Baltej Sandhu

ਛੱਲਾ - ਬਲਤੇਜ ਸੰਧੂ

ਵੇ ਛੱਲਿਆ ਅੱਜ ਕੱਲ੍ਹ ਕਿੱਥੇ ਕੱਤ ਹੁੰਦੀ ਏ ਪੂਣੀ
ਨਾ ਕੋਈ ਫੱਟੀਆਂ ਉੱਤੇ ਲਿਖਦਾ ਏਕਾ ਦੂਇਆ ਦੂਣੀ
ਨਾ ਪਿੱਪਲੀ ਪੀਘਾਂ ਰਹੀਆਂ ਨਾ ਕੋਈ ਤੁਰੇ ਕਹਾਣੀ
ਵਾਰੋ ਵਾਰੀ ਤੁਰ ਗਏ ਪਰਲੇ ਦੇਸ਼ ਵੇ ਹਾਣੀ ।।
ਵੇ ਛੱਲਿਆ ਹਾਰਾਂ
       ਕੈਸੀਆਂ ਮਾਰ ਗਏ ਵੇ ਸੱਜਣ ਮਾਰਾਂ,,,
ਨਾ ਖੂਹ ਰਹੇ ਵੇ ਛੱਲਿਆ ਨਾ ਘੜਾ ਢਾਕ ਤੇ ਧਰੇ ਸੁਆਣੀ
ਨਾ ਵੇ ਨਾ ਛੇੜ ਨਾ ਕੋਈ ਚੰਦਰੀ ਛੱਲਿਆਂ ਪੀੜ ਪੁਰਾਣੀ
ਨਾ ਕੋਈ ਰਿਹਾ ਏਥੇ ਦੁੱਖਾਂ ਦਾ ਹਮਦਰਦੀ ਨਾ ਕੋਈ ਸੁਣੇ ਦਰਦ ਕਹਾਣੀ।।
ਵੇ ਛੱਲਿਆ ਕਰ ਨਾ ਮਰਜ਼ੀ
             ਏਥੇ ਦੁਨੀਆਂ ਪਿਆਰ ਪੈਸੇ ਨੂੰ ਕਰਦੀ,,,,,
 ਸੁਣ ਵੇ ਛੱਲਿਆ ਇਹ ਦੁਨੀਆਂ ਬਣ ਗਈ ਖੁਦਗਰਜਾਂ ਦੀ ਮੰਡੀ
ਝੂਠੀ ਠਾਠ ਬਾਠ ਰਹਿ ਗਈ ਨਫਰਤਾਂ ਜਾਂਦੇ ਝੋਲ਼ੀਆਂ ਭਰ ਭਰ ਵੰਡੀ,
ਵੇ ਛੱਲਿਆ ਤੌਬਾ ਇਹ ਕਹਾਣੀ ਪਤਝੜ ਆਈ ਲੱਗਦੀ ਏਂ ਮਰਜਾਣੀ
ਲੋਕੀਂ ਮਤਲਬ ਖੋਰੇ ਵੇ ਸੰਧੂਆਂ ਪਾਈ ਬੈਠੇ ਪਾਣੀ ਵਿੱਚ ਮਧਾਣੀ,,,
ਵੇ ਛੱਲਿਆ ਨਾ ਤੇਰੇ ਨਾ ਮੇਰੇ ਚਾਚੇ ਤਾਏ
                      ਏਥੇ ਸਾਥ ਵੀ ਛੱਡ ਜਾਂਦੇ ਨੇ ਕੁੱਖੋਂ ਜਾਏ,,,,
ਬਲਤੇਜ ਸੰਧੂ
 ਬੁਰਜ ਲੱਧਾ
   ਬਠਿੰਡਾ
9465818158

ਮਾਂ - ਬਲਤੇਜ ਸੰਧੂ

ਮਾਂ ਦੇ ਅੰਦਰ ਕਹਿੰਦੇ ਰੱਬ ਆਪ ਹੈ ਵੱਸਦਾ
ਮਾਵਾਂ ਨੂੰ ਕਿਉਂ ਲੈ ਜਾਵੇ ਰੱਬਾ ਫਿਰ ਇਹ ਨੀ ਦੱਸਦਾ
ਹਿਜ਼ਰ ਦੇ ਛਮ ਛਮ ਵਰਦੇ ਬੱਦਲਾਂ ਵਿੱਚ
ਨਾ ਫੜਦਾ ਕੋਈ ਬਾਂਹ ਓ ਦੁਨੀਆਂ ਵਾਲਿਓ।।
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
ਮਾਂ ਹੈ ਰੱਬ ਦਾ ਦੂਜਾ ਸੋਹਣਾ ਨਾਂ ਓ ਦੁਨੀਆਂ ਵਾਲਿਓ ,,,,

ਛੋਟੀ ਉਮਰੇ ਤੁਰ ਜਾਣ ਜਿਨ੍ਹਾਂ ਦੀਆਂ ਮਾਵਾਂ
ਨਾ ਖੁਸ਼ੀਆਂ ਨਾ ਬੁੱਲੀਆਂ ਉੱਤੇ ਕਦੇ ਹਾਸਾ ਆਵੇ
ਦਿਲ ਦੇ ਦਿਲ ਵਿੱਚ ਚਾਅ ਮਰ ਜਾਂਦੇ ਸਾਰੇ
ਮੱਲੋ ਮੱਲੀ ਨਿਕਲਦੇ ਹੰਝੂ ਮੂੰਹ ਵਿੱਚ ਜਦ ਬੁਰਕੀ ਪਾਵੇ
ਵਿਹੜੇ ਦੇ ਵਿੱਚ ਲੱਗਿਆ ਰੁੱਖ ਹੈ ਪੁੱਟਿਆ ਜਾਂਦਾ
ਤੁਰ ਜਾਂਦੀ ਕਿਧਰੇ ਸੰਘਣੀ ਛਾਂ ਓ ਦੁਨੀਆਂ ਵਾਲਿਓ।
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
ਮਾਂ ਹੈ ਰੱਬ ਦਾ ਦੂਜਾ ਸੋਹਣਾ ਨਾਂ ਓ ਦੁਨੀਆਂ ਵਾਲਿਓ,,,,

ਲੱਖ ਚਾਚੀਆਂ ਤਾਈਆਂ ਜਾ ਹੋਵਣ ਸੌਕਣ ਮਾਵਾਂ
ਸਕੀਆਂ ਮਾਵਾਂ ਜਿੰਨ੍ਹੇ ਨਾਂ ਕੋਈ ਲਾਡ ਲਡਾਉਂਦਾ
ਗਲਤੀ ਕਰਨ ਤੇ ਭਾਵੇਂ ਆਪੇ ਲੱਖ ਵਾਰੀ ਮਾਰੇ ਝਿੜਕਾਂ
ਨਾ ਮਾਂ ਬਿਨਾਂ ਘੁੱਟ ਘੁੱਟ ਕੇ ਕੋਈ ਗਲ ਨਾਲ ਲਾਉਂਦਾ
ਨਾ ਰਹਿੰਦੇ ਘਰ ਘਰ ਵਿੱਚ ਖੁਸ਼ੀਆਂ ਖੇੜੇ
ਨਾ ਹਾਂ ਵਿੱਚ ਮਿਲਦੀ ਹਾਂ ਓ ਦੁਨੀਆਂ ਵਾਲਿਓ।
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
ਮਾਂ ਹੈ ਰੱਬ ਦਾ ਸੋਹਣਾ ਨਾਂ ਓ ਦੁਨੀਆਂ ਵਾਲਿਓ,,,,

ਹੱਥ ਜੋੜ ਰੱਬਾ ਤੇਰੇ ਅੱਗੇ ਇੱਕੋ ਅਰਜ਼ੋਈ
ਤੇ ਬੁਰਜ ਵਾਲੇ ਦਾ ਸੰਧੂ ਬਲਤੇਜ ਕਰੇ ਦੁਆਵਾਂ
ਵਿਹੜੇ ਵਿੱਚੋਂ ਕਦੇ ਰੁੱਸ ਕੇ ਬਹਿਣ ਨਾ ਹਾਸੇ ਠੱਠੇ
ਛੋਟੇ ਛੋਟੇ ਬੱਚਿਆਂ ਦੀਆਂ ਕਦੇ ਮਰਨ ਨਾ ਮਾਵਾਂ
ਮਾਂ ਦੀ ਕੋਈ ਹੋਰ ਲੈ ਨੀ ਸਕਦਾ ਥਾਂ ਉਹ ਦੁਨੀਆਂ ਵਾਲਿਓ ।।
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
ਮਾਂ ਹੈ ਰੱਬ ਦਾ ਸੋਹਣਾ ਨਾਂ ਓ ਦੁਨੀਆਂ ਵਾਲਿਓ,,,,,
ਬਲਤੇਜ ਸੰਧੂ ਬੁਰਜ ਵਾਲਾ
ਪਿੰਡ ਬੁਰਜ ਲੱਧਾ ਬਠਿੰਡਾ
9465818158

ਛੇ ਪੋਹ ਵਰਗੀ ਚੰਦਰੀ ਰਾਤ - ਬਲਤੇਜ ਸਿੰਘ ਸੰਧੂ

ਛੇ ਪੋਹ ਵਰਗੀ ਚੰਦਰੀ ਹੋਣੀ ਨਹੀਂ ਰਾਤ ਕੋਈ
ਮੈਂ ਨਿੱਕਾ ਜਿਹਾ ਹੁੰਦਾ ਸੀ ਦਾਦੀ ਜੀ ਸੁਣਾਉਂਦੇ ਸੀ ਬਾਤ ਕੋਈ
ਜਿਉਂ ਜਿਉਂ ਵੱਡੇ ਹੋਏ ਇਤਿਹਾਸ ਨੂੰ ਆਪੇ ਜਾਣ ਲਿਆ
ਗੁਰਾਂ ਵੱਡਿਆਂ ਵੱਡਿਆ ਦੁੱਖਾਂ ਨੂੰ ਵੀ ਆਪਣੇ ਉੱਤੇ ਕਿਵੇਂ
ਉਸ ਪਰਵਿਦਗਾਰ ਦਾ ਭਾਣਾ ਮੰਨ ਕੇ ਮਾਣ ਲਿਆ
ਧੰਨ ਤੇਰੀ ਸਿੱਖੀ ਦਸਮੇਸ਼ ਪਿਤਾ ਜੀ ਵਾਰੇ ਵਾਰੇ ਜਾਵਾਂ ਮੈਂ
ਕਲਗੀਆਂ ਵਾਲੇ ਪਾਤਸ਼ਾਹ ਸੌ ਸੌ ਵਾਰੀ ਸ਼ੀਸ਼ ਝੁਕਾਵਾਂ ਮੈਂ,,,

ਘੇਰਾ ਮੁਗਲਾਂ ਨੇ ਪਾਇਆ ਚਾਲੀ ਸਿੰਘ ਲਿਖ ਆਏ ਬੇਦਾਵਾ
ਸਿਦਕ ਨਾ ਡੋਲਿਆ ਮੁੱਖ ਵਿੱਚੋਂ ਕੌੜਾ ਵੀ ਨਾ ਫ਼ੁਰਮਾਇਆ
ਪਿਆ ਪਰਿਵਾਰ ਵਿਛੋੜਾ ਨਦੀ ਸਰਸੇ ਦੇ ਕੰਢੇ
ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ
ਵੱਡੇ ਸਾਹਿਬਜ਼ਾਦੇ ਗੁਰਾਂ ਨਾਲ ਗਏ ਭਾਈ ਭਾਈਆਂ ਨਾਲ਼ੋਂ ਵੰਡੇ
ਜਿੱਥੇ ਜਿੱਥੇ ਗੁਰਾਂ ਚਰਨ ਟਿਕਾਏ ਮਿੱਟੀ ਚੁੱਕ ਮੱਥੇ ਲਾਵਾਂ ਮੈਂ।
ਧੰਨ ਤੇਰੀ ਸਿੱਖੀ ਦਸਮੇਸ਼ ਪਿਤਾ ਜੀ ਵਾਰੇ ਵਾਰੇ ਜਾਵਾਂ ਮੈਂ
ਕਲਗੀਆਂ ਵਾਲੇ ਪਾਤਸ਼ਾਹ ਸੌ ਸੌ ਵਾਰੀ ਸ਼ੀਸ਼ ਝੁਕਾਵਾਂ ਮੈਂ,,,

ਸਰਸਾ ਨਦੀ ਦੇ ਕਿਨਾਰੇ ਪੈ ਗਿਆ ਪਰਿਵਾਰ ਵਿਛੋੜਾ
ਦੋ ਗੁਰਾਂ ਨਾਲ ਦੋ ਮਾਤਾ ਨਾਲ ਸਾਹਿਬਜ਼ਾਦਿਆਂ ਦਾ ਜੋੜਾਂ
ਚੰਦ ਮੋਹਰਾਂ ਦੀ ਖਾਤਰ ਗੰਗੂ ਚੰਦਰੇ ਨੇ ਕਹਿਰ ਕਮਾਇਆ
ਛੋਟੇ ਸਾਹਿਬਜ਼ਾਦਿਆਂ ਦਾ ਜੋੜਾਂ ਵਜ਼ੀਰ ਖਾਂ ਨੂੰ ਫੜਾਇਆ
ਰਹਿੰਦੀ ਦੁਨੀਆਂ ਤੱਕ ਲਾਹਨਤਾਂ ਗੰਗੂ ਲਾਹਨਤੀ ਨੂੰ ਪਾਵਾਂ ਮੈਂ।
ਧੰਨ ਤੇਰੀ ਸਿੱਖੀ ਦਸਮੇਸ਼ ਪਿਤਾ ਜੀ ਵਾਰੇ ਵਾਰੇ ਜਾਵਾਂ ਮੈਂ
ਕਲਗੀਆਂ ਵਾਲੇ ਪਾਤਸ਼ਾਹ ਸੌ ਸੌ ਵਾਰੀ ਸ਼ੀਸ਼ ਝੁਕਾਵਾਂ ਮੈਂ,,,

ਕੱਚੀ ਗੜ੍ਹੀ ਚਮਕੌਰ ਦੀ ਤੇ ਕਦੇ ਸਰਹੰਦ ਕੋਲੋਂ ਪੁੱਛਾਂ
ਦੋ ਦੋ ਕਰ ਲਾਲ ਸੁੱਤੇ ਕਾਹਤੋਂ ਸੰਧੂਆਂ ਵੱਟ ਲਈਆਂ ਚੁੱਪਾਂ
ਮੋਤੀ ਰਾਮ ਮਹਿਰੇ ਦਾ ਹਰ ਥਾਂ ਇਤਿਹਾਸ ਵਿੱਚ ਜ਼ਿਕਰ ਹੋਊ
ਜੀਹਨੇ ਭੁੱਖੇ ਮਾਤਾ ਅਤੇ ਬੱਚਿਆਂ ਦਾ ਕੀਤਾ ਬਲਤੇਜ ਫ਼ਿਕਰ ਹੋਊ
ਇਹ ਜਨਮ ਗੁਰੂ ਲੇਖੇ ਲੱਗੇ ਮੇਰਾ ਭਾਵੇਂ ਲੱਖ ਤਸੀਹੇ ਝੱਲ ਜਾਵਾਂ ਮੈਂ।
ਧੰਨ ਤੇਰੀ ਸਿੱਖੀ ਦਸਮੇਸ਼ ਪਿਤਾ ਜੀ ਵਾਰੇ ਵਾਰੇ ਜਾਵਾਂ ਮੈਂ
ਕਲਗੀਆਂ ਵਾਲੇ ਪਾਤਸ਼ਾਹ ਸੌ ਸੌ ਵਾਰੀ ਸ਼ੀਸ਼ ਝੁਕਾਵਾਂ ਮੈਂ,,,
ਬਲਤੇਜ ਸਿੰਘ ਸੰਧੂ
ਬੁਰਜ ਲੱਧਾ
ਬਠਿੰਡਾ
9465818158

ਫਿਰ ਆਪਣਾ ਕੀ ? - ਬਲਤੇਜ ਸੰਧੂ

ਸਭ ਕੁੱਝ ਦਾਅ ਤੇ ਲੱਗੇ ਝੁੱਗਾ ਚੌੜ ਕਰਾ ਜਾਵੇ
ਜਦ ਵਪਾਰ ਚ ਘਾਟਾ ਪਵੇ ਵਪਾਰੀ ਨੂੰ
ਬੰਦੇ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੰਦੀ
ਅਣਗੌਲਿਆ ਜੋ ਕਰੇ ਬਿਮਾਰੀ ਨੂੰ

ਡੱਕਾ ਤੋੜ ਕੇ ਕਦੇ ਨਾ ਕਰਦੇ ਦੂਹਰਾ
ਵੇਹਲੜ ਦਿਨੇ ਜੋ ਬਾਤਾਂ ਪਾਉਂਦੇ ਨੇ
ਖ਼ਿਆਲੀ ਮਹਿਲ ਰਹਿਣ ਬਣਾਉਂਦੇ
ਉਏ ਗੱਲੀ ਬਾਤੀ ਟਾਕੀ ਅੰਬਰੀਂ ਲਾਉਂਦੇ ਨੇ

ਸੋਹਣੇ ਹੋਣ ਦਾ ਜੋ ਕਰਦੇ ਮਾਣ ਬੜਾ
ਆਸਮਾਨ ਦੇ ਚੰਨ ਨੂੰ ਦਾਗ਼ੀ ਦੱਸਦੇ ਨੇ
ਐਹੋ ਜਿਹੇ ਮਿਲਣ ਬਥੇਰੇ ਝੂਠੇ ਹਮਦਰਦੀ
ਦੁੱਖ ਸੁਣ ਕੇ ਪਿੱਠ ਪਿੱਛੇ ਜੋ ਹੱਸਦੇ ਨੇ

ਆਪਣੇ ਛੱਡ ਜਾਂਦੇ ਪ੍ਰਛਾਵਾਂ ਵੀ ਸਾਥ ਨਿਭਾਉਂਦਾ ਨਾ
ਜਦ ਕੋਲ ਨਾ ਚੰਗੀ ਕਿਸਮਤ ਦੀ ਸਿਖ਼ਰ ਦੁਪਹਿਰ ਹੋਵੇ
ਸਾਡੇ ਬੁੱਲਾਂ ਉੱਤੋਂ ਸਾਡੇ ਈ ਹਾਸੇ ਲੁੱਟ ਦੇ ਨੇ
ਫਿਰ ਆਪਣਾ ਕੀ ਤੇ ਭਾਵੇਂ ਸੰਧੂਆਂ ਲੱਖ ਗੈਰ ਹੋਵੇ।
ਬਲਤੇਜ ਸੰਧੂ ਬੁਰਜ ਲੱਧਾ  ਬਠਿੰਡਾ
9465818158

ਸਬਰ ਦਾ ਫ਼ਲ - ਬਲਤੇਜ ਸੰਧੂ  ਬੁਰਜ ਲੱਧਾ

ਜ਼ਿੰਦਗੀ ਚ ਹੱਸਣਾ ਬਹੁਤ ਜਰੂਰੀ ਏ
ਝੁਰਦੇ ਰਹਿਣ ਨਾਲ ਜ਼ਿੰਦਗੀ ਘੱਟ ਜਾਵੇ
ਬਹੁਤਾ ਸੋਚ ਸੋਚ ਦੁਖੀ ਨਾ ਹੋ ਤੂੰ ਬੰਦਿਆਂ
ਇੱਕ ਪਲ ਦੀ ਖੁਸ਼ੀ ਸੱਜਣਾਂ ਡਾਢੇ ਦੁੱਖ ਭੁਲਾ ਜਾਵੇ

ਰੋਣ ਨਾਲ ਕੁੱਝ ਨੀ ਬਣਦਾ ਸੱਜਣਾਂ
ਉਠ ਖੁੱਦ ਹਿੰਮਤ ਕਰਨੀ ਪੈਣੀ ਏ
ਹਰ ਮੋੜ ਤੇ ਮਿਲਦੀ ਜਿੱਤ ਨਹੀ
ਜਿੱਤਣ ਲਈ ਹਾਰ ਵੀ ਜਰਨੀ ਪੈਣੀ ਏ

ਅਕਸਰ ਉੱਥੇ ਹੀ ਖਾਕ ਨੇ ਹੁੰਦੇ ਰਿਸ਼ਤੇ
ਜਿੱਥੇ ਨਫ਼ਰਤ ਦੀ ਹੁੰਦੀ ਅੱਗ ਬਲਦੀ ਏ
ਸਬਰ ਦਾ ਫਲ ਮਿੱਠਾ ਹੁੰਦਾ ਮਿੱਤਰਾਂ
ਕਾਹਲੀ ਵਿੱਚ ਦਾਲ ਨਾ ਗਲਦੀ ਏ

ਆਕੜਾ ਦੀ ਪੰਡ ਜਿਹੜੇ ਚੁੱਕੀ ਫਿਰਦੇ
ਸਾਡੀ ਉਹਨਾ ਸੰਗ ਨਾ ਉੱਠਣੀ ਬਹਿਣੀ ਏ
ਨਾਲ ਪਿਆਰ ਦੇ ਭਾਂਵੇ ਜੱਗ ਜਿੱਤ ਲੈ ਬੰਦਿਆ
ਹਊਮੈ ਦੀ ਕੌਡੀ ਕੀਮਤ ਨਾ ਸੰਧੂਆਂ ਪੈਣੀ ਏ।

ਬਲਤੇਜ ਸੰਧੂ  ਬੁਰਜ ਲੱਧਾ
(ਬਠਿੰਡਾ )

ਇਲਜ਼ਾਮ - ਬਲਤੇਜ ਸੰਧੂ "ਬੁਰਜ ਲੱਧਾ"

ਸਾਨੂੰ ਥੱਲੇ ਡੇਗਣ ਦੀ ਸਾਡੇ ਸੱਜਣਾਂ ਦੀ
ਜਦ ਕੀਤੀ ਹਰ ਕੋਸਿਸ਼ ਨਾਕਾਮ ਹੋਈ

ਫਿਰ ਦੋਸ਼ ਸਾਡੇ ਸਿਰ ਆ ਧਰਿਆ ਕਹਿੰਦੇ
ਤੇਰੇ ਕਰਕੇ ਸਾਡੀ ਹਰ ਮਹਿਫ਼ਲ ਬਦਨਾਮ ਹੋਈ

ਉਨਾਂ ਨੂੰ ਅਸੀਂ ਹਰ ਵਾਰ ਸਫਾਈਆ ਦਿੰਦੇ ਰਹੇ
ਉਹ ਹਰ ਵਾਰੀ ਸਾਡੇ ਸਿਰ ਘੜਦੇ ਰਹੇ ਇਲਜ਼ਾਮ ਕੋਈ

ਸਾਨੂੰ ਬਥੇਰਾ ਸਮਝਾਇਆ ਸਾਡੇ ਦਿਲ ਝੱਲੇ ਨੇ
ਇਨ੍ਹਾਂ ਤੇਰੀ ਵਫਾ ਦਾ ਨਹੀਂ ਦੇਣਾ ਇਨਾਮ ਕੋਈ

ਨਾਲ ਹਲੀਮੀ ਮੈਂ ਦਿਲ ਨੂੰ ਸਮਝਾ  ਲੈਂਦਾ ਸੀ
ਦੁਪਹਿਰ ਢਲਣ ਤੇ ਚੰਗੀ ਆਵੇਗੀ ਸਾਮ ਕੋਈ

ਨਾਲ ਕਿਸੇ ਦੇ ਦਗਾਂ ਕਮਾਵਣ ਦੀ ਫਿਤਰਤ ਨਹੀਂ ਮੇਰੀ
ਜਾ ਕੇ ਸਾਡੇ ਸੱਜਣਾਂ ਨੂੰ ਸਮਝਾਵੇ ਆਵਾਮ ਕੋਈ

ਅਸੀਂ ਡੇਗਣ ਵਾਲਿਆਂ ਚ ਨਹੀਂ ਨਾਲ ਖੜਨ ਵਾਲਿਆਂ ਚ
ਧੋਖੇਬਾਜ਼ਾ ਵਿੱਚ ਬਲਤੇਜ ਸੰਧੂ ਦਾ ਨਹੀਂ ਲੈਂਦਾ ਨਾਮ ਕੋਈ।

ਬਲਤੇਜ ਸੰਧੂ "ਬੁਰਜ ਲੱਧਾ"
ਜਿਲ੍ਹਾ ਬਠਿੰਡਾ
9465818158

ਸਰਦਾਰ ਭਗਤ ਸਿੰਘ - ਬਲਤੇਜ ਸਿੰਘ ਸੰਧੂ

ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,

ਪੁੱਤ ਮਰਦੇ ਨਸ਼ਿਆ ਨਾ ਗੋਲੀਆਂ ਖਾਂਦੇ ਟੀਕੇ ਨੇ ਲਾਉਂਦੇ
ਇਹ ਐਥੇ ਰਲਮਿਲ ਚੱਲਦਾ ਏ ਜਾ ਫਿਰ ਪਾਰ ਬਾਰਡਰੋਂ ਆਉਂਦੇ
ਭੁੱਖ ਵਧ ਗਈ ਪੈਸੇ ਦੀ ਭੰਬਲਭੂਸੇ ਪਾ ਛੱਡਿਆ ਚੋਰਾਂ ਰਿਸਵਤਖੋਰਾਂ
ਕਿੰਨੇ ਘਰ ਉੱਜੜ ਗਏ ਆਏ ਦਿਨ ਏਥੇ ਹੁੰਦੀ ਹੈ ਬਰਬਾਦੀ।
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,

ਝੰਡਾ ਝੂਲਾ ਕੇ ਸ਼ਹੀਦ ਯੋਧਿਆਂ ਦੇ ਹਾਰ ਗਲਾ ਵਿੱਚ ਪਾ ਕੇ
ਕੀ ਸਾਰੇ ਫਰਜ਼ ਨੇ ਮੁੱਕ ਜਾਂਦੇ ਭਾਸ਼ਣ ਸੁਣਾ ਕੇ ਨਾਅਰੇ ਲਾ ਕੇ
ਬੇਰੁਜ਼ਗਾਰ ਰੁਲਦੇ ਸੜਕਾਂ ਤੇ ਗੁੱਤਾਂ ਪੁੱਟਦੇ ਲਾਠੀਚਾਰਜ ਹੁੰਦਾ
ਖੂਨ ਦੀ ਖੇਡ ਦੇ ਹੋਲੀ ਪੱਗਾਂ ਖੂਨ ਨਾਲ ਲੱਥਪੱਥ ਹੁੰਦੀਆਂ ਦਾਗੀ।
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,

ਲੀਡਰ ਲੈਣ ਨਜ਼ਾਰੇ ਬਈ ਵਾਰਿਸ਼ ਸ਼ਹੀਦਾਂ ਦੇ ਕਰਨ ਦਿਹਾੜੀ
ਮੰਤਰੀ ਸੰਤਰੀ ਭੁੱਖੇ ਮਾਇਆ ਦੇ ਏਨਾ ਦੀ ਬਿਜਨਸ਼ਮੈਨਾਂ ਨਾਲ ਆੜੀ
ਫਸਲਾਂ ਮਰੀਆ ਦਾ ਨਾ ਮਿਲੇ ਮੁਆਵਜ਼ਾ ਜੀ ਆਏ ਦਿਨ ਹੀ ਕੋਈ ਅੰਨਦਾਤਾ ਫਾਹਾ ਲੈ ਲੈ ਮਰਦਾ ਖੌਰੇ ਕਦ ਜੂਨ ਸੁਧਰਨੀ ਸਾਡੀ।
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,

ਸਾਡਾ ਖੂਨ ਚੂਸ ਦੇ ਨੇ ਬੁਰਜ ਵਾਲਿਆਂ ਲੀਡਰ ਬਣ ਬਣ ਜੋਕਾਂ
ਪਚੰਤਰ ਸਾਲਾਂ ਬਾਅਦ ਵੀ ਸਹੂਲਤਾਂ ਪਹੁੰਚੀਆਂ ਤੱਕ ਨਹੀਂ ਲੋਕਾਂ
ਕਾਨੂੰਨ ਦੇ ਰਖਵਾਲੇ ਕਾਨੂੰਨ ਦੀਆਂ ਧੱਜੀਆਂ ਆਪ ਉਡਾਉਂਦੇ
ਚੁਰਾਸੀ ਮਣੀਪੁਰ ਕਾਂਡ ਵਿੱਚ ਔਰਤ ਦਾ ਮਜ਼ਾਕ ਉਡਾਉਂਦੀ ਏਹੇ ਅਬਾਦੀ
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,

ਬਲਤੇਜ ਸਿੰਘ ਸੰਧੂ
 ਬੁਰਜ ਲੱਧਾ
   ਬਠਿੰਡਾ
9465818158

ਐਤਵਾਰ   (ਬਾਲ ਕਹਾਣੀ) - ਬਲਤੇਜ ਸਿੰਘ ਸੰਧੂ

ਐਤਵਾਰ ਦੇ ਦਿਨ ਮੈਂ ਤੇ ਮੇਰੀ ਮੰਮੀ ਅਤੇ ਮੇਰਾ ਛੋਟਾ ਭਰਾ ਤਿੰਨੇ ਜਾਣੇ  ਬੱਸ ਤੇ ਨਾਨਕੇ ਪਿੰਡ ਮਿਲਣ ਗਏ। ਉੱਥੇ ਜਾ ਕੇ ਅਸੀਂ ਨਾਨੀ ਨਾਨਾ ਜੀ ਮਾਮੇ ਮਾਮੀਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਉਨਾਂ ਨੇ ਵੀ ਸਾਨੂੰ ਲਾਡ ਨਾਲ ਆਪਣੀ ਬੁੱਕਲ ਵਿੱਚ ਲੈ ਢੇਰ ਸਾਰਾ ਪਿਆਰ ਦਿੱਤਾ। ਮਾਮੇ ਮਾਮੀ ਦੇ ਬੱਚਿਆਂ ਨਾਲ ਅਸੀਂ ਖੂਬ ਖੇਡੇ। ਗੁਆਂਢ ਘਰ ਚ ਮੇਰੀ ਇੱਕ ਸਹੇਲੀ ਵੀ ਸੀ ਉਸ ਨਾਲ ਮੈਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਖੇਡਾਂ ਖੇਡੀਆਂ ਉਸ ਨੇ ਮੈਨੂੰ ਖੇਡਣ ਲਈ ਆਪਣੇ ਖਿਡਾਉਣੇ ਵੀ ਦਿੱਤੇ । ਦੁਪਹਿਰ ਦੇ ਖਾਣੇ ਮਗਰੋਂ ਗਰਮੀ ਜਿਆਦਾ ਹੋਣ ਕਾਰਨ ਮਾਮਾ ਜੀ ਨੇ ਸਾਨੂੰ ਆਰਾਮ ਕਰਨ ਲਈ ਕਿਹਾ ਅਤੇ ਸਾਨੂੰ ਮੰਜੇ ਤੇ ਲੇਟਣ ਸਾਰ ਨੀਂਦ ਆ ਗਈ। ਸਾਮ ਨੂੰ ਅਸੀਂ ਠੰਡਾ ਸਰਬਤ ਪਾਣੀ ਪੀਤਾ। ਨਾਨੀ ਜੀ ਨੇ ਸਾਨੂੰ ਰਾਤ ਰਹਿਣ ਲਈ ਬਹੁਤ ਕਿਹਾ ਸਾਡਾ ਵੀ ਬੜਾ ਮਨ ਕਰ ਰਿਹਾ ਸੀ ਨਾਨਕੇ ਘਰ ਰਹਿ ਕੇ ਮੌਜ ਮਸਤੀ ਕਰਨ ਨੂੰ ।ਪਰ ਮੰਮੀ ਜੀ ਨੇ ਘਰ ਦੀ ਮਜਬੂਰੀ ਦੱਸਦਿਆਂ ਉੱਥੇ ਨਾ ਰਹਿਣ ਦਾ ਕਾਰਨ ਦੱਸਿਆ। ਸਾਮ ਦੀ ਬੱਸ ਤੇ ਅਸੀਂ ਵਾਪਸ ਆਪਣੇ ਘਰ ਆ ਗਏ। ਨਾਨਕੇ ਪਿੰਡ ਜਾਣ ਦਾ ਚਾਅ ਹੀ ਵੱਖਰਾ ਹੁੰਦਾ ਹੈ। ਇਹ ਗੱਲਾਂ ਅੱਜ ਪ੍ਰਭਲੀਨ ਨੇ ਆਪਣੇ ਨਾਲ ਬੈਂਚ ਤੇ ਬੈਠਦੀ ਸਹੇਲੀ ਨੂੰ ਖੁਸ਼ੀ ਖੁਸ਼ੀ ਦੱਸੀਆਂ।

ਬਲਤੇਜ ਸਿੰਘ ਸੰਧੂ
ਬੁਰਜ ਲੱਧਾ
  ਬਠਿੰਡਾ
9465818158

ਅੱਜ ਵੀ ਤੇਰੀ ਉਡੀਕ - ਸੰਧੂ ਬਲਤੇਜ

ਕੁੱਝ ਦਰਦ ਪੁਰਾਣੇ ਜਾਗ ਪਏ
ਅੱਜ ਫੇਰ ਤੂੰ ਜਦ ਚੇਤੇ ਆਈ ਨੀ
ਕੱਲਿਆ ਛੱਡ ਤੁਰ ਗਈ ਸੀ ਹਾਣਦੀਏ
ਨਾ ਤੂੰ ਲੱਗੀ ਸਿਰੇ ਤੋੜ ਚੜਾਈ ਨੀ

ਦਿਲ ਖੋਲ੍ਹ ਸੁਨਾਵਾਂ ਹਾਲ ਮੈਂ ਕਿਸਨੂੰ
ਸਾਡੇ ਨੈਣਾਂ ਚ ਹੰਝੂ ਰਹਿੰਦੇ ਕਿਰਦੇ ਨੀ
ਤੂੰ ਪਾਣੀ ਦੇ ਵਹਿਣਾ ਵਾਂਗੂ ਵਹਿ ਤੁਰ ਗਈ
ਅਸੀਂ ਅੱਜ ਵੀ ਤੇਰੀ ਉਡੀਕ ਚ ਬੈਠੇ
ਤੇਰੇ ਰਾਹਾਂ ਵਿੱਚ ਐਨੇ ਚਿਰ ਦੇ ਨੀ

ਸਾਡੇ ਹਾਸੇ ਸਾਡੀਆਂ ਖੁਸ਼ੀਆ
ਤੂੰ ਲੈ ਗਈ ਨਾਲ ਕੁੜੇ
ਪਾਸਾ ਵੱਟ ਕੇ ਤੁਰ ਗਈ
ਮੁੜ ਭੁੱਲ ਕੇ ਵੀ ਨਾ ਪੁੱਛਿਆ
ਸਾਡੇ ਦਿਲ ਦਾ ਹਾਲ ਕੁੜੇ

ਤੇਰੀਆਂ ਦਿੱਤੀਆਂ ਵੇਖ ਸੌਗਾਤਾਂ ਨੂੰ
ਇਹ ਦੋ ਨੈਣ ਨਾ ਵਿਰਦੇ ਨੀ
ਤੂੰ ਪਾਣੀ ਦੇ ਵਹਿਣਾ ਵਾਂਗੂ ਵਹਿ ਤੁਰ ਗਈ
ਅਸੀਂ ਅੱਜ ਵੀ ਤੇਰੀ ਉਡੀਕ ਚ ਬੈਠੇ
ਤੇਰੇ ਰਾਹਾਂ ਵਿੱਚ ਐਨੇ ਚਿਰ ਦੇ ਨੀ।।

ਸੰਧੂ ਬਲਤੇਜ
ਬੁਰਜ ਲੱਧਾ
ਬਠਿੰਡਾ
9465818158

 ਲੱਛੇਦਾਰ ਭਾਸ਼ਣ - ਬਲਤੇਜ ਸਿੰਘ ਸੰਧੂ

ਖੇਤਾਂ ਵਿੱਚ ਕਿਸਾਨ ਦੀ ਫਸਲ ਖਰਾਬ ਹੋਈ ਤੇ ਧਾਹ ਨਿਕਲੀ
ਲਿਮਟਾ ਬੈਕਾਂ ਦੀਆਂ ਸਿਰ ਉੱਤੇ ਆਣ ਪੈਣੀਆ ਭਾਰੀਆ ਨੇ,
 
ਜਿੰਨਾਂ ਖੂਬ ਬੁੱਲੇ ਉਡਾਏ ਤੇ ਯਾਰੋ ਐਸ ਕੀਤੀ ਅੱਜ ਵਿਦੇਸ਼ ਭੱਜੇ
ਪੈਸਾ ਬੈਂਕਾਂ ਦਾ ਖਾ ਕੇ ਹਜਾਰਾਂ ਕਰੋੜ ਮਾਰੀਆ ਉਡਾਰੀਆ ਨੇ,

ਜਦ ਵੀ ਪੈਂਦੀ ਛੋਟੇ ਦੁਕਾਨਦਾਰ,ਕਿਸਾਨ,ਵਪਾਰੀ ਨੂੰ ਮਾਰ ਪੈਂਦੀ
ਸੁਣਿਆਂ ਉੱਚਿਆ ਦੀਆਂ ਤਾਂ ਉੱਚਿਆ ਨਾਲ ਮੁਲਾਜੇਦਾਰੀਆ ਨੇ,

ਇਹ ਬੋਝ ਆਮ ਜਨਤਾ ਤੇ ਆ ਪੈਣਾ ਮਹਿੰਗਾਈ ਦੀ ਮਾਰ ਪੈਣੀ
ਭੰਬਲਭੂਸੇ ਵਿੱਚ ਜਨਤਾ ਨੂੰ ਪਾ ਛੱਡਿਆ ਫੋਕੀਆਂ ਚੌਕੀਦਾਰੀਆਂ ਨੇ,

ਲੀਡਰ ਵੋਟਾਂ ਵੇਲੇ ਲੱਛੇਦਾਰ ਭਾਸ਼ਣਾਂ ਨਾਲ ਵੋਟਰਾਂ ਨੂੰ ਕੀਲ ਲੈਂਦੇ
ਆਖਰ ਨੂੰ ਧਰਮ ਦਾ ਖੇਡ ਪੱਤਾ ਸਾਨੂੰ ਲੈਣਾ ਫਸਾ ਸਿਕਾਰੀਆਂ ਨੇ,

ਕੱਲ੍ਹ ਨੂੰ ਬੈਂਕ ਨੂੰ ਚੂਨਾ ਲਾ ਦੇਸ਼ ਛੱਡ ਖੌਰੇ ਕਿਸ ਨੇ ਐਥੋਂ ਭੱਜ ਜਾਣਾ
"ਸੰਧੂਆਂ"ਆਮ ਬੰਦੇ ਨੂੰ ਤਾਂ ਮਾਰ ਲੈਣਾ ਰੋਜ ਦੀਆਂ ਕਬੀਲਦਾਰੀਆ   ਨੇ।।

ਬਲਤੇਜ ਸਿੰਘ ਸੰਧੂ
 ਬੁਰਜ ਲੱਧਾ ਸਿੰਘ ਵਾਲਾ
 ਬਠਿੰਡਾ
9465818158