Pritam Ludhianvi

ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ - ਪ੍ਰੀਤਮ ਲੁਧਿਆਣਵੀ

ਦੋਗਾਣਾ 'ਖਿਲਾਰਾ' ਮਨੀ ਔਜਲਾ ਅਤੇ ਗਾਇਕਾ ਮਿਸ ਨੀਲਮ ਦੀ ਆਵਾਜ਼ 'ਚ ਸਰੋਤਿਆਂ ਵਿਚ ਹੋਇਆ ਮਕਬੂਲ

ਚੜਦੇ ਸੂਰਜ ਅਤੇ ਉਠਦੇ ਤੂਫਾਨ ਨੂੰ ਭਲਾ ਕੌਣ ਰੋਕ ਸਕਦਾ ਹੈ। ਇਸੇ ਤਰਾਂ ਜਿਸ ਦੇ ਮਨ ਵਿਚ ਉਪਰ ਉਠਣ ਦੀਆਂ ਤਾਂਘਾਂ, ਕੁਝ ਕਰਨ ਦੀਆਂ ਰੀਝਾਂ ਤੇ ਅਰਮਾਨ ਹੋਣ, ਲਗਨ ਤੇ ਉਤਸ਼ਾਹ ਹੋਵੇ, ਉਹ ਇਕ ਨਾ ਇਕ ਦਿਨ ਅੰਬਰ ਜਿੱਡੀਆਂ ਉਡਾਰੀਆਂ ਨੂੰ ਛੋਹ ਹੀ ਲੈਂਦੇ ਹਨ।  ਅਜਿਹੀ ਇਕ ਨਿਵੇਕਲੀ ਸਖਸ਼ੀਅਤ ਹੈ ਗਾਇਕ, ਸੰਗੀਤਕਾਰ ਅਤੇ ਅਦਾਕਾਰ ਮਨੀ ਔਜਲਾ।   ਚੰਡੀਗੜ ਵਿਖੇ ਪਿਤਾ ਸ੍ਰ. ਅਜਾਇਬ ਔਜਲਾ ਅਤੇ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਔਜਲਾ ਦੇ ਘਰ ਜਨਮੇ, ਹੋਣਹਾਰ ਸਪੁੱਤਰ ਮਨੀ ਔਜਲਾ ਇਸ ਮੁਕਾਮ ਤੇ ਰਾਤੋ-ਰਾਤ ਚ ਹੀ ਨਹੀ ਪੁੱਜਾ, ਬਲਕਿ ਡੇਢ ਦਿਹਾਕੇ ਤੋਂ ਉਹ ਸਟੇਜੀ ਤਪੱਸਿਆ ਵਿਚ ਜੁਟਿਆ ਚਲਿਆ ਆ ਰਿਹਾ ਹੈ।  ਪਹਿਲੀ ਵਾਰ ਮਨੀ ਔਜਲਾ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਸਟਾਰ-ਨਾਈਟ'  ਵਿਚ ਗੀਤ 'ਨਾਭੇ ਦੀਏ  ਬੰਦ ਬੋਤਲੇ'  ਲੈਕੇ ਦਰਸ਼ਕਾਂ ਸਨਮੁੱਖ ਹੋਇਆ।  ਫਿਰ ਗੀਤ 'ਐਵੇਂ ਨਹੀ ਜੱਗ ਉਤੇ ਹੁੰਦੀਆਂ ਸਲਾਮਾਂ'  ਵੀ ਖੂਬ ਚਰਚਾ ਵਿਚ ਰਿਹਾ।  ਉਪਰੰਤ  ਮਨੀ ਔਜਲਾ, ਨਿਰਮਾਤਾ ਅਨੂਪ ਕੁਮਾਰ ਦੇ ਸਹਿਯੋਗ ਨਾਲ ਯੋ ਯੋ ਹਨੀ ਸਿੰਘ ਦੇ ਸੰਪਰਕ ਵਿਚ ਆਏ।   ਇਸੇ ਦੌਰਾਨ ਹਨੀ ਸਿੰਘ ਨੇ ਮਕਬੂਲ ਐਲਬੰਮ 'ਇੰਟਰਨੈਸ਼ਨਲ ਬਲੇਜਰ'  ਵਿਚ ਮਨੀ ਗੀਤ 'ਅਸਕੇ' ਰਿਕਾਰਡ ਕੀਤਾ।   ਉਪਰੰਤ  'ਸਪੀਡ ਰਿਕਾਰਡਜ'  ਵਿਚ  ਯੋ ਯੋ ਹਨੀ ਸਿੰਘ ਦੇ ਸੰਗੀਤ ਵਿਚ ਹੀ ਮਨੀ ਦਾ ਗੀਤ 'ਸਿਫਤਾਂ ਕਰਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ' ਆਇਆ।  ਇੱਥੇ ਇਹ ਵੀ ਵਰਣਨ ਯੋਗ ਹੈ ਕਿ ਮਨੀ ਔਜਲਾ ਅਜਿਹਾ ਪਹਿਲਾ ਹਿੰਦੋਸਤਾਨੀ ਪੰਜਾਬੀ ਗਾਇਕ ਬਣਿਆ ਜਿਸ ਨੇ ਇੰਗਲੈਂਡ ਦੀ ਪ੍ਰਸਿੱਧ ਗੋਰੀ ਗਾਇਕਾ ਨੈਸਡੀ ਜੌਹਨਜ  ਨਾਲ ਯੋ ਯੋ ਹਨੀ ਸਿੰਘ ਦੇ ਸੰਗੀਤ ਵਿਚ ਹੀ ਗੀਤਕਾਰ ਪ੍ਰਗਟ ਲਿੱਧੜਾਂ ਵਾਲੇ ਦਾ ਲਿਖਿਆ ਗੀਤ 'ਫਸਲਾਂ ਦੇ ਨਾਂ ਪੁੱਛਦੀ, ਗੋਰੀ ਲੰਡਨ ਤੋਂ ਆਈ ਲੱਗਦੀ' ਗਾਇਆ : ਜਿਸਨੇ ਨਵੇਂ ਰਿਕਾਰਡ ਹੀ ਸਥਾਪਤ ਕਰ ਦਿੱਤੇ।  ਇਹ ਗੀਤ  ਅੱਜ ਤੱਕ 'ਯੂ-ਟਿਊਬ'  ਤੇ 1 ਕਰੋੜ 50 ਲੱਖ (15 ਮਿਲੀਅਨ) ਤੋਂ ਵੱਧ  ਲੋਕਾਂ ਵਲੋਂ ਮਾਣਿਆ ਜਾ ਚੁੱਕਾ ਹੈ।  ਇਸੇ ਦੌਰਾਨ ਔਜਲਾ ਨੂੰ ਟੀ. ਵੀ. ਚੈਨਲ 'ਜੀ. ਟੀ-ਵੀ. ਪੰਜਾਬੀ',  'ਪੀ. ਟੀ. ਸੀ. (ਪੰਜਾਬੀ)', 'ਪੀ. ਟੀ. ਸੀ. ਚੱਕ ਦੇ', 'ਐਮ. ਐਚ. ਵੰਨ' ਅਤੇ  'ਡੇਅ ਐਂਡ ਨਾਈਟ' ਆਦਿ ਦੇ ਯਰੀਏ ਵੀ ਆਪਣੀ ਕਲਾ ਦਾ ਚੌਗਿਰਦਾ ਵਧਾਉਣ ਦੇ ਹੋਰ ਵੀ ਮੌਕੇ ਮਿਲੇ।  ਮਨੀ ਦੀ ਅਵਾਜ 'ਚ ਜਿੱਥੇ ਉਸ ਦੇ  ਆਪਣੇ ਹੀ ਲਿਖੇ  ਗੀਤ,  'ਆ ਜਾ ਸੋਹਣੀਏ, ਆ ਜਾ ਤੂੰ' ( ਜਿਸ ਨੂੰ ਦੁਬਈ 'ਚ ਫਿਲਮਾਇਆ ਗਿਆ) ਨੂੰ ਭਰਵਾਂ ਹੁੰਗਾਰਾ ਮਿਲਿਆ, ਉਥੇ ਟੀ. ਵੀ. ਚੈਨਲਾਂ ਦੇ ਨਵੇਂ ਵਰੇ ਦੇ ਪ੍ਰੋਗਰਾਮਾਂ ਵਿਚ ਮਨੀ ਦੇ ਗੀਤ, 'ਜੱਟੀ ਰੀਲੋਡਡ', 'ਬੁਲਟ' ਤੇ ਗੀਤ  'ਧੱਕ ਧੱਕ'  ਵੀ ਸਰੋਤਿਆਂ ਨੇ ਮਾਣੇ।  ਖਾਸ ਕਰਕੇ ਮਨੀ ਔਜਲਾ ਦੀ ਅਵਾਜ ਵਿਚ ਗੀਤ 'ਮੇਰਾ ਬਰੇਕ-ਅੱਪ ਹੋ ਗਿਆ ਵੇ, ਕੋਈ ਚੱਕਵੀਂ ਬੀਟ ਵਜਾ ਦੇ' ਵੀ ਨੌ-ਜਵਾਨ ਪੀੜੀ ਵਲੋਂ ਬੇਹੱਦ ਪਸੰਦ ਕੀਤਾ ਗਿਆ।  ਟਰੈਕ 'ਨੈਕਸਟ ਜਨਰੇਸ਼ਨ ਬੋਲੀਆਂ'  ਰਾਂਹੀਂ ਗਾਇਕ ਮਨੀ ਔਜਲਾ ਦੇ ਨਾਲ-ਨਾਲ ਅਲਫਾਜ, ਭਿੰਦਾ ਔਜਲਾ, ਐਸ. ਬੀ. ਹਰਿਆਣਵੀ, ਲਿੱਲ ਗੋਲੂ ਅਤੇ ਲੀਓ  ਦੇ ਨਾਲ-ਨਾਲ ਗਾਇਕ ਨਵਜੀਤ ਕਾਹਲੋਂ ਅਤੇ ਮਨੀ ਦੀ ਅਵਾਜ ਵਿਚ ਆਇਆ ਗੀਤ 'ਲੌਲੀ ਪੌਪ'  ਵੀ ਖੂਬ ਰਿਹਾ।    ਇਸੇ ਲੜੀ ਵਿਚ ਜਿੱਥੇ ਮਨੀ ਦੁਆਰਾ ਗਾਏ ਤੇ ਸੰਗੀਤਬੱਧ ਕੀਤੇ ਗੀਤ 'ਦਸੰਬਰ', 'ਵਣਜਾਰਾ', 'ਲੋਹੜੀ' ਦੇ ਨਾਲ ਨਾਲ ਗੀਤ 'ਕੰਮ ਚਕਮਾ' ਅਤੇ 'ਆਸਟ੍ਰੇਲੀਆ ਦੇ ਸ਼ਹਿਰ ਮੈੱਲਬੋਰਡ ਦੀਆਂ ਖੂਬਸੂਰਤ ਥਾਵਾਂ 'ਤੇ ਪੱਬਧਾਰੀਆ ਦੀ ਨਿਰਦੇਸ਼ਨਾ ਹੇਠ ਮਨੀ ਦਾ ਗੀਤ 'ਬੱਲੇ ਬੱਲੇ' ਸਰੋਤਿਆਂ ਦੀ ਪਸੰਦ ਹੋ ਨਿਬੜੇ ਉੱਥੇ ਪਿੱਛੇ ਜਿਹੇ ਅਨੂਪ ਕੁਮਾਰ ਦੀ ਪੇਸ਼ਕਸ਼ ਵਿਚ ਵਾਈਟ ਹਿੱਲ ਵਲੋਂ ਰਿਲੀਜ਼ ਕੀਤਾ ਗਿਆ ਗੀਤ 'ਲੈਕਚਰ-ਟੂ' ਵੀ  ਬੇਹੱਦ ਮਕਬੂਲ ਹੋਇਆ । ਇਹ ਗੀਤ ਮਨੀ ਔਜਲੇ ਦੁਆਰਾ ਲਿਖਿਆ ਅਤੇ ਸੰਗੀਤਬੱਧ ਵੀ ਕੀਤਾ ਗਿਆ ਸੀ।
     ਕਲਾਵਾਂ ਦੀਆਂ ਮੰਜਲਾਂ ਨੂੰ ਕਲਾਵੇ 'ਚ ਲੈਂਦਿਆਂ ਮਨੀ ਔਜਲਾ ਬਤੌਰ ਸੰਗੀਤਕਾਰ ਵੀ ਖੂਬ ਚਮਕਿਆ ਹੈ।  ਉਸ ਦੀਆਂ ਸੰਗੀਤਕ-ਧੁਨਾਂ ਵਿਚ ਮਰਹੂਮ ਗਾਇਕ ਸੋਨੀ ਪਾਬਲਾ ਦੇ ਭਾਣਜੇ ਗੁਰਦੀਪ ਸੈਣੀ (ਸਟਾਈਲਿਸ ਸਿੰਘ) ਦੀ ਅਵਾਜ ਵਿਚ ਆਏ  ਗੀਤ 'ਕੋਕਾ' ਰਾਂਹੀਂ ਪ੍ਰਵੇਸ਼ ਕਰਦੇ ਹੋਏ ਸੰਗੀਤਕਾਰ ਵਜੋਂ ਵੀ ਵਧੀਆ ਮੁੰਢ ਬੰਨਿਆ।  ਗਾਇਕ ਨਛੱਤਰ ਗਿੱਲ ਵਲੋਂ  ਮਨੀ ਔਜਲਾ ਦੁਆਰਾ ਲਿਖੇ ਤੇ ਸੰਗੀਤ-ਬੱਧ ਕੀਤੇ ਗੀਤ 'ਲੈਕਚਰ ਲਾ ਕੇ ਨਿਕਲੀ' ਨੇ ਤਾਂ ਧੰਨ ਧੰਨ ਹੀ ਕਰਵਾ ਦਿੱਤੀ।  ਇਸੇ ਲੜੀ ਵਿਚ ਔਜਲਾ ਦੇ ਸੰਗੀਤ ਵਿਚ ਗਾਇਕ ਪ੍ਰੀਤ ਹਰਪਾਲ ਦੀ ਅਵਾਜ ਵਿਚ ਆਇਆ ਗੀਤ, 'ਸੂਟ-ਸਾਟ', ਐਂਕਰ, ਅਦਾਕਾਰਾ ਅਤੇ ਗਾਇਕਾ ਸਤਿੰਦਰ ਸੱਤੀ ਦੀ ਅਵਾਜ ਵਿਚ 'ਗੁਲਾਬੀ ਪੱਗ', ਗਾਇਕ ਤੇ ਅਦਾਕਾਰ  ਰੋਸ਼ਨ ਪ੍ਰਿੰਸ ਦੀ ਅਵਾਜ ਵਿਚ 'ਅੱਜ ਬੋਲਦੀ', ਅਦਾਕਾਰ  ਤੇ ਗਾਇਕ ਐਮ. ਈ. ਵਿਰਕ ਦੀ ਅਵਾਜ ਵਿਚ 'ਪੱਗ ਸੁੱਕਣੀ', ਅਦਾਕਾਰ ਤੇ ਗਾਇਕ ਦਿਲਪ੍ਰੀਤ ਢਿੱਲੋਂ ਦੀ ਅਵਾਜ ਵਿਚ ਗੀਤ 'ਗੱਲ ਖਾਸ' ਦੇ ਨਾਲ-ਨਾਲ ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ ਦੇ ਅਭਿਨੇਤਾ ਜਿੰਮੀ ਸ਼ੇਰਗਿੱਲ ਦੀ ਫਿਲਮ 'ਮੇਰਾ : ਹੀਰੋ ਨਾਮ ਯਾਦ ਰੱਖੀ' ਵਿਚ ਵੀ ਇਕ ਟਰੈਕ ਨੂੰ ਸੰਗੀਤ-ਬੱਧ ਕਰਨ ਦਾ ਅਵਸਰ ਮਨੀ ਨੂੰ ਮਿਲਿਆ ਹੈ।  ਫ਼ਿਲਮ 'ਰੇਡੂਆ' ਵਿਚ ਤਿੰਨ ਗੀਤਾਂ ਨੂੰ ਸੰਗੀਤਬਧ ਕੀਤਾ।  ਇਸ ਦੇ ਨਾਲ ਹੀ ਫ਼ਿਲਮ 'ਇਸ਼ਕਾ' ਵੀ ਮਨੀ ਔਜਲੇ ਦੇ ਸੰਗੀਤ ਵਿਚ ਆ ਰਹੀ ਹੈ।
      ਜਿਕਰ ਯੋਗ ਹੈ ਕਿ ਨਿਰਮਾਤਾ ਅਨੂਪ ਕੁਮਾਰ ਦੀ ਰਹਿਨੁਮਾਈ ਹੇਠ ਮਨੀ ਜਿੱਥੇ ਮੁਬੰਈ, ਕਲਕੱਤਾ, ਚੇਨਈ, ਦੇਹਰਾਦੂਨ, ਦਿੱਲੀ, ਗੁੜਗਾਓਂ ਅਤੇ ਚੰਡੀਗੜ ਆਦਿ ਸ਼ਹਿਰਾਂ ਵਿਚ ਸਰੋਤਿਆਂ ਦੇ ਸਨਮੁੱਖ ਹੋਇਆ, ਉਥੇ ਕਨੇਡਾ, ਅਮਰੀਕਾ, ਆਸਟ੍ਰੇਲੀਆ, ਦੁਬੱਈ, ਸਿੰਘਾ ਪੁਰ, ਨਿਊਜੀਲੈਂਡ ਅਤੇ ਦਰਜਨ ਤੋਂ ਵੱਧ ਹੋਰ ਦੇਸ਼ਾਂ ਵਿਚ ਵੀ ਯੋ ਯੋ ਹਨੀ ਸਿੰਘ ਹੋਰਾਂ ਦੇ ਨਾਲ ਵੀ ਉਸ ਨੇ ਪੇਸ਼ਕਾਰੀਆਂ ਦਿੱਤੀਆਂ।  ਬਾਲੀਵੁੱਡ ਪ੍ਰਸਿੱਧ ਅਭਿਨੇਤਾ ਸ਼ਾਹਰੁਖ ਖਾਨ, ਅਭਿਨੇਤਰੀਆਂ ਮਾਧੁਰੀ ਦਿਕਸ਼ਤ, ਰਾਣੀ ਮੁਖਰਜੀ, ਜੈਕਲਿਨ ਫਰਨਾਂਡੇਜ ਨਾਲ ਵੀ ਆਸਟ੍ਰੇਲੀਆਂ ਅਤੇ ਨਿਊਜੀਲੈਂਡ ਵਿਖੇ ਕੀਤੇ ਸ਼ੋਅ ਖਾਸ ਤੌਰ ਤੇ ਜਿਕਰ ਕਰਨੇ ਬਣਦੇ ਹਨ।  ਮਨੀ ਔਜਲਾ ਦੀ ਬਹੁ-ਪੱਖੀ ਪ੍ਰਤਿੱਭਾ ਨੂੰ ਵੇਖਦੇ ਹੋਏ ਟੀ. ਵੀ. ਚੈਨਲ 'ਪੀ. ਟੀ. ਸੀ.' ਪੰਜਾਬੀ ਵਲੋਂ ਪ੍ਰੋਗਰਾਮ 'ਮੇਰੇ ਪਿੰਡ ਦੀਆਂ ਗਲੀਆਂ' ਜੋ ਹਰ ਮੰਗਲਵਾਰ ਨੂੰ ਰਾਤੀਂ 9 ਤੋਂ 10 ਇਕ ਘੰਟੇ ਲਈ ਚੱਲਦਾ ਹੈ, ਪ੍ਰਸਾਰਿਤ ਕਰਨ ਦਾ ਮਨੀ ਨੂੰ ਮੌਕਾ ਦਿੱਤਾ ਗਿਆ ਹੈ, ਜੋ  ਦਰਸ਼ਕਾਂ ਵਿਚ ਬਹੁਤ ਮਕਬੂਲ  ਹੋ ਰਿਹਾ ਹੈ।  ਨਿਰਮਾਤਾ ਅਨੂਪ ਕੁਮਾਰ ਦੀ ਪੇਸ਼ਕਸ਼ ਵਿਚ ਟੀ-ਸੀਰੀਜ਼ ਵਲੋਂ ਮਨੀ ਔਜਲਾ ਵਲੋਂ ਗਾਏ, ਲਿਖੇ ਅਤੇ ਸੰਗੀਤਬੱਧ ਕੀਤੇ ਦੋਗਾਣੇ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।
         ਉਲੇਖਣੀ ਹੈ ਕਿ ਮਨੀ ਔਜਲਾ ਨੇ ਹੁਣ ਤਕ ਸੋਲੋ ਹੀ ਗਾਇਕੀ ਪੇਸ਼ ਕੀਤੀ ਹੈ ਅਤੇ ਪਹਿਲੀ ਬਾਰ ਉੱਘੀ ਗਾਇਕਾ ਮਿਸ ਨੀਲਮ ਨਾਲ ਦੋਗਾਣਾ 'ਖਿਲਾਰਾ' ਲੈ ਕੇ ਸਰੋਤਿਆਂ ਦੇ ਸਨਮੁੱਖ ਹੋਇਆ ਹੈ ਜੋ ਸਹਿਜੇ ਹੀ ਇਹ ਗੀਤ ਵੀ ਸਰੋਤਿਆਂ ਦੀ ਪਸੰਦ 'ਤੇ ਖਰਾ ਉੱਤਰਣ ਦੇ ਨਾਲ ਨਾਲ ਬੇਹੱਦ ਮਕਬੂਲ ਵੀ ਹੋਇਆ ਹੈ।

ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

ਬਹੁ- ਕਲਾਵਾਂ ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ - ਪ੍ਰੀਤਮ ਲੁਧਿਆਣਵੀ

ਬਾਬੇ ਨਾਨਕ ਦੀ ਪਾਵਨ-ਛੂਹ ਪ੍ਰਾਪਤ ਨਗਰੀ ਬਟਾਲਾ ਵਿਖੇ ਸ ਲਖਬੀਰ ਸਿੰਘ ਰੰਧਾਵਾ ਤੇ ਸਰਦਾਰੀ ਜਸਬੀਰ ਕੌਰ ਰੰਧਾਵਾ ਦੇ ਘਰ 1978 ਨੂੰ ਜਨਮੀ ਨੇਚਰਦੀਪ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਜਾਗ ਪਿਆ ਸੀ ।  ਕੁਦਰਤ ਨੇ ਉਸਨੂੰ ਇਹ ਐਸਾ ਆਸ਼ੀਰਵਾਦ ਦਿੱਤਾ ਸੀ ਕਿ ਕਿਸੇ ਨੂੰ ਵੀ ਮਿਲ ਕੇ ਉਹ ਉਸ ਬਾਰੇ ਲਿਖ ਦਿੰਦੀ ਸੀ।  ਮਾਂ ਬਾਪ ਦੀ ਹੱਲਾਸ਼ੇਰੀ ਅਤੇ ਆਸ਼ੀਰਵਾਦ ਨੇ ਉਸਦਾ ਬਹੁਤ ਸਾਥ ਦਿੱਤਾ।  ਬਚਪਨ ਤੋਂ ਹੀ ਆਰਟੀਕਲ, ਲੇਖ ਤੇ ਕਹਾਣੀਆਂ ਲਿਖਣ ਦਾ ਪੈਦਾ ਹੋਇਆ ਸ਼ੌਕ ਹੌਲੀ-ਹੌਲੀ ਇਤਨਾ ਵੱਧ ਗਿਆ ਕਿ ਸਮਾਜ ਦੀ ਹਰ ਮੁਸ਼ਕਿਲ ਅਤੇ ਹਰ ਤ੍ਰਾਸਦੀ ਉਤੇ ਉਹ ਪੂਰਨ ਪ੍ਰਪੱਕਤਾ ਨਾਲ ਲਿਖਣ ਲੱਗ ਪਈ।
     ਨੇਚਰਦੀਪ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਏ ਵੀ ਐਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੋਂ ਪ੍ਰਾਪਤ ਕੀਤੀ । ਫਿਰ ਡਿਗਰੀ ਐਸ ਐਲ ਬਾਵਾ ਕਾਲਜ ਬਟਾਲਾ ਤੋਂ।  ਐਮ ਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅਤੇ ਬੀ ਐਡ ਜੰਮੂ ਯੂਨੀਵਰਸਿਟੀ ਤੋਂ।  ਲਿਖਣ ਦੇ ਨਾਲ ਨਾਲ ਉਹ ਬਚਪਨ ਤੋਂ ਹੀ ਹਰ ਜਮਾਤ 'ਚੋਂ ਜਿੱਥੇ ਪੜ੍ਹਾਈ ਵਿੱਚੋਂ ਅੱਵਲ ਆਉਂੁਦੀ ਰਹੀ, ਉਥੇ  ਗਿੱਧਾ, ਭੰਗੜਾ, ਕਵਿਤਾ ਉਚਾਰਨ, ਮੋਨੋ ਐਕਟਿੰਗ,  ਭਾਸ਼ਨ ਪ੍ਰਤੀਯੋਗਤਾ ਆਦਿ ਸਭ ਵਿਚ ਲਗਭਗ ਉਸ ਨੂੰ ਸਿਰੇ ਦੀ ਮੁਹਾਰਤ ਹਾਸਲ ਸੀ।  ਫਿਰ, ਨੈਸ਼ਨਲ ਪੱਧਰ ਤੱਕ ਉਹ ਹਾਕੀ ਦੀ ਖਿਡਾਰਣ ਵੀ ਰਹੀ। ਇੱਥੇ ਹੀ ਬਸ ਨਹੀ : ਮੋਨੋ ਐਕਟਿੰਗ 'ਚ ਸਟੇਟ ਪੱਧਰ ਜਿੱਤਿਆ। ਗਿੱਧਾ ਦੀ ਲਗਾਤਾਰ ਕਈ ਸਾਲ ਕੈਪਟਨ ਰਹੀ ਅਤੇ ਦੋ ਵਾਰ ਸਟੇਟ ਪੱਧਰ ਦੇ ਕੰਪੀਟੀਸ਼ਨ ਜਿੱਤੇ।   ਗੱਲ ਕੀ, ਪੂਰੀ ਪੜ੍ਹਾਈ  ਦੌਰਾਨ ਜਿੱਥੇ ਪੜ੍ਹਾਈ 'ਚੋਂ ਮੈਰਿਟ 'ਚ ਆਉਣ ਕਰਕੇ ਹਰ ਸਾਲ ਸਕਾਲਰਸ਼ਿਪ ਮਿਲਿਆ, ਉਥੇ ਕੋਈ ਐਸੀ ਗਤੀਵਿਧੀ ਨਹੀ ਛੱਡੀ ਜਿਸ ਵਿਚ ਸ਼ਮੂਲੀਅਤ ਨਾ ਕੀਤੀ ਹੋਵੇ ਅਤੇ ਇਨਾਮ ਹਾਸਲ ਨਾ ਕੀਤਾ ਹੋਵੇ ।  ਬਹੁ ਪੱਖੀ ਕਲਾਵਾਂ ਦੀ ਮਾਲਕਣ ਨੇਚਰਦੀਪ ਬੜੇ ਮਾਣ ਨਾਲ ਦੱਸਦੀ ਹੈ ਕਿ ਉਸਦੇ ਪੇਕੇ ਘਰ ਦਾ ਇੱਕ ਕਮਰਾ ਮਿਲੇ ਇਨਾਮਾਂ ਤੇ ਪੁਰਸਕਾਰਾਂ ਨਾਲ ਭਰਿਆ ਹੂੰਦਾ ਸੀ ਜੋ ਹਰ ਆਉਣ ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚਦਾ ਸੀ।
     ਗ੍ਰਹਿਸਥੀ-ਜੀਵਨ ਦੀ ਗੱਲ ਛਿੜੀ ਤਾਂ ਉਸ ਦੱਸਿਆ ਕਿ ਗੁਰਦਾਸਪੁਰ ਦੇ ਲਾਗਲੇ ਪਿੰਡ ਤੁਗਲਵਾਲ ਦੇ ਵਸਨੀਕ ਅਮਨਦੀਪ ਸਿੰਘ  ਕਾਹਲੋ ਜੋ ਕਿ ਇੱਕ ਸਫ਼ਲ ਬਿਜਨੈਸਮੈਨ ਹਨ,  ਨਾਲ 1998 'ਚ ਉਸਦਾ ਵਿਆਹ ਹੋਇਆ । ਪਰਮਾਤਮਾ ਨੇ ਦੋ ਪਿਆਰੇ  ਬੱਚੇ ਅਮਾਨਤ ਅੰਮ੍ਰਿਤ ਕੌਰ ਤੇ ਵਾਰਿਸ ਸਾਹਿਬ ਪ੍ਰੀਤ ਕਾਹਲੋ ਉਸ ਦੀ ਝੋਲੀ 'ਚ ਪਾਏ : ਜੋ ਕਿ ਉਮਰ ਦੇ ਹਿਸਾਬ ਨਾਲ ਪੜ੍ਹਾਈ 'ਚੋਂ ਚੰਗੀਆਂ ਮੱਲਾਂ ਮਾਰ ਰਹੇ ਹਨ । ਆਪਣੇ ਜੀਵਨ-ਸਾਥੀ ਨਾਲ ਖੁਸ਼ੀਆਂ ਭਰੀ  ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਨੇਚਰਦੀਪ ਖੁਦ ਬਿਜ਼ਨੈਸ ਵਿਚ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੀ ਹੈ।  ਲੋੜਵੰਦ ਬੱਚਿਆਂ ਨੂੰ ਫਰੀ ਪੜ੍ਹਾਉਣਾਂ,  ਜ਼ਰੂਰਤਮੰਦਾਂ ਨੂੰ ਫਰੀਅ ਗਾਈਡੈਂਸ ਤੇ ਕੌਸਲਿੰਂਗ ਕਰਨ ਨਾਲ ਉਸ ਦਾ ਵਿਹਲਾ ਸਮਾਂ ਸਾਰਥਕ ਹੋ ਜਾਦਾ ਹੈ।
      ਪ੍ਰਕਾਸ਼ਨਾ ਖੇਤਰ ਵਿਚ ਨੇਚਰਦੀਪ ਦੇ ਜਿੱਥੇ ਕਈ ਅਖ਼ਬਾਰਾਂ ਤੇ ਮੈਗਜ਼ੀਨਾਂ 'ਚ ਆਰਟੀਕਲ ਤੇ  ਕਹਾਣੀਆਂ ਅਕਸਰ ਛਪ ਰਹੀਆਂ ਹਨ, ਉਥੇ ਇੱਕ ਸਾਂਝੀ ਕਿਤਾਬ ਵਿਚ ਵੀ ਜਲਦੀ ਹੀ ਛਪ ਰਹੀ ਹੈ ਉਹ । ਜਦ ਕਿ ਇੱਕ ਹੋਰ ਕਿਤਾਬ ਤੇ ਕੰਮ ਚਲ ਰਿਹਾ ਹੈ।  ਇਸ ਤੋਂ ਇਲਾਵਾ ਉਸ ਦੀ ਲਿਖੀ ਹੋਈ ਇੱਕ ਕਹਾਣੀ ਤੇ ਸ਼ਾਰਟ ਫਿਲਮ ਵੀ ਬਣ ਰਹੀ ਹੈ।
         ਬਹੁ- ਕਲਾਵਾਂ ਦੇ ਖੂਬਸੂਰਤ ਸੁਮੇਲ  ਨੇਚਰਦੀਪ ਦੇ ਸੰਘਰਸ਼ ਅਤੇ ਘਾਲਣਾ ਉਤੇ ਜਿੰਨਾ ਵੀ ਮਾਣ ਕੀਤਾ ਜਾਵੇ ਥੋੜ੍ਹਾ ਹੈ।  ਰੱਬ ਕਰੇ !  ਸਾਹਿਤ, ਸੱਭਿਆਚਾਰ ਅਤੇ ਖੇਡ੍ਹ-ਖੇਤਰ ਲਈ ਉਸ ਦੀਆਂ ਸੇਵਾਵਾਂ ਲਗਾਤਾਰ ਸਹਾਈ ਹੁੰਦੀਆਂ ਰਹਿਣ !  ਉਹ ਇਸੇ ਤਰਾਂ ਆਪਣੀਆਂ ਕਲਾਵਾਂ ਦੀ ਰੋਸ਼ਨੀ ਵੰਡਦੀ ਹੋਈ ਆਪਣਾ, ਆਪਣੇ ਖਾਨਦਾਨ, ਆਪਣੀ ਨਗਰੀ ਅਤੇ ਆਪਣੇ ਰਾਜ ਦਾ ਨਾਂਓਂ ਉਚਾ ਕਰਦੀ ਰਵ੍ਹੇ !  ਆਮੀਨ ! 

- ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ) (9876428641)
ਨੇਚਰਦੀਪ ਦਾ  ਸੰਪਰਕ : naturegulf@gmail.com