ਬਹੁ- ਕਲਾਵਾਂ ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ - ਪ੍ਰੀਤਮ ਲੁਧਿਆਣਵੀ
ਬਾਬੇ ਨਾਨਕ ਦੀ ਪਾਵਨ-ਛੂਹ ਪ੍ਰਾਪਤ ਨਗਰੀ ਬਟਾਲਾ ਵਿਖੇ ਸ ਲਖਬੀਰ ਸਿੰਘ ਰੰਧਾਵਾ ਤੇ ਸਰਦਾਰੀ ਜਸਬੀਰ ਕੌਰ ਰੰਧਾਵਾ ਦੇ ਘਰ 1978 ਨੂੰ ਜਨਮੀ ਨੇਚਰਦੀਪ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਜਾਗ ਪਿਆ ਸੀ । ਕੁਦਰਤ ਨੇ ਉਸਨੂੰ ਇਹ ਐਸਾ ਆਸ਼ੀਰਵਾਦ ਦਿੱਤਾ ਸੀ ਕਿ ਕਿਸੇ ਨੂੰ ਵੀ ਮਿਲ ਕੇ ਉਹ ਉਸ ਬਾਰੇ ਲਿਖ ਦਿੰਦੀ ਸੀ। ਮਾਂ ਬਾਪ ਦੀ ਹੱਲਾਸ਼ੇਰੀ ਅਤੇ ਆਸ਼ੀਰਵਾਦ ਨੇ ਉਸਦਾ ਬਹੁਤ ਸਾਥ ਦਿੱਤਾ। ਬਚਪਨ ਤੋਂ ਹੀ ਆਰਟੀਕਲ, ਲੇਖ ਤੇ ਕਹਾਣੀਆਂ ਲਿਖਣ ਦਾ ਪੈਦਾ ਹੋਇਆ ਸ਼ੌਕ ਹੌਲੀ-ਹੌਲੀ ਇਤਨਾ ਵੱਧ ਗਿਆ ਕਿ ਸਮਾਜ ਦੀ ਹਰ ਮੁਸ਼ਕਿਲ ਅਤੇ ਹਰ ਤ੍ਰਾਸਦੀ ਉਤੇ ਉਹ ਪੂਰਨ ਪ੍ਰਪੱਕਤਾ ਨਾਲ ਲਿਖਣ ਲੱਗ ਪਈ।
ਨੇਚਰਦੀਪ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਏ ਵੀ ਐਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੋਂ ਪ੍ਰਾਪਤ ਕੀਤੀ । ਫਿਰ ਡਿਗਰੀ ਐਸ ਐਲ ਬਾਵਾ ਕਾਲਜ ਬਟਾਲਾ ਤੋਂ। ਐਮ ਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅਤੇ ਬੀ ਐਡ ਜੰਮੂ ਯੂਨੀਵਰਸਿਟੀ ਤੋਂ। ਲਿਖਣ ਦੇ ਨਾਲ ਨਾਲ ਉਹ ਬਚਪਨ ਤੋਂ ਹੀ ਹਰ ਜਮਾਤ 'ਚੋਂ ਜਿੱਥੇ ਪੜ੍ਹਾਈ ਵਿੱਚੋਂ ਅੱਵਲ ਆਉਂੁਦੀ ਰਹੀ, ਉਥੇ ਗਿੱਧਾ, ਭੰਗੜਾ, ਕਵਿਤਾ ਉਚਾਰਨ, ਮੋਨੋ ਐਕਟਿੰਗ, ਭਾਸ਼ਨ ਪ੍ਰਤੀਯੋਗਤਾ ਆਦਿ ਸਭ ਵਿਚ ਲਗਭਗ ਉਸ ਨੂੰ ਸਿਰੇ ਦੀ ਮੁਹਾਰਤ ਹਾਸਲ ਸੀ। ਫਿਰ, ਨੈਸ਼ਨਲ ਪੱਧਰ ਤੱਕ ਉਹ ਹਾਕੀ ਦੀ ਖਿਡਾਰਣ ਵੀ ਰਹੀ। ਇੱਥੇ ਹੀ ਬਸ ਨਹੀ : ਮੋਨੋ ਐਕਟਿੰਗ 'ਚ ਸਟੇਟ ਪੱਧਰ ਜਿੱਤਿਆ। ਗਿੱਧਾ ਦੀ ਲਗਾਤਾਰ ਕਈ ਸਾਲ ਕੈਪਟਨ ਰਹੀ ਅਤੇ ਦੋ ਵਾਰ ਸਟੇਟ ਪੱਧਰ ਦੇ ਕੰਪੀਟੀਸ਼ਨ ਜਿੱਤੇ। ਗੱਲ ਕੀ, ਪੂਰੀ ਪੜ੍ਹਾਈ ਦੌਰਾਨ ਜਿੱਥੇ ਪੜ੍ਹਾਈ 'ਚੋਂ ਮੈਰਿਟ 'ਚ ਆਉਣ ਕਰਕੇ ਹਰ ਸਾਲ ਸਕਾਲਰਸ਼ਿਪ ਮਿਲਿਆ, ਉਥੇ ਕੋਈ ਐਸੀ ਗਤੀਵਿਧੀ ਨਹੀ ਛੱਡੀ ਜਿਸ ਵਿਚ ਸ਼ਮੂਲੀਅਤ ਨਾ ਕੀਤੀ ਹੋਵੇ ਅਤੇ ਇਨਾਮ ਹਾਸਲ ਨਾ ਕੀਤਾ ਹੋਵੇ । ਬਹੁ ਪੱਖੀ ਕਲਾਵਾਂ ਦੀ ਮਾਲਕਣ ਨੇਚਰਦੀਪ ਬੜੇ ਮਾਣ ਨਾਲ ਦੱਸਦੀ ਹੈ ਕਿ ਉਸਦੇ ਪੇਕੇ ਘਰ ਦਾ ਇੱਕ ਕਮਰਾ ਮਿਲੇ ਇਨਾਮਾਂ ਤੇ ਪੁਰਸਕਾਰਾਂ ਨਾਲ ਭਰਿਆ ਹੂੰਦਾ ਸੀ ਜੋ ਹਰ ਆਉਣ ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚਦਾ ਸੀ।
ਗ੍ਰਹਿਸਥੀ-ਜੀਵਨ ਦੀ ਗੱਲ ਛਿੜੀ ਤਾਂ ਉਸ ਦੱਸਿਆ ਕਿ ਗੁਰਦਾਸਪੁਰ ਦੇ ਲਾਗਲੇ ਪਿੰਡ ਤੁਗਲਵਾਲ ਦੇ ਵਸਨੀਕ ਅਮਨਦੀਪ ਸਿੰਘ ਕਾਹਲੋ ਜੋ ਕਿ ਇੱਕ ਸਫ਼ਲ ਬਿਜਨੈਸਮੈਨ ਹਨ, ਨਾਲ 1998 'ਚ ਉਸਦਾ ਵਿਆਹ ਹੋਇਆ । ਪਰਮਾਤਮਾ ਨੇ ਦੋ ਪਿਆਰੇ ਬੱਚੇ ਅਮਾਨਤ ਅੰਮ੍ਰਿਤ ਕੌਰ ਤੇ ਵਾਰਿਸ ਸਾਹਿਬ ਪ੍ਰੀਤ ਕਾਹਲੋ ਉਸ ਦੀ ਝੋਲੀ 'ਚ ਪਾਏ : ਜੋ ਕਿ ਉਮਰ ਦੇ ਹਿਸਾਬ ਨਾਲ ਪੜ੍ਹਾਈ 'ਚੋਂ ਚੰਗੀਆਂ ਮੱਲਾਂ ਮਾਰ ਰਹੇ ਹਨ । ਆਪਣੇ ਜੀਵਨ-ਸਾਥੀ ਨਾਲ ਖੁਸ਼ੀਆਂ ਭਰੀ ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਨੇਚਰਦੀਪ ਖੁਦ ਬਿਜ਼ਨੈਸ ਵਿਚ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੀ ਹੈ। ਲੋੜਵੰਦ ਬੱਚਿਆਂ ਨੂੰ ਫਰੀ ਪੜ੍ਹਾਉਣਾਂ, ਜ਼ਰੂਰਤਮੰਦਾਂ ਨੂੰ ਫਰੀਅ ਗਾਈਡੈਂਸ ਤੇ ਕੌਸਲਿੰਂਗ ਕਰਨ ਨਾਲ ਉਸ ਦਾ ਵਿਹਲਾ ਸਮਾਂ ਸਾਰਥਕ ਹੋ ਜਾਦਾ ਹੈ।
ਪ੍ਰਕਾਸ਼ਨਾ ਖੇਤਰ ਵਿਚ ਨੇਚਰਦੀਪ ਦੇ ਜਿੱਥੇ ਕਈ ਅਖ਼ਬਾਰਾਂ ਤੇ ਮੈਗਜ਼ੀਨਾਂ 'ਚ ਆਰਟੀਕਲ ਤੇ ਕਹਾਣੀਆਂ ਅਕਸਰ ਛਪ ਰਹੀਆਂ ਹਨ, ਉਥੇ ਇੱਕ ਸਾਂਝੀ ਕਿਤਾਬ ਵਿਚ ਵੀ ਜਲਦੀ ਹੀ ਛਪ ਰਹੀ ਹੈ ਉਹ । ਜਦ ਕਿ ਇੱਕ ਹੋਰ ਕਿਤਾਬ ਤੇ ਕੰਮ ਚਲ ਰਿਹਾ ਹੈ। ਇਸ ਤੋਂ ਇਲਾਵਾ ਉਸ ਦੀ ਲਿਖੀ ਹੋਈ ਇੱਕ ਕਹਾਣੀ ਤੇ ਸ਼ਾਰਟ ਫਿਲਮ ਵੀ ਬਣ ਰਹੀ ਹੈ।
ਬਹੁ- ਕਲਾਵਾਂ ਦੇ ਖੂਬਸੂਰਤ ਸੁਮੇਲ ਨੇਚਰਦੀਪ ਦੇ ਸੰਘਰਸ਼ ਅਤੇ ਘਾਲਣਾ ਉਤੇ ਜਿੰਨਾ ਵੀ ਮਾਣ ਕੀਤਾ ਜਾਵੇ ਥੋੜ੍ਹਾ ਹੈ। ਰੱਬ ਕਰੇ ! ਸਾਹਿਤ, ਸੱਭਿਆਚਾਰ ਅਤੇ ਖੇਡ੍ਹ-ਖੇਤਰ ਲਈ ਉਸ ਦੀਆਂ ਸੇਵਾਵਾਂ ਲਗਾਤਾਰ ਸਹਾਈ ਹੁੰਦੀਆਂ ਰਹਿਣ ! ਉਹ ਇਸੇ ਤਰਾਂ ਆਪਣੀਆਂ ਕਲਾਵਾਂ ਦੀ ਰੋਸ਼ਨੀ ਵੰਡਦੀ ਹੋਈ ਆਪਣਾ, ਆਪਣੇ ਖਾਨਦਾਨ, ਆਪਣੀ ਨਗਰੀ ਅਤੇ ਆਪਣੇ ਰਾਜ ਦਾ ਨਾਂਓਂ ਉਚਾ ਕਰਦੀ ਰਵ੍ਹੇ ! ਆਮੀਨ !
- ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ) (9876428641)
ਨੇਚਰਦੀਪ ਦਾ ਸੰਪਰਕ : naturegulf@gmail.com