਾਰ ਕੀਤੇ ਜਾਣੇ ਤੇ ਘਰ-ਬਾਰ ਫੂਕ ਦੇਣੇ, 'ਨਾ-ਭੁਲੱਣਯੋਗ ਤੇ ਨਾ-ਮੁਆਫ਼ ਕਰਨ ਯੋਗ' ਅਪਰਾਧ ਹਨ। ਇਸ ਕਿਤਾਬ ਰਾਹੀਂ ਲੇਖਕਾਂ ਨੇ ਅਜਿਹੇ ਅਨੇਕਾਂ ਘਟਨਾਕ੍ਰਮਾਂ, ਤੱਥਾਂ, ਪੀੜਤਾਂ ਦੇ ਬਿਆਨਾਂ, ਅਦਾਲਤੀ, ਕਾਰਵਾਈਆਂ ਅਤੇ ਸਰਕਾਰੀ ਅਤਿਆਚਾਰਾਂ ਨੂੰ ਸਬੂਤਾਂ ਨਾਲ ਪੇਸ਼ ਕੀਤਾ ਹੈ।
'ਸਿੱਖ ਨਸਲਕੁਸ਼ੀ 1984' ਖਿਲਾਫ਼ ਜਾਗਰੂਕਤਾ ਮੁਹਿੰਮ ਵਜੋਂ ਜਿਵੇਂ ਕੈਨੇਡਾ ‘ਚ ਸਿੱਖ ਕੌਮ ਵੱਲੋਂ ‘ਖੂਨਦਾਨ ਲਹਿਰ’ ਕਾਰਗਰ ਸਿੱਧ ਹੋਈ ਹੈ ਤੇ ਹੁਣ ਤੱਕ 2 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾ ਕੇ, ਕੈਨੇਡਾ ਦੀ ਸਭ ਤੋਂ ਵੱਡੀ ਖੂਨਦਾਨ ਮੁਹਿੰਮ ਬਣ ਚੁੱਕੀ ਹੈ, ਉਵੇਂ ਹੀ ਇਹ ਕਿਤਾਬ ਸ਼ਾਬਦਿਕ ਪੱਖੋਂ, ਸਰਕਾਰੀ ਕਤਲੇਆਮ ਦਾ ਅਣ-ਕਿਹਾ ਸੱਚ, ਦੁਨੀਆਂ ਦੇ ਮੰਚ ‘ਤੇ ਪ੍ਰਮਾਣਾਂ ਸਹਿਤ ਉਜਾਗਰ ਇਤਿਹਾਸਿਕ ਕਦਮ ਹੈ। ‘ਜੋ ਰਾਖ ਹੋ ਗਏ…’ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਲਵਾਰਿਸ ਲਾਸ਼ਾਂ ਦੇ ਅਣ-ਬਿਆਨੇ ਸੱਚ ਦੀ ਦਾਸਤਾਨ ਹੈ। ਇਹ ਕਿਤਾਬ ਹੱਕ, ਸੱਚ ਤੇ ਇਨਸਾਫ ਦੇ ਰਾਹ ‘ਤੇ ਚਲਦਿਆਂ, ਆਖ਼ਰੀ ਸਾਹ ਤੱਕ ਚੜ੍ਹਦੀ ਕਲਾ ‘ਚ ਰਹਿਣ ਦਾ ਸੰਦੇਸ਼ ਹੈ।
ਪੰਜਾਬੀ ਸਾਹਿਤ ਜਗਤ ‘ਚ ਵਿਰਾਸਤ, ਧਰਮ, ਰਾਜਨੀਤੀ, ਇਤਿਹਾਸ, ਸਮਾਜ ਅਤੇ ਕਾਨੂੰਨ ਦੇ ਖੋਜਾਰਥੀਆਂ ਲਈ ‘ਜੋ ਰਾਖ ਹੋ ਗਏ…’ ਅਨਮੋਲ ਖਜ਼ਾਨਾ ਹੈ। ਪੂਰਾ ਭਰੋਸਾ ਹੈ ਕਿ ਇਹ ਸੱਚੀ ਸਾਖੀ ਦੁਨੀਆਂ ਦੇ ਹਰ ਕੋਨੇ ‘ਚ ਵਸੇ ਪੰਜਾਬੀ ਪਾਠਕਾਂ ਦੀਆਂ ਘਰੇਲੂ ਲਾਇਬਰੇਰੀਆਂ ਦਾ ਸ਼ਿੰਗਾਰ ਬਣੇਗੀ। 21 ਦਸੰਬਰ ਨੂੰ ਸਰੀ, ਬੀਸੀ ਵਿੱਚ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਨਿਸ਼ਚਿਤ ਰੂਪ ਵਿੱਚ, ਇਸ ਕਿਤਾਬ 'ਚੋਂ ਦਸਤਾਵੇਜ਼ੀ ਪੱਖ, ਸ਼ਹੀਦੀ ਘਟਨਾਕ੍ਰਮ ਅਤੇ ਕੌਮੀ ਭਵਿੱਖ ਦੀਆਂ ਚੁਣੌਤੀਆਂ ਬਾਰੇ ਵਿਚਾਰਾਂ ਹੋਣਗੀਆਂ। ਇਸ ਮੌਕੇ 'ਤੇ ਵੱਧ-ਚੜ ਕੇ ਸ਼ਾਮਿਲ ਹੋਣਾ ਬਣਦਾ ਹੈ। ਉਸਤਾਦ ਕਵੀ ਹਰਿਭਜਨ ਸਿੰਘ ਬੈਂਸ ਦੇ ਸ਼ਹੀਦ ਸਿੰਘ ਦੀ ਪਤਨੀ ਬਾਰੇ ਲਿਖੇ ਪ੍ਰਭਾਵਸ਼ਾਲੀ ਬੋਲ "...ਤੇਰੇ ਜਾਣ ਮਗਰੋਂ", ਸ਼ਹੀਦ ਖਾਲੜਾ ਦੇ ਜੀਵਨ ਪ੍ਰਸੰਗ 'ਤੇ ਪੂਰੇ ਢੁੱਕਦੇ ਹਨ :
"ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ
ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ।
ਤੂੰ ਆਵੇਂ ਤਾਂ ਨਹਿਰਾਂ, ਚੁਰਾਹਿਆਂ ਨੇ ਦੱਸਣੈ
ਕਿ ਕੀ ਕੀ ਹੈ ਹੋਇਆ ਤੇਰੇ ਜਾਣ ਮਗਰੋਂ।
ਇਹ ਗਲ਼ੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ,
ਤੇ ਥੜ੍ਹਿਆਂ ਦੀ ਰੌਣਕ ਨੂੰ ਡੱਸ ਗਈ ਉਦਾਸੀ,
ਇਹ ਦਿਲ ਜੋ ਰਿਹਾ ਏ ਸਦਾ ਗੁਣਗੁਣਾਉਂਦਾ
ਸੁਭਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ।
ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ,
ਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ,
ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ,
ਜਦੋਂ ਸਾਜ਼ ਛੋਹਿਆ ਤੇਰੇ ਜਾਣ ਮਗਰੋਂ।
ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ,
ਤੇ ਸੁੱਕਗੇ ਬਰੋਟੇ ਤੇਰੀ ਦੀਦ ਬਾਝੋਂ
ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜਕੱਲ੍ਹ,
ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ।
ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ,
ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ,
ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ,
ਤੇ ਕੰਜਕਾਂ ਨੂੰ ਕੋਹਿਆ ਤੇਰੇ ਜਾਣ ਮਗਰੋਂ।
ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ,
ਤੇ ਭੈਣਾਂ ਭਰਾਵਾਂ ਨੇ ਲਏ ਨੇ ਹੌਕੇ,
ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ,
ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ।
ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂੰ,
ਹੈ ਹੱਕ ਤੇ ਨਿਆਂ ਲਈ ਬੇਚੈਨ ਹੋਇਆ,
ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ,
ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ।"
10 ਦਸੰਬਰ : ਮਨੁੱਖੀ ਹੱਕਾਂ ਦੇ 77ਵੇਂ ਵਰ੍ਹੇ 'ਤੇ ਵਿਸ਼ੇਸ਼ - ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ - ਡਾ. ਗੁਰਵਿੰਦਰ ਸਿੰਘ
ਇਤਿਹਾਸਿਕ ਤੌਰ 'ਤੇ ਮਨੁੱਖੀ ਹੱਕਾਂ ਦੇ ਪ੍ਰਸੰਗ ਨੂੰ ਵਾਚਣਾ ਜ਼ਰੂਰੀ ਹੈ। ਦੂਜੀ ਵਿਸ਼ਵ ਜੰਗ (1939 ਤੋਂ 1945) ਵਿੱਚ ਲੱਖਾਂ ਦੀ ਗਿਣਤੀ ਵਿੱਚ ਮੌਤਾਂ ਹੋਈਆਂ ਸਨ। ਯਹੂਦੀਆਂ ਦੀ ਵੱਡੀ ਪੱਧਰ ’ਤੇ ਨਸਲਕੁਸ਼ੀ ਹੋਈ ਸੀ। ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੇ ਲੱਖਾਂ ਹੀ ਲੋਕਾਂ ਨੂੰ ਅਣ-ਮਨੁੱਖੀ ਤਸੀਹੇ ਦੇ ਕੇ ਉਨ੍ਹਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਸੀ। ਦੂਜੇ ਸੰਸਾਰ ਜੰਗ ਵਿੱਚ ਹੋਏ ਭਿਆਨਕ ਮਨੁੱਖੀ ਕਤਲੇਆਮ ਅਤੇ ਤਬਾਹੀ ਨੂੰ ਵੇਖਦੇ ਹੋਏ ਤੇ ਤੀਜੇ ਸੰਸਾਰ ਜੰਗ ਦੇ ਖੌਫ ਨਾਲ ਖਦਸ਼ਿਆਂ ਨੂੰ ਰੱਦ ਕਰਨ ਲਈ ਸੰਨ 1945 ਵਿੱਚ, ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਉਦੇਸ਼ ਕੌਮਾਂਤਰੀ ਪੱਧਰ ਤੇ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦਾ ਮਾਹੌਲ ਕਾਇਮ ਕਰਨਾ, ਸਭਿਆਚਾਰਕ ਤੇ ਆਰਥਿਕ ਸਾਂਝ ਕਾਇਮ ਕਰਨਾ ਅਤੇ ਵੱਖ-ਵੱਖ ਰਾਸ਼ਟਰਾਂ ਦਰਮਿਆਨ ਮੇਲ-ਜੋਲ ਦੀ ਸਥਾਪਨਾ ਕਰਨਾ ਨਿਰਧਾਰਤ ਕੀਤਾ ਗਿਆ। 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ) ਨੂੰ ਸੰਯੁਕਤ ਰਾਸ਼ਟਰ ਸੰਘ ਦੇ 58 ਮੈਂਬਰ ਦੇਸ਼ਾਂ ਨੇ, ਸਿਧਾਂਤਕ ਰੂਪ ਵਿੱਚ ਅਪਣਾਇਆ। ਵਿਸ਼ਵ ਸ਼ਾਂਤੀ ਦੇ ਨਾਲ-ਨਾਲ ਮਨੁੱਖੀ ਸੁਤੰਤਰਤਾ ਦੀ ਅਹਿਮੀਅਤ ਦੇ ਮੱਦੇ ਨਜ਼ਰ 10 ਦਸੰਬਰ ਨੂੰ ਮਾਨਵੀ ਹੱਕਾਂ ਦੀ ਘੋਸ਼ਣਾ ਕੀਤੀ ਗਈ, ਜਿਸ ਦੇ ਅੰਤਰਗਤ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਸੰਪਤੀ , ਵਿਦਿਆ ਪ੍ਰਾਪਤੀ, ਧਾਰਮਿਕ ਆਜ਼ਾਦੀ ਅਤੇ ਨਿਆਂ ਪ੍ਰਾਪਤੀ ਆਦਿ ਦੇ ਅਧਿਕਾਰ ਸ਼ਾਮਿਲ ਹਨ। ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਅਹਿਮ ਅੰਗ ਹਨ। 4 ਦਸੰਬਰ, 1950 ਨੂੰ ਸੰਯੁਕਤ ਰਾਸ਼ਟਰ ਜਨਰਲ ਦੀ 317ਵੀਂ ਅਸੈਂਬਲੀ ਵਿੱਚ ਮਤਾ ਨੰਬਰ 423 (5) ਪਾਸ ਕੀਤਾ ਗਿਆ ਅਤੇ ਉਸ ਤੋਂ ਬਾਦ ਹਰ ਸਾਲ 10 ਦਸੰਬਰ ਦਾ ਦਿਨ ਮਨੁਖੀ ਅਧਿਕਾਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਨੁੱਖੀ ਅਧਿਕਾਰ ਤੋਂ ਭਾਵ ਹੈ ਕਿ 'ਸਾਫ-ਸੁਥਰੀ ਤੇ ਸੁਰੱਖਿਅਤ ਜੀਵਨ- ਸ਼ੈਲੀ ਵਾਸਤੇ ਸਾਰੇ ਮਨੁੱਖਾਂ ਨੂੰ ਸਮਾਨ ਰੂਪ ਵਿੱਚ ਸਹੂਲਤਾਂ ਹਾਸਿਲ ਹੋਣ।'' ਇਸ ਤੋਂ ਘੱਟ ਪ੍ਰਾਪਤੀ ਵਿਦਰੋਹ ਦੀ ਜਨਮਦਾਤੀ ਹੈ ਤੇ ਇਸ ਤੋਂ ਵੱਧ ਹੱਕ ਮਾਨਣਾ, ਅਧਿਕਾਰਾਂ ਦੇ ਨਾਂ ਤੇ ਦੂਜਿਆਂ ਦਾ 'ਸ਼ੋਸ਼ਣ' ਹੁੰਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਹਿਜ਼ੀਬ ਦੇ ਹਜ਼ਾਰਾਂ ਸਾਲਾਂ ਦਾ ਸਫ਼ਰ ਤੈਅ ਕਰਨ ਦੇ ਦਾਅਵੇ ਕਰਨ ਮਗਰੋਂ ਵੀ ਮਨੁੱਖ 'ਜੀਓ ਤੇ ਜਿਓਣ ਦਿਓ' ਦੇ ਸਿਧਾਂਤ ਦਾ ਧਾਰਨੀ ਨਹੀਂ ਹੋ ਸਕਿਆ। ਆਪਣੇ ਤੋਂ ਕਮਜ਼ੋਰ ਨੂੰ ਲੁੱਟਣ ਦੀ ਭਿਆਨਕ ਬਿਰਤੀ ਨੇ ਉਸਨੂੰ ਸ਼ੈਤਾਨਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ। ਸਿੱਖੀ ਦੇ ਦ੍ਰਿਸ਼ਟੀਕੋਣ ਤੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਤਰਜ਼ 'ਤੇ ਜੇਕਰ 'ਪਰਾਇਆ ਹੱਕ', ਖੋਹਣ ਵਾਲਿਆਂ ਲਈ ਗਾਂ ਤੇ ਸੂਰ ਦਾ ਮਾਸ ਖਾਣ ਦੀ ਪਰਖ ਕੀਤੀ ਜਾਵੇ, ਤਾਂ ਅੱਜ ਮਨੁੱਖਾਂ ਦੀ ਵੱਡੀ ਗਿਣਤੀ ਵਿੱਚ ਅਜਿਹੀ ਸੋਚ ਹੀ ਨਜ਼ਰ ਆਉਂਦੀ ਹੈ। ਗੁਰਬਾਣੀ ਮਨੁੱਖ ਨੂੰ ਪੀੜਿਤ ਅਤੇ ਕਮਜ਼ੋਰ ਵਰਗ ਨਾਲ ਖੜਨ ਦੀ ਪ੍ਰੇਰਨਾ ਦਿੰਦੀ ਹੈ ਅਤੇ ਜਾਲਮ ਵਿਰੁੱਧ ਡਟਣ ਲਈ ਹਲੂਣਾ ਦਿੰਦੀ ਹੈ। ਦੂਜੇ ਪਾਸੇ ਦੋ ਵਿਸ਼ਵ ਯੁੱਧਾਂ ਦਾ ਕਾਰਨ ਬਣੀ ਵਿਚਾਰਧਾਰਾ 'ਤਾਕਤਵਰ ਨੂੰ ਹੀ ਜਿਓਣ ਦਾ ਹੱਕ ਹੈ' ਕਾਰਨ ਹੋ ਚੁੱਕੀ ਤਬਾਹੀ ਤੋਂ ਸਬਕ ਨਾ ਸਿਖਦਿਆਂ, ਅਜਿਹੀ ਸੋਚ ਨੂੰ ਤਿਆਗਣ ਦੀ ਬਜਾਇ ਮਨੁੱਖ ਨੇ ਵਧੇਰੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਯੂ.ਐਨ.ਓ. ਦੇ ਘੋਸ਼ਣਾ ਪੱਤਰ 'ਚ ਸ਼ਾਮਿਲ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਵਿਦਿਆ ਪ੍ਰਾਪਤੀ ਤੇ ਧਾਰਮਿਕ ਆਜ਼ਾਦੀ ਵਰਗੇ ਕੌਮਾਂਤਰੀ ਮਾਨਵੀ ਅਧਿਕਾਰ 'ਮਹਿਜ਼ ਘੋਸ਼ਣਾ' ਹੀ ਬਣ ਕੇ ਰਹਿ ਗਏ ਹਨ। ਦਸ਼ਾ ਇਹ ਹੈ ਕਿ ਤਕੜਾ ਮੁਲਕ ਮਾੜੇ ਮੁਲਕ ਤੋਂ ਅਤੇ ਤਾਕਤਵਰ ਮਨੁੱਖ ਕਮਜ਼ੋਰ ਮਨੁੱਖ ਤੋਂ ਹੱਕ ਖੋਹ ਕੇ, 'ਵਿਸ਼ਵ ਸ਼ਕਤੀ ' ਬਣਨ ਦੀ ਕੋਝੀ ਸਾਜਿਸ਼ ਵਿੱਚ ਗ੍ਰਸਿਆ ਹੋਇਆ ਹੈ।
ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਿਲਕੁਲ ਸਿੱਧਾ, ਸਪੱਸ਼ਟ ਤੇ ਵਿਹਾਰਕ ਉਤਰ ਇਹ ਹੈ ਕਿ ਅਨਿਆਂ ਦੀ ਦੁਖਾਂਤਕ ਕਹਾਣੀ ਦਾ ਅੰਤ ਉਦੋਂ ਤੱਕ ਨਹੀਂ ਹੋਵੇਗਾ, ਜਦ ਤੱਕ ਕੁਰਸੀਦਾਰਾਂ ਨੂੰ ਆਪਣੇ ਹੱਡਾਂ 'ਤੇ ਬੇਦੋਸ਼ਿਆਂ ਦੀ ਤਰ੍ਹਾਂ ਸਿਤਮ ਝੱਲਣੇ ਨਹੀਂ ਪੈਂਦੇ। ਜਿੰਨਾਂ ਚਿਰ ਸ਼ਾਸਕ ਖੁਦ ਤਸ਼ੱਦਦ ਦਾ ਸ਼ਿਕਾਰ ਨਹੀਂ ਹੁੰਦਾ, ਉਨ੍ਹਾਂ ਚਿਰ ਉਹ ਕੀ ਜਾਣੇ ਕਿ ਵਧੀਕੀ ਤੇ ਬੇਇਨਸਾਫ਼ੀ ਕੀ ਹੁੰਦੀ ਹੈ। ਇਸ ਸੰਦਰਭ ਵਿੱਚ 6ਵੀਂ ਸਦੀ 'ਚ ਬਣੇ ਮਿਸਰ ਬਾਦਸ਼ਾਹ ਨੋਸ਼ਰਵਾ ਦੀ ਘਟਨਾ ਜ਼ਿਕਰਯੋਗ ਹੈ। ਛੋਟੀ ਉਮਰ 'ਚ ਜਦ ਉਹ ਉਸਤਾਦ ਕੋਲ ਪੜ੍ਹਨ ਵਾਸਤੇ ਜਾਂਦਾ ਸੀ, ਤਾਂ ਇਕ ਦਿਨ ਵਾਪਰੀ ਘਟਨਾ ਨੇ ਉਸਦੇ ਮਨ ਅੰਦਰ ਬੜਾ ਰੋਸ ਪੈਦਾ ਕਰ ਦਿੱਤਾ। ਹੋਇਆ ਇਉਂ ਕਿ ਉਸਤਾਦ ਨੇ ਉਸ ਨੂੰ ਕੋਲ ਬੁਲਾਇਆ ਤੇ ਬਗੈਰ ਕਿਸੇ ਕਾਰਨ ਹੀ ਮੂੰਹ 'ਤੇ ਚਪੇੜ ਮਾਰ ਦਿੱਤੀ । ਰਾਜਕੁਮਾਰ ਦਾ ਮਨ ਬੜਾ ਦੁਖੀ ਹੋਇਆ ਤੇ ਉਸ ਨੇ ਤੈਅ ਕਰ ਲਿਆ ਕਿ ਜਿਸ ਦਿਨ ਉਹ ਗੱਦੀ ਤੇ ਬੈਠਿਆ,ਤਾਂ ਉਸਤਾਦ ਤੋਂ ਇਸ ਗੁਸਤਾਖ਼ੀ ਦਾ ਜੁਆਬ ਜ਼ਰੂਰ ਮੰਗੇਗਾ। ਜਵਾਨ ਹੋਣ 'ਤੇ ਰਾਜ ਸੱਤਾ ਸੰਭਾਲਣਾ ਮਗਰੋਂ ਬਾਦਸ਼ਾਹ ਨੋਸ਼ਰਵਾ ਨੇ ਦਰਬਾਰ ਵਿੱਚ ਉਸਤਾਦ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਰਾਜ ਸਭਾ ਵਿੱਚ ਹਾਜ਼ਰ ਹੋਣ 'ਤੇ ਗੁਰੂ ਨੂੰ ਰਾਜੇ ਨੇ ਕਰੜਾਈ ਨਾਲ ਪੁੱਛਿਆ , ''ਉਸਤਾਦ ਜੀ! ਮੈਨੂੰ ਤੁਹਾਡਾ ਥੱਪੜ ਅਜੇ ਤੱਕ ਨਹੀਂ ਭੁੱਲਿਆ। ਜੁਆਬ ਦੇਵੋ ਕਿ ਤੁਸੀ ਮੈਨੂੰ ਬਿਨਾਂ ਗਲਤੀ ਦੇ ਸਜ਼ਾ ਕਿਉਂ ਦਿੱਤੀ?'' ਬਾਦਸ਼ਾਹ ਦੀ ਇਹ ਗੱਲ ਸੁਣਦਿਆਂ ਸਾਰ ਉਸਤਾਦ ਦੇ ਚਿਹਰੇ ਤੇ ਜੇਤੂ ਮੁਸਕਾਨ ਖਿੱਲਰ ਗਈ ਤੇ ਫ਼ਖਰ ਨਾਲ ਆਖਣ ਲੱਗਿਆ ,'' ਰਾਜਾ! ਹੁਣ ਮੇਰਾ ਸਬਕ ਪੂਰਾ ਹੋ ਗਿਆ ਹੈ। ਦਰਅਸਲ , ਪੜ੍ਹਦਿਆਂ ਮੈਂ ਤੈਨੂੰ ਕਈ ਵਾਰ ਸਜ਼ਾ ਦਿੱਤੀ , ਪਰ ਉਹ ਤੈਨੂੰ ਚੇਤੇ ਨਹੀਂ, ਪਰ ਉਹ ਚਪੇੜ ਨਹੀਂ ਭੁੱਲੀ, ਜਿਹੜੀ ਬੇਕਸੂਰਿਆਂ ਤੈਨੂੰ ਮਾਰੀ ਗਈ। ਮੇਰਾ ਮਕਸਦ ਹੀ ਇਹੋ ਸੀ ਕਿ ਤੂੰ ਆਪਣੇ ਨਾਲ ਹੋਈ ਇਸ ਜ਼ਿਆਦਤੀ ਨੂੰ ਨਾ ਭੁੱਲੇਂ, ਤਾਂ ਕਿ ਰਾਜਾ ਬਣਨ ਮਗਰੋਂ ਕਿਸੇ ਨਿਰਦੋਸ਼ ਨੂੰ ਸਜ਼ਾ ਨਾ ਦੇਵੇ।''
ਕਾਸ਼ ! ਅੱਜ ਦੇ ਵਿਵਾਦਤ ਕੌਮਾਂਤਰੀ ਆਗੂਆਂ ਨੇ ਇਕ-ਇਕ ਥੱਪੜ ਖਾਧਾ ਹੁੰਦਾ, ਤਾਂ ਅੱਜ ਕਿਸੇ ਬੇਕਸੂਰ ਨੂੰ ਸਜ਼ਾ ਨਾ ਮਿਲਦੀ, ਕਿਸੇ ਨਾਲ ਅਨਿਆਂ ਨਾ ਹੁੰਦਾ, ਜਿਵੇਂ ਨਿਰਦੋਸ਼ ਬਾਦਸ਼ਾਹ ਦੇ ਵੱਜੀ ਚਪੇੜ ਦਾ ਅਸਰ ਇਹ ਹੋਇਆ ਕਿ ਸਾਰੀ ਉਮਰ ਉਸ ਨੇ ਕਿਸੇ ਨਿਰਦੋਸ਼ ਨਾਲ ਵਧੀਕੀ ਨਹੀਂ ਕੀਤੀ। ਇਥੋਂ ਤੱਕ ਕਿ ਕਿਹਾ ਜਾਂਦਾ ਹੈ ਕਿ ਰਾਜੇ ਨੋਸ਼ਰਵਾ ਨੂੰ ਸ਼ਿਕਾਰ ਦੌਰਾਨ ਮਹੱਲ ਤੋਂ ਦੂਰ ਵਿਚਰਦਿਆਂ, ਇਕ ਵਾਰ ਉਸਨੂੰ ਲੂਣ ਦੀ ਲੋੜ ਪਈ, ਤਾਂ ਰਾਜੇ ਨੇ ਸਿਪਾਹੀ ਨੂੰ ਆਦੇਸ਼ ਦਿੱਤਾ ਕਿ ਨਗਰ ਤੋਂ ਲੂਣ ਲਿਆਉਣਾ ਹੈ, ਪਰ ਮੁਫ਼ਤ ਨਹੀਂ, ਉਸ ਦੀ ਪੂਰੀ ਕੀਮਤ ਦੇਣੀ ਹੈ। "ਜਿਸ ਦੇਸ਼ ਦਾ ਮੁਖੀ ਬਾਗ ਦਾ ਇਕ ਫੁੱਲ ਤੋੜੇਗਾ, ਉਸ ਦੇ ਮੰਤਰੀ ਸਾਰਾ ਬਗੀਚਾ ਉਜਾੜ ਦੇਣਗੇ।" ਮਾਨਵੀ ਹੱਕਾਂ ਦੀ ਰਾਖੀ ਤੇ ਬੇਗੁਨਾਹਾਂ ਲਈ ਨਿਆਂ ਦੀ ਅਜੋਕੀ ਸਿਆਸੀ ਸਥਿਤੀ ਦੇ ਸੰਦਰਭ ਵਿੱਚ ਇਹ ਵੱਡੀ ਘਾਟ ਨਜ਼ਰ ਆ ਰਹੀ ਹੈ।
ਕਿਸੇ ਵੀ ਲੋਕਤੰਤਰ ਦੀ ਬੁਨਿਆਦ ਮਨੁੱਖੀ ਅਧਿਕਾਰਾਂ 'ਤੇ ਟਿੱਕੀ ਹੁੰਦੀ ਹੈ, ਪਰ ਮੁੱਢਲੇ ਮਾਨਵੀਂ ਹੱਕਾਂ ਦੀ ਉਲੰਘਣਾ ਕਾਰਨ ਦੁਨੀਆ ਦੇ ਲੋਕਰਾਜਾਂ ਦੀ ਨੀਂਹ ਨਸ਼ਟ ਹੋ ਰਹੀ ਹੈ। ਭਾਰਤ ਦੀ ਗੱਲ ਕਰੀਏ ਤਾਂ ਉਥੋਂ ਦੀਆਂ ਜੇਲਾਂ ਅੰਦਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨ ਅਤੇ ਹੋਰ ਐਕਟਵਿਸਟ ਜਿਸ ਤਰ੍ਹਾਂ ਸੜ ਰਹੇ ਹਨ, ਇਹ ਇਸ ਦੀ ਮੂੰਹ ਬੋਲਦੀ ਤਸਵੀਰ ਹੈ। ਇਥੋਂ ਤੱਕ ਕਿ ਚੁਣੇ ਹੋਏ ਐਮਪੀ ਨੂੰ ਜੇਲ 'ਚੋਂ ਜ਼ਮਾਨਤ ਦੇਣ ਦਾ ਵਿਰੋਧ ਕਰਕੇ, ਪੰਜਾਬ ਸਰਕਾਰ ਨੇ ਮਨੁੱਖੀ ਹੱਕਾਂ 'ਤੇ ਇੱਕ ਵਾਰ ਫਿਰ ਡਾਕਾ ਮਾਰਿਆ ਹੈ। ਪਿੱਛੋਂਕੜ ਵਿੱਚ ਨਜ਼ਰ ਮਾਰੀਏ ਤਾਂ ਪੰਜਾਬ ਦੀ ਧਰਤੀ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕੀਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਝੂਠੇ-ਮੁਕਾਬਲਾ ਬਣਾ ਕੇ ਸ਼ਰੇਆਮ ਕਤਲ ਕਰ ਦੇਣ ਤੋਂ ਵੱਡਾ ਭਿਆਨਕ ਕਤਲੇਆਮ ਹੋਰ ਕੀ ਹੋਵੇਗਾ? ਸਿਤਮਜ਼ਰੀਫੀ ਦੇਖੋ ਕਿ ਆਪਣੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਉਹਨਾਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰਨ ਦੀ ਬਜਾਇ, ਲਾਵਾਰਿਸ ਕਹਿ ਕੇ ਇਕੱਠਿਆਂ ਹੀ ਅੱਗ 'ਚ ਸਾੜ ਦਿੱਤਾ ਗਿਆ।
ਅੱਜ ਤੋਂ 30 ਸਾਲ ਪਹਿਲਾਂ, ਜਦ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਯੋਧਾ ਭਾਈ ਜਸਵੰਤ ਸਿੰਘ ਖਾਲਸਾ ਮਾਨਵਤਾ ਦੇ ਕਾਤਲਾਂ ਦੀ ਇਸ ਘਿਣਾਉਣੀ ਚਾਲ ਨੂੰ ਬੇਨਕਾਬ ਕਰਦਾ ਹੈ, ਤਾਂ ਉਸਨੂੰ 6 ਸਤੰਬਰ 1995 ਨੂੰ ਅਗਵਾ ਕਰਨ ਮਗਰੋਂ, ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਸ ਮਹਾਨ ਵਿਅਕਤੀ ਦਾ ਦੋਸ਼ ਕੀ ਸੀ? ਸਿਰਫ਼ ਏਨਾ ਕਿ ਉਸ ਨੇ ਮਨੁੱਖੀ ਹੱਕਾਂ ਲਈ ਸੱਚ ਦੀ ਦੁਹਾਈ ਦਿੱਤੀ ਤੇ ਉਸਨੂੰ ਸਰਕਾਰੀ ਝੂਠ ਦਾ ਹਨੇਰਾ ਬਰਦਾਸ਼ਤ ਨਹੀਂ ਕਰ ਸਕਿਆ। ਸ਼ਹੀਦ ਖਾਲੜਾ ਦਾ ਕਥਨ ਗੌਰ ਕਰਨ ਵਾਲਾ ਹੈ ਕਿ ਸਿੱਖ ਨੂੰ ਗੁਰੂ ਸਾਹਿਬ ਨੇ ਦੁਨੀਆ ਦੇ ਮਨੁੱਖੀ ਹੱਕ ਬਚਾਉਣ ਦੀ ਤਾਕਤ ਦਿੱਤੀ ਹੈ, ਪਰ ਜੇਕਰ ਉਹ ਆਪਣੇ ਹੱਕ ਵੀ ਨਾ ਬਚਾ ਸਕਿਆ, ਤਾਂ ਫਿਰ ਦੁਨੀਆਂ ਦੇ ਹੱਕਾਂ ਦੀ ਰਾਖੀ ਕੀ ਕਰੇਗਾ? ਇਸ ਆਵਾਜ਼ ਨੂੰ ਅੱਜ ਮੁੜ ਬੁਲੰਦ ਕਰਨ ਦੀ ਲੋੜ ਹੈ।
ਪ੍ਰਸਿੱਧ ਚਿੰਤਕ ਗੋਲਡ ਸਮਿਥ ਦਾ ਕਥਨ ਹੈ , ''ਮਾੜੇ ਤੇ ਗਰੀਬਾਂ ਉਤੇ ਕਨੂੰਨ ਰਾਜ ਕਰਦਾ ਹੈ ਤੇ ਤਕੜੇ ਤੇ ਅਮੀਰ ਕਾਨੂੰਨ 'ਤੇ ਰਾਜ ਕਰਦੇ ਹਨ।'' ਭਾਰਤ ਵਿੱਚ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹਤਿਆ ਮਗਰੋਂ ਵਾਪਰੇ ਸਭ ਤੋਂ ਵੱਡੇ ਨਰ- ਸੰਹਾਰ 'ਸਿੱਖ ਨਸਲਕੁਸ਼ੀ' ਦੇ ਰੂਪ ਵਿੱਚ ਮਿਲਦਾ ਹੈ, ਜਦ ਖਾਸ ਫਿਰਕੇ ਦੇ ਲੋਕਾਂ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ। ਧੀਆਂ -ਭੈਣਾਂ ਦੀ ਅਸਮਤ ਲੁੱਟੀ ਗਈ, ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ, ਅੱਗ ਲਾ ਕੇ ਜਿਉਂਦੇ-ਜੀ ਸਾੜਿਆ ਗਿਆ। ਇਸ ਖੂਨੀ ਸਾਕੇ ਦੇ ਚਸ਼ਮਦੀਦ ਗਵਾਹ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਾਸਿਰਫ਼ ਮੂਕ-ਦਰਸ਼ਕ ਬਣੇ ਸ਼ੈਤਾਨੀਅਤ ਦਾ ਨੰਗਾ ਨਾਚ ਵੇਖਦੇ ਰਹੇ, ਸਗੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਹੱਲਾ-ਸ਼ੇਰੀ ਦਿੰਦਿਆਂ, ਜਬਰ -ਜ਼ੁਲਮ ਵਿੱਚ ਪੂਰੀ ਤਰ੍ਹਾਂ ਸ਼ਰੀਕ ਵੀ ਹੋਏ। ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਿਯੁਕਤ ਰੰਗਾਨਾਥ ਕਮਿਸ਼ਨ, ਕੁਸਮ ਲਤਾ ਜਾਂਚ ਸਮਿਤੀ, ਵੇਦ ਮਰਵਾਹ ਰਿਪੋਰਟ ਆਦਿ ਨੇ ਪੁਲਿਸ ਦੁਆਰਾ ਹੁੱਲੜਬਾਜ਼ਾਂ ਦਾ ਸਾਥ ਦੇਣ 'ਤੇ ਕਾਰਵਾਈ ਕਰਨ ਦੀ ਮਹਿਜ਼ ਸਿਫਾਰਸ਼ ਕੀਤੀ, ਪਰ ਦੁੱਖ ਦੀ ਗੱਲ ਇਹ ਹੈ ਕਿ ਦੋਸ਼ੀ 41 ਸਾਲ ਮਗਰੋਂ ਵੀ ਨਿਆਇਕ ਹਿਰਾਸਤ ਤੋਂ ਮੁਕਤ ਹਨ। ਨਸਲਕੁਸ਼ੀ ਸਰਕਾਰੀ ਅੱਤਵਾਦ' ਦੀ ਮੂੰਹ ਬੋਲਦੀ ਤਸਵੀਰ ਸੀ, ਜਿਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਕਰ ਕੇ ਹੀ, ਦੇਸ਼ ਵਿੱਚ ਬਾਬਰੀ ਮਸਜਿਦ ਕਾਂਡ, ਗੁਜਰਾਤ ਕਤਲੇਆਮ, ਉੜੀਸਾ ਕਾਂਡ, ਮਨੀਪੁਰ ਕਾਂਡ ਅਤੇ ਅਨੇਕਾਂ ਹੋਰ ਦੁਖਾਂਤ ਵਾਪਰੇ। ਥਾਂ-ਥਾਂ ਤੇ ਜਿਹੜੇ ਵੀ ਸਮੂਹਿਕ ਜਬਰ-ਜਨਾਹ ਹੋਏ ਅਤੇ ਅੱਜ ਵੀ ਹੋ ਰਹੇ ਹਨ, ਇਨ੍ਹਾਂ ਦਾ ਮੁੱਢ ਸਿੱਖ ਨਸਲਕੁਸ਼ੀ ਦੇ ਦੁੱਖਾਂ ਤੋਂ ਹੀ ਬੱਝਿਆ। ਇੰਨੇ ਭਿਆਨਕ ਅੱਤਿਆਚਾਰ ਕਾਰਨ ਸਿੱਖ ਮਾਨਸਿਕਤਾ ਵਿੱਚ ਲੋਕ ਮੁਹਾਵਰਾ ਵੀ ਅਜਿਹਾ ਬਣ ਚੁੱਕਿਆ ਸੀ ਕਿ 'ਭੰਡਾ ਭੰਡਾਰੀਆ ਕਿੰਨਾ ਕੁ ਭਾਰ? ਇਕ ਲਾਸ਼ ਚੁੱਕ ਲਾ ਦੂਜੀ ਨੂੰ ਤਿਆਰ।' ਸਮੁੱਚੇ ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਮਾਨਵੀ ਹੱਕਾਂ ਤੋਂ ਵਾਂਝਾ ਰਿਹਾ ਹੈ।ਸਿੱਖਾਂ ਨੂੰ 'ਅੱਤਵਾਦੀ' ਤੇ 'ਵੱਖਵਾਦੀ' ਕਹਿ ਕੇ ਥਾਣਿਆਂ ਵਿੱਚ ਅਕਹਿ ਕਹਿਰ ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ।
ਪੰਜਾਬ ਦੀ ਧਰਤੀ ਤੇ ਹੋਏ ਪੁਲਿਸ ਅਤਿਆਚਾਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਮਾਨਵ ਅਧਿਕਾਰ ਸੰਗਠਨਾਂ ਨੇ ਕਈ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ 'ਚੋ 'ਰਿਪੋਰਟ ਟੂ ਨੇਸ਼ਨ- ਅਪਰੇਸ਼ਨ ਪੰਜਾਬ' ਤੇ 'ਸਟੇਟ ਟੈਰਰਿਜ਼ਮ ਇਨ ਪੰਜਾਬ' ਪ੍ਰਮੁੱਖ ਹਨ। ਇਹਨਾਂ ਰਿਪੋਰਟਾਂ ਵਿੱਚ ਪੁਲਸ ਅਤੇ ਅਰਧ- ਸੈਨਿਕ ਦਲਾਂ ਦੁਆਰਾ ਬੇਕਸੂਰ ਲੋਕਾਂ 'ਤੇ ਕੀਤੇ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇਸ ਦੌਰਾਨ ਲਾਪਤਾ ਲੋਕਾਂ ਬਾਰੇ ਤਾਲਮੇਲ ਕਮੇਟੀ ਦੀ ਹੋਈ ਨਿਆਂ ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ 'ਚੋਂ ਇਕ ਮਹੱਤਵਪੂਰਨ ਇਹ ਵੀ ਸੀ ਕਿ ਸੀ.ਬੀ.ਆਈ. ਦੁਆਰਾ ਸੁਪਰੀਮ ਕੋਰਟ ਅੱਗੇ ਪੇਸ਼ ਕੀਤੀ ਰਿਪੋਰਟ ਦੇ ਆਧਾਰ 'ਤੇ ਲਾਸ਼ਾਂ ਨੂੰ ਸਮੂਹਿਕ ਤੌਰ 'ਤੇ ਸਾੜਨ ਦੇ ਦੋਸ਼ ਵਿੱਚ, ਪੰਜਾਬ ਪੁਲਸ ਦੇ ਸਾਬਕਾ ਮੁਖੀ ਕੇ.ਪੀ.ਐਸ ਗਿੱਲ ਤੇ ਉਸ ਵੇਲੇ ਦੇ ਸਿਆਸੀ ਪ੍ਰਭੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵੱਡੇ ਪੱਧਰ 'ਤੇ ਹੋਏ ਇਸ ਕਤਲੇਆਮ ਬਦਲੇ ਉਹਨਾਂ ਉਪਰ ਨਿਊਰਮਬਰਗ ਟਰਾਇਲ ਵਾਂਗ ਮੁਕੱਦਮੇ ਚਲਾਏ ਜਾਣ, ਜਿਵੇਂ ਇੰਗਲੈਂਡ ਨੇ ਸਾਬਕਾ ਤਾਨਾਸ਼ਾਹ ਜਨਰਲ ਅਗਸਤੋ-ਪਿਨੋਸ਼ੋ ਨੂੰ ਗ੍ਰਿਫ਼ਤਾਰ ਕੀਤਾ, ਉਵੇਂ ਹੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਪਰ ਅਫਸੋਸ ਕਿ ਮਾਨਵੀ ਹੱਕਾਂ ਦੇ ਅਪਰਾਧੀਆਂ ਨੂੰ ਭਾਰਤੀ ਕਾਨੂੰਨ ਨੇ ਸਜ਼ਾਵਾਂ ਨਾ ਦਿੱਤੀਆਂ, ਬਲਕਿ ਉਹ ਕੁਦਰਤੀ ਮੌਤ ਮਰੇ। ਸ਼ਰਮਨਾਕ ਗੱਲ ਇਹ ਹੈ ਕਿ ਪੰਜਾਬ ਤੇ ਭਾਰਤ ਦੇ ਹਾਕਮਾਂ ਸਮੇਤ ਖੱਬੇ ਪੱਖੀ ਪਾਰਟੀਆਂ ਨੇ ਵੀ ਬੁਚੜਾਂ' ਦੀ ਮੌਤ 'ਤੇ ਕਸੀਦੇ ਪੜ੍ਹੇ ਤੇ ਮਨੁੱਖੀ ਹੱਕਾਂ ਦੇ ਸਿਧਾਂਤਾਂ ਨੂੰ ਕਲੰਕਤ ਕੀਤਾ।
ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਅੱਜ ਤੋਂ 350 ਸਾਲ ਪਹਿਲਾਂ ਨੌਵੇਂ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਨੇ ''ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।'' ਦੇ ਅਨੁਸਾਰ ਨਾ ਡਰ ਦੇਣ ਤੇ ਨਾ ਡਰ ਸਹਿਣ ਦਾ ਸਿਧਾਂਤ ਦਿੱਤਾ ਹੈ। ਅੱਜ ਕੌਮਾਂਤਰੀ ਪੱਧਰ 'ਤੇ ਜੇਕਰ ਯੂਐਨਓ ਲਈ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਢੁਕਵੀ ਮਿਸ਼ਨ ਸਟੇਟਮੈਂਟ ਹੋ ਸਕਦੀ ਹੈ, ਤਾਂ ਉਹ ਇਹੀ ਹੈ। ਇਸ ਸਿਧਾਂਤ ਦੀ ਦੇਣ ਗੁਰੂ ਸਾਹਿਬ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਦਿੱਤੀ। ਅੱਜ ਇਸ ਨੂੰ ਮੁਕੰਮਲ ਰੂਪ ਵਿੱਚ ਅਪਨਾਉਣ ਦੀ ਲੋੜ ਹੈ। ਅਜੋਕੇ ਸਮੇਂ ਪੂਰੇ ਸੰਸਾਰ ਵਿੱਚ ਮਨੁੱਖੀ ਹੱਕਾਂ ਦੀ ਜਾਗਰੂਕਤਾ, ਕ੍ਰਾਂਤੀਕਾਰੀ ਸ਼ਕਲ ਅਖਤਿਆਰ ਕਰ ਰਹੀ ਹੈ। ਪ੍ਰਸਿੱਧ ਚਿੰਤਕ ਰੂਸੋ ਦੇ ਵਿਚਾਰ ਅਨੁਸਾਰ ਮਨੁੱਖ ਨੂੰ, ਮੁੱਢਲੇ ਅਧਿਕਾਰਾਂ ਸਹਿਤ ਸੁਤੰਤਰ ਜਿਉਣ ਦਾ ਹੱਕ ਹਾਸਿਲ ਹੋਣਾ ਲਾਜ਼ਮੀ ਹੈ। ਮਨੁੱਖ ਨੂੰ ਮੂਲ ਅਧਿਕਾਰਾਂ ਤੋਂ ਸਖਣਾ ਰੱਖਣਾ ਬਗ਼ਾਵਤ ਨੂੰ ਜਨਮ ਦੇਣਾ ਹੈ ਤੇ ਅਜਿਹੀ ਸਥਿਤੀ ਵਿੱਚ ਅਧਿਕਾਰ ਮੰਗਣ ਦੀ ਥਾਂ, ਖੋਹਣ ਦੀ ਭਾਵਨਾ ਜਾਗ ਉਠਦੀ ਹੈ।
ਅਜਿਹੀਆਂ ਹਾਲਤਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ 'ਚ ਯਾਦ ਪਹਿਚਾਣ ਅਤੇ ਸੰਸਥਾਂਵਾਂ ਦੇ ਸੰਵਾਦ 'ਤੇ ਵਿਚਾਰ-ਚਰਚਾ ਜ਼ਰੂਰੀ ਹੈ। ਆਓ ! ਵੱਧ-ਚੜ ਕੇ 10 ਦਸੰਬਰ ਦਿਨ ਐਤਵਾਰ ਨੂੰ, ਸਰੀ ਦੇ ਤਾਜ ਕਨਵੈਂਸ਼ਨ ਸੈਂਟਰ ਵਿੱਚ ਪਹੁੰਚੀਏ ਅਤੇ ਮਨੁੱਖੀ ਹੱਕਾਂ ਨੂੰ ਸਮਰਪਤ ਵਿਸ਼ੇਸ਼ ਸਮਾਗਮ ਵਿੱਚ ਸ਼ਾਮਿਲ ਹੋਈਏ ਅਤੇ ਵਿਚਾਰਾਂ ਕਰੀਏ ਕਿ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਮਨੁੱਖੀ ਹੱਕਾਂ ਦੀ ਆਜ਼ਾਦੀ ਦੇ ਰਾਖੇ ਹਨ, ਨਾ ਕਿ ਕੈਨੇਡਾ ਦੇ ਅਪਰਾਧੀ ਅਤੇ ਕਾਤਿਲ। ਗੁਰੂ ਨਾਨਕ ਜਹਾਜ਼ ਮਨੁੱਖੀ ਹੱਕਾਂ ਦੀ ਆਜ਼ਾਦੀ ਦਾ ਸੰਘਰਸ਼ ਹੈ, ਨਾ ਕਿ ਕੈਨੇਡਾ ਦਾ ਇਮੀਗਰੇਸ਼ਨ ਅਪਰਾਧ। ਸਾਡੀ ਪਛਾਣ ਸਾਊਥ ਏਸ਼ੀਅਨ ਨਹੀਂ ਹੈ। ਕੈਨੇਡਾ ਦੇ ਮਿਊਜ਼ੀਅਮ ਤੇ ਯੂਨੀਵਰਸਿਟੀਆਂ ਵਿੱਚ overcaste ਦੇ ਨਾਮ 'ਤੇ ਸਿੱਖ ਸਮਾਜ ਵਿੱਚ ਵੰਡੀਆਂ ਪਾਉਣ ਦੀ ਸਾਜਿਸ਼ ਹੈ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ ਵੱਲੋਂ ਇਸ ਵਿਚਾਰ ਚਰਚਾ ਚ ਸ਼ਾਮਿਲ ਹੋਣ ਲਈ ਸਾਰਿਆਂ ਨੂੰ ਖੁੱਲਾ ਸੱਦਾ ਹੈ। ਸਮਾਗਮ ਦੀ ਵਧੇਰੇ ਜਾਣਕਾਰੀ ਲਈ ਡਾ ਗੁਰਵਿੰਦਰ ਸਿੰਘ ਨਾਲ 604-825-1550 ਅਤੇ ਰਾਜ ਸਿੰਘ ਭੰਡਾਲ ਨਾਲ 778-855-8696 'ਤੇ ਸੰਪਰਕ ਕੀਤਾ ਜਾ ਸਕਦਾ ਹੈ
ਸਿੱਖ ਨਸਲਕੁਸ਼ੀ ਦੇ 41ਵੇਂ ਵਰ੍ਹੇ 'ਤੇ ਵਿਸ਼ੇਸ਼ਸਿੱਖਾਂ ਵੱਲੋਂ ਖ਼ੂਨਦਾਨ ਲਹਿਰ ਰਾਹੀਂ ਇਤਿਹਾਸਕ ਭੂਮਿਕਾ 'ਉਹ ਖ਼ੂਨ ਡੋਲ ਕੇ ਜਾਨਾਂ ਲੈ ਰਹੇ ਸਨ, ਅਸੀਂ ਖ਼ੂਨ ਦਾਨ ਕਰ ਕੇ ਜਾਨਾਂ ਬਚਾ ਰਹੇ ਹਾਂ" ਡਾ. ਗੁਰਵਿੰਦਰ ਸਿੰਘ
ਕੈਨੇਡਾ ਦੇ ਕੋਨੇ-ਕੋਨੇ 'ਚ ਇਨੀਂ-ਦਿਨੀਂ ਮਾਨਵਵਾਦ ਨੂੰ ਸਮਰਪਿਤ ਮਹਾਨ ਮੁਹਿੰਮ 'ਸਿੱਖ ਕੌਮ ਵੱਲੋਂ ਖ਼ੂਨਦਾਨ ' ਜ਼ੋਰਾਂ 'ਤੇ ਹੈ। ਦੇਸ਼ ਦੇ ਹਰੇਕ ਵੱਡੇ ਸ਼ਹਿਰ 'ਚ ਸੈਂਕੜੇ ਸਿੱਖ ਇਸਤਰੀਆਂ ਅਤੇ ਆਦਮੀ ਖੂਨਦਾਨ ਕਰਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। ਕੈਨੇਡੀਅਨ ਬਲੱਡ ਸਰਵਿਸਜ਼ ਵਲੋਂ ਇਸ ਕਾਰਜ ਨੂੰ 'ਦੇਸ਼ 'ਚ ਸਭ ਤੋਂ ਵੱਡੀ ਖ਼ੂਨਦਾਨ ਲਹਿਰ' ਕਰਾਰ ਦਿੰਦਿਆਂ ਸਨਮਾਨਿਤ ਕੀਤਾ ਗਿਆ ਹੈ। ਇਸ ਉਪਰਾਲੇ ਦਾ ਜ਼ਿਕਰ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ, ਮਨੁੱਖੀ ਹੱਕਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧ ਅਕਸਰ ਕਰਦੇ ਹਨ। ਸਿੱਖ ਨਸਲਕੁਸ਼ੀ 1984 ਦੇ ਦੁਖਾਂਤ ਨੂੰ ਯਾਦ ਕਰਦਿਆਂ ਕੈਨੇਡਾ ਵਿਚ ਸਿੱਖਾਂ ਵੱਲੋਂ ਖ਼ੂਨਦਾਨ ਲਹਿਰ ਰਾਹੀਂ ਇਤਿਹਾਸਕ ਸੇਵਾ 27ਵੇਂ ਵਰ੍ਹੇ ਦੀਆਂ ਬਰੂਹਾਂ 'ਤੇ ਪਹੁੰਚ ਚੁੱਕੀ ਹੈ। ਇਸ ਮੁਹਿੰਮ ਨਾਲ ਕੈਨੇਡਾ ਦੀ ਧਰਤੀ 'ਤੇ ਹੁਣ ਤੱਕ ਖ਼ੂਨਦਾਨ ਰਾਹੀਂ 2 ਲੱਖ ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ! ਦਰਅਸਲ ਕੈਨੇਡਾ ਭਰ 'ਚ ਇਹ ਉਪਰਾਲਾ 1999 'ਚ ਅਰੰਭ ਹੋਇਆ ਸੀ ਅਤੇ 31 ਅਕਤੂਬਰ 202 ਤੱਕ, 2 ਲੱਖ ਤੋਂ ਵੱਧ ਜਾਨਾਂ ਸਿੱਖ ਕੌਮ ਵਲੋਂ ਕੀਤੇ ਖੂਨਦਾਨ ਰਾਹੀਂ ਬਚਾਈਆਂ ਜਾ ਚੁੱਕੀਆਂ ਹਨ। ਵੈਨਕੂਵਰ, ਟਰਾਂਟੋ, ਮਾਂਟਰੀਅਲ, ਐਡਮਿੰਟਨ, ਕੈਲਗਰੀ, ਵਿਨੀਪੈੱਗ, ਸਰੀ, ਐਬਸਫੋਰਡ, ਕਲੋਨਾ, ਕੈਮਲੂਪਸ, ਵਿਲੀਅਮਸ ਲੇਕ, ਸਸਕੈਚਵਿਨ, ਵਿਕਟੋਰੀਆ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਤੱਕ ਇਸ ਲਹਿਰ 'ਚ ਲੋਕਾਂ ਨੇ ਬੇਮਿਸਾਲ ਉਤਸ਼ਾਹ ਵਿਖਾਇਆ ਹੈ। ਸੰਸਾਰ ਪੱਧਰ 'ਤੇ ਕੌਮੀ ਅਕਸ ਮਹਾਨ ਰੂਪ 'ਚ ਉਜਾਗਰ ਕਰਨ ਲਈ ਜਿਥੇ ਇਹ ਉਪਰਾਲਾ ਇਤਿਹਾਸਕ ਹੈ, ਉਥੇ 41 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੀ ਪੀੜਾ ਨੂੰ ਵੀ ਸੰਸਾਰ ਸਾਹਮਣੇ ਰੱਖਣ ਦਾ ਬਿਹਤਰੀਨ ਤਰੀਕਾ ਹੈ।
ਅੱਜ ਜਦੋਂ ਸੰਸਾਰ ਭਰ ਵਿੱਚ ਸਿੱਖ ਕੌਮ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350ਸਾਲਾਸ਼ਹੀਦੀ ਦਿਹਾੜਾ ਮਨਾਉਂਦਿਆਂ, ਜ਼ੁਲਮ ਖਿਲਾਫ ਗੁਰੂ ਸਾਹਿਬ ਵੱਲੋਂ ਉਠਾਈ ਆਵਾਜ਼ ਅਤਿ ਧਾਰਮਿਕ ਆਜ਼ਾਦੀ ਲਈ ਦਿੱਤੀ ਸ਼ਹਾਦਤ ਨੂੰ ਮਾਨਵਵਾਦ ਅਤੇ ਸਰਬੱਤ ਦੇ ਭਲੇ ਦਾ ਮੈਨੀਫੈਸਟੋ ਬਣਾ ਰਹੀ ਹੈ, ਉਦੋਂ ਸਾਰਿਆਂ ਨੂੰ ਮਿਲ ਕੇ ਭਾਰਤੀ ਹੁਕਮਰਾਨਾਂ ਦੇ ਜਬਰ-ਜ਼ੁਲਮ ਦੇ ਏਜੰਡੇ ਖ਼ਿਲਾਫ਼ ਲੜਨ ਦੀ ਲੋੜ ਹੈ। ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ ਕੇਵਲ ਸਿੱਖਾਂ ਲਈ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੇਸ਼ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇੱਥੋਂ ਤੱਕ ਕਿ ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ।
ਕੈਨੇਡੀਅਨ ਲੋਕ ਜਦੋਂ ਦੇਸ਼ 'ਚ ਥਾਂ-ਥਾਂ 'ਤੇ ਲੱਗੇ ਖੂਨਦਾਨ ਕੈਂਪਾਂ 'ਚ ਸਿੱਖਾਂ ਦੇ ਵਲੰਟੀਅਰ ਪਰਿਵਾਰਾਂ, ਯੂਨੀਵਰਸਿਟੀ 'ਚ ਪੜ੍ਹਦੇ ਨੌਜਵਾਨ ਲੜਕੇ-ਲੜਕੀਆਂ ਅਤੇ ਬੁੱਧੀਜੀਵੀਆਂ ਤੋਂ ਏਨੇ ਵੱਡੇ ਹੁੰਗਾਰੇ ਦਾ ਕਾਰਨ ਪੁਛਦੇ ਹਨ, ਤਾਂ ਸਭ ਨੂੰ ਇੱਕੋ ਹੀ ਜਵਾਬ ਮਿਲਦਾ ਹੈ ਕਿ 'ਸਰਬੱਤ ਦਾ ਭਲਾ' ਮੰਗਣ ਵਾਲੀ ਕੌਮ ਖੂਨ ਲੈਣ 'ਚ ਨਹੀਂ, ਖੂਨ ਦੇਣ 'ਚ ਵਿਸ਼ਵਾਸ ਰੱਖਦੀ ਹੈ। ਇਸ ਲਹਿਰ ਨੇ ਕੈਨੇਡਾ ਭਰ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਦੌਰਾਨ ਸਿੱਖਾਂ ਨੇ ਵੱਡੀ ਗਿਣਤੀ 'ਚ ਖੂਨਦਾਨ ਕਰਦਿਆਂ ਨਾ ਸਿਰਫ਼ ਜਾਨਾਂ ਹੀ ਬਚਾਈਆਂ ਹਨ, ਸਗੋਂ ਭਾਈ ਘਨ੍ਹਾਈਆ ਅਤੇ ਭਗਤ ਪੂਰਨ ਸਿੰਘ ਦੇ ਮਾਨਵੀ ਸੇਵਾ ਦੇ ਸੁਨੇਹੇ ਨੂੰ ਹੋਰਨਾਂ ਕੌਮਾਂ ਤੱਕ ਵੀ ਪਹੁੰਚਾਇਆ ਹੈ।
ਅਜਿਹੀਆਂ ਅਨੇਕਾਂ ਮਿਸਾਲਾਂ ਹਨ, ਜਿਨ੍ਹਾਂ ਦੌਰਾਨ ਜਿੱਥੇ ਵੀ ਮਨੁੱਖਤਾ ਨੂੰ ਖੂਨ ਦੀ ਲੋੜ ਪਈ, ਤਾਂ ਸਿੱਖ ਕੌਮ ਨੇ ਸਭ ਤੋਂ ਅੱਗੇ ਹੋ ਕੇ ਹੱਦਾਂ-ਸਰਹੱਦਾਂ, ਰੰਗ-ਨਸਲ, ਜਾਤ- ਫ਼ਿਰਕੇ ਨੂੰ ਇਕ ਪਾਸੇ ਰੱਖਦਿਆਂ ਖੂਨਦਾਨ ਦੀ ਲਹਿਰ ਚਲਾਉਂਦਿਆਂ ਹੋਇਆਂ ਅਣਗਿਣਤ ਜਾਨਾਂ ਬਚਾਈਆਂ। ਕੈਨੇਡਾ ਦੇ ਕਈ ਹਾਈਵੇਅ ਅਤੇ ਰਾਸ਼ਟਰੀ ਮਾਰਗਾਂ 'ਤੇ ਨਵੰਬਰ ਮਹੀਨੇ ਖੂਨਦਾਨ ਕਰਕੇ ਜਾਨਾਂ ਬਚਾਉਣ ਦਾ ਸੁਨੇਹਾ ਦੇਣ ਦੀ ਪਿਰਤ ਕਾਫ਼ੀ ਸਮੇਂ ਤੋਂ ਜਾਰੀ ਹੈ। ਖੂਨ ਡੋਲ੍ਹ ਕੇ ਅਤੇ ਜਾਨਾਂ ਲੈ ਕੇ ਜ਼ੁਲਮ ਕਰਨ ਵਾਲਿਆਂ ਦੀ ਕੋਹਝੀ ਅਸਲੀਅਤ ਦੁਨੀਆ ਅੱਗੇ ਰੱਖਣ ਦਾ ਇਸ ਤੋਂ ਬਿਹਤਰੀਨ ਢੰਗ ਕੀ ਹੋ ਸਕਦਾ ਹੈ ਕਿ ਨਸਲਕੁਸ਼ੀ ਦੀ ਪੀੜ੍ਹਤ ਸਿੱਖ ਕੌਮ ਨਾਲ ਸਬੰਧਤ ਲੋਕ, ਅੱਜ ਵੀ ਜਦੋ-ਜਹਿਦ ਕਰਦੇ ਖ਼ੂਨਦਾਨ ਦੇ ਕੇ ਲੱਖਾਂ ਜਾਨਾਂ ਬਚਾ ਰਹੇ ਹਨ। ਇਹ ਨਸਲਕੁਸ਼ੀ ਕਿਉਂ ਅਤੇ ਕਿਵੇਂ ਹੈ, ਇਸ ਬਾਰੇ ਕਾਵਿਕ ਸ਼ਬਦ ਹਨ ;
"ਨਸਲਕੁਸ਼ੀ"
ਜਦ ਸੱਤਾ ਦੇ ਸਿੰਘਾਸਣ ਉੱਪਰ
ਆ ਬੈਠਣ ਆਦਮਖ਼ੋਰ
ਦਹਾੜਨ ਲਹੂ ਪਿਆਸੇ ਮੁਕੱਦਮ
ਆਦਮ-ਬੋ ਕਰ ਰਹੀ ਹੋਵੇ ਜਨੂੰਨੀ ਭੀੜ
ਸਭ ਸ਼ੈਤਾਨ ਟੁੱਟ ਪੈਣ ਬੇਗੁਨਾਹਾਂ 'ਤੇ
ਖੇਡਣ ਲਾਚਾਰ ਅਤੇ ਬੇਵੱਸਾਂ ਦੀ
ਖ਼ੂਨ ਦੀ ਹੋਲੀ
ਅਤੇ ਧਰਤ ਭਾਰਤ ਦੀ
ਥਾਂ-ਥਾਂ ਹੋ ਜਾਏ ਲਹੂ-ਲੁਹਾਣ....
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਰੱਖਿਅਕ ਹੀ ਬਣ ਜਾਣ ਭੱਖਿਅਕ
ਘੜਨ ਸਾਜਿਸ਼ ਖੁਰਾ-ਖੋਜ ਮਿਟਾਉਣ ਦੀ
ਕਰਨ ਜਨੂੰਨੀਆਂ ਦੀ ਪੁਸ਼ਤ-ਪਨਾਹੀ
ਦੇਣ ਖੁੱਲ੍ਹ ਮੌਤ ਦੇ ਤਾਂਡਵ ਦੀ
ਦਿਸੇ ਜਿਥੇ ਵੀ 'ਖਾਸ' ਨਸਲ ਦਾ ਸ਼ਖਸ
ਜਿਉਂਦੇ-ਜੀ ਸਾੜਨ ਸ਼ਰੇ-ਬਾਜ਼ਾਰ
ਨਾ ਬਖ਼ਸ਼ਣ ਉਸਦਾ ਘਰ ਪਰਿਵਾਰ...
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਸਰਕਾਰੀ ਅੱਤਵਾਦ ਦਾ ਹੋਵੇ ਨੰਗਾ-ਨਾਚ
ਆਕਾਸ਼ ਨੂੰ ਛੂਹ ਜਾਣ ਜਨੂੰਨੀ ਨਾਹਰਿਆਂ ਦੇ ਭਾਂਬੜ
'ਮਖੌਟਾਧਾਰੀ ਨਕਲਚੀ' ਪਾਵੇ ਬਲਦੀ 'ਤੇ ਤੇਲ
ਤੇ ਚੀਖ- ਚੀਖ ਆਖੇ 'ਖੂਨ ਦਾ ਬਦਲਾ ਖੂਨ'
ਇੱਕ- ਦੋ ਨਹੀਂ ਸੈਂਕੜੇ -ਹਜ਼ਾਰਾਂ ਦਾ ਖੂਨ
ਬੁੱਢੀ ਮਾਂ ਦਾ ਖੂਨ
ਬਿਰਧ ਬਾਪ ਦਾ ਖੂਨ
ਜਵਾਨ ਪੁੱਤ ਦਾ ਖੂਨ
ਮੁਟਿਆਰ ਧੀ ਦਾ ਖੂਨ
ਅਣਜੰਮੇ ਜੀਅ ਦਾ ਖੂਨ....
'ਇਕੋ ਸ਼ਕਲ' ਦਾ ਖੂਨ,
'ਇਕੋ ਨਸਲ' ਦਾ ਖੂਨ...
ਦੱਸੋ ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਨਿਸ਼ਾਨਾ ਬਣੇ 'ਇੱਕ ਹੀ ਕੌਮ'
ਅਰਥਹੀਣ ਹੋ ਜਾਏ ਇਹ ਤਰਕ ਕਿ
ਕਿਹੜੀ ਹੈ ਉਸਦੀ ਸਿਆਸੀ ਜਮਾਤ?
ਕਿਹੜੀ ਹੈ ਉਸਦੀ ਵਿਚਾਰਧਾਰਾ?
ਕਿਹੜਾ ਹੈ ਉਸਦਾ ਵਪਾਰ-ਕਾਰੋਬਾਰ?
ਕੀ ਉਹ ਹੈ ਆਸਤਿਕ ਜਾਂ ਨਾਸਤਿਕ?
ਕੀ ਉਹ ਹੈ ਅਕਾਲੀ ਜਾਂ ਕਾਂਗਰਸੀ?
ਕੀ ਉਹ ਹੈ ਸੱਜੇਪੱਖੀ ਜਾਂ ਖੱਬੇਪੱਖੀ?
ਕੀ ਉਹ ਹੈ ਕਲੀਨਸ਼ੇਵ ਜਾਂ ਅੰਮ੍ਰਿਤਧਾਰੀ?
ਕੀ ਉਹ ਹੈ ਮਿਸ਼ਨਰੀ ਜਾਂ ਟਕਸਾਲੀ?
ਕੀ ਉਹ ਹੈ ਫੰਡਮੈਂਟਲਿਸਟ ਜਾਂ ਮਾਡਰੇਟ?
ਉਹ ਹੋਏ ਚਾਹੇ ਕਿਸੇ ਵੀ ਸ਼ਕਲ-ਸੂਰਤ 'ਚ
ਉਸ ਦੀ ਹੋਂਦ ਮਿਟਾਉਣ ਲਈ ਬੱਸ ਏਨਾ ਹੀ ਕਾਫੀ
ਕਿ ਉਹ ਹੈ ਸਰਬੱਤ ਦਾ ਭਲਾ ਮੰਗਣ ਵਾਲਾ 'ਸਿੱਖ'
ਉਸ ਦੀ ਅਲਖ ਮੁਕਾਉਣ ਲਈ ਬੱਸ ਏਨਾ ਹੀ ਬਹੁਤ ਕਿ
ਉਹ ਹੈ ਪੰਜਾਬ ਦਾ ਜਾਇਆ, ਗੁਰਮੁੱਖੀ ਦਾ ਪੁੱਤਰ
ਉਸ ਦੇ ਕਤਲ ਲਈ ਬੱਸ ਏਨੀ ਪਛਾਣ ਹੀ ਬਹੁਤ ਕਿ
ਉਸਨੇ ਹੱਥ 'ਚ ਪਹਿਨਿਆ ਹੈ 'ਕੜਾ'...
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਇੱਕ ਨਸਲ 'ਤੇ ਆ ਝਪਟਣ ਸਾਰੇ ਸ਼ੈਤਾਨ'
ਹੋਏ ਸਭ ਦਾ ਇਕ ਨਿਸ਼ਾਨਾ ਇਕ ਐਲਾਨ
ਹੈ ਮਿਟਾਉਣਾ ਸਿੱਖ ਕੌਮ ਦਾ ਨਾਮੋ-ਨਿਸ਼ਾਨ
ਇਕ ਕਹੇ 'ਜਦ ਡਿੱਗੇ ਵੱਡਾ ਰੁੱਖ,
ਤਾਂ ਕੰਬਦੀ ਹੈ ਧਰਤੀ'
ਦੂਜਾ ਕਹੇ 'ਪੀੜਤ ਖ਼ੁਦ ਹੀ ਹੈ ਦੋਸ਼ੀ
ਤੇ ਪੀੜਤ ਲਈ ਹੈ 'ਸਬਕ' ਵੱਡਾ ਰੁੱਖ ਡੇਗਣ ਦਾ
ਜਦ ਬਘਿਆੜਾਂ ਦੀ ਇੱਕ ਢਾਣੀ ਵਲੋਂ
ਲਹੂ ਪਿਆਸਾ ਭਿਅੰਕਰ ਰਾਜੀਵ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਬਘਿਆੜਾਂ ਦੀ ਦੂਜੀ ਢਾਣੀ ਵਲੋਂ
ਕੱਟੜਪੰਥੀ ਨਾਨਾ ਦੇਸ਼ਮੁਖ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਜਿਹੜੇ ਚੜ੍ਹ ਗਏ ਫਾਂਸੀਆਂ,
ਭੇਜੇ ਗਏ ਕਾਲੇਪਾਣੀਆਂ ਨੂੰ,
ਉਡਾਏ ਗਏ ਤੋਪਾਂ ਸਾਹਵੇਂ,
ਡੱਕੇ ਗਏ ਜੇਲ੍ਹਾਂ ਦੀਆਂ ਸਲਾਖਾਂ ਪਿਛੇ,
ਸ਼ਹੀਦ ਹੋਏ ਹੱਦਾ-ਸਰਹੱਦਾਂ ਦੀ ਰਾਖੀ ਕਰਦਿਆਂ,
ਉਨ੍ਹਾਂ ਨੂੰ ਮਿਲੇ ਇਹ 'ਇਨਾਮ'..
ਨਸਲਕੁਸ਼ੀ! ਨਸਲਕੁਸ਼ੀ!! ਨਸਲਕੁਸ਼ੀ!!!
ਸਿਤਮਜ਼ਰੀਫੀ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਕਾਂਗਰਸ ਆਗੂ ਤੇ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਡੇ ਦਰਖਤ ਦੇ ਡਿਗਣ 'ਤੇ ਧਰਤੀ ਕੰਬਣ ਨਾਲ ਤੁਲਣਾ ਕਰ ਰਿਹਾ ਹੋਵੇ। ਦੂਜੇ ਪਾਸੇ ਦੇਸ਼ ਦੀ ਫਿਰਕੂ ਜਥੇਬੰਦੀ ਆਰਐਸਐਸ ਦਾ ਵੱਡਾ ਆਗੂ ਨਾਨਾ ਜੀ ਦੇਸ਼ਮੁੱਖ ਸਿੱਖ ਕਤਲੇਆਮ ਦੇ ਦੋਸ਼ ਸਿੱਖਾਂ ਦੇ ਹੀ ਸਿਰ ਮੜਦਾ ਹੋਇਆ, ਸਿੱਖ ਕੌਮ ਨੂੰ 'ਸਬਕ ਲੈਣ' ਦੀ ਨਸੀਹਤ ਦੇ ਰਿਹਾ ਹੋਵੇ ਅਤੇ ਅਜਿਹੀ ਨਸਲਕੁਸ਼ੀ ਨੂੰ ਆਪਣੀ ਸੌੜੀ ਸੋਚ ਅਧੀਨ ਜਾਇਜ਼ ਠਹਿਰਾ ਰਿਹਾ ਹੋਵੇ। ਜੇਕਰ ਅਜਿਹੇ ਲੋਕ 'ਭਾਰਤ ਰਤਨ' ਵਰਗੇ ਦੇਸ਼ ਦੇ ਸਭ ਤੋਂ ਵੱਡੇ ਅਖੌਤੀ ਪੁਰਸਕਾਰਾਂ ਨਾਲ ਸਨਮਾਨੇ ਜਾਂਦੇ ਹਨ, ਤਾਂ ਫਿਰ ਸਭ ਤੋਂ ਵੱਧ ਫਾਂਸੀ ਚੜ੍ਹਨ ਵਾਲੇ, ਕਾਲੇਪਾਣੀ ਦੀਆਂ ਸਜ਼ਾ ਕੱਟਣ ਵਾਲੇ, ਉਮਰ ਕੈਦਾਂ ਭੋਗਣ ਵਾਲੇ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਿੱਖ ਅਤੇ ਸੱਚੇ ਸੁੱਚੇ ਸੂਰਬੀਰ ਤਾਂ 'ਦੇਸ਼ ਧਰੋਹੀ' ਹੀ ਕਹੇ ਜਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਹਮਾਮ 'ਚ ਸਾਰੇ ਹੀ ਨੰਗੇ ਹਨ। ਜੇਕਰ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਲਾਸ਼ੇਰੀ ਦਿੱਤੀ। ਜੇ ਕਾਂਗਰਸ ਦੇ ਰਾਜ 'ਚ ਸਿੱਖ ਕਤਲੇਆਮ ਹੋਇਆ, ਤਾਂ ਭਾਜਪਾ ਦੇ ਰਾਜ 'ਚ ਮੁਸਲਿਮ ਵਿਰੋਧੀ ਕਤਲੇਆਮ ਹੋਇਆ।
ਅੱਜ ਇਹ ਅਤਕਥਨੀ ਨਹੀਂ ਕਿ ਕੈਨੇਡਾ ਤੋਂ ਅਰੰਭ ਹੋਏ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ ਕੌਮਾਂਤਰੀ ਮੰਚ ਤੇ ਮਹਾਂ-ਦੁਖਾਂਤ ਦੇ ਰੂਪ ਵਿੱਚ ਪੇਸ਼ ਕਰਨ ਵਾਲੀ ਖ਼ੂਨਦਾਨ ਲਹਿਰ ਅਸਟ੍ਰੇਲੀਆ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਦੁਨੀਆ ਦੇ ਕਰੀਬ 122 ਦੇਸ਼ਾਂ 'ਚ ਫੈਲ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਨਾਇਟਡ ਨੇਸ਼ਨ 'ਚ ਮਨੁੱਖੀ ਅਧਿਕਾਰਾਂ ਲਈ ਸਮਰਪਿਤ ਕਾਰਜਾਂ ਦੀ ਸੂਚੀ 'ਚ ਸਿੱਖ ਕੌਮ ਦੀ ਖੂਨਦਾਨ ਲਹਿਰ ਦਾ ਜ਼ਿਕਰਯੋਗ ਥਾਂ ਹੋਵੇਗਾ।
ਸਯੰਕਤ ਰਾਸ਼ਟਰ 'ਚ ਜਦੋਂ ਕਿਤੇ ਮਾਨਵਵਾਦੀ ਸੇਵਾ ਦੇ ਮਹਾਨ ਕਾਰਜ ਦੀ ਗੱਲ ਤੁਰੇਗੀ, ਉਦੋਂ ਹੀ ਨਵੰਬਰ ਉਨੀ ਸੌ ਚੁਰਾਸੀ ਵਿੱਚ ਭਾਰਤ ਅੰਦਰ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲਿਆਂ ਨੂੰ ਲਾਹਣਤਾਂ ਵੀ ਪਾਈਆਂ ਜਾਣਗੀਆਂ ਅਤੇ 41 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਸ਼ਰਮਸਾਰ ਹੋਣਾ ਪਵੇਗਾ। ਕੈਨੇਡਾ ਦੀ ਧਰਤੀ 'ਤੇ ਖੂਨਦਾਨ ਦੀ ਮੁਹਿੰਮ ਚਲਾਉਣ ਵਾਲੀ ਮਹਾਨ ਵਿਚਾਰਧਾਰਾ ਉਕਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਦ੍ਰਿੜ ਹੈ। ਇੱਕ ਦਿਨ ਜ਼ਰੂਰ ਆਵੇਗਾ, ਜਦੋਂ ਕੌਮਾਂਤਰੀ ਭਾਈਚਾਰਾ ਇਨਸਾਫ਼ ਲਈ 'ਹਾਅ ਦਾ ਨਾਅਰਾ' ਮਾਰੇਗਾ।
ਅੱਜ ਲੋੜ ਇਸ ਗੱਲ ਦੀ ਹੈ ਕਿ ਕੌਮ ਦੇ ਚਿੰਤਕ ਅਤੇ ਵਿਦਵਾਨ ਆਪਣਾ ਫਰਜ਼ ਪਛਾਣਦੇ ਹੋਏ ਮਹਾਨ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਪਤੀ ਦੀ ਧੱਕੇਸ਼ਾਹੀ ਖਿਲਾਫ਼ ਲਿਖਣ। ਸਿੱਖ ਕੌਮ ਦੇ ਅਕਸ ਨੂੰ ਜੇਕਰ ਸਾਡਾ ਮੀਡੀਆ ਦੁਨੀਆ ਸਾਹਮਣੇ ਸਹੀ ਰੂਪ ਵਿੱਚ ਪੇਸ਼ ਕਰੇਗਾ, ਤਾਂ ਕੌਮ ਦੀ ਪਨੀਰੀ ਇਸ ਪਾਸੇ ਵੱਲ ਹੋਰ ਵੀ ਰੁਚਿਤ ਹੋਵੇਗੀ। ਅਜਿਹੇ ਮੌਕੇ 'ਤੇ ਸਹਿਣ ਸ਼ਕਤੀ, ਪਰਉਪਕਾਰ ਅਤੇ ਮਾਨਵੀ ਹੱਕਾਂ ਪ੍ਰਤੀ ਚੇਤਨਾ ਮੂਲ ਸਰੋਕਾਰ ਬਣ ਕੇ ਕੌਮ ਦੀ ਸਰਬੱਤ ਦੇ ਭਲੇ ਦੀ ਅਰਦਾਸ ਮਨਜ਼ੂਰ ਕਰਵਾਉਣਗੇ।
ਸਿੱਖ ਨਸਲਕੁਸ਼ੀ ਖ਼ਿਲਾਫ਼ ਖ਼ੂਨਦਾਨ ਮੁਹਿੰਮ ਕੇਵਲ ਸਿੱਖਾਂ ਲਈ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੇਸ਼ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇੱਥੋਂ ਤੱਕ ਕਿ ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ।
ਆਓ, ਇਨਸਾਨੀਅਤ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ਼, ਸਿੱਖ ਕੌਮ ਵੱਲੋਂ ਆਰੰਭੀ ਖ਼ੂਨਦਾਨ ਮੁਹਿੰਮ ਦਾ ਹਿੱਸਾ ਬਣੀਏ ਅਤੇ ਸੰਸਾਰ ਵਿੱਚ 'ਨਾ ਡਰੋ ਨਾ ਡਰਾਓ' ਅਤੇ 'ਜੀਓ ਅਤੇ ਜਿਓਣ ਦਿਓ' ਦੇ ਮਹਾਨ ਸੰਕਲਪ ਦੇ ਧਾਰਨੀ ਹੋ ਕੇ, 'ਸਰਬੱਤ' ਦੇ ਹੱਕਾਂ ਦੇ ਪਹਿਰੇਦਾਰ ਬਣੀਏ।
113ਵੇਂ ਸਥਾਪਨਾ ਵਰ੍ਹੇ 'ਤੇ ਵਿਸ਼ੇਸ਼ ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ : ਪੈਸੇਫਿਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ, ਕੈਲੀਫੋਰਨੀਆ - ਡਾ ਗੁਰਵਿੰਦਰ ਸਿੰਘ
ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ ਪੈਸੇਫਿਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ ਗੁਰਦੁਆਰਾ ਸਾਹਿਬ ਦੀ ਸਥਾਪਨਾ 1912 ਵਿਚ ਕੀਤੀ ਗਈ। ਸਿੱਖੀ ਵਿਰਸੇ, ਗੁਰਬਾਣੀ ਦੀ ਪ੍ਰੇਰਨਾ ਅਤੇ ਜ਼ੁਲਮ ਖ਼ਿਲਾਫ਼ ਲੜਨ ਦੀ ਭਾਵਨਾ ਗਦਰੀ ਬਾਬਿਆਂ ਨੂੰ ਆਰੰਭ ਵਿਚ ਇੱਥੋਂ ਹੀ ਮਿਲੀ, ਜਿਸ ਨੇ ਅੱਗੇ ਜਾ ਕੇ ਗ਼ਦਰ ਲਹਿਰ ਨੂੰ ਜਨਮ ਦਿੱਤਾ। ਇਉਂ ਗ਼ਦਰ ਪਾਰਟੀ, ਗ਼ਦਰ ਲਹਿਰ ਅਤੇ ਗ਼ਦਰ ਅਖ਼ਬਾਰ ਦੀ ਪ੍ਰੇਰਨਾ-ਸਰੋਤ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੋ ਨਿਬੜਦੀ ਹੈ। ਦਰਅਸਲ ਉੱਤਰੀ ਅਮਰੀਕਾ ਦੀ ਧਰਤੀ 'ਤੇ ਪੰਜਾਬੀ ਵੀਹਵੀਂ ਸਦੀ ਦੇ ਆਰੰਭ ਵਿੱਚ ਵਸਣੇ ਸ਼ੁਰੂ ਹੋਏ। ਬੇਸ਼ੱਕ ਉਨ੍ਹਾਂ ਦਾ ਆਉਣਾ ਰੋਜ਼ੀ-ਰੋਟੀ ਦੀ ਭਾਲ ਦਾ ਮਸਲਾ ਬਣਿਆ, ਪਰ ਕੈਨੇਡਾ ਅਤੇ ਅਮਰੀਕਾ ਆ ਕੇ ਉਨ੍ਹਾਂ ਮਿਹਨਤ-ਮੁਸ਼ੱਕਤ ਨਾਲ ਨਵੇਂ ਇਤਿਹਾਸ ਸਿਰਜ ਦਿੱਤੇ। ਪੈਸੇਫਿਕ ਰੇਲਵੇ ਲਈ ਲਾਈਨਾਂ ਵਿਛਾਉਣ, ਖਾਣਾਂ ਵਿਚੋਂ ਧਾਤਾਂ ਲਈ ਖੁਦਾਈ ਕਰਨ ਅਤੇ ਜੰਗਲ ਕੱਟਣ ਆਦਿ ਦੇ ਸਖ਼ਤ ਕੰਮਾਂ ਨੂੰ ਪੰਜਾਬੀਆਂ ਨੇ ਚੁਣੌਤੀ ਸਹਿਤ ਅਪਣਾਇਆ। ਉਨ੍ਹਾਂ ਆਪਣੀ ਰਿਹਾਇਸ਼ ਘੋੜਿਆਂ ਦੀਆਂ ਬਾਰਨਾਂ ਅਤੇ ਬੰਕ ਹਾਊਸਾਂ ਵਿਚ ਕੀਤੀ ਅਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਹੌੌਂਸਲਾ ਨਾ ਹਾਰਿਆ।
ਨਸਲਵਾਦ ਅਤੇ ਬਸਤੀਵਾਦੀ ਦੈਂਤ ਨਾਲ ਲੜਦਿਆਂ ਹੋਇਆਂ ਵੀ ਮੋਢੀ ਸਿੱਖ ਆਗੂਆਂ ਨੇ ਕਦੇ ਹੌਂਸਲਾ ਨਾ ਛੱਡਿਆ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹੇ। ਨਿੱਕੀਆਂ ਨਿੱਕੀਆਂ ਕੁੱਲੀਆਂ ਵਿਚ ਵਸਦੇ ਪੰਜਾਬੀਆਂ ਨੇ ਮਿਹਨਤ ਮੁਸ਼ੱਕਤ ਦੇ ਨਾਲ-ਨਾਲ, ਧਾਰਮਿਕ ਭਾਵਨਾ ਦੀ ਪੂਰਤੀ ਲਈ ਗੁਰਬਾਣੀ ਦਾ ਓਟ ਆਸਰਾ ਲੈ ਕੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਉਪਦੇਸ਼ ਵਿਦੇਸ਼ਾਂ ਵਿਚ ਰਹਿੰਦਿਆਂ ਵੀ ਹਿਰਦੇ ਵਿਚ ਵਸਾਇਆ ਹੋਇਆ ਸੀ। ਤਨ ਦੀ ਖ਼ੁਰਾਕ ਲਈ ਜਿੱਥੇ ਰੁੱਖੀ-ਸੁੱਖੀ ਖਾ ਕੇ ਵੀ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ, ਉੱਥੇ ਆਤਮਾ ਦੀ ਖ਼ੁਰਾਕ ਵਜੋੋਂ ਗੁਰਬਾਣੀ ਦਾ ਆਸਰਾ ਲੈਣ ਲਈ ਭਾਈ ਅਰਜੁਨ ਸਿੰਘ ਮਲਿਕ ਵੱਲੋੋਂ 1904 ਵਿਚ ਕੈਨੇਡਾ ਦੀ ਧਰਤੀ ਤੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਕੌਮੀ ਉਪਕਾਰ ਕੀਤਾ ਗਿਆ।
ਹੁਣ ਉਨ੍ਹਾਂ ਇਕ ਅਜਿਹੀ ਸਾਂਝੀ ਜੱਥੇਬੰਦੀ ਦੀ ਲੋੜ ਮਹਿਸੂਸ ਕੀਤੀ, ਜਿਸ ਰਾਹੀਂ ਧਾਰਮਿਕ ਭਾਵਨਾਵਾਂ ਦੇ ਨਾਲ-ਨਾਲ ਸਭਿਆਚਾਰਕ ਰਿਸ਼ਤਿਆਂ, ਸਮਾਜਿਕ ਸੰਬੰਧਾਂ ਅਤੇ ਭਾਸ਼ਾਈ ਸਾਂਝ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। 22 ਜੁਲਾਈ 1906 ਨੂੰ ਕੈਨੇਡਾ ਦੀ ਧਰਤੀ ਤੇ "ਖਾਲਸਾ ਦੀਵਾਨ ਸੁਸਾਇਟੀ" ਵੈਨਕੂਵਰ ਜੱਥੇਬੰਦੀ ਦੀ ਨੀਂਹ ਰੱਖੀ ਗਈ, ਜਿਸ ਨੇ ਅੱਗੇ ਜਾ ਕੇ ਨਾ ਸਿਰਫ਼ ਸਿੱਖਾਂ ਲਈ ਧਾਰਮਿਕ ਮੰਚ ਹੀ ਪ੍ਰਦਾਨ ਕੀਤਾ, ਸਗੋਂ ਵਿਦੇਸ਼ਾਂ ਦੀ ਧਰਤੀ ਤੋੋਂ ਅਨਿਆਂ, ਜ਼ੁਲਮ, ਧੱਕੇਸ਼ਾਹੀ, ਬੇਇਨਸਾਫ਼ੀ ਅਤੇ ਅਣਮਨੁੱਖੀ ਵਰਤਾਰੇ ਖਿਲਾਫ਼ ਇਤਿਹਾਸਕ ਸੰਘਰਸ਼ ਨੂੰ ਵੀ ਜਨਮ ਦਿੱਤਾ।
ਇੱਥੇ ਇਹ ਦੱਸਣਾ ਵਾਜਬ ਹੋਏਗਾ ਕਿ ਖ਼ਾਲਸਾ ਦੀਵਾਨ ਸੰਸਥਾਂਵਾਂ ਦਾ ਜਨਮ ਸਿੰਘ ਸਭਾ ਲਹਿਰ ਦੇ ਵਿੱਚੋਂ ਹੋਇਆ ਹੈ। ਪਹਿਲਾਂ ਸੰਨ 1873 ਨੂੰ ਸਿੰਘ ਸਭਾ ਲਹਿਰ, ਸਿੱਖਾਂ ਦੀ ਪੁਨਰ-ਸੁਰਜੀਤੀ ਦੇ ਰੂਪ ਵਿੱਚ ਆਰੰਭ ਹੋਈ, ਜਿਸ ਨੇ ਸਮੇਂ ਦੇ ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਸਿੱਖਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰਬਾਣੀ ਨਾਲ ਜੁੜਨ ਲਈ ਉਤਸ਼ਾਹਤ ਕੀਤਾ। ਸਿੰਘ ਸਭਾ ਲਹਿਰ ਵਿੱਚੋਂ ਜਨਮੀਆਂ ਸੰਸਥਾਵਾਂ ਵਿੱਚੋਂ ਇੱਕ ਪ੍ਰਮੁੱਖ ਸੰਸਥਾ 'ਖ਼ਾਲਸਾ ਦੀਵਾਨ' ਸੀ, ਜਿਸ ਨੇ ਵਿੱਦਿਆ ਦਾ ਪ੍ਰਚਾਰ ਕੀਤਾ ਅਤੇ ਵਿਦੇਸ਼ਾਂ ਵਿੱਚ ਗੁਰਦੁਆਰੇ ਕਾਇਮ ਕਰਨ ਵਿਚ ਵੱਡੀ ਭੂਮਿਕਾ ਨਿਭਾਈ।
ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ, ਅਮਰੀਕਾ, ਹਾਂਗਕਾਂਗ ਸਮੇਤ ਵੱਖ-ਵੱਖ ਦੇਸ਼ਾਂ 'ਚ ਸਥਾਪਤ ਹੋਏ ਮੁੱਢਲੇ ਗੁਰਦੁਆਰਿਆਂ ਦੇ ਨਾਂ 'ਖ਼ਾਲਸਾ ਦੀਵਾਨ' ਹੀ ਮਿਲਦੇ ਹਨ। ਇਹ ਗੁਰਦੁਆਰੇ ਅੱਗੇ ਜਾ ਕੇ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦਾ ਆਧਾਰ ਬਣੇ। ਇਹ ਵੀ ਸੱਚ ਹੈ ਕਿ ਸਿੰਘ ਸਭਾ ਲਹਿਰ 'ਚੋਂ ਪੈਦਾ ਹੋਏ ਇਕ ਧੜੇ ਦੀ ਸਰਕਾਰ ਪੱਖੀ ਸੋਚ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਅੰਗਰੇਜ਼ਾਂ ਪੱਖੀ ਪਹੁੰਚ ਦਾ, ਕੈਨੇਡਾ ਅਮਰੀਕਾ ਆਦਿ ਦੀਆਂ ਖ਼ਾਲਸਾ ਦੀਵਾਨ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਸੀ।
ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸੇਵਾਦਾਰਾਂ ਵੱਲੋਂ, ਸਮੇਂ-ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਸਿੱਖ ਸੰਘਰਸ਼ ਦੇ ਯੋਧਿਆਂ ਦੀ, ਕੁਰਬਾਨੀ ਦੀ ਵਿਰਾਸਤ ਤੋਂ ਸੇਧ ਲੈ ਕੇ, ਵਤਨ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋੋਂ ਮੁਕਤ ਕਰਵਾਉਣ ਲਈ ਜਨ-ਸ਼ਕਤੀ ਅਤੇ ਮਾਲੀ ਸਹਾਇਤਾ ਰਾਹੀਂ, ਆਜ਼ਾਦੀ ਦੀਆਂ ਲਹਿਰਾਂ ਦੀ ਅਗਵਾਈ ਕੀਤੀ ਜਾਂਦੀ ਰਹੀ।
ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸੰਨ 1906 ਵਿਚ ਵੈਨਕੂਵਰ ਸ਼ਹਿਰ ਅੰਦਰ ਪਹਿਲੀ ਕੇਂਦਰੀ ਸੰਸਥਾ 'ਖ਼ਾਲਸਾ ਦੀਵਾਨ ਸੁਸਾਇਟੀ' ਦੀ ਸਥਾਪਨਾ ਨੇ ਅਜਿਹੇ ਬੀਜ ਬੀਜੇ, ਜਿਨ੍ਹਾਂ ਸਦਕਾ ਮਗਰੋਂ ਗ਼ਦਰ ਪਾਰਟੀ, ਗ਼ਦਰ ਅਖ਼ਬਾਰ ਅਤੇ ਗ਼ਦਰ ਲਹਿਰ ਸਥਾਪਤ ਹੋਏ। ਦੂਸਰੇ ਸ਼ਬਦਾਂ ਵਿਚ ਕੈਨੇਡਾ ਦੇ ਮੋਢੀ ਸਿੱਖਾਂ ਦੀ ਪ੍ਰੇਰਨਾ ਸਦਕਾ ਹੀ ਅਮਰੀਕਾ ਵਿਚ ਅੱਧਾ ਦਹਾਕਾ ਮਗਰੋਂ ਗ਼ਦਰ ਲਹਿਰ ਦਾ ਮੁੱਢ ਬੱਝਿਆ। ਇੱਥੇ ਵਿਚਾਰਨ ਵਾਲੀ ਵੱਡੀ ਗੱਲ ਇਹ ਹੈ ਕਿ ਕਈ ਇਤਿਹਾਸਕਾਰ ਕੈਨੇਡਾ ਤੋਂ ਗੁਰਬਾਣੀ ਅਤੇ ਸਿੱਖ ਵਿਰਾਸਤ ਤੋਂ ਸੇਧ ਲੈ ਕੇ ਸ਼ੁਰੂ ਹੋਏ, ਨਸਲਵਾਦ ਅਤੇ ਬਸਤੀਵਾਦ ਵਿਰੋਧੀ ਅਤੇ ਆਜ਼ਾਦੀ ਦੇ ਹੱਕ ਦੇ ਸੰਘਰਸ਼ ਨੂੰ, ਗ਼ਦਰ ਪਾਰਟੀ ਦਾ ਸੰਘਰਸ਼ ਕਹਿ ਕੇ ਬਿਆਨਦੇ ਹਨ, ਜਦ ਕਿ ਗ਼ਦਰ ਪਾਰਟੀ ਤਾਂ ਉਸਤੋਂ ਕਈ ਵਰ੍ਹੇ ਮਗਰੋਂ ਕਾਇਮ ਹੁੰਦੀ ਹੈ। ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਗ਼ਦਰ ਲਹਿਰ ਤੇ ਗ਼ਦਰ ਪਾਰਟੀ ਦੇ ਪ੍ਰੇਰਨਾ-ਸਰੋਤ ਕੈਨੇਡਾ ਦੇ ਸਿੱਖ ਯੋਧੇ ਸਨ, ਪਰ ਇਹ ਕਹਿਣਾ ਉਚਿਤ ਨਹੀਂ ਹੋਏਗਾ ਕਿ ਗ਼ਦਰ ਲਹਿਰ ਤੋਂ ਮੋਢੀ ਸਿੱਖ ਅਤੇ ਆਜ਼ਾਦੀ ਘੁਲਾਟੀਏ ਪ੍ਰੇਰਿਤ ਅਤੇ ਪ੍ਰਭਾਵਿਤ ਹੋਏ।
ਉੱਤਰੀ ਅਮਰੀਕਾ ਦੀ ਧਰਤੀ 'ਤੇ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਲੜਨ ਵਾਲੇ ਮੋਢੀ ਸਿੱਖ ਯੋਧੇ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਮੇਵਾ ਸਿੰਘ ਲੋਪੋਕੇ, ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ, ਬਾਬੂ ਹਰਨਾਮ ਸਿੰਘ ਸਾਹਰੀ, ਬੱਬਰ ਕਰਮ ਸਿੰਘ ਦੌਲਤਪੁਰ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਜਗਤ ਸਿੰਘ ਸੁਰ ਸਿੰਘ, ਬੱਬਰ ਹਰੀ ਸਿੰਘ ਸੂੰਢ, ਭਾਈ ਬੀਰ ਸਿੰਘ ਬਾਹੋਵਾਲ, ਬੱਬਰ ਕਰਮ ਸਿੰਘ ਝਿੰਗੜਾਂ, ਭਾਈ ਜਵੰਦ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ ਅਤੇ ਭਾਈ ਮਿੱਤ ਸਿੰਘ ਪੰਡੋਰੀ ਸਮੇਤ ਅਨੇਕਾਂ ਸੂਰਮੇ, ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਬਿ੍ਟਿਸ਼ ਸਾਮਰਾਜ ਦੀ ਗੁਲਾਮੀ ਅਤੇ ਵਿਦੇਸ਼ਾਂ 'ਚ ਹੋ ਰਹੇ ਨਸਲੀ ਵਿਤਕਰੇ ਖ਼ਿਲਾਫ਼ ਜੂਝਦੇ ਰਹੇ। ਉਨ੍ਹਾਂ ਬਰਾਬਰੀ ਤੇ ਆਜ਼ਾਦੀ ਲਈ ਸਰਕਾਰੀ ਜਬਰ ਨਾਲ ਟੱਕਰ ਲੈਂਦਿਆਂ ਆਜ਼ਾਦੀ ਦਾ ਮੁੱਢ ਬੰਨਿਆ |
ਚਿੱਟੇ ਨਸਲਵਾਦ ਦੀਆਂ ਅਮਰੀਕਾ ਅੰਦਰ ਵਾਪਰਨ ਵਾਲੀਆਂ ਪ੍ਰਮੁੱਖ ਘਟਨਾਵਾਂ 'ਚੋਂ ਬੈਲਿੰਗਹੈਮ 'ਚ 4 ਸਤੰਬਰ 1907 ਨੂੰ ਭਾਰਤੀਆਂ 'ਤੇ ਯੋਜਨਾਬੱਧ ਹਮਲਾ ਕਰਕੇ, ਸੈਂਕੜਿਆਂ ਦੀ ਗਿਣਤੀ 'ਚ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢਣਾ ਅਤੇ ਪੋਰਟਲੈਂਡ ਨੇੜਲੀ ਸੈਂਟਜ਼ੋਨ ਮਿੱਲ 'ਚ ਅਮਰੀਕੀ ਮਜ਼ਦੂਰਾਂ ਵੱਲੋਂ ਹਮਲਾ ਕੀਤਾ ਜਾਣਾ ਅਤੇ ਪੁਲਿਸ ਵੱਲੋਂ ਰੱਖਿਆ ਦੇ ਪ੍ਰਬੰਧ ਨਾ ਕਰਨਾ ਆਜ਼ਾਦੀ ਲਈ ਹਲੂਣਾ ਪੈਦਾ ਕਰਨ ਵਾਲੇ ਤੱਤ ਕਹੇ ਜਾ ਸਕਦੇ ਹਨ | ਇਕ ਹੋਰ ਘਟਨਾ, ਜਿਸ ਦਾ ਜ਼ਿਕਰ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਆਪਣੀ ਆਤਮਕਥਾ 'ਜੀਵਨ ਸੰਗਰਾਮ' ਵਿਚ ਵੀ ਕਰਦੇ ਹਨ, ਅਨੁਸਾਰ ਇਕ ਵਾਰ ਸੰਤ ਤੇਜਾ ਸਿੰਘ ਮਸਤੂਆਣਾ ਕੈਨੇਡਾ ਤੋਂ ਅਮਰੀਕਾ ਉਨ੍ਹਾਂ ਕੋਲ ਪੁੱਜੇ | ਪੋਰਟਲੈਂਡ ਸ਼ਹਿਰ ਵਿਚ ਉਹ ਦੋਵੇਂ 'ਅਮਰੀਕਨ' ਹੋਟਲ 'ਚ ਖਾਣਾ ਖਾਣ ਪੁੱਜੇ, ਪਰ ਹੋਟਲ ਵਾਲਿਆਂ ਉਨ੍ਹਾਂ ਨੂੰ ਦਾਖ਼ਲ ਨਾ ਹੋਣ ਦਿੱਤਾ | ਇਸ ਤਰ੍ਹਾਂ ਹੀ ਉਹ ਕਿਸੇ ਮਿੱਲ 'ਚ ਕੰਮ ਲੈਣ ਵਾਸਤੇ ਗਏ ਤਾਂ ਸੁਪਰਡੈਂਟ ਨੇ ਕਿਹਾ, 'ਕੰਮ ਤਾਂ ਬਹੁਤ ਹੈ ਪਰ ਤੁਹਾਡੇ ਲਈ ਨਹੀਂ' | ਇਸ ਦਾ ਕਾਰਨ ਪੁੱਛਣ 'ਤੇ ਉਸ ਨੇ ਭਾਰਤ ਦੇਸ਼ ਦੀ ਆਬਾਦੀ ਬਾਰੇ ਪੁੱਛ ਲਿਆ | ਬਾਬਾ ਭਕਨਾ ਵਲੋਂ ਇਸ ਦਾ ਉੱਤਰ '30 ਕਰੋੜ' ਦਿੱਤੇ ਜਾਣ 'ਤੇ ਅੱਗਿਉਂ ਉਸ ਨੇ ਦੁਬਾਰਾ ਪੁੱਛਿਆ, '30 ਕਰੋੜ ਆਦਮੀ ਹਨ ਜਾਂ ਭੇਡਾਂ? ਜੇ ਤੁਸੀਂ 30 ਕਰੋੜ ਹੁੰਦੇ ਤਾਂ ਗੁਲਾਮ ਕਿਸ ਤਰ੍ਹਾਂ ਰਹਿੰਦੇ?'
ਦਰਅਸਲ ਇਨ੍ਹਾਂ ਘਟਨਾਵਾਂ ਨੇ ਹੀ ਅਜਿਹੇ ਹਾਲਾਤ ਪੈਦਾ ਕੀਤੇ ਕਿ ਉੱਤਰੀ ਅਮਰੀਕਾ 'ਚ ਖੁਸ਼ਹਾਲ ਜੀਵਨ ਜਿਊਣ ਲਈ ਆਏ ਗ਼ਦਰੀ ਬਾਬਿਆਂ ਨੇ ਆਪਣੇ ਸੁੱਖ-ਆਰਾਮ ਤਿਆਗ ਕੇ ਆਜ਼ਾਦੀ ਦੇ ਸੰਘਰਸ਼ ਦਾ ਰਾਹ ਅਪਣਾ ਲਿਆ | ਕੈਨੇਡਾ ਦੀਆਂ ਇਨਕਲਾਬੀ ਜੱਥੇਬੰਦੀਆਂ ਵੱਲੋਂ ਸਮੇਂ-ਸਮੇਂ ਕੱਢੇ ਗਏ ਪਰਚਿਆਂ ਤੋਂ ਪ੍ਰੇਰਨਾ ਲੈ ਕੇ ਅਤੇ ਵਿਸ਼ੇਸ਼ ਕਰ ਕੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਇਤਿਹਾਸਕ ਦੇਣ ਅਤੇ ਜਾਗਰੂਕ ਲਹਿਰ ਤੋਂ ਸੇਧ ਲੈ ਕੇ, ਅਮਰੀਕਾ ਵਿਚ ਅਜਿਹੇ ਅਮਲ ਅਧੀਨ ਬਾਬਾ ਬਿਸਾਖਾ ਸਿੰਘ ਦਦੇਹਰ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ ਨੇ ਉਥੇ ਵਸਦੇ ਇਨਕਲਾਬੀਆਂ ਨੂੰ ਜੱਥੇਬੰਦ ਕਰਨਾ ਆਰੰਭ ਕਰ ਦਿੱਤਾ।
ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਤਰਜ਼ 'ਤੇ ਹੀ ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ ਪੈਸੇਫਿਕ ਕੋਸਟ "ਖ਼ਾਲਸਾ ਦੀਵਾਨ ਸੁਸਾਇਟੀ" ਸਟੌਕਟਨ ਗੁਰਦੁਆਰਾ ਸਾਹਿਬ ਦੀ ਸਥਾਪਨਾ 1912 ਵਿਚ ਕੀਤੀ ਗਈ। ਵੈਨਕੂਵਰ ਵਰਗੀ ਕੌਮੀ ਜੱਥੇਬੰਦੀ ਖਾਲਸਾ ਦੀਵਾਨ ਸੁਸਾਇਟੀ ਕਾਇਮ ਹੋਣ ਮਗਰੋਂ, ਬਾਬਾ ਸੋਹਣ ਸਿੰਘ ਭਕਨਾ ਨੇ ਹੋਰਨਾਂ ਦੇਸ਼- ਭਗਤਾਂ ਨਾਲ ਮਿਲ ਕੇ ਅਤੇ ਆਜ਼ਾਦੀ- ਪਸੰਦ ਸਮੂਹ ਭਾਈਚਾਰਿਆਂ ਨੂੰ ਇਕ ਸੂਤਰ ਵਿਚ ਪਰੋਦਿਆਂ, 21 ਅਪ੍ਰੈਲ 1913 ਨੂੰ ਆਸਟਰੀਆ ਵਿਖੇ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂ ਦੀ ਜੱਥੇਬੰਦੀ ਕਾਇਮ ਕੀਤੀ, ਜਿਸ ਦਾ ਅੱਗੇ ਜਾ ਕੇ ਨਾਂ ‘ਗ਼ਦਰ ਪਾਰਟੀ ਮਸ਼ਹੂਰ ਹੋਇਆ। ਗ਼ਦਰ ਪਾਰਟੀ ਦੇ ਮੁੱਖ ਮੰਤਵ ਬਾਰੇ ਭਾਈ ਹਰਨਾਮ ਸਿੰਘ ਟੁੰਡੀਲਾਟ ਲਿਖਦੇ ਹਨ ਕਿ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢ ਕੇ, ਧਰਮ ਨਿਰਪੱਖ ਤੇ ਜਮਹੂਰੀ ਰਾਜ ਸਥਾਪਤ ਕਰਨਾ ਗ਼ਦਰ ਪਾਰਟੀ ਦਾ ਉਦੇਸ਼ ਸੀ ਜਿਸ ਵਿਚ ਕਿਸਾਨ, ਜਗੀਰਦਾਰੀ ਤੇ ਸਰਮਾਏਦਾਰੀ ਦੇ ਆਪਸੀ ਆਰਥਿਕ ਵਿਤਕਰਿਆਂ ਨੂੰ ਖ਼ਤਮ ਕਰਨਾ, ਉਪਰੰਤ ਲੋਕ ਭਲਾਈ ਕਾਰਜਾਂ ਨੂੰ ਪਹਿਲ ਦੇਣਾ ਸੀ | ਪਾਰਟੀ ਦੇ ਨਿਯਮਾਂ ਅਨੁਸਾਰ ਇਸ ਦਾ ਦਾਇਰਾ ਏਨਾ ਵਿਸ਼ਾਲ ਸੀ ਕਿ ਆਜ਼ਾਦੀ ਦਾ ਹਰ ਪ੍ਰੇਮੀ, ਬਿਨਾਂ ਜਾਤਪਾਤ ਜਾਂ 'ਦੇਸ਼ ਕੌਮ' ਦੇ ਲਿਹਾਜ਼ ਨਾਲ ਇਸ ਵਿਚ ਸ਼ਾਮਿਲ ਹੋ ਸਕਦਾ ਹੈ | ਗ਼ਦਰ ਪਾਰਟੀ ਦੇ ਕੌਮਾਂਤਰੀ ਰਾਜਨੀਤੀ 'ਚ ਸਥਾਨ ਦਾ ਮੁਲਾਂਕਣ ਇਸ ਦੇ ਫ਼ਰਜ਼ਾਂ ਅਤੇ ਬੁਨਿਆਦੀ ਢਾਂਚੇ ਦੇ ਇਸ ਆਧਾਰ 'ਤੇ ਹੋ ਸਕਦਾ ਹੈ ਕਿ 'ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਿੱਥੇ ਕਿਤੇ ਗ਼ੁਲਾਮੀ ਵਿਰੁੱਧ ਜੰਗ ਛਿੜੇ, ਤਾਂ ਗ਼ਦਰ ਪਾਰਟੀ ਦੇ ਸਿਪਾਹੀ ਦਾ ਫ਼ਰਜ਼ ਬਣਦਾ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਸਹਾਇਤਾ ਕਰੇ |
ਪ੍ਰੋ: ਜਗਜੀਤ ਸਿੰਘ 'ਗ਼ਦਰ ਪਾਰਟੀ ਲਹਿਰ' ਵਿਚ ਲਿਖਦੇ ਹਨ ਕਿ ਗ਼ਦਰ ਪਾਰਟੀ ਨੇ ਹੀ 'ਪੰਚਾਇਤੀ ਰਾਜ' ਦੇ ਨਿਸ਼ਾਨੇ ਨੂੰ ਸਾਰੀ ਦੁਨੀਆ ਵਿਚ ਅਸਲੀ ਵਰਤੋਂ ਵਿਚ ਆਉਣ ਵਾਲਾ ਅਗਾਂਹ-ਵਧੂ ਰਾਜਸੀ ਆਦਰਸ਼ ਪ੍ਰਵਾਨ ਕੀਤਾ | ਜੇਕਰ ਭਾਰਤ ਦੇ ਸਮਕਾਲੀ ਰਾਸ਼ਟਰੀ ਨੇਤਾ, ਗ਼ਦਰ ਪਾਰਟੀ ਵਾਂਗ ਇਨਕਲਾਬੀ ਰਾਹ ਫੜਦੇ, ਤਾਂ ਆਜ਼ਾਦੀ ਦੀ ਲਹਿਰ ਜ਼ਿਆਦਾ ਅਸਰਪਾਊ ਹੋ ਸਕਦੀ ਸੀ | ਗ਼ਦਰ ਪਾਰਟੀ ਨੇ ਸ਼ਬਦ ‘ਗ਼ਦਰ' ਨੂੰ ਇਨਕਲਾਬੀ ਸਰੂਪ ਅਤੇ ਵਿਆਪਕ ਅਰਥਾਂ ਵਾਲਾ ਮੰਨਿਆ ਹੈ। ‘ਗ਼ਦਰ' ਦੇ ਛਪਣ ਤੋਂ ਪਹਿਲਾਂ ਕੈਨੇਡਾ ਦੇ ਸਮਾਚਾਰ ਪੱਤਰਾਂ ਵਿਚ ਬਾਗ਼ੀ ਸੋਚ ਮੌਜੂਦ ਸੀ। ਗ਼ਦਰ ਪਾਰਟੀ ਨੇ ਸਿਧਾਂਤਕ ਰੂਪ ਵਿਚ, ਸੰਸਾਰ ਭਰ ਦੀਆਂ ਇਨਕਲਾਬੀ ਲਹਿਰਾਂ ਅਤੇ ਕ੍ਰਾਂਤੀਕਾਰੀ ਸੰਘਰਸ਼ ਨੂੰ 'ਗ਼ਦਰ' ਕਹਿ ਕੇ ਪ੍ਰਵਾਨ ਕੀਤਾ ਹੈ।1 ਨਵੰਬਰ 1913 ਨੂੰ ਸਾਨਫਰਾਂਸਿਸਕੋ ਤੋਂ ਹਫ਼ਤਾਵਾਰੀ ਉਰਦੂ ਸਮਾਚਾਰ ਪੱਤਰ ‘ਗ਼ਦਰ' ਨਿਕਲਿਆ।
ਗੁਰਮੁਖੀ ਵਿਚ ਪੰਜਾਬੀ ਦਾ ਹਫ਼ਤਾਵਾਰੀ ‘ਗ਼ਦਰ' ਦਸੰਬਰ 1913 ਵਿਚ ਸ਼ੁਰੂ ਹੋਇਆ, ਜਿਸ ਦੇ ਸੰਪਾਦਕ ਨੌਜਵਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ। 'ਗ਼ਦਰ ਪ੍ਰੈੱਸ' ਛਾਪੇ ਖਾਨੇ ਤੋਂ ਪ੍ਰਕਾਸ਼ਿਤ ਅਤੇ 'ਯੁਗਾਂਤਰ ਆਸ਼ਰਮ' ਤੋਂ ਨਿਕਲੇ 'ਗ਼ਦਰ ਅਖ਼ਬਾਰ' ਨੇ ਨਾ ਸਿਰਫ਼ ਭਾਰਤੀਆਂ ਨੂੰ ਹੀ, ਬਲਕਿ ਦੁਨੀਆ ਭਰ ਦੇ ਇਨਕਲਾਬੀਆਂ ਨੂੰ ਮਨੁੱਖੀ ਹੱਕਾਂ ਲਈ ਲੜਨ ਅਤੇ ਆਜ਼ਾਦੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ 'ਚ ਨਿਕਲਣ ਵਾਲੇ ਹਫ਼ਤਾਵਾਰੀ 'ਗ਼ਦਰ' ਦਾ ਸੰਪਾਦਨ ਕਾਰਜ ਕਰਦਿਆਂ ਨੌਜਵਾਨ ਗ਼ਦਰੀ ਯੋਧੇ ਸ: ਸਰਾਭਾ ਨੇ ਪਾਠਕਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ 'ਗ਼ਦਰ' ਵਿਚਲੀਆਂ ਲਿਖਤਾਂ ਪੜ੍ਹਨ ਲਈ ਕੈਨੇਡਾ ਤੇ ਅਮਰੀਕਾ ਰਹਿੰਦੇ ਸਿਰਫ਼ ਪੰਜਾਬੀਆਂ ਨੇ ਹੀ ਗੁਰਮੁਖੀ ਲਿੱਪੀ ਨਹੀਂ ਸਿੱਖੀ, ਸਗੋਂ ਭਾਰਤ ਅੰਦਰ ਹੋਰਨਾਂ ਬੋਲੀਆਂ ਵਾਲੇ ਪਾਠਕ ਵੀ ਪੰਜਾਬੀ ਭਾਸ਼ਾ ਨਾਲ ਜੁੜ ਗਏ |
ਸਹੀ ਅਰਥਾਂ 'ਚ 'ਗ਼ਦਰ' ਪੰਜਾਬੀ ਅਖ਼ਬਾਰ ਹੱਕ, ਸੱਚ ਤੇ ਆਜ਼ਾਦੀ ਦੇ ਸੰਕਲਪ ਨੂੰ ਪੇਸ਼ ਕਰਨ ਵਾਲਾ, ਪੰਜਾਬੀ ਪੱਤਰਕਾਰੀ ਦਾ ਥੰਮ ਕਿਹਾ ਜਾ ਸਕਦਾ ਹੈ। ਪੰਜਾਬੀ ਹਫ਼ਤਵਾਰੀ ‘ਗ਼ਦਰ' ਦੇ ਸ਼ੁਰੂ ਦੇ ਅੰਕਾਂ ਵਿਚ ਗੁਰਬਾਣੀ ਦੀ ਪੰਕਤੀ ਨੂੰ, ਕੁਝ ਕੁ ਬਦਲਵੇਂ ਰੂਪ 'ਚ "ਜੇ ਚਿਤ ਪ੍ਰੇਮ ਖੇਲਣ ਦਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ॥" ਵਿਚਕਾਰ ਲਿਖ ਕੇ ਦੋਹਾਂ ਨੁੱਕਰਾਂ ਉੱਤੇ ‘ਬੰਦੇ' ਅਤੇ ‘ਮਾਤਰਮ' ਲਿਿਖਆ ਮਿਲਦਾ ਹੈ। ਇਹ ਉਸ ਸਮੇਂ ਦੇ ਅੰਕ ਹਨ, ਜਦੋਂ ਪੰਜਾਬੀ ਸਮਾਚਾਰ ਪੱਤਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ। ਕੁਝ ਸਮੇਂ ਮਗਰੋਂ ਗ਼ਦਰੀ ਯੋਧਿਆਂ ਦੇ ਦੇਸ਼ ਜਾ ਕੇ ਕੁਰਬਾਨੀ ਕਰਨ ਲਈ ਤੱਤਪਰ ਹੁੰਦਿਆਂ ਸ਼ਹੀਦੀਆਂ ਪਾਈਆਂ ਜਾਂ ਲੰਮੀਆਂ ਸਜ਼ਾਵਾਂ ਕੱਟੀਆਂ। ਇਨ੍ਹਾਂ ਯੋਧਿਆਂ ਤੋਂ ਮਗਰੋਂ ‘ਗ਼ਦਰ' ਦੀ ਦਿਖ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਅਤੇ ਇਸ ਦਾ ਮੁੱਖ ਪੰਨੇ ਬਦਲ ਦਿੱਤਾ ਗਿਆ। ਗੁਰਬਾਣੀ ਦੀ ਤੁਕ ਹਟਾ ਕੇ, ਉਸ ਦੀ ਜਗ੍ਹਾ ‘ਐ ਮਰਦਾਨੋ ਹਿੰਦੀ ਜਵਾਨੋੋ ਜਲਦੀ ਲੋ ਹਥਿਆਰ' ਲਿਖ ਦਿੱਤੀ ਗਈ। ‘ਗ਼ਦਰ' ਸਮਾਚਾਰ ਪੱਤਰ ਦੇ ਮੁੱਖ ਪੰਨੇ ਅਤੇ ਰੂਪ ਵਿਚ ਅਜਿਹੀਆਂ ਤਬਦੀਲੀਆਂ ਸੁਭਾਵਿਕ ਨਹੀਂ ਹੋਈਆਂ, ਸਗੋਂ ਯੋਜਨਾਬੱਧ ਢੰਗ ਨਾਲ ਲਿਆਦੀਆਂ ਗਈਆਂ।
ਗ਼ਦਰ ਪਾਰਟੀ ਨੂੰ ਦੋਫਾੜ ਕਰਨ ਵਾਲੇ ਮੌਕਾ ਪ੍ਰਸਤ ਰਾਮ ਚੰਦਰ ਨੇ ਪਹਿਲੇ ਸਫ਼ੇ 'ਤੇ ਸੰਪਾਦਕ ਵਜੋਂ ਆਪਣਾ ਨਾਂ ਵੀ ਲਿਖਣਾ ਸ਼ੁਰੂ ਕਰ ਦਿੱਤਾ ਤੇ ਮਗਰੋਂ ਪਾਰਟੀ ਤੋਂ ਅਲਹਿਦਾ ਹੋ ਕੇ, ਪਾਰਟੀ ਦੇ ਪਰਚੇ ਦੇ ਸਮਾਨਾਂਤਰ, ਉਸੇ ਹੀ ਨਾਂ 'ਤੇ ਵੱਖਰਾ ਹਿੰਦੁਸਤਾਨ ਗ਼ਦਰ ਵੀ ਕੱਢਿਆ। ਆਰੰਭ 'ਚ ਇਸ ਅਖ਼ਬਾਰ ਨਾਲ ਸੰਬੰਧਿਤ ਹੋਣ ਵਾਲੇ ‘ਗ਼ਦਰ' ਸਮਾਚਾਰ ਪੱਤਰ ਦੇ ਪੰਜਾਬੀ ਅੰਕ ਦੇ ਸੰਪਾਦਕ ਕਰਤਾਰ ਸਿੰਘ ਸਰਾਭਾ ਰਹੇ ਤੇ ਹੋਰਨਾਂ ਇਨਕਲਾਬੀ ਲਿਖਾਰੀਆਂ 'ਚ ਹਰਨਾਮ ਸਿੰਘ ਟੁੰਡੀਲਾਟ, ਭਾਈ ਸੰਤੋਖ ਸਿੰਘ ਧਰਦਿਓ, ਭਗਵਾਨ ਸਿੰਘ ਪ੍ਰੀਤਮ, ਮੁਨਸ਼ਾ ਸਿੰਘ ਦੁਖੀ, ਕਰਤਾਰ ਸਿੰਘ ਲਤਾੜਾ, ਬਸੰਤ ਸਿੰਘ ਚੌਂਦਾ, ਮਹਿਬੂਬ ਅਲੀ, ਇਨਾਇਤ ਖਾਂ, ਰਾਮ ਚੰਦਰ, ਖੇਮ ਚੰਦ ਦਾਸ, ਮੋਹਨ ਲਾਲ, ਪਿਰਥੀ ਸਿੰਘ ਆਜ਼ਾਦ, ਬਿਸ਼ਨ ਸਿੰਘ ਸਦਾ ਸਿੰਘ ਵਾਲਾ ਅਤੇ ਨਿਧਾਨ ਸਿੰਘ ਮਹੇਸ਼ਰੀ ਵੀ ਸਮੇਂ-ਸਮੇਂ ‘ਗ਼ਦਰ ਨਾਲ ਜੁੜੇ ਰਹੇ। ਜ਼ਿਆਦਾਤਰ ਲਿਖਾਰੀ ਆਪਣੇ ਉਪਨਾਮ ਜਾਂ ਤਖ਼ੱਲਸ ਆਦਿ ਦੀ ਵਰਤੋਂ ਹੀ ਕਰਦੇ ਸਨ।
ਗਦਰੀ ਬਾਬਿਆਂ ਦੀ ਦੁਖੀਆ, ਗ਼ਦਰ ਦਾ ਸਿਪਾਹੀ, ਪ੍ਰੀਤਮ, ਫ਼ਕੀਰ, ਪੰਜਾਬੀ ਸਿੰਘ, ਸੇਵਕ, ਬਾਗ਼ੀ, ਜਾਚਕ, ਇਕਬਾਲ, ਹਮਦਮ, ਅਜ਼ਾਦ, ਯਕਦਮ, ਨਾਸਤਕ, ਸੱਚ, ਹਿੰਦ ਸੇਵਕ ਅਤੇ ਨਿਧੜਕ ਆਦਿ ਫ਼ਰਜ਼ੀ ਨਾਮਾਂ ਅਧੀਨ ‘ਗ਼ਦਰ' ਵਿਚਲੀ ਰਚਨਾ ਦਾ ਉਦੇਸ਼ ਜਿੱਥੇ ਇਕ ਪਾਸੇ ਵਿਅਕਤੀਗਤ ਪ੍ਰਸਿੱਧੀ ਦੀ ਥਾਂ, ਲਹਿਰ ਦੇ ਮਨੋਰਥ ਨੂੰ ਉਜਾਗਰ ਕਰਨਾ ਸੀ, ਉੱਥੇ ਦੂਜੇ ਪਾਸੇ ਰਾਜਸੀ ਹਾਲਤਾਂ ਨੂੰ ਸਮਝਦਿਆਂ ਗ਼ਦਰੀਆਂ ਦੀ ਪਛਾਣ ਗੁਪਤ ਰੱਖਣਾ ਸੀ। ਇਨ੍ਹਾਂ ਲਿਖਾਰੀਆਂ ਦਾ ਉਦੇਸ਼ ਪਰਵਾਸੀ ਭਾਰਤੀਆਂ ਵਿਚ ਰਾਜਨੀਤਕ ਚੇਤਨਾ ਪੈਦਾ ਕਰਕੇ ਆਜ਼ਾਦੀ ਦੀ ਲੜਾਈ ਲਈ ਮਾਹੌਲ ਪੈਦਾ ਕਰਨਾ ਸੀ। ਪੰਜਾਬੀ ਹਫ਼ਤਵਾਰੀ ‘ਗ਼ਦਰ' ਦੇ ਪਰਚੇ ਪੱਤਰਕਾਰੀ ਵਿਚ ਅਜਿਹੇ ਮਹੱਤਵ ਦੇ ਲਖਾਇਕ ਹਨ, ਜੋ ਅਗਲੀਆਂ ਪੀੜ੍ਹੀਆਂ ਅੰਦਰ ਚੇਤਨਾ ਪੈਦਾ ਕਰਨ ਲਈ ਮੀਲ ਪੱਥਰ ਸਾਬਤ ਹੋਏ। ‘ਗ਼ਦਰ' ਸਮਾਚਾਰ ਪੱਤਰ ਦਾ ਇਕੋ-ਇਕ ਨਿਸ਼ਾਨਾ ਆਜ਼ਾਦੀ ਸੀ ਅਤੇ ਇਸ ਦੀ ਪ੍ਰਾਪਤੀ ਲਈ ਗ਼ਦਰ ਨੇ ਦੁਨੀਆਂ ਭਰ ਦੇ ਆਜ਼ਾਦੀ ਪਸੰਦ ਭਾਰਤੀਆਂ ਨੂੰ ਜਥੇਬੰਦ ਕੀਤਾ।
‘ਗ਼ਦਰ' ਲਹਿਰ ਕੇਵਲ ਅਮਰੀਕਾ ਜਾਂ ਕੈਨੇਡਾ ਤੱਕ ਸੀਮਤ ਨਾ ਰਹਿ ਕੇ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਗਈ। ਜਿਉਂ ਹੀ ਗ਼ਦਰ ਲਹਿਰ ਵਧੀ ਤੇ ਜਨਤਾ ਵਿਚ ਇਨਕਲਾਬ ਆਇਆ, ਸਮਾਚਾਰ ਪੱਤਰ ਦੀ ਖਪਤ ਵਧਦੀ ਗਈ, ਸਮਾਚਾਰ ਪੱਤਰ ਦੇ ਉਰਦੂ ਤੇ ਪੰਜਾਬੀ ਤੋਂ ਇਲਾਵਾ ਹਿੰਦੀ, ਗੁਜਰਾਤੀ, ਬੰਗਾਲੀ, ਪਸਤੋ, ਨੇਪਾਲੀ ਵਿਚ ਵੀ ਸਪੈਸ਼ਲ ਨੰਬਰ ਨਿਕਲਣ ਲੱਗੇ ਪਏ, ਸਮਾਚਾਰ ਪੱਤਰ ਕਈ ਹਜ਼ਾਰਾਂ ਦੀ ਗਿਣਤੀ ਵਿਚ ਛਾਪਿਆ ਤੇ ਵੰਡਿਆ ਜਾਣ ਲੱਗਾ, ਕਿਹਾ ਜਾਂਦਾ ਹੈ ਕਿ 1916 ਵਿਚ ਇਹ ਹਫ਼ਤੇ ਦਾ ਦਸ ਲੱਖ ਛਪਣ ਲੱਗ ਪਿਆ ਸੀ। ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਸਾਰੇ ਸਫਰ ਦੀ ਆਰੰਭਤਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਤੋਂ ਹੋਈ।
ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਬਰਾਬਰੀ ਤੇ ਮਾਨਵੀ ਹੱਕਾਂ ਦੀ ਪਹਿਰੇਦਾਰ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਗੁਰਦੁਆਰਾ ਸਾਹਿਬ ਦੀ ਮਹਾਨ ਦੇਣ ਦੀ ਗੱਲ ਕਰਨੀ ਜਿਥੇ ਵੱਡਾ ਮਹੱਤਵ ਰੱਖਦੀ ਹੈ, ਉਥੇ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਗ਼ਦਰੀ ਬਾਬਿਆਂ ਨੇ ਜਿਸ ਮੰਤਵ ਲਈ ਕੁਰਬਾਨੀਆਂ ਦਿੱਤੀਆਂ ਸਨ, ਉਹ ਅਜੇ ਵੀ ਸੰਪੂਰਨ ਨਹੀਂ ਹੋਇਆ | ਇਸ ਦੀ ਪ੍ਰਤੱਖ ਮਿਸਾਲ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ 'ਆਜ਼ਾਦ ਭਾਰਤ' 'ਚ ਕਹੇ ਇਨ੍ਹਾਂ ਸ਼ਬਦਾਂ ਤੋਂ ਹੋ ਜਾਂਦੀ ਹੈ ਕਿ ਮੇਰੀ ਪਿੱਠ 'ਚ ਅੰਗਰੇਜ਼ ਕੁੱਬ ਨਹੀਂ ਪਾ ਸਕੇ, ਪਰ ਆਪਣਿਆਂ ਨੇ ਜ਼ਰੂਰ ਪਾ ਦਿੱਤਾ।
ਸਾਮਰਾਜੀ ਤਾਕਤਾਂ, ਫ਼ਿਰਕਾਪ੍ਰਸਤੀ, ਪਰਿਵਾਰਵਾਦ, ਭਿ੍ਸ਼ਟਾਚਾਰ, ਡੰਡਾ-ਤੰਤਰ ਅਤੇ ਬੁਰਜ਼ੂਆ ਢਾਂਚਾ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਹੈ | ਪੰਚਾਇਤੀ ਰਾਜ ਦੀ ਥਾਂ ਭਾਈ-ਭਤੀਜਾਵਾਦ ਨੇ ਮੱਲੀ ਹੋਈ ਹੈ | ਅਜੇ ਵੀ ਗ਼ਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਉਹ ਜੱਦੀ ਸੰਪਤੀਆਂ ਮੋੜੀਆਂ ਨਹੀਂ ਗਈਆਂ, ਜੋ ਅੰਗਰੇਜ਼ਾਂ ਵੇਲੇ ਸਰਕਾਰਾਂ ਵੱਲੋਂ ਕੁਰਕ ਕੀਤੀਆਂ ਗਈਆਂ ਸਨ | ਗ਼ਦਰੀ ਯੋਧਿਆਂ ਦੇ ਪਿੰਡ ਪੱਧਰ 'ਤੇ ਅਜਿਹੇ ਯਾਦਗਾਰੀ ਸਥਾਨ ਨਜ਼ਰ ਨਹੀਂ ਆਉਂਦੇ, ਜੋ ਉਨ੍ਹਾਂ ਦੀ ਘਾਲਣਾ ਬਾਰੇ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰ ਸਕਣ | ਵਿਦੇਸ਼ਾਂ ਜਾਂ ਦੇਸ਼ ਅੰਦਰ ਸਰਕਾਰੀ ਇਮਾਰਤਾਂ ਅੰਦਰ ਢੁਕਵੇਂ ਰੂਪ 'ਚ ਗ਼ਦਰੀ ਯੋਧਿਆਂ ਦੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ | ਗ਼ਦਰੀ ਬਾਬਿਆਂ 'ਚੋਂ 90 ਫ਼ੀਸਦੀ ਪੰਜਾਬੀ ਤੇ ਵਿਸ਼ੇਸ਼ ਕਰਕੇ ਸਿੱਖ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਸਿੱਖ ਵਿਰਸੇ, ਇਤਿਹਾਸ, ਸਿੱਖ ਸੱਭਿਆਚਾਰ ਅਤੇ ਗੁਰਬਾਣੀ ਤੋਂ ਵੱਖ ਕਰਕੇ ਨਿਰੇ ਖੱਬੀ ਪੱਖੀ ਅਤੇ ਮਾਰਕਸੀ ਧਾਰਨਾ ਦੇ ਪਾਂਧੀ ਬਣਾ ਕੇ ਪੇਸ਼ ਕਰਨਾ ਇਤਿਹਾਸ ਨਾਲ ਖਿਲਵਾੜ ਵੀ ਹੈ ਅਤੇ ਆਪਣੀ ਵਿਰਾਸਤ ਨਾਲ ਧ੍ਰੋਹ ਕਮਾਉਣਾ ਵੀ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਅੱਜ ਭਾਰਤ ਫਾਸ਼ੀਵਾਦ ਦੀ ਜਿਸ ਮੋੜ 'ਤੇ ਪਹੁੰਚ ਚੁੱਕਿਆ ਹੈ, ਉਹ ਅੰਗਰੇਜ਼ ਸਾਮਰਾਜ ਤੋਂ ਵੀ ਖ਼ਤਰਨਾਕ ਹੈ। ਅੰਗਰੇਜ਼ਾਂ ਅੱਗੇ ਮੁਆਫ਼ੀਆਂ ਮੰਗਣ ਵਾਲੇ ਸਾਵਰਕਰ ਨੂੰ ਅੱਜ ਦੇਸ਼ ਭਗਤ ਕਰਾਰ ਦਿੱਤਾ ਜਾ ਰਿਹਾ ਹੈ, ਜਦਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਯੋਧਿਆਂ ਦੇ ਵਾਰਿਸ ਜੇਲ੍ਹਾਂ 'ਚ ਬੰਦ ਹਨ।
ਗ਼ਦਰੀ ਬਾਬਿਆਂ ਨੇ ਭਾਰਤ ਨੂੰ ਧਰਮ-ਨਿਰਪੱਖ ਦੇਸ਼ ਬਣਾਉਣ ਦਾ ਸੁਪਨਾ ਲਿਆ ਸੀ, ਪਰ ਅੱਜ ਸਾਵਰਕਰੀ ਸੋਚ ਦੇ ਪਾਂਧੀ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣ ਲਈ ਬਜ਼ਿੱਦ ਹਨ। ਅਜਿਹੀ ਫ਼ਿਰਕੂ ਸੋਚ ਦਾ ਹੀ ਨਤੀਜਾ ਸੀ ਕਿ ਪੰਜਾਬ ਸੰਤਾਲੀ ਵੇਲੇ ਉਜਾੜਿਆ ਗਿਆ ਅਤੇ ਦੋ ਟੋਟਿਆਂ ਵਿੱਚ ਵੰਡ ਦਿੱਤਾ ਗਿਆ। ਦੱਸ ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ ਵਿਚ ਸਮੂਹ ਪੰਜਾਬੀ ਸਨ ਜ਼ਿਆਦਾਤਰ ਸਿੱਖ, ਮੁਸਲਮਾਨ ਅਤੇ ਹਿੰਦੂ ਭਾਈਚਾਰੇ ਨਾਲ ਵੀ ਸਬੰਧਿਤ ਸਨ। ਇਕ ਪਾਸੇ ਮੁਸਲਮਾਨਾਂ ਨੂੰ ਉਨ੍ਹਾਂ ਦਾ ਰਾਸ਼ਟਰ ਅਤੇ ਦੂਜੇ ਪਾਸੇ ਵੱਡੀ ਗਿਣਤੀ 'ਚ ਹਿੰਦੂਆਂ ਨੂੰ ਅਸਿੱਧੇ ਤੌਰ 'ਤੇ 'ਹਿੰਦੂ ਰਾਸ਼ਟਰ' ਸੌਂਪਿਆ ਗਿਆ, ਜੋ ਕਿ ਅੱਜ ਪ੍ਰਤੱਖ ਰੂਪ ਚ ਨਜ਼ਰ ਆ ਰਿਹਾ ਹੈ। ਸਭ ਤੋਂ ਵੱਡੇ ਧੱਕੇ ਦਾ ਸ਼ਿਕਾਰ ਹੋਏ ਸਭ ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੀ ਜੇਲ੍ਹਾਂ ਚ ਬੰਦ ਰਹਿਣ ਵਾਲੇ ਸਿੱਖ। ਗ਼ਦਰੀ ਬਾਬਿਆਂ ਦੀ ਗੱਲ ਕਰਦਿਆਂ ਇਹ ਦਰਦ ਮਹਿਸੂਸ ਹੋ ਰਿਹਾ ਹੈ ਕਿ ਅੱਜ ਕਹਿਣ ਨੂੰ ਤਾਂ ਭਾਰਤ ਆਜ਼ਾਦ ਹੈ, ਪਰ ਹਿੰਦ ਰਾਸ਼ਟਰ ਵਿੱਚ ਘੱਟਗਿਣਤੀਆਂ ਗੁਲਾਮ ਹਨ। ਉਨ੍ਹਾਂ ਵਿੱਚੋਂ ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਵੱਡੀਆਂ ਕੌਮਾਂ ਨੇ ਤਾਂ ਆਪਣੇ ਦੇਸ਼ ਬਣਾ ਲਏ, ਪਰ ਸਿੱਖ ਬੇਘਰੇ ਰੁਲ ਰਹੇ ਹਨ। ਇਥੋਂ ਤੱਕ ਕਿ ਅਮਰੀਕਾ ਕੈਨੇਡਾ ਵਿੱਚ ਵੱਸਦੇ ਸਿੱਖਾਂ ਦੇ ਉੱਪਰ ਵੀ ਹਮਲੇ ਕੀਤੇ ਜਾ ਰਹੇ ਹਨ। ਇਹ ਗੱਲ ਅਲੱਗ ਹੈ ਕਿ ਇਹਨਾਂ ਦੇਸ਼ਾਂ ਨੇ ਇਸ ਨੂੰ ਵਿਦੇਸ਼ੀ ਦਖਲ ਅੰਦਾਜ਼ੀ ਦੇ ਨਾਂ ਹੇਠ ਚੁਣੌਤੀ ਦਿੰਦਿਆਂ ਅਖੌਤੀ ਭਾਰਤੀ ਸਟੇਟ ਨੂੰ ਸ਼ੀਸ਼ਾ ਵਿਖਾਇਆ ਹੈ ਅਤੇ ਸਖਤ ਕਦਮ ਚੁੱਕੇ ਹਨ। ਅਜਿਹੀ ਧੱਕੇਸ਼ਾਹੀ ਖਿਲਾਫ ਲੜਨਾ ਹੀ ਗਦਰੀ ਬਾਬਿਆਂ ਦੀ ਸੋਚ ਤੇ ਪਹਿਰਾ ਦੇਣਾ ਕਿਹਾ ਜਾ ਸਕਦਾ ਹੈ।
ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ।
ਗਦਰ ਅਖਬਾਰ ਛਾਪਣ ਵਾਲੀ ਇਤਿਹਾਸਿਕ ਪ੍ਰਿੰਟਿੰਗ ਪ੍ਰੈਸ।
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕਲੰਬੀਆ ਦੀ ਸਰਕਾਰ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ 30ਵੀਂ ਸ਼ਹੀਦੀ ਵਰੇਗੰਢ 'ਤੇ 6 ਸਤੰਬਰ,2025 ਨੂੰ 'ਜਸਵੰਤ ਸਿੰਘ ਖਾਲੜਾ ਦਿਹਾੜਾ' ਐਲਾਨਿਆ ਗਿਆ - (ਡਾ. ਗੁਰਵਿੰਦਰ ਸਿੰਘ)
'ਪੰਥ ਰਤਨ' ਭਾਈ ਦਿੱਤ ਸਿੰਘ ਗਿਆਨੀ - ਡਾ. ਗੁਰਵਿੰਦਰ ਸਿੰਘ
6 ਸਤੰਬਰ 1914 : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਕੈਨੇਡਾ ਦੀ ਧਰਤੀ 'ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਈ ਭਾਗ ਸਿੰਘ ਭਿਖੀਵਿੰਡ ਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ 604 825 1550 - ਡਾ. ਗੁਰਵਿੰਦਰ ਸਿੰਘ
ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਸੈਕਿੰਡ ਐਵੀਨਿਊ ਵੈਨਕੂਵਰ ਦੇ ਮੁੱਖ ਸੇਵਾਦਾਰ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਹਨ। ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ, ਅੰਮ੍ਰਿਤਸਰ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਆ ਕੇ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 'ਚ ਮੁੱਖ ਭੂਮਿਕਾ ਨਿਭਾਈ, ਉਥੇ ਗ਼ਦਰ ਲਹਿਰ ਦੇ ਸੰਘਰਸ਼ ਵਿਚ ਵੀ ਮਹਾਨ ਆਗੂ ਵਜੋਂ ਉੱਭਰੇ। ਆਪ ਜੀ ਦਾ ਜਨਮ 1872 ਈਸਵੀ ਨੂੰ ਸਾਂਝੇ ਪੰਜਾਬ ਦੀ ਲਾਹੌਰ ਜਿਲੇ ਦੇ ਪਿੰਡ ਭਿੱਖੀਵਿੰਡ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਭਾਈ ਨਰਾਇਣ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਬੀਬੀ ਮਾਨ ਕੌਰ ਸੀ । ਆਪ ਚਾਰ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੇ ਸਨ। ਆਪਣੇ ਕਰੀਬ 20 ਸਾਲ ਦੀ ਉਮਰ 'ਚ ਫੌਜ ਵਿੱਚ ਨੌਕਰੀ ਕੀਤੀ। ਪੰਜ ਸਾਲਾਂ ਮਗਰੋਂ ਆਪ ਫੌਜੀ ਨੌਕਰੀ ਛੱਡ ਕੇ, ਹਾਂਗਕਾਂਗ ਚਲੇ ਗਏ, ਜਿੱਥੇ ਪੁਲਿਸ ਵਿੱਚ ਮੁਲਾਜ਼ਮ ਰਹੇ। ਫਿਰ ਚੀਨ ਦੇ ਸ਼ਹਿਰ ਸ਼ੰਘਾਈ ਚਲੇ ਗਏ ਅਤੇ ਉਥੇ ਵੀ ਕੁਝ ਸਮਾਂ ਪੁਲਿਸ 'ਚ ਸੇਵਾਵਾਂ ਦਿੱਤੀਆਂ।
ਸੰਨ 1906 ਵਿੱਚ ਭਾਈ ਭਾਗ ਸਿੰਘ ਕੈਨੇਡਾ ਆ ਗਏ ਅਤੇ ਇਥੇ ਭਾਈ ਸੁੰਦਰ ਸਿੰਘ ਜੀ ਦੇ ਪ੍ਰਭਾਵ ਅਧੀਨ ਸਿੱਖੀ ਜੀਵਨ-ਜਾਚ ਨਾਲ ਇੱਕ-ਮਿਕ ਹੋ ਗਏ। ਆਪ ਜੀ 22 ਜੁਲਾਈ 1906 ਨੂੰ ਕੈਨੇਡਾ ਵਿੱਚ ਬਣਾਈ ਗਈ ਖਾਲਸਾ ਦੀਵਾਨ ਸੁਸਾਇਟੀ ਦੇ ਸੇਵਾਦਾਰ ਬਣੇ। 28 ਜੂਨ 1908 ਨੂੰ ਅੰਮ੍ਰਿਤ ਛਕਿਆ ਅਤੇ ਪੂਰਨ ਸਿੰਘ ਸਜ ਗਏ। 13 ਮਾਰਚ 1909 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰਜਿਸਟਰਡ ਹੋਈ, ਜਿਸ ਦਾ ਸੰਵਿਧਾਨ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਲਿਖਿਆ। ਸੰਵਿਧਾਨ ਅਨੁਸਾਰ ਅੰਮ੍ਰਿਤਧਾਰੀ ਤੇ ਨਸ਼ਾ ਮੁਕਤ ਜੀਵਨ ਵਾਲੇ ਗੁਰਸਿੱਖ ਹੀ ਸੁਸਾਇਟੀ ਦੇ ਪ੍ਰਬੰਧਕ ਬਣ ਸਕਦੇ ਸਨ। ਭਾਈ ਭਾਗ ਸਿੰਘ ਜੀ ਪਹਿਲਾਂ ਸੁਸਾਇਟੀ ਦੇ ਮੁੱਖ ਸਕੱਤਰ ਅਤੇ ਖਜਾਨਚੀ ਰਹੇ ਅਤੇ ਮਗਰੋਂ 1910 ਵਿੱਚ ਆਪ ਇਸ ਸੰਸਥਾ ਦੇ ਪ੍ਰਧਾਨ ਬਣੇ।
ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਪਰਿਵਾਰਾਂ ਨੂੰ ਲਿਆਉਣ ਦੀ ਮੁਹਿੰਮ ਵਿੱਚ ਭਾਈ ਭਾਗ ਸਿੰਘ ਮੋਹਰੀ ਸਨ। ਆਪ ਜੀ ਦੀ ਸੁਪਤਨੀ ਬੀਬੀ ਹਰਨਾਮ ਕੌਰ ਅਤੇ ਭਾਈ ਬਲਵੰਤ ਸਿੰਘ ਜੀ ਸਿੰਘਣੀ ਬੀਬੀ ਕਰਤਾਰ ਕੌਰ ਕੈਨੇਡਾ ਵਿੱਚ 21 ਜਨਵਰੀ 1912 ਲੰਮੇ ਸੰਘਰਸ਼ ਮਗਰੋਂ ਪਹੁੰਚੇ ਅਤੇ ਲੋਕਾਂ ਲਈ ਰਾਹ ਖੋਲ੍ਹੇ। ਇਥੇ ਆਪ ਜੀ ਦੀ ਪਤਨੀ ਬੀਬੀ ਹਰਨਾਮ ਕੌਰ ਨੇ 21 ਜਨਵਰੀ 1914 ਨੂੰ ਧੀ ਬੀਬੀ ਕਰਮ ਕੌਰ ਨੂੰ ਜਨਮ ਦਿੱਤਾ, ਜੋ ਕਿ ਕੈਨੇਡਾ ਦੀ ਧਰਤੀ 'ਤੇ ਜਨਮ ਲੈਣ ਵਾਲੀ 'ਪਹਿਲੀ ਸਿੱਖ ਬੱਚੀ' ਕਹੀ ਜਾ ਸਕਦੀ ਹੈ। ਧੀ ਦੇ ਜਨਮ ਵੇਲੇ ਆਈਆਂ ਜਿਸਮਾਨੀ ਮੁਸ਼ਕਿਲਾਂ ਨਾਲ ਜੂਝਦੇ ਹੋਏ ਬੀਬੀ ਹਰਨਾਮ ਕੌਰ ਜੀ ਦੀ 28 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਏ। ਇਸ ਮਗਰੋਂ ਭਾਈ ਭਾਗ ਸਿੰਘ ਜੀ 'ਤੇ 26 ਮਹੀਨੇ ਦੇ ਪੁੱਤਰ ਜੋਗਿੰਦਰ ਸਿੰਘ ਅਤੇ ਨੌ ਦਿਨਾਂ ਦੀ ਧੀ ਕਰਮ ਕੌਰ ਦੀ ਦੀ ਵੱਡੀ ਇਸ ਜ਼ਿੰਮੇਵਾਰੀ ਆਣ ਪਈ। ਇੱਕ ਪਾਸੇ ਆਪ ਬੱਚਿਆਂ ਦੀ ਦੇਖਭਾਲ ਕਰਦੇ ਅਤੇ ਦੂਜੇ ਪਾਸੇ ਸਾਂਝੇ ਮਸਲਿਆਂ ਵਿੱਚ ਕੌਮ ਦੀ ਅਗਵਾਈ ਕਰਦੇ।
ਕੈਨੇਡਾ ਦੀ ਧਰਤੀ 'ਤੇ ਭਾਈ ਭਾਗ ਸਿੰਘ ਨੇ ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਨਫਰਤ ਅਤੇ ਵਿਤਕਰੇ ਅਧੀਨ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ 'ਗੁਰੂ ਨਾਨਕ ਜਹਾਜ਼' ਦੇ ਮੁਸਾਫ਼ਰਾਂ ਦੇ ਹੱਕ ਵਿੱਚ ਭਾਈ ਸਾਹਿਬ ਨੇ ਵਡਮੁੱਲੀ ਅਗਵਾਈ ਦਿੱਤੀ। ਇਸ ਤੋਂ ਇਲਾਵਾ ਕੈਨੇਡਾ 'ਚੋਂ ਭਾਰਤੀਆਂ ਨੂੰ ਕੱਢ ਕੇ ਹਾਂਡੂਰਸ ਭੇਜਣ ਦੀ ਕਾਰਵਾਈ ਦਾ ਵਿਰੋਧ ਕਰਨਾ, ਸਾਬਕਾ ਬਰਤਾਨਵੀ ਫ਼ੌਜੀਆਂ ਦੇ ਤਮਗੇ, ਇਨਸਿਗਨੀਆ ਆਦਿ ਅੱਗ ਵਿੱਚ ਸੜਨਾ ਅਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਸਮਾਗਮਾਂ ਦਾ ਵਿਰੋਧ ਆਦਿ ਦਲੇਰਾਨਾ ਕਾਰਜ ਵੀ ਭਾਈ ਭਾਗ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋਏ।
ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਪਿੰਡ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਵਿਚ ਰਹਿੰਦਿਆਂ ਹੋਇਆਂ ਭਾਰਤ ਵਿਚਲੇ ਬਸਤੀਵਾਦ ਖ਼ਿਲਾਫ਼ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਸ਼ਹੀਦੀ ਪਾਈ। ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦ ਕਿ ਕੁਝ ਨੇ ਨਾਂ ਬਤਨ ਸਿੰਘ, (ਭਾਵ ਵਤਨ, ਦੇਸ) ਲਿਖਿਆ ਹੈ। ਖ਼ੈਰ ਨਾਂ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਜਿੱਥੇ ਸ਼ਹਾਦਤ 'ਵਤਨ' ਲਈ ਦਿੱਤੀ, ਉੱਥੇ ਆਪਣਾ 'ਬਦਨ' ਭਾਵ ਤਨ ਵੀ ਕੌਮ ਲਈ ਸਮਰਪਿਤ ਕਰ ਦਿੱਤਾ। ਆਪ ਜੀ ਦਾ ਜਨਮ 1864 ਈਸਵੀ ਵਿੱਚ ਜ਼ਿਲਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਸ. ਬਘੇਲ ਸਿੰਘ ਜਵੰਦਾ ਦੇ ਘਰ ਬੀਬੀ ਜਿਉਣੀ ਦੀ ਕੁੱਖੋਂ ਹੋਇਆ। ਆਪ ਤਿੰਨ ਭਰਾ ਸਨ ਅਤੇ ਖੇਤੀਬਾੜੀ ਕਰਦੇ ਸਨ। ਮਗਰੋਂ ਭਾਈ ਸਾਹਿਬ ਫੌਜ ਵਿੱਚ ਭਰਤੀ ਹੋ ਗਏ ਅਤੇ ਕੁਝ ਸਮਾਂ ਬਰਮਾ ਵਿੱਚ ਵੀ ਸੇਵਾ ਕੀਤੀ। ਪੰਜ ਸਾਲ ਮਗਰੋਂ ਨੌਕਰੀ ਛੱਡ ਕੇ ਪਿੰਡ ਆ ਗਏ ਤੇ ਫਿਰ ਹਾਂਗਕਾਂਗ ਵਿਖੇ 1902 ਵਿੱਚ ਜੇਲ੍ਹ ਵਾਰਡ ਦੀ ਨੌਕਰੀ ਕੀਤੀ।
ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ 1907 ਵਿੱਚ ਕੈਨੇਡਾ ਆ ਗਏ, ਜਿੱਥੇ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ ਵਿੱਚ ਨੌਕਰੀ ਕੀਤੀ। ਆਪ ਅਣਥਕ ਮਿਹਨਤ ਕਰਦੇ ਸਨ। ਜਦੋਂ ਆਪ ਸ਼ਹੀਦ ਹੋਏ, ਉਦੋਂ ਤੱਕ ਆਪ ਅਣਵਿਆਹੇ ਸਨ। ਆਪ ਨੂੰ ਕੈਨੇਡਾ ਵਿੱਚ ਬਤਨ ਸਿੰਘ ਮਹੀਆਂਵਾਲਾ ਕਰਕੇ ਸੱਦਿਆ ਜਾਂਦਾ ਸੀ, ਕਿਉਂਕਿ ਆਪ ਨੂੰ ਪਿੰਡ ਰਹਿੰਦਿਆਂ ਮੱਝਾਂ ਰੱਖਣਾ ਦਾ ਭਰਪੂਰ ਸ਼ੌਕ ਸੀ। ਆਪ ਦਾਨੀ ਬਿਰਤੀ ਦੇ ਮਾਲਕ ਸਨ। ਭਾਈ ਬਤਨ ਸਿੰਘ ਭਸੌੜ ਵਿਖੇ ਖਾਲਸਾ ਸਕੂਲ ਵਿੱਚ ਲੜਕੀਆਂ ਲਈ ਵੱਧ-ਚੜ੍ਹ ਕੇ ਸਹਿਯੋਗ ਦਿੰਦੇ ਰਹੇ।ਪ੍ਰੋਫੈਸਰ ਸੰਤ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਬਣੀ 'ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ' ਵਿੱਚ ਭਾਈ ਬਤਨ ਸਿੰਘ ਨੇ ਡਾਇਰੈਕਟਰ ਦੀ ਸੇਵਾ ਨਿਭਾਈ ਅਤੇ ਦਾਨੀ ਵਜੋਂ ਸਹਿਯੋਗ ਵੀ ਦਿੱਤਾ। ਆਪ ਸਮਰਪਤ ਗੁਰਸਿੱਖ ਸਨ ਅਤੇ ਗੁਰੂ ਘਰ ਦੇ ਪ੍ਰੇਮੀ ਸਨ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ 'ਤੇ ਗੁਰੂ ਨਾਨਕ ਜਹਾਜ਼' ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ 'ਚ 'ਗੁਰੂ ਨਾਨਕ ਜਹਾਜ਼' ਦੇ ਵੈਨਕੂਵਰ ਪੁੱਜਣ 'ਤੇ ਕੈਨੇਡਾ ਸਰਕਾਰ ਨੇ ਮੁਸਾਫਿਰਾਂ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ। ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗਦਰੀ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ,1914 ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਇਹਨਾਂ ਯੋਧਿਆਂ ਨੇ ਫੈਸਲਾ ਕੀਤਾ ਕਿ 'ਗੁਰੂ ਨਾਨਕ ਜਹਾਜ਼' ਦੇ ਵਾਪਿਸ ਜਾਣ ਤੋਂ ਪਹਿਲਾਂ, ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦਾ ਸਾਹਿਤ ਤੇ ਹਥਿਆਰ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਭਾਈ ਭਾਗ ਸਿੰਘ ਹੋਰਨਾਂ ਭਾਈਆਂ ਸਮੇਤ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ 17 ਜੁਲਾਈ 2014 ਨੂੰ ਵਾਪਿਸ ਚੱਲ ਪਏ। ਕੈਨੇਡਾ ਦੇ ਸ਼ਹਿਰ ਐਬਸਫੋਰਡ 'ਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਭਾਗ ਸਿੰਘ ਅਤੇ ਉਹਨਾਂ ਦੇ 32 ਸਾਲ ਦੇ ਪੁੱਤਰ ਜੋਗਿੰਦਰ ਸਿੰਘ, ਭਾਈ ਬਲਵੰਤ ਸਿੰਘ ਜੀ ਅਤੇ ਭਾਈ ਮੇਵਾ ਸਿੰਘ ਤੇ ਕਈ ਹੋਰ ਗਦਰੀ ਆਗੂ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ।
ਉਧਰ ਵੈਨਕੂਵਰ ਵਿੱਚ ਨਸਲਵਾਦੀ ਬ੍ਰਿਟਿਸ਼ ਕੈਨੇਡੀਅਨ ਸਰਕਾਰ ਨੇ ਗੁਰੂ ਨਾਨਕ ਜਹਾਜ਼ ਨੂੰ ਧੱਕੇ ਨਾਲ ਵਾਪਸ ਮੋੜਨ ਦਾ ਫੈਸਲਾ ਲੈ ਲਿਆ, ਜਿਸ ਨੂੰ ਚੁਣੌਤੀ ਦਿੰਦਿਆਂ ਅਮਰੀਕਾ ਦੀ ਜੇਲ੍ਹ 'ਚੋਂ ਹੀ ਭਾਈ ਭਾਗ ਸਿੰਘ ਨੇ ਆਪਣੇ ਵਕੀਲ ਰਾਹੀਂ ਇਮੀਗ੍ਰੇਸ਼ਨ ਵਿਭਾਗ ਦੇ ਮੁਖੀ ਮੈਲਕਮ ਰੀਡ ਅਤੇ ਗੁਰੂ ਨਾਨਕ ਜਹਾਜ਼ ਦਾ ਕੇਸ ਲੜ ਰਹੇ ਸਰਕਾਰੀ ਵਕੀਲ ਨੂੰ ਟੈਲੀਗਰਾਮ ਭੇਜੀ ਕਿ ਉਹ (ਭਾਈ ਭਾਗ ਸਿੰਘ) ਗੁਰੂ ਨਾਨਕ ਜਹਾਜ਼ ਦੇ ਪਟੇਦਾਰ ਹਨ। ਇਸ ਕਰਕੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਗੁਰੂ ਨਾਨਕ ਜਹਾਜ਼ ਵਾਪਸ ਨਾ ਭੇਜਿਆ ਜਾਏ। ਕਿਸੇ ਵੀ ਹਾਲਤ ਵਿੱਚ ਜੇਕਰ ਕੈਨੇਡਾ ਸਰਕਾਰ ਮੁਸਾਫਰਾਂ ਨੂੰ ਜਬਰੀ ਵਾਪਸ ਭੇਜਦੀ ਭੇਜਦੀ ਹੈ, ਤਾਂ ਮੁਸਾਫਰਾਂ ਦੇ ਖਰਚ ਵਜੋਂ 35 ਹਜ਼ਾਰ ਡਾਲਰ ਅਦਾ ਕੀਤਾ ਜਾਏ।
ਭਾਈ ਭਾਗ ਸਿੰਘ ਵੱਲੋਂ ਗੁਰੂ ਨਾਨਕ ਜਹਾਜ਼ ਨੂੰ ਵਾਪਸ ਨਾ ਮੋੜਨ ਦੀ ਕਾਨੂੰਨੀ ਚਾਰਾਜੋਈ ਦੀ ਜਿੱਥੇ ਸਰਕਾਰੀ ਧੱਕੇਸ਼ਾਹੀ ਰਾਹੀਂ ਪਰਵਾਹ ਨਾ ਕੀਤੀ ਗਈ, ਉਥੇ ਦੂਜੇ ਪਟੇਦਾਰ ਭਾਈ ਹਸਨ ਰਹੀਮ (ਅਸਲ ਨਾਂ ਸ਼ਗੁਨ ਵਰਮਾ) ਨੂੰ ਮੱਲੋ-ਜੋਰੀ ਜਹਾਜ਼ ਭੇਜਣ ਲਈ ਪ੍ਰਵਾਨਗੀ ਵਾਸਤੇ ਤਿਆਰ ਕਰ ਕੇ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਤੋਂ ਮੋੜ ਦਿੱਤਾ। ਭਾਈ ਭਾਗ ਸਿੰਘ ਅਤੇ ਉਹਨਾਂ ਦੇ ਸਾਥੀ 30 ਜੁਲਾਈ 1914 ਨੂੰ ਜੇਲ੍ਹ 'ਚੋਂ ਰਿਹਾ ਹੋ ਕੇ ਵੈਨਕੂਵਰ ਪਹੁੰਚੇ। ਭਾਈ ਸਾਹਿਬ ਅੰਦਰ ਜਹਾਜ਼ ਜਬਰੀ ਕੈਨੇਡਾ ਤੋਂ ਮੋੜੇ ਜਾਣ ਦੀ ਘਟਨਾ ਦਾ ਡੂੰਘਾ ਰੋਸ ਸੀ।
4 ਅਗਸਤ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਿੰਦੁਸਤਾਨੀ ਬ੍ਰਿਟਿਸ਼ ਸਰਕਾਰ ਦੀ ਏਜੰਟ ਹਾਪਕਿਨਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਾ ਕੀਤਾ। ਇਹ ਘਟਨਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ 'ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ 'ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ। ਅਰਜਨ ਸਿੰਘ ਬੇਲਾ ਜਿਆਣ ਦੇ ਧੜੇ ਦਾ ਬੰਦਾ ਸੀ, ਜੋ ਕਿ ਅੰਗਰੇਜ਼ ਸਰਕਾਰ ਦੇ ਟਾਊਟ ਸਨ ਅਤੇ ਸਰਕਾਰ ਤੋਂ ਬਾਗੀ ਸਿੱਖ ਆਗੂਆਂ ਦੇ ਖਿਲਾਫ ਭੁਗਤਦੇ ਸਨ। ਬੇਲਾ ਤੇ ਉਸਦੇ ਸਾਥੀ ਸਮਝਦੇ ਸਨ ਕਿ ਭਾਈ ਭਾਗ ਸਿੰਘ ਅਤੇ ਉਹਨਾਂ ਦੇ ਧੜੇ ਵੱਲੋਂ ਅਰਜਨ ਸਿੰਘ ਦਾ ਕਤਲ ਕੀਤਾ ਗਿਆ ਹੈ।
ਜਦੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਣ ਲੱਗੀ, ਤਾਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲੇ ਜਿਆਣ ਨੇ ਦੋਵਾਂ ਹੱਥਾਂ 'ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ 'ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਹ ਵੇਖਦਿਆਂ ਸਾਰ ਹੀ ਅਰਦਾਸ 'ਚ ਖੜ੍ਹੇ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ।ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਦੀਵਾਨ ਹਾਲ ਅੰਦਰ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਨੂੰ ਬਚਾਉਂਦਿਆਂ, ਭਾਈ ਬਤਨ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ ਅਤੇ ਦੋਵੇਂ ਸਿੱਖ ਯੋਧੇ ਅਗਲੇ ਦਿਨ ਭਾਵ 6 ਸਤੰਬਰ 1914 ਨੂੰ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ, ਜਿਹਨਾਂ ਵਿੱਚ ਭਾਈ ਦਲੀਪ ਸਿੰਘ ਫਾਲਾ, ਭਾਈ ਬਲਵੰਤ ਸਿੰਘ ਖੁਰਦਪੁਰ ਦਾ ਸਨਬੰਧੀ ਭਾਈ ਉੱਤਮ ਸਿੰਘ ਨੂਰਪੁਰੀ, ਭਾਈ ਲਾਭ ਸਿੰਘ, ਭਾਈ ਬਤਨ ਸਿੰਘ ਕਾਹਰੀ, ਸੋਹਣ ਲਾਲ ਪਿੰਡ ਔਲਖ ਤੇ ਜਵਾਲਾ ਸਿੰਘ ਸ਼ੇਖ ਦੌਲਤ ਆਦਿ ਦਰਜਨ ਤੋਂ ਵੱਧ ਸਿੱਖ ਸ਼ਾਮਿਲ ਸਨ।
ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਲਹੂ ਭਿੱਜਿਆ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਿਤਮਜ਼ਰੀਫੀ ਇਸ ਗੱਲ ਦੀ ਸੀ ਕਿ ਵੈਨਕੂਵਰ ਦੀ ਅਦਾਲਤ ਵਿੱਚ 3 ਨਵੰਬਰ ਤੋਂ 6 ਨਵੰਬਰ,1914 ਤੱਕ ਚੱਲੀ ਸੁਣਵਾਈ ਦੁਆਰਾ ਜੱਜ ਆਇਲੇ ਮੌਰੀਸਨ ਨੇ ਜਿਊਰੀ ਨੂੰ ਕਿਹਾ ਕਿ ਮੁਜਰਿਮ ਬੇਲਾ ਜਿਆਣਾ ਬਰੀ ਹੋਣਾ ਚਾਹੀਦਾ ਹੈ, ਕਿਉਂਕਿ ਉਸ ਨੇ 'ਆਤਮ ਰੱਖਿਆ' ਲਈ ਗੋਲੀ ਚਲਾਈ। ਕੈਨੇਡਾ ਦੀ ਅਦਾਲਤ ਦੇ ਜੱਜ ਲਈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਸੀ! ਜਿਊਰੀ ਨੇ ਬੇਲੇ ਜਿਆਣ ਨੂੰ ਬੇਕਸੂਰ ਕਰਾਰ ਦੇ ਕੇ ਬਰੀ ਕਰ ਦਿੱਤਾ। ਉਧਰ ਸਿੱਖਾਂ ਅੰਦਰ ਇਸ ਗੱਲ ਦਾ ਭਾਰੀ ਰੋਸ ਸੀ ਅਤੇ ਇਸ ਦੌਰਾਨ ਸਿੱਖ ਯੋਧੇ ਭਾਈ ਜਗਤ ਸਿੰਘ ਮਹਿਰਾ ਭੂਤਵਿੰਡ ਨੇ ਵੈਨਕੂਵਰ ਦੀ ਗ੍ਰੈਨਵਿਲ ਸਟਰੀਟ 'ਤੇ ਹਿੰਦੂ ਸਟੋਰ ਵਿੱਚ ਦੁਸ਼ਟ ਬੇਲਾ ਜਿਆਣ ਅਤੇ ਉਹਦੇ ਸਾਥੀਆਂ 'ਤੇ ਗੋਲੀਆਂ ਚਲਾਈਆਂ। ਬੇਲਾ ਤਾਂ ਬਚ ਗਿਆ, ਪਰ ਉਸ ਦਾ ਇਕ ਸਾਥੀ ਰਤਨ ਉਰਫ ਪ੍ਰਤਾਪ ਕੋਟਲੀ ਮਾਰਿਆ ਗਿਆ, ਜਦਕਿ ਦੂਸਰਾ ਜ਼ਖਮੀ ਹੋ ਗਿਆ।
ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਨੂੰ ਸ਼ਹੀਦ ਕਰਨ ਵਾਲਾ ਬੇਲਾ ਜਿਆਣ ਡਰ ਦਾ ਮਾਰਿਆ 1 ਜੂਨ 1916 ਨੂੰ ਭਾਰਤ ਭੱਜ ਗਿਆ, ਜਿੱਥੇ 19 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ, ਦੁਸ਼ਟ ਗੱਦਾਰ ਬੇਲਾ ਜਿਆਣ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੀ ਸ਼ਹਾਦਤ ਵੇਲੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਭਾਈ ਮੇਵਾ ਸਿੰਘ ਨੇ 21 ਅਕਤੂਬਰ 1914 ਨੂੰ ਵੈਨਕੂਵਰ ਦੀ ਕਚਹਿਰੀ 'ਚ ਅੰਗਰੇਜ਼- ਭਾਰਤੀ ਵਿਲੀਅਮ ਹਾਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਨੂੰ ਸ਼ਹੀਦ ਕਰਨ ਲਈ ਮੁੱਖ ਜਿੰਮੇਵਾਰ ਨੂੰ ਸੋਧਣ ਕਰਕੇ ਗ੍ਰਿਫਤਾਰ ਕੀਤੇ ਗਏ ਭਾਈ ਮੇਵਾ ਸਿੰਘ ਖਿਲਾਫ 30 ਅਕਤੂਬਰ 1914 ਨੂੰ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਣਾਉ ਪੱਖ ਦੇ ਵਕੀਲ ਵੁੱਡਜ਼ ਅਤੇ ਸਰਕਾਰੀ ਵਕੀਲ ਟੇਲਰ ਸਨ। ਅਦਾਲਤ 'ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ 'ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ 'ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਵਿਚ ਅਨੁਵਾਦਕ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ :
"..ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ 'ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ 'ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ।..ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ।" ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਭਾਈ ਮੇਵਾ ਸਿੰਘ ਨੇ 11 ਜਨਵਰੀ 1915 ਨੂੰ ਹੱਸਦਿਆਂ- ਹੱਸਦਿਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾਈ।
ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਜਿੱਥੇ ਕੌਮੀ ਸ਼ਹੀਦ ਹਨ, ਉੱਥੇ ਹੀ ਗ਼ਦਰ ਲਹਿਰ ਨਾਲ ਸਬੰਧਿਤ ਮਹਾਨ ਸੂਰਬੀਰ ਵੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ -ਸ਼ੋਹਰਤ ਕਮਾਉਣ ਦੀ ਥਾਂ ਦੇਸ- ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ। ਅੱਜ 'ਕੈਨੇਡਾ-ਅਮਰੀਕਾ' ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਘਰਸ਼ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ। ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ- ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ। ਅੱਜ ਲਾਲ ਕਿਲੇ 'ਤੇ ਜਿਹੜਾ ਝੰਡਾ ਝੁੱਲਦਾ ਹੈ, ਉਸ ਦੀਆਂ ਨੀਂਹਾਂ 'ਚ ਵੀ ਗਦਰੀ ਬਾਬਿਆਂ ਦੀਆਂ ਮਾਸ ਤੇ ਹੱਡੀਆਂ ਮੌਜੂਦ ਹਨ, ਹਾਲਾਂਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ।
ਅਹਿਮ ਸਵਾਲ ਇਹ ਹਨ ਕਿ ਕੀ ਇਹ ਸ਼ਹੀਦ ਕੇਵਲ ਕੈਨੇਡਾ ਦੇ ਹੀ ਸ਼ਹੀਦ ਹਨ? ਅੱਜ ਪੰਜਾਬ 'ਚ ਖਾਸ ਕਰਕੇ ਅਤੇ ਭਾਰਤ 'ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ? ਕਿਸੇ ਵੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਕਿਉਂ ਨਹੀਂ ਜਾਂਦਾ? ਕੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ 'ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਚ ਉਚੇਰੇ ਰੂਪ 'ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ 'ਚ ਕੀਤੀਆਂ ਕੁਰਬਾਨੀਆਂ ਬਾਰੇ ਕਿੰਨਾ ਕੁ ਜ਼ਿਕਰ ਮਿਲਦਾ ਹੈ ? ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਕੋਈ ਸੰਕਲਪ ਲਿਆ ਹੈ ? ਜੇਕਰ ਉਕਤ ਸਾਰੇ ਸੁਆਲਾਂ ਦਾ ਜਵਾਬ 'ਨਾਂਹ' ਵਿੱਚ ਹੈ, ਤਾਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ ਦੋਸ਼ੀ ਹਨ। ਚਾਹੀਦਾ ਇਹ ਹੈ ਕਿ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਗਦਰੀ ਯੋਧਿਆਂ ਦੇ ਇਤਿਹਾਸ, ਨਵੇਂ ਸਿਰਿਓਂ ਸਹੀ ਅਤੇ ਤੱਥਾਂ ਅਧਾਰਤ ਲਿਖਵਾਏ ਜਾਣ। ਹਰ ਜਾਗਰੂਕ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਇਤਿਹਾਸਕਾਰ ਨੂੰ ਵੀ ਸ਼ਹੀਦ ਯੋਧਿਆਂ ਬਾਰੇ ਨਾਟਕ, ਲੇਖ, ਕਵਿਤਾਵਾਂ ਤੇ ਖੋਜ ਪੁਸਤਕਾਂ ਤਿਆਰ ਕਰਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਸ਼ਹੀਦ ਭਾਈ ਭਾਗ ਸਿੰਘ ਅਤੇ ਸ਼ਹੀਦ ਭਾਈ ਬਤਨ ਸਿੰਘ ਨੇ ਕੌਮ ਦੇ ਸੁਨਿਹਰੀ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕੀਤਾ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 'ਸੈਕਿੰਡ ਐਵਨਿਊ' ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਅਤੇ ਬੁੱਧੀਹੀਣ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ।
ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖ਼ਿਲਾਫ਼ ਸ਼ਹੀਦੀਆਂ ਪਾਈਆਂ। ਅਜੋਕੇ ਸਮੇਂ ਵੀ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ, ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂਵਾਦ ਦੇ ਢਹੇ ਚੜ੍ਹ ਕੇ ਘੱਟ ਗਿਣਤੀਆਂ 'ਤੇ ਜ਼ੁਲਮ ਢਾਹ ਰਹੀ ਹੈ, ਉਸ ਖ਼ਿਲਾਫ਼ ਇਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਹੋਇਆ ਸੰਘਰਸ਼ ਕਰਨਾ ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵੱਲੋਂ 7 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 11 ਤੋਂ 12 ਵਜੇ ਸ਼ਹੀਦੀ ਸਮਾਗਮ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਜਿੱਥੇ ਸਿੱਖ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ।