6 ਸਤੰਬਰ 1914 : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਕੈਨੇਡਾ ਦੀ ਧਰਤੀ 'ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਈ ਭਾਗ ਸਿੰਘ ਭਿਖੀਵਿੰਡ ਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ 604 825 1550 - ਡਾ. ਗੁਰਵਿੰਦਰ ਸਿੰਘ
ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਸੈਕਿੰਡ ਐਵੀਨਿਊ ਵੈਨਕੂਵਰ ਦੇ ਮੁੱਖ ਸੇਵਾਦਾਰ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਹਨ। ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ, ਅੰਮ੍ਰਿਤਸਰ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਆ ਕੇ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 'ਚ ਮੁੱਖ ਭੂਮਿਕਾ ਨਿਭਾਈ, ਉਥੇ ਗ਼ਦਰ ਲਹਿਰ ਦੇ ਸੰਘਰਸ਼ ਵਿਚ ਵੀ ਮਹਾਨ ਆਗੂ ਵਜੋਂ ਉੱਭਰੇ। ਆਪ ਜੀ ਦਾ ਜਨਮ 1872 ਈਸਵੀ ਨੂੰ ਸਾਂਝੇ ਪੰਜਾਬ ਦੀ ਲਾਹੌਰ ਜਿਲੇ ਦੇ ਪਿੰਡ ਭਿੱਖੀਵਿੰਡ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਭਾਈ ਨਰਾਇਣ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਬੀਬੀ ਮਾਨ ਕੌਰ ਸੀ । ਆਪ ਚਾਰ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੇ ਸਨ। ਆਪਣੇ ਕਰੀਬ 20 ਸਾਲ ਦੀ ਉਮਰ 'ਚ ਫੌਜ ਵਿੱਚ ਨੌਕਰੀ ਕੀਤੀ। ਪੰਜ ਸਾਲਾਂ ਮਗਰੋਂ ਆਪ ਫੌਜੀ ਨੌਕਰੀ ਛੱਡ ਕੇ, ਹਾਂਗਕਾਂਗ ਚਲੇ ਗਏ, ਜਿੱਥੇ ਪੁਲਿਸ ਵਿੱਚ ਮੁਲਾਜ਼ਮ ਰਹੇ। ਫਿਰ ਚੀਨ ਦੇ ਸ਼ਹਿਰ ਸ਼ੰਘਾਈ ਚਲੇ ਗਏ ਅਤੇ ਉਥੇ ਵੀ ਕੁਝ ਸਮਾਂ ਪੁਲਿਸ 'ਚ ਸੇਵਾਵਾਂ ਦਿੱਤੀਆਂ।
ਸੰਨ 1906 ਵਿੱਚ ਭਾਈ ਭਾਗ ਸਿੰਘ ਕੈਨੇਡਾ ਆ ਗਏ ਅਤੇ ਇਥੇ ਭਾਈ ਸੁੰਦਰ ਸਿੰਘ ਜੀ ਦੇ ਪ੍ਰਭਾਵ ਅਧੀਨ ਸਿੱਖੀ ਜੀਵਨ-ਜਾਚ ਨਾਲ ਇੱਕ-ਮਿਕ ਹੋ ਗਏ। ਆਪ ਜੀ 22 ਜੁਲਾਈ 1906 ਨੂੰ ਕੈਨੇਡਾ ਵਿੱਚ ਬਣਾਈ ਗਈ ਖਾਲਸਾ ਦੀਵਾਨ ਸੁਸਾਇਟੀ ਦੇ ਸੇਵਾਦਾਰ ਬਣੇ। 28 ਜੂਨ 1908 ਨੂੰ ਅੰਮ੍ਰਿਤ ਛਕਿਆ ਅਤੇ ਪੂਰਨ ਸਿੰਘ ਸਜ ਗਏ। 13 ਮਾਰਚ 1909 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰਜਿਸਟਰਡ ਹੋਈ, ਜਿਸ ਦਾ ਸੰਵਿਧਾਨ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਲਿਖਿਆ। ਸੰਵਿਧਾਨ ਅਨੁਸਾਰ ਅੰਮ੍ਰਿਤਧਾਰੀ ਤੇ ਨਸ਼ਾ ਮੁਕਤ ਜੀਵਨ ਵਾਲੇ ਗੁਰਸਿੱਖ ਹੀ ਸੁਸਾਇਟੀ ਦੇ ਪ੍ਰਬੰਧਕ ਬਣ ਸਕਦੇ ਸਨ। ਭਾਈ ਭਾਗ ਸਿੰਘ ਜੀ ਪਹਿਲਾਂ ਸੁਸਾਇਟੀ ਦੇ ਮੁੱਖ ਸਕੱਤਰ ਅਤੇ ਖਜਾਨਚੀ ਰਹੇ ਅਤੇ ਮਗਰੋਂ 1910 ਵਿੱਚ ਆਪ ਇਸ ਸੰਸਥਾ ਦੇ ਪ੍ਰਧਾਨ ਬਣੇ।
ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਪਰਿਵਾਰਾਂ ਨੂੰ ਲਿਆਉਣ ਦੀ ਮੁਹਿੰਮ ਵਿੱਚ ਭਾਈ ਭਾਗ ਸਿੰਘ ਮੋਹਰੀ ਸਨ। ਆਪ ਜੀ ਦੀ ਸੁਪਤਨੀ ਬੀਬੀ ਹਰਨਾਮ ਕੌਰ ਅਤੇ ਭਾਈ ਬਲਵੰਤ ਸਿੰਘ ਜੀ ਸਿੰਘਣੀ ਬੀਬੀ ਕਰਤਾਰ ਕੌਰ ਕੈਨੇਡਾ ਵਿੱਚ 21 ਜਨਵਰੀ 1912 ਲੰਮੇ ਸੰਘਰਸ਼ ਮਗਰੋਂ ਪਹੁੰਚੇ ਅਤੇ ਲੋਕਾਂ ਲਈ ਰਾਹ ਖੋਲ੍ਹੇ। ਇਥੇ ਆਪ ਜੀ ਦੀ ਪਤਨੀ ਬੀਬੀ ਹਰਨਾਮ ਕੌਰ ਨੇ 21 ਜਨਵਰੀ 1914 ਨੂੰ ਧੀ ਬੀਬੀ ਕਰਮ ਕੌਰ ਨੂੰ ਜਨਮ ਦਿੱਤਾ, ਜੋ ਕਿ ਕੈਨੇਡਾ ਦੀ ਧਰਤੀ 'ਤੇ ਜਨਮ ਲੈਣ ਵਾਲੀ 'ਪਹਿਲੀ ਸਿੱਖ ਬੱਚੀ' ਕਹੀ ਜਾ ਸਕਦੀ ਹੈ। ਧੀ ਦੇ ਜਨਮ ਵੇਲੇ ਆਈਆਂ ਜਿਸਮਾਨੀ ਮੁਸ਼ਕਿਲਾਂ ਨਾਲ ਜੂਝਦੇ ਹੋਏ ਬੀਬੀ ਹਰਨਾਮ ਕੌਰ ਜੀ ਦੀ 28 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਏ। ਇਸ ਮਗਰੋਂ ਭਾਈ ਭਾਗ ਸਿੰਘ ਜੀ 'ਤੇ 26 ਮਹੀਨੇ ਦੇ ਪੁੱਤਰ ਜੋਗਿੰਦਰ ਸਿੰਘ ਅਤੇ ਨੌ ਦਿਨਾਂ ਦੀ ਧੀ ਕਰਮ ਕੌਰ ਦੀ ਦੀ ਵੱਡੀ ਇਸ ਜ਼ਿੰਮੇਵਾਰੀ ਆਣ ਪਈ। ਇੱਕ ਪਾਸੇ ਆਪ ਬੱਚਿਆਂ ਦੀ ਦੇਖਭਾਲ ਕਰਦੇ ਅਤੇ ਦੂਜੇ ਪਾਸੇ ਸਾਂਝੇ ਮਸਲਿਆਂ ਵਿੱਚ ਕੌਮ ਦੀ ਅਗਵਾਈ ਕਰਦੇ।
ਕੈਨੇਡਾ ਦੀ ਧਰਤੀ 'ਤੇ ਭਾਈ ਭਾਗ ਸਿੰਘ ਨੇ ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਨਫਰਤ ਅਤੇ ਵਿਤਕਰੇ ਅਧੀਨ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ 'ਗੁਰੂ ਨਾਨਕ ਜਹਾਜ਼' ਦੇ ਮੁਸਾਫ਼ਰਾਂ ਦੇ ਹੱਕ ਵਿੱਚ ਭਾਈ ਸਾਹਿਬ ਨੇ ਵਡਮੁੱਲੀ ਅਗਵਾਈ ਦਿੱਤੀ। ਇਸ ਤੋਂ ਇਲਾਵਾ ਕੈਨੇਡਾ 'ਚੋਂ ਭਾਰਤੀਆਂ ਨੂੰ ਕੱਢ ਕੇ ਹਾਂਡੂਰਸ ਭੇਜਣ ਦੀ ਕਾਰਵਾਈ ਦਾ ਵਿਰੋਧ ਕਰਨਾ, ਸਾਬਕਾ ਬਰਤਾਨਵੀ ਫ਼ੌਜੀਆਂ ਦੇ ਤਮਗੇ, ਇਨਸਿਗਨੀਆ ਆਦਿ ਅੱਗ ਵਿੱਚ ਸੜਨਾ ਅਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਸਮਾਗਮਾਂ ਦਾ ਵਿਰੋਧ ਆਦਿ ਦਲੇਰਾਨਾ ਕਾਰਜ ਵੀ ਭਾਈ ਭਾਗ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋਏ।
ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਪਿੰਡ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਵਿਚ ਰਹਿੰਦਿਆਂ ਹੋਇਆਂ ਭਾਰਤ ਵਿਚਲੇ ਬਸਤੀਵਾਦ ਖ਼ਿਲਾਫ਼ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਸ਼ਹੀਦੀ ਪਾਈ। ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦ ਕਿ ਕੁਝ ਨੇ ਨਾਂ ਬਤਨ ਸਿੰਘ, (ਭਾਵ ਵਤਨ, ਦੇਸ) ਲਿਖਿਆ ਹੈ। ਖ਼ੈਰ ਨਾਂ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਜਿੱਥੇ ਸ਼ਹਾਦਤ 'ਵਤਨ' ਲਈ ਦਿੱਤੀ, ਉੱਥੇ ਆਪਣਾ 'ਬਦਨ' ਭਾਵ ਤਨ ਵੀ ਕੌਮ ਲਈ ਸਮਰਪਿਤ ਕਰ ਦਿੱਤਾ। ਆਪ ਜੀ ਦਾ ਜਨਮ 1864 ਈਸਵੀ ਵਿੱਚ ਜ਼ਿਲਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਸ. ਬਘੇਲ ਸਿੰਘ ਜਵੰਦਾ ਦੇ ਘਰ ਬੀਬੀ ਜਿਉਣੀ ਦੀ ਕੁੱਖੋਂ ਹੋਇਆ। ਆਪ ਤਿੰਨ ਭਰਾ ਸਨ ਅਤੇ ਖੇਤੀਬਾੜੀ ਕਰਦੇ ਸਨ। ਮਗਰੋਂ ਭਾਈ ਸਾਹਿਬ ਫੌਜ ਵਿੱਚ ਭਰਤੀ ਹੋ ਗਏ ਅਤੇ ਕੁਝ ਸਮਾਂ ਬਰਮਾ ਵਿੱਚ ਵੀ ਸੇਵਾ ਕੀਤੀ। ਪੰਜ ਸਾਲ ਮਗਰੋਂ ਨੌਕਰੀ ਛੱਡ ਕੇ ਪਿੰਡ ਆ ਗਏ ਤੇ ਫਿਰ ਹਾਂਗਕਾਂਗ ਵਿਖੇ 1902 ਵਿੱਚ ਜੇਲ੍ਹ ਵਾਰਡ ਦੀ ਨੌਕਰੀ ਕੀਤੀ।
ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ 1907 ਵਿੱਚ ਕੈਨੇਡਾ ਆ ਗਏ, ਜਿੱਥੇ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ ਵਿੱਚ ਨੌਕਰੀ ਕੀਤੀ। ਆਪ ਅਣਥਕ ਮਿਹਨਤ ਕਰਦੇ ਸਨ। ਜਦੋਂ ਆਪ ਸ਼ਹੀਦ ਹੋਏ, ਉਦੋਂ ਤੱਕ ਆਪ ਅਣਵਿਆਹੇ ਸਨ। ਆਪ ਨੂੰ ਕੈਨੇਡਾ ਵਿੱਚ ਬਤਨ ਸਿੰਘ ਮਹੀਆਂਵਾਲਾ ਕਰਕੇ ਸੱਦਿਆ ਜਾਂਦਾ ਸੀ, ਕਿਉਂਕਿ ਆਪ ਨੂੰ ਪਿੰਡ ਰਹਿੰਦਿਆਂ ਮੱਝਾਂ ਰੱਖਣਾ ਦਾ ਭਰਪੂਰ ਸ਼ੌਕ ਸੀ। ਆਪ ਦਾਨੀ ਬਿਰਤੀ ਦੇ ਮਾਲਕ ਸਨ। ਭਾਈ ਬਤਨ ਸਿੰਘ ਭਸੌੜ ਵਿਖੇ ਖਾਲਸਾ ਸਕੂਲ ਵਿੱਚ ਲੜਕੀਆਂ ਲਈ ਵੱਧ-ਚੜ੍ਹ ਕੇ ਸਹਿਯੋਗ ਦਿੰਦੇ ਰਹੇ।ਪ੍ਰੋਫੈਸਰ ਸੰਤ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਬਣੀ 'ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ' ਵਿੱਚ ਭਾਈ ਬਤਨ ਸਿੰਘ ਨੇ ਡਾਇਰੈਕਟਰ ਦੀ ਸੇਵਾ ਨਿਭਾਈ ਅਤੇ ਦਾਨੀ ਵਜੋਂ ਸਹਿਯੋਗ ਵੀ ਦਿੱਤਾ। ਆਪ ਸਮਰਪਤ ਗੁਰਸਿੱਖ ਸਨ ਅਤੇ ਗੁਰੂ ਘਰ ਦੇ ਪ੍ਰੇਮੀ ਸਨ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ 'ਤੇ ਗੁਰੂ ਨਾਨਕ ਜਹਾਜ਼' ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ 'ਚ 'ਗੁਰੂ ਨਾਨਕ ਜਹਾਜ਼' ਦੇ ਵੈਨਕੂਵਰ ਪੁੱਜਣ 'ਤੇ ਕੈਨੇਡਾ ਸਰਕਾਰ ਨੇ ਮੁਸਾਫਿਰਾਂ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ। ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗਦਰੀ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ,1914 ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਇਹਨਾਂ ਯੋਧਿਆਂ ਨੇ ਫੈਸਲਾ ਕੀਤਾ ਕਿ 'ਗੁਰੂ ਨਾਨਕ ਜਹਾਜ਼' ਦੇ ਵਾਪਿਸ ਜਾਣ ਤੋਂ ਪਹਿਲਾਂ, ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦਾ ਸਾਹਿਤ ਤੇ ਹਥਿਆਰ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਭਾਈ ਭਾਗ ਸਿੰਘ ਹੋਰਨਾਂ ਭਾਈਆਂ ਸਮੇਤ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ 17 ਜੁਲਾਈ 2014 ਨੂੰ ਵਾਪਿਸ ਚੱਲ ਪਏ। ਕੈਨੇਡਾ ਦੇ ਸ਼ਹਿਰ ਐਬਸਫੋਰਡ 'ਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਭਾਗ ਸਿੰਘ ਅਤੇ ਉਹਨਾਂ ਦੇ 32 ਸਾਲ ਦੇ ਪੁੱਤਰ ਜੋਗਿੰਦਰ ਸਿੰਘ, ਭਾਈ ਬਲਵੰਤ ਸਿੰਘ ਜੀ ਅਤੇ ਭਾਈ ਮੇਵਾ ਸਿੰਘ ਤੇ ਕਈ ਹੋਰ ਗਦਰੀ ਆਗੂ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ।
ਉਧਰ ਵੈਨਕੂਵਰ ਵਿੱਚ ਨਸਲਵਾਦੀ ਬ੍ਰਿਟਿਸ਼ ਕੈਨੇਡੀਅਨ ਸਰਕਾਰ ਨੇ ਗੁਰੂ ਨਾਨਕ ਜਹਾਜ਼ ਨੂੰ ਧੱਕੇ ਨਾਲ ਵਾਪਸ ਮੋੜਨ ਦਾ ਫੈਸਲਾ ਲੈ ਲਿਆ, ਜਿਸ ਨੂੰ ਚੁਣੌਤੀ ਦਿੰਦਿਆਂ ਅਮਰੀਕਾ ਦੀ ਜੇਲ੍ਹ 'ਚੋਂ ਹੀ ਭਾਈ ਭਾਗ ਸਿੰਘ ਨੇ ਆਪਣੇ ਵਕੀਲ ਰਾਹੀਂ ਇਮੀਗ੍ਰੇਸ਼ਨ ਵਿਭਾਗ ਦੇ ਮੁਖੀ ਮੈਲਕਮ ਰੀਡ ਅਤੇ ਗੁਰੂ ਨਾਨਕ ਜਹਾਜ਼ ਦਾ ਕੇਸ ਲੜ ਰਹੇ ਸਰਕਾਰੀ ਵਕੀਲ ਨੂੰ ਟੈਲੀਗਰਾਮ ਭੇਜੀ ਕਿ ਉਹ (ਭਾਈ ਭਾਗ ਸਿੰਘ) ਗੁਰੂ ਨਾਨਕ ਜਹਾਜ਼ ਦੇ ਪਟੇਦਾਰ ਹਨ। ਇਸ ਕਰਕੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਗੁਰੂ ਨਾਨਕ ਜਹਾਜ਼ ਵਾਪਸ ਨਾ ਭੇਜਿਆ ਜਾਏ। ਕਿਸੇ ਵੀ ਹਾਲਤ ਵਿੱਚ ਜੇਕਰ ਕੈਨੇਡਾ ਸਰਕਾਰ ਮੁਸਾਫਰਾਂ ਨੂੰ ਜਬਰੀ ਵਾਪਸ ਭੇਜਦੀ ਭੇਜਦੀ ਹੈ, ਤਾਂ ਮੁਸਾਫਰਾਂ ਦੇ ਖਰਚ ਵਜੋਂ 35 ਹਜ਼ਾਰ ਡਾਲਰ ਅਦਾ ਕੀਤਾ ਜਾਏ।
ਭਾਈ ਭਾਗ ਸਿੰਘ ਵੱਲੋਂ ਗੁਰੂ ਨਾਨਕ ਜਹਾਜ਼ ਨੂੰ ਵਾਪਸ ਨਾ ਮੋੜਨ ਦੀ ਕਾਨੂੰਨੀ ਚਾਰਾਜੋਈ ਦੀ ਜਿੱਥੇ ਸਰਕਾਰੀ ਧੱਕੇਸ਼ਾਹੀ ਰਾਹੀਂ ਪਰਵਾਹ ਨਾ ਕੀਤੀ ਗਈ, ਉਥੇ ਦੂਜੇ ਪਟੇਦਾਰ ਭਾਈ ਹਸਨ ਰਹੀਮ (ਅਸਲ ਨਾਂ ਸ਼ਗੁਨ ਵਰਮਾ) ਨੂੰ ਮੱਲੋ-ਜੋਰੀ ਜਹਾਜ਼ ਭੇਜਣ ਲਈ ਪ੍ਰਵਾਨਗੀ ਵਾਸਤੇ ਤਿਆਰ ਕਰ ਕੇ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਤੋਂ ਮੋੜ ਦਿੱਤਾ। ਭਾਈ ਭਾਗ ਸਿੰਘ ਅਤੇ ਉਹਨਾਂ ਦੇ ਸਾਥੀ 30 ਜੁਲਾਈ 1914 ਨੂੰ ਜੇਲ੍ਹ 'ਚੋਂ ਰਿਹਾ ਹੋ ਕੇ ਵੈਨਕੂਵਰ ਪਹੁੰਚੇ। ਭਾਈ ਸਾਹਿਬ ਅੰਦਰ ਜਹਾਜ਼ ਜਬਰੀ ਕੈਨੇਡਾ ਤੋਂ ਮੋੜੇ ਜਾਣ ਦੀ ਘਟਨਾ ਦਾ ਡੂੰਘਾ ਰੋਸ ਸੀ।
4 ਅਗਸਤ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਿੰਦੁਸਤਾਨੀ ਬ੍ਰਿਟਿਸ਼ ਸਰਕਾਰ ਦੀ ਏਜੰਟ ਹਾਪਕਿਨਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਾ ਕੀਤਾ। ਇਹ ਘਟਨਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ 'ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ 'ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ। ਅਰਜਨ ਸਿੰਘ ਬੇਲਾ ਜਿਆਣ ਦੇ ਧੜੇ ਦਾ ਬੰਦਾ ਸੀ, ਜੋ ਕਿ ਅੰਗਰੇਜ਼ ਸਰਕਾਰ ਦੇ ਟਾਊਟ ਸਨ ਅਤੇ ਸਰਕਾਰ ਤੋਂ ਬਾਗੀ ਸਿੱਖ ਆਗੂਆਂ ਦੇ ਖਿਲਾਫ ਭੁਗਤਦੇ ਸਨ। ਬੇਲਾ ਤੇ ਉਸਦੇ ਸਾਥੀ ਸਮਝਦੇ ਸਨ ਕਿ ਭਾਈ ਭਾਗ ਸਿੰਘ ਅਤੇ ਉਹਨਾਂ ਦੇ ਧੜੇ ਵੱਲੋਂ ਅਰਜਨ ਸਿੰਘ ਦਾ ਕਤਲ ਕੀਤਾ ਗਿਆ ਹੈ।
ਜਦੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਣ ਲੱਗੀ, ਤਾਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲੇ ਜਿਆਣ ਨੇ ਦੋਵਾਂ ਹੱਥਾਂ 'ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ 'ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਹ ਵੇਖਦਿਆਂ ਸਾਰ ਹੀ ਅਰਦਾਸ 'ਚ ਖੜ੍ਹੇ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ।ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਦੀਵਾਨ ਹਾਲ ਅੰਦਰ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਨੂੰ ਬਚਾਉਂਦਿਆਂ, ਭਾਈ ਬਤਨ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ ਅਤੇ ਦੋਵੇਂ ਸਿੱਖ ਯੋਧੇ ਅਗਲੇ ਦਿਨ ਭਾਵ 6 ਸਤੰਬਰ 1914 ਨੂੰ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ, ਜਿਹਨਾਂ ਵਿੱਚ ਭਾਈ ਦਲੀਪ ਸਿੰਘ ਫਾਲਾ, ਭਾਈ ਬਲਵੰਤ ਸਿੰਘ ਖੁਰਦਪੁਰ ਦਾ ਸਨਬੰਧੀ ਭਾਈ ਉੱਤਮ ਸਿੰਘ ਨੂਰਪੁਰੀ, ਭਾਈ ਲਾਭ ਸਿੰਘ, ਭਾਈ ਬਤਨ ਸਿੰਘ ਕਾਹਰੀ, ਸੋਹਣ ਲਾਲ ਪਿੰਡ ਔਲਖ ਤੇ ਜਵਾਲਾ ਸਿੰਘ ਸ਼ੇਖ ਦੌਲਤ ਆਦਿ ਦਰਜਨ ਤੋਂ ਵੱਧ ਸਿੱਖ ਸ਼ਾਮਿਲ ਸਨ।
ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਲਹੂ ਭਿੱਜਿਆ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਿਤਮਜ਼ਰੀਫੀ ਇਸ ਗੱਲ ਦੀ ਸੀ ਕਿ ਵੈਨਕੂਵਰ ਦੀ ਅਦਾਲਤ ਵਿੱਚ 3 ਨਵੰਬਰ ਤੋਂ 6 ਨਵੰਬਰ,1914 ਤੱਕ ਚੱਲੀ ਸੁਣਵਾਈ ਦੁਆਰਾ ਜੱਜ ਆਇਲੇ ਮੌਰੀਸਨ ਨੇ ਜਿਊਰੀ ਨੂੰ ਕਿਹਾ ਕਿ ਮੁਜਰਿਮ ਬੇਲਾ ਜਿਆਣਾ ਬਰੀ ਹੋਣਾ ਚਾਹੀਦਾ ਹੈ, ਕਿਉਂਕਿ ਉਸ ਨੇ 'ਆਤਮ ਰੱਖਿਆ' ਲਈ ਗੋਲੀ ਚਲਾਈ। ਕੈਨੇਡਾ ਦੀ ਅਦਾਲਤ ਦੇ ਜੱਜ ਲਈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਸੀ! ਜਿਊਰੀ ਨੇ ਬੇਲੇ ਜਿਆਣ ਨੂੰ ਬੇਕਸੂਰ ਕਰਾਰ ਦੇ ਕੇ ਬਰੀ ਕਰ ਦਿੱਤਾ। ਉਧਰ ਸਿੱਖਾਂ ਅੰਦਰ ਇਸ ਗੱਲ ਦਾ ਭਾਰੀ ਰੋਸ ਸੀ ਅਤੇ ਇਸ ਦੌਰਾਨ ਸਿੱਖ ਯੋਧੇ ਭਾਈ ਜਗਤ ਸਿੰਘ ਮਹਿਰਾ ਭੂਤਵਿੰਡ ਨੇ ਵੈਨਕੂਵਰ ਦੀ ਗ੍ਰੈਨਵਿਲ ਸਟਰੀਟ 'ਤੇ ਹਿੰਦੂ ਸਟੋਰ ਵਿੱਚ ਦੁਸ਼ਟ ਬੇਲਾ ਜਿਆਣ ਅਤੇ ਉਹਦੇ ਸਾਥੀਆਂ 'ਤੇ ਗੋਲੀਆਂ ਚਲਾਈਆਂ। ਬੇਲਾ ਤਾਂ ਬਚ ਗਿਆ, ਪਰ ਉਸ ਦਾ ਇਕ ਸਾਥੀ ਰਤਨ ਉਰਫ ਪ੍ਰਤਾਪ ਕੋਟਲੀ ਮਾਰਿਆ ਗਿਆ, ਜਦਕਿ ਦੂਸਰਾ ਜ਼ਖਮੀ ਹੋ ਗਿਆ।
ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਨੂੰ ਸ਼ਹੀਦ ਕਰਨ ਵਾਲਾ ਬੇਲਾ ਜਿਆਣ ਡਰ ਦਾ ਮਾਰਿਆ 1 ਜੂਨ 1916 ਨੂੰ ਭਾਰਤ ਭੱਜ ਗਿਆ, ਜਿੱਥੇ 19 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ, ਦੁਸ਼ਟ ਗੱਦਾਰ ਬੇਲਾ ਜਿਆਣ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੀ ਸ਼ਹਾਦਤ ਵੇਲੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਭਾਈ ਮੇਵਾ ਸਿੰਘ ਨੇ 21 ਅਕਤੂਬਰ 1914 ਨੂੰ ਵੈਨਕੂਵਰ ਦੀ ਕਚਹਿਰੀ 'ਚ ਅੰਗਰੇਜ਼- ਭਾਰਤੀ ਵਿਲੀਅਮ ਹਾਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਨੂੰ ਸ਼ਹੀਦ ਕਰਨ ਲਈ ਮੁੱਖ ਜਿੰਮੇਵਾਰ ਨੂੰ ਸੋਧਣ ਕਰਕੇ ਗ੍ਰਿਫਤਾਰ ਕੀਤੇ ਗਏ ਭਾਈ ਮੇਵਾ ਸਿੰਘ ਖਿਲਾਫ 30 ਅਕਤੂਬਰ 1914 ਨੂੰ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਣਾਉ ਪੱਖ ਦੇ ਵਕੀਲ ਵੁੱਡਜ਼ ਅਤੇ ਸਰਕਾਰੀ ਵਕੀਲ ਟੇਲਰ ਸਨ। ਅਦਾਲਤ 'ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ 'ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ 'ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਵਿਚ ਅਨੁਵਾਦਕ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ :
"..ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ 'ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ 'ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ।..ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ।" ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਭਾਈ ਮੇਵਾ ਸਿੰਘ ਨੇ 11 ਜਨਵਰੀ 1915 ਨੂੰ ਹੱਸਦਿਆਂ- ਹੱਸਦਿਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾਈ।
ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਜਿੱਥੇ ਕੌਮੀ ਸ਼ਹੀਦ ਹਨ, ਉੱਥੇ ਹੀ ਗ਼ਦਰ ਲਹਿਰ ਨਾਲ ਸਬੰਧਿਤ ਮਹਾਨ ਸੂਰਬੀਰ ਵੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ -ਸ਼ੋਹਰਤ ਕਮਾਉਣ ਦੀ ਥਾਂ ਦੇਸ- ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ। ਅੱਜ 'ਕੈਨੇਡਾ-ਅਮਰੀਕਾ' ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਘਰਸ਼ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ। ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ- ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ। ਅੱਜ ਲਾਲ ਕਿਲੇ 'ਤੇ ਜਿਹੜਾ ਝੰਡਾ ਝੁੱਲਦਾ ਹੈ, ਉਸ ਦੀਆਂ ਨੀਂਹਾਂ 'ਚ ਵੀ ਗਦਰੀ ਬਾਬਿਆਂ ਦੀਆਂ ਮਾਸ ਤੇ ਹੱਡੀਆਂ ਮੌਜੂਦ ਹਨ, ਹਾਲਾਂਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ।
ਅਹਿਮ ਸਵਾਲ ਇਹ ਹਨ ਕਿ ਕੀ ਇਹ ਸ਼ਹੀਦ ਕੇਵਲ ਕੈਨੇਡਾ ਦੇ ਹੀ ਸ਼ਹੀਦ ਹਨ? ਅੱਜ ਪੰਜਾਬ 'ਚ ਖਾਸ ਕਰਕੇ ਅਤੇ ਭਾਰਤ 'ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ? ਕਿਸੇ ਵੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਕਿਉਂ ਨਹੀਂ ਜਾਂਦਾ? ਕੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ 'ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਚ ਉਚੇਰੇ ਰੂਪ 'ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ 'ਚ ਕੀਤੀਆਂ ਕੁਰਬਾਨੀਆਂ ਬਾਰੇ ਕਿੰਨਾ ਕੁ ਜ਼ਿਕਰ ਮਿਲਦਾ ਹੈ ? ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਕੋਈ ਸੰਕਲਪ ਲਿਆ ਹੈ ? ਜੇਕਰ ਉਕਤ ਸਾਰੇ ਸੁਆਲਾਂ ਦਾ ਜਵਾਬ 'ਨਾਂਹ' ਵਿੱਚ ਹੈ, ਤਾਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ ਦੋਸ਼ੀ ਹਨ। ਚਾਹੀਦਾ ਇਹ ਹੈ ਕਿ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਗਦਰੀ ਯੋਧਿਆਂ ਦੇ ਇਤਿਹਾਸ, ਨਵੇਂ ਸਿਰਿਓਂ ਸਹੀ ਅਤੇ ਤੱਥਾਂ ਅਧਾਰਤ ਲਿਖਵਾਏ ਜਾਣ। ਹਰ ਜਾਗਰੂਕ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਇਤਿਹਾਸਕਾਰ ਨੂੰ ਵੀ ਸ਼ਹੀਦ ਯੋਧਿਆਂ ਬਾਰੇ ਨਾਟਕ, ਲੇਖ, ਕਵਿਤਾਵਾਂ ਤੇ ਖੋਜ ਪੁਸਤਕਾਂ ਤਿਆਰ ਕਰਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਸ਼ਹੀਦ ਭਾਈ ਭਾਗ ਸਿੰਘ ਅਤੇ ਸ਼ਹੀਦ ਭਾਈ ਬਤਨ ਸਿੰਘ ਨੇ ਕੌਮ ਦੇ ਸੁਨਿਹਰੀ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕੀਤਾ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 'ਸੈਕਿੰਡ ਐਵਨਿਊ' ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਅਤੇ ਬੁੱਧੀਹੀਣ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ।
ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖ਼ਿਲਾਫ਼ ਸ਼ਹੀਦੀਆਂ ਪਾਈਆਂ। ਅਜੋਕੇ ਸਮੇਂ ਵੀ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ, ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂਵਾਦ ਦੇ ਢਹੇ ਚੜ੍ਹ ਕੇ ਘੱਟ ਗਿਣਤੀਆਂ 'ਤੇ ਜ਼ੁਲਮ ਢਾਹ ਰਹੀ ਹੈ, ਉਸ ਖ਼ਿਲਾਫ਼ ਇਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਹੋਇਆ ਸੰਘਰਸ਼ ਕਰਨਾ ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵੱਲੋਂ 7 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 11 ਤੋਂ 12 ਵਜੇ ਸ਼ਹੀਦੀ ਸਮਾਗਮ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਜਿੱਥੇ ਸਿੱਖ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ।