Baljinder Kaur Shergill

ਪੰਜਾਬੀ ਸਿੱਖੋ ਸਿਖਾਓ - ਬਲਜਿੰਦਰ ਕੌਰ ਸ਼ੇਰਗਿੱਲ

ਬੱਚਿਓ, ਆਪਣੇ  ਮਨਾਂ ਵਿਚ ਜ਼ਰਾ ਜੋਸ਼ ਜਗਾਓ,
ਮਾਂ ਬੋਲੀ ਪੰਜਾਬੀ ਸਾਰੇ ਸਿੱਖੋ ਤੇ ਸਿਖਾਓ।

ਤੁਸੀਂ ਆਪਣੇ ਘਰਾਂ ਤੋਂ ਸ਼ੁਰੂਆਤ ਕਰ ਆਓ,
ਬੇਗਾਨਿਆਂ ਵਾਂਗ ਨਾ ਰੁਖ ਅਪਨਾਓ।

ਹੋ ਰਹੇ ਵਿਤਕਰੇ ਨੂੰ, ਰਲ ਮਿਲ  ਕੇ ਘਟਾਓ,
ਇਕ ਮਿਕ ਹੋ ਕੇ ਸਾਰੇ ਮਾਂ ਬੋਲੀ ਨੂੰ ਬਚਾਓ।

ਮੈਗਜ਼ੀਨ ਅਖ਼ਬਾਰਾਂ ਪੜ੍ਹਨ ਦੀ ਆਦਤ ਤਾਂ ਪਾਓ,
ਨਿੱਤ ਦੀਆਂ ਗੱਲਾਂ ਵਿਚ ਪੰਜਾਬੀ ਕਹਿ ਸੁਣਾਓ।

ਮਾਂ ਬੋਲੀ ਨੂੰ ਬਣਦਾ ਸਤਿਕਾਰ ਦੁਆਓ,
ਗੁਰਮੁਖੀ ਤਾਈਂ, ਘੁਟ ਕੇ ਹਿੱਕ ਨਾਲ ਲਾਓ।

"ਬਲਜਿੰਦਰ" ਮਾਂ ਬੋਲੀ ਤੋਂ ਕੰਨੀ ਨਾ ਕਰਤਰਾਓ,
ਸਾਇਨ ਬੋਰਡਾਂ 'ਤੇ ਪੰਜਾਬੀ ਲਿਖੋ ਅਤੇ ਲਿਖਾਓ।

ਬੱਚਿਓ, ਆਪਣੇ  ਮਨਾਂ ਵਿਚ ਜ਼ਰਾ ਜੋਸ਼ ਜਗਾਓ,
ਮਾਂ ਬੋਲੀ ਪੰਜਾਬੀ ਸਾਰੇ ਸਿੱਖੋ ਤੇ ਸਿਖਾਓ।

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278

ਕਲਮ ਤੇ ਮੈਂ - ਬਲਜਿੰਦਰ ਕੌਰ ਸ਼ੇਰਗਿੱਲ

ਕਲਮ ਕਹਿੰਦੀ, ਤੂੰ ਨਾ ਘਬਰਾਈਂ,
ਸੱਚ ਲਿੱਖਣੋਂ, ਕੰਨੀਂ ਨਾ ਕਤਰਾਈਂ।

ਪੀੜ ਆਪਣੀ ਨੂੰ, ਕਦੇ ਨਾ ਛੁਪਾਈਂ,
ਦਿਲ ਵਿੱਚ ਵੀ, ਕੁਝ ਨਾ ਲੁਕਾਈਂ।

ਕੋਰੇ ਕਾਗਜ਼ ’ਤੇ, ਭਾਵੇਂ ਲੀਕਾਂ ਵਾੲੀਂ,
ਲਿਖਦੇ-ਲਿਖਦੇ, ਤੂੰ ਰੁਕ ਨਾ ਜਾਈਂ।

ਕਲਮ ਮੇਰੀਏ! ਇਹ ਜੋ ਉਦਾਸੀ ਛਾਈਂ,
ਇਹ ਹੈ ਕਿਸੇ ਨੇ, ਦਿੱਤੀ ਏ ਰੁਸਵਾਈਂ।

ਜਦ ਕਦੇ ਵੀ ਦਿਲ ਨੇ, ਹੈ ਪਾਈ ਦੁਹਾਈਂ,
ਉੁਸ ਵੇਲੇ ਮੌਲਾ ਨੇ, ਹੱਥੀਂ ਕਲਮ ਫੜਾਈਂ।

ਕੇਵਲ ਸਾਡੇ ਰਾਹਾਂ ਵਿੱਚ ਈ, ਕਿਉਂ ਏ ਖਾਈਂ,
ਰੂਹ ਦੀ ਰੂਹ ਨਾਲ ਲੱਗਦੈ, ਜਿਵੇਂ ਹੋਵੇ ਲੜਾਈ।

‘ਬਲਜਿੰਦਰ ਸ਼ੇਰਗਿੱਲ’ ਨੇ ਫਿਰ ਕਲਮ ਚਲਾਈਂ,
ਕਾਗਜ਼ ’ਤੇ ਲਿਖ ਓਸਨੇ, ਸਾਰੀ ਗੱਲ ਮੁਕਾਈਂ ਏ।

ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ
ਮੋਬਾ : 9878519278


ਲਿਖਦੇ- ਲਿਖਦੇ - ਬਲਜਿੰਦਰ ਕੌਰ ਸ਼ੇਰਗਿੱਲ

ਲਿਖਦੇ- ਲਿਖਦੇ ਇੱਕ ਦਿਨ, ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ, ਸਾਹਾਂ ਨੇ ਮੁੱਕ ਜਾਣਾ।

ਹੱਥਾਂ ਦੀਆਂ ਲਕੀਰਾਂ ਨੇ ਵੀ, ਮਿਟ ਜਾਣਾ,
ਜਦ ਵਿੱਚ ਰਾਖ ਦੇ ਇਸ ਕਲਬੂਤ ਨੇ ਲੁੱਕ ਜਾਣਾ।

ਅਸਾਂ ਵਾਂਗ ਪਰਿੰਦਿਆਂ, ਮਾਰ ਉਡਾਰੀ ਉੱਡ ਜਾਣਾ,
ਛੱਡ ਆਲ੍ਹਣੇ ਦਾਣਾ ਪਾਣੀ , ਹੋ ਏਥੋਂ ਚੁੱਕ ਜਾਣਾ।

ਲਾਈ ਇਸ਼ਕ ਦੀ ਬਾਜ਼ੀ’ਤੇ ਉਦੋਂ ਹੀ ਜਿੱਤ ਹੋਣੀ,
ਜਦ ਆਉਣ ਜਾਣ ਦਾ ਗੇੜ, ਵੀ ਸਾਡਾ ਰੁੱਕ ਜਾਣਾ।

ਸਤਰੰਗੀ ਪੀਂਘ ਵੀ ਝੂਟਦੇ ਰਹੇ, ਅਸੀਂ ਦੁਨੀਆਂ ਤੇ,
ਮੋਰਾਂ ਵਾਂਗ ਜੋ ਪੰਖ ਫ਼ੈਲਾਏ , ਇਨ੍ਹਾਂ ਵੀ ਸੁੱਕ ਜਾਣਾ।

ਅਸਾਂ ਧਰਤੀ ਮਾਂ ਦੀ ਬੁਕੱਲ ਵਿੱਚ ਜਾ ਸੌ ਜਾਣਾ,
ਵਿੱਚ ਚਿਖਾ ਦੇ ਸੜ ਕੇ ਹੋ ਮਿੱਟੀ ਦਾ ਬੁੱਕ ਜਾਣਾ।

" ਬਲਜਿੰਦਰ" ਦਰ ਸਾਈਆਂ ਦੇ ਸਭ ਨੂੰਜਾਣਾ ਪੈਣਾ ਏ,
ਜਦੋਂ ਇਸ ਦੁਨੀਆਂ ਤੋਂ ਲੇਖਾ ਜੋਖਾ ਮੁੱਕ ਜਾਣਾ।

ਲਿਖਦੇ- ਲਿਖਦੇ ਇੱਕ ਦਿਨ, ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ, ਸਾਹਾਂ ਨੇ ਮੁੱਕ ਜਾਣਾ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਨਜ਼ਰਾਂ - ਬਲਜਿੰਦਰ ਕੌਰ ਸ਼ੇਰਗਿੱਲ

ਮੇਰੀਆਂ ਨਜ਼ਰਾਂ 'ਚ ਨਜ਼ਰਾਂ ਮਿਲਾਕੇ ਤਾਂ ਵੇਖ,
ਇਸ ਸਮੁੰਦਰ ਦੀਆਂ ਲਹਿਰਾਂ 'ਚ ਆ ਕੇ ਤਾਂ ਵੇਖ।

ਮੇਰੇ ਹੂੰਝਆਂ 'ਚ, ਮੈਨੂੰ ਬਲਦੀ ਤਾਂ ਵੇਖ,
ਬਿਨ ਤੀਲੀ ਤੋਂ ਅੱਗ 'ਚ ਸੜਦੀ ਤਾਂ ਵੇਖ।

ਮੇਰੀਆਂ ਭਿੱਜੀਆਂ ਪਲਕਾਂ, ਗ਼ੌਰ ਨਾਲ  ਵੇਖ,
ਗੁਜ਼ਰੇ ਹੋਏ ਦੌਰ ਨਾਲ ਵੇਖ।

ਟਪਕਦੇ ਹੋਏ ਇਨਾਂ ਮੋਤੀਆਂ ਨੂੰ,
ਚੁੱਕ ਕੇ ਸੀਨੇ ਲਾ ਕੇ ਤਾਂ ਵੇਖ।

‘‘ਬਲਜਿੰਦਰ’’ ਦੀਆਂ ਅੱਖਾਂ ਨੂੰ ਪੜ੍ਹ ਕੇ ਤਾਂ ਵੇਖ,
ਆਏ ਹੜ੍ਹ ਵਿੱਚ ਵੜ੍ਹ ਕੇ ਤਾਂ ਵੇਖ।


ਬਲਜਿੰਦਰ ਕੌਰ ਸ਼ੇਰਗਿੱਲ

ਖੁਦ - ਬਲਜਿੰਦਰ ਕੌਰ ਸ਼ੇਰਗਿੱਲ

ਖੁਦ ਦੀ ਖੁਦ ਨਾਲ ਹੋਈ ਗੱਲਬਾਤ,
ਖੁਦਾ ਨੇ ਮੈਨੂੰ ਕੋਈ ਬਖ਼ਸ਼ੀ ਹੈ ਦਾਤ ।

ਲਿਖ ਰਹੀ ਹਾਂ ਖੁਦ ਦੇ ਖ਼ਿਆਲਾਤ,
ਮੁਹਬੱਤਾਂ ਦੇ ਨਗ਼ਮੇ ਗਾ ਰਹੀ ਦਿਨ ਰਾਤ।

ਇੱਕ ਦਿਨ ਮੁੱਕ ਜਾਣੇ ਇਹ ਸਾਰੇ ਜਜ਼ਬਾਤ,
ਜਿਸ ਦੀ ਗਹਿਰਾਈ ਤੇ ਨਾ ਮਾਰੇ ਕੋਈ ਝਾਤ।

ਇਸ਼ਕੇ ਦੇ ਗ਼ਮਾਂ 'ਚ ਸੱਜ ਜਾਣੀ ਬਰਾਤ,
ਜੋ ਹਰ ਵੇਲੇ ਹੁੰਝੂਆਂ ਦੀ ਲਾ ਰਹੀ ਬਰਸਾਤ।

"ਬਲਜਿੰਦਰ" ਮਿਲੇਗੀ ਬੇਸ਼ਕੀਮਤੀ ਸੌਗਾਤ,
ਰੂਹ ਨੂੰ ਠਾਰੇ ਗੀ ਜਦ ਅੰਬਰੀਂ ਪ੍ਰਭਾਤ ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ

ਚੰਨ ਤਾਰੇ - ਬਲਜਿੰਦਰ ਕੌਰ ਸ਼ੇਰਗਿੱਲ

ਗਈ ਮੈਂ ਬਜ਼ਾਰ,
ਆਪਣੀ ਸਹੇਲੀ ਦੇ ਨਾਲ,
ਇੱਕ ਦੂਜੀ ਲੱਗੀਆਂ,
ਆਪੋਂ ਆਪਣਾ ਸੁਣਾਉਣ ਹਾਲ,
ਨੇੜੇ ਆਇਆ ਇੱਕ ਭਾਈ,
ਕਹਿੰਦੇ ਲੈ ਲੋ ਜੀ ਚੰਨ ਤਾਰੇ ਹਰ ਹਾਲ |

ਮੈਂ ਆਖਿਆ, ਭਾਈ ਚੰਨ ਤਾਰੇ,
ਸਾਡਾ ਤਾਂ ਆਪਣਾ ਚੰਨ ਗੁਆਚਿਆ,
ਜੋ ਸਾਨੂੰ ਦਿਨੇ ਦਿਖਾਵੇ ਤਾਰੇ |

ਭਾਈ ਵੀ ਹੱਸਿਆ,
ਹੋਇਆ ਪਾਸੇ ਨਾਲ,
ਦੇਖਦਾ ਰਿਹਾ ਸਾਨੂੰ,
ਹੋਇਆ ਖੁਸ਼ੀ 'ਚ ਮਲਾਲ |
ਬਲਜਿੰਦਰ ਕੌਰ ਸ਼ੇਰਗਿੱਲ।

ਮਾਂ ਬੋਲੀ - ਬਲਜਿੰਦਰ ਕੌਰ ਸ਼ੇਰਗਿੱਲ ਮੋਹਾਲੀ

ਹੱਦੋਂ ਵੱਧ ਮਾਂ ਬੋਲੀ ਨੂੰ ਪਿਆਰ ਕਰਦੀ ਹਾਂ,
ਔਰਤ ਹਾਂ ਔਰਤ ਦਾ ਸਤਿਕਾਰ ਕਰਦੀ ਹਾਂ।

ਨੌਜਵਾਨਾਂ ਨੂੰ ਇੱਕ ਗੁਹਾਰ ਕਰਦੀ ਹਾਂ,
ਮਾਂ ਬੋਲੀ ਸਾਂਭਣ ਇਹੀ ਪ੍ਰਸਾਰ ਕਰਦੀ ਹਾਂ।

ਸਾਹਿਤਕਾਰਾਂ ਦਾ ਦਿਲੋਂ ਸਤਿਕਾਰ ਕਰਦੀ ਹਾਂ,
ਮਾਂ ਬੋਲੀ ਦੇ ਹੱਕ 'ਚ ਪ੍ਰਚਾਰ ਕਰਦੀ ਹਾਂ।

ਜਿਸ ਦੀ ਗੋਦੀ ’ਚ ਬੈਠ ਕੇ ਮਾਂ ਬੋਲੀ, ਬੋਲੀ ਮੈਂ,
ਉਸ ਮਾਂ ਨੂੰ ਸਿਜਦਾ ਵਾਰੋਂ ਵਾਰ ਕਰਦੀ ਹਾਂ।

ਜਿਸ ਮਿੱਟੀ ਤੇ ਡੁੱਲ੍ਹੇ ਨੇ ਖੂਨ ਸ਼ਹੀਦਾਂ ਦੇ,
ਉਸ ਮਾਂ ਧਰਤੀ ਦੀ ਪੂਜਾ ਰੱਬ ਵਾਂਗ ਕਰਦੀ ਹਾਂ।

ਜਿਸ ਮਾਂ ਬੋਲੀ ਨੇ ਪੁਚਾਇਆ "ਬਲਜਿੰਦਰ" ਇਸ ਮੁਕਾਮ ਤੇ,
ਉਸ ਮਾਂ ਬੋਲੀ ਨੂੰ ਦਿਲੋਂ ਸਲਾਮ ਕਰਦੀ ਹਾਂ।

ਹੜ੍ਹ - ਬਲਜਿੰਦਰ ਕੌਰ ਸ਼ੇਰਗਿੱਲ

ਕੁਦਰਤ ਦਾ ਖੌਫ਼ਨਾਕ ਸੀ ਮੰਜ਼ਰ,
ਬਾਰਿਸ਼ ਵਿਚ ਰੁੜ ਗਏ ਸੀ ਡੰਗਰ।

ਨਦੀਆਂ ’ਚ ਪਾੜ ਪੈ ਗਏ ਸੀ ਭਾਰੀ,
ਹੜ੍ਹ ਕਾਰਨ ਅਲਰਟ ਹੋ ਗਏ ਸੀ ਜਾਰੀ।

ਪਿੰਡਾਂ ਦਾ ਨਾ ਕੋਈ ਸੀ ਹਾਣੀ।
ਹਸਪਤਾਲਾਂ ’ਚ ਭਰ ਗਿਆ ਸੀ ਪਾਣੀ,  

ਪੁੱਲ ਸੀ ਬਣਾਏ ਕਰੋੜਾਂ ਦੀ ਲਾਗਤ,
ਢਹਿ ਢੇਰੀ ਹੋ ਕੇ ਬਣ ਗਏ ਸੀ ਆਫ਼ਤ।

ਧੱਸੀਆ ਸੜਕਾਂ, ਘਰ ਢਹਿ ਗਏ,
ਤੀਲੀਆਂ ਵਾਂਗ ਰੁੱਖ ਵਹਿ ਗਏ।

ਮੁਨੱਖ ਨਾ ਚੜ੍ਹਜੇ ਪਾਣੀ ਦੀ ਲਪੇਟ।
ਖੋਲ੍ਹ ਦਿੱਤੇ ਡੈਮ ਦੇ ਫਲੱਡ ਗੇਟ।

ਸੰਕਟ ’ਚ ‘‘ਬਲਜਿੰਦਰ’’ ਦੁਨੀਆਂ ਹਾਲੇ,
ਸਕੂਲਾਂ ਨੂੰ ਲਾ ਦਿੱਤੇ ਸੀ ਤਾਲੇ।
 
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278

ਧੀ ਕੁਰਲਾਈ - ਬਲਜਿੰਦਰ ਕੌਰ ਸ਼ੇਰਗਿੱਲ

ਕੁੱਖੋਂ ਜਿਸਦੀ ਪੈਦਾ ਹੋਇਆ,
ਦੁੱਧ ਚੁੰਘ ਕੇ ਵੱਡਾ ਹੋਇਆ |

ਅੱਜ ਉਹੀ ਸ਼ਰਮਸਾਰ ਹੋਈ,
ਜਾ ਇਨਸਾਨਾਂ ਜਾ,
ਕੁੱਲਾਂ ਤੇਰੀਆਂ ਨਰਕਾਂ ਦੀ ਭਾਗੀਦਾਰ ਹੋਈ |

ਧੀ ਕੁਰਲਾਈ ਰੋ-ਰੋ ਕੇ,
ਦਰਿੰਦਗੀ ਦਾ ਜ਼ੁਲਮ ਢੋਅ-ਢੋਅ ਕੇ,
ਨਿਰਵਸਤਰ ਸਰੇ ਬਜ਼ਾਰ ਹੋਈ,
ਮਨੁੱਖਤਾ ਦੇਖੋ ਕਿੰਨੀ ਸ਼ਰਮਾਸਾਰ ਹੋਈ |

ਮਨੀਪੁਰ 'ਚ ਦੋ ਕਬਾਇਲੀ ਬੱਚੀਆਂ,
ਹੈਵਾਨਾਂ ਅੱਗੇ ਪਾ ਰਹੀਆਂ ਸਿਸਕੀਆਂ,
ਸੈਂਕੜੇ ਤਮਾਸ਼ਬੀਨ ਲੋਕਾਂ ਅੱਗੇ,
ਵਹਿਸ਼ੀਪਣੇ ਦਾ ਸ਼ਿਕਾਰ ਹੋਈ |

ਇਨਸਾਨ ਨਹੀਂ ਉਹ ਜਾਨਵਰ ਤੋਂ ਭੈੜਾ,
ਇਸ ਘਿਨੌਨੀ ਹਰਕਤ ਦਾ,
''ਬਲਜਿੰਦਰ'' ਹੋਵੇ ਮਿਸਾਲੀ ਸਜਾ,
ਜਿਸਦੀ ਗਵਾਹੀ ਭਰੇ ਹਰ ਕੋਈ |  

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਮਿੰਨੀ ਕਹਾਣੀ : ਮਾਂ ਬੋਲੀ ਦੇ ਸੇਵਾਦਾਰ - ਬਲਜਿੰਦਰ ਕੌਰ ਸ਼ੇਰਗਿੱਲ

ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਤੋਂ ਇੱਕ ਦਿਨ ਪਹਿਲਾਂ ਫੋਨ ਆਇਆ ਕਿ ਤੁਸੀਂ ਜ਼ਰੂਰ ਆਉਣਾ ਹੈ | ਤੁਸੀਂ ਮਾਂ ਬੋਲੀ ਦੀ ਸੇਵਾ ਬਾਖੂਬੀ ਨਿਭਾਉਂਦੇ ਹੋ, ਸਮਾਗਮ 'ਚ ਜ਼ਰੂਰ ਪਹੁੰਚਣਾ | ਇਹ ਫੋਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਅਤੇ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਜੀ ਦਾ ਸੀ | ਇਹਨਾਂ ਦਾ ਨਾਂ ਸਾਹਿਤ ਜਗਤ ਵਿੱਚ ਬਹੁਤ ਉੱਚਾ ਹੈ | ਬਹਾਦਰ ਜੀ ਹੁਣ ਤੱਕ 76 ਕਿਤਾਬਾਂ ਲਿਖ ਚੁੱਕੇ ਹਨ | ਆਏ ਦਿਨ ਅਖ਼ਬਾਰਾਂ ਵਿੱਚ ਇਹਨਾਂ ਦੇ ਲੇਖ, ਕਹਾਣੀਆਂ ਛੱਪਦੀਆਂ ਰਹਿੰਦੀਆਂ ਹਨ | ਇਹ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਟੇਟ ਅਵਾਰਡ ਵੀ ਲੈ ਚੁੱਕੇ ਹਨ | ਇਹਨਾਂ ਨੇ ਅਨੇਕਾਂ ਐਵਾਰਡ ਹਾਸਿਲ ਕੀਤੇ ਹਨ |    
ਸਭ ਤੋਂ ਚੰਗੀ ਗੱਲ ਇਹਨਾਂ ਨੇ 1995 ਵਿੱਚ ਪੰਜਾਬੀ ਦੀਆਂ ਪ੍ਰਸਾਰ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਸੀ | ਇਹ ਮੁਹਿੰਮ ਬੋਰੀ ਤੋਂ ਬਸਤਾ, ਚੱਲੋ ਬੇਟੀ ਸਕੂਲ, ਆਸਰਾ, ਸੰਡੇ ਸਕੂਲ, ਸ਼ੁਰੂ ਕੀਤੀਆਂ | ਬਹਾਦਰ ਜੀ ਬਾਲ ਸਹਿਤ 52 ਕਿਤਾਬਾਂ ਝੋਲੀ ਪਾ ਚੁੱਕੇ ਹਨ | ਇਹਨਾਂ ਨੂੰ  ਪੰਜਾਬ ਦੇ ਗਵਰਨਰ ਨਾਲ ਮਿਲਣ ਦਾ ਮੌਕਾ ਵੀ ਮਿਲਿਆ |
ਇੱਕ ਦਿਨ ਦੀ ਗੱਲ ਹੈ ਇਹਨਾਂ ਦੀ ਸਭਾ ਵੱਲੋਂ ਅਖ਼ਬਾਰ ਵਿਚ ਖ਼ਬਰ ਲੱਗੀ ਕਿ ਜਿਹੜੇ ਬੱਚੇ ਦਸਵੀਂ ਤੇ ਬਾਰਵੀਂ ਕਲਾਸ ਵਿੱਚ ਪੰਜਾਬੀ ਦੇ ਵਿਸ਼ੇ 'ਚੋਂ 100 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਏ ਉਹਨਾਂ ਨੂੰ  ਸਨਮਾਨਿਤ ਕੀਤਾ ਜਾਵੇਗਾ | ਇਸ ਸਮਾਗਮ ਵਿੱਚ ਮੈਂ ਖੁਦ ਵੀ ਪਹੁੰਚੀ ਸੀ ਤੇ 8 ਬੱਚਿਆਂ ਨੂੰ  ਪੂਰੇ ਪੰਜਾਬ ਵਿੱਚੋਂ ਗਿਆਰਾਂ -ਗਿਆਰਾਂ ਸੌ ਰੁਪਏ, ਮੋਮੈਂਟੋ, ਇੱਕ ਸ਼ਾਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਇਹਨਾਂ ਦੀ ਮਾਂ ਬੋਲੀ ਲਈ ਸੇਵਾ ਦਾ ਘੇਰਾ ਦਿਨ -ਬ -ਦਿਨ ਬਹੁਤ ਵਿਸ਼ਾਲ ਹੁੰਦਾ ਜਾ ਰਿਹਾ ਹੈ ਜਿਸਨੂੰ ਦੇਖਦੇ ਹੀ ਮਨ ਬਹੁਤ ਖੁਸ਼ ਹੁੰਦਾ ਹੈ |
 
ਅੰਤ ਬਹਾਦਰ ਜੀ ਦਾ ਮੈਨੂੰ ਫੋਨ ਕਰਕੇ ਸਮਾਗਮ ਵਿਚ ਬੁਲਾਉਣਾ ਮਨ ਨੂੰ  ਤਸੱਲੀ ਦਿੰਦੀ ਕਿ ਅੱਜ ਵੀ ਅਜਿਹੇ ਲੋਕ ਹਨ ਜੋ ਆਪਣੇ ਆਪ ਨੂੰ  ਵੱਡੀ ਹਸਤੀਆਂ ਵਿਚ ਨਾ ਸ਼ਾਮਲ ਕਰਕੇ ਇੱਕ ਤੁੱਛ ਜਿਹੇ ਇਨਸਾਨ ਸਮਝਦੇ ਹਨ | ਜੋ ਇਨਸਾਨ ਆਪਣੀ ਮਾਂ ਬੋਲੀ ਦਾ ਪਹਿਰੇਦਾਰ ਹੁੰਦਾ ਹੈ, ਜੱਗ ਤੇ ਉਸਦੀ ਉਸਤਤ ਰਹਿੰਦੇ ਜਹਾਨ ਤੱਕ ਰਹਿੰਦੀ ਹੈ | ਉਨ੍ਹਾਂ ਅੰਦਰ ਕੋਈ ਦਿਖਾਵਾ ਨਹੀਂ ਹੈ | ਉਹ ਹਰ ਇੱਕ ਨੂੰ  ਆਮ ਇਨਸਾਨ ਦੀ ਤਰ੍ਹਾਂ ਹੀ ਮਿਲਦੇ ਹਨ | ਬਹਾਦਰ ਗੋਸਲ ਜੀ ਮਾਂ ਬੋਲੀ ਦੇ ਅਸਲ ਸੇਵਾਦਾਰ ਹਨ | ਜਿਨ੍ਹਾਂ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ  ਫ਼ਖਰ ਮਹਿਸੂਸ ਹੋਵੇਗਾ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278

ਮੈਂ ਤੇ ਹਵਾਵਾਂ - ਬਲਜਿੰਦਰ ਕੌਰ ਸ਼ੇਰਗਿੱਲ

ਇੱਕ ਦਿਨ ਹਵਾਵਾਂ ਕੋਲੋਂ ਤੀਂ ਲੰਘੀਆਂ
ਮੈਂ ਹਵਾਵਾਂ ਨੂੰ  ਪੁੱਛਿਆ,
ਨੀਂ ਦੱਸੋ, ਮੈਨੂੰ ਵੀ ਕਰਦਾ ਕੋਈ ਯਾਦ |

ਹਵਾਵਾਂ ਹੱਸੀਆਂ ਤੇ ਬੋਲੀਆਂ,
ਤੂੰ ਜਿਸ ਨੂੰ  ਮਿਲਣਾ,
ਉਹ ਰਾਹਾਂ ਬਹੁਤ ਲੰਮੀਆਂ |

ਮੈਂ ਆਖਿਆ,
ਖਿਦਮਤ ਖੁਦਾ ਦੀ,
ਜਿਨ੍ਹਾਂ ਰਾਹਾਂ 'ਤੇ ਤੁਰਨਾ ਉਹ ਰਾਹਾਂ,
ਰੱਬ ਵਲੋਂ ਗਈਆਂ ਨੇ ਘੱਲੀਆਂ |

ਮੈਂ ਟੁਰਾਂਗੀ ਤੇ ਟੁਰਦੀ ਰਹਾਂਗੀਂ,
ਆਖਿਰ ਪੱਥਰਾਂ ਨੂੰ ਚੀਰ ਕੇ,
ਸਾਗਰ ਵਿਚ ਜਾ ਮਿਲਾਂਗੀ |

ਹਵਾਵਾਂ ਹੱਸੀਆਂ ਤੇ ਬੋਲੀਆਂ,
ਮੁਹੱਬਤਾਂ ਵੀ ਬੜੀਆਂ ਹੁੰਦੀਆਂ ਭੋਲੀਆਂ,
ਰੱਬ ਆਖਿਰਾਂ ਨੂੰ ਭਰ ਦਿੰਦਾ ਝੋਲੀਆਂ |  

ਜਦ ਉਹ ਛੂਹ ਕੇ ਲੰਘੀਆਂ,
ਮੇਰੇ ਜਿਸਮ ਤੇ ਲੂ-ਲੂ ਸੀ,
ਮੇਰੀ ਰੂਹ ਨੂੰ ਰੱਬ ਦਾ,
ਆ ਰਿਹਾ ਸਰੂਰ ਸੀ |
ਮੁੱਖ 'ਤੇ ਵੀ ''ਬਲਜਿੰਦਰ'' ਦੇ,
ਕੋਈ ਵੱਖਰਾ ਹੀ ਨੂਰ ਸੀ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਜੇ ਮੈਂ ਬੱਚਾ ਹੋਵਾਂ - ਬਲਜਿੰਦਰ ਕੌਰ ਸ਼ੇਰਗਿੱਲ

ਕਾਸ਼;  ਜੇ ਮੈਂ ਬੱਚਾ ਹੋਵਾਂ,
ਅੰਬੀਆਂ ਵਾਂਗ ਕੱਚਾ ਹੋਵਾਂ |

ਕਦੇ ਹੱਸਾਂ ਤੇ ਕਦੇ ਰੋਵਾਂ,
ਕਦੇ ਮਾਂ ਦੇ ਸੀਨੇ ਲੱਗ ਸੋਵਾਂ |

ਮਿੱਟੀ ਵਿਚ ਖੇਡਦਾ ਹੋਵਾਂ,
ਕਹੇ ਤੇ ਵੀ ਹੱਥ ਨਾ ਧੋਵਾਂ |

ਘਰ ਦੇ ਵਿਹੜੇ ਦੀ ਰੌਣਕ ਹੋਵਾਂ,
ਭੈਣ ਦਾ ਜੇ ਮੈਂ ਵੀਰ ਹੋਵਾਂ |

ਕਾਰਟੂਨ ਦੇਖਾ, ਆਈਸ ਕਰੀਮ ਖਾਵਾਂ,
ਸਾਈਕਲ ਚਲਾਉਣ ਦਾ ਸ਼ੌਕੀਨ ਹੋਵਾਂ,

ਪਾਪਾ ਘਰ ਆਉਣ ਵਾਲੇ ਨੇ,
ਚਾਕਲੇਟ ਦੀ ਉਡੀਕ 'ਚ ਹੋਵਾਂ |

ਬੇਬੇ ਬਾਪੂ ਜਦ ਮੋਢੇ ਚੁੱਕਦੇ ਦੋਵਾਂ,
''ਬਲਜਿੰਦਰ'' ਕਾਸ਼; ਜੇ ਮੈਂ ਬੱਚਾ ਹੀ ਹੋਵਾਂ,


ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਮੋਟਰਸਾਈਕਲ - ਬਲਜਿੰਦਰ ਕੌਰ ਸ਼ੇਰਗਿੱਲ

ਕਿੰਨੇ ਦਿਨਾਂ ਦਾ ਰੌਲਾ ਪਾਵੇ,
ਮੰਮੀ ਮੋਟਰਸਾਈਕਲ ਦਵਾ ਦੇ।

ਪਾਪਾ ਦੇ ਵੀ ਕੰਨ ਪਿਆ ਖਾਵੇ,
ਘਰ ਵਿਚ ਕਲੇਸ਼ ਵਧਾਵੇ।

ਪੁਰਾਣੇ ਨੂੰ ਦੇਖਣ ਨਾ ਜਾਵੇ,
ਨਵੇਂ ਦੀ ਜ਼ਿੱਦ ਪੁਗਾਵੇ।

ਰੋਣ ਹਾਕਾ ਜਦ ਹੋ ਜਾਵੇ,
ਮਾਂ ਬਾਪ ਫਿਰ ਲਾਗੇ ਲਾਵੇ।

ਮੋਟਰਸਾਈਕਲ ਤੇ ਕਾਲਜ਼ ਜਾਵੇ,
ਹੁਣ ਆਪਣੀ ਟੌਹਰ ਬਣਾਵੇ।

ਮਾਪਿਆਂ ਨੂੰ ਫ਼ਿਕਰ ਵੀ ਸਤਾਵੇ,
ਮੇਰਾ ਬੱਚਾ ਗੱਡੀ ਹੋਲੀ ਚਲਾਵੇ।

ਬੀਬਾ ਬੱਚਾ ਹੈ ਉਹ ਭਾਵੇਂ,
ਟ੍ਰੈਫ਼ਿਕ ਦੇ ਰੂਲ ਨਿਭਾਵੇ।

ਸਪੀਡ ’ਤੇ ਲਗਾਮ ਲਗਾਵੇ,
ਕਦੇ ਨਾ ‘‘ਬਲਜਿੰਦਰ’’ ਕਹਾਲੀ ਮਚਾਵੇ।  

ਬਲਜਿੰਦਰ ਕੌਰ ਸ਼ੇਰਗਿੱਲ

ਮਾਂ ਦੀ ਮਮਤਾ  - ਬਲਜਿੰਦਰ ਕੌਰ ਸ਼ੇਰਗਿੱਲ

ਸਾਰਾ ਦਿਨ ਚੁਗਦੀ ਰਹਿੰਦੀ ਦਾਣੇ,
ਭੁੱਖੇ ਨਾ ਸੌਣ ਦਿੰਦੀ ਆਪਣੇ ਨਿਆਣੇ |

ਮਾਂ ਦੀ ਮਮਤਾ ਮਾਂ ਹੀ ਜਾਣੇ,
ਚੀਂ-ਚੀਂ ਕਰ ਰੋਜ਼ ਸੁਣਾਵੇ ਗਾਣੇ |

ਹਿੱਕ ਨਾਲ ਲਾ ਰੱਖਦੀ ਨਿਆਣੇ,
ਘਾਹ ਫੂਸ ਨਾਲ ਆਲ੍ਹਣੇ ਤਾਣੇ |

ਭੁੱਖ ਕੀ ਹੁੰਦੀ ਮਾਂ ਹੀ ਜਾਣੇ,
ਮੂੰਹ 'ਚੋਂ ਕੱਢ -ਕੱਢ ਢਿੱਡ ਭਰੇ ਨਿਆਣੇ।


ਹਨ੍ਹੇਰੀ ਝੱਖੜ ਚੱਲਣ ਭਾਵੇਂ,
ਰੈਣ ਬਸੇਰਾ ਕੀਤਾ ਰੱਬ ਦੇ ਭਾਣੇ |

ਕਦਮਾਂ 'ਚ ਮਾਂ ਦੇ ਹੈ ਸੁੱਖ ਸਾਰੇ,
ਹਰ ਬੱਚਾ ਰੱਬਾ! ਮਾਂ ਦਾ ਨਿੱਘ ਮਾਣੇ |

ਬੱਚਿਓ! ਤੁਸੀਂ ਬਣਨਾ ਬੀਬੇ ਰਾਣੇ,
''ਬਲਜਿੰਦਰ'' ਤਾਂ ਜੰਨਤ ਮਾਂ ਨੂੰ ਹੀ ਜਾਣੇ |  

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ

ਪੜ੍ਹਾਈ - ਬਲਜਿੰਦਰ ਕੌਰ ਸ਼ੇਰਗਿੱਲ

ਮੈਂ ਕਰਨੀ ਹੈ ਪੜ੍ਹਾਈ ਨੀਂ ਅੰਮੀਏ,
ਅਜੇ ਨਾ ਵਿਆਹੀ ਮੈਨੂੰ ਨੀਂ ਅੰਮੀਏ।

ਬਾਪੂ ਦਾ ਮੈਂ ਨਾਂ ਚਮਕਾਉਗੀ,
ਆਪਣੇ ਪੈਰਾਂ ਤੇ ਜਦ ਖੜੀ ਹੋ ਜਾਉਂਗੀ।

ਇੱਜ਼ਤ ਦਾ ਗਹਿਣਾ ਮੈਂ ਅਪਨਾਉਗੀ,
ਭੁੱਲ ਕੇ ਕਿਸੇ ਨਾਲ ਦਿਲ ਨਾ  ਲਗਾਉਗੀ।

ਦੁਨੀਆਂ ਤੇ ਤੁਹਾਡੀ ਸ਼ਾਨ ਵਧਾਉਗੀ,
ਪੜ੍ਹ ਲਿਖ ਕੇ ਵੱਡੇ ਅਹੁਦੇ ਲਗ ਜਾਉਗੀ।

ਵਿੱਦਿਆ ਦਾ ਸਾਗਰ ਵੰਡ ਦੀ ਜਾਉਂਗੀ,
ਜਦ ਮੈਂ ਕਿਤੇ ਟੀਚਰ ਕਹਿਲਾਉਗੀ।

ਬੁਢਾਪੇ 'ਚ ਤੁਹਾਡਾ ਸਹਾਰਾ ਬਣ ਜਾਉਗੀ,
ਸੱਜੀ ਬਾਂਹ ਆਖਿਰ ਕਹਿਲਾਉਗੀ।

"ਬਲਜਿੰਦਰ" ਤਾਂ ਜ਼ਿੰਦਗੀ ਭਰ ਸਿੱਖਦੀ ਜਾਉਂਗੀ,
ਮਾਪਿਆਂ ਦੇ ਹੱਕਾਂ ਵਿੱਚ ਲਿਖਦੀ ਜਾਉਂਗੀ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278